ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  55 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 4 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 minute ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਜ਼ਿੰਦਗੀ ਵਿਚ ਜੋਖ਼ਮ ਲੈਣਾ ਜ਼ਰੂਰੀ

ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਸਮਝਦਾਰ ਅਤੇ ਸਭ ਦੀ ਚਹੇਤੀ ਅਦਾਕਾਰਾ ਜੈਕਲਿਨ ਫਰਨਾਂਡਿਜ਼ ਨੂੰ ਬਾਲੀਵੁੱਡ ਵਿਚ ਆਇਆਂ ਕਾਫ਼ੀ ਸਮਾਂ ਹੋ ਗਿਆ ਹੈ। ਮੌਜੂਦਾ ਦੌਰ ਦੀ ਉਹ ਸਭ ਤੋਂ ਸਫ਼ਲ ਅਭਿਨੇਤਰੀ ਬਣ ਗਈ ਹੈ। ਜੈਕਲਿਨ 'ਰੇਸ-2' ਅਤੇ 'ਜੁੜਵਾਂ' ਦੀ ਕਾਮਯਾਬੀ ਤੋਂ ਬੇਹੱਦ ਖ਼ੁਸ਼ ਹੈ। ਉਸ ਨੂੰ ਹੋਰ ਵੀ ਕਾਫੀ ਪੇਸ਼ਕਸ਼ਾਂ ਮਿਲ ਰਹੀਆਂ ਹਨ। ਜੈਕਲਿਨ ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਦੇ ਨਾਲ ਫ਼ਿਲਮ 'ਕਿਰਿਕ ਪਾਰਟੀ' ਵਿਚ ਨਜ਼ਰ ਆਏਗੀ। ਉਹ ਇਸ ਫ਼ਿਲਮ ਦੀ ਸ਼ੂਟਿੰਗ ਵਿਚ ਕਾਫੀ ਰੁਝੀ ਹੋਈ ਹੈ ਤੇ ਇਸ ਸ਼ੂਟਿੰਗ ਬੁਡਾਪੈਸਟ ਵਿਚ ਹੋ ਰਹੀ ਹੈ। ਜੈਕਲਿਨ ਨੂੰ 'ਡਿਜੀਟਲ ਐਕਟੀਵਿਜ਼ਮ' ਦੇ ਲਈ 'ਪੀਟਾ ਇੰਡੀਆ ਐਵਾਰਡ' ਨਾਲ ਸਨਮਾਨਿਤ ਕੀਤਾ ਜਾ ਚੁੱਕਾ। ਉਸ ਦੀ ਹਰੇਕ ਡਾਂਸ 'ਚ ਚਰਚਾ ਰਹਿੰਦੀ ਹੈ। ਜੈਕਲਿਨ ਦਾ ਕਹਿਣਾ ਹੈ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਮੇਰੀ ਅਸਲ ਜ਼ਿੰਦਗੀ ਦਾ ਜੈਂਟਲਮੈਨ ਬਨਾਉਟੀ ਨਾ ਹੋਵੇ, ਉਹ ਮੇਰੇ ਪ੍ਰਤੀ ਪੂਰਾ ਇਮਾਨਦਾਰ ਹੋਵੇ। ਜਿਸ ਤਰ੍ਹਾਂ ਮੈਂ ਆਪਣੇ ਜੀਵਨ ਵਿਚ ਜੋਖ਼ਮ ਲੈਂਦੀ ਰਹਿੰਦੀ ਹਾਂ ਤੇ ਕਦੀ-ਕਦੀ ਲਿਆ ਇਹ ਜੋਖ਼ਮ ਜ਼ਿੰਦਗੀ ਵਿਚ ਬਹੁਤ ਕੁਝ ਸਿਖਾ ਜਾਂਦਾ ਹੈ। ਮੈਂ ਜਦੋਂ ਪਹਿਲੀ ਵਾਰ ਭਾਰਤ ਆਈ ਸੀ, ਕਿਸੇ ਦੀ ਸਿਫਾਰਿਸ਼ 'ਤੇ ਨਹੀਂ ਸੀ ਆਈ, ਮੈਂ ਖੁਦ ਜੋਖ਼ਮ ਲਿਆ। ਹੋ ਸਕਦਾ ਹੈ ਇਹ ਜੋਖ਼ਮ ਗ਼ਲਤ ਸਾਬਤ ਹੁੰਦਾ ਪਰ ਇਹ ਮੇਰੀ ਜ਼ਿੰਦਗੀ ਦਾ ਵਧੀਆ ਸਮਾਂ ਸੀ। ਵੈਸੇ ਤਾਂ ਫਿਲਮ ਇੰਡਸਟਰੀ ਦਾ ਹਰ ਦਿਨ ਹੀ ਜੋਖ਼ਮ ਭਰਿਆ ਹੁੰਦਾ ਹੈ।


ਖ਼ਬਰ ਸ਼ੇਅਰ ਕਰੋ

ਵਰੀਨਾ ਹੁਸੈਨ

ਸੰਭਲ ਕੇ ਚੱਲਣਾ

'ਕੈਡਬਰੀ' ਵਾਲੀ ਵਰੀਨਾ 'ਲਵਯਾਤਰੀ' ਨਾਲ ਬੀ-ਟਾਊਨ ਨੂੰ ਪ੍ਰਭਾਵਿਤ ਕਰਨ 'ਚ ਸਫ਼ਲ ਰਹੀ ਹੈ ਕਿਉਂਕਿ ਵਰੀਨਾ ਨੇ ਜ਼ਬਰਦਸਤ ਡਾਂਸ ਵੀ ਸਿੱਖਿਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੁਰਮੰਤਰ ਇਸ ਖੇਤਰ ਦੇ ਸਿਖ ਕੇ ਆਪਣੇ-ਆਪ ਨੂੰ ਈਰਾਨੀ ਸਫ਼ਲ ਬੀ-ਟਾਊਨ ਨਾਇਕਾ ਵਜੋਂ ਉਭਾਰਨ ਲਈ ਹਰ ਕੋਸ਼ਿਸ਼ ਕੀਤੀ ਹੈ। ਈਰਾਨੀ ਬਾਪ ਤੇ ਅਫਗਾਨੀ ਮਾਂ ਦੀ ਧੀ ਵਰੀਨਾ ਹੁਸੈਨ ਨਿਊਯਾਰਕ 'ਚ ਪੜ੍ਹੀ-ਲਿਖੀ ਹੈ। ਕਾਬੁਲ ਜਿਥੇ ਉਸ ਦਾ ਜਨਮ ਹੋਇਆ ਹੈ, ਨੂੰ ਦੁਨੀਆ 'ਚ ਸਭ ਤੋਂ ਸਰਬੋਤਮ ਥਾਂ ਉਹ ਮੰਨਦੀ ਹੈ। ਵਿਗਿਆਪਨ ਦੁਨੀਆ ਨਾਲ ਉਹ ਆਪਣੇ ਰਿਸ਼ਤੇ ਪਹਿਲਾਂ ਦੀ ਤਰ੍ਹਾਂ ਹੀ ਰੱਖ ਰਹੀ ਹੈ। ਗਾਉਣ ਦਾ ਸ਼ੌਕ ਵਰੀਨਾ ਨੂੰ ਥੋੜ੍ਹਾ-ਬਹੁਤ ਜ਼ਰੂਰ ਹੈ ਤੇ ਵਰੁਣ ਧਵਨ ਨਾਲ ਫ਼ਿਲਮ ਕਰਨ ਲਈ ਉਹ ਬੇਤਾਬ ਹੈ। ਇਸ ਤਰ੍ਹਾਂ ਹੀ ਵਰੀਨਾ ਚਾਹੁੰਦੀ ਹੈ ਕਿ ਦੀਪਿਕਾ ਤੇ ਕੈਟਰੀਨਾ ਨਾਲ ਫ਼ਿਲਮ ਕਰੇ। ਵਰੀਨਾ ਇਹ ਵੀ ਚਾਹੁੰਦੀ ਹੈ ਕਿ ਅਫਗਾਨੀ ਸਿਨੇਮਾ ਵੀ ਹੌਲੀ-ਹੌਲੀ ਤਰੱਕੀ ਕਰੇ। ਵਰੀਨਾ ਨੂੰ ਸਾਹਿਤ ਤੇ ਸਮਾਜਿਕ ਕੰਮਾਂ ਨਾਲ ਸਰੋਕਾਰ ਹੈ। ਸਾਹਿਤਕ ਕਹਾਣੀਆਂ ਉਹ ਪੜ੍ਹ ਰਹੀ ਹੈ ਤੇ ਚਾਹੁੰਦੀ ਹੈ ਕਿ ਸਥਾਪਤ ਹੋ ਕੇ ਉਹ ਸਮਾਜ ਭਲਾਈ ਦੇ ਕੰਮ ਕਰੇ। ਇੰਸਟਾਗ੍ਰਾਮ ਤੇ ਵਰੀਨਾ ਦੇ ਪ੍ਰਸੰਸਕ ਵਧ ਰਹੇ ਹਨ। ਅਸਲੀ ਗੱਲ ਇਹ ਹੈ ਕਿ ਵਰੀਨਾ ਹੁਸੈਨ ਆਪਣੀ ਦਿਖ ਉਸ ਤਰ੍ਹਾਂ ਦੀ ਨਹੀਂ ਚਾਹੁੰਦੀ ਕਿ ਉਸ ਦੇ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ ਸਾਹਮਣੇ ਆਉਣ ਤੇ ਉਹ ਤੀਸਰੇ ਦਰਜੇ ਦੀ ਹੀਰੋਇਨ ਬਣੇ। ਵਰੀਨਾ ਕੋਲ ਸੁਹੱਪਣ, ਪ੍ਰਤਿਭਾ, ਸਿਆਣਪ, ਸਮਰੱਥਾ, ਭਾਵਨਾ, ਚੁਸਤੀ ਸਭ ਕੁਝ ਹੈ ਤੇ ਉਹ ਅਗਲੇ ਸਮੇਂ 'ਚ ਬਹੁਤ ਅਗਾਂਹ ਜਾ ਸਕਦੀ ਹੈ, ਫ਼ਿਲਮੀ ਮਾਹਿਰ ਇਹੀ ਕਹਿੰਦੇ ਹਨ।

ਡੇਜੀ ਸ਼ਾਹ

ਰੁਤਬਾ ਬਰਕਰਾਰ

ਤਨੂਸ੍ਰੀ ਦੱਤਾ ਤੇ ਨਾਨਾ ਪਾਟੇਕਰ ਵਿਚਕਾਰ ਛਿੜੀ ਜਿਸਮ ਸ਼ੋਸ਼ਣ ਦੀ ਕਹਾਣੀ 'ਚ ਨਿੱਤ ਨਵੇਂ ਮੋੜ ਆ ਰਹੇ ਹਨ ਤੇ ਇਸ ਕਹਾਣੀ 'ਚ ਇਕ ਕਿਰਦਾਰ ਡੇਜ਼ੀ ਸ਼ਾਹ ਦਾ ਵੀ ਹੈ। ਉਸ ਸਮੇਂ ਜਦ ਇਹ ਮਾੜਾ ਕਰਮ ਹੋਇਆ ਡੇਜ਼ੀ ਸ਼ਾਹ ਅਭਿਨੇਤਰੀ ਨਹੀਂ ਸੀ, ਬਲਕਿ ਨਾਚ ਮਾਸਟਰ ਗਣੇਸ਼ ਅਚਾਰੀਆ ਦੀ ਸਹਾਇਕਾ ਸੀ। ਤਨੂਸ੍ਰੀ ਨੇ ਇਸ ਮਾਮਲੇ 'ਚ ਡੇਜ਼ੀ ਸ਼ਾਹ ਦੀ ਤਦ ਕੀਤੀ ਕਾਰਵਾਈ 'ਤੇ ਤਸੱਲੀ ਦਿਖਾਈ ਸੀ ਕਿ ਡੇਜ਼ੀ ਨੇ ਨਾਨਾ ਦੀਆਂ ਹਰਕਤਾਂ ਸਬੰਧੀ ਗਣੇਸ਼ ਨਾਲ ਗੱਲ ਕੀਤੀ ਸੀ। ਡੇਜ਼ੀ ਸ਼ਾਹ ਇਸ ਸਮੇਂ ਐਨ. ਜੀ.ਓ. ਸਮਾਈਲ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ। ਆਪਣਾ 34ਵਾਂ ਜਨਮ ਦਿਨ ਉਸ ਨੇ ਆਪਣੀ ਮਾਂ ਨਾਲ ਇਸ ਸੰਸਥਾ ਦੇ ਦਫ਼ਤਰ ਜਾ ਕੇ ਮਨਾਇਆ। ਡੇਜ਼ੀ ਸ਼ਾਹ ਨੇ ਗ਼ਰੀਬ ਤੇ ਅਨਪੜ੍ਹ, ਯਤੀਮ ਤੇ ਲਾਚਾਰ ਬੱਚਿਆਂ ਨੂੰ ਜਨਮ ਦਿਨ ਦੀ ਮਠਿਆਈ ਵੰਡੀ ਤੇ ਉਨ੍ਹਾਂ ਨਾਲ ਜਸ਼ਨ ਵੀ ਮਨਾਇਆ। ਡੇਜ਼ੀ ਨੂੰ ਇਸ ਦੌਰਾਨ ਆਪਣਾ ਬਚਪਨ ਯਾਦ ਆਇਆ। 'ਰੇਸ-3', 'ਹੇਟ ਸਟੋਰੀ-3' ਵਾਲੀ ਡੇਜ਼ੀ ਨੇ ਹੁਣੇ ਜਿਹੇ ਹੀ ਹੋਰ ਖੁੱਲ੍ਹੀਆਂ-ਡੁੱਲ੍ਹੀਆਂ ਫੋਟੋਆਂ ਆਪਣੇ ਸ਼ੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ 'ਤੇ ਪਾਈਆਂ ਹਨ। ਫ਼ਿਲਮਾਂ ਚਾਹੇ ਘੱਟ ਹਨ ਪਰ ਉਸ ਦੀ ਵੁੱਕਤ ਇਥੇ ਪੂਰੀ ਹੈ। ਡੇਜ਼ੀ ਦੇ ਨੇਕ ਕੰਮਾਂ, ਬੱਚਿਆਂ ਪ੍ਰਤੀ ਪਿਆਰ, ਬੇਸਹਾਰਿਆਂ ਦਾ ਸਹਾਰਾ ਬਣਨ ਵਾਲੀ ਗੱਲ ਨੇ ਉਸ ਦੀ ਲੋਕਪ੍ਰਿਅਤਾ ਹੋਰ ਵਧਾਈ ਹੈ। ਡੇਜ਼ੀ ਸ਼ਾਹ ਬੀਤੇ ਵੇਲੇ ਦੀ ਪ੍ਰਸਿੱਧ ਹੀਰੋਇਨ ਮੁਮਤਾਜ ਦੀ ਦੀਵਾਨੀ ਹੈ। ਮੁਮਤਾਜ ਦੀ ਬਾਇਓਪਿਕ ਸਬੰਧੀ ਉਹ ਖਾਹਿਸ਼ ਦੱਸ ਚੁੱਕੀ ਹੈ। ਡੇਜ਼ੀ ਸ਼ਾਹ ਆਪਣੇ-ਆਪ ਨੂੰ ਮੁਮਤਾਜ ਜਿਹਾ ਹੀ ਸਮਝਦੀ ਹੈ। 'ਜੈ ਹੋ' ਸਲਮਾਨ ਖ਼ਾਨ ਨਾਲ ਕਰ ਚੁੱਕੀ ਡੇਜ਼ੀ ਸ਼ਾਹ ਕਹਿੰਦੀ ਹੈ ਕਿ ਮੁਮਤਾਜ ਵੀ ਪਹਿਲਾਂ ਨ੍ਰਤਕੀ ਸੀ ਤੇ ਉਹ ਵੀ ਪਹਿਲਾਂ ਡਾਂਸਰ ਰਹੀ ਹੈ। 'ਰਾਮ ਰਤਨ' ਫ਼ਿਲਮ ਨਾਲ ਫਿਰ ਖ਼ਬਰਾਂ ਵਿਚ ਆਈ ਡੇਜ਼ੀ ਸ਼ਾਹ ਨੂੰ ਸਲਮਾਨ ਨੇ ਤੋਹਫ਼ੇ 'ਚ ਲਗਜ਼ਰੀ ਕਾਰ ਵੀ ਦਿੱਤੀ ਸੀ। ਸਲਮਾਨ ਨੂੰ ਉਹ ਦਿਲੋਂ ਪਿਆਰ ਕਰਦੀ ਹੈ, ਹਾਲਾਂਕਿ ਇਸ ਪਿਆਰ ਦੀ ਪ੍ਰੀਭਾਸ਼ਾ ਉਸ ਅਨੁਸਾਰ ਸਤਿਕਾਰਤ ਹੈ। 'ਆ ਜਾ ਮਾਹੀ' ਗਾਣੇ ਨੇ ਡੇਜ਼ੀ ਸ਼ਾਹ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਡੇਜ਼ੀ ਸ਼ਾਹ ਦਾ ਇਹ ਗਾਣਾ ਖਾਸ ਕਰ ਸਲਮਾਨ ਖ਼ਾਨ ਨੇ ਆਪ ਮੁੰਬਈ 'ਚ ਰਿਲੀਜ਼ ਕੀਤਾ ਸੀ। ਯਾਦ ਰਹੇ 'ਤੇਰੇ ਨਾਮ' 'ਚ ਬੱਚੀ ਡੇਜ਼ੀ ਨੇ ਸਲਮਾਨ ਖ਼ਾਨ ਨਾਲ ਕੰਮ ਕੀਤਾ ਸੀ ਤੇ ਜਵਾਨ ਹੋ ਕੇ ਵੀ ਉਹ ਸਲਮਾਨ ਦੀ ਹੀਰੋਇਨ ਬਣੀ। ਡੇਜ਼ੀ ਸ਼ਾਹ ਦਾ ਰੁਤਬਾ ਘਟਿਆ ਨਹੀਂ, ਬਰਕਰਾਰ ਹੈ।

ਆਮਿਰ ਖ਼ਾਨ

'ਮੁਗ਼ਲ' ਨਹੀਂ 'ਅਰਜਨ'

'ਠੱਗਜ਼ ਆਫ਼ ਹਿੰਦੁਸਤਾਨ' ਵਿਚ ਵੱਡੇ ਬੱਚਨ ਜੀ ਤੇ ਦੂਸਰੇ ਮਿਸਟਰ ਖ਼ਾਸ, ਵਿਅਕਤੀਤਵ ਫਿਟ ਆਮਿਰ ਖ਼ਾਨ ਹੋਰੀਂ ਜ਼ਬਰਦਸਤ ਜੋੜੀ ਬਣ ਕੇ ਯੂ-ਟਿਊਬ 'ਤੇ ਗਾਣੇ 'ਵਾਸ਼ਮਲੇ' ਨਾਲ ਧੁੰਮਾਂ ਪਾ ਰਹੇ ਹਨ। ਉਪਰੋਂ ਪ੍ਰਭੂ ਦੇਵਾ ਨੇ ਜ਼ਬਰਦਸਤ ਇਸ ਦੀ ਨਾਚ-ਨਿਰਦੇਸ਼ਨਾ ਕੀਤੀ ਹੈ। ਅਸਲ 'ਚ 'ਵਾਸ਼ਮਲੇ' ਦਾ ਅਰਥ ਦਿਲ ਖੋਲ੍ਹ ਕੇ ਨੱਚਣਾ-ਝੂਮਣਾ ਹੁੰਦਾ ਹੈ। ਦੀਵਾਲੀ ਮੌਕੇ ਆਮਿਰ ਖ਼ਾਨ ਦੀ 'ਠੱਗਜ਼ ਆਫ਼ ਹਿੰਦੁਸਤਾਨ' ਆ ਰਹੀ ਹੈ। ਆਮਿਰ ਨੇ ਆਪਣੇ ਪ੍ਰਸੰਸਕਾਂ ਨੂੰ ਕਿਹਾ ਹੈ ਕਿ 'ਦੀਵਾਲੀ 'ਤੇ ਮਿਲਾਂਗੇ'। ਆਮਿਰ ਸਿਧਾਂਤਵਾਦੀ ਇਨਸਾਨ ਵੀ ਹੈ ਤੇ ਉਸ ਨੇ 'ਮੁਗ਼ਲ' ਫ਼ਿਲਮ, ਜਿਸ ਦੇ ਨਿਰਦੇਸ਼ਕ ਸੁਭਾਸ਼ ਕਪੂਰ ਹਨ, ਛੱਡ ਦਿੱਤੀ ਹੈ ਕਿਉਂਕਿ ਔਰਤ ਸ਼ੋਸ਼ਣ ਮਸਲੇ ਦੀ ਮੁਹਿੰਮ 'ਮੀ ਟੂ' 'ਚ ਸੁਭਾਸ਼ ਦਾ ਨਾਂਅ ਵੀ ਆਇਆ ਹੈ। ਯਸ਼ਰਾਜ ਫ਼ਿਲਮਜ਼ ਨੂੰ ਆਮਿਰ ਨੇ 'ਠੱਗਜ਼ ਆਫ਼ ਹਿੰਦੁਸਤਾਨ' ਲਈ ਪੂਰਾ ਸਹਿਯੋਗ ਦਿੱਤਾ ਹੈ। ਹਿੰਦੀ ਦੇ ਨਾਲ ਇਹ ਤਾਮਿਲ-ਤੇਲਗੂ 'ਚ ਵੀ ਆਏਗੀ। ਤਾਮਿਲ-ਤੇਲਗੂ ਲਈ ਬਾਕਾਇਦਾ ਆਮਿਰ ਇਕ ਵੀਡੀਓ ਬਣਾ ਰਹੇ ਹਨ, ਤਾਂ ਜੋ ਦੱਖਣ ਦੇ ਦਰਸ਼ਕ ਪ੍ਰਭਾਵਿਤ ਕੀਤੇ ਜਾ ਸਕਣ। ਆਮਿਰ ਖ਼ਾਨ ਜਿਥੇ ਔਰਤ ਸ਼ੋਸ਼ਣ ਦੇ ਖਿਲਾਫ਼ ਹੈ, ਉਥੇ 'ਮੀ ਟੂ' ਮੁਹਿੰਮ ਲਈ 'ਸਤਿਆਮੇਵ ਜਯਤੇ-4' ਨਵੇਂ ਸਾਲ ਸ਼ੁਰੂ ਕਰਨਗੇ। ਉਧਰ ਆਮਿਰ ਆਪਣੀ ਖਾਸ ਯਾਦਗਾਰੀ ਫ਼ਿਲਮ 'ਮਹਾਂਭਾਰਤ' ਸ਼ੁਰੂ ਕਰਨ ਜਾ ਰਿਹਾ ਹੈ। ਤਿਆਰੀ ਨਿਰਦੇਸ਼ਕ ਵਿਕਰਮ ਦਿੱਤਿਆ ਮੋਟਵਾਨੀ ਨਾਲ ਚੱਲ ਰਹੀ ਹੈ। ਅਦਾਇਤ ਚੰਦਨ (ਮਹਾਭਾਰਤ) ਨੂੰ ਲਿਖ ਰਹੇ ਹਨ। ਆਮਿਰ 'ਮਹਾਭਾਰਤ' ਚ ਦੀਪਿਕਾ ਪਾਦੂਕੋਨ ਨੂੰ ਦਰੋਪਦੀ ਲੈਣ ਜਾ ਰਹੇ ਹਨ। 'ਸਤਿਆਮੇਵ ਜਯਤੇ-4' ਨਾਲ ਔਰਤ ਹੱਕਾਂ ਦੀ ਗੱਲ 'ਮਹਾਭਾਰਤ' ਨਾਲ ਧਰਮ-ਵਿਰਾਸਤ 'ਚ ਆਪਣਾ ਰੁਤਬਾ ਸ਼ਾਨਦਾਰ ਬਣਾ ਕੇ ਆਮਿਰ ਖ਼ਾਨ ਹਰ ਧਰਮ-ਵਰਗ ਤੇ ਉਮਰ ਦੇ ਦਰਸ਼ਕਾਂ ਦੇ ਦਿਲ 'ਤੇ ਰਾਜ ਕਰਨ ਜਾ ਰਹੇ ਹਨ। 'ਕਾਫੀ ਵਿਦ ਕਰਨ-6' 'ਚ ਆਮਿਰ ਤੇ ਮਲਾਇਕਾ ਅਰੋੜਾ ਦਾ ਸਾਹਮਣਾ ਵੀ ਦਿਲਚਸਪ ਹੈ।


-ਸੁਖਜੀਤ ਕੌਰ

ਫ਼ਿਲਮ ਨਗਰੀ ਦੇ ਸਰਗਰਮ ਤਿੰਨ ਨਵੇਂ ਚਿਹਰੇ

ਜਾਨ੍ਹਵੀ, ਸਾਰਾ ਅਲੀ ਖਾਨ, ਅਨੰਨਿਆ ਪਾਂਡੇ ਨੂੰ ਲੈ ਕੇ ਫ਼ਿਲਮ ਨਗਰੀ ਵਿਚ ਇਕ ਦਿਲਚਸਪ ਰੁਝਾਨ ਬਣਿਆ ਹੋਇਆ ਹੈ... ਇਨ੍ਹਾਂ ਸਟਾਰ ਪੁੱਤਰੀਆਂ ਬਾਰੇ ਜਾਣੀਏ।
ਸਾਰਾ ਦਾ ਆਕਾਸ਼ : ਅਭਿਨੇਤਾ ਸੈਫ਼ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੀ ਤਿਆਰੀ ਹੁਣ ਜਾ ਕੇ ਰੰਗ ਲਿਆ ਰਹੀ ਹੈ। ਉਨ੍ਹਾਂ ਦੀ ਸ਼ੁਰੂਆਤ ਚੰਗੀ ਹੋਈ ਸੀ। ਉੱਤਰਾਖੰਡ ਵਿਚ ਉਨ੍ਹਾਂ ਦੀ ਫ਼ਿਲਮ 'ਕੇਦਾਰਨਾਥ' ਦੇ ਬਹੁਤ ਚਰਚੇ ਹੋਏ। ਫਿਰ ਜਦੋਂ ਇਹ ਫ਼ਿਲਮ ਬੰਦ ਹੋਣ ਕੰਢੇ ਪਹੁੰਚੀ ਤਾਂ ਪਲ ਭਰ ਲਈ ਸਾਰੀਆਂ ਗੱਲਾਂ ਸਥਿਰ ਹੋ ਗਈਆਂ। ਹੁਣ ਜਿਵੇਂ ਸਾਰਾ ਦੇ ਕੈਰੀਅਰ ਨੂੰ ਖੰਭ ਲੱਗ ਗਏ ਹਨ। ਇਕ ਪਾਸੇ ਜਿਥੇ ਉਨ੍ਹਾਂ ਦੀ ਰੁਕੀ ਹੋਈ ਫ਼ਿਲਮ 'ਕੇਦਾਰਨਾਥ' ਦੀ ਸ਼ੂਟਿੰਗ ਨੇ ਰਫ਼ਤਾਰ ਫੜ ਲਈ ਹੈ। ਉਥੇ ਉਨ੍ਹਾਂ ਦੀ ਇਕ ਵੱਡੀ ਫ਼ਿਲਮ 'ਸਿੰਬਾ' ਦੀ ਸ਼ੂਟਿੰਗ ਇਨ੍ਹੀਂ ਦਿਨੀਂ ਤੇਜ਼ੀ ਨਾਲ ਚੱਲ ਰਹੀ ਹੈ, ਇਸ ਸਾਲ ਦੇ ਅੰਤ ਤਕ ਉਨ੍ਹਾਂ ਦੀਆਂ ਇਹ ਦੋਵੇਂ ਫ਼ਿਲਮਾਂ ਹੀ ਰਿਲੀਜ਼ ਹੋ ਜਾਣਗੀਆਂ। ਸਾਰਾ ਦਾ ਕੈਰੀਅਰ ਉਸ ਦੀ ਮਾਂ ਅੰਮ੍ਰਿਤਾ ਸਿੰਘ ਸੰਭਾਲ ਰਹੀ ਹੈ, ਜੋ ਖ਼ੁਦ ਚਰਚਿਤ ਅਭਿਨੇਤਰੀ ਰਹੀ ਹੈ। 'ਸਿੰਬਾ' ਦੇ ਨਿਰਦੇਸ਼ਕ ਰੋਹਿਤ ਸ਼ੈਟੀ ਅਨੁਸਾਰ ਉਹ ਬੇਹੱਦ ਆਤਮ-ਵਿਸ਼ਵਾਸ ਨਾਲ ਭਰੀ ਨਜ਼ਰ ਆਉਂਦੀ ਹੈ। ਉਹ ਦੱਸਦੇ ਹਨ, 'ਜੇਕਰ ਕੰਮ ਨੂੰ ਲੈ ਕੇ ਉਸ ਦੇ ਅੰਦਰ ਇਹੀ ਗੰਭੀਰਤਾ ਰਹੀ ਤਾਂ ਉਸ ਦਾ ਕੈਰੀਅਰ ਇਕਦਮ ਚਮਕੇਗਾ। ਉਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਨਿਰਦੇਸ਼ਕ ਦੀ ਹੀਰੋਇਨ ਹੈ। ਉਹ ਪਹਿਲਾਂ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਦੀ ਹੈ, ਫਿਰ ਕੁਝ ਛੋਟੇ-ਮੋਟੇ ਸਵਾਲ ਪੁੱਛਦੀ ਹੈ।
ਜਾਨ੍ਹਵੀ ਦੀ ਰੇਸ ਸ਼ੁਰੂ : ਸ੍ਰੀਦੇਵੀ ਦੀ ਬੇਟੀ ਜਾਨ੍ਹਵੀ ਦੀ ਫ਼ਿਲਮ 'ਧੜਕ' ਦਰਸ਼ਕਾਂ ਦੀ ਪਸੰਦ ਬਣ ਗਈ ਸੀ। ਉਂਜ ਜਾਨ੍ਹਵੀ ਦਾ ਆਗਮਨ ਸਾਰਾ ਅਲੀ ਖਾਨ ਤੋਂ ਬਾਅਦ ਹੋਇਆ ਸੀ, ਪਰ ਉਸ ਦੀ ਫ਼ਿਲਮ ਪਹਿਲਾਂ ਰਿਲੀਜ਼ ਹੋ ਗਈ। ਇਸ ਦਾ ਪੂਰਾ ਸਿਹਰਾ 'ਧੜਕ' ਦੇ ਨਿਰਮਾਤਾ ਕਰਨ ਜੌਹਰ ਨੂੰ ਜਾਂਦਾ ਹੈ। ਕਰਨ ਦਾ ਕਹਿਣਾ ਹੈ, 'ਜਾਨ੍ਹਵੀ ਵਿਚ ਆਪਣੀ ਮਾਂ ਦੀ ਤਰ੍ਹਾਂ ਇਕ ਖ਼ਾਸ ਗ੍ਰੇਸ ਹੈ। ਮੈਂ ਉਸ ਨੂੰ ਸ੍ਰੀਦੇਵੀ, ਮਾਧੁਰੀ ਦੇ ਦੌਰ ਦੀ ਅਭਿਨੇਤਰੀ ਮੰਨਦਾ ਹਾਂ। ਉਸ ਨੂੰ ਜ਼ਿਆਦਾ ਬੋਲਡ ਬਣਨ ਦੀ ਜ਼ਰੂਰਤ ਨਹੀਂ ਹੈ। ਉਸ ਦੀ ਇਹ ਗ੍ਰੇਸ ਹੀ ਉਸ ਦੀ ਪੂਰੀ ਮਦਦ ਕਰੇਗੀ। ਬਸ, ਉਸ ਨੂੰ ਫ਼ਿਲਮਾਂ ਦੀ ਚੋਣ ਬਹੁਤ ਸੰਭਲ ਕੇ ਕਰਨੀ ਪਵੇਗੀ। ਆ ਰਹੀ ਹੈ ਅਨੰਨਿਆ : ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦੀ ਕਿਸਮਤ ਪੂਰੀ ਤਰ੍ਹਾਂ ਨਾਲ ਕਰਨ ਜੌਹਰ ਦੀ ਫ਼ਿਲਮ 'ਸਟੂਡੈਂਟ ਆਫ ਦ ਈਅਰ-2' ਦੀ ਸਫਲਤਾ 'ਤੇ ਨਿਰਭਰ ਹੈ। ਇਸ ਫ਼ਿਲਮ ਦੇ ਨਾਲ ਇਕ ਹੋਰ ਨਵੀਂ ਹੀਰੋਇਨ ਤਾਰਾ ਸੁਤਾਰੀਆ ਦੀ ਕਿਸਮਤ ਵੀ ਜੁੜੀ ਹੋਈ ਹੈ। ਫ਼ਿਲਮ ਦੇ ਹੀਰੋ ਟਾਈਗਰ ਸ਼ਰਾਫ ਹਨ ਪਰ ਇਸ ਫ਼ਿਲਮ ਵਿਚ ਸਭ ਦੀ ਨਜ਼ਰ ਅਨੰਨਿਆ ਪਾਂਡੇ 'ਤੇ ਹੋਵੇਗੀ। ਖ਼ੁਦ ਕਰਨ ਜੌਹਰ ਉਸ ਦੇ ਕੈਰੀਅਰ ਵਿਚ ਦਿਲਚਸਪੀ ਲੈ ਰਹੇ ਹਨ। ਲਿਹਾਜ਼ਾ ਅਨੰਨਿਆ ਦੇ ਹੌਸਲੇ ਬੁਲੰਦ ਹਨ। ਉਹ ਕਹਿੰਦੀ ਹੈ, 'ਮੈਂ ਕਦੀ ਨਹੀਂ ਚਹਾਂਗੀ ਕਿ ਮੇਰੇ ਫ਼ਿਲਮੀ ਪਰਿਵਾਰ ਦੀ ਵਜ੍ਹਾ ਕਰਕੇ ਮੇਰੀ ਕੋਈ ਪਛਾਣ ਬਣੇ।

ਕਰੀਨਾ ਕਪੂਰ ਸ਼ਾਹੀ ਖਰਚੇ

ਕਰੀਨਾ ਇਸ ਸਮੇਂ ਇਕ ਰੇਡੀਓ ਸ਼ੋਅ ਕਰ ਰਹੀ ਹੈ। ਫ਼ਿਲਮ 'ਤਖ਼ਤ' ਵੀ ਉਸ ਕੋਲ ਹੈ। ਪਹਿਲਾਂ ਹੀ ਬੀ-ਟਾਊਨ ਦੇ ਤਖ਼ਤ 'ਤੇ ਉਸ ਦੀ ਸਥਿਤੀ ਨੰਬਰ ਇਕ 'ਤੇ ਬਰਕਰਾਰ ਹੈ। 'ਤਖ਼ਤ' 'ਚ ਦਾਰਾ ਸ਼ਿਕੋਹ ਰਣਵੀਰ ਸਿੰਘ ਬਣੇਗਾ। ਮੁਗ਼ਲ ਰਾਜ ਦੇ ਬਾਦਸ਼ਾਹ ਜਹਾਂਗੀਰ ਦੀ ਕਹਾਣੀ 'ਤੇ ਬਣ ਰਹੀ 'ਤਖ਼ਤ' ਕਰਨ ਜੌਹਰ ਦੀ ਫ਼ਿਲਮ ਹੈ। 'ਤਖ਼ਤ' ਲਈ ਤਿਆਰੀਆਂ ਕਰਦੀ ਬੇਬੋ ਨੇ ਸਵਰਗੀ ਦਾਦਾ ਰਾਜ ਕਪੂਰ ਦੀ ਖਾਹਿਸ਼ ਅਨੁਸਾਰ ਦਾਦੀ ਦੀਆਂ ਕਈ ਖਾਹਿਸ਼ਾਂ ਮਰਨ ਉਪਰੰਤ ਪੂਰੀਆਂ ਕਰਕੇ ਹੋਣਹਾਰ ਪੋਤੀ ਹੋਣ ਦਾ ਪ੍ਰਭਾਵ ਦਿੱਤਾ ਹੈ। ਮੈਡਮ ਸੈਫੀਨਾ ਨੇ ਆਪਣੇ ਪੁੱਤਰ ਤੈਮੂਰ ਲਈ ਵੀ ਸਨਹਿਰੀ ਨਾਂਅ ਦੀ ਯੋਗ ਨੈਨੀ ਰੱਖੀ ਹੈ। ਹਰ ਮਹੀਨੇ ਤੈਮੂਰ ਦੀ ਦੇਖ-ਭਾਲ ਲਈ ਨੈਨੀ ਨੂੰ ਬੇਬੋ ਡੇਢ ਲੱਖ ਰੁਪਿਆ ਮਹੀਨਾ ਦੇ ਰਹੀ ਹੈ। ਕਾਰ ਵੀ ਉਸ ਨੇ ਨੈਨੀ ਸਵਿੱਤਰੀ ਨੂੰ ਮੁਹੱਈਆ ਕਰਵਾਈ ਹੈ। ਕਰੀਨਾ ਕਪੂਰ ਨੇ ਸੰਨੀ ਲਿਓਨੀ ਨਾਲ ਰੇਡੀਓ ਸ਼ੋਅ ਦੀ ਪਹਿਲੀ ਕਿਸ਼ਤ ਕਰ ਲਈ ਹੈ। ਹਾਂ, ਕਰੀਨਾ ਕਪੂਰ ਨੂੰ ਦੁੱਖ ਹੈ ਕਿ ਹਾਲਾਤ ਦੇ ਮੱਦੇਨਜ਼ਰ ਆਰ. ਕੇ. ਸਟੂਡੀਓ ਵਿਕ ਕੇ ਬੰਦ ਹੋ ਜਾਣਾ ਹੈ ਪਰ...

'ਭੈਣ-ਭਰਾ' ਦਾ ਫ਼ਿਲਮਾਂ 'ਚ ਮੁੜ ਆਗਮਨ

ਇਕ ਜ਼ਮਾਨਾ ਸੀ ਜਦੋਂ ਬਾਲੀਵੁੱਡ ਵਿਚ ਭਰਾ-ਭੈਣ ਦੇ ਨਿਰਦੋਸ਼ ਪਿਆਰ 'ਤੇ ਭਾਵੁਕ ਫ਼ਿਲਮਾਂ ਬਣਦੀਆਂ ਸਨ। ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿਚ ਰੱਖੜੀ ਦਾ ਗੀਤ ਵੀ ਹੁੰਦਾ ਸੀ ਅਤੇ ਪਿਆਰ ਅਤੇ ਬਲਿਦਾਨ ਨੂੰ ਕਹਾਣੀ ਵਿਚ ਪਿਰੋਇਆ ਜਾਂਦਾ ਸੀ। ਬਾਅਦ ਵਿਚ ਫ਼ਿਲਮਾਂ 'ਚੋਂ ਭੈਣਾਂ ਦਾ ਕਿਰਦਾਰ ਗਵਾਚਣ ਲੱਗਿਆ ਅਤੇ ਰੱਖੜੀ ਦੇ ਤਿਉਹਾਰ 'ਤੇ ਬਣਿਆ ਨਵਾਂ ਗੀਤ ਸੁਣੇ ਨੂੰ ਤਾਂ ਇਕ ਜ਼ਮਾਨਾ ਹੋ ਗਿਆ ਹੈ। ਹੁਣ ਭਰਾ-ਭੈਣ 'ਤੇ ਬਣੀ 'ਕਾਸ਼ੀ-ਇਨ ਸਰਚ ਆਫ਼ ਗੰਗਾ' ਆ ਰਹੀ ਹੈ ਅਤੇ ਇਹ ਥ੍ਰਿਲਰ ਫ਼ਿਲਮ ਹੈ। ਬਨਾਰਸ ਵਿਚ ਕਾਸ਼ੀ (ਸ਼ਰਮਨ ਜੋਸ਼ੀ) ਆਪਣੀ ਭੈਣ ਗੰਗਾ (ਪ੍ਰਿਅੰਕਾ ਸਿੰਘ) ਦੇ ਨਾਲ ਰਹਿ ਰਿਹਾ ਹੁੰਦਾ ਹੈ। ਇਕ ਦਿਨ ਗੰਗਾ ਅਚਾਨਕ ਗੁੰਮ ਹੋ ਜਾਂਦੀ ਹੈ ਅਤੇ ਕਿਤੇ ਵੀ ਉਸ ਦੀ ਖ਼ੈਰ-ਖ਼ਬਰ ਨਹੀਂ ਮਿਲਦੀ। ਨਿਰਾਸ਼ ਭਰਾ ਆਪਣੀ ਭੈਣ ਦੀ ਭਾਲ ਵਿਚ ਨਿਕਲ ਪੈਂਦਾ ਹੈ ਅਤੇ ਜਦੋਂ ਉਹ ਲੋਕਾਂ ਤੋਂ ਪੁੱਛਗਿੱਛ ਕਰਦਾ ਹੈ ਤਾਂ ਕਈ ਲੋਕ ਗੰਗਾ ਦੀ ਹੋਂਦ ਨੂੰ ਹੀ ਨਕਾਰ ਦਿੰਦੇ ਹਨ। ਹੁਣ ਕਾਸ਼ੀ ਪਰੇਸ਼ਾਨ ਹੈ ਕਿ ਉਹ ਕਰੇ ਤਾਂ ਕੀ ਕਰੇ। ਇਸ ਤਰ੍ਹਾਂ ਇਕ ਖ਼ਬਰ ਚੈਨਲ ਪੱਤਰਕਾਰ ਦੇਵੀਨਾ (ਐਸ਼ਵਰਿਆ ਦੇਵਨ) ਕਾਸ਼ੀ ਦੀ ਮਦਦ ਲਈ ਅੱਗੇ ਆਉਂਦੀ ਹੈ ਅਤੇ ਉਹ ਆਪਣੇ ਸੂਤਰਾਂ ਰਾਹੀਂ ਗੰਗਾ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਇਸ ਭਾਲ ਦੌਰਾਨ ਕਾਸ਼ੀ ਤੇ ਦੇਵੀਨਾ ਦਾ ਵਾਹ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਪੈਂਦਾ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ। ਭੋਜਪੁਰੀ ਫ਼ਿਲਮਾਂ ਦੇ ਨਿਰੇਦਸ਼ਕ ਧੀਰਜ ਕੁਮਾਰ ਵਲੋਂ ਇਹ ਨਿਰਦੇਸ਼ਿਤ ਕੀਤੀ ਗਈ ਹੈ।


-ਇੰਦਰਮੋਹਨ ਪੰਨੂੰ

ਬਾਲੀਵੁੱਡ ਫਲੈਸ਼ਬੈਕ

'ਦਾਗ਼, ਅਨਾੜੀ, ਆਂਖੇਂ, ਜਿਸ ਦੇਸ਼ ਮੇ ਗੰਗਾ ਬਹਿਤੀ ਹੈ' ਆਦਿ ਸਮੇਤ ਪੰਜ ਦਰਜਨ ਤੋਂ ਵੱਧ ਫ਼ਿਲਮਾਂ ਕਰਨ ਵਾਲੀ ਅਦਾਕਾਰਾ ਲਲਿਤਾ ਪਵਾਰ ਦੀ ਜ਼ਿੰਦਗੀ ਇਕ ਥੱਪੜ ਨੇ ਬਦਲ ਕੇ ਰੱਖ ਦਿੱਤੀ ਸੀ। ਫ਼ਿਲਮ ਨਿਰਦੇਸ਼ਕ ਚੰਦਰ ਰਾਓ ਕਦਮ ਆਪਣੀ ਫ਼ਿਲਮ 'ਜੰਗੇ ਆਜ਼ਾਦੀ ' ਦੀ ਸ਼ੂਟਿੰਗ ਕਰ ਰਹੇ ਸਨ। ਅਦਾਕਾਰ ਭਗਵਾਨ ਦਾਦਾ ਨੇ ਫ਼ਿਲਮ ਦੇ ਦ੍ਰਿਸ਼ ਦੀ ਮੰਗ ਅਨੁਸਾਰ ਲਲਿਤਾ ਪਵਾਰ ਦੀ ਖੱਬੀ ਗੱਲ 'ਤੇ ਇਕ ਥੱਪੜ ਮਾਰਨਾ ਸੀ। ਚਾਰ -ਪੰਜ 'ਰੀਟੇਕ' ਹੋ ਗਏ ਪਰ ਦ੍ਰਿਸ਼ 'ਓ.ਕੇ.' ਨਾ ਹੋ ਸਕਿਆ। ਅਗਲੀ ਵਾਰ ਭਗਵਾਨ ਦਾਦਾ ਨੇ ਲਲਿਤਾ ਪਵਾਰ ਦੇ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਸਦੇ ਕੰਨ 'ਚੋਂ ਖ਼ੂਨ ਵਗਣ ਲਗ ਪਿਆ । ਕੁਝ ਦਿਨ ਹਸਪਤਾਲ 'ਚ ਰਹਿਣ ਮਗਰੋਂ ਲਲਿਤਾ ਨੇ ਤਿੰਨ ਸਾਲ ਤੱਕ ਕਿਸੇ ਵੀ ਹੋਰ ਫ਼ਿਲਮ 'ਚ ਕੰਮ ਨਾ ਕੀਤਾ। ਸੱਟ ਜ਼ਿਆਦਾ ਲੱਗਣ ਕਾਰਨ ਲਲਿਤਾ ਦੀ ਇਕ ਅੱਖ ਛੋਟੀ ਹੋ ਗਈ ਜਿਸ ਕਾਰਨ ਉਸਦੀ ਸਾਰੀ ਖ਼ੂਬਸੂਰਤੀ ਦਾਗ਼ਦਾਰ ਹੋ ਗਈ ਤੇ ਉਸਨੂੰ ਹੀਰੋਇਨ ਦੀ ਥਾਂ ਚਰਿੱਤਰ ਅਦਾਕਾਰਾ ਜਾਂ ਖਲਨਾਇਕਾ ਵਜੋਂ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਕ ਜ਼ਾਲਮ ਸੱਸ ਵਜੋਂ ਉਸ ਵਲੋਂ ਵੱਖ-ਵੱਖ ਫ਼ਿਲਮਾਂ 'ਚ ਨਿਭਾਈਆਂ ਭੂਮਿਕਾਵਾਂ ਲਈ।


-ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ।

ਚੰਗਿਆਈ ਅਤੇ ਬੁਰਾਈ ਦੀ ਜੰਗ

ਵਿਕਰਮ ਬੇਤਾਲ ਕੀ ਰਹੱਸ ਗਾਥਾ

ਕਈ ਸਾਲ ਪਹਿਲਾਂ ਵਿਕਰਮ ਬੇਤਾਲ ਦੀਆਂ ਰਹੱਸਮਈ ਕਹਾਣੀਆਂ ਟੀ.ਵੀ. 'ਤੇ ਦਿਖਾਈਆਂ ਗਈਆਂ ਸਨ ਤੇ ਦਰਸ਼ਕਾਂ ਦਾ ਧਿਆਨ ਖਿੱਚਣ ਵਿਚ ਇਹ ਬੜੀਆਂ ਕਾਮਯਾਬ ਰਹੀਆਂ ਸਨ। ਹੁਣ ਐਂਡ ਟੀ.ਵੀ. 'ਵਿਕਰਮ ਬੇਤਾਲ ਕੀ ਰਹੱਸ ਗਾਥਾ' ਨਾਂਅ ਦਾ ਲੜੀਵਾਰ ਲੈ ਕੇ ਆ ਰਿਹਾ ਹੈ। ਇਸ ਲੜੀਵਾਰ ਦਾ ਪ੍ਰਸਾਰਨ 16 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਇਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਿਖਾਇਆ ਜਾਂਦਾ ਹੈ। ਇਸ ਵਿਚ ਮਕਰੰਦ ਦੇਸ਼ਪਾਂਡੇ, ਸੂਰਜ ਥਾਪਰ ਅਤੇ ਅਹਿਮ ਸ਼ਰਮਾ ਨੇ ਅਹਿਮ ਕਿਰਦਾਰ ਨਿਭਾਏ ਹਨ। ਅਹਿਮ ਸ਼ਰਮਾ ਇਸ ਲੜੀਵਾਰ ਵਿਚ ਨਿਆਂ ਪਸੰਦ ਰਾਜਾ ਵਿਕਰਮਾਦਿੱਤਿਆ ਦੀ ਭੂਮਿਕਾ ਨਿਭਾਅ ਰਿਹਾ ਹੈ, ਜਦ ਕਿ ਥੀਏਟਰ ਅਤੇ ਫ਼ਿਲਮਾਂ ਦੇ ਪ੍ਰਭਾਵਸ਼ਾਲੀ ਐਕਟਰ ਮਕਰੰਦ ਦੇਸ਼ਪਾਂਡੇ ਹਾਜ਼ਰ-ਜਵਾਬੀ ਵਿਚ ਮਾਹਿਰ ਬੇਤਾਲ ਦਾ ਕਿਰਦਾਰ ਨਿਭਾਅ ਰਹੇ ਹਨ। ਟੀ.ਵੀ. ਸਟਾਰ ਸੂਰਜ ਥਾਪਰ ਭੱਦਰਕਾਲ ਦਾ ਰੋਲ ਨਿਭਾਅ ਰਹੇ ਹਨ। ਇਸ ਸ਼ੋਅ ਵਿਚ ਇਸ਼ਿਤਾ ਗਾਂਗੁਲੀ, ਅਮਿਤ ਬਹਿਲ, ਸੋਨੀਆ ਸਿੰਘ ਵਰਗੇ ਹੋਰ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਵਿਚ ਇਕ ਮੁਕਤ ਆਤਮਾ ਦੀ ਪੂਛ ਨੂੰ ਖੁਦ ਨਾਲ ਬੰਨ੍ਹੀ ਰੱਖਣ ਵਾਲੇ ਰਾਜਾ ਵਿਕਰਮਾਦਿੱਤਿਆ ਦੀਆਂ ਅਸਫ਼ਲ ਕੋਸ਼ਿਸ਼ਾਂ ਨੂੰ ਬੜੇ ਕਲਾਤਮਿਕ ਢੰਗ ਨਾਲ ਦਰਸਾਇਆ ਗਿਆ ਹੈ। ਐਂਡ ਟੀ.ਵੀ. ਦੇ ਮੁਖੀ ਵਿਸ਼ਣੂ ਸ਼ੰਕਰ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਸਾਡੇ ਲਈ ਬੜਾ ਅਹਿਮ ਹੈ ਤੇ ਇਸ ਨੂੰ ਪੇਸ਼ ਕਰਦਿਆਂ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਮਕਰੰਦ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਬੇਤਾਲ ਬੜੀ ਅਕਲਮੰਦ ਅਤੇ ਨੇਕ ਦਿਲ ਆਤਮਾ ਹੈ ਜੋ ਹਰ ਇਨਸਾਨ ਦੀ ਮਦਦ ਕਰਨ ਦੀ ਚਾਹਨਾ ਰੱਖਦਾ ਹੈ ਅਤੇ ਬੜੀ ਹੁਸ਼ਿਆਰੀ ਨਾਲ ਬੁਝਾਰਤਾਂ ਦੇ ਰੂਪ ਵਿਚ ਰਾਜਾ ਸਾਹਮਣੇ ਚੁਣੌਤੀਆਂ ਪੇਸ਼ ਕਰਦੀ ਹੈ। ਭੱਦਰਕਾਲ ਦਾ ਕਿਰਦਾਰ ਨਿਭਾਉਣ ਵਾਲੇ ਸੂਰਜ ਥਾਪਰ ਦਾ ਕਹਿਣਾ ਹੈ ਕਿ ਹੁਣ ਤੱਕ ਲੋਕਾਂ ਨੇ ਭੱਦਰਕਾਲ ਬਾਰੇ ਸਿਰਫ਼ ਸੁਣਿਆ ਹੀ ਸੀ ਪਰ ਹੁਣ ਦਰਸ਼ਕ ਇਸ ਲੜੀਵਾਰ ਵਿਚ ਪਹਿਲੀ ਵਾਰ ਉਸ ਨੂੰ ਦੇਖਣਗੇ। ਇਥੇ ਉਸ ਦਾ ਦੁਸ਼ਟ ਤੇ ਚਲਾਕ ਕਿਰਦਾਰ ਦਿਖਾਇਆ ਗਿਆ ਹੈ। ਭੱਦਰਕਾਲ ਦੀ ਕਾਲੀ ਦੁਨੀਆ ਅਤੇ ਬੇਤਾਲ ਨਾਲ ਉਸ ਦਾ ਟਕਰਾਓ ਲੜੀਵਾਰ ਵਿਚ ਦਰਸ਼ਕਾਂ ਦੀ ਰੁਚੀ ਵਧਾਏਗਾ। ਇਹ ਸ਼ੋਅ ਦਰਸ਼ਕਾਂ ਨੂੰ ਵਿਕਰਮ, ਬੇਤਾਲ ਅਤੇ ਭੱਦਰਕਾਲ ਤਿੰਨਾਂ ਦੀ ਵੱਖ-ਵੱਖ ਦੁਨੀਆ ਦੇ ਦਰਸ਼ਨ ਕਰਾਏਗਾ।


-ਅ. ਬ.

ਉਪਦੇਸ਼ ਵਾਲੀ 'ਲਪਤ' ਨੂੰ 'ਭੂਤ' ਦਾ ਸਹਾਰਾ

ਨਿਰਦੇਸ਼ਕ ਰਾਮਗੋਪਾਲ ਵਰਮਾ ਤੋਂ ਫ਼ਿਲਮ ਨਿਰਦੇਸ਼ਨ ਦੀ ਏ. ਬੀ. ਸੀ. ਡੀ. ਸਿੱਖਣ ਤੋਂ ਬਾਅਦ ਪ੍ਰਭੂ ਰਾਜ ਹੁਣ ਆਪਣੀ ਪਹਿਲੀ ਪੇਸ਼ਕਸ਼ ਦੇ ਤੌਰ 'ਤੇ 'ਲੁਪਤ' ਲੈ ਆਏ ਹਨ। ਕਿਉਂਕਿ ਰਾਮੂ ਨੇ ਡਰਾਉਣੀਆਂ ਫ਼ਿਲਮਾਂ ਰਾਹੀਂ ਵੀ ਕਾਫੀ ਝੰਡੇ ਗੱਡੇ ਸਨ। ਸੋ, ਆਪਣੇ ਗੁਰੂ ਦੇ ਨਕਸ਼ੇ-ਕਦਮ 'ਤੇ ਚਲਦਿਆਂ ਹੋਇਆਂ ਪ੍ਰਭੂ ਰਾਜ ਨੇ ਵੀ ਇਸ ਫ਼ਿਲਮ ਰਾਹੀਂ ਡਰਾਉਣੇ-ਥ੍ਰਿਲਰ ਵਿਸ਼ੇ 'ਤੇ ਹੱਥ ਅਜ਼ਮਾਇਆ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਹੈਰਾਨ ਕਰਨ ਵਿਚ ਸਫ਼ਲ ਰਹੇਗੀ। ਇਸ ਦਾ ਨਿਰਮਾਣ ਨਵੇਂ ਨਿਰਮਾਤਾ ਹਨਵੰਤ ਖਤਰੀ ਤੇ ਲਲਿਤ ਕਿਰੀ ਵਲੋਂ ਕੀਤਾ ਗਿਆ ਹੈ।
ਨਵੇਂ ਨਿਰਮਾਤਾ ਤੇ ਨਿਰਦੇਸ਼ਕ ਦੀ ਇਸ ਫ਼ਿਲਮ ਵਿਚ ਹਰਸ਼ ਟੰਡਨ (ਜਾਵੇਦ ਜਾਫਰੀ) ਤੇ ਉਸ ਦੇ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਲਖਨਊ ਵਿਚ ਰਹਿ ਰਿਹਾ ਹਰਸ਼ ਸਫ਼ਲ ਉਦਯੋਗਪਤੀ ਹੈ ਅਤੇ ਉਸ ਦਾ ਇਕ ਮਾਤਰ ਟੀਚਾ ਆਪਣੇ ਕਾਰੋਬਾਰ ਨੂੰ ਵਧਾਉਣਾ ਹੈ। ਆਪਣੇ ਕਾਰੋਬਾਰ ਦੀ ਤਰੱਕੀ ਲਈ ਆਪਣੇ ਅਸੂਲਾਂ ਨੂੰ ਤਾਕ 'ਤੇ ਰੱਖ ਦੇਣਾ ਉਸ ਲਈ ਨਵੀਂ ਗੱਲ ਨਹੀਂ ਹੈ। ਆਪਣੇ ਜ਼ਿਆਦਾ ਰੁਝੇਵਿਆਂ ਦੀ ਵਜ੍ਹਾ ਕਰਕੇ ਉਹ ਆਪਣੇ ਪਰਿਵਾਰ ਨੂੰ ਵੀ ਘੱਟ ਸਮਾਂ ਦੇ ਪਾਉਂਦਾ ਹੈ। ਹਰਸ਼ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਵੀ ਹੈ। ਨਾਲ ਹੀ ਉਸ ਨੂੰ ਅਕਸਰ ਡਰਾਉਣੇ ਚਿਹਰੇ ਦਿਖਾਈ ਦਿੰਦੇ ਹਨ, ਜਿਸ ਵਿਚ ਇਕ ਔਰਤ ਤੇ ਇਕ ਬੱਚੀ ਹੁੰਦੀ ਹੈ।
ਮਨੋਵਿਗਿਆਨੀ ਦੀ ਸਲਾਹ 'ਤੇ ਹਰਸ਼ ਕੰਮਕਾਰ ਤੋਂ ਛੁੱਟੀ ਲੈ ਕੇ ਪਰਿਵਾਰ ਨਾਲ ਨੈਨੀਤਾਲ ਜਾਣ ਦੀ ਯੋਜਨਾ ਬਣਾਉਂਦਾ ਹੈ ਅਤੇ ਸਾਰੇ ਨਿਕਲ ਪੈਂਦੇ ਹਨ। ਰਸਤੇ 'ਤੇ ਇਕ ਥਾਂ ਜਾਮ ਲੱਗਿਆ ਦੇਖ ਕੇ ਉਹ ਦੂਜਾ ਰਸਤਾ ਲੈਂਦਾ ਹੈ, ਜੋ ਜੰਗਲ ਤੋਂ ਹੋ ਕੇ ਜਾਂਦਾ ਹੈ। ਅੱਧੀ ਰਾਤ ਨੂੰ ਕਾਰ ਖਰਾਬ ਹੋ ਜਾਂਦੀ ਹੈ ਅਤੇ ਉਦੋਂ ਦੇਵ ਸ਼ੁਕਲਾ (ਵਿਜੈ ਰਾਜ) ਆਪਣੇ ਫਾਰਮ ਹਾਊਸ ਵਿਚ ਉਨ੍ਹਾਂ ਨੂੰ ਪਨਾਹ ਦਿੰਦਾ ਹੈ। ਦੇਵ ਸ਼ੁਕਲਾ ਦਾ ਵਿਹਾਰ ਜ਼ਰਾ ਅਨੋਖਾ ਜਿਹਾ ਹੈ। ਨਾਲ ਹੀ ਉਸ ਦੇ ਘਰ ਵਿਚ ਵੀ ਅਜੀਬੋ-ਗਰੀਬ ਸਾਮਾਨ ਖਿਲਰਿਆ ਪਿਆ ਹੈ। ਹਰਸ਼ ਦੇ ਪਰਿਵਾਰ ਨੂੰ ਲਗਦਾ ਹੈ ਕਿ ਇਸ ਫਾਰਮ ਹਾਊਸ ਵਿਚ ਰਾਤ ਬਿਤਾਉਣਾ ਠੀਕ ਨਹੀਂ, ਆਪਣੀ ਕਾਰ ਠੀਕ ਨਾ ਹੋਣ ਕਰਕੇ ਉਹ ਉਥੋਂ ਨਿਕਲ ਵੀ ਨਹੀਂ ਪਾਉਂਦੇ ਹਨ। ਹਰਸ਼ ਦੇ ਬੇਟੇ, ਬੇਟੀ ਤੇ ਪਤਨੀ ਨਾਲ ਅਜੀਬ ਘਟਨਾਵਾਂ ਵਾਪਰਦੀਆਂ ਹਨ ਅਤੇ ਦਿਲ ਧੜਕਾਊ ਘਟਨਾਵਾਂ ਤੋਂ ਬਾਅਦ ਇਹ ਰਾਜ਼ ਖੁੱਲ੍ਹਦਾ ਹੈ ਕਿ ਇਨ੍ਹਾਂ ਘਨਟਾਵਾਂ ਦੀ ਵਜ੍ਹਾ ਕੀ ਸੀ?
ਬਾਰਾਬੰਕੀ ਦੇ ਜੰਗਲ ਵਿਚ ਸ਼ੂਟ ਕੀਤੀ ਗਈ ਇਸ ਦੀ ਸ਼ੂਟਿੰਗ ਸਮੇਂ 48 ਰਾਤਾਂ ਜੰਗਲ ਵਿਚ ਬਿਤਾਉਣੀਆਂ ਪਈਆਂ ਸਨ ਅਤੇ ਇਥੇ ਇਕ ਰਾਤ ਦੀ ਕਹਾਣੀ ਦਿਖਾਈ ਗਈ ਹੈ। ਸੋ, ਰਾਤ ਦੇ ਦ੍ਰਿਸ਼ ਫ਼ਿਲਮ ਵਿਚ ਖ਼ਾਸ ਮਹੱਤਵ ਰੱਖਦੇ ਹਨ। ਇਹ ਫ਼ਿਲਮ ਡਰਾਉਂਦੀ ਤਾਂ ਹੈ, ਨਾਲ ਹੀ ਇਹ ਉਪਦੇਸ਼ ਵੀ ਦਿੰਦੀ ਹੈ ਕਿ ਇਨਸਾਨ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਹੀ ਪੈਂਦਾ ਹੈ।
ਇਸ ਉਪਦੇਸ਼ ਵਾਲੀ ਇਸ ਫ਼ਿਲਮ ਵਿਚ ਨਿੱਕੀ ਅਨੇਜਾ, ਕਰਨ ਆਨੰਦ, ਰਿਸ਼ਭ ਚੱਢਾ, ਮਿਨਾਕਸ਼ੀ ਦੀਕਿਸ਼ਤ, ਰਿਸ਼ੀਨਾ ਕੰਧਾਰੀ ਤੇ ਕਿਆਰਾ ਸੋਨੀ ਨੇ ਵੀ ਅਭਿਨੈ ਕੀਤਾ ਹੈ ਅਤੇ ਫ਼ਿਲਮ ਦੇ ਸੰਗੀਤ ਪੱਖ ਨੂੰ ਮਜ਼ਬੂਤ ਕਰਨ ਲਈ 'ਭੂਤ' ਦੇ ਪ੍ਰਚਾਰ ਲਈ ਤਿਆਰ ਕੀਤਾ ਗਿਆ ਗੀਤ 'ਭੂਤ ਹੂੰ ਮੈਂ...' ਵੀ ਇਥੇ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।


-ਮੁੰਬਈ ਪ੍ਰਤੀਨਿਧ

ਵਿਪੁਲ ਸ਼ਾਹ ਦਾ ਪੰਜਾਬ ਪਿਆਰ

ਪੰਜਾਬ 'ਚ ਸ਼ੂਟਿੰਗ ਕਰਨ ਦੇ ਆਪਣੇ ਤਜਰਬੇ ਬਾਰੇ ਦੱਸਦਿਆਂ ਵਿਪੁਲ ਅੰਮ੍ਰਿਤ ਲਾਲ ਸ਼ਾਹ ਨੇ ਕਿਹਾ, 'ਇਸ ਵਾਰ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਬੇਹੱਦ ਚੁਣੌਤੀਪੂਰਨ ਸੀ। ਮੈਂ 'ਨਮਸਤੇ ਲੰਡਨ', 'ਲੰਡਨ ਡ੍ਰੀਮਜ਼' ਤੇ 'ਕਮਾਂਡੋ' ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਉਥੇ ਕੀਤੀ ਹੈ ਪਰ ਇਸ ਵਾਰ ਮੇਰਾ ਟੀਚਾ ਪੰਜਾਬ ਨੂੰ ਇਕ ਬਹੁਤ ਹੀ ਅਲੱਗ ਤਰੀਕੇ ਨਾਲ ਪ੍ਰਦਰਸ਼ਿਤ ਕਰਨਾ ਸੀ। ਮੈਂ ਹਰ ਹਾਲਤ 'ਚ ਪੰਜਾਬ ਨੂੰ ਇਕ ਪ੍ਰੇਮ ਕਹਾਣੀ ਲਈ ਸੁਭਾਵਿਕ ਰੂਪ ਨਾਲ ਸਭ ਤੋਂ ਸੁੰਦਰ ਤੇ ਅਨੁਕੂਲ ਸਥਾਨ ਦੇ ਰੂਪ 'ਚ ਦਿਖਾਉਣਾ ਚਾਹੁੰਦਾ ਸੀ। ਇਸ ਲਈ ਮੈਂ ਇਕ ਅਜਿਹੀ ਦੁਨੀਆ ਬਣਾਉਣਾ ਚਾਹੁੰਦੀ ਸੀ, ਜਿਥੇ ਇਕ ਜਵਾਨ ਲੜਕੀ ਤੇ ਲੜਕਾ ਪਿਆਰ 'ਚ ਪੈ ਜਾਂਦੇ ਹਨ। ਪ੍ਰੋਡਕਸ਼ਨ ਟੀਮ ਨੇ ਪੰਜਾਬ ਦੇ ਹਰ ਹਿੱਸੇ ਨੂੰ ਫ਼ਿਲਮ 'ਚ ਵਧੀਆ ਦਿਖਾਉਣ ਲਈ ਸ਼ਾਨਦਾਰ ਕੰਮ ਕੀਤਾ। ਅਸੀਂ ਪੰਜਾਬ ਦੀਆਂ 100 ਤੋਂ ਵੱਧ ਥਾਵਾਂ 'ਤੇ ਸ਼ੂਟਿੰਗ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦੀ ਰੇਕੀ ਕਰਨ ਲਈ ਸਾਨੂੰ ਲਗਪਗ ਇਕ ਮਹੀਨੇ ਦਾ ਸਮਾਂ ਲੱਗਾ ਸੀ ਤੇ ਕਈ ਵਾਰ ਅਸੀਂ ਉਸ ਜਗ੍ਹਾ 'ਤੇ ਇਕ ਖਾਸ ਸ਼ਾਟ ਸ਼ੂਟ ਕਰਨ ਲਈ ਬਿਨਾਂ ਰੁਕੇ 3-4 ਘੰਟੇ ਦਾ ਸਫਰ ਕਰਦੇ ਸੀ।'
'ਤੇਰੇ ਲੀਏ', 'ਭਰੇ ਬਾਜ਼ਾਰ' ਤੇ ਪੰਜਾਬੀ ਟਰੈਕ 'ਧੂਮ ਧੜਾਕਾ' ਵਰਗੇ ਗੀਤਾਂ ਨਾਲ ਦਿਲ ਜਿੱਤਣ ਤੋਂ ਬਾਅਦ ਹੁਣ ਸੀਜ਼ਨ ਦਾ ਪਾਰਟੀ ਐਂਥਮ 'ਪਰਾਪਰ ਪਟੋਲਾ' ਦਰਸ਼ਕਾਂ ਵਿਚਾਲੇ ਖ਼ੂਬ ਧੂਮ ਮਚਾਈ।


-ਗੁਰਭਿੰਦਰ ਗੁਰੀ

ਦੇਸ਼-ਪ੍ਰੇਮ ਦਾ ਸੁਨੇਹਾ ਦਿੰਦੀ ਹੈ 'ਭਗਵਾ ਕੈਦੀ 786'

ਨਿਰਮਾਤਾ-ਨਿਰਦੇਸ਼ਕ ਸਰਵੇਸ਼ ਸੈਨੀ ਨੇ ਮੁੰਬਈ ਦੇ ਮਢ ਇਲਾਕੇ ਵਿਚ ਸਥਿਤ ਇਕ ਬੰਗਲੇ ਵਿਚ ਮਹੂਰਤ ਕਰਕੇ ਆਪਣੀ ਫ਼ਿਲਮ 'ਭਗਵਾ ਕੈਦੀ 786' ਲਾਂਚ ਕਰ ਦਿੱਤੀ। ਮੀਰ ਸਰਵਰ, ਰਵੀ ਸੈਨੀ, ਫਰੀਦਾ ਸਿਦੀਕੀ, ਅਹਿਸਾਨ ਖਾਨ, ਅਫਸਾਰ ਖਾਨ ਆਦਿ ਨੂੰ ਚਮਕਾਉਂਦੀ ਇਸ ਫ਼ਿਲਮ ਦੀ ਕਹਾਣੀ ਖ਼ੁਦ ਸਰਵੇਸ਼ ਸੈਨੀ ਨੇ ਲਿਖੀ ਹੈ।
ਫ਼ਿਲਮ ਦੇ ਵਿਸ਼ੇ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, 'ਇਹ ਅੱਜ ਦੀ ਫ਼ਿਲਮ ਹੈ। ਇਸ ਵਿਚ ਅੱਜ ਦੇ ਸੰਪਰਦਾਇਕ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਉਦੋਂ ਮੁਸਲਮਾਨਾਂ ਦਾ ਇਕ ਹਿੱਸਾ ਪਾਕਿਸਤਾਨ ਚਲਾ ਗਿਆ ਅਤੇ ਬਾਕੀ ਇਥੇ ਰਹਿ ਗਏ। ਇਸ ਦੇਸ਼ ਦਾ ਨਮਕ ਖਾਧਾ ਹੈ ਤੇ ਉਨ੍ਹਾਂ ਨੂੰ ਦੇਸ਼ ਪ੍ਰਤੀ ਵਫ਼ਾਦਾਰੀ ਪ੍ਰਗਟਾਉਣੀ ਚਾਹੀਦੀ ਹੈ। ਵੀਰ ਅਬਦੁਲ ਹਮੀਦ ਜਾਂ ਏ. ਪੀ. ਜੇ. ਅਬਦੁਲ ਕਲਾਮ ਨੂੰ ਆਪਣਾ ਆਦਰਸ਼ ਮੰਨਣਾ ਚਾਹੀਦਾ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਫ਼ਿਰਕੇ ਦੇ ਕੁਝ ਲੋਕ ਹਾਫਿਜ਼ ਸਈਅਦ ਜਾਂ ਲਾਦੇਨ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ 72 ਹੂਰਾਂ ਪਾਉਣ ਦੀ ਲਾਲਸਾ ਵਿਚ ਜਿਹਾਦੀ ਬਣ ਜਾਂਦੇ ਹਨ। ਮੈਂ ਇਥੇ ਜਿਹਾਦੀਆਂ ਦੀ ਸਚਾਈ ਪੇਸ਼ ਕੀਤੀ ਹੈ। ਫ਼ਿਲਮ ਦੀ ਕਹਾਣੀ ਇਹ ਹੈ ਕਿ ਇਕ ਮੁਸਲਿਮ ਪਰਿਵਾਰ ਕਸ਼ਮੀਰ ਵਿਚ ਰਹਿ ਰਿਹਾ ਹੁੰਦਾ ਹੈ। ਪਰਿਵਾਰ ਵਿਚ ਬੇਟੀ-ਬੇਟਾ ਹੈ। ਕੱਟੜਪੰਥੀਆਂ ਦੀ ਸੰਗਤ ਵਿਚ ਰਹਿ ਕੇ ਬੇਟਾ ਜਿਹਾਦੀ ਬਣ ਜਾਂਦਾ ਹੈ ਅਤੇ ਘਰ ਛੱਡ ਜਾਂਦਾ ਹੈ। ਹੁਣ ਭੈਣ ਆਪਣੇ ਭਰਾ ਨੂੰ ਲੱਭਣ ਨਿਕਲਦੀ ਹੈ ਅਤੇ ਇਸ ਦੌਰਾਨ ਉਸ ਦਾ ਨਾਤਾ ਜਿਹਾਦੀਆਂ ਨਾਲ ਜੁੜ ਜਾਂਦਾ ਹੈ। ਉਨ੍ਹਾਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਦੇਖਣ ਤੋਂ ਬਾਅਦ ਉਸ ਨੂੰ ਜਿਹਾਦੀਆਂ ਦੀ ਅਸਲੀਅਤ ਪਤਾ ਲਗਦੀ ਹੈ ਅਤੇ ਉਹ ਇਨ੍ਹਾਂ ਖਿਲਾਫ਼ ਆਵਾਜ਼ ਬੁਲੰਦ ਕਰਦੀ ਹੈ। ਇਸ ਕਹਾਣੀ ਵਿਚ ਅਸਲੀਅਤਾ ਦਾ ਪੁਟ ਰੱਖਿਆ ਗਿਆ ਹੈ ਅਤੇ ਨਾਲ ਹੀ ਇਸ ਵਿਚ ਜੋ ਹੱਤਿਆ, ਘਰ ਵਾਪਸੀ, ਲਵ ਜਿਹਾਦ ਵਰਗੀਆਂ ਅੱਜ ਦੀਆਂ ਘਨਟਾਵਾਂ ਵੀ ਬੁਣੀਆਂ ਗਈਆਂ ਹਨ। ਅੱਜ ਧਰਮ ਦੀ ਆੜ ਵਿਚ ਕੁਝ ਹਿੰਦੂਵਾਦੀ ਤੱਤ ਭਗਵਾ ਨੂੰ ਬਨਦਾਮ ਕਰ ਰਹੇ ਹਨ। ਉਨ੍ਹਾਂ ਖਿਲਾਫ਼ ਵੀ ਇਥੇ ਗੱਲ ਕੀਤੀ ਗਈ ਹੈ। ਮੇਰੀ ਇਸ ਫ਼ਿਲਮ ਵਿਦ ਦੇਸ਼ ਪ੍ਰੇਮ ਦਾ ਸੰਦੇਸ਼ ਹੈ ਅਤੇ ਨੌਜਵਾਨਾਂ ਨੂੰ ਸਹੀ ਰਸਤਾ ਚੁਣਨ ਦੀ ਗੱਲ ਵੀ ਕੀਤੀ ਗਈ ਹੈ। ਇਸ ਦੀ ਸ਼ੂਟਿੰਗ ਮੁੰਬਈ, ਉੱਤਰ ਪ੍ਰਦੇਸ਼ ਤੇ ਨਿਪਾਲ ਸਰਹੱਦ 'ਤੇ ਕੀਤੀ ਜਾਵੇਗੀ ਅਤੇ ਇਹ ਅਗਲੇ ਸਾਲ ਪ੍ਰਦਰਸ਼ਿਤ ਹੋਵੇਗੀ।'


-ਪੰਨੂੰ

ਸਰੋਤਿਆਂ ਦੇ ਦਿਲਾਂ ਦੀ ਧੜਕਣ ਗਾਇਕਾ ਸ਼ਿਪਰਾ ਗੋਇਲ

ਦਿਲ ਨੂੰ ਛੂਹਣ ਵਾਲੀ ਫ਼ਿਲਮ 'ਚਾਰ ਸਾਹਿਬਜ਼ਾਦੇ' ਦਾ ਗੀਤ 'ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ', ਕੁਲਵਿੰਦਰ ਬਿੱਲਾ ਨਾਲ ਅੰਗਰੇਜ਼ੀ ਵਾਲੀ ਮੈਡਮ, ਰਵਿੰਦਰ ਗਰੇਵਾਲ ਨਾਲ ਲਵਲੀ 'ਚ ਲਵਲੀ ਜਿਹੀ ਪੜ੍ਹਦੀ' ਗੀਤ ਗਾਉਣ ਵਾਲੀ ਸ਼ਿਪਰਾ ਗੋਇਲ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ। ਉਸ ਦੀ ਆਵਾਜ਼ ਵਿਚ ਅਜਿਹਾ ਜਾਦੂ ਹੈ ਕਿ ਉਹ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਹੈ। ਹਿੰਦੀ ਅਤੇ ਪੰਜਾਬੀ ਸੰਗੀਤਕਾਰਾਂ ਦੀ ਉਹ ਪਹਿਲੀ ਪਸੰਦ ਬਣ ਚੁੱਕੀ ਹੈ। ਸੁਰੀਲੀ ਆਵਾਜ਼ ਵਾਲੀ ਇਹ ਕੁੜੀ ਗਾਇਕ ਸੁਭਾਸ਼ ਗੋਇਲ ਦੀ ਧੀ ਹੈ ਜੋ ਮਾਨਸਾ ਦਾ ਜੰਮਪਲ ਹੈ ਅਤੇ ਉਹ ਅੱਜ-ਕੱਲ੍ਹ ਆਪਣੀ ਗਾਇਕਾ ਪਤਨੀ ਅੰਜੂ ਗੋਇਲ ਨਾਲ ਦਿੱਲੀ ਵਿਖੇ ਰਹਿ ਰਿਹਾ ਹੈ। ਸ਼ਿਪਰਾ ਨੇ ਹੁਣ ਤੱਕ 100 ਦੇ ਕਰੀਬ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਗੀਤ ਗਾਏ ਹਨ। ਇਸ ਕਰ ਕੇ ਉਹ ਮੁੰਬਈ ਦੀ ਵਸਨੀਕ ਬਣ ਗਈ ਹੈ। ਉਸ ਨੇ ਵਿਸ਼ਾਲ ਸ਼ੇਖਰ ਦੇ ਸੰਗੀਤ ਵਿਚ ਹਿੰਦੀ ਫ਼ਿਲਮ 'ਹੰਸੀ ਤੋ ਫਸੀ' ਵਿਚ ਇਸ਼ਕ ਬੁਲਾਵਾ, 'ਵੈਲਕਮ ਬੈਕ' 'ਚ ਤੂਤੀ ਬੋਲੇ, 'ਹੀਰੋ' ਫ਼ਿਲਮ 'ਚ ਯਾਦਾਂ ਤੇਰੀਆਂ, ਪੰਜਾਬੀ ਫ਼ਿਲਮ 'ਬਾਜ' 'ਚ ਬੱਬੂ ਮਾਨ ਨਾਲ, 'ਮਿੱਟੀ' 'ਚ ਮੀਕਾ ਸਿੰਘ ਨਾਲ ਬੋਲੀਆਂ, 'ਤੇਰੀ ਮੇਰੀ ਜੋੜੀ' 'ਚ ਹਰਭਜਨ ਮਾਨ ਨਾਲ, 'ਕੈਰੀ ਆਨ ਜੱਟਾ-2' 'ਚ ਗਿੱਪੀ ਗਰੇਵਾਲ ਨਾਲ, 'ਗੋਰਿਆਂ ਨੂੰ ਦਫ਼ਾ ਕਰੋ' 'ਚ ਅਮਰਿੰਦਰ ਗਿੱਲ ਨਾਲ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਇਸ ਤੋਂ ਇਲਾਵਾ ਉਸ ਦੇ ਅਨੇਕਾਂ ਸੋਲੋ ਗੀਤ ਵੀ ਚਰਚਿਤ ਹੋਏ ਹਨ। ਹੁਣੇ ਹੁਣੇ ਉਸ ਨੇ 'ਪਿੱਛੇ ਪਿੱਛੇ ਆਉਂਦਾ' ਗੀਤ ਦਾ ਮਾਡਰਨ ਰੂਪ ਪੇਸ਼ ਕੀਤਾ ਹੈ, ਜਿਸ ਨੂੰ ਨੌਜਵਾਨ ਪੀੜ੍ਹੀ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜਾਦੂਈ ਆਵਾਜ਼ ਵਾਲੀ ਇਸ ਸੁਨੱਖੀ ਮੁਟਿਆਰ ਤੋਂ ਭਵਿੱਖ ਵਿਚ ਬਹੁਤ ਉਮੀਦਾਂ ਹਨ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX