ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  42 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ

ਕੀ ਪੰਜਾਬ ਦੀਆਂ ਜਵਾਨੀਆਂ ਸੱਚਮੁੱਚ ਗੁੰਮ ਗਈਆਂ ਹਨ? ਕੀ ਪੰਜਾਬੀ ਨੌਜਵਾਨ ਸੱਚਮੁੱਚ ਹੀ ਨਸ਼ੇ ਪੱਤੇ 'ਚ ਗਰਕ ਗਏ ਹਨ? ਕੀ ਉਨ੍ਹਾਂ ਦੇ ਸਾਹਮਣੇ ਜੀਵਨ ਦਾ ਕੋਈ ਉਸਾਰੂ ਉਦੇਸ਼ ਨਹੀਂ ਰਿਹਾ? ਕੀ ਉਹ ਸੱਚਮੁੱਚ ਹੀ ਨਿਪੁੰਸਕ ਹੋ ਰਹੇ ਹਨ? ਕੀ ਹੋਵੇਗਾ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਭਵਿੱਖ? ਕੀ ਰੰਗਲਾ ਪੰਜਾਬ ਸੱਚਮੁੱਚ ਕੰਗਲਾ ਹੋ ਗਿਐ? ਅਜਿਹੇ ਅਨੇਕਾਂ ਸਵਾਲ ਹਨ ਜੋ ਪੰਜਾਬ ਦਾ ਦਰਦ ਰੱਖਣ ਵਾਲੇ ਦਰਦੀਆਂ ਦੇ ਮਨਾਂ 'ਚ ਪੈਦਾ ਹੋ ਰਹੇ ਹਨ | ਪੰਜਾਬ ਦੇ ਜਵਾਨਾਂ ਬਾਰੇ ਜੋ ਰਿਪੋਰਟਾਂ ਆ ਰਹੀਆਂ ਹਨ ਉਹ ਪੰਜਾਬ ਦੇ ਬੁੱਧੀਜੀਵੀਆਂ ਦੀ ਚਿੰਤਾ ਵਧਾਉਣ ਵਾਲੀਆਂ ਹਨ | ਅਜਿਹੀ ਹਾਲਤ ਵਿਚ ਆਦਰਸ਼ਕ ਅਧਿਆਪਕਾਂ, ਲੋਕ-ਪੱਖੀ ਲੇਖਕਾਂ ਤੇ ਕਲਾਕਾਰਾਂ, ਇਮਾਨਦਾਰ ਅਫ਼ਸਰਾਂ, ਪਰਉਪਕਾਰੀ ਡਾਕਟਰਾਂ, ਸੇਵਾਭਾਵੀ ਸਿਆਸਤਦਾਨਾਂ, ਮਜ਼੍ਹਬੀ ਰਹਿਬਰਾਂ ਤੇ ਸੰਵੇਦਨਸ਼ੀਲ ਸੱਜਣਾਂ, ਸਭਨਾਂ ਨੂੰ ਰਲ ਮਿਲ ਕੇ ਇਸ ਵਬਾਅ ਦਾ ਕੋਈ ਉਪਾਅ ਕਰਨਾ ਚਾਹੀਦੈ | ਪੰਜਾਬ ਨੂੰ ਨਸ਼ਿਆਂ ਪੱਤਿਆਂ ਦੀ ਜਿੱਲ੍ਹਣ 'ਚੋਂ ਕੱਢਣਾ ਚਾਹੀਦੈ |
ਕਦੇ ਪੰਜਾਬ ਦੁੱਧ ਘਿਉ ਦੀਆਂ ਲਹਿਰਾਂ ਬਹਿਰਾਂ ਵਾਲਾ ਦੇਸ਼ ਕਿਹਾ ਜਾਂਦਾ ਸੀ | ਅਕਸਰ ਗਾਇਆ ਜਾਂਦਾ ਸੀ: 'ਸੋਹਣਾ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ |' ਪੰਜਾਬ ਦੇਸੀ ਖੁਰਾਕਾਂ, ਅਧਰਿੜਕੇ ਮਲਾਈਆਂ, ਖੋਏ ਪੰਜੀਰੀਆਂ, ਬਦਾਮਾਂ ਦੀਆਂ ਸ਼ਰਦਾਈਆਂ, ਘੋਲ ਕਬੱਡੀਆਂ, ਰੁਸਤਮ-ਏ-ਹਿੰਦ ਪਹਿਲਵਾਨਾਂ, ਚੈਂਪੀਅਨ ਖਿਡਾਰੀਆਂ, ਬਹਾਦਰ ਫ਼ੌਜੀਆਂ, ਸੁਤੰਤਰਤਾ ਸੰਗਰਾਮੀਆਂ, ਨਿਡਰ ਜੋਧਿਆਂ, ਬਾਰਾਂ, ਬੰਜਰਾਂ ਤੇ ਤਰਾਈਆਂ ਆਬਾਦ ਕਰਨ ਵਾਲੇ ਮਿਹਨਤੀ ਕਿਸਾਨਾਂ ਕਰਕੇ ਜਾਣਿਆ ਜਾਂਦਾ ਸੀ | ਪਰ ਹੁਣ ਨਸ਼ੇੜੀਆਂ ਦੇ ਪੰਜਾਬ ਵਜੋਂ ਜਾਣਿਆ ਜਾਣ ਲੱਗਾ ਹੈ | ਅੱਗੇ ਪੰਜਾਬ ਵਿਚ ਤਿੰਨ ਚਾਰ ਨਸ਼ੇ ਹੀ ਸੁਣਦੇ ਸਾਂ | ਅਫ਼ੀਮ, ਸ਼ਰਾਬ, ਭੰਗ ਤੇ ਭੁੱਕੀ | ਹੁਣ ਤਾਂ ਕੋਈ ਅੰਤ ਹੀ ਨਹੀਂ ਰਿਹਾ | ਸਿੰਥੈਟਿਕ ਨਸ਼ਿਆਂ ਦੀਆਂ ਬੇਸ਼ੁਮਾਰ ਕਿਸਮਾਂ, ਗੋਲੀਆਂ, ਕੈਪਸੂਲ, ਟੀਕੇ, ਪਾਊਡਰ, ਹੈਰੋਇਨ, ਸਮੈਕ, ਚਰਸ, ਸੁਲਫ਼ਾ, ਕਰੈਕ, ਕੋਕੀਨ, ਮਾਰਫਿਨ, ਮੀਥਾਡੋਨ, ਮੈਪਰੀਡੋਨ, ਨਾਫੀਨ ਤੇ ਤੇ ਜ਼ਹਿਰੀ ਰਸਾਇਣ ਮਿਲਾ ਕੇ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਨਸ਼ੀਲਾ ਪਦਾਰਥ 'ਚਿੱਟਾ'!
ਚਿੱਟੇ ਦਾ ਨਸ਼ਾ ਨੱਕ ਰਾਹੀਂ ਵੀ ਲਿਆ ਜਾਂਦਾ ਹੈ ਤੇ ਨਾੜ ਰਾਹੀਂ ਵੀ | ਕਈ ਵਾਰ ਓਵਰਡੋਜ਼ ਲੈਣ ਨਾਲ ਸਰਿੰਜ ਨਾੜ 'ਚੋਂ ਕੱਢਣ ਤੋਂ ਪਹਿਲਾਂ ਹੀ ਨਸ਼ੇੜੀ ਦੀ ਮੌਤ ਹੋ ਜਾਂਦੀ ਹੈ | ਅਜਿਹੀਆਂ ਦਰਦਨਾਕ ਖ਼ਬਰਾਂ ਨਾਲ ਅਖ਼ਬਾਰਾਂ ਦੇ ਸਫ਼ੇ ਭਰੇ ਰਹਿੰਦੇ ਹਨ | ਚਿੱਟਾ ਵਸਦੇ ਰਸਦੇ ਘਰਾਂ ਦੇ ਹੋਣਹਾਰ ਚਿਰਾਗ਼ਾਂ ਦੀ ਰੌਸ਼ਨੀ ਬੁਝਾ ਕੇ ਹਨ੍ਹੇਰ ਲਿਆਈ ਜਾਂਦਾ ਹੈ | ਇਹ ਐਸਾ ਨਾਮੁਰਾਦ ਨਸ਼ਾ ਹੈ ਜੀਹਨੂੰ ਜੇ ਕੋਈ ਇਕ ਵਾਰ ਲੈ ਬੈਠੇ ਮੁੜ ਕੇ ਛੱਡਣਾ ਔਖਾ ਹੋ ਜਾਂਦਾ ਹੈ | ਇਹਦਾ ਅਸਰ ਸ਼ੁਕਰਾਣੂਆਂ 'ਤੇ ਵੀ ਪੈਂਦਾ ਹੈ ਜਿਸ ਕਰਕੇ ਨਸ਼ੇੜੀ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦਾ | ਚਿੱਟੇ ਦਾ ਨਸ਼ਾ ਕਰਨ ਵਾਲਾ ਨਸ਼ੇੜੀ ਹਰ ਵੇਲੇ ਅਗਲੀ ਡੋਜ਼ ਦੀ ਭਾਲ ਵਿਚ ਭਟਕਦਾ ਰਹਿੰਦਾ ਹੈ ਤੇ ਇਹੋ ਉਹਦਾ ਜੀਵਨ ਉਦੇਸ਼ ਬਣ ਜਾਂਦਾ ਹੈ |
ਨਸ਼ਿਆਂ ਦੀ ਲਤ ਪੂਰੀ ਕਰਨ ਲਈ ਨਸ਼ੇੜੀਆਂ ਵੱਲੋਂ ਚੋਰੀਆਂ, ਲੁੱਟਾਂ-ਖੋਹਾਂ, ਦਿਨ ਦਿਹਾੜੇਡਾਕੇ, ਬੈਂਕ ਡਕੈਤੀਆਂ, ਔਰਤਾਂ ਨਾਲ ਛੇੜਛਾੜ, ਜਬਰ ਜਨਾਹ, ਅਗਵਾ, ਕਤਲ, ਫਿਰੌਤੀਆਂ, ਅੰਨ੍ਹੇਵਾਹ ਸੜਕ ਹਾਦਸੇ ਤੇ ਹਰ ਤਰ੍ਹਾਂ ਦੇ ਘਿਣਾਉਣੇ ਅਪਰਾਧ ਨਿੱਤ ਪੜ੍ਹਨ-ਸੁਣਨ ਨੂੰ ਮਿਲਦੇ ਹਨ | ਰਿਪੋਰਟਾਂ ਹਨ ਕਿ ਮਾਲਵੇ ਦੇ 65 ਫੀਸਦੀ ਅਤੇ ਮਾਝੇ/ਦੁਆਬੇ ਦੇ 68 ਫੀਸਦੀ ਪਰਿਵਾਰਾਂ ਦੇ ਜੀਅ ਨਸ਼ਿਆਂ ਦੀ ਗਿ੍ਫ਼ਤ ਵਿਚ ਆ ਚੁੱਕੇ ਹਨ | ਪੰਜਾਬ ਦੇ 1 ਲੱਖ 23 ਹਜ਼ਾਰ ਨਸ਼ੇੜੀ ਹੈਰੋਇਨ ਦਾ ਅਤਿ ਮਹਿੰਗਾ ਤੇ ਮਾਰੂ ਨਸ਼ਾ ਕਰਨ ਲੱਗ ਪਏ ਹਨ ਜਿਸ ਦੀ ਕੀਮਤ ਪ੍ਰਤੀ ਗਰਾਮ ਚਾਰ ਤੋਂ ਪੰਜ ਹਜ਼ਾਰ ਰੁਪਏ ਤਕ ਜਾ ਪਹੁੰਚੀ ਹੈ | 1995 ਤਕ ਸਮੈਕ ਲੈਣ ਵਾਲੇ ਨਸ਼ੇੜੀ, ਕੱੁਲ ਨਸ਼ੱਈਆਂ 'ਚੋਂ 3% ਸਨ ਜੋ ਤਿੰਨ ਸਾਲਾਂ ਵਿਚ ਹੀ 16% ਹੋ ਗਏ ਸਨ | ਦਿਨੋ ਦਿਨ ਇਹ ਫੀਸਦੀ ਹੋਰ ਵਧੀ ਜਾ ਰਹੀ ਹੈ | ਰਿਪੋਰਟ ਅਨੁਸਾਰ ਵਧੇਰੇ ਨਸ਼ੇੜੀ 18-30 ਸਾਲ ਦੀ ਉਮਰ ਦੇ ਹਨ | ਅੰਕੜੇ ਦੱਸਦੇ ਹਨ ਕਿ ਹਰ ਸਾਲ 7500 ਕਰੋੜ ਰੁਪਏ ਦੀਆਂ ਨਸ਼ੀਲੀਆਂ ਡਰੱਗਾਂ ਦੀ ਸਮਗਲਿੰਗ ਹੋ ਰਹੀ ਹੈ ਜਿਸ ਨਾਲ ਸਮੱਗਲਰਾਂ ਤੇ ਉਨ੍ਹਾਂ ਦੇ ਸਰਪ੍ਰਸਤ ਅਫ਼ਸਰਾਂ/ਸਿਆਸਤਦਾਨਾਂ ਦੇ ਵਾਰੇ ਨਿਆਰੇ ਹੋ ਰਹੇ ਹਨ | ਨਸ਼ਿਆਂ ਖ਼ਾਤਰ ਪੁੱਤਰਾਂ ਹੱਥੋਂ ਪਿਉ ਮਾਰ ਦੇਣ ਦੀਆਂ ਗੱਲਾਂ ਖੁੰਢ-ਚਰਚਾ ਬਣ ਗਈਆਂ ਹਨ |
ਪਹਿਲਾਂ ਪੰਜਾਬ ਵਿਚ ਪਾਣੀ ਦੇ ਪਿਆਓ ਲਗਦੇ ਸਨ | ਹੁਣ ਸ਼ਰਾਬ ਦੇ ਠੇਕੇ ਹੀ ਪਾਣੀ ਦੇ ਪਿਆਓ ਲਾਉਣ ਵਾਂਗ ਹੋ ਗਏ ਹਨ | ਸੰਨ 2006 ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 5600 ਸੀ | ਦਸਾਂ ਸਾਲਾਂ ਵਿਚ ਪੰਜਾਬ ਦੇ ਠੇਕਿਆਂ ਦੀ ਗਿਣਤੀ 9 ਹਜ਼ਾਰ ਤੋਂ ਵੀ ਵਧ ਗਈ ਅਤੇ ਖੱਪਤ ਵੀ ਦੁੱਗਣੀ ਹੋ ਗਈ ਹੈ | ਖ਼ਬਰ ਹੈ ਕਿ 3 ਕਰੋੜ ਤੋਂ ਘੱਟ ਆਬਾਦੀ ਵਾਲੇ ਪੰਜਾਬ ਵਿਚ ਸਾਲਾਨਾ 38 ਕਰੋੜ ਤੋਂ ਵੱਧ ਬੀਅਰ/ਸ਼ਰਾਬ ਦੀਆਂ ਬੋਤਲਾਂ ਵਰਤਾਈਆਂ ਜਾਂਦੀਆਂ ਹਨ | ਸ਼ਰਾਬ ਦੇ ਠੇਕਿਆਂ ਤੋਂ ਪੰਜਾਬ ਸਰਕਾਰ ਨੂੰ ਸਾਲਾਨਾ 5000 ਕਰੋੜ ਤੋਂ ਵੱਧ ਦੀ 'ਕਮਾਈ' ਹੋਣ ਲੱਗ ਪਈ ਹੈ | ਅੱਗੋਂ ਠੇਕੇਦਾਰ ਤੇ ਨਾਜਾਇਜ਼ ਸ਼ਰਾਬ ਕੱਢਣ/ਵੇਚਣ ਵਾਲੇ ਕਿੰਨੇ ਕਮਾਉਂਦੇ ਹਨ, ਉਹਦਾ ਕੋਈ ਲੇਖਾ ਨਹੀਂ | ਦਸ ਸਾਲ ਪਹਿਲਾਂ ਪੰਜਾਬੀ ਰੋਜ਼ਾਨਾ 8 ਕਰੋੜ ਦੀ ਸ਼ਰਾਬ ਪੀਂਦੇ ਸਨ ਹੁਣ ਹਰ ਰੋਜ਼ 13 ਕਰੋੜ ਦੀ ਪੀ ਕੇ ਵੀ ਕਹਿੰਦੇ ਹਨ ਸਾਡਾ ਏਨੀ ਨਾਲ ਨਹੀਂ ਸਰਦਾ!
ਸੱਭਿਆਚਾਰਕ ਕਦਰਾਂ-ਕੀਮਤਾਂ 'ਚ ਆਇਆ ਇਕ ਹੋਰ ਨਿਘਾਰ ਇਹ ਕਿ ਪਹਿਲਾਂ ਪੰਜਾਬ 'ਚ ਕੇਵਲ ਮਰਦ ਹੀ ਸ਼ਰਾਬ ਪੀਂਦੇ ਸਨ, ਹੁਣ ਕਈ ਔਰਤਾਂ ਵੀ 'ਆਧੁਨਿਕ' ਹੋਈਆਂ ਇਕ ਦੂਜੀ ਦੀ ਰੀਸ ਨਾਲ ਇਸ ਦਾ ਸੇਵਨ ਕਰਨ ਲੱਗ ਪਈਆਂ ਹਨ | ਖਾਂਦੇ ਪੀਂਦੇ ਘਰਾਂ 'ਚ ਇਸ ਨੂੰ 'ਸੱਭਿਅਕ' ਸਮਝਿਆ ਜਾ ਰਿਹੈ! ਪਾਰਟੀਆਂ ਵਿਚ ਮੁੰਡੇ ਕੁੜੀਆਂ ਦਾ 'ਕੱਠਿਆਂ ਨਸ਼ਾ ਕਰਨਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ |
ਬੀਤੇ ਸਮੇਂ ਪੰਜਾਬ ਦੇ ਜਵਾਨਾਂ ਦੀ ਉਪਮਾ ਵਿਚ ਬੜੇ ਗੀਤ ਲਿਖੇ ਗਏ ਤੇ ਵਾਰਾਂ ਗਾਈਆਂ ਗਈਆਂ | ਉਨ੍ਹਾਂ ਦੇ ਸਰੂ ਵਰਗੇ ਕੱਦਾਂ, ਚੌੜੀਆਂ ਹਿੱਕਾਂ, ਵੇਲਣਿਆਂ ਵਰਗੇ ਪੱਟਾਂ ਤੇ ਮੱਛਲੀਆਂ ਵਾਲੇ ਡੌਲਿਆਂ ਦੀਆਂ ਉਸਤਤਾਂ ਦੇ ਪੁਲ ਬੰਨ੍ਹੇ ਗਏ | ਪ੍ਰੋ: ਪੂਰਨ ਸਿੰਘ ਤੇ ਧਨੀ ਰਾਮ ਚਾਤਿ੍ਕ ਵਰਗੇ ਕਵੀਆਂ ਨੇ ਪੰਜਾਬ ਦੇ ਜਵਾਨਾਂ ਦੀ ਰੱਜ ਕੇ ਸਿਫ਼ਤ ਕੀਤੀ | ਪੰਜਾਬ ਦੇ ਖਿਡਾਰੀਆਂ ਬਾਰੇ ਬੜੇ ਸਿਫ਼ਤੀ ਲੇਖ ਲਿਖੇ ਗਏ | ਅਖੇ ਪੰਜਾਬੀ ਜਿੰਨੇ ਜ਼ੋਰ ਨਾਲ ਹਲ ਵਾਹੁੰਦੇ ਹਨ ਉਨੇ ਹੀ ਜ਼ੋਰ ਨਾਲ ਖੇਡਦੇ ਹਨ | ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਓਨੇ ਹੀ ਉਤਸ਼ਾਹ ਨਾਲ ਖੇਡ ਮੁਕਾਬਲਿਆਂ 'ਚ ਸ਼ਰੀਕ ਹੁੰਦੇ ਹਨ | ਮੈਂ ਆਪਣੀ ਅੱਖੀਂ ਵੇਖਦਾ ਤੇ ਲਿਖਦਾ ਰਿਹਾਂ | ਬੜੀ ਟੌਹਰ ਹੁੰਦੀ ਸੀ ਪੰਜਾਬ ਦੇ ਖਿਡਾਰੀਆਂ ਦੀ! ਦੇਸ਼ ਪੱਧਰ ਦੀਆਂ ਖੇਡਾਂ ਦੇ ਬਹੁਤੇ ਨੈਸ਼ਨਲ ਰਿਕਾਰਡ ਪੰਜਾਬੀ ਖਿਡਾਰੀਆਂ ਦੇ ਨਾਂਅ ਹੁੰਦੇ ਸਨ | ਉਦੋਂ ਮਿਲਖਾ ਸਿੰਘ ਤੇ ਗੁਰਬਚਨ ਸਿੰਘ ਰੰਧਾਵੇ ਦੇ ਨਾਂਅ ਤਿੰਨ-ਤਿੰਨ ਚਾਰ-ਚਾਰ ਕੌਮੀ ਰਿਕਾਰਡ ਸਨ | ਪ੍ਰਦੁੱਮਣ ਸਿੰਘ, ਬਲਕਾਰ ਸਿੰਘ, ਮਹਿੰਦਰ ਸਿੰਘ, ਸਰਵਣ ਸਿੰਘ, ਅਜੀਤ ਸਿੰਘ ਤੇ ਜੋਗਿੰਦਰ ਸਿੰਘ ਵਰਗਿਆਂ ਦੀ ਏਸ਼ੀਆ 'ਚ ਝੰਡੀ ਹੁੰਦੀ ਸੀ | ਭਾਰਤੀ ਟੀਮ ਹਾਕੀ ਦੇ ਗੋਲਡ ਮੈਡਲ ਆਮ ਕਰ ਕੇ ਪੰਜਾਬੀ ਖਿਡਾਰੀਆਂ ਦੇ ਸਿਰ 'ਤੇ ਜਿੱਤ ਦੀ ਸੀ | ਦੇਸ਼ ਦੀ ਆਜ਼ਾਦੀ ਪਿੱਛੋਂ ਵੀਹ ਪੱਚੀ ਸਾਲਾਂ ਤੱਕ ਭਾਰਤ ਨੇ ਏਸ਼ਿਆਈ ਜਾਂ ਹੋਰ ਕੌਮਾਂਤਰੀ ਖੇਡ ਮੁਕਾਬਲਿਆਂ 'ਚੋਂ ਜੋ ਮੈਡਲ ਜਿੱਤੇ ਉਹ ਵਧੇਰੇ ਕਰ ਕੇ ਪੰਜਾਬੀ ਖਿਡਾਰੀਆਂ ਰਾਹੀਂ ਜਿੱਤੇ | ਪੁਲਿਸ ਤੇ ਫੌਜ ਵਿਚ ਵਿਖਾਈ ਬਹਾਦਰੀ ਦੇ ਵਧੇਰੇ ਮੈਡਲ ਤੇ ਪੁਰਸਕਾਰ ਵੀ ਪੰਜਾਬੀ ਜਵਾਨ ਪ੍ਰਾਪਤ ਕਰਦੇ ਸਨ | ਪਰ ਹੁਣ ਪੰਜਾਬੀਆਂ ਦੀ ਉਹ ਚੜ੍ਹਤ ਨਹੀਂ ਰਹੀ | ਪੰਜਾਬ ਦੇ ਹਾਕਮ ਵਿਕਾਸ ਦੀਆਂ ਜੋ ਮਰਜ਼ੀ ਟਾਹਰਾਂ ਪਏ ਮਾਰਨ ਪਰ ਜੋ ਅਸਲੀਅਤ ਹੈ ਉਹ ਕਿਸੇ ਤੋਂ ਗੁੱਝੀ ਨਹੀਂ | ਰਾਜਸੀ ਸਰਪ੍ਰਸਤੀ ਵਾਲੇ ਚੰਦ ਘਰਾਂ ਨੂੰ ਛੱਡ ਕੇ ਆਮ ਘਰਾਂ 'ਚ ਭੰਗ ਭੁੱਜਦੀ ਹੈ | ਹੁਣ ਤਾਂ ਕੋਈ ਹਰਿਆ ਬੂਟ ਰਹਿਓ ਵਾਲੀ ਗੱਲ ਹੋਈ ਪਈ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਵੇ ਚੰਨ ਮਾਹੀ ਜੇ ਚੱਲਿਆਂ ਮੁਲਤਾਨ

ਮੁਲਤਾਨ ਆਦਿ ਕਾਲ ਤੋਂ ਹੀ ਪੰਜਾਬ ਦਾ ਇਕ ਮਹਾਨ ਸ਼ਹਿਰ ਮੰਨਿਆ ਜਾਂਦਾ ਹੈ ਜੋ ਲਾਹੌਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਕਿਹਾ ਜਾ ਸਕਦਾ | ਮੱਧ ਕਾਲ ਵਿਚ ਪੰਜਾਬ ਨੂੰ ਤਿੰਨ ਸੂਬਿਆਂ, ਸਰਹਿੰਦ, ਲਾਹੌਰ ਅਤੇ ਮੁਲਤਾਨ ਵਿਚ ਵੰਡਿਆ ਹੋਇਆ ਸੀ, ਤਿੰਨਾਂ ਦੇ ਅਲੱਗ-ਅਲੱਗ ਆਜ਼ਾਦਾਨਾ ਸੂਬੇਦਾਰ ਲਗਦੇ ਸਨ | ਮੁਲਤਾਨ ਦਾ ਇਲਾਕਾ ਪੰਜਾਬ ਵਿਚ ਸਭ ਤੋਂ ਪਹਿਲਾਂ ਇਸਲਾਮੀ ਰਾਜ ਹੇਠ ਆਇਆ ਸੀ | ਇਸ 'ਤੇ 712 ਈ. ਵਿਚ ਹੀ ਅਰਬੀ ਜਨਰਲ ਮੁਹੰਮਦ ਬਿਨ ਕਾਸਿਮ ਨੇ ਕਬਜ਼ਾ ਕਰ ਲਿਆ ਸੀ | ਉਦੋਂ ਤੋਂ ਲੈ ਕੇ ਇਹ ਲਗਾਤਾਰ ਇਸਲਾਮੀ ਬਾਦਸ਼ਾਹਾਂ-ਨਵਾਬਾਂ ਦੇ ਕਬਜ਼ੇ ਹੇਠ ਰਿਹਾ | 1818 ਈ. ਵਿਚ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਤੌਰ 'ਤੇ ਕਬਜ਼ਾ ਜਮਾ ਲਿਆ | ਇਸ ਵੇਲੇ ਇਹ ਪਾਕਿਸਤਾਨੀ ਪੰਜਾਬ ਦਾ ਇਕ ਅਹਿਮ ਸ਼ਹਿਰ ਹੈ | ਬਹਾਵਲਪੁਰ, ਉੱਚ ਅਤੇ ਡੇਰਾ ਗਾਜ਼ੀ ਖ਼ਾਨ ਇਸ ਦੇ ਗੁਆਂਢੀ ਸ਼ਹਿਰ ਹਨ | ਪੰਜਾਬ ਦੇ ਮਹਾਨ ਸੰਤ ਸ਼ੇਖ ਫ਼ਰੀਦ ਸ਼ਕਰਗੰਜ ਦਾ ਜਨਮ ਮੁਲਤਾਨ ਦੇ ਪਿੰਡ ਕੋਠੇਵਾਲ ਵਿਖੇ 1175 ਈਸਵੀ ਨੂੰ ਹੋਇਆ ਸੀ |
ਚਨਾਬ ਦਰਿਆ ਦੇ ਕਿਨਾਰੇ ਵਸਿਆ ਇਹ ਸ਼ਹਿਰ ਇਸ ਵੇਲੇ ਜ਼ਿਲ੍ਹਾ ਹੈੱਡਕੁਆਰਟਰ ਹੈ ਤੇ ਪਾਕਿਸਤਾਨ ਦਾ ਸੱਤਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ | ਇਸ ਜ਼ਿਲ੍ਹੇ ਦਾ ਕੁੱਲ ਰਕਬਾ 302 ਸੁਕੇਅਰ ਕਿ.ਮੀ. ਹੈ ਤੇ ਅਬਾਦੀ 20 ਲੱਖ ਦੇ ਕਰੀਬ ਹੈ | ਇਹ ਮੱਧ ਕਾਲ ਵਿਚ ਭਾਰਤ ਦਾ ਇਕ ਅਹਿਮ ਵਪਾਰਕ ਕੇਂਦਰ ਸੀ | ਮੱਧ ਕਾਲ ਵਿਚ ਇਸ ਧਰਤੀ ਨੂੰ ਸ਼ੇਖ ਫ਼ਰੀਦ ਸਮੇਤ ਐਨੇ ਸੂਫ਼ੀ ਸੰਤਾਂ ਨੇ ਭਾਗ ਲਗਾਏ ਹਨ ਕਿ ਇਸ ਨੂੰ ਪੀਰਾਂ-ਫ਼ਕੀਰਾਂ ਦਾ ਸ਼ਹਿਰ ਕਿਹਾ ਜਾਣ ਲੱਗਾ | ਸੂਫ਼ੀ ਸੰਤਾਂ ਦੇ ਐਨੇ ਮਜ਼ਾਰ ਹੋਰ ਕਿਸੇ ਸ਼ਹਿਰ ਵਿਚ ਨਹੀਂ ਮਿਲਦੇ | ਇਸ ਦਾ ਨਾਮ ਮੁਲਤਾਨ ਕਿਵੇਂ ਪਿਆ, ਇਸ ਬਾਰੇ ਕੋਈ ਸਪੱਸ਼ਟ ਧਾਰਨਾ ਨਹੀਂ ਹੈ | ਇਥੋਂ ਦੇ ਪ੍ਰਾਚੀਨ ਸੂਰਜ ਮੰਦਰ (ਜੋ ਇਸਮਾਈਲੀ ਬਾਦਸ਼ਾਹ ਨੂਰ ਉ ਦੀਨ ਦੁਆਰਾ 10ਵੀਂ ਸਦੀ ਵਿਚ ਢਾਹ ਦਿੱਤਾ ਗਿਆ ਸੀ) ਦਾ ਸੰਸਕਿ੍ਤ ਨਾਂਅ ਮੂਲਸਥਾਨ ਸੀ | ਇਸ ਮੰਦਰ ਬਾਰੇ ਯੂਨਾਨੀ ਜਨਰਲ ਸਾਈਲੇਕਸ ਨੇ 515 ਬੀ.ਸੀ. ਅਤੇ ਯੂਨਾਨੀ ਇਤਿਹਾਸਕਾਰ ਹੈਰੋਡੌਟਸ ਨੇ 400 ਬੀਸੀ ਵਿਚ ਲਿਖਿਆ ਹੈ | ਇਸ ਮੰਦਰ ਵਿਚ ਏਨਾ ਸੋਨਾ ਚਾਂਦੀ ਤੇ ਹੋਰ ਚੜ੍ਹਾਵਾ ਚੜ੍ਹਦਾ ਸੀ ਕਿ ਮੁਸਲਿਮ ਹਾਕਮਾਂ ਦੀ ਆਮਦਨ ਦਾ 30 ਫ਼ੀਸਦੀ ਇਸੇ ਮੰਦਰ ਦੇ ਚੜ੍ਹਾਵੇ ਤੋਂ ਆਉਂਦਾ ਸੀ | ਇਸ ਅਥਾਹ ਆਮਦਨ ਕਾਰਨ ਮੁਲਤਾਨ ਨੂੰ ਸੋਨੇ ਦਾ ਸ਼ਹਿਰ (ਅਰਬੀ ਵਿਚ ਫ਼ਾਰਾਜ਼ ਬਾਯਤ ਅਲ ਦਾਹਾਬ) ਕਿਹਾ ਜਾਂਦਾ ਸੀ | ਪ੍ਰਤੀਤ ਹੁੰਦਾ ਹੈ ਕਿ ਮੂਲਸਥਾਨ ਸ਼ਬਦ ਹੀ ਵਿਗੜ ਕੇ ਮੁਲਤਾਨ ਬਣ ਗਿਆ | ਕੁਝ ਇਤਿਹਾਸਕਾਰਾਂ ਦਾ ਕਥਨ ਹੈ ਕਿ ਇਥੇ ਪ੍ਰਾਚੀਨ ਕਾਲ ਵਿਚ ਇਕ ਮੂਲ ਨਾਮਕ ਕਬੀਲਾ ਵਸਦਾ ਸੀ ਜਿਸ ਕਾਰਨ ਇਸ ਨੂੰ ਮੁਲਤਾਨ ਕਿਹਾ ਜਾਣ ਲੱਗਾ | ਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਦੀ ਸਥਾਪਨਾ ਰਿਸ਼ੀ ਕਸ਼ਿਅਪ ਨੇ ਕੀਤੀ ਸੀ | ਕੁਝ ਵੀ ਹੋਵੇ ਮੁਲਤਾਨ ਇਕ ਪ੍ਰਚੀਨ ਸ਼ਹਿਰ ਹੈ ਜੋ ਹਜ਼ਾਰਾਂ ਸਾਲ ਤੋਂ ਲਗਾਤਾਰ ਵਸ ਰਿਹਾ ਹੈ | ਇਸ ਦੇ ਆਲੇ ਦੁਆਲੇ ਹੋਈ ਖੁਦਾਈ ਦੌਰਾਨ ਸਿੰਧ ਘਾਟੀ ਨਾਲ ਸਬੰਧਿਤ ਅਨੇਕਾਂ ਸਥਾਨ ਮਿਲੇ ਹਨ |
ਸਮੇਂ-ਸਮੇਂ 'ਤੇ ਮੁਲਤਾਨ ਉੱਪਰ ਸਿਕੰਦਰ ਮਹਾਨ, ਹਿੰਦੂ ਰਾਜਿਆਂ, ਮੁਹੰਮਦ ਬਿਨ ਕਾਸਿਮ, ਅਰਬਾਂ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੁਗਲਕ ਵੰਸ਼, ਤੈਮੂਰ ਲੰਗ, ਸੂਰੀ ਵੰਸ਼, ਮੁਗਲ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਰਿਹਾ ਹੈ | ਅਬਦਾਲੀ ਦੇ ਪਤਨ ਤੋਂ ਬਾਅਦ ਇਹ ਨਵਾਬ ਮਜ਼ੱਫ਼ਰ ਖਾਨ ਦੇ ਅਧੀਨ ਅਜ਼ਾਦ ਹੋ ਗਿਆ | 1818 ਵਿਚ ਬਹੁਤ ਕਰੜੇ ਸੰਘਰਸ਼ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਖ਼ਾਲਸਾ ਰਾਜ ਦੇ ਅਧੀਨ ਕਰ ਲਿਆ ਗਿਆ | ਸਿੱਖ ਰਾਜ ਖਤਮ ਹੋਣ ਤੋਂ ਬਾਅਦ ਇਹ ਅੰਗਰੇਜ਼ ਰਾਜ ਦਾ ਹਿੱਸਾ ਬਣ ਗਿਆ | ਦੂਸਰੀ ਐਾਗਲੋ ਸਿੱਖ ਜੰਗ ਦਾ ਮੁੱਢ ਮੁਲਤਾਨ ਤੋਂ ਹੀ ਬੱਝਾ ਸੀ ਜਦੋਂ ਇਥੋਂ ਦੇ ਗਵਰਨਰ ਮੂਲਰਾਜ ਚੋਪੜਾ ਨੇ ਬਰਤਾਨਵੀ ਰਾਜ ਦੇ ਖਿਲਾਫ਼ ਬਗਾਵਤ ਕਰ ਦਿੱਤੀ | 1947 ਤੋਂ ਬਾਅਦ ਇਹ ਪਾਕਿਸਤਾਨੀ ਪੰਜਾਬ ਦਾ ਹਿੱਸਾ ਹੈ |
ਮੁਲਤਾਨ ਵੀ ਪੇਸ਼ਾਵਰ, ਲਾਹੌਰ ਅਤੇ ਦਿੱਲੀ ਵਾਂਗ ਸ਼ਾਹੀ ਸ਼ਹਿਰ ਸੀ | ਬਾਕੀ ਪੁਰਾਤਨ ਸ਼ਹਿਰਾਂ ਵਾਂਗ ਇਹ ਵੀ ਇਕ ਦਰਿਆ (ਚਨਾਬ) ਦੇ ਕਿਨਾਰੇ 'ਤੇ ਵੱਸਿਆ ਹੋਇਆ ਹੈ | ਪੁਰਾਣਾ ਸ਼ਹਿਰ ਦੀਵਾਰ ਦੇ ਅੰਦਰ ਤੇ ਆਧੁਨਿਕ ਸ਼ਹਿਰ ਬਾਹਰ ਵਿਕਸਤ ਹੋਇਆ ਹੈ | ਇਸ ਦਾ ਜ਼ਿਆਦਾਤਰ ਪੁਰਾਣਾ ਸ਼ਾਹੀ ਹਿੱਸਾ, ਸਮੇਤ ਮਹਾਨ ਕਿਲ੍ਹੇ ਦੇ, 1848 ਦੀ ਬਗਾਵਤ ਵੇਲੇ ਬਰਤਾਨਵੀ ਫ਼ੌਜਾਂ ਵੱਲੋਂ ਕੀਤੀ ਬੇਕਿਰਕ ਬੰਬਾਰੀ ਕਾਰਨ ਤਬਾਹ ਹੋ ਗਿਆ | ਇਥੇ 14ਵੀਂ ਸਦੀ ਵਿਚ ਪੀਰਾਂ-ਫ਼ਕੀਰਾਂ ਦੇ ਮਜ਼ਾਰ ਉਸਾਰਨ ਦੀ ਵਿਲੱਖਣ ਭਵਨ ਨਿਰਮਾਣ ਕਲਾ ਵਿਕਸਤ ਹੋਈ | ਭਾਰਤ-ਪਾਕਿਸਤਾਨ ਦੇ ਹੋਰ ਕਿਸੇ ਵੀ ਸ਼ਹਿਰ ਵਿਚ ਐਸੀ ਕਾਰੀਗਰੀ, ਕਲਾਕਾਰੀ, ਬਰੀਕੀ, ਮੀਨਾਕਾਰੀ ਅਤੇ ਸ਼ਰਧਾ ਨਾਲ ਐਨੇ ਮਜ਼ਾਰ ਨਹੀਂ ਉਸਾਰੇ ਗਏ, ਜਿੰਨੇ ਇਥੇ ਉਸਾਰੇ ਗਏ ਹਨ | ਇਥੇ ਕਰੀਬ 50 ਦੇ ਕਰੀਬ ਪ੍ਰਸਿੱਧ ਮਜ਼ਾਰ ਹਨ | ਅਰਧ ਮਾਰੂਥਲੀ ਇਲਾਕਾ ਹੋਣ ਕਾਰਨ ਇਥੋਂ ਦਾ ਮੌਸਮ ਬਹੁਤ ਹੀ ਕਰੜਾ ਹੈ ਤੇ ਬਾਰਸ਼ ਬਹੁਤ ਘੱਟ ਹੁੰਦੀ ਹੈ | ਗਰਮੀਆਂ ਵਿਚ ਅੱਤ ਦੀ ਗਰਮੀ ਪੈਂਦੀ ਹੈ ਤੇ ਸਰਦੀ ਬਹੁਤੀ ਨਹੀਂ ਪੈਂਦੀ | ਇਸ ਦੀ ਧਰਤੀ ਪੱਧਰੀ ਅਤੇ ਬਹੁਤ ਉਪਜਾਊ ਹੈ | ਖੇਤਾਂ ਦੀ ਸਿੰਜਾਈ ਨਹਿਰਾਂ ਰਾਹੀਂ ਹੁੰਦੀ ਹੈ | ਇਥੇ ਨਿੰਬੂ ਜਾਤੀ ਦੇ ਫਲ਼ ਅਤੇ ਅੰਬਾਂ ਦੀ ਫ਼ਸਲ ਬਹੁਤ ਹੁੰਦੀ ਹੈ | | ਇਸ ਗਰਮੀ ਕਾਰਨ ਪੁਰਾਣੇ ਸਮੇਂ ਤੋਂ ਹੀ ਘਰਾਂ ਵਿਚ ਤਹਿਖਾਨੇ ਬਣਾਉਣ ਦਾ ਰਿਵਾਜ ਹੈ | ਮੁਲਤਾਨ ਦੀ ਮਠਿਆਈ ਸੋਹਨ ਹਲਵਾ, ਸਾਰੇ ਵਿਸ਼ਵ ਵਿਚ ਪ੍ਰਸਿੱਧ ਹੈ |
ਇਸ ਦੀ ਮੁੱਖ ਭਾਸ਼ਾ ਸਰਾਇਕੀ, ਪੰਜਾਬੀ ਅਤੇ ਉਰਦੂ ਹੈ | ਇਥੇ ਸ਼ਾਸਨ ਦਾ ਮੁਖੀ ਚੁਣਿਆ ਹੋਇਆ ਮੇਅਰ ਹੁੰਦਾ ਹੈ | ਪਾਕਿਸਤਾਨ ਦੀਆਂ ਅਹਿਮ ਸੜਕਾਂ ਅਤੇ ਰੇਲਵੇ ਲਾਈਨਾਂ 'ਤੇ ਸਥਿਤ ਹੋਣ ਕਾਰਨ ਇਹ ਇਕ ਮਹੱਤਵਪੂਰਨ ਵਪਾਰਕ ਕੇਂਦਰ ਹੈ | ਚੀਨ ਦੀ ਮਦਦ ਨਾਲ ਬਣਾਈ ਗਈ ਦੇਸ਼ ਵੀ ਸਭ ਤੋਂ ਆਧੁਨਿਕ ਲਾਹੌਰ-ਕਰਾਚੀ 6 ਲੇਨ ਸੜਕ ਇਸ 'ਚੋਂ ਗੁਜ਼ਰਦੀ ਹੈ | ਇਹ ਰੇਲਵੇ ਰਾਹੀਂ ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜਿਆ ਹੋਇਆ ਹੈ | ਕਰਾਚੀ ਨੂੰ ਪੇਸ਼ਾਵਰ ਨਾਲ ਜੋੜਨ ਵਾਲੀ ਪਾਕਿਸਤਾਨ ਦੀ ਸਭ ਤੋਂ ਰੁੱਝੀ ਹੋਈ ਰੇਲਵੇ ਲਾਈਨ ਵੀ ਮੁਲਤਾਨ ਤੋਂ ਲੰਘਦੀ ਹੈ | ਅੰਮਿ੍ਤਸਰ ਵਾਂਗ ਮੁਲਤਾਨ ਵਿਚ ਵੀ 2017 ਵਿਚ ਬੱਸ ਰੈਪਿਡ ਸਿਸਟਮ ਸ਼ੁਰੂ ਕੀਤਾ ਗਿਆ ਸੀ | ਪਰ ਅੰਮਿ੍ਤਸਰ ਦੇ ਉਲਟ ਇਹ ਸ਼ਹਿਰ ਦੇ ਕੋਨੇ ਕੋਨੇ ਵਿਚ ਸਫਲਤਾ ਪੂਰਵਕ ਚੱਲ ਰਿਹਾ ਹੈ | ਮੁਲਤਾਨ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਹਿਰ ਤੋਂ ਕੋਈ 10 ਕਿ.ਮੀ. ਮੁਲਤਾਨ ਛਾਉਣੀ ਖੇਤਰ ਵਿਚ ਹੈ | ਇਥੋਂ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਦੁਬਈ ਆਦਿ ਮੱਧ ਪੂਰਬੀ ਦੇਸ਼ਾਂ ਨੂੰ ਉਡਾਣਾਂ ਜਾਂਦੀਆਂ ਹਨ | 2015 ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੁਆਰਾ ਇਸ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ | ਇਹ ਵਿਦਿਆ ਦਾ ਵੀ ਅਹਿਮ ਕੇਂਦਰ ਹੈ | ਇਥੇ ਪਾਕਿਸਤਾਨ ਦੀ ਔਰਤਾਂ ਲਈ ਪਹਿਲੀ ਯੂਨੀਵਰਸਿਟੀ (ਵੂਮੈਨ ਯੂਨੀਵਰਸਿਟੀ, ਮੁਲਤਾਨ) ਤੋਂ ਇਲਾਵਾ 6 ਯੂਨੀਵਰਸਿਟੀਆਂ, 18 ਕਾਲਜ ਅਤੇ ਦਰਜਨਾਂ ਸਕੂਲ ਹਨ |
ਜਿਸ ਵਿਲੱਖਣਤਾ ਲਈ ਮੁਲਤਾਨ ਸਭ ਤੋਂ ਵੱਧ ਪ੍ਰਸਿੱਧ ਹੈ ਉਹ ਹਨ ਧਾਰਮਿਕ ਸਮਾਰਕ | ਇਥੇ ਅਨੇਕਾਂ ਹਿੰਦੂ-ਮੁਸਲਿਮ ਸਮਾਰਕ ਬਣੇ ਹੋਏ ਹਨ | ਹਿੰਦੂ ਮਿਥਿਹਾਸ ਵਿਚ ਮੰਨਿਆ ਜਾਂਦਾ ਹੈ ਕਿ ਭਗਤ ਪ੍ਰਹਲਾਦ ਦਾ ਪਿਤਾ ਹਰਨਾਕਸ਼ ਮੁਲਤਾਨ ਦਾ ਰਾਜਾ ਸੀ | ਪ੍ਰਹਲਾਦ ਦੀ ਯਾਦ ਵਿਚ ਬਣਿਆ ਮੰਦਰ ਅਜੇ ਵੀ ਪੁਰਾਣੇ ਕਿਲ੍ਹੇ ਵਿਚ ਠੀਕ ਠਾਕ ਹਾਲਤ ਵਿਚ ਹੈ | ਇਸ ਮੰਦਰ ਤੋਂ ਇਲਾਵਾ ਇਥੇ ਅਨੇਕਾਂ ਪੀਰਾਂ ਦੇ ਸ਼ਾਨਦਾਰ ਮਜ਼ਾਰ ਬਣੇ ਹੋਏ ਹਨ | ਜਿਨ੍ਹਾਂ ਵਿਚ ਪ੍ਰਸਿੱਧ ਹਨ, ਸ਼ਾਹ ਯੂਸਫ਼ ਗਰਦੇਜ਼ੀ, ਮਾਈ ਮੇਹਰਬਾਨ, ਬਹਾਊਦੀਨ ਜ਼ਕਰੀਆ, ਸ਼ਾਹ ਰੁਕਨੇ ਆਲਮ, ਖਵਾਜ਼ਾ ਅਵਾਇਜ਼ ਕਾਘਾ, ਸਾਈਅਦ ਮੂਸਾ ਪਾਕ, ਹਾਫ਼ਿਜ਼ ਮੁਹੰਮਦ ਜਮਾਲ ਮੁਲਤਾਨੀ, ਸਈਅਦ ਅਤਾਉਲਾਹ ਸ਼ਾਹ ਬੁਖਾਰੀ, ਸਈਅਦ ਨੂਰ ਅਲ ਹਸਨ ਬੁਖਾਰੀ ਅਤੇ ਅਹਿਮਦ ਸਈਅਦ ਕਾਜ਼ਮੀ | ਪ੍ਰਹਲਾਦ ਮੰਦਰ ਤੋਂ ਇਲਾਵਾ ਸੂਰਜਕੁੰਡ ਮੰਦਰ ਅਤੇ ਇਕ ਜੈਨ ਮੰਦਰ ਵੀ ਮੌਜੂਦ ਹਨ | ਹੁਣ ਇਥੇ ਹਿੰਦੂਆਂ ਦੀ ਅਬਾਦੀ ਸਿਰਫ਼ 2500 ਦੇ ਕਰੀਬ ਹੈ |
ਮੁਲਤਾਨ ਦਾ ਅਜਿੱਤ ਕਿਲ੍ਹਾ ਆਪਣੇ ਸਮੇਂ ਬਹੁਤ ਹੀ ਪ੍ਰਸਿੱਧ ਸੀ | ਇਸ ਦੀ ਉਸਾਰੀ 17ਵੀਂ ਸਦੀ ਵਿਚ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਮੁਰਾਦ ਬਖਸ਼ ਨੇ ਕਰਵਾਈ ਸੀ | ਇਹ ਮੁਲਤਾਨ ਸ਼ਹਿਰ ਦੇ ਨਜ਼ਦੀਕ ਦਰਿਆ ਦੇ ਕਿਨਾਰੇ ਇਕ ਟਿੱਲੇ 'ਤੇ ਬਣਿਆ ਹੋਇਆ ਸੀ | ਇਹ ਦੱਖਣੀ ਏਸ਼ੀਆ ਦੇ ਸੈਨਿਕ ਟਿਕਾਣਿਆਂ ਦੀ ਮਜ਼ਬੂਤੀ ਅਤੇ ਭਵਨ ਨਿਰਮਾਣ ਕਲਾ ਦੀ ਇਕ ਬੇਹਤਰੀਨ ਮਿਸਾਲ ਸੀ | ਇਸ ਦੀਆਂ ਸੁਰੱਖਿਆ ਦੀਵਾਰਾਂ 40 ਤੋਂ 70 ਫੁੱਟ ਉੱਚੀਆਂ, 30 ਫੁੱਟ ਚੌੜੀਆਂ ਅਤੇ ਇਸ ਦਾ ਘੇਰਾ 4 ਕਿ.ਮੀ. ਸੀ | ਦੀਵਾਰਾਂ ਵਿਚ 50 ਪਿੱਲਰ ਅਤੇ ਚਾਰ ਦਰਵਾਜ਼ੇ ਸਨ | ਇਸ ਦੇ ਦੁਆਲੇ 25 ਫੁੱਟ ਡੂੰਘੀ ਅਤੇ 40 ਫੁੱਟ ਚੌੜੀ ਖਾਈ ਸੀ | ਕਿਲ੍ਹੇ ਦੇ ਅੰਦਰ ਇਕ ਮਸੀਤ, ਇਕ ਮੰਦਰ ਅਤੇ ਨਵਾਬ ਦਾ ਮਹਿਲ ਬਣਿਆ ਹੋਇਆ ਸੀ | 1818 ਵਿਚ ਖ਼ਾਲਸਾ ਫ਼ੌਜ ਦੇ ਹਮਲੇ ਦੌਰਾਨ ਜ਼ਮਜ਼ਮਾ ਤੋਪ ਦੀ ਗੋਲਾਬਾਰੀ ਨੇ ਇਸ ਕਿਲ੍ਹੇ ਨੂੰ ਬਹੁਤ ਸਖਤ ਨੁਕਸਾਨ ਪਹੁੰਚਾਇਆ | ਰਹੀ ਸਹੀ ਕਸਰ 1848 ਵਿਚ ਬਰਤਾਨਵੀ ਫ਼ੌਜ ਨੇ ਪੂਰੀ ਕਰ ਦਿੱਤੀ | ਉਨ੍ਹਾਂ ਨੇ ਦੀਵਾਨ ਮੂਲਰਾਜ ਦੀ ਬਗ਼ਾਵਤ ਵੇਲੇ ਕਿਲ੍ਹੇ ਨੂੰ ਪੂਰੀ ਤਰ੍ਹਾਂ ਨਾਲ ਮਲੀਆਮੇਟ ਕਰ ਦਿੱਤਾ |
ਉਪਰੋਕਤ ਤੋਂ ਇਲਾਵਾ ਮੁਲਤਾਨ ਦੀਆਂ ਮੁੱਖ ਵੇਖਣਯੋਗ ਥਾਵਾਂ ਵਿਚ ਪਾਕ ਗੇਟ, ਦਿੱਲੀ ਗੇਟ, ਘੰਟਾ ਘਰ, ਜਿਨਾਹ ਪਾਰਕ, ਹਰਮ ਗੇਟ, ਸ਼ਾਹ ਸ਼ਮਸ਼ ਪਾਰਕ, ਮੁਲਤਾਨ ਆਰਟਸ ਕੌਾਸਲ, ਸ਼ਾਹੀ ਈਦਗਾਹ ਮਸੀਤ ਆਦਿ ਸ਼ਾਮਲ ਹਨ |

-ਪੰਡੋਰੀ ਸਿੱਧਵਾਂ | ਮੋਬਾਈਲ : 95011-00062.

ਯਾਦਾਂ ਦੀ ਚੰਗੇਰ 'ਚੋਂ: 44 ਸਾਲ ਪਹਿਲਾਂ ਕੀਤੀ ਚੁਆੜੀ ਤੋਂ ਖਜਿਆਰ ਤੇ ਚੰਬੇ ਤੱਕ ਦੀ ਯਾਤਰਾ

ਇਹ ਯਾਤਰਾ ਕੋਈ ਅੱਜ ਭਲਕ ਦੀ ਨਹੀਂ ਬਲਕਿ ਚੁਤਾਲੀ ਸਾਲ ਪੁਰਾਣੀ ਹੈ, ਪਰ ਸੀ ਬੜੀ ਲੰਬੀ, ਕਠਿਨ ਤੇ ਦਿਲਚਸਪ | ਸਤੰਬਰ ਸੰਨ 1974 ਵਿਚ ਮੈਂ ਸਰਕਾਰੀ ਕਾਲਜ ਟਾਂਡਾ ਉੜਮੁੜ ਤੋਂ ਸੱਤ ਵਿਦਿਆਰਥੀਆਂ ਦੀ ਇਕ ਟਰੈਕਿੰਗ ਟੀਮ ਤਿਆਰ ਕੀਤੀ | ਇਕ ਮੁੰਡੇ ਦਾ ਨਾਂਅ ਲਾਟੀ ਤੇ ਇਕ ਹੋਰ ਦਾ ਨਾਂਅ ਮਹੇਸ਼ ਯਾਦ ਹਨ, ਬਾਕੀ ਭੁੱਲ ਗਏ | ਪਹਾੜਾਂ ਦੇ ਸ਼ੌਕੀਨ ਪ੍ਰੋ: ਕਿਰਪਾਲ ਸਿੰਘ ਯੋਗੀ ਹੁਰਾਂ ਨੂੰ ਵੀ ਗੁਰਦਾਸਪੁਰ ਤੋਂ ਬੁਲਾ ਲਿਆ, ਜੋ ਪਠਾਨਕੋਟ ਪੁੱਜ ਕੇ ਸਾਨੂੰ ਮਿਲ ਗਏ | ਅਸੀਂ ਹਿਮਾਚਲ ਦੇ ਇਕ ਪਿੰਡ ਚੁਆੜੀ ਤੋਂ ਖਜਿਆਰ (ਡਲਹੌਜ਼ੀ) ਤੱਕ ਦੀ ਯਾਤਰਾ ਕਰਨੀ ਚਾਹੁੰਦੇ ਸਾਂ | ਪਠਾਨਕੋਟ ਤੋਂ ਚੱਲ ਕੇ ਸਾਡੀ ਬੱਸ ਕਾਂਗੜਾ ਰੋਡ 'ਤੇ ਸਥਿਤ ਨੂਰਪੁਰ ਤੋਂ ਜ਼ਰਾ ਅੱਗੇ ਜਾ ਕੇ ਸੜਕ ਦੇ ਖੱਬੇ ਪਾਸੇ ਪਹਾੜੀਆਂ 'ਤੇ ਚੜ੍ਹ ਕੇ ਲਾਹੜੂ ਪੁੱਜੀ ਤੇ ਕੁਝ ਸਮੇਂ ਲਈ ਉਥੇ ਰੁਕੀ | ਅਸੀਂ ਇਕ ਦੁਕਾਨ ਤੋਂ ਗੁੜ ਵਾਲੀ ਚਾਹ ਪੀਤੀ ਪਰ ਉਸ ਵਿਚ ਮਸਾਲੇ ਬੜੇ ਪਾਏ ਹੋਏ ਸਨ, ਬੜੀ ਸੁਆਦ ਸੀ | ਬੱਸ ਬਹੁਤ ਹੌਲੀ ਚਲਦੀ ਸੀ ਜੋ ਤਿ੍ਕਾਲਾਂ ਪੈਣ 'ਤੇ ਹੀ ਚੁਆੜੀ ਪੁੱਜੀ | ਚੁਆੜੀ ਦੀ ਸਾਗਰ ਤਲ ਤੋਂ ਉਚਾਈ ਕਰੀਬ ਚਾਰ ਹਜ਼ਾਰ ਫੁੱਟ ਹੈ | ਓਦੋਂ ਓਥੇ ਕੋਈ ਰੈਸਟ ਹਾਊਸ ਨਹੀਂ ਸੀ ਹੁੰਦਾ | ਬੱਸ ਅੱਡੇ 'ਤੇ ਇਕ ਢਾਬੇ ਵਾਲੇ ਨੇ ਉੱਪਰ ਦੋ ਕਮਰੇ ਬਣਾਏ ਹੋਏ ਸਨ, ਅਸੀਂ ਉਨ੍ਹਾਂ 'ਚ ਠਹਿਰ ਗਏ |
ਅਗਲੇ ਦਿਨ ਸਵੇਰੇ ਅਸੀਂ ਖਜਿਆਰ ਜਾਣ ਦੀ ਤਿਆਰੀ ਕੀਤੀ | ਉਨ੍ਹਾਂ ਦਿਨਾਂ 'ਚ ਚੁਆੜੀ ਤੋਂ ਖਜਿਆਰ ਦੇ 40 ਕਿਲੋਮੀਟਰ ਲੰਬੇ ਰਾਹ 'ਤੇ ਇਕੋ ਹੀ ਬੱਸ ਚਲਦੀ ਸੀ, ਪਰ ਉਸ ਦਿਨ ਉਹ ਬੱਸ ਖਰਾਬ ਹੋਣ ਕਰਕੇ ਨਹੀਂ ਸੀ ਜਾਣੀ | ਕੀ ਕਰਦੇ? ਅਸੀਂ ਕੁਝ ਸ਼ਾਰਟ-ਕੱਟਾਂ ਮਾਰ ਕੇ ਪੈਦਲ ਜਾਣ ਦੀ ਹੀ ਸਲਾਹ ਬਣਾ ਲਈ ਤੇ ਖੜਾ ਡੰਡਾ ਜੋਤ (ਉਸ ਨੂੰ ਹੁਣ ਸਿਰਫ 'ਜੋਤ' ਕਿਹਾ ਜਾਂਦਾ ਹੈ) ਤੋਂ ਲੰਘਕੇ ਖਜਿਆਰ ਵੱਲ ਨੂੰ ਜਾਂਦੇ ਰਾਹ 'ਤੇ ਪੈ ਗਏ | ਰਸਤਾ ਬੜਾ ਲੰਬਾ ਤੇ ਕਠਿਨ ਸੀ, ਕਈ ਥਾਂ ਬੜੀ ਚੜਾ੍ਹਈ ਚੜ੍ਹਨੀ ਪੈ ਰਹੀ ਸੀ ਪਰ ਅਸੀਂ ਹੱਠ ਕਰਕੇ ਤੁਰਦੇ ਗਏ | ਜੋਤ ਤੋਂ ਪਹਿਲਾਂ 'ਪਖਰੀ' ਪਿੰਡ ਲੰਘ ਕੇ ਕੁਝ ਦੂਰ ਗਏ ਹੋਵਾਂਗੇ ਕਿ ਰਾਹ ਵਿਚ ਇਕ ਛੋਟਾ ਜਿਹਾ ਚਸ਼ਮਾਂ ਆ ਗਿਆ | ਉਥੇ ਅਸੀਂ ਚਾਹ ਬਣਾ ਕੇ ਪੀਤੀ, ਕਿਉਂਕਿ ਸਾਰਾ ਸਾਮਾਨ ਜੋ ਨਾਲ ਚੁੱਕਿਆ ਹੋਇਆ ਸੀ | ਵਿਦਿਆਰਥੀ ਉਸ ਦੇ ਕੰਢੇ ਬੈਠ ਕੇ ਮੌਜ ਮੇਲਾ ਕਰ ਰਹੇ ਸਨ ਕਿ ਪਿੱਛੋਂ ਕੁਝ ਲੋਗ ਡਾਂਗਾਂ ਲੈਕੇ ਸਾਡੇ ਵੱਲ ਭੱਜੇ ਆਉਂਦੇ ਦਿਸੇ | ਉਹ 'ਲੇਲੂ-ਲੇਲੂ' ਬੋਲ ਰਹੇ ਸਨ | ਇਕ ਜਣਾ ਕਹਿਣ ਲੱਗਾ, 'ਸਰਦਾਰ ਜੀ ਸਾਡਾ ਲੇਲੂ ਚੁੱਕ ਲਿਆਏ ਹੋ, ਵਾਪਸ ਕਰ ਦਿਓ' ਤੇ ਉਹ ਸਾਡੇ ਝੋਲੇ ਫੋਲਣ ਲੱਗ ਪਏ | ਇਕ ਬੁੱਢੇ ਦੇ ਹੱਥ ਵਿਚ ਬੰਦੂਕ ਵੀ ਫੜੀ ਹੋਈ ਸੀ, ਪਰ ਸਰਦਾਰਾਂ ਨੂੰ ਵੇਖ ਕੇ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ | ਅਸੀਂ ਉਨ੍ਹਾਂ ਨੂੰ ਸਮਝਾ ਬੁਝਾ ਰਹੇ ਸਾਂ ਕਿ ਇਹ ਸਾਡਾ ਕੰਮ ਨਹੀਂ ਪਰ ਉਹ ਮੰਨਣ ਹੀ ਨਾ | ਏਨੇ ਨੂੰ ਪਿਛੋਂ ਕੁਝ ਤੀਵੀਆਂ ਦੌੜੀਆਂ ਆਈਆਂ ਜੋ 'ਲੱਝ ਗਿਆ', 'ਲੱਝ ਗਿਆ' ਬੋਲ ਰਹੀਆਂ ਸਨ | ਲੇਲੂ ਲੱਭ ਗਿਆ ਸੀ ਤੇ ਇਹ ਸੁਣ ਕੇ ਡਾਂਗਾਂ ਵਾਲੇ ਬੰਦੇ ਛਿੱਥੇ ਹੋ ਕੇ ਮੁੜ ਗਏ | ਅਸੀਂ ਸੁੱਖ ਦਾ ਸਾਹ ਲਿਆ ਤੇ ਸਮਾਨ ਚੁੱਕ ਕੇ ਅੱਗੇ ਨੂੰ ਟੁਰ ਪਏ | ਕੁਝ ਦੂਰ ਜਾ ਕੇ ਦੇਖਿਆ ਕਿ ਫਿਰ ਸਾਡੇ ਪਿੱਛੇ ਕੁਝ ਮੁੰਡੇ ਦੌੜੇ ਆ ਰਹੇ ਸਨ, ਅਸੀਂ ਸੋਚਿਆ ਕਿ ਕੋਈ ਹੋਰ ਮੁਸੀਬਤ ਆ ਗਈ? ਪਰ ਨਹੀਂ, ਉਹ ਸਾਡਾ ਸਟੋਵ ਦੇਣ ਆ ਰਹੇ ਸਨ ਜੋ ਅਸੀਂ ਚਸ਼ਮੇਂ ਕੋਲ ਨਦੀ ਕਿਨਾਰੇ ਭੁੱਲ ਆਏ ਸਾਂ | ਉਹ ਆਪਣੇ ਕੀਤੇ ਦਾ ਪਛਤਾਵਾ ਵੀ ਰਹੇ ਸਨ; ਭਲੇੇ ਬੰਦੇ ਸਨ ਨਾ | ਪਿੱਛੋਂ ਮੇਰਾ ਛੋਟਾ ਭਰਾ ਡਾ. ਰਿਪੂਦਮਨ ਸਿੰਘ ਸੋਨੀ ਵੀ ਸਾਡੇ ਨਾਲ ਆ ਰਲਿਆ | ਅਸੀਂ ਫਿਰ ਸਾਰੇ ਇਕੱਠੇ ਹੋਕੇ ਅਗਾਂਹ ਜਾਣ ਲੱਗੇ |
ਤੁਰਦੇ ਤੁਰਦੇ ਅਸੀਂ ਕਰੀਬ 18 ਕਿਲੋਮੀਟਰ ਦਾ ਸਫਰ ਤੈਅ ਕਰਕੇ ਜੋਤ (ਦੱਰਾ) ਤੱਕ ਪੁੱਜੇ ਜੋ ਲਗਪਗ ਸਾਢੇ ਸੱਤ ਹਜ਼ਾਰ ਫੁੱਟ ਦੀ ਉਚਾਈ 'ਤੇ ਸੀ | ਸ਼ਾਮ ਦੇ ਛੇ ਵੱਜ ਗਏ ਸਨ ਤੇ ਅਸੀਂ ਬਹੁਤ ਥੱਕ ਚੁੱਕੇ ਸਾਂ | ਹੁਣ ਹੇਠਾਂ ਖਜਿਆਰ ਵੱਲ ਉੱਤਰਨਾ ਸੀ ਜੋ ਅਜੇ ਵੀ ਕੋਈ 17 ਕਿਲੋਮੀਟਰ ਦੀ ਦੂਰੀ 'ਤੇ ਸੀ | ਓਥੇ ਇਕ ਚਾਹ ਦੀ ਦੁਕਾਨ ਸੀ, ਅਸੀਂ ਉਸ ਤੋਂ ਦੁੱਧ ਪੀਤਾ | ਉਸ ਨੇ ਸਾਨੂੰ ਸਲਾਹ ਦਿੱਤੀ ਕਿ ਭਾਈ ਸਾਹਿਬ ਖਜਿਆਰ ਅਜੇ ਬਹੁਤ ਦੂਰ ਹੈ, ਤੁਸੀਂ ਇੱਥੇ ਹੀ ਰੁਕ ਜਾਓ, ਮੈਂ ਸੌਣ ਦਾ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਕਰ ਦਿਆਂਗਾ | ਦੂਰ ਟੀਨ ਖੜਕਨ ਦੀਆਂ ਆਵਾਜਾਂ ਆ ਰਹੀਆਂ ਸਨ, ਦੁਕਾਨਦਾਰ ਨੇ ਕਿਹਾ ਕਿ ਇਹ ਰਿੱਛਾਂ ਨੂੰ ਭਜਾ ਰਹੇ ਹਨ ਜੋ ਉਨ੍ਹਾਂ ਦੇ ਖੇਤਾਂ ਚੋਂ ਮੱਕੀ ਖਾ ਜਾਂਦੇ ਹਨ | ਅਸੀਂ ਕੁਝ ਦੁਚਿੱਤੀ ਜਿਹੀ 'ਚ ਪੈ ਗਏ, ਪਰ ਮੁੰਡਿਆਂ ਨੇ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਸਰ, ਹੁਣ ਤਾਂ ਕੇਵਲ ਉਤਰਾਈ ਹੈ, ਦੋ ਕੁ ਘੰਟੇ ਵਿਚ ਪਹੁੰਚ ਜਾਵਾਂਗੇ! ਚਲੋ, ਅਸੀਂ ਕੌੜਾ ਘੁੱਟ ਭਰ ਕੇ ਤੁਰ ਹੀ ਪਏ | ਕਿਉਂਕਿ ਥੱਕੇ ਹੋਏ ਸਾਂ, ਤੁਰਿਆ ਬਹੁਤ ਹੌਲੀ ਜਾ ਰਿਹਾ ਸੀ | ਰਾਤ ਦੇ ਕੋਈ ਦਸ ਵਜੇ ਦੇ ਕਰੀਬ ਖਜਿਆਰ ਦੇ ਰੈਸਟ ਹਾਊਸ ਦੀਆਂ ਰੌਸ਼ਨੀਆਂ ਨਜ਼ਰ ਆਈਆਂ ਤਾਂ ਸਾਹ ਵਿਚ ਸਾਹ ਆਇਆ | ਹੁਣ ਕਦਮ ਵੀ ਤੇਜ਼ ਹੋ ਗਏ | ਜਾ ਕੇ ਚੌਕੀਦਾਰ ਦਾ ਬੂਹਾ ਖੜਕਾਇਆ, ਜੋ ਰਸੋਈਏ ਦੇ ਨਾਲ ਸ਼ਰਾਬੀ ਹੋ ਕੇ ਸੁੱਤਾ ਪਿਆ ਸੀ | ਕਮਰੇ ਤਾਂ ਖੁੱਲ਼੍ਹ ਗਏ ਪਰ ਰੋਟੀ ਕੌਣ ਪਕਾਏ?ਰਸੋਈਆ ਤਾਂ ਹੋਸ਼'ਚ ਨਹੀਂ ਸੀ! ਉਧਰ ਯੋਗੀ ਸਾਹਿਬ ਦੀ ਤਬੀਅਤ ਖਰਾਬ ਹੋ ਗਈ | ਉਨ੍ਹਾਂ ਨੂੰ ਠੰਢ ਲੱਗ ਗਈ ਜਾਪਦੀ ਸੀ | ਇਹ ਵੀ ਚੰਗਾ ਹੋਇਆ ਕਿ ਡਾਕਟਰ ਸਾਡੇ ਨਾਲ ਸੀ, ਉਸ ਨੇ ਕੁਝ ਦਵਾ ਦਾਰੂ ਕੀਤਾ ਤੇ ਯੋਗੀ ਜੀ ਕੰਬਲ ਲੈ ਕੇ ਸੌਾ ਗਏ | ਹੁਣ ਸਭ ਨੂੰ ਭੁੱਖ ਵੀ ਬਹੁਤ ਲੱਗੀ ਸੀ | ਮੁੰਡੇ ਮਹੇਸ਼ ਨੇ ਰਸੋਈ ਖੋਲ੍ਹੀ ਤੇ ਵੇਖਿਆ ਕਿ ਓਥੇ ਦਾਲ ਦਾ ਪਤੀਲਾ ਭਰਿਆ ਪਿਆ ਹੈ, ਤੇ ਸੁੱਕਾ ਆਟਾ ਵੀ ਹੈ | ਉਸਨੇ ਆਟਾ ਗੁੰਨਿ੍ਹਆ, ਚੁੱਲ੍ਹੇ ਵਿਚ ਅੱਗ ਬਾਲੀ ਤੇ ਵੱਡੇ-ਵੱਡੇ ਮੰਨ ਪਕਾਉਣ ਲੱਗਾ | ਅਸੀਂ ਸਭ ਨੇ ਬੜੇ ਸੁਆਦ ਨਾਲ ਉਹ ਰੁੱਖਾ ਮਿੱਸਾ ਭੋਜਨ ਛਕਿਆ ਤੇ ਥੱਕੇ ਹਾਰੇ ਨਾਲ ਦੇ ਕਮਰੇ ਵਿਚ ਪੈ ਗਏ | ਪਤਾ ਨਹੀਂ ਕਦੋਂ ਦਿਨ ਚੜ੍ਹ ਗਿਆ | ਸਵੇਰੇ ਉੱਠ ਕੇ ਖਜਿਆਰ ਦੀ ਸੁੰਦਰ ਝੀਲ ਤੇ ਘਾਹ ਦੇ ਮੈਦਾਨ ਦਾ ਨਜ਼ਾਰਾ ਦੇਖਿਆ, ਵਾਹ-ਆਨੰਦ ਆ ਗਿਆ | ਵਿਦਿਆਰਥੀ ਘਾਹ 'ਤੇ ਖੇਡਦੇ ਰਹੇ, ਅਸੀ ਛੋਟੀ ਜਿਹੀ ਝੀਲ ਦੇ ਗਿਰਦ ਬਣੇ ਸਾਰੇ ਮੈਦਾਨ ਦੀ ਪਰਿਕਰਮਾਂ ਕਰਨ ਲੱਗੇ | ਵਾਪਸ ਆ ਕੇ ਸਭ ਨੇ ਭੋਜਨ ਛਕਿਆ ਤੇ ਕੁਝ ਚਿਰ ਆਰਾਮ ਕੀਤਾ; ਪਹਿਲੇ ਦਿਨ ਦੀ ਥਕਾਵਟ ਲਾਹੀ | ਅਗਲੇ ਦਿਨ ਸਵੇਰੇ ਖਜਿਆਰ ਤੋਂ ਚੰਬੇ ਲਈ ਪੈਦਲ ਹੀ ਤੁਰ ਪਏ | ਉਤਰਾਈ ਵੇਲੇ ਕਿਧਰੇ ਬੈਠ ਜਾਂਦੇ ਤੇ ਪਹਾੜਾਂ ਦਾ ਸੁੰਦਰ ਨਜ਼ਾਰਾ ਦੇਖਦੇ, ਕਦੀ ਕਦੀ ਚੰਬਾ ਨਗਰੀ ਵੀ ਸਾਰੀ ਦਿਸ ਜਾਂਦੀ | ਦੁਪਹਿਰ ਤੱਕ ਚੰਬੇ ਦੀ ਚੌਗਾਨ 'ਤੇ ਪਹੁੰਚ ਗਏ, ਏਨੇ ਥੱਕ ਗਏ ਸਾਂ ਕਿ ਸਾਰੇ ਉਥੇ ਘਾਹ 'ਤੇ ਹੀ ਲੇਟ ਗਏ | ਰਾਤੀਂ ਰੈਸਟ ਹਾਊਸ ਦੇ ਦੋ ਕਮਰਿਆਂ ਵਿਚ ਠਹਿਰੇ ਤੇ ਦੂਜੇ ਦਿਨ ਚੰਬੇ ਦੇ ਮਸ਼ਹੂਰ ਮੰਦਰ ਦੇਖੇ | ਸਭ ਤੋਂ ਮਸ਼ਹੂਰ ਤੇ ਪੁਰਾਣਾ ਮੰਦਰ ਸੀ ਲਕਸ਼ਮੀ ਨਰਾਇਣ ਦਾ ਮੰਦਰ ਸੀ | ਕੋਈ ਇਕ ਹਜਾਰ ਸਾਲ ਪੁਰਾਣੇ ਇਸ ਮੰਦਰ ਵਿਚ ਲੱਕੜ ਦੀ ਛੱਤ 'ਤੇ ਵੀ ਸੁੰਦਰ ਮੀਨਾਕਾਰੀ ਕੀਤੀ ਹੋਈ ਹੈ | ਕੁਝ ਹੋਰ ਮੰਦਰ ਦੇਖਣ ਤੋਂ ਬਾਅਦ ਸ਼ਾਮ ਨੂੰ ਵਿਦਿਆਰਥੀ ਸਾਡੇ ਤੋਂ ਅੱਡ ਹੋ ਗਏ ਕਿ ਜੀ ਅਸੀਂ ਕੁਝ ਬਾਜ਼ਾਰ ਵਗੈਰਾ ਫਿਰਨੇ ਹਨ, ਮੈਂਾ ਉਨਾਂ੍ਹ ਨੂੰ ਆਗਿਆ ਦੇ ਦਿੱਤੀ ਤੇ ਉਹ ਚਲੇ ਗਏ | ਅਸੀਂ ਦਰਿਆ ਰਾਵੀ ਦੇ ਕੰਢੇ ਕੰਢੇ ਆਲੇ ਦੁਆਲੇ ਦਾ ਨਜ਼ਾਰਾ ਦੇਖਦੇ ਹੋਏ ਪਿੰਡ ਸਰੋਲ ਵੱਲ ਚੱਲ ਪਏ | ਓਥੇ ਪਹੁੰਚ ਕੇ ਆਲੂ-ਬੁਖਾਰਿਆਂ ਦੇ ਇਕ ਬਾਗ ਵਿਚ ਦਾਖਲ ਹੋਏ | ਸਾਨੂੰ ਬਾਗਾਂ ਦੇ ਰਾਖੇ ਨੇ ਕੁਝ ਪੱਕੇ ਹੋਏ ਤਾਜ਼ੇ ਆਲੂ-ਬੁਖਾਰੇ ਖੁਆਏ ਤੇ ਕਹਿਣ ਲੱਗਾ ਕਿ ਜੀ ਇੱਥੇ ਜਿੰਨੇ ਮਰਜੀ ਖਾ ਲਓ, ਪਰ ਨਾਲ ਨੂੰ ਨਹੀਂ ਜੇ ਦੇਣੇ | ਵਾਪਸੀ 'ਤੇ ਸਾਡੇ ਨਾਲ ਇਕ ਬੰਸਰੀ ਵਾਲਾ ਮਿਲ ਗਿਆ ਜੋ ਬੰਸਰੀ ਤੇ 'ਰਾਧੀਕੇ ਤੂਨੇ ਬੰਸਰੀ ਚੁਰਾਈ'--ਦੀ ਬੜੀ ਸੋਹਣੀ ਧੁਨ ਕੱਢ ਰਿਹਾ ਸੀ | ਉਸ ਦਾ ਸਾਥੀ ਟੀਨ ਦਾ ਡੱਬਾ ਵਜਾ ਕੇ ਉਸ ਦੀ ਸੰਗਤ ਕਰ ਰਿਹਾ ਸੀ | ਅਸੀਂ ਉਸ ਦੀ ਬੰਸਰੀ ਦਾ ਅਨੰਦ ਮਾਣਦੇ ਹੋਏ ਨਾਲ ਨਾਲ ਤੁਰਦੇ ਗਏ | ਇਕ ਥਾਂ 'ਤੇ ਰਾਵੀ ਦੇ ਕਿਨਾਰੇ ਬੈਠ ਕੇ ਯੋਗੀ ਜੀ ਨੇ ਵੀ ਨੂਰ ਜਹਾਂ ਦਾ ਪੁਰਾਣਾ ਗੀਤ ਸੁਣਾਇਆ, 'ਬੁਲਬੁਲੋ ਮੱਤ ਰੋ ਯਹਾਂ—ਆਂਸੂ ਬਹਾਨਾ ਹੈ ਮਨ੍ਹਾਂ—ਇਨ ਕਫ਼ਸ ਕੇ ਕੈਦੀਓਾ ਕੋ ਗੁਲ ਮਚਾਨਾ ਹੈ ਮਨ੍ਹਾਂ | '
ਅਸੀਂ ਰਾਵੀ ਦਰਿਆ ਦੇ ਵਗਦੇ ਪਾਣੀ ਵੱਲ ਦੇਖ ਰਹੇ ਸਾਂ, ਜਿਸ ਦੀਆਂ ਛੱਲਾਂ ਵਿਚ ਯੋਗੀ ਜੀ ਦਾ ਗੀਤ ਰੰਗਤ ਘੋਲ ਰਿਹਾ ਸੀ | ਵਾਪਸ ਰੈਸਟ ਹਾਊਸ ਵਿਚ ਪੁੱਜੇ ਤਾਂ ਦੇਖਿਆ ਕਿ ਮੁੰਡੇ ਸੱਟਾਂ ਖਾ ਕੇ ਮੰਜਿਆਂ 'ਤੇ ਪਏ ਹੋਏ ਸਨ | ਕਹਿਣ ਲੱਗੇ ਕਿ ਜੀ ਸਾਨੂੰ ਹੋਸਟਲ ਦੇ ਗੁੰਡੇ ਮੁੰਡਿਆਂ ਨੇ ਕੁੱਟਿਆ ਹੈ | ਅਸੀਂ ਕਿਹਾ ਹੁਣ ਕੀ ਕਰੀਏ, ਓਪਰੀ ਥਾਂ ਆਏ ਹੋਏ ਹਾਂ | ਤੁਸੀਂ ਜਰੂਰ ਕਿਸੇ ਨਾਲ ਛੇੜਖਾਨੀ ਕੀਤੀ ਹੋਵੇਗੀ, ਕਿਸੇ 'ਤੇ ਰਿਮਾਰਕ ਕੱਸੇ ਹੋਣਗੇ ਜਾਂ ਕੁਝ ਹੋਰ ਕੀਤਾ ਹੋਊ? ਅਪਣਾ ਕਸੂਰ ਸਮਝਦੇ ਹੋਏੇ ਉਹ ਚੁੱਪ ਹੀ ਰਹੇ | ਅਗਲੇ ਦਿਨ ਬੱਸ ਫੜੀ ਤੇ ਵਾਪਸ ਘਰੋ-ਘਰੀ ਤੁਰ ਪਏ, ਏਨੀ ਲੰਬੀ ਤੇ ਕਠਿਨ ਯਾਤਰਾ ਕਰਕੇ |

-ਸਾਬਕਾ ਪਿ੍ੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ | ਮੋਬਾਈਲ : 98143-48697.

ਅੱਖਰਾਂ ਦਾ ਸਰਮਾਇਆ

ਪੜ੍ਹਨ ਦੀ ਆਦਤ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ | ਸਾਹ ਰੋਕ ਕੇ ਪੜ੍ਹਨਾ ਅਤਿਅੰਤ ਔਖਾ | ਅਨਪੜ੍ਹ ਮਾਂ ਨੇ ਮੈਨੂੰ ਪੜ੍ਹਨ ਲਈ ਗੁੜ੍ਹਤੀ ਤੇ ਗਹਿਰਾਈ ਦਿੱਤੀ | ਅੰਮਿ੍ਤ ਵੇਲੇ ਉਹ ਪੂਰੀ ਲੈਅ ਤੇ ਲਗਨ ਨਾਲ ਦੁੱਧ ਰਿੜਕਦੀ | ਚਾਟੀ ਵਿਚ ਮਧਾਣੀ ਪਾਉਣ ਤੋਂ ਪਹਿਲਾਂ ਉਹ ਮੈਨੂੰ ਜਗਾਉਂਦੀ ਤੇ ਕੋਲ ਬਿਠਾ ਕੇ ਪੜ੍ਹਨ ਲਾ ਦਿੰਦੀ | ਇਸ ਤਰ੍ਹਾਂ ਮੇਰੀ ਸਵੇਰੇ-ਸਵੇਰੇ ਪੜ੍ਹਨ ਦੀ ਆਦਤ ਪੱਕ ਗਈ | ਯੂਨੀਵਰਸਿਟੀ ਪੜ੍ਹਨ ਗਿਆ ਤਾਂ ਇਹ ਆਦਤ ਮੇਰੇ ਬਹੁਤ ਕੰਮ ਆਈ | ਮਾਂ ਕਹਿੰਦੀ ਸਵੇਰੇ-ਸਵੇਰੇ ਪੜ੍ਹਨਾ ਸਿਮਰਨ ਵਾਂਗ ਹੁੰਦਾ ਹੈ | ਸਵੇਰੇ-ਸਵੇਰੇ ਪੜ੍ਹਨ ਵੇਲੇ ਚਿੱਤ ਤੇ ਚੇਤਾ ਪੂਰੀ ਇਕਾਗਰਤਾ ਨਾਲ ਕਾਰਜ ਕਰਦੇ ਹਨ | ਸੁਪਨੇ ਤੇ ਸਾਧਨਾ ਸਵੇਰ ਵੇਲੇ ਦੀ ਪੜ੍ਹਾਈ ਨੂੰ ਹੰਭਣ ਨਹੀਂ ਦਿੰਦੇ | ਪੜ੍ਹਨ ਦੀ ਆਦਤ ਨਾਲ ਮੈਂ ਹਮੇਸ਼ਾ ਧੜਕਦਾ ਰਿਹਾ ਹਾਂ | ਪੜ੍ਹਨ ਦੀ ਆਦਤ ਨੇ ਮੇਰੀਆਂ ਉਦਾਸੀਆਂ, ਉਦਰੇਵਿਆਂ ਤੇ ਉਥਲ-ਪੁਥਲ ਨੂੰ ਪਰਚਾਈ ਰੱਖਿਆ | ਪੜ੍ਹਨ ਕਰਕੇ ਮੈਨੂੰ ਕਵਿਤਾ ਮਿਲੀ | ਕਵਿਤਾ ਮੇਰਾ ਦੀਨ ਤੇ ਈਮਾਨ ਬਣੀ | ਕਵਿਤਾ ਨੇ ਮੇਰੀ ਸਿਰਜਣਾਤਮਿਕਤਾ ਨੂੰ ਆਹਰੇ ਲਾਈ ਰੱਖਿਆ | ਕਵਿਤਾ ਨੇ ਮੈਨੂੰ ਨਿੱਕਾ ਜਿਹਾ ਨਾਂਅ ਦਿੱਤਾ | ਪੜ੍ਹਨ ਦੀ ਵਿਰਾਸਤ ਨੂੰ ਵੱਡਾ ਹੋਣ ਕਰਕੇ ਸਾਂਭਣ ਦੀ ਜ਼ਿੰਮੇਵਾਰੀ ਦਾ ਮਾਣ ਵੀ ਮੈਨੂੰ ਮਿਲਿਆ | ਪਰਿਵਾਰ ਦੀ ਅਗਲੀ ਪੀੜ੍ਹੀ ਵਿਚ ਅਜੇ ਵੀ ਪੜ੍ਹਨ ਦੀ ਰੁਚੀ ਤੇ ਰੂਹ ਪੂਰੀ ਲੈਅ ਨਾਲ ਧੜਕਦੀ ਹੈ | ਮਾਂ ਨੇ ਪੜ੍ਹਨ ਦੇ ਨਾਲ-ਨਾਲ ਸਾਹ ਰੋਕ ਕੇ ਪੜ੍ਹਨ ਦੀ ਜੁਗਤ ਤੇ ਜ਼ਿਆਰਤ ਦਾ ਰਾਹ ਵੀ ਦਿਖਾਇਆ | ਸਾਹ ਰੋਕ ਕੇ ਪੜ੍ਹਨ ਨਾਲ ਬੰਦੇ ਨੂੰ ਅੰਦਰੂਨੀ ਸ਼ਕਤੀ ਤੇ ਸੰਵੇਦਨਾ ਮਿਲਦੀ ਹੈ | ਸਾਹ ਰੋਕ ਕੇ ਪੜ੍ਹਨਾ ਆਪਣੇ ਹੀ ਅੰਦਰ ਡੰੂਘੇ ਉਤਰਨ ਦੇ ਰਿਆਜ਼ ਤੇ ਰਮਜ਼ ਨਾਲ ਆਉਂਦਾ ਹੈ | ਸਾਡੇ ਕੋਲ ਗੁਜ਼ਾਰੇ ਜੋਗੀ ਜ਼ਮੀਨ ਜਾਇਦਾਦ ਸੀ ਪਰ ਸਾਡੀ ਮਾਂ ਪੀੜ੍ਹੀ ਦਰ ਪੀੜ੍ਹੀ ਨਿਭਣ ਵਾਲੀ ਰਚਨਾਤਮਿਕ ਜਾਇਦਾਦ ਤੇ ਜਾਗੀਰ ਦੇ ਕੇ ਗਈ | ਹਰਫ਼ਾਂ ਦੀ ਜਾਗੀਰ ਵਿਰਲੀਆਂ ਮਾਵਾਂ ਦਿੰਦੀਆਂ ਹਨ |
ਪੜ੍ਹਨਾ ਐਵੇਂ ਨਹੀਂ ਆ ਜਾਂਦਾ | ਪੜ੍ਹਨ ਦਾ ਕਾਰਜ ਸਹਿਜ ਸੁਭਾਵਿਕ ਤੇ ਸੰਵੇਦਨਸ਼ੀਲ ਹੁੰਦਾ ਹੈ | ਮਨ, ਮਸਤਕ, ਮਾਹੌਲ, ਮੋਹ ਤੇ ਮਾਨਵੀ ਅਹਿਸਾਸਾਂ ਦੇ ਜਾਗਿ੍ਤ ਤੇ ਜਿਊਾਦੇ ਹੋਣਾ ਪੜ੍ਹਨ ਲਈ ਪ੍ਰੇਰਨਾ ਤੇ ਪਕਿਆਈ ਬਣਦਾ ਹੈ | ਪੜ੍ਹਨਾ ਸਿਖਲਾਈ ਨਾਲ ਨਹੀਂ ਆਉਂਦਾ | ਪੜ੍ਹਨਾ ਇਕ ਕਠਿਨ ਰੂਹਾਨੀ ਤਪੱਸਿਆ ਹੈ | ਪੜ੍ਹਨ ਪੜ੍ਹਾਉਣ ਲਈ ਕੋਚਿੰਗ ਸੈਂਟਰਾਂ ਦੀ ਥਾਂ ਘਰਾਂ ਨੂੰ ਸਜੀਵ, ਸੁਰੀਲੇ ਤੇ ਸੁਪਨਈ ਬਣਾਉਣ ਦੀ ਲੋੜ ਹੈ | ਸੁਪਨਿਆਂ ਨੂੰ ਜਗਾਉਣ ਤੇ ਜਾਗਿ੍ਤ ਕਰਨ ਦੀ ਆਕਰਸ਼ਨ ਵਿਧੀ ਤੇ ਵਿਉਂਤ ਦਾ ਨਾਂਅ ਪੜ੍ਹਾਈ ਹੈ | ਹੁਣ ਲੋਕ ਬੱਚਿਆਂ ਨੂੰ ਅੱਖਰਾਂ ਦੇ ਸੁਪਨੇ ਨਹੀਂ ਦਿੰਦੇ ਸਗੋਂ ਪਲਾਟਾਂ, ਜ਼ਮੀਨਾਂ, ਕਾਰਾਂ ਤੇ ਵਿਦੇਸ਼ਾਂ ਦੇ ਸੁਪਨੇ ਦਿੰਦੇ ਹਨ | ਸੁਪਨਿਆਂ ਲਈ ਨਸ਼ਿਆਂ ਦੀ ਸਰਿੰਜ ਦੀ ਲੋੜ ਨਹੀਂ | ਕਥਨਾਂ ਨਾਲ ਸੁਪਨੇ ਬੀਜੇ ਨਹੀਂ ਜਾ ਸਕਦੇ | ਪੜ੍ਹਨਾ ਅਰਾਧਨਾ ਵਰਗਾ ਅਭਿਆਸ ਹੈ | ਸਕੂਲੇ ਜਾਣ ਤੋਂ ਪਹਿਲਾਂ ਮੈਂ ਆਪਣੇ ਹਲਵਾਹ ਬਾਪ ਦੀ ਰੋਟੀ ਲੈ ਕੇ ਜਾਂਦਾ ਹੁੰਦਾ ਸੀ | ਮੈਨੂੰ ਬਾਪ ਦੀ ਵਾਹੀ ਹੋਈ ਪੈਲੀ ਦੇ ਸਿਆੜ ਬਹੁਤ ਚੰਗੇ ਲਗਦੇ | ਇਕ ਦਿਨ ਮੇਰੇ ਮਨ 'ਚ ਹਲ ਦੀ ਮੰੁਨੀ ਫੜ ਕੇ ਸਿਆੜ ਵਾਹੁਣ ਦੀ ਇੱਛਾ ਜਾਗੀ | ਪਰ ਮੇਰੇ ਬਾਪ ਨੇ ਮੈਨੂੰ ਵਰਜਦਿਆਂ ਆਖਿਆ, 'ਪੁੱਤਰਾ ਮੈਂ ਅੱਧੀ ਰਾਤ ਉਠ ਕੇ ਇਹ ਸਿਆੜ ਇਸ ਕਰਕੇ ਵਾਹੰੁਨਾਂ ਤਾਂ ਕਿ ਤੂੰ ਅੱਖਰਾਂ ਦੇ ਸਿਆੜ ਵਾਹ ਸਕੇਂ | ਤੂੰ ਹਲ ਦੀ ਮੰੁਨੀ ਨੂੰ ਹੱਥ ਨਹੀਂ ਲਾਉਣਾ, ਇਹ ਮੇਰਾ ਨਸੀਬ ਹੈ, ਮੇਰੇ ਸੁਪਨਿਆਂ ਵਿਚ ਤੇਰਾ ਨਸੀਬ ਹੋਰ ਹੈ |'
ਬਾਪ ਦੇ ਇਨ੍ਹਾਂ ਦਾਰਸ਼ਨਿਕਾਂ ਬੋਲਾਂ ਨੇ ਮੈਨੂੰ ਅੱਖਰਾਂ ਦੇ ਸਿਆੜ ਵਾਹੁਣ ਲਈ ਸੰਵੇਦਨਾ ਤੇ ਸੁਪਨੇ ਦਿੱਤੇ | ਆਪਣੀਆਂ ਕਵਿਤਾਵਾਂ ਵਿਚ ਮੈਂ ਆਪਣੇ-ਬਾਪ ਨੂੰ 'ਕਿਰਤ ਦਾ ਮਹਾਂਕਾਵਿ' ਆਖਿਆ ਹੈ | ਬਾਪ ਦੀ ਕਿਰਤ ਕਮਾਈ ਤੇ ਕਾਵਿਕਤਾ ਸਦਕਾ ਮੈਨੂੰ ਪੜ੍ਹਨ ਦੀ ਹੱਲਾਸ਼ੇਰੀ ਤੇ ਹਰਕਤ ਮਿਲੀ | ਕਦੇ-ਕਦੇ ਜਦੋਂ ਕਿਤਾਬਾਂ ਜਾਂ ਫੀਸ ਲਈ ਪੈਸੇ ûੜ ਜਾਂਦੇ ਬਾਪ ਪਿੰਡ ਦੇ ਸ਼ਾਹੂਕਾਰ ਕੋਲੋਂ ਮੰਗ ਕੇ ਲਿਆਉਂਦਾ | ਫ਼ਸਲ ਆਉਣ 'ਤੇ ਉਸ ਦੇ ਪੈਸੇ ਮੋੜ ਦਿੰਦਾ | ਤੰਗੀਆਂ-ਤੁਰਸ਼ੀਆਂ ਦੇ ਤੰਦਰੁਸਤ ਅਹਿਸਾਸ ਨੇ ਪੜ੍ਹਨ ਦੀ ਲਗਨ ਨੂੰ ਸਦਾ-ਸਦਾ ਲਈ ਸੁਭਾਅ ਤੇ ਸਿਨਫ਼ ਬਣਾ ਦਿੱਤਾ | ਮੇਰਾ ਅਨਪੜ੍ਹ ਬਾਪ ਸਾਡੀਆਂ ਕਿਤਾਬਾਂ ਨੂੰ ਟੋਹ-ਟੋਹ ਕੇ ਦੇਖਦਾ | ਪੜ੍ਹਨ ਦੇ ਸ਼ੌਕ ਨਾਲ ਸਾਡੇ ਪਰਿਵਾਰ ਨੂੰ ਬੇਹੱਦ ਸ਼ੁਹਰਤ, ਸ਼ਾਨ ਤੇ ਸਤਿਕਾਰ ਮਿਲਿਆ | ਬਾਪ ਦੇ ਕਿਰਤ ਮਹਾਂ-ਕਾਵਿ ਨੂੰ ਮੈਂ ਅਜੇ ਵੀ ਪੰਨਾ-ਪੰਨਾ ਕਰ ਕੇ ਪੜ੍ਹਦਾ ਰਹਿੰਦਾ ਹਾਂ | ਕਿਤਾਬਾਂ ਦੀ ਧੜਕਣ ਵਿਚੋਂ ਬਾਪ ਅਜੇ ਵੀ ਬੋਲਦਾ ਨਜ਼ਰ ਆਉਂਦਾ ਹੈ | ਬੱਚਿਆਂ ਨੂੰ ਪੜ੍ਹਾਉਣਾ ਸਾਡੇ ਬਾਪ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ | ਇਸੇ ਕਰਕੇ ਸਾਡੇ ਸਾਰੇ ਪਿੰਡ ਦੀਆਂ ਜ਼ਮੀਨਾਂ ਵੰਡੀਆਂ ਗਈਆਂ ਪਰ ਅਸੀਂ ਅਜੇ ਤੱਕ ਬਾਪ ਦੀ ਸਾਂਝੀ ਵਿਰਾਸਤ ਵੰਡੀ ਨਹੀਂ | ਬਾਪ ਦੀ ਦਿੱਤੀ ਹੋਈ ਅੱਖਾਂ ਦੀ ਬਰਕਤ ਨੇ ਕਦੇ ਕੁਝ ਵੰਡਣ ਦੇ ਰਾਹ ਨਹੀਂ ਤੋਰਿਆ | ਬਾਪ ਨੇ ਅੱਖਰਾਂ ਦਾ ਏਨਾ ਸਰਮਾਇਆ ਦਿੱਤਾ ਕਿ ਕਿਸੇ ਕਰਜ਼ੇ ਦੀ ਲੋੜ ਨਹੀਂ ਪਈ | ਬਾਪ ਨੇ ਸਹਿਯੋਗ, ਸੰਘਰਸ਼ ਤੇ ਸਨੇਹ ਦੀ ਪਰਿਭਾਸ਼ਾ ਸਿਖਾਈ | ਪੜ੍ਹਨ ਦੀ ਜੋ ਜਾਇਦਾਦ ਸਾਡਾ ਬਾਪ ਸਾਨੂੰ ਦੇ ਗਿਆ, ਉਹ ਕਿਸੇ ਵੀ ਕੀਮਤ ਨਾਲ ਖਰੀਦੀ ਨਹੀਂ ਜਾ ਸਕਦੀ | ਹਰ ਬਾਪ ਹਰਫ਼ਾਂ ਦੀ ਜਾਇਦਾਦ ਨਹੀਂ ਦਿੰਦਾ |
ਹੁਣ ਪੜ੍ਹਾਈਆਂ ਖਰੀਦਣ ਤੇ ਵੇਚਣ ਦਾ ਯੁੱਗ ਆ ਗਿਆ ਹੈ | ਗੁਰੂਆਂ ਦੀ ਬਖ਼ਸ਼ੀ ਹੋਈ ਵਿੱਦਿਆ ਵਿਚਾਰੀ ਹੁਣ ਵਪਾਰੀ ਬਣ ਗਈ ਹੈ | ਕੁਦਰਤ, ਕਿਰਤ ਤੇ ਕਾਵਿਕਤਾ ਤੋਂ ਬੁਰੀ ਤਰ੍ਹਾਂ ਟੁੱਟ ਗਏ ਹਾਂ | ਕੋਠੀਆਂ, ਜ਼ਮੀਨਾਂ, ਵਪਾਰਾਂ ਤੇ ਕਾਰਾਂ ਦੇ ਸਹਾਰੇ ਵੱਡੇ ਹੋਣਾ ਲੋਚਦੇ ਹਾਂ | ਪੈਸੇ ਤੇ ਪਦਵੀਆਂ ਦਾ ਆਤੰਕ ਅੰਨ੍ਹਾ ਹੋ ਗਿਆ ਹੈ | ਜ਼ਮੀਨ ਨਾਲ ਜੁੜੇ ਲੋਕ ਬਹੁਤ ਲਿੱਸੇ ਹੋ ਗਏ ਹਨ | ਅਜੋਕੇ ਡਿਗਰੀ ਧਾਰੀਆਂ ਨਾਲੋਂ ਪੁਰਾਣੇ ਅਨਪੜ੍ਹ ਚੰਗੇ ਹੁੰਦੇ ਸਨ | ਪੜ੍ਹਨ ਵਾਲੇ ਆਟੇ 'ਚ ਲੂਣ ਬਰਾਬਰ ਰਹਿ ਗਏ ਹਨ | ਕਾਗਜ਼ੀ ਕਾਰੋਬਾਰ ਦੇ ਇਸ ਦੌਰ ਵਿਚ ਗੁਰੂਆਂ, ਪੀਰਾਂ, ਫਕੀਰਾਂ ਤੇ ਸ਼ਾਇਰਾਂ ਦੀ ਵਿਰਾਸਤ ਸਿਰਫ਼ ਕਥਨਾਂ ਜੋਗੀ ਰਹਿ ਗਈ ਹੈ | ਪੜ੍ਹਨ ਲਈ ਜਿਸ ਆਲੇ-ਦੁਆਲੇ, ਅਹਿਸਾਸ, ਅਭਿਆਸ ਤੇ ਅਰਾਧਨਾ ਦੀ ਲੋੜ ਹੁੰਦੀ ਹੈ, ਉਹ ਕਿਧਰੇ ਵੀ ਨਜ਼ਰ ਨਹੀਂ ਆਉਂਦੀ | ਪੜ੍ਹਨਾ ਕਰਮਸ਼ੀਲ ਤੇ ਕਰਤਾਰੀ ਕਿੱਤਾ ਨਹੀਂ ਰਿਹਾ | ਪੜ੍ਹਨ ਦੀ ਰੁਚੀ ਤੇ ਰਵਾਇਤ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਈ ਹੈ | ਪੜ੍ਹਨਾ ਰੂਹਾਂ ਨੂੰ ਖੇੜਾ ਤੇ ਖ਼ਾਬ ਦਿੰਦਾ | ਪੜ੍ਹਨ ਨਾਲ ਦਿਸ਼ਾ, ਦਿ੍ਸ਼ਟੀ ਤੇ ਦਰਸ਼ਨ ਉੱਗਦੇ ਹਨ | ਪੜ੍ਹਨ ਨਾਲ ਅੰਦਰੂਨੀ ਸੰਗੀਤ ਤੇ ਸੁਰਤ ਜਾਗਦੀ ਹੈ | ਪੜ੍ਹਨ ਨਾਲ ਲੱਖਾਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ | ਨਾ ਪੜ੍ਹਨ ਨਾਲ ਬਦੀਆਂ, ਬਿਮਾਰੀਆਂ ਤੇ ਬੇਈਮਾਨੀਆਂ ਪੈਦਾ ਹੁੰਦੀਆਂ ਹਨ | ਮੇਰੇ ਸਕੂਲ ਦੇ ਅਧਿਆਪਕ ਹਮੇਸ਼ਾ ਤੁਰ ਕੇ ਜਾਂ ਸਾਈਕਲਾਂ 'ਤੇ ਆਉਂਦੇ ਪਰ ਸਾਦਾ ਜਿਹੇ ਇਨ੍ਹਾਂ ਬੰਦਿਆਂ ਕੋਲ ਜਜ਼ਬਾ, ਜਾਨੂੰਨ ਤੇ ਜ਼ਬਾਨ ਕਮਾਲ ਦੀ ਸੀ | ਬੱਚਿਆਂ ਵਾਂਗ ਪੜ੍ਹਾਉਂਦੇ | ਹੱਥ ਫੜ-ਫੜ ਕੇ ਫੱਟੀ ਲਿਖਣਾ ਸਿਖਾਉਂਦੇ, ਮੇਰੀ ਸੰੁਦਰ ਲਿਖਾਈ ਮੇਰੇ ਉਨ੍ਹਾਂ ਤਮਾਮ ਅਧਿਆਪਕਾਂ ਦੀ ਆਦਰਸ਼ਕ ਤੇ ਅਦੁੱਤੀ ਵਿਰਾਸਤ ਹੈ | ਟੁੱਟੇ ਜਿਹੇ ਸਾਈਕਲਾਂ 'ਤੇ ਆਉਣ ਵਾਲੇ ਇਨ੍ਹਾਂ ਸਾਦਾ ਜਿਹੇ ਅਧਿਆਪਕਾਂ ਦੀ ਵਿਰਾਸਤ ਭੁੱਲ ਕੇ ਹੁਣ ਅਸੀਂ ਪੰਜ ਸਟਾਰੀ ਬਣ ਗਏ ਹਾਂ | ਆਪਣੇ ਇਸ ਅਤੀਤ ਨੂੰ ਫਰੋਲਣ ਦਾ ਮਕਸਦ ਅਜੋਕੇ ਸਮਿਆਂ ਨੂੰ ਬਾਅਦਬ ਢੰਗ ਨਾਲ ਮੁਖਾਤਿਬ ਹੋਣਾ ਹੈ | ਅਤੀਤ ਦੇ ਆਲਮਾਨਾ ਪਹਿਲੂ ਤੇ ਪ੍ਰਾਪਤੀਆਂ ਨਵੀਂ ਕਰਵਟ ਲਈ ਉਕਸਾ ਸਕਦੀਆਂ ਹਨ | ਆਪਣੇ-ਆਪਣੇ ਘਰਾਂ ਨੂੰ ਰੌਸ਼ਨ ਚਿਰਾਗ ਬਣਾਉਣ ਲਈ ਪੜ੍ਹਨਾ ਹੀ ਬੁਨਿਆਦੀ ਤੇ ਬਹੁਮੱਲਾ ਸਿਧਾਂਤ ਹੈ | ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ | ਪੜ੍ਹਨ ਨਾਲ ਹੌਲੀ-ਹੌਲੀ ਸਾਹ ਰੋਕ ਕੇ ਪੜ੍ਹਨਾ ਆ ਜਾਂਦਾ ਹੈ | ਕੋਮਲ ਹੱਥਾਂ ਦੀਆਂ ਬੇਤਰਤੀਬੀਆਂ ਲਕੀਰਾਂ ਹੀ ਹੌਲੀ-ਹੌਲੀ ਤਰਤੀਬ ਤੇ ਤਰੰਨੁਮ ਵਿਚ ਢਲ ਕੇ ਅੱਖਰਾਂ ਦੀਆਂ ਅਮੁੱਕ ਉਦਾਸੀਆਂ ਦਾ ਆਗਾਜ਼ ਕਰਦੀਆਂ ਹਨ | ਅੱਖਰਾਂ ਵਿਚ ਜਜ਼ਬ ਜ਼ਿੰਦਗੀ ਨੂੰ ਪੜ੍ਹਨਾ ਤੇ ਸਾਹ ਰੋਕ ਕੇ ਪੜ੍ਹਨਾ ਹੀ ਅਜੋਕੇ ਸਮਿਆਂ ਦਾ ਸੰਵੇਦਨਸ਼ੀਲ ਸਮਾਧਾਨ ਹੈ |
'ਆਓ ਲਗਾਈਏ ਘਰ ਘਰ ਅੰਦਰ
ਦਿਲ-ਅੱਖਰਾਂ ਦੀਆਂ ਦਾਬਾਂ,
ਅੱਖਰਾਂ ਦੀ ਕੁੱਖ ਵਿਚੋਂ ਉਗਦੇ
ਵੇਦ ਗ੍ਰੰਥ ਕਿਤਾਬਾਂ |

-97, ਮਾਡਲ ਟਾਊਨ, ਕਪੂਰਥਲਾ |
ਮੋਬਾਈਲ : 84377-88856.

ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਟਿਆਲਾ ਸ਼ਹਿਰ ਨੂੰ ਆਬਾਦ ਅਤੇ ਸ਼ਾਦਾਬ ਕਰਨ ਵਾਲਿਆਂ ਵਿਚ ਸਾਰੇ ਧਰਮਾਂ ਦੇ ਲੋਕਾਂ ਦਾ ਬਰਾਬਰ ਦਾ ਹਿੱਸਾ ਰਿਹਾ ਹੈ | ਪਟਿਆਲਾ ਸ਼ਹਿਰ ਦੀ ਸੁੰਦਰਤਾ ਇਸ ਗੱਲ ਦਾ ਸਬੂਤ ਹੈ ਕਿ ਇਸ ਸ਼ਹਿਰ ਵਿਚ ਗੁਰਦੁਆਰਾ ਦੂਖ ਨਿਵਾਰਨ, ਗੁਰਦੁਆਰਾ ਮੋਤੀ ਬਾਗ਼, ਗੁਰਦੁਆਰਾ ਹੋਤੀ ਮਰਦਾਨ, ਗੁਰਦੁਆਰਾ ਪਾਤਸ਼ਾਹੀ ਨੌਵੀਂ, ਗੁਰਦੁਆਰਾ ਸਿੰਘ ਸਭਾ, ਕਾਲੀ ਮਾਤਾ ਮੰਦਰ, ਸ਼ਨੀ ਮੰਦਰ, ਸ਼ੀਤਲਾ ਮੰਦਰ, ਬੈਂਕ ਕਾਲੋਨੀ ਮਸਜਿਦ, ਅਦਾਲਤ ਬਾਜ਼ਾਰ ਮਸਜਿਦ, ਬਿਸ਼ਨ ਨਗਰ ਮਸਜਿਦ, ਲਾਲ ਮਸਜਿਦ (ਸ਼ੇਰਾਂ ਵਾਲਾ ਗੇਟ) ਉਮਰ ਮਸਜਿਦ (ਰਾਜਪੁਰਾ ਚੂੰਗੀ ਮਸਜਿਦ) ਈਦਗਾਹ (ਮਾਲ ਰੋਡ), ਲਾਹੌਰੀ ਗੇਟ ਅਤੇ ਸਰਕਟ ਹਾਊਸ ਵਿਖੇ ਬਣੇ ਚਰਚ ਤੋਂ ਇਲਾਵਾ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਬਾਰਾਦਰੀ ਬਾਗ਼, ਕਿਲ੍ਹਾ ਬਹਾਦਰਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਥਾਪਰ ਯੂਨੀਵਰਸਿਟੀ, ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਵਿਕਰਮ ਕਾਲਜ ਆਫ਼ ਕਾਮਰਸ, ਮੋਦੀ ਕਾਲਜ ਆਦਿ ਅਜਿਹੇ ਵੱਡੇ ਅਦਾਰੇ ਹਨ, ਜੋ ਆਪਣੇ ਆਪਣੇ ਖੇਤਰ ਵਿਚ ਸ਼ਹਿਰ ਦੀ ਆਨ, ਬਾਨ ਤੇ ਸ਼ਾਨ ਲਈ ਚਾਰ ਚੰਨ ਲਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ |
ਗੁਰਦੁਆਰਾ ਦੂਖ ਨਿਵਾਰਨ ਜੋ ਬਸ ਸਟੈਂਡ ਦੇ ਨਜ਼ਦੀਕ ਹੈ | ਇਕ ਦਸਤੀ ਤਹਿਰੀਰ ਅਨੁਸਾਰ ਜੋ ਗੁਰਦੁਆਰਾ ਵਿਖੇ ਮਹਿਫ਼ੂਜ਼ ਹੈ, ਵਿਚ ਲਿਖਿਆ ਹੈ ਕਿ ਲਹਿਲ ਦੇ ਇਕ ਵਸਨੀਕ ਭਾਗ ਰਾਮ ਨੇ ਸੈਫ਼ ਆਬਾਦ (ਬਹਾਦਰਗੜ੍ਹ) ਵਿਖੇ ਰਹਿਣ ਦੌਰਾਨ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਇੰਤਜ਼ਾਰ ਕੀਤਾ | ਗੁਰੂੁ ਸਾਹਿਬ ਦੀ ਿਖ਼ਦਮਤ ਵਿਚ ਗੁਜ਼ਾਰਿਸ਼ ਕੀਤੀ ਕਿ ਉਹਦੇ ਪਿੰਡ ਤਸ਼ਰੀਫ਼ ਲੈ ਆਉਣ ਕਿਉਂ ਜੋ ਪਿੰਡ ਵਾਸੀ ਇਕ ਭਿਆਨਕ ਬਿਮਾਰੀ ਤੋਂ ਪੀੜਤ ਸਨ, ਵੀ ਦਰਸ਼ਨ ਕਰ ਸਕਣ | ਗੁਰੂ ਜੀ ਨੇ ਇਨ੍ਹਾਂ ਦੀ ਬੇਨਤੀ ਪ੍ਰਵਾਨ ਕਰਦਿਆਂ 5 ਮਾਘ ਸੁਦੀ, 1728 ਬਿਕਰਮੀ, ਮੁਤਾਬਿਕ 24 ਜਨਵਰੀ 1672 ਈ: ਨੂੰ ਲਹਿਲ ਪਿੰਡ ਵਿਖੇ ਕੇਲੇ ਦੇ ਦਰੱਖ਼ਤ ਹੇਠਾਂ ਜੋ ਤਲਾਅ ਦੇ ਕਿਨਾਰੇ ਲੱਗਿਆ ਹੋਇਆ ਸੀ, ਬੈਠ ਗਏ | ਲੋਕ ਵਿਸ਼ਵਾਸ ਅਨੁਸਾਰ ਦੱਸਿਆ ਜਾਂਦਾ ਹੈ ਕਿ ਜਿੱਥੇ ਗੁਰੂ ਜੀ ਠਹਿਰੇ, ਉਸ ਨੂੰ ਦੂਖ ਨਿਵਾਰਨ ਆਖਿਆ ਜਾਂਦਾ ਹੈ |
ਗੁਰਦੁਆਰਾ ਮੋਤੀ ਬਾਗ਼ ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ਾਨ ਵਿਚ ਇਜ਼ਾਫ਼ਾ ਕਰਨ ਵਾਲਾ ਇਕ ਪਵਿੱਤਰ ਅਸਥਾਨ ਹੈ | ਇਕ ਵਾਰੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਿੱਲੀ ਦੇ ਸਫ਼ਰ ਦੌਰਾਨ ਕੀਰਤਪੁਰ, ਭਰਤਗੜ੍ਹ ਸਾਹਿਬ, ਰੋਪ ਮਕਰ, ਕਾਬਲਪੁਰ ਹੁੰਦਿਆਂ ਪ੍ਰਸਿੱਧ ਸੂਫ਼ੀ ਸੈਫ਼ ਅਲ਼ੀ ਖ਼ਾਂ ਕੋਲ ਇਨ੍ਹਾਂ ਦੀ ਇੱਛਾ ਅਨੁਸਾਰ ਸੈਫ਼ ਆਬਾਦ (ਬਹਾਦਰ ਗੜ੍ਹ) ਵਿਖੇ ਜੋ ਪਟਿਆਲੇ ਤੋਂ 6 ਕਿਲੋਮੀਟਰ ਦੇ ਫ਼ਾਸਲੇ 'ਤੇ ਸਥਿਤ ਹੈ, ਜਿਸ ਨੂੰ ਸੈਫ਼ ਅਲੀ ਖ਼ਾਂ ਨੇ 1658 ਈ: ਵਿਚ ਤਾਮੀਰ ਕਰਵਾਇਆ ਸੀ, ਜਿਸ ਦੀ ਬਾਅਦ ਵਿਚ ਮਹਾਰਾਜਾ ਕਰਮ ਸਿੰਘ ਨੇ 1831 ਈ: ਵਿਚ ਮੁਰੰਮਤ ਕਰਵਾਈ ਸੀ, ਇਕ ਮਹੀਨਾ ਠਹਿਰੇ ਅਤੇ ਇਸ ਥਾਂ ਨੂੰ ਰੌਣਕ ਬਖ਼ਸ਼ੀ | ਸੂਫ਼ੀ ਸੈਫ਼ ਅਲ਼ੀ ਖ਼ਾਂ ਨੇ ਆਪ ਦਾ ਖਿੜ੍ਹੇ ਮੱਥੇ ਸਵਾਗਤ ਕੀਤਾ ਅਤੇ ਦਿਲੋਂ ਆਪ ਦੀ ਿਖ਼ਦਮਤ ਵੀ ਕੀਤੀ | ਗੁਰੂ ਜੀ ਸਾਰਾ ਦਿਨ ਕਿਲ੍ਹੇ ਅੰਦਰ ਮਸਰੂਫ਼ ਰਹਿੰਦੇ ਅਤੇ ਰਾਤ ਨੂੰ ਸੈਫ਼ ਅਲੀ ਖ਼ਾਂ ਕੋਲ ਆ ਜਾਂਦੇ | ਇਹ ਕਿਲ੍ਹਾ 2 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ ਜਿਸ ਦੇ ਆਲੇ ਦੁਆਲੇ ਗੋਲ ਦੀਵਾਰਾਂ ਅਤੇ ਖਾਈ ਪੁੱਟੀ ਹੋਈ ਹੈ | ਮਹਾਰਾਜਾ ਦੀ ਗੁਰੂ ਜੀ ਨਾਲ ਅਥਾਹ ਮੁਹੱਬਤ ਹੋਣ ਕਰਕੇ ਇਸ ਦਾ ਨਾਂਅ ਬਹਾਦਰਗੜ੍ਹ ਰੱਖ ਦਿੱਤਾ ਗਿਆ | ਜਿਸ ਵਿਚ ਸ਼ਾਨਦਾਰ ਗੁਰਦੁਆਰਾ ਜੋ 'ਗੁਰੂਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ' ਨਾਂਅ ਨਾਲ ਮਸ਼ਹੂਰ ਹੈ | ਇਹ ਐਸ.ਜੀ.ਪੀ. ਸੀ. ਦੇ ਅਧੀਨ ਚੱਲ ਰਿਹਾ ਹੈ | ਇਸ ਨਾਲ ਬਹੁਤ ਹੀ ਖ਼ੁਬਸੂਰਤ ਮਸਜਿਦ ਵੀ ਬਣੀ ਹੋਈ ਹੈ | ਮਸਜਿਦ ਅਤੇ ਗੁਰਦੁਆਰਾ ਸਾਹਿਬ ਜਿੱਥੇ ਸਿੱਖ ਮੁਸਲਿਮ ਦੀ ਆਪਸੀ ਸਾਂਝ ਅਤੇ ਸੁਨਹਿਰੇ ਮਾਜ਼ੀ (ਲੰਘੇ ਸਮੇਂ) ਦੀ ਦਾਸਤਾਨ ਬਿਆਨ ਕਰਦੇ ਹਨ, ਉੱਥੇ ਹੀ ਸੁਲਝੇ ਅਤੇ ਪਰਪੱਕ ਨਕਸ਼ਾ ਨਵੀਸਾਂ ਦੀ ਕਲਾਕਿ੍ਤ ਦਾ ਬਿਹਤਰੀਨ ਨਮੂਨਾ ਵੀ ਦਰਸਾਉਂਦੀਆਂ ਹਨ | ਇਸ ਤੋਂ ਬਾਅਦ ਗੁਰੂ ਜੀ ਸਮਾਣਾ ਵੱਲ ਚਲੇ ਗਏ | ਇੱਥੇ ਵੀ ਆਪ ਨੇ ਮੁਹੰੰਮਦ ਬਖ਼ਸ਼ ਦੀ ਹਵੇਲੀ ਵਿਚ ਕੁਝ ਸਮਾਂ ਗੁਜ਼ਾਰਿਆ ਅਤੇ ਕਰਹਾਲੀ ਅਤੇ ਬਲਬੇੜਾ ਹੁੰਦੇ ਹੋਏ ਚੀਕੇ ਵੱਲ ਤਸ਼ਰੀਫ਼ ਲੈ ਗਏ |
ਸ਼ਾਹੀ ਸ਼ਹਿਰ ਪਟਿਆਲਾ ਜਿੱਥੇ ਕਾਲੀ ਮਾਤਾ ਦਾ ਮੰਦਰ ਜੋ ਮਹਾਰਾਜਾ ਭੁਪਿੰਦਰ ਸਿੰਘ ਜੋ 1900 ਈ: ਤੋਂ 1938 ਈ: ਤੱਕ ਗੱਦੀ 'ਤੇ ਰਹੇ, ਵਲੋਂ 1936 ਈ: ਵਿਚ ਤਾਮੀਰ ਕਰਵਾਇਆ ਸੀ | ਇਸ ਵਿਚ ਕਾਲੀ ਮਾਤਾ ਦੀ 6 ਫ਼ੁੱਟ ਉੱਚੀ ਮੂਰਤੀ ਅਤੇ ਪਾਵਨ ਜੋਤੀ ਬੰਗਾਲ ਤੋਂ ਮੰਗਵਾਈ ਗਈ ਸੀ | ਮੰਦਰ ਦੀ ਬਨਾਵਟ ਅਤੇ ਸਜਾਵਟ ਜੋ ਲੋਕਾਂ ਦੀ ਨਜ਼ਰ ਆਪਣੇ ਵੱਲ ਖਿੱਚਦੀ ਹੈ, ਨੂੰ ਵੇਖਦਿਆਂ ਇਸ ਨੂੰ ਕੌਮੀ ਅਸਾਸੇ ਵਿਚ ਸ਼ਾਮਿਲ ਕੀਤਾ ਗਿਆ ਹੈ | ਪ੍ਰਾਚੀਨ ਪ੍ਰਸਿੱਧ ਰਾਜ ਰਾਜੇਸ਼ਵਰੀ ਮੰਦਰ ਵੀ ਇੱਥੇ ਹੀ ਮਿਲਦਾ ਹੈ ਜੋ ਬਾਰਾਦਰੀ ਦੇ ਨੇੜੇ ਮਾਲ ਰੋਡ 'ਤੇ ਹੈ |
ਪਟਿਆਲੇ ਸ਼ਹਿਰ ਦਾ ਮੁੱਖ ਕਿਲ੍ਹਾ ਮੁਬਾਰਕ ਕੰਪਲੈਕਸ ਸ਼ਹਿਰ ਦੇ ਮੱਧ ਵਿਚ 10 ਏਕੜ ਵਿਚ ਬਣਿਆ ਹੋਇਆ ਹੈ ਜਿਸ ਵਿਚ ਕੇਂਦਰੀ ਮਹਿਲ ਜਾਂ ਅੰਦਰਲਾ ਕਿਲ੍ਹਾ ਅਤੇ ਮਹਿਮਾਨ ਖ਼ਾਨਾ ਵੀ ਸ਼ਾਮਿਲ ਹੈ | ਕਿਲ੍ਹੇ ਦੇ ਬਾਹਰ ਦਰਸ਼ਨੀ ਦਰਵਾਜ਼ਾ, ਸ਼ਿਵ ਮੰਦਰ ਅਤੇ ਸਜੀਆਂ-ਸਜਾਈਆਂ ਬਾਜ਼ਾਰ ਦੀਆਂ ਦੁਕਾਨਾਂ ਹਨ ਜੋ ਕਿਲ੍ਹੇ ਦੀ ਖ਼ੂਬਸੂਰਤੀ ਅਤੇ ਰੌਣਕ ਵਿਚ ਵਾਧਾ ਕਰਦੀਆਂ ਹਨ | ਇਨ੍ਹਾਂ ਦੁਕਾਨਾਂ ਵਿਚ ਕੀਮਤੀ ਜ਼ੇਵਰ, ਰੰਗਦਾਰ ਧਾਗੇ, ਜੁੱਤੀਆਂ ਅਤੇ ਚਮਕੀਲੇ ਪਰਾਂਦਿਆਂ ਤੋਂ ਇਲਾਵਾ ਨਿੱਤ ਪ੍ਰਤੀ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਹਨ | ਮੋਤੀ ਬਾਗ਼ ਦੀ ਤਾਮੀਰ ਹੋਣ ਤੱਕ ਕਿਲ੍ਹਾ ਮੁਬਾਰਕ ਰਾਜਿਆਂ ਮਹਾਰਾਜਿਆਂ ਦੀ ਰਿਹਾਇਸ਼ਗਾਹ ਸੀ | ਇਹ ਕਿਲ੍ਹਾ ਇਸਲਾਮੀ ਅਤੇ ਰਾਜਸਥਾਨੀ ਤਰਜ਼ ਨਾਲ ਬਣਿਆ ਕਲਾ ਦਾ ਬਿਹਤਰੀਨ ਨਮੂਨਾ ਹੈ | ਇਸ ਵਿਚ 10 ਵਰਾਂਡੇ ਕੁਝ ਛੋਟੇ ਅਤੇ ਕੁਝ ਵੱਡੇ ਹਨ | ਕਈ ਮਹਿਲ ਹਨ | ਵਰਾਂਡੇ ਦੇ ਆਲੇ-ਦੁਆਲੇ ਕਮਰਿਆਂ ਦਾ ਇਕ ਸੈੱਟ ਹੈ | ਹਰ ਕਮਰੇ ਦੇ ਵੱਖ-ਵੱਖ ਨਾਂਅ ਹਨ ਜਿਵੇਂ ਤੋਪਖ਼ਾਨਾ, ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ, ਖ਼ਜ਼ਾਨਾ ਅਤੇ ਜੇਲ੍ਹਖ਼ਾਨਾ ਆਦਿ | ਬਾਬਾ ਆਲਾ ਸਿੰਘ ਬੁਰਜ ਜਿਸ ਵਿਚ ਜਵਾਲਾ ਜੀ ਤੋਂ ਇਕ ਜੋਤੀ ਲਿਆ ਰੱਖੀ ਹੈ, ਜੋ ਵੇਖਣ ਵਾਲਿਆਂ ਦੇ ਲਈ ਇਕ ਪੈਗ਼ਾਮ ਦਾ ਕੰਮ ਕਰਦੀ ਹੈ | ਇਸ ਕਿਲ੍ਹੇ ਨੂੰ ਹਰ ਸਾਲ ਵਿਰਾਸਤੀ ਮੇਲੇ ਦੇ ਮੌਕੇ ਸੰਵਾਰਿਆ ਅਤੇ ਸਜਾਇਆ ਜਾਂਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪ੍ਰੋਫ਼ੈਸਰ ਤੇ ਮੁਖੀ, ਫ਼ਾਰਸੀ ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ੋਨ : 94171-71885.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1969 ਵਿਚ ਉਸ ਸਮੇਂ ਖਿੱਚੀ ਗਈ ਸੀ ਜਦੋਂ ਪਿੰਡ ਕਾਲਾ ਅਫ਼ਗਾਨਾ ਵਿਖੇ ਗੁਰੂ ਨਾਨਕ ਦੇਵ ਕਾਲਜ ਦਾ ਨੀਂਹ-ਪੱਥਰ ਰੱਖਣ ਲਈ ਅਕਾਲੀ ਦਲ ਦੇ ਪ੍ਰਧਾਨ ਸੰਤ ਚੰਨਣ ਸਿੰਘ ਆਏ ਸੀ ਤੇ ਉਸ ਦੇ ਨਾਲ ਸਾਰੇ ਅਕਾਲੀ ਲੀਡਰ ਇਲਾਕੇ ਭਰ ਤੋਂ ਆਏ ਸਨ | ਅੱਜਕਲ੍ਹ ਇਸ ਤਰ੍ਹਾਂ ਨਹੀਂ ਹੁੰਦਾ | ਇਸ ਤਸਵੀਰ ਵਿਚ ਨਜ਼ਰ ਆਉਂਦੇ ਬਹੁਤੇ ਲੀਡਰ ਅੱਜ ਇਸ ਦੁਨੀਆ ਵਿਚ ਨਹੀਂ ਹਨ | ਬਸ ਉਨ੍ਹਾਂ ਦੀਆਂ ਯਾਦਾਂ ਹੀ ਬਾਕੀ ਹਨ |

-ਮੋਬਾਈਲ : 98767-41231

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-12 : ਪੰਜਾਬੀ ਫ਼ਿਲਮਾਂ ਦੇ ਗੀਤਕਾਰ ਦੁਬਿਧਾ ਦੇ ਸ਼ਿਕਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਰ ਨਕਸ਼ ਸਾਹਿਬ ਦੀ ਇਸ ਦਲੀਲ ਨੂੰ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ | ਸਮੇਂ-ਸਮੇਂ ਸਿਰ ਕਈ ਸਾਹਿਤਕ ਹਸਤੀਆਂ ਨੇ ਪੰਜਾਬੀ ਫ਼ਿਲਮਾਂ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ | ਇਨ੍ਹਾਂ ਮਹਾਨ ਸਾਹਿਤਕਾਰਾਂ 'ਚ ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ ਦੇ ਨਾਂਅ ਵੀ ਸ਼ਾਮਿਲ ਹਨ | ਹਾਂ, ਇਹ ਗੱਲ ਦਰੁਸਤ ਜ਼ਰੂਰ ਹੈ ਕਿ ਉਹ ਨਿਰੰਤਰ ਰੂਪ ਵਿਚ ਇਸ ਕਲਾ-ਪੱਖ ਨਾਲ ਜੁੜੇ ਨਹੀਂ ਰਹਿ ਸਕੇ ਸਨ | ਅਜਿਹਾ ਕਿਉਂ? ਇਸ ਪ੍ਰਸ਼ਨ ਦਾ ਉੱਤਰ ਸ਼ਿਵ ਕੁਮਾਰ ਨਾਲ ਜੁੜੇ ਹੋਏ ਇਕ ਪ੍ਰਸੰਗ ਤੋਂ ਆਸਾਨੀ ਨਾਲ ਹੀ ਮਿਲ ਸਕਦਾ ਹੈ | ਹੁਣ ਇਸ ਗੱਲ ਪ੍ਰਤੀ ਤਾਂ ਸਾਰੇ ਹੀ ਸੁਚੇਤ ਹਨ ਕਿ ਫ਼ਿਲਮਾਂ ਦਾ ਮਾਧਿਅਮ ਇਕ ਅਜਿਹਾ ਮਾਧਿਅਮ ਹੈ ਜਿਸ 'ਚ ਗੀਤਕਾਰ ਨੂੰ ਕਹਾਣੀ ਦੀ ਲੋੜ ਦੇ ਅਨੁਸਾਰ ਹੀ ਗੀਤ ਲਿਖਣੇ ਪੈਂਦੇ ਹਨ | ਉਸ ਨੂੰ ਆਪਣੀ ਵਿਚਾਰਧਾਰਾ ਦਾ ਤਿਆਗ ਕਰਕੇ ਸਬੰਧਿਤ ਫ਼ਿਲਮ ਦੇ ਕਿਰਦਾਰਾਂ ਦੇ ਅਨੁਸਾਰ ਹੀ ਕਲਮ ਚਲਾਉਣੀ ਪੈਂਦੀ ਹੈ |
ਸ਼ਿਵ ਕੁਮਾਰ ਨੇ 'ਸ਼ੌਾਕਣ ਮੇਲੇ ਦੀ' (1965) ਲਈ ਗੀਤ ਲਿਖੇ ਸਨ | ਉਸ ਸਮੇਂ ਇਹ ਰਿਵਾਜ ਸੀ ਕਿ ਲਗਪਗ ਹਰੇਕ ਪੰਜਾਬੀ ਫ਼ਿਲਮ 'ਚ ਇਕ ਮਜਾਹੀਆ ਗੀਤ ਜ਼ਰੂਰ ਹੀ ਹੁੰਦਾ ਸੀ | ਲਿਹਾਜ਼ਾ, ਫ਼ਿਲਮਸਾਜ਼ਾਂ ਨੇ ਸ਼ਿਵ ਕੁਮਾਰ ਨੂੰ 'ਸ਼ੌਾਕਣ ਮੇਲੇ ਦੀ' ਲਈ ਵੀ ਇਕ ਇਸ ਸ਼੍ਰੇਣੀ ਦੇ ਗੀਤ ਨੂੰ ਲਿਖਣ ਦੀ ਮੰਗ ਕੀਤੀ | ਇਹ ਕਾਮੇਡੀਅਨ ਗੋਪਾਲ ਸਹਿਗਲ ਅਤੇ ਅਭਿਨੇਤਰੀ ਆਰ. ਸ਼ੀਲਾ 'ਤੇ ਫ਼ਿਲਮਾਇਆ ਜਾਣਾ ਸੀ |
ਸਿਚੂਏਸ਼ਨ ਅਤੇ ਪਾਤਰਾਂ ਨੂੰ ਸਾਹਮਣੇ ਦਿ੍ਸ਼ਟੀਗੋਚਰ ਕਰਦਿਆਂ ਸ਼ਿਵ ਕੁਮਾਰ ਨੇ ਇਕ ਕਾਮੇਡੀ ਜਾਂ ਮਜ਼ਾਹੀਆ ਗੀਤ ਲਿਖਿਆ ਜੋ ਕਿ ਕੁਝ ਇਸ ਪ੍ਰਕਾਰ ਦਾ ਸੀ:
ਕੁਕੜੰੂ ਕੜੰੂ, ਕੁਕੜੰੂ ਕੜੰੂ
ਉਰਾਂ ਆਹ ਤੰੂ...
ਘੰੁਮਿਆ ਬਟਾਲਾ,
ਕੋਈ ਬਣਿਆ ਨਹੀਂ ਸਾਲਾ
ਕੋਈ ਲੈ ਦੇ ਨੀ ਰਜਾਈ ਜੋਗਾ ਰੰੂ...
ਮੈਂ ਤੇਰੀ ਪੜ੍ਹ ਦਊਾ ਸਿੱਖਿਆ ਨੀ ਕੁੜੀਏ,
ਤੂੰ ਮੇਰਾ ਪੜ੍ਹ ਦੲੀਂ ਸਿਹਰਾ,
ਲੰਮੀ ਚੌੜੀ ਕਰੀਂ ਨਾ ਖੇਚਲ,
ਰਿੰਨ੍ਹ ਲੲੀਂ ਇਕ ਬਟੇਰਾ... |
ਇਸ ਗੀਤ ਕਰਕੇ ਸ਼ਿਵ ਦੀ ਸਾਹਿਤਕ ਹਲਕਿਆਂ 'ਚ ਕਾਫੀ ਖਿੱਲੀ ਉੱਡਾਈ ਗਈ ਸੀ | ਨਵਤੇਜ ਸਿੰਘ ਨੇ 'ਪ੍ਰੀਤਲੜੀ' ਦੇ ਇਕ ਅੰਕ ਵਿਚ ਇਸ ਸਬੰਧੀ ਇਕ ਲੇਖ ਲਿਖਿਆ ਜਿਹੜਾ ਬੜਾ ਤਿੱਖਾ ਸੀ ਅਤੇ ਉਸ ਨੇ ਪੁੱਛਿਆ, 'ਜਿਹੜੇ ਲੋਕ ਆਪਣੇ-ਆਪ ਨੂੰ ਪੰਜਾਬੀ ਸ਼ਾਇਰੀ ਦੇ ਪਹਿਰੇਦਾਰ ਸਮਝਦੇ ਹਨ, ਮੈਨੂੰ ਕੀ ਉਹ ਜਵਾਬ ਦੇਣਗੇ ਕਿ ਅਜਿਹੀਆਂ ਘਟੀਆ ਰਚਨਾਵਾਂ ਜਾਂ ਗੀਤਾਂ ਦੁਆਰਾ ਉਹ ਕਿਸ ਮਿਆਰ ਨੂੰ ਸਥਾਪਤ ਕਰ ਰਹੇ ਹਨ?'
ਸ਼ਿਵ ਕੁਮਾਰ ਇਸ ਆਲੋਚਨਾ ਤੋਂ ਇੰਨਾ ਦੁਖੀ ਹੋਇਆ ਸੀ ਕਿ ਉਸ ਨੇ ਫ਼ਿਲਮ ਗੀਤਕਾਰੀ ਤੋਂ ਸਦਾ ਲਈ ਦੂਰੀ ਬਣਾ ਲਈ ਸੀ | ਵੈਸੇ ਵਰਿੰਦਰ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਫ਼ਿਲਮਾਂ ਅਤੇ ਸਾਹਿਤਕ ਰੁਝਾਨਾਂ ਦੇ ਵਿਚਕਾਰ ਇਕ ਸੰਤੁਲਤ ਰਿਸ਼ਤਾ ਕਾਇਮ ਕੀਤਾ ਜਾਵੇ | ਫਲਸਰੂਪ, ਉਸ ਨੇ ਅਨੇਕਾਂ ਹੀ ਗੀਤਕਾਰਾਂ ਨੂੰ ਉਤਸ਼ਾਹਿਤ ਕੀਤਾ ਸੀ | ਸਮਸ਼ੇਰ ਸੰਧੂ ਦੀਆਂ ਕਿਰਤਾਂ ਇਸ ਉਪਰਾਲੇ ਦੀਆਂ ਹੀ ਕੋਸ਼ਿਸਾਂ ਸਨ | ਵਰਤਮਾਨ ਸਥਿਤੀ ਇਹ ਹੈ ਕਿ ਗੀਤਕਾਰ ਤਾਂ ਬੇਸ਼ੁਮਾਰ ਹੋ ਗਏ ਹਨ, ਪਰ ਜਿਸ ਸੰਤੁਲਣ ਪ੍ਰਤੀ ਵਰਿੰਦਰ ਨੇ ਸੰਕੇਤ ਦਿੱਤਾ ਸੀ, ਉਹ ਬਿਲਕੁਲ ਹੀ ਗ਼ੈਰ-ਹਾਜ਼ਰ ਹੈ | ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ਾਇਰੀ ਪਿੱਛੇ ਰਹਿ ਗਈ ਹੈ ਅਤੇ ਅਵਸਰਵਾਦ ਵਧੇਰੇ ਪ੍ਰਭਾਵੀ ਹੋ ਰਿਹਾ ਹੈ ਪਰ ਸ਼ਾਇਦ ਸਮੇਂ ਦੀ ਹੀ ਅਜਿਹੀ ਮੰਗ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾਈਲ : 099154-93043.

ਅਲੋਕਾਰੀ ਕਾਰਨਾਮਿਆਂ ਦਾ ਸਿਰਜਕ ਈਲਾਨ ਮਸਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਪ੍ਰੈਲ, 2016 ਵਿਚ ਫਾਲਕਨ-9 ਡਰੈਗਨ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੱਕ ਲੈ ਗਿਆ ਤੇ ਸੁਖੀਂ-ਸਾਂਦੀਂ ਵਾਪਸ ਪਰਤਿਆ ਆਪਣੀ ਫਸਟ ਸਟੇਜ ਸਮੇਤ | ਮਾਰਚ 2017 ਵਿਚ ਇਕ ਵਾਰ ਫਿਰ ਫਸਟ ਸਟੇਜ ਸਮੇਤ ਵਾਪਸ ਪਰਤਣ ਦਾ ਕਾਰਨਾਮਾ ਕੀਤਾ | ਜੁਲਾਈ 2017 ਵਿਚ ਕੰਪਨੀ ਦੇ ਡਰੈਗਨ ਪੁਲਾੜੀ ਜਹਾਜ਼ ਨੇ ਇਕ ਵਾਰ ਮੁੜ ਅੰਤਰਰਾਸ਼ਟਰੀ ਪੁਲਾੜੀ ਸਟੇਸ਼ਨ ਨਾਲ ਡਾਕਿੰਗ ਕਰ ਕੇ ਉਸ ਨੂੰ ਸਮੱਗਰੀ ਪਹੁੰਚਾਈ | ਇਹ ਸਾਰੀ ਸਰਗਰਮੀ ਰੀਯੂਜ਼ਏਬਲ ਰਾਕਟ ਦੀ ਸਫ਼ਲਤਾ ਦਾ ਪ੍ਰਮਾਣ ਪੇਸ਼ ਕਰਨ ਲਈ ਕਾਫ਼ੀ ਸੀ | ਕੰਪਨੀ ਵਿਚ ਘੱਟੋ-ਘੱਟ ਪੰਜ ਹਜ਼ਾਰ ਬੰਦੇ ਅੱਜ ਇਕ ਤੋਂ ਇਕ ਵੱਡਾ ਸਫ਼ਲ ਤੇ ਰੀਯੂਜ਼ਏਬਲ ਰਾਕਟ ਬਣਾਉਣ ਵਿਚ ਰੁਝੇ ਹੋਏ ਹਨ | ਕੰਪਨੀ 12 ਅਰਬ ਡਾਲਰ ਦੇ ਕੰਟਰੈਕਟ ਲਈ ਬੈਠੀ ਹੈ | ਇਸ ਦੇ ਫਾਲਕਨ ਹੈਵੀ ਰਾਕਟ ਵਿਚ 9-9 ਮਰਲਿਣ ਇੰਜਣਾਂ ਦੀਆਂ ਤਿੰਨ ਲੜੀਆਂ ਹਨ | ਯਾਨੀ ਕੁੱਲ 27 ਇੰਜਣ, ਜਿਨ੍ਹਾਂ ਨਾਲ 38 ਲੱਖ ਪਾਊਾਡ ਥਰਸਟ ਤੇ ਇਕ ਲੱਖ ਇਕਤਾਲੀ ਹਜ਼ਾਰ ਪੌਾਡ ਦੀ ਲਿਫਟਿੰਗ ਸਮਰੱਥਾ ਪੈਦਾ ਹੋ ਸਕਦੀ ਹੈ | ਇਉਂ ਕਹੋ ਕਿ ਫਾਲਕਨ ਹੈਵੀ ਸਵਾਰੀਆਂ, ਸਾਮਾਨ ਤੇ ਬਾਲਣ ਨਾਲ ਭਰਿਆ 737-ਜੈੱਟ ਲਾਈਨਰ ਚੁੱਕ ਕੇ ਪੁਲਾੜ ਵਿਚ ਉਛਾਲ ਸਕਦਾ ਹੈ | ਫਾਲਕਨ ਦੀ ਫਸਟ ਸਟੇਜ ਵਾਪਸ ਧਰਤੀ ਉਤੇ ਪਰਤਦੀ ਹੈ | ਮਜ਼ਬੂਤ ਕਾਰਬਨ ਫਾਈਬਰ ਦੀਆਂ ਚਾਰ ਲੱਤਾਂ ਅਤੇ ਇਨ੍ਹਾਂ ਨੂੰ ਬੰਨ੍ਹ ਕੇ ਰੱਖਣ ਵਾਲਾ ਐਲੂਮੀਨੀਅਮ ਜਾਲ ਇਸ ਨੂੰ ਆਰਾਮ ਨਾਲ ਵਾਪਸ ਲੈਂਡ ਕਰਨ ਵਿਚ ਮਦਦ ਕਰਦਾ ਹੈ |
ਫਾਲਕਨ-9 ਦੋ ਸਟੇਜੀ ਰੀਯੂਜ਼ਏਬਲ ਰਾਕਟ ਹੈ | ਇਹੀ ਡਰੈਗਨ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੱਕ ਲੈ ਕੇ ਗਿਆ | ਸਫ਼ਲਤਾ ਨਾਲ ਇੰਨੀ ਉੱਚਾਈ ਤੱਕ ਪੁਲਾੜੀ ਜਹਾਜ਼ ਭੇਜਣ ਤੇ ਵਾਪਸ ਉਤਾਰਨ ਦਾ ਕਾਰਨਾਮਾ ਕਰਕੇ ਮਸਕ ਨੇ ਆਪਣੀ ਮੁਹਾਰਤ ਤੇ ਸਿਰੜ ਦੀ ਧਾਂਕ ਪਾ ਦਿੱਤੀ ਹੈ | ਇਸ ਦਾ ਫਾਲਕਨ ਹੈਵੀ 40 ਫੁੱਟ ਚੌੜਾ ਅਤੇ 230 ਫੁੱਟ ਉੱਚਾ ਹੈ | ਧਰਤ ਨੇੜਲੇ ਪਰਿਕਰਮਾ ਪੱਥ ਉਤੇ ਇਹ 63800 ਕਿੱਲੋ ਪੇ-ਲੋਡ ਚੁੱਕ ਸਕਦਾ ਹੈ | ਮੰਗਲ ਉਤੇ ਇਹ 16800 ਕਿੱਲੋ ਭਾਰ ਪਹੁੰਚਾ ਸਕਦਾ ਹੈ ਅਤੇ ਪਲੂਟੋ ਵਰਗੇ ਦੂਰ ਦੇ ਗ੍ਰਹਿ ਉਤੇ 3500 ਕਿਲੋਗ੍ਰਾਮ | ਤਾਕਤ ਏਨੀ ਜਿੰਨੀ ਅਠਾਰਾਂ 747 ਜੈੱਟ ਲਾਈਨਰ ਪੂਰੀ ਤਾਕਤ ਨਾਲ ਇਕੱਠੇ ਚਲ ਰਹੇ ਹੋਣ | 'ਡਰੈਗਨ' ਸਪੇਸ ਐਕਸ ਦਾ ਸਪੇਸ 'ਕੈਪਸੂਲ' ਕਿਹਾ ਜਾ ਸਕਦਾ ਹੈ | ਇਹ ਪੁਲਾੜ ਯਾਤਰੀਆਂ ਨੂੰ ਪੁਲਾੜ ਦੀ ਸੈਰ ਕਰਵਾ ਸਕਦਾ ਹੈ | ਇਸ ਨਾਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੀ ਯਾਤਰਾ ਤਾਂ ਕਈ ਵਾਰ ਹੋ ਚੁੱਕੀ ਹੈ, ਵੱਡੇ ਪੈਮਾਨੇ ਉਤੇ ਪੁਲਾੜ ਯਾਤਰਾਵਾਂ ਲਈ ਇਸ ਦੀ ਸਸਤੀ ਵਰਤੋਂ ਉਤੇ ਕੰਮ ਹੋ ਰਿਹਾ ਹੈ | 1969 ਵਿਚ ਨੀਲ ਆਰਾਮ ਸਟਰਾਂਗ ਨੇ ਪਹਿਲੀ ਵਾਰ ਚੰਨ ਉਤੇ ਕਦਮ ਧਰਿਆ ਸੀ | ਅਜੇ ਅੱਧੀ ਸਦੀ ਨਹੀਂ ਹੋਈ, ਇਸ ਇਤਿਹਾਸਕ ਕਾਰਨਾਮੇ ਨੂੰ | ਮਸਕ ਨਿਕਟ ਭਵਿੱਖ ਵਿਚ ਪੁਲਾੜ ਉਡਾਰੀਆਂ ਦੇ ਖੇਤਰ ਵਿਚ ਨਵੇਂ-ਨਵੇਂ ਐਲਾਨ ਕਰ ਕੇ ਨਿਰੰਤਰ ਦੁਨੀਆ ਦਾ ਧਿਆਨ ਆਪਣੇ ਵੱਲ ਖਿਚਦਾ ਰਹਿੰਦਾ ਹੈ | ਟੈਸਲਾ ਰੋਡਸਟਰ ਤੇ ਡੰਮੀ ਡਰਾਈਵਰ ਨੂੰ ਪੁਲਾੜ ਵਿਚ ਭੇਜਣਾ ਵੀ ਇਸੇ ਲੜੀ ਦਾ ਇਕ ਕਦਮ ਸੀ | ਲਗਪਗ ਇੱਕੀ ਅਰਬ ਡਾਲਰ ਦੀ ਸਾਮੀ ਹੈ ਮਸਕ ਇਸ ਵੇਲੇ | ਸਪੇਸ ਐਕਸ. ਟੈਸਲਾ ਇੰਕ ਤੇ ਨਿਊਰਾਲਿਕ ਤਿੰਨ ਕੰਪਨੀਆਂ ਦਾ ਸੀ ਈ.ਓ. | ਪੂਰਾ ਕਬੀਲਦਾਰ | 6 ਬੱਚਿਆਂ ਦਾ ਪਿਓ ਤੇ ਦੋ ਪਤਨੀਆਂ ਦਾ ਪਤੀ | ਪਹਿਲੀ ਜਸਟਿਨ ਮਸਕ ਜਿਸ ਨਾਲ ਉਸ ਨੇ 2000 ਵਿਚ ਸ਼ਾਦੀ ਕੀਤੀ ਤੇ 2008 ਵਿਚ ਤਲਾਕ ਦਿੱਤਾ | ਦੂਜੀ ਤਾਊਲਾ ਰਾਇਲੀ ਜਿਸ ਨਾਲ ਉਸ ਦੋ ਵਾਰ ਸ਼ਾਦੀ ਕੀਤੀ ਅਤੇ ਦੋਵੇਂ ਵਾਰ ਤਲਾਕ ਦਿੱਤਾ | ਪਹਿਲੀ ਵਾਰ 2010 ਵਿਚ ਸ਼ਾਦੀ ਤੇ 2012 ਵਿਚ ਤਲਾਕ | ਦੂਜੀ ਵਾਰ 2013 ਵਿਚ ਸ਼ਾਦੀ ਤੇ 2016 ਵਿਚ ਤਲਾਕ | ਹੈ ਨਾ ਅਜੀਬ ਆਦਮੀ |
ਮਸਕ ਨੇ ਜਦੋਂ ਪਹਿਲੀ ਵਾਰ ਰੀਯੂਜ਼ਏਬਲ ਰਾਕਟ ਦਾ ਸੰਕਲਪ ਪੇਸ਼ ਕੀਤਾ ਤਾਂ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ | ਉਹ ਆਪਣੀ ਧੁਨ ਦਾ ਪੱਕਾ ਰਿਹਾ ਤੇ 22 ਦਸੰਬਰ, 2015 ਨੂੰ ਉਸ ਨੇ ਫਾਲਕਨ ਦੀ ਪਹਿਲੀ ਸਟੇਜ ਨੂੰ ਵਾਪਸ ਲਾਂਚ ਪੈਡ ਉਤੇ ਉਤਾਰ ਕੇ ਆਪਣੀ ਸਫ਼ਲਤਾ ਦਾ ਪਹਿਲਾ ਝੰਡਾ ਗੱਡਿਆ | 2017 ਦੇ ਅੰਤ ਤੱਕ ਉਸ ਨੇ ਸੋਲਾਂ ਵਾਰ ਸਫ਼ਲਤਾ ਸਹਿਤ ਰਾਕਟਾਂ ਦੀ ਪਹਿਲੀ ਸਟੇਜ ਨੂੰ ਧਰਤੀ ਉਤੇ ਉਤਾਰਿਆ | ਮਸਕ ਕਹਿੰਦਾ ਹੈ ਕਿ ਮੈਂ ਪੁਲਾੜ ਉਡਾਰੀਆਂ ਦੀ ਕੀਮਤ ਘਟਾ ਕੇ 10 ਫ਼ੀਸਦੀ ਉਤੇ ਲੈ ਆਉਣੀ ਹੈ | ਤਾਂ ਹੀ ਲੋਕ ਪੁਲਾੜ ਵਿਚ ਉੱਡਣ ਦੀ ਸੋਚਣਗੇ | 2011 ਵਿਚ ਉਸ ਨੇ ਇਕ ਇੰਟਰਵਿਊ ਵਿਚ ਕਹੀ ਸੀ ਇਹ ਗੱਲ ਉਦੋਂ ਉਸ ਨੇ ਇਹ ਵੀ ਕਿਹਾ ਸੀ ਕਿ ਮੈਂ 20 ਸਾਲ ਦੇ ਵਿਚ-ਵਿਚ ਮੰਗਲ ਉਤੇ ਪੁਲਾੜ ਯਾਤਰੀ ਉਤਾਰ ਦਿਆਂਗੇ | ਐਸ਼ਲੀ ਵਾਂਸ ਨੇ ਉਸ ਦੀ ਜੀਵਨੀ ਲਿਖੀ ਹੈ | ਇਸ ਵਿਚ ਮਸਕ ਦਾਅਵਾ ਕਰ ਰਿਹਾ ਹੈ ਕਿ 2040 ਤੱਕ ਮੈਂ ਮੰਗਲ ਉਤੇ ਅੱਸੀ ਹਜ਼ਾਰ ਬੰਦਿਆਂ ਦੀ ਕਾਲੋਨੀ ਵਸਾ ਦਿਆਂਗਾ |
ਮਸਕ ਕਹਿੰਦਾ ਹੈ ਕਿ ਮੰਗਲ ਉਤੇ ਆਕਸੀਜਨ ਨਹੀਂ ਹੈ | ਇਸ ਲਈ ਸਾਰੀ ਟਰਾਂਸਪੋਰਟ ਬਿਜਲੀ ਨਾਲ ਕਰਾਂਗੇ | ਜੂਨ 2016 ਵਿਚ ਉਸ ਨੇ ਐਲਾਨ ਕੀਤਾ ਸੀ ਕਿ ਮੰਗਲ ਉਤਲੀ ਬਸਤੀ ਵਾਸਤੇ ਟਰਾਂਸਪੋਰਟ ਲਈ ਪਹਿਲਾ ਪੁਲਾੜੀ ਜਹਾਜ਼ ਮੈਂ 2022 ਵਿਚ ਭੇਜਾਂਗਾ | 4 ਸਾਲ ਵਿਚ ਅਸੀਂ ਉਥੇ ਕਾਫ਼ੀ ਪ੍ਰਬੰਧ ਕਰ ਲਵਾਂਗੇ | 2024 ਵਿਚ ਅਸੀਂ ਮੰਗਲ ਵੱਲ ਮਨੁੱਖੀ ਜਹਾਜ਼ ਤੋਰ ਦਿਆਂਗੇ | ਮਸਕ ਨੂੰ ਖਬਰਾਂ ਵਿਚ ਬਣਿਆ ਰਹਿਣਾ ਆਉਂਦਾ ਹੈ | ਬਹੁਤੀ ਦੇਰ ਨਹੀਂ ਹੋਈ ਤੁਹਾਨੂੰ ਚੇਤੇ ਹੋਵੇਗਾ ਕਿ ਥਾਈਲੈਂਡ ਦੀ ਥਾਮ ਲੁਆਂਗ ਕੇਵ ਵਿਚ ਬਾਰਾਂ ਬੱਚੇ ਫਸ ਗਏ ਸਨ | ਉਨ੍ਹਾਂ ਨੂੰ ਬਚਾਉਣ ਲਈ ਰਾਸ਼ਟਰੀ/ ਅੰਤਰਰਾਸ਼ਟਰੀ ਪੱਧਰ ਉਤੇ ਰੌਲਾ ਪਿਆ | ਇਸੇ ਦੌਰਾਨ ਜੁਲਾਈ 2018 ਵਿਚ ਮਸਕ ਨੇ ਸਪੇਸ-ਐਕਸ ਤੇ ਟੈਸਲਾ ਦੀਆਂ ਟੀਮਾਂ ਤੋਂ ਇਕ ਮਿੰਨੀ ਸਬਮੈਰੀਨ ਬਣਵਾ ਕੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਲਈ ਭੇਜੀ, ਨਾਂਅ ਰੱਖਿਆ 'ਵਾਇਲਡ ਬੋਰ', ਬੱਚਿਆਂ ਦੀ ਫੁਟਬਾਲ ਟੀਮ ਦੇ ਨਾਂਅ ਉਤੇ | ਉਦੋਂ ਤੱਕ 8 ਬੱਚੇ ਬਚਾਏ ਜਾ ਚੁੱਕੇ ਸਨ ਤੇ ਥਾਈ ਅਧਿਕਾਰੀਆਂ ਨੇ ਇਹ ਸਬਮੈਰੀਨ ਨਾ ਵਰਤਨ ਦਾ ਫੈਸਲਾ ਕੀਤਾ | ਇਸ ਉਪਰੰਤ ਕਈ ਦਿਨ ਇਸ ਸੈਬਮੈਰੀਨ ਦੀ ਕਾਰਜ ਸਮਰੱਥਾ ਨੂੰ ਲੈ ਕੇ ਹੀ ਵਿਵਾਦ ਚਲਦਾ ਰਿਹਾ | ਕਈਆਂ ਨੇ ਇਸ ਸਾਰੇ ਕੁਝ ਨੂੰ ਪਬਲੀਸਿਟੀ ਸਟੰਟ ਕਿਹਾ | ਇਸ ਵਿਚ ਕੋਈ ਸ਼ੱਕ ਨਹੀਂ ਕਿ ਮਸਕ ਵੱਡੇ ਸੁਪਨੇ ਲੈਂਦਾ ਹੈ, ਵੱਡੇ ਸੁਪਨੇ ਵੇਚਦਾ ਹੈ ਤੇ ਵੱਡੇ ਪਬਲੀਸਿਟੀ ਸਟੰਟ ਰਚਦਾ ਹੈ, ਪਰ ਉਸ ਦੀਆਂ ਪ੍ਰਾਪਤੀਆਂ ਵੀ ਵੱਡੀਆਂ ਹਨ |
ਮਸਕ ਲੋਕਤੰਤਰ ਦਾ ਹਾਮੀ ਹੈ ਤੇ ਰਤਾ ਕੁ ਖੱਬੇ-ਪੱਖੀ/ਸਮਾਜਵਾਦੀ ਕਿਹਾ ਜਾ ਸਕਦਾ ਹੈ | ਟਰੰਪ ਦੀ ਜਿੱਤ ਤੋਂ ਪਹਿਲਾਂ ਉਹ ਟਰੰਪ ਦਾ ਆਲੋਚਕ ਸੀ ਪਰ ਉਸ ਦੀ ਜਿੱਤ ਉਪਰੰਤ ਟਰੰਪ ਦੇ ਸੈਕਟਰੀ ਆਫ਼ ਸਟੇਟ ਟਿਲਰਸਨ ਵਲੋਂ ਟਰੰਪ ਲਈ ਬਣਾਈ ਇਕ ਸਲਾਹਕਾਰ ਪੈਨਲ ਦੀ ਮੈਂਬਰੀ ਵੀ ਉਸ ਨੇ ਪ੍ਰਵਾਨ ਕਰ ਲਈ | ਉਸਦਾ ਮਕਸਦ ਸਰਕਾਰ ਨਾਲ ਕਿਸੇ ਵੀ ਸਿੱਧੇ ਟਕਰਾਅ ਤੋਂ ਬਚ ਕੇ ਆਪਣਾ ਕੰਮ ਕਰਨਾ ਹੈ | ਉਂਜ ਉਸ ਨੇ ਵਾਤਾਵਰਨ ਬਦਲੀ ਬਾਰੇ ਪੈਰਿਸ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰਨ ਕਰਕੇ 2017 ਵਿਚ ਟਰੰਪ ਦੀ ਖੁੱਲ੍ਹੀ ਆਲੋਚਨਾ ਕੀਤੀ | ਮਸਕ ਨੂੰ ਪਤਾ ਹੈ ਕਿ ਉਸ ਦੀਆਂ ਅਰਬਾਂ ਡਾਲਰ ਦੀਆਂ ਕੰਪਨੀਆਂ ਸਿਆਸਤਦਾਨਾਂ ਨਾਲ ਵਿਗਾੜ ਕੇ ਨਹੀਂ ਚਲਣੀਆਂ | ਇਸ ਲਈ ਉਹ ਡੈਮੋਕ੍ਰੈਟਾਂ ਤੇ ਰਿਪਬਲਿਕਨਾਂ ਦੋਵਾਂ ਨੂੰ ਡੋਨੇਸ਼ਨਾਂ ਦਿੰਦਾ ਹੈ | ਸਪੇਸ ਐਕਸ ਦੀ ਸਥਾਪਨਾ ਤੋਂ ਹੁਣ ਤੱਕ ਉਹ ਘੱਟੋ-ਘੱਟ ਅੱਠ ਲੱਖ ਡਾਲਰ ਦੀ ਸਿੱਧੀ ਡੋਨੇਸ਼ਨ ਇਨ੍ਹਾਂ ਪਾਰਟੀਆਂ ਨੂੰ ਦੇ ਚੁੱਕਾ ਹੈ | ਅਮਰੀਕੀ ਕਾਂਗਰਸ ਵਿਚ ਉਸ ਦੀ ਪ੍ਰਭਾਵਸ਼ਾਲੀ ਲਾਬੀ ਹੈ, ਜਿਸ ਲਈ ਉਹ ਲੋੜ ਅਨੁਸਾਰ ਪੈਸਾ ਖਰਚਦਾ ਹੀ ਖਰਚਦਾ ਹੈ | ਬੁਸ਼, ਓਬਾਮਾ ਜਾਂ ਟਰੰਪ ਉਸ ਨੇ ਹਰ ਕਿਸੇ ਨਾਲ ਬਣਾ ਕੇ ਰੱਖੀ ਹੈ | ਉਸ ਨੂੰ ਸਰਕਾਰੀ ਸਬਸਿਡੀ ਦੀ ਝਾਕ ਕਦੇ ਨਹੀਂ ਰਹੀ | ਉਹ ਬਸ ਟਕਰਾਅ ਤੇ ਵਿਰੋਧ ਤੋਂ ਬਚਦਾ ਹੈ | ਸੱਤਾ ਦੀ ਕਰੋਪੀ ਤੋਂ ਬਚ ਕੇ ਰਹਿਣ ਵਿਚ ਹੀ ਭਲਾ ਸਮਝਦਾ ਹੈ | ਇਸ ਬਚਾਅ ਵਾਲੀ ਨੀਤੀ ਕਾਰਨ ਹੀ ਹੁਣ ਤੱਕ ਉਹ ਅਰਬਾਂ ਡਾਲਰ ਦੀਆਂ ਸਬਸਿਡੀਆਂ ਅਮਰੀਕੀ ਸਰਕਾਰ ਤੋਂ ਲੈ ਚੁੱਕਾ ਹੈ ਜੋ ਸਪੇਸ ਐਕਸ, ਟੈਸਲਾ ਤੇ ਸੋਲਰ ਸਿਟੀ ਆਦਿ ਉਸ ਦੀਆਂ ਵੱਖ-ਵੱਖ ਕੰਪਨੀਆਂ ਨੇ ਸਮੇਂ-ਸਮੇਂ ਲਈਆਂ | ਆਰਟੀਫਿਸ਼ਲ ਇੰਟੈਲੀਜੈਂਸ ਨੂੰ ਉਹ ਖਤਰਿਆਂ ਦੀ ਖੇਡ ਮੰਨਦਾ ਹੈ | ਇਸ ਦੇ ਬਾਵਜੂਦ ਉਸ ਨੇ 'ਡੀਪ ਮਾੲੀਂਡ' ਅਤੇ 'ਵਾਈਕੇਰੀਅਸ' ਨਾਂਅ ਦੀਆਂ ਏ.ਆਈ. ਕੰਪਨੀਆਂ ਵਿਚ ਪੂੰਜੀ ਲਾਈ ਹੈ | ਬੜੇ ਪਾਸੇ ਪੈਰ ਪਸਾਰੇ ਹਨ ਮਸਕ ਨੇ ਪਰ ਉਸ ਦੀ ਸਦੀਵੀ ਰੁਚੀ ਪੁਲਾੜ ਵਿਚ ਹੀ ਰਹੀ ਹੈ | ਉਸ ਦੀ ਇੱਛਾ ਹੈ ਕਿ ਉਸ ਦੀ ਮੌਤ ਮੰਗਲ ਉਤੇ ਹੋਵੇ ਪਰ ਉਤਰਦੇ-ਉਤਰਦੇ ਕਿਸੇ ਟਕਰਾਅ ਜਾਂ ਹਾਦਸੇ ਵਿਚ ਨਹੀਂ, ਉਥੇ ਵਸਦੇ ਨਾਗਰਿਕ ਵਜੋਂ ਹੋਵੇ | ਤਾਜ਼ਾ ਖਬਰ ਹੈ ਕਿ ਜਾਪਾਨ ਦਾ ਅਰਬਪਤੀ ਫੈਸ਼ਨ ਵਪਾਰੀ ਯੂਸਾਕੂ ਮੇਜ਼ਾਵਾ 6-7 ਸਾਥੀਆਂ ਸਮੇਤ 2023 ਵਿਚ ਸਪੇਸ ਐਕਸ ਦੇ ਰਾਕਟ ਉਤੇ ਚੰਨ ਦੀ ਯਾਤਰਾ ਕਰੇਗਾ | (ਸਮਾਪਤ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ) |
ਫੋਨ : 98722-60550.

ਜਾਗਦੀ ਰੂਹ-ਬਿ੍ਗੇਡੀਅਰ ਪ੍ਰੀਤਮ ਸਿੰਘ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਧਰਤੀ ਮਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਉਸ ਉਪਰ ਰਹਿੰਦੇ ਬਾਸ਼ਿੰਦਿਆਂ ਦੀ ਸਲਾਮਤੀ ਦੀ ਜ਼ਿੰਮੇਵਾਰੀ ਵੀ ਸ: ਪ੍ਰੀਤਮ ਸਿੰਘ ਦੀ ਸੀ | ਜੰਮੂ ਕਸ਼ਮੀਰ ਸੂਬੇ ਵਲੋਂ ਪੁਣਛ ਸ਼ਹਿਰ ਨੂੰ ਬਚਾਉਣ ਲਈ ਬਿਠਾਈ ਚੌਾਕੀ ਨੂੰ ਵਾਪਿਸ ਬੁਲਾਉਣ ਦੀ ਤਿਆਰੀ ਚੱਲ ਰਹੀ ਸੀ ਪਰ ਚੌਾਕੀ ਉਠਾਉਣ ਦਾ ਮਤਲਬ 40,000 ਹਿੰਦੂ ਸਿੱਖ ਨਾਗਰਿਕਾਂ ਦਾ ਅੰਤ ਨਿਸ਼ਚਿਤ ਸੀ | ਇਸ ਕਾਰਨ ਸ: ਪ੍ਰੀਤਮ ਸਿੰਘ ਨੇ ਇਹ ਫ਼ੈਸਲਾ ਰੱਦ ਕਰਕੇ ਹਰ ਕਦਮ ਸੁਚੇਤਤਾ ਅਤੇ ਹੁਸ਼ਿਆਰੀ ਨਾਲ ਚੁੱਕਣ ਹਿੱਤ ਸੈਨਾ ਨੂੰ ਪੁਨਰਗਠਿਤ ਕੀਤਾ ਅਤੇ ਪ੍ਰਸ਼ਾਸਨ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ | ਦੁਸ਼ਮਣ 'ਤੇ ਹਮਲੇ ਕਰਦਿਆਂ ਸ਼ਹਿਰ ਸੁਰੱਖਿਅਤ ਕਰ ਲਿਆ ਅਤੇ ਸ਼ਹਿਰੀਆਂ ਦੀ ਮਦਦ ਨਾਲ ਸੈਨਾ ਨਾਲ ਮਿਲ ਕੇ ਹਵਾਈ ਪੱਟੀ ਬਣਾਈ ਜਿਸ ਉਪਰ ਦਸੰਬਰ 12, 1947 ਨੂੰ ਭਾਰਤੀ ਹਵਾਈ ਸੈਨਾ ਦਾ ਪ੍ਰਸਿੱਧ ਪਾਇਲਟ ਏਅਰ ਕਮਾਂਡਰ 'ਬਾਬਾ' ਮਿਹਰ ਸਿੰਘ ਮਹਾ ਵੀਰ ਚੱਕਰ, ਕਮਾਂਡਰ ਨੰਬਰ 1 ਉਪਰੇਸ਼ਨ ਗਰੁੱਪ ਅਤੇ ਏਅਰ ਵਾਈਸ ਮਾਰਸ਼ਲ ਸੁਬਰਾਤੋ ਮੁਕਰਜੀ ਹਾਰਵਰਡ ਏਅਰ ਕਰਾਫ਼ਟ ਤੇ ਉਤਰੇ ਅਤੇ ਉਸੇ ਦਿਨ ਹੀ ਡਕੋਟਾ ਜਹਾਜ਼ਾਂ ਨੇ ਵੀ ਉਤਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਸ਼ੁਰੂ ਹੋ ਗਿਆ ਅਸਲ੍ਹਾ ਲਿਆਉਣ ਦਾ ਕੰਮ, ਰਸਦ ਲਿਆਉਣ ਦਾ ਕੰਮ ਅਤੇ ਰਫਿਊਜ਼ੀਆਂ ਨੂੰ ਵਾਪਿਸ ਲਿਜਾਣ ਦਾ ਕੰਮ | ਇਹ ਕੰਮ ਸਭ ਤੋਂ ਜ਼ਰੂਰੀ ਇਸ ਲਈ ਵੀ ਸਨ ਕਿ ਉਸ ਵੇਲੇ ਸਭ ਤੋਂ ਵੱਧ ਲੋੜ ਅਸਲ੍ਹੇ ਤੇ ਅਨਾਜ ਦੀ ਸੀ ਅਤੇ ਰਫਿਊਜ਼ੀ ਆਪਣੇ ਟਿਕਾਣਿਆਂ ਤੱਕ ਪੁਹੰਚ ਸਕਦੇ ਸਨ | ਬਾਬਾ ਮਿਹਰ ਸਿੰਘ ਨੇ ਪੁਲ ਦਾ ਨਿਰਮਾਣ ਵੀ ਕਰਵਾ ਲਿਆ ਜਿਸ ਨਾਲ ਕੰਮ-ਕਾਰ ਵਿਚ ਸੌਖ ਹੋ ਗਈ ਸੀ | ਸ: ਪ੍ਰੀਤਮ ਸਿੰਘ ਦੀ ਸੋਚ ਦੂਰਅੰਦੇਸ਼ੀ ਵੀ ਸੀ ਸਭ ਕੰਮ ਬੜੇ ਸੁਚੱਜੇ ਢੰਗ ਨਾਲ ਕਰਦਿਆਂ ਉਨ੍ਹਾਂ ਨੇ ਤਾਕਤਵਰ ਅਤੇ ਬਹਾਦਰ ਲੋਕਾਂ ਨੂੰ ਆਪਣੇ ਨਾਲ ਮਿਲਾਉਣ ਦਾ ਕੰਮ ਆਰੰਭ ਕੀਤਾ | ਪੁਣਛ ਦੇ ਬਲਸ਼ਾਲੀ ਲੋਕਾਂ ਦੇ ਨਾਲ 2 ਲੜਾਕੂ ਬਟਾਲੀਅਨਾਂ (11 ਅਤੇ 8 ਜੇ. ਕੇ. ਦਾ ਨਿਰਮਾਣ ਕੀਤਾ | ਲਾਸਾਨੀ ਬਹਾਦਰੀ ਅਤੇ ਉਪਰਾਲਿਆਂ ਸਦਕਾ 6 ਦਸੰਬਰ, 1947 ਨੂੰ ਸਿੰਘ ਸਾਹਿਬ ਨੂੰ ਬਿ੍ਗੇਡੀਅਰ ਦੇ ਰੁਤਬੇ ਨਾਲ ਨਿਵਾਜਿਆ ਗਿਆ | ਪੁਣਛ ਸ਼ਹਿਰ ਵਿਚ ਅਗਲੇਰੇ 1 ਸਾਲ ਤੱਕ ਲਗਾਤਾਰ ਭਿਆਨਕ ਸੰਘਰਸ਼ ਚਲਦਾ ਰਿਹਾ | ਬੁਲੰਦ ਹੌਸਲਿਆਂ ਸਦਕਾ ਪੁਣਛ ਬਰਬਾਦੀ ਦੇ ਕੰਢੇ ਤੇ ਰਹਿ ਕੇ ਵੀ ਆਬਾਦ ਰਿਹਾ | ਨਾਗਰਿਕਾਂ ਦੀ ਰੱਖਿਆ ਕਰਨੀ, ਤੇ ਸਿਵਲ ਪ੍ਰਸ਼ਾਸਨ ਦੀ ਪੁਨਰ-ਸਥਾਪਤੀ ਜਿਹੀਆਂ ਪ੍ਰਾਪਤੀਆਂ ਵੀ ਸ: ਪ੍ਰੀਤਮ ਸਿੰਘ ਦੇ ਹਿੱਸੇ ਆਈਆਂ | 40,000 ਹਿੰਦੂ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਦਾ ਸਿਹਰਾ ਵੀ ਬਹਾਦਰ ਸਿੰਘ ਦੇ ਸਿਰ ਬੰਨਿ੍ਹਆ ਗਿਆ | ਪੁਣਛ ਦੇ ਲੋਕ ਇਸ ਸਿਰਲੱਥ ਯੋਧੇ ਦੀ ਬਹਾਦਰੀ ਦੇ ਕਾਇਲ ਸਨ ਅਤੇ ਇਸ ਨਿਰਭੈਅ ਅਫ਼ਸਰ ਨੂੰ ਪਿਆਰ ਸਤਿਕਾਰ ਸਹਿਤ 'ਸ਼ੇਰ ਬੱਚਾ' ਬੁਲਾਉਂਦੇ ਸਨ |
ਬਿ੍ਗੇਡੀਅਰ ਪ੍ਰੀਤਮ ਸਿੰਘ ਜਿਹੇ ਯੋਧੇ ਦੇਸ਼ਾਂ ਦਾ ਮਾਣ ਅਤੇ ਕੌਮਾਂ ਦੀ ਸ਼ਾਨ ਹੁੰਦੇ ਹਨ | ਪੁਣਛ ਦੀ ਘੇਰਾਬੰਦੀ ਇਕ ਵਿਲੱਖਣ ਘੇਰਾਬੰਦੀ ਸੀ ਅਤੇ ਇਸ ਘੇਰਾਬੰਦੀ ਵਿਚੋਂ ਆਪਣੀ ਯੂਨਿਟ ਅਤੇ ਆਪਣੇ-ਆਪ ਨੂੰ ਜੇਤੂ ਰੁਤਬਾ ਦੇ ਕੇ ਬਾਹਰ ਨਿਕਲਣਾ ਕੋਈ ਆਸਾਨ ਕੰਮ ਨਹੀਂ ਸੀ | ਅਜਿਹੀਆਂ ਸ਼ਖ਼ਸੀਅਤਾਂ ਗੁਣ ਅਤੇ ਗੌਰਵ ਭਰਪੂਰ ਹੁੰਦੀਆਂ ਹਨ | ਅਜਿਹੀ ਲਾਸਾਨੀ ਜਿੱਤ ਦਾ ਦੇਸ਼ ਸਦਾ ਰਿਣੀ ਰਹਿੰਦਾ ਹੈ ਤੇ ਕੌਮਾਂ ਸਦਾ ਅਜਿਹੇ ਗ਼ੈਰਤਮੰਦ ਸੂਰਮਿਆਂ ਨੂੰ ਸਿਜਦੇ ਕਰਦੀਆਂ ਹਨ |
ਬਿ੍ਗੇਡੀਅਰ ਪ੍ਰੀਤਮ ਸਿੰਘ ਵੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿਚੋਂ ਸਨ ਜਿਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਉਕਰਿਆ ਜਾਂਦਾ ਹੈ | ਆਪ ਨੂੰ ਈਰਖਾਲੂ ਅਤੇ ਬਦਲਾਖੋਰਾਂ ਕੋਲੋਂ ਆਲੋਚਨਾ ਸਹਾਰਨੀ ਪਈ ਅਤੇ ਨੈਤਿਕ ਅਪਰਾਧ ਦੇ ਦੋਸ਼ ਵਿਚ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ | ਕੁਝ ਕੁ ਲੋਕਾਂ ਦੀਆਂ ਗਲਤ ਨੀਤੀਆਂ ਨੇ ਅਜੇਹੇ ਬਹਾਦਰ ਦੀ ਬਹਾਦਰੀ ਦਾ ਮੁੱਲ ਨਾ ਪਾਇਆ ਤੇ ਉਹ ਗੁੰਮਨਾਮੀ ਦੇ ਹਨੇਰਿਆਂ ਵਿਚ ਗੁੰਮ ਹੋ ਕੇ ਰਹਿ ਗਿਆ | ਸਾਡਾ ਇਹ ਨਿਮਾਣਾ ਯਤਨ ਉਸ ਸੂਰਵੀਰ ਦੀ ਗਾਥਾ ਰਾਹੀਂ ਸੱਚ ਵੱਲ ਝੁਕਣ ਦਾ ਹੈ ਤਾਂ ਜੋ ਉਸ ਜਾਗਦੀ ਰੂਹ ਨੂੰ ਦੇਸ਼ ਵਿਚ ਉਸ ਦਾ ਬਣਦਾ ਸਤਿਕਾਰ ਦੁਆ ਸਕੀਏ | (ਸਮਾਪਤ)

-ਪਿ੍ੰਸੀਪਲ, ਅਕਾਲ ਡਿਗਰੀ ਕਾਲਜ ਫਾਰ ਵੋਮੈਨ, ਸੰਗਰੂਰ | ਮੋਬਾਈਲ : 98721-00051.

ਜ਼ਿੰਦਗੀ ਜਿਊਣ ਦਾ ਹੁਨਰ

ਜਿਨ੍ਹਾਂ ਦੇ ਹਾਲੀਂ ਬਿਰਧ ਅਵਸਥਾ 'ਚ ਪੈਰ ਨਹੀਂ ਪਏ, ਉਹ ਸਮਝ ਹੀ ਨਹੀਂ ਸਕਦੇ ਕਿ ਉਮਰ ਦੇ ਇਸ ਪੱਖ ਨੂੰ ਕਿਹੋ ਜਿਹੀਆਂ ਪ੍ਰੇਸ਼ਾਨੀਆਂ ਘੇਰ ਰਹੀਆਂ ਹਨ। ਸਿਆਣੀ ਉਮਰ ਭੋਗ ਰਹੇ ਬਜ਼ੁਰਗਾਂ ਦਾ ਹੋਰਨਾਂ ਨਾਲ ਤਾਂ ਹੈ ਹੀ, ਰੱਬ ਨਾਲ ਵੀ ਗਿਲਾ ਹੈ। ਰੱਬ ਨਾਲ ਗਿਲਾ ਇਹ ਹੈ ਕਿ ਭੋਗੀ ਜਾ ਰਹੀ ਉਮਰ ਦੀ ਅੰਤਿਕਾ ਜੇਕਰ ਬੁਢੇਪੇ ਦੁਆਰਾ ਲਿਖੀ ਜਾਣੀ ਜ਼ਰੂਰੀ ਸੀ, ਤਦ ਘੱਟੋ-ਘੱਟ ਇਸ ਨੂੰ ਆਪਣੇ-ਆਪ ਆਸਰੇ ਜਿਉਣ ਯੋਗ ਤਾਂ ਬਣਾਇਆ ਹੁੰਦਾ। ਇਸ ਪ੍ਰਸੰਗ 'ਚ ਗ਼ਾਲਿਬ ਦਾ ਸ਼ਿਅਰ ਵੀ ਹੈ :
'ਦੋਨੋਂ ਜਹਾਨ ਦੇ ਕੇ ਵੋਹ ਸਮਝੇ ਯਿਹ ਖੁਸ਼ ਰਹਾ,
ਯਾਂ ਆ ਪੜੀ ਯਿਹ ਸ਼ਰਮ ਕਿ ਤਕਰਾਰ ਕਿਆ ਕਰੇਂ।'
ਕਈ ਬਜ਼ੁਰਗ ਤਾਂ ਆਪਣੀ ਇਸ ਅਵਸਥਾ ਤੋਂ ਹੁਸੜੇ ਸੋਚਣ ਲਗਦੇ ਹਨ ਕਿ ਕਿੰਨਾ ਚੰਗਾ ਹੁੰਦਾ ਜੇਕਰ ਬੁੱਢੇ ਹੋਏ ਸਰੀਰ ਨਾਲ ਅਸਾਡਾ ਜਨਮ ਹੁੰਦਾ ਅਤੇ ਫਿਰ ਉਮਰ ਭੋਗ ਲੈਣ ਉਪਰੰਤ, ਬਚਪਨ ਬਿਤਾਉਂਦਿਆਂ ਸਾਡਾ ਅੰਤ ਹੁੰਦਾ। ਅਜਿਹਾ ਹੋਣਾ ਅਸੰਭਵ ਸੀ, ਫਿਰ ਵੀ ਵਕਤ-ਕਟੀ ਲਈ ਸੁਖਾਵੇਂ ਵਿਚਾਰ ਚਿਤਵਣ 'ਚ ਕੀ ਹਰਜ਼ ?
ਸਿਆਣੀ ਵਿਵਸਥਾ ਵਾਲੀ ਦੁਰਬਲਤਾ ਦੇ ਮਧੋਲੇ ਇਕ ਬਜ਼ੁਰਗ ਨੂੰ ਸੁਪਨਾ ਆਇਆ ਕਿ ਉਹ ਆਪ ਰੱਬ ਦੇ ਦਰਬਾਰ 'ਚ ਹਾਜ਼ਰ ਸੀ ਅਤੇ ਆਪਣੀਆਂ ਪਰੇਸ਼ਾਨੀਆਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਉਸ ਨੂੰ ਠਰੰਮੇ ਨਾਲ ਸੁਣ ਕੇ ਰੱਬ ਨੇ ਜਵਾਬ ਦਿੱਤਾ :
'ਅਜਿਹੀ ਪਰਿਸਥਿਤੀ ਲਈ ਮੈਂ ਨਹੀਂ, ਤੂੰ ਆਪ ਜ਼ਿੰਮੇਵਾਰ ਹੈਂ। ਮੈਂ ਤਾਂ ਤੇਰੀ ਉਮਰ 40 ਵਰ੍ਹੇ ਨਿਰਧਾਰਤ ਕੀਤੀ ਸੀ ਤਾਂ ਜੋ ਤੂੰ ਸਨਮਾਨ ਸਹਿਤ ਜੀਵਨ ਭੋਗ ਕੇ ਸੰਸਾਰੋਂ ਵਿਦਾ ਹੋ ਸਕੇਂ। ਪਰ ਤੂੰ ਇੰਨੇ ਅਲਪ ਜੀਵਨ-ਕਾਲ ਨਾਲ ਸੰਤੁਸ਼ਟ ਨਹੀਂ ਸੀ, ਤੈਨੂੰ ਇਸ ਨਾਲੋਂ ਕਿਧਰੇ ਲੰਬੀ ਉਮਰ ਭੋਗਣ ਦਾ ਅਰਮਾਨ ਸੀ। ਭੰਡਾਰੇ 'ਚ ਬਚੇ ਰਹਿ ਗਏ 160 ਵਰ੍ਹਿਆਂ ਲਈ 4 ਉਮੀਦਵਾਰ ਮੇਰੇ ਸਾਹਮਣੇ ਸਨ, ਉਨ੍ਹਾਂ 'ਚ ਤੂੰ ਸੀ, ਗਧਾ ਸੀ, ਕੁੱਤਾ ਸੀ ਅਤੇ ਉੱਲੂ ਸੀ। ਮੈਂ ਚੌਹਾਂ ਦੀ ਉਮਰ 40, 40 ਵਰ੍ਹੇ ਨਿਰਧਾਰਤ ਕਰਕੇ ਜਦ ਮਹਿਫਲ ਬਰਖ਼ਾਸਤ ਕਰਨ ਲੱਗਾ, ਤਦ ਮੈਂ ਵੇਖਿਆ ਤੂੰ ਨਿਮੋਝੂਣਾ ਹੋਇਆ ਇਕ ਪਾਸੇ ਖਲੋਤਾ ਸੀ ਅਤੇ ਹੋਰ ਤਿੰਨੇ ਪ੍ਰਾਣੀ ਕੁਝ ਕਹਿਣ ਲਈ ਤਤਪਰ ਸਨ। ਜਿਥੇ ਤੂੰ 40 ਵਰ੍ਹਿਆਂ ਨੂੰ ਅਲਪ ਜੀਵਨ-ਕਾਲ ਸਮਝ ਰਿਹਾ ਸੀ, ਉਥੇ ਇਹ ਤਿੰਨੇ ਇਸ ਨੂੰ ਹੱਡ ਭੰਨਵਾਂ ਲੰਬਾ ਸਮਾਂ ਸਮਝ ਰਹੇ ਸਨ। ਉਨ੍ਹਾਂ ਦੀ ਮਾਨਸਿਕ ਅਵਸਥਾ ਦਾ ਮੈਨੂੰ ਅਨੁਭਵ ਹੋ ਗਿਆ ਸੀ। ਇੰਨੇ ਲੰਬੇ ਸਮੇਂ ਲਈ ਗਧੇ ਨੂੰ ਬੋਝ ਲੱਦੀ ਫਿਰਨਾਂ, ਕੁੱਤੇ ਨੂੰ ਭੌਂਕਦੇ ਰਹਿਣਾ ਅਤੇ ਉੱਲੂ ਨੂੰ ਵਿਟ ਵਿਟ ਤੱਕਦੇ ਰਹਿਣਾ ਅਸਹਿ ਹੱਦ ਤਕ ਅਸੁਖਾਵਾਂ ਲੱਗ ਰਿਹਾ ਸੀ। ਉਹ ਆਪੋ-ਆਪਣੀ ਉਮਰ ਘਟਾਉਣ ਲਈ, ਵਾਰੀ ਵਾਰੀ, ਗਿੜਗਿੜਾਏ ਵੀ। ਮੈਂ ਉਨ੍ਹਾਂ ਦੀ ਬੇਨਤੀ ਮੰਨ ਕੇ, ਪਹਿਲਾਂ ਗਧੇ ਦੀ, ਫਿਰ ਕੁੱਤੇ ਦੀ ਅਤੇ ਅਖ਼ੀਰ 'ਚ ਉੱਲੂ ਦੀ ਉਮਰ 20, 20 ਵਰ੍ਹੇ ਘਟਾ ਦਿੱਤੀ ਅਤੇ ਉਨ੍ਹਾਂ ਦੇ ਘਟਾਏ 20, 20 ਵਰ੍ਹੇ, ਤੇਰੀ ਉਮਰ ਨਾਲ ਜੋੜ ਦਿੱਤੇ, ਇਸ ਲਈ ਕਿਉਂਕਿ ਅਲਪ ਉਮਰ ਨਾਲ ਤੂੰ ਖੁਸ਼ ਨਹੀਂ ਸੀ ਅਤੇ ਮੈਂ ਤੈਨੂੰ ਖੁਸ਼ ਹੋਇਆ ਦੇਖਣ ਦਾ ਚਾਹਵਾਨ ਸੀ। 100 ਵਰ੍ਹਿਆਂ ਦੀ ਉਮਰ ਦਾ ਹੱਕਦਾਰ ਬਣ ਕੇ ਤੂੰ ਖੁਸ਼ ਹੋ ਗਿਆ ਸੀ ਅਤੇ ਤੂੰ ਤਦ ਖੁਸ਼ੀ-ਖੁਸ਼ੀ ਘਰ ਪਰਿਤਆ। ਅੱਜ ਗਿਲਾ ਕਿਉਂ ਜੇਕਰ ਤੈਨੂੰ ਆਪਣੇ 40 ਵਰ੍ਹੇ ਭਲੀ ਪ੍ਰਕਾਰ ਜਿਉਂ ਲੈਣ ਉਪਰੰਤ, ਪਹਿਲਾਂ 20 ਵਰ੍ਹੇ ਗਧੇ ਵਾਂਗ ਮਿਹਨਤ ਕਰਦਿਆਂ, ਫਿਰ ਅਗਲੇ 20 ਵਰ੍ਹੇ ਹੋਰਨਾਂ ਦਾ ਧਿਆਨ ਆਪਣੀ ਵੱਲ ਖਿੱਚਣ ਲਈ ਗਲਾ ਫਾੜਦਿਆਂ ਅਤੇ ਫਿਰ 80 ਵਰ੍ਹੇ ਬਿਤਾਅ ਲੈਣ ਉਪਰੰਤ ਰਹਿ ਗਏ ਵਰ੍ਹੇ, ਕੁਰਸੀ 'ਤੇ ਬਿਰਾਜਮਾਨ, ਆਲਾ-ਦੁਆਲਾ ਘੂਰਦੇ ਹੋਏ ਬਿਤਾਉਣੇ ਪੈ ਰਹੇ ਹਨ। ਅਜਿਹਾ ਜੀਵਨ ਆਪਣੇ ਲਈ ਤੂੰ ਆਪ ਸਹੇੜਿਆ ਹੈ।'
ਬਜ਼ੁਰਗ ਨੂੰ ਆਇਆ ਸੁਪਨਾ, ਸੁਪਨਾ ਹੀ ਸੀ, ਹਕੀਕਤ ਨਹੀਂ ਸੀ। ਕਿਸੇ ਦਾ ਵੀ ਇਸ ਹੱਦ ਤਕ ਗਿਆ-ਗੁਜ਼ਰਿਆ ਬੁਢੇਪਾ ਨਹੀਂ ਬੀਤਦਾ, ਜੇਕਰ ਦਿਮਾਗ਼ ਅਤੇ ਸਰੀਰ ਦੀਆਂ ਸਰਗਰਮੀਆਂ ਨੂੰ ਹਰ ਹਾਲ ਜਾਰੀ ਰੱਖਿਆ ਜਾ ਸਕੇ ਅਤੇ ਜਿਊਣ ਦੇ ਉਤਸ਼ਾਹ ਨੂੰ ਫਿੱਕਾ ਨਾ ਪੈਣ ਦਿੱਤਾ ਜਾਵੇ। ਸਾਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਕੁਦਰਤ ਨੇ ਜੋ ਕਰਨਾ ਹੁੰਦਾ ਹੈ ਉਹੋ ਹੀ ਉਹ ਕਰਦੀ ਹੈ ਅਤੇ ਉਹ ਕਿਸੇ ਦੀ ਵੀ ਇੱਛਾ ਅਨੁਕੂਲ ਨਹੀਂ ਭੁਗਤਦੀ। ਬੁਢੇਪੇ ਨੇ ਤਾਂ ਆਉਣਾ ਹੀ ਹੁੰਦਾ ਹੈ ਅਤੇ ਸਾਨੂੰ ਹੀ ਇਸ ਨਾਲ ਨਿਭਣ ਦੀ ਅਦਾ ਅਪਣਾਉਣ ਦੀ ਲੋੜ ਹੈ। ਜਿਵੇਂ-ਜਿਵੇਂ ਉਮਰ ਬੀਤਦੀ ਹੈ, ਸਰੀਰ ਅੰਦਰ ਨਵੇਂ ਸੈੱਲਾਂ ਦੀ ਉਪਜ ਮੱਠੀ ਪੈਣ ਲਗਦੀ ਹੈ, ਹਾਰਮੋਨਾਂ ਦਾ ਰਿਸਣਾ ਘਟਣ ਲਗਦਾ ਹੈ, ਰੋਗ-ਰੋਧਕ ਪ੍ਰਣਾਲੀ ਦੇ ਉਤੇਜਿਤ ਹੋਣ 'ਚ ਵਿਘਨ ਪੈਣ ਲਗਦਾ ਹੈ ਅਤੇ ਦਿਮਾਗ਼ ਦੇ ਸੈੱਲ ਵੀ ਤੇਜ਼ੀ ਨਾਲ ਨਸ਼ਟ ਹੋਣ ਲਗਦੇ ਹਨ। ਦਿਮਾਗ਼ ਦੀ ਲਗਾਤਾਰ ਵਰਤੋਂ ਦੁਆਰਾ, ਦਿਮਾਗ਼ ਦੇ ਸੈੱਲਾਂ ਦੇ ਨਸ਼ਟ ਹੋਣ ਦੀ ਗਤੀ ਘਟਾਈ ਜਾ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਬੁੱਢਾ ਹੋਣ ਦੀ ਗਤੀ 'ਚ ਵੀ ਨਿਮਰਤਾ ਆ ਜਾਂਦੀ ਹੈ। ਦਿਮਾਗ਼ ਦੀ ਲਗਾਤਾਰ ਵਰਤੋਂ ਕਰ ਰਹੇ ਵਿਅਕਤੀ, ਸਾਧਾਰਨ, ਲੰਬੀ ਉਮਰ ਭੋਗ ਕੇ ਸੰਸਾਰੋਂ ਵਿਦਾ ਹੁੰਦੇ ਹਨ, ਹਾਲਾਂਕਿ ਇਨ੍ਹਾਂ 'ਚੋਂ ਕੁਝ ਦੇ ਜੀਵਨ ਦਾ ਸੰਜਮ-ਸੰਕੋਚ ਨਾਲ ਸਬੰਧ ਨਹੀਂ ਵੀ ਹੁੰਦਾ।
ਇਸ ਪ੍ਰਸੰਗ 'ਚ ਭਿੰਨ-ਭਿੰਨ ਆਦਤਾਂ ਵਾਲੇ ਤਿੰਨ ਵਿਚਾਰਵਾਨ ਵਿਅਕਤੀਆਂ ਦੀ ਉਦਾਹਰਨ ਪੇਸ਼ ਹੈ। ਇੰਗਲੈਂਡ ਦਾ ਦੂਜੇ ਵਿਸ਼ਵ ਯੁੱਧ ਦੌਰਾਨ ਰਿਹਾ ਪ੍ਰਧਾਨ-ਮੰਤਰੀ ਵਿਨਸਟਨ ਚਰਚਿਲ 90 ਵਰ੍ਹਿਆਂ ਦਾ ਹੋ ਕੇ ਪੂਰਾ ਹੋਇਆ। ਖਾਣ-ਪੀਣ ਪ੍ਰਤੀ ਉਹ ਲਾਪ੍ਰਵਾਹ ਹੀ ਨਹੀਂ, ਅਤੀ ਉਦਾਰ ਸੀ ਅਤੇ ਸਰੀਰ ਵੀ ਉਸ ਦਾ ਬੇਜਾ ਬੋਝਲ ਸੀ। ਅੰਤ ਤਕ ਉਹ ਸਿਗਾਰ ਇੰਜ ਫੂਕਦਾ ਰਿਹਾ ਮਾਨੋਂ ਫੈਕਟਰੀ ਦੀ ਚਿਮਨੀ ਧੂੰਆਂ ਛੱਡ ਰਹੀ ਹੈ ਅਤੇ ਪੀਣ ਦੀ ਉਸ ਦੀ ਆਦਤ ਵੀ ਮੱਛੀ ਸਮਾਨ ਅੰਤ ਤਕ ਜਾਰੀ ਰਹੀ। ਅੰਤ ਤਕ, ਪਰ, ਉਹ ਆਪਣਾ ਦਿਮਾਗ਼ ਵੀ ਵਰਤਦਾ ਰਿਹਾ ਸੀ। ਦੂਜਾ ਸੀ, ਜਾਰਜ ਬਰਨਾਰਡ ਸ਼ਾਅ, ਜਿਸ ਨੇ ਚਰਚਿਲ ਦੇ ਠੀਕ ਉਲਟ ਆਦਤਾਂ ਅਪਣਾ ਰੱਖੀਆਂ ਸਨ। ਛਾਂਟਵੇਂ ਸਰੀਰ ਦਾ ਮਾਲਿਕ ਸ਼ਾਅ ਨਾ ਸ਼ਰਾਬ ਪੀਂਦਾ ਸੀ, ਨਾ ਸਿਗਰਟ ਅਤੇ ਨਿਰੋਲ ਦਾਣਿਆਂ-ਦਾਲਾਂ ਅਤੇ ਫਲਾਂ-ਸਬਜ਼ੀਆਂ ਉਪਰ ਨਿਰਭਰ ਉਸ ਦਾ ਭੋਜਨ ਸੀ। ਉਹ ਵੀ ਅੰਤ ਤੱਕ ਲਿਖਦਾ-ਪੜ੍ਹਦਾ ਰਿਹਾ ਸੀ। 94 ਵਰ੍ਹਿਆ ਦਾ ਹੋ ਕੇ ਉਹ ਪੂਰਾ ਹੋਇਆ। ਆਦਤਾਂ ਪੱਖੋਂ, ਇਨ੍ਹਾਂ ਦੋਵਾਂ ਦੇ ਵਿਚਕਾਰ ਸੀ ਇਕਹਿਰੇ ਸਰੀਰ ਵਾਲਾ ਫਿਲਾਸਫਰ, ਬਰਟਰੰਡ ਰੱਸਲ। ਕੁਝ ਵੀ ਖਾਣ ਤੋਂ ਜਾਂ ਪੀਣ ਤੋਂ ਉਸ ਨੂੰ ਪਰਹੇਜ਼ ਨਹੀਂ ਸੀ ਅਤੇ ਪਾਈਪ ਪੀਣ ਦੀ ਵੀ ਉਸ ਦੀ ਆਦਤ ਸੀ। ਪਰ, ਉਹ ਸਹੀ ਅਰਥਾਂ 'ਚ ਮੱਧ-ਮਾਰਗ ਦਾ ਪੁਜਾਰੀ ਸੀ। ਹਰ ਪ੍ਰਕਾਰ ਦੀ ਜ਼ਿਆਦਤੀ ਤੋਂ ਉਸ ਨੂੰ ਪਰਹੇਜ਼ ਸੀ ਅਤੇ ਜੋ ਕੁਝ ਵੀ ਉਹ ਖਾਂਦਾ ਅਤੇ ਪੀਂਦਾ ਸੀ, ਸੰਜਮ ਸਹਿਤ ਖਾਂਦਾ-ਪੀਂਦਾ ਸੀ। ਉਹ 98 ਵਰ੍ਹਿਆਂ ਦਾ ਸੀ ਜਦ ਪੂਰਾ ਹੋਇਆ ਅਤੇ ਅੰਤ ਸਮੇਂ ਵੀ ਉਹ ਆਪਣੀ ਜੀਵਨੀ ਲਿਖਣ 'ਚ ਰੁੱਝਾ ਹੋਇਆ ਸੀ।
ਇਹ ਤਿੰਨੇ ਵਿਅਕਤੀ ਆਪੋ-ਆਪਣੇ ਕਾਰਜਾਂ 'ਚ ਛੇਕੜ ਤਕ ਰੁੱਝੇ ਰਹੇ ਸਨ ਅਤੇ ਇਨ੍ਹਾਂ ਤਿੰਨਾਂ ਨੇ ਬਹੁਤ ਕੁਝ ਸੂਝ ਅਤੇ ਧਿਆਨ ਦੀ ਮੰਗ ਕਰਦਾ ਵਿਚਾਰਿਆ ਅਤੇ ਲਿਖਿਆ। ਇਨ੍ਹਾਂ ਤਿੰਨਾਂ ਨੂੰ ਵੱਖ ਵੱਖ, ਸਾਹਿਤ ਦੇ ਨੋਬਲ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਇਨ੍ਹਾਂ ਨੇ ਉਮਰ ਦੇ ਕਿਸੇ ਪੱਖ 'ਤੇ ਵੀ ਗਧੇ, ਕੁੱਤੇ ਜਾਂ ਉੱਲੂ ਵਾਂਗ ਮਹਿਸੂਸ ਨਹੀਂ ਸੀ ਕੀਤਾ। ਇਹੋ ਗੱਲ ਖੁਸ਼ਵੰਤ ਸਿੰਘ ਉਪਰ, ਕ੍ਰਿਸ਼ਨਾਮੂਰਤੀ ਉਪਰ, ਵਿਵਸਈਅਰ ਉਪਰ ਵੀ ਢੁਕਦੀ ਹੈ ਅਤੇ ਜਵਾਨੀ ਦੌਰਾਨ ਹੀ ਅਤਿ ਦੇ ਬੁਢੇਪੇ ਦਾ ਸ਼ਿਕਾਰ ਹੋਏ, ਪ੍ਰਸਿਧ ਵਿਗਿਆਨੀ, ਸਟੀਫਨ ਹਾਕਿੰਗ ਉਪਰ ਤਾਂ ਢੁਕਦੀ ਹੀ ਹੈ, ਜਿਸ ਦਾ ਜੀਵਨ ਜਵਾਨਾਂ ਅਤੇ ਬੁੱਢਿਆਂ, ਸਭਨਾਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਰਿਹਾ ਹੈ।
ਬੁਢੇਪੇ ਦੌਰਾਨ ਅਕੇਵਾਂ ਅਤੀ ਜਾਨ-ਹੂਲਵਾਂ ਮਹਿਸੂਸ ਹੋਣ ਲਗਦਾ ਹੈ ਅਤੇ ਵਿਅਕਤੀ ਹੋਰਨਾਂ ਦੀ ਬੇਰੁਖੀ ਦਾ ਸਤਾਇਆ ਉਦਾਸੀਆਂ 'ਚ ਘਿਰ ਜਾਂਦਾ ਹੈ। ਜਿਨ੍ਹਾਂ ਦਾ ਪਹਿਲਾਂ ਭਲਾ ਕੀਤਾ ਹੁੰਦਾ ਹੈ, ਉਹ ਵੀ ਹੁਣ ਮਿਜ਼ਾਜਪੁਰਸ਼ੀ ਕਰਨ ਨਾਲੋਂ, ਪੱਲਾ ਬੋਚ ਕੇ ਲਾਗਿਓਂ ਲੰਘ ਜਾਣ ਦੀ ਕਰਦੇ ਹਨ। ਪਰ, ਅਪਣਾਏ ਅਜਿਹੇ ਵਤੀਰੇ ਬਾਰੇ ਸੋਚ-ਸੋਚ ਝੂਰਦੇ ਰਹਿਣਾ ਫਜ਼ੂਲ ਹੈ, ਇਸ ਲਈ ਕਿ ਮਨੁੱਖ ਦਾ ਇਹੋ ਸੁਭਾਅ ਹੈ। ਮਾਰਕ ਟੁਵੇਨ ਨੇ ਵੀ ਕਿਧਰੇ ਕਿਹਾ ਹੈ : 'ਉਸ ਹੱਥ ਨੂੰ ਕੁੱਤਾ ਕਦੀ ਨਹੀਂ ਵੱਢਦਾ, ਜਿਹੜਾ ਉਸ ਅੱਗੇ ਗ੍ਰਾਹੀ ਸੁੱਟਦਾ ਹੈ। ਇਹੋ ਮੁੱਖ ਅੰਤਰ ਹੈ ਕੁੱਤੇ 'ਚ ਅਤੇ ਮਨੁੱਖ 'ਚ।' ਭਲਾ ਕਰ ਕੇ ਭੁੱਲ ਜਾਣ 'ਚ ਹੀ ਸਭ ਦਾ ਭਲਾ ਹੈ। ਅਕੇਵੇਂ ਦਾ ਸਮਾਧਾਨ, ਪਰ, ਰੁਝੇਵੇਂ ਦੁਆਰਾ ਕਰਨਾ ਸੰਭਵ ਹੈ। ਕੁਝ ਨਾ ਕੁਝ ਕਰਨ 'ਚ ਜਾਂ ਫਿਰ ਮਨਚਾਹੇ ਸ਼ੌਕ ਪੂਰੇ ਕਰਨ 'ਚ ਰੁਝਿਆ ਮਨ ਨਾ ਅਕੇਵਾਂ ਮਹਿਸੂਸ ਕਰਦਾ ਹੈ ਅਤੇ ਨਾ ਉਦਾਸੀ। ਮੂਡ ਵੀ ਤਾਂ ਆਉਂਦੇ-ਜਾਂਦੇ ਹੀ ਰਹਿੰਦੇ ਹਨ : ਅੱਜ ਮਾੜਾ ਤਾਂ ਭਲਕੇ ਚੰਗਾ। ਇਸ ਲਈ ਚੰਗੇ ਭਵਿੱਖ ਦੀ ਆਸ ਤਿਆਗ ਛੱਡਣ ਨੂੰ ਹਿਮਾਕਤ ਸਮਝਣਾ ਚਾਹੀਦਾ ਹੈ।
ਲੰਡਨ ਯੂਨੀਵਰਸਿਟੀ 'ਚ ਫਿਲਾਸਫੀ ਪੜ੍ਹਾ ਰਿਹਾ, ਸੀ ਈ. ਐਮ. ਜੋਡ ਆਪਣੀ ਜਵਾਨੀ ਬਾਰੇ ਲਿਖਦਾ ਹੈ, 'ਜਿਸ ਯੁਵਤੀ ਨੂੰ ਮੈਂ ਚਾਹੁੰਦਾ ਸੀ, ਜਦ ਉਸ ਨੂੰ ਕਿਸੇ ਹੋਰ ਦਾ ਸਾਥ ਮਿਲ ਗਿਆ, ਤਦ ਮੈਂ ਬਹੁਤ ਉਦਾਸ ਹੋ ਕੇ, ਸੰਸਾਰ ਤਿਆਗ ਦੇਣ ਬਾਰੇ ਵੀ ਸੋਚਣ ਲੱਗ ਪਿਆ ਸੀ। ਇਸ ਮਾਨਸਿਕ ਦੁਬਿਧਾ 'ਚੋਂ ਮੈਨੂੰ ਬਰਟਰੰਡ ਰੱਸਲ ਨੇ ਬਾਹਰ ਕੱਢਿਆ। ਉਸ ਨੇ ਸਮਝਾਇਆ ਕਿ ਇਹ ਆਰਜ਼ੀ ਮਨ ਦੀ ਅਵਸਥਾ ਹੈ। ਸਮੇਂ ਨਾਲ ਇਸ ਦੀ ਚੁਭਨ ਮੰਦ ਪੈਂਦੀ ਰਹੇਗੀ ਅਤੇ ਛੇਕੜ ਇਸ ਦਾ ਅਹਿਸਾਸ ਵੀ ਜਾਂਦਾ ਰਹੇਗਾ। ਉਸ ਦਾ ਕਿਹਾ ਸਹੀ ਸਿੱਧ ਹੋਇਆ ਅਤੇ ਅੱਜ ਮੈਂ ਤਦ ਵਾਲੀ ਸਥਿਤੀ ਬਾਰੇ ਸੋਚ-ਸੋਚ ਸ਼ਰਮਸਾਰ ਹੋ ਰਿਹਾ ਹਾਂ।' ਉਦਾਸੀ ਅਜਿਹੀ ਵਿਵਸਥਾ ਨਹੀਂ, ਜਿਸ ਦਾ ਸਮਾਧਾਨ ਸੰਭਵ ਨਹੀਂ। ਕਿਸੇ ਨਾ ਕਿਸੇ ਕਾਰਜ 'ਚ ਰੁੱਝ ਜਾਣਾ ਇਸ ਰੋਗ ਦਾ ਅਕਸੀਰ ਇਲਾਜ ਹੈ। ਬਿਰਧ ਅਵਸਥਾ 'ਚੋਂ ਪਾਰ ਹੋ ਰਹੇ ਸ਼ਾਅ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ ਆਪਣੇ ਜੀਵਨ ਨਾਲ ਖੁਸ਼ ਸੀ। ਉਸ ਦਾ ਉੱਤਰ ਸੀ : 'ਮੈਂ ਇਸ ਹੱਦ ਤਕ ਰੁੱਝਿਆ ਹੋਇਆ ਹਾਂ ਕਿ ਮੈਨੂੰ ਇਹ ਸੋਚਣ ਦੀ ਵੀ ਫੁਰਸਤ ਨਹੀਂ ਕਿ ਮੈਂ ਖੁਸ਼ ਹਾਂ ਜਾਂ ਉਦਾਸ ਹਾਂ?' ਉਧਰ ਐਲਬਰਟ ਆਈਨਸਟਾਈਨ ਨੂੰ ਵੀ ਜਦ ਇਹੋ ਪ੍ਰਸ਼ਨ ਕੀਤਾ ਗਿਆ, ਤਦ ਉਸ ਦਾ ਉੱਤਰ ਸੀ, 'ਹਾਂ ਮੈਂ ਖੁਸ਼ ਹਾਂ ਅਤੇ ਇਸ ਲਈ ਖੁਸ਼ ਹਾਂ, ਕਿਉਂਕਿ ਹੋਰਨਾਂ ਤੋਂ ਮੈਂ ਕੋਈ ਆਸ ਨਹੀਂ ਰੱਖ ਰਿਹਾ। ਨਾ ਮੈਨੂੰ ਸਨਮਾਨ ਦੀ ਲੋੜ ਹੈ ਅਤੇ ਨਾ ਸ਼ਲਾਘਾ ਦੀ ਚਾਹ। ਸੰਗੀਤ ਸੁਣਨ ਦਾ ਮੈਨੂੰ ਸ਼ੌਕ ਹੈ, ਜਿਹੜਾ ਮੈਨੂੰ ਮੁਗਧ ਕਰੀ ਰੱਖਦਾ ਹੈ। ਹੋਰ ਮੇਰੇ ਬਾਰੇ ਕੀ ਸੋਚਦੇ ਹਨ, ਇਸ ਦੀ ਵੀ ਮੈਨੂੰ ਪ੍ਰਵਾਹ ਨਹੀਂ। ਉਦਾਸ ਹੋਣ ਲਈ ਮੈਨੂੰ ਕਾਰਨ ਲੱਭਣੇ ਪੈ ਰਹੇ ਹਨ।'
ਆਈਨਸਟਾਈਨ ਦੇ ਆਪਣੇ ਖੋਜ ਕਾਰਜ 'ਚ ਉਤਸ਼ਾਹ ਪੂਰਵਕ ਉਲਝੇ ਹੋਏ ਹੋਣ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦ ਉਸ ਨੂੰ ਇਜ਼ਰਾਈਲ ਦੀ ਪ੍ਰਧਾਨਗੀ ਸਵੀਕਾਰ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ, ਤਦ ਉਸ ਨੇ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਮਾਨਵੀ ਸਮੱਸਿਆਵਾਂ ਸੁਲਝਾਉਣ ਯੋਗ ਉਸ ਕੋਲ ਦਿਮਾਗ਼ ਨਹੀਂ। ਇਹ ਉਸ ਵਿਚਾਰਵਾਨ ਦੀ ਆਪਣੇ-ਆਪ ਪ੍ਰਤੀ ਟਿੱਪਣੀ ਸੀ, ਜਿਸ ਨੇ ਸਾਧਾਰਨ ਸੂਝ ਨੂੰ ਹੀ ਨਹੀਂ, ਵਿਗਿਆਨਕ ਸੂਝ ਨੂੰ ਵੀ ਵਿਸ਼ਵ ਨੂੰ ਵੱਖਰੇ ਨਜ਼ਰੀਏ ਨਾਲ ਨਿਹਾਰਨਾ ਸਿਖਾਇਆ ਸੀ।
ਵਿਅਕਤੀਗਤ ਪੱਧਰ 'ਤੇ ਰੁਝੇਵੇਂ ਅਤੇ ਸ਼ੌਕ ਪਾਲਦਿਆਂ ਅਤੇ ਗਿਆਨ ਦੀ ਪੈਰਵੀ ਕਰਦਿਆਂ, ਉਮਰ ਦੇ ਪਿਛਲੇ ਪੱਖ 'ਚ ਵੀ ਭਲੀ ਪ੍ਰਕਾਰ ਦਿਨ ਕਟੀ ਕਰ ਸਕਣਾ ਸੰਭਵ ਹੈ। ਉਮਰ ਦੇ ਪਿਛਲੇ ਪੱਖ ਦੇ ਵੀ ਆਪਣੀ ਹੀ ਪ੍ਰਕਾਰ ਦੇ ਮੁਆਵਜ਼ੇ ਹੁੰਦੇ ਹਨ, ਜਿਹੜੇ ਜਵਾਨੀ ਦੌਰਾਨ ਪ੍ਰਾਪਤ ਕਰਨੇ ਸੰਭਵ ਨਹੀਂ।
ਬਿਰਧ ਗ਼ਾਲਿਬ 'ਚ ਠਾਠਾਂ ਮਾਰ ਰਹੇ ਜੀਵਨ ਦੇ ਉਤਸ਼ਾਹ ਦਾ ਪ੍ਰਤੀਕ, ਉਸ ਦਾ ਇਹ ਸ਼ਿਅਰ ਹੈ :
'ਗੋ ਹਾਥ ਕੋ ਜੁੰਬਸ਼ ਨਹੀਂ, ਆਖੋਂ ਮੇਂ ਤੋ ਦੰਮ ਹੈ,
ਰਹਿਨੇ ਦੋ ਅਭੀ ਸਾਗ਼ਰ-ਓ-ਮੀਨਾ ਮੇਰੇ ਆਗੇ।''


-ਫੋਨ : 0175-2214547

ਪੰਜਾਬੀ ਸੱਭਿਆਚਾਰ ਦਾ ਦਿਲ

ਚਰਖਾ

ਭਾਰਤ ਵਿਚ ਆਰੀਆ ਲੋਕ ਚਰਖੇ ਦੇ ਛੋਟੇ ਰੂਪ ਤੱਕਲੀ ਨਾਲ ਸੂਤ ਕੱਤਦੇ ਸਨ। ਇਸ ਦਾ ਸੁਧਰਿਆ ਅਤੇ ਵੱਡਾ ਰੂਪ ਚਰਖੇ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ। ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ ਏਸ਼ੀਆ ਤੋਂ ਦਸਵੀਂ ਸਦੀ ਵਿਚ ਹਿੰਦੁਸਤਾਨ ਵਿਚ ਆਇਆ।
ਜਿੱਥੋਂ ਤੱਕ ਇਸ ਦੇ ਨਾਮਕਰਨ ਦਾ ਸਬੰਧ ਹੈ, ਚਰਖਾ ਫ਼ਾਰਸੀ ਦੇ ਚਰਖਹ ਸ਼ਬਦ ਦਾ ਤਦਭਵ ਰੂਪ ਹੈ। ਇਹ ਵੀ ਹੋ ਸਕਦਾ ਹੈ, ਚਰਖਾ ਸੰਸਕ੍ਰਿਤ ਸ਼ਬਦ ਚੱਕਰ ਤੋਂ ਪੰਜਾਬੀ ਵਿਚ ਚੱਕਰਾ ਤੇ ਵਿਗੜ ਕੇ ਬਣਿਆ ਚਰਕਾ ਅਤੇ ਉਸ ਤੋਂ ਬਾਅਦ ਚਰਖਾ ਬਣਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਚਰਖੇ ਦਾ ਚੱਕਰ ਬਣਾਉਣ ਵੇਲੇ ਤਰਖਾਣ ਨੇ ਲੱਕੜ ਦਾ ਸਹਾਰਾ ਕਾਟਾ ਬਣਾਇਆ, ਜਿਸ ਵਿਚ ਚਾਰ ਖਾਨੇ ਸਪੱਸ਼ਟ ਦਿਖਣ ਲੱਗੇ, ਇਨ੍ਹਾਂ ਚਾਰ ਖਾਨਿਆਂ ਤੋਂ ਚਰਖਾ ਬਣਿਆ ਹੋਵੇ।
ਚਰਖੇ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਕਿਹਾ ਜਾ ਸਕਦਾ ਹੈ। ਇਸ ਕਰਕੇ ਪੰਜਾਬੀ ਸਾਹਿਤ ਵਿਚ ਜਿੰਨਾ ਜ਼ਿਕਰ ਚਰਖੇ ਦਾ ਆਉਂਦਾ ਹੈ , ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਆਉਂਦਾ ਹੋਵੇ। ਚਰਖੇ ਦੇ ਸਾਰੇ ਅੰਗ ਅਤੇ ਉਪ ਅੰਗ ਵੀ ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਜਿਵੇਂ ਮਾਲ੍ਹ, ਬਾਇੜ (ਕਸੱਣ), ਲੱਠ, ਮੁੰਨੇ, ਫੱਟੇ, ਗੁੱਡੇ, ਗੁੱਝ (ਹੱਥੀ), ਮਝੇਰੂ, ਦਮਕੱੜਾ, ਚਰਮੱਖ, ਕੱਥ, ਬੀੜ, ਮਣਕਾ, ਤੱਕਲਾ ਆਦਿ ਦੀ ਆਪਣੀ-ਆਪਣੀ ਹੋਂਦ ਅਤੇ ਪਹਿਚਾਣ ਹੈ। ਚਰਖੇ ਦੀ ਸਹਾਇਕ ਸਮੱਗਰੀ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ, ਜਿਵੇਂ ਪੂਣੀਆਂ, ਤੰਦ, ਗਲੋਟਾ, ਸੂਤ, ਅਟੇਰਨ, ਪੀਹੜਾ, ਪਟਾਰੀ ਅਤੇ ਕੱਤਣੀ ਆਦਿ।
ਚਰਖਾ ਬਣਾਉਣ ਵਾਲੇ ਕਾਰੀਗਰ ਜਾਂ ਤਰਖਾਣ ਦੀ ਵਿਸ਼ੇਸ਼ ਭੂਮਿਕਾ ਹੁੰਦੀ ਸੀ। ਇਹ ਕਾਰੀਗਰ ਦੀ ਇਕ ਸੁਲਝੀ ਹੋਈ ਅਤੇ ਖ਼ੂਬਸੂਰਤ ਕਲਾ ਦਾ ਇਕ ਅਦਭੁੱਤ ਨਮੂਨਾ ਸੀ। ਇਸ ਨੂੰ ਬਣਾਉਣ ਲਈ ਵਧੀਆ ਕਿਸਮ ਦੀ ਲੱਕੜੀ ਦੀ ਚੋਣ ਕੀਤੀ ਜਾਂਦੀ ਸੀ। ਇਸ ਦੇ ਹਾਰ-ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਦੀ ਵਰਤੋਂ ਕੀਤੀ ਜਾਂਦੀ ਸੀ। ਚੱਕਰੇ ਵਿਚ ਸ਼ੀਸ਼ੇ ਜੜੇ ਜਾਂਦੇ ਸਨ। ਚੱਕਰੇ ਨੂੰ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਨਾਲ ਸਜਾਇਆ ਜਾਂਦਾ ਸੀ। ਇਹ ਗੱਲ ਇਸ ਗੀਤ ਦੇ ਬੋਲਾਂ ਤੋਂ ਪੂਰੀ ਤਰਾਂ ਸਪੱਸ਼ਟ ਹੁੰਦੀ ਹੈ:
ਕਾਰੀਗਰ ਨੂੰ ਦੇ ਵਧਾਈ, ਜੀਹਨੇ,
ਰੰਗਲਾ ਚਰਖਾ ਬਣਾਇਆ।
ਵਿਚ ਸੁਨਹਿਰੀ ਲਾਈਆਂ ਮੇਖਾਂ,
ਹੀਰਿਆਂ ਜੜਤ ਜੜਾਇਆ,
ਬੀੜੀ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ,
ਕੱਤ ਲੈ ਹਾਣਦੀਏ
ਵਿਆਹ ਭਾਦੋਂ ਦਾ ਆਇਆ।
ਚਰਖਾ ਇਕ ਤਰ੍ਹਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪ ਕਲਾ ਵਿਚ ਉਪਜਿਆ ਇਕ ਖ਼ੂਬਸੂਰਤ ਤੋਹਫ਼ਾ ਹੈ। ਪੰਜਾਬੀ ਸੱਭਿਆਚਾਰ ਦਾ ਇਕ ਬਹੁਤ ਵੱਡਾ ਗੁਣ ਹੈ ਕਿ ਇਸ ਨੇ ਆਪਣੀ ਹਰ ਇਕ ਲੋੜ ਦੀ ਨਿਸ਼ਾਨੀ ਨੂੰ ਕਿਰਤ ਅਤੇ ਕਲਾ ਨਾਲ ਜੋੜਿਆ ਹੈ।
ਲਗਪਗ ਪੌਣੀ 20ਵੀਂ ਸਦੀ ਤੱਕ ਚਰਖਾ ਕੱਤਣਾ, ਪੰਜਾਬ ਦੇ ਹਰੇਕ ਪਿੰਡ ਵਿਚ ਰਹਿਣ ਵਾਲੀ ਔਰਤ ਦੀ ਪ੍ਰਮੁੱਖ ਘਰੇਲੂ ਦਸਤਕਾਰੀ ਜਾਂ ਧੰਦਾ ਸੀ। ਉਦੋਂ ਤੱਕ ਚਰਖਾ ਪੰਜਾਬੀ ਸੱਭਿਆਚਾਰ ਦਾ ਹਰਮਨ-ਪਿਆਰਾ ਪ੍ਰਤੀਕ ਬਣਿਆ ਰਿਹਾ। ਇਹ ਪੰਜਾਬੀ ਕੁੜੀ ਦੇ ਮਾਣ-ਸਨਮਾਨ ਦਾ ਚਿੰਨ੍ਹ ਹੁੰਦਾ ਸੀ। ਜਦੋਂ ਕੁੜੀ ਦਸ ਕੁ ਸਾਲਾਂ ਦੀ ਹੋ ਜਾਂਦੀ ਸੀ, ਤਾਂ ਮਾਂ, ਚਾਚੀਆਂ-ਤਾਈਆਂ ਉਸ ਦੇ ਦਾਜ-ਦਹੇਜ ਦੀ ਤਿਆਰੀ ਕਰਨ ਲਗ ਜਾਂਦੀਆਂ ਸਨ। ਫੇਰ ਸਾਰਾ ਦਿਨ ਘਰ ਵਿਚ ਚਰਖੇ ਦੀ ਗੂੰਜ ਪੈਣ ਲੱਗ ਜਾਂਦੀ ਸੀ।
ਤ੍ਰਿੰਝਣ ਦੀ ਗੱਲ ਤੋਂ ਵਗੈਰ ਚਰਖੇ ਦੇ ਕਾਰਜ ਦੀ ਸੱਭਿਆਚਾਰਕ ਮਿਠਾਸ ਹਲਕੀ ਪੈ ਜਾਵੇਗੀ। ਜਦੋਂ ਮੁਟਿਆਰਾਂ, ਇਸਤਰੀਆਂ ਅਤੇ ਬੁੱਢੀਆਂ ਖੁੱਲ੍ਹੀ ਗਲੀ ਵਿਚ ਜਾਂ ਕਿਸੇ ਦੇ ਵੱਡੇ ਵਿਹੜੇ ਵਿਚ ਇਕੱਠੀਆਂ ਹੋ ਕੇ ਆਪਣਾ-ਆਪਣਾ ਚਰਖਾ ਡਾਹ ਲੈਂਦੀਆਂ ਸਨ ਤਾਂ ਉਨ੍ਹਾਂ ਵਿਚ ਮੁਕਾਬਲਾ ਹੋਣਾ ਸੁਭਾਵਿਕ ਸੀ। ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ, ਉਸ ਥਾਂ ਨੂੰ ਤ੍ਰਿੰਝਣ ਕਿਹਾ ਜਾਂਦਾ ਸੀ। ਤ੍ਰਿੰਝਣ ਵਿਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ-ਬੁਣਾਈ ਦਾ ਕੰਮ ਅਤੇ ਗੀਤ-ਬੋਲੀਆਂ ਆਦਿ ਗਾਇਆ ਕਰਦੀਆਂ ਸਨ।
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ
ਸਬੱਬ ਨਾਲ ਹੋਣ 'ਕੱਠੀਆਂ।
ਨੀ ਮੈਂ ਕੱਤਾ ਪ੍ਰੀਤਾਂ ਨਾਲ ਚਰਖਾ
ਚੰਨਣ ਦਾ।
ਬਜ਼ਾਰ ਵਿਕੇਂਦੀ ਬਰਫ਼ੀ,
ਮੈਨੂੰ ਲੈਦੇ ਨਿੱਕੀ ਜਿਹੀ ਚਰਖੀ,
ਦੁੱਖਾਂ ਦੀਆਂ ਕੱਤਾਂ ਪੂਣੀਆਂ।
ਸਹੁਰੇ ਘਰ ਆਈਆਂ ਕੁੜੀਆਂ ਜਦ ਤ੍ਰਿੰਝਣ ਵਿਚ ਚਰਖਾ ਕੱਤਦੀਆਂ-ਕੱਤਦੀਆਂ ਭਾਵੁਕ ਹੋ ਜਾਂਦੀਆਂ ਸਨ ਤਾਂ ਇਹ ਬੋਲ ਉਨ੍ਹਾਂ ਦੇ ਮੂੰਹੋਂ ਨਿਕਲਦੇ ਸਨ:
ਮਾਂ ਮੇਰੀ ਨੇ ਚਰਖਾ ਦਿੱਤਾ ਵਿਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਦੇਖਾਂ।
ਜਦ ਉਹੀ ਮੁਟਿਆਰ ਪੇਕੇ ਹੁੰਦੀ ਹੈ ਤਾਂ ਇੰਝ ਕਹਿੰਦੀ ਹੈ,
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ।
ਚਰਖੇ ਦੇ ਕਾਰਜ ਦਾ ਸੁਨੇਹਾ ਚੜ੍ਹਦੇ ਸੂਰਜ ਵਾਂਗ ਦਿਖਦਾ ਹੈ, ਕਿਰਤ ਹੀ ਪੂਜਾ ਜਾਂ ਸਾਧਨਾ ਹੈ, ਇਹੋ ਸੱਚਾ ਨਾਮ ਹੈ। ਚਰਖੇ ਨਾਲ ਕੱਤੇ ਸੂਤ ਨਾਲ ਔਰਤਾਂ ਦਰੀਆਂ, ਖੇਸ ਅਤੇ ਫੁਲਕਾਰੀਆਂ ਬਣਾਉਂਦੀਆਂ ਸਨ। ਘਰ ਦੇ ਮਰਦਾਂ ਨੂੰ ਤਾਂ ਚਰਖੇ ਦੀ ਕੀਮਤ ਦਾ ਉਦੋਂ ਹੀ ਪਤਾ ਲੱਗਦਾ ਸੀ, ਜਦੋਂ ਘਰ ਵਿਚ ਕੋਈ ਪ੍ਰਾਹੁਣਾ ਆਉਂਦਾ ਸੀ, ਉਦੋਂ ਪੇਟੀ ਵਿਚੋਂ ਨਵੀਆਂ ਦਰੀਆਂ-ਖੇਸ ਕੱਢੇ ਜਾਂਦੇ ਸਨ ਜਾਂ ਜਦੋਂ ਕੁੜੀ ਦੇ ਦਾਜ ਵਾਲੀ ਪੇਟੀ ਭਰਨੀ ਹੁੰਦੀ ਸੀ।
ਪੰਜਾਬ ਵਿਚ ਰਚੇ ਸਾਹਿਤ ਨਾਲ ਚਰਖੇ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ। ਭਗਤ ਕਬੀਰ ਨੇ ਚਰਖੇ ਨੂੰ ਸਰੀਰ ਦੇ ਰੂਪਕ ਵਿਚ ਵਰਤਿਆ ਹੈ।
ਜੋ ਚਰਖਾ ਜਰਿ ਜਾਯ ਬੜੇਯਾ ਨਾ ਮਰੇ।
ਮੈਂ ਕਾਤੋਂ ਸੂਤ ਹਜ਼ਾਰ ਚਰਸੁਲਾ ਜਨਿ ਜਰੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਚਰਖਾ ਸ਼ਬਦ ਦੀ ਸਧਾਰਨ ਅਰਥ ਵਿਚ ਵਰਤੋਂ ਹੋਈ ਹੈ
ਕੋਲੂ ਚਰਖਾ ਚੱਕੀ ਚੱਕ,
ਥਲ ਵਾਰੋਲੇ ਬਹੁਤੁ ਅਨੰਤੁ॥
ਸੂਫ਼ੀਆਂ ਨੇ ਤਾਂ ਚਰਖੇ ਅਤੇ ਇਸ ਦੇ ਹਰ ਇਕ ਅੰਗ ਨੂੰ ਆਪਣੀਆਂ ਕਾਫੀਆਂ ਵਿਚ ਪ੍ਰਮੁੱਖ ਥਾਂ ਦਿੱਤੀ ਹੈ, ਸ਼ਾਹ ਹੁਸੈਨ ਲਿਖਦਾ ਹੈ:
ਅਨੀ ਸਹੀਓ ਨੀ, ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋਹੜੇ ਰੁਲਦੇ,
ਹਥਿ ਵਿਚ ਰਹਿ ਗਈ ਜੁੱਟੀ,
ਭਲਾ ਭਇਆ ਮੇਰਾ ਚਰਖਾ ਟੁੱਟਾ,
ਮੇਰੀ ਜਿੰਦ ਅਜਾਬੋਂ, ਛੁੱਟੀ।
ਤੇਰੇ ਅੱਗੇ ਅੱਗੇ ਚਰਖਾ, ਪਿੱਛੇ ਪਿੱਛੇ ਪੀਹੜਾ,
ਕੱਤਣੀ ਹੈ ਹਾਲ ਭਲੇਰੇ ਕਿਉਂ।
ਘੁੰਮ ਵੇ ਚਰਖੜਿਆ ਤੇਰੇ ਕੱਤਣ ਵਾਲੀ ਜੀਵੇ।
ਚਰਖਾ ਬੋਲੇ ਸਾਈਂ ਸਾਈਂ, ਬਾਇੜ ਬੋਲੇ ਤੂੰ।
ਕਹੇ ਹੁਸੈਨ ਫਕੀਰ ਸਾਈਂ ਦਾ, ਮੈਂ ਨਾਹੀ ਸਭ ਤੂੰ।
ਬੁੱਲ੍ਹੇ ਸ਼ਾਹ ਨੇ ਵੀ ਚਰਖੇ ਨੂੰ ਆਪਣੀ ਕਾਵਿ ਰਚਨਾ ਵਿਚ ਮਨਭਾਉਂਦੇ ਰੂਪਕ ਵਜੋਂ ਵਰਤਿਆ ਹੈ ਜਿਵੇ:-
ਤੂੰ ਸੁੱਤਿਆਂ ਉਮਰ ਵੰਜਾਈ ਏ,
ਤੂੰ ਚਰਖੇ ਤੰਦ ਨਾ ਪਾਈ ਏ।
ਕੀ ਕਰਸੇਂ ਦਾਜ ਤਿਆਰ ਨੀ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਚਰਖਾ ਮੁਫਤ ਤੇਰੇ ਹੱਥ ਆਇਆ,
ਪੱਲਿਓਂ ਨਾਹੀਂ ਕੁਝ ਖੋਲ੍ਹ ਗਵਾਇਆ।
ਚਰਖਾ ਤੇਰਾ ਰੰਗ ਰੰਗੀਲਾ,
ਰੀਸ ਕਰੇਂਦਾ ਸਭ ਕਬੀਲਾ।
ਇਸ ਚਰਖੇ ਦੀ ਕੀਮਤ ਭਾਰੀ,
ਤੂੰ ਕੀ ਜਾਣੇ ਕਦਰ ਗਵਾਰੀ।
ਐਸਾ ਚਰਖਾ ਘੜਨਾ ਨਾਹੀਂ,
ਫੇਰ ਕਿਸੇ ਤਰਖਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਗਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ
ਮੈਂ ਜਿਉਂ ਜਿਉਂ ਕੱਤੀ ਜਾਵਾਂ ਨੀ ਹੋਣ ਪਈਆਂ ਦੂਣੀਆਂ।
ਕੱਤ ਸੱਖਣੀ ਨਾ ਬੱਲੀਏ ਕੁੜੀਏ।
ਨੀ ਤੇਰੀ ਪੂਣੀਆਂ ਦੀ ਭਰੀ ਕੱਤਣੀ
ਮੱਕੇ ਗਿਆਂ ਗੱਲ ਮੁੱਕਦੀ ਨਾਹੀਂ,
ਭਾਵੇਂ ਸੌ ਸੌ ਜੁੰਮੇ ਪੜ੍ਹ ਆਈਏ।
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ,
ਭਾਵੇਂ ਸੌ ਸੌ ਗੋਤੇ ਲਾ ਆਈਏ।
ਪਰ ਬੁੱਲ੍ਹੇ ਸ਼ਾਹ ਗੱਲ ਤਾਈਓਂ ਮੁੱਕਦੀ,
ਜਦ ਮੈਂ ਨੂੰ ਦਿਲੋਂ ਭੁਲਾਈਏ।
ਕਿੱਸਾਕਾਰਾਂ ਨੇ ਵੀ ਚਰਖੇ ਨੂੰ ਆਪਣੇ ਕਿੱਸਿਆਂ ਵਿਚ ਪ੍ਰਮੁੱਖ ਥਾਂ ਦਿੱਤੀ ਹੈ, ਸਾਧੂ ਦਯਾ ਸਿੰਘ ਲਿਖਦਾ ਹੈ:-
ਚਰਖਾ ਏਸ ਕਲਬੂਤ ਦਾ ਭੱਜ ਜਾਣਾ,
ਟੁੱਟ ਜਾਵਣੇ ਦਮਾਂ ਦੇ ਤੰਦ ਬੰਦੇ।
ਪੰਜਾਬੀ ਲੋਕ ਗੀਤਾਂ ਵਿਚ ਚਰਖੇ ਦੀ ਵੰਨਗੀ ਦੇਖੋ:-
ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ।
ਇਕ ਤੇਰਾ ਰੰਗ ਮੁਸ਼ਕੀ,
ਦੂਜਾ ਡਾਹ ਲਿਆ ਗਲੀ ਦੇ ਵਿਚ ਚਰਖਾ।
ਤੰਦ ਤੇਰਿਆਂ ਦੁੱਖਾਂ ਦੀ ਪਾਵਾਂ,
ਚਰਖਾ ਮੈਂ ਆਪਣਾ ਕੱਤਾਂ।
ਅੰਤ ਵਿਚ ਇਹ ਅੱਖਰ ਮੈਂ ਆਪਣੇ ਅੱਥਰੂਆਂ ਦੀ ਸਿਆਹੀ ਨਾਲ ਲਿਖ ਰਹੀ ਹਾਂ। ਭਾਵੇਂ ਅੱਜ ਚਰਖਾ ਸਾਡੇ ਘਰਾਂ ਵਿਚੋਂ ਖ਼ਤਮ ਹੋ ਚੁੱਕਾ ਹੈ, ਪਰ ਚਰਖਾ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਵੱਡਮੁੱਲਾ ਪ੍ਰਤੀਕ ਬਣਿਆ ਰਹੇਗਾ। ਭਾਵੇਂ ਚਰਖਾ ਇਕ ਨਿਰਜੀਵ ਵਸਤੂ ਹੈ, ਪਰ ਪੰਜਾਬੀ ਸਾਹਿਤ, ਸੱਭਿਆਚਾਰ ਵਿਚ ਇਹ ਪੂਰੀ ਤਰ੍ਹਾਂ ਜਿਊਂਦਾ ਅਤੇ ਜਾਗਦਾ ਹੈ। ਚਰਖਾ ਪੰਜਾਬੀ ਔਰਤ ਦੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰ ਨਾਲ ਗੱਲਾਂ ਕਰਦਾ ਹੈ ਅਤੇ ਉਸਦੇ ਹਰ ਦੁੱਖ-ਸੁੱਖ ਦਾ ਭਾਈਵਾਲ ਬਣ ਕੇ ਉਨ੍ਹਾਂ ਦੀ ਰਗ-ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ।


-ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ. ਸੈਕੰ. ਸਕੂਲ ਧੂਰੀ-148024. ਜ਼ਿਲ੍ਹਾ ਸੰਗਰੂਰ।
ਮੋਬਾਈਲ : 98143-41746.
Email.premlatakhanikar@gmail.com

ਮਨ ਮੋਹ ਲੈਂਦੀ ਹੈ : ਯੂਰਪ ਅੰਦਰ ਪਤਝੜ ਦੀ ਰੰਗ-ਬਿਰੰਗੀ ਖ਼ੂਬਸੂਰਤੀ

ਕੁਦਰਤ ਦੇ ਅਤੇ ਮਨੁੱਖੀ ਵਰਤਾਰੇ ਵਿਚ ਇਕ ਵੱਡਾ ਫਰਕ ਹੈ। ਭਾਵੇਂ ਕੁਝ ਮਿਲੇ ਜਾਂ ਹੱਥੋਂ ਨਿਕਲ ਜਾਵੇ ਪਰ ਕੁਦਰਤ ਹਰ ਸਮੇਂ ਅਨੰਦ-ਚਿਤ ਰਹਿੰਦੀ ਹੈ। ਉੱਧਰ ਮਨੁੱਖ ਕੁਝ ਮਨਚਾਹਿਆ ਹਾਸਲ ਹੋ ਜਾਣ 'ਤੇ ਖੁਸ਼ੀਆਂ ਮਨਾਉਂਦਾ ਹੈ ਅਤੇ ਗੁਆਚ ਜਾਣ 'ਤੇ ਝੂਰਦਾ ਹੈ। ਖ਼ੈਰ, ਕੁਝ ਹਾਸਲ ਹੋਣ 'ਤੇ ਖੁਸ਼ੀ ਮਨਾਉਣ ਦਾ ਵਰਤਾਰਾ ਤਾਂ ਸਮਝ ਵਿਚ ਆਉਂਦਾ ਹੈ ਪਰ ਕੁਝ ਗੁਆਚਣ 'ਤੇ ਵੀ ਸੁੰਦਰ ਅਤੇ ਹੱਸਦੇ-ਵੱਸਦੇ ਬਣੇ ਰਹਿਣ ਦੀ ਕੁਦਰਤ ਦੀ ਕਲਾ ਨੂੰ ਵੇਖਣਾਂ ਹੋਵੇ ਤਾਂ 'ਯੂਰਪ ਦੀ ਪਤਝੜ' ਇਸ ਦੀ ਖੂਬਸੂਰਤ ਉਦਾਹਰਨ ਹੈ।
ਯੂਰਪ ਧਰਤੀ ਦਾ ਠੰਢਾ ਮੰਨਿਆਂ ਜਾਣ ਵਾਲਾ ਖਿੱਤਾ ਹੈ। ਸੋ, ਇਥੇ ਕੁਦਰਤ ਦੀ ਹਰਿਆਲੀ, ਫੁੱਲਾਂ ਲੱਦੇ ਪੌਦੇ ਅਤੇ ਸਰਸਬਜ਼ ਖੇਤਾਂ ਦੇ ਦ੍ਰਿਸ਼ ਗਰਮ ਮੌਸਮ ਦੇ ਚਾਰ-ਪੰਜ ਮਹੀਨੇ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਕੁਝ ਮਹੀਨਿਆਂ ਦੌਰਾਨ ਇਹ ਖਿੱਤਾ ਹਰਿਆ-ਭਰਿਆ ਅਤੇ ਕੁਦਰਤ ਦੀ ਖੂਬਸੂਰਤੀ ਦੇ ਬੇਮਿਸਾਲ ਨਮੂਨੇ ਵਜੋਂ ਨਜ਼ਰ ਆਉਂਦਾ ਹੈ। ਫਿਰ ਸਮਾਂ ਆਉਂਦਾ ਹੈ ਅਤੇ ਮੌਜੂਦਾ ਬਦਲ ਰਹੇ ਮੌਸਮ ਅਨੁਸਾਰ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਬਰਫ਼ੀਲੇ ਮੌਸਮ ਦੀ ਆਮਦ ਤੇ ਕੁਦਰਤ ਦੀ ਹਰਿਆਵਲ ਫਿੱਕੀ ਪੈਣ ਲਗਦੀ ਹੈ। ਫੁੱਲ ਸੁੱਕਣੇ ਅਤੇ ਹਰੇ ਪੱਤੇ ਪੀਲੇ ਪੈਣ ਲੱਗ ਪੈਂਦੇ ਹਨ। ਪਰ ਕਾਦਰ ਹਰੀ ਭਰੀ ਕੁਦਰਤ ਦੇ ਗੁਆਚ ਰਹੇ ਇਸ ਰੰਗ ਨੂੰ ਇਕ ਖੂਬਸੂਰਤ ਰੂਪ ਦੇ ਦਿੰਦਾ ਹੈ ਅਤੇ ਠੰਢਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਬਜ਼ੁਰਗ ਹੋ ਚੁੱਕੇ ਹਰੇ ਪੱਤੇ ਪੀਲੇ ਹੋ ਕੇ ਸੁਨਹਿਰੀ ਰੰਗ ਵਿਚ ਬਦਲ ਕੇ ਬੇਆਵਾਜ਼ ਢੰਗ ਨਾਲ ਰੁੱਖਾਂ ਤੋਂ ਝੜ ਕੇ ਹਵਾ ਨਾਲ ਕਲੋਲਾਂ ਕਰਦੇ ਜ਼ਮੀਨ 'ਤੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਬਨਸਪਤੀ ਦੇ ਅੰਦਰੋਂ ਹੀ ਪੀਲੇ, ਸੁਨਹਿਰੀ ਅਤੇ ਮੱਧਮ ਲਾਲ ਜਿਹੇ ਰੰਗਾਂ ਦੀ ਚਿੱਤਰਕਾਰੀ ਪ੍ਰਗਟ ਹੋਣ ਲੱਗ ਪੈਂਦੀ ਹੈ ਅਤੇ ਸਾਰੀ ਕਾਇਨਾਤ ਇਨ੍ਹਾਂ ਰੰਗਾਂ ਵਿਚ ਗੁਆਚ ਜਿਹੀ ਜਾਂਦੀ ਹੈ।
ਯੂਰਪ ਦੀ ਧਰਤੀ ਨੂੰ ਕੁਦਰਤ ਨੇ ਅਥਾਹ ਹਰਿਆਲੀ ਨਾਲ ਨਿਵਾਜ਼ਿਆ ਹੈ। ਯੂਰਪ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਵਿਚ ਵਿਸ਼ਾਲ ਜੰਗਲ ਵੀ ਮੌਜੂਦ ਹਨ ਅਤੇ ਪਿੰਡ ਸ਼ਹਿਰ ਵੀ ਰੁੱਖਾਂ ਅਤੇ ਫੁੱਲਦਾਰ ਪੌਦਿਆਂ ਨਾਲ ਭਰੇ ਹੋਏ ਹਨ। ਸੋ, ਹਰ ਮੌਸਮ ਵਿਚ ਕੁਦਰਤ ਆਪਣੇ ਵੱਖਰੇ ਰੂਪ ਵਿਚ ਸਜਣ ਲਈ ਤਿਆਰ ਰਹਿੰਦੀ ਹੈ। ਫਿਰ ਵੀ ਜੇਕਰ ਪਤਝੜ ਦੇ ਅਸਲੀ ਹੁਸਨ ਨੂੰ ਦੇਖਣਾ ਹੋਵੇ ਤਾਂ ਇਹ ਕੁਦਰਤੀ ਜੰਗਲਾਂ ਵਿਚ ਪੂਰੀ ਬੇਬਾਕੀ ਨਾਲ ਰੂਪਮਾਨ ਹੁੰਦਾ ਹੈ। ਰੁੱਖਾਂ ਤੋਂ ਝੜ ਕੇ ਜ਼ਮੀਨ 'ਤੇ ਡਿਗ ਰਹੇ ਪੱਤੇ ਲੰਮੀਆਂ ਸੁਨਹਿਰੀ ਚਾਦਰਾਂ ਦੇ ਰੂਪ ਵਿਚ ਵਿਛਦੇ ਜਾਂਦੇ ਹਨ ਅਤੇ ਕੁਦਰਤ ਦਾ ਹਰਿਆ-ਭਰਿਆ ਹੁਸਨ ਰੰਗ ਵਟਾ ਕੇ ਧਰਤੀ ਨੂੰ ਢਕਣ ਲੱਗ ਪੈਂਦਾ ਹੈ । ਰਕਬੇ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਵਿਸ਼ਾਲ ਦੇਸ਼ ਰੂਸ ਵਿਚ ਪਤਝੜ ਦਾ ਆਪਣਾ ਵੱਖਰਾ ਹੀ ਹੁਸਨ ਪ੍ਰਗਟ ਹੁੰਦਾ ਹੈ। ਰੂਸੀ ਮੈਦਾਨੀ ਅਤੇ ਪਹਾੜੀ ਇਲਾਕਿਆਂ ਅੰਦਰ ਹਜ਼ਾਰਾਂ ਮੀਲਾਂ ਵਿਚ ਵਿਛੇ ਜੰਗਲ ਸੁਨਹਿਰੀ ਰੂਪ ਵਟਾ ਕੇ ਬਰਫ਼ੀਲੇ ਮੌਸਮ ਨੂੰ ਜੀ ਆਇਆਂ ਨੂੰ ਕਹਿਣ ਦੀ ਤਿਆਰੀ ਵਿਚ ਜੁਟ ਜਾਂਦੇ ਹਨ। ਰੂਸ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰਾਂ ਅਤੇ ਚਿੱਤਰਕਾਰਾਂ ਨੇ ਬਦਲਦੇ ਮੌਸਮ ਦੇ ਇਸ ਕੁਦਰਤੀ ਹੁਸਨ ਦਾ ਆਪਣੀਆਂ ਕਿਰਤਾਂ ਵਿਚ ਰੱਜ ਕੇ ਜ਼ਿਕਰ ਕੀਤਾ ਹੈ। ਰੂਸੀ ਚਿੱਤਰਕਾਰਾਂ ਨੇ ਇਸ ਮੌਸਮ ਨੂੰ ਉਦਾਸ ਖੂਬਸੂਰਤੀ ਦੇ ਪ੍ਰਤੀਕ ਵਜੋਂ ਬੜੀ ਸਫਲਤਾ ਨਾਲ ਪੇਸ਼ ਕੀਤਾ ਹੈ।
ਪਿੰਡਾਂ, ਸ਼ਹਿਰਾਂ ਅਤੇ ਮਹਾਨਗਰਾਂ ਦੀਆਂ ਫ਼ਿਜ਼ਾਵਾਂ ਅੰਦਰ ਰੁੱਖਾਂ ਦੀਆਂ ਟਾਹਣੀਆਂ ਤੋਂ ਝੜ ਕੇ ਅਲਹਿਦਾ ਹੋਏ ਪੱਤੇ ਹਵਾ ਦੇ ਵਾ-ਵਰੋਲਿਆਂ ਨਾਲ ਇਧਰ-ਉੱਧਰ ਉੱਡਦੇ ਹੋਏ ਖਿਲਾਰਾ ਜਾਂ ਕੂੜਾ ਮਹਿਸੂਸ ਨਹੀਂ ਹੁੰਦੇ ਸਗੋਂ ਕੁਦਰਤ ਦੀ ਮੂਕ ਅਤੇ ਬੇਆਵਾਜ਼ ਖੂਬਸੂਰਤੀ ਬਣ ਜਾਂਦੇ ਹਨ। ਗਲੀਆਂ, ਸੜਕਾਂ, ਘਰਾਂ ਦੇ ਵਿਹੜੇ, ਪਾਰਕਾਂ ਅਤੇ ਇਮਾਰਤਾਂ ਦੀਆਂ ਛੱਤਾਂ ਇਨ੍ਹਾਂ ਦੀ ਸੈਰਗਾਹ ਬਣ ਜਾਂਦੀਆਂ ਹਨ। ਭਾਵੇਂ ਯੂਰਪ ਨੂੰ ਜ਼ਿਆਦਾਤਾਰ ਸੈਲਾਨੀ ਭਰ ਗਰਮੀ ਦੇ ਮੌਸਮ ਵਿਚ ਘੁੰਮਣ ਲਈ ਪਸੰਦ ਕਰਦੇ ਹਨ ਪਰ ਪਤਝੜ ਦੇ ਮੌਸਮ ਵਿਚ ਇੱਥੇ ਆਉਣਾ ਕਈ ਮਾਮਲਿਆਂ ਵਿਚ ਜ਼ਿਆਦਾ ਫਾਇਦੇਮੰਦ ਅਤੇ ਮਾਣਨਯੋਗ ਸਾਬਤ ਹੁੰਦਾ ਹੈ। ਜਿਵੇਂ ਕਿ ਗਰਮ ਮੌਸਮ ਦੀ ਨਿਸਬਤ ਇਸ ਦੌਰ ਵਿਚ ਸੈਲਾਨੀਆਂ ਦੀ ਆਮਦ ਘਟ ਜਾਂਦੀ ਹੈ ਅਤੇ ਯੂਰਪ ਦੀਆਂ ਮਸ਼ਹੂਰ ਸੈਰਗਾਹਾਂ ਘੁੰਮਣ-ਫਿਰਨ ਲਈ ਘੱਟ ਖਰਚੀਲੀਆਂ ਅਤੇ ਭੀੜ-ਭੜੱਕੇ ਤੋਂ ਮੁਕਤ ਹੋ ਜਾਂਦੀਆਂ ਹਨ। ਕੁਦਰਤ ਵਲੋਂ ਵਟਾਏ ਜਾ ਰਹੇ ਰੰਗਾਂ ਕਾਰਨ ਚਾਰੇ ਪਾਸੇ ਪਤਝੜੀ ਰੰਗਾਂ ਦਾ ਸ਼ੋਖ ਝੁਰਮਟ ਨਜ਼ਰੀਂ ਪੈਂਦਾ ਹੈ ਜਿਸ ਨਾਲ ਸੈਰ ਸਪਾਟੇ ਦਾ ਆਨੰਦ ਹੀ ਕੁਝ ਵੱਖਰਾ ਹੋ ਜਾਂਦਾ ਹੈ। ਗਰਮੀਂ ਦੀ ਰੁਖ਼ਸਤ ਹੋ ਰਹੀ ਤਪਸ਼ ਦੇ ਕਾਰਨ ਮੌਸਮ ਵੀ ਠੰਢਾ-ਮਿੱਠਾ ਜਿਹਾ ਲੱਗਦਾ ਹੈ । ਇਸ ਮੌਸਮ ਵਿਚ ਯੂਰਪੀਨ ਦੇਸ਼ਾਂ ਅੰਦਰ ਵਿਦਾ ਹੋ ਰਹੀ ਗਰਮ ਰੁੱਤ ਅਤੇ ਆਉਣ ਵਾਲੀ ਸਰਦੀ ਦੇ ਸੁਆਗਤ ਦੇ ਸਬੰਧ ਵਿਚ ਬਹੁਤ ਸਾਰੇ ਜਨਤਕ ਤਿਉਹਾਰ ਵੀ ਮਨਾਏ ਜਾਂਦੇ ਹਨ ਜਿਨ੍ਹਾਂ ਵਿਚ ਸੈਲਾਨੀ ਦਿਲ ਖੋਲ੍ਹ ਕੇ ਹਿੱਸਾ ਲੈਂਦੇ ਹੋਏ ਲੁਤਫ਼ ਉਠਾਉਂਦੇ ਹਨ। ਸੈਲਾਨੀ ਇਨ੍ਹਾਂ ਤਿਉਹਾਰਾਂ ਵਿਚ ਸਬੰਧਿਤ ਦੇਸ਼ਾਂ ਦੇ ਲੋਕ ਨਾਚਾਂ ਨੂੰ ਮਾਣਦੇ ਹੋਏ ਰਵਾਇਤੀ ਖਾਣਿਆਂ ਦਾ ਆਨੰਦ ਲੈਂਦੇ ਹਨ। ਵਿਦਾ ਹੋ ਰਹੀ ਗਰਮ ਰੁੱਤ ਦੇ ਆਖਰੀ ਪਲਾਂ ਨੂੰ ਪੂਰੀ ਤਰ੍ਹਾਂ ਮਾਣ ਲੈਣ ਦੀ ਰੀਝ ਕਾਰਨ ਪਤਝੜ ਰੁੱਤ ਦੇ ਤਿਉਹਾਰ ਬਾਕੀ ਮੌਸਮਾਂ ਦੇ ਤਿਉਹਾਰਾਂ ਨਾਲੋਂ ਜ਼ਿਆਦਾ ਜੋਸ਼ੋ-ਖਰੋਸ਼ ਨਾਲ ਮਨਾਏ ਜਾਂਦੇ ਹਨ।
ਜਰਮਨੀ ਦੇ ਬਾਵੇਰੀਅਨ ਐਲਪਾਈਨ ਜੰਗਲ, ਪੁਰਤਗਾਲ ਦੇ ਅੰਗੂਰਾਂ ਲੱਦੇ ਬਾਗ਼, ਸਵਿਟਜ਼ਰਲੈਂਡ ਦੇ ਮਨ ਨੂੰ ਮੋਹ ਲੈਣ ਵਾਲੇ ਭੂ-ਦ੍ਰਿਸ਼ ਅਤੇ ਯਾਕਸ਼ਾਇਰ ਦੀਆਂ ਪੁਰਾਣੀਆਂ ਗਲੀਆਂ ਵਰਗੀਆਂ ਸੈਰਗਾਹਾਂ ਪਤਝੜ ਰੁੱਤੇ ਘੁੰਮਣ ਫਿਰਨ ਵਾਲੇ ਸੈਲਾਨੀਆਂ ਵਿਚ ਖਾਸੀਆਂ ਮਸ਼ਹੂਰ ਹਨ। ਕੁਦਰਤ ਦੀ ਰਹੱਸਮਈ ਕ੍ਰਿਤ ਉੱਤਰੀ ਰੌਸ਼ਨੀਆਂ ਜਾਂ ਅਰੂਰਾ ਨੂੰ ਵੇਖਣ ਲਈ ਵੀ ਇਹ ਮੌਸਮ ਸਭ ਤੋਂ ਢੁੱਕਵਾਂ ਮੰਨਿਆਂ ਜਾਂਦਾ ਹੈ। ਅਸਮਾਨ ਵਿਚ ਤਰਦੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਨੂੰ ਵੇਖਣਾ ਹਰ ਸੈਲਾਨੀ ਦਾ ਸੁਫ਼ਨਾਂ ਹੁੰਦਾ ਹੈ ਅਤੇ ਇਸ ਲਈ ਉੱਤਰੀ ਨਾਰਵੇ ਦਾ ਇਲਾਕਾ ਸਾਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਦ੍ਰਿਸ਼ ਨੂੰ ਵੇਖਣ ਲਈ ਸੈਲਾਨੀਆਂ ਅੰਦਰ ਨਾਰਵੇ ਦੇ ਲੋਫੋਟਨ ਟਾਪੂ ਬੇਹੱਦ ਪਸੰਦੀਦਾ ਹਨ।
ਖਿੜੀ ਧੁੱਪ ਹੋਵੇ ਜਾਂ ਵਰ੍ਹਦਾ ਮੀਂਹ, ਕਪਾਹ ਦੇ ਗੋਹੜਿਆਂ ਵਰਗੀ ਪੈਂਦੀ ਬਰਫ਼ ਹੋਵੇ ਜਾਂ ਪਤਝੜ ਦਾ ਦੌਰ। ਹਰ ਮੌਸਮ ਆਪਣੇ ਆਪ ਨਾਲ ਕੁਦਰਤ ਦਾ ਕੋਈ ਖੁਬਸੂਰਤ ਸੁਨੇਹਾ ਲੈ ਕੇ ਹੀ ਆਉਂਦਾ ਹੈ ਅਤੇ ਹਰ ਮੌਸਮ ਦਾ ਖਿੜੇ ਮੱਥੇ ਸਵਾਗਤ ਕਰਨਾ ਯੂਰਪੀਨ ਸੱਭਿਅਤਾਵਾਂ ਦੇ ਸੁਭਾਅ ਦਾ ਇਕ ਖਾਸ ਖੁਸ਼ਨੁਮਾਂ ਤੱਤ ਹੈ। ਇਸੇ ਸੁੁਭਾਅ ਕਾਰਨ ਯੂਰਪੀਨ ਲੋਕ ਕੁਦਰਤ ਦੇ ਹਰ ਰੰਗ ਨੂੰ ਮਾਣਦੇ ਹੋਏ ਹੱਸਦੇ ਖੇਡਦੇ ਜਿਊਂਦੇ ਹਨ ਅਤੇ ਸਾਰੀ ਦੁਨੀਆ ਦੇ ਮੇਜ਼ਬਾਨ ਹੋਣ ਦਾ ਮਾਣ ਰੱਖਦੇ ਹਨ। ਦੁਆ ਹੈ ਕਿ ਇਹ ਮਾਣ ਸਦਾ ਲਈ ਬਣਿਆ ਰਹੇ।


-ਵਾਰਸਾ, ਪੋਲੈਂਡ। ਫੋਨ : 0048-516732105
yadsatkoha@yahoo.com

ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਤਿਹਾਸ ਦੀਆਂ ਕਿਤਾਬਾਂ ਅਨੁਸਾਰ ਸਰਦੂਲ ਸਿੰਘ ਦੀ ਸ਼ਾਦੀ ਭੀਖੀ ਦੇ ਸਰਦਾਰ ਦੀ ਲੜਕੀ ਨਾਲ ਹੋਈ ਸੀ ਜੋ ਮਹਾਰਾਜਾ ਅਮਰ ਸਿੰਘ ਦੀ ਮਾਤਾ ਸਨ। ਭੁਮਿਆਨ ਸਿੰਘ ਜਿਨ੍ਹਾਂ ਦੀ ਸਪੁੱਤਰੀ ਬੀਬੀ ਰਾਜਿੰਦਰ ਸੀ, ਜਿਸ ਦੀ ਸ਼ਾਦੀ ਭਗਵਾੜੇ ਦੇ ਚੌਧਰੀ ਤਲੋਕ ਚੰਦ ਨਾਲ ਹੋਈ ਸੀ। ਲਾਲ ਸਿੰਘ ਆਪ ਦਾ ਛੋਟਾ ਸਪੁੱਤਰ ਸੀ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਇਲਾਕਾ ਮੂਣਕ ਨੂੰ ਨਾਲ ਜੋੜ ਲਿਆ ਗਿਆ। ਸਰਦੂਲ ਸਿੰਘ ਦਾ ਦੂਸਰਾ ਸਪੁੱਤਰ ਜੋ 1747 ਈ: ਵਿਚ ਪੈਦਾ ਹੋਇਆ, ਆਪਣੇ ਦਾਦਾ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਜਦੋਂ ਇਨ੍ਹਾਂ ਦੀ ਉਮਰ 18 ਸਾਲ ਸੀ ਅਤੇ ਰਾਣੀ ਫ਼ੱਤੋ ਜੋ ਅਨਾਹਦਗੜ੍ਹ ਉਰਫ਼ ਬਰਨਾਲਾ ਜੋ ਪਟਿਆਲੇ ਤੋਂ 50 ਮੀਲ 'ਤੇ ਹੈ, ਵਿਚ ਰਹਿੰਦੇ ਸਨ, ਖ਼ਬਰ ਸੁਣਦਿਆਂ ਹੀ ਪਟਿਆਲਾ ਵਿਖੇ ਆਏ ਅਤੇ ਅਮਰ ਸਿੰਘ ਨੂੰ ਗੱਦੀ 'ਤੇ ਬਿਠਾ ਦਿੱਤਾ। ਭਾਵੇਂ ਹਿੰਮਤ ਸਿੰਘ ਨੇ ਕੁਝ ਸਮੇਂ ਲਈ ਪਟਿਆਲੇ 'ਤੇ ਕਬਜ਼ਾ ਕਰ ਲਿਆ ਪਰੰਤੂ ਜੀਂਦ, ਨਾਭਾ ਅਤੇ ਕੈਥਲ ਦੇ ਅਮੀਰਾਂ ਦੀ ਮਦਦ ਨਾਲ ਹਿੰਮਤ ਸਿੰਘ ਨੂੰ ਭਜਾ ਦਿੱਤਾ ਗਿਆ। ਸੰਨ 1760 ਈ: ਵਿਚ ਅਮਰ ਸਿੰਘ ਨੇ ਲੁਧਿਆਣਾ ਨੂੰ ਨੇੜੇ ਦੇ ਕਸਬੇ ਮਲੇਰਕੋਟਲਾ ਦੇ ਅਫ਼ਗ਼ਾਨਾਂ ਅਤੇ ਜੱਸਾ ਸਿੰਘ ਆਹਲੂਵਾਲੀਆ ਦੀ ਸਹਾਇਤਾ ਨਾਲ ਫ਼ਤਹਿ ਕਰ ਲਿਆ। ਅਮਰ ਸਿੰਘ ਨੇ ਨਵਾਬ ਮਲੇਰਕੋਟਲਾ ਅਤੇ ਮਨੀ ਮਾਜਰਾ ਦੇ ਹਾਕਮ ਗ਼ਰੀਬ ਦਾਸ ਨਾਲ ਜਮ ਕੇ ਲੜਾਈ ਲੜੀ ਅਤੇ ਪਿੰਜੌਰ 'ਤੇ ਵੀ ਕਬਜ਼ਾ ਕਰ ਲਿਆ। ਪਾਇਲ, ਈਸੜੂ ਅਤੇ ਕੋਟਕਪੂਰੇ ਨੂੰ ਵੀ ਫ਼ਤਹਿ ਕੀਤਾ। ਨਾਹਨ, ਸਿਰਸਾ ਤੋਂ ਇਲਾਵਾ ਜੀਂਦ ਦੇ ਸਥਾਨ 'ਤੇ ਸ਼ਾਹ-ਏ-ਦਿੱਲੀ ਨੂੰ ਹਰਾ ਦਿੱਤਾ। ਫ਼ਰਵਰੀ 1781 ਈ: ਵਿਚ 35 ਸਾਲ ਦੀ ਉਮਰ ਵਿਚ ਰਾਜਾ ਅਮਰ ਸਿੰਘ ਵੀ ਫ਼ੌਤ ਹੋ ਗਏ। ਰਾਣੀ ਰਾਜਿੰਦਰ ਕੌਰ ਅਤੇ ਸਾਹਿਬ ਕੌਰ ਜੋ ਪਟਿਆਲਾ ਰਿਆਸਤ ਦੀਆਂ ਬਹਾਦੁਰ ਅਤੇ ਸੂਝਵਾਨ ਰਾਣੀਆਂ ਦੇ ਤੌਰ 'ਤੇ ਜਾਣੀਆਂ ਹਨ, ਇਨ੍ਹਾਂ ਨੇ ਵੀ ਪਟਿਆਲਾ ਸ਼ਹਿਰ ਦੇ ਨੈਣ ਨਕਸ਼ ਸੰਵਾਰਨ ਅਤੇ ਸਜਾਉਣ ਵਿਚ ਬਰਾਬਰ ਦਾ ਯੋਗਦਾਨ ਪਾਇਆ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹੋ ਸ਼ਾਹੀ ਖ਼ਾਨਦਾਨ ਦੇ ਚਸ਼ਮ-ਓ-ਚਿਰਾਗ਼ ਹਨ ਜਿਨ੍ਹਾਂ ਦਾ ਕੁਰਸੀ ਨਾਮਾ ਇਸ ਰਿਆਸਤੀ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਜੀ ਨਾਲ ਜਾ ਮਿਲਦਾ ਹੈ।
ਰਾਜਗਾਨ-ਏ-ਪੰਜਾਬ ਦੇ ਪੰਨਾ 240 ਅਨੁਸਾਰ 1857 ਈ: ਵਿਚ ਮਹਾਰਾਜਾ ਪਟਿਆਲਾ ਨੇ ਅੰਗਰੇਜ਼ਾਂ ਦੀ ਸਹਾਇਤਾ ਲਈ ਅੱਠ ਤੋਪਾਂ, 2156 ਸਵਾਰ, 2846 ਸਿਪਾਹੀ, 156 ਅਹੁਦੇਦਾਰ ਤਾਇਨਾਤ ਕੀਤੇ। ਜਿਨ੍ਹਾਂ ਵਿਚ ਸਰਦਾਰ ਪ੍ਰਤਾਪ ਸਿੰਘ ਅਤੇ ਸੱਯਦ ਮੁਹੰਮਦ ਹਸਨ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਇਸ ਰਿਆਸਤ ਦੀ ਤਰੱਕੀ ਲਈ ਅਹਿਮ ਭੂਮਿਕਾ ਨਿਭਾਈ, ਨੂੰ ਵੀ ਭੁਲਾਇਆ ਨਹੀਂ ਜਾ ਸਕਦਾ।
ਉਪਰੋਕਤ ਤੱਥਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪਟਿਆਲਾ ਸ਼ਹਿਰ ਦੀ ਖ਼ੂਬਸੂਰਤੀ, ਕਾਮਯਾਬੀ ਅਤੇ ਕਾਮਰਾਨੀ ਪਿੱਛੇ ਬਹੁਤ ਜ਼ਿਆਦਾ ਜੱਦੋ-ਜਹਿਦ ਕਰਨੀ ਪਈ। ਤਾਰੀਖ਼ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਸ ਬਾਗ਼ਾਂ ਦੇ ਸ਼ਹਿਰ ਨੂੰ ਇੱਥੇ ਦੇ ਹੁਕਮਰਾਨਾਂ ਨੇ ਖ਼ੂਨ ਨਾਲ ਸਿੰਜ ਕੇ ਆਬਾਦ ਕੀਤਾ ਹੈ। ਸਿਆਣੇ ਕਹਿੰਦੇ ਹਨ ਕੁਝ ਪਾਉਣ ਲਈ ਕੁਝ ਗੁਆਉਣਾ ਪੈਂਦਾ ਹੈ। ਇਸੇ ਕਰਕੇ ਕਿੰਨੇ ਸੂਰਵੀਰਾਂ, ਬਹਾਦਰਾਂ ਅਤੇ ਯੋਧਿਆਂ ਨੇ ਜਾਨ ਦੀ ਬਾਜ਼ੀ ਲਾ ਕੇ ਇਹ ਹੱਸਦਾ-ਵੱਸਦਾ ਸ਼ਹਿਰ ਸਾਨੂੰ ਪ੍ਰਦਾਨ ਕੀਤਾ ਹੈ। ਕਈ ਵਾਰੀ ਤਾਂ ਇਨ੍ਹਾਂ ਨੂੰ ਯਾਦ ਕਰਦਿਆਂ ਸਾਡਾ ਦਿਲ ਦੰਗ ਰਹਿ ਜਾਂਦਾ ਹੈ।
ਦਰਅਸਲ ਰਿਆਸਤ ਪਟਿਆਲਾ ਨੂੰ 1763 ਈ: ਵਿਚ ਬਾਬਾ ਆਲਾ ਸਿੰਘ ਨੇ ਰੂਪ ਰੇਖਾ ਦਿੱਤੀ, ਇਨ੍ਹਾਂ ਨੇ ਹੀ ਕਿਲ੍ਹਾ ਮੁਬਾਰਕ ਪਟਿਆਲਾ ਦੀ ਨੀਂਹ ਰੱਖੀ। ਮੌਜੂਦਾ ਪਟਿਆਲਾ ਸ਼ਹਿਰ ਇਸ ਦੇ ਹੀ ਆਲੇ-ਦੁਆਲੇ ਵਸਦਾ ਹੈ। ਸੰਨ 1761 ਈ: ਵਿਚ ਪਾਣੀਪਤ ਦੀ ਤੀਸਰੀ ਲੜਾਈ ਹੋਈ ਜਿਸ ਵਿਚ ਅਫ਼ਗ਼ਾਨਾਂ ਨੇ ਮਰਾਠਿਆਂ ਨੂੰ ਮਾਰ ਭਜਾਇਆ। ਇਸ ਪਿੱਛੋਂ ਅਫ਼ਗ਼ਾਨ ਪੂਰੇ ਪੰਜਾਬ ਵਿਚ ਛਾ ਗਏ। ਮਰਾਠਿਆਂ ਅਤੇ ਅਫ਼ਗ਼ਾਨਾਂ ਵਿਚਕਾਰ ਪਟਿਆਲਾ ਦੀ ਸਰਜ਼ਮੀਂ 'ਤੇ ਲਗਪਗ ਚਾਲੀ ਸਾਲ ਆਜ਼ਾਦੀ ਦੇ ਨਾਂਅ 'ਤੇ ਸੰਘਰਸ਼ ਜਾਰੀ ਰਿਹਾ। ਸੰਨ 1808 ਈ: ਵਿਚ ਰਿਆਸਤ ਪਟਿਆਲਾ ਨੇ ਮਹਾਰਾਜਾ ਅੰਗਰੇਜ਼ਾਂ ਨਾਲ ਸੰਧੀ ਕਰ ਲਈ।
ਪਟਿਆਲਾ ਸ਼ਹਿਰ ਦੀ ਤਾਰੀਖ਼ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਣ ਅਤੇ ਖ਼ੂਨ ਪਸੀਨਾ ਵਹਾ ਕੇ ਰਿਆਸਤ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਬਖ਼ਸ਼ਣ ਵਾਲਿਆਂ ਵਿਚ ਰਾਜਾ ਕਰਮ ਸਿੰਘ, ਰਾਜਾ ਨਰਿੰਦਰ ਸਿੰਘ, ਰਾਜਾ ਸੁਰਿੰਦਰ ਸਿੰਘ, ਰਾਜਾ ਰਾਜਿੰਦਰ ਸਿੰਘ, ਰਾਜਾ ਭੁਪਿੰਦਰ ਸਿੰਘ ਅਤੇ ਰਾਜਾ ਯਾਦਵਿੰਦਰ ਸਿੰਘ ਅਜਿਹੇ ਨਾਂਅ ਹਨ ਜਿਨ੍ਹਾਂ ਦਾ ਜ਼ਿਕਰ ਕੀਤੇ ਬਗ਼ੈਰ ਇਤਿਹਾਸ ਨੂੰ ਮੁਕੰਮਲ ਨਹੀਂ ਕੀਤਾ ਜਾ ਸਕਦਾ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪ੍ਰੋਫ਼ੈਸਰ ਤੇ ਮੁਖੀ,
ਫ਼ਾਰਸੀ ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਫ਼ੋਨ : 94171-71885.

ਅਲੋਕਾਰੀ ਕਾਰਨਾਮਿਆਂ ਦਾ ਸਿਰਜਕ

ਈਲਾਨ ਮਸਕ

ਅਕਤੂਬਰ 2002 ਵਿਚ ਉਹ ਸਾਢੇ ਸੋਲਾਂ ਕਰੋੜ ਡਾਲਰ ਲੈ ਕੇ ਇਸ ਕੰਪਨੀ ਤੋਂ ਵੀ ਵੱਖ ਹੋ ਗਿਆ। ਦਰਅਸਲ ਉਸ ਦੀ ਇੱਛਾ ਸੂਚਨਾ ਤਕਨਾਲੋਜੀ ਦੀਆਂ ਕੰਪਨੀਆਂ ਨੂੰ ਇਕ ਪੌੜੀ ਵਾਂਗ ਵਰਤਣ ਦੀ ਸੀ। ਇਨ੍ਹਾਂ ਤੋਂ ਪੈਸਾ ਕਮਾ ਕੇ ਉਹ ਪੁਲਾੜ ਵਿਚ ਮਨੁੱਖ ਨੂੰ ਭੇਜਣ ਦੇ ਸੁਪਨੇ ਪੂਰੇ ਕਰਨੇ ਚਾਹੁੰਦਾ ਸੀ। ਇਸ ਸਿਲਸਿਲੇ ਵਿਚ 2001 ਵਿਚ ਉਸ ਨੇ 'ਮਾਰਜ਼ ਓਏਸਿਸ' ਨਾਂਅ ਦਾ ਇਕ ਪ੍ਰਾਜੈਕਟ ਕਲਪਿਤ ਕੀਤਾ। ਇਸ ਵਿਚ ਉਸ ਨੇ ਕਿਹਾ ਕਿ ਅਸੀਂ ਇਕ ਛੋਟਾ ਜਿਹਾ ਪ੍ਰਯੋਗਿਕ ਗਰੀਨ ਹਾਊਸ ਮੰਗਲ ਉਤੇ ਕਿਸੇ ਯੋਗ ਥਾਂ 'ਤੇ ਉਤਾਰ ਕੇ ਉਸ ਉਜਾੜ ਗ੍ਰਹਿ ਨੂੰ ਹਰਿਆ-ਭਰਿਆ ਬਣਾਉਣ ਦਾ ਕਾਰਜ ਸ਼ੁਰੂ ਕਰਾਂਗੇ। ਇਸ ਨਵੇਂ ਤੇ ਅਨੋਖੇ ਪ੍ਰਾਜੈਕਟ ਦਾ ਮਕਸਦ ਆਮ ਲੋਕਾਂ ਦਾ ਧਿਆਨ ਪੁਲਾੜ/ਮੰਗਲ ਵੱਲ ਆਕਰਸ਼ਿਤ ਕਰਨਾ ਸੀ। ਇਸ ਵਿਚ ਉਹ ਸਫ਼ਲ ਰਿਹਾ। ਪੁਲਾੜ ਤਕਨਾਲੋਜੀ ਬਾਰੇ ਉਸ ਨੂੰ ਬਹੁਤੀ ਸਮਝ ਨਹੀਂ ਸੀ। ਬਹੁਤੀ ਕੀ ਅਸਲੋਂ ਨਾ ਮਾਤਰ ਸਮਝ ਹੀ ਸੀ ਉਸ ਨੂੰ, ਪਰ ਸੁਪਨੇ ਵੱਡੇ ਸਨ। ਇਸ ਪੱਖੋਂ ਉਹ ਆਪਣੇ ਦੋ ਦੋਸਤਾਂ ਜਿਮ ਕੈਂਟਰਲ (ਐਰੋ ਸਪੇਸ ਮਸ਼ੀਨਰੀ ਡੀਲਰ) ਤੇ ਐਡੀਓ ਰੈਸੀ (ਕਾਲਜ ਵੇਲੇ ਦਾ ਇਕ ਲੰਗੋਟੀਆ ਮਿੱਤਰ) ਨੂੰ ਲੈ ਕੇ ਪੁਰਾਣੀਆਂ ਇੰਟਰ ਕਾਨਟੀਨੈਂਟਲ ਮਿਜ਼ਾਈਲਾਂ ਦਾ ਸੌਦਾ ਮਾਰਨ ਲਈ ਅਕਤੂਬਰ 2001 ਵਿਚ ਮਾਸਕੋ ਪਹੁੰਚ ਗਿਆ। ਉਥੇ ਉਸ ਨੇ ਮਾਹਿਰਾਂ ਨਾਲ ਗੱਲ ਕੀਤੀ ਕਿ ਮੈਂ ਇਨ੍ਹਾਂ ਮਿਜ਼ਾਈਲਾਂ ਦੀ ਤਕਨਾਲੋਜੀ ਨੂੰ ਵਰਤ ਕੇ ਤੇ ਵਿਕਸਿਤ ਕਰ ਕੇ ਕਿਵੇਂ ਨਾ ਕਿਵੇਂ ਪੁਲਾੜ ਵਿਚ ਉਡਣ ਲਈ ਵਰਤਣ ਦੀ ਸੋਚ ਰਿਹਾ ਹਾਂ। ਉਸ ਦੀਆਂ ਗੱਲਾਂ ਨੂੰ ਕਈਆਂ ਨੇ ਮੂਰਖਤਾ ਭਰਪੂਰ ਸ਼ੇਖ਼ਚਿਲੀ ਦਾ ਸੁਪਨਾ ਕਹਿ ਕੇ ਮਜ਼ਾਕ ਉਡਾਇਆ। ਉਹ ਖਾਲੀ ਹੱਥ ਅਮਰੀਕਾ ਪਰਤ ਆਏ। ਈਲਾਨ ਟਿਕ ਕੇ ਨਾ ਬੈਠਾ। 4-5 ਮਹੀਨੇ ਬਾਅਦ ਫਰਵਰੀ, 2002 ਵਿਚ ਉਹ ਮਾਈਕ ਗਰਿਫਿਨ ਨੂੰ ਲੈ ਕੇ ਫਿਰ ਮਾਸਕੋ ਜਾ ਵੜਿਆ। ਗਰਿਫਿਨ ਪੁਲਾੜ ਤਕਨਾਲੋਜੀ ਦਾ ਮਾਹਿਰ ਸੀ। ਉਹ ਨਾਸਾ ਲਈ ਜੈੱਟ ਪਰੋਪਲਸ਼ਨ ਲੈਬ, ਆਰਬਾਈਟਲ ਸਾਇੰਸ ਤੇ ਇਨ-ਕਿਊ-ਟੈਲ ਆਦਿ ਕਈ ਕੰਪਨੀਆਂ ਵਿਚ ਕੰਮ ਕਰ ਚੁੱਕਾ ਸੀ।
ਉਨ੍ਹਾਂ ਨੇ 'ਕਾਸਮੋਟਰਾਸ' ਨਾਂਅ ਦੀ ਰੂਸੀ ਪੁਲਾੜੀ ਸੰਸਥਾ ਨਾਲ ਗੱਲ ਤੋਰੀ। ਉਨ੍ਹਾਂ ਨੇ ਇਕ ਰਾਕਟ 80 ਲੱਖ ਡਾਲਰ ਵਿਚ ਦੇਣ ਦੀ ਪੇਸ਼ਕਸ਼ ਕੀਤੀ। ਗਰਿਫਿਨ ਨੇ ਇਸ ਰਾਕਟ ਦੀਆਂ ਸੰਭਾਵਨਾਵਾਂ ਤੇ ਡਿਜ਼ਾਈਨ ਆਦਿ ਬਾਰੇ ਈਲਾਨ ਨੂੰ ਦੱਸਿਆ ਅਤੇ ਸਮਝਾਇਆ ਕਿ ਸੌਦਾ ਮਾੜਾ ਨਹੀਂ ਪਰ ਈਲਾਨ ਨੇ ਨਾਂਹ ਕਰ ਦਿੱਤੀ। ਉਸ ਨੇ ਗੱਲਬਾਤ ਤੋੜ ਕੇ ਗਰਿਫਿਨ ਨੂੰ ਬਾਹਰ ਆ ਕੇ ਕਿਹਾ ਕਿ ਜੋ ਰਾਕਟ ਤੁਸੀਂ ਮੈਨੂੰ ਦਿਵਾ ਰਹੇ ਹੋ, ਇਹ ਮੈਂ ਇਸ ਤੋਂ ਕਿਤੇ ਸਸਤਾ ਅਮਰੀਕਾ ਵਿਚ ਆਪ ਬਣਾ ਕੇ ਦਿਖਾਵਾਂਗਾ। ਚਲੋ, ਵਾਪਸ ਤੁਰੋ। ਦਫ਼ਾ ਕਰੋ ਇਨ੍ਹਾਂ ਨੂੰ। ਇਹ ਤਾਂ ਲੁੱਟ ਰਹੇ ਹਨ। ਰਾਕਟ ਲਈ ਕੱਚਾ ਮਾਲ ਮਸਾਂ ਢਾਈ ਲੱਖ ਦਾ ਲੱਗਾ ਹੈ। ਅਸੀਂ ਇਸ ਨੂੰ ਬਣਾਉਣ ਲਈ ਨਵੀਂ ਕੰਪਨੀ ਸਥਾਪਤ ਕਰਾਂਗੇ। 70 ਫ਼ੀਸਦੀ ਪੈਸਾ ਬਚਾਅ ਕੇ ਦਿਖਾਵਾਂਗਾ ਮੈਂ। ਤੁਸੀਂ ਮੇਰੀ ਮਦਦ ਕਰਿਓ ਜਿੰਨੀ ਕਰ ਸਕੋ। ਅਮਰੀਕਾ ਪਰਤ ਕੇ ਮਈ 2002 ਵਿਚ ਮਸਕ ਨੇ 10 ਕਰੋੜ ਡਾਲਰ ਨਾਲ ਸਪੇਸ 'ਐਕਸਪਲੋਰੇਸ਼ਨ' ਕੰਪਨੀ ਸ਼ੁਰੂ ਕਰ ਲਈ। ਇਹੀ ਸਪੇਸ ਐਕਸ ਨਾਂਅ ਨਾਲ ਪ੍ਰਸਿੱਧ ਹੋਈ। ਮਸਕ ਆਪ ਹੀ ਇਸਦਾ ਚੀਫ਼ ਤਕਨਾਲੋਜੀ ਅਫ਼ਸਰ ਬਣਿਆ ਅਤੇ ਆਪੇ ਹੀ ਸੀ.ਈ.ਓ.।
ਸਪੇਸ-ਐਕਸ ਦਾ ਉਦੇਸ਼ ਸੀ ਦੁਬਾਰਾ ਵਰਤਣਯੋਗ ਰਾਕਟ ਡਿਜ਼ਾਈਨ ਕਰਨੇ ਤੇ ਬਣਾਉਣੇ। ਇਹ ਨਹੀਂ ਕਿ ਇਕੋ ਵਾਰ ਵਰਤੋ ਤੇ ਛੁੱਟੀ। ਜਹਾਜ਼ ਵਾਂਗ ਵਾਰ-ਵਾਰ ਵਰਤੋ। ਇਹ ਆਪਣੇ-ਆਪ ਵਿਚ ਕ੍ਰਾਂਤੀਕਾਰੀ ਪਰਿਵਰਤਨ ਸੀ। ਇਸ ਤਰ੍ਹਾਂ ਦੇ ਨਿੱਕੇ ਤੇ ਸਰਲ ਹੀ ਨਹੀਂ ਵੱਡੇ ਰਾਕਟ ਇਸ ਕੰਪਨੀ ਨੇ ਬਣਾਉਣ ਦਾ ਨਿਰਣਾ ਕੀਤਾ। ਅੰਤਿਮ ਨਿਸ਼ਾਨਾ ਇਹ ਕਿ ਦੂਜੇ ਗ੍ਰਹਿਆਂ ਉਤੇ ਮਨੁੱਖ ਨੂੰ ਭੇਜਣ ਦਾ ਹੀਲਾ ਵਸੀਲਾ ਕੀਤਾ ਜਾਵੇ। ਇਸ ਉਦੇਸ਼ ਵਿਚ ਕੰਪਨੀ ਨੂੰ ਅਸਫ਼ਲਤਾ ਤੇ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਫਿਰ ਵੀ ਇਸ ਦੀ ਪ੍ਰਾਪਤੀ ਮਾਣਯੋਗ ਰਹੀ ਹੈ। ਨਵੇਂ-ਨਵੇਂ ਤਰੀਕੇ/ਸੁਧਾਰ ਸੋਚ ਕੇ ਕੰਪਨੀ ਨੇ ਪੁਲਾੜ ਯਾਤਰਾ ਦਾ ਪ੍ਰਾਜੈਕਟ ਪਹਿਲਾਂ ਵਰਗਾ ਅਤਿ ਮਹਿੰਗਾ ਨਹੀਂ ਰਹਿਣ ਦਿੱਤਾ। ਇਸ ਲਈ 'ਨਾਸਾ' ਨੇ ਵੀ ਇਸ ਦੀ ਪਿੱਠ ਥਾਪੜੀ ਹੈ। ਅੱਜ 'ਸਪੇਸ ਐਕਸ' ਪਹਿਲੀ ਪ੍ਰਾਈਵੇਟ ਕੰਪਨੀ ਹੈ ਜਿਸ ਨੇ ਤਰਲ ਬਾਲਣ ਵਾਲੇ ਰਾਕਟ ਵਰਤ ਕੇ ਧਰਤੀ ਦੁਆਲੇ ਪੁਲਾੜੀ ਪਰਿਕਰਮਾ ਕੀਤੀ ਹੈ। ਇਹ ਪਹਿਲੀ ਕੰਪਨੀ ਹੈ ਜਿਸ ਨੇ ਦੁਬਾਰਾ ਵਰਤਣਯੋਗ (ਰੀਯੂਜ਼ਏਬਲ) ਰਾਕਟ/ਪੁਲਾੜੀ ਜਹਾਜ਼ ਬਣਾਏ ਹਨ। ਕਈ ਵਾਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਮਾਲ ਅਸਬਾਬ ਢੋਇਆ ਹੈ। ਪਹਿਲੀ ਕੰਪਨੀ ਹੈ ਜਿਸ ਨੇ ਆਪਣਾ ਪੁਲਾੜੀ ਜਹਾਜ਼ ਜੀਓ ਸਿਨਕਰੋਨਸ ਆਰਬਿਟ ਵਿਚ ਪਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਸਪੇਸ-ਐਕਸ ਦਾ ਹੈੱਡਕੁਆਰਟਰ ਹਾ ਥਾਰਨ ਕੈਲੇਫੋਰਨੀਆ ਵਿਚ ਹੈ। ਤਰਲ ਬਾਲਣ ਨਾਲ ਚੱਲਣ ਵਾਲਾ ਪਹਿਲਾ ਰਾਕਟ ਇਸ ਕੰਪਨੀ ਨੇ ਸਤੰਬਰ 2008 ਵਿਚ ਬਣਾ ਲਿਆ। ਦਸੰਬਰ 2008 ਵਿਚ ਇਸ ਕੰਪਨੀ ਨੂੰ ਇਕ ਅਰਬ ਸੱਠ ਕਰੋੜ ਡਾਲਰ ਦੀ ਪੁਲਾੜੀ ਕਮਰਸ਼ਲ ਰੀਸਪਲਾਈ ਸਰਵਿਸ ਦਾ ਨਾਸਾ ਦਾ ਠੇਕਾ ਮਿਲ ਗਿਆ। ਜੁਲਾਈ 2009 ਵਿਚ ਫਾਲਕਨ ਨੇ ਪਹਿਲਾ ਵਪਾਰਕ ਉਪ-ਗ੍ਰਹਿ ਧਰਤੀ ਦੁਆਲੇ ਆਰਬਿਟ ਵਿਚ ਸਥਾਪਤ ਕੀਤਾ। ਦਸੰਬਰ, 2010 ਵਿਚ ਸਪੇਸ ਐਕਸ ਦਾ 'ਡਰੈਗਨ' ਨਾਂਅ ਦਾ ਪੁਲਾੜੀ ਜਹਾਜ਼ ਆਰਬਿਟ ਵਿਚ ਜਾ ਕੇ ਸਫ਼ਲਤਾ ਸਹਿਤ ਵਾਪਸ ਪਰਤਿਆ। ਮਈ 2012 ਵਿਚ ਡਰੈਗਨ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੱਕ ਉਡਾਰੀ ਮਾਰ ਕੇ ਉਸ ਨੂੰ ਲੋੜੀਂਦਾ ਸਮਾਨ ਸਪਲਾਈ ਕੀਤਾ। ਕੰਪਨੀ ਨੇ ਅਕਤੂਬਰ, 2013 ਵਿਚ ਸਿੱਧੇ ਉੱਪਰ ਉਠਣ ਤੇ ਲੈਂਡ ਕਰਨ ਵਾਲੇ ਗਰਾਸ ਹਾਪਰ ਟਾਈਪ ਰਾਕਟਾਂ ਉਤੇ ਕੰਮ ਸ਼ੁਰੂ ਕਰ ਦਿੱਤਾ। ਦਸੰਬਰ, 2013 ਵਿਚ ਕੰਪਨੀ ਜੀਓ ਸਿਨਕਰੋਨਸ ਆਰਬਿਟ ਵਿਚ ਪੈਰ ਧਰਨ ਵਿਚ ਸਫਲ ਹੋ ਗਈ। ਸਤੰਬਰ 2014 ਵਿਚ ਨਾਸਾ ਨੇ ਸਪੇਸ ਐਕਸ ਨੂੰ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਣ ਦਾ ਕੰਟਰੈਕਟਰ ਦੇ ਦਿੱਤਾ। ਦਸੰਬਰ 2015 ਵਿਚ ਫਾਲਕਨ 11 ਸੰਚਾਰ ਉਪ-ਗ੍ਰਹਿ ਆਰਬਿਟ ਵਿਚ ਪਾ ਕੇ ਆਪਣੀ ਫਸਟ ਸਟੇਜ ਨਾਲ ਸਫ਼ਲਤਾ ਸਹਿਤ ਵਾਪਸ ਪਰਤ ਆਇਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 98722-60550.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1977 ਵਿਚ ਪੱਟੀ ਵਿਖੇ ਇਕ ਸਾਹਿਤਕ ਪ੍ਰੋਗਰਾਮ ਸਮੇਂ ਖਿੱਚੀ ਗਈ ਸੀ। ਉਸ ਪ੍ਰੋਗਰਾਮ ਵਿਚ ਦਵਿੰਦਰ ਸਤਿਆਰਥੀ ਵੀ ਆਏ ਹੋਏ ਸੀ। ਉਹ ਸਾਰੇ ਸਾਹਿਤਕਾਰਾਂ ਦੀ ਖਿੱਚ ਦਾ ਕੇਂਦਰ ਸੀ। ਉਨ੍ਹਾਂ ਨਾਲ ਸ: ਅਜਾਇਬ ਸਿੰਘ ਹੁੰਦਲ ਵਕੀਲ ਤੇ ਕਵੀ, ਸ: ਹਰਭਜਨ ਸਿੰਘ ਹੁੰਦਲ ਕਵੀ, ਕਹਾਣੀਕਾਰ, ਨਾਵਲਕਾਰ ਤੇ ਹੋਰ ਸਾਥੀ ਗੱਲਾਂ ਕਰ ਰਹੇ ਸਨ ਤੇ ਨਾਲੇ ਸਤਿਆਰਥੀ ਜੀ ਦੀਆਂ ਗੱਲਾਂ ਸੁਣ ਕੇ ਹੱਸ ਰਹੇ ਸਨ। ਹੁਣ ਸਤਿਆਰਥੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਬਸ ਉਨ੍ਹਾਂ ਦੀਆਂ ਯਾਦਾਂ ਸਾਡੇ ਕੋਲ ਹਨ।


-ਮੋਬਾਈਲ : 98767-41231

ਹੈਚਲੈਂਡਸ ਪਾਰਕ ਦੇ ਨਿਵਾਸੀ : ਅਤੀਤ ਯਾਤਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਸੋਈ ਅਤੇ ਸਰਵਿਸ
ਮਿਊਜ਼ਿਕ ਕਮਰੇ ਦੇ ਅੱਗੇ ਇਕ ਰਾਹ ਹੈ ਜੋ ਸੈਲਾਨੀਆਂ ਲਈ ਬਣਾਏ ਆਧੁਨਿਕ ਚਾਹ ਰੇਸਤਰਾਂ ਵੱਲ ਜਾਂਦਾ ਹੈ ਜਿਥੇ ਬੀਤੇ ਯੁੱਗ ਵਿਚ ਰਸੋਈ ਘਰ ਅਤੇ ਸਰਵੈਂਟ ਮੌਜੂਦ ਸੀ। ਜ਼ਿਆਦਾਤਰ ਅੰਗਰੇਜ਼ੀ ਟੈਲੀਵਿਜ਼ਨ ਲੜੀਵਾਰ ਅਤੇ ਫ਼ਿਲਮਾਂ ਦੇ ਕਥਾਨਕ ਦਾ ਇਹ ਖੇਤਰ ਇਕ ਅਹਿਮ ਭਾਗ ਹੁੰਦਾ ਹੈ ਅਤੇ ਉਸ ਨੂੰ ਘਰ ਦੀ ਬੇਸਮੈਂਟ ਵਿਚ ਦਿਖਾਇਆ ਜਾਂਦਾ ਹੈ ਪਰ ਹੈਚਲੈਂਡਸ ਪਾਰਕ ਵਿਚ ਇਸ ਤਰ੍ਹਾਂ ਨਹੀਂ ਹੈ ਅਤੇ ਰਸੋੋਈ ਘਰ ਅਤੇ ਸਰਵੇਂਟ ਏਰੀਏ ਗ੍ਰਾਊਂਡ ਫਲੋਰ 'ਤੇ ਹੀ ਹਨ। ਚਾਹ ਕਮਰੇ ਦੀ ਇਕ ਦੀਵਾਰ 'ਤੇ ਹੈਚਲੈਂਡਸ ਪਾਰਕ ਦੇ ਨਿਯਮ ਟੰਗੇ ਹੋਏ ਸਨ ਜੋ ਬੇਹੱਦ ਰੌਚਕ ਹਨ। ਨਾਲ ਹੀ 'ਬੈੱਲ ਸਿਸਟਮ' (ਘੰਟੀ ਵਜਾਉਣ ਦੀ ਪ੍ਰਕਿਰਿਆ) ਦੀ ਵਿਗਿਆਨਕ ਤਕਨੀਕ ਵੀ ਪ੍ਰਸੰਸਾਯੋਗ ਹੈ ਜਿਸ ਤੋਂ ਏਨੇ ਵੱਡੇ ਭਵਨ ਦੇ ਕਿਸੇ ਵੀ ਕਮਰੇ ਤੋਂ ਘੰਟੀ ਵਜਾ ਕੇ ਸੇਵਕ ਨੂੰ ਬੁਲਾਇਆ ਜਾ ਸਕਦਾ ਸੀ।
ਐਲਕ ਕੋਬ : ਇਕ ਝਲਕ
ਹੈਚਲੈਂਡ ਪਾਰਕ ਭਵਨ ਦੌਰੇ ਦੇ ਅਖੀਰ ਵਿਚ ਅਸੀਂ ਇਕ ਸੰਭ੍ਰਾਂਤ, ਮਹਾਨ ਸ਼ਖ਼ਸੀਅਤ ਨੇ ਸਾਨੂੰ ਸਭ ਸੈਲਾਨੀਆਂ ਨੂੰ ਨਿਕਲਦੇ ਹੋਏ ਪੌੜੀਆਂ ਤੋਂ ਉੱਪਰ ਜਾਂਦੇ ਹੋਏ ਦੇਖਿਆ। ਕੁਝ ਦੇਰ ਪਹਿਲਾਂ ਦੇਖੀ ਵੈਲਕਮ ਮੈਸੇਜ (ਸਵਾਗਤ ਸੰਗੇਸ਼) ਫੋਟੋਗਰਾਫ ਤੋਂ ਅਸੀਂ ਉਸ ਨੂੰ ਪਛਾਣਿਆ ਕਿ ਇਹ ਤਾਂ ਐਲਕ ਕੋਬ ਹੈ ਜੋ ਵਰਤਮਾਨ ਵਿਚ 25 ਸਾਲਾਂ ਤੋਂ ਹੈਚਲੈਂਡਸ ਪਾਰਕ ਵਿਚ ਰਹਿੰਦੇ ਹਨ ਅਤੇ ਸਾਰੇ 42 ਸੰਗੀਤ ਸਾਜ਼ਾਂ, ਜ਼ਿਆਦਾਤਰ ਕੀਮਤੀ ਪੇਂਟਿੰਗਜ਼ ਅਤੇ ਫਰਨੀਚਰ ਉਨ੍ਹਾਂ ਦੀ ਨਿੱਜੀ ਜਾਇਦਾਦ ਹੈ। ਨਾਲ ਹੀ ਯਾਦ ਆਇਆ ਕਿ ਐਲਕ ਕੋਬ ਨੇ ਹੈਚਲੈਂਡਸ ਪਾਰਕ ਨੂੰ ਦੁਬਾਰਾ ਸਜਾਉਂਦੇ ਹੋੇ ਜ਼ਿਆਦਾਤਰ ਧਿਆਨ ਰੱਖਿਆ ਕਿ 18ਵੀਂ ਸਦੀ ਦੇ ਪ੍ਰਸਿੱਧ ਡਿਜਾਈਨਰ ਰੋਬਰਟ ਐਡਮ ਵਲੋਂ ਵਿਸ਼ੇਸ਼ ਛੱਤਾਂ ਅਤੇ ਫਾਇਰ ਪਲੇਸ ਸੰਭਾਲੇ ਹੋਏ ਹਨ।
430 ਏਕੜ ਦੀ ਪਾਰਕ ਜ਼ਮੀਨ ਅਤੇ ਬਗ਼ੀਚਾ
ਹੈਚਲੈਂਡਸ ਪਾਰਕ ਤੋਂ ਬਾਹਰ ਆ ਕੇ ਅਸੀਂ ਉਸ ਵਿਚ ਬਣੇ ਅਨੇਕ ਪੈਦਲ ਸੈਰਗਾਹ ਵਿਚੋਂ ਫੈਨੀ ਬੋਸਕੋਵੇਨ ਰਸਤੇ ਨੂੰ ਚੁਣਿਆ ਕਿਉਂਕਿ ਉਹ ਹੀ ਸਿਰਫ਼ 1.4 ਕਿਲੋਮੀਟਰ ਲੰਬਾ ਹੁੰਦਾ ਹੋਏ ਵੀ ਸਭ ਤੋਂ ਛੱਟਾ ਰਸਤਾ ਹੈ। ਯਾਦਾਂ ਦੀਆਂ ਦੁਨੀਆ ਤੋਂ ਐਡਮਿਰਲ ਬੋਸਕੋਵੇਨ ਦੀ ਪਤਨੀ ਫੈਨੀ ਦੇ ਮੁਸ਼ਕਿਲ ਭਰੇ ਜੀਵਨ ਦਾ ਧਿਆਨ ਆਇਆ ਜੋ 41 ਸਾਲ ਦੀ ਉਮਰ ਵਿਚ ਵਿਧਵਾ ਹੋ ਗਈ ਅਤੇ ਆਪਣੇ ਪਤੀ ਤੋਂ 44 ਸਾਲ ਜ਼ਿਆਦਾ ਜਿਊਂਦੀ ਰਹੀ। ਉਹ ਇਕ ਚੰਗੀ ਲੇਖਿਕਾ ਸੀ ਜੋ ਸਮਾਜਕ ਅਤੇ ਰਾਜਨੀਤਕ, ਦੋਵਾਂ ਵਿਸ਼ਿਆਂ 'ਤੇ ਲਿਖਦੀ ਸੀ ਅਤੇ ਨਾਲ ਹੀ ਬਾਗ਼ਵਾਨੀ ਦਾ ਸ਼ੌਕ ਸੀ। ਉਨ੍ਹਾਂ ਦੇ ਨਾਂਅ ਤੋਂ ਇਹ ਫੈਨੀ ਬੋਸਕੋਵੇਨ ਰਸਤਾ ਬਣਿਆ ਕਿਉਂਕਿ ਇਹ ਉਸ ਦਾ ਪਸੰਦੀਦਾ ਸੈਰਗਾਹ ਰਸਤਾ ਸੀ। ਤਦੇ ਤਾਂ ਫੈਨੀ ਨੇ ਇਥਏ ਚਾਹ ਕਮਰਾ ਅਤੇ ਬੈਠਣ ਲਈ ਬੈਂਚ ਵੀ ਲਗਵਾਏ।
1800 ਈਸਵੀ ਵਿਚ ਉਦੋਂ ਦੇ ਹੈਚਲੈਂਡਸ ਪਾਰਕ ਦੇ ਮਾਲਕ ਵਿਲੀਅਮ ਸਮਨਰ ਨੇ 430 ਏਕੜ ਦੀ ਪਾਰਕ ਜ਼ਮੀਨ ਵਿਚ ਅਨੇਕ ਸੁਧਾਰ ਕੀਤੇ ਪਰ ਫੈਨੀ ਬੋਸਕੋਵੇਨ ਰਸਤੇ ਨੂੰ ਸੁਰੱਖਿਆ ਰੱਖਿਆ। ਇਹ ਖੇਤਰ ਇੰਗਲਡੈਂ ਦੇ ਮਹੱਤਵਪੂਰਨ ਕੁਦਰਤੀ ਥਾਵਾਂ ਵਿਚੋਂ ਇਕ ਹੈ।
ਹੈਚਲੈਂਡਸ ਪਾਰਕ ਤੋਂ ਵਾਪਸ ਆਉਂਦੇ ਹੋਏ ਮੈਂ ਵਿਚਾਰ ਕੀਤਾ ਕਿ ਇੰਗਲੈਂਡ ਦੀ ਸੰਸਥਾ ਨੈਸ਼ਨਲ ਟਰੱਸਟ ਨੇ ਵੀਰਾਨ ਪਏ ਭਵਨ ਨੂੰ ਪਰਿਵਾਰ ਗ੍ਰਹਿ ਦਾ ਦਰਜ਼ਾ ਦਿੱਤਾ ਜੋ ਸੈਲਾਨੀਆਂ, ਸੰਗੀਤ ਪ੍ਰੇਮੀਆਂ, ਬੱਚਿਆਂ, ਖੋਜਕਾਰਾਂ ਆਦਿ ਸਾਰਿਆਂ ਦਾ ਪਸੰਦੀਦਾ ਥਾਂ ਹੈ। ਇਥੇ ਵਾਰ-ਵਾਰ ਜਾਣ ਨੂੰ ਜੀਅ ਚਾਹੁੰਦਾ ਹੈ ਤਾਂ ਕਿ ਭੂਤਕਾਲ ਦੀ ਧੁੰਦਲੀ ਯਾਦਾਂ ਨੂੰ ਦੁਬਾਰਾ ਪ੍ਰਕਾਸ਼ਮਾਨ ਕਰਕੇ ਹੈਚਲੈਂਡਸ ਪਾਰਕ ਦੇ ਸਾਰੇ ਸਾਬਕਾ ਮਾਲਕਾਂ ਦੇ ਵਿਸ਼ੇ ਵਿਚ ਹੋਰ ਜਾਣਿਆ ਜਾਵੇ। (ਸਮਾਪਤ)


-seemaanandchopra@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-11

ਪੰਜਾਬੀ ਫ਼ਿਲਮਾਂ ਦੇ ਗੀਤਕਾਰ ਦੁਬਿਧਾ ਦੇ ਸ਼ਿਕਾਰ

ਉਂਜ ਕਹਿਣ ਨੂੰ ਤਾਂ ਪੰਜਾਬੀ ਫ਼ਿਲਮਾਂ 'ਚ ਗੀਤਕਾਰ ਨੂੰ ਨਾਇਕ (ਰਾਜ ਕਾਕੜਾ) ਦਾ ਦਰਜਾ ਤੱਕ ਵੀ ਦੇ ਦਿੱਤਾ ਗਿਆ ਹੈ, ਪਰ ਸਚਾਈ ਤਾਂ ਇਹ ਹੈ ਕਿ ਇਸ ਪ੍ਰਾਂਤਿਕ ਸਿਨੇਮਾ ਦੀਆਂ ਫ਼ਿਲਮਾਂ 'ਚ ਕਦੇ ਵੀ ਗੀਤਕਾਰ ਨੂੰ ਢੁਕਵਾਂ ਸਨਮਾਨ ਨਹੀਂ ਮਿਲਿਆ ਹੈ। ਪਾਲੀਵੁੱਡ ਦੀਆਂ ਫ਼ਿਲਮਾਂ ਦਾ ਸਰਵੇਖਣ ਕਰਨ ਤੋਂ ਪਤਾ ਲਗਦਾ ਹੈ ਕਿ ਅਨੇਕਾਂ ਲੋਕਪ੍ਰਿਆ ਗੀਤਾਂ ਦੇ ਰਚਣਹਾਰ ਵੀ ਅੰਤ 'ਚ ਗੁੰਮਨਾਮੀ ਅਤੇ ਗ਼ਰੀਬੀ ਨਾਲ ਸੰਘਰਸ਼ ਕਰਦੇ ਹੋਏ ਦੇਖੇ ਗਏ ਸਨ।
ਪੰਜਾਬੀ ਫ਼ਿਲਮਾਂ ਨੂੰ ਸੰਗੀਤ ਦੇ ਪੱਖ ਤੋਂ ਅਮੀਰ ਬਣਾਉਣ ਵਾਲੇ ਸ਼ਾਇਰ ਨੰਦ ਲਾਲ ਨੂਰਪੁਰੀ ਦੀ ਜੀਵਨ-ਕਥਾ ਹੀ ਦੇਖ ਲਓ। 'ਮੰਗਤੀ' ਫ਼ਿਲਮ ਨੂੰ ਲੋਕਪ੍ਰਿਆ ਬਣਾਉਣ 'ਚ ਨੂਰਪੁਰ ਦੀ ਕਲਮ ਦਾ ਬਹੁਤ ਹੀ ਯੋਗਦਾਨ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਉਸ ਨੇ ਕਈ ਫ਼ਿਲਮਾਂ ਲਈ ਸੁਰੀਲੇ ਗੀਤ ਲਿਖੇ ਸਨ। 'ਗੁੱਡੀ' ਫ਼ਿਲਮ ਦੇ ਕਈ ਗੀਤ 'ਦਾਣਾ ਪਾਣੀ ਖਿੱਚ ਕੇ ਲਿਆਉਂਦਾ', 'ਨੀ ਟੁੱਟ ਜਾਏਂ ਰੇਲ ਗੱਡੀਏ' ਇਸ ਰਚਨਹਾਰ ਦੀ ਕਲਮ ਦਾ ਹੀ ਕਮਾਲ ਸਨ।
ਦੇਖਿਆ ਜਾਏ ਤਾਂ ਪੰਜਾਬੀ ਫ਼ਿਲਮਾਂ 'ਚ ਮਿਆਰੀ ਗੀਤ ਲਿਖਣ ਦਾ ਕੰਮ ਨੂਰਪੁਰੀ ਤੋਂ ਹੀ ਸ਼ੁਰੂ ਹੋਇਆ ਸੀ। ਇਸ ਦ੍ਰਿਸ਼ਟੀਕੋਣ ਤੋਂ ਮਨੋਹਰ ਦੀਪਕ ਦੀ ਇਕ ਸੁਣਾਈ ਹੋਈ ਘਟਨਾ ਮੈਨੂੰ ਯਾਦ ਆ ਰਹੀ ਹੈ। ਮਨੋਹਰ ਨੂੰ ਆਪਣੀ ਫ਼ਿਲਮ 'ਗੀਤ ਬਹਾਰਾਂ' ਦੇ ਲਈ ਇਕ ਗੰਭੀਰ ਤਰ੍ਹਾਂ ਦੇ ਗੀਤ ਦੀ ਭਾਲ ਸੀ। ਦਰਅਸਲ ਇਸ ਫ਼ਿਲਮ ਦਾ ਨਾਇਕ ਇਕ ਸੰਦੇਵਨਸ਼ੀਲ ਪ੍ਰਵਿਰਤੀ ਦਾ ਦੱਸਿਆ ਗਿਆ ਸੀ, ਜਿਹੜਾ ਕਿ ਦੁਨੀਆ ਦੀ ਮੌਕਾਪ੍ਰਸਤੀ ਅਤੇ ਪਦਾਰਥਵਾਦ ਦਾ ਸ਼ਿਕਾਰ ਸੀ। ਇਹ ਨਾਇਕ ਸਮਾਜ ਤੋਂ ਬਾਗ਼ੀ ਹੋ ਕੇ ਇਸ ਨੂੰ ਤਿਆਗ ਦੇਣ ਦੀ ਸੋਚ ਤੋਂ ਪੀੜਤ ਦੱਸਿਆ ਗਿਆ ਸੀ। ਜਦੋਂ ਮਨੋਹਰ ਨੇ ਇਹ ਸਥਿਤੀ (ਸਿਚੂਏਸ਼ਨ) ਨੂਰਪੁਰੀ ਨੂੰ ਸੁਣਾਈ ਤਾਂ ਉਸ ਨੇ ਝੱਟ ਜਵਾਬ ਦਿੰਦਿਆਂ ਕਿਹਾ, 'ਦੀਪਕ, ਤੂੰ ਤਾਂ ਮੈਨੂੰ ਮੇਰੀ ਹੀ ਕਹਾਣੀ ਨੂੰ ਗੀਤਬੱਧ ਕਰਨ ਲਈ ਕਹਿ ਰਿਹਾ ਹੈਂ।' ਲਗਪਗ ਉਸੇ ਹੀ ਸਮੇਂ ਨੂਰਪੁਰੀ ਨੇ ਦੀਪਕ ਨੂੰ ਉਸ ਦਾ ਲੋੜੀਂਦਾ ਗੀਤ ਲਿਖ ਦਿੱਤਾ। ਅੱਜ ਵੀ ਇਹ ਗੀਤ ਨੂਰਪੁਰੀ ਦੇ ਦੁਖਾਂਤਕ ਅੰਤ ਨੂੰ ਸਾਹਿਤਕ-ਪ੍ਰਤੀਕਾਤਮਿਕ ਤੌਰ 'ਤੇ ਬਿਆਨ ਕਰਦਾ ਹੈ:
ਜੀਅ ਕਰਦਾ ਏ
ਇਸ ਦੁਨੀਆ ਨੂੰ
ਮੈਂ ਹੱਸ ਕੇ ਠੋਕਰ ਮਾਰ ਦਿਆਂ...
ਮੋਇਆਂ ਨੂੰ ਪੂਜੇ ਇਹ ਦੁਨੀਆ
ਜਿਊਂਦੇ ਦੀ ਕੀਮਤ ਕੁਝ ਵੀ ਨਹੀਂ
ਜੀਅ ਕਰਦਾ ਏ...।
ਗੁਮਨਾਮੀ ਅਤੇ ਤ੍ਰਿਸਕਾਰ ਦੀ ਭਾਵਨਾ ਤਾਂ ਵਰਮਾ ਮਲਿਕ ਨੂੰ ਵੀ ਹੰਢਾਉਣੀ ਪਈ ਸੀ। ਵਰਮਾ ਮਲਿਕ ਤਾਂ ਉਸ ਦਾ ਸ਼ਾਇਰਾਨਾ ਨਾਂਅ ਸੀ। ਉਸ ਦੇ ਅਸਲੀ ਨਾਂਅ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੀ। ਫਿਰ ਵੀ ਉਸ ਨੇ ਹਿੰਦੀ-ਪੰਜਾਬੀ ਸਿਨੇਮਾ ਲਈ 500 ਦੇ ਕਰੀਬ ਗੀਤ ਲਿਖੇ ਸਨ। ਪੰਜਾਬੀ ਫ਼ਿਲਮਾਂ ਲਈ ਉਸ ਨੇ ਕੁੱਲ 55 ਗੀਤ ਲਿਖੇ ਸਨ। ਉਸ ਦੇ ਲਿਖੇ ਹੋਏ ਗੀਤਾਂ ਨੂੰ ਸਰਦੂਲ ਸਿੰਘ ਕਵਾਤੜਾ, ਐਮ. ਮਦਨ ਅਤੇ ਹੰਸ ਰਾਜ ਬਹਿਲ ਨੇ ਆਪਣੀਆਂ ਸੁਰੀਲੀਆਂ ਧੁਨਾਂ 'ਚ ਢਾਲਿਆ। 'ਜੁਗਨੀ' (1953) ਲਈ ਉਸ ਨੇ ਜਿਹੜੇ 6 ਗੀਤ ਲਿਖੇ ਉਹ ਸਾਰੇ ਦੇ ਸਾਰੇ ਹੀ ਹਿੱਟ ਹੋਏ ਸਨ। ਹੰਸ ਰਾਜ ਬਹਿਲ ਨਾਲ ਰਲ ਕੇ ਉਸ ਨੇ ਅਨੇਕਾਂ ਸਦਾਬਹਾਰ ਪੰਜਾਬੀ ਗੀਤਾਂ ਦੀ ਰਚਨਾ ਕੀਤੀ ਸੀ। 'ਨਾਲੇ ਦੁੱਧ ਰਿੜਕਾਂ ਨਾਲੇ ਤੈਨੂੰ ਯਾਦ ਕਰਾਂ', 'ਹਾਏ ਓਏ ਮਾਰ ਸੁੱਟਿਆ ਈ' (ਲਾਜੋ), 'ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀਂ ਆਂ', 'ਜੱਟ ਕੁੜੀਆਂ ਤੋਂ ਡਰਦਾ ਮਾਰਾ' (ਭੰਗੜਾ) ਅਤੇ 'ਦੋ ਲੱਛੀਆਂ' ਵਰਗੀਆਂ ਫ਼ਿਲਮਾਂ ਦੇ ਸਫ਼ਲ ਹੋਣ ਦਾ ਕਾਰਨ ਪ੍ਰਮੁੱਖ ਤੌਰ 'ਤੇ ਇਨ੍ਹਾਂ ਦੇ ਗੀਤ ਹੀ ਸਨ।
ਸਿਰਫ਼ ਇਹ ਹੀ ਨਹੀਂ, ਵਰਮਾ ਮਲਿਕ ਨੇ 'ਦੋ ਪੋਸਤੀ', 'ਪੱਗੜੀ ਸੰਭਾਲ ਜੱਟਾ', 'ਮਿਰਜ਼ਾ ਸਾਹਿਬਾਂ', 'ਯਮਲਾ ਜੱਟ' ਅਤੇ 'ਮੋਰਨੀ' ਆਦਿ ਕੁਝ ਹੋਰ ਪੰਜਾਬੀ ਫ਼ਿਲਮਾਂ ਲਈ ਵੀ ਆਪਣਾ ਯੋਗਦਾਨ ਪਾਇਆ ਸੀ। ਪਰ ਮਾਇਕ ਤੌਰ 'ਤੇ ਉਸ ਦਾ ਹੱਥ ਹਮੇਸ਼ਾ ਹੀ ਤੰਗ ਰਿਹਾ ਸੀ। ਇਹ ਤਾਂ ਮੋਹਨ ਸਹਿਗਲ 'ਸਾਵਨ ਭਾਦੋਂ' ਅਤੇ ਮਨੋਜ ਕੁਮਾਰ ਵਰਗਿਆਂ ਫ਼ਿਲਮਸਾਜ਼ਾਂ ਦੀ ਉਸ 'ਤੇ ਕ੍ਰਿਪਾਲਤਾ ਹੀ ਸੀ ਜਿਸ ਕਰਕੇ ਉਹ ਹਿੰਦੀ ਫ਼ਿਲਮਾਂ 'ਚ ਸਥਾਪਤ ਹੋ ਗਿਆ ਅਤੇ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਵਧੀਆ ਢੰਗ ਨਾਲ ਕਰਨ ਲੱਗ ਪਿਆ ਸੀ ਪਰ ਇਹ ਪਛਾਣ ਵੀ ਉਸ ਨੂੰ ਆਪਣੀ ਉਮਰ ਦੇ ਆਖਰੀ ਪੜਾਅ 'ਚ ਹੀ ਮਿਲੀ ਸੀ।
ਬਾਵਜੂਦ ਇਸ ਦੇ, ਵਰਖਾ ਮਲਿਕ ਦਾ ਅਸਲੀ ਮਨ ਤਾਂ ਪੰਜਾਬੀਅਤ ਲਈ ਹੀ ਧੜਕਦਾ ਸੀ। ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਉਸਨੇ ਸੰਗੀਤਕਾਰ ਪਿਆਰੇ ਲਾਲ ਨੂੰ ਪੰਜਾਬੀ ਗੀਤਾਂ ਦੀ ਇਕ ਗ਼ੈਰ-ਫ਼ਿਲਮੀ ਐਲਬਮ ਕੱਢਣ ਲਈ ਮਨਾ ਲਿਆ ਸੀ। ਇਸ ਐਲਬਮ ਵਿਚ ਉਸ ਦੇ ਆਪਣੇ ਗੀਤਾਂ ਤੋਂ ਇਲਾਵਾ ਪੰਜਾਬੀ ਦੇ ਕੁਝ ਹੋਰ ਸ਼ਾਇਰਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਸਨ। ਵਰਮਾ ਮਲਿਕ ਦੂਜੇ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਨੂੰ ਉਰਦੂ ਸਕ੍ਰਿਪਟ 'ਚ ਲਿਖ ਕੇ ਪਿਆਰੇ ਲਾਲ ਅੱਗੇ ਪੇਸ਼ ਕਰਦਾ ਹੁੰਦਾ ਸੀ।
ਨਵੇਂ ਨਕਸ਼ ਲਾਇਲਪੁਰੀ ਨੇ ਵੀ ਪੰਜਾਬੀ ਫ਼ਿਲਮ ਸੰਗੀਤ 'ਚ ਆਪਣਾ ਕਾਫ਼ੀ ਯੋਗਦਾਨ ਪਾਇਆ ਸੀ, ਪਰ ਉਸ ਦਾ ਵੀ ਗੁਜ਼ਾਰਾ ਹਿੰਦੀ ਫ਼ਿਲਮਾਂ ਦੇ ਗੀਤ ਲਿਖਣ ਕਰਕੇ ਹੁੰਦਾ ਸੀ। ਇਸ ਸਬੰਧ 'ਚ ਜਦੋਂ ਮੈਂ ਇਕ ਵਾਰ ਉਸ ਦੇ ਜੋਗੇਸ਼ਵਰੀ (ਮੁੰਬਈ) ਵਿਖੇ ਨਿਵਾਸ ਸਥਾਨ 'ਤੇ ਮਿਲਿਆ ਤਾਂ ਉਸ ਨੇ ਸਪੱਸ਼ਟ ਸ਼ਬਦਾਂ 'ਚ ਪੰਜਾਬੀ ਫ਼ਿਲਮਾਂ ਦੇ ਗੀਤਕਾਰ ਹੋਣ ਦੀ ਸਥਿਤੀ ਨੂੰ ਇੰਜ ਸਪੱਸ਼ਟ ਕੀਤਾ, 'ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਆਪਣੇ ਗੀਤਕਾਰਾਂ ਨੂੰ ਕੋਈ ਖਾਸ ਮੁਆਵਜ਼ਾ ਨਹੀਂ ਦਿੰਦੇ। ਇਸ ਲਈ ਪੰਜਾਬੀ ਦੇ ਵਧੀਆ ਕਵੀ ਇਸ ਖੇਤਰ ਤੋਂ ਦੂਰ ਰਹਿਣਾ ਹੀ ਚਾਹੁੰਦੇ ਹਨ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)। ਮੋਬਾਈਲ : 099154-93043.

ਜਾਗਦੀ ਰੂਹ-ਬ੍ਰਿਗੇਡੀਅਰ ਪ੍ਰੀਤਮ ਸਿੰਘ

ਇਹ ਕੋਈ ਕਹਾਣੀਂ ਨਹੀਂ, ਸਫ਼ਰਨਾਮਾ ਨਹੀਂ ਤੇ ਬਾਤ ਵੀ ਨਹੀਂ। ਇਹ ਹੈ ਗਾਥਾ । ਗਾਥਾ ਜੋ ਸੂਰਬੀਰਾਂ ਦੀ ਹੁੰਦੀ ਹੈ। ਸਿਰਲੱਥ ਬਹਾਦਰਾਂ ਤੇ ਜਾਂਬਾਜ਼ ਯੋਧਿਆਂ ਦੀ ਹੁੰਦੀ ਹੈ। ਆਓ, ਅੱਜ ਉਨ੍ਹਾਂ ਯੋਧਿਆਂ ਵਿਚੋਂ ਇਕ ਯੋਧੇ ਦੀ ਗਾਥਾ ਨੂੰ ਮੁੜ ਸੁਰਜੀਤ ਕਰੀਏ।
ਇਹ ਗਾਥਾ ਹੈ ਦੂਰਅੰਦੇਸ਼ੀ, ਦਲੇਰ ਤੇ ਦ੍ਰਿੜ ਇਰਾਦੇ ਵਾਲੇ ਦਮਦਾਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ। ਪ੍ਰੀਤਮ ਸਿੰਘ ਨੇ ਫ਼ਿਰੋਜ਼ਪੁਰ ਜ਼ਿਲੇ ਦੇ ਪਿੰਡ ਦੀਨਾ ਦੇ ਕਿਰਸਾਨੀ ਪਰਿਵਾਰ ਵਿਚ ਜਨਮ ਲਿਆ। ਦੇਸ਼ ਭਗਤੀ ਦੀ ਚਿਣਗ ਕਾਰਨ ਫ਼ੌਜ ਵਿਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਭਾਵੇਂ ਭਾਰਤੀ ਫ਼ੌਜ ਦੇ ਉੱਘੇ ਅਫ਼ਸਰਾਂ ਜਿਨ੍ਹਾਂ ਨੇ 1947-48 ਦੇ ਕਸ਼ਮੀਰ ਓਪਰੇਸ਼ਨ ਨੂੰ ਕਲਮਬੱਧ ਕੀਤਾ, ਉਨ੍ਹਾਂ ਦੇ ਲੇਖਾਂ ਵਿਚ ਇਸ ਮਹਾਨਾਇਕ ਦੀ ਬਹਾਦਰੀ ਅਤੇ ਕੁਰਬਾਨੀ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਨ੍ਹਾਂ ਵਿਚੋਂ ਲੈਫ਼. ਜਨਰਲ ਹਰਵੰਤ ਸਿੰਘ, ਲੈਫ਼. ਜਨਰਲ ਐਚ.ਐਸ. ਪਨਾਗ, ਮੇਜਰ ਜਨਰਲ ਰਾਜ ਮਹਿਤਾ (AVSM, VSM) ਅਤੇ ਬ੍ਰਿਗੇਡੀਅਰ ਜਸਬੀਰ ਸਿੰਘ ਦੁਆਰਾ ਲਿਖੇ ਲੇਖ ਵਰਣਨਯੋਗ ਹਨ। ਸ: ਕਰਨਵੀਰ ਸਿੰਘ ਸਿਬੀਆ (ਚੇਅਰਮੈਨ - ਸੰਗਰੂਰ ਹੈਰੀਟੇਜ ਅਤੇ ਪ੍ਰਿਜ਼ਰਵੇਸ਼ਨ ਸੋਸਾਇਟੀ) ਅਤੇ ਸ੍ਰੀ ਜੈਅਸਲ ਚੌਹਾਨ ਵਲੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਅਤੇ ਬਾਬਾ ਮਿਹਰ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀ ਅਗਾਮੀ ਕਿਤਾਬ ਵੀ ਇਸ ਯੋਧੇ ਦੇ ਜੁਝਾਰੂ ਜਜ਼ਬੇ ਦੀ ਗਵਾਹੀ ਭਰਦੀ ਹੈ। ਇਹ ਮਹਾਨ ਯੋਧਾ ਸੰਗਰੂਰ ਜ਼ਿਲ੍ਹੇ ਦੇ ਸੰਗਰੂਰ ਸ਼ਹਿਰ ਤੋਂ 6 ਕਿਲੋਮੀਟਰ ਦੂਰ ਵਸੇ ਪਿੰਡ ਦੇਹ ਕਲਾਂ ਦੇ ਵਸਨੀਕ ਸੀ ਅਤੇ 1948 ਉਪਰੰਤ ਉਨ੍ਹਾਂ ਦੇਹਕਲਾਂ ਰਹਿੰਦਿਆਂ ਆਖਰੀ ਸਾਹਾਂ ਤੱਕ ਆਪਣਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕੀਤਾ।
ਪ੍ਰੀਤਮ ਸਿੰਘ ਪੰਜਾਬ ਰੈਜਮੈਂਟ ਦੀ 5/6 ਵੀਂ ਬਟਾਲੀਅਨ ਵਿਚ ਕੈਪਟਨ ਦੇ ਅਹੁਦੇ ਤੇ ਸੇਵਾਵਾਂ ਨਿਭਾਉਂਦਿਆਂ ਸੰਨ 1942 ਦੀ ਦੂਜੀ ਸੰਸਾਰ ਜੰਗ ਦੌਰਾਨ ਸਿੰਗਾਪੁਰ ਵਿਖੇ ਲੜਾਈ ਵਿਚ ਜੂਝਦਿਆਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ 'ਲੜਾਈ ਦੇ ਕੈਦੀ' ਦੇ ਰੂਪ ਵਿਚ 'ਨੀ ਸੂਨ' (Nee Soon) ਜੰਗੀ ਕੈਦੀ (Prisoner of War) ਕੈਂਪ ਵਿਚ ਰੱਖਿਆ ਗਿਆ। ਇਸ ਕੈਂਪ ਵਿਚ ਕੈਂਦੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਮਾੜਾ ਖਾਣ-ਪੀਣ ਪ੍ਰਬੰਧ ਹੋਣ ਕਰਕੇ ਬਿਮਾਰੀ ਨਾਲ ਲੜਦਿਆਂ ਸਾਥੀਆਂ ਦੀਆਂ ਬੇਵਕਤੀ ਮੌਤਾਂ ਹੋ ਰਹੀਆਂ ਸਨ ਅਤੇ ਇਲਾਜ ਖੁਣੋਂ ਜਵਾਨ ਮਰ ਰਹੇ ਸਨ। ਇਸੇ ਥਾਂ ਤੇ ਹੀ ਜੇਕਰ ਕੋਈ ਬਚ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਸਿਰ ਕਲਮ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਜਪਾਨੀ ਫ਼ੌਜੀ ਅੰਤਾਂ ਦੀ ਕਰੂਰਤਾ ਨਾਲ ਜ਼ੁਲਮ ਕਰਦੇ ਅਤੇ ਸਖ਼ਤ ਸਜ਼ਾਵਾਂ ਨਿਰਧਾਰਤ ਕਰਦੇ। ਉਸ ਕੈਂਪ ਵਿਚ ਪੱਥਰ ਤੋੜਨੇ, ਸੜਕਾਂ ਬਣਾਉਣਾ, ਹਵਾਈ ਅੱਡਿਆਂ ਦੀਆਂ ਇਮਾਰਤਾਂ ਬਣਾਉਣਾ ਆਦਿ ਕੰਮ ਵਗਾਰ ਦੇ ਰੂਪ ਵਿਚ ਕਰਵਾਏ ਜਾਂਦੇ ਸਨ। ਹਰ ਰੋਜ਼ ਦੀ ਬੇਪੱਤੀ ਹੌਸਲਿਆਂ ਨੂੰ ਪਸਤ ਕਰ ਰਹੀ ਸੀ ਤੇ ਫੌਜੀ ਬੇ-ਦਿਲ ਹੋ ਰਹੇ ਸਨ। ਅਜਿਹੇ ਹਾਲਾਤ ਵਿਚ ਕੈਪਟਨ ਪ੍ਰੀਤਮ ਸਿੰਘ ਨੇ ਦੋ ਹੋਰ ਕੈਦੀ ਅਫ਼ਸਰਾਂ ਕੈਪਟਨ (ਬਾਅਦ ਵਿਚ ਬ੍ਰਿਗੇਡੀਅਰ) ਬਲਬੀਰ ਸਿੰਘ ਅਤੇ ਕੈਪਟਨ (ਬਾਅਦ ਵਿਚ ਕਰਨਲ) ਜੀ. ਐਸ. ਪਰਬ-4 ਕਮਾਊਂ ਨਾਲ ਕੈਂਪ ਵਿਚੋਂ ਬਚ ਕੇ ਨਿਕਲ ਜਾਣ ਦੀ ਯੋਜਨਾ ਬਣਾਈ ਅਤੇ 4 ਮਈ, 1942 ਨੂੰ ਇਹ ਤਿੰਨੋ ਅਫ਼ਸਰ ਆਪਣੀ ਪਹਿਚਾਣ ਛੁਪਾ ਕੇ ਰਿਫੂਜੀਆਂ ਦੇ ਭੇਸ ਵਿਚ ਕੈਂਪ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਜੰਗਲਾਂ ਵਿਚੋਂ ਹੁੰਦੇ ਹੋਏ, ਭਿਆਨਕ ਰਸਤਿਆਂ ਦੀਆਂ ਦੁਸ਼ਵਾਰੀਆਂ ਸਹਾਰਦੇ, ਮਲਾਇਆ, ਥਾਈਲੈਂਡ ਤੇ ਬਰਮਾ ਦੇ ਦੁਸ਼ਮਣਾਂ ਨਾਲ ਭਰੇ ਇਲਾਕਿਆਂ ਵਿਚੋਂ ਬਚ ਕੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਬੇੜੀ, ਰੇਲ ਤੇ ਪੈਦਲ ਤੈਅ ਕੀਤਾ ਅਤੇ ਬਚਦੇ-ਬਚਾਉਂਦੇ ਭਾਰਤ ਪੁਹੰਚ ਗਏ।
ਇਹ ਸਮਾਂ ਲਗਭਗ 6 ਮਹੀਨੇ ਦਾ ਸੀ ਜਿਸ ਵਿਚੋਂ ਕੈਪਟਨ ਪ੍ਰੀਤਮ ਸਿੰਘ ਅੱਗ ਵਿਚੋਂ ਕੁੰਦਨ ਵਾਂਗ ਨਿੱਖਰ ਕੇ ਸਾਹਮਣੇ ਆਏ। ਹੌਸਲੇ ਵੀ ਵਧੇ ਅਤੇ ਮਾਣ ਵੀ ਵਧਿਆ। ਅਜੇਹੀ ਲਾਸਾਨੀ ਦਲੇਰੀ, ਹੱਠ ਅਤੇ ਦ੍ਰਿੜ੍ਹਤਾ ਦੀ ਕਦਰ ਆਪ ਨੂੰ 'ਮਿਲਟਰੀ ਕਰਾਸ' ਪ੍ਰਦਾਨ ਕਰਕੇ ਦਿੱਤੀ ਗਈ। 30 ਅਕਤੂਬਰ 1947 ਨੂੰ ਛੁੱਟੀ ਦੇ ਸਮੇਂ ਦੌਰਾਨ ਸੈਨਾ ਹੈੱਡਕੁਆਟਰ ਜਾਣ ਤੇ ਆਪ ਨੂੰ ਜੰਮੂ ਕਸ਼ਮੀਰ ਦੀ ਗੰਭੀਰ ਸਥਿਤੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਯੂਨਿਟ 1 ਕਮਾਊਂਨ ਨੂੰ ਸਵੈ ਇੱਛਾ ਨਾਲ ਸ਼੍ਰੀ ਨਗਰ ਤਾਇਨਾਤ ਹੋਣ ਦੀ ਇੱਛਾ ਰੱਖੀ। 31 ਅਕਤੂਬਰ, 1947 ਨੂੰ ਆਪਣੀ ਯੂਨਿਟ ਸਹਿਤ ਸ਼੍ਰੀ ਨਗਰ ਵਿਖੇ ਜਾ ਪੁਹੰਚੇ। ਇਹ ਸਮਾਂ ਬੇਹੱਦ ਨਾਜ਼ੁਕ ਸੀ ਤੇ ਬਿਨਾਂ ਦੇਰੀ ਲਾਇਆਂ ਉਨ੍ਹਾਂ ਦੀ ਯੂਨਿਟ ਸ਼ਾਲਟੈਂਗ (Shaltang) ਦੀ ਲੜਾਈ ਵਿਚ ਸ਼ਾਮਲ ਹੋ ਗਈ। ਇਹ ਲੜਾਈ ਘਾਟੀ ਵਿਚ ਇਕ ਨਵਾਂ ਮੋੜ ਸਿੱਧ ਹੋਈ ਅਤੇ ਦੁਸ਼ਮਣ ਨੂੰ ਓਗਜ ਤੋਂ ਵੀ ਪਿੱਛੇ ਧੱਕ ਦਿੱਤਾ ਗਿਆ।
ਸ: ਪ੍ਰੀਤਮ ਸਿੰਘ ਦੇ ਦ੍ਰਿੜ੍ਹ ਇਰਾਦਿਆਂ ਨੂੰ ਵੇਖਦਿਆਂ ਉਨ੍ਹਾਂ ਉਪਰ ਹੋਰ ਵੀ ਜ਼ਿੰਮੇਵਾਰੀਆਂ ਆ ਗਈਆਂ ਜਿਨ੍ਹਾਂ ਵਿਚੋਂ ਇਕ ਸੀ ਪੁਣਛ ਨੂੰ ਆਪਣੇ ਅਧਿਕਾਰ ਖੇਤਰ ਵਿਚ ਲੈਂਣਾ ਜੋ ਕਿ ਹਾਜੀ ਪੀਰ ਦਰੇ ਵਲੋਂ ਘੇਰਾ ਬੰਦੀ ਅਧੀਨ ਸੀ। ਪਰ ਇਹ ਕੰਮ ਆਸਾਨ ਨਹੀਂ ਸੀ। ਇਸ ਮੁਸ਼ਕਲ ਕੰਮ ਨੂੰ ਸਰ ਕਰਨ ਲਈ ਲੈਫ਼ਟੀਨੈਂਟ ਕਰਨਲ ਪ੍ਰੀਤਮ ਸਿੰਘ ਨੇ ਆਪਣੀ ਯੂਨਿਟ ਵਿਚ ਨਵੀਂ ਰੂਹ ਫੂਕੀ ਅਤੇ ਉਨ੍ਹਾਂ ਨੂੰ ਮੁਕਾਮ ਹਾਸਿਲ ਕਰਨ ਲਈ ਤਤਪਰ ਕੀਤਾ। ਇਕ ਕਮਾਊਂ ਯੂਨਿਟ ਪੁਣਛ ਵਿਚ ਆਪਣਾ ਰਾਹ ਬਣਾ ਕੇ 21 ਨਵੰਬਰ, 1947 ਵਿਚ 419 ਸੈਨਿਕਾਂ ਨਾਲ ਪੁਹੰਚੀ। ਪੁਣਛ ਦੇ ਆਲੇ-ਦੁਆਲੇ ਦੀਆਂ ਸੱਭ ਉੱਚੀਆਂ ਮਚਾਨਾਂ 'ਤੇ ਦੁਸ਼ਮਣ ਕਾਬਜ਼ ਸੀ। ਫੌਜੀ ਜਵਾਨਾਂ ਅਤੇ ਸ਼ਹਿਰੀਆਂ ਕੋਲ ਖਾਣ-ਪੀਣ ਦਾ ਰਾਸ਼ਨ ਵੀ ਹਫ਼ਤੇ ਭਰ ਦਾ ਹੀ ਸੀ ਅਤੇ ਅਸਲਾ ਵੀ ਘਟ ਰਿਹਾ ਸੀ। ਇਹੀ ਉਹ ਸਮਾਂ ਸੀ ਜਿਸ ਵਿਚ ਸ: ਪ੍ਰੀਤਮ ਸਿੰਘ ਨੇ ਨੈਪੋਲੀਅਨ ਦੀ ਕਹਾਵਤ ਸਹੀ ਸਿੱਧ ਕਰ ਦਿੱਤੀ ਕਿ 'ਜੰਗ ਵਿਚ ਮਰਦਾਂ ਦੀ ਗਿਣਤੀ ਕੰਮ ਨਹੀਂ ਆਉਂਦੀ ਸਗੋਂ ਜੁਝਾਰੂ (ਮਰਦ) ਹੋਣ ਕੰਮ ਆਉਂਦਾ ਹੈ।' (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 98721-00051.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX