ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  about 1 hour ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  about 2 hours ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  about 3 hours ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  about 3 hours ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  about 3 hours ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 minute ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  about 4 hours ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਨਾਰੀ ਸੰਸਾਰ

ਤਿਉਹਾਰ ਤੇ ਘਰ ਦਾ ਸ਼ਿੰਗਾਰ

ਤਿਉਹਾਰਾਂ ਵਿਚ ਹਰ ਕੋਈ ਆਪਣੇ ਤੇ ਆਪਣਿਆਂ ਦੇ ਮਾਹੌਲ ਨੂੰ ਸੁਖਾਵਾਂ ਤੇ ਅਨੰਦਮਈ ਬਣਾਉਣ ਲਈ ਜੀਅ-ਤੋੜ ਮਿਹਨਤ ਕਰ ਰਿਹਾ ਹੁੰਦਾ ਹੈ, ਉਥੇ ਹੀ ਘਰ ਦੇ ਜੀਆਂ ਦਾ ਮਾਹੌਲ ਵਧੀਆ ਬਣਾਉਣ ਲਈ ਉਹ ਘਰ ਦੀ ਸਫ਼ਾਈ ਵੱਲ ਧਿਆਨ ਦਿੰਦਾ ਹੈ। ਸਾਫ਼-ਸੁਥਰਾ ਵਾਤਾਵਰਨ ਹਰ ਇਕ ਨੂੰ ਚੰਗਾ ਲਗਦਾ ਹੈ ਜਾਂ ਇਹ ਕਹਿ ਲਓ ਕਿ ਨਵਾਂ ਕੁਝ ਹੋਵੇ ਤਾਂ ਸਾਨੂੰ ਚੰਗਾ ਲਗਦਾ ਹੈ। ਅਸਲ ਵਿਚ ਇਹ ਸਾਡੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ। ਅਸੀਂ ਹਰ ਨਵੀਂ ਚੀਜ਼ ਨੂੰ ਪਰਖ ਕੇ ਖੁਸ਼ ਹੁੰਦੇ ਹਾਂ। ਚਾਹੇ ਕੋਈ ਨਵਾਂ ਸਾਮਾਨ ਹੋਵੇ ਜਾਂ ਕੋਈ ਨਵੀਂ ਪੁਸ਼ਾਕ ਜਾਂ ਕੋਈ ਨਵਾਂ ਅਨੁਭਵ।
ਇਸੇ ਅੰਤਰਗਤ ਅਸੀਂ ਦੇਖਦੇ ਹਾਂ ਕਿ ਤਿਉਹਾਰਾਂ ਵਿਚ ਸਾਨੂੰ ਕੁਝ ਨਾ ਕੁਝ ਨਵਾਂ ਚਾਹੀਦਾ ਹੀ ਹੁੰਦਾ ਹੈ। ਇਸੇ ਲਈ ਅਸੀਂ ਘਰ ਦਾ ਸ਼ਿੰਗਾਰ ਕਰਦੇ ਹਾਂ ਤੇ ਨਵੀਆਂ ਵਸਤਾਂ ਵੀ ਖਰੀਦਦੇ ਹਾਂ। ਪਰ ਨਾਲੋ-ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਘਰ ਵੀ ਨਵਾਂ ਲੱਗੇ। ਹੁਣ ਅਸੀਂ ਨਵਾਂ ਘਰ ਤਾਂ ਲੈਣ ਤੋਂ ਰਹੇ ਪਰ ਜਬਰ ਨੂੰ ਨਵੀਂ ਦਿੱਖ ਜ਼ਰੂਰ ਦੇ ਸਕਦੇ ਹਾਂ। ਆਓ ਜਾਣਦੇ ਹਾਂ ਕਿ ਕਿਵੇਂ-
ਘਰ ਨੂੰ ਰੰਗਾਂ ਨਾਲ ਸੁਰਜੀਤ ਕਰੋ : ਘਰ ਜੇਕਰ ਪੂਰਾ-ਪੂਰਾ ਸਾਲ ਰੰਗ ਤੋਂ ਬਗੈਰ ਰਹਿੰਦਾ ਹੈ ਤਾਂ ਬੇਜਾਨ ਲੱਗਣ ਲੱਗ ਜਾਂਦਾ ਹੈ। ਤੁਸੀਂ ਘਰ ਨੂੰ ਨਵੀਂ ਦਿੱਖ ਦੇਣ ਲਈ ਉਸ ਨੂੰ ਰੰਗ-ਰੋਗਨ ਕਰਾ ਸਕਦੇ ਹੋ। ਜੇ ਤੁਸੀਂ ਪੂਰਾ ਘਰ ਨਹੀਂ ਵੀ ਕਰਾਉਣਾ ਚਾਹੁੰਦੇ ਤਾਂ ਗੈਸਟ ਰੂਮ, ਲਿਵਿੰਗ ਰੂਮ ਆਦਿ ਕੁਝ ਖਾਸ ਹਿੱਸਿਆਂ ਨੂੰ ਰੰਗ ਕਰਵਾ ਸਕਦੇ ਹੋ।
ਕੁਝ ਵਿਸ਼ੇਸ਼ ਸੁਝਾਅ : ਕੋਸ਼ਿਸ਼ ਕਰੋ ਕਿ ਰੰਗ ਇਕ ਵਰਤਣ ਦੀ ਬਜਾਏ ਦੋ ਵਰਤੋ, ਜੋ ਜ਼ਿਆਦਾ ਟ੍ਰੇਂਡੀ ਲਗਦਾ ਹੈ। ਤੁਸੀਂ ਇਕ ਕੰਧ ਦਾ ਰੰਗ ਮੁੱਖ ਰੱਖ ਕੇ ਬਾਕੀ 'ਤੇ ਵੱਖਰਾ ਰੰਗ ਕਰ ਸਕਦੇ ਹੋ। ਭਾਵ ਇਕ ਕੰਧ ਦਾ ਰੰਗ ਗੂੜ੍ਹਾ ਰੱਖੋ, ਜਿਵੇਂ ਨੀਲਾ, ਲਾਲ, ਹਰਾ ਆਦਿ ਤੇ ਬਾਕੀ ਦੀਵਾਰਾਂ ਦਾ ਰੰਗ ਹਲਕੇ ਸ਼ੇਡ ਵਾਲਾ ਜਿਵੇਂ ਹਲਕਾ ਨੀਲਾ, ਹਲਕਾ ਲਾਲ ਜਾਂ ਗੁਲਾਬੀ ਆਦਿ।
ਵਿਸ਼ੇਸ਼ ਵਾਲਪੇਪਰ ਦੀ ਵਰਤੋਂ : ਅੱਜਕਲ੍ਹ ਇਨ੍ਹਾਂ ਦਾ ਰੁਝਾਨ ਹੈ, ਤੁਸੀਂ ਇਹ ਵੀ ਵਰਤ ਸਕਦੇ ਹੋ।
ਪਰਦੇ ਤੇ ਚਾਦਰਾਂ : ਨਵੀਂ ਦਿੱਖ ਲਈ ਤੁਸੀਂ ਇਨ੍ਹਾਂ ਦਾ ਬਦਲਾਅ ਵੀ ਕਰ ਸਕਦੇ ਹੋ। ਤੁਸੀਂ ਚਾਦਰਾਂ ਤੇ ਪਰਦਿਆਂ ਦਾ ਰੰਗ ਇਕੋ ਜਿਹਾ ਵੀ ਰੱਖ ਸਕਦੇ ਹੋ।


ਖ਼ਬਰ ਸ਼ੇਅਰ ਕਰੋ

ਮੇਰੀਓ ਆਧੁਨਿਕ ਸਹੇਲੀਓ ਖ਼ਬਰਦਾਰ!

ਬੱਚੇ ਦਾ ਮਨ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਬਚਪਨ 'ਚ ਉਸ 'ਤੇ ਜੋ ਲਿਖਿਆ ਜਾਂਦਾ ਹੈ, ਸਾਰੀ ਉਮਰ ਉਸ ਦਾ ਅਸਰ ਉਸ ਦੇ ਜੀਵਨ 'ਤੇ ਪ੍ਰਭਾਵ ਪਾਉਂਦਾ ਹੈ। ਅੱਜ ਦੇ ਆਧੁਨਿਕ ਯੁੱਗ ਵਿਚ ਕਈ ਮਾਵਾਂ ਇਸ ਦਾ ਗ਼ਲਤ ਮਤਲਬ ਲੈ ਲੈਂਦੀਆਂ ਹਨ। ਕਈ ਵਾਰ ਮਾਵਾਂ ਅਣਜਾਣੇ ਜਾਂ ਲਾਡ-ਲਾਡ ਵਿਚ ਛੋਟੀਆਂ-ਛੋਟੀਆਂ ਬੱਚੀਆਂ ਦੇ ਸੁਰਖੀ, ਬਿੰਦੀ ਤੇ ਗਲ੍ਹਾਂ ਲਾਲ ਕਰ ਦਿੰਦੀਆਂ ਹਨ, ਜੋ ਸਹੀ ਨਹੀਂ ਹੈ। ਕਈ ਮਾਵਾਂ ਛੋਟੀਆਂ-ਛੋਟੀਆਂ ਬੱਚੀਆਂ ਦੀਆਂ ਫੋਟੋਆਂ ਇੰਟਰਨੈੱਟ 'ਤੇ ਪਾ ਦਿੱਤੀਆਂ ਹਨ, ਜਿਸ ਵਿਚ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕਰਦੀਆਂ ਹਨ, ਜਿਵੇਂ ਉਹ ਔਰਤਾਂ ਹੋਣ ਤੇ ਕਈ ਵਾਰ ਔਰਤਾਂ ਵਾਲੇ ਗੀਤ ਤੇ ਡਾਂਸ ਉਨ੍ਹਾਂ 'ਤੇ ਫ਼ਿਲਮਾਅ ਦਿੰਦੀਆਂ ਹਨ। ਇਹ ਗ਼ਲਤ ਹੈ। ਅਸੀਂ ਬਚਪਨ ਵਿਚ ਛੋਟੀਆਂ-ਛੋਟੀਆਂ ਪਿਆਰੀਆਂ-ਪਿਆਰੀਆਂ ਬੱਚੀਆਂ ਨੂੰ ਔਰਤ ਦੇ ਰੂਪ ਵਿਚ ਪੇਸ਼ ਕਰ ਦਿੰਦੇ ਹਾਂ। ਬੱਚੀਆਂ ਨੂੰ ਬੱਚੇ ਦੇ ਰੂਪ ਵਿਚ ਹੀ ਜਿਊਣ ਦਿਓ। ਬੱਚੇ ਦੇ ਰੂਪ ਵਿਚ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਵਾਲੇ ਗੀਤ ਗਾਉਣ ਦਿਓ।
ਜੇਕਰ ਅਸੀਂ ਮਾਵਾਂ ਬੱਚੀਆਂ ਨੂੰ ਔਰਤ ਦੇ ਰੂਪ ਵਿਚ ਪੇਸ਼ ਕਰਦੀਆਂ ਰਹੀਆਂ ਤਾਂ ਇਸ ਦਾ ਬੱਚੀਆਂ ਦੇ ਜੀਵਨ 'ਤੇ ਬਹੁਤ ਗ਼ਲਤ ਪ੍ਰਭਾਵ ਪਵੇਗਾ ਤੇ ਪੈ ਰਿਹਾ ਹੈ। ਇਸ ਨਾਲ ਬੱਚੀ ਦੀ ਮਾਸੂਮੀਅਤ ਤੇ ਬਚਪਨ ਉਸ ਤੋਂ ਖੁੱਸ ਰਹੇ ਹਨ। ਉਸ ਦੀ ਸੋਚ ਤੇ ਸ਼ਖ਼ਸੀਅਤ ਦੀ ਉਸਾਰੀ ਵਿਚ ਵੀ ਰੁਕਾਵਟ ਪੈਦਾ ਹੁੰਦੀ ਹੈ। ਬੱਚੀਆਂ ਦੀ ਪੜ੍ਹਾਈ ਤੇ ਖੇਡ 'ਤੇ ਵੀ ਪ੍ਰਭਾਵ ਪੈ ਸਕਦਾ।
ਔਰਤਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਚੰਗੇ ਸਸਕਾਰ ਦੇਣ। ਉਨ੍ਹਾਂ ਨੂੰ ਬਾਲ ਕਹਾਣੀਆਂ ਵਰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਮਾਵਾਂ ਨੂੰ ਵਿਸ਼ੇਸ਼ ਯੋਗਦਾਨ ਪਾਉਣਾ ਚਾਹੀਦਾ ਹੈ। ਬੱਚੀਆਂ ਨੂੰ ਖੇਡਣ ਦੀ ਸਲਾਹ ਦੇਣੀ ਚਾਹੀਦੀ। ਔਰਤਾਂ ਨੂੰ ਚਾਹੀਦਾ ਸਕੂਲਾਂ ਵਿਚ ਵੀ ਬੱਚੀਆਂ ਨੂੰ ਖੇਡਣ ਲਈ ਅਗਵਾਈ ਕਰਨ। ਵੱਡੇ-ਵੱਡੇ ਸ਼ਹਿਰਾਂ ਵਿਚ ਬੱਚੀਆਂ ਨੂੰ ਕਰਾਟੇ ਵੀ ਸਿਖਾਏ ਜਾਣ।
ਔਰਤਾਂ ਨੂੰ ਚਾਹੀਦਾ ਹੈ ਆਪਣੀਆਂ ਬੱਚੀਆਂ ਨੂੰ ਟੀ. ਵੀ. ਤੇ ਇੰਟਰਨੈੱਟ ਦੀ ਵਰਤੋਂ ਘੱਟ ਕਰਨ ਦੇਣ। ਜੇਕਰ ਬੱਚੀਆਂ ਗ਼ਲਤ ਪ੍ਰੋਗਰਾਮ ਦੇਖਣ ਵੀ ਤਾਂ ਉਨ੍ਹਾਂ ਨੂੰ ਸਮਝਾਓ ਕਿ ਇਹ ਤੁਹਾਡੇ ਲਈ ਨਹੀਂ ਹੈ। ਔਰਤਾਂ ਤੇ ਮਾਵਾਂ ਨੂੰ ਇਨ੍ਹਾਂ ਗੱਲਾਂ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਅੱਜ ਛੋਟੀਆਂ-ਛੋਟੀਆਂ ਬੱਚੀਆਂ ਨਾਲ ਜੋ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਦਾ ਕਾਫੀ ਹੱਦ ਤੱਕ ਕਾਰਨ ਬੱਚੀਆਂ ਨੂੰ ਮਾਵਾਂ ਔਰਤਾਂ ਵਲੋਂ ਔਰਤ ਦੇ ਰੂਪ ਵਿਚ ਦਿਖਾਉਣਾ ਵੀ ਹੈ। ਮਾਵਾਂ ਵਲੋਂ ਕੀਤੀਆਂ ਛੋਟੀਆਂ-ਛੋਟੀਆਂ ਅਣਗਹਿਲੀਆਂ ਨਾਲ ਬੱਚੀਆਂ ਨੂੰ ਬਹੁਤ ਜ਼ੁਲਮ ਸਹਿਣਾ ਪੈਂਦਾ ਹੈ। ਗ਼ਲਤ ਕਿਸਮ ਦੇ ਲੋਕ ਆਪਣੀ ਗ਼ਲਤ ਸੋਚ ਦਾ ਇਸਤੇਮਾਲ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ 'ਤੇ ਕਰਦੇ ਹਨ, ਜੋ ਭਿਆਨਕ ਨਤੀਜੇ ਦਿੰਦਾ ਹੈ। ਔਰਤਾਂ ਜੋ ਮਾਵਾਂ ਹਨ, ਨੂੰ ਆਪਣੀਆਂ ਬੱਚੀਆਂ ਨੂੰ ਆਪਣੀ ਰੱਖਿਆ ਲਈ ਕਰਾਟੇ ਸਿਖਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਅੱਜ ਮਾਵਾਂ ਨੂੰ ਆਪਣੀਆਂ ਬੱਚੀਆਂ ਨੂੰ ਚੇਤੰਨ ਕਰਨ ਦੀ ਵੀ ਬੇਹੱਦ ਜ਼ਰੂਰਤ ਹੈ।


-ਮਕਾਨ ਗਲੀ ਨੰ: 12, ਸੰਤਪੁਰਾ, ਕਪੂਰਥਲਾ। ਮੋਬਾ: 98148-92249

ਆਓ ਬਣਾਈਏ ਕੌਰਨ ਸੂਪ

ਸਮੱਗਰੀ : * ਇਕ ਵੱਡੇ ਤੋਂ ਵਿਚਕਾਰਲੇ ਆਕਾਰ ਦੀ ਮੱਕੀ ਦੀ ਛੱਲੀ, * 1/2 ਚਮਚਾ ਕਾਲੀ ਮਿਰਚ ਪਾਊਡਰ, * 1 ਚਮਚਾ ਪੀਸੀ ਹੋਈ ਅਜਵਾਇਣ (ਨਾ ਹੋਣ 'ਤੇ ਛੱਡ ਸਕਦੇ ਹੋ), * 1 ਚਮਚਾ ਹਰਾ ਪਿਆਜ਼ ਕੱਟਿਆ ਹੋਇਆ, * 1 ਚਮਚ ਤੇਲ (ਸੂਰਜਮੁਖੀ ਜਾਂ ਜੈਤੂਨ) ਜਾਂ ਮੱਖਣ, * 1.5 ਕੱਪ ਪਾਣੀ ਜਾਂ 3/4 ਕੱਪ ਕੋਸਾ ਦੁੱਧ+3/4 ਕੱਪ ਪਾਣੀ ਜਾਂ 1.5 ਕੱਪ ਸਬਜ਼ੀ ਦਾ ਪਾਣੀ, * 1/2 ਚਮਚਾ ਮੱਕੀ ਦਾ ਆਟਾ (2 ਚਮਚ ਪਾਣੀ ਵਿਚ ਘੁਲਿਆ ਹੋਇਆ), * ਨਮਕ ਲੋੜ ਅਨੁਸਾਰ।
ਕਿਵੇਂ ਬਣਾਈਏ ਸੂਪ:
* ਛੱਲੀ ਨੂੰ ਉਬਾਲ ਲਓ ਤੇ ਦਾਣੇ ਵੱਖ ਕਰ ਲਓ। * ਕੁਝ ਦਾਣੇ ਰੱਖ ਲਓ (ਲਗਪਗ 2 ਚਮਚੇ)। * ਬਾਕੀ ਦਾਣਿਆਂ ਨੂੰ ਥੋੜ੍ਹਾ ਪਾਣੀ ਪਾ ਕੇ ਪੀਸ ਕੇ ਪੇਸਟ ਬਣਾ ਲਓ।
* ਹੁਣ ਇਕ ਪੈਨ ਵਿਚ ਤੇਲ ਜਾਂ ਮੱਖਣ ਗਰਮ ਕਰੋ, ਇਸ ਵਿਚ ਪਿਆਜ਼ ਪਾ ਕੇ ਭੁੰਨੋ। * ਹੁਣ ਪੀਸੀ ਹੋਈ ਅਜਵਾਇਣ ਅਤੇ ਦਾਣਿਆਂ ਦੀ ਪੇਸਟ ਥੋੜ੍ਹਾ ਪਾਣੀ ਪਾ ਕੇ ਹਿਲਾਓ (ਦੁੱਧ ਜਾਂ ਪਾਣੀ ਜਾਂ ਸਬਜ਼ੀਆਂ ਦਾ ਪਾਣੀ)।
* ਇਸ ਵਿਚ ਕਾਲੀ ਮਿਰਚ ਪਾਊਡਰ ਤੇ ਨਮਕ ਪਾਓ ਅਤੇ ਬਾਕੀ ਰੱਖੇ ਮੱਕੀ ਦੇ ਦਾਣੇ ਪਾ ਕੇ 2-3 ਮਿੰਟ ਲਈ ਪਕਾਓ ਅਤੇ ਹਿਲਾਉਂਦੇ ਰਹੋ।
* ਇਸ ਵਿਚ ਮੱਕੀ ਦੀ ਪੇਸਟ ਨੂੰ ਪਾਓ ਅਤੇ 2-3 ਮਿੰਟ ਪਕਾਓ। ਹੁਣ ਸੂਪ ਥੋੜ੍ਹਾ ਸੰਘਣਾ ਹੋ ਜਾਵੇਗਾ। ਮਤਲਬ ਮੱਕੀ ਪੱਕ ਗਈ ਹੈ।
* ਹੁਣ ਸਵਾਦ ਚੈੱਕ ਕਰੋ ਅਤੇ ਗਰਮਾ-ਗਰਮ ਸੂਪ ਪਰੋਸਣ ਲਈ ਤਿਆਰ ਹੈ।
* ਕੌਰਨ ਸੂਪ ਨੂੰ ਅਜਵਾਇਣ ਪੱਤੇ ਜਾਂ ਹਰੇ ਪਿਆਜ਼ ਨਾਲ ਸਜਾ ਸਕਦੇ ਹੋ।
* ਇਹ ਕੌਰਨ ਸੂਪ ਲਸਣ ਜਾਂ ਬਰੈੱਡ ਟੋਸਟ ਨਾਲ ਖਾਣ ਲਈ ਚੰਗਾ ਲੱਗੇਗਾ।

ਪਹਿਰਾਵਾ-ਸ਼ਖ਼ਸੀਅਤ ਮੁਤਾਬਿਕ

ਪਰਮਾਤਮਾ ਨੇ ਇਨਸਾਨ ਦੀ ਰਚਨਾ ਕਰਕੇ ਬੜਾ ਅਲੌਕਿਕ ਕੰਮ ਕੀਤਾ ਹੈ। ਇਨਸਾਨ ਸੋਚ ਸਕਦਾ ਹੈ, ਕਿਸੇ ਚੀਜ਼ ਦੀ ਸਿਰਜਣਾ ਕਰ ਸਕਦਾ ਹੈ। ਉਸ ਨੇ ਆਪਣੇ ਤਨ ਨੂੰ ਪੱਤਿਆਂ ਨਾਲ ਵੀ ਢਕਿਆ। ਅੱਜਕਲ੍ਹ ਬਹੁਤ ਔਖਾ ਕੰਮ ਹੋ ਗਿਆ ਹੈ ਕੱਪੜਿਆਂ ਦੀ ਚੋਣ ਕਰਨ ਦਾ। ਸਿਆਣੇ ਕਹਿੰਦੇ ਸਨ, 'ਖਾਓ ਮਨ ਭਾਉਂਦਾ ਤੇ ਪਾਓ ਜੱਗ ਭਾਉਂਦਾ।' ਜੇ ਇਸ ਵਿਚਾਰ ਨੂੰ ਵਿਚਾਰੀਏ ਤਾਂ ਜੋ ਰਿਵਾਜ ਦਾ ਕੱਪੜਾ ਚੱਲ ਰਿਹਾ ਹੈ, ਪਾ ਲਓ।
ਪਰ ਨਹੀਂ, ਜ਼ਰਾ ਸੋਚੋ ਉਸ ਪਰਮਾਤਮਾ ਨੇ ਤੁਹਾਡੀ ਰਚਨਾ ਕਿਵੇਂ ਦੀ ਕੀਤੀ ਹੈ। ਹਰੇਕ ਇਨਸਾਨ ਦੀ ਸਰੀਰਕ ਬਣਤਰ ਅਲੱਗ ਹੈ। ਸੋਚ ਅਲੱਗ ਹੈ। ਮਰਦ ਹੋਵੇ ਜਾਂ ਔਰਤ, ਹਰ ਇਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਸ਼ਖ਼ਸੀਅਤ ਮੁਤਾਬਿਕ ਕੱਪੜਿਆਂ ਦੀ ਚੋਣ ਕਰਨ। ਰਿਵਾਜ ਛੱਡ ਕੇ ਇਹ ਦੇਖਣ ਕਿ ਉਨ੍ਹਾਂ ਨੂੰ ਕਿਹੜਾ ਪਹਿਰਾਵਾ ਜਚਦਾ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਸੁਰਮਾ ਹਰ ਕੋਈ ਪਾ ਲੈਂਦਾ ਹੈ ਪਰ ਮਟਕਾਉਣਾ ਕਿਸੇ-ਕਿਸੇ ਨੂੰ ਆਉਂਦਾ ਹੈ। ਇਸ ਲਈ ਹੀ ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂ ਵੱਡੀਆਂ ਕੰਪਨੀਆਂ ਵਿਚ ਯੂਨੀਫਾਰਮ ਲਗਵਾਈ ਜਾਂਦੀ ਹੈ। ਇਸ ਨਾਲ ਅਮੀਰ-ਗਰੀਬ ਦਾ ਭੇਦ ਖ਼ਤਮ ਹੋ ਜਾਂਦਾ ਹੈ। ਜਿਸ ਖੇਤਰ ਵਿਚ ਯੂਨੀਫਾਰਮ ਨਹੀਂ ਹੈ, ਉਥੇ ਸਾਨੂੰ ਬੜੇ ਧਿਆਨ ਨਾਲ ਕੱਪੜਿਆਂ ਅਤੇ ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ। ਅਧਿਆਪਕ ਜੋ ਸਮਾਜ ਦਾ ਸਿਰਜਣਹਾਰ ਹੈ, ਉਹ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਸਾਫ਼-ਸੁਥਰੇ, ਸਾਦਾ ਤੇ ਟਿਕਾਊ ਕੱਪੜੇ ਪਾਵੇ। ਦਫ਼ਤਰ ਆਦਿ ਵਿਚ ਵੀ ਤੰਗ ਤੇ ਭੜਕੀਲੇ ਕੱਪੜਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਫੈਸ਼ਨ ਦੀ ਅੰਨ੍ਹੀ ਦੌੜ ਵਿਚ ਕਦੇ ਵੀ ਸ਼ਾਮਿਲ ਨਹੀਂ ਹੋਣਾ ਚਾਹੀਦਾ। ਫੈਸ਼ਨ ਰਿਵਾਜ ਦੇ ਨਾਲ-ਨਾਲ ਜੇ ਅਸੀਂ ਆਪਣੀ ਸਰੀਰਕ ਬਣਤਰ, ਅਹੁਦੇ ਤੇ ਸ਼ਖ਼ਸੀਅਤ ਦਾ ਧਿਆਨ ਰੱਖ ਕੇ ਪਹਿਰਾਵਾ ਪਾਉਂਦੇ ਹਾਂ ਤਾਂ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਦ ਲੱਗ ਜਾਂਦੇ ਹਨ। ਜ਼ਰੂਰੀ ਨਹੀਂ ਕਿ ਕੱਪੜਾ ਮਹਿੰਗਾ ਤੇ ਭੜਕੀਲਾ ਹੋਵੇ ਤਾਂ ਹੀ ਚੰਗਾ ਲਗਦਾ ਹੈ। ਸਾਫ਼-ਸੁਥਰਾ, ਪ੍ਰੈੱਸ ਕੀਤਾ ਸਾਦਾ ਕੱਪੜਾ ਵੀ ਦੂਰੋਂ ਤੁਹਾਡੀ ਸ਼ਖ਼ਸੀਅਤ ਬਾਰੇ ਦੱਸ ਦਿੰਦਾ ਹੈ। ਪਰ ਅਫ਼ਸੋਸ ਕਿ ਪੱਛਮੀ ਸੱਭਿਅਤਾ ਦੀ ਅੰਨ੍ਹੀ ਦੌੜ ਦੇ ਪ੍ਰਭਾਵ ਥੱਲੇ ਅਸੀਂ ਆਪਣੇ ਪੂਰਵ ਦੇ ਸੰਸਕਾਰਾਂ ਨੂੰ ਭੁੱਲ ਕੇ ਅੱਧਨਗਨ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸੋ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੱਪੜਿਆਂ ਦੀ ਚੋਣ ਕਰਨ ਵੇਲੇ ਆਪਣੀ ਪਦਵੀ, ਹੈਸੀਅਤ ਅਤੇ ਸਰੀਰਕ ਬਣਤਰ ਦਾ ਖਿਆਲ ਜ਼ਰੂਰ ਰੱਖੀਏ। ਵਧੀਆ ਤੇ ਸਲੀਕੇ ਨਾਲ ਪਾਇਆ ਕੱਪੜਾ ਇਕ-ਚੌਥਾਈ ਸਾਡੇ ਸੁਹੱਪਣ ਨੂੰ ਵਧਾਉਂਦਾ ਹੈ ਤੇ ਜੇਕਰ ਅਸੀਂ ਨਿਮਰਤਾ ਨਾਲ ਤੇ ਮਿੱਠਾ ਬੋਲੀਏ ਤਾਂ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ।


-ਘਰ ਨੰ: ਐਸ-17, ਨਿਊ ਰਾਜਾ ਗਾਰਡਨ, ਮਿੱਠਾਪੁਰ (ਮਾਡਲ ਟਾਊਨ), ਜਲੰਧਰ ਸ਼ਹਿਰ।

ਇੰਜ ਰੱਖੋ ਰਸੋਈ ਨੂੰ ਸਾਫ਼

ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਅੱਜ ਵੀ ਸਾਡੇ ਦੇਸ਼ ਦੀਆਂ ਔਰਤਾਂ ਦਾ ਬਹੁਤਾ ਸਮਾਂ ਰਸੋਈ ਵਿਚ ਹੀ ਬੀਤਦਾ ਹੈ। ਜਿਸ ਜਗ੍ਹਾ 'ਤੇ ਬਹੁਤਾ ਸਮਾਂ ਬਿਤਾਇਆ ਜਾਂਦਾ ਹੈ, ਉਸ ਦੀ ਸਫ਼ਾਈ ਦਾ ਧਿਆਨ ਵੀ ਸਿਹਤ ਲਈ ਰੱਖਣਾ ਹੀ ਚਾਹੀਦਾ ਹੈ।
ਗੈਸ ਚੁੱਲ੍ਹੇ ਨੂੰ ਨਿਯਮਤ ਰੂਪ ਨਾਲ ਰੋਜ਼ ਖਾਣਾ ਬਣਾਉਣ ਤੋਂ ਬਾਅਦ ਗਿੱਲੇ ਕੱਪੜੇ ਨਾਲ ਜ਼ਰੂਰ ਹੀ ਪੂੰਝ ਲੈਣਾ ਚਾਹੀਦਾ ਹੈ। ਰੋਜ਼ ਸਾਬਣ ਲਗਾ ਕੇ ਧੋਣ ਦੀ ਲੋੜ ਨਹੀਂ ਹੈ। ਤੇਲ-ਮਸਾਲਿਆਂ ਦੇ ਦਾਗਾਂ ਦੀ ਸਮੱਸਿਆ ਨਾਲ ਗ੍ਰਹਿਣੀਆਂ ਨੂੰ ਕਾਫੀ ਜੂਝਣਾ ਪੈਂਦਾ ਹੈ। ਤਲਿਆ-ਭੁੰਨਿਆ ਜ਼ਿਆਦਾ ਖਾਣ ਦੀ ਆਦਤ ਹੋਣ ਕਾਰਨ, ਤੜਕਾ ਲਗਾਉਣ ਕਾਰਨ ਸਾਰਾ ਕਮਰਾ ਧੂੰਏਂ ਨਾਲ ਭਰ ਜਾਂਦਾ ਹੈ। ਭਾਂਡੇ, ਡੱਬੇ, ਮਸਾਲਿਆਂ ਦੀਆਂ ਸ਼ੀਸ਼ੀਆਂ ਆਦਿ ਸਾਰਾ ਕੁਝ ਤੇਲ ਨਾਲ ਚਿਪਚਿਪੇ ਹੋ ਜਾਂਦੇ ਹਨ, ਇਸ ਲਈ ਰਸੋਈ ਵਿਚ ਰੱਖੀਆਂ ਚੀਜ਼ਾਂ ਨੂੰ ਨਿਯਮਿਤ ਰੂਪ ਨਾਲ ਧੋਂਦੇ ਰਹਿਣਾ ਚਾਹੀਦਾ ਹੈ। ਸਾਬਣ ਘੁਲੇ ਗਰਮ ਪਾਣੀ ਦੀ ਵਰਤੋਂ ਨਾਲ ਸ਼ੀਸ਼ਿਆਂ ਦੀ ਚਿਕਨਾਹਟ ਦੂਰ ਹੋ ਜਾਂਦੀ ਹੈ। ਪਲਾਸਟਿਕ ਦੇ ਡੱਬੇ, ਬਾਲਟੀਆਂ ਆਦਿ ਵਿਚ ਜੇ ਤੇਲ ਦੇ ਦਾਗ ਲੱਗ ਗਏ ਹੋਣ ਤਾਂ ਮਿੱਟੀ ਦੇ ਤੇਲ ਨਾਲ ਰਗੜ ਕੇ ਸਾਫ਼ ਕਰ ਲਓ। ਉਸ ਤੋਂ ਬਾਅਦ ਸਾਬਣ ਨਾਲ ਧੋ ਦਿਓ, ਸਾਰੇ ਇਕਦਮ ਸਾਫ਼ ਹੋ ਜਾਣਗੇ। ਇਸ ਤਰ੍ਹਾਂ ਡੱਬੇ ਸਾਫ਼ ਵੀ ਹੋ ਜਾਣਗੇ ਅਤੇ ਉਨ੍ਹਾਂ ਵਿਚ ਮਿੱਟੀ ਦੇ ਤੇਲ ਦੀ ਬਦਬੂ ਵੀ ਨਹੀਂ ਰਹੇਗੀ।
ਪ੍ਰੈਸ਼ਰ ਕੁੱਕਰ ਦੇ ਅੰਦਰ ਬਹੁਤ ਛੇਤੀ ਦਾਗ ਲੱਗ ਜਾਂਦੇ ਹਨ। ਪਾਣੀ ਵਿਚ ਥੋੜ੍ਹਾ ਜਿਹਾ ਸਿਰਕਾ, ਇਮਲੀ ਜਾਂ ਨਿੰਬੂ ਦਾ ਰਸ ਪਾ ਕੇ ਇਕ ਵਾਰ ਸਟੀਮ ਕਰ ਲਓ। ਠੰਢਾ ਹੋਣ 'ਤੇ ਪਾਣੀ ਨੂੰ ਡੋਲ੍ਹ ਕੇ ਚੰਗੀ ਤਰ੍ਹਾਂ ਮਾਂਜ ਲਓ। ਉਹ ਇਕਦਮ ਚਮਕ ਜਾਵੇਗਾ। ਸਭ ਤੋਂ ਚੰਗਾ ਹੋਵੇਗਾ ਕਿ ਜੇ ਤੁਸੀਂ ਸਾਰੇ ਭਾਂਡਿਆਂ ਨੂੰ ਧੋ ਕੇ ਇਕ ਵਾਰ ਉਬਲਦੇ ਪਾਣੀ ਵਿਚ ਡੁਬੋ ਕੇ ਕੱਢ ਲਓ। ਕਾਫੀ ਜ਼ਿਆਦਾ ਤੇਲ ਨਾਲ ਲਿਬੜੇ ਭਾਂਡੇ ਉਬਲਦੇ ਪਾਣੀ ਵਿਚ ਡੁਬੋ ਕੇ ਫਿਰ ਨਿੰਬੂ ਅਤੇ ਸਾਬਣ ਲਗਾ ਕੇ ਮਾਂਜ ਲਓ। ਫਿਰ ਦੁਬਾਰਾ ਗਰਮ ਪਾਣੀ ਨਾਲ ਧੋ ਕੇ ਕੱਢ ਲਓ। ਇਸ ਨਾਲ ਉਸ ਵਿਚ ਲੱਗਿਆ ਘਿਓ ਬਿਲਕੁਲ ਸਾਫ਼ ਹੋ ਜਾਵੇਗਾ।
ਸੜੇ ਹੋਏ ਭਾਂਡਿਆਂ ਨੂੰ ਸਾਰੀ ਰਾਤ ਲੂਣ ਵਾਲੇ ਪਾਣੀ ਵਿਚ ਪਾ ਕੇ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਉਬਾਲ ਲਓ। ਠੰਢੇ ਹੋਣ 'ਤੇ ਸਾਧਾਰਨ ਢੰਗ ਨਾਲ ਮਾਂਜਦੇ ਹੀ ਜਲੇ ਦੇ ਦਾਗ ਲੱਥ ਜਾਣਗੇ ਅਤੇ ਭਾਂਡੇ ਚਮਕਣ ਲੱਗਣਗੇ। ਅੱਜਕਲ੍ਹ ਗੈਸ ਦੀ ਸਹੂਲਤ ਹੋਣ ਨਾਲ ਘਰ ਵਿਚ ਸੁਆਹ ਮਿਲਣੀ ਅਸੰਭਵ ਹੋ ਗਈ ਹੈ। ਫਿਰ ਵੀ ਕਿਤਿਓਂ ਲਿਆ ਕੇ ਜੇ ਸੁਆਹ ਨੂੰ ਛਾਣ ਕੇ ਵਿਮ ਪਾਊਡਰ ਦੇ ਨਾਲ ਮਿਲਾ ਲਿਆ ਜਾਵੇ ਤਾਂ ਐਲੂਮੀਨੀਅਮ ਦੀਆਂ ਪਤੀਲੀਆਂ, ਕੜਾਹੀ ਆਦਿ ਮਾਂਜਣ ਵਿਚ ਅਸਾਨੀ ਹੋਵੇਗੀ। ਸਟੀਲ, ਕੱਚ ਆਦਿ ਦੇ ਭਾਂਡਿਆਂ ਲਈ ਸਾਬਣ ਦੀ ਵਰਤੋਂ ਹੀ ਕਾਫੀ ਹੈ। ਤੁੜਕਾ ਆਦਿ ਲਗਾਉਂਦੇ ਸਮੇਂ ਜੇ ਕੜਾਹੀ ਜਾਂ ਚੜ੍ਹਾਇਆ ਗਿਆ ਭਾਂਡਾ ਉਸੇ ਸਮੇਂ ਢਕ ਦਿੱਤਾ ਜਾਵੇ ਤਾਂ ਧੂੰਆਂ ਚਾਰੇ ਪਾਸੇ ਫੈਲਦਾ ਨਹੀਂ ਹੈ। ਰਸੋਈ ਦਾ ਐਗਜ਼ਾਸਟ ਫੈਨ ਇਸੇ ਧੂੰਏਂ ਦੇ ਕਾਰਨ ਤੇਲ ਵਾਲੀ ਕਾਲਖ ਨਾਲ ਭਰ ਜਾਂਦਾ ਹੈ। ਇਸੇ ਕਾਰਨ ਪੱਖਾ ਵੀ ਖਰਾਬ ਹੋ ਜਾਂਦਾ ਹੈ। ਪੱਖੇ ਨੂੰ ਨਿਯਮਤ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਰਸੋਈ ਵਿਚ ਝੀਂਗੁਰ ਅਤੇ ਤਿਲਚੱਟੇ ਆਦਿ ਹੋਣ ਦਾ ਮੁੱਖ ਕਾਰਨ ਗੰਦਗੀ ਹੀ ਹੁੰਦੀ ਹੈ। ਆਮ ਤੌਰ 'ਤੇ ਖੁੱਲ੍ਹੇ ਪਏ ਖਾਣੇ, ਜੂਠ ਆਦਿ ਵਿਚ ਹੀ ਇਨ੍ਹਾਂ ਦੀ ਪੈਦਾਵਾਰ ਹੁੰਦੀ ਹੈ ਅਤੇ ਉਸੇ ਨੂੰ ਖਾ ਕੇ ਇਨ੍ਹਾਂ ਦੀ ਗਿਣਤੀ ਵਧਦੀ ਹੈ। ਰਾਤ ਨੂੰ ਭਾਂਡਿਆਂ ਵਿਚ ਬਚੀ ਜੂਠ ਪਈ ਹੋਵੇ ਤਾਂ ਕੀੜੇ ਲੱਗਣਗੇ ਹੀ। ਜੂਠ ਨੂੰ ਸੁੱਟਣ ਤੋਂ ਬਾਅਦ ਹੀ ਸਿੰਕ ਵਿਚ ਭਾਂਡਿਆਂ ਨੂੰ ਰੱਖੋ। ਰਸੋਈ ਵਿਚ ਢੱਕਣ ਵਾਲੇ ਡਸਟਬਿਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਕੱਚ ਦੇ ਭਾਂਡੇ ਅਤੇ ਨਾਨਸਟਿਕ ਭਾਂਡਿਆਂ ਨੂੰ ਧੋਣ ਲਈ ਟੂ-ਇਨ-ਵਨ ਕ੍ਰਾਕਰੀ ਬੁਰਸ਼ ਦੀ ਵਰਤੋਂ ਕਰਨੀ ਚੰਗੀ ਹੁੰਦੀ ਹੈ। ਇਸ ਤੋਂ ਇਲਾਵਾ 'ਚਾਇਨਾ' ਯੂਟੇਨਸਿਲ ਕਲੀਨਰ ਵੀ ਮਿਲਦਾ ਹੈ। ਰਸੋਈ ਦੀ ਸਫ਼ਾਈ ਲਈ 'ਡਿਸਪੋਜ਼ੇਬਲ ਕਿਚਨ ਰੋਲ' ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਕੱਚ ਦੀਆਂ ਸ਼ੀਸ਼ੀਆਂ, ਗਲਾਸ ਆਦਿ ਸਾਫ਼ ਕਰਨ ਵਿਚ ਬੜੀ ਮੁਸ਼ਕਿਲ ਹੁੰਦੀ ਹੈ। ਇਸ ਵਾਸਤੇ ਗਲਾਸ ਕਲੀਨਰ ਮਿਲਦਾ ਹੈ, ਜਿਸ ਦੇ ਉੱਪਰ ਫੋਮ ਦਾ ਪੈਡ ਲੱਗਿਆ ਹੁੰਦਾ ਹੈ। ਇਸ ਤੋਂ ਇਲਾਵਾ ਨਾਈਲੋਨ ਦੇ ਦੰਦਾਂ ਵਾਲਾ ਬੋਤਲ ਸਾਫ਼ ਕਰਨ ਵਾਲਾ ਵੀ ਮਿਲਦਾ ਹੈ। ਰਸੋਈ ਦਾ ਸਿੰਕ ਸਾਫ਼ ਕਰਨ ਲਈ ਹੱਥ ਵਾਲੇ ਬੁਰਸ਼ ਦੀ ਵਰਤੋਂ ਕਰੋ। ਸੁਗੰਧਿਤ ਤਰਲ ਸਾਬਣ ਲੈ ਕੇ ਰੱਖ ਲਓ। ਇਸ ਨਾਲ ਸਫ਼ਾਈ ਵਿਚ ਅਸਾਨੀ ਹੁੰਦੀ ਹੈ।
ਰਸੋਈ ਦੇ ਭਾਂਡਿਆਂ ਵਿਚ ਸੜੇ ਦਾ ਦਾਗ ਜੇ ਬਹੁਤ ਪੁਰਾਣਾ ਹੋ ਗਿਆ ਹੋਵੇ ਤਾਂ ਦੋ ਚਮਚੇ ਬੇਕਿੰਗ ਸੋਢਾ, ਅੱਧਾ ਕੱਪ ਸਿਰਕਾ ਅਤੇ ਇਕ ਕੱਪ ਪਾਣੀ ਮਿਲਾ ਕੇ 10 ਮਿੰਟ ਤੱਕ ਉਬਾਲ ਲਓ। ਫਿਰ ਚੰਗੀ ਤਰ੍ਹਾਂ ਸਾਫ਼ ਕਰ ਲਓ। ਧੋਂਦੇ ਹੀ ਦਾਗ ਲੱਥ ਜਾਵੇਗਾ। ਦੁੱਧ ਜਾਂ ਚੌਲਾਂ ਦਾ ਫੇਨ ਉਬਲ ਕੇ ਜੇ ਗੈਸ ਦੇ ਬਰਨਰ 'ਤੇ ਡਿਗ ਪਵੇ ਤਾਂ ਉਸੇ ਸਮੇਂ ਉਸ 'ਤੇ ਨਮਕ ਛਿੜਕ ਦਿਓ। ਬਾਅਦ ਵਿਚ ਠੰਢਾ ਹੋਣ 'ਤੇ ਇਕ ਸਖ਼ਤ ਬੁਰਸ਼ ਨਾਲ ਰਗੜ ਕੇ ਗਿੱਲੇ ਸਪੰਜ ਨਾਲ ਪੂੰਝ ਦਿਓ। ਸਭ ਸਾਫ਼ ਹੋ ਜਾਵੇਗਾ।


-ਪੂਨਮ ਦਿਨਕਰ

ਘਰ ਵਿਚ ਬਣੇ ਪੈਕ ਨਾਲ ਨਿਖਾਰੋ ਆਪਣਾ ਚਿਹਰਾ

ਘਰ ਵਿਚ ਬਣੇ ਫੇਸ ਪੈਕ ਦੁਆਰਾ ਆਪਣੀ ਸੁੰਦਰਤਾ ਨੂੰ ਘੱਟ ਸਮੇਂ ਵਿਚ ਹੀ ਨਿਖਾਰਿਆ ਜਾ ਸਕਦਾ ਹੈ। ਤੁਹਾਡੀ ਰਸੋਈ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਘਰ ਬੈਠੇ ਕੁਦਰਤੀ ਫੇਸ ਪੈਕ ਦੁਆਰਾ ਆਪਣੀ ਚਮੜੀ ਦੀ ਕਿਸਮ ਅਨੁਸਾਰ ਫੇਸ ਪੈਕ ਬਣਾ ਕੇ ਉਸ ਨੂੰ ਚਿਹਰੇ 'ਤੇ ਲਗਾ ਕੇ ਆਪਣੀ ਚਮੜੀ ਨੂੰ ਖੂਬਸੂਰਤ ਬਣਾ ਸਕਦੇ ਹੋ।
ਰੁੱਖੀ ਚਮੜੀ : ਦੋ ਚਮਚੇ ਮਿਲਕ ਪਾਊਡਰ ਵਿਚ, ਦੋ ਚਮਚੇ ਸ਼ਹਿਦ ਅਤੇ ਪਾਣੀ ਦੀਆਂ ਕੁਝ ਬੂੰਦਾਂ ਪਾ ਕੇ ਇਕ ਪੇਸਟ ਤਿਆਰ ਕਰੋ। ਜੇ ਤੁਹਾਡੀ ਚਮੜੀ ਜ਼ਿਆਦਾ ਰੁੱਖੀ ਹੈ ਤਾਂ ਇਸ ਵਿਚ ਪਾਣੀ ਦੀ ਜਗ੍ਹਾ ਗੁਲਾਬ ਜਾਂ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਰੱਖਣ ਤੋਂ ਬਾਅਦ ਆਪਣੇ ਚਿਹਰੇ ਨੂੰ ਧੋ ਲਓ।
ਤੇਲੀ ਚਮੜੀ : ਦੋ ਚਮਚੇ ਮੁਲਤਾਨੀ ਮਿੱਟੀ ਵਿਚ, ਇਕ ਚਮਚਾ ਗੁਲਾਬ ਜਲ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਇਕ ਪੇਸਟ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਮੁਲਤਾਨੀ ਮਿੱਟੀ ਵਿਚ ਸੰਤਰੇ ਦਾ ਰਸ ਮਿਲਾ ਕੇ ਵੀ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ।
ਆਮ ਚਮੜੀ : ਖੀਰੇ ਨੂੰ ਦੋ ਕਿਊਬ ਵਿਚ ਕੱਟੋ, ਉਸ ਵਿਚ ਅੱਧਾ ਕੱਪ ਓਟਸ ਮਿਲਾ ਕੇ ਦਰਦਰਾ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਰੈਫਰੀਜਰੇਟਰ ਵਿਚ ਰੱਖ ਕੇ ਇਕ ਹਫ਼ਤੇ ਤੱਕ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਿਆਰ ਪੇਸਟ ਵਿਚ ਇਕ ਚਮਚਾ ਮਲਾਈ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਤੱਕ ਲਗਾ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਠੰਢੇ ਪਾਣੀ ਨਾਲ ਧੋ ਲਓ।
ਮਿਲੀਜੁਲੀ ਚਮੜੀ : ਅੱਧਾ ਕੱਪ ਦਹੀਂ ਵਿਚ ਆਂਡੇ ਦੀ ਸਫੈਦੀ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ ਚਿਹਰੇ 'ਤੇ 15 ਮਿੰਟ ਤੱਕ ਲਗਾ ਕੇ ਰੱਖਣ ਤੋਂ ਬਾਅਦ ਧੋ ਲਓ। ਇਸ ਤੋਂ ਇਲਾਵਾ ਪੱਕੇ ਫਲਾਂ ਜਿਵੇਂ ਸਟਰਾਬਰੀ, ਕੀਵੀ, ਪਪੀਤਾ ਅਤੇ ਕੇਲੇ ਵਰਗੇ ਫਲਾਂ ਦੁਆਰਾ ਵੀ ਪੇਸਟ ਤਿਆਰ ਕੀਤਾ ਜਾ ਸਕਦਾ ਹੈ। ਫਲ ਨੂੰ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਇਸ ਵਿਚ ਥੋੜ੍ਹਾ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲਓ। ਇਸ ਪੇਸਟ ਨੂੰ 10-12 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਧੋ ਲਓ।
ਸੰਵੇਦਨਸ਼ੀਲ ਚਮੜੀ : ਜਿਨ੍ਹਾਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਘਰ ਵਿਚ ਬਣੇ ਫੇਸਪੈਕ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਰੋਗ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਦੋ ਚਮਚੇ ਓਟ ਵਿਚ ਦੋ ਚਮਚੇ ਬਦਾਮ ਮਿਲਾ ਕੇ ਪਾਊਡਰ ਤਿਆਰ ਕਰੋ। ਉਸ ਵਿਚ ਅੱਧੇ ਖੀਰੇ ਨੂੰ ਕੱਦੂਕਸ਼ ਕਰਕੇ ਉਸ ਦਾ ਰਸ ਕੱਢੋ। ਇਸ ਪੇਸਟ ਨੂੰ ਠੰਢਾ ਕਰਨ ਤੋਂ ਬਾਅਦ ਚਿਹਰੇ 'ਤੇ 15 ਮਿੰਟ ਤੱਕ ਲਗਾ ਕੇ ਰੱਖੋ ਅਤੇ ਉਸ ਤੋਂ ਬਾਅਦ ਚਿਹਰਾ ਧੋ ਲਓ।
ਪੈਕ ਲਗਾਉਣ ਤੋਂ ਪਹਿਲਾਂ : * ਚਿਹਰੇ 'ਤੇ ਪੈਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਨੂੰ ਥਪਥਪਾ ਕੇ ਸੁਕਾਓ। * ਚਿਹਰੇ 'ਤੇ ਇਕਸਾਰ ਮਾਸਕ ਲਗਾਓ। * ਗੁਲਾਬ ਜਲ ਵਿਚ ਰੂੰ ਭਿਉਂ ਕੇ ਅੱਖਾਂ 'ਤੇ ਰੱਖੋ। * ਪੈਕ ਨੂੰ ਜਿੰਨੇ ਸਮੇਂ ਤੱਕ ਚਿਹਰੇ 'ਤੇ ਲਗਾ ਕੇ ਰੱਖੋ, ਉਸ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰੇ ਨੂੰ ਧੋਵੋ ਅਤੇ ਕਿਸੇ ਸਖ਼ਤ ਤੌਲੀਏ ਨਾਲ ਪੂੰਝਣ ਦੀ ਬਜਾਏ ਚਿਹਰੇ ਨੂੰ ਥਪਥਪਾ ਕੇ ਸੁਕਾਓ। * ਪੈਕ ਲਗਾਉਣ ਤੋਂ ਬਾਅਦ ਮਾਇਸਚਰਾਈਜ਼ਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।


-ਪ੍ਰਤਿਮਾ ਅਰੋੜਾ,
ਫਿਊਚਰ ਮੀਡੀਆ ਨੈੱਟਵਰਕ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX