ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਖੇਡ ਜਗਤ

ਕਦੋਂ ਸੁਧਰੇਗੀ ਰਾਸ਼ਟਰੀ ਖੇਡ ਪੁਰਸਕਾਰ ਵੰਡ ਪ੍ਰਣਾਲੀ?

ਉਤਸ਼ਾਹ ਖੇਡਾਂ ਅਤੇ ਖਿਡਾਰੀਆਂ ਲਈ ਘਿਓ ਵਰਗਾ ਕੰਮ ਕਰਦਾ ਹੈ ਅਤੇ ਖਿਡਾਰੀਆਂ ਲਈ ਇਨਾਮ ਅਤੇ ਐਵਾਰਡ ਉਤਸ਼ਾਹ ਦਾ ਸਭ ਤੋਂ ਵੱਡਾ ਸੋਮਾ ਹਨ। ਦੁਨੀਆ ਭਰ ਦੇ ਖਿਡਾਰੀਆਂ ਨੂੰ ਸਬੰਧਤ ਸਰਕਾਰਾਂ ਅਤੇ ਸੰਸਥਾਵਾਂ ਵਲੋਂ ਐਵਾਰਡ ਦਿੱਤੇ ਜਾਂਦੇ ਹਨ, ਜਿਸ ਨਾਲ ਹੋਰ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੁੰਦੇ ਹਨ। ਸਾਡੇ ਦੇਸ਼ ਭਾਰਤ ਦੀ ਆਬਾਦੀ ਜਿੱਥੇ ਦੁਨੀਆ ਵਿਚ ਦੂਸਰੇ ਨੰਬਰ ਦੀ ਹੈ, ਉਥੇ ਖੇਡ ਖੇਤਰ ਵਿਚ ਅਸੀਂ ਵਿਸ਼ਵ ਖੇਡ ਮੈਦਾਨ ਵਿਚ ਬਹੁਤ ਪਿੱਛੇ ਹਾਂ। ਹਰ ਸਾਲ ਭਾਰਤ ਦੇ ਰਾਸ਼ਟਰਪਤੀ ਵਲੋਂ ਦੇਸ਼ ਦਾ ਨਾਂਅ ਖੇਡਾਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਉੱਚਾ ਕਰਨ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ ਰਤਨ ਅਤੇ ਅਰਜਨ ਐਵਾਰਡ ਨਾਲ ਅਤੇ ਉਨ੍ਹਾਂ ਦੇ ਕੋਚਾਂ ਨੂੰ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪਰ ਸ਼ੁਰੂ ਤੋਂ ਹੀ ਇਨ੍ਹਾਂ ਐਵਾਰਡਾਂ ਦੀ ਵੰਡ ਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਲਗਦੇ ਆ ਰਹੇ ਹਨ। ਆਓ, ਅੱਜ ਚਰਚਾ ਕਰੀਏ ਕਿਸ-ਕਿਸ ਸਮੇਂ ਕਿਹੜੇ-ਕਿਹੜੇ ਖਿਡਾਰੀ ਅਤੇ ਕੋਚ ਸਾਹਿਬਾਨ ਨੇ ਇਨ੍ਹਾਂ ਐਵਾਰਡਾਂ ਦੀ ਵੰਡ ਪ੍ਰਣਾਲੀ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਸਾਡੇ ਦੇਸ਼ ਦੇ ਸਰਬੋਤਮ ਖਿਡਾਰੀ ਐਵਾਰਡ ਰਾਜੀਵ ਗਾਂਧੀ ਖੇਲ ਰਤਨ ਅਤੇ ਅਰਜਨ ਐਵਾਰਡ ਅਤੇ ਕੋਚਾਂ ਨੂੰ ਦਿੱਤਾ ਜਾਣ ਵਾਲਾ ਦਰੋਣਾਚਾਰੀਆ ਐਵਾਰਡ ਜਦੋਂ ਤੋਂ ਸ਼ੁਰੂ ਹੋਏ ਹਨ, ਤਾਂ ਹਰ ਸਾਲ ਕੋਈ ਨਾ ਕੋਈ ਵਾਦ-ਵਿਵਾਦ ਦਾ ਵਿਸ਼ਾ ਇਨ੍ਹਾਂ ਐਵਾਰਡਾਂ ਨੂੰ ਲੈ ਕੇ ਚਰਚਾ ਵਿਚ ਰਿਹਾ ਹੈ। ਇਨ੍ਹਾਂ ਐਵਾਰਡਾਂ ਵਿਚ ਵੀ ਕਿਤੇ ਨਾ ਕਿਤੇ ਰਾਜਨੀਤੀ ਦੇਖਣ ਨੂੰ ਸਾਹਮਣੇ ਆ ਹੀ ਜਾਂਦੀ ਹੈ। ਦੁਨੀਆ ਵਿਚ ਭਾਰਤ ਨੂੰ ਇਕ ਵੱਖਰੀ ਪਹਿਚਾਣ ਦਿਵਾਉਣ ਵਾਲੇ ਅਤੇ ਪਾਕਿਸਤਾਨ ਵਿਚ 'ਉਡਣੇ ਸਿੱਖ' ਦੀ ਉਪਾਧੀ ਪਾਉਣ ਵਾਲੇ ਭਾਰਤ ਦੇ ਮਹਾਨ ਅਥਲੀਟ ਸ: ਮਿਲਖਾ ਸਿੰਘ ਵੀ ਇਸ ਬੇਨਿਯਮੀ ਦਾ ਸ਼ਿਕਾਰ ਹੋਏ ਹਨ। ਮਿਲਖਾ ਸਿੰਘ ਜੋ ਕਿ 1958 ਦੀਆਂ ਏਸ਼ੀਅਨ ਖੇਡਾਂ ਵਿਚ ਦੋ ਸੋਨ ਤਗਮੇ ਲੈ ਕੇ ਵਧੀਆ ਅਥਲੀਟ ਚੁਣੇ ਗਏ ਸਨ ਅਤੇ ਉਸ ਸਾਲ ਹੀ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਮਿਲਖਾ ਸਿੰਘ ਨੇ ਦੁਨੀਆ ਦੇ ਦਿੱੱਗਜ਼ ਦੌੜਾਕਾਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਪਰ ਜਦੋਂ 2001 ਵਿਚ ਮਿਲਖਾ ਸਿੰਘ ਨੂੰ ਇਹ ਐਵਾਰਡ ਦੇਣ ਦਾ ਫੈਸਲਾ ਖੇਡ ਮੰਤਰਾਲੇ ਨੇ ਕੀਤਾ ਤਾਂ 'ਉਡਣੇ ਸਿੱਖ' ਨੇ ਇਹ ਐਵਾਰਡ ਲੈਣ ਤੋਂ ਸਖ਼ਤ ਮਨ੍ਹਾਂ ਕਰ ਦਿੱਤਾ, ਹਾਲਾਂਕਿ ਇਹ ਐਵਾਰਡ 1961 ਵਿਚ ਸ਼ੁਰੂ ਹੋ ਚੁੱਕਾ ਸੀ। ਫਿਰ ਕਿਉਂ 1960 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਮਿਲਖਾ ਸਿੰਘ ਨੂੰ ਇਹ ਐਵਾਰਡ ਦੇਣਾ ਸਰਕਾਰ ਨੂੰ 2001 ਵਿਚ ਯਾਦ ਆਇਆ?
ਇਸ ਤੋਂ ਵੱਡੀ ਬੇਨਿਯਮੀ ਅਤੇ ਐਵਾਰਡਾਂ ਦਾ ਰਾਜਨੀਤੀਕਰਨ ਹੋਰ ਕੀ ਹੋ ਸਕਦਾ ਹੈ ਕਿ ਇਕ ਪਾਸੇ ਜਿਸ ਖਿਡਾਰੀ ਦੇ ਨਾਂਅ 'ਤੇ ਦੇਸ਼ ਦਾ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੋਵੇ ਅਤੇ ਜਿਸ ਖਿਡਾਰੀ ਨੇ ਆਪਣੀ ਖੇਡ ਦੇ ਦਮ ਨਾਲ ਭਾਰਤ ਨੂੰ ਇਸ ਖੇਡ ਹਾਕੀ ਨੂੰ ਆਪਣੀ ਰਾਸ਼ਟਰੀ ਖੇਡ ਬਣਾਉਣ ਲਈ ਮਜਬੂਰ ਕਰ ਦਿੱਤਾ, ਉਸ ਸਦੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਨਾ ਸੋਚ ਕੇ ਕ੍ਰਿਕਟ (ਗਲੈਮਰ ਦੀ ਖੇਡ) ਦੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਦੇ ਦਿੱਤਾ। ਇਹ ਜਿੱਥੇ ਰਾਸ਼ਟਰੀ ਖੇਡ ਦਾ ਸਭ ਤੋਂ ਵੱਡਾ ਅਪਮਾਨ ਹੈ, ਉਥੇ ਕਰੋੜਾਂ ਖੇਡ ਪ੍ਰੇਮੀਆਂ ਦੇ ਜਜ਼ਬਾਤਾਂ ਨਾਲ ਖਿਲਵਾੜ ਵੀ ਹੈ। ਮਿਲਖਾ ਸਿੰਘ ਨੇ ਵੀ ਇਕ ਟੀ.ਵੀ. ਇੰਟਰਵਿਊ ਵਿਚ ਕਿਹਾ ਸੀ ਕਿ ਜੇਕਰ ਭਾਰਤ ਰਤਨ ਕਿਸੇ ਖਿਡਾਰੀ ਨੂੰ ਮਿਲਣਾ ਚਾਹੀਦਾ ਸੀ ਤਾਂ ਉਹ ਹੈ ਸਦੀ ਦਾ ਮਹਾਨ ਖਿਡਾਰੀ ਮੇਜਰ ਧਿਆਨ ਚੰਦ। ਸੋ, ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਦੇਸ਼ ਵਿਚ ਕਿਸ ਕਦਰ ਇਨ੍ਹਾਂ ਰਾਸ਼ਟਰੀ ਐਵਾਰਡਾਂ ਦਾ ਰਾਜਨੀਤੀਕਰਨ ਹੋ ਚੁੱਕਾ ਹੈ! 2010 ਦੀਆਂ ਰਾਸ਼ਟਰ ਮੰਡਲ ਖੇਡਾਂ (ਦਿੱਲੀ) ਵਿਚ ਭਾਰਤ ਲਈ ਸੋਨ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਮਨੋਜ ਕੁਮਾਰ ਨੂੰ ਜਦੋਂ ਪਹਿਲਾਂ ਅਰਜਨ ਐਵਾਰਡ ਲਈ ਨਾ ਚੁਣਿਆ ਗਿਆ ਤਾਂ ਉਸ ਦੇ ਕੋਚ ਨੇ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਕਿ ਮਨੋਜ ਸਭ ਤੋਂ ਵੱਧ ਯੋਗ ਖਿਡਾਰੀ ਹੈ, ਇਸ ਐਵਾਰਡ ਲਈ ਤਾਂ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮਨੋਜ ਨੂੰ ਇਹ ਐਵਾਰਡ ਦਿੱਤਾ ਗਿਆ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 94174-79449


ਖ਼ਬਰ ਸ਼ੇਅਰ ਕਰੋ

ਸਿੱਖ ਜਗਤ ਦੀ ਜ਼ਿੰਮੇਵਾਰੀ ਹਾਕੀ ਖੇਡ ਨੂੰ ਉਤਸ਼ਾਹਿਤ ਕਰਨਾ

ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ। ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦ-ਜਾਨ ਲੁਟਾਉਣ ਵਾਲੇ ਸਿੱਖ ਹਾਕੀ ਖਿਡਾਰੀਆਂ ਦਾ ਗੌਰਵਮਈ ਜ਼ਿਕਰ ਹੈ, ਸਮੁੱਚੀ ਸਿੱਖ ਕੌਮ ਦੇ ਹੀਰੋਆਂ ਦੀ ਗਾਥਾ ਹੈ। ਇਕ ਐਸੀ ਸਨਸਨੀਖੇਜ਼ ਕਹਾਣੀ ਹੈ ਸਿੱਖ ਕੌਮ, ਸਿੱਖ ਬਰਾਦਰੀ ਦੇ ਗੌਰਵ ਦੀ, ਜੋ ਅਸੀਂ ਸਮਝਦੇ ਹਾਂ ਕਿ ਭਵਿੱਖ 'ਚ ਵੀ ਸਿੱਖ ਬੱਚੇ-ਬੱਚੀਆਂ ਲਈ ਇਕ ਪ੍ਰੇਰਨਾ, ਇਕ ਉਤਸ਼ਾਹ ਬਣੀ ਰਹਿਣੀ ਚਾਹੀਦੀ ਹੈ। ਇਕ ਵਚਨਬੱਧ ਹਾਕੀ ਲੇਖਕ ਹੋਣ ਦੇ ਨਾਤੇ ਜਦੋਂ ਅਸੀਂ ਇਨ੍ਹਾਂ ਦਿਨਾਂ 'ਚ ਪੂਰੇ ਵਿਸ਼ਵ ਹਾਕੀ ਸਾਹਿਤ ਦਾ ਬਹੁਤ ਤੇਜ਼ੀ ਨਾਲ ਅਧਿਐਨ ਕਰ ਰਹੇ ਹਾਂ, ਖਾਸ ਕਰਕੇ ਆਸਟ੍ਰੇਲੀਆ, ਜਰਮਨੀ, ਹਾਲੈਂਡ, ਸਪੇਨ, ਸਵਿਟਜ਼ਰਲੈਂਡ, ਡੈਨਮਾਰਕ, ਬੈਲਜੀਅਮ, ਨਿਊਜ਼ੀਲੈਂਡ, ਕੀਨੀਆ, ਮਲੇਸ਼ੀਆ ਆਦਿ ਦੇਸ਼ਾਂ ਦੇ ਸਾਬਕਾ ਹਾਕੀ ਉਲੰਪੀਅਨਾਂ ਦੇ ਭਾਰਤੀ ਹਾਕੀ ਬਾਰੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਨ੍ਹਾਂ ਸਬੰਧੀ ਲਿਖੀਆਂ ਹੋਈਆਂ ਕਈ ਪੁਰਾਣੀਆਂ ਲਿਖਤਾਂ 'ਚੋਂ, ਕੁਝ ਨਵੀਆਂ ਲਿਖਤਾਂ 'ਚੋਂ ਤਾਂ ਇਕ ਸਾਂਝਾ ਸੂਤਰ ਜੋ ਸਾਡੀ ਪਕੜ 'ਚ ਆ ਰਿਹਾ ਹੈ, ਉਹ ਇਹ ਹੈ ਕਿ ਉਨ੍ਹਾਂ ਅਨੁਸਾਰ ਜੂੜੇ 'ਤੇ ਚਿੱਟੇ ਰੁਮਾਲ ਵਾਲੇ ਸਿੱਖ ਖਿਡਾਰੀਆਂ ਦੀ ਦਹਿਸ਼ਤ ਪੂਰੇ ਵਿਸ਼ਵ ਹਾਕੀ ਜਗਤ 'ਚ ਬਹੁਤ ਸੀ। ਵਿਸ਼ਵ ਭਰ ਦੇ ਹਾਕੀ ਪ੍ਰੇਮੀ ਸਿੱਖ ਹਾਕੀ ਖਿਡਾਰੀਆਂ ਦੀ ਖੇਡ ਨਾਲ ਡਾਹਢੇ ਅਨੰਦਿਤ ਅਤੇ ਰੁਮਾਂਚਿਤ ਹੋਇਆ ਕਰਦੇ ਸਨ। ਉਸ ਆਲਮ ਦੇ ਵਿਚ ਹਾਕੀ ਦੀ ਬਦੌਲਤ ਵੀ ਪੂਰੇ ਵਿਸ਼ਵ ਵਿਚ ਸਿੱਖ ਕੌਮ ਦਾ ਮਾਣ-ਸਤਿਕਾਰ, ਸਿੱਖ ਜਗਤ ਲਈ ਨਿਹਾਇਤ ਫ਼ਖ਼ਰ ਤੇ ਸਨਮਾਨ ਦੀ ਗੱਲ ਸੀ।
ਭਾਰਤੀ ਹਾਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ ਗੁਰਮੀਤ ਸਿੰਘ 1932 ਲਾਸ ਏਂਜਲਸ ਵਿਖੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦਾ ਇਨਸਾਈਡ ਲੈਫਟ ਖਿਡਾਰੀ ਸੀ ਅਤੇ ਇਹੀ ਪਹਿਲਾ ਸਿੱਖ ਹਾਕੀ ਖਿਡਾਰੀ ਸੀ, ਜਿਸ ਨੇ ਇਹ ਵੀ ਸਾਬਤ ਕੀਤਾ ਕਿ ਜੋ ਜੋਸ਼, ਜੋ ਅਣਖ, ਜੋ ਬਹਾਦਰੀ ਸਿੱਖ ਕੌਮ ਦੇ ਖਿਡਾਰੀਆਂ 'ਚ ਹੈ, ਉਸ ਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰ ਆਏ ਤ੍ਰਿਲੋਚਨ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਊਧਮ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ, ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਤਰਸੇਮ ਸਿੰਘ, ਕੁਲਵੰਤ ਸਿੰਘ, ਅਜੀਤ ਸਿੰਘ, ਹਰਚਰਨ ਸਿੰਘ ਆਦਿ ਬੇਸ਼ੁਮਾਰ ਸਿੱਖ ਹਾਕੀ ਖਿਡਾਰੀ, ਜਿਨ੍ਹਾਂ ਨੇ ਲਾਸ ਏਂਜਲਸ ਵਿਖੇ ਉਲੰਪਿਕ ਸੋਨ ਤਗਮਾ ਜੇਤੂ ਗੁਰਮੀਤ ਸਿੰਘ ਤੋਂ ਪਿੱਛੋਂ ਭਾਰਤੀ ਹਾਕੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਆਪਣੀ ਜਿੰਦ-ਜਾਨ ਲੁਟਾਈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਨ੍ਹਾਂ ਜੁਝਾਰੂ ਖਿਡਾਰੀਆਂ ਨੇ ਇਹਦੇ ਨਾਲ-ਨਾਲ ਸਿੱਖੀ ਦਾ ਝੰਡਾ ਵੀ ਬੁਲੰਦ ਕੀਤਾ। ਸਿੱਖ ਕੌਮ ਦੇ ਗੌਰਵ ਨੂੰ ਵੀ ਵਧਾਇਆ।
ਉਸ ਤੋਂ ਬਾਅਦ ਵੀ ਹਜ਼ਾਰਾਂ ਸਿੱਖ ਹਾਕੀ ਖਿਡਾਰੀ ਭਾਰਤੀ ਟੀਮ ਲਈ 'ਸਿੰਘ' ਨਾਂਅ ਅਧੀਨ ਤਾਂ ਖੇਡੇ ਪਰ ਅਫਸੋਸ, ਬਹੁਤਿਆਂ ਦੇ ਕੇਸ ਕੱਟੇ ਹੋਏ ਸਨ। ਸਾਡੇ ਇਨ੍ਹਾਂ ਨੌਜਵਾਨ, ਜੋਸ਼ੀਲੇ ਖਿਡਾਰੀਆਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਦਿਨਾਂ 'ਚ ਸਾਨੂੰ ਕੁਝ ਸਾਬਕਾ ਹਾਕੀ ਉਲੰਪੀਅਨ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਸਭ ਦੀ ਇਸ ਬਾਰੇ ਇਹ ਰਾਏ ਹੈ ਕਿ ਮੌਜੂਦਾ ਭਾਰਤੀ ਹਾਕੀ ਟੀਮ 'ਤੇ ਆਉਣ ਵਾਲੇ ਸਮੇਂ 'ਚ ਹਾਕੀ ਫੜਨ ਵਾਲਾ ਹਰ ਸਿੱਖ ਹਾਕੀ ਖਿਡਾਰੀ ਜੂੜੇ 'ਤੇ ਚਿੱਟੇ ਰੁਮਾਲ ਨੂੰ ਜ਼ਰੂਰ ਯਕੀਨੀ ਬਣਾਏ, ਜੋ ਉਨ੍ਹਾਂ ਦੀ ਪਰੰਪਰਾ ਰਹੀ ਹੈ।
ਇਥੇ ਹੀ ਬਸ ਨਹੀਂ, ਵਿਸ਼ਵ ਸਿੱਖ ਭਾਈਚਾਰੇ ਲਈ ਸਭ ਤੋਂ ਵੱਡੀ ਚਿੰਤਾ, ਖੇਡ ਸੰਸਾਰ ਦੇ ਪੱਖ ਤੋਂ ਇਹ ਹੈ ਕਿ ਅੱਜ ਬਹੁਤੀ ਨੌਜਵਾਨ ਸਿੱਖ ਪੀੜ੍ਹੀ ਹਾਕੀ ਵਰਗੀ ਜੋਸ਼ੀਲੀ ਅਤੇ ਤੇਜ਼-ਤਰਾਰ ਖੇਡ ਤੋਂ ਆਪਣਾ ਮੂੰਹ ਹੀ ਫੇਰ ਚੁੱਕੀ ਹੈ ਅਤੇ ਤੇਜ਼ੀ ਨਾਲ ਇਸ ਖੇਡ ਤੋਂ ਦੂਰ ਹੁੰਦੀ ਜਾ ਰਹੀ ਹੈ। ਸਿੱਖ ਹਾਕੀ ਖਿਡਾਰੀਆਂ ਦੀਆਂ ਉਹ ਮਾਣ ਤੇ ਸਨਮਾਨ ਵਾਲੀਆਂ ਸਾਰੀਆਂ ਗਾਥਾਵਾਂ ਦਾ ਇਸ ਪੀੜ੍ਹੀ ਨੂੰ ਪਤਾ ਹੀ ਨਹੀਂ। ਸਾਰਾ ਵਿਸ਼ਵ ਜਾਣਦਾ ਹੈ ਕਿ ਸਿੱਖ ਕੌਮ ਸ਼ਾਨਦਾਰ ਇਤਿਹਾਸ ਸਿਰਜਣ ਲਈ ਤਾਂ ਮਸ਼ਹੂਰ ਹੈ ਪਰ ਇਸ ਦੇ ਗੌਰਵਮਈ ਇਤਿਹਾਸ ਨੂੰ ਪੜ੍ਹਨ ਵਾਲਿਆਂ ਵਿਚ ਹੁਣ ਇਹ ਨਹੀਂ ਹੈ। ਉਹ ਦਿਨ ਦੂਰ ਨਹੀਂ, ਜਿਸ ਦਿਨ ਸਿੱਖ ਕੌਮ ਦੇ ਹਾਕੀ ਖਿਡਾਰੀਆਂ ਦਾ ਵਿਸ਼ਵ ਹਾਕੀ ਦੇ ਇਤਿਹਾਸ 'ਚ ਮਾਣਮੱਤੀਆਂ ਪ੍ਰਾਪਤੀਆਂ ਦਾ ਨਾ ਕੋਈ ਜਾਣਕਾਰ ਬਚੇਗਾ, ਨਾ ਹੀ ਹਾਕੀ ਖੇਡ ਦਾ ਕੋਈ ਨਾਮ ਲੇਵਾ।
ਅਸੀਂ ਅਪੀਲ ਕਰਦੇ ਹਾਂ ਵਿਸ਼ਵ ਪੱਧਰ 'ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਸਿੱਖੀ ਦੇ ਗੌਰਵ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ, ਉਨ੍ਹਾਂ ਨੂੰ ਸਿੱਖ ਖੇਡ ਸੰਸਾਰ ਵੱਲ ਵੀ ਜ਼ਰੂਰੀ ਤਵੱਜੋ ਦੇਣ ਦੀ ਲੋੜ ਹੈ। ਅਫਸੋਸ ਇਹ ਹੈ ਕਿ ਅਜੋਕੇ ਸਮੇਂ ਵਿਚ ਸਾਡੇ ਖੇਡ ਇਤਿਹਾਸਕਾਰ ਵੀ ਹਾਕੀ ਦੇ ਖੇਤਰ ਵਿਚ ਸਿੱਖ ਖਿਡਾਰੀਆਂ ਦੀ ਸ਼ਾਨ ਦੇ ਚਰਚੇ ਤਾਂ ਬਹੁਤ ਕਰਦੇ ਹਨ ਪਰ ਇਹ ਚਿੰਤਾ ਹੀ ਨਹੀਂ ਕਰਦੇ ਕਿ ਸਾਡੀ ਅਜੋਕੀ ਨੌਨਿਹਾਲ ਪੀੜ੍ਹੀ ਲਈ ਇਹ ਇਤਿਹਾਸ ਪ੍ਰੇਰਨਾ ਸਰੋਤ ਕਿਉਂ ਨਹੀਂ ਬਣ ਸਕਿਆ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਅਥਲੈਟਿਕਸ ਫੀਲਡ ਦਾ 'ਦਰੋਣਾਚਾਰੀਆ' ਸੁਖਦੇਵ ਸਿੰਘ ਪੰਨੂੰ

ਭਾਰਤ ਸਰਕਾਰ ਵਲੋਂ ਇਸ ਸਾਲ ਦੇ ਦਿੱਤੇ ਗਏ ਖੇਡ ਐਵਾਰਡਾਂ ਦੀ ਸੂਚੀ ਵਿਚ ਪੰਜਾਬ ਦੇ ਅਥਲੈਟਿਕਸ ਕੋਚ ਸੁਖਦੇਵ ਸਿੰਘ ਪੰਨੂੰ ਦਾ ਵੀ ਨਾਂਅ ਸੀ, ਜਿਨ੍ਹਾਂ ਨੂੰ ਕੋਚਿੰਗ ਖੇਤਰ ਵਿਚ ਨਿਭਾਈਆਂ ਬਿਹਤਰੀਨ ਸੇਵਾਵਾਂ ਬਦਲੇ 'ਦਰੋਣਾਚਾਰੀਆ ਐਵਾਰਡ' ਨਾਲ ਸਨਮਾਨਤ ਕੀਤਾ ਗਿਆ। ਹਾਕੀ, ਅਥਲੈਟਿਕਸ, ਫੁੱਟਬਾਲ, ਜਿਮਾਨਸਟਕ ਤੇ ਕਬੱਡੀ ਆਦਿ ਖੇਡਾਂ ਵਿਚ ਨਾਮਣਾ ਖੱਟਣ ਵਾਲੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕਿਲਾ ਦੇਸਾ ਸਿੰਘ ਦੇ ਜੰਮਪਲ ਸੁਖਦੇਵ ਸਿੰਘ ਪੰਨੂੰ ਭਾਰਤੀ ਅਥਲੈਟਿਕਸ ਟੀਮ ਦੇ ਛਾਲਾਂ ਦੇ ਫੀਲਡ ਈਵੈਂਟਾਂ ਦੇ ਕੋਚ ਰਹੇ ਹਨ। ਉਨ੍ਹਾਂ ਦੇ ਤਿਆਰ ਕੀਤੇ 26 ਕੌਮਾਂਤਰੀ ਪੱਧਰ ਦੇ ਅਥਲੀਟਾਂ ਨੇ ਉਲੰਪਿਕ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਮੁਕਬਾਲਿਆਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਏਸ਼ਿਆਈ, ਰਾਸ਼ਟਰਮੰਡਲ ਤੇ ਸੈਫ ਖੇਡਾਂ ਅਤੇ ਏਸ਼ੀਅਨ ਚੈਂਪੀਅਨਸ਼ਿਪ ਅਤੇ ਗ੍ਰਾਂ. ਪ੍ਰੀ. ਮੁਕਾਬਲਿਆਂ ਵਿਚ ਤਗਮੇ ਜਿੱਤੇ ਹਨ। ਹਾਲ ਹੀ ਵਿਚ ਉਨ੍ਹਾਂ ਦੇ ਸ਼ਾਗਿਰਦ ਅਰਪਿੰਦਰ ਸਿੰਘ ਨੇ ਜਕਾਰਤਾ ਵਿਖੇ ਏਸ਼ਿਆਈ ਖੇਡਾਂ ਦੇ ਤੀਹਰੀ ਛਾਲ ਈਵੈਂਟ ਵਿਚ ਸੋਨੇ ਦਾ ਤਗਮਾ ਜਿੱਤਿਆ ਹੈ। ਅਰਪਿੰਦਰ ਨੇ 48 ਵਰ੍ਹਿਆਂ ਬਾਅਦ ਭਾਰਤ ਨੂੰ ਤੀਹਰੀ ਛਾਲ ਵਿਚ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਦਾ ਮਾਣ ਦਿਵਾਇਆ ਹੈ। ਇਸ ਤੋਂ ਪਹਿਲਾਂ 1970 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਵਿਚ ਮਹਿੰਦਰ ਸਿੰਘ ਗਿੱਲ ਨੇ ਤੀਹਰੀ ਛਾਲ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਦੇ ਚਾਰ ਸ਼ਾਗਿਰਦ ਅਥਲੀਟਾਂ ਨੇ ਪੁਰਾਣੇ ਕੌਮੀ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਕਾਇਮ ਕੀਤੇ।
ਸੁਖਦੇਵ ਸਿੰਘ ਪੰਨੂੰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਜ਼ੀਕਲ ਐਜੂਕੇਸ਼ਨ ਵਿਚ ਸੋਨ ਤਗਮੇ ਨਾਲ ਮਾਸਟਰ ਡਿਗਰੀ ਅਤੇ ਐਨ.ਆਈ.ਐਸ. ਪਟਿਆਲਾ ਤੋਂ ਐਨ.ਆਈ.ਐਸ. ਡਿਪਲੋਮਾ ਕੀਤਾ। 1984 ਵਿਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਕੋਚ ਵਜੋਂ ਕਰੀਅਰ ਸ਼ੁਰੂ ਕਰਨ ਵਾਲੇ ਕੋਚ ਪੰਨੂੰ ਦੀ ਪਹਿਲੀ ਪੋਸਟਿੰਗ ਮੱਧ ਪ੍ਰਦੇਸ਼ ਸੀ ਅਤੇ ਫਿਰ 1994 ਵਿਚ ਲੁਧਿਆਣਾ ਦੀ ਬਦਲੀ ਹੋ ਗਈ, ਜਿੱਥੇ ਕਈ ਅਥਲੀਟ ਤਿਆਰ ਕੀਤੇ। 2004 ਵਿਚ ਸੀਨੀਅਰ ਭਾਰਤੀ ਅਥਲੈਟਿਕਸ ਟੀਮ ਦੇ ਕੈਂਪ ਵਿਚ ਬਤੌਰ ਜੰਪਰ ਕੋਚ ਨਿਯੁਕਤੀ ਹੋਈ ਅਤੇ 30 ਜੂਨ, 2015 ਤੱਕ ਸੇਵਾ-ਮੁਕਤੀ ਤੱਕ ਕੋਚ ਬਣੇ ਰਹੇ। ਮੌਜੂਦਾ ਸਮੇਂ ਉਹ ਲੁਧਿਆਣਾ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਕੋਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਅਥਲੈਟਿਕਸ ਵਿਚ ਉਨ੍ਹਾਂ ਦੇ ਕਈ ਸ਼ਾਗਿਰਦਾਂ ਨੇ ਭਾਰਤ ਲਈ ਵੱਡਾ ਨਾਮਣਾ ਖੱਟਿਆ ਹੈ। ਉਨ੍ਹਾਂ ਦੇ ਤਿੰਨ ਸ਼ਾਗਿਰਦ ਅਜੈ ਰਾਜ ਸਿੰਘ (4×100 ਰਿਲੇਅ ਦੌੜ), ਅੰਮ੍ਰਿਤਪਾਲ ਸਿੰਘ (ਲੰਬੀ ਛਾਲ) ਤੇ ਰਣਜੀਤ ਮਹੇਸ਼ਵਰੀ (ਤੀਹਰੀ ਛਾਲ) ਨੇ ਉਲੰਪਿਕ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸ਼ਾਗਿਰਦ ਅਰਪਿੰਦਰ ਸਿੰਘ ਨੇ ਹਾਲ ਹੀ ਵਿਚ ਜਕਾਰਤਾ ਏਸ਼ਿਆਈ ਖੇਡਾਂ ਵਿਚ ਸੋਨੇ ਦਾ ਤਗਮਾ ਅਤੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਤੀਹਰੀ ਛਾਲ ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਰਣਜੀਤ ਮਹੇਸ਼ਵਰੀ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਅਤੇ ਅਰਪਿੰਦਰ ਸਿੰਘ ਤੇ ਬੀਬੂ ਮੈਥਿਊ ਨਵੇਂ ਕਾਂਸੀ ਦੇ ਤਗਮੇ ਜਿੱਤੇ। ਹੋਰਨਾਂ ਅਥਲੀਟਾਂ ਵਿਚ ਅਮਰਜੀਤ ਕੌਰ, ਪਰਮਜੀਤ ਕੌਰ, ਅੰਮ੍ਰਿਤਪਾਲ ਸਿੰਘ (ਜੂਨੀਅਰ), ਮਲਕੀਤ ਸਿੰਘ, ਸੋਨੂ ਕੁਮਾਰ, ਬਲਰਾਜ ਸਿੰਘ, ਹਰਪ੍ਰੀਤ ਕੌਰ ਤੇ ਅਮਰਜੀਤ ਸਿੰਘ ਨੇ ਵੱਖ-ਵੱਖ ਪੱਧਰ ਦੇ ਕੌਮਾਂਤਰੀ ਮੁਕਾਬਲਿਆਂ ਵਿਚ ਤਗਮੇ ਜਿੱਤੇ।
ਕੌਮੀ ਰਿਕਾਰਡਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਚਾਰ ਸ਼ਾਗਿਰਦ ਅਥਲੀਟਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ। ਅੰਮ੍ਰਿਤਪਾਲ ਸਿੰਘ ਨੇ ਲੰਬੀ ਛਾਲ ਵਿਚ 30 ਸਾਲ ਪੁਰਾਣਾ ਰਿਕਾਰਡ ਤੋੜਦਿਆਂ 8.08 ਮੀਟਰ ਦਾ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ, ਰਣਜੀਤ ਮਹੇਸ਼ਵਰੀ ਨੇ ਤੀਹਰੀ ਛਾਲ ਵਿਚ 36 ਸਾਲ ਪੁਰਾਣਾ ਰਿਕਾਰਡ ਤੋੜਦਿਆਂ 17.04 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਅਰਪਿੰਦਰ ਸਿੰਘ ਨੇ ਫਿਰ ਇਹ ਰਿਕਾਰਡ ਤੋੜਦਿਆਂ17.17ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ। ਉਸ ਤੋਂ ਬਾਅਦ ਰਣਜੀਤ ਮਹੇਸ਼ਵਰੀ ਨੇ ਫਿਰ ਬੈਂਗਲੁਰੂ ਵਿਖੇ ਤੀਜੀ ਏਸ਼ੀਅਨ ਗਰੈਂਡ ਪ੍ਰਿਕਸ ਵਿਚ 17.30 ਮੀਟਰ ਤੀਹਰੀ ਛਾਲ ਲਗਾ ਕੇ ਮੁੜ ਕੌਮੀ ਰਿਕਾਰਡ ਆਪਣੇ ਨਾਂਅ ਦਰਜ ਕਰਵਾਇਆ। ਗੁਰਪ੍ਰੀਤ ਸਿੰਘ ਨੇ 110 ਮੀਟਰ ਹਰਡਲਜ਼ ਦੌੜ ਵਿਚ 14.07 ਸਕਿੰਟ ਦੇ ਸਮੇਂ ਨਾਲ ਕਈ ਦਹਾਕੇ ਪੁਰਾਣਾ ਰਿਕਾਰਡ ਤੋੜਿਆ।
ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆ ਵਿਖੇ ਪਿਛਲੇ ਸਾਲ ਹੋਈਆਂ ਕਮਲਜੀਤ ਖੇਡਾਂ ਮੌਕੇ ਕੋਚ ਸੁਖਦੇਵ ਸਿੰਘ ਪੰਨੂੰ ਨੂੰ 'ਮਾਝੇ ਦਾ ਮਾਣ' ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ, ਜਿਸ ਵਿਚ 25 ਹਜ਼ਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ। ਇਨ੍ਹਾਂ ਖੇਡਾਂ ਵਿਚ ਕੌਮਾਂਤਰੀ ਪ੍ਰਾਪਤੀਆਂ ਵਾਲੇ ਭਾਰਤੀ ਅਥਲੀਟ ਵੀ ਹਿੱਸਾ ਲੈਂਦੇ ਹਨ। ਹੁਣ ਭਾਰਤ ਸਰਕਾਰ ਵਲੋਂ ਕੋਚ ਪੰਨੂੰ ਨੂੰ 'ਦਰੋਣਾਚਾਰੀਆ ਐਵਾਰਡ' ਨਾਲ ਸਨਮਾਨਤ ਕਰਕੇ ਖੇਡ ਪ੍ਰਾਪਤੀਆਂ ਦੀ ਕਦਰ ਪਾਈ ਹੈ।


-ਮੋਬਾ: 97800-36216

ਰਾਠੌਰ ਦੀ ਵਜ਼ਾਰਤ 'ਚ ਖਿਡਾਰੀਆਂ ਦੇ ਤਗਮੇ

ਜਕਾਰਤਾ ਏਸ਼ੀਅਨ ਖੇਡਾਂ 2018 'ਚ ਭਾਰਤੀ ਖਿਡਾਰੀਆਂ ਨੇ ਭਾਰਤ ਲਈ ਤਗਮੇ ਜਿੱਤ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ। ਭਾਰਤ ਨੇ ਏਸ਼ਿਆਈ ਖੇਡਾਂ 'ਚ ਕੁੱਲ 69 ਤਗਮੇ ਜਿੱਤੇ ਤੇ ਪਹਿਲੇ 10 ਸਥਾਨਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ। ਪਿਛਲੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 57 ਤਗਮੇ ਜਿੱਤੇ ਸਨ ਤੇ ਇਸ ਵਾਰ ਭਾਰਤ ਪਿਛਲੀਆਂ ਏਸ਼ੀਅਨ ਖੇਡਾਂ ਨਾਲੋਂ ਕੁੱਲ 12 ਤਗਮੇ ਵੱਧ ਜਿੱਤ ਕੇ 8ਵੇਂ ਸਥਾਨ 'ਤੇ ਰਹਿਣ 'ਚ ਕਾਮਯਾਬ ਰਿਹਾ।
ਸਿਆਣੇ ਕਹਿੰਦੇ ਨੇ ਕਿ ਜੇਕਰ ਘਰ ਦਾ ਮੋਹਰੀ ਬੰਦਾ ਸਿਆਣਾ, ਸੂਝਵਾਨ ਤੇ ਸਹੀ ਰਣਨੀਤੀ ਬਣਾਉਣ ਵਾਲਾ ਹੋਵੇ ਤਾਂ ਪੂਰੇ ਘਰ 'ਚ ਅਨੁਸ਼ਾਸਨ ਦੇ ਨਾਲ-ਨਾਲ ਖੁਸ਼ੀਆਂ ਦੀ ਚਹਿਲ-ਪਹਿਲ ਵੀ ਰਹਿੰਦੀ ਹੈ। ਇਸ ਵਾਰ ਭਾਰਤੀ ਖਿਡਾਰੀਆਂ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ। ਕਿਉਂਕਿ ਇਸ ਵਾਰ ਭਾਰਤੀ ਖਿਡਾਰੀਆਂ ਦਾ ਮੋਹਰੀ ਜਾਂ ਫਿਰ ਕਹਿ ਲਈਏ ਕਿ ਉਨ੍ਹਾਂ ਦੇ ਦੁੱਖ-ਦਰਦ ਸਮਝਣ ਵਾਲਾ, ਕਿਸੇ ਵੇਲੇ ਖੁਦ ਵੀ ਖਿਡਾਰੀਆਂ 'ਤੇ ਆਉਂਦੀਆਂ ਬਿਪਤਾਵਾਂ ਤੇ ਸਮੱਸਿਆਵਾਂ ਨੂੰ ਝੱਲ ਚੁੱਕਿਆ ਖਿਡਾਰੀ, ਖੇਡ ਮੰਤਰੀ ਵਜੋਂ ਮਿਲਿਆ। ਖੇਡ ਮੰਤਰੀ ਰਾਜਵਰਧਨ ਰਾਠੌਰ, ਜੋ ਕਿ ਖੁਦ ਕੁਝ ਸਾਲ ਪਹਿਲਾਂ ਖੇਡ ਮੈਦਾਨ 'ਚ ਹੋਇਆ ਕਰਦਾ ਸੀ ਤੇ ਅੱਜ ਉਸੇ ਖੇਡ ਮੈਦਾਨਾਂ 'ਚ ਭਾਰਤੀ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਨਜ਼ਰ ਆ ਰਹੇ ਹਨ।
ਰਾਠੌਰ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ। ਉਨ੍ਹਾਂ ਭਾਰਤੀ ਸੈਨਾ 'ਚ ਸੇਵਾਵਾਂ ਨਿਭਾਉਣ ਦੇ ਨਾਲ ਭਾਰਤ ਨੂੰ ਖੇਡਾਂ 'ਚ ਬਹੁਤ ਵੱਡੇ ਮਾਣ ਹਾਸਲ ਕਰਾਏ। ਸ਼ੂਟਿੰਗ 'ਚ ਰਾਠੌਰ ਦਾ ਬਣਾਇਆ ਰਿਕਾਰਡ ਹਾਲੇ ਤੱਕ ਬਰਕਰਾਰ ਹੈ। ਉਨ੍ਹਾਂ ਨੇ ਸਾਲ 2002 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸ਼ੂਟਿੰਗ ਈਵੈਂਟ ਮਾਨਚੈਸਟਰ 'ਚ 200 'ਚੋਂ 192 ਟਾਰਗੇਟ ਲਗਾ ਕੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ। ਇਸੇ ਤਰ੍ਹਾਂ ਰਾਠੌਰ ਨੇ ਹੁਣ ਤੱਕ ਇਕ ਦਰਜਨ ਦੇ ਕਰੀਬ ਸੋਨ ਤਗਮੇ ਭਾਰਤ ਦੀ ਝੋਲੀ ਪਾਏ ਅਤੇ ਵਿਸ਼ਵ 'ਚ ਆਪਣੀ ਬਾਜ਼ ਅੱਖ ਤੇ ਸ਼ਾਤਿਰ ਦਿਮਾਗ ਦੀ ਬਦੌਲਤ ਪੂਰੀ ਦੁਨੀਆ 'ਚ ਭਾਰਤ ਦਾ ਨਾਂਅ ਰੌਸ਼ਨ ਕੀਤਾ।
ਰਾਠੌਰ ਦੀਆਂ ਖੇਡ ਉਪਲਬਧੀਆਂ ਸਦਕਾ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਅਤੇ ਹੋਰ ਕਈ ਸਨਮਾਨਯੋਗ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣੇ 9 ਸਾਲ ਦੇ ਸ਼ਾਨਦਾਰ ਖੇਡ ਕਰੀਅਰ 'ਚ ਰਾਠੌਰ ਨੂੰ ਭਾਰਤੀ ਖੇਡ ਸਿਸਟਮ ਵਿਚ ਕਾਫੀ ਤਰੁੱਟੀਆਂ ਨਜ਼ਰ ਆਈਆਂ, ਜਿਨ੍ਹਾਂ ਨੂੰ ਇਕ ਖਿਡਾਰੀ ਹੋਣ ਦੇ ਨਾਤੇ ਦੂਰ ਨਹੀਂ ਕੀਤਾ ਜਾ ਸਕਦਾ ਸੀ। ਇਸੇ ਕਰਕੇ ਰਾਠੌਰ ਨੇ ਸਾਲ 2013 'ਚ ਭਾਜਪਾ 'ਚ ਸ਼ਾਮਲ ਹੋ ਕੇ ਸਿਆਸਤ 'ਚ ਆਪਣਾ ਪੈਰ ਧਰਿਆ। ਉਹ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਮਿਲਿਆ। ਦੇਰ ਆਏ ਦਰੁਸਤ ਆਏ, ਰਾਠੌਰ ਨੂੰ ਆਖਰ ਸਾਲ 2017 'ਚ ਖੇਡ ਮੰਤਰਾਲੇ ਦੀ ਕਮਾਨ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ ਰਾਠੌਰ ਦਾ ਖਿਡਾਰੀਆਂ ਲਈ ਕੁਝ ਕਰਨ ਦਾ ਜਜ਼ਬਾ ਹੋਰ ਵੀ ਵਧ ਗਿਆ।
ਰਾਠੌਰ ਦਾ ਖੇਡ ਮੰਤਰਾਲੇ ਦੀ ਕਮਾਨ ਸੰਭਾਲਣ ਤੋਂ ਬਾਅਦ ਇਕੋ ਟੀਚਾ ਰਿਹਾ ਕਿ ਭਾਰਤ ਲਈ ਵੱਧ ਤੋਂ ਵੱਧ ਤਗਮੇ ਲੈ ਕੇ ਆਉਣੇ ਹਨ। ਭਾਵੇਂ ਉਹ ਘਰੇਲੂ, ਰਾਸ਼ਟਰੀ ਜਾਂ ਫਿਰ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹੋਣ। ਰਾਠੌਰ ਦੇ ਇਸ ਟੀਚੇ ਨੂੰ ਹੌਲੀ-ਹੌਲੀ ਬੂਰ ਪਿਆ ਅਤੇ ਉਨ੍ਹਾਂ ਵਲੋਂ ਕੇਂਦਰ ਸਰਕਾਰ 'ਤੇ ਪਾਏ ਦਬਾਅ ਕਾਰਨ ਖਿਡਾਰੀਆਂ ਨੂੰ ਪਹਿਲਾਂ ਨਾਲੋਂ ਕੁਝ ਬਿਹਤਰ ਸਹੂਲਤਾਂ ਮਿਲਣੀਆਂ ਸ਼ੁਰੂ ਹੋਈਆਂ। ਖਿਡਾਰੀਆਂ ਨੂੰ ਬਿਹਤਰ ਕੋਚ ਮੁਹੱਈਆ ਕਰਾਏ ਗਏ। ਬਗੈਰ ਵਿਤਕਰੇ ਦੇ ਚੰਗੇ ਅਥਲੀਟਾਂ ਨੂੰ ਉੱਪਰ ਤੱਕ ਲਿਜਾਇਆ ਗਿਆ, ਜਿਸ ਦੀ ਬਦੌਲਤ ਅੱਜ ਭਾਰਤ ਦੀ ਤਗਮਾ ਸੂਚੀ 'ਚ ਕੁਝ ਨਾ ਕੁਝ ਫਰਕ ਪਿਆ ਨਜ਼ਰ ਆਇਆ।
ਪਿਛਲੇ ਖੇਡ ਮੰਤਰੀਆਂ ਦੇ ਬਦਲੇ ਰਾਠੌਰ ਦੀ ਰਹਿਨੁਮਾਈ ਹੇਠ ਭਾਰਤੀ ਖਿਡਾਰੀਆਂ 'ਚ ਹਿੰਮਤ ਤੇ ਜੋਸ਼ ਜਕਾਰਤਾ ਵਿਖੇ ਦੇਖਿਆ ਗਿਆ ਹੈ। ਇਸ ਗੱਲ ਦਾ ਪ੍ਰਮਾਣ 2016 'ਚ ਹੋਈਆਂ ਰੀਓ ਉਲੰਪਿਕ ਖੇਡਾਂ 'ਚੋਂ ਲਿਆ ਜਾ ਸਕਦਾ ਹੈ, ਜਦੋਂ ਭਾਰਤੀ ਖਿਡਾਰੀਆਂ ਵਲੋਂ ਭਾਰਤੀ ਖੇਡ ਮੰਤਰਾਲੇ 'ਤੇ ਹੀ ਉਨ੍ਹਾਂ ਦੀਆਂ ਸਹੂਲਤਾਂ ਪੂਰੀਆਂ ਨਾ ਕਰਨ ਦੇ ਇਲਜ਼ਾਮ ਭਾਰਤੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਸਨ। ਪਰ ਜਕਾਰਤਾ ਏਸ਼ੀਆਈ ਖੇਡਾਂ ਤੋਂ ਬਾਅਦ ਫਿਲਹਾਲ ਕੋਈ ਵੀ ਅਜਿਹੀ ਖ਼ਬਰ ਕਿਸੇ ਅਖ਼ਬਾਰ ਦੀ ਸੁਰਖੀ ਨਹੀਂ ਬਣੀ। ਪਰ ਹਾਂ, ਖਿਡਾਰੀ ਸੂਬਾ ਸਰਕਾਰਾਂ ਤੋਂ ਜ਼ਰੂਰ ਖਫਾ ਨਜ਼ਰ ਆ ਰਹੇ ਹਨ। ਖਾਸ ਕਰ ਪੰਜਾਬ ਦੇ ਖਿਡਾਰੀ, ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਅਣਗੌਲੇਪਣ ਕਾਰਨ ਨਾਰਾਜ਼ ਜ਼ਰੂਰ ਹਨ। ਇਥੇ ਹੀ ਪੰਜਾਬ ਦੇ ਉਲਟ ਹਰਿਆਣਾ ਸਰਕਾਰ ਖਿਡਾਰੀਆਂ ਲਈ ਤਨੋ, ਮਨੋ ਤੇ ਧਨੋ ਏਸ਼ੀਆ ਖੇਡਾਂ ਵਿਚ ਤਗਮੇ ਜਿੱਤ ਕੇ ਲਿਆਏ ਖਿਡਾਰੀਆਂ ਦੇ ਨਾਲ ਖੜ੍ਹੀ ਹੈ ਤੇ ਉਨ੍ਹਾਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪੈਸਿਆਂ ਦੇ ਖੁੱਲ੍ਹੇ ਗੱਫੇ ਵੰਡ ਰਹੀ ਹੈ। ਪਰ ਪੰਜਾਬ ਦੇ ਖਿਡਾਰੀ ਏਸ਼ੀਆ ਖੇਡਾਂ 'ਚੋਂ ਤਗਮੇ ਜਿੱਤ ਕੇ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਕਿਉਂਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸ਼ਾਬਾਸ਼ ਤੇ ਹੌਸਲੇ ਭਰੇ ਸ਼ਬਦਾਂ ਤੋਂ ਬਗੈਰ ਹੋਰ ਕੁਝ ਨਹੀਂ ਦਿੱਤਾ।
ਰਾਜਵਰਧਨ ਰਾਠੌਰ ਦੀ ਰਹਿਨੁਮਾਈ ਹੇਠ ਜੋ ਸਥਿਤੀ ਅੱਜ ਭਾਰਤੀ ਖੇਡ ਸਿਸਟਮ ਦੀ ਹੈ, ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਬਿਹਤਰ ਹੋ ਸਕੇਗੀ। ਰਾਠੌਰ ਦੀ ਭਾਰਤੀ ਖਿਡਾਰੀਆਂ ਨੂੰ ਤਗਮੇ ਦਿਵਾਉਣ ਦੀ ਦੌੜ, ਜਕਾਰਤਾ ਖੇਡਾਂ ਵਕਤ ਉਨ੍ਹਾਂ ਦੇ ਟਵਿੱਟਰ ਅਕਾਊਂਟ 'ਤੇ ਦੇਖੀ ਜਾ ਸਕਦੀ ਸੀ। ਰਾਠੌਰ ਖੁਦ ਭਾਰਤੀ ਖਿਡਾਰੀਆਂ ਨੂੰ ਉਤਸ਼ਾਹ ਤੇ ਜੋਸ਼ ਭਰਦੇ ਨਜ਼ਰ ਆਏ। ਹੋਰ ਤਾਂ ਹੋਰ, ਰਾਠੌਰ ਵਲੋਂ ਜਕਾਰਤਾ 'ਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਸਵਾਗਤ ਵਜੋਂ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਜਾ ਚੁੱਕਾ ਹੈ। ਭਾਰਤ ਨੂੰ ਅਤੇ ਇਸ ਦੇਸ਼ ਦੇ ਸੂਬਿਆਂ ਦੇ ਖੇਡ ਮੰਤਰਾਲਿਆਂ ਨੂੰ ਅੱਜ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਚੰਗੇ ਮੋਹਰੀਆਂ ਦੀ ਲੋੜ ਹੈ, ਤਾਂ ਕਿ ਲੱਖਾਂ ਭਾਰਤੀ ਖਿਡਾਰੀਆਂ ਦੀ ਹੱਡ-ਭੰਨਵੀਂ ਕੀਤੀ ਮਿਹਨਤ ਅਜਾਈਂ ਨਾ ਜਾ ਸਕੇ।


-ਮੋਬਾ: 95015-82626

ਪ੍ਰਿਥਵੀ ਸ਼ਾਹ ਕ੍ਰਿਕਟ ਦੀ ਦੁਨੀਆ ਵਿਚ ਨਵਾਂ ਇਤਿਹਾਸ ਸਿਰਜੇਗਾ

ਇਸ ਸਾਲ ਦੀ ਸਭ ਤੋਂ ਵੱਡੀ ਹੋਰ ਕੋਈ ਖੇਡ ਜਗਤ ਵਿਚ ਸਨਸਨੀ ਪ੍ਰਾਪਤੀ ਨਹੀਂ ਹੋ ਸਕਦੀ ਕਿ 9 ਨਵੰਬਰ, 1999 ਵਿਚ ਜਨਮਿਆ ਮੁੰਬਈ ਨੇੜੇ ਵਿਰਾਰ ਮਹਾਂਰਾਸ਼ਟਰ ਦਾ ਪ੍ਰਿਥਵੀ ਪੰਕਜ ਸ਼ਾਹ ਨੇ ਉਸ ਸਮੇਂ ਇਤਿਹਾਸ ਸਿਰਜ ਦਿੱਤਾ ਜਦੋਂ ਅਕਤੂਬਰ ਵਿਚ ਹੋਈ ਦੋ ਮੈਚਾਂ ਦੀ ਵੈਸਟ ਇੰਡੀਜ਼ ਨਾਲ ਟੈਸਟ ਸੀਰੀਜ਼ ਵਿਚ ਉਸ ਨੂੰ ਮੈਨ ਆਫ ਦੀ ਸੀਰੀਜ਼ ਘੋਸ਼ਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸੇ ਨੇ ਟੈਸਟ ਕ੍ਰਿਕਟ ਵਿਚ ਇੰਨੀ 18 ਸਾਲ ਦੀ ਉਮਰ ਵਿਚ ਦੋਹਰਾ ਪਹਿਲੇ 'ਡੀਬਿਉ' ਮੈਚ ਵਿਚ ਸੈਂਕੜਾ ਤੇ ਮੈਨ ਆਫ ਦੀ ਸੀਰੀਜ਼ ਮਾਅਰਕਾ ਕਦੇ ਨਹੀਂ ਸੀ ਮਾਰਿਆ।
ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਕ੍ਰਿਕਟ ਖਿਡਾਰੀ ਬਚਪਨ ਵਿਚ ਅਮੀਰ ਘਰਾਂ ਵਿਚੋਂ ਹੁੰਦੇ ਹਨ ਤੇ ਉਨ੍ਹਾਂ ਦਾ ਬਚਪਨ ਬਹੁਤ ਸੁਖਮਈ ਢੰਗ ਨਾਲ ਬੀਤਦਾ ਹੈ ਪਰ ਸਾਡੀ ਇਸ ਪ੍ਰਤਿਭਾ ਦਾ ਬਚਪਨ ਬਹੁਤ ਦੁੱਖਮਈ ਢੰਗ ਨਾਲ ਬੀਤਿਆ ਅਰਥਾਤ ਜਦੋਂ ਉਹ ਕੇਵਲ ਚਾਰ ਸਾਲ ਦਾ ਹੀ ਸੀ ਕਿ ਮਾਂ ਦਾ ਸਾਇਆ ਉਸ ਦੇ ਸਿਰ ਤੋਂ ਉਠ ਗਿਆ ਤੇ ਪਰਿਵਾਰ ਬਹੁਤ ਮੁਸ਼ਕਿਲਾਂ ਵਿਚ ਫਸ ਗਿਆ। ਇਹ ਤਾਂ ਉਸ ਵਿਚ ਕ੍ਰਿਕਟ ਦੀ ਲਾਸਾਨੀ ਪ੍ਰਤਿਭਾ ਸੀ ਕਿ ਜਿਸ ਨੇ ਪਰਿਵਾਰ ਨੂੰ ਬਚਾ ਲਿਆ।
ਉਸ ਦੇ ਪਿਤਾ ਗਾਰਮੈਂਟ ਵੇਚਣ ਦਾ ਨਿਗੂਣਾ ਜਿਹਾ ਕੰਮ ਕਰਦੇ ਸਨ ਪਰ ਕ੍ਰਿਕਟ ਦੇ ਬਹੁਤ ਪ੍ਰੇਮੀ ਸਨ। ਜਦੋਂ ਪ੍ਰਿਥਵੀ ਕੇਵਲ 3 ਸਾਲ ਦਾ ਹੀ ਸੀ ਤਾਂ ਪਿਤਾ ਨੇ ਉਸ ਨੂੰ ਵਿਰਾਰ ਕ੍ਰਿਕਟ ਐਕਡਮੀ ਵਿਚ ਪਾ ਦਿੱਤਾ। ਉਸ ਦੀ ਲਾਸਾਨੀ ਪ੍ਰਤਿਭਾ ਨੂੰ ਦੇਖਦੇ ਜੋਏ ਜਦੋਂ ਪ੍ਰਿਥਵੀ ਕੇਵਲ 11 ਸਾਲ ਦਾ ਹੀ ਸੀ ਤਾਂ ਐਪ ਵਲੋਂ ਉਸ ਨੂੰ ਇਕ ਕੰਟ੍ਰੈਕਟ ਮਿਲਿਆ, ਜਿਸ ਨਾਲ ਪਰਿਵਾਰ ਮੁੰਬਈ ਆ ਗਿਆ।
ਉਸ ਦੀਆਂ ਪ੍ਰਾਪਤੀਆਂ ਦੀ ਇਕ ਲੰਮੀ ਸੂਚੀ ਬਣਾਈ ਜਾ ਸਕਦੀ ਹੈ। ਜਦੋਂ ਉਹ ਰਿਜ਼ਵੀ ਸਪਰਿੰਗ ਫੀਲਡ ਹਾਈ ਸਕੂਲ ਬੰਬਈ ਵਿਚ ਪੜ੍ਹਦਾ ਸੀ ਤਾਂ ਉਸ ਨੇ ਵਿਧੀਬਧ ਢੰਗ ਨਾਲ ਪ੍ਰਾਯੋਜਿਤ ਕ੍ਰਿਕਟ ਵਿਚ ਇਕ ਰਿਕਾਰਡ 546 ਦੌੜਾਂ ਦਾ ਬਣਾਇਆ, ਜੋ 1901 ਤੋਂ ਕਿਸੇ ਹੋਰ ਨੇ ਨਹੀਂ ਸੀ ਬਣਾਇਆ। ਉਸ ਨੂੰ ਅੰਡਰ 19 ਦਾ ਕਪਤਾਨ ਬਣਾ ਦਿੱਤਾ ਗਿਆ। ਮਾਹਿਰ ਇਹ ਕਹਿੰਦੇ ਹਨ ਕਿ ਭਾਰਤ ਨੂੰ ਭਵਿੱਖ ਲਈ ਇਕ ਉੱਤਮ ਖਿਡਾਰੀ ਮਿਲ ਗਿਆ ਹੈ। ਕ੍ਰਿਕਟ ਖੇਤਰ ਵਿਚ ਉਸ ਨੂੰ ਹੁਣ ਦੂਸਰਾ ਤੇਂਦੁਲਕਰ ਕਿਹਾ ਜਾਂਦਾ ਹੈ, ਕਿਉਂਕਿ ਕਈ ਸਮਾਨਤਾਵਾਂ ਦੋਹਾਂ ਦੀਆਂ ਲੋਕਾਂ ਨੂੰ ਇਹ ਕਹਿਣ ਲਈ ਖਿੱਚ ਪਾਉਂਦੀਆਂ ਹਨ। ਸ਼ਾਹ ਨੇ ਆਪਣੇ ਟੈਸਟ ਕ੍ਰਿਕਟ ਵਿਚ ਪਹਿਲੇ ਹੀ ਮੈਚ ਵਿਚ ਸੈਂਕੜਾ ਬਣਾਇਆ, ਇਹ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਦੂਸਰਾ ਸਚਿਨ ਤੋਂ ਬਾਅਦ ਸੈਂਕੜਾ ਸੀ, ਪਰ ਨਾਲ ਉਹ ਮੈਨ ਆਫ ਸੀਰੀਜ਼ ਵੀ ਬਣਿਆ।
ਪ੍ਰਿਥੀ ਸ਼ਾਹ ਨੇ ਆਪਣੇ ਜੀਵਨ ਵਿਚ ਕਈ ਅਹਿਮ ਪ੍ਰਾਪਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੋ ਵਾਰ ਉਸ ਨੂੰ ਇੰਗਲੈਂਡ ਜਾਣ ਲਈ ਚੁਣਿਆ ਗਿਆ। ਇਕ ਬਹੁਤ ਹੀ ਮਕਬੂਲ ਲੀਗ ਵਿਚ ਹੁਣ ਉਸ ਨੂੰ 2 ਕਰੋੜ ਰੁਪਏ ਵਿਚ ਖਰੀਦ ਲਿਆ ਗਿਆ ਹੈ। ਮਾਹਿਰਾਂ ਵਲੋਂ ਉਸ ਨੂੰ ਇਕ ਉਤਮ ਨੰਬਰ ਇਕ 'ਤੇ ਸ਼ੁਰੂਆਤ ਕਰਨ ਵਾਲਾ ਕਿਹਾ ਜਾ ਸਕਦਾ ਹੈ। ਉਸ ਦੀ ਰੈਂਕਿੰਗ ਵਿਚ ਜੋ ਕਿ ਪਹਿਲਾਂ 73 'ਤੇ ਸੀ, ਹੁਣ ਇਕਦਮ ਉਛਾਲ ਆਉਣ 'ਤੇ 13 'ਤੇ ਪਹੁੰਚ ਗਈ ਹੈ। ਪ੍ਰਿਥਵੀ ਸ਼ਾਹ ਦੀ ਇਸ ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।


-ਪ੍ਰੋ: ਜਤਿੰਦਰ ਬੀਰ ਸਿੰਘ ਨੰਦਾ
274 ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਨੇਤਰਹੀਣ ਕੌਮਾਂਤਰੀ ਕ੍ਰਿਕਟ ਖਿਡਾਰੀ ਹੈ ਉਮਰ ਸਦੀਕ

'ਭਗਵਾਨ ਨੇ ਹਮ ਕੋ ਰੌਸ਼ਨ ਨਹੀਂ ਬਨਾਇਆ ਪਰ ਹਮ ਭਾਰਤ ਕੋ ਜ਼ਰੂਰ ਰੁਸ਼ਨਾਨੇ ਕੀ ਕੋਸ਼ਿਸ਼ ਮੇਂ ਹੈਂ ਜਨਾਬ।' ਉਮਰ ਸਦੀਕ ਨੂੰ ਦਿਸਦਾ ਨਹੀਂ ਪਰ ਜੇਕਰ ਉਸ ਦੇ ਦਿਮਾਗ ਅੰਦਰ ਪਲ ਰਹੇ ਸ਼ੌਕ ਦੀ ਗੱਲ ਕਰੀਏ ਤਾਂ ਆਦਮੀ ਹੈਰਾਨ ਹੋ ਜਾਂਦਾ ਹੈ। ਉਮਰ ਸਦੀਕ ਨੂੰ ਕੰਪਿਊਟਰ ਅਤੇ ਸੰਗੀਤ ਦਾ ਹੀ ਸ਼ੌਕ ਉਸ ਨੂੰ ਕ੍ਰਿਕਟ ਖੇਡਣ ਦਾ ਜਨੂੰਨ ਵੀ ਹੈ, ਇਸੇ ਕਰਕੇ ਤਾਂ ਉਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੋਣ ਦਾ ਮਾਣ ਵੀ ਹਾਸਲ ਹੈ। ਉਮਰ ਸਦੀਕ ਦਾ ਜਨਮ ਭਾਰਤ ਦੀ ਜੰਨਤ ਮੰਨੇ ਜਾਣ ਵਾਲੇ ਜੰਮੂ-ਕਸ਼ਮੀਰ ਪ੍ਰਾਂਤ ਦੇ ਜ਼ਿਲ੍ਹਾ ਬਾਂਦੀਪੁਰ ਦੇ ਪਿੰਡ ਸਾਂਬਲ ਸੋਨਾਵਰੀ ਵਿਚ 11 ਜੂਨ, 1997 ਨੂੰ ਪਿਤਾ ਮੁਹੰਮਦ ਸਦੀਕ ਦੇ ਘਰ ਮਾਤਾ ਸਾਜਾਦਾ ਬੇਗਮ ਦੀ ਕੁੱਖੋਂ ਹੋਇਆ। ਉਮਰ ਨੇ ਜਨਮ ਲਿਆ ਤਾਂ ਅੱਖਾਂ ਤੋਂ ਦਿਸਦਾ ਨਹੀਂ ਸੀ, ਜੇਕਰ ਦਿਸਦਾ ਵੀ ਤਾਂ ਬਹੁਤ ਥੋੜ੍ਹਾ। ਮਾਂ-ਬਾਪ ਨੇ ਕੋਸ਼ਿਸ਼ ਤਾਂ ਕੀਤੀ ਕਿ ਉਸ ਦੀ ਨਜ਼ਰ ਵਾਪਸ ਆ ਸਕੇ ਪਰ ਸਾਰੇ ਯਤਨ ਅਸਫਲ ਹੋ ਗਏ, ਕਿਉਂਕਿ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਉਮਰ ਸਦੀਕ ਸਾਰੀ ਉਮਰ ਲਈ ਦੇਖ ਨਹੀਂ ਸਕੇਗਾ।
ਉਮਰ ਸਦੀਕ ਥੋੜ੍ਹਾ ਵੱਡਾ ਹੋਇਆ ਤਾਂ ਮਾਂ-ਬਾਪ ਨੇ ਸਿੱਖਿਆ ਗ੍ਰਹਿਣ ਕਰਨ ਲਈ ਉਮਰ ਨੂੰ ਸਾਲ 2003 ਵਿਚ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ. ਆਈ. ਵੀ. ਐਚ. ਵਿਚ ਦਾਖਲ ਕਰਵਾ ਦਿੱਤਾ, ਜਿੱਥੇ ਉਸ ਨੇ ਪੜ੍ਹਾਈ ਵਿਚ ਹੀ ਮੁਹਾਰਤ ਹਾਸਲ ਨਹੀਂ ਕੀਤੀ, ਸਗੋਂ ਉਸ ਦੇ ਖੇਡਣ ਦੇ ਸ਼ੌਕ ਨੇ ਉਸ ਦਾ ਰੁਖ਼ ਕ੍ਰਿਕਟ ਵੱਲ ਕਰ ਦਿੱਤਾ ਅਤੇ ਸਾਲ 2015 ਵਿਚ ਉਸ ਨੂੰ ਕੋਚ ਨਰੇਸ਼ ਸਿੰਘ ਨਿਯਾਲ ਦਾ ਸਾਥ ਮਿਲਿਆ ਅਤੇ ਨਰੇਸ਼ ਸਿੰਘ ਨਿਯਾਲ ਨੇ ਉਸ ਨੂੰ ਬਿਹਤਰਹੀਨ ਖਿਡਾਰੀ ਸਾਬਤ ਕਰਨ ਲਈ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ। ਉਮਰ ਸਾਲ 2015 ਵਿਚ ਉੱਚ ਸਿੱਖਿਆ ਲੈਣ ਲਈ ਦਿੱਲੀ ਚਲਿਆ ਗਿਆ, ਜਿਥੇ ਕੋਚ ਨਰੇਸ਼ ਸਿੰਘ ਨਿਯਾਲ ਵਲੋਂ ਮਿਲਿਆ ਸਹਿਯੋਗ ਉਸ ਦੇ ਕੰਮ ਆਇਆ ਅਤੇ ਉਮਰ ਸਦੀਕ ਨੇ ਰਾਸ਼ਟਰੀ ਨੇਤਰਹੀਣ ਕ੍ਰਿਕਟ ਵਿਚ ਖੇਡਣਾ ਸ਼ੁਰੂ ਕੀਤਾ ਅਤੇ ਲਗਾਤਾਰ ਚਾਰ ਸਾਲ ਖੇਡਿਆ ਅਤੇ ਉਸੇ ਦੌਰਾਨ ਉਹ ਕਈ ਵਾਰ ਮੈਨ ਆਫ ਦਾ ਮੈਚ ਚੁਣਿਆ ਗਿਆ। ਸਾਲ 2017 ਵਿਚ ਉਹ ਪਹਿਲੀ ਵਾਰ ਰਾਸ਼ਟਰੀ ਨੇਤਰਹੀਣ ਕ੍ਰਿਕਟ ਕੈਂਪ ਲਈ ਉਸ ਦੀ ਚੋਣ ਹੋ ਗਈ ਪਰ ਉਸ ਨੇ ਕੋਈ ਵੀ ਅੰਤਰਰਾਸ਼ਟਰੀ ਪੱਧਰ ਦਾ ਮੈਚ ਨਹੀਂ ਸੀ ਖੇਡਿਆ, ਜਿਸ ਦੀ ਉਸ ਨੂੰ ਤਮੰਨਾ ਸੀ ਅਤੇ ਉਸ ਦਾ ਇਹ ਸੁਪਨਾ ਸਾਲ 2018 ਵਿਚ ਜਾ ਕੇ ਪੂਰਾ ਹੋਇਆ, ਜਦੋਂ ਉਸ ਦੀ ਚੋਣ ਭਾਰਤੀ ਨੇਤਰਹੀਣ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਉਸ ਨੇ ਇੰਗਲੈਂਡ ਖਿਲਾਫ ਮੈਚ ਖੇਡ ਕੇ ਆਪਣੇ-ਆਪ ਨੂੰ ਚਾਰ ਚੰਨ ਹੀ ਨਹੀਂ ਲਗਾਏ, ਸਗੋਂ ਭਾਰਤ ਦਾ ਵੀ ਮਾਣ ਨਾਲ ਸਿਰ ਉੱਚਾ ਕੀਤਾ। ਉਮਰ ਸਦੀਕ ਆਖਦਾ ਹੈ ਕਿ ਉਹ ਨੇਤਰਹੀਣ ਹੈ ਪਰ ਜਦ ਉਹ ਖੇਡਦਾ ਹੈ ਅਤੇ ਤਾੜੀਆਂ ਦੀ ਗੂੰਜ ਸੁਣਦਾ ਹੈ ਤਾਂ ਉਹ ਮਹਿਸੂਸ ਕਰਦਾ ਹੈ ਕਿ ਭਾਵੇਂ ਮੈਂ ਵੇਖ ਨਹੀਂ ਸਕਦਾ ਪਰ ਲੋਕ ਮੈਨੂੰ ਪਿਆਰ ਕਰਦੇ ਹਨ ਤਾਂ ਮੇਰੀਆਂ ਅੱਖਾਂ ਖੁਸ਼ੀ ਨਾਲ ਭਰ ਆਉਂਦੀਆਂ ਹਨ ਅਤੇ ਖੁਦਾ ਕਰੇ ਮੈਂ ਇਸੇ ਤਰ੍ਹਾਂ ਖੇਡਦਾ ਰਹਾਂ ਅਤੇ ਲੋਕ ਤਾੜੀਆਂ ਮਾਰਦੇ ਰਹਿਣ ਅਤੇ ਮੈਂ ਖੁਸ਼ੀ ਵਿਚ ਅੱਖਾਂ ਭਰਦਾ ਰਹਾਂ।


-ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX