ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਨਾਰੀ ਸੰਸਾਰ

ਤਿਉਹਾਰ ਤੇ ਘਰ ਦਾ ਸ਼ਿੰਗਾਰ

ਤਿਉਹਾਰਾਂ ਵਿਚ ਹਰ ਕੋਈ ਆਪਣੇ ਤੇ ਆਪਣਿਆਂ ਦੇ ਮਾਹੌਲ ਨੂੰ ਸੁਖਾਵਾਂ ਤੇ ਅਨੰਦਮਈ ਬਣਾਉਣ ਲਈ ਜੀਅ-ਤੋੜ ਮਿਹਨਤ ਕਰ ਰਿਹਾ ਹੁੰਦਾ ਹੈ, ਉਥੇ ਹੀ ਘਰ ਦੇ ਜੀਆਂ ਦਾ ਮਾਹੌਲ ਵਧੀਆ ਬਣਾਉਣ ਲਈ ਉਹ ਘਰ ਦੀ ਸਫ਼ਾਈ ਵੱਲ ਧਿਆਨ ਦਿੰਦਾ ਹੈ। ਸਾਫ਼-ਸੁਥਰਾ ਵਾਤਾਵਰਨ ਹਰ ਇਕ ਨੂੰ ਚੰਗਾ ਲਗਦਾ ਹੈ ਜਾਂ ਇਹ ਕਹਿ ਲਓ ਕਿ ਨਵਾਂ ਕੁਝ ਹੋਵੇ ਤਾਂ ਸਾਨੂੰ ਚੰਗਾ ਲਗਦਾ ਹੈ। ਅਸਲ ਵਿਚ ਇਹ ਸਾਡੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ। ਅਸੀਂ ਹਰ ਨਵੀਂ ਚੀਜ਼ ਨੂੰ ਪਰਖ ਕੇ ਖੁਸ਼ ਹੁੰਦੇ ਹਾਂ। ਚਾਹੇ ਕੋਈ ਨਵਾਂ ਸਾਮਾਨ ਹੋਵੇ ਜਾਂ ਕੋਈ ਨਵੀਂ ਪੁਸ਼ਾਕ ਜਾਂ ਕੋਈ ਨਵਾਂ ਅਨੁਭਵ।
ਇਸੇ ਅੰਤਰਗਤ ਅਸੀਂ ਦੇਖਦੇ ਹਾਂ ਕਿ ਤਿਉਹਾਰਾਂ ਵਿਚ ਸਾਨੂੰ ਕੁਝ ਨਾ ਕੁਝ ਨਵਾਂ ਚਾਹੀਦਾ ਹੀ ਹੁੰਦਾ ਹੈ। ਇਸੇ ਲਈ ਅਸੀਂ ਘਰ ਦਾ ਸ਼ਿੰਗਾਰ ਕਰਦੇ ਹਾਂ ਤੇ ਨਵੀਆਂ ਵਸਤਾਂ ਵੀ ਖਰੀਦਦੇ ਹਾਂ। ਪਰ ਨਾਲੋ-ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਘਰ ਵੀ ਨਵਾਂ ਲੱਗੇ। ਹੁਣ ਅਸੀਂ ਨਵਾਂ ਘਰ ਤਾਂ ਲੈਣ ਤੋਂ ਰਹੇ ਪਰ ਜਬਰ ਨੂੰ ਨਵੀਂ ਦਿੱਖ ਜ਼ਰੂਰ ਦੇ ਸਕਦੇ ਹਾਂ। ਆਓ ਜਾਣਦੇ ਹਾਂ ਕਿ ਕਿਵੇਂ-
ਘਰ ਨੂੰ ਰੰਗਾਂ ਨਾਲ ਸੁਰਜੀਤ ਕਰੋ : ਘਰ ਜੇਕਰ ਪੂਰਾ-ਪੂਰਾ ਸਾਲ ਰੰਗ ਤੋਂ ਬਗੈਰ ਰਹਿੰਦਾ ਹੈ ਤਾਂ ਬੇਜਾਨ ਲੱਗਣ ਲੱਗ ਜਾਂਦਾ ਹੈ। ਤੁਸੀਂ ਘਰ ਨੂੰ ਨਵੀਂ ਦਿੱਖ ਦੇਣ ਲਈ ਉਸ ਨੂੰ ਰੰਗ-ਰੋਗਨ ਕਰਾ ਸਕਦੇ ਹੋ। ਜੇ ਤੁਸੀਂ ਪੂਰਾ ਘਰ ਨਹੀਂ ਵੀ ਕਰਾਉਣਾ ਚਾਹੁੰਦੇ ਤਾਂ ਗੈਸਟ ਰੂਮ, ਲਿਵਿੰਗ ਰੂਮ ਆਦਿ ਕੁਝ ਖਾਸ ਹਿੱਸਿਆਂ ਨੂੰ ਰੰਗ ਕਰਵਾ ਸਕਦੇ ਹੋ।
ਕੁਝ ਵਿਸ਼ੇਸ਼ ਸੁਝਾਅ : ਕੋਸ਼ਿਸ਼ ਕਰੋ ਕਿ ਰੰਗ ਇਕ ਵਰਤਣ ਦੀ ਬਜਾਏ ਦੋ ਵਰਤੋ, ਜੋ ਜ਼ਿਆਦਾ ਟ੍ਰੇਂਡੀ ਲਗਦਾ ਹੈ। ਤੁਸੀਂ ਇਕ ਕੰਧ ਦਾ ਰੰਗ ਮੁੱਖ ਰੱਖ ਕੇ ਬਾਕੀ 'ਤੇ ਵੱਖਰਾ ਰੰਗ ਕਰ ਸਕਦੇ ਹੋ। ਭਾਵ ਇਕ ਕੰਧ ਦਾ ਰੰਗ ਗੂੜ੍ਹਾ ਰੱਖੋ, ਜਿਵੇਂ ਨੀਲਾ, ਲਾਲ, ਹਰਾ ਆਦਿ ਤੇ ਬਾਕੀ ਦੀਵਾਰਾਂ ਦਾ ਰੰਗ ਹਲਕੇ ਸ਼ੇਡ ਵਾਲਾ ਜਿਵੇਂ ਹਲਕਾ ਨੀਲਾ, ਹਲਕਾ ਲਾਲ ਜਾਂ ਗੁਲਾਬੀ ਆਦਿ।
ਵਿਸ਼ੇਸ਼ ਵਾਲਪੇਪਰ ਦੀ ਵਰਤੋਂ : ਅੱਜਕਲ੍ਹ ਇਨ੍ਹਾਂ ਦਾ ਰੁਝਾਨ ਹੈ, ਤੁਸੀਂ ਇਹ ਵੀ ਵਰਤ ਸਕਦੇ ਹੋ।
ਪਰਦੇ ਤੇ ਚਾਦਰਾਂ : ਨਵੀਂ ਦਿੱਖ ਲਈ ਤੁਸੀਂ ਇਨ੍ਹਾਂ ਦਾ ਬਦਲਾਅ ਵੀ ਕਰ ਸਕਦੇ ਹੋ। ਤੁਸੀਂ ਚਾਦਰਾਂ ਤੇ ਪਰਦਿਆਂ ਦਾ ਰੰਗ ਇਕੋ ਜਿਹਾ ਵੀ ਰੱਖ ਸਕਦੇ ਹੋ।


ਖ਼ਬਰ ਸ਼ੇਅਰ ਕਰੋ

ਮੇਰੀਓ ਆਧੁਨਿਕ ਸਹੇਲੀਓ ਖ਼ਬਰਦਾਰ!

ਬੱਚੇ ਦਾ ਮਨ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਬਚਪਨ 'ਚ ਉਸ 'ਤੇ ਜੋ ਲਿਖਿਆ ਜਾਂਦਾ ਹੈ, ਸਾਰੀ ਉਮਰ ਉਸ ਦਾ ਅਸਰ ਉਸ ਦੇ ਜੀਵਨ 'ਤੇ ਪ੍ਰਭਾਵ ਪਾਉਂਦਾ ਹੈ। ਅੱਜ ਦੇ ਆਧੁਨਿਕ ਯੁੱਗ ਵਿਚ ਕਈ ਮਾਵਾਂ ਇਸ ਦਾ ਗ਼ਲਤ ਮਤਲਬ ਲੈ ਲੈਂਦੀਆਂ ਹਨ। ਕਈ ਵਾਰ ਮਾਵਾਂ ਅਣਜਾਣੇ ਜਾਂ ਲਾਡ-ਲਾਡ ਵਿਚ ਛੋਟੀਆਂ-ਛੋਟੀਆਂ ਬੱਚੀਆਂ ਦੇ ਸੁਰਖੀ, ਬਿੰਦੀ ਤੇ ਗਲ੍ਹਾਂ ਲਾਲ ਕਰ ਦਿੰਦੀਆਂ ਹਨ, ਜੋ ਸਹੀ ਨਹੀਂ ਹੈ। ਕਈ ਮਾਵਾਂ ਛੋਟੀਆਂ-ਛੋਟੀਆਂ ਬੱਚੀਆਂ ਦੀਆਂ ਫੋਟੋਆਂ ਇੰਟਰਨੈੱਟ 'ਤੇ ਪਾ ਦਿੱਤੀਆਂ ਹਨ, ਜਿਸ ਵਿਚ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕਰਦੀਆਂ ਹਨ, ਜਿਵੇਂ ਉਹ ਔਰਤਾਂ ਹੋਣ ਤੇ ਕਈ ਵਾਰ ਔਰਤਾਂ ਵਾਲੇ ਗੀਤ ਤੇ ਡਾਂਸ ਉਨ੍ਹਾਂ 'ਤੇ ਫ਼ਿਲਮਾਅ ਦਿੰਦੀਆਂ ਹਨ। ਇਹ ਗ਼ਲਤ ਹੈ। ਅਸੀਂ ਬਚਪਨ ਵਿਚ ਛੋਟੀਆਂ-ਛੋਟੀਆਂ ਪਿਆਰੀਆਂ-ਪਿਆਰੀਆਂ ਬੱਚੀਆਂ ਨੂੰ ਔਰਤ ਦੇ ਰੂਪ ਵਿਚ ਪੇਸ਼ ਕਰ ਦਿੰਦੇ ਹਾਂ। ਬੱਚੀਆਂ ਨੂੰ ਬੱਚੇ ਦੇ ਰੂਪ ਵਿਚ ਹੀ ਜਿਊਣ ਦਿਓ। ਬੱਚੇ ਦੇ ਰੂਪ ਵਿਚ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਵਾਲੇ ਗੀਤ ਗਾਉਣ ਦਿਓ।
ਜੇਕਰ ਅਸੀਂ ਮਾਵਾਂ ਬੱਚੀਆਂ ਨੂੰ ਔਰਤ ਦੇ ਰੂਪ ਵਿਚ ਪੇਸ਼ ਕਰਦੀਆਂ ਰਹੀਆਂ ਤਾਂ ਇਸ ਦਾ ਬੱਚੀਆਂ ਦੇ ਜੀਵਨ 'ਤੇ ਬਹੁਤ ਗ਼ਲਤ ਪ੍ਰਭਾਵ ਪਵੇਗਾ ਤੇ ਪੈ ਰਿਹਾ ਹੈ। ਇਸ ਨਾਲ ਬੱਚੀ ਦੀ ਮਾਸੂਮੀਅਤ ਤੇ ਬਚਪਨ ਉਸ ਤੋਂ ਖੁੱਸ ਰਹੇ ਹਨ। ਉਸ ਦੀ ਸੋਚ ਤੇ ਸ਼ਖ਼ਸੀਅਤ ਦੀ ਉਸਾਰੀ ਵਿਚ ਵੀ ਰੁਕਾਵਟ ਪੈਦਾ ਹੁੰਦੀ ਹੈ। ਬੱਚੀਆਂ ਦੀ ਪੜ੍ਹਾਈ ਤੇ ਖੇਡ 'ਤੇ ਵੀ ਪ੍ਰਭਾਵ ਪੈ ਸਕਦਾ।
ਔਰਤਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਚੰਗੇ ਸਸਕਾਰ ਦੇਣ। ਉਨ੍ਹਾਂ ਨੂੰ ਬਾਲ ਕਹਾਣੀਆਂ ਵਰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਮਾਵਾਂ ਨੂੰ ਵਿਸ਼ੇਸ਼ ਯੋਗਦਾਨ ਪਾਉਣਾ ਚਾਹੀਦਾ ਹੈ। ਬੱਚੀਆਂ ਨੂੰ ਖੇਡਣ ਦੀ ਸਲਾਹ ਦੇਣੀ ਚਾਹੀਦੀ। ਔਰਤਾਂ ਨੂੰ ਚਾਹੀਦਾ ਸਕੂਲਾਂ ਵਿਚ ਵੀ ਬੱਚੀਆਂ ਨੂੰ ਖੇਡਣ ਲਈ ਅਗਵਾਈ ਕਰਨ। ਵੱਡੇ-ਵੱਡੇ ਸ਼ਹਿਰਾਂ ਵਿਚ ਬੱਚੀਆਂ ਨੂੰ ਕਰਾਟੇ ਵੀ ਸਿਖਾਏ ਜਾਣ।
ਔਰਤਾਂ ਨੂੰ ਚਾਹੀਦਾ ਹੈ ਆਪਣੀਆਂ ਬੱਚੀਆਂ ਨੂੰ ਟੀ. ਵੀ. ਤੇ ਇੰਟਰਨੈੱਟ ਦੀ ਵਰਤੋਂ ਘੱਟ ਕਰਨ ਦੇਣ। ਜੇਕਰ ਬੱਚੀਆਂ ਗ਼ਲਤ ਪ੍ਰੋਗਰਾਮ ਦੇਖਣ ਵੀ ਤਾਂ ਉਨ੍ਹਾਂ ਨੂੰ ਸਮਝਾਓ ਕਿ ਇਹ ਤੁਹਾਡੇ ਲਈ ਨਹੀਂ ਹੈ। ਔਰਤਾਂ ਤੇ ਮਾਵਾਂ ਨੂੰ ਇਨ੍ਹਾਂ ਗੱਲਾਂ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਅੱਜ ਛੋਟੀਆਂ-ਛੋਟੀਆਂ ਬੱਚੀਆਂ ਨਾਲ ਜੋ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਦਾ ਕਾਫੀ ਹੱਦ ਤੱਕ ਕਾਰਨ ਬੱਚੀਆਂ ਨੂੰ ਮਾਵਾਂ ਔਰਤਾਂ ਵਲੋਂ ਔਰਤ ਦੇ ਰੂਪ ਵਿਚ ਦਿਖਾਉਣਾ ਵੀ ਹੈ। ਮਾਵਾਂ ਵਲੋਂ ਕੀਤੀਆਂ ਛੋਟੀਆਂ-ਛੋਟੀਆਂ ਅਣਗਹਿਲੀਆਂ ਨਾਲ ਬੱਚੀਆਂ ਨੂੰ ਬਹੁਤ ਜ਼ੁਲਮ ਸਹਿਣਾ ਪੈਂਦਾ ਹੈ। ਗ਼ਲਤ ਕਿਸਮ ਦੇ ਲੋਕ ਆਪਣੀ ਗ਼ਲਤ ਸੋਚ ਦਾ ਇਸਤੇਮਾਲ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ 'ਤੇ ਕਰਦੇ ਹਨ, ਜੋ ਭਿਆਨਕ ਨਤੀਜੇ ਦਿੰਦਾ ਹੈ। ਔਰਤਾਂ ਜੋ ਮਾਵਾਂ ਹਨ, ਨੂੰ ਆਪਣੀਆਂ ਬੱਚੀਆਂ ਨੂੰ ਆਪਣੀ ਰੱਖਿਆ ਲਈ ਕਰਾਟੇ ਸਿਖਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਅੱਜ ਮਾਵਾਂ ਨੂੰ ਆਪਣੀਆਂ ਬੱਚੀਆਂ ਨੂੰ ਚੇਤੰਨ ਕਰਨ ਦੀ ਵੀ ਬੇਹੱਦ ਜ਼ਰੂਰਤ ਹੈ।


-ਮਕਾਨ ਗਲੀ ਨੰ: 12, ਸੰਤਪੁਰਾ, ਕਪੂਰਥਲਾ। ਮੋਬਾ: 98148-92249

ਆਓ ਬਣਾਈਏ ਕੌਰਨ ਸੂਪ

ਸਮੱਗਰੀ : * ਇਕ ਵੱਡੇ ਤੋਂ ਵਿਚਕਾਰਲੇ ਆਕਾਰ ਦੀ ਮੱਕੀ ਦੀ ਛੱਲੀ, * 1/2 ਚਮਚਾ ਕਾਲੀ ਮਿਰਚ ਪਾਊਡਰ, * 1 ਚਮਚਾ ਪੀਸੀ ਹੋਈ ਅਜਵਾਇਣ (ਨਾ ਹੋਣ 'ਤੇ ਛੱਡ ਸਕਦੇ ਹੋ), * 1 ਚਮਚਾ ਹਰਾ ਪਿਆਜ਼ ਕੱਟਿਆ ਹੋਇਆ, * 1 ਚਮਚ ਤੇਲ (ਸੂਰਜਮੁਖੀ ਜਾਂ ਜੈਤੂਨ) ਜਾਂ ਮੱਖਣ, * 1.5 ਕੱਪ ਪਾਣੀ ਜਾਂ 3/4 ਕੱਪ ਕੋਸਾ ਦੁੱਧ+3/4 ਕੱਪ ਪਾਣੀ ਜਾਂ 1.5 ਕੱਪ ਸਬਜ਼ੀ ਦਾ ਪਾਣੀ, * 1/2 ਚਮਚਾ ਮੱਕੀ ਦਾ ਆਟਾ (2 ਚਮਚ ਪਾਣੀ ਵਿਚ ਘੁਲਿਆ ਹੋਇਆ), * ਨਮਕ ਲੋੜ ਅਨੁਸਾਰ।
ਕਿਵੇਂ ਬਣਾਈਏ ਸੂਪ:
* ਛੱਲੀ ਨੂੰ ਉਬਾਲ ਲਓ ਤੇ ਦਾਣੇ ਵੱਖ ਕਰ ਲਓ। * ਕੁਝ ਦਾਣੇ ਰੱਖ ਲਓ (ਲਗਪਗ 2 ਚਮਚੇ)। * ਬਾਕੀ ਦਾਣਿਆਂ ਨੂੰ ਥੋੜ੍ਹਾ ਪਾਣੀ ਪਾ ਕੇ ਪੀਸ ਕੇ ਪੇਸਟ ਬਣਾ ਲਓ।
* ਹੁਣ ਇਕ ਪੈਨ ਵਿਚ ਤੇਲ ਜਾਂ ਮੱਖਣ ਗਰਮ ਕਰੋ, ਇਸ ਵਿਚ ਪਿਆਜ਼ ਪਾ ਕੇ ਭੁੰਨੋ। * ਹੁਣ ਪੀਸੀ ਹੋਈ ਅਜਵਾਇਣ ਅਤੇ ਦਾਣਿਆਂ ਦੀ ਪੇਸਟ ਥੋੜ੍ਹਾ ਪਾਣੀ ਪਾ ਕੇ ਹਿਲਾਓ (ਦੁੱਧ ਜਾਂ ਪਾਣੀ ਜਾਂ ਸਬਜ਼ੀਆਂ ਦਾ ਪਾਣੀ)।
* ਇਸ ਵਿਚ ਕਾਲੀ ਮਿਰਚ ਪਾਊਡਰ ਤੇ ਨਮਕ ਪਾਓ ਅਤੇ ਬਾਕੀ ਰੱਖੇ ਮੱਕੀ ਦੇ ਦਾਣੇ ਪਾ ਕੇ 2-3 ਮਿੰਟ ਲਈ ਪਕਾਓ ਅਤੇ ਹਿਲਾਉਂਦੇ ਰਹੋ।
* ਇਸ ਵਿਚ ਮੱਕੀ ਦੀ ਪੇਸਟ ਨੂੰ ਪਾਓ ਅਤੇ 2-3 ਮਿੰਟ ਪਕਾਓ। ਹੁਣ ਸੂਪ ਥੋੜ੍ਹਾ ਸੰਘਣਾ ਹੋ ਜਾਵੇਗਾ। ਮਤਲਬ ਮੱਕੀ ਪੱਕ ਗਈ ਹੈ।
* ਹੁਣ ਸਵਾਦ ਚੈੱਕ ਕਰੋ ਅਤੇ ਗਰਮਾ-ਗਰਮ ਸੂਪ ਪਰੋਸਣ ਲਈ ਤਿਆਰ ਹੈ।
* ਕੌਰਨ ਸੂਪ ਨੂੰ ਅਜਵਾਇਣ ਪੱਤੇ ਜਾਂ ਹਰੇ ਪਿਆਜ਼ ਨਾਲ ਸਜਾ ਸਕਦੇ ਹੋ।
* ਇਹ ਕੌਰਨ ਸੂਪ ਲਸਣ ਜਾਂ ਬਰੈੱਡ ਟੋਸਟ ਨਾਲ ਖਾਣ ਲਈ ਚੰਗਾ ਲੱਗੇਗਾ।

ਪਹਿਰਾਵਾ-ਸ਼ਖ਼ਸੀਅਤ ਮੁਤਾਬਿਕ

ਪਰਮਾਤਮਾ ਨੇ ਇਨਸਾਨ ਦੀ ਰਚਨਾ ਕਰਕੇ ਬੜਾ ਅਲੌਕਿਕ ਕੰਮ ਕੀਤਾ ਹੈ। ਇਨਸਾਨ ਸੋਚ ਸਕਦਾ ਹੈ, ਕਿਸੇ ਚੀਜ਼ ਦੀ ਸਿਰਜਣਾ ਕਰ ਸਕਦਾ ਹੈ। ਉਸ ਨੇ ਆਪਣੇ ਤਨ ਨੂੰ ਪੱਤਿਆਂ ਨਾਲ ਵੀ ਢਕਿਆ। ਅੱਜਕਲ੍ਹ ਬਹੁਤ ਔਖਾ ਕੰਮ ਹੋ ਗਿਆ ਹੈ ਕੱਪੜਿਆਂ ਦੀ ਚੋਣ ਕਰਨ ਦਾ। ਸਿਆਣੇ ਕਹਿੰਦੇ ਸਨ, 'ਖਾਓ ਮਨ ਭਾਉਂਦਾ ਤੇ ਪਾਓ ਜੱਗ ਭਾਉਂਦਾ।' ਜੇ ਇਸ ਵਿਚਾਰ ਨੂੰ ਵਿਚਾਰੀਏ ਤਾਂ ਜੋ ਰਿਵਾਜ ਦਾ ਕੱਪੜਾ ਚੱਲ ਰਿਹਾ ਹੈ, ਪਾ ਲਓ।
ਪਰ ਨਹੀਂ, ਜ਼ਰਾ ਸੋਚੋ ਉਸ ਪਰਮਾਤਮਾ ਨੇ ਤੁਹਾਡੀ ਰਚਨਾ ਕਿਵੇਂ ਦੀ ਕੀਤੀ ਹੈ। ਹਰੇਕ ਇਨਸਾਨ ਦੀ ਸਰੀਰਕ ਬਣਤਰ ਅਲੱਗ ਹੈ। ਸੋਚ ਅਲੱਗ ਹੈ। ਮਰਦ ਹੋਵੇ ਜਾਂ ਔਰਤ, ਹਰ ਇਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਸ਼ਖ਼ਸੀਅਤ ਮੁਤਾਬਿਕ ਕੱਪੜਿਆਂ ਦੀ ਚੋਣ ਕਰਨ। ਰਿਵਾਜ ਛੱਡ ਕੇ ਇਹ ਦੇਖਣ ਕਿ ਉਨ੍ਹਾਂ ਨੂੰ ਕਿਹੜਾ ਪਹਿਰਾਵਾ ਜਚਦਾ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਸੁਰਮਾ ਹਰ ਕੋਈ ਪਾ ਲੈਂਦਾ ਹੈ ਪਰ ਮਟਕਾਉਣਾ ਕਿਸੇ-ਕਿਸੇ ਨੂੰ ਆਉਂਦਾ ਹੈ। ਇਸ ਲਈ ਹੀ ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂ ਵੱਡੀਆਂ ਕੰਪਨੀਆਂ ਵਿਚ ਯੂਨੀਫਾਰਮ ਲਗਵਾਈ ਜਾਂਦੀ ਹੈ। ਇਸ ਨਾਲ ਅਮੀਰ-ਗਰੀਬ ਦਾ ਭੇਦ ਖ਼ਤਮ ਹੋ ਜਾਂਦਾ ਹੈ। ਜਿਸ ਖੇਤਰ ਵਿਚ ਯੂਨੀਫਾਰਮ ਨਹੀਂ ਹੈ, ਉਥੇ ਸਾਨੂੰ ਬੜੇ ਧਿਆਨ ਨਾਲ ਕੱਪੜਿਆਂ ਅਤੇ ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ। ਅਧਿਆਪਕ ਜੋ ਸਮਾਜ ਦਾ ਸਿਰਜਣਹਾਰ ਹੈ, ਉਹ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਸਾਫ਼-ਸੁਥਰੇ, ਸਾਦਾ ਤੇ ਟਿਕਾਊ ਕੱਪੜੇ ਪਾਵੇ। ਦਫ਼ਤਰ ਆਦਿ ਵਿਚ ਵੀ ਤੰਗ ਤੇ ਭੜਕੀਲੇ ਕੱਪੜਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਫੈਸ਼ਨ ਦੀ ਅੰਨ੍ਹੀ ਦੌੜ ਵਿਚ ਕਦੇ ਵੀ ਸ਼ਾਮਿਲ ਨਹੀਂ ਹੋਣਾ ਚਾਹੀਦਾ। ਫੈਸ਼ਨ ਰਿਵਾਜ ਦੇ ਨਾਲ-ਨਾਲ ਜੇ ਅਸੀਂ ਆਪਣੀ ਸਰੀਰਕ ਬਣਤਰ, ਅਹੁਦੇ ਤੇ ਸ਼ਖ਼ਸੀਅਤ ਦਾ ਧਿਆਨ ਰੱਖ ਕੇ ਪਹਿਰਾਵਾ ਪਾਉਂਦੇ ਹਾਂ ਤਾਂ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਦ ਲੱਗ ਜਾਂਦੇ ਹਨ। ਜ਼ਰੂਰੀ ਨਹੀਂ ਕਿ ਕੱਪੜਾ ਮਹਿੰਗਾ ਤੇ ਭੜਕੀਲਾ ਹੋਵੇ ਤਾਂ ਹੀ ਚੰਗਾ ਲਗਦਾ ਹੈ। ਸਾਫ਼-ਸੁਥਰਾ, ਪ੍ਰੈੱਸ ਕੀਤਾ ਸਾਦਾ ਕੱਪੜਾ ਵੀ ਦੂਰੋਂ ਤੁਹਾਡੀ ਸ਼ਖ਼ਸੀਅਤ ਬਾਰੇ ਦੱਸ ਦਿੰਦਾ ਹੈ। ਪਰ ਅਫ਼ਸੋਸ ਕਿ ਪੱਛਮੀ ਸੱਭਿਅਤਾ ਦੀ ਅੰਨ੍ਹੀ ਦੌੜ ਦੇ ਪ੍ਰਭਾਵ ਥੱਲੇ ਅਸੀਂ ਆਪਣੇ ਪੂਰਵ ਦੇ ਸੰਸਕਾਰਾਂ ਨੂੰ ਭੁੱਲ ਕੇ ਅੱਧਨਗਨ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸੋ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੱਪੜਿਆਂ ਦੀ ਚੋਣ ਕਰਨ ਵੇਲੇ ਆਪਣੀ ਪਦਵੀ, ਹੈਸੀਅਤ ਅਤੇ ਸਰੀਰਕ ਬਣਤਰ ਦਾ ਖਿਆਲ ਜ਼ਰੂਰ ਰੱਖੀਏ। ਵਧੀਆ ਤੇ ਸਲੀਕੇ ਨਾਲ ਪਾਇਆ ਕੱਪੜਾ ਇਕ-ਚੌਥਾਈ ਸਾਡੇ ਸੁਹੱਪਣ ਨੂੰ ਵਧਾਉਂਦਾ ਹੈ ਤੇ ਜੇਕਰ ਅਸੀਂ ਨਿਮਰਤਾ ਨਾਲ ਤੇ ਮਿੱਠਾ ਬੋਲੀਏ ਤਾਂ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ।


-ਘਰ ਨੰ: ਐਸ-17, ਨਿਊ ਰਾਜਾ ਗਾਰਡਨ, ਮਿੱਠਾਪੁਰ (ਮਾਡਲ ਟਾਊਨ), ਜਲੰਧਰ ਸ਼ਹਿਰ।

ਇੰਜ ਰੱਖੋ ਰਸੋਈ ਨੂੰ ਸਾਫ਼

ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਅੱਜ ਵੀ ਸਾਡੇ ਦੇਸ਼ ਦੀਆਂ ਔਰਤਾਂ ਦਾ ਬਹੁਤਾ ਸਮਾਂ ਰਸੋਈ ਵਿਚ ਹੀ ਬੀਤਦਾ ਹੈ। ਜਿਸ ਜਗ੍ਹਾ 'ਤੇ ਬਹੁਤਾ ਸਮਾਂ ਬਿਤਾਇਆ ਜਾਂਦਾ ਹੈ, ਉਸ ਦੀ ਸਫ਼ਾਈ ਦਾ ਧਿਆਨ ਵੀ ਸਿਹਤ ਲਈ ਰੱਖਣਾ ਹੀ ਚਾਹੀਦਾ ਹੈ।
ਗੈਸ ਚੁੱਲ੍ਹੇ ਨੂੰ ਨਿਯਮਤ ਰੂਪ ਨਾਲ ਰੋਜ਼ ਖਾਣਾ ਬਣਾਉਣ ਤੋਂ ਬਾਅਦ ਗਿੱਲੇ ਕੱਪੜੇ ਨਾਲ ਜ਼ਰੂਰ ਹੀ ਪੂੰਝ ਲੈਣਾ ਚਾਹੀਦਾ ਹੈ। ਰੋਜ਼ ਸਾਬਣ ਲਗਾ ਕੇ ਧੋਣ ਦੀ ਲੋੜ ਨਹੀਂ ਹੈ। ਤੇਲ-ਮਸਾਲਿਆਂ ਦੇ ਦਾਗਾਂ ਦੀ ਸਮੱਸਿਆ ਨਾਲ ਗ੍ਰਹਿਣੀਆਂ ਨੂੰ ਕਾਫੀ ਜੂਝਣਾ ਪੈਂਦਾ ਹੈ। ਤਲਿਆ-ਭੁੰਨਿਆ ਜ਼ਿਆਦਾ ਖਾਣ ਦੀ ਆਦਤ ਹੋਣ ਕਾਰਨ, ਤੜਕਾ ਲਗਾਉਣ ਕਾਰਨ ਸਾਰਾ ਕਮਰਾ ਧੂੰਏਂ ਨਾਲ ਭਰ ਜਾਂਦਾ ਹੈ। ਭਾਂਡੇ, ਡੱਬੇ, ਮਸਾਲਿਆਂ ਦੀਆਂ ਸ਼ੀਸ਼ੀਆਂ ਆਦਿ ਸਾਰਾ ਕੁਝ ਤੇਲ ਨਾਲ ਚਿਪਚਿਪੇ ਹੋ ਜਾਂਦੇ ਹਨ, ਇਸ ਲਈ ਰਸੋਈ ਵਿਚ ਰੱਖੀਆਂ ਚੀਜ਼ਾਂ ਨੂੰ ਨਿਯਮਿਤ ਰੂਪ ਨਾਲ ਧੋਂਦੇ ਰਹਿਣਾ ਚਾਹੀਦਾ ਹੈ। ਸਾਬਣ ਘੁਲੇ ਗਰਮ ਪਾਣੀ ਦੀ ਵਰਤੋਂ ਨਾਲ ਸ਼ੀਸ਼ਿਆਂ ਦੀ ਚਿਕਨਾਹਟ ਦੂਰ ਹੋ ਜਾਂਦੀ ਹੈ। ਪਲਾਸਟਿਕ ਦੇ ਡੱਬੇ, ਬਾਲਟੀਆਂ ਆਦਿ ਵਿਚ ਜੇ ਤੇਲ ਦੇ ਦਾਗ ਲੱਗ ਗਏ ਹੋਣ ਤਾਂ ਮਿੱਟੀ ਦੇ ਤੇਲ ਨਾਲ ਰਗੜ ਕੇ ਸਾਫ਼ ਕਰ ਲਓ। ਉਸ ਤੋਂ ਬਾਅਦ ਸਾਬਣ ਨਾਲ ਧੋ ਦਿਓ, ਸਾਰੇ ਇਕਦਮ ਸਾਫ਼ ਹੋ ਜਾਣਗੇ। ਇਸ ਤਰ੍ਹਾਂ ਡੱਬੇ ਸਾਫ਼ ਵੀ ਹੋ ਜਾਣਗੇ ਅਤੇ ਉਨ੍ਹਾਂ ਵਿਚ ਮਿੱਟੀ ਦੇ ਤੇਲ ਦੀ ਬਦਬੂ ਵੀ ਨਹੀਂ ਰਹੇਗੀ।
ਪ੍ਰੈਸ਼ਰ ਕੁੱਕਰ ਦੇ ਅੰਦਰ ਬਹੁਤ ਛੇਤੀ ਦਾਗ ਲੱਗ ਜਾਂਦੇ ਹਨ। ਪਾਣੀ ਵਿਚ ਥੋੜ੍ਹਾ ਜਿਹਾ ਸਿਰਕਾ, ਇਮਲੀ ਜਾਂ ਨਿੰਬੂ ਦਾ ਰਸ ਪਾ ਕੇ ਇਕ ਵਾਰ ਸਟੀਮ ਕਰ ਲਓ। ਠੰਢਾ ਹੋਣ 'ਤੇ ਪਾਣੀ ਨੂੰ ਡੋਲ੍ਹ ਕੇ ਚੰਗੀ ਤਰ੍ਹਾਂ ਮਾਂਜ ਲਓ। ਉਹ ਇਕਦਮ ਚਮਕ ਜਾਵੇਗਾ। ਸਭ ਤੋਂ ਚੰਗਾ ਹੋਵੇਗਾ ਕਿ ਜੇ ਤੁਸੀਂ ਸਾਰੇ ਭਾਂਡਿਆਂ ਨੂੰ ਧੋ ਕੇ ਇਕ ਵਾਰ ਉਬਲਦੇ ਪਾਣੀ ਵਿਚ ਡੁਬੋ ਕੇ ਕੱਢ ਲਓ। ਕਾਫੀ ਜ਼ਿਆਦਾ ਤੇਲ ਨਾਲ ਲਿਬੜੇ ਭਾਂਡੇ ਉਬਲਦੇ ਪਾਣੀ ਵਿਚ ਡੁਬੋ ਕੇ ਫਿਰ ਨਿੰਬੂ ਅਤੇ ਸਾਬਣ ਲਗਾ ਕੇ ਮਾਂਜ ਲਓ। ਫਿਰ ਦੁਬਾਰਾ ਗਰਮ ਪਾਣੀ ਨਾਲ ਧੋ ਕੇ ਕੱਢ ਲਓ। ਇਸ ਨਾਲ ਉਸ ਵਿਚ ਲੱਗਿਆ ਘਿਓ ਬਿਲਕੁਲ ਸਾਫ਼ ਹੋ ਜਾਵੇਗਾ।
ਸੜੇ ਹੋਏ ਭਾਂਡਿਆਂ ਨੂੰ ਸਾਰੀ ਰਾਤ ਲੂਣ ਵਾਲੇ ਪਾਣੀ ਵਿਚ ਪਾ ਕੇ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਉਬਾਲ ਲਓ। ਠੰਢੇ ਹੋਣ 'ਤੇ ਸਾਧਾਰਨ ਢੰਗ ਨਾਲ ਮਾਂਜਦੇ ਹੀ ਜਲੇ ਦੇ ਦਾਗ ਲੱਥ ਜਾਣਗੇ ਅਤੇ ਭਾਂਡੇ ਚਮਕਣ ਲੱਗਣਗੇ। ਅੱਜਕਲ੍ਹ ਗੈਸ ਦੀ ਸਹੂਲਤ ਹੋਣ ਨਾਲ ਘਰ ਵਿਚ ਸੁਆਹ ਮਿਲਣੀ ਅਸੰਭਵ ਹੋ ਗਈ ਹੈ। ਫਿਰ ਵੀ ਕਿਤਿਓਂ ਲਿਆ ਕੇ ਜੇ ਸੁਆਹ ਨੂੰ ਛਾਣ ਕੇ ਵਿਮ ਪਾਊਡਰ ਦੇ ਨਾਲ ਮਿਲਾ ਲਿਆ ਜਾਵੇ ਤਾਂ ਐਲੂਮੀਨੀਅਮ ਦੀਆਂ ਪਤੀਲੀਆਂ, ਕੜਾਹੀ ਆਦਿ ਮਾਂਜਣ ਵਿਚ ਅਸਾਨੀ ਹੋਵੇਗੀ। ਸਟੀਲ, ਕੱਚ ਆਦਿ ਦੇ ਭਾਂਡਿਆਂ ਲਈ ਸਾਬਣ ਦੀ ਵਰਤੋਂ ਹੀ ਕਾਫੀ ਹੈ। ਤੁੜਕਾ ਆਦਿ ਲਗਾਉਂਦੇ ਸਮੇਂ ਜੇ ਕੜਾਹੀ ਜਾਂ ਚੜ੍ਹਾਇਆ ਗਿਆ ਭਾਂਡਾ ਉਸੇ ਸਮੇਂ ਢਕ ਦਿੱਤਾ ਜਾਵੇ ਤਾਂ ਧੂੰਆਂ ਚਾਰੇ ਪਾਸੇ ਫੈਲਦਾ ਨਹੀਂ ਹੈ। ਰਸੋਈ ਦਾ ਐਗਜ਼ਾਸਟ ਫੈਨ ਇਸੇ ਧੂੰਏਂ ਦੇ ਕਾਰਨ ਤੇਲ ਵਾਲੀ ਕਾਲਖ ਨਾਲ ਭਰ ਜਾਂਦਾ ਹੈ। ਇਸੇ ਕਾਰਨ ਪੱਖਾ ਵੀ ਖਰਾਬ ਹੋ ਜਾਂਦਾ ਹੈ। ਪੱਖੇ ਨੂੰ ਨਿਯਮਤ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਰਸੋਈ ਵਿਚ ਝੀਂਗੁਰ ਅਤੇ ਤਿਲਚੱਟੇ ਆਦਿ ਹੋਣ ਦਾ ਮੁੱਖ ਕਾਰਨ ਗੰਦਗੀ ਹੀ ਹੁੰਦੀ ਹੈ। ਆਮ ਤੌਰ 'ਤੇ ਖੁੱਲ੍ਹੇ ਪਏ ਖਾਣੇ, ਜੂਠ ਆਦਿ ਵਿਚ ਹੀ ਇਨ੍ਹਾਂ ਦੀ ਪੈਦਾਵਾਰ ਹੁੰਦੀ ਹੈ ਅਤੇ ਉਸੇ ਨੂੰ ਖਾ ਕੇ ਇਨ੍ਹਾਂ ਦੀ ਗਿਣਤੀ ਵਧਦੀ ਹੈ। ਰਾਤ ਨੂੰ ਭਾਂਡਿਆਂ ਵਿਚ ਬਚੀ ਜੂਠ ਪਈ ਹੋਵੇ ਤਾਂ ਕੀੜੇ ਲੱਗਣਗੇ ਹੀ। ਜੂਠ ਨੂੰ ਸੁੱਟਣ ਤੋਂ ਬਾਅਦ ਹੀ ਸਿੰਕ ਵਿਚ ਭਾਂਡਿਆਂ ਨੂੰ ਰੱਖੋ। ਰਸੋਈ ਵਿਚ ਢੱਕਣ ਵਾਲੇ ਡਸਟਬਿਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਕੱਚ ਦੇ ਭਾਂਡੇ ਅਤੇ ਨਾਨਸਟਿਕ ਭਾਂਡਿਆਂ ਨੂੰ ਧੋਣ ਲਈ ਟੂ-ਇਨ-ਵਨ ਕ੍ਰਾਕਰੀ ਬੁਰਸ਼ ਦੀ ਵਰਤੋਂ ਕਰਨੀ ਚੰਗੀ ਹੁੰਦੀ ਹੈ। ਇਸ ਤੋਂ ਇਲਾਵਾ 'ਚਾਇਨਾ' ਯੂਟੇਨਸਿਲ ਕਲੀਨਰ ਵੀ ਮਿਲਦਾ ਹੈ। ਰਸੋਈ ਦੀ ਸਫ਼ਾਈ ਲਈ 'ਡਿਸਪੋਜ਼ੇਬਲ ਕਿਚਨ ਰੋਲ' ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਕੱਚ ਦੀਆਂ ਸ਼ੀਸ਼ੀਆਂ, ਗਲਾਸ ਆਦਿ ਸਾਫ਼ ਕਰਨ ਵਿਚ ਬੜੀ ਮੁਸ਼ਕਿਲ ਹੁੰਦੀ ਹੈ। ਇਸ ਵਾਸਤੇ ਗਲਾਸ ਕਲੀਨਰ ਮਿਲਦਾ ਹੈ, ਜਿਸ ਦੇ ਉੱਪਰ ਫੋਮ ਦਾ ਪੈਡ ਲੱਗਿਆ ਹੁੰਦਾ ਹੈ। ਇਸ ਤੋਂ ਇਲਾਵਾ ਨਾਈਲੋਨ ਦੇ ਦੰਦਾਂ ਵਾਲਾ ਬੋਤਲ ਸਾਫ਼ ਕਰਨ ਵਾਲਾ ਵੀ ਮਿਲਦਾ ਹੈ। ਰਸੋਈ ਦਾ ਸਿੰਕ ਸਾਫ਼ ਕਰਨ ਲਈ ਹੱਥ ਵਾਲੇ ਬੁਰਸ਼ ਦੀ ਵਰਤੋਂ ਕਰੋ। ਸੁਗੰਧਿਤ ਤਰਲ ਸਾਬਣ ਲੈ ਕੇ ਰੱਖ ਲਓ। ਇਸ ਨਾਲ ਸਫ਼ਾਈ ਵਿਚ ਅਸਾਨੀ ਹੁੰਦੀ ਹੈ।
ਰਸੋਈ ਦੇ ਭਾਂਡਿਆਂ ਵਿਚ ਸੜੇ ਦਾ ਦਾਗ ਜੇ ਬਹੁਤ ਪੁਰਾਣਾ ਹੋ ਗਿਆ ਹੋਵੇ ਤਾਂ ਦੋ ਚਮਚੇ ਬੇਕਿੰਗ ਸੋਢਾ, ਅੱਧਾ ਕੱਪ ਸਿਰਕਾ ਅਤੇ ਇਕ ਕੱਪ ਪਾਣੀ ਮਿਲਾ ਕੇ 10 ਮਿੰਟ ਤੱਕ ਉਬਾਲ ਲਓ। ਫਿਰ ਚੰਗੀ ਤਰ੍ਹਾਂ ਸਾਫ਼ ਕਰ ਲਓ। ਧੋਂਦੇ ਹੀ ਦਾਗ ਲੱਥ ਜਾਵੇਗਾ। ਦੁੱਧ ਜਾਂ ਚੌਲਾਂ ਦਾ ਫੇਨ ਉਬਲ ਕੇ ਜੇ ਗੈਸ ਦੇ ਬਰਨਰ 'ਤੇ ਡਿਗ ਪਵੇ ਤਾਂ ਉਸੇ ਸਮੇਂ ਉਸ 'ਤੇ ਨਮਕ ਛਿੜਕ ਦਿਓ। ਬਾਅਦ ਵਿਚ ਠੰਢਾ ਹੋਣ 'ਤੇ ਇਕ ਸਖ਼ਤ ਬੁਰਸ਼ ਨਾਲ ਰਗੜ ਕੇ ਗਿੱਲੇ ਸਪੰਜ ਨਾਲ ਪੂੰਝ ਦਿਓ। ਸਭ ਸਾਫ਼ ਹੋ ਜਾਵੇਗਾ।


-ਪੂਨਮ ਦਿਨਕਰ

ਘਰ ਵਿਚ ਬਣੇ ਪੈਕ ਨਾਲ ਨਿਖਾਰੋ ਆਪਣਾ ਚਿਹਰਾ

ਘਰ ਵਿਚ ਬਣੇ ਫੇਸ ਪੈਕ ਦੁਆਰਾ ਆਪਣੀ ਸੁੰਦਰਤਾ ਨੂੰ ਘੱਟ ਸਮੇਂ ਵਿਚ ਹੀ ਨਿਖਾਰਿਆ ਜਾ ਸਕਦਾ ਹੈ। ਤੁਹਾਡੀ ਰਸੋਈ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਘਰ ਬੈਠੇ ਕੁਦਰਤੀ ਫੇਸ ਪੈਕ ਦੁਆਰਾ ਆਪਣੀ ਚਮੜੀ ਦੀ ਕਿਸਮ ਅਨੁਸਾਰ ਫੇਸ ਪੈਕ ਬਣਾ ਕੇ ਉਸ ਨੂੰ ਚਿਹਰੇ 'ਤੇ ਲਗਾ ਕੇ ਆਪਣੀ ਚਮੜੀ ਨੂੰ ਖੂਬਸੂਰਤ ਬਣਾ ਸਕਦੇ ਹੋ।
ਰੁੱਖੀ ਚਮੜੀ : ਦੋ ਚਮਚੇ ਮਿਲਕ ਪਾਊਡਰ ਵਿਚ, ਦੋ ਚਮਚੇ ਸ਼ਹਿਦ ਅਤੇ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਇਕ ਪੇਸਟ ਤਿਆਰ ਕਰੋ। ਜੇ ਤੁਹਾਡੀ ਚਮੜੀ ਜ਼ਿਆਦਾ ਰੁੱਖੀ ਹੈ ਤਾਂ ਇਸ ਵਿਚ ਪਾਣੀ ਦੀ ਜਗ੍ਹਾ ਗੁਲਾਬ ਜਾਂ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਰੱਖਣ ਤੋਂ ਬਾਅਦ ਆਪਣੇ ਚਿਹਰੇ ਨੂੰ ਧੋ ਲਓ।
ਤੇਲੀ ਚਮੜੀ : ਦੋ ਚਮਚੇ ਮੁਲਤਾਨੀ ਮਿੱਟੀ ਵਿਚ, ਇਕ ਚਮਚਾ ਗੁਲਾਬ ਜਲ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਇਕ ਪੇਸਟ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਮੁਲਤਾਨੀ ਮਿੱਟੀ ਵਿਚ ਸੰਤਰੇ ਦਾ ਰਸ ਮਿਲਾ ਕੇ ਵੀ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ।
ਆਮ ਚਮੜੀ : ਖੀਰੇ ਨੂੰ ਦੋ ਕਿਊਬ ਵਿਚ ਕੱਟੋ, ਉਸ ਵਿਚ ਅੱਧਾ ਕੱਪ ਓਟਸ ਮਿਲਾ ਕੇ ਦਰਦਰਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਰੈਫਰੀਜਰੇਟਰ ਵਿਚ ਰੱਖ ਕੇ ਇਕ ਹਫ਼ਤੇ ਤੱਕ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਿਆਰ ਪੇਸਟ ਵਿਚ ਇਕ ਚਮਚਾ ਮਲਾਈ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤੱਕ ਲਗਾ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਠੰਢੇ ਪਾਣੀ ਨਾਲ ਧੋ ਲਓ।
ਮਿਲੀਜੁਲੀ ਚਮੜੀ : ਅੱਧਾ ਕੱਪ ਦਹੀਂ ਵਿਚ ਆਂਡੇ ਦੀ ਸਫੈਦੀ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਲਗਾ ਕੇ ਰੱਖਣ ਤੋਂ ਬਾਅਦ ਧੋ ਲਓ। ਇਸ ਤੋਂ ਇਲਾਵਾ ਪੱਕੇ ਫਲਾਂ ਜਿਵੇਂ ਸਟਰਾਬਰੀ, ਕੀਵੀ, ਪਪੀਤਾ ਅਤੇ ਕੇਲੇ ਵਰਗੇ ਫਲਾਂ ਦੁਆਰਾ ਵੀ ਪੇਸਟ ਤਿਆਰ ਕੀਤਾ ਜਾ ਸਕਦਾ ਹੈ। ਫਲ ਨੂੰ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਇਸ ਵਿਚ ਥੋੜ੍ਹਾ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲਓ। ਇਸ ਪੇਸਟ ਨੂੰ 10-12 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ।
ਸੰਵੇਦਨਸ਼ੀਲ ਚਮੜੀ : ਜਿਨ੍ਹਾਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਘਰ ਵਿਚ ਬਣੇ ਫੇਸਪੈਕ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਰੋਗ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਦੋ ਚਮਚੇ ਓਟ ਵਿਚ ਦੋ ਚਮਚੇ ਬਦਾਮ ਮਿਲਾ ਕੇ ਪਾਊਡਰ ਤਿਆਰ ਕਰੋ। ਉਸ ਵਿਚ ਅੱਧੇ ਖੀਰੇ ਨੂੰ ਕੱਦੂਕਸ਼ ਕਰਕੇ ਉਸ ਦਾ ਰਸ ਕੱਢੋ। ਇਸ ਪੇਸਟ ਨੂੰ ਠੰਢਾ ਕਰਨ ਤੋਂ ਬਾਅਦ ਚਿਹਰੇ 'ਤੇ 15 ਮਿੰਟ ਤੱਕ ਲਗਾ ਕੇ ਰੱਖੋ ਅਤੇ ਉਸ ਤੋਂ ਬਾਅਦ ਚਿਹਰਾ ਧੋ ਲਓ।
ਪੈਕ ਲਗਾਉਣ ਤੋਂ ਪਹਿਲਾਂ : * ਚਿਹਰੇ 'ਤੇ ਪੈਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਨੂੰ ਥਪਥਪਾ ਕੇ ਸੁਕਾਓ। * ਚਿਹਰੇ 'ਤੇ ਇਕਸਾਰ ਮਾਸਕ ਲਗਾਓ। * ਗੁਲਾਬ ਜਲ ਵਿਚ ਰੂੰ ਭਿਉਂ ਕੇ ਅੱਖਾਂ 'ਤੇ ਰੱਖੋ। * ਪੈਕ ਨੂੰ ਜਿੰਨੇ ਸਮੇਂ ਤੱਕ ਚਿਹਰੇ 'ਤੇ ਲਗਾ ਕੇ ਰੱਖੋ, ਉਸ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰੇ ਨੂੰ ਧੋਵੋ ਅਤੇ ਕਿਸੇ ਸਖ਼ਤ ਤੌਲੀਏ ਨਾਲ ਪੂੰਝਣ ਦੀ ਬਜਾਏ ਚਿਹਰੇ ਨੂੰ ਥਪਥਪਾ ਕੇ ਸੁਕਾਓ। * ਪੈਕ ਲਗਾਉਣ ਤੋਂ ਬਾਅਦ ਮਾਇਸਚਰਾਈਜ਼ਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।


-ਪ੍ਰਤਿਮਾ ਅਰੋੜਾ,
ਫਿਊਚਰ ਮੀਡੀਆ ਨੈੱਟਵਰਕ

ਫਜ਼ੂਲ ਖ਼ਰਚੀ ਤੋਂ ਬਚੋ, ਤਿਉਹਾਰਾਂ ਦੇ ਸੀਜ਼ਨ ਵਿਚ

ਆਉਣ ਵਾਲੇ ਦਿਨਾਂ ਵਿਚ ਬਹੁਤ ਸਾਰੇ ਤਿਉਹਾਰ ਆ ਰਹੇ ਹਨ। ਤਿਉਹਾਰਾਂ 'ਤੇ ਲੋਕ ਬਹੁਤ ਜ਼ਿਆਦਾ ਖਰੀਦਦਾਰੀ ਕਰਦੇ ਹਨ ਪਰ ਖਰੀਦਦਾਰੀ ਕਰਨ ਵਿਚ ਸਭ ਤੋਂ ਅੱਗੇ ਹਨ ਔਰਤਾਂ। ਔਰਤਾਂ ਹੀ ਸਭ ਤੋਂ ਵੱਧ ਖਰੀਦਦਾਰੀ ਕਰਦੀਆਂ ਹਨ। ਹਾਂ, ਇਹ ਠੀਕ ਹੈ ਕਿ ਔਰਤਾਂ ਨੂੰ ਸਾਰੇ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ, ਉਨ੍ਹਾਂ ਨੇ ਘਰ ਦੀ ਲੋੜ ਦਾ ਸਮਾਨ ਤਾਂ ਖਰੀਦਣਾ ਹੀ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਘਰੇਲੂ ਜ਼ਰੂਰਤ ਦਾ ਲੋੜੀਂਦਾ ਸਮਾਨ ਤਾਂ ਖਰੀਦਣਾ ਹੀ ਹੁੰਦਾ ਹੈ ਪਰ ਦੇਖਣ ਵਿਚ ਆਉਂਦਾ ਹੈ ਕਿ ਤਿਉਹਾਰਾਂ ਦੇ ਸਮੇਂ ਔਰਤਾਂ ਬਹੁਤ ਸਾਰਾ ਅਜਿਹਾ ਸਮਾਨ ਵੀ ਖ਼ਰੀਦ ਲੈਂਦੀਆਂ ਹਨ, ਜਿਨ੍ਹਾਂ ਦੀ ਨੇੜ ਭਵਿੱਖ ਵਿਚ ਕੋਈ ਵੀ ਜ਼ਰੂਰਤ ਨਹੀਂ ਹੁੰਦੀ। ਕਈ ਵਾਰ ਤਾਂ ਕੰਪਨੀਆਂ ਆਪਣੇ ਗਾਹਕਾਂ ਨੂੰ ਲਾਲਚ ਦੇ ਦਿੰਦੀਆਂ ਹਨ ਕਿ ਇਕ ਨਾਲ ਇਕ ਮੁਫਤ ਜਾਂ ਵੱਧ ਫੀਸਦੀ ਜਿਵੇਂ 40 ਫੀਸਦੀ ਛੂਟ ਆਦਿ ਪਰ ਕੰਪਨੀਆਂ ਨੇ ਇਸ ਸਾਮਾਨ ਦੇ ਪੈਸੇ ਪਹਿਲਾਂ ਹੀ ਲਗਾ ਰੱਖੇ ਹੁੰਦੇ ਹਨ। ਕਈ ਔਰਤਾਂ ਬਿਨਾਂ ਸੋਚੇ-ਸਮਝੇ ਬਹੁਤ ਸਾਰਾ ਸਾਮਾਨ ਖਰੀਦ ਕੇ ਰੱਖ ਲੈਂਦੀਆਂ ਹਨ, ਜਿਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ।
ਇਸ ਕਰਕੇ ਸੋਚ-ਸਮਝ ਕੇ, ਲੋੜ ਅਤੇ ਜ਼ਰੂਰਤ ਅਨੁਸਾਰ ਹੀ ਖਰੀਦਦਾਰੀ ਕਰੋ।


-ਦਿਉਣ ਖੇੜਾ (ਸ੍ਰੀ ਮੁਕਤਸਰ ਸਾਹਿਬ)। ਮੋਬਾ: 94174-47941

ਮਾਪਿਆਂ ਦਾ ਬੱਚਿਆਂ ਪ੍ਰਤੀ ਵਿਹਾਰ

ਬੱਚਿਆਂ ਉੱਪਰ ਪਰਿਵਾਰਕ ਮਾਹੌਲ ਅਤੇ ਆਲੇ-ਦੁਆਲੇ ਦਾ ਬਹੁਤ ਹੀ ਅਸਰ ਹੁੰਦਾ ਹੈ। ਬੱਚੇ ਦਾ ਮਨ ਇਕ ਕੋਰੀ ਸਲੇਟ ਵਾਂਗ ਹੈ, ਜਿਸ ਉੱਪਰ ਜਿਹੜੇ ਅੱਖਰ ਲਿਖੇ ਜਾਣਗੇ, ਉਹ ਪੱਕੇ ਹੁੰਦੇ ਜਾਣਗੇ। ਬੱਚੇ ਦੀ ਸ਼ਖ਼ਸੀਅਤ ਉਸ ਦੇ ਮੁਢਲੇ ਸਾਲਾਂ ਤੋਂ ਹੀ ਉਸਰਨੀ ਸ਼ੁਰੂ ਹੋ ਜਾਂਦੀ ਹੈ। ਬੱਚਿਆਂ ਦੀ ਸ਼ੈਤਾਨੀ ਅਤੇ ਸੁਭਾਅ ਵੱਡੇ-ਵੱਡੇ ਨੁਕਸਾਨ ਕਰਵਾ ਦਿੰਦਾ ਹੈ। ਇਥੋਂ ਤੱਕ ਕਿ ਕਈ ਵਾਰ ਬੱਚੇ ਦੀ ਜਾਨ ਵੀ ਜਾ ਸਕਦੀ ਹੈ। ਬੱਚਿਆਂ ਅੰਦਰ ਬਗਾਵਤ ਤੇ ਹਿੰਸਕ ਰੁਚੀਆਂ ਪੈਦਾ ਹੋਣ ਦੇ ਕਾਰਨ ਇਹ ਹੋ ਸਕਦੇ ਹਨ-
* ਮਾਂ-ਪਿਓ ਦੁਆਰਾ ਕੰਮਕਾਰ ਵਿਚ ਮਗਨ ਰਹਿ ਕੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰਨਾ। ਇਹ ਠੀਕ ਹੈ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮਾਪਿਆਂ ਕੋਲ ਬੱਚਿਆਂ ਲਈ ਸਮੇਂ ਦੀ ਕਮੀ ਹੈ ਪਰ ਬੱਚੇ ਖਾਸ ਕਰਕੇ ਜਵਾਨ ਹੋ ਰਹੇ ਬੱਚੇ ਦੇ ਨਾਲ ਗੱਲਬਾਤ ਕਰਨਾ ਰਿਸ਼ਤਿਆਂ ਨੂੰ ਸੁਖਾਵਾਂ ਬਣਾਉਂਦਾ ਹੈ। ਬੱਚੇ ਨੂੰ ਇਹ ਪੁੱਛਣਾ ਲਾਜ਼ਮੀ ਹੈ ਕਿ ਉਸ ਦਾ ਅੱਜ ਦਾ ਦਿਨ ਸਕੂਲ-ਕਾਲਜ ਵਿਚ ਕਿਵੇਂ ਬੀਤਿਆ?
* ਮਾਂ-ਪਿਓ ਦੇ ਆਪਸੀ ਝਗੜੇ ਵੀ ਬੱਚਿਆਂ ਅੰਦਰ ਹਿੰਸਕ ਰੁਚੀਆਂ ਪੈਦਾ ਕਰਦੇ ਹਨ, ਜਦ ਮਾਪੇ ਆਪੋ ਵਿਚ ਲੜਦੇ ਹਨ ਤਾਂ ਬੱਚੇ ਲਈ ਘਰ ਦਾ ਮਾਹੌਲ ਬਹੁਤ ਤਣਾਅ ਭਰਪੂਰ ਹੋ ਜਾਂਦਾ ਹੈ ਤੇ ਉਹ ਕਸੂਰ ਕਿਸ ਦਾ ਹੈ? ਇਹੀ ਸੋਚ-ਸੋਚ ਕੇ ਮਾਂ-ਬਾਪ 'ਤੇ ਗੁੱਸਾ ਕਰਦੇ ਹੌਲੀ-ਹੌਲੀ ਬਾਗੀ ਹੋ ਜਾਂਦੇ ਹਨ। ਮਾਪੇ ਆਪਣੇ ਝਗੜੇ ਵਿਚ ਫਸ ਕੇ ਬੱਚੇ ਦੇ ਵਜੂਦ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੰਦੇ ਹਨ।
* ਕਈ ਮਾਪੇ ਬਸ ਬੱਚਿਆਂ ਉੱਪਰ ਰੋਹਬ ਰੱਖਣਾ ਹੀ ਮਾਪੇ ਹੋਣ ਦਾ ਪਹਿਲਾ ਕਰਤੱਵ ਸਮਝਦੇ ਹਨ ਜੋ ਕਿ ਜਵਾਨ ਹੋ ਰਹੇ ਬੱਚਿਆਂ ਅੰਦਰ ਹੀਣ ਭਾਵਨਾ ਅਤੇ ਮਾਪਿਆਂ ਪ੍ਰਤੀ ਕੁੜੱਤਣ ਭਰ ਦਿੰਦਾ ਹੈ। ਹਰ ਵੇਲੇ ਬੱਚੇ ਨੂੰ ਤਾੜਨਾ ਦੇਣਾ, ਰੋਹਬ ਪਾਉਣਾ, ਉਸ ਨੂੰ ਦਬਕਾਉਣਾ ਆਪਸੀ ਪ੍ਰੇਮ ਘਟਾ ਦਿੰਦਾ ਹੈ, ਜਿਸ ਨਾਲ ਬੱਚਿਆਂ ਅੰਦਰ ਮਾਪਿਆਂ ਤੋਂ ਕੁਝ ਵੀ ਚੰਗਾ ਹੋਣ ਦੀ ਉਮੀਦ ਖ਼ਤਮ ਹੋ ਜਾਂਦੀ ਹੈ।
* ਬਹੁਤ ਸਾਰੇ ਮਾਪੇ ਆਪਣੀਆਂ ਇੱਛਾਵਾਂ/ਖਾਹਿਸ਼ਾਂ ਦਾ ਭਾਰ ਆਪਣੇ ਬੱਚਿਆਂ ਉੱਪਰ ਲੱਦ ਕੇ ਉਨ੍ਹਾਂ ਦੀ ਦਿਲਚਸਪੀ ਜਾਣੇ ਬਿਨਾਂ ਉਨ੍ਹਾਂ ਨੂੰ ਆਪਣੇ ਮੁਤਾਬਿਕ ਕੈਰੀਅਰ ਚੁਣਨ ਤੋਂ ਰੋਕਦੇ ਹੋਏ ਆਪਣੇ ਵਲੋਂ ਜ਼ਬਰਦਸਤੀ ਖੇਤਰ ਚੁਣਨ ਲਈ ਮਜਬੂਰ ਕਰਦੇ ਹਨ। ਬੱਚਿਆਂ ਦਾ ਮਾਰਗ ਦਰਸ਼ਨ ਕਰਨਾ ਜ਼ਰੂਰੀ ਹੈ ਪਰ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਉਨ੍ਹਾਂ ਨੂੰ ਕੈਰੀਅਰ ਚੁਣਨ ਦੀ ਖੁੱਲ੍ਹ ਦੇਣਾ ਵੀ ਜ਼ਰੂਰੀ ਹੈ, ਨਹੀਂ ਤਾਂ ਤਣਾਅ ਵਿਚ ਰਹਿ ਰਿਹਾ ਬੱਚਾ ਹੌਲੀ-ਹੌਲੀ ਅਪਰਾਧੀ ਹੋ ਸਕਦਾ ਹੈ।
* ਬੱਚਿਆਂ ਨੂੰ ਸੁਖਾਵੀਂ ਜ਼ਿੰਦਗੀ, ਸੁਖ-ਸਹੂਲਤਾਂ, ਟੈਕਨਾਲੋਜੀ ਆਦਿ ਦੇ ਸਾਧਨ ਦੇ ਕੇ ਸੁਖੀ ਜੀਵਨ ਦੇਣਾ ਹੀ ਮਾਪਿਆਂ ਦਾ ਕਰਤੱਵ ਨਹੀਂ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ, ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝਣਾ ਵੀ ਮਾਪਿਆਂ ਦਾ ਫਰਜ਼ ਹੈ।
* ਗ਼ਲਤੀ ਕਰਨ 'ਤੇ ਡਾਂਟਣ, ਮਾਰਨ, ਝਿੜਕਣ ਦੀ ਬਜਾਏ ਗ਼ਲਤੀ ਦੇ ਕਾਰਨਾਂ ਦੀ ਤਹਿ ਤੱਕ ਜਾਣਾ ਜ਼ਰੂਰੀ ਹੈ ਤੇ ਪਿਆਰ ਨਾਲ ਉਨ੍ਹਾਂ ਸਾਰੀਆਂ ਪ੍ਰਸਥਿਤੀਆਂ 'ਤੇ ਝਾਤ ਪਾਉਣੀ ਜ਼ਰੂਰੀ ਹੈ, ਜਿਨ੍ਹਾਂ ਕਾਰਨ ਬੱਚੇ ਨੇ ਗ਼ਲਤੀ ਕੀਤੀ। ਉਸ ਨਾਲ ਹਮਦਰਦੀ ਕਰਕੇ ਅੱਗੇ ਤੋਂ ਗ਼ਲਤੀ ਕਰਨ ਤੋਂ ਵਰਜਿਆ ਜਾ ਸਕਦਾ ਹੈ।
* ਬੱਚਿਆਂ ਉੱਪਰ ਮਾਪਿਆਂ ਦਾ ਹਰ ਸਮੇਂ ਧਿਆਨ ਦੇਣਾ ਜ਼ਰੂਰੀ ਹੈ ਪਰ ਹਿਟਲਰਸ਼ਾਹੀ ਨਹੀਂ, ਸਗੋਂ ਪਿਆਰ ਤੇ ਦੋਸਤੀ ਨਾਲ ਹੀ ਬੱਚਿਆਂ ਦੀਆਂ ਗ਼ਲਤੀਆਂ ਸੁਧਾਰੀਆਂ ਜਾ ਸਕਦੀਆਂ ਹਨ। ਦੋਸਤੀ ਵਿਚ ਬੜੀ ਤਾਕਤ ਹੈ। ਦੋਸਤ ਮੰਮੀ-ਡੈਡੀ ਨਾਲ ਬੱਚੇ ਆਪਣੀਆਂ ਕਮਜ਼ੋਰੀਆਂ, ਅਸਫਲਤਾਵਾਂ, ਬੁਰੀਆਂ ਆਦਤਾਂ ਜਾਂ ਆਪਣੇ ਨਿੱਜੀ ਮਾਮਲੇ ਨਹੀਂ ਲੁਕਾਉਂਦੇ, ਸਗੋਂ ਇਹ ਦੱਸ ਕੇ ਹਲਕੇ ਹੋ ਜਾਂਦੇ ਹਨ।
* ਇਸ ਲਈ ਖੁੱਲ੍ਹ ਕੇ ਗੱਲ ਕਰਨਾ ਰਿਸ਼ਤਿਆਂ ਦੇ ਸੁਖਾਵੇਂ ਅਹਿਸਾਸ ਨੂੰ ਜਨਮ ਦਿੰਦਾ ਹੈ ਪਰ ਸ਼ੱਕ ਸੰਦੇਹ, ਵਹਿਮ, ਗ਼ਲਤ-ਫਹਿਮੀਆਂ ਮਾਪੇ ਤੇ ਬੱਚਿਆਂ ਦੇ ਕੋਮਲ ਰਿਸ਼ਤੇ ਨੂੰ ਕਮਜ਼ੋਰ ਕਰ ਦਿੰਦੇ ਹਨ। ਇਸ ਲਈ ਆਪਣੇ ਜਵਾਨ ਹੋ ਰਹੇ ਬੱਚਿਆਂ ਦੇ ਮਨਾਂ ਅੰਦਰ ਵਿਸ਼ਵਾਸ ਦੀ ਰੌਸ਼ਨੀ ਭਰੀਏ, ਉਨ੍ਹਾਂ ਦੇ ਸਹੀ ਮਾਰਗ ਦਰਸ਼ਕ ਬਣੀਏ ਤੇ ਉਨ੍ਹਾਂ ਦੀਆਂ ਅਸਫਲਤਾਵਾਂ 'ਤੇ ਉਨ੍ਹਾਂ ਨੂੰ ਬੁਰਾ ਕਹਿਣ ਦੀ ਬਜਾਏ ਉਨ੍ਹਾਂ ਦਾ ਅੱਗੇ ਵਾਸਤੇ ਹੌਸਲਾ ਵਧਾਈਏ। ਬੱਚਿਆਂ ਦੇ ਗ਼ਲਤ ਮਾਰਗ ਤੇ ਭਟਕਣ ਵਿਚ ਸਿਰਫ ਬੱਚੇ ਹੀ ਨਹੀਂ, ਸਗੋਂ ਮਾਪੇ ਵੀ ਜ਼ਿੰਮੇਵਾਰ ਹੁੰਦੇ ਹਨ। ਇਸ ਲਈ ਮਾਪਿਆਂ ਨੂੰ ਆਪਣਾ ਫਰਜ਼, ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਸਮਝਣ ਦੀ ਲੋੜ ਹੈ, ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।


-ਐਚ. ਐਮ. ਵੀ., ਜਲੰਧਰ।

ਹਰਮਨ ਪਿਆਰੇ ਰਾਜਸਥਾਨੀ ਪਕਵਾਨ

ਕਾਂਜੀ ਵੜਾ
ਸਮੱਗਰੀ : ਹਰੀ ਮੂੰਗੀ ਦੀ ਦਾਲ, ਪੀਸੀ ਹੋਈ ਰਾਈ, ਨਮਕ, ਤੇਲ।
ਵਿਧੀ : ਕਾਂਜੀ ਬਣਾਉਣ ਲਈ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਫਿਰ ਸਟੀਲ ਦੀ ਭਿਗੋਨੀ ਜਾਂ ਮਿੱਟੀ ਦੇ ਘੜੇ ਵਿਚ ਕਰੀਬ ਦੋ ਜਾਂ ਢਾਈ ਲਿਟਰ ਗਰਮ ਪਾਣੀ ਲੈ ਕੇ ਇਕ ਵੱਡਾ ਚਮਚ ਪੀਸੀ ਹੋਈ ਰਾਈ ਪਾਓ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਉਸ ਨੂੰ ਦੋ ਜਾਂ ਤਿੰਨ ਦਿਨ ਤੱਕ ਰੱਖ ਦਿਓ, ਜਿਸ ਨਾਲ ਪਾਣੀ ਵਿਚ ਖਟਿਆਈ ਆਉਣ ਲਗਦੀ ਹੈ ਅਤੇ ਕਾਂਜੀ ਬਣਨ ਲਗਦੀ ਹੈ। ਫਿਰ ਮੂੰਗੀ ਦੀ ਦਾਲ ਨੂੰ 4-5 ਘੰਟੇ ਭਿਉਂ ਕੇ ਉਸ ਨੂੰ ਧੋ ਕੇ ਪੀਸ ਲਓ।
ਪੀਸਣ ਤੋਂ ਬਾਅਦ ਦਾਲ ਵਿਚ ਮਸਾਲਾ ਅਤੇ ਨਮਕ ਪਾਏ ਬਿਨਾਂ ਹੀ ਤੇਲ ਨੂੰ ਗਰਮ ਕਰਕੇ ਵੜੇ ਬਣਾ ਲਓ। ਵੜੇ ਬਣਾਉਣ ਤੋਂ ਬਾਅਦ ਭਿਗੋਨੀ ਵਿਚ ਪਾਣੀ ਪਾ ਕੇ ਉਸ ਵਿਚ ਨਮਕ ਪਾ ਦਿਓ। ਫਿਰ ਵੜੇ ਉਸ ਪਾਣੀ ਵਿਚ ਭਿੱਜਣ ਲਈ ਪਾ ਦਿਓ। ਜਦੋਂ ਵੜੇ ਭਿੱਜ ਜਾਣਗੇ ਤਾਂ ਨਮਕ ਦਾ ਸਵਾਦ ਉਨ੍ਹਾਂ ਵੜਿਆਂ ਵਿਚ ਆ ਜਾਵੇਗਾ। ਹੁਣ ਵੜਿਆਂ ਨੂੰ ਪਾਣੀ ਵਿਚੋਂ ਬਾਹਰ ਦਬਾਅ ਕੇ ਕੱਢ ਲਓ ਅਤੇ ਅਸੀਂ ਜੋ ਤਿੰਨ ਦਿਨ ਪਹਿਲਾਂ ਕਾਂਜੀ ਬਣਾਉਣ ਲਈ ਰੱਖੀ ਸੀ, ਹੁਣ ਉਹ ਤਿਆਰ ਹੋ ਗਈ ਹੋਵੇਗੀ। ਹੁਣ ਇਸ ਕਾਂਜੀ ਵਿਚ ਵੜੇ ਪਾ ਕੇ ਫਰਿੱਜ ਵਿਚ ਕੁਝ ਦੇਰ ਲਈ ਰੱਖ ਦਿਓ। ਜਦੋਂ ਕਾਂਜੀ ਵੜੇ ਠੰਢੇ ਹੋ ਜਾਣ ਤਾਂ ਖਵਾਓ।
ਬਾਫਲਾ
ਸਮੱਗਰੀ : ਕਣਕ ਦਾ ਮੋਟਾ ਆਟਾ, ਨਮਕ, ਮਿੱਠਾ ਸੋਢਾ, ਲਾਲ ਪੀਸੀ ਹੋਈ ਮਿਰਚ, ਜ਼ੀਰਾ, ਹਲਦੀ, ਤੇਲ, ਘਿਓ।
ਵਿਧੀ : ਕਣਕ ਦੇ ਆਟੇ ਵਿਚ ਥੋੜ੍ਹਾ ਨਮਕ, ਪੀਸੀ ਹੋਈ ਲਾਲ ਮਿਰਚ, ਜ਼ੀਰਾ, ਹਲਦੀ ਅਤੇ ਥੋੜ੍ਹਾ ਮਿੱਠਾ ਸੋਢਾ ਪਾ ਕੇ ਮਿਲਾਉਣ ਤੋਂ ਬਾਅਦ ਆਟੇ ਵਿਚ ਮੋਯਨ ਲਈ ਤੇਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਗਰਮ ਪਾਣੀ ਕਰਕੇ ਆਟੇ ਨੂੰ ਗੁੰਨ੍ਹ ਲਓ। ਗੁੰਨ੍ਹਣ ਤੋਂ ਬਾਅਦ ਸਾਰੇ ਆਟੇ ਦੇ ਗੋਲੇ ਬਣਾ ਲਓ ਅਤੇ ਗੋਲਿਆਂ ਨੂੰ ਥੋੜ੍ਹਾ-ਥੋੜ੍ਹਾ ਦਬਾਅ ਲਓ। ਇਕ ਭਗੋਨੇ ਵਿਚ ਗਰਮ ਪਾਣੀ ਕਰਕੇ ਸਾਰੇ ਗੋਲਿਆਂ ਨੂੰ ਪਾਣੀ ਵਿਚ ਉਬਾਲੋ। ਜਦੋਂ ਸਾਰੇ ਗੋਲੇ ਚੰਗੀ ਤਰ੍ਹਾਂ ਉਬਲ ਜਾਣ, ਉਦੋਂ ਉਨ੍ਹਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਲਓ। ਕੱਢਣ ਤੋਂ ਬਾਅਦ ਸਾਰੇ ਗੋਲਿਆਂ ਨੂੰ ਵਿਚਕਾਰੋਂ ਕੱਟ ਕੇ ਦੋ ਹਿੱਸੇ ਕਰ ਲਓ। ਹੁਣ ਇਕ ਕੜਾਹੀ ਵਿਚ ਘਿਓ ਗਰਮ ਕਰੋ। ਜਦੋਂ ਘਿਓ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਦੋ ਹਿੱਸਿਆਂ ਵਿਚ ਲਏ ਗਏ ਗੋਲਿਆਂ ਨੂੰ ਪਾ ਕੇ ਸੁਨਹਿਰੇ ਭੂਰੇ ਹੋਣ ਤੱਕ ਤਲੋ। ਉਨ੍ਹਾਂ ਨੂੰ ਘਿਓ ਵਿਚੋਂ ਬਾਹਰ ਕੱਢੋ। ਇਸ ਤਰ੍ਹਾਂ ਬਾਫਲੇ ਤਿਆਰ ਹਨ। ਬਾਫਲਿਆਂ ਨੂੰ ਖਵਾਉਣ ਲਈ ਨਾਲ ਦਾਲ ਜਾਂ ਗੱਟੇ ਦੀ ਸਬਜ਼ੀ ਜਾਂ ਧਨੀਏ ਦੀ ਚਟਣੀ ਦੇ ਨਾਲ ਖਵਾਓ। ਜੇ ਤੁਹਾਨੂੰ ਘਿਓ ਬਹੁਤ ਹੀ ਪਸੰਦ ਹੈ ਤਾਂ ਤੁਸੀਂ ਬਾਫਲਿਆਂ ਨੂੰ ਥੋੜ੍ਹਾ ਚੂਰ ਕੇ ਉਸ ਵਿਚ ਆਪਣੀ ਇੱਛਾ ਅਨੁਸਾਰ ਘਿਓ ਪਾ ਕੇ ਖਾ ਸਕਦੇ ਹੋ।
ਦਮ ਆਲੂ
ਸਮੱਗਰੀ : ਛੋਟੇ-ਛੋਟੇ ਆਲੂ, ਪਿਆਜ਼, ਟਮਾਟਰ, ਹਰੀ ਮਿਰਚ, ਅਦਰਕ, ਹਰਾ ਧਨੀਆ, ਲਸਣ, ਦਹੀਂ, ਪੀਸੀ ਹੋਈ ਲਾਲ ਮਿਰਚ, ਹਲਦੀ, ਧਨੀਆ ਪਾਊਡਰ, ਜ਼ੀਰਾ, ਨਮਕ, ਘਿਓ, ਖੜ੍ਹਾ ਗਰਮ ਮਸਾਲਾ।
ਵਿਧੀ : ਆਲੂ ਨੂੰ ਉਬਾਲ ਕੇ ਛਿੱਲ ਲਓ। ਪਿਆਜ਼ ਅਤੇ ਟਮਾਟਰ ਨੂੰ ਚਾਹੋ ਤਾਂ ਬਰੀਕ-ਬਰੀਕ ਕੱਟ ਲਓ ਜਾਂ ਪੇਸਟ ਬਣਾ ਲਓ। ਲਸਣ, ਅਦਰਕ, ਮਿਰਚ ਦਾ ਵੀ ਪੇਸਟ ਬਣਾ ਲਓ।
ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ। ਫਿਰ ਖੜ੍ਹਾ ਗਰਮ ਮਸਾਲਾ ਅਤੇ ਜ਼ੀਰਾ ਪਾ ਕੇ ਅਦਰਕ, ਲਸਣ ਦਾ ਪੇਸਟ ਪਾਓ। ਫਿਰ ਪਿਆਜ਼ ਦਾ ਪੇਸਟ ਪਾ ਕੇ ਉਸ ਨੂੰ ਉਦੋਂ ਤੱਕ ਹਿਲਾਓ ਜਦੋਂ ਤੱਕ ਘਿਓ ਨਾ ਛੱਡ ਦੇਵੇ। ਬਾਅਦ ਵਿਚ ਟਮਾਟਰ ਦਾ ਪੇਸਟ ਪਾ ਕੇ ਇਸੇ ਤਰ੍ਹਾਂ ਹਿਲਾਓ। ਹੁਣ ਇਸ ਵਿਚ ਦਹੀਂ ਪਾਓ, ਨਾਲ ਹੀ ਲਾਲ ਮਿਰਚ, ਹਲਦੀ, ਧਨੀਆ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾਓ ਅਤੇ ਇਸ ਨੂੰ ਉਦੋਂ ਤੱਕ ਹਿਲਾਓ, ਜਦੋਂ ਤੱਕ ਘਿਓ ਨਾ ਛੱਡੇ। ਘਿਓ ਛੱਡਣ ਤੋਂ ਬਾਅਦ ਥੋੜ੍ਹਾ ਪਾਣੀ ਪਾ ਦਿਓ।
ਹੁਣ ਉਬਲੇ ਹੋਏ ਆਲੂ ਨੂੰ ਕਾਂਟੇ ਨਾਲ ਕੁਝ ਸੁਰਾਖ ਕਰਕੇ ਤਿਆਰ ਕੀਤੀ ਗ੍ਰੇਵੀ ਵਿਚ ਪਾ ਕੇ ਹੌਲੀ ਅੱਗ 'ਤੇ ਥੋੜ੍ਹੀ ਦੇਰ ਤੱਕ ਰਹਿਣ ਦਿਓ। ਬਾਅਦ ਵਿਚ ਕੱਟਿਆ ਹੋਇਆ ਹਰਾ ਧਨੀਆ ਪਾਓ। ਇਸ ਤਰ੍ਹਾਂ ਦਮ ਆਲੂ ਤਿਆਰ ਹੈ। ਗਰਮ-ਗਰਮ ਦਮ ਆਲੂ ਪਰਾਉਂਠੇ ਜਾਂ ਫੁਲਕਿਆਂ ਦੇ ਨਾਲ ਖਵਾਓ ਅਤੇ ਖਾਓ।


-ਸ਼ਵੇਤਾ ਮੰਗਲ

ਤੁਸੀਂ ਵੀ ਬਣ ਸਕਦੇ ਹੋ ਦੂਜਿਆਂ ਲਈ ਰਾਹ ਦਸੇਰੇ

ਅਕਸਰ ਅਸੀਂ ਬਾਹਰ ਦੀਆਂ ਚੁਣੌਤੀਆਂ ਤੋਂ ਨਹੀਂ, ਸਗੋਂ ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਤੋਂ ਹਾਰਦੇ ਹਾਂ। ਇਸ ਗੱਲ ਦੀ ਵਿਆਖਿਆ ਕਰਨੀ ਬਹੁਤ ਆਸਾਨ ਹੈ ਕਿ ਅਸੀਂ ਕੀ ਹਾਂ ਪਰ ਇਸ ਗੱਲ ਨੂੰ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਅਸੀਂ ਕੀ ਬਣ ਸਕਦੇ ਹਾਂ। ਤੁਹਾਡੇ ਕੰਮ ਹੀ ਦੱਸਦੇ ਹਨ ਕਿ ਤੁਹਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ। ਭਵਿੱਖ ਵਿਚ ਤੈਅ ਕੀਤਾ ਮਨੋਰਥ ਤੁਹਾਡੇ ਅੱਜ ਦੇ ਯਤਨਾਂ ਨੂੰ ਤਾਕਤ ਦਿੰਦਾ ਹੈ। ਵਿਖਾਵੇ ਤੇ ਪਿਆਰ ਵਿਚ ਉਹ ਤਾਕਤ ਨਹੀਂ ਹੁੰਦੀ ਕਿ ਜਿਸ ਨਾਲ ਕਿਸੇ ਦਾ ਦਿਲ ਜਿੱਤਿਆ ਜਾ ਸਕੇ। ਉਸਾਰੂ ਸੋਚ, ਸਖ਼ਤ ਮਿਹਨਤ ਅਤੇ ਇਮਾਨਦਾਰ ਯਤਨਾਂ ਦੀ ਦੌਲਤ ਨਾਲ ਸਫਲਤਾ ਨੂੰ ਖਰੀਦਿਆ ਜਾ ਸਕਦਾ ਹੈ। ਕਿਸੇ ਦੇ ਕੰਮ ਆਉਣ ਦੀ ਖੁਸ਼ੀ ਹੀ ਤੁਹਾਡੇ ਲਈ ਖੁਸ਼ਹਾਲੀ ਬਣਦੀ ਹੈ। ਜਿਸ ਕੰਮ ਨੂੰ ਅਸੀਂ ਆਪਣੇ ਲਈ ਬੋਝ ਸਮਝਦੇ ਹਾਂ, ਉਹੀ ਕੰਮ ਔਖੇ ਹੁੰਦੇ ਹਨ, ਵਰਨਾ ਕੋਈ ਵੀ ਕੰਮ ਐਨਾ ਮੁਸ਼ਕਿਲ ਨਹੀਂ ਹੁੰਦਾ।
ਤੁਸੀਂ ਦੂਜਿਆਂ ਦੀ ਜ਼ਿੰਦਗੀ ਲਈ ਰਾਹ ਦਸੇਰੇ ਬਣੋ, ਤੁਹਾਡੀ ਇਹ ਕੋਸ਼ਿਸ਼ ਤੁਹਾਨੂੰ ਦੁਨੀਆ ਦੀ ਭੀੜ ਵਿਚ ਗੁਆਚਣ ਨਹੀਂ ਦੇਵੇਗੀ। ਇਹ ਜ਼ਰੂਰੀ ਨਹੀਂ ਕਿ ਜਿਸ ਰਸਤੇ 'ਤੇ ਲੋਕਾਂ ਦੀ ਬਹੁਗਿਣਤੀ ਜਾ ਰਹੀ ਹੋਵੇ, ਉਹ ਰਸਤਾ ਸਹੀ ਹੁੰਦਾ ਹੈ, ਬਲਕਿ ਤੁਸੀਂ ਸਹੀ ਰਸਤੇ ਦੀ ਚੋਣ ਕਰੋ। ਮੰਜ਼ਿਲ ਤੱਕ ਜਾਣ ਲਈ ਰਸਤੇ ਬਹੁਤ ਹੁੰਦੇ ਹਨ ਪਰ ਇਰਾਦਾ ਇਕ ਹੋਣਾ ਚਾਹੀਦਾ ਹੈ। ਜ਼ਿੰਦਗੀ ਦੀ ਕਿਸੇ ਉਚਾਈ ਨੂੰ ਸਬਰ ਨਾਲ ਸਰ ਕਰਨ ਵਾਲੇ ਲੋਕ ਕਦੇ ਵੀ ਇਕੱਲੇ ਨਹੀਂ ਹੁੰਦੇ, ਕਿਉਂਕਿ ਉਨ੍ਹਾਂ ਵਿਚ ਦੂਜਿਆਂ ਦਾ ਹੱਥ ਫੜ ਕੇ ਚੱਲਣ ਦਾ ਚਾਅ ਹੁੰਦਾ ਹੈ। ਉਨ੍ਹਾਂ ਕੋਲ ਜ਼ਿੰਦਗੀ ਜਿਉਣ ਦਾ ਹੁਨਰ ਅਤੇ ਸਲੀਕਾ ਹੁੰਦਾ ਹੈ। ਦਰਿਆ ਦਿਲ ਬੰਦੇ ਦੀ ਜ਼ਿੰਦਗੀ ਸਮੁੰਦਰ ਵਾਂਗ ਵਿਸ਼ਾਲ ਹੁੰਦੀ ਹੈ। ਆਪਣੀ ਜ਼ਿੰਦਗੀ ਨੂੰ ਐਨਾ ਸ਼ਾਨਦਾਰ ਬਣਾਓ ਕਿ ਤੁਹਾਨੂੰ ਯਾਦ ਕਰਦਿਆਂ ਹੀ ਕਿਸੇ ਦੀਆਂ ਅੱਖਾਂ ਵਿਚ ਚਮਕ ਆ ਜਾਵੇ। ਸੰਸਕਾਰਾਂ ਨਾਲ ਹੀ ਸੰਸਾਰ ਜਿੱਤਿਆ ਜਾ ਸਕਦਾ ਹੈ, ਵਰਨਾ ਹੰਕਾਰ ਨਾਲ ਤਾਂ ਬੰਦਾ ਆਪਣੇ-ਆਪ ਤੋਂ ਵੀ ਹਾਰ ਜਾਂਦਾ ਹੈ। ਹੁਸ਼ਿਆਰ ਹੋਣਾ ਚੰਗੀ ਗੱਲ ਹੈ ਪਰ ਹੁਸ਼ਿਆਰੀਆਂ ਕਰਨਾ ਬੁਰਾ। ਚੁਸਤ ਬਣੋ ਪਰ ਸੁਸਤ ਨਹੀਂ। ਚੰਗੇ ਸੁਭਾਅ ਦਾ ਕੱਦ ਖੂਬਸੂਰਤੀ ਦੇ ਕੱਦ ਨਾਲੋਂ ਉੱਚਾ ਹੁੰਦਾ ਹੈ। ਆਪਣੀ ਹਾਜ਼ਰੀ ਦਾ ਦਿਖਾਵਾ ਕਰਨ ਲਈ ਕਈ ਤਸਵੀਰਾਂ ਵਿਚ ਤੁਹਾਡੇ ਨਾਲ ਖੜ੍ਹਦੇ ਹਨ ਅਤੇ ਕਈ ਆਪਣੀ ਗ਼ੈਰ-ਹਾਜ਼ਰੀ ਵਿਚ ਤੁਹਾਡੀਆਂ ਤਕਲੀਫਾਂ ਵਿਚ ਤੁਹਾਡਾ ਸਾਥ ਦਿੰਦੇ ਹਨ। ਕੋਸ਼ਿਸ਼ ਹਮੇਸ਼ਾ ਕਰਦੇ ਰਹੋ, ਕਿਉਂਕਿ ਕੋਸ਼ਿਸ਼ ਕਰਨ ਨਾਲ ਜਿੱਤ ਭਾਵੇਂ ਨਾ ਹੋਵੇ ਪਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਜਿੱਤ ਨਾਲ ਜਿੱਤਣਾ ਤੇ ਹਾਰ ਨਾਲ ਸਿੱਖਣਾ ਇਕ ਖੁਸ਼ੀ ਦਿੰਦਾ ਹੈ ਅਤੇ ਦੂਜਾ ਤਜਰਬਾ। ਅਮੀਰ ਤਜਰਬਾ ਦਿਲਾਂ 'ਤੇ ਵੱਜੀਆਂ ਸੱਟਾਂ ਦਾ ਸੰਗ੍ਰਹਿ ਹੁੰਦਾ ਹੈ। ਇਹ ਸੱਚ ਹੈ ਕਿ ਜਿਥੇ ਤੁਹਾਡੀ ਗ਼ੈਰ-ਹਾਜ਼ਰੀ ਮਹਿਸੂਸ ਨਹੀਂ ਹੁੰਦੀ, ਉਥੇ ਤੁਹਾਡੀ ਹਾਜ਼ਰੀ ਦੀ ਵੀ ਕੀਮਤ ਨਹੀਂ ਹੁੰਦੀ। ਜੇਕਰ ਤੁਹਾਡੇ ਪੈਰ ਸਫਲਤਾ ਵੱਲ ਨਹੀਂ ਤੁਰਦੇ ਤਾਂ ਅਸਫਲਤਾ ਆਪਣੇ-ਆਪ ਚੱਲ ਕੇ ਤੁਹਾਡੇ ਕੋਲ ਆ ਜਾਂਦੀ ਹੈ। ਸਮੁੰਦਰ ਦੀਆਂ ਲਹਿਰਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜੇਕਰ ਤੈਰਨ ਦਾ ਹੁਨਰ ਹੋਵੇ ਤਾਂ ਲਹਿਰਾਂ ਚਿੰਤਾ ਅਤੇ ਪ੍ਰੇਸ਼ਾਨੀ ਦਾ ਕਾਰਨ ਨਹੀਂ ਬਣਦੀਆਂ। ਚੰਗੇ ਬਣੋਗੇ ਤਾਂ ਚੰਗੇ ਨਜ਼ਰ ਆਉਣ ਦਾ ਵਿਖਾਵਾ ਨਹੀਂ ਕਰਨਾ ਪਵੇਗਾ।
ਤੁਹਾਡੇ ਕੋਲ ਕੀ ਹੈ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਖੁਦ ਕੀ ਹੋ। ਲੋਕ ਤੁਹਾਨੂੰ ਪਿਆਰ ਕਰਦੇ ਹਨ, ਇਸ ਤੋਂ ਵੱਡੀ ਤਸੱਲੀ ਕੋਈ ਨਹੀਂ। ਲੋਕ ਤੁਹਾਡੇ 'ਤੇ ਯਕੀਨ ਕਰਦੇ ਹਨ, ਇਸ ਤੋਂ ਵੱਡੀ ਕੋਈ ਦੌਲਤ ਨਹੀਂ। ਲੋਕ ਤੁਹਾਡਾ ਸਾਥ ਦਿੰਦੇ ਹਨ, ਇਸ ਤੋਂ ਵੱਡੀ ਕੋਈ ਤਾਕਤ ਨਹੀਂ। ਲੋਕ ਤੁਹਾਨੂੰ ਯਾਦ ਕਰਦੇ ਹਨ, ਇਸ ਤੋਂ ਵੱਡਾ ਕੋਈ ਅਹਿਸਾਸ ਨਹੀਂ। ਲੋਕ ਤੁਹਾਡੇ ਤੋਂ ਪ੍ਰੇਰਿਤ ਹੁੰਦੇ ਹਨ, ਇਸ ਤੋਂ ਵੱਡੀ ਪ੍ਰਾਪਤੀ ਕੋਈ ਨਹੀਂ। ਲੋਕ ਤੁਹਾਡੇ ਬਾਰੇ ਚੰਗਾ ਸੋਚਦੇ ਹਨ, ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ। ਇਹ ਦੌਲਤਾਂ, ਇੱਜ਼ਤਾਂ, ਪਿਆਰ, ਸਤਿਕਾਰ, ਦੁਆਵਾਂ, ਖੁਸ਼ੀਆਂ ਤੇ ਯਕੀਨ ਹੀ ਤੁਹਾਡੀ ਸਭ ਤੋਂ ਵੱਡੀ ਕਮਾਈ ਹੈ। ਇਕ ਚੰਗਾ ਮਨੋਰਥ ਤੁਹਾਨੂੰ ਕਦੇ ਆਲਸੀ ਨਹੀਂ ਹੋਣ ਦਿੰਦਾ। ਚੰਗੇ ਸੁਪਨੇ ਤੁਹਾਨੂੰ ਸਵੇਰੇ ਬਿਸਤਰੇ ਵਿਚੋਂ ਜਲਦੀ ਉੱਠਣ ਲਈ ਪ੍ਰੇਰਿਤ ਕਰਦੇ ਹਨ। ਹਰ ਚੀਜ਼ ਕਿਸਮਤ 'ਤੇ ਛੱਡੀ ਜਾਵੇ ਤਾਂ ਕਿਸਮਤ ਇਕ ਦਿਨ ਤੁਹਾਡੇ ਲਈ ਕੁਝ ਵੀ ਨਹੀਂ ਛੱਡਦੀ।
ਬੱਚਿਆਂ ਲਈ ਮਾਪੇ ਉਨ੍ਹਾਂ ਦੀ ਜ਼ਿੰਦਗੀ ਦੇ ਪਹਿਲੇ ਰਾਹ ਦਸੇਰੇ ਹਨ। ਸਾਡੇ ਮਾਰਗ ਦਰਸ਼ਕ ਜਿੰਨੇ ਸੁੱਚੇ ਹੁੰਦੇ ਹਨ, ਅਸੀਂ ਓਨੇ ਹੀ ਉੱਚੇ ਹੁੰਦੇ ਹਾਂ। ਵਿਦਿਆਰਥੀਆਂ ਦੀ ਜ਼ਿੰਦਗੀ ਦੇ ਰਾਹ ਦਸੇਰੇ ਉਨ੍ਹਾਂ ਦੇ ਅਧਿਆਪਕ ਜਦੋਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚੇ ਸਮਝ ਕੇ ਪੜ੍ਹਾਉਣਗੇ ਤਾਂ ਵਿਦਿਆਰਥੀਆਂ ਦੀ ਕਾਮਯਾਬੀ ਨੂੰ ਕੋਈ ਰੋਕ ਨਹੀਂ ਸਕਦਾ। ਨਿਰਸੰਦੇਹ, ਵਕਤ ਤੁਹਾਡੇ ਦਰਵਾਜ਼ੇ 'ਤੇ ਦਸਤਕ ਜ਼ਰੂਰ ਦੇਵੇਗਾ, ਮਿਹਨਤ ਦੇ ਹੱਥਾਂ ਨਾਲ ਜਦੋਂ ਦਰਵਾਜ਼ਾ ਖੋਲ੍ਹੋਗੇ ਤਾਂ ਵਕਤ ਦੇ ਨਾਲ ਕਿਸਮਤ ਵੀ ਅੰਦਰ ਲੰਘ ਆਵੇਗੀ। ਆਪਣੇ ਲਈ ਆਪਣੇ ਰਸਤੇ ਖੁਦ ਚੁਣੋ, ਕਿਉਂਕਿ ਆਪਣੀ ਜ਼ਿੰਦਗੀ ਦਾ ਸਫ਼ਰ ਤੁਸੀਂ ਆਪਣੇ ਪੈਰਾਂ ਨਾਲ ਤੈਅ ਕਰਨਾ ਹੈ। ਦੂਜਿਆਂ ਲਈ ਪ੍ਰੇਰਨਾ ਉਹੀ ਬਣਦੇ ਹਨ ਜੋ ਖੁਦ ਕਿਸੇ ਤੋਂ ਪ੍ਰੇਰਿਤ ਹੁੰਦੇ ਹਨ। ਚੰਗੀਆਂ ਪੁਸਤਕਾਂ, ਚੰਗੇ ਵਿਚਾਰ ਦਿੰਦੀਆਂ ਹਨ ਅਤੇ ਚੰਗੇ ਵਿਚਾਰ ਚੰਗੀ ਸੋਚ ਬਣਾਉਂਦੇ ਹਨ। ਤੁਸੀਂ ਜੋ ਸੋਚੋਗੇ, ਉਹੀ ਤੁਸੀਂ ਬਣੋਗੇ। ਇਕ ਚਰਿੱਤਰ ਹੈ ਜੋ ਤੁਹਾਨੂੰ ਆਪਣੇ-ਆਪ ਵਿਚ ਵੀ ਗੁੰਮ ਕਰ ਦਿੰਦਾ ਹੈ ਅਤੇ ਇਕ ਉਹ ਚਰਿੱਤਰ ਹੈ ਜੋ ਤੁਹਾਨੂੰ ਦੁਨੀਆ ਦੀ ਭੀੜ ਵਿਚ ਵੀ ਕਦੇ ਗੁਆਚਣ ਨਹੀਂ ਦਿੰਦਾ। ਚੰਗੇ ਅਤੇ ਖੁਸ਼ਹਾਲ ਸਮਾਜ ਚੰਗੀਆਂ ਮਾਵਾਂ ਦੀਆਂ ਚੰਗੀਆਂ ਸੋਚਾਂ ਦੇ ਚੰਗੇ ਸੰਕਲਪ ਹਨ, ਜਿਨ੍ਹਾਂ ਦੀਆਂ ਨੀਂਹਾਂ ਬਹੁਤ ਮਜ਼ਬੂਤ ਹਨ।


-ਪਿੰਡ ਗੋਲੇਵਾਲਾ (ਫਰੀਦਕੋਟ)। ਮੋਬਾ: 94179-49079

ਝੁਰੜੀਆਂ ਅਤੇ ਛਾਈਆਂ ਤੋਂ ਛੁਟਕਾਰਾ-ਕੁਝ ਘਰੇਲੂ ਉਪਾਅ

ਰੇਸ਼ਮ ਜਿਹੀ ਮੁਲਾਇਮ ਅਤੇ ਗੁਲਾਬ ਵਰਗੀ ਦਮਕਦੀ ਚਮੜੀ ਦੀ ਇੱਛਾ ਹਰ ਔਰਤ ਨੂੰ ਹੁੰਦੀ ਹੈ ਪਰ ਖਾਨਦਾਨੀ ਗੁਣ, ਠੀਕ ਦੇਖ-ਭਾਲ ਦੀ ਕਮੀ, ਦੁਰਬਲਤਾ, ਪ੍ਰਦੂਸ਼ਤ ਵਾਤਾਵਰਨ, ਹਾਰਮੋਨਸ ਦੀ ਗੜਬੜੀ, ਮਾਨਸਿਕ ਤਣਾਅ ਵਗੈਰਾ ਨਾਲ ਰੰਗ ਬਦਰੰਗ ਅਤੇ ਕਾਂਤੀਹੀਣ ਹੋਣ ਲਗਦਾ ਹੈ।
* ਤੁਲਸੀ ਦੇ ਪੱਤਿਆਂ ਦਾ ਰਸ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਛਾਈਆਂ ਅਤੇ ਮੁਹਾਸੇ ਦੂਰ ਹੋ ਜਾਂਦੇ ਹਨ।
* ਰੋਜ਼ ਪੁਦੀਨੇ ਦੇ ਪੱਤੇ ਪੀਸ ਕੇ ਉਸ ਦਾ ਰਸ ਚਿਹਰੇ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਧੋ ਲਓ। ਇਸ ਨਾਲ ਚਿਹਰੇ ਦੀਆਂ ਛਾਈਆਂ ਹੌਲੀ-ਹੌਲੀ ਮਿਟਣ ਲੱਗਣਗੀਆਂ।
* ਕੱਚੇ ਨਾਰੀਅਲ ਦਾ ਪਾਣੀ ਅਤੇ ਥੋੜ੍ਹੀ ਜਿਹੀ ਮਲਾਈ ਨੂੰ ਮਿਲਾ ਕੇ ਫੈਂਟ ਲਓ। ਇਸ ਨੂੰ ਰੋਜ਼ ਦੋ ਵਾਰ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਕੇ ਚਮੜੀ ਦਮਕਣ ਲਗਦੀ ਹੈ।
* ਇਕ ਛੋਟਾ ਚਮਚ ਕਕੜੀ ਦਾ ਰਸ ਰੋਜ਼ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਦੀ ਚਮੜੀ ਨਿਖਰਦੀ ਹੈ।
* ਰੋਜ਼ਾਨਾ ਇਕ ਛੋਟਾ ਲਾਲ ਟਮਾਟਰ ਕੱਟ ਲਓ। ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਚਿਹਰੇ 'ਤੇ ਮਲੋ। 10 ਮਿੰਟ ਬਾਅਦ ਚਿਹਰਾ ਧੋ ਲਓ। ਕੁਝ ਹੀ ਦਿਨ ਵਿਚ ਚਮੜੀ ਦਾਗ ਰਹਿਤ ਹੋ ਜਾਵੇਗੀ।
* ਰੁੱਖੀ ਚਮੜੀ ਵਿਚ ਝੁਰੜੀਆਂ ਛੇਤੀ ਪੈ ਜਾਂਦੀਆਂ ਹਨ, ਜਿਸ ਨਾਲ ਚਿਹਰਾ ਨਿਸਤੇਜ ਅਤੇ ਸਾਂਵਲਾ ਲੱਗਣ ਲਗਦਾ ਹੈ। ਇਸ ਤੋਂ ਬਚਣ ਲਈ ਰਾਤ ਨੂੰ ਮਲਾਈ ਅਤੇ ਨਿੰਬੂ ਦਾ ਰਸ ਲਗਾ ਕੇ ਸੌਂ ਜਾਓ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ। * ਸਮਾਨ ਮਾਤਰਾ ਵਿਚ ਪੁਦੀਨੇ ਦਾ ਰਸ ਅਤੇ ਗੁਲਾਬਜਲ ਦਾ ਲੇਪ ਕਰਨ ਨਾਲ ਕੁਝ ਹੀ ਦਿਨ ਵਿਚ ਚਿਹਰੇ ਦਾ ਰੰਗ ਸਾਫ਼ ਹੋਣ ਲਗਦਾ ਹੈ।
* ਜਾਇਫਲ ਨੂੰ ਦੁੱਧ ਵਿਚ ਪੀਸ ਕੇ 15 ਮਿੰਟ ਤੱਕ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਣਗੇ।
* ਰੋਜ਼ਾਨਾ ਪੁਦੀਨੇ ਦਾ ਰਸ ਅਤੇ ਆਲੂ ਦਾ ਰਸ ਮਿਲਾ ਕੇ ਲਗਾਉਣ ਨਾਲ ਵੀ ਛਾਈਆਂ ਦੂਰ ਹੋ ਜਾਂਦੀਆਂ ਹਨ।
* ਸੰਤਰੇ ਦੀਆਂ ਛਿੱਲਾਂ ਨੂੰ ਮਲਾਈ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਰੁੱਖੀ ਚਮੜੀ ਵਾਲਾ ਚਿਹਰਾ ਚਮਕਦਾਰ ਹੋ ਜਾਂਦਾ ਹੈ।
* ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਕੱਚੇ ਆਲੂ ਨੂੰ ਪੀਸ ਕੇ ਉਸ ਵਿਚ ਗਲਿਸਰੀਨ, ਸਿਰਕਾ ਅਤੇ ਗੁਲਾਬਜਲ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਤਾਜ਼ੇ ਪਾਣੀ ਨਾਲ ਧੋ ਲਓ।
* ਸ਼ਹਿਦ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਵੀ ਝੁਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
* ਇਕ ਚਮਚ ਮਲਾਈ ਵਿਚ 3-4 ਰਸਭਰੀ ਮਸਲ ਕੇ ਮਿਲਾ ਲਓ। ਫਿਰ ਇਸ ਨੂੰ ਚਿਹਰੇ 'ਤੇ ਮਲੋ ਅਤੇ ਲਗਪਗ 15 ਤੋਂ 20 ਮਿੰਟ ਬਾਅਦ ਧੋ ਲਓ।

ਕਿਹੋ ਜਿਹਾ ਹੋਵੇ ਤੁਹਾਡਾ ਇਸ਼ਨਾਨਘਰ

ਇਸ਼ਨਾਨਘਰ
* ਇਸ਼ਨਾਨਘਰ ਖੁੱਲ੍ਹਾ ਅਤੇ ਹਵਾਦਾਰ ਹੋਣਾ ਚਾਹੀਦਾ, ਜਿਸ ਵਿਚ ਤਾਜ਼ੀ ਹਵਾ ਅਤੇ ਲੋੜੀਂਦੀ ਰੌਸ਼ਨੀ ਆਉਂਦੀ ਰਹੇ। * ਨਹਾਉਣ ਵਾਲੇ ਸਾਬਣ ਨੂੰ ਮੋਟੇ ਸੁਰਾਖਾਂ ਵਾਲੀ ਸਾਬਣਦਾਨੀ ਵਿਚ ਰੱਖੋ, ਤਾਂ ਕਿ ਸਾਬਣ ਦੇ ਪਾਣੀ ਵਿਚ ਮੱਛਰ ਨਾ ਪਨਪ ਸਕਣ। * ਗਿੱਲੇ ਤੌਲੀਏ ਨੂੰ ਧੁੱਪ ਲਗਾ ਕੇ ਵਾਪਸ ਇਸ਼ਨਾਨਘਰ ਵਿਚ ਟੰਗ ਦਿਓ। ਬਾਡੀ ਬੁਰਸ਼ ਨੂੰ ਚੰਗੀ ਤਰ੍ਹਾਂ ਧੋ ਕੇ, ਸੁਕਾ ਕੇ ਵਰਤੋਂ ਵਿਚ ਲਿਆਓ। ਜਿਥੋਂ ਤੱਕ ਸੰਭਵ ਹੋਵੇ, ਸਾਰੇ ਮੈਂਬਰਾਂ ਦੇ ਤੌਲੀਏ ਅਤੇ ਸਕ੍ਰਬਰ ਆਦਿ ਅਲੱਗ-ਅਲੱਗ ਹੋਣੇ ਚਾਹੀਦੇ ਹਨ। * ਸਾਬਣਦਾਨੀ ਨੂੰ ਵੀ ਸਾਫ਼ ਕਰਕੇ ਰੱਖੋ।
ਵਾਸ਼ਬੇਸਿਨ
* ਵਾਸ਼ਬੇਸਿਨ ਵਿਚ ਵਾਲ, ਸਾਬਣ ਦੇ ਟੁਕੜੇ ਅਤੇ ਹੋਰ ਕੋਈ ਕਚਰਾ ਨਾ ਪਾਓ, ਨਹੀਂ ਤਾਂ ਨਾਲੀ ਰੁਕ ਜਾਣ 'ਤੇ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ। * ਵਾਸ਼ਬੇਸਿਨ ਦੇ ਸ਼ੀਸ਼ੇ 'ਤੇ ਬਿੰਦੀ ਨਾ ਚਿਪਕਾਓ।
* ਵਾਸ਼ਬੇਸਿਨ ਦੇ ਕੋਲ ਤੌਲੀਆ-ਰਾਡ ਸਿੱਧੀ ਲਗਵਾਓ, ਜਿਸ ਨਾਲ ਤੌਲੀਆ ਇਕੱਠਾ ਨਾ ਹੋ ਸਕੇ ਅਤੇ ਸੁੱਕਦਾ ਰਹੇ।
* ਵਾਸ਼ਬੇਸਿਨ ਰੁਕਣ 'ਤੇ ਉਸ ਦੀ ਜਾਲੀ 'ਤੇ ਇਕ ਕੱਪ ਸੋਡਾ ਪਾ ਕੇ ਦੋ ਜਾਂ ਢਾਈ ਲਿਟਰ ਗਰਮ ਪਾਣੀ ਪਾਓ। ਪਾਈਪ ਖੁੱਲ੍ਹ ਜਾਵੇਗਾ।
* ਦੰਦ ਸਾਫ਼ ਕਰਨ ਤੋਂ ਬਾਅਦ ਵਾਸ਼ਬੇਸਿਨ ਨੂੰ ਵਿਮ ਪਾਊਡਰ ਨਾਲ ਹਰ ਰੋਜ਼ ਸਾਫ਼ ਕਰੋ।
ਪਖਾਨਾ
* ਚਾਹੇ ਪਖਾਨਾ ਇੰਡੀਅਨ ਹੋਵੇ ਜਾਂ ਵੈਸਟਰਨ, ਵਰਤੋਂ ਕਰਨ ਤੋਂ ਬਾਅਦ ਫਲੱਸ਼ ਜ਼ਰੂਰ ਚਲਾਓ।
* ਪਖਾਨੇ ਦੀ ਟੂਟੀ ਨੂੰ ਵਰਤਣ ਤੋਂ ਬਾਅਦ ਉਸ 'ਤੇ ਸਾਫ਼ ਪਾਣੀ ਪਾਓ।
* ਪਖਾਨੇ ਵਿਚ 'ਫ੍ਰੈਸ਼ਨਰ' ਆਦਿ ਲਗਾ ਕੇ ਰੱਖੋ, ਜਿਸ ਨਾਲ ਬਦਬੂ ਇਕੱਠੀ ਨਾ ਹੋਵੇ।
* ਸਾਰਿਆਂ ਦੇ ਪਖਾਨਾ ਜਾਣ ਤੋਂ ਬਾਅਦ ਕੁਝ ਸਮੇਂ ਲਈ 'ਐਗਜਾਸਟ ਫੈਨ' ਚਲਾਓ।
* ਹਰ ਰੋਜ਼ ਪਖਾਨੇ ਨੂੰ ਵਿਮ ਪਾਊਡਰ ਨਾਲ ਸਾਫ਼ ਕਰੋ। * ਹਫ਼ਤੇ ਵਿਚ ਦੋ ਵਾਰ 'ਐਂਟੀਸੈਪਟਿਕ ਲਿਕੁਇਡ ਕਲੀਨਰ' ਪਾ ਕੇ ਪਖਾਨੇ ਦੀ ਸੀਟ ਨੂੰ ਸਾਫ਼ ਕਰੋ। ਘੱਟ ਤੋਂ ਘੱਟ ਇਕ ਵਾਰ ਤਾਂ ਅਜਿਹਾ ਜ਼ਰੂਰ ਕਰੋ।


-ਨੀਤੂ ਗੁਪਤਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX