ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  10 minutes ago
ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਹੋਰ ਖ਼ਬਰਾਂ..

ਅਦਿੱਤੀ ਰਾਓ ਹੈਦਰੀ :ਅਫ਼ਵਾਹਾਂ 'ਚ ਯਕੀਨ ਨਹੀਂ


ਰੰਗਮੰਚ ਨਾਲ ਜੁੜੀ ਰਹੀ ਅਭਿਨੇਤਰੀ ਅਦਿੱਤੀ ਰਾਓ ਹੈਦਰੀ ਦਾ ਕਹਿਣਾ ਹੈ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਰ ਸਟਾਰ ਅਭਿਨੇਤਾ ਜਾਂ ਕਹਿ ਲਓ ਅਭਿਨੇਤਰੀ ਨੂੰ ਲੈ ਕੇ ਆਮ ਅਫ਼ਵਾਹਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਉਸ ਨੂੰ ਇਨ੍ਹਾਂ ਗੱਲਾਂ 'ਚ ਵਿਸ਼ਵਾਸ ਨਹੀਂ ਹੈ ਕਿਉਂਕਿ ਅਜਿਹਾ ਹੋਣਾ ਸੁਭਾਵਿਕ ਹੀ ਹੈ। ਹਾਲ ਹੀ 'ਚ ਆਪਣੀ ਨਵੀਂ ਫਿਲਮ 'ਗੁੱਡੂ ਰੰਗੀਲਾ' ਦੇ ਫ਼ਿਲਮਾਏ ਗਏ ਕੁਝ ਹਿੱਸੇ 'ਚ ਕੰਮ ਕਰਕੇ ਵਿਹਲੀ ਹੋਈ ਅਦਿੱਤੀ ਆਖਦੀ ਹੈ ਕਿ ਉਕਤ ਫ਼ਿਲਮ 'ਚ ਉਹ ਇਕ ਬੋਲੀ ਤੇ ਗੂੰਗੀ ਲੜਕੀ ਦਾ ਚੁਣੌਤੀ ਭਰਪੂਰ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਪ੍ਰਭਾਵਸ਼ਾਲੀ ਰੰਗ ਦੇਣ ਲਈ ਉਸ ਵੱਲੋਂ ਖੂਬ ਮਿਹਨਤ ਕੀਤੀ ਗਈ ਹੈ। 'ਰਾਕ ਸਟਾਰ', 'ਯੇ ਸਾਲੀ ਜ਼ਿੰਦਗੀ' ਤੇ 'ਬੌਸ' ਆਦਿ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੀ ਹੈਦਰੀ ਮੁਤਾਬਿਕ ਇਸ ਫ਼ਿਲਮ ਦੇ ਹਰ ਪੱਖ ਨੂੰ ਨਿਰਦੇਸ਼ਕ ਸੁਭਾਸ਼ ਕਪੂਰ ਵੱਲੋਂ ਕਾਫ਼ੀ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਕ ਹੋਰ ਫ਼ਿਲਮ 'ਟਿਕਟ ਟੂ ਬਾਲੀਵੁੱਡ' ਨੂੰ ਵੀ ਆਪਣੀਆਂ ਪ੍ਰਾਪਤੀਆਂ 'ਚ ਸ਼ਾਮਿਲ ਕਰ ਚੁੱਕੀ ਅਦਿੱਤੀ ਦੱਸਦੀ ਹੈ ਕਿ ਉਸ ਨੂੰ ਨਿਰਦੇਸ਼ਕ ਭੂਸ਼ਣ ਪਟੇਲ ਦੀ ਇਕ ਡਰਾਉਣੀ ਫ਼ਿਲਮ ਦੀ ਪੇਸ਼ਕਸ਼ ਵੀ ਹੋ ਚੁੱਕੀ ਹੈ। ਜਿਸ ਵਿਚ ਤ੍ਰਿਕੋਣ ਪ੍ਰੇਮ-ਕਹਾਣੀ 'ਤੇ ਕੰਮ ਕੀਤਾ ਜਾਵੇਗਾ।

-ਨਰਿੰਦਰ ਲਾਗੂ


ਖ਼ਬਰ ਸ਼ੇਅਰ ਕਰੋ

ਰੋਮੀਓ ਰਾਂਝਾ ਅਦਭੁਤ ਦ੍ਰਿਸ਼ਾਂ ਵਾਲੀ ਪੰਜਾਬੀ ਫ਼ਿਲਮ


ਫ਼ਿਲਮ 'ਰੋਮੀਓ ਰਾਂਝਾ' ਐਕਸ਼ਨ ਤੇ ਕਾਮੇਡੀ ਭਰਪੂਰ ਫ਼ਿਲਮ ਹੈ। ਇਸ ਵਿਚ ਗਾਇਕ ਜੈਜ਼ੀ ਬੀ., ਗੈਰੀ ਸੰਧੂ, ਮੋਨਿਕਾ ਬੇਦੀ, ਪਾਰੁਲ ਗੁਲਾਟੀ, ਅਮਨ ਗਰੇਵਾਲ, ਰਾਣਾ ਰਣਬੀਰ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਅਤੇ ਸੰਘਾ ਜਗੀਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਨਿਰਮਾਤਾ ਗੁਨਬੀਰ ਸਿੱਧੂ ਹੈ, ਇਸ ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਅਤੇ ਨਵਨੀਅਤ ਸਿੰਘ ਦੇ ਨਿਰਦੇਸ਼ਨ ਹੇਠ 6 ਕਰੋੜ ਦੇ ਬਜਟ ਨਾਲ ਤਿਆਰ ਹੋਈ ਇਹ ਫ਼ਿਲਮ ਅੱਜ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀ ਹੈ। ਫ਼ਿਲਮ ਦੀ ਕਹਾਣੀ ਮੁਤਾਬਿਕ ਰੋਮੀਓ ਅਤੇ ਰਾਂਝਾ ਦੋ ਪੰਜਾਬੀ ਗੱਭਰੂ ਆਪਣੇ ਸੁਪਨੇ ਪੂਰੇ ਕਰਨ ਦੇ ਮਨਸ਼ੇ ਨਾਲ ਥਾਈਲੈਂਡ ਗਏ ਹੁੰਦੇ ਹਨ। ਇਕ ਦਿਨ ਦੋਵਾਂ ਦਾ ਅਚਾਨਕ ਮੇਲ ਹੋ ਜਾਂਦਾ ਹੈ। ਉਹ ਗੂੜ੍ਹੇ ਮਿੱਤਰ ਬਣ ਜਾਂਦੇ ਹਨ। ਰਾਂਝਾ ਪ੍ਰੀਤ ਨਾਂਅ ਦੀ ਮੁਟਿਆਰ ਨੂੰ ਦਿਲ ਦੇ ਬੈਠਦਾ ਹੈ ਜੋ ਆਪਣੇ ਅੰਕਲ ਨਾਲ ਸ਼ਰਨਾਰਥੀ ਕੈਂਪ ਚਲਾ ਰਹੀ ਹੁੰਦੀ ਹੈ। ਪ੍ਰੀਤ ਆਪਣੇ ਅੰਕਲ ਨਾਲ ਰਾਂਝੇ ਦੀ ਮੁਲਾਕਾਤ ਕਰਾਉਂਦੀ ਹੈ ਤੇ ਉਹ ਦੋਵਾਂ ਦੇ ਵਿਆਹ ਲਈ ਸ਼ਰਤ ਰੱਖ ਦਿੰਦਾ ਹੈ ਕਿ ਜੇ ਉਹ ਸ਼ਰਨਾਰਥੀਆਂ ਲਈ ਚੈਰਿਟੀ ਰਾਹੀਂ ਵੱਡੀ ਰਕਮ ਇਕੱਤਰ ਕਰਨ ਤਾਂ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਵੇਗਾ। ਦੋਵੇਂ ਧਨ ਇਕੱਤਰ ਕਰਨ 'ਚ ਜੁਟ ਜਾਂਦੇ ਹਨ।

-ਅ. ਬ.

'ਮੈਂ ਭੂਤ-ਪ੍ਰੇਤ ਵਿਚ ਵਿਸ਼ਵਾਸ ਰੱਖਦੀ ਹਾਂ'-ਤਨੂਸ਼੍ਰੀ ਦੱਤਾ


ਜ਼ੀ ਟੀ. ਵੀ. 'ਤੇ ਡਰਾਉਣੇ ਸ਼ੋਅ 'ਫੀਅਰ ਫਾਈਲਜ਼' ਦੀਆਂ ਕਿਸ਼ਤਾਂ ਨਵੇਂ ਰੂਪ ਵਿਚ ਪ੍ਰਸਾਰਿਤ ਕੀਤੀਆਂ ਜਾਣ ਲੱਗੀਆਂ ਹਨ। ਇਸ ਵਿਚ ਨਵੀਂ ਗੱਲ ਇਹ ਹੈ ਕਿ ਪਹਿਲਾਂ ਮਿਸ ਇੰਡੀਆ ਤਨੂਸ਼੍ਰੀ ਦੱਤਾ ਹੁਣ ਇਸ ਦੀ ਮੇਜ਼ਬਾਨ ਹੈ। ਕਦੀ 'ਆਸ਼ਿਕ ਬਨਾਇਆ ਆਪ ਨੇ', 'ਢੋਲ' ਤੇ 'ਅਪਾਰਟਮੈਂਟ' ਆਦਿ ਫ਼ਿਲਮਾਂ ਵਿਚ ਕੰਮ ਕਰਨ ਵਾਲੀ ਤਨੂਸ਼੍ਰੀ ਨੇ ਹੁਣ ਇਸ ਡਰਾਉਣੇ ਸ਼ੋਅ ਰਾਹੀਂ ਛੋਟੇ ਪਰਦੇ 'ਤੇ ਆਪਣਾ ਆਗਮਨ ਕਰ ਲਿਆ ਹੈ। ਜੇਕਰ ਤਨੂਸ਼੍ਰੀ ਚਾਹੁੰਦੀ ਤਾਂ ਕਿਸੇ ਪਰਿਵਾਰਿਕ ਲੜੀਵਾਰ ਜ਼ਰੀਏ ਉਹ ਛੋਟੇ ਪਰਦੇ 'ਤੇ ਆ ਸਕਦੀ ਸੀ। ਆਖਿਰ ਉਸ ਨੇ ਡਰਾਉਣੇ ਸ਼ੋਅ ਹੀ ਕਿਉਂ ਚੁਣੇ? ਇਸ ਸਵਾਲ ਦੇ ਜਵਾਬ ਵਿਚ ਉਹ ਕਹਿੰਦੀ ਹੈ, 'ਮੈਂ ਕਦੀ ਆਪਣੇ ਕੈਰੀਅਰ ਵਿਚ ਪਲਾਨਿੰਗ ਕਰਕੇ ਨਹੀਂ ਚੱਲੀ। ਮੇਰੇ ਮਨ ਨੂੰ ਜੋ ਚੀਜ਼ ਠੀਕ ਲੱਗੀ ਉਹ ਮੈਂ ਕਰਦੀ ਹਾਂ। ਜੇਕਰ ਮੈਂ ਕਿਸੇ ਪਰਿਵਾਰਕ ਲੜੀਵਾਰ ਲਈ ਹਾਂ ਕਹਿੰਦੀ ਤਾਂ ਕੀ ਹੁੰਦਾ। ਇਹੀ ਨਹੀਂ ਕਿ ਮੈਨੂੰ ਮਹਿੰਗੀ ਸਾੜ੍ਹੀ ਪਾ ਕੇ ਤੇ ਪੂਰੇ ਮੇਕਅੱਪ ਤੇ ਤਾਮ-ਝਾਮ ਦੇ ਨਾਲ ਪੇਸ਼ ਕਰ ਦਿੱਤਾ ਜਾਂਦਾ। ਇਸ ਵਿਚ ਭਲਾ ਚੁਣੌਤੀ ਵਾਲੀ ਗੱਲ ਕੀ ਹੁੰਦੀ। ਮੈਂ ਇਸ ਡਰਾਉਣੇ ਸ਼ੋਅ ਲਈ ਇਸ ਲਈ ਹਾਂ ਕੀਤੀ, ਕਿਉਂਕਿ ਮੈਨੂੰ ਇਸ ਦਾ ਫਾਰਮੈਟ ਪਸੰਦ ਆਇਆ। ਇਸ ਵਿਚ ਪੇਸ਼ ਕੀਤੀਆਂ ਜਾਣ ਵਾਲੀਆਂ ਕਹਾਣੀਆਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੁੰਦੀਆਂ ਹਨ। ਭੂਤ-ਪ੍ਰੇਤ ਦੇ ਵਿਸ਼ੇ ਪ੍ਰਤੀ ਮੈਨੂੰ ਹਮੇਸ਼ਾ ਆਕਰਸ਼ਨ ਰਿਹਾ ਹੈ। ਇਸ ਸ਼ੋਅ ਦੇ ਵਿਸ਼ੇ ਤੇ ਇਸ ਦੇ ਪੇਸ਼ ਕਰਨ ਦੇ ਢੰਗ ਨੇ ਮੈਨੂੰ ਆਕਰਸ਼ਿਤ ਕੀਤਾ ਅਤੇ ਇਸ ਰਾਹੀਂ ਮੈਂ ਛੋਟੇ ਪਰਦੇ 'ਤੇ ਆ ਗਈ।' ਅੱਗੇ ਇਹ ਸਾਬਕਾ ਮਿਸ ਇੰਡੀਆ ਕਹਿੰਦੀ ਹੈ, 'ਲੋਕਾਂ ਨੇ ਮੇਰੇ 'ਤੇ ਇਹ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਸ਼ੋਅ ਰਾਹੀਂ ਮੈਂ ਅੰਨ੍ਹੀ ਸ਼ਰਧਾ ਨੂੰ ਵਧਾ ਰਹੀ ਹਾਂ। ਪਰ ਕਈਆਂ ਨੇ ਇਹ ਵੀ ਕਿਹਾ ਕਿ ਮਿਸ ਇੰਡੀਆ ਦਾ ਤਾਜ ਅਤੇ ਭੂਤ-ਪ੍ਰੇਤ ਦਾ ਵਿਸ਼ਾ ਕਿਤੇ ਵੀ ਆਪਸ ਵਿਚ ਮੇਲ ਨਹੀਂ ਖਾਂਦਾ। ਭਾਵ ਮੈਂ ਇਸ ਸੀਰੀਅਲ ਲਈ ਠੀਕ ਨਹੀਂ ਹਾਂ ਪਰ ਸੱਚ ਇਹ ਹੈ ਕਿ ਇਹ ਸ਼ੋਅ ਅੰਨ੍ਹੀ ਸ਼ਰਧਾ ਦੂਰ ਕਰਨ ਦਾ ਕੰਮ ਕਰਦਾ ਹੈ। ਮੈਂ ਖੁਦ ਅੰਨ੍ਹੀ ਸ਼ਰਧਾ ਜਾਂ ਵਹਿਮ ਨੂੰ ਨਹੀਂ ਮੰਨਦੀ। ਜੇਕਰ ਮੈਂ ਘਰ ਤੋਂ ਨਿਕਲਦੀ ਹਾਂ ਅਤੇ ਬਿੱਲੀ ਮੇਰਾ ਰਸਤਾ ਕੱਟ ਲੈਂਦੀ ਹੈ ਤਾਂ ਮੈਂ ਰਸਤਾ ਨਹੀਂ ਬਦਲ ਲੈਂਦੀ। ਸਾਡਾ ਇਹ ਸ਼ੋਅ ਉਨ੍ਹਾਂ ਲੋਕਾਂ ਦਾ ਪਰਦਾਫਾਸ਼ ਕਰਦਾ ਹੈ ਜੋ ਅੰਧ ਵਿਸ਼ਵਾਸ ਫੈਲਾਉਂਦੇ ਹਨ। ਸਮਾਜ ਵਿਚ ਕਈ ਢੌਂਗੀ ਲੋਕ ਵੀ ਹੁੰਦੇ ਹਨ। ਇਹ ਸ਼ੋਅ ਇਸ ਤਰ੍ਹਾਂ ਦੇ ਲੋਕਾਂ ਦੀ ਸੱਚਾਈ ਸਾਹਮਣੇ ਲਿਆਉਂਦਾ ਹੈ। ਭਾਵ ਇਸ ਸ਼ੋਅ ਰਾਹੀਂ ਸਮਾਜ ਸੇਵਾ ਕੀਤੀ ਜਾ ਰਹੀ ਹੈ ਇਸ ਲਈ ਮੈਂ ਇਸ ਸ਼ੋਅ ਦਾ ਹਿੱਸਾ ਬਣੀ ਹਾਂ।'
ਹਾਲਾਂਕਿ ਤਨੂਸ਼੍ਰੀ ਮਿਸ ਇੰਡੀਆ ਰਹਿ ਚੁੱਕੀ ਹੈ ਪਰ ਇਹ ਵੀ ਸੱਚ ਹੈ ਕਿ ਉਹ ਖ਼ੁਦ ਭੂਤ-ਪ੍ਰੇਤਾਂ ਨੂੰ ਮੰਨਦੀ ਹੈ। ਇਸ ਬਾਰੇ ਉਹ ਕਹਿੰਦੀ ਹੈ, 'ਹਾਂ, ਮੈਂ ਭੂਤ-ਪ੍ਰੇਤ ਵਿਚ ਵਿਸ਼ਵਾਸ ਰੱਖਦੀ ਹਾਂ। ਮੈਂ ਇੰਟਰਨੈੱਟ ਜ਼ਰੀਏ ਭੂਤਾਂ 'ਤੇ ਖੋਜ ਵੀ ਕੀਤੀ ਹੈ ਅਤੇ ਇਸ ਦੀ ਬਦੌਲਤ ਭੂਤਾਂ ਦੀ ਹੋਂਦ ਨੂੰ ਲੈ ਕੇ ਮੇਰਾ ਵਿਸ਼ਵਾਸ ਹੋਰ ਵਧਿਆ ਹੈ। ਹਾਲ ਹੀ ਵਿਚ ਈਸਾਈ ਧਰਮ ਗੁਰੂ ਪੋਪ ਨੇ ਇਹ ਬਿਆਨ ਦਿੱਤਾ ਸੀ ਕਿ ਭੂਤ ਭਜਾਉਣ ਲਈ ਚਰਚ ਵਿਚ ਵਿਸ਼ੇਸ਼ ਪਾਦਰੀ ਹੋਣੇ ਚਾਹੀਦੇ ਹਨ। ਇਸ ਬਿਆਨ ਨਾਲ ਇਹ ਸਮਰਥਨ ਮਿਲਦਾ ਹੈ ਕਿ ਪੋਪ ਵਰਗੇ ਵੱਡੇ ਧਰਮ ਗੁਰੂ ਵੀ ਭੂਤਾਂ ਦੀ ਹੋਂਦ ਵਿਚ ਵਿਸ਼ਵਾਸ ਰੱਖਦੇ ਹਨ। ਸਾਡੇ ਸ਼ਾਸਤਰਾਂ ਵਿਚ ਵੀ ਭੂਤਾਂ ਦਾ ਜ਼ਿਕਰ ਹੈ। ਮੇਰੇ ਖਿਆਲ ਨਾਲ ਭਗਵਾਨ ਅਤੇ ਭੂਤ ਇਹ ਦੋ ਇਸ ਤਰ੍ਹਾਂ ਦੇ ਵਿਸ਼ੇ ਹਨ, ਜਿਨ੍ਹਾਂ 'ਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਚਰਚਾ ਹੁੰਦੀ ਹੀ ਰਹਿੰਦੀ ਹੈ।'

ਇੰਦਰਮੋਹਨ ਪੰਨੂੰ

ਪਟਿਆਲਾ ਤੋਂ ਬਾਲੀਵੁੱਡ ਤੱਕ ਪਹੁੰਚਣ ਵਾਲਾ ਕਲਾਕਾਰ ਕਮਲ ਖ਼ਾਨ


ਜੇਕਰ ਜੀਵਨ ਵਿਚ ਕੋਈ ਮੰਜ਼ਿਲ ਸਰ ਕਰਨੀ ਹੈ ਤਾਂ ਸਾਨੂੰ ਲਗਨ ਅਤੇ ਸੱਚੀ ਮਿਹਨਤ ਕਰਨੀ ਪਵੇਗੀ। ਇਸ ਦੀ ਹੀ ਇਕ ਉਦਾਹਰਨ ਗਾਇਕੀ ਦੇ ਖੇਤਰ ਵਿਚ ਕਮਲ ਖ਼ਾਨ ਨੇ ਪੇਸ਼ ਕੀਤੀ ਹੈ। ਕਮਲ ਖ਼ਾਨ ਦਾ ਜਨਮ 25 ਅਪਰੈਲ, 1989 ਈ. ਨੂੰ ਪਿਤਾ ਜਸਵੰਤ ਸਿੰਘ ਤੇ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਪਟਿਆਲਾ ਜ਼ਿਲ੍ਹੇ ਦੇ ਘੁੱਗ ਵਸਦੇ ਪਿੰਡ ਰੀਠਾਖੇੜੀ (ਪਟਿਆਲਾ) ਵਿਖੇ ਹੋਇਆ। ਕਲਾਕਾਰੀ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਇਸ ਕਰਕੇ ਉਸ ਨੇ ਸਾਢੇ ਚਾਰ ਸਾਲ ਦੀ ਉਮਰ ਵਿਚ ਸਭ ਤੋਂ ਪਹਿਲੀ ਸਟੇਜ 'ਤੇ ਗਾਇਆ।
ਗਾਇਕੀ ਦੀ ਮੁਢਲੀ ਸਿੱਖਿਆ ਉਸ ਨੂੰ ਆਪਣੇ ਘਰ ਵਿਚ ਆਪਣੀ ਮਾਤਾ ਤੋਂ ਹੀ ਮਿਲੀ। ਇਸ ਤੋਂ ਬਾਅਦ 'ਚ ਪ੍ਰੋ: ਨਿਰਮਲ ਸਿੰਘ ਨੀਰ ਦੀ ਪ੍ਰੇਰਨਾ ਸਦਕਾ ਕਾਮਯਾਬੀ ਹਾਸਲ ਕੀਤੀ। ਇਸ ਤੋਂ ਅੱਗੇ ਉਹ 2008 ਵਿਚ 'ਆਵਾਜ਼ ਪੰਜਾਬ ਦੀ' ਵਿਚ ਭਾਗ ਲੈ ਕੇ ਜੇਤੂ ਬਣਿਆ। ਫਿਰ ਇਸ ਤੋਂ ਬਾਅਦ ਕਮਲ ਖ਼ਾਨ ਨੇ 2010 ਵਿਚ ਸਾਰੇ ਗਾ ਮਾ ਪਾ ਵਿਚ ਹਿੱਸਾ ਲੈ ਕੇ ਜਿੱਤ ਪ੍ਰਾਪਤ ਕੀਤੀ। ਫਿਰ 'ਡਰਟੀ ਪਿਕਚਰ' ਵਿਚ ਉਸ ਨੂੰ 'ਤੇਰਾ ਇਸ਼ਕ ਸੂਫ਼ੀਆਨਾ' ਗਾਣੇ ਨਾਲ ਬਰੇਕ ਮਿਲ ਗਿਆ ਜਿਸ ਨੇ ਉਸ ਨੂੰ ਅੰਤਰਰਾਸ਼ਟਰੀ ਕਲਾਕਾਰ ਬਣਾ ਦਿੱਤਾ। ਥੋੜ੍ਹੇ ਦਿਨ ਪਹਿਲਾਂ ਉਸ ਦੇ ਗਾਏ ਗੀਤ 'ਕਦੇ ਦਿਲ ਦੇ ਵਰਕੇ ਫੋਲ...' ਨੂੰ ਬੈਸਟ ਪਲੇਅ ਬੈਕ ਸਿੰਗਰ ਦਾ ਐਵਾਰਡ ਮਿਲਿਆ।

-ਪਰਦੀਪ ਦੰਦਰਾਲਾ
ਭਾਦਸੋਂ (ਪਟਿਆਲਾ)

ਹਿੰਦੀ ਸਿਨੇਮਾ ਦੇ ਸੌ ਸਾਲ ਦਾ ਸਫ਼ਰ-ਰਾਸ਼ਟਰੀ ਚੇਤਨਾ ਦਾ ਪ੍ਰਤੀਕ ਹੈ ਭਾਰਤੀ ਸਿਨੇਮਾ


ਭਾਰਤੀ ਸਿਨੇਮਾ ਦੇ ਇਤਿਹਾਸ 'ਚ 21 ਅਪ੍ਰੈਲ, 1913 ਅਤੇ 3 ਮਈ, 1913 ਦੀਆਂ ਦੋ ਮਿਤੀਆਂ ਬਹੁਤ ਹੀ ਮਹੱਤਵਪੂਰਨ ਹਨ। 21 ਅਪ੍ਰੈਲ , 1913 ਨੂੰ ਮੁੰਬਈ ਦੇ ਉਲੰਪੀਆ ਥੀਏਟਰ 'ਚ ਮੁੰਬਈ ਮਹਾਨਗਰ ਦੇ ਹੀ ਕੁਝ ਕੁ ਗਿਣੇ-ਚੁਣੇ ਪਤਵੰਤਿਆਂ ਦੀ ਮੌਜੂਦਗੀ ਸਾਹਮਣੇ ਦਾਦਾ ਸਾਹਿਬ ਫਾਲਕੇ ਨੇ ਆਪਣੀ ਸਵਦੇਸ਼ੀ ਫੀਚਰ ਫ਼ਿਲਮ 'ਰਾਜਾ ਹਰੀਸ਼ ਚੰਦਰ' ਦਾ ਪ੍ਰਦਰਸ਼ਨ ਕੀਤਾ ਸੀ। ਇਹ ਸਨਿਚਰਵਾਰ ਦਾ ਦਿਨ ਸੀ। ਇਸ ਲਿਹਾਜ਼ ਨਾਲ 21 ਅਪ੍ਰੈਲ 1913 ਨੂੰ ਇਕ ਇਤਿਹਾਸ ਰਚਿਆ ਗਿਆ ਸੀ।
ਪਰ ਵਪਾਰਕ ਤੌਰ 'ਤੇ ਜਾਂ ਜਨਤਕ ਰੂਪ 'ਚ ਦਾਦਾ ਸਾਹਿਬ ਫਾਲਕੇ ਨੇ ਇਹੀ ਫ਼ਿਲਮ ਮੁੰਬਈ ਦੇ ਕਾਰੋਨੇਸ਼ਨ ਸਿਨੇਮਾ ਵਿਚ 3 ਮਈ, 1913 ਨੂੰ ਪ੍ਰਦਰਸ਼ਿਤ ਕੀਤੀ ਸੀ। ਉਸ ਵੇਲੇ ਦੇ ਗਿਣੇ ਚੁਣੇ ਦਰਸ਼ਕਾਂ ਤੋਂ ਮਿਲੀ ਭਰਪੂਰ ਪ੍ਰਸੰਸਾ ਤੋਂ ਹੀ ਇਹ ਸਿੱਧ ਹੋ ਗਿਆ ਸੀ ਕਿ ਭਾਰਤੀ ਸਿਨੇਮਾ ਦੇ ਸੰਦਰਭ 'ਚ ਇਕ ਕ੍ਰਾਂਤੀ ਦਾ ਜਨਮ ਹੋ ਗਿਆ ਸੀ।
ਜਿਵੇਂ ਕਿ ਫਿਰੋਜ਼ ਰੰਗੂਨਵਾਲਾ ਨੇ ਆਪਣੀ ਪੁਸਤਕ 'ਏ ਪਿਨਟੋਰੀਅਲ ਹਿਸਟਰੀ ਆਫ਼ ਇੰਡੀਅਨ ਸਿਨੇਮਾ' ਵਿਚ ਲਿਖਿਆ ਹੈ, 'ਇਤਿਹਾਸਕ ਤੌਰ 'ਤੇ 21 ਅਪ੍ਰੈਲ ਅਤੇ 3 ਮਈ ਦੋਵੇਂ ਹੀ ਮਿਤੀਆਂ ਮਹੱਤਵਪੂਰਨ ਹਨ, ਪਰ ਦੇਖਣਵਾਲੀ ਗੱਲ ਇਹ ਹੈ ਕਿ ਭਾਰਤੀ ਸਿਨੇਮਾ ਨੇ ਸੌ ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। ਇਸ ਲੰਬੇ ਸਫ਼ਰ ਦੇ ਕਈ ਉਤਰਾਅ-ਚੜ੍ਹਾਅ ਹਨ। ਪਰ ਇਕ ਗੱਲ ਤਾਂ ਸਪੱਸ਼ਟ ਹੈ, ਭਾਰਤੀ ਮਾਨਸਿਕਤਾ ਨੂੰ ਪ੍ਰੇਰਿਤ ਕਰਨ ਵਾਲਾ ਇਹ ਮਾਧਿਅਮ ਅਜੇ ਵੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਲਾ ਪੱਖ ਹੈ।'
ਪਰ ਸਾਡਾ ਅਸਲੀ ਮੁੱਦਾ ਭਾਰਤੀ ਸਿਨੇਮਾ ਦੇ 100 ਸਾਲ ਪੂਰੇ ਹੋਣ ਦੇ ਅਵਸਰ 'ਤੇ ਇਹ ਦੇਖਣਾ ਹੈ ਕਿ ਇਸ ਨੇ ਭਾਰਤੀ ਦਰਸ਼ਕਾਂ 'ਤੇ ਕਿਵੇਂ ਅਤੇ ਕਿਸ ਤਰ੍ਹਾਂ ਦਾ ਹੌਲੀ-ਹੌਲੀ ਪ੍ਰਭਾਵ ਪਾਇਆ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਦਾ ਜਨਮ ਪ੍ਰਮੁੱਖ ਤੌਰ 'ਤੇ ਦਰਸ਼ਕਾਂ ਨੂੰ ਕਲਪਨਾ ਲੋਕ ਦੀ ਸੈਰ ਕਰਾਉਣਾ ਹੀ ਸੀ। ਪਰ ਇਸ ਦੇ ਨਾਲ ਹੀ ਨਾਲ ਇਸ ਕਲਾ ਪੱਖ ਨੇ ਦੇਸ਼ ਦੀਆਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪ੍ਰਸਥਿਤੀਆਂ ਨੂੰ ਵੀ ਆਪਣਾ ਪ੍ਰਮੁੱਖ ਆਧਾਰ ਬਣਾਇਆ। ਸਿਨੇਮਾ ਦੇ ਹਾਲ ਦੇ ਹਨੇਰੇ 'ਚ ਬੈਠ ਕੇ ਵੱਖ-ਵੱਖ ਜਾਤਾਂ, ਧਰਮਾਂ ਅਤੇ ਉਮਰਾਂ ਦੇ ਦਰਸ਼ਕ ਕਿਵੇਂ ਸਮੂਹਿਕ ਰੂਪ 'ਚ ਇਸ ਦੇ ਤਲਿਸਮ ਨੂੰ ਸਵੀਕਾਰ ਕਰਦੇ ਰਹੇ ਹਨ? ਸਿਨੇਮਾ ਦੀ ਇਸ ਵਿਸ਼ਾਲਤਾ, ਸਰਵ-ਵਿਆਪਕ ਅਤੇ ਵਿਸ਼ਵ-ਵਿਆਪਕ ਜਾਦੂਈ ਖਿੱਚ ਨੂੰ ਸਮਝਣ ਲਈ ਭਾਰਤ ਦੇ ਇਸ ਮਹੱਤਵਪੂਰਨ ਕਲਾ ਮਾਧਿਅਮ ਦੀ ਪ੍ਰਗਤੀ ਦੇ ਰਸਤੇ ਨੂੰ ਵੀ ਥੋੜ੍ਹਾ ਸਮਝਣ ਦੀ ਲੋੜ ਪੈਂਦੀ ਹੈ। (ਚਲਦਾ)

ਸੁਰਿੰਦਰ ਮੱਲ੍ਹੀ
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ,
ਬਟਾਲਾ-143505. (ਪੰਜਾਬ

 

ਮੈਨੂੰ ਹਾਲੀਵੁੱਡ ਨੇ ਠੁਕਰਾਇਆ, ਬਾਲੀਵੁੱਡ ਨੇ ਅਪਣਾਇਆ-ਜੇ. ਬ੍ਰੈਂਡਨ ਹਿਲ

ਜਿਨ੍ਹਾਂ ਪਾਠਕਾਂ ਨੇ 'ਬੰਟੀ ਔਰ ਬਬਲੀ' ਦੇਖੀ ਹੋਵੇਗੀ, ਉਹ ਇਸ ਫ਼ਿਲਮ ਦੇ ਉਸ ਵਿਦੇਸ਼ੀ ਕਿਰਦਾਰ ਨੂੰ ਸ਼ਾਇਦ ਹੀ ਭੁੱਲ ਸਕੇ ਹੋਣਗੇ ਜੋ ਆਪਣੀ ਪ੍ਰੇਮਿਕਾ ਲਈ ਤਾਜ ਮਹੱਲ ਖਰੀਦਣ ਜਾਂਦਾ ਹੈ ਅਤੇ ਲੱਖਾਂ ਦਾ ਚੂਨਾ ਲਗਵਾ ਬੈਠਦਾ ਹੈ। ਫ਼ਿਲਮ ਵਿਚ ਇਸ ਵਿਦੇਸ਼ੀ ਦੀ ਭੂਮਿਕਾ ਜੇ. ਬ੍ਰੈਂਡਨ ਹਿਲ ਵੱਲੋਂ ਨਿਭਾਈ ਗਈ ਸੀ। ਇਸ ਫ਼ਿਲਮ ਦੇ ਨਾਲ-ਨਾਲ ਬ੍ਰੈਂਡਨ ਦੇ ਨਾਂਅ 'ਦੇਸੀ ਬੁਆਏਜ਼', 'ਰਾਜ਼-2', 'ਡਬਲ ਧਮਾਲ', 'ਗੈਂਗ ਆਫ ਘੋਸਟਸ', 'ਦ ਡਾਰਕ ਸਿਕ੍ਰੇਟਸ ਆਫ ਟੋਹਨੀ' ਆਦਿ ਹਿੰਦੀ ਫ਼ਿਲਮਾਂ ਦਰਜ ਹਨ ਅਤੇ 'ਮੋਹੇ ਰੰਗ ਦੇ', 'ਐਸਾ ਦੇਸ਼ ਹੈ ਮੇਰਾ' ਤੇ 'ਹੋਟਲ ਕਿੰਗਸਟਨ' ਲੜੀਵਾਰਾਂ ਵਿਚ ਵੀ ਉਹ ਅਭਿਨੈ ਕਰ ਚੁੱਕਾ ਹੈ। ਬਾਲੀਵੁੱਡ ਵਿਚ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਰਹੇ ਬੈਂਡਨ ਤਕਰੀਬਨ ਦਸ ਸਾਲ ਪਹਿਲਾਂ ਬਾਲੀਵੁੱਡ ਤੋਂ ਅਣਜਾਣ ਸੀ। ਭਾਰਤੀ ਫ਼ਿਲਮਾਂ ਦੇ ਨਾਂਅ 'ਤੇ ਉਨ੍ਹਾਂ ਨੂੰ ਸਿਰਫ਼ ਅਮਰੀਸ਼ ਪੁਰੀ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਸੀ, ਉਹ ਵੀ ਇਸ ਲਈ ਕਿਉਂਕਿ ਅਮਰੀਸ਼ ਪੁਰੀ ਨੇ ਹਾਲੀਵੁੱਡ ਦੀ 'ਇੰਡੀਆਨਾ ਜੋਨਸ' ਲੜੀ ਕੀਤੀ ਸੀ। ਇਕ ਫ਼ਿਲਮ ਵਿਚ ਖ਼ਲਨਾਇਕ ਦੀ ਭੂਮਿਕਾ ਨਿਭਾਈ ਸੀ।
ਪਰ ਅੱਜ ਹਾਲਤ ਇਹ ਹੈ ਕਿ ਬ੍ਰੈਂਡਨ ਨੇ ਬਾਲੀਵੁੱਡ ਵਿਚ ਆਪਣੀ ਚੰਗੀ ਖਾਸੀ ਪੈਂਠ ਬਣਾ ਲਈ ਹੈ। ਬਾਲੀਵੁੱਡ ਦੇ ਆਪਣੇ ਸਫ਼ਰ ਬਾਰੇ ਬ੍ਰੈਂਡਨ ਕਹਿੰਦੇ ਹਨ, 'ਮੈਂ ਅਮਰੀਕਾ 'ਚ ਨਾਟਕਾਂ ਵਿਚ ਕੰਮ ਕੀਤਾ ਸੀ। ਮੇਰੀ ਇੱਛਾ ਹਾਲੀਵੁੱਡ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਦੀ ਸੀ ਅਤੇ ਇਸ ਲਈ ਮੈਂ ਕਾਫ਼ੀ ਸੰਘਰਸ਼ ਵੀ ਕੀਤਾ ਪਰ ਗੱਲ ਨਹੀਂ ਬਣ ਸਕੀ। ਜਦੋਂ ਮੇਰਾ ਭਾਰਤ ਆਉਣਾ ਹੋਇਆ। ਮੈਨੂੰ ਇਥੋਂ ਦਾ ਸਾਦਗੀਪਨ ਅਪੀਲ ਕਰ ਗਿਆ। ਭਾਰਤ ਵਿਚ ਮੈਂ ਕੁਝ ਹਿੰਦੀ ਫ਼ਿਲਮਾਂ ਦੇਖੀਆਂ ਅਤੇ ਮੈਨੂੰ ਇਨ੍ਹਾਂ ਫ਼ਿਲਮਾਂ ਨੇ ਪ੍ਰਭਾਵਿਤ ਕੀਤਾ। ਮੈਨੂੰ ਲੱਗਿਆ ਕਿ ਮੈਨੂੰ ਹਿੰਦੀ ਫ਼ਿਲਮਾਂ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਮੇਰੀ ਕਿਸਮਤ ਕਿ ਮੈਨੂੰ 'ਬੰਟੀ ਔਰ ਬਬਲੀ' ਪੇਸ਼ਕਸ਼ ਹੋਈ ਅਤੇ ਇਸ ਫ਼ਿਲਮ ਦੀ ਸਫ਼ਲਤਾ ਨੇ ਮੇਰੇ ਲਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ।

-ਆਈ. ਐਮ. ਪੰਨੂੰ

ਹੁਣ 'ਆ ਗਏ ਮੁੰਡੇ ਯੂ. ਕੇ. ਦੇ'

ਭਾਵੇਂ ਕਿ 'ਮੁੰਡੇ ਯੂ. ਕੇ. ਦੇ' ਟਾਈਟਲ ਨੂੰ ਮੁੱਖ ਰੱਖ ਕੇ ਪਹਿਲਾਂ ਵੀ ਮਨਮੋਹਨ ਸਿੰਘ ਜ਼ਿੰਮੀ ਸ਼ੇਰਗਿੱਲ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ ਸਟਾਰ ਕਾਸਟ ਨੂੰ ਲੈ ਕੇ ਬਣਾ ਚੁੱਕੇ ਹਨ, ਪਰ ਹੁਣ 'ਆ ਗਏ ਮੁੰਡੇ ਯੂ. ਕੇ. ਦੇ', ਉਸ ਨਾਲੋਂ ਵੱਖਰੇ ਕੋਣ ਤੋਂ ਵਧੀਆ ਵਿਸ਼ੇ ਵਾਲੀ ਫ਼ਿਲਮ ਹੈ। ਬੀਤੇ ਦਿਨੀਂ ਇਸ ਸਬੰਧੀ ਨਿਰਦੇਸ਼ਕ ਮਨਮੋਹਨ ਸਿੰਘ ਨੇ ਵੇਵ ਅਸਟੇਟ ਚੰਡੀਗੜ੍ਹ ਵਿਖੇ ਚੱਲ ਰਹੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੱਸਿਆ ਕਿ 'ਆ ਗਏ ਮੁੰਡੇ ਯੂ. ਕੇ. ਦੇ' ਵਿਚ ਕਾਮੇਡੀ ਸਮੇਤ ਹਰ ਤਰ੍ਹਾਂ ਦਾ ਮਸਾਲਾ ਹੈ। ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਹਰ ਕੋਈ ਆਪਣੀ ਲੜਕੀ ਵਿਦੇਸ਼ਾਂ ਵਿਚ ਵਿਆਹੁਣਾ ਚਾਹੁੰਦਾ ਹੈ, ਜਿਥੇ ਵਿਦੇਸ਼ਾਂ ਤੋਂ ਕੁਝ ਠੱਗ ਕਿਸਮ ਦੇ ਲਾੜੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਸਬਜ਼ਬਾਗ਼ ਦਿਖਾ ਕੇ ਧੋਖਾਧੜੀ ਕਰਦੇ ਹਨ। ਫਿਲ਼ਮ ਵਿਚ ਦਿਖਾਇਆ ਗਿਆ ਹੈ ਕਿ ਸਾਡਾ ਪੰਜਾਬ ਵੀ ਸੋਹਣਾ ਹੈ।
ਚੰਗੇ ਵਿਸ਼ੇ 'ਤੇ ਫਿਲ਼ਮਾਂ ਬਣਨੀਆਂ ਚਾਹੀਦੀਆਂ ਹਨ, ਪਰ ਬਿਨਾਂ ਸਿਰ-ਪੈਰ ਵਾਲੀਆਂ ਫੂਹੜ ਕਾਮੇਡੀ ਅਤੇ ਜਵਾਨੀ ਨੂੰ ਗ਼ਲਤ ਦਿਸ਼ਾ ਵੱਲ ਲਿਜਾਣ ਵਾਲੀਆਂ ਫ਼ਿਲਮਾਂ ਤੋਂ ਸਾਡੇ ਫ਼ਿਲਮ ਨਿਰਮਾਤਾਵਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਫ਼ਿਲਮ ਦੀ ਨਾਇਕਾ ਨੀਰੂ ਬਾਜਵਾ ਨੇ ਖੁਸ਼ੀ ਦੇ ਮੂਡ ਵਿਚ ਕਿਹਾ ਕਿ ਮਨ ਜੀ ਨਾਲ ਮੈਂ ਪਹਿਲਾਂ ਵੀ 'ਦਿਲ ਆਪਣਾ ਪੰਜਾਬੀ', 'ਮੁੰਡੇ ਯੂ. ਕੇ. ਦੇ' ਕਰ ਚੁੱਕੀ ਹਾਂ। ਮੈਨੂੰ ਪੀ. ਟੀ. ਸੀ. ਚੈਨਲ ਵੱਲੋਂ ਜੋ ਬੈਸਟ ਐਕਟਰੈਸ ਦਾ ਐਵਾਰਡ ਦਿੱਤਾ ਗਿਆ ਹੈ, ਇਸ ਦਾ ਸਿਹਰਾ ਮਨ ਜੀ ਨੂੰ ਜਾਂਦਾ ਹੈ। ਮੇਰਾ ਸੁਪਨਾ ਸੀ ਕਿ ਮੈਂ ਮਨ ਜੀ ਨਾਲ ਕੰਮ ਕਰਾਂ। ਦੂਜਾ ਗੁਰਦਾਸ ਮਾਨ ਜੀ ਨਾਲ ਕੋਈ ਫ਼ਿਲਮ ਕਰਾਂ ਉਹ ਵੀ 'ਦਿਲ ਵਿਲ ਪਿਆਰ ਵਿਆਰ' ਰਾਹੀਂ ਪੂਰਾ ਹੋਇਆ ਹੈ। ਮੈਂ ਹੀਰ ਬਣਨਾ ਚਾਹੁੰਦੀ ਸੀ ਉਹ ਸੁਪਨਾ ਹੀਰ ਰਾਂਝਾ ਰਾਹੀਂ ਪੂਰਾ ਹੋ ਗਿਆ ਹੈ। ਮੈਂ ਖੁਸ਼ ਨਸੀਬ ਹਾਂ ਕਿ ਮੈਨੂੰ ਵੱਡੇ ਬੈਨਰ ਵਿਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। 'ਆ ਗਏ ਮੁੰਡੇ ਯੂ. ਕੇ. ਦੇ' ਵਿਚ ਮੇਰਾ ਕਿਰਦਾਰ ਜਸ਼ਨ ਇਕ ਮਾਡਰਨ ਅਤੇ ਮਜ਼ਬੂਤ ਲੜਕੀ ਦਾ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ।
ਇਸ ਫ਼ਿਲਮ ਦੇ ਸਹਾਇਕ ਨਿਰਦੇਸ਼ਕ ਦਰਸ਼ਨ ਦਰਵੇਸ਼ ਨੇ ਦੱਸਿਆ ਕਿ ਫ਼ਿਲਮ ਵਿਚ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ, ਗੁੱਗੂ ਗਿੱਲ, ਓਮਪੁਰੀ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਨਵਨੀਤ ਨਿਸ਼ਾਨ, ਡਾਂਸ ਡਾਇਰੈਕਟਰ ਭੂਪੀ, ਆਨਲਾਈਨ ਨਿਰਦੇਸ਼ਕ ਦਰਸ਼ਨ ਔਲਖ ਅਤੇ ਉਸ ਦੀ ਟੀਮ 'ਚੋਂ ਦਲਜੀਤ ਸਿੰਘ ਤੇ ਕਲਾ ਨਿਰਦੇਸ਼ਕ ਤੀਰਥ ਗਿੱਲ, ਹਨ। ਤ੍ਰੇਹਨ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੰਨੀ ਤ੍ਰੇਹਨ ਹਨ।

-ਗੁਰਨੈਬ ਸਾਜਨ ਦਿਓਣ
ਪਿੰਡ ਤੇ ਡਾਕ: ਦਿਓਣ, ਜ਼ਿਲ੍ਹਾ ਬਠਿੰਡਾ

ਊਨਾ ਦੀ ਪਛਾਣ ਗਾਇਕ ਗੁਰਪ੍ਰੀਤ ਗੂਪੀ

ਕਲਾਕਾਰ ਤੇ ਗਾਇਕ ਗੁਰਪ੍ਰੀਤ ਗੂਪੀ ਊਨਾ (ਹਿਮਾਚਲ ਪ੍ਰਦੇਸ਼) ਦੀ ਆਪਣੀ ਹੀ ਪਛਾਣ ਹੈ ਜੋ ਕਿ ਊਨਾ (ਹਿਮਾਚਲ ਪ੍ਰਦੇਸ਼) ਦਾ ਨਾਂਅ ਰੌਸ਼ਨ ਕਰ ਰਹੇ ਹਨ ਅਤੇ ਜ਼ਿਆਦਾਤਰ ਧਾਰਮਿਕ ਸਟੇਜਾਂ 'ਤੇ ਹੀ ਨਜ਼ਰ ਆਉਂਦੇ ਹਨ। ਗੁਰਪ੍ਰੀਤ ਗੂਪੀ ਨੇ ਸਭ ਤੋਂ ਪਹਿਲਾਂ ਸਕੂਲ ਦੀ ਸਟੇਜ 'ਤੇ ਗਾਣਾ ਸ਼ੁਰੂ ਕੀਤਾ ਜਦਕਿ ਉਸ ਨੇ ਗੁਰੂ ਮਧਰੁ ਸਰਵਨ ਮਿਸ਼ਰਾ ਤੋਂ ਪੜ੍ਹਾਈ ਹਾਸਿਲ ਕੀਤੀ। ਗੁਰਪ੍ਰੀਤ ਗੂਪੀ ਸੁਖਵਿੰਦਰ, ਹੰਸ ਰਾਜ ਹੰਸ, ਹਰਭਜਨ ਮਾਨ, ਮੀਕਾ, ਨਰਿੰਦਰ ਚੰਚਲ, ਲਖਵਿੰਦਰ ਲੱਖਾ, ਹਿਮਾਚਲੀ ਪ੍ਰਸਿੱਧ ਸਾਂਸਕ੍ਰਿਤਕ ਕਲਾਕਾਰਾਂ ਨਾਲ ਰਾਸ਼ਟਰੀ ਤੇ ਰਾਜ ਪੱਧਰੀ ਸਟੇਜਾਂ 'ਤੇ ਗਾ ਚੁੱਕੇ ਹਨ। ਗੁਰਪ੍ਰੀਤ ਗੂਪੀ ਨੇ 10 ਸਾਲ ਪਹਿਲਾਂ ਆਪਣੀ ਪਾਰਟੀ ਗੁਰਪ੍ਰੀਤ ਗੂਪੀ ਐਂਡ ਪਾਰਟੀ ਤਿਆਰ ਕੀਤੀ, ਜਿਸ 'ਚ ਚੰਦਰ ਮੋਹਨ, ਰਾਜੇਸ਼ ਕੌਸ਼ਲ, ਸੁਸ਼ੀਲ, ਜਗਦੇਵ ਤੇ ਵਿਜੈ ਤ੍ਰਿਵੇਦੀ ਸ਼ਾਮਿਲ ਕੀਤੇ ਅਤੇ ਉਨ੍ਹਾਂ ਨੇ ਜਾਗਰਣ, ਸਟੇਜ ਸ਼ੋਅ ਤੇ ਭਜਨ ਸੰਧਿਆ 'ਚ ਗਾਣਾ ਸ਼ੁਰੂ ਕੀਤਾ ਜਦਕਿ ਉਸ ਦੀ ਮਾਰਕੀਟ 'ਚ ਆਈ ਕੈਸੇਟਾਂ 'ਚ ਮਿਹਰਾਂ ਦੀ ਹੋਣੀ ਬਰਸਾਤ 'ਬਾਬੇ ਦੇ ਦੁਆਰੇ', 'ਕਰੂੰ ਬੰਦਨਾ ਮੈਂ ਧਿਆਨੂੰ ਦੀ' ਅਤੇ ਪੰਜਾਬੀ ਗਾਣਿਆਂ ਦੀ ਕੈਸੇਟ 'ਮੁੰਡਿਆਂ ਦੇ ਦਿਲ ਹਿੱਲ ਗਏ' ਸ਼ਾਮਿਲ ਹਨ। ਗੁਰਪ੍ਰੀਤ ਗੂਪੀ ਨੇ ਇਹ ਸਾਰਾ ਸਿਹਰਾ ਬਾਬਾ ਸਾਹਿਬ ਸਿੰਘ ਬੇਦੀ ਨੂੰ ਦਿੰਦਿਆਂ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ, ਜਿਹੜੇ ਇਨ੍ਹਾਂ ਦੀ ਨਗਰੀ 'ਚ ਵਸੇ ਹੋਏ ਹਾਂ ਅਤੇ ਸਾਡੇ ਮਾਤਾ-ਪਿਤਾ ਵੀ ਧਨ ਹਨ, ਜਿਨ੍ਹਾਂ ਨੇ ਹਮੇਸ਼ਾ ਮੇਰੇ ਕੰਮ 'ਚ ਸਹਿਯੋਗ ਦਿੱਤਾ ਤੇ ਅਸ਼ੀਰਵਾਦ ਦਿੱਤਾ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਗੁਰਪ੍ਰੀਤ ਗੂਪੀ, ਜ਼ਿਲ੍ਹਾ ਊਨਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਸਾਰੇ ਦੇਸ਼ ਦੀ ਪਛਾਣ ਬਣੇਗਾ ਤੇ ਆਪਣੇ ਮਾਤਾ-ਪਿਤਾ ਤੇ ਭਾਰਤ ਦਾ ਨਾਂਅ ਰੌਸ਼ਨ ਕਰੇਗਾ। ਹਿਮਾਚਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਿਮਾਚਲੀ ਕਲਾਕਾਰਾਂ ਅਤੇ ਗਾਇਕਾਂ ਨੂੰ ਪੂਰਾ-ਪੂਰਾ ਸਨਮਾਨ ਦੇਵੇ ਤੇ ਸਟੇਜਾਂ 'ਤੇ ਮੌਕਾ ਦੇਵੇ ਤਾਂ ਜੋ ਉਨ੍ਹਾਂ ਦਾ ਹੌਸਲਾ ਵਧ ਸਕੇ।

-ਗੁਰਪ੍ਰੀਤ ਸਿੰਘ ਸੇਠੀ
ਪੱਤਰਕਾਰ, ਮੁਹੱਲਾ ਗੁਰੂਸਰ, ਊਨਾ-174303 (ਹਿਮਾਚਲ ਪ੍ਰਦੇਸ਼)

ਡਾਂਸ ਫਲੌਰ ਨਾਲ ਚਰਚਾ 'ਚ ਮਿਸ ਸਿਮਰਨ

ਸੁਰੀਲੀ ਤੇ ਸੁੰਦਰ ਆਵਾਜ਼ ਦੀ ਮਲਿਕਾ ਮਿਸ ਸਿਮਰਨ ਨੇ ਦੱਸਿਆ ਕਿ ਮੇਰਾ ਜਨਮ ਪਿਤਾ ਸ: ਲਖਵੀਰ ਸਿੰਘ ਗੋਲਡੀ ਜੀ ਦੇ ਘਰ ਮਾਤਾ ਸ੍ਰੀਮਤੀ ਰਣਜੀਤ ਕੌਰ ਜੀ ਦੀ ਕੁੱਖੋਂ ਸ਼ਹਿਰ ਬੁਢਲਾਡਾ (ਮਾਨਸਾ) ਵਿਖੇ ਹੋਇਆ। ਉਸਤਾਦ ਜਗਦੇਵ ਸਿੰਘ ਤੋਂ ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿਮਰਨ ਨੇ ਦੋਗਾਣਾ ਗਾਇਕੀ ਨਾਲ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। ਦੋਗਾਣਾ ਗਾਇਕੀ ਵਿਚ ਸਿਮਰਨ ਨੇ ਕਾਫ਼ੀ ਨਾਮਣਾ ਵੀ ਖੱਟਿਆ ਪਰ ਜਦੋਂ ਸਿਮਰਨ ਦੀ ਸੋਲੋ ਗੀਤਾਂ ਦੀ ਕੈਸੇਟ ਸਰੋਤਿਆਂ ਦੀ ਕਚਹਿਰੀ ਵਿਚ ਆਈ ਤਾਂ ਇਸ ਕੈਸੇਟ ਦੇ ਗੀਤਾਂ ਨੂੰ ਹਰ ਪਿੰਡ, ਹਰ ਸ਼ਹਿਰ, ਗਲੀ-ਮੁਹੱਲੇ ਵਿਚ ਰਹਿੰਦੇ ਸਰੋਤਿਆਂ ਨੇ ਪਸੰਦ ਕੀਤਾ। ਇਹ ਕੈਸੇਟ ਆਨੰਦ ਮਿਊਜ਼ਿਕ ਕੰਪਨੀ (ਮੁਕੇਸ਼ ਕੁਮਾਰ) ਵੱਲੋਂ ਮਾਰਕੀਟ ਵਿਚ ਭੇਜੀ ਗਈ ਹੈ, ਜਿਸ ਦੇ ਗੀਤਾਂ ਨੂੰ ਲਿਖਿਆ ਹੈ ਗੀਤਕਾਰ ਜੱਗਾ ਭਿੱਖੀਵਾਲਾ, ਸੰਧੂ ਸੁਰਜੀਤ, ਹਰਜਿੰਦਰ ਭਹਾਵੜਾ, ਭਿੰਦਰ ਵੇਲੇ ਆਦਿ ਨੇ। ਇਨ੍ਹਾਂ ਗੀਤਾਂ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਲਲਿਤ ਦਿਲਦਾਰ ਨੇ।

-ਗੁਰਜੰਟ ਸਿੰਘ ਸਿੱਧੂ
ਪਿੰਡ ਤੇ ਡਾਕ: ਘੱਲ ਖੁਰਦ (ਫ਼ਿਰੋਜ਼ਪੁਰ)।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX