ਤਾਜਾ ਖ਼ਬਰਾਂ


ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਨਿਰੰਕਾਰੀ ਭਵਨ ਪਹੁੰਚ ਗਈ ਹੈ। ਜਿਸ ਨੇ ਕਿ...
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵੱਲੋਂ ਪੁਲਵਾਮਾ ਦੀ ਰੇਲਵੇ ਕਲੋਨੀ ਕਾਕਾਪੋਰਾ ਵਿਖੇ ਸੀ.ਆਰ.ਪੀ.ਐੱਫ ਕੈਂਪ 'ਤੇ ਕੀਤੇ ਗਏ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐੱਫ ਦਾ ਇੱਕ ਜਵਾਨ...
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਹੋਰ ਖ਼ਬਰਾਂ..

ਲੋਕ ਮੰਚ

ਕਿਸਾਨੀ ਦੀ ਦੁਰਦਸ਼ਾ ਲਈ ਹਾਕਮ ਸਰਕਾਰਾਂ ਜ਼ਿੰਮੇਵਾਰ

ਭਾਰਤ ਦੀ ਆਰਥਿਕਤਾ ਦਾ ਮੁੱਖ ਧੁਰਾ ਅੱਜ ਵੀ ਖੇਤੀਬਾੜੀ ਹੀ ਹੈ। ਇਸ ਦੇਸ਼ ਦੀ ਤਕਰੀਬਨ ਸੱਤਰ ਫੀਸਦੀ ਆਬਾਦੀ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਹੈ। ਹਿੰਮਤੀ, ਮਿਹਨਤੀ ਅਤੇ ਸਿਰੜੀ ਕਿਸਾਨਾਂ ਨੇ ਵਾਧੂ ਅਨਾਜ ਪੈਦਾ ਕਰਕੇ 1960 ਦੇ ਦਹਾਕੇ ਵਿਚ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ਅਤੇ ਅਨਾਜ ਖਰੀਦਣ ਵਾਲਾ ਇਹ ਦੇਸ਼ ਅੱਜ ਹੋਰ ਦੇਸ਼ਾਂ ਨੂੰ ਅਨਾਜ ਵੇਚਣ ਦੇ ਸਮਰੱਥ ਹੋ ਗਿਆ ਹੈ। ਪਰ ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਹੱਡਭੰਨਵੀਂ ਮਿਹਨਤ ਕਰਕੇ ਅਨਾਜ ਪੈਦਾ ਕਰਨ ਵਾਲਾ ਕਿਸਾਨ ਅੱਜ ਗ਼ਰੀਬੀ ਅਤੇ ਕਮਜ਼ੋਰ ਆਰਥਿਕ ਹਾਲਤਾਂ ਕਾਰਨ ਦਰੜਿਆ ਮਹਿਸੂਸ ਕਰ ਰਿਹਾ ਹੈ। ਰੋਜ਼ਾਨਾ ਹੁੰਦੀਆਂ ਖੁਦਕੁਸ਼ੀਆਂ ਇਸ ਦਾ ਜਿਊਂਦਾ-ਜਾਗਦਾ ਪ੍ਰਮਾਣ ਹਨ। ਵਧੇ ਖਰਚਿਆਂ ਨੇ ਖੇਤੀਬਾੜੀ ਕਿੱਤੇ ਨੂੰ ਆਰਥਿਕ ਤੌਰ 'ਤੇ ਵੱਡੀ ਢਾਅ ਲਾਈ ਹੈ। ਯੂਰੀਆ, ਡੀ.ਏ.ਪੀ. ਅਤੇ ਹੋਰ ਖਾਦ ਪਦਾਰਥਾਂ ਦੇ ਵਧੇ ਭਾਅ ਕਿਸਾਨਾਂ ਲਈ ਇਕ ਚੁਣੌਤੀ ਬਣ ਗਏ ਹਨ। ਇਮਾਨਦਾਰ ਕਿਰਤ ਕਰਨ ਵਾਲਾ ਕਿਸਾਨ ਬੈਂਕਾਂ ਤੋਂ ਲਏ ਕਰਜ਼ੇ ਮੋੜਨ 'ਚ ਅਸਮਰੱਥ ਨਜ਼ਰ ਆ ਰਿਹਾ ਹੈ। ਫ਼ਸਲਾਂ ਦੇ ਮਿਲਦੇ ਘੱਟ ਮੁੱਲ ਅਤੇ ਕੁਦਰਤੀ ਕਰੋਪੀਆਂ ਨੇ ਕਿਸਾਨਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਇਕ ਵਾਰੀ ਟੁੱਟੀ ਕਿਸ਼ਤ ਅਤੇ ਫਿਰ ਉਸ ਉੱਤੇ ਲਗਦਾ ਵਿਆਜ ਉਧਾਰ ਲਈ ਰਕਮ ਨੂੰ ਵੱਡੀ ਕਰ ਦਿੰਦਾ ਹੈ, ਜੋ ਇਕ ਦਰਮਿਆਨੇ ਕਿਸਾਨ ਲਈ ਉਤਾਰਨੀ ਹੱਦੋਂ ਵੱਧ ਮੁਸ਼ਕਿਲ ਹੈ। ਫ਼ਸਲਾਂ 'ਤੇ ਆਉਂਦੇ ਵੱਡੇ ਖਰਚੇ ਸਾਹਮਣੇ ਫ਼ਸਲਾਂ ਦੇ ਮੁੱਲ ਬੌਨੇ ਮਹਿਸੂਸ ਹੋ ਰਹੇ ਹਨ। ਕਿਸਾਨਾਂ ਦੇ ਰੋਜ਼ਾਨਾ ਲਗਦੇ ਧਰਨੇ ਇਸੇ ਦਰਦ ਦੀ ਆਵਾਜ਼ ਨੂੰ ਪ੍ਰਗਟਾਉਂਦੇ ਹਨ, ਪਰ ਸਰਕਾਰਾਂ ਨੇ ਅਜੇ ਤੱਕ ਕੋਈ ਵੀ ਅਜਿਹੀ ਨੀਤੀ ਨਹੀਂ ਬਣਾਈ, ਜਿਸ ਨੂੰ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ ਕਿਹਾ ਜਾ ਸਕੇ। ਪਿਛਲੇ ਦਿਨੀਂ ਇਕੋ ਦਿਨ ਪੰਜ ਕਿਸਾਨਾਂ ਵਲੋਂ ਕੀਤੀਆਂ ਖ਼ੁਦਕੁਸ਼ੀ ਦੀਆਂ ਛਪੀਆਂ ਖ਼ਬਰਾਂ ਨੇ ਸਰਕਾਰਾਂ ਦੁਆਰਾ ਬਣਾਈਆਂ ਕਿਸਾਨ ਪੱਖੀ ਨੀਤੀਆਂ ਦੀ ਹਵਾ ਕੱਢ ਦਿੱਤੀ। ਜੇਕਰ ਸਰਕਾਰ ਟੈਕਸ ਲਾ ਕੇ ਖਾਦ ਅਤੇ ਹੋਰ ਚੀਜ਼ਾਂ ਦੇ ਮੁੱਲ ਵਧਾਉਂਦੀ ਹੈ ਤਾਂ ਫ਼ਸਲਾਂ ਦੇ ਮੁੱਲ ਵੀ ਉਸ ਵਾਧੇ ਦੇ ਅਨੁਸਾਰ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਇਕ ਅਨੁਮਾਨ ਅਨੁਸਾਰ ਜੇਕਰ ਖੇਤੀ ਉੱਤੇ ਆਉਂਦੇ ਖਰਚਿਆਂ ਦੇ ਅਨੁਸਾਰ ਫ਼ਸਲਾਂ ਦੇ ਮੁੱਲ ਵਧਾਏ ਜਾਂਦੇ ਤਾਂ ਅੱਜ ਕਣਕ, ਝੋਨੇ ਅਤੇ ਹੋਰ ਫ਼ਸਲਾਂ ਦੇ ਮੁੱਲ ਕਈ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੋਣੇ ਸਨ, ਜੋ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਨਹੀਂ ਹੋ ਸਕੇ। ਮਹਾਨ ਕ੍ਰਿਸ਼ੀ ਵਿਗਿਆਨੀ ਅਤੇ ਚਿੰਤਕ ਡਾ: ਸਵਾਮੀਨਾਥਨ ਅਨੁਸਾਰ 'ਜੇਕਰ ਭਾਰਤ ਦੇਸ਼ ਵਿਚ ਖੇਤੀਬਾੜੀ ਗਲਤ ਦਿਸ਼ਾ 'ਚ ਜਾਵੇਗੀ ਤਾਂ ਕੁਝ ਵੀ ਠੀਕ ਨਹੀਂ ਰਹੇਗਾ' ਸਹੀ ਸਾਬਿਤ ਹੋ ਰਿਹਾ ਹੈ। ਉਨ੍ਹਾਂ ਵਲੋਂ ਦਿੱਤੇ ਗਏ ਕਿਸਾਨ ਪੱਖੀ ਸੁਝਾਵਾਂ ਨੇ ਸਰਕਾਰਾਂ ਦੀਆਂ ਅੱਖਾਂ ਤਾਂ ਖੋਲ੍ਹ ਦਿੱਤੀਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਹਿੰਮਤ ਨਹੀਂ ਦਿਖਾਈ। ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਡੀਜ਼ਲ ਦੀ ਭਾਰੀ ਖਪਤ ਹੋਣਾ ਜਾਇਜ਼ ਹੈ। ਸ਼ਾਇਦ ਹੀ ਕੋਈ ਹੋਰ ਖੇਤਰ ਹੋਵੇਗਾ, ਜਿਥੇ ਡੀਜ਼ਲ ਦੀ ਖਪਤ ਖੇਤੀਬਾੜੀ ਜਿੰਨੀ ਹੋਵੇ, ਪਰ ਡੀਜ਼ਲ ਦੇ ਬੇਲਗਾਮ ਵਧਦੇ ਭਾਅ ਨੇ ਖੇਤੀਬਾੜੀ ਦੇ ਆਰਥਿਕ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਕਿਸਾਨਾਂ ਲਈ ਸਰਕਾਰਾਂ ਕੋਲ ਕੋਈ ਠੋਸ ਆਰਥਿਕ ਨੀਤੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਫ਼ਸਲ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਵੇ ਤਾਂ ਕਿਸਾਨਾਂ ਨੂੰ ਬੈਂਕਾਂ ਦਾ ਕਰਜ਼ ਮੋੜਨ 'ਤੇ ਕੋਈ ਰਿਆਇਤ ਜ਼ਰੂਰ ਦਿੱਤੀ ਜਾਵੇ। ਭਾਰਤ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਅੱਜ ਸਰਕਾਰਾਂ ਪਾਸੋਂ ਸੱਚੀ ਅਤੇ ਇਮਾਨਦਾਰ ਨੀਅਤ ਅਤੇ ਨੀਤੀ ਦੀ ਮੰਗ ਕਰਦੀ ਹੈ। ਸਮੇਂ ਅਤੇ ਸਰਕਾਰਾਂ ਦੀ ਮਾਰ ਦਾ ਝੰਬਿਆ ਕਿਸਾਨ ਆਰਥਿਕ ਚੱਕਰ 'ਚੋਂ ਨਿਕਲਣ ਲਈ ਹੰਭਲੇ ਮਾਰਦਾ ਨਜ਼ਰ ਆ ਰਿਹਾ ਹੈ, ਪਰ ਸਰਕਾਰੀ ਮਦਦ ਤੋਂ ਬਿਨਾਂ ਇਹ ਮੁਸ਼ਕਿਲ ਹੈ।


ਖ਼ਬਰ ਸ਼ੇਅਰ ਕਰੋ

ਪਰਾਲੀ ਦੇ ਮਸਲੇ 'ਤੇ ਆਹਮੋ-ਸਾਹਮਣੇ ਸਰਕਾਰਾਂ ਤੇ ਕਿਸਾਨ

ਪੂਸਾ ਝੋਨੇ ਦੀ ਕਾਸ਼ਤ ਲਗਪਗ ਸੰਨ 70 ਦੇ ਸਮੇਂ ਸ਼ੁਰੂ ਕੀਤੀ ਗਈ। ਪਾਣੀ ਦੇ ਸਾਧਨ ਵਜੋਂ ਧਰਤੀ ਦਾ ਸੀਨਾ ਪਾੜ ਬੋਰ ਕੀਤੇ ਗਏ, ਬਿਜਲੀ ਦੇ ਕੁਨੈਕਸ਼ਨ ਮਿਲਣੇ ਸ਼ੁਰੂ ਹੋਏ ਤਾਂ ਇਕ ਵਾਰ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਹੈਰਾਨੀਜਨਕ ਬਦਲਾਅ ਆਇਆ, ਜਿਸ ਨੇ ਕਿਸਾਨ ਦਾ ਰਹਿਣ-ਸਹਿਣ ਦਾ ਢੰਗ ਬਦਲ ਕੇ ਰੱਖ ਦਿੱਤਾ ਕਿਉਂਕਿ ਉਸ ਸਮੇਂ ਤੋਂ ਪਹਿਲਾਂ ਕੋਈ ਅਜਿਹੀ ਪੱਕੀ ਫਸਲ ਨਹੀਂ ਸੀ ਜਿਸ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ਆਸਾਨੀ ਨਾਲ ਹੁੰਦਾ ਹੋਵੇ। ਪਰ ਅਜੋਕੇ ਸਮੇਂ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਕੀ ਹੈ? ਖੇਤੀਬਾੜੀ ਜੋ ਉਸ ਦਾ ਮੁੱਖ ਧੰਦਾ ਹੈ, ਉਹ ਕਿੰਨਾ ਕੁ ਫਾਇਦੇ ਦਾ ਰਹਿ ਚੁੱਕਾ ਹੈ? ਮੁੱਖ ਫਸਲ ਪੂਸਾ ਝੋਨੇ ਦੀ ਕੀ ਸਥਿਤੀ ਹੈ? ਇਹ ਗੱਲਾਂ ਵਿਚਾਰਨਯੋਗ ਹਨ। ਹੁਣ ਤੱਕ ਕਿਸਾਨ ਪੂਸਾ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਬਾਕੀ ਬਚੀ ਰਹਿੰਦ-ਖੁਹਿੰਦ (ਪਰਾਲੀ) ਨੂੰ ਅੱਗ ਲਗਾ ਦਿੰਦਾ ਸੀ, ਬਾਅਦ ਆਸਾਨੀ ਨਾਲ ਕਣਕ ਦੀ ਬਿਜਾਈ ਕਰ ਲੈਂਦਾ ਸੀ। ਪਰ ਅੱਗ ਲਗਾਉਣ ਦੇ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ। ਅੱਗ ਲਗਾਉਣ ਨਾਲ ਵਾਤਾਵਰਨ ਵਿਚ ਹਵਾ ਪ੍ਰਦੂਸ਼ਣ ਹੋ ਰਿਹਾ ਹੈ, ਧੂੰਏਂ ਨਾਲ ਸਾਹ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੀ ਭੇਟ ਕਿਸਾਨ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਚੜ੍ਹ ਰਹੇ ਹਨ। ਖੇਤ ਵਿਚ ਜੋ ਮਿੱਤਰ ਕੀੜੇ-ਮਕੌੜੇ ਹਨ, ਉਹ ਵੀ ਝੁਲਸ ਜਾਂਦੇ ਹਨ, ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ।
ਭਾਵੇਂ 'ਕੌਮੀ ਗ੍ਰੀਨ ਟ੍ਰਿਬਿਊਨਲ ਸੰਸਥਾ ਨੇ 10 ਦਸੰਬਰ 2015 ਨੂੰ ਪੰਜਾਬ ਸਮੇਤ ਕੌਮੀ ਰਾਜਧਾਨੀ ਖੇਤਰ ਵਿਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰੀ ਪਾਬੰਦੀ ਲਗਾਈ ਹੋਈ ਹੈ।' ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਨੇ ਫਸਲਾਂ ਦੀ ਰਹਿੰਦ-ਖੂੰਹਦ ਸਾੜਨ 'ਤੇ ਰੋਕ ਲਗਾ ਦਿੱਤੀ ਹੈ। ਪਰ ਇਹ ਜ਼ਮੀਨੀ ਪੱਧਰ 'ਤੇ ਹੁਣ ਤੱਕ ਲਾਗੂ ਨਹੀਂ ਹੋ ਸਕੀ। ਝੋਨੇ ਦੀ ਪਰਾਲੀ ਦੇ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ, ਪਰ ਰੁਕ ਕਿਉਂ ਨਹੀਂ ਰਹੇ? ਸਰਕਾਰ ਅਸਫ਼ਲ ਕਿਉਂ ਹੋ ਰਹੀ ਹੈ? ਇਸ ਪਿੱਛੇ ਕਈ ਪਹਿਲੂ ਜ਼ਿੰਮੇਵਾਰ ਹਨ।
ਪੂਸਾ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਿਰਫ਼ 10 ਤੋਂ 15 ਦਿਨਾਂ ਦਾ ਸਮਾਂ ਹੁੰਦਾ ਹੈ। ਏਨੇ ਥੋੜ੍ਹੇ ਸਮੇਂ ਵਿਚ ਕਿਸਾਨ ਕਿਸ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿਚ ਕੁਤਰਾ ਕਰਕੇ ਖ਼ਤਮ ਕਰ ਸਕਦਾ ਹੈ। ਦੂਸਰਾ ਜੇਕਰ ਆਧੁਨਿਕ ਮਸ਼ੀਨਰੀ ਨਾਲ ਜਿਨ੍ਹਾਂ ਵਿਚ ਪੈਡੀ ਸਟਰਾਅ ਮੈਨੇਜਮੈਂਟ ਸਿਸਟਮ, ਹੈਪੀ ਸੀਡਰ, ਪੈਡੀ ਸਟਰਾਅ, ਸਟਰਾਅ ਚੌਪਰ, ਮਲਚਰ, ਸ਼ਰੱਬ ਕਟਰ, ਰੋਟਰੀ ਸਲੈਸ਼ਰ ਆਦਿ ਨਾਲ ਰਹਿੰਦ-ਖੁਹਿੰਦ ਦਾ ਨਿਪਟਾਰਾ ਖੇਤ ਵਿਚ ਕਰਦਾ ਹੈ ਤਾਂ ਖਰਚ ਬਹੁਤ ਜ਼ਿਆਦਾ ਅਤੇ ਮਸ਼ੀਨਰੀ ਬਹੁਤ ਮਹਿੰਗੀ ਦੀ ਲੋੜ ਪੈਂਦੀ ਹੈ, ਜੋ ਹਰੇਕ ਕਿਸਾਨ ਕੋਲ ਸੰਭਵ ਨਹੀਂ ਹੈ।
ਸਰਕਾਰ ਨੂੰ ਰਹਿੰਦ-ਖੂੰਹਦ ਸਾੜਨ ਉੱਪਰ ਰੋਕ ਲਗਾਉਣ ਤੋਂ ਪਹਿਲਾਂ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸਾਨਾਂ ਨੂੰ ਕੋਈ ਦੂਜਾ ਰਸਤਾ ਦਿਖਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਅਗਲੀ ਫਸਲ ਵੀ ਪਿਛੇਤੀ ਨਾ ਹੋਵੇ, ਨਾ ਵਾਤਾਵਰਨ ਪ੍ਰਦੂਸ਼ਿਤ ਹੋਵੇ। ਸਾਡੇ ਕੋਲ ਖੇਤੀਬਾੜੀ ਯੂਨੀਵਰਸਿਟੀ, ਖੇਤੀ ਮਾਹਿਰ, ਅਰਥ-ਸ਼ਾਸਤਰੀ ਅਤੇ ਵਿਦਵਾਨ ਮੌਜੂਦ ਹਨ, ਜੋ ਸਾਨੂੰ ਕੋਈ ਨਵੀਂ ਦਿਸ਼ਾ ਦਿਖਾ ਦੇਣ, ਜਿਸ ਨਾਲ ਦੋਵੇਂ ਪੱਖਾਂ ਦਾ ਬਚਾਅ ਕੀਤਾ ਜਾਵੇ।
ਸਰਕਾਰ ਆਪਣਾ ਫਰਜ਼ ਨਿਭਾਉਂਦੀ ਹੋਈ ਸਹਿਕਾਰੀ ਸਭਾਵਾਂ ਰਾਹੀਂ ਚੌਖੀ ਗਿਣਤੀ ਵਿਚ ਮਹਿੰਗੇ ਸੰਦਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਮੁਹੱਈਆ ਕਰਵਾਏ ਕਿਉਂਕਿ ਪੰਜਾਬ ਦੇ ਕਿਸਾਨ ਕੋਲ ਏਨੀ ਤਾਕਤ ਨਹੀਂ ਕਿ ਇਸ ਸਮੇਂ ਉਹ ਮਹਿੰਗੇ ਸੰਦ ਖਰੀਦ ਸਕਣ ਅਤੇ ਥੋੜ੍ਹੇ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕੇ। ਸਰਕਾਰ ਦੇ ਇਹ ਉੱਦਮ ਨਾਲ ਜਿਥੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਮਜਬੂਤੀ ਆਵੇਗੀ, ਉਥੇ ਵਾਤਾਵਰਨ ਦੀ ਸੰਭਾਲ, ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ।

-ਹਰਫ਼ ਕਾਲਜ, ਮਲੇਰਕੋਟਲਾ। ਸੰਪਰਕ : 94179-71451.

ਵੱਡੀ ਚਿੰਤਾ ਦਾ ਵਿਸ਼ਾ

ਵਾਤਾਵਰਨ 'ਤੇ ਪੈ ਰਹੇ ਮਾੜੇ ਪ੍ਰਭਾਵ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭਨਾਂ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ ਪਰੰਤੂ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ -ਧਰਾਏ ਹੀ ਰਹਿ ਜਾਂਦੇ ਹਨ, ਜਿਸ ਕਾਰਨ ਜਿਥੇ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲੀਆਂ ਭਾਰੀ-ਭਰਕਮ ਰਕਮਾਂ ਫਜ਼ੂਲ ਅਤੇ ਅਜਾਈਂ ਜਾਂਦੀਆਂ ਹਨ, ਉਥੇ ਹੀ ਇਨ੍ਹੀਂ ਦਿਨੀਂ ਸੜਕ ਹਾਦਸਿਆਂ ਵਿਚ ਬਹੁਤ ਜ਼ਿਆਦਾ ਵਾਧਾ ਵੇਖਣ ਨੂੰ ਮਿਲਦਾ ਹੈ। ਪਿਛਲੇ ਸਾਲ ਦੀ ਗੱਲ ਹੈ ਜਦੋਂ ਧੂੰਏਂ ਦੇ ਬਣੇੇ ਬੱਦਲਾਂ ਦੀ ਲਪੇਟ ਪੂਰੇ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿਚ ਵੀ ਕਈ ਦਿਨਾਂ ਤੱਕ ਹਨੇਰਾ ਛਾਇਆ ਰਿਹਾ, ਜਿਸ ਦੇ ਚੱਲਦਿਆਂ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਵਾਪਰੇ ਹਾਦਸੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ।
ਸਾਡਾ ਪੰਜਾਬ ਜੋ ਕਿ ਇਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਵਿਚ ਲਗਭਗ 65 ਲੱਖ ਏਕੜ ਰਕਬੇ 'ਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫ਼ਸਲ ਦੀ ਪ੍ਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ ਉਸ ਦੇ ਤੱਥ ਯਕੀਨਨ ਚਿੰਤਾਜਨਕ ਹਨ। ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ, ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪੁਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਚ ਬੇ-ਤਹਾਸ਼ਾ ਕਮੀਂ ਆਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫ਼ਸਲਾਂ ਦੇ ਵਧੇਰੇ ਵਧਣ-ਫੁਲਣ ਲਈ ਜ਼ਰੂਰੀ ਮਲੜ ਦੇ ਨਾਲ-ਨਾਲ ਲਗਭਗ 38 ਲੱਖ ਟਨ ਜੈਵਿਕ ਕਾਰਬਨ ਸੜ ਜਾਂਦੇ ਹਨ, ਜਿਸ ਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰੱਖਤ ਪਰਾਲੀ ਨੂੰ ਲਗਾਈ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਹਿਲੇ ਸਮਿਆਂ 'ਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ ਲੇਕਿਨ ਜਦ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ ਉਸ ਨਾਲ ਸ਼ਹਿਦ ਦੀਆਂ ਅਣ-ਗਿਣਤ ਮੱਖੀਆਂ ਮਰ ਚੁੱਕੀਆਂ ਹਨ, ਜਿਸ ਦੇ ਫਲਸਰੂਪ ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਸਾਡੇ ਸਮਾਜ 'ਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਪੰਛੀਆਂ 'ਤੇ ਜੀਵ-ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।
ਦੂਸਰੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਅਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰਕੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰਥਾ ਘਟਾਉਂਦੀ ਹੈ ਇਸ ਦੇ ਨਾਲ ਹੀ ਕਾਰਬਨ ਡਾਈਅਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਅਕਸਾਈਡ ਅਤੇ ਨਾਈਟਰੋਜਨ ਅਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ 'ਤੇ ਸਿੱਧਾ ਅਸਰ ਕਰਦੇ ਹਨ, ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿਠੱਣਾ ਇਕੱਲੇ ਸੂਬਾ ਸਰਕਾਰ ਦੇ ਵੱਸ ਦੀ ਗੱਲ ਨਹੀਂ, ਸਗੋਂ ਇਹ ਸਮੁੱਚੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੋਵੇਂ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੁਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ। ਸਾਨੂੰ ਸਭ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਧਰਤੀ 'ਤੇ ਅਸੀਂ ਰਹਿੰਦੇ ਹਾਂ ਇਸ ਦੇ ਚੌਗਿਰਦੇ ਤੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਇਕੱਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ, ਸਗੋਂ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਅਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਚਲੋ ਆਓ! ਅਸੀਂ ਸਭ ਵੀ ਇਹੋ ਸਲੋਗਨ ਅਪਨਾਈਏ ਕਿ 'ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ, ਸਗੋਂ ਇਸ ਨੂੰ ਅਪਣੇ ਖੇਤਾਂ ਵਿਚ ਹੀ ਮਿਲਾਓ' ਅਤੇ ਵਾਤਾਵਰਨ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਬਣਾਓ।

-ਮਲੇਰਕੋਟਲਾ।

ਸਰਕਾਰੀ ਨੀਤੀਆਂ ਤੇ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ

ਪੰਜਾਬ ਵਿਚ ਕਿਸਾਨਾਂ ਵਲੋਂ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਲਗਾਈ ਜਾਂਦੀ ਅੱਗ ਦਾ ਮੁੱਦਾ ਅੱਗ ਵਾਂਗ ਹੀ ਭਖਦਾ ਰਹਿੰਦਾ ਹੈ ਕਿਉਂਕਿ ਝੋਨੇ ਦੀ ਪਰਾਲੀ ਵਾਲੀ ਅੱਗ ਦੇ ਧੂੰਏਂ ਦਾ ਸੇਕ ਹਰਿਆਣੇ ਵਿਚੋਂ ਹੁੰਦਾ ਹੋਇਆ ਦਿੱਲੀ ਤੱਕ ਵੀ ਪੁੱਜ ਜਾਂਦਾ ਹੈ ਅਤੇ ਦਿਨ-ਦਿਹਾੜੇ ਹੀ ਰਾਤ ਮਹਿਸੂਸ ਹੋਣ ਲਗਦੀ ਹੈ। ਕਣਕ ਦੇ ਨਾੜ ਨਾਲੋਂ ਝੋਨੇ ਦੀ ਪਰਾਲੀ ਦਾ ਧੂੰਆਂ ਇਸ ਕਰਕੇ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਕਿਉਂਕਿ ਝੋਨੇ ਦੇ ਗਿੱਲੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਕਰਕੇ ਧੂੰਆਂ ਸੰਘਣਾ ਅਤੇ ਚਿੱਟਾ ਹੁੰਦਾ ਹੈ।
ਦੂਸਰਾ ਕਣਕ ਨਾਲੋਂ ਝੋਨੇ 'ਤੇ ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਧੂੰਆਂ ਜ਼ਹਿਰੀਲਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਪਰਾਲੀ ਨੂੰ ਅੱਗ ਲੱਗਣ ਕਾਰਨ ਨੇੜੇ ਖੜ੍ਹੇ ਰੁੱਖ ਅਤੇ ਜ਼ਮੀਨ ਵਿਚ ਰਹਿਣ ਵਾਲੇ ਮਿੱਤਰ ਕੀੜੇ ਵੀ ਅੱਗ 'ਚ ਸੜ ਜਾਂਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਹੀ ਜ਼ਿੰਮੇਵਾਰ ਹੈ ਜਾਂ ਫਿਰ ਹੋਰ ਵੀ ਕਈ ਅਜਿਹੇ ਸਾਧਨ ਹਨ, ਜਿਨ੍ਹਾਂ ਰਾਹੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ। ਦੀਵਾਲੀ ਮੌਕੇ ਤਿਉਹਾਰ ਦੇ ਨਾਂਅ 'ਤੇ ਚਲਾਈ ਜਾਂਦੀ ਆਤਿਸ਼ਬਾਜ਼ੀ ਅਤੇ ਹੋਰ ਧਾਰਮਿਕ ਸਮਾਗਮਾਂ ਵੇਲੇ ਵੀ ਧਮਾਕੇਦਾਰ ਪਟਾਕੇ ਚਲਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਸਾਰਾ ਸਾਲ ਹੀ ਪ੍ਰਦੂਸ਼ਣ ਫੈਲਦਾ ਰਹਿੰਦਾ ਹੈ ਪਰ ਦੋਸ਼ੀ ਕਿਸਾਨ ਵਲੋਂ ਲਗਾਈ ਜਾਂਦੀ ਪਰਾਲੀ ਦੀ ਅੱਗ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ।
ਸਾਲ 2018 ਵਿਚ ਸਤੰਬਰ ਮਹੀਨੇ ਤੱਕ ਪਰਾਲੀ ਦੇ ਯੋਗ ਪ੍ਰਬੰਧ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ 7337 ਮਸ਼ੀਨਾਂ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਦਿੱਤੀਆਂ ਗਈਆਂ ਸਨ। ਜਦੋਂ ਕਿ ਕੁੱਲ 24,315 ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣੀਆਂ ਸਨ। ਇਨ੍ਹਾਂ ਪਰਾਲੀ ਨੂੰ ਸੰਭਾਲਣ ਵਾਲੇ ਸੰਦਾਂ 'ਤੇ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਸਹਿਕਾਰੀ ਸਭਾਵਾਂ ਨੂੰ 80 ਫ਼ੀਸਦੀ ਸਬਸਿਡੀ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਕਿਸਾਨਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਵਿਚ ਕੁਝ ਕਿਸਾਨਾਂ ਨੇ ਜ਼ੀਰੋ ਡਰਿੱਲ ਰਾਹੀਂ ਪਰਾਲੀ ਵਿਚ ਹੀ ਕਣਕ ਬੀਜਣ ਦਾ ਤਜਰਬਾ ਕੀਤਾ। ਪਰ ਪਰਾਲੀ ਜ਼ਿਆਦਾ ਹੋਣ ਕਰਕੇ ਜ਼ਮੀਨ ਵਿਚ ਚੂਹੇ ਖੁੱਡਾਂ ਬਣਾ ਲੈਂਦੇ ਹਨ, ਜਿਸ ਕਰਕੇ ਕਣਕ ਦੇ ਬੀਜ ਦਾ ਨੁਕਸਾਨ ਹੁੰਦਾ ਹੈ ਅਤੇ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਸਮੇਂ ਝੋਨੇ ਦੀ ਪਰਾਲੀ ਦਾ ਬਣਿਆ ਹੋਇਆ ਰੇਤਾ ਤੂੜੀ 'ਚ ਮਿਲਣ ਕਰਕੇ ਤੂੜੀ ਵਧੀਆ ਨਹੀਂ ਬਣਦੀ, ਜਿਸ ਕਰਕੇ ਕਿਸਾਨਾਂ ਨੂੰ ਕਈ ਮਜਬੂਰੀਆਂ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਪਰਾਲੀ ਨੂੰ ਸਾੜਨ ਵਰਗੀ ਗੰਭੀਰ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਵਿਭਾਗ ਨੂੰ ਅਗੇਤੀਆਂ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਤਿਆਰ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਝਾੜ ਵੀ ਪੂਰਾ ਹੋਵੇ। ਪੰਜਾਬ ਸਰਕਾਰ ਨੂੰ ਝੋਨੇ ਦੇ ਬਦਲ ਵਾਲੀਆਂ ਹੋਰ ਫਸਲਾਂ ਦੇ ਮੁੱਲ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿਚ ਨਰਮੇ ਦੀ ਫਸਲ ਵੀ ਸ਼ਾਮਿਲ ਹੈ।
ਜੇਕਰ ਪੰਜਾਬ ਸਰਕਾਰ ਵਲੋਂ ਮਾਲਵੇ ਅਤੇ ਦੁਆਬੇ ਦੇ ਹਿੱਸੇ ਨੂੰ ਹੀ ਖੇਤੀ ਵਿਭਿੰਨਤਾ ਅਧੀਨ ਲਿਆ ਕੇ ਫਸਲਾਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਣ ਤਾਂ ਅੱਧ ਤੋਂ ਜ਼ਿਆਦਾ ਪੰਜਾਬ ਨੂੰ ਝੋਨੇ ਦਾ ਰਕਬੇ ਹੇਠੋਂ ਬਾਹਰ ਕੱਢਿਆ ਜਾ ਸਕਦਾ ਹੈ। ਵੈਸੇ ਵੀ ਹੁਣ ਦੂਸਰੇ ਰਾਜਾਂ ਨੂੰ ਪੰਜਾਬ ਦੇ ਚੌਲਾਂ ਦੀ ਜ਼ਰੂਰਤ ਨਹੀਂ ਰਹੀ ਕਿਉਂਕਿ ਜਿਹੜੇ ਰਾਜ ਪੰਜਾਬ ਦੇ ਚੌਲਾਂ 'ਤੇ ਨਿਰਭਰ ਸਨ, ਉਹ ਆਪਣੀ ਖਪਤ ਜੋਗੇ ਚੌਲ ਆਪਣੇ ਰਾਜਾਂ ਵਿਚ ਹੀ ਪੈਦਾ ਕਰ ਰਹੇ ਹਨ, ਜਿਸ ਕਰਕੇ ਪੰਜਾਬ ਸਰਕਾਰ ਨੂੰ ਖੇਤੀ ਵਿਭਿੰਨਤਾ ਵਾਲਾ ਫਾਰਮੂਲਾ ਅਪਣਾ ਕੇ ਪਰਾਲੀ ਨੂੰ ਸਾੜਨ ਦਾ ਹੱਲ ਲੱਭਣਾ ਚਾਹੀਦਾ ਹੈ।

-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ। ਮੋਬਾਈਲ : 98761-01698.

ਪਰਾਲੀ ਸਾੜਨ ਦੀ ਸਮੱਸਿਆ ਦਾ ਉਸਾਰੂ ਹੱਲ ਕੱਢਿਆ ਜਾਵੇ

ਪਰਾਲੀ ਸਾੜਨ ਦੀ ਸਮੱਸਿਆ ਅਜੋਕੇ ਸਮੇਂ ਵਿਚ ਹਰ ਇਕ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ, ਜਿਸ ਦਾ ਅਜੇ ਤੱਕ ਕੋਈ ਸੁਚੱਜਾ ਹੱਲ ਨਹੀਂ ਲੱਭਿਆ ਜਾ ਸਕਿਆ ਹੈ। ਹਰ ਸਾਲ ਇਸ ਨਾਲ ਅਨੇਕਾਂ ਜਾਨਾਂ ਚਲੀਆਂ ਜਾਂਦੀਆਂ ਹਨ, ਬਹੁਤੇ ਬਿਮਾਰੀਆਂ ਵਿਚ ਘਿਰ ਜਾਂਦੇ ਹਨ ਅਤੇ ਦਮ ਘੁੱਟਣ ਲੱਗਦਾ ਹੈ। ਅਜਿਹੇ ਸਮੇਂ ਸਾਹ, ਦਿਲ ਅਤੇ ਫੇਫੜਿਆਂ ਦੇ ਮਰੀਜ਼ਾਂ ਦੀ ਚਿੰਤਾ ਵੱਧ ਜਾਂਦੀ ਹੈ। ਭਵਿੱਖ ਲਈ ਵੀ ਇਸ ਦੇ ਨਤੀਜੇ ਚੰਗੇ ਨਹੀਂ ਹਨ। ਇਸ ਦਾ ਹੱਲ ਖੇਤੀ ਮਾਹਿਰਾਂ ਅਤੇ ਸਰਕਾਰਾਂ ਨੂੰ ਰਲਮਿਲ ਕੇ ਅਤੇ ਵਿਚਾਰ ਕਰ ਕੇ ਕਰਨਾ ਪੈਣਾ ਹੈ।
ਵਰਤਮਾਨ ਸਮੇਂ ਪਰਾਲੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਜੋ ਪਰਾਲੀ ਸਾੜ ਕੇ ਆਪਣੀ ਅਤੇ ਸਮਾਜ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਰਹੇ ਹਨ। ਇਹ ਠੀਕ ਹੈ ਕਿ ਪਰਾਲੀ ਨਿਪਟਾਰੇ ਲਈ ਕਿਸਾਨਾਂ ਨੂੰ ਕੁਝ ਖਰਚ ਕਰਨਾ ਪੈਂਦਾ ਹੈ, ਜਿਸ ਦੀ ਭਰਪਾਈ ਦੀ ਮੰਗ ਕਰਨ ਲਈ ਕਿਸਾਨ ਪਰਾਲੀ ਸਾੜ ਰਹੇ ਹਨ। ਪਰ ਆਪਣੀ ਮੰਗ ਪੂਰੀ ਕਰਨ ਲਈ ਹੋਰ ਵੀ ਢੰਗ ਅਪਣਾਏ ਜਾ ਸਕਦੇ ਹਨ। ਕਿਸਾਨਾਂ ਨੂੰ ਇਹ ਜ਼ਰੂਰ ਲਗਦਾ ਹੈ ਕਿ ਪਰਾਲੀ ਸਾੜ ਕੇ ਉਨ੍ਹਾਂ ਨੇ ਕੁਝ ਪੈਸੇ ਬਚਾ ਲਏ ਹਨ ਪਰ ਜੋ ਨੁਕਸਾਨ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਹੁੰਦਾ ਹੈ ਜਾਂ ਫ਼ਸਲਾਂ ਲਈ ਲਾਭਕਾਰੀ ਕਿਸਾਨੀ ਮਿੱਤਰ ਕੀੜੇ ਮਰ ਜਾਂਦੇ ਹਨ, ਉਸ ਨੁਕਸਾਨ ਦਾ ਅੰਦਾਜ਼ਾ ਨਹੀਂ ਹੈ। ਦੂਜਾ ਇਸ ਨਾਲ ਜੋ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਉਸੇ ਹਵਾ ਵਿਚ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਵੀ ਸਾਹ ਲੈਣਾ ਹੈ, ਜਿਸ ਸਰਕਾਰ ਤੋਂ ਕਿਸਾਨ ਵੀਰ ਆਪਣੀ ਮੰਗ ਮਨਾਉਣ ਲਈ ਇਹ ਢੰਗ ਅਪਣਾਉਂਦੇ ਹਨ, ਉਸ ਸਰਕਾਰ ਦਾ ਮੰਤਰੀ ਜਾਂ ਨੇਤਾ ਬੰਦ ਏ. ਸੀ. ਗੱਡੀਆਂ ਵਿਚ ਆਉਂਦੇ ਹਨ ਅਤੇ ਵੱਡੇ ਸ਼ਹਿਰਾਂ ਵਿਚ ਰਹਿੰਦੇ ਹਨ। ਇਸ ਲਈ ਉਨ੍ਹਾਂ 'ਤੇ ਇਸ ਦਾ ਘੱਟ ਹੀ ਅਸਰ ਹੁੰਦਾ ਹੈ। ਦੁਖੀ ਤਾਂ ਆਮ ਜਨਤਾ ਹੁੰਦੀ ਹੈ। ਆਪਣੀ ਮੰਗ ਨੂੰ ਯੂਨੀਅਨਾਂ ਹੋਰ ਢੰਗ ਨਾਲ ਵੀ ਉਠਾ ਸਕਦੀਆਂ ਹਨ, ਜਿਸ ਨਾਲ ਸਰਕਾਰ 'ਤੇ ਅਸਰ ਹੋਵੇ। ਸਰਕਾਰ ਦਾ ਤਰਕ ਹੈ ਕਿ ਫ਼ਸਲ ਕਿਸਾਨ ਵੇਚਦਾ ਹੈ ਤਾਂ ਇਸ ਦੇ ਨਿਪਟਾਰੇ ਦਾ ਖਰਚ ਵੀ ਕਿਸਾਨ ਆਪ ਕਰਨ। ਪਰ ਅੱਜ ਕਿਸਾਨ ਦੀ ਆਮਦਨ ਵਿਚ ਜਿਸ ਕਦਰ ਕਮੀ ਆ ਰਹੀ ਹੈ। ਸਰਕਾਰ ਨੂੰ ਵੀ ਇਸ ਸਮੱਸਿਆ ਦੇ ਨਿਪਟਾਰੇ ਲਈ ਕੋਈ ਉਸਾਰੂ ਹੱਲ ਲੱਭਣਾ ਚਾਹੀਦਾ ਹੈ। ਬਜਟ ਵਿਚ ਇਸ ਲਈ ਕੋਈ ਇੰਤਜ਼ਾਮ ਕਰਨਾ ਚਾਹੀਦਾ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਲੱਭੇ। ਕਿਸਾਨਾਂ ਨੂੰ ਅਜਿਹੀਆਂ ਮਸ਼ੀਨਾਂ ਮੁਹੱਈਆ ਕਰਾਈਆਂ ਜਾਣ, ਜਿਸ ਨਾਲ ਇਹ ਪਰਾਲੀ ਬਰੀਕ ਕੁਤਰ ਕੇ ਮਿੱਟੀ ਵਿਚ ਮਲਾਈ ਜਾਵੇ। ਕਈ ਕਿਸਾਨ ਝੋਨੇ ਦੀ ਪਰਾਲੀ ਨੂੰ ਬਰੀਕ ਕੁਤਰ ਕੇ ਤਵੀਆਂ ਨਾਲ ਵਾਹ ਕੇ ਜ਼ਮੀਨ ਵਿਚ ਹੀ ਮਿਲਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਉਪਜ ਵੀ ਵਧੀ ਹੈ।
ਅਸੀਂ ਸਮਾਜ ਦਾ ਹੀ ਹਿੱਸਾ ਹਾਂ। ਦੂਜਿਆਂ ਦੇ ਦੁੱਖ-ਸੁੱਖ ਬਾਰੇ ਵੀ ਸੋਚਣਾ ਸਾਡਾ ਫਰਜ਼ ਹੈ। ਦੂਜਿਆਂ ਦੀ ਜਾਨ ਖ਼ਤਰੇ ਵਿਚ ਪਾ ਕੇ ਆਪਣੀ ਮੰਗ ਮਨਾਉਣੀ ਜਾਂ ਪੈਸਾ ਬਚਾਉਣਾ ਭਲਾਈ ਦਾ ਕਾਰਜ ਨਹੀਂ। ਇਸ ਨਾਲ ਤਾਂ ਅਸੀਂ ਪ੍ਰਮਾਤਮਾ ਦੀ ਕੁਦਰਤ ਨੂੰ ਹੀ ਵਿਗਾੜ ਰਹੇ ਹਾਂ ਅਤੇ 'ਬਲਹਿਰੀ ਕੁਦਰਤਿ ਵਸਿਆ' ਰਾਹੀਂ ਉਹ ਆਪ ਕੁਦਰਤ ਵਿਚ ਵਸਦਾ ਹੈ। ਵਾਹਿਗੁਰੂ ਅਕਾਲ ਪੁਰਖ ਅਜਿਹੇ ਕੰਮਾਂ ਨਾਲ ਖੁਸ਼ ਨਹੀਂ ਹੁੰਦਾ। ਇਸ ਨਾਲ ਜੋ ਅਨੇਕਾਂ ਪ੍ਰਾਣੀ ਸਾਹ, ਫੇਫੜੇ ਅਤੇ ਦਿਲ ਦੀਆਂ ਬਿਮਾਰੀਆਂ ਦੇ ਜਕੜ ਵਿਚ ਆਉਂਦੇ ਹਨ, ਉਨ੍ਹਾਂ ਵਿਚ ਉਹ ਆਪ ਜਾਂ ਉਸ ਦਾ ਪਰਿਵਾਰ ਵੀ ਸ਼ਾਮਿਲ ਹੈ, ਕਿਉਂਕਿ ਇਸ ਪ੍ਰਦੂਸ਼ਣ ਦਾ ਜ਼ਿਆਦਾਤਰ ਅਸਰ ਪਿੰਡਾਂ ਵਿਚ ਹੁੰਦਾ ਹੈ, ਜੋ ਕਿ ਖੇਤਾਂ ਦੇ ਨੇੜੇ ਹੁੰਦੇ ਹਨ। ਇਸ ਲਈ ਅਸੀਂ ਆਪਣੇ ਪੈਰੀਂ ਆਪ ਕੁਲਹਾੜੀ ਨਾ ਮਰਾਈਏ। ਆਪਣੀਆਂ ਮੰਗਾਂ ਲਈ ਕੋਈ ਹੋਰ ਰਾਹ ਅਪਣਾਈਏ। ਪਰਾਲੀ ਸਾੜਨ ਤੋਂ ਤੌਬਾ ਕਰੀਏ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।

-ਕਬੀਰ ਕਾਲੋਨੀ, ਬੁਢਲਾਡਾ (ਮਾਨਸਾ)। ਮੋਬਾਈਲ : 94175-10843.

ਆਧੁਨਿਕ ਤਕਨੀਕ ਨਾਲ ਹੋਵੇ ਪਰਾਲੀ ਦੀ ਸੁਚੱਜੀ ਵਰਤੋਂ

ਅਕਤੂਬਰ ਮਹੀਨੇ ਸਾਰੇ ਉੱਤਰੀ ਭਾਰਤ ਵਿਚ ਸਾਉਣੀ ਦੀ ਫ਼ਸਲ : ਝੋਨੇ ਦੀ ਵਾਢੀ ਹੁੰਦੀ ਹੈ। ਜਿਥੇ ਕਿਸਾਨ ਪੂਰੀ ਮਿਹਨਤ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ, ਉਥੇ ਉਸ ਦੇ ਹੱਥੋਂ ਇਕ ਬਹੁਤ ਵੱਡਾ ਗੁਨਾਹ ਵੀ ਹੋ ਰਿਹਾ ਹੈ। ਇਕੱਲੇ ਪੰਜਾਬ ਤੇ ਹਰਿਆਣੇ ਵਿਚ ਚਾਰ ਕਰੋੜ ਟਨ ਦੇ ਲਗਪਗ ਪਰਾਲੀ ਪੈਦਾ ਹੁੰਦੀ ਹੈ, ਜਿਸ ਦੇ 90 ਫ਼ੀਸਦੀ ਭਾਗ ਨੂੰ ਖੇਤਾਂ ਵਿਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ। ਜੇਕਰ ਸਾਰੇ ਭਾਰਤ ਦੀ ਗੱਲ ਕਰੀਏ ਤਾਂ ਇਹ ਅੰਕੜਾ ਦਸ ਕਰੋੜ ਟਨ 'ਤੇ ਪਹੁੰਚ ਜਾਂਦਾ ਹੈ। ਪਰਾਲੀ ਸੜਨ ਦੀ ਇਸ ਪ੍ਰਕਿਰਿਆ ਨਾਲ ਧਰਤ ਤਾਪ ਵਿਚ ਭਾਰੀ ਵਾਧਾ ਹੁੰਦਾ ਹੈ। (1) ਪਰਾਲੀ ਦੇ ਸੜਨ ਨਾਲ ਤਾਪ ਵਿਚ ਸਿੱਧਾ ਵਾਧਾ ਹੁੰਦਾ ਹੈ। (2) ਪਰਾਲੀ ਦੇ ਸੜਨ ਨਾਲ ਵੱਡੀ ਮਾਤਰਾ ਵਿਚ ਗੈਸਾਂ ਨਿਕਲਦੀਆਂ ਹਨ, ਜਿਸ ਨਾਲ ਆਸਮਾਨ ਵਿਚ ਕਾਰਬਨ ਗੈਸਾਂ ਦੀ ਮਾਤਰਾ ਵਿਚ ਭਾਰੀ ਵਾਧਾ ਹੁੰਦਾ ਹੈ। ਖੇਤ ਵਿਚ ਖੜੀ ਪਰਾਲੀ ਨੂੰ ਅੱਗੇ ਲਗਾਉਣ ਨਾਲ ਧਰਤੀ ਵਿਚ ਮੌਜੂਦ ਸੂਖਮ ਜੀਵ ਮਰ ਜਾਂਦੇ ਹਨ। ਇਹ ਸੂਖਮ ਜੀਵ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਧਰਤੀ ਨੂੰ ਪੋਲਾ ਬਣਾਉਂਦੇ ਹਨ ਅਤੇ ਜੈਵਿਕ ਕਿਰਿਆਵਾਂ ਨਾਲ ਧਰਤੀ ਵਿਚ ਨਾਈਟ੍ਰੋਜਨ ਖਾਦ ਆਦਿ ਪਦਾਰਥ ਜਮ੍ਹਾਂ ਕਰਦੇ ਰਹਿੰਦੇ ਹਨ।
ਬਿਮਾਰੀਆਂ ਵਿਚ ਵਾਧਾ : ਪਰਾਲੀ ਨੂੰ ਅੱਗ ਲਗਾਉਣ ਨਾਲ ਖਾਂਸੀ, ਜ਼ੁਕਾਮ, ਅੱਖਾਂ ਵਿਚ ਜਲਣ ਅਤੇ ਸਾਹ ਦੀਆਂ ਬਿਮਾਰੀਆਂ ਵੀ ਵਧ ਜਾਂਦੀਆਂ ਹਨ, ਜਿਸ ਕਾਰਨ ਮਜ਼ਦੂਰ ਅਤੇ ਕਿਸਾਨ ਵਰਗ ਉੱਪਰ ਵਾਧੂ ਖਰਚਾ ਆ ਪੈਂਦਾ ਹੈ।
ਪਰਾਲੀ ਦੀ ਸਹੀ ਵਰਤੋਂ : ਝੋਨੇ ਦੀ ਪਰਾਲੀ ਵਿਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ, ਜੋ ਕਣਕ ਦੇ ਨਾੜ ਵਿਚ ਹੁੰਦੇ ਹਨ। ਪਰਾਲੀ ਦਾ ਕੁਤਰਾ ਕਰਕੇ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਗਊਸ਼ਾਲਾਵਾਂ ਵਿਚ ਪਰਾਲੀ ਨੂੰ ਸਾਰੇ ਸਾਲ ਲਈ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਜਾ ਸਕਦੀ ਹੈ।
ਪਰਾਲੀ ਦਾ ਉਦਯੋਗੀਕਰਨ : ਪਰਾਲੀ ਤੋਂ ਬਹੁਤ ਚੰਗੀ ਗੁਣਵੱਤਾ ਦਾ ਗੱਤਾ ਅਤੇ ਕਾਗਜ਼ ਬਣਾਏ ਜਾ ਸਕਦੇ ਹਨ। ਪਰ ਕੇਂਦਰੀ ਸਰਕਾਰਾਂ ਜਾਂ ਰਾਜ ਸਰਕਾਰਾਂ ਵਲੋਂ ਇਸ ਸਬੰਧ ਵਿਚ ਹਾਲੇ ਤੱਕ ਕੋਈ ਪਹਿਲ ਨਹੀਂ ਕੀਤੀ ਗਈ ਹੈ। ਭਾਰਤ ਨੂੰ 40 ਲੱਖ ਟਨ ਕਾਗਜ਼ ਏਸ਼ੀਅਨ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਆਏ ਸਾਲ ਕਾਗਜ਼ ਦੇ ਬਰਾਮਦ ਵਿਚ 50 ਫ਼ੀਸਦੀ ਵਾਧਾ ਹੋ ਰਿਹਾ ਹੈ। ਅਜਿਹੀ ਨੀਤੀ ਦੇ ਕਾਰਨ ਹੀ ਆਏ ਦਿਨ ਰੁਪਏ ਦੀ ਕੀਮਤ ਡਿੱਗ ਰਹੀ ਹੈ।
ਪਰਾਲੀ ਤੋਂ ਬਿਜਲੀ ਪੈਦਾ ਕਰਨਾ : ਇਹ ਉਪਰਾਲਾ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਕਰਨਾ ਪਵੇਗਾ। ਜੇਕਰ ਰਾਜਾਂ ਵਿਚ ਅਜਿਹੇ ਥਰਮਲ ਪਲਾਂਟ ਲਗਾਏ ਜਾਣ, ਜਿਸ ਵਿਚ ਪਰਾਲੀ, ਦਰੱਖਤਾਂ ਦੇ ਪੱਤੇ, ਕਪਾਹ ਦੀਆਂ ਛਟੀਆਂ ਅਤੇ ਨਗਰ ਪਾਲਿਕਾ ਦਾ ਠੋਸ ਕੂੜਾ ਕਰਕਟ ਨੂੰ ਸਾੜ ਕੇ ਬਿਜਲੀ ਤਿਆਰ ਕੀਤੀ ਜਾਵੇ ਤਾਂ ਅਜਿਹੇ ਪਲਾਂਟ ਦੇਸ਼ ਦਾ ਬਹੁਕੋਣੀ ਫ਼ਾਇਦਾ ਕਰ ਸਕਦੇ ਹਨ। ਇਕ ਤਾਂ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਘਰ ਠੋਸ ਕੂੜਾ ਕਰਕਟ ਸਹੀ ਨਿਪਟਾਰਾ ਕੀਤਾ ਜਾ ਸਕੇਗਾ, ਦੂਜਾ ਕਿਸਾਨ ਦਾ ਉਤਪਾਦ ਪਰਾਲੀ ਦੀ ਆਰਥਿਕ ਕਦਰ ਪੈ ਜਾਵੇਗੀ। ਦੋਵੇਂ ਪਾਸਿਓਂ ਵਾਤਾਵਰਨ ਨੂੰ ਚੌਖੀ ਸ਼ੁੱਧਤਾ ਪ੍ਰਦਾਨ ਹੋਵੇਗੀ।
ਪਰਾਲੀ ਨੂੰ ਗਾਲ ਕੇ, ਇਸ ਤੋਂ ਗੋਬਰ ਗੈਸ ਅਤੇ ਇਥਾਨੌਲ ਬਣਾਇਆ ਜਾ ਸਕਦਾ ਹੈ। ਗੋਬਰ ਗੈਸ ਨੂੰ ਉਚਿਤ ਦਬਾਅ ਦੇ ਕੇ ਸੀ. ਐਨ. ਜੀ. ਬਣਾਈ ਜਾਂਦੀ ਹੈ। ਸੀ. ਐਨ. ਜੀ. ਜਦੋਂ ਬਲਦੀ ਹੈ ਤਾਂ ਇਹ ਬਹੁਤ ਘੱਟ ਪ੍ਰਦੂਸ਼ਣ ਪੈਦਾ ਕਰਦੀ ਹੈ ਅਤੇ ਤਾਪ ਵੀ ਵੱਧ ਦਿੰਦੀ ਹੈ। ਇਸ ਮਕਸਦ ਲਈ ਪੰਜਾਬ ਦੇ ਪਹਿਲੇ ਬਾਇਓਮਾਸ ਪਲਾਂਟ ਦਾ ਨੀਂਹ ਪੱਥਰ 24 ਜੂਨ 2018 ਨੂੰ ਮਹਿਮਾ ਸਰਜਾ ਪਿੰਡ ਵਿਚ ਰੱਖਿਆ ਜਾ ਚੁੱਕਾ ਹੈ। ਪੰਜਾਬ ਵਿਚ ਅਜਿਹੇ 200 ਬਾਇਓਮਾਸ ਪਲਾਂਟ ਹੋਰ ਲਗਣੇ ਹਨ। ਇਥਾਨੌਲ ਦੀ ਖ਼ਪਤ ਪੈਟਰੋਲ ਵਿਚ ਕੀਤੀ ਜਾਂਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜ ਸਰਕਾਰਾਂ ਅਤੇ ਕੇਂਦਰੀ ਸਰਕਾਰ ਨੇ ਇਸ ਵਾਰ ਪਰਾਲੀ ਨਾ ਸਾੜਨ ਦੇਣ ਲਈ ਪੂਰੀ ਸਖ਼ਤ ਨੀਤੀ ਅਪਣਾਈ ਹੋਈ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗੇ ਲਗਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਉਹ ਕਿਸਾਨਾਂ ਦਾ ਹਿੱਤ ਨਹੀਂ ਪੂਰ ਰਹੀਆਂ ਹਨ। ਜੇਕਰ ਪਰਾਲੀ ਸਾੜਨ ਦੇ ਖਿਲਾਫ਼ ਸਾਡਾ ਸਮਾਜ, ਪ੍ਰਿੰਟ ਮੀਡੀਆ ਅਤੇ ਇਲੈਕਟਰੋਨਿਕ ਮੀਡੀਆ ਇਸੇ ਤਰ੍ਹਾਂ ਸਰਗਰਮ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਪਰਾਲੀ ਸੜਨ ਦੇ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲੇਗਾ, ਪਰਾਲੀ ਇਕ ਆਰਥਿਕ ਉਤਪਾਦ ਹੋਵੇਗੀ ਜਾਗਰੂਕ, ਕਿਸਾਨ ਨੂੰ ਵੀ ਪਰਾਲੀ ਨਾ ਸਾੜਨ ਲਈ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ।

-ਮੋਬਾਈਲ : 98143-41746
ਈ-ਮੇਲ : premlatakhanikar@gmail.com

ਸਮਾਜ ਦੇ ਕਿਸੇ ਵੀ ਮੋੜ 'ਤੇ ਮਹਿਫ਼ੂਜ਼ ਨਹੀਂ ਹੈ ਨਾਰੀ

ਭਾਰਤ ਸਰਕਾਰ ਵਲੋਂ 'ਬੇਟੀ ਬਚਾਓ' ਅਤੇ 'ਨਾਰੀ ਸੁਰੱਖਿਆ' ਦੇ ਲਗਾਏ ਜਾਣ ਵਾਲੇ ਨਾਅਰੇ ਸਿਰਫ਼ ਤਖ਼ਤੀਆਂ ਅਤੇ ਨੇਤਾਵਾਂ ਵਲੋਂ ਦਿੱਤੇ ਜਾਣ ਵਾਲੇ ਲੱਛੇਦਾਰ ਭਾਸ਼ਣਾਂ ਵਿਚ ਹੀ ਸੋਹਣੇ ਲਗਦੇ ਹਨ, ਪਰ ਅਸਲੀਅਤ ਵਿਚ ਇਹ ਨਾਅਰੇ ਅਜੋਕੇ ਤੱਥਾਂ ਤੋਂ ਕੋਹਾਂ ਦੂਰ ਪਏ ਜਾਪਦੇ ਹਨ। ਆਪਣੇ ਦੇਸ਼ ਅੰਦਰ ਕਾਨੂੰਨ ਵਿਵਸਥਾ ਨੂੰ ਲੀਰੋ-ਲੀਰ ਕਰਦਿਆਂ ਦੋਸ਼ੀਆਂ ਨੇ 8 ਸਾਲਾਂ ਦੀ ਮਾਸੂਮ ਬਾਲੜੀ ਆਸਿਫਾ ਬਾਨੋ ਨਾਲ ਮੰਦਰ ਵਿਚ ਜਬਰ ਜਨਾਹ ਅਤੇ ਬੱਚੀ ਅੰਜਲੀ ਨਾਲ ਜਬਰ ਜਨਾਹ ਕਰਕੇ ਸਮੁੱਚੇ ਦੇਸ਼ ਵਿਚ ਨਾਰੀ ਦੀ ਸੁਰੱਖਿਆ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਚੁੱਪ ਵੱਟਣੀ ਵੀ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ ਕਿ ਆਪਣੇ ਭਾਸ਼ਣਾਂ ਵਿਚ ਨਾਰੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਇਸ ਮਾਮਲੇ ਵਿਚ ਪਾਸਾ ਵਟਦੇ ਨਜ਼ਰ ਆ ਰਹੇ ਹਨ।
ਕਿਤੇ ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਲੜਕੀਆਂ 'ਤੇ ਰੰਜਿਸ਼ ਵਜੋਂ ਤੇਜ਼ਾਬੀ ਹਮਲੇ ਕਰ ਰਹੇ ਹਨ ਤੇ ਕਿਤੇ ਦਾਜ ਦਾ ਦੈਂਤ ਨਵੀਆਂ ਵਿਆਹੀਆਂ ਲੜਕੀਆਂ ਨੂੰ ਨਿਗਲਣ ਲਈ ਤਿਆਰ-ਬਰ ਤਿਆਰ ਖੜ੍ਹਾ ਵਿਖਾਈ ਦੇ ਰਿਹਾ ਹੈ। ਇਨ੍ਹਾਂ ਵਰਤਾਰਿਆਂ ਦਾ ਦ੍ਰਿਸ਼ ਅੱਜ ਵੀ ਇਹ ਸਾਬਤ ਕਰ ਰਿਹਾ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਅਤੇ ਇਸ ਦਾ ਆਉਣ ਵਾਲਾ ਭਵਿੱਖ ਵੀ ਮਹਿਫ਼ੂਜ਼ ਵਿਖਾਈ ਨਹੀਂ ਦੇ ਰਿਹਾ। ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਕਾਨੂੰਨ ਦਾ ਕੋਈ ਵੀ ਖ਼ੌਫ਼ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਛੋਟੀ ਬੱਚੀ ਜੈਨਿਬ ਅੰਸਾਰੀ ਨਾਲ ਹੋਏ ਸਮੂਹਿਕ ਜਬਰ ਜਨਾਹ ਸਬੰਧੀ ਕਥਿਤ ਦੋਸ਼ੀਆਂ ਨੂੰ ਸਰਕਾਰ ਵਲੋਂ ਬਹੁਤ ਹੀ ਘੱਟ ਸਮੇਂ ਵਿਚ ਸਜ਼ਾ ਦੇ ਦਿੱਤੀ ਗਈ ਸੀ। ਕੀ ਆਪਣੇ ਦੇਸ਼ ਭਾਰਤ ਵਿਚ ਅਜਿਹੇ ਕਾਨੂੰਨ ਨਹੀਂ ਬਣਾਏ ਜਾ ਸਕਦੇ?
ਸਮਾਜ ਵਿਚ ਔਰਤ ਵਰਗ ਨਾਲ ਹੋ ਰਹੇ ਜਬਰ ਜਨਾਹਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਇਸਤਰੀ ਵਰਗ ਲਈ ਕਿੰਨੀ ਕੁ ਸੁਰੱਖਿਆ ਹੈ ਅਤੇ ਇਸਤਰੀ ਵਰਗ ਆਪਣੇ-ਆਪ ਨੂੰ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦਾ ਹੈ। ਜਬਰ ਜਨਾਹ ਪੀੜਤਾਂ ਨੂੰ ਵਾਰ-ਵਾਰ ਅਦਾਲਤਾਂ ਵਿਚ ਬੁਲਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ, ਜਦੋਂ ਕਿ ਡਾਕਟਰੀ ਰਿਪੋਰਟਾਂ, ਮੁੱਦਈ ਦੇ ਬਿਆਨ ਤੇ ਹੋਰ ਘਟਨਾ ਸਮੇਂ ਦੇ ਸਬੂਤ ਹੁੰਦੇ ਹੋਏ ਵੀ ਵਾਰ-ਵਾਰ ਇਕੋ ਸਵਾਲ ਪੁੱਛੇ ਜਾਂਦੇ ਹਨ ਕਿ ਉਸ ਨਾਲ ਕੀ ਹੋਇਆ, ਕਿਵੇਂ ਹੋਇਆ, ਕਿਥੇ ਹੋਇਆ, ਕਿਸ ਨੇ ਕੀਤਾ?
ਦੇਸ਼ ਅੰਦਰ ਇਕ ਜਾਨਵਰ ਨੂੰ ਮਾਰਨ 'ਤੇ ਦੇਸ਼ ਦਾ ਕਾਨੂੰਨ ਸਖ਼ਤ ਸਜ਼ਾ ਦਿੰਦਾ ਹੈ ਪਰ ਬੱਚੀਆਂ ਨਾਲ ਜਬਰ ਜਨਾਹ ਕਰਕੇ ਕਤਲ ਕਰਨ ਵਾਲੇ ਅਕਸਰ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਰਹਿੰਦੇ ਹਨ। ਸਾਡਾ ਸਭ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਔਰਤਾਂ 'ਤੇ ਹੁੰਦੇ ਅੱਤਿਆਚਾਰ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੀਏ। ਸਰਕਾਰ ਨੂੰ ਵੀ ਚਾਹੀਦਾ ਹੈ ਅਜਿਹੇ ਦਰਿੰਦਿਆਂ ਨੂੰ ਜੇਕਰ ਕਾਨੂੰਨ ਫਾਂਸੀ ਨਹੀਂ ਦੇ ਸਕਦਾ ਤਾਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਨਾਗਰਿਕਤਾ ਭੰਗ ਕੀਤੀ ਜਾਵੇ ਅਤੇ ਦਰਿੰਦੇ ਨੂੰ ਮਰਨ ਤੱਕ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਜਾਂ ਫਿਰ ਅਰਬ ਦੇਸ਼ਾਂ ਦੇ ਕਾਨੂੰਨ ਦੀ ਤਰਜ਼ 'ਤੇ ਕਾਨੂੰਨ ਬਣਾ ਕੇ ਉਸ ਤਹਿਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਘਿਨੌਣੇ ਵਰਤਾਰੇ ਦੁਬਾਰਾ ਕਿਸੇ ਵੀ ਕੀਮਤ 'ਤੇ ਨਾ ਵਾਪਰ ਸਕਣ।

-ਪਿੰਡ ਤੇ ਡਾਕ: ਸੇਹ, ਜ਼ਿਲ੍ਹਾ ਲੁਧਿਆਣਾ। ਮੋਬਾ: 98729-00497

ਮਾਣ-ਮੱਤੇ ਅਧਿਆਪਕ-12

ਅੱਜ ਵੀ ਬੱਚਿਆਂ ਦੀ ਭਲਾਈ ਲਈ ਤਤਪਰ ਹਨ ਕੌਮੀ ਪੁਰਸਕਾਰ ਜੇਤੂ ਅਧਿਆਪਕ ਸ੍ਰੀ ਸੱਤਦੇਵ ਸ਼ਰਮਾ

ਇਕ ਅਧਿਆਪਕ ਕਿਸੇ ਇਕ ਖੇਤਰ ਨਹੀਂ ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਸੇ ਸੋਚ ਸਦਕਾ ਚੰਗਾ ਅਧਿਆਪਕ ਆਪਣੇ ਗਿਆਨ ਦਾ ਸਾਰਾ ਖਜ਼ਾਨਾ ਆਪਣੇ ਵਿਦਿਆਰਥੀਆਂ ਅੰਦਰ ਭਰਨ ਦੀ ਕੋਸ਼ਿਸ਼ ਵਿਚ ਜੀਵਨ ਲਗਾ ਦਿੰਦਾ ਹੈ। ਅਜਿਹੇ ਹੀ ਵਿਦਵਾਨ ਅਧਿਆਪਕ ਹਨ ਸ੍ਰੀ ਸੱਤਦੇਵ ਸ਼ਰਮਾ, ਜਿਹੜੇ ਬੱਚਿਆਂ ਨੂੰ ਉਨ੍ਹਾਂ ਵਰਗੇ ਬਣ ਕੇ ਹੀ ਪੜ੍ਹਾਉਂਦੇ ਰਹੇ ਹਨ।
ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਰਾਏ ਧਰਾਣਾ ਵਿਚ ਮਾਸਟਰ ਸ੍ਰੀ ਪ੍ਰੀਤਮ ਦੇਵ ਸ਼ਰਮਾ ਤੇ ਮਾਤਾ ਸ੍ਰੀਮਤੀ ਮਾਇਆ ਦੇਵੀ ਦੇ ਘਰ 4 ਅਪ੍ਰੈਲ, 1949 ਨੂੰ ਜਨਮੇ ਸ੍ਰੀ ਸੱਤਦੇਵ ਸ਼ਰਮਾ ਸਮੁੱਚੇ ਅਧਿਆਪਕ ਜਗਤ ਲਈ ਪ੍ਰੇਰਨਾ ਸਰੋਤ ਹਨ । ਮੈਟ੍ਰਿਕ ਸਰਕਾਰੀ ਹਾਈ ਸਕੂਲ ਲੈਹਲ ਕਲਾਂ ਤੋਂ ਕਰਕੇ ਉਨ੍ਹਾਂ ਨੇ 1967 ਵਿਚ ਜੇ.ਬੀ.ਟੀ. ਦਾ ਕੋਰਸ ਪਾਸ ਕੀਤਾ। ਆਪਣੇ ਪਰਿਵਾਰਕ ਸੰਸਕਾਰਾਂ ਅਤੇ ਪਿਤਾ ਜੀ ਦੇ ਮਾਰਗ-ਦਰਸ਼ਨ 'ਤੇ ਉਨ੍ਹਾਂ ਨੇ 1970 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਤੋਂ ਬਤੌਰ ਅਧਿਆਪਕ ਸਫਰ ਸ਼ੁਰੂ ਕੀਤਾ। ਸ੍ਰੀ ਸੱਤਦੇਵ ਸ਼ਰਮਾ ਨੇ ਉਹ ਸਾਰੀਆਂ ਵਿਧੀਆਂ 1970 ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਅੱਜ ਪ੍ਰਾਇਮਰੀ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਲਈ ਪੜ੍ਹੋ ਪੰਜਾਬ ਪ੍ਰੋਜੈਕਟ ਰਾਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਸਕੂਲ ਵਿਚ ਅਖ਼ਬਾਰਾਂ ਦੀਆਂ ਕਟਿੰਗਾਂ ਰਾਹੀਂ ਫਾਈਲ, ਕਹਾਣੀਆਂ, ਕਵਿਤਾਵਾਂ ਕੱਟ ਕੇ ਲਾਇਬ੍ਰੇਰੀ ਅਤੇ ਉਨ੍ਹਾਂ ਸਮਿਆਂ ਵਿਚ ਵੀ ਵਾਧੂ ਟੁੱਟੇ ਹੋਏ ਸਾਮਾਨ ਤੋਂ ਮਟੀਰੀਅਲ ਤਿਆਰ ਕਰਕੇ ਬੱਚਿਆਂ ਨੂੰ ਪੜ੍ਹਾਇਆ।
ਸ੍ਰੀ ਸੱਤਦੇਵ ਸ਼ਰਮਾ ਰਾਜ ਸਾਇੰਸ ਸਿੱਖਿਆ ਸੰਸਥਾ ਵਿਚ ਵੇਸਟ ਮਟੀਰੀਅਲ ਤੋਂ ਟੀ.ਐਲ.ਐਮ. ਤਿਆਰ ਕਰਨ ਵਿਚ ਦੋ ਵਾਰ ਸਟੇਟ ਪੱਧਰ 'ਤੇ ਐਵਾਰਡ ਹਾਸਲ ਕਰ ਚੁੱਕੇ ਹਨ, ਜਿਸ ਕਰਕੇ ਹੀ ਉਨ੍ਹਾਂ ਨੂੰ ਪੰਜਾਬ ਰਾਜ ਵਲੋਂ ਨਵੀਂ ਦਿੱਲੀ ਵਿਖੇ 40 ਦਿਨਾਂ ਕੋਰਸ ਲਈ ਭੇਜਿਆ ਗਿਆ ਸੀ। ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਉਪਲੀ ਵਿਖੇ ਪੜ੍ਹਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਤੇ ਨਿਪੁੰਨ ਕੀਤਾ। ਸ੍ਰੀ ਸੱਤਦੇਵ ਸ਼ਰਮਾ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਰਾਜ ਸਾਇੰਸ ਸਿੱਖਿਆ ਪੰਜਾਬ ਚੰਡੀਗੜ੍ਹ ਦੀ ਪ੍ਰੋਜੈਕਟ ਟੀਮ ਵਿਚ ਲਿਆ ਗਿਆ, ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਲਈ ਬਹੁਤ ਵੱਧ-ਚੜ੍ਹ ਕੇ ਕੰਮ ਕੀਤਾ ਅਤੇ ਇਨ੍ਹਾਂ ਦੀ ਲਿਖੀ ਪੁਸਤਕ 'ਕਲੀਆਂ ਖਿੜਨ ਕਿਰਨਾਂ ਨਾਲ' ਸਕੂਲ ਲਾਇਬ੍ਰੇਰੀਆਂ ਲਈ ਪ੍ਰਮਾਣਿਤ ਹੋਈ। ਸ੍ਰੀ ਸੱਤਦੇਵ ਸ਼ਰਮਾ ਨੇ ਜ਼ਿਲ੍ਹਾ ਸੰਗਰੂਰ ਵਿਚ ਸਾਇੰਸ ਮੇਲਿਆਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿਚ 3500 ਬੱਚਿਆਂ ਅਤੇ 1137 ਅਧਿਆਪਕਾਂ ਨੇ ਭਾਗ ਲਿਆ।
ਸ੍ਰੀ ਸੱਤਦੇਵ ਸ਼ਰਮਾ ਨੇ ਜਿੱਥੇ ਸਿੱਖਿਆ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ, ਉੱਥੇ ਉਹ ਸਮਾਜ ਲਈ ਵੀ ਮੋਹਰੀ ਹੋ ਕੇ ਵਿਚਰਦੇ ਰਹੇ ਹਨ। 1982 ਤੋਂ ਹੀ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਜੁੜ ਕੇ ਕੰਮ ਕਰਦੇ ਰਹੇ ਹਨ। ਉਨ੍ਹਾਂ ਦੇ ਕਾਰਜ ਐਨੇ ਹਨ ਕਿ ਉਨ੍ਹਾਂ ਨੂੰ ਇਕ ਲਿਖਤ ਵਿਚ ਸਮੇਟਣਾ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਭਾਰਤ ਸਕਾਊਟ ਐਂਡ ਗਾਈਡ ਵਿਚ ਵੀ ਨੈਸ਼ਨਲ ਪੱਧਰ ਤੱਕ ਮੱਲਾਂ ਮਾਰੀਆਂ ਹਨ। ਉਹ ਆਪਣੇ ਬੱਚਿਆਂ ਨੂੰ ਕੱਬ ਅਤੇ ਬੁਲਬੁਲ ਸਕਾਊਟ ਵਿਚ ਨੈਸ਼ਨਲ ਪੱਧਰ ਤੱਕ ਲੈ ਕੇ ਗਏ ਅਤੇ ਰਾਜ ਪੱਧਰ ਤੱਕ ਮਾਣ-ਸਨਮਾਨ ਹਾਸਲ ਕੀਤੇ।
ਜਿਹੜੇ ਅਧਿਆਪਕ ਆਪਣੇ ਪਰਿਵਾਰ ਦਾ ਸਮਾਂ ਵੀ ਬੱਚਿਆਂ ਦੀ ਭਲਾਈ ਲਈ ਲਾਉਂਦੇ ਹਨ, ਅਕਾਲ ਪੁਰਖ ਪਰਮਾਤਮਾ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਹਮੇਸ਼ਾ ਇਨਸਾਫ ਹੀ ਕਰਦਾ ਹੈ। ਸ੍ਰੀ ਸੱਤਦੇਵ ਸ਼ਰਮਾ ਨੂੰ ਪਰਿਵਾਰ ਦਾ ਹਮੇਸ਼ਾ ਸਾਥ ਮਿਲਿਆ। ਉਹ 6 ਮਹੀਨਿਆਂ ਤੱਕ ਵੀ ਸਿੱਖਿਆ ਦੇ ਖੇਤਰ ਤੇ ਬੱਚਿਆਂ ਦੀ ਬਿਹਤਰੀ ਲਈ ਘਰੋਂ ਬਾਹਰ ਰਹਿੰਦੇ ਰਹੇ ਹਨ ਅਤੇ ਅੱਜ ਸੇਵਾ-ਮੁਕਤ ਹੋਣ ਤੋਂ ਆਪਣੇ ਸੁਖੀ ਪਰਿਵਾਰ ਨਾਲ ਵਧੀਆ ਜੀਵਨ ਬਤੀਤ ਕਰਦੇ ਹੋਏ ਸਮਾਜ ਸੇਵਾ ਵਿਚ ਵੀ ਵਿਚਰ ਰਹੇ ਹਨ। ਇੰਜ ਜੇ.ਬੀ.ਟੀ. ਅਧਿਆਪਕ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ ਅਤੇ ਕੁਆਟਰ ਮਾਸਟਰ ਤਾਰਾ ਦੇਵੀ ਸ਼ਿਮਲਾ ਵਿਖੇ ਸਕਾਊਟ ਦੀਆਂ ਸੇਵਾਵਾਂ ਨਿਭਾ ਚੁੱਕੇ ਸ੍ਰੀ ਸੱਤਦੇਵ ਸ਼ਰਮਾ ਅੱਜ ਵੀ ਓਨੇ ਹੀ ਜ਼ਿੰਦਾਦਿਲੀ ਤੇ ਜੋਸ਼ ਨਾਲ ਬੱਚਿਆਂ ਦੀ ਭਲਾਈ ਲਈ ਤਤਪਰ ਹਨ। ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੇ, ਤਾਂ ਜੋ ਉਨ੍ਹਾਂ ਦਾ ਤਜਰਬਾ ਤੇ ਗਿਆਨ ਸਿੱਖਿਆ ਜਗਤ ਦੇ ਕੰਮ ਆਉਂਦਾ ਰਹੇ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000

ਵਾਤਾਵਰਨ ਸ਼ੁੱਧ ਰੱਖਣ ਲਈ ਕੁਝ ਜ਼ਰੂਰੀ ਨੁਕਤੇ

ਮੁਨੱਖ ਇਸ ਧਰਤੀ 'ਤੇ ਕੁਦਰਤ ਵਲੋਂ ਦਿੱਤਾ ਗਿਆ ਇਕ ਅਜ਼ੀਜ਼ ਤੋਹਫ਼ਾ ਹੈ, ਇਸ ਲਈ ਸਾਨੂੰ ਕੁਦਰਤ ਦੀ ਬਣਾਈ ਸ੍ਰਿਸ਼ਟੀ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਕੀ ਕੁਦਰਤ ਦੀ ਬਣਾਈ ਸ੍ਰਿਸ਼ਟੀ ਨੂੰ ਬਦਲਣਾ ਠੀਕ ਹੈ? ਬਿਲਕੁਲ ਨਹੀਂ। ਪਰ ਅੱਜ ਦਾ ਮੁਨੱਖ ਕੁਦਰਤ ਦੀ ਸ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੁਨੱਖੀ ਜ਼ਿੰਦਗੀ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ, ਜਿਵੇਂ ਕਿ ਆਕਸੀਜਨ ਤੇ ਹਰਿਆਵਲ ਲਈ ਦਰੱਖਤ ਬਹੁਤ ਜ਼ਰੂਰੀ ਹਨ ਪਰ ਅੱਜ ਦਾ ਮਨੁੱਖ ਦਰਖੱਤਾਂ ਨੂੰ ਕੱਟ ਕੇ ਲੱਕੜ ਨੂੰ ਵਰਤੋਂ ਵਿਚ ਤਾਂ ਲੈ ਆਉਂਦਾ ਪਰ ਦਰੱਖਤ ਲਾਉਂਦਾ ਨਹੀਂ। ਆਪਾਂ ਸਭ ਨੂੰ ਚਾਹੀਦਾ ਹੈ ਕਿ ਜਗ੍ਹਾ ਮੁਤਾਬਕ ਘਰਾਂ ਦੇ ਆਲੇ-ਦੁਆਲੇ ਤੇ ਘਰਾਂ ਦੇ ਅੰਦਰ ਰੁੱਖ-ਬੂਟੇ ਲਗਾਈਏ, ਜਿਸ ਨਾਲ ਸਾਨੂੰ ਤਾਜ਼ੀ ਹਵਾ ਤਾਂ ਮਿਲੇਗੀ ਹੀ, ਨਾਲ-ਨਾਲ ਵਾਤਾਵਰਨ ਵੀ ਸ਼ੁੱਧ ਤੇ ਸਾਫ਼ ਹੋਵੇਗਾ, ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਹਰ ਸਾਲ ਘੱਟੋ-ਘੱਟ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਮੌਕੇ ਛਾਂਦਾਰ ਬੂਟੇ ਜ਼ਰੂਰ ਲਗਾਵੇ, ਤਾਂ ਜੋ ਧਰਤੀ 'ਤੇ ਦਰੱਖਤ ਘੱਟ ਨਾ ਹੋਣ। ਇਸ ਨਾਲ ਸਾਨੂੰ ਰੋਜ਼ਾਨਾ ਜ਼ਿੰਦਗੀ ਲਈ ਵਰਤੀ ਜਾਣ ਵਾਲੀ ਆਕਸੀਜਨ ਦੀ ਕਮੀ ਨਹੀਂ ਆਵੇਗੀ ਅਤੇ ਤਪਸ਼ ਵੀ ਘੱਟ ਹੋਵੇਗੀ। ਅੱਜ ਦਾ ਮਨੁੱਖ ਹਰ ਕੰਮ ਆਪਣੇ ਮੁਤਾਬਿਕ ਕਰਨਾ ਚਾਹੁੰਦਾ ਹੈ, ਜਿਵੇਂ ਕੋਈ ਹੋਰ ਧਰਤੀ 'ਤੇ ਵਸਦਾ ਹੀ ਨਾ ਹੋਵੇ, ਕਿਉਂਕਿ ਜ਼ਿਆਦਾ ਸ਼ੋਰ-ਸ਼ਰਾਬਾ ਵੀ ਵਾਤਾਵਰਨ ਨੂੰ ਅਸ਼ੁੱਧ ਤੇ ਅਸ਼ਾਂਤ ਬਣਾਉਂਦਾ, ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਆਹ-ਸ਼ਾਦੀ ਸਮੇਂ ਡੀਜੇ ਵਗੈਰਾ ਨਾ ਹੀ ਲਗਾਈਏ ਜਾਂ ਫਿਰ ਥੋੜ੍ਹੀ ਘੱਟ ਅਵਾਜ਼ ਹੋਵੇ, ਜਿਸ ਨਾਲ ਕਿਸੇ ਹੋਰ ਨੂੰ ਕੋਈ ਦਿੱਕਤ ਨਾ ਆਵੇ। ਆਵਾਜਾਈ ਦੇ ਸਾਧਨਾਂ ਤੇ ਉੱਚੀ ਆਵਾਜ਼ ਵਾਲੇ ਹਾਰਨਾਂ 'ਤੇ ਸਰਕਾਰ ਵਲੋਂ ਪਾਬੰਦੀ ਲੱਗੇ। ਇਨ੍ਹਾਂ ਨਾਲ ਵੀ ਦੁਰਘਟਨਾਵਾਂ ਵਧੇਰੇ ਹੁੰਦੀਆਂ ਹਨ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਹੋਰਨਾਂ ਦਾ ਖਿਆਲ ਰੱਖ ਕੇ ਮੰਨੋਰੰਜਨ ਕਰੇ, ਖੁਸ਼ੀ ਮੌਕੇ ਖੁਸ਼ੀ ਮਨਾਵੇ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਸ਼ੁੱਧ ਤੇ ਸ਼ਾਂਤ ਬਣਾਉਣ ਲਈ ਕੂੜਾ-ਕਰਕਟ ਕੂੜਦਾਨ ਵਿਚ ਪਾਈਏ, ਆਲੇ-ਦੁਆਲੇ ਦੀ ਸਫਾਈ ਰੱਖੀਏ, ਤਾਂ ਕਿ ਮੱਖੀ, ਮੱਛਰ ਨਾ ਫੈਲਣ। ਐਸਾ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਤੇ ਵਾਤਾਵਰਨ ਨੂੰ ਸ਼ੁੱਧ ਤੇ ਸ਼ਾਂਤ ਵੀ ਬਣਾਇਆ ਜਾ ਸਕਦਾ ਹੈ ਜੀ। ਆਓ, ਸਾਰੇ ਅੱਜ ਤੋਂ ਪ੍ਰਣ ਕਰੀਏ ਤੇ ਵਾਤਾਵਰਨ ਨੂੰ ਅਸ਼ਾਂਤ ਹੋਣ ਤੋਂ ਬਚਾਈਏ ਤੇ ਬਿਮਾਰੀਆਂ ਤੋਂ ਬਚ ਜਾਈਏ।
-ਭਗਤਾ ਭਾਈ ਕਾ।

ਮੋਬਾ: 94786-58384

ਸਮਾਜਿਕ ਨੀਹਾਂ ਨੂੰ ਖੋਖਲਾ ਕਰ ਰਿਹਾ ਹੈ ਅਜੋਕਾ ਰਾਜਨੀਤਕ ਸਰੂਪ

ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਹਾਮੀ ਭਰਦਾ ਹੈ। 'ਮੇਰਾ ਭਾਰਤ ਮਹਾਨ', ਇਹ ਕਹਿੰਦਿਆਂ ਸਾਡੀ ਜ਼ੁਬਾਨ ਨਹੀਂ ਥੱਕਦੀ। ਪਰ ਅਸਲੀਅਤ ਕੁਝ ਹੋਰ ਹੈ। ਅੱਜ ਸਾਡਾ ਦੇਸ਼ ਆਬਾਦੀ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਝੂਠ, ਫਰੇਬ, ਭ੍ਰਿਸ਼ਟਾਚਾਰ, ਤੇ ਅੰਧ-ਵਿਸ਼ਵਾਸ ਵਿਚ ਸੰਸਾਰ ਦਾ ਮੋਹਰੀ ਬਣ ਗਿਆ ਹੈ। ਲੋਕਤੰਤਰ ਦੇ ਤਿੰਨ ਮੋਹਰੇ ਸਿਆਸਤ, ਵੋਟਰ ਅਤੇ ਸਿਆਸੀ ਪਾਰਟੀਆਂ ਇਹ ਤਿਨੋਂ ਹੀ ਆਪਣੇ ਫਰਜ਼ਾਂ ਨੂੰ ਭੁੱਲੀ ਬੈਠੇ ਹਨ। ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੇ ਸੁਹਿਗਰਦੀ ਦੇ ਸੰਕਲਪਾਂ ਤੋਂ ਗੁਆਚ ਰਹੀਆਂ ਹਨ ਅਤੇ ਅਸਲੀਅਤ ਤੱਥ ਮੁੱੱਦੇ ਮਨਫੀ ਹੋ ਰਹੇ ਹਨ। ਹਰ ਸਿਆਸੀ ਪਾਰਟੀ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਤਾਂਘ ਵਿਚ ਹੈ ਤੇ ਦੇਸ਼ ਦੇ ਮਾਣ-ਸਨਮਾਨ ਨੂੰ ਛਿੱਕੇ 'ਤੇ ਟੰਗ ਕੇ ਦੇਸ਼ ਨੂੰ ਬੇਫਿਕਰੇ ਬੋਲਾਂ ਵਿਚ ਬਦਨਾਮ ਕਰ ਰਹੇ ਹਨ। ਅਸੀਂ ਆਮ ਲੋਕ ਇਨ੍ਹਾਂ ਸਿਆਸੀ ਲੋਕਾਂ ਦੇ ਦਬਾਅ ਹੇਠ ਆਪਣੀ ਬਣਦੀ ਡਿਊਟੀ ਨਹੀਂ ਨਿਭਾਅ ਰਹੇ। ਪੈਸੇ, ਰੁਤਬੇ ਅਤੇ ਸਿਆਸੀ ਤਾਕਤ ਸਾਨੂੰ ਕਮਜ਼ੋਰ ਬਣਾ ਰਹੀ ਹੈ। ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰਕੇ ਇਨ੍ਹਾਂ ਅਪਰਾਧੀ ਕਿਸਮ ਦੇ ਲੋਕਾਂ ਦੇ ਭਾਈਵਾਲ ਬਣ ਜਾਦੇ ਹਾਂ। ਅੱਜ ਸਾਡਾ ਵੋਟਰ ਇਨ੍ਹਾਂ ਸਿਆਸੀ ਲੋਕਾਂ ਲਈ ਥਾਣਿਆਂ, ਤਹਿਸੀਲਾਂ ਵਿਚ ਦਲਾਲੀ ਦਾ ਕੰਮ ਕਰ ਰਿਹਾ ਹੈ।
ਦੁਨੀਆ ਭਰ ਵਿਚ ਭ੍ਰਿਸ਼ਟਾਚਾਰ ਪੱਖੋਂ ਸਾਡਾ ਦੇਸ਼ ਮੋਹਰੀ ਹੈ। ਸਿਆਸਤਦਾਨ, ਪੁਲਿਸ, ਪ੍ਰਸ਼ਾਸਨ ਅਤੇ ਕਾਨੂੰਨ ਦੇ ਰਖਵਾਲਿਆਂ ਦੀ ਮਿਲੀਭੁਗਤ ਹੋਣ ਕਰਕੇ ਦੇਸ਼ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਰਹੀ ਹੈ। ਅੱਜ ਦੇਸ਼ ਦੀ ਹਰ ਪਾਰਟੀ ਵਿਚ ਅਪਰਾਧੀ ਕਿਸਮ ਦੇ ਨੇਤਾਵਾਂ ਦੀ ਭਰਮਾਰ ਹੈ। ਇਹ ਲੋਕ ਧਨ ਬਲ ਨਾਲ ਚੋਣਾਂ ਜਿੱਤ ਕੇ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਬਰ ਬਣ ਜਾਂਦੇ ਹਨ ਅਤੇ ਉਦੋਂ ਸਥਿਤੀ ਬੜੀ ਹਾਸੋਹੀਣੀ ਬਣ ਜਾਂਦੀ ਹੈ, ਜਦੋਂ ਇਹ ਅਪਰਾਧੀ ਕਿਸਮ ਦੇ ਮੈਂਬਰ ਬੈਠ ਕੇ ਅਪਰਾਧ ਨੂੰ ਰੋਕਣ ਲਈ ਕਾਨੂੰਨ ਬਣਾਉਂਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਬਚਾਅ ਲਈ ਕਾਨੂੰਨ ਦੀ ਹਰ ਨਾੜ ਆਪਣੇ ਹੱਥਾਂ ਵਿਚ ਰੱਖੀ ਹੈ। ਅੱਜ ਦੇਸ਼ ਦਾ ਕਾਨੂੰਨ ਇਹ ਕਿਉਂ ਨਹੀਂ ਦੇਖਦਾ ਕਿ ਇਹ ਸਿਆਸੀ ਲੋਕ, ਮੰਤਰੀ ਜਾਂ ਕਿਸੇ ਸਭਾ ਦਾ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ ਤੇ ਹੁਣ ਉਹ ਮਹਿਲਾਂ ਦਾ ਬਾਦਸ਼ਾਹ ਕਿਵੇਂ ਬਣ ਗਿਆ।
ਦੇਸ਼ ਦੇ ਹਜ਼ਾਰਾਂ ਦੇਸ਼ ਭਗਤਾਂ ਨੇ ਦੇਸ਼ ਦੀ ਤਰੱਕੀ ਤੇ ਸਮਾਜਿਕ ਬਰਾਬਰੀ ਦੀ ਤਸਵੀਰ ਉਲੀਕੀ ਸੀ। ਬੜੇ ਅਫਸੋਸ ਦੀ ਗੱਲ ਹੈ ਕਿ ਇਹ ਲੋਕ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾਈ ਸਿਆਸਤਦਾਨ, ਰਾਸ਼ਟਰੀਅਤਾ ਅਤੇ ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ, ਖੰਡਾ, ਖੰਜਰ ਅਤੇ ਤ੍ਰਿਸ਼ੂਲ ਲਹਿਰਾਉਣ 'ਤੇ ਤੁਲੇ ਹੋਏ ਹਨ। ਦੇਸ਼ ਨੂੰ ਭਾਸ਼ਾ, ਜਾਤ, ਧਰਮ ਅਤੇ ਰਾਖਵੇਂਕਰਨ ਵਿਚ ਵੰਡਣ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਨ੍ਹਾਂ ਸਿਆਸੀ ਲੋਕਾਂ ਦੀ ਸੱਤਾ ਭੁੱਖ ਨੇ ਸਿਰਫ ਖੁਸ਼ਹਾਲ ਦੇਸ਼ ਨੂੰ ਨਹੀਂ ਵੰਡਿਆ, ਸਗੋਂ ਇਕ ਘਰ ਵਿਚ ਭਰਾ-ਭਰਾ ਨੂੰ ਵੰਡਿਆ ਹੈ।
ਅੱਜ ਸਾਡੇ ਆਮ ਸਮਾਜਿਕ ਲੋਕਾਂ ਨੂੰ ਇਨ੍ਹਾਂ ਸਿਆਸਤਦਾਨਾਂ ਦੇ ਨਜ਼ਰੀਏ ਨੂੰ ਸਮਝਣਾ ਹੋਵੇਗਾ। ਇਨ੍ਹਾਂ ਲੋਕਾਂ ਦੇ ਸੇਵਾ ਰੂਪੀ ਮਖੌਟੇ ਨੂੰ ਪਹਿਚਾਨਣਾ ਹੋਵੇਗਾ। ਇਸ ਖਾਨਦਾਨੀ ਸਿਆਸੀ ਵਪਾਰ ਨੂੰ ਬੰਦ ਕਰਾਉਣ ਲਈ ਲਾਮਬੰਦ ਹੋਣ ਦੀ ਲੋੜ ਹੈ। ਦੇਸ਼ ਦੇ ਵਾਰਸਾਂ ਨੂੰ ਦੇਸ਼ ਦੇ ਚੰਗੇ-ਮਾੜੇ ਵਰਤਮਾਨ ਲਈ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਦੇਸ਼ ਦੇ ਫਰਜ਼ਾਂ ਦੀ ਪੂਰਤੀ ਲਈ ਸਭ ਕੁਝ ਤਾਣ ਦੇਣਾ ਚਾਹੀਦਾ ਹੈ। ਇਹ ਵੰਗਾਰ ਹੈ ਹਰ ਆਮ ਲਈ, ਸਾਨੂੰ ਇਸ ਸਿਸਟਮ ਦੇ ਸੁਧਾਰ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਆਸੀ ਅੱਤਵਾਦ ਖਾ ਜਾਵੇਗਾ ਇਸ ਦੇਸ਼ ਨੂੰ ਤੇ ਜਵਾਨੀਆਂ ਨੂੰ।

-ਅੰਮ੍ਰਿਤਸਰ-143203. ਮੋਬਾ: 8427140006

ਗੂੜ੍ਹੀ ਨੀਂਦ ਸੁੱਤੇ ਬਿਜਲੀ ਮਹਿਕਮੇ ਨੂੰ ਜਗਾਉਣ ਦੀ ਲੋੜ

ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਆਮ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਦੀਆਂ ਢਿੱਲੀਆਂ, ਲਮਕ ਰਹੀਆਂ ਨੰਗੀਆਂ ਤਾਰਾਂ ਦਿਖਾਈ ਦਿੰਦੀਆਂ ਹਨ। ਕੁਝ ਥਾਵਾਂ 'ਤੇ ਟੁੱਟੇ ਖੰਭੇ ਲੱਗੇ ਹੋਏ ਹਨ, ਜਿਨ੍ਹਾਂ 'ਤੇ ਹਾਈ ਵੋਲਟ ਦੀ ਸਪਲਾਈ ਗੁਜ਼ਰ ਰਹੀ ਹੁੰਦੀ ਹੈ ਅਤੇ ਬਿਜਲੀ ਦੇ ਟਰਾਂਸਫਾਰਮਰ ਵੀ ਹੇਠਾਂ ਨੀਵੇਂ ਖੰਭਿਆਂ 'ਤੇ ਰੱਖੇ ਹੋਏ ਹਨ ਅਤੇ ਉਨ੍ਹਾਂ ਤੋਂ ਖ਼ਪਤਕਾਰਾਂ ਤੱਕ ਜਾਣ ਵਾਲੀ ਸਪਲਾਈ ਦੇ ਫਿਊਜ਼ ਵੀ ਜਗਾੜੂ ਦਿਖਾਈ ਦਿੰਦੇ ਹਨ। ਉਹ ਕਿਸੇ ਵੇਲੇ ਵੀ ਪਸ਼ੂ-ਪੰਛੀ, ਬੱਚੇ, ਬੁੱਢੇ ਨੂੰ ਭੁਲੇਖੇ ਨਾਲ ਆਪਣੀ ਲਪੇਟ ਵਿਚ ਲੈ ਸਕਦੇ ਹਨ।
ਅੱਜਕਲ੍ਹ ਮਾਹੌਲ ਠੇਕੇਦਾਰੀ ਪ੍ਰਣਾਲੀ ਦਾ ਹੈ। ਜਿਸ ਕੰਮ ਲਈ ਟੈਂਡਰ ਪੈਂਦਾ ਹੈ ਤਾਂ ਇਕ ਠੇਕੇਦਾਰ ਠੇਕਾ ਲੈਂਦਾ ਹੈ। ਫਿਰ ਅੱਗੇ ਉਹੀ ਠੇਕਾ ਕਈ ਹੱਥਾਂ 'ਚ ਚਲਿਆ ਜਾਂਦਾ ਹੈ। ਫਿਰ ਕੰਮ ਕਰਨ ਦੇ ਤੌਰ-ਤਰੀਕੇ ਦੀ ਪਰਖ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਜੋ ਕਰੇ ਸੋ ਉਹੀ ਕਰੇ, ਮਾਲ ਦੀ ਗੁਣਵੱਤਾ, ਸਮੇਂ ਦੀ ਬੰਦਿਸ਼ ਪਰ ਕਈ ਵਾਰ ਆਪੋ-ਆਪਣੀਆਂ ਜੇਬਾਂ ਗਰਮ ਕਰਨ ਕਰਕੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਖਾਮੋਸ਼ ਰਹਿਣ ਦੀ ਆਦਤ ਬਣ ਜਾਂਦੀ ਹੈ ਪਰ ਉਥੇ ਨੁਕਸਾਨ ਸਰਕਾਰੀ ਪੈਸੇ ਦਾ ਅਤੇ ਦੁੱਖ ਭੋਲੀ ਜਨਤਾ, ਪਸ਼ੂ-ਪੰਛੀ ਭੋਗਦੇ ਹਨ। ਜੇਕਰ ਮਹਿਕਮਾ ਬਿਜਲੀ ਮੀਟਰਾਂ ਦੀ ਨਫੇ, ਨੁਕਸਾਨ ਦੀ ਜ਼ਿੰਮੇਵਾਰੀ ਖਪਤ ਸਿਰ ਮੜ੍ਹਦਾ ਹੈ ਤਾਂ ਰਿਹਾਇਸ਼ੀ ਘਰਾਂ ਤੋਂ ਕਈ ਵਾਰ ਦੂਰ-ਦੂਰ ਬਕਸਿਆਂ ਵਿਚ ਮੀਟਰ ਲੱਗੇ ਹੋਏ ਹਨ ਤਾਂ ਉਸ ਦੀ ਰੋਜ਼ਾਨਾ ਦੇਖਭਾਲ ਕੌਣ ਕਰ ਸਕਦਾ ਹੈ? ਕੋਈ ਇਕੱਲੀ ਔਰਤ ਆਪਣੇ ਬਿਜਲੀ ਮੀਟਰ ਦੀ ਨਿਗਰਾਨੀ ਕਿਵੇਂ ਕਰ ਸਕਦੀ ਹੈ? ਪਰ ਸਾਡੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਮਹਿਕਮਾ ਪੱਲਾ ਝਾੜ ਦਿੰਦਾ ਹੈ। ਬਿਜਲੀ ਬੋਰਡ ਅੰਦਰ ਲੁਕਵਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਈ ਵਾਰ ਖਪਤਕਾਰ ਵੀ ਆਪਣਾ ਸਮਾਂ ਬਰਬਾਦ ਕਰਨ ਮਜਬੂਰੀ ਵੱਸ ਪੈ ਜਾਂਦਾ ਹੈ।
ਕੀ ਸਮੇਂ ਦੀਆਂ ਸਰਕਾਰਾਂ ਗੂੜ੍ਹੀ ਨੀਂਦ ਸੁੱਤੀਆਂ ਹਨ? ਹਰ ਸਾਲ ਮਹਿਕਮੇ ਦੀ ਅਣਗਹਿਲੀ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ ਜਾਂ ਕੀਮਤੀ ਜ਼ਿੰਦਗੀਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਕੀ ਇਹ ਸਭ ਕਾਨੂੰਨ ਦੀਆਂ ਨਜ਼ਰਾਂ ਤੋਂ ਉਹਲੇ ਹੋ ਰਿਹਾ ਹੈ? ਹਰ ਇਕ ਮੁਲਾਜ਼ਮ, ਰਿਸ਼ਵਤਖੋਰ ਜਾਂ ਕੰਮਚੋਰ ਨਹੀਂ ਹੁੰਦਾ। ਦੇਖਿਆ ਜਾਵੇ ਤਾਂ ਇਮਾਨਦਾਰੀ ਜ਼ਿੰਦਾ ਵੀ ਹੈ। ਕਈ ਵਾਰ ਆਪਣੇ ਅਧਿਕਾਰ ਖੇਤਰ ਅੰਦਰ ਸਬੰਧਤ ਅਧਿਕਾਰੀ ਹੋਣ ਵਾਲੇ ਬਿਜਲੀ ਹਾਦਸੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਮਿਆਦ ਪੁਗਾ ਚੁੱਕੀਆਂ ਤਾਰਾਂ ਜਾਂ ਬੱਚਿਆਂ ਦੀ ਪਹੁੰਚ ਨੇੜੇ ਨੀਵੇਂ ਟਰਾਂਸਫਾਰਮਰ ਜਾਂ ਛੱਤਾਂ ਦੇ ਨੇੜੇ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਇਹ ਸਭ ਅਣਗਹਿਲੀ ਦਾ ਸਬੱਬ ਬਣ ਜਾਂਦਾ ਹੈ। ਗੂੜ੍ਹੀ ਨੀਂਦ ਸੁੱਤੀ ਸਰਕਾਰ ਨੂੰ ਇਨ੍ਹਾਂ ਪ੍ਰਤੀ ਜਾਗਣ ਦੀ ਲੋੜ ਹੈ। ਮਹਿਕਮੇ ਪ੍ਰਤੀ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਸਬੰਧਤ ਏਰੀਏ ਅੰਦਰ ਕੁਤਾਹੀ ਕਰਦਾ ਹੈ ਤਾਂ ਉਸ ਦੀ ਸਿਫਾਰਸ਼ ਕਰਨ ਦੀ ਬਜਾਏ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਆਮ ਜਨਤਾ ਦਾ ਵੀ ਮੁਢਲਾ ਫਰਜ਼ ਬਣਦਾ ਹੈ। ਜੇਕਰ ਸਾਨੂੰ ਕੋਈ ਮਹਿਕਮੇ ਪ੍ਰਤੀ ਗਿਲਾ ਹੋਵੇ ਤਾਂ ਸਬੰਧਤ ਅਧਿਕਾਰੀ ਨੂੰ ਸਮੇਂ-ਸਮੇਂ 'ਤੇ ਸੂਚਿਤ ਕਰਨਾ ਚਾਹੀਦਾ ਹੈ, ਜਿਸ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਹਰ ਇਕ ਮੁਲਾਜ਼ਮ, ਅਧਿਕਾਰੀ ਨੂੰ ਆਪਣੇ ਡਿਊਟੀ ਦੌਰਾਨ ਜ਼ਿੰਮੇਵਾਰੀ ਨਾਲ ਫਰਜ਼ ਨਿਭਾਉਣੇ ਚਾਹੀਦੇ ਹਨ ਤਾਂ ਕਿ ਆਮ ਜਨਤਾ ਦਾ ਸੁਧਾਰ ਹੋ ਸਕੇ।

-ਵਾਤਾਵਰਨ ਪ੍ਰੇਮੀ, ਪਿੰਡ ਤੇ ਡਾਕ: ਜਲਾਲਦੀਵਾਲ, ਲੁਧਿਆਣਾ।
ਮੋਬਾ: 98141-11305

ਕਿਉਂ ਵਧਦਾ ਜਾ ਰਿਹੈ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ?

ਕਰਜ਼ੇ ਨਾਲ ਜਕੜੇ ਪੰਜਾਬ ਦੀ ਹਾਲਤ ਦਿਨੋਂ-ਦਿਨ ਹੋਰ ਮਾੜੀ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚੋਂ ਇਕ ਕਾਰਨ ਵੱਡੇ ਪੱਧਰ 'ਤੇ ਪੰਜਾਬੀਆਂ ਦਾ ਦੇਸ਼-ਪ੍ਰਦੇਸ਼ ਵੱਲ ਨੂੰ ਪ੍ਰਵਾਸ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਸਿੱਧੇ ਤੌਰ 'ਤੇ ਘਾਟਾ ਪੈ ਰਿਹਾ ਹੈ। ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਹੈ। ਨਿੱਜੀ ਸਿੱਖਿਆ ਸੰਸਥਾਵਾਂ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ 'ਤੇ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਇਹ ਗੱਲਾਂ ਸਰਕਾਰਾਂ ਤੋਂ ਲੁਕੀਆਂ ਨਹੀਂ ਹਨ। ਪੰਜਾਬ ਵਿਚ ਪੜ੍ਹਦਿਆਂ ਲੱਖਾਂ ਰੁਪਏ ਖਰਚ ਕੇ ਵੀ ਵਿਦਿਆਰਥੀ ਨੂੰ ਪੰਜਾਬ ਵਿਚ ਪੱਕਾ ਰੁਜ਼ਗਾਰ ਮਿਲ ਜਾਵੇ, ਇਸ ਗੱਲ ਦੀ ਸੁਨਿਸਚਿਤਤਾ ਨਹੀਂ ਹੈ। ਪੰਜਾਬ ਦੇ ਨੌਜਵਾਨ ਪੰਜਾਬ ਤੋਂ ਬਾਹਰ ਬੈਂਗਲੁਰੂ, ਨੋਇਡਾ, ਗੁਰੂਗਰਾਮ ਵਿਚ ਚੰਗੇ ਪੈਕੇਜ 'ਤੇ ਬਾਹਰੋਂ ਆਈਆਂ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਇਹ ਵਰਤਾਰਾ ਸਿੱਧੇ ਤੌਰ 'ਤੇ ਉੱਤਰ ਬਸਤੀਵਾਦ ਦਾ ਸੰਕਲਪ ਪੂਰ ਰਿਹਾ ਹੈ, ਜਿਸ ਤੋਂ ਭਾਵ ਹੈ ਕਿ ਬਸਤੀਵਾਦ, ਜਿੱਥੇ ਸਿੱਧੇ ਤੌਰ 'ਤੇ ਬਲ ਰਾਹੀਂ ਸਥਾਪਤ ਵਰਤਾਰਾ ਸੀ, ਉੱਥੇ ਉੱਤਰ ਬਸਤੀਵਾਦ ਬਲ ਦੀ ਵਰਤੋਂ ਨਾ ਕਰਦੇ ਹੋਏ ਸਥਾਪਤ ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਹੁਕਮਰਾਨ ਅਤੇ ਸਰਮਾਏਦਾਰਾਂ ਨੂੰ ਆਪਣੇ ਵੱਸ ਵਿਚ ਕਰਕੇ ਆਪਣਾ ਰਾਜ ਸਥਾਪਤ ਕਰਦੇ ਹਨ।
ਇਹੋ ਕੁਝ ਹੀ ਅੱਜ ਦੇ ਸਮੇਂ ਵਿਚ ਭਾਰਤ ਅਤੇ ਪੰਜਾਬ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਨੂੰ ਖ਼ਾਸ ਕਰਕੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗੀਤਾਂ, ਫਿਲਮਾਂ ਰਾਹੀ ਵਿਦੇਸ਼ਾਂ ਦੇ ਰਹਿਣ-ਸਹਿਣ ਬਾਰੇ, ਉੱਥੋਂ ਦੇ ਸੱਭਿਆਚਾਰ ਬਾਰੇ ਬਹੁਤ ਵਧਾ-ਚੜ੍ਹਾਅ ਕੇ ਦੱਸਿਆ ਜਾ ਰਿਹਾ ਹੈ। ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਬਸਤੀਕ੍ਰਿਤ ਦੇਸ਼ਾਂ ਨੂੰ ਹੁਣ ਇਕ ਗੱਲ ਸਮਝ ਆ ਗਈ ਹੈ ਕਿ ਜੇਕਰ ਇਨ੍ਹਾਂ ਤੀਜੀ ਦੁਨੀਆ ਕਹੇ ਜਾਣ ਵਾਲੇ ਪਛੜੇ ਅਤੇ ਵਿਕਾਸਸ਼ੀਲ ਦੇਸ਼ਾਂ 'ਤੇ ਮੁੜ ਰਾਜ ਕਰਨਾ ਹੈ ਤਾਂ ਸੈਨਿਕ ਸ਼ਕਤੀ ਨੂੰ ਪਿੱਛੇ ਛੱਡ ਕੇ ਉਨ੍ਹਾਂ ਦੇਸ਼ਾਂ ਦੇ ਸੱਭਿਆਚਾਰ ਨੂੰ ਸਮਝ ਕੇ ਉਸ ਦੇ ਖਾਤਮੇ ਲਈ ਕੰਮ ਕਰਨਾ ਪੈਣਾ ਹੈ। ਬਸਤੀਕ੍ਰਿਤ ਦੇਸ਼ਾਂ ਨੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਦਿਮਾਗ ਵਿਚ ਇਹ ਗੱਲ ਪਾ ਦਿੱਤੀ ਹੈ ਕਿ ਪੂਰਬੀ ਦੇਸ਼ਾਂ ਦਾ ਸੱਭਿਆਚਾਰ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦੇ ਮੁਕਾਬਲੇ ਨਿਮਨ ਪੱਧਰ ਦਾ ਹੈ, ਜਿਸ ਕਰਕੇ ਤੀਜੀ ਦੁਨੀਆ ਕਹੇ ਜਾਂਦੇ ਦੇਸ਼ਾਂ ਦੇ ਲੋਕ ਆਪਣੇ ਸੱਭਿਆਚਾਰ ਨੂੰ ਛੱਡ ਕੇ ਪੱਛਮੀ ਸੱਭਿਆਚਾਰ ਦੇ ਉਪਾਸਕ ਬਣਦੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਪੰਜਾਬ ਵੀ ਇਕ ਹੈ। ਪਰਵਾਸ ਨਿਰੰਤਰ ਚੱਲਣ ਵਾਲਾ ਵਰਤਾਰਾ ਹੈ। ਮਨੁੱਖ ਦੇ ਜਨਮ ਤੋਂ ਹੀ ਇਹ ਪ੍ਰਕਿਰਿਆ ਨਿਰੰਤਰ ਚਲਦੀ ਆ ਰਹੀ ਹੈ। ਪੰਜਾਬੀਆਂ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਸਮੇਂ-ਸਮੇਂ 'ਤੇ ਪੰਜਾਬੀ ਇਸ ਪ੍ਰਕਿਰਿਆ ਦਾ ਹਿੱਸਾ ਬਣਦੇ ਰਹੇ ਹਨ। ਉੱਤਰ ਬਸਤੀਵਾਦ ਆਪਣੇ ਨਵੇਂ ਰੂਪ ਬਦਲ ਕੇ ਪੂਰੀ ਚੜ੍ਹਤ ਨਾਲ ਤੀਜੀ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ 'ਤੇ ਆਪਣੀ ਜਕੜ ਮਜ਼ਬੂਤ ਕਰ ਰਿਹਾ ਹੈ। ਬਸਤੀਵਾਦ ਦਾ ਇਕ ਨਵਾਂ ਉੱਘੜਵਾਂ ਰੂਪ ਵਿਸ਼ਵੀਕਰਨ ਹੈ, ਜਿਸ ਨਾਲ ਇਕ ਅੰਤਰਰਾਸ਼ਟਰੀ ਆਰਥਿਕ ਪ੍ਰਬੰਧ ਸਾਹਮਣੇ ਆ ਰਿਹਾ ਹੈ, ਜਿੱਥੇ ਗਰੀਬ ਦੇਸ਼ ਆਪਣੀ ਕੌਮੀ ਖ਼ੁਦਮੁਖਤਿਆਰੀ ਗੁਆ ਰਹੇ ਹਨ। ਪੱਛਮ ਅਤੇ ਪੂਰਬ ਦੇ ਇਸ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ, ਇਹ ਲੁੱਟ-ਖਸੁੱਟ ਦਾ ਰਿਸ਼ਤਾ ਹੈ। ਜਿੰਨੀ ਜਲਦੀ ਅਸੀਂ ਆਮ ਲੋਕ ਸਮਝ ਲਵਾਂਗੇ, ਓਨਾ ਹੀ ਸਾਡੇ ਲਈ ਠੀਕ ਰਹੇਗਾ, ਨਹੀਂ ਕਿਤੇ ਇਹ ਨਾ ਹੋ ਜਾਵੇ ਕਿ ਆਉਣ ਵਾਲੇ 30 ਸਾਲਾਂ ਨੂੰ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਨਾਲ-ਨਾਲ ਪੰਜਾਬ ਵਿਚੋਂ ਪੰਜਾਬ ਦੀ ਨੌਜਵਾਨੀ ਵੀ ਖ਼ਤਮ ਹੋ ਜਾਵੇ।

-ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸ਼ਿਆਂ ਦੀ ਦਲ-ਦਲ ਵਿਚ ਫਸੀ ਜਵਾਨੀ ਨੂੰ ਬਚਾਇਆ ਜਾਵੇ

ਹਰ ਮੈਦਾਨ ਫਤਹਿ ਹਾਸਲ ਕਰਨ ਦਾ ਜਜ਼ਬਾ ਰੱਖਣ ਵਾਲੇ ਪੰਜਾਬੀ ਅੱਜ ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕੇ ਹਨ। ਨੌਜਵਾਨਾਂ ਦਾ ਨਸ਼ਿਆਂ ਵਿਚ ਗਲਤਾਨ ਹੋਣਾ ਪੰਜਾਬ ਲਈ ਖ਼ਤਰਨਾਕ ਸੰਕੇਤ ਹੈ। ਅੱਜ ਵਟਸਐਪ, ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ 'ਤੇ ਲਗਾਤਾਰ ਚਿੱਟਾ ਵਿਕਣ ਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਚਿੱਟੇ ਵਰਗੇ ਭਿਆਨਕ ਨਸ਼ੇ ਨੇ ਕਈ ਭੈਣਾਂ ਤੋਂ ਭਰਾ ਤੇ ਮਾਵਾਂ ਤੋਂ ਪੁੱਤ ਖੋਹ ਲਏ, ਜਿਨ੍ਹਾਂ ਦੀ ਦਾਸਤਾਨ ਅੱਜ ਦਿਲ ਕੰਬਾਊ ਹੈ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਦਿਨੋਂ-ਦਿਨ ਨੌਜਵਾਨਾਂ ਦੀ ਮੌਤ ਦਰ 'ਚ ਵਾਧਾ ਹੋ ਰਿਹਾ ਹੈ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜੇਕਰ ਸਮੇਂ ਦੀਆਂ ਸਰਕਾਰਾਂ ਨੇ ਨਸ਼ੇ ਦੀ ਭੈੜੀ ਅਲਾਮਤ ਨੂੰ ਕੰਟਰੋਲ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਬਚ ਸਕਦੇ ਸਨ ਪਰ ਨਸ਼ਾ ਤਸਕਰੀ ਧੰਦੇ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਗਿਆ, ਜਿਸ ਦਾ ਬਹੁਤ ਮਾੜਾ ਨਤੀਜਾ ਅੱਜ ਸਾਡੇ ਸਾਹਮਣੇ ਆਇਆ ਹੈ ਤੇ ਪੰਜਾਬ ਦੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਸਖਤ ਰੁਖ਼ ਅਖ਼ਤਿਆਰ ਕਰਨ ਦੀ ਲੋੜ ਹੈ, ਜੇਕਰ ਅਜੇ ਵੀ ਨਸ਼ਾ ਤਸਕਰਾਂ ਨੂੰ ਢਿੱਲ ਦਿੱਤੀ ਤਾਂ ਆਉਣ ਵਾਲੇ ਸਮੇਂ ਵਿਚ ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਨਿਗਲ ਜਾਵੇਗਾ।
ਅੱਜ ਜ਼ਰੂਰਤ ਹੈ ਕਿ ਜਾਗਰੂਕਤਾ ਲਿਆ ਕੇ ਪੰਜਾਬ ਦੀ ਜਵਾਨੀ ਨੂੰ ਇਸ ਨਸ਼ਿਆਂ ਦੀ ਦਲ-ਦਲ ਵਿਚੋਂ ਕੱਢਿਆ ਜਾਵੇ, ਤਾਂ ਜੋ ਪੰਜਾਬ ਦੀ ਜਵਾਨੀ ਇਸ ਮੌਤ ਦੇ ਮੰਜਰ 'ਚੋਂ ਨਿਕਲ ਸਕੇ। ਪੰਜਾਬ 'ਚ ਲਗਾਤਾਰ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਦਾ ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਵਲੋਂ 'ਮਰੋ ਜਾਂ ਵਿਰੋਧ ਕਰੋ' ਨਾਅਰੇ ਹੇਠ 'ਚਿੱਟੇ ਵਿਰੁੱਧ ਕਾਲਾ ਹਫਤਾ' ਮਨਾਇਆ ਗਿਆ ਸੀ, ਜਿਸ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਲੋਕ ਅੱਗੇ ਆਏ ਹਨ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਯਤਨ ਕਰ ਰਹੇ ਹਨ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਸਮੱਗਲਰਾਂ ਦੀਆਂ ਜੜ੍ਹਾਂ ਪੁੱਟਣੀਆਂ ਅੱਜ ਬੇਹੱਦ ਜ਼ਰੂਰੀ ਹਨ ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਲਈ ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਜੇਕਰ ਨੌਜਵਾਨਾਂ ਦੇ ਨਸ਼ਿਆਂ ਵੱਲ ਵਧ ਰਹੇ ਰੁਝਾਨ ਦੀ ਗੱਲ ਕਰੀਏ ਤਾਂ ਵੱਡਾ ਕਾਰਨ ਬੇਰੁਜ਼ਗਾਰੀ ਮੰਨਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਮਹਿੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਦਰ-ਦਰ ਠੋਕਰਾਂ ਖਾ ਰਹੇ ਹਨ ਤੇ ਇਸ ਨਿਰਾਸ਼ਤਾ ਕਾਰਨ ਵੀ ਕਈ ਨੌਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਹਨ। ਅੱਜ ਲੋੜ ਹੈ ਸਿੱਖਿਆ ਦੇ ਵਪਾਰੀਕਰਨ ਨੂੰ ਰੋਕਿਆ ਜਾਵੇ ਅਤੇ ਪੜ੍ਹੇ-ਲਿਖੇ ਨੌਜਵਾਨ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।

-ਕੰਪਿਊਟਰ ਆਪ੍ਰੇਟਰ, ਸ੍ਰੀ ਮੁਕਤਸਰ ਸਾਹਿਬ। ਮੋਬਾ: 96466-59720

ਪੈਰ ਛੂਹਣ ਤੋਂ ਮੂੰਹ ਮੋੜਦੀ ਅੱਜ ਦੀ ਪੀੜ੍ਹੀ

ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਦਾ ਆਪਣਾ ਇਕ ਵੱਖਰਾ ਮਹੱਤਵ ਹੈ। ਇਸ ਲਈ ਹਿੰਦੂ ਅਤੇ ਹੋਰ ਧਰਮਾਂ ਵਿਚ ਆਪਣੇ ਬਜ਼ੁਰਗਾਂ ਦਾ ਆਦਰ ਕਰਨ ਦੀ ਪ੍ਰੰਪਰਾ ਮੁੱਢ ਤੋਂ ਚਲਦੀ ਆ ਰਹੀ ਹੈ ਅਤੇ ਇਸ ਦਾ ਪਰਿਣਾਮ ਹੈ ਕਿ ਸਾਡੇ ਸਮਾਜ ਵਿਚ ਬਜ਼ੁਰਗਾਂ, ਮਾਤਾ-ਪਿਤਾ, ਵੱਡੇ ਭੈਣ-ਭਰਾ, ਰਿਸ਼ਤੇਦਾਰਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।
ਪੈਰ ਛੂਹ ਕੇ ਆਸ਼ੀਰਵਾਦ ਲੈਣ ਨਾਲ ਵੱਡਿਆਂ ਲਈ ਦਿਲ ਤੋਂ ਸਨਮਾਨ, ਆਦਰ ਅਤੇ ਉਨ੍ਹਾਂ ਪ੍ਰਤੀ ਪ੍ਰੇਮ ਦੀ ਭਾਵਨਾ ਉਤਪੰਨ ਹੁੰਦੀ ਹੈ, ਜਿਸ ਦੇ ਕਾਰਨ ਰਿਸ਼ਤਿਆਂ ਵਿਚ ਪਿਆਰ ਤੇ ਵਿਸ਼ਵਾਸ ਵਧਦਾ ਹੈ ਅਤੇ ਨਾਲ ਹੀ ਸਾਨੂੰ ਅਹੰਕਾਰ ਰਹਿਤ ਹੋਣ ਦੀ ਸਿੱਖਿਆ ਮਿਲਦੀ ਹੈ।
ਪੈਰ ਛੂਹਣ ਦੇ ਧਾਰਮਿਕ ਕਾਰਨ ਤਾਂ ਹੈ ਹੀ ਹਨ ਅਤੇ ਨਾਲ ਹੀ ਵਿਗਿਆਨਕ ਪ੍ਰਭਾਵ ਵੀ ਵਿਗਿਆਨੀਆਂ ਨੇ ਪ੍ਰਮਾਣਿਤ ਕੀਤੇ ਹਨ। ਮਨੁੱਖ ਦੇ ਸਰੀਰ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਲਗਾਤਾਰ ਊਰਜਾ ਦਾ ਪ੍ਰਚਾਰ ਹੁੰਦਾ ਹੈ ਅਤੇ ਪੈਰ ਛੂਹਣ ਨਾਲ ਉਸ ਵਿਆਕਤੀ ਦੇ ਪੈਰਾਂ ਵਿਚ ਹੁੰਦੀ ਹੋਈ ਊਰਜਾ ਸਾਡੇ ਸਰੀਰ ਭਾਵ ਹੱਥਾਂ ਵਿਚੋਂ ਹੁੰਦੀ ਹੋਈ ਉਸ ਦੇ ਸਰੀਰ ਵਿਚ ਦਾਖਲ ਹੁੰਦੀ ਹੈ। ਇਸ ਦੇ ਨਾਲ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਸਕਾਰਾਤਮਿਕਤਾ ਪੈਦਾ ਹੁੰਦੀ ਹੈ। ਇਹਦੇ ਨਾਲ ਹੀ ਵਿਆਕਤੀ ਵਲੋਂ ਦਿਲੋਂ ਦਿੱਤਾ ਗਿਆ ਆਸ਼ੀਰਵਾਦ ਜਿਵੇਂ ਖੁਸ਼ ਰਹੋ, ਜੁੱਗ-ਜੁੱਗ ਜੀਓ, ਰੱਬ ਤੁਹਾਨੂੰ ਲੰਬੀ ਉਮਰ ਦੇਵੇ, ਦੁੱਧੀਂ ਨਹਾਓ ਪੁੱਤੀਂ ਫਲੋਂ ਵਰਗੇ ਆਸ਼ੀਰਵਾਦ ਸਾਨੂੰ ਸਿਰਫ਼ ਮਾਨਸਿਕ ਸ਼ਕਤੀ ਹੀ ਨਹੀਂ, ਸਗੋਂ ਸਕਾਰਾਤਮਕ ਸ਼ਕਤੀ ਵੀ ਪ੍ਰਦਾਨ ਕਰਦੇ ਹਨ।
ਅੱਜਕਲ੍ਹ ਦੇ ਨਵੇਂ ਜ਼ਮਾਨੇ ਵਿਚ ਬੱਚਿਆਂ ਦੁਆਰਾ ਆਪਣੇ ਮਾਤਾ-ਪਿਤਾ ਨੂੰ ਮਿਲਣ ਸਮੇਂ ਉਨ੍ਹਾਂ ਨੂੰ ਹਾਏੇ ਮੋਮ, ਹਾਏ ਡੈਡ ਕਹਿ ਕੇ ਬੁਲਾਇਆ ਜਾਂਦਾ ਹੈ, ਨਾ ਕਿ ਉਨ੍ਹਾਂ ਨੂੰ ਨਮਸਕਾਰ ਕਰਕੇ, ਪੈਰ ਛੂਹ ਕੇ ਜਾਂ ਗਲੇ ਲੱਗ ਕੇ ਮਿਲਣਾ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਕਿ ਸਾਰੇ ਨੌਜਵਾਨ ਹੀ ਅਜਿਹਾ ਕਰਦੇ ਹਨ ਪਰ ਜ਼ਿਆਦਾਤਰ ਅਜਿਹਾ ਹੁੰਦਾ ਦਿਖਾਈ ਦੇ ਰਿਹਾ ਹੈ, ਜੋ ਕਿ ਸਾਡੀ ਭਾਰਤੀ ਸੰਸਕ੍ਰਿਤ ਅਤੇ ਸੰਸਕਾਰਾਂ ਦੇ ਬਿਲਕੁਲ ਉਲਟ ਹੈ।
ਅੱਜ ਦੇ ਦੌਰ ਵਿਚ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਸਾਰੇ ਸਮਾਜ ਵਿਚ ਲੋਕ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਦਾ ਸਨਮਾਨ ਕਰਦੇ ਹਨ ਅਤੇ ਇਸ ਨੂੰ ਅਪਣਾਉਂਦੇ ਨਜ਼ਰ ਆਉਂਦੇ ਹਨ, ਜਿਸ ਵਿਚ ਬਹੁਤ ਸਾਰੇ ਦੇਸ਼ਾਂ ਦੇ ਰਾਸ਼ਟਰਪਤੀ ਆਦਿ ਭਾਰਤ ਆ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ, ਕੁਝ ਸਮੇਂ ਤੋਂ ਹੱਥ ਮਿਲਉਣ ਦੇ ਨਾਲ-ਨਾਲ ਗਲੇ ਮਿਲਦੇ ਵੀ ਦਿਖ ਰਹੇ ਹਨ। ਇਹ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰ ਹੀ ਹਨ ਜੋ ਇਸ ਤਰ੍ਹਾਂ ਸਭ ਨੂੰ ਦਿਲ ਤੋਂ ਜੋੜ ਕੇ ਰੱਖਣ ਦੇ ਸਮਰੱਥ ਹਨ। ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਵੱਲ ਝੁਕਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ।
ਉੱਥੇ ਹੀ ਵਿਸ਼ਵ ਦੇ ਕੁਝ ਦੇਸ਼ਾਂ ਜਿਵੇਂ ਥਾਈਲੈਂਡ, ਨਿਪਾਲ, ਇੰਡੋਨੇਸ਼ੀਆ ਵਿਚ ਅੱਜ ਵੀ ਇਸ ਪਰੰਪਰਾ ਦਾ ਨਿਵਾਰਨ ਕਰਨ ਦੇ ਉਦਾਹਰਨ ਸਮੇਂ-ਸਮੇਂ 'ਤੇ ਸਮਾਚਾਰਾਂ ਵਿਚ ਪੜ੍ਹਨ ਨੂੰ ਮਿਲਦੇ ਹਨ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਅਜਿਹਾ ਕਰਦਾ ਹੈ, ਜਦੋਂ ਕਿ ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ, ਜੋ ਕਦੇ ਭਾਰਤ ਦੀ ਸੰਸਕਾਰਵਾਦੀ ਪ੍ਰੰਪਰਾ ਦਾ ਮੁੱਖ ਹਿੱਸਾ ਹੈ।
ਸੋ, ਸੰਸਕਾਰਾਂ ਨੂੰ ਜਿਉਂਦੇ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ, ਮਾਤਾ-ਪਿਤਾ, ਵੱਡੇ ਭੈਣ-ਭਰਾ, ਰਿਸ਼ਤੇਦਾਰਾਂ ਦੇ ਪੈਰ ਆਪਣੇ ਬੱਚਿਆਂ ਦੇ ਸਾਹਮਣੇ ਸੰਪੂਰਨ ਰੂਪ ਨਾਲ ਛੂਹਣੇ ਚਾਹੀਦੇ ਹਨ। ਕਿਉਂਕਿ ਬੱਚੇ ਜ਼ਿਆਦਾਤਰ ਜਿਵੇਂ ਦੇਖਦੇ ਹਨ, ਉਵੇਂ ਹੀ ਸਿੱਖਦੇ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਪੈਰ ਛੂਹਣ ਦੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਜੋ ਉਹ ਚੰਗੇ ਸੰਸਕਾਰ ਸਿੱਖਣ ਅਤੇ ਚੰਗੇ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰਨ।

-ਮੋਬਾ: 81469-33733





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX