ਤਾਜਾ ਖ਼ਬਰਾਂ


ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  7 minutes ago
ਪਟਨਾ, 16 ਨਵੰਬਰ - ਬਿਹਾਰ ਜਨਤਾ ਦਲ ਯੁਨਾਇਟਡ ਦੇ ਪ੍ਰਧਾਨ ਬਸ਼ਿਸ਼ਟ ਨਾਰਾਇਣ ਸਿੰਘ ਨੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਦਿੱਤੇ...
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  25 minutes ago
ਨਵੀਂ ਦਿੱਲੀ, 16 ਨਵੰਬਰ- 1984 ਸਿੱਖ ਕਤਲੇਆਮ 'ਚ ਛਮ ਕੌਰ ਨਾਂਅ ਦੀ ਇੱਕ ਗਵਾਹ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਪਹਿਚਾਣ ਕੀਤੀ....
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  34 minutes ago
ਰਾਏਪੁਰ, 16 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾ ਪੁਰ 'ਚ ਇੱਕ ਰੈਲੀ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜ ਦਰਬਾਰੀ ਕੇਵਲ ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ....
ਔਰਤ ਦਾ ਬੇਰਹਿਮੀ ਨਾਲ ਕਤਲ
. . .  44 minutes ago
ਤਲਵੰਡੀ ਸਾਬੋ/ਸੀਂਗੋ ਮੰਡੀ, 16 ਨਵੰਬਰ (ਲੱਕਵਿੰਦਰ ਸ਼ਰਮਾ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ 'ਚ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਸਿਰ 'ਚ ਰਾੜ ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ । ਪਿੰਡ ਦੇ...
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਤਿਰੂਵਨੰਤਪੁਰਮ, 16 ਨਵੰਬਰ - ਕੇਰਲ ਹਾਈਕੋਰਟ ਨੇ ਸਮਾਜਿਕ ਕਾਰਕੁਨ ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਰਿਹਾਨਾ ਫਾਤਿਮਾ ਨੇ 19 ਅਕਤੂਬਰ...
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  about 1 hour ago
ਬਠਿੰਡਾ, 16 ਨਵੰਬਰ (ਕਮਲਜੀਤ ਸਿੰਘ) -ਬਠਿੰਡਾ ਵਿਖੇ ਕਿਸਾਨੀ ਮੰਗਾਂ, ਝੋਨੇ 'ਚ ਨਮੀ ਦੀ ਮਾਤਰਾ 17 ਤੋਂ 24 ਫ਼ੀਸਦੀ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨਾਂ ਦੇ ਸਾਥੀਆਂ ਨੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਗਾਇਆ.....
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਬਰਨਾਲਾ, 16 ਨਵੰਬਰ (ਧਰਮਪਾਲ ਸਿੰਘ)-ਸੇਖਾ ਰੋਡ ਬਰਨਾਲਾ ਸੜਕ 'ਤੇ ਪੈਂਦੇ ਕੋਠੇ ਸੁਰਜੀਤ ਪੁਰਾ ਦੇ ਕਿਸਾਨ ਗੁਰਦੀਪ ਸਿੰਘ (38) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਦੇ ਭਰਾ ਵਕੀਲ ਸਿੰਘ ਨੇ ਦੱਸਿਆ ਕਿ ਉਸ ਦਾ....
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਭੀਮਾ ਕੋਰੇਗਾਂਵ ਕੇਸ 'ਚ ਕਾਰਕੁਨਾਂ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਸੁਣਵਾਈ ਨੂੰ 3 ਦਸੰਬਰ ਤੱਕ ਮੁਲਤਵੀ ਕਰ ਦਿੱਤਾ....
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 16 ਨਵੰਬਰ - ਸੀ.ਬੀ.ਆਈ. ਬਨਾਮ ਸੀ.ਬੀ.ਆਈ. ਮਾਮਲੇ 'ਚ ਡਾਇਰੈਕਟਰ ਅਲੋਕ ਵਰਮਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਉਨ੍ਹਾਂ ਦੀ ਪਟੀਸ਼ਨ 'ਤੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕੀਤੀ। ਸੁਪਰੀਮ...
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  about 2 hours ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਨਵੰਬਰ 1920 ਵਿਚ ਹੋਂਦ 'ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਉਤਸ਼ਾਹ ਸਹਿਤ ਮਨਾਇਆ ਗਿਆ। ਸ਼੍ਰੋਮਣੀ ਕਮੇਟੀ...
ਹੋਰ ਖ਼ਬਰਾਂ..

ਸਾਡੀ ਸਿਹਤ

ਗੈਸ ਦੀ ਦਵਾਈ ਦਾ ਜ਼ਿਆਦਾ ਸੇਵਨ ਲਿਵਰ ਲਈ ਖ਼ਤਰਨਾਕ

ਦੇਖਣ ਵਿਚ ਆਇਆ ਹੈ ਕਿ ਕਈ ਲੋਕਾਂ ਨੂੰ ਆਏ ਦਿਨ ਗੈਸ ਦੀ ਸਮੱਸਿਆ ਹੁੰਦੀ ਰਹਿੰਦੀ ਹੈ ਅਤੇ ਉਹ ਇਸ ਦੇ ਲਈ ਅਕਸਰ ਗੈਸ ਨਾਲ ਸਬੰਧਤ ਦਵਾਈਆਂ ਦਾ ਖੂਬ ਸੇਵਨ ਕਰਦੇ ਹਨ, ਤਾਂ ਹੁਣ ਜ਼ਰਾ ਸੰਭਲ ਜਾਓ ਅਤੇ ਗੈਸ ਦੀਆਂ ਦਵਾਈਆਂ ਹਰ ਵਕਤ ਬੇਵਜ੍ਹਾ ਖਾਣ ਵਾਲੀ ਬੁਰੀ ਆਦਤ ਤੋਂ ਪ੍ਰਹੇਜ਼ ਕਰੋ, ਕਿਉਂਕਿ ਹਾਲ ਹੀ ਵਿਚ ਰਾਜਧਾਨੀ ਦਿੱਲੀ ਦੇ ਕੁਝ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਹੁਤ ਜ਼ਿਆਦਾ ਮਾਤਰਾ ਵਿਚ ਗੈਸ ਨਾਲ ਸਬੰਧਤ ਦਵਾਈਆਂ ਦਾ ਸੇਵਨ ਕਰਨ ਨਾਲ ਮਾਮਲਾ ਬੇਹੱਦ ਉਲਟਾ ਪੈ ਸਕਦਾ ਹੈ। ਇਸ ਨਾਲ ਨਾ ਸਿਰਫ ਲਿਵਰ ਪ੍ਰਭਾਵਿਤ ਹੋ ਸਕਦਾ ਹੈ, ਸਗੋਂ ਕਿਡਨੀ ਬਦਲੀ ਕਰਨ ਤੱਕ ਦੀ ਨੌਬਤ ਵੀ ਆ ਸਕਦੀ ਹੈ।
ਉਨ੍ਹਾਂ ਦੀ ਮੰਨੀਏ ਤਾਂ ਜੋ ਲੋਕ ਗੈਸ ਦੀ ਸਮੱਸਿਆ ਹੱਲ ਕਰਨ ਲਈ ਆਦਤ ਕਾਰਨ ਦਵਾਈਆਂ ਖਾਂਦੇ ਰਹਿੰਦੇ ਹਨ, ਉਨ੍ਹਾਂ ਦੇ ਲਗਾਤਾਰ ਅਜਿਹਾ ਕਰਦੇ ਰਹਿਣ ਨਾਲ ਪੇਟ ਦਾ ਐਸਿਡ ਪੱਧਰ ਘੱਟ ਹੋ ਜਾਂਦਾ ਹੈ। ਇਸ ਲਈ ਵਾਰ-ਵਾਰ ਦਵਾਈਆਂ ਖਾਣ ਤੋਂ ਪ੍ਰਹੇਜ਼ ਕਰੋ, ਨਹੀਂ ਤਾਂ ਸਰੀਰ ਨੂੰ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਕਿ ਇਸ ਸਬੰਧੀ ਆਹਾਰ ਮਾਹਿਰਾਂ ਦਾ ਕਹਿਣਾ ਇਹ ਹੈ ਕਿ ਪੇਟ ਵਿਚ ਬੁਰੇ ਬੈਕਟੀਰੀਆ ਨੂੰ ਖ਼ਤਮ ਕਰਨ ਲਈ ਐਸਿਡ ਜ਼ਰੂਰੀ ਹੁੰਦਾ ਹੈ। ਵਾਰ-ਵਾਰ ਦਵਾਈ ਲੈਣ ਨਾਲ ਐਸਿਡ ਖਤਮ ਹੋਣ 'ਤੇ ਮੂੰਹ ਰਾਹੀਂ ਪੇਟ ਵਿਚ ਪਹੁੰਚਣ ਵਾਲੇ ਸੰਕ੍ਰਮਣ ਦਾ ਜ਼ੋਖਮ ਜ਼ਿਆਦਾ ਹੋ ਜਾਂਦਾ ਹੈ। ਨਤੀਜੇ ਵਜੋਂ ਲਿਵਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।
ਇਹੀ ਨਹੀਂ, ਗੈਸ ਦੀਆਂ ਦਵਾਈਆਂ ਦੇ ਬਹੁਤ ਜ਼ਿਆਦਾ ਸੇਵਨ ਨਾਲ ਲਿਵਰ ਦੇ ਨਾਲ-ਨਾਲ ਹੱਡੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ, ਜਦੋਂ ਕਿ ਇਹ ਗੱਲ ਘੱਟ ਹੀ ਲੋਕ ਜਾਣਦੇ ਹਨ ਕਿ ਪੇਟ ਵਿਚ ਐਸਿਡ ਦੀ ਮਾਤਰਾ ਪ੍ਰਭਾਵਿਤ ਹੋਣ ਨਾਲ ਵਿਟਾਮਿਨ ਬੀ-12 ਦੀ ਕਮੀ ਹੋ ਜਾਂਦੀ ਹੈ ਅਤੇ ਹੋਰ ਦੂਜੇ ਜ਼ਰੂਰੀ ਵਿਟਾਮਿਨਾਂ ਦੀਆਂ ਮਾਤਰਾਵਾਂ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਮੌਜੂਦਾ ਸਥਿਤੀ ਵਿਚ ਵਿਅਕਤੀ ਅਨੀਮੀਆ ਦੀ ਚਪੇਟ ਵਿਚ ਵੀ ਆ ਸਕਦਾ ਹੈ। ਡਾਕਟਰਾਂ ਦੇ ਮੁਤਾਬਿਕ ਗੈਸ ਦੀ ਦਵਾਈ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ, ਸ਼ਰਾਬ ਪੀਣਾ ਅਤੇ ਹੈਪੇਟਾਇਟਿਸ ਨਾਲ ਹੀ ਲਿਵਰ ਪ੍ਰਭਾਵਿਤ ਨਹੀਂ ਹੁੰਦਾ, ਸਗੋਂ ਦਵਾਈਆਂ ਦਾ ਗ਼ਲਤ ਤਰੀਕੇ ਨਾਲ ਇਸਤੇਮਾਲ ਕਰਨ ਅਤੇ ਭਾਰ ਵਧਣ ਨਾਲ ਵੀ ਲਿਵਰ ਖਰਾਬ ਹੋਣ ਦਾ ਖਤਰਾ ਹੋ ਸਕਦਾ ਹੈ।
ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਨਾਨ ਅਲਕੋਹਲਿਕ ਫੈਟੀ ਲਿਵਰ ਨਾਲ ਸਬੰਧਤ ਪ੍ਰੇਸ਼ਾਨੀ ਖਾਸ ਤੌਰ 'ਤੇ 30-40 ਸਾਲ ਦੇ ਮਰੀਜ਼ਾਂ ਵਿਚ ਜ਼ਿਆਦਾ ਪਾਈ ਜਾ ਰਹੀ ਹੈ, ਜਿਸ ਦੇ ਲੱਛਣ ਸ਼ੁਰੂ ਵਿਚ ਨਹੀਂ ਦਿਸਦੇ। ਨਤੀਜੇ ਵਜੋਂ ਮਾਮਲਾ ਆਖਰੀ ਸਟੇਜ ਤੱਕ ਪਹੁੰਚ ਜਾਂਦਾ ਹੈ ਅਤੇ ਲਿਵਰ ਬਦਲੀ ਦੀ ਨੌਬਤ ਆ ਜਾਂਦੀ ਹੈ। ਇਸ ਲਈ ਬਹੁਤੇ ਡਾਕਟਰਾਂ ਨੇ ਇਸ ਸਬੰਧੀ ਸਾਵਧਾਨੀ ਵਰਤਣ ਲਈ ਆਪਣੀ ਨੇਕ ਸਲਾਹ ਦਿੱਤੀ ਹੈ, ਜਿਸ ਦਾ ਸਾਨੂੰ ਇਮਾਨਦਾਰੀ ਨਾਲ ਪਾਲਣ ਜ਼ਰੂਰ ਹੀ ਕਰਨਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਬੜੇ ਕੰਮ ਦਾ ਹੈ ਛੋਟਾ ਜਿਹਾ ਲੌਂਗ

ਆਮ ਤੌਰ 'ਤੇ ਛੋਟੇ ਜਿਹੇ ਲੌਂਗ ਨੂੰ ਇਕ ਬੇਹੱਦ ਸਵਾਦੀ ਅਤੇ ਮਹਿਕਦੇ ਮਸਾਲੇ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਪਰ ਅਸਲ ਵਿਚ ਇਹ ਇਕ ਰਾਮਬਾਣ ਦਵਾਈ ਵੀ ਸਾਬਤ ਹੁੰਦੀ ਹੈ। ਇਸ ਦਾ ਪਤਾ ਸ਼ਾਇਦ ਘੱਟ ਹੀ ਲੋਕਾਂ ਨੂੰ ਹੈ।
ਆਓ ਹੁਣ ਇਕ ਨਜ਼ਰ ਪਾਉਂਦੇ ਹਾਂ ਇਸ ਦੇ ਅਦਭੁੱਤ ਦਵਾਈ ਵਾਲੇ ਗੁਣਾਂ 'ਤੇ। ਇਸ ਦੀ ਵਰਤੋਂ ਕਰਕੇ ਅਸੀਂ ਸਰੀਰ ਦੀਆਂ ਕਈ ਬਿਮਾਰੀਆਂ ਦਾ ਖਾਤਮਾ ਕਰ ਸਕਦੇ ਹਾਂ-
ਮਸੂੜਿਆਂ ਨੂੰ ਮਜ਼ਬੂਤ ਬਣਾਓ : ਅਕਸਰ ਦੇਖਣ ਵਿਚ ਆਉਂਦਾ ਹੈ ਕਿ ਲੋਕ ਆਪਣੇ ਮਸੂੜਿਆਂ ਦੀ ਸਮੱਸਿਆ ਨੂੰ ਲੈ ਕੇ ਬੇਹੱਦ ਚਿੰਤਤ ਰਹਿੰਦੇ ਹਨ। ਜੇ ਤੁਸੀਂ ਵੀ ਮਸੂੜਿਆਂ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਲੌਂਗ ਦੁਆਰਾ ਬਣਾਏ ਦੰਦ ਮੰਜਨ ਦੀ ਵਰਤੋਂ ਕਰਕੇ ਹੱਲ ਕੱਢ ਸਕਦੇ ਹੋ, ਕਿਉਂਕਿ ਅਜਿਹਾ ਕਰਨ 'ਤੇ ਜਿਥੇ ਵਿਅਕਤੀ ਦੇ ਦੰਦ ਬਹੁਤ ਜ਼ਿਆਦਾ ਚਮਕਣ ਲਗਦੇ ਹਨ, ਉਥੇ ਦੂਜੇ ਪਾਸੇ ਇਹ ਮਸੂੜਿਆਂ ਨੂੰ ਵਿਸ਼ੇਸ਼ ਸ਼ਕਤੀ ਪ੍ਰਦਾਨ ਕਰਨ ਵਿਚ ਵੀ ਆਪਣੀ ਇਕ ਖਾਸ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ ਲੌਂਗ ਦਾ ਮੰਜਨ 'ਇਕ ਪੰਥ ਦੋ ਕਾਜ' ਦੀ ਕਹਾਵਤ ਮੁਤਾਬਿਕ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਰਿਹਾ ਹੈ।
ਖੂਨ ਦਾ ਸ਼ੁੱਧੀਕਰਨ ਕਰੋ : ਡਾਕਟਰਾਂ ਦੀ ਰਾਏ ਵਿਚ ਸਾਡੇ ਘਰਾਂ ਵਿਚ ਮੌਜੂਦ ਲੌਂਗ ਨਾਲ ਸਰੀਰ ਵਿਚ ਤੇਜ਼ੀ ਨਾਲ ਦੌੜਨ ਵਾਲੇ ਖੂਨ ਨੂੰ ਵੀ ਸ਼ੁੱਧ ਕੀਤਾ ਜਾ ਸਕਦਾ ਹੈ ਜਦੋਂ ਕਿ ਇਹ ਦਿਮਾਗ ਨੂੰ ਮਜ਼ਬੂਤ ਕਰਨ ਵਿਚ ਵੀ ਕਾਫੀ ਸਮਰੱਥ ਹੁੰਦਾ ਹੈ।
ਉਲਟੀ ਵਿਚ ਰਾਹਤ ਦਿਵਾਏ : ਜੇ ਕਿਸੇ ਵਿਅਕਤੀ ਨੂੰ ਦਿਨ ਭਰ ਵਿਚ ਜ਼ਿਆਦਾ ਪਿਆਸ ਲਗਦੀ ਹੈ ਜਾਂ ਫਿਰ ਹਰ ਵਕਤ ਉਲਟੀ ਆਉਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਅਜਿਹੀ ਹਾਲਤ ਵਿਚ ਲੌਂਗ ਦਾ ਉਬਲਿਆ ਹੋਇਆ ਪਾਣੀ ਪਿਲਾਓ। ਯਕੀਨਨ ਲਾਭਦਾਇਕ ਹੋਵੇਗਾ।
ਫੋੜੇ-ਫਿਨਸੀਆਂ ਤੋਂ ਮੁਕਤੀ : ਵੈਸੇ ਤਾਂ ਵਿਅਕਤੀ ਦੇ ਚਿਹਰੇ 'ਤੇ ਫੋੜੇ-ਫਿਨਸੀਆਂ ਹਮੇਸ਼ਾ ਦਸਤਕ ਦਿੰਦੇ ਹੀ ਰਹਿੰਦੇ ਹਨ ਪਰ ਜੇ ਤੁਸੀਂ ਲੌਂਗ ਨੂੰ ਸਿਲ 'ਤੇ ਘਸਾ ਕੇ ਆਪਣੀ ਚਮੜੀ 'ਤੇ ਲਗਾਓਗੇ ਤਾਂ ਬਿਨਾਂ ਸ਼ੱਕ ਫੋੜੇ-ਫਿਨਸੀਆਂ ਤੋਂ ਛੁਟਕਾਰਾ ਪਾਓਗੇ ਅਤੇ ਚਿਹਰਾ ਬਿਨਾਂ ਦਾਗ-ਧੱਬਿਆਂ ਦੇ ਸੁੰਦਰ ਦਿਖਾਈ ਦੇਣ ਲੱਗੇਗਾ।
ਸ਼ੂਲ ਵਿਚ ਰਾਹਤ :ਵੈਸੇ ਤਾਂ ਛੋਟਾ ਜਿਹਾ ਲੌਂਗ ਰੌਚਕ ਦ੍ਰਵਾਂ ਨਾਲ ਪੈਦਾ ਹੋਣ ਵਾਲੇ ਸ਼ੂਲ ਵਿਚ ਵੀ ਕਾਫੀ ਮਦਦ ਕਰਦਾ ਹੈ ਪਰ ਇਸ ਤੋਂ ਇਲਾਵਾ ਤੁਸੀਂ ਅੱਖਾਂ ਦੀ ਨਜ਼ਰ ਵਧਾਉਣ, ਦਮਾ, ਹਿਚਕੀ, ਤਪਦਿਕ, ਦੰਦ ਦਰਦ ਅਤੇ ਕਮਰ ਦਰਦ ਆਦਿ ਰੋਗਾਂ ਦੇ ਇਲਾਜ ਲਈ ਵੀ ਲੌਂਗ ਦੀ ਬਾਖੂਬੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਇਕ ਛੋਟੇ ਜਿਹੇ ਲੌਂਗ ਦੇ ਵਾਕਿਆ ਹੀ ਕਈ ਫਾਇਦੇ ਹਨ ਜੋ ਕੁਦਰਤ ਦੀ ਦੇਣ ਅਨਮੋਲ ਸਰੀਰ ਦੇ ਕਈ ਰੋਗਾਂ ਦਾ ਖਾਤਮਾ ਕਰਕੇ ਸਾਨੂੰ ਤੰਦਰੁਸਤ ਬਣਾ ਦਿੰਦਾ ਹੈ।
ਡਾਕਟਰਾਂ ਦੀ ਵੀ ਇਹੀ ਨੇਕ ਸਲਾਹ ਹੈ ਕਿ ਸਾਨੂੰ ਰੋਜ਼ਾਨਾ ਇਕ ਲੌਂਗ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾਂ ਸ਼ੱਕ ਇਸ ਨਾਲ ਭਵਿੱਖ ਵਿਚ ਕਾਫੀ ਲਾਭ ਮਿਲੇਗਾ।


-ਅਨੂਪ ਮਿਸ਼ਰਾ

ਬਿਹਤਰ ਸਿਹਤ ਦੀ ਨਿਸ਼ਾਨੀ

* ਚਮਕੀਲੇ ਵਾਲ, ਅੱਖਾਂ ਅਤੇ ਸੰਗਠਿਤ ਮਾਸਪੇਸ਼ੀਆਂ। * ਚੰਗੀ ਅਤੇ ਸਾਫ਼ ਚਮੜੀ।
* ਨਾੜੀ ਦੀ ਗਤੀ ਅਤੇ ਖੂਨ ਦਾ ਦਬਾਅ ਠੀਕ ਰਹਿਣਾ।
* ਸਰੀਰ ਸੰਚਾਲਨ ਕਿਰਿਆਵਾਂ ਵਿਚ ਸਾਮੰਜਸਯ।
* ਬਦਬੂ ਰਹਿਤ ਸਾਹ, ਚੰਗੀ ਭੁੱਖ, ਉਚਿਤ ਨੀਂਦ।
* ਨਿਯਮਤ ਮਲ-ਮੂਤਰ ਵਿਸਰਜਨ ਕਿਰਿਆ।
* ਸਾਰੀਆਂ ਇੰਦਰੀਆਂ ਦਾ ਠੀਕ ਤਰ੍ਹਾਂ ਕੰਮ ਕਰਨਾ।
* ਬੱਚੇ ਅਤੇ ਜਵਾਨਾਂ ਦਾ ਆਮ ਗਤੀ ਨਾਲ ਭਾਰ ਵਧਦਾ ਰਹਿਣਾ।
ਮਾਨਸਿਕ ਲੱਛਣ
* ਆਪਣੇ-ਆਪ 'ਤੇ ਕਾਬੂ ਹੋਣਾ।
* ਥੋੜ੍ਹੀ-ਬਹੁਤ ਆਲੋਚਨਾ ਸਵੀਕਾਰ ਕਰ ਲੈਣਾ।
* ਨਿੱਕੀ-ਨਿੱਕੀ ਗੱਲ 'ਤੇ ਗੁੱਸੇ ਨਾ ਹੋਣਾ।
* ਲੋਕਾਂ ਦੇ ਨਾਲ ਰਲ-ਮਿਲ ਜਾਣ ਦੀ ਪ੍ਰਵਿਰਤੀ ਹੋਣਾ। * ਆਪਣੀਆਂ ਲੋੜਾਂ ਅਤੇ ਸਮੱਸਿਆਵਾਂ ਦੇ ਨਾਲ ਆਪਣਾ ਉਦੇਸ਼ ਵੀ ਸਮਝਣਾ।
* ਸਮੱਸਿਆਵਾਂ ਦਾ ਨਿਰਾਕਰਣ ਬੁੱਧੀਮਤਾਪੂਰਨ ਢੰਗ ਨਾਲ ਸ਼ਾਂਤੀ ਦੇ ਨਾਲ ਕਰਨਾ, ਨਾ ਕਿ ਵੈਰ-ਵਿਰੋਧ ਵਾਲੇ ਤਰੀਕੇ ਨਾਲ।
* ਖੁਦ ਨੂੰ ਆਂਕਲਨ ਕਰਨ ਦੀ ਸਮਰੱਥਾ ਦਾ ਹੋਣਾ।


-ਉਮੇਸ਼ ਕੁਮਾਰ ਸਾਹੂ

ਨਹੁੰਆਂ ਰਾਹੀਂ ਜਾਣੋ ਆਪਣੀ ਤੰਦਰੁਸਤੀ

ਹੱਥਾਂ ਦੇ ਨਹੁੰ ਦੇਖ ਕੇ ਰੋਗਾਂ ਦਾ ਪਤਾ ਲਗਾਉਣ ਦਾ ਚਲਣ ਪ੍ਰਾਚੀਨ ਕਾਲ ਤੋਂ ਸ਼ੁਰੂ ਹੋਇਆ ਸੀ। ਤਤਕਾਲੀਨ ਯੂਨਾਨੀ ਡਾਕਟਰ ਹਿਪੋਕ੍ਰੇਟਸ ਨੇ ਵੀ ਰੋਗਾਂ ਦੇ ਹੱਲ ਲਈ ਨਹੁੰ ਨਿਰੀਖਣ ਦੀ ਸਲਾਹ ਦਿੱਤੀ ਹੈ। ਦਕਸ਼ ਡਾਕਟਰ ਜਾਣਦੇ ਹਨ ਕਿ ਨਹੁੰ ਕਈ ਗੰਭੀਰ ਬਿਮਾਰੀਆਂ ਦੀ ਸੂਚਨਾ ਦੇਣ ਵਿਚ ਬੜੇ ਸਹਾਇਕ ਹੁੰਦੇ ਹਨ।
ਨਹੁੰਆਂ ਵਿਚ ਜੋ ਅਸੁਭਾਵਿਕ ਗੱਲਾਂ ਅਕਸਰ ਦਿਖਾਈ ਦਿੰਦੀਆਂ ਹਨ, ਉਨ੍ਹਾਂ ਵਿਚੋਂ ਕੁਝ ਹੇਠਾਂ ਦਿੱਤੀਆਂ ਜਾ ਰਹੀਆਂ ਹਨ। ਇਹ ਤੁਹਾਡੇ ਡਾਕਟਰ ਨੂੰ ਕਿਸੇ ਗੰਭੀਰ ਰੋਗ ਦੀ ਸੂਚਨਾ ਦੇ ਸਕਦੀਆਂ ਹਨ। ਇਸ ਦੇ ਲਈ ਤੁਸੀਂ ਆਪਣੇ ਨਹੁੰਆਂ ਨੂੰ ਧਿਆਨ ਨਾਲ ਦੇਖੋ। ਸ਼ਾਇਦ ਉਹ ਤੁਹਾਨੂੰ ਤੁਹਾਡੀ ਸਿਹਤ ਦੇ ਬਾਰੇ ਵਿਚ ਕੁਝ ਸੂਚਿਤ ਕਰਨ ਲਈ ਤਤਪਰ ਹੋਣ।
ਭੂਰੇ ਜਾਂ ਕਾਲੇ ਧੱਬੇ ਖਾਸ ਤੌਰ 'ਤੇ ਜੋ ਨਹੁੰਆਂ ਦੇ ਆਸ-ਪਾਸ ਦੀ ਚਮੜੀ 'ਤੇ ਫੈਲ ਜਾਂਦੇ ਹਨ, ਉਹ ਚਮੜੀ ਜਾਂ ਅੱਖ ਦੀ ਘਾਤਕ ਰਸੌਲੀ ਮੈਲਿਗਨੇਂਟ ਮੈਲਾ ਬੋਮਾ ਦੀ ਸੂਚਨਾ ਦਿੰਦੇ ਹਨ। ਅਜਿਹਾ ਇਕ ਵੱਡਾ ਧੱਬਾ ਵੀ ਹੋ ਸਕਦਾ ਹੈ ਜਾਂ ਛੋਟੀਆਂ-ਛੋਟੀਆਂ ਚਿੱਤੀਆਂ ਹੋ ਸਕਦੀਆਂ ਹਨ। ਇਹ ਧੱਬੇ ਆਮ ਤੌਰ 'ਤੇ ਹੱਥ ਅਤੇ ਪੈਰ ਦੇ ਅੰਗੂਠੇ 'ਤੇ ਹੁੰਦੇ ਹਨ।
ਨਹੁੰਆਂ ਦੇ ਅਰਧ-ਚੰਦਰਾਕਾਰ ਭਾਗ 'ਤੇ ਨੀਲਾਪਨ ਆਉਣਾ ਸਰੀਰ ਵਿਚ ਖਰਾਬ ਖੂਨ ਦਾ ਸੰਚਾਰ, ਦਿਲ ਦੇ ਰੋਗ ਆਦਿ ਦਾ ਸੂਚਕ ਹੈ। ਜੇ ਨਹੁੰ ਹੌਲੀ ਗਤੀ ਨਾਲ ਵਧਣ ਅਤੇ ਮੋਟੇ ਅਤੇ ਬਹੁਤ ਸਖ਼ਤ ਹੋ ਜਾਂਦੇ ਹੋਣ ਜਾਂ ਪੀਲੇ, ਹਰੇ ਦਿਖਾਈ ਦੇਣ ਲੱਗਣ ਤਾਂ ਇਸ ਦਾ ਕਾਰਨ ਸਾਹ ਰੋਗ ਥਾਇਰਾਇਡ ਨਾਲ ਸਬੰਧਤ ਰੋਗ ਹੋ ਸਕਦੇ ਹਨ।
ਨਹੁੰਆਂ ਦੇ ਸਿਰੇ ਦੇ ਕੋਲ ਵਾਲਾ ਅੱਧਾ ਨਹੁੰ ਗੁਲਾਬੀ ਜਾਂ ਭੂਰਾ ਦਿਖਾਈ ਦਿੰਦਾ ਹੈ ਅਤੇ ਜੜ੍ਹ ਦੇ ਨਾਲ ਵਾਲਾ ਅੱਧਾ ਭਾਗ ਸਫੈਦ। ਇਸ ਨੂੰ ਅੱਧਾ-ਅੱਧਾ ਨਹੁੰ ਵੀ ਕਹਿੰਦੇ ਹਨ। ਨਹੁੰਆਂ ਦੀ ਇਹ ਹਾਲਤ ਬਹੁਤ ਸਮੇਂ ਤੋਂ ਗੁਰਦਿਆਂ ਦੀ ਹੀਣ ਕਾਰਜ ਸਮਰੱਥਾ ਦਾ ਲੱਛਣ ਹੋ ਸਕਦੀ ਹੈ।
ਨਹੁੰਆਂ ਦੀਆਂ ਆਰ-ਪਾਰ ਦੱਬੀਆਂ ਹੋਈਆਂ ਸਮਾਨਾਂਤਰ ਲਕੀਰਾਂ ਭੋਜਨ 'ਚ ਪੋਸ਼ਕ ਤੱਤਾਂ ਦੀ ਕਮੀ ਜਾਂ ਅਜਿਹੇ ਕਿਸੇ ਉਗਰ ਰੋਗ ਦੇ ਕਾਰਨ ਪੈ ਸਕਦੀਆਂ ਹਨ, ਜਿਸ ਵਿਚ ਨਹੁੰਆਂ ਦਾ ਵਧਣਾ ਅਸਥਾਈ ਰੂਪ ਨਾਲ ਰੁਕ ਜਾਂਦਾ ਹੈ।
ਨਹੁੰਆਂ ਦਾ ਸਿਰਾ ਮੋਟਾ ਹੋਣਾ ਤਪਦਿਕ, ਵਾਤਸ਼ੋਥ, ਵੱਡੀ ਅੰਤੜੀ ਦੀ ਸੋਜ ਅਤੇ ਜ਼ਖਮ ਜਾਂ ਜਿਗਰ ਰੋਗ ਦਾ ਸੂਚਕ ਹੈ। ਇਸ ਸਥਿਤੀ ਵਿਚ ਨਹੁੰ ਅਸਾਧਾਰਨ ਢੰਗ ਨਾਲ ਉੱਪਰ ਵੱਲ ਉੱਠ ਜਾਂਦਾ ਹੈ ਅਤੇ ਉਂਗਲੀ ਦੇ ਸਿਰਿਆਂ ਦੇ ਚਾਰੋ ਪਾਸੇ ਮੁੜ ਜਾਂਦਾ ਹੈ।
ਚਰਮਰੋਗ ਤੋਂ ਪੀੜਤ ਅਨੇਕ ਵਿਅਕਤੀਆਂ ਦੇ ਨਹੁੰਆਂ ਵਿਚ ਬੇਡੌਲ ਟੋਏ ਪਾਏ ਜਾਂਦੇ ਹਨ।
ਜੇ ਹਥੌੜੇ ਨਾਲ ਕੁੱਟੇ ਹੋਏ ਪਿੱਤਲ ਦੇ ਭਾਂਡਿਆਂ ਵਾਂਗ ਨਹੁੰਆਂ 'ਤੇ ਸੀਧ ਵਿਚ ਗੱਡੇ ਪੈ ਜਾਂਦੇ ਹੋਣ ਤਾਂ ਅਜਿਹੀ ਹਾਲਤ ਤੁਹਾਡੇ ਵਾਲਾਂ ਲਈ ਘਾਤਕ ਹੈ। ਨਹੁੰਆਂ ਦੀ ਅਜਿਹੀ ਹਾਲਤ ਦਾ ਕਾਰਨ ਕਦੇ-ਕਦੇ ਗੰਜਾਪਨ ਹੁੰਦਾ ਹੈ। ਇਹ ਰੋਗ ਪੂਰੀ ਤਰ੍ਹਾਂ ਸਮਝ ਵਿਚ ਨਹੀਂ ਆ ਸਕਿਆ ਹੈ। ਇਸ ਵਿਚ ਸਿਰ ਦੇ ਸਾਰੇ ਵਾਲ ਉਡ ਜਾਂਦੇ ਹਨ ਜਾਂ ਕਿਤੇ-ਕਿਤੇ ਉਹ ਡਿਗ ਜਾਂਦੇ ਹਨ।
ਸਰੀਰ ਵਿਚ ਖੂਨ ਸੰਚਾਰ ਠੀਕ ਨਾ ਹੋਣ 'ਤੇ ਨਹੁੰ ਹੌਲੀ-ਹੌਲੀ ਵਧਦੇ ਹਨ ਅਤੇ ਮੋਟੇ, ਸਖ਼ਤ ਅਤੇ ਪੀਲੇ ਧੱਬਿਆਂ ਵਾਲੇ ਹੋ ਜਾਂਦੇ ਹਨ। ਅਜਿਹੇ ਨਹੁੰ ਸ਼ੂਗਰ ਅਤੇ ਦਿਲ ਦੇ ਰੋਗ ਤੋਂ ਪੀੜਤ ਵਿਅਕਤੀਆਂ ਦੇ ਵੀ ਹੋ ਸਕਦੇ ਹਨ। ਕਦੇ-ਕਦੇ ਆਕਸੀਜਨ ਦੀ ਕਮੀ ਦੇ ਕਾਰਨ ਨਹੁੰਆਂ ਦਾ ਆਧਾਰ ਨੀਲਾ ਦਿਸਣ ਲਗਦਾ ਹੈ।
ਨਹੁੰਆਂ ਦੇ ਆਮ ਵਾਧੇ ਲਈ ਪੌਸ਼ਟਿਕ ਭੋਜਨ ਜ਼ਰੂਰੀ ਹੈ। ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ 'ਤੇ ਜਾਂ ਮਾਨਸਿਕ ਸਥਿਤੀ ਠੀਕ ਨਾ ਹੋਣ 'ਤੇ ਨਹੁੰਆਂ ਦੇ ਆਰ-ਪਾਰ ਤਿਰਛੀਆਂ ਰੇਖਾਵਾਂ ਪੈ ਜਾਂਦੀਆਂ ਹਨ, ਜਿਨ੍ਹਾਂ ਨੂੰ 'ਬੋ ਲਾਈਨ' ਕਿਹਾ ਜਾਂਦਾ ਹੈ। ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਨਾਲ ਨਹੁੰ ਕੜਕੀਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਪਰਤ ਟੁੱਟਣ ਲਗਦੀ ਹੈ।
ਇਸ ਤਰ੍ਹਾਂ ਨਹੁੰ ਤੁਹਾਡੀ ਸਿਹਤ ਸਬੰਧੀ ਮਹੱਤਵਪੂਰਨ ਸੂਚਨਾਵਾਂ ਦਿੰਦੇ ਹਨ। ਇਨ੍ਹਾਂ ਦੀ ਭਾਸ਼ਾ ਨੂੰ ਸਮਝੋ ਅਤੇ ਆਪਣੀ ਸਿਹਤ ਸੁਧਾਰੋ।

ਹੋਮਿਓਪੈਥਿਕ ਇਲਾਜ

ਥਾਇਰਾਇਡ ਰੋਗ ਅਤੇ ਇਲਾਜ

ਥਾਇਰਾਇਡ ਗ੍ਰੰਥੀ ਸਾਡੇ ਗਲੇ ਦੇ ਅੰਦਰਲੇ ਹਿੱਸੇ ਵਿਚ ਹੁੰਦੀ ਹੈ। ਇਸ ਵਿਚੋਂ ਟੀ3, ਟੀ4, ਟੀ.ਐਸ.ਐਚ. ਨਾਂਅ ਦੇ ਹਾਰਮੋਨ ਨਿਕਲਦੇ ਹਨ, ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਅਤੇ ਸਾਡੇ ਸਰੀਰ ਦੇ ਵਿਕਾਸ ਵਿਚ ਮਦਦ ਕਰਦੇ ਹਨ। ਜਦੋਂ ਕਿਸੇ ਕਾਰਨ ਥਾਇਰਾਇਡ ਗ੍ਰੰਥੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਅਤੇ ਇਨ੍ਹਾਂ ਹਾਰਮੋਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਤਾਂ ਸਿੱਟੇ ਵਜੋਂ ਥਾਇਰਾਇਡ ਸਬੰਧੀ ਰੋਗ ਸਾਹਮਣੇ ਆਉਂਦੇ ਹਨ। ਜਦੋਂ ਇਹ ਹਾਰਮੋਨ ਸਰੀਰ ਵਿਚ ਘੱਟ ਜਾਂਦੇ ਹਨ ਤਾਂ ਇਸ ਨੂੰ ਹਾਇਪੋਥਾਇਰਾਇਡ ਕਹਿੰਦੇ ਹਨ ਅਤੇ ਸਰੀਰ ਵਿਚ ਇਨ੍ਹਾਂ ਦੇ ਵਧਣ ਨੂੰ ਹਾਇਪਰਥਾਇਰਾਇਡ ਕਹਿੰਦੇ ਹਨ। ਇਨ੍ਹਾਂ ਦੋਵਾਂ ਬਿਮਾਰੀਆਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ। ਹਾਇਪੋਥਾਇਰਾਇਡ ਵਿਚ ਰੋਗੀ ਦੇ ਸਰੀਰ ਵਿਚ ਫੁਲਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੇ ਸਾਰੇ ਜੋੜਾਂ ਵਿਚ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਮਰੀਜ਼ ਦੀ ਭੁੱਖ ਅਤੇ ਪਿਆਸ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੀਂਦ ਬਹੁਤ ਵਧ ਜਾਂਦੀ ਹੈ। ਸਰੀਰ ਵਿਚ ਸੁਸਤੀ ਅਤੇ ਥਕਾਵਟ ਰਹਿੰਦੀ ਹੈ। ਮਰੀਜ਼ ਠੰਢ ਜ਼ਿਆਦਾ ਮਹਿਸੂਸ ਕਰਦੇ ਹਨ ਅਤੇ ਠੰਢੇ ਪਾਣੀ ਨਾਲ ਨਹਾਉਣ ਤੋਂ ਡਰਦੇ ਹਨ। ਜਦੋਂ ਇਹ ਬਿਮਾਰੀ ਬਹੁਤ ਵਧ ਜਾਂਦੀ ਹੈ ਤਾਂ ਮਰੀਜ਼ ਤਣਾਅ ਵਿਚ ਰਹਿੰਦੇ ਹਨ, ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ।
ਦੂਜੇ ਪਾਸੇ ਹਾਇਪਰਥਾਇਰਾਇਡ ਰੋਗੀ ਦੇ ਲੱਛਣ ਬਿਲਕੁਲ ਇਸ ਤੋਂ ਅਲੱਗ ਹੁੰਦੇ ਹਨ। ਮਰੀਜ਼ ਦਾ ਸਰੀਰ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਉਸ ਦੀ ਭੁੱਖ ਅਤੇ ਪਿਆਸ ਬਹੁਤ ਵਧ ਜਾਂਦੀ ਹੈ ਅਤੇ ਨੀਂਦ ਘਟ ਜਾਂਦੀ ਹੈ। ਮਰੀਜ਼ ਨੂੰ ਦਸਤ ਛੇਤੀ-ਛੇਤੀ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਖਾਂ ਬਾਹਰ ਨੂੰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੋਰ ਲੱਛਣ ਜਿਵੇਂ ਦਿਲ ਦੀ ਧੜਕਣ ਦਾ ਵਧਣਾ, ਨਬਜ਼ ਤੇਜ਼ ਰਹਿਣਾ, ਮਾਸਪੇਸ਼ੀਆਂ ਦੀ ਥਕਾਵਟ, ਸਰੀਰ ਵਿਚੋਂ ਸੇਕ ਨਿਕਲਣਾ ਆਦਿ ਲੱਛਣ ਮਰੀਜ਼ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ।
ਇਲਾਜ : ਮੈਡੀਕਲ ਸਾਇੰਸ ਦੁਆਰਾ ਸਾਰੇ ਸੰਸਾਰ ਵਿਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਮੈਡੀਕਲ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਤਾਂ ਕਿਉਂ ਐਲਰਜੀ, ਦਮਾ, ਕਣਕ ਐਲਰਜੀ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਥਾਇਰਾਇਡ, ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਅਤੇ ਹੋਰ ਅਣਗਿਣਤ ਬਿਮਾਰੀਆਂ ਨੂੰ ਸਿਰਫ ਕੰਟਰੋਲ ਹੀ ਕੀਤਾ ਜਾ ਰਿਹਾ ਹੈ ਅਤੇ ਹਮੇਸ਼ਾ ਲਈ ਖ਼ਤਮ ਕਰਕੇ ਮਰੀਜ਼ ਨੂੰ ਤੰਦਰੁਸਤ ਨਹੀਂ ਕੀਤਾ ਜਾ ਸਕਦਾ? ਕਿਉਂ ਇਕ ਮਰੀਜ਼ ਸਾਰੀ ਜ਼ਿੰਦਗੀ ਲਈ ਮਰੀਜ਼ ਬਣ ਕੇ ਰਹਿ ਜਾਂਦਾ ਹੈ ਅਤੇ ਉਹ ਖੁੱਲ੍ਹ ਕੇ ਖਾਣ ਤੋਂ ਡਰਦਾ ਹੈ, ਖੁੱਲ੍ਹ ਕੇ ਘੁੰਮਣ-ਫਿਰਨ ਅਤੇ ਭੱਜ-ਨੱਠ ਕਰਨ ਤੋਂ ਡਰਦਾ ਹੈ ਅਤੇ ਦਵਾਈ ਦੀ ਇਕ ਵੀ ਖੁਰਾਕ ਦਾ ਨਾਗਾ ਪਾਉਣ ਤੋਂ ਡਰਦਾ ਹੈ? ਕਿਉਂ ਉਸ ਮਰੀਜ਼ ਨੂੰ ਦਵਾਈ ਸਾਰੀ ਉਮਰ ਹੀ ਖਾਣੀ ਪੈਂਦੀ ਹੈ? ਕੀ ਇਹ ਹੀ ਹੈ ਸਾਡੀ ਮੈਡੀਕਲ ਸਾਇੰਸ ਦੀ ਤਰੱਕੀ? ਮਰੀਜ਼ ਦੇ ਹਜ਼ਾਰਾਂ ਰੁਪਏ ਬਿਮਾਰੀ ਲੱਭਣ ਲਈ ਕੀਤੇ ਜਾਣ ਵਾਲੇ ਟੈਸਟਾਂ 'ਤੇ ਖਰਚ ਕਰ ਦਿੱਤੇ ਜਾਂਦੇ ਹਨ ਪਰ ਮਰੀਜ਼ ਨੂੰ ਸਿਰਫ ਕੁਝ ਕੁ ਮਿੰਟ ਹੀ ਸੁਣਿਆ ਜਾਂਦਾ ਹੈ ਅਤੇ ਬਿਮਾਰੀ ਨੂੰ ਲਾਇਲਾਜ ਕਹਿ ਕੇ ਹੱਥ ਜੋੜ ਦਿੱਤੇ ਜਾਂਦੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਹੋਮਿਓਪੈਥੀ ਦੇ ਜਨਮਦਾਤਾ ਡਾ: ਹੈਨੀਮੈਨ, ਜੋ ਕਿ ਮੈਡੀਕਲ ਸਾਇੰਸ ਦੇ ਐਮ.ਡੀ. ਡਾਕਟਰ ਸਨ ਅਤੇ ਉਸ ਸਮੇਂ ਦੇ ਮੰਨੇ-ਪ੍ਰਮੰਨੇ ਐਲੋਪੈਥ ਸਨ, ਨੇ ਆਪਣੀ ਸਾਇੰਸ ਨੂੰ ਤਿਆਗ ਕੇ ਇਸ ਨਵੀਂ ਸਾਇੰਸ ਹੋਮਿਓਪੈਥੀ ਦੀ ਖੋਜ ਕੀਤੀ ਸੀ, ਕਿਉਂਕਿ ਉਹ ਦੇਖ ਰਹੇ ਸਨ ਕਿ ਇਕ ਬਿਮਾਰੀ ਨੂੰ ਠੀਕ ਕਰਕੇ ਭੇਜਣ ਤੋਂ ਬਾਅਦ ਵੀ ਮਰੀਜ਼ ਉਸੇ ਤਰ੍ਹਾਂ ਦੀਆਂ ਅਲਾਮਤਾਂ ਲੈ ਕੇ ਆ ਜਾਂਦਾ ਹੈ ਅਤੇ ਤੰਦਰੁਸਤੀ ਹਾਸਲ ਨਹੀਂ ਕਰ ਪਾਉਂਦਾ। ਉਹ ਇਕ ਅਜਿਹੀ ਸਾਇੰਸ ਦੀ ਖੋਜ ਵਿਚ ਸਨ, ਜਿਸ ਦੁਆਰਾ ਬਿਮਾਰੀ ਨੂੰ ਇਕ ਵਾਰ ਠੀਕ ਕਰਨ ਤੋਂ ਬਾਅਦ ਵਾਰ-ਵਾਰ ਉਹੀ ਬਿਮਾਰੀ ਨਾ ਆਵੇ ਅਤੇ ਮਰੀਜ਼ ਹਮੇਸ਼ਾ ਲਈ ਤੰਦਰੁਸਤ ਹੋ ਜਾਵੇ ਅਤੇ ਫਿਰ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੋਮਿਓਪੈਥੀ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਆਇਆ, ਜਿਸ ਵਿਚ ਇਕੋ ਵਾਰ ਬਿਮਾਰੀ ਦੀ ਜੜ੍ਹ ਲੱਭ ਕੇ ਠੀਕ ਕਰਨ ਤੋਂ ਬਾਅਦ ਬਿਮਾਰੀ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ।


-ਮੋਤੀ ਨਗਰ, ਮਕਸੂਦਾਂ, ਜਲੰਧਰ।
www.ravinderhomeopathy.com

ਸਹੀ ਖਾਣ-ਪੀਣ ਦਿੰਦਾ ਹੈ ਆਕਰਸ਼ਕ ਜਿਸਮ

ਅੱਜ ਦੇ ਭੌਤਿਕਵਾਦੀ ਅਤੇ ਮੁਕਾਬਲਾ ਭਰਪੂਰ ਯੁੱਗ ਵਿਚ ਸ਼ਖ਼ਸੀਅਤ ਦਾ ਬਹੁਤ ਅਹਿਮ ਸਥਾਨ ਹੈ। ਸ਼ਖ਼ਸੀਅਤ ਤਾਂ ਹੀ ਪ੍ਰਭਾਵਸ਼ਾਲੀ ਹੁੰਦੀ ਹੈ, ਜੇ ਤੁਸੀਂ ਹਮੇਸ਼ਾ ਚੁਸਤ-ਦਰੁਸਤ ਦਿਸੋ ਅਤੇ ਇਸ ਦੇ ਲਈ ਜਿਥੇ ਬਿਹਤਰ ਤੌਰ-ਤਰੀਕੇ, ਉੱਠਣ-ਬੈਠਣ ਦਾ ਢੰਗ ਅਤੇ ਕੱਦ-ਕਾਠ ਮਹੱਤਵਪੂਰਨ ਹੈ, ਉਥੇ ਖਾਣ-ਪੀਣ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਅੱਲੜ੍ਹ ਉਮਰ ਵਿਚ ਜਦੋਂ ਲੜਕੇ-ਲੜਕੀਆਂ ਵਿਚ ਤੇਜ਼ ਰਫਤਾਰ ਨਾਲ ਸਰੀਰਕ ਤਬਦੀਲੀ ਹੁੰਦੀ ਹੈ, ਅਜਿਹੇ ਸਮੇਂ ਵਿਚ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ।
ਕਈ ਮੁੰਡੇ-ਕੁੜੀਆਂ ਡਾਇਟਿੰਗ ਦੇ ਚਲਦੇ ਆਪਣੇ ਮਨਪਸੰਦ ਭੋਜਨ ਨੂੰ ਛੂਹਣ ਤੋਂ ਵੀ ਪ੍ਰਹੇਜ਼ ਕਰਦੇ ਹਨ ਪਰ ਡਾਕਟਰਾਂ ਅਨੁਸਾਰ ਇਸ ਤਰ੍ਹਾਂ ਉਨ੍ਹਾਂ ਦੇ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਸਹੀ ਢੰਗ ਨਾਲ ਅਤੇ ਸਿਹਤ ਸਬੰਧੀ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੀ ਪਸੰਦ ਦਾ ਭੋਜਨ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਤੁਸੀਂ ਚਿਕਨਾਈ ਵਾਲੇ ਪਦਾਰਥਾਂ ਦਾ ਸੇਵਨ ਬੰਦ ਕਰ ਦਿਓ, ਕਿਉਂਕਿ ਚਿਕਨਾਈ ਦੇ ਰੂਪ ਵਿਚ ਜੋ ਚਰਬੀ ਤੁਹਾਡੇ ਸਰੀਰ ਵਿਚ ਪ੍ਰਵੇਸ਼ ਕਰਦੀ ਹੈ, ਉਹ ਤੁਹਾਡੀ ਚਰਬੀ ਵਿਚ ਵਾਧਾ ਕਰਦੀ ਹੈ, ਜਿਸ ਨਾਲ ਤੁਹਾਡਾ ਭਾਰ ਵਧ ਜਾਂਦਾ ਹੈ। ਇਸ ਲਈ ਮਲਾਈ, ਪਨੀਰ, ਆਂਡਾ, ਮਾਸਾਹਾਰੀ ਪਦਾਰਥਾਂ ਅਤੇ ਹੋਰ ਚਰਬੀ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ।
ਇਸ ਤੋਂ ਇਲਾਵਾ ਬਾਜ਼ਾਰ ਵਿਚ ਵਿਕਣ ਵਾਲੇ ਪੀਣ ਵਾਲੇ ਪਦਾਰਥ ਅਤੇ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਵੀ ਸਰੀਰ ਨੂੰ ਪੋਸ਼ਣ ਦੇਣ ਦੀ ਬਜਾਏ ਸਿਰਫ ਕੈਲੋਰੀ ਹੀ ਦਿੰਦੀਆਂ ਹਨ। ਇਸ ਲਈ ਜੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਖਾਣ-ਪੀਣ ਤੋਂ ਪ੍ਰਹੇਜ਼ ਕਰੋ।
ਧਿਆਨ ਰਹੇ ਕਿ ਜਦੋਂ ਭੁੱਖ ਲੱਗੇ, ਉਦੋਂ ਹੀ ਕੁਝ ਖਾਓ। ਖਾਣੇ ਤੋਂ ਪਹਿਲਾਂ ਦੇਖ ਲਓ ਕਿ ਕਿਤੇ ਵੈਸੇ ਹੀ ਖਾਣੇ ਨੂੰ ਦੇਖ ਕੇ ਤਾਂ ਮਨ ਨਹੀਂ ਲਲਚਾ ਰਿਹਾ ਭਾਵ ਵਾਕਿਆ ਹੀ ਭੁੱਖ ਲੱਗੀ ਵੀ ਹੈ ਜਾਂ ਨਹੀਂ। ਜਦੋਂ ਭੁੱਖ ਲੱਗੇ ਤਾਂ ਸਲਾਦ, ਫਲ, ਪੁੰਗਰੇ ਅਨਾਜ, ਫਲਾਂ ਦਾ ਰਸ, ਦਹੀਂ ਆਦਿ ਹਲਕੇ ਭੋਜਨ ਦਾ ਸੇਵਨ ਕਰੋ। ਭਾਰ ਘਟਾਉਣ ਦੇ ਚੱਕਰ ਵਿਚ ਰੋਟੀ ਤੋਂ ਬਿਲਕੁਲ ਹੀ ਪ੍ਰਹੇਜ਼ ਨਾ ਕਰੋ। ਇਸ ਦੇ ਨਾਲ ਹੀ ਜੋ ਹਲਕਾ-ਫੁਲਕਾ ਤੁਹਾਨੂੰ ਪਸੰਦ ਹੋਵੇ, ਉਹੀ ਖਾਓ। ਭਾਰੇ ਅਤੇ ਤਲੇ-ਭੁੰਨੇ ਭੋਜਨ ਦੇ ਸੇਵਨ ਤੋਂ ਬਚੋ। ਇਨ੍ਹਾਂ ਪਦਾਰਥਾਂ ਦਾ ਸੇਵਨ ਨਾ ਹੀ ਕਰੋ ਤਾਂ ਚੰਗਾ ਹੈ।
ਕਸਰਤ ਦਾ ਯੋਗਦਾਨ : ਭਾਰ ਘਟਾਉਣ ਦਾ ਸਭ ਤੋਂ ਕਾਰਗਰ ਨੁਸਖਾ ਹੈ ਕਸਰਤ। ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ ਹੀ ਕਸਰਤ ਵੀ ਇਸ ਵਾਸਤੇ ਬਹੁਤ ਜ਼ਰੂਰੀ ਹੈ। ਰੋਜ਼ਾਨਾ ਆਪਣੀ ਸਮਰੱਥਾ ਦੇ ਅਨੁਸਾਰ ਕਸਰਤ ਕਰੋ। ਇਹ ਨਾ ਹੋਵੇ ਕਿ ਛੇਤੀ ਭਾਰ ਘਟਾਉਣ ਦਾ ਸੁਪਨਾ ਮਨ ਵਿਚ ਲਈ ਇਕ ਹੀ ਦਿਨ ਵਿਚ ਏਨੀ ਕਸਰਤ ਕਰ ਲਓ ਕਿ ਉਸ ਤੋਂ ਬਾਅਦ ਤੁਹਾਡਾ ਸਰੀਰ ਹਰਕਤ ਕਰਨੀ ਹੀ ਬੰਦ ਕਰ ਦੇਵੇ।
ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਬਾਰੇ ਵਿਚ ਸਹੀ ਜਾਣਕਾਰੀ ਹਾਸਲ ਕਰ ਲਓ। ਸੰਭਵ ਹੋਵੇ ਤਾਂ ਕਿਸੇ ਮਾਹਿਰ ਦੀ ਦੇਖ-ਰੇਖ ਵਿਚ ਕਸਰਤ ਕਰੋ। ਪਹਿਲੀ ਵਾਰ ਬਹੁਤ ਹੀ ਘੱਟ ਕਸਰਤ ਕਰੋ। ਸਮੇਂ ਦੀ ਹੱਦ ਅਤੇ ਕਸਰਤ ਦੀ ਗਤੀ ਵੀ ਹੌਲੀ-ਹੌਲੀ ਵਧਾਓ। ਕਸਰਤ ਕਰਦੇ ਸਮੇਂ ਆਪਣੀ ਸਰੀਰਕ ਸਮਰੱਥਾ ਦੀ ਵੀ ਜਾਂਚ ਕਰ ਲਓ ਅਤੇ ਇਸ ਦੇ ਅਨੁਸਾਰ ਹੀ ਕਸਰਤ ਕਰੋ।
ਸਾਈਕਲ ਚਲਾਉਣਾ, ਨੱਚਣਾ, ਯੋਗਾ ਕਰਨਾ ਆਦਿ ਸਾਰੇ ਕੰਮ ਕਸਰਤ ਵਿਚ ਸ਼ਾਮਿਲ ਹਨ। ਜੇ ਤੁਸੀਂ ਕਸਰਤ ਲਈ ਆਪਣੀ ਰੋਜ਼ਮਰ੍ਹਾ ਵਿਚੋਂ ਵੱਖ ਸਮਾਂ ਨਹੀਂ ਕੱਢ ਸਕਦੇ ਤਾਂ ਰੋਜ਼ਾਨਾ ਕੰਮਾਂ ਵਿਚ ਅਜਿਹੀਆਂ ਗਤੀਵਿਧੀਆਂ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਕਸਰਤ ਵੀ ਹੋ ਜਾਵੇ, ਜਿਵੇਂ ਤੁਸੀਂ ਰੋਜ਼ਾਨਾ ਕਿਸੇ ਵੀ ਕੰਮ ਲਈ ਸਕੂਟਰ ਜਾਂ ਕਾਰ 'ਤੇ ਹੀ ਆਉਂਦੇ-ਜਾਂਦੇ ਹੋ ਤਾਂ ਥੋੜ੍ਹੀ ਦੂਰੀ ਲਈ ਆਪਣੀ ਸਵਾਰੀ ਨੂੰ ਨਜ਼ਰਅੰਦਾਜ਼ ਕਰਕੇ ਪੈਦਲ ਚੱਲੋ। ਕਸਰਤ ਜਿਥੇ ਤੁਹਾਡਾ ਭਾਰ ਘੱਟ ਕਰਕੇ ਤੁਹਾਡੇ ਜਿਸਮ ਨੂੰ ਚੁਸਤ ਬਣਾਏਗੀ, ਉਥੇ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੋਣਗੀਆਂ। ਇਸ ਲਈ ਇਸ ਨੂੰ ਅਣਡਿੱਠ ਨਾ ਕਰੋ।
ਤਣਾਅ ਨਾ ਪਾਲੋ : ਅਕਸਰ ਭਾਰ ਵਧ ਜਾਣ 'ਤੇ ਅੱਲੜ੍ਹ ਮੁੰਡੇ-ਕੁੜੀਆਂ ਆਪਣੇ-ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾ ਲੈਂਦੇ ਹਨ। ਅਜਿਹਾ ਕਦੇ ਨਾ ਕਰੋ, ਕਿਉਂਕਿ ਚਿੰਤਾ ਚਿਤਾ ਦੇ ਬਰਾਬਰ ਹੁੰਦੀ ਹੈ, ਜਿਸ ਵਿਚ ਵਿਅਕਤੀ ਅੰਦਰ ਹੀ ਅੰਦਰ ਘੁੱਟ ਕੇ ਆਪਣੇ ਸਰੀਰ ਨੂੰ ਕਈ ਰੋਗਾਂ ਦਾ ਸ਼ਿਕਾਰ ਬਣਾ ਲੈਂਦਾ ਹੈ। ਤੁਸੀਂ ਆਪਣੇ ਮੋਟਾਪੇ ਤੋਂ ਤਾਂ ਪ੍ਰੇਸ਼ਾਨ ਹੁੰਦੇ ਹੀ ਹੋ, ਫਿਰ ਤਣਾਅਗ੍ਰਸਤ ਹੋ ਕੇ ਕਈ ਬਿਮਾਰੀਆਂ ਨੂੰ ਸੱਦਾ ਕਿਉਂ ਦੇ ਰਹੇ ਹੋ? ਵੈਸੇ ਵੀ ਤਣਾਅ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਆਪਣੇ ਖਾਣ-ਪੀਣ ਨੂੰ ਸਹੀ ਰੱਖੋ ਅਤੇ ਕਸਰਤ ਕਰੋ ਅਤੇ ਤਣਾਅ ਤੋਂ ਹਮੇਸ਼ਾ ਦੂਰ ਰਹੋ। ਇਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਚੁਸਤ-ਦਰੁਸਤ ਅਤੇ ਆਕਰਸ਼ਕ ਜਿਸਮ।

ਸਿਹਤ ਖ਼ਬਰਨਾਮਾ

'ਡਾਈਟ ਕਾਂਸ਼ਿਅਸ' ਹੋਣਾ ਦੇ ਸਕਦਾ ਹੈ ਤੁਹਾਨੂੰ ਲੰਬੀ ਉਮਰ

ਜਿਸ ਤਰ੍ਹਾਂ ਦਿਲ ਦੇ ਰੋਗੀਆਂ, ਸ਼ੂਗਰ ਅਤੇ ਕੈਂਸਰ ਦੇ ਰੋਗੀਆਂ ਦੀ ਸੰਖਿਆ ਵਿਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖ ਕੇ ਅੱਜ ਲੋਕ ਖੁਰਾਕ ਚੇਤੰਨ ਹੋ ਗਏ ਹਨ। ਇਸ ਤੋਂ ਇਲਾਵਾ ਮਾਹਿਰ ਵੀ ਆਪਣੀਆਂ ਖੋਜਾਂ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹੇ ਕਿਹੜੇ ਖਾਧ ਪਦਾਰਥ ਹਨ, ਜਿਨ੍ਹਾਂ ਦੇ ਸੇਵਨ ਦੇ ਨਤੀਜੇ ਵਜੋਂ ਵਿਅਕਤੀ ਰੋਗਾਂ ਤੋਂ ਦੂਰ ਰਹਿ ਕੇ ਲੰਬੀ ਉਮਰ ਜੀਅ ਸਕਦਾ ਹੈ।
ਅਮਰੀਕਾ ਦੇ ਮਾਹਿਰ ਡਾ: ਸਟੀਵਨ ਅਨੁਸਾਰ ਅਜਿਹੇ ਕਈ ਖਾਧ ਪਦਾਰਥ ਹਨ, ਜਿਨ੍ਹਾਂ ਦੇ ਸੇਵਨ ਨਾਲ ਵਿਅਕਤੀ ਕਈ ਰੋਗਾਂ ਤੋਂ ਦੂਰ ਰਹਿ ਸਕਦਾ ਹੈ। ਇਹ ਸਾਰੇ ਖਾਧ ਪਦਾਰਥ ਪੋਸ਼ਕ ਤੱਤਾਂ ਨਾਲ ਯੁਕਤ ਹਨ ਅਤੇ ਘੱਟ ਕੈਲੋਰੀ ਵਾਲੇ ਹਨ ਅਤੇ ਇਨ੍ਹਾਂ ਦੇ ਸੇਵਨ ਨਾਲ ਵਿਅਕਤੀ ਦਿਲ ਦੇ ਰੋਗਾਂ, ਸ਼ੂਗਰ ਅਤੇ ਕਈ ਤਰ੍ਹਾਂ ਦੇ ਕੈਂਸਰ ਤੋਂ ਸੁਰੱਖਿਆ ਪਾ ਸਕਦਾ ਹੈ। ਇਨ੍ਹਾਂ ਖਾਧ ਪਦਾਰਥਾਂ ਨੂੰ ਉਨ੍ਹਾਂ ਨੇ 'ਸੁਪਰਫੂਡ' ਦੀ ਸੰਗਿਆ ਦਿੱਤੀ ਹੈ।
ਡਾ: ਸਟੀਵਨ ਅਨੁਸਾਰ ਸਾਡੀ ਖੁਰਾਕ ਅਤੇ ਰੋਗਾਂ ਵਿਚ ਗੂੜ੍ਹਾ ਸਬੰਧ ਹੈ। ਆਪਣੀ ਖੁਰਾਕ ਵਿਚ ਚੰਗੇ ਭੋਜਨ ਪਦਾਰਥਾਂ ਨੂੰ ਸ਼ਾਮਿਲ ਕਰਕੇ ਅਤੇ ਖਰਾਬ ਭੋਜਨ ਪਦਾਰਥਾਂ ਜਿਵੇਂ ਬੇਹਾ ਭੋਜਨ, ਚੀਨੀ ਅਤੇ ਨਮਕ ਆਦਿ ਦੀ ਮਾਤਰਾ ਘੱਟ ਕਰ ਕੇ ਅਸੀਂ ਕਈ ਰੋਗਾਂ 'ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਦੇ ਇਨ੍ਹਾਂ ਵਧੀਆ ਖਾਧ ਪਦਾਰਥਾਂ ਵਿਚ ਬੀਨਸ, ਜਾਮਣ, ਬ੍ਰੋਕਲੀ, ਸੰਤਰਾ, ਪਾਲਕ ਸੀਤਾਫਲ, ਸੋਇਆ, ਟਮਾਟਰ, ਚਾਹ, ਦਹੀਂ, ਅਖਰੋਟ, ਸਾਲਮਨ ਮੱਛੀ ਅਤੇ ਜਈ ਸ਼ਾਮਿਲ ਹੈ।
ਬਜ਼ੁਰਗ ਲੋਕ ਜ਼ਿਆਦਾ ਸਕਾਰਾਤਮਿਕ ਹੁੰਦੇ ਹਨ

ਇਕ ਨਵੀਂ ਖੋਜ ਨਾਲ ਇਹ ਸਾਹਮਣੇ ਆਇਆ ਹੈ ਕਿ ਬਜ਼ੁਰਗ ਲੋਕ ਜਵਾਨ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਸਕਾਰਾਤਮਿਕ ਤਾਂ ਹੁੰਦੇ ਹੀ ਹਨ, ਨਾਲ ਹੀ ਉਹ ਆਪਣੇ ਤਜਰਬੇ ਦੀਆਂ ਨਕਾਰਾਤਮਿਕ ਗੱਲਾਂ ਨੂੰ ਘੱਟ ਯਾਦ ਰੱਖਦੇ ਹਨ। ਉਹ ਉਨ੍ਹਾਂ ਨੂੰ ਛੇਤੀ ਭੁੱਲ ਜਾਂਦੇ ਹਨ ਜਦੋਂ ਕਿ ਸਕਾਰਾਤਮਿਕ ਗੱਲਾਂ ਨੂੰ ਜ਼ਿਆਦਾ ਯਾਦ ਰੱਖਦੇ ਹਨ। 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਜਦੋਂ 'ਮੈਮਰੀ ਟੈਸਟ' ਕੀਤਾ ਗਿਆ ਤਾਂ ਉਨ੍ਹਾਂ ਵਿਚ 'ਨੈਗੇਟਿਵ ਇਮੇਜ' ਜ਼ਿਆਦਾ ਪਾਈ ਗਈ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚ ਜ਼ਿਆਦਾ ਸਕਾਰਾਤਮਿਕ ਦਿੱਖ ਪਾਈ ਗਈ। ਮਾਹਿਰਾਂ ਅਨੁਸਾਰ ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਤਜਰਬਾ ਹੈ, ਜਿਸ ਕਾਰਨ ਉਹ ਹੰਢ ਜਾਂਦੇ ਹਨ ਅਤੇ ਅਜਿਹਾ ਨਜ਼ਰੀਆ ਰੱਖਦੇ ਹਨ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX