ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  50 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਲੋਕ ਮੰਚ

ਕਿਸਾਨੀ ਦੀ ਦੁਰਦਸ਼ਾ ਲਈ ਹਾਕਮ ਸਰਕਾਰਾਂ ਜ਼ਿੰਮੇਵਾਰ

ਭਾਰਤ ਦੀ ਆਰਥਿਕਤਾ ਦਾ ਮੁੱਖ ਧੁਰਾ ਅੱਜ ਵੀ ਖੇਤੀਬਾੜੀ ਹੀ ਹੈ। ਇਸ ਦੇਸ਼ ਦੀ ਤਕਰੀਬਨ ਸੱਤਰ ਫੀਸਦੀ ਆਬਾਦੀ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਹੈ। ਹਿੰਮਤੀ, ਮਿਹਨਤੀ ਅਤੇ ਸਿਰੜੀ ਕਿਸਾਨਾਂ ਨੇ ਵਾਧੂ ਅਨਾਜ ਪੈਦਾ ਕਰਕੇ 1960 ਦੇ ਦਹਾਕੇ ਵਿਚ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ਅਤੇ ਅਨਾਜ ਖਰੀਦਣ ਵਾਲਾ ਇਹ ਦੇਸ਼ ਅੱਜ ਹੋਰ ਦੇਸ਼ਾਂ ਨੂੰ ਅਨਾਜ ਵੇਚਣ ਦੇ ਸਮਰੱਥ ਹੋ ਗਿਆ ਹੈ। ਪਰ ਇਹ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਹੱਡਭੰਨਵੀਂ ਮਿਹਨਤ ਕਰਕੇ ਅਨਾਜ ਪੈਦਾ ਕਰਨ ਵਾਲਾ ਕਿਸਾਨ ਅੱਜ ਗ਼ਰੀਬੀ ਅਤੇ ਕਮਜ਼ੋਰ ਆਰਥਿਕ ਹਾਲਤਾਂ ਕਾਰਨ ਦਰੜਿਆ ਮਹਿਸੂਸ ਕਰ ਰਿਹਾ ਹੈ। ਰੋਜ਼ਾਨਾ ਹੁੰਦੀਆਂ ਖੁਦਕੁਸ਼ੀਆਂ ਇਸ ਦਾ ਜਿਊਂਦਾ-ਜਾਗਦਾ ਪ੍ਰਮਾਣ ਹਨ। ਵਧੇ ਖਰਚਿਆਂ ਨੇ ਖੇਤੀਬਾੜੀ ਕਿੱਤੇ ਨੂੰ ਆਰਥਿਕ ਤੌਰ 'ਤੇ ਵੱਡੀ ਢਾਅ ਲਾਈ ਹੈ। ਯੂਰੀਆ, ਡੀ.ਏ.ਪੀ. ਅਤੇ ਹੋਰ ਖਾਦ ਪਦਾਰਥਾਂ ਦੇ ਵਧੇ ਭਾਅ ਕਿਸਾਨਾਂ ਲਈ ਇਕ ਚੁਣੌਤੀ ਬਣ ਗਏ ਹਨ। ਇਮਾਨਦਾਰ ਕਿਰਤ ਕਰਨ ਵਾਲਾ ਕਿਸਾਨ ਬੈਂਕਾਂ ਤੋਂ ਲਏ ਕਰਜ਼ੇ ਮੋੜਨ 'ਚ ਅਸਮਰੱਥ ਨਜ਼ਰ ਆ ਰਿਹਾ ਹੈ। ਫ਼ਸਲਾਂ ਦੇ ਮਿਲਦੇ ਘੱਟ ਮੁੱਲ ਅਤੇ ਕੁਦਰਤੀ ਕਰੋਪੀਆਂ ਨੇ ਕਿਸਾਨਾਂ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਇਕ ਵਾਰੀ ਟੁੱਟੀ ਕਿਸ਼ਤ ਅਤੇ ਫਿਰ ਉਸ ਉੱਤੇ ਲਗਦਾ ਵਿਆਜ ਉਧਾਰ ਲਈ ਰਕਮ ਨੂੰ ਵੱਡੀ ਕਰ ਦਿੰਦਾ ਹੈ, ਜੋ ਇਕ ਦਰਮਿਆਨੇ ਕਿਸਾਨ ਲਈ ਉਤਾਰਨੀ ਹੱਦੋਂ ਵੱਧ ਮੁਸ਼ਕਿਲ ਹੈ। ਫ਼ਸਲਾਂ 'ਤੇ ਆਉਂਦੇ ਵੱਡੇ ਖਰਚੇ ਸਾਹਮਣੇ ਫ਼ਸਲਾਂ ਦੇ ਮੁੱਲ ਬੌਨੇ ਮਹਿਸੂਸ ਹੋ ਰਹੇ ਹਨ। ਕਿਸਾਨਾਂ ਦੇ ਰੋਜ਼ਾਨਾ ਲਗਦੇ ਧਰਨੇ ਇਸੇ ਦਰਦ ਦੀ ਆਵਾਜ਼ ਨੂੰ ਪ੍ਰਗਟਾਉਂਦੇ ਹਨ, ਪਰ ਸਰਕਾਰਾਂ ਨੇ ਅਜੇ ਤੱਕ ਕੋਈ ਵੀ ਅਜਿਹੀ ਨੀਤੀ ਨਹੀਂ ਬਣਾਈ, ਜਿਸ ਨੂੰ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ ਕਿਹਾ ਜਾ ਸਕੇ। ਪਿਛਲੇ ਦਿਨੀਂ ਇਕੋ ਦਿਨ ਪੰਜ ਕਿਸਾਨਾਂ ਵਲੋਂ ਕੀਤੀਆਂ ਖ਼ੁਦਕੁਸ਼ੀ ਦੀਆਂ ਛਪੀਆਂ ਖ਼ਬਰਾਂ ਨੇ ਸਰਕਾਰਾਂ ਦੁਆਰਾ ਬਣਾਈਆਂ ਕਿਸਾਨ ਪੱਖੀ ਨੀਤੀਆਂ ਦੀ ਹਵਾ ਕੱਢ ਦਿੱਤੀ। ਜੇਕਰ ਸਰਕਾਰ ਟੈਕਸ ਲਾ ਕੇ ਖਾਦ ਅਤੇ ਹੋਰ ਚੀਜ਼ਾਂ ਦੇ ਮੁੱਲ ਵਧਾਉਂਦੀ ਹੈ ਤਾਂ ਫ਼ਸਲਾਂ ਦੇ ਮੁੱਲ ਵੀ ਉਸ ਵਾਧੇ ਦੇ ਅਨੁਸਾਰ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਇਕ ਅਨੁਮਾਨ ਅਨੁਸਾਰ ਜੇਕਰ ਖੇਤੀ ਉੱਤੇ ਆਉਂਦੇ ਖਰਚਿਆਂ ਦੇ ਅਨੁਸਾਰ ਫ਼ਸਲਾਂ ਦੇ ਮੁੱਲ ਵਧਾਏ ਜਾਂਦੇ ਤਾਂ ਅੱਜ ਕਣਕ, ਝੋਨੇ ਅਤੇ ਹੋਰ ਫ਼ਸਲਾਂ ਦੇ ਮੁੱਲ ਕਈ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੋਣੇ ਸਨ, ਜੋ ਕਿ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਨਹੀਂ ਹੋ ਸਕੇ। ਮਹਾਨ ਕ੍ਰਿਸ਼ੀ ਵਿਗਿਆਨੀ ਅਤੇ ਚਿੰਤਕ ਡਾ: ਸਵਾਮੀਨਾਥਨ ਅਨੁਸਾਰ 'ਜੇਕਰ ਭਾਰਤ ਦੇਸ਼ ਵਿਚ ਖੇਤੀਬਾੜੀ ਗਲਤ ਦਿਸ਼ਾ 'ਚ ਜਾਵੇਗੀ ਤਾਂ ਕੁਝ ਵੀ ਠੀਕ ਨਹੀਂ ਰਹੇਗਾ' ਸਹੀ ਸਾਬਿਤ ਹੋ ਰਿਹਾ ਹੈ। ਉਨ੍ਹਾਂ ਵਲੋਂ ਦਿੱਤੇ ਗਏ ਕਿਸਾਨ ਪੱਖੀ ਸੁਝਾਵਾਂ ਨੇ ਸਰਕਾਰਾਂ ਦੀਆਂ ਅੱਖਾਂ ਤਾਂ ਖੋਲ੍ਹ ਦਿੱਤੀਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਹਿੰਮਤ ਨਹੀਂ ਦਿਖਾਈ। ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਡੀਜ਼ਲ ਦੀ ਭਾਰੀ ਖਪਤ ਹੋਣਾ ਜਾਇਜ਼ ਹੈ। ਸ਼ਾਇਦ ਹੀ ਕੋਈ ਹੋਰ ਖੇਤਰ ਹੋਵੇਗਾ, ਜਿਥੇ ਡੀਜ਼ਲ ਦੀ ਖਪਤ ਖੇਤੀਬਾੜੀ ਜਿੰਨੀ ਹੋਵੇ, ਪਰ ਡੀਜ਼ਲ ਦੇ ਬੇਲਗਾਮ ਵਧਦੇ ਭਾਅ ਨੇ ਖੇਤੀਬਾੜੀ ਦੇ ਆਰਥਿਕ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਕਿਸਾਨਾਂ ਲਈ ਸਰਕਾਰਾਂ ਕੋਲ ਕੋਈ ਠੋਸ ਆਰਥਿਕ ਨੀਤੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਵੀ ਕੋਈ ਫ਼ਸਲ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਵੇ ਤਾਂ ਕਿਸਾਨਾਂ ਨੂੰ ਬੈਂਕਾਂ ਦਾ ਕਰਜ਼ ਮੋੜਨ 'ਤੇ ਕੋਈ ਰਿਆਇਤ ਜ਼ਰੂਰ ਦਿੱਤੀ ਜਾਵੇ। ਭਾਰਤ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਅੱਜ ਸਰਕਾਰਾਂ ਪਾਸੋਂ ਸੱਚੀ ਅਤੇ ਇਮਾਨਦਾਰ ਨੀਅਤ ਅਤੇ ਨੀਤੀ ਦੀ ਮੰਗ ਕਰਦੀ ਹੈ। ਸਮੇਂ ਅਤੇ ਸਰਕਾਰਾਂ ਦੀ ਮਾਰ ਦਾ ਝੰਬਿਆ ਕਿਸਾਨ ਆਰਥਿਕ ਚੱਕਰ 'ਚੋਂ ਨਿਕਲਣ ਲਈ ਹੰਭਲੇ ਮਾਰਦਾ ਨਜ਼ਰ ਆ ਰਿਹਾ ਹੈ, ਪਰ ਸਰਕਾਰੀ ਮਦਦ ਤੋਂ ਬਿਨਾਂ ਇਹ ਮੁਸ਼ਕਿਲ ਹੈ।


ਖ਼ਬਰ ਸ਼ੇਅਰ ਕਰੋ

ਪਰਾਲੀ ਦੇ ਮਸਲੇ 'ਤੇ ਆਹਮੋ-ਸਾਹਮਣੇ ਸਰਕਾਰਾਂ ਤੇ ਕਿਸਾਨ

ਪੂਸਾ ਝੋਨੇ ਦੀ ਕਾਸ਼ਤ ਲਗਪਗ ਸੰਨ 70 ਦੇ ਸਮੇਂ ਸ਼ੁਰੂ ਕੀਤੀ ਗਈ। ਪਾਣੀ ਦੇ ਸਾਧਨ ਵਜੋਂ ਧਰਤੀ ਦਾ ਸੀਨਾ ਪਾੜ ਬੋਰ ਕੀਤੇ ਗਏ, ਬਿਜਲੀ ਦੇ ਕੁਨੈਕਸ਼ਨ ਮਿਲਣੇ ਸ਼ੁਰੂ ਹੋਏ ਤਾਂ ਇਕ ਵਾਰ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਹੈਰਾਨੀਜਨਕ ਬਦਲਾਅ ਆਇਆ, ਜਿਸ ਨੇ ਕਿਸਾਨ ਦਾ ਰਹਿਣ-ਸਹਿਣ ਦਾ ਢੰਗ ਬਦਲ ਕੇ ਰੱਖ ਦਿੱਤਾ ਕਿਉਂਕਿ ਉਸ ਸਮੇਂ ਤੋਂ ਪਹਿਲਾਂ ਕੋਈ ਅਜਿਹੀ ਪੱਕੀ ਫਸਲ ਨਹੀਂ ਸੀ ਜਿਸ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ਆਸਾਨੀ ਨਾਲ ਹੁੰਦਾ ਹੋਵੇ। ਪਰ ਅਜੋਕੇ ਸਮੇਂ ਪੰਜਾਬ ਦੇ ਕਿਸਾਨ ਦੀ ਆਰਥਿਕ ਸਥਿਤੀ ਕੀ ਹੈ? ਖੇਤੀਬਾੜੀ ਜੋ ਉਸ ਦਾ ਮੁੱਖ ਧੰਦਾ ਹੈ, ਉਹ ਕਿੰਨਾ ਕੁ ਫਾਇਦੇ ਦਾ ਰਹਿ ਚੁੱਕਾ ਹੈ? ਮੁੱਖ ਫਸਲ ਪੂਸਾ ਝੋਨੇ ਦੀ ਕੀ ਸਥਿਤੀ ਹੈ? ਇਹ ਗੱਲਾਂ ਵਿਚਾਰਨਯੋਗ ਹਨ। ਹੁਣ ਤੱਕ ਕਿਸਾਨ ਪੂਸਾ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਬਾਕੀ ਬਚੀ ਰਹਿੰਦ-ਖੁਹਿੰਦ (ਪਰਾਲੀ) ਨੂੰ ਅੱਗ ਲਗਾ ਦਿੰਦਾ ਸੀ, ਬਾਅਦ ਆਸਾਨੀ ਨਾਲ ਕਣਕ ਦੀ ਬਿਜਾਈ ਕਰ ਲੈਂਦਾ ਸੀ। ਪਰ ਅੱਗ ਲਗਾਉਣ ਦੇ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ। ਅੱਗ ਲਗਾਉਣ ਨਾਲ ਵਾਤਾਵਰਨ ਵਿਚ ਹਵਾ ਪ੍ਰਦੂਸ਼ਣ ਹੋ ਰਿਹਾ ਹੈ, ਧੂੰਏਂ ਨਾਲ ਸਾਹ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੀ ਭੇਟ ਕਿਸਾਨ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਚੜ੍ਹ ਰਹੇ ਹਨ। ਖੇਤ ਵਿਚ ਜੋ ਮਿੱਤਰ ਕੀੜੇ-ਮਕੌੜੇ ਹਨ, ਉਹ ਵੀ ਝੁਲਸ ਜਾਂਦੇ ਹਨ, ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ।
ਭਾਵੇਂ 'ਕੌਮੀ ਗ੍ਰੀਨ ਟ੍ਰਿਬਿਊਨਲ ਸੰਸਥਾ ਨੇ 10 ਦਸੰਬਰ 2015 ਨੂੰ ਪੰਜਾਬ ਸਮੇਤ ਕੌਮੀ ਰਾਜਧਾਨੀ ਖੇਤਰ ਵਿਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪੂਰੀ ਪਾਬੰਦੀ ਲਗਾਈ ਹੋਈ ਹੈ।' ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਨੇ ਫਸਲਾਂ ਦੀ ਰਹਿੰਦ-ਖੂੰਹਦ ਸਾੜਨ 'ਤੇ ਰੋਕ ਲਗਾ ਦਿੱਤੀ ਹੈ। ਪਰ ਇਹ ਜ਼ਮੀਨੀ ਪੱਧਰ 'ਤੇ ਹੁਣ ਤੱਕ ਲਾਗੂ ਨਹੀਂ ਹੋ ਸਕੀ। ਝੋਨੇ ਦੀ ਪਰਾਲੀ ਦੇ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ, ਪਰ ਰੁਕ ਕਿਉਂ ਨਹੀਂ ਰਹੇ? ਸਰਕਾਰ ਅਸਫ਼ਲ ਕਿਉਂ ਹੋ ਰਹੀ ਹੈ? ਇਸ ਪਿੱਛੇ ਕਈ ਪਹਿਲੂ ਜ਼ਿੰਮੇਵਾਰ ਹਨ।
ਪੂਸਾ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਿਰਫ਼ 10 ਤੋਂ 15 ਦਿਨਾਂ ਦਾ ਸਮਾਂ ਹੁੰਦਾ ਹੈ। ਏਨੇ ਥੋੜ੍ਹੇ ਸਮੇਂ ਵਿਚ ਕਿਸਾਨ ਕਿਸ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿਚ ਕੁਤਰਾ ਕਰਕੇ ਖ਼ਤਮ ਕਰ ਸਕਦਾ ਹੈ। ਦੂਸਰਾ ਜੇਕਰ ਆਧੁਨਿਕ ਮਸ਼ੀਨਰੀ ਨਾਲ ਜਿਨ੍ਹਾਂ ਵਿਚ ਪੈਡੀ ਸਟਰਾਅ ਮੈਨੇਜਮੈਂਟ ਸਿਸਟਮ, ਹੈਪੀ ਸੀਡਰ, ਪੈਡੀ ਸਟਰਾਅ, ਸਟਰਾਅ ਚੌਪਰ, ਮਲਚਰ, ਸ਼ਰੱਬ ਕਟਰ, ਰੋਟਰੀ ਸਲੈਸ਼ਰ ਆਦਿ ਨਾਲ ਰਹਿੰਦ-ਖੁਹਿੰਦ ਦਾ ਨਿਪਟਾਰਾ ਖੇਤ ਵਿਚ ਕਰਦਾ ਹੈ ਤਾਂ ਖਰਚ ਬਹੁਤ ਜ਼ਿਆਦਾ ਅਤੇ ਮਸ਼ੀਨਰੀ ਬਹੁਤ ਮਹਿੰਗੀ ਦੀ ਲੋੜ ਪੈਂਦੀ ਹੈ, ਜੋ ਹਰੇਕ ਕਿਸਾਨ ਕੋਲ ਸੰਭਵ ਨਹੀਂ ਹੈ।
ਸਰਕਾਰ ਨੂੰ ਰਹਿੰਦ-ਖੂੰਹਦ ਸਾੜਨ ਉੱਪਰ ਰੋਕ ਲਗਾਉਣ ਤੋਂ ਪਹਿਲਾਂ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸਾਨਾਂ ਨੂੰ ਕੋਈ ਦੂਜਾ ਰਸਤਾ ਦਿਖਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਅਗਲੀ ਫਸਲ ਵੀ ਪਿਛੇਤੀ ਨਾ ਹੋਵੇ, ਨਾ ਵਾਤਾਵਰਨ ਪ੍ਰਦੂਸ਼ਿਤ ਹੋਵੇ। ਸਾਡੇ ਕੋਲ ਖੇਤੀਬਾੜੀ ਯੂਨੀਵਰਸਿਟੀ, ਖੇਤੀ ਮਾਹਿਰ, ਅਰਥ-ਸ਼ਾਸਤਰੀ ਅਤੇ ਵਿਦਵਾਨ ਮੌਜੂਦ ਹਨ, ਜੋ ਸਾਨੂੰ ਕੋਈ ਨਵੀਂ ਦਿਸ਼ਾ ਦਿਖਾ ਦੇਣ, ਜਿਸ ਨਾਲ ਦੋਵੇਂ ਪੱਖਾਂ ਦਾ ਬਚਾਅ ਕੀਤਾ ਜਾਵੇ।
ਸਰਕਾਰ ਆਪਣਾ ਫਰਜ਼ ਨਿਭਾਉਂਦੀ ਹੋਈ ਸਹਿਕਾਰੀ ਸਭਾਵਾਂ ਰਾਹੀਂ ਚੌਖੀ ਗਿਣਤੀ ਵਿਚ ਮਹਿੰਗੇ ਸੰਦਾਂ ਨੂੰ ਕਿਸਾਨਾਂ ਦੀ ਸਹੂਲਤ ਲਈ ਮੁਹੱਈਆ ਕਰਵਾਏ ਕਿਉਂਕਿ ਪੰਜਾਬ ਦੇ ਕਿਸਾਨ ਕੋਲ ਏਨੀ ਤਾਕਤ ਨਹੀਂ ਕਿ ਇਸ ਸਮੇਂ ਉਹ ਮਹਿੰਗੇ ਸੰਦ ਖਰੀਦ ਸਕਣ ਅਤੇ ਥੋੜ੍ਹੇ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕੇ। ਸਰਕਾਰ ਦੇ ਇਹ ਉੱਦਮ ਨਾਲ ਜਿਥੇ ਕਿਸਾਨ ਦੀ ਆਰਥਿਕ ਸਥਿਤੀ ਵਿਚ ਮਜਬੂਤੀ ਆਵੇਗੀ, ਉਥੇ ਵਾਤਾਵਰਨ ਦੀ ਸੰਭਾਲ, ਭਵਿੱਖ ਵਿਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ।

-ਹਰਫ਼ ਕਾਲਜ, ਮਲੇਰਕੋਟਲਾ। ਸੰਪਰਕ : 94179-71451.

ਵੱਡੀ ਚਿੰਤਾ ਦਾ ਵਿਸ਼ਾ

ਵਾਤਾਵਰਨ 'ਤੇ ਪੈ ਰਹੇ ਮਾੜੇ ਪ੍ਰਭਾਵ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਆਪਣੇ ਸਭਨਾਂ ਸਾਧਨਾਂ ਰਾਹੀਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਆ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ ਪਰੰਤੂ ਇਸ ਸਭ ਦੇ ਬਾਵਜੂਦ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ -ਧਰਾਏ ਹੀ ਰਹਿ ਜਾਂਦੇ ਹਨ, ਜਿਸ ਕਾਰਨ ਜਿਥੇ ਸਰਕਾਰ ਦੁਆਰਾ ਕਿਸਾਨ ਵੀਰਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਲਈ ਇਸ਼ਤਿਹਾਰਾਂ ਆਦਿ ਉੱਪਰ ਖਰਚ ਕੀਤੀਆਂ ਜਾਣ ਵਾਲੀਆਂ ਭਾਰੀ-ਭਰਕਮ ਰਕਮਾਂ ਫਜ਼ੂਲ ਅਤੇ ਅਜਾਈਂ ਜਾਂਦੀਆਂ ਹਨ, ਉਥੇ ਹੀ ਇਨ੍ਹੀਂ ਦਿਨੀਂ ਸੜਕ ਹਾਦਸਿਆਂ ਵਿਚ ਬਹੁਤ ਜ਼ਿਆਦਾ ਵਾਧਾ ਵੇਖਣ ਨੂੰ ਮਿਲਦਾ ਹੈ। ਪਿਛਲੇ ਸਾਲ ਦੀ ਗੱਲ ਹੈ ਜਦੋਂ ਧੂੰਏਂ ਦੇ ਬਣੇੇ ਬੱਦਲਾਂ ਦੀ ਲਪੇਟ ਪੂਰੇ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿਚ ਵੀ ਕਈ ਦਿਨਾਂ ਤੱਕ ਹਨੇਰਾ ਛਾਇਆ ਰਿਹਾ, ਜਿਸ ਦੇ ਚੱਲਦਿਆਂ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਵਾਪਰੇ ਹਾਦਸੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ।
ਸਾਡਾ ਪੰਜਾਬ ਜੋ ਕਿ ਇਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਵਿਚ ਝੋਨੇ ਦੀ ਬਿਜਾਈ ਵਾਲੇ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਵਿਚ ਲਗਭਗ 65 ਲੱਖ ਏਕੜ ਰਕਬੇ 'ਚ ਝੋਨੇ ਦੀ ਕਾਸ਼ਤ ਹੁੰਦੀ ਹੈ। ਝੋਨੇ ਦੀ ਫ਼ਸਲ ਦੀ ਪ੍ਰਾਪਤੀ ਉਪਰੰਤ ਜਦ ਖੇਤਾਂ ਵਿਚਲੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਤਾਂ ਇਸ ਨਾਲ ਜੋ ਸਾਡਾ ਨੁਕਸਾਨ ਹੁੰਦਾ ਹੈ ਉਸ ਦੇ ਤੱਥ ਯਕੀਨਨ ਚਿੰਤਾਜਨਕ ਹਨ। ਇਕ ਰਿਪੋਰਟ ਅਨੁਸਾਰ ਇਕ ਕਿੱਲੇ ਵਿਚ 2.5 ਤੋਂ ਲੈ ਕੇ 3 ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ, ਜਿਸ ਦੇ ਸਾੜਨ ਦੇ ਫਲਸਰੂਪ ਤਕਰੀਬਨ 32 ਕਿਲੋ ਯੂਰੀਆ, 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪੁਟਾਸ਼ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕਾਸ਼ਤਕਾਰੀ ਲਈ ਸਹਾਇਕ, ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਚ ਬੇ-ਤਹਾਸ਼ਾ ਕਮੀਂ ਆਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਦੇ ਸਾੜਨ ਨਾਲ ਫ਼ਸਲਾਂ ਦੇ ਵਧੇਰੇ ਵਧਣ-ਫੁਲਣ ਲਈ ਜ਼ਰੂਰੀ ਮਲੜ ਦੇ ਨਾਲ-ਨਾਲ ਲਗਭਗ 38 ਲੱਖ ਟਨ ਜੈਵਿਕ ਕਾਰਬਨ ਸੜ ਜਾਂਦੇ ਹਨ, ਜਿਸ ਦੇ ਕਾਰਨ ਧਰਤੀ ਦੀ ਜ਼ਰਖੇਜੀ ਭਾਵ ਉਪਜਾਊ ਸ਼ਕਤੀ ਵਿਚ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰੱਖਤ ਪਰਾਲੀ ਨੂੰ ਲਗਾਈ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਹਿਲੇ ਸਮਿਆਂ 'ਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਇਆ ਕਰਦਾ ਸੀ ਲੇਕਿਨ ਜਦ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ ਉਸ ਨਾਲ ਸ਼ਹਿਦ ਦੀਆਂ ਅਣ-ਗਿਣਤ ਮੱਖੀਆਂ ਮਰ ਚੁੱਕੀਆਂ ਹਨ, ਜਿਸ ਦੇ ਫਲਸਰੂਪ ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਪੰਛੀ ਜਿਵੇਂ ਕਿ ਚਿੜੀਆਂ ਆਦਿ ਸਾਡੇ ਸਮਾਜ 'ਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਪੰਛੀਆਂ 'ਤੇ ਜੀਵ-ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।
ਦੂਸਰੇ ਪਾਸੇ ਪਰਾਲੀ ਸਾੜਨ ਕਰਕੇ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਅਕਸਾਈਡ, ਲਾਲ ਕਣਾਂ ਨਾਲ ਕਿਰਿਆ ਕਰਕੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰਥਾ ਘਟਾਉਂਦੀ ਹੈ ਇਸ ਦੇ ਨਾਲ ਹੀ ਕਾਰਬਨ ਡਾਈਅਕਸਾਈਡ ਅੱਖਾਂ ਅਤੇ ਸਾਹ ਦੀ ਨਲੀ ਵਿਚ ਜਲਣ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਸਲਫਰ ਅਕਸਾਈਡ ਅਤੇ ਨਾਈਟਰੋਜਨ ਅਕਸਾਈਡ ਫੇਫੜਿਆਂ, ਖੂਨ, ਚਮੜੀ ਅਤੇ ਸਾਹ ਕਿਰਿਆ 'ਤੇ ਸਿੱਧਾ ਅਸਰ ਕਰਦੇ ਹਨ, ਜੋ ਕਿ ਕੈਂਸਰ ਵਰਗੀਆਂ ਮੂਜ਼ੀ-ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿਠੱਣਾ ਇਕੱਲੇ ਸੂਬਾ ਸਰਕਾਰ ਦੇ ਵੱਸ ਦੀ ਗੱਲ ਨਹੀਂ, ਸਗੋਂ ਇਹ ਸਮੁੱਚੇ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ਵਿਚ ਆਪਸ ਵਿਚ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਨਾਲ ਹੀ ਦੋਵੇਂ ਸਰਕਾਰਾਂ ਨੂੰ ਕਿਸਾਨਾਂ ਦੇ ਤਮਾਮ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੁਚਾਰੂ ਅਤੇ ਯੋਗ ਹੱਲ ਲੱਭਣੇ ਚਾਹੀਦੇ ਹਨ। ਸਾਨੂੰ ਸਭ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਧਰਤੀ 'ਤੇ ਅਸੀਂ ਰਹਿੰਦੇ ਹਾਂ ਇਸ ਦੇ ਚੌਗਿਰਦੇ ਤੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਇਕੱਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ, ਸਗੋਂ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਅਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
ਚਲੋ ਆਓ! ਅਸੀਂ ਸਭ ਵੀ ਇਹੋ ਸਲੋਗਨ ਅਪਨਾਈਏ ਕਿ 'ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ, ਸਗੋਂ ਇਸ ਨੂੰ ਅਪਣੇ ਖੇਤਾਂ ਵਿਚ ਹੀ ਮਿਲਾਓ' ਅਤੇ ਵਾਤਾਵਰਨ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਬਣਾਓ।

-ਮਲੇਰਕੋਟਲਾ।

ਸਰਕਾਰੀ ਨੀਤੀਆਂ ਤੇ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ

ਪੰਜਾਬ ਵਿਚ ਕਿਸਾਨਾਂ ਵਲੋਂ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਲਗਾਈ ਜਾਂਦੀ ਅੱਗ ਦਾ ਮੁੱਦਾ ਅੱਗ ਵਾਂਗ ਹੀ ਭਖਦਾ ਰਹਿੰਦਾ ਹੈ ਕਿਉਂਕਿ ਝੋਨੇ ਦੀ ਪਰਾਲੀ ਵਾਲੀ ਅੱਗ ਦੇ ਧੂੰਏਂ ਦਾ ਸੇਕ ਹਰਿਆਣੇ ਵਿਚੋਂ ਹੁੰਦਾ ਹੋਇਆ ਦਿੱਲੀ ਤੱਕ ਵੀ ਪੁੱਜ ਜਾਂਦਾ ਹੈ ਅਤੇ ਦਿਨ-ਦਿਹਾੜੇ ਹੀ ਰਾਤ ਮਹਿਸੂਸ ਹੋਣ ਲਗਦੀ ਹੈ। ਕਣਕ ਦੇ ਨਾੜ ਨਾਲੋਂ ਝੋਨੇ ਦੀ ਪਰਾਲੀ ਦਾ ਧੂੰਆਂ ਇਸ ਕਰਕੇ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਕਿਉਂਕਿ ਝੋਨੇ ਦੇ ਗਿੱਲੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਕਰਕੇ ਧੂੰਆਂ ਸੰਘਣਾ ਅਤੇ ਚਿੱਟਾ ਹੁੰਦਾ ਹੈ।
ਦੂਸਰਾ ਕਣਕ ਨਾਲੋਂ ਝੋਨੇ 'ਤੇ ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਧੂੰਆਂ ਜ਼ਹਿਰੀਲਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਪਰਾਲੀ ਨੂੰ ਅੱਗ ਲੱਗਣ ਕਾਰਨ ਨੇੜੇ ਖੜ੍ਹੇ ਰੁੱਖ ਅਤੇ ਜ਼ਮੀਨ ਵਿਚ ਰਹਿਣ ਵਾਲੇ ਮਿੱਤਰ ਕੀੜੇ ਵੀ ਅੱਗ 'ਚ ਸੜ ਜਾਂਦੇ ਹਨ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਹੀ ਜ਼ਿੰਮੇਵਾਰ ਹੈ ਜਾਂ ਫਿਰ ਹੋਰ ਵੀ ਕਈ ਅਜਿਹੇ ਸਾਧਨ ਹਨ, ਜਿਨ੍ਹਾਂ ਰਾਹੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ। ਦੀਵਾਲੀ ਮੌਕੇ ਤਿਉਹਾਰ ਦੇ ਨਾਂਅ 'ਤੇ ਚਲਾਈ ਜਾਂਦੀ ਆਤਿਸ਼ਬਾਜ਼ੀ ਅਤੇ ਹੋਰ ਧਾਰਮਿਕ ਸਮਾਗਮਾਂ ਵੇਲੇ ਵੀ ਧਮਾਕੇਦਾਰ ਪਟਾਕੇ ਚਲਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਸਾਰਾ ਸਾਲ ਹੀ ਪ੍ਰਦੂਸ਼ਣ ਫੈਲਦਾ ਰਹਿੰਦਾ ਹੈ ਪਰ ਦੋਸ਼ੀ ਕਿਸਾਨ ਵਲੋਂ ਲਗਾਈ ਜਾਂਦੀ ਪਰਾਲੀ ਦੀ ਅੱਗ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ।
ਸਾਲ 2018 ਵਿਚ ਸਤੰਬਰ ਮਹੀਨੇ ਤੱਕ ਪਰਾਲੀ ਦੇ ਯੋਗ ਪ੍ਰਬੰਧ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ 7337 ਮਸ਼ੀਨਾਂ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਦਿੱਤੀਆਂ ਗਈਆਂ ਸਨ। ਜਦੋਂ ਕਿ ਕੁੱਲ 24,315 ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣੀਆਂ ਸਨ। ਇਨ੍ਹਾਂ ਪਰਾਲੀ ਨੂੰ ਸੰਭਾਲਣ ਵਾਲੇ ਸੰਦਾਂ 'ਤੇ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਸਹਿਕਾਰੀ ਸਭਾਵਾਂ ਨੂੰ 80 ਫ਼ੀਸਦੀ ਸਬਸਿਡੀ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਕਿਸਾਨਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਵਿਚ ਕੁਝ ਕਿਸਾਨਾਂ ਨੇ ਜ਼ੀਰੋ ਡਰਿੱਲ ਰਾਹੀਂ ਪਰਾਲੀ ਵਿਚ ਹੀ ਕਣਕ ਬੀਜਣ ਦਾ ਤਜਰਬਾ ਕੀਤਾ। ਪਰ ਪਰਾਲੀ ਜ਼ਿਆਦਾ ਹੋਣ ਕਰਕੇ ਜ਼ਮੀਨ ਵਿਚ ਚੂਹੇ ਖੁੱਡਾਂ ਬਣਾ ਲੈਂਦੇ ਹਨ, ਜਿਸ ਕਰਕੇ ਕਣਕ ਦੇ ਬੀਜ ਦਾ ਨੁਕਸਾਨ ਹੁੰਦਾ ਹੈ ਅਤੇ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਸਮੇਂ ਝੋਨੇ ਦੀ ਪਰਾਲੀ ਦਾ ਬਣਿਆ ਹੋਇਆ ਰੇਤਾ ਤੂੜੀ 'ਚ ਮਿਲਣ ਕਰਕੇ ਤੂੜੀ ਵਧੀਆ ਨਹੀਂ ਬਣਦੀ, ਜਿਸ ਕਰਕੇ ਕਿਸਾਨਾਂ ਨੂੰ ਕਈ ਮਜਬੂਰੀਆਂ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਪਰਾਲੀ ਨੂੰ ਸਾੜਨ ਵਰਗੀ ਗੰਭੀਰ ਸਮੱਸਿਆ ਦੇ ਹੱਲ ਲਈ ਖੇਤੀਬਾੜੀ ਵਿਭਾਗ ਨੂੰ ਅਗੇਤੀਆਂ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਤਿਆਰ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਝਾੜ ਵੀ ਪੂਰਾ ਹੋਵੇ। ਪੰਜਾਬ ਸਰਕਾਰ ਨੂੰ ਝੋਨੇ ਦੇ ਬਦਲ ਵਾਲੀਆਂ ਹੋਰ ਫਸਲਾਂ ਦੇ ਮੁੱਲ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿਚ ਨਰਮੇ ਦੀ ਫਸਲ ਵੀ ਸ਼ਾਮਿਲ ਹੈ।
ਜੇਕਰ ਪੰਜਾਬ ਸਰਕਾਰ ਵਲੋਂ ਮਾਲਵੇ ਅਤੇ ਦੁਆਬੇ ਦੇ ਹਿੱਸੇ ਨੂੰ ਹੀ ਖੇਤੀ ਵਿਭਿੰਨਤਾ ਅਧੀਨ ਲਿਆ ਕੇ ਫਸਲਾਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਣ ਤਾਂ ਅੱਧ ਤੋਂ ਜ਼ਿਆਦਾ ਪੰਜਾਬ ਨੂੰ ਝੋਨੇ ਦਾ ਰਕਬੇ ਹੇਠੋਂ ਬਾਹਰ ਕੱਢਿਆ ਜਾ ਸਕਦਾ ਹੈ। ਵੈਸੇ ਵੀ ਹੁਣ ਦੂਸਰੇ ਰਾਜਾਂ ਨੂੰ ਪੰਜਾਬ ਦੇ ਚੌਲਾਂ ਦੀ ਜ਼ਰੂਰਤ ਨਹੀਂ ਰਹੀ ਕਿਉਂਕਿ ਜਿਹੜੇ ਰਾਜ ਪੰਜਾਬ ਦੇ ਚੌਲਾਂ 'ਤੇ ਨਿਰਭਰ ਸਨ, ਉਹ ਆਪਣੀ ਖਪਤ ਜੋਗੇ ਚੌਲ ਆਪਣੇ ਰਾਜਾਂ ਵਿਚ ਹੀ ਪੈਦਾ ਕਰ ਰਹੇ ਹਨ, ਜਿਸ ਕਰਕੇ ਪੰਜਾਬ ਸਰਕਾਰ ਨੂੰ ਖੇਤੀ ਵਿਭਿੰਨਤਾ ਵਾਲਾ ਫਾਰਮੂਲਾ ਅਪਣਾ ਕੇ ਪਰਾਲੀ ਨੂੰ ਸਾੜਨ ਦਾ ਹੱਲ ਲੱਭਣਾ ਚਾਹੀਦਾ ਹੈ।

-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ। ਮੋਬਾਈਲ : 98761-01698.

ਪਰਾਲੀ ਸਾੜਨ ਦੀ ਸਮੱਸਿਆ ਦਾ ਉਸਾਰੂ ਹੱਲ ਕੱਢਿਆ ਜਾਵੇ

ਪਰਾਲੀ ਸਾੜਨ ਦੀ ਸਮੱਸਿਆ ਅਜੋਕੇ ਸਮੇਂ ਵਿਚ ਹਰ ਇਕ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ, ਜਿਸ ਦਾ ਅਜੇ ਤੱਕ ਕੋਈ ਸੁਚੱਜਾ ਹੱਲ ਨਹੀਂ ਲੱਭਿਆ ਜਾ ਸਕਿਆ ਹੈ। ਹਰ ਸਾਲ ਇਸ ਨਾਲ ਅਨੇਕਾਂ ਜਾਨਾਂ ਚਲੀਆਂ ਜਾਂਦੀਆਂ ਹਨ, ਬਹੁਤੇ ਬਿਮਾਰੀਆਂ ਵਿਚ ਘਿਰ ਜਾਂਦੇ ਹਨ ਅਤੇ ਦਮ ਘੁੱਟਣ ਲੱਗਦਾ ਹੈ। ਅਜਿਹੇ ਸਮੇਂ ਸਾਹ, ਦਿਲ ਅਤੇ ਫੇਫੜਿਆਂ ਦੇ ਮਰੀਜ਼ਾਂ ਦੀ ਚਿੰਤਾ ਵੱਧ ਜਾਂਦੀ ਹੈ। ਭਵਿੱਖ ਲਈ ਵੀ ਇਸ ਦੇ ਨਤੀਜੇ ਚੰਗੇ ਨਹੀਂ ਹਨ। ਇਸ ਦਾ ਹੱਲ ਖੇਤੀ ਮਾਹਿਰਾਂ ਅਤੇ ਸਰਕਾਰਾਂ ਨੂੰ ਰਲਮਿਲ ਕੇ ਅਤੇ ਵਿਚਾਰ ਕਰ ਕੇ ਕਰਨਾ ਪੈਣਾ ਹੈ।
ਵਰਤਮਾਨ ਸਮੇਂ ਪਰਾਲੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਜੋ ਪਰਾਲੀ ਸਾੜ ਕੇ ਆਪਣੀ ਅਤੇ ਸਮਾਜ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਰਹੇ ਹਨ। ਇਹ ਠੀਕ ਹੈ ਕਿ ਪਰਾਲੀ ਨਿਪਟਾਰੇ ਲਈ ਕਿਸਾਨਾਂ ਨੂੰ ਕੁਝ ਖਰਚ ਕਰਨਾ ਪੈਂਦਾ ਹੈ, ਜਿਸ ਦੀ ਭਰਪਾਈ ਦੀ ਮੰਗ ਕਰਨ ਲਈ ਕਿਸਾਨ ਪਰਾਲੀ ਸਾੜ ਰਹੇ ਹਨ। ਪਰ ਆਪਣੀ ਮੰਗ ਪੂਰੀ ਕਰਨ ਲਈ ਹੋਰ ਵੀ ਢੰਗ ਅਪਣਾਏ ਜਾ ਸਕਦੇ ਹਨ। ਕਿਸਾਨਾਂ ਨੂੰ ਇਹ ਜ਼ਰੂਰ ਲਗਦਾ ਹੈ ਕਿ ਪਰਾਲੀ ਸਾੜ ਕੇ ਉਨ੍ਹਾਂ ਨੇ ਕੁਝ ਪੈਸੇ ਬਚਾ ਲਏ ਹਨ ਪਰ ਜੋ ਨੁਕਸਾਨ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਹੁੰਦਾ ਹੈ ਜਾਂ ਫ਼ਸਲਾਂ ਲਈ ਲਾਭਕਾਰੀ ਕਿਸਾਨੀ ਮਿੱਤਰ ਕੀੜੇ ਮਰ ਜਾਂਦੇ ਹਨ, ਉਸ ਨੁਕਸਾਨ ਦਾ ਅੰਦਾਜ਼ਾ ਨਹੀਂ ਹੈ। ਦੂਜਾ ਇਸ ਨਾਲ ਜੋ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਉਸੇ ਹਵਾ ਵਿਚ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਵੀ ਸਾਹ ਲੈਣਾ ਹੈ, ਜਿਸ ਸਰਕਾਰ ਤੋਂ ਕਿਸਾਨ ਵੀਰ ਆਪਣੀ ਮੰਗ ਮਨਾਉਣ ਲਈ ਇਹ ਢੰਗ ਅਪਣਾਉਂਦੇ ਹਨ, ਉਸ ਸਰਕਾਰ ਦਾ ਮੰਤਰੀ ਜਾਂ ਨੇਤਾ ਬੰਦ ਏ. ਸੀ. ਗੱਡੀਆਂ ਵਿਚ ਆਉਂਦੇ ਹਨ ਅਤੇ ਵੱਡੇ ਸ਼ਹਿਰਾਂ ਵਿਚ ਰਹਿੰਦੇ ਹਨ। ਇਸ ਲਈ ਉਨ੍ਹਾਂ 'ਤੇ ਇਸ ਦਾ ਘੱਟ ਹੀ ਅਸਰ ਹੁੰਦਾ ਹੈ। ਦੁਖੀ ਤਾਂ ਆਮ ਜਨਤਾ ਹੁੰਦੀ ਹੈ। ਆਪਣੀ ਮੰਗ ਨੂੰ ਯੂਨੀਅਨਾਂ ਹੋਰ ਢੰਗ ਨਾਲ ਵੀ ਉਠਾ ਸਕਦੀਆਂ ਹਨ, ਜਿਸ ਨਾਲ ਸਰਕਾਰ 'ਤੇ ਅਸਰ ਹੋਵੇ। ਸਰਕਾਰ ਦਾ ਤਰਕ ਹੈ ਕਿ ਫ਼ਸਲ ਕਿਸਾਨ ਵੇਚਦਾ ਹੈ ਤਾਂ ਇਸ ਦੇ ਨਿਪਟਾਰੇ ਦਾ ਖਰਚ ਵੀ ਕਿਸਾਨ ਆਪ ਕਰਨ। ਪਰ ਅੱਜ ਕਿਸਾਨ ਦੀ ਆਮਦਨ ਵਿਚ ਜਿਸ ਕਦਰ ਕਮੀ ਆ ਰਹੀ ਹੈ। ਸਰਕਾਰ ਨੂੰ ਵੀ ਇਸ ਸਮੱਸਿਆ ਦੇ ਨਿਪਟਾਰੇ ਲਈ ਕੋਈ ਉਸਾਰੂ ਹੱਲ ਲੱਭਣਾ ਚਾਹੀਦਾ ਹੈ। ਬਜਟ ਵਿਚ ਇਸ ਲਈ ਕੋਈ ਇੰਤਜ਼ਾਮ ਕਰਨਾ ਚਾਹੀਦਾ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਲੱਭੇ। ਕਿਸਾਨਾਂ ਨੂੰ ਅਜਿਹੀਆਂ ਮਸ਼ੀਨਾਂ ਮੁਹੱਈਆ ਕਰਾਈਆਂ ਜਾਣ, ਜਿਸ ਨਾਲ ਇਹ ਪਰਾਲੀ ਬਰੀਕ ਕੁਤਰ ਕੇ ਮਿੱਟੀ ਵਿਚ ਮਲਾਈ ਜਾਵੇ। ਕਈ ਕਿਸਾਨ ਝੋਨੇ ਦੀ ਪਰਾਲੀ ਨੂੰ ਬਰੀਕ ਕੁਤਰ ਕੇ ਤਵੀਆਂ ਨਾਲ ਵਾਹ ਕੇ ਜ਼ਮੀਨ ਵਿਚ ਹੀ ਮਿਲਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਉਪਜ ਵੀ ਵਧੀ ਹੈ।
ਅਸੀਂ ਸਮਾਜ ਦਾ ਹੀ ਹਿੱਸਾ ਹਾਂ। ਦੂਜਿਆਂ ਦੇ ਦੁੱਖ-ਸੁੱਖ ਬਾਰੇ ਵੀ ਸੋਚਣਾ ਸਾਡਾ ਫਰਜ਼ ਹੈ। ਦੂਜਿਆਂ ਦੀ ਜਾਨ ਖ਼ਤਰੇ ਵਿਚ ਪਾ ਕੇ ਆਪਣੀ ਮੰਗ ਮਨਾਉਣੀ ਜਾਂ ਪੈਸਾ ਬਚਾਉਣਾ ਭਲਾਈ ਦਾ ਕਾਰਜ ਨਹੀਂ। ਇਸ ਨਾਲ ਤਾਂ ਅਸੀਂ ਪ੍ਰਮਾਤਮਾ ਦੀ ਕੁਦਰਤ ਨੂੰ ਹੀ ਵਿਗਾੜ ਰਹੇ ਹਾਂ ਅਤੇ 'ਬਲਹਿਰੀ ਕੁਦਰਤਿ ਵਸਿਆ' ਰਾਹੀਂ ਉਹ ਆਪ ਕੁਦਰਤ ਵਿਚ ਵਸਦਾ ਹੈ। ਵਾਹਿਗੁਰੂ ਅਕਾਲ ਪੁਰਖ ਅਜਿਹੇ ਕੰਮਾਂ ਨਾਲ ਖੁਸ਼ ਨਹੀਂ ਹੁੰਦਾ। ਇਸ ਨਾਲ ਜੋ ਅਨੇਕਾਂ ਪ੍ਰਾਣੀ ਸਾਹ, ਫੇਫੜੇ ਅਤੇ ਦਿਲ ਦੀਆਂ ਬਿਮਾਰੀਆਂ ਦੇ ਜਕੜ ਵਿਚ ਆਉਂਦੇ ਹਨ, ਉਨ੍ਹਾਂ ਵਿਚ ਉਹ ਆਪ ਜਾਂ ਉਸ ਦਾ ਪਰਿਵਾਰ ਵੀ ਸ਼ਾਮਿਲ ਹੈ, ਕਿਉਂਕਿ ਇਸ ਪ੍ਰਦੂਸ਼ਣ ਦਾ ਜ਼ਿਆਦਾਤਰ ਅਸਰ ਪਿੰਡਾਂ ਵਿਚ ਹੁੰਦਾ ਹੈ, ਜੋ ਕਿ ਖੇਤਾਂ ਦੇ ਨੇੜੇ ਹੁੰਦੇ ਹਨ। ਇਸ ਲਈ ਅਸੀਂ ਆਪਣੇ ਪੈਰੀਂ ਆਪ ਕੁਲਹਾੜੀ ਨਾ ਮਰਾਈਏ। ਆਪਣੀਆਂ ਮੰਗਾਂ ਲਈ ਕੋਈ ਹੋਰ ਰਾਹ ਅਪਣਾਈਏ। ਪਰਾਲੀ ਸਾੜਨ ਤੋਂ ਤੌਬਾ ਕਰੀਏ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।

-ਕਬੀਰ ਕਾਲੋਨੀ, ਬੁਢਲਾਡਾ (ਮਾਨਸਾ)। ਮੋਬਾਈਲ : 94175-10843.

ਆਧੁਨਿਕ ਤਕਨੀਕ ਨਾਲ ਹੋਵੇ ਪਰਾਲੀ ਦੀ ਸੁਚੱਜੀ ਵਰਤੋਂ

ਅਕਤੂਬਰ ਮਹੀਨੇ ਸਾਰੇ ਉੱਤਰੀ ਭਾਰਤ ਵਿਚ ਸਾਉਣੀ ਦੀ ਫ਼ਸਲ : ਝੋਨੇ ਦੀ ਵਾਢੀ ਹੁੰਦੀ ਹੈ। ਜਿਥੇ ਕਿਸਾਨ ਪੂਰੀ ਮਿਹਨਤ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ, ਉਥੇ ਉਸ ਦੇ ਹੱਥੋਂ ਇਕ ਬਹੁਤ ਵੱਡਾ ਗੁਨਾਹ ਵੀ ਹੋ ਰਿਹਾ ਹੈ। ਇਕੱਲੇ ਪੰਜਾਬ ਤੇ ਹਰਿਆਣੇ ਵਿਚ ਚਾਰ ਕਰੋੜ ਟਨ ਦੇ ਲਗਪਗ ਪਰਾਲੀ ਪੈਦਾ ਹੁੰਦੀ ਹੈ, ਜਿਸ ਦੇ 90 ਫ਼ੀਸਦੀ ਭਾਗ ਨੂੰ ਖੇਤਾਂ ਵਿਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ। ਜੇਕਰ ਸਾਰੇ ਭਾਰਤ ਦੀ ਗੱਲ ਕਰੀਏ ਤਾਂ ਇਹ ਅੰਕੜਾ ਦਸ ਕਰੋੜ ਟਨ 'ਤੇ ਪਹੁੰਚ ਜਾਂਦਾ ਹੈ। ਪਰਾਲੀ ਸੜਨ ਦੀ ਇਸ ਪ੍ਰਕਿਰਿਆ ਨਾਲ ਧਰਤ ਤਾਪ ਵਿਚ ਭਾਰੀ ਵਾਧਾ ਹੁੰਦਾ ਹੈ। (1) ਪਰਾਲੀ ਦੇ ਸੜਨ ਨਾਲ ਤਾਪ ਵਿਚ ਸਿੱਧਾ ਵਾਧਾ ਹੁੰਦਾ ਹੈ। (2) ਪਰਾਲੀ ਦੇ ਸੜਨ ਨਾਲ ਵੱਡੀ ਮਾਤਰਾ ਵਿਚ ਗੈਸਾਂ ਨਿਕਲਦੀਆਂ ਹਨ, ਜਿਸ ਨਾਲ ਆਸਮਾਨ ਵਿਚ ਕਾਰਬਨ ਗੈਸਾਂ ਦੀ ਮਾਤਰਾ ਵਿਚ ਭਾਰੀ ਵਾਧਾ ਹੁੰਦਾ ਹੈ। ਖੇਤ ਵਿਚ ਖੜੀ ਪਰਾਲੀ ਨੂੰ ਅੱਗੇ ਲਗਾਉਣ ਨਾਲ ਧਰਤੀ ਵਿਚ ਮੌਜੂਦ ਸੂਖਮ ਜੀਵ ਮਰ ਜਾਂਦੇ ਹਨ। ਇਹ ਸੂਖਮ ਜੀਵ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਧਰਤੀ ਨੂੰ ਪੋਲਾ ਬਣਾਉਂਦੇ ਹਨ ਅਤੇ ਜੈਵਿਕ ਕਿਰਿਆਵਾਂ ਨਾਲ ਧਰਤੀ ਵਿਚ ਨਾਈਟ੍ਰੋਜਨ ਖਾਦ ਆਦਿ ਪਦਾਰਥ ਜਮ੍ਹਾਂ ਕਰਦੇ ਰਹਿੰਦੇ ਹਨ।
ਬਿਮਾਰੀਆਂ ਵਿਚ ਵਾਧਾ : ਪਰਾਲੀ ਨੂੰ ਅੱਗ ਲਗਾਉਣ ਨਾਲ ਖਾਂਸੀ, ਜ਼ੁਕਾਮ, ਅੱਖਾਂ ਵਿਚ ਜਲਣ ਅਤੇ ਸਾਹ ਦੀਆਂ ਬਿਮਾਰੀਆਂ ਵੀ ਵਧ ਜਾਂਦੀਆਂ ਹਨ, ਜਿਸ ਕਾਰਨ ਮਜ਼ਦੂਰ ਅਤੇ ਕਿਸਾਨ ਵਰਗ ਉੱਪਰ ਵਾਧੂ ਖਰਚਾ ਆ ਪੈਂਦਾ ਹੈ।
ਪਰਾਲੀ ਦੀ ਸਹੀ ਵਰਤੋਂ : ਝੋਨੇ ਦੀ ਪਰਾਲੀ ਵਿਚ ਉਹ ਸਾਰੇ ਤੱਤ ਮੌਜੂਦ ਹੁੰਦੇ ਹਨ, ਜੋ ਕਣਕ ਦੇ ਨਾੜ ਵਿਚ ਹੁੰਦੇ ਹਨ। ਪਰਾਲੀ ਦਾ ਕੁਤਰਾ ਕਰਕੇ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਗਊਸ਼ਾਲਾਵਾਂ ਵਿਚ ਪਰਾਲੀ ਨੂੰ ਸਾਰੇ ਸਾਲ ਲਈ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਜਾ ਸਕਦੀ ਹੈ।
ਪਰਾਲੀ ਦਾ ਉਦਯੋਗੀਕਰਨ : ਪਰਾਲੀ ਤੋਂ ਬਹੁਤ ਚੰਗੀ ਗੁਣਵੱਤਾ ਦਾ ਗੱਤਾ ਅਤੇ ਕਾਗਜ਼ ਬਣਾਏ ਜਾ ਸਕਦੇ ਹਨ। ਪਰ ਕੇਂਦਰੀ ਸਰਕਾਰਾਂ ਜਾਂ ਰਾਜ ਸਰਕਾਰਾਂ ਵਲੋਂ ਇਸ ਸਬੰਧ ਵਿਚ ਹਾਲੇ ਤੱਕ ਕੋਈ ਪਹਿਲ ਨਹੀਂ ਕੀਤੀ ਗਈ ਹੈ। ਭਾਰਤ ਨੂੰ 40 ਲੱਖ ਟਨ ਕਾਗਜ਼ ਏਸ਼ੀਅਨ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਆਏ ਸਾਲ ਕਾਗਜ਼ ਦੇ ਬਰਾਮਦ ਵਿਚ 50 ਫ਼ੀਸਦੀ ਵਾਧਾ ਹੋ ਰਿਹਾ ਹੈ। ਅਜਿਹੀ ਨੀਤੀ ਦੇ ਕਾਰਨ ਹੀ ਆਏ ਦਿਨ ਰੁਪਏ ਦੀ ਕੀਮਤ ਡਿੱਗ ਰਹੀ ਹੈ।
ਪਰਾਲੀ ਤੋਂ ਬਿਜਲੀ ਪੈਦਾ ਕਰਨਾ : ਇਹ ਉਪਰਾਲਾ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਕਰਨਾ ਪਵੇਗਾ। ਜੇਕਰ ਰਾਜਾਂ ਵਿਚ ਅਜਿਹੇ ਥਰਮਲ ਪਲਾਂਟ ਲਗਾਏ ਜਾਣ, ਜਿਸ ਵਿਚ ਪਰਾਲੀ, ਦਰੱਖਤਾਂ ਦੇ ਪੱਤੇ, ਕਪਾਹ ਦੀਆਂ ਛਟੀਆਂ ਅਤੇ ਨਗਰ ਪਾਲਿਕਾ ਦਾ ਠੋਸ ਕੂੜਾ ਕਰਕਟ ਨੂੰ ਸਾੜ ਕੇ ਬਿਜਲੀ ਤਿਆਰ ਕੀਤੀ ਜਾਵੇ ਤਾਂ ਅਜਿਹੇ ਪਲਾਂਟ ਦੇਸ਼ ਦਾ ਬਹੁਕੋਣੀ ਫ਼ਾਇਦਾ ਕਰ ਸਕਦੇ ਹਨ। ਇਕ ਤਾਂ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਘਰ ਠੋਸ ਕੂੜਾ ਕਰਕਟ ਸਹੀ ਨਿਪਟਾਰਾ ਕੀਤਾ ਜਾ ਸਕੇਗਾ, ਦੂਜਾ ਕਿਸਾਨ ਦਾ ਉਤਪਾਦ ਪਰਾਲੀ ਦੀ ਆਰਥਿਕ ਕਦਰ ਪੈ ਜਾਵੇਗੀ। ਦੋਵੇਂ ਪਾਸਿਓਂ ਵਾਤਾਵਰਨ ਨੂੰ ਚੌਖੀ ਸ਼ੁੱਧਤਾ ਪ੍ਰਦਾਨ ਹੋਵੇਗੀ।
ਪਰਾਲੀ ਨੂੰ ਗਾਲ ਕੇ, ਇਸ ਤੋਂ ਗੋਬਰ ਗੈਸ ਅਤੇ ਇਥਾਨੌਲ ਬਣਾਇਆ ਜਾ ਸਕਦਾ ਹੈ। ਗੋਬਰ ਗੈਸ ਨੂੰ ਉਚਿਤ ਦਬਾਅ ਦੇ ਕੇ ਸੀ. ਐਨ. ਜੀ. ਬਣਾਈ ਜਾਂਦੀ ਹੈ। ਸੀ. ਐਨ. ਜੀ. ਜਦੋਂ ਬਲਦੀ ਹੈ ਤਾਂ ਇਹ ਬਹੁਤ ਘੱਟ ਪ੍ਰਦੂਸ਼ਣ ਪੈਦਾ ਕਰਦੀ ਹੈ ਅਤੇ ਤਾਪ ਵੀ ਵੱਧ ਦਿੰਦੀ ਹੈ। ਇਸ ਮਕਸਦ ਲਈ ਪੰਜਾਬ ਦੇ ਪਹਿਲੇ ਬਾਇਓਮਾਸ ਪਲਾਂਟ ਦਾ ਨੀਂਹ ਪੱਥਰ 24 ਜੂਨ 2018 ਨੂੰ ਮਹਿਮਾ ਸਰਜਾ ਪਿੰਡ ਵਿਚ ਰੱਖਿਆ ਜਾ ਚੁੱਕਾ ਹੈ। ਪੰਜਾਬ ਵਿਚ ਅਜਿਹੇ 200 ਬਾਇਓਮਾਸ ਪਲਾਂਟ ਹੋਰ ਲਗਣੇ ਹਨ। ਇਥਾਨੌਲ ਦੀ ਖ਼ਪਤ ਪੈਟਰੋਲ ਵਿਚ ਕੀਤੀ ਜਾਂਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜ ਸਰਕਾਰਾਂ ਅਤੇ ਕੇਂਦਰੀ ਸਰਕਾਰ ਨੇ ਇਸ ਵਾਰ ਪਰਾਲੀ ਨਾ ਸਾੜਨ ਦੇਣ ਲਈ ਪੂਰੀ ਸਖ਼ਤ ਨੀਤੀ ਅਪਣਾਈ ਹੋਈ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗੇ ਲਗਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਉਹ ਕਿਸਾਨਾਂ ਦਾ ਹਿੱਤ ਨਹੀਂ ਪੂਰ ਰਹੀਆਂ ਹਨ। ਜੇਕਰ ਪਰਾਲੀ ਸਾੜਨ ਦੇ ਖਿਲਾਫ਼ ਸਾਡਾ ਸਮਾਜ, ਪ੍ਰਿੰਟ ਮੀਡੀਆ ਅਤੇ ਇਲੈਕਟਰੋਨਿਕ ਮੀਡੀਆ ਇਸੇ ਤਰ੍ਹਾਂ ਸਰਗਰਮ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਪਰਾਲੀ ਸੜਨ ਦੇ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲੇਗਾ, ਪਰਾਲੀ ਇਕ ਆਰਥਿਕ ਉਤਪਾਦ ਹੋਵੇਗੀ ਜਾਗਰੂਕ, ਕਿਸਾਨ ਨੂੰ ਵੀ ਪਰਾਲੀ ਨਾ ਸਾੜਨ ਲਈ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ।

-ਮੋਬਾਈਲ : 98143-41746
ਈ-ਮੇਲ : premlatakhanikar@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX