ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਦਸਤਾਰ ਦਾ ਗੌਰਵ

ਦਸਤਾਰ ਦਾ ਇਤਿਹਾਸ ਬਹੁ-ਪੱਖੀ, ਗ਼ੌਰਵਮਈ ਅਤੇ ਪ੍ਰਾਚੀਨ ਹੈ। ਕਈ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਦਸਤਾਰ ਦਾ ਮੁੱਢ ਯਹੂਦੀਆਂ ਤੇ ਅਰਬ ਵਾਸੀਆਂ ਤੋਂ ਹੈ। ਭਾਰਤੀ ਇਤਿਹਾਸਕਾਰਾਂ ਦੀ ਇਹ ਧਾਰਨਾ ਰਹੀ ਹੈ ਕਿ ਪਗੜੀ ਸੰਸਾਰ ਨੂੰ ਭਾਰਤ ਦੀ ਦੇਣ ਹੈ। ਰਿਗਵੇਦ ਵਿਚ ਯੱਗ ਜਾਂ ਪੂਜਾ ਦੇ ਸਮੇਂ ਸਿਰ 'ਤੇ ਵੱਖ-ਵੱਖ ਰੰਗਾਂ ਦੇ ਪਹਿਰਾਵੇ ਦਾ ਕਥਨ ਮਿਲਦਾ ਹੈ। 'ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ, ਪੰਜਾਬੀ ਯੂਨੀਵਰਸਿਟੀ, ਪਟਿਆਲਾ' ਵਿਚ ਲਿਖਿਆ ਹੈ ਕਿ ਪੱਗਾਂ ਦੇ ਚਿੱਤਰ ਸਾਂਚੀ ਅਤੇ ਅਜੰਤਾ ਦੀਆਂ ਗੁਫ਼ਾਵਾਂ ਵਿਚ ਮਿਲਦੇ ਹਨ, ਜੋ ਈਸਾ ਦੇ ਜਨਮ ਤੋਂ 200 ਸਾਲ ਪੁਰਾਣੇ ਹਨ।
ਈਸਾਈਆਂ ਵਿਚ ਬਪਤਿਸਮਾ ਦੇਣ ਵੇਲੇ ਪੱਗ ਬੰਨ੍ਹਣੀ ਲਾਜ਼ਮੀ ਹੈ। ਬਾਈਬਲ ਵਿਚ ਵੀ ਪੱਗ ਬੰਨ੍ਹਣ ਦਾ ਕਥਨ ਹੈ। ਇਸਲਾਮ ਵਿਚ ਪੱਗ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਕਈ ਹਦੀਸਾਂ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਫੁਰਮਾਨ ਕੀਤਾ ਹੈ 'ਪੱਗ ਬੰਨ੍ਹਣ ਦੀ ਆਦਤ ਬਣਾਓ, ਕਿਉਂਕਿ ਇਹ ਫ਼ਰਿਸ਼ਤਿਆਂ ਦੀ ਨਿਸ਼ਾਨੀ ਹੈ। ਕਿਹਾ ਜਾਂਦਾ ਹੈ ਕਿ ਫ਼ਰਿਸ਼ਤੇ ਵੀ ਪੱਗ ਬੰਨ੍ਹਦੇ ਹਨ।'
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ 'ਮਾਰੂ ਰਾਗ' ਵਿਚ ਸ਼ਬਦ ਹੈ (ਪੰਨਾ-੧੦੮੪), ਜਿਸ ਵਿਚ ਇਸ ਤਰ੍ਹਾਂ ਸਪੱਸ਼ਟ ਲਿਖਿਆ ਹੈ :
ਕਾਇਆ ਕਿਰਦਾਰ ਅਉਰਤ ਯਕੀਨਾ ਰੰਗ ਤਮਾਸੇ ਮਾਣਿ ਹਕੀਨਾ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥
ਮਨੁੱਖ ਦੀ ਪਹਿਚਾਣ ਦਸਤਾਰ ਤੇ ਗੁਫ਼ਤਾਰ (ਭਾਵ ਗੱਲਬਾਤ) ਤੋਂ ਕੀਤੀ ਜਾ ਸਕਦੀ ਹੈ। ਪੱਗ ਦੀ ਪਹਿਚਾਣ ਸਭ ਤੋਂ ਪ੍ਰਮੁੱਖ ਹੈ। ਬਾਦਸ਼ਾਹਾਂ ਦੀ ਪੱਗ ਅਤੇ ਧਾਰਮਿਕ ਬੰਦਿਆਂ ਦੇ ਪੱਗ ਬੰਨ੍ਹਣ ਦੇ ਚਿੰਨ੍ਹ ਜਾਂ ਪੱਗ ਬੰਨ੍ਹਣ ਦੇ ਤੌਰ-ਤਰੀਕੇ ਹੋਰ ਤਰ੍ਹਾਂ ਹੁੰਦੇ ਹਨ। ਆਮ ਮਨੁੱਖ ਦੇ ਪੱਗ ਬੰਨ੍ਹਣ ਦਾ ਤਰੀਕਾ ਹੋਰ ਤਰ੍ਹਾਂ ਦਾ ਹੈ। ਪੰਜਾਬ ਦੇ ਪਿੰਡਾਂ ਵਿਚ ਮੁਸਲਮਾਨ ਆਮ ਤੌਰ 'ਤੇ ਲੜ ਰੱਖ ਕੇ ਪੱਗ ਬੰਨ੍ਹਦੇ ਹਨ। ਵਿਆਹ-ਸ਼ਾਦੀਆਂ ਦੇ ਸਮੇਂ ਜੋ ਪੱਗ ਬੰਨ੍ਹਦੇ ਹਨ, ਉਹ ਵੀ ਆਮ ਤੌਰ 'ਤੇ ਲੜ ਵਾਲੀ ਹੁੰਦੀ ਹੈ। ਸਿੱਖਾਂ ਦੇ ਪੱਗ ਬੰਨ੍ਹਣ ਦੇ ਕਈ ਤਰੀਕੇ ਹਨ। ਸਿੱਖਾਂ ਦੇ ਪੱਗ ਬੰਨ੍ਹਣ ਤੋਂ ਉਨ੍ਹਾਂ ਦੇ ਇਲਾਕੇ ਭਾਵ ਕਿਸ ਇਲਾਕੇ ਦੇ ਰਹਿਣ ਵਾਲੇ, ਕਿਸ ਧਾਰਮਿਕ ਸੰਪਰਦਾ ਨੂੰ ਮੰਨਣ ਵਾਲੇ ਦਾ ਪਤਾ ਲੱਗਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿਚ ਸਿੱਖਾਂ ਦੇ ਨੌਂ ਕਿਸਮ ਦੇ ਪੱਗ ਬੰਨ੍ਹਣ ਦੇ ਤਰੀਕੇ ਫੋਟੋ ਦੇ ਕੇ ਸਮਝਾਏ ਹਨ। ਇਨ੍ਹਾਂ ਵਿਚ ਸਧਾਰਨ ਸਿੱਖ, ਰਿਆਸਤੀ ਸਿੱਖ, ਫੌਜੀ ਸਿੱਖ, ਨਿਹੰਗ ਸਿੰਘ, ਨਿਰਮਲੇ ਸਿੱਖ, ਨਾਮਧਾਰੀ ਸਿੱਖ ਆਦਿ ਸ਼ਾਮਿਲ ਹਨ। ਇਨ੍ਹਾਂ ਦੇ ਪੱਗ ਬੰਨ੍ਹਣ ਤੋਂ ਇਨ੍ਹਾਂ ਦੀ ਧਾਰਮਿਕ ਸੰਪਰਦਾ ਦਾ ਪਤਾ ਲੱਗਦਾ ਹੈ।
ਇਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਨਾਲੋਂ ਸਿੱਖਾਂ ਦਾ ਦਸਤਾਰ ਨਾਲ ਰਿਸ਼ਤਾ ਜ਼ਿਆਦਾ ਪੱਕਾ ਹੈ, ਅਟੁੱਟਵਾਂ ਹੈ, ਕਿਉਂਕਿ ਇਹ ਕੇਸਾਂ ਨਾਲ ਸਬੰਧਤ ਹੈ, ਜੋ ਗੁਰੂ ਕੀ ਮੋਹਰ ਹਨ। ਕੇਸਾਂ ਬਾਰੇ ਰਹਿਤਨਾਮਿਆਂ ਵਿਚ ਲਿਖਿਆ ਹੈ :
ਗੁਰ ਕੀ ਮੁਹਰ, ਗੁਰੂ ਸਮ ਜਾਨੇ।
ਕੇਸ ਕਾ ਅਦਬ ਗੁਰੂ ਸਮਾਨੇ।
ਇਕ ਥਾਂ ਹੋਰ ਲਿਖਿਆ ਹੈ :
ਹੈ ਇਹ ਗੁਰ ਕੀ ਮੁਹਰ ਸੁਹਾਵਣ।
ਕੇਸਨ ਨਰ ਧਾਰੇ ਹੈ ਜਬਹੀ।
ਪੂਰਨ ਰੂਪ ਹੋਇ ਹੈ ਤਬਹੀ॥
(ਰਹਿਤਨਾਮੇ, ਪਿਆਰਾ ਸਿੰਘ ਪਦਮ, ਸਫ਼ਾ-੧੫੨)
ਕੇਸਾਂ ਦੀ ਸੁਰੱਖਿਆ ਲਈ ਪੱਗ, ਦਸਤਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਪੁਰਾਤਨ ਸਿੱਖ ਦੋਹਰੀ ਦਸਤਾਰ ਬੰਨ੍ਹਦੇ ਸਨ ਤਾਂ ਜੋ ਕੇਸਾਂ ਦਾ ਅਦਬ ਬਰਕਰਾਰ ਰਹੇ।
ਸਮਾਜਿਕ ਤੌਰ 'ਤੇ ਵੀ ਦਸਤਾਰ ਦੀ ਬੜੀ ਅਹਿਮ ਭੂਮਿਕਾ ਹੈ। ਮਿਸਰ ਵਿਚ ਇਹ ਰਿਵਾਜ ਆਮ ਪ੍ਰਚੱਲਤ ਸੀ ਕਿ ਕਿਸੇ ਨਜ਼ਦੀਕੀ ਦੇ ਮਰਨ ਉੱਤੇ ਸੋਗ ਵਿਚ ਪੱਗ ਸਿਰ ਤੋਂ ਲਾਹ ਦਿੱਤੀ ਜਾਂਦੀ ਸੀ। ਪੰਜਾਬ ਵਿਚ ਵੀ ਇਹ ਰਵਾਇਤ ਮੁੱਦਤ ਤੋਂ ਪ੍ਰਚੱਲਤ ਹੈ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵਾਰ ੩੨, ਪਉੜੀ ੧੯ ਵਿਚ ਇਸ ਤਰ੍ਹਾਂ ਕੀਤਾ ਹੈ :
ਠੰਢੇ ਖੂਹਹੁੰ ਨ੍ਹਾਇ ਪਗ
ਵਿਸਾਰਿ ਆਇਆ ਸਿਰਿ ਨੰਗੈ॥
ਘਰ ਵਿਚਿ ਰੰਨਾ ਕਮਲੀਆਂ
ਧੁਸੀ ਲੀਤੀ ਦੇਖਿ ਕੁਢੰਗੈ॥
ਜਦੋਂ ਕੋਈ ਮੌਤ ਹੋ ਜਾਏ ਤਾਂ ਚਿੱਟੀ ਪਗੜੀ ਮਰਨ ਵਾਲੇ ਦੇ ਪੁੱਤਰ ਜਾਂ ਵਾਰਸ ਦੇ ਸਿਰ 'ਤੇ ਬੰਨ੍ਹੀ ਜਾਂਦੀ ਹੈ। ਇਸ ਤਰ੍ਹਾਂ ਉਸ ਨੂੰ ਘਰ ਦਾ ਮੁਖੀਆ ਬਣਾਇਆ ਜਾਂਦਾ ਹੈ। ਪਗੜੀ ਸੱਭਿਆਚਾਰ ਦਾ ਇਕ ਬਹੁਤ ਵੱਡਾ ਚਿੰਨ੍ਹ ਹੈ। ਜੇਕਰ ਕਿਸੇ ਝਗੜੇ ਵਿਚ ਕਿਸੇ ਦੀ ਪਗੜੀ ਲੱਥ ਜਾਏ ਤਾਂ ਇਸ ਨੂੰ ਬੇਇੱਜ਼ਤੀ ਵਾਲਾ ਕਰਮ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਇਕ ਪਿਤਾ ਆਪਣੇ ਧੀ-ਪੁੱਤਰਾਂ ਨੂੰ ਕਹਿੰਦਾ ਰਹਿੰਦਾ ਹੈ ਕਿ ਮੇਰੀ ਪੱਗ ਦੀ ਲਾਜ ਰੱਖਣਾ। ਜਦੋਂ ਕਿਸੇ ਨੂੰ ਮਿੱਤਰ ਬਣਾਉਣਾ ਹੋਵੇ ਤਾਂ ਉਸ ਨਾਲ ਪੱਗ ਵਟਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ।
1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਪਰਖ਼ ਕਰਕੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜ ਕਕਾਰ ਰੱਖਣ ਦੀ ਖ਼ਾਲਸੇ ਨੂੰ ਤਾਕੀਦ ਕੀਤੀ ਗਈ। ਉਨ੍ਹਾਂ ਵਿਚ ਕੇਸ ਪ੍ਰਮੁੱਖ ਹਨ ਤੇ ਕੇਸਾਂ ਦੀ ਸੰਭਾਲ ਲਈ ਦਸਤਾਰ ਨੂੰ ਜ਼ਰੂਰੀ ਦੱਸਿਆ। ਇਸ ਤਰ੍ਹਾਂ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਤੇ ਪਹਿਚਾਣ ਬਣ ਗਈ ਹੈ। ਕਈ ਮੁਲਕਾਂ ਵਿਚ ਜਿੱਥੇ ਸਿੱਖ ਆਬਾਦ ਹੋਏ ਹਨ, ਉੱਥੇ ਪਗੜੀ ਵਾਸਤੇ ਕਾਫ਼ੀ ਸੰਘਰਸ਼ ਚੱਲ ਰਿਹਾ ਹੈ।
ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਸਮੇਂ ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਆਖਿਆ ਕਿ 'ਆਪ ਲੋਹ ਟੋਪ ਪਾਓ, ਕਿਉਂਕਿ ਯੁੱਧ ਵਿਚ ਸਿਰ ਦੀ ਸੱਟ ਜਾਂ ਸਿਰ ਦੇ ਜ਼ਖ਼ਮਾਂ ਕਾਰਨ ਬਹੁਤ ਮੌਤਾਂ ਹੁੰਦੀਆਂ ਹਨ। ਏਨਾ ਮੁਆਵਜ਼ਾ ਦੇਣ ਦੀ ਸਾਡੇ ਕੋਲ ਹਿੰਮਤ ਨਹੀਂ' ਤਾਂ ਸਿੱਖ ਫੌਜੀਆਂ ਨੇ ਸਪੱਸ਼ਟ ਆਖਿਆ ਸੀ ਕਿ, 'ਜਿਹੜੇ ਫੌਜੀ ਸਿਰ ਵਿਚ ਗੋਲੀ ਲੱਗਣ ਨਾਲ ਜਾਂ ਸਿਰ ਵਿਚ ਜ਼ਖ਼ਮ ਹੋਣ ਨਾਲ ਸ਼ਹੀਦ ਹੋਣਗੇ, ਉਹ ਕੋਈ ਮੁਆਵਜ਼ਾ ਨਹੀਂ ਲੈਣਗੇ ਪਰ ਟੋਪੀ ਨਹੀਂ ਪਹਿਨਣਗੇ।' ਇਉਂ ਸਾਡੇ ਸਿੱਖ ਯੋਧਿਆਂ ਦੀ ਦਸਤਾਰ ਲਈ ਸ਼ਰਧਾ ਤੇ ਦ੍ਰਿੜ੍ਹਤਾ ਦਾ ਪਤਾ ਲਗਦਾ ਹੈ।
ਖ਼ਾਲਸੇ ਦਾ ਪੂਰਨ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਹੋਇਆ ਬਾਣਾ ਧਾਰਨ ਕਰਨ ਨਾਲ ਗੁਰੂ ਜੀ ਦੀ ਸਪਿਰਟ ਉਨ੍ਹਾਂ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਇਸੇ ਸਪਿਰਟ ਸਦਕਾ ਖ਼ਾਲਸੇ ਨੇ ਕਈ ਕੁਰਬਾਨੀਆਂ ਕੀਤੀਆਂ। ਟੈਗੋਰ ਦੀ ਬਾਂਗਲਾ ਵਿਚ ਇਕ ਕਵਿਤਾ ਹੈ, ਜਿਸ ਵਿਚ ਅਠ੍ਹਾਰਵੀਂ ਸਦੀ ਵਿਚ ਮੁਗ਼ਲ ਸ਼ਾਸਕ ਨੇ ਇਕ ਸਿੱਖ ਦੇ ਕੇਸ ਕਤਲ ਕਰਨ ਲਈ ਕਿਹਾ। ਉਸ ਨੇ ਉੱਤਰ ਦਿੱਤਾ, 'ਮੇਰੇ ਕੇਸਾਂ ਨੂੰ ਹੱਥ ਨਾ ਲਾਉ। ਮੇਰਾ ਸਿਰ ਤੇ ਕੇਸ ਦੋਵੇਂ ਲੈ ਲਵੋ। ਜਿਸ ਤਰ੍ਹਾਂ ਕੇਸ ਸਿੱਖੀ ਦਾ ਅਟੁੱਟ ਅੰਗ ਹਨ, ਉਸੇ ਤਰ੍ਹਾਂ ਕੇਸਾਂ ਦੀ ਸੰਭਾਲ ਲਈ ਦਸਤਾਰ ਵੀ ਅਟੁੱਟ ਅੰਗ ਹੈ।' ਬਾਬਾ ਆਲਾ ਸਿੰਘ ਪਟਿਆਲਾ ਰਾਜ ਦੇ ਬਾਨੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਕੈਦ ਕਰ ਲਿਆ ਤੇ ਹੁਕਮ ਦਿੱਤਾ ਕਿ ਇਸ ਦੇ ਕੇਸ ਕਤਲ ਕਰ ਦੇਵੋ ਤਾਂ ਆਲਾ ਸਿੰਘ ਨੇ ਕਿਹਾ ਕਿ-'ਮੈਂ ਕੇਸ ਕਤਲ ਨਹੀਂ ਕਰਨ ਦਿਆਂਗਾ। ਮੈਂ ਇਨ੍ਹਾਂ ਦਾ ਮੁੱਲ ਦੇ ਦਿੰਦਾ ਹਾਂ।' ਇਸ ਤਰ੍ਹਾਂ ਆਲਾ ਸਿੰਘ ਨੇ ਕਈ ਲੱਖ ਰੁਪਏ ਦੇ ਕੇ ਕੇਸਾਂ ਦੀ ਰੱਖਿਆ ਕੀਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਕਾਰ ਤੇ ਦਸਤਾਰ ਇਸ ਲਈ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਨਾਲ ਸਿੱਖੀ ਸਪਿਰਟ ਕੁਰਬਾਨੀ, ਨੇਕੀ ਅਤੇ ਪਰਉਪਕਾਰ ਲਈ ਪ੍ਰਵੇਸ਼ ਕਰਦੀ ਹੈ। ਅੰਗਰੇਜ਼ੀ ਰਾਜ ਸਮੇਂ ਫੌਜ ਵਿਚ ਭਰਤੀ ਹੋਣ ਸਮੇਂ ਅੰਮ੍ਰਿਤਧਾਰੀ ਹੋਣ ਜ਼ਰੂਰੀ ਸੀ। ਦਸਤਾਰ ਬੰਨ੍ਹਣ ਲਈ ਵਿਸ਼ੇਸ਼ ਆਦਮੀ ਰੱਖੇ ਹੁੰਦੇ ਸਨ, ਜੋ ਛੇ ਲੜਾਂ ਵਾਲੀ ਪੱਗ ਇਕੋ ਤਰ੍ਹਾਂ ਦੀ ਸਾਰੇ ਸੈਨਿਕਾਂ ਨੂੰ ਬੰਨ੍ਹਦੇ ਸਨ। ਦਸਤਾਰ ਦੀ ਵਿਸ਼ੇਸ਼ਤਾ ਸਿੱਖਾਂ ਵਿਚ ਹੋਰਨਾਂ ਕੌਮਾਂ ਨਾਲੋਂ ਵੱਧ ਹੈ, ਕਿਉਂਕਿ ਦਸਤਾਰ ਸਿੱਖ ਧਰਮ ਦਾ ਇਕ ਜ਼ਰੂਰੀ ਚਿੰਨ੍ਹ ਬਣ ਗਈ ਹੈ।


-ਚੰਡੀਗੜ੍ਹ।


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਲੋਕ ਨਾਇਕ, ਰਾਜਪੂਤ ਯੋਧੇ ਜੈਮਲ ਅਤੇ ਫੱਤਾ

ਪੰਜਾਬ ਦੇ ਲੋਕ ਨਾਇਕਾਂ ਵਿਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਿਲ ਹਨ, ਜਿਨ੍ਹਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿਚ ਸਿੰਧ ਦਾ ਕਿੱਸਾ ਸੱਸੀ-ਪੁਨੂੰ ਅਤੇ ਯੋਧਿਆਂ-ਸੂਰਬੀਰਾਂ ਵਿਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰਾਠੌਰ ਉਰਫ ਜੈਮਲ ਅਤੇ ਰਾਵਤ ਫੱਤਾ ਸਿਸੋਦੀਆ, ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ। ਜੈਮਲ ਫੱਤਾ ਦੀਆਂ ਵਾਰਾਂ ਪੰਜਾਬ ਦੇ ਕੁਲਦੀਪ ਮਾਣਕ ਵਰਗੇ ਅਨੇਕਾਂ ਨਾਮਵਰ ਢਾਡੀਆਂ, ਕਵੀਸ਼ਰਾਂ ਅਤੇ ਗਾਇਕਾਂ ਨੇ ਗਾਈਆਂ ਹਨ।
20 ਅਕਤੂਬਰ, 1567 ਨੂੰ ਭਾਰਤ ਦੇ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜਗੜ੍ਹ 'ਤੇ ਆਪ ਖੁਦ ਹਮਲਾ ਬੋਲ ਦਿੱਤਾ। ਰਾਜਪੂਤਾਂ ਨੇ ਅਤਿਅੰਤ ਬਹਾਦਰੀ ਨਾਲ ਮੁਗ਼ਲ ਫ਼ੌਜ ਦਾ ਸਾਹਮਣਾ ਕੀਤਾ ਤੇ ਉਸ ਨੂੰ 23 ਫਰਵਰੀ, 1568 ਤੱਕ ਰੋਕੀ ਰੱਖਿਆ। ਮੇਵਾੜ ਦਾ ਮਹਾਰਾਣਾ ਉਦੇ ਸਿੰਘ ਆਤਮ-ਸਮਰਪਣ ਕਰਨ ਦੀ ਬਜਾਏ ਪਰਿਵਾਰ ਸਮੇਤ ਚਿਤੌੜਗੜ੍ਹ ਨੂੰ ਆਪਣੇ ਸੈਨਾਪਤੀਆਂ ਜੈਮਲ ਅਤੇ ਫੱਤਾ ਦੇ ਸਹਾਰੇ ਛੱਡ ਕੇ ਗੋਗੁੰਡਾ ਦੇ ਕਿਲ੍ਹੇ ਵਿਚ ਚਲਾ ਗਿਆ। ਜੈਮਲ ਅਤੇ ਫੱਤਾ ਨੇ 8000 ਸੈਨਿਕਾਂ ਅਤੇ 35,000 ਕਿਸਾਨਾਂ-ਮਜ਼ਦੂਰਾਂ ਦੀ ਮਦਦ ਨਾਲ ਅਕਬਰ ਦੇ ਲੱਖਾਂ ਸੈਨਿਕਾਂ ਨੂੰ ਚਾਰ ਮਹੀਨੇ ਤੱਕ ਕਿਲ੍ਹੇ ਦੇ ਨੇੜੇ ਨਾ ਫੜਕਣ ਦਿੱਤਾ। ਆਖਰ 22 ਫਰਵਰੀ, 1568 ਨੂੰ ਜੈਮਲ ਅਤੇ 23 ਫਰਵਰੀ, 1568 ਨੂੰ ਫੱਤਾ ਵੀਰਗਤੀ ਨੂੰ ਪ੍ਰਾਪਤ ਹੋ ਗਏ ਤੇ ਕਿਲ੍ਹਾ ਮੁਗ਼ਲਾਂ ਦੇ ਹੱਥ ਆ ਗਿਆ। ਇਸ ਜੰਗ ਵਿਚ ਸਾਰੇ ਦੇ ਸਾਰੇ 8000 ਰਾਜਪੂਤ ਸੈਨਿਕ ਮਾਰੇ ਗਏ ਤੇ ਹਜ਼ਾਰਾਂ ਔਰਤਾਂ ਨੇ ਬੱਚਿਆਂ ਸਮੇਤ ਜੌਹਰ ਕਰ ਲਿਆ। ਅਕਬਰ ਦੀ ਖਿਝੀ-ਖਪੀ ਸੈਨਾ ਨੇ 30,000 ਆਮ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ। ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਅਕਬਰ ਇਕ ਹਫਤਾ ਚਿਤੌੜਗੜ੍ਹ ਵਿਚ ਰਿਹਾ। ਅਕਬਰ ਜੈਮਲ ਅਤੇ ਫੱਤਾ ਦੀ ਬਹਾਦਰੀ ਤੋਂ ਐਨਾ ਖੁਸ਼ ਹੋਇਆ ਕਿ ਦੋਵਾਂ ਦੇ ਕਾਲੇ ਸੰਗਮਰਮਰ ਦੇ ਹਾਥੀ 'ਤੇ ਸਵਾਰ ਬੁੱਤ ਆਗਰੇ ਦੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਦੇ ਬਾਹਰ ਸਥਾਪਿਤ ਕਰਵਾਏ।
ਰਾਵਤ ਜੈ ਮੱਲ ਰਾਠੌਰ : ਜੈਮਲ ਦਾ ਜਨਮ 17 ਸਤੰਬਰ, 1507 ਨੂੰ ਮੇਵਾੜ ਦੀ ਰਿਆਸਤ ਮੇਰਟਾ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂਅ ਰਾਵਤ ਵਿਕਰਮ ਰਾਠੌਰ (ਮੇਰਟਾ ਦਾ ਜਾਗੀਰਦਾਰ) ਅਤੇ ਮਾਤਾ ਦਾ ਨਾਂਅ ਰਾਣੀ ਗੋਰਾਜੀਆ ਕੰਵਰ ਸੀ। ਜੈਮਲ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਮੇਰਟਾ ਰਿਆਸਤ ਦਾ ਜਗੀਰਦਾਰ ਬਣ ਗਿਆ ਤੇ ਕੁਝ ਹੀ ਸਮੇਂ ਵਿਚ ਆਪਣੀ ਬਹਾਦਰੀ ਦੇ ਬਲ 'ਤੇ ਤਰੱਕੀ ਕਰਦਾ ਹੋਇਆ ਚਿਤੌੜਗੜ੍ਹ ਦਾ ਕਿਲ੍ਹੇਦਾਰ ਥਾਪ ਦਿੱਤਾ ਗਿਆ। ਉਸ ਨੇ ਮੇਵਾੜ ਦੀਆਂ ਫ਼ੌਜਾਂ ਵਲੋਂ ਲੜਦੇ ਹੋਏ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ। ਉਸ ਦੀਆਂ ਸੇਵਾਵਾਂ ਦਾ ਮਾਣ ਰੱਖਦੇ ਹੋਏ ਰਾਣਾ ਉਦੇ ਸਿੰਘ ਨੇ ਉਸ ਨੂੰ 1000 ਹੋਰ ਪਿੰਡ ਜਗੀਰ ਵਜੋਂ ਦੇ ਦਿੱਤੇ। ਰਾਣਾ ਉਦੇ ਸਿੰਘ ਦੇ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜ ਨਾਲ ਰੋਜ਼ਾਨਾ ਝੜਪਾਂ ਹੋਣ ਲੱਗੀਆਂ। ਦੋਵਾਂ ਧਿਰਾਂ ਦੇ ਅਨੇਕਾਂ ਸੂਰਮੇ ਮਾਰੇ ਗਏ। ਮੁਗ਼ਲ ਤੋਪਖਾਨੇ ਦੀ ਲਗਾਤਾਰ ਗੋਲਾਬਾਰੀ ਕਾਰਨ ਚਿਤੌੜਗੜ੍ਹ ਵਰਗੇ ਅਜਿੱਤ ਕਿਲ੍ਹੇ ਦੀਆਂ ਦੀਵਾਰਾਂ ਵੀ ਕਮਜ਼ੋਰ ਹੋ ਕੇ ਡਿੱਗਣ ਲੱਗ ਪਈਆਂ। ਪਰ ਜਿਥੇ ਵੀ ਪਾੜ ਪੈਂਦਾ, ਰਾਜਪੂਤ ਝਟਪਟ ਰੇਤ ਦੀਆਂ ਬੋਰੀਆਂ ਤੇ ਪੱਥਰਾਂ ਨਾਲ ਉਸ ਨੂੰ ਪੂਰ ਦਿੰਦੇ। ਪਰ ਐਨੀ ਵੱਡੀ ਹਕੂਮਤ ਨਾਲ ਮੱਥਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਘੇਰੇ ਵਿਚ ਆਈ ਫ਼ੌਜ ਦੇ ਸਾਧਨ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦੇ ਹਨ ਤੇ ਘੇਰਾ ਪਾਉਣ ਵਾਲੀ ਫ਼ੌਜ ਨੂੰ ਰਸਦ ਅਤੇ ਯੁੱਧ ਸਮੱਗਰੀ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ।
ਜੈਮਲ ਦੀ ਮੌਤ ਵੀ ਇਕ ਅਜਿਹਾ ਪਾੜ ਪੂਰਦੇ ਸਮੇਂ ਅਕਬਰ ਦੀ ਗੋਲੀ ਕਾਰਨ ਹੋਈ ਸੀ। ਜੈਮਲ ਦੀ ਮੌਤ ਬਾਰੇ ਮੌਕੇ 'ਤੇ ਹਾਜ਼ਰ ਅਕਬਰ ਦਾ ਜੀਵਨੀਕਾਰ ਅਬੁਲਫਜ਼ਲ, ਅਕਬਰਨਾਮਾ ਵਿਚ ਲਿਖਦਾ ਹੈ, 'ਇਸ ਸਮੇਂ ਬਾਦਸ਼ਾਹ ਸਮਝ ਗਿਆ ਕਿ ਸ਼ਾਨਦਾਰ ਕਵਚ ਪਹਿਨ ਕੇ ਪਾੜ ਦੀ ਮੁਰੰਮਤ ਕਰਵਾ ਰਿਹਾ ਇਹ ਸ਼ਖ਼ਸ ਕੋਈ ਵੱਡਾ ਸੈਨਾਪਤੀ ਹੈ। ਪਰ ਬਾਦਸ਼ਾਹ ਦੇ ਸਲਾਹਕਾਰਾਂ ਵਿਚੋਂ ਕੋਈ ਵੀ ਉਸ ਦਾ ਨਾਂਅ ਨਹੀਂ ਸੀ ਜਾਣਦਾ। ਬਾਦਸ਼ਾਹ ਨੇ ਆਪਣੀ ਖਾਸ ਤੌਰ 'ਤੇ ਤਿਆਰ ਕੀਤੀ ਹੋਈ ਸੰਗਰਾਮ ਨਾਮਕ ਰਾਈਫਲ ਚੁੱਕੀ ਤੇ ਉਸ ਨੂੰ ਨਿਸ਼ਾਨਾ ਬਣਾ ਦਿੱਤਾ। ਅਗਲੇ ਦਿਨ ਜਿੱਤ ਤੋਂ ਬਾਅਦ ਇਹ ਸ਼ਨਾਖਤ ਹੋਈ ਕਿ ਮਰਨ ਵਾਲਾ ਕਿਲ੍ਹੇ ਦਾ ਗਵਰਨਰ ਜੈਮਲ ਸੀ। ਮਹਾਨ ਬਾਦਸ਼ਾਹ ਨੇ ਇਕ ਹੀ ਗੋਲੀ ਨਾਲ ਜੈਮਲ ਅਤੇ ਚਿਤੌੜਗੜ੍ਹ ਦੇ ਕਿਲ੍ਹੇ ਨੂੰ ਨਸ਼ਟ ਕਰ ਦਿੱਤਾ।'
ਜੈਮਲ ਦੇ ਦੋ ਪੁੱਤਰ ਸਨ। ਵੱਡਾ ਬੇਟਾ ਰਾਉ ਮੁਕੰਦ ਰਾਠੌਰ ਵੀ ਚਿਤੌੜਗੜ੍ਹ ਦੀ ਲੜਾਈ ਵਿਚ ਮਾਰਿਆ ਗਿਆ ਤੇ ਛੋਟਾ ਬੇਟਾ ਰਾਮਦਾਸ ਰਾਠੌਰ ਮੇਰਟਾ ਦੀ ਗੱਦੀ 'ਤੇ ਬੈਠਾ, ਜੋ ਮਹਾਰਾਣਾ ਪ੍ਰਤਾਪ ਵਲੋਂ ਹਲਦੀਘਾਟੀ ਦੇ ਮੈਦਾਨ ਵਿਚ ਲੜਦਾ ਹੋਇਆ ਮਾਰਿਆ ਗਿਆ।
ਰਾਵਤ ਫੱਤਾ ਸਿਸੋਦੀਆ : ਫੱਤਾ ਸਿਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ ਤੇ ਕੇਲਾਵਾ ਰਿਆਸਤ ਦਾ ਜਗੀਰਦਾਰ ਸੀ। ਉਸ ਦੇ ਬਾਪ ਦਾ ਨਾਂਅ ਰਾਵਤ ਜਗਤ ਅਤੇ ਮਾਤਾ ਦਾ ਨਾਂਅ ਰਾਣੀ ਸੱਜਣ ਬਾਈ ਸੋਂਗਰ ਚੌਹਾਨ ਸੀ। ਫੱਤਾ ਦਾ ਦਾਦਾ, ਪਿਤਾ ਅਤੇ ਦੋ ਚਾਚੇ ਮੇਵਾੜ ਖਾਤਰ ਯੁੱਧਾਂ ਵਿਚ ਸ਼ਹੀਦ ਹੋਏ ਸਨ। ਫੱਤਾ ਦੇ ਦਾਦਾ ਰਾਵਤ ਸੀਹਾ ਦੀ ਮੌਤ ਰਾਣਾ ਸਾਂਗਾ ਵਲੋਂ ਬਾਬਰ ਦੇ ਖਿਲਾਫ ਖਨੁਵਾ ਦੀ ਲੜਾਈ ਵਿਚ ਲੜਦੇ ਸਮੇਂ ਹੋਈ ਸੀ। ਫੱਤਾ ਦੀਆਂ 9 ਪਤਨੀਆਂ, 5 ਧੀਆਂ ਅਤੇ 6 ਪੁੱਤਰ ਸਨ। ਉਸ ਦੀਆਂ ਸਾਰੀਆਂ ਪਤਨੀਆਂ, ਧੀਆਂ ਅਤੇ ਦੋ ਪੁੱਤਰ ਚਿਤੌੜਗੜ੍ਹ ਦੇ ਜੌਹਰ ਵਿਚ ਸੜ ਕੇ ਆਪਣੀਆਂ ਜਾਨਾਂ ਦੇ ਗਏ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਰਾਵਤ ਕਾਲਾ ਸਿਸੋਦੀਆ ਕੇਲਾਵਾ ਦੀ ਗੱਦੀ 'ਤੇ ਬੈਠਾ, ਜੋ ਹਲਦੀਘਾਟੀ ਦੇ ਮੈਦਾਨ ਵਿਚ ਰਾਣਾ ਪ੍ਰਾਤਪ ਵਲੋਂ ਲੜਦਾ ਹੋਇਆ ਮਾਰਿਆ ਗਿਆ।
ਜੈਮਲ ਦੀ ਮੌਤ ਤੋਂ ਬਾਅਦ ਰਾਜਪੂਤਾਂ ਦੀ ਕਮਾਂਡ ਫੱਤਾ ਦੇ ਹੱਥ ਵਿਚ ਆ ਗਈ। ਜੈਮਲ ਵਰਗੇ ਗਾਥਾਮਈ ਯੋਧੇ ਦੇ ਮਰ ਜਾਣ ਕਾਰਨ ਰਾਜਪੂਤ ਫ਼ੌਜ ਵਿਚ ਘੋਰ ਨਿਰਾਸ਼ਾ ਫੈਲ ਗਈ ਸੀ। ਪਰ ਫੱਤਾ ਨੇ ਉਨ੍ਹਾਂ ਨੂੰ ਹਿੰਮਤ ਬੰਨ੍ਹਵਾਈ। ਨਿਸਚਿਤ ਹਾਰ ਸਾਹਮਣੇ ਵੇਖ ਕੇ ਵੀ ਉਸ ਨੇ ਹਥਿਆਰ ਸੁੱਟ ਕੇ ਸ਼ਰਮਿੰਦਗੀ ਦੀ ਜ਼ਿੰਦਗੀ ਜਿਊਣ ਦੀ ਬਜਾਏ ਇਕ ਸਿਪਾਹੀ ਦੀ ਮੌਤ ਚੁਣੀ। ਅਗਲੇ ਦਿਨ ਜਦੋਂ ਮੁਗ਼ਲ ਫ਼ੌਜ ਨੇ ਕਿਲ੍ਹੇ ਵਿਚ ਪ੍ਰਵੇਸ਼ ਕੀਤਾ ਤਾਂ ਰਾਜਪੂਤ ਔਰਤਾਂ ਨੇ ਚਿਤਾ ਵਿਚ ਕੁੱਦ ਕੇ ਜੌਹਰ ਕਰ ਲਿਆ ਅਤੇ ਰਾਜਪੂਤ ਯੋਧੇ ਫੱਤਾ ਦੀ ਅਗਵਾਈ ਹੇਠ ਕੇਸਰੀ ਕੱਪੜੇ ਪਹਿਨ ਕੇ ਤੇ ਸ਼ਹੀਦੀ ਗਾਨੇ ਬੰਨ੍ਹ ਕੇ ਮੁਗ਼ਲ ਫ਼ੌਜ 'ਤੇ ਟੁੱਟ ਪਏ। ਫੱਤਾ ਮੁਗ਼ਲਾਂ ਵਿਚ ਮਾਰ-ਕਾਟ ਮਚਾਉਂਦਾ ਹੋਇਆ ਅੱਗੇ ਹੀ ਅੱਗੇ ਵਧਦਾ ਗਿਆ। ਆਖਰ ਜਦੋਂ ਉਹ ਕਿਸੇ ਤਰ੍ਹਾਂ ਕਾਬੂ ਨਾ ਆਇਆ ਤਾਂ ਉਸ ਨੂੰ ਇਕ ਹਾਥੀ ਦੇ ਥੱਲੇ ਕੁਚਲ ਦਿੱਤਾ ਗਿਆ। ਜਦੋਂ ਉਸ ਨੂੰ ਪਹਿਚਾਣ ਕੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਅਜੇ ਜ਼ਿੰਦਾ ਸੀ, ਪਰ ਜਲਦੀ ਹੀ ਉਸ ਦੀ ਮੌਤ ਹੋ ਗਈ।
ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ਕਿਵੇਂ ਉਲਟ ਪ੍ਰਸਥਿਤੀਆਂ ਵਿਚ ਵੀ ਆਪਣੀ ਆਨ ਬਾਨ ਅਤੇ ਸ਼ਾਨ ਕਾਇਮ ਰੱਖੀ ਜਾ ਸਕਦੀ ਹੈ। ਪਰ ਅਜੋਕੀ ਪੰਜਾਬੀ ਪੀੜ੍ਹੀ ਨੂੰ ਆਪਣੇ ਪੜਦਾਦੇ ਦਾ ਨਾਂਅ ਚੇਤੇ ਨਹੀਂ, ਇਨ੍ਹਾਂ ਨੇ ਜੈਮਲ ਫੱਤਾ ਨੂੰ ਕਿੱਥੇ ਯਾਦ ਰੱਖਣਾ ਹੈ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਪੀਰ ਬੁੱਧੂ ਸ਼ਾਹ

ਇਸ਼ਕ ਪਰਮਾਤਮਾ ਦੀ ਸਭ ਤੋਂ ਪਾਵਨ, ਸਭ ਤੋਂ ਉੱਚੀ-ਸੁੱਚੀ ਅਤੇ ਸਭ ਤੋਂ ਮੁਬਾਰਕ ਬਖਸ਼ਿਸ਼ ਹੈ। ਇਸ਼ਕ ਦੀ ਯਾਤਰਾ ਆਪਣਾ ਵਜੂਦ ਖੋਹ ਦੇਣ ਦੀ ਯਾਤਰਾ ਹੈ। ਇਸ਼ਕ ਵਿਚ ਰੱਤੀਆਂ ਰੂਹਾਂ ਆਪਣੇ ਪਿਆਰ ਦਾ ਹੀ ਭੋਜਨ ਕਰਦੀਆਂ ਹਨ, ਪਿਆਰ ਹੀ ਪਹਿਨਦੀਆਂ ਹਨ ਅਤੇ ਪਿਆਰ ਵਿਚ ਹੀ ਲੀਨ ਹੋ ਜਾਂਦੀਆਂ ਹਨ। ਇਕ ਇਹੋ ਜਿਹੀ ਪਿਆਰੀ ਰੂਹ ਸੀ ਪੀਰ ਬੁੱਧੂ ਸ਼ਾਹ ਜੀ, ਜਿਨ੍ਹਾਂ ਨੇ ਸ੍ਰੀ ਦਸਮੇਸ਼ ਜੀ ਨਾਲ ਇਹੋ ਜਿਹਾ ਇਸ਼ਕ ਕਮਾਇਆ ਕਿ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਸਢੌਰੇ ਦੇ ਰਹਿਣ ਵਾਲੇ ਸੱਯਦ ਬਦਰੁਦੀਨ ਬਹੁਤ ਨੇਕ, ਸਮਦ੍ਰਿਸ਼ਟ ਅਤੇ ਮਸਤ ਸੁਭਾਅ ਦੇ ਮਾਲਕ ਸਨ। ਇਸ ਲਈ ਲੋਕ ਇਨ੍ਹਾਂ ਨੂੰ ਬੁੱਧੂ ਸ਼ਾਹ ਕਹਿਣ ਲੱਗੇ। ਇਨ੍ਹਾਂ ਦਾ ਜਨਮ 13 ਜੂਨ, 1647 ਨੂੰ ਹੋਇਆ। ਬਚਪਨ ਤੋਂ ਹੀ ਇਨ੍ਹਾਂ ਨੂੰ ਰੂਹਾਨੀਅਤ ਦੀ ਖਿੱਚ ਸੀ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਦੀ ਸੋਭਾ ਸੁਣ ਕੇ ਆਪ ਪਾਉਂਟਾ ਸਾਹਿਬ ਉਨ੍ਹਾਂ ਦੇ ਦਰਸ਼ਨਾਂ ਨੂੰ ਗਏ ਤਾਂ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਮਹਾਰਾਜ ਜੀ ਤੋਂ ਆਤਮਿਕ ਉਪਦੇਸ਼ ਪ੍ਰਾਪਤ ਕਰਕੇ ਉਨ੍ਹਾਂ ਦੀ ਆਤਮਾ ਇਸ਼ਕ ਹਕੀਕੀ ਵਿਚ ਰੰਗੀ ਗਈ। ਇਕ ਵਾਰ ਔਰੰਗਜ਼ੇਬ ਦੀ ਸੈਨਾ ਵਿਚੋਂ ਕੱਢੇ ਗਏ 500 ਪਠਾਣਾਂ ਨੇ ਪੀਰ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕਿਤੇ ਰੁਜ਼ਗਾਰ ਦਿਵਾਇਆ ਜਾਵੇ। ਪੀਰ ਜੀ ਨੇ ਸ੍ਰੀ ਦਸਮੇਸ਼ ਜੀ ਨੂੰ ਬੇਨਤੀ ਕਰਕੇ ਪਠਾਣਾਂ ਨੂੰ ਮਹਾਰਾਜ ਜੀ ਦੀ ਸੈਨਾ ਵਿਚ ਭਰਤੀ ਕਰਵਾ ਦਿੱਤਾ ਪਰ ਇਹ ਬੇਈਮਾਨ ਨਿਕਲੇ ਅਤੇ ਭੰਗਾਣੀ ਦੀ ਜੰਗ ਵਿਚ ਗੁਰੂ ਸਾਹਿਬ ਦਾ ਸਾਥ ਛੱਡ ਕੇ ਦੁਸ਼ਮਣ ਫੌਜ ਵਿਚ ਜਾ ਮਿਲੇ। ਇਹ ਸੁਣ ਕੇ ਪੀਰ ਬੁੱਧੂ ਸ਼ਾਹ ਆਪਣੇ 700 ਮੁਰੀਦਾਂ, ਪੁੱਤਰਾਂ, ਰਿਸ਼ਤੇਦਾਰਾਂ ਨਾਲ ਆ ਕੇ ਜੰਗ ਵਿਚ ਕੁੱਦ ਪਿਆ। ਮਹਾਰਾਜ ਜੀ ਦੀ ਫ਼ਤਹਿ ਹੋਈ। ਪੀਰ ਜੀ ਦੇ ਦੋ ਪੁੱਤਰ, ਇਕ ਭਤੀਜਾ ਅਤੇ ਬਹੁਤ ਸਾਰੇ ਮੁਰੀਦ ਜੰਗ ਵਿਚ ਸ਼ਹੀਦ ਹੋ ਗਏ। ਮਹਾਰਾਜ ਜੀ ਨੇ ਪੀਰ ਜੀ 'ਤੇ ਅਤਿਅੰਤ ਖੁਸ਼ੀਆਂ ਕੀਤੀਆਂ ਅਤੇ ਉਨ੍ਹਾਂ ਦੇ ਯਾਚਨਾ ਕਰਨ 'ਤੇ ਆਪਣੀ ਪਵਿੱਤਰ ਦਸਤਾਰ ਅਤੇ ਕੇਸਾਂ ਸਮੇਤ ਕੰਘਾ ਅਤੇ ਕਟਾਰ ਬਖਸ਼ੀ। ਇਨ੍ਹਾਂ ਦੀ ਪਤਨੀ ਬੀਬੀ ਨਸੀਰਾਂ ਦੇ ਦਿਲ ਵਿਚ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਥਾਹ ਪਿਆਰ ਅਤੇ ਸਤਿਕਾਰ ਸੀ।
ਇਕ ਵਾਰ ਦਸਮੇਸ਼ ਪਾਤਸ਼ਾਹ ਜੀ ਪੀਰ ਜੀ ਦੀ ਹਵੇਲੀ ਪਹੁੰਚੇ ਤਾਂ ਸਢੌਰੇ ਦੇ ਹਾਕਮ ਉਸਮਾਨ ਖਾਨ ਨੇ ਘੇਰਾ ਪਾ ਲਿਆ ਅਤੇ ਪੀਰ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਜ਼ਿੰਦਾ ਜਾਂ ਮੁਰਦਾ ਉਸ ਦੇ ਹਵਾਲੇ ਕੀਤਾ ਜਾਵੇ। ਪੀਰ ਜੀ ਨੇ ਪਰਿਵਾਰ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਦੇ ਤੀਜੇ ਬੇਟੇ ਨੇ ਕਿਹਾ ਕਿ ਮੇਰਾ ਗਲਾ ਕੱਟ ਕੇ ਖੂਨ ਦੀ ਬੋਤਲ ਭਰ ਕੇ ਉਸਮਾਨ ਖਾਨ ਨੂੰ ਦੇ ਦਿਓ ਤੇ ਕਹੋ ਕਿ ਇਹ ਮਹਾਰਾਜ ਜੀ ਦਾ ਖੂਨ ਹੈ। ਪੀਰ ਜੀ ਨੇ ਆਪਣਾ ਬੇਟਾ ਗੁਰੂ ਜੀ ਤੋਂ ਵਾਰ ਦਿੱਤਾ। ਪਿੱਛੋਂ ਪਤਾ ਲੱਗਣ 'ਤੇ ਔਰੰਗਜ਼ੇਬ ਉਸਮਾਨ ਖਾਨ ਨਾਲ ਬਹੁਤ ਨਾਰਾਜ਼ ਹੋਇਆ ਅਤੇ ਪੀਰ ਜੀ ਨੂੰ ਖ਼ਤਮ ਕਰਨ ਲਈ ਕਹਿ ਦਿੱਤਾ। ਉਸ ਨੇ ਪੀਰ ਜੀ 'ਤੇ ਬਹੁਤ ਜ਼ੁਲਮ ਕੀਤਾ ਅਤੇ ਉਨ੍ਹਾਂ ਨੂੰ ਬਹੁਤ ਬੇਦਰਦੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਜਲਾ ਦਿੱਤਾ ਗਿਆ। ਉਨ੍ਹਾਂ ਦੀ ਹਵੇਲੀ ਢਹਿ-ਢੇਰੀ ਕਰ ਦਿੱਤੀ ਗਈ। ਸ੍ਰੀ ਕਲਗੀਧਰ ਜੀ ਨੇ ਵੀ ਆਪਣੇ ਪਿਆਰੇ ਨੂੰ ਏਨਾ ਸਤਿਕਾਰ ਅਤੇ ਪਿਆਰ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹਿੰਦ ਤੋਂ ਵੀ ਪਹਿਲਾਂ ਸਢੌਰੇ ਦੀ ਇੱਟ ਨਾਲ ਇੱਟ ਖੜਕਾਉਣ ਦਾ ਅਤੇ ਉਸਮਾਨ ਖਾਨ ਵਰਗੇ ਜਾਬਰਾਂ ਨੂੰ ਮਲੀਆਮੇਟ ਕਰਨ ਦਾ ਹੁਕਮ ਦਿੱਤਾ, ਜੋ ਇਸੇ ਤਰ੍ਹਾਂ ਹੋਇਆ। ਆਪਣੀ ਸ਼ਹਾਦਤ ਤੋਂ ਪਹਿਲਾਂ ਪੀਰ ਜੀ ਨੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਪਾਵਨ ਨਿਸ਼ਾਨੀਆਂ ਨੂੰ ਆਪਣੀ ਹਵੇਲੀ ਦੀ ਛੱਤ ਵਿਚ ਛੁਪਾ ਦਿੱਤਾ ਸੀ। ਹੁਣ ਇਨ੍ਹਾਂ ਦੇ ਨਿਵਾਸ ਅਸਥਾਨ 'ਤੇ ਉਨ੍ਹਾਂ ਦੇ ਅਮਰ ਪ੍ਰੇਮ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਜਦੋਂ ਸ਼ਾਮ ਸਿੰਘ ਅਟਾਰੀਵਾਲਾ ਲੜਾਈ ਦੇ ਕੇਂਦਰ ਵਿਚ ਜਾ ਕੁੱਦਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬੀ ਫੌਜ ਲੜਾਈ ਦੇ ਮੋਰਚੇ 'ਤੇ ਗਦਾਰਾਂ ਦੀ ਅਗਵਾਈ ਦਾ ਸਾਹਮਣਾ ਕਰ ਰਹੀ ਸੀ ਤੇ ਉਥੇ ਪਿੱਛੇ ਰਾਜਧਾਨੀ ਵਿਚ ਵੀ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਨ ਦੀ ਤਿਆਰੀ ਸੀ। ਰਾਣੀ ਜਿੰਦਾਂ ਨੇ ਗੁਲਾਬ ਸਿੰਘ ਡੋਗਰਾ ਨੂੰ ਜੰਮੂ ਤੋਂ ਬੁਲਾ ਲਿਆ ਤੇ ਉਸ ਨੂੰ ਅੰਗਰੇਜ਼ਾਂ ਨਾਲ ਗੱਲਬਾਤ ਕਰਨ ਵਾਸਤੇ ਕਿਹਾ। ਪੰਜਾਬੀ ਮੁਸਲਮਾਨ ਰਜਮੈਂਟ ਜੋ ਰਾਜਧਾਨੀ ਦੀ ਹਿਫਾਜ਼ਤ ਵਾਸਤੇ ਤਾਇਨਾਤ ਕੀਤੀ ਸੀ, ਸਤਲੁਜ ਵੱਲ ਭੇਜ ਦਿੱਤੀ ਗਈ ਤੇ ਡੋਗਰਿਆਂ ਨੇ ਕਿਲ੍ਹਾ ਤੇ ਫੌਜੀ ਛਾਉਣੀ ਦੀਆਂ ਬੈਰਕਾਂ ਸੰਭਾਲ ਲਈਆਂ। ਗੁਲਾਬ ਸਿੰਘ ਨੇ ਸਭਰਾਵਾਂ ਡਟੀ ਫੌਜ ਵਾਸਤੇ ਬਾਰੂਦ ਭੇਜਣ ਦੀ ਮਨਾਹੀ ਕਰ ਦਿੱਤੀ ਤੇ ਗਵਰਨਰ ਜਨਰਲ ਲਾਰਡ ਹਾਰਡਿੰਗ ਨਾਲ ਸੰਪਰਕ ਸਥਾਪਿਤ ਕਰ ਲਿਆ।
ਫੌਜ ਦੇ ਪੰਚਾਂ ਦਾ ਇਕ ਵਫਦ ਮੋਰਚਿਆਂ ਤੋਂ ਦਰਬਾਰ ਵਿਚ ਇਕ ਫਰਿਆਦ ਲੈ ਕੇ ਗਿਆ। ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਕਈ ਦਿਨਾਂ ਤੋਂ ਖਾਣ ਵਾਸਤੇ ਕੁਝ ਨਹੀਂ ਹੈ। ਉਹ ਸਿਰਫ ਭੁੱਜੇ ਛੋਲੇ ਤੇ ਗਾਜਰਾਂ ਉੱਪਰ ਗੁਜ਼ਾਰਾ ਕਰ ਰਹੇ ਹਨ ਜੋ ਉਥੋਂ ਖੇਤਾਂ ਵਿਚੋਂ ਪੁੱਟੀਆਂ ਹਨ। ਰਾਣੀ ਜਿੰਦਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਲਾਬ ਸਿੰਘ ਨੇ ਮੋਰਚੇ ਵਾਸਤੇ ਕਾਫੀ ਰਾਸ਼ਨ ਤੇ ਅਸਲ੍ਹਾ ਭੇਜਿਆ ਹੈ। 'ਬਿਲਕੁਲ ਨਹੀਂ', ਉਨ੍ਹਾਂ ਜ਼ੋਰ ਦੀ ਕਿਹਾ ਕਿ, 'ਸਾਡੇ ਪਾਸ ਕੋਈ ਰਾਸ਼ਨ ਨਹੀਂ, 'ਚਿੜੀਆਂ ਦੀ ਹਾਜ਼ਰੀ' ਜਿੰਨਾ ਵੀ ਨਹੀਂ, ਸਾਨੂੰ ਬਰੂਦ ਦਿਓ, ਰਾਸ਼ਨ ਦਿਓ, ਨਹੀਂ ਤਾਂ ਅਸੀਂ ਨਹੀਂ ਲੜ ਸਕਦੇ।'
ਇਕ ਵਾਰ ਸਭ ਪਾਸੇ ਚੁੱਪ ਛਾ ਗਈ। ਫਿਰ ਪਰਦੇ ਦੇ ਪਿੱਛੋਂ ਜਿਥੇ ਰਾਣੀ ਬੈਠੀ ਸੀ, ਇਕ ਹੱਥ ਬਾਹਰ ਆਇਆ ਤੇ ਪੰਚਾਂ ਦੇ ਸਾਹਮਣੇ ਚੂੜੀਆਂ ਦਾ ਇਕ ਬੰਡਲ ਸੁੱਟ ਦਿੱਤਾ ਤੇ ਮਹਾਰਾਣੀ ਬਹੁਤ ਗੁੱਸੇ ਵਿਚ ਬੋਲੀ, 'ਇਹ ਪਹਿਨ ਲਵੋ, ਬੁਜ਼ਦਿਲੋ, ਮੈਂ ਪਤਲੂਨ ਪਹਿਨ ਲਵਾਂਗੀ ਤੇ ਖੁਦ ਜਾ ਕੇ ਲੜਾਂਗੀ।'
ਆਦਮੀਆਂ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਜ਼ੋਰ ਦੀ ਬੋਲੇ, 'ਨਹੀਂ, ਅਸੀਂ ਜਾ ਰਹੇ ਹਾਂ, ਅਸੀਂ ਲੜਾਂਗੇ, ਅਸੀਂ ਜਾਨਾਂ ਕੁਰਬਾਨ ਕਰ ਦੇਵਾਂਗੇ ਤੇਰੇ ਵਾਸਤੇ, ਤੇਰੇ ਪੁੱਤਰ ਵਾਸਤੇ ਤੇ ਖ਼ਾਲਸਾ ਪੰਥ ਵਾਸਤੇ।'
ਆਲੀਵਾਲ ਦੀ ਮਾਰ ਤੋਂ ਬਾਅਦ ਪੰਜਾਬੀਆਂ ਦੇ ਆਰਾਮ ਨਾਲ ਬੈਠੇ ਰਹਿਣ ਕਰਕੇ ਅੰਗਰੇਜ਼ਾਂ ਨੂੰ ਪੂਰਾ ਵਕਤ ਮਿਲ ਗਿਆ, ਹੋਰ ਕੁਮਕ ਤੇ ਅਸਲ੍ਹਾ ਮੰਗਵਾਉਣ ਵਾਸਤੇ, ਉਨ੍ਹਾਂ ਸਾਮਾਨ ਢੋਣ ਵਾਲੇ ਗੱਡਿਆਂ ਦੀ ਪਾਲ ਵੀ ਤਿਆਰ ਕਰ ਲਈ। ਜਦੋਂ ਸਾਰੀ ਤਿਆਰੀ ਪੱਕੀ ਹੋ ਗਈ ਤਾਂ ਉਨ੍ਹਾਂ ਫੈਸਲਾ ਕੀਤਾ ਕਿ ਤੇਜਾ ਸਿੰਘ ਦੀ ਫੌਜ ਨੂੰ ਜਿਥੇ ਬੈਠੀ ਹੈ, ਉਥੇ ਹੀ ਬੈਠੀ ਰਹਿਣ ਦਿਓ ਤੇ ਦਰਿਆ ਦੇ ਹੋਰ ਹੇਠਾਂ ਜਾ ਕੇ 'ਗੰਡਾ ਸਿੰਘ ਵਾਲਾ' ਦੇ ਥਾਂ ਤੋਂ ਸਤਲੁਜ ਪਾਰ ਕਰ ਲਿਆ ਜਾਵੇ। ਇਸ ਸਕੀਮ ਨੂੰ ਰੱਦ ਕਰਨਾ ਪਿਆ, ਕਿਉਂਕਿ ਉਸ ਇਲਾਕੇ ਦੀ ਕਿਸਾਨੀ ਬਹੁਤ ਖ਼ਿਲਾਫ਼ ਸੀ। ਹੁਣ ਗੱਫ ਤੇ ਹਾਰਡਿੰਗ ਨੇ ਫੈਸਲਾ ਕੀਤਾ ਕਿ ਸਭਰਾਵਾਂ ਦੇ ਪੰਜਾਬੀ ਮੋਰਚਿਆਂ ਉੱਪਰ ਸਿੱਧਾ ਹਮਲਾ ਕੀਤਾ ਜਾਵੇ ਤੇ ਉਨ੍ਹਾਂ ਦੀ ਫੌਜ ਨੂੰ ਇਕੋ ਝਟਕੇ ਨਾਲ ਖ਼ਤਮ ਕਰ ਦਿੱਤਾ ਜਾਵੇ। ਬਿਨਾਂ ਸ਼ੱਕ ਇਹ ਸਾਰੀ ਸਕੀਮ ਇਸ ਵਿਸ਼ਵਾਸ ਨਾਲ ਬਣਾਈ ਸੀ ਕਿ ਸਿੱਖ ਕਮਾਂਡਰ ਉਨ੍ਹਾਂ ਦੀ ਤਰਫ਼ ਹੈ।
7 ਫਰਵਰੀ ਨੂੰ ਬਹੁਤ ਤੇਜ਼ ਬਾਰਿਸ਼ ਹੋਣ ਲੱਗੀ। ਅਗਲੇ ਦੋ ਦਿਨ ਲਗਾਤਾਰ ਬੱਦਲਵਾਈ ਰਹੀ ਤੇ ਵਿਚ-ਵਿਚ ਮੀਂਹ ਪੈਂਦਾ ਰਿਹਾ। ਸਤਲੁਜ ਵਿਚ ਪਾਣੀ ਵਧਣ ਲੱਗਾ ਤੇ 48 ਘੰਟੇ ਵਿਚ 7 ਇੰਚ ਤੋਂ ਵੀ ਜ਼ਿਆਦਾ ਵਧ ਗਿਆ। ਇਸ ਨਾਲ ਸਾਰੀਆਂ ਬੇੜੀਆਂ ਵਰਤੋਂ ਤੋਂ ਬਾਹਰ ਹੋ ਗਈਆਂ ਤੇ ਸਿਰਫ ਬੇੜੀਆਂ ਦਾ ਇਕੋ ਪੁਲ ਰਹਿ ਗਿਆ, ਜਿਹੜਾ ਬੇਸ ਕੈਂਪ ਨਾਲ ਜੁੜਦਾ ਸੀ। ਲਾਰਡ ਗੱਫ ਨੇ ਤੁਰੰਤ ਇਸ ਮੌਕੇ ਨੂੰ ਸੰਭਾਲਣ ਦੀ ਸੋਚੀ ਤੇ 9 ਫਰਵਰੀ ਦੀ ਸ਼ਾਮ ਨੂੰ ਉਹ ਫਿਰੋਜ਼ਪੁਰ ਤੋਂ ਚੱਲ ਪਿਆ ਤੇ ਹਨੇਰੇ ਦੇ ਪਰਦੇ ਵਿਚ ਹੀ ਸਭਰਾਵਾਂ ਪਹੁੰਚ ਕੇ ਪੰਜਾਬੀ ਫੌਜੀ ਦਸਤਿਆਂ ਨੂੰ ਘੇਰ ਲਿਆ।
10 ਫਰਵਰੀ, 1846 ਦੀ ਸਵੇਰ ਨੂੰ ਦਰਿਆ ਦੇ ਕਿਨਾਰੇ ਮੀਂਹ ਨਾਲ ਭਿੱਜੇ ਖੇਤਾਂ ਉੱਪਰ ਸੰਘਣੀ ਧੁੰਦ ਛਾ ਗਈ, ਜਿਸ ਨੇ ਸਿੱਖ ਤੇ ਅੰਗਰੇਜ਼, ਦੋਵਾਂ ਦੀਆਂ ਫੌਜਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਆਕਾਸ਼ ਸਾਫ਼ ਹੋਣ ਤੋਂ ਬਾਅਦ ਜਦੋਂ ਸੂਰਜ ਨਿਕਲਿਆ ਤਾਂ ਧੁੰਦ ਹਟੀ। ਰੌਸ਼ਨੀ ਹੋਣ ਵੇਲੇ ਪੰਜਾਬੀ ਫੌਜਾਂ ਨੇ ਦੇਖਿਆ ਕਿ ਉਹ ਦੋ ਪਾਸਿਓਂ ਘੋੜੇ ਦੇ ਸੁੰਮਾਂ ਵਰਗੀ ਘੇਰਾਬੰਦੀ ਵਿਚ ਘਿਰੇ ਹੋਏ ਸਨ। ਇਕ ਪਾਸੇ ਅੰਗਰੇਜ਼ ਫੌਜ ਸੀ ਤੇ ਦੂਜੇ ਪਾਸੇ ਹੜ੍ਹ ਨਾਲ ਸ਼ੂਕਦਾ ਦਰਿਆ। ਇਸ ਵਾਰ ਅੰਗਰੇਜ਼ੀ ਤੋਪਾਂ ਨੇ ਪਹਿਲ ਕੀਤੀ। ਸਿੱਖ ਤੋਪਾਂ ਨੇ ਤੁਰੰਤ ਜਵਾਬ ਦਿੱਤਾ। ਫਿਰ ਅੱਧੇ ਘੰਟੇ ਵਾਸਤੇ ਤੋਪਾਂ ਦੀ ਆਵਾਜ਼ ਬੰਦ ਹੋ ਗਈ। ਅੰਗਰੇਜ਼ ਤੋਪਚੀ ਪੰਜਾਬੀ ਤੋਪਾਂ ਦੀ ਸਹੀ ਪੁਜ਼ੀਸ਼ਨ ਦਾ ਪਤਾ ਲਗਾਉਣ ਤੋਂ ਬਾਅਦ ਥੋੜ੍ਹਾ ਹਟ ਗਏ ਸਨ। ਫਿਰ ਉਨ੍ਹਾਂ ਨੇ ਬਹੁਤ ਜ਼ੋਰਦਾਰ ਹਮਲਾ ਕੀਤਾ ਤੇ ਦੋ ਘੰਟੇ ਵਿਚ ਹੀ ਪੰਜਾਬੀ ਤੋਪਾਂ ਨੂੰ ਚੁੱਪ ਕਰਵਾ ਦਿੱਤਾ। ਪੰਜਾਬੀਆਂ ਕੋਲ ਗੋਲਾ ਬਾਰੂਦ ਖਤਮ ਹੋ ਚੁੱਕਾ ਸੀ। ਅੰਗਰੇਜ਼ ਘੋੜਸਵਾਰ ਰਸਾਲਿਆਂ ਨੇ ਪੰਜਾਬੀ ਖੰਦਕਾਂ ਉੱਪਰ ਤਿੰਨ ਪਾਸਿਓਂ ਹਮਲਾ ਕੀਤਾ।
ਮੈਦਾਨ ਛੱਡ ਕੇ ਭੱਜਣ ਵਾਲਿਆਂ ਵਿਚੋਂ ਸਭ ਤੋਂ ਪਹਿਲਾ ਬੰਦਾ ਗੱਦਾਰ ਤੇਜ ਸਿੰਘ ਸੀ। 'ਉਹ ਲੰਡੇ ਕੁੱਤੇ ਦੀ ਤਰ੍ਹਾਂ ਦੌੜਿਆ', ਇਕ ਪੰਜਾਬੀ ਸਿਪਾਹੀ ਨੇ ਨਫ਼ਰਤ ਨਾਲ ਕਿਹਾ। ਤੇਜ ਸਿੰਘ ਨਾ ਸਿਰਫ ਇਕੱਲਾ ਆਪ ਹੀ ਦੌੜਿਆ, ਉਸ ਨੇ ਇਕ ਹੋਰ ਸਰਦਾਰ ਨੂੰ ਵੀ ਆਪਣੇ ਨਾਲ ਹੀ ਚੱਲਣ ਨੂੰ ਕਿਹਾ। ਉਹ ਸ਼ਾਮ ਸਿੰਘ ਅਟਾਰੀਵਾਲਾ ਸੀ। ਜਦੋਂ ਉਸ ਨੇ ਦੌੜ ਕੇ ਜਾਣ ਤੋਂ ਇਨਕਾਰ ਕੀਤਾ ਤਾਂ ਤੇਜ ਸਿੰਘ ਨੇ ਉਸ ਨੂੰ ਟਾਂਚ ਮਾਰੀ ਕਿ, 'ਜੇ ਤੂੰ ਏਨਾ ਹੀ ਬਹਾਦਰ ਹੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾਹ। ਮੈਨੂੰ ਪਤਾ ਹੈ ਕਿ ਇਕ ਵਕਤ ਤੂੰ ਵੀ ਦੌੜੇਂਗਾ।'
'ਕਦੇ ਵੀ ਨਹੀਂ', ਅਟਾਰੀਵਾਲੇ ਸਰਦਾਰ ਨੇ ਜਵਾਬ ਦਿੱਤਾ ਕਿ ਉਹ ਮਰਨਾ ਪਸੰਦ ਕਰੇਗਾ ਪਰ ਅੰਗਰੇਜ਼ਾਂ ਅੱਗੇ ਦੌੜੇਗਾ ਨਹੀਂ। ਉਸ ਨੇ ਸਫੈਦ ਬਾਣਾ ਪਹਿਨਿਆ ਤੇ ਲੜਾਈ ਦੇ ਕੇਂਦਰ ਵਿਚ ਜਾ ਕੁੱਦਿਆ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਫ਼ਤਹਿਗੜ੍ਹ ਚੂੜੀਆਂ ਦਾ ਪੰਚ ਮੰਦਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸ: ਹਕੀਕਤ ਸਿੰਘ ਨੇ ਇਥੋਂ ਪਠਾਣਾਂ ਨੂੰ ਖਦੇੜ ਕੇ ਆਪਣਾ ਅਧਿਕਾਰ ਕਾਇਮ ਕਰ ਲਿਆ ਅਤੇ ਆਪਣੀ ਰਿਹਾਇਸ਼ ਲਈ ਇਸ ਕਸਬੇ 'ਚ ਇਕ ਆਲੀਸ਼ਾਨ ਕਿਲ੍ਹਾ ਤਾਮੀਰ ਕਰਵਾਇਆ, ਜਿਸ ਦਾ ਨਾਂਅ ਉਸ ਨੇ ਫ਼ਤਹਿਗੜ੍ਹ ਰੱਖਿਆ। ਜਲਦੀ ਬਾਅਦ ਇਸ ਦੇ ਆਸ-ਪਾਸ ਸੰਘਣੀ ਆਬਾਦੀ ਵਸ ਗਈ, ਜਿਨ੍ਹਾਂ ਵਿਚੋਂ ਬਹੁਤੇ ਘਰ ਚੂੜੀਗਰਾਂ (ਚੂੜੀਆਂ ਬਣਾਉਣ ਵਾਲੇ) ਦੇ ਸਨ, ਜਿਸ ਕਾਰਨ ਇਹ ਕਸਬਾ ਫ਼ਤਹਿਗੜ੍ਹ ਚੂੜੀਆਂ ਵਾਲਾ ਦੇ ਨਾਂ ਤੋਂ ਜਾਣਿਆ ਜਾਣ ਲੱਗਾ।
ਜਦੋਂ ਸ: ਹਕੀਕਤ ਸਿੰਘ ਨੇ ਉਪਰੋਕਤ ਕਿਲ੍ਹੇ ਦਾ ਨਿਰਮਾਣ ਕਰਵਾਇਆ ਤਾਂ ਕਿਲ੍ਹੇ ਦੇ ਪਾਸ ਹੀ ਪੂਜਾ-ਪਾਠ ਲਈ ਇਕ ਖੂਬਸੂਰਤ ਮੰਦਰ ਅਤੇ ਤਲਾਬ ਦਾ ਵੀ ਨਿਰਮਾਣ ਕਰਵਾਇਆ। ਘਰ ਦੀਆਂ ਔਰਤਾਂ ਦੇ ਮੰਦਰ ਜਾਣ ਅਤੇ ਤਲਾਬ 'ਚ ਇਸ਼ਨਾਨ ਕਰਨ ਲਈ ਬਕਾਇਦਾ ਕਿਲ੍ਹੇ ਤੋਂ ਮੰਦਰ ਤੱਕ ਇਕ ਸੁਰੰਗ ਵੀ ਬਣਵਾਈ ਗਈ। ਇਹ ਮੰਦਰ ਅੱਜ ਵੀ ਮੌਜੂਦ ਹੈ ਅਤੇ ਇਸ ਨੂੰ ਤਲਾਬ ਵਾਲਾ ਮੰਦਰ ਕਿਹਾ ਜਾਂਦਾ ਹੈ। ਤਲਾਬ ਜੋ ਕਿ 14 ਫੁੱਟ ਡੂੰਘਾ, 223 ਫੁੱਟ ਲੰਬਾ ਅਤੇ 229 ਫੁੱਟ ਚੌੜਾ ਹੈ, ਅੱਜ ਵੀ ਤਸੱਲੀਬਖਸ਼ ਹਾਲਤ 'ਚ ਮੌਜੂਦ ਹੈ ਪਰ ਤਲਾਬ ਦੀ ਪਰਿਕਰਮਾ ਅਤੇ ਮੰਦਰ ਦੀ ਭੂਮੀ 'ਤੇ ਕੁਝ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ।
ਸੰਨ 1782 ਵਿਚ ਸ: ਹਕੀਕਤ ਸਿੰਘ ਸੁਰਗਵਾਸ ਹੋ ਗਿਆ, ਉਸ ਦਾ ਇਕਲੌਤਾ ਪੁੱਤਰ ਸ: ਜੈਮਲ ਸਿੰਘ ਉਸ ਸਮੇਂ ਸਿਰਫ 11 ਵਰ੍ਹਿਆਂ ਦਾ ਸੀ। ਸ: ਜੈ ਸਿੰਘ ਨੇ ਉਸ ਦਾ ਵਿਆਹ ਪਟਿਆਲੇ ਦੇ ਮਹਾਰਾਜੇ ਸਾਹਿਬ ਸਿੰਘ ਦੀ ਭੈਣ ਬੀਬੀ ਸਾਹਿਬ ਕੌਰ ਨਾਲ ਕਰਵਾ ਦਿੱਤਾ, ਜਿਸ ਦਾ ਸੰਨ 1801 ਵਿਚ ਦਿਹਾਂਤ ਹੋ ਗਿਆ। ਸ: ਜੈਮਲ ਸਿੰਘ ਨੇ ਜਲਦੀ ਬਾਅਦ ਦੂਜਾ ਵਿਆਹ ਕਰ ਲਿਆ, ਜਿਸ ਤੋਂ ਸੰਨ 1802 ਵਿਚ ਚੰਦ ਕੌਰ ਦਾ ਜਨਮ ਹੋਇਆ। ਸੰਨ 1803 ਵਿਚ ਜਦੋਂ ਚੰਦ ਕੌਰ ਸਿਰਫ ਇਕ ਸਾਲ ਦੀ ਸੀ ਤਾਂ ਉਸ ਦੀ ਮੰਗਣੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਹਿਜ਼ਾਦੇ ਖੜਕ ਸਿੰਘ ਨਾਲ ਕਰ ਦਿੱਤੀ ਗਈ। ਜਦੋਂ ਉਹ 10 ਵਰ੍ਹਿਆਂ ਦੀ ਹੋਈ ਤਾਂ 6 ਫਰਵਰੀ, 1812 ਨੂੰ ਫ਼ਤਹਿਗੜ੍ਹ ਚੂੜੀਆਂ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਉਸ ਦਾ ਵਿਆਹ ਕੀਤਾ ਗਿਆ। ਸ਼ਹਿਜ਼ਾਦਾ ਖੜਕ ਸਿੰਘ ਦੀ ਬਰਾਤ ਲਾਹੌਰ ਤੋਂ ਹਾਥੀਆਂ-ਘੋੜਿਆਂ 'ਤੇ ਸਵਾਰ ਹੋ ਕੇ ਪਹੁੰਚੀ, ਜਿਸ ਵਿਚ ਗਵਰਨਰ ਜਨਰਲ ਹਿੰਦ ਤਰਫੋਂ ਉਸ ਦਾ ਕਮਾਂਡਰ ਇਨ ਚੀਫ ਕਰਨਲ ਅਖਤਰਲੋਨੀ, ਰਾਜਾ ਸੰਸਾਰ ਚੰਦ (ਕਾਂਗੜਾ) ਅਤੇ ਹੋਰਨਾਂ ਰਾਜਾਂ ਦੇ ਰਾਜੇ, ਨਵਾਬ ਅਤੇ ਅੰਗਰੇਜ਼ ਅਧਿਕਾਰੀ ਸ਼ਾਮਿਲ ਹੋਏ। ਇਸੇ ਰਾਣੀ ਚੰਦ ਕੌਰ ਦੀ ਕੁੱਖੋਂ 9 ਮਾਰਚ, 1821 ਨੂੰ ਕੰਵਰ ਨੌ ਨਿਹਾਲ ਸਿੰਘ ਦਾ ਜਨਮ ਹੋਇਆ। ਅਗਸਤ, 1812 ਵਿਚ ਜਦੋਂ ਸ਼ਹਿਜ਼ਾਦਾ ਖੜਕ ਸਿੰਘ ਦੇ ਸਹੁਰੇ ਸ: ਜੈਮਲ ਸਿੰਘ ਦਾ ਦਿਹਾਂਤ ਹੋਇਆ ਤਾਂ ਉਸ ਦਾ ਜੋ ਕੀਮਤੀ ਖਜ਼ਾਨਾ ਫ਼ਤਹਿਗੜ੍ਹ ਚੂੜੀਆਂ ਦੇ ਕਿਲ੍ਹੇ ਵਿਚ ਪਿਆ ਹੋਇਆ ਸੀ, ਸਮੇਤ ਉਸ ਦੀ ਸਾਰੀ ਜਗੀਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿਚ ਕਰਕੇ ਖੜਕ ਸਿੰਘ ਦੇ ਨਾਂਅ ਲਗਵਾ ਦਿੱਤੀ। ਜਦੋਂ ਨਵੰਬਰ, 1812 ਵਿਚ ਸ: ਜੈਮਲ ਸਿੰਘ ਦੀ ਵਿਧਵਾ ਨੇ ਚੰਦ ਸਿੰਘ ਨੂੰ ਜਨਮ ਦਿੱਤਾ ਤਾਂ ਮਹਾਰਾਜੇ ਨੇ 15,000 ਰੁ: ਦੀ ਸਾਲਾਨਾ ਜਗੀਰ ਉਸ ਦੇ ਨਾਂਅ ਲਗਵਾ ਦਿੱਤੀ। ਸ਼ੇਰ-ਏ-ਪੰਜਾਬ ਦੇ ਦਿਹਾਂਤ ਦੇ ਬਾਅਦ ਮਹਾਰਾਜਾ ਬਣਨ ਉਪਰੰਤ ਕੁਝ ਸਮੇਂ ਬਾਅਦ ਰਾਣੀ ਚੰਦ ਕੌਰ ਮਹਾਰਾਜਾ ਖੜਕ ਸਿੰਘ ਨਾਲ ਨਾਰਾਜ਼ ਹੋ ਕੇ ਫ਼ਤਹਿਗੜ੍ਹ ਚੂੜੀਆਂ 'ਚ ਆਪਣੇ ਭਰਾ ਚੰਦ ਸਿੰਘ ਪਾਸ ਆ ਗਈ ਅਤੇ ਮਹਾਰਾਜੇ ਦੇ ਦਿਹਾਂਤ ਤੋਂ ਦੋ ਦਿਨ ਬਾਅਦ ਆਪਣੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਲਾਹੌਰ ਪਰਤੀ। ਇਸ ਸੰਬੰਧ ਵਿਚ ਜੰਗਨਾਮਾ 'ਚ ਸ਼ਾਹ ਮੁਹੰਮਦ ਲਿਖਦਾ ਹੈ :
ਟੱਠ ਪਹਿਰ ਲੁਕਾਇ ਕੇ ਰੱਖਿਓ ਨੂੰ, ਦੂਜੇ ਦਿਨ ਰਾਣੀ ਚੰਦ ਕੌਰ ਆਈ।
ਖੜਕ ਸਿੰਘ ਦਾ ਮੂਲ ਦਰੇਗ ਨਾਹੀਂ, ਕੌਰ ਸਾਹਿਬ ਤਾਈ ਉਥੇ ਰੋਣ ਆਈ।
ਫ਼ਤਹਿਗੜ੍ਹ ਚੂੜੀਆਂ 'ਚ ਰਹਿੰਦਿਆਂ ਧਾਰਮਿਕ ਵਿਚਾਰਾਂ ਵਾਲੀ ਰਾਣੀ ਚੰਦ ਕੌਰ ਨੇ ਸੰਨ 1838-39 ਵਿਚ ਕਿਲ੍ਹਾ ਫ਼ਤਹਿਗੜ੍ਹ ਦੇ ਪਾਸ ਹੀ ਆਪਣੇ ਨਿੱਜੀ ਪੂਜਾ-ਪਾਠ ਲਈ ਇਕ ਆਲੀਸ਼ਾਨ ਅਤੇ ਖੂਬਸੂਰਤ ਮੰਦਰ ਦਾ ਨਿਰਮਾਣ ਕਰਵਾਇਆ। ਇਸ ਮੰਦਰ ਦੇ ਨਿਰਮਾਣ ਵਿਚ ਕਾਂਗੜੇ ਦੇ ਅਤੇ ਮੁਗਲ ਭਵਨ ਕਲਾ ਨਿਰਮਾਣ ਵਿਚ ਮਾਹਿਰ ਕਾਰੀਗਰਾਂ ਦਾ ਸਹਿਯੋਗ ਲਿਆ ਗਿਆ। ਉਸ ਸਮੇਂ ਉੱਤਰੀ ਭਾਰਤ ਵਿਚ ਪੰਚ ਮੰਦਰ ਨਿਰਮਾਣ ਦਾ ਕਾਫੀ ਰਿਵਾਜ ਸੀ, ਜਿਸ ਕਰਕੇ ਫ਼ਤਹਿਗੜ੍ਹ ਚੂੜੀਆਂ ਵਿਚ ਵੀ ਸ੍ਰੀ ਗਣੇਸ਼, ਵਿਸ਼ਣੂ, ਦੇਵੀ ਸ਼ਕਤੀ ਅਤੇ ਸੂਰਜ ਦੇਵਤਾ ਨੂੰ ਸਮਰਪਿਤ ਪੰਚ ਮੰਦਰ ਦਾ ਵੀ ਨਿਰਮਾਣ ਕੀਤਾ ਗਿਆ। ਇਸ ਮੰਦਰ ਦੇ ਨਿਰਮਾਣ ਵਿਚ ਸੀਮੈਂਟ ਜਾਂ ਰੇਤ ਦਾ ਨਹੀਂ, ਸਗੋਂ ਚੂਨੇ, ਮਾਂਹ ਦੀ ਦਾਲ ਅਤੇ ਰਾਵਾ ਗੁੜ ਆਦਿ ਦਾ ਪ੍ਰਯੋਗ ਕੀਤਾ ਗਿਆ।
ਇਸ ਮੰਦਰ ਦਾ ਆਰਕੀਟੈਕਚਰ ਪੰਜਾਬ ਦੇ ਕਿਸੇ ਵੀ ਮੰਦਰ ਨਾਲ ਮੇਲ ਨਹੀਂ ਖਾਂਦਾ। ਕਰੀਬ 33 ਮਰਲੇ ਵਿਚ ਬਣੇ ਇਸ ਮੰਦਰ ਦੇ ਵਿਚਕਾਰ ਇਕ ਵਿਸ਼ਾਲ ਮੰਦਰ ਬਣਿਆ ਹੋਇਆ ਹੈ ਅਤੇ ਇਸ ਦੀ ਪਰਿਕਰਮਾ ਦੇ ਚਾਰੋਂ ਕੋਨਿਆਂ ਵਿਚ ਚਾਰ ਛੋਟੇ ਮੰਦਰ ਬਣਾਏ ਗਏ ਹਨ। ਕਿਸੇ ਮਕਬਰੇ ਦੇ ਗੁੰਬਦ ਦੀ ਸ਼ਕਲ ਵਰਗਾ ਮੁੱਖ ਮੰਦਰ ਦਾ ਗੁੰਬਦ ਕਰੀਬ 20 ਫੁੱਟ ਉੱਚਾ ਅਤੇ 18 ਫੁੱਟ ਚੌੜਾ ਹੈ। ਇਸ ਪੰਚ ਮੰਦਰ ਵਿਚ 150 ਦੇ ਕਰੀਬ ਦਿਲਕਸ਼ ਕੰਧ-ਚਿੱਤਰ ਬਣੇ ਹੋਏ ਹਨ, ਜਿਨ੍ਹਾਂ ਵਿਚੋਂ 60 ਤੋਂ ਜ਼ਿਆਦਾ ਕੰਧ-ਚਿੱਤਰਾਂ 'ਤੇ ਰੰਗ-ਰੋਗਨ ਕਰਵਾ ਕੇ ਮੌਜੂਦਾ ਪ੍ਰਬੰਧਕਾਂ ਦੁਆਰਾ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਤੇਲ ਚਿੱਤਰ ਸਿੱਖ ਗੁਰੂ ਸਾਹਿਬਾਨ ਦੇ, ਕੁਝ ਕ੍ਰਿਸ਼ਨ ਲੀਲਾ, ਸ੍ਰੀਚੰਦਰ ਭਗਵਾਨ ਅਤੇ ਕੁਝ ਰਾਮ ਦਰਬਾਰ ਦੇ ਹਨ। ਮੰਦਰ ਦੇ ਮੁੱਖ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਪੁਜਾਰੀ ਦਾ ਕਮਰਾ ਹੈ, ਜਿਸ ਦੇ ਉਪਰ ਲਾਇਬ੍ਰੇਰੀ ਬਣੀ ਹੋਈ ਹੈ, ਜਿਸ ਵਿਚਲੀਆਂ ਦੁਰਲੱਭ ਪੁਸਤਕਾਂ ਦੀ ਹਾਲਤ ਵੇਖ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਨ੍ਹਾਂ ਨੂੰ 35-40 ਵਰ੍ਹਿਆਂ ਤੋਂ ਖੋਲ੍ਹ ਕੇ ਨਹੀਂ ਵੇਖਿਆ ਗਿਆ। ਮੰਦਰ ਦੇ ਬਾਹਰ ਕੁਝ ਵਰ੍ਹੇ ਤੱਕ ਇਕ ਵਿਸ਼ਾਲ ਖੂਹ ਵੀ ਹੋਇਆ ਕਰਦਾ ਸੀ, ਜਿਸ ਨੂੰ ਪੂਰ ਦਿੱਤਾ ਗਿਆ ਹੈ। ਇਸ ਦੇ ਪਾਸ ਹੀ ਮੰਦਰ ਦਾ ਨਿਰਮਾਣ ਕਰਵਾਉਣ ਵਾਲੇ ਰਾਣੀ ਦੇ ਦੀਵਾਨ ਦੀ ਸਮਾਧ ਬਣੀ ਹੋਈ ਹੈ, ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ।


-ਅੰਮ੍ਰਿਤਸਰ। ਫੋਨ : 93561-27771

ਜਨਮ ਦਿਹਾੜੇ 'ਤੇ ਵਿਸ਼ੇਸ਼

ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ

ਭਗਤੀ ਦੇ ਮੁਜੱਸਮੇ, ਪੂਰਨ ਗੁਰਸਿੱਖ, ਦਿਆਲਤਾ ਅਤੇ ਨਿਮਰਤਾ ਦੇ ਪੁੰਜ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ, 1563 ਬਿਕਰਮੀ ਸੰਮਤ ਨੂੰ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਸੁੱਘੇ ਰੰਧਾਵੇ ਜੀ ਦੇ ਘਰ ਮਾਤਾ ਗੌਰਾਂ ਜੀ ਦੇ ਉਦਰ ਤੋਂ ਹੋਇਆ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ 'ਤੇ ਵੀ ਪਿਆ। ਜਨਮ ਵਿਚ ਆਪ ਦਾ ਨਾਂਅ 'ਬੂੜਾ' ਰੱਖਿਆ ਅਤੇ ਕੁਝ ਚਿਰ ਮਗਰੋਂ ਆਪ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਜਦ ਆਪ ਬਾਰ੍ਹਾਂ ਵਰ੍ਹਿਆਂ ਦੇ ਸਨ, ਤਦ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤਾਂ ਦਾ ਉਦਾਰ ਕਰਨ ਲਈ ਰਮਦਾਸ ਪਿੰਡ ਦੀ ਜੂਹ ਵਿਚ ਆ ਟਿਕੇ, ਜਿਥੇ 'ਬੂੜਾ ਜੀ' ਮੱਝਾਂ ਚਾਰਦੇ ਹੋਏ ਉੱਥੇ ਆ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਸੁਣਿਆ। ਬਾਅਦ ਵਿਚ ਉਹ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਉਂਦੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ।
ਇਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਤੇ ਜਵਾਬ ਸੁਣ ਕੇ ਕਿਹਾ ਕਿ 'ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੂੜਾ ਜੀ ਦਾ ਨਾਂਅ 'ਬੁੱਢਾ ਜੀ' ਪੈ ਗਿਆ, ਜਿਨ੍ਹਾਂ ਨੂੰ ਸਿੱਖ ਸੰਗਤਾਂ ਪਿਆਰ ਨਾਲ ਧੰਨ ਬਾਬਾ ਬੁੱਢਾ ਜੀ ਆਖਦੀਆਂ ਹਨ। ਧੰਨ ਬਾਬਾ ਬੁੱਢਾ ਜੀ ਉਸੇ ਦਿਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋ ਤੁਰੇ ਤੇ ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿਚ ਜਾ ਕੇ ਖੇਤੀਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ 'ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ' ਦੇ ਉਪਦੇਸ਼ ਨੂੰ ਕਮਾ ਕੇ ਵੀ ਦਿਖਾਇਆ ਹੀ ਨਹੀਂ, ਸਗੋਂ ਸੰਗਤਾਂ ਨੂੰ ਵੀ ਇਸ ਨਾਲ ਜੋੜਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਅਤੇ ਇਸ ਮਗਰੋਂ ਤੀਜੀ ਪਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ, ਚੌਥੀ ਪਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਨੇ ਹੀ ਕੀਤੀ। ਧੰਨ ਬਾਬਾ ਬੁੱਢਾ ਜੀ ਦਾ ਵਿਆਹ ਬਟਾਲਾ ਅਧੀਨ ਪੈਂਦੇ ਪਿੰਡ ਅਚਲ ਤੋਂ ਮਾਤਾ ਮਰੋਆ ਜੀ ਨਾਲ ਹੋਇਆ ਅਤੇ ਆਪ ਦੇ ਘਰ 4 ਪੁੱਤਰਾਂ ਨੇ ਜਨਮ ਲਿਆ।
ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦਾ ਬਹੁਤਾ ਹਿੱਸਾ ਪਿੰਡ ਬੀੜ ਵਿਚ ਹੀ ਬਤੀਤ ਕੀਤਾ, ਜਿਥੇ ਗੁਰੂ ਅਰਜਨ ਦੇਵ ਜੀ ਨੇ ਵੀ ਚਰਨ ਪਾਏ ਸਨ। ਇਸੇ ਅਸਥਾਨ 'ਤੇ ਆ ਕੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੀ ਸਹਿਜ ਅਵਸਥਾ ਵਿਚ ਪੁੱਤਰ ਦੀ ਦਾਤ ਮੰਗੀ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਖਜ਼ਾਨੇ ਵਿਚੋਂ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ, 'ਮਾਤਾ ਜੀ, ਤੁਹਾਡੇ ਘਰ ਵਿਚ ਇਕ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮੁਗਲਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਢਾ ਭੰਨਿਆ ਹੈ।' ਉਸ ਵੇਲੇ ਬਾਬਾ ਜੀ ਮਾਤਾ ਗੰਗਾ ਜੀ ਵਲੋਂ ਲਿਆਂਦੇ ਮਿੱਸੇ ਪ੍ਰਸ਼ਾਦੇ ਅਤੇ ਗੰਢਾ ਛਕ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਮਾਤਾ ਗੰਗਾ ਜੀ ਨੂੰ ਇਸ ਅਸਥਾਨ 'ਤੇ ਪੁੱਤਰ ਦੀ ਦਾਤ ਲਈ ਭੇਜਣਾ ਗੁਰੂ ਸਾਹਿਬ ਵਲੋਂ ਆਪਣੇ ਸਿੱਖ ਨੂੰ ਮਹਾਨ ਦਰਜਾ ਦੇਣ ਦਾ ਸਬੂਤ ਹੈ।
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਥਾਪਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਸੁਸ਼ੋਭਿਤ ਤਿੰਨ ਪੁਰਾਤਨ ਬੇਰੀਆਂ-ਦੁੱਖ ਭੰਜਨੀ ਬੇਰੀ, ਲਾਚੀ ਬੇਰੀ ਅਤੇ ਬੇਰ ਬੁੱਢਾ ਜੀ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਇਤਿਹਾਸਕ ਮਹੱਤਵ ਹੈ ਅਤੇ ਇਸ ਬੇਰੀ ਥੱਲੇ ਬਾਬਾ ਬੁੱਢਾ ਜੀ ਬਿਰਾਜਮਾਨ ਹੁੰਦੇ ਸਨ ਅਤੇ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ।
ਧੰਨ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿੱਦਿਆ, ਗੁਰਮੁਖੀ ਸਿਖਾਉਣ ਦੇ ਨਾਲ-ਨਾਲ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨਾਈਆਂ।
ਧੰਨ ਬਾਬਾ ਬੁੱਢਾ ਜੀ ਨੇ ਸੇਵਾ ਅਤੇ ਸਿਮਰਨ ਕਮਾ ਕੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਉਹ ਹਰਫ ਲਿਖੇ, ਜਿਨ੍ਹਾਂ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਅੱਜ ਵੀ ਸ਼ਰਧਾਵਾਨ ਪ੍ਰਾਣੀ ਵਲੋਂ ਆਪਮੁਹਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਹਿ ਕੇ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ। ਅੱਜ ਸਮੁੱਚੀ ਕਾਇਨਾਤ ਵਿਚ ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬਹੁਤ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ।


-ਮੋਬਾ: 98154-48043

ਮੁਹੰਮਦ ਫਾਜ਼ਿਲਉੱਦੀਨ ਕਾਦਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
19ਵੀਂ ਸਦੀ ਦੇ ਆਰੰਭ ਵਿਚ ਇਸ ਦਰਗਾਹ ਅਤੇ ਮਦਰੱਸੇ ਦਾ ਪ੍ਰਬੰਧ ਸੱਯਦ ਅਹਿਮਦ ਸ਼ਾਹ ਦੇ ਹੱਥ ਆ ਗਿਆ। ਦਰਗਾਹ ਨਾਲ ਜੁੜੀ ਜਗੀਰ ਅਤੇ ਸੱਯਦ ਅਹਿਮਦ ਸ਼ਾਹ ਦੀ ਵਿਦਵਤਾ ਸਦਕਾ ਖਾਲਸਾ ਦਰਬਾਰ ਵਿਚ ਰਸੂਖ਼ ਹਾਸਲ ਕਰਕੇ ਉਹ ਆਪਣੇ ਸਮੇਂ ਦਾ ਮਸ਼ਹੂਰ ਆਦਮੀ ਬਣ ਗਿਆ। ਦਰਗਾਹ ਦੀ ਮਜਾਵਰੀ ਨੇ ਉਸ ਦੀ ਹੈਸੀਅਤ ਵਿਚ ਹੋਰ ਵੀ ਵਾਧਾ ਕੀਤਾ। ਉਹ ਰਾਜਨੀਤਕ ਚੇਤਨਾ ਅਤੇ ਇਤਿਹਾਸਕ ਸੂਝ ਵੀ ਖੂਬ ਰੱਖਦਾ ਸੀ।
ਇਸ ਦਰਗਾਹ ਦੀ ਅਜ਼ਮਤ ਅਤੇ ਇਸ ਨਾਲ ਜੁੜੇ ਲੋਕਾਂ ਬਾਰੇ ਗੱਲ ਕਰਦਿਆਂ ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਲਿਖਿਆ ਹੈ, 'ਦਰਬਾਰ ਕਾਦਰੀਆਂ ਫਾਜ਼ਿਲੀਆਂ ਦੇ ਸੂਫ਼ੀ ਦਰਵੇਸ਼ ਸਨ ਅਤੇ ਆਪਣੇ ਸਮੇਂ ਦੇ ਕਰਨੀ ਵਾਲੇ ਬਜ਼ੁਰਗ ਸਨ, ਜਿਨ੍ਹਾਂ ਦੀ ਪੀਰੀ ਮੁਰੀਦੀ ਜੰਮੂ-ਕਸ਼ਮੀਰ ਤੱਕ ਫੈਲੀ ਹੋਈ ਸੀ। ਸਥਾਨਕ ਰਵਾਇਤ ਹੈ ਕਿ ਸਾਈਂ ਬੁੱਲੇਸ਼ਾਹ ਜਵਾਨੀ ਦੇ ਸਮੇਂ ਸਾਰੇ ਘੁੰਮਦੇ-ਫਿਰਦੇ ਬਟਾਲੇ ਦੇ ਇਲਾਕੇ ਵਿਚ ਆਣ ਨਿਕਲੇ। ਉਨ੍ਹਾਂ ਅੰਦਰ ਰੂਹਾਨੀ ਜਲਵਾ ਪ੍ਰਗਟ ਹੋ ਚੁੱਕਾ ਸੀ ਅਤੇ ਮਨਸੂਰ ਵਾਂਗ ਉਨ੍ਹਾਂ ਨੇ ਵੀ ਅਨਅਲਹੱਕ ਕਹਿਣਾ ਸ਼ੁਰੂ ਕਰ ਦਿੱਤਾ। ਗੱਲ ਮੁਫਤੀਆਂ ਕਾਜ਼ੀਆਂ ਤੱਕ ਪਹੁੰਚ ਗਈ ਅਤੇ ਉਨ੍ਹਾਂ ਬੁੱਲੇਸ਼ਾਹ ਖਿਲਾਫ ਕੁਫਰ ਦਾ ਫਤਵਾ ਦੇਣ ਦੀ ਤਿਆਰੀ ਕਰ ਲਈ। ਲੋਕੀਂ ਪਹਿਲਾਂ ਮਨਸੂਰ ਦੇ ਹਸ਼ਰ ਤੋਂ ਜਾਣੂ ਸਨ, ਇਸ ਲਈ ਕਿਸੇ ਨੇ ਸਲਾਹ ਦਿੱਤੀ ਕਿ ਬੁੱਲੇਸ਼ਾਹ ਨੂੰ ਦਰਬਾਰ ਕਾਦਰੀਆਂ ਫਾਜ਼ਲੀਆਂ ਦੇ ਮੁਖੀ ਪੀਰ ਫਾਜ਼ਿਲਦੀਨ ਸ਼ਾਹ ਕੋਲ ਲੈ ਚੱਲੋ। ਉਸ ਨੇ ਬੁੱਲੇਸ਼ਾਹ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਅਜੇ ਅੱਲਾ (ਭਾਵ ਕੱਚਾ) ਹੈ। ਇਹ ਤਾਂ ਆਪਣੇ-ਆਪ ਨੂੰ ਅੱਲਾਹ ਨਹੀਂ, ਅੱਲਾ ਭਾਵ ਕੱਚਾ ਕਹਿ ਰਹੇ ਹਨ। ਇੰਜ ਬੁੱਲੇਸ਼ਾਹ ਦਾ ਸ਼ਰ੍ਹਾ ਵਾਲਿਆਂ ਕੋਲੋਂ ਬਚਾਅ ਕਰਵਾ ਕੇ ਫਾਜ਼ੁਲ-ਉਦੀਨ ਸ਼ਾਹ ਨੇ ਨਸੀਹਤ ਕੀਤੀ ਕਿ ਉਹ ਲਾਹੌਰ ਜਾ ਕੇ ਇਨਾਇਤ ਸ਼ਾਹ ਕਾਦਰੀ ਦੇ ਲੜ ਲੱਗ ਜਾਵੇ। ਬੁੱਲੇਸ਼ਾਹ ਨੇ ਅਜਿਹਾ ਹੀ ਕੀਤਾ। ਮਗਰੋਂ ਬੁੱਲੇਸ਼ਾਹ ਵਲੋਂ ਸਾਈਂ ਇਨਾਇਤ ਸ਼ਾਹ ਕਾਦਰੀ ਨੂੰ ਮੁਰਸ਼ਦ ਧਾਰਨ ਕਰਨ, ਰੁੱਸ ਜਾਣ ਅਤੇ ਨੱਚ ਕੇ ਮਨਾਉਣ ਦੀ ਕਹਾਣੀ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਬਟਾਲਾ ਸ਼ਹਿਰ ਦੇ ਮੀਆਂ ਮੁਹੱਲੇ ਵਿਚ ਸਥਿਤ ਕਾਦਰੀਆਂ, ਫਾਜ਼ਲੀਆਂ ਵਿਚ ਹਜਰਤ ਸਈਅਦ ਫਾਜ਼ਿਲਦੀਨ ਸ਼ਾਹ ਦਾ ਮਜ਼ਾਰ ਬਣਿਆ ਹੋਇਆ ਹੈ। ਪੀਰ ਫਾਜ਼ੁਲਦੀਨ ਕਾਦਰੀ ਦੇ ਖਾਨਦਾਨ ਦੇ ਲੋਕ, ਬਟਵਾਰੇ ਸਮੇਂ ਪਾਕਿਸਤਾਨ ਚਲੇ ਗਏ। ਦਰਬਾਰ ਕਾਦਰੀਆਂ ਦੇ ਬਾਨੀ ਅਤੇ ਉਸ ਦੇ ਜਾਨਸ਼ੀਨ ਪੁੱਤਰ ਸਈਅਦ ਗੁਲਾਮ ਕਾਦਰ ਸ਼ਾਹ ਨੇ ਪੰਜਾਬੀ ਵਿਚ ਸੂਫ਼ੀ ਕਲਾਮ ਦੀ ਰਚਨਾ ਵੀ ਕੀਤੀ। (ਸੂਫ਼ੀ ਮਤ, ਪੰਨੇ 203-204)
ਪੰਜਾਬੀ ਸੂਫ਼ੀ ਕਾਵਿ ਵਿਚ ਇਕ ਕਵੀ ਸ਼ਾਹ ਸ਼ਰਫ ਜਾਂ ਸ਼ਾਹ ਸ਼ਰਫ ਬਟਾਲਵੀ ਦਾ ਨਾਂਅ ਵੀ ਆਉਂਦਾ ਹੈ। ਡਾ: ਹਰਨਾਮ ਸਿੰਘ ਸ਼ਾਨ ਦਾ ਮੰਨਣਾ ਹੈ ਕਿ ਇਸੇ ਸ਼ਾਹ ਸ਼ਰਫ ਬਟਾਲਵੀ ਨੇ ਬਟਾਲੇ ਦੇ ਹੀ ਸ਼ੇਖ ਮੁਹੰਮਦ ਫਾਜ਼ਿਲ ਕਾਦਰੀ ਪਾਸੋਂ ਬੈਅਤ ਲਈ ਅਤੇ ਮਗਰੋਂ ਉਹ ਲਾਹੌਰ ਚਲਿਆ ਗਿਆ। ਰਹਿੰਦੀ ਉਮਰ ਉਸ ਨੇ ਲਾਹੌਰ ਹੀ ਕੱਟੀ ਅਤੇ ਇਥੇ ਹੀ ਉਹ 1724 ਈਸਵੀ ਵਿਚ ਸਵਰਗਵਾਸ ਹੋਇਆ। (ਸੂਫ਼ੀ ਕਾਵਿ ਸੰਗ੍ਰਹਿ ਪੰਨਾ 241)


-ਮੋਬਾ: 98889-39808

ਸ਼ਬਦ ਵਿਚਾਰ

ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ॥

ਸਿਰੀਰਾਗੁ ਮਹਲਾ ੧
ਤ੍ਰਿਸਨਾ ਮਾਇਆ ਮੋਹਣੀ
ਸੁਤ ਬੰਧਪ ਘਰ ਨਾਰਿ॥
ਧਨਿ ਜੋਬਨਿ ਜਗੁ ਠਗਿਆ
ਲਬਿ ਲੋਭਿ ਅਹੰਕਾਰਿ॥
ਮੋਹ ਠਗਉਲੀ ਹਉ ਮੁਈ
ਜਾ ਵਰਤੈ ਸੰਸਾਰਿ॥ ੧॥
ਮੇਰੇ ਪਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ॥
ਮੈ ਤੁਝ ਬਿਨੁ ਅਵਰੁ ਨ ਭਾਵਈ
ਤੂੰ ਭਾਵਹਿ ਸੁਖੁ ਹੋਇ॥ ੧॥ ਰਹਾਉ॥
ਨਾਮੁ ਸਾਲਾਹੀ ਰੰਗ ਸਿਉ
ਗੁਰ ਕੈ ਸਬਦਿ ਸੰਤੋਖੁ॥
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ॥
ਵਾਟ ਵਟਾਊ ਆਇਆ
ਨਿਤ ਚਲਦਾ ਸਾਥੁ ਦੇਖੁ॥ ੨॥
ਆਖਣਿ ਆਖਹਿ ਕੇਤੜੇ
ਗੁਰ ਬਿਨੁ ਬੂਝ ਨ ਹੋਇ॥
ਨਾਮੁ ਵਡਾਈ ਜੇ ਮਿਲੈ
ਸਚਿ ਰਪੈ ਪਤਿ ਹੋਇ॥
ਜੋ ਤੁਧੁ ਭਾਵਹਿ ਸੇ ਭਲੇ
ਖੋਟਾ ਖਰਾ ਨ ਕੋਇ॥ ੩॥
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ॥
ਅਸਟ ਧਾਤੁ ਪਾਤਿਸਾਹ ਕੀ
ਘੜੀਐ ਸਬਦਿ ਵਿਗਾਸਿ॥
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ॥ ੪॥
ਤੇਰੀ ਕੀਮਤਿ ਨਾ ਪਵੈ
ਸਭ ਡਿਠੀ ਠੋਕਿ ਵਜਾਇ॥
ਕਹਣੈ ਹਾਥ ਨ ਲਭਈ
ਸਚਿ ਟਿਕੈ ਪਤਿ ਪਾਇ॥
ਗੁਰਮਤਿ ਤੂੰ ਸਾਲਾਹਣਾ
ਹੋਰੁ ਕੀਮਤਿ ਕਹਣੁ ਨ ਜਾਇ॥ ੫॥
ਜਿਤੁ ਤਨਿ ਨਾਮੁ ਨ ਭਾਵਈ
ਤਿਤੁ ਤਨਿ ਹਉਮੈ ਵਾਦੁ॥
ਗੁਰ ਬਿਨੁ ਗਿਆਨੁ ਨ ਪਾਈਐ
ਬਿਖਿਆ ਦੂਜਾ ਸਾਦੁ॥
ਬਿਨੁ ਗੁਣ ਕਾਮਿ ਨ ਆਵਈ
ਮਾਇਆ ਫੀਕਾ ਸਾਦੁ॥ ੬॥
ਆਸਾ ਅੰਦਰਿ ਜੰਮਿਆ
ਆਸਾ ਰਸ ਕਸ ਖਾਇ॥
ਆਸਾ ਬੰਧਿ ਚਲਾਈਐ
ਮੁਹੇ ਮੁਹਿ ਚੋਟਾ ਖਾਇ॥
ਅਵਗਣਿ ਬਧਾ ਮਾਰੀਐ
ਛੂਟੈ ਗੁਰਮਤਿ ਨਾਇ॥ ੭॥
ਸਰਬੇ ਥਾਈ ਏਕੁ ਤੂੰ
ਜਿਉ ਭਾਵੈ ਤਿਉ ਰਾਖੁ॥
ਗੁਰਮਤਿ ਸਾਚਾ ਮਨਿ ਵਸੈ
ਨਾਮੁ ਭਲੋ ਪਤਿ ਸਾਖੁ॥
ਹਉਮੈ ਰੋਗੁ ਗਵਾਈਐ
ਸਬਦਿ ਸਚੈ ਸਚੁ ਭਾਖੁ॥ ੮॥
ਆਕਾਸੀ ਪਾਤਾਲਿ ਤੂ
ਤ੍ਰਿਭਵਣਿ ਰਹਿਆ ਸਮਾਇ॥
ਆਪੇ ਭਗਤੀ ਭਾਉ ਤੂੰ
ਆਪੇ ਮਿਲਹਿ ਮਿਲਾਇ॥
ਨਾਨਕ ਨਾਮੁ ਨ ਵੀਸਰੈ
ਜਿਉ ਭਾਵੈ ਤਿਵੈ ਰਜਾਇ॥ ੯॥ ੧੩॥
(ਅੰਗ 61-62)
ਪਦ ਅਰਥ : ਸੁਤ-ਪੁੱਤਰ। ਬੰਧਪ-ਰਿਸ਼ਤੇਦਾਰ। ਜੋਬਨਿ-ਜੁਆਨੀ ਨੇ। ਧਨਿ-ਧਨ ਨੇ। ਲਬਿ ਲੋਭਿ-ਲੋਭ ਲਾਲਚ ਨੇ। ਜਗੁ ਠਗਿਆ-ਜਗਤ ਨੂੰ ਠੱਗ ਲਿਆ ਹੈ। ਠਗਉਲੀ-ਠੱਗ ਬੂਟੀ। ਹਉ-ਹਉਮੈ, ਹਉ ਮੇਰੀ। ਮੁਈ-ਮਰ ਰਹੀ ਹੈ। ਵਰਤੈ-ਵਰਤ ਰਹੀ ਹੈ। ਅਵਰੁ-ਹੋਰ। ਤੁਝ ਬਿਨੁ-ਤੇਰੇ ਤੋਂ ਬਿਨਾਂ। ਨ ਭਾਵਈ-ਚੰਗਾ ਨਹੀਂ ਲੱਗਦਾ, ਪਿਆਰਾ ਨਹੀਂ ਲੱਗਦਾ। ਤੂੰ ਭਾਵਹਿ-(ਜਦੋਂ ਤੂੰ ਮੈਨੂੰ) ਚੰਗਾ ਲੱਗਦਾ ਹੈਂ। ਨਾਮੁ ਸਾਲਾਹੀ-ਨਾਮ ਦੀ ਸਿਫ਼ਤ ਸਾਲਾਹ ਕਰ। ਰੰਗ ਸਿਉ-ਪ੍ਰੇਮ ਨਾਲ। ਗੁਰ ਕੈ ਸਬਦਿ-ਗੁਰੂ ਦੇ ਸ਼ਬਦ ਦੁਆਰਾ। ਸੰਤੋਖੁ-ਸੰਤੋਖ ਨਾਲ। ਜੋ ਦੀਸੈ-ਜੋ ਕੁਝ ਦਿਸਦਾ ਹੈ। ਸੋ ਚਲਸੀ-ਉਹ ਚਲਾਏਮਾਨ ਹੈ, ਨਾਸ਼ਵੰਤ ਹੈ। ਕੂੜਾ-ਨਾਸਵੰਤ। ਵਾਟ-ਰਾਹ, ਰਸਤਾ। ਵਟਾਊ-ਮੁਸਾਫ਼ਰ। ਨਿਤ ਚਲਦਾ-ਨਿੱਤ ਚੱਲਣ ਵਾਲਾ। ਦੇਖੁ-ਸਮਝ। ਸਾਥੁ-ਸਾਰੇ ਸਾਥੀ।
ਆਖਣਿ ਆਖਹਿ ਕੇਤੜੇ-ਵਖਿਆਨ ਕਰਨ ਵਾਲੇ ਤਾਂ ਬੜੇ ਹਨ। ਬੂਝ ਨ ਹੋਇ-ਸੋਝੀ ਨਹੀਂ ਪੈਂਦੀ। ਨਾਮੁ ਵਡਾਈ-ਨਾਮ ਰੂਪ ਵਡਿਆਈ ਮਿਲ ਜਾਵੇ। ਸਚਿ ਰਪੈ-ਸਦਾ ਥਿਰ ਪ੍ਰਭੂ ਵਿਚ ਰੰਗਿਆ ਜਾਵੇ। ਪਤਿ ਹੋਇ-ਇੱਜ਼ਤ ਹੁੰਦੀ ਹੈ, ਲੋਕ ਪਰਲੋਕ ਵਿਚ ਇੱਜ਼ਤ ਹੁੰਦੀ ਹੈ। ਤੁਧੁ ਭਾਵਹਿ-(ਹੇ ਪ੍ਰਭੂ) ਤੈਨੂੰ ਚੰਗੇ ਲੱਗਦੇ ਹਨ। ਸੇ ਭਲੇ-ਉਹੀ ਭਲੇ ਹਨ। ਖੋਟਾ-ਮਾੜਾ। ਖਰਾ-ਚੰਗਾ। ਛੁਟੀਐ-ਛੁਟਕਾਰਾ ਹੁੰਦਾ ਹੈ, ਖਲਾਸੀ ਹੁੰਦੀ ਹੈ। ਖੋਟੀ ਰਾਸਿ-ਖੋਟੀ ਪੂੰਜੀ ਹੀ ਵਿਹਾਜਦਾ ਹੈ। ਅਸਟ ਧਾਤੁ-ਅੱਠ ਧਾਤਾਂ (ਸੋਨਾ, ਚਾਂਦੀ, ਤਾਂਬਾ, ਜਿਸਤ, ਕਲੀ, ਲੋਹਾ, ਸਿੱਕਾ, ਪਿੱਤਲ)। ਭਾਈ ਕਾਨ੍ਹ ਸਿੰਘ (ਮਹਾਨ ਕੋਸ਼) ਅਨੁਸਾਰ ਸਰੀਰ ਵਿਚਲੀਆਂ ਅੱਠ ਧਾਤਾਂ ਇਹ ਮੰਨੀਆਂ ਜਾਂਦੀਆਂ ਹਨ-ਖਲੜੀ, ਰੋਮ, ਲਹੂ, ਨਾੜਾਂ, ਹੱਡੀਆਂ, ਪੱਠੇ, ਚਰਬੀ ਅਤੇ ਵੀਰਜ। ਘੜੀਐ ਸਬਦਿ-ਗੁਰੂ ਦੇ ਸ਼ਬਦ ਦੀ ਟਕਸਾਲ ਵਿਚ ਘੜੀ ਜਾਵੇ।
ਸਿਰਮੌਰ ਭਗਤ ਕਬੀਰ ਜੀ ਦੇ ਰਾਗੁ ਮਾਰੂ ਵਿਚ ਪਾਵਨ ਬਚਨ ਹਨ ਕਿ ਵਿਕਾਰਾਂ ਵਿਚ ਗ੍ਰਹਿਸਥ ਜੀਵ ਪਾਪ ਕਮਾਉਂਦਾ ਹੈ, ਲੋਭ-ਲਾਲਚ ਕਰਦਾ ਹੈ, ਜਦੋਂ ਕਿ ਇਸ ਨੇ ਸਭ ਕੁਝ ਛੱਡ ਕੇ ਇਥੋਂ ਅੱਜ ਜਾਂ ਕੱਲ੍ਹ ਭਾਵ ਕਿਸੇ ਵੇਲੇ ਵੀ ਤੁਰ ਜਾਣਾ ਹੈ-
ਪਾਪੀ ਜੀਅਰਾ ਲੋਭੁ ਕਰਤੁ ਹੈ
ਆਜੁ ਕਾਲਿ ਉਠਿ ਜਾਹਿਗਾ॥
(ਅੰਗ 1106)
ਤਾਂ ਫਿਰ ਮਾਇਆ ਤੇ ਜਵਾਨੀ 'ਤੇ ਮਾਣ ਕਿਸ ਗੱਲ ਦਾ? (ਜਦੋਂ ਮੌਤ ਆਵੇਗੀ ਤਾਂ ਇਹ ਸਰੀਰ, ਜਿਸ 'ਤੇ ਪ੍ਰਾਣੀ ਮਾਣ ਕਰਦਾ ਹੈ) ਕਾਗਜ਼ ਦੀ ਤਰ੍ਹਾਂ ਗਲ ਜਾਵੇਗਾ-
ਧਨ ਜੋਬਨ ਕਾ ਗਰਬੁ ਨ ਕੀਜੈ
ਕਾਗਦ ਜਿਉ ਗਲਿ ਜਾਹਿਗਾ॥
(ਅੰਗ 1106)
ਗਰਬੁ-ਗੁਮਾਨ, ਮਾਣ।
ਜਗਤ ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਇਸ ਜਗਤ ਵਿਚ ਪੁੱਤਰ, ਇਸਤਰੀ, ਮਾਇਆ ਦਾ ਮੋਹ ਅਤੇ ਪਿਆਰ ਸਭ ਨੂੰ ਵਿਆਪ ਰਿਹਾ ਹੈ ਪਰ ਜੋ ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ, ਗੁਰੂ ਉਸ ਦੀਆਂ ਜਮ ਦੀਆਂ ਫਾਹੀਆਂ ਤੋੜ ਦਿੰਦਾ ਹੈ-
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ॥
ਮਾਇਆ ਮੋਹੁ ਪਸਰਿਆ ਪਾਸਾਰਾ॥
ਜਮ ਕੇ ਫਾਹੇ ਸਤਿਗੁਰਿ ਤੋੜੇ
ਗੁਰਮੁਖਿ ਤਤੁ ਬੀਚਾਰਾ ਹੇ॥
(ਰਾਗੁ ਮਾਰੂ ਮਹਲਾ ੧, ਅੰਗ 1029)
ਅੱਖਰੀਂ ਅਰਥ : ਪੁੱਤਰਾਂ, ਰਿਸ਼ਤੇਦਾਰਾਂ, ਇਸਤਰੀ, ਮਹਲ-ਮਾੜੀਆਂ ਦੇ ਰੂਪ ਵਿਚ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ। ਧਨ ਨੇ, ਜਵਾਨੀ ਨੇ, ਲੋਭ-ਲਾਲਚ ਅਤੇ ਹੰਕਾਰ ਨੇ ਸਾਰੇ ਜਗਤ ਨੂੰ ਠੱਗਿਆ ਹੋਇਆ ਹੈ। ਇਹ ਮੋਹ ਦੀ ਠੱਗ ਬੂਟੀ ਅਜਿਹੀ ਹੈ ਜੋ ਸਾਰੇ ਸੰਸਾਰ ਵਿਚ ਵਰਤ ਰਹੀ ਹੈ ਅਤੇ ਸਾਰੀ ਲੋਕਾਈ ਮੈਂ-ਮੇਰੀ (ਹਉਮੈ) ਵਿਚ ਫਸ ਕੇ ਮਰ ਰਹੀ ਹੈ।
ਹੇ ਮੇਰੇ ਮਾਲਕ ਪ੍ਰਭੂ, ਤੁਹਾਡੇ ਬਿਨਾਂ ਮੇਰਾ ਹੋਰ ਕੋਈ (ਆਸਰਾ) ਨਹੀਂ। ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਭਾਉਂਦਾ ਹੈ,ਂ ਉਦੋਂ ਹੀ ਮੈਨੂੰ ਆਤਮਿਕ ਸੁਖ ਮਿਲਦਾ ਹੈ। ਇਸ ਲਈ ਹੇ ਮੇਰੇ ਮਨ, ਗੁਰੂ ਦੇ ਸ਼ਬਦ ਅਤੇ ਸੰਤੋਖ ਨਾਲ ਨਾਮ ਨੂੰ ਪ੍ਰੇਮ ਨਾਲ ਸਾਲਾਹੁਣਾ ਕਰ। ਇਸ (ਸੰਸਾਰ ਵਿਚ) ਜੋ ਵੀ ਦਿਸ ਰਿਹਾ ਹੈ, ਸਭ ਚੱਲਣਹਾਰ ਹੈ। ਇਸ ਲਈ ਇਸ ਦਾ ਮੋਹ ਵੀ ਨਾਸਵੰਤ ਹੈ ਭਾਵ ਵਿਅਰਥ ਹੈ। ਪ੍ਰਾਣੀ ਇਥੇ ਰਾਹੀ ਮੁਸਾਫ਼ਰ ਬਣ ਕੇ ਆਇਆ ਹੈ, ਜਿਥੇ ਨਿੱਤ ਸਾਥੀ ਚਲਦੇ (ਪਰਲੋਕ ਜਾਂਦੇ) ਦੇਖੀਦੇ ਹਨ।
ਉਂਜ ਵਿਖਿਆਨ ਕਰਨ ਵਾਲੇ ਤਾਂ ਬੜੇ ਹਨ ਪਰ ਇਸ ਗੱਲ ਦੀ (ਜਗਤ ਖਿਲਾਰੇ ਦੀ) ਸੋਝੀ ਗੁਰੂ ਤੋਂ ਬਿਨਾਂ ਨਹੀਂ ਪੈਂਦੀ। ਜੇਕਰ ਨਾਮ ਰੂਪੀ ਵਡਿਆਈ ਮਿਲ ਜਾਵੇ ਅਤੇ ਮਨ ਸਦਾ ਥਿਰ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਵੇ ਤਾਂ ਸਾਧਕ ਨੂੰ (ਲੋਕ-ਪਰਲੋਕ ਵਿਚ) ਇੱਜ਼ਤ-ਮਾਣ ਮਿਲਦਾ ਹੈ। ਹੇ ਪ੍ਰਭੂ, ਜਿਹੜੇ ਜੀਵ ਤੈਨੂੰ ਚੰਗੇ ਲੱਗਦੇ ਹਨ, ਉਹ ਹੀ ਭਲੇ ਹਨ। ਬਾਕੀ ਉਂਜ ਚੰਗਾ ਜਾਂ ਮਾੜਾ ਕਿਸ ਨੂੰ ਆਖਿਆ ਜਾ ਸਕਦਾ ਹੈ।
ਗੁਰੂ ਦੀ ਸ਼ਰਨੀ ਲੱਗ ਕੇ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਛੁਟਕਾਰਾ ਹੁੰਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਖੋਟੀ ਪੂੰਜੀ ਹੀ ਇਕੱਠੀ ਕਰਦਾ ਰਹਿੰਦਾ ਹੈ। ਪਰਮਾਤਮਾ ਦੀ ਅੱਠਾਂ ਧਾਤਾਂ ਦੀ ਰਚੀ ਹੋਈ ਜੀਵ ਦੀ ਦੇਹੀ ਜੋ ਗੁਰੂ ਦੇ ਸ਼ਬਦ ਦੀ ਟਕਸਾਲ ਵਿਚ ਘੜੀ ਜਾਂਦੀ ਹੈ ਭਾਵ ਗੁਰੂ ਦੇ ਸ਼ਬਦ ਦੁਆਰਾ ਸੰਵਾਰੀ ਜਾਂਦੀ ਹੈ, ਉਹ ਹੀ ਖਿੜਦੀ ਹੈ, ਆਤਮਿਕ ਖੇੜੇ ਵਿਚ ਆਉਂਦੀ ਹੈ।
ਪਰਖਣ ਵਾਲਾ ਪ੍ਰਭੂ ਆਪ ਹੀ ਮਨੁੱਖ ਦੇ ਕੀਤੇ ਕਰਮਾਂ ਨੂੰ ਪਰਖਦਾ ਹੈ। ਜੀਵ ਦੀ ਕੀਤੀ ਘਾਲ ਕਮਾਈ ਦੀ ਪੂੰਜੀ ਹੀ ਪ੍ਰਭੂ ਦੇ ਖ਼ਜ਼ਾਨੇ ਪੈਂਦੀ ਹੈ ਭਾਵ ਦਰਗਾਹੇ ਪ੍ਰਵਾਨ ਚੜ੍ਹਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਾਂਤ ਸੁਭਾਅ ਅਤੇ ਕਰਮਸ਼ੀਲਤਾ ਸ਼ਾਂਤੀ ਦੇ ਪ੍ਰਤੀਕ ਹਨ

ਦੁਨੀਆ ਵਿਚ ਭਾਵੇਂ ਵਰਤਮਾਨ ਕਾਲ ਦੀ ਗੱਲ ਕਰੀਏ ਜਾਂ ਭੂਤਕਾਲ ਦੀ, ਅਜਿਹਾ ਕੋਈ ਵੀ ਵਿਅਕਤੀ ਨਹੀਂ, ਜੋ ਦੋਸ਼ਮੁਕਤ ਰਿਹਾ ਹੋਵੇ ਜਾਂ ਜਿਸ ਦੇ ਜੀਵਨ ਵਿਚ ਕਸ਼ਟ ਨਾ ਆਏ ਹੋਣ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੇ ਤੁਸੀਂ ਸ਼ਾਂਤ ਰਹਿ ਕੇ ਕਰਮ ਕਰਦੇ ਹੋ ਤਾਂ ਹੀ ਤੁਹਾਨੂੰ ਸ਼ਾਂਤੀ ਦਾ ਪ੍ਰਤੀਕ ਸਮਝਿਆ ਜਾਵੇਗਾ। ਜੇ ਅਸੀਂ ਸੰਸਾਰ ਵਿਚ ਹੋਏ ਮਹਾਂਪੁਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੇ ਜੀਵਨ ਵਿਚ ਵੀ ਅਨੇਕਾਂ ਦੁੱਖ ਅਤੇ ਰੁਕਾਵਟਾਂ ਆਈਆਂ ਪਰ ਉਹ ਸ਼ਾਂਤ ਰਹਿ ਕੇ ਕਰਮਸ਼ੀਲ ਰਹੇ। ਉਨ੍ਹਾਂ ਦੇ ਚੰਗੇ ਗੁਣਾਂ ਕਾਰਨ ਹੀ ਅਸੀਂ ਉਨ੍ਹਾਂ ਨੂੰ ਅੱਜ ਪੂਜਦੇ ਹਾਂ। ਅਸਲ ਵਿਚ ਤਾਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਜਾਣਦੇ ਹਾਂ ਪਰ ਉਨ੍ਹਾਂ ਦੁਆਰਾ ਸਹੀਆਂ ਮੁਸ਼ਕਿਲਾਂ ਨੂੰ ਨਹੀਂ। ਜੇ ਜ਼ਿੰਦਗੀ ਵਿਚ ਸੁਖ ਅਸਥਾਈ ਹਨ ਤਾਂ ਦੁੱਖ ਵੀ ਸਦਾ ਨਹੀਂ ਰਹਿੰਦੇ। ਇਹ ਤੁਹਾਡਾ ਸ਼ਾਂਤ ਸੁਭਾਅ ਹੀ ਹੈ ਜੋ ਦੋਵਾਂ ਨੂੰ ਖੁਸ਼ ਹੋ ਕੇ ਹੰਡਾਉਂਦਾ ਹੈ। ਉਸ ਨੂੰ ਪਤਾ ਹੈ ਕਿ ਉਸ ਨੂੰ ਫਲ਼ ਤਾਂ ਆਪਣੇ ਕਰਮਾਂ ਦਾ ਮਿਲਣਾ ਹੈ, ਬਾਹਰੀ ਔਕੜਾਂ ਜਾਂ ਸਹੂਲਤਾਂ ਦਾ ਨਹੀਂ। ਜਿਨ੍ਹਾਂ ਕਾਰਜਾਂ ਨਾਲ ਮਨ ਖੁਸ਼ ਹੋਵੇ, ਉਹ ਹੀ ਤੁਹਾਡੇ ਨੇਕ ਕਰਮ ਹਨ। ਮੁਸੀਬਤ ਸਮੇਂ ਆਪਣੇ ਨੇਕ ਸੁਭਾਅ ਨੂੰ ਬਦਲ ਲੈਣਾ ਔਗੁਣ ਹੈ। ਚੰਦਨ ਦੇ ਰੁੱਖ 'ਤੇ ਭਾਵੇਂ ਸੱਪ ਨਿਵਾਸ ਕਰਦੇ ਹਨ ਪਰ ਉਹ ਆਪਣੀ ਖੁਸ਼ਬੂ ਤੇ ਸ਼ੀਤਲ ਸੁਭਾਅ ਨੂੰ ਨਹੀਂ ਬਦਲਦਾ। ਇਸੇ ਤਰ੍ਹਾਂ ਸ਼ਾਂਤ ਸੁਭਾਅ ਵਾਲਾ ਅਤੇ ਕਰਮਸ਼ੀਲ ਵਿਅਕਤੀ ਮੁਸ਼ਕਿਲ ਹਾਲਾਤ ਵਿਚ ਨਹੀਂ ਡੋਲਦਾ। ਵਿਚਾਰਾਂ ਦੀ ਸ਼ੁੱਧਤਾ ਅਤੇ ਕਰਮਸ਼ੀਲਤਾ ਹੀ ਤੁਹਾਡੀ ਮਹਾਨ ਪ੍ਰਾਪਤੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਮਹਾਨ ਸਾਲਾਨਾ ਇਕੋਤਰੀ ਸਮਾਗਮ ਗੁਰਮਤਿ ਦੇ ਪ੍ਰਚਾਰ ਦੇ ਕੇਂਦਰ

ਗੁਰਬਾਣੀ ਰਸ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਸਨ ਸੰਤ ਬਾਬਾ ਬਲਵੰਤ ਸਿੰਘ

ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਦਾ ਜਨਮ 90 ਚੱਕ ਬੀਕਾਨੇਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਲੋਹੜੀ ਵਾਲੇ ਦਿਹਾੜੇ ਮਾਤਾ ਸੰਤੀ ਦੀ ਕੁੱਖੋਂ ਪਿਤਾ ਸ੍ਰੀ ਬੰਸੀ ਲਾਲ ਦੇ ਘਰ ਹੋਇਆ। ਆਪ ਜੀ ਦੇ ਮਾਤਾ-ਪਿਤਾ ਧਾਰਮਿਕ ਖ਼ਿਆਲਾਂ ਦੇ ਧਾਰਨੀ ਸਨ। ਜਨਮ ਦੇ ਡੇਢ ਸਾਲ ਮਗਰੋਂ ਹੀ ਚੇਚਕ ਰੂਪੀ ਬਿਮਾਰੀ ਨੇ ਆਪ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਖੋਹ ਲਿਆ, ਪਰ ਮਹਾਂਪੁਰਸ਼ਾਂ ਦੇ ਅੰਤਰੀਵ ਨੇਤਰ ਖੁੱਲ੍ਹੇ ਸਨ। ਆਪ ਬਚਪਨ ਤੋਂ ਹੀ ਵਾਹਿਗੁਰੂ ਦੀ ਰਜ਼ਾ ਵਿਚ ਲੀਨ ਰਹਿੰਦੇ। ਅਜਿਹਾ ਵੇਖਦਿਆਂ ਆਪ ਦੇ ਮਾਤਾ-ਪਿਤਾ ਨੇ ਆਪ ਨੂੰ ਸੰਤ ਬਾਬਾ ਨੰਦ ਸਿੰਘ ਭੋਰਲਾ ਵਾਲਿਆਂ ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਆਪ ਨੂੰ ਅੰਮ੍ਰਿਤਪਾਨ ਕਰਵਾ ਕੇ ਆਪ ਦਾ ਨਾਂਅ ਹਰੀ ਤੋਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਸੰਗੀਤਮਈ ਸਾਜ਼ਾਂ ਦਾ ਗੂੜ੍ਹ ਗਿਆਨ, ਬਾਣੀ ਕੰਠ, ਨਿੱਤਨੇਮ, ਸਿਮਰਨ ਦੇ ਧਨੀ ਹੋਣ ਉਪਰੰਤ ਆਪ ਜੇਠੂਵਾਲ ਚਲੇ ਗਏ, ਜਿੱਥੇ ਆਪ ਦੇ ਇਲਾਹੀ ਕੀਰਤਨ ਦੀਆਂ ਗੂੰਜਾਂ ਪੈਣ ਲੱਗੀਆਂ। ਗ੍ਰਹਿਸਥ ਦੀ ਮਰਯਾਦਾ ਨੂੰ ਕਾਇਮ ਰੱਖਦਿਆਂ ਆਪ ਬੀਬੀ ਰਣਜੀਤ ਕੌਰ ਨਾਲ ਸ਼ਾਦੀ ਕਰਕੇ ਟਾਂਡਾ ਉੜਮੁੜ ਆ ਗਏ, ਜਿੱਥੇ ਕੀਰਤਨ ਦਾ ਪ੍ਰਵਾਹ ਚੱਲਣ ਲੱਗਾ।
ਇਸ ਅਸਥਾਨ 'ਤੇ ਪੂਰਨਮਾਸ਼ੀ ਅਤੇ ਹਰ ਰੋਜ਼ ਸਵੇਰੇ-ਸ਼ਾਮ ਭਾਰੀ ਸੰਗਤ ਮਹਾਂਪੁਰਸ਼ਾਂ ਦੇ ਕੀਰਤਨ ਨਾਲ ਜੁੜਨ ਲੱਗੀ। ਇਸ ਅਸਥਾਨ ਦਾ ਨਾਂਅ ਗੁਰੂ ਨਾਨਕ ਦੁੱਖ ਭੰਜਨ ਸਤਿਸੰਗ ਘਰ ਰੱਖਿਆ ਗਿਆ। ਇਸੇ ਅਸਥਾਨ ਤੋਂ ਹੀ 101 ਸ੍ਰੀ ਅਖੰਡ ਪਾਠ ਸਾਹਿਬਾਨ ਦੀ ਇਕੋਤਰੀ ਲੜੀ ਆਰੰਭ ਹੋਈ। ਆਪ ਨੇ ਆਪਣੇ ਜੀਵਨ ਕਾਲ ਦੌਰਾਨ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਵੀ ਕਰਵਾਇਆ, ਪਰ ਇਸ ਸਭ ਦੇ ਉਲਟ ਰੂਹਾਨੀ ਕਮਾਈ ਦੀ ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਜਦ ਬਲਾਚੌਰ ਵਿਖੇ 1990 ਵਿਚ ਕੀਰਤਨ ਕਰ ਰਹੇ ਸਨ ਤਾਂ ਕੁਝ ਅਣਪਛਾਤਿਆਂ ਨੇ ਮਹਾਂਪੁਰਸ਼ਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਸੰਤਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਅਸਥਾਨ ਦੀ ਸੇਵਾ ਕਰਦਿਆਂ 40 ਦਿਨਾਂ ਬਾਅਦ ਹੀ ਮਾਤਾ ਰਣਜੀਤ ਕੌਰ ਵੀ ਆਪਣਾ ਸਰੀਰ ਤਿਆਗ ਗਏ, ਜਿਸ ਉਪਰੰਤ ਇਸ ਅਸਥਾਨ ਦੀ ਸੇਵਾ ਬਾਬਾ ਰਾਮ ਸਿੰਘ ਉਰਫ਼ ਬਾਬਾ ਅਮਰਜੀਤ ਸਿੰਘ ਨੇ ਬਾਖ਼ੂਬੀ ਕੀਤੀ। ਉਨ੍ਹਾਂ ਤੋਂ ਮਗਰੋਂ ਸੰਤ ਬਾਬਾ ਗੁਰਦਿਆਲ ਸਿੰਘ ਇਸ ਵੇਲੇ ਮਹਾਂਪੁਰਸ਼ਾਂ ਦੀ ਚਲਾਈ ਪਰੰਪਰਾ ਨੂੰ ਅੱਗੇ ਚਲਾ ਰਹੇ ਹਨ।
ਸੇਵਾ ਸਿਮਰਨ ਸਾਦਗੀ ਦਾ ਸੁਮੇਲ ਸੰਤ ਬਾਬਾ ਗੁਰਦਿਆਲ ਸਿੰਘ : ਸੰਤ ਬਾਬਾ ਗੁਰਦਿਆਲ ਸਿੰਘ, ਜਿਨ੍ਹਾਂ ਅੰਦਰ ਸੇਵਾ ਸਿਮਰਨ ਸਾਦਗੀ ਦਾ ਸੁਮੇਲ ਛੁਪਿਆ ਹੋਇਆ ਹੈ, ਸਦਾ ਹੀ ਪੂਰੀ ਤਰ੍ਹਾਂ ਮਾਨਵਤਾ ਨੂੰ ਸਮਰਪਿਤ ਰਹਿੰਦੇ ਹਨ। 24 ਅਗਸਤ, 1944 ਨੂੰ ਮਾਤਾ ਅਮਰ ਕੌਰ ਦੀ ਕੁੱਖੋਂ ਤੇ ਪਿਤਾ ਸ੍ਰੀ ਭਾਗ ਮੱਲ ਦੇ ਘਰ ਜਨਮੇ ਸੰਤ ਗੁਰਦਿਆਲ ਸਿੰਘ ਬਚਪਨ ਤੋਂ ਹੀ ਸੰਤਾਂ-ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰਦੇ ਸਨ। 1969 ਵਿਚ ਸੰਤ ਬਾਬਾ ਬਲਵੰਤ ਸਿੰਘ ਦੀ ਸੰਗਤ ਵਿਚ ਅੰਮ੍ਰਿਤਪਾਨ ਕਰਕੇ ਗੁਰੂ-ਘਰ ਦੇ ਕੂਕਰ ਬਣ ਗਏ, ਜਿੱਥੇ ਉਨ੍ਹਾਂ ਆਪਣਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇਸ਼-ਵਿਦੇਸ਼ਾਂ ਵਿਚ ਬਾਣੀ ਤੇ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਹੁਣ ਤੱਕ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਦੀ ਪ੍ਰੇਰਨਾ ਦੇ ਕੇ ਗੁਰੂ ਵਾਲੇ ਬਣਾਇਆ। ਸੰਤ ਬਾਬਾ ਗੁਰਦਿਆਲ ਸਿੰਘ ਨੇ ਮਹਾਂਪੁਰਸ਼ਾਂ ਦੀ ਯਾਦ ਵਿਚ ਚੈਰੀਟੇਬਲ ਹਸਪਤਾਲ ਬਣਾਇਆ। ਇੱਥੇ ਹੀ ਬਸ ਨਹੀਂ, ਲੋੜਵੰਦ ਲੜਕੀਆਂ ਦੀ ਸ਼ਾਦੀ, ਲੋੜਵੰਦ ਬੱਚਿਆਂ ਦੀ ਪੜ੍ਹਾਈ, ਗ਼ਰੀਬਾਂ ਨੂੰ ਸਿਹਤ ਸਹੂਲਤਾਂ ਤੋਂ ਇਲਾਵਾ ਉਹ ਸਾਰੇ ਹੀ ਪਰਉਪਕਾਰੀ ਕਾਰਜ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਹੋਣ, ਉਹ ਕਾਰਜ ਮਹਾਂਪੁਰਸ਼ਾਂ ਨੇ ਸਿੱਧ ਕਰ ਦਿੱਤੇ ਹਨ। ਅਲੌਕਿਕ ਦਿੱਖ ਦੇ ਮਾਲਕ ਸੰਤ ਸੁਭਾਅ, ਮਿੱਠਬੋਲੜੇ, ਗੂੜ੍ਹ ਗਿਆਨ ਦੀ ਧਾਰਨੀ ਇਸ ਪ੍ਰਪੱਕ ਸ਼ਖ਼ਸੀਅਤ ਦੀ ਧਰਮ ਪਤਨੀ ਮਾਤਾ ਵਿਜੇ ਕੌਰ ਵੀ ਸੇਵਾ ਨੂੰ ਹੀ ਆਪਣਾ ਆਦਰਸ਼ ਸਮਝਦੀ ਹੈ।
ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਤੇ ਬਾਬਾ ਅਮਰਜੀਤ ਸਿੰਘ ਵਲੋਂ ਚਲਾਈ ਇਸ ਇਕੋਤਰੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਗੁਰਦਿਆਲ ਸਿੰਘ ਵਲੋਂ ਕਰਵਾਏ ਜਾਂਦੇ ਸਮਾਗਮਾਂ 'ਚ ਦੇਸ਼ ਵਿਚ ਹੀ ਨਹੀਂ, ਸਗੋਂ ਅਮਰੀਕਾ, ਕੈਨੇਡਾ, ਦੁਬਈ, ਇੰਗਲੈਂਡ ਆਦਿ ਵਿਦੇਸ਼ੀ ਸਿੱਖ ਸੰਗਤ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਂਦੀ ਹੈ। ਇਸ ਸਾਲ ਮਹਾਨ ਇਕੋਤਰੀ ਸਮਾਗਮ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ 23 ਅਕਤੂਬਰ ਨੂੰ ਸਜਾਏ ਜਾਣਗੇ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ 24 ਅਕਤੂਬਰ ਨੂੰ ਪੈਣਗੇ ਅਤੇ ਇਸ ਵਿਸ਼ਾਲ ਗੁਰਮਤਿ ਸਮਾਗਮ ਮੌਕੇ ਅੰਮ੍ਰਿਤ ਸੰਚਾਰ ਵੀ ਹੋਵੇਗਾ।

-ਟਾਂਡਾ ਉੜਮੁੜ, ਜ਼ਿਲ੍ਹਾ ਹੁਸ਼ਿਆਰਪੁਰ।

ਨਾਮਧਾਰੀ ਸਿੱਖ ਸਮਾਜ ਵਿਚ ਨਾਮ ਸਿਮਰਨ ਜਪ ਪ੍ਰਯੋਗ ਦੀ ਪਰੰਪਰਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਾਰੇ ਸਿੱਖ ਗੁਰੂ ਸਾਹਿਬਾਨ ਨੇ 'ਆਪਿ ਜਪੈ ਅਵਰਹ ਨਾਮੁ ਜਪਾਵੈ।' ਗੁਰਵਾਕ ਅਨੁਸਾਰ ਆਪ ਨਾਮ ਜਪਿਆ ਅਤੇ ਸਿੱਖਾਂ ਤੋਂ ਨਾਮ ਜਪਵਾਇਆ। ਇਸੇ ਗੁਰਮਤਿ ਆਸ਼ੇ ਅਨੁਸਾਰ ਹੀ ਨਾਮਧਾਰੀ ਸਿੱਖ ਪੰਥ ਦਾ ਨਾਮਕਰਣ ਹੀ 'ਨਾਮ' ਜਪਣ ਤੋਂ ਹੈ। ਨਾਮਧਾਰੀ ਜੀਵਨ ਜਾਚ ਦਾ ਆਧਾਰ ਹੀ ਨਾਮ ਜਪਣਾ ਅਤੇ ਗੁਰਮਤਿ ਜੀਵਨ ਜਾਚ ਅਨੁਸਾਰ ਜੀਵਨ ਜਿਉਣਾ ਹੈ।
ਸੰਮਤ 1970 ਬਿ: (1913 ਈਸਵੀ) ਨਾਮਧਾਰੀ ਮੁਖੀ ਸਤਿਗੁਰੂ ਪ੍ਰਤਾਪ ਸਿੰਘ ਨੇ ਸ੍ਰੀ ਭੈਣੀ ਸਾਹਿਬ ਤੋਂ ਚੜ੍ਹਦੇ ਪਾਸੇ ਪਿੰਡ ਪੂਨੀਆਂ ਨੇੜੇ ਸਰਹਿੰਦ ਨਹਿਰ ਕੰਢੇ ਪਹਿਲਾਂ ਨਾਮ ਸਿਮਰਨ ਜਪ ਪ੍ਰਯੋਗ ਕੀਤਾ, ਜੋ ਕਿ 20 ਸਾਉਣ ਤੋਂ 1 ਅੱਸੂ ਤੱਕ ਬੜੇ ਸੰਜਮ ਅਤੇ ਕਠਿਨ ਤਪ ਸਾਧਨਾ ਦਾ ਅਭਿਆਸ ਸੀ, ਜਿਸ ਨੂੰ ਨਾਮ ਸਿਮਰਨ ਜਪ ਪ੍ਰਯੋਗ ਦਾ ਨਾਂਅ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਵਰਤਮਾਨ ਤੱਕ ਇਹ ਨਾਮ ਸਿਮਰਨ ਦੀ ਸਾਲਾਨਾ ਸਮਾਗਮ ਦੀ ਪਰੰਪਰਾ ਪ੍ਰਚੱਲਿਤ ਹੈ। ਪਹਿਲਾਂ-ਪਹਿਲ ਕੇਵਲ 'ਸਿੰਘ' ਹੀ ਇਸ ਤਪ ਸਾਧਨਾ ਵਿਚ ਸ਼ਾਮਿਲ ਹੁੰਦੇ ਸਨ ਪਰ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਹਿਲ ਮਾਤਾ ਭੁਪਿੰਦਰ ਕੌਰ ਜੀ ਨੇ ਬੀਬੀਆਂ ਵਾਸਤੇ ਵੀ ਇਸ ਨਾਮ ਸਿਮਰਨ ਜਪ ਪ੍ਰਯੋਗ ਵਿਚ ਸ਼ਾਮਿਲ ਹੋਣ ਦੀ ਆਗਿਆ ਲੈ ਲਈ।
ਮੌਸਮ ਦੀ ਸਹੂਲਤ ਅਨੁਸਾਰ ਇਹ ਸਮਾਗਮ ਸਾਉਣ-ਭਾਦਰੋਂ ਤੋਂ ਬਦਲ ਕੇ ਅੱਸੂ ਦੇ ਮਹੀਨੇ ਕੀਤਾ ਜਾਣ ਲੱਗਾ। ਇਸ ਸਾਲਾਨਾ ਸਮਾਗਮ ਦਾ ਨਾਂਅ 'ਅੱਸੂ ਦਾ ਮੇਲਾ' ਪ੍ਰਚੱਲਿਤ ਹੋ ਗਿਆ। ਇਸ ਵਰ੍ਹੇ ਦਾ 'ਅੱਸੂ ਦਾ ਮੇਲਾ' 1 ਅੱਸੂ ਤੋਂ 1 ਕੱਤਕ 2018 ਮੁਤਾਬਿਕ 17 ਸਤੰਬਰ ਤੋਂ 17 ਅਕਤੂਬਰ ਤੱਕ ਸ੍ਰੀ ਭੈਣੀ ਸਾਹਿਬ ਚੱਲ ਰਿਹਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਕੇਵਲ ਸ੍ਰੀ ਭੈਣੀ ਸਾਹਿਬ ਹੀ ਨਹੀਂ, ਸਗੋਂ ਦੇਸ਼ ਭਰ ਵਿਚ ਸਾਰੇ ਸ਼ਹਿਰਾਂ, ਪਿੰਡਾਂ ਅਤੇ ਵਿਦੇਸ਼ਾਂ ਵਿਚ ਵਸਦੇ ਨਾਮਧਾਰੀ ਸਿੰਘ ਮਹੀਨਾ ਭਰ ਜਪ ਪ੍ਰਯੋਗ ਕਰਦੇ ਹਨ-ਅਫਰੀਕਾ (ਕੀਨੀਆ, ਤਨਜ਼ਾਨੀਆ, ਅਰੂਸ਼ਾ), ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਦੇਸ਼ਾਂ ਵਿਚ ਵੀ ਨਾਮਧਾਰੀ ਸਿੰਘ ਬੜੇ ਉੱਤਮ ਅਤੇ ਉਤਸ਼ਾਹ ਨਾਲ ਇਸ ਤਪ ਸਾਧਨਾ ਸਮਾਗਮ ਵਿਚ ਭਾਗ ਲੈਂਦੇ ਹਨ। ਨਾਮਧਾਰੀ ਧਰਮਸ਼ਾਲਾਵਾਂ ਵਿਚ ਅੰਮ੍ਰਿਤ ਵੇਲੇ ਦੋ ਜਾਂ ਢਾਈ ਘੰਟੇ ਨਾਮ ਸਿਮਰਨ ਹੁੰਦਾ ਹੈ। ਇਸ ਦੌਰਾਨ ਬਹੁਤੇ ਸਥਾਨਾਂ 'ਤੇ ਆਸਾ ਦੀ ਵਾਰ ਦਾ ਕੀਰਤਨ ਵੀ ਹੁੰਦਾ ਹੈ।
ਪਰ ਸ੍ਰੀ ਭੈਣੀ ਸਾਹਿਬ ਵਿਖੇ ਹੋ ਰਹੇ ਨਾਮ ਸਿਮਰਨ ਜਪ ਪ੍ਰਯੋਗ ਦਾ ਨਿੱਤ ਕਰਮ ਬਹੁਤ ਕਠਿਨ ਹੈ। ਅੰਮ੍ਰਿਤ ਵੇਲੇ ਕਰੀਬ ਸਾਢੇ 12 ਵਜੇ ਜਾਂ ਇਕ ਵਜੇ ਸੰਗਤਾਂ, ਬਜ਼ੁਰਗ, ਬੱਚੇ, ਨੌਜਵਾਨ ਖੂਹਾਂ 'ਤੇ ਸਣੇ ਕੇਸੀ ਇਸ਼ਨਾਨ ਕਰਦੇ ਦੇਖੇ ਜਾ ਸਕਦੇ ਹਨ। ਇਹ ਵੀ ਕੇਵਲ ਅਤੇ ਕੇਵਲ ਪੰਜਾਬ ਦੇ ਇਕੋ-ਇਕ ਪਿੰਡ ਸ੍ਰੀ ਭੈਣੀ ਸਾਹਿਬ ਹੀ ਚਲਦੇ ਹਲਟ ਅਤੇ ਭੌਣੀਆਂ ਤੋਂ ਖਿੱਚਦੇ ਪਾਣੀ, ਵਰਤੋਂ ਵਿਚ ਖੂਹ ਇਥੇ ਹੀ ਦੇਖਣ ਨੂੰ ਮਿਲਣਗੇ। ਛੋਟੇ ਜਿਹੇ ਪਿੰਡ ਵਿਚ ਵੱਡੇ-ਛੋਟੇ 25-30 ਖੂਹ ਹੋਣਗੇ, ਕਿਉਂਕਿ ਰਹਿਤ ਮਰਿਆਦਾ ਵਿਚ ਨਲਕੇ ਜਾਂ ਮੋਟਰ ਦੇ ਪਾਣੀ ਨੂੰ ਸੁੱਚਾ ਨਹੀਂ ਮੰਨਿਆ ਜਾਂਦਾ। ਅੰਮ੍ਰਿਤ ਵੇਲੇ 2 ਵਜੇ ਨਾਮ ਸਿਮਰਨ ਜਪ ਪ੍ਰਯੋਗ ਦੀ ਆਰੰਭਤਾ ਦੀ ਅਰਦਾਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੁੰਦੀਆਂ ਹਨ। ਇਨ੍ਹਾਂ ਵਿਚ 5-7 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ 95 ਸਾਲ ਦੇ ਬਜ਼ੁਰਗ ਤੱਕ ਹਾਜ਼ਰ ਹੁੰਦੇ ਹਨ। ਇਸੇ ਦੌਰਾਨ 4 ਵਜੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਿੰਡ ਤੇ ਡਾਕ: ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ। ਮੋਬਾ: 94176-01321

ਕਵੀਸ਼ਰੀ ਦੇ ਖੇਤਰ 'ਚ ਨਵੀਆਂ ਪੈੜਾਂ ਪਾਉਂਦਾ

ਭਾਈ ਮਲਕੀਤ ਸਿੰਘ ਵਰਪਾਲ ਦਾ ਕਵੀਸ਼ਰੀ ਜਥਾ

ਕਵੀਸ਼ਰੀ ਦੇ ਖੇਤਰ 'ਚ ਸਥਾਪਤੀ ਵੱਲ ਕਦਮ-ਦਰ-ਕਦਮ ਵਧਾ ਰਿਹੈ ਭਾਈ ਮਲਕੀਤ ਸਿੰਘ ਵਰਪਾਲ ਦਾ ਕਵਸ਼ੀਰੀ ਜਥਾ, ਜਿਸ ਨੇ ਪੰਜਾਬ 'ਚ ਹੀ ਨਹੀਂ, ਬਲਕਿ ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਜਾ ਕੇ ਧਾਰਮਿਕ ਦੀਵਾਨਾਂ ਵਿਚ ਹਾਜ਼ਰੀ ਭਰੀ ਹੈ। ਬੀਤੇ ਦਿਨੀਂ ਸ੍ਰੀ ਹਰਿਮੰੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦਿਆਂ ਭਾਈ ਮਲਕੀਤ ਸਿੰਘ ਵਰਪਾਲ ਨੂੰ ਮਿਲਣ ਦਾ ਸਬੱਬ ਕਰਿਆ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੜਾਹ ਪ੍ਰਸ਼ਾਦਿ ਦੇ ਦਫ਼ਤਰ 'ਚ ਇੰਚਾਰਜ ਦੀਆਂ ਬਾਖੂਬੀ ਸੇਵਾਵਾਂ ਨਿਭਾਅ ਰਿਹਾ ਹੈ। ਬੜੇ ਹੀ ਮਿਲਾਪੜੇ ਸੁਭਾਅ ਦਾ ਮਾਲਕ, ਅਗਾਂਹਵਧੂ ਸੋਚ ਦਾ ਧਾਰਨੀ ਅਤੇ ਸਭ ਦਾ ਦਿਲੋਂ ਸਤਿਕਾਰ ਕਰਨ ਵਾਲੇ ਭਾਈ ਮਲਕੀਤ ਸਿੰਘ ਵਰਪਾਲ ਨੇ ਦੱਸਿਆ ਕਿ ਉਨ੍ਹਾਂ ਪਿਤਾ ਸ: ਅਜੀਤ ਸਿੰਘ ਦੇ ਘਰ ਮਾਤਾ ਬਲਬੀਰ ਕੌਰ ਦੀ ਕੁੱਖੋਂ 1970 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਅੱਖ ਪੁੱਟੀ। ਸਕੂਲ ਦੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਮਕੈਨੀਕਲ ਡਿਪਲੋਮਾ ਹੋਲਡਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਦੋ ਸਾਲਾ ਧਾਰਮਿਕ ਕੋਰਸ ਵੀ ਕੀਤਾ। ਬਚਪਨ ਤੋਂ ਧਾਰਮਿਕ ਰੁਚੀਆਂ ਵੱਲ ਧਿਆਨ ਹੋਣ ਕਰਕੇ ਪ੍ਰਭਾਤਫੇਰੀਆਂ ਵਿਚ ਉਸਤਾਦ ਜਥੇਦਾਰ ਸਕੱਤਰ ਸਿੰਘ ਅਤੇ ਸ਼ਬਦੀ ਜਥੇ ਦੇ ਮੋਢੀ ਭਾਈ ਗੁਰਦੀਪ ਸਿੰਘ (ਫੁੱਫੜ ਜੀ) ਦੇ ਨਾਲ ਸੰਗਤ ਕਰਦਿਆਂ ਸ਼ਬਦ ਗਾਇਨ ਕਰਨੇ ਸ਼ੁਰੂ ਕਰ ਦਿੱਤੇ। ਸਟੇਜਾਂ ਉੱਤੇ ਢਾਡੀ ਸੋਹਣ ਸਿੰਘ ਸ਼ੀਤਲ, ਕਵੀਸ਼ਰ ਜੋਗਾ ਸਿੰਘ ਜੋਗੀ, ਢਾਡੀ ਨਿਰਮਲ ਸਿੰਘ ਨੂਰ, ਬਲਦੇਵ ਸਿੰਘ ਬੈਂਕਾ ਆਦਿ ਜਥਿਆਂ ਦੇ ਪ੍ਰਸੰਗ ਅਤੇ ਨਗਮੇ ਸੁਣਦਿਆਂ-ਸੁਣਦਿਆਂ ਮੇਰੇ ਅੰਦਰ ਵੀ ਕਵੀਸ਼ਰੀ ਗਾਉਣ ਦਾ ਸ਼ੌਕ ਜਾਗ ਪਿਆ।
2004 'ਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪ੍ਰਚਾਰਕ ਬਾਪੂ ਜਗੀਰ ਸਿੰਘ ਵਰਪਾਲ ਨਾਲ ਸਟੇਜਾਂ 'ਤੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਚੰਗੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਸਿੱਖ ਇਤਿਹਾਸ ਦੀ ਖੋਜ ਕਰਕੇ ਆਪਣੇ ਲਿਖੇ ਪ੍ਰਸੰਗ ਸਟੇਜਾਂ 'ਤੇ ਬੋਲ ਰਹੇ ਹਾਂ, ਜਿਨ੍ਹਾਂ ਵਿਚ ਗੁਰੂੁ ਨਾਨਕ ਦੇਵ ਜੀ, ਹੇਮਕੁੰਟ ਸਾਹਿਬ ਤੋਂ ਅਨੰਦਪੁਰ ਸਾਹਿਬ, ਯੁੱਗ ਪੁਰਸ਼ ਭਗਤ ਪੂਰਨ ਸਿੰਘ, ਸ਼ਹੀਦ ਭਾਈ ਜੈ ਸਿੰਘ ਖਲਕਟ, ਸ਼ਹੀਦ ਭਾਈ ਸੁਬੇਗ ਸਿੰਘ, ਸ਼ਹੀਦ ਭਾਈ ਸ਼ਾਹਬਾਜ਼ ਸਿੰਘ, ਭਾਈ ਮੰਝ ਜੀ, ਭਾਈ ਸ਼ਾਲੋ ਜੀ ਅਤੇ ਵੱਡੇ ਸ਼ਾਹਿਬਜ਼ਾਦੇ ਤੇ ਛੋਟੇ ਸ਼ਾਹਿਬਜ਼ਾਦੇ ਆਦਿ ਦੇ ਪ੍ਰਸੰਗ ਲਿਖੇ ਹਨ, ਜਿਨ੍ਹਾਂ ਦੇ ਖਰੜੇ ਬਿਲਕੁਲ ਤਿਆਰ ਹਨ, ਜੋ ਆਉਣ ਵਾਲੇ ਦਿਨਾਂ ਤੱਕ ਇਕ ਕਿਤਾਬ ਦੇ ਰੂਪ 'ਚ ਪਾਠਕਾਂ ਦੇ ਹੱਥਾਂ ਵਿਚ ਹੋਣਗੇ। ਇਸ ਖੇਤਰ 'ਚ ਉਹ ਢਾਡੀ ਭਾਈ ਨਿਰਮਲ ਸਿੰਘ ਨੂਰ ਨੂੰ ਆਪਣਾ ਉਸਤਾਦ ਮੰਨਦਾ ਹੈ। 2012 'ਚ ਭਾਈ ਮਲਕੀਤ ਸਿੰਘ ਨੇ ਆਪਣਾ ਜਥਾ ਤਿਆਰ ਕਰ ਲਿਆ, ਜਿਨ੍ਹਾਂ ਵਿਚ ਭਾਈ ਗੁਰਪ੍ਰਤਾਪ ਸਿੰਘ ਵਰਪਾਲ, ਭਾਈ ਸੁਖਵਿੰਦਰ ਸਿੰਘ ਅੰਮ੍ਰਿਤਸਰੀ ਤੇ ਭਾਈ ਜਗਬੀਰ ਸਿੰਘ ਵਰਪਾਲ (ਬੇਟਾ) ਜਥੇ ਦੇ ਸਾਥੀ ਹਨ। ਸੰਤਾਂ-ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਬਹੁਤ ਮਾਣ-ਸਨਮਾਨ ਹੋਇਆ ਤੇ ਹੋ ਰਿਹਾ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਰਹਿੰਦ ਵਿਖੇ ਇਸ ਜਥੇ ਨੂੰ ਢਾਡੀ ਸੋਹਣ ਸਿੰਘ ਸ਼ੀਤਲ ਐਵਾਰਡ ਨਾਲ ਸਨਮਾਨਿਆ ਗਿਆ। ਭਾਈ ਮਲਕੀਤ ਸਿੰਘ ਵਰਪਾਲ ਆਪਣੀ ਧਰਮ ਪਤਨੀ ਹਰਪੀ੍ਰਤ ਕੌਰ ਦਾ ਇਸ ਖੇਤਰ ਵਿਚ ਬਹੁਤ ਸਹਿਯੋਗ ਮੰਨਦੇ ਹਨ।


-ਚੱਬਾ (ਅੰਮ੍ਰਿਤਸਰ)। ਮੋਬਾ: 84278-86534


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX