ਤਾਜਾ ਖ਼ਬਰਾਂ


ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਨਿਰੰਕਾਰੀ ਭਵਨ ਪਹੁੰਚ ਗਈ ਹੈ। ਜਿਸ ਨੇ ਕਿ...
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵੱਲੋਂ ਪੁਲਵਾਮਾ ਦੀ ਰੇਲਵੇ ਕਲੋਨੀ ਕਾਕਾਪੋਰਾ ਵਿਖੇ ਸੀ.ਆਰ.ਪੀ.ਐੱਫ ਕੈਂਪ 'ਤੇ ਕੀਤੇ ਗਏ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐੱਫ ਦਾ ਇੱਕ ਜਵਾਨ...
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਰਥਿਕਤਾ ਦੀ ਮਜ਼ਬੂਤੀ ਲਈ ਬਾਗ਼ਬਾਨੀ ਧੰਦੇ ਦਾ ਮਹੱਤਵ

ਪੰਜਾਬ ਦੀ ਆਰਥਿਕਤਾ ਵਿਚ ਮਜ਼ਬੂਤੀ ਲਿਆਉਣ ਵਿਚ ਬਾਗ਼ਬਾਨੀ ਦੇ ਧੰਦੇ ਦਾ ਇਕ ਅਹਿਮ ਯੋਗਦਾਨ ਹੈ। ਬਾਗ਼ਬਾਨੀ ਦਾ ਧੰਦਾ ਭੋਜਨ ਸੁਰੱਖਿਆ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ। ਪੰਜਾਬ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਰਾਹੀਂ ਲਗਾਤਾਰ ਧਰਤੀ ਹੇਠਲਾ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ, ਜਿਸ ਨੂੰ ਕਿ ਬਾਗ਼ਬਾਨੀ ਦਾ ਧੰਦਾ ਅਪਣਾਉਣ ਨਾਲ ਹੀ ਕਾਬੂ ਵਿਚ ਕੀਤਾ ਜਾ ਸਕਦਾ ਹੈ। ਸੁਆਦੀ ਹੋਣ ਦੇ ਨਾਲ- ਨਾਲ ਫਲਾਂ ਵਿਚ ਸਾਡੀ ਸਿਹਤ ਲਈ ਜ਼ਰੂਰੀ ਵਿਟਾਮਿਨ, ਖਣਿਜ, ਅਂੈਟੀਆਕਸੀਡੈਟ ਅਤੇ ਪ੍ਰੋਟੀਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ, ਜੋ ਕਿ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੇ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਨੁਸਾਰ ਇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ ਆਪਣੀ ਖੁਰਾਕ ਵਿਚ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਰ ਅਸੀ ਹਰ ਰੋਜ਼ ਫਲਾਂ ਦਾ ਸੇਵਨ ਨਹੀਂ ਕਰਦੇ ਹਾਂ। ਕਿਉਕਿ ਫਲ ਦੇ ਮਹਿੰਗੇ ਹੋਣ ਦੇ ਨਾਲ-ਨਾਲ ਸਾਨੂੰ ਇਹ ਹਰ ਰੋਜ਼ ਤਾਜ਼ੀ ਹਾਲਾਤ ਵਿਚ ਪ੍ਰਾਪਤ ਨਹੀਂ ਹੋ ਪਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਉੱਤੇ ਅੰਨੇਵਾਹ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਰਕੇ ਅਸੀ ਇਨ੍ਹਾਂ ਦਾ ਸੇਵਨ ਕਰਨ ਤੋ ਪ੍ਰਹੇਜ਼ ਕਰਦੇ ਹਾਂ। ਇਸ ਲਈ ਸਾਨੂੰ ਇਨ੍ਹਾਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਆਪਣੀ ਨਿੱਜੀ ਵਰਤੋ ਲਈ ਪੌਸ਼ਟਿਕ ਫਲਾਂ ਦੀ ਬਗੀਚੀ ਆਪਣੇ ਘਰ ਵਿਚ ਹੀ ਲਗਾ ਲੈਣੀ ਚਾਹੀਦੀ ਹੈ। ਇਸ ਲਈ ਨਵਾਂ ਬਾਗ਼ ਲਗਾਉਣ ਤੋ ਪਹਿਲਾਂ ਬਾਗ਼ ਦੀ ਢੁੱਕਵੀ ਵਿਊਂਤਬੰਦੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਾਗ਼ ਵਿਚ ਫਲਦਾਰ ਬੂਟਿਆਂ ਦੀ ਕਾਸ਼ਤ ਇਕ ਲੰਮੇ ਸਮੇਂ ਦਾ ਧੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਪੰਜਾਬ ਵਿਚ ਇਸ ਮੌਸਮ (ਸਤੰਬਰ ਤੋ ਅਕਤੂਬਰ) ਵਿਚ ਸਦਾਬਹਾਰੀ ਫਲਦਾਰ ਬੂਟਿਆਂ ਨੂੰ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਵੱਖ-ਵੱਖ ਸਦਾਬਹਾਰੀ ਫਲਦਾਰ ਬੂਟਿਆਂ ਦੀ ਕਾਸ਼ਤ ਲਈ ਕੁੱਝ ਢੁੱਕਵਂੇ ਇਲਾਕੇ ਸਿਫਾਰਿਸ਼ ਕੀਤੇ ਗਏ ਹਨ। ਜਿਵੇਂ ਕਿ ਨੀਮ ਪਹਾੜੀ ਇਲਾਕਿਆਂ ਵਿਚ ਅੰਬ, ਲੀਚੀ, ਕਿੰਨੂ ਅਤੇ ਹੋਰ ਸੰਤਰੇ, ਨਾਸ਼ਪਾਤੀ, ਅਮਰੂਦ, ਆੜੂ, ਚੀਕੂ, ਅਲੂਚਾ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਆਮਲਾ ਅਤੇ ਲੁਗਾਠ ਲਗਾਏ ਜਾ ਸਕਦੇ ਹਨ। ਕਂੇਦਰੀ ਇਲਾਕਿਆਂ ਵਿਚ ਨਾਖ, ਅਮਰੂਦ, ਆੜੂ, ਅਲੂਚਾ, ਅੰਗੂਰ, ਅੰਬ, ਕਿੰਨੂ, ਆਮਲਾ, ਹੋਰ ਸੰਤਰੇ, ਬੇਰ, ਮਾਲਟਾ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਨੂੰ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਸੇਂਜੂ ਖੁਸ਼ਕ ਇਲਾਕਿਆਂ ਵਿਚ ਕਿੰਨੂ ਅਤੇ ਹੋਰ ਸੰਤਰੇ, ਮਾਲਟਾ, ਅੰਗੂਰ, ਅਮਰੂਦ, ਆਂਵਲਾ, ਬੇਰ, ਗਰੇਪਫਰੂਟ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਨਾਸ਼ਪਾਤੀ, ਅਲੂਚਾ, ਆੜੂ, ਆਂਵਲਾ, ਅਨਾਰ ਅਤੇ ਖਜ਼ੂਰ ਲਗਾਏ ਜਾ ਸਕਦੇ ਹਨ। ਕੰਢੀ ਦੇ ਇਲਾਕੇ ਵਿਚ ਅਮਰੂਦ, ਬੇਰ, ਆਂਵਲਾ, ਅੰਬ, ਗਲਗਲ, ਕਿੰਨੂ ਅਤੇ ਹੋਰ ਸੰਤਰੇ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਅਤੇ ਬੇਟ ਦੇ ਇਲਾਕੇ ਵਿਚ ਨਾਸ਼ਪਾਤੀ, ਅਮਰੂਦ, ਕੇਲਾ, ਅਲੂਚਾ, ਬੇਰ ਅਤੇ ਫਾਲਸਾ ਲਗਾਏ ਜਾ ਸਕਦੇ ਹਨ।
ਫਲਦਾਰ ਬੂਟੇ ਲਗਾਉਣ ਲਈ ਜ਼ਮੀਨ ਦੀ ਚੋਣ: ਫਲਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ, ਭਾਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਇਸ ਦੀ 2 ਮੀਟਰ ਤੱਕ ਦੀ ਡੂੰਘਾਈ ਤੱਕ ਕੋਈ ਰੋੜ ਜਾਂ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ ਹੈ। ਇਸ ਵਿਚ ਕੋਈ ਲੂਣਾ ਜਾਂ ਤੇਜ਼ਾਬੀਪਣ ਨਹੀਂ ਹੋਣਾ ਚਾਹੀਦਾ ਹੈ। ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ਆਉਣਾ ਚਾਹੀਦਾ ਹੈ। ਫਲਦਾਰ ਬੂਟਿਆਂ ਵਾਲੀ ਜ਼ਮੀਨ ਦੀ ਹੇਠਲੀ ਤਹਿ 'ਤੇ ਤੱਤਾਂ ਦਾ ਦਰਜਾ ਅਤੇ ਹੋਰ ਹਾਲਤਾਂ ਵੀ ਫ਼ਲਦਾਰ ਬੂਟਿਆਂ ਦੇ ਵਾਧੇ ਲਈ ਬਹੁਤ ਜ਼ਰੂਰੀ ਹਨ। ਇਸ ਕਰਕੇ ਬਾਗ਼ ਲਗਾਉਣ ਤੋਂ ਪਹਿਲਾਂ ਜ਼ਮੀਨ ਦੀ 2 ਮੀਟਰ ਦੀ ਡੂੰਘਾਈ ਤੱਕ ਪਰਖ ਕਰਵਾ ਲੈਣੀ ਚਾਹੀਦੀ ਹੈ। ਇਸ ਕੰਮ ਲਈ ਜ਼ਮੀਨ ਦੀ ਹਰ ਤਹਿ ਵਿੱੱਚੋਂ ਲੋਹੇ ਦੀ ਬੋਕੀ ਜਾਂ ਔਗਰ ਨਾਲ ਜਾਂ ਟੋਆ ਪੁੱਟ ਕੇ 500 ਗ੍ਰਾਮ ਮਿੱਟੀ ਦਾ ਨਮੂਨਾ ਲਉ । ਜਿਵੇਂ ਕਿ ਮਿੱਟੀ ਦੀ ਉਪਰਲੀ 15 ਸੈਂਟੀਮੀਟਰ ਦੀ ਤਹਿ, 15 ਤੋਂ 30 ਸੈਂਟੀਮੀਟਰ ਦੀ ਤਹਿ, 30 ਤੋਂ 60 ਸੈਂਟੀਮੀਟਰ ਦੀ ਤਹਿ, 60 ਤੋਂ 90 ਸੈਂਟੀਮੀਟਰ ਦੀ ਤਹਿ, 90 ਤੋਂ 120 ਸੈਂਟੀਮੀਟਰ ਦੀ ਤਹਿ, 120 ਤੋਂ 150 ਸੈਂਟੀਮੀਟਰ ਦੀ ਤਹਿ ਅਤੇ 150 ਤੋਂ 200 ਸੈਂਟੀਮੀਟਰ ਦੀ ਤਹਿ ਵਿਚੋਂ ਨਮੂਨੇ ਲੈ ਲਵੋ। ਇਸ ਤਰ੍ਹਾਂ ਇਹ ਸੱਤ ਤਹਿਆਂ ਬਣ ਜਾਣਗੀਆਂ। ਜੇਕਰ ਕੋਈ ਸਖ਼ਤ ਜਾਂ ਪਥਰੀਲੀ ਤਹਿ ਆ ਜਾਵੇ ਤਾਂ ਉਸ ਦੀ ਮੋਟਾਈ ਤੇ ਡੂੰਘਾਈ ਦੇਖ ਲਉ ਅਤੇ ਉਸ ਦਾ ਵੱਖਰਾ ਨਮੂਨਾ ਲਉ। ਹਰ ਨਮੂਨੇ ਉੱਪਰ ਤਹਿ ਦੀ ਡੂੰਘਾਈ ਲਿਖ ਲਉ ਅਤੇ ਹਰ ਨਮੂਨੇ ਨੂੰ ਵੱਖਰੀ ਕੱਪੜੇ ਦੀ ਸਾਫ਼ ਥੈਲੀ ਵਿਚ ਬੰਨ੍ਹ ਲਵੋ ਤਾਂ ਕਿ ਇਕ ਦੂਜੇ ਨਮੂਨੇ ਦੀ ਆਪਸ ਵਿਚ ਮਿਲਾਵਟ ਨਾ ਹੋ ਸਕੇ। ਫਿਰ ਇਹ ਨਮੂਨੇ ਨੇੜੇ ਦੇ ਕਿਸੇ ਸਰਕਾਰੀ ਜਾਂ ਪੰਜਾਬ ਖੇਤੀਬਾੜੀ ਵਿਭਾਗ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਜਾਂ ਆਪਣੇ ਜ਼ਿਲ੍ਹੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਮਾਹਿਰ ਨੂੰ ਭੇਜ ਦਿਉ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਜ਼ਮੀਨ ਦੇ ਅਨੁਕੂਲ ਅਤੇ ਬਾਗ਼ਬਾਨੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਬਾਗ਼ ਲਗਾਉਣ ਦੀ ਵਿਊਂਤਬੰਦੀ ਕਰੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਕਿਵੇਂ ਕਰੀਏ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ

ਫ਼ਸਲੀ ਵਿਭਿੰਨਤਾ ਲਿਆਉਣ ਵਿਚ ਤੇਲ ਬੀਜ ਫ਼ਸਲਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ । ਸਾਡੇ ਦੇਸ਼ ਵਿਚ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਦੀ ਬਹੁਤ ਜ਼ਰੂਰਤ ਹੈ ਕਿੳਂੁਕਿ ਵਧ ਰਹੀ ਆਬਾਦੀ ਕਾਰਨ ਇਸ ਦੀ ਲੋੜ ਨੂੰ ਪੂਰਾ ਕਰਨ ਲਈ ਕਰੋੜਾਂ ਰੁਪਏ ਦੀ ਵਿਦੇਸ਼ੀ ਮੁਦਰਾ ਖਰਚ ਕੇ ਬਾਹਰਲੇ ਮੁਲਕਾਂ ਤੋਂ ਖਾਣ ਵਾਲਾ ਤੇਲ ਮੰਗਵਾਉਣਾ ਪੈਂਦਾ ਹੈ । ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 50-55 ਗ੍ਰਾਮ ਤੇਲ ਦੀ ਜ਼ਰੂਰਤ ਹੁੰਦੀ ਹੈ ਪਰ ਸਾਨੂੰ ਲੋੜ ਤੋਂ ਅੱਧਾ ਵੀ ਨਹੀਂ ਮਿਲ ਰਿਹਾ । ਪੰਜਾਬ ਦਾ ਵਾਤਾਵਰਨ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ। ਤੋਰੀਆ ਅਤੇ ਗੋਭੀ ਸਰ੍ਹੋਂ ਦੋਵੇਂ ਹੀ ਪੰਜਾਬ ਦੀਆਂ ਬਹੁਤ ਮਹੱਤਵਪੂਰਨ ਤੇਲ ਬੀਜ ਫ਼ਸਲਾਂ ਹਨ । ਤੋਰੀਆ ਘੱਟ ਸਮਾਂ ਲੈਣ ਕਰਕੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁੱਕਵੀਂ ਫ਼ਸਲ ਹੈ । ਸੇਂਜੂ ਹਾਲਤਾਂ ਵਿਚ ਤੋਰੀਏ ਤੋਂ ਬਾਅਦ ਕਣਕ, ਸੂਰਜਮੁਖੀ, ਆਲੂ ਜਾਂ ਮੱਕੀ (ਬਸੰਤ ਰੁੱਤ) ਅਤੇ ਮੈਂਥੇ ਦੀ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ । ਘੱਟ ਸਮੇਂ ਵਿਚ ਪ੍ਰਤੀ ਏਕੜ ਤੋਂ ਵੱਧ ਝਾੜ ਲੈਣ ਲਈ ਤੋਰੀਏ ਅਤੇ ਗੋਭੀ ਸਰੋਂ ਦੀ ਰਲਵੀਂ ਖੇਤੀ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਹੇਠ ਲਿਖੀਆਂ ਤਕਨੀਕਾਂ ਇਕੱਲੇ ਤੋਰੀਏ ਦੀ ਅਤੇ ਤੋਰੀਏ ਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਕਰਨ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਸਕਦੀਆਂ ਹਨ।
ਜ਼ਮੀਨ ਦੀ ਚੋਣ ਅਤੇ ਤਿਆਰੀ: ਚੰਗੇ ਜਲ ਨਿਕਾਸ ਵਾਲੀ ਅਤੇ ਮੈਰਾ ਜ਼ਮੀਨ ਤੋਰੀਏ ਦੀ ਕਾਸ਼ਤ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਗੋਭੀ ਸਰ੍ਹੋਂ ਦੀ ਫ਼ਸਲ ਹਰ ਤਰਾਂ ਦੀ ਜ਼ਮੀਨ 'ਤੇ ਹੋ ਸਕਦੀ ਹੈ। ਦਰਮਿਆਨੀ ਤੋਂ ਭਾਰੀ ਬਾਰਿਸ਼ ਵਾਲੇ ਇਲਾਕੇ ਇਨ੍ਹਾਂ ਫ਼ਸਲਾਂ ਲਈ ਬਹੁਤ ਢੁੱਕਵੇਂ ਮੰਨੇ ਜਾਂਦੇ ਹਨ। ਇਨ੍ਹਾਂ ਫ਼ਸਲਾਂ ਦਾ ਬੀਜ ਬਰੀਕ ਹੋਣ ਕਰਕੇ ਅਤੇ ਤੋਰੀਏ ਦੀ ਬਿਜਾਈ ਸਮੇਂ ਤਾਪਮਾਨ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਬਿਜਾਈ ਲਈ ਖੇਤ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਖ਼ਾਸ ਕਰ ਤੋਰੀਏ ਦੀ ਬਿਜਾਈ ਲਈ ਖੇਤ ਵਿਚ ਭਰਪੂਰ ਨਮੀ ਹੋਣੀ ਚਾਹੀਦੀ ਹੈ। ਜ਼ਮੀਨ ਨੂੰ ਦੋ -ਚਾਰ ਵਾਰ ਹਲਾਂ ਨਾਲ ਵਾਹ ਕੇ ਤੇ ਹਰ ਵਾਰ ਸੁਹਾਗਾ ਮਾਰ ਕੇ ਵਧੀਆ ਤਿਆਰ ਕੀਤਾ ਜਾ ਸਕਦਾ ਹੈ।
ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ : ਤੋਰੀਏ ਦੀ ਫ਼ਸਲ ਲਈ 1.5 ਕਿੱਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਤੋਰੀਏ ਦੀ ਬਿਜਾਈ 30 ਸੈਂ.ਮੀ. ਦੀ ਵਿੱਥ ਦੀਆਂ ਲਾਈਨਾਂ ਵਿਚ ਡਰਿੱਲ ਜਾਂ ਪੋਰੇ ਨਾਲ ਸਤੰਬਰ ਦੇ ਮਹੀਨੇ ਵਿਚ ਕਰਨੀ ਚਾਹੀਦੀ ਹੈ । ਬੂਟੇ ਤੋਂ ਬੂਟੇ ਦਾ ਫ਼ਾਸਲਾ 10-15 ਸੈਂ.ਮੀ. ਰੱਖ ਕੇ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਵਾਧੂ ਬੂਟੇ ਕੱਢ ਦਿਓ ।
ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਤੋਂ ਵੱਧ ਝਾੜ ਲੈਣ ਲਈ, ਦੋਨਾਂ ਫ਼ਸਲਾਂ ਨੂੰ ਸਤੰਬਰ ਦੇ ਦੂਜੇ- ਤੀਜੇ ਹਫ਼ਤੇ ਤੱਕ ਬੀਜੋ। ਇਸ ਲਈ ਦੋਨਾਂ ਫ਼ਸਲਾਂ ਦਾ ਇਕ-ਇਕ ਕਿੱਲੋ ਬੀਜ ਕਾਫ਼ੀ ਹੈ। ਦੋਨਾਂ ਫ਼ਸਲਾਂ ਦੀ ਇਕ-ਇਕ ਕਤਾਰ 22.5 ਸੈਂ.ਮੀ. 'ਤੇ ਬੀਜੋ ਜਾਂ ਫਿਰ ਤੋਰੀਏ ਦਾ ਛੱਟਾ ਮਾਰ ਦਿਓ ਅਤੇ ਬਾਅਦ ਵਿਚ ਗੋਭੀ ਸਰ੍ਹੋਂ ਨੂੰ 45 ਸੈਂ. ਮੀ. ਦੀ ਦੂਰੀ 'ਤੇ ਕਤਾਰਾਂ ਵਿਚ ਬੀਜ ਦਿਓ। ਜੇਕਰ ਬੂਟਿਆਂ ਦੀ ਗਿਣਤੀ ਵੱਧ ਹੋਵੇ ਤਾਂ ਤਿੰਨ ਹਫ਼ਤਿਆਂ ਬਾਅਦ ਬੂਟੇ ਵਿਰਲੇ ਕਰ ਦਿਓ । ਤੋਰੀਏ ਦੀ ਫ਼ਸਲ ਅੱਧ ਦਸੰਬਰ ਤੱਕ ਖੇਤ ਖ਼ਾਲੀ ਕਰ ਦਿੰਦੀ ਹੈ ਜਦਕਿ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦ੍ਹਰਵਾੜੇ ਤੱਕ ਖੇਤ ਖ਼ਾਲੀ ਕਰ ਦਿੰਦੀ ਹੈ । ਪੰਜਾਬ ਵਿਚ ਤੋਰੀਏ ਦੀਆਂ ਦੋ ਕਿਸਮਾਂ ਅਤੇ ਰਲਵੀਂ ਖੇਤੀ ਲਈ ਗੋਭੀ ਸਰ੍ਹੋਂ ਦੀਆਂ ਪੰਜਾਂ ਕਿਸਮਾਂ ਵਿਚੋਂ ਦੋ ਦੀ ਸਿਫ਼ਾਰਸ਼ ਕੀਤੀ ਗਈ ਹੈ।
ਖਾਦ ਪ੍ਰਬੰਧ : ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕਰੋ । ਪਰ ਜੇਕਰ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ ਤੋਰੀਏ ਦੀ ਫ਼ਸਲ ਨੂੰ 25 ਕਿੱਲੋ ਨਾਈਟ੍ਰੋਜਨ (55 ਕਿੱਲੋ ਯੂਰੀਆ) ਅਤੇ 18 ਕਿੱਲੋ ਫ਼ਾਸਫ਼ੋਰਸ (50 ਕਿੱਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਵਿਚ 120 ਕਿਲੋ ਯੂਰੀਆ, 75 ਕਿੱਲੋ ਸਿੰਗਲ ਸੁਪਰ ਫਾਸਫੇਟ ਅਤੇ 10 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। 55 ਕਿੱਲੋ ਯੂਰੀਆ, ਸਾਰੀ ਸਿੰਗਲ ਸੁਪਰ ਫ਼ਾਸਫ਼ੇਟ ਅਤੇ ਮਿਊਰੇਟ ਆਫ਼ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰ ਦਿਓ। ਬਾਕੀ 65 ਕਿਲੋ ਯੂਰੀਆ ਤੋਰੀਆ ਵੱਢ ਕੇ ਪਾਣੀ ਨਾਲ ਪਾਓ। ਤੇਲ ਬੀਜ ਫ਼ਸਲਾਂ ਵਿਚ ਡਾਈਅਮੋਨੀਅਮ ਫ਼ਾਸਫ਼ੇਟ ਖਾਦ ਨਾ ਵਰਤੋ ਬਲਕਿ ਸਿੰਗਲ ਸੁਪਰ ਫ਼ਾਸਫ਼ੇਟ ਨੂੰ ਤਰਜੀਹ ਦਿਉ ਕਿਉਂਕਿ ਇਸ ਵਿਚ ਗੰਧਕ ਤੱਤ ਲੋੜੀਂਦੀ ਮਾਤਰਾ ਵਿਚ ਹੁੰਦੇ ਹਨ ਜੋ ਕਿ ਤੇਲ ਬੀਜ ਫ਼ਸਲਾਂ ਲਈ ਬਹੁਤ ਅਹਿਮ ਤੱਤ ਹਨ। ਜੇਕਰ ਇਹ ਤੱਤ ਨਾ ਮਿਲੇ ਤਾਂ ਡੀ.ਏ.ਪੀ ਨਾਲ 50 ਕਿੱਲੋ ਜਿਪਸਮ ਪ੍ਰਤੀ ਏਕੜ ਪਾਈ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ : ਤੋਰੀਏ ਦੀ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਇਕ ਗੋਡੀ ਕਰਕੇ ਨਦੀਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ ।
ਸਿੰਚਾਈ ਪ੍ਰਬੰਧ : ਭਾਰੀ ਰੌਣੀ ਤੋਂ ਬਾਅਦ ਤੋਰੀਏ ਦੀ ਫ਼ਸਲ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਪਵੇ ਤਾਂ ਇਸ ਨੂੰ ਫੁੱਲ ਆਉਣ ਸਮੇਂ ਪਾਣੀ ਦੀ ਔੜ ਨਾ ਆਉਣ ਦਿਉ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ ਵਿਚ ਬਾਰਿਸ਼ ਅਨੁਸਾਰ ਗੋਭੀ ਸਰ੍ਹੋਂ ਨੂੰ 3 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਬਾਅਦ ਪਾਣੀ ਲਾਉਣ ਨਾਲ ਜੜ੍ਹਾਂ ਡੂੰਘੀਆਂ ਜਾਂਦੀਆਂ ਹਨ। ਦੂਸਰਾ ਪਾਣੀ ਫੁੱਲ ਪੈਣ 'ਤੇ ਦਿਉ। ਲੋੜ ਅਨੁਸਾਰ ਕੋਰੇ ਤੋਂ ਬਚਾਉਣ ਲਈ ਇਹ ਜਲਦੀ ਵੀ ਦਿੱਤਾ ਜਾ ਸਕਦਾ ਹੈ (ਅਖ਼ੀਰ-ਦਸੰਬਰ ਜਾਂ ਜਨਵਰੀ ਦੇ ਸ਼ੁਰੂ ਵਿਚ)। ਤੀਜਾ ਪਾਣੀ ਫਰਵਰੀ ਦੇ ਦੂਜੇ ਪੰਦ੍ਹਰਵਾੜੇ ਵਿਚ ਦਿਉ। ਬਾਅਦ ਵਿਚ ਪਾਣੀ ਦੀ ਲੋੜ ਨਹੀਂ ਪੈਂਦੀ।
ਵਾਢੀ : ਜਦੋਂ ਫ਼ਲੀਆਂ ਪੀਲੀਆਂ ਹੋ ਜਾਣ ਤਾਂ ਸਮਝੋ ਕਿ ਫ਼ਸਲ ਵੱਢਣ ਲਈ ਤਿਆਰ ਹੈ। ਤੋਰੀਆ ਦਸੰਬਰ ਵਿਚ ਵੱਢ ਲਿਆ ਜਾਂਦਾ ਹੈ ਤੇ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦ੍ਹਰਵਾੜੇ ਵਿਚ। ਰਲਵੀਂ ਖੇਤੀ ਕਰ ਕੇ ਦੋਵਾਂ ਫ਼ਸਲਾਂ ਤੋਂ 12 ਕੁਇੰਟਲ ਪ੍ਰਤੀ/ਏਕੜ (4 ਕੁਇੰਟਲ ਤੋਰੀਆ ਅਤੇ 8 ਕੁਇੰਟਲ ਗੋਭੀ ਸਰ੍ਹੋਂ) ਝਾੜ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਰਲਵੀਂ ਖੇਤੀ ਕਰਕੇ ਉਨੇ ਹੀ ਰਕਬੇ ਵਿਚੋਂ ਵੱਧ ਝਾੜ 'ਤੇ ਮੁਨਾਫ਼ਾ ਲਿਆ ਜਾ ਸਕਦਾ ਹੈ।


-ਠਾਕਰ ਸਿੰਘ, ਜਗਮੋਹਨ ਕੌਰ ਅਤੇ ਕੁਲਵੀਰ ਸਿੰਘ ਸੈਣੀ
ਫ਼ਸਲ ਵਿਗਿਆਨ ਵਿਭਾਗ

ਪੰਜਾਬ ਦਾ ਪੁਰਾਣਾ ਸੱਭਿਆਚਾਰ

ਮੈਨੂੰ ਹਰ ਮਹੀਨੇ ਵਿਆਹਾਂ ਦੇ ਸੱਦਾ ਪੱਤਰ ਆਉਂਦੇ ਹਨ, ਪਰ ਤੇਜ਼ ਰਫ਼ਤਾਰ ਜ਼ਿੰਦਗੀ 'ਚ ਇਨ੍ਹਾਂ ਸਾਰੇ ਵਿਆਹਾਂ ਵਿਚ ਸ਼ਮਿਲ ਹੋਣ ਵਾਸਤੇ ਗੁੰਜਾਇਸ਼ ਹੀ ਨਹੀਂ ਤੇ ਹੁਣ ਜੇ ਮੈਂ ਕਿਸੇ ਵਿਆਹ ਵਿਚ ਸ਼ਾਮਿਲ ਹੁੰਦਾ ਵੀ ਹਾਂ ਤਾਂ ਇਕ ਦੋ ਘੰਟੇ।
ਪਰ 1945 ਦਾ ਇਕ ਵਿਆਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਿਸ ਵਿਚ ਲਗਾਤਾਰ ਚਾਰ ਪੰਜ ਦਿਨ ਸ਼ਾਮਿਲ ਹੋ ਕੇ ਮੈਂ ਹੁਣ ਤੱਕ ਇਹਦੀਆਂ ਰਸਮਾਂ ਤੇ ਖੁਸ਼ੀਆਂ ਨੂੰ ਆਪਣੀਆਂ ਖ਼ੂਬਸੂਰਤ ਯਾਦਾਂ ਵਿਚ ਸੰਭਾਲਿਆ ਹੋਇਆ ਹੈ।
ਇਹ ਵਿਆਹ ਮੇਰੀ ਭੂਆ ਦੇ ਵੱਡੇ ਪੁੱਤਰ ਦਾ ਸੀ, ਵਿਆਹ ਤੋਂ ਦੋ ਦਿਨ ਪਹਿਲਾਂ ਸਾਰੀ ਰਾਤ ਜਿਵੇਂ ਨੀਂਦ ਮੇਰੀਆਂ ਅੱਖਾਂ ਨਾਲ ਰੁੱਸੀ ਰਹੀ ਸੀ। ਨੀਂਦ ਤੋਂ ਬਾਹਰ-ਬਾਹਰ ਹੀ ਅਣਗਿਣਤ ਸੁਪਨੇ ਮੇਰੀਆਂ ਇੱਛਾਵਾਂ ਨਾਲ ਲੁਕਣਮੀਚੀ ਖੇਡਦੇ ਰਹੇ। ਸਵੇਰੇ ਭੂਆ ਦੇ ਪਿੰਡ ਤੇ ਅੱਗੇ ਬਰਾਤ ਵਿਚ ਜਾਣ ਲਈ ਚਾਅ ਮਨ 'ਚ ਜਿਵੇਂ ਛੂਣ੍ਹ ਛੁਲ੍ਹਾਈਆਂ ਖੇਡਦੇ ਰਹੇ।
ਸਵੇਰੇ ਨਾਨਕੀ ਛੱਕ ਲਈ ਗੱਡੇ 'ਤੇ ਸਾਮਾਨ ਰੱਖਿਆ ਗਿਆ ਤਾਂ ਮੈਂ ਕੁਝ ਖਾਧੇ-ਪੀਤੇ ਬਗ਼ੈਰ ਹੀ ਟੱਪ ਕੇ ਗੱਡੇ 'ਤੇ ਬਹਿ ਗਿਆ, ਭਾਵੇਂ ਮੈਨੂੰ ਬਹੁਤ ਕਿਹਾ ਗਿਆ ਕਿ-'ਮੈਂ ਥੱਲੇ ਉੱਤਰ ਆਵਾਂ ਅਜੇ ਗੱਡਾ ਨਹੀਂ ਤੁਰਨਾ' ਪਰ ਮੈਂ ਦੋਵਾਂ ਹੱਥਾਂ ਨਾਲ ਘੁੱਟ ਕੇ ਫੜੀ ਗੱਡੇ ਦੀ ਵਲੀ ਨਾ ਛੱਡੀ, ਮੇਰੀ ਜ਼ਿੱਦ ਅੱਗੇ ਝੁਕ ਕੇ ਮੇਰੇ ਚਾਚੇ ਨੇ ਗੱਡੇ 'ਤੇ ਹੀ ਮੈਨੂੰ ਆਪਣੀ ਪਸੰਦ ਦਾ ਖਾਣਾ, ਮੱਕੀ ਦੀ ਬੇਹੀ ਰੋਟੀ ਤਾਜ਼ੇ ਦਹੀਂ ਵਿਚ ਚੂਰ ਕੇ, ਖਿਲਾਇਆ ਤੇ ਅਸੀਂ ਗੱਡੇ 'ਤੇ ਭੂਆ ਦੇ ਪਿੰਡ ਨੂੰ ਚੱਲ ਪਏ।
ਮੇਰਾ ਚਾਚਾ ਸਾਰੇ ਨਾਨਕਾ ਮੇਲ ਦੀ ਅਗਵਾਈ ਕਰ ਰਿਹਾ ਸੀ, ਚਾਚਾ ਤੇ ਚਾਚੀ ਘਰੋਂ ਨਿਰਨੇ ਹੀ ਤੁਰੇ ਸਨ, ਤੇ ਉਨ੍ਹਾਂ ਨੇ ਭੂਆ ਦੇ ਪਿੰਡ ਜਾ ਕੇ ਹੀ ਕੁਝ ਖਾਣਾ ਪੀਣਾ ਸੀ। ਰਾਹ 'ਚ ਚਾਚੀ, ਚਾਚੇ ਦੀਆਂ ਕੁੜੀਆਂ ਤੇ ਭਾਈਚਾਰੇ 'ਚੋਂ ਮਿਲਣ ਵਰਤਣ ਵਾਲੇ ਪਰਿਵਾਰ ਦੀਆਂ ਨਾਲ ਆਈਆਂ ਕੁੜੀਆਂ ਵਹੁਟੀਆਂ ਹਾਸੇ ਮਖੌਲ ਕਰਦੀਆਂ ਰਹੀਆਂ, ਖੁਸ਼ੀਆਂ ਤੇ ਹਾਸਿਆਂ ਭਰੇ ਏਸ ਮਾਹੌਲ ਵਿਚ ਅਸੀਂ ਜਿਵੇਂ ਬਹੁਤ ਛੇਤੀ ਬੂਹਿਆਂ 'ਤੇ ਬੱਝੇ ਅੰਬ ਦੇ ਪੱਤਿਆਂ ਵਾਲੇ ਤੇ ਸੱਜਰੇ ਫੇਰੇ ਪਾਂਡੂ ਵਾਲੇ ਭੂਆ ਦੇ ਘਰ ਪਹੁੰਚ ਗਏ।
ਭੂਆ ਦੇ ਘਰ ਪਹੁੰਚ ਕੇ ਚਾਚੇ ਨੇ ਰੱਸੀ ਵਿਚ ਠੂਠੀਆਂ ਪਰੋ ਕੇ ਤਣੀਂ ਬੰਨ੍ਹਣ ਦੀ ਰਸਮ ਕੀਤੀ ਤੇ ਭੂਆ ਦੇ ਪਿੰਡ ਦੀਆਂ ਕੁੜੀਆਂ, ਵਹੁਟੀਆਂ ਨੇ ਗੀਤ ਛੋਹ ਲਏ-
ਉੱਠ ਵੇ ਸੁਲੱਖਣਾ ਸੁੱਤਿਆ ਮਾਮੇ ਤੇਰੇ ਵੇ ਆਏ!
ਮਾਮੀਆਂ ਕਾਨ੍ਹਾਂ ਦੀਆਂ ਗੋਪੀਆਂ ਮਾਮੇ ਕਾਨ੍ਹ ਜੁ ਆਏ!
ਇਹ ਗੀਤ ਖ਼ਤਮ ਹੋਇਆ ਤਾਂ ਉਨ੍ਹਾਂ ਨੇ ਸਿੱਠਣੀਆਂ ਛੇੜ ਲਈਆਂ-
ਅੱਜ ਕਿੱਧਰ ਗਈਆਂ ਵੇ ਸੁਲੱਖਣਾ ਮਾਮੀਆਂ ਤੇਰੀਆਂ।
ਅਗੋਂ ਸਾਡੇ ਨਾਨਕ ਮੇਲ ਨੇ ਵੀ ਤੁਰੰਤ ਜਵਾਬ ਦਿੱਤਾ-
ਅਸੀਂ ਹਾਜ਼ਰ ਨਾਜ਼ਰ ਵੇ ਸੁਲੱਖਣਾ ਮਾਮੀਆਂ ਤੇਰੀਆਂ।
ਫੇਰ ਗਲੀ ਮਹੱਲੇ ਦੀਆਂ ਇਸਤਰੀਆਂ ਨੂੰ ਵਿਖਾਉਣ ਵਾਸਤੇ ਨਾਨਕੀ ਛੱਕ ਰੱਖੀ ਗਈ, ਜਿਸ ਵਿਚ, ਭੂਆ ਦੇ ਪੁੱਤਰ ਵਿਆਂਦੜ ਮੁੰਡੇ ਲਈ ਜੋੜਾਜਾਮਾਂ, ਭੂਆ ਜੀ, ਉਹਦੀ ਲੜਕੀ, ਸੱਸ ਤੇ ਦਰਾਣੀਆਂ ਜਠਾਣੀਆਂ ਲਈ ਕੱਪੜੇ, ਇਕ ਸੌ ਰੁਪਿਆ ਨਕਦ, ਨਵੀਂ ਵਿਆਹੀ ਆਉਣ ਵਾਲੀ ਕੁੜੀ ਲਈ ਤਵੀਤਾਂ ਦਾ ਇਕ ਖੂਬਸੂਰਤ ਹਾਰ ਸ਼ਾਮਿਲ ਸੀ।
ਨਾਨਕਾ ਮੇਲ ਨੇ ਫੇਰ ਗੀਤ ਸ਼ੁਰੂ ਕਰ ਲਿਆ-
ਵੇਖ ਲਓ ਲੋਕੋ ਨਾਨਕੀ ਛੱਕ ! ਬਈ ਨਾਨਕੀ ਛੱਕ!!
ਮਾਮੇ ਨੇ ਧਰ ਦਿੱਤੇ ਸੌ 'ਤੇ ਸੱਠ!!!
ਅਗੋਂ ਦਾਦਕੀਆਂ ਨੇ ਵੀ ਜਵਾਬ ਵਿਚ ਗੀਤ ਛੋਹ ਲਿਆ-
ਨਾਨੀ.... ਨੇ ਚਰਖਾ ਨਾ ਡਾਹਿਆ, ਤੰਦ ਨਾ ਪਾਇਆ,
ਵਿਹੜਾ ਨਾ ਛਾਇਆ,
ਨੱਕ ਵਢਾਇਆ,
ਸਾਡੀ ਤਾਂ ਸੰਤੀ ਨੇ ਚਰਖਾ ਵੀ ਡਾਹਿਆ,
ਵਿਹੜਾ ਵੀ ਛਾਇਆ,
ਤੇ ਨੱਕ ਰਖਾਇਆ।
ਨੇੜੇ ਹੋਣ ਕਰਕੇ ਭੂਆ ਦੇ ਪਿੰਡ ਅਸੀਂ ਛਾਹ ਵੇਲੇ ਹੀ ਪਹੁੰਚ ਗਏ ਸੀ ਤੇ ਦੁਪਹਿਰੇ ਪਿੰਡ ਦੇ ਨੇੜੇ ਖੂਹ 'ਤੇ ਚੱਲਦੇ ਚੜਸ ਵਾਲੇ ਚਲ੍ਹੇ 'ਚ ਅਸੀਂ ਨਹਾਤੇ, ਸਵੇਰੇ ਬਰਾਤੇ ਜਾਣ ਦੇ ਚਾਅ 'ਚ ਇੱਟ ਦੇ ਇਕ ਰੋੜੇ ਨਾਲ ਰਗੜ-ਰਗੜ ਕੇ ਪੈਰਾਂ ਦੀਆਂ ਅੱਡੀਆਂ ਦੀ ਅਸੀਂ ਮੈਲ ਉਤਾਰੀ ਤੇ ਸ਼ਾਮ ਨੂੰ ਮੇਰੀ ਪੱਗ ਸਮੇਤ ਕਈ ਪੱਗਾਂ ਝੋਲੇ 'ਚ ਪਾ ਕੇ ਭੂਆ ਦਾ ਛੋਟਾ ਪੁੱਤਰ ਨੇੜੇ ਦੇ ਕਸਬੇ 'ਚ ਜਾ ਕੇ ਪੈਦਲ ਹੀ ਪੱਗਾਂ ਰੰਗਾ ਲਿਆਇਆ।
ਰਾਤ ਨੂੰ ਰੋਟੀ ਖਾਣ ਤੋਂ ਬਾਅਦ ਗਿੱਧੇ ਦੀ ਧਮਕ ਨਾਲ ਭੂਆ ਦਾ ਲੰਮਾ ਚੌੜਾ ਵਿਹੜਾ ਤੇ ਵਿਹੜੇ 'ਚ ਲੱਗਿਆ ਨਿੰਮ ਦਾ ਬਿਰਛ ਹਿਲਣ ਲੱਗ ਪਿਆ, ਆਲੇ ਦੁਆਲੇ ਮਕਾਨਾਂ ਦੇ ਬਨੇਰਿਆਂ ਤੋਂ ਨੀਹਾਂ ਤੱਕ ਹਾਸੇ, ਠੱਠੇ, ਖੁਸ਼ੀਆਂ ਤੇ ਰੌਣਕਾਂ ਛਾਈਆਂ ਹੋਈਆਂ ਸਨ।
ਵਿਆਂਦੜ ਮੁੰਡਾ ਪਟੜੇ 'ਤੇ ਬੈਠਾ ਕੇ ਨਹਾ ਰਿਹਾ ਸੀ। ਮਹਿਰੀ ਪਾਣੀ ਪਾ ਰਹੀ ਸੀ, 'ਵਟਣਾ ਧੋਤਾ ਜਾ ਰਿਹਾ ਸੀ, ਚਾਰ ਕੁੜੀਆਂ ਚਾਰੇ ਕੰਨੀਆਂ' ਤੋਂ ਫੜ ਕੇ ਚੰਦੋਆ ਤਾਣੀ ਖੜ੍ਹੀਆਂ ਸਨ, ਏਸ ਚੰਦੋਏ ਨਾਲ ਹੀ ਨਹਾ ਕੇ ਸੁਲੱਖਣ ਨੇ ਆਪਣਾ ਜਿਸਮ ਪੂੰਝਿਆ ਤੇ ਉਹਦੇ ਮਾਮੇ ਨੇ ਚੁੱਕ ਕੇ ਉਸ ਨੂੰ ਚੌਂਕੀ 'ਤੋਂ ਉਤਾਰਿਆ, ਉਤਾਰਦੇ ਸਮੇਂ ਮਾਮੇ ਨੇ ਚੌਂਕੀ ਅੱਗੇ ਪਈਆਂ ਠੂਠੀਆਂ ਪੈਰਾਂ ਨਾਲ ਭੰਨੀਆਂ ਤੇ ਠੂਠੀਆਂ ਵਿਚ ਰੱਖੇ ਪੈਸੇ ਲਾਗੀ ਨੂੰ ਦੇ ਦਿੱਤੇ ਗਏ, ਸਰਵਣ ਦੇ ਨਹਾਉਣ ਤੋਂ ਪਹਿਲਾਂ ਪਹਿਨੇ ਕੱਪੜੇ ਨਾਈ ਨੇ ਲੈ ਲਏ ਸਨ ਤੇ ਨਹਾਉਣ ਪਿੱਛੋਂ ਸੁਲੱਖਣ ਨੂੰ ਉਹਦੇ ਮਾਮੇ ਵੱਲੋਂ ਲਿਆਂਦਾ ਜੋੜਾ ਜਾਮਾ ਪਹਿਨਾਇਆ ਗਿਆ।
ਇਸੇ ਸਮੇਂ ਮੈਨੂੰ ਵੀ ਫੜ ਕੇ ਸਿਰਬਾਹਲਾ ਬਣਾ ਕੇ ਨੁਹਾ ਦਿੱਤਾ ਗਿਆ ਤੇ ਫੇਰ ਸਾਡੇ ਦੋਵਾਂ ਦੇ ਸਿਹਰੇ ਬੰਨ੍ਹ ਦਿੱਤੇ ਗਏ। ਭਾਬੀਆਂ ਨੇ ਸੁਲੱਖਣ ਦੀਆਂ ਅੱਖਾਂ ਵਿਚ ਸੁਰਮਾ ਪਾ ਕੇ ਪੈਸੇ ਲਏ, ਭਾਈਚਾਰੇ 'ਚੋਂ ਇਸਤਰੀਆਂ ਨੇ ਸਲਾਮੀਆਂ ਪਾਈਆਂ ਤੇ ਫੇਰ ਇਸਤਰੀਆਂ ਦੀ ਭੀੜ ਅੱਗੇ ਸੁਲੱਖਣ ਨੂੰ ਗੁਰਦੁਆਰੇ ਮੱਥਾ ਟਿਕਾਉਣ ਲਈ ਲਿਆਂਦਾ ਗਿਆ, ਭੂਆ ਦੀ ਧੀ, ਸਰਵਣ ਦੀ ਭੈਣ ਤੇ ਮੇਰੀ ਭੈਣ ਨੇ ਉਹਦੇ ਸਾਫ਼ੇ ਦੇ ਲੜ ਦੀ ਇੰਜੜੀ ਫੜੀ ਹੋਈ ਸੀ, ਪਿਛੋਂ ਸੁਲੱਖਣ ਨੇ ਉਨ੍ਹਾਂ ਨੂੰ ਇੰਜੜੀ ਫੜਨ ਦਾ ਇਕ-ਇਕ ਰੁਪਈਆ ਦਿੱਤਾ।
ਉਧਰ ਬੈਲ ਗੱਡੀਆਂ ਵਿਚ ਬਰਾਤੀ ਬੈਠੇ ਹੋਏ ਸਨ, ਲਗਪਗ ਸਾਰੇ ਬਰਾਤੀਆਂ ਨੇ ਕਾਲੀਆਂ, ਸੰਦਲੀ, ਮੂੰਗੀਆ, ਨਾਭੀ ਟਸਰੀ ਤੇ ਹੋਰ ਕਈ ਰੰਗਾਂ ਦੀਆਂ ਪੱਗਾਂ ਬੰਨ੍ਹ ਕੇ ਮਾਂਡੀ ਨਾਲ ਅਕੜਾਏ ਤੁਰਲੇ ਪੱਗਾਂ 'ਤੇ ਖੜ੍ਹੇ ਕੀਤੇ ਹੋਏ ਸਨ। ਭੂਆ ਦੇ ਛੋਟੇ ਪੁੱਤਰ ਜਸਵੀਰ ਨੇ ਆਪਣੇ ਸਿਰ 'ਤੇ ਬੰਨ੍ਹੀ ਖੂਬਸੂਰਤ ਤੁਰਲੀ ਵਾਲੀ ਪੱਗ ਮੇਰੇ ਸਿਰ 'ਤੇ ਵੀ ਸਜਾ ਦਿੱਤੀ ਸੀ ਤੇ ਮੇਰਾ ਵੀ ਚੰਗਾ ਟੌਰ੍ਹ ਕੱਢ ਦਿੱਤਾ ਸੀ।
ਗੁਰਦੁਆਰੇ ਮੱਥਾ ਟਿਕਾ ਕੇ ਸੁਲੱਖਣ ਨੂੰ ਲਾਲ ਬੂਟਿਆਂ ਨਾਲ ਸਜੇ ਝੁੰਬਰ ਵਾਲੇ ਰੱਥ ਵਿਚ ਬਿਠਾ ਦਿੱਤਾ ਗਿਆ, ਮੈਨੂੰ ਵੀ ਫੁੱਫੜ ਜੀ ਨੇ ਰੱਥ ਵਿਚ ਬੈਠਣ ਵਾਸਤੇ ਜ਼ੋਰ ਦਿੱਤਾ ਪਰ ਮੈਂ ਚਾਚੇ ਨਾਲ ਬੈਲ ਗੱਡੀ ਵਿਚ ਬੈਠ ਗਿਆ।
ਪਿੰਡੋਂ ਬਾਹਰ ਨਿਕਲਦੇ ਸਾਰ ਗੱਡੀਆਂ ਦੀ ਦੌੜ ਸ਼ੁਰੂ ਹੋ ਗਈ, ਬਲਦਾਂ ਦੇ ਸਿੰਗਾਂ ਦੁਆਲੇ ਰੰਗ ਬਰੰਗੇ ਪਗਟੇ ਲਪੇਟੇ ਹੋਏ ਸਨ ਤੇ ਉਨ੍ਹਾਂ 'ਤੇ ਰੰਗ ਬਰੰਗੇ ਝੁੱਲ ਦਿੱਤੇ ਹੋਏ ਸਨ, ਮੱਥਿਆਂ 'ਤੇ ਉਨ੍ਹਾਂ ਦੇ ਖੂਬਸੂਰਤ ਮਖੇਰਨੇ ਸਿਹਰਿਆਂ ਵਾਂਗ ਸਜੇ ਹੋਏ ਸਨ, ਸਭ ਬਲਦਾਂ ਦੀਆਂ ਢੁੱਠਾਂ ਇਕ ਪਾਸੇ ਨੂੰ ਉਲਟੀਆਂ ਹੋਈਆਂ ਸਨ ਤੇ ਉਹ ਤੇਜ਼ ਤੋਂ ਤੇਜ਼ ਦੌੜ ਰਹੇ ਸਨ।
ਏਸ ਦੌੜ ਵਿਚ ਸਾਡੀ ਗੱਡੀ ਦੀ ਦੜੀ ਟੁੱਟ ਗਈ ਤੇ ਗੱਡੀ ਦਾ ਹੇਠਲਾ ਹਿੱਸਾ ਜ਼ਮੀਨ ਨਾਲ ਲੱਗ ਗਿਆ, ਇਕ ਜ਼ਬਰਦਸਤ ਝਟਕੇ ਨਾਲ ਮੈਂ ਜ਼ਮੀਨ 'ਤੇ ਡਿੱਗ ਪਿਆ ਤੇ ਮੇਰੀ ਖੂਬਸੂਰਤ ਤੁਰਲੀ ਵਾਲੀ ਸੰਦਲੀ ਪੱਗ ਲੀਹਾਂ 'ਤੇ ਧੁੱਦਲ ਵਿਚ ਜਾ ਡਿੱਗੀ। ਜਸਵੀਰ ਨੇ ਮੇਰੀ ਪੱਗ ਤੇ ਚਾਚੇ ਨੇ ਮੈਨੂੰ ਚੁੱਕਿਆ, ਕੱਪੜੇ ਮਿੱਟੀ ਨਾਲ ਲਿਬੜ ਗਏ ਸਨ ਪਰ ਸੱਟਾਂ ਕਿਸੇ ਦੇ ਨਹੀਂ ਸਨ ਲੱਗੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94632-33991.

ਇਹ ਰੁੱਤ ਕੇਹੀ ਵੇ ਸੱਜਣਾ !

ਜਿਵੇਂ ਹੀ ਕੱਤਕ ਦਾ ਮਹੀਨਾ ਚੜ੍ਹਦਾ ਹੈ, ਬੜੀ ਹੀ ਅਜੀਬ ਕਿਸਮ ਦੀ ਰੁੱਤ ਆ ਜਾਂਦੀ ਹੈ। ਨਾ ਬਰਸਾਤ ਹੁੰਦੀ ਹੈ, ਨਾ ਪੱਤਝੜ ਤੇ ਨਾ ਬਹਾਰ। ਨਾ ਅਸਮਾਨ ਸਾਫ਼ ਹੁੰਦਾ ਹੈ ਨਾ ਹੀ ਧੁੰਦ ਜਾਂ ਗਹਿਰ। ਧੁੱਪ ਚੁੱਭਦੀ ਨਹੀਂ ਤੇ ਸਵਾਟਰ ਪੈਂਦਾ ਨਹੀਂ। ਕਈ ਰੁੱਖਾਂ ਉੱਤੇ ਪੀਲੇ, ਜਾਮਣੀ ਤੇ ਲਾਲ ਫੁੱਲ ਆਉਣ ਲੱਗ ਪੈਂਦੇ ਹਨ ਤੇ ਫਲ ਦੇ ਚੁੱਕੇ ਰੁੱਖ ਪੱਤੇ ਝਾੜਨ ਲੱਗ ਪੈਂਦੇ ਹਨ। ਰੁੱਖ, ਝਾੜੀਆਂ ਆਦਿ ਸਭ ਫਲ ਰਹਿਤ ਹੋ ਜਾਂਦੇ ਹਨ ਤੇ ਪੰਛੀਆਂ ਨੂੰ ਕੀਟ ਪਤੰਗਿਆਂ 'ਤੇ ਨਿਰਭਰ ਹੋਣਾ ਪੈ ਜਾਂਦਾ ਹੈ। ਬੁਖਾਰ, ਮਨੁੱਖ ਉੱਤੇ ਆਪਣੀ ਪਕੜ ਪੱਕੀ ਕਰ ਲੈਂਦਾ ਹੈ। ਜਿਸ ਨੇ ਵੀ ਥੋੜ੍ਹੀ ਲਾਪ੍ਰਵਾਹੀ ਕੀਤੀ, ਬਿਮਾਰ ਹੋ ਜਾਂਦਾ ਹੈ। ਡਾਕਟਰਾਂ, ਹਕੀਮਾਂ, ਵੈਦਾਂ ਦਾ ਇਹ ਕਮਾਈ ਦਾ ਮੌਸਮ ਹੋ ਨਿਬੜਦਾ ਹੈ। ਪਰ ਕੁਦਰਤ ਉੱਚੇ ਰੁੱਖਾਂ ਨੂੰ ਧੁੰਦ ਜਿਹੀ ਵਿਚ ਲਪੇਟ ਕੇ ਹਜ਼ਾਰਾਂ ਕਿਸਮ ਦੇ ਅਲੌਕਿਕ ਨਜ਼ਾਰੇ ਪੇਸ਼ ਕਰਦੀ ਹੈ। ਹਰ ਰੰਗ ਆਪਣੀ ਚਮਕ ਗੁਆ ਕੇ ਦੂਸਰੇ ਰੰਗਾਂ ਨਾਲ ਗਲਵਕੜੀ ਪਾਉਂਦਾ ਹੈ। ਇਸ ਮੌਸਮ ਨੂੰ ਮਾਨਣ ਦਾ ਵਲ ਸਿਰਫ ਸੂਖਮ ਬਿਰਤੀ ਵਾਲੇ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ।


-ਮੋਬਾ: 98159-45018

ਕਵਿਤਾ

ਦੇਸ਼ ਪੰਜਾਬ

ਨਾ ਬਲਦਾਂ ਦੇ ਗਲ ਟੱਲੀਆਂ
ਤੇ ਨਾ ਹੀ ਕਿਤੇ ਪੰਜਾਲੀ ਏ।
ਫ਼ਸਲਾਂ ਵੀ ਇੱਥੇ ਸੁੱਕ ਚੱਲੀਆਂ
ਨਾ ਖੂਹਾਂ ਦੇ ਵਿਚ ਪਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਨਾ ਘਰ ਦੇ ਵਿਚ ਲਵੇਰੀਆਂ
ਨਾ ਚਾਟੀ ਵਿਚ ਮਧਾਣੀ ਏ।
ਨਸ਼ਿਆਂ 'ਤੇ ਨਸਲਾਂ ਲੱਗ ਚੁੱਕੀਆਂ
ਘਰ ਘਰ ਦੀ ਇਹੋ ਕਹਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਨਾ ਪਹਿਲਾਂ ਵਾਲੀਆਂ ਸਾਕ ਸਕੀਰੀਆਂ ਨੇ
ਨਾ ਕੋਈ ਰੂਹ ਦਾ ਹਾਣੀ ਏ।
ਮਤਲਬ ਲਈ ਹੀ ਵਰਤਣ ਸਾਰੇ
ਲੁੱਟਣ ਦੀ ਬੱਸ ਠਾਣੀ ਏ
ਹੁਣ ਦੀ ਹੈ ਇਹ ਗੱਲ, ਨਾ ਕੋਈ ਰੀਤ ਪੁਰਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਬਾਪੂ ਬੇਬੇ ਤੇ ਵੰਡ ਲਈਆਂ ਨੇ ਕਬੀਲਦਾਰੀਆਂ
ਮਤਲਬ ਦੇ ਨੇ ਰਿਸ਼ਤੇ ਨਾਤੇ
ਮਤਲਬ ਦੀਆਂ ਯਾਰੀਆਂ
ਲਾਲਚ ਦੀ ਭੁੱਖ ਵਧੀ, ਪੁੱਛਦਾ ਨਾ ਕੋਈ ਪਾਣੀ ਏ।
ਅੱਜ ਮੇਰੇ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਪਾਣੀ ਸਭ ਗੰਧਲਾ ਏ, ਹਵਾ ਵਿਚ ਬਿਮਾਰੀਆਂ ਨੇ
ਦਵਾਈ ਦੀ ਥੁੜ ਤੋਂ ਮਰਦੇ ਲੋਕੀ , ਇੱਥੋਂ ਤੱਕ ਲਚਾਰੀਆਂ ਨੇ
'ਬੇਅੰਤ' ਉਹੀ ਰਾਤਾਂ ਸੀ ਚੰਗੀਆਂ
ਜਦੋਂ ਦਾਦੀ ਨੇ ਸੁਣਾਈ ਕਹਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।


-ਬੇਅੰਤ ਸਿੰਘ ਬਾਜਵਾ
ਮੋ: 98726-71446

ਕਦੇ ਘਰਾਂ ਦਾ ਸ਼ਿੰਗਾਰ ਹੁੰਦੇ ਸਨ ਨਲਕੇ

ਪਿੰਡ ਹੋਵੇ ਜਾਂ ਸ਼ਹਿਰ ਗੱਲ ਤਾਂ ਸਾਫ਼ ਪਾਣੀ ਦੀ ਹੈ, ਕੁਦਰਤ ਵਲੋਂ ਬਖ਼ਸ਼ੀ ਪਾਣੀ ਦੀ ਦਾਤ ਧਰਤੀ ਵਿਚੋਂ ਕਈ ਤਰੀਕਿਆਂ ਨਾਲ ਕੱਢੀ ਜਾਂਦੀ ਹੈ। ਨਲਕੇ ਜੋ ਕਦੇ ਘਰਾਂ ਦੇ ਸ਼ਿੰਗਾਰ ਹੁੰਦੇ ਸਨ, ਦਿਨੋ-ਦਿਨ ਅਲੋਪ ਹੋ ਰਹੇ ਹਨ। ਨਲਕਾ ਉਹ ਮਸ਼ੀਨ ਹੈ, ਜਿਸ ਦੇ ਵਿਚ ਇਕ ਲੋਹੇ ਦੀ ਰਾਡ ਦੇ ਨਾਲ ਬੋਕੀ ਨੂੰ ਫਿੱਟ ਕੀਤਾ ਜਾਂਦਾ ਹੈ ਅਤੇ ਉਸ ਉੱਪਰ ਇਕ ਹੱਥੀ ਫਿੱਟ ਕੀਤੀ ਜਾਂਦੀ ਹੈ, ਜਿਸ ਦੀ ਸਹਾਇਤਾ ਨਾਲ ਨਲਕੇ ਵਿਚੋਂ ਪਾਣੀ ਕੱਢਿਆ ਜਾਂਦਾ ਹੈ। ਪਿੰਡਾਂ ਦੀਆਂ ਸੁਆਣੀਆਂ ਜ਼ਿਆਦਾਤਰ ਘਰੇਲੂ ਕੰਮ ਨਲਕੇ 'ਤੇ ਹੀ ਕਰਦੀਆਂ ਸਨ। ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਸੜਕਾਂ ਜਾਂ ਹੋਰ ਜਨਤਕ ਥਾਵਾਂ 'ਤੇ ਨਲਕੇ ਲਗਵਾਏ ਹੁੰਦੇ ਸਨ, ਤਾਂ ਜੋ ਰਾਹਗੀਰਾਂ ਲਈ ਪਾਣੀ ਦੀ ਸਹੂਲਤ ਬਣੀ ਰਹੇ। ਪਰ ਸਮੇਂ ਨੇ ਜਿਸ ਕਦਰ ਕਰਵਟ ਬਦਲੀ ਇਹ ਬੀਤੇ ਦੀ ਗੱਲ ਬਣ ਕੇ ਰਹਿ ਗਿਆ। ਡੂੰਘੇ ਪਾਣੀਆਂ ਦੀ ਭਾਲ ਕਰਨੀ ਬਹੁਤ ਮਹਿੰਗੀ ਹੋ ਗਈ, ਜਿਸ ਦੀ ਥਾਂ ਸਬਮਰਸੀਬਲ ਮੋਟਰਾਂ ਦੀ ਵਰਤੋਂ ਵਾਸਤੇ ਡੂੰਘੇ ਬੋਰ ਕਰਵਾਉਣਾ ਇਕ ਮਜਬੂਰੀ ਬਣ ਗਿਆ। ਸ਼ੁੱਧ ਪਾਣੀ ਅਤੇ ਸਸਤੇ ਮੁੱਲ ਦੇ ਨਲਕੇ ਹੋਣ ਕਰਕੇ ਹਰੇਕ ਪੇਂਡੂ ਅਤੇ ਸ਼ਹਿਰੀ ਬੰਦਾ ਖੁਸ਼ ਅਤੇ ਸੁਖੀ ਰਹਿੰਦਾ ਸੀ। ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਲੈਣੀ ਅਤੇ ਬਾਅਦ ਵਿਚ ਕੱਪੜੇ ਵੀ ਧੋ ਲੈਣੇ, ਜਿਸ ਨਾਲ ਸਰੀਰ ਦੀ ਕਸਰਤ ਵੀ ਹੁੰਦੀ ਰਹਿੰਦੀ ਸੀ। ਅੱਜਕਲ੍ਹ ਤਾਂ ਨਲਕੇ ਤਕਰੀਬਨ ਖ਼ਤਮ ਹੀ ਹੋ ਗਏ ਹਨ। ਕਿਤੇ-ਕਿਤੇ ਕੋਈ ਨਲਕਾ ਭਾਵੇਂ ਨਜ਼ਰੀਂ ਪੈ ਜਾਵੇ। ਇਹ ਉਹ ਮੂੰਹੋਂ ਬੋਲਦੀ ਤਸਵੀਰ ਹੈ, ਜੋ ਇੱਟਾਂ-ਰੋੜਿਆਂ ਨੇ ਇਸ ਨਲਕੇ ਨੂੰ ਘੇਰ ਰੱਖਿਆ ਹੈ। ਧਰਤੀ ਹੇਠਲੇ ਪਾਣੀ ਡੂੰਘੇ ਜਾਣ ਨਾਲ ਇਹ ਨਲਕਾ ਆਪਣੀ ਹਿੰਮਤ ਹਾਰ ਗਿਆ ਹੈ ਅਤੇ ਹਰੇਕ ਆਉਂਦੇ-ਜਾਂਦੇ ਨੂੰ ਇਹੋ ਸੁਨੇਹਾ ਦੇ ਰਿਹਾ ਕਿ ਆਓ ਰਲ ਕੇ ਇਸ ਪਾਣੀ ਦੀ ਸਹੀ ਵਰਤੋਂ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਵੀ ਮੇਰੇ ਵਾਂਗ ਕਿਸੇ ਤੰਗੀ-ਤੁਰਸੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ, ਇਸ ਬਾਰੇ ਵਿਚਾਰਨ ਦੀ ਲੋੜ ਹੈ।


-ਉਂਕਾਰ ਸਿੰਘ ਘੁੰਮਣ
ਪਿੰਡ ਨਿੱਕੇ ਘੁੰਮਣ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 98880-65893.

ਨਿੰਬੂ ਜਾਤੀ ਦੇ ਬੂਟਿਆਂ ਦੀ ਦੇਖਭਾਲ ਅਤੇ ਕੋਰੇ ਤੋਂ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਫਲ ਨੂੰ ਜੇ ਅਸੀਂ ਕੱਟ ਕੇ ਵੇਖੀਏ ਤਾਂ ਇਸ ਵਿਚੋਂ ਇਹ ਗਲ਼ਿਆ ਹੋਇਆ ਅਤੇ ਕਾਲੇ ਰੰਗ ਦਾ ਹੁੰਦਾ ਹੈ। ਕਈ ਵਾਰੀ ਗਲੇ ਹੋਏ ਫਲਾਂ 'ਤੇ ਚਿੱਟੇ ਰੰਗ ਦੀ ਉੱਲੀ ਦਿਖਾਈ ਦੇਣ ਲੱਗ ਪੈਂਦੀ ਹੈ। ਇਹ ਫਲ ਸੁੰਘਣ 'ਤੇ ਗਲੀ ਸੜੀ ਚੀਜ਼ ਵਾਂਗ ਬਦਬੂ ਮਾਰਦੇ ਹਨ। ਬਿਮਾਰੀ ਨਾਲ ਪੈਣ ਵਾਲਾ ਕੇਰਾ ਬੂਟਿਆਂ ਨੂੰ ਫਲ ਲੱਗਣ ਤੋਂ ਬਾਅਦ 5-6 ਮਹੀਨਿਆਂ ਮਗਰੋਂ ਸ਼ੁਰੂ ਹੁੰਦਾ ਹੈ। ਇਹ ਕੇਰਾ ਜੁਲਾਈ ਤੋਂ ਸ਼ੁਰੂ ਹੋ ਕੇ ਫਲ ਤੁੜਾਈ ਤੱਕ ਚਲਦਾ ਰਹਿੰਦਾ ਹੈ। ਸਭ ਤੋਂ ਜ਼ਿਆਦਾ ਕੇਰਾ ਸਤੰਬਰ-ਅਕਤੂਬਰ ਮਹੀਨੇ ਹੁੰਦਾ ਹੈ ਅਤੇ ਬਾਅਦ ਵਿਚ ਮੌਸਮ ਠੰਢਾ ਹੋਣ ਨਾਲ ਕੁਝ ਘਟ ਜਾਂਦੀ ਹੈ ਅਤੇ ਫਲਾਂ ਦੀ ਤੁੜਾਈ ਤੱਕ ਚਲਦੀ ਰਹਿੰਦੀ ਹੈ। ਅਸਲ ਵਿਚ ਬਿਮਾਰੀ ਵਾਲੀ ਕੇਰ ਦੀ ਸ਼ੁਰੂਆਤ ਮੌਸਮ ਵਿਚ ਗਰਮਾਇਸ਼ ਅਉਣ ਦੇ ਨਾਲ ਮਾਰਚ ਵਿਚ ਹੀ ਹੋ ਜਾਂਦੀ ਹੈ ਬਾਅਦ ਵਿਚ ਅਪ੍ਰੈਲ ਤੋਂ ਜੂਨ ਦੀ ਗਰਮੀ ਕਾਰਨ ਇਸ ਬਿਮਾਰੀ ਦਾ ਵਾਧਾ ਰੁਕ ਜਾਂਦਾ ਹੈ। ਜਿਵੇਂ ਹੀ ਮੌਨਸੂਨ ਦੀ ਬਾਰਿਸ਼ ਸ਼ੁਰੂ ਹੁੰਦੀ ਹੈ, ਬਿਮਾਰੀ ਅੱਗੇ ਵਧਣ ਲੱਗ ਪੈਂਦੀ ਹੈ। ਇਸ ਲਈ ਸਪਰੇਅ ਮਾਰਚ-ਅਪ੍ਰੈਲ ਤੋਂ ਹੀ ਸ਼ੂਰੁ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਫਲਾਂ ਦੀ ਕੇਰ ਪੈਣ ਵੇਲੇ ਛਿੜਕਾਅ ਕਰਨ ਦਾ ਬਹੁਤਾ ਫਾਇਦਾ ਨਹੀਂਂ ਹੁੰਦਾ। ਰੋਗੀ ਟਾਹਣੀਆਂ, ਪੱਤਿਆਂ ਅਤੇ ਫ਼ੁੱਲਾਂ ਦੀਆਂ ਡੰਡੀਆਂ 'ਤੇ ਲੱਗੇ ਉੱਲੀ ਦੇ ਕਾਲੇ ਟਿਮਕਣੇ ਬਿਮਾਰੀ ਦੇ ਫ਼ੈਲਾਅ ਅਤੇ ਅਗਲੇ ਸਾਲ ਬਿਮਾਰੀ ਦੀ ਲਾਗ ਲਾਉਣ ਵਿਚ ਸਹਾਈ ਹੁੰਦੇ ਹਨ। ਵਾਤਾਵਰਨ ਵਿਚ ਬਹੁਤੀ ਸਿੱਲ ਅਤੇ ਮੌਨਸੂਨ ਦੀ ਵਰਖਾ ਕਿੰਨੂ ਦੀ ਇਸ ਕੇਰ ਦੇ ਵਾਧੇ ਲਈ ਬਹੁਤ ਅਨੁਕੂਲ ਹੁੰਦੇ ਹਨ। ਅਸਲ ਵਿਚ ਜੇਕਰ ਬਹਾਰ ਸਮੇਂ ਬਾਰਿਸ਼ ਹੋ ਜਾਵੇ, ਤਾਂ ਇਹ ਬਿਮਾਰੀ ਫ਼ਰਵਰੀ-ਮਾਰਚ ਵਿਚ ਹੀ ਰੋਗੀ ਟਾਹਣੀਆਂ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਅਪ੍ਰੈਲ-ਜੂਨ ਦੇ ਮਹੀਨੇ ਗਰਮੀ ਦੌਰਾਨ ਇਸ ਦਾ ਵਾਧਾ ਰੁਕ ਜਾਂਦਾ ਹੈ ਅਤੇ ਵਰਖਾ ਰੁੱਤ ਵਿਚ ਇਹ ਰੋਗ ਅੱਗੇ ਫ਼ੈਲਣਾ ਸ਼ੁਰੂ ਹੋ ਜਾਂਦਾ ਹੈ।
ਇਸੇ ਤਰ੍ਹਾਂ ਕੀੜਿਆਂ ਖਾਸ ਕਰਕੇ ਫਲ ਦੀ ਮੱਖੀ ਅਤੇ ਰਸ ਚੂਸਣ ਵਾਲੇ ਪਤੰਗੇ ਦੇ ਹਮਲੇ ਨਾਲ ਵੀ ਕੇਰ ਪੈਂਦੀ ਹੈ, ਇਸ ਤਰ੍ਹਾਂ ਦੀ ਕੇਰ ਪੰਜਾਬ ਦੇ ਉਤਰੀ ਖਿੱਤੇ ਵਿਚ ਜ਼ਿਆਦਾ ਹੰਦੀ ਹੈ । ਇਹ ਕੇਰ ਵੀ ਬਰਸਾਤਾਂ ਦੇ ਮੌਸਮ ਅਤੇ ਇਸ ਤੋਂ ਬਾਅਦ ਪੈਂਦੀ ਹੈ । ਫਲ ਦੀ ਮੱਖੀ ਦੇ ਹਮਲੇ ਹੇਠ ਆਏ ਫਲਾਂ ਉਪਰ ਖਾਸ ਕਰਕੇ ਫਲ ਦੇ ਪਾਸਿਆਂ 'ਤੇ ਗੋਲ ਗਲ਼ੇ ਹੋਏ ਧੱਬੇ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਫਲਾਂ ਨੂੰ ਦਬਾਉਣ 'ਤੇ ਇਨ੍ਹਾਂ ਵਿਚੋਂ ਰਸ ਨਿਕਲਦਾ ਹੈ । ਰਸ ਚੂਸਣ ਵਾਲੇ ਪਤੰਗੇ ਵੀ ਫਲਾਂ ਦਾ ਰਾਤ ਸਮੇਂ ਨੁਕਸਾਨ ਕਰਦੇ ਹਨ ਅਤੇ ਇਸ ਦੇ ਹਮਲੇ ਹੇਠ ਆਏ ਫਲਾਂ ਵਿਚੋਂ ਰਸ ਟਪਕਿਆ ਨਜ਼ਰ ਅਉਂਦਾ ਹੈ ।
ਬਹੁਤ ਜ਼ਿਆਦਾ ਗਰਮੀ ਅਤੇ ਖੁਸ਼ਕੀ ਵੀ ਗਰਮੀ ਵਿਚ ਪੈਣ ਵਾਲੀ ਕੇਰ ਦਾ ਕਾਰਨ ਹੁੰਦੀ ਹੈ ਪਰ ਪੰਜਾਬ ਵਿਚ ਬਾਗ਼ਾਂ ਵਿਚ ਸੁਚੱਜਾ ਸਿੰਚਾਈ ਪ੍ਰਬੰਧ ਚੰਗੇਰਾ ਹੋਣ ਕਰਕੇ ਇਸ ਤਰਾਂ ਦੀ ਕੇਰ ਕੋਈ ਗੰਭੀਰ ਸਮੱਸਿਆ ਨਹੀਂ। ਹਨੇਰੀਆਂ ਝੱਖੜ ਵੀ ਕਈ ਵਾਰ ਫਲਾਂ ਨੂੰ ਭਾਰੀ ਮਾਤਰਾ ਵਿਚ ਕੇਰ ਦਿੰਦੇ ਹਨ ।
ਨਿੰਬੂ ਜਾਤੀ ਦੇ ਫਲਾਂ ਵਿਚ ਕੇਰੇ ਦੀ ਰੋਕਥਾਮ
ਆਮ ਕਹਾਵਤ 'ਇਲਾਜ ਨਾਲੋਂ ਪਰਹੇਜ਼ ਚੰਗਾ' ਅਨੁਸਾਰ ਫਲਾਂ ਨੂੰ ਝੜਣ ਤਂੋ ਰੋਕਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਸਕਦੇ ਹਨ। ਜਿਵੇਂ ਕਿ ਦੱਸਿਆ ਗਿਆ ਹੈ ਕਿ ਫਲ ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਸ਼ਾਖਾਂ ਤੋਂ ਹੁੰਦਾ ਹੈ। ਇਸ ਲਈ ਬਿਮਾਰੀ ਦੇ ਫੈਲਾਅ ਅਤੇ ਇਸ ਨੂੰ ਅਗਲੇ ਸਾਲ ਲੱਗਣ ਤੋਂ ਰੋਕਣ ਲਈ ਫਲ ਤੋੜਨ ਤੋਂ ਬਾਅਦ (ਜਨਵਰੀ-ਫਰਵਰੀ) ਵਿਚ ਸਾਰੀ ਸੋਕ ਕੱਟ ਕੇ ਸਾੜ ਦਿਓ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕੱਟੀ ਹੋਈ ਸੋਕੜ ਬਾਗ਼ ਜਾਂ ਨਰਸਰੀ ਦੇ ਨੇੜੇ ਢੇਰ ਨਾ ਕਰੋ ਨਹੀਂ ਤਾਂ ਬਾਰਿਸ਼ਾਂ ਤੋਂ ਬਾਅਦ ਇਸ ਤੋਂ ਬਿਮਾਰੀ ਬਾਗ਼ਾਂ ਵਿਚ ਫੈਲ ਸਕਦੀ ਹੈ। ਇਸ ਲਈ ਸੋਕ ਕੱਟ ਕੇ ਰੱਖੀ ਜਾਂ ਨਾਂ ਕੱਟੀ ਇੱਕ ਦੇ ਬਰਾਬਰ ਹੈ। ਕਟਾਈ ਕਰਦੇ ਸਮੇਂ ਸੁੱਕੀ ਟਾਹਣੀ ਨਾਲ ਥੋੜ੍ਹੀ ਜਿਹੀ ਹਰੀ ਨਰੋਈ ਟਾਹਣੀ ਜ਼ਰੂਰ ਕੱਟੋ। ਕਟਾਈ ਤੋਂ ਬਾਅਦ ਬੋਰਡੋ ਮਿਸ਼ਰਣ (2:2:250) ਜਾਂ ਕਾਪਰ ਔਕਸੀਕਲੋਰਾਈਡ (3.0 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ।
ਤੰਦਰੁਸਤ ਬੂਟੇ ਬਿਮਾਰੀਆਂ ਨੂੰ ਸਹਿਣ ਦੀ ਜ਼ਿਆਦਾ ਸਮਰੱਥਾ ਰੱਖਦੇ ਹਨ, ਇਸ ਲਈ ਬੂਟਿਆਂ ਦੀ ਸਿਹਤ ਬਰਕਰਾਰ ਰੱਖਣ ਲਈ ਸਿਫ਼ਾਰਸ਼ ਕੀਤੀ ਗਲ਼ੀ-ਸੜੀ ਰੂੜੀ ਅਤੇ ਰਸਾਇਣਕ ਖਾਦਾਂ ਪਾਓ। ਬਹੁਤ ਜ਼ਿਆਦਾ ਜਾਂ ਗੈਰ-ਸਿਫ਼ਾਰਿਸ਼-ਸ਼ੁਦਾ ਖਾਦਾਂ ਵੀ ਬੂਟਿਆਂ ਦਾ ਖੁਰਾਕੀ ਸੰਤੁਲਨ ਵਿਗਾੜ ਦਿੰਦੀਆਂ ਹਨ। ਲਘੂ ਤੱਤਾਂ ਦੀ ਘਾਟ ਦੀ ਪੂਰਤੀ ਕਰਦੇ ਰਹੋ। ਇਨ੍ਹਾਂ ਤੱਤਾਂ ਦੀ ਘਾਟ ਪਤਾ ਲਗਾਉਣ ਲਈ ਹਰੇਕ 2-3 ਸਾਲਾਂ ਬਾਅਦ ਪੱਤਿਆਂ ਦੀ ਪਰਖ ਕਰਵਾਉਂਦੇ ਰਹਿਣਾ ਚਾਹੀਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 81462-21600

ਨਿੰਬੂ ਜਾਤੀ ਦੇ ਬੂਟਿਆਂ ਦੀ ਦੇਖਭਾਲ ਅਤੇ ਕੋਰੇ ਤੋਂ ਰੋਕਥਾਮ

ਨਿੰਬੂ ਜਾਤੀ ਦੇ ਬੂਟਿਆਂ 'ਤੇ ਔਸਤਨ 2.0-2.5 ਲੱਖ ਫੁੱਲ ਲੱਗਦੇ ਹਨ, ਜਿਨ੍ਹਾਂ ਵਿਚੋਂ ਕੁਝ ਕੁ ਪ੍ਰਤੀਸ਼ਤ ਫ਼ੁੱਲ ਹੀ ਫਲ ਬਣਨ ਤੱਕ ਪਹੁੰਚਦੇ ਹਨ ਅਤੇ ਇਸ ਤੋਂ ਬਾਅਦ ਤਿਆਰ ਫਲਾਂ ਤੱਕ ਅਪੜਦੇ ਹਨ। ਬਾਕੀ ਸਾਰੇ ਫ਼ੁੱੱਲ ਅਤੇ ਫਲ ਡਿੱਗ ਪੈਂਦੇ ਹਨ। ਫਲਾਂ ਦਾ ਕੇਰਾ ਅਲੱਗ-ਅਲੱਗ ਅਵਸਥਾਵਾਂ ਵਿਚ ਹੁੰਦਾ ਹੈ। ਨਿੰਬੂ ਜਾਤੀ ਦੇ ਬੂਟਿਆਂ ਵਿਚ ਫਲਾਂ ਦੀ ਕੇਰ ਇਕ ਮੁੱਖ ਸਮੱਸਿਆ ਹੈ। ਕਿੰਨੂ ਵਿਚ ਇਹ ਸਮੱਸਿਆ ਬਹੁਤ ਗੰਭੀਰ ਹੁੰਦੀ ਹੈ, ਕਿਉਂਕਿ ਕਿੰਨੂ ਬਹੁਤ ਜ਼ਿਆਦਾ ਫਲ ਦੇਣ ਵਾਲਾ ਫਲਦਾਰ ਬੂਟਾ ਹੈ, ਇਸ ਲਈ ਇਸ 'ਤੇ ਲੱਗੇ ਲੱਖਾਂ ਫ਼ੁੱਲਾਂ ਵਿਚੋਂ ਹਜ਼ਾਰਾਂ ਫਲ ਬਣਦੇ ਹਨ ਅਤੇ ਇਸ ਸਾਰੇ ਫਲ ਸਿਰੇ ਨਹੀਂ ਚੜ੍ਹ ਸਕਦੇ। ਫਲ ਲੱਗਣ ਤੋਂ ਬਾਅਦ ਸਮੇਂ-ਸਮੇਂ 'ਤੇ ਡਿੱਗਦੇ ਰਹਿੰਦੇ ਹਨ। ਫਲ ਬਣਨ ਸਾਰ ਅਪ੍ਰੈਲ ਮਹੀਨੇ ਛੋਟੇ ਆਕਾਰ ਦੇ ਫਲ ਡਿੱਗਦੇ ਹਨ, ਜੋ ਆਮ ਕਰਕੇ ਕੁਦਰਤੀ ਕੇਰ ਸਮਝੀ ਜਾਂਦੀ ਹੈ ਅਤੇ ਇਸ ਕੇਰੇ ਨਾਲ ਪੌਦਾ ਆਪਣੀ ਸਮਰੱਥਾ ਨਾਲੋਂ ਵੱਧ ਬੋਝ ਹਲਕਾ ਕਰਦਾ ਹੈ। ਸੋ, ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਦੇਖਿਆ ਗਿਆ ਹੈ ਕਿ ਕੁਦਰਤੀ ਕੇਰ ਦੀ ਅਵਸਥਾ ਲੰਘਣ ਤੋਂ ਬਾਅਦ ਵੀ ਬਹੁਤ ਸਾਰੇ ਬਾਗ਼ਾਂ ਵਿਚ ਫਲ ਲਗਾਤਾਰ ਡਿਗਦੇ ਰਹਿੰਦੇ ਹਨ, ਜੋ ਕੁਦਰਤੀ ਨਹੀਂ ਹੁੰਦਾ, ਸਗੋਂ ਕਿਸੇ ਨਾ ਕਿਸੇ ਜ਼ਰੂਰੀ ਤੱਤ ਦੀ ਘਾਟ, ਹਾਰਮੋਨਾਂ ਦਾ ਅਸੰਤੁਲਨ, ਪਾਣੀ ਦੀ ਵਾਧ-ਘਾਟ, ਬਿਮਾਰੀਆਂ ਜਾਂ ਕੀੜੇ-ਮਕੌੜਿਆਂ ਕਾਰਨ ਹੁੰਦਾ ਹੈ। ਵੱਖ-ਵੱਖ ਥਾਵਾਂ 'ਤੇ ਕੀਤੇ ਤਜਰਬਿਆਂ ਤੋਂ ਇਹ ਨਿਚੋੜ ਕੱਢਿਆ ਗਿਆ ਹੈ ਕਿ ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿਚ ਕਿੰਨੂ ਦੇ ਫਲ ਡਿਗਣ ਦੇ ਸਭ ਤੋਂ ਵੱਡਾ ਕਾਰਨ ਹਾਰਮੋਨਾ ਦਾ ਅਸੰਤੁਲਨ ਅਤੇ ਬਿਮਾਰੀ ਦਾ ਹਮਲਾ ਹੈ। ਪਰ ਪੰਜਾਬ ਦੀ ਹੁਸ਼ਿਆਰਪੁਰ ਬੈਲਟ ਵਿਚ ਫਲ ਦੀ ਮੱਖੀ ਦੇ ਹਮਲੇ ਨਾਲ ਵੀ ਕਾਫ਼ੀ ਕੇਰ ਪੈ ਜਾਂਦੀ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਫਲਾਂ ਦੇ ਕੇਰੇ ਦੇ ਹੋਰ ਕਾਰਨ ਜਿਵੇਂ ਕਿ ਪ੍ਰਤੀਕੂਲ ਮੌਸਮ, ਬਾਗ਼ਾਂ ਦੀ ਸਹੀ ਤਰੀਕੇ ਨਾਲ ਰੱਖ-ਰਖਾਅ ਦੀ ਘਾਟ ਆਦਿ ।
ਹਾਰਮੋਨਾਂ ਦੀ ਵਾਧ-ਘਾਟ ਨਾਲ ਫਲਾਂ ਦਾ ਡਿੱਗਣਾ (ਫਿਜ਼ਿਆਲੋਜੀਕਲ ਡਰਾਪ) ਮਈ-ਜੂਨ ਅਤੇ ਫਿਰ ਸਤੰਬਰ-ਅਕਤੂਬਰ ਵਿਚ ਜ਼ਿਆਦਾ ਹੁੰਦਾ ਹੈ। ਇਹ ਬੂਟਿਆਂ ਵਿਚ ਬਣਨ ਵਾਲੇ ਤੱਤ ਬਹੁਤ ਹੀ ਥੋੜ੍ਹੀ ਮਾਤਰਾ ਵਿਚ ਪੌਦੇ ਨੂੰ ਚਾਹੀਦੇ ਹਨ ਅਤੇ ਇਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਲਈ ਜੇ ਅਸੀਂ ਇਨ੍ਹਾਂ ਦੇ ਛਿੜਕਾਅ ਨੂੰ ਸਹੀ ਸਮੇਂ ਕਰੀਏ ਤਾਂ ਇਸ ਕੇਰੇ ਨੂੰ ਕਾਫੀ ਹੱਦ ਤੱਕ ਰੋਕ ਸਕਦੇ ਹਾਂ। ਹਾਰਮੋਨ ਦੀ ਕਮੀ ਕਾਰਨ ਡਿੱਗਿਆ ਫਲ ਹਰੇ ਰੰਗ ਦਾ ਹੁੰਦਾ ਹੈ ਪਰ ਇਹ ਫਲ ਡੰਡੀ ਵਾਲੇ ਪਾਸੇ ਤੋਂ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ। ਜਦ ਕਿ ਬਿਮਾਰੀ ਦੇ ਹਮਲੇ ਕਾਰਨ ਡਿੱਗੇ ਫਲ ਡੰਡੀ ਵਾਲੀ ਥਾਂ ਤੋਂ ਗਹਿਰੇ ਭੂਰੇ ਰੰਗ ਦੇ ਜਾਂ ਕਾਲੇ ਰੰਗ ਦੇ ਹੋ ਜਾਂਦੇ ਹਨ।
ਬਿਮਾਰੀ ਨਾਲ ਪੈਣ ਵਾਲਾ ਕੇਰਾ (ਪੈਥਾਲੋਜੀਕਲ ਡਰਾਪ) ਜ਼ਿਆਦਾਤਰ ਫਲ ਦਾ ਤਕਰੀਬਨ ਪੂਰਾ ਅਕਾਰ ਬਣਨ 'ਤੇ ਸ਼ੁਰੂ ਹੋ ਜਾਂਦਾ ਹੈ ਅਤੇ ਤਕਰੀਬਨ ਫਲ ਪੱਕਣ ਤੱਕ ਲਗਾਤਾਰ ਪੈਂਦੀ ਰਹਿੰਦੀ ਹੈ। ਇਹ ਕੇਰ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਅਤੇ ਬਹੁਤ ਨੁਕਸਾਨਦੇਹ ਹੁੰਦੀ ਹੈ, ਇਸ ਕੇਰ ਨਾਲ ਨਾ ਸਿਰਫ਼ ਬਾਗ਼ਬਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਸਗੋਂ ਬੂਟਿਆਂ ਵਿਚੋਂ ਖੁਰਾਕ ਵੀ ਨੁੱਚੜ ਜਾਂਦੀ ਹੈ। ਇਸ ਤਰ੍ਹਾਂ ਦੀ ਕੇਰ ਦੀ ਨੀਂਹ ਬੂਟਿਆਂ ਵਿਚ ਬਹੁਤ ਪਹਿਲਾਂ ਰੱਖੀ ਜਾਂਦੀ ਹੈ ਅਤੇ ਬਾਗ਼ਬਾਨਾਂ ਨੂੰ ਅਕਸਰ ਬਿਮਾਰੀ ਦੇ ਹਮਲੇ ਦਾ ਪਤਾ ਨਹੀਂਂ ਚਲਦਾ। ਉਨ੍ਹਾਂ ਦਾ ਧਿਆਨ ਉਦੋਂ ਹੀ ਆਉਂਦਾ ਹੈ, ਜਦੋਂ ਰੋਗ ਵਾਲੇ ਫਲ ਜ਼ਮੀਨ 'ਤੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਜੇ ਵੇਲੇ ਸਿਰ ਯੋਗ ਰੋਕਥਾਮ ਨਾ ਕੀਤੇ ਜਾਣ ਤਾਂ ਕਈ ਵਾਰ ਸਾਰੇ ਦਾ ਸਾਰਾ ਫਲ ਤੋੜਨ ਤੋਂ ਪਹਿਲਾਂ ਹੀ ਗਿਰ ਜਾਂਦਾ ਹੈ। ਗਿਰਿਆ ਫਲ ਮੰਡੀਕਰਨ ਦੇ ਯੋਗ ਨਹੀਂ ਰਹਿੰਦਾ। ਰੋਗੀ ਫਲ ਜਲਦੀ ਖਰਾਬ ਹੋਣ ਕਾਰਨ ਫਲਾਂ ਦੀ ਡੱਬਾ ਬੰਦੀ ਅਤੇ ਢੋਆ-ਢੁਆਈ ਕਰਨੀ ਬਹੁਤ ਹੀ ਕਠਿਨ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਕੇਰ ਦਾ ਕਾਰਨ ਬਣਨ ਵਾਲੀ ਬਿਮਾਰੀ ਬਾਗ਼ਾਂ ਵਿਚ ਖੜ੍ਹੇ ਪੌਦੇ 'ਤੇ ਲੱਗਦੀ ਹੈ ਅਤੇ ਫਲ ਵਧਣ ਦੇ ਨਾਲ ਚੱਲਦੀ ਰਹਿੰਦੀ ਹੈ। ਸ਼ੁਰੂਆਤ ਵਿਚ ਇਸ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਫਲ ਦੀ ਡੰਡੀ ਦੁਆਲੇ ਗੋਲਾਕਾਰ ਹਲਕੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਜੋ ਬਾਅਦ ਵਿਚ ਵੱਧ ਕੇ ਸਿੱਕੇ ਵਾਲੇ ਰੁਪਏ ਦੀ ਸ਼ਕਲ ਵਾਂਗ ਲੱਗਣ ਲੱਗ ਪੈਂਦੇ ਹਨ, ਉਸ ਸਮੇਂ ਬਿਮਾਰੀ ਬਹੁਤ ਫ਼ੈਲ ਚੁੱਕੀ ਹੁੰਦੀ ਹੈ। ਫਲਾਂ ਦਾ ਗਲਣਾ ਫਲ-ਡੰਡੀ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਫਲ ਧੁੰਨੀ ਤੱਕ ਪਹੁੰਚ ਕੇ ਸਾਰੇ ਫਲ ਦੇ ਹਿੱਸੇ ਨੂੰ ਢੱਕ ਲੈਂਦਾ ਹੈ। ਗਲੇ ਹੋਏ ਜ਼ਿਆਦਾਤਰ ਫਲ ਤੁੜਾਈ ਤੋਂ ਪਹਿਲਾਂ ਹੀ ਗਿਰ ਜਾਂਦੇ ਹਨ ਅਤੇ ਕੁਝ ਬੂਟੇ 'ਤੇ ਹੀ ਲਟਕਦੇ ਰਹਿੰਦੇ ਹਨ। ਬਿਮਾਰੀ ਕਾਰਨ ਫਲ ਵਾਲੀ ਡੰਡੀ ਸੁੱਕ ਜਾਂਦੀ ਹੈ ਅਤੇ ਇਸ 'ਤੇ ਚਮਕੀਲੇ ਮਾਸਖੋਰ ਰੰਗ ਦੇ ਉੱਲੀ ਵਾਲੇ ਕਣ ਦਿਖਾਈ ਦੇਣ ਲੱਗ ਪੈਂਦੇ ਹਨ। ਇਨ੍ਹਾਂ ਕਣਾਂ ਤੋਂ ਅਗਲੇ ਸਾਲ ਬਿਮਾਰੀ ਦੇ ਲੱਗਣ ਦੇ ਆਸਾਰ ਕਾਫੀ ਮਾਤਰਾ ਵਿਚ ਵੱਧ ਜਾਂਦੇ ਹਨ। ਕਈ ਵਾਰੀ ਇਹ ਵੀ ਦੇਖਣ ਵਿਚ ਆਇਆ ਹੈ ਕਿ ਬਿਮਾਰੀ ਕਾਰਨ ਫਲ ਦੀ ਡੰਡੀ ਸੁੱਕਣ ਅਤੇ ਗਲਣ ਕਾਰਨ ਵੀ ਫਲ ਡੰਡੀ ਨਾਲੋਂ ਅਲੱਗ ਹੋ ਕੇ ਕੇਰੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਡੰਡੀ ਬੂਟਿਆਂ ਉਪਰ ਹੀ ਲੱਗੀ ਰਹਿੰਦੀ ਹੈ ਅਤੇ ਅਗਲੇ ਸਾਲ ਵੀ ਬਿਮਾਰੀ ਨੂੰ ਵਧਣ ਵਿਚ ਸਹਾਈ ਹੁੰਦੀ ਹੈ। ਕਈ ਵਾਰੀ ਫਲ ਦਾ ਗਲਣਾ ਫਲ ਧੁੰਨੀ ਵਲੋਂ ਸ਼ੁਰੂ ਹੋ ਕੇ ਇਹ ਥੱਲੇ ਪਾਸੇ ਤੋਂ ਉਪਰ ਵੱਲ ਨੂੰ ਵਧਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸਿਆਲੂ ਸਬਜ਼ੀਆਂ ਦੀ ਬਿਜਾਈ ਜ਼ਰੂਰ ਕਰੋ

ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਰੂੜੀ ਦੀ ਵਰਤੋਂ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10 ਕੁ ਟਨ ਦੇਸੀ ਰੂੜੀ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ।
ਮਟਰ ਸਭ ਤੋਂ ਵਧ ਪਸੰਦ ਕੀਤੀ ਜਾਂਦੀ ਸਬਜ਼ੀ ਹੈ। ਅਗੇਤੀ ਫ਼ਸਲ ਦੀ ਬਿਜਾਈ ਮਹੀਨੇ ਦੇ ਸ਼ੁਰੂ ਵਿਚ ਕੀਤੀ ਜਾ ਸਕਦੀ ਹੈ। ਏਪੀ-3 ਮਟਰ ਅਗੇਤ-7, ਮਟਰ ਅਗੇਤ-6 ਅਤੇ ਅਰਕਲ ਅਗੇਤੀਆਂ ਕਿਸਮਾਂ ਹਨ। ਜੇਕਰ ਅਕਤੂਬਰ ਦੇ ਅਖੀਰ ਵਿਚ ਬਿਜਾਈ ਕੀਤੀ ਜਾਵੇ ਤਾਂ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਇਸ ਮੌਸਮ ਵਿਚ ਪੰਜਾਬ 89 ਅਤੇ ਮਿੱਠੀ ਫ਼ਲੀ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਅਗੇਤੀ ਬਿਜਾਈ ਲਈ 45 ਕਿਲੋ ਅਤੇ ਮੁੱਖ ਸਮੇਂ ਲਈ 30 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਸਮੇਂ ਅਗੇਤੀਆਂ ਕਿਸਮਾਂ ਦੀ ਬਿਜਾਈ 30×7.5 ਸੈ.ਮੀਟਰ ਦੇ ਫ਼ਾਸਲੇ ਉਤੇ ਅਤੇ ਮੁੱਖ ਸਮੇਂ ਦੀ ਬਿਜਾਈ ਸਮੇਂ 30×10 ਸੈਂ.ਮੀਟਰ ਫ਼ਾਸਲੇ ਤੇ ਕੀਤੀ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਮਟਰ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੇ ਹਨ। ਫਿਰ ਵੀ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਈ ਜਾਵੇ। ਮਟਰਾਂ ਦੀ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਤੇ ਫਿਰ ਦੂਜੇ ਮਹੀਨੇ ਗੋਡੀ ਜ਼ਰੂਰ ਕਰੋ। ਬਿਜਾਈ ਤੋਂ ਤਿੰਨ ਮਹੀਨਿਆਂ ਪਿੱਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਵਿਚੋਂ 60 ਕੁਇੰਟਲ ਤਕ ਹਰੀਆਂ ਫ਼ਲੀਆਂ ਪ੍ਰਾਪਤ ਹੋ ਸਕਦੀਆਂ ਹਨ।
ਗੋਭੀ ਦੀ ਪਨੀਰੀ ਪੁੱਟ ਕੇ ਵੀ ਇਸੇ ਮਹੀਨੇ ਖੇਤ ਵਿਚ ਲਗਾਈ ਜਾ ਸਕਦੀ ਹੈ। ਪਨੀਰੀ ਲਗਾਉਣ ਸਮੇਂ ਬੂਟਿਆਂ ਤੇ ਲਾਈਨਾਂ ਵਿਚਕਾਰ 45 ਸੈ. ਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 50 ਕਿਲੋ ਯੂਰੀਆ, 155 ਕਿਲੋ ਸੁਪਰਫਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ। ਇਕ ਮਹੀਨੇ ਪਿੱਛੋਂ ਲੋੜ ਅਨੁਸਾਰ ਹੋਰ ਯੂਰੀਆ ਪਾਇਆ ਜਾ ਸਕਦਾ ਹੈ। ਪਨੀਰੀ ਲਗਾਉਣ ਤੋਂ ਤੁਰੰਤ ਪਿੱਛੋਂ ਪਾਣੀ ਦਿੱਤਾ ਜਾਵੇ। ਬੰਦ ਗੋਭੀ ਦੀ ਲੁਆਈ ਵੀ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ। ਬਰੌਕਲੀ ਦੇ ਵੀ ਕੁਝ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਵਿਚ ਵਿਟਾਮਿਨ, ਲੋਹਾ ਅਤੇ ਕੈਲਸ਼ੀਅਮ ਹੁੰਦੇ ਹਨ। ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇਸ ਦੀ ਲੁਆਈ ਵੀ ਗੋਭੀ ਵਾਂਗ ਹੀ ਕੀਤੀ ਜਾਂਦੀ ਹੈ।
ਗਾਜਰ, ਮੂਲੀ ਅਤੇ ਸ਼ਲਗਮ ਜੜ੍ਹਾਂ ਵਾਲੀਆਂ ਸਬਜ਼ੀਆਂ ਹਨ। ਗਾਜ਼ਰ ਅਤੇ ਸ਼ਲਗਮ ਦੀ ਵਰਤੋਂ ਸਬਜ਼ੀ ਲਈ ਜਦੋਂ ਕਿ ਮੂਲੀ ਨੂੰ ਸਲਾਦ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਗਾਜਰ ਦਾ ਰਸ ਅਤੇ ਮਠਿਆਈ ਵੀ ਬਣਾਈ ਜਾਂਦੀ ਹੈ। ਗਾਜਰ ਅਤੇ ਸ਼ਲਗਮ ਦਾ ਅਚਾਰ ਵੀ ਪਾਇਆ ਜਾਂਦਾ ਹੈ। ਪੰਜਾਬ ਕੈਰਟ ਰੈਡ, ਪੰਜਾਬ ਬਲੈਕ ਬਿਊਟੀ ਅਤੇ ਪੀ ਸੀ-34 ਗਾਜ਼ਰ ਦੀਆਂ ਉੱਨਤ ਕਿਸਮਾਂ ਹਨ। ਗਾਜ਼ਰ ਦਾ ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਐਲ-1 ਸ਼ਲਗਮ ਦੀ ਸਿਫਾਰਸ਼ ਕੀਤੀ ਕਿਸਮ ਹੈ। ਸ਼ਲਗਮ ਦਾ ਇਕ ਏਕੜ ਵਿਚ ਦੋ ਕਿਲੋ ਬੀਜ ਪਾਇਆ ਜਾਵੇ। ਮੂਲੀ ਦੀ ਤਾਂ ਹੁਣ ਸਾਰਾ ਸਾਲ ਕਾਸ਼ਤ ਕੀਤੀ ਜਾ ਸਕਦੀ ਹੈ। ਹੁਣ ਪੰਜਾਬ ਪਸੰਦ, ਜਾਪਾਨੀ ਵਾਈਟ ਅਤੇ ਆਰ ਬੀ -21 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਸ ਦਾ ਵੀ ਪੰਜ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜਿਵੇਂ ਪਹਿਲਾਂ ਲਿਖਿਆ ਸੀ ਸਬਜ਼ੀਆਂ ਲਈ ਦੇਸੀ ਰੂੜੀ ਜ਼ਰੂਰੀ ਹੈ। ਫਿਰ ਵੀ ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਵਿਚ ਵਧੇਰੇ ਖੁਰਾਕੀ ਤੱਤ ਹੁੰਦੇ ਹਨ। ਇਨ੍ਹਾਂ ਵਿਚ ਪਾਲਕ, ਮੇਥੀ, ਸਲਾਦ ਅਤੇ ਧਨੀਆ ਮੁੱਖ ਹਨ। ਪਾਲਕ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਕਿਸਮ ਬੀਜਣੀ ਚਾਹੀਦੀ ਹੈ। ਇਕ ਏਕੜ ਵਿਚ ਪੰਜ ਕਿਲੋ ਬੀਜ ਪਾਇਆ ਜਾਵੇ। ਪੰਜਾਬੀ ਸਲਾਦ ਦੀ ਬਹੁਤ ਘੱਟ ਵਰਤੋਂ ਕਰਦੇ ਹਨ। ਇਸ ਦੇ ਕੁਝ ਬੂਟੇ ਘਰ ਵਿਚ ਜ਼ਰੂਰ ਲਗਾਏ ਜਾਣ। ਸਲਾਦ ਲਈ ਪੰਜਾਬ ਲੈਟਸ-1 ਕਿਸਮ ਦੀ ਬਿਜਾਈ ਕੀਤੀ ਜਾਵੇ। ਇਸੇ ਤਰ੍ਹਾਂ ਮੇਥੀ ਦੀ ਵੀ ਬਿਜਾਈ ਕੀਤੀ ਜਾਵੇ। ਇਸ ਦੀ ਸਬਜ਼ੀ ਜਾਂ ਰੋਟੀਆਂ ਵਿਚ ਪਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਕਸੂਰੀ ਸੁਪਰੀਮ ਉੱਨਤ ਕਿਸਮਾਂ ਹਨ। ਇਕ ਏਕੜ ਲਈ 10 ਕਿਲੋ ਬੀਜ ਚਾਹੀਦਾ ਹੈ। ਇਸ ਨੂੰ ਸੁਕਾ ਕੇ ਵੀ ਰੱਖਿਆ ਜਾਂਦਾ ਹੈ ਤੇ ਸਬਜ਼ੀਆਂ ਵਿਚ ਵਰਤੋਂ ਕੀਤੀ ਜਾਂਦੀ ਹੈ। ਧਨੀਏ ਦੀ ਪੰਜਾਬ ਸੁਗੰਧ ਉੱਨਤ ਕਿਸਮ ਹੈ। ਇਸ ਦਾ ਵੀ ਇਕ ਏਕੜ ਵਿਚ 10 ਕਿਲੋ ਬੀਜ ਪੈਂਦਾ ਹੈ। ਬੀਜ ਨੂੰ ਬੀਜਣ ਲਈ ਮਸਲਣਾ ਜ਼ਰੂਰੀ ਹੈ ਤਾਂ ਜੋ ਇਸ ਦੇ ਤਿੰਨ ਜਾਂ ਚਾਰ ਟੁਕੜੇ ਹੋ ਸਕਣ। ਲਸਣ ਦੀ ਵਰਤੋਂ ਹਰੇਕ ਘਰ ਵਿਚ ਹੁੰਦੀ ਹੈ। ਸਤੰਬਰ ਦੇ ਅਖੀਰ ਵਿਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪੀ-ਜੀ-17 ਉਨਤ ਕਿਸਮ ਹੈ। ਇਕ ਏਕੜ ਲਈ 240 ਕਿਲੋ ਨਿਰੋਗ ਤੁਰੀਆਂ ਚਾਹੀਦੀਆਂ ਹਨ। ਉਮੀਦ ਹੈ ਇਸ ਵਾਰ ਤੁਸੀ ਸਬਜ਼ੀਆਂ ਦੀ ਬਗੀਚੀ ਜ਼ਰੂਰ ਬਣਾਵੋਗੇ ਅਤੇ ਤਾਜ਼ੀਆਂ ਜ਼ਹਿਰ ਰਹਿਤ ਸਬਜ਼ੀਆਂ ਦਾ ਅਨੰਦ ਮਾਣੋਗੇ। ਆਪਣੇ ਖੇਤ ਵਿਚ ਸਬਜ਼ੀ ਉਗਾਈਏ। ਤਾਜ਼ੀਆਂ ਸਬਜ਼ੀਆਂ ਨਾਲ ਸੁਆਦ ਅਤੇ ਸਿਹਤ ਵਿਚ ਵਾਧਾ ਹੋਵੇਗਾ। *

ਪਰਾਲੀ ਨੂੰ ਅੱਗ ਲਾਉਣਾ ਬੰਦ ਕਰਨ ਸਬੰਧੀ ਯੋਗ ਯੋਜਨਾਬੰਦੀ ਕੀਤੀ ਜਾਵੇ

ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਏ ਬਿਨਾਂ ਸੰਭਾਲਣ ਦਾ ਮਸਲਾ ਕਾਫੀ ਗੁੰਝਲਦਾਰ ਤੇ ਗੰਭੀਰ ਬਣਦਾ ਜਾ ਰਿਹਾ ਹੈ। ਕਿਸਾਨ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਪਰਾਲੀ ਨੂੰ ਅੱਗ ਲਗਾਉਂਦੇ ਹਨ। ਭਾਵੇਂ ਅਜਿਹਾ ਕਰਨ ਨਾਲ ਖੇਤ, ਮਨੁੱਖਤਾ ਅਤੇ ਪਸ਼ੂ-ਪੰਛੀਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਖੇਤੀ ਲਈ ਲੋੜੀਂਦੇ ਚੰਗੇ ਖੁਰਾਕੀ ਤੱਤ ਸੜ ਜਾਣ ਉਪਰੰਤ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਪਰ ਕਿਸਾਨ ਅਜਿਹਾ ਕਰਨ ਲਈ ਮਜਬੂਰ ਹਨ। ਝੋਨੇ ਦੀ ਲੁਆਈ ਦੀ ਮਿਤੀ 20 ਜੂਨ ਤੱਕ ਵਧਾ ਦੇਣ ਨਾਲ ਫ਼ਸਲ ਸਮੇਂ ਸਿਰ ਨਹੀਂ ਪੱਕਦੀ ਅਤੇ ਉਸ ਨੂੰ ਕਣਕ ਦੀ ਬਿਜਾਈ 20 ਨਵੰਬਰ ਤੋਂ ਪਹਿਲਾਂ ਕਰਨ ਲਈ ਸਮੇਟਣਾ ਅਸੰਭਵ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਸਾਲ ਮੰਡੀਆਂ 'ਚ ਹੁਣ ਤੱਕ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ ਘੱਟ ਹੈ ਅਤੇ ਜੋ ਫ਼ਸਲ ਆਈ ਵੀ ਹੈ, ਉਸ ਵਿਚ ਨਮੀ 21-22 ਪ੍ਰਤੀਸ਼ਤ ਹੈ। ਜਦੋਂ ਕਿ ਲੋੜੀਂਦੀ ਨਮੀਂ 17 ਪ੍ਰਤੀਸ਼ਤ ਹੈ। ਹੁਣ ਮੌਸਮ ਠੰਢਾ ਹੋਣ ਕਾਰਨ ਇਸ ਵਿਚੋਂ ਨਮੀਂ ਦੀ ਮਾਤਰਾ ਵੀ ਹੌਲੀ-ਹੌਲੀ ਹੀ ਘਟ ਕੇ 17 ਪ੍ਰਤੀਸ਼ਤ 'ਤੇ ਆਏਗੀ।
ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਪਰਾਲੀ ਦੀ ਸਾਂਭ-ਸੰਭਾਲ ਅੱਗ ਲਗਾਏ ਬਿਨਾਂ ਜਾਂ ਤਾਂ ਖੇਤ ਵਿਚ ਹੀ ਇਸ ਦੀ ਵਰਤੋਂ ਕਰ ਕੇ ਕੀਤੀ ਜਾ ਸਕਦੀ ਹੈ ਜਾਂ ਫਿਰ ਇਸ ਨੂੰ ਖੇਤ ਵਿਚੋਂ ਬਾਹਰ ਕੱਢ ਕੇ ਹੋਰ ਕੰਮਾਂ ਲਈ ਇਸ ਦੀ ਸੁਚੱਜੀ ਵਰਤੋਂ ਰਾਹੀਂ ਕੀਤੀ ਜਾ ਸਕਦੀ ਹੈ। ਖੇਤੀ ਵਿਚੋਂ ਪਰਾਲੀ ਨੂੰ ਕੱਢੇ ਬਿਨਾਂ ਕਣਕ ਦੀ ਬਿਜਾਈ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਹੈਪੀ ਸੀਡਰ ਤੇ ਹੋਰ ਮਸ਼ੀਨਾਂ ਦੀ ਵਰਤੋਂ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਜਿਸ ਲਈ ਕੇਂਦਰ ਤੋਂ 269 ਕਰੋੜ ਰੁਪਿਆ ਆਇਆ ਹੈ। ਇਸ ਵਿਚ ਹਾਰਵੈਸਟਰ ਕੰਬਾਇਨਾਂ ਵਾਲਿਆਂ ਨੂੰ ਸੁਪਰ ਐਸ ਐਮ ਐਸ ਲਗਾਉਣ ਲਈ ਵੀ ਸਬਸਿਡੀ ਦੇਣ ਦਾ ਉਪਬੰਧ ਹੈ
ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਰੋਕਣ ਲਈ ਸਰਕਾਰ ਵਲੋਂ ਵੱਖੋ-ਵੱਖ ਢੰਗਾਂ ਨਾਲ ਕਿਸਾਨਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਦੰਡ ਦੇਣ ਦੇ ਡਰ ਨਾਲ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵੱਖੋ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਹਲਕੇ ਵੰਡ ਕੇ ਪਿੰਡਾਂ ਵਿਚ ਨੀਯਤ ਕੀਤਾ ਗਿਆ ਹੈ। ਖੇਤੀਬਾੜੀ ਦੇ ਕਿੱਤੇ 'ਚ ਪਿੰਡਾਂ ਦੀ ਵਸੋਂ ਦੀ ਬਹੁਮਤ ਅਤੇ ਕੁੱਲ ਰਾਜ ਦੀ ਆਬਾਦੀ ਦੇ 55-60 ਪ੍ਰਤੀਸ਼ਤ ਲੋਕ ਲੱਗੇ ਹੋਏ ਹਨ ਅਤੇ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੁੱਖ ਧੁਰਾ ਹੈ। ਆਰਥਿਕ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਜੋ ਦੰਡਾਂ ਦੀ ਪੰਡ ਦਾ ਡਰ ਉਨ੍ਹਾਂ ਦੇ ਸਿਰ ਤੇ ਸਵਾਰ ਹੈ, ਉਸ ਉਪਰੰਤ ਕਿਸਾਨ ਕਣਕ ਦੀ ਬਿਜਾਈ ਲਈ ਸੁਧਰੇ ਬੀਜ ਅਤੇ ਹੋਰ ਸਮੱਗਰੀ ਇੱਕਠਾ ਕਰਨ, ਬਿਜਾਈ ਦੀ ਯੋਜਨਾ ਤਿਆਰ ਕਰਨ ਅਤੇ ਝੋਨੇ ਦੀ ਵਿਕਰੀ ਸਬੰਧੀ ਵੀ ਰੁਕਾਵਟ ਤੇ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਪਰਾਲੀ ਨੂੰ ਸੰਭਾਲਣ ਦੇ ਪ੍ਰਬੰਧ ਕਰਨ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਪਰ ਐਸ ਐਮ ਐਸ ਫਿੱਟ ਕੰਬਾਇਨਾਂ ਜਾਂ ਤਾਂ ਉਪਲਬਧ ਹੀ ਨਹੀਂ ਤੇ ਜੇ ਉਪਲਬਧ ਹਨ ਤਾਂ ਕਟਾਈ ਮਹਿੰਗੀ ਕਰ ਦਿੱਤੀ ਗਈ ਹੈ। ਹੈਪੀ ਸੀਡਰ ਤਾਂ ਬਹੁਤ ਘੱਟ ਹੀ ਕਿਰਾਏ 'ਤੇ ਮਿਲਦੇ ਹਨ। ਜਿਨ੍ਹਾਂ ਕਿਸਾਨਾਂ ਨੇ ਪੂਰੀ ਕੀਮਤ ਦੇ ਕੇ ਹੋਰ ਸੰਦ ਜਿਵੇਂ ਕਿ ਚੋਪਰ, ਮਲਚਰ, ਬੇਲਰ, ਉਲਟਾਂਵੇ ਹਲ, ਆਦਿ ਲੈ ਲਏ ਹਨ, ਉਨ੍ਹਾਂ ਨੂੰ ਅਜੇ ਤੱਕ ਸਬਸਿਡੀ ਦੀ ਰਕਮ ਉਪਲਬਧ ਨਹੀਂ ਹੋਈ। ਮਿਸਾਲ ਦੇ ਤੌਰ 'ਤੇ ਸੰਗਰੂਰ ਜ਼ਿਲ੍ਹੇ ਦੇ ਨਾਰੋਵਾਲ ਪਿੰਡ ਵਿੱਚ ਕੁਝ ਕਿਸਾਨਾਂ ਨੇ ਸਭ ਤੋਂ ਪਹਿਲਾਂ ਇਹ ਸੰਦ ਪੂਰੀ ਕੀਮਤ ਤੇ ਲੈ ਲਏ। ਬਾਰ ਬਾਰ ਖੇਤੀ ਵਿਭਾਗ ਦੇ ਚੱਕਰ ਕੱਟਣ ਤੋਂ ਬਾਅਦ ਵੀ ਉਨ੍ਹਾਂ ਦੇ ਖਾਤਿਆਂ 'ਚ ਸਬਸਿਡੀ ਅਜੇ ਤੱਕ ਜਮ੍ਹਾਂ ਨਹੀਂ ਹੋਈ। ਸੁਪਰ ਐਸ ਐਮ ਐਸ ਤੇ ਹੈਪੀ ਸੀਡਰ ਜਿਹੀਆਂ ਵੱਡੀਆਂ ਮਸ਼ੀਨਾਂ ਕਿਰਾਏ 'ਤੇ ਚਲ ਰਹੀਆਂ ਹਨ ਅਤੇ ਉਨ੍ਹਾਂ ਦੇ ਮਾਲਕ ਤਾਂ ਇਨ੍ਹਾਂ ਮਸ਼ੀਨਾਂ ਨੂੰ ਪੂਰੀ ਕੀਮਤ 'ਤੇ ਵੀ ਖ਼ਰੀਦ ਸਕਦੇ ਸਨ ਕਿਉਂਕਿ ਉਹ ਤਾਂ ਵਪਾਰਕ ਕਿਰਾਇਆ ਚਾਰਜ ਕਰਦੇ ਹਨ। ਕਿਸਾਨਾਂ ਨੂੰ ਦੂਜੇ ਸੰਦ ਲਗਪਗ ਸਬਸਿਡੀ ਨਾਲ ਦਿੱਤੀ ਜਾ ਰਹੀ ਕੀਮਤ 'ਤੇ ਖੁੱਲ੍ਹੀ ਮੰਡੀ 'ਚ ਹੀ ਉਪਲਬਧ ਸਨ। ਭਾਵੇਂ ਹੁਣ ਸਬਸਿਡੀ ਦਿੱਤੇ ਜਾਣ ਵਾਲੇ ਨਿਰਮਾਤਾਵਾਂ ਨੇ ਕੀਮਤਾਂ ਵਿਚ ਇਜ਼ਾਫ਼ਾ ਕਰ ਦਿੱਤਾ ਹੈ। ਕਿਸਾਨ ਆਗੂਆਂ ਤੇ ਸੰਸਥਾਵਾਂ ਵਲੋਂ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਜੇ ਮਸ਼ੀਨਾਂ ਤੇ ਸਬਸਿਡੀ ਦੇਣ ਵਾਲੀ ਰਕਮ ਕੁਝ ਹੋਰ ਵਧਾ ਕੇ ਕਿਸਾਨਾਂ ਨੂੰ ਫ਼ਸਲ 'ਤੇ ਬੋਨਸ ਦੇ ਰੂਪ ਵਿਚ ਦੇ ਦਿੱਤੀ ਜਾਂਦੀ ਜਾਂ ਬਿਜਾਈ ਦੇ ਏਕੜਾਂ ਦੇ ਆਧਾਰ 'ਤੇ ਅਦਾ ਕਰ ਦਿੱਤੀ ਜਾਂਦੀ ਤਾਂ ਕਿਸਾਨ ਖੁਸ਼ੀ ਨਾਲ ਪਰਾਲੀ ਨੂੰ ਅੱਗ ਲਾਉਣਾ ਬੰਦ ਕਰ ਦਿੰਦੇ ਕਿਉਂਕਿ ਇਸ ਪ੍ਰਥਾ ਨੂੰ ਬੰਦ ਕਰਨ ਉਪਰੰਤ ਰਹਿੰਦ-ਖੂਹੰਦ ਦੀ ਸੰਭਾਲ ਲਈ ਆਏ ਫ਼ਾਲਤੂ ਖਰਚੇ ਦੀ ਤਲਾਫੀ ਹੋ ਜਾਂਦੀ। ਸਬਸਿਡੀ ਦਾ ਪੈਸਾ ਕਦੇ ਵੀ ਕਿਸਾਨਾਂ ਤੱਕ ਮੁਕਮੰਲ ਨਹੀਂ ਪਹੁੰਚਿਆ।
ਕਈ ਥਾਵਾਂ ਤੇ ਪਿੰਡਾਂ ਵਿਚ ਅੱਗ ਲਾਉਣਾ ਬੰਦ ਕਰਨ ਸਬੰਧੀ ਭੇਜੇੇ ਗਏ ਕਰਮਚਾਰੀਆਂ ਅਤੇ ਕਿਸਾਨਾਂ ਦਰਮਿਆਨ ਟਕਰਾਅ ਵੀ ਹੋ ਗਿਆ। ਏਨੇ ਵੱਡੇ ਖੇਤਰ ਵਿਚ ਦੰਡ ਤੇ ਜੁਰਮਾਨੇ ਦੇ ਕੇ ਕਿਸੇ ਗੱਲ ਨੂੰ ਜ਼ਬਰਦਸਤੀ ਸਿਰੇ ਚਾੜ੍ਹਨਾ ਸੰਭਵ ਨਹੀਂ। ਪੰਜਾਬ ਦੇ ਕਿਸਾਨਾਂ ਨੇ ਅੰਨ ਦੇ ਭੰਡਾਰ ਭਰ ਕੇ ਦੇਸ਼ ਨੂੰ ਆਤਮ-ਨਿਰਭਰ ਕੀਤਾ ਅਤੇ ਫਿਰ ਨਿਰਯਾਤ ਕਰਨ ਦੇ ਵੀ ਯੋਗ ਬਣਾ ਕੇ ਵਿਦੇਸ਼ੀ ਮੁਦਰਾ ਮੁਹੱਈਆ ਕੀਤੀਆਂ।
ਸੰਨ 1960-61 ਤੋਂ ਸਬਜ਼ ਇਨਕਲਾਬ ਤੋਂ ਵੀ ਪਹਿਲਾਂ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਰਹੇ ਹਨ। ਹੁਣ ਸਮੱਸਿਆ ਗੰਭੀਰ ਇਸ ਲਈ ਬਣ ਗਈ ਕਿ ਉਸ ਵੇਲੇ ਝੋਨੇ ਦੀ ਕਾਸ਼ਤ ਥੱਲੇ ਕੇਵਲ 2.27 ਲੱਖ ਹੈਕਟੇਅਰ ਰਕਬਾ ਸੀ ਜੋ ਹੁਣ ਵਧ ਕੇ 30 ਲੱਖ ਹੈਕਟੇਅਰ ਤੋਂ ਟੱਪ ਗਿਆ। ਜਦੋਂ ਤੱਕ ਪਰਾਲੀ ਸਾੜਨ ਉਪਰੰਤ ਪੈਦਾ ਹੋਇਆ ਧੂੰਆਂ ਦਿੱਲੀ ਪਹੁੰਚ ਕੇ ਉੱਥੇ ਦੇ ਜਨ-ਜੀਵਨ ਨੂੰ ਪ੍ਰਭਾਵਿਤ ਨਹੀਂ ਸੀ ਕਰਦਾ, ਕੇਂਦਰ ਸਰਕਾਰ ਵੀ ਇਸ ਪ੍ਰਥਾ ਨੂੰ ਬੰਦ ਕਰਨ ਲਈ ਕੋਈ ਸਹਾਇਤਾ ਜਾਂ ਯੋਜਨਾਬੰਦੀ ਨਹੀਂ ਕਰ ਸਕੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਵੀ ਅੱਧੀ ਸ਼ਤਾਬਦੀ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਵੇਂ ਹਰ ਵਿਅਕਤੀ ਪਰਾਲੀ ਨੂੰ ਅੱਗ ਲਾਉਣ ਦੀ ਪ੍ਰੈਕਟਿਸ ਨੂੰ ਬੰਦ ਕਰਨ ਦਾ ਹਾਮੀ ਹੈ ਪਰ ਕਿਸਾਨਾਂ ਦੀ ਮਜਬੂਰੀ ਦੇ ਕਾਰਨਾਂ ਤੇ ਵੀ ਮਾਹਿਰਾਂ ਤੇ ਸਰਕਾਰ ਵਲੋਂ ਨਜ਼ਰਸਾਨੀ ਕਰਨ ਦੀ ਲੋੜ ਹੈ। ਜੇ ਇਹ ਕਾਰਨਾਂ ਨੂੰ ਮੁਤਾਅਲਾ ਕਰ ਕੇ ਕਿਸਾਨਾਂ ਦੇ ਖਰਚੇ ਦੀ ਤਾਲਫੀ ਦੀ ਲੋੜ ਪੂਰੀ ਕਰ ਦਿੱਤੀ ਜਾਵੇ ਤਾਂ ਅੱਗ ਲਾਉਣਾ ਬੰਦ ਕਰਾਉਣ 'ਚ ਸਫ਼ਲਤਾ ਪ੍ਰਾਪਤ ਹੋ ਸਕਦੀ ਹੈ। ਕਿਸਾਨ ਵੀ ਅੱਗ ਲਾਉਣ ਦੇ ਨੁਕਸਾਨਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਭਾਵੇਂ ਸਰਕਾਰ ਵਲੋਂ ਕੋਈ ਇਸ ਸਬੰਧੀ ਕਿਸਾਨਾਂ ਨੂੰ ਤਰਗ਼ੀਬ ਦੇਣ ਲਈ ਮਤਵਾਤਰ ਉਪਰਾਲਾ ਨਹੀਂ ਕੀਤਾ ਗਿਆ। ਸਬਜ਼ ਇਨਕਲਾਬ ਦੇ ਆਗ਼ਾਜ਼ ਵੇਲੇ ਪਿਛਲੇ ਸ਼ਤਾਬਦੀ ਦੇ 6ਵੇਂ ਦਹਾਕੇ ਵਿਚ ਕਿਸਾਨਾਂ ਨੇ ਕੀਮਿਆਈ ਖਾਦਾਂ ਦੀ ਵਰਤੋਂ ਦੀ ਵਿਰੋਧਤਾ ਕੀਤੀ ਪਰ ਸਮੂਹਿਕ ਵਿਕਾਸ ਲਹਿਰ ਨਾਲ ਜੁੜੇ ਪ੍ਰਸਾਰ ਕਰਮਚਾਰੀਆਂ ਨੇ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਇਹ ਸਮੱਗਰੀ ਇਸਤੇਮਾਲ ਕਰਨ ਲਈ ਮੰਨਵਾਇਆ। ਉਸ ਵੇਲੇ ਕਿਸਾਨਾਂ ਨਾਲ ਸਮੂਹਿਕ ਵਿਕਾਸ ਲਹਿਰ ਥੱਲੇ ਕੰਮ ਕਰ ਰਹੇ ਪ੍ਰਸਾਰ ਸੇਵਾ ਕਰਮਚਾਰੀਆਂ ਦਾ ਸਿੱਧਾ ਸੰਪਰਕ ਸੀ ਜੋ ਅੱਜ ਕੇਵਲ ਦਫ਼ਤਰਾਂ ਵਿਚ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਹੈ। ਜੋ ਹੁਣ ਸਰਕਾਰ ਨੇ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣਾ ਬੰਦ ਕਰਨ ਸਬੰਧੀ ਪਿੰਡਾਂ ਵਿਚ ਵੱਖੋ-ਵੱਖ ਵਿਭਾਗਾਂ ਦੇ ਕਰਮਚਾਰੀ ਤਾਇਨਾਤ ਕੀਤੇ ਹਨ, ਉਨ੍ਹਾਂ ਨੂੰ ਕਿਸਾਨਾਂ ਨਾਲ ਵਿਹਾਰ ਅਤੇ ਪਿੰਡਾਂ ਵਿਚ ਪ੍ਰਸਾਰ ਸੇਵਾ ਦਾ ਕੰਮ ਕਰਨ ਦਾ ਕੋਈ ਤਜਰਬਾ ਨਹੀਂ।
ਫਿਰ ਵੀ ਇਸ ਸਾਲ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦੀਆਂ ਵਾਰਦਾਤਾਂ ਘੱਟ ਹੋਣਗੀਆਂ ਜਿਸ ਨਾਲ ਘੱਟੋ-ਘੱਟ ਦਿੱਲੀ ਤੱਕ ਪ੍ਰਦੂਸ਼ਣ ਦੀਆਂ ਲਹਿਰਾਂ ਨਹੀਂ ਪਹੁੰਚਣਗੀਆਂ। ਪਰਾਲੀ ਦੀ ਅੱਗ ਲਾਉਣ ਦੀ ਪ੍ਰਥਾ ਨੂੰ ਭਵਿੱਖ ਵਿਚ ਮੁਕਮੰਲ ਤੌਰ 'ਤੇ ਖ਼ਤਮ ਕਰਨ ਲਈ ਸਰਕਾਰ ਵਲੋਂ ਯੋਗ ਯੋਜਨਾਬੰਦੀ ਕੀਤੇ ਜਾਣ ਦੀ ਲੋੜ ਹੈ ਅਤੇ ਕੇਂਦਰ ਵਲੋਂ ਕਿਸਾਨਾਂ ਨੂੰ ਖੁੱਲ੍ਹੀ ਆਰਥਿਕ ਸਹਾਇਤਾ ਉਪਲਬਧ ਕਰਨ ਦੀ। ਇਸ ਸਬੰਧੀ ਪਿਛਲੇ ਹਫ਼ਤੇ ਚੰਡੀਗੜ੍ਹ ਵਿਚ ਹੋਏ ਇਕ ਸੈਮੀਨਾਰ ਵਿਚ ਕਿਸਾਨਾਂ ਨਾਲ ਲੰਮੇ ਸਮੇਂ ਤੋਂ ਜੁੜੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਠੀਕ ਤੌਰ 'ਤੇ ਕਿਹਾ ਕਿ ਲੋਕਤੰਤਰ ਦੌਰਾਨ ਦੇਸ਼ ਦੇ ਅੰਨ ਦਾਤਾ 'ਤੇ ਤਸ਼ਦੱਦ ਕਰਨ ਨਾਲ ਕੋਈ ਉਪਲਬਧੀ ਪ੍ਰਾਪਤ ਨਹੀਂ ਹੋ ਸਕਦੀ ਅਤੇ ਨਾ ਹੀ ਅਜਿਹਾ ਕਰਨਾ ਯੋਗ ਹੋਵੇਗਾ। ਇਸ ਸਬੰਧੀ ਯੋਗ ਯੋਜਨਾਬੰਦੀ ਅਤੇ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਤੇ ਠੀਕ ਲੀਹਾਂ 'ਤੇ ਲਿਆ ਕੇ ਕਿਸਾਨਾਂ ਨੂੰ ਸਹੀ ਤਰਗ਼ੀਬ ਦੇਣ ਦੀ ਲੋੜ ਹੈ। ਜਿਸ ਉਪਰੰਤ ਮਿਸ਼ਨ ਦੀ ਪੂਰਤੀ 'ਚ ਨਿਰਸੰਦੇਹ ਹੀ ਸਫ਼ਲਤਾ ਮਿਲੇਗੀ।


-ਮੋਬਾਈਲ : 98152-36307

ਪੰਜਾਬੀ ਨਿਰਾਸ਼ ਕਿਉਂ ਨੇ?

ਅੱਜ ਕਿਸੇ ਵੀ ਪਿੰਡ, ਸੱਥ, ਸਮਾਗਮ ਜਾਂ ਸੰਸਥਾ ਵਿਚ ਜਾ ਕੇ, ਕਿਸੇ ਨਾਲ ਕੋਈ ਵੀ ਗੱਲ ਕਰ ਲਓ, ਉਹ ਨਿਰਾਸ਼ਾ ਵਾਲੀਆਂ ਗੱਲਾਂ ਹੀ ਕਰੇਗਾ। ਕਿਸੇ ਨੂੰ ਖੇਤੀ ਮਹਿਕਮੇ ਨਾਲ ਨਰਾਜ਼ਗੀ ਹੈ, ਕਿਸੇ ਨੂੰ ਮਾਲ ਮਹਿਕਮੇ ਨਾਲ, ਕਿਸੇ ਨੂੰ ਸੜਕਾਂ 'ਤੇ ਪਏ ਪੱਕੇ ਟੋਏ ਦੁਖੀ ਕਰਦੇ ਹਨ ਤੇ ਕਿਸੇ ਨੂੰ ਚੌਂਕ ਟੱਪ ਕੇ ਸ਼ਿਕਾਰ ਕਰਦੇ ਪੁਲਿਸ ਵਾਲੇ ਠੀਕ ਨਹੀਂ ਲਗਦੇ, ਕਿਸੇ ਨੂੰ ਲੀਡਰ ਧੋਖੇਬਾਜ਼ ਲਗਦੇ ਹਨ ਤੇ ਕੋਈ ਬਾਬਿਆਂ ਦੀਆਂ ਹੋੜਾਂ ਤੋਂ ਅੱਕਿਆ ਪਿਆ ਹੈ। ਕੋਈ ਵਪਾਰੀਆਂ ਦੀ ਲੁੱਟ ਦੀ ਗੱਲ ਕਰਦਾ ਹੈ ਤੇ ਕੋਈ ਕੰਮਚੋਰ ਮਜ਼ਦੂਰਾਂ ਨੂੰ ਕੋਸਦਾ ਹੈ। ਕੋਈ ਬਹੁਰਾਸ਼ਟਰੀ ਕੰਪਨੀਆਂ ਨੂੰ ਸਾਡੇ ਦੁੱਖਾਂ ਦਾ ਕਾਰਨ ਸਮਝਦਾ ਹੈ ਤੇ ਕੋਈ ਖੇਤੀ ਵਣਜ ਦੇ ਘੱਟ ਮੁੱਲ ਨੂੰ। ਬਹੁਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਹਰ ਚੀਜ਼ ਸਸਤੀ ਮਿਲੇ, ਪਰ ਉਨ੍ਹਾਂ ਦੀ ਆਪਣੀ ਵਸਤੂ ਤੇ ਵੱਧ ਤੋਂ ਵੱਧ ਲਾਭ ਹੋਵੇ। ਕਈ ਤਾਂ ਚਾਹੁੰਦੇ ਹਨ ਕਿ ਸਾਰੀ ਦੁਨੀਆ ਇਮਾਨਦਾਰ ਹੋ ਜਾਵੇ, ਆਪ ਉਹ ਜੋ ਮਰਜ਼ੀ ਕਰੀ ਜਾਣ। ਅਸੀਂ ਅੱਜ ਇਹੋ ਜਿਹੇ ਹਾਲਾਤ ਕਰ ਲਏ ਹਨ ਕਿ ਅਸੀਂ ਦੂਸਰੇ ਦੇ ਭਲੇ ਲਈ ਸੋਚਣਾ ਵੀ ਛੱਡ ਦਿੱਤਾ ਹੈ। ਸਾਡਾ ਵਿਵਹਾਰ ਹੀ ਸਾਡੀ ਨਿਰਾਸ਼ਾ ਦਾ ਕਾਰਨ ਬਣ ਗਿਆ ਹੈ। ਅਸੀਂ ਸਮਾਜ ਦਾ ਹਿੱਸਾ ਬਣ ਕੇ ਨਹੀਂ ਜੀਅ ਰਹੇ, ਸਾਨੂੰ ਆਪੋਧਾਪੀ ਹੀ ਪਈ ਹੋਈ ਹੈ। ਇਸ ਸਾਰੇ 'ਚੋਂ ਕਦੋਂ ਨਿਕਲਾਂਗੇ, ਇਸ ਬਾਰੇ ਹਾਲੇ ਕੋਈ ਅੰਦਾਜ਼ਾ ਨਹੀਂ।


-ਮੋਬਾ: 98159-45018

ਕਿਸਾਨ ਭਰਾਵਾਂ ਨੂੰ ਅਪੀਲ

ਚਾਂਦੀ ਦੀਆਂ ਚੰਦ ਛਿੱਲੜਾਂ ਖ਼ਾਤਰ
ਮਾੜੀ ਪਾ ਲਈ ਰੀਤ ਅਸਾਂ ਨੇ।
ਕੀੜੇਮਾਰ ਤੇ ਖਾਦਾਂ ਪਾ ਕੇ
ਮਿੱਟੀ ਕਰੀ ਪਲੀਤ ਖਾਦਾਂ ਨੇ।
ਕੱਢ ਕੱਢ ਕੇ ਪਾਣੀ ਧਰਤੀ 'ਚੋਂ,
ਸੁੰਨੀ ਕੀਤੀ ਕੁੱਖ ਅਸਾਂ ਨੇ।
ਕੁਦਰਤ ਮਾਂ ਦੀ ਕਰ ਬੇਕਦਰੀ,
ਕਿਥੋਂ ਪਾਉਣੇ ਸੁੱਖ ਅਸਾਂ ਨੇ?
ਸੜੀ ਪਰਾਲੀ ਅੰਬਰ ਚੜ੍ਹਿਆ
ਉੱਖੜੇ ਸਾਹ ਤੇ ਅੰਦਰ ਸੜ੍ਹਿਆ।
ਸਾੜ ਕੇ ਮਿੱਤਰ ਕੀੜੇ ਯਾਰੋ,
ਆਪੇ ਕੀਤੀ ਭੁੱਲ ਅਸਾਂ ਨੇ।
ਲੈ ਕੇ ਕਣਕ-ਝੋਨੇ ਦੀ ਗੁੜ੍ਹਤੀ,
ਕੀਤੀ ਨਾਸ ਇਹ ਧਰਤ ਅਸਾਂ ਨੇ।
ਚੁਣ ਕੇ ਗ਼ਲਤ-ਮਲਤ ਸਰਕਾਰਾਂ,
ਕੀਤੀ ਖੇਤੀ ਗਰਕ ਅਸਾਂ ਨੇ।
ਜਾਗੋ ਵੀਰੋ ਹੁਣ ਤਾਂ ਜਾਗੋ
ਕਰਤੀ ਪਹਿਲਾਂ ਈ ਦੇਰ ਅਸਾਂ ਨੇ।
ਰੱਬ ਵੀ ਟੇਢਾ ਟੇਢਾ ਝਾਕੇ,
ਰੱਜ ਕੇ ਰੋਲੀ ਮਿਹਰ ਅਸਾਂ ਨੇ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)
ਮੋਬਾਈਲ : 97816-46008.

ਕਈ ਛੋਟੇ-ਛੋਟੇ ਧੰਦਿਆਂ ਨੂੰ ਖਾ ਗਿਆ ਖੇਤੀ ਦਾ ਮਸ਼ੀਨੀਕਰਨ

ਜਦੋਂ ਕੁਝ ਨਵਾਂ ਆਉਂਦਾ ਹੈ ਤਾਂ ਸੁਭਾਵਿਕ ਹੀ ਹੈ ਕਿ ਕਿੰਨਾ ਕੁਝ ਪੁਰਾਣਾ, ਸਮੇਂ ਦੀ ਗ਼ਰਦ ਹੇਠ ਬਹਿ ਜਾਂਦਾ ਹੈ। ਖੇਤੀਬਾੜੀ ਦੇ ਧੰਦੇ 'ਚ ਤੇਜ਼ੀ ਨਾਲ ਵਧਿਆ ਮਸ਼ੀਨੀਕਰਨ ਕਈ ਛੋਟੇ-ਛੋਟੇ ਧੰਦਿਆਂ ਨੂੰ ਖਾ ਗਿਆ। ਕਈ ਧੰਦਿਆਂ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ, ਇਉਂ ਲੱਗਣ ਲੱਗ ਪਿਆ ਹੈ ਕਿ ਜਿਵੇਂ ਇਹ ਧੰਦੇ ਕਦੇ ਹੁੰਦੇ ਹੀ ਨਹੀਂ ਸਨ। ਕਣਕ ਦੀ ਵਾਢੀ ਵੱਢਣ ਦਾ ਕੰਮ ਕਿਸੇ ਸਮੇਂ ਸਾਰੇ ਦਾ ਸਾਰਾ ਹੀ ਹੱਥੀਂ ਦਾਤੀ ਨਾਲ ਕੀਤਾ ਜਾਂਦਾ ਸੀ। ਇਹ ਕੰਮ ਕਿਸਾਨ, ਮਜ਼ਦੂਰ ਅਤੇ ਔਰਤਾਂ ਰਲ ਕੇ ਕਰਦੇ ਸਨ। ਵਾਢੀ ਦੇ ਕਈ ਦਿਨਾਂ ਤੱਕ ਚੱਲਣ ਵਾਲੇ ਕੰਮ ਨੂੰ ਬੰਦੇ ਇਕ ਦੂਜੇ ਨਾਲ ਲੱਗ ਕੇ ਵਾਰੋ-ਵਾਰੀ ਕਰ ਲੈਂਦੇ ਸਨ। ਇਸ ਨੂੰ 'ਵਿੜ੍ਹੀ' ਆਖਿਆ ਜਾਂਦਾ ਸੀ। ਵਾਢੀ ਲਈ 'ਮੰਗ' ਪਾਉਣ ਦਾ ਰਿਵਾਜ ਵੀ ਹੁੰਦਾ ਸੀ। ਕਣਕ ਦੀ ਕਢਾਈ ਲਈ ਮਨੁੱਖਾਂ ਦੁਆਰਾ ਪਸ਼ੂਆਂ ਦੀ ਵੀ ਮੱਦਦ ਲਈ ਜਾਂਦੀ ਸੀ। ਵਾਢੀ ਦੇ ਕੰਮ ਦਾ ਜਦ ਮਸ਼ੀਨੀਕਰਨ ਹੋਇਆ ਤਾਂ ਪਹਿਲਾਂ ਲੋਹੇ ਦੀ ਬਣੀ ਡਰੰਮੀ ਆਈ। ਇਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਕਿਉਂ ਜੋ ਕਣਕ ਦੀ ਕਢਾਈ ਦਾ ਕੰਮ ਹੱਥਾਂ ਦੀ ਬਜਾਏ ਕੁਝ ਕੁ-ਸੁਖਾਲਾ ਹੋ ਗਿਆ ਸੀ। ਵਾਢੀ ਲਈ ਲੋਕ ਦਾਤੀਆਂ ਦਾ ਦੰਦੇ ਕਢਵਾ ਕੇ ਲਿਆਉਂਦੇ। ਆਮ ਕਰਕੇ ਪਿੰਡਾਂ 'ਚ ਇਹ ਕੰਮ ਮਿਸਤਰੀ ਬਰਾਦਰੀ ਦੇ ਪਰਿਵਾਰ ਕਰਦੇ ਸਨ। ਮਿਸਤਰੀਆਂ ਨਾਲ ਕਿਸਾਨਾਂ ਦੀ ਸੇਪੀ ਹੁੰਦੀ ਸੀ। ਹਾੜ੍ਹੀ-ਸੌਣੀ ਉਨ੍ਹਾਂ ਨੂੰ ਕੰਮ ਕਰਨ ਦੇ ਬਦਲੇ ਵਿਚ ਦਾਣੇ ਦਿੱਤੇ ਜਾਂਦੇ ਸਨ।
ਫ਼ਿਰ ਇਕ ਸਮਾਂ ਅਜਿਹਾ ਆਇਆ ਜਦ ਕਿਸਾਨਾਂ ਨੇ ਹੱਥੀਂ ਵਾਢੀ ਵੱਢਣ ਦਾ ਕੰਮ ਪੇਂਡੂ ਖੇਤ ਮਜ਼ਦੂਰਾਂ ਦੇ ਆਸਰੇ ਛੱਡ ਦਿੱਤਾ। ਮਜ਼ਦੂਰ ਆਪਣੀਆਂ ਔਰਤਾਂ, ਬੱਚਿਆਂ ਸਮੇਤ ਠੇਕੇ 'ਤੇ ਵਾਢੀ ਕਰਨ ਲੱਗ ਪਏ। ਇਨ੍ਹਾਂ ਨੂੰ ਮਿਹਨਤਾਨੇ ਵਜੋਂ ਕਣਕ ਅਤੇ ਤੂੜੀ ਦਿੱਤੀ ਜਾਣ ਲੱਗੀ। ਵਾਢੀ ਲਈ ਜਦ ਥਰੈਸ਼ਰ (ਇਸਨੂੰ ਮਾਲਵੇ 'ਚ ਹੜੰਬਾ ਵੀ ਕਹਿਦੇ ਸਨ) ਆਇਆ ਤਾਂ ਸ਼ਹਿਰਾਂ 'ਚ ਦੰਦੇ ਕੱਢਣ ਵਾਲੀਆਂ ਦੁਕਾਨਾਂ ਖੁੱਲ੍ਹ ਗਈਆਂ। ਇਨ੍ਹਾਂ ਤੋਂ ਮਜ਼ਦੂਰ ਆਪਣੀਆਂ ਦਾਤੀਆਂ ਦੇ ਦੰਦੇ ਕਢਵਾਉਂਦੇ।
ਖੇਤੀ ਦੇ ਧੰਦੇ 'ਚ ਜਦ ਤੁੂੜੀ ਬਣਾਉਣ ਵਾਲਾ ਰੀਪਰ ਆਇਆ ਤਾਂ ਕਿਸਾਨਾਂ ਦੀ ਪਹਿਲੀ ਪਸੰਦ ਕੰਬਾਈਨਾਂ ਅਤੇ ਰੀਪਰ ਬਣ ਗਏ। ਦੰਦੇ ਕੱਢਣ ਅਤੇ ਥਰੈਸ਼ਰ ਦਾ ਧੰਦਾ ਹੌਲੀ-ਹੌਲੀ ਖ਼ਤਮ ਹੋ ਗਿਆ। ਇਵੇਂ ਹੀ ਪਿੰਡਾਂ 'ਚ ਥਾਂ ਪੁਰ ਥਾਂ ਜਾ ਕੇ ਗੱਡੀਆਂ ਵਾਲੇ ਜੋ ਕਿ ਹੱਥੀਂ ਲੋਹੇ ਦਾ ਕੰਮ ਕਰਨ ਅਤੇ ਸੰਦ ਬਣਾਉਣ ਲਈ ਮਾਹਿਰ ਹੁੰਦੇ ਸਨ। ਉਨ੍ਹਾਂ ਕੋਲੋਂ ਕਿਸਾਨ ਵਿਹਲੇ ਸੀਜ਼ਨ 'ਚ ਕਈ ਤਰ੍ਹਾਂ ਦੇ ਸੰਦ ਬੜੇ ਚਾਅ ਨਾਲ ਬਣਵਾਉਂਦੇ ਅਤੇ ਖੇਤੀ ਕੰਮਾਂ 'ਚ ਵਰਤਣ ਸਮੇਂ ਮਾਣ ਮਹਿਸੂਸ ਕਰਦੇ ਸਨ। ਖੇਤੀ ਦੇ ਕੰਮਾਂ ਲਈ ਵਰਤੇ ਜਾਂਦੇ ਬਲਦ ਜੋ ਕਿ ਗੱਡੀਆਂ ਵਾਲਿਆਂ ਸਮੇਤ ਕਈ ਹੋਰਨਾਂ ਲੋਕਾਂ ਦਾ ਵਪਾਰ ਦਾ ਪ੍ਰਮੁੱਖ ਸਾਧਨ ਹੁੰਦਾ ਸੀ, ਖੇਤੀ ਦਾ ਮਸ਼ੀਨੀਕਰਨ ਹੋਣ ਉਪਰੰਤ ਬਲਦਾਂ ਦੀ ਲੋੜ ਨਹੀਂ ਰਹੀ ਅਤੇ ਇਹ ਵਪਾਰ ਖ਼ਤਮ ਹੋ ਗਿਆ। ਖੇਤ 'ਚੋਂ ਪੱਠੇ-ਨੀਰੇ ਲਿਆਉਣ ਲਈ ਇਕ ਬਲਦ ਵਾਲੀਆਂ ਗੱਡੀਆਂ ਪੰਜਾਬ ਦੇ ਹਰ ਸ਼ਹਿਰ ਕਸਬੇ 'ਚ ਤਿਆਰ ਹੁੰਦੀਆਂ ਸਨ। ਹੁਣ ਲੋਕ ਉਸਦਾ ਵੀ ਖਹਿੜਾ ਛੱਡਦੇ ਜਾ ਰਹੇ ਹਨ ਅਤੇ ਕਈਆਂ ਨੇ ਤਾਂ ਮੋਟਰਸਾਈਕਲਾਂ ਦੇ ਪਿੱਛੇ ਹੁੱਕ ਲਗਵਾ ਕੇ ਲੋਹੇ ਦੀਆਂ ਛੋਟਆਂ ਰੇਹੜੀਆਂ ਬਣਵਾ ਲਈਆਂ ਹਨ। ਉਨ੍ਹਾਂ ਨੇ ਤਾਂ ਇਕ ਬਲਦ ਰੱਖਣ ਦਾ ਵੀ ਖਹਿੜਾ ਛੱਡ ਦਿੱਤਾ ਹੈ।
ਇਉਂ ਖੇਤੀਬਾੜੀ 'ਚ ਆਈ ਨਵੀਂ ਤਕਨੀਕ ਅਤੇ ਵਧਦੇ ਮਸ਼ੀਨੀਕਰਨ ਕਰਕੇ ਜਿੱਥੇ ਨਵੇਂ ਲੋਕਾਂ ਲਈ ਕੰਮ ਕਰਨ ਦਾ ਵਸੀਲਾ ਪੈਦਾ ਹੁੰਦਾ ਹੈ, ਉਥੇ ਇਸ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਵੀ ਬਣ ਗਏ ਹਨ। ਹੋਰ ਤਾਂ ਹੋਰ ਵਧਦੇ ਮਸ਼ੀਨੀਕਰਨ ਅਤੇ ਕੀੜੇਮਾਰ ਦਵਾਈਆਂ ਦੀ ਆਮਦ ਨੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਵਿਹਲੇ ਕਰ ਦਿੱਤਾ ਹੈ। ਉਨ੍ਹਾਂ ਕੋਲ ਕੇਵਲ ਝੋਨਾ ਲਾਉਣ ਅਤੇ ਨਰਮਾ ਚੁਗਣ ਦਾ ਕੰਮ ਹੀ ਬਚਿਆ ਹੈ ਅਤੇ ਉਹ ਵੀ ਮਹਿਜ਼ ਕੁਝ ਕੁ ਦਿਨਾਂ ਦਾ ਹੁੰਦਾ ਹੈ।


-ਪਿੰਡ : ਸਿਰਸੜੀ, ਨੇੜੇ : ਕੋਟਕਪੂਰਾ, ਫ਼ਰੀਦਕੋਟ-151207. ਮੋਬਾਈਲ : 98156-59110

ਵਿਰਸੇ ਦੀਆਂ ਬਾਤਾਂ

ਨਾ ਕਿਤੇ ਘੜਾ ਵੱਜਦਾ, ਨਾ ਹੀ ਘੜੋਲੀ

ਲੋਕ ਗੀਤ ਭੁੱਲੀਆਂ-ਵਿੱਸਰੀਆਂ ਚੀਜ਼ਾਂ ਦਾ ਚੇਤਾ ਕਰਾ ਜਾਂਦੇ ਹਨ। ਰੇਲ ਵਾਂਗ ਦੌੜ ਰਹੀ ਜ਼ਿੰਦਗੀ ਵਿਚ ਜਦੋਂ ਪਿਛਲਝਾਤ ਮਾਰਨ ਦੀ ਵਿਹਲ ਹੀ ਨਹੀਂ ਤਾਂ ਵਿਰਾਸਤੀ ਰੰਗ ਮਾਨਣ ਲਈ ਗੀਤਾਂ ਦੇ ਨਮੂਨੇ ਸੁਣਨੇ ਚੰਗੇ ਲਗਦੇ ਹਨ। ਇਹ ਨਮੂਨੇ ਦੱਸਦੇ ਸਨ ਕਿ ਸਾਡੀ ਜ਼ਿੰਦਗੀ ਕੀ ਸੀ ਤੇ ਕੀ ਬਣ ਗਈ? ਖਾਣ-ਪੀਣ, ਪਹਿਨਣ-ਪਚਰਣ, ਕੰਮ-ਧੰਦੇ, ਸੁਭਾਅ, ਚਾਅ, ਮਨੋਰੰਜਨ ਸਭ ਕੁਝ ਅਜਿਹਾ ਸੀ ਕਿ ਜ਼ਿੰਦਗੀ ਹਰ ਪਲ ਖੁਸ਼ਹਾਲ ਲੱਗਦੀ ਸੀ, ਹੁਣ ਹਰ ਚੀਜ਼ ਵਿਚ ਤੜਕ-ਭੜਕ ਹੈ, ਆਧੁਨਿਕਤਾ ਦਾ ਸਾਥ ਹੈ, ਪਰ ਅੰਦਰਲੀ ਖੁਸ਼ੀ ਨੱਠ ਗਈ ਹੈ।
ਇਸ ਤਸਵੀਰ ਨੂੰ ਗੌਰ ਨਾਲ ਦੇਖੋ। ਇਹ ਮੁਟਿਆਰ ਖੇਤੀਬਾੜੀ ਯੂਨੀਵਰਸਿਟੀ ਵਿਚ ਹੋਏ ਮੇਲੇ ਵਿਚ ਘੜਾ ਵਜਾ ਰਹੀ ਹੈ। ਜਗਮੋਹਣ ਕੌਰ ਦੇ ਗੀਤ ਦੇ ਬੋਲ ਚੇਤੇ ਆ ਜਾਂਦੇ ਹਨ, 'ਘੜਾ ਵੱਜਦਾ, ਘੜੋਲੀ ਵੱਜਦੀ, ਕਿਸੇ ਗਾਗਰ ਵੱਜਦੀ ਸੁਣ ਮੁੰੰਡਿਆ।' ਹੁਣ ਨਾ ਕਿਤੇ ਘੜਾ ਵੱਜਦਾ, ਨਾ ਕਿਤੇ ਗਾਗਰ। ਗਾਗਰਾਂ, ਘੜਿਆਂ ਦੀ ਥਾਂ ਕੰਨ ਪਾੜਨ ਵਾਲਾ ਹੋਰ ਬੜਾ ਕੁਝ ਆ ਗਿਆ।
ਸੱਭਿਆਚਾਰ ਦੇ ਦਰਸ਼ਨ ਹੁਣ ਸਿਰਫ਼ ਸਟੇਜਾਂ 'ਤੇ ਹੁੰਦੇ ਹਨ ਜਾਂ ਕੋਈ ਵਿਰਲਾ-ਟਾਵਾਂ ਅਤੀਤ ਨੂੰ ਸਾਕਾਰ ਕਰਨ ਦਾ ਚਾਹਵਾਨ ਨਿੱਜੀ ਸਮਾਗਮ ਵਿਚ ਇਹੋ ਜਿਹੀਆਂ ਝਲਕਾਂ ਦੀ ਪੇਸ਼ਕਾਰੀ ਕਰਾ ਛੱਡਦਾ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਮੰਚਾਂ ਤੋਂ ਜਿੰਨਾ ਕੁ ਉੱਦਮ ਬੀਤੇ ਵੱਲ ਝਾਤ ਮਰਾਉਣ ਲਈ ਕੀਤਾ ਜਾਂਦਾ, ਉਸੇ ਨੂੰ ਸਲਾਮ ਕਰਨ ਨੂੰ ਜੀਅ ਕਰਦਾ।
ਪਿਛਲੇ ਦਿਨੀਂ ਮੈਰਿਜ ਪੈਲਿਸ ਦੇ ਮੰਚ 'ਤੇ ਗਾਣੇ 'ਤੇ ਚਰਖਾ ਕੱਤਦੀਆਂ ਕੁੜੀਆਂ ਦੇਖੀਆਂ। ਚਰਖੇ ਦੇ ਨਾ ਤੱਕਲਾ ਸੀ, ਨਾ ਮਾਲ੍ਹ, ਨਾ ਚਰਮਖ, ਨਾ ਕੁਝ ਹੋਰ। ਉਹ ਸਿਰਫ਼ ਦਿਖਾਵਾ ਕਰ ਰਹੀਆਂ ਸਨ। ਪ੍ਰੋਗਰਾਮ ਸਮਾਪਤੀ ਮਗਰੋਂ ਇਕ ਬੀਬੀ ਨੂੰ ਮੈਂ ਪੁੱਛ ਲਿਆ, 'ਚਰਮਖ ਕੀ ਹੁੰਦੀ?'
ਕਹਿੰਦੀ, 'ਪਤਾ ਨਹੀਂ?'
ਮੈਂ ਕਿਹਾ, 'ਉਹ ਚਰਖੇ ਦਾ ਕਿਹੜਾ ਅੰਗ ਹੈ, ਇਹ ਤਾਂ ਪਤਾ ਹੋਊ?'
ਉਹਨੇ ਨਾਂਹ ਵਿਚ ਸਿਰ ਹਿਲਾਇਆ।
ਵਕਤ ਸੱਚੀਂ ਬਹੁਤ ਬਦਲ ਗਿਆ। ਬੀਤੇ ਦੀਆਂ ਨਿਸ਼ਾਨੀਆਂ ਨੂੰ ਸੰਭਾਲਣਾ ਤਾਂ ਦੂਰ, ਸਮਝਣਾ ਵੀ ਹਰ ਕਿਸੇ ਦੇ ਹਿੱਸੇ ਨਹੀਂ ਰਿਹਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX