ਤਾਜਾ ਖ਼ਬਰਾਂ


ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ
. . .  3 minutes ago
ਭੋਗਪੁਰ, 16 ਜੂਨ (ਕੁਲਦੀਪ ਸਿੰਘ ਪਾਬਲਾ)- ਇੱਥੋਂ ਥੋੜੀ ਦੂਰ ਗੁਰਦੁਆਰਾ ਬਾਬਾ ਗੋਬਿੰਦ ਦਾਸ ਪਿੰਡ ਸੁਦਾਣਾ ਵਿਖੇ ਬਿਜਲੀ ਇਨਵਰਟਰ ਸ਼ਾਟ ਹੋਣ ਕਾਰਣ ਵਾਪਰੇ ਅੱਗ ਹਾਦਸੇ 'ਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਪਾਲਕੀ ਸਾਹਿਬ ਅਗਨ ਭੇਂਟ ਹੋ ...
ਮੁਜ਼ੱਫਰਪੁਰ ਦੇ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਹਰਸ਼ਵਰਧਨ
. . .  14 minutes ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ੱਫਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ 84 ਹੋ ਗਈ ਹੈ। ਇਸ ਦੌਰਾਨ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਮੀਖਿਆ ...
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 84
. . .  31 minutes ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ਫੱਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਇਸ ਬੁਖ਼ਾਰ ਨਾਲ 84 ਬੱਚਿਆ ਦੀ ਮੌਤ ਹੋ ਚੁੱਕੀ....
ਜਲਦ ਬਣੇਗਾ ਰਾਮ ਮੰਦਿਰ- ਊਧਵ ਠਾਕਰੇ
. . .  42 minutes ago
ਲਖਨਊ, 16 ਜੂਨ- ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਨਾਲ ਪਾਰਟੀ ਦੇ 18 ਸੰਸਦ ਮੈਂਬਰ ਭਗਵਾਨ ਰਾਮ ਦੇ ਦਰਸ਼ਨ ਕਰਨ ਅਯੁੱਧਿਆ ਪਹੁੰਚੇ। ਇਸ ਮੌਕੇ ਊਧਵ ਠਾਕਰੇ ਦੇ ਨਾਲ ਉਨ੍ਹਾਂ ਦੇ ਬੇਟੇ ਅਦਿੱਤਿਆ ਠਾਕਰੇ ਵੀ ਮੌਜੂਦ ਸਨ। ਅਯੁੱਧਿਆ 'ਚ ਰਾਮਲਲਾ ਦੇ ਦਰਸ਼ਨ ....
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਪਾਦਰੀ ਦਾ ਕਤਲ
. . .  58 minutes ago
ਅਟਾਰੀ, 16 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਸਰਹੱਦੀ ਪਿੰਡ ਮੋਦੇ ਵਿਖੇ ਇੱਕ ਪਾਦਰੀ ਦਾ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਤਰਨ ਤਾਰਨ ਵਿਖੇ ਰਹਿ ਰਹੇ ਪਾਦਰੀ ਨਰਿੰਦਰ ਸਿੰਘ ਦੇ ਪਿੰਡ ਮੋਦੇ ਦੀ ਇੱਕ ਔਰਤ ਨਾਲ ....
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
. . .  about 1 hour ago
ਖਡੂਰ ਸਾਹਿਬ, 16 ਜੂਨ (ਰਸ਼ਪਾਲ ਸਿੰਘ ਕੁਲਾਰ)- ਪਾਵਰਕਾਮ ਦੇ 66 ਕੇ. ਵੀ. ਸਬ ਸਟੇਸ਼ਨ ਖਡੂਰ ਸਾਹਿਬ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਪਾਵਰਕਾਮ ਦਫ਼ਤਰ ਖਡੂਰ ਸਾਹਿਬ ਦੇ ਜੇ...
ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 1 hour ago
ਨਵੀਂ ਦਿੱਲੀ, 16 ਜੂਨ- 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਕੱਲ੍ਹ ਭਾਵ ਕਿ 17 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਸਮਾਜਵਾਦੀ ਪਾਰਟੀ...
ਬਿਹਾਰ ਦੇ ਗਯਾ 'ਚ ਲੂ ਲੱਗਣ ਕਾਰਨ ਹੋਈਆਂ ਮੌਤਾਂ 'ਤੇ ਸਿਹਤ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 1 hour ago
ਪਟਨਾ, 16 ਜੂਨ- ਬਿਹਾਰ ਦੇ ਗਯਾ ਜ਼ਿਲ੍ਹੇ 'ਚ ਲੂ ਲੱਗਣ ਕਾਰਨ ਹੋਈ 12 ਲੋਕਾਂ ਦੀ ਮੌਤ 'ਤੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਗਯਾ 'ਚ ਲੂ ਲੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਹ ਬਹੁਤ ਦੁੱਖ ਦੀ...
ਹਵਾ 'ਚ ਟਕਰਾਏ ਦੋ ਜਹਾਜ਼, ਪਾਇਲਟਾਂ ਦੀ ਮੌਤ
. . .  about 1 hour ago
ਵੈਲਿੰਗਟਨ, 16 ਜੂਨ- ਨਿਊਜ਼ੀਲੈਂਡ ਦੇ ਮਾਸਟਰਟੋਨ ਸ਼ਹਿਰ 'ਚ ਅੱਜ ਹੁੱਡਾ ਏਅਰੋਡਰੋਮ ਦੇ ਨੇੜੇ ਦੋ ਛੋਟੇ ਜਹਾਜ਼ਾਂ ਦੀ ਹਵਾ 'ਚ ਟੱਕਰ ਹੋ ਗਈ। ਇਸ ਹਾਦਸੇ 'ਚ ਦੋਹਾਂ ਜਹਾਜ਼ਾਂ ਦੇ ਪਾਇਲਟਾਂ ਦੀ ਮੌਤ ਹੋ ਗਈ। ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਟੱਕਰ ਤੋਂ...
ਭਾਰਤ-ਪਾਕਿ ਵਿਚਾਲੇ ਮਹਾਂਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  about 1 hour ago
ਨਵੀਂ ਦਿੱਲੀ, 16 ਜੂਨ- ਬ੍ਰਿਟੇਨ ਦੇ ਉਦਯੋਗਿਕ ਸ਼ਹਿਰ ਮੈਨਚੈਸਟਰ 'ਚ ਅੱਜ ਆਸਮਾਨ 'ਚ ਬੱਦਲਾਂ ਦਾ ਡੇਰਾ ਹੈ। ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਅੱਜ ਇੱਥੋਂ ਦੇ ਓਲਡ ਟਰੈਫੋਰਡ ਸਟੇਡੀਅਮ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ...
ਹੋਰ ਖ਼ਬਰਾਂ..

ਖੇਡ ਜਗਤ

'ਖੇਡੋ ਪੰਜਾਬ' ਨੀਤੀ ਬਦਲ ਸਕਦੀ ਹੈ ਸਕੂਲੀ ਖੇਡਾਂ ਦੀ ਦਸ਼ਾ

ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਪਿਛਲੇ ਵਰ੍ਹੇ 'ਖੇਡੋ ਪੰਜਾਬ' ਬੈਨਰ ਹੇਠ ਪਾੜ੍ਹਿਆਂ ਲਈ ਇਕ ਨਵੀਂ ਖੇਡ ਨੀਤੀ ਤਿਆਰ ਕੀਤੀ ਹੈ। ਇਸ ਨੀਤੀ ਦਾ ਉਦੇਸ਼ ਜਿੱਥੇ ਰਾਜ ਦੇ ਸਕੂਲਾਂ 'ਚੋਂ ਚੰਗੇ ਖਿਡਾਰੀ ਪੈਦਾ ਕਰਨਾ ਹੈ, ਉੱਥੇ ਸੂਬੇ 'ਚ ਖੇਡ ਸੱਭਿਆਚਾਰ ਪੈਦਾ ਕਰਨਾ ਵੀ ਹੈ। ਇਸ ਨੀਤੀ ਤਹਿਤ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਖੇਡ ਨਾਲ ਜੋੜ ਕੇ, ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਉਕਤ ਨੀਤੀ ਅਨੁਸਾਰ ਜੇਕਰ ਵੱਡੀ ਗਿਣਤੀ 'ਚ ਖਿਡਾਰੀ ਖੈਡਣ ਲੱਗਣਗੇੇ ਤਾਂ ਉਨ੍ਹਾਂ 'ਚੋਂ ਜ਼ਰੂਰ ਵੱਡੇ ਖਿਡਾਰੀ ਵੀ ਪੈਦਾ ਹੋਣਗੇ। ਸਕੂਲ ਸਿੱਖਿਆ ਵਿਭਾਗ ਨੇ ਇਕ ਵਧੀਆ ਤੇ ਉਸਾਰੂ ਪਹੁੰਚ ਵਾਲੀ ਖੇਡ ਨੀਤੀ ਬਣਾ ਦਿੱਤੀ ਹੈ, ਜਿਸ ਨੂੰ ਜਿੰਨੀ ਸੰਜੀਦਗੀ ਨਾਲ ਲਾਗੂ ਕੀਤਾ ਜਾਵੇਗਾ, ਓਨੇ ਹੀ ਵਧੀਆ ਨਤੀਜੇ ਸਾਹਮਣੇ ਆਉਣਗੇ।
ਖੇਡਾਂ ਦੀ ਵਿਦਿਆਰਥੀਆਂ ਦੇ ਜੀਵਨ ਵਿਚ ਅਹਿਮ ਭੂਮਿਕਾ ਹੈ। ਇਹ ਵਿਦਿਆਰਥੀਆਂ ਦੀ ਵਾਧੂ ਊਰਜਾ ਨੂੰ ਸਾਰਥਕ ਦਿਸ਼ਾ ਵਿਚ ਲਗਾ ਕੇ ਇਕ ਸੂਝਵਾਨ ਇਨਸਾਨ ਬਣਨ ਵਿਚ ਮਦਦਗਾਰ ਹੁੰਦੀਆਂ ਹਨ, ਜਿਸ ਨਾਲ ਇਕ ਉਸਾਰੂ ਅਤੇ ਨਰੋਏ ਸਮਾਜ ਦੀ ਸਿਰਜਣਾ ਹੁੰਦੀ ਹੈ। ਇਸੇ ਧਾਰਨਾ 'ਤੇ ਚਲਦਿਆਂ ਸਿੱਖਿਆ ਵਿਭਾਗ ਪੰਜਾਬ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੁਝ ਸਮਾਂ ਪਹਿਲਾਂ ਉਪਰਾਲੇ ਆਰੰਭ ਕੀਤੇ ਹਨ। ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਲਈ 'ਖੇਡੋ ਪੰਜਾਬ' ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਦਾ ਸਰੀਰਕ, ਬੌਧਿਕ ਅਤੇ ਮਾਨਸਿਕ ਵਿਕਾਸ ਵੀ ਹੋ ਸਕੇ। ਇਸ ਨੀਤੀ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਉਲੰਪਿਕ ਲਹਿਰ ਦੀਆਂ ਖੇਡਾਂ ਨਾਲ ਜੋੜਨ ਦੀ ਪ੍ਰਕਿਰਿਆ ਦੇ ਸਮਾਂਤਰ, ਪੰਜਾਬ ਦੀਆਂ ਵਿਰਾਸਤੀ ਖੇਡਾਂ ਨਾਲ ਜੋੜਨਾ ਵੀ ਹੈ। ਇਸ ਮੁਹਿੰਮ ਸਦਕਾ ਪਿਛਲੇ ਸਾਲ ਦੌਰਾਨ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੁਆਰਾ ਸ਼ਾਨਦਾਰ ਮੱਲਾਂ ਮਾਰੀਆਂ ਹਨ। ਸਾਲ 2018-19 ਦੀਆਂ ਕੌਮੀ ਸਕੂਲ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਨਾਲੋਂ ਬਿਹਤਰੀਨ ਕਾਰਗੁਜ਼ਾਰੀ ਦਿਖਾਈ ਹੈ। ਅੰਕੜੇ ਦਰਸਾੳਂਦੇ ਹਨ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਦੇ ਖਿਡਾਰੀਆਂ ਨੇ ਤਗਮੇ ਜਿੱਤਣ ਦੇ ਮਾਮਲੇ 'ਚ 2018-19 'ਚਲਗਪਗ 23 ਫ਼ੀਸਦੀ ਵਾਧਾ ਕੀਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਖੇਡੋ ਪੰਜਾਬ' ਨੀਤੀ ਆਉਣ ਵਾਲੇ ਸਮੇਂ 'ਚ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਦਾ ਗ੍ਰਾਫ ਹੋਰ ਉੱਚਾ ਲਿਜਾਏਗੀ।
ਇਸ ਨੀਤੀ ਅਨੁਸਾਰ ਰਾਜ ਦੇ ਸਰੀਰਕ ਸਿੱਖਿਆ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਕੂਲਾਂ 'ਚ ਉਪਲਬਧ ਮੈਦਾਨਾਂ ਅਨੁਸਾਰ ਵਿਦਿਆਰਥੀ ਨੂੰ ਖਿਡਾਉਣ ਲਈ ਯਤਨ ਕਰਨ। ਸਭ ਤੋਂ ਪਹਿਲਾ ਕਾਰਜ ਸਾਰੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾਵੇ ਅਤੇ ਫਿਰ ਉਨ੍ਹਾਂ 'ਚੋਂ ਉੱਚ ਕੋਟੀ ਦੇ ਖਿਡਾਰੀ ਬਣਨ ਦੇ ਸਮਰੱਥ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਸਕੂਲ ਮੁਖੀਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਮੋਹਰੀ ਸ਼ਖ਼ਸੀਅਤਾਂ ਨੂੰ ਖੇਡ ਸਮਾਗਮਾਂ 'ਤੇ ਬੁਲਾਇਆ ਜਾਵੇ ਅਤੇ ਉਨ੍ਹਾਂ ਤੋਂ ਖਿਡਾਰੀਆਂ ਦਾ ਸਨਮਾਨ ਕਰਵਾਇਆ ਜਾਵੇ, ਜਿਸ ਨਾਲ ਖਿਡਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਮਹਿਮਾਨ ਸ਼ਖ਼ਸੀਅਤਾਂ ਖੇਡਾਂ ਦੇ ਵਿਕਾਸ ਲਈ ਸਹਿਯੋਗ ਵੀ ਦੇਣਗੀਆਂ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਨਰਸਰੀ ਪੱਧਰ ਤੋਂ ਹੀ ਮਨੋਰੰਜਕ ਕਿਰਿਆਵਾਂ ਰਾਹੀਂ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣਾ ਹੈ। ਇਸ ਦੇ ਨਾਲ ਹੀ ਸੂਬੇ 'ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਕੂਲੀ ਵਿਦਿਆਰਥੀਆਂ ਜ਼ਰੀਏ ਇਕ ਲਹਿਰ ਖੜ੍ਹੀ ਕਰਨਾ ਵੀ ਹੈ। ਇਸ ਨੀਤੀ ਰਾਹੀਂ ਰਾਜ ਦੀਆਂ ਖੇਡ ਪ੍ਰਾਪਤੀਆਂ ਦਾ ਗ੍ਰਾਫ ਆਪਣੇ-ਆਪ ਹੀ ਉੱਚਾ ਉੱਠਣਾ ਸ਼ੁਰੂ ਹੋ ਗਿਆ ਹੈ ਅਤੇ ਬਿਹਤਰ ਨਤੀਜੇ ਆਉਣ ਲੱਗ ਗਏ ਹਨ। ਰਾਜ ਦੀ ਖੇਡ ਨੀਤੀ ਦੇ ਸਿਰਜਕਾਂ 'ਚ ਸ਼ਾਮਲ ਲੈਕਚਰਾਰ ਦਲਜੀਤ ਸਿੰਘ ਘਨੌਰ ਦਾ ਕਹਿਣਾ ਹੈ ਕਿ ਖੇਡੋ ਪੰਜਾਬ ਨੀਤੀ 'ਚ ਹਰੇਕ ਉਮਰ ਵਰਗ ਦੇ ਖਿਡਾਰੀਆਂ ਲਈ ਵੱਖ-ਵੱਖ ਖੇਡਾਂ ਰੱਖੀਆਂ ਗਈਆਂ ਹਨ। ਖਾਸ ਤੌਰ 'ਤੇ ਪ੍ਰਾਇਮਰੀ ਪੱਧਰ ਤੋਂ ਹੀ ਖੇਡ ਪ੍ਰਤਿਭਾ ਨੂੰ ਚੁਣਨ ਤੇ ਤਰਾਸ਼ਣ ਲਈ ਇਸ ਨੀਤੀ 'ਚ ਮੱਦਾਂ ਸ਼ਾਮਲ ਕੀਤੀਆਂ ਗਈਆਂ ਹਨ। ਲੋੜ ਸਿਰਫ ਇਮਾਨਦਾਰੀ ਨਾਲ ਯਤਨ ਕਰਨ ਦੀ ਹੈ, ਨਤੀਜੇ ਆਪਣੇ-ਆਪ ਸਾਹਮਣੇ ਆ ਜਾਣਗੇ।

-ਪਟਿਆਲਾ। ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਵਿਸ਼ਵ ਕੱਪ ਕ੍ਰਿਕਟ ਵਿਚ ਕੈਚ

ਹੱਥ ਆ ਗਿਆ ਤਾਂ ਸੋਨਾ, ਨਹੀਂ ਤਾਂ ਮਿੱਟੀ!

1983 ਦੇ ਵਿਸ਼ਵ ਕੱਪ ਫਾਈਨਲ ਵਿਚ ਭਾਰਤ ਨੇ ਲਗਾਤਾਰ ਦੋ ਵਾਰ ਚੈਂਪੀਅਨ ਰਹਿ ਚੁੱਕੀ ਵੈਸਟਇੰਡੀਜ਼ ਟੀਮ ਸਾਹਮਣੇ 60 ਓਵਰਾਂ (ਉਦੋਂ ਇਕ ਦਿਨਾ ਮੈਚ 60 ਓਵਰ ਦੇ ਹੁੰਦੇ ਸਨ, 50 ਓਵਰ ਦੇ ਨਹੀਂ) ਵਿਚ ਸਿਰਫ਼ 183 ਦੌੜਾਂ ਦਾ ਟੀਚਾ ਰੱਖਿਆ ਸੀ। ਵਿਵਿਯਨ ਰਿਚਰਡਜ਼ ਇਸ ਮੂਡ ਵਿਚ ਬੱਲੇਬਾਜ਼ੀ ਕਰਨ ਆਏ ਸਨ ਕਿ 5-10 ਓਵਰ ਵਿਚ ਹੀ ਮੈਚ ਖ਼ਤਮ ਕਰ ਦੇਣਗੇ। ਇਸੇ ਮੂਡ ਵਿਚ ਉਨ੍ਹਾਂ ਨੇ ਮਿਡ ਵਿਕਟ ਵਲੋਂ ਲਾਫਟੇਡ ਪੁਲ ਖੇਡਿਆ... ਭਾਰਤੀ ਕਪਤਾਨ ਕਪਿਲ ਦੇਵ ਆਪਣੇ ਪਿੱਛਲੇ ਪਾਸਿਓਂ ਲਗਪਗ 20 ਗਜ਼ ਤੇਜ਼ੀ ਨਾਲ ਦੌੜੇ ਅਤੇ ਉਨ੍ਹਾਂ ਨੇ ਇਕ ਸ਼ਾਨਦਾਰ ਤੇ ਯਾਦਗਾਰ ਕੈਚ ਫੜਿਆ। ਇਸ ਤੋਂ ਬਾਅਦ ਕੀ ਹੋਇਆ, ਹਰ ਕੋਈ ਜਾਣਦਾ ਹੈ-ਵੈਸਟਇੰਡੀਜ਼ ਫਾਈਨਲ ਹਾਰ ਗਈ ਭਾਰਤ ਚੈਂਪੀਅਨ ਬਣ ਗਿਆ।
ਹੁਣ 1999 ਦੇ ਵਿਸ਼ਵ ਕੱਪ ਸੈਮੀ ਫਾਈਨਲ ਦੀ ਗੱਲ ਕਰਦੇ ਹਾਂ-ਆਸਟ੍ਰੇਲੀਆ ਦੇ ਸਟੀਵ ਵਾਅ ਦੇ ਬੱਲੇ ਤੋਂ ਲੱਗ ਕੇ ਗੇਂਦ ਸਕਵਾਇਰ ਲੈੱਗ ਅੰਪਾਇਰ ਵੱਲ ਗਈ, ਜਿਥੇ ਖੜ੍ਹੇ ਦੱਖਣੀ ਅਫਰੀਕਾ ਦੇ ਹਰਸ਼ੇਲ ਗਿੱਬਸ, ਜੋ ਸ਼ਾਨਦਾਰ ਫੀਲਡਰ ਸਨ, ਇਕ ਸੌਖਾ ਜਿਹਾ ਕੈਚ ਸੁੱਟ ਬੈਠੇ। ਇਸ ਤੋਂ ਬਾਅਦ ਵਾਅ ਗਿੱਬਸ ਦੇ ਕੋਲ ਗਏ ਅਤੇ ਬੋਲੇ, 'ਬ੍ਰੋ, ਤੂੰ ਕੈਚ ਨਹੀਂ ਵਿਸ਼ਵ ਕੱਪ ਸੁੱਟ ਦਿੱਤਾ ਹੈ।' ਸੱਚਮੁੱਚ ਇਹੀ ਹੋਇਆ। ਦੱਖਣੀ ਅਫਰੀਕਾ ਮੈਚ ਹਾਰ ਗਈ। ਆਸਟ੍ਰੇਲੀਆ ਪ੍ਰਤੀਯੋਗਤਾ ਵਿਚ ਅੱਗੇ ਵਧਦੇ ਹੋਏ ਵਿਸ਼ਵ ਜੇਤੂ ਬਣ ਗਈ। ਇਹ ਹੈ ਇਕ ਕੈਚ ਦਾ ਮਹੱਤਵ। ਹੱਥ ਆ ਗਿਆ ਤਾਂ ਸੋਨਾ, ਨਹੀਂ ਤਾਂ ਮਿੱਟੀ।
ਹੁਣ ਜਦੋਂ 2019 ਦਾ ਵਿਸ਼ਵ ਕੱਪ ਇੰਗਲੈਂਡ ਤੇ ਵੈੱਲਸ ਵਿਚ ਸ਼ੁਰੂ (30 ਮਈ 2019) ਹੋਣ ਜਾ ਰਿਹਾ ਹੈ ਤੇ ਜ਼ਿਆਦਾਤਰ ਮਾਹਿਰ ਸਿਰਫ਼ ਸਪਾਟ ਵਿਕਟ ਤੇ ਬਿੱਗ ਹਿਟਰਸ ਦੀਆਂ ਹੀ ਗੱਲਾਂ ਕਰ ਰਹੇ ਹਨ। ਘੱਟ ਹੀ ਇਸ ਬਾਰੇ ਬੋਲ ਰਹੇ ਹਨ ਕਿ 'ਕਸ਼ਟਦਾਇਕ' ਟ੍ਰੇਨਿੰਗ, ਬਿਹਤਰ ਹੁੰਦੀ ਫਿਟਨੈੱਸ ਤੇ ਟੀ-20 ਵਿਚ ਵਧਦੇ ਅਕਸਪੋਜ਼ਰ ਦੇ ਕਾਰਨ ਇਕ ਦਿਨਾ ਕੌਮਾਂਤਰੀ ਮੈਚਾਂ ਵਿਚ ਵੀ ਫੀਲਡਿੰਗ ਦਾ ਪੱਧਰ ਗਜ਼ਬ ਦਾ ਹੋ ਗਿਆ ਹੈ। ਇਸ ਪਿੱਠਭੂਮੀ ਵਿਚ ਇਹ ਪ੍ਰਸ਼ਨ ਪ੍ਰਸੰਗਿਕ ਹੈ ਕਿ ਇਸ ਵਿਸ਼ਵ ਕੱਪ ਵਿਚ ਕਿਹੜੇ ਖਿਡਾਰੀਆਂ ਤੋਂ ਸੁਪਰ ਹਿਊਮਨ ਕੈਚ ਜਾਂ ਰਨ ਆਊਟ ਦੀ ਉਮੀਦ ਕੀਤੀ ਜਾ ਸਕਦੀ ਹੈ? ਇਸ ਸੰਦਰਭ ਵਿਚ ਅਸੀਂ ਜਿਹੜੇ ਅੱਠ ਖਿਡਾਰੀਆਂ ਦੀ ਚੋਣ ਕੀਤੀ ਹੈ, ਉਹ ਉਨ੍ਹਾਂ ਦੇ ਹਾਲ ਦੇ ਪ੍ਰਦਰਸ਼ਨ ਤੇ ਫਾਰਮ ਨੂੰ ਮੁੱਖ ਰੱਖਦੇ ਹੋਏ ਕੀਤੀ ਹੈ। ਇਨ੍ਹਾਂ ਵਿਚੋਂ ਤਿੰਨ ਖਿਡਾਰੀ ਭਾਰਤ ਦੇ ਹਨ। ਸਪਨਿਰ ਦੇ ਰੂਪ ਵਿਚ ਕੁਲਦੀਪ ਯਾਦਵ ਤੇ ਯੁਜਵੇਂਦਰ ਚਹਿਲ ਦਾ ਜੋ ਉਦੈ ਸੀਮਿਤ ਓਵਰ ਦੀ ਕ੍ਰਿਕਟ ਵਿਚ ਹੋਇਆ ਹੈ, ਉਸ ਦੀ ਵਜ੍ਹਾ ਨਾਲ ਰਵਿੰਦਰ ਜਡੇਜਾ ਭਾਵੇਂ ਹੀ ਭਾਰਤ ਦੀ ਫਸਟ ਇਲੈਵਨ ਵਿਚ ਨਿਯਮਤ ਥਾਂ ਨਾ ਪਾਉਂਦਾ ਹੋਵੇ, ਪਰ ਭਾਰਤੀ ਟੀਮ ਵਿਚ ਇਸ ਹਰਫਨਮੌਲਾ ਖਿਡਾਰੀ ਦਾ ਸਪੀਡ ਤੇ ਚਪਲਤਾ ਵਿਚ ਕੋਈ ਮੁਕਾਬਲਾ ਨਹੀਂ ਕਿਹਾ ਜਾ ਸਕਦਾ। ਪੁਆਇੰਟ 'ਤੇ ਉਹ ਯੁਵਰਾਜ ਸਿੰਘ ਦੀ ਤਰ੍ਹਾਂ ਹੀ ਚੌਕੰਨਾ ਰਹਿੰਦਾ ਹੈ। ਜਡੇਜਾ ਕਲਾਬਾਜ਼ੀ ਖਾ ਕੇ ਕੈਚ ਫੜਦਾ ਤੇ ਸਿੱਧੀ ਹਿੱਟ ਮਾਰ ਕੇ ਰਨ ਆਊਟ ਕਰਨ ਵਿਚ ਮਾਹਿਰ ਹੈ।
ਵਿਰਾਟ ਕੋਹਲੀ ਦੀ ਬੱਲੇਬਾਜ਼ੀ ਵਿਚ ਏਨੀ ਬੁਲੰਦੀ ਹੈ ਕਿ ਉਸ ਦੀ ਸ਼ਾਨਦਾਰ ਫੀਲਡਿੰਗ ਤਾਕਤ ਨੂੰ ਅਕਸਰ ਅਣਦੇਖਿਆਂ ਕਰ ਦਿੱਤਾ ਜਾਂਦਾ ਹੈ। ਸਾਲ 2012 ਤੋਂ ਕੋਹਲੀ ਫਿਟਨੈੱਸ ਦਾ ਦੀਵਾਨਾ ਹੈ। ਪਰ ਫਿਟਨੈੱਸ ਤੇ ਫੀਲਡਿੰਗ ਤਾਕਤ ਦੋ ਵੱਖਰੀਆਂ ਗੱਲਾਂ ਹਨ। ਸ਼ੁਰੂ ਵਿਚ ਕੋਹਲੀ ਸਿਲਪਸ ਵਿਚ ਕੈਚ ਫੜਦੇ ਸਮੇਂ ਸੰਘਰਸ਼ ਕਰਦਾ ਲਗਦਾ ਹੁੰਦਾ ਸੀ। ਪਰ ਆਪਣੀ ਸਖ਼ਤ ਮਿਹਨਤ ਨਾਲ ਉਹ ਹੁਣ ਮਾਹਿਰ ਸਿਲਪ ਫੀਲਡਰ ਬਣ ਗਿਆ ਹੈ। ਸਪਿਨਰ ਜਦੋਂ ਗੇਂਦਬਾਜ਼ੀ ਕਰਦਾ ਹੈ ਤਾਂ ਉਹ ਸ਼ਾਰਟ ਮਿਡ ਵਿਕਟ 'ਤੇ ਫੀਲਡਿੰਗ ਕਰਦਾ ਹੈ, ਜਿਥੇ ਉਹ ਮਿਡ-ਆਨ 'ਤੇ ਸਿੰਗਲ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਸਲਾਗ ਓਵਰਸ ਵਿਚ ਉਹ ਡੀਪ ਵਿਚ ਫੀਲਡਿੰਗ ਕਰਦਾ ਹੈ।
ਹਾਰਦਿਕ ਪਾਂਡਿਆ ਭਾਰਤੀ ਟੀਮ ਵਿਚ ਸਭ ਤੋਂ ਕੁਦਰਤੀ ਖਿਡਾਰੀ ਹੈ। ਉਸ ਕੋਲ ਕੈਚ ਫੜਨ ਦੀ ਚੰਗੀ ਤਕਨੀਕ ਹੈ, ਖ਼ਾਸ ਕਰਕੇ ਡੀਪ ਵਿਚ। ਜਿਵੇਂ ਕਿ ਉਸ ਨੇ ਬੇ ਓਵਰ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਕੈਚ ਫੜਦੇ ਹੋਏ ਪ੍ਰਦਰਸ਼ਿਤ ਕੀਤਾ ਸੀ। ਉਹ ਗੋਲੀ ਦੀ ਤੇਜ਼ੀ ਨਾਲ ਗੇਂਦ ਥ੍ਰੋ ਵੀ ਕਰਦਾ ਹੈ। ਜੇਕਰ ਤੁਸੀਂ ਗੂਗਲ 'ਤੇ ਜਾ ਕੇ 'ਬੇਨ ਸਟੋਕਸ ਫੀਲਡਿੰਗ' ਟਾਈਪ ਕਰੋਗੇ ਤਾਂ ਯੂ-ਟਿਊਬ 'ਤੇ ਤੁਹਾਨੂੰ ਇੰਗਲੈਂਡ ਦੇ ਸਟੋਕਸ ਵਲੋਂ ਸਾਰੇ ਫਾਰਮੈਟ ਵਿਚ ਫੜੇ ਗਏ ਕੈਚ ਮਿਲਣਗੇ। ਇਨ੍ਹਾਂ ਵਿਚੋਂ ਕੁਝ ਹੈਰਾਨੀਜਨਕ ਤੋਂ ਘੱਟ ਨਹੀਂ ਹਨ। ਸਟੋਕਸ ਦੀ ਤਾਕਤ ਅਨੁਮਾਨ ਤੇ ਤਾਕਤ ਹੈਰਾਨ ਕਰਨ ਵਾਲੀ ਹੈ। ਉਹ ਪੂਰੀ ਡਾਈਵ ਮਾਰ ਕੇ ਵੀ ਗੇਂਦ ਨੂੰ ਆਪਣੇ ਹੱਥ ਤੋਂ ਲੰਘਣ ਨਹੀਂ ਦਿੰਦੇ ਹਨ।
ਇਸੇ ਤਰ੍ਹਾਂ ਜੇਕਰ ਪੁਆਇੰਟ, ਕਵਰ ਜਾਂ ਮਿਡ-ਵਿਕਟ 'ਤੇ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਹੈ ਤੇ ਗੈਪ ਲੱਭ ਰਹੇ ਬੱਲੇਬਾਜ਼ ਲਈ ਇਹ ਨੋ-ਐਂਟਰੀ ਬੋਰਡ ਹੈ। ਮੈਕਸਵੈੱਲ ਦੀ ਬੱਲੇਬਾਜ਼ੀ ਹੀ ਨਹੀਂ ਫੀਲਡਿੰਗ ਵੀ ਤੁਹਾਨੂੰ ਰਿਕੀ ਪੋਂਟਿੰਗ ਦੀ ਯਾਦ ਦਿਵਾਉਂਦੀ ਹੈ। ਆਸਟ੍ਰੇਲੀਆ ਦੇ ਹੀ ਡੈਵਿਡ ਵਾਰਨਰ ਵਿਸ਼ਵ ਪੱਧਰੀ ਖੇਤਰ ਰੱਖਿਅਕ ਹੈ। ਤੀਹ ਗਜ਼ ਦੇ ਦਾਇਰੇ ਵਿਚ ਉਸ ਸਾਹਮਣੇ ਗੇਂਦ ਖੇਡ ਕੇ ਸਿੰਗਲ ਲੈਣਾ ਮੁਸ਼ਕਿਲ ਹੁੰਦਾ ਹੈ। ਉਹ ਅਸਮਾਨ ਛੂੰਹਦੇ ਕੈਚ ਵੀ ਸੌਖਿਆਂ ਹੀ ਫੜ ਲੈਂਦਾ ਹੈ ਅਤੇ ਆਊਟਫੀਲਡ ਵਿਚ ਰਨ ਆਊਟ ਨੂੰ ਇਸ ਤਰ੍ਹਾਂ ਤਾੜ ਲੈਂਦਾ ਹੈ, ਜਿਵੇਂ ਚੂਹਾ ਘਿਓ ਲੱਗੀ ਰੋਟੀ ਨੂੰ।
ਇਸ ਸੂਚੀ ਵਿਚ ਜੇਕਰ ਦੱਖਣੀ ਅਫਰੀਕਾ ਦੇ ਕਪਤਾਨ ਫਫ ਡੂ ਪਲੇਸੀ ਤੇ ਵੈਸਟ ਇੰਡੀਜ਼ ਦੇ ਹਰਫਨਮੌਲਾ ਖਿਡਾਰੀ ਆਂਦਰੇ ਰਸਲ ਨੂੰ ਸ਼ਾਮਿਲ ਨਾ ਕੀਤਾ ਜਾਵੇ ਤਾਂ ਇਹ ਕਦੀ ਪੂਰਾ ਨਹੀਂ ਹੋ ਸਕਦਾ।

-ਇਮੇਜ ਰਿਫਲੈਕਸ਼ਨ ਸੈਂਟਰ

ਕਿੱਧਰ ਗਏ ਪੰਜਾਬ ਦੇ ਖੇਡ ਮੇਲਿਆਂ 'ਚੋਂ ਇਹ ਲੋਕ?

ਪੰਜਾਬ ਦੀ ਧਰਤੀ ਅਜਿਹੀ ਧਰਤੀ ਹੈ, ਜਿਸ ਨੇ ਭਰਵੇਂ ਜੁੱਸੇ, ਸਰੀਰਕ ਤੌਰ 'ਤੇ ਤੰਦਰੁਸਤ, ਸੋਹਣੇ, ਅਣਖੀ, ਬੇਹੱਦ ਜ਼ੋਰ ਵਾਲੇ ਨੌਜਵਾਨ ਪੈਦਾ ਕੀਤੇ ਹਨ। ਇਹ ਨੌਜਵਾਨ ਮੌਕਾ ਮਿਲਿਆ ਤਾਂ ਆਪਣੇ ਜ਼ੋਰ ਦਾ ਪ੍ਰਦਰਸ਼ਨ ਵੀ ਜ਼ਰੂਰ ਕਰਦੇ ਸਨ। ਇਥੋਂ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਇਥੋਂ ਦੇ ਲੋਕਾਂ ਨੂੰ ਕਣਕ ਦੀ ਬਿਜਾਈ ਕਰਕੇ ਕੁੱਝ ਮਹੀਨੇ ਕੰਮ ਤੋਂ ਥੋੜੀ ਵਿਹਲ ਮਿਲ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਬਹੁਤ ਘੱਟ ਕੰਮ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਪਿੰਡਾਂ ਵਿਚ ਤਰ੍ਹਾਂ-ਤਰ੍ਹਾਂ ਦੇ ਖੇਡ ਮੇਲੇ ਕਰਵਾਉਂਦੇ ਰਹਿੰਦੇ ਹਨ, ਜਿਥੇ ਗੱਭਰੂ ਆਪਣਾ ਜ਼ੋਰ ਦਿਖਾਉਂਦੇ ਹਨ। ਪਿੰਡਾਂ ਵਿਚ ਜ਼ਿਆਦਾਤਰ ਮਾਂ-ਖੇਡ ਕਬੱਡੀ, ਹਾਕੀ ਦੇ ਟੂਰਨਾਮੈਂਟ ਤੇ ਹੁਣ ਕ੍ਰਿਕਟ ਦੇ ਟੂਰਨਾਮੈਂਟ ਵੀ ਇਸ ਵਿਚ ਸ਼ਾਮਿਲ ਹੋ ਗਏ ਹਨ।
ਇਨ੍ਹਾਂ ਟੂਰਨਾਮੈਂਟਾਂ ਤੇ ਕਬੱਡੀ ਆਦਿ ਦੇ ਨਾਲ-ਨਾਲ ਆਪਣੇ ਸਰੀਰਕ ਕਰਤਬ ਦਿਖਾਉਣ ਵਾਲੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਪਹੁੰਚਦੇ ਸਨ, ਜਿਵੇਂ ਟੂਰਨਾਮੈਂਟ 'ਤੇ ਇਕ ਆਦਮੀ ਨੇ ਝੰਡੀ ਫੇਰ ਦੇਣੀ ਕਿ ਮੇਰੇ ਨਾਲ ਕੋਈ ਵੀ ਘੋਲ ਕਰ ਸਕਦਾ ਹੈ। ਕਦੇ ਵੀ ਅਜਿਹਾ ਨਹੀਂ ਸੀ ਹੋਇਆ ਕਿ ਉਸ ਦੀ ਝੰਡੀ ਕਿਸੇ ਨੇ ਫੜੀ ਹੀ ਨਾ ਹੋਵੇ। ਜਿੱਤਣਾ-ਹਾਰਨਾ ਹੋਰ ਗੱਲ ਐ ਪਰ ਉਸ ਨਾਲ ਘੋਲ ਕਰਨ ਵਾਲੇ 2-4 ਜਾਣੇ ਜ਼ਰੂਰ ਪਹੁੰਚ ਜਾਂਦੇ ਸਨ।
ਇਸੇ ਤਰ੍ਹਾਂ ਕੋਈ 100-200 ਡੰਡ ਮਾਰ ਕੇ ਦਿਖਾਉਂਦਾ, ਕੋਈ ਗਰਾਊਂਡ ਦੇ ਭੱਜ ਕੇ 80-90 ਚੱਕਰ ਲਾ ਕੇ ਦਿਖਾਉਂਦਾ ਸੀ। ਇਸ ਤਰ੍ਹਾਂ ਨੌਜਵਾਨ ਆਪਣੇ ਜ਼ੋਰ ਦੀ ਨੁਮਾਇਸ਼ ਕਰਦੇ ਸਨ। ਮਾਲਵੇ ਦੇ ਖੇਡ ਮੇਲਿਆਂ ਵਿਚ ਇਕ ਆਦਮੀ ਦਿਸਦਾ ਸੀ, ਜਿਸ ਦਾ ਨਾਂਅ ਸੀ ਭੋਡੀਪੁਰੇ ਵਾਲਾ ਗੁੜਦੁੰਬਾ। ਉਸ ਨੇ ਖੇਡ ਮੈਦਾਨ ਵਿਚ ਪੁੱਠੀਆਂ-ਸਿੱਧੀਆਂ ਛਾਲਾਂ ਮਾਰ-ਮਾਰ ਕੇ ਲੋਕਾਂ ਦਾ ਮਨੋਰੰਜਨ ਕਰਨਾ। ਜਿਸ ਟੂਰਨਾਮੈਂਟ ਵਿਚ ਗੁੜਦੁੰਬਾ ਨਾ ਹੁੰਦਾ, ਉਹ ਟੂਰਨਾਮੈਂਟ ਹੀ ਫਿੱਕਾ-ਫਿੱਕਾ ਲੱਗਦਾ ਸੀ। ਇਹ ਸਭ ਇਸ ਲਈ ਵੀ ਨਹੀਂ ਕਿ ਉਸ ਸਮੇਂ ਉਨ੍ਹਾਂ ਕਰਤਬ ਦਿਖਾਉਣ ਵਾਲਿਆਂ ਨੂੰ ਕੋਈ ਬਹੁਤਾ ਇਨਾਮ ਮਿਲਦਾ ਸੀ। ਇਹੋ ਕਾਰਨ ਸੀ ਕਿ ਨੌਜਵਾਨ ਆਪਣੇ ਸਰੀਰਕ ਜ਼ੋਰ ਦਾ ਪ੍ਰਦਰਸ਼ਨ ਬਗੈਰ ਕਿਸੇ ਨਸ਼ੇ ਦੇ ਕਰਦੇ ਸਨ। ਉਸ ਸਮੇਂ ਨਸ਼ਾ ਕਰਨ ਵਾਲੇ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ। ਹੁਣ ਜਿਵੇਂ-ਜਿਵੇਂ ਖੇਡਾਂ ਵਿਚ ਵੱਡੇ-ਵੱਡੇ ਇਨਾਮ ਆ ਗਏ, ਉਸੇ ਤਰ੍ਹਾਂ ਹੀ ਇਨਾਮ ਜਿੱਤਣ ਲਈ ਤਰ੍ਹਾਂ-ਤਰ੍ਹਾਂ ਦੇ ਨਸ਼ੇ ਵੀ ਖਿਡਾਰੀਆਂ ਵਿਚ ਆ ਗਏ, ਜਿਸ ਨੇ ਸਾਡੇ ਦੇਸ਼ ਦੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਹੈ।
ਫਿਰ ਲੋਕਾਂ ਨੇ ਆਪਣੇ ਘਰੇ ਪਾਲੇ ਕੁੱਕੜ ਆਦਿ ਨੂੰ ਲੜਾਉਣਾ ਸ਼ੁਰੂ ਕੀਤਾ ਸੀ, ਕੁੱਤੇ ਭਜਾਉਣੇ ਸ਼ੁਰੂ ਕੀਤੇ, ਘੋੜੀ, ਊਠ ਆਦਿ ਦੇ ਕਰਤਬ ਦਿਖਾਉਣੇ ਸ਼ੁਰੂ ਕੀਤੇ। ਇਸ ਤਰ੍ਹਾਂ ਉਹ ਲੜਾਉਣ, ਭਜਾਉਣ ਤੇ ਹੋਰ ਕਰਤਬ ਦਿਖਾਉਣ ਵਾਲੇ ਜਾਨਵਰਾਂ ਦੀ ਸੇਵਾ ਵੀ ਬਹੁਤ ਕਰਦੇ ਸਨ। ਕਬੂਤਰਾਂ ਦੀ ਬਾਜ਼ੀ ਆਦਿ ਵੀ ਪਿੰਡਾਂ ਵਿਚ ਪੈਂਦੀ ਸੀ।
ਹੁਣ ਵੀ ਪਿੰਡਾਂ ਵਿਚ ਟੂਰਨਾਮੈਂਟ ਹੁੰਦੇ ਹਨ ਪਰ ਇਨ੍ਹਾਂ ਵਿਚ ਆਪਣਾ ਜ਼ੋਰ ਦਿਖਾਉਣ ਦੀ ਥਾਂ ਖ਼ਤਰਨਾਕ ਸਟੰਟ ਦਿਖਾਉਣ ਵਾਲੇ ਆਉਂਦੇ ਹਨ। ਕੋਈ ਟਰੈਕਟਰ ਟੋਚਨ ਮੁਕਾਬਲਾ ਕਰਦੇ ਹਨ। ਕੋਈ ਟਰੈਕਟਰ ਤੋਂ ਕਈ ਤਰ੍ਹਾਂ ਦੇ ਖ਼ਤਰਨਾਕ ਸਟੰਟ ਕਰਵਾਉਂਦਾ ਹੈ। ਕੋਈ ਮੋਟਰਸਾਈਕਲ 'ਤੇ ਸਟੰਟ ਕਰਕੇ ਦਿਖਾਉਂਦਾ ਹੈ। ਇਸ ਗੱਲ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਹੁਣ ਦੇ ਗੱਭਰੂ ਆਪਣਾ ਜ਼ੋਰ ਦਿਖਾਉਣ ਦੀ ਥਾਂ ਮਸ਼ੀਨਰੀ ਦਾ ਜ਼ੋਰ ਦਿਖਾਉਂਦੇ ਹਨ, ਜੋ ਬਹੁਤ ਮਾੜੀ ਗੱਲ ਹੈ। ਸਰਕਾਰ ਨੂੰ ਇਸ ਤਰ੍ਹਾਂ ਕਰਨ 'ਤੇ ਰੋਕ ਲਾਉਣੀ ਚਾਹੀਦਾ ਹੈ। ਅਜਿਹਾ ਕਰਨ ਤੇ ਕਰਵਾਉਣ ਵਾਲਿਆਂ ਦੋਵਾਂ 'ਤੇ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਪਿੰਡ ਤੇ ਡਾਕ: ਖਾਸ, ਜ਼ਿਲ੍ਹਾ ਮੋਗਾ। ਮੋਬਾ: 94171-03413

ਇਕ ਹੱਥ ਨਹੀਂ ਪਰ ਹੈ ਤੇਜ਼ ਦੌੜਾਕ ਉੱਤਰ ਪ੍ਰਦੇਸ਼ ਦਾ ਅਭਿਨਵ ਕੁਮਾਰ

ਅਭਿਨਵ ਕੁਮਾਰ 25 ਸਾਲਾ ਨੌਜਵਾਨ ਹੈ, ਜਿਸ ਦਾ ਸੱਜਾ ਹੱਥ ਨਹੀਂ ਹੈ ਪਰ ਉਹ ਤੇਜ਼ ਦੌੜਾਕ ਹੈ ਅਤੇ ਆਉਣ ਵਾਲੇ ਸਮੇਂ ਦਾ ਦੇਸ਼ ਦਾ ਚੋਟੀ ਦਾ ਦੌੜਾਕ ਸਾਬਤ ਹੋਵੇਗਾ, ਇਹ ਉਸ ਦੀ ਮਿਹਨਤ ਅਤੇ ਮੁਸ਼ੱਕਤ ਦਾ ਕਮਾਲ ਹੈ। ਅਭਿਨਵ ਕੁਮਾਰ ਦਾ ਬਾਪ ਰਾਜ ਕੁਮਾਰ ਕਟਿਆਰ ਇਕ ਕਿਸਾਨ ਹੈ ਅਤੇ ਮਾਤਾ ਮਿਥਲੇਸ਼ ਕਟਿਆਰ ਇਕ ਘਰੇਲੂ ਔਰਤ ਹੈ ਪਰ ਮਾਂ-ਬਾਪ ਵਲੋਂ ਅਭਿਨਵ ਕੁਮਾਰ ਨੂੰ ਪੂਰਾ ਸਾਥ ਹੈ, ਇਸੇ ਲਈ ਤਾਂ ਉਸ ਨੂੰ ਆਸ ਅਤੇ ਪੂਰੀ ਉਮੀਦ ਹੈ ਕਿ ਇਕ ਦਿਨ ਉਹ ਦੇਸ਼ ਲਈ ਖੇਡ ਕੇ ਦੇਸ਼ ਦਾ ਮਾਣ ਬਣੇਗਾ। ਅਭਿਨਵ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਨਪੁਰ ਦੇ ਪਿੰਡ ਖਿਰਵਾਂ ਵਿਚ ਅੱਜ ਤੋਂ 25 ਵਰ੍ਹੇ ਪਹਿਲਾਂ ਹੋਇਆ ਅਤੇ ਇਕ ਦਿਨ ਉਹ ਆਪਣੇ ਬਾਪ ਨਾਲ ਖੇਤਾਂ ਵਿਚ ਹੱਥ ਵਟਾ ਰਿਹਾ ਸੀ ਤਾਂ ਚੱਲ ਰਹੀ ਪਾਣੀ ਵਾਲੀ ਮੋਟਰ ਵਿਚ ਅਚਾਨਕ ਕਰੰਟ ਆ ਗਿਆ ਅਤੇ ਅਭਿਨਵ ਬੁਰੀ ਤਰ੍ਹਾਂ ਕਰੰਟ ਦੀ ਲਪੇਟ ਵਿਚ ਆ ਗਿਆ। ਭਾਵੇਂ ਕਰੰਟ ਨਾਲ ਉਸ ਦਾ ਸਾਰਾ ਸਰੀਰ ਹੀ ਪ੍ਰਭਾਵਿਤ ਹੋਇਆ ਪਰ ਉਸ ਦਾ ਸੱਜਾ ਹੱਥ ਬੁਰੀ ਤਰ੍ਹਾਂ ਝੁਲਸ ਗਿਆ। ਮਾਂ-ਬਾਪ ਨੇ ਬਥੇਰਾ ਇਲਾਜ ਕਰਵਾਇਆ ਪਰ ਸਾਰੇ ਹੀਲੇ ਫੇਲ੍ਹ ਹੋ ਗਏ ਅਤੇ ਨਤੀਜਾ ਇਹ ਹੋਇਆ ਕਿ ਉਸ ਦਾ ਹੱਥ ਸਰੀਰ ਨਾਲੋਂ ਕੱਟਣਾ ਪਿਆ ਅਤੇ ਜੇਕਰ ਸਰੀਰ ਦਾ ਕੋਈ ਵੀ ਅੰਗ ਕੱਟਿਆ ਜਾਵੇ, ਤਾਂ ਉਹ ਹੀ ਜਾਣਦਾ ਹੈ, ਜਿਸ 'ਤੇ ਬੀਤੀ ਹੋਵੇ ਅਤੇ ਅਭਿਨਵ ਕੁਮਾਰ ਨੇ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਉਸ 'ਤੇ ਇਹ ਕਹਿਰ ਵਰਤੇਗਾ ਅਤੇ ਉਸ ਲਈ ਸੀ ਵੀ ਅਸਿਹ।
ਅਭਿਨਵ ਕੁਮਾਰ ਦਾ ਸਦਮੇ ਵਿਚ ਚਲੇ ਜਾਣਾ ਸੁਭਾਵਿਕ ਹੀ ਸੀ ਪਰ ਮਾਂ-ਬਾਪ ਵਲੋਂ ਮਿਲੇ ਉਤਸ਼ਾਹ ਨਾਲ ਉਹ ਸੰਭਲਿਆ ਅਤੇ ਜ਼ਿੰਦਗੀ ਦੀ ਡਗਰ 'ਤੇ ਹੋ ਤੁਰਿਆ। ਹੁਣ ਉਹ ਜ਼ਿੰਦਗੀ ਵਿਚ ਉਹ ਕਰਨਾ ਚਾਹੁੰਦਾ ਸੀ, ਜਿਸ ਨਾਲ ਹੱਥ ਕੱਟ ਜਾਣ ਤੋਂ ਬਾਅਦ ਉਸ ਨੂੰ ਮਜ਼ਾਕ ਕਰਨ ਵਾਲਿਆਂ ਨੂੰ ਉਹ ਇਹ ਅਹਿਸਾਸ ਕਰਵਾ ਸਕੇ ਕਿ, 'ਜ਼ਮਾਨਾ ਕੁਝ ਭੀ ਕਹੇ, ਮੁਜੇ ਤੋ ਆਗੇ ਬੜਨਾ ਹੈ, ਮੁਸ਼ਕਿਲ ਲਗਤਾ ਹੈ ਜੋ ਮੁਕਾਮ, ਉਸੇ ਤੋ ਹਾਸਲ ਕਰਨਾ ਹੈ।' ਅਭਿਨਵ ਕੁਮਾਰ ਨੇ ਲਖਨਊ ਦੇ ਇਕ ਸਟੇਡੀਅਮ ਨੂੰ ਜਾ ਮੱਥਾ ਟੇਕਿਆ ਅਤੇ ਉਹ ਦੌੜਨ ਲੱਗਿਆ ਅਤੇ ਅਜਿਹਾ ਦੌੜਿਆ ਕਿ ਉਸ ਦੀ ਦੌੜ ਅੱਜ ਤੱਕ ਜਾਰੀ ਹੈ ਅਤੇ ਉਹ ਮਾਣ ਨਾਲ ਆਖਦਾ ਹੈ ਕਿ ਮੈਂ ਦੇਸ਼ ਦਾ ਮਾਣ ਬਣਾਂਗਾ। ਅਭਿਨਵ ਕੁਮਾਰ ਨੇ ਪੈਰਾ ਸਟੇਟ ਚੈਂਪੀਅਨ ਵਿਚ ਹਿੱਸਾ ਲਿਆ ਅਤੇ 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਦਾ ਸਟਾਰ ਖਿਡਾਰੀ ਹੋਵੇਗਾ। ਅਭਿਨਵ ਕੁਮਾਰ ਹੁਣ ਤੱਕ ਕਈ ਮੈਰਾਥਨ ਦੌੜਾਂ ਵਿਚ ਵੀ ਹਿੱਸਾ ਲੈ ਚੁੱਕਾ ਹੈ। ਦਿੱਲੀ ਵਿਚ 5 ਕਿਲੋਮੀਟਰ ਦੀ ਮੈਰਾਥਨ, ਲਖਨਊ ਵਿਚ 10 ਕਿਲੋਮੀਟਰ ਸ਼ਾਮਲ ਹੈ ਅਤੇ ਅਭਿਨਵ ਕੁਮਾਰ ਦਾ ਸਫ਼ਰ ਜਾਰੀ ਹੈ।


-ਪਿੰਡ ਬੁੱਕਣ ਵਾਲਾ, ਤਹਿਸੀਲ ਤੇ ਜ਼ਿਲ੍ਹਾ ਮੋਗਾ।
ਮੋਬਾ: 98551-14484

ਸੁਦੀਰਮਨ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਦਾ ਲੇਖਾ-ਜੋਖਾ

ਗ਼ਲਤੀਆਂ ਸੁਧਾਰਨ ਦਾ ਸਮਾਂ

ਹੁਣ ਜਦੋਂ ਕਿ ਅਗਲੇ ਸਾਲ ਟੋਕੀਓ ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਂਾ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਮਾਹਿਰਾਂ ਅਨੁਸਾਰ ਇਹ ਸਮਾਂ ਤਿਆਰੀਆਂ ਦਾ ਹੈ, ਇਸ ਲਈ ਸਾਨੂੰ ਹਰ ਖੇਡ ਵਿਚ ਹਰ ਹਾਰ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਹੈ ਕਿ ਨਿਰਾਸ਼ਾ ਨੂੰ ਨੇੜੇ ਨਾ ਆਉਣ ਦੇਈਏ ਤੇ ਇਹ ਸਮਾਂ ਆਪਣੀਆਂ ਗਲਤੀਆਂ ਸੁਧਾਰਨ ਦਾ ਸਮਾਂ ਹੈ। ਇਸ ਸਮੇਂ ਚੀਨ ਵਿਚ ਹੋਏ ਮਿਤੀ 26 ਮਈ ਖਤਮ ਹੋਏ ਸੁਦੀਰਮਨ ਬੈਡਮਿੰਟਨ ਵਿਚ ਭਾਰਤ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 2011 ਤੇ 2017 ਵਿਚ ਇਸ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ ਕੁਆਟਰ ਫਾਈਨਲ ਤੱਕ ਦਾ ਖੇਡ ਪ੍ਰਦਰਸ਼ਨ ਕੀਤਾ ਸੀ ਪਰ ਇਸ ਸਾਲ ਪਹਿਲਾਂ ਮਲੇਸ਼ੀਆ ਤੋਂ 3-2 'ਤੇ ਹਾਰ ਕੇ ਤੇ ਫਿਰ ਚੀਨ ਦੀ ਦੀਵਾਰ ਬਣੇ ਖਿਡਾਰੀਆਂ ਕੋਲੋ 5-0 ਤੋਂ ਹਾਰ ਕੇ ਹੁਣ ਇਕਪਾਸੜ ਖੇਡ ਨਾਲ ਖੇਡ ਪ੍ਰੇਮੀਆਂ ਨੂੰ ਨਿਰਾਸ਼ ਤਾਂ ਕੀਤਾ ਹੈ ਪਰ ਖਿਡਾਰੀਆਂ ਨੂੰ ਅੱਗੇ ਲਈ ਸਾਰਥਿਕ ਸੋਚ ਬਣਾਉਣ ਦੀ ਲੋੜ ਹੈ। ਇਹ ਸਮਾਂ ਹੈ ਕਿ ਅਸੀਂ ਇਨ੍ਹਾਂ ਗਲਤੀਆਂ ਨੂੰ ਸੁਧਾਰਨ ਦੇ ਇਰਾਦੇ ਨਾਲ ਵਿਚਾਰ ਕਰਕੇ ਇਸ ਨੂੰ ਭੂਤ ਕਾਲ ਦੀ ਇਕ ਘਟਨਾ ਸਮਝੀਏ।
ਮਾਹਿਰਾਂ ਅਨੁਸਾਰ ਇਹ ਗਲਤੀਆਂ ਅਭਿਆਸ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ ਪਰ ਖੇਡ ਦਾ ਪੱਧਰ ਅਜੇ ਵੀ ਕਾਇਮ ਹੈ। ਪਾਠਕਾਂ ਲਈ ਇਹ ਤੱਥ ਬਹੁਤ ਦਿਲਚਸਪੀ ਵਾਲਾ ਹੈ ਕਿ ਪਹਿਲਾ ਟੀਮ ਮੈਚ ਸਾਡਾ ਮਲੇਸ਼ੀਆ ਨਾਲ ਸੀ। ਇਸ ਮੈਚ ਵਿਚ ਰੈਡੀ ਤੇ ਪੋਨਪਾ ਨੇ ਇਹ ਸੰਘਰਸ਼ਮਈ ਮੈਚ 16-21, 21-17, 24-22 ਨਾਲ ਜਿੱਤ ਲਿਆ ਤੇ ਉਸ ਸਮੇਂ ਇਹ ਜਾਪਣ ਲੱਗ ਪਿਆ ਸੀ ਕਿ ਭਾਰਤ ਨੇ ਇਕ ਮੈਚ ਦੀ ਲੀਡ ਲੈ ਲਈ ਹੈ, ਇਸ ਲਈ ਭਾਰਤ ਦੇ ਇਰਾਦੇ ਹੋਰ ਪੱਕੇ ਹੋ ਗਏ। ਮਾਹਿਰ ਇਸ ਸਮੇਂ ਇਹ ਮਹਿਸੂਸ ਕਰਦੇ ਹਨ ਕਿ ਸੁਮੀਰ ਵਰਮਾ ਨੂੰ ਅਚਨਚੇਤ ਖੇਡਣਾ ਪਿਆ ਤੇ ਉਹ ਆਪਣੇ ਤੋਂ ਬਿਹਤਰ ਖਿਡਾਰੀ ਨਾਲ ਖੇਡਣ ਕਰਕੇ ਆਪਣੀ ਖੇਡ ਨਾਲ ਇਨਸਾਫ ਹੀ ਨਾ ਕਰ ਸਕੇ। ਹੁਣ ਸਕੋਰ ਮਲੇਸ਼ੀਆ ਦੇ ਹੱਕ ਵਿਚ 2-1 ਹੋ ਗਿਆ। ਹੁਣ ਮਹਿਲਾ ਸਿੰਗਲਜ਼ ਵਰਗ ਵਿਚ ਸਾਡਾ ਮੈਚ ਪੀ.ਵੀ. ਸੰਧੂ, ਜਿਸ ਨੇ ਮਹਿਲਾ ਵਰਗ ਵਿਚ ਪਹਿਲਾ ਉਲੰਪਿਕ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ ਤੇ ਚੀਨ ਦੀ ਜਿਨ ਵੇਈ ਨਾਲ ਸੀ। ਇਸ ਵੱਕਾਰੀ ਮੈਚ ਵਿਚ ਪੀ.ਵੀ. ਸਿੰਧੂ ਨੇ ਭਾਰਤ ਨੂੰ ਨਿਰਾਸ਼ ਨਹੀਂ ਕੀਤਾ ਤੇ ਇਕਪਾਸੜ ਮੈਚ ਵਿਚ 21-12, 21-18 ਨਾਲ ਹਰਾ ਦਿੱਤਾ ਤੇ ਸਕੋਰ ਫਿਰ 2-2 ਬਰਾਬਰ ਦਾ ਹੋ ਗਿਆ। ਆਖਰੀ ਮੈਚ ਭਾਰਤ ਮਹਿਲਾ ਡਬਲਜ਼ ਵਿਚ 21-11, 21-19 ਨਾਲ ਹਾਰ ਗਿਆ।
ਮਾਹਿਰ ਇਸ ਸਮੇਂ ਇਹ ਮਹਿਸੂਸ ਕਰਦੇ ਸਨ ਕਿ ਭਾਰਤ ਨੂੰ ਮਲੇਸ਼ੀਆ ਨੂੰ ਹਰਾਉਣਾ ਜ਼ਰੂਰੀ ਸੀ। ਅਗਲੇ ਦਿਨ ਸਾਡਾ ਭੇੜ ਬਹੁਤ ਹੀ ਤਾਕਤਵਰ ਚੀਨ ਨਾਲ ਸੀ ਪਰ ਇਸ ਦੀ ਇਕ ਖਾਸ ਵਿਸ਼ੇਸ਼ਤਾ ਇਹ ਸੀ ਕਿ ਸਾਰੇ ਮੈਚ ਜੋ ਅਸੀਂ 5-0 ਨਾਲ ਚੀਨ ਕੋਲੋਂ ਹਾਰੇ ਉਹ ਆਪਣੇ ਤੋਂ ਉੱਪਰ ਵਾਲੀ ਰੈਂਕਿੰਗ ਨਾਲ ਸਨ। ਸਾਡਾ ਪਹਿਲਾ ਮੈਚ ਮਿਕਸਡ ਡਬਲਜ਼ ਵਿਚ ਪ੍ਰਣਵ ਚੋਪੜਾ ਤੇ ਐਨ. ਰਿਡੀ ਦੀ ਜੋੜੀ ਦਾ ਸੀ, ਜੋ ਬਹੁਤ ਸਸਤੇ ਵਿਚ 21-5, 21-11 ਨਾਲ ਹਾਰ ਗਏ। ਦੂਜਾ ਮੈਚ ਸਾਡਾ ਉਲੰਪਿਕ ਚੈਂਪੀਅਨ ਚੇਨ ਲੋਂਗ ਨਾਲ ਸੀ, ਜੋ ਅਸੀਂ 21-17, 22-20 ਨਾਲ ਹਾਰ ਗਏ। ਤੀਸਰਾ ਮੈਚ ਸਾਡਾ ਪੁਰਸ਼ ਡਬਲਜ਼ ਦਾ ਸਾਡੀ ਜੋੜੀ ਰੈਕੀ ਰਿਡੀ ਤੇ ਚਿਰਾਗ ਸ਼ੈਟੀ ਨਾਲ ਸੀ, ਜੋ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਅਸੀਂ 18-21, 21-15, 21- 17 ਨਾਲ ਹਾਰ ਗਏ।
ਚੇਨ ਨੇ ਇਸ ਵਿਚ ਸਾਇਨਾ ਨੂੰ ਹਰ ਖੇਤਰ ਵਿਚ ਸਮੈਸ਼ਸ ਨਾਲ ਪਛਾੜ ਕੇ ਰੱਖ ਦਿੱਤਾ। ਇਸ ਤਰ੍ਹਾਂ ਇਹ ਮਹਿਸੂਸ ਹੋਣ ਲੱਗ ਪਿਆ ਕਿ ਅਜੇ ਵੀ ਸਾਇਨਾ ਆਪਣੇ ਮਾਸਪੇਸ਼ੀਆਂ ਦੇ ਖਿਚਾਓ ਤੋਂ ਮੁਕਤ ਨਹੀਂ ਹੋ ਸਕੀ। ਇਸ ਸਮੇਂ ਕੋਚ ਗੋਪੀ ਚੰਦ ਦੀ ਗ਼ੈਰ-ਹਾਜ਼ਰੀ ਵੀ ਖਟਕਦੀ ਰਹੀ। ਸਾਇਨਾ ਸਿੱਧੇ ਸੈਟਾਂ ਵਿਚ 21-12, 21-17 ਨਾਲ ਹਾਰ ਗਈ। ਚੀਨ ਨਾਲ ਅਸੀਂ ਮਹਿਲਾ ਡਬਲਜ਼ ਦਾ ਆਖਰੀ ਮੈਚ ਵੀ ਸਸਤੇ ਵਿਚ ਹਾਰ ਗਏ। ਇਸ ਚੈਂਪੀਅਨਸ਼ਿਪ ਦਾ ਜੇਤੂ ਚੀਨ ਰਿਹਾ, ਜਿਸ ਨੇ ਜਾਪਾਨ ਨੂੰ ਬੜੇ ਸੰਘਰਸ਼ਮਈ ਢੰਗ ਨਾਲ ਫਾਈਨਲ ਵਿਚ ਹਰਾ ਦਿੱਤਾ। ਚੀਨ ਦਾ ਘਰੇਲੂ ਮੈਦਾਨ ਹੋਣ ਕਰਕੇ ਇਸ ਦਾ ਭਰਪੂਰ ਲਾਭ ਚੀਨ ਨੂੰ ਮਿਲਿਆ। ਭਾਰਤ ਲਈ ਇਹ ਇਕ ਕੌੜੀ ਯਾਦ ਬਣ ਕੇ ਹੀ ਰਹਿ ਗਿਆ। ਪਰ ਇਸ ਕੁੱੜਤਣ ਨੂੰ ਅਸੀਂ ਦਵਾ ਸਮਝਦੇ ਹੋਏ ਹੀ ਅਸੀਂ ਆਪਣੀਆਂ ਗਲਤੀਆਂ ਦਾ ਸੁਧਾਰ ਕਰਨਾ ਹੈ। ਸਾਡੀ ਮੰਜ਼ਲ ਉਲੰਪਿਕ ਵਿਚ ਤਗਮਾ ਜਿੱਤਣ ਹੈ। ਸਾਡੇ ਕੋਲ ਬੈਂਚ ਪਾਵਰ ਬਹੁਤ ਹੈ। ਇਸ ਸਮੇਂ ਬੇਲੋੜੀ ਨਿਰਾਸ਼ਾ ਨੂੰ ਨੇੜੇ ਨਾ ਆਉਣ ਦਿੰਦੇ ਹੋਏ ਕੇਵਲ ਅਭਿਆਸ ਤੇ ਮੁਕਾਬਲੇ ਦੇ ਮੈਚ ਕਰਨੇ ਭਾਰਤ ਦੀ ਮੁੱਖ ਲੋੜ ਹੈ।


-274-ਏ.ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਟੈਨਿਸ ਇਟੈਲੀਅਨ ਓਪਨ :

ਰਾਫ਼ੇਲ ਨਡਾਲ ਤੇ ਕੈਰੋਲੀਨਾ ਪਿਲਸਕੋਵਾ ਚੈਂਪੀਅਨ

ਵਿਸ਼ਵ ਦੇ ਨੰਬਰ 2 ਖਿਡਾਰੀ ਸਪੇਨ ਦੇ ਰਾਫੇਲ ਨਾਡਾਲ ਨੇ ਇਟੈਲੀਅਨ ਓਪਨ ਦੇ ਫਾਈਨਲ ਮੁਕਾਬਲੇ ਵਿਚ ਦੁਨੀਆ ਦੇ ਨੰਬਰ-1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 6-0, 4-6, 6-1 ਨਾਲ ਹਰਾ ਕੇ ਨੌਵੀਂ ਵਾਰ ਖਿਤਾਬ ਆਪਣੇ ਨਾਂਅ ਕੀਤਾ। ਉਸ ਨੇ ਤੀਸਰੀ ਵਾਰ ਫਾਈਨਲ 'ਚ ਜੋਕੋਵਿਚ ਨੂੰ ਮਾਤ ਦਿੱਤੀ। ਨਡਾਲ ਤੇ ਜੋਕੋਵਿਚ ਕਰੀਅਰ 'ਚ 54 ਵਾਰ ਆਹਮੋ-ਸਾਹਮਣੇ ਹੋਏ। ਨਡਾਲ ਨੇ 26ਵੀਂ ਵਾਰ ਇਹ ਜਿੱਤ ਹਾਸਲ ਕੀਤੀ। ਨਾਡਾਲ ਦਾ ਇਹ 50ਵਾਂ ਅਤੇ ਜੋਕੋਵਿਚ ਦਾ 49ਵਾਂ ਮਾਸਟਰਜ ਫਾਈਨਲ ਸੀ। ਯਾਦ ਰਹੇ, 31 ਸਾਲਾ ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਨੇ ਪਿਛਲੇ ਹਫਤੇ ਮੈਡਰਿਡ ਓਪਨ ਦਾ ਖਿਤਾਬ ਜਿੱਤਿਆ ਸੀ। ਰਾਫੇਲ ਨਡਾਲ ਨੇ 34 ਵਾਰ ਮਾਸਟਰਜ਼ 1000 ਟਾਈਟਲ ਜਿੱਤੇ ਇਸ ਤਰ੍ਹਾਂ ਉਹ ਸਭ ਤੋਂ ਵੱਧ ਖਿਤਾਬ ਜਿੱਤਣ ਵਾਲਾ ਖਿਡਾਰੀ ਬਣ ਗਿਆ।
ਸਵਿਟਰਜ਼ਰਲੈਂਡ ਦੇ ਰੋਜਰ ਫੈਡਰਰ ਨੇ ਪੁਰਤਗਾਲ ਦੇ ਜਾਓ ਸੋਸਾ ਨੂੰ ਕੁਆਰਟਰ ਫਾਈਨਲ 'ਚ ਹਰਾਇਆ ਸੀ ਪਰ ਇਟੈਲੀਅਨ ਓਪਨ ਦੇ ਸੈਮੀਫਾਈਨਲ ਮੁਕਾਬਲੇ 'ਚ ਰੋਜਰ ਫੈਡਰਰ ਸੱਟ ਲਗਣ ਕਰਕੇ ਬਾਹਰ ਹੋ ਗਿਆ। ਫਿਰ ਰਾਫੇਲ ਨਡਾਲ ਨੇ ਯੂਨਾਨ ਦੇ ਸਟੇਫਾਨੋਸ ਸਿਟਸਿਪਸ ਨੂੰ ਸਿੱਧੇ ਸੈੱਟਾਂ ਵਿਚ 6-3, 6-4 ਨਾਲ ਹਰਾ ਕੇ ਜਿਥੇ 50ਵੀਂ ਵਾਰ ਮਾਸਟਰਜ ਫਾਈਨਲ 'ਚ ਜਗ੍ਹਾ ਬਣਾਈ ਸੀ, ਉਥੇ ਨੋਵਾਕ ਜੋਕੋਵਿਚ ਨੇ ਅਰਜਨਟੀਨਾ ਦੇ ਡਿਆਗੋ ਸਵਾਟਰਜਮੈਨ ਨੂੰ 6-3, 6-7 (2/7) ਤੇ 6-3 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਟੈਲੀਅਨ ਓਪਨ ਦੇ ਮਹਿਲਾ ਸਿੰਗਲਜ ਦਾ ਖਿਤਾਬ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ (ਚੌਥੀ ਸੀਡ) ਨੇ ਬਰਤਾਨੀਆ ਦੀ ਜੌਹਾਨ ਕੌਟਾ ਨੂੰ ਫਾਈਨਲ ਮੁਕਾਬਲੇ ਵਿਚ 6-3 ਤੇ 6-4 ਨਾਲ ਹਰਾ ਕੇ ਜਿੱਤ ਲਿਆ। ਫਰੈਂਚ ਓਪਨ 2017 ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਿਲਸਕੋਵਾ ਦੇ ਕਰੀਅਰ ਦਾ ਇਹ 13ਵਾਂ ਫਾਈਨਲ ਹੈ। ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਜੋਹਾਨਾ ਕੌਟਾ ਨੇ ਨੀਦਰਲੈਂਡ ਦੀ ਕਿੱਕੀ ਬਰਟਨਸ ਨੂੰ 5-7, 7-5 ਤੇ 6-2 ਨਾਲ ਅਤੇ ਕੈਰੋਲੀਨਾ ਪਿਲਸਕੋਵਾ ਨੇ ਮਾਰੀਆ ਸਕਾਰੀ ਨੂੰ 6-4, 6-4 ਨਾਲ ਮਾਤ ਦੇ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਕਿੱਕੀ ਨੇ ਪਿਛਲੇ ਹਫਤੇ ਮੈਡਰਿਡ ਓਪਨ ਦਾ ਖਿਤਾਬ ਜਿੱਤਿਆ ਸੀ।


-ਪ੍ਰੀਤ ਨਗਰ (ਅੰਮ੍ਰਿਤਸਰ)-143109.
ਮੋਬਾ: 98140-82217


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX