ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  29 minutes ago
ਸ੍ਰੀਨਗਰ, 17 ਨਵੰਬਰ - ਜੰਮੂ ਕਸ਼ਮੀਰ 'ਚ ਅੱਜ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਸੂਬੇ ਵਿਚ 9 ਗੇੜਾਂ ਤਹਿਤ ਹੋਣਗੀਆਂ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਹਨ, ਲੋਕਾਂ ਵਿਚ ਵੋਟਿੰਗ...
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  43 minutes ago
ਨਵੀਂ ਦਿੱਲੀ, 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਮਾਲਦੀਵ ਦੇ ਦੌਰੇ 'ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ। ਸਾਲ 2011 ਤੋਂ ਬਾਅਦ ਪਹਿਲੀ...
ਅੱਜ ਦਾ ਵਿਚਾਰ
. . .  55 minutes ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਹਾੜ੍ਹੀ ਦੀਆਂ ਫ਼ਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਕਰਨੀ ਜ਼ਰੂਰੀ

ਹਾੜ੍ਹੀ ਦੀਆਂ ਮੁੱਖ ਫ਼ਸਲਾਂ ਦੇ ਬੀਜ ਨੂੰ ਸੋਧਣ ਬਾਰੇ ਹੇਠਾਂ ਕੁਝ ਸਿਫਾਰਸ਼ਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਅਪਣਾ ਕੇ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹਨ।
ਕਣਕ : ਕਣਕ ਹਾੜੀ ਦੀ ਮੁੱਖ ਫ਼ਸਲ ਹੈ , ਇਸ ਫ਼ਸਲ ਨੂੰ ਆਮ ਕਰਕੇ ਕੋਈ ਵੀ ਮੁੱਖ ਬਿਮਾਰੀ ਪ੍ਰਭਾਵਿਤ ਤਾਂ ਨਹੀਂ ਕਰਦੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਮੌਸਮ ਵਿਚ ਆ ਰਹੇ ਬਦਲਾਅ ਕਾਰਨ ਕੁਝ ਬਿਮਾਰੀਆਂ ਪੈਦਾਵਾਰ 'ਤੇ ਕਾਫੀ ਬੁਰਾ ਪ੍ਰਭਾਵ ਪਾ ਰਹੀਆਂ ਹਨ, ਜਿਨ੍ਹਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਆਦਿ ਕੁਝ ਅਜਿਹੀਆਂ ਬਿਮਾਰੀਆ ਹਨ, ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਖੇਤਾਂ ਵਿਚ ਸਿਉਂਕ ਦੀ ਸਮੱਸਿਆਂ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5% ਐਸ. ਸੀ. ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼ , ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਓ ਕਰਕੇ ਸੁਕਾ ਲਉ। ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ ( ਡਬਲਿਯੂ. ਐਚ. ਡੀ. 943, ਪੀ. ਡੀ. ਡਬਲਿਯੂ. 291 ਪੀ. ਡੀ. ਡਬਲਿਯੂ 233 ਅਤੇ ਟੀ. ਐਲ. 2908 ਨੂੰ ਛੱਡ ਕੇ) ਨੂੰ ਰੈਕਸਲ ਈਜ਼ੀ / ਓਰੀਅਸ 6 ਐਫ. ਐਸ. ( ਟੈਬੂਕੋਨਾਜ਼ੋਲ) 13 ਮਿਲੀ ਲਿਟਰ ਪ੍ਰਤੀ 40 ਕਿਲੋ ਬੀਜ ( 13 ਮਿ.ਲਿ. ਦਵਾਈ ਨੂੰ 400 ਮਿ.ਲਿ. ਪਾਣੀ ਵਿਚ ਘੋਲ ਕੇ40 ਕਿਲੋ ਬੀਜ ਨੂੰ ਲਗਾਉ) ਜਾਂ ਵੀਟਾਵੈਕਸ ਪਾਵਰ 75 ਡਬਲਿਯੂ ਐਸ( ਕਾਰਬੋਕਸਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) 120 ਗ੍ਰਾਮ ਜਾਂ ਵੀਟਾਵੈਕਸ 75 ਡਬਲਿਯ.ੂ ਪੀ. ( ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀ ਐਸ/ਐਕਸਜ਼ੋਲ 2 ਡੀ. ਐਸ. (ਟੈਬੂਕੋਨਾਜ਼ੋਲ) 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੀਜ ਸੋਧਕ ਡਰੰਮ ਵਿਚ ਸਮਰੱਥਾ ਅਨੁਸਾਰ ਬੀਜ ਪਾ ਕੇ ਸਿਫਾਰਸ਼ ਕੀਤੀ ਮਾਤਰਾ ਵਿਚ ਦਵਾਈ ਚੰਗੀ ਤਰ੍ਹਾਂ ਰਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਝੂਠੀ ਕਾਂਗਿਆਂਰੀ ਦੀ ਰੋਕਥਾਮ ਹੋ ਜਾਵੇਗੀ। ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿੱਟੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੋਧ ਲਵੋ। ਜੇਕਰ ਬੀਜ ਵੀਟਾਵੈਕਸ ਪਾਵਰ ਨਾਲ ਸੋਧਿਆ ਹੈ ਤਾਂ ਕੈਪਟਾਨ ਨਾਲ ਸੋਧਣ ਦੀ ਜ਼ਰੂਰਤ ਨਹੀਂ। ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇਕ ਮਹੀਨੇ ਤੋਂ ਪਹਿਲਾਂ ਨਾ ਕਰੋ , ਅਜਿਹਾ ਕਰਨ ਨਾਲ ਬੀਜ ਦੀ ਉਗਣ ਸ਼ਕਤੀ ਤੇ ਬੁਰਾ ਪ੍ਰਭਾਵ ਨਹੀਂ ਪੈਂਦਾ।
ਜੌਂ : ਬਿਜਾਈ ਤੋਂ ਪਹਿਲਾਂ ਬੀਜ ਨੂੰ ਵੀਟਾਵੈਕਸ 75 ਡਬਲਿਯੂ ਪੀ ਕਾਰਬੋਕਸਿਨ) ਜਾਂ ਰੈਕਸਿਲ 2 ਡੀ. ਐਸ. (ਟੈਬੂਕੋਨਾਜ਼ੋਲ)1.5 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਨਾਲ ਸੋਧ ਲਵੋ। ਇਸ ਨਾਲ ਕਾਂਗਿਆਰੀ, ਬੰਦ ਕਾਂਗਿਆਰੀ ਅਤੇ ਧਾਰੀਆਂ ਦਾ ਰੋਗ ਨਹੀਂ ਲੱਗਦਾ।
ਸਿਆਲੂ ਮੱਕੀ : ਬਹਾਰ ਰੁੱਤ ਵਿਚ ਬੀਜੀ ਜਾਣ ਵਾਲੀ ਮੱਕੀ ਵਿਚ ਬੀਜ ਦਾ ਗਲਣਾ ਅਤੇ ਪੁੰਗਾਰ ਦਾ ਝੁਲਸ ਰੋਗ ਅਜਿਹੇ ਰੋਗ ਹਨ ਜਿਨ੍ਹਾਂ ਦੀ ਰੋਕਥਾਮ ਬੀਜ ਦੇ ਸੋਧ ਕਰਕੇ ਕੀਤੀ ਜਾ ਸਕਦੀ ਹੈ। ਇਸ ਮਕਸਦ ਵਾਸਤੇ ਮੱਕੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਾਵਿਸਟਿਨ ਜਾਂ ਡੈਰੋਸਿਲ ਜਾਂ ਐਗਰੋਜ਼ਿਮ 50 ਡਬਲਿਯੂ. ਪੀ. (ਕਾਰਬੈਂਡਾਜ਼ਿਮ) ਤਿੰਨ ਗਾ੍ਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ਾਖ ਦੀ ਮੱਖੀ ਦੀ ਰੋਕਥਾਮ ਲਈ ਬੀਜ ਨੂੰ 6 ਗ੍ਰਾਮ ਗਾਚੋ ( ਇਮੀਡਾਕਲੋਪਰਿਡ) 600 ਐਫ. ਐਸ. ਪ੍ਰਤੀ ਕਿਲੋ ਬੀਜ ਹਿਸਾਬ ਨਾਲ ਸੋਧ ਲਵੋ। ਸ਼ਾਖ ਦੀ ਮੱਖੀ ਦੀ ਰੋਕਥਾਮ ਲਈ ਬੀਜ ਸੋਧਣਾ ਹੀ ਇਕ ਕਾਰਗਰ ਤਰੀਕਾ ਹੈ। ਗਾਚੋ ਨਾਲ ਬੀਜ ਨੂੰ ਸੋਧਣ ਉਪਰੰਤ ਹੀ ਉੱਲੀਨਾਸ਼ਕ ਰਸਾਇਣਾਂ ਨਾਲ ਬੀਜ ਨੂੰ ਸੋਧੋ।
ਛੋਲੇ : ਹਾੜ੍ਹੀ ਦੀਆ ਦਾਲਾਂ ਵਾਲੀਆਂ ਫ਼ਸਲਾਂ ਵਿਚੋਂ ਛੋਲਿਆਂ ਦੀ ਮੁੱਖ ਫ਼ਸਲ ਹੈ, ਜਿਸ ਨੂੰ ਕੁਝ ਅਜਿਹੇ ਕੀੜੇ ਅਤੇ ਬਿਮਾਰੀਆਂ ਜਿਵੇਂ ਭੂਰਾ ਸਾੜਾ, ਝੁਲਸ ਰੋਗ ਅਤੇ ਸਿਉਂਕ ਨੁਕਸਾਨ ਪਹੁੰਚਾਦੀਆਂ ਹਨ, ਜਿਨ੍ਹਾਂ ਦੀ ਰੋਕਥਾਮ ਕਰਨ ਲਈ ਬੀਜ ਦੀ ਬਿਜਾਈ ਤੋਂ ਪਹਿਲਾਂ ਸੋਧ ਕਰਨਾ ਬਹੁਤ ਜ਼ਰੂਰੀ ਹੈ। ਸਿਉਂਕ ਨਾਲ ਪ੍ਰਭਾਵਤ ਖੇਤਾਂ ਵਿਚ ਛੋਲਿਆਂ ਦੀ ਬਿਜਾਈ ਤੋਂ ਪਹਿਲਾਂ 180 ਮਿਲੀਲਿਟਰ ਕਲੋਰੋਪਾਈਰੀਫਾਸ ਨੂੰ ਅੱਧੇ ਲਿਟਰ ਪਾਣੀ ਵਿਚ ਘੋਲ ਕੇ ਬੀਜ ਨੂੰ ਫਰਸ਼ ਜਾਂ ਤਰਪਾਲ 'ਤੇ ਵਿਛਾ ਕੇ ਛਿੜਕਾਅ ਕਰੋ। ਬੀਜ ਨੂੰ ਸੁਕਾਉਣ ਉਪਰੰਤ ਕਾਰਬੈਂਡਾਜ਼ਿਮ ਜਾਂ 2.5 ਗ੍ਰਾਮ ਰੋਵਰਾਲ (ਆਈਪ੍ਰੋਡਿਓਨ) ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਦੀ ਮਦਦ ਨਾਲ ਬੀਜ ਨੂੂੰ ਸੋਧ ਲੈਣਾ ਚਾਹੀਦਾ ਹੈ। 37 ਕਿਲੋ ਕਾਬਲੀ ਛੋਲਿਆਂ ਨੂੰ ਸੋਧਣ ਲਈ 370 ਮਿਲੀਲਿਟਰ ਕਲੋਰੋਪਾਈਰੀਫਾਸ ਦਵਾਈ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਬੀਜ ਉੱਪਰ ਛਿੜਕਾਅ ਕਰੋ। ਬੀਜ ਨੂੰ ਸੋਧਣ ਉਪਰੰਤ ਚੰਗੀ ਤਰ੍ਹਾਂ ਰਲਾ ਕੇ ਸੁਕਾ ਲਵੋ।


-ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ
ਮੋਬਾਈਲ : 9463071919.


ਖ਼ਬਰ ਸ਼ੇਅਰ ਕਰੋ

ਕਨੋਲਾ ਸਰ੍ਹੋਂ

ਗੁਣਵੱਤਾ, ਕਾਸ਼ਤ ਅਤੇ ਸਾਂਭ-ਸੰਭਾਲ

ਫ਼ਸਲੀ ਵਿਭਿੰਨਤਾ ਵਿਚ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਵੱਡਾ ਰੋਲ ਅਦਾ ਕਰ ਸਕਦੀਆਂ ਹਨ। ਪੰਜਾਬ ਵਿਚ ਇਸ ਸਮੇਂ ਤੇਲ ਬੀਜ ਫ਼ਸਲਾਂ ਰੇਪਸੀਡ ਜਿਵੇਂ ਕਿ ਤੋਰੀਆ, ਗੋਭੀ ਸਰ੍ਹੋਂ ਅਤੇ ਤਾਰਾਮੀਰਾ ਅਤੇ ਮਸਟਰਡ ਜਿਵੇਂ ਕਿ ਰਾਇਆ ਅਤੇ ਅਫਰੀਕਣ ਸਰ੍ਹੋਂ ਹੇਠ ਰਕਬਾ 31.7 ਹਜ਼ਾਰ ਹੈਕਟੇਅਰ ਹੈ ਅਤੇ ਝਾੜ 14.13 ਕੁਇੰਟਲ/ਹੈਕਟੇਅਰ ਦੀ ਔਸਤ ਨਾਲ 44.8 ਹਜ਼ਾਰ ਟਨ ਹੈ। ਇਨ੍ਹਾਂ ਫ਼ਸਲਾਂ ਦਾ ਤੇਲ ਵੱਡੇ ਪੱਧਰ ਤੇ ਭੋਜਨ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਸਿਹਤ ਪ੍ਰਤੀ ਦਿਨ-ਬ-ਦਿਨ ਸੁਚੇਤ ਹੋ ਰਹੀ ਨਵੀਂ ਪੀੜ੍ਹੀ ਨੂੰ ਸੰਚਾਰ ਸਾਧਨਾਂ ਦੀ ਨਵੀਨਤਾ ਨਾਲ ਸੁੰਗੜ ਰਹੀ ਦੁਨੀਆਂ ਨੇ ਅੰਤਰਰਾਸ਼ਟਰੀ ਪੱਧਰ ਦੀ ਸੋਚ ਨਾਲ ਜੋੜਿਆ ਹੈ। ਇਸੇ ਜਾਗਰੂਕਤਾ ਨੇ ਕਨੌਲਾ ਕਿਸਮਾਂ ਦੇ ਤੇਲ ਦੀ ਮੰਗ ਅਤੇ ਲੋੜ ਪੈਦਾ ਕੀਤੀ ਹੈ। ਕਨੋਲਾ ਸਰ੍ਹੋਂ ਦੇ ਤੇਲ ਵਿਚ 2 ਪ੍ਰਤੀਸ਼ਤ ਤੋਂ ਘੱਟ ਇਰੂਸਿਕ ਏਸਿਡ ਹੈ। ਘੱਟ ਇਰੂਸਿਕ ਏਸਿਡ ਵਾਲੇ ਇਸ ਤੇਲ ਦੀ ਵਰਤੋਂ ਨਾਲ ਧਮਨੀਆਂ ਦੇ ਸੁੰਗੜਨ ਦਾ ਖਤਰਾ ਘਟ ਜਾਂਦਾ ਹੈ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਬਹੁਤੀਆਂ ਕਨੌਲਾ ਕਿਸਮਾਂ ਦੇ ਤੇਲ ਵਿਚ ਇਰੂਸਿਕ ਏਸਿਡ ਦੀ ਮਾਤਰਾ ਆਮ ਸਰ੍ਹੋਂ ਨਾਲੋਂ ਘੱਟ ਹੋਣ ਕਾਰਨ ਔਲਿਕ ਏਸਿਡ (ਮੁਫਾ) ਦੀ ਮਾਤਰਾ ਗੈਰ ਕਨੋਲਾ ਕਿਸਮਾਂ ਦੇ ਮੁਕਾਬਲੇ ਬਹੁਤ ਜ਼ਿਆਦਾ (10-20 ਪ੍ਰਤੀਸ਼ਤ ਦੇ ਮੁਕਾਬਲੇ 60-65 ਪ੍ਰਤੀਸ਼ਤ) ਹੁੰਦੀ ਹੈ। ਸਰ੍ਹੋਂ ਦੇ ਦੋਵੇਂ ਗਰੁੱਪਾਂ (ਰੇਪਸੀਡ ਅਤੇ ਮਸਟਰਡ) ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਨੋਲਾ ਕਿਸਮਾਂ ਜਾਰੀ ਕਰਕੇ ਖਾਣ ਵਾਲੇ ਤੇਲ ਦੀ ਗੁਣਵੱਤਾ ਵਿਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ। ਇਹ ਕਿਸਮਾਂ ਗੋਭੀ ਸਰ੍ਹੋਂ ਪੀ. ਏ. ਸੀ. 401, ਜੀ. ਐਸ. ਸੀ. 6 ਅਤੇ ਜੀ. ਐਸ. ਸੀ. 7 (ਰੇਪਸੀਡ) ਅਤੇ ਰਾਇਆ ਆਰ. ਐਲ. ਸੀ. 3 (ਮਸਟਰਡ) ਦੇ ਰੂਪ ਵਿਚ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਚੁੱਕੀਆਂ ਹਨ। ਇਨ੍ਹਾਂ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਬਹੁਤ ਵਧੀਆ ਹੈ। ਸਗੋਂ ਇਨ੍ਹਾਂ ਕਿਸਮਾਂ ਤੋਂ ਤਿਆਰ ਖਲ ਵੀ ਪਸ਼ੂਆਂ ਲਈ ਬਹੁਤ ਗੁਣਕਾਰੀ ਸਾਬਿਤ ਹੋ ਰਹੀ ਹੈ। ਇਸ ਖਲ ਵਿਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੂਕੋਸਿਨੋਲੇਟਸ ਹੁੰਦੇ ਹਨ। ਖੱਲ ਵਿਚਲੇ ਜ਼ਿਆਦਾ ਗਲੂਕੋਸਿਨੋਲੇਟਸ ਜਾਨਵਰਾਂ ਵਿਚ ਭੁੱਖ ਅਤੇ ਜਣਨਪਨ ਨੂੰ ਘਟਾਉਣ ਦੇ ਨਾਲ-ਨਾਲ ਗੱਲੜ ਰੋਗ ਨੂੰ ਵਧਾੳਂਦੇ ਹਨ। ਕਨੋਲਾ ਕਿਸਮਾਂ ਦੀ ਖਲ ਵੀ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਹੁੰਦੀ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਗਈਆਂ ਕਨੋਲਾ ਕਿਸਮਾਂ ਹੇਠ ਲਿਖੀਆਂ ਹਨ।
ਗੋਭੀ ਸਰ੍ਹੋਂ
ਜੀ. ਐਸ. ਸੀ. 7 : ਇਹ ਗੋਭੀ ਸਰ੍ਹੋਂ ਦੀ ਇਕ ਕਨੌਲਾ ਕਿਸਮ ਹੈ । ਸਮੇਂ ਸਿਰ ਅਤੇ ਸੇਂਜੂ ਹਾਲਤਾਂ ਵਿਚ ਬਿਜਾਈ ਲਈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਜਿਸ ਨੂੰ ਚਿੱਟੀ ਕੂੰਗੀ ਅਤੇ ਝੁਲਸ ਰੋਗ ਘੱਟ ਲਗਦਾ ਹੈ। ਇਸ ਦਾ ਔਸਤ ਝਾੜ 8.9 ਕੁਇੰਟਲ ਪ੍ਰਤੀ ਏਕੜ ਹੈ। ਕਿਸਾਨਾਂ ਦੇ ਖੇਤਾਂ ਵਿਚ ਲਗਵਾਏ ਪ੍ਰਦਰਸ਼ਨੀ ਪਲਾਟਾਂ ਵਿਚ ਇਸ ਦਾ ਝਾੜ 10.0 ਕੁਇੰਟਲ ਪ੍ਰਤੀ ਏਕੜ ਵੀ ਆਇਆ ਹੈ। ਇਸ ਵਿਚ ਤੇਲ ਦੀ ਮਾਤਰਾ 40.5 ਪ੍ਰਤੀਸ਼ਤ ਹੈ। ਇਹ 154 ਦਿਨਾਂ ਵਿਚ ਪੱਕ ਜਾਂਦੀ ਹੈ। ਕਿਸਾਨ ਵੀਰ ਇਸਦਾ ਬੀਜ ਵੀ ਰੱਖ ਸਕਦੇ ਹਨ।
ਜੀ. ਐਸ. ਸੀ. 6 : ਇਹ ਗੋਭੀ ਸਰ੍ਹੋਂ ਦੀ ਕਨੋਲਾ ਕਿਸਮ ਹੈ ਜਿਸ ਦੀ ਸਾਰੇ ਪ ੰਜਾਬ ਵਿਚ ਸਮੇਂ ਸਿਰ ਅਤੇ ਸੇਂਜੂ ਹਾਲਤਾਂ ਵਿਚ ਬਿਜਾਈ ਲਈ ਢੁਕਵੀਂ ਹੈ । ਇਸ ਦਾ ਔਸਤ ਝਾੜ 6.1 ਕੁਇੰਟਲ ਪ੍ਰਤੀ ਏਕੜ ਹੈ । ਇਸ ਵਿਚ ਤੇਲ ਦੀ ਮਾਤਰਾ 39.1 ਪ੍ਰਤੀਸ਼ਤ ਹੈ। ਇਹ ਕਿਸਮ 145 ਦਿਨਾਂ ਵਿਚ ਪੱਕ ਜਾਂਦੀ ਹੈ। ਕਿਸਾਨ ਵੀਰ ਇਸਦਾ ਬੀਜ ਵੀ ਰੱਖ ਸਕਦੇ ਹਨ।
ਪੀ. ਏ. ਸੀ. 401 (ਹਾਇਓਲਾ): ਇਹ ਵੀ ਗੋਭੀ ਸਰ੍ਹੋਂ ਦੀ ਦੋਗਲੀ ਕਨੌਲਾ ਕਿਸਮ ਹੈ ਜੋ ਸੇਂਜੂ ਹਾਲਤਾਂ ਵਿਚ ਬੀਜਣ ਲਈ ਢੁਕਵੀਂ ਹੈ। ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜੋ 150 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਵਿਚ 42 ਪ੍ਰਤੀਸ਼ਤ ਤੇਲ ਹੁੰਦਾ ਹੈ। ਇਸ ਦਾ ਔਸਤ ਝਾੜ 6.7 ਕੁਇੰਟਲ ਪ੍ਰਤੀ ਏਕੜ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੀ.ਏ.ਯੂ., ਫਾਰਮ ਸਲਾਹਕਾਰ ਸੇਵਾ ਸਕੀਮ, ਨੂਰਮਹਿਲ, ਜਲੰਧਰ।
maninder-fass@gmail.com

ਸਰਕਾਰ ਕਿਸਾਨੀ 'ਤੇ ਆਏ ਸੰਕਟ ਨੂੰ ਦੂਰ ਕਰਨ ਲਈ ਕਦਮ ਚੁੱਕੇ

ਅਰਥ-ਵਿਗਿਆਨੀਆਂ ਵਲੋਂ ਖੇਤੀ ਉਤਪਾਦਨ ਦੀਆਂ ਕੀਮਤਾਂ ਸਬੰਧੀ ਕੀਤੇ ਅਧਿਐਨ ਦੇ ਆਧਾਰ 'ਤੇ ਕਿਸਾਨਾਂ ਨੂੰ 2005 ਵਿਚ ਉਹੋ ਹੀ ਕੀਮਤ ਮਿਲ ਰਹੀ ਸੀ ਜੋ ਉਹ ਸੰਨ 1985 ਵਿਚ ਲੈ ਰਹੇ ਸਨ ਜਦੋਂ ਕਿ ਖਰਚਿਆਂ ਵਿਚ ਇਸ ਦੌਰਾਨ ਲਗਾਤਾਰ ਵਾਧਾ ਹੋਇਆ। ਅਜਿਹੀ ਹੀ ਸਥਿਤੀ ਹੁਣ ਵੀ ਜਾਰੀ ਹੈ। ਹੁਣ ਕਣਕ ਦੀ ਬਿਜਾਈ ਦੇਰੀ ਨਾਲ ਹੋਣ ਕਾਰਨ ਝਾੜ ਵੀ ਪ੍ਰਭਾਵਿਤ ਹੋਵੇਗਾ। ਖੇਤੀ ਮਾਹਿਰਾਂ ਅਨੁਸਾਰ 15 ਨਵੰਬਰ ਤੋਂ ਬਾਅਦ ਬੀਜੀ ਗਈ ਕਣਕ ਦੇ ਝਾੜ ਦੀ ਉਤਪਾਦਕਤਾ ਘਟਦੀ ਜਾਵੇਗੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਅਨੁਸਾਰ ਕਣਕ ਦੀ ਕਾਸ਼ਤ 34.80 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਣੀ ਹੈ ਜਿਸ ਵਿਚੋਂ ਅਜੇ ਸਨਿਚਰਵਾਰ ਤੱਕ ਕੇਵਲ 36 ਪ੍ਰਤੀਸ਼ਤ ਰਕਬਾ ਹੀ ਬੀਜਿਆ ਗਿਆ ਹੈ। ਝੋਨੇ ਦੇ ਖੇਤ ਦੇਰੀ ਨਾਲ ਖਾਲੀ ਹੋਣ ਉਪਰੰਤ ਆਲੂਆਂ ਅਤੇ ਦੂਜੀਆਂ ਸਬਜ਼ੀਆਂ ਦੀ ਕਾਸ਼ਤ ਵੀ ਪ੍ਰਭਾਵਿਤ ਹੋਣ ਦਾ ਭਾਰੀ ਅੰਦੇਸ਼ਾ ਹੈ।
ਬੇਮੌਸਮੀ ਬਾਰਿਸ਼ ਤੇ ਦੇਰੀ ਨਾਲ ਝੋਨਾ ਲੱਗਣ ਕਾਰਨ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ 10 ਪ੍ਰਤੀਸ਼ਤ ਉਤਪਾਦਕਤਾ 'ਚ ਕਮੀ ਆਈ ਹੈ। ਸਰਕਾਰ ਵਲੋਂ 10 ਜੂਨ ਦੀ ਬਜਾਏ, ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਵਿਸ਼ਵਾਸ ਵਿਚ ਲਏ ਬਿਨਾਂ, ਜੋ ਝੋਨੇ ਦੀ ਲੁਆਈ ਦੀ ਮਿਤੀ ਵਧਾ ਕੇ 20 ਜੂਨ ਕਰ ਦਿੱਤੀ ਗਈ, ਉਸ ਕਰਕੇ ਨਮੀਂ ਜ਼ਿਆਦਾ ਹੋਣ ਕਾਰਨ ਉਹ ਫ਼ਸਲ ਦੇ ਮੰਡੀਕਰਨ ਸਬੰਧੀ ਮੰਡੀਆਂ 'ਚ ਰੁਲ ਰਹੇ ਹਨ ਅਤੇ ਉਨ੍ਹਾਂ ਨੂੰ ਐਮ.ਐਸ.ਪੀ. ਵੀ ਵਸੂਲ ਨਹੀਂ ਹੁੰਦੀ। ਗੁਰਦਾਸਪੁਰ ਜ਼ਿਲ੍ਹੇ ਦੇ ਅਵਾਨ ਪਿੰਡ ਦੇ ਅਗਹਾਂਵਧੂ ਕਿਸਾਨ ਰਾਵਿੰਦਰਜੀਤ ਸਿੰਘ ਅਠਵਾਲ ਕਹਿੰਦੇ ਹਨ ਕਿ ਝੋਨੇ ਦੀ ਲੁਆਈ ਵਿਚ 10 ਦਿਨ ਦੀ ਦੇਰੀ ਨੇ ਨਮੀਂ ਅਤੇ ਕਣਕ ਦੀ ਬਿਜਾਈ ਸਮੇਂ ਤੋਂ ਲੇਟ ਕਰਨ ਸਬੰਧੀ ਸਾਰੀਆਂ ਮੁਸ਼ਕਿਲਾਂ ਪੈਦਾ ਕੀਤੀਆਂ ਹਨ। ਇਸ ਨਾਲ ਕੋਈ ਪਾਣੀ ਦੀ ਬੱਚਤ ਵੀ ਨਹੀਂ ਹੋਈ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਸਾਰਾ ਧਿਆਨ ਕੇਂਦਰ ਤੋਂ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਸਬੰਧੀ ਦਿੱਤੇ ਗਏ ਪੈਸੇ ਨਾਲ ਕਿਸਾਨਾਂ ਨੁੂੰ ਮਸ਼ੀਨਾਂ, ਜਿਸ ਵਿਚ ਉੱਚ ਕੀਮਤ ਵਾਲੀਆਂ ਸੁਪਰ ਐਸ.ਐਮ.ਐਸ. ਤੇ ਹੈਪੀਸੀਡਰ ਵਰਗੀਆਂ ਮਸ਼ੀਨਾਂ ਸ਼ਾਮਿਲ ਹਨ, ਨੂੰ ਦੇਣ 'ਤੇ ਲੱਗਿਆ ਹੋਇਆ ਹੈ। ਭਾਵੇਂ ਕਈ ਥਾਵਾਂ 'ਤੇ ਕਿਸਾਨ ਗਰੁੱਪ ਜਿਨ੍ਹਾਂ ਨੂੰ ਮਸ਼ੀਨਾਂ 80 ਪ੍ਰਤੀਸ਼ਤ ਸਬਸਿਡੀ 'ਤੇ ਦਿੱਤੀਆਂ ਗਈਆਂ ਹਨ, ਦੇ ਮੈਂਬਰਾਂ ਨੇ ਵੀ ਪਰਾਲੀ ਨੂੰ ਅੱਗ ਲਾ ਕੇ ਆਪਣੇ ਖੇਤ ਕਣਕ ਲਈ ਤਿਆਰ ਕੀਤੇ ਹਨ। ਚਾਰੇ ਪਾਸੇ ਰਹਿੰਦ-ਖੂਹੰਦ ਨੂੰ ਕਿਸਾਨਾਂ ਨੇ ਅੱਗ ਲਗਾਈ ਹੈ ਅਤੇ ਸਰਕਾਰ ਵਲੋਂ ਬਣਾਏ ਨਿਯਮਾਂ ਦੀ ਖੁੱਲ੍ਹਮ-ਖੁੱਲ੍ਹਾ ਉਲੰਘਣਾ ਕੀਤੀ ਹੈ ਜਿਸ ਨਾਲ ਸਰਕਾਰ ਦਾ ਵੱਕਾਰ ਵੀ ਗਿਰਿਆ ਹੈ। ਪ੍ਰਦੂਸ਼ਣ ਦਾ ਘਟਣਾ ਜਿੱਥੇ ਕੁਝ ਹੱਦ ਤੱਕ ਥੋੜ੍ਹੇ ਜਿਹੇ ਕਿਸਾਨਾਂ ਵਲੋਂ ਅੱਗ ਨਾ ਲਾਉਣ ਦਾ ਨਤੀਜਾ ਹੈ, ਇਸ ਵਿਚ ਮੌਸਮ ਅਨੁਕੂਲ ਰਹਿਣ ਦਾ ਵੀ ਵੱਡਾ ਯੋਗਦਾਨ ਹੈ। ਪਿਛਲੇ ਸਾਲ ਬਾਰਿਸ਼ ਹੋਣ ਕਾਰਨ ਧੂੰਆਂ ਤੇ ਪ੍ਰਦੂਸ਼ਣ ਦਾ ਪ੍ਰਭਾਵ ਲੰਮਾ ਸਮਾਂ ਰਿਹਾ ਤੇ ਦੂਰ ਤੱਕ ਗਿਆ। ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਰਹਿੰਦ-ਖੂਹੰਦ ਨੂੰ ਜ਼ਮੀਨ ਵਿਚ ਦਬਾ ਕੇ ਉਪਜਾਊ ਸ਼ਕਤੀ ਵਧਾਉਣ ਦੀ ਤਰਕੀਬ ਵੀ ਦਿੱਤੀ ਜਾ ਰਹੀ ਹੈ ਅਤੇ ਇਸ ਦੀਆਂ ਗਠ੍ਹਾਂ ਬੰਨ੍ਹ ਕੇ ਖੇਤ ਵਿਚੋਂ ਬਾਹਰ ਕੱਢਣ ਦਾ ਸੁਝਾਅ ਵੀ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਕਿਸਾਨਾਂ ਨੇ ਹੈਪੀ ਸੀਡਰ ਸਬਸਿਡੀ 'ਤੇ ਲਏ ਹਨ, ਉਨ੍ਹਾਂ ਵਿਚੋਂ ਵੀ ਕੁਝ ਕਿਸਾਨ ਗੰਢਾਂ ਬੰਨ੍ਹ ਕੇ ਪਰਾਲੀ ਖੇਤ ਵਿਚੋਂ ਕੱਢਣ ਦਾ ਪ੍ਰਬੰਧ ਕਰਨ ਲਈ ਘੁੰਮ ਰਹੇ ਹਨ।
ਸਰਕਾਰ ਵਲੋਂ ਪਿਛਲੀ ਸ਼ਤਾਬਦੀ ਦੌਰਾਨ ਸੋਇਆਬੀਨ ਅਤੇ ਹੁਣ ਖਰੀਫ ਦੀਆਂ ਫ਼ਸਲਾਂ ਦੀ ਕਾਸ਼ਤ ਵਧਾਉਣ ਸਬੰਧੀ ਕੀਤੇ ਗਏ ਉਪਰਾਲੇ ਅਸਫ਼ਲ ਰਹੇ ਹਨ। ਸੰ: 2009 - 10 ਵਿਚ ਮੱਕੀ ਦੀ ਕਾਸ਼ਤ 1.39 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ ਜਿਸ ਥੱਲੇ ਹੁਣ ਘੱਟ ਕੇ ਰਕਬਾ 1.24 ਲੱਖ ਹੈਕਟੇਅਰ ਰਹਿ ਗਿਆ, ਕਪਾਹ-ਨਰਮਾ 5.11 ਲੱਖ ਹੈਕਟੇਅਰ 'ਤੇ ਬੀਜਿਆ ਗਿਆ ਸੀ ਜੋ ਹੁਣ 2.84 ਲੱਖ ਹੈਕਟੇਅਰ 'ਤੇ ਕਾਸ਼ਤ ਹੈ। ਇਸੇ ਤਰ੍ਹਾਂ ਤੇਲ ਬੀਜ, ਦਾਲਾਂ ਤੇ ਗੰਨੇ ਦੀ ਕਾਸ਼ਤ ਥੱਲੇ ਰਕਬੇ 'ਚ ਕਮੀ ਆਈ ਹੈ। ਝੋਨੇ ਦੀ ਕਾਸ਼ਤ ਥੱਲੇ ਰਕਬਾ 28.282 ਲੱਖ ਹੈਕਟੇਅਰ ਤੋਂ ਵਧ ਕੇ 30.42 ਲੱਖ ਹੈਕਟੇਅਰ 'ਤੇ ਪਹੁੰਚ ਗਿਆ। ਬਾਸਮਤੀ ਦੀ ਕਾਸ਼ਤ 2014 ਵਿਚ 7.8 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ ਜੋ ਹੁਣ ਘਟ ਕੇ 5.25 ਲੱਖ ਹੈਕਟੇਅਰ ਰਕਬੇ 'ਤੇ ਆ ਗਈ। ਸਾਲ 2014 ਤੋਂ ਬਾਅਦ ਜੋ ਬਾਸਮਤੀ ਕਿਸਮਾਂ ਦੇ ਭਾਅ 'ਚ ਕਮੀ ਆਈ, ਉਸ ਨਾਲ ਰਕਬਾ ਘਟਦਾ ਗਿਆ। ਜੇ ਸਰਕਾਰ ਵਲੋਂ ਕਿਸਾਨਾਂ ਨੂੰ ਲਾਹੇਵੰਦ ਭਾਅ ਦੇਣ ਲਈ ਸਫ਼ਲ ਉਪਰਾਲੇ ਕੀਤੇ ਜਾਂਦੇ ਤਾਂ ਘੱਟੋ-ਘੱਟ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਸਕਦਾ ਸੀ। ਇਸ ਸਾਲ ਜੋ ਬਾਸਮਤੀ ਦੀ ਕੀਮਤ 'ਚ ਚੋਖਾ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਪੂਸਾ ਬਾਸਮਤੀ - 1121 ਦਾ 3650 - 3700 ਰੁਪਏ ਪ੍ਰਤੀ ਕੁਇੰਟਲ, ਪੂਸਾ ਬਾਸਮਤੀ - 1509 ਦਾ 3100 - 3200 ਰੁਪਏ ਪ੍ਰਤੀ ਕੁਇੰਟਲ ਅਤੇ ਪੂਸਾ ਬਾਸਮਤੀ - 1718 ਕਿਸਮ ਦਾ 3300 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਹੈ। ਇਸ ਨਾਲ ਭਵਿੱਖ 'ਚ ਬਾਸਮਤੀ ਦੀ ਕਾਸ਼ਤ ਵਧਣ ਦੀ ਸੰਭਾਵਨਾ ਹੋ ਗਈ ਹੈ। ਇਹ ਲਾਹੇਵੰਦ ਭਾਅ ਕਿਸਾਨਾਂ ਨੂੰ 2013 ਤੋਂ ਬਾਅਦ ਪਹਿਲੀ ਵਾਰ ਮਿਲਿਆ ਹੈ। ਸਰਕਾਰ ਨੂੰ ਫ਼ਸਲੀ ਵਿਭਿੰਨਤਾ ਪੱਖੋਂ ਇਸ ਮੌਕੇ ਨੂੰ ਸਾਂਭ ਕੇ ਬਾਸਮਤੀ ਦੀ ਕਾਸ਼ਤ ਵਧਾਉਣ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਸ ਵਾਰ ਬਾਸਮਤੀ ਦੀ ਬਰਾਮਦ ਪਿਛਲੇ ਸਾਲ ਦੇ 40.52 ਲੱਖ ਟਨ ਦੇ ਪੱਧਰ 'ਤੇ ਹੀ ਰਹਿਣ ਦੀ ਸੰਭਾਵਨਾ ਹੈ ਭਾਵੇਂ ਵਿਦੇਸ਼ੀ ਮੁਦਰਾ 30 ਹਜ਼ਾਰ ਕਰੋੜ ਤੱਕ ਪਹੁੰਚ ਜਾਏ। ਪਿਛਲੇ ਸਾਲ 26841 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਬਾਸਮਤੀ ਦੀ ਬਰਾਮਦ ਤੋਂ ਪ੍ਰਾਪਤ ਹੋਈ ਸੀ। ਏ.ਆਈ.ਆਰ.ਈ.ਏ. ਦੇ ਪ੍ਰਧਾਨ ਸ੍ਰੀ ਸੇਤੀਆ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੀ ਬਾਸਮਤੀ ਵਿਦੇਸ਼ਾਂ 'ਚ ਵੀ ਬੜੀ ਪਸੰਦ ਕੀਤੀ ਜਾਂਦੀ ਹੈ। ਇਨ੍ਹਾਂ ਦੋਵੇਂ ਰਾਜਾਂ 'ਚ ਬਾਸਮਤੀ ਦੀ ਕਾਸ਼ਤ ਥੱਲੇ 13 ਲੱਖ ਹੈਕਟੇਅਰ ਰਕਬਾ ਹੈ। ਪੰਜਾਬ ਵਿਚ ਇਸ ਨੂੰ ਵਧਾਏ ਜਾਣ ਦੀ ਗੁੰਜਾਇਸ਼ ਹੈ।
ਸਟੇਟ ਐਵਾਰਡੀ ਪੰਜਾਬ ਰਾਜ ਬੀਜ ਪ੍ਰਮਾਣਨ ਅਥਾਰਟੀ ਦੇ ਕਿਸਾਨ ਪ੍ਰਤੀਨਿਧੀ ਮੈਂਬਰ ਰਾਜਮੋਹਨ ਸਿੰਘ ਕਾਲੇਕਾ ਕਹਿੰਦੇ ਹਨ ਕਿ ਕੋਈ ਵੀ ਕਿਸਾਨਾਂ ਸਬੰਧੀ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਕਿਸਾਨ ਸੰਸਥਾਵਾਂ ਦੇ ਆਗੂਆਂ ਨੂੰ ਵਿਸ਼ਵਾਸ ਵਿਚ ਲੈਣਾ ਚਾਹੀਦਾ ਹੈ।


-ਮੋਬਾਈਲ : 98152-36307

ਮੌਤ ਦੇ ਫਰਿਸ਼ਤੇ

ਬੜੀ ਮਸ਼ਹੂਰ ਕਹਾਵਤ ਹੈ ਕਿ ਪੰਜਾਬੀ ਤਾਂ ਮੌਤ ਨੂੰ ਮਖੌਲ ਕਰ ਦਿੰਦੇ ਨੇ। ਇਹ ਬਿਲਕੁੱਲ ਸੱਚ ਹੈ। ਖਾਸ ਕਰਕੇ ਜਦ ਸ਼ਾਮ ਪੈਂਦੀ ਹੈ। ਇਹ ਸੱਚ ਪੰਜਾਬ ਦੀਆਂ ਸੜਕਾਂ 'ਤੇ ਆਮ ਵੇਖਣ ਨੂੰ ਮਿਲਦਾ ਹੈ। ਸ਼ਾਮ ਦੀ ਹਲਕੀ ਰੰਗੀਨੀ ਨਾਲ ਲਬਰੇਜ਼ ਵੱਡੀਆਂ ਕਾਰਾਂ ਦੀ ਸਪੀਡ ਕਿਸੇ ਜਹਾਜ਼ ਤੋਂ ਘੱਟ ਨਹੀਂ ਹੁੰਦੀ। ਸੜਕ ਦੀ ਬਰਮ 'ਤੇ ਜਾ ਰਹੇ ਸਾਈਕਲ, ਸਕੂਟਰ ਜਾਂ ਰਿਕਸ਼ੇ, ਜੇ ਉਲਟ ਵੀ ਜਾਣ ਤਾਂ, ਇਹ ਰੁਕਦੇ ਤੱਕ ਨਹੀਂ। ਇਕ ਹੋਰ ਕ੍ਰਿਸ਼ਮਾ ਕਰਦੇ ਹਨ, ਪੰਜਾਬ ਵਿਚ ਚਲਦੇ ਟਰੱਕ, ਟਰਾਲਿਆਂ ਤੇ ਟੈਂਪੂ (ਜਿਵੇਂ ਛੋਟਾ ਹਾਥੀ ਆਦਿ)। ਇਨ੍ਹਾਂ ਦੇ ਜੇ ਕਿਸੇ ਦੀ ਪਿਛਲੀ ਬੱਤੀ ਜਲਦੀ ਹੋਵੇ ਜਾਂ ਰਿਫਲੈਕਟਰ ਟੇਪ ਲੱਗੀ ਹੋਵੇ ਤਾਂ, ਉਸਨੂੰ ਨੋਬਲ ਇਨਾਮ ਦੇਣ ਨੂੰ ਦਿਲ ਕਰਦਾ ਹੈ। ਇਹ ਸਿਰਫ ਪੰਜਾਬ ਦੀਆਂ ਵਪਾਰਕ ਗੱਡੀਆਂ ਦਾ ਹੀ ਹਾਲ ਹੈ। ਲੰਬੇ ਰੂਟ ਦੀਆਂ ਗੱਡੀਆਂ ਦੇ ਸਹੀ ਲਾਈਟਾਂ ਹੁੰਦੀਆਂ ਹਨ, ਕਿਉਂਕਿ ਦੂਜੇ ਸੂਬਿਆਂ ਵਿਚ 'ਗੱਡੀ ਪਾਸ ਕਰਨ ਵਾਲੇ' ਅਧਿਕਾਰੀ ਪੰਜਾਬੀਆਂ ਜਿੰਨੇ ਬੇਈਮਾਨ ਨਹੀਂ ਹਨ। ਸੜਕਾਂ 'ਤੇ ਸਭ ਤੋਂ ਵੱਧ ਐਕਸੀਡੈਂਟ ਬਿਨਾਂ ਪਿੱਛੇ ਲਾਈਟਾਂ ਵਾਲੇ, ਟਰੱਕਾਂ, ਟੈਪੂਆਂ ਤੇ ਟਰਾਲੀਆਂ ਨਾਲ ਹੀ ਹੁੰਦੇ ਹਨ। ਪਰ ਮਜ਼ਾਲ ਹੈ ਕੋਈ ਅਧਿਕਾਰੀ ਆਪਣੀ ਨੀਂਦ ਖਰਾਬ ਕਰ ਜਾਵੇ। ਹਾਂ ਇਨ੍ਹਾਂ ਤੋਂ ਐਂਟਰੀ ਲੈਣ ਵਾਲੇ ਥਾਂ-ਥਾਂ ਮਿਲ ਜਾਣਗੇ। ਕਾਸ਼ ਕਿਤੇ ਇਹ ਸਰਕਾਰੀ ਤੇ ਗ਼ੈਰ-ਸਰਕਾਰੀ ਮੌਤ ਦੇ ਫਰਿਸ਼ਤੇ, ਨੋਟਾਂ ਦੀ ਲਿਆਂਦੀ ਘੂਕੀ ਤੋਂ ਸੁਰਤ ਵਿਚ ਵਾਪਸ ਆ ਜਾਣ।

-ਮੋਬਾ: 98159-45018

ਵਿਰਸੇ ਦੀਆਂ ਬਾਤਾਂ

ਇਸ ਸਿੱਟੇ 'ਤੇ ਲਿਖਿਆ ਖਾਣ ਵਾਲੇ ਦਾ ਨਾਂਅ

ਕਈ ਦ੍ਰਿਸ਼ ਜਾਂ ਤਸਵੀਰਾਂ ਤੁਹਾਨੂੰ ਏਨਾ ਪ੍ਰਭਾਵਿਤ ਕਰਦੇ ਹਨ ਕਿ ਤੁਰੰਤ ਕਲਮ ਚੁੱਕਣ ਨੂੰ ਜੀਅ ਕਰਦੈ। ਸ਼ਬਦ ਆਪਮੁਹਾਰੇ ਕਾਗ਼ਜ਼ 'ਤੇ ਨੱਚਣ ਲਗਦੇ ਹਨ। ਇੰਝ ਲਗਦਾ ਇਹ ਉਸ ਦ੍ਰਿਸ਼ ਦਾ ਜ਼ੋਰ ਸੀ, ਜਿਹੜਾ ਅੱਖਾਂ ਥਾਣੀਂ ਅੰਦਰ ਉੱਤਰ ਗਿਆ। ਇਸ ਤਸਵੀਰ ਨੂੰ ਦੇਖ ਇਹੀ ਅਹਿਸਾਸ ਹੋਇਆ। ਇਹ ਨਿੱਕਾ ਜਿਹਾ ਪੰਛੀ ਆਪਣੇ ਭੋਜਨ ਕੋਲ ਬੈਠਾ ਜਿੰਨਾ ਆਨੰਦਤ ਮਹਿਸੂਸ ਕਰ ਰਿਹਾ ਜਾਪਦਾ, ਉਸ ਨੂੰ ਬਿਆਨ ਕਰਨਾ ਔਖਾ ਹੈ।
ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ, 'ਸਾਡੇ ਵੇਲੇ ਹਰ ਕਿਸਾਨ ਕਣਕ ਜਾਂ ਹੋਰ ਫ਼ਸਲ ਦਾ ਖੂੰਜੇ ਵਿਚ ਛੋਟਾ ਜਿਹਾ ਹਿੱਸਾ, ਜਿਸ ਨੂੰ ਬੋਦੀ ਆਖਦੇ ਸਨ, ਖੇਤ ਵਿਚ ਖੜ੍ਹਾ ਛੱਡ ਦਿੰਦਾ ਸੀ। ਉਹ ਪਸ਼ੂ-ਪੰਛੀਆਂ ਦੇ ਹਿੱਸੇ ਦਾ ਮੰਨਿਆ ਜਾਂਦਾ ਸੀ। ਉਸ ਮਰਲਾ, ਅੱਧਾ ਮਰਲਾ ਕਣਕ ਨੂੰ ਕੋਈ ਪਸ਼ੂ, ਪੰਛੀ ਖਾਂਦਾ ਸੀ ਜਾਂ ਨਹੀਂ, ਇਹ ਤਾਂ ਨਹੀਂ ਪਤਾ, ਪਰ ਮਨੁੱਖ ਹੋਣ ਦੇ ਨਾਤੇ ਆਪਣਾ ਫ਼ਰਜ਼ ਜ਼ਰੂਰ ਸਮਝਿਆ ਜਾਂਦਾ ਸੀ।'
ਸ਼ਾਇਦ ਹੁਣ ਵੀ ਕਈ ਕਿਸਾਨ ਹੋਣਗੇ, ਜਿਹੜੇ ਇਹ ਸੋਚ ਰੱਖਦੇ ਹੋਣ। ਉਨ੍ਹਾਂ ਦੀ ਇਸ ਧਾਰਨਾ ਨੂੰ ਗ਼ਲਤ ਕਹੀਏ ਜਾਂ ਸਹੀ, ਸਾਡੀ ਸੋਚ 'ਤੇ ਨਿਰਭਰ ਹੈ, ਪਰ ਇਥੋਂ ਉਨ੍ਹਾਂ ਦੀ ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦਾ ਜ਼ਰੂਰ ਪਤਾ ਲੱਗਦਾ ਹੈ।
ਤਸਵੀਰ ਵਿਚਲਾ ਇਹ ਤੋਤਾ ਬਾਜਰੇ ਦੇ ਸਿੱਟੇ ਕੋਲ ਬੈਠਾ ਹੈ। ਇਹ ਜੀਅ ਭਰ ਕੇ ਭੋਜਨ ਕਰੇਗਾ ਤੇ ਉੱਡ ਜਾਵੇਗਾ। ਨਾ ਕੋਈ ਫ਼ਿਕਰ, ਨਾ ਫਾਕਾ। ਸਾਰੀ ਫ਼ਸਲ ਪੰਛੀ ਨਾ ਖਾ ਜਾਣ, ਇਸ ਤੋਂ ਬਚਾਅ ਰੱਖਣਾ ਬਹੁਤ ਜ਼ਰੂਰੀ ਹੈ, ਪਰ ਮਨੁੱਖ ਦੇ ਆਸਰੇ ਰਹਿਣ ਵਾਲੇ ਪਸ਼ੂ-ਪੰਛੀਆਂ ਦਾ ਖਿਆਲ ਹੀ ਨਾ ਰੱਖਿਆ ਜਾਵੇ, ਇਹ ਵੀ ਚੰਗਾ ਨਹੀਂ। ਪੰਛੀਆਂ ਨੂੰ ਖੇਤਾਂ 'ਚੋਂ ਉਡਾਉਣ ਲਈ ਪਟਾਕੇ ਚਲਾਉਂਦਿਆਂ ਤੇ ਪੀਪੇ ਖੜਕਾਉਂਦੇ ਦੇਖ ਕਿਸਾਨੀ 'ਤੇ ਤਰਸ ਵੀ ਆਉਂਦਾ ਹੈ ਕਿ ਉਨ੍ਹਾਂ ਦੇ ਵੀ ਪੇਟ ਦਾ ਸਵਾਲ ਹੈ। ਜੇ 'ਕੱਲੀ ਸੇਵਾ ਕਰਦੇ ਰਹਿਣਗੇ ਤਾਂ ਨਿਆਣੇ ਕਿਵੇਂ ਪਾਲਣਗੇ।
ਬਾਜਰੇ ਦੇ ਸਿੱਟੇ ਬਾਰੇ ਕਿੰਨੇ ਗੀਤ ਤੇ ਬੋਲੀਆਂ ਬਣੀਆਂ ਹਨ, ਜਿਨ੍ਹਾਂ ਜ਼ਰੀਏ ਕਿਸਾਨੀ, ਸੱਭਿਆਚਾਰ ਸਮੇਤ ਬੀਤੇ ਦਾ ਹੋਰ ਬੜਾ ਝਲਕਾਰਾ ਮਿਲਦਾ ਹੈ। ਸਿਆਣੇ ਕਹਿੰਦੇ ਹਨ ਕਿ ਦਾਣੇ-ਦਾਣੇ 'ਤੇ ਖਾਣ ਵਾਲੇ ਦੀ ਮੋਹਰ ਲੱਗੀ ਹੁੰਦੀ ਹੈ। ਇਸ ਸਿੱਟੇ 'ਤੇ ਇਸ ਤੋਤੇ ਦੀ ਮੋਹਰ ਹੀ ਲੱਗੀ ਲਗਦੀ ਹੈ। ਗੂੜ੍ਹੀ ਮੋਹਰ। ਤਾਂ ਹੀ ਤਾਂ ਏਨੀ ਬੇਫ਼ਿਕਰੀ ਨਾਲ ਉਹ ਬੈਠਾ ਹੈ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾੀਲ : 98141-78883

ਅੰਨਦਾਤਾ ਅੱਜ ਦਾਤੇ ਤੋਂ...

ਪੰਡ ਕਰਜ਼ੇ ਦੀ ਹੋਈ ਪਈ, ਕਿਸਾਨ ਦੇ ਸਿਰ ਭਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ, ਬਣਿਆਂ ਕਿਵੇਂ ਲਾਚਾਰੀ ਏ।

ਫਸਲ ਓਨੀ ਹੁੰਦੀ ਨਹੀਓਂ, ਜਿੰਨਾ ਖਰਚਾ ਆਉਂਦਾ ਏ।
ਉਪਜ ਉੇਗਾਵੇ ਏਥੇ ਕੋਈ, ਮੁੱਲ ਕੋਈ ਹੋਰ ਲਾਉਂਦਾ ਏ।
ਵਿਹਲੜ ਏਹਨੂੰ ਖਾਂਦੇ ਨੇ, ਇਹ ਕੈਸੀ ਖੇਡ ਨਿਆਰੀ ਏ।
ਅੰਨਦਾਤਾ ਅੱਜ ਦਾਤੇ ਤੋਂ...।

ਨਵੇਂ ਰੋਜ਼ ਨਵੀਆਂ ਗ਼ਰਜ਼ਾਂ, ਮੂੰਹ ਵੇਖੋ ਕਿਵੇਂ ਅੱਡਿਆ ਏ।
ਲੱਕ ਤੋੜਵੀਂ ਮਹਿੰਗਾਈ ਨੇ, ਕਚੂੰਮਰ ਏਹਦਾ ਕੱਢਿਆ ਏ।
ਮਿੱਟੀ ਦੇ ਨਾਲ ਮਿੱਟੀ ਹੋਵੇ, ਫੇਰ ਵੀ ਪੱਲੇ ਖ਼ੁਆਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਔਖਾ ਸੌਖਾ ਹੋ ਕੇ ਜਦਂੋ ਵੀ, ਬੱਚੇ ਆਪਣੇ ਪੜ੍ਹਾਉਂਦਾ ਏ।
ਚੰਗਾ ਪਾਲਣ ਪੋਸਣ ਕਰ, ਆਪਣਾ ਫਰਜ਼ ਨਿਭਾਉੇਂਦਾ ਏ।
ਪੜ੍ਹੇ ਲਿਖੇ ਬੱਚਿਆਂ ਨੂੰ ਫਿਰ, ਡਰਾਉਂਦੀ ਬੇਰੁਜ਼ਗਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਰਸਮੋ-ਰਿਵਾਜਾਂ ਉੱਪਰ ਜੇ ਤੂੰ, ਆਪਣਾ ਖਰਚ ਘਟਾ ਲਵੇਂ।
ਖੇਤੀਬਾੜੀ ਦੇ ਸਹਾਇਕ ਧੰਦੇ, ਇਕ ਦੋ ਜੇ ਅਪਣਾ ਲਵੇਂ।
ਫੇਰ ਹੀ ਸਿਰ ਤੋਂ ਲੱਥੇਗੀ, ਇਹ ਕਰਜ਼ੇ ਵਾਲੀ ਖ਼ਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਸਰਕਾਰ ਦਾ ਵੀ ਫਰਜ਼ ਹੈ ਜੋ, ਚੰਗੀ ਤਰ੍ਹਾਂ ਹੁਣ ਨਿਭਾਵੇ।
ਘਾਟੇ ਵਾਲੇ ਇਸ ਕਿੱਤੇ ਨੂੰ, ਲਾਭਕਾਰੀ ਦਾ ਕਿੱਤਾ ਬਣਾਵੇ।
ਖ਼ੁਦਕੁਸ਼ੀਆਂ ਨੂੰ ਵੀ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ....।

ਆਪਣੇ ਜੀਆਂ ਬਾਰੇ ਵੀ ਸੋਚ, ਖੁਦਕੁਸ਼ੀ ਦਾ ਨੋਟ ਨਾ ਲਿਖ ।
ਖੁਦਕੁਸ਼ੀ ਕੋਈ ਹੱਲ ਨਹੀਂ, ਮੁਸ਼ਕਿਲਾਂ ਨਾਲ ਲੜਨਾ ਸਿੱਖ।
'ਤਲਵੰਡੀ' ਤੋਂ ਤੇਰੀ ਮੰਦੀ ਹਾਲਤ, ਜਾਂਦੀ ਨਹੀਂ ਸਹਾਰੀ ਏ।
ਅੰਨਦਾਤਾ ਅੱਜ ਦਾਤੇ ਤੋਂ...।


-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ ਗਲੀ ਨੰ-13.ਮੁਲਾਂਪੁਰ ਦਾਖਾ, ਮੁੱਲਾਂਪੁਰ ਦਾਖਾ (ਲੁਧਿਆਣਾ) ਮੋਬਾ : 9463542896.

ਪੰਜਾਬ ਦਾ ਪੁਰਾਣਾ ਸੱਭਿਆਚਾਰ

(ਲੜੀ ਜੋੜਨ ਲਈ 30 ਅਕਤੂਬਰ ਦਾ ਅੰਕ ਦੇਖੋ)
ਤੇ ਫੇਰ ਇਕ ਹੋਰ ਗੀਤ ਗਾ ਕੇ ਕੁੜੀਆਂ ਨੇ ਸਾਰੀ ਬਰਾਤ ਨੂੰ ਜਿਵੇਂ ਖੁਸ਼ ਕਰ ਦਿੱਤਾ-
ਤੂੰ ਮੇਰਾ ਵਿਹੜਾ ਸਜਾਇਆ ਜੀ ਰੰਗ ਰੱਤਿਆ ਕਾਨ੍ਹਾ।
ਫੇਰਿਆਂ ਤੋਂ ਵਿਹਲੀ ਹੋ ਕੇ ਬਰਾਤ ਮੁੜ ਡੇਰੇ ਪਹੁੰਚ ਗਈ ਤੇ ਡੇਰੇ ਤੋਂ ਕੁਝ ਬੰਦੇ ਵਾਜੇ ਨਾਲ ਮੁੜ ਕੁੜੀ ਦੇ ਘਰ ਨੂੰ ਵਰੀ ਲੈ ਕੇ ਆਏ। ਵਰੀ ਦਾ ਸਮਾਨ ਜਿਸ ਵਿਚ ਵਿਆਂਦੜ ਕੁੜੀ ਲਈ ਗਹਿਣੇ ਤੇ ਕੱਪੜੇ ਸ਼ਾਮਲ ਸਨ, ਥਾਲਾਂ ਵਿਚ ਖਿਲਾਰ ਕੇ ਲਿਆਂਦੀ ਗਈ, ਵਰੀ ਵਿਚ ਕੁੜੀ ਲਈ ਇਕ ਗੂੜ੍ਹੇ ਰੰਗ ਦਾ ਸੂਟ ਵੀ ਸੀ, ਜਿਸ ਨੂੰ ਸੂਹੇ ਸੋਸਨੇ ਦਾ ਨਾਮ ਦਿੱਤਾ ਗਿਆ ਸੀ, ਵਰੀ ਵਾਲਾ ਖਾਲੀ ਟਰੰਕ ਚੁੱਕ ਕੇ ਸਾਡਾ ਰਾਜਾ ਪਿੱਛੇ-ਪਿੱਛੇ ਆ ਰਿਹਾ ਸੀ।
ਵਰੀ ਵਿਖਾ ਕੇ ਮੁੜ ਡੇਰੇ ਆਕੇ ਅਸੀਂ ਸਾਰਿਆਂ ਨੇ ਬਦਲ ਕੇ ਨਵੇਂ ਕੱਪੜੇ ਪਾਏ ਤੇ ਮੁੜ ਕੇ ਤੁਰਲਿਆਂ ਵਾਲੀਆਂ ਨਵੀਆਂ ਪੱਗਾਂ ਬੰਨ੍ਹੀਆਂ, ਇਨ੍ਹਾਂ ਪੱਗਾਂ ਦੇ ਮੇਮ ਸੰਧੂਰੀ, ਕੰਜਰ ਮੂੰਗੀਆ, ਤੇਲੀਆ, ਨਸਵਾਰੀ, ਟਸਰੀ, ਉਨਾਭੀ, ਗੁਲਾਨਾਰੀ ਤੇ ਹੋਰ ਕਈ ਤਰ੍ਹਾਂ ਦੇ ਵੰਨ-ਸੁਵੰਨੇ ਰੰਗ ਸਨ।
ਦੁਪਹਿਰ ਦੇ ਖਾਣੇ ਵੇਲੇ ਜਦੋਂ ਬਰਾਤ ਘਰ ਨੂੰ ਆਈ ਤਾਂ ਵਾਜੇ ਵਾਲੇ ਸੁਸਤ ਚਾਲੇ ਤੁਰ ਰਹੇ ਸਨ, ਇੰਜ ਉਹ ਨਸ਼ੇ ਦੇ ਘੋੜਿਆਂ 'ਤੇ ਚੜ੍ਹੇ ਬਰਾਤੀਆਂ ਤੋਂ ਵੱਧ ਤੋਂ ਵੱਧ ਰੁਪਏ ਮਾਂਠਣ ਦੀ ਇੱਛਾ ਨਾਲ ਕਰ ਰਹੇ ਸਨ।
ਦੁਪਹਿਰ ਦੇ ਖਾਣੇ ਵਿਚ ਸ਼ਾਨਦਾਰ ਦਾਲਾਂ ਸਬਜ਼ੀਆਂ ਤੋਂ ਬਿਨਾਂ ਬਰਾਤ ਨੂੰ ਲੱਡੂ ਜਲੇਬੀ ਵੀ ਪਾਈ ਗਈ, ਇਸ ਨੂੰ 'ਮਿੱਠਾ ਭੱਤ' ਦਾ ਨਾਮ ਦਿੱਤਾ ਗਿਆ ਸੀ।
ਦੁਪਹਿਰ ਦਾ ਖਾਣਾ ਖਾ ਕੇ ਡੇਰੇ ਪਹੁੰਚੇ ਤੇ ਇੱਥੇ ਨਕਲਾਂ ਦਾ ਅਖਾੜਾ ਜੰਮ ਗਿਆ, ਨਕਲਾਂ ਵਿਚ ਦੋ ਨਚਾਰਾਂ ਖਰੜ ਅੱਛਰੋਵਾਲ ਦੇ ਕ੍ਰਿਸ਼ਨ ਤੇ ਢਾਹਾਂ ਦੇ ਸੋਹਣ ਨੇ ਰੰਗ ਬੰਨ੍ਹ ਦਿੱਤੇ, ਸੋਹਣ ਨੇ ਗੋਰੀ ਦੀਆਂ ਝਾਂਜਰਾਂ ਬੁਲਾਂਦੀਆਂ ਗਈਆਂ ਵਾਲਾ ਗੀਤ ਗਾਇਆ ਤਾਂ ਬਰਾਤੀਆਂ ਦੀਆਂ ਜੇਬਾਂ ਵੇਲਾਂ ਕਰਾ ਕਰਾ ਕੇ ਲੱਗੀਆਂ ਊਣੀਆਂ ਹੋਣ। ਫੁੱਫੜ ਜੀ ਕਹਿੰਦੇ ਸਨ ਕਿ ਮੈਨੂੰ ਮੱਥ ਕੇ ਕੋਈ ਹਸਾ ਨਹੀਂ ਸਕਦਾ ਪਰ ਜਗਤ ਪੁਰੀਏ ਚੰਨਣ ਨੇ ਨਵੀਆਂ-ਨਵੀਆਂ ਮਸ਼ਕਰੀਆਂ ਨਾਲ ਉਨ੍ਹਾਂ ਦੇ ਢਿੱਡ ਪੀੜਾਂ ਹਸਾ ਹਸਾ ਕੇ ਪਵਾ ਛੱਡੀਆਂ।
ਰਾਤ ਦੀ ਰੋਟੀ ਵੇਲੇ ਬਰਾਤ ਘਰ ਆਈ ਤਾਂ ਸ਼ਰਾਬ ਦੀ ਵਾਸ਼ਨਾਂ ਜਿਵੇਂ ਹਵਾ ਵਿਚ ਖਿਲਰ ਗਈ, ਫੁੱਫੜ ਜੀ ਘਰ ਦੀ ਕੱਢੀ ਸ਼ਰਾਬ ਦਾ ਇਕ ਬਿਆਮ ਗੱਡੀ 'ਚ ਰੱਖ ਲਿਆਏ ਸਨ ਪਰ ਇਹ ਸ਼ਰਾਬ ਪੀ ਕੇ ਨਾ ਕੋਈ ਬਰਾਤੀ ਡਿਗਿਆ, ਨਾ ਕਿਸੇ ਨੂੰ ਮੰਦਾ ਬੋਲਿਆ, ਕੇਵਲ ਵਾਸ਼ਨਾਂ ਤੋਂ ਬਿਨਾਂ ਕਿਸੇ ਸੱਜਣ ਦੇ ਸ਼ਰਾਬ ਪੀਣ ਦਾ ਕੋਈ ਸਬੂਤ ਨਹੀਂ ਸੀ ਮਿਲ ਰਿਹਾ।
ਬਰਾਤ ਦੇ ਤੀਜੇ ਦਿਨ ਸਵੇਰੇ ਫੇਰ ਡੇਰੇ ਕਹੇਂ ਦੀਆਂ ਪਲੇਟਾਂ ਵਿਚ ਸ਼ੀਰਨੀਂ ਬਦਾਣਾਂ ਪਾ ਕੇ ਕੁੜੀ ਵਾਲਿਆਂ ਵੱਲੋਂ ਸਾਨੂੰ ਚਾਹ ਪਿਲਾਈ ਗਈ। ਚਾਹ ਪੀ ਕੇ ਫੁੱਫੜ ਜੀ ਏਸ ਪਿੰਡ 'ਚ ਆਪਣੇ ਪਿੰਡੋਂ ਵਿਆਹੀਆਂ ਦੋ ਕੁੜੀਆਂ ਨੂੰ ਪੈਸੇ ਦੇ ਕੇ ਧਿਆਣੀਆਂ ਮੰਨਣ ਵਾਸਤੇ ਚਲੇ ਗਏ, ਪਿਛੋਂ ਬਰਾਤੀ ਆਪਣੇ ਡੰਗਰਾਂ, ਫ਼ਸਲਾਂ ਤੇ ਰਸਮਾਂ ਰਿਵਾਜਾਂ ਦੀਆਂ ਗੱਲਾਂ ਕਰਦੇ, ਗੱਪਾਂ ਮਾਰਦੇ ਰਹੇ।
ਇਕ ਵਾਰ ਫੇਰ ਬਰਾਤੀਆਂ ਨੇ ਬਦਲ ਕੇ ਨਵੇਂ ਕੱਪੜੇ ਪਾਏ ਤੇ ਦੁਪਹਿਰ ਦੇ ਖਾਣੇ ਲਈ ਤਿਆਰ ਹੋ ਗਏ, ਬਰਾਤ ਦਾ ਕੁੜੀ ਵਾਲਿਆਂ ਦੇ ਘਰ ਇਹ ਆਖਰੀ ਖਾਣਾ ਸੀ ਤੇ ਇਸ ਖਾਣੇ ਦੇ ਵਿਲੱਖਣ ਹੀ ਰੰਗ ਸਨ ਇਸ ਖਾਣੇ 'ਚ ਸਪੈਸ਼ਲ ਦਾਲਾਂ ਸਬਜ਼ੀਆਂ ਤੇ ਚੱਟਣੀਆਂ ਤੋਂ ਬਿਨਾਂ ਸ਼ੁੱਧ ਬਾਸਮਤੀ ਦੇ ਉੱਬਲੇ ਚਾਵਲਾਂ 'ਤੇ ਕੁੱਟਿਆ ਹੋਇਆ ਬੂਰਾ ਤੇ ਦੇਸੀ ਘਿਓ ਪਾ ਕੇ ਪਰੋਸਿਆ ਗਿਆ ਸੀ।
ਦੁਪਹਿਰ ਦਾ ਖਾਣਾ ਖਾ ਕੇ ਬਰਾਤੀਆਂ ਨੇ ਡੇਰੇ ਆ ਕੇ ਥੋੜ੍ਹਾ ਚਿਰ ਆਰਾਮ ਕੀਤਾ ਤੇ ਘਰੋਂ ਖੱਟ ਲਈ ਸੱਦਾ ਆ ਗਿਆ, ਬਰਾਤ ਦੇ ਬਹੁਤ ਸਾਰੇ ਬੰਦੇ ਘਰ ਖੱਟ ਵੇਖਣ ਲਈ ਆਏ ਸਨ, ਘਰ ਦਾ ਵੱਡਾ ਦਲਾਨ ਖੱਟ ਦੀ ਸਮੱਗਰੀ ਨਾਲ ਝਲਮਣ ਝਲਮਣ ਕਰ ਰਿਹਾ ਸੀ।
ਖੱਟ (ਦਾਜ) ਵਿਚ ਬਜ਼ਾਰੋਂ ਪੈਸੇ ਨਾਲ ਖਰੀਦ ਕੇ ਮਹਿੰਗੀਆਂ ਚੀਜ਼ਾਂ ਨਹੀਂ ਸਨ ਰੱਖੀਆਂ ਗਈਆਂ, ਇਹਦੇ ਵਿਚ ਬਹੁਤਾ ਸਾਮਾਨ, ਜਿਵੇਂ ਬਰਾਤ ਨੂੰ ਦੱਸਿਆ ਗਿਆ ਕੁੜੀ ਨੇ ਹੱਥੀਂ ਤਿਆਰ ਕੀਤਾ ਹੋਇਆ ਸੀ, ਚਿੱਟੀਆਂ ਚਾਦਰਾਂ 'ਤੇ ਕੱਢੇ ਰੰਗ ਬਰੰਗੇ ਫੁੱਲਾਂ ਰਾਹੀਂ ਕੁੜੀ ਨੇ ਆਪਣੇ ਹੱਥਾਂ ਦੀ ਕਲਾ ਨੂੰ ਭਵਿੱਖਾਂ ਤੱਕ ਸੁਜੀਵ ਕਰ ਦਿੱਤਾ ਸੀ। ਪੱਖੀਆਂ ਤੇ ਸਿਰਹਾਣਿਆਂ 'ਤੇ ਕੱਢੀਆਂ ਅਨੁਪਮ ਬੂਟੀਆਂ ਵਿਚ ਬੁਣੇ ਉਸ ਦੇ ਅਣਗਿਣਤ ਖੂਬਸੂਰਤ ਸੁਫ਼ਨੇ ਭਵਿੱਖ ਵਿਚ ਜ਼ਿੰਦਗੀ ਦੀ ਸੁਖਾਵੀਂ ਵਾਸ਼ਨਾ ਨਾਲ ਭਰੇ ਭਰੇ ਮਹਿਸੂਸ ਹੋ ਰਹੇ ਸਨ। ਸਹੁਰੇ ਘਰ ਦੇ ਬਲਦਾਂ ਲਈ ਸ਼ਾਨਦਾਰ ਮੁਖੇਰਨੇਂ ਖੱਟ 'ਚ ਧਰੇ ਗਏ ਸਨ, ਤੇ ਹੱਥੀਂ ਝੱਲਣ ਵਾਲੇ ਪੱਖਿਆਂ ਦੀਆਂ ਝਾਲਰਾਂ ਇਕ ਅਨੂਠਾ ਪ੍ਰਭਾਵ ਦਿੰਦੀਆਂ ਸਨ, ਇਕ ਪਟਾਰੀ ਵਿਚ ਗਹਿਣੇ ਤੇ ਇਕ ਪਾਸੇ ਕੁੜੀ ਦੀ ਵਰਤੋਂ ਵਾਸਤੇ ਲੋੜੀਂਦੇ ਭਾਂਡੇ ਰੱਖੇ ਗਏ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94632-33991.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX