ਤਾਜਾ ਖ਼ਬਰਾਂ


ਵਿੱਤ ਮੰਤਰੀ ਮਨਪ੍ਰੀਤ ਬਾਦਲ ਪੇਸ਼ ਕਰ ਰਹੇ ਪੰਜਾਬ ਦਾ ਬਜਟ
. . .  3 minutes ago
ਬਜਟ ਇਜਲਾਸ : ਵਿਧਾਨ ਸਭਾ ਦੀ ਕਾਰਵਾਈ ਮੁੜ ਮੁਲਤਵੀ
. . .  4 minutes ago
ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ ਵਿੱਤ ਮੰਤਰੀ ਬਾਦਲ
. . .  40 minutes ago
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪੀੜਤਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ
. . .  43 minutes ago
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪੀੜਤਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ...
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ
. . .  45 minutes ago
ਬਜਟ ਇਜਲਾਸ : ਅੰਮ੍ਰਿਤਸਰ ਵਿਖੇ 4-ਐੱਸ. ਚੌਕ 'ਤੇ ਫਲਾਈ ਓਵਰ ਦੀ ਉਸਾਰੀ ਨੂੰ ਲੈ ਕੇ ਬ੍ਰਹਮ ਮਹਿੰਦਰਾ ਨੇ ਦਿੱਤਾ ਇਹ ਜਵਾਬ
. . .  46 minutes ago
ਡੀਗੜ੍ਹ, 28 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਦੀ ਕਾਰਵਾਈ ਦੌਰਾਨ ਪ੍ਰਸ਼ਨ ਕਾਲ 'ਚ ਵਿਧਾਇਕ ਸੁਨੀਲ ਦੱਤ ਨੇ ਅੰਮ੍ਰਿਤਸਰ ਵਿਖੇ 4-ਐੱਸ. ਚੌਕ 'ਤੇ ਫਲਾਈ...
ਬਜਟ ਇਜਲਾਸ : 31 ਮਾਰਚ ਤੋਂ 15 ਅਪ੍ਰੈਲ ਤੱਕ ਪੰਜਾਬ ਦੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੇ ਜਾਣਗੇ ਉਪਰਾਲੇ- ਸਿੰਗਲਾ
. . .  about 1 hour ago
ਬਜਟ ਇਜਲਾਸ : ਪਠਾਨਕੋਟ 'ਚ ਆਰ.ਟੀ.ਏ. ਦਫ਼ਤਰ ਖੋਲ੍ਹਣ ਸੰਬੰਧੀ ਵਿਧਾਇਕ ਅਮਿਤ ਵਲੋਂ ਪੁੱਛੇ ਸਵਾਲ 'ਤੇ ਰਜ਼ੀਆ ਸੁਲਤਾਨਾ ਨੇ ਨਾਂਹ 'ਚ ਦਿੱਤਾ ਜਵਾਬ
. . .  about 1 hour ago
ਅਕਾਲੀ ਦਲ ਵਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਮਹਿਲ ਕਲਾਂ ਦੇ ਪਿੰਡ ਕੁਤਬਾ ਬਾਹਮਣੀਆਂ ਨੂੰ ਯਾਦਗਾਰ ਸਥਾਨ ਬਣਾਉਣ ਸੰਬੰਧੀ ਵਿਧਾਇਕ ਕੁਲਵੰਤ ਪੰਡੋਰੀ ਵਲੋਂ ਸਵਾਲ ਦਾ ਚੰਨੀ ਨੇ ਨਾਂਹ 'ਚ ਦਿੱਤਾ ਜਵਾਬ
. . .  about 1 hour ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ

ਅਸਾਡਾ ਸ਼ਰਧਾਂਜਲੀ ਸਮਾਗਮ ਵੀ ਕੀਤਾ ਜਾਵੇ

ਕਸਬਾ ਬੋਹਾ ਤੋਂ ਫੋਨ ਕਾਲ ਆਈ... ਸਾਡਾ ਇਕ ਭੋਲਾ ਤੇ ਸਾਊ ਜਿਹਾ ਜਾਣਕਾਰ ਬੋਲ ਰਿਹਾ ਸੀ, ਬਹੁਤ ਪ੍ਰੇਸ਼ਾਨ ਲੱਗ ਰਿਹਾ ਸੀ |
'ਤੁਸੀਂ ਕਿਵੇਂ ਹੋ...? ਤੁਸੀਂ ਠੀਕ ਹੋ? ਇਹ ਜੀ ਫੋਨ 'ਤੇ ਤੁਸੀਂ ਆਪ ਈ ਬੋਲ ਰਹੇ ਹੋ...?'
'ਕੀ ਗੱਲ ਤੂੰ ਐਨਾ ਘਬਰਾਇਆ ਕਿਉਂ ਆਂ....?'
ਵਾਰ ਵਾਰ ਪੁੱਛਣ 'ਤੇ ਥੋੜ੍ਹੀ ਜਿਹੀ ਝਿਜਕ ਨਾਲ ਉਹ ਬੋਲਿਆ, 'ਅੱਜ ਸਵੇਰੇ... ਮੈਨੂੰ ਕਿਸੇ ਨੇ ਕਹਿ ਦਿੱਤਾ... ਕਿ ਮਲੌਦਵੀ ਤਾਂ ਚੜ੍ਹਾਈ ਕਰ ਗਿਆ, ਉਸ ਦਾ ਭੋਗ ਪਏ ਨੂੰ ਕਈ ਦਿਨ ਹੋ ਗੇ... ਮੈਂ ਹੈਰਾਨ ਕਿ ਸਾਨੂੰ ਭੋਗ 'ਤੇ ਵੀ ਨਹੀਂ ਸੱਦਿਆ... ਇਹ ਕਿਵੇਂ ਹੋ ਸਕਦੈ... ਕਿ ਸਾਡੇ ਬਿਨਾਂ ਭੋਗ ਪੈ ਜਾਵੇ... ਮੇਰੇ ਕੋਲ ਫੋਨ ਨੰਬਰ ਨਹੀਂ ਸੀ... ਹੁਣ ਹੋਰ ਦੇ ਫੋਨ ਤੋਂ ਬੋਲਦਾਂ... |'
ਇਕ ਪਲ ਤਾਂ ਸਾਨੂੰ ਗੁੱਸਾ ਆਇਆ... ਦੂਜੇ ਪਲ ਹਾਸਾ... ਕਿਉਂਕਿ ਸਾਡੇ ਨਾਲ ਇਹ ਕਈ ਵਾਰ ਹੋ ਚੁੱਕਿਆ ਸੀ... ਜਦੋਂ ਸਾਡੇ 'ਸ਼ੁਭਚਿੰਤਕਾਂ' ਨੇ ਸਾਡੇ 'ਪਰਲੋਕ ਸਿਧਾਰ' ਜਾਣ ਦੀ 'ਖ਼ੁਸ਼ਖ਼ਬਰੀ' ਫੈਲਾਈ ਸੀ |
ਵੱਡੇ ਭਰਾ ਨਾਲ ਨਾਰਾਜ਼ਗੀ ਚੱਲ ਰਹੀ ਸੀ | ਬੋਲ-ਚਾਲ ਆਉਣ-ਜਾਣ ਬੰਦ | ਇਕ ਦਿਨ ਬਹੁਤ ਘਬਰਾਏ ਹੋਏ ਸਾਡੇ ਘਰ ਆ ਪਹੁੰਚੇ... ਮੈਂ ਉਨ੍ਹਾਂ ਨੂੰ ਦੇਖ ਕੇ ਹੈਰਾਨ ਸਾਂ |
ਵੀਰ ਜੀ ਨੇ... ਮੈਨੂੰ ਘੁੱਟ ਕੇ ਜੱਫੀ ਪਾਈ... ਆਪਣੀ ਛਾਤੀ ਨਾਲ ਲਾਇਆ... ਫੇਰ ਪਿਛੇ ਹਟੇ... ਮੋਢਿਆਂ ਤੋਂ ਫੜ... ਮੈਨੂੰ ਧਿਆਨ ਨਾਲ ਦੇਖਿਆ, ਉਹ ਵੀ ਟੋਹ-ਟੋਹ ਕੇ, ਘੁੱਟ-ਘੁੱਟ ਕੇ ਫਿਰ ਗਲ ਨਾਲ ਲਾਇਆ... ਮੈਨੂੰ ਬਹੁਤ ਅਜੀਬ ਲੱਗਿਆ... |
'ਤੁਸੀਂ ਐਨੇ ਪ੍ਰੇਸ਼ਾਨ ਕਿਉਂ ਹੋ?' ਮੈਂ ਪੁੱਛਿਆ |
'ਇਕ ਭੋਗ 'ਤੇ ਇਕੱਠੇ ਹੋਏ ਸਾਂ... ਇਕ ਰਿਸ਼ਤੇਦਾਰ ਨੇ ਮੈਨੂੰ ਕਹਿ ਦਿੱਤਾ... ਤੁਹਾਡਾ ਛੋਟਾ ਭਰਾ... ਜਿਹੜਾ ਮਾਸਟਰ ਆ... ਕਿਸੇ 'ਮਾਰੂ ਬਿਮਾਰੀ' ਨਾਲ ਚੜ੍ਹਾਈ ਕਰ ਗਿਆ... ਭੋਗ ਵੀ ਪੈ ਗਿਆ... |'
ਵੱਡੇ ਵੀਰ ਜੀ... ਉਥੋਂ ਸਿੱਧਾ ਹੀ ਮੇਰੇ ਘਰ... ਰੋਪੜ ਪਹੁੰਚ ਗਏ... 'ਰੱਬ ਦਾ ਸ਼ੁਕਰ ਆ... ਤੂੰ ਠੀਕ-ਠਾਕ ਬੋਲਦਾਂ ਚਲਦੈਂ... ਮਿਲਦੇ ਵਰਤਦਿਆਂ ਦੇ ਹੀ ਸਾਕ ਹੁੰਦੇ ਹਨ... ਨਹੀਂ ਤਾਂ ਕੰਧ ਓਹਲੇ ਪ੍ਰਦੇਸ |'
ਵੀਰ ਜੀ ਕਦੇ ਹਓਕਾ ਲੈਣ... ਕਦੇ ਅੱਖਾਂ ਭਰਨ... |
'ਐਹੋ ਜਿਹੀ ਝੂਠੀ ਅਫ਼ਵਾਹ... ਕਿਸ ਮਰਜਾਣੇ ਨੇ ਫੈਲਾਈ ਆ...'
ਘਰਦਿਆਂ ਨੂੰ ਗੁੱਸਾ ਆ ਗਿਆ... ਮੈਂ ਕਹਿਣਾ ਚਾਹੁੰਦਾ ਸਾਂ, ਉਸ ਜਿਊਣ ਜੋਗੇ ਦਾ ਧੰਨਵਾਦ ਕਰ... ਜਿਸ ਨੇ ਵਿਛੜੇ ਟੁੱਟੇ ਭਰਾਵਾਂ ਨੂੰ ਮੁੜ ਮਿਲਾ ਦਿੱਤਾ |
ਇਸ ਤਰ੍ਹਾਂ ਸਾਡੇ 'ਮਰਨ' ਦੀ ਅਫ਼ਵਾਹ ਕਈ ਵਾਰ ਫੈਲੀ | ਹਰ ਵਾਰ ਸਾਨੂੰ ਜਿਊਾਦੇ ਜਾਗਦੇ ਦੇਖ... ਕਈਆਂ ਨੂੰ 'ਉਦਾਸੀ ਤੇ ਮਾਯੂਸੀ ਹੋਈ' |
ਲੋਕਾਂ ਦੇ ਸ਼ਰਧਾਂਜਲੀ ਸਮਾਗਮ ਦੇਖ... ਸਾਡੇ ਮਨ ਵਿਚ ਚਾਅ ਆਇਆ ਕਿ ਸਾਡਾ ਵੀ ਸ਼ਰਧਾਂਜਲੀ ਸਮਾਗਮ ਹੋਵੇ ਤੇ ਇਹ 'ਸ਼ੁੱਭ ਕੰਮ' ਕਰਾਉਣ ਵੀ ਉਹੀ 'ਸੱਜਣ' ਜਿਹੜੇ ਸਾਡੇ 'ਮਰਨ' ਦੀਆਂ ਖ਼ਬਰਾਂ ਦਿੰਦੇ ਹਨ |
ਕਈ ਬੰਦੇ 'ਜਿਊਾਦਿਆਂ' ਨਾਲੋਂ 'ਮੋਇਆਂ' 'ਤੇ ਵਧ ਕਦਰ ਕਰਦੇ ਹਨ ਤੇ ਬਹੁਤ ਖ਼ੁਸ਼ੀ-ਖ਼ੁਸ਼ੀ ਸ਼ਰਧਾਂਜਲੀਆਂ ਭੇਟ ਕਰਨ ਦੇ ਮਾਹਿਰ ਹੁੰਦੇ ਹਨ | ਕਈ ਤਾਂ ਇਸ ਨੂੰ 'ਬਿਜ਼ਨਸ' ਹੀ ਸਮਝਦੇ ਹਨ | ਕਈ ਬੰਦੇ 'ਆਤਮਿਕ ਸ਼ਾਂਤੀ' ਦੀ ਦੁਆ ਕਰਨ ਲਈ ਬਹੁਤ 'ਲੱਛੇਦਾਰ' ਭਾਸ਼ਾ ਵਰਤਦੇ ਹਨ |
ਕਈ ਸੱਜਣ 'ਸ਼ਰਧਾਂਜਲੀ' ਸਮਾਗਮ 'ਚ 'ਸ਼ਿਅਰੋ ਸ਼ਾਇਰੀ' ਦਾ ਰੰਗ ਬੰਨ੍ਹਣ ਦੇ 'ਉਸਤਾਦ' ਹੁੰਦੇ ਹਨ |
ਇਨ੍ਹਾਂ ਸਮਾਗਮਾਂ ਦੇ ਸਟੇਜ ਸਕੱਤਰ ਵੀ 'ਗੁਣੀ ਗਿਆਨੀ' ਤੇ 'ਸ਼ਰਧਾਂਜਲੀ ਮਾਹਿਰ' ਹੁੰਦੇ ਹਨ ਜੋ 'ਸਵਰਗਵਾਸੀ' ਦੇ ਪੁੱਤ-ਪੋਤਰਿਆਂ ਦੇ ਅਜਿਹੇ ਗੁਣ-ਗਾਨ ਕਰਦੇ ਹਨ ਕਿ ਸਰੋਤਿਆਂ ਵਿਚ 'ਸੰੁਨ ਮਸਾਣ' ਵਰਤ ਜਾਂਦੀ ਹੈ |
'ਐਡਾ ਵੱਡਾ ਇਕੱਠ ਸਬੂਤ ਹੈ... ਵਿਛੜੇ ਸੱਜਣ, ਕਿੰਨੇ ਮਹਾਨ ਸ਼ਰੀਫ ਤੇ ਸਾਊ ਸਨ | ਹਾਜ਼ਰੀ ਲਗਾਉਣ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੇ ਬੁਲਾਰੇ ਕਈ ਵਾਰ ਉਸਤਿਤ ਕਰਦੇ... ਚੰਗਿਆਈਆਂ ਦਾ ਵਰਨਣ ਕਰਦੇ ਹੋਏ....ਅਜਿਹੇ ਅਲੰਕਾਰ ਵਰਤ ਜਾਂਦੇ ਹਨ... ਜਿਨ੍ਹਾਂ ਨਾਲ ਮਰ ਗਏ ਬੰਦੇ ਦੇ ਖਾਨਦਾਨ ਦਾ ਨੇੜੇ ਦਾ ਸਬੰਧ ਵੀ ਨਹੀਂ ਹੁੰਦਾ |
ਕਈ ਵਾਰ 'ਝੂਠੀਆਂ' ਤਾਰੀਫ਼ਾਂ ਸੁਣ-ਸੁਣ ਕੇ ਸਰੋਤੇ 'ਮੁਸਕੜੀਏ' ਹਸਦੇ ਹੋਏ ਇਕ-ਦੂਜੇ ਨੂੰ ਕੂਹਣੀਮਾਰ ਇਸ਼ਾਰੇ ਕਰਨ ਲੱਗ ਜਾਂਦੇ ਹਨ |
ਇਕ ਵਾਰ 'ਸ਼ਰਧਾਂਜਲੀ' ਭੇਟੀਏ ਨੇ 'ਸਵਰਗਵਾਸੀ' ਦੇ ਅਜਿਹੇ 'ਸੋਹਲੇ' ਗਾਏ ਕਿ ਪੰਡਾਲ ਵਿਚ ਬੈਠੇ ਇਕ ਬੰਦੇ ਤੋਂ 'ਭਾਸ਼ਨ' ਕਰਨ ਵਾਲੇ ਨੂੰ 'ਅੱਖ ਮਾਰ' ਹੋ ਗਈ... ਕਈਆਂ ਦਾ ਹਾਸਾ ਨਿਕਲ ਗਿਆ | ਸਟੇਜ ਸੈਕਟਰੀ ਨੇ ਮੁਸ਼ਕਿਲ ਨਾਲ ਗੱਲ ਨੂੰ ਸੰਭਾਲਿਆ |
'ਸਮੇਂ ਦੀ ਘਾਟ ਕਾਰਨ... ਸਭਨਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਸਕਦਾ... ਧੰਨਵਾਦ ਸਭਨਾਂ ਦਾ ਕੀਤਾ ਜਾਂਦਾ ਹੈ | ਢਿਮਕਾ ਸਿੰਘ... ਅਮਕਾ ਸਿੰਘ... ਛਮਕਾ ਰਾਮ... ਜੀ ਦਾ ਇਥੇ ਪਧਾਰਨ 'ਤੇ ਬਹੁਤ-ਬਹੁਤ ਧੰਨਵਾਦ |'
ਸਟੇਜ ਸੈਕਟਰੀ ਬੋਲਦਾ ਹੈ, ਕਈ ਸੱਜਣਾਂ ਨੇ 'ਸ਼ੋਕ ਸੰਦੇਸ਼' | ਅਗੇਤੇ ਛਪਵਾ ਕੇ ਰੱਖੇ ਹੁੰਦੇ ਹਨ, ਸਿਰਫ਼ ਤਾਰੀਖ ਤੇ ਨਾਮ ਹੀ ਭਰਨੇ ਹੁੰਦੇ ਹਨ... ਇਹ ਸ਼ਰਧਾਂਜਲੀ ਸਮਾਗਮਾਂ ਤੇ ਅਖ਼ਬਾਰਾਂ ਨੂੰ ਭੇਜਣ ਦੇ ਕੰਮ ਆਉਂਦੇ ਹਨ, ਇਸ ਤਰ੍ਹਾਂ ਦੇ ਕਈ ਸੰਦੇਸ਼ ਪੜ੍ਹੇ ਜਾਂਦੇ ਹਨ | ਹੈ ਨਾ 'ਮਰਨ' ਦਾ ਸੁਆਦ?
ਜਿਨ੍ਹਾਂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਨਹੀਂ ਮਿਲਦਾ, ਉਹ ਉਬਾਸੀਆਂ ਲੈ ਲੈ ਕੇ 'ਸ਼ਰਧਾਂਜਲੀ' ਭੇਟ ਕਰਦੇ ਹਨ | ਕਈ ਫੋਨ ਸੈੱਟਾਂ 'ਤੇ ਗੇਮਾਂ ਖੇਡ ਕੇ... ਚੈਟ ਕਰਕੇ... ਆਪਣੀਆਂ ਉਂਗਲਾਂ ਨਚਾਉਂਦੇ ਹੋਏ... ਸ਼ਰਧਾਂਜਲੀ ਦਿੰਦੇ ਹਨ |
ਜਿਹੜੇ ਸ਼ੁਭਚਿੰਤਕ ਸਾਡੇ 'ਪਰਲੋਕ ਸਿਧਾਰਨ' ਦੀਆਂ ਖ਼ਬਰਾਂ ਦਿੰਦੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ 'ਸਾਡਾ' ਸ਼ਰਧਾਂਜਲੀ ਸਮਾਗਮ ਕਰਵਾਉਣ ਦੀ ਵੀ ਖੇਚਲ ਕਰਨ ਕਿਉਂਕਿ... ਸ਼ਰਧਾਂਜਲੀ ਸਮਾਗਮਾਂ ਦੀਆਂ ਰੌਣਕਾਂ ਤੇ ਸ਼ਾਨਾਂ ਦੇਖ ਕੇ ਸਾਡਾ ਦਿਲ ਕਰਦਾ ਹੈ ਕਿ ਸਾਡਾ ਇਹ ਸਮਾਗਮ ਵਾਰ-ਵਾਰ ਹੋਵੇ ਤਾਂ ਜੋ ਲੋਕਾਂ ਦੇ ਨਾਲ-ਨਾਲ ਅਸੀਂ ਵੀ ਅਨੰਦ ਮਾਣ ਸਕੀਏ |
ਇਕ ਮਿੱਤਰ ਦੇ ਪਿਤਾ ਜੀ ਵਡੇਰੀ ਉਮਰੇ ਚੜ੍ਹਾਈ ਕਰ ਗਏ | ਉਹ ਕਹਿ ਰਿਹਾ ਸੀ, 'ਮੈਂ ਸਾਦੀ ਦਾਲ ਰੋਟੀ ਕਰਨੀ ਚਾਹੁੰਦਾ ਹਾਂ, ਰਿਸ਼ਤੇਦਾਰ ਕਹਿੰਦੇ ਹਨ ਵੰਨ-ਸੁਵੰਨੀਆਂ ਮਠਿਆਈਆਂ, ਮਟਰ ਪਨੀਰ, ਕਈ ਤਰ੍ਹਾਂ ਦੇ ਪਕਵਾਨ ਹੋਣੇ ਚਾਹੀਦੇ ਹਨ, ਬੁੱਢਾ ਭਰਿਆ ਪਰਿਵਾਰ ਛੱਡ ਕੇ ਗਿਆ... ਤੁਸੀਂ ਐਨੇ ਜੋਗੇ ਵੀ ਨਹੀਂ |
'ਅਫ਼ਸੋਸ ਦਾ ਭੋਗ ਐ ਕਿ ਵਿਆਹ?' ਮਿੱਤਰ ਨੇ ਕਿਹਾ | ਰਿਸ਼ਤੇਦਾਰ ਕਹਿੰਦੇ 'ਹੁਣ ਬਹੁਤ ਫਰਕ ਨਹੀਂ ਰਿਹਾ, ਵਿਆਹ ਵਾਂਗ ਹੀ ਰੋਟੀ ਪਾਣੀ ਹੁੰਦਾ, ਸ਼ੋਕ ਸਮਾਗਮ 'ਤੇ', ਮੇਰੇ ਮੰੂਹੋਂ ਨਿਕਲਿਆ, 'ਵਿਆਹ ਸਮਾਗਮਾਂ ਨੂੰ ਸ਼ੋਕ ਸਮਾਗਮਾਂ ਵਿਚ ਬਦਲਣ ਵੇਲੇ ਕਈ ਘੌਲ ਨਹੀਂ ਕਰਦੇ |'
ਸਾਡਾ ਸ਼ਰਧਾਂਜਲੀ ਸਮਾਗਮ ਕਰਾਉਣ ਵਾਲੇ ਸੱਜਣਾਂ ਨੂੰ ਇਕ ਬੇਨਤੀ ਹੈ ਕਿ ਉਹ ਨਵੀਂ ਪਿਰਤ ਪਾਉਣ | ਸਾਡੇ ਵਾਰੀ ਸ਼ਰਧਾਂਜਲੀ ਦਿੱਤੀ ਜਾਂ ਪੜ੍ਹੀ ਨਾ ਜਾਵੇ, ਸਗੋਂ ਗਾਈ ਜਾਵੇ | ਉਨ੍ਹਾਂ ਨੂੰ ਹੀ ਸੱਦਾ ਦਿੱਤਾ ਜਾਵੇ, ਜਿਹੜੇ 'ਸ਼ਰਧਾਂਜਲੀ ਗਾ' ਸਕਣ | ਇਹ ਇਸ ਕਰਕੇ ਕਿ ਹੁਣ ਪੰਜਾਬ ਵਿਚ ਗਾਉਣ ਵਾਲਿਆਂ ਦੀ ਗਿਣਤੀ ਵੱਧ ਹੈ ਤੇ ਸੁਨਣ ਵਾਲਿਆਂ ਦੀ ਘੱਟ |
ਇਹ ਇਸ ਲਈ ਵੀ ਕਿ 'ਪੰਜਾਬ ਦੇ ਬਹੁਤੇ ਗਾਇਕ ਬੰਦੂਕਾਂ, ਪਿਸਤੌਲਾਂ, ਛਵੀਆਂ, ਗੰਡਾਸਿਆਂ ਦੇ ਗੀਤ ਗਾ ਗਾ ਕੇ ਥੱਕ ਚੁੱਕੇ ਹਨ | ਨਾਲੇ ਗਾਉਣ ਵਾਲਿਆਂ ਦੇ ਮੰੂਹ ਦਾ ਸੁਆਦ ਬਦਲ ਜਾਵੇਗਾ ਨਾਲੇ ਸੁਣਨ ਵਾਲਿਆਂ ਦੇ ਕੰਨ ਰਸ ਨੂੰ ਆਰਾਮ ਮਿਲ ਜਾਵੇਗਾ |'
'ਸ਼ਰਧਾਂਜਲੀ ਗਾ' ਸਕਣ ਵਾਲਿਆਂ ਨੂੰ ਮਾਈਕ 'ਤੇ ਸਮਾਂ ਦਿੱਤਾ ਜਾਵੇ ਤੇ ਸਟੇਜ ਸਕੱਤਰ ਵੀ ਸਾਰਾ ਪ੍ਰੋਗਰਾਮ ਗਾ ਕੇ ਹੀ ਚਲਾਵੇ |
ਸਾਡੀ ਮੌਤ ਦੀਆਂ ਖ਼ਬਰਾਂ ਦਿੰਦੇ ਸੱਜਣੋਂ-ਸਾਡਾ ਸ਼ਰਧਾਂਜਲੀ ਸਮਾਗਮ ਕਰਾਉਂਦੇ ਹੋਏ, ਸਾਨੂੰ ਸੱਦਾ ਦੇਣਾ ਨਾ ਭੁੱਲਣਾ ਜੀ |

-ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113.
ਫੋਨ : 94173-32911.


ਖ਼ਬਰ ਸ਼ੇਅਰ ਕਰੋ

ਦਾਲ ਦੀ ਕੌਲੀ

ਸਾਡੇ ਗੁਆਂਢ ਵਿਚ ਰਹਿੰਦੇ ਦੋ ਭਰਾ ਰਣਜੀਤ ਅਤੇ ਚਰਨਜੀਤ ਇਸੇ ਮੁਹੱਲੇ ਵਿਚ ਜੰਮੇ-ਪਲੇ ਅਤੇ ਵੱਡੇ ਹੋਏ, ਦੋਵੇਂ ਵਿਆਹੇ ਵਰ੍ਹੇ ਅਤੇ ਬਾਲ-ਬੱਚਿਆਂ ਵਾਲੇ ਸਨ | ਦੋਵਾਂ ਦਾ ਬਹੁਤ ਪਿਆਰ ਸੀ | ਬਜ਼ੁਰਗਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਦੋਵੇਂ ਪਰਿਵਾਰ ਰਲ-ਮਿਲ ਕੇ ਰਹਿੰਦੇ ਸਨ | ਇਕ ਥਾਂ 'ਤੇ ਹੀ ਰੋਟੀ ਪੱਕਦੀ ਸੀ | ਹੁਣ ਪਿਛਲੇ ਕੁਝ ਸਾਲਾਂ ਤੋਂ ਮੰਨਮੁਟਾਅ ਸ਼ੁਰੂ ਹੋ ਗਿਆ ਸੀ | ਕਿਸੇ ਨਾ ਕਿਸੇ ਗੱਲ 'ਤੇ ਬੋਲ-ਬੁਲਾਰਾ ਹੁੰਦਾ ਰਹਿੰਦਾ, ਅਖ਼ੀਰ ਰੋਟੀ-ਟੁੱਕ ਅੱਡ-ਅੱਡ ਹੋ ਗਿਆ, ਬੋਲ-ਚਾਲ ਬੰਦ ਅਤੇ ਨਾ ਹੀ ਕਿਤੇ ਇੱਕਠੇ ਆਉਣਾ-ਜਾਣਾ |
ਇਕ ਦਿਨ ਐਨੀ ਲੜਾਈ ਵਧੀ ਕਿ ਸਾਰਾ ਮੁਹੱਲਾ ਇਕੱਠਾ ਹੋ ਗਿਆ | ਲੋਕਾਂ ਨੇ ਬਥੇਰਾ ਸਮਝਾਇਆ ਕਿ ਗੁੱਸੇ 'ਚ ਐਡੇ ਫੈਸਲੇ ਨਹੀਂ ਕਰੀ ਦੇ, ਤੁਸੀਂ ਵਿਚਾਲੇ ਕੰਧ ਕਰਨ ਦਾ ਕਮਲ ਨਾ ਕੁੱਟੋ, ਕੱਲ੍ਹ ਨੂੰ ਗੁੱਸਾ ਠੰਢਾ ਹੋ ਗਿਆ ਤਾਂ ਸਭ ਠੀਕ ਹੋ ਜਾਵੇਗਾ | ਪਰ ਕਿੱਥੇ ਜਦੋਂ ਗੁੱਸੇ ਦੀ ਅਗਨੀ ਭੜਕਦੀ ਹੈ ਤਾਂ ਸਾਰੀਆਂ ਦਲੀਲਾਂ ਅਤੇ ਸਿਆਣਪਾਂ ਆਪਣੀ ਲਪੇਟ 'ਚ ਲੈ ਲੈਂਦੀ ਹੈ | ਦੇਖਦੇ ਹੀ ਦੇਖਦੇ ਮਿਸਤਰੀ ਬੁਲਾਏ ਗਏ, ਮਿਣਤੀ ਕੀਤੀ ਗਈ ਅਤੇ ਨਾਲ ਹੀ ਘਰ ਦੇ ਐਨ ਵਿਚਕਾਰ ਕੰਧ ਉਸਰਨੀ ਸ਼ੁਰੂ ਹੋ ਗਈ | ਛੋਟੇ ਭਰਾ ਚਰਨਜੀਤ ਨੇ ਜ਼ਿੱਦ ਕਰ ਕੇ ਉੱਪਰ ਛੱਤ 'ਤੇ ਵੀ ਕੰਧ ਕਰਨ ਲਈ ਕਹਿ ਦਿੱਤਾ | ਇਕ ਹਫ਼ਤੇ ਵਿਚ ਹੀ ਇਕ ਘਰ ਦੇ ਦੋ ਮਕਾਨ ਬਣ ਗਏ | ਉਪਰਲੀ ਛੱਤ ਵਾਲੀ ਕੰਧ ਛੇ ਫੁੱਟ ਦੇ ਕਰੀਬ ਕੀਤੀ ਗਈ ਤਾਂ ਕਿ ਕੋਈ ਤੁਰਦਾ-ਫਿਰਦਾ ਵੀ ਮੱਥੇ ਨਾ ਲੱਗੇ |
ਦੋਵਾਂ ਭਰਾਵਾਂ ਨੂੰ ਅੱਡ ਹੋਇਆਂ ਨੂੰ ਛੇ-ਸੱਤ ਮਹੀਨੇ ਹੋ ਗਏ ਸਨ | ਇਕ ਦਿਨ ਸਵੇਰੇ ਸਾਝਰੇ ਹੀ ਵੱਡੇ ਭਰਾ ਨੇ ਆਣ ਬੂਹਾ ਖੜਕਾਇਆ | ਚਰਨਜੀਤ ਨੇ ਦਰਵਾਜ਼ਾ ਖੋਲਿ੍ਹਆ ਅਤੇ ਇਕਦਮ ਬੋਲਿਆ, 'ਕੀ ਹੋਇਆ ਬਾਈ ਸੁੱਖ ਤਾਂ ਹੈ |' ਉਹ ਭਰੇ ਗਲੇ ਨਾਲ ਬੋਲਿਆ, 'ਤੇਰੀ ਭਾਬੀ ਦੀ ਮਾਂ ਪੂਰੀ ਹੋ ਗਈ, ਮੈਂ ਤਾਂ ਉਸ ਨੂੰ ਦੱਸਿਆ ਹੀ ਨਹੀਂ ਬਸ ਇਧਰ ਹੀ ਆ ਗਿਆ |' ਚਰਨਜੀਤ ਦੀ ਘਰਵਾਲੀ ਅੰਦਰੋਂ ਰੋਂਦੀ-ਰੋਂਦੀ ਆਈ, ਹੈਂ ਮਾਸੀ ਜੀ ਪੂਰੇ ਹੋ ਗਏ... ਐਾ ਕੀ ਹੋ ਗਿਆ ਉਨ੍ਹਾਂ ਨੂੰ .... ਮੈਂ ਤੇ ਭੈਣ ਗਈਆਂ ਸੀ ਮਿਲਣ, ਉਹ ਤਾਂ ਚੰਗੇ-ਭਲੇ ਸੀ.... ਹਾਇ ! ਹਾਇ ! ਭੈਣ ਦਾ ਤਾਂ ਬੁਰਾ ਹਾਲ ਹੋਜੂ 'ਗਾ.... ਚਲੋ ਜਾ ਕੇ ਭੈਣ ਨੂੰ ਸੰਭਾਲੀਏ.... | ਉਸ ਦਿਨ ਤੋਂ ਛੋਟੇ ਭਰਾ-ਭਰਜਾਈ ਉਧਰ ਹੀ ਰਹਿੰਦੇ, ਸਾਰਾ ਘਰ ਦਾ ਕੰਮ ਕਰਦੇ... ਆਏ ਗਏ ਨਾਲ ਗੱਲ-ਬਾਤ ਕਰਦੇ.... ਭਾਬੀ ਨੂੰ ਹੌਸਲਾ ਦਿੰਦੇ... |
ਹੁਣ ਫਿਰ ਦੋਵਾਂ ਪਰਿਵਾਰਾਂ ਦਾ ਪਹਿਲਾਂ ਵਾਲਾ ਹੀ ਮਿਲਵਰਤਨ ਅਤੇ ਪਿਆਰ ਹੋ ਗਿਆ ਸੀ | ਉਹ ਕੰਧ ਜਿਹੜੀ ਚਰਨਜੀਤ ਨੇ ਛੱਤ 'ਤੇ ਕਰਵਾਈ ਸੀ ਅੱਜ ਉਸ ਦੇ ਇਕ ਪਾਸੇ ਸਟੂਲ 'ਤੇ ਖੜ੍ਹਾ ਅਵਾਜ਼ਾਂ ਮਾਰ ਰਿਹਾ ਸੀ, 'ਭਾਬੀ ਆ ਦਾਲ ਦੀ ਕੌਲੀ ਫੜਾੲੀਂ |' ਇਹ ਨਿੱਕੀਆਂ-ਨਿੱਕੀਆਂ ਸਾਂਝਾ ਸਾਰੀ ਉਮਰ ਖ਼ਤਮ ਨਹੀਂ ਹੁੰਦੀਆਂ | ਇਨ੍ਹਾਂ ਚੀਜ਼ਾਂ ਦੀ ਪੂਰਤੀ ਤਾਂ ਬਾਜ਼ਾਰ ਵਿਚੋਂ ਪੈਸੇ ਦੇ ਕੇ ਵੀ ਕੀਤੀ ਜਾ ਸਕਦੀ ਹੈ ਪਰ ਇਸ ਅਦਾਨ-ਪ੍ਰਦਾਨ ਪਿੱਛੇ ਜੋ ਪਿਆਰ, ਅਧਿਕਾਰ ਅਤੇ ਅਪੱਣਤ ਛੁਪੀ ਹੈ ਉਸ ਦਾ ਕੋਈ ਮੁੱਲ ਨਹੀਂ ਹੁੰਦਾ |

-ਮੋਬਾਈਲ : 82888-42066

ਕਹਾਣੀ

ਜੁਗਾੜੀ

ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਹੁਸ਼ਿਆਰਪੁਰ ਤੋਂ ਚੱਲਿਆ, ਬੱਸਾਂ ਵਿਚ ਧੱਕੇ ਖਾਂਦਾ ਹਰਬੰਸ ਮਸਾਂ ਦਿਨ ਛਿਪਦੇ ਨੂੰ ਰਾਮਪੁਰੇ ਤੋਂ ਆਖਰੀ ਮਿੰਨੀ ਬੱਸ ਰਾਹੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਢਪਾਲੀ ਪਹੁੰਚਿਆ | ਅੱਡੇ 'ਤੇ ਉਤਰ ਕੇ ਉਸ ਨੇ ਘਰ ਪੁੱਛਣ ਲਈ ਆਲੇ-ਦੁਆਲੇ ਨਿਗ੍ਹਾ ਮਾਰੀ ਤਾਂ ਥੜ੍ਹੇ 'ਤੇ ਇਕ ਬੰਦਾ ਖੇਸੀ ਦੀ ਬੁੱਕਲ ਮਾਰੀ 'ਕੱਠਾ ਜਿਹਾ ਹੋਇਆ ਬੈਠਾ ਦਿਸਿਆ | 'ਬਾਈ ਜੀ, ਸਤਿ ਸ੍ਰੀ ਅਕਾਲ' | ਹਰਬੰਸ ਨੇ ਉਸਦੇ ਕੋਲ ਜਾ ਕੇ ਫਤਹਿ ਬੁਲਾਈ | 'ਸਾ ਸਰੀ ਕਾਲ ਬਈ, ਹਾਂ ਦੱਸ?' ਬੈਠੇ ਬੰਦੇ ਨੇ ਸਿਰ ਚੁੱਕਦੇ ਹੋਏ ਪੁੱਛਿਆ | 'ਬਾਈ ਜੀ ਮੈਂ ਅਕਾਲੀਆਂ ਦੇ ਘਰ ਜਾਣੈ, ਜਿਨ੍ਹਾਂ ਦੇਸ਼...', ਹਰਬੰਸ ਦੀ ਗੱਲ ਵਿਚਾਲਿਉਂ ਕੱਟਦਾ ਹੋਇਆ ਉਹ ਬੰਦਾ ਝੱਟ ਬੁੱਕਲ਼ ਢਿੱਲੀ ਕਰਕੇ ਖੜ੍ਹਾ ਹੁੰਦਾ ਹੋਇਆ ਬੋਲਿਆ, 'ਅੱਛਾ, ਜੀ ਆਇਆਂ ਨੂੰ ਜੀ, ਤਾਰੇ ਕਾਲੀ ਕੇ, ਜਿਨ੍ਹਾਂ ਦੇ ਮਾਹਟਰ ਦਾ ਵਿਆਹ ਐ'? 'ਹਾਂ ਜੀ, ਉਨ੍ਹਾਂ ਦੇ ਈ' ਹਰਬੰਸ ਨੂੰ ਸੌਖ ਜਿਹੀ ਮਹਿਸੂਸ ਹੋਈ | ਬੰਦਾ ਝੱਟ ਮੂਹਰੇ ਲੱਗ ਤੁਰਿਆ, 'ਆਓ ਜੀ ਆਓ, ਦੂਰੋਂ ਆਏ ਲੱਗਦੇ ਓ? ਘਰ ਤਾਂ ਨੇੜੇ ਈ ਐ | ਪਰ ਮੈਂ ਥੋਨੂੰ ਘਰ ਈ ਛੱਡ ਕੇ ਆਊਾ' | 'ਨਹੀਂ ਕਾਹਨੂੰ ਖੇਚਲ ਕਰਦੇ ਓ, ਬੱਸ ਦੱਸ ਹੀ ਦਿਓ | ਚਲਾ ਮੈਂ ਆਪੇ ਜਾਊਾ' | ਹਰਬੰਸ ਨੇ ਸੋਚਿਆ ਕਾਹਨੂੰ ਤਕਲੀਫ਼ ਦੇਣੀ ਹੈ | 'ਨਾ ਜੀ ਨਾ, ਖੇਚਲ਼ ਕਾਹਦੀ? ਉਹ ਤਾਂ ਮੇਰੇ ਨਾਲ ਗੁੱਸੇ ਹੋ ਜਾਣਗੇ | ਆਖਣਗੇ 'ਸੁੱਖਿਆ, ਤੂੰ ਐਡੀ ਦੂਰੋਂ ਆਏ ਪ੍ਰਾਹੁਣੇ ਨੂੰ ਦੂਰੋਂ ਉਂਗਲੀ ਕਰ ਕੇ ਈ ਘਰ ਦੱਸ 'ਤਾ | ਪੈਰ ਟੁੱਟੇ ਹੋਏ ਸੀ? ਕਿਉਂ ਮੇਰੀ ਕਪੱਤ ਕਰਾਉਣੀ ਐ ਜੀ? ਨਾਲੇ ਘਰ ਦੀ ਤਾਂ ਗੱਲ ਐ ਆਪਣੀ |' ਲਗਾਤਾਰ ਬੋਲਦਾ ਹੋਇਆ ਸੁੱਖਾ ਬਹੁਤ ਹੌਲੀ ਚਾਲ ਹਰਬੰਸ ਦੇ ਮੂਹਰੇ ਤੁਰ ਪਿਆ | 'ਬੜਾ ਹੀਰਾ ਬੰਦੈ ਜੀ ਮਾਹਟਰ | ਮੈਨੂੰ ਲੱਗਦੈ ਥੋਡੀ ਆੜੀ ਹੋਊ? ਪੁੱਛੋ ਕੁਸ ਨਾ, ਬੱਲੇ ਬੱਲੇ ਐ ਜੀ ਕਾਲੀਆਂ ਦੀ ਸਾਰੇ 'ਲਾਕੇ 'ਚ | ਦੇਖ ਲਿਉ ਆਪੇ ਜਾ ਕੇ, ਰੌਣਕਾਂ ਲੱਗੀਆਂ ਪਈਐਾ ਸੁੱਖ ਨਾਲ' | ਹਰਬੰਸ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸੁੱਖਾ ਕਦ ਵਾਰੀ ਦਿੰਦਾ ਸੀ | 'ਦੇਖ ਭਰਾਵਾ, ਹੁਣ ਆਪਣੀ ਤਾਂ ਹੋਗੀ ਇਕ ਗੱਲ | ਮੈਂ ਤੇਰਾ ਆਦਰ ਉਕਰ ਕਰਾਊਾ ਤੇ ਤੂੰ ਵੀ ਮੇਰਾ ਖਿਆਲ ਰੱਖੀਂ | ਐਵੇਂ ਕਿਤੇ ਮੈਨੂੰ ਦਰ ਤੋਂ ਈ ਨਾ ਸਾ ਸਰੀ ਕਾਲ ਬੁਲਾ ਕੇ ਅੰਦਰ ਵੜ ਜੀਂ' | ਹਰਬੰਸ ਸੁੱਖੇ ਦੀ ਸਾਰੀ ਗੱਲ ਸਮਝ ਕੇ ਮੁਸਕੜੀਏਾ ਹੱਸਿਆ | ਘਰ ਦੇ ਅੰਦਰ ਵੜਦੇ ਹੀ ਸੁੱਖੇ ਨੇ ਉੱਚੀ ਅਵਾਜ਼ 'ਚ ਹੋਕਰਾ ਮਾਰਿਆ, 'ਓ ਭਾਈ ਆਹ ਸਾਂਭੋ ਪ੍ਰਾਹੁਣਾ | ਐਨੀ ਦੂਰੋਂ ਆਇਐ, ਇਹ ਤਾਂ ਵਿਚਾਰਾ ਊਈਾ ਔਟਲਿਆ ਫਿਰਦਾ ਸੀ | ਮੈਂ ਕਿਹਾ, ਫਿਕਰ ਨਾ ਕਰ ਮੈਂ ਤਾਂ ਘਰ ਵਾੜ ਕੇ ਆਊਾ' | ਪੌੜੀਆਂ ਉਤਰਦੇ ਮਾਸਟਰ ਗੁਰਦੇਵ ਨੇ ਗੱਲ ਸੁਣ ਲਈ ਸੀ | ਨੇੜੇ ਆਉਂਦਾ ਉਹ ਬੋਲਿਆ, 'ਬੜਾ ਚੰਗਾ ਕੀਤਾ ਚਾਚਾ, ਜਿਊਾਦਾ ਰਹਿ' ਏਨਾ ਆਖ ਉਹ ਹਰਬੰਸ ਨੂੰ ਬਗਲਗੀਰ ਹੁੰਦਾ ਚੁਬਾਰੇ ਵੱਲ ਲਿਜਾਣ ਲੱਗਿਆ | 'ਓ ਬਾਈ ਸੁੱਖਾ ਸਿਆਂ, ਪਾਣੀ ਧਾਣੀ ਪੀ ਕੇ ਜਾੲੀਂ, ਹਰਬੰਸ ਨੇ ਸੁਲਾਹ ਮਾਰਦੇ ਹੋਏ ਨਵੀਂ ਨਵੀਂ ਪਈ ਲਿਹਾਜ਼ ਪੁਗਾ ਦਿੱਤੀ | 'ਬਹਿ ਜਾ ਚਾਚਾ ਐਥੇ ਮੰਜੇ 'ਤੇ | ਓਏ, ਚਾਚੇ ਦਾ ਵੀ ਖਿਆਲ ਰੱਖਿਓ ਬਈ ਮੁੰਡਿਓ' ਜਾਂਦੇ ਜਾਂਦੇ ਮਾਸਟਰ ਗੁਰਦੇਵ ਨੇ ਵੀ ਮੁੰਡਿਆਂ ਨੂੰ ਹਾਕ ਮਾਰ ਦਿੱਤੀ | ਬੱਸ ਸੁੱਖਾ ਨਿਹਾਲ ਸੀ ਕਿਉਂਕਿ ਉਸ ਦੀ ਸਕੀਮ ਪੂਰੀ ਕਾਮਯਾਬੀ ਨਾਲ ਲੱਗ ਗਈ ਸੀ | 'ਬੜਾ ਲੱਠਾ ਬੰਦੈ ਬਈ ਮਾਹਟਰ, ਐਲਾਨ ਕਰਦੇ ਹੋਏ ਸੁੱਖੇ ਨੇ ਇਕ ਟੋਲੀ ਨਾਲ ਮੰਜੇ 'ਤੇ ਬੈਠਦੇ ਹੋਏ ਮੋਟਾ ਸਾਰਾ ਪੈੱਗ ਪਾ ਕੇ ਸਿੱਧਾ ਹੀ ਅੰਦਰ ਮਾਰਿਆ ਤੇ ਫੇਰ ਹਰ ਪੈੱਗ ਮਗਰੋਂ ਧੱਕੇ ਨਾਲ ਵਾਰ-ਵਾਰ ਪ੍ਰਾਹੁਣੇ ਨੂੰ ਘਰ ਲਿਆਉਣ ਦੀ ਕਹਾਣੀ ਮਿਰਚ ਮਸਾਲਾ ਲਾ ਕੇ ਦੁਹਰਾਈ ਗਿਆ | ਨਾਲ ਬੈਠੇ ਸਾਰੇ ਮੁੰਡੇ ਉਸ ਨੂੰ ਛੇੜ-ਛੇੜ ਆਪਦੀ ਖਰੀ ਕਰਦੇ ਰਹੇ | ਮਾਸਟਰ ਗੁਰਦੇਵ ਹੇਠਾਂ ਗੇੜਾ ਮਾਰਨ ਆਇਆ ਤਾਂ ਉਸ ਨੇ ਸੁੱਖੇ ਦੀ ਹਾਲਤ ਸਮਝਦੇ ਹੋਏ ਅਵਾਜ਼ ਮਾਰੀ, 'ਓਏ ਬਈ ਮੁੰਡਿਓ ਚਾਚੇ ਨੂੰ ਘਰ ਛੱਡ ਕੇ ਆਓ ਬਈ' | 'ਨਾ ਮੈਂ ਕੋਈ ਸ਼ਰਾਬੀ ਆਂ....ਛੱਡ ਕੇ ਆਉਣ ਨੂੰ '? ਮੰਜੇ ਦੀ ਦੌਣ 'ਤੇ ਟੇਢਾ ਜਿਹਾ ਹੁੰਦੇ ਸੁੱਖੇ ਦੇ ਮੂੰਹੋਂ ਨਿਕਲਿਆ | ਗੁਰਦੇਵ ਉਸ ਦੇ ਨੇੜੇ ਹੁੰਦੇ ਹੋਏ ਗੱਲ ਟਾਲਣ ਲਈ ਬੋਲਿਆ, 'ਓ ਚਾਚਾ ਚੱਲ ਉੱਠ' ਰਾਮ ਕਰ ਹੁਣ ਜਾ ਕੇ, ਫੇਰ ਜੰਨ ਵੀ ਜਾਣੈ ਸਵੱਖਤੇ' | 'ਅੱਛਾ... ਮੈਂ...ਵੀ...? ਫੇਰ ਤਾਂ ਠੀਕ ...ਐ ਭਤੀਜ | ਮੈਂ ਤਾਂ ਆਪੇ ਈ...ਆ ਜੂੰ ਐਵੇਂ ਨਾ ਲਾਗੀ ਨੂੰ ਭੇਜਣ ਦੀ ਖੇਚਲ਼ ਕਰਿਓ' | ਧੱਕੇ ਨਾਲ ਜੰਨ ਦਾ ਸੱਦਾ ਲੈ ਕੇ ਗੇੜਾ ਜਿਹਾ ਖਾਂਦਾ ਹੋਇਆ, ਖੰਭ ਜਿਹੇ ਖਿਲਾਰ ਕੇ ਸੁੱਖਾ ਖੜ੍ਹਾ ਤਾਂ ਹੋ ਗਿਆ ਪਰ ਉਸਦੇ ਡਿਗਣ ਤੋਂ ਪਹਿਲਾਂ ਹੀ ਦੋ ਜਣਿਆਂ ਨੇ ਝੱਟ ਮੋਢੇ ਲਾ ਕੇ ਘਰ ਵੱਲ ਤੋਰ ਲਿਆ |

-ਪਿੰਡ ਤੇ ਡਾਕ : ਕਲਾਹੜ (ਲੁਧਿਆਣਾ)- 141117
ਸੰਪਰਕ : 98783-37222.

ਚਿੰਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜਦੋਂ ਤੱਕ ਮਨ ਵਿਚ ਚਿੰਤਾਵਾਂ ਦਾ ਕੂੜਾ-ਕਰਕਟ ਹੈ ਅਤੇ ਬੁਰੇ ਸੰਸਕਾਰਾਂ ਦਾ ਗੋਹਾ ਭਰਿਆ ਹੈ, ਉਸ ਵੇਲੇ ਤੱਕ ਉਪਦੇਸ਼ ਦੇ ਅੰਮਿ੍ਤ ਦਾ ਫ਼ਾਇਦਾ ਨਹੀਂ ਹੋਵੇਗਾ |
• ਆਤਮ-ਵਿਸ਼ਵਾਸ ਚਿੰਤਾ ਨੂੰ ਖਤਮ ਕਰਨ ਲਈ ਸਭ ਤੋਂ ਸਾਰਥਿਕ ਦਵਾਈ ਹੈ |
• ਜੀਵਨ ਵਿਚ ਸੰਜਮ ਲਾਗੂ ਕਰ ਕੇ, ਪੈਸੇ ਦੀ ਬੱਚਤ ਕਰ ਕੇ ਜ਼ਿੰਦਗੀ ਨੂੰ ਚਿੰਤਾ-ਮੁਕਤ ਬਣਾਇਆ ਜਾ ਸਕਦਾ ਹੈ |
• ਚਿੰਤਾ ਤੋਂ ਛੁਟਕਾਰੇ ਲਈ ਭੂਤ ਕਾਲ ਦੀਆਂ ਯਾਦਾਂ ਅਤੇ ਭਵਿੱਖ ਦੀਆਂ ਚਿੰਤਾਵਾਂ ਨੂੰ ਤਿਲਾਂਜਲੀ ਦੇ ਕੇ ਮਨੁੱਖ ਨੂੰ ਵਰਤਮਾਨ ਵਿਚ ਜਿਊਣ ਦੀ ਕਲਾ ਆਉਣੀ ਚਾਹੀਦੀ ਹੈ ਅਤੇ ਇਹ ਹੀ ਜੀਵਨ ਮਨੋਰਥ ਹੋਣਾ ਚਾਹੀਦਾ ਹੈ |
• ਚਿੰਤਾ ਮਨੁੱਖ ਦੀਆਂ ਸ਼ਕਤੀਆਂ ਨੂੰ ਜ਼ੀਰੋ (ਸਿਫਰ) ਕਰ ਦਿੰਦੀ ਹੈ | ਇਸ ਲਈ ਇਸ ਤੋਂ ਛੁਟਕਾਰਾ ਪਾ ਲੈਣਾ ਪਹਿਲਾ ਕਰਤੱਵ ਹੈ |
• ਯੋਗਾ ਤੇ ਧਿਆਨ ਚਿੰਤਾ ਤੋਂ ਬਾਹਰ ਆਉਣ ਵਿਚ ਤੁਹਾਡੀ ਮਦਦ ਕਰਦੇ ਹਨ |
• ਚਿੰਤਾ ਤੋਂ ਛੁਟਕਾਰਾ ਪਾਉਣ ਲਈ ਕਿਸੇ ਵਿਸ਼ਵਾਸ ਪਾਤਰ ਵਿਅਕਤੀ ਨਾਲ ਆਪਣੇ ਮਨ ਦੀ ਗੱਲ ਕਰ ਕੇ ਆਪਣਾ ਮਨ ਹਲਕਾ ਕਰੋ, ਹਰ ਕੰਮ ਧੀਰਜ ਨਾਲ ਕਰੋ ਕਿਉਂਕਿ ਹੜਬੜੀ ਨਾਲ ਗੜਬੜੀ ਹੁੰਦੀ ਹੈ |
• ਚਿੰਤਾ ਮੁਕਤੀ ਦਾ ਸਭ ਤੋਂ ਆਸਾਨ ਸਾਧਨ ਹੈ-ਸੰਜਮ |
• ਆਪਣੀਆਂ ਮੂਰਖਤਾਪੂਰਨ ਚਿੰਤਾਵਾਂ 'ਤੇ ਹੱਸਣ ਦਾ ਯਤਨ ਕਰੋ ਅਤੇ ਫਿਰ ਤੁਸੀਂ ਦੇਖੋਗੇ ਕਿ ਤੁਸੀਂ ਉਨ੍ਹਾਂ ਚਿੰਤਾਵਾਂ ਨੂੰ ਹੱਸ ਕੇ ਮਿਟਾ ਦਿੱਤਾ ਹੈ |
• ਮਸ਼ਹੂਰ ਕਾਮੇਡੀਅਨ ਜਾਰਜ ਬਰਨਸ ਤੋਂ ਕਿਸੇ ਨੇ ਪੁੱਛਿਆ ਕਿ ਚਿੰਤਾ ਨੂੰ ਜਿੱਤਣ ਦਾ ਕੀ ਤਰੀਕਾ ਹੈ? ਤਾਂ ਉਸ ਨੇ ਜਵਾਬ ਦਿੱਤਾ ਕਿ ਜੇ ਕੋਈ ਕੰਮ ਤੁਹਾਡੀ ਪਹੁੰਚ ਤੋਂ ਦੂਰ ਹੈ ਤਾਂ ਉਸ ਦੇ ਬਾਰੇ ਬੇਕਾਰ ਦੀ ਚਿੰਤਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ | ਜੇ ਤੁਸੀਂ ਕਿਸੇ ਕੰਮ ਨੂੰ ਠੀਕ ਤਰ੍ਹਾਂ ਨਿਭਾਉਣ ਵਿਚ ਸਮਰੱਥ ਨਹੀਂ ਹੋ ਤਾਂ ਉਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ |
• ਚਿੰਤਤ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਹਰ ਸਮੇਂ ਮਸਰੂਫ਼/ਵਿਅਸਤ/ਰੁੱਝਾ ਰਹੇ ਨਹੀਂ ਤਾਂ ਨਿਰਾਸ਼ਾ ਵਿਚ ਡੁੱਬ ਜਾਵੇਗਾ |
• ਤੁਹਾਡੇ ਵਲੋਂ ਮਨੁੱਖਤਾ ਵੱਲ ਚੁੱਕਿਆ ਹਰ ਕਦਮ ਤੁਹਾਡੀਆਂ ਚਿੰਤਾਵਾਂ ਨੂੰ ਦੂਰ/ਘੱਟ ਕਰਨ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ |
• ਜੀਵਨ ਵਿਚ ਜੇ ਅਸੀਂ ਸਾਦਗੀ ਨੂੰ ਅਪਣਾ ਲਈਏ ਤਾਂ ਵੀ ਸਾਡੀਆਂ ਚਿੰਤਾਵਾਂ ਦੂਰ ਜਾਂ ਘੱਟ ਹੋ ਸਕਦੀਆਂ ਹਨ | ਇਸ ਸਬੰਧ ਵਿਚ ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਕਿ 'ਸਾਦੇ ਵਿਆਹ, ਸਾਦੇ ਭੋਗ-ਨਾ ਕਰਜ਼ਾ, ਨਾ ਚਿੰਤਾ ਰੋਗ |'
• ਚਿੰਤਾ ਮਨੁੱਖ ਦਾ ਉਸ ਵੇਲੇ ਤੱਕ ਕੁਝ ਨਹੀਂ ਵਿਗਾੜਦੀ ਜਦੋਂ ਤੱਕ ਉਹ ਆਪਣੇ ਕੰਮ ਵਿਚ ਰੁਝਿਆ ਰਹਿੰਦਾ ਹੈ |
• ਪਰਮਾਤਮਾ ਨੂੰ ਆਪਣਾ ਸਾਥੀ ਬਣਾ ਲਓ ਤਾਂ ਚਿੰਤਾ ਦੀਆਂ ਰੇਖਾਵਾਂ ਚਿਹਰੇ 'ਤੇ ਨਹੀਂ ਆਉਣਗੀਆਂ |
• ਚਿੰਤਾ ਮਨੁੱਖੀ ਦਿਮਾਗ ਦਾ ਇਕ ਅਜਿਹਾ ਵਿਕਾਰ ਹੈ ਜੋ ਪੂਰੇ ਮਨ ਨੂੰ ਝੰਜੋੜ ਕੇ ਰੱਖ ਦਿੰਦਾ ਹੈ | ਇਸ ਲਈ ਚਿੰਤਾ ਨਹੀਂ ਚਿੰਤਨ ਕਰੋ | ਇਹ ਸੋਚੋ ਕਿ ਤੁਸੀਂ ਦੂਸਰਿਆਂ ਨਾਲੋਂ ਬਿਹਤਰ ਕਿਉਂ ਹੋ | ਇਸ ਸਵਾਲ ਦਾ ਜਵਾਬ ਜੇ ਤੁਸੀਂ ਖੁਦ ਤੋਂ ਪੁੱਛਦੇ ਹੋ ਤਾਂ ਤੁਹਾਡੀਆਂ ਚਿੰਤਾਵਾਂ ਦਾ ਨਿਵਾਰਨ ਆਪਣੇ-ਆਪ ਹੋ ਜਾਵੇਗਾ |
• ਆਪਣੀਆਂ ਚਿੰਤਾਵਾਂ ਤੋਂ ਖਹਿੜਾ ਛੁਡਾਉਣ ਲਈ ਇਨ੍ਹਾਂ ਬਾਰੇ ਆਪਣੇ ਕਿਸੇ ਖਾਸ ਦੋਸਤ ਨਾਲ ਵੀ ਜ਼ਿਕਰ ਕੀਤਾ ਜਾ ਸਕਦਾ ਹੈ |
• ਜੀਵਨ ਦੀਆਂ ਹਕੀਕਤਾਂ ਨੂੰ ਮੰਨ ਲੈਣ ਨਾਲ ਵੀ ਚਿੰਤਾਵਾਂ ਤੋਂ ਮੁਕਤੀ ਮਿਲ ਸਕਦੀ ਹੈ |
• ਅਣਗਿਣਤ ਫਿਕਰਾਂ ਵਿਚ ਡੁੱਬੇ ਅਤੇ ਇੱਛਾਵਾਂ ਦੀ ਪੂਰਤੀ ਲਈ ਮਾਰੇ-ਮਾਰੇ ਫਿਰਦੇ ਲੋਕਾਂ ਦੀਆਂ ਚਿੰਤਾਵਾਂ ਉਨ੍ਹਾਂ ਦੀ ਮੌਤ ਨਾਲ ਹੀ ਖ਼ਤਮ ਹੁੰਦੀਆਂ ਹਨ |
• ਚਿੰਤਾ ਦਾ ਇਲਾਜ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ |
• ਜੇ ਦੁਨੀਆ ਵਿਚ ਫ਼ਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜ਼ਿਕਰ ਨਾ ਹੁੰਦਾ |
• ਪੰਜਾਬੀ ਪਾਠਕਾਂ ਦੀ ਨਿੱਤ ਘਟਦੀ ਗਿਣਤੀ ਵੀ ਚਿੰਤਾਜਨਕ ਹੈ |
• ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ |
• ਸੱਚਾ ਸੁੱਖ ਆਜ਼ਾਦੀ ਵਿਚ ਹੈ | ਵਿਅਕਤੀ ਜਾਇਦਾਦ ਨਾਲ ਆਜ਼ਾਦ ਨਹੀਂ ਬਣਦਾ | ਸਗੋਂ ਰੱਬ ਦਾ ਚਿੰਤਨ ਕਰਨ ਨਾਲ ਆਜ਼ਾਦ ਹੁੰਦਾ ਹੈ | ਉਸ ਵੇਲੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਹੁੰਦੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਸਾਹਿਤਕ ਸਰਗਰਮੀਆਂ

ਪੰਜਾਬੀ ਲੇਖਕ ਸਭਾ ਜਲੰਧਰ ਵਲੋਂ ਭਾਸ਼ਾ, ਸਾਹਿਤ ਅਤੇ ਢਾਹਾਂ ਪੁਰਸਕਾਰਾਂ ਸਬੰਧੀ ਸਮਾਗਮ

ਪੰਜਾਬੀ ਲੇਖਕ ਸਭਾ ਜਲੰਧਰ ਵਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਸਾਹਿਤ ਦੀ ਸਮਾਜ ਦੇ ਵਿਕਾਸ ਵਿਚ ਭੂਮਿਕਾ ਦੀ ਭਰਪੂਰ ਚਰਚਾ ਤੋਂ ਇਲਾਵਾ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਢਾਹਾਂ ਸਾਹਿਤ ਪੁਰਸਕਾਰਾਂ ਸਬੰਧੀ ਹਾਜ਼ਰ ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ | ਪੰਜਾਬੀ ਵਿਚ ਦਿੱਤੇ ਜਾਂਦੇ ਢਾਹਾਂ ਸਾਹਿਤ ਇਨਾਮਾਂ ਦੀ ਗਲੋਬਲ ਪ੍ਰਸੰਗਿਕਤਾ ਅਤੇ ਮਹੱਤਵ ਸਬੰਧੀ ਪੁਰਸਕਾਰਾਂ ਦੇ ਸੰਸਥਾਪਕ ਸ੍ਰੀ ਬਰਜਿੰਦਰ ਸਿੰਘ ਬਰਜ ਢਾਹਾਂ ਨੇ ਕਿਹਾ ਕਿ ਇਨ੍ਹਾਂ ਇਨਾਮਾਂ ਦਾ ਉਦੇਸ਼ ਨਵੇਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਹਿਤ ਦੇ ਅਸਲ ਅਰਥਾਂ ਨਾਲ ਜੋੜਨਾ ਹੈ ਅਤੇ ਨਵੇਂ ਸਾਹਿਤਕਾਰਾਂ ਅਤੇ ਪੁਰਾਣੇ ਸਾਹਿਤਕਾਰਾਂ ਦੀਆਂ ਵੱਡੀਆਂ ਰਚਨਾਵਾਂ ਨੂੰ ਗਲੋਬਲ ਪੱਧਰ 'ਤੇ ਪਹੁੰਚਾਉਣਾ ਹੈ | ਇਸੇ ਲਈ ਚੁਣੀਆਂ ਗਈਆਂ ਪੁਸਤਕਾਂ ਦੇ ਅਨੁਵਾਦ ਕਰਵਾ ਕੇ ਅਸੀਂ ਇਨ੍ਹਾਂ ਰਚਨਾਵਾਂ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ 'ਤੇ ਬੈਠੇ ਸਾਹਿਤ ਪ੍ਰੇਮੀਆਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ | ਢਾਹਾਂ ਪੁਰਸਕਾਰਾਂ ਪਿੱਛੇ ਸਾਡੀ ਧਾਰਨਾ ਇਹ ਹੈ ਕਿ ਵਿਸ਼ਵ ਪੱਧਰ ਦੀਆਂ ਨਵੀਆਂ ਰਚਨਾਵਾਂ ਪੈਦਾ ਹੋਣ | ਉਨ੍ਹਾਂ ਅੱਗੇ ਕਿਹਾ ਕਿ ਵੱਡੇ ਲੇਖਕਾਂ ਅਤੇ ਨਵੇਂ ਲੇਖਕਾਂ ਨੂੰ ਇਸ ਵਿਚ ਬਰਾਬਰ ਮੌਕਾ ਮਿਲਦਾ ਹੈ ਕਿਉਂਕਿ ਸਾਡਾ ਮੁੱਖ ਉਦੇਸ਼ ਵੱਡੀ ਤੇ ਸਾਰਥਿਕ ਰਚਨਾ ਨੂੰ ਲੋਕਾਂ ਸਾਹਮਣੇ ਲਿਆਉਣਾ ਹੈ | ਸ੍ਰੀ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਨਾਮ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿਚ ਲਿਖੀਆਂ ਗਲਪ ਰਚਨਾਵਾਂ ਨੂੰ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਹਨ | ਇਨਾਮ ਦਾ ਫੈਸਲਾ ਗੁਪਤ ਉੱਚ ਪੱਧਰੀ ਪੈਨਲ ਰਾਹੀਂ ਕੀਤਾ ਜਾਂਦਾ ਹੈ | ਇਸ ਵਿਚ ਪਹਿਲਾ ਇਨਾਮ 25 ਹਜ਼ਾਰ ਕੈਨੇਡੀਅਨ ਡਾਲਰ ਅਤੇ ਅਤੇ ਦੋ ਇਨਾਮ 10-10 ਹਜ਼ਾਰ ਕੈਨੇਡੀਅਨ ਡਾਲਰ ਦੇ ਦਿੱਤੇ ਜਾਂਦੇ ਹਨ | ਇਸ ਸਾਲ ਦੇ ਇਨਾਮਾਂ ਲਈ ਕਿਤਾਬਾਂ ਭੇਜਣ ਦੀ ਮਿਤੀ 31 ਮਾਰਚ, 2020 ਹੈ |
ਸਮਾਗਮ ਦਾ ਮੁੱਖ ਭਾਸ਼ਨ ਪ੍ਰਸਿੱਧ ਭਾਸ਼ਾ ਚਿੰਤਕ ਅਤੇ ਉਘੇ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਹੋਰਾਂ ਦਿੱਤਾ | ਭਾਸ਼ਨ ਦਾ ਵਿਸ਼ਾ ਸੀ, 'ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਵਰਤਮਾਨ ਸਥਿਤੀ |' ਸ੍ਰੀ ਮਾਣਕ ਨੇ ਪੰਜਾਬੀ ਭਾਸ਼ਾ ਸਬੰਧੀ ਬੋਲਦਿਆਂ ਕਿਹਾ ਕਿ ਮਾਨਵੀ ਵਿਕਾਸ ਵਿਚ ਮਾਤ ਭਾਸ਼ਾ ਮੂਲ ਚੂਲ ਹੁੰਦੀ ਹੈ ਜਿਸ ਨੇ ਮਨੁੱਖ ਦੀਆਂ ਸਮੁੱਚੀਆਂ ਸਮਰੱਥਾਵਾਂ ਨੂੰ ਵਿਕਸਿਤ ਹੋਣ ਦਾ ਮੌਕਾ ਦੇਣਾ ਹੁੰਦਾ ਹੈ | ਭਾਸ਼ਾ ਹੀ ਸੱਭਿਆਤਾਵਾਂ ਦੇ ਵਿਕਾਸ ਦਾ ਰਾਹ ਘੜਦੀ ਹੈ ਪਰ ਪੰਜਾਬੀ ਭਾਸ਼ਾ ਦਾ ਇਤਿਹਾਸ ਸੰਘਰਸ਼ਾਂ ਦਾ ਇਤਿਹਾਸ ਹੈ | ਪੰਜਾਬੀ ਨੂੰ ਪੰਜਾਬ ਵਿਚ ਲਾਗੂ ਕਰਵਾਉਣਾ ਸਾਡਾ ਹਮੇਸ਼ਾ ਯਤਨ ਰਿਹਾ ਹੈ ਅਤੇ ਇਹ ਸੰਘਰਸ਼ ਭਵਿੱਖ ਵਿਚ ਵੀ ਜਾਰੀ ਰਹੇਗਾ |
ਸ੍ਰੀ ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਪੰਜਾਬ ਵਿਚ ਭਾਵੇਂ ਸਰਕਾਰੀ ਹੁਕਮਾਂ ਰਾਹੀਂ ਸੂਬੇ ਵਿਚ ਹਰ ਪੱਧਰ 'ਤੇ ਲਾਗੂ ਕਰ ਦਿੱਤੀ ਗਈ ਹੈ ਪਰ ਅਮਲੀ ਪੱਧਰ 'ਤੇ ਇਸ ਨੂੰ ਪੂਰਨ ਰੂਪ ਵਿਚ ਲਾਗੂ ਕਰਵਾਉਣ ਲਈ ਬੁੱਧੀਜੀਵੀਆਂ ਨੂੰ ਚੇਤੰਨ ਰਹਿਣ ਦੀ ਅਤੇ ਸੰਘਰਸ਼ਸ਼ੀਲ ਰਹਿਣ ਦੀ ਲੋੜ ਹੈ |
ਪੰਜਾਬੀ ਲੇਖਕ ਸਭਾ ਜਲੰਧਰ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਸਾਹਿਤਕਾਰ ਡਾ: ਵਰਿਆਮ ਸਿੰਘ ਸੰਧੂ ਹੋਰਾਂ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਸਮੁੱਚੇ ਸਮਾਗਮ ਦੇ ਸੂਤਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਢਾਹਾਂ ਪੁਰਸਕਾਰ ਦਾ ਸ੍ਰੀ ਬਰਜਿੰਦਰ ਸਿੰਘ ਹੁਰਾਂ ਵਲੋਂ ਏਡਾ ਵੱਡਾ ਉਪਰਾਲਾ ਪੰਜਾਬੀ ਸਮਾਜ ਲਈ ਮਾਣ ਤੇ ਸ਼ਾਨ ਵਾਲੀ ਗੱਲ ਹੈ | ਇਸ ਸਮਾਗਮ ਵਿਚ ਸ੍ਰੀ ਬਰਜਿੰਦਰ ਸਿੰਘ ਢਾਹਾਂ ਨੂੰ ਪੰਜਾਬੀ ਲੇਖਕ ਸਭਾ ਜਲੰਧਰ ਵਲੋਂ ਸਨਮਾਨਿਤ ਵੀ ਕੀਤਾ ਗਿਆ |
ਇਸ ਸਮਾਗਮ ਦਾ ਇਕ ਮਾਣ ਮੱਤਾ ਪੱਖ ਇਹ ਵੀ ਰਿਹਾ ਕਿ ਇਸ ਵਿਚ ਉਨ੍ਹਾਂ ਸਾਹਿਤਕਾਰਾਂ ਨੂੰ ਲੋਕਾਂ ਦੇ ਰੂ-ਬਰੂ ਕਰਵਾਇਆ ਗਿਆ, ਜਿਨ੍ਹਾਂ ਨੂੰ ਇਹ ਪੁਰਸਕਾਰ ਪਹਿਲਾਂ ਮਿਲ ਚੁੱਕਾ ਹੈ | ਜਿਨ੍ਹਾਂ ਵਿਚ ਬਲਦੇਵ ਸਿੰਘ ਸੜਕਨਾਮਾ, ਪ੍ਰਗਟ ਸਿੰਘ ਸਤੌਜ ਅਤੇ ਜਤਿੰਦਰ ਹਾਂਸ ਸ਼ਾਮਿਲ ਹਨ | ਗੁਰਦੇਵ ਰੁਪਾਣਾ ਦਾ ਢਾਹਾਂ ਪੁਰਸਕਾਰ ਡਾ: ਵਰਿਆਮ ਸਿੰਘ ਸੰਧੂ ਹੋਰਾਂ ਮੰਚ 'ਤੇ ਪ੍ਰਾਪਤ ਕੀਤਾ | ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ੍ਰੀ ਬਰਜਿੰਦਰ ਸਿੰਘ ਢਾਹਾਂ, ਡਾ: ਵਰਿਆਮ ਸਿੰਘ ਸੰਧੂ, ਸ੍ਰੀ ਸਤਨਾਮ ਸਿੰਘ ਮਾਣਕ, ਸ੍ਰੀਮਤੀ ਹਰਿੰਦਰ ਕੌਰ, ਬਲਦੇਵ ਸਿੰਘ ਸੜਕਨਾਮਾ, ਜਤਿੰਦਰ ਹਾਂਸ, ਪ੍ਰਗਟ ਸਿੰਘ ਸਤੌਜ ਅਤੇ ਹਰਜਿੰਦਰ ਸਿੰਘ ਅਟਵਾਲ ਸ਼ਾਮਿਲ ਸਨ | ਮੰਚ ਸੰਚਾਲਨ ਡਾ: ਲਖਵਿੰਦਰ ਸਿੰਘ ਜੌਹਲ ਹੋਰਾਂ ਕੀਤਾ | ਸਮਾਗਮ ਵਿਚ ਹਾਜ਼ਰ ਵਿਦਵਾਨਾਂ ਵਿਚ ਚਰਨ ਸਿੰਘ, ਹਰਮੀਤ ਸਿੰਘ ਅਟਵਾਲ, ਸੁਰਜੀਤ ਜੱਜ, ਡਾ: ਰਾਮ ਮੂਰਤੀ, ਭਗਵੰਤ ਰਸੂਲਪੁਰੀ, ਕੁਲਵਿੰਦਰ ਸਿੰਘ ਢਾਹਾਂ, ਰੂਪ ਸੰਧੂ, ਮੋਹਨ ਲਾਲ ਫਿਲੌਰੀਆ, ਮੱਖਣ ਮਾਨ, ਕੁਲਬੀਰ ਸਿੰਘ ਅਤੇ ਡਾ: ਉਮਿੰਦਰ ਜੌਹਲ ਸ਼ਾਮਿਲ ਸਨ | -0-

ਨਹਿਲੇ 'ਤੇ ਦਹਿਲਾ

ਤਲਾਕ ਦਾ ਕਾਗ਼ਜ਼

ਜਨਾਬ ਅਹਿਸਾਨ ਦਾਨਿਸ਼ ਸਾਹਿਬ ਸ਼ਾਇਰੀ ਦੇ ਨਾਲ-ਨਾਲ ਕਾਗ਼ਜ਼ ਦਾ ਕਾਰੋਬਾਰ ਵੀ ਕਰਦੇ ਸਨ ਅਤੇ ਆਪਣੇ ਇਸ ਕਾਰੋਬਾਰ ਕਰਕੇ ਕਈ-ਕਈ ਦਿਨ ਘਰੋਂ ਬਾਹਰ ਰਹਿੰਦੇ ਸਨ | ਇਕ ਵਾਰੀ ਸਾਹਿਰ ਸਾਹਿਬ ਉਨ੍ਹਾਂ ਨੂੰ ਮਿਲਣ ਲਈ ਆਪਣੇ ਪਿਆਰੇ ਦੋਸਤ ਹਮੀਦ ਅਖ਼ਤਰ ਸਾਹਿਬ ਦੇ ਨਾਲ ਉਨ੍ਹਾਂ ਦੀ ਦੁਕਾਨ 'ਤੇ ਗਏ, ਉਨ੍ਹਾਂ ਦਾ ਘਰ ਵੀ ਦੁਕਾਨ ਦੇ ਉਤੇ ਬਣਾਇਆ ਗਿਆ ਸੀ |
ਉਸ ਜ਼ਮਾਨੇ ਵਿਚ ਮੁਸਲਮਾਨ ਔਰਤਾਂ 'ਤੇ ਸਖ਼ਤ ਪਾਬੰਦੀਆਂ ਹੁੰਦੀਆਂ ਸਨ | ਖਾਸ ਤੌਰ 'ਤੇ ਸਿਨੇਮਾ ਵੇਖਣ 'ਤੇ ਪਾਬੰਦੀ ਸੀ ਕਿਉਂਕਿ ਫ਼ਿਲਮਾਂ ਵਿਚ ਕਈ ਪਿਆਰ ਦੇ ਸੀਨ ਪਸੰਦ ਨਹੀਂ ਕੀਤੇ ਜਾਂਦੇ, ਇਸ ਲਈ ਔਰਤਾਂ ਨੂੰ ਸਿਨੇਮਾ ਵੇਖਣ ਨਹੀਂ ਜਾਣ ਦਿੱਤਾ ਜਾਂਦਾ ਸੀ | ਸਾਹਿਰ ਸਾਹਿਬ ਨਾਲ ਗੱਲ ਸਾਂਝੀ ਕਰਦਿਆਂ ਦਾਨਿਸ਼ ਨੇ ਦੱਸਿਆ, 'ਮੈਂ ਆਪਣੇ ਕਾਰੋਬਾਰ ਦੇ ਸਬੰਧ ਵਿਚ ਬਾਹਰ ਗਿਆ ਹੋਇਆ ਸੀ, ਇਕ ਹਫ਼ਤੇ ਬਾਅਦ ਵਾਪਸ ਆਇਆ ਤਾਂ ਮੈਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |' ਸਾਹਿਰ ਜੀ ਨੇ ਪੁੱਛਿਆ, 'ਕੈਸੀ ਪ੍ਰੇਸ਼ਾਨੀ?' ਦਾਨਿਸ਼ ਸਾਹਿਬ ਨੇ ਆਖਿਆ, 'ਮੈਂ ਜਦੋਂ ਇਕ ਹਫ਼ਤੇ ਬਾਅਦ ਘਰ ਆਇਆ ਤਾਂ ਮੇਰੀ ਬੇਗ਼ਮ ਨੇ ਕਹਿਣਾ ਸ਼ੁਰੂ ਕਰ ਦਿੱਤਾ, 'ਅਸੀਂ ਸਿਨੇਮਾ ਵੇਖਣ ਜਾਣਾ ਏ |' ਜਾਪਦਾ ਹੈ ਕਿ ਸਾਡੀ ਪੜੋਸਨ ਨੇ ਗੁਆਂਢੀ ਹੋਣ ਕਰਕੇ ਮੇਰੀ ਗ਼ੈਰ-ਹਾਜ਼ਰੀ ਦਾ ਫਾਇਦਾ ਉਠਾ ਕੇ ਮੇਰੀ ਬੇਗ਼ਮ ਨੂੰ ਸਿਨੇਮਾ ਵੇਖਣ ਦੀ ਗੱਲ ਆਖੀ ਸੀ | ਫਿਰ ਕੀ, ਮੈਂ ਆਪਣੀ ਬੇਗ਼ਮ ਨੂੰ ਕਿਹਾ ਕਿ ਆਪਾਂ ਸਿਨੇਮਾ ਵੇਖਣ ਚਲਦੇ ਹਾਂ, ਪਹਿਲਾਂ ਇਹ ਕਾਗ਼ਜ਼ ਮੰਗਵਾ ਲਈਏ | ਮੇਰੀ ਇਹ ਗੱਲ ਸੁਣ ਕੇ ਬੇਗ਼ਮ ਕਹਿਣ ਲੱਗੀ, 'ਕਾਗ਼ਜ਼ਾਂ ਨਾਲ ਤਾਂ ਆਪਣਾ ਪੂਰਾ ਘਰ ਭਰਿਆ ਪਿਆ ਏ | ਹੋਰ ਕਾਗ਼ਜ਼ ਕਿਥੋਂ ਤੇ ਕਿਉਂ ਮੰਗਵਾਉਣਾ ਏ?' ਦਾਨਿਸ਼ ਸਾਹਿਬ ਨੇ ਕਿਹਾ, 'ਤਲਾਕ ਦਾ ਕਾਗ਼ਜ਼ ਹੋਰ ਹੁੰਦਾ ਹੈ, ਇਹ ਕਚਹਿਰੀ ਤੋਂ ਮੰਗਵਾਉਣਾ ਪੈਣਾ ਏ?' ਇਹ ਸੁਣ ਦੇ ਸਾਰ ਹੀ ਉਨ੍ਹਾਂ ਦੀ ਬੇਗ਼ਮ ਚੁੱਪ-ਚਾਪ ਅੰਦਰ ਚਲੀ ਗਈ | ਫਿਰ ਕਦੇ ਵੀ ਉਨ੍ਹਾਂ ਦੀ ਬੇਗ਼ਮ ਨੇ ਸਿਨੇਮਾ ਵੇਖਣ ਦੀ ਗੱਲ ਨਹੀਂ ਕਹੀ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. (ਪੰਜਾਬ) |
ਮੋਬਾਈਲ : 94170-91668.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX