ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਰਥਿਕਤਾ ਦੀ ਮਜ਼ਬੂਤੀ ਲਈ ਬਾਗ਼ਬਾਨੀ ਧੰਦੇ ਦਾ ਮਹੱਤਵ

ਪੰਜਾਬ ਦੀ ਆਰਥਿਕਤਾ ਵਿਚ ਮਜ਼ਬੂਤੀ ਲਿਆਉਣ ਵਿਚ ਬਾਗ਼ਬਾਨੀ ਦੇ ਧੰਦੇ ਦਾ ਇਕ ਅਹਿਮ ਯੋਗਦਾਨ ਹੈ। ਬਾਗ਼ਬਾਨੀ ਦਾ ਧੰਦਾ ਭੋਜਨ ਸੁਰੱਖਿਆ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ। ਪੰਜਾਬ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਰਾਹੀਂ ਲਗਾਤਾਰ ਧਰਤੀ ਹੇਠਲਾ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ, ਜਿਸ ਨੂੰ ਕਿ ਬਾਗ਼ਬਾਨੀ ਦਾ ਧੰਦਾ ਅਪਣਾਉਣ ਨਾਲ ਹੀ ਕਾਬੂ ਵਿਚ ਕੀਤਾ ਜਾ ਸਕਦਾ ਹੈ। ਸੁਆਦੀ ਹੋਣ ਦੇ ਨਾਲ- ਨਾਲ ਫਲਾਂ ਵਿਚ ਸਾਡੀ ਸਿਹਤ ਲਈ ਜ਼ਰੂਰੀ ਵਿਟਾਮਿਨ, ਖਣਿਜ, ਅਂੈਟੀਆਕਸੀਡੈਟ ਅਤੇ ਪ੍ਰੋਟੀਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ, ਜੋ ਕਿ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੇ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਨੁਸਾਰ ਇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ ਆਪਣੀ ਖੁਰਾਕ ਵਿਚ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਰ ਅਸੀ ਹਰ ਰੋਜ਼ ਫਲਾਂ ਦਾ ਸੇਵਨ ਨਹੀਂ ਕਰਦੇ ਹਾਂ। ਕਿਉਕਿ ਫਲ ਦੇ ਮਹਿੰਗੇ ਹੋਣ ਦੇ ਨਾਲ-ਨਾਲ ਸਾਨੂੰ ਇਹ ਹਰ ਰੋਜ਼ ਤਾਜ਼ੀ ਹਾਲਾਤ ਵਿਚ ਪ੍ਰਾਪਤ ਨਹੀਂ ਹੋ ਪਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਉੱਤੇ ਅੰਨੇਵਾਹ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਰਕੇ ਅਸੀ ਇਨ੍ਹਾਂ ਦਾ ਸੇਵਨ ਕਰਨ ਤੋ ਪ੍ਰਹੇਜ਼ ਕਰਦੇ ਹਾਂ। ਇਸ ਲਈ ਸਾਨੂੰ ਇਨ੍ਹਾਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਆਪਣੀ ਨਿੱਜੀ ਵਰਤੋ ਲਈ ਪੌਸ਼ਟਿਕ ਫਲਾਂ ਦੀ ਬਗੀਚੀ ਆਪਣੇ ਘਰ ਵਿਚ ਹੀ ਲਗਾ ਲੈਣੀ ਚਾਹੀਦੀ ਹੈ। ਇਸ ਲਈ ਨਵਾਂ ਬਾਗ਼ ਲਗਾਉਣ ਤੋ ਪਹਿਲਾਂ ਬਾਗ਼ ਦੀ ਢੁੱਕਵੀ ਵਿਊਂਤਬੰਦੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਾਗ਼ ਵਿਚ ਫਲਦਾਰ ਬੂਟਿਆਂ ਦੀ ਕਾਸ਼ਤ ਇਕ ਲੰਮੇ ਸਮੇਂ ਦਾ ਧੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਪੰਜਾਬ ਵਿਚ ਇਸ ਮੌਸਮ (ਸਤੰਬਰ ਤੋ ਅਕਤੂਬਰ) ਵਿਚ ਸਦਾਬਹਾਰੀ ਫਲਦਾਰ ਬੂਟਿਆਂ ਨੂੰ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਵੱਖ-ਵੱਖ ਸਦਾਬਹਾਰੀ ਫਲਦਾਰ ਬੂਟਿਆਂ ਦੀ ਕਾਸ਼ਤ ਲਈ ਕੁੱਝ ਢੁੱਕਵਂੇ ਇਲਾਕੇ ਸਿਫਾਰਿਸ਼ ਕੀਤੇ ਗਏ ਹਨ। ਜਿਵੇਂ ਕਿ ਨੀਮ ਪਹਾੜੀ ਇਲਾਕਿਆਂ ਵਿਚ ਅੰਬ, ਲੀਚੀ, ਕਿੰਨੂ ਅਤੇ ਹੋਰ ਸੰਤਰੇ, ਨਾਸ਼ਪਾਤੀ, ਅਮਰੂਦ, ਆੜੂ, ਚੀਕੂ, ਅਲੂਚਾ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਆਮਲਾ ਅਤੇ ਲੁਗਾਠ ਲਗਾਏ ਜਾ ਸਕਦੇ ਹਨ। ਕਂੇਦਰੀ ਇਲਾਕਿਆਂ ਵਿਚ ਨਾਖ, ਅਮਰੂਦ, ਆੜੂ, ਅਲੂਚਾ, ਅੰਗੂਰ, ਅੰਬ, ਕਿੰਨੂ, ਆਮਲਾ, ਹੋਰ ਸੰਤਰੇ, ਬੇਰ, ਮਾਲਟਾ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਨੂੰ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਸੇਂਜੂ ਖੁਸ਼ਕ ਇਲਾਕਿਆਂ ਵਿਚ ਕਿੰਨੂ ਅਤੇ ਹੋਰ ਸੰਤਰੇ, ਮਾਲਟਾ, ਅੰਗੂਰ, ਅਮਰੂਦ, ਆਂਵਲਾ, ਬੇਰ, ਗਰੇਪਫਰੂਟ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਨਾਸ਼ਪਾਤੀ, ਅਲੂਚਾ, ਆੜੂ, ਆਂਵਲਾ, ਅਨਾਰ ਅਤੇ ਖਜ਼ੂਰ ਲਗਾਏ ਜਾ ਸਕਦੇ ਹਨ। ਕੰਢੀ ਦੇ ਇਲਾਕੇ ਵਿਚ ਅਮਰੂਦ, ਬੇਰ, ਆਂਵਲਾ, ਅੰਬ, ਗਲਗਲ, ਕਿੰਨੂ ਅਤੇ ਹੋਰ ਸੰਤਰੇ, ਕਾਗਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਅਤੇ ਬੇਟ ਦੇ ਇਲਾਕੇ ਵਿਚ ਨਾਸ਼ਪਾਤੀ, ਅਮਰੂਦ, ਕੇਲਾ, ਅਲੂਚਾ, ਬੇਰ ਅਤੇ ਫਾਲਸਾ ਲਗਾਏ ਜਾ ਸਕਦੇ ਹਨ।
ਫਲਦਾਰ ਬੂਟੇ ਲਗਾਉਣ ਲਈ ਜ਼ਮੀਨ ਦੀ ਚੋਣ: ਫਲਦਾਰ ਬੂਟੇ ਲਾਉਣ ਲਈ ਜ਼ਮੀਨ ਡੂੰਘੀ, ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ, ਭਾਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਇਸ ਦੀ 2 ਮੀਟਰ ਤੱਕ ਦੀ ਡੂੰਘਾਈ ਤੱਕ ਕੋਈ ਰੋੜ ਜਾਂ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ ਹੈ। ਇਸ ਵਿਚ ਕੋਈ ਲੂਣਾ ਜਾਂ ਤੇਜ਼ਾਬੀਪਣ ਨਹੀਂ ਹੋਣਾ ਚਾਹੀਦਾ ਹੈ। ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਉਤਰਾਅ-ਚੜ੍ਹਾਅ ਨਹੀਂ ਆਉਣਾ ਚਾਹੀਦਾ ਹੈ। ਫਲਦਾਰ ਬੂਟਿਆਂ ਵਾਲੀ ਜ਼ਮੀਨ ਦੀ ਹੇਠਲੀ ਤਹਿ 'ਤੇ ਤੱਤਾਂ ਦਾ ਦਰਜਾ ਅਤੇ ਹੋਰ ਹਾਲਤਾਂ ਵੀ ਫ਼ਲਦਾਰ ਬੂਟਿਆਂ ਦੇ ਵਾਧੇ ਲਈ ਬਹੁਤ ਜ਼ਰੂਰੀ ਹਨ। ਇਸ ਕਰਕੇ ਬਾਗ਼ ਲਗਾਉਣ ਤੋਂ ਪਹਿਲਾਂ ਜ਼ਮੀਨ ਦੀ 2 ਮੀਟਰ ਦੀ ਡੂੰਘਾਈ ਤੱਕ ਪਰਖ ਕਰਵਾ ਲੈਣੀ ਚਾਹੀਦੀ ਹੈ। ਇਸ ਕੰਮ ਲਈ ਜ਼ਮੀਨ ਦੀ ਹਰ ਤਹਿ ਵਿੱੱਚੋਂ ਲੋਹੇ ਦੀ ਬੋਕੀ ਜਾਂ ਔਗਰ ਨਾਲ ਜਾਂ ਟੋਆ ਪੁੱਟ ਕੇ 500 ਗ੍ਰਾਮ ਮਿੱਟੀ ਦਾ ਨਮੂਨਾ ਲਉ । ਜਿਵੇਂ ਕਿ ਮਿੱਟੀ ਦੀ ਉਪਰਲੀ 15 ਸੈਂਟੀਮੀਟਰ ਦੀ ਤਹਿ, 15 ਤੋਂ 30 ਸੈਂਟੀਮੀਟਰ ਦੀ ਤਹਿ, 30 ਤੋਂ 60 ਸੈਂਟੀਮੀਟਰ ਦੀ ਤਹਿ, 60 ਤੋਂ 90 ਸੈਂਟੀਮੀਟਰ ਦੀ ਤਹਿ, 90 ਤੋਂ 120 ਸੈਂਟੀਮੀਟਰ ਦੀ ਤਹਿ, 120 ਤੋਂ 150 ਸੈਂਟੀਮੀਟਰ ਦੀ ਤਹਿ ਅਤੇ 150 ਤੋਂ 200 ਸੈਂਟੀਮੀਟਰ ਦੀ ਤਹਿ ਵਿਚੋਂ ਨਮੂਨੇ ਲੈ ਲਵੋ। ਇਸ ਤਰ੍ਹਾਂ ਇਹ ਸੱਤ ਤਹਿਆਂ ਬਣ ਜਾਣਗੀਆਂ। ਜੇਕਰ ਕੋਈ ਸਖ਼ਤ ਜਾਂ ਪਥਰੀਲੀ ਤਹਿ ਆ ਜਾਵੇ ਤਾਂ ਉਸ ਦੀ ਮੋਟਾਈ ਤੇ ਡੂੰਘਾਈ ਦੇਖ ਲਉ ਅਤੇ ਉਸ ਦਾ ਵੱਖਰਾ ਨਮੂਨਾ ਲਉ। ਹਰ ਨਮੂਨੇ ਉੱਪਰ ਤਹਿ ਦੀ ਡੂੰਘਾਈ ਲਿਖ ਲਉ ਅਤੇ ਹਰ ਨਮੂਨੇ ਨੂੰ ਵੱਖਰੀ ਕੱਪੜੇ ਦੀ ਸਾਫ਼ ਥੈਲੀ ਵਿਚ ਬੰਨ੍ਹ ਲਵੋ ਤਾਂ ਕਿ ਇਕ ਦੂਜੇ ਨਮੂਨੇ ਦੀ ਆਪਸ ਵਿਚ ਮਿਲਾਵਟ ਨਾ ਹੋ ਸਕੇ। ਫਿਰ ਇਹ ਨਮੂਨੇ ਨੇੜੇ ਦੇ ਕਿਸੇ ਸਰਕਾਰੀ ਜਾਂ ਪੰਜਾਬ ਖੇਤੀਬਾੜੀ ਵਿਭਾਗ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਜਾਂ ਆਪਣੇ ਜ਼ਿਲ੍ਹੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਮਾਹਿਰ ਨੂੰ ਭੇਜ ਦਿਉ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਜ਼ਮੀਨ ਦੇ ਅਨੁਕੂਲ ਅਤੇ ਬਾਗ਼ਬਾਨੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਬਾਗ਼ ਲਗਾਉਣ ਦੀ ਵਿਊਂਤਬੰਦੀ ਕਰੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਕਿਵੇਂ ਕਰੀਏ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ

ਫ਼ਸਲੀ ਵਿਭਿੰਨਤਾ ਲਿਆਉਣ ਵਿਚ ਤੇਲ ਬੀਜ ਫ਼ਸਲਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ । ਸਾਡੇ ਦੇਸ਼ ਵਿਚ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਦੀ ਬਹੁਤ ਜ਼ਰੂਰਤ ਹੈ ਕਿੳਂੁਕਿ ਵਧ ਰਹੀ ਆਬਾਦੀ ਕਾਰਨ ਇਸ ਦੀ ਲੋੜ ਨੂੰ ਪੂਰਾ ਕਰਨ ਲਈ ਕਰੋੜਾਂ ਰੁਪਏ ਦੀ ਵਿਦੇਸ਼ੀ ਮੁਦਰਾ ਖਰਚ ਕੇ ਬਾਹਰਲੇ ਮੁਲਕਾਂ ਤੋਂ ਖਾਣ ਵਾਲਾ ਤੇਲ ਮੰਗਵਾਉਣਾ ਪੈਂਦਾ ਹੈ । ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 50-55 ਗ੍ਰਾਮ ਤੇਲ ਦੀ ਜ਼ਰੂਰਤ ਹੁੰਦੀ ਹੈ ਪਰ ਸਾਨੂੰ ਲੋੜ ਤੋਂ ਅੱਧਾ ਵੀ ਨਹੀਂ ਮਿਲ ਰਿਹਾ । ਪੰਜਾਬ ਦਾ ਵਾਤਾਵਰਨ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ। ਤੋਰੀਆ ਅਤੇ ਗੋਭੀ ਸਰ੍ਹੋਂ ਦੋਵੇਂ ਹੀ ਪੰਜਾਬ ਦੀਆਂ ਬਹੁਤ ਮਹੱਤਵਪੂਰਨ ਤੇਲ ਬੀਜ ਫ਼ਸਲਾਂ ਹਨ । ਤੋਰੀਆ ਘੱਟ ਸਮਾਂ ਲੈਣ ਕਰਕੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁੱਕਵੀਂ ਫ਼ਸਲ ਹੈ । ਸੇਂਜੂ ਹਾਲਤਾਂ ਵਿਚ ਤੋਰੀਏ ਤੋਂ ਬਾਅਦ ਕਣਕ, ਸੂਰਜਮੁਖੀ, ਆਲੂ ਜਾਂ ਮੱਕੀ (ਬਸੰਤ ਰੁੱਤ) ਅਤੇ ਮੈਂਥੇ ਦੀ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ । ਘੱਟ ਸਮੇਂ ਵਿਚ ਪ੍ਰਤੀ ਏਕੜ ਤੋਂ ਵੱਧ ਝਾੜ ਲੈਣ ਲਈ ਤੋਰੀਏ ਅਤੇ ਗੋਭੀ ਸਰੋਂ ਦੀ ਰਲਵੀਂ ਖੇਤੀ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਹੇਠ ਲਿਖੀਆਂ ਤਕਨੀਕਾਂ ਇਕੱਲੇ ਤੋਰੀਏ ਦੀ ਅਤੇ ਤੋਰੀਏ ਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਕਰਨ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਸਕਦੀਆਂ ਹਨ।
ਜ਼ਮੀਨ ਦੀ ਚੋਣ ਅਤੇ ਤਿਆਰੀ: ਚੰਗੇ ਜਲ ਨਿਕਾਸ ਵਾਲੀ ਅਤੇ ਮੈਰਾ ਜ਼ਮੀਨ ਤੋਰੀਏ ਦੀ ਕਾਸ਼ਤ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਗੋਭੀ ਸਰ੍ਹੋਂ ਦੀ ਫ਼ਸਲ ਹਰ ਤਰਾਂ ਦੀ ਜ਼ਮੀਨ 'ਤੇ ਹੋ ਸਕਦੀ ਹੈ। ਦਰਮਿਆਨੀ ਤੋਂ ਭਾਰੀ ਬਾਰਿਸ਼ ਵਾਲੇ ਇਲਾਕੇ ਇਨ੍ਹਾਂ ਫ਼ਸਲਾਂ ਲਈ ਬਹੁਤ ਢੁੱਕਵੇਂ ਮੰਨੇ ਜਾਂਦੇ ਹਨ। ਇਨ੍ਹਾਂ ਫ਼ਸਲਾਂ ਦਾ ਬੀਜ ਬਰੀਕ ਹੋਣ ਕਰਕੇ ਅਤੇ ਤੋਰੀਏ ਦੀ ਬਿਜਾਈ ਸਮੇਂ ਤਾਪਮਾਨ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਬਿਜਾਈ ਲਈ ਖੇਤ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਖ਼ਾਸ ਕਰ ਤੋਰੀਏ ਦੀ ਬਿਜਾਈ ਲਈ ਖੇਤ ਵਿਚ ਭਰਪੂਰ ਨਮੀ ਹੋਣੀ ਚਾਹੀਦੀ ਹੈ। ਜ਼ਮੀਨ ਨੂੰ ਦੋ -ਚਾਰ ਵਾਰ ਹਲਾਂ ਨਾਲ ਵਾਹ ਕੇ ਤੇ ਹਰ ਵਾਰ ਸੁਹਾਗਾ ਮਾਰ ਕੇ ਵਧੀਆ ਤਿਆਰ ਕੀਤਾ ਜਾ ਸਕਦਾ ਹੈ।
ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ : ਤੋਰੀਏ ਦੀ ਫ਼ਸਲ ਲਈ 1.5 ਕਿੱਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਤੋਰੀਏ ਦੀ ਬਿਜਾਈ 30 ਸੈਂ.ਮੀ. ਦੀ ਵਿੱਥ ਦੀਆਂ ਲਾਈਨਾਂ ਵਿਚ ਡਰਿੱਲ ਜਾਂ ਪੋਰੇ ਨਾਲ ਸਤੰਬਰ ਦੇ ਮਹੀਨੇ ਵਿਚ ਕਰਨੀ ਚਾਹੀਦੀ ਹੈ । ਬੂਟੇ ਤੋਂ ਬੂਟੇ ਦਾ ਫ਼ਾਸਲਾ 10-15 ਸੈਂ.ਮੀ. ਰੱਖ ਕੇ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਵਾਧੂ ਬੂਟੇ ਕੱਢ ਦਿਓ ।
ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਤੋਂ ਵੱਧ ਝਾੜ ਲੈਣ ਲਈ, ਦੋਨਾਂ ਫ਼ਸਲਾਂ ਨੂੰ ਸਤੰਬਰ ਦੇ ਦੂਜੇ- ਤੀਜੇ ਹਫ਼ਤੇ ਤੱਕ ਬੀਜੋ। ਇਸ ਲਈ ਦੋਨਾਂ ਫ਼ਸਲਾਂ ਦਾ ਇਕ-ਇਕ ਕਿੱਲੋ ਬੀਜ ਕਾਫ਼ੀ ਹੈ। ਦੋਨਾਂ ਫ਼ਸਲਾਂ ਦੀ ਇਕ-ਇਕ ਕਤਾਰ 22.5 ਸੈਂ.ਮੀ. 'ਤੇ ਬੀਜੋ ਜਾਂ ਫਿਰ ਤੋਰੀਏ ਦਾ ਛੱਟਾ ਮਾਰ ਦਿਓ ਅਤੇ ਬਾਅਦ ਵਿਚ ਗੋਭੀ ਸਰ੍ਹੋਂ ਨੂੰ 45 ਸੈਂ. ਮੀ. ਦੀ ਦੂਰੀ 'ਤੇ ਕਤਾਰਾਂ ਵਿਚ ਬੀਜ ਦਿਓ। ਜੇਕਰ ਬੂਟਿਆਂ ਦੀ ਗਿਣਤੀ ਵੱਧ ਹੋਵੇ ਤਾਂ ਤਿੰਨ ਹਫ਼ਤਿਆਂ ਬਾਅਦ ਬੂਟੇ ਵਿਰਲੇ ਕਰ ਦਿਓ । ਤੋਰੀਏ ਦੀ ਫ਼ਸਲ ਅੱਧ ਦਸੰਬਰ ਤੱਕ ਖੇਤ ਖ਼ਾਲੀ ਕਰ ਦਿੰਦੀ ਹੈ ਜਦਕਿ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦ੍ਹਰਵਾੜੇ ਤੱਕ ਖੇਤ ਖ਼ਾਲੀ ਕਰ ਦਿੰਦੀ ਹੈ । ਪੰਜਾਬ ਵਿਚ ਤੋਰੀਏ ਦੀਆਂ ਦੋ ਕਿਸਮਾਂ ਅਤੇ ਰਲਵੀਂ ਖੇਤੀ ਲਈ ਗੋਭੀ ਸਰ੍ਹੋਂ ਦੀਆਂ ਪੰਜਾਂ ਕਿਸਮਾਂ ਵਿਚੋਂ ਦੋ ਦੀ ਸਿਫ਼ਾਰਸ਼ ਕੀਤੀ ਗਈ ਹੈ।
ਖਾਦ ਪ੍ਰਬੰਧ : ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕਰੋ । ਪਰ ਜੇਕਰ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ ਤੋਰੀਏ ਦੀ ਫ਼ਸਲ ਨੂੰ 25 ਕਿੱਲੋ ਨਾਈਟ੍ਰੋਜਨ (55 ਕਿੱਲੋ ਯੂਰੀਆ) ਅਤੇ 18 ਕਿੱਲੋ ਫ਼ਾਸਫ਼ੋਰਸ (50 ਕਿੱਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਵਿਚ 120 ਕਿਲੋ ਯੂਰੀਆ, 75 ਕਿੱਲੋ ਸਿੰਗਲ ਸੁਪਰ ਫਾਸਫੇਟ ਅਤੇ 10 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। 55 ਕਿੱਲੋ ਯੂਰੀਆ, ਸਾਰੀ ਸਿੰਗਲ ਸੁਪਰ ਫ਼ਾਸਫ਼ੇਟ ਅਤੇ ਮਿਊਰੇਟ ਆਫ਼ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰ ਦਿਓ। ਬਾਕੀ 65 ਕਿਲੋ ਯੂਰੀਆ ਤੋਰੀਆ ਵੱਢ ਕੇ ਪਾਣੀ ਨਾਲ ਪਾਓ। ਤੇਲ ਬੀਜ ਫ਼ਸਲਾਂ ਵਿਚ ਡਾਈਅਮੋਨੀਅਮ ਫ਼ਾਸਫ਼ੇਟ ਖਾਦ ਨਾ ਵਰਤੋ ਬਲਕਿ ਸਿੰਗਲ ਸੁਪਰ ਫ਼ਾਸਫ਼ੇਟ ਨੂੰ ਤਰਜੀਹ ਦਿਉ ਕਿਉਂਕਿ ਇਸ ਵਿਚ ਗੰਧਕ ਤੱਤ ਲੋੜੀਂਦੀ ਮਾਤਰਾ ਵਿਚ ਹੁੰਦੇ ਹਨ ਜੋ ਕਿ ਤੇਲ ਬੀਜ ਫ਼ਸਲਾਂ ਲਈ ਬਹੁਤ ਅਹਿਮ ਤੱਤ ਹਨ। ਜੇਕਰ ਇਹ ਤੱਤ ਨਾ ਮਿਲੇ ਤਾਂ ਡੀ.ਏ.ਪੀ ਨਾਲ 50 ਕਿੱਲੋ ਜਿਪਸਮ ਪ੍ਰਤੀ ਏਕੜ ਪਾਈ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ : ਤੋਰੀਏ ਦੀ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਇਕ ਗੋਡੀ ਕਰਕੇ ਨਦੀਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ ।
ਸਿੰਚਾਈ ਪ੍ਰਬੰਧ : ਭਾਰੀ ਰੌਣੀ ਤੋਂ ਬਾਅਦ ਤੋਰੀਏ ਦੀ ਫ਼ਸਲ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਪਵੇ ਤਾਂ ਇਸ ਨੂੰ ਫੁੱਲ ਆਉਣ ਸਮੇਂ ਪਾਣੀ ਦੀ ਔੜ ਨਾ ਆਉਣ ਦਿਉ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ ਵਿਚ ਬਾਰਿਸ਼ ਅਨੁਸਾਰ ਗੋਭੀ ਸਰ੍ਹੋਂ ਨੂੰ 3 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਬਾਅਦ ਪਾਣੀ ਲਾਉਣ ਨਾਲ ਜੜ੍ਹਾਂ ਡੂੰਘੀਆਂ ਜਾਂਦੀਆਂ ਹਨ। ਦੂਸਰਾ ਪਾਣੀ ਫੁੱਲ ਪੈਣ 'ਤੇ ਦਿਉ। ਲੋੜ ਅਨੁਸਾਰ ਕੋਰੇ ਤੋਂ ਬਚਾਉਣ ਲਈ ਇਹ ਜਲਦੀ ਵੀ ਦਿੱਤਾ ਜਾ ਸਕਦਾ ਹੈ (ਅਖ਼ੀਰ-ਦਸੰਬਰ ਜਾਂ ਜਨਵਰੀ ਦੇ ਸ਼ੁਰੂ ਵਿਚ)। ਤੀਜਾ ਪਾਣੀ ਫਰਵਰੀ ਦੇ ਦੂਜੇ ਪੰਦ੍ਹਰਵਾੜੇ ਵਿਚ ਦਿਉ। ਬਾਅਦ ਵਿਚ ਪਾਣੀ ਦੀ ਲੋੜ ਨਹੀਂ ਪੈਂਦੀ।
ਵਾਢੀ : ਜਦੋਂ ਫ਼ਲੀਆਂ ਪੀਲੀਆਂ ਹੋ ਜਾਣ ਤਾਂ ਸਮਝੋ ਕਿ ਫ਼ਸਲ ਵੱਢਣ ਲਈ ਤਿਆਰ ਹੈ। ਤੋਰੀਆ ਦਸੰਬਰ ਵਿਚ ਵੱਢ ਲਿਆ ਜਾਂਦਾ ਹੈ ਤੇ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦ੍ਹਰਵਾੜੇ ਵਿਚ। ਰਲਵੀਂ ਖੇਤੀ ਕਰ ਕੇ ਦੋਵਾਂ ਫ਼ਸਲਾਂ ਤੋਂ 12 ਕੁਇੰਟਲ ਪ੍ਰਤੀ/ਏਕੜ (4 ਕੁਇੰਟਲ ਤੋਰੀਆ ਅਤੇ 8 ਕੁਇੰਟਲ ਗੋਭੀ ਸਰ੍ਹੋਂ) ਝਾੜ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਰਲਵੀਂ ਖੇਤੀ ਕਰਕੇ ਉਨੇ ਹੀ ਰਕਬੇ ਵਿਚੋਂ ਵੱਧ ਝਾੜ 'ਤੇ ਮੁਨਾਫ਼ਾ ਲਿਆ ਜਾ ਸਕਦਾ ਹੈ।


-ਠਾਕਰ ਸਿੰਘ, ਜਗਮੋਹਨ ਕੌਰ ਅਤੇ ਕੁਲਵੀਰ ਸਿੰਘ ਸੈਣੀ
ਫ਼ਸਲ ਵਿਗਿਆਨ ਵਿਭਾਗ

ਪੰਜਾਬ ਦਾ ਪੁਰਾਣਾ ਸੱਭਿਆਚਾਰ

ਮੈਨੂੰ ਹਰ ਮਹੀਨੇ ਵਿਆਹਾਂ ਦੇ ਸੱਦਾ ਪੱਤਰ ਆਉਂਦੇ ਹਨ, ਪਰ ਤੇਜ਼ ਰਫ਼ਤਾਰ ਜ਼ਿੰਦਗੀ 'ਚ ਇਨ੍ਹਾਂ ਸਾਰੇ ਵਿਆਹਾਂ ਵਿਚ ਸ਼ਮਿਲ ਹੋਣ ਵਾਸਤੇ ਗੁੰਜਾਇਸ਼ ਹੀ ਨਹੀਂ ਤੇ ਹੁਣ ਜੇ ਮੈਂ ਕਿਸੇ ਵਿਆਹ ਵਿਚ ਸ਼ਾਮਿਲ ਹੁੰਦਾ ਵੀ ਹਾਂ ਤਾਂ ਇਕ ਦੋ ਘੰਟੇ।
ਪਰ 1945 ਦਾ ਇਕ ਵਿਆਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਿਸ ਵਿਚ ਲਗਾਤਾਰ ਚਾਰ ਪੰਜ ਦਿਨ ਸ਼ਾਮਿਲ ਹੋ ਕੇ ਮੈਂ ਹੁਣ ਤੱਕ ਇਹਦੀਆਂ ਰਸਮਾਂ ਤੇ ਖੁਸ਼ੀਆਂ ਨੂੰ ਆਪਣੀਆਂ ਖ਼ੂਬਸੂਰਤ ਯਾਦਾਂ ਵਿਚ ਸੰਭਾਲਿਆ ਹੋਇਆ ਹੈ।
ਇਹ ਵਿਆਹ ਮੇਰੀ ਭੂਆ ਦੇ ਵੱਡੇ ਪੁੱਤਰ ਦਾ ਸੀ, ਵਿਆਹ ਤੋਂ ਦੋ ਦਿਨ ਪਹਿਲਾਂ ਸਾਰੀ ਰਾਤ ਜਿਵੇਂ ਨੀਂਦ ਮੇਰੀਆਂ ਅੱਖਾਂ ਨਾਲ ਰੁੱਸੀ ਰਹੀ ਸੀ। ਨੀਂਦ ਤੋਂ ਬਾਹਰ-ਬਾਹਰ ਹੀ ਅਣਗਿਣਤ ਸੁਪਨੇ ਮੇਰੀਆਂ ਇੱਛਾਵਾਂ ਨਾਲ ਲੁਕਣਮੀਚੀ ਖੇਡਦੇ ਰਹੇ। ਸਵੇਰੇ ਭੂਆ ਦੇ ਪਿੰਡ ਤੇ ਅੱਗੇ ਬਰਾਤ ਵਿਚ ਜਾਣ ਲਈ ਚਾਅ ਮਨ 'ਚ ਜਿਵੇਂ ਛੂਣ੍ਹ ਛੁਲ੍ਹਾਈਆਂ ਖੇਡਦੇ ਰਹੇ।
ਸਵੇਰੇ ਨਾਨਕੀ ਛੱਕ ਲਈ ਗੱਡੇ 'ਤੇ ਸਾਮਾਨ ਰੱਖਿਆ ਗਿਆ ਤਾਂ ਮੈਂ ਕੁਝ ਖਾਧੇ-ਪੀਤੇ ਬਗ਼ੈਰ ਹੀ ਟੱਪ ਕੇ ਗੱਡੇ 'ਤੇ ਬਹਿ ਗਿਆ, ਭਾਵੇਂ ਮੈਨੂੰ ਬਹੁਤ ਕਿਹਾ ਗਿਆ ਕਿ-'ਮੈਂ ਥੱਲੇ ਉੱਤਰ ਆਵਾਂ ਅਜੇ ਗੱਡਾ ਨਹੀਂ ਤੁਰਨਾ' ਪਰ ਮੈਂ ਦੋਵਾਂ ਹੱਥਾਂ ਨਾਲ ਘੁੱਟ ਕੇ ਫੜੀ ਗੱਡੇ ਦੀ ਵਲੀ ਨਾ ਛੱਡੀ, ਮੇਰੀ ਜ਼ਿੱਦ ਅੱਗੇ ਝੁਕ ਕੇ ਮੇਰੇ ਚਾਚੇ ਨੇ ਗੱਡੇ 'ਤੇ ਹੀ ਮੈਨੂੰ ਆਪਣੀ ਪਸੰਦ ਦਾ ਖਾਣਾ, ਮੱਕੀ ਦੀ ਬੇਹੀ ਰੋਟੀ ਤਾਜ਼ੇ ਦਹੀਂ ਵਿਚ ਚੂਰ ਕੇ, ਖਿਲਾਇਆ ਤੇ ਅਸੀਂ ਗੱਡੇ 'ਤੇ ਭੂਆ ਦੇ ਪਿੰਡ ਨੂੰ ਚੱਲ ਪਏ।
ਮੇਰਾ ਚਾਚਾ ਸਾਰੇ ਨਾਨਕਾ ਮੇਲ ਦੀ ਅਗਵਾਈ ਕਰ ਰਿਹਾ ਸੀ, ਚਾਚਾ ਤੇ ਚਾਚੀ ਘਰੋਂ ਨਿਰਨੇ ਹੀ ਤੁਰੇ ਸਨ, ਤੇ ਉਨ੍ਹਾਂ ਨੇ ਭੂਆ ਦੇ ਪਿੰਡ ਜਾ ਕੇ ਹੀ ਕੁਝ ਖਾਣਾ ਪੀਣਾ ਸੀ। ਰਾਹ 'ਚ ਚਾਚੀ, ਚਾਚੇ ਦੀਆਂ ਕੁੜੀਆਂ ਤੇ ਭਾਈਚਾਰੇ 'ਚੋਂ ਮਿਲਣ ਵਰਤਣ ਵਾਲੇ ਪਰਿਵਾਰ ਦੀਆਂ ਨਾਲ ਆਈਆਂ ਕੁੜੀਆਂ ਵਹੁਟੀਆਂ ਹਾਸੇ ਮਖੌਲ ਕਰਦੀਆਂ ਰਹੀਆਂ, ਖੁਸ਼ੀਆਂ ਤੇ ਹਾਸਿਆਂ ਭਰੇ ਏਸ ਮਾਹੌਲ ਵਿਚ ਅਸੀਂ ਜਿਵੇਂ ਬਹੁਤ ਛੇਤੀ ਬੂਹਿਆਂ 'ਤੇ ਬੱਝੇ ਅੰਬ ਦੇ ਪੱਤਿਆਂ ਵਾਲੇ ਤੇ ਸੱਜਰੇ ਫੇਰੇ ਪਾਂਡੂ ਵਾਲੇ ਭੂਆ ਦੇ ਘਰ ਪਹੁੰਚ ਗਏ।
ਭੂਆ ਦੇ ਘਰ ਪਹੁੰਚ ਕੇ ਚਾਚੇ ਨੇ ਰੱਸੀ ਵਿਚ ਠੂਠੀਆਂ ਪਰੋ ਕੇ ਤਣੀਂ ਬੰਨ੍ਹਣ ਦੀ ਰਸਮ ਕੀਤੀ ਤੇ ਭੂਆ ਦੇ ਪਿੰਡ ਦੀਆਂ ਕੁੜੀਆਂ, ਵਹੁਟੀਆਂ ਨੇ ਗੀਤ ਛੋਹ ਲਏ-
ਉੱਠ ਵੇ ਸੁਲੱਖਣਾ ਸੁੱਤਿਆ ਮਾਮੇ ਤੇਰੇ ਵੇ ਆਏ!
ਮਾਮੀਆਂ ਕਾਨ੍ਹਾਂ ਦੀਆਂ ਗੋਪੀਆਂ ਮਾਮੇ ਕਾਨ੍ਹ ਜੁ ਆਏ!
ਇਹ ਗੀਤ ਖ਼ਤਮ ਹੋਇਆ ਤਾਂ ਉਨ੍ਹਾਂ ਨੇ ਸਿੱਠਣੀਆਂ ਛੇੜ ਲਈਆਂ-
ਅੱਜ ਕਿੱਧਰ ਗਈਆਂ ਵੇ ਸੁਲੱਖਣਾ ਮਾਮੀਆਂ ਤੇਰੀਆਂ।
ਅਗੋਂ ਸਾਡੇ ਨਾਨਕ ਮੇਲ ਨੇ ਵੀ ਤੁਰੰਤ ਜਵਾਬ ਦਿੱਤਾ-
ਅਸੀਂ ਹਾਜ਼ਰ ਨਾਜ਼ਰ ਵੇ ਸੁਲੱਖਣਾ ਮਾਮੀਆਂ ਤੇਰੀਆਂ।
ਫੇਰ ਗਲੀ ਮਹੱਲੇ ਦੀਆਂ ਇਸਤਰੀਆਂ ਨੂੰ ਵਿਖਾਉਣ ਵਾਸਤੇ ਨਾਨਕੀ ਛੱਕ ਰੱਖੀ ਗਈ, ਜਿਸ ਵਿਚ, ਭੂਆ ਦੇ ਪੁੱਤਰ ਵਿਆਂਦੜ ਮੁੰਡੇ ਲਈ ਜੋੜਾਜਾਮਾਂ, ਭੂਆ ਜੀ, ਉਹਦੀ ਲੜਕੀ, ਸੱਸ ਤੇ ਦਰਾਣੀਆਂ ਜਠਾਣੀਆਂ ਲਈ ਕੱਪੜੇ, ਇਕ ਸੌ ਰੁਪਿਆ ਨਕਦ, ਨਵੀਂ ਵਿਆਹੀ ਆਉਣ ਵਾਲੀ ਕੁੜੀ ਲਈ ਤਵੀਤਾਂ ਦਾ ਇਕ ਖੂਬਸੂਰਤ ਹਾਰ ਸ਼ਾਮਿਲ ਸੀ।
ਨਾਨਕਾ ਮੇਲ ਨੇ ਫੇਰ ਗੀਤ ਸ਼ੁਰੂ ਕਰ ਲਿਆ-
ਵੇਖ ਲਓ ਲੋਕੋ ਨਾਨਕੀ ਛੱਕ ! ਬਈ ਨਾਨਕੀ ਛੱਕ!!
ਮਾਮੇ ਨੇ ਧਰ ਦਿੱਤੇ ਸੌ 'ਤੇ ਸੱਠ!!!
ਅਗੋਂ ਦਾਦਕੀਆਂ ਨੇ ਵੀ ਜਵਾਬ ਵਿਚ ਗੀਤ ਛੋਹ ਲਿਆ-
ਨਾਨੀ.... ਨੇ ਚਰਖਾ ਨਾ ਡਾਹਿਆ, ਤੰਦ ਨਾ ਪਾਇਆ,
ਵਿਹੜਾ ਨਾ ਛਾਇਆ,
ਨੱਕ ਵਢਾਇਆ,
ਸਾਡੀ ਤਾਂ ਸੰਤੀ ਨੇ ਚਰਖਾ ਵੀ ਡਾਹਿਆ,
ਵਿਹੜਾ ਵੀ ਛਾਇਆ,
ਤੇ ਨੱਕ ਰਖਾਇਆ।
ਨੇੜੇ ਹੋਣ ਕਰਕੇ ਭੂਆ ਦੇ ਪਿੰਡ ਅਸੀਂ ਛਾਹ ਵੇਲੇ ਹੀ ਪਹੁੰਚ ਗਏ ਸੀ ਤੇ ਦੁਪਹਿਰੇ ਪਿੰਡ ਦੇ ਨੇੜੇ ਖੂਹ 'ਤੇ ਚੱਲਦੇ ਚੜਸ ਵਾਲੇ ਚਲ੍ਹੇ 'ਚ ਅਸੀਂ ਨਹਾਤੇ, ਸਵੇਰੇ ਬਰਾਤੇ ਜਾਣ ਦੇ ਚਾਅ 'ਚ ਇੱਟ ਦੇ ਇਕ ਰੋੜੇ ਨਾਲ ਰਗੜ-ਰਗੜ ਕੇ ਪੈਰਾਂ ਦੀਆਂ ਅੱਡੀਆਂ ਦੀ ਅਸੀਂ ਮੈਲ ਉਤਾਰੀ ਤੇ ਸ਼ਾਮ ਨੂੰ ਮੇਰੀ ਪੱਗ ਸਮੇਤ ਕਈ ਪੱਗਾਂ ਝੋਲੇ 'ਚ ਪਾ ਕੇ ਭੂਆ ਦਾ ਛੋਟਾ ਪੁੱਤਰ ਨੇੜੇ ਦੇ ਕਸਬੇ 'ਚ ਜਾ ਕੇ ਪੈਦਲ ਹੀ ਪੱਗਾਂ ਰੰਗਾ ਲਿਆਇਆ।
ਰਾਤ ਨੂੰ ਰੋਟੀ ਖਾਣ ਤੋਂ ਬਾਅਦ ਗਿੱਧੇ ਦੀ ਧਮਕ ਨਾਲ ਭੂਆ ਦਾ ਲੰਮਾ ਚੌੜਾ ਵਿਹੜਾ ਤੇ ਵਿਹੜੇ 'ਚ ਲੱਗਿਆ ਨਿੰਮ ਦਾ ਬਿਰਛ ਹਿਲਣ ਲੱਗ ਪਿਆ, ਆਲੇ ਦੁਆਲੇ ਮਕਾਨਾਂ ਦੇ ਬਨੇਰਿਆਂ ਤੋਂ ਨੀਹਾਂ ਤੱਕ ਹਾਸੇ, ਠੱਠੇ, ਖੁਸ਼ੀਆਂ ਤੇ ਰੌਣਕਾਂ ਛਾਈਆਂ ਹੋਈਆਂ ਸਨ।
ਵਿਆਂਦੜ ਮੁੰਡਾ ਪਟੜੇ 'ਤੇ ਬੈਠਾ ਕੇ ਨਹਾ ਰਿਹਾ ਸੀ। ਮਹਿਰੀ ਪਾਣੀ ਪਾ ਰਹੀ ਸੀ, 'ਵਟਣਾ ਧੋਤਾ ਜਾ ਰਿਹਾ ਸੀ, ਚਾਰ ਕੁੜੀਆਂ ਚਾਰੇ ਕੰਨੀਆਂ' ਤੋਂ ਫੜ ਕੇ ਚੰਦੋਆ ਤਾਣੀ ਖੜ੍ਹੀਆਂ ਸਨ, ਏਸ ਚੰਦੋਏ ਨਾਲ ਹੀ ਨਹਾ ਕੇ ਸੁਲੱਖਣ ਨੇ ਆਪਣਾ ਜਿਸਮ ਪੂੰਝਿਆ ਤੇ ਉਹਦੇ ਮਾਮੇ ਨੇ ਚੁੱਕ ਕੇ ਉਸ ਨੂੰ ਚੌਂਕੀ 'ਤੋਂ ਉਤਾਰਿਆ, ਉਤਾਰਦੇ ਸਮੇਂ ਮਾਮੇ ਨੇ ਚੌਂਕੀ ਅੱਗੇ ਪਈਆਂ ਠੂਠੀਆਂ ਪੈਰਾਂ ਨਾਲ ਭੰਨੀਆਂ ਤੇ ਠੂਠੀਆਂ ਵਿਚ ਰੱਖੇ ਪੈਸੇ ਲਾਗੀ ਨੂੰ ਦੇ ਦਿੱਤੇ ਗਏ, ਸਰਵਣ ਦੇ ਨਹਾਉਣ ਤੋਂ ਪਹਿਲਾਂ ਪਹਿਨੇ ਕੱਪੜੇ ਨਾਈ ਨੇ ਲੈ ਲਏ ਸਨ ਤੇ ਨਹਾਉਣ ਪਿੱਛੋਂ ਸੁਲੱਖਣ ਨੂੰ ਉਹਦੇ ਮਾਮੇ ਵੱਲੋਂ ਲਿਆਂਦਾ ਜੋੜਾ ਜਾਮਾ ਪਹਿਨਾਇਆ ਗਿਆ।
ਇਸੇ ਸਮੇਂ ਮੈਨੂੰ ਵੀ ਫੜ ਕੇ ਸਿਰਬਾਹਲਾ ਬਣਾ ਕੇ ਨੁਹਾ ਦਿੱਤਾ ਗਿਆ ਤੇ ਫੇਰ ਸਾਡੇ ਦੋਵਾਂ ਦੇ ਸਿਹਰੇ ਬੰਨ੍ਹ ਦਿੱਤੇ ਗਏ। ਭਾਬੀਆਂ ਨੇ ਸੁਲੱਖਣ ਦੀਆਂ ਅੱਖਾਂ ਵਿਚ ਸੁਰਮਾ ਪਾ ਕੇ ਪੈਸੇ ਲਏ, ਭਾਈਚਾਰੇ 'ਚੋਂ ਇਸਤਰੀਆਂ ਨੇ ਸਲਾਮੀਆਂ ਪਾਈਆਂ ਤੇ ਫੇਰ ਇਸਤਰੀਆਂ ਦੀ ਭੀੜ ਅੱਗੇ ਸੁਲੱਖਣ ਨੂੰ ਗੁਰਦੁਆਰੇ ਮੱਥਾ ਟਿਕਾਉਣ ਲਈ ਲਿਆਂਦਾ ਗਿਆ, ਭੂਆ ਦੀ ਧੀ, ਸਰਵਣ ਦੀ ਭੈਣ ਤੇ ਮੇਰੀ ਭੈਣ ਨੇ ਉਹਦੇ ਸਾਫ਼ੇ ਦੇ ਲੜ ਦੀ ਇੰਜੜੀ ਫੜੀ ਹੋਈ ਸੀ, ਪਿਛੋਂ ਸੁਲੱਖਣ ਨੇ ਉਨ੍ਹਾਂ ਨੂੰ ਇੰਜੜੀ ਫੜਨ ਦਾ ਇਕ-ਇਕ ਰੁਪਈਆ ਦਿੱਤਾ।
ਉਧਰ ਬੈਲ ਗੱਡੀਆਂ ਵਿਚ ਬਰਾਤੀ ਬੈਠੇ ਹੋਏ ਸਨ, ਲਗਪਗ ਸਾਰੇ ਬਰਾਤੀਆਂ ਨੇ ਕਾਲੀਆਂ, ਸੰਦਲੀ, ਮੂੰਗੀਆ, ਨਾਭੀ ਟਸਰੀ ਤੇ ਹੋਰ ਕਈ ਰੰਗਾਂ ਦੀਆਂ ਪੱਗਾਂ ਬੰਨ੍ਹ ਕੇ ਮਾਂਡੀ ਨਾਲ ਅਕੜਾਏ ਤੁਰਲੇ ਪੱਗਾਂ 'ਤੇ ਖੜ੍ਹੇ ਕੀਤੇ ਹੋਏ ਸਨ। ਭੂਆ ਦੇ ਛੋਟੇ ਪੁੱਤਰ ਜਸਵੀਰ ਨੇ ਆਪਣੇ ਸਿਰ 'ਤੇ ਬੰਨ੍ਹੀ ਖੂਬਸੂਰਤ ਤੁਰਲੀ ਵਾਲੀ ਪੱਗ ਮੇਰੇ ਸਿਰ 'ਤੇ ਵੀ ਸਜਾ ਦਿੱਤੀ ਸੀ ਤੇ ਮੇਰਾ ਵੀ ਚੰਗਾ ਟੌਰ੍ਹ ਕੱਢ ਦਿੱਤਾ ਸੀ।
ਗੁਰਦੁਆਰੇ ਮੱਥਾ ਟਿਕਾ ਕੇ ਸੁਲੱਖਣ ਨੂੰ ਲਾਲ ਬੂਟਿਆਂ ਨਾਲ ਸਜੇ ਝੁੰਬਰ ਵਾਲੇ ਰੱਥ ਵਿਚ ਬਿਠਾ ਦਿੱਤਾ ਗਿਆ, ਮੈਨੂੰ ਵੀ ਫੁੱਫੜ ਜੀ ਨੇ ਰੱਥ ਵਿਚ ਬੈਠਣ ਵਾਸਤੇ ਜ਼ੋਰ ਦਿੱਤਾ ਪਰ ਮੈਂ ਚਾਚੇ ਨਾਲ ਬੈਲ ਗੱਡੀ ਵਿਚ ਬੈਠ ਗਿਆ।
ਪਿੰਡੋਂ ਬਾਹਰ ਨਿਕਲਦੇ ਸਾਰ ਗੱਡੀਆਂ ਦੀ ਦੌੜ ਸ਼ੁਰੂ ਹੋ ਗਈ, ਬਲਦਾਂ ਦੇ ਸਿੰਗਾਂ ਦੁਆਲੇ ਰੰਗ ਬਰੰਗੇ ਪਗਟੇ ਲਪੇਟੇ ਹੋਏ ਸਨ ਤੇ ਉਨ੍ਹਾਂ 'ਤੇ ਰੰਗ ਬਰੰਗੇ ਝੁੱਲ ਦਿੱਤੇ ਹੋਏ ਸਨ, ਮੱਥਿਆਂ 'ਤੇ ਉਨ੍ਹਾਂ ਦੇ ਖੂਬਸੂਰਤ ਮਖੇਰਨੇ ਸਿਹਰਿਆਂ ਵਾਂਗ ਸਜੇ ਹੋਏ ਸਨ, ਸਭ ਬਲਦਾਂ ਦੀਆਂ ਢੁੱਠਾਂ ਇਕ ਪਾਸੇ ਨੂੰ ਉਲਟੀਆਂ ਹੋਈਆਂ ਸਨ ਤੇ ਉਹ ਤੇਜ਼ ਤੋਂ ਤੇਜ਼ ਦੌੜ ਰਹੇ ਸਨ।
ਏਸ ਦੌੜ ਵਿਚ ਸਾਡੀ ਗੱਡੀ ਦੀ ਦੜੀ ਟੁੱਟ ਗਈ ਤੇ ਗੱਡੀ ਦਾ ਹੇਠਲਾ ਹਿੱਸਾ ਜ਼ਮੀਨ ਨਾਲ ਲੱਗ ਗਿਆ, ਇਕ ਜ਼ਬਰਦਸਤ ਝਟਕੇ ਨਾਲ ਮੈਂ ਜ਼ਮੀਨ 'ਤੇ ਡਿੱਗ ਪਿਆ ਤੇ ਮੇਰੀ ਖੂਬਸੂਰਤ ਤੁਰਲੀ ਵਾਲੀ ਸੰਦਲੀ ਪੱਗ ਲੀਹਾਂ 'ਤੇ ਧੁੱਦਲ ਵਿਚ ਜਾ ਡਿੱਗੀ। ਜਸਵੀਰ ਨੇ ਮੇਰੀ ਪੱਗ ਤੇ ਚਾਚੇ ਨੇ ਮੈਨੂੰ ਚੁੱਕਿਆ, ਕੱਪੜੇ ਮਿੱਟੀ ਨਾਲ ਲਿਬੜ ਗਏ ਸਨ ਪਰ ਸੱਟਾਂ ਕਿਸੇ ਦੇ ਨਹੀਂ ਸਨ ਲੱਗੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94632-33991.

ਇਹ ਰੁੱਤ ਕੇਹੀ ਵੇ ਸੱਜਣਾ !

ਜਿਵੇਂ ਹੀ ਕੱਤਕ ਦਾ ਮਹੀਨਾ ਚੜ੍ਹਦਾ ਹੈ, ਬੜੀ ਹੀ ਅਜੀਬ ਕਿਸਮ ਦੀ ਰੁੱਤ ਆ ਜਾਂਦੀ ਹੈ। ਨਾ ਬਰਸਾਤ ਹੁੰਦੀ ਹੈ, ਨਾ ਪੱਤਝੜ ਤੇ ਨਾ ਬਹਾਰ। ਨਾ ਅਸਮਾਨ ਸਾਫ਼ ਹੁੰਦਾ ਹੈ ਨਾ ਹੀ ਧੁੰਦ ਜਾਂ ਗਹਿਰ। ਧੁੱਪ ਚੁੱਭਦੀ ਨਹੀਂ ਤੇ ਸਵਾਟਰ ਪੈਂਦਾ ਨਹੀਂ। ਕਈ ਰੁੱਖਾਂ ਉੱਤੇ ਪੀਲੇ, ਜਾਮਣੀ ਤੇ ਲਾਲ ਫੁੱਲ ਆਉਣ ਲੱਗ ਪੈਂਦੇ ਹਨ ਤੇ ਫਲ ਦੇ ਚੁੱਕੇ ਰੁੱਖ ਪੱਤੇ ਝਾੜਨ ਲੱਗ ਪੈਂਦੇ ਹਨ। ਰੁੱਖ, ਝਾੜੀਆਂ ਆਦਿ ਸਭ ਫਲ ਰਹਿਤ ਹੋ ਜਾਂਦੇ ਹਨ ਤੇ ਪੰਛੀਆਂ ਨੂੰ ਕੀਟ ਪਤੰਗਿਆਂ 'ਤੇ ਨਿਰਭਰ ਹੋਣਾ ਪੈ ਜਾਂਦਾ ਹੈ। ਬੁਖਾਰ, ਮਨੁੱਖ ਉੱਤੇ ਆਪਣੀ ਪਕੜ ਪੱਕੀ ਕਰ ਲੈਂਦਾ ਹੈ। ਜਿਸ ਨੇ ਵੀ ਥੋੜ੍ਹੀ ਲਾਪ੍ਰਵਾਹੀ ਕੀਤੀ, ਬਿਮਾਰ ਹੋ ਜਾਂਦਾ ਹੈ। ਡਾਕਟਰਾਂ, ਹਕੀਮਾਂ, ਵੈਦਾਂ ਦਾ ਇਹ ਕਮਾਈ ਦਾ ਮੌਸਮ ਹੋ ਨਿਬੜਦਾ ਹੈ। ਪਰ ਕੁਦਰਤ ਉੱਚੇ ਰੁੱਖਾਂ ਨੂੰ ਧੁੰਦ ਜਿਹੀ ਵਿਚ ਲਪੇਟ ਕੇ ਹਜ਼ਾਰਾਂ ਕਿਸਮ ਦੇ ਅਲੌਕਿਕ ਨਜ਼ਾਰੇ ਪੇਸ਼ ਕਰਦੀ ਹੈ। ਹਰ ਰੰਗ ਆਪਣੀ ਚਮਕ ਗੁਆ ਕੇ ਦੂਸਰੇ ਰੰਗਾਂ ਨਾਲ ਗਲਵਕੜੀ ਪਾਉਂਦਾ ਹੈ। ਇਸ ਮੌਸਮ ਨੂੰ ਮਾਨਣ ਦਾ ਵਲ ਸਿਰਫ ਸੂਖਮ ਬਿਰਤੀ ਵਾਲੇ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ।


-ਮੋਬਾ: 98159-45018

ਕਵਿਤਾ

ਦੇਸ਼ ਪੰਜਾਬ

ਨਾ ਬਲਦਾਂ ਦੇ ਗਲ ਟੱਲੀਆਂ
ਤੇ ਨਾ ਹੀ ਕਿਤੇ ਪੰਜਾਲੀ ਏ।
ਫ਼ਸਲਾਂ ਵੀ ਇੱਥੇ ਸੁੱਕ ਚੱਲੀਆਂ
ਨਾ ਖੂਹਾਂ ਦੇ ਵਿਚ ਪਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਨਾ ਘਰ ਦੇ ਵਿਚ ਲਵੇਰੀਆਂ
ਨਾ ਚਾਟੀ ਵਿਚ ਮਧਾਣੀ ਏ।
ਨਸ਼ਿਆਂ 'ਤੇ ਨਸਲਾਂ ਲੱਗ ਚੁੱਕੀਆਂ
ਘਰ ਘਰ ਦੀ ਇਹੋ ਕਹਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਨਾ ਪਹਿਲਾਂ ਵਾਲੀਆਂ ਸਾਕ ਸਕੀਰੀਆਂ ਨੇ
ਨਾ ਕੋਈ ਰੂਹ ਦਾ ਹਾਣੀ ਏ।
ਮਤਲਬ ਲਈ ਹੀ ਵਰਤਣ ਸਾਰੇ
ਲੁੱਟਣ ਦੀ ਬੱਸ ਠਾਣੀ ਏ
ਹੁਣ ਦੀ ਹੈ ਇਹ ਗੱਲ, ਨਾ ਕੋਈ ਰੀਤ ਪੁਰਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਬਾਪੂ ਬੇਬੇ ਤੇ ਵੰਡ ਲਈਆਂ ਨੇ ਕਬੀਲਦਾਰੀਆਂ
ਮਤਲਬ ਦੇ ਨੇ ਰਿਸ਼ਤੇ ਨਾਤੇ
ਮਤਲਬ ਦੀਆਂ ਯਾਰੀਆਂ
ਲਾਲਚ ਦੀ ਭੁੱਖ ਵਧੀ, ਪੁੱਛਦਾ ਨਾ ਕੋਈ ਪਾਣੀ ਏ।
ਅੱਜ ਮੇਰੇ ਪੰਜਾਬ ਦੀ
ਇਹੋ ਦਰਦ ਕਹਾਣੀ ਏ।

ਪਾਣੀ ਸਭ ਗੰਧਲਾ ਏ, ਹਵਾ ਵਿਚ ਬਿਮਾਰੀਆਂ ਨੇ
ਦਵਾਈ ਦੀ ਥੁੜ ਤੋਂ ਮਰਦੇ ਲੋਕੀ , ਇੱਥੋਂ ਤੱਕ ਲਚਾਰੀਆਂ ਨੇ
'ਬੇਅੰਤ' ਉਹੀ ਰਾਤਾਂ ਸੀ ਚੰਗੀਆਂ
ਜਦੋਂ ਦਾਦੀ ਨੇ ਸੁਣਾਈ ਕਹਾਣੀ ਏ।
ਅੱਜ ਸੋਹਣੇ ਦੇਸ਼ ਪੰਜਾਬ ਦੀ
ਇਹੋ ਦਰਦ ਕਹਾਣੀ ਏ।


-ਬੇਅੰਤ ਸਿੰਘ ਬਾਜਵਾ
ਮੋ: 98726-71446

ਕਦੇ ਘਰਾਂ ਦਾ ਸ਼ਿੰਗਾਰ ਹੁੰਦੇ ਸਨ ਨਲਕੇ

ਪਿੰਡ ਹੋਵੇ ਜਾਂ ਸ਼ਹਿਰ ਗੱਲ ਤਾਂ ਸਾਫ਼ ਪਾਣੀ ਦੀ ਹੈ, ਕੁਦਰਤ ਵਲੋਂ ਬਖ਼ਸ਼ੀ ਪਾਣੀ ਦੀ ਦਾਤ ਧਰਤੀ ਵਿਚੋਂ ਕਈ ਤਰੀਕਿਆਂ ਨਾਲ ਕੱਢੀ ਜਾਂਦੀ ਹੈ। ਨਲਕੇ ਜੋ ਕਦੇ ਘਰਾਂ ਦੇ ਸ਼ਿੰਗਾਰ ਹੁੰਦੇ ਸਨ, ਦਿਨੋ-ਦਿਨ ਅਲੋਪ ਹੋ ਰਹੇ ਹਨ। ਨਲਕਾ ਉਹ ਮਸ਼ੀਨ ਹੈ, ਜਿਸ ਦੇ ਵਿਚ ਇਕ ਲੋਹੇ ਦੀ ਰਾਡ ਦੇ ਨਾਲ ਬੋਕੀ ਨੂੰ ਫਿੱਟ ਕੀਤਾ ਜਾਂਦਾ ਹੈ ਅਤੇ ਉਸ ਉੱਪਰ ਇਕ ਹੱਥੀ ਫਿੱਟ ਕੀਤੀ ਜਾਂਦੀ ਹੈ, ਜਿਸ ਦੀ ਸਹਾਇਤਾ ਨਾਲ ਨਲਕੇ ਵਿਚੋਂ ਪਾਣੀ ਕੱਢਿਆ ਜਾਂਦਾ ਹੈ। ਪਿੰਡਾਂ ਦੀਆਂ ਸੁਆਣੀਆਂ ਜ਼ਿਆਦਾਤਰ ਘਰੇਲੂ ਕੰਮ ਨਲਕੇ 'ਤੇ ਹੀ ਕਰਦੀਆਂ ਸਨ। ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਸੜਕਾਂ ਜਾਂ ਹੋਰ ਜਨਤਕ ਥਾਵਾਂ 'ਤੇ ਨਲਕੇ ਲਗਵਾਏ ਹੁੰਦੇ ਸਨ, ਤਾਂ ਜੋ ਰਾਹਗੀਰਾਂ ਲਈ ਪਾਣੀ ਦੀ ਸਹੂਲਤ ਬਣੀ ਰਹੇ। ਪਰ ਸਮੇਂ ਨੇ ਜਿਸ ਕਦਰ ਕਰਵਟ ਬਦਲੀ ਇਹ ਬੀਤੇ ਦੀ ਗੱਲ ਬਣ ਕੇ ਰਹਿ ਗਿਆ। ਡੂੰਘੇ ਪਾਣੀਆਂ ਦੀ ਭਾਲ ਕਰਨੀ ਬਹੁਤ ਮਹਿੰਗੀ ਹੋ ਗਈ, ਜਿਸ ਦੀ ਥਾਂ ਸਬਮਰਸੀਬਲ ਮੋਟਰਾਂ ਦੀ ਵਰਤੋਂ ਵਾਸਤੇ ਡੂੰਘੇ ਬੋਰ ਕਰਵਾਉਣਾ ਇਕ ਮਜਬੂਰੀ ਬਣ ਗਿਆ। ਸ਼ੁੱਧ ਪਾਣੀ ਅਤੇ ਸਸਤੇ ਮੁੱਲ ਦੇ ਨਲਕੇ ਹੋਣ ਕਰਕੇ ਹਰੇਕ ਪੇਂਡੂ ਅਤੇ ਸ਼ਹਿਰੀ ਬੰਦਾ ਖੁਸ਼ ਅਤੇ ਸੁਖੀ ਰਹਿੰਦਾ ਸੀ। ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਲੈਣੀ ਅਤੇ ਬਾਅਦ ਵਿਚ ਕੱਪੜੇ ਵੀ ਧੋ ਲੈਣੇ, ਜਿਸ ਨਾਲ ਸਰੀਰ ਦੀ ਕਸਰਤ ਵੀ ਹੁੰਦੀ ਰਹਿੰਦੀ ਸੀ। ਅੱਜਕਲ੍ਹ ਤਾਂ ਨਲਕੇ ਤਕਰੀਬਨ ਖ਼ਤਮ ਹੀ ਹੋ ਗਏ ਹਨ। ਕਿਤੇ-ਕਿਤੇ ਕੋਈ ਨਲਕਾ ਭਾਵੇਂ ਨਜ਼ਰੀਂ ਪੈ ਜਾਵੇ। ਇਹ ਉਹ ਮੂੰਹੋਂ ਬੋਲਦੀ ਤਸਵੀਰ ਹੈ, ਜੋ ਇੱਟਾਂ-ਰੋੜਿਆਂ ਨੇ ਇਸ ਨਲਕੇ ਨੂੰ ਘੇਰ ਰੱਖਿਆ ਹੈ। ਧਰਤੀ ਹੇਠਲੇ ਪਾਣੀ ਡੂੰਘੇ ਜਾਣ ਨਾਲ ਇਹ ਨਲਕਾ ਆਪਣੀ ਹਿੰਮਤ ਹਾਰ ਗਿਆ ਹੈ ਅਤੇ ਹਰੇਕ ਆਉਂਦੇ-ਜਾਂਦੇ ਨੂੰ ਇਹੋ ਸੁਨੇਹਾ ਦੇ ਰਿਹਾ ਕਿ ਆਓ ਰਲ ਕੇ ਇਸ ਪਾਣੀ ਦੀ ਸਹੀ ਵਰਤੋਂ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਵੀ ਮੇਰੇ ਵਾਂਗ ਕਿਸੇ ਤੰਗੀ-ਤੁਰਸੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ, ਇਸ ਬਾਰੇ ਵਿਚਾਰਨ ਦੀ ਲੋੜ ਹੈ।


-ਉਂਕਾਰ ਸਿੰਘ ਘੁੰਮਣ
ਪਿੰਡ ਨਿੱਕੇ ਘੁੰਮਣ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 98880-65893.

ਨਿੰਬੂ ਜਾਤੀ ਦੇ ਬੂਟਿਆਂ ਦੀ ਦੇਖਭਾਲ ਅਤੇ ਕੋਰੇ ਤੋਂ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਫਲ ਨੂੰ ਜੇ ਅਸੀਂ ਕੱਟ ਕੇ ਵੇਖੀਏ ਤਾਂ ਇਸ ਵਿਚੋਂ ਇਹ ਗਲ਼ਿਆ ਹੋਇਆ ਅਤੇ ਕਾਲੇ ਰੰਗ ਦਾ ਹੁੰਦਾ ਹੈ। ਕਈ ਵਾਰੀ ਗਲੇ ਹੋਏ ਫਲਾਂ 'ਤੇ ਚਿੱਟੇ ਰੰਗ ਦੀ ਉੱਲੀ ਦਿਖਾਈ ਦੇਣ ਲੱਗ ਪੈਂਦੀ ਹੈ। ਇਹ ਫਲ ਸੁੰਘਣ 'ਤੇ ਗਲੀ ਸੜੀ ਚੀਜ਼ ਵਾਂਗ ਬਦਬੂ ਮਾਰਦੇ ਹਨ। ਬਿਮਾਰੀ ਨਾਲ ਪੈਣ ਵਾਲਾ ਕੇਰਾ ਬੂਟਿਆਂ ਨੂੰ ਫਲ ਲੱਗਣ ਤੋਂ ਬਾਅਦ 5-6 ਮਹੀਨਿਆਂ ਮਗਰੋਂ ਸ਼ੁਰੂ ਹੁੰਦਾ ਹੈ। ਇਹ ਕੇਰਾ ਜੁਲਾਈ ਤੋਂ ਸ਼ੁਰੂ ਹੋ ਕੇ ਫਲ ਤੁੜਾਈ ਤੱਕ ਚਲਦਾ ਰਹਿੰਦਾ ਹੈ। ਸਭ ਤੋਂ ਜ਼ਿਆਦਾ ਕੇਰਾ ਸਤੰਬਰ-ਅਕਤੂਬਰ ਮਹੀਨੇ ਹੁੰਦਾ ਹੈ ਅਤੇ ਬਾਅਦ ਵਿਚ ਮੌਸਮ ਠੰਢਾ ਹੋਣ ਨਾਲ ਕੁਝ ਘਟ ਜਾਂਦੀ ਹੈ ਅਤੇ ਫਲਾਂ ਦੀ ਤੁੜਾਈ ਤੱਕ ਚਲਦੀ ਰਹਿੰਦੀ ਹੈ। ਅਸਲ ਵਿਚ ਬਿਮਾਰੀ ਵਾਲੀ ਕੇਰ ਦੀ ਸ਼ੁਰੂਆਤ ਮੌਸਮ ਵਿਚ ਗਰਮਾਇਸ਼ ਅਉਣ ਦੇ ਨਾਲ ਮਾਰਚ ਵਿਚ ਹੀ ਹੋ ਜਾਂਦੀ ਹੈ ਬਾਅਦ ਵਿਚ ਅਪ੍ਰੈਲ ਤੋਂ ਜੂਨ ਦੀ ਗਰਮੀ ਕਾਰਨ ਇਸ ਬਿਮਾਰੀ ਦਾ ਵਾਧਾ ਰੁਕ ਜਾਂਦਾ ਹੈ। ਜਿਵੇਂ ਹੀ ਮੌਨਸੂਨ ਦੀ ਬਾਰਿਸ਼ ਸ਼ੁਰੂ ਹੁੰਦੀ ਹੈ, ਬਿਮਾਰੀ ਅੱਗੇ ਵਧਣ ਲੱਗ ਪੈਂਦੀ ਹੈ। ਇਸ ਲਈ ਸਪਰੇਅ ਮਾਰਚ-ਅਪ੍ਰੈਲ ਤੋਂ ਹੀ ਸ਼ੂਰੁ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਫਲਾਂ ਦੀ ਕੇਰ ਪੈਣ ਵੇਲੇ ਛਿੜਕਾਅ ਕਰਨ ਦਾ ਬਹੁਤਾ ਫਾਇਦਾ ਨਹੀਂਂ ਹੁੰਦਾ। ਰੋਗੀ ਟਾਹਣੀਆਂ, ਪੱਤਿਆਂ ਅਤੇ ਫ਼ੁੱਲਾਂ ਦੀਆਂ ਡੰਡੀਆਂ 'ਤੇ ਲੱਗੇ ਉੱਲੀ ਦੇ ਕਾਲੇ ਟਿਮਕਣੇ ਬਿਮਾਰੀ ਦੇ ਫ਼ੈਲਾਅ ਅਤੇ ਅਗਲੇ ਸਾਲ ਬਿਮਾਰੀ ਦੀ ਲਾਗ ਲਾਉਣ ਵਿਚ ਸਹਾਈ ਹੁੰਦੇ ਹਨ। ਵਾਤਾਵਰਨ ਵਿਚ ਬਹੁਤੀ ਸਿੱਲ ਅਤੇ ਮੌਨਸੂਨ ਦੀ ਵਰਖਾ ਕਿੰਨੂ ਦੀ ਇਸ ਕੇਰ ਦੇ ਵਾਧੇ ਲਈ ਬਹੁਤ ਅਨੁਕੂਲ ਹੁੰਦੇ ਹਨ। ਅਸਲ ਵਿਚ ਜੇਕਰ ਬਹਾਰ ਸਮੇਂ ਬਾਰਿਸ਼ ਹੋ ਜਾਵੇ, ਤਾਂ ਇਹ ਬਿਮਾਰੀ ਫ਼ਰਵਰੀ-ਮਾਰਚ ਵਿਚ ਹੀ ਰੋਗੀ ਟਾਹਣੀਆਂ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਅਪ੍ਰੈਲ-ਜੂਨ ਦੇ ਮਹੀਨੇ ਗਰਮੀ ਦੌਰਾਨ ਇਸ ਦਾ ਵਾਧਾ ਰੁਕ ਜਾਂਦਾ ਹੈ ਅਤੇ ਵਰਖਾ ਰੁੱਤ ਵਿਚ ਇਹ ਰੋਗ ਅੱਗੇ ਫ਼ੈਲਣਾ ਸ਼ੁਰੂ ਹੋ ਜਾਂਦਾ ਹੈ।
ਇਸੇ ਤਰ੍ਹਾਂ ਕੀੜਿਆਂ ਖਾਸ ਕਰਕੇ ਫਲ ਦੀ ਮੱਖੀ ਅਤੇ ਰਸ ਚੂਸਣ ਵਾਲੇ ਪਤੰਗੇ ਦੇ ਹਮਲੇ ਨਾਲ ਵੀ ਕੇਰ ਪੈਂਦੀ ਹੈ, ਇਸ ਤਰ੍ਹਾਂ ਦੀ ਕੇਰ ਪੰਜਾਬ ਦੇ ਉਤਰੀ ਖਿੱਤੇ ਵਿਚ ਜ਼ਿਆਦਾ ਹੰਦੀ ਹੈ । ਇਹ ਕੇਰ ਵੀ ਬਰਸਾਤਾਂ ਦੇ ਮੌਸਮ ਅਤੇ ਇਸ ਤੋਂ ਬਾਅਦ ਪੈਂਦੀ ਹੈ । ਫਲ ਦੀ ਮੱਖੀ ਦੇ ਹਮਲੇ ਹੇਠ ਆਏ ਫਲਾਂ ਉਪਰ ਖਾਸ ਕਰਕੇ ਫਲ ਦੇ ਪਾਸਿਆਂ 'ਤੇ ਗੋਲ ਗਲ਼ੇ ਹੋਏ ਧੱਬੇ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਫਲਾਂ ਨੂੰ ਦਬਾਉਣ 'ਤੇ ਇਨ੍ਹਾਂ ਵਿਚੋਂ ਰਸ ਨਿਕਲਦਾ ਹੈ । ਰਸ ਚੂਸਣ ਵਾਲੇ ਪਤੰਗੇ ਵੀ ਫਲਾਂ ਦਾ ਰਾਤ ਸਮੇਂ ਨੁਕਸਾਨ ਕਰਦੇ ਹਨ ਅਤੇ ਇਸ ਦੇ ਹਮਲੇ ਹੇਠ ਆਏ ਫਲਾਂ ਵਿਚੋਂ ਰਸ ਟਪਕਿਆ ਨਜ਼ਰ ਅਉਂਦਾ ਹੈ ।
ਬਹੁਤ ਜ਼ਿਆਦਾ ਗਰਮੀ ਅਤੇ ਖੁਸ਼ਕੀ ਵੀ ਗਰਮੀ ਵਿਚ ਪੈਣ ਵਾਲੀ ਕੇਰ ਦਾ ਕਾਰਨ ਹੁੰਦੀ ਹੈ ਪਰ ਪੰਜਾਬ ਵਿਚ ਬਾਗ਼ਾਂ ਵਿਚ ਸੁਚੱਜਾ ਸਿੰਚਾਈ ਪ੍ਰਬੰਧ ਚੰਗੇਰਾ ਹੋਣ ਕਰਕੇ ਇਸ ਤਰਾਂ ਦੀ ਕੇਰ ਕੋਈ ਗੰਭੀਰ ਸਮੱਸਿਆ ਨਹੀਂ। ਹਨੇਰੀਆਂ ਝੱਖੜ ਵੀ ਕਈ ਵਾਰ ਫਲਾਂ ਨੂੰ ਭਾਰੀ ਮਾਤਰਾ ਵਿਚ ਕੇਰ ਦਿੰਦੇ ਹਨ ।
ਨਿੰਬੂ ਜਾਤੀ ਦੇ ਫਲਾਂ ਵਿਚ ਕੇਰੇ ਦੀ ਰੋਕਥਾਮ
ਆਮ ਕਹਾਵਤ 'ਇਲਾਜ ਨਾਲੋਂ ਪਰਹੇਜ਼ ਚੰਗਾ' ਅਨੁਸਾਰ ਫਲਾਂ ਨੂੰ ਝੜਣ ਤਂੋ ਰੋਕਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਸਕਦੇ ਹਨ। ਜਿਵੇਂ ਕਿ ਦੱਸਿਆ ਗਿਆ ਹੈ ਕਿ ਫਲ ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਸ਼ਾਖਾਂ ਤੋਂ ਹੁੰਦਾ ਹੈ। ਇਸ ਲਈ ਬਿਮਾਰੀ ਦੇ ਫੈਲਾਅ ਅਤੇ ਇਸ ਨੂੰ ਅਗਲੇ ਸਾਲ ਲੱਗਣ ਤੋਂ ਰੋਕਣ ਲਈ ਫਲ ਤੋੜਨ ਤੋਂ ਬਾਅਦ (ਜਨਵਰੀ-ਫਰਵਰੀ) ਵਿਚ ਸਾਰੀ ਸੋਕ ਕੱਟ ਕੇ ਸਾੜ ਦਿਓ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕੱਟੀ ਹੋਈ ਸੋਕੜ ਬਾਗ਼ ਜਾਂ ਨਰਸਰੀ ਦੇ ਨੇੜੇ ਢੇਰ ਨਾ ਕਰੋ ਨਹੀਂ ਤਾਂ ਬਾਰਿਸ਼ਾਂ ਤੋਂ ਬਾਅਦ ਇਸ ਤੋਂ ਬਿਮਾਰੀ ਬਾਗ਼ਾਂ ਵਿਚ ਫੈਲ ਸਕਦੀ ਹੈ। ਇਸ ਲਈ ਸੋਕ ਕੱਟ ਕੇ ਰੱਖੀ ਜਾਂ ਨਾਂ ਕੱਟੀ ਇੱਕ ਦੇ ਬਰਾਬਰ ਹੈ। ਕਟਾਈ ਕਰਦੇ ਸਮੇਂ ਸੁੱਕੀ ਟਾਹਣੀ ਨਾਲ ਥੋੜ੍ਹੀ ਜਿਹੀ ਹਰੀ ਨਰੋਈ ਟਾਹਣੀ ਜ਼ਰੂਰ ਕੱਟੋ। ਕਟਾਈ ਤੋਂ ਬਾਅਦ ਬੋਰਡੋ ਮਿਸ਼ਰਣ (2:2:250) ਜਾਂ ਕਾਪਰ ਔਕਸੀਕਲੋਰਾਈਡ (3.0 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ।
ਤੰਦਰੁਸਤ ਬੂਟੇ ਬਿਮਾਰੀਆਂ ਨੂੰ ਸਹਿਣ ਦੀ ਜ਼ਿਆਦਾ ਸਮਰੱਥਾ ਰੱਖਦੇ ਹਨ, ਇਸ ਲਈ ਬੂਟਿਆਂ ਦੀ ਸਿਹਤ ਬਰਕਰਾਰ ਰੱਖਣ ਲਈ ਸਿਫ਼ਾਰਸ਼ ਕੀਤੀ ਗਲ਼ੀ-ਸੜੀ ਰੂੜੀ ਅਤੇ ਰਸਾਇਣਕ ਖਾਦਾਂ ਪਾਓ। ਬਹੁਤ ਜ਼ਿਆਦਾ ਜਾਂ ਗੈਰ-ਸਿਫ਼ਾਰਿਸ਼-ਸ਼ੁਦਾ ਖਾਦਾਂ ਵੀ ਬੂਟਿਆਂ ਦਾ ਖੁਰਾਕੀ ਸੰਤੁਲਨ ਵਿਗਾੜ ਦਿੰਦੀਆਂ ਹਨ। ਲਘੂ ਤੱਤਾਂ ਦੀ ਘਾਟ ਦੀ ਪੂਰਤੀ ਕਰਦੇ ਰਹੋ। ਇਨ੍ਹਾਂ ਤੱਤਾਂ ਦੀ ਘਾਟ ਪਤਾ ਲਗਾਉਣ ਲਈ ਹਰੇਕ 2-3 ਸਾਲਾਂ ਬਾਅਦ ਪੱਤਿਆਂ ਦੀ ਪਰਖ ਕਰਵਾਉਂਦੇ ਰਹਿਣਾ ਚਾਹੀਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 81462-21600


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX