ਤਾਜਾ ਖ਼ਬਰਾਂ


ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਜਿੱਤ ਲਈ ਮਿਲਿਆ 231 ਦੌੜਾਂ ਦਾ ਟੀਚਾ
. . .  0 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਦੀ ਪੂਰੀ ਟੀਮ 230 ਦੌੜਾਂ 'ਤੇ ਆਊਟ
. . .  8 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਲੱਗਾ 9ਵਾਂ ਝਟਕਾ
. . .  11 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 47 ਓਵਰਾਂ ਤੋਂ ਬਾਅਦ ਆਸਟ੍ਰੇਲੀਆ 228/8
. . .  11 minutes ago
ਲਦਾਖ਼ 'ਚ ਆਇਆ ਬਰਫ਼ੀਲਾ ਤੂਫ਼ਾਨ, ਕਈ ਲੋਕ ਦੱਬੇ
. . .  17 minutes ago
ਸ੍ਰੀਨਗਰ, 18 ਜਨਵਰੀ- ਜੰਮੂ-ਕਸ਼ਮੀਰ 'ਚ ਲਦਾਖ਼ ਦੇ ਖਾਰਦੁੰਗ ਲਾ ਪਾਸ 'ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ 10 ਲੋਕਾਂ ਦੇ ਬਰਫ਼ ਹੇਠਾਂ ਦੱਬੇ ਜਾਣ ਦੀ ਸੂਚਨਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਫੌਜ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ...
ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਚੁੱਕੀ ਸਹੁੰ
. . .  20 minutes ago
ਨਵੀਂ ਦਿੱਲੀ, 18 ਜਨਵਰੀ- ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਅੱਜ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ। ਦੋਹਾਂ ਨੂੰ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਹੁੰ ਚੁਕਾਈ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 28 ਹੋ ਗਈ ਹੈ...
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ :40 ਓਵਰਾਂ ਤੋਂ ਬਾਅਦ ਆਸਟ੍ਰੇਲੀਆ 190/6
. . .  39 minutes ago
ਭਿਆਨਕ ਸੜਕ ਹਾਦਸੇ 'ਚ ਸਾਬਕਾ ਸਰਪੰਚ ਦੀ ਮੌਤ
. . .  53 minutes ago
ਟੱਲੇਵਾਲ, 18 ਜਨਵਰੀ (ਸੋਨੀ ਚੀਮਾ)- ਬਰਨਾਲਾ ਜ਼ਿਲ੍ਹੇ 'ਚ ਥਾਣਾ ਸਦਰ ਅਧੀਨ ਪੈਂਦੇ ਪਿੰਡ ਕੈਰੇ ਦੇ ਸਾਬਕਾ ਸਰਪੰਚ ਦੀ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸਾ ਲੰਘੀ ਰਾਤ...
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 163/6
. . .  about 1 hour ago
ਪੰਜਾਬ ਅੰਦਰ ਨਵੀਆਂ ਬਣ ਰਹੀਆਂ ਪਾਰਟੀਆਂ ਦਾ ਮਕਸਦ ਕਾਂਗਰਸ ਨੂੰ ਲਾਭ ਪਹੁੰਚਾਉਣਾ- ਮਜੀਠੀਆ
. . .  about 1 hour ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਪੁੱਜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਿਕਰਾਊਰ ਅਤੇ ਹਰਾਰ ਖੁਰਦ ਪਿੰਡਾਂ 'ਚ ਅਕਾਲੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨੌਜਵਾਨ ਸਿੱਖ ਪੀੜ੍ਹੀ

ਭਵਿੱਖ ਸਦਾ ਹੀ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ। ਭਵਿੱਖ ਦੀ ਚਿੰਤਾ ਨਾਲ ਵਰਤਮਾਨ ਵੀ ਸੁਧਰ ਜਾਂਦਾ ਹੈ ਤੇ ਭਵਿੱਖ ਵੀ ਬਣ ਜਾਂਦਾ ਹੈ। ਵਰਤਮਾਨ ਸੰਵਾਰਨ ਤੇ ਭਵਿੱਖ ਸੁਰੱਖਿਅਤ ਕਰਨ ਲਈ ਕੋਈ ਆਦਰਸ਼, ਕੋਈ ਸੇਧ ਜ਼ਰੂਰੀ ਹੁੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀਆਂ ਜੀਵਨ ਦੀਆਂ ਮੁਢਲੀਆਂ ਕਦਰਾਂ-ਕੀਮਤਾਂ ਨੂੰ ਵਿਸਾਰਦੀਆਂ ਵੇਖ ਕੇ ਪਰਿਪੱਕ ਪੀੜ੍ਹੀਆਂ ਦਾ ਦੁਖੀ ਹੋਣਾ ਸੁਭਾਵਿਕ ਹੈ। ਪੂਰੇ ਸੰਸਾਰ ਅੰਦਰ ਮਨੁੱਖੀ ਸਨਮਾਨ ਖਿੰਡਰ ਰਿਹਾ ਹੈ ਤੇ ਆਪਸੀ ਵਿਸ਼ਵਾਸ, ਪ੍ਰੇਮ, ਭਾਈਚਾਰਾ, ਸਿਦਕ ਤੇ ਸਬਰ ਦੁਰਲੱਭ ਹੋ ਗਿਆ ਹੈ। ਜੀਵਨ ਅੰਦਰ ਪਦਾਰਥਵਾਦ ਤੇ ਵਪਾਰਕ ਵ੍ਰਿਤੀ ਘਰ ਕਰ ਗਈ ਹੈ। ਧਰਮ, ਅਧਿਆਤਮ ਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਰਹੀ। ਸਿੱਖ ਕੌਮ ਵੀ ਇਹੋ ਜਿਹੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਸਿੱਖ ਨੌਜਵਾਨ ਅੱਜ ਗੁਰੂ-ਘਰ ਅੰਦਰ ਨਤਮਸਤਕ ਭਾਵੇਂ ਹੁੰਦੇ ਹੋਣ ਪਰ ਗੁਰੂ ਦੇ ਸਿੱਖ ਬਣੇ ਨਜ਼ਰ ਨਹੀਂ ਆਉਂਦੇ। ਜਿਸ ਕੌਮ ਦਾ ਜਨਮ ਹੀ ਧਰਮ ਨੂੰ ਬਚਾਉਣ ਲਈ ਹੋਇਆ ਸੀ, ਉਸ ਅੰਦਰ ਧਰਮ ਪ੍ਰਤੀ ਸਮਰਪਣ ਦਾ ਨਿਰੰਤਰ ਘਾਣ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੰਜ ਕੱਕਾਰ ਤਿਆਗ ਕੇ ਪੰਜ ਵਿਕਾਰ ਵਿਖਾਵਾ, ਨਸ਼ਾ, ਲੋਭ, ਕਾਮ ਤੇ ਧ੍ਰੋਹ ਧਾਰਨ ਕਰ ਲਏ ਗਏ ਹਨ। ਜਿਸ ਸਿੱਖ ਪੰਥ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ, ਪੂਰਨ ਪੂਰਿ ਰਹਿਆ ਬਿਖੁ ਮਾਰਿ' ਦੀ ਭਾਵਨਾ ਨਾਲ ਰੱਖੀ, ਉਸ ਦਾ ਮੁੜ ਬਿਖਾਂ ਦਾ ਸ਼ਿਕਾਰ ਹੋ ਜਾਣਾ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਗੁਰਸਿੱਖ ਦੇ ਜੀਵਨ ਦਾ ਸੱਖਣਾ ਹੋ ਜਾਣਾ ਹੈ।
ਪੂਰੀ ਸਿੱਖ ਕੌਮ ਖਾਸ ਕਰ ਨੌਜਵਾਨ ਪੀੜ੍ਹੀ ਦੇ ਜੀਵਨ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਚਿੱਤਰ, ਇਕ ਪੂਜਨੀਕ ਨਾਮ ਬਣੇ ਤਾਂ ਵਿਖਾਈ ਦਿੰਦੇ ਹਨ ਪਰ ਉਸ ਦੀ ਭਾਵਨਾ ਤੇ ਕਰਮ ਅੰਦਰ ਕਿਤੇ ਵੀ ਰੂਪਮਾਨ ਹੁੰਦੇ ਨਜ਼ਰ ਨਹੀਂ ਆ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਚਨ ਹੀ ਇਸ ਦਸ਼ਾ ਨੂੰ ਸਮਝਣ ਲਈ ਸਹਾਇਕ ਹਨ ਕਿ 'ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।' ਸਿੱਖ ਨੌਜਵਾਨ ਪੀੜ੍ਹੀ ਦਾ ਗੰਭੀਰ ਸੰਕਟ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉਸ ਦੇ ਵਿਕਾਰਾਂ ਦੀ ਕਾਲੀ ਅਮਾਵਸ ਦੀ ਰਾਤ ਅੰਦਰ ਕਿਧਰੇ ਛੁਪ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਗਿਆਨ ਤੇ ਸੁਚੱਜੇ ਆਚਾਰ ਦੇ ਸੂਰਜ ਹਨ। ਵਿਕਾਰਾਂ ਦੇ ਘੋਰ ਹਨੇਰੇ ਗੰਢ ਜੋੜ ਲੈਣ ਵਾਲੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਥ ਦੇ ਪਾਂਧੀ ਕਿਵੇਂ ਹੋ ਸਕਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖ ਦੀ ਕੂੜ ਅਵਸਥਾ 'ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ' ਨੂੰ ਸਹਿਜ ਅਵਸਥਾ 'ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ' ਵਿਚ ਬਦਲਣ ਦਾ ਮਿਸ਼ਨ ਆਰੰਭਿਆ। ਗੁਰੂ ਸਾਹਿਬ ਦੀ ਪ੍ਰੇਰਨਾ ਬਿਖ ਖਾਣਾ ਤਿਆਗ ਕੇ ਸਚ ਕਮਾਉਣ ਦੀ ਸੀ। ਗੁਰੂ ਸਾਹਿਬ ਨੇ ਭਟਕੀ ਹੋਈ ਮਨੁੱਖਤਾ 'ਚਲਣ ਸਾਰ ਨ ਜਾਣਨੀ ਕਾਮੁ ਕ੍ਰੋਧੁ ਵਿਸੁ ਵਧਾਇਆ' ਨੂੰ ਰਾਹ ਵਿਖਾਈ 'ਭਗਤ ਕਰਨ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ।' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨਾਲ ਭਰਪੂਰ, ਪਰਮਾਤਮਾ ਦੇ ਦਾਸ ਦੇ ਵੀ ਦਾਸ ਹੋਣ ਦੀ ਭਾਵਨਾ ਵਾਲੀ ਭਗਤੀ ਦੀ ਰਾਹ ਸੰਸਾਰ ਦੇ ਸਾਹਮਣੇ ਰੱਖੀ 'ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ।' ਇਹ ਭਾਵ ਭਗਤੀ ਹੀ ਜੀਵਨ ਰੌਸ਼ਨ ਕਰਨ ਵਾਲੀ ਭਗਤੀ ਹੈ 'ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ।'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਤੇ ਧਰਮ ਨੂੰ ਜੀਵਨ ਦਾ ਮਨੋਰਥ ਦੱਸਿਆ। ਸਚ ਤੇ ਧਰਮ ਨਾਲ ਹੀ ਜੀਵਨ ਚੱਲਦਾ ਹੈ ਤੇ ਪੰਥ ਸੌਖਾ ਹੋ ਜਾਂਦਾ ਹੈ।
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
ਨਾ ਸਰਵਰੁ ਨਾ ਉਛਲੈ ਐਸਾ ਪੰਥੁ ਸੁਹੇਲਾ॥ ੧॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥ ੧॥ ਰਹਾਉ॥
(ਅੰਗ ੭੨੯ )
ਅੱਜ ਕਿੰਨੇ ਸਿੱਖ ਨੌਜਵਾਨ ਹਨ, ਜੋ ਗੁਰੂ ਸਾਹਿਬ ਦੇ ਉਪਰੋਕਤ ਵਚਨਾਂ 'ਤੇ ਵਿਸ਼ਵਾਸ ਕਰ ਰਹੇ ਹਨ ਤੇ ਜਪ ਤਪ ਦਾ ਬੇੜਾ ਬੰਨ੍ਹਣ 'ਚ ਲੱਗੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ ਚਿੱਤਰ, ਇਕ ਪੂਜਨੀਕ ਨਾਮ ਦੀ ਅਵਧਾਰਨਾ ਦੇ ਦਾਇਰੇ ਨੂੰ ਤੋੜ ਕੇ ਬਾਹਰ ਆਉਣਾ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀ ਬਾਣੀ ਅੰਦਰ ਵੇਖਣ, ਭਰੋਸਾ ਕਰਨ ਤੇ ਵਿਉਹਾਰ ਅੰਦਰ ਧਾਰਨ ਕਰਨ ਦੀ ਜਾਚ ਸਿੱਖਣੀ ਪਵੇਗੀ। ਜੀਵਨ ਧਨ, ਦੌਲਤ ਨਾਲ ਪਾਰ ਨਹੀਂ ਹੁੰਦਾ। ਨਸ਼ਿਆਂ ਨਾਲ ਸੁਖਾਲਾ ਨਹੀਂ ਹੁੰਦਾ। ਘਰ-ਬਾਰ, ਪਰਿਵਾਰ ਛੱਡ ਕੇ ਪਰਦੇਸ ਚਲੇ ਜਾਣ ਨਾਲ ਨਹੀਂ ਸਰਦਾ। ਇਹ ਇਕ ਗੁਰਸਿੱਖ ਦੀ ਜੀਵਨ ਸ਼ੈਲੀ ਨਹੀਂ ਹੋ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਲਈ ਕਿਸੇ ਵੀ ਗੁਰਸਿੱਖ ਦੀ ਸ਼ਰਧਾ 'ਤੇ ਕੋਈ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਸ ਸ਼ਰਧਾ ਦੇ ਸਵਰੂਪ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ।
ਸਿੱਖ ਨੌਜਵਾਨਾਂ ਦਾ ਇਕ ਵੱਡਾ ਵਰਗ ਕੇਸ ਰਹਿਤ ਹੋ ਚੁੱਕਾ ਹੈ। ਘੱਟ ਗਿਣਤੀ ਵਰਗ ਕੇਸਧਾਰੀ ਹੈ। ਪਰ ਧਰਮ ਬਾਰੇ ਦੋਹਾਂ ਵਰਗਾਂ ਦੀ ਸੋਚ ਵਿਚ ਕੋਈ ਜ਼ਿਆਦਾ ਫਰਕ ਨਹੀਂ ਵਿਖਾਈ ਦਿੰਦਾ। ਧਰਮ ਬਾਰੇ ਇਨ੍ਹਾਂ ਦੀ ਸਮਝ ਗੁਰੂ ਸ਼ਬਦ ਅਨੁਸਾਰ ਨਹੀਂ, ਆਪਣੀ ਵਿਕਸਿਤ ਕੀਤੀ ਹੋਈ ਹੈ। ਨੌਜਵਾਨ ਪੀੜ੍ਹੀ ਹੀ ਨਹੀਂ, ਪੂਰੀ ਸਿੱਖ ਕੌਮ ਉਸੇ ਚੱਕਰਵਿਊ ਵਿਚ ਘਿਰ ਗਈ ਹੈ, ਜਿਸ ਤੋਂ ਬਾਹਰ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਦੋ ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਲਾ ਪੂਰੇ ਸੰਸਾਰ ਦੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਕਠਿਨ ਤੋਂ ਕਠਿਨ ਰਸਤਿਆਂ, ਬੀਹੜ ਜੰਗਲਾਂ ਦੀ ਪ੍ਰਵਾਹ ਨਹੀਂ ਕੀਤੀ। ਉੱਚੀਆਂ ਤੋਂ ਉੱਚੀਆਂ ਪਰਬਤ ਚੋਟੀਆਂ 'ਤੇ ਚੜ੍ਹੇ, ਸਮੁੰਦਰ ਵੀ ਪਾਰ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਭਰਮਾਂ, ਅੰਧ-ਵਿਸ਼ਵਾਸ, ਜਬਰ-ਜ਼ੁਲਮ ਦੀਆਂ ਤਾਕਤਾਂ ਨਾਲ ਟਾਕਰਾ ਲਿਆ। ਗੁਰੂ ਸਾਹਿਬ ਨੇ ਆਪਣੀ ਸੋਚ ਬੜੀ ਨਿਰਭੈਤਾ ਨਾਲ ਸਾਹਮਣੇ ਰੱਖੀ। ਗੁਰੂ ਸਾਹਿਬ ਦੀ ਸੋਚ ਦੀ ਤਾਕਤ ਵੇਖ ਕੇ ਪੂਰਾ ਸੰਸਾਰ ਹੈਰਾਨ ਰਹਿ ਗਿਆ। ਗੁਰੂ ਸਾਹਿਬ ਅਜਿਹੇ ਵਿਰਲੇ ਮਹਾਂਪੁਰਖ ਸਨ, ਜੋ ਆਪਣੇ ਜੀਵਨ ਕਾਲ ਵਿਚ ਹੀ ਕਰੋੜਾਂ ਲੋਕਾਂ ਦੇ ਨਾਇਕ ਤੇ ਆਦਰਸ਼ ਬਣ ਗਏ ਸਨ। ਲੋਕ ਸਦੀਆਂ ਤੋਂ ਕਾਇਮ ਰੀਤੀਆਂ, ਪਰੰਪਰਾਵਾਂ ਤਿਆਗ ਕੇ ਗੁਰੂ ਸਾਹਿਬ ਦੇ ਸਿੱਖ ਬਣ ਗਏ। ਕੀ ਅੱਜ ਦੀ ਨੌਜਵਾਨ ਪੀੜ੍ਹੀ ਨੇ ਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਅਦੁੱਤੀ ਕਰਾਮਾਤ ਬਾਰੇ ਵਿਚਾਰ ਕੇ ਉਸ 'ਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਯਤਨ ਕੀਤਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨਾਲ ਇਕੋ ਤਰਕ ਕੀਤਾ-
ਨਾਨਕ ਸਾਚੇ ਕਉ ਸਚੁ ਜਾਣੁ॥ (ਅੰਗ ੧੫)
ਗੁਰੂ ਸਾਹਿਬ ਦਾ ਇਹ ਤਰਕ ਕਿਸੇ ਵੀ ਵਿਵਾਦ, ਸ਼ੰਕਾ, ਦੁਬਿਧਾ, ਭਰਮ ਤੋਂ ਰਹਿਤ ਸੀ ਕਿ ਮਨੁੱਖ ਉਸ ਨੂੰ ਜੀਵਨ ਅੰਦਰ ਸਵੀਕਾਰ ਕਰੇ ਜੋ ਸੱਚ ਹੈ। ਸੱਚ ਜੀਵਨ ਅੰਦਰ ਸੁੱਖ ਲਿਆਉਣ ਵਾਲਾ ਹੀ ਨਹੀਂ, ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਜੋਗ ਬਣਾਉਣ ਵਾਲਾ ਵੀ ਹੈ 'ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ।' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਭਰਮਾਂ ਨੂੰ ਤੋੜਦਿਆਂ ਕਿਹਾ ਕਿ ਸੱਚ ਤੇ ਸੁੱਖ ਅੰਦਰ ਸੰਸਾਰਕ ਪਦਾਰਥਾਂ, ਰਸਾਂ ਤੇ ਤਾਕਤਾਂ ਦੀ ਕੋਈ ਭੂਮਿਕਾ ਨਹੀਂ, ਜਿਨ੍ਹਾਂ ਪਿੱਛੇ ਲੋਕ ਭੱਜੀ ਜਾ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਕਿ ਸੱਚ ਤਾਂ ਪਰਮਾਤਮਾ ਦੇ ਨਾਮ ਅੰਦਰ ਹੈ 'ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।' ਨੌਜਵਾਨ ਸਿੱਖ ਪੀੜ੍ਹੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਹੋਣ ਦਾ ਦਾਅਵਾ ਤਾਂ ਕਰ ਸਕਦੀ ਹੈ, ਜੇ ਸੁੱਖਾਂ ਦੀ ਪ੍ਰਾਪਤੀ ਲਈ ਗੁੜ 'ਤੇ ਯਕੀਨ ਕਰਨਾ, ਗੁੜ ਦਾ ਪਿੱਛਾ ਛੱਡ ਦੇਵੇ। ਪਰਮਾਤਮਾ ਦੇ ਆਸਰੇ ਤੋਂ ਬਿਨਾਂ ਸੁੱਖਾਂ ਲਈ ਲਿਆ ਜਾਣ ਵਾਲਾ ਕੋਈ ਵੀ ਆਸਰਾ ਗੁੜ ਹੈ। ਇਸ ਗੁੜ ਨੂੰ ਗੁਰੂ ਸਾਹਿਬ ਨੇ ਹਰ ਤਰ੍ਹਾਂ ਖੁਆਰ ਕਰਨ ਵਾਲਾ ਕਿਹਾ। ਇਹ ਖੁਆਰ ਕਰਨ ਵਾਲਾ ਗੁੜ 'ਹੋਰੁ ਖਾਣਾ', 'ਹੋਰੁ ਪੈਨਣੁ', 'ਹੋਰੁ ਚੜਣਾ', 'ਹੋਰੁ ਸਉਣਾ' ਹੈ, ਜਿਸ ਦੀ ਗੁਰੂ ਸਾਹਿਬ ਨੇ ਸਹਿਲੀ ਵਿਆਖਿਆ ਕੀਤੀ।
ਜੇ ਸੁੱਖ ਚਾਹੀਦੇ ਤਾਂ ਗੁੜ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਤੋਂ ਸੁਚੇਤ ਰਹਿਣਾ ਪਵੇਗਾ। ਇੰਦ੍ਰੀਆਂ ਨੂੰ ਮੋਹ ਲੈਣ ਵਾਲੇ ਸਾਰੇ ਰੰਗ, ਵਾਸ਼ਨਾਵਾਂ ਵਧਾਉਣ ਵਾਲੇ ਸਾਰੇ ਰਸ, ਵਿਕਾਰਾਂ ਨੂੰ ਤ੍ਰਿਪਤ ਕਰਨ ਵਾਲੇ ਸਾਰੇ ਵਿਅੰਜਨ ਅੰਤ ਦੁੱਖਾਂ ਦੇ ਘਰ ਬਣ ਜਾਂਦੇ ਹਨ। ਮਨੁੱਖ ਦੀ ਸਾਰੀ ਸਿਆਣਪ ਨਿਹਫਲ ਚਲੀ ਜਾਂਦੀ ਹੈ ਤੇ ਪਛਤਾਵਾ ਹੀ ਹੱਥ ਲੱਗਦਾ ਹੈ 'ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ।' ਨਸ਼ਿਆਂ ਦਾ ਪੱਲਾ ਫੜ ਜਵਾਨੀ ਬਰਬਾਦ ਹੋ ਰਹੀ ਹੈ। ਮਾਇਆ ਲਈ ਸ਼ੈਦਾਈ ਹੋਇਆਂ ਨੇ ਪਰਿਵਾਰ ਵੀ ਗੁਆਏ ਤੇ ਜ਼ਿੰਦਗੀ ਵੀ। ਵਾਸ਼ਨਾਵਾਂ ਲਈ ਧਰਮ ਤੋਂ ਦੂਰ ਹੋਣ ਵਾਲੇ ਸੁੱਖਾਂ ਤੋਂ ਦੂਰ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਵਚਨ ਹਰ ਕਿਸੇ ਦੇ ਆਲੇ-ਦੁਆਲੇ ਸੱਚ ਹੋ ਕੇ ਵਰਤ ਰਹੇ ਹਨ ਪਰ ਚੇਤਨਾ ਨਹੀਂ ਆ ਰਹੀ, ਕਿਉਂਕਿ ਗੁਰੂ ਦੇ ਵਚਨਾਂ 'ਤੇ ਵਿਸ਼ਵਾਸ ਹੀ ਨਹੀਂ ਰਿਹਾ। ਨੌਜਵਾਨ ਪੀੜ੍ਹੀ ਹੀ ਨਹੀਂ, ਹਰ ਸਿੱਖ ਲਈ ਵਾਹਿਗੁਰੂ ਅੱਗੇ ਨਤਮਸਤਕ ਹੋਣਾ ਗੁਰੂ ਦਾ ਹੁਕਮ ਮੰਨਣ ਦਾ ਸੰਕਲਪ ਦ੍ਰਿੜ੍ਹ ਕਰਨਾ ਹੈ। ਗੁਰੂ ਦੀ ਸ਼ਰਨ 'ਚ ਆਉਣ ਦਾ ਮਨੋਰਥ ਗੁੜ ਦੀ ਪ੍ਰਾਪਤੀ ਲਈ ਨਹੀਂ, ਸੱਚ ਦੀ ਦਾਤ ਲਈ ਹੋਣਾ ਚਾਹੀਦਾ। ਸੱਚ ਦੀ ਦਾਤ ਮਿਲ ਜਾਏ, ਪਰਮਾਤਮਾ 'ਤੇ ਭਰੋਸਾ ਟਿਕ ਜਾਏ, ਕਰਮਾਂ ਅੰਦਰ ਪਰਮਾਤਮਾ ਪ੍ਰਤੀ ਪ੍ਰੇਮ ਤੇ ਸਮਰਪਣ ਪ੍ਰਗਟ ਹੋਣ ਲੱਗ ਪਏ ਤਾਂ ਜੀਵਨ ਸੁੱਖ ਨਾਲ ਭਰਪੂਰ ਹੋ ਜਾਂਦਾ ਹੈ 'ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।' ਪਰਮਾਤਮਾ ਦੀ ਨਦਰਿ ਸੁੱਖਾਂ ਦਾ ਖਜ਼ਾਨਾ ਹੈ 'ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ।' ਨੌਜਵਾਨ ਪੀੜ੍ਹੀ ਨੂੰ ਗੁੜ ਦੀ ਅੰਨ੍ਹੀ ਦੌੜ ਤੋਂ ਬਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਸੇਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਲੋੜ ਹੈ।
ਨਵੀਂ ਪੀੜ੍ਹੀ ਸਾਰੇ ਅਸਰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਤੋਂ ਲੈਂਦੀ ਹੈ। ਉਨ੍ਹਾਂ ਦੇ ਅੱਜ ਦੇ ਹਾਲਾਤ ਲਈ ਨਿਰਾ ਉਹ ਕਸੂਰਵਾਰ ਨਹੀਂ। ਪਰਿਪੱਕ ਪੀੜ੍ਹੀਆਂ ਵੀ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਤੇ ਜਵਾਬਦੇਹ ਹਨ। ਗੁਰੂ ਸਾਹਿਬਾਨ ਦੇ ਪ੍ਰੇਰਨਾਦਾਇਕ ਜੀਵਨ ਤੇ ਗੁਰਬਾਣੀ ਦੇ ਸਹਿਜ ਸੁਨੇਹੇ ਨਾਲ ਨਵੀਂ ਪੀੜ੍ਹੀ ਨੂੰ ਰੂਬਰੂ ਕਰਾਉਣ 'ਚ ਵੱਡੀ ਕੋਤਾਹੀ ਹੋਈ ਹੈ। ਅਸੀਂ ਇਹ ਦੱਸਣ 'ਚ ਨਾਕਾਮਯਾਬ ਰਹੇ ਕਿ ਗੁਰੂ ਦਾ ਦਰ ਕਰਾਮਾਤਾਂ ਦਾ ਨਹੀਂ, ਨਾਮ ਦੀ ਬਖਸ਼ਿਸ਼ ਦਾ ਦਰ ਹੈ 'ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ।' ਅਸੀਂ ਨਾਮ ਦੀ ਤਾਕਤ ਨਾਲ ਵੀ ਨਵੀਂ ਪੀੜ੍ਹੀ ਨੂੰ ਜਾਣੂੰ ਨਹੀਂ ਕਰਵਾ ਸਕੇ 'ਸਤਿਨਾਮੁ ਬਿਨੁ ਬਾਦਰਿ ਛਾਈ।' ਭਾਈ ਗੁਰਦਾਸ ਜੀ ਦੇ ਵਚਨ ਹਨ ਕਿ ਸੰਸਾਰ ਅੰਦਰ ਮਨੁੱਖ ਕਿੰਨੀ ਵੀ ਤਾਕਤ ਇਕੱਤਰ ਕਰ ਲਵੇ ਪਰ ਨਾਮ ਬਿਨਾਂ ਸਭ ਬੱਦਲ ਦੀ ਛਾਂ ਵਰਗੀ ਹੈ, ਜੋ ਵੇਖਦਿਆਂ ਹੀ ਵੇਖਦਿਆਂ, ਉੱਡ ਕੇ ਨਜ਼ਰਾਂ ਤੋਂ ਉਹਲੇ ਹੋ ਜਾਂਦੀ ਹੈ। ਲੋੜ ਹੈ ਕਿ ਪਰਿਪੱਕ ਸਿੱਖ ਪੀੜ੍ਹੀ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਚਿਆਰ ਸਿੱਖ ਬਣ ਕੇ ਨਵੀਂ ਪੀੜ੍ਹੀ ਸਾਹਮਣੇ ਮਿਸਾਲ ਪੇਸ਼ ਕਰੇ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਸਿਧਾਂਤਾਂ 'ਤੇ ਆਪ ਚਲ ਕੇ ਵਿਖਾਇਆ। ਗੁਰੂ ਸਾਹਿਬ ਦੀ ਬਾਣੀ ਉਨ੍ਹਾਂ ਦੇ ਸੰਸਾਰਕ ਜੀਵਨ ਅੰਦਰ ਵਾਪਰਣ ਵਾਲੀਆਂ ਘਟਨਾਵਾਂ ਦਾ ਨਿਚੋੜ ਹੈ। ਇਹੋ ਨਿਵੇਕਲਾ ਕਾਰਨ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੁਗੋ-ਜੁਗ ਵਿਲੱਖਣ ਬਣਾਉਂਦਾ ਹੈ ਤੇ ਗੁਰਮਤਿ ਦੀ ਪ੍ਰਮਾਣਿਕਤਾ ਸਿੱਧ ਕਰਦਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਨਾਲ ਜੋੜਨ ਦੀ ਸਖ਼ਤ ਲੋੜ ਹੈ। ਕਿਸੇ ਵੀ ਕੌਮ, ਸਮਾਜ ਜਾਂ ਦੇਸ਼ ਦੀ ਅਸਲ ਤਾਕਤ ਨੌਜਵਾਨ ਹੁੰਦਾ ਹੈ। ਇਹ ਸਮੂਹਿਕ ਉਪਰਾਲਾ ਹੋਣਾ ਚਾਹੀਦੇ ਕਿ ਪੂਰੀ ਕੌਮ, ਖਾਸ ਤੌਰ 'ਤੇ ਨੌਜਵਾਨ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਨਾਨਕ ਸਾਚੇ ਕਉ ਸਚੁ ਜਾਣੁ 'ਤੇ ਚੱਲ ਕੇ ਆਪਣਾ ਹੀ ਨਹੀਂ, ਪੂਰੀ ਮਨੁੱਖਤਾ ਦਾ ਭਲਾ ਕਰਨ 'ਚ ਯੋਗਦਾਨ ਪਾਵੇ।


-ਈ-1716, ਰਾਜਾਜੀਪੁਰਮ, ਲਖਨਊ-226017.
ਮੋਬਾ: 94159-60533, 8417852899


ਖ਼ਬਰ ਸ਼ੇਅਰ ਕਰੋ

ਦੁਨੀਆ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ, ਬਿਸ਼ਨੋਈ

ਸਲਮਾਨ ਖਾਨ ਦੀ ਸਜ਼ਾ ਕਾਰਨ ਬਿਸ਼ਨੋਈ ਕੌਮ ਚਰਚਾ ਵਿਚ ਹੈ, ਜੋ ਸੰਸਾਰ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ ਹੈ। ਬਿਸ਼ਨੋਈ ਜਾਂ ਵਿਸ਼ਨੋਈ ਇਕ ਹਿੰਦੂ ਧਾਰਮਿਕ ਸਮੂਹ ਹੈ, ਜੋ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਾਏ ਜਾਂਦੇ ਹਨ। ਇਨ੍ਹਾਂ ਦੀ ਕੁੱਲ ਆਬਾਦੀ 7 ਲੱਖ ਦੇ ਕਰੀਬ ਹੈ। ਉਹ ਗੁਰੂ ਜੰਬੇਸ਼ਵਰ ਦੁਆਰਾ ਨਿਸ਼ਚਿਤ ਕੀਤੇ ਗਏ 29 ਸਿਧਾਂਤਾਂ ਦੇ ਅਨੁਸਾਰ ਚਲਦੇ ਹਨ। ਅਸਲ ਵਿਚ ਬਿਸ਼ਨੋਈ ਸ਼ਬਦ ਦਾ ਅਰਥ ਹੈ ਬੀਸ ਨੋਈ (ਮਤਲਬ ਵੀਹ ਅਤੇ ਨੌਂ)। ਗੁਰੂ ਜੰਬੇਸ਼ਵਰ ਨੇ ਹੁਕਮ ਕੀਤਾ ਸੀ ਕਿ ਜਾਨਵਰਾਂ ਅਤੇ ਦਰੱਖਤਾਂ ਵਿਚ ਵੀ ਜਾਨ ਹੈ। ਇਨ੍ਹਾਂ ਦੀ ਹਰ ਹਾਲਤ ਵਿਚ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਵਾਤਾਵਰਨ ਨੂੰ ਕਿਸੇ ਤਰ੍ਹਾਂ ਦੀ ਹਾਨੀ ਪਹੁੰਚਾਉਣ ਦਾ ਮਤਲਬ ਖੁਦ ਨੂੰ ਹਾਨੀ ਪਹੁੰਚਾਉਣ ਦੇ ਬਰਾਬਰ ਹੈ। ਬਿਸ਼ਨੋਈ ਸਮਾਜ ਦੇ ਸੰਸਥਾਪਕ ਗੁਰੂ ਜੰਬੇਸ਼ਵਰ ਦਾ ਜਨਮ 1499 ਈ: ਨੂੰ ਪੀਂਪਾਸਰ ਜ਼ਿਲ੍ਹਾ ਬੀਕਾਨੇਰ ਵਿਚ ਹੋਇਆ ਤੇ ਮੌਤ 1593 ਈ: ਵਿਚ ਹੋਈ। ਉਨ੍ਹਾਂ ਦੀ ਸਮਾਧੀ ਮੁਕਾਮ (ਬੀਕਾਨੇਰ) ਵਿਚ ਬਣੀ ਹੋਈ ਹੈ, ਜੋ ਬਿਸ਼ਨੋਈਆਂ ਲਈ ਇਕ ਬਹੁਤ ਵੱਡਾ ਤੀਰਥ ਸਥਾਨ ਹੈ।
ਗੁਰੂ ਜੰਬੇਸ਼ਵਰ ਜਦੋਂ ਨੌਜਵਾਨ ਸਨ ਤਾਂ ਇਲਾਕੇ ਵਿਚ ਅਕਾਲ ਪੈ ਗਿਆ। ਉਹ ਸਮਝ ਗਏ ਕਿ ਇਸ ਅਕਾਲ ਦਾ ਕਾਰਨ ਲੋਕਾਂ ਵਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਹੈ। ਉਨ੍ਹਾਂ ਨੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਉਹ ਸੰਨਿਆਸੀ ਬਣ ਗਏ ਤੇ ਸਾਰੇ ਥਾਰ ਰੇਗਿਸਤਾਨ ਵਿਚ ਘੁੰਮ-ਘੁੰਮ ਕੇ ਲੋਕਾਂ ਨੂੰ ਜਾਗ੍ਰਿਤ ਕਰਨ ਲੱਗੇ। ਹਜ਼ਾਰਾਂ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਉੱਪਰ ਜਾਨਵਰਾਂ ਨੂੰ ਮਾਰਨ ਅਤੇ ਹਰੇ ਦਰੱਖਤ ਵੱਢਣ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ। ਇਥੋਂ ਤੱਕ ਕਿ ਸੁੱਕਾ ਬਾਲਣ ਵੀ ਝਾੜ ਕੇ ਬਾਲਣ ਲਈ ਕਿਹਾ ਤਾਂ ਜੋ ਕੋਈ ਕੀੜਾ-ਪਤੰਗਾ ਅੱਗ ਵਿਚ ਨਾ ਸੜ ਜਾਵੇ। ਬਿਸ਼ਨੋਈਆਂ 'ਤੇ ਨੀਲੇ ਕੱਪੜੇ ਪਾਉਣ ਦੀ ਪਾਬੰਦੀ ਹੈ, ਕਿਉਂਕਿ ਨੀਲਾ ਰੰਗ ਹਾਸਲ ਕਰਨ ਲਈ ਇਕ ਵਿਸ਼ੇਸ਼ ਕਿਸਮ ਦੀ ਝਾੜੀ ਨੂੰ ਭਾਰੀ ਮਾਤਰਾ ਵਿਚ ਕੱਟਣਾ ਪੈਂਦਾ ਹੈ। ਗੁਰੂ ਜੰਬੇਸ਼ਵਰ ਹਰਿਆਲੀ ਪ੍ਰਤੀ ਐਨੇ ਸਮਰਪਿਤ ਸਨ ਕਿ ਉਨ੍ਹਾਂ ਹੁਕਮ ਦਿੱਤਾ ਕਿ ਦਰੱਖਤਾਂ ਨੂੰ ਬਚਾਉਣ ਖਾਤਰ ਮ੍ਰਿਤਕ ਵਿਅਕਤੀਆਂ ਨੂੰ ਸਾੜਨ ਦੀ ਬਜਾਏ ਦਫਨਾਇਆ ਜਾਵੇ, ਤਾਂ ਜੋ ਲੱਕੜ ਦੀ ਬਰਬਾਦੀ ਨਾ ਹੋਵੇ। ਇਸ ਲਈ ਜ਼ਿਆਦਾਤਰ ਬਿਸ਼ਨੋਈ ਆਪਣੇ ਮ੍ਰਿਤਕਾਂ ਨੂੰ ਜਲਾਉਣ ਦੀ ਬਜਾਏ ਦਫਨਾਉਂਦੇ ਹਨ।
ਬਿਸ਼ਨੋਈ ਭਾਵੇਂ ਜ਼ਿਆਦਾਤਰ ਜਾਟ ਅਤੇ ਰਾਜਪੂਤ ਹਨ ਪਰ ਉਹ ਆਪਣੇ ਨਾਂਅ ਨਾਲ ਕੋਈ ਗੋਤਰ ਆਦਿ ਲਗਾਉਣ ਦੀ ਬਜਾਏ ਬਿਸ਼ਨੋਈ ਲਿਖਣਾ ਪਸੰਦ ਕਰਦੇ ਹਨ। ਉਹ ਮਾਸ, ਮੱਛੀ, ਸ਼ਰਾਬ, ਤੰਬਾਕੂ ਅਤੇ ਹੋਰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਹੀਂ ਕਰਦੇ। ਇਨ੍ਹਾਂ ਅਸੂਲਾਂ ਦੀ ਸਖਤੀ ਨਾਲ ਪਾਲਣਾ ਕਰਨ ਕਾਰਨ ਹਿਰਨਾਂ ਦੇ ਵੱਗ ਆਮ ਹੀ ਬਿਸ਼ਨੋਈਆਂ ਦੇ ਪਿੰਡਾਂ ਵਿਚ ਫਿਰਦੇ ਵੇਖੇ ਜਾ ਸਕਦੇ ਹਨ। ਇਹ ਜਾਨਵਰ ਇਨਸਾਨਾਂ ਨਾਲ ਐਨੇ ਹਿਲੇ-ਮਿਲੇ ਹਨ ਕਿ ਉਨ੍ਹਾਂ ਦੇ ਹੱਥਾਂ ਵਿਚੋਂ ਆਰਾਮ ਨਾਲ ਦਾਣਾ-ਪੱਠਾ ਖਾ ਲੈਂਦੇ ਹਨ। ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਨਾਲ ਬਿਸ਼ਨੋਈ ਬਹੁਤ ਸਖ਼ਤੀ ਨਾਲ ਨਿਪਟਦੇ ਹਨ। ਉਹ ਆਪਣੇ ਇਲਾਕੇ ਵਿਚ ਮਾਸ-ਮੱਛੀ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹਣ ਦਿੰਦੇ। ਬਿਸ਼ਨੋਈ ਥਾਰ ਰੇਗਿਸਤਾਨ ਵਿਚ ਸੈਂਕੜੇ ਸਾਲਾਂ ਤੋਂ ਦਰੱਖਤਾਂ ਅਤੇ ਜਾਨਵਰਾਂ ਨਾਲ ਮੁਕੰਮਲ ਸਹਿਚਾਰ ਵਿਚ ਰਹਿ ਰਹੇ ਹਨ ਤੇ ਗੁਰੂ ਜੰਬੇਸ਼ਵਰ ਦੀਆਂ ਸਿੱਖਿਆਵਾਂ ਦੇ ਮੁਤਾਬਕ ਉਨ੍ਹਾਂ ਦੀ ਕਰੜਾਈ ਨਾਲ ਸੁਰੱਖਿਆ ਕਰ ਰਹੇ ਹਨ। ਆਮ ਇਨਸਾਨ ਇਹ ਗੱਲ ਨਹੀਂ ਸਮਝ ਸਕਦਾ। ਇਹ ਉਹੀ ਵਿਅਕਤੀ ਸਮਝ ਸਕਦਾ ਹੈ ਜੋ ਰਾਜਸਥਾਨ ਵਰਗੇ ਕਰੜੇ ਪੌਣ-ਪਾਣੀ ਵਾਲੇ ਇਲਾਕੇ ਵਿਚ ਵਿਚਰਿਆ ਹੋਵੇ, ਜਿੱਥੇ ਕਈ-ਕਈ ਸਾਲ ਮੀਂਹ ਨਹੀਂ ਪੈਂਦਾ। ਅਜਿਹੇ ਮਾਰੂ ਇਲਾਕੇ ਵਿਚ ਅਜਿਹੀਆਂ ਪ੍ਰਥਾਵਾਂ ਦੀ ਪਾਲਣਾ ਕਰਨਾ ਬਹੁਤ ਵੱਡਾ ਮਾਅਰਕਾ ਹੈ। ਜਿਸ ਇਲਾਕੇ ਵਿਚ ਫਸਲ ਘੱਟ ਹੁੰਦੀ ਹੈ, ਉਥੇ ਲੋਕ ਮਾਸ ਖਾ ਕੇ ਢਿੱਡ ਭਰ ਲੈਂਦੇ ਹਨ ਪਰ ਬਿਸ਼ਨੋਈ ਅਕਾਲ ਪੈਣ 'ਤੇ ਵੀ ਨਾ ਮਾਸ ਖਾਂਦੇ ਹਨ ਤੇ ਨਾ ਹੀ ਦਰੱਖਤ ਵੱਢ ਕੇ ਲੱਕੜ ਵੇਚ ਕੇ ਪੈਸੇ ਕਮਾਉਣ ਬਾਰੇ ਸੋਚਦੇ ਹਨ। ਬਿਸ਼ਨੋਈਆਂ ਨੇ ਸਦੀਆਂ ਤੋਂ ਆਪਣੇ ਅਸੂਲਾਂ ਕਾਰਨ ਰਾਜਿਆਂ ਅਤੇ ਸਰਕਾਰਾਂ ਨੂੰ ਆਪਣੇ ਇਲਾਕੇ ਵਿਚ ਦਰੱਖਤ ਕੱਟਣ ਅਤੇ ਸ਼ਿਕਾਰ ਖੇਡਣ 'ਤੇ ਪਾਬੰਦੀ ਲਗਾਉਣ ਦੇ ਕਾਨੂੰਨ ਬਣਾਉਣ ਲਈ ਮਜਬੂਰ ਕੀਤਾ ਹੈ ਤੇ ਸਖ਼ਤੀ ਨਾਲ ਇਹ ਕਾਨੂੰਨ ਲਾਗੂ ਕਰਵਾਏ ਹਨ, ਕਿਉਂਕਿ ਅਜਿਹੇ ਔੜ ਦੇ ਮਾਰੇ ਇਲਾਕੇ ਵਿਚੋਂ ਲਾਲਚੀ ਵਪਾਰੀਆਂ ਅਤੇ ਸ਼ਿਕਾਰੀਆਂ ਤੋਂ ਜਾਨਵਰਾਂ ਅਤੇ ਦਰੱਖਤਾਂ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਸਮੇਂ-ਸਮੇਂ 'ਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੁਕਮਰਾਨਾਂ ਨੇ ਪਰਖਿਆ ਹੈ। ਅਨੇਕਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਿਸ਼ਨੋਈ ਵਾਤਾਵਰਨ ਦੀ ਸੁਰੱਖਿਆਂ ਲਈ ਅਡਿੱਗ ਰਹੇ ਹਨ। ਕਿਸੇ ਵੀ ਕੰਮ ਲਈ ਹਰੇ ਦਰੱਖਤ ਦੀ ਇਕ ਟਾਹਣੀ ਛਾਂਗਣਾ ਵੀ ਪਾਪ ਸਮਝਿਆ ਜਾਂਦਾ ਹੈ। ਬਿਸ਼ਨੋਈ ਦਰੱਖਤਾਂ ਦੀ ਸੁਰੱਖਿਆ ਲਈ ਕਿੰਨੇ ਸਮਰਪਿਤ ਹਨ, ਇਸ ਲਈ ਖੇਜੜਲੀ ਕਾਂਡ ਦਾ ਵਰਨਣ ਕਰਨਾ ਬਹੁਤ ਜ਼ਰੂਰੀ ਹੈ।
ਸੰਨ 1730 ਈ: ਵਿਚ ਜੋਧਪੁਰ ਦੇ ਮਹਾਰਾਜੇ ਅਭੈ ਸਿੰਘ ਨੂੰ ਆਪਣੇ ਨਵੇਂ ਮਹਿਲ ਦੀ ਉਸਾਰੀ ਲਈ ਲੱਕੜ ਦੀ ਜ਼ਰੂਰਤ ਪੈ ਗਈ। ਉਸ ਨੇ ਆਪਣੇ ਇਕ ਮੰਤਰੀ ਗਿਰਧਰ ਭੰਡਾਰੀ ਨੂੰ ਸੈਨਿਕਾਂ ਅਤੇ ਮਜ਼ਦੂਰਾਂ ਸਮੇਤ ਲੱਕੜਾਂ ਵੱਢਣ ਲਈ ਭੇਜ ਦਿੱਤਾ। ਇਹ ਕਾਫਲਾ ਦਰੱਖਤ ਲੱਭਦਾ ਹੋਇਆ ਜੋਧਪੁਰ ਤੋਂ ਕੋਈ 25 ਕਿ: ਮੀ: ਦੂਰ ਖੇਜੜਲੀ ਪਿੰਡ ਪਹੁੰਚ ਗਿਆ। ਬਿਸ਼ਨੋਈਆਂ ਦਾ ਪਿੰਡ ਹੋਣ ਕਾਰਨ ਇਥੇ ਬਹੁਤ ਹਰਿਆਲੀ ਸੀ। ਮਜ਼ਦੂਰਾਂ ਨੇ ਖੇਜੜੀ ਦੇ ਦਰੱਖਤਾਂ ਨੂੰ ਕੁਹਾੜਾ ਫੇਰਨਾ ਸ਼ੁਰੂ ਕੀਤਾ ਤਾਂ ਪਿੰਡ ਵਾਲੇ ਵਿਰੋਧ ਕਰਨ ਲਈ ਇਕੱਠੇ ਹੋ ਗਏ, ਕਿਉਂਕਿ ਖੇਜੜੀ ਦਾ ਦਰੱਖਤ ਬਿਸ਼ਨੋਈਆਂ ਵਾਸਤੇ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਸੈਨਿਕਾਂ ਨੇ ਧਮਕੀ ਦਿੱਤੀ ਕਿ ਜਿਸ ਕਿਸੇ ਨੇ ਵੀ ਇਸ ਕੰਮ ਵਿਚ ਰੁਕਾਵਟ ਪਾਈ, ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਪਰ ਇਕ ਬਹਾਦਰ ਔਰਤ ਅੰਮ੍ਰਿਤਾ ਦੇਵੀ ਬਿਸ਼ਨੋਈ ਨੇ ਇਕ ਦਰੱਖਤ ਨੂੰ ਬਚਾਉਣ ਖਾਤਰ ਉਸ ਨਾਲ ਗਲਵਕੜੀ ਪਾ ਲਈ। ਸੈਨਿਕਾਂ ਨੇ ਕਿਹਾ ਕਿ ਉਹ ਦਰੱਖਤ ਨੂੰ ਛੱਡ ਦੇਵੇ, ਨਹੀਂ ਤਾਂ ਉਸ ਦਾ ਸਿਰ ਵੱਢ ਦਿੱਤਾ ਜਾਵੇਗਾ। ਪਰ ਦਰੱਖਤ ਨੂੰ ਛੱਡਣ ਦੀ ਬਜਾਏ ਅੰਮ੍ਰਿਤਾ ਦੇਵੀ ਨੇ ਕਿਹਾ ਕਿ, 'ਜੇ ਇਕ ਦਰੱਖਤ ਨੂੰ ਬਚਾਉਣ ਲਈ ਇਕ ਸਿਰ ਵੀ ਦੇ ਦਿੱਤਾ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਹੈ।' ਬੇਰਹਿਮ ਸੈਨਿਕਾਂ ਨੇ ਅੰਮ੍ਰਿਤਾ ਦੇਵੀ ਦਾ ਸਿਰ ਕਲਮ ਕਰ ਦਿੱਤਾ।
ਪਰ ਇਸ ਜ਼ੁਲਮ ਦਾ ਉਲਟ ਅਸਰ ਹੋਇਆ। ਡਰਨ ਦੀ ਬਜਾਏ ਹੋਰ ਬਿਸ਼ਨੋਈਆਂ ਸਮੇਤ ਅੰਮ੍ਰਿਤਾ ਦੇਵੀ ਦੀਆਂ ਤਿੰਨ ਬੇਟੀਆਂ ਆਸੂ, ਰਤਨਾ ਅਤੇ ਭਾਗੂ ਨੇ ਵੀ ਦਰੱਖਤਾਂ ਨੂੰ ਗਲਵਕੜੀ ਪਾ ਲਈ। ਉਨ੍ਹਾਂ ਦਾ ਹਸ਼ਰ ਵੀ ਅੰਮ੍ਰਿਤਾ ਦੇਵੀ ਵਾਲਾ ਹੋਇਆ। ਇਹ ਖ਼ਬਰ ਸੁਣ ਕੇ ਆਸ-ਪਾਸ ਦੇ ਪਿੰਡਾਂ ਤੋਂ ਬਿਸ਼ਨੋਈ ਖੇਜੜਲੀ ਪਹੁੰਚ ਗਏ। ਬਿਸ਼ਨੋਈ ਵਾਰੀ-ਵਾਰੀ ਦਰੱਖਤਾਂ ਨੂੰ ਬਚਾਉਣ ਦੀ ਖਾਤਰ ਗਲਵਕੜੀ ਪਾਉਂਦੇ ਰਹੇ ਤੇ ਬੇਕਿਰਕ ਸ਼ਾਹੀ ਸੈਨਿਕ ਉਨ੍ਹਾਂ ਦੇ ਸਿਰ ਵੱਢਦੇ ਰਹੇ। ਜਦੋਂ ਇਸ ਗੱਲ ਦਾ ਅਭੈ ਸਿੰਘ ਨੂੰ ਪਤਾ ਲੱਗਾ ਤਾਂ ਉਹ ਫੌਰਨ ਖੇਜੜਲੀ ਪਹੁੰਚਿਆ ਤੇ ਮੰਤਰੀ ਅਤੇ ਸੈਨਿਕਾਂ ਨੂੰ ਲਾਹਣਤਾਂ ਪਾ ਕੇ ਇਹ ਗ਼ੈਰ-ਇਨਸਾਨੀ ਕਤਲੇਆਮ ਬੰਦ ਕਰਵਾਇਆ। ਪਰ ਉਦੋਂ ਤੱਕ 363 ਬਿਸ਼ਨੋਈ ਔਰਤਾਂ-ਮਰਦ ਆਪਣੇ ਵਿਸ਼ਵਾਸ ਦੀ ਖਾਤਰ ਕੁਰਬਾਨ ਹੋ ਚੁੱਕੇ ਸਨ। ਰਾਜੇ ਨੇ ਇਸ ਸਬੰਧੀ ਇਕ ਤਾਮਰ ਪੱਤਰ 'ਤੇ ਲਿਖ ਕੇ ਬਿਸ਼ਨੋਈ ਸਮਾਜ ਤੋਂ ਮੁਆਫ਼ੀ ਮੰਗੀ ਤੇ ਬਿਸ਼ਨੋਈਆਂ ਦੇ ਇਲਾਕੇ ਵਿਚੋਂ ਸ਼ਿਕਾਰ ਕਰਨ ਅਤੇ ਦਰੱਖਤ ਵੱਢਣ 'ਤੇ ਪਾਬੰਦੀ ਲਗਾ ਦਿੱਤੀ। ਖੇਜੜੀ ਇਸ ਵੇਲੇ ਰਾਜਸਥਾਨ ਦਾ ਰਾਜ ਦਰੱਖਤ ਹੈ।
ਵਾਤਾਵਰਨ ਨੂੰ ਬਚਾਉਣ ਲਈ ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦੀ। ਅੱਜ ਜਦੋਂ 100 ਰੁਪਏ ਲਈ ਭਰਾ ਭਰਾ ਨੂੰ ਮਾਰ ਦਿੰਦਾ ਹੈ, ਬਿਸ਼ਨੋਈ ਦਰੱਖਤਾਂ ਅਤੇ ਜਾਨਵਰਾਂ ਦੀ ਰਾਖੀ ਲਈ ਡਟੇ ਹੋਏ ਹਨ। ਸਲਮਾਨ ਖਾਨ ਨੂੰ ਵੀ ਸਜ਼ਾ ਬਿਸ਼ਨੋਈਆਂ ਦੇ ਇਲਾਕੇ ਵਿਚੋਂ ਸ਼ਿਕਾਰ ਕਰਨ ਕਾਰਨ ਹੋਈ ਹੈ। ਉਸ ਦੀ ਸ਼ਿਕਾਇਤ ਵੀ ਬਿਸ਼ਨੋਈਆਂ ਨੇ ਹੀ ਕੀਤੀ ਸੀ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਬਰਸੀ 'ਤੇ ਵਿਸ਼ੇਸ਼

ਮਾਲਵੇ ਦੀ ਦਰਵੇਸ਼ ਹਸਤੀ-ਸੰਤ ਅਤਰ ਸਿੰਘ ਘੁੰਨਸ

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ।
ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ। ਆਪ ਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ, ਇਕ ਵਾਰ ਗੁਰਦੁਆਰਾ ਗੁਰੂਸਰ ਮਸਤੂਆਣਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ।
ਸੰਤ ਅਤਰ ਸਿੰਘ ਦੇ ਸਿੱਖੀ ਦੇ ਪ੍ਰਚਾਰ ਦਾ ਇਕ ਮਹੱਤਵਪੂਰਨ ਅੰਗ ਇਹ ਵੀ ਸੀ ਕਿ ਸੰਗਤਾਂ ਵਿਚੋਂ ਜਿਹੜੇ ਵਿਅਕਤੀ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਿਰ ਕਰਦੇ, ਉਨ੍ਹਾਂ ਨੂੰ ਪੰਜ ਬਾਣੀਆਂ ਦਾ ਪਾਠ ਜ਼ਬਾਨੀ ਯਾਦ ਕਰਨ ਲਈ ਕਹਿੰਦੇ। ਇਸ ਤਰ੍ਹਾਂ ਇਕ-ਇਕ ਸਾਲ ਬਾਅਦ ਪ੍ਰਪੱਕ ਹੋਏ ਵਿਅਕਤੀਆਂ ਨੂੰ ਹੀ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਉਂਦੇ। ਉਨ੍ਹਾਂ ਦੇ ਜੀਵਨ ਦਾ ਇਕ ਪਹਿਲੂ ਇਹ ਸੀ ਕਿ ਆਪ ਘੱਟ ਬੋਲਦੇ ਸਨ, ਨੇਕ ਸੁਭਾਅ, ਉੱਚੀ ਸੋਚ ਦੇ ਮਾਲਕ, ਕਦੇ ਗੁੱਸੇ ਨਾ ਹੋਣ ਵਾਲੇ, ਨਿਮਰਤਾ ਦੇ ਮਾਲਕ, ਮਿੱਠ-ਬੋਲੜੇ ਸਨ, ਜਿਸ ਕਰਕੇ ਉਨ੍ਹਾਂ ਦੀ ਆਭਾ ਦੂਰ-ਦੂਰ ਤੱਕ ਫੈਲੀ ਹੋਈ ਸੀ। ਉਨ੍ਹਾਂ ਪੰਜਾਬ ਤੋਂ ਇਲਾਵਾ ਦਿੱਲੀ, ਕਲਕੱਤਾ ਸਮੇਤ ਅਨੇਕਾਂ ਥਾਵਾਂ 'ਤੇ ਜਾ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਇਆ। ਇਥੇ ਰਹਿੰਦਿਆਂ ਜਿਥੇ ਉਹ ਨਾਮ-ਬਾਣੀ ਵੰਡਣ ਦੇ ਨਾਲ-ਨਾਲ ਦੁਖੀ ਲੋਕਾਂ ਨੂੰ ਦੇਸੀ ਦਵਾਈਆਂ ਰਾਹੀਂ ਸਰੀਰਕ ਤੌਰ 'ਤੇ ਨਿਰੋਗ ਕਰਦੇ, ਉਥੇ ਨਾਮ-ਬਾਣੀ ਦੇ ਛਿੱਟੇ ਨਾਲ ਅੰਤਰ ਆਤਮਾ ਨੂੰ ਅਕਾਲ ਪੁਰਖ ਨਾਲ ਜੋੜਦੇ ਸਨ।
1927 ਈਸਵੀ ਨੂੰ 29 ਅੱਸੂ ਦੇ ਪਹਿਲੇ ਨਰਾਤੇ ਵਾਲੇ ਦਿਨ ਆਪ ਨੂੰ ਮਾਮੂਲੀ ਬੁਖਾਰ ਹੋਇਆ ਅਤੇ ਆਪ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਪਿੱਛੋਂ ਸੰਤ ਈਸ਼ਰ ਸਿੰਘ, ਸੰਤ ਬਚਨ ਸਿੰਘ ਜਟਾਣਾ, ਸੰਤ ਨਾਹਰ ਸਿੰਘ ਨੇ ਗੁਰੂ-ਘਰ ਦੀ ਸੇਵਾ ਸੰਭਾਲ ਕੀਤੀ। ਹੁਣ ਉਨ੍ਹਾਂ ਦੇ ਪੰਜਵੇਂ ਗੱਦੀਨਸ਼ੀਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ।
ਹਰੇਕ ਦੁਸਹਿਰੇ ਵਾਲੇ ਦਿਨ ਸੰਤ ਅਤਰ ਸਿੰਘ ਘੁੰਨਸ ਵਾਲਿਆਂ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਜਾਂਦੇ ਹਨ। ਐਤਕੀਂ ਵੀ ਹਰ ਸਾਲ ਦੀ ਤਰ੍ਹਾਂ ਸੰਤ ਅਤਰ ਸਿੰਘ ਘੁੰਨਸ ਦੀ ਬਰਸੀ 19 ਅਕਤੂਬਰ, 2018 ਨੂੰ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਸੰਤ ਅਤਰ ਸਿੰਘ ਘੁੰਨਸ ਪਿੰਡ ਘੁੰਨਸ (ਬਰਨਾਲਾ) ਵਿਖੇ ਮਨਾਈ ਜਾ ਰਹੀ ਹੈ।


-ਹੰਡਿਆਇਆ (ਬਰਨਾਲਾ)। ਮੋਬਾ: 98725-45131

ਨਾਮਧਾਰੀ ਸਿੱਖ ਸਮਾਜ ਵਿਚ ਨਾਮ ਸਿਮਰਨ ਜਪ ਪ੍ਰਯੋਗ ਦੀ ਪਰੰਪਰਾ

ਸਿੱਖ ਧਰਮ ਦਾ ਆਧਾਰ ਹੈ-ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਰਨੀ ਅਤੇ ਵੰਡ ਛਕਣਾ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਆਪ ਦੇ ਜਾਨਸ਼ੀਨ ਸਤਿਗੁਰੂ ਸਾਹਿਬਾਨ ਨੇ ਜੋ ਵੀ ਉਪਦੇਸ਼ ਦਿੱਤੇ, ਪਹਿਲਾਂ ਆਪ ਉਨ੍ਹਾਂ 'ਤੇ ਚੱਲ ਕੇ ਪੈੜਾਂ ਪਾਈਆਂ, ਗਾਡੀ ਰਾਹ ਤੋਰੇ, ਸਿੱਖ ਸਤਿਗੁਰੂ ਸਾਹਿਬਾਨ ਬਣੇ, ਸੰਵਰੇ ਰਾਹਾਂ 'ਤੇ ਨਹੀਂ ਚੱਲੇ, ਸਗੋਂ ਆਪ ਦਾ ਚੱਲਣਾ ਹੀ ਨਵੇਂ ਰਸਤਿਆਂ ਨੂੰ ਜਨਮ ਦਿੰਦਾ ਹੈ। ਸਿੱਖ ਧਰਮ ਕੇਵਲ ਲਿਖਤੀ ਸਿਧਾਂਤ ਨਹੀਂ, ਕੇਵਲ ਗ੍ਰੰਥਾਂ 'ਚ ਸੀਮਤ ਗਿਆਨ ਨਹੀਂ, ਸਗੋਂ ਜੀਵੰਤ ਫਲਸਫਾ ਹੈ, ਅਮਲੀ ਜੀਵਨ ਹੈ। ਗੁਰਮਤਿ ਅਨੁਸਾਰ ਗਿਆਨ ਕੇਵਲ ਪੜ੍ਹ ਲੈਣ ਜਾਂ ਜਾਣ ਲੈਣ ਦਾ ਵਿਸ਼ਾ ਹੀ ਨਹੀਂ, ਸਗੋਂ ਕਠਿਨ ਘਾਲਣਾ ਹੈ-
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥
(ਅੰਗ : 465)
'ਕਰਮਿ ਮਿਲੈ ਤਾ ਪਾਈਐ'-ਸਤਿਗੁਰੂ ਦੀ ਕਿਰਪਾ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਤੋਂ ਬਿਨਾਂ ਸਹਸਾ, ਭਰਮ ਨਹੀਂ ਦੂਰ ਹੁੰਦਾ, ਦੁਬਿਧਾ ਨਹੀਂ ਮਿਟਦੀ। ਜੀਵ-ਆਤਮਾ ਅਤੇ ਪਰਮਾਤਮਾ ਦੇ ਮਿਲਣ ਵਿਚ ਦੁਬਿਧਾ ਦੀ ਦੀਵਾਰ ਹੀ ਅਗਿਆਨ ਦਾ ਅੰਧਕਾਰ ਹੈ। ਅਜਿਹਾ ਅੰਧਕਾਰ ਹੈ ਕਿ ਜਿਥੇ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ ਅਤੇ ਆਵਾ ਗਵਨ ਦਾ, ਜੰਮਣ-ਮਰਨ ਦਾ ਗੇੜਾ ਨਹੀਂ ਮੁੱਕਦਾ-
ਬਿਨੁ ਸਬਦੈ ਅੰਤਰਿ ਆਨੇਰਾ॥
ਨ ਵਸਤੁ ਲਹੈ ਨ ਚੂਕੇ ਫੇਰਾ॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ
ਗੁਰੁ ਪੂਰੈ ਭਾਗਿ ਮਿਲਾਵਣਿਆ॥ (ਅੰਗ : 124)
ਸਤਿਗੁਰੂ ਤੋਂ ਬਿਨਾਂ ਸ਼ਬਦ (ਨਾਮ) ਨਹੀਂ ਪ੍ਰਾਪਤ ਹੁੰਦਾ। ਸ਼ਬਦ ਦੀ ਸਾਧਨਾ ਤੋਂ ਬਿਨਾਂ ਭਰਮ ਦਾ ਪਰਦਾ ਨਹੀਂ ਦੂਰ ਹੁੰਦਾ। ਸਾਹਿਬ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿਚ ਸਪੱਸ਼ਟ ਕਰਦੇ ਹਨ-
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਇ॥ (ਅੰਗ : 919)
ਕੇਵਲ ਕਰਮ ਕਾਂਡ ਦੁਆਰਾ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਗਿਆਨ ਤੋਂ ਬਿਨਾਂ ਭਰਮ ਦਾ ਪਰਦਾ ਨਹੀਂ ਪਾਟਦਾ। ਬੜੇ ਸੰਜਮ ਦੁਆਰਾ ਕਰਮ ਕਰਕੇ ਦੁਬਿਧਾ (ਭਰਮ) ਨਹੀਂ ਮਿਟਦੀ, ਭਰਮ ਹੀ ਮਲੀਨਤਾ ਹੈ ਪਰ ਇਹ ਮਿਟੇ ਕਿਵੇਂ? ਗੁਰੂ ਸਾਹਿਬ ਅੱਗੇ ਜਵਾਬ ਲਿਖਦੇ ਹਨ-'ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥' ਸ਼ਬਦ (ਨਾਮ) ਦੀ ਪ੍ਰਾਪਤੀ ਵੀ ਸਤਿਗੁਰੂ ਤੋਂ ਹੀ ਹੁੰਦੀ ਹੈ ਅਤੇ ਸਾਧਨਾ ਸਫ਼ਲ ਵੀ ਗੁਰੂ ਕਿਰਪਾ ਦੁਆਰਾ ਹੀ ਹੁੰਦੀ ਹੈ-
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ
ਇਹੁ ਸਹਸਾ ਇਵ ਜਾਇ॥ (ਅੰਗ : 919)
ਉਸ ਪੂਰੇ ਸਤਿਗੁਰੂ ਤੋਂ 'ਨਾਮ ਰਤਨ' ਪ੍ਰਾਪਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਨਾਮ ਹੈ-'ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ॥' ਸਤਿਗੁਰੂ ਦੀ ਦੇਹ ਹੀ ਸ਼ਬਦ ਦੀ, ਅੰਮ੍ਰਿਤ ਨਾਮ ਦੀ ਹੁੰਦੀ ਹੈ-'ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ॥'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪ ਤਪ ਕੀਤਾ, ਕਠਿਨ ਸਾਧਨਾ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ-
ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ॥
...ਅਤੇ... ਚੜ੍ਹਿਆ ਸੋਧਣਿ ਧਰਤਿ ਲੁਕਾਈ॥
ਸਾਹਿਬ ਗੁਰੂ ਨਾਨਕ ਦੇਵ ਜੀ ਕਠਿਨ ਤਪ ਕਰਕੇ ਆਪ ਹਰੀ ਨਾਲ ਅਭੇਦ ਹੋ ਗਏ। ਫਿਰ ਸੱਚਖੰਡ 'ਚੋਂ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਨੌ ਨਿਧਾਂ ਦਾ ਖਜ਼ਾਨਾ ਨਾਮੁ ਅਤੇ ਗਰੀਬੀ ਨਿਮਰਤਾ ਲੈ ਕੇ ਆਏ। ਚਾਰੇ ਦਿਸ਼ਾਵਾਂ ਵਿਚ ਉਦਾਸੀਆਂ ਕੀਤੀਆਂ। ਨਾਮ ਦੀ ਅਮੋਲਕ ਦਾਤ ਲੋਕਾਈ ਨੂੰ ਦਿੱਤੀ। ਗੁਰਬਾਣੀ ਉਚਾਰਨ ਕੀਤੀ ਅਤੇ ਹਰੀ ਦੀ ਕੀਰਤੀ, ਸਿਫਤਿ ਸਲਾਹ ਦੀ ਪਰੰਪਰਾ, ਰਾਗਾਂ ਵਿਚ ਗੁਰਮਤਿ ਕੀਰਤਨ ਦੀ ਰੀਤ ਆਰੰਭ ਕੀਤੀ-'ਘਰਿ ਘਰਿ ਅੰਦਰਿ ਧਰਮਸਾਲ' ਬਣ ਗਈਆਂ, 'ਜਿਨਿ ਮਾਣਸ ਤੇ ਦੇਵਤੇ ਕੀਏ' ਗੁਰਵਾਕ ਸਾਕਾਰ ਹੋਇਆ। ਗੁਰਮਤਿ ਦਾ ਆਧਾਰ ਬਣ ਗਿਆ 'ਗੁਰਮੁਖਿ ਨਾਮੁ ਦਾਨੁ ਇਸਨਾਨੁ'-ਇਸ਼ਨਾਨ ਕਰਨਾ, ਨਾਮ ਜਪਣਾ, ਹੱਥੀਂ ਕਿਰਤ ਕਰਕੇ, ਦਸਾਂ ਨਹੁੰਆਂ ਦੀ ਸੁੱਚੀ ਕਮਾਈ 'ਚੋਂ ਦਾਨ ਕਰਨਾ ਹੀ ਗੁਰਮਤਿ ਜੀਵਨ ਜਾਚ ਦਾ ਆਧਾਰ ਬਣ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ।
ਮੋਬਾ: 94176-01321

ਪੀਰ ਮੁਰੀਦਾਂ ਪਿਰਹੜੀ-2

ਪੀਰ ਬਹਿਲੋਲ

ਬਗਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਇਕ ਕੁਟੀਆ ਵਿਚ ਰਹਿੰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ ਇਸ ਪੀਰ ਨਾਲ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਪ੍ਰਕਾਸ਼ਮਈ, ਗਿਆਨਮਈ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਇਹ ਗੁਰੂ ਸਾਹਿਬ ਜੀ ਦੇ ਸਰਬ ਸਾਂਝੇ ਨਿਰਮਲ ਉਪਦੇਸ਼ ਦਾ ਕਾਇਲ ਹੋ ਗਿਆ ਅਤੇ ਉਨ੍ਹਾਂ ਦਾ ਮੁਰੀਦ ਬਣ ਗਿਆ। ਇਸ ਨੇ ਕਈ ਵਾਰ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਅਟਕਾਈ ਰੱਖਿਆ। ਆਖਰ ਇਸ 'ਤੇ ਮਿਹਰ ਨਦਰਿ ਪਾ ਕੇ ਗੁਰੂ ਜੀ ਹੋਰ ਧਰਤੀਆਂ ਨੂੰ ਤਾਰਨ ਲਈ ਤੁਰ ਪਏ। ਪੀਰ ਬਹਿਲੋਲ ਉਸ ਤੋਂ ਬਾਅਦ 60 ਸਾਲ ਜਿਉਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ।
ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ਇਸ ਦੀ ਮਾਨਤਾ ਕਰਨ ਲੱਗੇ। ਸ਼ਾਹ ਆਪ ਇਸ ਲਈ ਭੇਟਾਵਾਂ ਲੈ ਕੇ ਨਤਮਸਤਕ ਹੋਇਆ ਪਰ ਪੀਰ ਨੇ ਅੱਖ ਪੁੱਟ ਕੇ ਵੀ ਨਾ ਦੇਖਿਆ। ਜਿਵੇਂ ਚਕਵੀ ਸੂਰਜ ਨੂੰ ਅਤੇ ਚਕੋਰ ਚੰਦ ਨੂੰ ਨਿਹਾਰਦੇ ਹਨ, ਇਉਂ ਹੀ ਬਹਿਲੋਲ ਆਪਣੇ ਮਹਿਬੂਬ ਦੀ ਛੋਹ ਨਾਲ ਸੁਗੰਧਿਤ ਸਥਾਨ 'ਤੇ ਹੀ ਸਮਾਧੀ ਸਥਿਤ ਹੋਇਆ ਰਹਿੰਦਾ। ਇਸ ਦਾ ਸਰੀਰ ਬਿਰਧ ਹੋ ਗਿਆ ਪਰ ਗਰਮੀ-ਸਰਦੀ ਦੀ ਪ੍ਰਵਾਹ ਕੀਤੇ ਬਗੈਰ ਇਹ ਆਪਣੇ ਆਸਣ 'ਤੇ ਸਜਿਆ ਰਿਹਾ। 1920 ਵਿਚ ਸਵੀਡਨ, ਨਾਰਵੇ ਵਿਚ ਵਸਦੇ ਸੰਨਿਆਸੀ ਆਨੰਦਾਚਾਰਯ ਨੇ ਉਸ ਥਾਂ ਦੇ ਦਰਸ਼ਨ ਕਰਕੇ ਦੇਖਿਆ ਕਿ ਉਥੇ ਇਕ ਅਰਬੀ ਭਾਸ਼ਾ ਦੀ ਇਬਾਰਤ ਖੁਣੀ ਹੋਈ ਹੈ, ਜਿਸ ਦਾ ਤਰਜਮਾ ਇਉਂ ਹੈ-'ਇਸ ਥਾਂ 'ਤੇ ਗੁਰੂ ਨਾਨਕ ਜੀ ਨੇ ਫਕੀਰ ਬਹਿਲੋਲ ਨਾਲ ਬਚਨ ਕੀਤੇ। ਜਦੋਂ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ, ਬਹਿਲੋਲ ਦੀ ਰੂਹ ਉਨ੍ਹਾਂ ਦੇ ਬਚਨਾਂ 'ਤੇ ਟਿਕੀ ਰਹੀ, ਜਿਵੇਂ ਸ਼ਹਿਦ ਭਰੇ ਸਰਘੀ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ।'
ਆਨੰਦਾਚਾਰੀਆ ਨੇ ਆਪਣੀ ਕਾਵਿ ਪੁਸਤਕ 'ਸਨੋਬਰਡਜ਼' ਵਿਚ ਇਸ ਬਾਰੇ ਇਕ ਭਾਵਪੂਰਤ ਕਵਿਤਾ ਵੀ ਲਿਖੀ ਹੈ। ਅੱਜ ਵੀ ਇਹ ਯਾਦਗਾਰੀ ਸਥਾਨ ਅਤੇ ਇਸ ਉੱਤੇ ਉੱਕਰਿਆ ਅਰਬੀ ਸ਼ਿਲਾਲੇਖ ਕਾਇਮ ਹਨ। ਇਹ ਪੰਕਤੀਆਂ ਪੀਰ ਦੀ ਸੱਚੀ ਪ੍ਰੀਤ ਦੀ ਕਹਾਣੀ ਕਹਿੰਦੀਆਂ ਜਾਪਦੀਆਂ ਹਨ-
ਉਸ ਤੋਂ ਪਿੱਛੋਂ ਅਸੀਂ ਨਾ ਬੋਲਿਆ ਨਾ ਦੇਖਿਆ
ਇਹ ਜ਼ੁਬਾਂ ਖਾਮੋਸ਼ ਹੋ ਗਈ, ਇਹ ਨਜ਼ਰ ਪਥਰਾ ਗਈ।

ਫ਼ਤਹਿਗੜ੍ਹ ਚੂੜੀਆਂ ਦਾ ਪੰਚ ਮੰਦਰ

ਅੰਮ੍ਰਿਤਸਰ ਤੋਂ ਕੋਈ 26 ਕੁ ਕਿਲੋਮੀਟਰ ਦੀ ਦੂਰੀ 'ਤੇ ਜ਼ਿਲ੍ਹਾ ਗੁਰਦਾਸਪੁਰ 'ਚ ਆਬਾਦ ਇਤਿਹਾਸਕ ਕਸਬੇ ਫ਼ਤਹਿਗੜ੍ਹ ਚੂੜੀਆਂ ਦੇ ਬੱਸ ਅੱਡੇ ਦੇ ਪਾਸ ਹੀ ਮੇਨ ਬਾਜ਼ਾਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦ ਕੌਰ ਦੁਆਰਾ ਬਣਵਾਇਆ ਲਗਪਗ 170 ਸਾਲ ਪੁਰਾਣਾ ਪੰਚ ਮੰਦਰ ਅੱਜ ਵੀ ਚੰਗੀ ਹਾਲਤ 'ਚ ਕਾਇਮ ਹੈ। ਸਿੱਖ ਰਾਜ ਸਮੇਂ ਬਣਾਇਆ ਗਿਆ ਇਹ ਮੰਦਰ ਗੁਰਦਾਸਪੁਰ ਦੇ ਸਭਨਾਂ ਵਿਰਾਸਤੀ ਸਮਾਰਕਾਂ ਵਿਚ ਆਪਣੀ ਇਕ ਵੱਖਰੀ ਹੀ ਪਛਾਣ ਰੱਖਦਾ ਹੈ, ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਮੰਦਰ ਦੀ ਹੋਂਦ ਅਤੇ ਇਤਿਹਾਸ ਤੋਂ ਬਹੁਤ ਘੱਟ ਲੋਕ ਜਾਣੂ ਹਨ ਅਤੇ ਇਸ ਦੇ ਇਤਿਹਾਸ ਸੰਬੰਧੀ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਰਿਕਾਰਡ 'ਚੋਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ, ਜਿਸ ਦੇ ਚਲਦਿਆਂ ਕਾਂਗੜਾ ਅਤੇ ਮੁਗਲ ਭਵਨ ਕਲਾ ਦਾ ਸੁਮੇਲ ਇਸ ਪੰਚ ਮੰਦਰ ਦਾ ਇਤਿਹਾਸ ਅਤੇ ਹੋਂਦ ਇਕ ਬੁਝਾਰਤ ਬਣੇ ਹੋਏ ਹਨ।
ਇਹ ਕਸਬਾ (ਫ਼ਤਹਿਗੜ੍ਹ ਚੂੜੀਆਂ) ਕਨ੍ਹੱਈਆ ਮਿਸਲ ਦੇ ਪ੍ਰਮੁੱਖ ਸ: ਜੈ ਸਿੰਘ ਕਨ੍ਹੱਈਆ (ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਦਾ ਸਹੁਰਾ) ਦੇ ਸਾਥੀ ਸ: ਹਕੀਕਤ ਸਿੰਘ ਕਨ੍ਹੱਈਆ ਦੁਆਰਾ ਆਬਾਦ ਕੀਤਾ ਗਿਆ। ਸ: ਹਕੀਕਤ ਸਿੰਘ ਪਿੰਡ ਜੁਲਕਾ ਦੇ ਸ: ਬਘੇਲ ਸਿੰਘ ਸੰਧੂ ਦਾ ਸਪੁੱਤਰ ਸੀ। ਕਨ੍ਹੱਈਆ ਮਿਸਲ ਦੇ ਆਗੂ ਸ: ਜੈ ਸਿੰਘ ਨੇ ਜਦੋਂ ਆਪਣਾ ਜਥਾ (ਬਾਅਦ 'ਚ ਇਹ ਜਥਾ ਕਨ੍ਹੱਈਆ ਮਿਸਲ ਵਿਚ ਤਬਦੀਲ ਹੋ ਗਿਆ) ਤਿਆਰ ਕੀਤਾ ਤਾਂ ਸ: ਹਕੀਕਤ ਸਿੰਘ ਅਤੇ ਉਸ ਦੇ ਤਿੰਨੇ ਭਰਾ ਸ : ਮਹਿਤਾਬ ਸਿੰਘ, ਜੀਵਨ ਸਿੰਘ ਤੇ ਭਾਗ ਸਿੰਘ ਸਭ ਤੋਂ ਪਹਿਲਾਂ ਉਸ ਦੇ ਜਥੇ ਵਿਚ ਸ਼ਾਮਲ ਹੋਏ। ਸ: ਸੋਹਣ ਸਿੰਘ ਸੀਤਲ ਨੇ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਪੁਸਤਕ ਦੇ ਸਫਾ 73 'ਤੇ ਹਕੀਕਤ ਸਿੰਘ ਦੇ ਭਰਾਵਾਂ ਦੇ ਨਾਂਅ ਮਤਾਬ ਸਿੰਘ ਤੇ ਸਦਾ ਸਿੰਘ ਲਿਖੇ ਹਨ। ਸ: ਹਕੀਕਤ ਸਿੰਘ ਨੇ ਸ: ਜੈ ਸਿੰਘ ਕਨ੍ਹੱਈਆ ਦੇ ਨਾਲ ਕਈ ਲਹੂ ਰੋੜ੍ਹਵੀਆਂ ਜੰਗਾਂ ਵਿਚ ਹਿੱਸਾ ਲਿਆ ਅਤੇ ਉਸ ਨੂੰ ਫ਼ਤਹਿ ਦਿਵਾਈ।
ਸ: ਹਕੀਕਤ ਸਿੰਘ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਪਾਸ ਹੀ ਸੰਗਤਪੁਰਾ ਪਿੰਡ ਵਿਚ ਆਪਣੀ ਰਿਹਾਇਸ਼ ਰੱਖੀ ਅਤੇ ਫਿਰ ਕਲਾਨੌਰ 'ਤੇ ਕਬਜ਼ਾ ਕਰਨ ਤੋਂ ਬਾਅਦ ਆਪਣੀ ਸਰਹੱਦ ਵਧਾ ਕੇ ਮੌਜੂਦਾ ਫ਼ਤਹਿਗੜ੍ਹ ਚੂੜੀਆਂ ਕਸਬੇ ਤੱਕ ਲੈ ਆਂਦੀ। ਇਹ ਕਸਬਾ 17ਵੀਂ ਸਦੀ ਵਿਚ ਬੰਦੇਸ਼ੀ ਜੱਟਾਂ ਦੇ ਕਬਜ਼ੇ ਅਧੀਨ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਫੋਨ : 93561-27771

ਜਦੋਂ ਤੇਜ ਸਿੰਘ ਨੇ ਸਿੱਖ ਫ਼ੌਜ ਦੇ ਮੁਕਾਬਲਾ ਕਰਨ ਦੇ ਸਾਰੇ ਮੌਕੇ ਗਵਾ ਦਿੱਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਲੀਵਾਲ-28 ਜਨਵਰੀ, 1846
ਇਹ ਲੜਾਈ 28 ਜਨਵਰੀ, 1846 ਦੀ ਸਵੇਰ ਨੂੰ ਲੜੀ ਗਈ। ਪੰਜਾਬੀਆਂ ਨੇ ਆਪਣੀ ਸੁਰੱਖਿਆ ਤਿਕੋਣ ਬਣਾ ਲਈ ਤੇ ਹਮੇਸ਼ਾ ਦੀ ਤਰ੍ਹਾਂ ਦੁਸ਼ਮਣ ਦੇ ਰੇਂਜ ਵਿਚ ਆਉਣ ਤੋਂ ਪਹਿਲਾਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਆਪਣਾ ਬਾਰੂਦ ਖ਼ਤਮ ਕਰ ਲੈਣ ਦਿੱਤਾ ਤੇ ਫਿਰ ਉਨ੍ਹਾਂ ਦੀਆਂ ਬੰਦੂਕਾਂ ਦੀਆਂ ਸਹੀ ਪੁਜ਼ੀਸ਼ਨਾਂ ਸਮਝ ਕੇ ਜ਼ੋਰਦਾਰ ਹਮਲਾ ਕੀਤਾ। ਇਸ ਫੈਸਲਾਕੁੰਨ ਘੜੀ ਵਿਚ ਪੰਜਾਬੀ ਫੌਜ ਤੇ ਅਫ਼ਸਰ, ਸਮੇਤ ਰਣਜੋਧ ਸਿੰਘ, ਉਥੋਂ ਦੌੜ ਗਏ। ਸਿਪਾਹੀਆਂ ਨੇ ਪਿੱਛੇ ਹਟਣ ਤੋਂ ਇਨਕਾਰ ਕੀਤਾ ਤੇ ਪੂਰੀ ਤਨਦੇਹੀ ਨਾਲ ਲੜਾਈ ਲੜੀ। ਜਦੋਂ ਅੰਗਰੇਜ਼ ਘੋੜਸਵਾਰਾਂ ਨੇ ਸਿੱਖ ਪਿਆਦਾ ਫੌਜ ਉੱਪਰ ਹਮਲਾ ਕੀਤਾ ਤਾਂ ਸਿੱਖ ਫੌਜੀਆਂ ਨੇ ਘੋੜਸਵਾਰਾਂ 'ਤੇ ਨੇਜ਼ਿਆਂ ਨੂੰ ਅੱਗੋਂ ਫੜ ਕੇ ਆਪਣੇ ਵੱਲ ਖਿੱਚਣਾ ਤੇ ਫਿਰ ਸਵਾਰ ਉੱਪਰ ਤਲਵਾਰਾਂ ਨਾਲ ਹਮਲੇ ਸ਼ੁਰੂ ਕੀਤੇ। ਅੰਗਰੇਜ਼ ਫੌਜੀ ਅਫਸਰ ਹੰਬਲੇ ਨੇ ਲਿਖਿਆ ਕਿ 'ਬਾਵਜੂਦ ਇਸ ਦੇ ਕਿ ਉਨ੍ਹਾਂ ਦਾ ਕਮਾਂਡਰ ਮੋਰਚਾ ਛੱਡ ਕੇ ਦੌੜ ਗਿਆ ਸੀ, ਉਸ ਦੇ ਸਿਪਾਹੀਆਂ ਨੇ ਪੂਰੇ ਦਮ ਨਾਲ ਲੜਾਈ ਜਾਰੀ ਰੱਖੀ, ਬਿਨਾਂ ਜਿੱਤ-ਹਾਰ ਦਾ ਫਿਕਰ ਕੀਤਿਆਂ।' ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸਿਪਾਹੀ ਮਾਰੇ ਗਏ ਤੇ ਕਈਆਂ ਨੂੰ ਦਰਿਆ ਵਾਲੇ ਪਾਸੇ ਧੱਕ ਦਿੱਤਾ ਗਿਆ। ਪੰਜਾਬੀਆਂ ਦੀਆਂ 56 ਤੋਪਾਂ ਅੰਗਰੇਜ਼ਾਂ ਦੇ ਹੱਥ ਲੱਗ ਗਈਆਂ।
ਇਤਿਹਾਸਕਾਰ ਅੱਜ ਤੱਕ ਆਲੀਵਾਲ ਦੀ ਲੜਾਈ ਦੇ ਮਹੱਤਵ ਬਾਰੇ ਇਕਮੱਤ ਨਹੀਂ ਹਨ। ਅੰਗਰੇਜ਼ਾਂ ਦਾ ਸਰਕਾਰੀ ਪੱਖ ਜੋ ਸਰ ਹੈਰੀ ਸਮਿੱਥ ਰੱਖਦਾ ਹੈ, ਉਸ ਮੁਤਾਬਿਕ ਇਹ ਇਕ ਵੱਡੀ ਜਿੱਤ ਸੀ। ਹੋਰਨਾਂ ਦੇ ਮੁਤਾਬਿਕ ਇਹ ਸਿਰਫ ਇਕ ਝਪਟ ਸੀ, ਜਿਸ ਨੂੰ ਹੈਰੀ ਸਮਿੱਥ ਆਪਣੀ ਬੱਦੋਵਾਲ ਦੀ ਹਾਰ ਲੁਕਾਉਣ ਵਾਸਤੇ ਵੱਡੀ ਲੜਾਈ ਦਾ ਨਾਂਅ ਦੇ ਰਿਹਾ ਹੈ। ਡਾ: ਆਂਦਰੀਓ ਆਦਮ ਨੇ ਆਪਣੀ ਕਿਤਾਬ 'ਭਾਰਤ ਵਿਚ ਇਕ ਕੁਦਰਤ ਪ੍ਰੇਮੀ ਦੇ ਭ੍ਰਮਣ' ਵਿਚ ਲਿਖਿਆ ਹੈ ਕਿ 'ਆਲੀਵਾਲ ਦੀ ਲੜਾਈ ਇਕ ਫੁਰਤੀ ਨਾਲ ਕੰਮ ਮੁਕਾਉਣ ਵਾਲੀ ਲੜਾਈ ਸੀ, ਜਿਵੇਂ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅਸਾਂ ਕੋਈ ਲੜਾਈ ਲੜੀ ਹੈ, ਜਦੋਂ ਤੱਕ ਕਿ ਕਾਗਜ਼ਾਤ ਵਿਚ ਨਹੀਂ ਪੜ੍ਹ ਲਿਆ।'
ਸਭਰਾਵਾਂ-10 ਫਰਵਰੀ, 1846
ਆਲੀਵਾਲ ਭਾਵੇਂ ਵੱਡੀ ਜਿੱਤ ਨਾ ਹੋਵੇ ਜਿਵੇਂ ਕਿ ਹੈਰੀ ਸਮਿੱਥ ਨੇ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਨੇ ਪੰਜਾਬੀਆਂ ਦੇ ਵੱਡੀ ਗਿਣਤੀ ਦੇ ਹਥਿਆਰ ਤੇ ਲੜਾਈ ਦੀ ਪੇਸ਼ਕਦਮੀ ਦੁਸ਼ਮਣ ਦੇ ਹਵਾਲੇ ਕਰ ਦਿੱਤੀ ਸੀ। ਹੁਣ ਅੰਗਰੇਜ਼ ਕਮਾਂਡਰ ਖੁੱਲ੍ਹਾ ਵਕਤ ਲੈ ਸਕਦੇ ਸਨ ਤੇ ਪੂਰੀ ਤਾਕਤ ਇਕੱਠੀ ਕਰਨ ਤੋਂ ਬਾਅਦ ਠੀਕ ਟਿਕਾਣੇ 'ਤੇ ਢੁੱਕਵੇਂ ਵਕਤ ਉੱਪਰ ਹਮਲਾ ਕਰ ਸਕਦੇ ਸਨ।
ਅੰਗਰੇਜ਼ ਕਿਹੜੇ ਸ਼ਹਿਰ ਉੱਪਰ ਪਹਿਲਾਂ ਹਮਲਾ ਕਰਨਗੇ? ਲਾਹੌਰ ਜਾਂ ਅੰਮ੍ਰਿਤਸਰ? ਇਹ ਸਵਾਲ ਪੰਜਾਬੀ ਮਿਲਟਰੀ ਕਮਾਂਡਰਾਂ ਦੇ ਦਿਮਾਗਾਂ ਵਿਚ ਘੁੰਮ ਰਿਹਾ ਸੀ। ਇਕ ਵਾਰ ਫਿਰ ਉਨ੍ਹਾਂ ਨੇ ਪਾਗਲਪਣ ਵਾਲਾ ਫੈਸਲਾ ਦੋਵਾਂ ਦੀ ਬਰਾਬਰ ਦੀ ਰੱਖਿਆ ਦਾ ਕੀਤਾ। ਵੱਡੀ ਗਿਣਤੀ ਦੀ ਫੌਜ ਘੋੜੇ ਦੀ ਸੁੰਮ ਵਰਗੀ ਕਤਾਰਬੰਦੀ ਕਰਕੇ ਸਤਲੁਜ ਦੇ ਕੰਢੇ ਸਭਰਾਵਾਂ ਦੇ ਪਿੰਡ ਕੋਲ ਬਣਾਈ, ਤਾਂ ਜੋ ਉਨ੍ਹਾਂ ਦੇ ਲਾਹੌਰ ਵੱਲ ਕੁਚ ਨੂੰ ਰੋਕਿਆ ਜਾਵੇ। ਲਾਲ ਸਿੰਘ ਨੇ ਦਰਿਆ ਦੇ ਥੋੜ੍ਹੀ ਹੀ ਉੱਪਰ ਹਰੀਕੇ ਦੇ ਸਥਾਨ 'ਤੇ ਮੋਰਚਾ ਲਾਇਆ ਕਿ ਕੀ ਪਤਾ ਅੰਗਰੇਜ਼ ਅਚਨਚੇਤ ਅੰਮ੍ਰਿਤਸਰ ਵੱਲ ਨੂੰ ਕੂਚ ਕਰਨ ਦਾ ਇਰਾਦਾ ਕਰਨ। ਸਭਰਾਵਾਂ ਦਾ ਮੋਰਚਾ ਦਰਿਆ ਦੇ ਖੱਬੇ ਕੰਢੇ ਉੱਪਰ ਪੌੜੀਆਂ ਦੇ ਪੁਲ ਦੇ ਬਿਲਕੁਲ ਨਜ਼ਦੀਕ ਲਗਾਇਆ ਗਿਆ ਸੀ, ਜੋ ਬੇਸ ਕੈਂਪ ਨਾਲ ਜੁੜਦਾ ਸੀ। ਤੇਜ ਸਿੰਘ ਨੇ ਇੱਟਾਂ ਦਾ ਇਕ ਚਬੂਤਰਾ ਬਣਵਾਇਆ ਸੀ, ਜਿਥੋਂ ਉਸ ਨੂੰ ਸਾਰਾ ਐਕਸ਼ਨ ਦਿਖਾਈ ਦੇ ਸਕਦਾ ਸੀ ਤੇ ਇਹ ਬੇੜੀਆਂ ਦੇ ਪੁਲ ਦੇ ਬਿਲਕੁਲ ਨਜ਼ਦੀਕ ਬਣਾਇਆ ਗਿਆ ਸੀ, ਜਿਥੋਂ ਜਲਦੀ ਨਾਲ ਦੌੜਿਆ ਵੀ ਜਾ ਸਕੇ। ਪੁਲ ਦੀ ਰਾਖੀ ਤੇਜ ਸਿੰਘ ਦੇ ਜਾਤੀ ਬਾਡੀ ਗਾਰਡ ਕਰ ਰਹੇ ਸਨ। ਇਹ ਉਸ ਦੀ ਬੁਜ਼ਦਿਲੀ ਪ੍ਰਗਟਾਉਂਦਾ ਸੀ। ਜਿਸ ਤਰੀਕੇ ਨਾਲ ਤੇਜ ਸਿੰਘ ਨੇ ਫੌਜ ਦੀ ਕਤਾਰਬੰਦੀ ਕੀਤੀ ਸੀ, ਕੋਈ ਸ਼ੱਕ ਨਹੀਂ ਬਚਦਾ ਸੀ ਕਿ ਉਹ ਖਾਲਸਾ ਫੌਜ ਦੀ ਹਾਰ ਚਾਹੁੰਦਾ ਸੀ। ਵੱਡੀਆਂ ਤੋਪਾਂ ਨੂੰ ਮਿੱਟੀ ਦੇ ਬੰਨ੍ਹਾਂ ਪਿੱਛੇ ਲਗਾਇਆ ਸੀ, ਜਿਥੋਂ ਉਨ੍ਹਾਂ ਦਾ ਇਸਤੇਮਾਲ ਅੱਗੇ ਵਧ ਕੇ ਹਮਲਾ ਕਰਨ ਵਿਚ ਨਹੀਂ ਹੋ ਸਕਦਾ ਸੀ।
ਸਾਰੀ ਪਿਆਦਾ ਫੌਜ ਖੰਦਕਾਂ ਵਿਚ ਸੀ, ਜਿਥੋਂ ਉਹ ਅੱਗੇ ਵਧਦੀ ਫੌਜ ਦੇ ਨਜ਼ਦੀਕ ਜਾ ਕੇ ਉਸ ਉੱਪਰ ਹਮਲਾ ਨਹੀਂ ਕਰ ਸਕਦੀ ਸੀ। ਇਸ ਤਰ੍ਹਾਂ ਦੁਸ਼ਮਣ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਕਿ ਉਹ ਆਪਣੀ ਮਰਜ਼ੀ ਤੇ ਸਕੀਮ ਦੇ ਹਿਸਾਬ ਨਾਲ ਹਮਲਾ ਕਰੇ। ਤੇਜ ਸਿੰਘ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ ਕਿ ਉਸ ਨੇ ਰਣਜੋਧ ਸਿੰਘ ਮਜੀਠੀਆ ਦੇ ਪੈਂਤੜੇ ਤੋਂ ਕੁਝ ਨਹੀਂ ਸਿੱਖਿਆ ਕਿ ਫੌਜ ਦੀ ਪਿੱਠ ਦਰਿਆ ਨਾਲ ਲਗਾਉਣ ਦਾ ਮਤਲਬ ਉਨ੍ਹਾਂ ਵਾਸਤੇ ਮੌਤ ਦਾ ਸਮਾਨ ਬਣਾਉਣਾ ਹੈ। ਸ਼ਾਇਦ ਉਸ ਕੋਲ ਇਹ ਸਬਕ ਹੋਵੇ ਤੇ ਉਸ ਨੇ ਜਾਣਬੁੱਝ ਕੇ ਆਪਣੇ ਹਿਸਾਬ ਨਾਲ ਵਰਤਿਆ ਹੋਵੇ। ਸਿੱਖਾਂ ਕੋਲ ਆਪਣੇ ਨਾਲੋਂ ਆਦਮੀਆਂ, ਹਥਿਆਰਾਂ ਤੇ ਤਜਰਬੇਕਾਰ ਅਗਵਾਈ ਦੇ ਪੱਖੋਂ ਤਾਕਤਵਰ ਫੌਜ ਨਾਲ ਮੁਕਾਬਲਾ ਕਰਨ ਦੇ ਜੋ ਥੋੜ੍ਹੇ ਜਿਹੇ ਮੌਕੇ ਸਨ, ਉਹ ਵੀ ਗੱਦਾਰ ਨੇ ਗਵਾ ਦਿੱਤੇ ਸਨ। ਫਰਵਰੀ ਦੇ ਪਹਿਲੇ ਹਫਤੇ ਲਾਲ ਸਿੰਘ ਨੇ ਆਪਣੇ ਸੰਦੇਸ਼ ਵਾਹਕ ਦੇ ਹੱਥ ਸਿੱਖ ਫੌਜਾਂ ਦੀ ਸਭਰਾਵਾਂ ਵਿਚ ਹੋਈ ਕਤਾਰਬੰਦੀ ਦਾ ਨਕਸ਼ਾ ਭੇਜ ਦਿੱਤਾ। ਬ੍ਰਿਟਿਸ਼ ਕਮਾਂਡਰ ਇਕ ਗਦਾਰ ਦੇ ਸ਼ਬਦਾਂ ਦਾ ਯਕੀਨ ਕਰਨ ਵਾਲਾ ਨਹੀਂ ਸੀ। ਇਕ ਕਿਸਾਨ ਮੁੰਡੇ ਨੂੰ ਸਿੱਖਾਂ ਦੇ ਕੈਂਪ ਵੱਲ ਭੇਜਿਆ ਤੇ ਉਸ ਨੇ, ਜਿਸ ਨੂੰ ਸਭਰਾਵਾਂ ਬੁਆਏ ਕਹਿ ਕੇ ਯਾਦ ਕੀਤਾ ਗਿਆ, ਜੋ ਦੱਸਿਆ, ਉਸ ਨਾਲ ਲਾਲ ਸਿੰਘ ਦੀ ਭੇਜੀ ਇਤਲਾਹ ਦੀ ਪੁਸ਼ਟੀ ਹੋ ਗਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਮੁਹੰਮਦ ਫਾਜ਼ਿਲਉੱਦੀਨ ਕਾਦਰੀ

ਪੰਜਾਬ ਦੇ ਕਈ ਪਿੰਡ, ਸ਼ਹਿਰ ਅਤੇ ਕਸਬੇ ਆਪੋ-ਆਪਣੀਆਂ ਵਿਲੱਖਣਤਾਵਾਂ ਕਰਕੇ ਪ੍ਰਸਿੱਧ ਰਹੇ ਹਨ। ਕੋਈ ਧਰਮ ਕਰਕੇ, ਕੋਈ ਉਦਯੋਗਾਂ ਕਰਕੇ, ਕੋਈ ਲਿਖਾਰੀਆਂ ਕਰਕੇ ਅਤੇ ਕੋਈ ਦੇਸ਼ ਭਗਤਾਂ ਅਤੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਕਰਕੇ। ਅੱਜ ਅਸੀਂ ਕੇਵਲ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਗੱਲ ਕਰਨੀ ਹੈ ਅਤੇ ਉਹ ਵੀ ਸਿਰਫ ਸੂਫ਼ੀ ਦਰਗਾਹਾਂ ਦੇ ਹਵਾਲੇ ਨਾਲ ਹੀ।
ਮੱਧਕਾਲ ਵਿਚ ਬਟਾਲਾ ਸ਼ਹਿਰ ਕੁਸ਼ਲ ਪ੍ਰਬੰਧਕਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਅਨੰਤ ਰਾਮ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਆਦਿ ਵਿਦਵਾਨਾਂ ਦਾ ਮਹਾਰਾਜਾ ਰਣਜੀਤ ਸਿੰਘ ਬਹੁਤ ਆਦਰ ਕਰਦਾ ਸੀ। ਅਨੰਤ ਸਿੰਘ ਨੂੰ ਮਹਾਰਾਜਾ ਨੇ ਦਿੱਲੀ ਵਿਚ ਆਪਣਾ ਵਕੀਲ ਬਣਾ ਕੇ ਭੇਜਿਆ ਸੀ। ਉਸ ਦੇ ਤਿੰਨ ਪੁੱਤਰ ਵੀ ਕ੍ਰਮਵਾਰ ਦਿੱਲੀ, ਅੰਬਾਲੇ ਅਤੇ ਲੁਧਿਆਣੇ ਵਿਚ ਅੰਗਰੇਜ਼ਾਂ ਪਾਸ ਮਹਾਰਾਜਾ ਦੀ ਵਕਾਲਤ ਕਰਦੇ ਰਹੇ ਸਨ। ਇਸੇ ਤਰ੍ਹਾਂ ਦਾ ਇਕ ਹੋਰ ਵਿਦਵਾਨ ਮੁਹੰਮਦ ਸ਼ਾਹ ਬਟਾਲੀਆ ਸੀ, ਜਿਸ ਦੀ ਮਸ਼ਹੂਰ ਰਚਨਾ 'ਕਿਤਾਬ-ਏ-ਹਿੰਦ' ਮਿਲਦੀ ਹੈ। ਇਸ ਸਾਰੀ ਪੁਸਤਕ ਦਾ ਅਨੁਵਾਦ ਹੋਇਆ ਹੈ ਜਾਂ ਨਹੀ? ਇਹ ਜਾਣਕਾਰੀ ਸਾਨੂੰ ਨਹੀਂ ਮਿਲਦੀ ਪਰ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਭਾਗ ਦਾ, 'ਤਾਰੀਖ-ਏ-ਪੰਜਾਬ' ਨਾਂਅ ਥੱਲੇ ਪੰਜਾਬੀ ਤਰਜਮਾ ਮਿਲਦਾ ਹੈ ਅਤੇ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੋਫੈਸਰ ਗੁਰਬਖਸ਼ ਸਿੰਘ ਕੋਲੋਂ ਕਰਵਾ ਕੇ ਪਹਿਲੀ ਵਾਰ 1969 ਵਿਚ ਛਾਪਿਆ ਗਿਆ ਸੀ। ਇਹ ਪੁਸਤਕ 18ਵੀਂ ਸਦੀ ਅਤੇ 19ਵੀਂ ਸਦੀ ਦੇ ਅੱਧ ਪੰਜਾਬ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੀ ਹੈ। ਇਸੇ ਪੁਸਤਕ ਵਿਚ ਬਟਾਲੇ ਦੀ ਪ੍ਰਸਿੱਧ ਸੂਫ਼ੀ ਦਰਗਾਹ ਮਦਰੱਸਾ-ਏ-ਕਾਦਰੀਆਂ ਦੀ ਚਰਚਾ ਹੈ। ਇਸ ਤੋਂ ਬਿਨਾਂ ਇਸ ਸ਼ਹਿਰ ਵਿਚ ਦੋ ਦਰਗਾਹਾਂ ਹੋਰ ਵੀ ਹਨ, ਬੇਸ਼ੱਕ ਇਨ੍ਹਾਂ ਦੀ ਚਰਚਾ ਇਸ ਪੁਸਤਕ ਵਿਚ ਨਹੀਂ।
ਸੱਯਦ ਅਹਿਮਦ ਸ਼ਾਹ ਬਟਾਲੇ ਦੇ ਵਿੱਦਿਅਕ ਵਾਤਾਵਰਨ ਦੀ ਉਪਜ ਸੀ। ਅਨੰਤ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਇਸ ਦੀ ਵੀ ਬਹੁਤ ਇੱਜ਼ਤ ਕਰਿਆ ਕਰਦਾ ਸੀ। ਮਹਾਰਾਜੇ ਦੇ ਦਰਬਾਰ ਵਿਚ ਇਸ ਦਾ ਚੰਗਾ ਅਸਰ ਰਸੂਖ ਸੀ। ਬਟਾਲੇ ਦੇ ਮੀਆਂ ਮੁਹੱਲੇ ਵਿਚ ਵਸਦਾ ਅਹਿਮਦ ਸ਼ਾਹ, ਕਾਦਰੀ ਸਿਲਸਿਲੇ ਨਾਲ ਸਬੰਧ ਰੱਖਦਾ ਸੀ, ਜੋ ਵਧੇਰੇ ਕਰਕੇ ਮੀਆਂ ਘਰਾਣਾ ਨਾਲ ਮਸ਼ਹੂਰ ਸੀ। ਇਸ ਘਰਾਣੇ ਨੂੰ ਸ਼ਾਹ ਜਹਾਨ ਦੇ ਸਮੇਂ ਤੋਂ ਹੀ ਪ੍ਰਸਿੱਧੀ ਪ੍ਰਾਪਤ ਸੀ, ਕਿਉਂਕਿ ਬਾਦਸ਼ਾਹ ਨੇ ਇਸ ਘਰਾਣੇ ਦੇ ਪ੍ਰਸਿੱਧ ਵਿਅਕਤੀ ਸੱਯਦ ਇਨਾਇਤ ਸ਼ਾਹ ਨੂੰ ਉੱਤਰ-ਪੱਛਮੀ ਇਲਾਕੇ ਦਾ ਮੁੱਖ ਕਾਜ਼ੀ ਨਿਯੁਕਤ ਕੀਤਾ ਹੋਇਆ ਸੀ। ਮਗਰੋਂ ਸ਼ਾਹ ਜਹਾਨ ਦੇ ਪੁੱਤਰ ਔਰੰਗਜ਼ੇਬ ਦੇ ਸਮੇਂ ਸੱਯਦ ਇਨਾਇਤ ਸ਼ਾਹ ਦੇ ਪੁੱਤਰ ਨੇ ਬਟਾਲੇ ਵਿਚ ਦਰਗਾਹ ਕਾਇਮ ਕੀਤੀ ਅਤੇ ਨਾਲ ਹੀ ਮਦਰੱਸੇ ਦੀ ਨੀਂਹ ਵੀ ਰੱਖੀ, ਜਿਸ ਨੂੰ ਮਦਰੱਸਾ-ਏ-ਕਾਦਰੀ ਕਿਹਾ ਜਾਣ ਲੱਗਾ। ਮਦਰੱਸੇ ਦੇ ਨਾਲ ਲੰਗਰ ਵੀ ਚਾਲੂ ਕੀਤਾ ਗਿਆ। ਇਨ੍ਹਾਂ ਧਾਰਮਿਕ ਤੇ ਵਿੱਦਿਅਕ ਸਰਗਰਮੀਆਂ ਕਰਕੇ ਇਸ ਨੂੰ ਬਹੁਤ ਸ਼ੁਹਰਤ ਮਿਲੀ। ਜਦ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਬਗਾਵਤ ਕੀਤੀ ਤਾਂ ਉਸ ਨੇ ਬਟਾਲੇ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦਰਗਾਹ ਦਾ ਸੰਸਥਾਪਕ ਆਪਣੇ ਸ਼ਰਧਾਲੂਆਂ ਤੇ ਸਕੇ ਸਬੰਧੀਆਂ ਨੂੰ ਨਾਲ ਲੈ ਕੇ ਬਿਸਤ ਦੁਆਬ ਦੇ ਮਸ਼ਹੂਰ ਕਸਬੇ ਸੁਲਤਾਨਪੁਰ ਲੋਧੀ ਵੱਲ ਚਲਾ ਗਿਆ ਅਤੇ ਮਦਰੱਸੇ ਨੂੰ ਖਾਲੀ ਵੇਖ ਕੇ ਬੰਦਾ ਬਹਾਦਰ ਦੇ ਸੈਨਿਕਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ। ਬੰਦੇ ਦੀ ਸ਼ਹੀਦੀ ਮਗਰੋਂ ਮੁਗ਼ਲ ਬਾਦਸ਼ਾਹ ਫਰੁੱਖਸੀਅਰ ਨੇ ਇਸ ਦਰਗਾਹ ਦੇ ਨਾਂਅ ਵੱਡੀ ਜਗੀਰ ਲਾ ਕੇ ਨੁਕਸਾਨ ਦੀ ਪੂਰਤੀ ਕਰ ਦਿੱਤੀ ਅਤੇ ਨਾਲ ਹੀ ਇਸ ਜਗੀਰ ਤੇ ਮਦਰੱਸੇ ਦਾ ਪ੍ਰਬੰਧ ਫਾਜ਼ਿਲ-ਉਦੀਨ ਦੇ ਸਪੁਰਦ ਕਰ ਦਿੱਤਾ।
ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਭਾਰਤੀ ਪੰਜਾਬ ਦੇ ਪ੍ਰਸਿੱਧ ਸੂਫ਼ੀ ਦਰਬਾਰਾਂ ਦੀ ਖੋਜ ਕਰਦਿਆਂ ਦਰਬਾਰ ਕਾਦਰੀਆਂ ਫਾਜ਼ਲੀਆਂ ਬਟਾਲਾ ਦੀ ਖੋਜ ਕਰਕੇ ਕੁਝ ਗੱਲਾਂ ਨਿਤਾਰੀਆਂ ਹਨ। ਉਸ ਨੇ ਇਸ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦਿਆਂ ਲਿਖਿਆ ਹੈ, 'ਇਸ ਦਰਬਾਰ ਦੇ ਬਾਨੀ ਦਰਗਾਹ ਦਾ ਸਬੰਧ ਹਜ਼ਰਤ-ਗੌਸ-ਉਲ-ਆਜ਼ਮ-ਸ਼ੇਖ-ਅਬਦੁਲ-ਕਾਦਿਰ-ਜਿਲਾਨੀ ਨਾਲ ਜਾ ਮਿਲਦਾ ਹੈ। ਬਟਾਲਾ ਸ਼ਹਿਰ ਵਿਚ ਆਪ ਨੂੰ ਪੀਰ ਫਾਜ਼ਿਲ ਸ਼ਾਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਖਿਲਾਫ਼ਤ ਦਾ ਸਮਾਂ 1684 ਤੋਂ 1739 ਤੱਕ ਦਾ ਹੈ।' ਆਪ ਦੇ ਦਿਹਾਂਤ ਤੋਂ ਬਾਅਦ ਆਪ ਦਾ ਪੁੱਤਰ ਹਜ਼ਰਤ ਗੁਲਾਮ ਕਾਦਰ ਸ਼ਾਹ ਉਸ ਦਾ ਜਾਂਨਸ਼ੀਨ ਬਣਿਆ, ਜਿਸ ਦਾ ਜੀਵਨ ਕਾਲ 1695 ਤੋਂ 1763 ਦਾ ਹੈ ਅਤੇ ਖਿਲਾਫਤ ਦਾ ਸਮਾਂ 1739 ਤੋਂ 1763 ਈ: ਤੱਕ ਦਾ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
ਸਾ ਧਨ ਆਪੁ ਗਵਾਇਆ
ਗੁਰ ਕੈ ਸਬਦਿ ਸੀਗਾਰੁ॥
ਘਰ ਹੀ ਸੋ ਪਿਰੁ ਪਾਇਆ
ਗੁਰ ਕੈ ਹੇਤਿ ਅਪਾਰੁ॥ ੫॥
ਗੁਰ ਕੀ ਸੇਵਾ ਚਾਕਰੀ
ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ
ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ
ਲਾਭੁ ਸਦਾ ਮਨਿ ਹੋਇ॥ ੬॥
ਕਰਮਿ ਮਿਲੈ ਤਾ ਪਾਈਐ
ਆਪਿ ਨ ਲਇਆ ਜਾਇ॥
ਗੁਰ ਕੀ ਚਰਣੀ ਲਗਿ ਰਹੁ
ਵਿਚਹੁ ਆਪੁ ਗਵਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਗੁਰਮਤਿ ਮਨੁ ਸਮਝਾਇਆ
ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ
ਮੇਲੇ ਸਬਦੁ ਅਪਾਰੁ॥ ੮॥ ੧੨॥ (ਅੰਗ 61)
ਪਦ ਅਰਥ : ਤਤੁ-ਮੂਲ। ਸਾ ਧਨ-ਉਸ ਜੀਵ ਇਸਤਰੀ ਨੇ। ਆਪੁ ਗਵਾਇਆ-ਆਪਾ ਭਾਵ ਦੂਰ ਕਰ ਲਿਆ ਹੈ। ਸਬਦਿ ਸੀਗਾਰੁ-ਸ਼ਬਦ ਦਾ ਸ਼ੰਗਾਰ ਕੀਤਾ ਹੈ। ਸੋ-ਉਸ ਨੇ। ਪਿਰੁ-ਮਾਲਕ ਪ੍ਰਭੂ। ਗੁਰ ਕੈ ਹੇਤਿ-ਗੁਰੂ ਦੇ ਪਿਆਰ ਦੁਆਰਾ। ਅਪਾਰੁ-ਬੇਅੰਤ। ਚਾਕਰੀ-ਨਿਸ਼ਕਾਮ ਸੇਵਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਵਿਚਹੁ-(ਮਨ) ਵਿਚੋਂ। ਵਿਚਹੁ ਖੋਇ-ਵਿਚੋਂ ਜਾਂਦੀ ਰਹਿੰਦੀ ਹੈ। ਲਾਭੁ ਸਦਾ-ਸਦਾ ਲਾਹਾ ਹੁੰਦਾ ਹੈ।
ਕਰਮਿ ਮਿਲੈ-(ਪ੍ਰਭੂ ਦੀ) ਕਿਰਪਾ ਦ੍ਰਿਸ਼ਟੀ ਹੋਵੇ, ਬਖਸ਼ਿਸ਼ ਹੋਵੇ। ਤਾ ਪਾਈਐ-ਤਾਂ (ਨਾਮ ਧਨ ਦੀ) ਪ੍ਰਾਪਤੀ ਹੁੰਦੀ ਹੈ। ਆਪਿ ਨ ਲਇਆ ਜਾਇ-ਆਪਣੇ ਉੱਦਮ ਨਾਲ ਕੁਝ ਵੀ ਨਹੀਂ ਮਿਲਦਾ। ਵਿਚਹੁ ਆਪੁ ਗਵਾਇ-ਆਪਣੇ ਅੰਦਰੋਂ ਆਪਾ ਭਾਵ ਗੁਆ ਕੇ। ਸੇਤੀ ਰਤਿਆ-ਰੰਗੇ ਜਾਣ ਨਾਲ। ਸਚੋ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਪਲੈ ਪਾਇ-(ਹਿਰਦੇ ਵਿਚ) ਪਾ ਲਈਦਾ ਹੈ।
ਅਭੁਲੁ-ਜੋ ਕਦੇ ਕੋਈ ਭੁੱਲ ਨਹੀਂ ਕਰਦਾ। ਗੁਰਮਤਿ-ਗੁਰੂ ਦੀ ਮੱਤ ਅਨੁਸਾਰ। ਮਨੁ ਸਮਝਾਇਆ-ਮਨ ਨੂੰ ਸਮਝਾ ਲੈਂਦਾ ਹੈ। ਤਿਸੈ-ਉਸ ਦਾ। ਲਾਗਾ ਪਿਆਰੁ-(ਪਰਮਾਤਮਾ ਨਾਲ) ਪਿਆਰ ਬਣਿਆ ਰਹਿੰਦਾ ਹੈ। ਸਾਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਮੇਲੇ-ਮਿਲਾ ਦਿੰਦਾ ਹੈ। ਸਬਦੁ-(ਗੁਰੂ ਦਾ) ਸ਼ਬਦ। ਅਪਾਰੁ-ਬੇਅੰਤ।
ਇਸ 12ਵੀਂ ਅਸ਼ਟਪਦੀ ਦੇ ਪਹਿਲੇ 4 ਅੰਕਾਂ 'ਤੇ ਵਿਚਾਰ ਪਿਛਲੇ ਮੰਗਲਵਾਰ ਦੇ ਅੰਕ ਵਿਚ ਹੋ ਚੁੱਕੀ ਹੈ, ਜਿਸ ਵਿਚ ਗੁਰੂ ਬਾਬਾ ਨੇ ਦ੍ਰਿੜ੍ਹ ਕਰਵਾਇਆ ਹੈ ਕਿ ਮਾਇਆ ਮਨੁੱਖ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਇਸ ਨੂੰ ਜੀਵਨ ਦੇ ਸਹੀ ਮਾਰਗ ਤੋਂ ਕੁਰਾਹੇ ਪਾਈ ਰੱਖਦੀ ਹੈ। ਫਲਸਰੂਪ ਅਜਿਹੀ ਨਿਭਾਗਣ ਜੀਵ-ਇਸਤਰੀ ਪ੍ਰਭੂ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ, ਜੁੜ ਨਹੀਂ ਸਕਦੀ।
ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਕੇਵਲ ਇਕ ਪ੍ਰਭੂ ਵਿਚ ਹੀ ਲਿਵ ਨੂੰ ਜੋੜੀ ਰੱਖਦਾ ਹੈ ਅਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਾਲੀ ਭਟਕਣਾ ਨੂੰ ਸਾੜ ਸੁੱਟਦਾ ਹੈ ਭਾਵ ਮੁਕਾ ਦਿੰਦਾ ਹੈ। ਰਾਗੁ ਮਾਝ ਵਿਚ ਧੰਨ-ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ॥
ਦੂਜਾ ਭਰਮੁ ਗੁਰ ਸਬਦਿ ਜਲਾਏ॥ (ਅੰਗ 115)
ਇਕਸੁ ਸਿਉ-ਇਕ (ਪ੍ਰਭੂ) ਨਾਲ ਹੀ। ਦੂਜਾ-ਮਾਇਆ। ਭਰਮੁ-ਭਟਕਣਾ। ਜਲਾਏ-ਸਾੜ ਸੁੱਟਦਾ ਹੈ, ਮੁਕਾ ਦਿੰਦਾ ਹੈ।
ਅਜਿਹਾ ਗੁਰਮੁਖਿ (ਸਦਾ) ਪਰਮਾਤਮਾ ਦੀ ਸਿਫਤ-ਸਾਲਾਹ ਨੂੰ ਹੀ ਆਪਣੇ ਜੀਵਨ ਦਾ ਸ੍ਰੇਸ਼ਟ ਕਰਮ ਸਮਝਦਾ ਹੈ, ਜਿਸ ਨਾਲ ਉਹ ਗੁਰਮੁਖਿ ਮੁਕਤ ਦੁਆਰ ਨੂੰ ਪ੍ਰਾਪਤ ਹੁੰਦਾ ਹੈ-
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ॥
ਗੁਰਮੁਖਿ ਪਾਏ ਮੋਖ ਦੁਆਰੁ॥ (ਅੰਗ 115)
ਕੀਰਤਿ ਸਾਰੁ-ਸ੍ਰੇਸ਼ਟ ਕਰਮ। ਮੋਖ ਦੁਆਰੁ-ਮੁਕਤੀ ਦਾ ਦੁਆਰ।
ਦੂਜੇ ਬੰਨੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਆਪਣੇ ਮਨ ਦੀ ਮੰਨਣ ਵਾਲੇ ਮਨਮੁਖ ਨੂੰ (ਆਪਣੇ ਜੀਵਨ ਮਾਰਗ ਬਾਰੇ) ਕੁਝ ਨਹੀਂ ਸੁੱਝਦਾ। ਆਪਣੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਤਮਿਕ ਮੌਤ ਦੇ ਸੰਸਕਾਰ ਜੋ ਉਹ ਲਿਖਾ ਕੇ ਆਉਂਦਾ ਹੈ, ਇਥੇ ਆ ਕੇ ਵੀ ਬੇਸਮਝੀ ਵਿਚ ਮਨਮੁਖਾਂ ਭਾਵ ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਹੈ। ਇਸ ਪ੍ਰਕਾਰ ਜੀਵਨ ਦੀ ਸਹੀ ਸੂਝ ਨਾ ਹੋਣ ਦੇ ਕਾਰਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖਾ ਜੀਵਨ ਵਿਅਰਥ ਹੀ ਗੁਆ ਲੈਂਦਾ ਹੈ। ਗੁਰਵਾਕ ਹੈ-
ਮਨਮੁਖ ਅੰਧੇ ਕਿਛੂ ਨ ਸੂਝੈ॥
ਮਰਣੁ ਲਿਖਾਇ ਆਏ ਨਹੀ ਬੂਝੈ॥
ਮਨਮੁਖ ਕਰਮ ਕਰੇ ਨਹੀ ਪਾਏ
ਬਿਨੁ ਨਾਵੈ ਜਨਮੁ ਗਵਾਵਣਿਆ॥ (ਅੰਗ 114)
ਜਨਮੁ ਗਵਾਵਣਿਆ-ਜਨਮ ਵਿਅਰਥ ਹੀ ਗੁਆ ਲੈਂਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਗੁਰੂ ਦੇ ਸ਼ਬਦ ਦੀ ਸੋਝੀ ਕਿਸੇ ਵਿਰਲੇ ਮਨੁੱਖ ਨੂੰ ਹੀ ਪੈਂਦੀ ਹੈ। ਜੋ ਆਪਾ-ਭਾਵ ਮਾਰ ਲੈਂਦਾ ਹੈ, ਉਸ ਨੂੰ ਫਿਰ ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਦੀ ਸੋਝੀ ਪੈ ਜਾਂਦੀ ਹੈ। ਅਜਿਹਾ ਆਤਮਿਕ ਅਵਸਥਾ 'ਤੇ ਪੁੱਜ ਕੇ ਮੁੜ ਉਹ ਆਤਮਿਕ ਮੌਤ ਨਹੀਂ ਸਹੇੜਦਾ ਭਾਵ ਆਤਮਿਕ ਮੌਤ ਤੋਂ ਉਹ ਬਚਿਆ ਰਹਿੰਦਾ ਹੈ ਅਤੇ ਆਤਮਿਕ ਅਡੋਲਤਾ ਵਿਚ ਟਿਕ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿਚ ਉਸ ਦੀ ਲਿਵ ਜੁੜੀ ਰਹਿੰਦੀ ਹੈ-
ਗੁਰ ਕਾ ਸਬਦੁ ਕੋ ਵਿਰਲਾ ਬੂਝੈ॥
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ॥
ਫਿਰਿ ਓਹੁ ਮਰੈ ਨ ਮਰਣਾ ਹੋਵੈ
ਸਹਜੇ ਸਚਿ ਸਮਾਵਣਿਆ॥ (ਅੰਗ 120)
ਤ੍ਰਿਭਵਣੁ-ਤਿੰਨ ਭਵਨ (ਧਰਤੀ, ਆਕਾਸ਼ ਤੇ ਪਾਤਾਲ)
ਅੱਖਰੀਂ ਅਰਥ : ਹੇ ਭਾਈ, ਗੁਰੂ ਦੇ ਚਰਨੀਂ ਲੱਗ ਕੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ, ਕਿਉਂਕਿ (ਗੁਰੂ ਦੇ ਚਰਨੀਂ ਲੱਗਣ ਨਾਲ ਹੀ) ਪ੍ਰੇਮ ਪੈਦਾ ਕਰਨ ਵਾਲੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੇ (ਬਾਕੀ ਸਭ ਸ਼ਿੰਗਾਰ ਤਿਆਗ ਕੇ) ਕੇਵਲ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ ਹੈ, ਉਸ ਜੀਵ-ਇਸਤਰੀ ਨੇ ਆਪਾ-ਭਾਵ ਨੂੰ ਗੁਆ ਲਿਆ ਹੈ, ਆਪਾ ਭਾਵ ਨੂੰ ਦੂਰ ਕਰ ਲਿਆ ਹੈ। ਇਸ ਪ੍ਰਕਾਰ ਗੁਰੂ ਵਲੋਂ ਬਖਸ਼ੇ ਹੋਏ ਪ੍ਰੇਮ-ਪਿਆਰ ਦੁਆਰਾ ਹੀ ਆਪਣੇ ਹਿਰਦੇ ਘਰ ਵਿਚ ਬੇਅੰਤ ਪ੍ਰਭੂ ਨੂੰ ਪਾ ਲਿਆ ਹੈ।
ਗੁਰੂ ਦੀ ਦੱਸੀ ਸੇਵਾ ਕਰਨ ਨਾਲ, ਚਾਕਰੀ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਹਿਰਦੇ ਘਰ ਵਿਚ ਅਨੰਦ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਨਾਮ ਰੂਪ ਧਨ ਪ੍ਰਾਪਤ ਹੋਣ ਨਾਲ ਮਨ ਅੰਦਰ (ਆਤਮਿਕ ਗੁਣਾਂ ਵਿਚ) ਵਾਧਾ ਹੁੰਦਾ ਹੈ। ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵਸਦਾ ਹੈ ਤਾਂ ਜਗਿਆਸੂ ਦੇ ਅੰਦਰਲੀ ਸਾਰੀ ਹੰਗਤਾ ਜਾਂਦੀ ਰਹਿੰਦੀ ਹੈ।
ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ (ਨਾਮ ਧਨ) ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਉੱਦਮ ਨਾਲ ਇਸ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਹੇ ਭਾਈ, ਆਪਾ-ਭਾਵ ਗੁਆ ਕੇ ਗੁਰੂ ਦੀ ਚਰਨੀਂ ਲੱਗਿਆ ਰਹੁ। ਸੱਚੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਜਾਣ ਨਾਲ ਤਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ (ਹਿਰਦੇ ਵਿਚ ਹੀ) ਪਾ ਲਈਦਾ ਹੈ।
(ਇਸ ਸੰਸਾਰ ਵਿਚ) ਸਭ ਕੋਈ ਭੁੱਲਾਂ ਕਰਨ ਵਾਲਾ ਹੈ। ਕੇਵਲ ਇਕ ਗੁਰੂ ਕਰਤਾਰ ਹੀ ਅਭੁੱਲ ਭਾਵ ਕਦੇ ਕੋਈ ਭੁੱਲ ਨਹੀਂ ਕਰਦਾ। ਜਿਹੜਾ ਗੁਰੂ ਦੀ ਮੱਤ 'ਤੇ ਚੱਲ ਕੇ ਆਪਣੇ ਮਨ ਨੂੰ (ਸਹੀ ਮਾਰਗ 'ਤੇ ਚੱਲਣ ਲਈ) ਸਮਝਾ ਲੈਂਦਾ ਹੈ, ਉਸ ਦਾ ਪਰਮਾਤਮਾ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਜਿਸ ਨੂੰ ਗੁਰੂ ਦਾ ਸ਼ਬਦ ਬੇਅੰਤ ਪ੍ਰਭੂ ਨਾਲ ਮਿਲਾ ਦਿੰਦਾ ਹੈ, ਉਸ ਜਗਿਆਸੂ ਨੂੰ ਫਿਰ ਸਦਾ ਥਿਰ ਰਹਿਣ ਵਾਲਾ ਪ੍ਰਭੂ ਕਦੇ ਵਿਸਰਦਾ ਨਹੀਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਚਾਈ ਦਾ ਰਸਤਾ ਊਬੜ-ਖਾਬੜ ਹੁੰਦਾ ਹੈ

ਆਪਣੇ-ਆਪ ਨੂੰ ਮਨ ਬਚਨ ਅਤੇ ਕਰਮ ਤੋਂ ਨੇਕ ਅਤੇ ਪਵਿੱਤਰ ਬਣਾਉਣਾ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸੱਚਾਈ ਦਾ ਰਸਤਾ ਕਦੇ ਵੀ ਪੱਧਰਾ ਤੇ ਸੌਖਾ ਨਹੀਂ, ਸਗੋਂ ਊਬੜ-ਖਾਬੜ ਹੁੰਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਸ ਰਾਹ 'ਤੇ ਚਲਦੇ ਹੋਏ ਕਈ ਸਫ਼ਲ ਹੋ ਜਾਂਦੇ ਹਨ ਤਾਂ ਕਈ ਲੜਖੜਾ ਜਾਂਦੇ ਹਨ। ਸਵਾਮੀ ਵਿਵੇਕਾਨੰਦ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਚਰਿੱਤਰ ਨਿਰਮਾਣ ਕੋਈ ਸੌਖਾ ਕਾਰਜ ਨਹੀਂ। ਚਰਿੱਤਰ ਨਿਰਮਾਣ ਲਈ ਸੱਚ ਦੀ ਰਾਹ 'ਤੇ ਤੁਰਦਾ ਵਿਅਕਤੀ ਕਈ ਵਾਰ ਲੜਖੜਾਉਂਦਾ ਹੈ ਪਰ ਹਜ਼ਾਰਾਂ ਪਰਖਾਂ ਤੋਂ ਬਾਅਦ ਹੀ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਹਰ ਕਾਰਜ ਨੂੰ ਤਿੰਨ ਹਾਲਤਾਂ ਵਿਚੋਂ ਲੰਘਣਾ ਪੈਂਦਾ ਹੈ। ਇਹ ਹਨ ਮਜ਼ਾਕ, ਵਿਰੋਧ ਅਤੇ ਸਹਿਮਤੀ। ਅਗਾਂਹਵਧੂ ਅਤੇ ਉਸਾਰੂ ਸੋਚ ਰੱਖਣ ਵਾਲੇ ਵਿਅਕਤੀ ਦਾ ਅਕਸਰ ਵਿਰੋਧ ਹੁੰਦਾ ਹੈ। ਇਹ ਲੋਕਾਂ ਦਾ ਸੁਭਾਅ ਹੈ। ਇਹ ਤੁਹਾਡੇ 'ਤੇ ਤਰਸ ਕਰਨਾ ਤਾਂ ਪਸੰਦ ਕਰਨਗੇ ਪਰ ਜੇ ਤੁਸੀਂ ਅਗਾਂਹ ਵਧ ਰਹੇ ਹੋ ਤਾਂ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਅਤੇ ਵਿਰੋਧ ਕਰਦੇ ਹਨ। ਲੋਕਾਂ ਦੀ ਸੋਚ ਹੀ ਅਜਿਹੀ ਹੈ। ਇਸ ਲਈ ਉਨ੍ਹਾਂ ਦੇ ਵਿਰੋਧ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰੋ। ਆਪਣੇ ਵਿਚ ਵਿਸ਼ਵਾਸ ਰੱਖ ਕੇ ਨਿਰੰਤਰ ਯਤਨ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕੰਢੀ ਖੇਤਰ ਦੀਆਂ ਵਿਲੱਖਣਤਾਵਾਂ

ਅਗਿਆਤਵਾਸ ਸਮੇਂ ਪਾਂਡਵਾਂ ਦੀ ਪਨਾਹਗਾਹ ਰਿਹਾ ਹੈ ਕੰਢੀ ਖੇਤਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੁਕਤੇਸ਼ਵਰ (ਸ਼ਾਹਪੁਰ ਕੰਢੀ) ਪਾਂਡਵਾਂ ਦੀਆਂ ਗੁਫ਼ਾਵਾਂ-ਪਠਾਨਕੋਟ ਤੋਂ ਲਗਭਗ ਦਸ ਕਿਲੋਮੀਟਰ ਹੈ ਸ਼ਾਹਪੁਰ ਕੰਢੀ। ਇਥੋਂ ਰਣਜੀਤ ਸਾਗਰ ਡੈਮ ਵੱਲ ਜਾਂਦਿਆਂ ਰਸਤੇ ਵਿਚ ਵਸਿਆ ਪਿੰਡ ਡੂੰਘ ਮਹਾਭਾਰਤ ਕਾਲ ਨਾਲ ਸਬੰਧਿਤ ਹੋਣ ਕਰਕੇ ਮਸ਼ਹੂਰ ਹੈ। ਇਸ ਪਿੰਡ ਲਾਗੇ ਵਗਦੀ ਰਾਵੀ ਨਾਲ ਖਹਿੰਦੀ ਚਟਾਨ 'ਤੇ ਮੌਜੂਦ ਪੰਜ ਗੁਫ਼ਾਵਾਂ, ਪੰਜ ਪਾਂਡਵਾਂ ਦੇ ਨਾਂਅ ਨਾਲ ਪ੍ਰਸਿੱਧ ਹਨ। ਇਹ ਪ੍ਰਾਚੀਨ ਥਾਂ ਹੁਣ ਮੁਕਤੇਸਵਰ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਦੰਦ ਕਥਾ ਮੁਤਾਬਕ ਪਾਂਡਵਾਂ ਨੇ ਅਗਿਆਤਵਾਸ ਦਾ ਆਖਰੀ ਸਮਾਂ ਆਪ ਉਸਾਰੀਆਂ ਇਨ੍ਹਾਂ ਗੁਫ਼ਾਵਾਂ ਵਿਚ ਲੁਕ ਕੇ ਗੁਜ਼ਾਰਿਆ ਸੀ। ਇੱਥੇ ਗੁਫ਼ਾ ਨੰਬਰ-ਇਕ ਧਰਮਰਾਜ ਯੁਧਿਸ਼ਟਰ ਦੀ ਗੁਫ਼ਾ ਹੈ। ਅੰਦਰੋਂ ਦੋ ਭਾਗਾਂ ਵਿਚ ਵੰਡੀ ਗਈ ਇਹ ਗੁਫ਼ਾ ਕਾਫੀ ਖੁੱਲ੍ਹੀ ਹੈ। ਇਸ ਗੁਫ਼ਾ ਦੀ ਕੰਧ 'ਤੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਇਸ ਗੁਫ਼ਾ ਦੇ ਖੱਬੇ ਪਾਸੇ ਦਰੋਪਦੀ ਦੀ ਰਸੋਈ ਹੈ। ਇੱਥੇੇ ਹੀ ਧਰਮਰਾਜ ਦਾ ਧੂਣਾ ਵੀ ਹੈ, ਜਿੱਥੇ ਬੈਠ ਕੇ ਉਹ ਪੂਜਾ-ਪਾਠ ਕਰਿਆ ਕਰਦੇ ਸਨ।
ਦੂਸਰੀ ਗੁਫ਼ਾ ਮਹਾਬਲੀ ਭੀਮ ਦੀ ਹੈ। ਤੀਸਰੀ ਅਰਜਨ ਦੀ। ਥੋੜ੍ਹਾ ਜਿਹਾ ਹਟ ਕੇ ਨਕੁਲ ਤੇ ਸਹਿਦੇਵ ਦੀਆਂ ਗੁਫ਼ਾਵਾਂ ਹਨ। ਇਕ ਗੁਫ਼ਾ ਦਾ ਮੁੱਖ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਗੁਫ਼ਾ ਅੰਦਰੋਂ ਇੰਨੀ ਲੰਮੀ ਹੈ ਕਿ ਇਸ ਦੇ ਅੰਤ ਦਾ ਕੋਈ ਅੰਦਾਜ਼ਾ ਹੀ ਨਹੀਂ ਲਗਦਾ। ਕਹਿੰਦੇ ਹਨ ਇਕ ਵਾਰ ਦੋ ਸਾਧ ਇਸ ਗੁਫ਼ਾ ਦੀ ਥਾਹ ਲੈਣ ਲਈ ਇਸ ਦੇ ਅੰਦਰ ਵੜੇ ਸਨ, ਜੋ ਅੱਜ ਤੱਕ ਨਹੀਂ ਪਰਤੇ। ਉਨ੍ਹਾਂ ਨਾਲ ਕੀ ਵਾਪਰਿਆ, ਅੱਜ ਤੱਕ ਇਕ ਰਹੱਸ ਬਣਿਆ ਹੋਇਆ ਹੈ। ਇਸ ਖ਼ਤਰੇ ਨੂੰ ਵੇਖਦਿਆਂ ਇਸ ਗੁਫ਼ਾ ਦੇ ਮੂੰਹ 'ਤੇ ਲੋਹੇ ਦਾ ਗੇਟ ਲਗਾ ਕੇ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਚਟਾਨ 'ਤੇ ਉਸਾਰੀਆਂ ਇਹ ਗੁਫ਼ਾਵਾਂ ਕਾਫੀ ਉਚਾਈ 'ਤੇ ਹਨ ਅਤੇ ਇਕ-ਦੂਸਰੀ ਨਾਲੋਂ ਕੁਝ ਫਾਸਲੇ 'ਤੇ ਹਨ। ਇਸ ਲਈ ਹੇਠੋਂ-ਉੱਪਰ ਜਾਣ ਲਈ ਅਤੇ ਇਕ ਗੁਫ਼ਾ ਤੋਂ ਦੂਸਰੀ ਗੁਫ਼ਾ ਤੱਕ ਪਹੁੰਚਣ ਵਾਸਤੇ ਚੱਟਾਨ ਕੱਟ ਕੇ ਪੌਡੇ ਬਣਾਏ ਗਏ ਹਨ। ਲਗਪਗ ਸਾਰੀਆਂ ਹੀ ਗੁਫ਼ਾਵਾਂ ਅੰਦਰ ਸ਼ਿਵਲਿੰਗ ਸਥਾਪਿਤ ਕੀਤੇ ਗਏ ਹਨ। ਮੁਕਤੇਸ਼ਵਰ ਨੂੰ ਮਿੰਨੀ ਹਰਿਦੁਆਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਈ ਲੋਕ ਇੱਥੇ ਵਗਦੀ ਰਾਵੀ ਵਿਚ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਵਿਸਰਜਤ ਕਰਦੇ ਹਨ।
ਉਪਰੋਕਤ ਥਾਵਾਂ ਤੋਂ ਇਲਾਵਾ ਕੰਢੀ ਦੇ ਪ੍ਰਸਿੱਧ ਮੰਦਰ ਕਾਮਾਕਸ਼ੀ ਦੇਵੀ (ਕਮਾਹੀ ਦੇਵੀ) ਵਿਖੇ ਇਕ ਪ੍ਰਾਚੀਨ ਸ਼ਿਵ ਮੰਦਰ ਦਾ ਸੰਬੰਧ ਵੀ ਧਰਮਰਾਜ ਯੁਧਿਸ਼ਟਰ ਦੇ ਤਪ ਸਥਾਨ ਵਜੋਂ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਕੰਢੀ ਦੇ ਲੱਬਰ-ਭੁਆਰੀ ਨੇੜੇ ਬਾਣ ਗੰਗਾ ਨਾਲ ਮਸ਼ਹੂਰ ਥਾਂ ਹੈ, ਜਿਸ ਬਾਰੇ ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਆਪਣੇ ਅਗਿਆਤਵਾਸ ਦੌਰਾਨ ਇਸ ਇਲਾਕੇ ਵਿਚ ਘੁੰਮਦਿਆਂ ਧਨੁੱਖਧਾਰੀ ਅਰਜਨ ਨੇ ਜ਼ਮੀਨ ਹੇਠੋਂ ਪਾਣੀ ਦੀ ਧਾਰਾ ਕੱਢੀ ਸੀ। ਇਸ ਨੂੰ ਬਾਣਗੰਗਾ ਦਾ ਨਾਂਅ ਦਿੱਤਾ ਗਿਆ। ਇਸੇ ਹੀ ਰਸਤੇ 'ਤੇ ਕੁਝ ਅੱਗੇ ਵਧਦਿਆਂ 'ਕੋਈ' ਪਿੰਡ ਹੈ, ਜਿਸ ਨੂੰ ਕੁੰਤੀਪੁਰ ਵੀ ਕਿਹਾ ਜਾਂਦਾ ਹੈ। ਇਸ ਥਾਂ 'ਤੇ ਇਕ ਬਹੁਤ ਹੀ ਪੁਰਾਣਾ ਬੋਹੜ ਦਾ ਰੁੱਖ ਹੈ। ਦੱਸਿਆ ਜਾਂਦਾ ਹੈ ਕਿ ਆਪਣੇ ਅਗਿਆਤਵਾਸ ਸਮੇਂ ਪਾਂਡਵਾਂ ਨੇ ਇਸ ਬੋਹੜ ਦੇ ਰੁੱਖ ਦੇ ਤਣਿਆਂ ਵਿਚ ਆਪਣੇ ਹਥਿਆਰ ਲੁਕਾਏ ਸਨ। ਉਹ ਬੋਹੜ ਦਾ ਦਰੱਖਤ ਏਨਾ ਸੰਘਣਾ ਅਤੇ ਫੈਲਿਆ ਹੋਇਆ ਹੈ ਕਿ ਉੱਥੇ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਬੋਹੜ ਦਾ ਅਸਲੀ ਤਣਾ ਕਿਹੜਾ ਹੈ। ਇਹ ਸਾਰੀਆਂ ਹੀ ਥਾਵਾਂ ਕੰਢੀ ਵਾਸੀਆਂ ਲਈ ਧਾਰਮਿਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਅਤੇ ਸ਼ਰਧਾ ਦਾ ਕੇਂਦਰ ਹਨ। (ਸਮਾਪਤ)


-ਪੰਚਵਟੀ, ਏਕਤਾ ਇਨਕਲੇਵ-2, ਬੂਲਾਂਬਾੜੀ, ਹੁਸ਼ਿਆਰਪੁਰ। ਮੋਬਾ: 98761-56964

ਕੁੱਲੂ ਦਾ ਦੁਸਹਿਰਾ

ਦੇਵ ਭੂਮੀ ਹਿਮਾਚਲ ਦੀ ਕੁੱਲੂ ਘਾਟੀ ਵਿਚ ਬਿਆਸ ਨਦੀ ਕੰਢੇ, ਕੁੱਲੂ ਨਗਰ ਵਿਚ ਦੁਸਹਿਰਾ ਉਤਸਵ 16ਵੀਂ ਸਦੀ ਤੋਂ ਮਨਾਇਆ ਜਾ ਰਿਹਾ ਹੈ। ਇਕ ਸਪਤਾਹ ਤੱਕ ਚਲਣ ਵਾਲੇ ਦੁਸਹਿਰਾ ਉਤਸਵ ਨੂੰ 1974 ਵਿਚ 'ਕੌਮਾਂਤਰੀ ਲੋਕ ਨਾਚ ਉਤਸਵ' ਦਾ ਦਰਜਾ ਪ੍ਰਾਪਤ ਹੋਇਆ ਸੀ। ਕੁੱਲੂ ਦਾ ਦੁਸਹਿਰਾ ਸਾਰੇ ਦੇਸ਼ ਤੋਂ ਵਿਲੱਖਣ ਹੁੰਦਾ ਹੈ। ਇਥੇ ਨਾ ਤਾਂ ਰਾਮਲੀਲ੍ਹਾ ਹੁੰਦੀ ਹੈ, ਨਾ ਹੀ ਕੁਝ ਰਾਜਾਂ ਵਾਂਗ ਰਾਵਣ, ਕੁੰਭਕਰਨ ਤੇ ਮੇਘਨਾਥ ਆਦਿ ਦੇ ਪੁਤਲੇ ਸਾੜੇ ਜਾਂਦੇ ਹਨ। ਸੈਂਕੜੇ ਦੇਵ ਰੱਥਾਂ ਦੇ ਨਾਲ ਹਜ਼ਾਰਾਂ ਸਾਜ਼ਾਂ ਦੀਆਂ ਸਵਰ ਲਹਿਰੀਆਂ ਦੀ ਗੂੰਜ 'ਚ ਕੁੱਲੂ ਦੇ ਇਤਿਹਾਸਕ ਮੈਦਾਨ ਢਾਲਪੁਰ ਵਿਚ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਦਾ ਸ਼ੁੱਭ ਆਰੰਭ ਹੁੰਦਾ ਹੈ। ਇਸਤਰੀਆਂ ਤੇ ਪੁਰਸ਼ ਸੁੰਦਰ ਕੱਪੜਿਆਂ ਨਾਲ ਸਜੇ, ਜਿਸ ਕੋਲ ਕੋਈ ਵੀ ਸਾਜ਼ ਤੁਰਹੀ, ਬਿਗਲ, ਢੋਲ, ਨਗਾਰੇ, ਬੰਸਰੀ ਤੇ ਨਰਸਿੰਘੇ ਆਦਿ ਉਹ ਲੈ ਕੇ ਚਲਦੇ ਹਨ। ਇਹ ਪਹਾੜੀ ਲੋਕ ਸਵੇਰ ਤੋਂ ਹੀ ਆਪਣੇ ਪੇਂਡੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਬੜੇ ਸੋਹਣੇ ਢੰਗ ਨਾਲ ਸਜਾ ਕੇ ਲਿਆਂਉਂਦੇ ਹਨ, ਇਨ੍ਹਾਂ ਦੀ ਪੂਜਾ ਕਰਦੇ ਹਨ।
ਦੁਪਹਿਰ ਬਾਅਦ ਰੰਗੀਨ ਸੁੰਦਰ ਪਾਲਕੀ 'ਚ ਭਗਵਾਨ ਰਘੂਨਾਥ ਜੀ ਨੂੰ ਬਿਰਾਜਮਾਨ ਕਰਵਾ ਉਨ੍ਹਾਂ ਦੇ ਸੁਲਤਾਨਪੁਰ ਸਥਿਤ ਮੂਲ ਮੰਦਰ ਤੋਂ ਢਾਲਪੁਰ ਦੇ ਮੈਦਾਨ ਤੱਕ ਲਿਜਾਇਆ ਜਾਂਦਾ ਹੈ। ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦੀ ਮੂਰਤੀ ਨੂੰ ਮੈਦਾਨ ਦੇ ਇਕ ਪਾਸੇ ਖੜ੍ਹੇ ਸ਼ਿਗਾਰੇ ਰਥ ਵਿਚ ਸਥਾਪਤ ਕੀਤਾ ਜਾਂਦਾ ਹੈ। ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦੀ ਮੂਰਤੀ ਨੂੰ ਮੈਦਾਨ ਦੇ ਇਕ ਪਾਸੇ ਖੜ੍ਹੇ ਰੱਥ ਵਿਚ ਸਥਾਪਤ ਕੀਤਾ ਜਾਂਦਾ ਹੈ। ਇਸ ਮੌਕੇ 200 ਦੇ ਕਰੀਬ ਦੇਵੀ-ਦੇਵਤਿਆਂ ਤੇ ਹਜ਼ਾਰਾਂ ਸ਼ਰਧਾਲੂ ਢਾਲਪੁਰ ਦੇ ਮੈਦਾਨ ਵਿਚੋਂ ਦੀ ਰੱਥ ਯਾਤਰਾ (ਭਗਵਾਨ ਦੇ ਰੱਥ ਨੂੰ) ਅਸਥਾਈ ਕੈਂਪ ਤੱਕ ਲਿਆਉਂਦੇ ਹਨ, ਜਿਥੇ ਭਗਵਾਨ ਰਘੂਨਾਥ ਦੀ ਮੂਰਤੀ ਨੂੰ ਸਥਾਪਤ ਕੀਤਾ ਜਾਦਾ ਹੈ। ਰੱਥ ਯਾਤਰਾ ਦੀ ਅਗਵਾਈ ਕੁੱਲੂ ਦਾ ਰਾਜ ਪਰਿਵਾਰ ਕਰਦਾ ਹੈ। ਪਿਛਲੇ ਸਾਲ ਭਗਵਾਨ ਰਘੂਨਾਥ ਦੇ ਛੜੀ ਬਰਦਾਰ ਮਹੇਸ਼ਵਰ ਸਿੰਹ ਅਤੇ ਉਸ ਦੇ ਛੋਟੋ ਭਰਾ ਕਰਣ ਦਾ ਸਮੁੱਚਾ ਪਰਿਵਾਰ ਸੀ। ਇਸ ਦੌਰਾਨ ਮਾਤਾ ਹਿੰਡਿਬਾਂ ਵੀ ਅਸ਼ੀਰਵਾਦ ਲਈ ਪਧਾਰਦੀ ਹੈ। ਸਾਰੇ ਦੇਵੀ-ਦੇਵਤਾ ਇਕ ਸਪਤਾਹ ਤੱਕ ਇਥੇ ਰਹਿੰਦੇ ਹਨ। ਛੇਵੇਂ ਦਿਨ ਸ਼ਕਤੀ ਪੂਜਾ (ਸਥਾਨਕ ਲੋਕ 'ਮੂੱਹਲਾ' ਕਹਿੰਦੇ ਹਨ) ਅਤੇ ਆਖਰੀ ਦਿਨ ਲੰਕਾ ਸਾੜਨ ਦੇ ਪ੍ਰਤੀਕ ਨੁਮਾ ਦ੍ਰਿਸ਼ ਦੇ ਨਾਲ ਹੀ ਸਵਾਹ ਬਿਆਸ ਨਦੀ ਵਿਚ ਪਰਵਾਹ ਕਰ ਦਿੰਦੇ ਹਨ।
ਲੋਕ ਨਿਰਤ ਉਤਸਵ ਕੁੱਲੂ ਦੁਸਹਿਰੇ 'ਚ ਚੱਲਣ ਵਾਲੀ 'ਰਾਜਾ ਕੀ ਜਲੇਬ' ਸੱਭਿਆਚਾਰਕ ਵਿਰਾਸਤ ਹੈ, ਜੋ ਪਾਲਕੀ ਵਿਚ ਰਾਜਾ ਅਤੇ ਮੋਢਿਆਂ 'ਤੇ ਦੇਵਤੇ ਰੱਖੀ ਲੋਕਾਂ ਦੇ ਦੁੱਖਾਂ ਦੇ ਨਿਵਾਰਣ ਲਈ ਨਰਸਿੰਹੇ ਦੀ ਜਲੇਬ ਕੱਢੀ ਜਾਂਦੀ ਹੈ। ਦੁਸਹਿਰੇ ਮੌਕੇ ਢਾਲਪੁਰ ਮੈਦਾਨ ਵਿਚ ਹਿਮਾਚਲ ਦਾ ਲੋਕ-ਨਾਚ 'ਨਾਟੀ' ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਨੂੰ ਦੇਸ਼-ਵਿਦੇਸ਼ ਦੇ ਹਜ਼ਾਰਾਂ ਲੋਕ ਵੇਖਦੇ ਹਨ। ਹਰ ਸ਼ਾਮ ਨੂੰ ਸੂਬੇ ਦਾ ਸੱਭਿਆਚਰਕ ਪ੍ਰੋਗਰਾਮ ਹੁੰਦਾ ਹੈ। ਕੁੱਲੂ ਦੇ ਦੁਸਹਿਰੇ ਮੌਕੇ ਕਰੋੜਾਂ ਦਾ ਵਪਾਰ ਹੁੰਦਾ ਹੈ। ਖਾਸ ਕਰਕੇ ਕੁੱਲੂ ਦੇ ਸ਼ਾਲ ਵਿਆਪਕ ਪੱਧਰ 'ਤੇ ਖ਼ਰੀਦੇ/ਵੇਚੇ ਜਾਂਦੇ ਹਨ।


-ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX