ਤਾਜਾ ਖ਼ਬਰਾਂ


ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  31 minutes ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  57 minutes ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 1 hour ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 2 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 2 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਪਾਕਿਸਤਾਨ ਦੇ ਪ੍ਰਸਿੱਧ ਤੀਰਥ ਸਥਾਨ 'ਤੇ ਲੂ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 26 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਤੀਰਥ ਸਥਾਨ 'ਤੇ ਸਾਲਾਨਾ ਧਾਰਮਿਕ ਰੀਤ 'ਚ ਭਾਗ ਲੈਣ ਦੌਰਾਨ ਲੂ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਬਾਰੇ ਸਹਿਵਾਨ...
ਗ਼ਰੀਬ ਕਿਸਾਨ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
. . .  about 2 hours ago
ਲੌਂਗੋਵਾਲ, 25 ਅਪ੍ਰੈਲ (ਸ.ਸ.ਖੰਨਾ) - ਇੱਥੋਂ ਨੇੜਲੇ ਪਿੰਡ ਨਾਲ ਲਗਦੇ ਮੰਡੇਰ ਕਲਾਂ ਰੋਡ ਵਿਖੇ ਗ਼ਰੀਬ ਕਿਸਾਨ ਗੁਰਮੇਲ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਬਿਲਕੁਲ ਸੜਕੇ ਸਵਾਹ ਹੋ ਗਈ। ਪੀੜਤ ਕਿਸਾਨ ਵੱਲੋਂ ਦੋ ਕਿੱਲੇ ਜ਼ਮੀਨ ਬਲਬੀਰ ਸਿੰਘ ....
ਖਰੜ 'ਚ ਪੁਲਿਸ ਨੇ ਫੜੀਆਂ ਸ਼ਰਾਬ ਦੀਆਂ 180 ਪੇਟੀਆਂ
. . .  about 2 hours ago
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਸੰਨੀ ਐਨਕਲੇਵ ਪੁਲਿਸ ਚੌਕੀ ਖਰੜ ਵਲੋਂ ਅੱਜ ਸ਼ਰਾਬ ਦੀਆਂ 180 ਪੇਟੀਆਂ ਫੜੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀਆਂ ਇਹ ਪੇਟੀਆਂ...
ਹੋਰ ਖ਼ਬਰਾਂ..

ਲੋਕ ਮੰਚ

ਸਮਾਜ ਦੇ ਕਿਸੇ ਵੀ ਮੋੜ 'ਤੇ ਮਹਿਫ਼ੂਜ਼ ਨਹੀਂ ਹੈ ਨਾਰੀ

ਭਾਰਤ ਸਰਕਾਰ ਵਲੋਂ 'ਬੇਟੀ ਬਚਾਓ' ਅਤੇ 'ਨਾਰੀ ਸੁਰੱਖਿਆ' ਦੇ ਲਗਾਏ ਜਾਣ ਵਾਲੇ ਨਾਅਰੇ ਸਿਰਫ਼ ਤਖ਼ਤੀਆਂ ਅਤੇ ਨੇਤਾਵਾਂ ਵਲੋਂ ਦਿੱਤੇ ਜਾਣ ਵਾਲੇ ਲੱਛੇਦਾਰ ਭਾਸ਼ਣਾਂ ਵਿਚ ਹੀ ਸੋਹਣੇ ਲਗਦੇ ਹਨ, ਪਰ ਅਸਲੀਅਤ ਵਿਚ ਇਹ ਨਾਅਰੇ ਅਜੋਕੇ ਤੱਥਾਂ ਤੋਂ ਕੋਹਾਂ ਦੂਰ ਪਏ ਜਾਪਦੇ ਹਨ। ਆਪਣੇ ਦੇਸ਼ ਅੰਦਰ ਕਾਨੂੰਨ ਵਿਵਸਥਾ ਨੂੰ ਲੀਰੋ-ਲੀਰ ਕਰਦਿਆਂ ਦੋਸ਼ੀਆਂ ਨੇ 8 ਸਾਲਾਂ ਦੀ ਮਾਸੂਮ ਬਾਲੜੀ ਆਸਿਫਾ ਬਾਨੋ ਨਾਲ ਮੰਦਰ ਵਿਚ ਜਬਰ ਜਨਾਹ ਅਤੇ ਬੱਚੀ ਅੰਜਲੀ ਨਾਲ ਜਬਰ ਜਨਾਹ ਕਰਕੇ ਸਮੁੱਚੇ ਦੇਸ਼ ਵਿਚ ਨਾਰੀ ਦੀ ਸੁਰੱਖਿਆ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਚੁੱਪ ਵੱਟਣੀ ਵੀ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ ਕਿ ਆਪਣੇ ਭਾਸ਼ਣਾਂ ਵਿਚ ਨਾਰੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਇਸ ਮਾਮਲੇ ਵਿਚ ਪਾਸਾ ਵਟਦੇ ਨਜ਼ਰ ਆ ਰਹੇ ਹਨ।
ਕਿਤੇ ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਲੜਕੀਆਂ 'ਤੇ ਰੰਜਿਸ਼ ਵਜੋਂ ਤੇਜ਼ਾਬੀ ਹਮਲੇ ਕਰ ਰਹੇ ਹਨ ਤੇ ਕਿਤੇ ਦਾਜ ਦਾ ਦੈਂਤ ਨਵੀਆਂ ਵਿਆਹੀਆਂ ਲੜਕੀਆਂ ਨੂੰ ਨਿਗਲਣ ਲਈ ਤਿਆਰ-ਬਰ ਤਿਆਰ ਖੜ੍ਹਾ ਵਿਖਾਈ ਦੇ ਰਿਹਾ ਹੈ। ਇਨ੍ਹਾਂ ਵਰਤਾਰਿਆਂ ਦਾ ਦ੍ਰਿਸ਼ ਅੱਜ ਵੀ ਇਹ ਸਾਬਤ ਕਰ ਰਿਹਾ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਅਤੇ ਇਸ ਦਾ ਆਉਣ ਵਾਲਾ ਭਵਿੱਖ ਵੀ ਮਹਿਫ਼ੂਜ਼ ਵਿਖਾਈ ਨਹੀਂ ਦੇ ਰਿਹਾ। ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਕਾਨੂੰਨ ਦਾ ਕੋਈ ਵੀ ਖ਼ੌਫ਼ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਛੋਟੀ ਬੱਚੀ ਜੈਨਿਬ ਅੰਸਾਰੀ ਨਾਲ ਹੋਏ ਸਮੂਹਿਕ ਜਬਰ ਜਨਾਹ ਸਬੰਧੀ ਕਥਿਤ ਦੋਸ਼ੀਆਂ ਨੂੰ ਸਰਕਾਰ ਵਲੋਂ ਬਹੁਤ ਹੀ ਘੱਟ ਸਮੇਂ ਵਿਚ ਸਜ਼ਾ ਦੇ ਦਿੱਤੀ ਗਈ ਸੀ। ਕੀ ਆਪਣੇ ਦੇਸ਼ ਭਾਰਤ ਵਿਚ ਅਜਿਹੇ ਕਾਨੂੰਨ ਨਹੀਂ ਬਣਾਏ ਜਾ ਸਕਦੇ?
ਸਮਾਜ ਵਿਚ ਔਰਤ ਵਰਗ ਨਾਲ ਹੋ ਰਹੇ ਜਬਰ ਜਨਾਹਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਇਸਤਰੀ ਵਰਗ ਲਈ ਕਿੰਨੀ ਕੁ ਸੁਰੱਖਿਆ ਹੈ ਅਤੇ ਇਸਤਰੀ ਵਰਗ ਆਪਣੇ-ਆਪ ਨੂੰ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦਾ ਹੈ। ਜਬਰ ਜਨਾਹ ਪੀੜਤਾਂ ਨੂੰ ਵਾਰ-ਵਾਰ ਅਦਾਲਤਾਂ ਵਿਚ ਬੁਲਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ, ਜਦੋਂ ਕਿ ਡਾਕਟਰੀ ਰਿਪੋਰਟਾਂ, ਮੁੱਦਈ ਦੇ ਬਿਆਨ ਤੇ ਹੋਰ ਘਟਨਾ ਸਮੇਂ ਦੇ ਸਬੂਤ ਹੁੰਦੇ ਹੋਏ ਵੀ ਵਾਰ-ਵਾਰ ਇਕੋ ਸਵਾਲ ਪੁੱਛੇ ਜਾਂਦੇ ਹਨ ਕਿ ਉਸ ਨਾਲ ਕੀ ਹੋਇਆ, ਕਿਵੇਂ ਹੋਇਆ, ਕਿਥੇ ਹੋਇਆ, ਕਿਸ ਨੇ ਕੀਤਾ?
ਦੇਸ਼ ਅੰਦਰ ਇਕ ਜਾਨਵਰ ਨੂੰ ਮਾਰਨ 'ਤੇ ਦੇਸ਼ ਦਾ ਕਾਨੂੰਨ ਸਖ਼ਤ ਸਜ਼ਾ ਦਿੰਦਾ ਹੈ ਪਰ ਬੱਚੀਆਂ ਨਾਲ ਜਬਰ ਜਨਾਹ ਕਰਕੇ ਕਤਲ ਕਰਨ ਵਾਲੇ ਅਕਸਰ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਰਹਿੰਦੇ ਹਨ। ਸਾਡਾ ਸਭ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਔਰਤਾਂ 'ਤੇ ਹੁੰਦੇ ਅੱਤਿਆਚਾਰ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੀਏ। ਸਰਕਾਰ ਨੂੰ ਵੀ ਚਾਹੀਦਾ ਹੈ ਅਜਿਹੇ ਦਰਿੰਦਿਆਂ ਨੂੰ ਜੇਕਰ ਕਾਨੂੰਨ ਫਾਂਸੀ ਨਹੀਂ ਦੇ ਸਕਦਾ ਤਾਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਨਾਗਰਿਕਤਾ ਭੰਗ ਕੀਤੀ ਜਾਵੇ ਅਤੇ ਦਰਿੰਦੇ ਨੂੰ ਮਰਨ ਤੱਕ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਜਾਂ ਫਿਰ ਅਰਬ ਦੇਸ਼ਾਂ ਦੇ ਕਾਨੂੰਨ ਦੀ ਤਰਜ਼ 'ਤੇ ਕਾਨੂੰਨ ਬਣਾ ਕੇ ਉਸ ਤਹਿਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਘਿਨੌਣੇ ਵਰਤਾਰੇ ਦੁਬਾਰਾ ਕਿਸੇ ਵੀ ਕੀਮਤ 'ਤੇ ਨਾ ਵਾਪਰ ਸਕਣ।

-ਪਿੰਡ ਤੇ ਡਾਕ: ਸੇਹ, ਜ਼ਿਲ੍ਹਾ ਲੁਧਿਆਣਾ। ਮੋਬਾ: 98729-00497


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-12

ਅੱਜ ਵੀ ਬੱਚਿਆਂ ਦੀ ਭਲਾਈ ਲਈ ਤਤਪਰ ਹਨ ਕੌਮੀ ਪੁਰਸਕਾਰ ਜੇਤੂ ਅਧਿਆਪਕ ਸ੍ਰੀ ਸੱਤਦੇਵ ਸ਼ਰਮਾ

ਇਕ ਅਧਿਆਪਕ ਕਿਸੇ ਇਕ ਖੇਤਰ ਨਹੀਂ ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਸੇ ਸੋਚ ਸਦਕਾ ਚੰਗਾ ਅਧਿਆਪਕ ਆਪਣੇ ਗਿਆਨ ਦਾ ਸਾਰਾ ਖਜ਼ਾਨਾ ਆਪਣੇ ਵਿਦਿਆਰਥੀਆਂ ਅੰਦਰ ਭਰਨ ਦੀ ਕੋਸ਼ਿਸ਼ ਵਿਚ ਜੀਵਨ ਲਗਾ ਦਿੰਦਾ ਹੈ। ਅਜਿਹੇ ਹੀ ਵਿਦਵਾਨ ਅਧਿਆਪਕ ਹਨ ਸ੍ਰੀ ਸੱਤਦੇਵ ਸ਼ਰਮਾ, ਜਿਹੜੇ ਬੱਚਿਆਂ ਨੂੰ ਉਨ੍ਹਾਂ ਵਰਗੇ ਬਣ ਕੇ ਹੀ ਪੜ੍ਹਾਉਂਦੇ ਰਹੇ ਹਨ।
ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਰਾਏ ਧਰਾਣਾ ਵਿਚ ਮਾਸਟਰ ਸ੍ਰੀ ਪ੍ਰੀਤਮ ਦੇਵ ਸ਼ਰਮਾ ਤੇ ਮਾਤਾ ਸ੍ਰੀਮਤੀ ਮਾਇਆ ਦੇਵੀ ਦੇ ਘਰ 4 ਅਪ੍ਰੈਲ, 1949 ਨੂੰ ਜਨਮੇ ਸ੍ਰੀ ਸੱਤਦੇਵ ਸ਼ਰਮਾ ਸਮੁੱਚੇ ਅਧਿਆਪਕ ਜਗਤ ਲਈ ਪ੍ਰੇਰਨਾ ਸਰੋਤ ਹਨ । ਮੈਟ੍ਰਿਕ ਸਰਕਾਰੀ ਹਾਈ ਸਕੂਲ ਲੈਹਲ ਕਲਾਂ ਤੋਂ ਕਰਕੇ ਉਨ੍ਹਾਂ ਨੇ 1967 ਵਿਚ ਜੇ.ਬੀ.ਟੀ. ਦਾ ਕੋਰਸ ਪਾਸ ਕੀਤਾ। ਆਪਣੇ ਪਰਿਵਾਰਕ ਸੰਸਕਾਰਾਂ ਅਤੇ ਪਿਤਾ ਜੀ ਦੇ ਮਾਰਗ-ਦਰਸ਼ਨ 'ਤੇ ਉਨ੍ਹਾਂ ਨੇ 1970 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਤੋਂ ਬਤੌਰ ਅਧਿਆਪਕ ਸਫਰ ਸ਼ੁਰੂ ਕੀਤਾ। ਸ੍ਰੀ ਸੱਤਦੇਵ ਸ਼ਰਮਾ ਨੇ ਉਹ ਸਾਰੀਆਂ ਵਿਧੀਆਂ 1970 ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਅੱਜ ਪ੍ਰਾਇਮਰੀ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਲਈ ਪੜ੍ਹੋ ਪੰਜਾਬ ਪ੍ਰੋਜੈਕਟ ਰਾਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਸਕੂਲ ਵਿਚ ਅਖ਼ਬਾਰਾਂ ਦੀਆਂ ਕਟਿੰਗਾਂ ਰਾਹੀਂ ਫਾਈਲ, ਕਹਾਣੀਆਂ, ਕਵਿਤਾਵਾਂ ਕੱਟ ਕੇ ਲਾਇਬ੍ਰੇਰੀ ਅਤੇ ਉਨ੍ਹਾਂ ਸਮਿਆਂ ਵਿਚ ਵੀ ਵਾਧੂ ਟੁੱਟੇ ਹੋਏ ਸਾਮਾਨ ਤੋਂ ਮਟੀਰੀਅਲ ਤਿਆਰ ਕਰਕੇ ਬੱਚਿਆਂ ਨੂੰ ਪੜ੍ਹਾਇਆ।
ਸ੍ਰੀ ਸੱਤਦੇਵ ਸ਼ਰਮਾ ਰਾਜ ਸਾਇੰਸ ਸਿੱਖਿਆ ਸੰਸਥਾ ਵਿਚ ਵੇਸਟ ਮਟੀਰੀਅਲ ਤੋਂ ਟੀ.ਐਲ.ਐਮ. ਤਿਆਰ ਕਰਨ ਵਿਚ ਦੋ ਵਾਰ ਸਟੇਟ ਪੱਧਰ 'ਤੇ ਐਵਾਰਡ ਹਾਸਲ ਕਰ ਚੁੱਕੇ ਹਨ, ਜਿਸ ਕਰਕੇ ਹੀ ਉਨ੍ਹਾਂ ਨੂੰ ਪੰਜਾਬ ਰਾਜ ਵਲੋਂ ਨਵੀਂ ਦਿੱਲੀ ਵਿਖੇ 40 ਦਿਨਾਂ ਕੋਰਸ ਲਈ ਭੇਜਿਆ ਗਿਆ ਸੀ। ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਉਪਲੀ ਵਿਖੇ ਪੜ੍ਹਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਤੇ ਨਿਪੁੰਨ ਕੀਤਾ। ਸ੍ਰੀ ਸੱਤਦੇਵ ਸ਼ਰਮਾ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਰਾਜ ਸਾਇੰਸ ਸਿੱਖਿਆ ਪੰਜਾਬ ਚੰਡੀਗੜ੍ਹ ਦੀ ਪ੍ਰੋਜੈਕਟ ਟੀਮ ਵਿਚ ਲਿਆ ਗਿਆ, ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਲਈ ਬਹੁਤ ਵੱਧ-ਚੜ੍ਹ ਕੇ ਕੰਮ ਕੀਤਾ ਅਤੇ ਇਨ੍ਹਾਂ ਦੀ ਲਿਖੀ ਪੁਸਤਕ 'ਕਲੀਆਂ ਖਿੜਨ ਕਿਰਨਾਂ ਨਾਲ' ਸਕੂਲ ਲਾਇਬ੍ਰੇਰੀਆਂ ਲਈ ਪ੍ਰਮਾਣਿਤ ਹੋਈ। ਸ੍ਰੀ ਸੱਤਦੇਵ ਸ਼ਰਮਾ ਨੇ ਜ਼ਿਲ੍ਹਾ ਸੰਗਰੂਰ ਵਿਚ ਸਾਇੰਸ ਮੇਲਿਆਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿਚ 3500 ਬੱਚਿਆਂ ਅਤੇ 1137 ਅਧਿਆਪਕਾਂ ਨੇ ਭਾਗ ਲਿਆ।
ਸ੍ਰੀ ਸੱਤਦੇਵ ਸ਼ਰਮਾ ਨੇ ਜਿੱਥੇ ਸਿੱਖਿਆ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ, ਉੱਥੇ ਉਹ ਸਮਾਜ ਲਈ ਵੀ ਮੋਹਰੀ ਹੋ ਕੇ ਵਿਚਰਦੇ ਰਹੇ ਹਨ। 1982 ਤੋਂ ਹੀ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਜੁੜ ਕੇ ਕੰਮ ਕਰਦੇ ਰਹੇ ਹਨ। ਉਨ੍ਹਾਂ ਦੇ ਕਾਰਜ ਐਨੇ ਹਨ ਕਿ ਉਨ੍ਹਾਂ ਨੂੰ ਇਕ ਲਿਖਤ ਵਿਚ ਸਮੇਟਣਾ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਭਾਰਤ ਸਕਾਊਟ ਐਂਡ ਗਾਈਡ ਵਿਚ ਵੀ ਨੈਸ਼ਨਲ ਪੱਧਰ ਤੱਕ ਮੱਲਾਂ ਮਾਰੀਆਂ ਹਨ। ਉਹ ਆਪਣੇ ਬੱਚਿਆਂ ਨੂੰ ਕੱਬ ਅਤੇ ਬੁਲਬੁਲ ਸਕਾਊਟ ਵਿਚ ਨੈਸ਼ਨਲ ਪੱਧਰ ਤੱਕ ਲੈ ਕੇ ਗਏ ਅਤੇ ਰਾਜ ਪੱਧਰ ਤੱਕ ਮਾਣ-ਸਨਮਾਨ ਹਾਸਲ ਕੀਤੇ।
ਜਿਹੜੇ ਅਧਿਆਪਕ ਆਪਣੇ ਪਰਿਵਾਰ ਦਾ ਸਮਾਂ ਵੀ ਬੱਚਿਆਂ ਦੀ ਭਲਾਈ ਲਈ ਲਾਉਂਦੇ ਹਨ, ਅਕਾਲ ਪੁਰਖ ਪਰਮਾਤਮਾ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਹਮੇਸ਼ਾ ਇਨਸਾਫ ਹੀ ਕਰਦਾ ਹੈ। ਸ੍ਰੀ ਸੱਤਦੇਵ ਸ਼ਰਮਾ ਨੂੰ ਪਰਿਵਾਰ ਦਾ ਹਮੇਸ਼ਾ ਸਾਥ ਮਿਲਿਆ। ਉਹ 6 ਮਹੀਨਿਆਂ ਤੱਕ ਵੀ ਸਿੱਖਿਆ ਦੇ ਖੇਤਰ ਤੇ ਬੱਚਿਆਂ ਦੀ ਬਿਹਤਰੀ ਲਈ ਘਰੋਂ ਬਾਹਰ ਰਹਿੰਦੇ ਰਹੇ ਹਨ ਅਤੇ ਅੱਜ ਸੇਵਾ-ਮੁਕਤ ਹੋਣ ਤੋਂ ਆਪਣੇ ਸੁਖੀ ਪਰਿਵਾਰ ਨਾਲ ਵਧੀਆ ਜੀਵਨ ਬਤੀਤ ਕਰਦੇ ਹੋਏ ਸਮਾਜ ਸੇਵਾ ਵਿਚ ਵੀ ਵਿਚਰ ਰਹੇ ਹਨ। ਇੰਜ ਜੇ.ਬੀ.ਟੀ. ਅਧਿਆਪਕ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ ਅਤੇ ਕੁਆਟਰ ਮਾਸਟਰ ਤਾਰਾ ਦੇਵੀ ਸ਼ਿਮਲਾ ਵਿਖੇ ਸਕਾਊਟ ਦੀਆਂ ਸੇਵਾਵਾਂ ਨਿਭਾ ਚੁੱਕੇ ਸ੍ਰੀ ਸੱਤਦੇਵ ਸ਼ਰਮਾ ਅੱਜ ਵੀ ਓਨੇ ਹੀ ਜ਼ਿੰਦਾਦਿਲੀ ਤੇ ਜੋਸ਼ ਨਾਲ ਬੱਚਿਆਂ ਦੀ ਭਲਾਈ ਲਈ ਤਤਪਰ ਹਨ। ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੇ, ਤਾਂ ਜੋ ਉਨ੍ਹਾਂ ਦਾ ਤਜਰਬਾ ਤੇ ਗਿਆਨ ਸਿੱਖਿਆ ਜਗਤ ਦੇ ਕੰਮ ਆਉਂਦਾ ਰਹੇ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000

ਵਾਤਾਵਰਨ ਸ਼ੁੱਧ ਰੱਖਣ ਲਈ ਕੁਝ ਜ਼ਰੂਰੀ ਨੁਕਤੇ

ਮੁਨੱਖ ਇਸ ਧਰਤੀ 'ਤੇ ਕੁਦਰਤ ਵਲੋਂ ਦਿੱਤਾ ਗਿਆ ਇਕ ਅਜ਼ੀਜ਼ ਤੋਹਫ਼ਾ ਹੈ, ਇਸ ਲਈ ਸਾਨੂੰ ਕੁਦਰਤ ਦੀ ਬਣਾਈ ਸ੍ਰਿਸ਼ਟੀ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਕੀ ਕੁਦਰਤ ਦੀ ਬਣਾਈ ਸ੍ਰਿਸ਼ਟੀ ਨੂੰ ਬਦਲਣਾ ਠੀਕ ਹੈ? ਬਿਲਕੁਲ ਨਹੀਂ। ਪਰ ਅੱਜ ਦਾ ਮੁਨੱਖ ਕੁਦਰਤ ਦੀ ਸ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੁਨੱਖੀ ਜ਼ਿੰਦਗੀ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ, ਜਿਵੇਂ ਕਿ ਆਕਸੀਜਨ ਤੇ ਹਰਿਆਵਲ ਲਈ ਦਰੱਖਤ ਬਹੁਤ ਜ਼ਰੂਰੀ ਹਨ ਪਰ ਅੱਜ ਦਾ ਮਨੁੱਖ ਦਰਖੱਤਾਂ ਨੂੰ ਕੱਟ ਕੇ ਲੱਕੜ ਨੂੰ ਵਰਤੋਂ ਵਿਚ ਤਾਂ ਲੈ ਆਉਂਦਾ ਪਰ ਦਰੱਖਤ ਲਾਉਂਦਾ ਨਹੀਂ। ਆਪਾਂ ਸਭ ਨੂੰ ਚਾਹੀਦਾ ਹੈ ਕਿ ਜਗ੍ਹਾ ਮੁਤਾਬਕ ਘਰਾਂ ਦੇ ਆਲੇ-ਦੁਆਲੇ ਤੇ ਘਰਾਂ ਦੇ ਅੰਦਰ ਰੁੱਖ-ਬੂਟੇ ਲਗਾਈਏ, ਜਿਸ ਨਾਲ ਸਾਨੂੰ ਤਾਜ਼ੀ ਹਵਾ ਤਾਂ ਮਿਲੇਗੀ ਹੀ, ਨਾਲ-ਨਾਲ ਵਾਤਾਵਰਨ ਵੀ ਸ਼ੁੱਧ ਤੇ ਸਾਫ਼ ਹੋਵੇਗਾ, ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਹਰ ਸਾਲ ਘੱਟੋ-ਘੱਟ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਮੌਕੇ ਛਾਂਦਾਰ ਬੂਟੇ ਜ਼ਰੂਰ ਲਗਾਵੇ, ਤਾਂ ਜੋ ਧਰਤੀ 'ਤੇ ਦਰੱਖਤ ਘੱਟ ਨਾ ਹੋਣ। ਇਸ ਨਾਲ ਸਾਨੂੰ ਰੋਜ਼ਾਨਾ ਜ਼ਿੰਦਗੀ ਲਈ ਵਰਤੀ ਜਾਣ ਵਾਲੀ ਆਕਸੀਜਨ ਦੀ ਕਮੀ ਨਹੀਂ ਆਵੇਗੀ ਅਤੇ ਤਪਸ਼ ਵੀ ਘੱਟ ਹੋਵੇਗੀ। ਅੱਜ ਦਾ ਮਨੁੱਖ ਹਰ ਕੰਮ ਆਪਣੇ ਮੁਤਾਬਿਕ ਕਰਨਾ ਚਾਹੁੰਦਾ ਹੈ, ਜਿਵੇਂ ਕੋਈ ਹੋਰ ਧਰਤੀ 'ਤੇ ਵਸਦਾ ਹੀ ਨਾ ਹੋਵੇ, ਕਿਉਂਕਿ ਜ਼ਿਆਦਾ ਸ਼ੋਰ-ਸ਼ਰਾਬਾ ਵੀ ਵਾਤਾਵਰਨ ਨੂੰ ਅਸ਼ੁੱਧ ਤੇ ਅਸ਼ਾਂਤ ਬਣਾਉਂਦਾ, ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਆਹ-ਸ਼ਾਦੀ ਸਮੇਂ ਡੀਜੇ ਵਗੈਰਾ ਨਾ ਹੀ ਲਗਾਈਏ ਜਾਂ ਫਿਰ ਥੋੜ੍ਹੀ ਘੱਟ ਅਵਾਜ਼ ਹੋਵੇ, ਜਿਸ ਨਾਲ ਕਿਸੇ ਹੋਰ ਨੂੰ ਕੋਈ ਦਿੱਕਤ ਨਾ ਆਵੇ। ਆਵਾਜਾਈ ਦੇ ਸਾਧਨਾਂ ਤੇ ਉੱਚੀ ਆਵਾਜ਼ ਵਾਲੇ ਹਾਰਨਾਂ 'ਤੇ ਸਰਕਾਰ ਵਲੋਂ ਪਾਬੰਦੀ ਲੱਗੇ। ਇਨ੍ਹਾਂ ਨਾਲ ਵੀ ਦੁਰਘਟਨਾਵਾਂ ਵਧੇਰੇ ਹੁੰਦੀਆਂ ਹਨ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਹੋਰਨਾਂ ਦਾ ਖਿਆਲ ਰੱਖ ਕੇ ਮੰਨੋਰੰਜਨ ਕਰੇ, ਖੁਸ਼ੀ ਮੌਕੇ ਖੁਸ਼ੀ ਮਨਾਵੇ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਸ਼ੁੱਧ ਤੇ ਸ਼ਾਂਤ ਬਣਾਉਣ ਲਈ ਕੂੜਾ-ਕਰਕਟ ਕੂੜਦਾਨ ਵਿਚ ਪਾਈਏ, ਆਲੇ-ਦੁਆਲੇ ਦੀ ਸਫਾਈ ਰੱਖੀਏ, ਤਾਂ ਕਿ ਮੱਖੀ, ਮੱਛਰ ਨਾ ਫੈਲਣ। ਐਸਾ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਤੇ ਵਾਤਾਵਰਨ ਨੂੰ ਸ਼ੁੱਧ ਤੇ ਸ਼ਾਂਤ ਵੀ ਬਣਾਇਆ ਜਾ ਸਕਦਾ ਹੈ ਜੀ। ਆਓ, ਸਾਰੇ ਅੱਜ ਤੋਂ ਪ੍ਰਣ ਕਰੀਏ ਤੇ ਵਾਤਾਵਰਨ ਨੂੰ ਅਸ਼ਾਂਤ ਹੋਣ ਤੋਂ ਬਚਾਈਏ ਤੇ ਬਿਮਾਰੀਆਂ ਤੋਂ ਬਚ ਜਾਈਏ।
-ਭਗਤਾ ਭਾਈ ਕਾ।

ਮੋਬਾ: 94786-58384

ਸਮਾਜਿਕ ਨੀਹਾਂ ਨੂੰ ਖੋਖਲਾ ਕਰ ਰਿਹਾ ਹੈ ਅਜੋਕਾ ਰਾਜਨੀਤਕ ਸਰੂਪ

ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਹਾਮੀ ਭਰਦਾ ਹੈ। 'ਮੇਰਾ ਭਾਰਤ ਮਹਾਨ', ਇਹ ਕਹਿੰਦਿਆਂ ਸਾਡੀ ਜ਼ੁਬਾਨ ਨਹੀਂ ਥੱਕਦੀ। ਪਰ ਅਸਲੀਅਤ ਕੁਝ ਹੋਰ ਹੈ। ਅੱਜ ਸਾਡਾ ਦੇਸ਼ ਆਬਾਦੀ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਝੂਠ, ਫਰੇਬ, ਭ੍ਰਿਸ਼ਟਾਚਾਰ, ਤੇ ਅੰਧ-ਵਿਸ਼ਵਾਸ ਵਿਚ ਸੰਸਾਰ ਦਾ ਮੋਹਰੀ ਬਣ ਗਿਆ ਹੈ। ਲੋਕਤੰਤਰ ਦੇ ਤਿੰਨ ਮੋਹਰੇ ਸਿਆਸਤ, ਵੋਟਰ ਅਤੇ ਸਿਆਸੀ ਪਾਰਟੀਆਂ ਇਹ ਤਿਨੋਂ ਹੀ ਆਪਣੇ ਫਰਜ਼ਾਂ ਨੂੰ ਭੁੱਲੀ ਬੈਠੇ ਹਨ। ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੇ ਸੁਹਿਗਰਦੀ ਦੇ ਸੰਕਲਪਾਂ ਤੋਂ ਗੁਆਚ ਰਹੀਆਂ ਹਨ ਅਤੇ ਅਸਲੀਅਤ ਤੱਥ ਮੁੱੱਦੇ ਮਨਫੀ ਹੋ ਰਹੇ ਹਨ। ਹਰ ਸਿਆਸੀ ਪਾਰਟੀ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਤਾਂਘ ਵਿਚ ਹੈ ਤੇ ਦੇਸ਼ ਦੇ ਮਾਣ-ਸਨਮਾਨ ਨੂੰ ਛਿੱਕੇ 'ਤੇ ਟੰਗ ਕੇ ਦੇਸ਼ ਨੂੰ ਬੇਫਿਕਰੇ ਬੋਲਾਂ ਵਿਚ ਬਦਨਾਮ ਕਰ ਰਹੇ ਹਨ। ਅਸੀਂ ਆਮ ਲੋਕ ਇਨ੍ਹਾਂ ਸਿਆਸੀ ਲੋਕਾਂ ਦੇ ਦਬਾਅ ਹੇਠ ਆਪਣੀ ਬਣਦੀ ਡਿਊਟੀ ਨਹੀਂ ਨਿਭਾਅ ਰਹੇ। ਪੈਸੇ, ਰੁਤਬੇ ਅਤੇ ਸਿਆਸੀ ਤਾਕਤ ਸਾਨੂੰ ਕਮਜ਼ੋਰ ਬਣਾ ਰਹੀ ਹੈ। ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰਕੇ ਇਨ੍ਹਾਂ ਅਪਰਾਧੀ ਕਿਸਮ ਦੇ ਲੋਕਾਂ ਦੇ ਭਾਈਵਾਲ ਬਣ ਜਾਦੇ ਹਾਂ। ਅੱਜ ਸਾਡਾ ਵੋਟਰ ਇਨ੍ਹਾਂ ਸਿਆਸੀ ਲੋਕਾਂ ਲਈ ਥਾਣਿਆਂ, ਤਹਿਸੀਲਾਂ ਵਿਚ ਦਲਾਲੀ ਦਾ ਕੰਮ ਕਰ ਰਿਹਾ ਹੈ।
ਦੁਨੀਆ ਭਰ ਵਿਚ ਭ੍ਰਿਸ਼ਟਾਚਾਰ ਪੱਖੋਂ ਸਾਡਾ ਦੇਸ਼ ਮੋਹਰੀ ਹੈ। ਸਿਆਸਤਦਾਨ, ਪੁਲਿਸ, ਪ੍ਰਸ਼ਾਸਨ ਅਤੇ ਕਾਨੂੰਨ ਦੇ ਰਖਵਾਲਿਆਂ ਦੀ ਮਿਲੀਭੁਗਤ ਹੋਣ ਕਰਕੇ ਦੇਸ਼ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਰਹੀ ਹੈ। ਅੱਜ ਦੇਸ਼ ਦੀ ਹਰ ਪਾਰਟੀ ਵਿਚ ਅਪਰਾਧੀ ਕਿਸਮ ਦੇ ਨੇਤਾਵਾਂ ਦੀ ਭਰਮਾਰ ਹੈ। ਇਹ ਲੋਕ ਧਨ ਬਲ ਨਾਲ ਚੋਣਾਂ ਜਿੱਤ ਕੇ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਬਰ ਬਣ ਜਾਂਦੇ ਹਨ ਅਤੇ ਉਦੋਂ ਸਥਿਤੀ ਬੜੀ ਹਾਸੋਹੀਣੀ ਬਣ ਜਾਂਦੀ ਹੈ, ਜਦੋਂ ਇਹ ਅਪਰਾਧੀ ਕਿਸਮ ਦੇ ਮੈਂਬਰ ਬੈਠ ਕੇ ਅਪਰਾਧ ਨੂੰ ਰੋਕਣ ਲਈ ਕਾਨੂੰਨ ਬਣਾਉਂਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਬਚਾਅ ਲਈ ਕਾਨੂੰਨ ਦੀ ਹਰ ਨਾੜ ਆਪਣੇ ਹੱਥਾਂ ਵਿਚ ਰੱਖੀ ਹੈ। ਅੱਜ ਦੇਸ਼ ਦਾ ਕਾਨੂੰਨ ਇਹ ਕਿਉਂ ਨਹੀਂ ਦੇਖਦਾ ਕਿ ਇਹ ਸਿਆਸੀ ਲੋਕ, ਮੰਤਰੀ ਜਾਂ ਕਿਸੇ ਸਭਾ ਦਾ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ ਤੇ ਹੁਣ ਉਹ ਮਹਿਲਾਂ ਦਾ ਬਾਦਸ਼ਾਹ ਕਿਵੇਂ ਬਣ ਗਿਆ।
ਦੇਸ਼ ਦੇ ਹਜ਼ਾਰਾਂ ਦੇਸ਼ ਭਗਤਾਂ ਨੇ ਦੇਸ਼ ਦੀ ਤਰੱਕੀ ਤੇ ਸਮਾਜਿਕ ਬਰਾਬਰੀ ਦੀ ਤਸਵੀਰ ਉਲੀਕੀ ਸੀ। ਬੜੇ ਅਫਸੋਸ ਦੀ ਗੱਲ ਹੈ ਕਿ ਇਹ ਲੋਕ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾਈ ਸਿਆਸਤਦਾਨ, ਰਾਸ਼ਟਰੀਅਤਾ ਅਤੇ ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ, ਖੰਡਾ, ਖੰਜਰ ਅਤੇ ਤ੍ਰਿਸ਼ੂਲ ਲਹਿਰਾਉਣ 'ਤੇ ਤੁਲੇ ਹੋਏ ਹਨ। ਦੇਸ਼ ਨੂੰ ਭਾਸ਼ਾ, ਜਾਤ, ਧਰਮ ਅਤੇ ਰਾਖਵੇਂਕਰਨ ਵਿਚ ਵੰਡਣ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਨ੍ਹਾਂ ਸਿਆਸੀ ਲੋਕਾਂ ਦੀ ਸੱਤਾ ਭੁੱਖ ਨੇ ਸਿਰਫ ਖੁਸ਼ਹਾਲ ਦੇਸ਼ ਨੂੰ ਨਹੀਂ ਵੰਡਿਆ, ਸਗੋਂ ਇਕ ਘਰ ਵਿਚ ਭਰਾ-ਭਰਾ ਨੂੰ ਵੰਡਿਆ ਹੈ।
ਅੱਜ ਸਾਡੇ ਆਮ ਸਮਾਜਿਕ ਲੋਕਾਂ ਨੂੰ ਇਨ੍ਹਾਂ ਸਿਆਸਤਦਾਨਾਂ ਦੇ ਨਜ਼ਰੀਏ ਨੂੰ ਸਮਝਣਾ ਹੋਵੇਗਾ। ਇਨ੍ਹਾਂ ਲੋਕਾਂ ਦੇ ਸੇਵਾ ਰੂਪੀ ਮਖੌਟੇ ਨੂੰ ਪਹਿਚਾਨਣਾ ਹੋਵੇਗਾ। ਇਸ ਖਾਨਦਾਨੀ ਸਿਆਸੀ ਵਪਾਰ ਨੂੰ ਬੰਦ ਕਰਾਉਣ ਲਈ ਲਾਮਬੰਦ ਹੋਣ ਦੀ ਲੋੜ ਹੈ। ਦੇਸ਼ ਦੇ ਵਾਰਸਾਂ ਨੂੰ ਦੇਸ਼ ਦੇ ਚੰਗੇ-ਮਾੜੇ ਵਰਤਮਾਨ ਲਈ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਦੇਸ਼ ਦੇ ਫਰਜ਼ਾਂ ਦੀ ਪੂਰਤੀ ਲਈ ਸਭ ਕੁਝ ਤਾਣ ਦੇਣਾ ਚਾਹੀਦਾ ਹੈ। ਇਹ ਵੰਗਾਰ ਹੈ ਹਰ ਆਮ ਲਈ, ਸਾਨੂੰ ਇਸ ਸਿਸਟਮ ਦੇ ਸੁਧਾਰ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਆਸੀ ਅੱਤਵਾਦ ਖਾ ਜਾਵੇਗਾ ਇਸ ਦੇਸ਼ ਨੂੰ ਤੇ ਜਵਾਨੀਆਂ ਨੂੰ।

-ਅੰਮ੍ਰਿਤਸਰ-143203. ਮੋਬਾ: 8427140006

ਗੂੜ੍ਹੀ ਨੀਂਦ ਸੁੱਤੇ ਬਿਜਲੀ ਮਹਿਕਮੇ ਨੂੰ ਜਗਾਉਣ ਦੀ ਲੋੜ

ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਆਮ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਦੀਆਂ ਢਿੱਲੀਆਂ, ਲਮਕ ਰਹੀਆਂ ਨੰਗੀਆਂ ਤਾਰਾਂ ਦਿਖਾਈ ਦਿੰਦੀਆਂ ਹਨ। ਕੁਝ ਥਾਵਾਂ 'ਤੇ ਟੁੱਟੇ ਖੰਭੇ ਲੱਗੇ ਹੋਏ ਹਨ, ਜਿਨ੍ਹਾਂ 'ਤੇ ਹਾਈ ਵੋਲਟ ਦੀ ਸਪਲਾਈ ਗੁਜ਼ਰ ਰਹੀ ਹੁੰਦੀ ਹੈ ਅਤੇ ਬਿਜਲੀ ਦੇ ਟਰਾਂਸਫਾਰਮਰ ਵੀ ਹੇਠਾਂ ਨੀਵੇਂ ਖੰਭਿਆਂ 'ਤੇ ਰੱਖੇ ਹੋਏ ਹਨ ਅਤੇ ਉਨ੍ਹਾਂ ਤੋਂ ਖ਼ਪਤਕਾਰਾਂ ਤੱਕ ਜਾਣ ਵਾਲੀ ਸਪਲਾਈ ਦੇ ਫਿਊਜ਼ ਵੀ ਜਗਾੜੂ ਦਿਖਾਈ ਦਿੰਦੇ ਹਨ। ਉਹ ਕਿਸੇ ਵੇਲੇ ਵੀ ਪਸ਼ੂ-ਪੰਛੀ, ਬੱਚੇ, ਬੁੱਢੇ ਨੂੰ ਭੁਲੇਖੇ ਨਾਲ ਆਪਣੀ ਲਪੇਟ ਵਿਚ ਲੈ ਸਕਦੇ ਹਨ।
ਅੱਜਕਲ੍ਹ ਮਾਹੌਲ ਠੇਕੇਦਾਰੀ ਪ੍ਰਣਾਲੀ ਦਾ ਹੈ। ਜਿਸ ਕੰਮ ਲਈ ਟੈਂਡਰ ਪੈਂਦਾ ਹੈ ਤਾਂ ਇਕ ਠੇਕੇਦਾਰ ਠੇਕਾ ਲੈਂਦਾ ਹੈ। ਫਿਰ ਅੱਗੇ ਉਹੀ ਠੇਕਾ ਕਈ ਹੱਥਾਂ 'ਚ ਚਲਿਆ ਜਾਂਦਾ ਹੈ। ਫਿਰ ਕੰਮ ਕਰਨ ਦੇ ਤੌਰ-ਤਰੀਕੇ ਦੀ ਪਰਖ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਜੋ ਕਰੇ ਸੋ ਉਹੀ ਕਰੇ, ਮਾਲ ਦੀ ਗੁਣਵੱਤਾ, ਸਮੇਂ ਦੀ ਬੰਦਿਸ਼ ਪਰ ਕਈ ਵਾਰ ਆਪੋ-ਆਪਣੀਆਂ ਜੇਬਾਂ ਗਰਮ ਕਰਨ ਕਰਕੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਖਾਮੋਸ਼ ਰਹਿਣ ਦੀ ਆਦਤ ਬਣ ਜਾਂਦੀ ਹੈ ਪਰ ਉਥੇ ਨੁਕਸਾਨ ਸਰਕਾਰੀ ਪੈਸੇ ਦਾ ਅਤੇ ਦੁੱਖ ਭੋਲੀ ਜਨਤਾ, ਪਸ਼ੂ-ਪੰਛੀ ਭੋਗਦੇ ਹਨ। ਜੇਕਰ ਮਹਿਕਮਾ ਬਿਜਲੀ ਮੀਟਰਾਂ ਦੀ ਨਫੇ, ਨੁਕਸਾਨ ਦੀ ਜ਼ਿੰਮੇਵਾਰੀ ਖਪਤ ਸਿਰ ਮੜ੍ਹਦਾ ਹੈ ਤਾਂ ਰਿਹਾਇਸ਼ੀ ਘਰਾਂ ਤੋਂ ਕਈ ਵਾਰ ਦੂਰ-ਦੂਰ ਬਕਸਿਆਂ ਵਿਚ ਮੀਟਰ ਲੱਗੇ ਹੋਏ ਹਨ ਤਾਂ ਉਸ ਦੀ ਰੋਜ਼ਾਨਾ ਦੇਖਭਾਲ ਕੌਣ ਕਰ ਸਕਦਾ ਹੈ? ਕੋਈ ਇਕੱਲੀ ਔਰਤ ਆਪਣੇ ਬਿਜਲੀ ਮੀਟਰ ਦੀ ਨਿਗਰਾਨੀ ਕਿਵੇਂ ਕਰ ਸਕਦੀ ਹੈ? ਪਰ ਸਾਡੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਮਹਿਕਮਾ ਪੱਲਾ ਝਾੜ ਦਿੰਦਾ ਹੈ। ਬਿਜਲੀ ਬੋਰਡ ਅੰਦਰ ਲੁਕਵਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਈ ਵਾਰ ਖਪਤਕਾਰ ਵੀ ਆਪਣਾ ਸਮਾਂ ਬਰਬਾਦ ਕਰਨ ਮਜਬੂਰੀ ਵੱਸ ਪੈ ਜਾਂਦਾ ਹੈ।
ਕੀ ਸਮੇਂ ਦੀਆਂ ਸਰਕਾਰਾਂ ਗੂੜ੍ਹੀ ਨੀਂਦ ਸੁੱਤੀਆਂ ਹਨ? ਹਰ ਸਾਲ ਮਹਿਕਮੇ ਦੀ ਅਣਗਹਿਲੀ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ ਜਾਂ ਕੀਮਤੀ ਜ਼ਿੰਦਗੀਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਕੀ ਇਹ ਸਭ ਕਾਨੂੰਨ ਦੀਆਂ ਨਜ਼ਰਾਂ ਤੋਂ ਉਹਲੇ ਹੋ ਰਿਹਾ ਹੈ? ਹਰ ਇਕ ਮੁਲਾਜ਼ਮ, ਰਿਸ਼ਵਤਖੋਰ ਜਾਂ ਕੰਮਚੋਰ ਨਹੀਂ ਹੁੰਦਾ। ਦੇਖਿਆ ਜਾਵੇ ਤਾਂ ਇਮਾਨਦਾਰੀ ਜ਼ਿੰਦਾ ਵੀ ਹੈ। ਕਈ ਵਾਰ ਆਪਣੇ ਅਧਿਕਾਰ ਖੇਤਰ ਅੰਦਰ ਸਬੰਧਤ ਅਧਿਕਾਰੀ ਹੋਣ ਵਾਲੇ ਬਿਜਲੀ ਹਾਦਸੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਮਿਆਦ ਪੁਗਾ ਚੁੱਕੀਆਂ ਤਾਰਾਂ ਜਾਂ ਬੱਚਿਆਂ ਦੀ ਪਹੁੰਚ ਨੇੜੇ ਨੀਵੇਂ ਟਰਾਂਸਫਾਰਮਰ ਜਾਂ ਛੱਤਾਂ ਦੇ ਨੇੜੇ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਇਹ ਸਭ ਅਣਗਹਿਲੀ ਦਾ ਸਬੱਬ ਬਣ ਜਾਂਦਾ ਹੈ। ਗੂੜ੍ਹੀ ਨੀਂਦ ਸੁੱਤੀ ਸਰਕਾਰ ਨੂੰ ਇਨ੍ਹਾਂ ਪ੍ਰਤੀ ਜਾਗਣ ਦੀ ਲੋੜ ਹੈ। ਮਹਿਕਮੇ ਪ੍ਰਤੀ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਸਬੰਧਤ ਏਰੀਏ ਅੰਦਰ ਕੁਤਾਹੀ ਕਰਦਾ ਹੈ ਤਾਂ ਉਸ ਦੀ ਸਿਫਾਰਸ਼ ਕਰਨ ਦੀ ਬਜਾਏ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਆਮ ਜਨਤਾ ਦਾ ਵੀ ਮੁਢਲਾ ਫਰਜ਼ ਬਣਦਾ ਹੈ। ਜੇਕਰ ਸਾਨੂੰ ਕੋਈ ਮਹਿਕਮੇ ਪ੍ਰਤੀ ਗਿਲਾ ਹੋਵੇ ਤਾਂ ਸਬੰਧਤ ਅਧਿਕਾਰੀ ਨੂੰ ਸਮੇਂ-ਸਮੇਂ 'ਤੇ ਸੂਚਿਤ ਕਰਨਾ ਚਾਹੀਦਾ ਹੈ, ਜਿਸ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਹਰ ਇਕ ਮੁਲਾਜ਼ਮ, ਅਧਿਕਾਰੀ ਨੂੰ ਆਪਣੇ ਡਿਊਟੀ ਦੌਰਾਨ ਜ਼ਿੰਮੇਵਾਰੀ ਨਾਲ ਫਰਜ਼ ਨਿਭਾਉਣੇ ਚਾਹੀਦੇ ਹਨ ਤਾਂ ਕਿ ਆਮ ਜਨਤਾ ਦਾ ਸੁਧਾਰ ਹੋ ਸਕੇ।

-ਵਾਤਾਵਰਨ ਪ੍ਰੇਮੀ, ਪਿੰਡ ਤੇ ਡਾਕ: ਜਲਾਲਦੀਵਾਲ, ਲੁਧਿਆਣਾ।
ਮੋਬਾ: 98141-11305

ਕਿਉਂ ਵਧਦਾ ਜਾ ਰਿਹੈ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ?

ਕਰਜ਼ੇ ਨਾਲ ਜਕੜੇ ਪੰਜਾਬ ਦੀ ਹਾਲਤ ਦਿਨੋਂ-ਦਿਨ ਹੋਰ ਮਾੜੀ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚੋਂ ਇਕ ਕਾਰਨ ਵੱਡੇ ਪੱਧਰ 'ਤੇ ਪੰਜਾਬੀਆਂ ਦਾ ਦੇਸ਼-ਪ੍ਰਦੇਸ਼ ਵੱਲ ਨੂੰ ਪ੍ਰਵਾਸ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਸਿੱਧੇ ਤੌਰ 'ਤੇ ਘਾਟਾ ਪੈ ਰਿਹਾ ਹੈ। ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਹੈ। ਨਿੱਜੀ ਸਿੱਖਿਆ ਸੰਸਥਾਵਾਂ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ 'ਤੇ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਇਹ ਗੱਲਾਂ ਸਰਕਾਰਾਂ ਤੋਂ ਲੁਕੀਆਂ ਨਹੀਂ ਹਨ। ਪੰਜਾਬ ਵਿਚ ਪੜ੍ਹਦਿਆਂ ਲੱਖਾਂ ਰੁਪਏ ਖਰਚ ਕੇ ਵੀ ਵਿਦਿਆਰਥੀ ਨੂੰ ਪੰਜਾਬ ਵਿਚ ਪੱਕਾ ਰੁਜ਼ਗਾਰ ਮਿਲ ਜਾਵੇ, ਇਸ ਗੱਲ ਦੀ ਸੁਨਿਸਚਿਤਤਾ ਨਹੀਂ ਹੈ। ਪੰਜਾਬ ਦੇ ਨੌਜਵਾਨ ਪੰਜਾਬ ਤੋਂ ਬਾਹਰ ਬੈਂਗਲੁਰੂ, ਨੋਇਡਾ, ਗੁਰੂਗਰਾਮ ਵਿਚ ਚੰਗੇ ਪੈਕੇਜ 'ਤੇ ਬਾਹਰੋਂ ਆਈਆਂ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਇਹ ਵਰਤਾਰਾ ਸਿੱਧੇ ਤੌਰ 'ਤੇ ਉੱਤਰ ਬਸਤੀਵਾਦ ਦਾ ਸੰਕਲਪ ਪੂਰ ਰਿਹਾ ਹੈ, ਜਿਸ ਤੋਂ ਭਾਵ ਹੈ ਕਿ ਬਸਤੀਵਾਦ, ਜਿੱਥੇ ਸਿੱਧੇ ਤੌਰ 'ਤੇ ਬਲ ਰਾਹੀਂ ਸਥਾਪਤ ਵਰਤਾਰਾ ਸੀ, ਉੱਥੇ ਉੱਤਰ ਬਸਤੀਵਾਦ ਬਲ ਦੀ ਵਰਤੋਂ ਨਾ ਕਰਦੇ ਹੋਏ ਸਥਾਪਤ ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਹੁਕਮਰਾਨ ਅਤੇ ਸਰਮਾਏਦਾਰਾਂ ਨੂੰ ਆਪਣੇ ਵੱਸ ਵਿਚ ਕਰਕੇ ਆਪਣਾ ਰਾਜ ਸਥਾਪਤ ਕਰਦੇ ਹਨ।
ਇਹੋ ਕੁਝ ਹੀ ਅੱਜ ਦੇ ਸਮੇਂ ਵਿਚ ਭਾਰਤ ਅਤੇ ਪੰਜਾਬ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਨੂੰ ਖ਼ਾਸ ਕਰਕੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗੀਤਾਂ, ਫਿਲਮਾਂ ਰਾਹੀ ਵਿਦੇਸ਼ਾਂ ਦੇ ਰਹਿਣ-ਸਹਿਣ ਬਾਰੇ, ਉੱਥੋਂ ਦੇ ਸੱਭਿਆਚਾਰ ਬਾਰੇ ਬਹੁਤ ਵਧਾ-ਚੜ੍ਹਾਅ ਕੇ ਦੱਸਿਆ ਜਾ ਰਿਹਾ ਹੈ। ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਬਸਤੀਕ੍ਰਿਤ ਦੇਸ਼ਾਂ ਨੂੰ ਹੁਣ ਇਕ ਗੱਲ ਸਮਝ ਆ ਗਈ ਹੈ ਕਿ ਜੇਕਰ ਇਨ੍ਹਾਂ ਤੀਜੀ ਦੁਨੀਆ ਕਹੇ ਜਾਣ ਵਾਲੇ ਪਛੜੇ ਅਤੇ ਵਿਕਾਸਸ਼ੀਲ ਦੇਸ਼ਾਂ 'ਤੇ ਮੁੜ ਰਾਜ ਕਰਨਾ ਹੈ ਤਾਂ ਸੈਨਿਕ ਸ਼ਕਤੀ ਨੂੰ ਪਿੱਛੇ ਛੱਡ ਕੇ ਉਨ੍ਹਾਂ ਦੇਸ਼ਾਂ ਦੇ ਸੱਭਿਆਚਾਰ ਨੂੰ ਸਮਝ ਕੇ ਉਸ ਦੇ ਖਾਤਮੇ ਲਈ ਕੰਮ ਕਰਨਾ ਪੈਣਾ ਹੈ। ਬਸਤੀਕ੍ਰਿਤ ਦੇਸ਼ਾਂ ਨੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਦਿਮਾਗ ਵਿਚ ਇਹ ਗੱਲ ਪਾ ਦਿੱਤੀ ਹੈ ਕਿ ਪੂਰਬੀ ਦੇਸ਼ਾਂ ਦਾ ਸੱਭਿਆਚਾਰ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦੇ ਮੁਕਾਬਲੇ ਨਿਮਨ ਪੱਧਰ ਦਾ ਹੈ, ਜਿਸ ਕਰਕੇ ਤੀਜੀ ਦੁਨੀਆ ਕਹੇ ਜਾਂਦੇ ਦੇਸ਼ਾਂ ਦੇ ਲੋਕ ਆਪਣੇ ਸੱਭਿਆਚਾਰ ਨੂੰ ਛੱਡ ਕੇ ਪੱਛਮੀ ਸੱਭਿਆਚਾਰ ਦੇ ਉਪਾਸਕ ਬਣਦੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਪੰਜਾਬ ਵੀ ਇਕ ਹੈ। ਪਰਵਾਸ ਨਿਰੰਤਰ ਚੱਲਣ ਵਾਲਾ ਵਰਤਾਰਾ ਹੈ। ਮਨੁੱਖ ਦੇ ਜਨਮ ਤੋਂ ਹੀ ਇਹ ਪ੍ਰਕਿਰਿਆ ਨਿਰੰਤਰ ਚਲਦੀ ਆ ਰਹੀ ਹੈ। ਪੰਜਾਬੀਆਂ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਸਮੇਂ-ਸਮੇਂ 'ਤੇ ਪੰਜਾਬੀ ਇਸ ਪ੍ਰਕਿਰਿਆ ਦਾ ਹਿੱਸਾ ਬਣਦੇ ਰਹੇ ਹਨ। ਉੱਤਰ ਬਸਤੀਵਾਦ ਆਪਣੇ ਨਵੇਂ ਰੂਪ ਬਦਲ ਕੇ ਪੂਰੀ ਚੜ੍ਹਤ ਨਾਲ ਤੀਜੀ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ 'ਤੇ ਆਪਣੀ ਜਕੜ ਮਜ਼ਬੂਤ ਕਰ ਰਿਹਾ ਹੈ। ਬਸਤੀਵਾਦ ਦਾ ਇਕ ਨਵਾਂ ਉੱਘੜਵਾਂ ਰੂਪ ਵਿਸ਼ਵੀਕਰਨ ਹੈ, ਜਿਸ ਨਾਲ ਇਕ ਅੰਤਰਰਾਸ਼ਟਰੀ ਆਰਥਿਕ ਪ੍ਰਬੰਧ ਸਾਹਮਣੇ ਆ ਰਿਹਾ ਹੈ, ਜਿੱਥੇ ਗਰੀਬ ਦੇਸ਼ ਆਪਣੀ ਕੌਮੀ ਖ਼ੁਦਮੁਖਤਿਆਰੀ ਗੁਆ ਰਹੇ ਹਨ। ਪੱਛਮ ਅਤੇ ਪੂਰਬ ਦੇ ਇਸ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ, ਇਹ ਲੁੱਟ-ਖਸੁੱਟ ਦਾ ਰਿਸ਼ਤਾ ਹੈ। ਜਿੰਨੀ ਜਲਦੀ ਅਸੀਂ ਆਮ ਲੋਕ ਸਮਝ ਲਵਾਂਗੇ, ਓਨਾ ਹੀ ਸਾਡੇ ਲਈ ਠੀਕ ਰਹੇਗਾ, ਨਹੀਂ ਕਿਤੇ ਇਹ ਨਾ ਹੋ ਜਾਵੇ ਕਿ ਆਉਣ ਵਾਲੇ 30 ਸਾਲਾਂ ਨੂੰ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਨਾਲ-ਨਾਲ ਪੰਜਾਬ ਵਿਚੋਂ ਪੰਜਾਬ ਦੀ ਨੌਜਵਾਨੀ ਵੀ ਖ਼ਤਮ ਹੋ ਜਾਵੇ।

-ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸ਼ਿਆਂ ਦੀ ਦਲ-ਦਲ ਵਿਚ ਫਸੀ ਜਵਾਨੀ ਨੂੰ ਬਚਾਇਆ ਜਾਵੇ

ਹਰ ਮੈਦਾਨ ਫਤਹਿ ਹਾਸਲ ਕਰਨ ਦਾ ਜਜ਼ਬਾ ਰੱਖਣ ਵਾਲੇ ਪੰਜਾਬੀ ਅੱਜ ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕੇ ਹਨ। ਨੌਜਵਾਨਾਂ ਦਾ ਨਸ਼ਿਆਂ ਵਿਚ ਗਲਤਾਨ ਹੋਣਾ ਪੰਜਾਬ ਲਈ ਖ਼ਤਰਨਾਕ ਸੰਕੇਤ ਹੈ। ਅੱਜ ਵਟਸਐਪ, ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ 'ਤੇ ਲਗਾਤਾਰ ਚਿੱਟਾ ਵਿਕਣ ਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਚਿੱਟੇ ਵਰਗੇ ਭਿਆਨਕ ਨਸ਼ੇ ਨੇ ਕਈ ਭੈਣਾਂ ਤੋਂ ਭਰਾ ਤੇ ਮਾਵਾਂ ਤੋਂ ਪੁੱਤ ਖੋਹ ਲਏ, ਜਿਨ੍ਹਾਂ ਦੀ ਦਾਸਤਾਨ ਅੱਜ ਦਿਲ ਕੰਬਾਊ ਹੈ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਦਿਨੋਂ-ਦਿਨ ਨੌਜਵਾਨਾਂ ਦੀ ਮੌਤ ਦਰ 'ਚ ਵਾਧਾ ਹੋ ਰਿਹਾ ਹੈ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜੇਕਰ ਸਮੇਂ ਦੀਆਂ ਸਰਕਾਰਾਂ ਨੇ ਨਸ਼ੇ ਦੀ ਭੈੜੀ ਅਲਾਮਤ ਨੂੰ ਕੰਟਰੋਲ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਬਚ ਸਕਦੇ ਸਨ ਪਰ ਨਸ਼ਾ ਤਸਕਰੀ ਧੰਦੇ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਗਿਆ, ਜਿਸ ਦਾ ਬਹੁਤ ਮਾੜਾ ਨਤੀਜਾ ਅੱਜ ਸਾਡੇ ਸਾਹਮਣੇ ਆਇਆ ਹੈ ਤੇ ਪੰਜਾਬ ਦੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਸਖਤ ਰੁਖ਼ ਅਖ਼ਤਿਆਰ ਕਰਨ ਦੀ ਲੋੜ ਹੈ, ਜੇਕਰ ਅਜੇ ਵੀ ਨਸ਼ਾ ਤਸਕਰਾਂ ਨੂੰ ਢਿੱਲ ਦਿੱਤੀ ਤਾਂ ਆਉਣ ਵਾਲੇ ਸਮੇਂ ਵਿਚ ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਨਿਗਲ ਜਾਵੇਗਾ।
ਅੱਜ ਜ਼ਰੂਰਤ ਹੈ ਕਿ ਜਾਗਰੂਕਤਾ ਲਿਆ ਕੇ ਪੰਜਾਬ ਦੀ ਜਵਾਨੀ ਨੂੰ ਇਸ ਨਸ਼ਿਆਂ ਦੀ ਦਲ-ਦਲ ਵਿਚੋਂ ਕੱਢਿਆ ਜਾਵੇ, ਤਾਂ ਜੋ ਪੰਜਾਬ ਦੀ ਜਵਾਨੀ ਇਸ ਮੌਤ ਦੇ ਮੰਜਰ 'ਚੋਂ ਨਿਕਲ ਸਕੇ। ਪੰਜਾਬ 'ਚ ਲਗਾਤਾਰ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਦਾ ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਵਲੋਂ 'ਮਰੋ ਜਾਂ ਵਿਰੋਧ ਕਰੋ' ਨਾਅਰੇ ਹੇਠ 'ਚਿੱਟੇ ਵਿਰੁੱਧ ਕਾਲਾ ਹਫਤਾ' ਮਨਾਇਆ ਗਿਆ ਸੀ, ਜਿਸ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਲੋਕ ਅੱਗੇ ਆਏ ਹਨ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਯਤਨ ਕਰ ਰਹੇ ਹਨ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਸਮੱਗਲਰਾਂ ਦੀਆਂ ਜੜ੍ਹਾਂ ਪੁੱਟਣੀਆਂ ਅੱਜ ਬੇਹੱਦ ਜ਼ਰੂਰੀ ਹਨ ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਲਈ ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਜੇਕਰ ਨੌਜਵਾਨਾਂ ਦੇ ਨਸ਼ਿਆਂ ਵੱਲ ਵਧ ਰਹੇ ਰੁਝਾਨ ਦੀ ਗੱਲ ਕਰੀਏ ਤਾਂ ਵੱਡਾ ਕਾਰਨ ਬੇਰੁਜ਼ਗਾਰੀ ਮੰਨਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਮਹਿੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਦਰ-ਦਰ ਠੋਕਰਾਂ ਖਾ ਰਹੇ ਹਨ ਤੇ ਇਸ ਨਿਰਾਸ਼ਤਾ ਕਾਰਨ ਵੀ ਕਈ ਨੌਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਹਨ। ਅੱਜ ਲੋੜ ਹੈ ਸਿੱਖਿਆ ਦੇ ਵਪਾਰੀਕਰਨ ਨੂੰ ਰੋਕਿਆ ਜਾਵੇ ਅਤੇ ਪੜ੍ਹੇ-ਲਿਖੇ ਨੌਜਵਾਨ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।

-ਕੰਪਿਊਟਰ ਆਪ੍ਰੇਟਰ, ਸ੍ਰੀ ਮੁਕਤਸਰ ਸਾਹਿਬ। ਮੋਬਾ: 96466-59720

ਪੈਰ ਛੂਹਣ ਤੋਂ ਮੂੰਹ ਮੋੜਦੀ ਅੱਜ ਦੀ ਪੀੜ੍ਹੀ

ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਦਾ ਆਪਣਾ ਇਕ ਵੱਖਰਾ ਮਹੱਤਵ ਹੈ। ਇਸ ਲਈ ਹਿੰਦੂ ਅਤੇ ਹੋਰ ਧਰਮਾਂ ਵਿਚ ਆਪਣੇ ਬਜ਼ੁਰਗਾਂ ਦਾ ਆਦਰ ਕਰਨ ਦੀ ਪ੍ਰੰਪਰਾ ਮੁੱਢ ਤੋਂ ਚਲਦੀ ਆ ਰਹੀ ਹੈ ਅਤੇ ਇਸ ਦਾ ਪਰਿਣਾਮ ਹੈ ਕਿ ਸਾਡੇ ਸਮਾਜ ਵਿਚ ਬਜ਼ੁਰਗਾਂ, ਮਾਤਾ-ਪਿਤਾ, ਵੱਡੇ ਭੈਣ-ਭਰਾ, ਰਿਸ਼ਤੇਦਾਰਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।
ਪੈਰ ਛੂਹ ਕੇ ਆਸ਼ੀਰਵਾਦ ਲੈਣ ਨਾਲ ਵੱਡਿਆਂ ਲਈ ਦਿਲ ਤੋਂ ਸਨਮਾਨ, ਆਦਰ ਅਤੇ ਉਨ੍ਹਾਂ ਪ੍ਰਤੀ ਪ੍ਰੇਮ ਦੀ ਭਾਵਨਾ ਉਤਪੰਨ ਹੁੰਦੀ ਹੈ, ਜਿਸ ਦੇ ਕਾਰਨ ਰਿਸ਼ਤਿਆਂ ਵਿਚ ਪਿਆਰ ਤੇ ਵਿਸ਼ਵਾਸ ਵਧਦਾ ਹੈ ਅਤੇ ਨਾਲ ਹੀ ਸਾਨੂੰ ਅਹੰਕਾਰ ਰਹਿਤ ਹੋਣ ਦੀ ਸਿੱਖਿਆ ਮਿਲਦੀ ਹੈ।
ਪੈਰ ਛੂਹਣ ਦੇ ਧਾਰਮਿਕ ਕਾਰਨ ਤਾਂ ਹੈ ਹੀ ਹਨ ਅਤੇ ਨਾਲ ਹੀ ਵਿਗਿਆਨਕ ਪ੍ਰਭਾਵ ਵੀ ਵਿਗਿਆਨੀਆਂ ਨੇ ਪ੍ਰਮਾਣਿਤ ਕੀਤੇ ਹਨ। ਮਨੁੱਖ ਦੇ ਸਰੀਰ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਲਗਾਤਾਰ ਊਰਜਾ ਦਾ ਪ੍ਰਚਾਰ ਹੁੰਦਾ ਹੈ ਅਤੇ ਪੈਰ ਛੂਹਣ ਨਾਲ ਉਸ ਵਿਆਕਤੀ ਦੇ ਪੈਰਾਂ ਵਿਚ ਹੁੰਦੀ ਹੋਈ ਊਰਜਾ ਸਾਡੇ ਸਰੀਰ ਭਾਵ ਹੱਥਾਂ ਵਿਚੋਂ ਹੁੰਦੀ ਹੋਈ ਉਸ ਦੇ ਸਰੀਰ ਵਿਚ ਦਾਖਲ ਹੁੰਦੀ ਹੈ। ਇਸ ਦੇ ਨਾਲ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਸਕਾਰਾਤਮਿਕਤਾ ਪੈਦਾ ਹੁੰਦੀ ਹੈ। ਇਹਦੇ ਨਾਲ ਹੀ ਵਿਆਕਤੀ ਵਲੋਂ ਦਿਲੋਂ ਦਿੱਤਾ ਗਿਆ ਆਸ਼ੀਰਵਾਦ ਜਿਵੇਂ ਖੁਸ਼ ਰਹੋ, ਜੁੱਗ-ਜੁੱਗ ਜੀਓ, ਰੱਬ ਤੁਹਾਨੂੰ ਲੰਬੀ ਉਮਰ ਦੇਵੇ, ਦੁੱਧੀਂ ਨਹਾਓ ਪੁੱਤੀਂ ਫਲੋਂ ਵਰਗੇ ਆਸ਼ੀਰਵਾਦ ਸਾਨੂੰ ਸਿਰਫ਼ ਮਾਨਸਿਕ ਸ਼ਕਤੀ ਹੀ ਨਹੀਂ, ਸਗੋਂ ਸਕਾਰਾਤਮਕ ਸ਼ਕਤੀ ਵੀ ਪ੍ਰਦਾਨ ਕਰਦੇ ਹਨ।
ਅੱਜਕਲ੍ਹ ਦੇ ਨਵੇਂ ਜ਼ਮਾਨੇ ਵਿਚ ਬੱਚਿਆਂ ਦੁਆਰਾ ਆਪਣੇ ਮਾਤਾ-ਪਿਤਾ ਨੂੰ ਮਿਲਣ ਸਮੇਂ ਉਨ੍ਹਾਂ ਨੂੰ ਹਾਏੇ ਮੋਮ, ਹਾਏ ਡੈਡ ਕਹਿ ਕੇ ਬੁਲਾਇਆ ਜਾਂਦਾ ਹੈ, ਨਾ ਕਿ ਉਨ੍ਹਾਂ ਨੂੰ ਨਮਸਕਾਰ ਕਰਕੇ, ਪੈਰ ਛੂਹ ਕੇ ਜਾਂ ਗਲੇ ਲੱਗ ਕੇ ਮਿਲਣਾ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਕਿ ਸਾਰੇ ਨੌਜਵਾਨ ਹੀ ਅਜਿਹਾ ਕਰਦੇ ਹਨ ਪਰ ਜ਼ਿਆਦਾਤਰ ਅਜਿਹਾ ਹੁੰਦਾ ਦਿਖਾਈ ਦੇ ਰਿਹਾ ਹੈ, ਜੋ ਕਿ ਸਾਡੀ ਭਾਰਤੀ ਸੰਸਕ੍ਰਿਤ ਅਤੇ ਸੰਸਕਾਰਾਂ ਦੇ ਬਿਲਕੁਲ ਉਲਟ ਹੈ।
ਅੱਜ ਦੇ ਦੌਰ ਵਿਚ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਸਾਰੇ ਸਮਾਜ ਵਿਚ ਲੋਕ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਦਾ ਸਨਮਾਨ ਕਰਦੇ ਹਨ ਅਤੇ ਇਸ ਨੂੰ ਅਪਣਾਉਂਦੇ ਨਜ਼ਰ ਆਉਂਦੇ ਹਨ, ਜਿਸ ਵਿਚ ਬਹੁਤ ਸਾਰੇ ਦੇਸ਼ਾਂ ਦੇ ਰਾਸ਼ਟਰਪਤੀ ਆਦਿ ਭਾਰਤ ਆ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ, ਕੁਝ ਸਮੇਂ ਤੋਂ ਹੱਥ ਮਿਲਉਣ ਦੇ ਨਾਲ-ਨਾਲ ਗਲੇ ਮਿਲਦੇ ਵੀ ਦਿਖ ਰਹੇ ਹਨ। ਇਹ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰ ਹੀ ਹਨ ਜੋ ਇਸ ਤਰ੍ਹਾਂ ਸਭ ਨੂੰ ਦਿਲ ਤੋਂ ਜੋੜ ਕੇ ਰੱਖਣ ਦੇ ਸਮਰੱਥ ਹਨ। ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਵੱਲ ਝੁਕਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ।
ਉੱਥੇ ਹੀ ਵਿਸ਼ਵ ਦੇ ਕੁਝ ਦੇਸ਼ਾਂ ਜਿਵੇਂ ਥਾਈਲੈਂਡ, ਨਿਪਾਲ, ਇੰਡੋਨੇਸ਼ੀਆ ਵਿਚ ਅੱਜ ਵੀ ਇਸ ਪਰੰਪਰਾ ਦਾ ਨਿਵਾਰਨ ਕਰਨ ਦੇ ਉਦਾਹਰਨ ਸਮੇਂ-ਸਮੇਂ 'ਤੇ ਸਮਾਚਾਰਾਂ ਵਿਚ ਪੜ੍ਹਨ ਨੂੰ ਮਿਲਦੇ ਹਨ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਅਜਿਹਾ ਕਰਦਾ ਹੈ, ਜਦੋਂ ਕਿ ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ, ਜੋ ਕਦੇ ਭਾਰਤ ਦੀ ਸੰਸਕਾਰਵਾਦੀ ਪ੍ਰੰਪਰਾ ਦਾ ਮੁੱਖ ਹਿੱਸਾ ਹੈ।
ਸੋ, ਸੰਸਕਾਰਾਂ ਨੂੰ ਜਿਉਂਦੇ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ, ਮਾਤਾ-ਪਿਤਾ, ਵੱਡੇ ਭੈਣ-ਭਰਾ, ਰਿਸ਼ਤੇਦਾਰਾਂ ਦੇ ਪੈਰ ਆਪਣੇ ਬੱਚਿਆਂ ਦੇ ਸਾਹਮਣੇ ਸੰਪੂਰਨ ਰੂਪ ਨਾਲ ਛੂਹਣੇ ਚਾਹੀਦੇ ਹਨ। ਕਿਉਂਕਿ ਬੱਚੇ ਜ਼ਿਆਦਾਤਰ ਜਿਵੇਂ ਦੇਖਦੇ ਹਨ, ਉਵੇਂ ਹੀ ਸਿੱਖਦੇ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਪੈਰ ਛੂਹਣ ਦੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਜੋ ਉਹ ਚੰਗੇ ਸੰਸਕਾਰ ਸਿੱਖਣ ਅਤੇ ਚੰਗੇ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰਨ।

-ਮੋਬਾ: 81469-33733


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX