ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਦਸਤਾਰ ਦਾ ਗੌਰਵ

ਦਸਤਾਰ ਦਾ ਇਤਿਹਾਸ ਬਹੁ-ਪੱਖੀ, ਗ਼ੌਰਵਮਈ ਅਤੇ ਪ੍ਰਾਚੀਨ ਹੈ। ਕਈ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਦਸਤਾਰ ਦਾ ਮੁੱਢ ਯਹੂਦੀਆਂ ਤੇ ਅਰਬ ਵਾਸੀਆਂ ਤੋਂ ਹੈ। ਭਾਰਤੀ ਇਤਿਹਾਸਕਾਰਾਂ ਦੀ ਇਹ ਧਾਰਨਾ ਰਹੀ ਹੈ ਕਿ ਪਗੜੀ ਸੰਸਾਰ ਨੂੰ ਭਾਰਤ ਦੀ ਦੇਣ ਹੈ। ਰਿਗਵੇਦ ਵਿਚ ਯੱਗ ਜਾਂ ਪੂਜਾ ਦੇ ਸਮੇਂ ਸਿਰ 'ਤੇ ਵੱਖ-ਵੱਖ ਰੰਗਾਂ ਦੇ ਪਹਿਰਾਵੇ ਦਾ ਕਥਨ ਮਿਲਦਾ ਹੈ। 'ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ' ਵਿਚ ਲਿਖਿਆ ਹੈ ਕਿ ਪੱਗਾਂ ਦੇ ਚਿੱਤਰ ਸਾਂਚੀ ਅਤੇ ਅਜੰਤਾ ਦੀਆਂ ਗੁਫ਼ਾਵਾਂ ਵਿਚ ਮਿਲਦੇ ਹਨ, ਜੋ ਈਸਾ ਦੇ ਜਨਮ ਤੋਂ 200 ਸਾਲ ਪੁਰਾਣੇ ਹਨ।
ਈਸਾਈਆਂ ਵਿਚ ਬਪਤਿਸਮਾ ਦੇਣ ਵੇਲੇ ਪੱਗ ਬੰਨ੍ਹਣੀ ਲਾਜ਼ਮੀ ਹੈ। ਬਾਈਬਲ ਵਿਚ ਵੀ ਪੱਗ ਬੰਨ੍ਹਣ ਦਾ ਕਥਨ ਹੈ। ਇਸਲਾਮ ਵਿਚ ਪੱਗ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਕਈ ਹਦੀਸਾਂ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਫੁਰਮਾਨ ਕੀਤਾ ਹੈ 'ਪੱਗ ਬੰਨ੍ਹਣ ਦੀ ਆਦਤ ਬਣਾਓ, ਕਿਉਂਕਿ ਇਹ ਫ਼ਰਿਸ਼ਤਿਆਂ ਦੀ ਨਿਸ਼ਾਨੀ ਹੈ। ਕਿਹਾ ਜਾਂਦਾ ਹੈ ਕਿ ਫ਼ਰਿਸ਼ਤੇ ਵੀ ਪੱਗ ਬੰਨ੍ਹਦੇ ਹਨ।'
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ 'ਮਾਰੂ ਰਾਗ' ਵਿਚ ਸ਼ਬਦ ਹੈ (ਪੰਨਾ-੧੦੮੪), ਜਿਸ ਵਿਚ ਇਸ ਤਰ੍ਹਾਂ ਸਪੱਸ਼ਟ ਲਿਖਿਆ ਹੈ :
ਕਾਇਆ ਕਿਰਦਾਰ ਅਉਰਤ ਯਕੀਨਾ ਰੰਗ ਤਮਾਸੇ ਮਾਣਿ ਹਕੀਨਾ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥
ਮਨੁੱਖ ਦੀ ਪਹਿਚਾਣ ਦਸਤਾਰ ਤੇ ਗੁਫ਼ਤਾਰ (ਭਾਵ ਗੱਲਬਾਤ) ਤੋਂ ਕੀਤੀ ਜਾ ਸਕਦੀ ਹੈ। ਪੱਗ ਦੀ ਪਹਿਚਾਣ ਸਭ ਤੋਂ ਪ੍ਰਮੁੱਖ ਹੈ। ਬਾਦਸ਼ਾਹਾਂ ਦੀ ਪੱਗ ਅਤੇ ਧਾਰਮਿਕ ਬੰਦਿਆਂ ਦੇ ਪੱਗ ਬੰਨ੍ਹਣ ਦੇ ਚਿੰਨ੍ਹ ਜਾਂ ਪੱਗ ਬੰਨ੍ਹਣ ਦੇ ਤੌਰ-ਤਰੀਕੇ ਹੋਰ ਤਰ੍ਹਾਂ ਹੁੰਦੇ ਹਨ। ਆਮ ਮਨੁੱਖ ਦੇ ਪੱਗ ਬੰਨ੍ਹਣ ਦਾ ਤਰੀਕਾ ਹੋਰ ਤਰ੍ਹਾਂ ਦਾ ਹੈ। ਪੰਜਾਬ ਦੇ ਪਿੰਡਾਂ ਵਿਚ ਮੁਸਲਮਾਨ ਆਮ ਤੌਰ 'ਤੇ ਲੜ ਰੱਖ ਕੇ ਪੱਗ ਬੰਨ੍ਹਦੇ ਹਨ। ਵਿਆਹ-ਸ਼ਾਦੀਆਂ ਦੇ ਸਮੇਂ ਜੋ ਪੱਗ ਬੰਨ੍ਹਦੇ ਹਨ, ਉਹ ਵੀ ਆਮ ਤੌਰ 'ਤੇ ਲੜ ਵਾਲੀ ਹੁੰਦੀ ਹੈ। ਸਿੱਖਾਂ ਦੇ ਪੱਗ ਬੰਨ੍ਹਣ ਦੇ ਕਈ ਤਰੀਕੇ ਹਨ। ਸਿੱਖਾਂ ਦੇ ਪੱਗ ਬੰਨ੍ਹਣ ਤੋਂ ਉਨ੍ਹਾਂ ਦੇ ਇਲਾਕੇ ਭਾਵ ਕਿਸ ਇਲਾਕੇ ਦੇ ਰਹਿਣ ਵਾਲੇ, ਕਿਸ ਧਾਰਮਿਕ ਸੰਪਰਦਾ ਨੂੰ ਮੰਨਣ ਵਾਲੇ ਦਾ ਪਤਾ ਲੱਗਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿਚ ਸਿੱਖਾਂ ਦੇ ਨੌਂ ਕਿਸਮ ਦੇ ਪੱਗ ਬੰਨ੍ਹਣ ਦੇ ਤਰੀਕੇ ਫੋਟੋ ਦੇ ਕੇ ਸਮਝਾਏ ਹਨ। ਇਨ੍ਹਾਂ ਵਿਚ ਸਧਾਰਨ ਸਿੱਖ, ਰਿਆਸਤੀ ਸਿੱਖ, ਫੌਜੀ ਸਿੱਖ, ਨਿਹੰਗ ਸਿੰਘ, ਨਿਰਮਲੇ ਸਿੱਖ, ਨਾਮਧਾਰੀ ਸਿੱਖ ਆਦਿ ਸ਼ਾਮਿਲ ਹਨ। ਇਨ੍ਹਾਂ ਦੇ ਪੱਗ ਬੰਨ੍ਹਣ ਤੋਂ ਇਨ੍ਹਾਂ ਦੀ ਧਾਰਮਿਕ ਸੰਪਰਦਾ ਦਾ ਪਤਾ ਲੱਗਦਾ ਹੈ।
ਇਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਨਾਲੋਂ ਸਿੱਖਾਂ ਦਾ ਦਸਤਾਰ ਨਾਲ ਰਿਸ਼ਤਾ ਜ਼ਿਆਦਾ ਪੱਕਾ ਹੈ, ਅਟੁੱਟਵਾਂ ਹੈ, ਕਿਉਂਕਿ ਇਹ ਕੇਸਾਂ ਨਾਲ ਸਬੰਧਤ ਹੈ, ਜੋ ਗੁਰੂ ਕੀ ਮੋਹਰ ਹਨ। ਕੇਸਾਂ ਬਾਰੇ ਰਹਿਤਨਾਮਿਆਂ ਵਿਚ ਲਿਖਿਆ ਹੈ :
ਗੁਰ ਕੀ ਮੁਹਰ, ਗੁਰੂ ਸਮ ਜਾਨੇ।
ਕੇਸ ਕਾ ਅਦਬ ਗੁਰੂ ਸਮਾਨੇ।
ਇਕ ਥਾਂ ਹੋਰ ਲਿਖਿਆ ਹੈ :
ਹੈ ਇਹ ਗੁਰ ਕੀ ਮੁਹਰ ਸੁਹਾਵਣ।
ਕੇਸਨ ਨਰ ਧਾਰੇ ਹੈ ਜਬਹੀ।
ਪੂਰਨ ਰੂਪ ਹੋਇ ਹੈ ਤਬਹੀ॥
(ਰਹਿਤਨਾਮੇ, ਪਿਆਰਾ ਸਿੰਘ ਪਦਮ, ਸਫ਼ਾ-੧੫੨)
ਕੇਸਾਂ ਦੀ ਸੁਰੱਖਿਆ ਲਈ ਪੱਗ, ਦਸਤਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਪੁਰਾਤਨ ਸਿੱਖ ਦੋਹਰੀ ਦਸਤਾਰ ਬੰਨ੍ਹਦੇ ਸਨ ਤਾਂ ਜੋ ਕੇਸਾਂ ਦਾ ਅਦਬ ਬਰਕਰਾਰ ਰਹੇ।
ਸਮਾਜਿਕ ਤੌਰ 'ਤੇ ਵੀ ਦਸਤਾਰ ਦੀ ਬੜੀ ਅਹਿਮ ਭੂਮਿਕਾ ਹੈ। ਮਿਸਰ ਵਿਚ ਇਹ ਰਿਵਾਜ ਆਮ ਪ੍ਰਚੱਲਤ ਸੀ ਕਿ ਕਿਸੇ ਨਜ਼ਦੀਕੀ ਦੇ ਮਰਨ ਉੱਤੇ ਸੋਗ ਵਿਚ ਪੱਗ ਸਿਰ ਤੋਂ ਲਾਹ ਦਿੱਤੀ ਜਾਂਦੀ ਸੀ। ਪੰਜਾਬ ਵਿਚ ਵੀ ਇਹ ਰਵਾਇਤ ਮੁੱਦਤ ਤੋਂ ਪ੍ਰਚੱਲਤ ਹੈ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵਾਰ ੩੨, ਪਉੜੀ ੧੯ ਵਿਚ ਇਸ ਤਰ੍ਹਾਂ ਕੀਤਾ ਹੈ :
ਠੰਢੇ ਖੂਹਹੁੰ ਨ੍ਹਾਇ ਪਗ
ਵਿਸਾਰਿ ਆਇਆ ਸਿਰਿ ਨੰਗੈ॥
ਘਰ ਵਿਚਿ ਰੰਨਾ ਕਮਲੀਆਂ
ਧੁਸੀ ਲੀਤੀ ਦੇਖਿ ਕੁਢੰਗੈ॥
ਜਦੋਂ ਕੋਈ ਮੌਤ ਹੋ ਜਾਏ ਤਾਂ ਚਿੱਟੀ ਪਗੜੀ ਮਰਨ ਵਾਲੇ ਦੇ ਪੁੱਤਰ ਜਾਂ ਵਾਰਸ ਦੇ ਸਿਰ 'ਤੇ ਬੰਨ੍ਹੀ ਜਾਂਦੀ ਹੈ। ਇਸ ਤਰ੍ਹਾਂ ਉਸ ਨੂੰ ਘਰ ਦਾ ਮੁਖੀਆ ਬਣਾਇਆ ਜਾਂਦਾ ਹੈ। ਪਗੜੀ ਸੱਭਿਆਚਾਰ ਦਾ ਇਕ ਬਹੁਤ ਵੱਡਾ ਚਿੰਨ੍ਹ ਹੈ। ਜੇਕਰ ਕਿਸੇ ਝਗੜੇ ਵਿਚ ਕਿਸੇ ਦੀ ਪਗੜੀ ਲੱਥ ਜਾਏ ਤਾਂ ਇਸ ਨੂੰ ਬੇਇੱਜ਼ਤੀ ਵਾਲਾ ਕਰਮ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਇਕ ਪਿਤਾ ਆਪਣੇ ਧੀ-ਪੁੱਤਰਾਂ ਨੂੰ ਕਹਿੰਦਾ ਰਹਿੰਦਾ ਹੈ ਕਿ ਮੇਰੀ ਪੱਗ ਦੀ ਲਾਜ ਰੱਖਣਾ। ਜਦੋਂ ਕਿਸੇ ਨੂੰ ਮਿੱਤਰ ਬਣਾਉਣਾ ਹੋਵੇ ਤਾਂ ਉਸ ਨਾਲ ਪੱਗ ਵਟਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ।
1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਪਰਖ਼ ਕਰਕੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜ ਕਕਾਰ ਰੱਖਣ ਦੀ ਖ਼ਾਲਸੇ ਨੂੰ ਤਾਕੀਦ ਕੀਤੀ ਗਈ। ਉਨ੍ਹਾਂ ਵਿਚ ਕੇਸ ਪ੍ਰਮੁੱਖ ਹਨ ਤੇ ਕੇਸਾਂ ਦੀ ਸੰਭਾਲ ਲਈ ਦਸਤਾਰ ਨੂੰ ਜ਼ਰੂਰੀ ਦੱਸਿਆ। ਇਸ ਤਰ੍ਹਾਂ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਤੇ ਪਹਿਚਾਣ ਬਣ ਗਈ ਹੈ। ਕਈ ਮੁਲਕਾਂ ਵਿਚ ਜਿੱਥੇ ਸਿੱਖ ਆਬਾਦ ਹੋਏ ਹਨ, ਉੱਥੇ ਪਗੜੀ ਵਾਸਤੇ ਕਾਫ਼ੀ ਸੰਘਰਸ਼ ਚੱਲ ਰਿਹਾ ਹੈ।
ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਸਮੇਂ ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਆਖਿਆ ਕਿ 'ਆਪ ਲੋਹ ਟੋਪ ਪਾਓ, ਕਿਉਂਕਿ ਯੁੱਧ ਵਿਚ ਸਿਰ ਦੀ ਸੱਟ ਜਾਂ ਸਿਰ ਦੇ ਜ਼ਖ਼ਮਾਂ ਕਾਰਨ ਬਹੁਤ ਮੌਤਾਂ ਹੁੰਦੀਆਂ ਹਨ। ਏਨਾ ਮੁਆਵਜ਼ਾ ਦੇਣ ਦੀ ਸਾਡੇ ਕੋਲ ਹਿੰਮਤ ਨਹੀਂ' ਤਾਂ ਸਿੱਖ ਫੌਜੀਆਂ ਨੇ ਸਪੱਸ਼ਟ ਆਖਿਆ ਸੀ ਕਿ, 'ਜਿਹੜੇ ਫੌਜੀ ਸਿਰ ਵਿਚ ਗੋਲੀ ਲੱਗਣ ਨਾਲ ਜਾਂ ਸਿਰ ਵਿਚ ਜ਼ਖ਼ਮ ਹੋਣ ਨਾਲ ਸ਼ਹੀਦ ਹੋਣਗੇ, ਉਹ ਕੋਈ ਮੁਆਵਜ਼ਾ ਨਹੀਂ ਲੈਣਗੇ ਪਰ ਟੋਪੀ ਨਹੀਂ ਪਹਿਨਣਗੇ।' ਇਉਂ ਸਾਡੇ ਸਿੱਖ ਯੋਧਿਆਂ ਦੀ ਦਸਤਾਰ ਲਈ ਸ਼ਰਧਾ ਤੇ ਦ੍ਰਿੜ੍ਹਤਾ ਦਾ ਪਤਾ ਲਗਦਾ ਹੈ।
ਖ਼ਾਲਸੇ ਦਾ ਪੂਰਨ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਹੋਇਆ ਬਾਣਾ ਧਾਰਨ ਕਰਨ ਨਾਲ ਗੁਰੂ ਜੀ ਦੀ ਸਪਿਰਟ ਉਨ੍ਹਾਂ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਇਸੇ ਸਪਿਰਟ ਸਦਕਾ ਖ਼ਾਲਸੇ ਨੇ ਕਈ ਕੁਰਬਾਨੀਆਂ ਕੀਤੀਆਂ। ਟੈਗੋਰ ਦੀ ਬਾਂਗਲਾ ਵਿਚ ਇਕ ਕਵਿਤਾ ਹੈ, ਜਿਸ ਵਿਚ ਅਠ੍ਹਾਰਵੀਂ ਸਦੀ ਵਿਚ ਮੁਗ਼ਲ ਸ਼ਾਸਕ ਨੇ ਇਕ ਸਿੱਖ ਦੇ ਕੇਸ ਕਤਲ ਕਰਨ ਲਈ ਕਿਹਾ। ਉਸ ਨੇ ਉੱਤਰ ਦਿੱਤਾ, 'ਮੇਰੇ ਕੇਸਾਂ ਨੂੰ ਹੱਥ ਨਾ ਲਾਉ। ਮੇਰਾ ਸਿਰ ਤੇ ਕੇਸ ਦੋਵੇਂ ਲੈ ਲਵੋ। ਜਿਸ ਤਰ੍ਹਾਂ ਕੇਸ ਸਿੱਖੀ ਦਾ ਅਟੁੱਟ ਅੰਗ ਹਨ, ਉਸੇ ਤਰ੍ਹਾਂ ਕੇਸਾਂ ਦੀ ਸੰਭਾਲ ਲਈ ਦਸਤਾਰ ਵੀ ਅਟੁੱਟ ਅੰਗ ਹੈ।' ਬਾਬਾ ਆਲਾ ਸਿੰਘ ਪਟਿਆਲਾ ਰਾਜ ਦੇ ਬਾਨੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਕੈਦ ਕਰ ਲਿਆ ਤੇ ਹੁਕਮ ਦਿੱਤਾ ਕਿ ਇਸ ਦੇ ਕੇਸ ਕਤਲ ਕਰ ਦੇਵੋ ਤਾਂ ਆਲਾ ਸਿੰਘ ਨੇ ਕਿਹਾ ਕਿ-'ਮੈਂ ਕੇਸ ਕਤਲ ਨਹੀਂ ਕਰਨ ਦਿਆਂਗਾ। ਮੈਂ ਇਨ੍ਹਾਂ ਦਾ ਮੁੱਲ ਦੇ ਦਿੰਦਾ ਹਾਂ।' ਇਸ ਤਰ੍ਹਾਂ ਆਲਾ ਸਿੰਘ ਨੇ ਕਈ ਲੱਖ ਰੁਪਏ ਦੇ ਕੇ ਕੇਸਾਂ ਦੀ ਰੱਖਿਆ ਕੀਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਕਾਰ ਤੇ ਦਸਤਾਰ ਇਸ ਲਈ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਨਾਲ ਸਿੱਖੀ ਸਪਿਰਟ ਕੁਰਬਾਨੀ, ਨੇਕੀ ਅਤੇ ਪਰਉਪਕਾਰ ਲਈ ਪ੍ਰਵੇਸ਼ ਕਰਦੀ ਹੈ। ਅੰਗਰੇਜ਼ੀ ਰਾਜ ਸਮੇਂ ਫੌਜ ਵਿਚ ਭਰਤੀ ਹੋਣ ਸਮੇਂ ਅੰਮ੍ਰਿਤਧਾਰੀ ਹੋਣ ਜ਼ਰੂਰੀ ਸੀ। ਦਸਤਾਰ ਬੰਨ੍ਹਣ ਲਈ ਵਿਸ਼ੇਸ਼ ਆਦਮੀ ਰੱਖੇ ਹੁੰਦੇ ਸਨ, ਜੋ ਛੇ ਲੜਾਂ ਵਾਲੀ ਪੱਗ ਇਕੋ ਤਰ੍ਹਾਂ ਦੀ ਸਾਰੇ ਸੈਨਿਕਾਂ ਨੂੰ ਬੰਨ੍ਹਦੇ ਸਨ। ਦਸਤਾਰ ਦੀ ਵਿਸ਼ੇਸ਼ਤਾ ਸਿੱਖਾਂ ਵਿਚ ਹੋਰਨਾਂ ਕੌਮਾਂ ਨਾਲੋਂ ਵੱਧ ਹੈ, ਕਿਉਂਕਿ ਦਸਤਾਰ ਸਿੱਖ ਧਰਮ ਦਾ ਇਕ ਜ਼ਰੂਰੀ ਚਿੰਨ੍ਹ ਬਣ ਗਈ ਹੈ।


-ਚੰਡੀਗੜ੍ਹ।


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਲੋਕ ਨਾਇਕ, ਰਾਜਪੂਤ ਯੋਧੇ ਜੈਮਲ ਅਤੇ ਫੱਤਾ

ਪੰਜਾਬ ਦੇ ਲੋਕ ਨਾਇਕਾਂ ਵਿਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਿਲ ਹਨ, ਜਿਨ੍ਹਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿਚ ਸਿੰਧ ਦਾ ਕਿੱਸਾ ਸੱਸੀ-ਪੁਨੂੰ ਅਤੇ ਯੋਧਿਆਂ-ਸੂਰਬੀਰਾਂ ਵਿਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰਾਠੌਰ ਉਰਫ ਜੈਮਲ ਅਤੇ ਰਾਵਤ ਫੱਤਾ ਸਿਸੋਦੀਆ, ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ। ਜੈਮਲ ਫੱਤਾ ਦੀਆਂ ਵਾਰਾਂ ਪੰਜਾਬ ਦੇ ਕੁਲਦੀਪ ਮਾਣਕ ਵਰਗੇ ਅਨੇਕਾਂ ਨਾਮਵਰ ਢਾਡੀਆਂ, ਕਵੀਸ਼ਰਾਂ ਅਤੇ ਗਾਇਕਾਂ ਨੇ ਗਾਈਆਂ ਹਨ।
20 ਅਕਤੂਬਰ, 1567 ਨੂੰ ਭਾਰਤ ਦੇ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜਗੜ੍ਹ 'ਤੇ ਆਪ ਖੁਦ ਹਮਲਾ ਬੋਲ ਦਿੱਤਾ। ਰਾਜਪੂਤਾਂ ਨੇ ਅਤਿਅੰਤ ਬਹਾਦਰੀ ਨਾਲ ਮੁਗ਼ਲ ਫ਼ੌਜ ਦਾ ਸਾਹਮਣਾ ਕੀਤਾ ਤੇ ਉਸ ਨੂੰ 23 ਫਰਵਰੀ, 1568 ਤੱਕ ਰੋਕੀ ਰੱਖਿਆ। ਮੇਵਾੜ ਦਾ ਮਹਾਰਾਣਾ ਉਦੇ ਸਿੰਘ ਆਤਮ-ਸਮਰਪਣ ਕਰਨ ਦੀ ਬਜਾਏ ਪਰਿਵਾਰ ਸਮੇਤ ਚਿਤੌੜਗੜ੍ਹ ਨੂੰ ਆਪਣੇ ਸੈਨਾਪਤੀਆਂ ਜੈਮਲ ਅਤੇ ਫੱਤਾ ਦੇ ਸਹਾਰੇ ਛੱਡ ਕੇ ਗੋਗੁੰਡਾ ਦੇ ਕਿਲ੍ਹੇ ਵਿਚ ਚਲਾ ਗਿਆ। ਜੈਮਲ ਅਤੇ ਫੱਤਾ ਨੇ 8000 ਸੈਨਿਕਾਂ ਅਤੇ 35,000 ਕਿਸਾਨਾਂ-ਮਜ਼ਦੂਰਾਂ ਦੀ ਮਦਦ ਨਾਲ ਅਕਬਰ ਦੇ ਲੱਖਾਂ ਸੈਨਿਕਾਂ ਨੂੰ ਚਾਰ ਮਹੀਨੇ ਤੱਕ ਕਿਲ੍ਹੇ ਦੇ ਨੇੜੇ ਨਾ ਫੜਕਣ ਦਿੱਤਾ। ਆਖਰ 22 ਫਰਵਰੀ, 1568 ਨੂੰ ਜੈਮਲ ਅਤੇ 23 ਫਰਵਰੀ, 1568 ਨੂੰ ਫੱਤਾ ਵੀਰਗਤੀ ਨੂੰ ਪ੍ਰਾਪਤ ਹੋ ਗਏ ਤੇ ਕਿਲ੍ਹਾ ਮੁਗ਼ਲਾਂ ਦੇ ਹੱਥ ਆ ਗਿਆ। ਇਸ ਜੰਗ ਵਿਚ ਸਾਰੇ ਦੇ ਸਾਰੇ 8000 ਰਾਜਪੂਤ ਸੈਨਿਕ ਮਾਰੇ ਗਏ ਤੇ ਹਜ਼ਾਰਾਂ ਔਰਤਾਂ ਨੇ ਬੱਚਿਆਂ ਸਮੇਤ ਜੌਹਰ ਕਰ ਲਿਆ। ਅਕਬਰ ਦੀ ਖਿਝੀ-ਖਪੀ ਸੈਨਾ ਨੇ 30,000 ਆਮ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ। ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਅਕਬਰ ਇਕ ਹਫਤਾ ਚਿਤੌੜਗੜ੍ਹ ਵਿਚ ਰਿਹਾ। ਅਕਬਰ ਜੈਮਲ ਅਤੇ ਫੱਤਾ ਦੀ ਬਹਾਦਰੀ ਤੋਂ ਐਨਾ ਖੁਸ਼ ਹੋਇਆ ਕਿ ਦੋਵਾਂ ਦੇ ਕਾਲੇ ਸੰਗਮਰਮਰ ਦੇ ਹਾਥੀ 'ਤੇ ਸਵਾਰ ਬੁੱਤ ਆਗਰੇ ਦੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਦੇ ਬਾਹਰ ਸਥਾਪਿਤ ਕਰਵਾਏ।
ਰਾਵਤ ਜੈ ਮੱਲ ਰਾਠੌਰ : ਜੈਮਲ ਦਾ ਜਨਮ 17 ਸਤੰਬਰ, 1507 ਨੂੰ ਮੇਵਾੜ ਦੀ ਰਿਆਸਤ ਮੇਰਟਾ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂਅ ਰਾਵਤ ਵਿਕਰਮ ਰਾਠੌਰ (ਮੇਰਟਾ ਦਾ ਜਾਗੀਰਦਾਰ) ਅਤੇ ਮਾਤਾ ਦਾ ਨਾਂਅ ਰਾਣੀ ਗੋਰਾਜੀਆ ਕੰਵਰ ਸੀ। ਜੈਮਲ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਮੇਰਟਾ ਰਿਆਸਤ ਦਾ ਜਗੀਰਦਾਰ ਬਣ ਗਿਆ ਤੇ ਕੁਝ ਹੀ ਸਮੇਂ ਵਿਚ ਆਪਣੀ ਬਹਾਦਰੀ ਦੇ ਬਲ 'ਤੇ ਤਰੱਕੀ ਕਰਦਾ ਹੋਇਆ ਚਿਤੌੜਗੜ੍ਹ ਦਾ ਕਿਲ੍ਹੇਦਾਰ ਥਾਪ ਦਿੱਤਾ ਗਿਆ। ਉਸ ਨੇ ਮੇਵਾੜ ਦੀਆਂ ਫ਼ੌਜਾਂ ਵਲੋਂ ਲੜਦੇ ਹੋਏ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ। ਉਸ ਦੀਆਂ ਸੇਵਾਵਾਂ ਦਾ ਮਾਣ ਰੱਖਦੇ ਹੋਏ ਰਾਣਾ ਉਦੇ ਸਿੰਘ ਨੇ ਉਸ ਨੂੰ 1000 ਹੋਰ ਪਿੰਡ ਜਗੀਰ ਵਜੋਂ ਦੇ ਦਿੱਤੇ। ਰਾਣਾ ਉਦੇ ਸਿੰਘ ਦੇ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜ ਨਾਲ ਰੋਜ਼ਾਨਾ ਝੜਪਾਂ ਹੋਣ ਲੱਗੀਆਂ। ਦੋਵਾਂ ਧਿਰਾਂ ਦੇ ਅਨੇਕਾਂ ਸੂਰਮੇ ਮਾਰੇ ਗਏ। ਮੁਗ਼ਲ ਤੋਪਖਾਨੇ ਦੀ ਲਗਾਤਾਰ ਗੋਲਾਬਾਰੀ ਕਾਰਨ ਚਿਤੌੜਗੜ੍ਹ ਵਰਗੇ ਅਜਿੱਤ ਕਿਲ੍ਹੇ ਦੀਆਂ ਦੀਵਾਰਾਂ ਵੀ ਕਮਜ਼ੋਰ ਹੋ ਕੇ ਡਿੱਗਣ ਲੱਗ ਪਈਆਂ। ਪਰ ਜਿਥੇ ਵੀ ਪਾੜ ਪੈਂਦਾ, ਰਾਜਪੂਤ ਝਟਪਟ ਰੇਤ ਦੀਆਂ ਬੋਰੀਆਂ ਤੇ ਪੱਥਰਾਂ ਨਾਲ ਉਸ ਨੂੰ ਪੂਰ ਦਿੰਦੇ। ਪਰ ਐਨੀ ਵੱਡੀ ਹਕੂਮਤ ਨਾਲ ਮੱਥਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਘੇਰੇ ਵਿਚ ਆਈ ਫ਼ੌਜ ਦੇ ਸਾਧਨ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦੇ ਹਨ ਤੇ ਘੇਰਾ ਪਾਉਣ ਵਾਲੀ ਫ਼ੌਜ ਨੂੰ ਰਸਦ ਅਤੇ ਯੁੱਧ ਸਮੱਗਰੀ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ।
ਜੈਮਲ ਦੀ ਮੌਤ ਵੀ ਇਕ ਅਜਿਹਾ ਪਾੜ ਪੂਰਦੇ ਸਮੇਂ ਅਕਬਰ ਦੀ ਗੋਲੀ ਕਾਰਨ ਹੋਈ ਸੀ। ਜੈਮਲ ਦੀ ਮੌਤ ਬਾਰੇ ਮੌਕੇ 'ਤੇ ਹਾਜ਼ਰ ਅਕਬਰ ਦਾ ਜੀਵਨੀਕਾਰ ਅਬੁਲਫਜ਼ਲ, ਅਕਬਰਨਾਮਾ ਵਿਚ ਲਿਖਦਾ ਹੈ, 'ਇਸ ਸਮੇਂ ਬਾਦਸ਼ਾਹ ਸਮਝ ਗਿਆ ਕਿ ਸ਼ਾਨਦਾਰ ਕਵਚ ਪਹਿਨ ਕੇ ਪਾੜ ਦੀ ਮੁਰੰਮਤ ਕਰਵਾ ਰਿਹਾ ਇਹ ਸ਼ਖ਼ਸ ਕੋਈ ਵੱਡਾ ਸੈਨਾਪਤੀ ਹੈ। ਪਰ ਬਾਦਸ਼ਾਹ ਦੇ ਸਲਾਹਕਾਰਾਂ ਵਿਚੋਂ ਕੋਈ ਵੀ ਉਸ ਦਾ ਨਾਂਅ ਨਹੀਂ ਸੀ ਜਾਣਦਾ। ਬਾਦਸ਼ਾਹ ਨੇ ਆਪਣੀ ਖਾਸ ਤੌਰ 'ਤੇ ਤਿਆਰ ਕੀਤੀ ਹੋਈ ਸੰਗਰਾਮ ਨਾਮਕ ਰਾਈਫਲ ਚੁੱਕੀ ਤੇ ਉਸ ਨੂੰ ਨਿਸ਼ਾਨਾ ਬਣਾ ਦਿੱਤਾ। ਅਗਲੇ ਦਿਨ ਜਿੱਤ ਤੋਂ ਬਾਅਦ ਇਹ ਸ਼ਨਾਖਤ ਹੋਈ ਕਿ ਮਰਨ ਵਾਲਾ ਕਿਲ੍ਹੇ ਦਾ ਗਵਰਨਰ ਜੈਮਲ ਸੀ। ਮਹਾਨ ਬਾਦਸ਼ਾਹ ਨੇ ਇਕ ਹੀ ਗੋਲੀ ਨਾਲ ਜੈਮਲ ਅਤੇ ਚਿਤੌੜਗੜ੍ਹ ਦੇ ਕਿਲ੍ਹੇ ਨੂੰ ਨਸ਼ਟ ਕਰ ਦਿੱਤਾ।'
ਜੈਮਲ ਦੇ ਦੋ ਪੁੱਤਰ ਸਨ। ਵੱਡਾ ਬੇਟਾ ਰਾਉ ਮੁਕੰਦ ਰਾਠੌਰ ਵੀ ਚਿਤੌੜਗੜ੍ਹ ਦੀ ਲੜਾਈ ਵਿਚ ਮਾਰਿਆ ਗਿਆ ਤੇ ਛੋਟਾ ਬੇਟਾ ਰਾਮਦਾਸ ਰਾਠੌਰ ਮੇਰਟਾ ਦੀ ਗੱਦੀ 'ਤੇ ਬੈਠਾ, ਜੋ ਮਹਾਰਾਣਾ ਪ੍ਰਤਾਪ ਵਲੋਂ ਹਲਦੀਘਾਟੀ ਦੇ ਮੈਦਾਨ ਵਿਚ ਲੜਦਾ ਹੋਇਆ ਮਾਰਿਆ ਗਿਆ।
ਰਾਵਤ ਫੱਤਾ ਸਿਸੋਦੀਆ : ਫੱਤਾ ਸਿਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ ਤੇ ਕੇਲਾਵਾ ਰਿਆਸਤ ਦਾ ਜਗੀਰਦਾਰ ਸੀ। ਉਸ ਦੇ ਬਾਪ ਦਾ ਨਾਂਅ ਰਾਵਤ ਜਗਤ ਅਤੇ ਮਾਤਾ ਦਾ ਨਾਂਅ ਰਾਣੀ ਸੱਜਣ ਬਾਈ ਸੋਂਗਰ ਚੌਹਾਨ ਸੀ। ਫੱਤਾ ਦਾ ਦਾਦਾ, ਪਿਤਾ ਅਤੇ ਦੋ ਚਾਚੇ ਮੇਵਾੜ ਖਾਤਰ ਯੁੱਧਾਂ ਵਿਚ ਸ਼ਹੀਦ ਹੋਏ ਸਨ। ਫੱਤਾ ਦੇ ਦਾਦਾ ਰਾਵਤ ਸੀਹਾ ਦੀ ਮੌਤ ਰਾਣਾ ਸਾਂਗਾ ਵਲੋਂ ਬਾਬਰ ਦੇ ਖਿਲਾਫ ਖਨੁਵਾ ਦੀ ਲੜਾਈ ਵਿਚ ਲੜਦੇ ਸਮੇਂ ਹੋਈ ਸੀ। ਫੱਤਾ ਦੀਆਂ 9 ਪਤਨੀਆਂ, 5 ਧੀਆਂ ਅਤੇ 6 ਪੁੱਤਰ ਸਨ। ਉਸ ਦੀਆਂ ਸਾਰੀਆਂ ਪਤਨੀਆਂ, ਧੀਆਂ ਅਤੇ ਦੋ ਪੁੱਤਰ ਚਿਤੌੜਗੜ੍ਹ ਦੇ ਜੌਹਰ ਵਿਚ ਸੜ ਕੇ ਆਪਣੀਆਂ ਜਾਨਾਂ ਦੇ ਗਏ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਰਾਵਤ ਕਾਲਾ ਸਿਸੋਦੀਆ ਕੇਲਾਵਾ ਦੀ ਗੱਦੀ 'ਤੇ ਬੈਠਾ, ਜੋ ਹਲਦੀਘਾਟੀ ਦੇ ਮੈਦਾਨ ਵਿਚ ਰਾਣਾ ਪ੍ਰਾਤਪ ਵਲੋਂ ਲੜਦਾ ਹੋਇਆ ਮਾਰਿਆ ਗਿਆ।
ਜੈਮਲ ਦੀ ਮੌਤ ਤੋਂ ਬਾਅਦ ਰਾਜਪੂਤਾਂ ਦੀ ਕਮਾਂਡ ਫੱਤਾ ਦੇ ਹੱਥ ਵਿਚ ਆ ਗਈ। ਜੈਮਲ ਵਰਗੇ ਗਾਥਾਮਈ ਯੋਧੇ ਦੇ ਮਰ ਜਾਣ ਕਾਰਨ ਰਾਜਪੂਤ ਫ਼ੌਜ ਵਿਚ ਘੋਰ ਨਿਰਾਸ਼ਾ ਫੈਲ ਗਈ ਸੀ। ਪਰ ਫੱਤਾ ਨੇ ਉਨ੍ਹਾਂ ਨੂੰ ਹਿੰਮਤ ਬੰਨ੍ਹਵਾਈ। ਨਿਸਚਿਤ ਹਾਰ ਸਾਹਮਣੇ ਵੇਖ ਕੇ ਵੀ ਉਸ ਨੇ ਹਥਿਆਰ ਸੁੱਟ ਕੇ ਸ਼ਰਮਿੰਦਗੀ ਦੀ ਜ਼ਿੰਦਗੀ ਜਿਊਣ ਦੀ ਬਜਾਏ ਇਕ ਸਿਪਾਹੀ ਦੀ ਮੌਤ ਚੁਣੀ। ਅਗਲੇ ਦਿਨ ਜਦੋਂ ਮੁਗ਼ਲ ਫ਼ੌਜ ਨੇ ਕਿਲ੍ਹੇ ਵਿਚ ਪ੍ਰਵੇਸ਼ ਕੀਤਾ ਤਾਂ ਰਾਜਪੂਤ ਔਰਤਾਂ ਨੇ ਚਿਤਾ ਵਿਚ ਕੁੱਦ ਕੇ ਜੌਹਰ ਕਰ ਲਿਆ ਅਤੇ ਰਾਜਪੂਤ ਯੋਧੇ ਫੱਤਾ ਦੀ ਅਗਵਾਈ ਹੇਠ ਕੇਸਰੀ ਕੱਪੜੇ ਪਹਿਨ ਕੇ ਤੇ ਸ਼ਹੀਦੀ ਗਾਨੇ ਬੰਨ੍ਹ ਕੇ ਮੁਗ਼ਲ ਫ਼ੌਜ 'ਤੇ ਟੁੱਟ ਪਏ। ਫੱਤਾ ਮੁਗ਼ਲਾਂ ਵਿਚ ਮਾਰ-ਕਾਟ ਮਚਾਉਂਦਾ ਹੋਇਆ ਅੱਗੇ ਹੀ ਅੱਗੇ ਵਧਦਾ ਗਿਆ। ਆਖਰ ਜਦੋਂ ਉਹ ਕਿਸੇ ਤਰ੍ਹਾਂ ਕਾਬੂ ਨਾ ਆਇਆ ਤਾਂ ਉਸ ਨੂੰ ਇਕ ਹਾਥੀ ਦੇ ਥੱਲੇ ਕੁਚਲ ਦਿੱਤਾ ਗਿਆ। ਜਦੋਂ ਉਸ ਨੂੰ ਪਹਿਚਾਣ ਕੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਅਜੇ ਜ਼ਿੰਦਾ ਸੀ, ਪਰ ਜਲਦੀ ਹੀ ਉਸ ਦੀ ਮੌਤ ਹੋ ਗਈ।
ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ਕਿਵੇਂ ਉਲਟ ਪ੍ਰਸਥਿਤੀਆਂ ਵਿਚ ਵੀ ਆਪਣੀ ਆਨ ਬਾਨ ਅਤੇ ਸ਼ਾਨ ਕਾਇਮ ਰੱਖੀ ਜਾ ਸਕਦੀ ਹੈ। ਪਰ ਅਜੋਕੀ ਪੰਜਾਬੀ ਪੀੜ੍ਹੀ ਨੂੰ ਆਪਣੇ ਪੜਦਾਦੇ ਦਾ ਨਾਂਅ ਚੇਤੇ ਨਹੀਂ, ਇਨ੍ਹਾਂ ਨੇ ਜੈਮਲ ਫੱਤਾ ਨੂੰ ਕਿੱਥੇ ਯਾਦ ਰੱਖਣਾ ਹੈ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਪੀਰ ਬੁੱਧੂ ਸ਼ਾਹ

ਇਸ਼ਕ ਪਰਮਾਤਮਾ ਦੀ ਸਭ ਤੋਂ ਪਾਵਨ, ਸਭ ਤੋਂ ਉੱਚੀ-ਸੁੱਚੀ ਅਤੇ ਸਭ ਤੋਂ ਮੁਬਾਰਕ ਬਖਸ਼ਿਸ਼ ਹੈ। ਇਸ਼ਕ ਦੀ ਯਾਤਰਾ ਆਪਣਾ ਵਜੂਦ ਖੋਹ ਦੇਣ ਦੀ ਯਾਤਰਾ ਹੈ। ਇਸ਼ਕ ਵਿਚ ਰੱਤੀਆਂ ਰੂਹਾਂ ਆਪਣੇ ਪਿਆਰ ਦਾ ਹੀ ਭੋਜਨ ਕਰਦੀਆਂ ਹਨ, ਪਿਆਰ ਹੀ ਪਹਿਨਦੀਆਂ ਹਨ ਅਤੇ ਪਿਆਰ ਵਿਚ ਹੀ ਲੀਨ ਹੋ ਜਾਂਦੀਆਂ ਹਨ। ਇਕ ਇਹੋ ਜਿਹੀ ਪਿਆਰੀ ਰੂਹ ਸੀ ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਨੇ ਸ੍ਰੀ ਦਸਮੇਸ਼ ਜੀ ਨਾਲ ਇਹੋ ਜਿਹਾ ਇਸ਼ਕ ਕਮਾਇਆ ਕਿ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਸਢੌਰੇ ਦੇ ਰਹਿਣ ਵਾਲੇ ਸੱਯਦ ਬਦਰੁਦੀਨ ਬਹੁਤ ਨੇਕ, ਸਮਦ੍ਰਿਸ਼ਟ ਅਤੇ ਮਸਤ ਸੁਭਾਅ ਦੇ ਮਾਲਕ ਸਨ। ਇਸ ਲਈ ਲੋਕ ਇਨ੍ਹਾਂ ਨੂੰ ਬੁੱਧੂ ਸ਼ਾਹ ਕਹਿਣ ਲੱਗੇ। ਇਨ੍ਹਾਂ ਦਾ ਜਨਮ 13 ਜੂਨ, 1647 ਨੂੰ ਹੋਇਆ। ਬਚਪਨ ਤੋਂ ਹੀ ਇਨ੍ਹਾਂ ਨੂੰ ਰੂਹਾਨੀਅਤ ਦੀ ਖਿੱਚ ਸੀ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਦੀ ਸੋਭਾ ਸੁਣ ਕੇ ਆਪ ਪਾਉਂਟਾ ਸਾਹਿਬ ਉਨ੍ਹਾਂ ਦੇ ਦਰਸ਼ਨਾਂ ਨੂੰ ਗਏ ਤਾਂ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਮਹਾਰਾਜ ਜੀ ਤੋਂ ਆਤਮਿਕ ਉਪਦੇਸ਼ ਪ੍ਰਾਪਤ ਕਰਕੇ ਉਨ੍ਹਾਂ ਦੀ ਆਤਮਾ ਇਸ਼ਕ ਹਕੀਕੀ ਵਿਚ ਰੰਗੀ ਗਈ। ਇਕ ਵਾਰ ਔਰੰਗਜ਼ੇਬ ਦੀ ਸੈਨਾ ਵਿਚੋਂ ਕੱਢੇ ਗਏ 500 ਪਠਾਣਾਂ ਨੇ ਪੀਰ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕਿਤੇ ਰੁਜ਼ਗਾਰ ਦਿਵਾਇਆ ਜਾਵੇ। ਪੀਰ ਜੀ ਨੇ ਸ੍ਰੀ ਦਸਮੇਸ਼ ਜੀ ਨੂੰ ਬੇਨਤੀ ਕਰਕੇ ਪਠਾਣਾਂ ਨੂੰ ਮਹਾਰਾਜ ਜੀ ਦੀ ਸੈਨਾ ਵਿਚ ਭਰਤੀ ਕਰਵਾ ਦਿੱਤਾ ਪਰ ਇਹ ਬੇਈਮਾਨ ਨਿਕਲੇ ਅਤੇ ਭੰਗਾਣੀ ਦੀ ਜੰਗ ਵਿਚ ਗੁਰੂ ਸਾਹਿਬ ਦਾ ਸਾਥ ਛੱਡ ਕੇ ਦੁਸ਼ਮਣ ਫੌਜ ਵਿਚ ਜਾ ਮਿਲੇ। ਇਹ ਸੁਣ ਕੇ ਪੀਰ ਬੁੱਧੂ ਸ਼ਾਹ ਆਪਣੇ 700 ਮੁਰੀਦਾਂ, ਪੁੱਤਰਾਂ, ਰਿਸ਼ਤੇਦਾਰਾਂ ਨਾਲ ਆ ਕੇ ਜੰਗ ਵਿਚ ਕੁੱਦ ਪਿਆ। ਮਹਾਰਾਜ ਜੀ ਦੀ ਫ਼ਤਹਿ ਹੋਈ। ਪੀਰ ਜੀ ਦੇ ਦੋ ਪੁੱਤਰ, ਇਕ ਭਤੀਜਾ ਅਤੇ ਬਹੁਤ ਸਾਰੇ ਮੁਰੀਦ ਜੰਗ ਵਿਚ ਸ਼ਹੀਦ ਹੋ ਗਏ। ਮਹਾਰਾਜ ਜੀ ਨੇ ਪੀਰ ਜੀ 'ਤੇ ਅਤਿਅੰਤ ਖੁਸ਼ੀਆਂ ਕੀਤੀਆਂ ਅਤੇ ਉਨ੍ਹਾਂ ਦੇ ਯਾਚਨਾ ਕਰਨ 'ਤੇ ਆਪਣੀ ਪਵਿੱਤਰ ਦਸਤਾਰ ਅਤੇ ਕੇਸਾਂ ਸਮੇਤ ਕੰਘਾ ਅਤੇ ਕਟਾਰ ਬਖਸ਼ੀ। ਇਨ੍ਹਾਂ ਦੀ ਪਤਨੀ ਬੀਬੀ ਨਸੀਰਾਂ ਦੇ ਦਿਲ ਵਿਚ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਥਾਹ ਪਿਆਰ ਅਤੇ ਸਤਿਕਾਰ ਸੀ।
ਇਕ ਵਾਰ ਦਸਮੇਸ਼ ਪਾਤਸ਼ਾਹ ਜੀ ਪੀਰ ਜੀ ਦੀ ਹਵੇਲੀ ਪਹੁੰਚੇ ਤਾਂ ਸਢੌਰੇ ਦੇ ਹਾਕਮ ਉਸਮਾਨ ਖਾਨ ਨੇ ਘੇਰਾ ਪਾ ਲਿਆ ਅਤੇ ਪੀਰ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਜ਼ਿੰਦਾ ਜਾਂ ਮੁਰਦਾ ਉਸ ਦੇ ਹਵਾਲੇ ਕੀਤਾ ਜਾਵੇ। ਪੀਰ ਜੀ ਨੇ ਪਰਿਵਾਰ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਦੇ ਤੀਜੇ ਬੇਟੇ ਨੇ ਕਿਹਾ ਕਿ ਮੇਰਾ ਗਲਾ ਕੱਟ ਕੇ ਖੂਨ ਦੀ ਬੋਤਲ ਭਰ ਕੇ ਉਸਮਾਨ ਖਾਨ ਨੂੰ ਦੇ ਦਿਓ ਤੇ ਕਹੋ ਕਿ ਇਹ ਮਹਾਰਾਜ ਜੀ ਦਾ ਖੂਨ ਹੈ। ਪੀਰ ਜੀ ਨੇ ਆਪਣਾ ਬੇਟਾ ਗੁਰੂ ਜੀ ਤੋਂ ਵਾਰ ਦਿੱਤਾ। ਪਿੱਛੋਂ ਪਤਾ ਲੱਗਣ 'ਤੇ ਔਰੰਗਜ਼ੇਬ ਉਸਮਾਨ ਖਾਨ ਨਾਲ ਬਹੁਤ ਨਾਰਾਜ਼ ਹੋਇਆ ਅਤੇ ਪੀਰ ਜੀ ਨੂੰ ਖ਼ਤਮ ਕਰਨ ਲਈ ਕਹਿ ਦਿੱਤਾ। ਉਸ ਨੇ ਪੀਰ ਜੀ 'ਤੇ ਬਹੁਤ ਜ਼ੁਲਮ ਕੀਤਾ ਅਤੇ ਉਨ੍ਹਾਂ ਨੂੰ ਬਹੁਤ ਬੇਦਰਦੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਜਲਾ ਦਿੱਤਾ ਗਿਆ। ਉਨ੍ਹਾਂ ਦੀ ਹਵੇਲੀ ਢਹਿ-ਢੇਰੀ ਕਰ ਦਿੱਤੀ ਗਈ। ਸ੍ਰੀ ਕਲਗੀਧਰ ਜੀ ਨੇ ਵੀ ਆਪਣੇ ਪਿਆਰੇ ਨੂੰ ਏਨਾ ਸਤਿਕਾਰ ਅਤੇ ਪਿਆਰ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹਿੰਦ ਤੋਂ ਵੀ ਪਹਿਲਾਂ ਸਢੌਰੇ ਦੀ ਇੱਟ ਨਾਲ ਇੱਟ ਖੜਕਾਉਣ ਦਾ ਅਤੇ ਉਸਮਾਨ ਖਾਨ ਵਰਗੇ ਜਾਬਰਾਂ ਨੂੰ ਮਲੀਆਮੇਟ ਕਰਨ ਦਾ ਹੁਕਮ ਦਿੱਤਾ, ਜੋ ਇਸੇ ਤਰ੍ਹਾਂ ਹੋਇਆ। ਆਪਣੀ ਸ਼ਹਾਦਤ ਤੋਂ ਪਹਿਲਾਂ ਪੀਰ ਜੀ ਨੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਪਾਵਨ ਨਿਸ਼ਾਨੀਆਂ ਨੂੰ ਆਪਣੀ ਹਵੇਲੀ ਦੀ ਛੱਤ ਵਿਚ ਛੁਪਾ ਦਿੱਤਾ ਸੀ। ਹੁਣ ਇਨ੍ਹਾਂ ਦੇ ਨਿਵਾਸ ਅਸਥਾਨ 'ਤੇ ਉਨ੍ਹਾਂ ਦੇ ਅਮਰ ਪ੍ਰੇਮ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਜਦੋਂ ਸ਼ਾਮ ਸਿੰਘ ਅਟਾਰੀਵਾਲਾ ਲੜਾਈ ਦੇ ਕੇਂਦਰ ਵਿਚ ਜਾ ਕੁੱਦਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬੀ ਫੌਜ ਲੜਾਈ ਦੇ ਮੋਰਚੇ 'ਤੇ ਗਦਾਰਾਂ ਦੀ ਅਗਵਾਈ ਦਾ ਸਾਹਮਣਾ ਕਰ ਰਹੀ ਸੀ ਤੇ ਉਥੇ ਪਿੱਛੇ ਰਾਜਧਾਨੀ ਵਿਚ ਵੀ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਨ ਦੀ ਤਿਆਰੀ ਸੀ। ਰਾਣੀ ਜਿੰਦਾਂ ਨੇ ਗੁਲਾਬ ਸਿੰਘ ਡੋਗਰਾ ਨੂੰ ਜੰਮੂ ਤੋਂ ਬੁਲਾ ਲਿਆ ਤੇ ਉਸ ਨੂੰ ਅੰਗਰੇਜ਼ਾਂ ਨਾਲ ਗੱਲਬਾਤ ਕਰਨ ਵਾਸਤੇ ਕਿਹਾ। ਪੰਜਾਬੀ ਮੁਸਲਮਾਨ ਰਜਮੈਂਟ ਜੋ ਰਾਜਧਾਨੀ ਦੀ ਹਿਫਾਜ਼ਤ ਵਾਸਤੇ ਤਾਇਨਾਤ ਕੀਤੀ ਸੀ, ਸਤਲੁਜ ਵੱਲ ਭੇਜ ਦਿੱਤੀ ਗਈ ਤੇ ਡੋਗਰਿਆਂ ਨੇ ਕਿਲ੍ਹਾ ਤੇ ਫੌਜੀ ਛਾਉਣੀ ਦੀਆਂ ਬੈਰਕਾਂ ਸੰਭਾਲ ਲਈਆਂ। ਗੁਲਾਬ ਸਿੰਘ ਨੇ ਸਭਰਾਵਾਂ ਡਟੀ ਫੌਜ ਵਾਸਤੇ ਬਾਰੂਦ ਭੇਜਣ ਦੀ ਮਨਾਹੀ ਕਰ ਦਿੱਤੀ ਤੇ ਗਵਰਨਰ ਜਨਰਲ ਲਾਰਡ ਹਾਰਡਿੰਗ ਨਾਲ ਸੰਪਰਕ ਸਥਾਪਿਤ ਕਰ ਲਿਆ।
ਫੌਜ ਦੇ ਪੰਚਾਂ ਦਾ ਇਕ ਵਫਦ ਮੋਰਚਿਆਂ ਤੋਂ ਦਰਬਾਰ ਵਿਚ ਇਕ ਫਰਿਆਦ ਲੈ ਕੇ ਗਿਆ। ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਕਈ ਦਿਨਾਂ ਤੋਂ ਖਾਣ ਵਾਸਤੇ ਕੁਝ ਨਹੀਂ ਹੈ। ਉਹ ਸਿਰਫ ਭੁੱਜੇ ਛੋਲੇ ਤੇ ਗਾਜਰਾਂ ਉੱਪਰ ਗੁਜ਼ਾਰਾ ਕਰ ਰਹੇ ਹਨ ਜੋ ਉਥੋਂ ਖੇਤਾਂ ਵਿਚੋਂ ਪੁੱਟੀਆਂ ਹਨ। ਰਾਣੀ ਜਿੰਦਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਲਾਬ ਸਿੰਘ ਨੇ ਮੋਰਚੇ ਵਾਸਤੇ ਕਾਫੀ ਰਾਸ਼ਨ ਤੇ ਅਸਲ੍ਹਾ ਭੇਜਿਆ ਹੈ। 'ਬਿਲਕੁਲ ਨਹੀਂ', ਉਨ੍ਹਾਂ ਜ਼ੋਰ ਦੀ ਕਿਹਾ ਕਿ, 'ਸਾਡੇ ਪਾਸ ਕੋਈ ਰਾਸ਼ਨ ਨਹੀਂ, 'ਚਿੜੀਆਂ ਦੀ ਹਾਜ਼ਰੀ' ਜਿੰਨਾ ਵੀ ਨਹੀਂ, ਸਾਨੂੰ ਬਰੂਦ ਦਿਓ, ਰਾਸ਼ਨ ਦਿਓ, ਨਹੀਂ ਤਾਂ ਅਸੀਂ ਨਹੀਂ ਲੜ ਸਕਦੇ।'
ਇਕ ਵਾਰ ਸਭ ਪਾਸੇ ਚੁੱਪ ਛਾ ਗਈ। ਫਿਰ ਪਰਦੇ ਦੇ ਪਿੱਛੋਂ ਜਿਥੇ ਰਾਣੀ ਬੈਠੀ ਸੀ, ਇਕ ਹੱਥ ਬਾਹਰ ਆਇਆ ਤੇ ਪੰਚਾਂ ਦੇ ਸਾਹਮਣੇ ਚੂੜੀਆਂ ਦਾ ਇਕ ਬੰਡਲ ਸੁੱਟ ਦਿੱਤਾ ਤੇ ਮਹਾਰਾਣੀ ਬਹੁਤ ਗੁੱਸੇ ਵਿਚ ਬੋਲੀ, 'ਇਹ ਪਹਿਨ ਲਵੋ, ਬੁਜ਼ਦਿਲੋ, ਮੈਂ ਪਤਲੂਨ ਪਹਿਨ ਲਵਾਂਗੀ ਤੇ ਖੁਦ ਜਾ ਕੇ ਲੜਾਂਗੀ।'
ਆਦਮੀਆਂ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਜ਼ੋਰ ਦੀ ਬੋਲੇ, 'ਨਹੀਂ, ਅਸੀਂ ਜਾ ਰਹੇ ਹਾਂ, ਅਸੀਂ ਲੜਾਂਗੇ, ਅਸੀਂ ਜਾਨਾਂ ਕੁਰਬਾਨ ਕਰ ਦੇਵਾਂਗੇ ਤੇਰੇ ਵਾਸਤੇ, ਤੇਰੇ ਪੁੱਤਰ ਵਾਸਤੇ ਤੇ ਖ਼ਾਲਸਾ ਪੰਥ ਵਾਸਤੇ।'
ਆਲੀਵਾਲ ਦੀ ਮਾਰ ਤੋਂ ਬਾਅਦ ਪੰਜਾਬੀਆਂ ਦੇ ਆਰਾਮ ਨਾਲ ਬੈਠੇ ਰਹਿਣ ਕਰਕੇ ਅੰਗਰੇਜ਼ਾਂ ਨੂੰ ਪੂਰਾ ਵਕਤ ਮਿਲ ਗਿਆ, ਹੋਰ ਕੁਮਕ ਤੇ ਅਸਲ੍ਹਾ ਮੰਗਵਾਉਣ ਵਾਸਤੇ, ਉਨ੍ਹਾਂ ਸਾਮਾਨ ਢੋਣ ਵਾਲੇ ਗੱਡਿਆਂ ਦੀ ਪਾਲ ਵੀ ਤਿਆਰ ਕਰ ਲਈ। ਜਦੋਂ ਸਾਰੀ ਤਿਆਰੀ ਪੱਕੀ ਹੋ ਗਈ ਤਾਂ ਉਨ੍ਹਾਂ ਫੈਸਲਾ ਕੀਤਾ ਕਿ ਤੇਜਾ ਸਿੰਘ ਦੀ ਫੌਜ ਨੂੰ ਜਿਥੇ ਬੈਠੀ ਹੈ, ਉਥੇ ਹੀ ਬੈਠੀ ਰਹਿਣ ਦਿਓ ਤੇ ਦਰਿਆ ਦੇ ਹੋਰ ਹੇਠਾਂ ਜਾ ਕੇ 'ਗੰਡਾ ਸਿੰਘ ਵਾਲਾ' ਦੇ ਥਾਂ ਤੋਂ ਸਤਲੁਜ ਪਾਰ ਕਰ ਲਿਆ ਜਾਵੇ। ਇਸ ਸਕੀਮ ਨੂੰ ਰੱਦ ਕਰਨਾ ਪਿਆ, ਕਿਉਂਕਿ ਉਸ ਇਲਾਕੇ ਦੀ ਕਿਸਾਨੀ ਬਹੁਤ ਖ਼ਿਲਾਫ਼ ਸੀ। ਹੁਣ ਗੱਫ ਤੇ ਹਾਰਡਿੰਗ ਨੇ ਫੈਸਲਾ ਕੀਤਾ ਕਿ ਸਭਰਾਵਾਂ ਦੇ ਪੰਜਾਬੀ ਮੋਰਚਿਆਂ ਉੱਪਰ ਸਿੱਧਾ ਹਮਲਾ ਕੀਤਾ ਜਾਵੇ ਤੇ ਉਨ੍ਹਾਂ ਦੀ ਫੌਜ ਨੂੰ ਇਕੋ ਝਟਕੇ ਨਾਲ ਖ਼ਤਮ ਕਰ ਦਿੱਤਾ ਜਾਵੇ। ਬਿਨਾਂ ਸ਼ੱਕ ਇਹ ਸਾਰੀ ਸਕੀਮ ਇਸ ਵਿਸ਼ਵਾਸ ਨਾਲ ਬਣਾਈ ਸੀ ਕਿ ਸਿੱਖ ਕਮਾਂਡਰ ਉਨ੍ਹਾਂ ਦੀ ਤਰਫ਼ ਹੈ।
7 ਫਰਵਰੀ ਨੂੰ ਬਹੁਤ ਤੇਜ਼ ਬਾਰਿਸ਼ ਹੋਣ ਲੱਗੀ। ਅਗਲੇ ਦੋ ਦਿਨ ਲਗਾਤਾਰ ਬੱਦਲਵਾਈ ਰਹੀ ਤੇ ਵਿਚ-ਵਿਚ ਮੀਂਹ ਪੈਂਦਾ ਰਿਹਾ। ਸਤਲੁਜ ਵਿਚ ਪਾਣੀ ਵਧਣ ਲੱਗਾ ਤੇ 48 ਘੰਟੇ ਵਿਚ 7 ਇੰਚ ਤੋਂ ਵੀ ਜ਼ਿਆਦਾ ਵਧ ਗਿਆ। ਇਸ ਨਾਲ ਸਾਰੀਆਂ ਬੇੜੀਆਂ ਵਰਤੋਂ ਤੋਂ ਬਾਹਰ ਹੋ ਗਈਆਂ ਤੇ ਸਿਰਫ ਬੇੜੀਆਂ ਦਾ ਇਕੋ ਪੁਲ ਰਹਿ ਗਿਆ, ਜਿਹੜਾ ਬੇਸ ਕੈਂਪ ਨਾਲ ਜੁੜਦਾ ਸੀ। ਲਾਰਡ ਗੱਫ ਨੇ ਤੁਰੰਤ ਇਸ ਮੌਕੇ ਨੂੰ ਸੰਭਾਲਣ ਦੀ ਸੋਚੀ ਤੇ 9 ਫਰਵਰੀ ਦੀ ਸ਼ਾਮ ਨੂੰ ਉਹ ਫਿਰੋਜ਼ਪੁਰ ਤੋਂ ਚੱਲ ਪਿਆ ਤੇ ਹਨੇਰੇ ਦੇ ਪਰਦੇ ਵਿਚ ਹੀ ਸਭਰਾਵਾਂ ਪਹੁੰਚ ਕੇ ਪੰਜਾਬੀ ਫੌਜੀ ਦਸਤਿਆਂ ਨੂੰ ਘੇਰ ਲਿਆ।
10 ਫਰਵਰੀ, 1846 ਦੀ ਸਵੇਰ ਨੂੰ ਦਰਿਆ ਦੇ ਕਿਨਾਰੇ ਮੀਂਹ ਨਾਲ ਭਿੱਜੇ ਖੇਤਾਂ ਉੱਪਰ ਸੰਘਣੀ ਧੁੰਦ ਛਾ ਗਈ, ਜਿਸ ਨੇ ਸਿੱਖ ਤੇ ਅੰਗਰੇਜ਼, ਦੋਵਾਂ ਦੀਆਂ ਫੌਜਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਆਕਾਸ਼ ਸਾਫ਼ ਹੋਣ ਤੋਂ ਬਾਅਦ ਜਦੋਂ ਸੂਰਜ ਨਿਕਲਿਆ ਤਾਂ ਧੁੰਦ ਹਟੀ। ਰੌਸ਼ਨੀ ਹੋਣ ਵੇਲੇ ਪੰਜਾਬੀ ਫੌਜਾਂ ਨੇ ਦੇਖਿਆ ਕਿ ਉਹ ਦੋ ਪਾਸਿਓਂ ਘੋੜੇ ਦੇ ਸੁੰਮਾਂ ਵਰਗੀ ਘੇਰਾਬੰਦੀ ਵਿਚ ਘਿਰੇ ਹੋਏ ਸਨ। ਇਕ ਪਾਸੇ ਅੰਗਰੇਜ਼ ਫੌਜ ਸੀ ਤੇ ਦੂਜੇ ਪਾਸੇ ਹੜ੍ਹ ਨਾਲ ਸ਼ੂਕਦਾ ਦਰਿਆ। ਇਸ ਵਾਰ ਅੰਗਰੇਜ਼ੀ ਤੋਪਾਂ ਨੇ ਪਹਿਲ ਕੀਤੀ। ਸਿੱਖ ਤੋਪਾਂ ਨੇ ਤੁਰੰਤ ਜਵਾਬ ਦਿੱਤਾ। ਫਿਰ ਅੱਧੇ ਘੰਟੇ ਵਾਸਤੇ ਤੋਪਾਂ ਦੀ ਆਵਾਜ਼ ਬੰਦ ਹੋ ਗਈ। ਅੰਗਰੇਜ਼ ਤੋਪਚੀ ਪੰਜਾਬੀ ਤੋਪਾਂ ਦੀ ਸਹੀ ਪੁਜ਼ੀਸ਼ਨ ਦਾ ਪਤਾ ਲਗਾਉਣ ਤੋਂ ਬਾਅਦ ਥੋੜ੍ਹਾ ਹਟ ਗਏ ਸਨ। ਫਿਰ ਉਨ੍ਹਾਂ ਨੇ ਬਹੁਤ ਜ਼ੋਰਦਾਰ ਹਮਲਾ ਕੀਤਾ ਤੇ ਦੋ ਘੰਟੇ ਵਿਚ ਹੀ ਪੰਜਾਬੀ ਤੋਪਾਂ ਨੂੰ ਚੁੱਪ ਕਰਵਾ ਦਿੱਤਾ। ਪੰਜਾਬੀਆਂ ਕੋਲ ਗੋਲਾ ਬਾਰੂਦ ਖਤਮ ਹੋ ਚੁੱਕਾ ਸੀ। ਅੰਗਰੇਜ਼ ਘੋੜਸਵਾਰ ਰਸਾਲਿਆਂ ਨੇ ਪੰਜਾਬੀ ਖੰਦਕਾਂ ਉੱਪਰ ਤਿੰਨ ਪਾਸਿਓਂ ਹਮਲਾ ਕੀਤਾ।
ਮੈਦਾਨ ਛੱਡ ਕੇ ਭੱਜਣ ਵਾਲਿਆਂ ਵਿਚੋਂ ਸਭ ਤੋਂ ਪਹਿਲਾ ਬੰਦਾ ਗੱਦਾਰ ਤੇਜ ਸਿੰਘ ਸੀ। 'ਉਹ ਲੰਡੇ ਕੁੱਤੇ ਦੀ ਤਰ੍ਹਾਂ ਦੌੜਿਆ', ਇਕ ਪੰਜਾਬੀ ਸਿਪਾਹੀ ਨੇ ਨਫ਼ਰਤ ਨਾਲ ਕਿਹਾ। ਤੇਜ ਸਿੰਘ ਨਾ ਸਿਰਫ ਇਕੱਲਾ ਆਪ ਹੀ ਦੌੜਿਆ, ਉਸ ਨੇ ਇਕ ਹੋਰ ਸਰਦਾਰ ਨੂੰ ਵੀ ਆਪਣੇ ਨਾਲ ਹੀ ਚੱਲਣ ਨੂੰ ਕਿਹਾ। ਉਹ ਸ਼ਾਮ ਸਿੰਘ ਅਟਾਰੀਵਾਲਾ ਸੀ। ਜਦੋਂ ਉਸ ਨੇ ਦੌੜ ਕੇ ਜਾਣ ਤੋਂ ਇਨਕਾਰ ਕੀਤਾ ਤਾਂ ਤੇਜ ਸਿੰਘ ਨੇ ਉਸ ਨੂੰ ਟਾਂਚ ਮਾਰੀ ਕਿ, 'ਜੇ ਤੂੰ ਏਨਾ ਹੀ ਬਹਾਦਰ ਹੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾਹ। ਮੈਨੂੰ ਪਤਾ ਹੈ ਕਿ ਇਕ ਵਕਤ ਤੂੰ ਵੀ ਦੌੜੇਂਗਾ।'
'ਕਦੇ ਵੀ ਨਹੀਂ', ਅਟਾਰੀਵਾਲੇ ਸਰਦਾਰ ਨੇ ਜਵਾਬ ਦਿੱਤਾ ਕਿ ਉਹ ਮਰਨਾ ਪਸੰਦ ਕਰੇਗਾ ਪਰ ਅੰਗਰੇਜ਼ਾਂ ਅੱਗੇ ਦੌੜੇਗਾ ਨਹੀਂ। ਉਸ ਨੇ ਸਫੈਦ ਬਾਣਾ ਪਹਿਨਿਆ ਤੇ ਲੜਾਈ ਦੇ ਕੇਂਦਰ ਵਿਚ ਜਾ ਕੁੱਦਿਆ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਫ਼ਤਹਿਗੜ੍ਹ ਚੂੜੀਆਂ ਦਾ ਪੰਚ ਮੰਦਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸ: ਹਕੀਕਤ ਸਿੰਘ ਨੇ ਇਥੋਂ ਪਠਾਣਾਂ ਨੂੰ ਖਦੇੜ ਕੇ ਆਪਣਾ ਅਧਿਕਾਰ ਕਾਇਮ ਕਰ ਲਿਆ ਅਤੇ ਆਪਣੀ ਰਿਹਾਇਸ਼ ਲਈ ਇਸ ਕਸਬੇ 'ਚ ਇਕ ਆਲੀਸ਼ਾਨ ਕਿਲ੍ਹਾ ਤਾਮੀਰ ਕਰਵਾਇਆ, ਜਿਸ ਦਾ ਨਾਂਅ ਉਸ ਨੇ ਫ਼ਤਹਿਗੜ੍ਹ ਰੱਖਿਆ। ਜਲਦੀ ਬਾਅਦ ਇਸ ਦੇ ਆਸ-ਪਾਸ ਸੰਘਣੀ ਆਬਾਦੀ ਵਸ ਗਈ, ਜਿਨ੍ਹਾਂ ਵਿਚੋਂ ਬਹੁਤੇ ਘਰ ਚੂੜੀਗਰਾਂ (ਚੂੜੀਆਂ ਬਣਾਉਣ ਵਾਲੇ) ਦੇ ਸਨ, ਜਿਸ ਕਾਰਨ ਇਹ ਕਸਬਾ ਫ਼ਤਹਿਗੜ੍ਹ ਚੂੜੀਆਂ ਵਾਲਾ ਦੇ ਨਾਂ ਤੋਂ ਜਾਣਿਆ ਜਾਣ ਲੱਗਾ।
ਜਦੋਂ ਸ: ਹਕੀਕਤ ਸਿੰਘ ਨੇ ਉਪਰੋਕਤ ਕਿਲ੍ਹੇ ਦਾ ਨਿਰਮਾਣ ਕਰਵਾਇਆ ਤਾਂ ਕਿਲ੍ਹੇ ਦੇ ਪਾਸ ਹੀ ਪੂਜਾ-ਪਾਠ ਲਈ ਇਕ ਖੂਬਸੂਰਤ ਮੰਦਰ ਅਤੇ ਤਲਾਬ ਦਾ ਵੀ ਨਿਰਮਾਣ ਕਰਵਾਇਆ। ਘਰ ਦੀਆਂ ਔਰਤਾਂ ਦੇ ਮੰਦਰ ਜਾਣ ਅਤੇ ਤਲਾਬ 'ਚ ਇਸ਼ਨਾਨ ਕਰਨ ਲਈ ਬਕਾਇਦਾ ਕਿਲ੍ਹੇ ਤੋਂ ਮੰਦਰ ਤੱਕ ਇਕ ਸੁਰੰਗ ਵੀ ਬਣਵਾਈ ਗਈ। ਇਹ ਮੰਦਰ ਅੱਜ ਵੀ ਮੌਜੂਦ ਹੈ ਅਤੇ ਇਸ ਨੂੰ ਤਲਾਬ ਵਾਲਾ ਮੰਦਰ ਕਿਹਾ ਜਾਂਦਾ ਹੈ। ਤਲਾਬ ਜੋ ਕਿ 14 ਫੁੱਟ ਡੂੰਘਾ, 223 ਫੁੱਟ ਲੰਬਾ ਅਤੇ 229 ਫੁੱਟ ਚੌੜਾ ਹੈ, ਅੱਜ ਵੀ ਤਸੱਲੀਬਖਸ਼ ਹਾਲਤ 'ਚ ਮੌਜੂਦ ਹੈ ਪਰ ਤਲਾਬ ਦੀ ਪਰਿਕਰਮਾ ਅਤੇ ਮੰਦਰ ਦੀ ਭੂਮੀ 'ਤੇ ਕੁਝ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ।
ਸੰਨ 1782 ਵਿਚ ਸ: ਹਕੀਕਤ ਸਿੰਘ ਸੁਰਗਵਾਸ ਹੋ ਗਿਆ, ਉਸ ਦਾ ਇਕਲੌਤਾ ਪੁੱਤਰ ਸ: ਜੈਮਲ ਸਿੰਘ ਉਸ ਸਮੇਂ ਸਿਰਫ 11 ਵਰ੍ਹਿਆਂ ਦਾ ਸੀ। ਸ: ਜੈ ਸਿੰਘ ਨੇ ਉਸ ਦਾ ਵਿਆਹ ਪਟਿਆਲੇ ਦੇ ਮਹਾਰਾਜੇ ਸਾਹਿਬ ਸਿੰਘ ਦੀ ਭੈਣ ਬੀਬੀ ਸਾਹਿਬ ਕੌਰ ਨਾਲ ਕਰਵਾ ਦਿੱਤਾ, ਜਿਸ ਦਾ ਸੰਨ 1801 ਵਿਚ ਦਿਹਾਂਤ ਹੋ ਗਿਆ। ਸ: ਜੈਮਲ ਸਿੰਘ ਨੇ ਜਲਦੀ ਬਾਅਦ ਦੂਜਾ ਵਿਆਹ ਕਰ ਲਿਆ, ਜਿਸ ਤੋਂ ਸੰਨ 1802 ਵਿਚ ਚੰਦ ਕੌਰ ਦਾ ਜਨਮ ਹੋਇਆ। ਸੰਨ 1803 ਵਿਚ ਜਦੋਂ ਚੰਦ ਕੌਰ ਸਿਰਫ ਇਕ ਸਾਲ ਦੀ ਸੀ ਤਾਂ ਉਸ ਦੀ ਮੰਗਣੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਖੜਕ ਸਿੰਘ ਨਾਲ ਕਰ ਦਿੱਤੀ ਗਈ। ਜਦੋਂ ਉਹ 10 ਵਰ੍ਹਿਆਂ ਦੀ ਹੋਈ ਤਾਂ 6 ਫਰਵਰੀ, 1812 ਨੂੰ ਫ਼ਤਹਿਗੜ੍ਹ ਚੂੜੀਆਂ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਉਸ ਦਾ ਵਿਆਹ ਕੀਤਾ ਗਿਆ। ਸ਼ਹਿਜ਼ਾਦਾ ਖੜਕ ਸਿੰਘ ਦੀ ਬਰਾਤ ਲਾਹੌਰ ਤੋਂ ਹਾਥੀਆਂ-ਘੋੜਿਆਂ 'ਤੇ ਸਵਾਰ ਹੋ ਕੇ ਪਹੁੰਚੀ, ਜਿਸ ਵਿਚ ਗਵਰਨਰ ਜਨਰਲ ਹਿੰਦ ਤਰਫੋਂ ਉਸ ਦਾ ਕਮਾਂਡਰ ਇਨ ਚੀਫ ਕਰਨਲ ਅਖਤਰਲੋਨੀ, ਰਾਜਾ ਸੰਸਾਰ ਚੰਦ (ਕਾਂਗੜਾ) ਅਤੇ ਹੋਰਨਾਂ ਰਾਜਾਂ ਦੇ ਰਾਜੇ, ਨਵਾਬ ਅਤੇ ਅੰਗਰੇਜ਼ ਅਧਿਕਾਰੀ ਸ਼ਾਮਿਲ ਹੋਏ। ਇਸੇ ਰਾਣੀ ਚੰਦ ਕੌਰ ਦੀ ਕੁੱਖੋਂ 9 ਮਾਰਚ, 1821 ਨੂੰ ਕੰਵਰ ਨੌ ਨਿਹਾਲ ਸਿੰਘ ਦਾ ਜਨਮ ਹੋਇਆ। ਅਗਸਤ, 1812 ਵਿਚ ਜਦੋਂ ਸ਼ਹਿਜ਼ਾਦਾ ਖੜਕ ਸਿੰਘ ਦੇ ਸਹੁਰੇ ਸ: ਜੈਮਲ ਸਿੰਘ ਦਾ ਦਿਹਾਂਤ ਹੋਇਆ ਤਾਂ ਉਸ ਦਾ ਜੋ ਕੀਮਤੀ ਖਜ਼ਾਨਾ ਫ਼ਤਹਿਗੜ੍ਹ ਚੂੜੀਆਂ ਦੇ ਕਿਲ੍ਹੇ ਵਿਚ ਪਿਆ ਹੋਇਆ ਸੀ, ਸਮੇਤ ਉਸ ਦੀ ਸਾਰੀ ਜਗੀਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿਚ ਕਰਕੇ ਖੜਕ ਸਿੰਘ ਦੇ ਨਾਂਅ ਲਗਵਾ ਦਿੱਤੀ। ਜਦੋਂ ਨਵੰਬਰ, 1812 ਵਿਚ ਸ: ਜੈਮਲ ਸਿੰਘ ਦੀ ਵਿਧਵਾ ਨੇ ਚੰਦ ਸਿੰਘ ਨੂੰ ਜਨਮ ਦਿੱਤਾ ਤਾਂ ਮਹਾਰਾਜੇ ਨੇ 15,000 ਰੁ: ਦੀ ਸਾਲਾਨਾ ਜਗੀਰ ਉਸ ਦੇ ਨਾਂਅ ਲਗਵਾ ਦਿੱਤੀ। ਸ਼ੇਰ-ਏ-ਪੰਜਾਬ ਦੇ ਦਿਹਾਂਤ ਦੇ ਬਾਅਦ ਮਹਾਰਾਜਾ ਬਣਨ ਉਪਰੰਤ ਕੁਝ ਸਮੇਂ ਬਾਅਦ ਰਾਣੀ ਚੰਦ ਕੌਰ ਮਹਾਰਾਜਾ ਖੜਕ ਸਿੰਘ ਨਾਲ ਨਾਰਾਜ਼ ਹੋ ਕੇ ਫ਼ਤਹਿਗੜ੍ਹ ਚੂੜੀਆਂ 'ਚ ਆਪਣੇ ਭਰਾ ਚੰਦ ਸਿੰਘ ਪਾਸ ਆ ਗਈ ਅਤੇ ਮਹਾਰਾਜੇ ਦੇ ਦਿਹਾਂਤ ਤੋਂ ਦੋ ਦਿਨ ਬਾਅਦ ਆਪਣੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਲਾਹੌਰ ਪਰਤੀ। ਇਸ ਸੰਬੰਧ ਵਿਚ ਜੰਗਨਾਮਾ 'ਚ ਸ਼ਾਹ ਮੁਹੰਮਦ ਲਿਖਦਾ ਹੈ :
ਟੱਠ ਪਹਿਰ ਲੁਕਾਇ ਕੇ ਰੱਖਿਓ ਨੂੰ, ਦੂਜੇ ਦਿਨ ਰਾਣੀ ਚੰਦ ਕੌਰ ਆਈ।
ਖੜਕ ਸਿੰਘ ਦਾ ਮੂਲ ਦਰੇਗ ਨਾਹੀਂ, ਕੌਰ ਸਾਹਿਬ ਤਾਈ ਉਥੇ ਰੋਣ ਆਈ।
ਫ਼ਤਹਿਗੜ੍ਹ ਚੂੜੀਆਂ 'ਚ ਰਹਿੰਦਿਆਂ ਧਾਰਮਿਕ ਵਿਚਾਰਾਂ ਵਾਲੀ ਰਾਣੀ ਚੰਦ ਕੌਰ ਨੇ ਸੰਨ 1838-39 ਵਿਚ ਕਿਲ੍ਹਾ ਫ਼ਤਹਿਗੜ੍ਹ ਦੇ ਪਾਸ ਹੀ ਆਪਣੇ ਨਿੱਜੀ ਪੂਜਾ-ਪਾਠ ਲਈ ਇਕ ਆਲੀਸ਼ਾਨ ਅਤੇ ਖੂਬਸੂਰਤ ਮੰਦਰ ਦਾ ਨਿਰਮਾਣ ਕਰਵਾਇਆ। ਇਸ ਮੰਦਰ ਦੇ ਨਿਰਮਾਣ ਵਿਚ ਕਾਂਗੜੇ ਦੇ ਅਤੇ ਮੁਗਲ ਭਵਨ ਕਲਾ ਨਿਰਮਾਣ ਵਿਚ ਮਾਹਿਰ ਕਾਰੀਗਰਾਂ ਦਾ ਸਹਿਯੋਗ ਲਿਆ ਗਿਆ। ਉਸ ਸਮੇਂ ਉੱਤਰੀ ਭਾਰਤ ਵਿਚ ਪੰਚ ਮੰਦਰ ਨਿਰਮਾਣ ਦਾ ਕਾਫੀ ਰਿਵਾਜ ਸੀ, ਜਿਸ ਕਰਕੇ ਫ਼ਤਹਿਗੜ੍ਹ ਚੂੜੀਆਂ ਵਿਚ ਵੀ ਸ੍ਰੀ ਗਣੇਸ਼, ਵਿਸ਼ਣੂ, ਦੇਵੀ ਸ਼ਕਤੀ ਅਤੇ ਸੂਰਜ ਦੇਵਤਾ ਨੂੰ ਸਮਰਪਿਤ ਪੰਚ ਮੰਦਰ ਦਾ ਵੀ ਨਿਰਮਾਣ ਕੀਤਾ ਗਿਆ। ਇਸ ਮੰਦਰ ਦੇ ਨਿਰਮਾਣ ਵਿਚ ਸੀਮੈਂਟ ਜਾਂ ਰੇਤ ਦਾ ਨਹੀਂ, ਸਗੋਂ ਚੂਨੇ, ਮਾਂਹ ਦੀ ਦਾਲ ਅਤੇ ਰਾਵਾ ਗੁੜ ਆਦਿ ਦਾ ਪ੍ਰਯੋਗ ਕੀਤਾ ਗਿਆ।
ਇਸ ਮੰਦਰ ਦਾ ਆਰਕੀਟੈਕਚਰ ਪੰਜਾਬ ਦੇ ਕਿਸੇ ਵੀ ਮੰਦਰ ਨਾਲ ਮੇਲ ਨਹੀਂ ਖਾਂਦਾ। ਕਰੀਬ 33 ਮਰਲੇ ਵਿਚ ਬਣੇ ਇਸ ਮੰਦਰ ਦੇ ਵਿਚਕਾਰ ਇਕ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਅਤੇ ਇਸ ਦੀ ਪਰਿਕਰਮਾ ਦੇ ਚਾਰੋਂ ਕੋਨਿਆਂ ਵਿਚ ਚਾਰ ਛੋਟੇ ਮੰਦਰ ਬਣਾਏ ਗਏ ਹਨ। ਕਿਸੇ ਮਕਬਰੇ ਦੇ ਗੁੰਬਦ ਦੀ ਸ਼ਕਲ ਵਰਗਾ ਮੁੱਖ ਮੰਦਰ ਦਾ ਗੁੰਬਦ ਕਰੀਬ 20 ਫੁੱਟ ਉੱਚਾ ਅਤੇ 18 ਫੁੱਟ ਚੌੜਾ ਹੈ। ਇਸ ਪੰਚ ਮੰਦਰ ਵਿਚ 150 ਦੇ ਕਰੀਬ ਦਿਲਕਸ਼ ਕੰਧ-ਚਿੱਤਰ ਬਣੇ ਹੋਏ ਹਨ, ਜਿਨ੍ਹਾਂ ਵਿਚੋਂ 60 ਤੋਂ ਜ਼ਿਆਦਾ ਕੰਧ-ਚਿੱਤਰਾਂ 'ਤੇ ਰੰਗ-ਰੋਗਨ ਕਰਵਾ ਕੇ ਮੌਜੂਦਾ ਪ੍ਰਬੰਧਕਾਂ ਦੁਆਰਾ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਤੇਲ ਚਿੱਤਰ ਸਿੱਖ ਗੁਰੂ ਸਾਹਿਬਾਨ ਦੇ, ਕੁਝ ਕ੍ਰਿਸ਼ਨ ਲੀਲਾ, ਸ੍ਰੀਚੰਦਰ ਭਗਵਾਨ ਅਤੇ ਕੁਝ ਰਾਮ ਦਰਬਾਰ ਦੇ ਹਨ। ਮੰਦਰ ਦੇ ਮੁੱਖ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਪੁਜਾਰੀ ਦਾ ਕਮਰਾ ਹੈ, ਜਿਸ ਦੇ ਉਪਰ ਲਾਇਬ੍ਰੇਰੀ ਬਣੀ ਹੋਈ ਹੈ, ਜਿਸ ਵਿਚਲੀਆਂ ਦੁਰਲੱਭ ਪੁਸਤਕਾਂ ਦੀ ਹਾਲਤ ਵੇਖ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਨ੍ਹਾਂ ਨੂੰ 35-40 ਵਰ੍ਹਿਆਂ ਤੋਂ ਖੋਲ੍ਹ ਕੇ ਨਹੀਂ ਵੇਖਿਆ ਗਿਆ। ਮੰਦਰ ਦੇ ਬਾਹਰ ਕੁਝ ਵਰ੍ਹੇ ਤੱਕ ਇਕ ਵਿਸ਼ਾਲ ਖੂਹ ਵੀ ਹੋਇਆ ਕਰਦਾ ਸੀ, ਜਿਸ ਨੂੰ ਪੂਰ ਦਿੱਤਾ ਗਿਆ ਹੈ। ਇਸ ਦੇ ਪਾਸ ਹੀ ਮੰਦਰ ਦਾ ਨਿਰਮਾਣ ਕਰਵਾਉਣ ਵਾਲੇ ਰਾਣੀ ਦੇ ਦੀਵਾਨ ਦੀ ਸਮਾਧ ਬਣੀ ਹੋਈ ਹੈ, ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ।


-ਅੰਮ੍ਰਿਤਸਰ। ਫੋਨ : 93561-27771

ਜਨਮ ਦਿਹਾੜੇ 'ਤੇ ਵਿਸ਼ੇਸ਼

ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ

ਭਗਤੀ ਦੇ ਮੁਜੱਸਮੇ, ਪੂਰਨ ਗੁਰਸਿੱਖ, ਦਿਆਲਤਾ ਅਤੇ ਨਿਮਰਤਾ ਦੇ ਪੁੰਜ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, 1563 ਬਿਕਰਮੀ ਸੰਮਤ ਨੂੰ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਸੁੱਘੇ ਰੰਧਾਵੇ ਜੀ ਦੇ ਘਰ ਮਾਤਾ ਗੌਰਾਂ ਜੀ ਦੇ ਉਦਰ ਤੋਂ ਹੋਇਆ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ 'ਤੇ ਵੀ ਪਿਆ। ਜਨਮ ਵਿਚ ਆਪ ਦਾ ਨਾਂਅ 'ਬੂੜਾ' ਰੱਖਿਆ ਅਤੇ ਕੁਝ ਚਿਰ ਮਗਰੋਂ ਆਪ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਜਦ ਆਪ ਬਾਰ੍ਹਾਂ ਵਰ੍ਹਿਆਂ ਦੇ ਸਨ, ਤਦ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤਾਂ ਦਾ ਉਦਾਰ ਕਰਨ ਲਈ ਰਮਦਾਸ ਪਿੰਡ ਦੀ ਜੂਹ ਵਿਚ ਆ ਟਿਕੇ, ਜਿਥੇ 'ਬੂੜਾ ਜੀ' ਮੱਝਾਂ ਚਾਰਦੇ ਹੋਏ ਉੱਥੇ ਆ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਸੁਣਿਆ। ਬਾਅਦ ਵਿਚ ਉਹ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਉਂਦੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ।
ਇਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਤੇ ਜਵਾਬ ਸੁਣ ਕੇ ਕਿਹਾ ਕਿ 'ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੂੜਾ ਜੀ ਦਾ ਨਾਂਅ 'ਬੁੱਢਾ ਜੀ' ਪੈ ਗਿਆ, ਜਿਨ੍ਹਾਂ ਨੂੰ ਸਿੱਖ ਸੰਗਤਾਂ ਪਿਆਰ ਨਾਲ ਧੰਨ ਬਾਬਾ ਬੁੱਢਾ ਜੀ ਆਖਦੀਆਂ ਹਨ। ਧੰਨ ਬਾਬਾ ਬੁੱਢਾ ਜੀ ਉਸੇ ਦਿਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋ ਤੁਰੇ ਤੇ ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿਚ ਜਾ ਕੇ ਖੇਤੀਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ 'ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ' ਦੇ ਉਪਦੇਸ਼ ਨੂੰ ਕਮਾ ਕੇ ਵੀ ਦਿਖਾਇਆ ਹੀ ਨਹੀਂ, ਸਗੋਂ ਸੰਗਤਾਂ ਨੂੰ ਵੀ ਇਸ ਨਾਲ ਜੋੜਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਅਤੇ ਇਸ ਮਗਰੋਂ ਤੀਜੀ ਪਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ, ਚੌਥੀ ਪਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਨੇ ਹੀ ਕੀਤੀ। ਧੰਨ ਬਾਬਾ ਬੁੱਢਾ ਜੀ ਦਾ ਵਿਆਹ ਬਟਾਲਾ ਅਧੀਨ ਪੈਂਦੇ ਪਿੰਡ ਅਚਲ ਤੋਂ ਮਾਤਾ ਮਰੋਆ ਜੀ ਨਾਲ ਹੋਇਆ ਅਤੇ ਆਪ ਦੇ ਘਰ 4 ਪੁੱਤਰਾਂ ਨੇ ਜਨਮ ਲਿਆ।
ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਪਿੰਡ ਬੀੜ ਵਿਚ ਹੀ ਬਤੀਤ ਕੀਤਾ, ਜਿਥੇ ਗੁਰੂ ਅਰਜਨ ਦੇਵ ਜੀ ਨੇ ਵੀ ਚਰਨ ਪਾਏ ਸਨ। ਇਸੇ ਅਸਥਾਨ 'ਤੇ ਆ ਕੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੀ ਸਹਿਜ ਅਵਸਥਾ ਵਿਚ ਪੁੱਤਰ ਦੀ ਦਾਤ ਮੰਗੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖਜ਼ਾਨੇ ਵਿਚੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ, 'ਮਾਤਾ ਜੀ, ਤੁਹਾਡੇ ਘਰ ਵਿਚ ਇਕ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ।' ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵਲੋਂ ਲਿਆਂਦੇ ਮਿੱਸੇ ਪ੍ਰਸ਼ਾਦੇ ਅਤੇ ਗੰਢਾ ਛਕ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਮਾਤਾ ਗੰਗਾ ਜੀ ਨੂੰ ਇਸ ਅਸਥਾਨ 'ਤੇ ਪੁੱਤਰ ਦੀ ਦਾਤ ਲਈ ਭੇਜਣਾ ਗੁਰੂ ਸਾਹਿਬ ਵਲੋਂ ਆਪਣੇ ਸਿੱਖ ਨੂੰ ਮਹਾਨ ਦਰਜਾ ਦੇਣ ਦਾ ਸਬੂਤ ਹੈ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਥਾਪਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਸੁਸ਼ੋਭਿਤ ਤਿੰਨ ਪੁਰਾਤਨ ਬੇਰੀਆਂ-ਦੁੱਖ ਭੰਜਨੀ ਬੇਰੀ, ਲਾਚੀ ਬੇਰੀ ਅਤੇ ਬੇਰ ਬੁੱਢਾ ਜੀ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਇਤਿਹਾਸਕ ਮਹੱਤਵ ਹੈ ਅਤੇ ਇਸ ਬੇਰੀ ਥੱਲੇ ਬਾਬਾ ਬੁੱਢਾ ਜੀ ਬਿਰਾਜਮਾਨ ਹੁੰਦੇ ਸਨ ਅਤੇ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ।
ਧੰਨ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿੱਦਿਆ, ਗੁਰਮੁਖੀ ਸਿਖਾਉਣ ਦੇ ਨਾਲ-ਨਾਲ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨਾਈਆਂ।
ਧੰਨ ਬਾਬਾ ਬੁੱਢਾ ਜੀ ਨੇ ਸੇਵਾ ਅਤੇ ਸਿਮਰਨ ਕਮਾ ਕੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਉਹ ਹਰਫ ਲਿਖੇ, ਜਿਨ੍ਹਾਂ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਅੱਜ ਵੀ ਸ਼ਰਧਾਵਾਨ ਪ੍ਰਾਣੀ ਵਲੋਂ ਆਪਮੁਹਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿ ਕੇ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ। ਅੱਜ ਸਮੁੱਚੀ ਕਾਇਨਾਤ ਵਿਚ ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬਹੁਤ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ।


-ਮੋਬਾ: 98154-48043

ਮੁਹੰਮਦ ਫਾਜ਼ਿਲਉੱਦੀਨ ਕਾਦਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
19ਵੀਂ ਸਦੀ ਦੇ ਆਰੰਭ ਵਿਚ ਇਸ ਦਰਗਾਹ ਅਤੇ ਮਦਰੱਸੇ ਦਾ ਪ੍ਰਬੰਧ ਸੱਯਦ ਅਹਿਮਦ ਸ਼ਾਹ ਦੇ ਹੱਥ ਆ ਗਿਆ। ਦਰਗਾਹ ਨਾਲ ਜੁੜੀ ਜਗੀਰ ਅਤੇ ਸੱਯਦ ਅਹਿਮਦ ਸ਼ਾਹ ਦੀ ਵਿਦਵਤਾ ਸਦਕਾ ਖਾਲਸਾ ਦਰਬਾਰ ਵਿਚ ਰਸੂਖ਼ ਹਾਸਲ ਕਰਕੇ ਉਹ ਆਪਣੇ ਸਮੇਂ ਦਾ ਮਸ਼ਹੂਰ ਆਦਮੀ ਬਣ ਗਿਆ। ਦਰਗਾਹ ਦੀ ਮਜਾਵਰੀ ਨੇ ਉਸ ਦੀ ਹੈਸੀਅਤ ਵਿਚ ਹੋਰ ਵੀ ਵਾਧਾ ਕੀਤਾ। ਉਹ ਰਾਜਨੀਤਕ ਚੇਤਨਾ ਅਤੇ ਇਤਿਹਾਸਕ ਸੂਝ ਵੀ ਖੂਬ ਰੱਖਦਾ ਸੀ।
ਇਸ ਦਰਗਾਹ ਦੀ ਅਜ਼ਮਤ ਅਤੇ ਇਸ ਨਾਲ ਜੁੜੇ ਲੋਕਾਂ ਬਾਰੇ ਗੱਲ ਕਰਦਿਆਂ ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਲਿਖਿਆ ਹੈ, 'ਦਰਬਾਰ ਕਾਦਰੀਆਂ ਫਾਜ਼ਿਲੀਆਂ ਦੇ ਸੂਫ਼ੀ ਦਰਵੇਸ਼ ਸਨ ਅਤੇ ਆਪਣੇ ਸਮੇਂ ਦੇ ਕਰਨੀ ਵਾਲੇ ਬਜ਼ੁਰਗ ਸਨ, ਜਿਨ੍ਹਾਂ ਦੀ ਪੀਰੀ ਮੁਰੀਦੀ ਜੰਮੂ-ਕਸ਼ਮੀਰ ਤੱਕ ਫੈਲੀ ਹੋਈ ਸੀ। ਸਥਾਨਕ ਰਵਾਇਤ ਹੈ ਕਿ ਸਾਈਂ ਬੁੱਲੇਸ਼ਾਹ ਜਵਾਨੀ ਦੇ ਸਮੇਂ ਸਾਰੇ ਘੁੰਮਦੇ-ਫਿਰਦੇ ਬਟਾਲੇ ਦੇ ਇਲਾਕੇ ਵਿਚ ਆਣ ਨਿਕਲੇ। ਉਨ੍ਹਾਂ ਅੰਦਰ ਰੂਹਾਨੀ ਜਲਵਾ ਪ੍ਰਗਟ ਹੋ ਚੁੱਕਾ ਸੀ ਅਤੇ ਮਨਸੂਰ ਵਾਂਗ ਉਨ੍ਹਾਂ ਨੇ ਵੀ ਅਨਅਲਹੱਕ ਕਹਿਣਾ ਸ਼ੁਰੂ ਕਰ ਦਿੱਤਾ। ਗੱਲ ਮੁਫਤੀਆਂ ਕਾਜ਼ੀਆਂ ਤੱਕ ਪਹੁੰਚ ਗਈ ਅਤੇ ਉਨ੍ਹਾਂ ਬੁੱਲੇਸ਼ਾਹ ਖਿਲਾਫ ਕੁਫਰ ਦਾ ਫਤਵਾ ਦੇਣ ਦੀ ਤਿਆਰੀ ਕਰ ਲਈ। ਲੋਕੀਂ ਪਹਿਲਾਂ ਮਨਸੂਰ ਦੇ ਹਸ਼ਰ ਤੋਂ ਜਾਣੂ ਸਨ, ਇਸ ਲਈ ਕਿਸੇ ਨੇ ਸਲਾਹ ਦਿੱਤੀ ਕਿ ਬੁੱਲੇਸ਼ਾਹ ਨੂੰ ਦਰਬਾਰ ਕਾਦਰੀਆਂ ਫਾਜ਼ਲੀਆਂ ਦੇ ਮੁਖੀ ਪੀਰ ਫਾਜ਼ਿਲਦੀਨ ਸ਼ਾਹ ਕੋਲ ਲੈ ਚੱਲੋ। ਉਸ ਨੇ ਬੁੱਲੇਸ਼ਾਹ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਅਜੇ ਅੱਲਾ (ਭਾਵ ਕੱਚਾ) ਹੈ। ਇਹ ਤਾਂ ਆਪਣੇ-ਆਪ ਨੂੰ ਅੱਲਾਹ ਨਹੀਂ, ਅੱਲਾ ਭਾਵ ਕੱਚਾ ਕਹਿ ਰਹੇ ਹਨ। ਇੰਜ ਬੁੱਲੇਸ਼ਾਹ ਦਾ ਸ਼ਰ੍ਹਾ ਵਾਲਿਆਂ ਕੋਲੋਂ ਬਚਾਅ ਕਰਵਾ ਕੇ ਫਾਜ਼ੁਲ-ਉਦੀਨ ਸ਼ਾਹ ਨੇ ਨਸੀਹਤ ਕੀਤੀ ਕਿ ਉਹ ਲਾਹੌਰ ਜਾ ਕੇ ਇਨਾਇਤ ਸ਼ਾਹ ਕਾਦਰੀ ਦੇ ਲੜ ਲੱਗ ਜਾਵੇ। ਬੁੱਲੇਸ਼ਾਹ ਨੇ ਅਜਿਹਾ ਹੀ ਕੀਤਾ। ਮਗਰੋਂ ਬੁੱਲੇਸ਼ਾਹ ਵਲੋਂ ਸਾਈਂ ਇਨਾਇਤ ਸ਼ਾਹ ਕਾਦਰੀ ਨੂੰ ਮੁਰਸ਼ਦ ਧਾਰਨ ਕਰਨ, ਰੁੱਸ ਜਾਣ ਅਤੇ ਨੱਚ ਕੇ ਮਨਾਉਣ ਦੀ ਕਹਾਣੀ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਬਟਾਲਾ ਸ਼ਹਿਰ ਦੇ ਮੀਆਂ ਮੁਹੱਲੇ ਵਿਚ ਸਥਿਤ ਕਾਦਰੀਆਂ, ਫਾਜ਼ਲੀਆਂ ਵਿਚ ਹਜਰਤ ਸਈਅਦ ਫਾਜ਼ਿਲਦੀਨ ਸ਼ਾਹ ਦਾ ਮਜ਼ਾਰ ਬਣਿਆ ਹੋਇਆ ਹੈ। ਪੀਰ ਫਾਜ਼ੁਲਦੀਨ ਕਾਦਰੀ ਦੇ ਖਾਨਦਾਨ ਦੇ ਲੋਕ, ਬਟਵਾਰੇ ਸਮੇਂ ਪਾਕਿਸਤਾਨ ਚਲੇ ਗਏ। ਦਰਬਾਰ ਕਾਦਰੀਆਂ ਦੇ ਬਾਨੀ ਅਤੇ ਉਸ ਦੇ ਜਾਨਸ਼ੀਨ ਪੁੱਤਰ ਸਈਅਦ ਗੁਲਾਮ ਕਾਦਰ ਸ਼ਾਹ ਨੇ ਪੰਜਾਬੀ ਵਿਚ ਸੂਫ਼ੀ ਕਲਾਮ ਦੀ ਰਚਨਾ ਵੀ ਕੀਤੀ। (ਸੂਫ਼ੀ ਮਤ, ਪੰਨੇ 203-204)
ਪੰਜਾਬੀ ਸੂਫ਼ੀ ਕਾਵਿ ਵਿਚ ਇਕ ਕਵੀ ਸ਼ਾਹ ਸ਼ਰਫ ਜਾਂ ਸ਼ਾਹ ਸ਼ਰਫ ਬਟਾਲਵੀ ਦਾ ਨਾਂਅ ਵੀ ਆਉਂਦਾ ਹੈ। ਡਾ: ਹਰਨਾਮ ਸਿੰਘ ਸ਼ਾਨ ਦਾ ਮੰਨਣਾ ਹੈ ਕਿ ਇਸੇ ਸ਼ਾਹ ਸ਼ਰਫ ਬਟਾਲਵੀ ਨੇ ਬਟਾਲੇ ਦੇ ਹੀ ਸ਼ੇਖ ਮੁਹੰਮਦ ਫਾਜ਼ਿਲ ਕਾਦਰੀ ਪਾਸੋਂ ਬੈਅਤ ਲਈ ਅਤੇ ਮਗਰੋਂ ਉਹ ਲਾਹੌਰ ਚਲਿਆ ਗਿਆ। ਰਹਿੰਦੀ ਉਮਰ ਉਸ ਨੇ ਲਾਹੌਰ ਹੀ ਕੱਟੀ ਅਤੇ ਇਥੇ ਹੀ ਉਹ 1724 ਈਸਵੀ ਵਿਚ ਸਵਰਗਵਾਸ ਹੋਇਆ। (ਸੂਫ਼ੀ ਕਾਵਿ ਸੰਗ੍ਰਹਿ ਪੰਨਾ 241)


-ਮੋਬਾ: 98889-39808

ਸ਼ਬਦ ਵਿਚਾਰ

ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ॥

ਸਿਰੀਰਾਗੁ ਮਹਲਾ ੧
ਤ੍ਰਿਸਨਾ ਮਾਇਆ ਮੋਹਣੀ
ਸੁਤ ਬੰਧਪ ਘਰ ਨਾਰਿ॥
ਧਨਿ ਜੋਬਨਿ ਜਗੁ ਠਗਿਆ
ਲਬਿ ਲੋਭਿ ਅਹੰਕਾਰਿ॥
ਮੋਹ ਠਗਉਲੀ ਹਉ ਮੁਈ
ਜਾ ਵਰਤੈ ਸੰਸਾਰਿ॥ ੧॥
ਮੇਰੇ ਪਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ॥
ਮੈ ਤੁਝ ਬਿਨੁ ਅਵਰੁ ਨ ਭਾਵਈ
ਤੂੰ ਭਾਵਹਿ ਸੁਖੁ ਹੋਇ॥ ੧॥ ਰਹਾਉ॥
ਨਾਮੁ ਸਾਲਾਹੀ ਰੰਗ ਸਿਉ
ਗੁਰ ਕੈ ਸਬਦਿ ਸੰਤੋਖੁ॥
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ॥
ਵਾਟ ਵਟਾਊ ਆਇਆ
ਨਿਤ ਚਲਦਾ ਸਾਥੁ ਦੇਖੁ॥ ੨॥
ਆਖਣਿ ਆਖਹਿ ਕੇਤੜੇ
ਗੁਰ ਬਿਨੁ ਬੂਝ ਨ ਹੋਇ॥
ਨਾਮੁ ਵਡਾਈ ਜੇ ਮਿਲੈ
ਸਚਿ ਰਪੈ ਪਤਿ ਹੋਇ॥
ਜੋ ਤੁਧੁ ਭਾਵਹਿ ਸੇ ਭਲੇ
ਖੋਟਾ ਖਰਾ ਨ ਕੋਇ॥ ੩॥
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ॥
ਅਸਟ ਧਾਤੁ ਪਾਤਿਸਾਹ ਕੀ
ਘੜੀਐ ਸਬਦਿ ਵਿਗਾਸਿ॥
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ॥ ੪॥
ਤੇਰੀ ਕੀਮਤਿ ਨਾ ਪਵੈ
ਸਭ ਡਿਠੀ ਠੋਕਿ ਵਜਾਇ॥
ਕਹਣੈ ਹਾਥ ਨ ਲਭਈ
ਸਚਿ ਟਿਕੈ ਪਤਿ ਪਾਇ॥
ਗੁਰਮਤਿ ਤੂੰ ਸਾਲਾਹਣਾ
ਹੋਰੁ ਕੀਮਤਿ ਕਹਣੁ ਨ ਜਾਇ॥ ੫॥
ਜਿਤੁ ਤਨਿ ਨਾਮੁ ਨ ਭਾਵਈ
ਤਿਤੁ ਤਨਿ ਹਉਮੈ ਵਾਦੁ॥
ਗੁਰ ਬਿਨੁ ਗਿਆਨੁ ਨ ਪਾਈਐ
ਬਿਖਿਆ ਦੂਜਾ ਸਾਦੁ॥
ਬਿਨੁ ਗੁਣ ਕਾਮਿ ਨ ਆਵਈ
ਮਾਇਆ ਫੀਕਾ ਸਾਦੁ॥ ੬॥
ਆਸਾ ਅੰਦਰਿ ਜੰਮਿਆ
ਆਸਾ ਰਸ ਕਸ ਖਾਇ॥
ਆਸਾ ਬੰਧਿ ਚਲਾਈਐ
ਮੁਹੇ ਮੁਹਿ ਚੋਟਾ ਖਾਇ॥
ਅਵਗਣਿ ਬਧਾ ਮਾਰੀਐ
ਛੂਟੈ ਗੁਰਮਤਿ ਨਾਇ॥ ੭॥
ਸਰਬੇ ਥਾਈ ਏਕੁ ਤੂੰ
ਜਿਉ ਭਾਵੈ ਤਿਉ ਰਾਖੁ॥
ਗੁਰਮਤਿ ਸਾਚਾ ਮਨਿ ਵਸੈ
ਨਾਮੁ ਭਲੋ ਪਤਿ ਸਾਖੁ॥
ਹਉਮੈ ਰੋਗੁ ਗਵਾਈਐ
ਸਬਦਿ ਸਚੈ ਸਚੁ ਭਾਖੁ॥ ੮॥
ਆਕਾਸੀ ਪਾਤਾਲਿ ਤੂ
ਤ੍ਰਿਭਵਣਿ ਰਹਿਆ ਸਮਾਇ॥
ਆਪੇ ਭਗਤੀ ਭਾਉ ਤੂੰ
ਆਪੇ ਮਿਲਹਿ ਮਿਲਾਇ॥
ਨਾਨਕ ਨਾਮੁ ਨ ਵੀਸਰੈ
ਜਿਉ ਭਾਵੈ ਤਿਵੈ ਰਜਾਇ॥ ੯॥ ੧੩॥
(ਅੰਗ 61-62)
ਪਦ ਅਰਥ : ਸੁਤ-ਪੁੱਤਰ। ਬੰਧਪ-ਰਿਸ਼ਤੇਦਾਰ। ਜੋਬਨਿ-ਜੁਆਨੀ ਨੇ। ਧਨਿ-ਧਨ ਨੇ। ਲਬਿ ਲੋਭਿ-ਲੋਭ ਲਾਲਚ ਨੇ। ਜਗੁ ਠਗਿਆ-ਜਗਤ ਨੂੰ ਠੱਗ ਲਿਆ ਹੈ। ਠਗਉਲੀ-ਠੱਗ ਬੂਟੀ। ਹਉ-ਹਉਮੈ, ਹਉ ਮੇਰੀ। ਮੁਈ-ਮਰ ਰਹੀ ਹੈ। ਵਰਤੈ-ਵਰਤ ਰਹੀ ਹੈ। ਅਵਰੁ-ਹੋਰ। ਤੁਝ ਬਿਨੁ-ਤੇਰੇ ਤੋਂ ਬਿਨਾਂ। ਨ ਭਾਵਈ-ਚੰਗਾ ਨਹੀਂ ਲੱਗਦਾ, ਪਿਆਰਾ ਨਹੀਂ ਲੱਗਦਾ। ਤੂੰ ਭਾਵਹਿ-(ਜਦੋਂ ਤੂੰ ਮੈਨੂੰ) ਚੰਗਾ ਲੱਗਦਾ ਹੈਂ। ਨਾਮੁ ਸਾਲਾਹੀ-ਨਾਮ ਦੀ ਸਿਫ਼ਤ ਸਾਲਾਹ ਕਰ। ਰੰਗ ਸਿਉ-ਪ੍ਰੇਮ ਨਾਲ। ਗੁਰ ਕੈ ਸਬਦਿ-ਗੁਰੂ ਦੇ ਸ਼ਬਦ ਦੁਆਰਾ। ਸੰਤੋਖੁ-ਸੰਤੋਖ ਨਾਲ। ਜੋ ਦੀਸੈ-ਜੋ ਕੁਝ ਦਿਸਦਾ ਹੈ। ਸੋ ਚਲਸੀ-ਉਹ ਚਲਾਏਮਾਨ ਹੈ, ਨਾਸ਼ਵੰਤ ਹੈ। ਕੂੜਾ-ਨਾਸਵੰਤ। ਵਾਟ-ਰਾਹ, ਰਸਤਾ। ਵਟਾਊ-ਮੁਸਾਫ਼ਰ। ਨਿਤ ਚਲਦਾ-ਨਿੱਤ ਚੱਲਣ ਵਾਲਾ। ਦੇਖੁ-ਸਮਝ। ਸਾਥੁ-ਸਾਰੇ ਸਾਥੀ।
ਆਖਣਿ ਆਖਹਿ ਕੇਤੜੇ-ਵਖਿਆਨ ਕਰਨ ਵਾਲੇ ਤਾਂ ਬੜੇ ਹਨ। ਬੂਝ ਨ ਹੋਇ-ਸੋਝੀ ਨਹੀਂ ਪੈਂਦੀ। ਨਾਮੁ ਵਡਾਈ-ਨਾਮ ਰੂਪ ਵਡਿਆਈ ਮਿਲ ਜਾਵੇ। ਸਚਿ ਰਪੈ-ਸਦਾ ਥਿਰ ਪ੍ਰਭੂ ਵਿਚ ਰੰਗਿਆ ਜਾਵੇ। ਪਤਿ ਹੋਇ-ਇੱਜ਼ਤ ਹੁੰਦੀ ਹੈ, ਲੋਕ ਪਰਲੋਕ ਵਿਚ ਇੱਜ਼ਤ ਹੁੰਦੀ ਹੈ। ਤੁਧੁ ਭਾਵਹਿ-(ਹੇ ਪ੍ਰਭੂ) ਤੈਨੂੰ ਚੰਗੇ ਲੱਗਦੇ ਹਨ। ਸੇ ਭਲੇ-ਉਹੀ ਭਲੇ ਹਨ। ਖੋਟਾ-ਮਾੜਾ। ਖਰਾ-ਚੰਗਾ। ਛੁਟੀਐ-ਛੁਟਕਾਰਾ ਹੁੰਦਾ ਹੈ, ਖਲਾਸੀ ਹੁੰਦੀ ਹੈ। ਖੋਟੀ ਰਾਸਿ-ਖੋਟੀ ਪੂੰਜੀ ਹੀ ਵਿਹਾਜਦਾ ਹੈ। ਅਸਟ ਧਾਤੁ-ਅੱਠ ਧਾਤਾਂ (ਸੋਨਾ, ਚਾਂਦੀ, ਤਾਂਬਾ, ਜਿਸਤ, ਕਲੀ, ਲੋਹਾ, ਸਿੱਕਾ, ਪਿੱਤਲ)। ਭਾਈ ਕਾਨ੍ਹ ਸਿੰਘ (ਮਹਾਨ ਕੋਸ਼) ਅਨੁਸਾਰ ਸਰੀਰ ਵਿਚਲੀਆਂ ਅੱਠ ਧਾਤਾਂ ਇਹ ਮੰਨੀਆਂ ਜਾਂਦੀਆਂ ਹਨ-ਖਲੜੀ, ਰੋਮ, ਲਹੂ, ਨਾੜਾਂ, ਹੱਡੀਆਂ, ਪੱਠੇ, ਚਰਬੀ ਅਤੇ ਵੀਰਜ। ਘੜੀਐ ਸਬਦਿ-ਗੁਰੂ ਦੇ ਸ਼ਬਦ ਦੀ ਟਕਸਾਲ ਵਿਚ ਘੜੀ ਜਾਵੇ।
ਸਿਰਮੌਰ ਭਗਤ ਕਬੀਰ ਜੀ ਦੇ ਰਾਗੁ ਮਾਰੂ ਵਿਚ ਪਾਵਨ ਬਚਨ ਹਨ ਕਿ ਵਿਕਾਰਾਂ ਵਿਚ ਗ੍ਰਹਿਸਥ ਜੀਵ ਪਾਪ ਕਮਾਉਂਦਾ ਹੈ, ਲੋਭ-ਲਾਲਚ ਕਰਦਾ ਹੈ, ਜਦੋਂ ਕਿ ਇਸ ਨੇ ਸਭ ਕੁਝ ਛੱਡ ਕੇ ਇਥੋਂ ਅੱਜ ਜਾਂ ਕੱਲ੍ਹ ਭਾਵ ਕਿਸੇ ਵੇਲੇ ਵੀ ਤੁਰ ਜਾਣਾ ਹੈ-
ਪਾਪੀ ਜੀਅਰਾ ਲੋਭੁ ਕਰਤੁ ਹੈ
ਆਜੁ ਕਾਲਿ ਉਠਿ ਜਾਹਿਗਾ॥
(ਅੰਗ 1106)
ਤਾਂ ਫਿਰ ਮਾਇਆ ਤੇ ਜਵਾਨੀ 'ਤੇ ਮਾਣ ਕਿਸ ਗੱਲ ਦਾ? (ਜਦੋਂ ਮੌਤ ਆਵੇਗੀ ਤਾਂ ਇਹ ਸਰੀਰ, ਜਿਸ 'ਤੇ ਪ੍ਰਾਣੀ ਮਾਣ ਕਰਦਾ ਹੈ) ਕਾਗਜ਼ ਦੀ ਤਰ੍ਹਾਂ ਗਲ ਜਾਵੇਗਾ-
ਧਨ ਜੋਬਨ ਕਾ ਗਰਬੁ ਨ ਕੀਜੈ
ਕਾਗਦ ਜਿਉ ਗਲਿ ਜਾਹਿਗਾ॥
(ਅੰਗ 1106)
ਗਰਬੁ-ਗੁਮਾਨ, ਮਾਣ।
ਜਗਤ ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਇਸ ਜਗਤ ਵਿਚ ਪੁੱਤਰ, ਇਸਤਰੀ, ਮਾਇਆ ਦਾ ਮੋਹ ਅਤੇ ਪਿਆਰ ਸਭ ਨੂੰ ਵਿਆਪ ਰਿਹਾ ਹੈ ਪਰ ਜੋ ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ, ਗੁਰੂ ਉਸ ਦੀਆਂ ਜਮ ਦੀਆਂ ਫਾਹੀਆਂ ਤੋੜ ਦਿੰਦਾ ਹੈ-
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ॥
ਮਾਇਆ ਮੋਹੁ ਪਸਰਿਆ ਪਾਸਾਰਾ॥
ਜਮ ਕੇ ਫਾਹੇ ਸਤਿਗੁਰਿ ਤੋੜੇ
ਗੁਰਮੁਖਿ ਤਤੁ ਬੀਚਾਰਾ ਹੇ॥
(ਰਾਗੁ ਮਾਰੂ ਮਹਲਾ ੧, ਅੰਗ 1029)
ਅੱਖਰੀਂ ਅਰਥ : ਪੁੱਤਰਾਂ, ਰਿਸ਼ਤੇਦਾਰਾਂ, ਇਸਤਰੀ, ਮਹਲ-ਮਾੜੀਆਂ ਦੇ ਰੂਪ ਵਿਚ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ। ਧਨ ਨੇ, ਜਵਾਨੀ ਨੇ, ਲੋਭ-ਲਾਲਚ ਅਤੇ ਹੰਕਾਰ ਨੇ ਸਾਰੇ ਜਗਤ ਨੂੰ ਠੱਗਿਆ ਹੋਇਆ ਹੈ। ਇਹ ਮੋਹ ਦੀ ਠੱਗ ਬੂਟੀ ਅਜਿਹੀ ਹੈ ਜੋ ਸਾਰੇ ਸੰਸਾਰ ਵਿਚ ਵਰਤ ਰਹੀ ਹੈ ਅਤੇ ਸਾਰੀ ਲੋਕਾਈ ਮੈਂ-ਮੇਰੀ (ਹਉਮੈ) ਵਿਚ ਫਸ ਕੇ ਮਰ ਰਹੀ ਹੈ।
ਹੇ ਮੇਰੇ ਮਾਲਕ ਪ੍ਰਭੂ, ਤੁਹਾਡੇ ਬਿਨਾਂ ਮੇਰਾ ਹੋਰ ਕੋਈ (ਆਸਰਾ) ਨਹੀਂ। ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਭਾਉਂਦਾ ਹੈ,ਂ ਉਦੋਂ ਹੀ ਮੈਨੂੰ ਆਤਮਿਕ ਸੁਖ ਮਿਲਦਾ ਹੈ। ਇਸ ਲਈ ਹੇ ਮੇਰੇ ਮਨ, ਗੁਰੂ ਦੇ ਸ਼ਬਦ ਅਤੇ ਸੰਤੋਖ ਨਾਲ ਨਾਮ ਨੂੰ ਪ੍ਰੇਮ ਨਾਲ ਸਾਲਾਹੁਣਾ ਕਰ। ਇਸ (ਸੰਸਾਰ ਵਿਚ) ਜੋ ਵੀ ਦਿਸ ਰਿਹਾ ਹੈ, ਸਭ ਚੱਲਣਹਾਰ ਹੈ। ਇਸ ਲਈ ਇਸ ਦਾ ਮੋਹ ਵੀ ਨਾਸਵੰਤ ਹੈ ਭਾਵ ਵਿਅਰਥ ਹੈ। ਪ੍ਰਾਣੀ ਇਥੇ ਰਾਹੀ ਮੁਸਾਫ਼ਰ ਬਣ ਕੇ ਆਇਆ ਹੈ, ਜਿਥੇ ਨਿੱਤ ਸਾਥੀ ਚਲਦੇ (ਪਰਲੋਕ ਜਾਂਦੇ) ਦੇਖੀਦੇ ਹਨ।
ਉਂਜ ਵਿਖਿਆਨ ਕਰਨ ਵਾਲੇ ਤਾਂ ਬੜੇ ਹਨ ਪਰ ਇਸ ਗੱਲ ਦੀ (ਜਗਤ ਖਿਲਾਰੇ ਦੀ) ਸੋਝੀ ਗੁਰੂ ਤੋਂ ਬਿਨਾਂ ਨਹੀਂ ਪੈਂਦੀ। ਜੇਕਰ ਨਾਮ ਰੂਪੀ ਵਡਿਆਈ ਮਿਲ ਜਾਵੇ ਅਤੇ ਮਨ ਸਦਾ ਥਿਰ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਵੇ ਤਾਂ ਸਾਧਕ ਨੂੰ (ਲੋਕ-ਪਰਲੋਕ ਵਿਚ) ਇੱਜ਼ਤ-ਮਾਣ ਮਿਲਦਾ ਹੈ। ਹੇ ਪ੍ਰਭੂ, ਜਿਹੜੇ ਜੀਵ ਤੈਨੂੰ ਚੰਗੇ ਲੱਗਦੇ ਹਨ, ਉਹ ਹੀ ਭਲੇ ਹਨ। ਬਾਕੀ ਉਂਜ ਚੰਗਾ ਜਾਂ ਮਾੜਾ ਕਿਸ ਨੂੰ ਆਖਿਆ ਜਾ ਸਕਦਾ ਹੈ।
ਗੁਰੂ ਦੀ ਸ਼ਰਨੀ ਲੱਗ ਕੇ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਛੁਟਕਾਰਾ ਹੁੰਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਖੋਟੀ ਪੂੰਜੀ ਹੀ ਇਕੱਠੀ ਕਰਦਾ ਰਹਿੰਦਾ ਹੈ। ਪਰਮਾਤਮਾ ਦੀ ਅੱਠਾਂ ਧਾਤਾਂ ਦੀ ਰਚੀ ਹੋਈ ਜੀਵ ਦੀ ਦੇਹੀ ਜੋ ਗੁਰੂ ਦੇ ਸ਼ਬਦ ਦੀ ਟਕਸਾਲ ਵਿਚ ਘੜੀ ਜਾਂਦੀ ਹੈ ਭਾਵ ਗੁਰੂ ਦੇ ਸ਼ਬਦ ਦੁਆਰਾ ਸੰਵਾਰੀ ਜਾਂਦੀ ਹੈ, ਉਹ ਹੀ ਖਿੜਦੀ ਹੈ, ਆਤਮਿਕ ਖੇੜੇ ਵਿਚ ਆਉਂਦੀ ਹੈ।
ਪਰਖਣ ਵਾਲਾ ਪ੍ਰਭੂ ਆਪ ਹੀ ਮਨੁੱਖ ਦੇ ਕੀਤੇ ਕਰਮਾਂ ਨੂੰ ਪਰਖਦਾ ਹੈ। ਜੀਵ ਦੀ ਕੀਤੀ ਘਾਲ ਕਮਾਈ ਦੀ ਪੂੰਜੀ ਹੀ ਪ੍ਰਭੂ ਦੇ ਖ਼ਜ਼ਾਨੇ ਪੈਂਦੀ ਹੈ ਭਾਵ ਦਰਗਾਹੇ ਪ੍ਰਵਾਨ ਚੜ੍ਹਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਾਂਤ ਸੁਭਾਅ ਅਤੇ ਕਰਮਸ਼ੀਲਤਾ ਸ਼ਾਂਤੀ ਦੇ ਪ੍ਰਤੀਕ ਹਨ

ਦੁਨੀਆ ਵਿਚ ਭਾਵੇਂ ਵਰਤਮਾਨ ਕਾਲ ਦੀ ਗੱਲ ਕਰੀਏ ਜਾਂ ਭੂਤਕਾਲ ਦੀ, ਅਜਿਹਾ ਕੋਈ ਵੀ ਵਿਅਕਤੀ ਨਹੀਂ, ਜੋ ਦੋਸ਼ਮੁਕਤ ਰਿਹਾ ਹੋਵੇ ਜਾਂ ਜਿਸ ਦੇ ਜੀਵਨ ਵਿਚ ਕਸ਼ਟ ਨਾ ਆਏ ਹੋਣ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਤੁਸੀਂ ਸ਼ਾਂਤ ਰਹਿ ਕੇ ਕਰਮ ਕਰਦੇ ਹੋ ਤਾਂ ਹੀ ਤੁਹਾਨੂੰ ਸ਼ਾਂਤੀ ਦਾ ਪ੍ਰਤੀਕ ਸਮਝਿਆ ਜਾਵੇਗਾ। ਜੇ ਅਸੀਂ ਸੰਸਾਰ ਵਿਚ ਹੋਏ ਮਹਾਂਪੁਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੇ ਜੀਵਨ ਵਿਚ ਵੀ ਅਨੇਕਾਂ ਦੁੱਖ ਅਤੇ ਰੁਕਾਵਟਾਂ ਆਈਆਂ ਪਰ ਉਹ ਸ਼ਾਂਤ ਰਹਿ ਕੇ ਕਰਮਸ਼ੀਲ ਰਹੇ। ਉਨ੍ਹਾਂ ਦੇ ਚੰਗੇ ਗੁਣਾਂ ਕਾਰਨ ਹੀ ਅਸੀਂ ਉਨ੍ਹਾਂ ਨੂੰ ਅੱਜ ਪੂਜਦੇ ਹਾਂ। ਅਸਲ ਵਿਚ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਜਾਣਦੇ ਹਾਂ ਪਰ ਉਨ੍ਹਾਂ ਦੁਆਰਾ ਸਹੀਆਂ ਮੁਸ਼ਕਿਲਾਂ ਨੂੰ ਨਹੀਂ। ਜੇ ਜ਼ਿੰਦਗੀ ਵਿਚ ਸੁਖ ਅਸਥਾਈ ਹਨ ਤਾਂ ਦੁੱਖ ਵੀ ਸਦਾ ਨਹੀਂ ਰਹਿੰਦੇ। ਇਹ ਤੁਹਾਡਾ ਸ਼ਾਂਤ ਸੁਭਾਅ ਹੀ ਹੈ ਜੋ ਦੋਵਾਂ ਨੂੰ ਖੁਸ਼ ਹੋ ਕੇ ਹੰਡਾਉਂਦਾ ਹੈ। ਉਸ ਨੂੰ ਪਤਾ ਹੈ ਕਿ ਉਸ ਨੂੰ ਫਲ਼ ਤਾਂ ਆਪਣੇ ਕਰਮਾਂ ਦਾ ਮਿਲਣਾ ਹੈ, ਬਾਹਰੀ ਔਕੜਾਂ ਜਾਂ ਸਹੂਲਤਾਂ ਦਾ ਨਹੀਂ। ਜਿਨ੍ਹਾਂ ਕਾਰਜਾਂ ਨਾਲ ਮਨ ਖੁਸ਼ ਹੋਵੇ, ਉਹ ਹੀ ਤੁਹਾਡੇ ਨੇਕ ਕਰਮ ਹਨ। ਮੁਸੀਬਤ ਸਮੇਂ ਆਪਣੇ ਨੇਕ ਸੁਭਾਅ ਨੂੰ ਬਦਲ ਲੈਣਾ ਔਗੁਣ ਹੈ। ਚੰਦਨ ਦੇ ਰੁੱਖ 'ਤੇ ਭਾਵੇਂ ਸੱਪ ਨਿਵਾਸ ਕਰਦੇ ਹਨ ਪਰ ਉਹ ਆਪਣੀ ਖੁਸ਼ਬੂ ਤੇ ਸ਼ੀਤਲ ਸੁਭਾਅ ਨੂੰ ਨਹੀਂ ਬਦਲਦਾ। ਇਸੇ ਤਰ੍ਹਾਂ ਸ਼ਾਂਤ ਸੁਭਾਅ ਵਾਲਾ ਅਤੇ ਕਰਮਸ਼ੀਲ ਵਿਅਕਤੀ ਮੁਸ਼ਕਿਲ ਹਾਲਾਤ ਵਿਚ ਨਹੀਂ ਡੋਲਦਾ। ਵਿਚਾਰਾਂ ਦੀ ਸ਼ੁੱਧਤਾ ਅਤੇ ਕਰਮਸ਼ੀਲਤਾ ਹੀ ਤੁਹਾਡੀ ਮਹਾਨ ਪ੍ਰਾਪਤੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਮਹਾਨ ਸਾਲਾਨਾ ਇਕੋਤਰੀ ਸਮਾਗਮ ਗੁਰਮਤਿ ਦੇ ਪ੍ਰਚਾਰ ਦੇ ਕੇਂਦਰ

ਗੁਰਬਾਣੀ ਰਸ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਸਨ ਸੰਤ ਬਾਬਾ ਬਲਵੰਤ ਸਿੰਘ

ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਦਾ ਜਨਮ 90 ਚੱਕ ਬੀਕਾਨੇਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਲੋਹੜੀ ਵਾਲੇ ਦਿਹਾੜੇ ਮਾਤਾ ਸੰਤੀ ਦੀ ਕੁੱਖੋਂ ਪਿਤਾ ਸ੍ਰੀ ਬੰਸੀ ਲਾਲ ਦੇ ਘਰ ਹੋਇਆ। ਆਪ ਜੀ ਦੇ ਮਾਤਾ-ਪਿਤਾ ਧਾਰਮਿਕ ਖ਼ਿਆਲਾਂ ਦੇ ਧਾਰਨੀ ਸਨ। ਜਨਮ ਦੇ ਡੇਢ ਸਾਲ ਮਗਰੋਂ ਹੀ ਚੇਚਕ ਰੂਪੀ ਬਿਮਾਰੀ ਨੇ ਆਪ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਖੋਹ ਲਿਆ, ਪਰ ਮਹਾਂਪੁਰਸ਼ਾਂ ਦੇ ਅੰਤਰੀਵ ਨੇਤਰ ਖੁੱਲ੍ਹੇ ਸਨ। ਆਪ ਬਚਪਨ ਤੋਂ ਹੀ ਵਾਹਿਗੁਰੂ ਦੀ ਰਜ਼ਾ ਵਿਚ ਲੀਨ ਰਹਿੰਦੇ। ਅਜਿਹਾ ਵੇਖਦਿਆਂ ਆਪ ਦੇ ਮਾਤਾ-ਪਿਤਾ ਨੇ ਆਪ ਨੂੰ ਸੰਤ ਬਾਬਾ ਨੰਦ ਸਿੰਘ ਭੋਰਲਾ ਵਾਲਿਆਂ ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਆਪ ਨੂੰ ਅੰਮ੍ਰਿਤਪਾਨ ਕਰਵਾ ਕੇ ਆਪ ਦਾ ਨਾਂਅ ਹਰੀ ਤੋਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਸੰਗੀਤਮਈ ਸਾਜ਼ਾਂ ਦਾ ਗੂੜ੍ਹ ਗਿਆਨ, ਬਾਣੀ ਕੰਠ, ਨਿੱਤਨੇਮ, ਸਿਮਰਨ ਦੇ ਧਨੀ ਹੋਣ ਉਪਰੰਤ ਆਪ ਜੇਠੂਵਾਲ ਚਲੇ ਗਏ, ਜਿੱਥੇ ਆਪ ਦੇ ਇਲਾਹੀ ਕੀਰਤਨ ਦੀਆਂ ਗੂੰਜਾਂ ਪੈਣ ਲੱਗੀਆਂ। ਗ੍ਰਹਿਸਥ ਦੀ ਮਰਯਾਦਾ ਨੂੰ ਕਾਇਮ ਰੱਖਦਿਆਂ ਆਪ ਬੀਬੀ ਰਣਜੀਤ ਕੌਰ ਨਾਲ ਸ਼ਾਦੀ ਕਰਕੇ ਟਾਂਡਾ ਉੜਮੁੜ ਆ ਗਏ, ਜਿੱਥੇ ਕੀਰਤਨ ਦਾ ਪ੍ਰਵਾਹ ਚੱਲਣ ਲੱਗਾ।
ਇਸ ਅਸਥਾਨ 'ਤੇ ਪੂਰਨਮਾਸ਼ੀ ਅਤੇ ਹਰ ਰੋਜ਼ ਸਵੇਰੇ-ਸ਼ਾਮ ਭਾਰੀ ਸੰਗਤ ਮਹਾਂਪੁਰਸ਼ਾਂ ਦੇ ਕੀਰਤਨ ਨਾਲ ਜੁੜਨ ਲੱਗੀ। ਇਸ ਅਸਥਾਨ ਦਾ ਨਾਂਅ ਗੁਰੂ ਨਾਨਕ ਦੁੱਖ ਭੰਜਨ ਸਤਿਸੰਗ ਘਰ ਰੱਖਿਆ ਗਿਆ। ਇਸੇ ਅਸਥਾਨ ਤੋਂ ਹੀ 101 ਸ੍ਰੀ ਅਖੰਡ ਪਾਠ ਸਾਹਿਬਾਨ ਦੀ ਇਕੋਤਰੀ ਲੜੀ ਆਰੰਭ ਹੋਈ। ਆਪ ਨੇ ਆਪਣੇ ਜੀਵਨ ਕਾਲ ਦੌਰਾਨ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਵੀ ਕਰਵਾਇਆ, ਪਰ ਇਸ ਸਭ ਦੇ ਉਲਟ ਰੂਹਾਨੀ ਕਮਾਈ ਦੀ ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਜਦ ਬਲਾਚੌਰ ਵਿਖੇ 1990 ਵਿਚ ਕੀਰਤਨ ਕਰ ਰਹੇ ਸਨ ਤਾਂ ਕੁਝ ਅਣਪਛਾਤਿਆਂ ਨੇ ਮਹਾਂਪੁਰਸ਼ਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਸੰਤਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਅਸਥਾਨ ਦੀ ਸੇਵਾ ਕਰਦਿਆਂ 40 ਦਿਨਾਂ ਬਾਅਦ ਹੀ ਮਾਤਾ ਰਣਜੀਤ ਕੌਰ ਵੀ ਆਪਣਾ ਸਰੀਰ ਤਿਆਗ ਗਏ, ਜਿਸ ਉਪਰੰਤ ਇਸ ਅਸਥਾਨ ਦੀ ਸੇਵਾ ਬਾਬਾ ਰਾਮ ਸਿੰਘ ਉਰਫ਼ ਬਾਬਾ ਅਮਰਜੀਤ ਸਿੰਘ ਨੇ ਬਾਖ਼ੂਬੀ ਕੀਤੀ। ਉਨ੍ਹਾਂ ਤੋਂ ਮਗਰੋਂ ਸੰਤ ਬਾਬਾ ਗੁਰਦਿਆਲ ਸਿੰਘ ਇਸ ਵੇਲੇ ਮਹਾਂਪੁਰਸ਼ਾਂ ਦੀ ਚਲਾਈ ਪਰੰਪਰਾ ਨੂੰ ਅੱਗੇ ਚਲਾ ਰਹੇ ਹਨ।
ਸੇਵਾ ਸਿਮਰਨ ਸਾਦਗੀ ਦਾ ਸੁਮੇਲ ਸੰਤ ਬਾਬਾ ਗੁਰਦਿਆਲ ਸਿੰਘ : ਸੰਤ ਬਾਬਾ ਗੁਰਦਿਆਲ ਸਿੰਘ, ਜਿਨ੍ਹਾਂ ਅੰਦਰ ਸੇਵਾ ਸਿਮਰਨ ਸਾਦਗੀ ਦਾ ਸੁਮੇਲ ਛੁਪਿਆ ਹੋਇਆ ਹੈ, ਸਦਾ ਹੀ ਪੂਰੀ ਤਰ੍ਹਾਂ ਮਾਨਵਤਾ ਨੂੰ ਸਮਰਪਿਤ ਰਹਿੰਦੇ ਹਨ। 24 ਅਗਸਤ, 1944 ਨੂੰ ਮਾਤਾ ਅਮਰ ਕੌਰ ਦੀ ਕੁੱਖੋਂ ਤੇ ਪਿਤਾ ਸ੍ਰੀ ਭਾਗ ਮੱਲ ਦੇ ਘਰ ਜਨਮੇ ਸੰਤ ਗੁਰਦਿਆਲ ਸਿੰਘ ਬਚਪਨ ਤੋਂ ਹੀ ਸੰਤਾਂ-ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰਦੇ ਸਨ। 1969 ਵਿਚ ਸੰਤ ਬਾਬਾ ਬਲਵੰਤ ਸਿੰਘ ਦੀ ਸੰਗਤ ਵਿਚ ਅੰਮ੍ਰਿਤਪਾਨ ਕਰਕੇ ਗੁਰੂ-ਘਰ ਦੇ ਕੂਕਰ ਬਣ ਗਏ, ਜਿੱਥੇ ਉਨ੍ਹਾਂ ਆਪਣਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇਸ਼-ਵਿਦੇਸ਼ਾਂ ਵਿਚ ਬਾਣੀ ਤੇ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਹੁਣ ਤੱਕ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਦੀ ਪ੍ਰੇਰਨਾ ਦੇ ਕੇ ਗੁਰੂ ਵਾਲੇ ਬਣਾਇਆ। ਸੰਤ ਬਾਬਾ ਗੁਰਦਿਆਲ ਸਿੰਘ ਨੇ ਮਹਾਂਪੁਰਸ਼ਾਂ ਦੀ ਯਾਦ ਵਿਚ ਚੈਰੀਟੇਬਲ ਹਸਪਤਾਲ ਬਣਾਇਆ। ਇੱਥੇ ਹੀ ਬਸ ਨਹੀਂ, ਲੋੜਵੰਦ ਲੜਕੀਆਂ ਦੀ ਸ਼ਾਦੀ, ਲੋੜਵੰਦ ਬੱਚਿਆਂ ਦੀ ਪੜ੍ਹਾਈ, ਗ਼ਰੀਬਾਂ ਨੂੰ ਸਿਹਤ ਸਹੂਲਤਾਂ ਤੋਂ ਇਲਾਵਾ ਉਹ ਸਾਰੇ ਹੀ ਪਰਉਪਕਾਰੀ ਕਾਰਜ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਹੋਣ, ਉਹ ਕਾਰਜ ਮਹਾਂਪੁਰਸ਼ਾਂ ਨੇ ਸਿੱਧ ਕਰ ਦਿੱਤੇ ਹਨ। ਅਲੌਕਿਕ ਦਿੱਖ ਦੇ ਮਾਲਕ ਸੰਤ ਸੁਭਾਅ, ਮਿੱਠਬੋਲੜੇ, ਗੂੜ੍ਹ ਗਿਆਨ ਦੀ ਧਾਰਨੀ ਇਸ ਪ੍ਰਪੱਕ ਸ਼ਖ਼ਸੀਅਤ ਦੀ ਧਰਮ ਪਤਨੀ ਮਾਤਾ ਵਿਜੇ ਕੌਰ ਵੀ ਸੇਵਾ ਨੂੰ ਹੀ ਆਪਣਾ ਆਦਰਸ਼ ਸਮਝਦੀ ਹੈ।
ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਤੇ ਬਾਬਾ ਅਮਰਜੀਤ ਸਿੰਘ ਵਲੋਂ ਚਲਾਈ ਇਸ ਇਕੋਤਰੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਗੁਰਦਿਆਲ ਸਿੰਘ ਵਲੋਂ ਕਰਵਾਏ ਜਾਂਦੇ ਸਮਾਗਮਾਂ 'ਚ ਦੇਸ਼ ਵਿਚ ਹੀ ਨਹੀਂ, ਸਗੋਂ ਅਮਰੀਕਾ, ਕੈਨੇਡਾ, ਦੁਬਈ, ਇੰਗਲੈਂਡ ਆਦਿ ਵਿਦੇਸ਼ੀ ਸਿੱਖ ਸੰਗਤ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਂਦੀ ਹੈ। ਇਸ ਸਾਲ ਮਹਾਨ ਇਕੋਤਰੀ ਸਮਾਗਮ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ 23 ਅਕਤੂਬਰ ਨੂੰ ਸਜਾਏ ਜਾਣਗੇ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ 24 ਅਕਤੂਬਰ ਨੂੰ ਪੈਣਗੇ ਅਤੇ ਇਸ ਵਿਸ਼ਾਲ ਗੁਰਮਤਿ ਸਮਾਗਮ ਮੌਕੇ ਅੰਮ੍ਰਿਤ ਸੰਚਾਰ ਵੀ ਹੋਵੇਗਾ।

-ਟਾਂਡਾ ਉੜਮੁੜ, ਜ਼ਿਲ੍ਹਾ ਹੁਸ਼ਿਆਰਪੁਰ।

ਨਾਮਧਾਰੀ ਸਿੱਖ ਸਮਾਜ ਵਿਚ ਨਾਮ ਸਿਮਰਨ ਜਪ ਪ੍ਰਯੋਗ ਦੀ ਪਰੰਪਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਾਰੇ ਸਿੱਖ ਗੁਰੂ ਸਾਹਿਬਾਨ ਨੇ 'ਆਪਿ ਜਪੈ ਅਵਰਹ ਨਾਮੁ ਜਪਾਵੈ।' ਗੁਰਵਾਕ ਅਨੁਸਾਰ ਆਪ ਨਾਮ ਜਪਿਆ ਅਤੇ ਸਿੱਖਾਂ ਤੋਂ ਨਾਮ ਜਪਵਾਇਆ। ਇਸੇ ਗੁਰਮਤਿ ਆਸ਼ੇ ਅਨੁਸਾਰ ਹੀ ਨਾਮਧਾਰੀ ਸਿੱਖ ਪੰਥ ਦਾ ਨਾਮਕਰਣ ਹੀ 'ਨਾਮ' ਜਪਣ ਤੋਂ ਹੈ। ਨਾਮਧਾਰੀ ਜੀਵਨ ਜਾਚ ਦਾ ਆਧਾਰ ਹੀ ਨਾਮ ਜਪਣਾ ਅਤੇ ਗੁਰਮਤਿ ਜੀਵਨ ਜਾਚ ਅਨੁਸਾਰ ਜੀਵਨ ਜਿਉਣਾ ਹੈ।
ਸੰਮਤ 1970 ਬਿ: (1913 ਈਸਵੀ) ਨਾਮਧਾਰੀ ਮੁਖੀ ਸਤਿਗੁਰੂ ਪ੍ਰਤਾਪ ਸਿੰਘ ਨੇ ਸ੍ਰੀ ਭੈਣੀ ਸਾਹਿਬ ਤੋਂ ਚੜ੍ਹਦੇ ਪਾਸੇ ਪਿੰਡ ਪੂਨੀਆਂ ਨੇੜੇ ਸਰਹਿੰਦ ਨਹਿਰ ਕੰਢੇ ਪਹਿਲਾਂ ਨਾਮ ਸਿਮਰਨ ਜਪ ਪ੍ਰਯੋਗ ਕੀਤਾ, ਜੋ ਕਿ 20 ਸਾਉਣ ਤੋਂ 1 ਅੱਸੂ ਤੱਕ ਬੜੇ ਸੰਜਮ ਅਤੇ ਕਠਿਨ ਤਪ ਸਾਧਨਾ ਦਾ ਅਭਿਆਸ ਸੀ, ਜਿਸ ਨੂੰ ਨਾਮ ਸਿਮਰਨ ਜਪ ਪ੍ਰਯੋਗ ਦਾ ਨਾਂਅ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਵਰਤਮਾਨ ਤੱਕ ਇਹ ਨਾਮ ਸਿਮਰਨ ਦੀ ਸਾਲਾਨਾ ਸਮਾਗਮ ਦੀ ਪਰੰਪਰਾ ਪ੍ਰਚੱਲਿਤ ਹੈ। ਪਹਿਲਾਂ-ਪਹਿਲ ਕੇਵਲ 'ਸਿੰਘ' ਹੀ ਇਸ ਤਪ ਸਾਧਨਾ ਵਿਚ ਸ਼ਾਮਿਲ ਹੁੰਦੇ ਸਨ ਪਰ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਹਿਲ ਮਾਤਾ ਭੁਪਿੰਦਰ ਕੌਰ ਜੀ ਨੇ ਬੀਬੀਆਂ ਵਾਸਤੇ ਵੀ ਇਸ ਨਾਮ ਸਿਮਰਨ ਜਪ ਪ੍ਰਯੋਗ ਵਿਚ ਸ਼ਾਮਿਲ ਹੋਣ ਦੀ ਆਗਿਆ ਲੈ ਲਈ।
ਮੌਸਮ ਦੀ ਸਹੂਲਤ ਅਨੁਸਾਰ ਇਹ ਸਮਾਗਮ ਸਾਉਣ-ਭਾਦਰੋਂ ਤੋਂ ਬਦਲ ਕੇ ਅੱਸੂ ਦੇ ਮਹੀਨੇ ਕੀਤਾ ਜਾਣ ਲੱਗਾ। ਇਸ ਸਾਲਾਨਾ ਸਮਾਗਮ ਦਾ ਨਾਂਅ 'ਅੱਸੂ ਦਾ ਮੇਲਾ' ਪ੍ਰਚੱਲਿਤ ਹੋ ਗਿਆ। ਇਸ ਵਰ੍ਹੇ ਦਾ 'ਅੱਸੂ ਦਾ ਮੇਲਾ' 1 ਅੱਸੂ ਤੋਂ 1 ਕੱਤਕ 2018 ਮੁਤਾਬਿਕ 17 ਸਤੰਬਰ ਤੋਂ 17 ਅਕਤੂਬਰ ਤੱਕ ਸ੍ਰੀ ਭੈਣੀ ਸਾਹਿਬ ਚੱਲ ਰਿਹਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਕੇਵਲ ਸ੍ਰੀ ਭੈਣੀ ਸਾਹਿਬ ਹੀ ਨਹੀਂ, ਸਗੋਂ ਦੇਸ਼ ਭਰ ਵਿਚ ਸਾਰੇ ਸ਼ਹਿਰਾਂ, ਪਿੰਡਾਂ ਅਤੇ ਵਿਦੇਸ਼ਾਂ ਵਿਚ ਵਸਦੇ ਨਾਮਧਾਰੀ ਸਿੰਘ ਮਹੀਨਾ ਭਰ ਜਪ ਪ੍ਰਯੋਗ ਕਰਦੇ ਹਨ-ਅਫਰੀਕਾ (ਕੀਨੀਆ, ਤਨਜ਼ਾਨੀਆ, ਅਰੂਸ਼ਾ), ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਦੇਸ਼ਾਂ ਵਿਚ ਵੀ ਨਾਮਧਾਰੀ ਸਿੰਘ ਬੜੇ ਉੱਤਮ ਅਤੇ ਉਤਸ਼ਾਹ ਨਾਲ ਇਸ ਤਪ ਸਾਧਨਾ ਸਮਾਗਮ ਵਿਚ ਭਾਗ ਲੈਂਦੇ ਹਨ। ਨਾਮਧਾਰੀ ਧਰਮਸ਼ਾਲਾਵਾਂ ਵਿਚ ਅੰਮ੍ਰਿਤ ਵੇਲੇ ਦੋ ਜਾਂ ਢਾਈ ਘੰਟੇ ਨਾਮ ਸਿਮਰਨ ਹੁੰਦਾ ਹੈ। ਇਸ ਦੌਰਾਨ ਬਹੁਤੇ ਸਥਾਨਾਂ 'ਤੇ ਆਸਾ ਦੀ ਵਾਰ ਦਾ ਕੀਰਤਨ ਵੀ ਹੁੰਦਾ ਹੈ।
ਪਰ ਸ੍ਰੀ ਭੈਣੀ ਸਾਹਿਬ ਵਿਖੇ ਹੋ ਰਹੇ ਨਾਮ ਸਿਮਰਨ ਜਪ ਪ੍ਰਯੋਗ ਦਾ ਨਿੱਤ ਕਰਮ ਬਹੁਤ ਕਠਿਨ ਹੈ। ਅੰਮ੍ਰਿਤ ਵੇਲੇ ਕਰੀਬ ਸਾਢੇ 12 ਵਜੇ ਜਾਂ ਇਕ ਵਜੇ ਸੰਗਤਾਂ, ਬਜ਼ੁਰਗ, ਬੱਚੇ, ਨੌਜਵਾਨ ਖੂਹਾਂ 'ਤੇ ਸਣੇ ਕੇਸੀ ਇਸ਼ਨਾਨ ਕਰਦੇ ਦੇਖੇ ਜਾ ਸਕਦੇ ਹਨ। ਇਹ ਵੀ ਕੇਵਲ ਅਤੇ ਕੇਵਲ ਪੰਜਾਬ ਦੇ ਇਕੋ-ਇਕ ਪਿੰਡ ਸ੍ਰੀ ਭੈਣੀ ਸਾਹਿਬ ਹੀ ਚਲਦੇ ਹਲਟ ਅਤੇ ਭੌਣੀਆਂ ਤੋਂ ਖਿੱਚਦੇ ਪਾਣੀ, ਵਰਤੋਂ ਵਿਚ ਖੂਹ ਇਥੇ ਹੀ ਦੇਖਣ ਨੂੰ ਮਿਲਣਗੇ। ਛੋਟੇ ਜਿਹੇ ਪਿੰਡ ਵਿਚ ਵੱਡੇ-ਛੋਟੇ 25-30 ਖੂਹ ਹੋਣਗੇ, ਕਿਉਂਕਿ ਰਹਿਤ ਮਰਿਆਦਾ ਵਿਚ ਨਲਕੇ ਜਾਂ ਮੋਟਰ ਦੇ ਪਾਣੀ ਨੂੰ ਸੁੱਚਾ ਨਹੀਂ ਮੰਨਿਆ ਜਾਂਦਾ। ਅੰਮ੍ਰਿਤ ਵੇਲੇ 2 ਵਜੇ ਨਾਮ ਸਿਮਰਨ ਜਪ ਪ੍ਰਯੋਗ ਦੀ ਆਰੰਭਤਾ ਦੀ ਅਰਦਾਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੁੰਦੀਆਂ ਹਨ। ਇਨ੍ਹਾਂ ਵਿਚ 5-7 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 95 ਸਾਲ ਦੇ ਬਜ਼ੁਰਗ ਤੱਕ ਹਾਜ਼ਰ ਹੁੰਦੇ ਹਨ। ਇਸੇ ਦੌਰਾਨ 4 ਵਜੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਿੰਡ ਤੇ ਡਾਕ: ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ। ਮੋਬਾ: 94176-01321

ਕਵੀਸ਼ਰੀ ਦੇ ਖੇਤਰ 'ਚ ਨਵੀਆਂ ਪੈੜਾਂ ਪਾਉਂਦਾ

ਭਾਈ ਮਲਕੀਤ ਸਿੰਘ ਵਰਪਾਲ ਦਾ ਕਵੀਸ਼ਰੀ ਜਥਾ

ਕਵੀਸ਼ਰੀ ਦੇ ਖੇਤਰ 'ਚ ਸਥਾਪਤੀ ਵੱਲ ਕਦਮ-ਦਰ-ਕਦਮ ਵਧਾ ਰਿਹੈ ਭਾਈ ਮਲਕੀਤ ਸਿੰਘ ਵਰਪਾਲ ਦਾ ਕਵਸ਼ੀਰੀ ਜਥਾ, ਜਿਸ ਨੇ ਪੰਜਾਬ 'ਚ ਹੀ ਨਹੀਂ, ਬਲਕਿ ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਜਾ ਕੇ ਧਾਰਮਿਕ ਦੀਵਾਨਾਂ ਵਿਚ ਹਾਜ਼ਰੀ ਭਰੀ ਹੈ। ਬੀਤੇ ਦਿਨੀਂ ਸ੍ਰੀ ਹਰਿਮੰੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦਿਆਂ ਭਾਈ ਮਲਕੀਤ ਸਿੰਘ ਵਰਪਾਲ ਨੂੰ ਮਿਲਣ ਦਾ ਸਬੱਬ ਕਰਿਆ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੜਾਹ ਪ੍ਰਸ਼ਾਦਿ ਦੇ ਦਫ਼ਤਰ 'ਚ ਇੰਚਾਰਜ ਦੀਆਂ ਬਾਖੂਬੀ ਸੇਵਾਵਾਂ ਨਿਭਾਅ ਰਿਹਾ ਹੈ। ਬੜੇ ਹੀ ਮਿਲਾਪੜੇ ਸੁਭਾਅ ਦਾ ਮਾਲਕ, ਅਗਾਂਹਵਧੂ ਸੋਚ ਦਾ ਧਾਰਨੀ ਅਤੇ ਸਭ ਦਾ ਦਿਲੋਂ ਸਤਿਕਾਰ ਕਰਨ ਵਾਲੇ ਭਾਈ ਮਲਕੀਤ ਸਿੰਘ ਵਰਪਾਲ ਨੇ ਦੱਸਿਆ ਕਿ ਉਨ੍ਹਾਂ ਪਿਤਾ ਸ: ਅਜੀਤ ਸਿੰਘ ਦੇ ਘਰ ਮਾਤਾ ਬਲਬੀਰ ਕੌਰ ਦੀ ਕੁੱਖੋਂ 1970 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਅੱਖ ਪੁੱਟੀ। ਸਕੂਲ ਦੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਮਕੈਨੀਕਲ ਡਿਪਲੋਮਾ ਹੋਲਡਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਦੋ ਸਾਲਾ ਧਾਰਮਿਕ ਕੋਰਸ ਵੀ ਕੀਤਾ। ਬਚਪਨ ਤੋਂ ਧਾਰਮਿਕ ਰੁਚੀਆਂ ਵੱਲ ਧਿਆਨ ਹੋਣ ਕਰਕੇ ਪ੍ਰਭਾਤਫੇਰੀਆਂ ਵਿਚ ਉਸਤਾਦ ਜਥੇਦਾਰ ਸਕੱਤਰ ਸਿੰਘ ਅਤੇ ਸ਼ਬਦੀ ਜਥੇ ਦੇ ਮੋਢੀ ਭਾਈ ਗੁਰਦੀਪ ਸਿੰਘ (ਫੁੱਫੜ ਜੀ) ਦੇ ਨਾਲ ਸੰਗਤ ਕਰਦਿਆਂ ਸ਼ਬਦ ਗਾਇਨ ਕਰਨੇ ਸ਼ੁਰੂ ਕਰ ਦਿੱਤੇ। ਸਟੇਜਾਂ ਉੱਤੇ ਢਾਡੀ ਸੋਹਣ ਸਿੰਘ ਸ਼ੀਤਲ, ਕਵੀਸ਼ਰ ਜੋਗਾ ਸਿੰਘ ਜੋਗੀ, ਢਾਡੀ ਨਿਰਮਲ ਸਿੰਘ ਨੂਰ, ਬਲਦੇਵ ਸਿੰਘ ਬੈਂਕਾ ਆਦਿ ਜਥਿਆਂ ਦੇ ਪ੍ਰਸੰਗ ਅਤੇ ਨਗਮੇ ਸੁਣਦਿਆਂ-ਸੁਣਦਿਆਂ ਮੇਰੇ ਅੰਦਰ ਵੀ ਕਵੀਸ਼ਰੀ ਗਾਉਣ ਦਾ ਸ਼ੌਕ ਜਾਗ ਪਿਆ।
2004 'ਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪ੍ਰਚਾਰਕ ਬਾਪੂ ਜਗੀਰ ਸਿੰਘ ਵਰਪਾਲ ਨਾਲ ਸਟੇਜਾਂ 'ਤੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਚੰਗੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਸਿੱਖ ਇਤਿਹਾਸ ਦੀ ਖੋਜ ਕਰਕੇ ਆਪਣੇ ਲਿਖੇ ਪ੍ਰਸੰਗ ਸਟੇਜਾਂ 'ਤੇ ਬੋਲ ਰਹੇ ਹਾਂ, ਜਿਨ੍ਹਾਂ ਵਿਚ ਗੁਰੂੁ ਨਾਨਕ ਦੇਵ ਜੀ, ਹੇਮਕੁੰਟ ਸਾਹਿਬ ਤੋਂ ਅਨੰਦਪੁਰ ਸਾਹਿਬ, ਯੁੱਗ ਪੁਰਸ਼ ਭਗਤ ਪੂਰਨ ਸਿੰਘ, ਸ਼ਹੀਦ ਭਾਈ ਜੈ ਸਿੰਘ ਖਲਕਟ, ਸ਼ਹੀਦ ਭਾਈ ਸੁਬੇਗ ਸਿੰਘ, ਸ਼ਹੀਦ ਭਾਈ ਸ਼ਾਹਬਾਜ਼ ਸਿੰਘ, ਭਾਈ ਮੰਝ ਜੀ, ਭਾਈ ਸ਼ਾਲੋ ਜੀ ਅਤੇ ਵੱਡੇ ਸ਼ਾਹਿਬਜ਼ਾਦੇ ਤੇ ਛੋਟੇ ਸ਼ਾਹਿਬਜ਼ਾਦੇ ਆਦਿ ਦੇ ਪ੍ਰਸੰਗ ਲਿਖੇ ਹਨ, ਜਿਨ੍ਹਾਂ ਦੇ ਖਰੜੇ ਬਿਲਕੁਲ ਤਿਆਰ ਹਨ, ਜੋ ਆਉਣ ਵਾਲੇ ਦਿਨਾਂ ਤੱਕ ਇਕ ਕਿਤਾਬ ਦੇ ਰੂਪ 'ਚ ਪਾਠਕਾਂ ਦੇ ਹੱਥਾਂ ਵਿਚ ਹੋਣਗੇ। ਇਸ ਖੇਤਰ 'ਚ ਉਹ ਢਾਡੀ ਭਾਈ ਨਿਰਮਲ ਸਿੰਘ ਨੂਰ ਨੂੰ ਆਪਣਾ ਉਸਤਾਦ ਮੰਨਦਾ ਹੈ। 2012 'ਚ ਭਾਈ ਮਲਕੀਤ ਸਿੰਘ ਨੇ ਆਪਣਾ ਜਥਾ ਤਿਆਰ ਕਰ ਲਿਆ, ਜਿਨ੍ਹਾਂ ਵਿਚ ਭਾਈ ਗੁਰਪ੍ਰਤਾਪ ਸਿੰਘ ਵਰਪਾਲ, ਭਾਈ ਸੁਖਵਿੰਦਰ ਸਿੰਘ ਅੰਮ੍ਰਿਤਸਰੀ ਤੇ ਭਾਈ ਜਗਬੀਰ ਸਿੰਘ ਵਰਪਾਲ (ਬੇਟਾ) ਜਥੇ ਦੇ ਸਾਥੀ ਹਨ। ਸੰਤਾਂ-ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਬਹੁਤ ਮਾਣ-ਸਨਮਾਨ ਹੋਇਆ ਤੇ ਹੋ ਰਿਹਾ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਰਹਿੰਦ ਵਿਖੇ ਇਸ ਜਥੇ ਨੂੰ ਢਾਡੀ ਸੋਹਣ ਸਿੰਘ ਸ਼ੀਤਲ ਐਵਾਰਡ ਨਾਲ ਸਨਮਾਨਿਆ ਗਿਆ। ਭਾਈ ਮਲਕੀਤ ਸਿੰਘ ਵਰਪਾਲ ਆਪਣੀ ਧਰਮ ਪਤਨੀ ਹਰਪੀ੍ਰਤ ਕੌਰ ਦਾ ਇਸ ਖੇਤਰ ਵਿਚ ਬਹੁਤ ਸਹਿਯੋਗ ਮੰਨਦੇ ਹਨ।


-ਚੱਬਾ (ਅੰਮ੍ਰਿਤਸਰ)। ਮੋਬਾ: 84278-86534

ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨੌਜਵਾਨ ਸਿੱਖ ਪੀੜ੍ਹੀ

ਭਵਿੱਖ ਸਦਾ ਹੀ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ। ਭਵਿੱਖ ਦੀ ਚਿੰਤਾ ਨਾਲ ਵਰਤਮਾਨ ਵੀ ਸੁਧਰ ਜਾਂਦਾ ਹੈ ਤੇ ਭਵਿੱਖ ਵੀ ਬਣ ਜਾਂਦਾ ਹੈ। ਵਰਤਮਾਨ ਸੰਵਾਰਨ ਤੇ ਭਵਿੱਖ ਸੁਰੱਖਿਅਤ ਕਰਨ ਲਈ ਕੋਈ ਆਦਰਸ਼, ਕੋਈ ਸੇਧ ਜ਼ਰੂਰੀ ਹੁੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀਆਂ ਜੀਵਨ ਦੀਆਂ ਮੁਢਲੀਆਂ ਕਦਰਾਂ-ਕੀਮਤਾਂ ਨੂੰ ਵਿਸਾਰਦੀਆਂ ਵੇਖ ਕੇ ਪਰਿਪੱਕ ਪੀੜ੍ਹੀਆਂ ਦਾ ਦੁਖੀ ਹੋਣਾ ਸੁਭਾਵਿਕ ਹੈ। ਪੂਰੇ ਸੰਸਾਰ ਅੰਦਰ ਮਨੁੱਖੀ ਸਨਮਾਨ ਖਿੰਡਰ ਰਿਹਾ ਹੈ ਤੇ ਆਪਸੀ ਵਿਸ਼ਵਾਸ, ਪ੍ਰੇਮ, ਭਾਈਚਾਰਾ, ਸਿਦਕ ਤੇ ਸਬਰ ਦੁਰਲੱਭ ਹੋ ਗਿਆ ਹੈ। ਜੀਵਨ ਅੰਦਰ ਪਦਾਰਥਵਾਦ ਤੇ ਵਪਾਰਕ ਵ੍ਰਿਤੀ ਘਰ ਕਰ ਗਈ ਹੈ। ਧਰਮ, ਅਧਿਆਤਮ ਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਰਹੀ। ਸਿੱਖ ਕੌਮ ਵੀ ਇਹੋ ਜਿਹੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਸਿੱਖ ਨੌਜਵਾਨ ਅੱਜ ਗੁਰੂ-ਘਰ ਅੰਦਰ ਨਤਮਸਤਕ ਭਾਵੇਂ ਹੁੰਦੇ ਹੋਣ ਪਰ ਗੁਰੂ ਦੇ ਸਿੱਖ ਬਣੇ ਨਜ਼ਰ ਨਹੀਂ ਆਉਂਦੇ। ਜਿਸ ਕੌਮ ਦਾ ਜਨਮ ਹੀ ਧਰਮ ਨੂੰ ਬਚਾਉਣ ਲਈ ਹੋਇਆ ਸੀ, ਉਸ ਅੰਦਰ ਧਰਮ ਪ੍ਰਤੀ ਸਮਰਪਣ ਦਾ ਨਿਰੰਤਰ ਘਾਣ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੰਜ ਕੱਕਾਰ ਤਿਆਗ ਕੇ ਪੰਜ ਵਿਕਾਰ ਵਿਖਾਵਾ, ਨਸ਼ਾ, ਲੋਭ, ਕਾਮ ਤੇ ਧ੍ਰੋਹ ਧਾਰਨ ਕਰ ਲਏ ਗਏ ਹਨ। ਜਿਸ ਸਿੱਖ ਪੰਥ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ, ਪੂਰਨ ਪੂਰਿ ਰਹਿਆ ਬਿਖੁ ਮਾਰਿ' ਦੀ ਭਾਵਨਾ ਨਾਲ ਰੱਖੀ, ਉਸ ਦਾ ਮੁੜ ਬਿਖਾਂ ਦਾ ਸ਼ਿਕਾਰ ਹੋ ਜਾਣਾ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਗੁਰਸਿੱਖ ਦੇ ਜੀਵਨ ਦਾ ਸੱਖਣਾ ਹੋ ਜਾਣਾ ਹੈ।
ਪੂਰੀ ਸਿੱਖ ਕੌਮ ਖਾਸ ਕਰ ਨੌਜਵਾਨ ਪੀੜ੍ਹੀ ਦੇ ਜੀਵਨ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਚਿੱਤਰ, ਇਕ ਪੂਜਨੀਕ ਨਾਮ ਬਣੇ ਤਾਂ ਵਿਖਾਈ ਦਿੰਦੇ ਹਨ ਪਰ ਉਸ ਦੀ ਭਾਵਨਾ ਤੇ ਕਰਮ ਅੰਦਰ ਕਿਤੇ ਵੀ ਰੂਪਮਾਨ ਹੁੰਦੇ ਨਜ਼ਰ ਨਹੀਂ ਆ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਚਨ ਹੀ ਇਸ ਦਸ਼ਾ ਨੂੰ ਸਮਝਣ ਲਈ ਸਹਾਇਕ ਹਨ ਕਿ 'ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।' ਸਿੱਖ ਨੌਜਵਾਨ ਪੀੜ੍ਹੀ ਦਾ ਗੰਭੀਰ ਸੰਕਟ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉਸ ਦੇ ਵਿਕਾਰਾਂ ਦੀ ਕਾਲੀ ਅਮਾਵਸ ਦੀ ਰਾਤ ਅੰਦਰ ਕਿਧਰੇ ਛੁਪ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਗਿਆਨ ਤੇ ਸੁਚੱਜੇ ਆਚਾਰ ਦੇ ਸੂਰਜ ਹਨ। ਵਿਕਾਰਾਂ ਦੇ ਘੋਰ ਹਨੇਰੇ ਗੰਢ ਜੋੜ ਲੈਣ ਵਾਲੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਥ ਦੇ ਪਾਂਧੀ ਕਿਵੇਂ ਹੋ ਸਕਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖ ਦੀ ਕੂੜ ਅਵਸਥਾ 'ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ' ਨੂੰ ਸਹਿਜ ਅਵਸਥਾ 'ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ' ਵਿਚ ਬਦਲਣ ਦਾ ਮਿਸ਼ਨ ਆਰੰਭਿਆ। ਗੁਰੂ ਸਾਹਿਬ ਦੀ ਪ੍ਰੇਰਨਾ ਬਿਖ ਖਾਣਾ ਤਿਆਗ ਕੇ ਸਚ ਕਮਾਉਣ ਦੀ ਸੀ। ਗੁਰੂ ਸਾਹਿਬ ਨੇ ਭਟਕੀ ਹੋਈ ਮਨੁੱਖਤਾ 'ਚਲਣ ਸਾਰ ਨ ਜਾਣਨੀ ਕਾਮੁ ਕ੍ਰੋਧੁ ਵਿਸੁ ਵਧਾਇਆ' ਨੂੰ ਰਾਹ ਵਿਖਾਈ 'ਭਗਤ ਕਰਨ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ।' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨਾਲ ਭਰਪੂਰ, ਪਰਮਾਤਮਾ ਦੇ ਦਾਸ ਦੇ ਵੀ ਦਾਸ ਹੋਣ ਦੀ ਭਾਵਨਾ ਵਾਲੀ ਭਗਤੀ ਦੀ ਰਾਹ ਸੰਸਾਰ ਦੇ ਸਾਹਮਣੇ ਰੱਖੀ 'ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ।' ਇਹ ਭਾਵ ਭਗਤੀ ਹੀ ਜੀਵਨ ਰੌਸ਼ਨ ਕਰਨ ਵਾਲੀ ਭਗਤੀ ਹੈ 'ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ।'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਤੇ ਧਰਮ ਨੂੰ ਜੀਵਨ ਦਾ ਮਨੋਰਥ ਦੱਸਿਆ। ਸਚ ਤੇ ਧਰਮ ਨਾਲ ਹੀ ਜੀਵਨ ਚੱਲਦਾ ਹੈ ਤੇ ਪੰਥ ਸੌਖਾ ਹੋ ਜਾਂਦਾ ਹੈ।
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
ਨਾ ਸਰਵਰੁ ਨਾ ਉਛਲੈ ਐਸਾ ਪੰਥੁ ਸੁਹੇਲਾ॥ ੧॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥ ੧॥ ਰਹਾਉ॥
(ਅੰਗ ੭੨੯ )
ਅੱਜ ਕਿੰਨੇ ਸਿੱਖ ਨੌਜਵਾਨ ਹਨ, ਜੋ ਗੁਰੂ ਸਾਹਿਬ ਦੇ ਉਪਰੋਕਤ ਵਚਨਾਂ 'ਤੇ ਵਿਸ਼ਵਾਸ ਕਰ ਰਹੇ ਹਨ ਤੇ ਜਪ ਤਪ ਦਾ ਬੇੜਾ ਬੰਨ੍ਹਣ 'ਚ ਲੱਗੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ ਚਿੱਤਰ, ਇਕ ਪੂਜਨੀਕ ਨਾਮ ਦੀ ਅਵਧਾਰਨਾ ਦੇ ਦਾਇਰੇ ਨੂੰ ਤੋੜ ਕੇ ਬਾਹਰ ਆਉਣਾ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀ ਬਾਣੀ ਅੰਦਰ ਵੇਖਣ, ਭਰੋਸਾ ਕਰਨ ਤੇ ਵਿਉਹਾਰ ਅੰਦਰ ਧਾਰਨ ਕਰਨ ਦੀ ਜਾਚ ਸਿੱਖਣੀ ਪਵੇਗੀ। ਜੀਵਨ ਧਨ, ਦੌਲਤ ਨਾਲ ਪਾਰ ਨਹੀਂ ਹੁੰਦਾ। ਨਸ਼ਿਆਂ ਨਾਲ ਸੁਖਾਲਾ ਨਹੀਂ ਹੁੰਦਾ। ਘਰ-ਬਾਰ, ਪਰਿਵਾਰ ਛੱਡ ਕੇ ਪਰਦੇਸ ਚਲੇ ਜਾਣ ਨਾਲ ਨਹੀਂ ਸਰਦਾ। ਇਹ ਇਕ ਗੁਰਸਿੱਖ ਦੀ ਜੀਵਨ ਸ਼ੈਲੀ ਨਹੀਂ ਹੋ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਲਈ ਕਿਸੇ ਵੀ ਗੁਰਸਿੱਖ ਦੀ ਸ਼ਰਧਾ 'ਤੇ ਕੋਈ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਸ ਸ਼ਰਧਾ ਦੇ ਸਵਰੂਪ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ।
ਸਿੱਖ ਨੌਜਵਾਨਾਂ ਦਾ ਇਕ ਵੱਡਾ ਵਰਗ ਕੇਸ ਰਹਿਤ ਹੋ ਚੁੱਕਾ ਹੈ। ਘੱਟ ਗਿਣਤੀ ਵਰਗ ਕੇਸਧਾਰੀ ਹੈ। ਪਰ ਧਰਮ ਬਾਰੇ ਦੋਹਾਂ ਵਰਗਾਂ ਦੀ ਸੋਚ ਵਿਚ ਕੋਈ ਜ਼ਿਆਦਾ ਫਰਕ ਨਹੀਂ ਵਿਖਾਈ ਦਿੰਦਾ। ਧਰਮ ਬਾਰੇ ਇਨ੍ਹਾਂ ਦੀ ਸਮਝ ਗੁਰੂ ਸ਼ਬਦ ਅਨੁਸਾਰ ਨਹੀਂ, ਆਪਣੀ ਵਿਕਸਿਤ ਕੀਤੀ ਹੋਈ ਹੈ। ਨੌਜਵਾਨ ਪੀੜ੍ਹੀ ਹੀ ਨਹੀਂ, ਪੂਰੀ ਸਿੱਖ ਕੌਮ ਉਸੇ ਚੱਕਰਵਿਊ ਵਿਚ ਘਿਰ ਗਈ ਹੈ, ਜਿਸ ਤੋਂ ਬਾਹਰ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਦੋ ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਲਾ ਪੂਰੇ ਸੰਸਾਰ ਦੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਕਠਿਨ ਤੋਂ ਕਠਿਨ ਰਸਤਿਆਂ, ਬੀਹੜ ਜੰਗਲਾਂ ਦੀ ਪ੍ਰਵਾਹ ਨਹੀਂ ਕੀਤੀ। ਉੱਚੀਆਂ ਤੋਂ ਉੱਚੀਆਂ ਪਰਬਤ ਚੋਟੀਆਂ 'ਤੇ ਚੜ੍ਹੇ, ਸਮੁੰਦਰ ਵੀ ਪਾਰ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਭਰਮਾਂ, ਅੰਧ-ਵਿਸ਼ਵਾਸ, ਜਬਰ-ਜ਼ੁਲਮ ਦੀਆਂ ਤਾਕਤਾਂ ਨਾਲ ਟਾਕਰਾ ਲਿਆ। ਗੁਰੂ ਸਾਹਿਬ ਨੇ ਆਪਣੀ ਸੋਚ ਬੜੀ ਨਿਰਭੈਤਾ ਨਾਲ ਸਾਹਮਣੇ ਰੱਖੀ। ਗੁਰੂ ਸਾਹਿਬ ਦੀ ਸੋਚ ਦੀ ਤਾਕਤ ਵੇਖ ਕੇ ਪੂਰਾ ਸੰਸਾਰ ਹੈਰਾਨ ਰਹਿ ਗਿਆ। ਗੁਰੂ ਸਾਹਿਬ ਅਜਿਹੇ ਵਿਰਲੇ ਮਹਾਂਪੁਰਖ ਸਨ, ਜੋ ਆਪਣੇ ਜੀਵਨ ਕਾਲ ਵਿਚ ਹੀ ਕਰੋੜਾਂ ਲੋਕਾਂ ਦੇ ਨਾਇਕ ਤੇ ਆਦਰਸ਼ ਬਣ ਗਏ ਸਨ। ਲੋਕ ਸਦੀਆਂ ਤੋਂ ਕਾਇਮ ਰੀਤੀਆਂ, ਪਰੰਪਰਾਵਾਂ ਤਿਆਗ ਕੇ ਗੁਰੂ ਸਾਹਿਬ ਦੇ ਸਿੱਖ ਬਣ ਗਏ। ਕੀ ਅੱਜ ਦੀ ਨੌਜਵਾਨ ਪੀੜ੍ਹੀ ਨੇ ਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਅਦੁੱਤੀ ਕਰਾਮਾਤ ਬਾਰੇ ਵਿਚਾਰ ਕੇ ਉਸ 'ਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਯਤਨ ਕੀਤਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨਾਲ ਇਕੋ ਤਰਕ ਕੀਤਾ-
ਨਾਨਕ ਸਾਚੇ ਕਉ ਸਚੁ ਜਾਣੁ॥ (ਅੰਗ ੧੫)
ਗੁਰੂ ਸਾਹਿਬ ਦਾ ਇਹ ਤਰਕ ਕਿਸੇ ਵੀ ਵਿਵਾਦ, ਸ਼ੰਕਾ, ਦੁਬਿਧਾ, ਭਰਮ ਤੋਂ ਰਹਿਤ ਸੀ ਕਿ ਮਨੁੱਖ ਉਸ ਨੂੰ ਜੀਵਨ ਅੰਦਰ ਸਵੀਕਾਰ ਕਰੇ ਜੋ ਸੱਚ ਹੈ। ਸੱਚ ਜੀਵਨ ਅੰਦਰ ਸੁੱਖ ਲਿਆਉਣ ਵਾਲਾ ਹੀ ਨਹੀਂ, ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਜੋਗ ਬਣਾਉਣ ਵਾਲਾ ਵੀ ਹੈ 'ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ।' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਭਰਮਾਂ ਨੂੰ ਤੋੜਦਿਆਂ ਕਿਹਾ ਕਿ ਸੱਚ ਤੇ ਸੁੱਖ ਅੰਦਰ ਸੰਸਾਰਕ ਪਦਾਰਥਾਂ, ਰਸਾਂ ਤੇ ਤਾਕਤਾਂ ਦੀ ਕੋਈ ਭੂਮਿਕਾ ਨਹੀਂ, ਜਿਨ੍ਹਾਂ ਪਿੱਛੇ ਲੋਕ ਭੱਜੀ ਜਾ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਕਿ ਸੱਚ ਤਾਂ ਪਰਮਾਤਮਾ ਦੇ ਨਾਮ ਅੰਦਰ ਹੈ 'ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।' ਨੌਜਵਾਨ ਸਿੱਖ ਪੀੜ੍ਹੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਹੋਣ ਦਾ ਦਾਅਵਾ ਤਾਂ ਕਰ ਸਕਦੀ ਹੈ, ਜੇ ਸੁੱਖਾਂ ਦੀ ਪ੍ਰਾਪਤੀ ਲਈ ਗੁੜ 'ਤੇ ਯਕੀਨ ਕਰਨਾ, ਗੁੜ ਦਾ ਪਿੱਛਾ ਛੱਡ ਦੇਵੇ। ਪਰਮਾਤਮਾ ਦੇ ਆਸਰੇ ਤੋਂ ਬਿਨਾਂ ਸੁੱਖਾਂ ਲਈ ਲਿਆ ਜਾਣ ਵਾਲਾ ਕੋਈ ਵੀ ਆਸਰਾ ਗੁੜ ਹੈ। ਇਸ ਗੁੜ ਨੂੰ ਗੁਰੂ ਸਾਹਿਬ ਨੇ ਹਰ ਤਰ੍ਹਾਂ ਖੁਆਰ ਕਰਨ ਵਾਲਾ ਕਿਹਾ। ਇਹ ਖੁਆਰ ਕਰਨ ਵਾਲਾ ਗੁੜ 'ਹੋਰੁ ਖਾਣਾ', 'ਹੋਰੁ ਪੈਨਣੁ', 'ਹੋਰੁ ਚੜਣਾ', 'ਹੋਰੁ ਸਉਣਾ' ਹੈ, ਜਿਸ ਦੀ ਗੁਰੂ ਸਾਹਿਬ ਨੇ ਸਹਿਲੀ ਵਿਆਖਿਆ ਕੀਤੀ।
ਜੇ ਸੁੱਖ ਚਾਹੀਦੇ ਤਾਂ ਗੁੜ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਤੋਂ ਸੁਚੇਤ ਰਹਿਣਾ ਪਵੇਗਾ। ਇੰਦ੍ਰੀਆਂ ਨੂੰ ਮੋਹ ਲੈਣ ਵਾਲੇ ਸਾਰੇ ਰੰਗ, ਵਾਸ਼ਨਾਵਾਂ ਵਧਾਉਣ ਵਾਲੇ ਸਾਰੇ ਰਸ, ਵਿਕਾਰਾਂ ਨੂੰ ਤ੍ਰਿਪਤ ਕਰਨ ਵਾਲੇ ਸਾਰੇ ਵਿਅੰਜਨ ਅੰਤ ਦੁੱਖਾਂ ਦੇ ਘਰ ਬਣ ਜਾਂਦੇ ਹਨ। ਮਨੁੱਖ ਦੀ ਸਾਰੀ ਸਿਆਣਪ ਨਿਹਫਲ ਚਲੀ ਜਾਂਦੀ ਹੈ ਤੇ ਪਛਤਾਵਾ ਹੀ ਹੱਥ ਲੱਗਦਾ ਹੈ 'ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ।' ਨਸ਼ਿਆਂ ਦਾ ਪੱਲਾ ਫੜ ਜਵਾਨੀ ਬਰਬਾਦ ਹੋ ਰਹੀ ਹੈ। ਮਾਇਆ ਲਈ ਸ਼ੈਦਾਈ ਹੋਇਆਂ ਨੇ ਪਰਿਵਾਰ ਵੀ ਗੁਆਏ ਤੇ ਜ਼ਿੰਦਗੀ ਵੀ। ਵਾਸ਼ਨਾਵਾਂ ਲਈ ਧਰਮ ਤੋਂ ਦੂਰ ਹੋਣ ਵਾਲੇ ਸੁੱਖਾਂ ਤੋਂ ਦੂਰ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਵਚਨ ਹਰ ਕਿਸੇ ਦੇ ਆਲੇ-ਦੁਆਲੇ ਸੱਚ ਹੋ ਕੇ ਵਰਤ ਰਹੇ ਹਨ ਪਰ ਚੇਤਨਾ ਨਹੀਂ ਆ ਰਹੀ, ਕਿਉਂਕਿ ਗੁਰੂ ਦੇ ਵਚਨਾਂ 'ਤੇ ਵਿਸ਼ਵਾਸ ਹੀ ਨਹੀਂ ਰਿਹਾ। ਨੌਜਵਾਨ ਪੀੜ੍ਹੀ ਹੀ ਨਹੀਂ, ਹਰ ਸਿੱਖ ਲਈ ਵਾਹਿਗੁਰੂ ਅੱਗੇ ਨਤਮਸਤਕ ਹੋਣਾ ਗੁਰੂ ਦਾ ਹੁਕਮ ਮੰਨਣ ਦਾ ਸੰਕਲਪ ਦ੍ਰਿੜ੍ਹ ਕਰਨਾ ਹੈ। ਗੁਰੂ ਦੀ ਸ਼ਰਨ 'ਚ ਆਉਣ ਦਾ ਮਨੋਰਥ ਗੁੜ ਦੀ ਪ੍ਰਾਪਤੀ ਲਈ ਨਹੀਂ, ਸੱਚ ਦੀ ਦਾਤ ਲਈ ਹੋਣਾ ਚਾਹੀਦਾ। ਸੱਚ ਦੀ ਦਾਤ ਮਿਲ ਜਾਏ, ਪਰਮਾਤਮਾ 'ਤੇ ਭਰੋਸਾ ਟਿਕ ਜਾਏ, ਕਰਮਾਂ ਅੰਦਰ ਪਰਮਾਤਮਾ ਪ੍ਰਤੀ ਪ੍ਰੇਮ ਤੇ ਸਮਰਪਣ ਪ੍ਰਗਟ ਹੋਣ ਲੱਗ ਪਏ ਤਾਂ ਜੀਵਨ ਸੁੱਖ ਨਾਲ ਭਰਪੂਰ ਹੋ ਜਾਂਦਾ ਹੈ 'ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।' ਪਰਮਾਤਮਾ ਦੀ ਨਦਰਿ ਸੁੱਖਾਂ ਦਾ ਖਜ਼ਾਨਾ ਹੈ 'ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ।' ਨੌਜਵਾਨ ਪੀੜ੍ਹੀ ਨੂੰ ਗੁੜ ਦੀ ਅੰਨ੍ਹੀ ਦੌੜ ਤੋਂ ਬਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਸੇਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਲੋੜ ਹੈ।
ਨਵੀਂ ਪੀੜ੍ਹੀ ਸਾਰੇ ਅਸਰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਤੋਂ ਲੈਂਦੀ ਹੈ। ਉਨ੍ਹਾਂ ਦੇ ਅੱਜ ਦੇ ਹਾਲਾਤ ਲਈ ਨਿਰਾ ਉਹ ਕਸੂਰਵਾਰ ਨਹੀਂ। ਪਰਿਪੱਕ ਪੀੜ੍ਹੀਆਂ ਵੀ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਤੇ ਜਵਾਬਦੇਹ ਹਨ। ਗੁਰੂ ਸਾਹਿਬਾਨ ਦੇ ਪ੍ਰੇਰਨਾਦਾਇਕ ਜੀਵਨ ਤੇ ਗੁਰਬਾਣੀ ਦੇ ਸਹਿਜ ਸੁਨੇਹੇ ਨਾਲ ਨਵੀਂ ਪੀੜ੍ਹੀ ਨੂੰ ਰੂਬਰੂ ਕਰਾਉਣ 'ਚ ਵੱਡੀ ਕੋਤਾਹੀ ਹੋਈ ਹੈ। ਅਸੀਂ ਇਹ ਦੱਸਣ 'ਚ ਨਾਕਾਮਯਾਬ ਰਹੇ ਕਿ ਗੁਰੂ ਦਾ ਦਰ ਕਰਾਮਾਤਾਂ ਦਾ ਨਹੀਂ, ਨਾਮ ਦੀ ਬਖਸ਼ਿਸ਼ ਦਾ ਦਰ ਹੈ 'ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ।' ਅਸੀਂ ਨਾਮ ਦੀ ਤਾਕਤ ਨਾਲ ਵੀ ਨਵੀਂ ਪੀੜ੍ਹੀ ਨੂੰ ਜਾਣੂੰ ਨਹੀਂ ਕਰਵਾ ਸਕੇ 'ਸਤਿਨਾਮੁ ਬਿਨੁ ਬਾਦਰਿ ਛਾਈ।' ਭਾਈ ਗੁਰਦਾਸ ਜੀ ਦੇ ਵਚਨ ਹਨ ਕਿ ਸੰਸਾਰ ਅੰਦਰ ਮਨੁੱਖ ਕਿੰਨੀ ਵੀ ਤਾਕਤ ਇਕੱਤਰ ਕਰ ਲਵੇ ਪਰ ਨਾਮ ਬਿਨਾਂ ਸਭ ਬੱਦਲ ਦੀ ਛਾਂ ਵਰਗੀ ਹੈ, ਜੋ ਵੇਖਦਿਆਂ ਹੀ ਵੇਖਦਿਆਂ, ਉੱਡ ਕੇ ਨਜ਼ਰਾਂ ਤੋਂ ਉਹਲੇ ਹੋ ਜਾਂਦੀ ਹੈ। ਲੋੜ ਹੈ ਕਿ ਪਰਿਪੱਕ ਸਿੱਖ ਪੀੜ੍ਹੀ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਚਿਆਰ ਸਿੱਖ ਬਣ ਕੇ ਨਵੀਂ ਪੀੜ੍ਹੀ ਸਾਹਮਣੇ ਮਿਸਾਲ ਪੇਸ਼ ਕਰੇ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਸਿਧਾਂਤਾਂ 'ਤੇ ਆਪ ਚਲ ਕੇ ਵਿਖਾਇਆ। ਗੁਰੂ ਸਾਹਿਬ ਦੀ ਬਾਣੀ ਉਨ੍ਹਾਂ ਦੇ ਸੰਸਾਰਕ ਜੀਵਨ ਅੰਦਰ ਵਾਪਰਣ ਵਾਲੀਆਂ ਘਟਨਾਵਾਂ ਦਾ ਨਿਚੋੜ ਹੈ। ਇਹੋ ਨਿਵੇਕਲਾ ਕਾਰਨ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੁਗੋ-ਜੁਗ ਵਿਲੱਖਣ ਬਣਾਉਂਦਾ ਹੈ ਤੇ ਗੁਰਮਤਿ ਦੀ ਪ੍ਰਮਾਣਿਕਤਾ ਸਿੱਧ ਕਰਦਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਨਾਲ ਜੋੜਨ ਦੀ ਸਖ਼ਤ ਲੋੜ ਹੈ। ਕਿਸੇ ਵੀ ਕੌਮ, ਸਮਾਜ ਜਾਂ ਦੇਸ਼ ਦੀ ਅਸਲ ਤਾਕਤ ਨੌਜਵਾਨ ਹੁੰਦਾ ਹੈ। ਇਹ ਸਮੂਹਿਕ ਉਪਰਾਲਾ ਹੋਣਾ ਚਾਹੀਦੇ ਕਿ ਪੂਰੀ ਕੌਮ, ਖਾਸ ਤੌਰ 'ਤੇ ਨੌਜਵਾਨ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਨਾਨਕ ਸਾਚੇ ਕਉ ਸਚੁ ਜਾਣੁ 'ਤੇ ਚੱਲ ਕੇ ਆਪਣਾ ਹੀ ਨਹੀਂ, ਪੂਰੀ ਮਨੁੱਖਤਾ ਦਾ ਭਲਾ ਕਰਨ 'ਚ ਯੋਗਦਾਨ ਪਾਵੇ।


-ਈ-1716, ਰਾਜਾਜੀਪੁਰਮ, ਲਖਨਊ-226017.
ਮੋਬਾ: 94159-60533, 8417852899

ਦੁਨੀਆ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ, ਬਿਸ਼ਨੋਈ

ਸਲਮਾਨ ਖਾਨ ਦੀ ਸਜ਼ਾ ਕਾਰਨ ਬਿਸ਼ਨੋਈ ਕੌਮ ਚਰਚਾ ਵਿਚ ਹੈ, ਜੋ ਸੰਸਾਰ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ ਹੈ। ਬਿਸ਼ਨੋਈ ਜਾਂ ਵਿਸ਼ਨੋਈ ਇਕ ਹਿੰਦੂ ਧਾਰਮਿਕ ਸਮੂਹ ਹੈ, ਜੋ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਾਏ ਜਾਂਦੇ ਹਨ। ਇਨ੍ਹਾਂ ਦੀ ਕੁੱਲ ਆਬਾਦੀ 7 ਲੱਖ ਦੇ ਕਰੀਬ ਹੈ। ਉਹ ਗੁਰੂ ਜੰਬੇਸ਼ਵਰ ਦੁਆਰਾ ਨਿਸ਼ਚਿਤ ਕੀਤੇ ਗਏ 29 ਸਿਧਾਂਤਾਂ ਦੇ ਅਨੁਸਾਰ ਚਲਦੇ ਹਨ। ਅਸਲ ਵਿਚ ਬਿਸ਼ਨੋਈ ਸ਼ਬਦ ਦਾ ਅਰਥ ਹੈ ਬੀਸ ਨੋਈ (ਮਤਲਬ ਵੀਹ ਅਤੇ ਨੌਂ)। ਗੁਰੂ ਜੰਬੇਸ਼ਵਰ ਨੇ ਹੁਕਮ ਕੀਤਾ ਸੀ ਕਿ ਜਾਨਵਰਾਂ ਅਤੇ ਦਰੱਖਤਾਂ ਵਿਚ ਵੀ ਜਾਨ ਹੈ। ਇਨ੍ਹਾਂ ਦੀ ਹਰ ਹਾਲਤ ਵਿਚ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਵਾਤਾਵਰਨ ਨੂੰ ਕਿਸੇ ਤਰ੍ਹਾਂ ਦੀ ਹਾਨੀ ਪਹੁੰਚਾਉਣ ਦਾ ਮਤਲਬ ਖੁਦ ਨੂੰ ਹਾਨੀ ਪਹੁੰਚਾਉਣ ਦੇ ਬਰਾਬਰ ਹੈ। ਬਿਸ਼ਨੋਈ ਸਮਾਜ ਦੇ ਸੰਸਥਾਪਕ ਗੁਰੂ ਜੰਬੇਸ਼ਵਰ ਦਾ ਜਨਮ 1499 ਈ: ਨੂੰ ਪੀਂਪਾਸਰ ਜ਼ਿਲ੍ਹਾ ਬੀਕਾਨੇਰ ਵਿਚ ਹੋਇਆ ਤੇ ਮੌਤ 1593 ਈ: ਵਿਚ ਹੋਈ। ਉਨ੍ਹਾਂ ਦੀ ਸਮਾਧੀ ਮੁਕਾਮ (ਬੀਕਾਨੇਰ) ਵਿਚ ਬਣੀ ਹੋਈ ਹੈ, ਜੋ ਬਿਸ਼ਨੋਈਆਂ ਲਈ ਇਕ ਬਹੁਤ ਵੱਡਾ ਤੀਰਥ ਸਥਾਨ ਹੈ।
ਗੁਰੂ ਜੰਬੇਸ਼ਵਰ ਜਦੋਂ ਨੌਜਵਾਨ ਸਨ ਤਾਂ ਇਲਾਕੇ ਵਿਚ ਅਕਾਲ ਪੈ ਗਿਆ। ਉਹ ਸਮਝ ਗਏ ਕਿ ਇਸ ਅਕਾਲ ਦਾ ਕਾਰਨ ਲੋਕਾਂ ਵਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਹੈ। ਉਨ੍ਹਾਂ ਨੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਉਹ ਸੰਨਿਆਸੀ ਬਣ ਗਏ ਤੇ ਸਾਰੇ ਥਾਰ ਰੇਗਿਸਤਾਨ ਵਿਚ ਘੁੰਮ-ਘੁੰਮ ਕੇ ਲੋਕਾਂ ਨੂੰ ਜਾਗ੍ਰਿਤ ਕਰਨ ਲੱਗੇ। ਹਜ਼ਾਰਾਂ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਉੱਪਰ ਜਾਨਵਰਾਂ ਨੂੰ ਮਾਰਨ ਅਤੇ ਹਰੇ ਦਰੱਖਤ ਵੱਢਣ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ। ਇਥੋਂ ਤੱਕ ਕਿ ਸੁੱਕਾ ਬਾਲਣ ਵੀ ਝਾੜ ਕੇ ਬਾਲਣ ਲਈ ਕਿਹਾ ਤਾਂ ਜੋ ਕੋਈ ਕੀੜਾ-ਪਤੰਗਾ ਅੱਗ ਵਿਚ ਨਾ ਸੜ ਜਾਵੇ। ਬਿਸ਼ਨੋਈਆਂ 'ਤੇ ਨੀਲੇ ਕੱਪੜੇ ਪਾਉਣ ਦੀ ਪਾਬੰਦੀ ਹੈ, ਕਿਉਂਕਿ ਨੀਲਾ ਰੰਗ ਹਾਸਲ ਕਰਨ ਲਈ ਇਕ ਵਿਸ਼ੇਸ਼ ਕਿਸਮ ਦੀ ਝਾੜੀ ਨੂੰ ਭਾਰੀ ਮਾਤਰਾ ਵਿਚ ਕੱਟਣਾ ਪੈਂਦਾ ਹੈ। ਗੁਰੂ ਜੰਬੇਸ਼ਵਰ ਹਰਿਆਲੀ ਪ੍ਰਤੀ ਐਨੇ ਸਮਰਪਿਤ ਸਨ ਕਿ ਉਨ੍ਹਾਂ ਹੁਕਮ ਦਿੱਤਾ ਕਿ ਦਰੱਖਤਾਂ ਨੂੰ ਬਚਾਉਣ ਖਾਤਰ ਮ੍ਰਿਤਕ ਵਿਅਕਤੀਆਂ ਨੂੰ ਸਾੜਨ ਦੀ ਬਜਾਏ ਦਫਨਾਇਆ ਜਾਵੇ, ਤਾਂ ਜੋ ਲੱਕੜ ਦੀ ਬਰਬਾਦੀ ਨਾ ਹੋਵੇ। ਇਸ ਲਈ ਜ਼ਿਆਦਾਤਰ ਬਿਸ਼ਨੋਈ ਆਪਣੇ ਮ੍ਰਿਤਕਾਂ ਨੂੰ ਜਲਾਉਣ ਦੀ ਬਜਾਏ ਦਫਨਾਉਂਦੇ ਹਨ।
ਬਿਸ਼ਨੋਈ ਭਾਵੇਂ ਜ਼ਿਆਦਾਤਰ ਜਾਟ ਅਤੇ ਰਾਜਪੂਤ ਹਨ ਪਰ ਉਹ ਆਪਣੇ ਨਾਂਅ ਨਾਲ ਕੋਈ ਗੋਤਰ ਆਦਿ ਲਗਾਉਣ ਦੀ ਬਜਾਏ ਬਿਸ਼ਨੋਈ ਲਿਖਣਾ ਪਸੰਦ ਕਰਦੇ ਹਨ। ਉਹ ਮਾਸ, ਮੱਛੀ, ਸ਼ਰਾਬ, ਤੰਬਾਕੂ ਅਤੇ ਹੋਰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਹੀਂ ਕਰਦੇ। ਇਨ੍ਹਾਂ ਅਸੂਲਾਂ ਦੀ ਸਖਤੀ ਨਾਲ ਪਾਲਣਾ ਕਰਨ ਕਾਰਨ ਹਿਰਨਾਂ ਦੇ ਵੱਗ ਆਮ ਹੀ ਬਿਸ਼ਨੋਈਆਂ ਦੇ ਪਿੰਡਾਂ ਵਿਚ ਫਿਰਦੇ ਵੇਖੇ ਜਾ ਸਕਦੇ ਹਨ। ਇਹ ਜਾਨਵਰ ਇਨਸਾਨਾਂ ਨਾਲ ਐਨੇ ਹਿਲੇ-ਮਿਲੇ ਹਨ ਕਿ ਉਨ੍ਹਾਂ ਦੇ ਹੱਥਾਂ ਵਿਚੋਂ ਆਰਾਮ ਨਾਲ ਦਾਣਾ-ਪੱਠਾ ਖਾ ਲੈਂਦੇ ਹਨ। ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਨਾਲ ਬਿਸ਼ਨੋਈ ਬਹੁਤ ਸਖ਼ਤੀ ਨਾਲ ਨਿਪਟਦੇ ਹਨ। ਉਹ ਆਪਣੇ ਇਲਾਕੇ ਵਿਚ ਮਾਸ-ਮੱਛੀ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹਣ ਦਿੰਦੇ। ਬਿਸ਼ਨੋਈ ਥਾਰ ਰੇਗਿਸਤਾਨ ਵਿਚ ਸੈਂਕੜੇ ਸਾਲਾਂ ਤੋਂ ਦਰੱਖਤਾਂ ਅਤੇ ਜਾਨਵਰਾਂ ਨਾਲ ਮੁਕੰਮਲ ਸਹਿਚਾਰ ਵਿਚ ਰਹਿ ਰਹੇ ਹਨ ਤੇ ਗੁਰੂ ਜੰਬੇਸ਼ਵਰ ਦੀਆਂ ਸਿੱਖਿਆਵਾਂ ਦੇ ਮੁਤਾਬਕ ਉਨ੍ਹਾਂ ਦੀ ਕਰੜਾਈ ਨਾਲ ਸੁਰੱਖਿਆ ਕਰ ਰਹੇ ਹਨ। ਆਮ ਇਨਸਾਨ ਇਹ ਗੱਲ ਨਹੀਂ ਸਮਝ ਸਕਦਾ। ਇਹ ਉਹੀ ਵਿਅਕਤੀ ਸਮਝ ਸਕਦਾ ਹੈ ਜੋ ਰਾਜਸਥਾਨ ਵਰਗੇ ਕਰੜੇ ਪੌਣ-ਪਾਣੀ ਵਾਲੇ ਇਲਾਕੇ ਵਿਚ ਵਿਚਰਿਆ ਹੋਵੇ, ਜਿੱਥੇ ਕਈ-ਕਈ ਸਾਲ ਮੀਂਹ ਨਹੀਂ ਪੈਂਦਾ। ਅਜਿਹੇ ਮਾਰੂ ਇਲਾਕੇ ਵਿਚ ਅਜਿਹੀਆਂ ਪ੍ਰਥਾਵਾਂ ਦੀ ਪਾਲਣਾ ਕਰਨਾ ਬਹੁਤ ਵੱਡਾ ਮਾਅਰਕਾ ਹੈ। ਜਿਸ ਇਲਾਕੇ ਵਿਚ ਫਸਲ ਘੱਟ ਹੁੰਦੀ ਹੈ, ਉਥੇ ਲੋਕ ਮਾਸ ਖਾ ਕੇ ਢਿੱਡ ਭਰ ਲੈਂਦੇ ਹਨ ਪਰ ਬਿਸ਼ਨੋਈ ਅਕਾਲ ਪੈਣ 'ਤੇ ਵੀ ਨਾ ਮਾਸ ਖਾਂਦੇ ਹਨ ਤੇ ਨਾ ਹੀ ਦਰੱਖਤ ਵੱਢ ਕੇ ਲੱਕੜ ਵੇਚ ਕੇ ਪੈਸੇ ਕਮਾਉਣ ਬਾਰੇ ਸੋਚਦੇ ਹਨ। ਬਿਸ਼ਨੋਈਆਂ ਨੇ ਸਦੀਆਂ ਤੋਂ ਆਪਣੇ ਅਸੂਲਾਂ ਕਾਰਨ ਰਾਜਿਆਂ ਅਤੇ ਸਰਕਾਰਾਂ ਨੂੰ ਆਪਣੇ ਇਲਾਕੇ ਵਿਚ ਦਰੱਖਤ ਕੱਟਣ ਅਤੇ ਸ਼ਿਕਾਰ ਖੇਡਣ 'ਤੇ ਪਾਬੰਦੀ ਲਗਾਉਣ ਦੇ ਕਾਨੂੰਨ ਬਣਾਉਣ ਲਈ ਮਜਬੂਰ ਕੀਤਾ ਹੈ ਤੇ ਸਖ਼ਤੀ ਨਾਲ ਇਹ ਕਾਨੂੰਨ ਲਾਗੂ ਕਰਵਾਏ ਹਨ, ਕਿਉਂਕਿ ਅਜਿਹੇ ਔੜ ਦੇ ਮਾਰੇ ਇਲਾਕੇ ਵਿਚੋਂ ਲਾਲਚੀ ਵਪਾਰੀਆਂ ਅਤੇ ਸ਼ਿਕਾਰੀਆਂ ਤੋਂ ਜਾਨਵਰਾਂ ਅਤੇ ਦਰੱਖਤਾਂ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਸਮੇਂ-ਸਮੇਂ 'ਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੁਕਮਰਾਨਾਂ ਨੇ ਪਰਖਿਆ ਹੈ। ਅਨੇਕਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਿਸ਼ਨੋਈ ਵਾਤਾਵਰਨ ਦੀ ਸੁਰੱਖਿਆਂ ਲਈ ਅਡਿੱਗ ਰਹੇ ਹਨ। ਕਿਸੇ ਵੀ ਕੰਮ ਲਈ ਹਰੇ ਦਰੱਖਤ ਦੀ ਇਕ ਟਾਹਣੀ ਛਾਂਗਣਾ ਵੀ ਪਾਪ ਸਮਝਿਆ ਜਾਂਦਾ ਹੈ। ਬਿਸ਼ਨੋਈ ਦਰੱਖਤਾਂ ਦੀ ਸੁਰੱਖਿਆ ਲਈ ਕਿੰਨੇ ਸਮਰਪਿਤ ਹਨ, ਇਸ ਲਈ ਖੇਜੜਲੀ ਕਾਂਡ ਦਾ ਵਰਨਣ ਕਰਨਾ ਬਹੁਤ ਜ਼ਰੂਰੀ ਹੈ।
ਸੰਨ 1730 ਈ: ਵਿਚ ਜੋਧਪੁਰ ਦੇ ਮਹਾਰਾਜੇ ਅਭੈ ਸਿੰਘ ਨੂੰ ਆਪਣੇ ਨਵੇਂ ਮਹਿਲ ਦੀ ਉਸਾਰੀ ਲਈ ਲੱਕੜ ਦੀ ਜ਼ਰੂਰਤ ਪੈ ਗਈ। ਉਸ ਨੇ ਆਪਣੇ ਇਕ ਮੰਤਰੀ ਗਿਰਧਰ ਭੰਡਾਰੀ ਨੂੰ ਸੈਨਿਕਾਂ ਅਤੇ ਮਜ਼ਦੂਰਾਂ ਸਮੇਤ ਲੱਕੜਾਂ ਵੱਢਣ ਲਈ ਭੇਜ ਦਿੱਤਾ। ਇਹ ਕਾਫਲਾ ਦਰੱਖਤ ਲੱਭਦਾ ਹੋਇਆ ਜੋਧਪੁਰ ਤੋਂ ਕੋਈ 25 ਕਿ: ਮੀ: ਦੂਰ ਖੇਜੜਲੀ ਪਿੰਡ ਪਹੁੰਚ ਗਿਆ। ਬਿਸ਼ਨੋਈਆਂ ਦਾ ਪਿੰਡ ਹੋਣ ਕਾਰਨ ਇਥੇ ਬਹੁਤ ਹਰਿਆਲੀ ਸੀ। ਮਜ਼ਦੂਰਾਂ ਨੇ ਖੇਜੜੀ ਦੇ ਦਰੱਖਤਾਂ ਨੂੰ ਕੁਹਾੜਾ ਫੇਰਨਾ ਸ਼ੁਰੂ ਕੀਤਾ ਤਾਂ ਪਿੰਡ ਵਾਲੇ ਵਿਰੋਧ ਕਰਨ ਲਈ ਇਕੱਠੇ ਹੋ ਗਏ, ਕਿਉਂਕਿ ਖੇਜੜੀ ਦਾ ਦਰੱਖਤ ਬਿਸ਼ਨੋਈਆਂ ਵਾਸਤੇ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਸੈਨਿਕਾਂ ਨੇ ਧਮਕੀ ਦਿੱਤੀ ਕਿ ਜਿਸ ਕਿਸੇ ਨੇ ਵੀ ਇਸ ਕੰਮ ਵਿਚ ਰੁਕਾਵਟ ਪਾਈ, ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਪਰ ਇਕ ਬਹਾਦਰ ਔਰਤ ਅੰਮ੍ਰਿਤਾ ਦੇਵੀ ਬਿਸ਼ਨੋਈ ਨੇ ਇਕ ਦਰੱਖਤ ਨੂੰ ਬਚਾਉਣ ਖਾਤਰ ਉਸ ਨਾਲ ਗਲਵਕੜੀ ਪਾ ਲਈ। ਸੈਨਿਕਾਂ ਨੇ ਕਿਹਾ ਕਿ ਉਹ ਦਰੱਖਤ ਨੂੰ ਛੱਡ ਦੇਵੇ, ਨਹੀਂ ਤਾਂ ਉਸ ਦਾ ਸਿਰ ਵੱਢ ਦਿੱਤਾ ਜਾਵੇਗਾ। ਪਰ ਦਰੱਖਤ ਨੂੰ ਛੱਡਣ ਦੀ ਬਜਾਏ ਅੰਮ੍ਰਿਤਾ ਦੇਵੀ ਨੇ ਕਿਹਾ ਕਿ, 'ਜੇ ਇਕ ਦਰੱਖਤ ਨੂੰ ਬਚਾਉਣ ਲਈ ਇਕ ਸਿਰ ਵੀ ਦੇ ਦਿੱਤਾ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਹੈ।' ਬੇਰਹਿਮ ਸੈਨਿਕਾਂ ਨੇ ਅੰਮ੍ਰਿਤਾ ਦੇਵੀ ਦਾ ਸਿਰ ਕਲਮ ਕਰ ਦਿੱਤਾ।
ਪਰ ਇਸ ਜ਼ੁਲਮ ਦਾ ਉਲਟ ਅਸਰ ਹੋਇਆ। ਡਰਨ ਦੀ ਬਜਾਏ ਹੋਰ ਬਿਸ਼ਨੋਈਆਂ ਸਮੇਤ ਅੰਮ੍ਰਿਤਾ ਦੇਵੀ ਦੀਆਂ ਤਿੰਨ ਬੇਟੀਆਂ ਆਸੂ, ਰਤਨਾ ਅਤੇ ਭਾਗੂ ਨੇ ਵੀ ਦਰੱਖਤਾਂ ਨੂੰ ਗਲਵਕੜੀ ਪਾ ਲਈ। ਉਨ੍ਹਾਂ ਦਾ ਹਸ਼ਰ ਵੀ ਅੰਮ੍ਰਿਤਾ ਦੇਵੀ ਵਾਲਾ ਹੋਇਆ। ਇਹ ਖ਼ਬਰ ਸੁਣ ਕੇ ਆਸ-ਪਾਸ ਦੇ ਪਿੰਡਾਂ ਤੋਂ ਬਿਸ਼ਨੋਈ ਖੇਜੜਲੀ ਪਹੁੰਚ ਗਏ। ਬਿਸ਼ਨੋਈ ਵਾਰੀ-ਵਾਰੀ ਦਰੱਖਤਾਂ ਨੂੰ ਬਚਾਉਣ ਦੀ ਖਾਤਰ ਗਲਵਕੜੀ ਪਾਉਂਦੇ ਰਹੇ ਤੇ ਬੇਕਿਰਕ ਸ਼ਾਹੀ ਸੈਨਿਕ ਉਨ੍ਹਾਂ ਦੇ ਸਿਰ ਵੱਢਦੇ ਰਹੇ। ਜਦੋਂ ਇਸ ਗੱਲ ਦਾ ਅਭੈ ਸਿੰਘ ਨੂੰ ਪਤਾ ਲੱਗਾ ਤਾਂ ਉਹ ਫੌਰਨ ਖੇਜੜਲੀ ਪਹੁੰਚਿਆ ਤੇ ਮੰਤਰੀ ਅਤੇ ਸੈਨਿਕਾਂ ਨੂੰ ਲਾਹਣਤਾਂ ਪਾ ਕੇ ਇਹ ਗ਼ੈਰ-ਇਨਸਾਨੀ ਕਤਲੇਆਮ ਬੰਦ ਕਰਵਾਇਆ। ਪਰ ਉਦੋਂ ਤੱਕ 363 ਬਿਸ਼ਨੋਈ ਔਰਤਾਂ-ਮਰਦ ਆਪਣੇ ਵਿਸ਼ਵਾਸ ਦੀ ਖਾਤਰ ਕੁਰਬਾਨ ਹੋ ਚੁੱਕੇ ਸਨ। ਰਾਜੇ ਨੇ ਇਸ ਸਬੰਧੀ ਇਕ ਤਾਮਰ ਪੱਤਰ 'ਤੇ ਲਿਖ ਕੇ ਬਿਸ਼ਨੋਈ ਸਮਾਜ ਤੋਂ ਮੁਆਫ਼ੀ ਮੰਗੀ ਤੇ ਬਿਸ਼ਨੋਈਆਂ ਦੇ ਇਲਾਕੇ ਵਿਚੋਂ ਸ਼ਿਕਾਰ ਕਰਨ ਅਤੇ ਦਰੱਖਤ ਵੱਢਣ 'ਤੇ ਪਾਬੰਦੀ ਲਗਾ ਦਿੱਤੀ। ਖੇਜੜੀ ਇਸ ਵੇਲੇ ਰਾਜਸਥਾਨ ਦਾ ਰਾਜ ਦਰੱਖਤ ਹੈ।
ਵਾਤਾਵਰਨ ਨੂੰ ਬਚਾਉਣ ਲਈ ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦੀ। ਅੱਜ ਜਦੋਂ 100 ਰੁਪਏ ਲਈ ਭਰਾ ਭਰਾ ਨੂੰ ਮਾਰ ਦਿੰਦਾ ਹੈ, ਬਿਸ਼ਨੋਈ ਦਰੱਖਤਾਂ ਅਤੇ ਜਾਨਵਰਾਂ ਦੀ ਰਾਖੀ ਲਈ ਡਟੇ ਹੋਏ ਹਨ। ਸਲਮਾਨ ਖਾਨ ਨੂੰ ਵੀ ਸਜ਼ਾ ਬਿਸ਼ਨੋਈਆਂ ਦੇ ਇਲਾਕੇ ਵਿਚੋਂ ਸ਼ਿਕਾਰ ਕਰਨ ਕਾਰਨ ਹੋਈ ਹੈ। ਉਸ ਦੀ ਸ਼ਿਕਾਇਤ ਵੀ ਬਿਸ਼ਨੋਈਆਂ ਨੇ ਹੀ ਕੀਤੀ ਸੀ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਬਰਸੀ 'ਤੇ ਵਿਸ਼ੇਸ਼

ਮਾਲਵੇ ਦੀ ਦਰਵੇਸ਼ ਹਸਤੀ-ਸੰਤ ਅਤਰ ਸਿੰਘ ਘੁੰਨਸ

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ।
ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ। ਆਪ ਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ, ਇਕ ਵਾਰ ਗੁਰਦੁਆਰਾ ਗੁਰੂਸਰ ਮਸਤੂਆਣਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ।
ਸੰਤ ਅਤਰ ਸਿੰਘ ਦੇ ਸਿੱਖੀ ਦੇ ਪ੍ਰਚਾਰ ਦਾ ਇਕ ਮਹੱਤਵਪੂਰਨ ਅੰਗ ਇਹ ਵੀ ਸੀ ਕਿ ਸੰਗਤਾਂ ਵਿਚੋਂ ਜਿਹੜੇ ਵਿਅਕਤੀ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਿਰ ਕਰਦੇ, ਉਨ੍ਹਾਂ ਨੂੰ ਪੰਜ ਬਾਣੀਆਂ ਦਾ ਪਾਠ ਜ਼ਬਾਨੀ ਯਾਦ ਕਰਨ ਲਈ ਕਹਿੰਦੇ। ਇਸ ਤਰ੍ਹਾਂ ਇਕ-ਇਕ ਸਾਲ ਬਾਅਦ ਪ੍ਰਪੱਕ ਹੋਏ ਵਿਅਕਤੀਆਂ ਨੂੰ ਹੀ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਉਂਦੇ। ਉਨ੍ਹਾਂ ਦੇ ਜੀਵਨ ਦਾ ਇਕ ਪਹਿਲੂ ਇਹ ਸੀ ਕਿ ਆਪ ਘੱਟ ਬੋਲਦੇ ਸਨ, ਨੇਕ ਸੁਭਾਅ, ਉੱਚੀ ਸੋਚ ਦੇ ਮਾਲਕ, ਕਦੇ ਗੁੱਸੇ ਨਾ ਹੋਣ ਵਾਲੇ, ਨਿਮਰਤਾ ਦੇ ਮਾਲਕ, ਮਿੱਠ-ਬੋਲੜੇ ਸਨ, ਜਿਸ ਕਰਕੇ ਉਨ੍ਹਾਂ ਦੀ ਆਭਾ ਦੂਰ-ਦੂਰ ਤੱਕ ਫੈਲੀ ਹੋਈ ਸੀ। ਉਨ੍ਹਾਂ ਪੰਜਾਬ ਤੋਂ ਇਲਾਵਾ ਦਿੱਲੀ, ਕਲਕੱਤਾ ਸਮੇਤ ਅਨੇਕਾਂ ਥਾਵਾਂ 'ਤੇ ਜਾ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਇਆ। ਇਥੇ ਰਹਿੰਦਿਆਂ ਜਿਥੇ ਉਹ ਨਾਮ-ਬਾਣੀ ਵੰਡਣ ਦੇ ਨਾਲ-ਨਾਲ ਦੁਖੀ ਲੋਕਾਂ ਨੂੰ ਦੇਸੀ ਦਵਾਈਆਂ ਰਾਹੀਂ ਸਰੀਰਕ ਤੌਰ 'ਤੇ ਨਿਰੋਗ ਕਰਦੇ, ਉਥੇ ਨਾਮ-ਬਾਣੀ ਦੇ ਛਿੱਟੇ ਨਾਲ ਅੰਤਰ ਆਤਮਾ ਨੂੰ ਅਕਾਲ ਪੁਰਖ ਨਾਲ ਜੋੜਦੇ ਸਨ।
1927 ਈਸਵੀ ਨੂੰ 29 ਅੱਸੂ ਦੇ ਪਹਿਲੇ ਨਰਾਤੇ ਵਾਲੇ ਦਿਨ ਆਪ ਨੂੰ ਮਾਮੂਲੀ ਬੁਖਾਰ ਹੋਇਆ ਅਤੇ ਆਪ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਪਿੱਛੋਂ ਸੰਤ ਈਸ਼ਰ ਸਿੰਘ, ਸੰਤ ਬਚਨ ਸਿੰਘ ਜਟਾਣਾ, ਸੰਤ ਨਾਹਰ ਸਿੰਘ ਨੇ ਗੁਰੂ-ਘਰ ਦੀ ਸੇਵਾ ਸੰਭਾਲ ਕੀਤੀ। ਹੁਣ ਉਨ੍ਹਾਂ ਦੇ ਪੰਜਵੇਂ ਗੱਦੀਨਸ਼ੀਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ।
ਹਰੇਕ ਦੁਸਹਿਰੇ ਵਾਲੇ ਦਿਨ ਸੰਤ ਅਤਰ ਸਿੰਘ ਘੁੰਨਸ ਵਾਲਿਆਂ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਜਾਂਦੇ ਹਨ। ਐਤਕੀਂ ਵੀ ਹਰ ਸਾਲ ਦੀ ਤਰ੍ਹਾਂ ਸੰਤ ਅਤਰ ਸਿੰਘ ਘੁੰਨਸ ਦੀ ਬਰਸੀ 19 ਅਕਤੂਬਰ, 2018 ਨੂੰ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਸੰਤ ਅਤਰ ਸਿੰਘ ਘੁੰਨਸ ਪਿੰਡ ਘੁੰਨਸ (ਬਰਨਾਲਾ) ਵਿਖੇ ਮਨਾਈ ਜਾ ਰਹੀ ਹੈ।


-ਹੰਡਿਆਇਆ (ਬਰਨਾਲਾ)। ਮੋਬਾ: 98725-45131

ਨਾਮਧਾਰੀ ਸਿੱਖ ਸਮਾਜ ਵਿਚ ਨਾਮ ਸਿਮਰਨ ਜਪ ਪ੍ਰਯੋਗ ਦੀ ਪਰੰਪਰਾ

ਸਿੱਖ ਧਰਮ ਦਾ ਆਧਾਰ ਹੈ-ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਰਨੀ ਅਤੇ ਵੰਡ ਛਕਣਾ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਆਪ ਦੇ ਜਾਨਸ਼ੀਨ ਸਤਿਗੁਰੂ ਸਾਹਿਬਾਨ ਨੇ ਜੋ ਵੀ ਉਪਦੇਸ਼ ਦਿੱਤੇ, ਪਹਿਲਾਂ ਆਪ ਉਨ੍ਹਾਂ 'ਤੇ ਚੱਲ ਕੇ ਪੈੜਾਂ ਪਾਈਆਂ, ਗਾਡੀ ਰਾਹ ਤੋਰੇ, ਸਿੱਖ ਸਤਿਗੁਰੂ ਸਾਹਿਬਾਨ ਬਣੇ, ਸੰਵਰੇ ਰਾਹਾਂ 'ਤੇ ਨਹੀਂ ਚੱਲੇ, ਸਗੋਂ ਆਪ ਦਾ ਚੱਲਣਾ ਹੀ ਨਵੇਂ ਰਸਤਿਆਂ ਨੂੰ ਜਨਮ ਦਿੰਦਾ ਹੈ। ਸਿੱਖ ਧਰਮ ਕੇਵਲ ਲਿਖਤੀ ਸਿਧਾਂਤ ਨਹੀਂ, ਕੇਵਲ ਗ੍ਰੰਥਾਂ 'ਚ ਸੀਮਤ ਗਿਆਨ ਨਹੀਂ, ਸਗੋਂ ਜੀਵੰਤ ਫਲਸਫਾ ਹੈ, ਅਮਲੀ ਜੀਵਨ ਹੈ। ਗੁਰਮਤਿ ਅਨੁਸਾਰ ਗਿਆਨ ਕੇਵਲ ਪੜ੍ਹ ਲੈਣ ਜਾਂ ਜਾਣ ਲੈਣ ਦਾ ਵਿਸ਼ਾ ਹੀ ਨਹੀਂ, ਸਗੋਂ ਕਠਿਨ ਘਾਲਣਾ ਹੈ-
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥
(ਅੰਗ : 465)
'ਕਰਮਿ ਮਿਲੈ ਤਾ ਪਾਈਐ'-ਸਤਿਗੁਰੂ ਦੀ ਕਿਰਪਾ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਤੋਂ ਬਿਨਾਂ ਸਹਸਾ, ਭਰਮ ਨਹੀਂ ਦੂਰ ਹੁੰਦਾ, ਦੁਬਿਧਾ ਨਹੀਂ ਮਿਟਦੀ। ਜੀਵ-ਆਤਮਾ ਅਤੇ ਪਰਮਾਤਮਾ ਦੇ ਮਿਲਣ ਵਿਚ ਦੁਬਿਧਾ ਦੀ ਦੀਵਾਰ ਹੀ ਅਗਿਆਨ ਦਾ ਅੰਧਕਾਰ ਹੈ। ਅਜਿਹਾ ਅੰਧਕਾਰ ਹੈ ਕਿ ਜਿਥੇ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ ਅਤੇ ਆਵਾ ਗਵਨ ਦਾ, ਜੰਮਣ-ਮਰਨ ਦਾ ਗੇੜਾ ਨਹੀਂ ਮੁੱਕਦਾ-
ਬਿਨੁ ਸਬਦੈ ਅੰਤਰਿ ਆਨੇਰਾ॥
ਨ ਵਸਤੁ ਲਹੈ ਨ ਚੂਕੇ ਫੇਰਾ॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ
ਗੁਰੁ ਪੂਰੈ ਭਾਗਿ ਮਿਲਾਵਣਿਆ॥ (ਅੰਗ : 124)
ਸਤਿਗੁਰੂ ਤੋਂ ਬਿਨਾਂ ਸ਼ਬਦ (ਨਾਮ) ਨਹੀਂ ਪ੍ਰਾਪਤ ਹੁੰਦਾ। ਸ਼ਬਦ ਦੀ ਸਾਧਨਾ ਤੋਂ ਬਿਨਾਂ ਭਰਮ ਦਾ ਪਰਦਾ ਨਹੀਂ ਦੂਰ ਹੁੰਦਾ। ਸਾਹਿਬ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿਚ ਸਪੱਸ਼ਟ ਕਰਦੇ ਹਨ-
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਇ॥ (ਅੰਗ : 919)
ਕੇਵਲ ਕਰਮ ਕਾਂਡ ਦੁਆਰਾ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਗਿਆਨ ਤੋਂ ਬਿਨਾਂ ਭਰਮ ਦਾ ਪਰਦਾ ਨਹੀਂ ਪਾਟਦਾ। ਬੜੇ ਸੰਜਮ ਦੁਆਰਾ ਕਰਮ ਕਰਕੇ ਦੁਬਿਧਾ (ਭਰਮ) ਨਹੀਂ ਮਿਟਦੀ, ਭਰਮ ਹੀ ਮਲੀਨਤਾ ਹੈ ਪਰ ਇਹ ਮਿਟੇ ਕਿਵੇਂ? ਗੁਰੂ ਸਾਹਿਬ ਅੱਗੇ ਜਵਾਬ ਲਿਖਦੇ ਹਨ-'ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥' ਸ਼ਬਦ (ਨਾਮ) ਦੀ ਪ੍ਰਾਪਤੀ ਵੀ ਸਤਿਗੁਰੂ ਤੋਂ ਹੀ ਹੁੰਦੀ ਹੈ ਅਤੇ ਸਾਧਨਾ ਸਫ਼ਲ ਵੀ ਗੁਰੂ ਕਿਰਪਾ ਦੁਆਰਾ ਹੀ ਹੁੰਦੀ ਹੈ-
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ
ਇਹੁ ਸਹਸਾ ਇਵ ਜਾਇ॥ (ਅੰਗ : 919)
ਉਸ ਪੂਰੇ ਸਤਿਗੁਰੂ ਤੋਂ 'ਨਾਮ ਰਤਨ' ਪ੍ਰਾਪਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਨਾਮ ਹੈ-'ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ॥' ਸਤਿਗੁਰੂ ਦੀ ਦੇਹ ਹੀ ਸ਼ਬਦ ਦੀ, ਅੰਮ੍ਰਿਤ ਨਾਮ ਦੀ ਹੁੰਦੀ ਹੈ-'ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ॥'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪ ਤਪ ਕੀਤਾ, ਕਠਿਨ ਸਾਧਨਾ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ-
ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ॥
...ਅਤੇ... ਚੜ੍ਹਿਆ ਸੋਧਣਿ ਧਰਤਿ ਲੁਕਾਈ॥
ਸਾਹਿਬ ਗੁਰੂ ਨਾਨਕ ਦੇਵ ਜੀ ਕਠਿਨ ਤਪ ਕਰਕੇ ਆਪ ਹਰੀ ਨਾਲ ਅਭੇਦ ਹੋ ਗਏ। ਫਿਰ ਸੱਚਖੰਡ 'ਚੋਂ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਨੌ ਨਿਧਾਂ ਦਾ ਖਜ਼ਾਨਾ ਨਾਮੁ ਅਤੇ ਗਰੀਬੀ ਨਿਮਰਤਾ ਲੈ ਕੇ ਆਏ। ਚਾਰੇ ਦਿਸ਼ਾਵਾਂ ਵਿਚ ਉਦਾਸੀਆਂ ਕੀਤੀਆਂ। ਨਾਮ ਦੀ ਅਮੋਲਕ ਦਾਤ ਲੋਕਾਈ ਨੂੰ ਦਿੱਤੀ। ਗੁਰਬਾਣੀ ਉਚਾਰਨ ਕੀਤੀ ਅਤੇ ਹਰੀ ਦੀ ਕੀਰਤੀ, ਸਿਫਤਿ ਸਲਾਹ ਦੀ ਪਰੰਪਰਾ, ਰਾਗਾਂ ਵਿਚ ਗੁਰਮਤਿ ਕੀਰਤਨ ਦੀ ਰੀਤ ਆਰੰਭ ਕੀਤੀ-'ਘਰਿ ਘਰਿ ਅੰਦਰਿ ਧਰਮਸਾਲ' ਬਣ ਗਈਆਂ, 'ਜਿਨਿ ਮਾਣਸ ਤੇ ਦੇਵਤੇ ਕੀਏ' ਗੁਰਵਾਕ ਸਾਕਾਰ ਹੋਇਆ। ਗੁਰਮਤਿ ਦਾ ਆਧਾਰ ਬਣ ਗਿਆ 'ਗੁਰਮੁਖਿ ਨਾਮੁ ਦਾਨੁ ਇਸਨਾਨੁ'-ਇਸ਼ਨਾਨ ਕਰਨਾ, ਨਾਮ ਜਪਣਾ, ਹੱਥੀਂ ਕਿਰਤ ਕਰਕੇ, ਦਸਾਂ ਨਹੁੰਆਂ ਦੀ ਸੁੱਚੀ ਕਮਾਈ 'ਚੋਂ ਦਾਨ ਕਰਨਾ ਹੀ ਗੁਰਮਤਿ ਜੀਵਨ ਜਾਚ ਦਾ ਆਧਾਰ ਬਣ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ।
ਮੋਬਾ: 94176-01321

ਪੀਰ ਮੁਰੀਦਾਂ ਪਿਰਹੜੀ-2

ਪੀਰ ਬਹਿਲੋਲ

ਬਗਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਇਕ ਕੁਟੀਆ ਵਿਚ ਰਹਿੰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ ਇਸ ਪੀਰ ਨਾਲ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਪ੍ਰਕਾਸ਼ਮਈ, ਗਿਆਨਮਈ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਇਹ ਗੁਰੂ ਸਾਹਿਬ ਜੀ ਦੇ ਸਰਬ ਸਾਂਝੇ ਨਿਰਮਲ ਉਪਦੇਸ਼ ਦਾ ਕਾਇਲ ਹੋ ਗਿਆ ਅਤੇ ਉਨ੍ਹਾਂ ਦਾ ਮੁਰੀਦ ਬਣ ਗਿਆ। ਇਸ ਨੇ ਕਈ ਵਾਰ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਅਟਕਾਈ ਰੱਖਿਆ। ਆਖਰ ਇਸ 'ਤੇ ਮਿਹਰ ਨਦਰਿ ਪਾ ਕੇ ਗੁਰੂ ਜੀ ਹੋਰ ਧਰਤੀਆਂ ਨੂੰ ਤਾਰਨ ਲਈ ਤੁਰ ਪਏ। ਪੀਰ ਬਹਿਲੋਲ ਉਸ ਤੋਂ ਬਾਅਦ 60 ਸਾਲ ਜਿਉਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ।
ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ਇਸ ਦੀ ਮਾਨਤਾ ਕਰਨ ਲੱਗੇ। ਸ਼ਾਹ ਆਪ ਇਸ ਲਈ ਭੇਟਾਵਾਂ ਲੈ ਕੇ ਨਤਮਸਤਕ ਹੋਇਆ ਪਰ ਪੀਰ ਨੇ ਅੱਖ ਪੁੱਟ ਕੇ ਵੀ ਨਾ ਦੇਖਿਆ। ਜਿਵੇਂ ਚਕਵੀ ਸੂਰਜ ਨੂੰ ਅਤੇ ਚਕੋਰ ਚੰਦ ਨੂੰ ਨਿਹਾਰਦੇ ਹਨ, ਇਉਂ ਹੀ ਬਹਿਲੋਲ ਆਪਣੇ ਮਹਿਬੂਬ ਦੀ ਛੋਹ ਨਾਲ ਸੁਗੰਧਿਤ ਸਥਾਨ 'ਤੇ ਹੀ ਸਮਾਧੀ ਸਥਿਤ ਹੋਇਆ ਰਹਿੰਦਾ। ਇਸ ਦਾ ਸਰੀਰ ਬਿਰਧ ਹੋ ਗਿਆ ਪਰ ਗਰਮੀ-ਸਰਦੀ ਦੀ ਪ੍ਰਵਾਹ ਕੀਤੇ ਬਗੈਰ ਇਹ ਆਪਣੇ ਆਸਣ 'ਤੇ ਸਜਿਆ ਰਿਹਾ। 1920 ਵਿਚ ਸਵੀਡਨ, ਨਾਰਵੇ ਵਿਚ ਵਸਦੇ ਸੰਨਿਆਸੀ ਆਨੰਦਾਚਾਰਯ ਨੇ ਉਸ ਥਾਂ ਦੇ ਦਰਸ਼ਨ ਕਰਕੇ ਦੇਖਿਆ ਕਿ ਉਥੇ ਇਕ ਅਰਬੀ ਭਾਸ਼ਾ ਦੀ ਇਬਾਰਤ ਖੁਣੀ ਹੋਈ ਹੈ, ਜਿਸ ਦਾ ਤਰਜਮਾ ਇਉਂ ਹੈ-'ਇਸ ਥਾਂ 'ਤੇ ਗੁਰੂ ਨਾਨਕ ਜੀ ਨੇ ਫਕੀਰ ਬਹਿਲੋਲ ਨਾਲ ਬਚਨ ਕੀਤੇ। ਜਦੋਂ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ, ਬਹਿਲੋਲ ਦੀ ਰੂਹ ਉਨ੍ਹਾਂ ਦੇ ਬਚਨਾਂ 'ਤੇ ਟਿਕੀ ਰਹੀ, ਜਿਵੇਂ ਸ਼ਹਿਦ ਭਰੇ ਸਰਘੀ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ।'
ਆਨੰਦਾਚਾਰੀਆ ਨੇ ਆਪਣੀ ਕਾਵਿ ਪੁਸਤਕ 'ਸਨੋਬਰਡਜ਼' ਵਿਚ ਇਸ ਬਾਰੇ ਇਕ ਭਾਵਪੂਰਤ ਕਵਿਤਾ ਵੀ ਲਿਖੀ ਹੈ। ਅੱਜ ਵੀ ਇਹ ਯਾਦਗਾਰੀ ਸਥਾਨ ਅਤੇ ਇਸ ਉੱਤੇ ਉੱਕਰਿਆ ਅਰਬੀ ਸ਼ਿਲਾਲੇਖ ਕਾਇਮ ਹਨ। ਇਹ ਪੰਕਤੀਆਂ ਪੀਰ ਦੀ ਸੱਚੀ ਪ੍ਰੀਤ ਦੀ ਕਹਾਣੀ ਕਹਿੰਦੀਆਂ ਜਾਪਦੀਆਂ ਹਨ-
ਉਸ ਤੋਂ ਪਿੱਛੋਂ ਅਸੀਂ ਨਾ ਬੋਲਿਆ ਨਾ ਦੇਖਿਆ
ਇਹ ਜ਼ੁਬਾਂ ਖਾਮੋਸ਼ ਹੋ ਗਈ, ਇਹ ਨਜ਼ਰ ਪਥਰਾ ਗਈ।

ਫ਼ਤਹਿਗੜ੍ਹ ਚੂੜੀਆਂ ਦਾ ਪੰਚ ਮੰਦਰ

ਅੰਮ੍ਰਿਤਸਰ ਤੋਂ ਕੋਈ 26 ਕੁ ਕਿਲੋਮੀਟਰ ਦੀ ਦੂਰੀ 'ਤੇ ਜ਼ਿਲ੍ਹਾ ਗੁਰਦਾਸਪੁਰ 'ਚ ਆਬਾਦ ਇਤਿਹਾਸਕ ਕਸਬੇ ਫ਼ਤਹਿਗੜ੍ਹ ਚੂੜੀਆਂ ਦੇ ਬੱਸ ਅੱਡੇ ਦੇ ਪਾਸ ਹੀ ਮੇਨ ਬਾਜ਼ਾਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦ ਕੌਰ ਦੁਆਰਾ ਬਣਵਾਇਆ ਲਗਪਗ 170 ਸਾਲ ਪੁਰਾਣਾ ਪੰਚ ਮੰਦਰ ਅੱਜ ਵੀ ਚੰਗੀ ਹਾਲਤ 'ਚ ਕਾਇਮ ਹੈ। ਸਿੱਖ ਰਾਜ ਸਮੇਂ ਬਣਾਇਆ ਗਿਆ ਇਹ ਮੰਦਰ ਗੁਰਦਾਸਪੁਰ ਦੇ ਸਭਨਾਂ ਵਿਰਾਸਤੀ ਸਮਾਰਕਾਂ ਵਿਚ ਆਪਣੀ ਇਕ ਵੱਖਰੀ ਹੀ ਪਛਾਣ ਰੱਖਦਾ ਹੈ, ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਮੰਦਰ ਦੀ ਹੋਂਦ ਅਤੇ ਇਤਿਹਾਸ ਤੋਂ ਬਹੁਤ ਘੱਟ ਲੋਕ ਜਾਣੂ ਹਨ ਅਤੇ ਇਸ ਦੇ ਇਤਿਹਾਸ ਸੰਬੰਧੀ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਰਿਕਾਰਡ 'ਚੋਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ, ਜਿਸ ਦੇ ਚਲਦਿਆਂ ਕਾਂਗੜਾ ਅਤੇ ਮੁਗਲ ਭਵਨ ਕਲਾ ਦਾ ਸੁਮੇਲ ਇਸ ਪੰਚ ਮੰਦਰ ਦਾ ਇਤਿਹਾਸ ਅਤੇ ਹੋਂਦ ਇਕ ਬੁਝਾਰਤ ਬਣੇ ਹੋਏ ਹਨ।
ਇਹ ਕਸਬਾ (ਫ਼ਤਹਿਗੜ੍ਹ ਚੂੜੀਆਂ) ਕਨ੍ਹੱਈਆ ਮਿਸਲ ਦੇ ਪ੍ਰਮੁੱਖ ਸ: ਜੈ ਸਿੰਘ ਕਨ੍ਹੱਈਆ (ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਦਾ ਸਹੁਰਾ) ਦੇ ਸਾਥੀ ਸ: ਹਕੀਕਤ ਸਿੰਘ ਕਨ੍ਹੱਈਆ ਦੁਆਰਾ ਆਬਾਦ ਕੀਤਾ ਗਿਆ। ਸ: ਹਕੀਕਤ ਸਿੰਘ ਪਿੰਡ ਜੁਲਕਾ ਦੇ ਸ: ਬਘੇਲ ਸਿੰਘ ਸੰਧੂ ਦਾ ਸਪੁੱਤਰ ਸੀ। ਕਨ੍ਹੱਈਆ ਮਿਸਲ ਦੇ ਆਗੂ ਸ: ਜੈ ਸਿੰਘ ਨੇ ਜਦੋਂ ਆਪਣਾ ਜਥਾ (ਬਾਅਦ 'ਚ ਇਹ ਜਥਾ ਕਨ੍ਹੱਈਆ ਮਿਸਲ ਵਿਚ ਤਬਦੀਲ ਹੋ ਗਿਆ) ਤਿਆਰ ਕੀਤਾ ਤਾਂ ਸ: ਹਕੀਕਤ ਸਿੰਘ ਅਤੇ ਉਸ ਦੇ ਤਿੰਨੇ ਭਰਾ ਸ : ਮਹਿਤਾਬ ਸਿੰਘ, ਜੀਵਨ ਸਿੰਘ ਤੇ ਭਾਗ ਸਿੰਘ ਸਭ ਤੋਂ ਪਹਿਲਾਂ ਉਸ ਦੇ ਜਥੇ ਵਿਚ ਸ਼ਾਮਲ ਹੋਏ। ਸ: ਸੋਹਣ ਸਿੰਘ ਸੀਤਲ ਨੇ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਪੁਸਤਕ ਦੇ ਸਫਾ 73 'ਤੇ ਹਕੀਕਤ ਸਿੰਘ ਦੇ ਭਰਾਵਾਂ ਦੇ ਨਾਂਅ ਮਤਾਬ ਸਿੰਘ ਤੇ ਸਦਾ ਸਿੰਘ ਲਿਖੇ ਹਨ। ਸ: ਹਕੀਕਤ ਸਿੰਘ ਨੇ ਸ: ਜੈ ਸਿੰਘ ਕਨ੍ਹੱਈਆ ਦੇ ਨਾਲ ਕਈ ਲਹੂ ਰੋੜ੍ਹਵੀਆਂ ਜੰਗਾਂ ਵਿਚ ਹਿੱਸਾ ਲਿਆ ਅਤੇ ਉਸ ਨੂੰ ਫ਼ਤਹਿ ਦਿਵਾਈ।
ਸ: ਹਕੀਕਤ ਸਿੰਘ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਪਾਸ ਹੀ ਸੰਗਤਪੁਰਾ ਪਿੰਡ ਵਿਚ ਆਪਣੀ ਰਿਹਾਇਸ਼ ਰੱਖੀ ਅਤੇ ਫਿਰ ਕਲਾਨੌਰ 'ਤੇ ਕਬਜ਼ਾ ਕਰਨ ਤੋਂ ਬਾਅਦ ਆਪਣੀ ਸਰਹੱਦ ਵਧਾ ਕੇ ਮੌਜੂਦਾ ਫ਼ਤਹਿਗੜ੍ਹ ਚੂੜੀਆਂ ਕਸਬੇ ਤੱਕ ਲੈ ਆਂਦੀ। ਇਹ ਕਸਬਾ 17ਵੀਂ ਸਦੀ ਵਿਚ ਬੰਦੇਸ਼ੀ ਜੱਟਾਂ ਦੇ ਕਬਜ਼ੇ ਅਧੀਨ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਫੋਨ : 93561-27771

ਜਦੋਂ ਤੇਜ ਸਿੰਘ ਨੇ ਸਿੱਖ ਫ਼ੌਜ ਦੇ ਮੁਕਾਬਲਾ ਕਰਨ ਦੇ ਸਾਰੇ ਮੌਕੇ ਗਵਾ ਦਿੱਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਲੀਵਾਲ-28 ਜਨਵਰੀ, 1846
ਇਹ ਲੜਾਈ 28 ਜਨਵਰੀ, 1846 ਦੀ ਸਵੇਰ ਨੂੰ ਲੜੀ ਗਈ। ਪੰਜਾਬੀਆਂ ਨੇ ਆਪਣੀ ਸੁਰੱਖਿਆ ਤਿਕੋਣ ਬਣਾ ਲਈ ਤੇ ਹਮੇਸ਼ਾ ਦੀ ਤਰ੍ਹਾਂ ਦੁਸ਼ਮਣ ਦੇ ਰੇਂਜ ਵਿਚ ਆਉਣ ਤੋਂ ਪਹਿਲਾਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਆਪਣਾ ਬਾਰੂਦ ਖ਼ਤਮ ਕਰ ਲੈਣ ਦਿੱਤਾ ਤੇ ਫਿਰ ਉਨ੍ਹਾਂ ਦੀਆਂ ਬੰਦੂਕਾਂ ਦੀਆਂ ਸਹੀ ਪੁਜ਼ੀਸ਼ਨਾਂ ਸਮਝ ਕੇ ਜ਼ੋਰਦਾਰ ਹਮਲਾ ਕੀਤਾ। ਇਸ ਫੈਸਲਾਕੁੰਨ ਘੜੀ ਵਿਚ ਪੰਜਾਬੀ ਫੌਜ ਤੇ ਅਫ਼ਸਰ, ਸਮੇਤ ਰਣਜੋਧ ਸਿੰਘ, ਉਥੋਂ ਦੌੜ ਗਏ। ਸਿਪਾਹੀਆਂ ਨੇ ਪਿੱਛੇ ਹਟਣ ਤੋਂ ਇਨਕਾਰ ਕੀਤਾ ਤੇ ਪੂਰੀ ਤਨਦੇਹੀ ਨਾਲ ਲੜਾਈ ਲੜੀ। ਜਦੋਂ ਅੰਗਰੇਜ਼ ਘੋੜਸਵਾਰਾਂ ਨੇ ਸਿੱਖ ਪਿਆਦਾ ਫੌਜ ਉੱਪਰ ਹਮਲਾ ਕੀਤਾ ਤਾਂ ਸਿੱਖ ਫੌਜੀਆਂ ਨੇ ਘੋੜਸਵਾਰਾਂ 'ਤੇ ਨੇਜ਼ਿਆਂ ਨੂੰ ਅੱਗੋਂ ਫੜ ਕੇ ਆਪਣੇ ਵੱਲ ਖਿੱਚਣਾ ਤੇ ਫਿਰ ਸਵਾਰ ਉੱਪਰ ਤਲਵਾਰਾਂ ਨਾਲ ਹਮਲੇ ਸ਼ੁਰੂ ਕੀਤੇ। ਅੰਗਰੇਜ਼ ਫੌਜੀ ਅਫਸਰ ਹੰਬਲੇ ਨੇ ਲਿਖਿਆ ਕਿ 'ਬਾਵਜੂਦ ਇਸ ਦੇ ਕਿ ਉਨ੍ਹਾਂ ਦਾ ਕਮਾਂਡਰ ਮੋਰਚਾ ਛੱਡ ਕੇ ਦੌੜ ਗਿਆ ਸੀ, ਉਸ ਦੇ ਸਿਪਾਹੀਆਂ ਨੇ ਪੂਰੇ ਦਮ ਨਾਲ ਲੜਾਈ ਜਾਰੀ ਰੱਖੀ, ਬਿਨਾਂ ਜਿੱਤ-ਹਾਰ ਦਾ ਫਿਕਰ ਕੀਤਿਆਂ।' ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸਿਪਾਹੀ ਮਾਰੇ ਗਏ ਤੇ ਕਈਆਂ ਨੂੰ ਦਰਿਆ ਵਾਲੇ ਪਾਸੇ ਧੱਕ ਦਿੱਤਾ ਗਿਆ। ਪੰਜਾਬੀਆਂ ਦੀਆਂ 56 ਤੋਪਾਂ ਅੰਗਰੇਜ਼ਾਂ ਦੇ ਹੱਥ ਲੱਗ ਗਈਆਂ।
ਇਤਿਹਾਸਕਾਰ ਅੱਜ ਤੱਕ ਆਲੀਵਾਲ ਦੀ ਲੜਾਈ ਦੇ ਮਹੱਤਵ ਬਾਰੇ ਇਕਮੱਤ ਨਹੀਂ ਹਨ। ਅੰਗਰੇਜ਼ਾਂ ਦਾ ਸਰਕਾਰੀ ਪੱਖ ਜੋ ਸਰ ਹੈਰੀ ਸਮਿੱਥ ਰੱਖਦਾ ਹੈ, ਉਸ ਮੁਤਾਬਿਕ ਇਹ ਇਕ ਵੱਡੀ ਜਿੱਤ ਸੀ। ਹੋਰਨਾਂ ਦੇ ਮੁਤਾਬਿਕ ਇਹ ਸਿਰਫ ਇਕ ਝਪਟ ਸੀ, ਜਿਸ ਨੂੰ ਹੈਰੀ ਸਮਿੱਥ ਆਪਣੀ ਬੱਦੋਵਾਲ ਦੀ ਹਾਰ ਲੁਕਾਉਣ ਵਾਸਤੇ ਵੱਡੀ ਲੜਾਈ ਦਾ ਨਾਂਅ ਦੇ ਰਿਹਾ ਹੈ। ਡਾ: ਆਂਦਰੀਓ ਆਦਮ ਨੇ ਆਪਣੀ ਕਿਤਾਬ 'ਭਾਰਤ ਵਿਚ ਇਕ ਕੁਦਰਤ ਪ੍ਰੇਮੀ ਦੇ ਭ੍ਰਮਣ' ਵਿਚ ਲਿਖਿਆ ਹੈ ਕਿ 'ਆਲੀਵਾਲ ਦੀ ਲੜਾਈ ਇਕ ਫੁਰਤੀ ਨਾਲ ਕੰਮ ਮੁਕਾਉਣ ਵਾਲੀ ਲੜਾਈ ਸੀ, ਜਿਵੇਂ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅਸਾਂ ਕੋਈ ਲੜਾਈ ਲੜੀ ਹੈ, ਜਦੋਂ ਤੱਕ ਕਿ ਕਾਗਜ਼ਾਤ ਵਿਚ ਨਹੀਂ ਪੜ੍ਹ ਲਿਆ।'
ਸਭਰਾਵਾਂ-10 ਫਰਵਰੀ, 1846
ਆਲੀਵਾਲ ਭਾਵੇਂ ਵੱਡੀ ਜਿੱਤ ਨਾ ਹੋਵੇ ਜਿਵੇਂ ਕਿ ਹੈਰੀ ਸਮਿੱਥ ਨੇ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਨੇ ਪੰਜਾਬੀਆਂ ਦੇ ਵੱਡੀ ਗਿਣਤੀ ਦੇ ਹਥਿਆਰ ਤੇ ਲੜਾਈ ਦੀ ਪੇਸ਼ਕਦਮੀ ਦੁਸ਼ਮਣ ਦੇ ਹਵਾਲੇ ਕਰ ਦਿੱਤੀ ਸੀ। ਹੁਣ ਅੰਗਰੇਜ਼ ਕਮਾਂਡਰ ਖੁੱਲ੍ਹਾ ਵਕਤ ਲੈ ਸਕਦੇ ਸਨ ਤੇ ਪੂਰੀ ਤਾਕਤ ਇਕੱਠੀ ਕਰਨ ਤੋਂ ਬਾਅਦ ਠੀਕ ਟਿਕਾਣੇ 'ਤੇ ਢੁੱਕਵੇਂ ਵਕਤ ਉੱਪਰ ਹਮਲਾ ਕਰ ਸਕਦੇ ਸਨ।
ਅੰਗਰੇਜ਼ ਕਿਹੜੇ ਸ਼ਹਿਰ ਉੱਪਰ ਪਹਿਲਾਂ ਹਮਲਾ ਕਰਨਗੇ? ਲਾਹੌਰ ਜਾਂ ਅੰਮ੍ਰਿਤਸਰ? ਇਹ ਸਵਾਲ ਪੰਜਾਬੀ ਮਿਲਟਰੀ ਕਮਾਂਡਰਾਂ ਦੇ ਦਿਮਾਗਾਂ ਵਿਚ ਘੁੰਮ ਰਿਹਾ ਸੀ। ਇਕ ਵਾਰ ਫਿਰ ਉਨ੍ਹਾਂ ਨੇ ਪਾਗਲਪਣ ਵਾਲਾ ਫੈਸਲਾ ਦੋਵਾਂ ਦੀ ਬਰਾਬਰ ਦੀ ਰੱਖਿਆ ਦਾ ਕੀਤਾ। ਵੱਡੀ ਗਿਣਤੀ ਦੀ ਫੌਜ ਘੋੜੇ ਦੀ ਸੁੰਮ ਵਰਗੀ ਕਤਾਰਬੰਦੀ ਕਰਕੇ ਸਤਲੁਜ ਦੇ ਕੰਢੇ ਸਭਰਾਵਾਂ ਦੇ ਪਿੰਡ ਕੋਲ ਬਣਾਈ, ਤਾਂ ਜੋ ਉਨ੍ਹਾਂ ਦੇ ਲਾਹੌਰ ਵੱਲ ਕੁਚ ਨੂੰ ਰੋਕਿਆ ਜਾਵੇ। ਲਾਲ ਸਿੰਘ ਨੇ ਦਰਿਆ ਦੇ ਥੋੜ੍ਹੀ ਹੀ ਉੱਪਰ ਹਰੀਕੇ ਦੇ ਸਥਾਨ 'ਤੇ ਮੋਰਚਾ ਲਾਇਆ ਕਿ ਕੀ ਪਤਾ ਅੰਗਰੇਜ਼ ਅਚਨਚੇਤ ਅੰਮ੍ਰਿਤਸਰ ਵੱਲ ਨੂੰ ਕੂਚ ਕਰਨ ਦਾ ਇਰਾਦਾ ਕਰਨ। ਸਭਰਾਵਾਂ ਦਾ ਮੋਰਚਾ ਦਰਿਆ ਦੇ ਖੱਬੇ ਕੰਢੇ ਉੱਪਰ ਪੌੜੀਆਂ ਦੇ ਪੁਲ ਦੇ ਬਿਲਕੁਲ ਨਜ਼ਦੀਕ ਲਗਾਇਆ ਗਿਆ ਸੀ, ਜੋ ਬੇਸ ਕੈਂਪ ਨਾਲ ਜੁੜਦਾ ਸੀ। ਤੇਜ ਸਿੰਘ ਨੇ ਇੱਟਾਂ ਦਾ ਇਕ ਚਬੂਤਰਾ ਬਣਵਾਇਆ ਸੀ, ਜਿਥੋਂ ਉਸ ਨੂੰ ਸਾਰਾ ਐਕਸ਼ਨ ਦਿਖਾਈ ਦੇ ਸਕਦਾ ਸੀ ਤੇ ਇਹ ਬੇੜੀਆਂ ਦੇ ਪੁਲ ਦੇ ਬਿਲਕੁਲ ਨਜ਼ਦੀਕ ਬਣਾਇਆ ਗਿਆ ਸੀ, ਜਿਥੋਂ ਜਲਦੀ ਨਾਲ ਦੌੜਿਆ ਵੀ ਜਾ ਸਕੇ। ਪੁਲ ਦੀ ਰਾਖੀ ਤੇਜ ਸਿੰਘ ਦੇ ਜਾਤੀ ਬਾਡੀ ਗਾਰਡ ਕਰ ਰਹੇ ਸਨ। ਇਹ ਉਸ ਦੀ ਬੁਜ਼ਦਿਲੀ ਪ੍ਰਗਟਾਉਂਦਾ ਸੀ। ਜਿਸ ਤਰੀਕੇ ਨਾਲ ਤੇਜ ਸਿੰਘ ਨੇ ਫੌਜ ਦੀ ਕਤਾਰਬੰਦੀ ਕੀਤੀ ਸੀ, ਕੋਈ ਸ਼ੱਕ ਨਹੀਂ ਬਚਦਾ ਸੀ ਕਿ ਉਹ ਖਾਲਸਾ ਫੌਜ ਦੀ ਹਾਰ ਚਾਹੁੰਦਾ ਸੀ। ਵੱਡੀਆਂ ਤੋਪਾਂ ਨੂੰ ਮਿੱਟੀ ਦੇ ਬੰਨ੍ਹਾਂ ਪਿੱਛੇ ਲਗਾਇਆ ਸੀ, ਜਿਥੋਂ ਉਨ੍ਹਾਂ ਦਾ ਇਸਤੇਮਾਲ ਅੱਗੇ ਵਧ ਕੇ ਹਮਲਾ ਕਰਨ ਵਿਚ ਨਹੀਂ ਹੋ ਸਕਦਾ ਸੀ।
ਸਾਰੀ ਪਿਆਦਾ ਫੌਜ ਖੰਦਕਾਂ ਵਿਚ ਸੀ, ਜਿਥੋਂ ਉਹ ਅੱਗੇ ਵਧਦੀ ਫੌਜ ਦੇ ਨਜ਼ਦੀਕ ਜਾ ਕੇ ਉਸ ਉੱਪਰ ਹਮਲਾ ਨਹੀਂ ਕਰ ਸਕਦੀ ਸੀ। ਇਸ ਤਰ੍ਹਾਂ ਦੁਸ਼ਮਣ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਕਿ ਉਹ ਆਪਣੀ ਮਰਜ਼ੀ ਤੇ ਸਕੀਮ ਦੇ ਹਿਸਾਬ ਨਾਲ ਹਮਲਾ ਕਰੇ। ਤੇਜ ਸਿੰਘ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ ਕਿ ਉਸ ਨੇ ਰਣਜੋਧ ਸਿੰਘ ਮਜੀਠੀਆ ਦੇ ਪੈਂਤੜੇ ਤੋਂ ਕੁਝ ਨਹੀਂ ਸਿੱਖਿਆ ਕਿ ਫੌਜ ਦੀ ਪਿੱਠ ਦਰਿਆ ਨਾਲ ਲਗਾਉਣ ਦਾ ਮਤਲਬ ਉਨ੍ਹਾਂ ਵਾਸਤੇ ਮੌਤ ਦਾ ਸਮਾਨ ਬਣਾਉਣਾ ਹੈ। ਸ਼ਾਇਦ ਉਸ ਕੋਲ ਇਹ ਸਬਕ ਹੋਵੇ ਤੇ ਉਸ ਨੇ ਜਾਣਬੁੱਝ ਕੇ ਆਪਣੇ ਹਿਸਾਬ ਨਾਲ ਵਰਤਿਆ ਹੋਵੇ। ਸਿੱਖਾਂ ਕੋਲ ਆਪਣੇ ਨਾਲੋਂ ਆਦਮੀਆਂ, ਹਥਿਆਰਾਂ ਤੇ ਤਜਰਬੇਕਾਰ ਅਗਵਾਈ ਦੇ ਪੱਖੋਂ ਤਾਕਤਵਰ ਫੌਜ ਨਾਲ ਮੁਕਾਬਲਾ ਕਰਨ ਦੇ ਜੋ ਥੋੜ੍ਹੇ ਜਿਹੇ ਮੌਕੇ ਸਨ, ਉਹ ਵੀ ਗੱਦਾਰ ਨੇ ਗਵਾ ਦਿੱਤੇ ਸਨ। ਫਰਵਰੀ ਦੇ ਪਹਿਲੇ ਹਫਤੇ ਲਾਲ ਸਿੰਘ ਨੇ ਆਪਣੇ ਸੰਦੇਸ਼ ਵਾਹਕ ਦੇ ਹੱਥ ਸਿੱਖ ਫੌਜਾਂ ਦੀ ਸਭਰਾਵਾਂ ਵਿਚ ਹੋਈ ਕਤਾਰਬੰਦੀ ਦਾ ਨਕਸ਼ਾ ਭੇਜ ਦਿੱਤਾ। ਬ੍ਰਿਟਿਸ਼ ਕਮਾਂਡਰ ਇਕ ਗਦਾਰ ਦੇ ਸ਼ਬਦਾਂ ਦਾ ਯਕੀਨ ਕਰਨ ਵਾਲਾ ਨਹੀਂ ਸੀ। ਇਕ ਕਿਸਾਨ ਮੁੰਡੇ ਨੂੰ ਸਿੱਖਾਂ ਦੇ ਕੈਂਪ ਵੱਲ ਭੇਜਿਆ ਤੇ ਉਸ ਨੇ, ਜਿਸ ਨੂੰ ਸਭਰਾਵਾਂ ਬੁਆਏ ਕਹਿ ਕੇ ਯਾਦ ਕੀਤਾ ਗਿਆ, ਜੋ ਦੱਸਿਆ, ਉਸ ਨਾਲ ਲਾਲ ਸਿੰਘ ਦੀ ਭੇਜੀ ਇਤਲਾਹ ਦੀ ਪੁਸ਼ਟੀ ਹੋ ਗਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਮੁਹੰਮਦ ਫਾਜ਼ਿਲਉੱਦੀਨ ਕਾਦਰੀ

ਪੰਜਾਬ ਦੇ ਕਈ ਪਿੰਡ, ਸ਼ਹਿਰ ਅਤੇ ਕਸਬੇ ਆਪੋ-ਆਪਣੀਆਂ ਵਿਲੱਖਣਤਾਵਾਂ ਕਰਕੇ ਪ੍ਰਸਿੱਧ ਰਹੇ ਹਨ। ਕੋਈ ਧਰਮ ਕਰਕੇ, ਕੋਈ ਉਦਯੋਗਾਂ ਕਰਕੇ, ਕੋਈ ਲਿਖਾਰੀਆਂ ਕਰਕੇ ਅਤੇ ਕੋਈ ਦੇਸ਼ ਭਗਤਾਂ ਅਤੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਕਰਕੇ। ਅੱਜ ਅਸੀਂ ਕੇਵਲ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਗੱਲ ਕਰਨੀ ਹੈ ਅਤੇ ਉਹ ਵੀ ਸਿਰਫ ਸੂਫ਼ੀ ਦਰਗਾਹਾਂ ਦੇ ਹਵਾਲੇ ਨਾਲ ਹੀ।
ਮੱਧਕਾਲ ਵਿਚ ਬਟਾਲਾ ਸ਼ਹਿਰ ਕੁਸ਼ਲ ਪ੍ਰਬੰਧਕਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਅਨੰਤ ਰਾਮ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਆਦਿ ਵਿਦਵਾਨਾਂ ਦਾ ਮਹਾਰਾਜਾ ਰਣਜੀਤ ਸਿੰਘ ਬਹੁਤ ਆਦਰ ਕਰਦਾ ਸੀ। ਅਨੰਤ ਸਿੰਘ ਨੂੰ ਮਹਾਰਾਜਾ ਨੇ ਦਿੱਲੀ ਵਿਚ ਆਪਣਾ ਵਕੀਲ ਬਣਾ ਕੇ ਭੇਜਿਆ ਸੀ। ਉਸ ਦੇ ਤਿੰਨ ਪੁੱਤਰ ਵੀ ਕ੍ਰਮਵਾਰ ਦਿੱਲੀ, ਅੰਬਾਲੇ ਅਤੇ ਲੁਧਿਆਣੇ ਵਿਚ ਅੰਗਰੇਜ਼ਾਂ ਪਾਸ ਮਹਾਰਾਜਾ ਦੀ ਵਕਾਲਤ ਕਰਦੇ ਰਹੇ ਸਨ। ਇਸੇ ਤਰ੍ਹਾਂ ਦਾ ਇਕ ਹੋਰ ਵਿਦਵਾਨ ਮੁਹੰਮਦ ਸ਼ਾਹ ਬਟਾਲੀਆ ਸੀ, ਜਿਸ ਦੀ ਮਸ਼ਹੂਰ ਰਚਨਾ 'ਕਿਤਾਬ-ਏ-ਹਿੰਦ' ਮਿਲਦੀ ਹੈ। ਇਸ ਸਾਰੀ ਪੁਸਤਕ ਦਾ ਅਨੁਵਾਦ ਹੋਇਆ ਹੈ ਜਾਂ ਨਹੀ? ਇਹ ਜਾਣਕਾਰੀ ਸਾਨੂੰ ਨਹੀਂ ਮਿਲਦੀ ਪਰ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਭਾਗ ਦਾ, 'ਤਾਰੀਖ-ਏ-ਪੰਜਾਬ' ਨਾਂਅ ਥੱਲੇ ਪੰਜਾਬੀ ਤਰਜਮਾ ਮਿਲਦਾ ਹੈ ਅਤੇ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੋਫੈਸਰ ਗੁਰਬਖਸ਼ ਸਿੰਘ ਕੋਲੋਂ ਕਰਵਾ ਕੇ ਪਹਿਲੀ ਵਾਰ 1969 ਵਿਚ ਛਾਪਿਆ ਗਿਆ ਸੀ। ਇਹ ਪੁਸਤਕ 18ਵੀਂ ਸਦੀ ਅਤੇ 19ਵੀਂ ਸਦੀ ਦੇ ਅੱਧ ਪੰਜਾਬ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੀ ਹੈ। ਇਸੇ ਪੁਸਤਕ ਵਿਚ ਬਟਾਲੇ ਦੀ ਪ੍ਰਸਿੱਧ ਸੂਫ਼ੀ ਦਰਗਾਹ ਮਦਰੱਸਾ-ਏ-ਕਾਦਰੀਆਂ ਦੀ ਚਰਚਾ ਹੈ। ਇਸ ਤੋਂ ਬਿਨਾਂ ਇਸ ਸ਼ਹਿਰ ਵਿਚ ਦੋ ਦਰਗਾਹਾਂ ਹੋਰ ਵੀ ਹਨ, ਬੇਸ਼ੱਕ ਇਨ੍ਹਾਂ ਦੀ ਚਰਚਾ ਇਸ ਪੁਸਤਕ ਵਿਚ ਨਹੀਂ।
ਸੱਯਦ ਅਹਿਮਦ ਸ਼ਾਹ ਬਟਾਲੇ ਦੇ ਵਿੱਦਿਅਕ ਵਾਤਾਵਰਨ ਦੀ ਉਪਜ ਸੀ। ਅਨੰਤ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਇਸ ਦੀ ਵੀ ਬਹੁਤ ਇੱਜ਼ਤ ਕਰਿਆ ਕਰਦਾ ਸੀ। ਮਹਾਰਾਜੇ ਦੇ ਦਰਬਾਰ ਵਿਚ ਇਸ ਦਾ ਚੰਗਾ ਅਸਰ ਰਸੂਖ ਸੀ। ਬਟਾਲੇ ਦੇ ਮੀਆਂ ਮੁਹੱਲੇ ਵਿਚ ਵਸਦਾ ਅਹਿਮਦ ਸ਼ਾਹ, ਕਾਦਰੀ ਸਿਲਸਿਲੇ ਨਾਲ ਸਬੰਧ ਰੱਖਦਾ ਸੀ, ਜੋ ਵਧੇਰੇ ਕਰਕੇ ਮੀਆਂ ਘਰਾਣਾ ਨਾਲ ਮਸ਼ਹੂਰ ਸੀ। ਇਸ ਘਰਾਣੇ ਨੂੰ ਸ਼ਾਹ ਜਹਾਨ ਦੇ ਸਮੇਂ ਤੋਂ ਹੀ ਪ੍ਰਸਿੱਧੀ ਪ੍ਰਾਪਤ ਸੀ, ਕਿਉਂਕਿ ਬਾਦਸ਼ਾਹ ਨੇ ਇਸ ਘਰਾਣੇ ਦੇ ਪ੍ਰਸਿੱਧ ਵਿਅਕਤੀ ਸੱਯਦ ਇਨਾਇਤ ਸ਼ਾਹ ਨੂੰ ਉੱਤਰ-ਪੱਛਮੀ ਇਲਾਕੇ ਦਾ ਮੁੱਖ ਕਾਜ਼ੀ ਨਿਯੁਕਤ ਕੀਤਾ ਹੋਇਆ ਸੀ। ਮਗਰੋਂ ਸ਼ਾਹ ਜਹਾਨ ਦੇ ਪੁੱਤਰ ਔਰੰਗਜ਼ੇਬ ਦੇ ਸਮੇਂ ਸੱਯਦ ਇਨਾਇਤ ਸ਼ਾਹ ਦੇ ਪੁੱਤਰ ਨੇ ਬਟਾਲੇ ਵਿਚ ਦਰਗਾਹ ਕਾਇਮ ਕੀਤੀ ਅਤੇ ਨਾਲ ਹੀ ਮਦਰੱਸੇ ਦੀ ਨੀਂਹ ਵੀ ਰੱਖੀ, ਜਿਸ ਨੂੰ ਮਦਰੱਸਾ-ਏ-ਕਾਦਰੀ ਕਿਹਾ ਜਾਣ ਲੱਗਾ। ਮਦਰੱਸੇ ਦੇ ਨਾਲ ਲੰਗਰ ਵੀ ਚਾਲੂ ਕੀਤਾ ਗਿਆ। ਇਨ੍ਹਾਂ ਧਾਰਮਿਕ ਤੇ ਵਿੱਦਿਅਕ ਸਰਗਰਮੀਆਂ ਕਰਕੇ ਇਸ ਨੂੰ ਬਹੁਤ ਸ਼ੁਹਰਤ ਮਿਲੀ। ਜਦ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਬਗਾਵਤ ਕੀਤੀ ਤਾਂ ਉਸ ਨੇ ਬਟਾਲੇ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦਰਗਾਹ ਦਾ ਸੰਸਥਾਪਕ ਆਪਣੇ ਸ਼ਰਧਾਲੂਆਂ ਤੇ ਸਕੇ ਸਬੰਧੀਆਂ ਨੂੰ ਨਾਲ ਲੈ ਕੇ ਬਿਸਤ ਦੁਆਬ ਦੇ ਮਸ਼ਹੂਰ ਕਸਬੇ ਸੁਲਤਾਨਪੁਰ ਲੋਧੀ ਵੱਲ ਚਲਾ ਗਿਆ ਅਤੇ ਮਦਰੱਸੇ ਨੂੰ ਖਾਲੀ ਵੇਖ ਕੇ ਬੰਦਾ ਬਹਾਦਰ ਦੇ ਸੈਨਿਕਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ। ਬੰਦੇ ਦੀ ਸ਼ਹੀਦੀ ਮਗਰੋਂ ਮੁਗ਼ਲ ਬਾਦਸ਼ਾਹ ਫਰੁੱਖਸੀਅਰ ਨੇ ਇਸ ਦਰਗਾਹ ਦੇ ਨਾਂਅ ਵੱਡੀ ਜਗੀਰ ਲਾ ਕੇ ਨੁਕਸਾਨ ਦੀ ਪੂਰਤੀ ਕਰ ਦਿੱਤੀ ਅਤੇ ਨਾਲ ਹੀ ਇਸ ਜਗੀਰ ਤੇ ਮਦਰੱਸੇ ਦਾ ਪ੍ਰਬੰਧ ਫਾਜ਼ਿਲ-ਉਦੀਨ ਦੇ ਸਪੁਰਦ ਕਰ ਦਿੱਤਾ।
ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਭਾਰਤੀ ਪੰਜਾਬ ਦੇ ਪ੍ਰਸਿੱਧ ਸੂਫ਼ੀ ਦਰਬਾਰਾਂ ਦੀ ਖੋਜ ਕਰਦਿਆਂ ਦਰਬਾਰ ਕਾਦਰੀਆਂ ਫਾਜ਼ਲੀਆਂ ਬਟਾਲਾ ਦੀ ਖੋਜ ਕਰਕੇ ਕੁਝ ਗੱਲਾਂ ਨਿਤਾਰੀਆਂ ਹਨ। ਉਸ ਨੇ ਇਸ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦਿਆਂ ਲਿਖਿਆ ਹੈ, 'ਇਸ ਦਰਬਾਰ ਦੇ ਬਾਨੀ ਦਰਗਾਹ ਦਾ ਸਬੰਧ ਹਜ਼ਰਤ-ਗੌਸ-ਉਲ-ਆਜ਼ਮ-ਸ਼ੇਖ-ਅਬਦੁਲ-ਕਾਦਿਰ-ਜਿਲਾਨੀ ਨਾਲ ਜਾ ਮਿਲਦਾ ਹੈ। ਬਟਾਲਾ ਸ਼ਹਿਰ ਵਿਚ ਆਪ ਨੂੰ ਪੀਰ ਫਾਜ਼ਿਲ ਸ਼ਾਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਖਿਲਾਫ਼ਤ ਦਾ ਸਮਾਂ 1684 ਤੋਂ 1739 ਤੱਕ ਦਾ ਹੈ।' ਆਪ ਦੇ ਦਿਹਾਂਤ ਤੋਂ ਬਾਅਦ ਆਪ ਦਾ ਪੁੱਤਰ ਹਜ਼ਰਤ ਗੁਲਾਮ ਕਾਦਰ ਸ਼ਾਹ ਉਸ ਦਾ ਜਾਂਨਸ਼ੀਨ ਬਣਿਆ, ਜਿਸ ਦਾ ਜੀਵਨ ਕਾਲ 1695 ਤੋਂ 1763 ਦਾ ਹੈ ਅਤੇ ਖਿਲਾਫਤ ਦਾ ਸਮਾਂ 1739 ਤੋਂ 1763 ਈ: ਤੱਕ ਦਾ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
ਸਾ ਧਨ ਆਪੁ ਗਵਾਇਆ
ਗੁਰ ਕੈ ਸਬਦਿ ਸੀਗਾਰੁ॥
ਘਰ ਹੀ ਸੋ ਪਿਰੁ ਪਾਇਆ
ਗੁਰ ਕੈ ਹੇਤਿ ਅਪਾਰੁ॥ ੫॥
ਗੁਰ ਕੀ ਸੇਵਾ ਚਾਕਰੀ
ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ
ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ
ਲਾਭੁ ਸਦਾ ਮਨਿ ਹੋਇ॥ ੬॥
ਕਰਮਿ ਮਿਲੈ ਤਾ ਪਾਈਐ
ਆਪਿ ਨ ਲਇਆ ਜਾਇ॥
ਗੁਰ ਕੀ ਚਰਣੀ ਲਗਿ ਰਹੁ
ਵਿਚਹੁ ਆਪੁ ਗਵਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਗੁਰਮਤਿ ਮਨੁ ਸਮਝਾਇਆ
ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ
ਮੇਲੇ ਸਬਦੁ ਅਪਾਰੁ॥ ੮॥ ੧੨॥ (ਅੰਗ 61)
ਪਦ ਅਰਥ : ਤਤੁ-ਮੂਲ। ਸਾ ਧਨ-ਉਸ ਜੀਵ ਇਸਤਰੀ ਨੇ। ਆਪੁ ਗਵਾਇਆ-ਆਪਾ ਭਾਵ ਦੂਰ ਕਰ ਲਿਆ ਹੈ। ਸਬਦਿ ਸੀਗਾਰੁ-ਸ਼ਬਦ ਦਾ ਸ਼ੰਗਾਰ ਕੀਤਾ ਹੈ। ਸੋ-ਉਸ ਨੇ। ਪਿਰੁ-ਮਾਲਕ ਪ੍ਰਭੂ। ਗੁਰ ਕੈ ਹੇਤਿ-ਗੁਰੂ ਦੇ ਪਿਆਰ ਦੁਆਰਾ। ਅਪਾਰੁ-ਬੇਅੰਤ। ਚਾਕਰੀ-ਨਿਸ਼ਕਾਮ ਸੇਵਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਵਿਚਹੁ-(ਮਨ) ਵਿਚੋਂ। ਵਿਚਹੁ ਖੋਇ-ਵਿਚੋਂ ਜਾਂਦੀ ਰਹਿੰਦੀ ਹੈ। ਲਾਭੁ ਸਦਾ-ਸਦਾ ਲਾਹਾ ਹੁੰਦਾ ਹੈ।
ਕਰਮਿ ਮਿਲੈ-(ਪ੍ਰਭੂ ਦੀ) ਕਿਰਪਾ ਦ੍ਰਿਸ਼ਟੀ ਹੋਵੇ, ਬਖਸ਼ਿਸ਼ ਹੋਵੇ। ਤਾ ਪਾਈਐ-ਤਾਂ (ਨਾਮ ਧਨ ਦੀ) ਪ੍ਰਾਪਤੀ ਹੁੰਦੀ ਹੈ। ਆਪਿ ਨ ਲਇਆ ਜਾਇ-ਆਪਣੇ ਉੱਦਮ ਨਾਲ ਕੁਝ ਵੀ ਨਹੀਂ ਮਿਲਦਾ। ਵਿਚਹੁ ਆਪੁ ਗਵਾਇ-ਆਪਣੇ ਅੰਦਰੋਂ ਆਪਾ ਭਾਵ ਗੁਆ ਕੇ। ਸੇਤੀ ਰਤਿਆ-ਰੰਗੇ ਜਾਣ ਨਾਲ। ਸਚੋ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਪਲੈ ਪਾਇ-(ਹਿਰਦੇ ਵਿਚ) ਪਾ ਲਈਦਾ ਹੈ।
ਅਭੁਲੁ-ਜੋ ਕਦੇ ਕੋਈ ਭੁੱਲ ਨਹੀਂ ਕਰਦਾ। ਗੁਰਮਤਿ-ਗੁਰੂ ਦੀ ਮੱਤ ਅਨੁਸਾਰ। ਮਨੁ ਸਮਝਾਇਆ-ਮਨ ਨੂੰ ਸਮਝਾ ਲੈਂਦਾ ਹੈ। ਤਿਸੈ-ਉਸ ਦਾ। ਲਾਗਾ ਪਿਆਰੁ-(ਪਰਮਾਤਮਾ ਨਾਲ) ਪਿਆਰ ਬਣਿਆ ਰਹਿੰਦਾ ਹੈ। ਸਾਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਮੇਲੇ-ਮਿਲਾ ਦਿੰਦਾ ਹੈ। ਸਬਦੁ-(ਗੁਰੂ ਦਾ) ਸ਼ਬਦ। ਅਪਾਰੁ-ਬੇਅੰਤ।
ਇਸ 12ਵੀਂ ਅਸ਼ਟਪਦੀ ਦੇ ਪਹਿਲੇ 4 ਅੰਕਾਂ 'ਤੇ ਵਿਚਾਰ ਪਿਛਲੇ ਮੰਗਲਵਾਰ ਦੇ ਅੰਕ ਵਿਚ ਹੋ ਚੁੱਕੀ ਹੈ, ਜਿਸ ਵਿਚ ਗੁਰੂ ਬਾਬਾ ਨੇ ਦ੍ਰਿੜ੍ਹ ਕਰਵਾਇਆ ਹੈ ਕਿ ਮਾਇਆ ਮਨੁੱਖ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਇਸ ਨੂੰ ਜੀਵਨ ਦੇ ਸਹੀ ਮਾਰਗ ਤੋਂ ਕੁਰਾਹੇ ਪਾਈ ਰੱਖਦੀ ਹੈ। ਫਲਸਰੂਪ ਅਜਿਹੀ ਨਿਭਾਗਣ ਜੀਵ-ਇਸਤਰੀ ਪ੍ਰਭੂ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ, ਜੁੜ ਨਹੀਂ ਸਕਦੀ।
ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਕੇਵਲ ਇਕ ਪ੍ਰਭੂ ਵਿਚ ਹੀ ਲਿਵ ਨੂੰ ਜੋੜੀ ਰੱਖਦਾ ਹੈ ਅਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਾਲੀ ਭਟਕਣਾ ਨੂੰ ਸਾੜ ਸੁੱਟਦਾ ਹੈ ਭਾਵ ਮੁਕਾ ਦਿੰਦਾ ਹੈ। ਰਾਗੁ ਮਾਝ ਵਿਚ ਧੰਨ-ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ॥
ਦੂਜਾ ਭਰਮੁ ਗੁਰ ਸਬਦਿ ਜਲਾਏ॥ (ਅੰਗ 115)
ਇਕਸੁ ਸਿਉ-ਇਕ (ਪ੍ਰਭੂ) ਨਾਲ ਹੀ। ਦੂਜਾ-ਮਾਇਆ। ਭਰਮੁ-ਭਟਕਣਾ। ਜਲਾਏ-ਸਾੜ ਸੁੱਟਦਾ ਹੈ, ਮੁਕਾ ਦਿੰਦਾ ਹੈ।
ਅਜਿਹਾ ਗੁਰਮੁਖਿ (ਸਦਾ) ਪਰਮਾਤਮਾ ਦੀ ਸਿਫਤ-ਸਾਲਾਹ ਨੂੰ ਹੀ ਆਪਣੇ ਜੀਵਨ ਦਾ ਸ੍ਰੇਸ਼ਟ ਕਰਮ ਸਮਝਦਾ ਹੈ, ਜਿਸ ਨਾਲ ਉਹ ਗੁਰਮੁਖਿ ਮੁਕਤ ਦੁਆਰ ਨੂੰ ਪ੍ਰਾਪਤ ਹੁੰਦਾ ਹੈ-
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ॥
ਗੁਰਮੁਖਿ ਪਾਏ ਮੋਖ ਦੁਆਰੁ॥ (ਅੰਗ 115)
ਕੀਰਤਿ ਸਾਰੁ-ਸ੍ਰੇਸ਼ਟ ਕਰਮ। ਮੋਖ ਦੁਆਰੁ-ਮੁਕਤੀ ਦਾ ਦੁਆਰ।
ਦੂਜੇ ਬੰਨੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਆਪਣੇ ਮਨ ਦੀ ਮੰਨਣ ਵਾਲੇ ਮਨਮੁਖ ਨੂੰ (ਆਪਣੇ ਜੀਵਨ ਮਾਰਗ ਬਾਰੇ) ਕੁਝ ਨਹੀਂ ਸੁੱਝਦਾ। ਆਪਣੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਤਮਿਕ ਮੌਤ ਦੇ ਸੰਸਕਾਰ ਜੋ ਉਹ ਲਿਖਾ ਕੇ ਆਉਂਦਾ ਹੈ, ਇਥੇ ਆ ਕੇ ਵੀ ਬੇਸਮਝੀ ਵਿਚ ਮਨਮੁਖਾਂ ਭਾਵ ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਹੈ। ਇਸ ਪ੍ਰਕਾਰ ਜੀਵਨ ਦੀ ਸਹੀ ਸੂਝ ਨਾ ਹੋਣ ਦੇ ਕਾਰਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖਾ ਜੀਵਨ ਵਿਅਰਥ ਹੀ ਗੁਆ ਲੈਂਦਾ ਹੈ। ਗੁਰਵਾਕ ਹੈ-
ਮਨਮੁਖ ਅੰਧੇ ਕਿਛੂ ਨ ਸੂਝੈ॥
ਮਰਣੁ ਲਿਖਾਇ ਆਏ ਨਹੀ ਬੂਝੈ॥
ਮਨਮੁਖ ਕਰਮ ਕਰੇ ਨਹੀ ਪਾਏ
ਬਿਨੁ ਨਾਵੈ ਜਨਮੁ ਗਵਾਵਣਿਆ॥ (ਅੰਗ 114)
ਜਨਮੁ ਗਵਾਵਣਿਆ-ਜਨਮ ਵਿਅਰਥ ਹੀ ਗੁਆ ਲੈਂਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਗੁਰੂ ਦੇ ਸ਼ਬਦ ਦੀ ਸੋਝੀ ਕਿਸੇ ਵਿਰਲੇ ਮਨੁੱਖ ਨੂੰ ਹੀ ਪੈਂਦੀ ਹੈ। ਜੋ ਆਪਾ-ਭਾਵ ਮਾਰ ਲੈਂਦਾ ਹੈ, ਉਸ ਨੂੰ ਫਿਰ ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਦੀ ਸੋਝੀ ਪੈ ਜਾਂਦੀ ਹੈ। ਅਜਿਹਾ ਆਤਮਿਕ ਅਵਸਥਾ 'ਤੇ ਪੁੱਜ ਕੇ ਮੁੜ ਉਹ ਆਤਮਿਕ ਮੌਤ ਨਹੀਂ ਸਹੇੜਦਾ ਭਾਵ ਆਤਮਿਕ ਮੌਤ ਤੋਂ ਉਹ ਬਚਿਆ ਰਹਿੰਦਾ ਹੈ ਅਤੇ ਆਤਮਿਕ ਅਡੋਲਤਾ ਵਿਚ ਟਿਕ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿਚ ਉਸ ਦੀ ਲਿਵ ਜੁੜੀ ਰਹਿੰਦੀ ਹੈ-
ਗੁਰ ਕਾ ਸਬਦੁ ਕੋ ਵਿਰਲਾ ਬੂਝੈ॥
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ॥
ਫਿਰਿ ਓਹੁ ਮਰੈ ਨ ਮਰਣਾ ਹੋਵੈ
ਸਹਜੇ ਸਚਿ ਸਮਾਵਣਿਆ॥ (ਅੰਗ 120)
ਤ੍ਰਿਭਵਣੁ-ਤਿੰਨ ਭਵਨ (ਧਰਤੀ, ਆਕਾਸ਼ ਤੇ ਪਾਤਾਲ)
ਅੱਖਰੀਂ ਅਰਥ : ਹੇ ਭਾਈ, ਗੁਰੂ ਦੇ ਚਰਨੀਂ ਲੱਗ ਕੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ, ਕਿਉਂਕਿ (ਗੁਰੂ ਦੇ ਚਰਨੀਂ ਲੱਗਣ ਨਾਲ ਹੀ) ਪ੍ਰੇਮ ਪੈਦਾ ਕਰਨ ਵਾਲੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੇ (ਬਾਕੀ ਸਭ ਸ਼ਿੰਗਾਰ ਤਿਆਗ ਕੇ) ਕੇਵਲ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ ਹੈ, ਉਸ ਜੀਵ-ਇਸਤਰੀ ਨੇ ਆਪਾ-ਭਾਵ ਨੂੰ ਗੁਆ ਲਿਆ ਹੈ, ਆਪਾ ਭਾਵ ਨੂੰ ਦੂਰ ਕਰ ਲਿਆ ਹੈ। ਇਸ ਪ੍ਰਕਾਰ ਗੁਰੂ ਵਲੋਂ ਬਖਸ਼ੇ ਹੋਏ ਪ੍ਰੇਮ-ਪਿਆਰ ਦੁਆਰਾ ਹੀ ਆਪਣੇ ਹਿਰਦੇ ਘਰ ਵਿਚ ਬੇਅੰਤ ਪ੍ਰਭੂ ਨੂੰ ਪਾ ਲਿਆ ਹੈ।
ਗੁਰੂ ਦੀ ਦੱਸੀ ਸੇਵਾ ਕਰਨ ਨਾਲ, ਚਾਕਰੀ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਹਿਰਦੇ ਘਰ ਵਿਚ ਅਨੰਦ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਨਾਮ ਰੂਪ ਧਨ ਪ੍ਰਾਪਤ ਹੋਣ ਨਾਲ ਮਨ ਅੰਦਰ (ਆਤਮਿਕ ਗੁਣਾਂ ਵਿਚ) ਵਾਧਾ ਹੁੰਦਾ ਹੈ। ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵਸਦਾ ਹੈ ਤਾਂ ਜਗਿਆਸੂ ਦੇ ਅੰਦਰਲੀ ਸਾਰੀ ਹੰਗਤਾ ਜਾਂਦੀ ਰਹਿੰਦੀ ਹੈ।
ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ (ਨਾਮ ਧਨ) ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਉੱਦਮ ਨਾਲ ਇਸ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਹੇ ਭਾਈ, ਆਪਾ-ਭਾਵ ਗੁਆ ਕੇ ਗੁਰੂ ਦੀ ਚਰਨੀਂ ਲੱਗਿਆ ਰਹੁ। ਸੱਚੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਜਾਣ ਨਾਲ ਤਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ (ਹਿਰਦੇ ਵਿਚ ਹੀ) ਪਾ ਲਈਦਾ ਹੈ।
(ਇਸ ਸੰਸਾਰ ਵਿਚ) ਸਭ ਕੋਈ ਭੁੱਲਾਂ ਕਰਨ ਵਾਲਾ ਹੈ। ਕੇਵਲ ਇਕ ਗੁਰੂ ਕਰਤਾਰ ਹੀ ਅਭੁੱਲ ਭਾਵ ਕਦੇ ਕੋਈ ਭੁੱਲ ਨਹੀਂ ਕਰਦਾ। ਜਿਹੜਾ ਗੁਰੂ ਦੀ ਮੱਤ 'ਤੇ ਚੱਲ ਕੇ ਆਪਣੇ ਮਨ ਨੂੰ (ਸਹੀ ਮਾਰਗ 'ਤੇ ਚੱਲਣ ਲਈ) ਸਮਝਾ ਲੈਂਦਾ ਹੈ, ਉਸ ਦਾ ਪਰਮਾਤਮਾ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਜਿਸ ਨੂੰ ਗੁਰੂ ਦਾ ਸ਼ਬਦ ਬੇਅੰਤ ਪ੍ਰਭੂ ਨਾਲ ਮਿਲਾ ਦਿੰਦਾ ਹੈ, ਉਸ ਜਗਿਆਸੂ ਨੂੰ ਫਿਰ ਸਦਾ ਥਿਰ ਰਹਿਣ ਵਾਲਾ ਪ੍ਰਭੂ ਕਦੇ ਵਿਸਰਦਾ ਨਹੀਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਚਾਈ ਦਾ ਰਸਤਾ ਊਬੜ-ਖਾਬੜ ਹੁੰਦਾ ਹੈ

ਆਪਣੇ-ਆਪ ਨੂੰ ਮਨ ਬਚਨ ਅਤੇ ਕਰਮ ਤੋਂ ਨੇਕ ਅਤੇ ਪਵਿੱਤਰ ਬਣਾਉਣਾ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸੱਚਾਈ ਦਾ ਰਸਤਾ ਕਦੇ ਵੀ ਪੱਧਰਾ ਤੇ ਸੌਖਾ ਨਹੀਂ, ਸਗੋਂ ਊਬੜ-ਖਾਬੜ ਹੁੰਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਸ ਰਾਹ 'ਤੇ ਚਲਦੇ ਹੋਏ ਕਈ ਸਫ਼ਲ ਹੋ ਜਾਂਦੇ ਹਨ ਤਾਂ ਕਈ ਲੜਖੜਾ ਜਾਂਦੇ ਹਨ। ਸਵਾਮੀ ਵਿਵੇਕਾਨੰਦ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਚਰਿੱਤਰ ਨਿਰਮਾਣ ਕੋਈ ਸੌਖਾ ਕਾਰਜ ਨਹੀਂ। ਚਰਿੱਤਰ ਨਿਰਮਾਣ ਲਈ ਸੱਚ ਦੀ ਰਾਹ 'ਤੇ ਤੁਰਦਾ ਵਿਅਕਤੀ ਕਈ ਵਾਰ ਲੜਖੜਾਉਂਦਾ ਹੈ ਪਰ ਹਜ਼ਾਰਾਂ ਪਰਖਾਂ ਤੋਂ ਬਾਅਦ ਹੀ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਹਰ ਕਾਰਜ ਨੂੰ ਤਿੰਨ ਹਾਲਤਾਂ ਵਿਚੋਂ ਲੰਘਣਾ ਪੈਂਦਾ ਹੈ। ਇਹ ਹਨ ਮਜ਼ਾਕ, ਵਿਰੋਧ ਅਤੇ ਸਹਿਮਤੀ। ਅਗਾਂਹਵਧੂ ਅਤੇ ਉਸਾਰੂ ਸੋਚ ਰੱਖਣ ਵਾਲੇ ਵਿਅਕਤੀ ਦਾ ਅਕਸਰ ਵਿਰੋਧ ਹੁੰਦਾ ਹੈ। ਇਹ ਲੋਕਾਂ ਦਾ ਸੁਭਾਅ ਹੈ। ਇਹ ਤੁਹਾਡੇ 'ਤੇ ਤਰਸ ਕਰਨਾ ਤਾਂ ਪਸੰਦ ਕਰਨਗੇ ਪਰ ਜੇ ਤੁਸੀਂ ਅਗਾਂਹ ਵਧ ਰਹੇ ਹੋ ਤਾਂ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਅਤੇ ਵਿਰੋਧ ਕਰਦੇ ਹਨ। ਲੋਕਾਂ ਦੀ ਸੋਚ ਹੀ ਅਜਿਹੀ ਹੈ। ਇਸ ਲਈ ਉਨ੍ਹਾਂ ਦੇ ਵਿਰੋਧ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰੋ। ਆਪਣੇ ਵਿਚ ਵਿਸ਼ਵਾਸ ਰੱਖ ਕੇ ਨਿਰੰਤਰ ਯਤਨ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕੰਢੀ ਖੇਤਰ ਦੀਆਂ ਵਿਲੱਖਣਤਾਵਾਂ

ਅਗਿਆਤਵਾਸ ਸਮੇਂ ਪਾਂਡਵਾਂ ਦੀ ਪਨਾਹਗਾਹ ਰਿਹਾ ਹੈ ਕੰਢੀ ਖੇਤਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੁਕਤੇਸ਼ਵਰ (ਸ਼ਾਹਪੁਰ ਕੰਢੀ) ਪਾਂਡਵਾਂ ਦੀਆਂ ਗੁਫ਼ਾਵਾਂ-ਪਠਾਨਕੋਟ ਤੋਂ ਲਗਭਗ ਦਸ ਕਿਲੋਮੀਟਰ ਹੈ ਸ਼ਾਹਪੁਰ ਕੰਢੀ। ਇਥੋਂ ਰਣਜੀਤ ਸਾਗਰ ਡੈਮ ਵੱਲ ਜਾਂਦਿਆਂ ਰਸਤੇ ਵਿਚ ਵਸਿਆ ਪਿੰਡ ਡੂੰਘ ਮਹਾਭਾਰਤ ਕਾਲ ਨਾਲ ਸਬੰਧਿਤ ਹੋਣ ਕਰਕੇ ਮਸ਼ਹੂਰ ਹੈ। ਇਸ ਪਿੰਡ ਲਾਗੇ ਵਗਦੀ ਰਾਵੀ ਨਾਲ ਖਹਿੰਦੀ ਚਟਾਨ 'ਤੇ ਮੌਜੂਦ ਪੰਜ ਗੁਫ਼ਾਵਾਂ, ਪੰਜ ਪਾਂਡਵਾਂ ਦੇ ਨਾਂਅ ਨਾਲ ਪ੍ਰਸਿੱਧ ਹਨ। ਇਹ ਪ੍ਰਾਚੀਨ ਥਾਂ ਹੁਣ ਮੁਕਤੇਸਵਰ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਦੰਦ ਕਥਾ ਮੁਤਾਬਕ ਪਾਂਡਵਾਂ ਨੇ ਅਗਿਆਤਵਾਸ ਦਾ ਆਖਰੀ ਸਮਾਂ ਆਪ ਉਸਾਰੀਆਂ ਇਨ੍ਹਾਂ ਗੁਫ਼ਾਵਾਂ ਵਿਚ ਲੁਕ ਕੇ ਗੁਜ਼ਾਰਿਆ ਸੀ। ਇੱਥੇ ਗੁਫ਼ਾ ਨੰਬਰ-ਇਕ ਧਰਮਰਾਜ ਯੁਧਿਸ਼ਟਰ ਦੀ ਗੁਫ਼ਾ ਹੈ। ਅੰਦਰੋਂ ਦੋ ਭਾਗਾਂ ਵਿਚ ਵੰਡੀ ਗਈ ਇਹ ਗੁਫ਼ਾ ਕਾਫੀ ਖੁੱਲ੍ਹੀ ਹੈ। ਇਸ ਗੁਫ਼ਾ ਦੀ ਕੰਧ 'ਤੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਇਸ ਗੁਫ਼ਾ ਦੇ ਖੱਬੇ ਪਾਸੇ ਦਰੋਪਦੀ ਦੀ ਰਸੋਈ ਹੈ। ਇੱਥੇੇ ਹੀ ਧਰਮਰਾਜ ਦਾ ਧੂਣਾ ਵੀ ਹੈ, ਜਿੱਥੇ ਬੈਠ ਕੇ ਉਹ ਪੂਜਾ-ਪਾਠ ਕਰਿਆ ਕਰਦੇ ਸਨ।
ਦੂਸਰੀ ਗੁਫ਼ਾ ਮਹਾਬਲੀ ਭੀਮ ਦੀ ਹੈ। ਤੀਸਰੀ ਅਰਜਨ ਦੀ। ਥੋੜ੍ਹਾ ਜਿਹਾ ਹਟ ਕੇ ਨਕੁਲ ਤੇ ਸਹਿਦੇਵ ਦੀਆਂ ਗੁਫ਼ਾਵਾਂ ਹਨ। ਇਕ ਗੁਫ਼ਾ ਦਾ ਮੁੱਖ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਗੁਫ਼ਾ ਅੰਦਰੋਂ ਇੰਨੀ ਲੰਮੀ ਹੈ ਕਿ ਇਸ ਦੇ ਅੰਤ ਦਾ ਕੋਈ ਅੰਦਾਜ਼ਾ ਹੀ ਨਹੀਂ ਲਗਦਾ। ਕਹਿੰਦੇ ਹਨ ਇਕ ਵਾਰ ਦੋ ਸਾਧ ਇਸ ਗੁਫ਼ਾ ਦੀ ਥਾਹ ਲੈਣ ਲਈ ਇਸ ਦੇ ਅੰਦਰ ਵੜੇ ਸਨ, ਜੋ ਅੱਜ ਤੱਕ ਨਹੀਂ ਪਰਤੇ। ਉਨ੍ਹਾਂ ਨਾਲ ਕੀ ਵਾਪਰਿਆ, ਅੱਜ ਤੱਕ ਇਕ ਰਹੱਸ ਬਣਿਆ ਹੋਇਆ ਹੈ। ਇਸ ਖ਼ਤਰੇ ਨੂੰ ਵੇਖਦਿਆਂ ਇਸ ਗੁਫ਼ਾ ਦੇ ਮੂੰਹ 'ਤੇ ਲੋਹੇ ਦਾ ਗੇਟ ਲਗਾ ਕੇ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਚਟਾਨ 'ਤੇ ਉਸਾਰੀਆਂ ਇਹ ਗੁਫ਼ਾਵਾਂ ਕਾਫੀ ਉਚਾਈ 'ਤੇ ਹਨ ਅਤੇ ਇਕ-ਦੂਸਰੀ ਨਾਲੋਂ ਕੁਝ ਫਾਸਲੇ 'ਤੇ ਹਨ। ਇਸ ਲਈ ਹੇਠੋਂ-ਉੱਪਰ ਜਾਣ ਲਈ ਅਤੇ ਇਕ ਗੁਫ਼ਾ ਤੋਂ ਦੂਸਰੀ ਗੁਫ਼ਾ ਤੱਕ ਪਹੁੰਚਣ ਵਾਸਤੇ ਚੱਟਾਨ ਕੱਟ ਕੇ ਪੌਡੇ ਬਣਾਏ ਗਏ ਹਨ। ਲਗਪਗ ਸਾਰੀਆਂ ਹੀ ਗੁਫ਼ਾਵਾਂ ਅੰਦਰ ਸ਼ਿਵਲਿੰਗ ਸਥਾਪਿਤ ਕੀਤੇ ਗਏ ਹਨ। ਮੁਕਤੇਸ਼ਵਰ ਨੂੰ ਮਿੰਨੀ ਹਰਿਦੁਆਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਈ ਲੋਕ ਇੱਥੇ ਵਗਦੀ ਰਾਵੀ ਵਿਚ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਵਿਸਰਜਤ ਕਰਦੇ ਹਨ।
ਉਪਰੋਕਤ ਥਾਵਾਂ ਤੋਂ ਇਲਾਵਾ ਕੰਢੀ ਦੇ ਪ੍ਰਸਿੱਧ ਮੰਦਰ ਕਾਮਾਕਸ਼ੀ ਦੇਵੀ (ਕਮਾਹੀ ਦੇਵੀ) ਵਿਖੇ ਇਕ ਪ੍ਰਾਚੀਨ ਸ਼ਿਵ ਮੰਦਰ ਦਾ ਸੰਬੰਧ ਵੀ ਧਰਮਰਾਜ ਯੁਧਿਸ਼ਟਰ ਦੇ ਤਪ ਸਥਾਨ ਵਜੋਂ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਕੰਢੀ ਦੇ ਲੱਬਰ-ਭੁਆਰੀ ਨੇੜੇ ਬਾਣ ਗੰਗਾ ਨਾਲ ਮਸ਼ਹੂਰ ਥਾਂ ਹੈ, ਜਿਸ ਬਾਰੇ ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਆਪਣੇ ਅਗਿਆਤਵਾਸ ਦੌਰਾਨ ਇਸ ਇਲਾਕੇ ਵਿਚ ਘੁੰਮਦਿਆਂ ਧਨੁੱਖਧਾਰੀ ਅਰਜਨ ਨੇ ਜ਼ਮੀਨ ਹੇਠੋਂ ਪਾਣੀ ਦੀ ਧਾਰਾ ਕੱਢੀ ਸੀ। ਇਸ ਨੂੰ ਬਾਣਗੰਗਾ ਦਾ ਨਾਂਅ ਦਿੱਤਾ ਗਿਆ। ਇਸੇ ਹੀ ਰਸਤੇ 'ਤੇ ਕੁਝ ਅੱਗੇ ਵਧਦਿਆਂ 'ਕੋਈ' ਪਿੰਡ ਹੈ, ਜਿਸ ਨੂੰ ਕੁੰਤੀਪੁਰ ਵੀ ਕਿਹਾ ਜਾਂਦਾ ਹੈ। ਇਸ ਥਾਂ 'ਤੇ ਇਕ ਬਹੁਤ ਹੀ ਪੁਰਾਣਾ ਬੋਹੜ ਦਾ ਰੁੱਖ ਹੈ। ਦੱਸਿਆ ਜਾਂਦਾ ਹੈ ਕਿ ਆਪਣੇ ਅਗਿਆਤਵਾਸ ਸਮੇਂ ਪਾਂਡਵਾਂ ਨੇ ਇਸ ਬੋਹੜ ਦੇ ਰੁੱਖ ਦੇ ਤਣਿਆਂ ਵਿਚ ਆਪਣੇ ਹਥਿਆਰ ਲੁਕਾਏ ਸਨ। ਉਹ ਬੋਹੜ ਦਾ ਦਰੱਖਤ ਏਨਾ ਸੰਘਣਾ ਅਤੇ ਫੈਲਿਆ ਹੋਇਆ ਹੈ ਕਿ ਉੱਥੇ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਬੋਹੜ ਦਾ ਅਸਲੀ ਤਣਾ ਕਿਹੜਾ ਹੈ। ਇਹ ਸਾਰੀਆਂ ਹੀ ਥਾਵਾਂ ਕੰਢੀ ਵਾਸੀਆਂ ਲਈ ਧਾਰਮਿਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਅਤੇ ਸ਼ਰਧਾ ਦਾ ਕੇਂਦਰ ਹਨ। (ਸਮਾਪਤ)


-ਪੰਚਵਟੀ, ਏਕਤਾ ਇਨਕਲੇਵ-2, ਬੂਲਾਂਬਾੜੀ, ਹੁਸ਼ਿਆਰਪੁਰ। ਮੋਬਾ: 98761-56964

ਕੁੱਲੂ ਦਾ ਦੁਸਹਿਰਾ

ਦੇਵ ਭੂਮੀ ਹਿਮਾਚਲ ਦੀ ਕੁੱਲੂ ਘਾਟੀ ਵਿਚ ਬਿਆਸ ਨਦੀ ਕੰਢੇ, ਕੁੱਲੂ ਨਗਰ ਵਿਚ ਦੁਸਹਿਰਾ ਉਤਸਵ 16ਵੀਂ ਸਦੀ ਤੋਂ ਮਨਾਇਆ ਜਾ ਰਿਹਾ ਹੈ। ਇਕ ਸਪਤਾਹ ਤੱਕ ਚਲਣ ਵਾਲੇ ਦੁਸਹਿਰਾ ਉਤਸਵ ਨੂੰ 1974 ਵਿਚ 'ਕੌਮਾਂਤਰੀ ਲੋਕ ਨਾਚ ਉਤਸਵ' ਦਾ ਦਰਜਾ ਪ੍ਰਾਪਤ ਹੋਇਆ ਸੀ। ਕੁੱਲੂ ਦਾ ਦੁਸਹਿਰਾ ਸਾਰੇ ਦੇਸ਼ ਤੋਂ ਵਿਲੱਖਣ ਹੁੰਦਾ ਹੈ। ਇਥੇ ਨਾ ਤਾਂ ਰਾਮਲੀਲ੍ਹਾ ਹੁੰਦੀ ਹੈ, ਨਾ ਹੀ ਕੁਝ ਰਾਜਾਂ ਵਾਂਗ ਰਾਵਣ, ਕੁੰਭਕਰਨ ਤੇ ਮੇਘਨਾਥ ਆਦਿ ਦੇ ਪੁਤਲੇ ਸਾੜੇ ਜਾਂਦੇ ਹਨ। ਸੈਂਕੜੇ ਦੇਵ ਰੱਥਾਂ ਦੇ ਨਾਲ ਹਜ਼ਾਰਾਂ ਸਾਜ਼ਾਂ ਦੀਆਂ ਸਵਰ ਲਹਿਰੀਆਂ ਦੀ ਗੂੰਜ 'ਚ ਕੁੱਲੂ ਦੇ ਇਤਿਹਾਸਕ ਮੈਦਾਨ ਢਾਲਪੁਰ ਵਿਚ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਦਾ ਸ਼ੁੱਭ ਆਰੰਭ ਹੁੰਦਾ ਹੈ। ਇਸਤਰੀਆਂ ਤੇ ਪੁਰਸ਼ ਸੁੰਦਰ ਕੱਪੜਿਆਂ ਨਾਲ ਸਜੇ, ਜਿਸ ਕੋਲ ਕੋਈ ਵੀ ਸਾਜ਼ ਤੁਰਹੀ, ਬਿਗਲ, ਢੋਲ, ਨਗਾਰੇ, ਬੰਸਰੀ ਤੇ ਨਰਸਿੰਘੇ ਆਦਿ ਉਹ ਲੈ ਕੇ ਚਲਦੇ ਹਨ। ਇਹ ਪਹਾੜੀ ਲੋਕ ਸਵੇਰ ਤੋਂ ਹੀ ਆਪਣੇ ਪੇਂਡੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਬੜੇ ਸੋਹਣੇ ਢੰਗ ਨਾਲ ਸਜਾ ਕੇ ਲਿਆਂਉਂਦੇ ਹਨ, ਇਨ੍ਹਾਂ ਦੀ ਪੂਜਾ ਕਰਦੇ ਹਨ।
ਦੁਪਹਿਰ ਬਾਅਦ ਰੰਗੀਨ ਸੁੰਦਰ ਪਾਲਕੀ 'ਚ ਭਗਵਾਨ ਰਘੂਨਾਥ ਜੀ ਨੂੰ ਬਿਰਾਜਮਾਨ ਕਰਵਾ ਉਨ੍ਹਾਂ ਦੇ ਸੁਲਤਾਨਪੁਰ ਸਥਿਤ ਮੂਲ ਮੰਦਰ ਤੋਂ ਢਾਲਪੁਰ ਦੇ ਮੈਦਾਨ ਤੱਕ ਲਿਜਾਇਆ ਜਾਂਦਾ ਹੈ। ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦੀ ਮੂਰਤੀ ਨੂੰ ਮੈਦਾਨ ਦੇ ਇਕ ਪਾਸੇ ਖੜ੍ਹੇ ਸ਼ਿਗਾਰੇ ਰਥ ਵਿਚ ਸਥਾਪਤ ਕੀਤਾ ਜਾਂਦਾ ਹੈ। ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦੀ ਮੂਰਤੀ ਨੂੰ ਮੈਦਾਨ ਦੇ ਇਕ ਪਾਸੇ ਖੜ੍ਹੇ ਰੱਥ ਵਿਚ ਸਥਾਪਤ ਕੀਤਾ ਜਾਂਦਾ ਹੈ। ਇਸ ਮੌਕੇ 200 ਦੇ ਕਰੀਬ ਦੇਵੀ-ਦੇਵਤਿਆਂ ਤੇ ਹਜ਼ਾਰਾਂ ਸ਼ਰਧਾਲੂ ਢਾਲਪੁਰ ਦੇ ਮੈਦਾਨ ਵਿਚੋਂ ਦੀ ਰੱਥ ਯਾਤਰਾ (ਭਗਵਾਨ ਦੇ ਰੱਥ ਨੂੰ) ਅਸਥਾਈ ਕੈਂਪ ਤੱਕ ਲਿਆਉਂਦੇ ਹਨ, ਜਿਥੇ ਭਗਵਾਨ ਰਘੂਨਾਥ ਦੀ ਮੂਰਤੀ ਨੂੰ ਸਥਾਪਤ ਕੀਤਾ ਜਾਦਾ ਹੈ। ਰੱਥ ਯਾਤਰਾ ਦੀ ਅਗਵਾਈ ਕੁੱਲੂ ਦਾ ਰਾਜ ਪਰਿਵਾਰ ਕਰਦਾ ਹੈ। ਪਿਛਲੇ ਸਾਲ ਭਗਵਾਨ ਰਘੂਨਾਥ ਦੇ ਛੜੀ ਬਰਦਾਰ ਮਹੇਸ਼ਵਰ ਸਿੰਹ ਅਤੇ ਉਸ ਦੇ ਛੋਟੋ ਭਰਾ ਕਰਣ ਦਾ ਸਮੁੱਚਾ ਪਰਿਵਾਰ ਸੀ। ਇਸ ਦੌਰਾਨ ਮਾਤਾ ਹਿੰਡਿਬਾਂ ਵੀ ਅਸ਼ੀਰਵਾਦ ਲਈ ਪਧਾਰਦੀ ਹੈ। ਸਾਰੇ ਦੇਵੀ-ਦੇਵਤਾ ਇਕ ਸਪਤਾਹ ਤੱਕ ਇਥੇ ਰਹਿੰਦੇ ਹਨ। ਛੇਵੇਂ ਦਿਨ ਸ਼ਕਤੀ ਪੂਜਾ (ਸਥਾਨਕ ਲੋਕ 'ਮੂੱਹਲਾ' ਕਹਿੰਦੇ ਹਨ) ਅਤੇ ਆਖਰੀ ਦਿਨ ਲੰਕਾ ਸਾੜਨ ਦੇ ਪ੍ਰਤੀਕ ਨੁਮਾ ਦ੍ਰਿਸ਼ ਦੇ ਨਾਲ ਹੀ ਸਵਾਹ ਬਿਆਸ ਨਦੀ ਵਿਚ ਪਰਵਾਹ ਕਰ ਦਿੰਦੇ ਹਨ।
ਲੋਕ ਨਿਰਤ ਉਤਸਵ ਕੁੱਲੂ ਦੁਸਹਿਰੇ 'ਚ ਚੱਲਣ ਵਾਲੀ 'ਰਾਜਾ ਕੀ ਜਲੇਬ' ਸੱਭਿਆਚਾਰਕ ਵਿਰਾਸਤ ਹੈ, ਜੋ ਪਾਲਕੀ ਵਿਚ ਰਾਜਾ ਅਤੇ ਮੋਢਿਆਂ 'ਤੇ ਦੇਵਤੇ ਰੱਖੀ ਲੋਕਾਂ ਦੇ ਦੁੱਖਾਂ ਦੇ ਨਿਵਾਰਣ ਲਈ ਨਰਸਿੰਹੇ ਦੀ ਜਲੇਬ ਕੱਢੀ ਜਾਂਦੀ ਹੈ। ਦੁਸਹਿਰੇ ਮੌਕੇ ਢਾਲਪੁਰ ਮੈਦਾਨ ਵਿਚ ਹਿਮਾਚਲ ਦਾ ਲੋਕ-ਨਾਚ 'ਨਾਟੀ' ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਨੂੰ ਦੇਸ਼-ਵਿਦੇਸ਼ ਦੇ ਹਜ਼ਾਰਾਂ ਲੋਕ ਵੇਖਦੇ ਹਨ। ਹਰ ਸ਼ਾਮ ਨੂੰ ਸੂਬੇ ਦਾ ਸੱਭਿਆਚਰਕ ਪ੍ਰੋਗਰਾਮ ਹੁੰਦਾ ਹੈ। ਕੁੱਲੂ ਦੇ ਦੁਸਹਿਰੇ ਮੌਕੇ ਕਰੋੜਾਂ ਦਾ ਵਪਾਰ ਹੁੰਦਾ ਹੈ। ਖਾਸ ਕਰਕੇ ਕੁੱਲੂ ਦੇ ਸ਼ਾਲ ਵਿਆਪਕ ਪੱਧਰ 'ਤੇ ਖ਼ਰੀਦੇ/ਵੇਚੇ ਜਾਂਦੇ ਹਨ।


-ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX