ਤਾਜਾ ਖ਼ਬਰਾਂ


ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  8 minutes ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  47 minutes ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  53 minutes ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 1 hour ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਦਮਿਸ਼ਕ, 20 ਜਨਵਰੀ- ਸੀਰੀਆ ਦੇ ਅਫਰੀਨ ਸ਼ਹਿਰ 'ਚ ਅੱਜ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਸਥਾਨਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ...
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 2 hours ago
ਕਾਬੁਲ, 20 ਜਨਵਰੀ- ਅਫ਼ਗ਼ਾਨਿਸਤਾਨ ਦੇ ਮੱਧ ਲੋਗਾਰ ਪ੍ਰਾਂਤ 'ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਹੋਰ .....
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜਨਵਰੀ- ਪਾਕਿਸਤਾਨ ਵਲੋਂ ਅੱਜ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਨੇ ਅੱਜ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਪੈਂਦੇ ਹੀਰਾਨਗਰ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ...
ਹੋਰ ਖ਼ਬਰਾਂ..

ਸਾਡੀ ਸਿਹਤ

ਆਤਮਿਕ ਸੰਤੁਸ਼ਟੀ ਲਈ ਹੱਸਣਾ ਜ਼ਰੂਰੀ

ਹਾਸਾ ਆਪਣੇ ਆਪ ਵਿਚ ਇਕ ਵਿਸ਼ੇਸ਼ ਕਿਸਮ ਦਾ ਡਾਕਟਰ ਹੈ। ਇਸ ਵਿਚ ਬਗੈਰ ਕੁਝ ਖਰਚ ਕੀਤੇ ਹੀ ਇਲਾਜ ਹੋ ਜਾਂਦਾ ਹੈ। ਹਾਸਾ ਸਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਸੱਚ ਕਹੀਏ ਤਾਂ ਹੱਸਣਾ ਇਕ ਕਲਾ ਹੈ। ਲੋਕ ਹੱਸਣ ਵਿਚ ਵੀ ਕੰਜੂਸੀ ਕਰਦੇ ਹਨ। ਹਸਮੁੱਖ ਅਤੇ ਮਿਲਣਸਾਰ ਸ਼ਖ਼ਸੀਅਤ ਚੁੰਬਕੀ ਖਿੱਚ ਵਾਂਗ ਹੁੰਦੀ ਹੈ।
ਜਿਸ ਦੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈ, ਉਹ ਮੁਸ਼ਕਿਲ ਹਾਲਾਤ ਵਿਚ ਵੀ ਨਹੀਂ ਡਿਗਦੇ। ਜਾਪਾਨ ਦੇ ਲੋਕ ਜ਼ਿੰਦਾਦਿਲ ਕਹੇ ਜਾਂਦੇ ਹਨ, ਕਿਉਂਕਿ ਉਹ ਹੱਸਣਾ ਜਾਣਦੇ ਹਨ। ਦਿਲ ਖੋਲ੍ਹ ਕੇ ਹੱਸਦੇ ਹਨ। ਅੱਜ ਦੀ ਇਸ ਦੌੜ-ਭੱਜ ਵਾਲੀ ਦੁਨੀਆ ਵਿਚ ਚਿਹਰਾ ਹੱਸਣ ਨੂੰ ਤਰਸ ਜਾਂਦਾ ਹੈ। ਸਮੱਸਿਆਵਾਂ ਦੀ ਕਮੀ ਨਹੀਂ ਹੈ। ਆਏ ਦਿਨ ਇਕ ਨਵੀਂ ਸਮੱਸਿਆ ਸਾਨੂੰ ਝੰਜੋੜਨ ਨੂੰ ਤਿਆਰ ਰਹਿੰਦੀ ਹੈ। ਮੁਕਾਬਲੇਬਾਜ਼ੀ ਦੇ ਇਸ ਯੁੱਗ ਵਿਚ ਤਣਾਅ ਵਧ ਰਿਹਾ ਹੈ। ਤਣਾਅ ਦੇ ਨਾਲ ਹੀ ਵਧ ਰਹੀਆਂ ਹਨ ਨਵੀਆਂ-ਨਵੀਆਂ ਬਿਮਾਰੀਆਂ। ਕੁਝ ਲੋਕ ਇਸ ਯੁੱਗ ਵਿਚ ਵੀ ਤਣਾਅ ਨੂੰ ਭਾਰੂ ਨਹੀਂ ਹੋਣ ਦਿੰਦੇ। ਸਿਹਤ ਦਾ ਪੂਰਾ ਧਿਆਨ ਰੱਖਦੇ ਹਨ ਅਤੇ ਅਨੁਸ਼ਾਸਤ ਜੀਵਨ ਜਿਊਣਾ ਪਸੰਦ ਕਰਦੇ ਹਨ। ਸਵੇਰ ਦੀ ਸੈਰ ਦਾ ਉਹ ਲੁਤਫ ਉਠਾਉਂਦੇ ਹਨ। ਬਾਗ-ਬਗੀਚਿਆਂ ਵਿਚ ਸਵੇਰੇ-ਸਵੇਰੇ ਚੰਗੀ ਖਾਸੀ ਚਹਿਲ-ਪਹਿਲ ਰਹਿੰਦੀ ਹੈ। ਲਾਫਟਰ ਕਲੱਬਾਂ ਦੀ ਵਧਦੀ ਹੋਈ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਹਾਸੇ ਦੇ ਫਾਇਦਿਆਂ ਦਾ ਪਤਾ ਲੱਗ ਰਿਹਾ ਹੈ।
ਅੱਜ ਜਿਸੇ ਨੂੰ ਦੇਖੋ, ਉਸ ਦੇ ਸਿਰ 'ਤੇ ਭੂਤ ਸਵਾਰ ਹੈ ਸਫਲਤਾ ਦੇ ਸਿਖਰ ਨੂੰ ਚੁੰਮਣ ਦਾ, ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਣਨ ਦਾ। ਇਸੇ ਉਧੇੜ-ਬੁਣ ਵਿਚ ਅਸੀਂ ਆਪਣੀ ਜ਼ਿੰਦਗੀ ਤਣਾਅਪੂਰਨ ਬਣਾ ਲਈ ਹੈ, ਜਿਸ ਕਾਰਨ ਵਿਅਕਤੀ ਸਰੀਰਕ ਤੌਰ 'ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਸ ਸਭ ਕੁਝ ਤੋਂ ਛੁਟਕਾਰਾ ਪਾਉਣ ਦਾ ਇਕੋ-ਇਕ ਉਪਾਅ ਹੈ ਹੱਸਣਾ।
ਡਾਕਟਰੀ ਵਿਗਿਆਨੀਆਂ ਦਾ ਤਾਂ ਕਹਿਣਾ ਹੈ ਕਿ ਮਾਨਸਿਕ ਤਣਾਅ, ਉਦਾਸੀ, ਗੁੱਸਾ ਅਤੇ ਘੁਟਣ ਦਾ ਦਿਲ ਦੇ ਰੋਗਾਂ ਨਾਲ ਗੂੜ੍ਹਾ ਸਬੰਧ ਹੈ। ਹਾਸਾ ਉੱਚ ਖੂਨ ਦਬਾਅ ਨੂੰ ਕਾਬੂ ਵਿਚ ਰੱਖਦਾ ਹੈ। ਹੱਸਣਾ ਫਾਇਦੇਮੰਦ ਹੈ। ਹਾਸਾ ਸਾਡੇ ਸਰੀਰ ਨੂੰ ਮਾਨਸਿਕ ਤਣਾਅ ਦੌਰਾਨ ਅਸੀਮ ਸ਼ਕਤੀ ਦਿੰਦਾ ਹੈ, ਮਨੋਬਲ ਬਰਕਰਾਰ ਰਹਿੰਦਾ ਹੈ, ਮਰੀਜ਼ ਨੂੰ ਵੀ ਉਹੀ ਡਾਕਟਰ ਜ਼ਿਆਦਾ ਚੰਗੇ ਲਗਦੇ ਹਨ, ਜਿਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ।
ਕਹਿੰਦੇ ਹਨ ਕਿ ਡਾਕਟਰ ਦਾ ਚਿਹਰਾ ਅਤੇ ਉਸ ਦੀ ਚੁੰਬਕੀ ਸ਼ਖ਼ਸੀਅਤ ਮਰੀਜ਼ ਦਾ ਅੱਧਾ ਦਰਦ ਦੂਰ ਕਰ ਦਿੰਦੀ ਹੈ। ਗੁੱਸੇ ਭਰੇ ਚਿਹਰੇ ਨੂੰ ਭਲਾ ਕੌਣ ਪਸੰਦ ਕਰੇਗਾ? ਜੇ ਤੁਸੀਂ ਹੱਸਣ ਵਿਚ ਕੰਜੂਸ ਹੋ ਤਾਂ ਇਸ ਕੰਜੂਸੀ ਨੂੰ ਛੱਡ ਦਿਓ। ਸਵੇਰੇ 5 ਵਜੇ ਉੱਠ ਕੇ ਸੈਰ ਕਰਨ ਬਗੀਚੇ ਵਿਚ ਜਾ ਕੇ ਹਾਸਾ ਕਲੱਬ ਨਾਲ ਜੁੜ ਜਾਓ, ਜਿਸ ਨਾਲ ਆਪਣੇ-ਆਪ ਵਿਚ ਹੱਸਣ ਦਾ ਆਨੰਦ ਆਵੇਗਾ।
ਹੱਸਣਾ ਇਕ ਕਵਾਇਦ ਹੈ, ਜਿਸ ਨਾਲ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ। ਸਰੀਰ ਵਿਚ ਇਕ ਨਵੀਂ ਊਰਜਾ, ਉਤਸ਼ਾਹ, ਉਮੰਗ ਅਤੇ ਫੁਰਤੀ ਆਉਂਦੀ ਹੈ।
ਖੁਸ਼ੀਆਂ ਵੰਡਣ ਨਾਲ ਵਧਦੀਆਂ ਹਨ। ਹੱਸਦੇ-ਹੱਸਦੇ ਜੀਵਨ ਜਿਊਣ ਨੂੰ ਜਿਊਣ ਦੀ ਕਲਾ ਕਹਿੰਦੇ ਹਨ। ਤਨ ਦੇ ਨਾਲ ਹੀ ਉਨ੍ਹਾਂ ਦੇ ਵਿਚ ਬਿਹਤਰ ਤਾਲਮੇਲ ਅਤੇ ਸੰਤੁਲਨ ਵੀ ਸਥਾਪਤ ਹੋਵੇਗਾ, ਤਾਂ ਹੀ ਨਰਵਸ ਸਿਸਟਮ ਸਹੀ ਰਹੇਗਾ। ਫੇਫੜੇ ਅਤੇ ਖੂਨ ਸੰਚਾਰ ਦੀ ਵਿਵਸਥਾ ਦਰੁਸਤ ਹੋਣ ਨਾਲ ਸਰੀਰ ਵਿਚ ਚੁਸਤੀ-ਫੁਰਤੀ ਦਾ ਵਿਕਾਸ ਹੁੰਦਾ ਹੈ। ਬਿਨਾਂ ਤਣਾਅ ਦੇ ਹੱਸਦੇ ਰਹਿਣ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਤੁਹਾਡਾ ਮਨ ਸ਼ਾਂਤ ਰਹੇਗਾ। ਤੁਸੀਂ ਆਪਣੇ ਮਨ ਵਿਚ ਗੰਦੇ ਵਿਚਾਰਾਂ ਨੂੰ ਆਉਣ ਹੀ ਨਹੀਂ ਦਿਓਗੇ। ਤੁਸੀਂ ਜੇ ਦੂਜਿਆਂ ਨਾਲ ਹੱਸਦੇ ਹੋਏ ਗੱਲ ਕਰਦੇ ਹੋ ਤਾਂ ਸਾਹਮਣੇ ਵਾਲਾ ਵਿਅਕਤੀ ਕਿੰਨਾ ਵੀ ਸਖ਼ਤ ਕਿਉਂ ਨਾ ਹੋਵੇ, ਤੁਹਾਡੇ ਨਾਲ ਸੱਭਿਅਤਾ ਨਾਲ ਪੇਸ਼ ਆਵੇਗਾ। ਹਾਸਾ ਸੰਵਾਦ ਨੂੰ ਸਹਿਜ, ਸੌਖਾ ਬਣਾਉਂਦਾ ਹੈ, ਵਿਚਾਰਾਂ ਦੇ ਆਦਾਨ-ਪ੍ਰਦਾਨ ਵਿਚ ਸੁਵਿਧਾ ਮਿਲਦੀ ਹੈ। ਜ਼ਿੰਦਾਦਿਲ ਇਨਸਾਨ ਹਸਮੁੱਖ ਪ੍ਰਕਿਰਤੀ ਦੇ ਹੁੰਦੇ ਹਨ। ਵਿਨੋਦੀ ਪ੍ਰਵਿਰਤੀ ਜਾਂ ਸ਼ਖ਼ਸੀਅਤ ਆਪਣੇ ਹਾਸ-ਪਰਿਹਾਸ ਦੇ ਗੁਣਾਂ ਦੁਆਰਾ ਵਿਸ਼ਮ ਅਤੇ ਕਠਿਨ ਪ੍ਰਸਥਿਤੀਆਂ ਨੂੰ ਆਪਣੇ ਅਨੁਕੂਲ ਢਾਲ ਲੈਂਦਾ ਹੈ। ਸੁਖ ਅਤੇ ਦੁੱਖ ਤਾਂ ਜੀਵਨ ਦਾ ਹਿੱਸਾ ਹਨ। ਸੁਖ ਖਰੀਦਿਆ ਨਹੀਂ ਜਾ ਸਕਦਾ। ਜੇ ਅਜਿਹਾ ਹੁੰਦਾ ਤਾਂ ਦੁਨੀਆ ਦੇ ਸਾਰੇ ਅਮੀਰ ਲੋਕ ਸੁਖੀ ਹੋ ਜਾਂਦੇ। ਸਰੀਰ ਤਾਂ ਸਾਡਾ ਹਰ ਰੋਜ਼ ਇਸ਼ਨਾਨ ਕਰਦਾ ਹੈ ਪਰ ਜ਼ਰੂਰੀ ਹੈ ਮਨ ਨੂੰ ਇਸ਼ਨਾਨ ਕਰਾਉਣਾ ਤਾਂ ਕਿ ਮਾੜੀਆਂ ਭਾਵਨਾਵਾਂ ਭਾਰੂ ਨਾ ਹੋ ਸਕਣ। ਆਤਮਿਕ ਸੰਤੁਸ਼ਟੀ ਲਈ ਹਰ ਪਲ ਮੁਸਕੁਰਾਉਂਦੇ ਰਹਿਣਾ ਚਾਹੀਦਾ ਹੈ। ਹਾਲਾਤ ਜਿਹੋ ਜਿਹੇ ਮਰਜ਼ੀ ਹੋਣ, ਸਾਨੂੰ ਹਰ ਪਲ ਹੱਸਦੇ-ਮੁਸਕਰਾਉਂਦੇ ਅਤੇ ਜ਼ਬਾਨ 'ਤੇ ਸੰਜਮ ਰੱਖਦੇ ਹੋਏ ਹੀ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਫੁਰਤੀ ਪਾਓ : ਇਨ੍ਹਾਂ ਨੂੰ ਅਜ਼ਮਾਓ

ਜ਼ਿਆਦਾ ਤਣਾਅ, ਜ਼ਿਆਦਾ ਤਣਾਅ ਦੇ ਕਾਰਨ ਇਨਸਾਨ ਘੱਟ ਮਹਿਸੂਸ ਕਰਨ ਲਗਦਾ ਹੈ। ਫਿਰ ਮਨ ਉਦਾਸ ਹੁੰਦਾ ਹੈ ਅਤੇ ਕਿਤੇ ਵੀ ਧਿਆਨ ਨਹੀਂ ਲਗਦਾ। ਅਜਿਹੇ ਹਾਲਾਤ ਵਿਚ ਊਰਜਾ ਦਾ ਪੱਧਰ ਵੀ ਕਾਫੀ ਘੱਟ ਲੱਗਣ ਲਗਦਾ ਹੈ। ਜੇ ਅਜਿਹਾ ਕਦੇ ਮਹਿਸੂਸ ਹੋਵੇ ਤਾਂ ਕੁਝ ਨੁਸਖੇ ਅਪਣਾਓ ਅਤੇ ਤਰੋਤਾਜ਼ਗੀ ਮਹਿਸੂਸ ਕਰੋ।
* ਫੁਰਤੀ ਪਾਉਣ ਲਈ ਇਕ ਕੱਪ ਗਰਮਾ-ਗਰਮ ਚਾਹ ਦੀਆਂ ਚੁਸਕੀਆਂ ਦਾ ਆਨੰਦ ਲਓ। ਕੁਝ ਹੀ ਸਮੇਂ ਵਿਚ ਤੁਸੀਂ ਤਾਜ਼ਗੀ ਮਹਿਸੂਸ ਕਰਨ ਲੱਗੋਗੇ।
* ਆਪਣੀ ਪਸੰਦ ਦਾ ਸੰਗੀਤ ਸੁਣੋ ਅਤੇ ਆਰਾਮਦਾਇਕ ਸਥਿਤੀ ਵਿਚ ਬੈਠੋ ਜਾਂ ਲੰਮੇ ਪਓ। ਮੂਡ ਠੀਕ ਹੋ ਜਾਵੇਗਾ। ਜੇ ਤੁਸੀਂ ਦਫ਼ਤਰ ਵਿਚ ਹੋ ਅਤੇ ਅਜਿਹੀ ਸਥਿਤੀ ਪੈਦਾ ਹੋ ਜਾਵੇ ਤਾਂ ਕੰਟੀਨ ਵਿਚ ਜਾ ਕੇ ਆਪਣੀ ਪਸੰਦ ਦਾ ਕੁਝ ਪੌਸ਼ਟਿਕ ਖਾਓ ਅਤੇ ਮਿਊਜ਼ਿਕ ਸੁਣੋ। ਘਰ ਹੋ ਅਤੇ ਡਾਂਸ ਕਰਨਾ ਚੰਗਾ ਲਗਦਾ ਹੈ ਤਾਂ ਸੰਗੀਤ ਦੇ ਨਾਲ ਨੱਚੋ।
* ਘਰ ਹੁੰਦਿਆਂ ਊਰਜਾ ਦੀ ਕਮੀ ਮਹਿਸੂਸ ਕਰ ਰਹੇ ਹੋ ਤਾਂ ਕੋਸੇ ਪਾਣੀ ਵਿਚ ਇਸ਼ਨਾਨ ਕਰੋ। ਜੇ ਜ਼ਿਆਦਾ ਕੰਮ ਕਰਨ ਨਾਲ ਥਕਾਨ ਹੋ ਰਹੀ ਹੋਵੇ ਤਾਂ ਪਾਣੀ ਵਿਚ ਥੋੜ੍ਹਾ ਨਮਕ ਮਿਲਾ ਕੇ ਇਸ਼ਨਾਨ ਕਰੋ। ਥੋੜ੍ਹੀ ਹੀ ਦੇਰ ਵਿਚ ਤਾਜ਼ਗੀ ਮਹਿਸੂਸ ਹੋਣ ਲੱਗੇਗੀ।
* ਜੋ ਵੀ ਕੰਮ ਕਰ ਰਹੇ ਹੋ, ਉਸ ਤੋਂ ਛੋਟੀ ਜਿਹੀ ਬਰੇਕ ਲਓ। ਇਸ ਵਿਚ ਆਪਣੇ ਮੋਬਾਈਲ 'ਤੇ ਚੁਟਕਲੇ ਪੜ੍ਹੋ। ਇਸ ਨਾਲ ਵੀ ਫੁਰਤੀ ਮਹਿਸੂਸ ਹੁੰਦੀ ਹੈ।
* ਖੁੱਲ੍ਹ ਕੇ ਹੱਸੋ, ਇਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਮੂਡ ਠੀਕ ਹੁੰਦਾ ਹੈ।
* ਸੈਰ ਕਰਨ ਦੀ ਆਦਤ ਪਾਓ। ਘਰ ਦੇ ਕੋਲ ਕੋਈ ਪਾਰਕ ਹੋਵੇ ਤਾਂ ਸਵੇਰੇ ਜਾਂ ਸ਼ਾਮ ਜਦੋਂ ਵੀ ਠੀਕ ਲੱਗੇ, ਸੈਰ ਕਰੋ।
* ਜੇ ਦਫਤਰ ਵਿਚ ਹੋ ਤਾਂ ਅੱਖਾਂ ਬੰਦ ਕਰਕੇ ਥੋੜ੍ਹੀ ਦੇਰ ਕੁਰਸੀ 'ਤੇ ਬੈਠੋ। ਘਰ ਹੋ ਤਾਂ ਅੱਖਾਂ ਬੰਦ ਕਰਕੇ ਲੰਮੇ ਪੈ ਕੇ ਆਰਾਮ ਕਰੋ। ਦੁਬਾਰਾ ਊਰਜਾ ਦੀ ਪ੍ਰਾਪਤੀ ਹੋਵੇਗੀ।
* ਮਨ ਖੁਸ਼ ਰੱਖਣ ਲਈ ਟੀ. ਵੀ. 'ਤੇ ਕਮੇਡੀ ਸ਼ੋਅ ਦੇਖੋ ਜਾਂ ਲਾਈਵ ਪ੍ਰੋਗਰਾਮ ਦੇਖੋ। ਅਜਿਹੇ ਪ੍ਰੋਗਰਾਮ ਮਨ ਨੂੰ ਖੁਸ਼ ਰੱਖਣ ਵਿਚ ਮਦਦ ਕਰਦੇ ਹਨ।
* ਆਪਣੀ ਪਸੰਦ ਦੀਆਂ ਕਿਤਾਬਾਂ, ਮੈਗਜ਼ੀਨ ਪੜ੍ਹੋ। ਜੇ ਡਾਇਰੀ ਲਿਖਣ ਦੇ ਸ਼ੌਕੀਨ ਹੋ ਤਾਂ ਮਨ ਉਦਾਸ ਜਾਂ ਤਣਾਅ ਹੋਣ 'ਤੇ ਡਾਇਰੀ ਲਿਖੋ ਤਾਂ ਕਿ ਮਨ ਦੇ ਦੇ ਭਾਰ (ਤਣਾਅ) ਬਾਹਰ ਨਿਕਲ ਜਾਣ। ਅਜਿਹਾ ਕਰਨ ਨਾਲ ਮਨ ਹਲਕਾ ਮਹਿਸੂਸ ਹੋਵੇਗਾ।
* ਪ੍ਰਾਣਾਯਾਮ, ਯੋਗਾ ਆਸਣ ਅਤੇ ਮੈਡੀਟੇਸ਼ਨ ਨੂੰ ਆਪਣੀ ਰੋਜ਼ਮਰਾ ਦਾ ਹਿੱਸਾ ਬਣਾਓ। ਇਸ ਨਾਲ ਆਤਮਵਿਸ਼ਵਾਸ ਵਧੇਗਾ, ਤਾਜ਼ਗੀ ਮਹਿਸੂਸ ਹੋਵੇਗੀ ਅਤੇ ਮਨ ਅਤੇ ਸਰੀਰ ਵਿਚ ਫੁਰਤੀ ਦਾ ਸੰਚਾਰ ਹੋਵੇਗਾ।
* ਆਪਣੀ ਪਸੰਦ ਦਾ ਪਰਫਿਊਮ ਜਾਂ ਡਿਓਡਰੈਂਟ ਲਗਾਓ। ਇਸ ਨਾਲ ਤਾਜ਼ਾ ਮਹਿਸੂਸ ਕਰੋਗੇ। ਘਰ ਹੋ ਤਾਂ ਚੰਗੇ ਕੱਪੜੇ ਪਹਿਨ ਕੇ ਤਿਆਰ ਹੋਵੋ, ਫਿਰ ਪਾਰਲਰ ਜਾ ਕੇ ਮਸਾਜ ਕਰੋ। ਮਨ ਖੁਸ਼ ਹੋਵੇਗਾ ਅਤੇ ਸਰੀਰ ਵਿਚ ਤਾਜ਼ਗੀ ਮਹਿਸੂਸ ਹੋਵੇਗੀ।


-ਨੀਤੂ ਗੁਪਤਾ

ਫਾਈਬਰ ਖਾਓ-ਸਿਹਤ ਪਾਓ

ਸਾਡੇ ਭੋਜਨ ਵਿਚ ਸਾਰੇ ਤੱਤ ਮੌਜੂਦ ਹੋਣ ਤਾਂ ਉਸ ਨੂੰ ਸੰਤੁਲਤ ਭੋਜਨ ਕਹਿੰਦੇ ਹਨ। ਇਸ ਵਿਚ ਕਾਰਬੋਜ, ਕਣਕ, ਚੌਲ, ਪ੍ਰੋਟੀਨ, ਦਾਲਾਂ, ਪਨੀਰ, ਮੀਟ, ਚਰਬੀ, ਮੱਖਣ, ਘਿਓ, ਤੇਲ, ਖਣਿਜ, ਫਲ, ਸਬਜ਼ੀਆਂ, ਵਿਟਾਮਿਨ, ਪਾਣੀ ਅਤੇ ਰੇਸ਼ੇ, ਫਾਈਬਰ ਸ਼ਾਮਿਲ ਹਨ। ਫਾਈਬਰ ਨੂੰ ਰੇਸ਼ੇਦਾਰ ਭੋਜਨ ਕਹਿੰਦੇ ਹਨ ਜੋ ਸਾਨੂੰ ਹਰੀਆਂ ਸਬਜ਼ੀਆਂ, ਪੱਤਿਆਂ ਤੋਂ ਪ੍ਰਾਪਤ ਹੁੰਦਾ ਹੈ। ਇਸ ਨੂੰ ਮੋਟਾ ਆਹਾਰ ਵੀ ਕਹਿੰਦੇ ਹਨ।
ਮੋਟਾ ਆਹਾਰ ਸਾਨੂੰ ਅੱਜਕਲ੍ਹ ਸਾਗ, ਮੇਥੀ, ਪਾਲਕ, ਮੂਲੀ, ਗਾਜਰ, ਸਲਾਦ, ਪਿਆਜ਼, ਟਮਾਟਰ, ਫਲੀਆਂ, ਮੱਕੀ ਦੀ ਛੱਲੀ, ਦਲੀਆ ਆਦਿ ਤੋਂ ਮਿਲਦਾ ਹੈ। ਭੋਜਨ ਵਿਚ ਸਾਨੂੰ ਇਨ੍ਹਾਂ ਦੀ ਮੌਜੂਦਗੀ ਸਮੁੱਚਿਤ ਮਾਤਰਾ ਵਿਚ ਰੱਖਣੀ ਚਾਹੀਦੀ ਹੈ। ਜੋ ਕੁਝ ਵੀ ਅਸੀਂ ਖਾਂਦੇ ਹਾਂ, ਕੁਝ ਪਚ ਕੇ ਭੋਜਨ ਬਣ ਜਾਂਦਾ ਹੈ ਅਤੇ ਕੁਝ ਅਣਪਚਿਆ ਭੋਜਨ ਵੱਡੀ ਅੰਤੜੀ ਵਿਚ ਇਕੱਠਾ ਹੁੰਦਾ ਰਹਿੰਦਾ ਹੈ। ਇਹ ਕਬਜ਼ ਦਾ ਕਾਰਨ ਬਣਦਾ ਹੈ। ਜੇ ਅਸੀਂ ਭੋਜਨ ਵਿਚ ਫਾਈਬਰ ਭੋਜਨ ਜਾਂ ਰਫੇਜ ਦਾ ਸੇਵਨ ਕਰੀਏ ਤਾਂ ਅੰਤੜੀਆਂ ਵਿਚ ਇਕੱਠਾ ਹੋਇਆ ਮਲ ਸਰਕ ਕੇ ਕਬਜ਼ ਦੂਰ ਕਰ ਦਿੰਦਾ ਹੈ।
ਹਰੀਆਂ ਸਬਜ਼ੀਆਂ ਅਤੇ ਪੱਤੇਦਾਰ ਭੋਜਨ ਵਿਚ ਸੈਲੂਲੋਜ਼ ਨਾਮਕ ਕਾਰਬੋਜ਼ ਹੁੰਦਾ ਹੈ, ਜੋ ਮਨੁੱਖ ਦੀਆਂ ਅੰਤੜੀਆਂ ਪਚਾਉਣ ਵਿਚ ਅਸਮਰੱਥ ਰਹਿੰਦੀਆਂ ਹਨ। ਸਾਡੀ ਅੰਤੜੀ ਵਿਚ ਸੈਲੂਲੋਜ਼ ਦਾ ਪਾਚਣ ਕਰਨ ਵਾਲੇ ਅੰਜਾਇਮ ਅਤੇ ਰਸ ਨਹੀਂ ਹੁੰਦੇ, ਇਸ ਲਈ ਹਰੀਆਂ ਸਬਜ਼ੀਆਂ ਵੱਡੀ ਅੰਤੜੀ ਵਿਚ ਫਸਿਆ ਮਲ ਕੱਢਣ ਵਿਚ ਸਹਾਇਤਾ ਕਰਦੀਆਂ ਹਨ।
ਮਨੁੱਖ ਦੀਆਂ ਅੰਤੜੀਆਂ ਵਿਚ ਸੈਲੂਲੋਜ਼ ਨੂੰ ਬਚਾਉਣ ਵਾਲਾ ਅੰਜਾਇਮ 'ਸੈਲੂਲੋਜ਼' ਨਹੀਂ ਹੁੰਦਾ ਪਰ ਮੱਝਾਂ, ਬੱਕਰੀਆਂ ਹਰੇ ਪੱਤਿਆਂ, ਫਾਈਬਰ ਨੂੰ ਪਚਾ ਲੈਂਦੀਆਂ ਹਨ, ਕਿਉਂਕਿ ਉਨ੍ਹਾਂ ਦੇ ਪੇਟ ਵਿਚ ਅਜਿਹੇ ਬੈਕਟੀਰੀਆ ਰਹਿੰਦੇ ਹਨ ਜੋ ਸੈਲੂਲੋਜ਼ ਅੰਜਾਇਮ ਪੈਦਾ ਕਰਦੇ ਹਨ। ਉਨ੍ਹਾਂ ਨੂੰ ਰੁਮਿਨੈਂਟ ਕਹਿੰਦੇ ਹਨ। ਮਨੁੱਖ ਹਰੀਆਂ ਸਬਜ਼ੀਆਂ, ਪੱਤੇ, ਸਾਗ ਆਦਿ ਨੂੰ ਪਚਾਉਂਦਾ ਨਹੀਂ ਪਰ ਫਾਈਬਰ ਮਨੁੱਖ ਦੀ ਪਾਚਣ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ। ਪਾਚਣ ਪ੍ਰਣਾਲੀ ਤੰਦਰੁਸਤ ਰਹੇ ਤਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਸਾਡੀਆਂ 25 ਫੀਸਦੀ ਬਿਮਾਰੀਆਂ ਗ਼ਲਤ ਖਾਣ-ਪੀਣ ਅਤੇ ਜ਼ਿਆਦਾ ਖਾਣ ਨਾਲ ਹੁੰਦੀਆਂ ਹਨ। ਅੱਜ ਤੱਕ ਕੋਈ ਵੀ ਘੱਟ ਖਾਣ ਨਾਲ ਬਿਮਾਰ ਨਹੀਂ ਹੋਇਆ। ਜ਼ਿਆਦਾ ਖਾਣੇ ਨਾਲ ਹੀ ਲੋਕ ਬਿਮਾਰ ਹੁੰਦੇ ਹਨ।
ਅਸੀਂ ਧਿਆਨ ਰੱਖੀਏ ਕਿ ਅਸੀਂ ਮੂੰਹ ਵਿਚ ਕੀ ਪਾਉਂਦੇ ਹਾਂ ਅਤੇ ਮੂੰਹ ਵਿਚੋਂ ਕੀ ਕੱਢਦੇ ਹਾਂ, ਕਿਉਂਕਿ ਜੀਵਨ ਖਾਣ ਲਈ ਨਹੀਂ, ਸਿਹਤਦਾਇਕ ਖਾਣੇ ਅਤੇ ਜਿਊਣ ਦੇ ਲਈ ਬਣਿਆ ਹੈ। ਇਸ ਲਈ ਫਾਈਬਰ ਖਾਓ, ਤੰਦਰੁਸਤੀ ਦੀ ਕੁੰਜੀ ਪਾਓ।
ਰਫੇਜ ਅਤੇ ਫਾਈਬਰ ਅੰਤੜੀਆਂ ਦੀ ਮੂਵਮੈਂਟ ਕਰਦਾ ਹੈ। ਰੈਕਟਮ ਵਿਚ ਇਕੱਠਾ ਮਲ ਬਾਹਰ ਨਿਕਲਦਾ ਹੈ।
* ਰਫੇਜ ਅਤੇ ਸਲਾਦ ਸਾਨੂੰ ਮੋਟਾਪੇ ਤੋਂ ਬਚਾਉਂਦਾ ਹੈ। ਪੇਟ ਭਰ ਜਾਂਦਾ ਹੈ ਅਤੇ ਜ਼ਿਆਦਾ ਭੋਜਨ ਕਰਨ ਦੀ ਲੋੜ ਨਹੀਂ ਰਹਿੰਦੀ।
* ਸ਼ੂਗਰ ਦੇ ਰੋਗੀਆਂ ਲਈ ਫਾਈਬਰ ਅਤੇ ਮੋਟਾ ਆਹਾਰ ਲਾਭਦਾਇਕ ਹੈ। ਇਸ ਨੂੰ ਖਾਓ ਅਤੇ ਤੰਦਰੁਸਤ ਰਹੋ।
* ਰਫੇਜ ਕਬਜ਼ ਨਹੀਂ ਹੋਣ ਦਿੰਦਾ ਅਤੇ ਅੰਤੜੀਆਂ ਵਿਚ ਮਲ ਵਿਚ ਗਤੀ ਪੈਦਾ ਕਰਦਾ ਹੈ।
* ਸਲਾਦ ਪੇਟ ਦੀਆਂ ਬਿਮਾਰੀਆਂ ਦੂਰ ਕਰਦਾ ਹੈ। ਇਹ ਘਰ ਦਾ ਵੈਦ ਹੈ। ਬੱਚੇ, ਬੁੱਢੇ ਇਸ ਨੂੰ ਕੱਦੂਕਸ਼ ਕਰਕੇ ਖਾ ਸਕਦੇ ਹਨ।
* ਸਲਾਦ ਅਤੇ ਹਰੀਆਂ ਸਬਜ਼ੀਆਂ ਜਿਵੇਂ ਗਾਜਰ, ਸ਼ਲਗਮ, ਟਮਾਟਰ ਦਾ ਰਸ ਜਾਂ ਸੂਪ ਬਣਾ ਕੇ ਪੀ ਸਕਦੇ ਹੋ ਪਰ ਕੱਚਾ ਖਾਣਾ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ।
* ਰਫੇਜ ਖਾਓ ਅਤੇ ਚਿਹਰੇ ਦੀਆਂ ਝੁਰੜੀਆਂ ਤੋਂ ਬਚੋ। ਚਿਹਰੇ ਦੀ ਚਮਕ ਬਣੀ ਰਹਿੰਦੀ ਹੈ। ਮੂਲੀ, ਪਿਆਜ਼ ਗੰਧਕ ਦੇ ਸਰੋਤ ਹਨ। ਗਾਜਰ ਵਿਟਾਮਿਨ 'ਏ' ਦਿੰਦੀ ਹੈ। ਇਸ ਨਾਲ ਅੱਖਾਂ ਤੰਦਰੁਸਤ ਰਹਿੰਦੀਆਂ ਹਨ।
* ਟਮਾਟਰ, ਨਿੰਬੂ ਵਿਟਾਮਿਨ 'ਸੀ' ਦੇ ਸਰੋਤ ਹਨ। ਇਨ੍ਹਾਂ ਦੇ ਸੇਵਨ ਨਾਲ ਦੰਦ ਤੰਦਰੁਸਤ ਰਹਿੰਦੇ ਹਨ। ਫਾਈਬਰ, ਰਫੇਜ, ਸਲਾਦ ਅਤੇ ਮੋਟਾ ਆਹਾਰ ਤੁਹਾਨੂੰ ਮੋਟਾਪੇ ਤੋਂ ਬਚਾਏਗਾ ਅਤੇ ਸੁੰਦਰਤਾ ਵਿਚ ਵਾਧਾ ਕਰੇਗਾ।

ਛੋਟੀ ਉਮਰੇ ਹੀ ਬੱਚੇ ਥੁਲਥੁਲੇ ਕਿਉਂ?

ਅੱਜ ਦੇ ਯੁੱਗ ਵਿਚ ਮਨੁੱਖੀ ਜੀਵਨ ਨਕਲੀ ਜਿਹਾ ਹੋ ਚੁੱਕਾ ਹੈ। ਬੱਚਿਆਂ ਘੰਟਿਆਂਬੱਧੀ ਟੀ. ਵੀ., ਇੰਟਰਨੈੱਟ ਅਤੇ ਕੰਪਿਊਟਰ ਗੇਮਾਂ ਕਾਰਨ ਬੈਠੇ ਰਹਿੰਦੇ ਹਨ। ਉਨ੍ਹਾਂ ਦੇ ਜੀਵਨ ਵਿਚ ਕਸਰਤ, ਯੋਗਾ, ਜਿਮ ਖ਼ਤਮ ਹੋ ਚੁੱਕੇ ਹਨ। ਹਰ ਛੋਟੇ ਕੰਮ ਲਈ ਮਸ਼ੀਨ, ਯੰਤਰ, ਵਾਹਨ ਦਾ ਸਹਾਰਾ ਲੈਂਦੇ ਹਨ।
ਵਿਲਾਸਤਾ, ਆਰਾਮ, ਸਹੂਲਤਾਂ ਨੇ ਬੱਚਿਆਂ ਅਤੇ ਜਵਾਨਾਂ ਨੂੰ ਅਪਾਹਜ ਬਣਾ ਦਿੱਤਾ ਹੈ। ਜਵਾਨੀ ਤੱਕ ਬੱਚਿਆਂ ਦਾ ਪੇਟ ਵਧ ਜਾਂਦਾ ਹੈ। ਸਰੀਰ 'ਤੇ ਚਰਬੀ ਜੰਮਣ ਕਾਰਨ ਮੋਟਾਪਾ ਵਧ ਜਾਂਦਾ ਹੈ। ਸਰੀਰਕ ਮਿਹਨਤ, ਸੈਰ, ਸਾਈਕਲਿੰਗ ਦਾ ਉਨ੍ਹਾਂ ਦੇ ਜੀਵਨ ਵਿਚ ਕੋਈ ਸਥਾਨ ਨਹੀਂ ਹੈ, ਇਸ ਲਈ ਉਨ੍ਹਾਂ ਦੀ ਚੁਸਤੀ-ਫੁਰਤੀ, ਸ਼ਕਤੀ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋ ਜਾਂਦੀ ਹੈ। ਸਿਹਤ ਪ੍ਰਤੀ ਜਾਗਰੂਕਤਾ ਦੀ ਕਮੀ ਪਾਈ ਜਾਂਦੀ ਹੈ ਅੱਜ ਦੇ ਜਵਾਨਾਂ ਵਿਚ।
ਸਵੇਰੇ ਦੇਰ ਨਾਲ ਉੱਠਣਾ, ਰਾਤ ਨੂੰ ਦੇਰ ਤੱਕ ਟੀ. ਵੀ. ਦੇਖਣਾ ਸਿਹਤ 'ਤੇ ਉਲਟ ਪ੍ਰਭਾਵ ਪਾਉਂਦਾ ਹੈ।
ਲੜਕਾ ਹੋਵੇ ਜਾਂ ਲੜਕੀ, ਉਸ ਦਾ ਪੇਟ ਬਾਹਰ ਨੂੰ ਝਾਕ ਰਿਹਾ ਹੋਵੇ ਤਾਂ ਉਸ ਨੂੰ ਕੱਪੜੇ ਵੀ ਨਹੀਂ ਜਚਦੇ ਹਨ ਅਤੇ ਉਸ ਦੀ ਸ਼ਖ਼ਸੀਅਤ ਨੂੰ ਵੀ ਨੁਕਸਾਨ ਹੁੰਦਾ ਹੈ। ਵਾਧੂ ਮੋਟਾਪਾ ਸਾਡੇ ਪੇਟ ਦੀਆਂ ਅੰਦਰੂਨੀ ਦੀਵਾਰਾਂ 'ਤੇ ਪਰਤ ਬਣਾ ਦਿੰਦਾ ਹੈ। ਢਿੱਡਲ ਲੋਕਾਂ ਦਾ ਢਿੱਡ ਉਨ੍ਹਾਂ ਲਈ ਸਰਾਪ ਬਣ ਜਾਂਦਾ ਹੈ। ਨਿੱਠ ਕੇ ਟੀ. ਵੀ. ਦੇ ਸਾਹਮਣੇ ਬੈਠੇ ਰਹਿਣ ਨਾਲ ਪੇਟ ਵਧ ਜਾਂਦਾ ਹੈ।
ਸੰਸਾਰ ਵਿਚ ਇਕ ਅਰਬ ਲੋਕ ਮੋਟਾਪੇ ਤੋਂ ਪੀੜਤ ਹਨ। ਭਾਰਤ ਵਿਚ 20 ਕਰੋੜ ਲੋਕ ਮੋਟਾਪੇ ਤੋਂ ਪੀੜਤ ਹਨ। ਮੋਟੇ ਲੋਕਾਂ ਦੇ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਅੱਜ ਦਾ ਨਿਯਮ ਹੈ ਕਿ ਥੋੜ੍ਹਾ ਖਾਓ ਅਤੇ ਜ਼ਿਆਦਾ ਜੀਓ। ਜਿਊਣ ਦੇ ਲਈ ਖਾਓ, ਖਾਣ ਲਈ ਨਾ ਜੀਓ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮੂੰਹ ਵਿਚ ਕੀ ਪਾਉਂਦੇ ਹਾਂ ਅਤੇ ਮੂੰਹ 'ਚੋਂ ਬਾਹਰ ਕੀ ਕੱਢਦੇ ਹਾਂ। ਬੱਚਿਆਂ ਦੀ ਗ਼ਲਤ ਜੀਵਨ ਸ਼ੈਲੀ ਕਾਰਨ ਅੱਜ ਲੱਖਾਂ ਬੱਚੇ-ਜਵਾਨ ਮੋਟਾਪੇ ਦੇ ਕਾਰਨ ਸ਼ੂਗਰ, ਖੂਨ ਦੇ ਦਬਾਅ ਨੂੰ ਝੱਲ ਰਹੇ ਹਨ। ਭਾਰਤ ਵਿਚ 80 ਫੀਸਦੀ ਬੱਚੇ ਆਪਣਾ ਜ਼ਿਆਦਾ ਸਮਾਂ ਕਾਰਟੂਨ, ਇੰਟਰਨੈੱਟ ਫਿਲਮਾਂ ਦੇਖ ਕੇ ਆਪਣਾ ਸਮਾਂ ਨਸ਼ਟ ਕਰ ਰਹੇ ਹਨ। ਫਾਸਟ ਫੂਡ, ਨੂਡਲ, ਬਰਗਰ, ਪੀਜ਼ਾ, ਜੰਕ ਫੂਡ ਖਾਣ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਹਰ ਪੰਜਵਾਂ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ। ਦੁਨੀਆ ਵਿਚ 120 ਮਿਲੀਅਨ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਕੁਝ ਸਾਵਧਾਨੀਆਂ ਜਾਗਰੂਕਤਾ ਅਤੇ ਸੰਤੁਲਨ ਸੰਜਮ ਦੁਆਰਾ ਅਸੀਂ ਮੋਟਾਪੇ ਤੋਂ ਰਾਹਤ ਪਾ ਸਕਦੇ ਹਾਂ।
* ਤਲਿਆ ਹੋਇਆ ਭੋਜਨ, ਘਿਓ ਵਾਲਾ ਭੋਜਨ ਨਾ ਖਾਓ। ਜੋ ਨਹੀਂ ਪਚਦਾ, ਉਸ ਨੂੰ ਨਾ ਖਾਓ।
* ਹਰ ਰੋਜ਼ ਸਵੇਰੇ ਸੈਰ ਕਰੋ, ਦੌੜੋ ਅਤੇ ਕਸਰਤ ਕਰੋ, ਕਿਉਂਕਿ 'ਜੈਸੀ ਵਾਯੂ, ਵੈਸੀ ਆਯੂ' ਬਣਦੀ ਹੈ।
* ਸਕੂਟਰ ਦੀ ਜਗ੍ਹਾ ਸਾਈਕਲ ਚਲਾਓ।
* ਭੁੱਖ ਲੱਗਣ 'ਤੇ ਹੀ ਖਾਓ। ਭੁੱਖ ਤੋਂ ਘੱਟ ਖਾਓ। ਹਰ ਸਮੇਂ ਖਾਂਦੇ ਨਾ ਰਹੋ। ਦੁਪਹਿਰ ਅਤੇ ਰਾਤ ਦੇ ਖਾਣੇ ਦੇ ਵਿਚਕਾਰ ਕੁਝ ਨਾ ਖਾਓ।
* ਸਲਾਦ ਜ਼ਿਆਦਾ ਖਾਓ। ਪਾਣੀ 8 ਗਿਲਾਸ ਪੀਓ। ਕਬਜ਼ ਨਾ ਹੋਣ ਦਿਓ। ਭੋਜਨ ਘੱਟ ਖਾਓ।
* ਆਪਣੇ ਭਾਰ ਦੇ ਪ੍ਰਤੀ ਜਾਗਰੂਕ ਰਹੋ। ਨੀਂਦ ਨੂੰ ਵਧਣ ਨਾ ਦਿਓ।
* ਭੋਜਨ ਵਿਚ ਘਿਓ, ਮੱਖਣ, ਤੇਲ, ਮਲਾਈ ਨੂੰ ਖਾਣਾ ਬੰਦ ਕਰ ਦਿਓ।
* ਯੋਗਾ, ਕਸਰਤ ਕਰੋ। ਜਿਮ ਜਾਓ ਅਤੇ ਘੱਟ ਖਾਓ। ਫਲ, ਸਬਜ਼ੀਆਂ ਖਾਓ। ਪੁੰਗਰੇ ਅਨਾਜ ਖਾਓ।
* ਟੀ. ਵੀ. ਦੇ ਸਾਹਮਣੇ ਨਾ ਖਾਓ। ਵਿਹਲੇ ਨਾ ਬੈਠੇ ਰਹੋ। ਕਸਰਤ ਵਾਲਾ ਕੰਮ ਕਰੋ। ਆਪਣੇ ਕੰਮ ਆਪ ਕਰੋ।
* ਘਰ ਦੀ ਸਫ਼ਾਈ ਖੁਦ ਕਰੋ, ਪੌੜੀਆਂ ਚੜ੍ਹੋ-ਉੱਤਰੋ, ਪੌਦੇ ਲਗਾਓ।
* ਭੋਜਨ ਵਿਚ ਸੌਂਫ, ਅਜਵਾਇਣ ਵਿਚ ਲਸਣ, ਅਦਰਕ ਅਤੇ ਮੇਥੇ ਦੀ ਵਰਤੋਂ ਕਰੋ। ਤੁਹਾਨੂੰ ਮੋਟਾਪੇ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਤੁਸੀਂ ਆਪਣੀ ਸਹਾਇਤਾ ਖੁਦ ਕਰੋ।
* ਡਾਈਟਿੰਗ, ਅਲਪਾਹਾਰ, ਵਰਤ, ਅਨੀਮਾ ਅਤੇ ਕਸਰਤ ਦਾ ਸਹਾਰਾ ਲਓ। ਮੋਟਾਪਾ ਘੱਟ ਕਰਨ ਦੀ ਦਵਾਈ ਨਾ ਖਾਓ। ਇਹ ਤੁਹਾਡਾ ਮੈਟਾਬੋਲਿਜ਼ਮ ਨਾ ਇਮਿਊਨਟੀ ਘੱਟ ਕਰ ਦੇਵੇਗੀ।
* ਮੋਟਾਪਾ ਇਕ ਰੋਗ ਹੈ ਅਤੇ ਕਈ ਰੋਗਾਂ ਨੂੰ ਸੱਦਾ ਦਿੰਦਾ ਹੈ। ਮੋਟਾਪਾ ਸਰੀਰਕ ਕਮਜ਼ੋਰੀ ਲਿਆਉਂਦਾ ਹੈ। ਵਿਆਹ-ਸ਼ਾਦੀਆਂ ਵਿਚ ਰੁਕਾਵਟ ਬਣਦਾ ਹੈ। ਸਵੇਰੇ ਛੇਤੀ ਉੱਠ ਕੇ ਸੈਰ 'ਤੇ ਨਿਕਲ ਜਾਓ, ਕਿਉਂਕਿ ਤੁਸੀਂ ਥੁਲਥੁਲਾ ਸਰੀਰ ਛੱਡ ਕੇ ਚੁਸਤ ਬਣਨ ਵਾਲੇ ਹੋ।

ਮੈਟਾਬੋਲਿਜ਼ਮ ਨੂੰ ਘੱਟ ਨਾ ਹੋਣ ਦਿਓ

ਅੱਜ ਦੇ ਦੌਰ ਵਿਚ ਔਰਤਾਂ ਵਿਚ, ਖਾਸ ਕਰਕੇ ਮੈਟਰੋ ਸ਼ਹਿਰਾਂ ਵਿਚ ਔਰਤਾਂ ਵਿਚ ਕਾਫੀ ਸਿਹਤ ਸਬੰਧੀ ਜਾਗਰੂਕਤਾ ਆਉਣ ਲੱਗੀ ਹੈ। ਭਾਵੇਂ ਸਮੇਂ ਦੀ ਕਮੀ ਕਾਰਨ ਉਨ੍ਹਾਂ ਨੂੰ ਜੰਕ ਫੂਡ ਨਾਲ ਕੰਮ ਚਲਾਉਣਾ ਪੈਂਦਾ ਹੋਵੇ, ਇਹ ਉਨ੍ਹਾਂ ਦੀ ਮਜਬੂਰੀ ਹੈ ਪਰ ਬਿਮਾਰੀਆਂ ਬਾਰੇ ਬਿਨਾਂ ਸ਼ੱਕ ਮੀਡੀਆ ਰਾਹੀਂ ਉਨ੍ਹਾਂ ਦੀ ਜਾਣਕਾਰੀ ਵਧੀ ਹੈ।
ਹੁਣ ਮੈਟਾਬੋਲਿਜ਼ਮ ਪ੍ਰਕਿਰਿਆ ਨੂੰ ਹੀ ਲਓ, ਇਸ ਦੇ ਕੰਮਕਾਜ ਵਿਚ ਗੜਬੜ ਕਹਿਰ ਢਾਹ ਸਕਦੀ ਹੈ। ਇਹ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਸਰੀਰ ਖਾਧੇ ਹੋਏ ਖਾਣੇ ਅਤੇ ਪੀਤੇ ਨੂੰ ਊਰਜਾ ਵਿਚ ਤਬਦੀਲ ਕਰਦਾ ਹੈ। ਜੇ ਮੈਟਾਬੋਲਿਜ਼ਮ ਦਾ ਕੰਮ ਹੌਲੀ ਹੋ ਜਾਂਦਾ ਹੈ ਤਾਂ ਊਰਜਾ ਦਾ ਪੱਧਰ ਆਪਣੇ-ਆਪ ਹੀ ਘੱਟ ਹੋ ਜਾਂਦਾ ਹੈ।
ਬੀ.ਐਮ.ਆਰ. (ਬੈਸਟ ਮੈਟਾਬੋਲਿਜ਼ਮ ਰੇਟ) ਨੂੰ ਤੈਅ ਕਰਨ ਲਈ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ।
ਸਰੀਰਕ ਮਿਹਨਤ ਕਰਨ ਨਾਲ, ਕਸਰਤ ਕਰਨ, ਦੌੜਨ-ਭੱਜਣ ਨਾਲ ਕਾਫੀ ਕੈਲੋਰੀਜ਼ ਖਪਤ ਹੁੰਦੀ ਹੈ। ਕੈਲੋਰੀਜ਼ ਖਤਮ ਹੋਣ ਦਾ ਸਬੰਧ ਸਰੀਰਕ ਗਠਨ ਨਾਲ ਵੀ ਹੁੰਦਾ ਹੈ। ਲੰਬੇ-ਚੌੜੇ ਵਿਅਕਤੀਆਂ ਦਾ ਸਰੀਰ ਜ਼ਿਆਦਾ ਕੈਲੋਰੀਜ਼ ਖਤਮ ਕਰਦਾ ਹੈ, ਇਸ ਲਈ ਅਕਸਰ ਉਨ੍ਹਾਂ ਦੀ ਖੁਰਾਕ ਵੀ ਜ਼ਿਆਦਾ ਹੁੰਦੀ ਹੈ।
ਖਾਣ ਤੋਂ ਬਾਅਦ ਖਾਣਾ ਜਦੋਂ ਪਚਦਾ ਹੈ ਤਾਂ ਉਸ ਦੇ ਨਾਲ-ਨਾਲ ਜਜ਼ਬ ਹੋਣ, ਜਮ੍ਹਾਂ ਹੋਣ ਦੇ ਨਾਲ ਕੈਲੋਰੀਜ਼ ਵੀ ਖਪਤ ਹੁੰਦੀਆਂ ਹਨ। ਉਮਰ ਵਧਣ ਦੇ ਨਾਲ ਕੈਲੋਰੀ ਖਪਤ ਹੋਣ ਦਾ ਕੰਮ ਹੌਲੀ ਹੋ ਜਾਂਦਾ ਹੈ। ਫਿਰ ਘੱਟ ਖਾਣੇ ਦੀ ਲੋੜ ਹੁੰਦੀ ਹੈ। ਔਰਤ-ਮਰਦ ਦੀ ਸਰੀਰਕ ਸੰਰਚਨਾ ਅਤੇ ਸਰੀਰਕ ਕੰਮ ਅਤੇ ਚਰਬੀ ਦੀ ਮਿਕਦਾਰ ਦੇ ਫਰਕ ਕਾਰਨ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਘੱਟ ਕੈਲੋਰੀ ਖਪਤ ਹੁੰਦੀ ਹੈ।
ਮੈਟਾਬੋਲਿਜ਼ਮ ਰੇਟ ਕਿਵੇਂ ਵਧਾਈਏ : ਸਵੇਰ ਦਾ ਨਾਸ਼ਤਾ ਜ਼ਰੂਰ ਕਰੋ, ਕਿਉਂਕਿ ਇਹ ਦਿਨ ਦੀ ਸ਼ੁਰੂਆਤ ਹੈ। ਤੁਹਾਨੂੰ ਸਾਰਾ ਦਿਨ ਕੰਮ ਕਰਨ ਲਈ ਊਰਜਾ ਚਾਹੀਦੀ ਹੈ। ਸਵੇਰੇ ਭੁੱਖੇ ਰਹਿਣਾ ਸਰੀਰ ਲਈ ਨੁਕਸਾਨਦੇਹ ਹੋਵੇਗਾ। ਤੁਹਾਡਾ ਮੈਟਾਬੋਲਿਜ਼ਮ ਹੌਲੀ ਹੋ ਜਾਵੇਗਾ ਅਤੇ ਜੇ ਤੁਸੀਂ ਦਵਾਈ ਲੈ ਰਹੇ ਹੋ ਤਾਂ ਖਾਲੀ ਪੇਟ ਦਵਾਈ ਨਹੀਂ ਲੈ ਸਕਦੇ।
ਇਕ ਹੀ ਵਾਰ ਵਿਚ ਜ਼ਿਆਦਾ ਭੋਜਨ ਨਾ ਖਾਓ। ਦੋ ਸਮੇਂ ਦੇ ਖਾਣੇ ਵਿਚ ਲੰਬਾ ਵਕਫਾ ਨਾ ਹੋਵੇ। ਜੇ 8 ਵਜੇ ਨਾਸ਼ਤਾ ਲਿਆ ਹੈ ਤਾਂ ਦੁਪਹਿਰ ਦਾ ਖਾਣਾ 12 ਤੋਂ 1 ਵਜੇ ਦੇ ਵਿਚਕਾਰ ਲਿਆ ਜਾ ਸਕਦਾ ਹੈ। ਵਿਚ ਕੋਈ ਫਲ ਲਿਆ ਜਾ ਸਕਦਾ ਹੈ। ਖੋਜ ਦੱਸਦੀ ਹੈ ਕਿ ਜੇ ਜੰਕ ਫੂਡ ਨਾ ਲਿਆ ਜਾਵੇ, ਤੰਦਰੁਸਤ ਸੰਤੁਲਤ ਖੁਰਾਕ ਲਈ ਜਾਵੇ ਤਾਂ ਭਾਰ ਠੀਕ ਰਹਿੰਦਾ ਹੈ।
ਸੌਣ ਤੋਂ ਡੇਢ-ਦੋ ਘੰਟੇ ਪਹਿਲਾਂ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ। ਇਹ ਨਹੀਂ ਕਿ ਖਾਧਾ, ਸੋਫੇ 'ਤੇ ਬੈਠ ਕੇ ਟੀ. ਵੀ. ਦੇਖਿਆ ਅਤੇ ਸੌਂ ਗਏ। ਇਸ ਨਾਲ ਨਾ ਖਾਣਾ ਠੀਕ ਤਰ੍ਹਾਂ ਹਜ਼ਮ ਹੁੰਦਾ ਹੈ, ਨਾ ਚੰਗੀ ਨੀਂਦ ਆਵੇਗੀ, ਭਾਰ ਵੱਖਰਾ ਵਧੇਗਾ। ਪਤਲੇ ਹੋਣ ਦੇ ਚੱਕਰ ਵਿਚ ਕਦੇ ਵੀ ਖਾਣਾ ਬਹੁਤ ਘੱਟ ਨਾ ਕਰ ਦਿਓ। ਜੇ 1200 ਤੋਂ ਘੱਟ ਕੈਲੋਰੀਜ਼ ਲਓਗੇ ਤਾਂ ਦਿਨ ਭਰ ਵਿਚ ਤਾਂ ਤੁਹਾਡਾ ਮੈਟਾਬੋਲਿਜ਼ਮ ਘੱਟ ਹੋ ਜਾਵੇਗਾ, ਉਸ ਨਾਲ ਤੁਸੀਂ ਸਮੱਸਿਆ ਵਿਚ ਆ ਸਕਦੇ ਹੋ। ਰੋਜ਼ਮਰਾ ਦੇ ਕਈ ਕੰਮ ਅਜਿਹੇ ਹਨ, ਜਿਨ੍ਹਾਂ ਨਾਲ ਚੰਗੀ ਹਾਰਮਲੈਸ ਕਸਰਤ ਹੋ ਜਾਂਦੀ ਹੈ। ਜਿਵੇਂ ਲਿਫਟ ਦੀ ਬਜਾਏ ਪੌੜੀਆਂ ਰਾਹੀਂ ਚੜ੍ਹੋ-ਉੱਤਰੋ। ਥੋੜ੍ਹੀ ਜਿਹੀ ਦੂਰੀ ਲਈ ਰਿਕਸ਼ਾ ਨਾ ਲਓ, ਨਾ ਹੀ ਆਪਣੇ ਵਾਹਨ ਦੀ ਵਰਤੋਂ ਕਰੋ, ਸਗੋਂ ਪੈਦਲ ਆਓ-ਜਾਓ।
ਆਪਣੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਤੇ ਵਿਸ਼ਵਾਸ ਕਰਦੇ ਹੋਏ ਥੋੜ੍ਹੀ-ਥੋੜ੍ਹੀ ਤਕਲੀਫ ਹੋਣ 'ਤੇ ਦਵਾਈਆਂ ਦਾ ਸਹਾਰਾ ਨਾ ਲਓ।

ਪਾਇਰੀਆ ਮਿਟਾਏ ਐਕੂਪ੍ਰੈਸ਼ਰ

ਕਿਉਂ ਹੁੰਦਾ ਹੈ ਇਹ ਰੋਗ
* ਦੰਦਾਂ ਦੀ ਸਫ਼ਾਈ ਨਾ ਕਰਨਾ। * ਖਰਾਬ ਬ੍ਰਿਸਟਲ ਵਾਲੇ ਬੁਰਸ਼ ਦੀ ਵਰਤੋਂ ਕਰਨਾ। * ਘਟੀਆ ਕਿਸਮ ਦੇ ਮੰਜਨ ਜਾਂ ਪੇਸਟ ਨਾਲ ਦੰਦਾਂ ਦੀ ਸਫਾਈ ਕਰਨੀ। * ਮਸੂੜਿਆਂ ਦੀ ਮਾਲਿਸ਼ ਵਿਚ ਲਾਪ੍ਰਵਾਹੀ ਦਿਖਾਉਣੀ। * ਹਰਦਮ ਵਿਅਕਤੀ ਦਾ ਪੇਟ ਵਿਕਾਰਾਂ ਨਾਲ ਪੀੜਤ ਰਹਿਣਾ। * ਮਲ ਤਿਆਗ ਸਹੀ ਤੌਰ 'ਤੇ ਨਾ ਹੋਣਾ। * ਭੋਜਨ ਵਿਚ ਵਿਟਾਮਿਨ ਅਤੇ ਖਣਿਜ ਤੱਤਾਂ ਦੀ ਕਮੀ ਹੋਣਾ। * ਠੰਢੀਆਂ ਅਤੇ ਗਰਮ ਚੀਜ਼ਾਂ ਬਿਨਾਂ ਸਮੇਂ ਦੇ ਫਰਕ ਦਾ ਧਿਆਨ ਰੱਖੇ ਖਾਣੀਆਂ। * ਭੋਜਨ ਵਿਚ ਵਿਟਾਮਿਨ 'ਸੀ' ਦਾ ਨਾ ਹੋਣਾ।
ਕਿਵੇਂ ਪਹਿਚਾਣੀਏ ਇਸ ਰੋਗ ਨੂੰ
* ਮਸੂੜਿਆਂ ਵਿਚ ਜ਼ਖਮ ਹੋਣਾ। * ਪਾਕ ਜਾਂ ਖੂਨ ਮਸੂੜਿਆਂ ਵਿਚੋਂ ਨਿਕਲਣਾ। * ਮਸੂੜਿਆਂ ਵਿਚ ਦਰਦ ਰਹਿਣੀ। * ਦੰਦਾਂ ਦੀ ਚਮਕ ਖੋਹਣੀ। * ਮੂੰਹ ਵਿਚੋਂ ਤਿੱਖੀ ਬਦਬੂ ਆਉਣੀ।
ਕੀ ਕਰੀਏ : * ਐਕਿਊਪ੍ਰੈਸ਼ਰ ਇਲਾਜ ਦੇ ਤਹਿਤ ਹੱਥ ਦੇ ਅੰਗੂਠੇ ਅਤੇ ਤਰਜਨੀ ਦੇ ਵਿਚਕਾਰਲੇ ਭਾਗ ਨੂੰ ਦਬਾਓ। * ਪੈਰ ਦੀ ਸਭ ਤੋਂ ਛੋਟੀ ਉਂਗਲੀ ਦੇ ਅੱਗੇ ਤੋਂ ਪਿੱਛੇ ਤੱਕ ਹਲਕੇ-ਹਲਕੇ ਹੱਥਾਂ ਨਾਲ (ਉਪਰਲੇ ਭਾਗ 'ਤੇ) ਮਾਲਿਸ਼ ਕਰੋ। * ਇਸ ਤਰ੍ਹਾਂ ਹੱਥ ਦੇ ਅੰਗੂਠੇ ਦੇ ਨਹੁੰ ਦੇ ਸਿਰੇ ਤੋਂ ਕਲਾਈ ਤੱਕ ਦਬਾਓ। ਉਪਰੋਕਤ ਕਿਰਿਆਵਾਂ ਅੰਗੂਠੇ ਦੀ ਸਹਾਇਤਾ ਨਾਲ ਦਿਨ ਵਿਚ 4-5 ਵਾਰ ਦੁਹਰਾਓ। -ਸੁਨੀਲ ਕੁਮਾਰ ਸਜਲ

ਸਿਹਤ ਖ਼ਬਰਨਾਮਾ

ਚਾਹ ਦਾ ਇਕ ਕੱਪ ਰੱਖੇ ਦਿਲ ਦੇ ਰੋਗਾਂ ਤੋਂ ਦੂਰ

ਅਮਰੀਕਨ ਜਰਨਲ ਆਫ ਇਪਿਡੀਮੀਓਲੋਜੀ ਵਿਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ ਚਾਹ ਦਾ ਸੇਵਨ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਜੋ ਵਿਅਕਤੀ ਹਰ ਰੋਜ਼ ਚਾਹ ਦਾ ਇਕ ਕੱਪ ਜਾਂ ਉਸ ਤੋਂ ਜ਼ਿਆਦਾ ਦੋ ਕੱਪ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਚਾਹ ਦਾ ਸੇਵਨ ਨਾ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਵਿਚ ਦਿਲ ਦੇ ਦੌਰਾ ਪੈਣ ਦੀ ਸੰਭਾਵਨਾ 50 ਫੀਸਦੀ ਘੱਟ ਹੁੰਦੀ ਹੈ।
ਇਸ ਖੋਜ ਵਿਚ ਖੋਜ ਕਰਤਾਵਾਂ ਨੇ 340 ਦਿਲ ਦੇ ਰੋਗੀ ਮਰਦਾਂ ਅਤੇ ਔਰਤਾਂ ਤੋਂ ਚਾਹ ਦੇ ਸੇਵਨ ਸਬੰਧੀ ਜਾਣਿਆ ਅਤੇ ਇਨ੍ਹਾਂ ਦੀ ਤੁਲਨਾ ਅਜਿਹੇ ਗਰੁੱਪ ਨਾਲ ਕੀਤੀ, ਜਿਨ੍ਹਾਂ ਨੂੰ ਦਿਲ ਦਾ ਰੋਗ ਨਾ ਹੋਵੇ। ਇਨ੍ਹਾਂ ਮਾਹਿਰਾਂ ਅਨੁਸਾਰ ਚਾਹ ਵਿਚ ਫਲੇਵੋਨਾਈਡਸ ਦਾ ਪਾਇਆ ਜਾਣਾ ਲਾਭਦਾਇਕ ਹੈ। ਫਲੇਵੋਨਾਈਡਸ ਖੂਨ ਦੇ ਥੱਕਿਆਂ ਨੂੰ ਜੰਮਣ ਤੋਂ ਰੋਕਦੇ ਹਨ ਅਤੇ ਖੂਨ ਵਹਿਣੀਆਂ ਵਿਚ ਕੋਲੈਸਟ੍ਰੋਲ ਨੂੰ ਜੰਮਣ ਤੋਂ ਰੋਕਦੇ ਹਨ।
ਮਾਂ ਬਣਨਾ ਦਿੰਦਾ ਹੈ ਕਈ ਰੋਗਾਂ ਤੋਂ ਸੁਰੱਖਿਆ

ਮਾਂ ਬਣਨਾ ਇਕ ਅਜਿਹਾ ਸੁਖਦ ਅਹਿਸਾਸ ਹੈ, ਜਿਸ ਦੀ ਕਲਪਨਾ ਹਰ ਔਰਤ ਕਰਦੀ ਹੈ। ਮਾਂ ਬਣਨਾ ਉਸ ਨੂੰ ਗੌਰਵਮਈ ਤਾਂ ਬਣਾਉਂਦਾ ਹੀ ਹੈ, ਨਾਲ ਹੀ ਔਰਤ ਨੂੰ ਕਈ ਸਿਹਤ ਲਾਭ ਵੀ ਪਹੁੰਚਾਉਂਦਾ ਹੈ। ਇਕ ਨਵੀਂ ਖੋਜ ਅਨੁਸਾਰ ਜੇ ਔਰਤ 30 ਸਾਲ ਦੀ ਉਮਰ ਤੋਂ ਪਹਿਲਾਂ ਮਾਂ ਬਣਦੀ ਹੈ ਤਾਂ ਉਸ ਨੂੰ ਸਤਨ ਕੈਂਸਰ ਤੋਂ ਸੁਰੱਖਿਆ ਮਿਲਦੀ ਹੈ। ਇਹੀ ਨਹੀਂ, ਇਸ ਉਮਰ ਤੋਂ ਪਹਿਲਾਂ ਉਹ ਜਿੰਨੀ ਵਾਰ ਮਾਂ ਬਣਦੀ ਹੈ, ਉਸ ਨੂੰ ਸਤਨ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਜਾਂਦੀ ਹੈ। 30 ਸਾਲ ਤੋਂ ਬਾਅਦ ਵੀ ਮਾਂ ਬਣਨ 'ਤੇ ਉਸ ਨੂੰ ਇਸ ਰੋਗ ਦੇ ਹੋਣ ਦੀ ਸੰਭਾਵਨਾ ਉਨ੍ਹਾਂ ਔਰਤਾਂ ਤੋਂ ਘੱਟ ਹੀ ਹੁੰਦੀ ਹੈ, ਜੋ ਬੱਚੇ ਨੂੰ ਜਨਮ ਨਹੀਂ ਦਿੰਦੀਆਂ। ਇਸ ਤੋਂ ਇਲਾਵਾ ਗਰਭ ਅਵਸਥਾ ਵਿਚ ਗਰਭਸ਼ਯ ਵੱਡਾ ਹੋ ਜਾਂਦਾ ਹੈ, ਜਿਸ ਨਾਲ ਬਾਅਦ ਵਿਚ ਮਾਸਿਕ ਧਰਮ ਦੇ ਦੌਰਾਨ ਘੱਟ ਤਕਲੀਫ ਹੁੰਦੀ ਹੈ। ਇਹੀ ਨਹੀਂ, ਇਕ ਬੱਚੇ ਦੀ ਮਾਂ ਬਣਨ 'ਤੇ ਔਰਤ ਨੂੰ ਓਵਰੀ ਕੈਂਸਰ ਹੋਣ ਦੀ ਸੰਭਾਵਨਾ 15 ਫੀਸਦੀ ਘੱਟ ਅਤੇ 2 ਬੱਚੇ ਹੋਣ 'ਤੇ 40 ਫੀਸਦੀ ਘੱਟ ਹੋ ਜਾਂਦੀ ਹੈ।

ਗੈਸ ਦੀ ਦਵਾਈ ਦਾ ਜ਼ਿਆਦਾ ਸੇਵਨ ਲਿਵਰ ਲਈ ਖ਼ਤਰਨਾਕ

ਦੇਖਣ ਵਿਚ ਆਇਆ ਹੈ ਕਿ ਕਈ ਲੋਕਾਂ ਨੂੰ ਆਏ ਦਿਨ ਗੈਸ ਦੀ ਸਮੱਸਿਆ ਹੁੰਦੀ ਰਹਿੰਦੀ ਹੈ ਅਤੇ ਉਹ ਇਸ ਦੇ ਲਈ ਅਕਸਰ ਗੈਸ ਨਾਲ ਸਬੰਧਤ ਦਵਾਈਆਂ ਦਾ ਖੂਬ ਸੇਵਨ ਕਰਦੇ ਹਨ, ਤਾਂ ਹੁਣ ਜ਼ਰਾ ਸੰਭਲ ਜਾਓ ਅਤੇ ਗੈਸ ਦੀਆਂ ਦਵਾਈਆਂ ਹਰ ਵਕਤ ਬੇਵਜ੍ਹਾ ਖਾਣ ਵਾਲੀ ਬੁਰੀ ਆਦਤ ਤੋਂ ਪ੍ਰਹੇਜ਼ ਕਰੋ, ਕਿਉਂਕਿ ਹਾਲ ਹੀ ਵਿਚ ਰਾਜਧਾਨੀ ਦਿੱਲੀ ਦੇ ਕੁਝ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਹੁਤ ਜ਼ਿਆਦਾ ਮਾਤਰਾ ਵਿਚ ਗੈਸ ਨਾਲ ਸਬੰਧਤ ਦਵਾਈਆਂ ਦਾ ਸੇਵਨ ਕਰਨ ਨਾਲ ਮਾਮਲਾ ਬੇਹੱਦ ਉਲਟਾ ਪੈ ਸਕਦਾ ਹੈ। ਇਸ ਨਾਲ ਨਾ ਸਿਰਫ ਲਿਵਰ ਪ੍ਰਭਾਵਿਤ ਹੋ ਸਕਦਾ ਹੈ, ਸਗੋਂ ਕਿਡਨੀ ਬਦਲੀ ਕਰਨ ਤੱਕ ਦੀ ਨੌਬਤ ਵੀ ਆ ਸਕਦੀ ਹੈ।
ਉਨ੍ਹਾਂ ਦੀ ਮੰਨੀਏ ਤਾਂ ਜੋ ਲੋਕ ਗੈਸ ਦੀ ਸਮੱਸਿਆ ਹੱਲ ਕਰਨ ਲਈ ਆਦਤ ਕਾਰਨ ਦਵਾਈਆਂ ਖਾਂਦੇ ਰਹਿੰਦੇ ਹਨ, ਉਨ੍ਹਾਂ ਦੇ ਲਗਾਤਾਰ ਅਜਿਹਾ ਕਰਦੇ ਰਹਿਣ ਨਾਲ ਪੇਟ ਦਾ ਐਸਿਡ ਪੱਧਰ ਘੱਟ ਹੋ ਜਾਂਦਾ ਹੈ। ਇਸ ਲਈ ਵਾਰ-ਵਾਰ ਦਵਾਈਆਂ ਖਾਣ ਤੋਂ ਪ੍ਰਹੇਜ਼ ਕਰੋ, ਨਹੀਂ ਤਾਂ ਸਰੀਰ ਨੂੰ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਕਿ ਇਸ ਸਬੰਧੀ ਆਹਾਰ ਮਾਹਿਰਾਂ ਦਾ ਕਹਿਣਾ ਇਹ ਹੈ ਕਿ ਪੇਟ ਵਿਚ ਬੁਰੇ ਬੈਕਟੀਰੀਆ ਨੂੰ ਖ਼ਤਮ ਕਰਨ ਲਈ ਐਸਿਡ ਜ਼ਰੂਰੀ ਹੁੰਦਾ ਹੈ। ਵਾਰ-ਵਾਰ ਦਵਾਈ ਲੈਣ ਨਾਲ ਐਸਿਡ ਖਤਮ ਹੋਣ 'ਤੇ ਮੂੰਹ ਰਾਹੀਂ ਪੇਟ ਵਿਚ ਪਹੁੰਚਣ ਵਾਲੇ ਸੰਕ੍ਰਮਣ ਦਾ ਜ਼ੋਖਮ ਜ਼ਿਆਦਾ ਹੋ ਜਾਂਦਾ ਹੈ। ਨਤੀਜੇ ਵਜੋਂ ਲਿਵਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।
ਇਹੀ ਨਹੀਂ, ਗੈਸ ਦੀਆਂ ਦਵਾਈਆਂ ਦੇ ਬਹੁਤ ਜ਼ਿਆਦਾ ਸੇਵਨ ਨਾਲ ਲਿਵਰ ਦੇ ਨਾਲ-ਨਾਲ ਹੱਡੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ, ਜਦੋਂ ਕਿ ਇਹ ਗੱਲ ਘੱਟ ਹੀ ਲੋਕ ਜਾਣਦੇ ਹਨ ਕਿ ਪੇਟ ਵਿਚ ਐਸਿਡ ਦੀ ਮਾਤਰਾ ਪ੍ਰਭਾਵਿਤ ਹੋਣ ਨਾਲ ਵਿਟਾਮਿਨ ਬੀ-12 ਦੀ ਕਮੀ ਹੋ ਜਾਂਦੀ ਹੈ ਅਤੇ ਹੋਰ ਦੂਜੇ ਜ਼ਰੂਰੀ ਵਿਟਾਮਿਨਾਂ ਦੀਆਂ ਮਾਤਰਾਵਾਂ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਮੌਜੂਦਾ ਸਥਿਤੀ ਵਿਚ ਵਿਅਕਤੀ ਅਨੀਮੀਆ ਦੀ ਚਪੇਟ ਵਿਚ ਵੀ ਆ ਸਕਦਾ ਹੈ। ਡਾਕਟਰਾਂ ਦੇ ਮੁਤਾਬਿਕ ਗੈਸ ਦੀ ਦਵਾਈ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ, ਸ਼ਰਾਬ ਪੀਣਾ ਅਤੇ ਹੈਪੇਟਾਇਟਿਸ ਨਾਲ ਹੀ ਲਿਵਰ ਪ੍ਰਭਾਵਿਤ ਨਹੀਂ ਹੁੰਦਾ, ਸਗੋਂ ਦਵਾਈਆਂ ਦਾ ਗ਼ਲਤ ਤਰੀਕੇ ਨਾਲ ਇਸਤੇਮਾਲ ਕਰਨ ਅਤੇ ਭਾਰ ਵਧਣ ਨਾਲ ਵੀ ਲਿਵਰ ਖਰਾਬ ਹੋਣ ਦਾ ਖਤਰਾ ਹੋ ਸਕਦਾ ਹੈ।
ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਨਾਨ ਅਲਕੋਹਲਿਕ ਫੈਟੀ ਲਿਵਰ ਨਾਲ ਸਬੰਧਤ ਪ੍ਰੇਸ਼ਾਨੀ ਖਾਸ ਤੌਰ 'ਤੇ 30-40 ਸਾਲ ਦੇ ਮਰੀਜ਼ਾਂ ਵਿਚ ਜ਼ਿਆਦਾ ਪਾਈ ਜਾ ਰਹੀ ਹੈ, ਜਿਸ ਦੇ ਲੱਛਣ ਸ਼ੁਰੂ ਵਿਚ ਨਹੀਂ ਦਿਸਦੇ। ਨਤੀਜੇ ਵਜੋਂ ਮਾਮਲਾ ਆਖਰੀ ਸਟੇਜ ਤੱਕ ਪਹੁੰਚ ਜਾਂਦਾ ਹੈ ਅਤੇ ਲਿਵਰ ਬਦਲੀ ਦੀ ਨੌਬਤ ਆ ਜਾਂਦੀ ਹੈ। ਇਸ ਲਈ ਬਹੁਤੇ ਡਾਕਟਰਾਂ ਨੇ ਇਸ ਸਬੰਧੀ ਸਾਵਧਾਨੀ ਵਰਤਣ ਲਈ ਆਪਣੀ ਨੇਕ ਸਲਾਹ ਦਿੱਤੀ ਹੈ, ਜਿਸ ਦਾ ਸਾਨੂੰ ਇਮਾਨਦਾਰੀ ਨਾਲ ਪਾਲਣ ਜ਼ਰੂਰ ਹੀ ਕਰਨਾ ਚਾਹੀਦਾ ਹੈ।

ਬੜੇ ਕੰਮ ਦਾ ਹੈ ਛੋਟਾ ਜਿਹਾ ਲੌਂਗ

ਆਮ ਤੌਰ 'ਤੇ ਛੋਟੇ ਜਿਹੇ ਲੌਂਗ ਨੂੰ ਇਕ ਬੇਹੱਦ ਸਵਾਦੀ ਅਤੇ ਮਹਿਕਦੇ ਮਸਾਲੇ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਪਰ ਅਸਲ ਵਿਚ ਇਹ ਇਕ ਰਾਮਬਾਣ ਦਵਾਈ ਵੀ ਸਾਬਤ ਹੁੰਦੀ ਹੈ। ਇਸ ਦਾ ਪਤਾ ਸ਼ਾਇਦ ਘੱਟ ਹੀ ਲੋਕਾਂ ਨੂੰ ਹੈ।
ਆਓ ਹੁਣ ਇਕ ਨਜ਼ਰ ਪਾਉਂਦੇ ਹਾਂ ਇਸ ਦੇ ਅਦਭੁੱਤ ਦਵਾਈ ਵਾਲੇ ਗੁਣਾਂ 'ਤੇ। ਇਸ ਦੀ ਵਰਤੋਂ ਕਰਕੇ ਅਸੀਂ ਸਰੀਰ ਦੀਆਂ ਕਈ ਬਿਮਾਰੀਆਂ ਦਾ ਖਾਤਮਾ ਕਰ ਸਕਦੇ ਹਾਂ-
ਮਸੂੜਿਆਂ ਨੂੰ ਮਜ਼ਬੂਤ ਬਣਾਓ : ਅਕਸਰ ਦੇਖਣ ਵਿਚ ਆਉਂਦਾ ਹੈ ਕਿ ਲੋਕ ਆਪਣੇ ਮਸੂੜਿਆਂ ਦੀ ਸਮੱਸਿਆ ਨੂੰ ਲੈ ਕੇ ਬੇਹੱਦ ਚਿੰਤਤ ਰਹਿੰਦੇ ਹਨ। ਜੇ ਤੁਸੀਂ ਵੀ ਮਸੂੜਿਆਂ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਲੌਂਗ ਦੁਆਰਾ ਬਣਾਏ ਦੰਦ ਮੰਜਨ ਦੀ ਵਰਤੋਂ ਕਰਕੇ ਹੱਲ ਕੱਢ ਸਕਦੇ ਹੋ, ਕਿਉਂਕਿ ਅਜਿਹਾ ਕਰਨ 'ਤੇ ਜਿਥੇ ਵਿਅਕਤੀ ਦੇ ਦੰਦ ਬਹੁਤ ਜ਼ਿਆਦਾ ਚਮਕਣ ਲਗਦੇ ਹਨ, ਉਥੇ ਦੂਜੇ ਪਾਸੇ ਇਹ ਮਸੂੜਿਆਂ ਨੂੰ ਵਿਸ਼ੇਸ਼ ਸ਼ਕਤੀ ਪ੍ਰਦਾਨ ਕਰਨ ਵਿਚ ਵੀ ਆਪਣੀ ਇਕ ਖਾਸ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ ਲੌਂਗ ਦਾ ਮੰਜਨ 'ਇਕ ਪੰਥ ਦੋ ਕਾਜ' ਦੀ ਕਹਾਵਤ ਮੁਤਾਬਿਕ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਰਿਹਾ ਹੈ।
ਖੂਨ ਦਾ ਸ਼ੁੱਧੀਕਰਨ ਕਰੋ : ਡਾਕਟਰਾਂ ਦੀ ਰਾਏ ਵਿਚ ਸਾਡੇ ਘਰਾਂ ਵਿਚ ਮੌਜੂਦ ਲੌਂਗ ਨਾਲ ਸਰੀਰ ਵਿਚ ਤੇਜ਼ੀ ਨਾਲ ਦੌੜਨ ਵਾਲੇ ਖੂਨ ਨੂੰ ਵੀ ਸ਼ੁੱਧ ਕੀਤਾ ਜਾ ਸਕਦਾ ਹੈ ਜਦੋਂ ਕਿ ਇਹ ਦਿਮਾਗ ਨੂੰ ਮਜ਼ਬੂਤ ਕਰਨ ਵਿਚ ਵੀ ਕਾਫੀ ਸਮਰੱਥ ਹੁੰਦਾ ਹੈ।
ਉਲਟੀ ਵਿਚ ਰਾਹਤ ਦਿਵਾਏ : ਜੇ ਕਿਸੇ ਵਿਅਕਤੀ ਨੂੰ ਦਿਨ ਭਰ ਵਿਚ ਜ਼ਿਆਦਾ ਪਿਆਸ ਲਗਦੀ ਹੈ ਜਾਂ ਫਿਰ ਹਰ ਵਕਤ ਉਲਟੀ ਆਉਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਅਜਿਹੀ ਹਾਲਤ ਵਿਚ ਲੌਂਗ ਦਾ ਉਬਲਿਆ ਹੋਇਆ ਪਾਣੀ ਪਿਲਾਓ। ਯਕੀਨਨ ਲਾਭਦਾਇਕ ਹੋਵੇਗਾ।
ਫੋੜੇ-ਫਿਨਸੀਆਂ ਤੋਂ ਮੁਕਤੀ : ਵੈਸੇ ਤਾਂ ਵਿਅਕਤੀ ਦੇ ਚਿਹਰੇ 'ਤੇ ਫੋੜੇ-ਫਿਨਸੀਆਂ ਹਮੇਸ਼ਾ ਦਸਤਕ ਦਿੰਦੇ ਹੀ ਰਹਿੰਦੇ ਹਨ ਪਰ ਜੇ ਤੁਸੀਂ ਲੌਂਗ ਨੂੰ ਸਿਲ 'ਤੇ ਘਸਾ ਕੇ ਆਪਣੀ ਚਮੜੀ 'ਤੇ ਲਗਾਓਗੇ ਤਾਂ ਬਿਨਾਂ ਸ਼ੱਕ ਫੋੜੇ-ਫਿਨਸੀਆਂ ਤੋਂ ਛੁਟਕਾਰਾ ਪਾਓਗੇ ਅਤੇ ਚਿਹਰਾ ਬਿਨਾਂ ਦਾਗ-ਧੱਬਿਆਂ ਦੇ ਸੁੰਦਰ ਦਿਖਾਈ ਦੇਣ ਲੱਗੇਗਾ।
ਸ਼ੂਲ ਵਿਚ ਰਾਹਤ :ਵੈਸੇ ਤਾਂ ਛੋਟਾ ਜਿਹਾ ਲੌਂਗ ਰੌਚਕ ਦ੍ਰਵਾਂ ਨਾਲ ਪੈਦਾ ਹੋਣ ਵਾਲੇ ਸ਼ੂਲ ਵਿਚ ਵੀ ਕਾਫੀ ਮਦਦ ਕਰਦਾ ਹੈ ਪਰ ਇਸ ਤੋਂ ਇਲਾਵਾ ਤੁਸੀਂ ਅੱਖਾਂ ਦੀ ਨਜ਼ਰ ਵਧਾਉਣ, ਦਮਾ, ਹਿਚਕੀ, ਤਪਦਿਕ, ਦੰਦ ਦਰਦ ਅਤੇ ਕਮਰ ਦਰਦ ਆਦਿ ਰੋਗਾਂ ਦੇ ਇਲਾਜ ਲਈ ਵੀ ਲੌਂਗ ਦੀ ਬਾਖੂਬੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਇਕ ਛੋਟੇ ਜਿਹੇ ਲੌਂਗ ਦੇ ਵਾਕਿਆ ਹੀ ਕਈ ਫਾਇਦੇ ਹਨ ਜੋ ਕੁਦਰਤ ਦੀ ਦੇਣ ਅਨਮੋਲ ਸਰੀਰ ਦੇ ਕਈ ਰੋਗਾਂ ਦਾ ਖਾਤਮਾ ਕਰਕੇ ਸਾਨੂੰ ਤੰਦਰੁਸਤ ਬਣਾ ਦਿੰਦਾ ਹੈ।
ਡਾਕਟਰਾਂ ਦੀ ਵੀ ਇਹੀ ਨੇਕ ਸਲਾਹ ਹੈ ਕਿ ਸਾਨੂੰ ਰੋਜ਼ਾਨਾ ਇਕ ਲੌਂਗ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾਂ ਸ਼ੱਕ ਇਸ ਨਾਲ ਭਵਿੱਖ ਵਿਚ ਕਾਫੀ ਲਾਭ ਮਿਲੇਗਾ।


-ਅਨੂਪ ਮਿਸ਼ਰਾ

ਬਿਹਤਰ ਸਿਹਤ ਦੀ ਨਿਸ਼ਾਨੀ

* ਚਮਕੀਲੇ ਵਾਲ, ਅੱਖਾਂ ਅਤੇ ਸੰਗਠਿਤ ਮਾਸਪੇਸ਼ੀਆਂ। * ਚੰਗੀ ਅਤੇ ਸਾਫ਼ ਚਮੜੀ।
* ਨਾੜੀ ਦੀ ਗਤੀ ਅਤੇ ਖੂਨ ਦਾ ਦਬਾਅ ਠੀਕ ਰਹਿਣਾ।
* ਸਰੀਰ ਸੰਚਾਲਨ ਕਿਰਿਆਵਾਂ ਵਿਚ ਸਾਮੰਜਸਯ।
* ਬਦਬੂ ਰਹਿਤ ਸਾਹ, ਚੰਗੀ ਭੁੱਖ, ਉਚਿਤ ਨੀਂਦ।
* ਨਿਯਮਤ ਮਲ-ਮੂਤਰ ਵਿਸਰਜਨ ਕਿਰਿਆ।
* ਸਾਰੀਆਂ ਇੰਦਰੀਆਂ ਦਾ ਠੀਕ ਤਰ੍ਹਾਂ ਕੰਮ ਕਰਨਾ।
* ਬੱਚੇ ਅਤੇ ਜਵਾਨਾਂ ਦਾ ਆਮ ਗਤੀ ਨਾਲ ਭਾਰ ਵਧਦਾ ਰਹਿਣਾ।
ਮਾਨਸਿਕ ਲੱਛਣ
* ਆਪਣੇ-ਆਪ 'ਤੇ ਕਾਬੂ ਹੋਣਾ।
* ਥੋੜ੍ਹੀ-ਬਹੁਤ ਆਲੋਚਨਾ ਸਵੀਕਾਰ ਕਰ ਲੈਣਾ।
* ਨਿੱਕੀ-ਨਿੱਕੀ ਗੱਲ 'ਤੇ ਗੁੱਸੇ ਨਾ ਹੋਣਾ।
* ਲੋਕਾਂ ਦੇ ਨਾਲ ਰਲ-ਮਿਲ ਜਾਣ ਦੀ ਪ੍ਰਵਿਰਤੀ ਹੋਣਾ। * ਆਪਣੀਆਂ ਲੋੜਾਂ ਅਤੇ ਸਮੱਸਿਆਵਾਂ ਦੇ ਨਾਲ ਆਪਣਾ ਉਦੇਸ਼ ਵੀ ਸਮਝਣਾ।
* ਸਮੱਸਿਆਵਾਂ ਦਾ ਨਿਰਾਕਰਣ ਬੁੱਧੀਮਤਾਪੂਰਨ ਢੰਗ ਨਾਲ ਸ਼ਾਂਤੀ ਦੇ ਨਾਲ ਕਰਨਾ, ਨਾ ਕਿ ਵੈਰ-ਵਿਰੋਧ ਵਾਲੇ ਤਰੀਕੇ ਨਾਲ।
* ਖੁਦ ਨੂੰ ਆਂਕਲਨ ਕਰਨ ਦੀ ਸਮਰੱਥਾ ਦਾ ਹੋਣਾ।


-ਉਮੇਸ਼ ਕੁਮਾਰ ਸਾਹੂ

ਨਹੁੰਆਂ ਰਾਹੀਂ ਜਾਣੋ ਆਪਣੀ ਤੰਦਰੁਸਤੀ

ਹੱਥਾਂ ਦੇ ਨਹੁੰ ਦੇਖ ਕੇ ਰੋਗਾਂ ਦਾ ਪਤਾ ਲਗਾਉਣ ਦਾ ਚਲਣ ਪ੍ਰਾਚੀਨ ਕਾਲ ਤੋਂ ਸ਼ੁਰੂ ਹੋਇਆ ਸੀ। ਤਤਕਾਲੀਨ ਯੂਨਾਨੀ ਡਾਕਟਰ ਹਿਪੋਕ੍ਰੇਟਸ ਨੇ ਵੀ ਰੋਗਾਂ ਦੇ ਹੱਲ ਲਈ ਨਹੁੰ ਨਿਰੀਖਣ ਦੀ ਸਲਾਹ ਦਿੱਤੀ ਹੈ। ਦਕਸ਼ ਡਾਕਟਰ ਜਾਣਦੇ ਹਨ ਕਿ ਨਹੁੰ ਕਈ ਗੰਭੀਰ ਬਿਮਾਰੀਆਂ ਦੀ ਸੂਚਨਾ ਦੇਣ ਵਿਚ ਬੜੇ ਸਹਾਇਕ ਹੁੰਦੇ ਹਨ।
ਨਹੁੰਆਂ ਵਿਚ ਜੋ ਅਸੁਭਾਵਿਕ ਗੱਲਾਂ ਅਕਸਰ ਦਿਖਾਈ ਦਿੰਦੀਆਂ ਹਨ, ਉਨ੍ਹਾਂ ਵਿਚੋਂ ਕੁਝ ਹੇਠਾਂ ਦਿੱਤੀਆਂ ਜਾ ਰਹੀਆਂ ਹਨ। ਇਹ ਤੁਹਾਡੇ ਡਾਕਟਰ ਨੂੰ ਕਿਸੇ ਗੰਭੀਰ ਰੋਗ ਦੀ ਸੂਚਨਾ ਦੇ ਸਕਦੀਆਂ ਹਨ। ਇਸ ਦੇ ਲਈ ਤੁਸੀਂ ਆਪਣੇ ਨਹੁੰਆਂ ਨੂੰ ਧਿਆਨ ਨਾਲ ਦੇਖੋ। ਸ਼ਾਇਦ ਉਹ ਤੁਹਾਨੂੰ ਤੁਹਾਡੀ ਸਿਹਤ ਦੇ ਬਾਰੇ ਵਿਚ ਕੁਝ ਸੂਚਿਤ ਕਰਨ ਲਈ ਤਤਪਰ ਹੋਣ।
ਭੂਰੇ ਜਾਂ ਕਾਲੇ ਧੱਬੇ ਖਾਸ ਤੌਰ 'ਤੇ ਜੋ ਨਹੁੰਆਂ ਦੇ ਆਸ-ਪਾਸ ਦੀ ਚਮੜੀ 'ਤੇ ਫੈਲ ਜਾਂਦੇ ਹਨ, ਉਹ ਚਮੜੀ ਜਾਂ ਅੱਖ ਦੀ ਘਾਤਕ ਰਸੌਲੀ ਮੈਲਿਗਨੇਂਟ ਮੈਲਾ ਬੋਮਾ ਦੀ ਸੂਚਨਾ ਦਿੰਦੇ ਹਨ। ਅਜਿਹਾ ਇਕ ਵੱਡਾ ਧੱਬਾ ਵੀ ਹੋ ਸਕਦਾ ਹੈ ਜਾਂ ਛੋਟੀਆਂ-ਛੋਟੀਆਂ ਚਿੱਤੀਆਂ ਹੋ ਸਕਦੀਆਂ ਹਨ। ਇਹ ਧੱਬੇ ਆਮ ਤੌਰ 'ਤੇ ਹੱਥ ਅਤੇ ਪੈਰ ਦੇ ਅੰਗੂਠੇ 'ਤੇ ਹੁੰਦੇ ਹਨ।
ਨਹੁੰਆਂ ਦੇ ਅਰਧ-ਚੰਦਰਾਕਾਰ ਭਾਗ 'ਤੇ ਨੀਲਾਪਨ ਆਉਣਾ ਸਰੀਰ ਵਿਚ ਖਰਾਬ ਖੂਨ ਦਾ ਸੰਚਾਰ, ਦਿਲ ਦੇ ਰੋਗ ਆਦਿ ਦਾ ਸੂਚਕ ਹੈ। ਜੇ ਨਹੁੰ ਹੌਲੀ ਗਤੀ ਨਾਲ ਵਧਣ ਅਤੇ ਮੋਟੇ ਅਤੇ ਬਹੁਤ ਸਖ਼ਤ ਹੋ ਜਾਂਦੇ ਹੋਣ ਜਾਂ ਪੀਲੇ, ਹਰੇ ਦਿਖਾਈ ਦੇਣ ਲੱਗਣ ਤਾਂ ਇਸ ਦਾ ਕਾਰਨ ਸਾਹ ਰੋਗ ਥਾਇਰਾਇਡ ਨਾਲ ਸਬੰਧਤ ਰੋਗ ਹੋ ਸਕਦੇ ਹਨ।
ਨਹੁੰਆਂ ਦੇ ਸਿਰੇ ਦੇ ਕੋਲ ਵਾਲਾ ਅੱਧਾ ਨਹੁੰ ਗੁਲਾਬੀ ਜਾਂ ਭੂਰਾ ਦਿਖਾਈ ਦਿੰਦਾ ਹੈ ਅਤੇ ਜੜ੍ਹ ਦੇ ਨਾਲ ਵਾਲਾ ਅੱਧਾ ਭਾਗ ਸਫੈਦ। ਇਸ ਨੂੰ ਅੱਧਾ-ਅੱਧਾ ਨਹੁੰ ਵੀ ਕਹਿੰਦੇ ਹਨ। ਨਹੁੰਆਂ ਦੀ ਇਹ ਹਾਲਤ ਬਹੁਤ ਸਮੇਂ ਤੋਂ ਗੁਰਦਿਆਂ ਦੀ ਹੀਣ ਕਾਰਜ ਸਮਰੱਥਾ ਦਾ ਲੱਛਣ ਹੋ ਸਕਦੀ ਹੈ।
ਨਹੁੰਆਂ ਦੀਆਂ ਆਰ-ਪਾਰ ਦੱਬੀਆਂ ਹੋਈਆਂ ਸਮਾਨਾਂਤਰ ਲਕੀਰਾਂ ਭੋਜਨ 'ਚ ਪੋਸ਼ਕ ਤੱਤਾਂ ਦੀ ਕਮੀ ਜਾਂ ਅਜਿਹੇ ਕਿਸੇ ਉਗਰ ਰੋਗ ਦੇ ਕਾਰਨ ਪੈ ਸਕਦੀਆਂ ਹਨ, ਜਿਸ ਵਿਚ ਨਹੁੰਆਂ ਦਾ ਵਧਣਾ ਅਸਥਾਈ ਰੂਪ ਨਾਲ ਰੁਕ ਜਾਂਦਾ ਹੈ।
ਨਹੁੰਆਂ ਦਾ ਸਿਰਾ ਮੋਟਾ ਹੋਣਾ ਤਪਦਿਕ, ਵਾਤਸ਼ੋਥ, ਵੱਡੀ ਅੰਤੜੀ ਦੀ ਸੋਜ ਅਤੇ ਜ਼ਖਮ ਜਾਂ ਜਿਗਰ ਰੋਗ ਦਾ ਸੂਚਕ ਹੈ। ਇਸ ਸਥਿਤੀ ਵਿਚ ਨਹੁੰ ਅਸਾਧਾਰਨ ਢੰਗ ਨਾਲ ਉੱਪਰ ਵੱਲ ਉੱਠ ਜਾਂਦਾ ਹੈ ਅਤੇ ਉਂਗਲੀ ਦੇ ਸਿਰਿਆਂ ਦੇ ਚਾਰੋ ਪਾਸੇ ਮੁੜ ਜਾਂਦਾ ਹੈ।
ਚਰਮਰੋਗ ਤੋਂ ਪੀੜਤ ਅਨੇਕ ਵਿਅਕਤੀਆਂ ਦੇ ਨਹੁੰਆਂ ਵਿਚ ਬੇਡੌਲ ਟੋਏ ਪਾਏ ਜਾਂਦੇ ਹਨ।
ਜੇ ਹਥੌੜੇ ਨਾਲ ਕੁੱਟੇ ਹੋਏ ਪਿੱਤਲ ਦੇ ਭਾਂਡਿਆਂ ਵਾਂਗ ਨਹੁੰਆਂ 'ਤੇ ਸੀਧ ਵਿਚ ਗੱਡੇ ਪੈ ਜਾਂਦੇ ਹੋਣ ਤਾਂ ਅਜਿਹੀ ਹਾਲਤ ਤੁਹਾਡੇ ਵਾਲਾਂ ਲਈ ਘਾਤਕ ਹੈ। ਨਹੁੰਆਂ ਦੀ ਅਜਿਹੀ ਹਾਲਤ ਦਾ ਕਾਰਨ ਕਦੇ-ਕਦੇ ਗੰਜਾਪਨ ਹੁੰਦਾ ਹੈ। ਇਹ ਰੋਗ ਪੂਰੀ ਤਰ੍ਹਾਂ ਸਮਝ ਵਿਚ ਨਹੀਂ ਆ ਸਕਿਆ ਹੈ। ਇਸ ਵਿਚ ਸਿਰ ਦੇ ਸਾਰੇ ਵਾਲ ਉਡ ਜਾਂਦੇ ਹਨ ਜਾਂ ਕਿਤੇ-ਕਿਤੇ ਉਹ ਡਿਗ ਜਾਂਦੇ ਹਨ।
ਸਰੀਰ ਵਿਚ ਖੂਨ ਸੰਚਾਰ ਠੀਕ ਨਾ ਹੋਣ 'ਤੇ ਨਹੁੰ ਹੌਲੀ-ਹੌਲੀ ਵਧਦੇ ਹਨ ਅਤੇ ਮੋਟੇ, ਸਖ਼ਤ ਅਤੇ ਪੀਲੇ ਧੱਬਿਆਂ ਵਾਲੇ ਹੋ ਜਾਂਦੇ ਹਨ। ਅਜਿਹੇ ਨਹੁੰ ਸ਼ੂਗਰ ਅਤੇ ਦਿਲ ਦੇ ਰੋਗ ਤੋਂ ਪੀੜਤ ਵਿਅਕਤੀਆਂ ਦੇ ਵੀ ਹੋ ਸਕਦੇ ਹਨ। ਕਦੇ-ਕਦੇ ਆਕਸੀਜਨ ਦੀ ਕਮੀ ਦੇ ਕਾਰਨ ਨਹੁੰਆਂ ਦਾ ਆਧਾਰ ਨੀਲਾ ਦਿਸਣ ਲਗਦਾ ਹੈ।
ਨਹੁੰਆਂ ਦੇ ਆਮ ਵਾਧੇ ਲਈ ਪੌਸ਼ਟਿਕ ਭੋਜਨ ਜ਼ਰੂਰੀ ਹੈ। ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਹੋਣ 'ਤੇ ਜਾਂ ਮਾਨਸਿਕ ਸਥਿਤੀ ਠੀਕ ਨਾ ਹੋਣ 'ਤੇ ਨਹੁੰਆਂ ਦੇ ਆਰ-ਪਾਰ ਤਿਰਛੀਆਂ ਰੇਖਾਵਾਂ ਪੈ ਜਾਂਦੀਆਂ ਹਨ, ਜਿਨ੍ਹਾਂ ਨੂੰ 'ਬੋ ਲਾਈਨ' ਕਿਹਾ ਜਾਂਦਾ ਹੈ। ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਨਾਲ ਨਹੁੰ ਕੜਕੀਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਪਰਤ ਟੁੱਟਣ ਲਗਦੀ ਹੈ।
ਇਸ ਤਰ੍ਹਾਂ ਨਹੁੰ ਤੁਹਾਡੀ ਸਿਹਤ ਸਬੰਧੀ ਮਹੱਤਵਪੂਰਨ ਸੂਚਨਾਵਾਂ ਦਿੰਦੇ ਹਨ। ਇਨ੍ਹਾਂ ਦੀ ਭਾਸ਼ਾ ਨੂੰ ਸਮਝੋ ਅਤੇ ਆਪਣੀ ਸਿਹਤ ਸੁਧਾਰੋ।

ਹੋਮਿਓਪੈਥਿਕ ਇਲਾਜ

ਥਾਇਰਾਇਡ ਰੋਗ ਅਤੇ ਇਲਾਜ

ਥਾਇਰਾਇਡ ਗ੍ਰੰਥੀ ਸਾਡੇ ਗਲੇ ਦੇ ਅੰਦਰਲੇ ਹਿੱਸੇ ਵਿਚ ਹੁੰਦੀ ਹੈ। ਇਸ ਵਿਚੋਂ ਟੀ3, ਟੀ4, ਟੀ.ਐਸ.ਐਚ. ਨਾਂਅ ਦੇ ਹਾਰਮੋਨ ਨਿਕਲਦੇ ਹਨ, ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਅਤੇ ਸਾਡੇ ਸਰੀਰ ਦੇ ਵਿਕਾਸ ਵਿਚ ਮਦਦ ਕਰਦੇ ਹਨ। ਜਦੋਂ ਕਿਸੇ ਕਾਰਨ ਥਾਇਰਾਇਡ ਗ੍ਰੰਥੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਅਤੇ ਇਨ੍ਹਾਂ ਹਾਰਮੋਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਤਾਂ ਸਿੱਟੇ ਵਜੋਂ ਥਾਇਰਾਇਡ ਸਬੰਧੀ ਰੋਗ ਸਾਹਮਣੇ ਆਉਂਦੇ ਹਨ। ਜਦੋਂ ਇਹ ਹਾਰਮੋਨ ਸਰੀਰ ਵਿਚ ਘੱਟ ਜਾਂਦੇ ਹਨ ਤਾਂ ਇਸ ਨੂੰ ਹਾਇਪੋਥਾਇਰਾਇਡ ਕਹਿੰਦੇ ਹਨ ਅਤੇ ਸਰੀਰ ਵਿਚ ਇਨ੍ਹਾਂ ਦੇ ਵਧਣ ਨੂੰ ਹਾਇਪਰਥਾਇਰਾਇਡ ਕਹਿੰਦੇ ਹਨ। ਇਨ੍ਹਾਂ ਦੋਵਾਂ ਬਿਮਾਰੀਆਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ। ਹਾਇਪੋਥਾਇਰਾਇਡ ਵਿਚ ਰੋਗੀ ਦੇ ਸਰੀਰ ਵਿਚ ਫੁਲਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੇ ਸਾਰੇ ਜੋੜਾਂ ਵਿਚ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਮਰੀਜ਼ ਦੀ ਭੁੱਖ ਅਤੇ ਪਿਆਸ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੀਂਦ ਬਹੁਤ ਵਧ ਜਾਂਦੀ ਹੈ। ਸਰੀਰ ਵਿਚ ਸੁਸਤੀ ਅਤੇ ਥਕਾਵਟ ਰਹਿੰਦੀ ਹੈ। ਮਰੀਜ਼ ਠੰਢ ਜ਼ਿਆਦਾ ਮਹਿਸੂਸ ਕਰਦੇ ਹਨ ਅਤੇ ਠੰਢੇ ਪਾਣੀ ਨਾਲ ਨਹਾਉਣ ਤੋਂ ਡਰਦੇ ਹਨ। ਜਦੋਂ ਇਹ ਬਿਮਾਰੀ ਬਹੁਤ ਵਧ ਜਾਂਦੀ ਹੈ ਤਾਂ ਮਰੀਜ਼ ਤਣਾਅ ਵਿਚ ਰਹਿੰਦੇ ਹਨ, ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ।
ਦੂਜੇ ਪਾਸੇ ਹਾਇਪਰਥਾਇਰਾਇਡ ਰੋਗੀ ਦੇ ਲੱਛਣ ਬਿਲਕੁਲ ਇਸ ਤੋਂ ਅਲੱਗ ਹੁੰਦੇ ਹਨ। ਮਰੀਜ਼ ਦਾ ਸਰੀਰ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਉਸ ਦੀ ਭੁੱਖ ਅਤੇ ਪਿਆਸ ਬਹੁਤ ਵਧ ਜਾਂਦੀ ਹੈ ਅਤੇ ਨੀਂਦ ਘਟ ਜਾਂਦੀ ਹੈ। ਮਰੀਜ਼ ਨੂੰ ਦਸਤ ਛੇਤੀ-ਛੇਤੀ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਖਾਂ ਬਾਹਰ ਨੂੰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੋਰ ਲੱਛਣ ਜਿਵੇਂ ਦਿਲ ਦੀ ਧੜਕਣ ਦਾ ਵਧਣਾ, ਨਬਜ਼ ਤੇਜ਼ ਰਹਿਣਾ, ਮਾਸਪੇਸ਼ੀਆਂ ਦੀ ਥਕਾਵਟ, ਸਰੀਰ ਵਿਚੋਂ ਸੇਕ ਨਿਕਲਣਾ ਆਦਿ ਲੱਛਣ ਮਰੀਜ਼ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ।
ਇਲਾਜ : ਮੈਡੀਕਲ ਸਾਇੰਸ ਦੁਆਰਾ ਸਾਰੇ ਸੰਸਾਰ ਵਿਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਮੈਡੀਕਲ ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਤਾਂ ਕਿਉਂ ਐਲਰਜੀ, ਦਮਾ, ਕਣਕ ਐਲਰਜੀ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਥਾਇਰਾਇਡ, ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਅਤੇ ਹੋਰ ਅਣਗਿਣਤ ਬਿਮਾਰੀਆਂ ਨੂੰ ਸਿਰਫ ਕੰਟਰੋਲ ਹੀ ਕੀਤਾ ਜਾ ਰਿਹਾ ਹੈ ਅਤੇ ਹਮੇਸ਼ਾ ਲਈ ਖ਼ਤਮ ਕਰਕੇ ਮਰੀਜ਼ ਨੂੰ ਤੰਦਰੁਸਤ ਨਹੀਂ ਕੀਤਾ ਜਾ ਸਕਦਾ? ਕਿਉਂ ਇਕ ਮਰੀਜ਼ ਸਾਰੀ ਜ਼ਿੰਦਗੀ ਲਈ ਮਰੀਜ਼ ਬਣ ਕੇ ਰਹਿ ਜਾਂਦਾ ਹੈ ਅਤੇ ਉਹ ਖੁੱਲ੍ਹ ਕੇ ਖਾਣ ਤੋਂ ਡਰਦਾ ਹੈ, ਖੁੱਲ੍ਹ ਕੇ ਘੁੰਮਣ-ਫਿਰਨ ਅਤੇ ਭੱਜ-ਨੱਠ ਕਰਨ ਤੋਂ ਡਰਦਾ ਹੈ ਅਤੇ ਦਵਾਈ ਦੀ ਇਕ ਵੀ ਖੁਰਾਕ ਦਾ ਨਾਗਾ ਪਾਉਣ ਤੋਂ ਡਰਦਾ ਹੈ? ਕਿਉਂ ਉਸ ਮਰੀਜ਼ ਨੂੰ ਦਵਾਈ ਸਾਰੀ ਉਮਰ ਹੀ ਖਾਣੀ ਪੈਂਦੀ ਹੈ? ਕੀ ਇਹ ਹੀ ਹੈ ਸਾਡੀ ਮੈਡੀਕਲ ਸਾਇੰਸ ਦੀ ਤਰੱਕੀ? ਮਰੀਜ਼ ਦੇ ਹਜ਼ਾਰਾਂ ਰੁਪਏ ਬਿਮਾਰੀ ਲੱਭਣ ਲਈ ਕੀਤੇ ਜਾਣ ਵਾਲੇ ਟੈਸਟਾਂ 'ਤੇ ਖਰਚ ਕਰ ਦਿੱਤੇ ਜਾਂਦੇ ਹਨ ਪਰ ਮਰੀਜ਼ ਨੂੰ ਸਿਰਫ ਕੁਝ ਕੁ ਮਿੰਟ ਹੀ ਸੁਣਿਆ ਜਾਂਦਾ ਹੈ ਅਤੇ ਬਿਮਾਰੀ ਨੂੰ ਲਾਇਲਾਜ ਕਹਿ ਕੇ ਹੱਥ ਜੋੜ ਦਿੱਤੇ ਜਾਂਦੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਤੋਂ ਨਿਰਾਸ਼ ਹੋ ਕੇ ਹੋਮਿਓਪੈਥੀ ਦੇ ਜਨਮਦਾਤਾ ਡਾ: ਹੈਨੀਮੈਨ, ਜੋ ਕਿ ਮੈਡੀਕਲ ਸਾਇੰਸ ਦੇ ਐਮ.ਡੀ. ਡਾਕਟਰ ਸਨ ਅਤੇ ਉਸ ਸਮੇਂ ਦੇ ਮੰਨੇ-ਪ੍ਰਮੰਨੇ ਐਲੋਪੈਥ ਸਨ, ਨੇ ਆਪਣੀ ਸਾਇੰਸ ਨੂੰ ਤਿਆਗ ਕੇ ਇਸ ਨਵੀਂ ਸਾਇੰਸ ਹੋਮਿਓਪੈਥੀ ਦੀ ਖੋਜ ਕੀਤੀ ਸੀ, ਕਿਉਂਕਿ ਉਹ ਦੇਖ ਰਹੇ ਸਨ ਕਿ ਇਕ ਬਿਮਾਰੀ ਨੂੰ ਠੀਕ ਕਰਕੇ ਭੇਜਣ ਤੋਂ ਬਾਅਦ ਵੀ ਮਰੀਜ਼ ਉਸੇ ਤਰ੍ਹਾਂ ਦੀਆਂ ਅਲਾਮਤਾਂ ਲੈ ਕੇ ਆ ਜਾਂਦਾ ਹੈ ਅਤੇ ਤੰਦਰੁਸਤੀ ਹਾਸਲ ਨਹੀਂ ਕਰ ਪਾਉਂਦਾ। ਉਹ ਇਕ ਅਜਿਹੀ ਸਾਇੰਸ ਦੀ ਖੋਜ ਵਿਚ ਸਨ, ਜਿਸ ਦੁਆਰਾ ਬਿਮਾਰੀ ਨੂੰ ਇਕ ਵਾਰ ਠੀਕ ਕਰਨ ਤੋਂ ਬਾਅਦ ਵਾਰ-ਵਾਰ ਉਹੀ ਬਿਮਾਰੀ ਨਾ ਆਵੇ ਅਤੇ ਮਰੀਜ਼ ਹਮੇਸ਼ਾ ਲਈ ਤੰਦਰੁਸਤ ਹੋ ਜਾਵੇ ਅਤੇ ਫਿਰ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੋਮਿਓਪੈਥੀ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਆਇਆ, ਜਿਸ ਵਿਚ ਇਕੋ ਵਾਰ ਬਿਮਾਰੀ ਦੀ ਜੜ੍ਹ ਲੱਭ ਕੇ ਠੀਕ ਕਰਨ ਤੋਂ ਬਾਅਦ ਬਿਮਾਰੀ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ।


-ਮੋਤੀ ਨਗਰ, ਮਕਸੂਦਾਂ, ਜਲੰਧਰ।
www.ravinderhomeopathy.com

ਸਹੀ ਖਾਣ-ਪੀਣ ਦਿੰਦਾ ਹੈ ਆਕਰਸ਼ਕ ਜਿਸਮ

ਅੱਜ ਦੇ ਭੌਤਿਕਵਾਦੀ ਅਤੇ ਮੁਕਾਬਲਾ ਭਰਪੂਰ ਯੁੱਗ ਵਿਚ ਸ਼ਖ਼ਸੀਅਤ ਦਾ ਬਹੁਤ ਅਹਿਮ ਸਥਾਨ ਹੈ। ਸ਼ਖ਼ਸੀਅਤ ਤਾਂ ਹੀ ਪ੍ਰਭਾਵਸ਼ਾਲੀ ਹੁੰਦੀ ਹੈ, ਜੇ ਤੁਸੀਂ ਹਮੇਸ਼ਾ ਚੁਸਤ-ਦਰੁਸਤ ਦਿਸੋ ਅਤੇ ਇਸ ਦੇ ਲਈ ਜਿਥੇ ਬਿਹਤਰ ਤੌਰ-ਤਰੀਕੇ, ਉੱਠਣ-ਬੈਠਣ ਦਾ ਢੰਗ ਅਤੇ ਕੱਦ-ਕਾਠ ਮਹੱਤਵਪੂਰਨ ਹੈ, ਉਥੇ ਖਾਣ-ਪੀਣ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਅੱਲੜ੍ਹ ਉਮਰ ਵਿਚ ਜਦੋਂ ਲੜਕੇ-ਲੜਕੀਆਂ ਵਿਚ ਤੇਜ਼ ਰਫਤਾਰ ਨਾਲ ਸਰੀਰਕ ਤਬਦੀਲੀ ਹੁੰਦੀ ਹੈ, ਅਜਿਹੇ ਸਮੇਂ ਵਿਚ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ।
ਕਈ ਮੁੰਡੇ-ਕੁੜੀਆਂ ਡਾਇਟਿੰਗ ਦੇ ਚਲਦੇ ਆਪਣੇ ਮਨਪਸੰਦ ਭੋਜਨ ਨੂੰ ਛੂਹਣ ਤੋਂ ਵੀ ਪ੍ਰਹੇਜ਼ ਕਰਦੇ ਹਨ ਪਰ ਡਾਕਟਰਾਂ ਅਨੁਸਾਰ ਇਸ ਤਰ੍ਹਾਂ ਉਨ੍ਹਾਂ ਦੇ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਸਹੀ ਢੰਗ ਨਾਲ ਅਤੇ ਸਿਹਤ ਸਬੰਧੀ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੀ ਪਸੰਦ ਦਾ ਭੋਜਨ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਤੁਸੀਂ ਚਿਕਨਾਈ ਵਾਲੇ ਪਦਾਰਥਾਂ ਦਾ ਸੇਵਨ ਬੰਦ ਕਰ ਦਿਓ, ਕਿਉਂਕਿ ਚਿਕਨਾਈ ਦੇ ਰੂਪ ਵਿਚ ਜੋ ਚਰਬੀ ਤੁਹਾਡੇ ਸਰੀਰ ਵਿਚ ਪ੍ਰਵੇਸ਼ ਕਰਦੀ ਹੈ, ਉਹ ਤੁਹਾਡੀ ਚਰਬੀ ਵਿਚ ਵਾਧਾ ਕਰਦੀ ਹੈ, ਜਿਸ ਨਾਲ ਤੁਹਾਡਾ ਭਾਰ ਵਧ ਜਾਂਦਾ ਹੈ। ਇਸ ਲਈ ਮਲਾਈ, ਪਨੀਰ, ਆਂਡਾ, ਮਾਸਾਹਾਰੀ ਪਦਾਰਥਾਂ ਅਤੇ ਹੋਰ ਚਰਬੀ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ।
ਇਸ ਤੋਂ ਇਲਾਵਾ ਬਾਜ਼ਾਰ ਵਿਚ ਵਿਕਣ ਵਾਲੇ ਪੀਣ ਵਾਲੇ ਪਦਾਰਥ ਅਤੇ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਵੀ ਸਰੀਰ ਨੂੰ ਪੋਸ਼ਣ ਦੇਣ ਦੀ ਬਜਾਏ ਸਿਰਫ ਕੈਲੋਰੀ ਹੀ ਦਿੰਦੀਆਂ ਹਨ। ਇਸ ਲਈ ਜੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਖਾਣ-ਪੀਣ ਤੋਂ ਪ੍ਰਹੇਜ਼ ਕਰੋ।
ਧਿਆਨ ਰਹੇ ਕਿ ਜਦੋਂ ਭੁੱਖ ਲੱਗੇ, ਉਦੋਂ ਹੀ ਕੁਝ ਖਾਓ। ਖਾਣੇ ਤੋਂ ਪਹਿਲਾਂ ਦੇਖ ਲਓ ਕਿ ਕਿਤੇ ਵੈਸੇ ਹੀ ਖਾਣੇ ਨੂੰ ਦੇਖ ਕੇ ਤਾਂ ਮਨ ਨਹੀਂ ਲਲਚਾ ਰਿਹਾ ਭਾਵ ਵਾਕਿਆ ਹੀ ਭੁੱਖ ਲੱਗੀ ਵੀ ਹੈ ਜਾਂ ਨਹੀਂ। ਜਦੋਂ ਭੁੱਖ ਲੱਗੇ ਤਾਂ ਸਲਾਦ, ਫਲ, ਪੁੰਗਰੇ ਅਨਾਜ, ਫਲਾਂ ਦਾ ਰਸ, ਦਹੀਂ ਆਦਿ ਹਲਕੇ ਭੋਜਨ ਦਾ ਸੇਵਨ ਕਰੋ। ਭਾਰ ਘਟਾਉਣ ਦੇ ਚੱਕਰ ਵਿਚ ਰੋਟੀ ਤੋਂ ਬਿਲਕੁਲ ਹੀ ਪ੍ਰਹੇਜ਼ ਨਾ ਕਰੋ। ਇਸ ਦੇ ਨਾਲ ਹੀ ਜੋ ਹਲਕਾ-ਫੁਲਕਾ ਤੁਹਾਨੂੰ ਪਸੰਦ ਹੋਵੇ, ਉਹੀ ਖਾਓ। ਭਾਰੇ ਅਤੇ ਤਲੇ-ਭੁੰਨੇ ਭੋਜਨ ਦੇ ਸੇਵਨ ਤੋਂ ਬਚੋ। ਇਨ੍ਹਾਂ ਪਦਾਰਥਾਂ ਦਾ ਸੇਵਨ ਨਾ ਹੀ ਕਰੋ ਤਾਂ ਚੰਗਾ ਹੈ।
ਕਸਰਤ ਦਾ ਯੋਗਦਾਨ : ਭਾਰ ਘਟਾਉਣ ਦਾ ਸਭ ਤੋਂ ਕਾਰਗਰ ਨੁਸਖਾ ਹੈ ਕਸਰਤ। ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ ਹੀ ਕਸਰਤ ਵੀ ਇਸ ਵਾਸਤੇ ਬਹੁਤ ਜ਼ਰੂਰੀ ਹੈ। ਰੋਜ਼ਾਨਾ ਆਪਣੀ ਸਮਰੱਥਾ ਦੇ ਅਨੁਸਾਰ ਕਸਰਤ ਕਰੋ। ਇਹ ਨਾ ਹੋਵੇ ਕਿ ਛੇਤੀ ਭਾਰ ਘਟਾਉਣ ਦਾ ਸੁਪਨਾ ਮਨ ਵਿਚ ਲਈ ਇਕ ਹੀ ਦਿਨ ਵਿਚ ਏਨੀ ਕਸਰਤ ਕਰ ਲਓ ਕਿ ਉਸ ਤੋਂ ਬਾਅਦ ਤੁਹਾਡਾ ਸਰੀਰ ਹਰਕਤ ਕਰਨੀ ਹੀ ਬੰਦ ਕਰ ਦੇਵੇ।
ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਬਾਰੇ ਵਿਚ ਸਹੀ ਜਾਣਕਾਰੀ ਹਾਸਲ ਕਰ ਲਓ। ਸੰਭਵ ਹੋਵੇ ਤਾਂ ਕਿਸੇ ਮਾਹਿਰ ਦੀ ਦੇਖ-ਰੇਖ ਵਿਚ ਕਸਰਤ ਕਰੋ। ਪਹਿਲੀ ਵਾਰ ਬਹੁਤ ਹੀ ਘੱਟ ਕਸਰਤ ਕਰੋ। ਸਮੇਂ ਦੀ ਹੱਦ ਅਤੇ ਕਸਰਤ ਦੀ ਗਤੀ ਵੀ ਹੌਲੀ-ਹੌਲੀ ਵਧਾਓ। ਕਸਰਤ ਕਰਦੇ ਸਮੇਂ ਆਪਣੀ ਸਰੀਰਕ ਸਮਰੱਥਾ ਦੀ ਵੀ ਜਾਂਚ ਕਰ ਲਓ ਅਤੇ ਇਸ ਦੇ ਅਨੁਸਾਰ ਹੀ ਕਸਰਤ ਕਰੋ।
ਸਾਈਕਲ ਚਲਾਉਣਾ, ਨੱਚਣਾ, ਯੋਗਾ ਕਰਨਾ ਆਦਿ ਸਾਰੇ ਕੰਮ ਕਸਰਤ ਵਿਚ ਸ਼ਾਮਿਲ ਹਨ। ਜੇ ਤੁਸੀਂ ਕਸਰਤ ਲਈ ਆਪਣੀ ਰੋਜ਼ਮਰ੍ਹਾ ਵਿਚੋਂ ਵੱਖ ਸਮਾਂ ਨਹੀਂ ਕੱਢ ਸਕਦੇ ਤਾਂ ਰੋਜ਼ਾਨਾ ਕੰਮਾਂ ਵਿਚ ਅਜਿਹੀਆਂ ਗਤੀਵਿਧੀਆਂ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਕਸਰਤ ਵੀ ਹੋ ਜਾਵੇ, ਜਿਵੇਂ ਤੁਸੀਂ ਰੋਜ਼ਾਨਾ ਕਿਸੇ ਵੀ ਕੰਮ ਲਈ ਸਕੂਟਰ ਜਾਂ ਕਾਰ 'ਤੇ ਹੀ ਆਉਂਦੇ-ਜਾਂਦੇ ਹੋ ਤਾਂ ਥੋੜ੍ਹੀ ਦੂਰੀ ਲਈ ਆਪਣੀ ਸਵਾਰੀ ਨੂੰ ਨਜ਼ਰਅੰਦਾਜ਼ ਕਰਕੇ ਪੈਦਲ ਚੱਲੋ। ਕਸਰਤ ਜਿਥੇ ਤੁਹਾਡਾ ਭਾਰ ਘੱਟ ਕਰਕੇ ਤੁਹਾਡੇ ਜਿਸਮ ਨੂੰ ਚੁਸਤ ਬਣਾਏਗੀ, ਉਥੇ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੋਣਗੀਆਂ। ਇਸ ਲਈ ਇਸ ਨੂੰ ਅਣਡਿੱਠ ਨਾ ਕਰੋ।
ਤਣਾਅ ਨਾ ਪਾਲੋ : ਅਕਸਰ ਭਾਰ ਵਧ ਜਾਣ 'ਤੇ ਅੱਲੜ੍ਹ ਮੁੰਡੇ-ਕੁੜੀਆਂ ਆਪਣੇ-ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾ ਲੈਂਦੇ ਹਨ। ਅਜਿਹਾ ਕਦੇ ਨਾ ਕਰੋ, ਕਿਉਂਕਿ ਚਿੰਤਾ ਚਿਤਾ ਦੇ ਬਰਾਬਰ ਹੁੰਦੀ ਹੈ, ਜਿਸ ਵਿਚ ਵਿਅਕਤੀ ਅੰਦਰ ਹੀ ਅੰਦਰ ਘੁੱਟ ਕੇ ਆਪਣੇ ਸਰੀਰ ਨੂੰ ਕਈ ਰੋਗਾਂ ਦਾ ਸ਼ਿਕਾਰ ਬਣਾ ਲੈਂਦਾ ਹੈ। ਤੁਸੀਂ ਆਪਣੇ ਮੋਟਾਪੇ ਤੋਂ ਤਾਂ ਪ੍ਰੇਸ਼ਾਨ ਹੁੰਦੇ ਹੀ ਹੋ, ਫਿਰ ਤਣਾਅਗ੍ਰਸਤ ਹੋ ਕੇ ਕਈ ਬਿਮਾਰੀਆਂ ਨੂੰ ਸੱਦਾ ਕਿਉਂ ਦੇ ਰਹੇ ਹੋ? ਵੈਸੇ ਵੀ ਤਣਾਅ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਆਪਣੇ ਖਾਣ-ਪੀਣ ਨੂੰ ਸਹੀ ਰੱਖੋ ਅਤੇ ਕਸਰਤ ਕਰੋ ਅਤੇ ਤਣਾਅ ਤੋਂ ਹਮੇਸ਼ਾ ਦੂਰ ਰਹੋ। ਇਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਚੁਸਤ-ਦਰੁਸਤ ਅਤੇ ਆਕਰਸ਼ਕ ਜਿਸਮ।

ਸਿਹਤ ਖ਼ਬਰਨਾਮਾ

'ਡਾਈਟ ਕਾਂਸ਼ਿਅਸ' ਹੋਣਾ ਦੇ ਸਕਦਾ ਹੈ ਤੁਹਾਨੂੰ ਲੰਬੀ ਉਮਰ

ਜਿਸ ਤਰ੍ਹਾਂ ਦਿਲ ਦੇ ਰੋਗੀਆਂ, ਸ਼ੂਗਰ ਅਤੇ ਕੈਂਸਰ ਦੇ ਰੋਗੀਆਂ ਦੀ ਸੰਖਿਆ ਵਿਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖ ਕੇ ਅੱਜ ਲੋਕ ਖੁਰਾਕ ਚੇਤੰਨ ਹੋ ਗਏ ਹਨ। ਇਸ ਤੋਂ ਇਲਾਵਾ ਮਾਹਿਰ ਵੀ ਆਪਣੀਆਂ ਖੋਜਾਂ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹੇ ਕਿਹੜੇ ਖਾਧ ਪਦਾਰਥ ਹਨ, ਜਿਨ੍ਹਾਂ ਦੇ ਸੇਵਨ ਦੇ ਨਤੀਜੇ ਵਜੋਂ ਵਿਅਕਤੀ ਰੋਗਾਂ ਤੋਂ ਦੂਰ ਰਹਿ ਕੇ ਲੰਬੀ ਉਮਰ ਜੀਅ ਸਕਦਾ ਹੈ।
ਅਮਰੀਕਾ ਦੇ ਮਾਹਿਰ ਡਾ: ਸਟੀਵਨ ਅਨੁਸਾਰ ਅਜਿਹੇ ਕਈ ਖਾਧ ਪਦਾਰਥ ਹਨ, ਜਿਨ੍ਹਾਂ ਦੇ ਸੇਵਨ ਨਾਲ ਵਿਅਕਤੀ ਕਈ ਰੋਗਾਂ ਤੋਂ ਦੂਰ ਰਹਿ ਸਕਦਾ ਹੈ। ਇਹ ਸਾਰੇ ਖਾਧ ਪਦਾਰਥ ਪੋਸ਼ਕ ਤੱਤਾਂ ਨਾਲ ਯੁਕਤ ਹਨ ਅਤੇ ਘੱਟ ਕੈਲੋਰੀ ਵਾਲੇ ਹਨ ਅਤੇ ਇਨ੍ਹਾਂ ਦੇ ਸੇਵਨ ਨਾਲ ਵਿਅਕਤੀ ਦਿਲ ਦੇ ਰੋਗਾਂ, ਸ਼ੂਗਰ ਅਤੇ ਕਈ ਤਰ੍ਹਾਂ ਦੇ ਕੈਂਸਰ ਤੋਂ ਸੁਰੱਖਿਆ ਪਾ ਸਕਦਾ ਹੈ। ਇਨ੍ਹਾਂ ਖਾਧ ਪਦਾਰਥਾਂ ਨੂੰ ਉਨ੍ਹਾਂ ਨੇ 'ਸੁਪਰਫੂਡ' ਦੀ ਸੰਗਿਆ ਦਿੱਤੀ ਹੈ।
ਡਾ: ਸਟੀਵਨ ਅਨੁਸਾਰ ਸਾਡੀ ਖੁਰਾਕ ਅਤੇ ਰੋਗਾਂ ਵਿਚ ਗੂੜ੍ਹਾ ਸਬੰਧ ਹੈ। ਆਪਣੀ ਖੁਰਾਕ ਵਿਚ ਚੰਗੇ ਭੋਜਨ ਪਦਾਰਥਾਂ ਨੂੰ ਸ਼ਾਮਿਲ ਕਰਕੇ ਅਤੇ ਖਰਾਬ ਭੋਜਨ ਪਦਾਰਥਾਂ ਜਿਵੇਂ ਬੇਹਾ ਭੋਜਨ, ਚੀਨੀ ਅਤੇ ਨਮਕ ਆਦਿ ਦੀ ਮਾਤਰਾ ਘੱਟ ਕਰ ਕੇ ਅਸੀਂ ਕਈ ਰੋਗਾਂ 'ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਦੇ ਇਨ੍ਹਾਂ ਵਧੀਆ ਖਾਧ ਪਦਾਰਥਾਂ ਵਿਚ ਬੀਨਸ, ਜਾਮਣ, ਬ੍ਰੋਕਲੀ, ਸੰਤਰਾ, ਪਾਲਕ ਸੀਤਾਫਲ, ਸੋਇਆ, ਟਮਾਟਰ, ਚਾਹ, ਦਹੀਂ, ਅਖਰੋਟ, ਸਾਲਮਨ ਮੱਛੀ ਅਤੇ ਜਈ ਸ਼ਾਮਿਲ ਹੈ।
ਬਜ਼ੁਰਗ ਲੋਕ ਜ਼ਿਆਦਾ ਸਕਾਰਾਤਮਿਕ ਹੁੰਦੇ ਹਨ

ਇਕ ਨਵੀਂ ਖੋਜ ਨਾਲ ਇਹ ਸਾਹਮਣੇ ਆਇਆ ਹੈ ਕਿ ਬਜ਼ੁਰਗ ਲੋਕ ਜਵਾਨ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਸਕਾਰਾਤਮਿਕ ਤਾਂ ਹੁੰਦੇ ਹੀ ਹਨ, ਨਾਲ ਹੀ ਉਹ ਆਪਣੇ ਤਜਰਬੇ ਦੀਆਂ ਨਕਾਰਾਤਮਿਕ ਗੱਲਾਂ ਨੂੰ ਘੱਟ ਯਾਦ ਰੱਖਦੇ ਹਨ। ਉਹ ਉਨ੍ਹਾਂ ਨੂੰ ਛੇਤੀ ਭੁੱਲ ਜਾਂਦੇ ਹਨ ਜਦੋਂ ਕਿ ਸਕਾਰਾਤਮਿਕ ਗੱਲਾਂ ਨੂੰ ਜ਼ਿਆਦਾ ਯਾਦ ਰੱਖਦੇ ਹਨ। 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਜਦੋਂ 'ਮੈਮਰੀ ਟੈਸਟ' ਕੀਤਾ ਗਿਆ ਤਾਂ ਉਨ੍ਹਾਂ ਵਿਚ 'ਨੈਗੇਟਿਵ ਇਮੇਜ' ਜ਼ਿਆਦਾ ਪਾਈ ਗਈ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚ ਜ਼ਿਆਦਾ ਸਕਾਰਾਤਮਿਕ ਦਿੱਖ ਪਾਈ ਗਈ। ਮਾਹਿਰਾਂ ਅਨੁਸਾਰ ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਤਜਰਬਾ ਹੈ, ਜਿਸ ਕਾਰਨ ਉਹ ਹੰਢ ਜਾਂਦੇ ਹਨ ਅਤੇ ਅਜਿਹਾ ਨਜ਼ਰੀਆ ਰੱਖਦੇ ਹਨ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX