ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਫ਼ਿਲਮ ਅੰਕ

ਐਲੀ ਇਵਰਾਮ

ਅਜੀਬ ਜ਼ਿੰਦਗੀ

'ਬਿੱਗ ਬੌਸ' ਐਲੀ ਇਵਰਾਮ ਦੇ ਨਾਂਅ ਤੋਂ ਲੋਕਾਂ ਨਾਲ ਵਾਕਫੀਅਤ ਕਰਵਾ ਗਿਆ ਹੈ ਤੇ ਫਿਰ ਐਲੀ ਜਿਸ ਨੂੰ ਐਲੀ ਅਬਰਾਮ (ਐਲੇ ਇਵਰਾਮ) ਵੀ ਕਿਹਾ ਜਾਂਦਾ ਹੈ, ਨੇ 'ਡਰੀਮ ਗਰਲ' ਬਣਨ ਦੇ ਵੱਡੇ ਸੁਪਨੇ ਤੱਕ ਲਏ ਸਨ। ਸਲਮਾਨ ਖ਼ਾਨ ਦਾ ਉਸ ਨੂੰ ਅਸ਼ੀਰਵਾਦ ਤਾਂ ਰਿਹਾ ਪਰ ਐਲੀ ਦੇ ਸਿਤਾਰੇ ਚਮਕ ਨਹੀਂ ਸਕੇ। ਹਾਂ, ਪਿਛਲੇ ਦਿਨੀਂ ਕ੍ਰਿਕਟਰ ਹਾਰਦਿਕ ਪਾਂਡਿਆ ਨਾਲ ਉਸ ਦੇ ਕਿੱਸੇ ਜ਼ਰੂਰ ਸੁਣਨ ਨੂੰ ਮਿਲੇ। ਸਵੀਡਨ ਦੀ ਰਹਿਣ ਵਾਲੀ ਐਲੀ ਇਵਰਾਮ ਆਈਸ ਸਕੇਟਿੰਗ ਨੂੰ ਬਹੁਤ ਪਿਆਰ ਕਰਦੀ ਹੈ, ਹਾਲਾਂਕਿ ਇਹ ਉਥੇ ਹੀ ਸੰਭਵ ਹੈ। ਇਥੇ ਘੱਟ ਮੌਕੇ ਹਨ। 'ਮਿਕੀ ਵਾਇਰਸ' ਨਾਲ ਐਲੀ ਦੇ ਕਦਮ ਕੈਮਰੇ ਦੇ ਸਾਹਮਣੇ ਚੱਲੇ ਤੇ ਦੱਖਣ 'ਚ ਉਸ ਨੇ ਕੁਝ ਆਈਟਮ ਗਾਣੇ ਵੀ ਕੀਤੇ ਹਨ। ਹਾਰਦਿਕ ਉਸ ਨੂੰ ਮਿਲਦਾ ਹੈ ਕਿ ਨਹੀਂ ਨਸੀਬ ਦੀ ਗੱਲ ਹੈ ਪਰ ਐਲੀ ਇਵਰਾਮ ਨੇ ਮਲਾਇਕਾ ਅਰੋੜਾ ਤੇ ਵਾਣੀ ਕਪੂਰ ਨਾਲ ਲੈਕਮੇ ਦੇ ਸਮਾਰੋਹਾਂ 'ਚ ਹਿੱਸਾ ਲੈਣਾ ਜਾਰੀ ਰੱਖਿਆ ਹੈ। ਵਹੁਟੀ ਦੇ ਪਹਿਰਾਵੇ 'ਚ ਐਲੀ ਨੇ ਇਸ ਫੈਸ਼ਨ ਦੌੜ 'ਚ ਸਭ ਦਾ ਧਿਆਨ ਫਿਰ ਖਿੱਚਿਆ ਹੈ। ਹੁਣ ਉਸ ਨੇ ਬਹੁਤ ਹੀ ਜ਼ਿਆਦਾ ਗਰਮ (ਹਾਟ) ਤੇ ਤਕਰੀਬਨ ਅਰਧ-ਨਗਨ ਤਸਵੀਰਾਂ ਖਿਚਵਾਈਆਂ ਹਨ ਪਰ ਅਜਿਹੀਆਂ ਤਸਵੀਰਾਂ ਤਾਂ ਤੀਸਰੇ ਦਰਜੇ ਦੀਆਂ ਫ਼ਿਲਮਾਂ ਦਿਵਾ ਸਕਦੀਆਂ ਹਨ ਖਾਸ ਬੈਨਰ ਦੀਆਂ ਨਹੀਂ। ਆਖਿਰ ਹੁਣ ਉਹ ਫਿਰ ਵੱਡੀਆਂ ਫ਼ਿਲਮਾਂ ਦੀ ਉਮੀਦ 'ਚ ਹੈ, ਜੋ ਉਸ ਨੂੰ ਮਿਲੀਆਂ ਨਹੀਂ। ਸਲਮਾਨ ਤੇ ਐਲੀ ਦਾ ਜਾਦੂ ਕਦੇ ਸੀ ਪਰ ਹੁਣ ਉਹ ਵੀ ਉਸ ਤੋਂ ਦੂਰ ਰਹਿ ਕੇ ਹੀ ਖੁਸ਼ ਹੈ। ਇਕ ਘਟਨਾ ਐਲੀ ਨਾਲ ਅਜੀਬ ਹੀ ਘਟ ਗਈ। ਉਸ ਦੇ ਘਰ ਦੀ ਬੱਤੀ ਖਰਾਬ ਹੋ ਗਈ, ਫੋਨ ਦੀ ਬੈਟਰੀ ਖਤਮ ਹੋਣ ਕੰਢੇ ਸੀ ਤੇ ਨਾ ਹੀ ਉਹ ਫੋਨ 'ਤੇ ਗਾਣੇ ਸੁਣ ਸਕਦੀ ਸੀ ਤੇ ਨਾ ਹੀ ਕੁਝ ਹੋਰ ਤੇ ਉਪਰੋਂ 10 ਵਾਰ ਫੋਨ ਕਰਨ ਤੋਂ ਬਾਅਦ ਗਿਆਰਵੀਂ ਵਾਰ ਉਸ ਦਾ ਫੋਨ ਉਸ ਦੀ ਨੌਕਰਾਣੀ ਨੇ ਚੁੱਕਿਆ ਪਰ ਐਲੀ ਦੇ ਘਰ ਪਹੁੰਚਣ ਲਈ ਉਸ ਨੂੰ ਤਿੰਨ ਘੰਟੇ ਦਾ ਸਫ਼ਰ ਕਰਨਾ ਪੈਣਾ ਸੀ ਤੇ ਇਹ ਤਿੰਨ ਘੰਟੇ ਘਰ ਦੀ ਬਾਲਕੋਨੀ 'ਚ ਕੈਦ ਹੋ ਕੇ ਐਲੀ ਮੱਛਰਾਂ ਨਾਲ ਲੜਦੀ ਰਹੀ ਤੇ ਮੱਛਰਾਂ ਨੇ ਐਲੀ ਦੀਆਂ ਬਾਹਵਾਂ 'ਤੇ ਨਿਸ਼ਾਨ ਪਾ ਦਿੱਤੇ। ਉਧਰ ਨੌਕਰਾਣੀ ਘਰ ਪਹੁੰਚੀ ਤੇ ਇਧਰ ਬੱਤੀ ਵੀ ਆ ਗਈ ਪਰ ਕੀ ਐਲੀ ਇਨਵਰਟਰ ਬਿਨਾਂ ਰਹਿੰਦੀ ਹੈ। ਅਜੀਬ ਹੈ, ਵਾਕਿਆ ਐਲੀ ਦੀ ਜ਼ਿੰਦਗੀ ਅਜੀਬ ਹੈ।


ਖ਼ਬਰ ਸ਼ੇਅਰ ਕਰੋ

ਰਾਧਿਕਾ ਆਪਟੇ

ਅੰਬਰੀਂ ਉਡਾਰੀਆਂ

ਚਿਹਰਾ ਤੱਕਣਯੋਗ, ਆਕਰਸ਼ਣ ਲੱਗੇ ਕਸ਼ਿਸ਼ ਹਰੇਕ ਔਰਤ ਦੀ/ਮਰਦ ਦੀ ਤੇ ਰਾਧਿਕਾ ਆਪਟੇ ਇਸ ਯਤਨ ਲਈ ਪੂਰੀ ਨੀਂਦ ਤੇ ਰੱਜਵਾਂ ਪਾਣੀ ਬਿਹਤਰ ਖੁਰਾਕ ਮੰਨ ਕੇ ਚੱਲ ਰਹੀ ਹੈ। ਲੋੜ ਹੈ ਅਜਿਹੇ ਸੱਭਿਆਚਾਰ ਦੀ, ਜਿਥੇ ਔਰਤ ਸ਼ੋਸ਼ਿਤ ਨਾ ਹੋਵੇ। ਹੁਣ ਨੈਟਫਿਲਕਸ ਦੀ ਵੈੱਬ ਲੜੀ 'ਘੋਲ' ਨਾਲ ਆਪਟੇ ਚਰਚਾ ਵਿਚ ਹੈ। ਹਾਲਾਂ ਕਿ ਟਵਿਟਰ 'ਤੇ ਰਾਧਿਕਾ ਨੂੰ ਸ਼ਰਮਿੰਦਗੀ ਵੀ ਝੱਲਣੀ ਪਈ ਹੈ। ਕੁਝ ਟਵੀਟ ਨੂੰ ਲੈ ਕੇ ਪਰ 'ਅੰਧਾਧੁੰਨ' ਦੀ ਅਪਾਰ ਕਾਮਯਾਬੀ ਨੇ ਰਾਧਿਕਾ ਦੇ ਆਲੋਚਕ ਵੀ ਸੋਚਾਂ 'ਚ ਪਾ ਦਿੱਤੇ ਹਨ। ਸ੍ਰੀ ਰਾਮ ਰਾਘਵਨ, ਆਯੂਸ਼ਮਾਨ ਖੁਰਾਣਾ ਤੱਬੂ ਤੇ ਰਾਧਿਕਾ ਦੀ ਟੀਮ ਨੇ ਕਮਾਲ ਕਰ ਦਿਖਾਇਆ ਹੈ। 'ਲਸਟ ਸਟੋਰੀਜ਼', 'ਸੇਕਰਡ ਗੇਮਜ਼', 'ਘੋਲ' ਤਿੰਨ ਵੈੱਬ ਸੀਰੀਜ਼ ਦੀ ਕਾਮਯਾਬ 'ਅੰਧਾਧੁੰਨ' ਲਈ ਅੰਧਾਧੁੰਦ ਸਫ਼ਲਤਾ ਪ੍ਰਾਪਤ ਕਰ ਰਹੀ ਰਾਧਿਕਾ ਆਪਣੇ ਦਾ ਨੈਟਫਲਿਕਸ 'ਤੇ ਕਬਜ਼ਾ ਹੀ ਸਮਝੋ। 'ਬਰੈੱਡ' ਲਈ 'ਬਟਰ', 'ਥੈਂਕ' ਲਈ 'ਯੂ' ਸ਼ਬਦ ਜ਼ਰੂਰੀ ਤੇ ਨੈੱਟਫਲਿਕਸ ਲਈ ਰਾਧਿਕਾ ਆਪਣੇ ਕੋਲੋਂ ਇਹ ਮਿਸਾਲਾਂ ਟਵਿਟਰ 'ਤੇ ਦੇ ਰਹੇ ਹਨ। ਰਾਧਿਕਾ ਨੇ ਤਾਂ ਅਕਸ਼ੈ ਕੁਮਾਰ ਤੱਕ ਨੂੰ ਚੁੱਪ ਕਰਵਾ ਦਿੱਤਾ ਸੀ, ਜਿਸ ਨੇ ਮਜ਼ਾਕ ਨਾਲ ਕਿਹਾ ਸੀ ਕਿ ਰਾਧਿਕਾ ਤੁਹਾਡੇ ਕੋਲ ਸਨਮਾਨ ਪ੍ਰਾਪਤ ਕਰਨ ਯੋਗ ਚਿਹਰਾ ਹੈ ਤਾਂ ਰਾਧਿਕਾ ਬੋਲੀ ਸੀ ਜਨਾਬ ਸੋਨਮ ਤੇ ਤੁਹਾਨੂੰ ਮਿਲ ਚੁੱਕਾ ਹੈ। ਮੇਰੀ ਫ਼ਿਕਰ ਨਾ ਕਰੋ। ਸੈਫ ਅਲੀ ਤੇ ਚਿਤਰਾਂਗਦਾ ਨਾਲ 'ਬਜ਼ਾਰ' ਗਰਮ ਹੋਏਗਾ। ਵਿਕਰਮ ਦਿਤਿਆ ਮੋਟਵਾਨੀ ਨੇ ਕਿਹਾ ਕਿ 2018 ਦੀ ਰਾਜਕੁਮਾਰ ਰਾਵ ਤਾਂ ਰਾਧਿਕਾ ਆਪਟੇ ਹੈ ਤੇ ਇਹ ਰਾਧਿਕਾ ਲਈ ਸ਼ੁੱਭ ਪ੍ਰਤੀਕਿਰਿਆ ਹੈ।

ਈਸ਼ਾਨ ਖੱਟਰ

ਹੌਸਲਾ ਵਧਿਆ


'ਧੜਕ' ਫ਼ਿਲਮ ਨੇ ਈਸ਼ਾਨ ਖੱਟਰ ਦੀ ਸੋਚ ਤੋਂ ਨਾਂਹ-ਪੱਖੀ ਗੱਲਾਂ ਕੱਢ ਉਸ ਨੂੰ ਹਾਂ-ਪੱਖੀ ਵਧੇਰੇ ਬਣਾ ਦਿੱਤਾ ਹੈ। ਸਹੀ ਮੌਕੇ ਨੂੰ ਅਪਣਾ ਕੇ ਆਪਣੇ ਆਪ ਨੂੰ ਚੈਲਿੰਜ ਕਰ ਕੇ ਮਿਹਨਤ, ਸਖ਼ਤ ਮਿਹਨਤ ਈਸ਼ਾਨ ਖੱਟਰ ਦਾ ਮੰਤਵ ਹੈ। ਈਸ਼ਾਨ ਰਿਸ਼ਤੇ 'ਚ ਸ਼ਾਹਿਦ ਦਾ ਭਰਾ ਹੀ ਹੈ ਅਰਥਾਤ ਪੰਕਜ ਕਪੂਰ ਦੀ ਦੂਸਰੀ ਪਤਨੀ ਨੀਲਿਮਾ ਅਜੀਮ ਦਾ ਬੇਟਾ ਹੈ। ਇਧਰ ਈਸ਼ਾਨ ਲਈ ਜਾਨਵੀ ਕਪੂਰ ਦਿਨ ਪ੍ਰਤੀ ਦਿਨ ਝੁਕਦੀ ਨਜ਼ਰ ਆ ਰਹੀ ਹੈ। ਮੁੰਬਈ ਦੀ ਇਕ ਘੱਟ ਭੀੜ ਵਾਲੀ ਸੜਕ 'ਤੇ ਕਾਰ ਸਵਾਰ ਹੋ ਕੇ ਉਹ ਬਿਲਕੁਲ ਦੋ ਪ੍ਰੇਮੀਆਂ ਦੀ ਤਰ੍ਹਾਂ ਨਜ਼ਰ ਆਏ। ਪ੍ਰੇਮ ਪੰਛੀ ਤੱਕ ਦੋਵਾਂ ਨੂੰ ਦੇਖ ਰਾਹਗੀਰਾਂ ਨੇ ਕਿਹਾ। ਈਸ਼ਾਨ ਖੱਟਰ ਅਕਸਰ ਬਿਊਟੀ ਪਾਰਲਰ ਵੀ ਜਾਨਵੀ ਨੂੰ ਨਾਲ ਲੈ ਕੇ ਜਾਂਦਾ ਹੈ। ਮਤਲਬ ਹੁਣ ਤੋਂ ਹੀ 'ਨੌਕਰ ਬੀਵੀ ਕਾ' ਵਾਲੇ ਨਖਰੇ ਹਨ। ਦੋਵਾਂ ਨੂੰ ਫਿਰ ਇਕੱਠਿਆਂ ਇਕ ਹੋਰ ਫ਼ਿਲਮ ਮਿਲੀ ਹੈ ਤੇ 'ਧੜਕ' ਵੀ ਵਧੀਆ ਹੀ ਹੈ। ਪਹਿਲਾਂ ਮੀਡੀਆ ਨਾਲ ਘੁਲ-ਮਿਲ ਚੱਲਣ ਵਾਲੇ ਈਸ਼ਾਨ ਨੇ ਹੁਣ ਮੀਡੀਆ ਤੋਂ ਕੰਨੀ ਕਤਰਾ ਕੇ ਚੱਲਣਾ ਸ਼ੁਰੂ ਕੀਤਾ ਹੈ। ਸ਼ਾਹਿਦ ਨਾਲ ਵੀ ਈਸ਼ਾਨ ਦੀ ਕਾਫ਼ੀ ਬਣਦੀ ਹੈ ਤੇ ਈਸ਼ਾਨ ਨੇ ਜਾਨਵੀ ਨਾਲ ਉਸ ਦੀ ਮਿਲਣੀ ਨੂੰ ਸਹੀ ਠਹਿਰਾਇਆ ਹੈ। ਹੁਣ ਅਨੁਰਾਗ ਬਸੂ, 'ਲਾਈਫ਼ ਇਨ ਮੈਟਰੋ' ਦੇ ਅਗਲੇ ਹਿੱਸੇ 'ਚ ਈਸ਼ਾਨ ਨੂੰ ਅਭਿਸ਼ੇਕ ਤੇ ਸੈਫ਼ ਅਲੀ ਨਾਲ ਲੈ ਰਹੇ ਹਨ। ਈਸ਼ਾਨ ਨੂੰ ਸ਼ਾਹਿਦ ਦੇ ਪਿਆਰ ਦਾ ਲਾਭ ਮਿਲ ਰਿਹਾ ਹੈ। 'ਧੜਕ' ਦੇ ਕਾਰੋਬਾਰ ਨੇ ਈਸ਼ਾਨ ਖੱਟਰ ਦਾ ਹੌਸਲਾ ਪਹਿਲਾਂ ਹੀ ਵਧਾਇਆ ਹੈ। ਟੀ.ਵੀ. ਦੀ ਚਰਚਿਤ ਜੋੜੀ ਦੀਪਿਕਾ ਕੋਕਨਾ ਤੇ ਸ਼ੋਏਬ ਨੇ ਤਾਂ ਈਸ਼ਾਨ ਖੱਟਰ ਦੇ ਡਾਂਸ ਦੀ ਪ੍ਰਸੰਸਾ 'ਚ ਬਹੁਤ ਕੁਝ ਕਿਹਾ ਹੈ। ਈਸ਼ਾਨ ਖੱਟਰ ਦਾ ਭਵਿੱਖ ਵਧੀਆ ਨਜ਼ਰ ਆ ਰਿਹਾ ਹੈ। 'ਬੀਹੈਂਡ ਦਾ ਕਲਾਊਡਜ਼' 'ਚ ਵੀ ਉਹ ਜਚਿਆ ਸੀ ਪਰ 'ਧੜਕ' ਨੇ ਸਟਾਰ ਬਣਾ ਦਿੱਤਾ ਹੈ ਉਸ ਨੂੰ ਤੇ 'ਸ਼ੋਅ ਮਸਟ ਗੋ ਆਨ' ਨਾਂਅ ਦੀ ਨਵੀਂ ਫ਼ਿਲਮ ਉਸ ਨੂੰ ਹੋਰ ਮਿਲ ਗਈ ਹੈ। ਭਾਬੀ ਮੀਰਾ ਨੂੰ ਉਹ ਆਪਣੀ ਦੋਸਤ ਜ਼ਿਆਦਾ ਤੇ ਭਾਬੀ ਘੱਟ ਮੰਨਦਾ ਹੈ। ਈਸ਼ਾਨ ਖੱਟਰ ਨਵੇਂ ਸਾਲ 'ਚ ਨਾਮਵਰ ਹੀਰੋਜ਼ ਦੀ ਸ਼੍ਰੇਣੀ 'ਚ ਹੋਵੇਗਾ, ਸੰਕੇਤ ਇਹੀ ਮਿਲ ਰਹੇ ਹਨ।

ਪਰਣੀਤੀ ਚੋਪੜਾ

ਅਜੀਬ ਸ਼ੌਕ

ਤੈਰਾਕੀ ਸੂਟ ਪਹਿਨ ਕੇ ਪਰਣੀਤੀ ਚੋਪੜਾ ਕਿਆਮਤ ਢਾਹ ਰਹੀ ਹੈ। ਅਕਸਰ ਇਹ ਸੂਟ ਪਾ ਉਹ ਖੁਸ਼ ਹੁੰਦੀ ਹੈ, ਤਸਵੀਰਾਂ ਖਿਚਵਾਉਂਦੀ ਹੈ ਤੇ ਇਸ ਨੂੰ ਆਪਣੇ ਲਈ ਖੁਸ਼ਕਿਸਮਤ ਪਹਿਰਾਵਾ ਮੰਨ ਕੇ ਚਲ ਰਹੀ ਹੈ। 'ਪਰਾਪਰ ਪਟੋਲਾ' ਗਾਣੇ ਨੇ ਉਸ ਨੂੰ ਕਮਲੀ ਕੀਤਾ ਹੋਇਆ ਹੈ। ਉਹ 'ਨਮਸਤੇ ਇੰਗਲੈਂਡ' ਦੇ ਇਸ ਗਾਣੇ 'ਤੇ ਖੂਬ ਥਿਰਕਦੀ ਹੈ। ਆਪਣੀ ਦੀਦੀ ਦੇ ਵਿਆਹ ਤੋਂ ਬਾਅਦ ਇਥੇ ਆਪ ਨੂੰ ਉਹ ਵੱਡੀ ਦਾਅਵੇਦਾਰ ਨੰਬਰ ਇਕ ਦੀ ਬਣ ਕੇ ਚਲ ਰਹੀ ਹੈ। ਅਰਜਨ ਕਪੂਰ ਦੇ ਮਿਹਣੇ, ਲੋਕਾਂ ਦੇ ਮਾੜੇ ਕੁਮੈਂਟ ਦੀ ਉਸ ਨੂੰ ਪ੍ਰਵਾਹ ਨਹੀਂ ਹੈ। 'ਬੇਹਤਰ ਇੰਡੀਆ' ਦੀ ਉਹ ਬਰਾਂਡ ਅੰਬੈਸਡਰ ਬਣ ਅਰਨਬ ਗੋਸਵਾਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀ ਹੈ। 'ਨਮਸਤੇ ਇੰਗਲੈਂਡ' ਨੇ ਪਰੀ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਪਰੀ ਨੇ ਆਪਣੇ ਵਿਆਹ ਲਈ ਅਗਲੇ ਤਿੰਨ ਸਾਲ ਨਿਸ਼ਚਿਤ ਕੀਤੇ ਹਨ। ਪਰਿਵਾਰ ਲਈ ਹਾਲ ਦੀ ਘੜੀ ਉਹ ਵਿਆਹ ਦੀ ਬੁਲਾਰਨ ਬਣੀ ਹੋਈ ਹੈ। ਕਿਸੇ ਵੀ ਰਿਸ਼ਤੇਦਾਰ ਦਾ ਵਿਆਹ ਹੋਵੇ, ਚੌਕੀਦਾਰ ਹੋਕਾ ਪਰੀ ਹੀ ਦਿੰਦੀ ਹੈ। ਪਰੀ ਹੀ ਹੋਕਾ ਦਿੰਦੀ ਹੈ, ਪਰੀ ਹੀ ਲਾਗੀ/ਲਾਗਣ ਵਾਲਾ ਕੰਮ ਕਰ ਰਹੀ ਹੈ। ਚਲੋ ਦੁਸਹਿਰਾ ਪਰੀ ਦਾ ਹੈ, ਕਿਉਂਕਿ ਵੱਡੀ ਫ਼ਿਲਮ ਇਸ ਵਾਰ ਉਸ ਦੀ ਆ ਰਹੀ ਹੈ। 'ਲਾਈਫ਼ ਇਨ ਮੈਟਰੋ' ਦੇ ਵਿਸਥਾਰ 'ਚ ਉਹ ਕੰਮ ਕਰ ਰਹੀ ਹੈ। ਪਰੀ ਨਾਲ ਫ਼ਿਲਮ 'ਚ ਰਾਜ ਕੁਮਾਰ ਰਾਵ ਹੋਏਗਾ। ਪਰੀ ਚੁਸਤ ਹੋ ਕੇ ਚਲ ਰਹੀ ਹੈ। ਭਰਾ ਸਹਿਜ ਚੋਪੜਾ ਦੇ ਵਪਾਰ ਲਈ ਮਦਦ ਕਰ ਰਹੀ ਹੈ। ਪਰੀ ਨੇ ਵਪਾਰ ਵਿਚ ਤੇ ਅਰਥ-ਸ਼ਾਸਤਰ ਵਿਚ ਤਿੰਨ ਮਾਸਟਰ ਡਿਗਰੀਆਂ ਲਈਆਂ ਹਨ। ਪੜ੍ਹਾਕੂ ਹੀਰੋਇਨ ਹੈ, ਉਹ ਤੇ 'ਇਸ਼ਕਜ਼ਾਦੇ' ਤੋਂ 'ਨਸਮਤੇ ਇੰਗਲੈਂਡ' ਤੇ 'ਲਾਇਫ ਇਨ ਏ ਮੈਟਰੋ-2' ਕਰ ਰਹੀ ਪਰੀ ਭਰਾ ਸਹਿਜ ਦੇ ਬਰਾਂਡ 'ਕੁਕੀਜ਼ ਬਰੈਂਡ' ਲਈ ਵਪਾਰੀਕਰਨ ਦੇ ਮਸ਼ਵਰੇ ਦੇ ਰਹੀ ਹੈ। ਪਰੀ ਫਿਲਹਾਲ ਚਿੰਤਾ ਮੁਕਤ, ਚੰਗਾ ਕੰਮਕਾਰ, ਕਾਮਯਾਬੀ ਦੇ ਦਰਸ਼ਨ, ਚੁਸਤ ਸਰੀਰ, ਵਿਆਹ-ਸ਼ਾਦੀਆਂ ਦੀ ਖਾਸ ਸਲਾਹਕਾਰ, ਆਪਣੇ ਟੱਬਰ 'ਚ ਖਾਸ ਬਣ ਕੇ ਸਭ ਦਾ ਦਿਲ ਜਿੱਤ ਰਹੀ ਹੈ। ਚਾਹੇ ਘਰ ਹੋਵੇ ਜਾਂ ਬਾਹਰ, ਬਾਜ਼ਾਰ ਹੋਵੇ ਜਾਂ ਰਿਸ਼ਤੇਦਾਰੀਆਂ, ਚੌਕੀਦਾਰਾ ਕਰਨ 'ਚ ਮੁਹਾਰਤ ਹੈ ਉਸ ਨੂੰ...।


-ਸੁਖਜੀਤ ਕੌਰ

ਵੱਖਰੀ ਤਰ੍ਹਾਂ ਦੀ ਕਾਮੇਡੀ ਫ਼ਿਲਮ 'ਬਧਾਈ ਹੋ'

ਆਯੂਸ਼ਮਾਨ ਖੁਰਾਨਾ ਨੇ 'ਵਿਕੀ ਡਾਨਰ' ਵਿਚ ਕੰਮ ਕਰ ਕੇ ਦਿਖਾ ਦਿੱਤਾ ਸੀ ਕਿ ਕਹਾਣੀ ਦੇ ਮਾਮਲੇ ਵਿਚ ਉਨ੍ਹਾਂ ਦੀ ਪਸੰਦ ਵੱਖਰੀ ਹੈ। ਆਪਣਾ ਇਹੀ ਸਿਲਸਿਲਾ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੇ 'ਦਮ ਲਗਾ ਕੇ ਹਈਸ਼ਾ' ਤੇ 'ਸ਼ੁਭ ਮੰਗਲ ਸਾਵਧਾਨ' ਫ਼ਿਲਮਾਂ ਕੀਤੀਆਂ ਅਤੇ ਹੁਣ ਇਸੇ ਵੱਖਰੀ ਕਹਾਣੀ ਵਾਲੀ ਲੜੀ ਵਿਚ ਉਨ੍ਹਾਂ ਦੀ ਫ਼ਿਲਮ 'ਬਧਾਈ ਹੋ' ਆ ਰਹੀ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਅਮਿਤ ਰਵਿੰਦਰਨਾਥ ਸ਼ਰਮਾ।
ਆਯੂਸ਼ ਵਲੋਂ ਇਸ ਵਿਚ ਨਕੁਲ ਕੌਸ਼ਿਕ ਦਾ ਕਿਰਦਾਰ ਨਿਭਾਇਆ ਗਿਆ ਹੈ ਅਤੇ ਇਹ ਨਕੁਲ ਦਿੱਲੀ ਵਿਚ ਰਹਿ ਰਿਹਾ ਹੁੰਦਾ ਹੈ ਅਤੇ ਦੋਵਂੇ ਵਿਆਹੁਤਾ ਜੀਵਨ ਦੇ ਸੁਪਨੇ ਲੈ ਰਹੇ ਹੁੰਦੇ ਹਨ। ਨਕੁਲ ਦੇ ਉਦੋਂ ਹੋਸ਼ ਉੱਡ ਜਾਂਦੇ ਹਨ ਜਦੋਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ (ਨੀਨਾ ਗੁਪਤਾ) ਦੇ ਚੰਗੇ ਦਿਨ ਜਾ ਰਹੇ ਹਨ। ਨਕੁਲ ਦੇ ਪਿਤਾ ਕੌਸ਼ਿਕ (ਗਜਰਾਜ ਰਾਓ) ਵੀ ਆਪਣੇ ਘਰ ਵਿਚ ਆਉਣ ਵਾਲੇ ਨਵੇਂ ਮਹਿਮਾਨ ਨੂੰ ਲੈ ਕੇ ਕਾਫੀ ਖੁਸ਼ ਹਨ। ਹੁਣ ਨਕੁਲ ਦੀ ਸਮੱਸਿਆ ਇਹ ਹੈ ਕਿ ਉਹ ਕਿਸ ਮੂੰਹ ਨਾਲ ਦੁਨੀਆ ਨੂੰ ਦੱਸੇ ਕਿ ਉਸ ਦੇ ਘਰ ਵਿਚ ਨਵਾਂ ਮਹਿਮਾਨ ਆ ਰਿਹਾ ਹੈ। ਲੋਕ ਉਸ ਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਵੀ ਉਡਾਉਂਦੇ ਹਨ। ਦਾਦੀ (ਸੁਰੇਖਾ ਸਿਕਰੀ) ਵੀ ਆਪਣੀ ਨੂੰਹ ਦੇ ਇਸ ਉਮਰ ਵਿਚ ਮਾਂ ਬਣਨ ਨਾਲ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੁੰਦੀ ਹੈ। ਘਰ ਵਿਚ ਨਵੇਂ ਮੈਂਬਰ ਦੇ ਆਗਮਨ ਦੀ ਖ਼ਬਰ ਨਾਲ ਘਰ ਵਾਲਿਆਂ ਨੂੰ ਕਿਹੜੇ ਹਾਲਾਤ ਵਿਚੀਂ ਲੰਘਣਾ ਪੈਂਦਾ ਹੈ, ਇਹ ਇਸ ਵਿਚ ਕਾਮੇਡੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਫ਼ਿਲਮ ਵਿਚ ਸਾਡੇ ਸਮਾਜ ਦੀ ਸੋਚ ਦੀ ਗੱਲ ਕੀਤੀ ਗਈ ਹੈ। ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਕਿੰਨੀ ਵੱਖਰੀ ਹੈ। ਇਕ ਵੱਖਰੇ ਜਿਹੇ ਵਿਸ਼ੇ 'ਤੇ ਬਣੀ ਇਹ ਫ਼ਿਲਮ 19 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ।

ਹਾਜ਼ਰ-ਜਵਾਬੀ ਕੈਟਰੀਨਾ ਦੀ

ਬਾਲੀਵੁੱਡ ਐਕਟ੍ਰੈੱਸ ਕੈਟਰੀਨਾ ਕੈਫ਼ ਅਕਸਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ਵਿਚ ਬਣੀ ਰਹਿੰਦੀ ਹੈ। ਪਰ ਇਸ ਵਾਰ ਕੈਟਰੀਨਾ ਦੇ ਚਰਚਿਆਂ ਵਿਚ ਰਹਿਣ ਦਾ ਕਾਰਨ ਕੁਝ ਹੋਰ ਹੈ। ਉਹ ਹਾਲ ਹੀ ਵਿਚ ਨੇਹਾ ਧੂਪੀਆ ਦੇ ਚੈਟ ਸ਼ੋਅ ਵਿਚ ਹਿੱਸਾ ਲੈਣ ਗਈ ਸੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨੇਹਾ ਦੇ ਇਸ ਚੈਟ ਸ਼ੋਅ ਦੀ ਪਹਿਲੀ ਮਹਿਮਾਨ ਬਣੀ 'ਠੱਗਸ ਆਫ਼ ਹਿੰਦੁਸਤਾਨ' ਵਿਚ ਨਜ਼ਰ ਆਉਣ ਵਾਲੀ ਕੈਟਰੀਨਾ ਕੈਫ। ਕਰਨ ਦੀ ਤਰ੍ਹਾਂ ਨੇਹਾ ਵੀ ਸ਼ੋਅ 'ਤੇ ਆਉਣ ਵਾਲੇ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਵਿਚ ਝਾਕਣ ਵਿਚ ਕਾਮਯਾਬ ਹੋਈ। ਨੇਹਾ ਦੇ ਸਾਹਮਣੇ ਬੈਠੀ ਕੈਟਰੀਨਾ ਕੈਫ਼ ਨੇ ਵੀ ਇਸ ਮਾਮਲੇ ਵਿਚ ਪ੍ਰਸੰਸਕਾਂ ਨੂੰ ਨਿਰਾਸ਼ ਨਹੀਂ ਕੀਤਾ।
ਨੇਹਾ ਨਾਲ ਗੱਲ ਕਰਦੇ ਹੋਏ ਕੈਟਰੀਨਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ। ਕੈਟਰੀਨਾ ਦੇ ਨਾਲ ਗੱਲਬਾਤ ਦੇ ਕੁਝ ਵੀਡੀਓ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ ਹਨ। ਸ਼ੋਅ ਦੌਰਾਨ ਕੈਟ ਤੋਂ ਪੁੱਛਿਆ ਗਿਆ ਕਿ ਉਹ ਸਲਮਾਨ ਅਤੇ ਆਲੀਆ ਤੋਂ ਕੀ ਹਾਸਲ ਕਰਨਾ ਚਾਹੇਗੀ। ਬਿਨਾਂ ਕਿਸੇ ਝਿਜਕ ਦੇ ਕੈਟਰੀਨਾ ਨੇ ਤੁਰੰਤ ਜਵਾਬ ਦਿੱਤਾ ਕਿ ਉਹ ਆਲੀਆ ਤੋਂ ਪੁਰਸਕਾਰ ਲੈਣਾ ਚਾਹੇਗੀ ਅਤੇ ਸਲਮਾਨ ਨੂੰ ਲੈ ਕੇ ਕੈਟਰੀਨਾ ਦਾ ਕਹਿਣਾ ਸੀ ਕਿ ਉਹ ਸਲਮਾਨ ਦੀ ਪ੍ਰਸਿੱਧੀ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਦਾ ਪਿਆਰ ਲੈਣਾ ਚਾਹੇਗੀ। ਕੈਟਰੀਨਾ ਦੀ ਇਹ ਸੱਚਾਈ ਅਤੇ ਜਵਾਬ ਸੁਣ ਕੇ ਦਰਸ਼ਕ ਵੀ ਉਨ੍ਹਾਂ ਦੇ ਪ੍ਰਸੰਸਕ ਹੋ ਗਏ।

ਵਤਨ ਦੇ ਮੋਹ ਦੀ ਖਿੱਚ ਦਰਸਾਉਂਦੀ ਪਰਿਵਾਰਕ ਤੇ ਹਾਸੇ ਵਾਲੀ ਫ਼ਿਲਮ 'ਆਟੇ ਦੀ ਚਿੜੀ'

ਪੰਜਾਬੀ ਫ਼ਿਲਮ 'ਆਟੇ ਦੀ ਚਿੜੀ' ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਕਮਾਈਆਂ ਕਰਨ ਗਏ ਪੰਜਾਬੀਆਂ ਦੀ ਆਪਣੀ ਮਿੱਟੀ ਤੇ ਸੱਭਿਆਚਾਰ ਪ੍ਰਤੀ ਮੋਹ ਦੀ ਕਹਾਣੀ ਬਿਆਨਦੀ ਹੈ। 'ਆਟੇ ਦੀ ਚਿੜੀ' ਨਾਲ ਹਰੇਕ ਪੰਜਾਬੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਤੇਗ਼ ਪ੍ਰੋਡਕਸ਼ਨ ਦੀ ਇਹ ਫ਼ਿਲਮ ਉਨ੍ਹਾਂ ਪਿੰਡਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਹਿਰਾਂ ਨੇ ਖਾ ਲਿਆ। ਨਿਰਮਾਤਾ ਚਰਨਜੀਤ ਸਿੰਘ ਵਾਲੀਆ, ਤੇਗਵੀਰ ਸਿੰਘ ਵਾਲੀਆ ਤੇ ਜੀ. ਆਰ. ਐਸ. ਛੀਨਾ (ਕੈਲਗਰੀ) ਦੀ ਇਸ ਫ਼ਿਲਮ ਦਾ ਵਿਸ਼ਾ ਵਿਦੇਸ਼ ਅਤੇ ਪੰਜਾਬ ਦੇ ਮੌਜੂਦਾ ਦੌਰ ਦੀ ਕਹਾਣੀ ਹੈ ਜੋ ਕਾਮੇਡੀ ਤੇ ਵਿਅੰਗਮਈ ਤਰੀਕੇ ਨਾਲ ਦੋਵੇਂ ਪੰਜਾਬਾਂ ਦੇ ਲੋਕਾਂ ਦੀ ਮਾਨਸਿਕਤਾ, ਸਮਾਜਿਕ ਹਾਲਾਤ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਕਰਦੀ ਹੈ। ਇਹ ਸੱਚ ਹੈ ਕਿ ਅਸਲ ਪੰਜਾਬ ਦੇ ਲੋਕ ਆਪਣਾ ਸੱਭਿਆਚਾਰ ਗੁਆ ਰਹੇ ਹਨ, ਜਦ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਇਸ ਨੂੰ ਸਾਂਭਿਆ ਹੋਇਆ ਹੈ।
ਫ਼ਿਲਮ ਦੀ ਕਹਾਣੀ ਦਾ ਮੁੱਖ ਪਾਤਰ ਬਜ਼ੁਰਗ ਦਲੀਪ ਸਿੰਘ ਹੈ, ਜੋ ਕਈ ਸਾਲ ਪਹਿਲਾਂ ਵਲੈਤ ਜਾਂਦਾ ਹੈ ਪਰ ਉਹ ਮੁੜ ਕੇ ਜਾ ਨਹੀਂ ਸਕਦਾ। ਪੰਜਾਬ ਦੀਆਂ ਯਾਦਾਂ ਉਸ ਨੂੰ ਬਹੁਤ ਤੜਫਾਉਂਦੀਆਂ ਹਨ। ਇਸ ਫ਼ਿਲਮ ਰਾਹੀਂ ਦੋਵੇਂ ਪੰਜਾਬਾਂ ਦੀ ਵਰਤਮਾਨ ਤਸਵੀਰ ਪੇਸ਼ ਕੀਤੀ ਗਈ ਹੈ। 'ਆਟੇ ਦੀ ਚਿੜੀ' ਮਾਂ-ਬੋਲੀ ਪੰਜਾਬੀ ਅਤੇ ਮੌਜੂਦਾ ਸੱਭਿਆਚਾਰ ਬਾਰੇ ਹੈ ਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੀ ਹੈ।
ਹੈਰੀ ਭੱਟੀ ਦੇ ਨਿਰਦੇਸ਼ਨ ਵਿਚ ਬਣੀ ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਰਾਜੂ ਵਰਮਾ ਨੇ ਲਿਖਿਆ ਹੈ। ਫ਼ਿਲਮ ਵਿਚ ਮੁੱਖ ਭੂਮਿਕਾ ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਨੇ ਨਿਭਾਈ ਹੈ। ਇਸ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਅਨਮੋਲ ਵਰਮਾ, ਨਿਸ਼ਾ ਬਾਨੋ, ਗੁਰਪ੍ਰੀਤ ਕੌਰ ਭੰਗੂ, ਹਰਬਿਲਾਸ ਸੰਘਾ ਤੇ ਪ੍ਰੀਤੋ ਸਾਹਨੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਸੰਗੀਤ ਜੈ ਦੇਵ ਕੁਮਾਰ ਦਾ ਹੈ।

'ਜ਼ਿੱਦੀ' ਨੇ ਪ੍ਰਾਣ ਨੂੰ ਬਣਾਇਆ ਸੀ ਨਾਇਕ ਤੋਂ ਖਲਨਾਇਕ

' ਮਧੂਮਤੀ, ਗੁਮਨਾਮ, ਉਪਕਾਰ, ਸ਼ਹੀਦ, ਰਾਮ ਔਰ ਸ਼ਾਮ, ਹੀਰ ਰਾਂਝਾ, ਜਾਨੀ ਮੇਰਾ ਨਾਮ, ਜ਼ੰਜੀਰ, ਪੂਰਬ ਔਰ ਪੱਛਮ, ਬੌਬੀ, ਕਸ਼ਮੀਰ ਕੀ ਕਲੀ, ਪੱਥਰ ਕੇ ਸਨਮ ਅਤੇ ਸਨਮ ਬੇਵਫ਼ਾ ਆਦਿ ਜਿਹੀਆਂ ਸੁਪਰਹਿਟ ਫ਼ਿਲਮਾਂ ਸਣੇ ਪੰਜ ਸੌ ਦੇ ਕਰੀਬ ਫ਼ਿਲਮਾਂ 'ਚ ਖਲਨਾਇਕ ਅਤੇ ਚਰਿੱਤਰ ਅਭਿਨੇਤਾ ਵਜੋਂ ਕੰਮ ਕਰਨ ਵਾਲੇ ਅਦਾਕਾਰ ਪ੍ਰਾਣ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਸ ਨੇ ਆਪਣਾ ਫ਼ਿਲਮੀ ਸਫ਼ਰ ਨਿਰਮਾਤਾ ਡੀ. ਐਸ. ਪੰਚੋਲੀ ਦੁਆਰਾ ਸੰਨ 1939 ਵਿਚ ਲਾਹੌਰ ਵਿਖੇ ਬਣਾਈ ਪੰਜਾਬੀ ਫ਼ਿਲਮ 'ਯਮਲਾ ਜੱਟ' ਨਾਲ ਆਰੰਭ ਕੀਤਾ ਸੀ। ਪ੍ਰਾਣ ਇਸ ਫ਼ਿਲਮ ਦਾ ਨਾਇਕ ਸੀ ਤੇ ਨਾਇਕਾ ਸੀ ' ਅੰਜਨਾ'। ਸੰਨ 1942 ਵਿਚ ਉਸਨੇ ਅਦਾਕਾਰਾ ਨੂਰਜਹਾਂ ਨਾਲ ਬਤੌਰ ਨਾਇਕ ਪਹਿਲੀ ਹਿੰਦੀ ਫ਼ਿਲਮ ' ਖ਼ਾਨਦਾਨ ' ਕੀਤੀ ਸੀ ਜੋ ਕਿ ਨਾਕਾਮਯਾਬ ਰਹੀ ਤੇ ਫਿਰ ਇੱਕਾ-ਦੁੱਕਾ ਫ਼ਿਲਮਾਂ ਕਰਨ ਤੋਂ ਬਾਅਦ ਪ੍ਰਾਣ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਉਹ ਪ੍ਰੇਸ਼ਾਨ ਰਹਿਣ ਲਗ ਪਿਆ।
ਸੰਨ 1947 ਵਿਚ ਹੋਈ ਮੁਲਕ ਵੰਡ ਸਮੇਂ ਉਹ ਆਪਣੀ ਪਤਨੀ ਤੇ ਇਕ ਸਾਲ ਦੀ ਧੀ ਨਾਲ ਮੁੰਬਈ ਆ ਪਹੁੰਚਿਆ ਤਾਂ ਜੋ ਉਸਦੇ ਅੰਦਰ ਵੱਸਿਆ ਸਫ਼ਲ ਅਦਾਕਾਰ ਬਣਨ ਦਾ ਜਨੂੰਨ ਪੂਰਾ ਹੋ ਸਕੇ। ਹੋਟਲ ਤਾਜ 'ਚ ਪਰਿਵਾਰ ਸਮੇਤ ਠਹਿਰੇ ਪ੍ਰਾਣ ਨੇ ਫ਼ਿਲਮਾਂ 'ਚ ਕੰਮ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਿਵਾਏ ਨਾਕਾਮੀ ਤੋਂ ਕੁਝ ਵੀ ਪੱਲੇ ਨਾ ਪਿਆ ਤੇ ਪਤਨੀ ਦੇ ਗਹਿਣੇ ਇਕ-ਇਕ ਕਰਕੇ ਵੇਚਣ ਪਿੱਛੋਂ ਉਸਨੂੰ ਮਜਬੂਰਨ ਗੰਦੀਆਂ ਬਸਤੀਆਂ ਵਿਚ ਆਪਣੀ ਠਾਹਰ ਰੱਖਣੀ ਪਈ। ਇਕ ਦਿਨ ਪ੍ਰਾਣ ਨੇ ਡਾਂਸਰ ਕੁੱਕੂ ਨੂੰ ਕੋਈ ਛੋਟੀ-ਮੋਟੀ ਭੂਮਿਕਾ ਦੁਆਉਣ ਦੀ ਅਰਜ਼ ਕੀਤੀ ਜੋ ਉਸ ਨੇ ਮੰਨ ਲਈ। ਅਖ਼ੀਰ ਕੁੱਕੂ ਦੀ ਸਿਫ਼ਾਰਿਸ਼ 'ਤੇ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਦੇਵ ਅਨੰਦ ਅਤੇ ਕਾਮਿਨੀ ਕੌਸ਼ਲ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ ' ਜ਼ਿੱਦੀ ' ਵਿਚ ਪ੍ਰਾਣ ਨੂੰ ਖਲਨਾਇਕ ਦੀ ਇਕ ਛੋਟੀ ਜਿਹੀ ਭੂਮਿਕਾ ਅਦਾ ਕਰਨ ਨੂੰ ਦਿੱਤੀ ਜੋ ਉਸ ਨੇ ਇਸ ਸ਼ਿੱਦਤ ਨਾਲ ਨਿਭਾਈ ਕਿ ਲੋਕ ਅਸ਼-ਅਸ਼ ਕਰ ਉੱਠੇ। ਇਸ ਫ਼ਿਲਮ ਨੇ ਪ੍ਰਾਣ ਦੀ ਇਕ ਸਫ਼ਲ ਅਦਾਕਾਰ ਬਣਨ ਦੀ ਜ਼ਿੱਦ ਪੂਰੀ ਕਰ ਹੀ ਦਿੱਤੀ ਤੇ ਬਾਲੀਵੁੱਡ ਨੂੰ ਇਕ ਸੰਪੂਰਨ ਅਦਾਕਾਰ ਇਸ ਜ਼ਿੱਦ ਕਾਰਨ ਹੀ ਹਾਸਿਲ ਹੋ ਗਿਆ ਸੀ।


-ਪ੍ਰੋ:
ਪਰਮਜੀਤ ਸਿੰਘ ਨਿੱਕੇ ਘੁੰਮਣ
-410, ਚੰਦਰ ਨਗਰ, ਬਟਾਲਾ।

ਮੈਂ ਰੋਹਿਤ ਸ਼ੈਟੀ ਬਣਨਾ ਚਾਹਾਂਗਾ : ਰਣਵੀਰ ਸਿੰਘ

ਹਿਟ ਫ਼ਿਲਮ ਮੇਕਰ ਰੋਹਿਤ ਸ਼ੈਟੀ ਇਨ੍ਹੀਂ ਦਿਨੀਂ ਰਣਵੀਰ ਸਿੰਘ ਨੂੰ ਲੈ ਕੇ 'ਸਿੰਬਾ' ਬਣਾ ਰਹੇ ਹਨ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਦੋਵੇਂ ਕਾਫੀ ਸਮਾਰੋਹਾਂ ਵਿਚ ਇਕੱਠੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਨਾਮੀ ਟ੍ਰੇਡ ਪੇਪਰ 'ਬਾਕਸ ਆਫਿਸ ਇੰਡੀਆ' ਵਲੋਂ ਆਪਣੇ ਨੌਂ ਸਾਲ ਪੂਰੇ ਹੋਣ ਮੌਕੇ ਜੋ ਪਾਰਟੀ ਦਿੱਤੀ ਗਈ, ਉਥੇ ਵੀ ਉਹ ਦੋਵੇਂ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਸਨ। ਕਹਿੰਦੇ ਹਨ, ਫ਼ਿਲਮ ਦੇ ਕਾਰੋਬਾਰ ਦਾ ਮਹੱਤਵ ਮੈਨੂੰ ਉਦੋਂ ਸਮਝ ਆ ਗਿਆ ਸੀ ਜਦੋਂ ਮੇਰੀ ਫ਼ਿਲਮ 'ਗੋਲਮਾਲ' ਪ੍ਰਦਰਸ਼ਿਤ ਹੋਈ ਸੀ। ਮੈਨੂੰ ਦੱਸਿਆ ਗਿਆ ਕਿ ਫ਼ਿਲਮ ਸਿਨੇਮਾ ਘਰਾਂ ਵਿਚ ਚੰਗਾ ਕਾਰੋਬਾਰ ਕਰ ਰਹੀ ਹੈ ਅਤੇ ਭਾਰੀ ਭੀੜ ਇਕੱਠੀ ਕਰ ਰਹੀ ਹੈ। ਮੈਨੂੰ ਲੱਗਿਆ ਕਿ ਮੈਨੂੰ ਖ਼ੁਦ ਥੀਏਟਰ ਵਿਚ ਜਾ ਕੇ ਦਰਸ਼ਕਾਂ ਦਾ ਰੁਝਾਨ ਦੇਖਣਾ ਚਾਹੀਦਾ ਹੈ ਅਤੇ ਮੈਂ ਮੁੰਬਈ ਦੇ ਇਕ ਸਿਨੇਮਾਘਰ ਚਲਾ ਗਿਆ। ਉਥੇ ਜਦੋਂ ਮੈਂ ਥੀਏਟਰ ਦੇ ਮੈਨੇਜਰ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਸਿਨੇਮਾਘਰ ਦਾ ਗੇਟਕੀਪਰ ਮੇਰੇ ਕੋਲ ਆਇਆ ਅਤੇ ਹੱਥ ਜੋੜ ਕੇ ਖੜ੍ਹਾ ਹੋ ਗਿਆ। ਉਸ ਦੀਆਂ ਅੱਖਾਂ ਤੋਂ ਅੱਥਰੂ ਵਹਿ ਰਹੇ ਸਨ। ਜਦੋਂ ਵਜ੍ਹਾ ਪੁੱਛੀ ਤਾਂ ਕਹਿਣ ਲੱਗਿਆ, 'ਤੁਸੀਂ ਇਸ ਤਰ੍ਹਾਂ ਦੀਆਂ ਹਿੱਟ ਫ਼ਿਲਮਾਂ ਬਣਾਉਂਦੇ ਰਹੋ। ਤੁਹਾਡੀ ਇਸ ਹਿਟ ਫ਼ਿਲਮ ਦੀ ਬਦੌਲਤ ਮੈਨੂੰ ਛੇ ਮਹੀਨੇ ਬਾਅਦ ਤਨਖਾਹ ਮਿਲੀ ਹੈ।' ਇਹ ਸੁਣ ਕੇ ਮੈਨੂੰ ਲੱਗਿਆ ਕਿ ਇਕ ਹਿਟ ਫ਼ਿਲਮ ਕਿੰਨਿਆਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਲਿਆ ਸਕਦੀ ਹੈ। ਉਦੋਂ ਤੋਂ ਮੈਂ ਅਤੇ ਮੇਰੀ ਟੀਮ ਇਸ ਗੱਲ ਨੂੰ ਪਹਿਲ ਦੇਣਾ ਪਸੰਦ ਕਰਦੇ ਹਾਂ ਕਿ ਕੀ ਕੁਝ ਕਰਨ ਨਾਲ ਫ਼ਿਲਮ ਹਿਟ ਹੋ ਸਕਦੀ ਹੈ। ਇਹ ਵੀ ਸੱਚ ਹੈ ਕਿ ਘਾਟੇ ਦਾ ਕੋਈ ਵੀ ਕਾਰੋਬਾਰ ਜ਼ਿਆਦਾ ਦੇਰ ਤਕ ਨਹੀਂ ਚਲਦਾ। ਅੱਜ ਫ਼ਿਲਮ ਇੰਡਸਟਰੀ ਦੀ ਹੋਂਦ ਦਾ ਸਿਹਰਾ ਹਿਟ ਫ਼ਿਲਮਾਂ ਨੂੰ ਜਾਂਦਾ ਹੈ ਅਤੇ ਉਮੀਦ ਕਰਦਾ ਹਾਂ ਕਿ ਅੱਗੇ ਵੀ ਫ਼ਿਲਮ ਹਿਟ ਹੁੰਦੀ ਰਹੇਗੀ ਅਤੇ ਟ੍ਰੇਡ ਪੇਪਰ ਵਿਚ ਚੰਗੇ ਅੰਕੜੇ ਪ੍ਰਕਾਸ਼ਿਤ ਹੁੰਦੇ ਰਹਿਣਗੇ।'
ਆਪਣੀ ਵਾਰੀ ਆਉਣ 'ਤੇ ਰਣਵੀਰ ਸਿੰਘ ਕਹਿਣ ਲੱਗੇ, 'ਬਾਕਸ ਆਫਿਸ ਨਾਂਅ ਸੁਣਦਿਆਂ ਹੀ ਦਿਮਾਗ਼ ਵਿਚ ਰੋਹਿਤ ਸ਼ੈਟੀ ਦਾ ਨਾਂਅ ਆਉਂਦਾ ਹੈ, ਕਿਉਂਕਿ ਉਹ ਟਿਕਟ ਖਿੜਕੀ ਦਾ ਰਾਜਾ ਹੈ। ਲੋਕ ਇਨ੍ਹਾਂ ਨੂੰ ਹਿਟ ਡਾਇਰੈਕਟਰ ਮੰਨਦੇ ਹਨ ਪਰ ਮੈਨੂੰ ਪਤਾ ਹੈ ਕਿ ਇਨ੍ਹਾਂ ਦੇ ਨਾਲ ਤਿੰਨ ਸੌ ਲੋਕਾਂ ਦੀ ਟੀਮ ਹੈ। ਇਨ੍ਹਾਂ ਸਾਰਿਆਂ ਦੇ ਘਰ ਦਾ ਚੁੱਲ੍ਹਾ ਰੋਹਿਤ ਦੀ ਬਦੌਲਤ ਚਲਦਾ ਹੈ। ਮੇਰੇ ਤੋਂ ਪੁੱਛਿਆ ਗਿਆ ਸੀ ਕਿ ਤੁਸੀਂ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ ਤਾਂ ਮੇਰਾ ਜਵਾਬ ਸੀ ਕਿ ਮੈਂ ਰੋਹਿਤ ਸ਼ੈਟੀ ਦੀ ਤਰ੍ਹਾਂ ਬਣਨਾ ਚਾਹਾਂਗਾ। ਉਹ ਭਾਵੇਂ ਐਕਟਰ ਨਹੀਂ ਹੈ ਪਰ ਆਪਣੇ-ਆਪ ਵਿਚ ਸਟਾਰ ਹੈ। ਮੈਂ ਜਦੋਂ ਕਦੀ ਫ਼ਿਲਮ ਨਿਰਮਾਤਾ ਜਾਂ ਨਿਰਦੇਸ਼ਕ ਬਣਾਂਗਾ ਤਾਂ ਰੋਹਿਤ ਸ਼ੈਟੀ ਸਟਾਈਲ ਵਿਚ ਫ਼ਿਲਮ ਬਣਾਵਾਂਗਾ। ਉਨ੍ਹਾਂ ਦੀ ਫ਼ਿਲਮ ਵਿਚ ਛੋਟੇ ਤੋਂ ਛੋਟੇ ਕਲਾਕਾਰ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਉਹ ਕਹਾਣੀ ਅਤੇ ਕਲਾਕਾਰਾਂ ਦਾ ਮਹੱਤਵ ਜਾਣਦੇ ਹਨ।


-ਪੰਨੂੰ

'ਚਾਈਨਾ ਗੇਟ' ਦਾ ਗੀਤ 'ਫਰਾਡ ਸਈਆਂ'

ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਦੀ ਫ਼ਿਲਮ 'ਚਾਈਨਾ ਗੇਟ' ਵਿਚ ਉਰਮਿਲਾ ਮਾਤੋਂਡਕਰ 'ਤੇ ਆਈਟਮ ਗੀਤ 'ਛੰਮਾ ਛੰਮਾ...' ਫ਼ਿਲਮਾਇਆ ਗਿਆ ਸੀ। ਹੁਣ ਇਹੀ ਗੀਤ ਨਿਰਮਾਤਾ ਪ੍ਰਕਾਸ਼ ਝਾਅ ਦੀ ਫ਼ਿਲਮ 'ਫਰਾਡ ਸਈਆਂ' ਵਿਚ ਨਵੇਂ ਅੰਦਾਜ਼ ਵਿਚ ਨਜ਼ਰ ਆਵੇਗਾ। ਅਰਸ਼ਦ ਵਾਰਸੀ, ਸਾਰਾ ਲਾਰੇਨ, ਸੌਰਭ ਸ਼ੁਕਲਾ, ਕੰਚਨ ਅਵਸਥੀ, ਮਿਹਿਕਾ ਵਰਮਾ ਆਦਿ ਨੂੰ ਚਮਕਾਉਂਦੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਸੌਰਭ ਸ੍ਰੀਵਾਸਤਵ ਅਤੇ ਇਹ ਪੂਰੀ ਹੋਣ ਕੰਢੇ ਹੈ।
ਜਦੋਂ ਪ੍ਰਕਾਸ਼ ਝਾਅ ਨੇ ਫ਼ਿਲਮ ਦੇ ਸ਼ੋਅ ਦੇਖੇ ਤਾਂ ਮਹਿਸੂਸ ਕੀਤਾ ਕਿ ਇਕ ਥਾਂ ਗੀਤ ਦੀ ਸਿਚੁਏਸ਼ਨ ਹੈ ਅਤੇ ਨਵਾਂ ਗੀਤ ਰਿਕਾਰਡ ਕਰਨ ਦੀ ਬਜਾਏ ਉਨ੍ਹਾਂ ਨੂੰ ਮਾਹੌਲ ਦੇ ਹਿਸਾਬ ਨਾਲ 'ਛੰਮਾ ਛੰਮਾ...' ਗੀਤ ਸਹੀ ਲੱਗਿਆ। ਇਸ ਗੀਤ ਦੇ ਹੱਕ ਸੰਗੀਤ ਕੰਪਨੀ ਟਿਪਸ ਦੇ ਕੋਲ ਹਨ। ਸੋ, ਇਸ ਕੰਪਨੀ ਦੇ ਰਮੇਸ਼ ਤੌਰਾਨੀ ਨਾਲ ਸੰਪਰਕ ਕਰਕੇ ਪ੍ਰਕਾਸ਼ ਝਾਅ ਨੇ ਗੀਤ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮੰਗੀ ਅਤੇ ਫ਼ਿਲਮ ਦੇਖ ਕੇ ਰਮੇਸ਼ ਤੌਰਾਨੀ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ।
ਹੁਣ ਪ੍ਰਕਾਸ਼ ਝਾਅ ਨੇ ਇਸ ਗੀਤ ਨੂੰ ਦੁਬਾਰਾ ਬਣਾਉਣ ਦਾ ਜ਼ਿੰਮਾ ਤਨਿਸ਼ਕ ਬਾਗਚੀ ਨੂੰ ਸੌਂਪਿਆ ਹੈ ਅਤੇ ਨਵਾਂ ਵਰਸ਼ਨ ਤਿਆਰ ਹੁੰਦੇ ਹੀ ਇਸ ਦਾ ਫ਼ਿਲਮਾਂਕਣ ਕੀਤਾ ਜਾਵੇਗਾ। ਇਹ ਗੀਤ ਕਿਸ 'ਤੇ ਫ਼ਿਲਮਾਇਆ ਜਾਵੇਗਾ, ਇਹ ਨਿਰਣਾ ਹੁਣ ਤੱਕ ਨਹੀਂ ਲਿਆ ਗਿਆ ਹੈ ਪਰ ਸੰਭਾਵਨਾ ਹੈ ਕਿ ਕਿਸੇ ਵੱਡੀ ਹੀਰੋਇਨ 'ਤੇ ਫ਼ਿਲਮਾਇਆ ਜਾਵੇਗਾ।


-ਪੰਨੂੰ

ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਿਆ : ਆਸ਼ੂਤੋਸ਼ ਕੌਸ਼ਿਕ

ਸਾਲ 2007 ਵਿਚ 'ਰੋਡੀਜ਼' ਅਤੇ 2008 ਵਿਚ 'ਬਿੱਗ ਬੌਸ-2' ਦੇ ਜੇਤੂ ਰਹੇ ਆਸ਼ੂਤੋਸ਼ ਕੌਸ਼ਿਕ ਹੁਣ ਬਤੌਰ ਹੀਰੋ 'ਚਲ ਜਾ ਬਾਪੂ' ਵਿਚ ਆ ਰਹੇ ਹਨ। ਉਂਝ ਉਹ 'ਲਾਲ ਰੰਗ', 'ਕਿਸਮਤ ਲਵ ਪੈਸਾ ਦਿੱਲੀ', 'ਜ਼ਿਲ੍ਹਾ ਗਾਜ਼ੀਆਬਾਦ' ਸਮੇਤ ਕੁਝ ਫ਼ਿਲਮਾਂ ਕਰ ਚੁੱਕੇ ਹਨ ਪਰ ਉਨ੍ਹਾਂ ਫ਼ਿਲਮਾਂ ਵਿਚ ਉਨ੍ਹਾਂ ਦੇ ਹਿੱਸੇ ਕੁਝ ਖ਼ਾਸ ਕਰਨ ਲਾਇਕ ਨਹੀਂ ਸੀ। ਨਾਇਕ ਦੇ ਤੌਰ 'ਤੇ 'ਚਲ ਜਾ ਬਾਪੂ' ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਉਹ ਖ਼ੁਦ ਮੰਨਦੇ ਹਨ ਕਿ ਇਸ ਫ਼ਿਲਮ ਤੋਂ ਉਨ੍ਹਾਂ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ।
* 'ਬਿੱਗ ਬੌਸ' ਤੋਂ ਬਾਅਦ ਤੁਸੀਂ ਬਹੁਤ ਹਰਮਨ-ਪਿਆਰੇ ਹੋ ਗਏ ਸੀ। ਫ਼ਿਲਮਾਂ ਦੀਆਂ ਵੀ ਪੇਸ਼ਕਸ਼ਾਂ ਹੋ ਰਹੀਆਂ ਸਨ। ਇਸ ਤਰ੍ਹਾਂ ਤੁਸੀਂ ਗਿਣੀਆਂ-ਚੁਣੀਆਂ ਫ਼ਿਲਮਾਂ ਹੀ ਕਿਉਂ ਕੀਤੀਆਂ?
-ਹਾਂ, ਉਦੋਂ ਫ਼ਿਲਮਾਂ ਤਾਂ ਪੇਸ਼ਕਸ਼ਾਂ ਹੋ ਰਹੀਆਂ ਸਨ ਪਰ ਮੈਂ ਖ਼ੁਦ ਉਨ੍ਹੀਂ ਦਿਨੀਂ ਮੁੰਬਈ ਵਿਚ ਸਥਾਈ ਤੌਰ 'ਤੇ ਨਹੀਂ ਰਹਿ ਰਿਹਾ ਸੀ। ਮੈਂ ਮੁੰਬਈ, ਦਿੱਲੀ ਤੇ ਸਹਾਰਨਪੁਰ ਵਿਚਾਲੇ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਤਰ੍ਹਾਂ ਨਿਰਮਾਤਾ ਮੇਰੇ ਨਾਲ ਸੰਪਰਕ ਨਹੀਂ ਕਰ ਪਾਉਂਦੇ ਸਨ। ਦੂਜੀ ਗੱਲ ਇਹ ਕਿ ਉਦੋਂ ਮੈਨੂੰ ਜਿਨ੍ਹਾਂ ਫ਼ਿਲਮਾਂ ਦੀ ਪੇਸ਼ਕਸ਼ ਹੋ ਰਹੀ ਸੀ, ਉਹ ਜ਼ਿਆਦਾਤਰ ਛੋਟੇ ਬਜਟ ਤੇ ਛੋਟੇ ਬੈਨਰ ਦੀਆਂ ਫ਼ਿਲਮਾਂ ਸਨ। ਨਾ ਤਾਂ ਯਸ਼ ਰਾਜ ਬੈਨਰ ਨੇ ਫ਼ਿਲਮ ਦੀ ਪੇਸ਼ਕਸ਼ ਕੀਤੀ ਸੀ, ਨਾ ਹੀ ਕਰਨ ਜੌਹਰ ਨੇ। ਜੇਕਰ ਵੱਡੀ ਫ਼ਿਲਮ ਦੀ ਪੇਸ਼ਕਸ਼ ਹੁੰਦੀ ਤਾਂ ਮੈਂ ਫ਼ਿਲਮੀ ਕਰੀਅਰ ਨੂੰ ਗੰਭੀਰਤਾ ਨਾਲ ਲੈਂਦਾ। ਬੇਮਨ ਨਾਲ ਫ਼ਿਲਮਾਂ ਵਿਚ ਕੰਮ ਕਰਨ ਦੀ ਬਜਾਏ ਮੈਨੂੰ ਸਹਾਰਨਪੁਰ ਵਿਚ ਆਪਣਾ ਢਾਬਾ ਚਲਾਉਣਾ ਤੇ ਕੱਪੜੇ ਦਾ ਸ਼ੋਅਰੂਮ ਚਲਾਉਣਾ ਜ਼ਿਆਦਾ ਸਹੀ ਲੱਗਿਆ।
* ਏਨੇ ਵੱਡੇ ਸ਼ੋਅ ਦੇ ਜੇਤੂ ਬਣਨ ਤੋਂ ਬਾਅਦ ਵੀ ਕੀ ਤੁਸੀਂ ਢਾਬੇ 'ਤੇ ਬੈਠਦੇ ਸੀ?
-ਨਾ ਸਿਰਫ ਬੈਠਦਾ ਹਾਂ, ਬਲਕਿ ਮੂਡ ਹੋਵੇ ਤਾਂ ਰਸੋਈ ਵਿਚ ਜਾ ਕੇ ਖਾਣਾ ਵੀ ਬਣਾਉਂਦਾ ਹਾਂ। ਇਸ ਵਿਚ ਸ਼ਰਮ ਕਾਹਦੀ। ਜਦੋਂ ਮੈਂ 'ਰੋਡੀਜ਼' ਵਿਚ ਸੀ ਤਾਂ ਦੇਖਦਾ ਸੀ ਕਿ ਕਈ ਪ੍ਰਤੀਯੋਗੀ ਰਿਕਸ਼ਾ ਵਿਚ ਬੈਠਣ ਤੋਂ ਵੀ ਘਬਰਾਉਂਦੇ ਸਨ, ਜਦੋਂ ਕਿ ਮੈਂ ਬੱਸ ਵਿਚ ਸਫ਼ਰ ਕਰ ਲਿਆ ਕਰਦਾ ਸੀ। ਬਾਈਕ ਲੈ ਕੇ ਮੁੰਬਈ ਦੀਆਂ ਸੜਕਾਂ 'ਤੇ ਘੁੰਮਦਾ ਸੀ। ਮੈਂ ਜੋ ਹਾਂ, ਸੋ ਹਾਂ। ਮੈਨੂੰ ਦਿਖਾਵੇ ਦੀ ਜ਼ਿੰਦਗੀ ਪਸੰਦ ਨਹੀਂ।
* ਬਾਈਕ ਤੋਂ ਯਾਦ ਆਇਆ ਕਿ ਮੁੰਬਈ ਪੁਲਿਸ ਨੇ ਤੁਹਾਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਜੁਰਮ ਵਿਚ ਗ੍ਰਿਫ਼ਤਾਰ ਵੀ ਕੀਤਾ ਸੀ। ਪਾਰਟੀਆਂ ਵਿਚ ਵੀ ਤੁਸੀਂ ਨਸ਼ੇ ਦੀ ਹਾਲਤ ਵਿਚ ਦੇਖੇ ਜਾਂਦੇ ਰਹੇ ਸੀ। ਇਸ ਬਾਰੇ ਤੁਸੀਂ ਕੀ ਸਫ਼ਾਈ ਦੇਣਾ ਚਾਹੋਗੇ?
-ਹਾਂ, ਉਹ ਮੇਰੀ ਗ਼ਲਤੀ ਸੀ। ਸ਼ਰਾਬ ਪੀ ਕੇ ਮੈਂ ਖ਼ੁਦ ਤਮਾਸ਼ਾ ਬਣਾਇਆ ਕਰਦਾ ਸੀ। ਮੈਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਿਆ ਹੈ। ਮੈਂ ਸ਼ਰਾਬ ਛੱਡ ਦਿੱਤੀ ਹੈ। ਇਹੀ ਨਹੀਂ, ਮੁੰਬਈ ਪੁਲਿਸ ਦੇ ਕਹਿਣ 'ਤੇ ਮੈਂ ਸਕੂਲਾਂ-ਕਾਲਜਾਂ ਵਿਚ ਜਾ ਕੇ ਸ਼ਰਾਬ ਨਾ ਪੀਣ ਤੇ ਨਸ਼ੇ ਦੀ ਹਾਲਤ ਵਿਚ ਗੱਡੀ ਨਾ ਚਲਾਉਣ ਬਾਰੇ ਜਾਗ੍ਰਿਤ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਜੋ ਗ਼ਲਤੀ ਮੈਂ ਕੀਤੀ ਸੀ, ਉਹ ਦੂਜੇ ਵੀ ਕਰਨ। ਨੌਜਵਾਨ ਮੇਰੇ ਸੰਦੇਸ਼ ਨੂੰ ਗੰਭੀਰਤਾ ਨਾਲ ਲੈਂਦੇ ਵੀ ਹਨ।


-ਮੁੰਬਈ ਪ੍ਰਤੀਨਿਧ

'ਦੰਗਲ' ਨਿਰੇਦਸ਼ਕ ਦੀ 'ਛਿਛੋਰੇ'

'ਦੰਗਲ' ਫੇਮ ਨਿਰੇਦਸ਼ਕ ਨਿਤੇਸ਼ ਤਿਵਾੜੀ ਹੁਣ 'ਛਿਛੋਰੇ' ਨਿਰਦੇਸ਼ਿਤ ਕਰ ਰਹੇ ਹਨ। ਇਸ ਦਾ ਨਿਰਮਾਣ ਸਾਜਿਦ ਨਡਿਆਡਵਾਲਾ ਵਲੋਂ ਕੀਤਾ ਜਾ ਰਿਹਾ ਹੈ। ਫ਼ਿਲਮ ਵਿਚ ਛੇ ਇਸ ਤਰ੍ਹਾਂ ਦੇ ਮੁੰਡਿਆਂ ਦੀ ਕਹਾਣੀ ਪੇਸ਼ ਕੀਤੀ ਜਾਵੇਗੀ, ਜਿਨ੍ਹਾਂ ਦੀ ਉਮਰ ਤਾਂ ਵੱਡੀ ਹੈ ਪਰ ਹਰਕਤਾਂ ਉਹੀ ਪੁਰਾਣੀਆਂ ਹਨ। ਇਹੀ ਵਜ੍ਹਾ ਹੈ ਕਿ ਫ਼ਿਲਮ ਦੇ ਪ੍ਰਚਾਰ ਵਿਚ ਇਹ ਟੈਗ ਲਾਈਨ ਰੱਖੀ ਗਈ ਹੈ ਕਿ 'ਕੁੱਤੇ ਕੀ ਦੂਮ, ਟੇਢੀ ਕੀ ਟੇਢੀ'। ਫ਼ਿਲਮ ਵਿਚ ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ਰਧਾ ਕਪੂਰ ਦੀ ਮੁੱਖ ਜੋੜੀ ਹੈ ਅਤੇ ਇਨ੍ਹਾਂ ਨਾਲ ਵਰੁਣ ਸ਼ਰਮਾ ਤੇ ਹੋਰ ਕਲਾਕਾਰ ਵੀ ਹਨ। ਇਹ 30 ਅਗਸਤ, 2019 ਨੂੰ ਪ੍ਰਦਰਸ਼ਿਤ ਹੋਵੇਗੀ।

-ਮੁੰਬਈ ਪ੍ਰਤੀਨਿਧ

'ਪਾਨੀਪਤ' ਵਿਚ ਪਦਮਿਨੀ ਕੋਹਲਾਪੁਰੀ

ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ 'ਪਾਨੀਪਤ' ਦੇ ਕਲਾਕਾਰਾਂ ਦੀ ਸੂਚੀ ਵਿਚ ਹੁਣ ਪਦਮਿਨੀ ਕੋਹਲਾਪੁਰੀ ਦਾ ਵੀ ਨਾਂਅ ਦਰਜ ਹੋ ਗਿਆ ਹੈ। ਉਹ ਇਸ ਫ਼ਿਲਮ ਵਿਚ ਗੋਪੀਕਾ ਬਾਈ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਵਿਚ ਸੰਜੈ ਦੱਤ, ਅਰਜਨ ਕਪੂਰ ਅਤੇ ਕ੍ਰਿਤੀ ਸੈਨਨ ਦੀ ਅਹਿਮ ਭੂਮਿਕਾ ਹੈ ਅਤੇ ਇਤਿਹਾਸ ਦੇ ਪੰਨਿਆਂ ਨੂੰ ਵੱਡੇ ਪਰਦੇ 'ਤੇ ਪੇਸ਼ ਕਰਦੀ ਇਹ ਫ਼ਿਲਮ 6 ਦਸੰਬਰ, 2019 ਨੂੰ ਪ੍ਰਦਰਸ਼ਿਤ ਹੋਵੇਗੀ।

-ਮੁੰਬਈ ਪ੍ਰਤੀਨਿਧ

ਨਿਰਮਾਤਾ ਸੈਫ ਅਲੀ ਦੀ 'ਜਵਾਨੀ ਜਾਨੇਮਨ'

ਸੈਫ ਅਲੀ ਖਾਨ ਨੇ ਬਤੌਰ ਨਿਰਮਾਤਾ 'ਹੈਪੀ ਐਂਡਿੰਗ' ਬਣਾਈ ਸੀ। ਹੁਣ ਫਿਰ ਇਕ ਵਾਰ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਉਤਰਦੇ ਹੋਏ ਸੈਫ ਨੇ 'ਜਵਾਨੀ ਜਾਨੇਮਨ' ਬਣਾਉਣ ਦਾ ਐਲਾਨ ਕੀਤਾ ਹੈ। ਇਹ ਨਿਤਿਨ ਕੱਕੜ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਕਾਮੇਡੀ ਫ਼ਿਲਮ 'ਫਿਲਮਿਸਤਾਨ' ਦੀ ਬਦੌਲਤ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ।


-ਮੁੰਬਈ ਪ੍ਰਤੀਨਿਧ

ਬਾਲੀਵੁੱਡ ਵਿਚ ਬਾਬੂ ਜੀ ਫਿਰ ਜ਼ਿੰਦਾ ਹੋ ਗਏ : ਅਤੁਲ ਸ੍ਰੀਵਾਸਤਵ

ਇਨ੍ਹੀਂ ਦਿਨੀਂ ਪ੍ਰਦਰਸ਼ਿਤ ਹੋਈ 'ਬੱਤੀ ਗੁਲ ਮੀਟਰ ਚਾਲੂ' ਤੇ 'ਇਸਤਰੀ' ਫ਼ਿਲਮ ਵਿਚ ਆਪਣੇ ਅਭਿਨੈ ਦੀ ਬਦੌਲਤ ਅਦਾਕਾਰ ਅਤੁਲ ਸ੍ਰੀਵਾਸਤਵ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫ਼ਲ ਰਹੇ ਹਨ। ਪਹਿਲਾਂ 'ਮੁੰਨਾਭਾਈ ਐਮ. ਬੀ. ਬੀ. ਐਸ.', 'ਬੰਟੀ ਔਰ ਬਬਲੀ', 'ਟਾਈਲਟ ਏਕ ਪ੍ਰੇਮ ਕਥਾ', 'ਬਜਰੰਗੀ ਭਾਈਜਾਨ' ਸਮੇਤ ਅਨੇਕ ਫ਼ਿਲਮਾਂ ਤੇ ਲੜੀਵਾਰ ਕਰਨ ਵਾਲੇ ਅਤੁਲ ਇਸ ਗੱਲ ਤੋਂ ਖੁਸ਼ ਹਨ ਕਿ ਹੁਣ ਇਕ ਵਾਰ ਫਿਰ ਹਿੰਦੀ ਫ਼ਿਲਮਾਂ ਵਿਚ ਪਿਤਾ ਦੀ ਭੂਮਿਕਾ ਦਾ ਬੋਲਬਾਲਾ ਵਧਣ ਲੱਗਿਆ ਹੈ।
ਇਸ ਬਾਰੇ ਉਹ ਕਹਿੰਦੇ ਹਨ, 'ਇਕ ਜ਼ਮਾਨਾ ਉਹ ਸੀ ਜਦੋਂ ਪਰਿਵਾਰਕ ਫ਼ਿਲਮਾਂ ਬਹੁਤ ਬਣਿਆ ਕਰਦੀਆਂ ਸਨ ਅਤੇ ਇਨ੍ਹਾਂ ਫ਼ਿਲਮਾਂ ਵਿਚ ਹੀਰੋ-ਹੀਰੋਇਨਾਂ ਦੇ ਨਾਲ-ਨਾਲ ਮਾਤਾ-ਪਿਤਾ ਤੇ ਭੈਣ ਦੇ ਕਿਰਦਾਰ ਦੀ ਵੀ ਆਪਣੀ ਅਹਿਮੀਅਤ ਹੁੰਦੀ ਸੀ। ਫਿਰ ਐਕਸ਼ਨ ਫ਼ਿਲਮਾਂ ਦਾ ਦੌਰ ਆਇਆ ਅਤੇ ਕਹਾਣੀ ਵਿਚ ਮਾਂ ਤੇ ਭੈਣ ਦੇ ਕਿਰਦਾਰ ਗਵਾਚਣ ਲੱਗੇ ਅਤੇ ਪਿਤਾ ਦੀ ਭੂਮਿਕਾ ਦੀਵਾਰ 'ਤੇ ਚੰਦਨ ਦੇ ਹਾਰ ਵਾਲੀ ਤਸਵੀਰ ਤਕ ਸੀਮਿਤ ਰਹਿ ਗਈ। ਹੁਣ ਫਿਰ ਇਕ ਵਾਰ ਪਰਿਵਾਰਕ ਫ਼ਿਲਮਾਂ ਬਣਨ ਲੱਗੀਆਂ ਹਨ ਅਤੇ ਫ਼ਿਲਮੀ ਪਿਤਾ ਤਸਵੀਰ ਤੋਂ ਬਾਹਰ ਆ ਕੇ ਪਰਿਵਾਰ ਵਿਚਾਲੇ ਆ ਗਿਆ ਹੈ। ਪਿਤਾ ਦੀ ਭੂਮਿਕਾ ਨੂੰ ਜਿਊਂਦਾ ਕਰਨ ਦਾ ਸਿਹਰਾ ਮੈਂ ਅਮਿਤਾਭ ਬੱਚਨ ਨੂੰ ਦੇਣਾ ਚਾਹਾਂਗਾ। ਕੁਝ ਫ਼ਿਲਮਾਂ ਵਿਚ ਉਨ੍ਹਾਂ ਨੇ ਪਿਤਾ ਦੀ ਭੂਮਿਕਾ ਜ਼ਬਰਦਸਤ ਢੰਗ ਨਾਲ ਨਿਭਾਈ ਅਤੇ ਦਿਖਾ ਦਿੱਤਾ ਕਿ ਪਿਤਾ ਦਾ ਦਬਦਬਾ ਕੀ ਹੁੰਦਾ ਹੈ। ਹੁਣ ਬਾਲੀਵੁੱਡ ਵਾਲਿਆਂ ਦਾ ਧਿਆਨ ਫਿਰ ਇਕ ਵਾਰ ਘਰ ਦੇ ਮੁਖੀਆ ਵੱਲ ਗਿਆ ਹੈ ਅਤੇ ਮੈਂ ਖੁਸ਼ ਹਾਂ ਕਿ ਬਾਲੀਵੁੱਡ ਬਾਬੂ ਜੀ ਫਿਰ ਜ਼ਿੰਦਾ ਹੋ ਗਏ।'
ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਫ਼ਿਲਮੀ ਬਾਬੂ ਜੀ ਫ਼ਿਲਮਾਂ ਤੇ ਲੜੀਵਾਰਾਂ ਵਿਚ ਪਿਤਾ ਦੀ ਭੂਮਿਕਾ ਹੀ ਪਸੰਦ ਕਰਦੇ ਹਨ। ਉਹ 110 ਲੜੀਵਾਰਾਂ ਵਿਚ ਕੰਮ ਕਰ ਚੁੱਕੇ ਹਨ ਅਤੇ ਇਨ੍ਹਾਂ ਦਾ ਦਾਅਵਾ ਹੈ ਕਿ ਹਰ ਲੜੀਵਾਰ ਵਿਚ ਆਪਣੇ ਕਿਰਦਾਰ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ। ਉਹ ਕਹਿੰਦੇ ਹਨ, 'ਲੜੀਵਾਰ 'ਕਹਿਤਾ ਹੈ ਦਿਲ' ਤੇ 'ਤੁਝ ਪੇ ਦਿਲ ਕੁਰਬਾਨ' ਵਿਚ ਮੇਰੀ ਨਾਂਹ-ਪੱਖੀ ਭੂਮਿਕਾ ਸੀ ਅਤੇ ਉਦੋਂ ਜਿਥੇ ਕਿਤੇ ਜਾਂਦਾ ਮੈਨੂੰ ਦੇਖ ਕੇ ਲੋਕਾਂ ਦੇ ਮੂੰਹ 'ਚੋਂ ਗਾਲ੍ਹ ਨਿਕਲ ਜਾਂਦੀ ਸੀ। 'ਸਰਵਿਸ ਵਾਲੀ ਬਹੂ' ਵਿਚ ਮੈਂ ਲਾਲਚੀ ਸਹੁਰੇ ਦੀ ਭੂਮਿਕਾ ਨਿਭਾਈ ਸੀ। ਜਦੋਂ ਇਸ ਦਾ ਪ੍ਰਸਾਰਨ ਚਲ ਰਿਹਾ ਸੀ, ਉਦੋਂ ਲੋਕ ਮੈਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਸਨ।'


-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX