ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਨਿੰਬੂ ਜਾਤੀ ਦੇ ਬੂਟਿਆਂ ਦੀ ਦੇਖਭਾਲ ਅਤੇ ਕੋਰੇ ਤੋਂ ਰੋਕਥਾਮ

ਨਿੰਬੂ ਜਾਤੀ ਦੇ ਬੂਟਿਆਂ 'ਤੇ ਔਸਤਨ 2.0-2.5 ਲੱਖ ਫੁੱਲ ਲੱਗਦੇ ਹਨ, ਜਿਨ੍ਹਾਂ ਵਿਚੋਂ ਕੁਝ ਕੁ ਪ੍ਰਤੀਸ਼ਤ ਫ਼ੁੱਲ ਹੀ ਫਲ ਬਣਨ ਤੱਕ ਪਹੁੰਚਦੇ ਹਨ ਅਤੇ ਇਸ ਤੋਂ ਬਾਅਦ ਤਿਆਰ ਫਲਾਂ ਤੱਕ ਅਪੜਦੇ ਹਨ। ਬਾਕੀ ਸਾਰੇ ਫ਼ੁੱੱਲ ਅਤੇ ਫਲ ਡਿੱਗ ਪੈਂਦੇ ਹਨ। ਫਲਾਂ ਦਾ ਕੇਰਾ ਅਲੱਗ-ਅਲੱਗ ਅਵਸਥਾਵਾਂ ਵਿਚ ਹੁੰਦਾ ਹੈ। ਨਿੰਬੂ ਜਾਤੀ ਦੇ ਬੂਟਿਆਂ ਵਿਚ ਫਲਾਂ ਦੀ ਕੇਰ ਇਕ ਮੁੱਖ ਸਮੱਸਿਆ ਹੈ। ਕਿੰਨੂ ਵਿਚ ਇਹ ਸਮੱਸਿਆ ਬਹੁਤ ਗੰਭੀਰ ਹੁੰਦੀ ਹੈ, ਕਿਉਂਕਿ ਕਿੰਨੂ ਬਹੁਤ ਜ਼ਿਆਦਾ ਫਲ ਦੇਣ ਵਾਲਾ ਫਲਦਾਰ ਬੂਟਾ ਹੈ, ਇਸ ਲਈ ਇਸ 'ਤੇ ਲੱਗੇ ਲੱਖਾਂ ਫ਼ੁੱਲਾਂ ਵਿਚੋਂ ਹਜ਼ਾਰਾਂ ਫਲ ਬਣਦੇ ਹਨ ਅਤੇ ਇਸ ਸਾਰੇ ਫਲ ਸਿਰੇ ਨਹੀਂ ਚੜ੍ਹ ਸਕਦੇ। ਫਲ ਲੱਗਣ ਤੋਂ ਬਾਅਦ ਸਮੇਂ-ਸਮੇਂ 'ਤੇ ਡਿੱਗਦੇ ਰਹਿੰਦੇ ਹਨ। ਫਲ ਬਣਨ ਸਾਰ ਅਪ੍ਰੈਲ ਮਹੀਨੇ ਛੋਟੇ ਆਕਾਰ ਦੇ ਫਲ ਡਿੱਗਦੇ ਹਨ, ਜੋ ਆਮ ਕਰਕੇ ਕੁਦਰਤੀ ਕੇਰ ਸਮਝੀ ਜਾਂਦੀ ਹੈ ਅਤੇ ਇਸ ਕੇਰੇ ਨਾਲ ਪੌਦਾ ਆਪਣੀ ਸਮਰੱਥਾ ਨਾਲੋਂ ਵੱਧ ਬੋਝ ਹਲਕਾ ਕਰਦਾ ਹੈ। ਸੋ, ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਦੇਖਿਆ ਗਿਆ ਹੈ ਕਿ ਕੁਦਰਤੀ ਕੇਰ ਦੀ ਅਵਸਥਾ ਲੰਘਣ ਤੋਂ ਬਾਅਦ ਵੀ ਬਹੁਤ ਸਾਰੇ ਬਾਗ਼ਾਂ ਵਿਚ ਫਲ ਲਗਾਤਾਰ ਡਿਗਦੇ ਰਹਿੰਦੇ ਹਨ, ਜੋ ਕੁਦਰਤੀ ਨਹੀਂ ਹੁੰਦਾ, ਸਗੋਂ ਕਿਸੇ ਨਾ ਕਿਸੇ ਜ਼ਰੂਰੀ ਤੱਤ ਦੀ ਘਾਟ, ਹਾਰਮੋਨਾਂ ਦਾ ਅਸੰਤੁਲਨ, ਪਾਣੀ ਦੀ ਵਾਧ-ਘਾਟ, ਬਿਮਾਰੀਆਂ ਜਾਂ ਕੀੜੇ-ਮਕੌੜਿਆਂ ਕਾਰਨ ਹੁੰਦਾ ਹੈ। ਵੱਖ-ਵੱਖ ਥਾਵਾਂ 'ਤੇ ਕੀਤੇ ਤਜਰਬਿਆਂ ਤੋਂ ਇਹ ਨਿਚੋੜ ਕੱਢਿਆ ਗਿਆ ਹੈ ਕਿ ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿਚ ਕਿੰਨੂ ਦੇ ਫਲ ਡਿਗਣ ਦੇ ਸਭ ਤੋਂ ਵੱਡਾ ਕਾਰਨ ਹਾਰਮੋਨਾ ਦਾ ਅਸੰਤੁਲਨ ਅਤੇ ਬਿਮਾਰੀ ਦਾ ਹਮਲਾ ਹੈ। ਪਰ ਪੰਜਾਬ ਦੀ ਹੁਸ਼ਿਆਰਪੁਰ ਬੈਲਟ ਵਿਚ ਫਲ ਦੀ ਮੱਖੀ ਦੇ ਹਮਲੇ ਨਾਲ ਵੀ ਕਾਫ਼ੀ ਕੇਰ ਪੈ ਜਾਂਦੀ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਫਲਾਂ ਦੇ ਕੇਰੇ ਦੇ ਹੋਰ ਕਾਰਨ ਜਿਵੇਂ ਕਿ ਪ੍ਰਤੀਕੂਲ ਮੌਸਮ, ਬਾਗ਼ਾਂ ਦੀ ਸਹੀ ਤਰੀਕੇ ਨਾਲ ਰੱਖ-ਰਖਾਅ ਦੀ ਘਾਟ ਆਦਿ ।
ਹਾਰਮੋਨਾਂ ਦੀ ਵਾਧ-ਘਾਟ ਨਾਲ ਫਲਾਂ ਦਾ ਡਿੱਗਣਾ (ਫਿਜ਼ਿਆਲੋਜੀਕਲ ਡਰਾਪ) ਮਈ-ਜੂਨ ਅਤੇ ਫਿਰ ਸਤੰਬਰ-ਅਕਤੂਬਰ ਵਿਚ ਜ਼ਿਆਦਾ ਹੁੰਦਾ ਹੈ। ਇਹ ਬੂਟਿਆਂ ਵਿਚ ਬਣਨ ਵਾਲੇ ਤੱਤ ਬਹੁਤ ਹੀ ਥੋੜ੍ਹੀ ਮਾਤਰਾ ਵਿਚ ਪੌਦੇ ਨੂੰ ਚਾਹੀਦੇ ਹਨ ਅਤੇ ਇਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਲਈ ਜੇ ਅਸੀਂ ਇਨ੍ਹਾਂ ਦੇ ਛਿੜਕਾਅ ਨੂੰ ਸਹੀ ਸਮੇਂ ਕਰੀਏ ਤਾਂ ਇਸ ਕੇਰੇ ਨੂੰ ਕਾਫੀ ਹੱਦ ਤੱਕ ਰੋਕ ਸਕਦੇ ਹਾਂ। ਹਾਰਮੋਨ ਦੀ ਕਮੀ ਕਾਰਨ ਡਿੱਗਿਆ ਫਲ ਹਰੇ ਰੰਗ ਦਾ ਹੁੰਦਾ ਹੈ ਪਰ ਇਹ ਫਲ ਡੰਡੀ ਵਾਲੇ ਪਾਸੇ ਤੋਂ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ। ਜਦ ਕਿ ਬਿਮਾਰੀ ਦੇ ਹਮਲੇ ਕਾਰਨ ਡਿੱਗੇ ਫਲ ਡੰਡੀ ਵਾਲੀ ਥਾਂ ਤੋਂ ਗਹਿਰੇ ਭੂਰੇ ਰੰਗ ਦੇ ਜਾਂ ਕਾਲੇ ਰੰਗ ਦੇ ਹੋ ਜਾਂਦੇ ਹਨ।
ਬਿਮਾਰੀ ਨਾਲ ਪੈਣ ਵਾਲਾ ਕੇਰਾ (ਪੈਥਾਲੋਜੀਕਲ ਡਰਾਪ) ਜ਼ਿਆਦਾਤਰ ਫਲ ਦਾ ਤਕਰੀਬਨ ਪੂਰਾ ਅਕਾਰ ਬਣਨ 'ਤੇ ਸ਼ੁਰੂ ਹੋ ਜਾਂਦਾ ਹੈ ਅਤੇ ਤਕਰੀਬਨ ਫਲ ਪੱਕਣ ਤੱਕ ਲਗਾਤਾਰ ਪੈਂਦੀ ਰਹਿੰਦੀ ਹੈ। ਇਹ ਕੇਰ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਅਤੇ ਬਹੁਤ ਨੁਕਸਾਨਦੇਹ ਹੁੰਦੀ ਹੈ, ਇਸ ਕੇਰ ਨਾਲ ਨਾ ਸਿਰਫ਼ ਬਾਗ਼ਬਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਸਗੋਂ ਬੂਟਿਆਂ ਵਿਚੋਂ ਖੁਰਾਕ ਵੀ ਨੁੱਚੜ ਜਾਂਦੀ ਹੈ। ਇਸ ਤਰ੍ਹਾਂ ਦੀ ਕੇਰ ਦੀ ਨੀਂਹ ਬੂਟਿਆਂ ਵਿਚ ਬਹੁਤ ਪਹਿਲਾਂ ਰੱਖੀ ਜਾਂਦੀ ਹੈ ਅਤੇ ਬਾਗ਼ਬਾਨਾਂ ਨੂੰ ਅਕਸਰ ਬਿਮਾਰੀ ਦੇ ਹਮਲੇ ਦਾ ਪਤਾ ਨਹੀਂਂ ਚਲਦਾ। ਉਨ੍ਹਾਂ ਦਾ ਧਿਆਨ ਉਦੋਂ ਹੀ ਆਉਂਦਾ ਹੈ, ਜਦੋਂ ਰੋਗ ਵਾਲੇ ਫਲ ਜ਼ਮੀਨ 'ਤੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਜੇ ਵੇਲੇ ਸਿਰ ਯੋਗ ਰੋਕਥਾਮ ਨਾ ਕੀਤੇ ਜਾਣ ਤਾਂ ਕਈ ਵਾਰ ਸਾਰੇ ਦਾ ਸਾਰਾ ਫਲ ਤੋੜਨ ਤੋਂ ਪਹਿਲਾਂ ਹੀ ਗਿਰ ਜਾਂਦਾ ਹੈ। ਗਿਰਿਆ ਫਲ ਮੰਡੀਕਰਨ ਦੇ ਯੋਗ ਨਹੀਂ ਰਹਿੰਦਾ। ਰੋਗੀ ਫਲ ਜਲਦੀ ਖਰਾਬ ਹੋਣ ਕਾਰਨ ਫਲਾਂ ਦੀ ਡੱਬਾ ਬੰਦੀ ਅਤੇ ਢੋਆ-ਢੁਆਈ ਕਰਨੀ ਬਹੁਤ ਹੀ ਕਠਿਨ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਕੇਰ ਦਾ ਕਾਰਨ ਬਣਨ ਵਾਲੀ ਬਿਮਾਰੀ ਬਾਗ਼ਾਂ ਵਿਚ ਖੜ੍ਹੇ ਪੌਦੇ 'ਤੇ ਲੱਗਦੀ ਹੈ ਅਤੇ ਫਲ ਵਧਣ ਦੇ ਨਾਲ ਚੱਲਦੀ ਰਹਿੰਦੀ ਹੈ। ਸ਼ੁਰੂਆਤ ਵਿਚ ਇਸ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਫਲ ਦੀ ਡੰਡੀ ਦੁਆਲੇ ਗੋਲਾਕਾਰ ਹਲਕੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਜੋ ਬਾਅਦ ਵਿਚ ਵੱਧ ਕੇ ਸਿੱਕੇ ਵਾਲੇ ਰੁਪਏ ਦੀ ਸ਼ਕਲ ਵਾਂਗ ਲੱਗਣ ਲੱਗ ਪੈਂਦੇ ਹਨ, ਉਸ ਸਮੇਂ ਬਿਮਾਰੀ ਬਹੁਤ ਫ਼ੈਲ ਚੁੱਕੀ ਹੁੰਦੀ ਹੈ। ਫਲਾਂ ਦਾ ਗਲਣਾ ਫਲ-ਡੰਡੀ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਫਲ ਧੁੰਨੀ ਤੱਕ ਪਹੁੰਚ ਕੇ ਸਾਰੇ ਫਲ ਦੇ ਹਿੱਸੇ ਨੂੰ ਢੱਕ ਲੈਂਦਾ ਹੈ। ਗਲੇ ਹੋਏ ਜ਼ਿਆਦਾਤਰ ਫਲ ਤੁੜਾਈ ਤੋਂ ਪਹਿਲਾਂ ਹੀ ਗਿਰ ਜਾਂਦੇ ਹਨ ਅਤੇ ਕੁਝ ਬੂਟੇ 'ਤੇ ਹੀ ਲਟਕਦੇ ਰਹਿੰਦੇ ਹਨ। ਬਿਮਾਰੀ ਕਾਰਨ ਫਲ ਵਾਲੀ ਡੰਡੀ ਸੁੱਕ ਜਾਂਦੀ ਹੈ ਅਤੇ ਇਸ 'ਤੇ ਚਮਕੀਲੇ ਮਾਸਖੋਰ ਰੰਗ ਦੇ ਉੱਲੀ ਵਾਲੇ ਕਣ ਦਿਖਾਈ ਦੇਣ ਲੱਗ ਪੈਂਦੇ ਹਨ। ਇਨ੍ਹਾਂ ਕਣਾਂ ਤੋਂ ਅਗਲੇ ਸਾਲ ਬਿਮਾਰੀ ਦੇ ਲੱਗਣ ਦੇ ਆਸਾਰ ਕਾਫੀ ਮਾਤਰਾ ਵਿਚ ਵੱਧ ਜਾਂਦੇ ਹਨ। ਕਈ ਵਾਰੀ ਇਹ ਵੀ ਦੇਖਣ ਵਿਚ ਆਇਆ ਹੈ ਕਿ ਬਿਮਾਰੀ ਕਾਰਨ ਫਲ ਦੀ ਡੰਡੀ ਸੁੱਕਣ ਅਤੇ ਗਲਣ ਕਾਰਨ ਵੀ ਫਲ ਡੰਡੀ ਨਾਲੋਂ ਅਲੱਗ ਹੋ ਕੇ ਕੇਰੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਡੰਡੀ ਬੂਟਿਆਂ ਉਪਰ ਹੀ ਲੱਗੀ ਰਹਿੰਦੀ ਹੈ ਅਤੇ ਅਗਲੇ ਸਾਲ ਵੀ ਬਿਮਾਰੀ ਨੂੰ ਵਧਣ ਵਿਚ ਸਹਾਈ ਹੁੰਦੀ ਹੈ। ਕਈ ਵਾਰੀ ਫਲ ਦਾ ਗਲਣਾ ਫਲ ਧੁੰਨੀ ਵਲੋਂ ਸ਼ੁਰੂ ਹੋ ਕੇ ਇਹ ਥੱਲੇ ਪਾਸੇ ਤੋਂ ਉਪਰ ਵੱਲ ਨੂੰ ਵਧਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਸਿਆਲੂ ਸਬਜ਼ੀਆਂ ਦੀ ਬਿਜਾਈ ਜ਼ਰੂਰ ਕਰੋ

ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਰੂੜੀ ਦੀ ਵਰਤੋਂ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਦੇਸੀ ਰੂੜੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ।
ਮਟਰ ਸਭ ਤੋਂ ਵਧ ਪਸੰਦ ਕੀਤੀ ਜਾਂਦੀ ਸਬਜ਼ੀ ਹੈ। ਅਗੇਤੀ ਫ਼ਸਲ ਦੀ ਬਿਜਾਈ ਮਹੀਨੇ ਦੇ ਸ਼ੁਰੂ ਵਿਚ ਕੀਤੀ ਜਾ ਸਕਦੀ ਹੈ। ਏਪੀ-3 ਮਟਰ ਅਗੇਤ-7, ਮਟਰ ਅਗੇਤ-6 ਅਤੇ ਅਰਕਲ ਅਗੇਤੀਆਂ ਕਿਸਮਾਂ ਹਨ। ਜੇਕਰ ਅਕਤੂਬਰ ਦੇ ਅਖੀਰ ਵਿਚ ਬਿਜਾਈ ਕੀਤੀ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਇਸ ਮੌਸਮ ਵਿਚ ਪੰਜਾਬ 89 ਅਤੇ ਮਿੱਠੀ ਫ਼ਲੀ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਸਮੇਂ ਅਗੇਤੀਆਂ ਕਿਸਮਾਂ ਦੀ ਬਿਜਾਈ 30×7.5 ਸੈ.ਮੀਟਰ ਦੇ ਫ਼ਾਸਲੇ ਉਤੇ ਅਤੇ ਮੁੱਖ ਸਮੇਂ ਦੀ ਬਿਜਾਈ ਸਮੇਂ 30×10 ਸੈਂ.ਮੀਟਰ ਫ਼ਾਸਲੇ ਤੇ ਕੀਤੀ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਮਟਰ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੇ ਹਨ। ਫਿਰ ਵੀ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਈ ਜਾਵੇ। ਮਟਰਾਂ ਦੀ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਤੇ ਫਿਰ ਦੂਜੇ ਮਹੀਨੇ ਗੋਡੀ ਜ਼ਰੂਰ ਕਰੋ। ਬਿਜਾਈ ਤੋਂ ਤਿੰਨ ਮਹੀਨਿਆਂ ਪਿੱਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਵਿਚੋਂ 60 ਕੁਇੰਟਲ ਤਕ ਹਰੀਆਂ ਫ਼ਲੀਆਂ ਪ੍ਰਾਪਤ ਹੋ ਸਕਦੀਆਂ ਹਨ।
ਗੋਭੀ ਦੀ ਪਨੀਰੀ ਪੁੱਟ ਕੇ ਵੀ ਇਸੇ ਮਹੀਨੇ ਖੇਤ ਵਿਚ ਲਗਾਈ ਜਾ ਸਕਦੀ ਹੈ। ਪਨੀਰੀ ਲਗਾਉਣ ਸਮੇਂ ਬੂਟਿਆਂ ਤੇ ਲਾਈਨਾਂ ਵਿਚਕਾਰ 45 ਸੈ. ਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 50 ਕਿਲੋ ਯੂਰੀਆ, 155 ਕਿਲੋ ਸੁਪਰਫਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਕ ਮਹੀਨੇ ਪਿੱਛੋਂ ਲੋੜ ਅਨੁਸਾਰ ਹੋਰ ਯੂਰੀਆ ਪਾਇਆ ਜਾ ਸਕਦਾ ਹੈ। ਪਨੀਰੀ ਲਗਾਉਣ ਤੋਂ ਤੁਰੰਤ ਪਿੱਛੋਂ ਪਾਣੀ ਦਿੱਤਾ ਜਾਵੇ। ਬੰਦ ਗੋਭੀ ਦੀ ਲੁਆਈ ਵੀ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ। ਬਰੌਕਲੀ ਦੇ ਵੀ ਕੁਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਵਿਚ ਵਿਟਾਮਿਨ, ਲੋਹਾ ਅਤੇ ਕੈਲਸ਼ੀਅਮ ਹੁੰਦੇ ਹਨ। ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇਸ ਦੀ ਲੁਆਈ ਵੀ ਗੋਭੀ ਵਾਂਗ ਹੀ ਕੀਤੀ ਜਾਂਦੀ ਹੈ।
ਗਾਜਰ, ਮੂਲੀ ਅਤੇ ਸ਼ਲਗਮ ਜੜ੍ਹਾਂ ਵਾਲੀਆਂ ਸਬਜ਼ੀਆਂ ਹਨ। ਗਾਜ਼ਰ ਅਤੇ ਸ਼ਲਗਮ ਦੀ ਵਰਤੋਂ ਸਬਜ਼ੀ ਲਈ ਜਦੋਂ ਕਿ ਮੂਲੀ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਗਾਜਰ ਦਾ ਰਸ ਅਤੇ ਮਠਿਆਈ ਵੀ ਬਣਾਈ ਜਾਂਦੀ ਹੈ। ਗਾਜਰ ਅਤੇ ਸ਼ਲਗਮ ਦਾ ਅਚਾਰ ਵੀ ਪਾਇਆ ਜਾਂਦਾ ਹੈ। ਪੰਜਾਬ ਕੈਰਟ ਰੈਡ, ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-34 ਗਾਜ਼ਰ ਦੀਆਂ ਉੱਨਤ ਕਿਸਮਾਂ ਹਨ। ਗਾਜ਼ਰ ਦਾ ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਐਲ-1 ਸ਼ਲਗਮ ਦੀ ਸਿਫਾਰਸ਼ ਕੀਤੀ ਕਿਸਮ ਹੈ। ਸ਼ਲਗਮ ਦਾ ਇਕ ਏਕੜ ਵਿਚ ਦੋ ਕਿਲੋ ਬੀਜ ਪਾਇਆ ਜਾਵੇ। ਮੂਲੀ ਦੀ ਤਾਂ ਹੁਣ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਹੁਣ ਪੰਜਾਬ ਪਸੰਦ, ਜਾਪਾਨੀ ਵਾਈਟ ਅਤੇ ਆਰ ਬੀ -21 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਸ ਦਾ ਵੀ ਪੰਜ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜਿਵੇਂ ਪਹਿਲਾਂ ਲਿਖਿਆ ਸੀ ਸਬਜ਼ੀਆਂ ਲਈ ਦੇਸੀ ਰੂੜੀ ਜ਼ਰੂਰੀ ਹੈ। ਫਿਰ ਵੀ ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਵਿਚ ਵਧੇਰੇ ਖੁਰਾਕੀ ਤੱਤ ਹੁੰਦੇ ਹਨ। ਇਨ੍ਹਾਂ ਵਿਚ ਪਾਲਕ, ਮੇਥੀ, ਸਲਾਦ ਅਤੇ ਧਨੀਆ ਮੁੱਖ ਹਨ। ਪਾਲਕ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਕਿਸਮ ਬੀਜਣੀ ਚਾਹੀਦੀ ਹੈ। ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਪੰਜਾਬੀ ਸਲਾਦ ਦੀ ਬਹੁਤ ਘੱਟ ਵਰਤੋਂ ਕਰਦੇ ਹਨ। ਇਸ ਦੇ ਕੁਝ ਬੂਟੇ ਘਰ ਵਿਚ ਜ਼ਰੂਰ ਲਗਾਏ ਜਾਣ। ਸਲਾਦ ਲਈ ਪੰਜਾਬ ਲੈਟਸ-1 ਕਿਸਮ ਦੀ ਬਿਜਾਈ ਕੀਤੀ ਜਾਵੇ। ਇਸੇ ਤਰ੍ਹਾਂ ਮੇਥੀ ਦੀ ਵੀ ਬਿਜਾਈ ਕੀਤੀ ਜਾਵੇ। ਇਸ ਦੀ ਸਬਜ਼ੀ ਜਾਂ ਰੋਟੀਆਂ ਵਿਚ ਪਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਕਸੂਰੀ ਸੁਪਰੀਮ ਉੱਨਤ ਕਿਸਮਾਂ ਹਨ। ਇਕ ਏਕੜ ਲਈ 10 ਕਿਲੋ ਬੀਜ ਚਾਹੀਦਾ ਹੈ। ਇਸ ਨੂੰ ਸੁਕਾ ਕੇ ਵੀ ਰੱਖਿਆ ਜਾਂਦਾ ਹੈ ਤੇ ਸਬਜ਼ੀਆਂ ਵਿਚ ਵਰਤੋਂ ਕੀਤੀ ਜਾਂਦੀ ਹੈ। ਧਨੀਏ ਦੀ ਪੰਜਾਬ ਸੁਗੰਧ ਉੱਨਤ ਕਿਸਮ ਹੈ। ਇਸ ਦਾ ਵੀ ਇਕ ਏਕੜ ਵਿਚ 10 ਕਿਲੋ ਬੀਜ ਪੈਂਦਾ ਹੈ। ਬੀਜ ਨੂੰ ਬੀਜਣ ਲਈ ਮਸਲਣਾ ਜ਼ਰੂਰੀ ਹੈ ਤਾਂ ਜੋ ਇਸ ਦੇ ਤਿੰਨ ਜਾਂ ਚਾਰ ਟੁਕੜੇ ਹੋ ਸਕਣ। ਲਸਣ ਦੀ ਵਰਤੋਂ ਹਰੇਕ ਘਰ ਵਿਚ ਹੁੰਦੀ ਹੈ। ਸਤੰਬਰ ਦੇ ਅਖੀਰ ਵਿਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੀ-ਜੀ-17 ਉਨਤ ਕਿਸਮ ਹੈ। ਇਕ ਏਕੜ ਲਈ 240 ਕਿਲੋ ਨਿਰੋਗ ਤੁਰੀਆਂ ਚਾਹੀਦੀਆਂ ਹਨ। ਉਮੀਦ ਹੈ ਇਸ ਵਾਰ ਤੁਸੀ ਸਬਜ਼ੀਆਂ ਦੀ ਬਗੀਚੀ ਜ਼ਰੂਰ ਬਣਾਵੋਗੇ ਅਤੇ ਤਾਜ਼ੀਆਂ ਜ਼ਹਿਰ ਰਹਿਤ ਸਬਜ਼ੀਆਂ ਦਾ ਅਨੰਦ ਮਾਣੋਗੇ। ਆਪਣੇ ਖੇਤ ਵਿਚ ਸਬਜ਼ੀ ਉਗਾਈਏ। ਤਾਜ਼ੀਆਂ ਸਬਜ਼ੀਆਂ ਨਾਲ ਸੁਆਦ ਅਤੇ ਸਿਹਤ ਵਿਚ ਵਾਧਾ ਹੋਵੇਗਾ। *

ਪਰਾਲੀ ਨੂੰ ਅੱਗ ਲਾਉਣਾ ਬੰਦ ਕਰਨ ਸਬੰਧੀ ਯੋਗ ਯੋਜਨਾਬੰਦੀ ਕੀਤੀ ਜਾਵੇ

ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਏ ਬਿਨਾਂ ਸੰਭਾਲਣ ਦਾ ਮਸਲਾ ਕਾਫੀ ਗੁੰਝਲਦਾਰ ਤੇ ਗੰਭੀਰ ਬਣਦਾ ਜਾ ਰਿਹਾ ਹੈ। ਕਿਸਾਨ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਪਰਾਲੀ ਨੂੰ ਅੱਗ ਲਗਾਉਂਦੇ ਹਨ। ਭਾਵੇਂ ਅਜਿਹਾ ਕਰਨ ਨਾਲ ਖੇਤ, ਮਨੁੱਖਤਾ ਅਤੇ ਪਸ਼ੂ-ਪੰਛੀਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਖੇਤੀ ਲਈ ਲੋੜੀਂਦੇ ਚੰਗੇ ਖੁਰਾਕੀ ਤੱਤ ਸੜ ਜਾਣ ਉਪਰੰਤ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਪਰ ਕਿਸਾਨ ਅਜਿਹਾ ਕਰਨ ਲਈ ਮਜਬੂਰ ਹਨ। ਝੋਨੇ ਦੀ ਲੁਆਈ ਦੀ ਮਿਤੀ 20 ਜੂਨ ਤੱਕ ਵਧਾ ਦੇਣ ਨਾਲ ਫ਼ਸਲ ਸਮੇਂ ਸਿਰ ਨਹੀਂ ਪੱਕਦੀ ਅਤੇ ਉਸ ਨੂੰ ਕਣਕ ਦੀ ਬਿਜਾਈ 20 ਨਵੰਬਰ ਤੋਂ ਪਹਿਲਾਂ ਕਰਨ ਲਈ ਸਮੇਟਣਾ ਅਸੰਭਵ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਸਾਲ ਮੰਡੀਆਂ 'ਚ ਹੁਣ ਤੱਕ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ ਘੱਟ ਹੈ ਅਤੇ ਜੋ ਫ਼ਸਲ ਆਈ ਵੀ ਹੈ, ਉਸ ਵਿਚ ਨਮੀ 21-22 ਪ੍ਰਤੀਸ਼ਤ ਹੈ। ਜਦੋਂ ਕਿ ਲੋੜੀਂਦੀ ਨਮੀਂ 17 ਪ੍ਰਤੀਸ਼ਤ ਹੈ। ਹੁਣ ਮੌਸਮ ਠੰਢਾ ਹੋਣ ਕਾਰਨ ਇਸ ਵਿਚੋਂ ਨਮੀਂ ਦੀ ਮਾਤਰਾ ਵੀ ਹੌਲੀ-ਹੌਲੀ ਹੀ ਘਟ ਕੇ 17 ਪ੍ਰਤੀਸ਼ਤ 'ਤੇ ਆਏਗੀ।
ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਪਰਾਲੀ ਦੀ ਸਾਂਭ-ਸੰਭਾਲ ਅੱਗ ਲਗਾਏ ਬਿਨਾਂ ਜਾਂ ਤਾਂ ਖੇਤ ਵਿਚ ਹੀ ਇਸ ਦੀ ਵਰਤੋਂ ਕਰ ਕੇ ਕੀਤੀ ਜਾ ਸਕਦੀ ਹੈ ਜਾਂ ਫਿਰ ਇਸ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਹੋਰ ਕੰਮਾਂ ਲਈ ਇਸ ਦੀ ਸੁਚੱਜੀ ਵਰਤੋਂ ਰਾਹੀਂ ਕੀਤੀ ਜਾ ਸਕਦੀ ਹੈ। ਖੇਤੀ ਵਿਚੋਂ ਪਰਾਲੀ ਨੂੰ ਕੱਢੇ ਬਿਨਾਂ ਕਣਕ ਦੀ ਬਿਜਾਈ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਹੈਪੀ ਸੀਡਰ ਤੇ ਹੋਰ ਮਸ਼ੀਨਾਂ ਦੀ ਵਰਤੋਂ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਜਿਸ ਲਈ ਕੇਂਦਰ ਤੋਂ 269 ਕਰੋੜ ਰੁਪਿਆ ਆਇਆ ਹੈ। ਇਸ ਵਿਚ ਹਾਰਵੈਸਟਰ ਕੰਬਾਇਨਾਂ ਵਾਲਿਆਂ ਨੂੰ ਸੁਪਰ ਐਸ ਐਮ ਐਸ ਲਗਾਉਣ ਲਈ ਵੀ ਸਬਸਿਡੀ ਦੇਣ ਦਾ ਉਪਬੰਧ ਹੈ
ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਰੋਕਣ ਲਈ ਸਰਕਾਰ ਵਲੋਂ ਵੱਖੋ-ਵੱਖ ਢੰਗਾਂ ਨਾਲ ਕਿਸਾਨਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਦੰਡ ਦੇਣ ਦੇ ਡਰ ਨਾਲ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵੱਖੋ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਹਲਕੇ ਵੰਡ ਕੇ ਪਿੰਡਾਂ ਵਿਚ ਨੀਯਤ ਕੀਤਾ ਗਿਆ ਹੈ। ਖੇਤੀਬਾੜੀ ਦੇ ਕਿੱਤੇ 'ਚ ਪਿੰਡਾਂ ਦੀ ਵਸੋਂ ਦੀ ਬਹੁਮਤ ਅਤੇ ਕੁੱਲ ਰਾਜ ਦੀ ਆਬਾਦੀ ਦੇ 55-60 ਪ੍ਰਤੀਸ਼ਤ ਲੋਕ ਲੱਗੇ ਹੋਏ ਹਨ ਅਤੇ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੁੱਖ ਧੁਰਾ ਹੈ। ਆਰਥਿਕ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਜੋ ਦੰਡਾਂ ਦੀ ਪੰਡ ਦਾ ਡਰ ਉਨ੍ਹਾਂ ਦੇ ਸਿਰ ਤੇ ਸਵਾਰ ਹੈ, ਉਸ ਉਪਰੰਤ ਕਿਸਾਨ ਕਣਕ ਦੀ ਬਿਜਾਈ ਲਈ ਸੁਧਰੇ ਬੀਜ ਅਤੇ ਹੋਰ ਸਮੱਗਰੀ ਇੱਕਠਾ ਕਰਨ, ਬਿਜਾਈ ਦੀ ਯੋਜਨਾ ਤਿਆਰ ਕਰਨ ਅਤੇ ਝੋਨੇ ਦੀ ਵਿਕਰੀ ਸਬੰਧੀ ਵੀ ਰੁਕਾਵਟ ਤੇ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਪਰਾਲੀ ਨੂੰ ਸੰਭਾਲਣ ਦੇ ਪ੍ਰਬੰਧ ਕਰਨ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਪਰ ਐਸ ਐਮ ਐਸ ਫਿੱਟ ਕੰਬਾਇਨਾਂ ਜਾਂ ਤਾਂ ਉਪਲਬਧ ਹੀ ਨਹੀਂ ਤੇ ਜੇ ਉਪਲਬਧ ਹਨ ਤਾਂ ਕਟਾਈ ਮਹਿੰਗੀ ਕਰ ਦਿੱਤੀ ਗਈ ਹੈ। ਹੈਪੀ ਸੀਡਰ ਤਾਂ ਬਹੁਤ ਘੱਟ ਹੀ ਕਿਰਾਏ 'ਤੇ ਮਿਲਦੇ ਹਨ। ਜਿਨ੍ਹਾਂ ਕਿਸਾਨਾਂ ਨੇ ਪੂਰੀ ਕੀਮਤ ਦੇ ਕੇ ਹੋਰ ਸੰਦ ਜਿਵੇਂ ਕਿ ਚੋਪਰ, ਮਲਚਰ, ਬੇਲਰ, ਉਲਟਾਂਵੇ ਹਲ, ਆਦਿ ਲੈ ਲਏ ਹਨ, ਉਨ੍ਹਾਂ ਨੂੰ ਅਜੇ ਤੱਕ ਸਬਸਿਡੀ ਦੀ ਰਕਮ ਉਪਲਬਧ ਨਹੀਂ ਹੋਈ। ਮਿਸਾਲ ਦੇ ਤੌਰ 'ਤੇ ਸੰਗਰੂਰ ਜ਼ਿਲ੍ਹੇ ਦੇ ਨਾਰੋਵਾਲ ਪਿੰਡ ਵਿੱਚ ਕੁਝ ਕਿਸਾਨਾਂ ਨੇ ਸਭ ਤੋਂ ਪਹਿਲਾਂ ਇਹ ਸੰਦ ਪੂਰੀ ਕੀਮਤ ਤੇ ਲੈ ਲਏ। ਬਾਰ ਬਾਰ ਖੇਤੀ ਵਿਭਾਗ ਦੇ ਚੱਕਰ ਕੱਟਣ ਤੋਂ ਬਾਅਦ ਵੀ ਉਨ੍ਹਾਂ ਦੇ ਖਾਤਿਆਂ 'ਚ ਸਬਸਿਡੀ ਅਜੇ ਤੱਕ ਜਮ੍ਹਾਂ ਨਹੀਂ ਹੋਈ। ਸੁਪਰ ਐਸ ਐਮ ਐਸ ਤੇ ਹੈਪੀ ਸੀਡਰ ਜਿਹੀਆਂ ਵੱਡੀਆਂ ਮਸ਼ੀਨਾਂ ਕਿਰਾਏ 'ਤੇ ਚਲ ਰਹੀਆਂ ਹਨ ਅਤੇ ਉਨ੍ਹਾਂ ਦੇ ਮਾਲਕ ਤਾਂ ਇਨ੍ਹਾਂ ਮਸ਼ੀਨਾਂ ਨੂੰ ਪੂਰੀ ਕੀਮਤ 'ਤੇ ਵੀ ਖ਼ਰੀਦ ਸਕਦੇ ਸਨ ਕਿਉਂਕਿ ਉਹ ਤਾਂ ਵਪਾਰਕ ਕਿਰਾਇਆ ਚਾਰਜ ਕਰਦੇ ਹਨ। ਕਿਸਾਨਾਂ ਨੂੰ ਦੂਜੇ ਸੰਦ ਲਗਪਗ ਸਬਸਿਡੀ ਨਾਲ ਦਿੱਤੀ ਜਾ ਰਹੀ ਕੀਮਤ 'ਤੇ ਖੁੱਲ੍ਹੀ ਮੰਡੀ 'ਚ ਹੀ ਉਪਲਬਧ ਸਨ। ਭਾਵੇਂ ਹੁਣ ਸਬਸਿਡੀ ਦਿੱਤੇ ਜਾਣ ਵਾਲੇ ਨਿਰਮਾਤਾਵਾਂ ਨੇ ਕੀਮਤਾਂ ਵਿਚ ਇਜ਼ਾਫ਼ਾ ਕਰ ਦਿੱਤਾ ਹੈ। ਕਿਸਾਨ ਆਗੂਆਂ ਤੇ ਸੰਸਥਾਵਾਂ ਵਲੋਂ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਜੇ ਮਸ਼ੀਨਾਂ ਤੇ ਸਬਸਿਡੀ ਦੇਣ ਵਾਲੀ ਰਕਮ ਕੁਝ ਹੋਰ ਵਧਾ ਕੇ ਕਿਸਾਨਾਂ ਨੂੰ ਫ਼ਸਲ 'ਤੇ ਬੋਨਸ ਦੇ ਰੂਪ ਵਿਚ ਦੇ ਦਿੱਤੀ ਜਾਂਦੀ ਜਾਂ ਬਿਜਾਈ ਦੇ ਏਕੜਾਂ ਦੇ ਆਧਾਰ 'ਤੇ ਅਦਾ ਕਰ ਦਿੱਤੀ ਜਾਂਦੀ ਤਾਂ ਕਿਸਾਨ ਖੁਸ਼ੀ ਨਾਲ ਪਰਾਲੀ ਨੂੰ ਅੱਗ ਲਾਉਣਾ ਬੰਦ ਕਰ ਦਿੰਦੇ ਕਿਉਂਕਿ ਇਸ ਪ੍ਰਥਾ ਨੂੰ ਬੰਦ ਕਰਨ ਉਪਰੰਤ ਰਹਿੰਦ-ਖੂਹੰਦ ਦੀ ਸੰਭਾਲ ਲਈ ਆਏ ਫ਼ਾਲਤੂ ਖਰਚੇ ਦੀ ਤਲਾਫੀ ਹੋ ਜਾਂਦੀ। ਸਬਸਿਡੀ ਦਾ ਪੈਸਾ ਕਦੇ ਵੀ ਕਿਸਾਨਾਂ ਤੱਕ ਮੁਕਮੰਲ ਨਹੀਂ ਪਹੁੰਚਿਆ।
ਕਈ ਥਾਵਾਂ ਤੇ ਪਿੰਡਾਂ ਵਿਚ ਅੱਗ ਲਾਉਣਾ ਬੰਦ ਕਰਨ ਸਬੰਧੀ ਭੇਜੇੇ ਗਏ ਕਰਮਚਾਰੀਆਂ ਅਤੇ ਕਿਸਾਨਾਂ ਦਰਮਿਆਨ ਟਕਰਾਅ ਵੀ ਹੋ ਗਿਆ। ਏਨੇ ਵੱਡੇ ਖੇਤਰ ਵਿਚ ਦੰਡ ਤੇ ਜੁਰਮਾਨੇ ਦੇ ਕੇ ਕਿਸੇ ਗੱਲ ਨੂੰ ਜ਼ਬਰਦਸਤੀ ਸਿਰੇ ਚਾੜ੍ਹਨਾ ਸੰਭਵ ਨਹੀਂ। ਪੰਜਾਬ ਦੇ ਕਿਸਾਨਾਂ ਨੇ ਅੰਨ ਦੇ ਭੰਡਾਰ ਭਰ ਕੇ ਦੇਸ਼ ਨੂੰ ਆਤਮ-ਨਿਰਭਰ ਕੀਤਾ ਅਤੇ ਫਿਰ ਨਿਰਯਾਤ ਕਰਨ ਦੇ ਵੀ ਯੋਗ ਬਣਾ ਕੇ ਵਿਦੇਸ਼ੀ ਮੁਦਰਾ ਮੁਹੱਈਆ ਕੀਤੀਆਂ।
ਸੰਨ 1960-61 ਤੋਂ ਸਬਜ਼ ਇਨਕਲਾਬ ਤੋਂ ਵੀ ਪਹਿਲਾਂ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਰਹੇ ਹਨ। ਹੁਣ ਸਮੱਸਿਆ ਗੰਭੀਰ ਇਸ ਲਈ ਬਣ ਗਈ ਕਿ ਉਸ ਵੇਲੇ ਝੋਨੇ ਦੀ ਕਾਸ਼ਤ ਥੱਲੇ ਕੇਵਲ 2.27 ਲੱਖ ਹੈਕਟੇਅਰ ਰਕਬਾ ਸੀ ਜੋ ਹੁਣ ਵਧ ਕੇ 30 ਲੱਖ ਹੈਕਟੇਅਰ ਤੋਂ ਟੱਪ ਗਿਆ। ਜਦੋਂ ਤੱਕ ਪਰਾਲੀ ਸਾੜਨ ਉਪਰੰਤ ਪੈਦਾ ਹੋਇਆ ਧੂੰਆਂ ਦਿੱਲੀ ਪਹੁੰਚ ਕੇ ਉੱਥੇ ਦੇ ਜਨ-ਜੀਵਨ ਨੂੰ ਪ੍ਰਭਾਵਿਤ ਨਹੀਂ ਸੀ ਕਰਦਾ, ਕੇਂਦਰ ਸਰਕਾਰ ਵੀ ਇਸ ਪ੍ਰਥਾ ਨੂੰ ਬੰਦ ਕਰਨ ਲਈ ਕੋਈ ਸਹਾਇਤਾ ਜਾਂ ਯੋਜਨਾਬੰਦੀ ਨਹੀਂ ਕਰ ਸਕੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਵੀ ਅੱਧੀ ਸ਼ਤਾਬਦੀ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਵੇਂ ਹਰ ਵਿਅਕਤੀ ਪਰਾਲੀ ਨੂੰ ਅੱਗ ਲਾਉਣ ਦੀ ਪ੍ਰੈਕਟਿਸ ਨੂੰ ਬੰਦ ਕਰਨ ਦਾ ਹਾਮੀ ਹੈ ਪਰ ਕਿਸਾਨਾਂ ਦੀ ਮਜਬੂਰੀ ਦੇ ਕਾਰਨਾਂ ਤੇ ਵੀ ਮਾਹਿਰਾਂ ਤੇ ਸਰਕਾਰ ਵਲੋਂ ਨਜ਼ਰਸਾਨੀ ਕਰਨ ਦੀ ਲੋੜ ਹੈ। ਜੇ ਇਹ ਕਾਰਨਾਂ ਨੂੰ ਮੁਤਾਅਲਾ ਕਰ ਕੇ ਕਿਸਾਨਾਂ ਦੇ ਖਰਚੇ ਦੀ ਤਾਲਫੀ ਦੀ ਲੋੜ ਪੂਰੀ ਕਰ ਦਿੱਤੀ ਜਾਵੇ ਤਾਂ ਅੱਗ ਲਾਉਣਾ ਬੰਦ ਕਰਾਉਣ 'ਚ ਸਫ਼ਲਤਾ ਪ੍ਰਾਪਤ ਹੋ ਸਕਦੀ ਹੈ। ਕਿਸਾਨ ਵੀ ਅੱਗ ਲਾਉਣ ਦੇ ਨੁਕਸਾਨਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਭਾਵੇਂ ਸਰਕਾਰ ਵਲੋਂ ਕੋਈ ਇਸ ਸਬੰਧੀ ਕਿਸਾਨਾਂ ਨੂੰ ਤਰਗ਼ੀਬ ਦੇਣ ਲਈ ਮਤਵਾਤਰ ਉਪਰਾਲਾ ਨਹੀਂ ਕੀਤਾ ਗਿਆ। ਸਬਜ਼ ਇਨਕਲਾਬ ਦੇ ਆਗ਼ਾਜ਼ ਵੇਲੇ ਪਿਛਲੇ ਸ਼ਤਾਬਦੀ ਦੇ 6ਵੇਂ ਦਹਾਕੇ ਵਿਚ ਕਿਸਾਨਾਂ ਨੇ ਕੀਮਿਆਈ ਖਾਦਾਂ ਦੀ ਵਰਤੋਂ ਦੀ ਵਿਰੋਧਤਾ ਕੀਤੀ ਪਰ ਸਮੂਹਿਕ ਵਿਕਾਸ ਲਹਿਰ ਨਾਲ ਜੁੜੇ ਪ੍ਰਸਾਰ ਕਰਮਚਾਰੀਆਂ ਨੇ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਇਹ ਸਮੱਗਰੀ ਇਸਤੇਮਾਲ ਕਰਨ ਲਈ ਮੰਨਵਾਇਆ। ਉਸ ਵੇਲੇ ਕਿਸਾਨਾਂ ਨਾਲ ਸਮੂਹਿਕ ਵਿਕਾਸ ਲਹਿਰ ਥੱਲੇ ਕੰਮ ਕਰ ਰਹੇ ਪ੍ਰਸਾਰ ਸੇਵਾ ਕਰਮਚਾਰੀਆਂ ਦਾ ਸਿੱਧਾ ਸੰਪਰਕ ਸੀ ਜੋ ਅੱਜ ਕੇਵਲ ਦਫ਼ਤਰਾਂ ਵਿਚ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਹੈ। ਜੋ ਹੁਣ ਸਰਕਾਰ ਨੇ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣਾ ਬੰਦ ਕਰਨ ਸਬੰਧੀ ਪਿੰਡਾਂ ਵਿਚ ਵੱਖੋ-ਵੱਖ ਵਿਭਾਗਾਂ ਦੇ ਕਰਮਚਾਰੀ ਤਾਇਨਾਤ ਕੀਤੇ ਹਨ, ਉਨ੍ਹਾਂ ਨੂੰ ਕਿਸਾਨਾਂ ਨਾਲ ਵਿਹਾਰ ਅਤੇ ਪਿੰਡਾਂ ਵਿਚ ਪ੍ਰਸਾਰ ਸੇਵਾ ਦਾ ਕੰਮ ਕਰਨ ਦਾ ਕੋਈ ਤਜਰਬਾ ਨਹੀਂ।
ਫਿਰ ਵੀ ਇਸ ਸਾਲ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦੀਆਂ ਵਾਰਦਾਤਾਂ ਘੱਟ ਹੋਣਗੀਆਂ ਜਿਸ ਨਾਲ ਘੱਟੋ-ਘੱਟ ਦਿੱਲੀ ਤੱਕ ਪ੍ਰਦੂਸ਼ਣ ਦੀਆਂ ਲਹਿਰਾਂ ਨਹੀਂ ਪਹੁੰਚਣਗੀਆਂ। ਪਰਾਲੀ ਦੀ ਅੱਗ ਲਾਉਣ ਦੀ ਪ੍ਰਥਾ ਨੂੰ ਭਵਿੱਖ ਵਿਚ ਮੁਕਮੰਲ ਤੌਰ 'ਤੇ ਖ਼ਤਮ ਕਰਨ ਲਈ ਸਰਕਾਰ ਵਲੋਂ ਯੋਗ ਯੋਜਨਾਬੰਦੀ ਕੀਤੇ ਜਾਣ ਦੀ ਲੋੜ ਹੈ ਅਤੇ ਕੇਂਦਰ ਵਲੋਂ ਕਿਸਾਨਾਂ ਨੂੰ ਖੁੱਲ੍ਹੀ ਆਰਥਿਕ ਸਹਾਇਤਾ ਉਪਲਬਧ ਕਰਨ ਦੀ। ਇਸ ਸਬੰਧੀ ਪਿਛਲੇ ਹਫ਼ਤੇ ਚੰਡੀਗੜ੍ਹ ਵਿਚ ਹੋਏ ਇਕ ਸੈਮੀਨਾਰ ਵਿਚ ਕਿਸਾਨਾਂ ਨਾਲ ਲੰਮੇ ਸਮੇਂ ਤੋਂ ਜੁੜੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਠੀਕ ਤੌਰ 'ਤੇ ਕਿਹਾ ਕਿ ਲੋਕਤੰਤਰ ਦੌਰਾਨ ਦੇਸ਼ ਦੇ ਅੰਨ ਦਾਤਾ 'ਤੇ ਤਸ਼ਦੱਦ ਕਰਨ ਨਾਲ ਕੋਈ ਉਪਲਬਧੀ ਪ੍ਰਾਪਤ ਨਹੀਂ ਹੋ ਸਕਦੀ ਅਤੇ ਨਾ ਹੀ ਅਜਿਹਾ ਕਰਨਾ ਯੋਗ ਹੋਵੇਗਾ। ਇਸ ਸਬੰਧੀ ਯੋਗ ਯੋਜਨਾਬੰਦੀ ਅਤੇ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਤੇ ਠੀਕ ਲੀਹਾਂ 'ਤੇ ਲਿਆ ਕੇ ਕਿਸਾਨਾਂ ਨੂੰ ਸਹੀ ਤਰਗ਼ੀਬ ਦੇਣ ਦੀ ਲੋੜ ਹੈ। ਜਿਸ ਉਪਰੰਤ ਮਿਸ਼ਨ ਦੀ ਪੂਰਤੀ 'ਚ ਨਿਰਸੰਦੇਹ ਹੀ ਸਫ਼ਲਤਾ ਮਿਲੇਗੀ।


-ਮੋਬਾਈਲ : 98152-36307

ਪੰਜਾਬੀ ਨਿਰਾਸ਼ ਕਿਉਂ ਨੇ?

ਅੱਜ ਕਿਸੇ ਵੀ ਪਿੰਡ, ਸੱਥ, ਸਮਾਗਮ ਜਾਂ ਸੰਸਥਾ ਵਿਚ ਜਾ ਕੇ, ਕਿਸੇ ਨਾਲ ਕੋਈ ਵੀ ਗੱਲ ਕਰ ਲਓ, ਉਹ ਨਿਰਾਸ਼ਾ ਵਾਲੀਆਂ ਗੱਲਾਂ ਹੀ ਕਰੇਗਾ। ਕਿਸੇ ਨੂੰ ਖੇਤੀ ਮਹਿਕਮੇ ਨਾਲ ਨਰਾਜ਼ਗੀ ਹੈ, ਕਿਸੇ ਨੂੰ ਮਾਲ ਮਹਿਕਮੇ ਨਾਲ, ਕਿਸੇ ਨੂੰ ਸੜਕਾਂ 'ਤੇ ਪਏ ਪੱਕੇ ਟੋਏ ਦੁਖੀ ਕਰਦੇ ਹਨ ਤੇ ਕਿਸੇ ਨੂੰ ਚੌਂਕ ਟੱਪ ਕੇ ਸ਼ਿਕਾਰ ਕਰਦੇ ਪੁਲਿਸ ਵਾਲੇ ਠੀਕ ਨਹੀਂ ਲਗਦੇ, ਕਿਸੇ ਨੂੰ ਲੀਡਰ ਧੋਖੇਬਾਜ਼ ਲਗਦੇ ਹਨ ਤੇ ਕੋਈ ਬਾਬਿਆਂ ਦੀਆਂ ਹੋੜਾਂ ਤੋਂ ਅੱਕਿਆ ਪਿਆ ਹੈ। ਕੋਈ ਵਪਾਰੀਆਂ ਦੀ ਲੁੱਟ ਦੀ ਗੱਲ ਕਰਦਾ ਹੈ ਤੇ ਕੋਈ ਕੰਮਚੋਰ ਮਜ਼ਦੂਰਾਂ ਨੂੰ ਕੋਸਦਾ ਹੈ। ਕੋਈ ਬਹੁਰਾਸ਼ਟਰੀ ਕੰਪਨੀਆਂ ਨੂੰ ਸਾਡੇ ਦੁੱਖਾਂ ਦਾ ਕਾਰਨ ਸਮਝਦਾ ਹੈ ਤੇ ਕੋਈ ਖੇਤੀ ਵਣਜ ਦੇ ਘੱਟ ਮੁੱਲ ਨੂੰ। ਬਹੁਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਹਰ ਚੀਜ਼ ਸਸਤੀ ਮਿਲੇ, ਪਰ ਉਨ੍ਹਾਂ ਦੀ ਆਪਣੀ ਵਸਤੂ ਤੇ ਵੱਧ ਤੋਂ ਵੱਧ ਲਾਭ ਹੋਵੇ। ਕਈ ਤਾਂ ਚਾਹੁੰਦੇ ਹਨ ਕਿ ਸਾਰੀ ਦੁਨੀਆ ਇਮਾਨਦਾਰ ਹੋ ਜਾਵੇ, ਆਪ ਉਹ ਜੋ ਮਰਜ਼ੀ ਕਰੀ ਜਾਣ। ਅਸੀਂ ਅੱਜ ਇਹੋ ਜਿਹੇ ਹਾਲਾਤ ਕਰ ਲਏ ਹਨ ਕਿ ਅਸੀਂ ਦੂਸਰੇ ਦੇ ਭਲੇ ਲਈ ਸੋਚਣਾ ਵੀ ਛੱਡ ਦਿੱਤਾ ਹੈ। ਸਾਡਾ ਵਿਵਹਾਰ ਹੀ ਸਾਡੀ ਨਿਰਾਸ਼ਾ ਦਾ ਕਾਰਨ ਬਣ ਗਿਆ ਹੈ। ਅਸੀਂ ਸਮਾਜ ਦਾ ਹਿੱਸਾ ਬਣ ਕੇ ਨਹੀਂ ਜੀਅ ਰਹੇ, ਸਾਨੂੰ ਆਪੋਧਾਪੀ ਹੀ ਪਈ ਹੋਈ ਹੈ। ਇਸ ਸਾਰੇ 'ਚੋਂ ਕਦੋਂ ਨਿਕਲਾਂਗੇ, ਇਸ ਬਾਰੇ ਹਾਲੇ ਕੋਈ ਅੰਦਾਜ਼ਾ ਨਹੀਂ।


-ਮੋਬਾ: 98159-45018

ਕਿਸਾਨ ਭਰਾਵਾਂ ਨੂੰ ਅਪੀਲ

ਚਾਂਦੀ ਦੀਆਂ ਚੰਦ ਛਿੱਲੜਾਂ ਖ਼ਾਤਰ
ਮਾੜੀ ਪਾ ਲਈ ਰੀਤ ਅਸਾਂ ਨੇ।
ਕੀੜੇਮਾਰ ਤੇ ਖਾਦਾਂ ਪਾ ਕੇ
ਮਿੱਟੀ ਕਰੀ ਪਲੀਤ ਖਾਦਾਂ ਨੇ।
ਕੱਢ ਕੱਢ ਕੇ ਪਾਣੀ ਧਰਤੀ 'ਚੋਂ,
ਸੁੰਨੀ ਕੀਤੀ ਕੁੱਖ ਅਸਾਂ ਨੇ।
ਕੁਦਰਤ ਮਾਂ ਦੀ ਕਰ ਬੇਕਦਰੀ,
ਕਿਥੋਂ ਪਾਉਣੇ ਸੁੱਖ ਅਸਾਂ ਨੇ?
ਸੜੀ ਪਰਾਲੀ ਅੰਬਰ ਚੜ੍ਹਿਆ
ਉੱਖੜੇ ਸਾਹ ਤੇ ਅੰਦਰ ਸੜ੍ਹਿਆ।
ਸਾੜ ਕੇ ਮਿੱਤਰ ਕੀੜੇ ਯਾਰੋ,
ਆਪੇ ਕੀਤੀ ਭੁੱਲ ਅਸਾਂ ਨੇ।
ਲੈ ਕੇ ਕਣਕ-ਝੋਨੇ ਦੀ ਗੁੜ੍ਹਤੀ,
ਕੀਤੀ ਨਾਸ ਇਹ ਧਰਤ ਅਸਾਂ ਨੇ।
ਚੁਣ ਕੇ ਗ਼ਲਤ-ਮਲਤ ਸਰਕਾਰਾਂ,
ਕੀਤੀ ਖੇਤੀ ਗਰਕ ਅਸਾਂ ਨੇ।
ਜਾਗੋ ਵੀਰੋ ਹੁਣ ਤਾਂ ਜਾਗੋ
ਕਰਤੀ ਪਹਿਲਾਂ ਈ ਦੇਰ ਅਸਾਂ ਨੇ।
ਰੱਬ ਵੀ ਟੇਢਾ ਟੇਢਾ ਝਾਕੇ,
ਰੱਜ ਕੇ ਰੋਲੀ ਮਿਹਰ ਅਸਾਂ ਨੇ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)
ਮੋਬਾਈਲ : 97816-46008.

ਕਈ ਛੋਟੇ-ਛੋਟੇ ਧੰਦਿਆਂ ਨੂੰ ਖਾ ਗਿਆ ਖੇਤੀ ਦਾ ਮਸ਼ੀਨੀਕਰਨ

ਜਦੋਂ ਕੁਝ ਨਵਾਂ ਆਉਂਦਾ ਹੈ ਤਾਂ ਸੁਭਾਵਿਕ ਹੀ ਹੈ ਕਿ ਕਿੰਨਾ ਕੁਝ ਪੁਰਾਣਾ, ਸਮੇਂ ਦੀ ਗ਼ਰਦ ਹੇਠ ਬਹਿ ਜਾਂਦਾ ਹੈ। ਖੇਤੀਬਾੜੀ ਦੇ ਧੰਦੇ 'ਚ ਤੇਜ਼ੀ ਨਾਲ ਵਧਿਆ ਮਸ਼ੀਨੀਕਰਨ ਕਈ ਛੋਟੇ-ਛੋਟੇ ਧੰਦਿਆਂ ਨੂੰ ਖਾ ਗਿਆ। ਕਈ ਧੰਦਿਆਂ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ, ਇਉਂ ਲੱਗਣ ਲੱਗ ਪਿਆ ਹੈ ਕਿ ਜਿਵੇਂ ਇਹ ਧੰਦੇ ਕਦੇ ਹੁੰਦੇ ਹੀ ਨਹੀਂ ਸਨ। ਕਣਕ ਦੀ ਵਾਢੀ ਵੱਢਣ ਦਾ ਕੰਮ ਕਿਸੇ ਸਮੇਂ ਸਾਰੇ ਦਾ ਸਾਰਾ ਹੀ ਹੱਥੀਂ ਦਾਤੀ ਨਾਲ ਕੀਤਾ ਜਾਂਦਾ ਸੀ। ਇਹ ਕੰਮ ਕਿਸਾਨ, ਮਜ਼ਦੂਰ ਅਤੇ ਔਰਤਾਂ ਰਲ ਕੇ ਕਰਦੇ ਸਨ। ਵਾਢੀ ਦੇ ਕਈ ਦਿਨਾਂ ਤੱਕ ਚੱਲਣ ਵਾਲੇ ਕੰਮ ਨੂੰ ਬੰਦੇ ਇਕ ਦੂਜੇ ਨਾਲ ਲੱਗ ਕੇ ਵਾਰੋ-ਵਾਰੀ ਕਰ ਲੈਂਦੇ ਸਨ। ਇਸ ਨੂੰ 'ਵਿੜ੍ਹੀ' ਆਖਿਆ ਜਾਂਦਾ ਸੀ। ਵਾਢੀ ਲਈ 'ਮੰਗ' ਪਾਉਣ ਦਾ ਰਿਵਾਜ ਵੀ ਹੁੰਦਾ ਸੀ। ਕਣਕ ਦੀ ਕਢਾਈ ਲਈ ਮਨੁੱਖਾਂ ਦੁਆਰਾ ਪਸ਼ੂਆਂ ਦੀ ਵੀ ਮੱਦਦ ਲਈ ਜਾਂਦੀ ਸੀ। ਵਾਢੀ ਦੇ ਕੰਮ ਦਾ ਜਦ ਮਸ਼ੀਨੀਕਰਨ ਹੋਇਆ ਤਾਂ ਪਹਿਲਾਂ ਲੋਹੇ ਦੀ ਬਣੀ ਡਰੰਮੀ ਆਈ। ਇਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਕਿਉਂ ਜੋ ਕਣਕ ਦੀ ਕਢਾਈ ਦਾ ਕੰਮ ਹੱਥਾਂ ਦੀ ਬਜਾਏ ਕੁਝ ਕੁ-ਸੁਖਾਲਾ ਹੋ ਗਿਆ ਸੀ। ਵਾਢੀ ਲਈ ਲੋਕ ਦਾਤੀਆਂ ਦਾ ਦੰਦੇ ਕਢਵਾ ਕੇ ਲਿਆਉਂਦੇ। ਆਮ ਕਰਕੇ ਪਿੰਡਾਂ 'ਚ ਇਹ ਕੰਮ ਮਿਸਤਰੀ ਬਰਾਦਰੀ ਦੇ ਪਰਿਵਾਰ ਕਰਦੇ ਸਨ। ਮਿਸਤਰੀਆਂ ਨਾਲ ਕਿਸਾਨਾਂ ਦੀ ਸੇਪੀ ਹੁੰਦੀ ਸੀ। ਹਾੜ੍ਹੀ-ਸੌਣੀ ਉਨ੍ਹਾਂ ਨੂੰ ਕੰਮ ਕਰਨ ਦੇ ਬਦਲੇ ਵਿਚ ਦਾਣੇ ਦਿੱਤੇ ਜਾਂਦੇ ਸਨ।
ਫ਼ਿਰ ਇਕ ਸਮਾਂ ਅਜਿਹਾ ਆਇਆ ਜਦ ਕਿਸਾਨਾਂ ਨੇ ਹੱਥੀਂ ਵਾਢੀ ਵੱਢਣ ਦਾ ਕੰਮ ਪੇਂਡੂ ਖੇਤ ਮਜ਼ਦੂਰਾਂ ਦੇ ਆਸਰੇ ਛੱਡ ਦਿੱਤਾ। ਮਜ਼ਦੂਰ ਆਪਣੀਆਂ ਔਰਤਾਂ, ਬੱਚਿਆਂ ਸਮੇਤ ਠੇਕੇ 'ਤੇ ਵਾਢੀ ਕਰਨ ਲੱਗ ਪਏ। ਇਨ੍ਹਾਂ ਨੂੰ ਮਿਹਨਤਾਨੇ ਵਜੋਂ ਕਣਕ ਅਤੇ ਤੂੜੀ ਦਿੱਤੀ ਜਾਣ ਲੱਗੀ। ਵਾਢੀ ਲਈ ਜਦ ਥਰੈਸ਼ਰ (ਇਸਨੂੰ ਮਾਲਵੇ 'ਚ ਹੜੰਬਾ ਵੀ ਕਹਿਦੇ ਸਨ) ਆਇਆ ਤਾਂ ਸ਼ਹਿਰਾਂ 'ਚ ਦੰਦੇ ਕੱਢਣ ਵਾਲੀਆਂ ਦੁਕਾਨਾਂ ਖੁੱਲ੍ਹ ਗਈਆਂ। ਇਨ੍ਹਾਂ ਤੋਂ ਮਜ਼ਦੂਰ ਆਪਣੀਆਂ ਦਾਤੀਆਂ ਦੇ ਦੰਦੇ ਕਢਵਾਉਂਦੇ।
ਖੇਤੀ ਦੇ ਧੰਦੇ 'ਚ ਜਦ ਤੁੂੜੀ ਬਣਾਉਣ ਵਾਲਾ ਰੀਪਰ ਆਇਆ ਤਾਂ ਕਿਸਾਨਾਂ ਦੀ ਪਹਿਲੀ ਪਸੰਦ ਕੰਬਾਈਨਾਂ ਅਤੇ ਰੀਪਰ ਬਣ ਗਏ। ਦੰਦੇ ਕੱਢਣ ਅਤੇ ਥਰੈਸ਼ਰ ਦਾ ਧੰਦਾ ਹੌਲੀ-ਹੌਲੀ ਖ਼ਤਮ ਹੋ ਗਿਆ। ਇਵੇਂ ਹੀ ਪਿੰਡਾਂ 'ਚ ਥਾਂ ਪੁਰ ਥਾਂ ਜਾ ਕੇ ਗੱਡੀਆਂ ਵਾਲੇ ਜੋ ਕਿ ਹੱਥੀਂ ਲੋਹੇ ਦਾ ਕੰਮ ਕਰਨ ਅਤੇ ਸੰਦ ਬਣਾਉਣ ਲਈ ਮਾਹਿਰ ਹੁੰਦੇ ਸਨ। ਉਨ੍ਹਾਂ ਕੋਲੋਂ ਕਿਸਾਨ ਵਿਹਲੇ ਸੀਜ਼ਨ 'ਚ ਕਈ ਤਰ੍ਹਾਂ ਦੇ ਸੰਦ ਬੜੇ ਚਾਅ ਨਾਲ ਬਣਵਾਉਂਦੇ ਅਤੇ ਖੇਤੀ ਕੰਮਾਂ 'ਚ ਵਰਤਣ ਸਮੇਂ ਮਾਣ ਮਹਿਸੂਸ ਕਰਦੇ ਸਨ। ਖੇਤੀ ਦੇ ਕੰਮਾਂ ਲਈ ਵਰਤੇ ਜਾਂਦੇ ਬਲਦ ਜੋ ਕਿ ਗੱਡੀਆਂ ਵਾਲਿਆਂ ਸਮੇਤ ਕਈ ਹੋਰਨਾਂ ਲੋਕਾਂ ਦਾ ਵਪਾਰ ਦਾ ਪ੍ਰਮੁੱਖ ਸਾਧਨ ਹੁੰਦਾ ਸੀ, ਖੇਤੀ ਦਾ ਮਸ਼ੀਨੀਕਰਨ ਹੋਣ ਉਪਰੰਤ ਬਲਦਾਂ ਦੀ ਲੋੜ ਨਹੀਂ ਰਹੀ ਅਤੇ ਇਹ ਵਪਾਰ ਖ਼ਤਮ ਹੋ ਗਿਆ। ਖੇਤ 'ਚੋਂ ਪੱਠੇ-ਨੀਰੇ ਲਿਆਉਣ ਲਈ ਇਕ ਬਲਦ ਵਾਲੀਆਂ ਗੱਡੀਆਂ ਪੰਜਾਬ ਦੇ ਹਰ ਸ਼ਹਿਰ ਕਸਬੇ 'ਚ ਤਿਆਰ ਹੁੰਦੀਆਂ ਸਨ। ਹੁਣ ਲੋਕ ਉਸਦਾ ਵੀ ਖਹਿੜਾ ਛੱਡਦੇ ਜਾ ਰਹੇ ਹਨ ਅਤੇ ਕਈਆਂ ਨੇ ਤਾਂ ਮੋਟਰਸਾਈਕਲਾਂ ਦੇ ਪਿੱਛੇ ਹੁੱਕ ਲਗਵਾ ਕੇ ਲੋਹੇ ਦੀਆਂ ਛੋਟਆਂ ਰੇਹੜੀਆਂ ਬਣਵਾ ਲਈਆਂ ਹਨ। ਉਨ੍ਹਾਂ ਨੇ ਤਾਂ ਇਕ ਬਲਦ ਰੱਖਣ ਦਾ ਵੀ ਖਹਿੜਾ ਛੱਡ ਦਿੱਤਾ ਹੈ।
ਇਉਂ ਖੇਤੀਬਾੜੀ 'ਚ ਆਈ ਨਵੀਂ ਤਕਨੀਕ ਅਤੇ ਵਧਦੇ ਮਸ਼ੀਨੀਕਰਨ ਕਰਕੇ ਜਿੱਥੇ ਨਵੇਂ ਲੋਕਾਂ ਲਈ ਕੰਮ ਕਰਨ ਦਾ ਵਸੀਲਾ ਪੈਦਾ ਹੁੰਦਾ ਹੈ, ਉਥੇ ਇਸ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਵੀ ਬਣ ਗਏ ਹਨ। ਹੋਰ ਤਾਂ ਹੋਰ ਵਧਦੇ ਮਸ਼ੀਨੀਕਰਨ ਅਤੇ ਕੀੜੇਮਾਰ ਦਵਾਈਆਂ ਦੀ ਆਮਦ ਨੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਵਿਹਲੇ ਕਰ ਦਿੱਤਾ ਹੈ। ਉਨ੍ਹਾਂ ਕੋਲ ਕੇਵਲ ਝੋਨਾ ਲਾਉਣ ਅਤੇ ਨਰਮਾ ਚੁਗਣ ਦਾ ਕੰਮ ਹੀ ਬਚਿਆ ਹੈ ਅਤੇ ਉਹ ਵੀ ਮਹਿਜ਼ ਕੁਝ ਕੁ ਦਿਨਾਂ ਦਾ ਹੁੰਦਾ ਹੈ।


-ਪਿੰਡ : ਸਿਰਸੜੀ, ਨੇੜੇ : ਕੋਟਕਪੂਰਾ, ਫ਼ਰੀਦਕੋਟ-151207. ਮੋਬਾਈਲ : 98156-59110

ਵਿਰਸੇ ਦੀਆਂ ਬਾਤਾਂ

ਨਾ ਕਿਤੇ ਘੜਾ ਵੱਜਦਾ, ਨਾ ਹੀ ਘੜੋਲੀ

ਲੋਕ ਗੀਤ ਭੁੱਲੀਆਂ-ਵਿੱਸਰੀਆਂ ਚੀਜ਼ਾਂ ਦਾ ਚੇਤਾ ਕਰਾ ਜਾਂਦੇ ਹਨ। ਰੇਲ ਵਾਂਗ ਦੌੜ ਰਹੀ ਜ਼ਿੰਦਗੀ ਵਿਚ ਜਦੋਂ ਪਿਛਲਝਾਤ ਮਾਰਨ ਦੀ ਵਿਹਲ ਹੀ ਨਹੀਂ ਤਾਂ ਵਿਰਾਸਤੀ ਰੰਗ ਮਾਨਣ ਲਈ ਗੀਤਾਂ ਦੇ ਨਮੂਨੇ ਸੁਣਨੇ ਚੰਗੇ ਲਗਦੇ ਹਨ। ਇਹ ਨਮੂਨੇ ਦੱਸਦੇ ਸਨ ਕਿ ਸਾਡੀ ਜ਼ਿੰਦਗੀ ਕੀ ਸੀ ਤੇ ਕੀ ਬਣ ਗਈ? ਖਾਣ-ਪੀਣ, ਪਹਿਨਣ-ਪਚਰਣ, ਕੰਮ-ਧੰਦੇ, ਸੁਭਾਅ, ਚਾਅ, ਮਨੋਰੰਜਨ ਸਭ ਕੁਝ ਅਜਿਹਾ ਸੀ ਕਿ ਜ਼ਿੰਦਗੀ ਹਰ ਪਲ ਖੁਸ਼ਹਾਲ ਲੱਗਦੀ ਸੀ, ਹੁਣ ਹਰ ਚੀਜ਼ ਵਿਚ ਤੜਕ-ਭੜਕ ਹੈ, ਆਧੁਨਿਕਤਾ ਦਾ ਸਾਥ ਹੈ, ਪਰ ਅੰਦਰਲੀ ਖੁਸ਼ੀ ਨੱਠ ਗਈ ਹੈ।
ਇਸ ਤਸਵੀਰ ਨੂੰ ਗੌਰ ਨਾਲ ਦੇਖੋ। ਇਹ ਮੁਟਿਆਰ ਖੇਤੀਬਾੜੀ ਯੂਨੀਵਰਸਿਟੀ ਵਿਚ ਹੋਏ ਮੇਲੇ ਵਿਚ ਘੜਾ ਵਜਾ ਰਹੀ ਹੈ। ਜਗਮੋਹਣ ਕੌਰ ਦੇ ਗੀਤ ਦੇ ਬੋਲ ਚੇਤੇ ਆ ਜਾਂਦੇ ਹਨ, 'ਘੜਾ ਵੱਜਦਾ, ਘੜੋਲੀ ਵੱਜਦੀ, ਕਿਸੇ ਗਾਗਰ ਵੱਜਦੀ ਸੁਣ ਮੁੰੰਡਿਆ।' ਹੁਣ ਨਾ ਕਿਤੇ ਘੜਾ ਵੱਜਦਾ, ਨਾ ਕਿਤੇ ਗਾਗਰ। ਗਾਗਰਾਂ, ਘੜਿਆਂ ਦੀ ਥਾਂ ਕੰਨ ਪਾੜਨ ਵਾਲਾ ਹੋਰ ਬੜਾ ਕੁਝ ਆ ਗਿਆ।
ਸੱਭਿਆਚਾਰ ਦੇ ਦਰਸ਼ਨ ਹੁਣ ਸਿਰਫ਼ ਸਟੇਜਾਂ 'ਤੇ ਹੁੰਦੇ ਹਨ ਜਾਂ ਕੋਈ ਵਿਰਲਾ-ਟਾਵਾਂ ਅਤੀਤ ਨੂੰ ਸਾਕਾਰ ਕਰਨ ਦਾ ਚਾਹਵਾਨ ਨਿੱਜੀ ਸਮਾਗਮ ਵਿਚ ਇਹੋ ਜਿਹੀਆਂ ਝਲਕਾਂ ਦੀ ਪੇਸ਼ਕਾਰੀ ਕਰਾ ਛੱਡਦਾ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਮੰਚਾਂ ਤੋਂ ਜਿੰਨਾ ਕੁ ਉੱਦਮ ਬੀਤੇ ਵੱਲ ਝਾਤ ਮਰਾਉਣ ਲਈ ਕੀਤਾ ਜਾਂਦਾ, ਉਸੇ ਨੂੰ ਸਲਾਮ ਕਰਨ ਨੂੰ ਜੀਅ ਕਰਦਾ।
ਪਿਛਲੇ ਦਿਨੀਂ ਮੈਰਿਜ ਪੈਲਿਸ ਦੇ ਮੰਚ 'ਤੇ ਗਾਣੇ 'ਤੇ ਚਰਖਾ ਕੱਤਦੀਆਂ ਕੁੜੀਆਂ ਦੇਖੀਆਂ। ਚਰਖੇ ਦੇ ਨਾ ਤੱਕਲਾ ਸੀ, ਨਾ ਮਾਲ੍ਹ, ਨਾ ਚਰਮਖ, ਨਾ ਕੁਝ ਹੋਰ। ਉਹ ਸਿਰਫ਼ ਦਿਖਾਵਾ ਕਰ ਰਹੀਆਂ ਸਨ। ਪ੍ਰੋਗਰਾਮ ਸਮਾਪਤੀ ਮਗਰੋਂ ਇਕ ਬੀਬੀ ਨੂੰ ਮੈਂ ਪੁੱਛ ਲਿਆ, 'ਚਰਮਖ ਕੀ ਹੁੰਦੀ?'
ਕਹਿੰਦੀ, 'ਪਤਾ ਨਹੀਂ?'
ਮੈਂ ਕਿਹਾ, 'ਉਹ ਚਰਖੇ ਦਾ ਕਿਹੜਾ ਅੰਗ ਹੈ, ਇਹ ਤਾਂ ਪਤਾ ਹੋਊ?'
ਉਹਨੇ ਨਾਂਹ ਵਿਚ ਸਿਰ ਹਿਲਾਇਆ।
ਵਕਤ ਸੱਚੀਂ ਬਹੁਤ ਬਦਲ ਗਿਆ। ਬੀਤੇ ਦੀਆਂ ਨਿਸ਼ਾਨੀਆਂ ਨੂੰ ਸੰਭਾਲਣਾ ਤਾਂ ਦੂਰ, ਸਮਝਣਾ ਵੀ ਹਰ ਕਿਸੇ ਦੇ ਹਿੱਸੇ ਨਹੀਂ ਰਿਹਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX