ਤਾਜਾ ਖ਼ਬਰਾਂ


ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  11 minutes ago
ਨਵੀਂ ਦਿੱਲੀ, 17 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  25 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  29 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  41 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  52 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਟੈਟ ਤੋਂ ਟੈਂਟ

ਪ੍ਰੀਤ ਜਦੋਂ ਵੀ ਸਵੇਰੇ ਤਿਆਰ ਹੋ ਕੇ ਸਕੂਲ ਜਾਣ ਲੱਗਦੀ ਤਾਂ ਵੇਖ ਕੇ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਤੁਰ ਪੈਂਦੇ ਕਿ ਕਿਤੇ ਮੇਰੀ ਧੀ ਨੂੰ ਨਜ਼ਰ ਨਾ ਲੱਗ ਜਾਵੇ, ਆਪੇ ਨਹਾ-ਧੋ ਕੇ ਵਰਦੀ ਪਾ ਕੇ ਰਸੋਈ ਵਿਚ ਆ ਕੇ ਪੁੱਛਦੀ ਮੰਮੀ ਕੀ ਬਣਾਇਆ ਹੈ ਅੱਜ | ਜੋ ਵੀ ਬਣਿਆ ਹੁੰਦਾ ਖਾ ਕੇ ਤੇ ਕੁਝ ਡੱਬੀ 'ਚ ਦੁਪਹਿਰ ਦੇ ਖਾਣ ਲਈ ਪਾ ਲੈਂਦੀ ਤੇ ਮੰਮੀ-ਪਾਪਾ ਨੂੰ ਬਾਏ-ਬਾਏ ਕਹਿ ਸਕੂਲ ਚਲੀ ਜਾਂਦੀ |
ਇਉਂ ਕੁਝ ਕਰਦਿਆਂ-ਸੋਚਦਿਆਂ ਮਾਂ-ਬਾਪ ਦੀਆਂ ਸੱਧਰਾਂ ਨੂੰ ਬੂਰ ਪੈ ਗਿਆ, ਧੀ ਕਾਲਜ ਜਾਣ ਲੱਗ ਪਈ ਪੜ੍ਹਾਈ ਜ਼ੋਰਾਂ-ਸ਼ੋਰਾਂ 'ਤੇ ਸ਼ੁਰੂ ਹੋ ਗਈ, ਪ੍ਰੀਤ ਰਾਤਾਂ ਨੂੰ ਜਾਗ-ਜਾਗ ਕੇ ਪੜ੍ਹਦੀ ਤੇ ਚੰਗੇ ਨੰਬਰ ਲੈ ਕੇ ਪਾਸ ਹੋਈ | ਉਹ ਆਪਣੀ ਮਾਂ ਨਾਲ ਵੀ ਘਰ ਦਾ ਕੰਮ ਕਰਵਾਉਂਦੀ | ਵੇਖਦਿਆਂ-ਵੇਖਦਿਆਂ ਪਤਾ ਹੀ ਨ੍ਹੀ ਚੱਲਿਆ ਕਦੋਂ ਕਣਕਾਂ ਲੰਮੀਆਂ ਹੋ ਗਈਆਂ, ਤੇ ਕਾਲਜੇ ਉਦੋਂ ਚੀਸ ਪੈਂਦੀ ਜਦੋਂ ਕਿਤੇ ਗਾਣੇ ਦੇ ਬੋਲ ਕੰਨੀਂ ਪੈਂਦੇ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ, ਹਾਏ ਮੇਰੀ ਧੀ |
ਮਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਇਕ ਦਿਨ ਧੀ ਰਾਣੀ ਨੇ ਆ ਕੇ ਕਿਹਾ ਮੰਮੀ ਮੇਰਾ ਟੈਟ ਪਾਸ ਹੋ ਗਿਆ, ਹੁਣ ਮੈਨੂੰ ਅਧਿਆਪਿਕਾ ਦੀ ਨੌਕਰੀ ਮਿਲ ਜਾਵੇਗੀ | ਜ਼ਰੂਰ ਮਿਲੂਗੀ ਪੁੱਤਰ ਤੂੰ ਐਨੀ ਮਿਹਨਤ ਜੋ ਕੀਤੀ ਹੈ, ਮਾਂ ਦੇ ਪੈਰ ਧਰਤੀ ਤੇ ਨ੍ਹੀ ਸੀ ਲੱਗਦੇ | ਕੁਝ ਸਮੇਂ ਬਾਅਦ ਪ੍ਰੀਤ ਨੂੰ ਨੌਕਰੀ ਵੀ ਮਿਲ ਗਈ ਤੇ ਚੰਗਾ ਜਿਹਾ ਲੜਕਾ ਵੇਖ ਕੇ ਉਸ ਦਾ ਰਿਸ਼ਤਾ ਵੀ ਕਰ ਦਿੱਤਾ | ਲੜਕਾ ਪੱਕੀ ਨੌਕਰੀ 'ਤੇ ਲੱਗਿਆ ਸੀ, ਦਿਨ ਚੰਗੇ ਆ ਗਏ ਸੋਚ ਕੇ ਮਾਂ ਪ੍ਰਮਾਤਮਾ ਦਾ ਸ਼ੁਕਰੀਆ ਕਰਦੀ ਕਿ ਪ੍ਰੀਤ ਨੂੰ ਮਿਹਨਤ ਦਾ ਫਲ ਮਿਲ ਗਿਆ ਹੈ, ਇਸ ਦੇ ਪਾਪਾ ਦੀ ਮਿਹਨਤ ਦੀ ਕਮਾਈ ਦਾ ਮੁੱਲ ਪੈ ਗਿਆ ਹੈ |
ਇਕ ਦਿਨ ਸਵੇਰੇ-ਸਵੇਰੇ ਪ੍ਰੀਤ ਉਦਾਸ ਜਿਹਾ ਚਿਹਰਾ ਲੈ ਕੇ ਰਸੋਈ ਵਿਚ ਆਈ ਤੇ ਮਾਂ ਝਾਕਦੀ ਰਹਿ ਗਈ ਕਿ ਨਾ ਇਹ ਤਿਆਰ ਹੋਈ ਤੇ ਨਾ ਇਹ ਪੁੱਛਿਆ ਕਿ ਕੀ ਬਣਾਇਆ ਹੈ | ਮਾਂ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਬੋਲੀ ਅੱਜ ਕੁਝ ਨੀ ਖਾਣਾ, ਕੁਝ ਨਾ ਬਣਾਓ, ਮੈਨੂੰ ਭੁੱਖ ਨ੍ਹੀ, ਮੇਰਾ ਮਨ ਠੀਕ ਨ੍ਹੀ | ਮਾਂ ਦੇ ਪੁੱਛਣ ਤੇ ਪ੍ਰੀਤ ਨੇ ਦੱਸਿਆ ਕਿ ਰਾਜ ਦਾ ਫੋਨ ਆਇਆ ਸੀ ਕਹਿੰਦਾ ਤੁਹਾਡੀ ਤਨਖਾਹ ਘਟਾ ਦਿੱਤੀ, ਤੁਸੀਂ ਤਾਂ ਕੱਚੇ ਹੋ ਹਾਲੇ ਪਤਾ ਨ੍ਹੀ ਤੁਹਾਡਾ ਕੀ ਬਣੇਗਾ, ਮੈਨੂੰ ਇਹ ਰਿਸ਼ਤਾ ਮਨਜ਼ੂਰ ਨ੍ਹੀ ਕਿਉਂਕਿ ਤੁਸੀਂ ਪਹਿਲਾਂ ਨ੍ਹੀ ਦੱਸਿਆ ਸਾਨੂੰ |
ਘਰ ਵਿਚ ਮਾਤਮ ਜਿਹਾ ਛਾ ਗਿਆ ਪ੍ਰੀਤ ਦਾ ਰਿਸ਼ਤਾ ਟੁੱਟ ਗਿਆ | ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ | ਭੂਆ ਅਫਸੋਸ ਕਰਨ ਆਈ ਤੇ ਪ੍ਰੀਤ ਬਾਰੇ ਪੁੱਛਿਆ ਕਿੱਥੇ ਹੈ ਤਾਂ ਮਾਂ ਨੇ ਕਿਹਾ ਉਹ ਤਾਂ ਟੈਂਟ 'ਚ ਮਰਨ ਵਰਤ 'ਤੇ ਬੈਠੀ ਹੈ ਸੁਣਦਿਆਂ ਹੀ ਭੂਆ ਦੀ ਭੁੱਬ ਨਿਕਲ ਗਈ ਕਹਿੰਦੀ ਕਿੱਥੇ ਤਾਂ ਵਿਆਹ ਦੀ ਤਿਆਰੀ ਕਰਨੀ ਸੀ ਤੇ ਕਿੱਥੇ ਆਹ ਦਿਨ ਵੇਖਣੇ ਪੈ ਗਏ |

-ਮੋਬਾਈਲ : 9417738737.


ਖ਼ਬਰ ਸ਼ੇਅਰ ਕਰੋ

ਵਿਅੰਗ: ਐਤਕੀਂ ਆਪਾਂ ਸਰਪੰਚੀ ਨਹੀਂ ਛੱਡਣੀ

ਲਓ ਬਈ ਭਰਾਓ, ਆਪਾਂ ਤਾਂ ਇਹ ਪੱਕਾ ਫੈਸਲਾ ਕਰ ਲਿਆ ਹੈ ਕਿ ਐਤਕੀਂ ਆਪਾਂ ਸਰਪੰਚੀ ਨਹੀਂ ਛੱਡਣੀ | ਚਾਹੇ ਕੁਝ ਵੀ ਹੋ ਜਾਵੇ, ਆਪਾਂ ਪਿੰਡ ਦਾ ਸਰਪੰਚ ਬਣਨੈ ਹੀ ਬਣਨੈ | ਤਾਹੀਂ ਤਾਂ ਪੰਜਾਹ ਲੱਖ ਰੁਪਏ ਆਪਾਂ ਸਰਪੰਚੀ ਲਈ ਇਕ ਪਾਸੇ ਕਰ ਕੇ ਰੱਖ ਦਿੱਤੇ ਹਨ | ਮੰਤਰੀ ਜੀ ਦਾ ਪੀ. ਏ. ਤਾਂ ਕਹਿੰਦਾ ਸੀ ਅਖੇ ਇਹ ਪੰਜਾਹ ਲੱਖ ਰੁਪਏ ਤੂੰ ਸਾਡੇ ਸਪੁਰਦ ਕਰ, ਸਰਪੰਚੀ ਤੈਨੂੰ ਘਰ ਬੈਠੇ ਨੂੰ ਹੀ ਦੇ ਦਿਆਂਗੇ - ਐਨ ਥਾਲੀ ਵਿਚ ਪਰੋਸ ਕੇ | ਪਰ ਆਪਾਂ ਤਾਂ ਲੋਕਤੰਤਰੀ ਕਦਰਾਂ- ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲੇ ਬੰਦੇ ਹਾਂ | ਇਸ ਕਰਕੇ ਆਪਾਂ ਪੀ. ਏ. ਸਾਅਬ ਨੂੰ ਕੋਰਾ ਜੁਆਬ ਦੇ ਦਿੱਤੈ | ਨਾਲੇ ਜਦੋਂ ਆਪਾਂ ਜਿੱਤਣ ਦੀ ਪੂਰੀ ਸਮਰੱਥਾ ਰੱਖਦੇ ਹਾਂ ਤਾਂ ਆਪਾਂ ਨਾਜਾਇਜ਼ ਕੰਮ ਕਿਉਂ ਕਰੀਏ |
ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਸੀਂ ਹੁਣ ਤੋਂ ਹੀ ਪਿੰਡ ਦੇ ਸਮੂਹ ਲੋਕਾਂ ਨਾਲ ਰਾਬਤਾ ਬਣਾ ਕੇ ਰੱਖ ਰਹੇ ਹਾਂ | ਹਰੇਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਹਾਂ ਅਤੇ ਲੋੜ ਸਮੇਂ ਉਨ੍ਹਾਂ ਦੀ ਮਦਦ ਵੀ ਕਰਦੇ ਹਾਂ | ਪਿਛਲੇ ਮਹੀਨੇ ਇਕ ਗਰੀਬ ਘਰ ਦੀ ਬੇਟੀ ਦਾ ਵਿਆਹ ਸੀ | ਉਸ ਬੇਟੀ ਨੂੰ ਪੰਜ ਸੂਟ, ਇਕ ਬੈੱਡ, ਦੋ ਕੁਰਸੀਆਂ, ਇਕ ਮੇਜ਼, ਘਰੇਲੂ ਵਰਤੋਂ ਦੇ ਭਾਂਡੇ ਅਤੇ ਕੁੜੀਆਂ-ਕੱਤਰੀਆਂ ਵਾਲਾ ਸਾਰਾ ਜ਼ਰੂਰੀ ਸਮਾਨ ਆਪਾਂ ਲੈ ਕੇ ਦਿੱਤਾ ਹੈ | ਕੁੜੀ ਵਾਲੇ ਐਨ ਬਾਗੋ-ਬਾਗ ਹੋ ਗਏ | ਪਿਛਲੇ ਹਫ਼ਤੇ ਦੋ ਵਿਦਿਆਰਥੀਆਂ ਨੂੰ ਆਪਾਂ ਨਵੀਆਂ-ਨਕੋਰ ਸਕੂਲੀ ਵਰਦੀਆਂ ਬਣਾ ਕੇ ਦਿੱਤੀਆਂ ਹਨ | ਪਰਸੋਂ ਪਿੰਡ ਦੇ ਇਕ ਗਰੀਬ ਆਦਮੀ ਦਾ ਚੰਗੇ ਡਾਕਟਰ ਤੋਂ ਇਲਾਜ ਕਰਵਾਇਆ ਹੈ- ਵਿਚਾਰਾ ਹਫ਼ਤੇ ਭਰ ਤੋਂ ਬੁਖਾਰ ਨਾਲ ਮੰਜੇ 'ਤੇ ਪਿਆ ਚੂਕੀ ਜਾਂਦਾ ਸੀ | ਅੱਜ ਪਿੰਡ ਦੇ ਦੋ ਸਕੇ ਭਰਾਵਾਂ ਦਾ ਰਾਜ਼ੀਨਾਵਾਂ ਕਰਵਾਇਆ ਹੈ | ਪਿਛਲੇ ਦਿਨੀਂ ਪਾਣੀ ਦੀ ਵਾਰੀ ਤੇ ਦੋਵੇਂ ਭਰਾ ਡਾਂਗੋ-ਡਾਂਗੀ ਹੋ ਗਏ ਸਨ | ਗੱਲ ਮੁਕਾਓ ਜੀ, ਜਿਹੜਾ ਵੀ ਲੋੜਵੰਦ ਸਾਡੇ ਦਰ 'ਤੇ ਉਮੀਦ ਲੈ ਕੇ ਆਉਂਦਾ ਹੈ, ਅਸੀਂ ਉਸ ਨੂੰ ਖਾਲੀ ਨਹੀਂ ਮੋੜਦੇ | ਇਸ ਪਿੱਛੇ ਮੂਲ ਕਾਰਨ ਦਾ ਤਾਂ ਤੁਹਾਨੂੰ ਪਤਾ ਹੀ ਐ ਕਿ ਐਤਕੀ ਆਪਾਂ ਸਰਪੰਚੀ ਨਹੀਂ ਛੱਡਣੀ |
ਆਪਣੇ ਵਿਰੋਧੀਆਂ ਨੂੰ ਮਾਤ ਦੇਣ ਲਈ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੇ | ਤਾਂ ਹੀ ਤਾਂ ਆਪਾਂ ਪਿੰਡ ਵਿਚ ਸੈਂਕੜੇ ਜਾਲ੍ਹੀ ਵੋਟਾਂ ਬਣਾ ਲਈਆਂ ਹਨ | ਇਹ ਵੋਟਾਂ ਚੋਣ ਅਮਲੇ ਦੀ ਯੋਗ ਮਦਦ ਦੇ ਨਾਲ ਆਪਾਂ ਜ਼ਰੂਰ ਭੁਗਤਾ ਲਵਾਂਗੇ | ਥਾਣਾ ਮੁਖੀ ਨਾਲ ਆਪਾਂ ਪੂਰੇ ਸੁਖਾਵੇਂ ਸਬੰਧ ਬਣਾ ਰੱਖੇ ਹਨ | ਗਾਹੇ-ਬ-ਗਾਹੇ ਆਪਾਂ ਉਨ੍ਹਾਂ ਨੂੰ ਪ੍ਰੀਤੀ-ਭੋਜ ਛਕਾਉਂਦੇ ਰਹਿੰਦੇ ਹਾਂ ਅਤੇ ਉਨ੍ਹਾਂ ਦੀਆਂ ਨਿੱਕੀਆਂ-ਮੋਟੀਆਂ ਵਗਾਰਾਂ ਪੂਰੀਆਂ ਕਰਦੇ ਰਹਿੰਦੇ ਹਾਂ | ਵੈਸੇ ਆਪਾਂ ਮੰਤਰੀ ਜੀ ਨੂੰ ਵੀ ਚੋਣਾਂ ਸਮੇਂ 'ਪਾਰਟੀ ਫ਼ੰਡ' ਦਾ ਮੋਟਾ ਗੱਫ਼ਾ ਦੇ ਚੁੱਕੇ ਹਾਂ | ਇਸ ਕਰਕੇ ਉਹ ਵੀ ਆਪਣੇ 'ਤੇ ਮਿਹਰ ਭਰਿਆ ਹੱਥ ਰੱਖਣਗੇ | ਪਿੰਡ ਦੀਆਂ ਸਾਰੀਆਂ ਵਿਕਾਊ ਵੋਟਾਂ ਦੀ ਆਪਾਂ ਲਿਸਟ ਤਿਆਰ ਕਰ ਲਈ ਹੈ ਅਤੇ ਉਨ੍ਹਾਂ ਦੇ ਰੇਟ ਫਿਕਸ ਕਰਨ ਲਈ ਗੁਪਤ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ | ਇਹ ਗੱਲ ਆਪਾਂ ਮਨ ਵਿਚ ਧਾਰ ਲਈ ਹੈ ਕਿ ਵੋਟਰ ਜੋ ਵੀ ਕੀਮਤ ਮੂੰਹੋਂ ਮੰਗਣਗੇ, ਆਪਾਂ ਖਿੜੇ ਮੱਥੇ ਅਦਾ ਕਰ ਦਿਆਂਗੇ | ਨਾਲੇ ਆਪਾਂ ਤਾਂ ਦਿ੍ੜ ਫ਼ੈਸਲਾ ਕਰ ਲਿਆ ਹੈ ਕਿ ਐਤਕੀ ਆਪਾਂ ਸਰਪੰਚੀ ਨਹੀਂ ਛੱਡਣੀ |
ਜਿਸ ਦਿਨ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ, ਆਪਾਂ ਉਸ ਦਿਨ ਤੋਂ ਹੀ ਨਿਆਈਾ ਵਾਲੇ ਖੇਤ ਰੂੜੀ ਮਾਰਕਾ ਸ਼ਰਾਬ ਕੱਢਣ ਦੇ ਨੇਕ ਕਾਰਜ ਵਿਚ ਜੁਟ ਗਏ ਹਾਂ | ਮੁਰਗੀਖਾਨੇ ਵਾਲਾ ਰਮਨ ਵਰਮਾ ਆਪਣੇ ਘਰ ਦਾ ਮੁੰਡਾ ਹੈ | ਉਸਨੂੰ ਜਿੰਨੇ ਮੁਰਗਿਆਂ ਦਾ ਆਰਡਰ ਕਰਦੇ ਹਾਂ, ਉਹ ਤੁਰੰਤ ਘਰ ਭੇਜ ਦਿੰਦਾ ਹੈ | ਹਰ ਰੋਜ਼ ਸ਼ਾਮ ਨੂੰ ਆਪਣੇ ਘਰ ਵਿਆਹ ਵਰਗਾ ਮਾਹੌਲ ਹੁੰਦਾ ਹੈ | ਅੱਧਾ ਪਿੰਡ ਆਪਣੇ ਘਰੋਂ ਰੂੜੀ ਮਾਰਕਾ ਸ਼ਰਾਬ ਨਾਲ ਡੱਕ ਕੇ ਜਾਂਦਾ ਹੈ | ਪਿੰਡ ਦੇ ਅਮਲੀਆਂ ਦੀ ਯੋਗ ਸੇਵਾ ਲਈ ਅਸੀਂ ਚੰਗੀ ਅਫ਼ੀਮ ਦਾ ਕੋਟਾ ਗੁਪਤ ਰੂਪ ਵਿਚ ਮੰਗਵਾ ਲਿਆ ਹੈ | ਰਾਤ-ਬਰਾਤੇ ਜਦੋਂ ਵੀ ਉਨ੍ਹਾਂ ਨੂੰ ਨਸ਼ੇ ਦੀ ਤੋੜ ਲਗਦੀ ਹੈ ਤਾਂ ਉਨ੍ਹਾਂ ਨੂੰ ਪੂਰੀ ਖੁੱਲ੍ਹ ਹੈ ਕਿ ਉਹ ਕਿਸੇ ਸਮੇਂ ਵੀ ਆ ਕੇ ਸਾਡੀਆਂ 'ਅਮਲੀ ਭਲਾਈ ਸੇਵਾਵਾਂ' ਦਾ ਭਰਭੂਰ ਲਾਭ ਉਠਾ ਸਕਦੇ ਹਨ | ਏ-ਕਲਾਸ ਡੋਡਿਆਂ ਦਾ ਭਰਿਆ ਇਕ ਕੈਂਟਰ ਵੋਟਰਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਅਸੀਂ ਵਿਸ਼ੇਸ਼ ਤੌਰ 'ਤੇ ਮੰਗਵਾਇਆ ਹੈ, ਜੋ ਕਿ ਲੋੜਵੰਦਾਂ ਨੂੰ ਨਿਰਵਿਘਨ ਸਪਲਾਈ ਕੀਤਾ ਜਾ ਰਿਹਾ ਹੈ | ਨਾਲੇ ਮਿੱਤਰ ਪਿਆਰਿਓ, ਐਤਕੀਂ ਆਪਾਂ ਸਰਪੰਚੀ ਨਹੀਂ ਛੱਡਣੀ, ਚਾਹੇ ਵੋਟਰਾਂ ਦੀ ਖਾਤਰ ਆਪਾਂ ਨੂੰ ਕੁਝ ਵੀ ਕਰਨਾ ਪਵੇ |
ਹੁਣ ਤੁਹਾਡੇ ਮਨ ਵਿਚ ਇਹ ਗੱਲ ਆ ਸਕਦੀ ਹੈ ਕਿ ਇਹ ਭਲਾਮਾਣਸ ਸਰਪੰਚੀ ਤੇ ਪੰਜਾਹ ਲੱਖ ਰੁਪਏ ਕਿਉਂ ਖਰਚ ਰਿਹਾ ਹੈ? ਆਖਰ ਇਸ ਨੂੰ ਸਰਪੰਚੀ ਵਿਚੋਂ ਕੀ ਦਿਸਦਾ ਹੈ? ਭਰਾ ਮੇਰਿਓ, ਸਾਨੂੰ ਸਰਪੰਚੀ ਵਿਚੋਂ ਬਹੁਤ ਕੁਝ ਦਿਸਦੈ | ਭਾਵ ਸਾਨੂੰ ਪੰਚਾਇਤ ਦੀ ਸੱਠ ਕਿੱਲੇ ਝੋਟੇ ਦੇ ਸਿਰ ਵਰਗੀ ਜ਼ਮੀਨ ਦਿਸਦੀ ਹੈ | ਸਰਪੰਚ ਬਣਨ ਉਪਰੰਤ ਆਪਾਂ ਇਹ ਜ਼ਮੀਨ ਠੇਕੇ 'ਤੇ ਦਿਆ ਕਰਾਂਗੇ ਤੇ ਬੇ-ਝਿਜਕ ਹੋ ਕੇ ਇਹ ਠੇਕਾ ਛਕਿਆ ਕਰਾਂਗੇ | ਜੇ ਮੰਤਰੀ ਜੀ ਨਾਲ ਮਿਲ-ਮਿਲਾ ਕੇ ਪੰਦਰਾਂ ਵੀਹ ਕਿੱਲਿਆਂ 'ਤੇ ਪੱਕਾ ਕਬਜ਼ਾ ਹੀ ਹੋ ਜਾਵੇ ਫੇਰ ਤਾਂ ਆਪਣੀਆਂ ਪੰਜੇ ਹੀ ਘਿਓ ਵਿਚ ਹੋ ਜਾਣਗੀਆਂ | ਸਾਨੂੰ ਸਰਕਾਰ ਵਲੋਂ ਆਉਣ ਵਾਲੀਆਂ ਗਰਾਂਟਾਂ ਦਿਸਦੀਆਂ ਹਨ, ਜੀਹਦੇ ਵਿਚੋਂ ਬੁਰਕੀ ਕੁ ਪੰਚਾਇਤ ਸੈਕਟਰੀ ਨੂੰ , ਬੁਰਕੀ ਕੁ ਪੰਚਾਇਤ ਅਫ਼ਸਰ ਨੂੰ , ਡੇਢ ਕੁ ਬੁਰਕੀ ਐਮ. ਐਲ. ਏ. ਸਾਅਬ ਨੂੰ ਦੇ ਬਾਕੀ ਸਾਰੀ ਗਰਾਂਟ ਆਪਾਂ ਡਕਾਰ ਜਾਇਆ ਕਰਾਂਗੇ | ਸਾਨੂੰ ਪਿੰਡ ਦਾ ਪੰਦਰਾਂ ਕਿੱਲਿਆਂ ਵਾਲਾ ਵਿਸ਼ਾਲ ਛੱਪੜ ਦਿਸਦਾ ਹੈ | ਇਸ ਵਿਚ ਆਪਾਂ ਚੰਗੀ ਨਸਲ ਦੀਆਂ ਮੱਛੀਆਂ ਪਾਲਿਆ ਕਰਾਂਗੇ ਤੇ ਵਾਧੂ ਨੋਟ ਛਾਪਿਆ ਕਰਾਂਗੇ | ਸਾਡਾ ਪਿੰਡ ਸੁੱਖ ਨਾਲ ਬਹੁਤ ਵੱਡਾ ਹੈ | ਉਸ ਹਿਸਾਬ ਨਾਲ ਇੱਥੇ ਬੁਢਾਪਾ ਪੈਨਸ਼ਨਾਂ ਵੀ ਬਹੁਤ ਆਉਂਦੀਆਂ ਹੋਣਗੀਆਂ | ਬਜ਼ੁਰਗਾਂ ਦੇ ਕਾਗਜ਼ਾਂ 'ਤੇ ਅੰਗੂਠੇ ਲੁਆ ਉਨ੍ਹਾਂ ਦੀ ਅੱਧ-ਪਚੱਧੀ ਪੈਨਸ਼ਨ ਆਪਾਂ ਹਜ਼ਮ ਕਰ ਜਾਇਆ ਕਰਾਂਗੇ | ਸਰਕਾਰੀ ਸਕੂਲਾਂ ਵਿਚ ਵੀ ਚੰਗੀਆਂ ਗਰਾਂਟਾਂ ਆ ਜਾਂਦੀਆਂ ਹਨ | ਸਕੂਲ ਕਮੇਟੀ ਦਾ ਧੱਕੇ ਨਾਲ ਚੇਅਰਮੈਨ ਬਣ ਨਾਲੇ ਤਾਂ 'ਚੇਅਰਮੈਨ' ਵਾਲੀ ਲਾਲ ਪਲੇਟ ਆਪਣੀ ਗੱਡੀ ਦੇ ਅੱਗੇ ਲਗਾਇਆ ਕਰਾਂਗੇ ਤੇ ਨਾਲੇ ਅਧਿਆਪਕਾਂ ਨੂੰ ਦਬਕੇ ਮਾਰ ਸਕੂਲ ਦੀ ਗਰਾਂਟ ਛਕਿਆ ਕਰਾਂਗੇ | ਨਰੇਗਾ ਵਿਚੋਂ ਵੀ ਕਦੇ-ਕਦਾਈਾ ਆਪਾਂ ਦਾਅ ਮਾਰ ਲਿਆ ਕਰਾਂਗੇ | ਨਾਲੇ ਇੱਥੇ ਕੌਣ ਪੁੱਛਦੈ- ਅੰਨ੍ਹੀਂ ਪੀਂਹਦੀ ਐ ਤੇ ਕੁੱਤੇ ਚੱਟੀ ਜਾਂਦੇ ਐ | ਤਾਹੀਂ ਤਾਂ ਆਪਾਂ ਮੁੱਠੀਆਂ ਵਿਚ ûੱਕੀ ਫਿਰਦੇ ਹਾਂ ਕਿ ਐਤਕੀਂ ਆਪਾਂ ਸਰਪੰਚੀ ਨਹੀਂ ਛੱਡਣੀ – ਸਰੀਰ ਭਾਵੇਂ ਛੱਡ ਦੇਈਏ |

-ਸੁਤੰਤਰਤਾ ਸੰਗਰਾਮੀ ਨਿਵਾਸ, ਅਬੋੋਹਰ ਰੋਡ, ਗਲੀ ਨੰਬਰ 12, ਸ੍ਰੀ ਮੁਕਤਸਰ ਸਾਹਿਬ | -ਮੋਬਾਈਲ : 94176 71364

ਸਿੱਧੂ ਤੋਂ ਸਾਊਥ ਇੰਡੀਆ

ਹੁਣੇ-ਹੁਣੇ ਇਕ ਵਾਰ ਫਿਰ ਪੰਜਾਬ ਦੇ ਕਾਂਗਰਸੀ ਨੇਤਾ, ਪੰਜਾਬ ਸਰਕਾਰ ਦੇ ਮੰਤਰੀ ਸ੍ਰੀ ਸਿੱਧੂ ਸਾਹਬ ਨੇ ਦੇਸ਼ ਦੇ ਇਕ ਦੱਖਣੀ ਖਿੱਤੇ ਤਾਮਿਲਨਾਡੂ ਨਾਲ, ਮੁਕਾਬਲਾ ਕਰਦਿਆਂ ਇਉਂ ਕਹਿ ਦਿੱਤਾ ਹੈ ਕਿ ਦੱਖਣ ਭਾਰਤ 'ਚ ਉਨ੍ਹਾਂ ਨੂੰ ਨਾ ਤਾਂ ਉਨ੍ਹਾਂ ਦੇ ਵਾਸੀਆਂ ਦੀ ਬੋਲੀ ਸਮਝ ਆਉਂਦੀ ਹੈ, ਨਾ ਹੀ ਉਨ੍ਹਾਂ ਦਾ ਖਾਣਾ ਪਸੰਦ ਆਉਂਦਾ ਹੈ, ਭਲਾ ਕੌਣ ਇਡਲੀਆਂ ਖਾਏ...? ਪਰ ਪਾਕਿਸਤਾਨ ਦੀ ਸਿਫ਼ਤ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਲੋਕਾਂ ਦੀ ਬੋਲੀ ਪੰਜਾਬੀ ਹੈ, ਖਾਣਾ ਪੰਜਾਬੀ ਹੈ, ਬਿਲਕੁਲ ਆਪਣੇ ਪੰਜਾਬ ਵਰਗਾ, ਇਸ ਲਈ ਉਥੇ ਜਾਣਾ ਬਹੁਤ ਚੰਗਾ ਲਗਦਾ ਹੈ |
ਇਥੇ ਦੱਸ ਦਈਏ ਕਿ ਤਾਮਿਲਨਾਡੂ 'ਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਨ ਪਾਏ ਸਨ ਤੇ ਇਥੇ ਵੀ ਇਕ ਲਾਂਘਾ ਹੈ, ਜਿਥੋਂ ਉਹ ਸ੍ਰੀਲੰਕਾ 'ਚ ਗਏ ਸਨ |
ਰਾਮੇਸ਼ਵਰਮ... ਇਹ ਸ਼ਹਿਰ ਹੈ ਜਿਥੋਂ ਅੱਜ ਵੀ, ਜਿਸ ਕਿਸੇ ਨੇ ਸ੍ਰੀਲੰਕਾ ਜਾਣਾ ਹੋਵੇ, ਜੈਟੀ ਤੇ ਬੇੜੀਆਂ 'ਤੇ ਸਵਾਰ ਹੋ ਕੇ ਸ੍ਰੀਲੰਕਾ ਜਾਂਦੇ ਹਨ |
ਸਵਰਗੀ ਸ: ਸੁਰਜੀਤ ਸਿੰਘ ਬਰਨਾਲਾ ਤਾਮਿਲਨਾਡੂ ਦੇ ਗਵਰਨਰ ਸਨ, ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮੇਸ਼ਵਰਮ 'ਚ ਉਸ ਥਾਂ ਦਾ ਜਿਥੇ ਸ੍ਰੀਲੰਕਾ ਜਾਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਰੁਕੇ ਸਨ | ਉਥੇ ਇਕ ਛੋਟੇ ਜਿਹੇ ਕਮਰੇ ਵਿਚ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਦੀ ਸੇਵਾ ਸੰਭਾਲ ਇਕ ਤਾਮਿਲ ਹੀ ਕਰਦਾ ਸੀ | ਉਹਦਾ ਪਹਿਰਾਵਾ ਲੋਕਲ ਤਾਮਿਲਾਂ ਵਰਗਾ ਹੀ ਸੀ ਪਰ ਸੇਵਾ ਕਰਦਿਆਂ ਉਹ ਸਿਰ ਜ਼ਰੂਰ ਢਕਦਾ ਸੀ | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂਅ ਵੀ ਉਹਨੂੰ ਯਾਦ ਸੀ | ਇਹ ਸਮਾਚਾਰ ਗਵਰਨਰ ਸ: ਬਰਨਾਲਾ ਪਾਸ ਵੀ ਪਹੁੰਚਿਆ, ਉਹ ਆਪ ਉਸ ਸਥਾਨ 'ਤੇ ਗਏ, ਉਸ ਵੇਲੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਵਰਗੀ ਕਰੁਣਾਨਿਧੀ ਜੀ ਸਨ | ਬਰਨਾਲਾ ਜੀ ਨੇ ਕਰੁਣਾਨਿਧੀ ਨਾਲ ਗੱਲ ਕੀਤੀ ਤੇ ਉਨ੍ਹਾਂ ਉਸੇ ਵੇਲੇ ਹੀ ਗੁਰੂ ਬਾਬਾ ਨਾਨਕ ਦੇਵ ਜੀ ਦੇ ਉਸ ਸਥਾਨ 'ਤੇ ਉਨ੍ਹਾਂ ਦੀ ਯਾਦ 'ਚ ਸਮਰਪਿਤ ਗੁਰਦੁਆਰਾ ਸਾਹਿਬ ਉਸਾਰਨ ਲਈ ਰਾਮੇਸ਼ਵਰਮ ਵਿਖੇ ਚਾਰ ਏਕੜ ਜ਼ਮੀਨ ਅਲਾਟ ਕਰ ਦਿੱਤੀ | ਮਦਰਾਸ ਦੀ ਕੋਇੰਬਟੂਰ ਤੇ ਬੰਗਲੌਰ ਦੀ ਸਿੱਖ ਸੰਗਤ ਨੇ ਮਿਲ ਕੇ ਉਥੇ ਇਕ ਸੰੁਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਖੜ੍ਹੀ ਕਰ ਦਿੱਤੀ | ਇਹ ਗੁਰਦੁਆਰਾ ਸਾਹਿਬ ਇਨ੍ਹੀਂ ਦਿਨੀਂ ਤੀਰਥ ਸਥਾਨ ਹੈ | ਤਾਮਿਲ ਯੂਨੀਵਰਸਿਟੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਇਕ ਚੇਅਰ ਵੀ ਸਥਾਪਤ ਹੈ | ਤਾਮਿਲਨਾਡੂ ਦਾ ਕਿਹੜਾ ਸ਼ਹਿਰ ਹੈ, ਜਿਥੇ ਪੰਜਾਬੀ, ਹਿੰਦੂ ਸਿੱਖਾਂ ਦੀ ਵਸੋਂ ਨਹੀਂ ਹੈ? ਇਹ ਇਉਂ ਤਾਮਿਲ ਲੋਕਾਂ ਨਾਲ ਰਚਮਿਚ ਗਏ ਹਨ ਜਿਵੇਂ ਦੁੱਧ ਵਿਚ ਖੰਡ ਘੁਲੀ ਹੋਵੇ | ਇਥੇ ਵਸੇ ਸਾਰੇ ਪੰਜਾਬੀ, ਹਿੰਦੂ ਅਤੇ ਸਿੱਖ ਰੱਜੇ-ਪੁੱਜੇ ਹਨ, ਇਨ੍ਹਾਂ ਦੇ ਵਪਾਰ ਚੰਗੇ ਚੱਲ ਰਹੇ ਹਨ, ਰਹਿਣ-ਬਹਿਣ, ਸੁਖਾਵਾਂ ਹੈ, ਇਨ੍ਹਾਂ ਦੇ ਬੱਚੇ ਸਭੇ ਇਡਲੀਆਂ, ਡੋਸੇ ਖਾ ਕੇ ਖੁਸ਼ ਹਨ, ਉਹ ਰੋਟੀਆਂ ਦੀ ਥਾਂ ਚੌਲ ਖਾਣ ਦੇ ਆਦੀ ਹੋ ਗਏ ਹਨ | ਫ਼ੌਜ ਵਿਚ ਵੀ, ਮਦਰਾਸ ਰਜਮੈਂਟ ਤੇ ਸਿੱਖ ਰਜਮੈਂਟ ਵਿਚ ਤਾਮਿਲ-ਮਦਰਾਸੀ ਫ਼ੌਜੀ ਤੇ ਸਿੱਖ ਫ਼ੌਜੀ ਆਪਸ 'ਚ ਐਨੇ ਪਿਆਰ-ਸਤਿਕਾਰ ਨਾਲ ਰਹਿੰਦੇ ਹਨ ਕਿ ਇਹ ਪ੍ਰੇਮ ਪਿਆਰ ਦੀ ਮਿਸਾਲ ਹਨ | ਪੰਜਾਬੀਆਂ ਦੇ ਬੱਚੇ ਇਉਂ ਤਾਮਿਲ ਬੋਲਦੇ ਹਨ ਕਿ ਤਾਮਿਲ ਲੋਕ ਵੀ ਹੈਰਾਨ ਰਹਿ ਜਾਂਦੇ ਹਨ | ਸੱਭਿਆਚਾਰ ਦਾ ਵੀ ਆਦਾਨ-ਪ੍ਰਦਾਨ ਹੈ | ਜੇਕਰ ਤਾਮਿਲ ਘਰਾਂ 'ਚੋਂ ਇਡਲੀਆਂ ਡੋਸੇ ਆਉਂਦੇ ਹਨ ਤਾਂ ਪੰਜਾਬੀਆਂ ਦੇ ਘਰੋਂ ਉਨ੍ਹਾਂ ਲਈ ਆਲੂ ਤੇ ਗੋਭੀ ਦੇ ਭਰਵੇਂ ਪਰੌਾਠੇ ਤੇ ਦਹੀਂ ਭੇਜੇ ਜਾਂਦੇ ਹਨ | ਮਦਰਾਸ, ਅੱਜ ਜਿਹਨੂੰ ਚੇਨਈ ਕਹਿੰਦੇ ਹਨ, ਕੋਇੰਬਟੋਰ, ਤਿ੍ਚਨਾਪਲੀ, ਤਿ੍ਪੁਰਾ, ਆਦਿ ਸਭੇ ਸ਼ਹਿਰਾਂ ਵਿਚ ਗੁਰਦੁਆਰੇ ਸਥਾਪਤ ਹਨ | ਇਨ੍ਹਾਂ 'ਚ ਮੱਥਾ ਟੇਕਣ ਤਾਮਿਲੀਅਨ ਵੀ ਆਉਂਦੇ ਹਨ | ਸੋਚੋ, ਸਿੱਧੂ ਸਾਹਬ ਦੇ ਇਕ ਬੋਲ ਨੇ ਕਿੰਨੀ ਠੇਸ ਪਹੁੰਚਾਈ ਹੋਵੇਗੀ, ਐਨੇ ਮਿਲਣਸਾਰ ਲੋਕਾਂ ਨੂੰ ?
ਪੰਜਾਬ ਦੇ ਉਹ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ , ਉਨ੍ਹਾਂ ਸ੍ਰੀਲੰਕਾ ਯਾਤਰਾ ਨੂੰ ਸਮਰਪਿਤ ਜਿਹੜਾ ਗੁਰਦੁਆਰਾ ਸਾਹਿਬ ਰਾਮੇਸ਼ਵਰਮ ਵਿਖੇ, ਤਾਮਿਲਨਾਡੂ ਦੇ ਵਾਸੀਆਂ ਵਲੋਂ ਐਨੀ ਸ਼ਰਧਾ ਨਾਲ ਸਿੱਖਾਂ ਨੂੰ ਭੇਟ ਕੀਤਾ ਗਿਆ ਹੈ, ਉਹਦਾ ਕੋਈ ਦੇਣਾ ਦੇ ਸਕਦਾ ਹੈ? ਮੰਤਰੀ ਸਾਹਬ ਨੂੰ ਚਾਹੀਦਾ ਤਾਂ ਇਹ ਹੈ ਕਿ ਪੰਜਾਬ, ਦਿੱਲੀ ਤੇ ਹੋਰ ਥਾੲੀਂ ਵਸੇ ਪੰਜਾਬੀਆਂ ਤੇ ਸਿੱਖਾਂ ਨੂੰ , ਰਾਮੇਸ਼ਵਰਮ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰੇਰਨਾ ਦੇਣ, ਕਿਉਂਕਿ ਇਥੇ ਕੋਈ 'ਲਾਂਘਾ' ਨਹੀਂ ਹੈ, ਜਿਹੜਾ ਕਿਸੇ ਸਰਕਾਰ ਨੇ ਬੰਦ ਕੀਤਾ ਹੋਵੇ ਜਾਂ ਜਿਸ ਦੇ ਖੋਲ੍ਹਣ ਦੀ ਆਗਿਆ ਲੈਣੀ ਪਏ |
ਨਾਨਕ ਫਿਕਾ ਬੋਲੀਏ,
ਤਨ ਮਨ ਫਿਕਾ ਹੋਏ |
ਇਡਲੀ ਫਿਕੀ ਹੁੰਦੀ ਹੈ ਤਾਂ ਆਪਣੇ ਦੇਸ਼ ਵਾਸੀਆਂ ਦੀ ਸ਼ਹਿਦ ਨਾਲੋਂ ਮਿੱਠੀ | ਕਿਸੇ ਹੋਰ ਦੀ ਮਤ ਨਾ ਮੰਨੋ, ਬਾਬਾ ਨਾਨਕ ਜੀ ਦੀ ਸਲਾਹ ਹੀ ਮੰਨ ਲਓ, ਐਨਾ ਫਿੱਕਾ ਬੋਲਣ ਦੀ ਕੀ ਲੋੜ ਸੀ?
'ਮੀ ਟੂ'
ਇਥੇ ਮੰੁਬਈ 'ਚ ਮਸ਼ਹੂਰ ਹੈ, ਬਾਲੀਵੁੱਡ | ਬਾਲੀਵੁੱਡ, ਹਾਲੀਵੁੱਡ ਦੀ ਨਕਲ ਹੈ, ਹਾਲੀਵੁੱਡ, ਲਾਸਏਾਜਲਸ, ਅਮਰੀਕਾ ਵਿਖੇ ਸਥਿਤ ਹੈ, ਉਥੇ ਵਧੇਰੇ ਕਰਕੇ ਅੰਗਰੇਜ਼ੀ ਵਿਚ ਫ਼ਿਲਮਾਂ ਬਣਦੀਆਂ ਹਨ ਤੇ ਮੰੁਬਈ ਦੇ ਬਾਲੀਵੁੱਡ ਵਿਖੇ ਮੁੱਖ ਤੌਰ 'ਤੇ ਹਿੰਦੀ ਫਿਲਮਾਂ ਬਣਦੀਆਂ ਹਨ ਅਤੇ ਕਈ ਹੋਰ ਪ੍ਰਾਂਤਕ ਭਾਸ਼ਾਵਾਂ ਦੀਆਂ ਵੀ |
ਹਾਲੀਵੁੱਡ 'ਚ ਵੀ ਦੂਰ-ਦੁਰੇਡੇ ਸ਼ਹਿਰਾਂ, ਪਿੰਡਾਂ ਤੋਂ, ਮੰੁਡੇ-ਕੁੜੀਆਂ ਹੀਰੋ-ਹੀਰੋਇਨਾਂ ਬਣਨ ਦੀ ਲੋਚ ਵਿਚ ਆਉਂਦੇ ਹਨ ਤੇ ਇਥੇ ਮੰੁਬਈ ਦੇ ਬਾਲੀਵੁੱਡ ਵਿਚ ਤਾਂ ਸਮਝੋ ਹੁਸਨ ਦਾ ਦਰਿਆ ਵਹਿੰਦਾ ਹੈ, ਬੇਸ਼ੱਕ ਇਥੇ ਸਮੰੁਦਰ ਹੈ ਪਰ ਇਹ ਦਰਿਆ ਨਾ ਸਮੰੁਦਰ 'ਚ ਜਾ ਰਲਦਾ ਹੈ ਨਾ ਕਦੇ ਸੁਕਦਾ ਹੈ, ਇਹ ਤਾਂ ਨਿਰੰਤਰ ਵਹਿੰਦਾ ਹੀ ਰਹਿੰਦਾ ਹੈ | ਸੋ...
ਪਰਦੇ ਮੇਂ ਰਹਿਨੇ ਦੋ
ਪਰਦਾ ਜੋ ਉਠ ਗਇਆ ਤੋ
ਭੇਦ ਖੁਲ੍ਹ ਜਾਏਗਾ
ਅਲਾਹ ਮੇਰੀ ਤੌਬਾ
ਮੌਲਾ ਮੇਰੀ ਤੌਬਾ |
ਕਾਸਟਿੰਗ ਕਾਊਚ, ਹਾਲੀਵੁੱਡ ਵਿਚ ਵੀ ਹੈ ਤੇ ਬਾਲੀਵੁੱਡ ਵਿਚ ਤਾਂ ਬੜਾ ਪ੍ਰਸਿੱਧ ਹੈ | ਕਾਸਟਿੰਗ ਕਾਊਚ ਅਗਨੀ ਪ੍ਰੀਖਸ਼ਾ ਹੈ | ਇਕ ਦੋ ਸਾਲ ਹੋਏ, ਬਾਲੀਵੁੱਡ 'ਚ ਅਚਾਨਕ ਇਕ ਉਬਾਲ ਉੱਠਿਆ, ਕਈ ਕਹਿੰਦੀਆਂ ਕਹਾਉਂਦੀਆਂ ਹੀਰੋਇਨਾਂ ਨੇ ਕਈ ਕਹਿੰਦੇ ਕਹਾਉਂਦੇ ਐਕਟਰਾਂ, ਡਾਇਰੈਕਟਰਾਂ ਆਦਿ ਦੇ ਪਰਦੇ ਚੱਕੇ, ਖੁੱਲ੍ਹ ਕੇ ਦੱਸਿਆ ਕਿ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਉਨ੍ਹਾਂ ਕਿਹੜੇ ਸੰਨ 'ਚ, ਕਿਹੜੇ ਵੇਲੇ, ਕਿਹੜੀ ਥਾਂ 'ਤੇ ਕਿੱਦਾਂ ਕੀਤਾ ਸੀ | ਬਸ ਹਨੇਰੀ ਵਗ ਪਈ, 'ਮੀ ਟੂ' (ਮੇਰੇ ਨਾਲ ਵੀ ਇਦਾਂ ਹੀ ਹੋਇਆ, ਗੁਨਾਹਗਾਰ ਫਲਾਣਾ ਹੈ) ਸ਼ੁਰੂ ਹੋ ਗਿਆ | ਹਿੰਮਤ ਆ ਗਈ, ਸੱਚ ਕਹਿਣ ਦੀ ਔਰਤਾਂ ਨੂੰ |
ਇਹ ਹਵਾ ਹਾਲੀਵੁੱਡ ਤੋਂ ਵਗਦੀ ਆ ਪਹੁੰਚੀ ਬਾਲੀਵੁੱਡ 'ਚ ਵੀ | ਇਥੇ ਵੀ ਆਪਣੇ-ਆਪ 'ਤੇ ਪਾਏ ਪਰਦੇ, ਪਰ੍ਹਾਂਹ ਸੁੱਟ ਕੇ ਬੀਬੀਆਂ 'ਚੋਂ ਸਭ ਤੋਂ ਪਹਿਲਾਂ ਦਸ ਸਾਲ ਮਗਰੋਂ ਤਨੂਸ੍ਰੀ ਹੀਰੋਇਨ ਨੇ ਐਕਟਰ ਨਾਨਾ ਪਾਟੇਕਰ ਦਾ ਚਿੱਠਾ ਖੋਲਿ੍ਹਆ, ਫਿਰ ਤਾਂ ਮੀ ਟੂ (ਮੈਂ ਵੀ, ਮੈਂ ਵੀ) ਸ਼ੁਰੂ ਹੋ ਗਿਆ | ਸੁਭਾਸ਼ ਘਈ ਤੋਂ ਲੈ ਕੇ, ਚੇਤੰਨ ਭਗਤ, ਅਲੋਕ ਨਾਥ, ਸਾਜਿਦ ਖ਼ਾਨ... ਕਈ ਤੜਫੇ, ਪਰ ਮੀ ਟੂ (ਮੈਂ ਵੀ ਮੈਂ ਵੀ) ਹਰ ਦਿਨ ਨਵਾਂ ਤੋਂ ਨਵਾਂ ਨਾਂਅ ਸਾਹਮਣੇ ਆ ਰਿਹਾ ਹੈ | ਖੂਬ ਮਨੋਰੰਜਨ ਦੇ ਰਿਹਾ ਹੈ | ਅੱਜਕਲ੍ਹ ਇਕ ਹੋਰ ਮਜ਼ੇਦਾਰ ਚੱਕਰ ਚੱਲ ਰਿਹਾ ਹੈ, ਫ਼ਿਲਮਾਂ ਦੇ ਹਰ ਖੇਤਰ 'ਚ ਕੰਮ ਕਰ ਰਹੇ, ਦੋਸਤ, ਇਕ-ਦੂਜੇ ਨੂੰ ਫੋਨ ਕਰਕੇ ਪੁੱਛ ਰਹੇ ਹਨ, 'ਅਰੇ ਤੂੰ ਭੀ 'ਮੀ ਟੂ' | ਸੁਹੇਲ ਸੇਠ ਵੀ ਫਸਿਆ ਹੈ, ਜਿਹੜੇ ਮਰ ਗਏ ਹਨ, ਉਹ ਬਚ ਗਏ ਹਨ | ਹੁਣ ਸੰਗੀਤਕਾਰ ਅਨੂ ਮਲਿਕ ਵੀ ਮੀ-ਟੂ ਹੋ ਗਿਆ ਹੈ | ਕੁਝ ਦਿਨ ਪਹਿਲਾਂ ਤਦ ਤਾਂ 'ਆਪੇ ਬਣੇ ਰੱਬ ਦੇ ਖਾਸ ਬੰਦੇ' ਬਾਬੇ ਤੇ ਸਵਾਮੀ ਇਸ ਮਾਮਲੇ 'ਚ ਪਰਦਾ ਖੁੱਲ੍ਹਣ 'ਤੇ, ਬਾਪੂ ਆਸਾ ਰਾਮ, ਰਾਮ ਪਾਲ, ਬਾਬਾ ਰਾਮ ਰਹੀਮ, ਫਲਹਾਰ ਬਾਬਾ ਆਦਿ ਕਿੰਨੇ ਹੀ ਬਾਬੇ ਮੀ ਟੂ (M5 TOO) 'ਚ ਫਸੇ ਸਨ, ਹੁਣ ਬਾਲੀਵੁੱਡ ਦੇ ਬਾਬਿਆਂ ਦੀ ਵਾਰੀ ਆਈ ਹੈ |
ਹਾਲੀਵੁੱਡ, ਹਾਲੀਵੁੱਡ, ਇੰਡੀਆ ਦੇ ਬਾਬੇ ਤੇ ਬਾਲੀਵੁੱਡ+ME TOO ME TOO YOU TOO, YOU TOO.
••

ਰਿਸ਼ਤੇ

(ਲੜੀ ਜੋੜਨ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕਹਿੰਦੇ ਹਨ ਕਿ ਰਿਸ਼ਤੇ ਨਸ਼ਾ ਬਣ ਜਾਂਦੇ ਹਨ, ਕੋਈ ਕਹਿੰਦਾ ਹੈ ਕਿ ਰਿਸ਼ਤੇ ਸਜ਼ਾ ਬਣ ਜਾਂਦੇ ਹਨ, ਪਰ ਰਿਸ਼ਤੇ ਨਿਭਾਓ ਸੱਚੇ ਦਿਲ ਨਾਲ ਤਾਂ ਰਿਸ਼ਤੇ ਹੀ ਜਿਊਣ ਦੀ ਵਜ੍ਹਾ ਬਣ ਜਾਂਦੇ ਹਨ |
• ਰਿਸ਼ਤੇ ਦੂਰ ਰਹਿਣ ਨਾਲ ਟੁੱਟਦੇ ਨਹੀਂ ਤੇ ਕੋਲ ਰਹਿਣ 'ਤੇ ਜੁੜਦੇ ਨਹੀਂ | ਪਰ ਅਹਿਸਾਸ ਇਕ ਅਜਿਹੀ ਚੀਜ਼ ਹੈ, ਜੋ ਆਪਣਿਆਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ |
• ਨਿਯਮਾਂ 'ਚ ਬੰਨ੍ਹਣ ਨਾਲ ਰਿਸ਼ਤੇ ਨਹੀਂ ਚਲਦੇ |
• ਕਈ ਵਾਰੀ ਤੁਹਾਨੂੰ ਰਿਸ਼ਤਿਆਂ ਨੂੰ ਜਾਂ ਦੂਸਰਿਆਂ ਨੂੰ ਬਚਾਉਣ ਲਈ ਆਪਣਾ ਇਕ ਕਦਮ ਪਿੱਛੇ ਹਟਾਉਣਾ ਪੈਂਦਾ ਹੈ |
• ਜੇ ਹਾਲਾਤ 'ਤੇ ਪਕੜ ਮਜ਼ਬੂਤ ਹੋਵੇ ਤਾਂ ਜ਼ਹਿਰ ਉਗਲਣ ਵਾਲੇ ਵੀ ਸਾਡਾ ਕੁਝ ਨਹੀਂ ਵਿਗਾੜ ਸਕਦੇ |
• ਸਬੰਧਾਂ ਨੂੰ ਏਨਾ ਨਾ ਵਿਗਾੜੋ ਕਿ ਸੁਲ੍ਹਾ ਦੀ ਗੰੁਜਾਇਸ਼ ਹੀ ਨਾ ਬਚੇ |
• ਦੁਨੀਆ ਵਿਚ ਹਜ਼ਾਰਾਂ ਰਿਸ਼ਤੇ ਬਣਾਓ ਪਰ ਉਨ੍ਹਾਂ ਰਿਸ਼ਤਿਆਂ ਵਿਚੋਂ ਇਕ ਰਿਸ਼ਤਾ ਇਸ ਤਰ੍ਹਾਂ ਦਾ ਬਣਾਓ ਕਿ ਜਦੋਂ ਹਜ਼ਾਰਾਂ ਤੁਹਾਡੇ ਖਿਲਾਫ਼ ਹੋਣ, ਉਸ ਵੇਲੇ ਉਹ ਤੁਹਾਡੇ ਨਾਲ ਹੋਵੇ |
• ਵਿਸ਼ਵਾਸ ਹੀ ਰਿਸ਼ਤਿਆਂ ਦੀ ਸੰਜੀਵਨੀ ਹੈ |
• ਇੰਟਰਨੈੱਟ ਨਵੇਂ ਯੁੱਗ ਦੀਆਂ ਰਿਸ਼ਤੇਦਾਰੀਆਂ ਦਾ ਵਿਚੋਲਾ ਬਣ ਗਿਆ ਹੈ |
• ਅਨਮੋਲ ਰਿਸ਼ਤੇ ਨੂੰ ਬਚਾਅ ਕੇ ਰੱਖਣ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ ਤਾਂ ਉਹ ਥੋੜ੍ਹੀ ਹੀ ਹੋਵੇਗੀ |
• ਸਿਆਣੇ ਕਹਿੰਦੇ ਹਨ ਕਿ ਲਾਠੀਆਂ ਨਾਲ ਹੱਡੀਆਂ ਟੁੱਟ ਜਾਂਦੀਆਂ ਹਨ ਪਰ ਕੌੜੇ ਅਤੇ ਕੁਰੱਖਤ ਬੋਲਾਂ ਨਾਲ ਰਿਸ਼ਤੇ ਟੁੱਟ ਜਾਂਦੇ ਹਨ | ਇਹ ਵੀ ਕਹਿੰਦੇ ਹਨਕਿ ਤਲਵਾਰ ਦਾ ਫਟ ਤਾਂ ਕੁਝ ਸਮੇਂ ਬਾਅਦ ਭਰ ਜਾਂਦਾ ਹੈ ਪਰ ਕਿਸੇ ਦੇ ਕਹੇ ਬੋਲਾਂ ਦੇ ਜ਼ਖ਼ਮ ਉਮਰ ਭਰ ਟੀਸ ਦਿੰਦੇ ਰਹਿੰਦੇ ਹਨ |
• ਚੰਗਾ ਰਿਸ਼ਤਾ 'ਮੈਂ' ਮੁਕਾ ਕੇ 'ਅਸੀਂ' ਨੂੰ ਜਗਾਉਣ ਦਾ ਨਾਂਅ ਹੈ |
• ਰਿਸ਼ਤਾ ਕੋਈ ਵੀ ਹੋਵੇ, ਇਹ ਉਦੋਂ ਤੱਕ ਹੀ ਨਿਭਦਾ ਹੈ, ਜਦੋਂ ਤੱਕ ਤਮੀਜ਼ ਦੇ ਘੇਰੇ ਵਿਚ ਰਹਿ ਕੇ ਵਿਹਾਰ ਕੀਤਾ ਜਾਂਦਾ ਹੈ |
• ਜੇ ਕੋਈ ਆਪਣਾ ਰੁੱਸ ਜਾਵੇ ਤਾਂ ਉਸ ਨੂੰ ਉਦੋਂ ਹੀ ਮਨਾ ਲਵੋ, ਦੇਖਿਓ ਕਿਤੇ ਜਿੱਦ ਦੀ ਜੰਗ ਵਿਚ ਦੂਰੀਆਂ ਹੀ ਨਾ ਜਿੱਤ ਜਾਣ |
• ਰਿਸ਼ਤਾ ਡੰੂਘਾ ਹੋਵੇ ਜਾਂ ਨਾ ਹੋਵੇ ਪਰ ਭਰੋਸਾ ਡੰੂਘਾ ਹੋਣਾ ਬਹੁਤ ਜ਼ਰੂਰੀ ਹੈ |
• ਰਿਸ਼ਤੇ ਕਦੇ ਆਪਣੇ-ਆਪ ਨਹੀਂ ਟੁੱਟਦੇ | ਹੰਕਾਰ, ਅਗਿਆਨ ਤੇ ਰਵੱਈਆ ਉਨ੍ਹਾਂ ਨੂੰ ਤੋੜ ਦਿੰਦੇ ਹਨ |
• ਸਾਨੂੰ ਉਨ੍ਹਾਂ ਅੱਗੇ ਝੁਕਣਾ ਚਾਹੀਦਾ ਹੈ ਜੋ ਰਿਸ਼ਤੇ ਬਚਾ ਕੇ ਖੁਸ਼ ਨੇ | ਉਨ੍ਹਾਂ ਅੱਗੇ ਨਹੀਂ ਜੋ ਸਾਨੂੰ ਝੁਕਾ ਕੇ ਖੁਸ਼ ਨੇ |
• ਯਕੀਨ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੈ ਅਤੇ ਸ਼ੱਕ ਤੋਂ ਵੱਡੀ ਕੋਈ ਪ੍ਰੇਸ਼ਾਨੀ ਨਹੀਂ ਹੈ | ਸਮਝਦਾਰੀ ਤੋਂ ਵੱਡਾ ਕੋਈ ਗੁਣ ਨਹੀਂ ਅਤੇ ਇੱਜ਼ਤ ਤੋਂ ਵੱਡੀ ਕੋਈ ਸ਼ੁਹਰਤ ਨਹੀਂ ਹੈ |
• ਬੇਸ਼ੱਕ ਵੱਡੇ-ਵੱਡੇ ਲੋਕਾਂ ਨਾਲ ਸਬੰਧ ਬਣਾਓ ਪਰ ਆਪਣੇ ਕਰੀਬੀਆਂ ਨੂੰ ਕਦੇ ਨਾ ਠੁਕਰਾਓ |
• ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨਾ ਸਿੱਖੋ ਕਿਉਂਕਿ ਦੋਵੇਂ ਕਮਾਉਣੇ ਔਖੇ ਆ ਪਰ ਗੁਆਉਣੇ ਬਹੁਤ ਸੌਖੇ ਆ |
• ਝੁਕਦਾ ਉਹੀ ਹੈ, ਜਿਸ ਨੂੰ ਰਿਸ਼ਤਿਆਂ ਦੀ ਕਦਰ ਹੋਵੇ |
• ਜਿਸ ਘਰ ਵਿਚ ਆਮਦਨ ਘੱਟ ਹੋਵੇ ਪਰ ਖਰਚੇ ਆਮਦਨ ਤੋਂ ਵੱਧ ਕੀਤੇ ਜਾਣ, ਜ਼ਿੰਮੇਵਾਰ ਮੈਂਬਰਾਂ ਨੂੰ ਨਸ਼ਾ, ਜੂਆ ਆਦਿ ਵਰਗੀਆਂ ਬੁਰੀਆਂ ਆਦਤਾਂ ਹੋਣ, ਮੁਕੱਦਮੇਬਾਜ਼ੀ ਚਲ ਰਹੀ ਹੋਵੇ | ਅਨੁਸ਼ਾਸਨ ਘਰ ਵਿਚੋਂ ਖੰਭ ਲਾ ਕੇ ਉੱਡ ਗਿਆ ਹੋਵੇ, ਕੋਈ ਵੀ ਮੈਂਬਰ ਸਮੇਂ ਦਾ ਪਾਬੰਦ ਨਾ ਹੋਵੇ ਤੇ ਮਿਹਨਤ ਕਰਨ ਦੀ ਕਿਸੇ ਨੂੰ ਆਦਤ ਹੀ ਨਾ ਹੋਵੇ ਤਾਂ ਅਜਿਹੇ ਘਰ ਵਿਚ ਰਿਸ਼ਤਿਆਂ ਨੂੰ ਨਿਭਾਉਣ ਵਿਚ ਭਾਰੀ ਦਿੱਕਤਾਂ, ਮੁਸ਼ਕਿਲਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਰਿਸ਼ਤਾ
ਸਾਡਾ ਮੈਥ ਪੜ੍ਹਾਉਣ ਵਾਲਾ ਸਰ ਬੜਾ ਸ਼ੈਤਾਨ ਹੈ | ਹਰ ਰੋਜ਼ ਪੰਜ-ਸੱਤ ਮਿੰਟ ਘੱਟ ਪੜ੍ਹਾਉਂਦੈ', ਲਵਲੀ ਨੇ ਆਪਣੀ ਮੰਮੀ ਕੋਲ ਆਪਣੇ ਟਿਊਸ਼ਨ ਵਾਲੇ ਅਧਿਆਪਕ ਦੀ ਗੱਲ ਕੀਤੀ |
'ਬੇਟੇ ਅਧਿਆਪਕ ਬਾਰੇ ਇਸ ਤਰ੍ਹਾਂ ਸਿੰਗੂਲਰ ਸ਼ਬਦਾਂ ਦਾ ਪ੍ਰਯੋਗ ਨਹੀਂ ਕਰੀਦਾ | ਅਧਿਆਪਕ ਗੁਰੂ ਹੁੰਦੇ ਹਨ ਅਤੇ ਵਿਦਿਆਰਥੀ ਚੇਲੇ ਹੁੰਦੇ ਹਨ | ਚੇਲੇ ਹਮੇਸ਼ਾ ਆਪਣੇ ਗੁਰੂਆਂ ਪ੍ਰਤੀ ਸਤਿਕਾਰਤ ਭਾਸ਼ਾ ਦਾ ਪ੍ਰਯੋਗ ਕਰਿਆ ਕਰਦੇ ਹਨ | ਗੁਰੂ ਅਤੇ ਚੇਲੇ ਦਾ ਰਿਸ਼ਤਾ ਬੜਾ ਪਵਿੱਤਰ ਹੁੰਦੇ |' ਮੰਮੀ ਨੇ ਆਪਣੇ ਪੁੱਤਰ ਨੂੰ ਸਮਝਾਉਣ ਲਈ ਕਿਹਾ |
'ਪਰ ਮੈਂ ਤਾਂ ਸੁਣਿਐ, ਗੁਰੂ ਸਿੱਖਿਆ ਵੇਚਦੇ ਨਹੀਂ ਹੁੰਦੇ ਸੀ | ਉਹ ਤਾਂ ਗਿਆਨ ਵੰਡਿਆ ਕਰਦੇ ਸਨ |' ਲਵਲੀ ਨੇ ਮੰਮੀ ਅੱਗੇ ਸਵਾਲ ਖੜ੍ਹਾ ਕਰ ਦਿੱਤਾ |
'ਤੁਹਾਡੇ ਅਧਿਆਪਕ ਵੀ ਤਾਂ ਗਿਆਨ ਵੰਡਦੇ ਹੀ ਆ |'
'ਨਹੀਂ ਮੰਮੀ | ਉਹ ਗਿਆਨ ਵੰਡਦੇ ਨਹੀਂ, ਵੇਚਦੇ ਆ | ਉਹ ਤਾਂ ਟਿਊਸ਼ਨ ਦੇ ਪੈਸੇ ਪਹਿਲਾਂ ਲੈ ਲੈਂਦੇ ਆ, ਫਿਰ ਪੜ੍ਹਾਉਣਾ ਸ਼ੁਰੂ ਕਰਦੇ ਆ | ਜਿਵੇਂ ਦੁਕਾਨਦਾਰ ਚੀਜ਼ ਵੇਚਣ ਤੋਂ ਪਹਿਲਾਂ ਚੀਜ਼ ਦਾ ਮੁੱਲ ਲੈ ਲੈਂਦਾ ਹੋਵੇ | ਫਿਰ...?'
'ਪਰ,...' ਤੇ ਮੰਮੀ ਅੱਗੇ ਅਵਾਕ ਹੋ ਗਏ |

-ਗੁਰਦੀਪ ਸਿੰਘ ਢੁੱਡੀ
1439, 6-ਆਰ, ਡੋਗਰ ਬਸਤੀ ਫ਼ਰੀਦਕੋਟ | ਮੋਬਾਈਲ : 95010-20731.

ਅਸ਼ੀਰਵਾਦ
ਪਿਕਨਿਕ 'ਤੇ ਆਏ ਬੱਚੇ ਜਦੋਂ ਮਠਿਆਈ ਖਾਣ ਲੱਗੇ ਤਾਂ ਦੂਰ ਫੁੱਟਪਾਥ 'ਤੇ ਬੈਠੇ ਬੂਟ ਪਾਲਿਸ਼ ਕਰਨ ਵਾਲੇ ਬੱਚੇ ਦੀ ਨਿਗ੍ਹਾ ਵਾਰ-ਵਾਰ ਮਠਿਆਈ ਵਾਲੇ ਡੱਬੇ 'ਤੇ ਜਾ ਰਹੀ ਸੀ | ਬੱਚਿਆਂ ਦੀ ਮਾਂ ਨੇ ਜਦ ਉਸ ਨੂੰ ਵੇਖਿਆ ਤਾਂ ਮਠਿਆਈ ਵਾਲਾ ਡੱਬਾ ਚੁੱਕ ਕੇ ਉਸ ਕੋਲ ਜਾ ਕੇ ਉਸ ਨੂੰ ਦੇਣ ਲੱਗੀ ਤਾਂ ਬੱਚੇ ਨੇ ਦੋਵੇਂ ਹੱਥ ਜੋੜ ਕੇ ਕਿਹਾ, 'ਨੋ ਥੈਂਕ ਯੂ', ਫੇਰ ਅੱਗੇ ਕਿਹਾ ਕਿ, 'ਮੇਰੀ ਮੰਮੀ ਨੇ ਸਿਖਾਇਆ ਹੈ ਕਿ ਹਮੇਸ਼ਾ ਆਪਣੇ ਦਸਾਂ ਨਹੰੁਆਂ ਨਾਲ ਕੀਤੀ ਹੋਈ ਹਲਾਲ ਦੀ ਕਮਾਈ ਹੀ ਖਾਣੀ ਚਾਹੀਦੀ ਹੈ |
ਉਸ ਔਰਤ ਨੇ ਪੁੱੱਛਿਆ, 'ਬੇਟਾ ਤੰੂ ਪੜ੍ਹਦਾ ਏਾ?'
ਤਾਂ ਉਸ ਨੇ 'ਹਾਂਜੀ' ਕਹਿ ਦਿੱਤਾ |
ਉਸ ਨੇ ਫਿਰ ਪੁੱਛਿਆ, 'ਬੇਟਾ ਤੂੰ ਪੜ੍ਹ ਕੇ ਕੀ ਬਣੇਂਗਾ?'
ਤਾਂ ਉਸ ਨੇ ਛੋਟਾ ਜਿਹਾ ਜਵਾਬ ਦਿੱਤਾ, 'ਪੀ.ਐਮ.'
ਉਸ ਨੇ ਫਿਰ ਪੁੱਛਿਆ, 'ਬੇਟੇ ਪੀ.ਐਮ. ਬਣ ਕੇ ਕੀ ਕਰੇਂਗਾ?'
ਤਾਂ ਉਸ ਨੇ ਸੋਚ ਕੇ ਜਵਾਬ ਦਿੱਤਾ, 'ਕੁਝ ਐਹੋ ਜਿਹਾ ਜਿਸ ਨਾਲ ਮੇਰੇ ਸਟੂਡੈਂਟਾਂ ਨੂੰ ਪੜ੍ਹਾਈ ਦੇ ਖਰਚੇ ਲਈ ਫੁੱਟਪਾਥ 'ਤੇ ਬੈਠ ਕੇ ਬੂਟ ਪਾਲਿਸ਼ ਨਾ ਕਰਨੇ ਪੈਣ |'
ਉਸ ਔਰਤ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਕੇ ਉਸ ਦਾ ਮੱਥਾ ਚੰੁਮ ਲਿਆ |

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ, ਸ਼ਾਮ ਨਗਰ, 155 ਸੈਕਟਰ, 2-ਏ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ-147301.
ਮੋਬਾਈਲ : 98554-80191.

ਜ਼ਿੰਦਗੀ ਚੁਣੌਤੀ ਵੀ ਹੈ ਤੇ ਸਮੱਸਿਆ ਵੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਦੇ ਨਾਲ ਬਾਕੀ ਸਾਰੇ ਬਲਾੲੀਂਡ ਬੱਚੇ ਤੇ ਹੋਰ ਵੀ ਲੀਡਰ ਟਾਈਪ ਦੇ ਲੜਕੇ ਧਫੜ-ਧਫੜ ਕਰਦੇ ਮੇਰੇ ਦਫ਼ਤਰ ਵਿਚ ਆ ਗਏ | ਜਗਬੀਰ ਬਿਲਕੁਲ ਮੇਰੇ ਕੋਲ ਆ ਕੇ ਟੇਬਲ 'ਤੇ ਹੱਥ ਰੱਖ ਕੇ ਖੜ੍ਹਾ ਹੋ ਗਿਆ | ਮੇਰੇ ਕੁਝ ਪੁੱਛਣ ਤੋਂ ਪਹਿਲਾਂ ਉਹ ਇਕਦਮ ਟੇਬਲ 'ਤੇ ਜ਼ੋਰ ਦੀ ਮੁੱਕਾ ਮਾਰ ਕੇ ਬੋਲਿਆ, 'ਮੈਡਮ ਜੀ ਕੀ ਤੁਸੀਂ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਕਦੇ ਉਨ੍ਹਾਂ ਦੀ ਬਾਬਤ ਹੋਰ ਕੁਝ ਸੋਚਿਆ ਹੈ |'
'ਪੜ੍ਹਾਈ ਦੇ ਵਿਚ ਕੀ ਸਾਰਾ ਕੁਝ ਨਹੀਂ ਆ ਜਾਂਦਾ', ਮੈਂ ਆਰਾਮ ਨਾਲ ਪੁੱਛਿਆ |
'ਸਾਰੇ ਕੁਝ ਤੋਂ ਤੁਹਾਡਾ ਕੀ ਮਤਲਬ ਹੈ', ਉਸ ਨੇ ਗੁੱਸੇ ਵਾਲੀ ਟੋਨ ਵਿਚ ਪੁੱਛਿਆ |
'ਅਸੀਂ ਉਨ੍ਹਾਂ ਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਹਾਂ, ਖੇਲਾਂ ਦੇ ਪੀਰੀਅਡ ਲਗਦੇ ਹਨ, ਸਮਾਜਿਕ ਸਿੱਖਿਆ, ਧਾਰਮਿਕ ਸਿੱਖਿਆ...' ਉਹ ਵਿਚੋਂ ਹੀ ਬੋਲਿਆ, 'ਇਹ ਸਭ ਤਾਂ ਠੀਕ ਹੈ ਪਰ ਮੈਨੂੰ ਇਕ ਗੱਲ ਦਾ ਜਵਾਬ ਦਿਓ ਸਾਰੇ ਸਕੂਲਾਂ ਵਿਚ ਕੁੜੀਆਂ-ਮੰੁਡੇ ਇਕੱਠੇ ਪੜ੍ਹਦੇ ਹਨ ਇਸ ਸਕੂਲ ਵਿਚ ਕੁੜੀਆਂ ਕਿਉਂ ਨਹੀਂ?' ਉਸ ਨੇ ਮੇਰੇ ਕੋਲੋਂ ਪੁੱਛਿਆ | 'ਕਿਉਂਕਿ ਇਹ ਮੰੁਡਿਆਂ ਦਾ ਸਕੂਲ ਹੈ |' ਮੈਂ ਕਿਹਾ |
'ਮੈਨੂੰ ਇਹ ਦੱਸੋ ਕਿ ਕਿਥੇ ਲਿਖਿਆ ਹੋਇਆ ਹੈ ਕਿ ਇਹ ਸਕੂਲ ਸਿਰਫ਼ ਮੰੁਡਿਆਂ ਲਈ ਹੈ (ਓਨਲੀ ਫਾਰ ਬੁਆਏਜ਼) ਮੈਂ ਉਸ ਦੀ ਸਮਝ 'ਤੇ ਹੈਰਾਨ ਹੋ ਗਈ | ਗੱਲ ਉਸ ਦੀ ਸਹੀ ਸੀ | ਮੈਨੂੰ ਜਵਾਬ ਨਾ ਆਇਆ | ਮੈਂ ਹੌਲੀ ਜਿਹੀ ਕਿਹਾ, 'ਪਰ ਇਹ ਸਕੂਲ ਸ਼ੁਰੂ ਤੋਂ ਹੀ ਇਵੇਂ ਚੱਲ ਰਿਹਾ ਹੈ | ਇਥੇ ਸਿਰਫ਼ ਮੰੁਡੇ ਹੀ ਪੜ੍ਹਦੇ ਰਹੇ ਸਨ |' ਉਹ ਇਸ ਕਰਕੇ ਕਿ ਪਹਿਲਾਂ ਇਹ ਪ੍ਰਾਈਵੇਟ ਸਕੂਲ ਸੀ | ਉਨ੍ਹਾਂ ਦੇ ਆਪਣੇ ਕਾਇਦੇ-ਕਾਨੂੰਨ ਹੁੰਦੇ ਹਨ, ਚਾਹੇ 'ਕੱਲੇ ਮੰੁਡੇ ਰੱਖਣ ਜਾਂ ਕੁੜੀਆਂ, ਸਟਾਫ਼ ਵੀ ਉਹ ਆਪਣੀ ਮਰਜ਼ੀ ਦਾ ਰੱਖਦੇ ਹਨ ਪਰ ਹੁਣ ਇਹ ਸਰਕਾਰੀ ਸਕੂਲ ਬਣ ਗਿਆ ਹੈ, ਸਰਕਾਰ ਦੇ ਅਧੀਨ ਹੈ | ਹੁਣ ਇਸ ਸਕੂਲ ਦਾ ਏਨਾ ਨਾਂਅ ਹੋ ਗਿਆ ਹੈ ਕਿ ਬਹੁਤ ਸਾਰੇ ਮਾਪੇ ਆਪਣੀਆਂ ਕੁੜੀਆਂ ਨੂੰ ਇਥੇ ਦਾਖ਼ਲ ਕਰਾਉਣਾ ਚਾਹੁੰਦੇ ਹਨ ਫਿਰ ਇਹ ਸਕੂਲ ਸ਼ਹਿਰ ਦੇ ਵਿਚ ਹੈ ਤੇ ਕੁੜੀਆਂ ਇਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ | ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ | 'ਪਰ ਮਾਪੇ ਖੁਦ ਵੀ ਤਾਂ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਹਨ | ਉਨ੍ਹਾਂ ਨੇ ਤੁਹਾਨੂੰ ਅੱਗੇ ਕਿਉਂ ਕੀਤਾ |' ਮੈਂ ਗੁੱਸੇ ਨਾਲ ਕਿਹਾ |
'ਕਿਉਂਕਿ ਉਨ੍ਹਾਂ ਨੂੰ ਭਰੋਸਾ ਨਹੀਂ ਸੀ ਕਿ ਤੁਸੀਂ ਉਨ੍ਹਾਂ ਦੀ ਗੱਲ ਸੁਣੋਂਗੇ | ਸੁਣ ਵੀ ਲਈ ਤਾਂ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਅੱਗੇ ਆਵਾਜ਼ ਉਠਾਓਗੇ |'
'ਚਲੋ ਉਹ ਤਾਂ ਇਹ ਸੋਚ ਕੇ ਚੁੱਪ ਰਹੇ ਪਰ ਤੁਸੀਂ ਇਹ ਜਿਹੜਾ ਤਰੀਕਾ ਅਪਨਾਇਆ ਉਹ ਕਿੰਨਾ ਕੁ ਸਹੀ ਹੈ, ਮੈਨੂੰ ਇਹ ਦੱਸੋ |'
'ਮੈਡਮ ਸਰਦਾਰ ਭਗਤ ਸਿੰਘ ਨੇ ਅਸੰਬਲੀ ਵਿਚ ਬੰਬ ਕਿਉਂ ਸੁੱਟਿਆ ਸੀ ਕਿ ਉਹ ਕਿਸੇ ਨੂੰ ਮਾਰਨਾ ਚਾਹੁੰਦੇ ਸੀ, ਨਹੀਂ ਉਹ ਸਿਰਫ਼ ਸੁੱਤੇ ਹੋਏ ਲੋਕਾਂ ਨੂੰ ਜਗਾਉਣਾ ਚਾਹੁੰਦੇ ਸੀ, ਅਸੀਂ ਵੀ ਸਾਰਿਆਂ ਨੇ ਮਿਲ ਕੇ ਇਹ ਤਰੀਕਾ ਸਿਰਫ਼ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਣ ਲਈ ਹੀ ਅਪਨਾਇਆ ਹੈ, ਭਾਵੇਂ ਸਾਰੇ ਲੜਕੇ ਇਹੀ ਚਾਹੁੰਦੇ ਸੀ ਪਰ ਅੱਗੇ ਆਉਣ ਦੀ ਹਿੰਮਤ ਕੋਈ ਨਹੀਂ ਸੀ ਕਰਦਾ | ਸੋ, ਇਸ ਕੰਮ ਦਾ ਬੀੜਾ ਮੈਂ ਹੀ ਚੁੱਕਿਆ ਬਈ ਰੱਬ ਨੇ ਏਨੀ ਵੱਡੀ ਸਜ਼ਾ ਮੈਨੂੰ ਪਹਿਲਾਂ ਹੀ ਦੇ ਦਿੱਤੀ ਹੈ ਤਾਂ ਟੀਚਰ ਮੈਨੂੰ ਹੋਰ ਕੀ ਸਜ਼ਾ ਦੇਣਗੇ, ਜ਼ਿਆਦਾ ਤੋਂ ਜ਼ਿਆਦਾ ਮੈਨੂੰ ਸਕੂਲੋਂ ਕੱਢ ਦੇਣਗੇ | ਪਰ ਹੋ ਸਕਦਾ ਹੈ ਕਿ ਸਕੂਲ ਵਿਚ ਕੋਈ ਤਬਦੀਲੀ ਆ ਜਾਏ | ਮੈਂ ਜਾਣਦਾ ਸੀ ਕਿ ਮੈਡਮ ਤੁਸੀਂ ਬਹੁਤ ਸਮਝਦਾਰ ਹੋ, ਤੁਸੀਂ ਜ਼ਰੂਰ ਮੇਰੀ ਗੱਲ ਨੂੰ ਸਮਝੋਗੇ |'
ਮੈਂ ਉਨ੍ਹਾਂ ਦੀ ਦਲੀਲ ਤੋਂ ਕਾਇਲ ਹੋ ਗਈ ਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਮੈਂ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਾਂਗੀ | ਉਹ ਚੁੱਪਚਾਪ ਆਪਣੀਆਂ ਕਲਾਸਾਂ ਵਿਚ ਚਲੇ ਗਏ ਤੇ ਉਸ ਤੋਂ ਬਾਅਦ ਬਾਕਾਇਦਾ ਆਪਣੀਆਂ ਕਲਾਸਾਂ ਅਟੈਂਡ ਕਰਦੇ ਰਹੇ |
ਅਗਲੇ ਸੈਸ਼ਨ ਵਿਚ ਮੈਂ ਬਿਨਾਂ ਕਿਸੇ ਨੂੰ ਪੁੱਛਿਆਂ, ਦੱਸਿਆਂ ਕੁੜੀਆਂ ਸਕੂਲ ਵਿਚ ਦਾਖ਼ਲ ਕਰ ਲਈਆਂ | ਵਿਰੋਧੀਆਂ ਨੇ ਕਾਫ਼ੀ ਰੌਲਾ ਪਾਇਆ | ਡੀ.ਈ.ਓ. ਸਾਹਿਬ ਨੂੰ ਸ਼ਿਕਾਇਤ ਵੀ ਕੀਤੀ ਪਰ ਡੀ.ਪੀ.ਆਈ. ਤੱਕ ਵੀ ਗੱਲ ਪਹੁੰਚੀ ਫਿਰ ਇਨਕੁਆਇਰੀ ਹੋਈ ਤੇ ਜਦ ਮੈਂ ਕਿਹਾ ਕਿ ਦੱਸੋ ਕਿਥੇ ਇਹ ਲਿਖਿਆ ਹੋਇਆ ਕਿ ਇਹ ਸਕੂਲ ਸਿਰਫ਼ ਮੰੁਡਿਆਂ ਲਈ ਹੀ ਹੈ | ਉਨ੍ਹਾਂ ਪਾਸ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ | ਸੋ ਇਨਕੁਆਇਰੀ ਬੰਦ ਹੋ ਗਈ ਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਕੁੜੀਆਂ ਸਕੂਲ ਵਿਚ ਦਾਖ਼ਲ ਹੋ ਗਈਆਂ | ਇਸ ਤੋਂ ਬਾਅਦ ਮੈਂ ਮੰੁਡਿਆਂ ਦੀ ਇਕ ਕਮੇਟੀ ਬਣਾ ਦਿੱਤੀ ਤੇ ਜਗਬੀਰ ਨੂੰ ਉਸ ਦਾ ਪ੍ਰੈਜ਼ੀਡੈਂਟ ਚੁਣ ਲਿਆ ਗਿਆ | ਉਹ ਕਾਫੀ ਸਮਝਦਾਰ ਮੰੁਡਾ ਸੀ | ਮੈਂ ਬਾਅਦ ਵਿਚ ਕਈ ਮਸਲਿਆਂ ਵਿਚ ਉਸ ਦੀ ਸਲਾਹ ਲਈ | ਉਹ ਗਾਉਂਦਾ ਵੀ ਬਹੁਤ ਅੱਛਾ ਸੀ | ਮੈਂ ਸਕੂਲ ਵਿਚ ਮਿਊਜ਼ਿਕ ਦਾ ਵਿਸ਼ਾ ਇੰਟ੍ਰੋਡਿਊਸ ਕੀਤਾ, ਜਿਸ ਲਈ ਮਿਊਜ਼ਿਕ ਦੇ ਟੀਚਰ ਦੀ ਨਿਯੁਕਤੀ ਵੀ ਹੋ ਗਈ, ਇਕ ਬਲਾੲੀਂਡ ਟੀਚਰ ਵੀ ਮੰਗ ਲਿਆ, ਜਿਹੜਾ ਕਿ ਬਲਾੲੀਂਡ ਬੱਚਿਆਂ ਨੂੰ ਬ੍ਰੇਲ ਦੀ ਸਿੱਖਿਆ ਦੇ ਸਕੇ | ਬਲਾੲੀਂਡ ਬੱਚਿਆਂ ਦੀ ਇਕ ਕ੍ਰਿਕਟ ਦੀ ਟੀਮ ਵੀ ਬਣਾ ਦਿੱਤੀ | ਇਨ੍ਹਾਂ ਤਬਦੀਲੀਆਂ ਕਰਕੇ ਸਕੂਲ ਦਾ ਅਨੁਸ਼ਾਸਨ ਬਹੁਤ ਬਿਹਤਰ ਹੋ ਗਿਆ ਸੀ ਤੇ ਮੰੁਡੇ-ਕੁੜੀਆਂ ਦੀ ਗਿਣਤੀ ਵੀ ਲਗਪਗ ਦੁੱਗਣੀ ਹੋ ਗਈ ਸੀ | ਸਭ ਜਗ੍ਹਾ ਹੁਣ ਮੇਰੇ ਸਕੂਲ ਦੀ ਉਦਾਹਰਨ ਦਿੱਤੀ ਜਾਂਦੀ ਸੀ |
ਤੇ ਉਹ ਟੀਚਰ ਜਿਹੜੇ ਇਨ੍ਹਾਂ ਬਲਾੲੀਂਡ ਬੱਚਿਆਂ ਨੂੰ ਦਾਖ਼ਲ ਕਰਨ ਦੇ ਖਿਲਾਫ਼ ਸਨ, ਉਨ੍ਹਾਂ ਸਭ ਨੇ ਕਿਹਾ, 'ਮੈਡਮ ਤੁਸੀਂ ਇਨ੍ਹਾਂ ਬੱੱਚਿਆਂ ਨੂੰ ਦਾਖ਼ਲ ਕਰਕੇ ਸਾਡੇ ਮਨਾਂ ਵਿਚ ਜੋ ਇਨ੍ਹਾਂ ਲਈ ਗ਼ਲਤ ਧਾਰਨਾ ਬੈਠੀ ਹੋਈ ਸੀ, ਉਹ ਦੂਰ ਕਰ ਦਿੱਤੀ, ਬਲਕਿ ਇਨ੍ਹਾਂ ਦੀ ਆਮਦ ਕਰਕੇ ਕਿੰਨਾ ਕੁਝ ਨਵਾਂ ਤੇ ਚੰਗਾ ਹੋ ਗਿਆ |' ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਕਿਸੇ ਵੀ ਸਮੱਸਿਆ ਨੂੰ ਜਾਚੇ-ਪਰਖੇ ਬਿਨਾਂ ਹੀ ਉਸ ਲਈ ਕਿਸੇ ਧਾਰਨਾ ਨੂੰ ਆਪਣੇ ਮਨਾਂ ਵਿਚ ਬੈਠਾ ਲੈਣਾ, ਉਸ ਸਮੱਸਿਆ ਨੂੰ ਹੋਰ ਵੀ ਵਧਾ ਦਿੰਦਾ ਹੈ | ਸੋ, ਸਮੱਸਿਆ ਨੂੰ ਔਖਾ ਸਮਝ ਕੇ ਉਸ 'ਤੇ ਪੋਚਾ ਫੇਰ ਦੇਣਾ ਬਹੁਤ ਵੱਡੀ ਗ਼ਲਤੀ ਹੈ, ਸਗੋਂ ਉਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ, ਕਿਉਂਕਿ ਦੁਨੀਆ ਵਿਚ ਕੋਈ ਵੀ ਸਮੱਸਿਆ ਅਜਿਹੀ ਨਹੀਂ ਹੈ, ਜਿਸ ਦਾ ਕੋਈ ਹੱਲ ਨਾ ਹੋਵੇ, ਹਾਂ ਉਸ ਨੂੰ ਲੱਭਣਾ ਜ਼ਰੂਰ ਥੋੜ੍ਹਾ ਔਖਾ ਹੁੰਦਾ ਹੈ, ਇਸ ਤੋਂ ਬਾਅਦ ਮੈਂ ਜਿੰਨਾ ਚਿਰ ਉਸ ਸਕੂਲ ਵਿਚ ਰਹੀ, ਕਦੇ ਕੋਈ ਅਜਿਹੀ ਘਟਨਾ ਨਹੀਂ ਘਟੀ, ਮੈਂ ਅੱਜ ਵੀ ਇਹ ਸੋਚਦੀ ਹਾਂ ਕਿ ਇਨਸਾਨ ਦੀ ਲਿਆਕਤ ਦੀ ਕਦਰ ਕਰਨੀ ਚਾਹੀਦੀ ਹੈ, ਬਜਾਏ ਕਿ ਉਸ ਦੇ ਸਰੀਰ ਦੇ ਅੰਗਾਂ ਦੀ ਗਿਣਤੀ ਕਰ ਕੇ ਉਸ ਦੀਆਂ ਕਮੀਆਂ ਲੱਭੀਆਂ ਜਾਣ | (ਸਮਾਪਤ)

-ਮੋਬਾਈਲ : 99881-52523.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX