ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  24 minutes ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਡੂਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ ਇਲਾਕੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ...
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  23 minutes ago
ਹਰਸ਼ਾ ਛੀਨਾਂ, ਅਜਨਾਲਾ, 21 ਜਨਵਰੀ ਕੜਿਆਲ, ਢਿੱਲੋਂ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਸਾਬਕਾ ਲੀਡਰਾਂ ਦੇ ......
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  39 minutes ago
ਹਰਸ਼ਾ ਛੀਨਾਂ, ਅਜਨਾਲਾ 21 ਜਨਵਰੀ (ਕੜਿਆਲ, ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ 'ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ .....
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  38 minutes ago
ਭੁਵਨੇਸ਼ਵਰ, 21 ਜਨਵਰੀ- ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ...
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  58 minutes ago
ਅਜਨਾਲਾ/ਹਰਛਾ ਛੀਨਾ 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਕੜਿਆਲ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ ਅਜਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ...
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  about 1 hour ago
ਨਵੀਂ ਦਿੱਲੀ, 21 ਜਨਵਰੀ-ਭਾਜਪਾ ਪ੍ਰਧਾਨ ਅਮਿਤ ਸ਼ਾਹ 22 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਹਵਾਈ ਅੱਡੇ 'ਤੇ ਉਸਾਰੀ ਦਾ ਕੰਮ ਹੋਣ ਕਾਰਨ ਉੱਥੇ ਸ਼ਾਹ ਦਾ ਹੈਲੀਕਾਪਟਰ ਉਤਾਰਨ ਦੀ .....
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  about 1 hour ago
ਪਟਨਾ, 21 ਜਨਵਰੀ (ਹਰਿੰਦਰ ਸਿੰਘ ਕਾਕਾ)- ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ....
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  about 1 hour ago
ਬੈਂਗਲੁਰੂ, 21 ਜਨਵਰੀ- ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਅੱਜ ਦੇਹਾਂਤ ਹੋ ਗਿਆ। ਉਹ 111 ਸਾਲ ਦੇ ਸਨ। ਮਹੰਤ ਸ਼ਿਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਦਾਖਲ ਸਨ ਜਿੱਥੇ ਉਨ੍ਹਾਂ ਅੱਜ ਆਖ਼ਰੀ ਸਾਹ .....
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  about 1 hour ago
ਕਾਬੁਲ, 21 ਜਨਵਰੀ- ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਾਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਅੱਜ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਅਤੇ 27...
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਹੋਰ ਖ਼ਬਰਾਂ..

ਬਾਲ ਸੰਸਾਰ

ਬੁਝਾਰਤਾਂ

1. ਕਬੂਤਰਾਂ 'ਚ ਇਕ ਕਿਸਮ ਲੋਟਣ ਹੁੰਦੀ ਹੈ | ਹੋਰ ਲੋਟਣ ਕਿਸ ਨੂੰ ਕਹਿੰਦੇ ਹਨ?
2. ਵੈਸਾਖੀ, ਵੈਸਾਖ ਦੀ ਸੰਗਰਾਂਦ ਨੂੰ ਕਹਿੰਦੇ ਹਨ | ਕੀ ਕੋਈ ਹੋਰ ਵੀ ਵੈਸਾਖੀ ਹੁੰਦੀ ਹੈ?
3. ਵੇਲਣੇ ਨਾਲ ਰੋਟੀ ਵੇਲੀ ਜਾਂਦੀ ਹੈ | ਹੋਰ ਵੇਲਣਾ ਕਿਸ ਨੂੰ ਕਹਿੰਦੇ ਹਨ?
4. ਉਹ ਕਿਹੜਾ ਫੱੁਲ ਹੈ, ਜੋ ਬਾਰ੍ਹਾਂ ਸਾਲ ਬਾਅਦ ਖਿੜਦਾ ਹੈ ਤੇ ਕਿਥੇ ਹੁੰਦਾ ਹੈ?
5. ਸਲੇਟ 'ਤੇ ਸਲੇਟੀ ਨਾਲ ਲਿਖਿਆ ਜਾਂਦਾ ਹੈ | ਹੋਰ ਕਿਸ ਨੂੰ ਸਲੇਟੀ ਕਿਹਾ ਗਿਆ ਹੈ?
6. ਤਖ਼ਤਾ ਸਿਆਹ (ਬਲੈਕ ਬੋਰਡ) 'ਤੇ ਚਾਕ ਨਾਲ ਲਿਖਿਆ ਜਾਂਦਾ ਹੈ | ਚਾਕ ਹੋਰ ਕਿਸ ਨੂੰ ਕਿਹਾ ਗਿਆ ਹੈ |
7. ਬਘਿਆੜੀ ਬਘਿਆੜ ਦੀ ਨਦੀਨ ਹੁੰਦੀ ਹੈ | ਕੀ ਹੋਰ ਵੀ ਕੋਈ ਬਘਿਆੜੀ ਹੁੰਦੀ ਹੈ?
ਉੱਤਰ : (1) ਕੰਨਾਂ 'ਚ ਪਾਉਣ ਵਾਲਾ ਗਹਿਣਾ, (2) ਲੰਗੜੇ ਆਦਮੀ ਦੇ ਤੁਰਨ ਲਈ ਬਣਾਈ ਫਹੁੜੀ, (3) ਰੰੂ ਵੇਲਣਾ, ਘੁਲਾੜੀ, (4) ਕਰਿੰਜੀ ਦਾ ਫੱੁਲ, ਕੋਡਈਕਨਾਲ (ਤਾਮਿਲਨਾਡੂ), (5) ਹੀਰ ਨੂੰ , (6) ਰਾਂਝੇ ਨੂੰ , (7) ਔਰਤਾਂ ਦਾ ਸਿਰ 'ਤੇ ਪਹਿਨਣ ਵਾਲਾ ਗਹਿਣਾ |
-ਸਰਬਜੀਤ ਸਿੰਘ ਝੱਮਟ,

ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027.
ਮੋਬਾ: 94636-00252


ਖ਼ਬਰ ਸ਼ੇਅਰ ਕਰੋ

ਆਓ ਜਾਣੀਏ ਬੋਹੜ ਦੇ ਦਰੱਖਤ ਬਾਰੇ

ਪਿਆਰੇ ਬੱਚਿਓ, ਭਾਰਤ ਵਿਚ ਅਨੇਕਾਂ ਤਰ੍ਹਾਂ ਦੇ ਦਰੱਖਤ ਪਾਏ ਜਾਂਦੇ ਹਨ | ਇਨ੍ਹਾਂ ਦਰੱਖਤਾਂ ਦੇ ਕਈ ਤਰ੍ਹਾਂ ਦੇ ਫਾਇਦੇ ਹਨ | ਜਿਥੇ ਇਹ ਦਰੱਖਤ ਸਾਨੂੰ ਆਕਸੀਜਨ ਦਿੰਦੇ ਹਨ, ਨਾਲ ਦੀ ਨਾਲ ਸਾਨੂੰ ਇਨ੍ਹਾਂ ਦਰੱਖਤਾਂ ਤੋਂ ਫਲ ਅਤੇ ਲੱਕੜ ਵੀ ਪ੍ਰਾਪਤ ਹੁੰਦੀ ਹੈ | ਬੱਚਿਓ, ਅੱਜ ਤੁਸੀਂ ਬੋਹੜ ਦੇ ਦਰੱਖਤ ਬਾਰੇ ਜਾਣਕਾਰੀ ਪ੍ਰਾਪਤ ਕਰੋ |
ਬੋਹੜ ਦਾ ਦਰੱਖਤ ਭਾਰਤ ਦਾ ਰਾਸ਼ਟਰੀ ਰੱੁਖ ਹੈ | ਇਸ ਨੂੰ ਫਾਰਸੀ ਵਿਚ 'ਬਰਗਦ' ਅਤੇ ਸੰਸਕ੍ਰਿਤ ਵਿਚ 'ਵਟ ਬਿ੍ਕਸ' ਕਹਿੰਦੇ ਹਨ | ਇਸ ਦੀ ਉਮਰ ਇਕ ਹਜ਼ਾਰ ਸਾਲ ਤੋਂ ਵੀ ਜ਼ਿਆਦਾ ਹੁੰਦੀ ਹੈ | ਇਸ ਦਾ ਵਿਗਿਆਨਕ ਨਾਂਅ 'ਫਾਇਕਸ ਵੇਨਗੈਲੇਸਿਸ' ਹੈ | ਇਸ ਦਰੱਖਤ ਦਾ ਘੇਰਾ ਬਹੁਤ ਵੱਡੇ ਆਕਾਰ ਦਾ ਹੁੰਦਾ ਹੈ | ਇਹ ਬਹੁਤ ਹੀ ਸੰਘਣੀ ਛਾਂ ਦਿੰਦਾ ਹੈ | ਇਸ ਦੀਆਂ ਜੜ੍ਹਾਂ ਇਸ ਦੇ ਟਾਹਣਿਆਂ ਤੋਂ ਹੇਠਾਂ ਧਰਤੀ ਵੱਲ ਝੁਕੀਆਂ ਹੁੰਦੀਆਂ ਹਨ | ਪੁਰਾਣੇ ਬਜ਼ੁਰਗਾਂ ਦਾ ਇਹ ਕਹਿਣਾ ਕਿ ਅੱਜ ਦੇ ਏ. ਸੀ. ਨਾਲੋਂ ਬੋਹੜ ਦੀ ਸੰਘਣੀ ਛਾਂ ਦਾ ਵੱਧ ਫਾਇਦਾ ਹੁੰਦਾ ਹੈ | ਇਹ ਦਰੱਖਤ ਸਭ ਤੋਂ ਜ਼ਿਆਦਾ ਪਿੰਡਾਂ ਵਿਚ ਪਾਇਆ ਜਾਂਦਾ ਹੈ | ਪਿੰਡਾਂ ਦੀਆਂ ਪੰਚਾਇਤਾਂ ਵੀ ਆਪਣੇ ਫੈਸਲੇ ਬੋਹੜ ਦੇ ਦਰੱਖਤ ਥੱਲੇ ਬੈਠ ਕੇ ਹੀ ਕਰਦੀਆਂ ਸਨ | ਅੱਜਕਲ੍ਹ ਵੀ ਪਿੰਡਾਂ ਦੇ ਲੋਕਾਂ ਦਾ ਇਹ ਕੇਂਦਰੀ ਸਥਾਨ ਹੈ | ਇਸ ਨੂੰ ਅਮਰ ਦਰੱਖਤ ਵੀ ਮੰਨਿਆ ਜਾਂਦਾ ਹੈ | ਅੱਜਕਲ੍ਹ ਦਰੱਖਤਾਂ ਦੀ ਕਟਾਈ ਬਹੁਤ ਜ਼ੋਰਾਂ ਨਾਲ ਹੋ ਰਹੀ ਹੈ | ਸਾਨੂੰ ਸਾਰਿਆਂ ਨੂੰ ਬੋਹੜ ਦੇ ਦਰੱਖਤਾਂ ਨੂੰ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਕਿ ਬੋਹੜ ਦੇ ਦਰੱਖਤ ਦਾ ਰਾਸ਼ਟਰੀ ਮਾਣ ਕਾਇਮ ਰਹਿ ਸਕੇ |

-ਮੋਗਾ | ਮੋਬਾ: 94170-05183

ਬਾਲ ਕਹਾਣੀ: ਪੱਕੇ ਆੜੀ

ਜੋਤੀ ਅਤੇ ਤੇਜੀ ਪੱਕੇ ਆੜੀ ਸਨ | ਉਹ ਪਹਿਲੀ ਜਮਾਤ ਤੋਂ ਹੀ ਇਕੱਠੇ ਪੜ੍ਹਦੇ ਆਏ ਸਨ | ਛੋਟੀਆਂ ਜਮਾਤਾਂ ਵਿਚ ਤਾਂ ਉਹ ਆਪਣੇ ਮੰਮੀ ਜਾਂ ਦਾਦੀ ਜੀ ਨਾਲ ਸਕੂਲ ਜਾਂਦੇ-ਆਉਂਦੇ ਸਨ ਪਰ ਜਦੋਂ ਦੇ ਚੌਥੀ ਜਮਾਤ ਵਿਚ ਹੋਏ ਸਨ ਤਾਂ ਉਹ ਦੋਵੇਂ ਇਕੱਲੇ ਹੀ ਸਕੂਲ ਜਾਂਦੇ ਅਤੇ ਛੱੁਟੀ ਵੇਲੇ ਹੋਰ ਸਾਥੀਆਂ ਨਾਲ ਵਾਪਸ ਘਰ ਆ ਜਾਂਦੇ ਸਨ |
ਪਿੰਡ ਦੀ ਫਿਰਨੀ 'ਤੇ ਉਨ੍ਹਾਂ ਨੂੰ ਕਈ ਵਾਰ ਕੁਝ ਅਵਾਰਾ ਕੱੁਤੇ ਮਿਲ ਜਾਂਦੇ, ਜਿਨ੍ਹਾਂ ਵਿਚੋਂ ਇਕ-ਦੋ ਤੋਂ ਬੱਚੇ ਬਹੁਤ ਡਰਦੇ ਸਨ, ਕਿਉਂਕਿ ਉਹ ਬੱਚਿਆਂ ਨੂੰ ਦੇਖ ਕੇ ਭੌਾਕਣ ਲੱਗ ਜਾਂਦੇ | ਕਈ ਵਾਰ ਮਗਰ ਵੀ ਭੱਜ ਲੈਂਦੇ ਸਨ | ਅੱਜ ਤੇਜੀ ਅਤੇ ਜੋਤੀ ਸਕੂਲ ਬੰਦ ਕਰਨ ਸਮੇਂ ਮੈਡਮਾਂ ਨਾਲ ਤਾਲੇ ਲਗਾਉਣ ਅਤੇ ਸਾਮਾਨ ਸਾਂਭਣ ਕਰਕੇ ਆਪਣੇ ਸਾਥੀਆਂ ਨਾਲੋਂ ਪਿੱਛੇ ਰਹਿ ਗਏ ਸਨ |
ਅਜੇ ਉਹ ਦੋਵੇਂ ਥੋੜ੍ਹੀ ਹੀ ਦੂਰ ਗਏ ਸਨ ਕਿ ਉਨ੍ਹਾਂ ਦੀ ਨਿਗ੍ਹਾ ਦੋਵੇਂ ਲੜਾਕੂ ਜਿਹੇ/ਡਰਾਉਣੇ ਜਿਹੇ ਕੱੁਤਿਆਂ 'ਤੇ ਪਈ | ਜੋਤੀ ਡਰ ਨਾਲ ਕੰਬਣ ਲੱਗਾ ਕਿ ਪਤਾ ਨਹੀਂ ਹੁਣ ਕੀ ਹੋਵੇਗਾ? ਡਰ ਤਾਂ ਤੇਜੀ ਵੀ ਰਿਹਾ ਸੀ ਪਰ ਜੋਤੀ ਨਾਲੋਂ ਉਹ ਕੁਝ ਚਲਾਕ ਅਤੇ ਬਹਾਦਰ ਸੀ | ਉਸ ਨੇ ਕਿਹਾ, 'ਜੋਤੀ, ਤੰੂ ਡਰ ਨਾ | ਆਪਣੇ ਕੋਲ ਪ੍ਰਕਾਰਾਂ (ਕੰਪਾਸ) ਤਾਂ ਹੈਗੀਆਂ ਹੀ ਹਨ | ਜਦ ਇਹ ਕੱੁਤੇ ਸਾਡੇ ਕੋਲ ਆਏ, ਵਗ੍ਹਾ ਕੇ ਇਨ੍ਹਾਂ ਦੀਆਂ ਅੱਖਾਂ ਵਿਚ ਮਾਰਾਂਗੇ | ਦੇਖੀਂ ਫਿਰ ਆਪੇ ਚੀਕਾਂ ਮਾਰਦੇ ਭੱਜੇ ਜਾਣਗੇ |'
ਜੋਤੀ ਨੂੰ ਉਸ ਦੀ ਗੱਲ ਕੁਝ ਚੰਗੀ-ਚੰਗੀ ਲੱਗੀ | ਪਰ ਫਿਰ ਉਸ ਦੇ ਦਿਮਾਗ ਵਿਚ ਅੱਜ ਦਾ ਪੜਿ੍ਹਆ ਹੋਇਆ ਪਾਠ ਘੁੰਮਣ ਲੱਗਾ | ਅੱਜ ਮੈਡਮ ਜੀ ਨੇ 'ਜੀਵਾਂ 'ਤੇ ਦਇਆ' ਵਾਲਾ ਪਾਠ ਪੜ੍ਹਾਇਆ ਸੀ | ਮੈਡਮ ਜੀ ਦੱਸਦੇ ਸਨ ਕਿ ਸਾਰੇ ਜੀਵ-ਜੰਤੂਆਂ, ਪੇੜ-ਪੌਦਿਆਂ, ਕੀਟ-ਪਤੰਗਾਂ ਵਿਚ ਵੀ ਸਾਡੇ ਵਰਗੀ ਹੀ ਜਾਨ ਹੁੰਦੀ ਹੈ | ਜਿਵੇਂ ਸੱਟ ਲੱਗਣ 'ਤੇ ਸਾਨੂੰ ਦਰਦ ਹੁੰਦਾ ਹੈ, ਉਸੇ ਤਰ੍ਹਾਂ ਉਨ੍ਹਾਂ ਸਾਰਿਆਂ ਨੂੰ ਵੀ ਹੁੰਦਾ ਹੈ | ਇਸ ਲਈ ਸਾਨੂੰ ਕਿਸੇ ਵੀ ਜੀਵ-ਜੰਤੂ ਨੂੰ ਤੰਗ ਨਹੀਂ ਕਰਨਾ ਚਾਹੀਦਾ | ਪੌਦਿਆਂ, ਫੱੁਲਾਂ, ਬੂਟਿਆਂ ਨੂੰ ਤੋੜਨਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਸਭ ਦੀ ਸੰਭਾਲ ਕਰਨੀ ਚਾਹੀਦੀ ਹੈ | ਜੀਵ-ਜੰਤੂ ਵੀ ਪਿਆਰ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ | ਜੇਕਰ ਅਸੀਂ ਇਨ੍ਹਾਂ ਨਾਲ ਪਿਆਰ ਕਰੀਏ ਤਾਂ ਇਹ ਵੀ ਸਾਡੇ ਮਿੱਤਰ ਬਣ ਜਾਂਦੇ ਹਨ |'
ਜੋਤੀ ਨੇ ਤੇਜੀ ਨੂੰ ਵੀ ਅੱਜ ਵਾਲਾ ਪਾਠ ਯਾਦ ਕਰਵਾਇਆ | ਉਹ ਵੀ ਸੋਚਣ ਲੱਗਾ ਕਿ ਸਾਨੂੰ ਵਿਚਾਰੇ ਕੱੁਤਿਆਂ ਦੇ ਪ੍ਰਕਾਰਾਂ ਨਹੀਂ ਮਾਰਨੀਆਂ ਚਾਹੀਦੀਆਂ | ਪਰ ਕੀ ਕਰਨ, ਡਰ ਵੀ ਬਹੁਤ ਲੱਗ ਰਿਹਾ ਸੀ |
ਅਚਾਨਕ ਜੋਤੀ ਨੂੰ ਯਾਦ ਆਇਆ ਕਿ ਉਸ ਦੇ ਬੈਗ ਵਿਚ ਦੋ ਰੋਟੀਆਂ ਪਈਆਂ ਹਨ | ਐਨੀ ਦੇਰ ਤੱਕ ਕੱੁਤੇ ਵੀ ਉਨ੍ਹਾਂ ਦੇ ਨੇੜੇ ਪੱੁਜ ਚੱੁਕੇ ਸਨ | ਜੋਤੀ ਨੇ ਫਟਾਫਟ ਆਪਣੇ ਬੈਗ ਵਿਚੋਂ ਦੋਵੇਂ ਰੋਟੀਆਂ ਕੱਢੀਆਂ ਅਤੇ ਇਕ-ਇਕ ਕਰਕੇ ਦੋਵੇਂ ਕੱੁਤਿਆਂ ਅੱਗੇ ਪਾ ਦਿੱਤੀਆਂ | ਕੱੁਤੇ ਖੁਸ਼ੀ ਵਿਚ ਪੂਛ ਹਿਲਾਉਂਦੇ ਹੋਏ ਰੋਟੀ ਖਾਣ ਲੱਗ ਪਏ | ਉਨ੍ਹਾਂ ਨੇ ਪਿਆਰ ਨਾਲ ਜੋਤੀ ਅਤੇ ਤੇਜੀ ਦੇ ਪੈਰ ਚੱਟਣੇ ਸ਼ੁਰੂ ਕਰ ਦਿੱਤੇ | ਜਿਵੇਂ ਕਹਿ ਰਹੇ ਹੋਣ ਕਿ ਅੱਜ ਤੋਂ ਬਾਅਦ ਆਪਾਂ ਸਾਰੇ ਪੱਕੇ ਆੜੀ ਹਾਂ |
ਹੁਣ ਜੋਤੀ ਅਤੇ ਤੇਜੀ ਪੂਰੀ ਖੁਸ਼ੀ ਨਾਲ ਇਕੱਲੇ ਹੀ ਸਕੂਲ ਆਉਣ-ਜਾਣ ਲੱਗ ਪਏ | ਉਨ੍ਹਾਂ ਨੂੰ ਆਪਣੇ ਆੜੀਆਂ ਨੂੰ ਦੇਖ ਕੇ ਚਾਅ ਚੜ੍ਹ ਜਾਂਦਾ | ਉਨ੍ਹਾਂ ਦੇ ਨਾਂਅ ਵੀ ਰੌਕੀ ਅਤੇ ਮੌਾਟੀ ਰੱਖ ਦਿੱਤੇ | ਹਰ ਰੋਜ਼ ਉਹ ਆਪਣੇ ਆੜੀਆਂ ਲਈ ਰੋਟੀ ਲੈ ਕੇ ਆਉਂਦੇ | ਰੌਕੀ ਅਤੇ ਮੌਾਟੀ ਵੀ ਆਪਣੇ ਆੜੀਆਂ ਦੀ ਦੋਵੇਂ ਵੇਲੇ ਉਡੀਕ ਕਰਦੇ | ਉਨ੍ਹਾਂ ਨੂੰ ਦੇਖਦੇ ਸਾਰ ਹੀ ਖੁਸ਼ੀ ਵਿਚ ਪੂਛਾਂ ਹਿਲਾਉਣ ਲੱਗ ਜਾਂਦੇ |

ਰੇਨੇ ਲੇਨੇਕ ਨੇ ਕੁਝ ਇਸ ਤਰ੍ਹਾਂ ਸੁਣੀ ਦਿਲ ਦੀ

ਬੱਚਿਓ, ਜਦੋਂ ਤੁਸੀਂ ਡਾਕਟਰ ਅੰਕਲ ਕੋਲ ਜਾਂਦੇ ਹੋ ਤਾਂ ਉਹ ਇਕ ਮਸ਼ੀਨ ਨੂੰ ਤੁਹਾਡੀ ਛਾਤੀ 'ਤੇ ਲਗਾ ਕੇ ਕੁਝ ਜਾਨਣ ਦੀ ਕੋਸ਼ਿਸ਼ ਕਰਦੇ ਹਨ | ਤੁਸੀਂ ਇਸ ਮਸ਼ੀਨ ਦਾ ਨਾਂਅ ਵੀ ਜ਼ਰੂਰ ਸੁਣਿਆ ਹੋਵੇਗਾ | ਆਖਰ ਇਸ ਦੀ ਜ਼ਰੂਰਤ ਕਦੋਂ ਤੇ ਕਿਉਂ ਪਈ? ਇਸ ਦੀ ਕਾਢ ਕਿਸ ਨੇ ਕੱਢੀ ਸੀ? ਦਰਅਸਲ ਇਸ ਮਸ਼ੀਨ ਨੂੰ 'ਸਟੈਥੋਸਕੋਪ' ਕਹਿੰਦੇ ਹਨ | ਰੇਨੇ ਫਰਾਂਸ ਦੇ ਇਕ ਮਸ਼ਹੂਰ ਡਾਕਟਰ ਸਨ | ਜਦੋਂ ਉਹ 6 ਸਾਲ ਦੇ ਸਨ, ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਪਿਤਾ ਇਕ ਵਕੀਲ ਸਨ ਪਰ ਉਨ੍ਹਾਂ ਨੇ ਰੇਨੇ ਨੂੰ 1793 ਵਿਚ ਫਰਾਂਸੀਸੀ ਕ੍ਰਾਂਤੀ ਦੇ ਦੌਰਾਨ ਆਪਣੇ ਭਰਾ ਕੋਲ ਭੇਜ ਦਿੱਤਾ ਸੀ, ਜੋ ਕਿ ਯੂਨੀਵਰਸਿਟੀ ਆਫ ਨੈਂਟ੍ਰਸ ਵਿਚ ਮੈਡੀਸਨ ਦੇ ਡੀਨ ਸਨ | ਬਸ ਫਿਰ ਕੀ ਸੀ, ਉਨ੍ਹਾਂ ਨੇ ਆਪਣੇ ਚਾਚਾ ਜੀ ਦੀ ਦੇਖ-ਰੇਖ ਹੇਠ ਮੈਡੀਕਲ ਦੀ ਸਿੱਖਿਆ ਹਾਸਲ ਕਰਨੀ ਸ਼ੁਰੂ ਕਰ ਦਿੱਤੀ, ਹਾਲਾਂਕਿ ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਰੇਨੇ ਡਾਕਟਰ ਬਣੇ | ਪਿਤਾ ਜੀ ਦੀ ਨਾਰਾਜ਼ਗੀ ਦੇ ਕਾਰਨ ਉਨ੍ਹਾਂ ਨੇ ਮੈਡੀਕਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ | ਹੁਣ ਉਹ ਕਵਿਤਾਵਾਂ ਲਿਖਣ ਲੱਗ ਪਏ ਪਰ ਉਹ ਜ਼ਿਆਦਾ ਦਿਨ ਤੱਕ ਮੈਡੀਕਲ ਦੀ ਪੜ੍ਹਾਈ ਤੋਂ ਦੂਰ ਨਹੀਂ ਰਹਿ ਸਕੇ | ਉਨ੍ਹਾਂ ਨੇ ਪੈਰਿਸ ਦੇ ਚੈਰਿਟ ਹਸਪਤਾਲ ਵਿਚ ਆਪਣਾ ਨਾਂਅ ਲਿਖਵਾ ਲਿਆ ਅਤੇ ਕਈ ਨਾਮਵਰ ਫਿਜ਼ੀਸ਼ੀਅਨਾਂ ਦੀ ਦੇਖ-ਰੇਖ ਹੇਠ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ | ਫਿਰ ਇਕ ਹਸਪਤਾਲ ਵਿਚ ਪ੍ਰੈਕਟਿਸ ਕਰਨ ਲੱਗ ਪਏ | ਉਹ ਸੁਭਾਅ ਦੇ ਬਹੁਤ ਹੀ ਸ਼ਰਮੀਲੇ ਇਨਸਾਨ ਸਨ | ਇਕ ਵਾਰ ਉਨ੍ਹਾਂ ਕੋਲ ਇਕ ਮਹਿਲਾ ਇਲਾਜ ਕਰਵਾਉਣ ਲਈ ਆਈ | ਇਲਾਜ ਦੌਰਾਨ ਉਨ੍ਹਾਂ ਨੂੰ ਆਪਣਾ ਕੰਨ ਮਹਿਲਾ ਦੇ ਸੀਨੇ ਕੋਲ ਲੈ ਕੇ ਜਾਣਾ ਠੀਕ ਨਹੀਂ ਲੱਗਿਆ | ਇਸ ਸਥਿਤੀ ਤੋਂ ਬਚਣ ਲਈ ਰੇਨੇ ਨੇ ਕਾਗਜ਼ ਨੂੰ ਰੋਲ ਕਰਕੇ ਇਕ ਟਿਊਬ ਬਣਾਈ | ਟਿਊਬ ਦੇ ਇਕ ਸਿਰੇ ਨੂੰ ਮਹਿਲਾ ਦੇ ਸੀਨੇ 'ਤੇ ਲਾਇਆ ਅਤੇ ਦੂਜੇ ਸਿਰੇ ਨੂੰ ਆਪਣੇ ਕੰਨ ਕੋਲ ਲਗਾ ਕੇ ਉਸ ਦੀ ਦਿਲ ਦੀ ਧੜਕਣ ਸੁਣੀ | ਆਪਣੇ ਇਸ ਪ੍ਰਯੋਗ ਤੋਂ ਉਤਸ਼ਾਹਿਤ ਹੋ ਕੇ ਰੇਨੇ ਨੇ ਬਾਅਦ ਵਿਚ ਲੱਕੜ ਦੇ ਕਈ ਖੋਖਲੇ ਮਾਡਲ ਬਣਾਏ | ਆਖਰਕਾਰ ਸਾਲ 1816 ਵਿਚ ਉਨ੍ਹਾਂ ਦੀ ਸਖ਼ਤ ਮਿਹਨਤ ਰੰਗ ਲਿਆਈ ਅਤੇ ਦੁਨੀਆ ਨੂੰ ਮਿਲਿਆ-'ਸਟੈਥੋਸਕੋਪ' |

-ਮਨਿੰਦਰ ਕੌਰ
maninderkaurcareers@gmail.com

ਚੁਟਕਲੇ

• ਇਕ ਔਰਤ (ਦੂਜੀ ਨੂੰ )-ਮੇਰੇ ਪਤੀ ਤਾਂ ਬੜੇ ਸਿੱਧੇ-ਸਾਦੇ ਐ, ਮੇਰੇ ਤੋਂ ਬਿਨਾਂ ਕਿਸੇ ਹੋਰ ਔਰਤ ਵੱਲ ਨਹੀਂ ਦੇਖਦੇ |
ਦੂਜੀ ਔਰਤ-ਮੇਰੇ ਪਤੀ ਤਾਂ ਤੇਰੇ ਪਤੀ ਨਾਲੋਂ ਚਾਰ ਕਦਮ ਹੋਰ ਅੱਗੇ ਐ, ਕਿਸੇ ਹੋਰ ਔਰਤ ਵੱਲ ਤਾਂ ਕੀ, ਉਹ ਤਾਂ ਮੇਰੇ ਵੱਲ ਵੀ ਨਹੀਂ ਦੇਖਦੇ |
• ਇਕ ਮੰਗਤਾ ਇਕ ਘਰ ਦੇ ਬੂਹੇ ਅੱਗੇ ਆਵਾਜ਼ ਦੇ ਕੇ ਕਹਿੰਦਾ, 'ਭੈਣ ਜੀ, ਮੈਨੂੰ ਬਹੁਤ ਭੱੁਖ ਲੱਗੀ ਐ, ਕੁਝ ਖਾਣ ਲਈ ਦੇ ਦਿਓ |' ਅੰਦਰੋਂ ਆਦਮੀ ਬੋਲਿਆ, 'ਤੇਰੀ ਭੈਣ ਪੇਕੇ ਗਈ ਐ, ਤੇਰਾ ਜੀਜਾ ਵੀ ਭੱੁਖਾ ਈ ਐ |'
• ਪਤੀ (ਪਤਨੀ ਨੂੰ )-ਮੈਂ ਕੁਝ ਦਿਨਾਂ ਲਈ ਦੂਜੇ ਮੁਲਕ ਜਾ ਰਿਹਾ ਹਾਂ |
ਪਤਨੀ-ਜੇ ਡੁਬਈ ਗਏ ਤਾਂ ਮੇਰੇ ਲਈ ਇਕ ਸੋਨੇ ਦਾ ਹਾਰ ਲਿਆ ਦਿਓ, ਜੇ ਫਰਾਂਸ ਗਏ ਤਾਂ ਪਰਫਿਊਮ, ਜੇ ਭਾਰਤ ਗਏ ਤਾਂ ਇਕ ਵਧੀਆ ਸਾੜ੍ਹੀ ਲੈ ਆਉਣਾ |
ਪਤੀ (ਗੱੁਸੇ ਵਿਚ)-ਮੈਂ ਤਾਂ ਨਰਕ ਵਿਚ ਜਾ ਰਿਹਾਂ, ਉਥੋਂ ਦੱਸ ਕੀ ਭੇਜਾਂ?
ਪਤਨੀ-ਉਥੋਂ ਮੈਨੂੰ ਵੀਡੀਓ ਬਣਾ ਕੇ ਭੇਜ ਦੇਣਾ ਤੇ ਦੇਖਾਂ ਕਿ ਮੈਨੂੰ ਸਤਾਉਣ ਵਾਲੇ ਆਦਮੀ ਦਾ ਨਰਕ ਵਿਚ ਕੀ ਹਾਲ ਹੁੰਦੈ?
• ਇਕ ਪਤੀ-ਪਤਨੀ ਬਾਜ਼ਾਰ 'ਚ ਸਬਜ਼ੀ ਲੈਣ ਗਏ ਤਾਂ ਪਤਨੀ ਨੇ ਮਟਰਾਂ ਵੱਲ ਦੇਖ ਕੇ ਕਿਹਾ, 'ਜੀ, ਇਕ ਕਿੱਲੋ ਮਟਰ ਲੈ ਲਵਾਂ?' ਪਤੀ ਬੋਲਿਆ, 'ਮੈਨੂੰ ਨਹੀਂ ਪਤਾ, ਜਿੰਨੇ ਮਰਜ਼ੀ ਲੈ ਲਾ |'
ਪਤਨੀ-ਕੱਢਣੇ ਤਾਂ ਤੁਸੀਂ ਹੀ ਹਨ, ਫਿਰ ਨਾ ਬੋਲਣਾ |

-ਮਨਜੀਤ ਪਿਉਰੀ,
ਗਿੱਦੜਬਾਹਾ |
ਮੋਬਾ: 94174-47986

ਬਾਲ ਨਾਵਲ-86: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿਧਾਰਥ ਨੇ ਹਰੀਸ਼ ਨੂੰ ਦਿੱਲੀ ਭੇਜ ਤਾਂ ਦਿੱਤਾ ਪਰ ਉਸ ਨੂੰ ਚੈਨ ਨਹੀਂ ਸੀ ਆ ਰਿਹਾ | ਹਰੀਸ਼ ਨਾਲ ਤਕਰੀਬਨ ਰੋਜ਼ ਹੀ ਉਸ ਦੀ ਫੋਨ 'ਤੇ ਗੱਲ ਹੋ ਜਾਂਦੀ ਪਰ ਜਿੰਨੀ ਦੇਰ ਉਹ ਹਸਪਤਾਲ ਅਤੇ ਹੋਸਟਲ ਅੱਖੀਂ ਨਾ ਦੇਖ ਲੈਂਦਾ, ਓਨੀ ਦੇਰ ਉਸ ਦੀ ਪੂਰੀ ਤਸੱਲੀ ਨਹੀਂ ਸੀ ਹੋਣੀ | ਇਸ ਕਰਕੇ ਇਕ ਦਿਨ ਉਸ ਨੇ ਅਚਾਨਕ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ |
ਦਿੱਲੀ ਪਹੁੰਚ ਕੇ ਉਹ ਸਿੱਧਾ ਹਰੀਸ਼ ਦੇ ਹਸਪਤਾਲ ਗਿਆ | ਹਸਪਤਾਲ ਬਹੁਤ ਵੱਡਾ ਸੀ | ਹਰੀਸ਼ ਦਾ ਹਸਪਤਾਲ ਅਤੇ ਹੋਸਟਲ ਦੇਖ ਕੇ ਉਸ ਦੀ ਤਸੱਲੀ ਹੋ ਗਈ | ਉਸ ਨੂੰ ਯਕੀਨ ਹੋ ਗਿਆ ਕਿ ਇਸ ਥਾਂ 'ਤੇ ਹਰੀਸ਼ ਬੜੀ ਤਰੱਕੀ ਕਰੇਗਾ | ਸਿਧਾਰਥ ਇਕ ਦਿਨ ਹਰੀਸ਼ ਕੋਲ ਰਹਿ ਕੇ ਵਾਪਸ ਅੰਮਿ੍ਤਸਰ ਆ ਗਿਆ |
ਹਰੀਸ਼ ਨੂੰ ਜਿਸ ਦਿਨ ਪਹਿਲੀ ਤਨਖਾਹ ਮਿਲੀ, ਉਹ ਖੁਸ਼ ਹੋਣ ਦੀ ਬਜਾਏ ਉਦਾਸ ਹੋ ਗਿਆ | ਉਸ ਨੂੰ ਆਪਣੇ ਬੀਜੀ ਦੀ ਬਹੁਤ ਯਾਦ ਸਤਾਉਣ ਲੱਗੀ | ਉਸ ਦੀ ਛੋਟੇ ਹੁੰਦਿਆਂ ਦੀ ਖਾਹਿਸ਼ ਸੀ ਕਿ ਜਦੋਂ ਉਹ ਜ਼ਿਆਦਾ ਕਮਾਈ ਕਰੇਗਾ ਤਾਂ ਪਹਿਲੀ ਕਮਾਈ ਉਹ ਬੀਜੀ ਦੇ ਚਰਨਾਂ ਵਿਚ ਰੱਖ ਕੇ ਉਨ੍ਹਾਂ ਨੂੰ ਕਹੇਗਾ, 'ਹੁਣ ਤੁਸੀਂ ਕਿਸੇ ਕੰਮ ਨੂੰ ਹੱਥ ਨਹੀਂ ਲਗਾਉਣਾ ਅਤੇ ਸਿਰਫ ਆਰਾਮ ਕਰਨਾ ਹੈ |' ਸਾਰੀ ਰਾਤ ਉਹ ਇਹੋ ਜਿਹੀਆਂ ਸੋਚਾਂ ਹੀ ਸੋਚਦਾ ਰਿਹਾ | ਫਿਰ ਅਚਾਨਕ ਉਸ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਉਹ ਅਗਲੀ ਰਾਤ ਇਕ ਦਿਨ ਦੀ ਛੱੁਟੀ ਲੈ ਕੇ ਅੰਮਿ੍ਤਸਰ ਚਲਾ ਗਿਆ |
ਉਹ ਸਵੇਰੇ ਤੜਕੇ ਅੰਮਿ੍ਤਸਰ ਪਹੁੰਚ ਗਿਆ | ਉਹ ਸਿੱਧਾ ਆਪਣੇ ਵੀਰ ਜੀ ਦੇ ਘਰ ਪਹੁੰਚਿਆ | ਉਹ ਸਾਰੇ ਅਜੇ ਸੱੁਤੇ ਪਏ ਸੀ | ਅਚਾਨਕ ਸਵੇਰੇ-ਸਵੇਰੇ ਹਰੀਸ਼ ਨੂੰ ਦੇਖ ਕੇ ਉਹ ਹੈਰਾਨ ਵੀ ਹੋਏ ਅਤੇ ਫਿਕਰਮੰਦ ਵੀ | ਫਿਕਰ ਤਾਂ ਉਨ੍ਹਾਂ ਦਾ ਉਸੇ ਵੇਲੇ ਹਰੀਸ਼ ਨੇ ਦੂਰ ਕਰ ਦਿੱਤਾ, ਜਦੋਂ ਉਸ ਨੇ ਆਪਣੀ ਜੇਬ ਵਿਚੋਂ ਤਨਖਾਹ ਵਾਲਾ ਲਿਫਾਫਾ ਕੱਢ ਕੇ ਆਪਣੇ ਵੀਰ ਜੀ ਅਤੇ ਭਾਬੀ ਜੀ ਦੀ ਝੋਲੀ ਵਿਚ ਰੱਖਦਿਆਂ ਕਿਹਾ, 'ਮੇਰੀ ਪਹਿਲੀ ਤਨਖਾਹ', ਤਾਂ ਉਹ ਦੋਵੇਂ ਹਰੀਸ਼ ਦੇ ਮੰੂਹ ਵੱਲ ਦੇਖਦੇ ਹੀ ਰਹਿ ਗਏ | ਫਿਰ ਉਨ੍ਹਾਂ ਨੇ ਉੱਠ ਕੇ ਉਸ ਨੂੰ ਘੱੁਟ ਕੇ ਜੱਫੀ ਪਾਈ, ਪਿਆਰ ਕੀਤਾ ਅਤੇ ਉਹ ਲਿਫਾਫਾ ਉਸ ਦੀ ਜੇਬ ਵਿਚ ਪਾਉਂਦਿਆਂ ਕਿਹਾ, 'ਅਸੀਂ ਇਸ ਤਨਖਾਹ ਦੇ ਹੱਕਦਾਰ ਹੀ ਨਹੀਂ ਪਰ ਜੇ ਤੰੂ ਇਹ ਇੱਜ਼ਤ-ਮਾਣ ਦੇਣਾ ਹੀ ਹੈ ਤਾਂ ਇਸ ਨੂੰ ਮਾਤਾ ਜੀ ਦੀ ਝੋਲੀ ਵਿਚ ਰੱਖ ਦੇਈਾ |' ਹਰੀਸ਼ ਨੂੰ ਵੀ ਇਹ ਗੱਲ ਚੰਗੀ ਲੱਗੀ |
ਨਹਾ-ਧੋ ਕੇ, ਨਾਸ਼ਤਾ ਕਰਕੇ ਉਹ ਦੋਵੇਂ ਤਿਆਰ ਹੋ ਗਏ ਅਤੇ ਮਾਤਾ ਜੀ ਵੱਲ ਚਲੇ ਗਏ | ਮਾਤਾ ਜੀ ਵੀ ਹਰੀਸ਼ ਨੂੰ ਦੇਖ ਕੇ ਹੈਰਾਨ ਹੋ ਗਏ | ਹਰੀਸ਼ ਨੇ ਮਾਤਾ ਜੀ ਦੇ ਚਰਨਾਂ ਵਿਚ ਪੂਰੀ ਤਰ੍ਹਾਂ ਮੱਥਾ ਟੇਕਿਆ ਅਤੇ ਤਨਖਾਹ ਵਾਲਾ ਲਿਫਾਫਾ ਮਾਤਾ ਜੀ ਦੀ ਝੋਲੀ ਵਿਚ ਰੱਖ ਦਿੱਤਾ | ਲਿਫਾਫਾ ਦੇਖ ਕੇ ਮਾਤਾ ਜੀ ਪੱੁਛਣ ਲੱਗੇ, 'ਐਹ ਕੀ ਏ ਲਿਫਾਫੇ ਵਿਚ?'
'ਐਹ ਮੇਰੀ ਪਹਿਲੀ ਤਨਖਾਹ ਐ ਜੀ |'
ਮਾਤਾ ਜੀ ਨੇ ਲਿਫਾਫਾ ਖੋਲਿ੍ਹਆ | ਉਸ ਵਿਚ ਕਾਫੀ ਨੋਟ ਸਨ | ਮਾਤਾ ਜੀ ਨੇ ਇਕ ਸੌ ਰੁਪਏ ਦਾ ਨੋਟ ਕੱਢਿਆ ਅਤੇ ਲਿਫਾਫਾ ਉਸ ਦੀ ਜੇਬ ਵਿਚ ਪਾਉਂਦਿਆਂ ਕਿਹਾ, 'ਤੈਨੂੰ ਅਜੇ ਪੈਸਿਆਂ ਦੀ ਬੜੀ ਲੋੜ ਐ, ਦਿੱਲੀ ਵਿਚ ਖਰਚੇ ਵੀ ਜ਼ਿਆਦਾ ਨੇ | ਜਦੋਂ ਤੇਰੀ ਬਹੁਤ ਜ਼ਿਆਦਾ ਤਨਖਾਹ ਵਧ ਜਾਵੇਗੀ ਨਾ, ਉਦੋਂ ਤੰੂ ਜੋ ਮਰਜ਼ੀ ਦੇਈਾ |'
'ਮੈਨੂੰ ਬਹੁਤੇ ਪੈਸਿਆਂ ਦੀ ਲੋੜ ਹੀ ਨਹੀਂ ਪੈਂਦੀ | ਮੇਰਾ ਤਾਂ ਥੋੜ੍ਹੇ ਪੈਸਿਆਂ ਵਿਚ ਹੀ ਵਧੀਆ ਗੁਜ਼ਾਰਾ ਹੋ ਜਾਂਦੈ |'
'ਪੈਸਿਆਂ ਦੀ ਲੋੜ ਤਾਂ ਸਭ ਨੂੰ ਪੈਂਦੀ ਹੀ ਐ | ਕਿਸੇ ਨੂੰ ਘੱਟ, ਕਿਸੇ ਨੂੰ ਵੱਧ | ਤੰੂ ਇਕ ਖੇਚਲ ਜ਼ਰੂਰ ਕਰਿਆ ਕਰੀਂ ਕਿ ਮਹੀਨੇ-ਡੇਢ ਮਹੀਨੇ ਬਾਅਦ ਇਕ ਵਾਰੀ ਆ ਕੇ ਮਿਲ ਜਾਇਆ ਕਰੀਂ |'
'ਠੀਕ ਹੈ ਮਾਤਾ ਜੀ, ਜਦੋਂ ਵੀ ਮੈਨੂੰ ਇਕ-ਅੱਧ ਛੱੁਟੀ ਮਿਲੇਗੀ, ਮੈਂ ਆ ਜਾਇਆ ਕਰਾਂਗਾ |'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-23

ਦੋਸਤ ਸਾਡਾ ਸਭ ਤੋਂ ਪਿਆਰਾ,
ਸਾਰੇ ਦੋਸਤਾਂ ਵਿਚੋਂ ਨਿਆਰਾ |
ਜੰਮਦਾ ਹੈ ਪਰ ਮਰਦਾ ਨਹੀਂ,
ਕਿਸੇ ਦਾ ਮਾੜਾ ਕਰਦਾ ਨਹੀਂ |
ਸਗੋਂ ਦਿੰਦਾ ਹੈ ਨੇਕ ਸਲਾਹ,
ਸੱਚਾ ਦੋਸਤ ਵਾਹ ਬਈ ਵਾਹ |
ਇਸ ਨਾਲ ਜੋ ਦੋਸਤੀ ਪਾਵੇ,
ਬੱੁਧੀਜੀਵੀ ਮਨੱੁਖ ਕਹਾਵੇ |
ਬੱੁਝੋ ਬੱਚਿਓ ਦੋਸਤ ਕਿਹੜਾ,
ਸਭ ਤੋਂ ਪਹਿਲਾਂ ਦੱਸੂ ਜਿਹੜਾ |
ਬੱਚਿਓ ਉਸ ਨੂੰ ਮਿਲੂ ਇਨਾਮ,
ਕਾਜੂ, ਮਿਸ਼ਰੀ ਅਤੇ ਬਦਾਮ |
ਸਭ ਨੇ ਹੀ ਪਰ ਕਰ 'ਤੀ ਨਾਂਹ,
ਸਾਰੇ ਕਹਿੰਦੇ ਸਾਡੀ ਭਿਆਂ |
—f—
ਭਲੂਰੀਏ ਨੇ ਝੱਟ ਦਿੱਤਾ ਉੱਤਰ,
ਕਿਤਾਬਾਂ ਸਾਡੇ ਸੱਚੇ ਮਿੱਤਰ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਦੋ ਵਿਦਿਆਰਥੀ ਲੇਖਕਾਂ ਦੀਆਂ ਰੀਝਾਂ
ਸੰਪਰਕ : 99151-03490

ਵਿਦਿਆਰਥੀ ਲੇਖਕਾਂ ਵਿਚੋਂ ਪਹਿਲੀ ਪੁਸਤਕ ਕੁਲਵਿੰਦਰ ਸਿੰਘ ਧਾਲੀਵਾਲ (ਜਮਾਤ ਦਸਵੀਂ) ਦੀ ਕਾਵਿ ਪੁਸਤਕ 'ਚਿੜੀਏ ਨੀ ਚਿੜੀਏ' ਹੈ | ਇਸ ਪੁਸਤਕ ਵਿਚ ਬਾਲ ਕਵੀ ਤੋਤਾ, ਚਿੜੀ, ਡੱਡੂ ਆਦਿ ਜੀਵ-ਜੰਤੂਆਂ ਤੋਂ ਇਲਾਵਾ ਬੱਦਲ, ਹਵਾ, ਮੌਸਮ, ਰੁੱਖ ਆਦਿ ਦੇ ਪ੍ਰਕ੍ਰਿਤੀ ਨਾਲ ਸੰਬੰਧਾਂ ਦਾ ਵਰਣਨ ਕਰਦਾ ਹੈ | ਉਸ ਦੀ ਧਾਰਨਾ ਹੈ ਕਿ ਮਨੁੱਖ ਅਤੇ ਕੁਦਰਤ ਇਕ-ਦੂਜੇ ਦੇ ਪੂਰਕ ਹਨ ਅਤੇ ਜੇ ਦੋਵਾਂ ਵਿਚਕਾਰ ਸੰਤੁਲਨ ਕਾਇਮ ਰਹੇਗਾ, ਤਾਂ ਹੀ ਮਨੁੱਖੀ ਜੀਵਨ ਅਤੇ ਕੁਦਰਤ ਦੀ ਹੋਂਦ ਕਾਇਮ ਰਹਿ ਸਕਦੀ ਹੈ | ਇਸ ਪੁਸਤਕ ਵਿਚ 'ਕੁਲਫ਼ੀ ਵਾਲਾ', 'ਮੱਛਰ', 'ਪੈੱਨ', 'ਪੈਰ', 'ਇਕ ਮਾਲੀ ਆਇਆ' ਅਤੇ 'ਹੱਸਣਾ' ਕਵਿਤਾਵਾਂ ਵੀ ਪੜ੍ਹਨਯੋਗ ਹਨ | ਬਾਲ ਕਵੀ ਕਿਤੇ-ਕਿਤੇ ਜੀਵਨ ਦੇ ਦੁੱਖਾਂ-ਸੁੱਖਾਂ ਬਾਰੇ ਸੰਕੇਤਮਈ ਅੰਦਾਜ਼ ਵਿਚ ਗੱਲ ਕਰ ਜਾਂਦਾ ਹੈ | 'ਮੈਂ' ਕਵਿਤਾ ਦੀਆਂ ਸਤਰਾਂ ਹਨ :
ਮੈਂ ਉਹ ਫੁੱਲ ਹਾਂ, ਜੋ ਸਦਾ ਖ਼ੁਸ਼ਬੂ ਦਿੰਦਾ ਹਾਂ
ਕੰਡੇ ਮੇਰੇ ਸਾਥੀ ਹਨ | (ਪੰਨਾ 25)
ਇਸ ਪੁਸਤਕ ਦੀਆਂ ਵਿਦਿਆਰਥਣ-ਚਿੱਤਰਕਾਰ ਹਨ ਦਿਵਿਆ ਅਰੋੜਾ ਅਤੇ ਰਿਤਿਕਾ ਅਰੋੜਾ | 60 ਰੁਪਏ ਵਾਲੀ ਇਸ ਪੁਸਤਕ ਦੇ ਕੁੱਲ ਪੰਨੇ 27 ਹਨ |
ਦੂਜੀ ਪੁਸਤਕ 'ਕਿੱਥੇ ਹੈ ਮੇਰੀ ਕਵਿਤਾ?' ਸਕੂਲੀ ਵਿਦਿਆਰਥੀ ਜਗਦੀਪ ਸਿੰਘ ਜਵਾਰਕੇ ਦੀ ਲਿਖੀ ਹੋਈ ਹੈ | ਇਸ ਹੋਣਹਾਰ ਕਵੀ ਦੀਆਂ 'ਅੱਜ ਐਤਵਾਰ ਹੈ', 'ਸ਼ਕਤੀਮਾਨ', 'ਮੈਂ ਪੰਛੀ ਹਾਂ', 'ਮੇਰਾ ਮਿੱਤਰ' ਅਤੇ 'ਚਿੜੀਆਂ ਦੇ ਗੀਤ' ਸੁੰਦਰ ਕਵਿਤਾਵਾਂ ਹਨ | ਕੁਝ ਹੋਰ ਕਵਿਤਾਵਾਂ ਵਿਚ ਵੀ ਉਹ ਬਾਲ ਮਨਾਂ ਦੀ ਤਰਜਮਾਨੀ ਕਰਦਾ ਵਿਖਾਈ ਦਿੰਦਾ ਹੈ ਪਰ ਹਾਲੇ ਇੰਨੀ ਛੋਟੀ ਉਮਰ ਵਿਚ 'ਕਿਸੇ ਸੋਹਣੀ ਰਕਾਨ 'ਤੇ ਦਿਲ ਆਉਣ' (ਕਿੱਥੇ ਹੈ ਮੇਰੀ ਕਵਿਤਾ), ਸ਼ਿਵ ਕੁਮਾਰ ਬਟਾਲਵੀ ਦੇ ਦਰਦ ਦੀ ਕਹਾਣੀ ਰਾਂਝੇ ਤੇ ਹੀਰ ਦੇ ਇਸ਼ਕੀਆ ਬਿਰਤਾਂਤ (ਕਮਲਾ ਆਸ਼ਕ) ਵਰਗੇ ਵਿਸ਼ਿਆਂ ਦੀ ਥਾਂ ਇਸ ਵਿਦਿਆਰਥੀ ਨੂੰ ਬਚਪਨ ਨਾਲ ਸਬੰਧਤ ਵਿਸ਼ਿਆਂ ਉ ੱਪਰ ਹੀ ਕੇਂਦਿ੍ਤ ਰੱਖਣ ਦੀ ਲੋੜ ਹੈ | ਉਂਜ ਇਸ ਬਾਲ ਕਵੀ ਦੇ ਮਨ ਵਿਚ ਅਸੀਮ ਕਾਵਿਕ-ਸੰਭਾਵਨਾ ਛੁਪੀ ਹੋਈ ਹੈ | ਢੁੱਕਵੇਂ ਚਿੱਤਰ ਦਸਵੀਂ ਜਮਾਤ ਦੀ ਵਿਦਿਆਰਥਣ ਫ਼ਰੀਦਾ ਵਲੋਂ ਬਣਾਏ ਗਏ ਹਨ | ਇਸ ਪੁਸਤਕ ਦੇ ਪੰਨੇ 32 ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਕਵਿਤਾ: ਪਿਆਰੇ ਬਾਲ

ਪਿਆਰੇ-ਪਿਆਰੇ ਬਾਲ ਬੜੇ ਸੋਹਣੇ ਲਗਦੇ,
ਸਕੂਲ ਆਉਂਦੇ ਬਣ-ਠਣ ਸੋਹਣੇ ਜੱਚਦੇ |
ਭੱਜ-ਨੱਠ ਆਉਂਦੇ ਨੇ ਸਕੂਲ ਸੋਹਣੇ ਬਾਲ,
ਵਿੱਦਿਆ ਪੜ੍ਹਾਈ ਕਰਦੇ ਮਾਵਾਂ ਦੇ ਲਾਲ |
ਅਧਿਆਪਕਾਂ ਨੂੰ ਦਿੰਦੇ ਬੱਚੇ ਪੂਰਾ ਮਾਣ,
ਖੁਸ਼ ਹੁੰਦੇ ਬਹੁਤ ਜਦ ਸਕੂਲ ਆਣ |
ਰੀਝ ਲਾ ਕੇ ਮਨੋਂ-ਤਨੋਂ ਪੜ੍ਹਾਈ ਕਰਦੇ,
ਗਿਆਨ ਵਾਲਾ ਘੜਾ ਹਰ ਰੋਜ਼ ਭਰਦੇ |
ਸਵੇਰ ਦੀ ਸਭਾ 'ਚੋਂ ਬਹੁਤ ਕੁਝ ਸਿੱਖਦੇ,
ਮੋਤੀ ਜਿਹੀ ਲਿਖਾਈ ਵਿਚ ਸਭ ਲਿਖਦੇ |
ਕਰਦੇ ਆਪਣੇ ਮੈਡਮ ਜੀ ਦਾ ਪੂਰਾ ਸਤਿਕਾਰ,
ਮੈਡਮ ਵੀ ਕਰਦੇ ਉਨ੍ਹਾਂ ਨਾਲ ਪੂਰਾ ਪਿਆਰ |
ਖੁਸ਼ ਰਹੋ ਮੇਰੇ ਸੋਹਣੇ ਆਲੇ ਭੋਲਿਓ,
ਮੰਦੜਾ ਨਾ ਕਿਸੇ ਨਾਲ ਕਦੇ ਬੋਲਿਓ |

-ਸ਼ਮਿੰਦਰ ਕੌਰ,
ਸ: ਐ: ਸਕੂਲ, ਪੱਟੀ ਨੰ: 4, ਤਰਨਤਾਰਨ |

ਬਾਲ ਗੀਤ: ਮੰਜ਼ਿਲ

ਜੇ ਮੰਜ਼ਿਲ ਪਾਉਣੀ ਤਾਂ ਹੌਸਲੇ ਆਪਣੇ ਬੁਲੰਦ ਰੱਖੀਂ,
ਸੀਨੇ 'ਚ ਹਰ ਵੇਲੇ ਜਗਦੀ ਤੰੂ ਉਮੰਗ ਰੱਖੀਂ |

ਦੋਸਤੀ ਆਪਣੀ ਲਗਾ ਮਿਹਨਤਕਸ਼ਾਂ ਦੇ ਨਾਲ,
ਤਕਦੀਰ ਨਾਲ ਜਾਰੀ ਜ਼ਿੰਦਗੀ ਦੀ ਤੰੂ ਜੰਗ ਰੱਖੀਂ |

ਕੰਡਿਆਲੇ ਰਾਹਾਂ 'ਤੇ ਚੱਲਣ ਦਾ ਢੰਗ ਸਿੱਖ ਲੈ,
ਦਰਿਆਵਾਂ ਦੇ ਵਹਿਣ ਵਰਗੀ ਬਣਾ ਤੰੂ ਤਰੰਗ ਰੱਖੀਂ |

ਹਰ ਹਾਲ 'ਚ ਸਫਲਤਾ ਚੁੰਮੇਗੀ 'ਰੇਨੂੰ' ਕਦਮ ਤੇਰੇ,
ਬਸ ਸੁਪਨੇ ਸਜਾ ਕੇ ਆਪਣੇ ਵੱਖਰੇ ਤੰੂ ਰੰਗ ਰੱਖੀਂ |

-ਰਜਿੰਦਰ ਰੇਨੂੰ
ਮੋਬਾ: 98153-24121

ਬਾਲ ਗੀਤ: ਤੋਤਾ

ਰੰਗ ਹਰਾ ਤੇ ਚੁੰਝ ਹੈ ਲਾਲ,
ਤਿੱਖੀ ਬੋਲੀ ਕਰੇ ਕਮਾਲ |
ਗਲ ਵਿਚ ਇਸ ਦੇ ਪਾਈ ਗਾਨੀ,
ਖਾਵੇ ਫਲ ਤੇ ਕਰੇ ਸ਼ੈਤਾਨੀ |
ਖਾਵੇ ਥੋੜ੍ਹਾ ਤੇ ਬਹੁਤ ਨੁਕਸਾਨ,
ਸਾਰੇ ਕਹਿੰਦੇ ਇਸ ਨੂੰ ਗੰਗਾ ਰਾਮ |
ਸ਼ਾਕਾਹਾਰੀ ਪੰਛੀ ਇਹ ਕਹਾਵੇ,
ਇਨਸਾਨੀ ਆਵਾਜ਼ਾਂ ਕੱਢ ਸੁਣਾਵੇ |
ਕੁਝ ਇਸ ਨੂੰ ਮਿੱਠੂ ਕਹਿ ਬੁਲਾਉਂਦੇ,
ਮਿੱਠੀ ਚੂਰੀ ਕੱੁਟ ਖਵਾਉਂਦੇ |
ਝੁੰਡ ਬਣਾ ਕੇ ਰਹਿਣਾ ਜਾਣੇ,
ਹਰੇ ਬਾਗ ਵਿਚ ਮੌਜਾਂ ਮਾਣੇ |
ਸਿੱਧੀ ਤੇਜ਼ ਇਹਦੀ ਹੈ ਉਡਾਰ,
ਕਈ ਸਾਗਰ ਕਰ ਜਾਵੇ ਪਾਰ |
ਹਰੀ ਮਿਰਚ ਖਾਵੇ ਨਾਲ ਸੁਆਦ,
ਸੁੰਦਰਤਾ ਇਹਦੀ ਹੈ ਲਾਜਵਾਬ |
ਲੋਕੋ ਪਿੰਜਰੇ ਇਸ ਨੂੰ ਪਾਉਣਾ ਛੱਡ ਦਿਓ,
ਪਾਲਤੂ ਇਸ ਨੂੰ ਬਣਾਉਣਾ ਛੱਡ ਦਿਓ |
ਇਹ ਆਜ਼ਾਦੀ ਦਾ ਹੈ ਪਰਵਾਨਾ,
ਫਲਦਾਰ ਰੱੁਖਾਂ ਦਾ ਹੈ ਦੀਵਾਨਾ |

-ਵੀਨਾ ਸਾਮਾ,
ਪਿੰਡ ਢਾਬਾਂ ਕੌਕਰੀਆ, ਤਹਿ: ਅਬੋਹਰ (ਫਾਜ਼ਿਲਕਾ) |
veenasama30@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX