ਤਾਜਾ ਖ਼ਬਰਾਂ


ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  11 minutes ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  18 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਡੈਲੀਗੇਟ ਇਜਲਾਸ ਸ਼ੁਰੂ ਹੋ ਗਿਆ ਹੈ। ਇਸ ਇਜਲਾਸ ਦੀ...
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  29 minutes ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀ. ਐੱਸ. ਐੱਫ. ਨੇ ਅੱਜ ਤਹਿਸੀਲ ਅਜਨਾਲਾ ਦੀ ਇੱਕ ਸਰਹੱਦੀ ਚੌਕੀ ਨੇੜਿਓਂ ਰਾਵੀ ਦਰਿਆ ਰਾਹੀਂ ਰੁੜ੍ਹ ਕੇ ਆਈ ਇੱਕ ਪਾਕਿਸਤਾਨੀ ਬੇੜੀ...
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  37 minutes ago
ਜਲੰਧਰ, 14 ਦਸੰਬਰ- ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 1 'ਤੇ ਕਾਲੀਆ ਕਾਲੋਨੀ ਨੇੜੇ ਬਿਸਤ ਦੁਆਬ ਨਹਿਰ 'ਚ ਇੱਕ ਬੱਚੇ ਦਾ ਭਰੂਣ ਮਿਲਿਆ ਹੈ। ਘਟਨਾ ਦੀ ਜਾਣਕਾਰੀ ਮਿਲਣ...
ਬਾਦਲ ਪਰਿਵਾਰ ਤੋਂ ਖ਼ਫ਼ਾ ਆਗੂਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਸਥਾਪਨਾ ਦਿਵਸ
. . .  59 minutes ago
ਅੰਮ੍ਰਿਤਸਰ, 14 ਦਸੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਬਾਦਲ ਪਰਿਵਾਰ ਤੋਂ ਖ਼ਫ਼ਾ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧ...
ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸੰਬੰਧ 'ਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਅਕਾਲੀ ਦਲ ਵਲੋਂ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜੀ. ਕੇ. ਅਤੇ ਪਰਮਜੀਤ ਸਰਨਾ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਅਕਾਲੀ ਦਲ ਬਾਦਲ ਤੋਂ ਖ਼ਫ਼ਾ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਅੱਜ ਅਕਾਲੀ ਦਲ ਦੇ ਮਨਾਏ ਜਾ ਰਹੇ 99ਵੇਂ ਸਥਾਪਨਾ ਦਿਵਸ...
ਪ੍ਰਸਿੱਧ ਫ਼ਿਲਮੀ ਲੇਖਕ ਅਤੇ 'ਅਜੀਤ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਦੇਹਾਂਤ
. . .  50 minutes ago
ਜਲੰਧਰ, 14 ਦਸੰਬਰ- ਪ੍ਰਸਿੱਧ ਫ਼ਿਲਮੀ ਲੇਖਕ ਅਤੇ ਪਿਛਲੇ ਕਈ ਸਾਲਾਂ ਤੋਂ ਰੋਜ਼ਾਨਾ 'ਅਜੀਤ' 'ਚ ਛਪਣ ਵਾਲੇ ਵਿਅੰਗ 'ਆਤਿਸ਼ਬਾਜ਼ੀ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਲੰਘੇ ਦਿਨ ਮੁੰਬਈ ਵਿਖੇ ਦੇਹਾਂਤ...
ਮੁੰਬਈ 'ਚ ਆਸਾਮ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਕੀਤਾ ਵਿਰੋਧ
. . .  about 2 hours ago
ਮੁੰਬਈ, 14 ਦਸੰਬਰ- ਮੁੰਬਈ 'ਚ ਰਹਿ ਰਹੇ ਆਸਾਮ ਦੇ ਲੋਕਾਂ ਵਲੋਂ ਅੱਜ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਆਜ਼ਾਦ ਮੈਦਾਨ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ...
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  about 2 hours ago
ਸ਼ਿਮਲਾ, 14 ਦਸੰਬਰ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ। ਬਰਫ਼ਬਾਰੀ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ-ਕਹਾਣੀ ਮੰਦੇ ਬੋਲਾਂ ਕਰਕੇ

ਬੜੀ ਪੁਰਾਣੀ ਗੱਲ ਹੈ ਕਿ ਇਕ ਰੁੱਖ ਉੱਤੇ ਇਕ ਕਾਂ ਰਹਿੰਦਾ ਸੀ। ਉਸੇ ਹੀ ਰੁੱਖ ਹੇਠਾਂ ਇਕ ਖੁੱਡ ਵਿਚ ਚੂਹਾ ਰਹਿੰਦਾ ਸੀ। ਦੋਨੋਂ ਆਪਸ ਵਿਚ ਗੂੜ੍ਹੇ ਮਿੱਤਰ ਸਨ। ਇਕ ਦਿਨ ਕਾਂ ਰੁੱਖ ਉੱਤੇ ਬੈਠਾ ਬੇਰ ਖਾ ਰਿਹਾ ਸੀ। ਗਿਟਕਾਂ ਥੱਲੇ ਡਿੱਗਦੀਆਂ ਵੇਖ ਕੇ ਚੂਹਾ ਉੱਪਰ ਝਾਕਿਆ ਤੇ ਬੋਲਿਆ, 'ਕਾਵਾਂ-ਕਾਵਾਂ ਕੀ ਖਾ ਰਿਹਾ ਏਂ?'
'ਬੇਰ ਖਾ ਰਿਹਾ ਹਾਂ ਮਿੱਤਰ ਜੀ!' ਕਾਂ ਨੇ ਉੱਤਰ ਦਿੱਤਾ ਤੇ ਨਾਲੇ ਇਕ ਬੇਰ ਚੂਹੇ ਵੱਲ ਨੂੰ ਸੁੱਟ ਦਿੱਤਾ। ਚੂਹੇ ਨੇ ਬੇਰ ਖਾਧਾ, ਉਹਨੂੰ ਬੇਰ ਬੜਾ ਸੁਆਦ ਲੱਗਿਆ। ਚੂਹੇ ਨੇ ਇਕ ਹੋਰ ਬੇਰ ਕਾਂ ਤੋਂ ਮੰਗਿਆ ਤਾਂ ਕਾਂ ਨੇ ਕਿਹਾ, 'ਮਿੱਤਰ, ਹੋਰ ਤਾਂ ਮੇਰੇ ਕੋਲ ਕੋਈ ਬੇਰ ਹੈ ਨਹੀਂ, ਪਰ ਹਾਂ ਕੱਲ੍ਹ ਨੂੰ ਮੇਰੇ ਨਾਲ ਚੱਲੀਂ, ਆਪਾਂ ਦੋਨੋਂ ਰੱਜ-ਰੱਜ ਕੇ ਬੇਰ ਖਾਵਾਂਗੇ!' ਚੂਹਾ ਦੂਜੇ ਦਿਨ ਕਾਂ ਦੇ ਨਾਲ ਜਾਣ ਲਈ ਮੰਨ ਗਿਆ। ਅਗਲੇ ਦਿਨ ਦੋਨੋਂ ਜਣੇ ਬੇਰ ਲੈਣ ਲਈ ਬੇਰੀਆਂ ਵੱਲ ਨੂੰ ਚੱਲ ਪਏ। ਬੇਰੀਆਂ ਦੇ ਰੁੱਖ ਕਾਫੀ ਦੂਰ ਸਨ। ਕਾਂ ਉੱਪਰ ਉੱਡਿਆ ਜਾ ਰਿਹਾ ਸੀ ਤੇ ਚੂਹਾ ਧਰਤੀ 'ਤੇ ਦੌੜਿਆ ਜਾ ਰਿਹਾ ਸੀ। ਅੱਗੇ ਰਸਤੇ ਵਿਚ ਇਕ ਖੂਹ ਆਇਆ। ਉਹ ਪਾਣੀ ਪੀਣ ਅਤੇ ਦਮ ਮਾਰਨ ਲਈ ਉੱਥੇ ਠਹਿਰ ਗਏ। ਦੋਵਾਂ ਨੇ ਰੱਜ-ਰੱਜ ਕੇ ਪਾਣੀ ਪੀਤਾ। ਫਿਰ ਖੂਹ ਦੇ ਨੇੜੇ ਹੀ ਲੱਗੇ ਹਰੇ-ਭਰੇ ਘਾਹ 'ਤੇ ਸਾਹ ਲੈਣ ਲਈ ਬੈਠ ਗਏ। ਕਾਂ ਬੈਠ ਕੇ ਊਂਘਣ ਲੱਗ ਪਿਆ। ਅਚਾਨਕ ਚੂਹਾ ਉੱਠਿਆ ਤੇ ਖੂਹ ਦੀ ਮੌਣ 'ਤੇ ਚੜ੍ਹ ਕੇ ਖੂਹ ਵਿਚ ਝਾਤੀਆਂ ਮਾਰਨ ਲੱਗ ਪਿਆ। ਅਚਾਨਕ ਉਹਦਾ ਪੈਰ ਤਿਲਕ ਗਿਆ ਤੇ ਉਹ ਧੈ ਕਰਦਾ ਖੂਹ ਵਿਚ ਜਾ ਡਿੱਗਿਆ। ਚੂਹਾ ਪਾਣੀ ਵਿਚ ਡੁਬਕੀਆਂ ਲਗਾ ਰਿਹਾ ਸੀ। ਕਾਂ ਨੇ ਆਪਣੇ ਮਿੱਤਰ ਚੂਹੇ ਨੂੰ ਮੁਸ਼ਕਿਲ ਵਿਚ ਫਸਿਆ ਵੇਖ ਕੇ ਖੂਹ ਵਿਚ ਉਡਾਰੀ ਮਾਰ ਦਿੱਤੀ। ਪੂਛੋਂ ਫੜ ਕੇ ਚੂਹੇ ਨੂੰ ਬਾਹਰ ਕੱਢ ਲਿਆਇਆ। ਚੂਹਾ ਬੇਹੋਸ਼ ਹੋ ਗਿਆ ਸੀ। ਕਾਂ ਨੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। 'ਮਿੱਤਰ! ਜੇ ਮੈਂ ਤੈਨੂੰ ਨਾ ਕੱਢਦਾ ਤਾਂ ਤੂੰ ਮਰ ਜਾਣਾ ਸੀ!' ਕਾਂ ਚੂਹੇ ਨੂੰ ਮੁਖਾਤਿਬ ਹੋ ਕੇ ਬੋਲਿਆ। ਕਾਂ ਸੋਚਦਾ ਸੀ ਚੂਹਾ ਜ਼ਰੂਰ ਹੀ 'ਧੰਨਵਾਦ' ਕਹਿ ਕੇ ਉਸ ਦਾ ਸਤਿਕਾਰ ਕਰੇਗਾ, ਪਰ ਸਵਾਰਥੀ ਚੂਹਾ ਬੋਲਿਆ, 'ਚੱਲ ਉਏ ਚੱਲ, ਵੱਡਾ ਆਇਆ ਮੈਨੂੰ ਬਚਾਉਣ ਵਾਲਾ! ਮੈਂ ਤਾਂ ਨਹਾਉਣ ਵਾਸਤੇ ਖੂਹ ਵਿਚ ਛਾਲ ਮਾਰੀ ਸੀ!' ਕਾਂ ਨੂੰ ਚੂਹੇ ਤੋਂ ਅਜਿਹੀ ਉਮੀਦ ਨਹੀਂ ਸੀ।
ਹੁਣ ਉਨ੍ਹਾਂ ਨੇ ਆਪਣੀ ਮੰਜ਼ਿਲ ਵੱਲ ਨੂੰ ਫਿਰ ਵਧਣਾ ਸ਼ੁਰੂ ਕਰ ਦਿੱਤਾ, ਚੱਲ-ਚਲਾ-ਚੱਲ, ਚੱਲ-ਚਲਾ-ਚੱਲ... ਅੱਗੇ ਚੱਲ ਕੇ ਇਕ ਊਠ ਘਾਹ ਚਰ ਰਿਹਾ ਸੀ। ਅਚਾਨਕ ਚੂਹਾ ਕੋਲ ਦੀ ਲੰਘਣ ਲੱਗਿਆ ਤਾਂ ਊਠ ਦਾ ਪੈਰ ਚੂਹੇ ਦੀ ਪੂਛ 'ਤੇ ਆ ਟਿਕਿਆ। ਚੂਹਾ ਦਰਦ ਨਾਲ ਚੀਕ ਉੱਠਿਆ ਤੇ ਲੱਗਾ ਸਹਾਇਤਾ ਲਈ ਕਾਂ ਨੂੰ ਪੁਕਾਰਨ। ਕਾਂ ਨੂੰ ਚੂਹੇ 'ਤੇ ਫਿਰ ਤਰਸ ਆ ਗਿਆ। ਕਾਂ ਨੇ ਆ ਕੇ ਊਠ ਦੇ ਪੈਰ 'ਤੇ ਜ਼ੋਰ ਦੀ ਇਕ ਠੂੰਗਾ ਮਾਰਿਆ। ਊਠ ਨੇ ਪੈਰ ਉਤਾਂਹ ਚੁੱਕ ਲਿਆ। ਚੂਹੇ ਦੀ ਪੂਛ ਊਠ ਦੇ ਪੈਰ ਥੱਲਿਓਂ ਨਿਕਲ ਗਈ। ਚੂਹੇ ਨੂੰ ਸੁਖ ਦਾ ਸਾਹ ਆਇਆ। ਕਾਂ ਨੇ ਸੋਚਿਆ, 'ਮੈਂ ਚੂਹੇ ਦੀ ਜਾਨ ਬਚਾਈ ਹੈ, ਜ਼ਰੂਰ ਹੀ ਚੂਹਾ ਐਤਕੀਂ ਮੇਰਾ ਧੰਨਵਾਦ ਕਰੇਗਾ!' ਕਾਂ ਫਿਰ ਚੂਹੇ ਨੂੰ ਕਹਿਣ ਲੱਗਿਆ, 'ਮਿੱਤਰ, ਜੇ ਮੈਂ ਤੈਨੂੰ ਊਠ ਦੇ ਪੈਰ ਹੇਠੋਂ ਨਾ ਕੱਢਦਾ ਤਾਂ ਤੂੰ ਮਰ ਜਾਣਾ ਸੀ!' ਚੂਹੇ ਨੇ ਫਿਰ ਉਹੀ ਘੜਿਆ-ਘੜਾਇਆ ਉੱਤਰ ਦਿੱਤਾ, 'ਚੱਲ ਉਏ ਚੱਲ! ਵੱਡਾ ਆਇਆ ਮੈਨੂੰ ਬਚਾਉਣ ਵਾਲਾ। ਮੇਰੇ ਤਾਂ ਧਰਨ ਪਈ ਸੀ, ਮੈਂ ਤਾਂ ਊਠ ਕੋਲੋਂ ਧਰਨ ਕਢਵਾਉਂਦਾ ਸੀ!' ਕਾਂ ਨੂੰ ਚੂਹੇ ਦੇ ਅਜਿਹੇ ਖਰਵੇ ਬੋਲ ਸੁਣ ਕੇ ਬੜਾ ਗੁੱਸਾ ਆਇਆ। ਹੁਣ ਫਿਰ ਉਹ ਅਗਾਂਹ ਤੁਰ ਪਏ। ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਅੱਗੇ ਬਹੁਤ ਸਾਰੇ ਬੇਰੀਆਂ ਦੇ ਰੁੱਖ ਆ ਗਏ। ਵੇਖ ਕੇ ਚੂਹੇ ਦੇ ਮੂੰਹ ਵਿਚ ਪਾਣੀ ਆਉਣਾ ਸ਼ੁਰੂ ਹੋ ਗਿਆ। ਉਹ ਦੋਨੋਂ ਜਣੇ ਇਕ ਬੇਰੀ ਉੱਤੇ ਚੜ੍ਹ ਕੇ ਬੇਰ ਖਾਣ ਲੱਗ ਪਏ। ਦੋਵਾਂ ਨੇ ਰੱਜ-ਰੱਜ ਕੇ ਬੇਰ ਖਾਧੇ। ਸਵਾਦ-ਸਵਾਦ ਵਿਚ ਚੂਹਾ ਕੁਝ ਜ਼ਿਆਦਾ ਹੀ ਬੇਰ ਖਾ ਗਿਆ ਸੀ।
ਹੁਣ ਉਹ ਵਾਪਸ ਜਾਣ ਲਈ ਤਿਆਰੀਆਂ ਕਰਨ ਲੱਗ ਪਏ ਸਨ। ਅਚਾਨਕ ਬੇਰੀ ਤੋਂ ਉੱਤਰਨ ਲੱਗਿਆਂ ਜ਼ਿਆਦਾ ਰੱਜ ਕੇ ਮੋਟਾ ਹੋਇਆ ਚੂਹਾ ਬੇਰੀ ਦੇ ਕੰਡਿਆਂ ਵਿਚ ਫਸ ਗਿਆ। ਉਹ ਇਕ ਟਹਿਣੀ ਪਾਸੇ ਕਰਦਾ, ਦੂਜੀ ਉਹਦੇ ਜਿਸਮ ਨਾਲ ਆਣ ਚੰਬੜਦੀ। ਇਸ ਤਰ੍ਹਾਂ ਕਿੰਨਾ ਚਿਰ ਬੀਤ ਗਿਆ। ਚੂਹਾ ਲੱਖ ਕੋੋਸ਼ਿਸ਼ ਕਰਨ 'ਤੇ ਵੀ ਕੰਡਿਆਂ ਤੋ ਖਹਿੜਾ ਨਾ ਛੁਡਾ ਸਕਿਆ। ਅੰਤ ਹਾਰ ਕੇ ਉਸ ਨੇ ਕਾਂ ਨੂੰ ਕਿਹਾ। ਅੱਗਿਓਂ ਕਾਂ ਨਿਮਰਤਾ ਸਹਿਤ ਬੋਲਿਆ, 'ਦੋਸਤ, ਮੈਂ ਮਜਬੂਰ ਹਾਂ, ਮੈਂ ਤੈਨੂੰ ਕੰਡਿਆਂ ਵਿਚੋਂ ਨਹੀਂ ਕੱਢ ਸਕਦਾ। ਜੇ ਮੈਂ ਤੈਨੂੰ ਕੰਡਿਆਂ ਵਿਚੋਂ ਕੱਢਣ ਲੱਗਾ ਤਾਂ ਕੰਡੇ ਮੇਰੇ ਵੀ ਚੁੱਭਣਗੇ! ਤੇ ਆਖਰ ਵਿਚ ਤੂੰ ਇਹ ਹੀ ਕਹੇਂਗਾ, 'ਚੱਲ ਉਏ ਚੱਲ ਕਾਵਾਂ! ਮੈਂ ਤਾਂ ਕੰਨ ਵਿੰਨ੍ਹਾਉਂਦਾ ਸੀ', ਮੈਂ ਤੇਰੇ ਵਰਗੇ ਸਵਾਰਥੀ ਮਿੱਤਰ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਕਿਉਂ ਪਾਵਾਂ?'
ਚੂਹੇ ਨੇ ਕਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਵਾਸਤੇ ਪਾਏ ਪਰ ਕਾਂ ਨੇ ਇਕ ਨਾ ਮੰਨੀ। ਸ਼ਾਮ ਹੋ ਗਈ ਸੀ। ਕਾਂ ਨੇ ਉਡਾਰੀ ਮਾਰੀ ਤੇ ਸਿੱਧਾ ਆਪਣੇ ਆਲ੍ਹਣੇ ਵੱਲ ਚਲਿਆ ਆਇਆ। ਸਵਾਰਥੀ ਚੂਹਾ ਉੱਥੇ ਹੀ ਕੰਡਿਆਂ 'ਚ ਫਸਿਆ ਲਹੂ-ਲੁਹਾਣ ਹੋਇਆ ਮਦਦ ਲਈ ਪੁਕਾਰ ਰਿਹਾ ਸੀ।

-ਫ਼ਰੀਦਾਬਾਦ। ਮੋਬਾ: 096540-36080


ਖ਼ਬਰ ਸ਼ੇਅਰ ਕਰੋ

ਕੜਕਦੀ ਠੰਢ ਤੋਂ ਜੀਵ-ਜੰਤੂਆਂ ਨੂੰ ਬਚਾਉਣ ਲਈ ਕੁਦਰਤ ਕਿਵੇਂ ਸਹਾਇਤਾ ਕਰਦੀ ਹੈ?

ਬੱਚਿਓ! ਕੰਬਦੀ ਸਰਦੀ ਵਿਚ ਅਸੀਂ ਗਰਮ ਕੱਪੜੇ ਪਾ ਕੇ ਜਾਂ ਅੱਗ ਸੇਕ ਕੇ ਸਰਦੀ ਤੋਂ ਆਪਣਾ ਬਚਾਅ ਕਰ ਲੈਂਦੇ ਹਾਂ, ਪਰ ਕੁਦਰਤ ਨੇ ਜਾਨਵਰਾਂ ਨੂੰ ਅਜਿਹੇ ਸਾਧਨ ਦਿੱਤੇ ਹਨ, ਜਿਸ ਕਾਰਨ ਉਹ ਕੜਕਦੀ ਸਰਦੀ ਵਿਚ ਆਪਣੇ-ਆਪ ਨੂੰ ਬਚਾਉਣ ਦੇ ਸਮਰੱਥ ਹੋ ਜਾਂਦੇ ਹਨ।
ਕੁਦਰਤ ਨੇ ਜਾਨਵਰਾਂ ਦੇ ਸਰੀਰ 'ਤੇ ਵਾਲ ਅਤੇ ਪੰਛੀਆਂ ਨੂੰ ਖੰਭ ਦਿੱਤੇ ਹਨ, ਜੋ ਇਨ੍ਹਾਂ ਲਈ ਮਨੁੱਖ ਦੀ ਤਰ੍ਹਾਂ ਗਰਮ ਕੱਪੜਿਆਂ ਦਾ ਕੰਮ ਕਰਦੇ ਹਨ। ਸ਼ੇਰ, ਭੇੜੀਆ, ਬਾਘ, ਬਾਂਦਰ ਆਦਿ ਜੰਗਲੀ ਜਾਨਵਰਾਂ ਦੇ ਸਰੀਰ 'ਤੇ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਸੰਘਣੇ ਵਾਲ ਉੱਗ ਆਉਂਦੇ ਹਨ, ਜੋ ਇਨ੍ਹਾਂ ਨੂੰ ਕੰਬਦੀ ਠੰਢ ਤੋਂ ਬਚਾਈ ਰੱਖਦੇ ਹਨ। ਭੇਡਾਂ ਦੇ ਸਰੀਰ 'ਤੇ ਤਾਂ ਉੱਨ ਹੁੰਦੀ ਹੀ ਹੈ। ਤਿੱਬਤ ਦੇ ਪਹਾੜੀ ਖੇਤਰਾਂ ਵਿਚ ਰਹਿਣ ਵਾਲੇ ਇਕ ਤਰ੍ਹਾਂ ਦੇ ਸੰਢੇ ਯਾਕ ਦੇ ਸਰੀਰ ਅਤੇ ਮੋਢਿਆਂ ਆਦਿ 'ਤੇ ਇੰਨੇ ਸੰਘਣੇ ਅਤੇ ਲੰਬੇ ਵਾਲ ਹੁੰਦੇ ਹਨ ਕਿ ਜੋ ਜ਼ਮੀਨ ਤੱਕ ਪਹੁੰਚ ਜਾਂਦੇ ਹਨ। ਇਹ ਵਾਲ ਲੱਤਾਂ, ਪੈਰਾਂ ਤੋਂ ਲੈ ਕੇ ਪੂਰੇ ਸਰੀਰ ਦੀ ਠੰਢ ਤੋਂ ਇਸ ਦੀ ਹਿਫ਼ਾਜ਼ਤ ਕਰਦੇ ਹਨ। ਇਸੇ ਤਰ੍ਹਾਂ ਦੱਖਣੀ ਅਮਰੀਕਾ ਦੇ ਪਰਬਤਾਂ 'ਤੇ ਰਹਿਣ ਵਾਲੇ ਊਠ ਵਰਗੇ ਜਾਨਵਰ ਅਲਪਾਕਾ ਦੇ ਸਰੀਰ 'ਤੇ ਉੱਨ ਵਰਗੇ ਵਾਲ ਕੜਕਦੀ ਠੰਢ ਤੋਂ ਇਸ ਦੀ ਰੱਖਿਆ ਕਰਨ ਵਿਚ ਸਹਾਈ ਹੁੰਦੇ ਹਨ। ਉੱਤਰੀ ਸਾਇਬੇਰੀਆ ਦੇ ਜਾਨਵਰ ਰੇਡੀਅਰ ਦੀ ਚਮੜੀ ਬਹੁਤ ਮੋਟੀ ਹੁੰਦੀ ਹੈ, ਇਸ ਤੋਂ ਇਲਾਵਾ ਉਸ ਦੇ ਸਰੀਰ 'ਤੇ ਵਾਲ ਵੀ ਹੁੰਦੇ ਹਨ, ਜਿਸ ਨਾਲ ਉਹ ਬਰਫੀਲੀ ਠੰਢ ਵਿਚ ਆਸਾਨੀ ਨਾਲ ਰਹਿ ਸਕਦਾ ਹੈ। ਇਸੇ ਤਰ੍ਹਾਂ ਹਾਥੀ ਅਤੇ ਗੈਂਡੇ ਦੀ ਮੋਟੀ ਚਮੜੀ ਇਨ੍ਹਾਂ ਦੇ ਸਰੀਰ ਦਾ ਤਾਪਮਾਨ ਰੋਕ ਕੇ ਰੱਖਦੀ ਹੈ।
ਬੱਚਿਓ, ਇਸੇ ਤਰ੍ਹਾਂ ਜਿਨ੍ਹਾਂ ਜਾਨਵਰਾਂ ਦੇ ਵਾਲ ਅਤੇ ਖੰਭ ਨਹੀਂ ਹੁੰਦੇ, ਉਨ੍ਹਾਂ ਦੇ ਸਰੀਰ ਦੀ ਚਰਬੀ ਦੀ ਪਰਤ ਉਨ੍ਹਾਂ ਨੂੰ ਗਰਮ ਰੱਖਣ 'ਚ ਮਦਦ ਕਰਦੀ ਹੈ। ਇਹ ਚਰਬੀਦਾਰ ਪਰਤ ਸਾਰੇ ਸਰੀਰ ਨੂੰ ਢਕ ਕੇ ਰੱਖਦੀ ਹੈ। ਛੋਟੀ ਡੌਲਫਿਨ 'ਚ ਇਹ ਪਰਤ 2.5 ਸੈਂਟੀਮੀਟਰ ਮੋਟੀ ਹੁੰਦੀ ਹੈ, ਜਦ ਕਿ ਵੱਡੀਆਂ ਵੇਲ ਮੱਛੀਆਂ ਦੀ ਇਹ ਪਰਤ 30 ਤੋਂ 45 ਸੈਂਟੀਮੀਟਰ ਤੱਕ ਮੋਟੀ ਹੁੰਦੀ ਹੈ। ਮਗਰਮੱਛ ਤੇ ਸਟਰਜਨ ਮੱਛੀਆਂ ਦੇ ਸਰੀਰ 'ਤੇ ਹੱਡੀਦਾਰ ਪਲੇਟਾਂ ਹੁੰਦੀਆਂ ਹਨ, ਜਿਹੜੀਆਂ ਇਨ੍ਹਾਂ ਦੇ ਸਰੀਰ ਦੇ ਤਾਪਮਾਨ ਨੂੰ ਬਾਹਰ ਨਹੀਂ ਨਿਕਲਣ ਦਿੰਦੀਆਂ। ਦੁਨੀਆ ਦੇ ਕੁਝ ਅਜਿਹੇ ਖੇਤਰ ਹਨ ਜਿੱਥੇ ਕੜਾਕੇ ਦੀ ਠੰਢ ਪੈਂਦੀ ਹੈ ਅਤੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਅਜਿਹੇ ਵਿਚ ਜੀਵ-ਜੰਤੂਆਂ ਲਈ ਭੋਜਨ ਦੀ ਕਮੀ ਹੋ ਜਾਂਦੀ ਹੈ ਅਤੇ ਇਹ ਸਾਰੀਆਂ ਸਰਦੀਆਂ ਸੌਂ ਕੇ ਗੁਜ਼ਾਰ ਦਿੰਦੇ ਹਨ। ਇਸ ਸਮੇਂ ਇਨ੍ਹਾਂ ਦੀ ਸਰੀਰ ਵਿਚਲੀ ਚਰਬੀ ਇਨ੍ਹਾਂ ਦੇ ਭੋਜਨ ਦਾ ਸਾਧਨ ਬਣਦੀ ਹੈ। ਸੱਪ, ਛਿਪਕਲੀਆਂ ਅਤੇ ਹੋਰ ਕੀੜੇ-ਮਕੌੜੇ ਖੁੱਡਾਂ ਆਦਿ ਵਿਚ ਲੁਕ ਕੇ ਠੰਢ ਤੋਂ ਆਪਣਾ ਬਚਾਅ ਕਰਦੇ ਹਨ। ਇਸ ਤਰ੍ਹਾਂ ਕੁਦਰਤ ਜੀਵ-ਜੰਤੂਆਂ ਨੂੰ ਸਰਦੀਆਂ ਤੋਂ ਬਚਾਉਣ ਵਿਚ ਸਹਾਇਕ ਹੁੰਦੀ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਰੁੱਖਾਂ ਉੱਤੇ ਚਿੱਟਾ ਰੰਗ ਕਿਉਂ ਕੀਤਾ ਜਾਂਦਾ ਹੈ?

ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿ ਦਰੱਖਤਾਂ ਉੱਤੇ ਚਿੱਟਾ ਰੰਗ ਕੀਤਾ ਹੁੰਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਵੇਂ ਕਿ ਸੜਕਾਂ 'ਤੇ ਲੱਗੇ ਦਰੱਖਤਾਂ 'ਤੇ ਚਿੱਟਾ ਰੰਗ ਕਰਨ ਦਾ ਮਤਲਬ ਹੈ ਕਿ ਇਹ ਵਣ ਵਿਭਾਗ ਦੇ ਦਰੱਖਤ ਹਨ ਅਤੇ ਵਿਭਾਗ ਦੀ ਇਨ੍ਹਾਂ 'ਤੇ ਪੂਰੀ ਨਿਗ੍ਹਾ ਹੈ ਤਾਂ ਕਿ ਕੋਈ ਇਸ ਨੂੰ ਕੱਟੇ ਨਾ। ਚਿੱਟਾ ਰੰਗ ਕਰਨ ਨਾਲ ਦਰੱਖਤਾਂ ਨੂੰ ਕੋਈ ਕੀੜਾ ਨਹੀਂ ਲਗਦਾ ਅਤੇ ਇਹ ਖਰਾਬ ਨਹੀਂ ਹੁੰਦੇ। ਇਹ ਚਿੱਟਾ ਰੰਗ ਅਸਲ ਵਿਚ ਕਲੀ ਹੀ ਹੁੰਦੀ ਹੈ। ਇਸ ਚਿੱਟੇ ਰੰਗ ਦੇ ਕਾਰਨ ਜੰਗਲ ਵਿਚ ਰਸਤਾ ਲੱਭਣਾ ਸੌਖਾ ਹੋ ਜਾਂਦਾ ਹੈ। ਰਾਤ ਸਮੇਂ ਸੜਕਾਂ 'ਤੇ ਵਾਹਨਾਂ ਨੂੰ ਚੱਲਣਾ ਸੌਖਾ ਹੋ ਜਾਂਦਾ ਹੈ ਅਤੇ ਇਹ ਦੇਖਣ ਵਿਚ ਵੀ ਸੋਹਣੇ ਲਗਦੇ ਹਨ।

-ਏ.ਡੀ. ਸੀ: ਸੈ: ਸਕੂਲ, ਧਰਮਕੋਟ (ਮੋਗਾ)।

ਚੁਟਕਲੇ

* ਮਾਲਕ ਆਪਣੇ ਮਕਾਨ ਵਿਚ ਤਿਲਕ ਕੇ ਡਿੱਗ ਪਿਆ। ਇਹ ਵੇਖ ਕੇ ਨੌਕਰ ਨੂੰ ਹਾਸਾ ਆ ਗਿਆ। ਉਸ 'ਤੇ ਗੁੱਸਾ ਕਰਦਿਆਂ ਮਾਲਕ ਨੇ ਨੌਕਰ ਨੂੰ ਝਿੜਕਦਿਆਂ ਕਿਹਾ 'ਹੱਸਦਾ ਕਿਉਂ ਹੈਂ?'
ਨੌਕਰ (ਘਬਰਾ ਕੇ) 'ਮੈਂ ਤਾਂ ਇਸ ਗੱਲ ਦੀ ਖੁਸ਼ੀ ਮਨਾ ਰਿਹਾ ਸੀ ਕਿ ਤਹਾਨੂੰ ਸੱਟ ਨਹੀਂ ਲੱਗੀ।'
* ਅਧਿਆਪਕ (ਵਿਦਿਆਰਥੀਆਂ ਨੂੰ) ਜੇਕਰ ਮੈਂ ਕਿਹਾ ਕਿ ਇਸ ਸਮੇਂ ਦਿਨ ਨਹੀਂ, ਰਾਤ ਹੈ ਤਾਂ ਤੁਸੀਂ ਕੀ ਕਹੋਗੇ?
ਵਿਦਿਅਰਥੀ 'ਸਰ ਅਸੀਂ ਸੌਂ ਜਾਵਾਂਗੇ।'
* ਜੋਤਸ਼ੀ ਨੇ ਸਾਹਮਣੇ ਬੈਠੇ ਆਦਮੀ ਦਾ ਹੱਥ ਦੇਖਦੇ ਹੋਏ ਕਿਹਾ, 'ਅਜੇ ਤੱਕ ਤੁਹਾਨੂੰ ਆਪਣੇ ਦੁਸ਼ਮਣ ਤੋਂ ਕੋਈ ਖਤਰਾ ਨਹੀਂ ਹੈ।'
'ਹੋ ਵੀ ਕਿਵੇਂ ਸਕਦਾ ਹੈ ਮਹਾਰਾਜ?' ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ, 'ਅੱਜਕਲ੍ਹ ਉਹ ਆਪਣੇ ਪੇਕੇ ਗਈ ਹੋਈ ਹੈ।'
* ਸੁਨੀਤਾ (ਪਤੀ ਰਮੇਸ਼ ਨੂੰ) ਦਫ਼ਤਰ ਜਾਣ ਤੋਂ ਪਹਿਲਾ ਮੈਨੂੰ 500 ਰੁਪਏ ਦੇ ਜਾਣਾ, ਮੈਂ ਨਵੀਂ ਸਾੜ੍ਹੀ ਲੈ ਕੇ ਆਉਣੀ ਹੈ।
ਰਮੇਸ਼ ਤੈਨੂੰ ਰੁਪਇਆਂ ਦੀ ਨਹੀਂ, ਅਕਲ ਦੀ ਜ਼ਰੂਰਤ ਹੈ।
ਸੁਨੀਤਾ ਤੁਹਾਡੇ ਕੋਲੋਂ ਉਹ ਚੀਜ਼ ਮੰਗਣ ਦਾ ਕੀ ਫਾਇਦਾ, ਜੋ ਤੁਹਾਡੇ ਕੋਲ ਹੈ ਹੀ ਨਹੀਂ।

-ਡਾ: ਰਾਜ ਨਰਿੰਦਰ ਝਬੇਲਵਾਲੀ,
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ। ਮੋਬਾ: 96462-08088

ਬਾਲ ਨਾਵਲ-10 ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਠੀਕ ਐ ਪਾਪਾ ਜੀ, ਤੁਸੀਂ ਉਸ ਨੂੰ ਫ਼ੋਨ ਕਰ ਦਿਓ। ਬਾਕੀ ਮੈਂ ਉਸ ਨਾਲ ਗੱਲ ਕਰਕੇ ਪ੍ਰੋਗਰਾਮ ਬਣਾ ਲਵਾਂਗੀ, ਤਾਂ ਜੋ ਅਸੀਂ ਇਕੋ ਦਿਨ ਹੀ ਸਾਰੇ ਇਕੱਠੇ ਪਹੁੰਚੀਏ। ਮੈਨੂੰ ਵੀ ਅਸੀਸ ਨੂੰ ਮਿਲਿਆਂ ਬੜੀ ਦੇਰ ਹੋ ਗਈ ਏ।'
'ਇਹ ਤੇ ਬਹੁਤ ਵਧੀਆ ਹੋ ਜਾਏਗਾ। ਬੱਚੇ ਵੀ ਕੁਝ ਦਿਨ ਇਕੱਠੇ ਰਲ ਕੇ ਖੇਡ ਲੈਣਗੇ। ਚੰਗਾ ਫੇਰ, ਜਲਦੀ-ਜਲਦੀ ਪ੍ਰੋਗਰਾਮ ਬਣਾਉਣਾ। ਹੁਣ ਮੈਂ ਅਸੀਸ ਨਾਲ ਗੱਲ ਕਰਦਾਂ।'
'ਚੰਗਾ, ਸਤਿ ਸ੍ਰੀ ਅਕਾਲ, ਪਾਪਾ ਜੀ।'
'ਸਤਿ ਸ੍ਰੀ ਅਕਾਲ, ਰਹਿਮਤ। ਬੱਚਿਆਂ ਨੂੰ ਸਾਡੇ ਵਲੋਂ ਪਿਆਰ ਦੇਈਂ।
'ਠੀਕ ਐ, ਪਾਪਾ ਜੀ', ਕਹਿੰਦਿਆਂ ਰਹਿਮਤ ਨੇ ਮੋਬਾਈਲ ਬੰਦ ਕਰ ਦਿੱਤਾ।

'ਮੰਮੀ ਜੀ, ਮੰਮੀ ਜੀ, ਕਿੱਥੇ ਹੋ?'

'ਐਹ ਵੇਖੋ, ਬੇਟਾ, ਮੈਂ ਕਮਰੇ ਵਿਚ', ਰਹਿਮਤ ਨੇ ਕਮਰੇ 'ਚੋਂ ਬਾਹਰ ਆਉਂਦਿਆਂ ਕਿਹਾ।
'ਸਾਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ', ਸੁਖਮਨੀ ਅਤੇ ਨਵਰਾਜ ਦੋਵੇਂ ਇਕੱਠੇ ਹੇਕ ਲਗਾ ਕੇ ਬੋਲੇ।
'ਮੈਂ ਵੀ ਕਿਹਾ ਅੱਜ ਕੋਈ ਖ਼ਾਸ ਗੱਲ ਲੱਗ ਰਹੀ ਐ, ਜਿਹੜਾ ਨੱਚਦੇ-ਭੁੜਕਦੇ ਆ ਰਹੇ ਹੋ।'
'ਹੁਣ ਤੁਸੀਂ ਮਾਸੀ ਜੀ ਨੂੰ ਫ਼ੋਨ ਕਰੋ ਅਤੇ ਪੁੱਛੋ ਕਿ ਉਹ ਜੀਤੀ-ਪੰਮੀ ਨੂੰ ਪਿੰਡ ਛੱਡਣ ਕਦੋਂ ਜਾ ਰਹੇ ਹਨ?' ਸੁਖਮਨੀ ਜਲਦੀ ਤੋਂ ਜਲਦੀ ਪਿੰਡ ਪਹੁੰਚਣਾ ਚਾਹੁੰਦੀ ਸੀ।
'ਹੁਣੇ ਕਰਦੀ ਆਂ। ਤੁਸੀਂ ਪਹਿਲਾਂ ਕੱਪੜੇ ਬਦਲ ਕੇ ਹੱਥ-ਮੂੰਹ ਧੋਵੋ। ਫੇਰ ਖਾਣਾ ਖਾਓ...।'
ਸੁਖਮਨੀ, ਮੰਮੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਪਈ, 'ਨਹੀਂ, ਤੁਸੀਂ ਪਹਿਲਾਂ ਫ਼ੋਨ ਕਰੋ, ਅਸੀਂ ਬਾਅਦ ਵਿਚ ਖਾਣਾ ਖਾਵਾਂਗੇ।'
'ਤੇਰੀ ਮਾਸੀ ਅਜੇ ਸਕੂਲੋਂ ਵਾਪਸ ਘਰ ਨਹੀਂ ਪਹੁੰਚੀ ਹੋਣੀ। ਤੁਹਾਡੇ ਖਾਣਾ ਖਾਂਦਿਆਂ ਤੱਕ ਉਹ ਘਰ ਪਹੁੰਚ ਜਾਏਗੀ, ਫੇਰ ਆਰਾਮ ਨਾਲ ਗੱਲ ਕਰਦੇ ਆਂ।'
'ਤੁਸੀਂ ਮੋਬਾਈਲ 'ਤੇ ਹੀ ਗੱਲ ਕਰਨੀ ਹੈ, ਮਾਸੀ ਜੀ ਜਿਥੇ ਵੀ ਹੋਣਗੇ, ਗੱਲ ਕਰ ਲੈਣਗੇ', ਸੁਖਮਨੀ ਕੋਲੋਂ ਸਬਰ ਨਹੀਂ ਸੀ ਹੋ ਰਿਹਾ।'
'ਰਸਤੇ ਵਿਚ ਪਿੰਡ ਜਾਣ ਦਾ ਪ੍ਰੋਗਰਾਮ ਥੋੜ੍ਹਾ ਬਣਨੈ? ਤੁਸੀਂ ਹੁਣ ਹੱਥ-ਮੂੰਹ ਧੋਵੋ, ਮੈਂ ਖਾਣਾ ਦੇਂਦੀ ਹਾਂ।'
'ਕਲ੍ਹ ਤੱਕ ਪਿੰਡ ਜਾਣ ਬਾਰੇ ਮਾਸੀ ਜੀ ਨੂੰ ਕਹਿ ਦੇਣਾ', ਕਹਿੰਦੀ ਹੋਈ ਸੁਖਮਨੀ ਕੱਪੜੇ ਬਦਲਣ ਚਲੀ ਗਈ।
ਨਵਰਾਜ ਪਹਿਲਾਂ ਹੀ ਕੱਪੜੇ ਬਦਲ ਕੇ ਹੱਥ ਧੋ ਆਇਆ ਸੀ। ਸੁਖਮਨੀ ਵੀ ਕੱਪੜੇ ਬਦਲ ਕੇ ਅਤੇ ਹੱਥ-ਮੂੰਹ ਧੋ ਕੇ ਆ ਗਈ। ਹੁਣ ਦੋਵੇਂ ਖਾਣਾ ਖਾਣ ਲੱਗ ਪਏ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001
ਮੋਬਾਈਲ : 98889-24664

ਬਾਲ ਸਾਹਿਤ

ਏਕ ਬਾਰ ਕੀ ਬਾਤ ਹੈ
ਲੇਖਕ : ਚਰਨ ਪੁਆਧੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 90 ਰੁਪਏ, ਪੰਨੇ : 56
ਸੰਪਰਕ : 099964-25988
ਪ੍ਰਤਿਬੱਧ ਬਾਲ ਸਾਹਿਤ ਲੇਖਕ ਚਰਨ ਪੁਆਧੀ ਨੇ ਨਵੀਂ ਪੁਸਤਕ 'ਏਕ ਬਾਰ ਕੀ ਬਾਤ ਹੈ' ਵਿਚ ਪੁਆਧੀ ਉਪ-ਭਾਸ਼ਾ ਵਿਚ ਬੱਚਿਆਂ ਲਈ 33 ਕਾਵਿ-ਕਹਾਣੀਆਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚ ਲਾਲਚੀ ਕੁੱਤਾ, ਸ਼ੇਰ ਅਰ ਚੂਹੀ, ਸ਼ੇਰ ਅਰ ਆਜੜੀ, ਬਰੌਂਟੇ ਕਾ ਪੇਡਾ, ਬਗੁਲਾ ਅਰ ਕੇਕੜਾ, ਸ਼ੇਰ ਅਰ ਖਰਗੋਸ਼, ਚਿੜੀ ਅਰ ਹਾਥੀ, ਬਾਣੀਆ ਅਰ ਸ਼ਾਹੂਕਾਰ, ਰਾਜਾ ਕਾ ਸਲਾਹਕਾਰ, ਸੂਰਜ ਹਵਾ ਕੀ ਲੜਾਈ, ਬਾਂਦਰ ਕਾ ਦਿਲ, ਮਤਲਬੀ ਯਾਰ ਅਤੇ ਏਕੇ ਮਾ ਬਾਲ ਆਦਿ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਕਵਿਤਾ ਅਤੇ ਕਹਾਣੀ ਦਾ ਦੂਹਰਾ ਰਸ ਅਤੇ ਗੁਣ ਸਮੋਇਆ ਹੋਇਆ ਹੈ। ਇਨ੍ਹਾਂ ਕਹਾਣੀਆਂ ਦਾ ਮੂਲ ਸਰੋਤ ਪੰਚਤੰਤਰ ਅਤੇ ਈਸਪ ਦੀਆਂ ਕਹਾਣੀਆਂ ਹਨ। ਕਥਾ ਰੂਪ ਵਿਚ ਇਹ ਲਗਪਗ ਹਰ ਬੱਚੇ ਨੇ ਸੁਣੀਆਂ ਹਨ ਪਰ ਚਰਨ ਪੁਆਧੀ ਨੇ ਇਨ੍ਹਾਂ ਕਥਾਵਾਂ ਵਿਚ ਕਵਿਤਾ ਰਸ ਪੈਦਾ ਕਰ ਕੇ ਹੋਰ ਵਧੇਰੇ ਦਿਲਚਸਪ ਬਣਾ ਦਿੱਤਾ ਹੈ। ਪੁਆਧੀ ਭਾਸ਼ਾ ਬੋਲਣ ਵਾਲੇ ਬੱਚਿਆਂ ਲਈ ਇਹ ਆਪਣੀ ਮੂਲ ਭਾਸ਼ਾ ਦੀਆਂ ਜਾਪਦੀਆਂ ਹਨ। ਇਨ੍ਹਾਂ ਕਾਵਿ ਕਹਾਣੀਆਂ ਦਾ ਤੱਤ ਸਾਰ ਇਹ ਹੈ ਕਿ ਬਿਨਾਂ ਸੋਚੇ-ਸਮਝੇ ਕੋਈ ਅਜਿਹਾ ਕਾਰਜ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੰਤ ਨੁਕਸਾਨ ਉਠਾਉਣਾ ਪਵੇ ਅਤੇ ਜੀਵਨ ਮੁੱਲਾਂ 'ਤੇ ਪਹਿਰਾ ਦੇਣਾ ਚਾਹੀਦਾ ਹੈ। 'ਘੁੱਗੀ ਅਰ ਮੱਖੀ' ਕਾਵਿ ਕਹਾਣੀਆਂ ਵਿਚ ਕਵੀ ਬਾਲਾਂ ਨੂੰ ਇਸ ਪ੍ਰਕਾਰ ਸਿੱਖਿਆ ਪ੍ਰਦਾਨ ਕਰਦਾ ਹੈ :
ਨੇਕੀ ਅੱਗਾ ਆ ਗਈ, ਦਈ ਉਸ ਨੇ ਤਾਰ।
ਨੇਕੀ ਨੇਹਫਲ ਜਾਵੇ ਨਾ, ਕਰੋ ਬੱਚਿਓ ਉਪਕਾਰ। (ਪੰਨਾ 14)
ਇਸ ਪ੍ਰਕਾਰ ਸਮੁੱਚੀਆਂ ਕਾਵਿ-ਕਹਾਣੀਆਂ ਬੱਚਿਆਂ ਦੀ ਚਰਿੱਤਰ ਉਸਾਰੀ 'ਤੇ ਬਲ ਦਿੰਦੀਆਂ ਹਨ। ਇਹ ਕਹਾਣੀਆਂ ਪੁਆਧੀ ਭਾਸ਼ਾ ਬਾਰੇ ਗਿਆਨ ਵਿਚ ਵਾਧਾ ਕਰਦੀਆਂ ਹੋਈਆਂ ਬਾਲ ਸਾਹਿਤ ਪੜ੍ਹਨ ਪ੍ਰਤੀ ਖਿੱਚ ਪੈਦਾ ਕਰਦੀਆਂ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਕਾਵਿ ਬੁਝਾਰਤ ਜੰਗਲ

ਵਿਚ ਕਤਾਰਾਂ ਨਹੀਓਂ ਰੁੱਖ,
ਫਿਰ ਵੀ ਦਿੰਦਾ ਹਾਂ ਮੈਂ ਸੁੱਖ।
ਸੰਘਣੇ ਰੁੱਖ ਮੇਰੀ ਪਹਿਚਾਣ,
ਕੁਦਰਤ ਮੈਨੂੰ ਦਿੰਦੀ ਮਾਣ।
ਲੰਗੂਰ, ਬਾਂਦਰ, ਹਾਥੀ, ਰਿੱਛ,
ਮੋਰ, ਸ਼ੇਰ ਸਭ ਰਹਿੰਦੇ ਵਿਚ।
ਮਨੁੱਖ ਮੈਨੂੰ ਕਤਲ ਹੈ ਕਰਦਾ,
ਕੱਟਦਾ-ਵੱਢਦਾ ਜ਼ਰਾ ਨਾ ਡਰਦਾ।
ਫਿਰ ਵੀ ਫਿਕਰ ਨਾ ਕਰਦਾ ਹਾਂ,
ਬੁੱਝੋ ਬੱਚਿਓ ਤੁਸੀਂ ਮੇਰਾ ਨਾਂਅ।

-ਰਵਿੰਦਰ ਰੁਪਾਲ ਕੌਲਗੜ੍ਹ,
ਭੁਪਿੰਦਰ ਨਗਰ, ਅਮਲੋਹ ਰੋਡ, ਖੰਨਾ-141401. ਮੋਬਾ: 93162-88955

ਕਾਵਿ-ਬੁਝਾਰਤ

ਬੱਚਿਓ ਆਓ ਬੁਝਾਰਤ ਪਾਵਾਂ,
ਹੱਸ-ਖੇਡ ਕੇ ਮਨ ਪ੍ਰਚਾਵਾਂ।
ਬੈਠ ਬਨੇਰੇ ਰੌਲਾ ਪਾਉਂਦਾ,
ਕਾਲਾ ਰੰਗ ਹੈ ਮਨ ਨੂੰ ਭਾਉਂਦਾ।
ਜੂਠੇ ਕਰਦਾ ਰਹਿੰਦਾ ਭਾਂਡੇ,
ਜਾਨਵਰਾਂ ਦੇ ਪੀਂਦਾ ਆਂਡੇ।
ਟਾਹਣੀ 'ਤੇ ਜਦ ਆ ਕੇ ਬਹਿੰਦਾ,
ਲੋਕਾਂ ਦੇ ਉਹ ਰੋੜੇ ਸਹਿੰਦਾ।
ਪਸ਼ੂਆਂ ਦਾ ਉਹ ਗੂੜ੍ਹਾ ਮਿੱਤਰ,
ਭਰਦਾ ਪੇਟ ਖਾ ਕੇ ਚਿੱਚੜ।
ਆਦਤ ਉਸ ਦੀ ਬਹੁਤ ਹੈ ਮਾੜੀ,
ਗੰਦ ਨਾਲ ਉਹ ਪਾਉਂਦਾ ਆੜੀ।
ਇਕ-ਦੂਜੇ ਨਾਲ ਪਾ ਉਹ ਜੋਟੀ,
ਬੱਚਿਆਂ ਕੋਲੋਂ ਖੋਹਵੇ ਰੋਟੀ।
'ਬਾਘਾ' ਰੱਖਦਾ ਬਹੁਤ ਖਿਆਲ,
ਦਾਣੇ ਪਾਉਂਦਾ ਵਿਚ ਸਿਆਲ।
ਦਾਦਾ ਜੀ ਬੁਝਾਰਤ ਬੁੱਝਾਂ,
ਸਾਥੋਂ ਨਹੀਂ ਕੁਝ ਰਹਿੰਦਾ ਗੁੱਝਾ।
ਜਿਉਂਦੀ ਰਹੇ ਇਨ੍ਹਾਂ ਦੀ ਮਾਂ,
ਲੋਕੀਂ ਕਹਿੰਦੇ ਕਾਣਾ ਕਾਂ।

-ਜਗਦੇਵ ਸਿੰਘ ਬਾਘਾ,
ਭੈਣੀ ਸਾਹਿਬ, ਲੁਧਿਆਣਾ। ਮੋਬਾ: 94172-21283

ਬਾਲ ਗੀਤ ਬੁਲਬੁਲ

ਬਰਫ਼ੀਲੀਆਂ ਪਹਾੜੀ ਚੋਟੀਆਂ ਵਲੋਂ,
ਬੁਲਬੁਲ ਜਿਹੀ ਚਿੜੀ ਉੱਡਦੀ ਆਈ।
ਧੁੰਦ ਕੋਹਰੇ ਨਾਲ ਭਿੱਜੇ ਖੰਭ,
ਸਰਦ ਲਹਿਰ ਉਹ ਨਾਲ ਲਿਆਈ।
ਖਿੜੇ ਗੁਲਾਬਾਂ ਦਿੱਤੇ ਘਰ ਸ਼ਿੰਗਾਰ,
ਆਬੋ ਹਵਾ ਖੂਬ ਮਹਿਕਾਈ।
ਬਗੀਚੀ ਵਿਚ ਸਾਗ ਤੇ ਸਬਜ਼ੀ,
ਮੂਲੀ, ਗਾਜਰ, ਗੋਭੀ ਦੀ ਬਹਾਰ।
ਝੋਨੇ, ਬਾਸਮਤੀ ਦੇ ਖੇਤਾਂ ਵਿਚ,
ਹਰੀ ਕਾਚੂਰ ਕਣਕ ਲਹਿਰਾਈ।
ਸੀਤ ਹਵਾਵਾਂ ਦੀ ਉਂਗਲ ਫੜ,
ਠੁਰ-ਠੁਰ ਕਰਦੀ ਸਰਦੀ ਆਈ।

-ਮੁਖ਼ਤਾਰ ਗਿੱਲ,
ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-82217

ਰੌਚਕ ਜਾਣਕਾਰੀ

* ਇਕ ਰੁਪਏ ਦੇ ਨੋਟ ਉੱਤੇ ਵਿੱਤ ਸਕੱਤਰ ਦੇ ਹਸਤਾਖਰ ਹੁੰਦੇ ਹਨ।
* ਭਾਰਤ ਦੀ ਸਭ ਤੋਂ ਲੰਬੀ ਸੁਰੰਗ ਜਵਾਹਰ ਸੁਰੰਗ ਹੈ।
* ਮਤਦਾਤਾ ਦਿਵਸ 25 ਜਨਵਰੀ ਨੂੰ ਮਨਾਇਆ ਜਾਂਦਾ ਹੈ।
* ਸੈਦਪੁਰ ਦਾ ਵਰਤਮਾਨ ਨਾਂਅ ਐਮਨਾਬਾਦ ਹੈ।
* ਭਾਰਤ ਦੀ ਸੁਪਰੀਮ ਕੋਰਟ ਦੇ 47ਵੇਂ ਚੀਫ ਜਸਟਿਸ, ਸ਼ਰਦ ਅਰਬਿੰਦ ਬੋਬੜੇ 18 ਨਵੰਬਰ, 2019 ਨੂੰ ਬਣੇ ਹਨ।
* ਭਾਰਤੀ ਰੇਲ ਦਿਵਸ 16 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
* ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਹਨ।
* ਕਰੇਲਾ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਸ਼ੂਗਰ ਠੀਕ ਹੁੰਦੀ ਹੈ।
* ਭਾਰਤ ਦੇ ਰਾਸ਼ਟਰਪਤੀ ਨੂੰ ਸਰਬਉੱਚ ਅਦਾਲਤ (ਸੁਪਰੀਮ ਕੋਰਟ ਦਾ ਮੁੱਖ ਜੱਜ (ਚੀਫ਼ ਜਸਟਿਸ) ਸਹੁੰ ਚੁਕਾਉਂਦਾ ਹੈ।
* ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ।

-ਜਗਦੀਸ਼ ਰਾਏ ਗੋਇਲ,
ਮ: ਨੰ: 212, ਫੁਲਕੀਆ ਇਨਕਲੇਵ, ਪਟਿਆਲਾ। ਮੋਬਾ: 98556-35149

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX