ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਜਾਣੀਏ ਰਾਜ ਪੰਛੀ ਬਾਜ਼ ਬਾਰੇ

ਪਿਆਰੇ ਬੱਚਿਓ, ਸੰਸਾਰ ਵਿਚ ਅਨੇਕਾਂ ਹੀ ਤਰ੍ਹਾਂ ਦੇ ਜੀਵ-ਜੰਤੂ, ਪਸ਼ੂ-ਪੰਛੀ ਪਾਏ ਜਾਂਦੇ ਹਨ | ਪੰਛੀਆਂ ਦੀਆਂ ਅਨੇਕਾਂ ਕਿਸਮਾਂ ਵਿਚੋਂ ਬਾਜ਼ ਪੰਜਾਬ ਦਾ ਰਾਜ ਪੰਛੀ 1989 ਤੋਂ ਘੋਸ਼ਿਤ ਕੀਤਾ ਗਿਆ ਹੈ | ਆਓ, ਅੱਜ ਇਸ ਰਾਜ ਪੰਛੀ ਬਾਰੇ ਜਾਣਕਾਰੀ ਪ੍ਰਾਪਤ ਕਰੀਏ |
ਬੱਚਿਓ, ਬਾਜ਼ ਇਕ ਮਾਸਾਹਾਰੀ ਪੰਛੀ ਹੈ | ਇਸ ਦਾ ਰੰਗ ਸਲੇਟੀ ਭੂਰਾ ਅਤੇ ਅੱਖਾਂ ਮੋਟੀਆਂ ਹੁੰਦੀਆਂ ਹਨ | ਇਸ ਦੀ ਚੁੰਝ ਤਿੱਖੀ ਮੁੜਵੀਂ ਅਤੇ ਨਜ਼ਰ ਬਹੁਤ ਤੇਜ਼ ਹੁੰਦੀ ਹੈ | ਇਸ ਦੀ ਔਸਤਨ ਲੰਬਾਈ 60 ਸੈਂਟੀਮੀਟਰ ਅਤੇ ਪੂਛ ਦੀ ਲੰਬਾਈ 18 ਤੋਂ 25 ਸੈਂਟੀਮੀਟਰ ਹੁੰਦੀ ਹੈ | ਸ਼ਿਕਾਰ ਕਰਨ ਸਮੇਂ ਬਾਜ਼ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ | ਬਾਜ਼ ਦਾ ਮੱੁਖ ਭੋਜਨ ਚੂਹੇ, ਕਿਰਲੀਆਂ, ਸੱਪ, ਬਟੇਰੇ, ਚੂਚੇ, ਤਿੱਤਰ, ਸਹਿ ਅਤੇ ਮੁਰਗਾਬੀ ਹੁੰਦੇ ਹਨ | ਬਾਜ਼ ਆਪਣਾ ਆਲ੍ਹਣਾ ਵੱਡੇ ਦਰੱਖਤਾਂ ਉੱਪਰ ਸੋਟੀਆਂ, ਟਹਿਣੀਆਂ ਅਤੇ ਦਰੱਖਤਾਂ ਦੇ ਪੱਤੇ ਇਕੱਠੇ ਕਰ ਕੇ ਤਿਆਰ ਕਰਦਾ ਹੈ | ਮਾਦਾ ਬਾਜ਼ ਇਕ ਸਮੇਂ 3 ਤੋਂ 5 ਆਂਡੇ ਦਿੰਦੀ ਹੈ, ਜਿਸ ਵਿਚੋਂ 30 ਤੋਂ 35 ਦਿਨਾਂ ਵਿਚ ਬੱਚੇ ਨਿਕਲ ਆਉਂਦੇ ਹਨ | ਬਾਜ਼ ਦੀ ਔਸਤਨ ਉਮਰ 12 ਸਾਲ ਹੁੰਦੀ ਹੈ | ਇਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ | ਰਾਜ ਪੰਛੀ ਬਾਜ਼ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ | ਇਸ ਦਾ ਮੱੁਖ ਕਾਰਨ ਜੰਗਲਾਂ ਦੀ ਕਟਾਈ ਅਤੇ ਦੂਜਾ ਕਾਰਨ ਰਸਾਇਣਕ ਖਾਦਾਂ ਦਾ ਵਾਧਾ ਹੋਣਾ ਹੈ | ਆਓ, ਇਸ ਰਾਜ ਪੰਛੀ ਨੂੰ ਬਚਾਉਣ ਲਈ ਅਸੀਂ ਸਾਰੇ ਰਲ-ਮਿਲ ਕੇ ਵੱਧ ਤੋਂ ਵੱਧ ਦਰੱਖਤ ਲਗਾਈਏ, ਤਾਂ ਕਿ ਇਹ ਰਾਜ ਪੰਛੀ ਆਪਣੇ ਆਲ੍ਹਣੇ ਪਾ ਸਕਣ | ਇਸ ਪੰਛੀ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਵੀ ਯੋਗ ਉਪਰਾਲੇ ਕਰਨੇ ਚਾਹੀਦੇ ਹਨ |

-ਮੋਗਾ | ਮੋਬਾ: 82838-00190


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਮਿਹਨਤ ਦੇ ਰੰਗ

ਗਰਮੀ ਦੀਆਂ ਛੱੁਟੀਆਂ ਵਿਚ ਅੰਸ਼ਪ੍ਰੀਤ ਸਿੰਘ ਅਤੇ ਪਵਨਦੀਪ ਕੌਰ ਆਪਣੇ ਨਾਨਾ ਨੱਥਾ ਸਿੰਘ ਕੋਲ ਲੁਧਿਆਣਾ ਵਿਖੇ ਆਏ ਹੋਏ ਸਨ | ਇਕ ਸਵੇਰ ਜਦੋਂ ਉਹ ਚਾਹ ਦਾ ਅਨੰਦ ਲੈ ਰਹੇ ਸਨ ਤਾਂ ਅੰਸ਼ ਪੱੁਛਣ ਲੱਗਾ, 'ਨਾਨਾ ਜੀ, ਤੁਹਾਡੇ ਕੋਲ ਸੱੁਖਾਂ ਦੇ ਸਾਰੇ ਪਦਾਰਥ ਹਨ, ਕੀ ਤੁਹਾਡੇ ਮਾਤਾ-ਪਿਤਾ ਵੀ ਅਮੀਰ ਸਨ?' ਇਸ 'ਤੇ ਨੱਥਾ ਸਿੰਘ ਨੇ ਇਕ ਹੌਕਾ ਭਰਿਆ ਤੇ ਕਹਿਣ ਲੱਗਾ, 'ਨਹੀਂ ਅੰਸ਼, ਅਜਿਹੀ ਕੋਈ ਗੱਲ ਨਹੀਂ ਸੀ | ਮੈਂ ਬਹੁਤ ਹੀ ਗਰੀਬ ਖਾਨਦਾਨ ਵਿਚ ਪੈਦਾ ਹੋਇਆ ਸੀ | ਮੇਰੇ ਪਿਤਾ ਜੀ ਪਿੰਡਾਂ ਵਿਚ ਸਾਈਕਲ 'ਤੇ ਜਾ ਕੇ ਚਾਦਰਾਂ-ਖੇਸੀਆਂ ਵੇਚਿਆ ਕਰਦੇ ਸਨ | ਛੱੁਟੀਆਂ ਵਿਚ ਉਹ ਮੈਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ | ਸਾਡੇ ਪ੍ਰਾਇਮਰੀ ਸਕੂਲ ਵਿਚ ਮਾਸਟਰ ਰਾਮ ਸਰੂਪ ਸ਼ਰਮਾ ਨੇ ਮੈਨੂੰ ਐਨੀ ਮਿਹਨਤ ਕਰਵਾਈ ਕਿ ਮੈਂ ਇਲਾਕੇ ਵਿਚੋਂ ਪੰਜਵੀਂ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕਰ ਲਈ | ਮੈਂ ਖੰਨਾ ਦੇ ਆਰੀਆ ਸਕੂਲ ਵਿਚੋਂ ਵੀ ਹਾਇਰ ਸੈਕੰਡਰੀ (ਸਾਇੰਸ) ਪਹਿਲੇ ਦਰਜੇ ਵਿਚ ਪਾਸ ਕਰਨ ਵਿਚ ਸਫ਼ਲ ਰਿਹਾ |'
ਚਾਹ ਦਾ ਕੱਪ ਖਾਲੀ ਕਰਨ ਤੋਂ ਬਾਅਦ ਉਹ ਬੋਲੇ ਕਿ ਉਨ੍ਹਾਂ ਦੇ ਪਿਤਾ ਜੀ ਦੀ ਇਕ ਪਿੰਡ ਦੇ ਸਫ਼ਲ ਕਿਸਾਨ ਨਾਲ ਕਾਫੀ ਨੇੜਤਾ ਹੋ ਗਈ | ਜਦੋਂ ਵੀ ਉਹ ਉਸ ਦੇ ਪਿੰਡ ਜਾਂਦੇ ਤਾਂ ਉਸ ਕਿਸਾਨ ਦੇ ਖੂਹ 'ਤੇ ਦੁਪਹਿਰਾ ਜ਼ਰੂਰ ਕੱਟਦੇ ਸਨ | ਉਸ ਨੇ ਪਿਤਾ ਜੀ ਨੂੰ ਰਾਇ ਦਿੱਤੀ ਕਿ ਉਹ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚੋਂ ਬੀ.ਐਸ.ਸੀ. (ਖੇਤੀਬਾੜੀ) ਕਰਵਾ ਦੇਣ ਪਰ ਮੇਰੇ ਪਿਤਾ ਜੀ ਖਰਚਾ ਕਰਨ ਤੋਂ ਅਸਮਰੱਥ ਸਨ, ਕਿਉਂਕਿ ਮੇਰੀਆਂ ਦੋ ਵੱਡੀਆਂ ਭੈਣਾਂ ਦੇ ਵਿਆਹ ਵੀ ਕਰਨੇ ਸਨ | ਖੈਰ, ਔਖੇ-ਸੌਖੇ ਹੋ ਕੇ ਮੇਰੇ ਕਹਿਣ 'ਤੇ ਉਨ੍ਹਾਂ ਮੈਨੂੰ ਯੂਨੀਵਰਸਿਟੀ ਵਿਚ ਦਾਖ਼ਲ ਕਰਵਾ ਹੀ ਦਿੱਤਾ | ਉਸ ਸਮੇਂ ਯੂਨੀਵਰਸਿਟੀ ਵਿਚ ਸਿਰਫ ਇਕ ਸੌ ਰੁਪਏ ਵਿਚ ਮਹੀਨੇ ਭਰ ਦਾ ਸੋਹਣਾ ਗੁਜ਼ਾਰਾ ਹੋ ਜਾਂਦਾ ਸੀ ਪਰ ਪਿਤਾ ਜੀ ਮੈਨੂੰ ਪੰਜਾਹ ਰੁਪਏ ਹੀ ਦਿੰਦੇ ਸਨ | ਉਸ ਸਮੇਂ ਘੰਟਾ-ਘਰ ਕੋਲ ਸੁਸਾਇਟੀ ਸਿਨੇਮਾ ਅਤੇ ਪੁਰਾਣੀਆਂ ਕਚਹਿਰੀਆਂ ਨੂੰ ਇਕ ਲੱਕੜ ਦਾ ਪੁਲ ਜੋੜਦਾ ਸੀ, ਜਿਸ ਦੀਆਂ ਦੋਵੇਂ ਪਾਸੇ ਲਗਪਗ ਸੌ ਪੌੜੀਆਂ ਸਨ | ਕਚਹਿਰੀਆਂ ਵਿਚ ਲੋਕਾਂ ਦਾ ਬਹੁਤ ਆਉਣਾ-ਜਾਣਾ ਸੀ | ਉਥੇ ਕੁਝ ਲੜਕੇ ਲੋਕਾਂ ਦੇ ਸਾਈਕਲਾਂ ਨੂੰ ਮੋਢੇ 'ਤੇ ਚੱੁਕ ਕੇ ਪੁਲ ਦੇ ਆਰ-ਪਾਰ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਇਕ ਗੇੜੇ ਦੇ ਦਸ ਪੈਸੇ ਮਿਹਨਤ ਵਜੋਂ ਮਿਲਦੇ ਸਨ | ਮੈਂ ਵੀ ਕਦੇ-ਕਦੇ ਖਾਲੀ ਸਮੇਂ ਸਾਈਕਲਾਂ ਨੂੰ ਆਰ-ਪਾਰ ਕਰਵਾਉਣ ਲੱਗ ਪਿਆ | ਇਸ ਤਰ੍ਹਾਂ ਮੈਂ ਪੈਸਿਆਂ ਦੀ ਘਾਟ ਨੂੰ ਪੂਰਾ ਕਰ ਲੈਂਦਾ ਸੀ |
ਖੇਤੀਬਾੜੀ ਦੀ ਡਿਗਰੀ ਕਰਨ ਤੋਂ ਬਾਅਦ ਮੈਂ ਫਗਵਾੜੇ ਖੇਤੀਬਾੜੀ ਨਿਰੀਖਕ ਲੱਗ ਗਿਆ ਤੇ ਸਾਲ ਕੁ ਬਾਅਦ ਮੇਰਾ ਵਿਆਹ ਤੁਹਾਡੀ ਨਾਨੀ, ਜੋ ਸਕੂਲ ਅਧਿਆਪਕਾ ਸੀ, ਨਾਲ ਹੋ ਗਿਆ ਅਤੇ ਜੀਵਨ ਵਿਚ ਖੁਸ਼ਹਾਲੀ ਆਉਣੀ ਸ਼ੁਰੂ ਹੋ ਗਈ | ਸਮੇਂ-ਸਮੇਂ ਸਿਰ ਸਾਡੀਆਂ ਤਰੱਕੀਆਂ ਵੀ ਹੁੰਦੀਆਂ ਗਈਆਂ | ਮੈਂ ਖੇਤੀਬਾੜੀ ਅਫ਼ਸਰ ਤੇ ਤੁਹਾਡੀ ਨਾਨੀ ਬਲਾਕ ਸਿੱਖਿਆ ਅਧਿਕਾਰੀ ਸੇਵਾਮੁਕਤ ਹੋਏ |
ਸੋ ਬੱਚਿਓ, ਕੰਮ ਕੰਮ ਹੀ ਹੁੰਦਾ ਹੈ | ਇਹ ਛੋਟਾ ਜਾਂ ਵੱਡਾ ਨਹੀਂ ਹੁੰਦਾ | ਕੰਮ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ | ਤੁਹਾਡੇ ਵਲੋਂ ਕੀਤੀ ਮਿਹਨਤ ਜ਼ਰੂਰ ਰੰਗ ਲਿਆਏਗੀ | ਇਕ ਜਗ੍ਹਾ ਮੈਂ ਪੜਿ੍ਹਆ ਸੀ ਕਿ ਜੇਕਰ ਤੁਸੀਂ ਗਰੀਬੀ ਵਿਚ ਪੈਦਾ ਹੋਏ ਹੋ ਤਾਂ ਕੋਈ ਗੱਲ ਨਹੀਂ ਪਰ ਜੇਕਰ ਤੁਸੀਂ ਗਰੀਬੀ ਵਿਚ ਇਸ ਜਹਾਨ ਤੋਂ ਜਾਂਦੇ ਹੋ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਜ਼ਿੰਦਗੀ ਵਿਚ ਮਿਹਨਤ ਨਹੀਂ ਕੀਤੀ... | ਇਹ ਕਹਿੰਦਿਆਂ ਨੱਥਾ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਅੰਸ਼ ਅਤੇ ਪਵਨਦੀਪ ਨੂੰ ਗਲ ਨਾਲ ਲਾ ਲਿਆ |

-ਨਿਊ ਕੁੰਦਨਪੁਰੀ, ਲੁਧਿਆਣਾ |

ਬੱਚਿਆਂ ਦਾ ਸਰਬਪੱਖੀ ਵਿਕਾਸ ਜ਼ਿੰਦਗੀ ਦਾ ਮਹੱਤਵਪੂਰਨ ਪਹਿਲੂ ਹੈ

ਪਿਆਰੇ ਬੱਚਿਓ, ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂਅ ਹੈ | ਬਚਪਨ, ਜਵਾਨੀ ਤੇ ਬੁਢਾਪਾ ਮਨੱੁਖ ਦੀ ਜ਼ਿੰਦਗੀ ਦੇ ਮਹੱਤਵਪੂਰਨ ਪੜਾਅ ਹਨ | ਇਕ ਸਫ਼ਲ ਜ਼ਿੰਦਗੀ ਲਈ ਸਰੀਰਕ ਅਤੇ ਮਾਨਸਿਕ ਸਿਹਤ ਪੱਖੋਂ ਸੰਤੁਸ਼ਟ ਹੋਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਅਸੀਂ ਜ਼ਿੰਦਗੀ ਵਿਚ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਆਰਾਮ ਨਾਲ ਕਰ ਸਕਦੇ ਹਾਂ | ਅੱਜ ਦੇ ਬੱਚੇ ਆਉਣ ਵਾਲੇ ਕੱਲ੍ਹ ਦੇ ਨੇਤਾ ਹਨ, ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ | ਪਰ ਅੱਜ ਦੇ ਬੱਚੇ ਨੈਤਿਕਤਾ ਤੋਂ ਹੀਣੇ ਜਾਪਦੇ ਹਨ | ਉਨ੍ਹਾਂ ਕੋਲ ਕੇਵਲ ਕਿਤਾਬੀ ਗਿਆਨ ਹੈ | ਉਹ ਜ਼ਿੰਦਗੀ ਦੀ ਪਰਿਭਾਸ਼ਾ ਨਹੀਂ ਸਮਝਦੇ | ਉਹ ਮਾਨਸਿਕ ਪੱਖੋਂ ਬਿਮਾਰ ਹਨ | ਬਹੁਤ ਸਾਰੇ ਮਾਪੇ ਵੀ ਸ਼ਾਇਦ ਇਹ ਨਹੀਂ ਜਾਣਦੇ ਕਿ ਅਸਲ ਸਿੱਖਿਆ ਦਾ ਕੀ ਮਤਲਬ ਹੈ ਅਤੇ ਉਹ ਕਿਵੇਂ ਹਾਸਲ ਕੀਤੀ ਜਾਵੇ | ਮਾਪੇ ਵੱਧ ਤੋਂ ਵੱਧ ਨੰਬਰਾਂ ਦੀ ਹੋੜ ਵਿਚ ਬੱਚੇ ਦਾ ਸਰਬਪੱਖੀ ਵਿਕਾਸ ਭੱੁਲ ਗਏ ਹਨ | ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ ਅਤੇ ਸਵੇਰੇ ਦੇਰ ਨਾਲ ਉੱਠਦੇ ਹਨ, ਜਿਸ ਨਾਲ ਸਰੀਰ ਵਿਚ ਕਈ ਵਿਕਾਰ ਪੈਦਾ ਹੋ ਰਹੇ ਹਨ | ਕਬਜ਼ ਹੋ ਜਾਣਾ, ਹਾਜ਼ਮਾ ਦਰੁਸਤ ਨਾ ਹੋਣਾ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ | ਪੜ੍ਹਾਈ ਦੀ ਗ਼ਲਤ ਸਮਾਂ ਸਾਰਨੀ ਉਨ੍ਹਾਂ ਦੀ ਅੰਦਰੂਨੀ ਸ਼ਕਤੀ ਨੂੰ ਤਹਿਸ-ਨਹਿਸ ਕਰ ਰਹੀ ਹੈ | ਗਹਿਰੀ ਨੀਂਦ ਲੈਣਾ ਅਤੇ ਸਵੇਰ ਵੇਲੇ ਦੀ ਤਾਜ਼ਾ ਹਵਾ ਵਿਚ ਕਸਰਤ ਕਰਨਾ ਉਹ ਭੱੁਲ ਚੱੁਕੇ ਹਨ | ਆਪਣੀ ਪੰਜਾਬੀ ਵਿਰਾਸਤ ਤੇ ਗੁਰੂਆਂ-ਪੀਰਾਂ ਦੀਆਂ ਸਿੱਖਿਆਵਾਂ ਤੋਂ ਉਹ ਕੋਹਾਂ ਦੂਰ ਚਲੇ ਗਏ ਹਨ | ਪੜ੍ਹਾਈ ਦੇ ਬੋਝ ਕਾਰਨ ਉਨ੍ਹਾਂ ਦੇ ਚਿਹਰੇ ਤੋਂ ਨੂਰ ਗੁੰਮ ਹੋ ਗਿਆ ਹੈ | ਛੋਟੀ-ਛੋਟੀ ਪ੍ਰੇਸ਼ਾਨੀ ਹੋਣ ਕਾਰਨ ਉਹ ਢੇਰ ਸਾਰੀਆਂ ਦਵਾਈਆਂ ਖਾਣ ਦੇ ਆਦੀ ਹੋ ਗਏ ਹਨ | ਕੱਚੀ ਉਮਰ ਵਿਚ ਨਜ਼ਰ ਦੇ ਚਸ਼ਮੇ ਆਮ ਦੇਖੇ ਜਾ ਸਕਦੇ ਹਨ | ਨੂਡਲ, ਬਰਗਰ, ਮੋਮੋਜ਼ ਅਤੇ ਮਨਚੂਰੀਅਨ ਉਨ੍ਹਾਂ ਦੀ ਖੁਰਾਕ ਦਾ ਹਿੱਸਾ ਬਣ ਰਹੇ ਹਨ | ਵਿਦਿਆਰਥੀ ਜੀਵਨ ਵਿਚ ਸੰਘਰਸ਼ ਕਰ ਕੇ ਬੁਲੰਦੀਆਂ ਛੂਹਣ ਦੀ ਸਮਰੱਥਾ ਦੇ ਗੁਰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣਨੇ ਚਾਹੀਦੇ ਹਨ | ਸ਼ਾਮ ਨੂੰ ਜਲਦੀ ਸੌਣਾ ਤੇ ਸਵੇਰੇ ਜਲਦੀ ਉੱਠਣਾ, ਰੋਜ਼ਾਨਾ ਕਸਰਤ, ਗਹਿਰੀ ਨੀਂਦ ਲੈਣਾ, ਸੰਤੁਲਿਤ ਗੁਣਕਾਰੀ ਭੋਜਨ ਵਿਦਿਆਰਥੀ ਜੀਵਨ ਦਾ ਇਕ ਹਿੱਸਾ ਬਣਨਾ ਚਾਹੀਦਾ ਹੈ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਬੁਝਾਰਤਾਂ

1. ਇਹੋ ਜਿਹੀ ਕਿਹੜੀ ਚੀਜ਼ ਹੈ, ਜਿਹੜੀ ਪੀਲੇ ਕੱਪੜੇ ਪਾਉਂਦੀ ਹੈ ਪਰ ਦੱਬ ਕੇ ਦੰਦੀ ਵੱਢਦੀ ਹੈ?
2. ਇਹੋ ਜਿਹੀ ਕਿਹੜੀ ਚੀਜ਼ ਹੈ, ਜਿਹੜੀ ਕਾਲੇ ਕੱਪੜੇ ਪਾਉਂਦੀ ਹੈ ਪਰ ਬਹੁਤ ਪ੍ਰੇਸ਼ਾਨ ਕਰਦੀ ਹੈ?
3. ਇਹੋ ਜਿਹੀ ਕਿਹੜੀ ਚੀਜ਼ ਹੈ, ਜਿਹੜੀ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ?
4. ਇਹੋ ਜਿਹੀ ਕਿਹੜੀ ਚੀਜ਼ ਹੈ, ਜੋ ਆਪਾਂ ਖਾ ਤਾਂ ਸਕਦੇ ਹਾਂ ਪਰ ਦੇਖ ਨਹੀਂ ਸਕਦੇ |
5. ਇਹੋ ਜਿਹੀ ਕਿਹੜੀ ਚੀਜ਼ ਹੈ, ਜਿਸ ਦਾ ਸਿਰ ਨਹੀਂ ਹੈ ਪਰ ਫਿਰ ਵੀ ਟੋਪੀ ਪਹਿਨਦੀ ਹੈ?
ਉੱਤਰ : (1) ਭਰਿੰਡ, (2) ਮੱਖੀ, (3) ਪ੍ਰਛਾਵਾਂ, (4) ਹਵਾ, (5) ਬੋਤਲ) |

-ਵੈਸ਼ਨਵੀ ਬਾਂਸਲ,
ਕੱਚਾ ਵਾਸ, ਰਾਮਾ ਮੰਡੀ, ਜ਼ਿਲ੍ਹਾ ਬਠਿੰਡਾ | ਮੋਬਾ: 98771-87292

ਬਾਲ ਗੀਤ: ਸੀਤ ਲਹਿਰ

ਪਹਾੜਾਂ ਉੱਪਰੋਂ, ਸੀਤ ਲਹਿਰ ਆਈ |
ਸਰਦ ਰੱੁਤ ਹੈ, ਮੇਰੇ ਭਾਈ |
ਗੰਨੇ ਗੁੜ ਦੀ ਰੱੁਤ ਆ ਗਈ,
ਖਜੂਰ, ਮੰੂਗਫਲੀ, ਗੱਚਕ ਭਾ ਗਈ |
ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ,
ਰੱੁਤ ਦਾ ਮੇਵਾ ਬਣ ਛਾ ਗਈ |
ਬਰਫ਼ੀਲੀ ਹਵਾ ਤੇ ਬੱਦਲਵਾਈ,
ਸਰਦ ਰੱੁਤ ਹੈ ਮੇਰੇ ਭਾਈ |
ਮਨਮੀਤ ਨੇ ਗਰਮ ਸ਼ਰਟ ਪਾਈ,
ਡੈਡੀ ਪੈਂਟ-ਕੋਟ ਨਾਲ ਲਾਈ ਟਾਈ |
ਮੰਮੀ ਸੈਂਡਲਾਂ ਦੀ ਥਾਂ ਬੂਟ ਜੁਰਾਬਾਂ,
ਵੀਰ ਦਾ ਸਵੈਟਰ ਬੁਣੇ ਮਾਂ ਜਾਈ |
ਨਿੱਘੀ-ਨਿੱਘੀ ਧੱੁਪ ਚੜ੍ਹ ਆਈ,
ਸਰਦ ਰੱੁਤ ਹੈ ਮੇਰੇ ਭਾਈ |
ਪਹਾੜਾਂ ਉੱਪਰੋਂ ਸੀਤ ਲਹਿਰ ਆਈ |

-ਮੁਖਤਾਰ ਗਿੱਲ,
ਪ੍ਰੀਤ ਨਗਰ (ਅੰਮਿ੍ਤਸਰ)-143109. ਮੋਬਾ: 98140-82217

ਬਾਲ ਨਾਵਲ-9: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਰਹਿਮਤ ਨਾਸ਼ਤਾ-ਪਾਣੀ ਤੋਂ ਵਿਹਲੀ ਹੋ ਕੇ ਰਸੋਈ ਦੀ ਸਾਂਭ-ਸੰਭਾਲ ਕਰ ਰਹੀ ਸੀ ਕਿ ਉਸ ਦੇ ਮੋਬਾਈਲ ਫ਼ੋਨ ਦੀ ਘੰਟੀ ਵੱਜੀ | ਉਸ ਨੇ ਮੋਬਾਈਲ ਚੁੱਕਦਿਆਂ ਕਿਹਾ, 'ਹੈਲੋ |'
'ਸਤਿ ਸ੍ਰੀ ਅਕਾਲ, ਬੇਟੇ |'
'ਸਤਿ ਸ੍ਰੀ ਅਕਾਲ ਪਾਪਾ ਜੀ, ਕੀ ਹਾਲ ਚਾਲ ਐ?'
'ਅਸੀਂ ਤਾਂ ਬਿਲਕੁਲ ਠੀਕ-ਠਾਕ ਹਾਂ | ਤੁਸੀਂ ਆਪਣਾ ਸੁਣਾਓ, ਬੜੇ ਦਿਨਾਂ ਤੋਂ ਤੇਰਾ ਫ਼ੋਨ ਨਹੀਂ ਸੀ ਆਇਆ |'
'ਬਸ, ਪਾਪਾ ਜੀ, ਬੱ ਚਿਆਂ ਦੇ ਨਾਲ ਕੰਮ-ਕਾਰ 'ਚੋਂ ਵਿਹਲ ਹੀ ਨਹੀਂ ਲੱਗਾ | ਤੁਸੀਂ ਸੁਣਾਓ, ਬੀਜੀ ਰਾਜ਼ੀ-ਬਾਜ਼ੀ ਹਨ?'
'ਹਾਂ, ਸਭ ਠੀਕ ਹੈ | ਤੁਹਾਨੂੰ ਸਾਰਿਆਂ ਨੂੰ ਯਾਦ ਕਰਦੀ ਰਹਿੰਦੀ ਐ |'
'ਯਾਦ ਤੇ ਅਸੀਂ ਵੀ ਬੜਾ ਕਰਦੇ ਹਾਂ | ਪਰ ਤੁਹਾਨੂੰ ਪਤੈ ਹੀ ਹੈ ਕਿ ਸ਼ਹਿਰ ਦੀ ਜ਼ਿੰਦਗੀ ਵਿਚ ਭੱਜ-ਦੌੜ ਬੜੀ ਹੈ | ਇੰਦਰਪ੍ਰੀਤ ਨੂੰ ਆਪਣੀ ਫ਼ੈਕਟਰੀ 'ਚੋਂ ਹੀ ਵਿਹਲ ਨਹੀਂ ਮਿਲਦੀ, ਇਸ ਕਰਕੇ ਬਾਕੀ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਹਨ |
'ਇਹ ਤਾਂ ਚੰਗੀ ਗੱਲ ਐ | ਇਹੋ ਉਮਰ ਹੈ ਤੁਹਾਡੀ ਮਿਹਨਤ ਕਰਨ ਦੀ | ਹੱਛਾ, ਮੈਂ ਜਿਸ ਲਈ ਤੈਨੂੰ ਫ਼ੋਨ ਕੀਤਾ ਹੈ ਕਿ ਹੋਰ ਥੋੜ੍ਹੇ ਦਿਨਾਂ ਤੱਕ ਬੱ ਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹੋਣਗੀਆਂ | ਸੋ, ਤੁਸੀਂ ਸਾਰੇ ਥੋੜ੍ਹੇ ਜ਼ਿਆਦਾ ਦਿਨ ਇਕੱਠੇ ਪਿੰਡ ਆਉਣ ਦਾ ਪ੍ਰੋਗਰਾਮ ਬਣਾਓ | ਬੜੀ ਦੇਰ ਤੋਂ ਤੁਸੀਂ ਇਕ-ਅੱਧ ਦਿਨ ਤੋਂ ਜ਼ਿਆਦਾ ਨਹੀਂ ਆਉਂਦੇ | ਐਤਕੀਂ ਕੋਈ ਬਹਾਨਾ ਨਹੀਂ ਬਣਾਉਣਾ | ਇੰਦਰਪ੍ਰੀਤ ਨੂੰ ਵੀ ਮੈਂ ਫ਼ੋਨ ਕਰਾਂਗਾ |'
'ਪਾਪਾ ਜੀ, ਅਸੀਂ ਆਵਾਂਗੇ ਜ਼ਰੂਰ | ਮੇਰਾ ਆਪਣਾ ਬੜਾ ਜੀਅ ਕਰ ਰਿਹੈ ਤੁਹਾਨੂੰ ਅਤੇ ਬੀਜੀ ਨੂੰ ਮਿਲਣ ਦਾ | ਬੱਚੇ ਤਾਂ ਪਹਿਲਾਂ ਈ ਪਿੰਡ ਜਾਣ ਨੂੰ ਤਿਆਰ ਬੈਠੇ ਨੇ | ਪਰ ਮੈਂ ਦੋ-ਤਿੰਨ ਦਿਨ ਹੀ ਰਵ੍ਹਾਂਗੀ | ਬਾਕੀ ਇੰਦਰਪ੍ਰੀਤ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿ ਉਹ ਕਿੰਨਾ ਕੁ ਵਕਤ ਕੱਢਣ | ਬੱ ਚੇ ਜ਼ਰੂਰ ਤੁਹਾਡੇ ਕੋਲ ਜ਼ਿਆਦਾ ਦਿਨ ਰਹਿਣਗੇ |'
'ਤੁਸੀਂ ਆਓ ਤੇ ਸਈ, ਬਾਕੀ ਅਸੀਂ ਆਪੇ ਵੇਖ ਲਵਾਂਗੇ | ਹੁਣ ਮੈਂ ਅਸੀਸ ਨੂੰ ਫ਼ੋਨ ਕਰਨ ਲੱਗਾਂ ਆਉਣ ਲਈ |'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001
ਮੋਬਾਈਲ : 98889-24664

ਬਾਲ ਸਾਹਿਤ

ਅਸਲੀ ਮਨੁੱਖ ਦਾ ਜਨਮ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਨ : ਲੋਕਗੀਤ ਪ੍ਰਕਾਸ਼ਨ, ਮੁਹਾਲੀ |
ਪੰਨੇ : 135, ਮੁੱਲ : 200 ਰੁਪਏ
ਸੰਪਰਕ : 0172-5027427

ਮਹਾਤਮਾ ਗਾਂਧੀ ਦੇ ਜੀਵਨ ਅਤੇ ਕਾਰਜਾਂ ਬਾਰੇ ਵੱਖ-ਵੱਖ ਵੰਨਗੀਆਂ ਦੇ ਰੂਪ ਵਿਚ ਬਾਲ ਸਾਹਿਤ ਲਿਖਿਆ ਗਿਆ ਹੈ | ਜਸਬੀਰ ਭੁੱਲਰ ਰਚਿਤ ਪੁਸਤਕ 'ਅਸਲੀ ਮਨੁੱਖ ਦਾ ਜਨਮ' ਵੀ ਇਸੇ ਕੜੀ ਦੀ ਅਗਲੀ ਲੜੀ ਹੈ, ਜਿਸ ਵਿਚ ਰਾਸ਼ਟਰ ਪਿਤਾ ਦੇ ਜੀਵਨ ਦੇ ਮੁੱਢਲੇ 15 ਸਾਲਾਂ ਨੂੰ ਆਧਾਰ ਬਣਾ ਕੇ ਪੇਸ਼ ਕੀਤਾ ਗਿਆ ਹੈ | ਇਹ ਬਾਲ ਨਾਵਲ ਕੁੱਲ 22 ਕਾਂਡਾਂ ਵਿਚ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿਚ ਆਰੰਭਕ ਪੜਾਅ ਤੋਂ ਲੈ ਕੇ 15ਵੇਂ ਵਰ੍ਹੇ ਤੱਕ ਗਾਂਧੀ ਜੀ ਦੀ ਬਾਲ ਅਵਸਥਾ ਦੇ ਭਿੰਨ-ਭਿੰਨ ਪਹਿਲੂਆਂ ਨੂੰ ਚਿੱਤਿ੍ਤ ਕੀਤਾ ਗਿਆ ਹੈ | ਬਚਪਨ ਵਿਚ ਹੀ ਗਾਂਧੀ ਜੀ ਕੁਝ ਸਮਾਜਿਕ ਬੁਰਾਈਆਂ ਅਤੇ ਨਸ਼ਾਖ਼ੋਰੀ ਦਾ ਸ਼ਿਕਾਰ ਹੋਣ ਲੱਗਦੇ ਹਨ ਪਰ ਛੇਤੀ ਹੀ ਧਾਰਮਿਕ ਸੰਸਕਾਰਾਂ ਦਾ ਅਨੁਸਰਨ ਕਰਨ ਵਾਲੇ ਪਰਿਵਾਰਾਂ ਵਿਚ ਜੰਮੇ-ਪਲੇ ਇਸ ਬਾਲਕ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਜੀਵਨ-ਮੁੱਲਾਂ ਤੋਂ ਭਟਕ ਜਾਣ ਦਾ ਅਹਿਸਾਸ ਵੀ ਹੋਣ ਲੱਗਦਾ ਹੈ | ਉਹ ਆਪਣੀਆਂ ਗ਼ਲਤ ਆਦਤਾਂ ਅਤੇ ਗਿਲਾਨੀ ਦਾ ਪ੍ਰਾਸਚਿਤ ਕਰਦਾ ਹੋਇਆ ਪਿਤਾ ਨੂੰ ਚਿੱਠੀ ਲਿਖ ਕੇ ਿਖ਼ਮਾ ਯਾਚਨਾ ਕਰਦਾ ਹੈ | ਭਾਵੇਂ ਇਸ ਬਾਲ ਨਾਵਲ ਵਿਚ ਕੁਝ ਭੂਤ-ਪ੍ਰੇਤਾਂ ਆਦਿ ਪ੍ਰਾਸਰੀਰਕ ਪਾਤਰਾਂ ਬਾਰੇ ਕੁਝ ਇਕ ਅੰਧਵਿਸ਼ਵਾਸੀ ਬਿਰਤਾਂਤ ਸ਼ਾਮਿਲ ਹੋ ਗਏ ਹਨ ਪਰ ਕੁੱਲ ਮਿਲਾ ਕੇ ਇਹ ਪੁਸਤਕ ਮਹਾਤਮਾ ਗਾਂਧੀ ਜੀ ਨੂੰ ਇਕ ਆਦਰਸ਼ਕ ਬਾਲ ਨਾਇਕ ਵਜੋਂ ਪੇਸ਼ ਕਰਦਾ ਹੈ, ਜੋ ਸਚਾਈ ਅਤੇ ਦੇਸ਼ ਭਗਤੀ ਦੀ ਇਕ ਸ਼ਾਨਦਾਰ ਮਿਸਾਲ ਸਿੱਧ ਹੁੰਦਾ ਹੈ | ਕੁੱਲ ਮਿਲਾ ਕੇ ਇਹ ਬਾਲ ਨਾਵਲ ਬਾਲ ਪਾਠਕਾਂ ਲਈ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਅਨਮੋਲ ਬਚਨ

• ਜਿਸ ਨੂੰ ਹਾਰ ਦਾ ਡਰ ਹੈ, ਉਸ ਦੀ ਹਾਰ ਪੱਕੀ ਹੈ |
• ਆਪਣੀ ਕਮਜ਼ੋਰੀ ਦਾ ਜ਼ਿਕਰ ਕਦੇ ਨਾ ਕਰੋ ਦੁਨੀਆ ਦੇ ਸਾਹਮਣੇ | ਸੁਣਿਆ ਹੈ ਲੋਕ ਕਟੀ ਹੋਈ ਪਤੰਗ ਨੂੰ ਜਮ ਕੇ ਲੱੁਟਦੇ ਹਨ |
• ਦੂਜਿਆਂ 'ਤੇ ਤਾਂ ਅਕਸਰ ਤਮਾਸ਼ਬੀਨ ਵੀ ਹੱਸ ਲਿਆ ਕਰਦੇ ਹਨ, ਜੇਕਰ ਜ਼ਿੰਦਾਦਿਲ ਹੋ ਤਾਂ ਕਦੇ ਆਪਣੇ-ਆਪ 'ਤੇ ਵੀ ਹੱਸ ਕੇ ਵਿਖਾਓ |
• ਮੁਲਾਕਾਤ ਜ਼ਰੂਰੀ ਹੈ, ਜੇਕਰ ਰਿਸ਼ਤੇ ਨਿਭਾਉਣੇ ਹੋਣ | ਨਹੀਂ ਤਾਂ ਲਾ ਕੇ ਭੱੁਲ ਜਾਣ ਨਾਲ ਤਾਂ ਬੂਟੇ ਵੀ ਸੱੁਕ ਜਾਂਦੇ ਹਨ |
• ਆਪਣੇ ਦੁਸ਼ਮਣਾਂ ਨੂੰ ਹਮੇਸ਼ਾ ਮੁਆਫ਼ ਕਰ ਦਿਓ | ਉਨ੍ਹਾਂ ਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਪ੍ਰੇਸ਼ਾਨ ਕਰ ਸਕਦਾ |
• ਤੁਸੀਂ ਜਿੱਤੋ ਜਾਂ ਹਾਰੋ, ਕੋਸ਼ਿਸ਼ ਨਾ ਛੱਡੋ, ਖੱੁਲ੍ਹਦੇ ਹਨ ਦਰਵਾਜ਼ੇ ਖੜਕਾਉਣ ਤੋਂ ਬਾਅਦ |
• ਅਕਸਰ ਸੱੁਕੇ ਹੋਏ ਬੱੁਲ੍ਹਾਂ 'ਤੇ ਹੀ ਹੁੰਦੀਆਂ ਹਨ ਮਿੱਠੀਆਂ ਗੱਲਾਂ | ਪਿਆਸ ਬੁਝ ਜਾਵੇ ਤਾਂ ਅਲਫ਼ਾਜ਼ ਤੇ ਇਨਸਾਨ ਦੋਵੇਂ ਬਦਲ ਜਾਂਦੇ ਹਨ |
• ਝੂਠੇ ਮਿੱਤਰ ਪ੍ਰਛਾਵੇਂ ਵਾਂਗ ਹੁੰਦੇ ਹਨ | ਧੱੁਪ ਵਿਚ ਨਾਲ ਚਲਦੇ ਹਨ ਤੇ ਹਨੇਰੇ ਵਿਚ ਸਾਥ ਛੱਡ ਦਿੰਦੇ ਹਨ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ | ਮੋਬਾ: 95018-10181

ਬਾਲ ਕਵਿਤਾ: ਆਓ ਸਾਰੇ ਪਾਣੀ ਬਚਾਈਏ

ਆਓ ਬੱਚਿਓ ਸਮਝਦਾਰੀ ਦਿਖਾਈਏ,
ਪਾਣੀ ਦੀ ਬੰੂਦ-ਬੰੂਦ ਬਚਾਈਏ |
ਪਾਣੀ ਹੈ ਆਪਣਾ ਜੀਵਨ ਬੱਚਿਓ,
ਰਲ-ਮਿਲ ਆਪਣਾ ਜੀਵਨ ਬਚਾਈਏ |
ਟੂਟੀਆਂ ਜੋ ਨੇ ਖੱੁਲ੍ਹੀਆਂ ਛੱਡਦੇ,
ਉਨ੍ਹਾਂ ਨੂੰ ਪਿਆਰ ਦੇ ਨਾਲ ਸਮਝਾਈਏ |
ਕੁਦਰਤ ਨੇ ਸਾਨੂੰ ਬਖ਼ਸ਼ੇ ਤੋਹਫ਼ੇ,
ਸਾਰੇ ਇਨ੍ਹਾਂ ਦਾ ਲਾਭ ਉਠਾਈਏ |
ਜ਼ਿਦੋ-ਜ਼ਿਦ ਨਾ ਡੋਲ੍ਹੀਏ ਪਾਣੀ,
ਚੰਗੇ ਨਾਗਰਿਕ ਬਣ ਦਿਖਾਈਏ |
ਟੈਂਕੀ ਭਰਨ 'ਤੇ ਰੱਖੋ ਖਿਆਲ,
ਐਵੇਂ ਨਾ ਥਾਂ-ਥਾਂ ਛੱਪੜ ਲਾਈਏ |
ਪਾਣੀ ਦਾ ਵੀ ਲੇਖਾ ਦੇਣਾ ਪੈਂਦਾ,
ਐਵੇਂ ਨਾ ਸਿਰ ਭਾਰ ਚੜ੍ਹਾਈਏ |
'ਬਸਰੇ' ਰੋਜ਼ ਨਾ ਗੱਡੀਆਂ ਧੋਈਏ,
'ਪਾਈਪ' ਲਾ ਕੇ ਨਾ ਕਦੇ ਨਹਾਈਏ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX