ਤਾਜਾ ਖ਼ਬਰਾਂ


ਸੁਨੀਲ ਜਾਖੜ ਨੇ ਇਕ ਵਾਰ ਫਿਰ ਦਿੱਤਾ ਕੰਮ ਰੋਕੋ ਪ੍ਰਸਤਾਵ
. . .  22 minutes ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਫੇਲ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਸਰਦ ਰੁੱਤ ਇਜਲਾਸ 'ਚ ਇਕ ਵਾਰ ਫਿਰ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ...
ਭਿਆਨਕ ਸੜਕ ਹਾਦਸੇ 'ਚ 7 ਮੌਤਾਂ
. . .  32 minutes ago
ਜੰਮੂ, 14 ਦਸੰਬਰ - ਜੰਮੂ ਕਸ਼ਮੀਰ ਦੇ ਰਿਸਾਈ ਜਿਲ੍ਹੇ 'ਚ ਪੈਂਦੇ ਸੁਜਾਨਧਰ ਪਿੰਡ ਕੋਲ ਇਕ ਵਹੀਕਲ ਦੇ ਦੇ ਸੜਕ ਤੋਂ ਪਲਟ ਜਾਣ ਕਾਰਨ ਹੋਏ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜ਼ਖਮੀ ਹੋਏ...
ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ - ਨਿਤਿਨ ਗਡਕਰੀ
. . .  41 minutes ago
ਨਵੀਂ ਦਿੱਲੀ, 14 ਦਸੰਬਰ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਕੱਲ ਕਿਹਾ ਕਿ ਇਕ ਵਾਰ ਕਰਜ਼ ਨਾ ਚੁਕਾਉਣ ਵਾਲੇ ਵਿਜੇ ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਕਟ ਨਾਲ ਜੂਝ ਰਹੇ ਉਦਯੋਗਪਤੀ ਦਾ ਚਾਰ ਦਹਾਕਿਆਂ ਤੱਕ ਠੀਕ ਸਮੇਂ 'ਤੇ ਕਰਜ਼ ਚੁਕਾਉਣ...
ਦਲੇਰ ਮਹਿੰਦੀ ਕਪਿਲ ਦੀ ਰਿਸੈੱਪਸ਼ਨ 'ਚ ਕਰਨਗੇ ਪ੍ਰੋਗਰਾਮ ਪੇਸ਼
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਉੱਘੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਵੱਲੋਂ ਵਿਆਹ ਮਗਰੋਂ ਅੱਜ ਅੰਮ੍ਰਿਤਸਰ 'ਚ ਸ਼ਾਨਦਾਰ ਰਿਸੈੱਪਸ਼ਨ ਦਿੱਤੀ ਜਾ ਰਹੀ ਹੈ। ਜਿਸ ਵਿਚ ਪ੍ਰਸਿੱਧ ਪੋਪ ਸਟਾਰ ਦਲੇਰ ਮਹਿੰਦੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ...
ਭਾਰਤ ਆਸਟ੍ਰੇਲੀਆ ਦੂਸਰਾ ਪਰਥ ਟੈੱਸਟ : ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਕਹਾਣੀ

ਨਸ਼ਾ

ਆਖਰ ਦਰਸ਼ਨ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈ ਗਿਆ, ਉਸ ਦੀ ਸਰੀਰਕ ਤੇ ਮਾਨਸਿਕ ਹਾਲਤ ਹੀ ਏਨੀ ਵਿਗੜ ਚੁੱਕੀ ਸੀ।
ਉਹ ਤਿੰਨ ਭੈਣ-ਭਰਾ ਸਨ, ਤਿੰਨੇ ਹੀ ਵਿਆਹੇ ਵਰ੍ਹੇ।
ਪਹਿਲਾਂ ਜ਼ਮੀਨ ਚੰਗੀ ਸੀ, ਪਰ ਹੁਣ ਗੁਜ਼ਾਰੇ ਜੋਗੀ ਵੀ ਨਹੀਂ ਸੀ ਰਹੀ।
ਨਿੱਤ ਦੇ ਘਰੇਲੂ ਕਲਾ-ਕਲੇਸ਼ ਤੋਂ ਤੰਗ ਆ ਕੇ ਵੱਡਾ ਭਰਾ ਆਪਣਾ ਹਿੱਸਾ ਵੇਚ-ਵੱਟ ਕੇ ਬਾਹਰ ਚਲਾ ਗਿਆ। ਦਰਸ਼ਨ ਹੋਰ 'ਆਜ਼ਾਦ' ਹੋ ਗਿਆ।
'ਕੰਮ' ਹੋਰ ਵੀ ਵਧ ਗਿਆ। ਇਕ ਧੀ ਦਾ ਬਾਪ ਬਣ ਗਿਆ, ਫਿਰ ਵੀ ਨਾ ਸੁਧਰਿਆ। ਪਤਨੀ, ਬੱਚੀ ਨੂੰ ਨਾਲ ਲੈ ਕੇ ਪੇਕੀਂ ਜਾ ਬੈਠੀ। ਬੁਢਾਪੇ ਵੱਲ ਤੇਜ਼ੀ ਨਾਲ ਵਧ ਰਹੇ ਮਾਂ-ਬਾਪ ਪ੍ਰੇਸ਼ਾਨ ਅਸਮਰੱਥ।
ਦਰਸ਼ਨ ਨੇ ਬਾਰਾਂ ਜਮਾਤਾਂ ਪਾਸ ਕਰ ਲੈਣ ਉਪਰੰਤ ਪਹਿਲਾਂ ਇਕ ਕਿੱਤਾ-ਮੁਖੀ ਡਿਪਲੋਮਾ ਕਰ ਲਿਆ ਅਤੇ ਫਿਰ ਕਾਲਜ ਵੀ ਪੜ੍ਹਦਾ ਰਿਹਾ, ਪਰ ਕੋਈ ਰੁਜ਼ਗਾਰ ਦਾ ਵਸੀਲਾ ਨਾ ਬਣ ਸਕਿਆ।
ਨੇੜਲੇ ਵੱਡੇ ਪਿੰਡ ਦੇ ਇਕ ਨਸ਼ਾ ਤਸਕਰ ਰਾਜਨੀਤਕ ਕਰਿੰਦੇ ਦੇ ਉਹ ਅਜਿਹਾ ਟੇਟੇ ਚੜ੍ਹਿਆ ਕਿ ਉਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਗਿਆ।
ਪਰ ਹੁਣ ਡਾਕਟਰੀ ਉਪਚਾਰ ਸਦਕਾ ਏਨਾ ਕੁ ਸਾਕਾਰਾਤਮਕ ਫਰਕ ਪੈ ਗਿਆ ਕਿ ਉਸ ਦੀ ਸਿਹਤ ਤੇ ਸੋਚ ਦੋਵਾਂ ਵਿਚ ਮੋੜਾ ਪੈਣਾ ਸ਼ੁਰੂ ਹੋ ਗਿਆ ਪਰ ਉਸ ਨੂੰ ਆਪਣੇ ਅੰਦਰ ਕੋਈ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ, ਅੰਤਰ-ਦਵੰਦ ਖਤਮ ਨਹੀਂ ਸੀ ਹੋ ਰਿਹਾ।
ਇਕ ਦਿਨ, ਸਕੂਲ ਸਮੇਂ ਦਾ ਇਕ ਜਮਾਤੀ ਉਸ ਦਾ ਹਾਲਚਾਲ ਪਤਾ ਕਰਨ ਆਇਆ। ਦੋਵੇਂ ਕਾਫ਼ੀ ਦੇਰ ਗੱਲਾਂ ਕਰਦੇ ਰਹੇ। ਦਰਸ਼ਨ ਦਾ ਮਨ ਕੁਝ ਹੌਲਾ ਹੋ ਗਿਆ।
ਜਾਣ ਲੱਗੇ ਜਮਾਤੀ ਦੇ ਹੱਥ ਵਿਚ ਲਟਕ ਰਹੇ ਲਿਫ਼ਾਫ਼ੇ ਵੱਲ ਦੇਖ ਕੇ ਦਰਸ਼ਨ ਨੇ ਪੁੱਛ ਲਿਆ, 'ਆਹ ਕੀ ਚੁੱਕੀ ਫਿਰਦੈਂ?'
'ਕਿਤਾਬਾਂ ਨੇ', ਮਿੱਤਰ ਨੇ ਦੱਸਿਆ, 'ਅੱਜ ਇਥੇ ਪੁਸਤਕ ਮੇਲਾ ਲੱਗਿਆ ਹੋਇਆ ਸੀ, ਉਥੋਂ ਹੀ ਖਰੀਦੀਐਂ।'
ਮਿੱਤਰ ਨੇ ਪੁੱਛ ਲਿਆ, 'ਤੂੰ ਪੜ੍ਹੇਂਗਾ?'
ਦੁਚਿੱਤੀ ਵਿਚ ਹੋਣ ਦੇ ਬਾਵਜੂਦ ਵੀ ਦਰਸ਼ਨ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ।
ਇਹ ਇਕ ਸਾਫ਼-ਸੁਥਰਾ ਪਰਿਵਾਰਕ ਨਾਵਲ ਸੀ, ਜਿਸ ਦੇ ਪਹਿਲੇ ਇਕ-ਦੋ ਕਾਂਡ ਪੜ੍ਹਨ ਦੌਰਾਨ ਬੇਸ਼ੱਕ ਦਰਸ਼ਨ ਦੀ ਦਿਲਚਸਪੀ ਨਾ ਬਣੀ, ਪਰ ਫਿਰ ਜਿਵੇਂ-ਜਿਵੇਂ ਉਹ ਅੱਗੇ ਵਧਦਾ ਗਿਆ, ਸ਼ਾਮ ਤੱਕ ਨਾਵਲ ਮੁਕਾ ਕੇ ਹੀ ਉਸ ਨੇ ਸਾਹ ਲਿਆ।
ਉਸ ਰਾਤ ਉਸ ਨੂੰ ਬਹੁਤ ਗੂੜ੍ਹੀ ਨੀਂਦ ਆਈ।
ਅਗਲੇ ਦਿਨ, ਉਸ ਨੇ ਇਕ ਹੋਰ ਕਿਤਾਬ ਮੰਗਵਾ ਲਈ... ਫਿਰ ਹੋਰ, ਫਿਰ ਹੋਰ। ਇਸ ਨਵੇਂ ਸਹੇੜੇ ਨਸ਼ੇ ਦਾ ਅਨੰਦ ਪਹਿਲੇ ਨਾਲੋਂ ਕਿਤੇ ਜ਼ਿਆਦਾ ਸੀ।
ਇਸ ਕਦਰ ਸੁਧਰੀ ਹਾਲਤ ਦੇਖ ਕੇ ਡਾਕਟਰਾਂ ਨੇ ਦਰਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਹਸਪਤਾਲ ਤੋਂ ਫਾਰਗ ਕਰ ਦਿੱਤਾ। ਪਰਿਵਾਰ ਨੂੰ ਉਸ ਦੀ ਲਗਾਤਾਰ ਨਿਗਰਾਨੀ ਰੱਖਣ ਦੀ ਹਦਾਇਤ ਵੀ ਕਰ ਦਿੱਤੀ।
ਘਰ ਵਿਚ ਮਾਂ ਪਰਛਾਵੇਂ ਵਾਂਗ ਉਸ ਦੇ ਨਾਲ ਰਹਿੰਦੀ। ਇਕ ਦਿਨ ਦਰਸ਼ਨ ਨੇ ਕਹਿ ਹੀ ਦਿੱਤਾ, 'ਮੰਮੀ ਹੁਣ ਮੇਰਾ ਕੁਝ ਨਹੀਂ ਵਿਗੜਨ ਲੱਗਿਆ, ਤੁਸੀਂ ਨਿਸਚਿੰਤ ਹੋ ਕੇ ਆਰਾਮ ਕਰਿਆ ਕਰੋ।'
ਉਸ ਨੇ ਅੱਗੇ ਇਹ ਵੀ ਕਿਹਾ, 'ਇਕ ਹੋਰ ਗੱਲ ਮੈ ਕੱਲ੍ਹ ਸਵੇਰੇ ਤੜਕੇ ਤੁਹਾਡੀ ਨੂੰਹ ਤੇ ਪਿਆਰੀ ਪੋਤੀ ਨੂੰ ਲੈਣ ਸਹੁਰੀਂ ਚੱਲਿਐਂ।'
ਸਵੇਰੇ ਕਾਫ਼ੀ ਭਾਰਾ ਨਾਸ਼ਤਾ ਕਰਨ ਉਪਰੰਤ ਉਹ 'ਬਣ-ਠਣ' ਕੇ ਘਰੋਂ ਨਿਕਲਣ ਲੱਗਾ ਤਾਂ ਉਸ ਦੇ ਮੰਮੀ-ਡੈਡੀ ਵੀ ਬੱਸ ਅੱਡੇ ਤੱਕ ਨਾਲ ਹੀ ਤੁਰ ਗਏ।
ਅੱਜ ਦਰਸ਼ਨ ਨੇ ਬੈਗ ਵਿਚ ਕੱਪੜਾ-ਲੀੜਾ ਅਤੇ ਹੋਰ ਸਾਮਾਨ ਪਾਉਂਦਿਆਂ ਯਾਦ ਨਾਲ ਇਕ-ਦੋ ਕਿਤਾਬਾਂ ਵੀ ਪਾ ਲਈਆਂ ਸਨ।


-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.


ਖ਼ਬਰ ਸ਼ੇਅਰ ਕਰੋ

ਡੂਢੀਆਂ ਸਵਾਈਆਂ ਦਾ ਚੇਤਾ...

ਖਾੜਕੂਵਾਦ ਦੇ ਦੌਰ ਮੌਕੇ ਪਿੰਡ ਛੱਡ ਕੇ ਪਰਿਵਾਰ ਸਮੇਤ ਸ਼ਹਿਰ ਜਾ ਵਸੇ ਸੋਮੀ ਸੇਠ ਦਾ ਅਚਾਨਕ ਸਵੇਰੇ ਸਾਝਰੇ ਹੀ ਘਰ ਆਉਣਾ ਮੇਰੇ ਲਈ ਹੈਰਾਨੀਜਨਕ ਸੀ। ਪਿੰਡ ਰਹਿੰਦਿਆਂ ਸਰਕਾਰੀ ਨੌਕਰੀ ਦੇ ਨਾਲ-ਨਾਲ ਉਸ ਦੀ ਸੱਥ ਵਿਚਲੀ ਹੱਟੀ ਪਿੰਡ ਵਾਸੀਆਂ ਦੀਆਂ ਸਾਰੀਆਂ ਘਰੇਲੂ ਲੋੜਾਂ ਦੀ ਪੂਰਤੀ ਦਾ ਇਕੋ-ਇਕੋ ਸਰੋਤ ਹੁੰਦਾ ਸੀ। ਸੂਈ ਤੋਂ ਲੈ ਕੇ ਟਰੈਕਟਰ ਦੇ ਇੰਜਣਾਂ ਦੇ ਸਮਾਨ ਤੱਕ ਸਭ ਕੁਛ ਸੋਮੀ ਸੇਠ ਦੀ ਹੱਟੀ ਤੋਂ ਮਿਲ ਜਾਂਦਾ। ਅਸੀਂ ਵਿਹੜੇ ਦੇ ਸਾਰੇ ਜੁਆਕ ਉਸ ਨੂੰ ਸੋਮੀ ਤਾਇਆ ਕਹਿ ਕੇ ਬੁਲਾਉਂਦੇ। ਕਈ ਦਹਾਕਿਆਂ ਬਾਅਦ ਘਰ ਆਇਆ ਤਾਇਆ ਸੋਮੀ ਇਸ ਵੇਲੇ ਸ਼ਹਿਰ ਦਾ ਮੰਨਿਆ-ਪ੍ਰਮੰਨਿਆ ਧਨਾਢ ਸੇਠ ਤਰਸੇਮ ਲਾਲ ਬਣ ਗਿਆ ਸੀ। 'ਦੇਖ ਲਾ ਪੁੱਤਰਾ, ਤੇਰੇ ਬਾਪੂ ਨੇ ਨੀ ਸੀ ਦੇਖਣਾ ਆਹ ਸਭ ਕੁਛ, ਬਹੁਤ ਕਮਾਈਆਂ ਕੀਤੀਆਂ ਸੀ ਉਸ ਨੇ, ਬੱਸ ਪੁੱਤਾਂ ਦੀ ਕਮਾਈ ਨੀ ਸੀ ਦੇਖਣੀ ਵਿਚਾਰੇ ਨੇ', ਤਾਇਆ ਸੋਮੀ ਕੁਰਸੀ 'ਤੇ ਬੈਠਾ ਚਾਹ ਦੀਆਂ ਚੁਸਕੀਆਂ ਭਰਦਾ ਮੇਰੇ ਸਵਰਗੀ ਬਾਪੂ ਨਾਲ ਅਪਣੀ ਪੁਰਾਣੀ ਨੇੜਤਾ ਨੂੰ ਯਾਦ ਕਰਨ ਲੱਗਿਆ। ਅਸਲ ਵਿਚ ਉਹ ਸਸਪੈਂਡ ਹੋ ਗਏ ਆਪਣੇ ਇਕ ਕਰੀਬੀ ਰਿਸ਼ਤੇਦਾਰ ਅਫ਼ਸਰ ਦੇ ਮਾਮਲੇ ਵਿਚ ਮੇਰੇ ਕੋਲੋਂ ਮਦਦ ਲੈਣ ਲਈ ਆਇਆ ਸੀ। ਕਈ ਸਿਆਸੀ ਆਗੂਆਂ ਤੇ ਅਫ਼ਸਰਾਂ ਦੇ ਅਕਸਰ ਮੇਰੇ ਘਰ ਆਉਣ-ਜਾਣ ਬਾਰੇ ਉਸ ਨੂੰ ਕਿਸੇ ਨੇ ਦੱਸਿਆ ਸੀ। ਸਾਡੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣ ਕੇ ਮੇਰੀ ਬੁੱਢੀ ਮਾਂ ਖੂੰਡੀ ਖੜਕਾਉਂਦੀ ਬਿੜਕਾਂ ਲੈਂਦੀ ਕਈ ਚੱਕਰ ਲਗਾ ਗਈ। ਤਾਏ ਸੋਮੀ ਦੇ ਚਲੇ ਜਾਣ ਪਿੱਛੋਂ ਹਾਲੇ ਮੈਂ ਦਰਵਾਜ਼ਾ ਬੰਦ ਕੀਤਾ ਹੀ ਸੀ ਕਿ ਮਾਂ ਨੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਉੱਪਰ ਸੱਜੇ ਹੱਥ ਦੀ ਛਾਂ ਜਿਹੀ ਕਰਦਿਆਂ ਪੁੱਛਿਆ, 'ਵੇ ਆਹ ਸੋਮੀ ਬਾਣੀਆਂ ਕੀ ਕਰਨ ਆਇਆ? ਤੈਂ ਇਹਦਾ ਕੀ ਦੇਣੈ?' ਬੁੱਢੀ ਮਾਂ ਦੇ ਸਵਾਲ ਮੈਨੂੰ ਬੇਚੈਨ ਕਰ ਗਏ। ਅੱਖਾਂ ਤੋਂ ਬਹੁਤ ਘੱਟ ਦਿਖਦਾ ਹੋਣ ਦੇ ਬਾਵਜੂਦ ਮਾਂ ਨੇ ਤੀਹ ਪੈਂਤੀ ਵਰ੍ਹੇ ਪਹਿਲਾਂ ਸੁਣੀ ਆਵਾਜ਼ ਤੋਂ ਸੋਮੀ ਸੇਠ ਨੂੰ ਪਛਾਣ ਲਿਆ ਸੀ। ਸੇਠ ਦੇ ਆਉਣ ਦਾ ਮਕਸਦ ਸੁਣ ਕੇ ਮਾਂ ਤਾਂ ਤਸੱਲੀ ਨਾਲ ਮੰਜੀ ਉੱਪਰ ਬਹਿ ਗਈ ਪ੍ਰੰਤੂ ਮੇਰੀਆਂ ਅੱਖਾਂ ਸਾਹਮਣੇ ਦਹਾਕਿਆਂ ਪਹਿਲਾਂ ਸਾਰੇ ਟੱਬਰ ਵਲੋਂ ਦਿਨ-ਰਾਤ ਖ਼ੂਨ ਪਸੀਨਾ ਇਕ ਕਰ ਕੇ ਲਿਆਂਦੀ ਕਣਕ ਦੀ ਹੁੰਦੀ ਰਹੀ ਲੁੱਟ ਦਾ ਮੰਜ਼ਰ ਘੁੰਮਣ ਲੱਗਿਆ। ਉਦੋਂ ਹਰ ਸਾਲ ਹੀ ਜਨਵਰੀ-ਫਰਵਰੀ ਦੇ ਮਹੀਨੇ ਗ਼ਰੀਬ ਘਰਾਂ ਦੇ ਦਾਣੇ ਮੁੱਕ ਜਾਇਆ ਕਰਦੇ ਸਨ। ਟੱਬਰ ਦਾ ਢਿੱਡ ਭਰਨ ਲਈ ਛੋਟੇ ਕਿਸਾਨਾਂ ਤੇ ਮਜ਼ਦੂਰ ਪਰਿਵਾਰਾਂ ਨੂੰ ਡੂਢੀਆਂ ਸਵਾਈਆਂ 'ਤੇ ਧਨਾਢ ਸੇਠਾਂ ਤੋਂ ਕਣਕ ਉਧਾਰ ਲੈਣੀ ਪੈਂਦੀ ਸੀ। ਜਨਵਰੀ ਮਹੀਨੇ ਲਈ ਇਕ ਕੁਇੰਟਲ ਕਣਕ ਤਿੰਨ ਮਹੀਨਿਆਂ ਬਾਅਦ ਮਈ ਦੇ ਮਹੀਨੇ ਡੇਢ ਕੁਇੰਟਲ ਕਰ ਕੇ ਮੋੜਨੀ ਪੈਂਦੀ ਸੀ। ਵਾਢੀ ਤੋਂ ਮਹਿਜ ਮਹੀਨਾ ਪਹਿਲਾਂ ਲਈ ਕਣਕ ਸਵਾਈ ਕਰ ਕੇ ਮੋੜੀ ਜਾਂਦੀ ਸੀ। ਸੋਮੀ ਸੇਠ ਹਰ ਵਰ੍ਹੇ ਸੈਂਕੜੇ ਕੁਇੰਟਲ ਕਣਕ ਲੋਕਾਂ ਨੂੰ ਡੂਢੀ ਸਵਾਈ 'ਤੇ ਦੇ ਕੇ ਕੁਝ ਮਹੀਨਿਆਂ ਬਾਅਦ ਹੀ ਮੋਟਾ ਮੁਨਾਫ਼ਾ ਕਮਾ ਲੈਂਦਾ। ਵਾਢੀ ਦੇ ਦਿਨਾਂ ਵਿਚ ਸਾਡਾ ਸਾਰਾ ਟੱਬਰ ਠੇਕੇ 'ਤੇ ਵਾਢੀ ਕਰਦਾ। ਸਵੇਰੇ ਚਾਰ ਵਜੇ ਹੀ ਘਰ ਦੇ ਸਾਰੇ ਜੀਅ ਔਰਤਾਂ ਬੱਚਿਆਂ ਸਮੇਤ ਕਣਕ ਦੀ ਵਾਢੀ ਨੂੰ ਜੁਟ ਜਾਂਦੇ। ਵੀਹਾਂ ਪੱਚੀਆਂ ਦਿਨਾਂ ਦੀ ਭਾਰੀ ਮੁਸ਼ੱਕਤ ਬਾਅਦ ਘਰ ਲਿਆਂਦੀ ਸਾਲ ਭਰ ਦੇ ਗੁਜ਼ਾਰੇ ਜੋਗੀ ਕਣਕ ਦੀ ਢੇਰੀ ਨੂੰ ਸਾਂਭਣ ਲਈ ਸਾਰਾ ਟੱਬਰ ਪੁਰਾਣੀਆਂ ਬੋਰੀਆਂ ਸੰਵਾਰਨ ਜੁੱਟ ਜਾਂਦਾ। ਹਾਲੇ ਘਰ ਦੀਆਂ ਔਰਤਾਂ ਬੋਰੀਆਂ ਨੂੰ ਟਾਂਕੇ ਟਾਕੀਆਂ ਲਾ ਕੇ ਸੰਵਾਰ ਹੀ ਰਹੀਆਂ ਹੁੰਦੀਆਂ ਕਿ ਸੋਮੀ ਸੇਠ ਬੋਰੀਆਂ, ਤੱਕੜੀ ਤੇ ਵੱਟੇ ਚੁੱਕੀ ਢੇਰੀ ਦੁਆਲੇ ਆ ਬਹਿੰਦਾ। ਮੇਰੀਆਂ ਭੈਣਾਂ ਕਣਕ ਤੋਲਦੇ ਸੇਠ ਨੂੰ ਵੇਖ-ਵੇਖ ਬਹਾਨੇ ਨਾਲ ਖੱਲਾਂ ਖੂੰਜਿਆਂ ਵਿਚ ਖੜ੍ਹ ਕੇ ਹੁੱਬਕੀਂ ਰੋਂਦੀਆਂ ਰਹਿੰਦੀਆਂ। ਕਈ ਵਾਰ ਮਹੀਨੇ ਭਰ ਤਿੱਖੜ ਦੁਪਹਿਰਿਆਂ 'ਚ ਖੂਨ ਪਸੀਨਾ ਇਕ ਕਰਕੇ ਕਮਾਈ ਸਾਰੀ ਕਣਕ ਉਹ ਡੂਢੀ ਦੇ ਹਿਸਾਬ ਚੁੱਕ ਕੇ ਲੈ ਜਾਂਦਾ।
'ਤਾਇਆ ਇਕ ਪੀਹਣੇ ਦੇ ਦਾਣੇ ਤਾਂ ਛੱਡ ਜਾਂਦਾ', ਮੇਰੀਆਂ ਭੈਣਾਂ ਆਖਰੀ ਬੋਰੀ ਭਰਦੇ ਤਾਏ ਸੋਮੀ ਅੱਗੇ ਤਰਲਾ ਜਿਹਾ ਕਰਦੀਆਂ। ਉਹ ਮੁੱਸਕੜੀਏਂ ਹੱਸਦਾ ਕੁੜੀਆਂ ਦੀ ਗੱਲ ਅਣਸੁਣੀ ਕਰ ਕੇ ਬੋਰੀਆਂ ਦੇ ਮੂੰਹ ਬੰਨ੍ਹਣ ਲੱਗ ਜਾਂਦਾ। ਵਾਢੀ ਕਰ ਕੇ ਲਿਆਂਦੀ ਸਾਰੀ ਕਣਕ ਤਾਇਆ ਸੋਮੀ ਚੁੱਕ ਕੇ ਲੈ ਜਾਂਦਾ ਅਤੇ ਟੱਬਰ ਲਈ ਸਾਲ ਭਰ ਦੇ ਗੁਜ਼ਾਰੇ ਲਈ ਖੇਤਾਂ 'ਚੋਂ ਚੁਗੀਆਂ ਕਣਕ ਦੀਆਂ ਬੱਲੀਆਂ ਹੀ ਬਚਦੀਆਂ। ਡੂਢੀਆਂ ਸਵਾਈਆਂ ਦਾ ਭਾਰ ਹਰ ਸਾਲ ਵਧਦਾ ਹੀ ਜਾਂਦਾ। ਸਕੂਲ ਜਾਂਦਿਆ ਨੂੰ ਮਾਂ ਹਰ ਰੋਜ਼ ਇਹੀ ਕਹਿੰਦੀ, 'ਸਾਡੀ ਤਾਂ ਜਿਵੇਂ ਕਿਵੇਂ ਲੰਘ 'ਗੀ, ਵੇ ਤੁਸੀਂ ਤਾਂ ਪੜ੍ਹ ਲਓ, ਨਹੀਂ ਤਾਂ ਸਾਰੀ ਉਮਰ ਡੂਢੀਆਂ ਸਵਾਈਆਂ ਦੇ ਹਿਸਾਬ ਹੀ ਪੂਰੇ ਨ੍ਹੀ ਹੋਣੇ'।
'ਚੱਲ ਪੁੱਤ ਜੇ ਕਰਵਾ ਸਕਦੈਂ ਤਾਂ ਕਰਵਾ ਦੇ ਇਹਦਾ ਕੰਮ, ਭੁੱਖੇ ਟੱਬਰ ਦਾ ਢਿੱਡ ਭਰਨ ਨੂੰ ਕਣਕ ਤਾਂ ਦਿੰਦਾ ਈ ਰਿਹੈ ਵਿਚਾਰਾ, ਚਾਹੇ ਡੂਢੀ ਸਵਾਈ 'ਤੇ ਹੀ ਸਹੀ', ਮੈਨੂੰ ਲੱਗਿਆ ਕਿ ਹਰ ਵਰ੍ਹੇ ਕਣਕ ਦੀ ਢੇੇਰੀ ਚੁੱਕ ਕੇ ਲੈ ਜਾਣ ਵਾਲੇ ਤਾਏ ਸੋਮੀ ਦਾ ਇਕ ਸਵਾਲੀ ਬਣ ਕੇ ਮੇਰੇ ਘਰ ਆਉਣਾ ਬੁੱਢੀ ਮਾਂ ਨੂੰ ਤਸੱਲੀ ਦੇ ਗਿਆ।


-ਪਿੰਡ ਕੁਠਾਲਾ , ਤਹਿਸੀਲ ਮਲੇਰਕੋਟਲਾ , ਜ਼ਿਲ੍ਹਾ ਸੰਗਰੂਰ ( ਪੰਜਾਬ ) ਮੋਬਾਈਲ : 98153-47904.

ਪੈਸਾ, ਸੰਭਾਲੋ ਸੱਜਣੋ

ਪਹਿਲਾਂ ਪੈਸੇ ਵਾਲੇ, ਸਿਰਫ਼ ਅਮੀਰ ਹੁੰਦੇ ਸਨ, ਦੂਜੇ ਗਰੀਬ ਹੁੰਦੇ ਸਨ, ਅਰਥ-ਸ਼ਾਸਤਰੀ ਸ਼ਾਇਦ ਹੀ ਹੁੰਦੇ ਸਨ, ਜਿਹੜੇ ਅੱਜਕਲ੍ਹ ਹਨ। ਪੜ੍ਹਦੇ-ਗੁੜ੍ਹਦੇ ਹੀ, ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ 'ਚ ਇਹੀ ਹਨ ਕਿ ਪੈਸਾ ਕਿਵੇਂ ਕਮਾਉਣਾ ਹੈ। ਪੈਸੇ ਦੀ ਕੀਮਤ ਕੀ ਹੈ? ਵਿਹਾਰ ਪੈਸਾ, ਵਪਾਰ ਪੈਸਾ, ਕਾਰੋਬਾਰ ਪੈਸਾ, ਪੜ੍ਹ-ਪੜ੍ਹ ਕੇ ਹੋਏ ਸ਼ਾਸਤਰੀ, ਲਿਖ-ਲਿਖ ਕੇ ਲਾਲ ਜੀ... ਪੈਸੇ ਲਈ ਜਗ ਲੜ ਮਰੇ, ਪੈਸੇ ਦਾ ਜਲਾਲ ਜੀ। ਪੈਸਾ ਕਮਾਓ, ਹੋਰ ਕਮਾਓ, ਕਿਵੇਂ ਕਮਾਓ, ਜਿਵੇਂ ਕਮਾਓ, ਨਾ ਸੋਚੋ, ਨਾ ਸਮਝੋ, ਅਰਥ-ਸ਼ਾਸਤਰੀਆਂ ਦੀ ਇਕੋ ਮਤ ਯਾਦ ਰੱਖੋ: ਪੈਸਾ ਦਰੱਖਤਾਂ 'ਤੇ ਨਹੀਂ ਲਗਦਾ, ਪੈਸਾ ਪੈਸੇ ਨੂੰ ਕਮਾਉਂਦਾ ਹੈ।
'ਕੌਨ ਬਨੇਗਾ ਕਰੋੜਪਤੀ?'
ਅੱਜਕਲ੍ਹ ਇਕ ਟੀ.ਵੀ. ਚੈਨਲ 'ਤੇ ਇਕ ਪ੍ਰੋਗਰਾਮ ਚਲ ਰਿਹਾ ਹੈ, 'ਕੌਨ ਬਨੇਗਾ ਕਰੋੜਪਤੀ?' ਇਸ ਪ੍ਰੋਗਰਾਮ ਦਾ ਐਂਕਰ ਹੈ ਸਦੀ ਦਾ ਮਹਾਂਨਾਇਕ ਅਮਿਤਾਭ ਬੱਚਨ। ਬੱਚਨ ਸਾਹਿਬ ਬਚਨ ਕਰਦੇ ਹਨ, ਸਾਹਮਣੇ ਬਿਠਾਏ ਕਾਂਟੈਸਟੈਂਟ ਨੂੰ ਇਕ-ਇਕ ਕਰਕੇ ਸਵਾਲ ਪੁੱਛੀ ਜਾਂਦੇ ਹਨ। ਜੇਕਰ ਸਾਹਮਣੇ ਬੈਠਾ/ਬੈਠੀ ਸਹੀ ਜਵਾਬ ਦਈ ਜਾਂਦਾ ਹੈ ਤਾਂ ਐਨੇ 'ਚ ਹੀ ਉਹ ਮਿੱਥੀ ਹੋਈ ਰਕਮ ਜਿੱਤੀ ਜਾਂਦੀ ਹੈ। ਜਿਹੜੀ ਹਰ ਸਹੀ ਜਵਾਬ ਨਾਲ ਵਧਦੀ ਜਾਂਦੀ ਹੈ। ਇਸ ਪ੍ਰੋਗਰਾਮ ਵਿਚ ਵੀ ਸਾਹਮਣੇ ਬੈਠੇ ਸਹੀ ਜਵਾਬ ਦੇਣ ਵਾਲੇ ਨੂੰ ਹਰ ਅਗਲੇ ਸਵਾਲ ਨਾਲ ਲਾਲਚ ਦਿੱਤਾ ਜਾਂਦਾ ਹੈ ਕਿ ਜੇਕਰ ਉਸ ਨੇ ਸਹੀ ਜਵਾਬ ਦਿੱਤਾ ਤਾਂ ਐਨੇ ਲੱਖ ਹੋਰ ਰੁਪਿਆਂ ਦਾ ਉਹ ਹੱਕਦਾਰ ਹੋ ਜਾਏਗਾ, ਤੇ ਜੇਕਰ ਗ਼ਲਤ ਜਵਾਬ ਦਿੱਤਾ ਤਾਂ ਪਿਛਲਾ ਸਾਰਾ ਜਿੱਤਿਆ ਮਾਲ ਵੀ ਗਵਾ ਬਹੇਗਾ/ਬਹੇਗੀ। ਜ਼ਾਹਿਰ ਹੈ, ਸਬਰ, ਸੰਤੋਖ, ਜਿੰਨਾ ਜਿੱਤ ਲਿਆ ਬਹੁਤ ਤੇ ਲਾਲਚ ਹਾਵੀ ਹੀ ਰਹਿੰਦਾ ਹੈ, ਕਈ ਲਾਲਚਵਸ ਜਿਹੜਾ ਜਿੱਤਿਆ ਮਾਲ ਹੈ, ਉਹ ਵੀ ਗਵਾ ਬਹਿੰਦੇ ਹਨ ਤੇ ਦਿਮਾਗ ਨੂੰ ਭੈੜੀ ਕਿਸਮਤ ਹਵਾਲੇ ਕਰ ਖਾਲੀ ਹੱਥ ਆਏ ਸਨ, ਖਾਲੀ ਹੱਥ ਘਰ ਚਲੇ ਜਾਂਦੇ ਹਨ।
ਇਥੇ ਮੈਂ ਸਿਕੰਦਰ ਮਹਾਨ ਦਾ ਜ਼ਿਕਰ ਕਰਾਂਗਾ, ਜਿਹਨੇ ਠਾਣ ਰੱਖਿਆ ਸੀ ਕਿ ਉਹ ਸੰਸਾਰ ਫਤਹਿ ਕਰਕੇ ਕਾਰੂੰ ਦਾ ਖਜ਼ਾਨਾ ਲੁੱਟ ਕੇ ਦੋਵੀਂ-ਦੋਵੀਂ ਹੱਥੀਂ ਪੈਸੇ ਮੁੱਠਾਂ ਵਿਚ ਭਰਦਾ, ਸੰਸਾਰ ਦਾ ਸਭ ਤੋਂ ਮਹਾਨ ਪੈਸੇ ਵਾਲਾ ਅਖਵਾਏਗਾ ਪਰ...
ਜਬ ਗਇਆ ਸਿਕੰਦਰ ਇਸ ਜਹਾਂ ਸੇ,
ਤੋ ਦੋਨੋ ਹਾਥ ਖਾਲੀ ਥੇ।
ਕੋਈ ਅਜਿਹੀ ਹਸਤੀ ਨਹੀਂ ਇਸ ਜਹਾਨ ਵਿਚ ਕਿ ਇਥੇ ਪੈਸੇ ਇਕੱਤਰ ਕਰ-ਕਰ ਕੇ ਇਕ ਪੈਸਾ ਵੀ ਆਪਣੇ ਨਾਲ ਦੂਜੇ ਜਹਾਨ ਵਿਚ ਲੈ ਗਿਆ ਹੋਵੇ। ਇਸੇ ਲਈ ਇਹ ਸੱਚ ਹਰੇਕ ਅਮੀਰ-ਗ਼ਰੀਬ ਨੂੰ ਪਤਾ ਹੈ, 'ਜਿੰਨਾ ਮਰਜ਼ੀ ਹੈ ਪੈਸਾ ਕਮਾ ਲਓ, ਸਭ ਇਥੇ ਹੀ ਰਹਿ ਜਾਣਾ ਹੈ। ਪਰ ਇਹ ਵੀ ਤਾਂ ਸੱਚ ਹੈ ਨਾ ਕਿ ਜਦ ਤਾਈਂ ਇਸ ਧਰਤੀ 'ਤੇ ਰਹਿਣਾ ਹੈ, ਜਿਊਂਦਿਆਂ ਰਹਿਣਾ ਹੈ ਪੈਸੇ ਦੀ ਬਹੁਤ ਲੋੜ ਹੈ। ਪੈਸੇ ਦੀ ਹੀ ਮਹਾਨਤਾ ਹੈ, ਪੈਸੇ ਵਿਚ ਕੁਝ ਵੀ ਖਰੀਦਣ ਦੀ ਸ਼ਕਤੀ ਹੈ, ਹਰੇ ਧਨੀਏ ਤੋਂ ਲੈ ਕੇ ਹਦਵਾਣੇ ਤੱਕ। ਪੈਸੇ ਬਿਨਾਂ ਇਕ ਕਦਮ ਨਹੀਂ ਚਲ ਸਕਦਾ ਇਨਸਾਨ।
ਆਹੋ, ਅੱਜਕਲ੍ਹ ਫੇਸਬੁੱਕ ਤੇ ਜਾਂ ਤੁਹਾਡੇ ਸਮਾਰਟ ਸੈੱਲ ਫੋਨਾਂ 'ਤੇ ਸੁਨੇਹੇ ਆ ਰਹੇ ਹਨ, 'ਕੌਨ ਬਨੇਗਾ ਕਰੋੜਪਤੀ' ਵਾਲਿਆਂ ਵਲੋਂ ਕਿ ਇਸ ਪ੍ਰੋਗਰਾਮ ਦੀ ਖਾਸ ਮਦ ਸਦਕਾ ਤੁਹਾਨੂੰ ਵੀ ਐਨੇ ਲੱਖ ਰੁਪਏ ਦਾ ਇਨਾਮ ਮਿਲਿਆ ਹੈ, ਝਟ ਦਿੱਤੇ ਨੰਬਰ 'ਤੇ ਸੰਪਰਕ ਕਰੋ। ਲਾਲਚ ਤੇ ਸੰਪਰਕ ਕਰਾ ਦਿੱਤਾ। ਅੱਗੋਂ ਇਹ ਛੋਟੀ ਜਿਹੀ ਸ਼ਰਤ ਰੱਖੀ ਗਈ ਕਿ ਐਨੇ ਰੁਪਏ ਝਟਪਟ ਜਮ੍ਹਾ ਕਰਵਾ ਦਿਓ, ਫਲਾਣੇ ਅਕਾਊਂਟ ਵਿਚ ਤਾਂ ਜੋ ਬਾਕੀ ਰਕਮ ਤੁਹਾਨੂੰ ਦਿੱਤੀ ਜਾ ਸਕੇ। ਜੇ ਤੁਸਾਂ ਓਨੇ ਪੈਸੇ ਕਰਵਾ ਦਿੱਤੇ ਉਸ ਅਕਾਊਂਟ ਵਿਚ ਜਮ੍ਹਾਂ ਤਾਂ ਉਹ ਪਲ-ਛਿਨ 'ਚ ਗਵਾ ਬੈਠੇ ਸਮਝੋ। ਬਈ, ਜਿਨ੍ਹਾਂ ਨੇ ਇਹ ਲਾਲਚ ਦਿੱਤਾ ਹੈ, ਉਨ੍ਹਾਂ ਨੇ ਵੀ ਤਾਂ ਕਰੋੜਪਤੀ ਬਣਨਾ ਹੈ। ਬਣ ਗਏ ਮਿੰਟਾਂ 'ਚ, ਤੁਸੀਂ ਲਾਲਚ 'ਚ ਠੱਗੇ ਗਏ।
ਕਿੰਨੀਆਂ ਘਟਨਾਵਾਂ ਵਾਪਰੀਆਂ ਹਨ, ਬੈਂਕਾਂ ਵਿਚ। ਹਜ਼ਾਰਾਂ ਲੱਖਾਂ ਰੁਪਏ ਲੋਕੀਂ ਹਰ ਰੋਜ਼ ਸਵੇਰੇ-ਸਵੇਰੇ ਬੈਂਕਾਂ 'ਚ ਜਮ੍ਹਾਂ ਕਰਵਾਉਣ ਜਾਂਦੇ ਹਨ। ਉਥੇ ਫਾਰਮ ਭਰਨਾ ਪੈਂਦਾ ਹੈ ਕਿ ਕਿੰਨੇ ਨੋਟ, ਕਿੰਨੇ ਮੁੱਲ ਵਾਲੇ ਹਨ। ਉਥੇ ਕੋਲ ਖੜ੍ਹੇ, ਕਈ ਖਾਸ ਬੰਦੇ, ਬੰਦੇ ਤਾੜਨ 'ਚ ਮਾਹਿਰ, ਇਸੇ ਲਈ ਖੜ੍ਹੇ ਹੁੰਦੇ ਹਨ। ਉਹ ਬੜੇ ਮਿੱਠੇ ਬਚਨ ਬੋਲ ਕੇ ਉਸ ਪੈਸਾ ਜਮ੍ਹਾਂ ਕਰਾਉਣ ਵਾਲੇ ਭਲੇ ਆਦਮੀ ਨੂੰ ਕਹਿੰਦੇ ਹਨ ਓ ਜੀ, ਮੈਂ ਤੁਹਾਡੀ ਮਦਦ ਕਰ ਦਿੰਦਾ ਹਾਂ, ਫਾਰਮ ਭਰਨ 'ਚ ਤੇ ਨੋਟ ਗਿਣਨ 'ਚ। ਬਸ ਇਹ ਉਹ ਨੋਟ ਗਿਣਦਾ-ਗਿਣਦਾ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਕਿੰਨੇ ਨੋਟ ਉਸ ਨੇ ਵਿਚੋਂ ਗ਼ਾਇਬ ਕਰ ਦਿੱਤੇ ਹਨ। ਉਹ ਧੰਨਵਾਦ ਕਬੂਲ ਕਰਦਾ, ਉਥੋਂ ਚਲਦਾ ਬਣਦਾ ਹੈ, ਤੇ ਫਿਰ ਪਤਾ ਲਗਦਾ ਹੈ ਕਿ ਜਦ ਕੈਸ਼ੀਅਰ ਨੋਟਾਂ ਨੂੰ ਗਿਣਦਾ ਹੈ, ਕਿ ਕਿੰਨੀ ਥੁੱਕ ਲਾ ਗਏ ਭਲੇ ਸੱਜਣ ਜੀ, ਲੋਕ ਭਲਾਈ ਕਰਦਿਆਂ ਕਰਦਿਆਂ।
ਥੋੜ੍ਹੇ ਦਿਨ ਪਹਿਲਾਂ ਮੈਨੂੰ ਵੀ, ਮੇਰੇ ਮੋਬਾਈਲ ਫੋਨ 'ਤੇ ਇਕ ਐਸ.ਐਮ.ਐਸ. ਆਇਆ ਸੀ ਕਿ ਤੁਹਾਡੇ ਨਾਂਅ ਨਾਲ ਮਿਲਦੇ ਨਾਂਅ ਵਾਲੇ ਇਕ ਕਰੋੜਾਂਪਤੀ ਦਾ ਸਵਰਗਵਾਸ ਹੋ ਗਿਆ ਹੈ, ਉਹ ਐਨੇ ਲੱਖ ਰੁਪਿਆ ਤੁਹਾਡੇ ਨਾਂਅ ਛੱਡ ਗਿਆ ਹੈ, ਤੁਸੀਂ ਐਸ ਨੰਬਰ 'ਤੇ ਫੌਰਨ ਕਾਂਟੈਕਟ ਕਰੋ। ਮੈਂ ਤਾਂ ਕਾਂਟੈਕਟ ਨਹੀਂ ਕੀਤਾ ਪਰ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੇ ਮੈਸਿਜ਼ ਹਜ਼ਾਰਾਂ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਜਾਂ ਫੇਸਬੁੱਕ ਆਦਿ 'ਤੇ ਆਉਂਦੇ ਹਨ। ਫਿਰ ਲਾਲਚ ਬੁਰੀ ਬਲਾ ਹੈ। ਬਲਾ ਉਨ੍ਹਾਂ ਨੂੰ ਫਸਾ ਦਿੰਦੀ ਹੈ, ਇਸ ਠਗ-ਜਾਲ ਵਿਚ, ਉਹ ਮੰਗ ਕੀਤੇ ਰੁਪਏ, ਦੱਸੇ ਗਏ ਅਕਾਊਂਟ 'ਚ ਜਮ੍ਹਾਂ ਕਰਾ ਦਿੰਦੇ ਹਨ। ਪੈਸੇ ਜਮ੍ਹਾਂ ਕਰਵਾਏ ਨਹੀਂ ਕਿ ਬੱਤੀ ਗੁੱਲ, ਦੀਵਾ ਗੁੱਲ, ਪੈਸੇ ਗਏ ਉਨ੍ਹਾਂ ਕੋਲ, ਜਿਨ੍ਹਾਂ ਦੇ ਨਸੀਬ 'ਚ ਸਨ। ਏ.ਟੀ.ਐਮ. (ਐਨੀ ਟਾਈਮ ਮਨੀ) ਮਸ਼ੀਨਾਂ ਤਾਂ ਹਰੇਕ ਬੈਂਕਾਂ ਵਲੋਂ ਥਾਂ-ਥਾਂ ਫਿਟ ਹਨ। ਕ੍ਰੈਡਿਟ ਤੇ ਡੈਬਿਟ ਕਾਰਡ, ਅਮੀਰ ਤੇ ਰੀਸ ਕਰਨ ਵਾਲੇ ਆਮ ਲੋਕਾਂ ਪਾਸ ਹਨ। ਏ.ਟੀ.ਐਮ. 'ਚ ਕਈਆਂ ਨੂੰ ਭਸੂੜੀ ਪੈ ਜਾਂਦੀ ਹੈ, ਉਨ੍ਹਾਂ ਨੂੰ ਠੀਕ ਤਰ੍ਹਾਂ ਆਪਣਾ ਕਾਰਡ ਮਸ਼ੀਨ 'ਚ ਫਿਟ ਕਰਨਾ ਨਹੀਂ ਆਉਂਦਾ, ਕੋਈ ਨਾ ਕੋਈ ਫਰਿਸ਼ਤਾ ਉਥੇ ਆ ਹੀ ਬਹੁੜਦਾ ਹੈ, ਇਸ ਸਮੇਂ ਮਦਦਗਾਰ ਬਣ ਕੇ। ਉਹ ਉਸ ਵੇਲੇ ਕ੍ਰੈਡਿਟ ਜਾਂ ਡੈਬਿਟ ਕਾਰਡ ਫਿਟ ਕਰਕੇ ਉਹਨੂੰ ਪੈਸੇ ਕਢਾਉਣ 'ਚ ਮਦਦ ਤਾਂ ਕਰ ਦਿੰਦਾ ਹੈ ਪਰ ਅਕਾਊਂਟ ਹੋਲਡਰ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਨੇ ਬੜੇ ਸ਼ਾਤਰਾਨਾ ਤਰੀਕੇ ਨਾਲ ਉਸ ਦਾ ਨੰਬਰ ਨੋਟ ਕਰ ਲਿਆ ਹੁੰਦਾ ਹੈ। ਕਾਰਡ ਹੋਲਡਰ ਉਥੋਂ ਗਿਆ ਨਹੀਂ ਕਿ ਸਮਝੋ ਉਹਦੇ ਬੈਂਕ ਅਕਾਊਂਟ 'ਚੋਂ ਉਹਦਾ ਲੱਖਾਂ ਜੋੜਿਆ ਪੈਸਾ ਗਿਆ ਸਮਝੋ। ਬੈਂਕ ਤਾਂ ਝੱਟ ਸੁਨੇਹਾ ਦੇ ਦਿੰਦਾ ਹੈ ਕਿ ਤੁਹਾਡੇ ਅਕਾਊਂਟ 'ਚੋਂ ਐਨੇ ਰੁਪਏ ਡੈਬਿਟ ਹੋ ਗਏ ਹਨ।
ਲੱਗੇ ਰਹੋ, ਪੁਲਿਸ ਕੋਲ ਧੋਖਾਧੜੀ ਦੀਆਂ ਸ਼ਿਕਾਇਤਾਂ ਦਰਜ ਕਰਾਉਣ।
ਆਪਣਾ ਕ੍ਰਿਕਟ ਪਲੇਅਰ ਹੈ ਨਾ ਯੁਵਰਾਜ ਸਿੰਘ, ਜਿਹੜਾ ਇਕੋ ਓਵਰ ਵਿਚ 6 ਬਾਲਾਂ 'ਤੇ 6 ਛੱਕੇ ਮਾਰਨ ਲਈ ਮਸ਼ਹੂਰ ਹੈ, ਉਹਦੀ ਮੰਮੀ, ਸ਼ਬਨਮ ਸਿੰਘ ਨੇ ਇਕ ਪੌਂਜੀ (P®©*9) ਸਕੀਮ 'ਚ 84 ਫ਼ੀਸਦੀ ਪੈਸਾ ਮੁਨਾਫਾ ਕਮਾਉਣ ਦੇ ਲਾਲਚ ਵਿਚ ਇਕ ਕਰੋੜ ਰੁਪਏ ਲਾ ਦਿੱਤੇ ਤੇ ਅੰਤ 50 ਲੱਖ ਰੁਪਏ ਗੁਆ ਦਿੱਤੇ। ਇਸ ਠੱਗ ਕੰਪਨੀ ਨੇ 7000 ਕਰੋੜ ਰੁਪਿਆਂ ਦਾ ਘਾਲਾਮਾਲਾ ਕੀਤਾ ਹੈ। ਸ਼ੁਰੂ 'ਚ ਚੈੱਕ ਦਿੱਤੇ, ਉਹ ਪਾਸ ਹੋ ਗਏ, ਫਿਰ ਉਹੀਓ ਚੱਕਰ ਹੋਇਆ, ਪੈਸਾ ਲੈ ਕੇ ਮੁੱਕਰ ਗਏ। ਖ਼ਬਰ ਅਨੁਸਾਰ ਸ਼ਬਨਮ ਸਿੰਘ ਨੇ ਇਕ ਕਰੋੜ ਦੀ ਰਕਮ ਚੈੱਕ ਰਾਹੀਂ ਦਿੱਤੀ ਸੀ, ਇਸ ਫਰਾਡ ਕੰਪਨੀ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਹਰ ਮਹੀਨੇ 7 ਲੱਖ ਰੁਪਏ ਦਏਗੀ, ਭਾਵ ਕਿ ਇਕ ਕਰੋੜ ਦੀ ਇਨਵੈਸਟਮੈਂਟ 'ਤੇ 84 ਫੀਸਦੀ ਮੁਨਾਫਾ। ਬਾਕੀ 50 ਲੱਖ ਤਾਂ ਲੁੱਟਿਆ ਹੀ ਗਿਆ, ਉਲਟਾ ਈ.ਡੀ. ਦੇ ਚੱਕਰ ਪੈ ਗਏ ਹਨ।
ਇਸ ਤਰ੍ਹਾਂ ਦੀਆਂ ਲੁਭਾਵਣੀਆਂ ਪੌਂਜੀ ਸਕੀਮਾਂ ਅਕਸਰ ਕਿਸੇ ਨਾ ਕਿਸੇ ਕੰਪਨੀ ਵਲੋਂ, ਕਿਸੇ ਨਾ ਕਿਸੇ ਸ਼ਹਿਰ ਤੋਂ ਚਲਦੀਆਂ ਹੀ ਰਹਿੰਦੀਆਂ ਹਨ। ਕੁਝ ਸਾਲ ਪਹਿਲਾਂ ਪੂਨਾ ਤੋਂ ਇਕ ਕੰਪਨੀ ਨੇ ਇਹੋ ਚੱਕਰ ਚਲਾਇਆ ਸੀ ਕਿ ਉਹ ਮਰਸਡੀਜ਼ ਤੇ ਹੋਰ ਲਗਜ਼ਰੀ ਕਾਰਾਂ ਵੱਡੇ-ਵੱਡੇ ਫਾਈਵ ਸਟਾਰ ਹੋਟਲਾਂ ਨੂੰ ਸਪਲਾਈ ਕਰੇਗੀ, ਇਸ ਲਈ ਹਰ ਇਕ ਮੈਂਬਰ ਨੂੰ ਐਨੀ ਰਕਮ ਦੇਣੀ ਪਏਗੀ, ਮਗਰੋਂ ਇਹ ਕਾਰਾਂ ਵੀ ਉਨ੍ਹਾਂ ਦੇ ਨਾਂਅ ਹੋ ਜਾਣਗੀਆਂ। ਉਨ੍ਹਾਂ ਇਨਵੈਸਟਰਾਂ ਨੂੰ ਬਦਲੇ ਵਿਚ ਚੈੱਕ ਵੀ ਦਿੱਤੇ ਜਿਹੜੇ ਕੁਝ ਤਾਂ ਪਾਸ ਹੋ ਗਏ, ਬਾਕੀ ਬੈਂਕਾਂ 'ਚੋਂ ਵਾਪਸ ਹੋ ਗਏ। ਕੰਪਨੀ ਦੇ ਦਫਤਰ ਬੰਦ ਹੋ ਗਏ ਸਨ।
'ਮਿਊਚਅਲ ਫੰਡ' ਸਹੀ ਹੈ, ਅੱਜਕਲ੍ਹ ਚੈਨਲਾਂ 'ਤੇ, ਅਖ਼ਬਾਰਾਂ 'ਚ, ਇਹਦੀ ਖੂਬ ਇਸ਼ਤਿਹਾਰਬਾਜ਼ੀ ਹੈ ਕਿ ਐਕਸਟਰਾ ਮਾਲ ਕਮਾਉਣ ਲਈ ਮਿਊਚਅਲ ਫੰਡ 'ਚ ਪੈਸੇ ਲਾ ਦਿਓ, ਨਾਲੇ ਅੰਤ 'ਚ ਇਹ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਕਿ ਇਹ ਮਿਊਂਚਅਲ ਫੰਡ ਮਾਰਕੀਟ ਦੇ ਉੱਪਰ ਥੱਲੇ ਹੋਣ 'ਤੇ ਨਿਰਭਰ ਕਰਦੇ ਹਨ, ਪੈਸਾ ਲਾਉਣ ਤੋਂ ਪਹਿਲਾਂ ਇਹਦਾ ਪ੍ਰਾਸਪੈਕਟ ਚੰਗੀ ਤਰ੍ਹਾਂ ਗਹੁ ਨਾਲ ਪੜ੍ਹ ਲਓ।
ਸਟਾਕ ਮਾਰਕੀਟ, ਬਹੁਤ ਵੱਡਾ ਛਲਾਵਾ ਹੈ, ਇਹਨੂੰ ਆਮ ਸਰਲ ਭਾਸ਼ਾ 'ਚ 'ਅੰਕੜੇ' ਦਾ ਧੰਦਾ ਵੀ ਕਹਿੰਦੇ ਹਨ। ਸਾਫ਼ ਹੈ...
ਆਂਕੜੇ ਕਾ ਧੰਦਾ
ਏਕ ਦਿਨ ਗਰਮ,
ਸੌ ਦਿਨ ਮੰਦਾ।
ਸਟਾਕ ਮਾਰਕੀਟ, ਸੈਸੈਂਕਸ ਜਦੋਂ ਡਿਗਦਾ ਹੈ ਤਾਂ ਸਮਝੋ ਸੁਨਾਮੀ ਆਈ, ਸਭ ਕੁਝ ਰੋੜ੍ਹ ਕੇ ਲੈ ਜਾਂਦੀ ਹੈ। ਅਸਲ 'ਚ ਸਟਾਕ ਮਾਰਕੀਟ 'ਚ ਨੌਜਵਾਨਾਂ ਨੂੰ ਬੜਾ ਸੋਚ-ਸਮਝ ਕੇ ਪੈਰ ਰੱਖਣਾ ਚਾਹੀਦਾ ਹੈ ਤੇ ਉਹ ਵਿਅਕਤੀ ਜਿਹੜੇ ਬਜ਼ੁਰਗ ਅਖਵਾਉਣ ਦੀ ਸਟੇਜ 'ਚ ਪੁੱਜ ਗਏ ਹਨ, ਉਨ੍ਹਾਂ ਲਈ ਸਭ ਤੋਂ ਅੱਛਾ ਹੈ, ਸਰਕਾਰੀ ਬੈਂਕਾਂ 'ਚ ਫਿਕਸਡ ਡਿਪਾਜ਼ਿਟ ਕਰਾਉਣਾ। ਵਰਨਾ ਲਾਲਚ ਬੁਰੀ ਬਲਾ ਹੈ, ਸਮਝੋ ਪੈਸਾ ਹਵਾ ਹੈ।

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਰਿਸ਼ਤੇ ਕੱਚੇ ਕੋਠਿਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਵਾਰ-ਵਾਰ ਲਿਪਣਾ-ਪੋਚਣਾ ਪੈਂਦਾ ਹੈ।
* ਦਿਮਾਗ ਨਾਲ ਬਣੇ ਰਿਸ਼ਤੇ ਬਾਜ਼ਾਰ ਤੱਕ ਚਲਦੇ ਹਨ ਪਰ ਪਿਆਰ ਨਾਲ ਬਣੇ ਰਿਸ਼ਤੇ ਸ਼ਮਸ਼ਾਨ ਤੱਕ ਚਲਦੇ ਹਨ।
* ਕੁਝ ਝੁਕਣ ਨਾਲ ਜੇਕਰ ਰਿਸ਼ਤਾ ਡੂੰਘਾ ਹੁੰਦਾ ਹੈ ਤਾਂ ਝੁਕ ਜਾਓ ਪਰ ਹਰ ਵਾਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ।
* ਰਿਸ਼ਤਿਆਂ ਦੀ ਉੱਚਤਾ ਨੂੰ ਸਮਝ ਕੇ ਸਾਨੂੰ ਆਪਣੇ ਹਰੇਕ ਰਿਸ਼ਤੇਦਾਰ ਨਾਲ ਵਰਤਣਾ ਚਾਹੀਦਾ ਹੈ। ਕਿਸੇ ਵੀ ਰਿਸ਼ਤੇਦਾਰ ਦੇ ਘਰੇਲੂ ਮਾਮਲੇ ਵਿਚ ਆਪਣੀ ਟੰਗ ਨਾ ਫਸਾਓ ਨਹੀਂ ਤਾਂ ਤੁਹਾਡੇ ਰਿਸ਼ਤੇ ਖਰਾਬ ਹੋ ਸਕਦੇ ਹਨ।
* ਰਿਸ਼ਤੇਦਾਰ ਦੇ ਕਿਸੇ ਵੀ ਗਮਗੀਨ ਮਾਹੌਲ ਵਿਚ ਜ਼ਰੂਰ ਸ਼ਾਮਿਲ ਹੋਵੋ ਤੇ ਉਸ ਦਾ ਦੁੱਖ-ਦਰਦ ਵੰਡਾਵੋ ਜਿਥੇ ਤੁਹਾਡੀ ਘਾਟ ਉਨ੍ਹਾਂ ਨੂੰ ਬਹੁਤ ਰੜਕਦੀ ਹੈ।
* ਰਿਸ਼ਤਿਆਂ ਦਾ ਸਭ ਤੋਂ ਵੱਡਾ ਇਮਤਿਹਾਨ ਉਹ ਹੁੰਦਾ ਹੈ ਕਿ ਅਸਹਿਮਤ ਵੀ ਹੋਵੋ ਅਤੇ ਹੱਥ ਵੀ ਨਾ ਛੱਡੋ।
* ਹਰ ਮਜ਼ਬੂਤ ਰਿਸ਼ਤੇ ਦੀ ਸਫ਼ਲਤਾ ਦਾ ਇਕ ਹੀ ਮੂਲਮੰਤਰ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਸਹਾਰਾ ਦੇਣਾ ਹੈ ਅਤੇ ਕਦੋਂ ਦਖਲ ਨਹੀਂ ਦੇਣਾ ਹੈ।
* ਜਿਸ ਤਰ੍ਹਾਂ ਮਾਲਾ ਦੀ ਡੋਰੀ ਟੁੱਟਣ ਕਾਰਨ ਮਣਕੇ ਵੱਖ-ਵੱਖ ਹੋ ਜਾਂਦੇ ਹਨ, ਉਸ ਤਰ੍ਹਾਂ ਹੀ ਰਿਸ਼ਤਿਆਂ ਵਿਚਲਾ ਵਿਸ਼ਵਾਸ ਖਤਮ ਹੋਣ ਕਾਰਨ ਸਾਰੇ ਰਿਸ਼ਤਿਆਂ ਵਿਚ ਕੁੜੱਤਣ ਭਰ ਜਾਂਦੀ ਹੈ। ਰਿਸ਼ਤਿਆਂ ਵਿਚ ਸ਼ਿਕਾਇਤਾਂ, ਇਲਜ਼ਾਮ ਜਿੰਨੇ ਘੱਟ ਤੋਂ ਘੱਟ ਹੋਣ ਰਿਸ਼ਤੇ ਓਨੇ ਚੰਗੇ ਨਿਭਦੇ ਹਨ।
* ਨਾ ਜਾਣੇ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭੁਲੇਖੇ (ਭਰਮ) ਨੇ ਕਿ ਮੈਂ ਹੀ ਸਹੀ ਹਾਂ ਅਤੇ ਸਿਰਫ਼ ਮੈਂ ਹੀ ਸਹੀ ਹਾਂ।
* ਸਿਲਾਈ ਮਸ਼ੀਨ ਵਿਚ ਧਾਗਾ ਨਾ ਪਾਉਣ 'ਤੇ ਉਹ ਚਲਦੀ ਤਾਂ ਹੈ ਪਰ ਸਿਲਾਈ ਕੁਝ ਵੀ ਨਹੀਂ ਕਰਦੀ। ਉਸੇ ਤਰ੍ਹਾਂ ਜੇਕਰ ਰਿਸ਼ਤਿਆਂ ਵਿਚ ਪਿਆਰ ਨਹੀਂ ਪਾਓਗੇ ਤਾਂ ਜ਼ਿੰਦਗੀ ਚੱਲੇਗੀ ਤਾਂ ਜ਼ਰੂਰ, ਪਰ ਰਿਸ਼ਤਿਆਂ ਨੂੰ ਜੋੜ ਨਹੀਂ ਸਕੇਗੀ।
* ਸ਼ੀਸ਼ਾ ਅਤੇ ਰਿਸ਼ਤਾ ਦੋਵੇਂ ਨਾਜ਼ੁਕ ਹੁੰਦੇ ਹਨ ਪਰ ਦੋਵਾਂ ਵਿਚ ਫਰਕ ਸਿਰਫ਼ ਇਹ ਹੈ ਕਿ ਸ਼ੀਸ਼ਾ ਗ਼ਲਤੀ ਨਾ ਟੁੱਟ ਜਾਂਦਾ ਹੈ ਅਤੇ ਰਿਸ਼ਤਾ ਗ਼ਲਤ ਫਹਿਮੀ ਨਾਲ।
* ਜੇ ਉਹ ਯਾਦ ਨਹੀਂ ਕਰਦੇ ਤਾਂ ਤੁਸੀਂ ਕਰ ਲਓ। ਰਿਸ਼ਤੇ ਨਿਭਾਉਣ ਵੇਲੇ ਮੁਕਾਬਲਾ ਨਹੀਂ ਕੀਤਾ ਜਾਂਦਾ।
* ਰਿਸ਼ਤਿਆਂ ਦੀ ਸਿਲਾਈ ਜੇ ਭਾਵਨਾਵਾਂ ਨਾਲ ਹੋਈ ਹੈ ਤਾਂ ਟੁੱਟਣੇ ਮੁਸ਼ਕਿਲ ਹਨ। ਜੇ ਸਵਾਰਥ ਨਾਲ ਹੋਈ ਹੈ ਤਾਂ ਟਿਕਣੇ ਮੁਸ਼ਕਿਲ ਹਨ।
* ਸਵਾਦ ਤੇ ਵਿਵਾਦ ਦੋਵਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਸਵਾਦ ਛੱਡੋ ਤਾਂ ਸਰੀਰ ਨੂੰ ਫਾਇਦਾ ਤੇ ਜੇ ਵਿਵਾਦ ਛੱਡੋ ਤਾਂ ਰਿਸ਼ਤਿਆਂ ਨੂੰ ਫਾਇਦਾ ਹੈ।
* ਮਨ ਅਜਿਹਾ ਰੱਖੋ ਕਿ ਕਿਸੇ ਨੂੰ ਮਾੜਾ ਨਾ ਲੱਗੇ। ਦਿਲ ਅਜਿਹਾ ਰੱਖੋ ਕਿ ਕਿਸੇ ਨੂੰ ਦੁਖੀ ਨਾ ਕਰੇ। ਸਪਰਸ਼ (ਛੋਹ) ਅਜਿਹਾ ਕਰੋ ਕਿ ਕਿਸੇ ਨੂੰ ਦਰਦ ਨਾ ਹੋਵੇ। ਰਿਸ਼ਤਾ ਅਜਿਹਾ ਰੱਖੋ ਕਿ ਉਸ ਦਾ ਅੰਤ ਨਾ ਹੋਵੇ।
* ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
* ਦੂਜਿਆਂ ਦੀਆਂ ਭਾਵਨਾਵਾਂ ਅਤੇ ਜਜ਼ਬੇ ਨੂੰ ਸਮਝਣਾ ਵੀ ਇਕ ਸਲੀਕਾ ਹੈ ਅਤੇ ਜਿਹੜੇ ਲੋਕ ਇਸ ਸਲੀਕੇ ਤੋਂ ਅਨਜਾਣ ਹੁੰਦੇ ਹਨ, ਉਹ ਕਿਸੇ ਨਾਲ ਵੀ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦੇ।
* ਜਿਸ ਰਿਸ਼ਤੇ ਦੇ ਆਧਾਰ ਵਿਚ ਯਕੀਨ ਨਹੀਂ, ਉਸ ਰਿਸ਼ਤੇ ਦਾ ਸੁੱਖ ਅਸੀਂ ਕਦੇ ਵੀ ਮਾਣ ਨਹੀਂ ਸਕਦੇ।
* ਅਵਿਸ਼ਵਾਸ ਪੀਡੇ (ਡੂੰਘੇ, ਨਜ਼ਦੀਕੀ ਤੇ ਖੂਨੀ) ਰਿਸ਼ਤਿਆਂ ਦੀ ਬੁਨਿਆਦ ਵੀ ਹਿਲਾ ਦਿੰਦਾ ਹੈ।
* ਜੋ ਦਿਲ ਵਿਚ ਸ਼ਿਕਵੇ ਤੇ ਜ਼ਬਾਨ 'ਤੇ ਸ਼ਿਕਾਇਤ ਘੱਟ ਰੱਖਦੇ ਹਨ, ਉਹ ਲੋਕ ਹਰ ਰਿਸ਼ਤਾ ਨਿਭਾਉਣ ਦਾ ਦਮ ਰੱਖਦੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ

ਗਿਣਤੀ ਸਾਨੂੰ ਵੀ ਆਉਂਦੀ ਏ

ਇਕ ਵਾਰ ਮੌਲਾਨਾ ਜ਼ਫ਼ਰ ਅਲੀ ਦੇ ਦਿਮਾਗ ਵਿਚ ਇਹ ਖਿਆਲ ਆਇਆ ਕਿ ਜੇਕਰ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਕ-ਇਕ ਰੁਪਿਆ ਚੰਦਾ ਦੇਣ ਤਾਂ ਕਰੋੜਾਂ ਰੁਪਏ ਜਮ੍ਹਾਂ ਹੋ ਸਕਦੇ ਹਨ, ਜਿਸ ਨਾਲ ਇਕ ਬਹੁਤ ਸੁੰਦਰ ਅਤੇ ਦਿਲਕਸ਼ ਮਸਜਿਦ ਬਣਾਈ ਜਾ ਸਕਦੀ ਹੈ। ਉਨ੍ਹਾਂ ਆਪਣੇ ਇਸ ਖਿਆਲ ਦੀ ਸਾਂਝ ਕਈ ਪੜ੍ਹੇ-ਲਿਖੇ ਮੁਸਲਿਮ ਭਰਾਵਾਂ ਨਾਲ ਪਾਈ ਤਾਂ ਪੂਰਾ ਇਕ ਗਰੁੱਪ ਇਸ ਕਾਰਜ ਲਈ ਤਿਆਰ ਹੋ ਗਿਆ। ਉਨ੍ਹਾਂ ਘਰ-ਘਰ ਜਾ ਕੇ ਮਸਜਿਦ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਿਲਸਿਲੇ ਵਿਚ ਉਹ ਇਕ ਭੰਡ ਦੇ ਘਰ ਵੀ ਗਏ ਅਤੇ ਭੰਡ ਅਤੇ ਉਸ ਦੀ ਪਤਨੀ ਨੂੰ ਚੰਦਾ ਦੇਣ ਬਾਰੇ ਕਿਹਾ। ਇਹ ਸੁਣ ਕੇ ਚੰਦਾ ਮਸਜਿਦ ਬਣਾਉਣ ਲਈ ਮੰਗਦੇ ਨੇ, ਭੰਡ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ, 'ਲਿਖ ਲੌ ਪੰਜ ਰੁਪਏ।' ਮੌਲਾਨਾ ਰਸੀਦ ਬੁੱਕ 'ਤੇ ਲਿਖਣ ਹੀ ਵਾਲੇ ਸਨ ਕਿ ਭੰਡ ਦੀ ਪਤਨੀ ਬੋਲੀ, 'ਵਾਹ ਮੀਯਾਂ, ਖ਼ੁਦਾ ਦੇ ਘਰ ਦੀ ਉਸਾਰੀ ਹੋਣੀ ਏ ਤੇ ਤੁਸੀਂ ਦੇ ਰਹੋ ਹੋ ਪੰਜ ਰੁਪਏ। ਇਹ ਠੀਕ ਨਹੀਂ, ਚੋਖੀ ਰਕਮ ਲਿਖਵਾਓ।'
ਭੰਡ ਨੇ ਮੂੰਹ ਫੈਲਾ ਕੇ ਕਿਹਾ, 'ਦਸ ਰੁਪਏ ਲਿਖ ਲੌ ਮੌਲਾਨਾ।' ਇਹ ਸੁਣ ਕੇ ਪਤਨੀ ਨੇ ਉੱਚੀ ਆਵਾਜ਼ ਵਿਚ ਕਿਹਾ,'ਨਾ ਮੀਆਂ ਦਸ ਰੁਪਏ ਕੋਈ ਚੰਦਾ ਹੁੰਦਾ ਏ।' ਭੰਡ ਨੇ ਝੱਟ ਕਿਹਾ, 'ਪੰਦਰਾਂ ਰੁਪਏ ਲਿਖ ਲੌ।' ਇਹ ਸੁਣ ਕੇ ਭੰਡ ਦੀ ਪਤਨੀ ਬੋਲੀ, 'ਮੀਆਂ ਕਿਉਂ ਸ਼ਰਮਿੰਦਾ ਕਰਦੇ ਪਏ ਹੋ, ਪੰਦਰਾਂ ਰੁਪਏ ਭਲਾ ਕੀ ਹੁੰਦੇ ਨੇ।'
ਭੰਡ ਵੀਹ, ਤੀਹ, ਚਾਲੀ ਅਤੇ ਫਿਰ ਪੰਜਾਹ 'ਤੇ ਪਹੁੰਚ ਗਿਆ। ਮੌਲਾਨਾ ਕਾਫ਼ੀ ਬੋਰ ਹੋ ਚੁੱਕਿਆ ਸੀ, ਉਸ ਨੇ ਕਿਹਾ, 'ਬਈ ਜਿੰਨੀ ਰਕਮ ਦੇਣੀ ਜੇ ਓਨੀ ਲਿਖਵਾ ਦਿਓ।' ਇਹ ਸੁਣ ਕੇ ਉਨ੍ਹਾਂ ਬੜੀ ਸਾਦਗੀ ਨਾਲ ਜਵਾਬ ਦਿੱਤਾ, 'ਮੌਲਾਨਾ, ਅਸੀਂ ਗ਼ਰੀਬ ਹਾਂ ਸਾਡੇ ਕੋਲ ਤਾਂ ਖਾਣ ਲਈ ਰੋਟੀ ਵੀ ਨਹੀਂ, ਅਸੀਂ ਚੰਦਾ ਕੀ ਦੇਣਾ ਹੈ? ਹਾਂ ਅਸਾਂ ਏਨਾ ਤਾਂ ਸਾਬਤ ਕਰ ਦਿੱਤਾ ਹੈ ਕਿ ਗਿਣਤੀ ਸਾਨੂੰ ਵੀ ਆਉਂਦੀ ਹੈ।'


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਜ਼ਿੰਦਗੀ ਚੁਣੌਤੀ ਵੀ ਹੈ ਤੇ ਸਮੱਸਿਆ ਵੀ

ਜਦੋਂ ਮੈਂ ਹਾਈ ਸਕੂਲ ਦੀ ਹੈੱਡਮਿਸਟ੍ਰੇਸ ਤੋਂ ਪ੍ਰਮੋਟ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਬਣ ਕੇ ਉਸੇ ਸ਼ਹਿਰ ਵਿਚ ਗਈ ਤਾਂ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀਂ ਸੀ। ਇਹ ਇਕ ਬਹੁਤ ਵੱਡੀ ਪ੍ਰਾਪਤੀ ਸੀ। ਨਾਲੇ ਪ੍ਰਮੋਸ਼ਨ ਤੇ ਨਾਲੇ ਉਸੇ ਸ਼ਹਿਰ ਵਿਚ ਹੀ ਐਡਜਸਟ ਹੋ ਜਾਣਾ। ਪੁਰਾਣੇ ਸਕੂਲ ਦੇ ਕਾਫ਼ੀ ਸਾਰੇ ਟੀਚਰ ਤੇ ਕਲਰਕ ਮੈਨੂੰ ਨਵੇਂ ਸਕੂਲ ਦੀ ਕੁਰਸੀ 'ਤੇ ਬਿਠਾਉਣ ਲਈ ਆਏ, ਸਕੂਲ ਘਰ ਦੇ ਨੇੜੇ ਹੀ ਸੀ। ਪਰ ਥੋੜ੍ਹੇ ਦਿਨਾਂ ਬਾਅਦ ਹੀ ਨਵੇਂ ਸਕੂਲ ਦਾ ਸਾਰਾ ਨਸ਼ਾ ਉੱਤਰ ਗਿਆ। ਸਕੂਲ ਦਾ ਤਾਂ ਰੰਗ-ਢੰਗ ਹੀ ਨਿਰਾਲਾ ਸੀ, ਬਿਲਡਿੰਗ ਹੀ ਬਹੁਤ ਵੱਡੀ ਸੀ। ਕਈ ਏਕੜ ਵਿਚ ਫੈਲੀ ਹੋਈ ਸੀ। ਅਸਲ ਵਿਚ ਪਹਿਲਾਂ ਇਹ ਪ੍ਰਾਈਵੇਟ ਸਕੂਲ ਹੁੰਦਾ ਸੀ, ਫਿਰ ਸਰਕਾਰ ਨੇ ਇਸ ਨੂੰ ਟੇਕਓਵਰ ਕਰ ਲਿਆ। ਇਸ ਦਾ ਉਰਲਾ ਵਿੰਗ ਹੀ ਕੰਮ ਵਿਚ ਆਉਂਦਾ ਸੀ, ਪਰਲੇ ਪਾਸੇ ਦੇ ਸਾਰੇ ਕਮਰੇ ਵਿਹਲੇ ਪਏ ਸਨ ਤੇ ਦੇਖਭਾਲ ਨਾ ਕਰਨ ਕਰਕੇ ਡਿਗਣ-ਡਿਗਣ ਨੂੰ ਹੋ ਰਹੇ ਸਨ। ਬੱਚੇ ਉਨ੍ਹਾਂ ਵਿਚ ਜਾ ਕੇ ਛਿਪ ਜਾਂਦੇ ਤੇ ਕਲਾਸਾਂ ਮਿਸ ਕਰਦੇ। ਗੇਟ 'ਤੇ ਕੋਈ ਰੋਕਣ-ਟੋਕਣ ਵਾਲਾ ਨਹੀਂ ਸੀ, ਜਿਸ ਦਾ ਜੀਅ ਕਰਦਾ ਬਾਹਰ ਚਲਾ ਜਾਂਦਾ। ਟੀਚਰਾਂ ਵਿਚ ਬੜਾ ਭਾਈਚਾਰਾ ਸੀ। ਸਭ ਨੇ ਆਪਣੀ ਮਰਜ਼ੀ ਦਾ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਸੀ। ਹਰ ਇਕ ਨੇ ਆਪਣੇ ਤਿੰਨ-ਤਿੰਨ ਪੀਰੀਅਡ ਖਾਲੀ ਰੱਖੇ ਹੋਏ ਸਨ ਤੇ ਉਨ੍ਹਾਂ ਵਿਚ ਆਪਣੇ ਘਰ ਜਾ ਕੇ ਟਿਊਸ਼ਨਾਂ ਪੜ੍ਹਾ ਆਉਂਦੇ। ਸਕੂਲ ਬਾਜ਼ਾਰ ਵਿਚ ਹੋਣ ਕਰਕੇ ਲੇਡੀਜ਼ ਸ਼ਾਪਿੰਗ ਕਰਨ ਚਲੇ ਜਾਂਦੀਆਂ। ਹੋਰ ਤਾਂ ਹੋਰ ਸਕੂਲ ਦਾ ਮਾਲੀ ਹੀ ਪ੍ਰਧਾਨ ਬਣਿਆ ਹੋਇਆ ਸੀ। ਸਭ ਤੋਂ ਪੁਰਾਣਾ ਕਰਮਚਾਰੀ ਹੋਣ ਕਰਕੇ ਉਹ ਸਭ ਦੀਆਂ ਕਮਜ਼ੋਰੀਆਂ ਜਾਣਦਾ ਸੀ, ਇਸ ਕਰਕੇ ਹਰ ਕੋਈ ਉਸ ਤੋਂ ਡਰਦਾ ਸੀ, ਉਹ ਸਕੂਲ ਦਾ ਕੋਈ ਕੰਮ ਨਹੀਂ ਸੀ ਕਰਦਾ, ਸਿਵਾਏ ਚੌਧਰ ਦੇ। ਬੱਚਿਆਂ ਨੂੰ ਬਾਹਰ ਜਾਣ ਤੋਂ ਕੋਈ ਰੋਕਦਾ ਹੀ ਨਹੀਂ ਸੀ। ਮੈਂ ਜਿਸ ਸਕੂਲ ਤੋਂ ਆਈ ਸਾਂ ਉਹ ਬਹੁਤ ਹੀ ਡਿਸਿਪਲਿੰਡ ਸਕੂਲ ਸੀ, ਉਥੋਂ ਦੇ ਰਿਜ਼ਲਟ ਵੀ ਹਰ ਸਾਲ ਪਲੱਸ ਵਿਚ ਆਉਂਦੇ ਸਨ ਤੇ ਇਥੇ ਹਰ ਸਾਲ ਰਿਜ਼ਲਟ ਨੈਗੇਟਿਵ। ਜਦ ਮੈਂ ਪਹਿਲੀ ਵਾਰ ਡੀ.ਈ.ਓ. ਸਾਹਿਬ ਦੀ ਮਾਸਿਕ ਬੈਠਕ ਅਟੈਂਡ ਕੀਤੀ ਤਾਂ ਉਨ੍ਹਾਂ ਨੇ ਬੜੀ ਹਿਕਾਰਤ ਨਾਲ ਮੇਰੇ ਵੱਲ ਦੇਖਿਆ ਤੇ ਬੋਲੇ, 'ਆਪ ਤੋ ਮੈਡਮ ਬੈਠ ਹੀ ਜਾਓ, ਆਪ ਕਾ ਸਕੂਲ ਤੋ ਪਹਿਲੇ ਹੀ ਮਾਈਨਸ ਪਰ ਟਿਕਾ ਹੂਆ ਹੈ।' ਸੁਣ ਕੇ ਬੜਾ ਦੁੱਖ ਹੋਇਆ, ਸਮਝ ਨਾ ਆਏ ਕੀ ਕਰਾਂ। ਸਕੂਲ ਜਾਣ ਨੂੰ ਵੀ ਜੀ ਨਾ ਕਰੇ।
ਮੈਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ। ਉਹ ਪੁਰਾਣੇ ਅਨੁਭਵੀ ਅਧਿਆਪਕ ਸਨ। ਉਨ੍ਹਾਂ ਨੇ ਮੈਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਸਭ ਤੋਂ ਪਹਿਲਾਂ ਸਕੂਲ ਦਾ ਟਾਈਮ ਟੇਬਲ ਬਦਲਿਆ। ਮਾਲੀ ਨੂੰ ਪੱਕੀ ਤੌਰ 'ਤੇ ਹੀ ਰਜਿਸਟਰ ਦੇ ਕੇ ਗੇਟ 'ਤੇ ਬਿਠਾ ਦਿੱਤਾ ਤੇ ਉਹ ਹਰ ਆਉਣ-ਜਾਣ ਵਾਲੇ ਦੇ ਟਾਈਮ ਦੀ ਐਂਟਰੀ ਕਰਦਾ। ਬਿਨਾਂ ਮੇਰੀ ਆਗਿਆ ਦੇ ਕਿਸੇ ਨੂੰ ਬਾਹਰ ਜਾਣ ਨਾ ਦਿੰਦਾ। ਇਕ ਚਪੜਾਸੀ ਨੂੰ ਪੂਰੇ ਦਿਨ ਲਈ ਖਾਲੀ ਕਮਰਿਆਂ ਵੱਲ ਬਿਠਾ ਦਿੱਤਾ, ਮੇਰਾ ਇਕ ਪੁਰਾਣਾ ਸਟੂਡੈਂਟ ਪੁਲਿਸ ਵਿਚ ਸੀ। ਉਹ ਵੀ ਗਾਹੇ-ਬਗਾਹੇ ਸਕੂਲ ਦੇ ਚੱਕਰ ਲਾਉਣ ਲੱਗ ਪਿਆ। ਗੱਲ ਕੀ ਆਉਣ ਵਾਲੇ ਅਗਲੇ ਚਾਰ ਪੰਜ ਮਹੀਨਿਆਂ ਵਿਚ ਸਭ ਕੁਝ ਠੀਕ ਹੋ ਗਿਆ। ਰਿਜ਼ਲਟ ਵੀ ਅਗਲੇ ਸਾਲ ਪਲੱਸ ਵਿਚ ਆ ਗਏ ਤੇ ਸਾਡੇ ਸਕੂਲ ਦਾ ਨਾਂਅ ਚੰਗੇ-ਚੰਗੇ ਸਕੂਲਾਂ ਵਿਚ ਗਿਣਿਆ ਜਾਣ ਲੱਗ ਪਿਆ।
ਸਕੂਲ ਦਾ ਨਾਂਅ ਚਮਕਣ ਕਰਕੇ ਬਹੁਤ ਸਾਰੇ ਬੱਚੇ ਦੂਜੇ ਸਕੂਲਾਂ ਤੋਂ ਆਪਣੇ ਸਰਟੀਫਿਕੇਟ ਲੈ ਕੇ ਸਾਡੇ ਸਕੂਲ ਵਿਚ ਦਾਖ਼ਲ ਹੋ 'ਗੇ। ਇਕ ਦਿਨ ਤਿੰਨ ਚਾਰ ਬਲਾਈਂਡ ਮੁੰਡੇ ਇਕ-ਦੂਜੇ ਦਾ ਹੱਥ ਫੜੀ ਦਾਖ਼ਲ ਹੋਣ ਲਈ ਆ ਗਏ। ਸਟਾਫ਼ ਮੈਂਬਰਾਂ ਨੇ ਦੇਖਿਆ ਤਾਂ ਸਭ ਨੇ ਇਕਮੁੱਠ ਹੋ ਕੇ ਉਨ੍ਹਾਂ ਨੂੰ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ। ਜਦ ਮੈਂ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ, 'ਮੈਡਮ ਇਹ ਬਲਾਈਂਡ ਬੱਚੇ ਬਹੁਤ ਤੰਗ ਕਰਦੇ ਨੇ, ਬੜੇ ਜ਼ਿੱਦੀ ਹੁੰਦੇ ਨੇ, ਕਿਸੇ ਦਾ ਕਹਿਣਾ ਨਹੀਂ ਮੰਨਦੇ। ਸਕੂਲ ਦਾ ਕੋਈ ਕਾਇਦਾ-ਕਾਨੂੰਨ ਨਹੀਂ ਨਿਭਾਉਂਦੇ। ਇਨ੍ਹਾਂ ਨੂੰ ਦੇਖ ਕੇ ਸਕੂਲ ਦੇ ਬਾਕੀ ਬੱਚੇ ਵੀ ਵਿਗੜਦੇ ਹਨ। ਅਸੀਂ ਪਹਿਲਾਂ ਹੀ ਇਨ੍ਹਾਂ ਦਾ ਇਹ ਤਜਰਬਾ ਕਰਕੇ ਦੇਖ ਚੁੱਕੇ ਹਾਂ।' ਮੈਂ ਬੜੀ ਹੈਰਾਨ ਹੋਈ। ਮੈਨੂੰ ਤਾਂ ਉਹ ਇਕਦਮ ਚੰਗੇ-ਭਲੇ ਲੱਗੇ। ਇਕ ਅੱਖਾਂ ਦੀ ਕਮੀ ਸੀ। ਬਾਕੀ ਉਹ ਬਿਲਕੁਲ ਨਾਰਮਲ ਸਨ, ਪਰ ਮੈਂ ਉਨ੍ਹਾਂ ਨੂੰ ਦਾਖ਼ਲ ਕਰਕੇ ਆਪਣੇ ਸਟਾਫ਼ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਸੋ, ਮੈਂ ਉਨ੍ਹਾਂ ਬੱਚਿਆਂ ਨੂੰ ਅਗਲੇ ਹਫ਼ਤੇ ਆਉਣ ਲਈ ਕਹਿ ਦਿੱਤਾ।
ਅਗਲੇ 4-5 ਦਿਨਾਂ ਵਿਚ ਮੈਂ ਪੁੱਛ-ਪੜਤਾਲ ਕੀਤੀ ਤੇ ਉਨ੍ਹਾਂ ਅਪੰਗ ਬੱਚਿਆਂ ਦੀ ਬਾਬਤ ਪੂਰੀ ਜਾਣਕਾਰੀ ਹਾਸਲ ਕੀਤੀ। ਪਤਾ ਲੱਗਿਆ ਕਿ ਵੈਸੇ ਤਾਂ ਇਹ ਬੱਚੇ ਠੀਕ-ਠਾਕ ਹੀ ਰਹਿੰਦੇ ਹਨ, ਸ਼ਰਾਰਤਾਂ ਵੀ ਨਹੀਂ ਕਰਦੇ ਪਰ ਵਿਚੋਂ ਕਈ ਵਾਰ ਕੋਈ ਬੱਚਾ ਅਜਿਹਾ ਨਿਕਲ ਆਉਂਦਾ ਹੈ, ਜੋ ਉਹ ਬਾਕੀ ਬੱਚਿਆਂ ਨੂੰ ਵੀ ਆਪਣੇ ਮਗਰ ਲਾ ਲੈਂਦਾ ਹੈ ਤੇ ਆਪਣੇ ਅਪੰਗ ਹੋਣ ਦੀ ਕਮੀ ਦਾ ਵਾਸਤਾ ਦੇ ਕੇ ਉਨ੍ਹਾਂ ਦੀ ਹਮਦਰਦੀ ਜਿੱਤ ਲੈਂਦਾ ਹੈ ਤੇ ਫੇਰ ਸਾਰੇ ਮਿਲ ਕੇ ਟੀਚਰਾਂ ਲਈ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਸੋ, ਉਨ੍ਹਾਂ ਨੂੰ ਪੜ੍ਹਾਉਣ ਲਈ ਬੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਮੈਨੂੰ ਹਾਸਾ ਆ ਗਿਆ ਬਈ ਲੀਡਰਸ਼ਿਪ ਦੇ ਜਜ਼ਬੇ ਦਾ ਪੈਦਾ ਹੋਣਾ ਤਾਂ ਇਨਸਾਨੀ ਫਿਤਰਤ ਹੈ, ਫੇਰ ਚਾਹੇ ਉਹ ਇਨਸਾਨ ਬਲਾਈਂਡ ਹੈ ਜਾਂ ਚੰਗਾ ਭਲਾ, ਬਗ਼ਾਵਤ ਤਾਂ ਕੋਈ ਵੀ ਕਰ ਸਕਦਾ ਹੈ।
ਮੈਂ ਅਗਲੇ ਦਿਨ ਟੀਚਰਾਂ ਦੀ ਮੀਟਿੰਗ ਕੀਤੀ ਤੇ ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਸਮਝਾਈਆਂ ਤੇ ਉਨ੍ਹਾਂ ਸਭ ਦੀ ਸਹਿਮਤੀ ਨਾਲ ਉਨ੍ਹਾਂ ਬਲਾਈਂਡ ਬੱਚਿਆਂ ਨੂੰ ਦਾਖ਼ਲ ਕਰ ਲਿਆ ਤੇ ਉਨ੍ਹਾਂ ਦੀ ਦੇਖਾ-ਦੇਖੀ ਹੋਰ ਵੀ ਕਈ ਬੱਚੇ ਉਨ੍ਹਾਂ ਵਰਗੇ ਸਕੂਲ ਵਿਚ ਦਾਖਲ ਹੋ ਗਏ। ਇਸ ਤੋਂ ਬਾਅਦ ਦੋ ਕੁ ਮਹੀਨੇ ਬੜੇ ਸੋਹਣੇ ਲੰਘ ਗਏ ਤੇ ਸਕੂਲ ਦਾ ਕੰਮਕਾਰ ਵੀ ਵਧੀਆ ਚੱਲ ਰਿਹਾ ਸੀ। ਅਚਾਨਕ ਇਕ ਦਿਨ ਪਤਾ ਲੱਗਿਆ ਕਿ 11ਵੀਂ, 12ਵੀਂ ਦੇ ਬੱਚਿਆਂ ਨੇ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਹੈ। ਸਾਰੇ ਬਾਹਰ ਗਾਰਡਨ ਵਿਚ ਬੈਠੇ ਹਨ ਤੇ ਟੀਚਰਾਂ ਦੇ ਬੁਲਾਉਣ 'ਤੇ ਵੀ ਆਪਣੀਆਂ ਕਲਾਸਾਂ ਵਿਚ ਨਹੀਂ ਜਾ ਰਹੇ। ਮੈਂ ਹੈਰਾਨ ਹੋ ਗਈ ਤੇ ਟੀਚਰਾਂ ਦੀ ਭਵਿੱਖਬਾਣੀ ਸੱਚੀ ਹੁੰਦੀ ਜਾਪੀ। ਪਰ ਮੈਨੂੰ ਇਕਦਮ ਸਿੱਧਿਆਂ ਜਾ ਕੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਜਾਂ ਸਮਝਾਉਣ ਵਿਚ ਆਪਣੀ ਹੇਠੀ ਮਹਿਸੂਸ ਹੋਈ। ਸੋ, ਪਹਿਲਾਂ ਸੈਕਿੰਡ ਮਾ: ਤੇ ਫਿਰ ਡੀ.ਪੀ.ਈ. ਸਾਹਿਬ ਨੂੰ ਉਨ੍ਹਾਂ ਨੂੰ ਮਨਾਉਣ ਲਈ ਭੇਜਿਆ ਪਰ ਉਨ੍ਹਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਬੱਚੇ ਆਪਣੀ ਜ਼ਿੱਦ 'ਤੇ ਅੜੇ ਰਹੇ ਤੇ ਸਕੂਲ ਦੀ ਛੁੱਟੀ ਹੋਣ 'ਤੇ ਚੁੱਪ-ਚਾਪ ਆਪਣੇ ਘਰਾਂ ਨੂੰ ਚਲੇ ਗਏ। ਅਗਲਾ ਦਿਨ ਵੀ ਐਵੇਂ ਹੀ ਲੰਘ ਗਿਆ। ਅਖੀਰ ਮੈਂ ਸੋਚ-ਸੋਚ ਕੇ ਬਲਾਈਂਡ ਲੜਕੇ ਜਗਬੀਰ ਨੂੰ ਬੁਲਾਇਆ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99881-52523.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX