ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਸਾਡੀ ਸਿਹਤ

ਸਰਦੀਆਂ ਵਿਚ ਜ਼ਰਾ ਸੰਭਲ ਕੇ

ਸਰਦੀਆਂ ਜਿੰਨੀਆਂ ਚੰਗੀਆਂ ਲਗਦੀਆਂ ਹਨ, ਓਨੀਆਂ ਹੀ ਪ੍ਰੇਸ਼ਾਨੀਆਂ ਵੀ ਲੈ ਕੇ ਆਉਂਦੀਆਂ ਹਨ। ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤਾਂ ਹਰ ਮੌਸਮ ਦੇ ਬਦਲਣ 'ਤੇ ਹੁੰਦੀਆਂ ਹੀ ਹਨ ਪਰ ਠੰਢ ਦੇ ਮੌਸਮ ਵਿਚ ਪ੍ਰੇਸ਼ਾਨੀਆਂ ਦੂਜੇ ਮੌਸਮਾਂ ਨਾਲੋਂ ਕੁਝ ਜ਼ਿਆਦਾ ਹੋ ਜਾਂਦੀਆਂ ਹਨ। ਇਸ ਲਈ ਸਾਰੇ ਲੋਕ ਇਸ ਪਿਆਰ ਭਰੇ ਮੌਸਮ ਦਾ ਖੁੱਲ੍ਹ ਕੇ ਲੁਤਫ ਨਹੀਂ ਲੈ ਸਕਦੇ ਪਰ ਜੇ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਸਾਰੇ ਲੋਕ ਖੁੱਲ੍ਹ ਕੇ ਇਸ ਪਿਆਰ ਭਰੇ ਮੌਸਮ ਦਾ ਅਨੰਦ ਲੈ ਸਕਦੇ ਹਨ। ਸਰਦੀਆਂ ਵਿਚ ਆਮ ਹੋਣ ਵਾਲੀ ਖੰਘ-ਜ਼ੁਕਾਮ ਤੋਂ ਬਚਣ ਲਈ ਚਾਹ ਵਿਚ ਕਾਲੀ ਮਿਰਚ ਦੇ ਨਾਲ ਬਤਾਸ਼ੇ ਪਾ ਕੇ ਪੀਓ। ਇਸ ਨਾਲ ਠੰਢ ਨਾਲ ਹੋਣ ਵਾਲੇ ਸਿਰਦਰਦ ਤੋਂ ਵੀ ਰਾਹਤ ਮਿਲਦੀ ਹੈ। ਸ਼ਹਿਦ ਵਿਚ ਅਦਰਕ ਮਿਲਾ ਕੇ ਖਾਣ ਨਾਲ ਖੰਘ ਠੀਕ ਹੋ ਜਾਂਦੀ ਹੈ। ਠੰਢ ਵਿਚ ਹੋਣ ਵਾਲੇ ਬੁਖਾਰ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਤੁਲਸੀ, ਅਦਰਕ ਦੀ ਚਾਹ ਪੀਣੀ ਸ਼ੁਰੂ ਕਰ ਦਿਓ। ਛੁਹਾਰਾ ਪਾ ਕੇ ਦੁੱਧ ਉਬਾਲਣ ਤੋਂ ਬਾਅਦ ਜੇ ਉਸ ਵਿਚ ਇਲਾਇਚੀ ਅਤੇ ਕੇਸਰ ਪਾ ਕੇ ਪੀਤਾ ਜਾਵੇ ਤਾਂ ਜ਼ੁਕਾਮ ਦੇ ਸਾਰੇ ਰੋਗਾਣੂ ਖ਼ਤਮ ਹੋ ਜਾਂਦੇ ਹਨ। ਖਾਣੇ ਤੋਂ ਬਾਅਦ ਗੁੜ ਖਾਣ ਨਾਲ ਨਾ ਸਿਰਫ ਪਾਚਣ ਪ੍ਰਕਿਰਿਆ ਚੰਗੀ ਹੋ ਜਾਂਦੀ ਹੈ, ਸਗੋਂ ਜ਼ੁਕਾਮ ਅਤੇ ਖੰਘ ਤੋਂ ਵੀ ਤੁਸੀਂ ਬਚੇ ਰਹਿੰਦੇ ਹੋ। ਜੇ ਤੁਸੀਂ ਇਨ੍ਹਾਂ ਸਰਦੀਆਂ ਵਿਚ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਦੀ ਪਕੜ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਰੋਜ਼ ਸਵੇਰੇ ਇਕ ਲੌਂਗ ਜ਼ਰੂਰ ਖਾਓ।
ਬੱਚਿਆਂ ਅਤੇ ਬਜ਼ੁਰਗਾਂ ਦਾ ਸਰਦੀਆਂ ਵਿਚ ਰੱਖੋ ਵਿਸ਼ੇਸ਼ ਖਿਆਲ-
* ਠੰਢ ਵਿਚ ਚੱਲਣ ਵਾਲੀ ਹਵਾ ਕਾਰਨ ਅਕਸਰ ਬਜ਼ੁਰਗਾਂ ਦੇ ਹੱਥਾਂ-ਪੈਰਾਂ ਅਤੇ ਕਮਰ ਦੀਆਂ ਹੱਡੀਆਂ ਵਿਚ ਦਰਦ ਹੋਣ ਲੱਗ ਪੈਂਦੀ ਹੈ। ਇਸ ਲਈ ਅਜਿਹੇ ਵਿਚ ਧਿਆਨ ਰੱਖਿਆ ਜਾਵੇ ਕਿ ਬਜ਼ੁਰਗਾਂ ਨੇ ਵੀ ਜ਼ਰੂਰੀ ਗਰਮ ਕੱਪੜੇ ਪਹਿਨੇ ਹੋਣ।
* ਵੱਡੇ ਬਜ਼ੁਰਗਾਂ ਨੂੰ ਕਦੇ ਵੀ ਸਵੇਰੇ-ਸਵੇਰੇ ਸਰਦੀਆਂ ਵਿਚ ਸੈਰ 'ਤੇ ਨਾ ਭੇਜੋ।
* ਸਰਦੀ ਜ਼ਿਆਦਾਤਰ ਸਿਰ, ਕੰਨ ਅਤੇ ਪੈਰਾਂ ਤੋਂ ਲਗਦੀ ਹੈ, ਇਸ ਲਈ ਇਨ੍ਹਾਂ ਨੂੰ ਢਕ ਕੇ ਹੀ ਰੱਖੋ।
* ਬੱਚਿਆਂ ਨੂੰ ਨਹਾਉਣ ਤੋਂ ਤੁਰੰਤ ਬਾਅਦ ਹੀ ਗਰਮ ਕੱਪੜੇ ਪਹਿਨਾ ਦਿਓ।
* ਬੱਚਿਆਂ ਅਤੇ ਬਜ਼ੁਰਗਾਂ ਨੂੰ ਹਮੇਸ਼ਾ ਹਲਕੇ ਗਰਮ ਪਾਣੀ ਨਾਲ ਹੀ ਨਹਿਲਾਓ।
* ਬੱਚਿਆਂ ਦੀ ਤੇਲ ਨਾਲ ਮਾਲਿਸ਼ ਕਰੋ।
* 12 ਵਜੇ ਦੇ ਨੇੜੇ-ਤੇੜੇ ਨਿਕਲਣ ਵਾਲੀ ਧੁੱਪ ਵਿਚ ਬੱਚਿਆਂ ਨੂੰ ਤੇਲ ਲਗਾ ਕੇ ਜ਼ਰੂਰ ਲਿਟਾਉਣਾ ਚਾਹੀਦਾ ਹੈ।
* ਨਵਜੰਮੇ ਬੱਚਿਆਂ ਨੂੰ ਮਾਂ ਸਮੇਂ-ਸਮੇਂ 'ਤੇ ਦੁੱਧ ਜ਼ਰੂਰ ਪਿਲਾਵੇ।
* ਠੰਢ ਦਾ ਮੌਸਮ ਅਨੇਕ ਸਰਦੀ, ਖੰਘ ਵਰਗੀਆਂ ਬਿਮਾਰੀਆਂ ਅਤੇ ਪ੍ਰੇਸ਼ਾਨੀਆਂ ਤਾਂ ਲੈ ਕੇ ਆਉਂਦਾ ਹੀ ਹੈ ਪਰ ਜੋ ਲੋਕ ਸ਼ੂਗਰ, ਦਮੇ, ਉੱਚ ਖੂਨ ਦਬਾਅ ਅਤੇ ਦਿਲ ਦੀ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਲਈ ਵੀ ਬਹੁਤ ਵੱਡੀ ਸਮੱਸਿਆ ਲੈ ਕੇ ਆਉਂਦਾ ਹੈ।
* ਉੱਚ ਖੂਨ ਦਬਾਅ ਨਾਲ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ। ਠੰਢ ਦੇ ਮੌਸਮ ਵਿਚ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਖੂਨ ਦਾ ਪ੍ਰਵਾਹ ਰੁਕਣ ਲੱਗ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਉੱਚ ਖੂਨ ਦਬਾਅ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਬਹੁਤ ਸਾਰੇ ਰੋਗ ਹੋ ਜਾਂਦੇ ਹਨ।
* ਲਕਵਾ ਮਾਰਨ ਦੀ ਬਿਮਾਰੀ ਵੀ ਠੰਢ ਦੇ ਮੌਸਮ ਵਿਚ ਜ਼ਿਆਦਾ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਠੰਢ ਦੇ ਮੌਸਮ ਵਿਚ ਉੱਚ ਖੂਨ ਦਬਾਅ ਵਾਲੇ ਮਰੀਜ਼ਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਅਤੇ ਉੱਚ ਖੂਨ ਦਬਾਅ ਦੇ ਰੋਗੀ ਦਾ ਸਮੇਂ-ਸਮੇਂ 'ਤੇ ਡਾਕਟਰ ਦੇ ਕੋਲ ਜਾ ਕੇ ਖੂਨ ਦਾ ਦਬਾਅ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ।
ਮਰੀਜ਼ ਦਾ ਕੁਝ ਇੰਜ ਰੱਖੋ ਖਿਆਲ
* ਸਰਦੀਆਂ ਦੇ ਮੌਸਮ ਵਿਚ ਦਮੇ ਦੇ ਮਰੀਜ਼ ਦਾ ਵੀ ਵਿਸ਼ੇਸ਼ ਖਿਆਲ ਰੱਖਣ ਦੀ ਲੋੜ ਹੁੰਦੀ ਹੈ, ਕਿਉਂਕਿ ਜਿਵੇਂ-ਜਿਵੇਂ ਠੰਢ ਵਧਦੀ ਜਾਂਦੀ ਹੈ, ਉਵੇਂ-ਉਵੇਂ ਦਮੇ ਦੇ ਮਰੀਜ਼ ਨੂੰ ਸਾਹ ਲੈਣ ਵਿਚ ਸਮੱਸਿਆ ਜ਼ਿਆਦਾ ਹੋਣ ਲਗਦੀ ਹੈ।
* ਜੇ ਤੁਹਾਡੇ ਘਰ ਵਿਚ ਕੋਈ ਵੀ ਦਮੇ ਦੀ ਬਿਮਾਰੀ ਦਾ ਸ਼ਿਕਾਰ ਹੈ ਤਾਂ ਧਿਆਨ ਰੱਖੋ ਕਿ ਤੁਸੀਂ ਉਸ ਨੂੰ ਸਮੇਂ ਸਿਰ ਦਵਾਈ ਦਿਓ ਅਤੇ ਇਨਹੇਲਰ ਹਮੇਸ਼ਾ ਮਰੀਜ਼ ਦੇ ਕੋਲ ਹੀ ਰੱਖੋ।
* ਸ਼ੂਗਰ ਦੇ ਰੋਗੀਆਂ ਨੂੰ ਆਪਣੀ ਜੀਭ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਠੰਢ ਵਿਚ ਆਉਣ ਵਾਲੇ ਗੁੜ, ਗੱਚਕ, ਰਿਓੜੀ ਵਰਗੀਆਂ ਚੀਜ਼ਾਂ ਨੂੰ ਦੇਖ ਕੇ ਅਕਸਰ ਜੀਭ 'ਤੇ ਕਾਬੂ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਜੇ ਤੁਸੀਂ ਸ਼ੂਗਰ ਦੇ ਰੋਗੀ ਹੋ ਤਾਂ ਤੁਹਾਨੂੰ ਕੰਟਰੋਲ ਕਰਨਾ ਪਵੇਗਾ, ਨਹੀਂ ਤਾਂ ਤੁਹਾਡੀ ਬਿਮਾਰੀ ਵਧ ਸਕਦੀ ਹੈ।


ਖ਼ਬਰ ਸ਼ੇਅਰ ਕਰੋ

ਸਾਹ ਦੀ ਬਿਮਾਰੀ ਗੰਭੀਰ ਰੂਪ ਧਾਰਨ ਕਰ ਸਕਦੀ ਹੈ

ਪ੍ਰਦੂਸ਼ਿਤ ਵਾਤਾਵਰਨ, ਮਿਲਾਵਟੀ ਖਾਧ-ਪਦਾਰਥ ਅਤੇ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਸਾਹ ਦੀਆਂ ਬਿਮਾਰੀਆਂ ਕਾਫੀ ਤੇਜ਼ੀ ਨਾਲ ਵਧ ਰਹੀਆਂ ਹਨ। ਸਾਹ ਦੀਆਂ ਬਿਮਾਰੀਆਂ ਦੀ ਵਧਦੀ ਰਫਤਾਰ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਏਡਜ਼ ਅਤੇ ਕੈਂਸਰ ਤੋਂ ਬਾਅਦ ਦੁਨੀਆ ਦੀ ਤੀਜੀ ਖ਼ਤਰਨਾਕ ਜਾਨਲੇਵਾ ਬਿਮਾਰੀ ਇਹੀ ਹੋਵੇਗੀ।
'ਕ੍ਰਾਨਿਕ ਆਬਸਟ੍ਰਕਿਟਵ ਪਲਮੋਨਰੀ ਡਿਜ਼ੀਜ਼' ਸਾਹ ਦੀ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਲੋਕ ਪੀੜਤ ਹਨ। ਅਮਰੀਕਨ ਕਾਲਜ ਆਫ ਚੈਸਟ ਫਿਜ਼ੀਸ਼ੀਅਨਜ਼ ਦੇ ਮੁਖੀ ਡਾ: ਸਿਡਨੀ ਬ੍ਰਾਮੈਨ ਅਨੁਸਾਰ ਪੂਰੀ ਦੁਨੀਆ ਵਿਚ ਸਾਹ ਦੀ ਇਕ ਬਿਮਾਰੀ ਕ੍ਰਾਨਿਕ ਆਬਸਟ੍ਰਾਕਿਟਵ ਪਲਮੋਨਰੀ ਡਿਜ਼ੀਜ਼ ਤੋਂ ਲੋਕ ਪੀੜਤ ਹਨ ਪਰ ਭਾਰਤ ਵਿਚ ਜ਼ਿਆਦਾ ਲੋਕ ਪਲਮੋਨਰੀ ਟਿਊਬਰਕਲੋਸਿਸ ਤੋਂ ਪੀੜਤ ਹਨ। ਇਸ ਬਿਮਾਰੀ ਦੇ ਕਾਰਨ ਫੇਫੜਿਆਂ ਦੀ ਕਾਰਜ ਪ੍ਰਣਾਲੀ ਵਿਗੜਦੀ ਹੈ। ਫਿਰ ਸਰੀਰ ਵਿਚ ਲੋੜੀਂਦੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਦੀ, ਜਿਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ। ਥਕਾਵਟ ਛੇਤੀ ਆਉਂਦੀ ਹੈ। ਰੋਗ ਦੇ ਪ੍ਰਤੀ ਲਾਪ੍ਰਵਾਹੀ ਵਰਤਣ 'ਤੇ ਸਥਿਤੀ ਗੰਭੀਰ ਹੋ ਜਾਂਦੀ ਹੈ ਅਤੇ ਇਲਾਜ ਮੁਸ਼ਕਿਲ ਹੋ ਜਾਂਦਾ ਹੈ।
ਡਾ: ਬ੍ਰਾਮੈਨ ਅਨੁਸਾਰ ਇਸ ਦੇ ਕਈ ਕਾਰਨ ਹਨ, ਪਰ ਕਫ ਇਕ ਆਮ ਕਾਰਨ ਹੈ। ਕਫ ਤੋਂ ਛੁਟਕਾਰਾ ਪਾਉਣ ਲਈ ਰੋਗੀ ਜਦੋਂ ਡਾਕਟਰ ਦੇ ਕੋਲ ਜਾਂਦਾ ਹੈ ਤਾਂ ਡਾਕਟਰ ਕੁਝ ਐਂਟੀਬਾਇਓਟਿਕਸ ਦੇ ਦਿੰਦੇ ਹਨ, ਜਿਸ ਨੂੰ ਖਾ ਕੇ ਰੋਗੀ ਆਪਣੇ-ਆਪ ਨੂੰ ਠੀਕ ਮਹਿਸੂਸ ਕਰਦਾ ਹੈ। ਫਿਰ ਕਫ ਦੀ ਸਮੱਸਿਆ ਹੋਣ 'ਤੇ ਡਾਕਟਰ ਫਿਰ ਐਂਟੀਬਾਇਓਟਿਕਸ ਦਿੰਦੇ ਹਨ। ਵਾਰ-ਵਾਰ ਐਂਟੀਬਾਇਓਟਿਕਸ ਦਵਾਈਆਂ ਖਾਣ ਨਾਲ ਹੌਲੀ-ਹੌਲੀ ਸਾਹ ਦੀਆਂ ਸਮੱਸਿਆਵਾਂ ਪੈਦਾ ਹੋਣ ਲਗਦੀਆਂ ਹਨ, ਜਿਨ੍ਹਾਂ ਦਾ ਪਤਾ ਨਹੀਂ ਲਗਦਾ ਪਰ ਅੱਗੇ ਜਾ ਕੇ ਸਮੱਸਿਆ ਗੰਭੀਰ ਹੋ ਜਾਂਦੀ ਹੈ।
ਸਾਹ ਦੀ ਬਿਮਾਰੀ ਪੈਦਾ ਹੋਣ ਦਾ ਮੁੱਖ ਕਾਰਨ ਸਿਗਰਿਟ ਹੈ। ਸਿਗਰਿਟ ਦੇ ਧੂੰਏਂ ਦਾ ਸਾਹ ਨਲੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਾ ਮਾੜਾ ਪ੍ਰਭਾਵ ਸਾਹ ਨਲੀ 'ਤੇ ਹੌਲੀ-ਹੌਲੀ ਪੈਂਦਾ ਹੈ, ਜਿਸ ਦਾ ਪਤਾ ਰੋਗੀ ਨੂੰ ਨਹੀਂ ਲਗਦਾ ਅਤੇ ਡਾਕਟਰ ਵੀ ਇਸ ਦਾ ਪਤਾ ਲਗਾਉਣ ਵਿਚ ਅਸਮਰੱਥ ਹੁੰਦੇ ਹਨ। ਚੁੱਲ੍ਹੇ ਅਤੇ ਸਟੋਪ ਦੇ ਧੂੰਏਂ ਦਾ ਵੀ ਹਾਨੀਕਾਰਕ ਪ੍ਰਭਾਵ ਸਾਹ ਨਲੀ 'ਤੇ ਪੈਂਦਾ ਹੈ। ਵਿਸ਼ਵ ਭਰ ਵਿਚ ਸਾਹ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਭਾਰਤ ਵਿਚ 20 ਤੋਂ 30 ਸਾਲ ਦੀ ਉਮਰ ਦੇ ਵਿਚ ਹੀ ਲੋਕ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਜਾਨਲੇਵਾ ਸਮੱਸਿਆ ਦਾ ਪ੍ਰਹੇਜ਼ ਕੀ ਹੈ? ਇਸ ਸਬੰਧ ਵਿਚ ਡਾ: ਬ੍ਰਾਮੈਨ ਦਾ ਕਹਿਣਾ ਹੈ ਕਿ ਆਦਮੀ ਹਾਨੀਕਾਰਕ ਤੱਤਾਂ ਤੋਂ ਪ੍ਰਹੇਜ਼ ਕਰਕੇ ਆਪਣੇ-ਆਪ ਨੂੰ ਇਸ ਜਾਨਲੇਵਾ ਰੋਗ ਤੋਂ ਬਚਾ ਸਕਦਾ ਹੈ। ਡਾਕਟਰ ਵੀ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਡਾਕਟਰੀ ਵਿਗਿਆਨੀਆਂ ਅਤੇ ਡਾਕਟਰਾਂ ਨੂੰ ਪ੍ਰਸਿੱਖਿਅਤ ਕਰਨਾ ਪਵੇਗਾ ਤਾਂ ਕਿ ਉਹ ਸਾਹ ਨਾੜੀਆਂ ਵਿਚ ਮਾੜੇ ਪ੍ਰਭਾਵ ਸ਼ੁਰੂ ਹੁੰਦੇ ਹੀ ਉਸ ਦਾ ਪਤਾ ਲਗਾ ਸਕਣ ਅਤੇ ਸ਼ੁਰੂਆਤ ਵਿਚ ਹੀ ਇਲਾਜ ਕਰਕੇ ਰੋਗ ਦੂਰ ਕਰ ਸਕਣ। ਅਕਸਰ ਲੋਕ ਰੋਗ ਗੰਭੀਰ ਹੋ ਜਾਣ 'ਤੇ ਹੀ ਇਲਾਜ ਲਈ ਡਾਕਟਰ ਦੇ ਕੋਲ ਜਾਂਦੇ ਹਨ। ਅਜਿਹੀ ਹਾਲਤ ਵਿਚ ਡਾਕਟਰ ਨੂੰ ਚਾਹੀਦਾ ਹੈ ਕਿ ਰੋਗੀ ਦੀ ਮੈਡੀਕਲ ਹਿਸਟਰੀ ਤਿਆਰ ਕਰਨ ਅਤੇ ਫੇਫੜਿਆਂ ਦੀ ਜਾਂਚ ਕਰਨ। ਡਾਕਟਰ ਨੂੰ ਜਾਂਚ ਵਿਚ ਏਨਾ ਨਿਪੁੰਨ ਹੋਣਾ ਚਾਹੀਦਾ ਹੈ ਕਿ ਉਹ ਰੋਗ ਦਾ ਸ਼ੁਰੂਆਤ ਵਿਚ ਹੀ ਪਤਾ ਲਗਾ ਸਕੇ।
ਸਾਹ ਨਲੀ ਵਿਚ ਰੁਕਾਵਟ ਪੈਦਾ ਹੋ ਜਾਣ 'ਤੇ ਉਸ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕੀਤਾ ਜਾ ਸਕਦਾ ਪਰ ਫੇਫੜਿਆਂ ਦੇ ਟੈਸਟ ਨਾਲ ਸਾਹ ਦੀਆਂ ਬਿਮਾਰੀਆਂ 'ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਫੇਫੜਿਆਂ ਦੀ ਜਾਂਚ ਕਰਨ ਦੀ ਮਸ਼ੀਨ ਮਹਿੰਗੀ ਨਹੀਂ ਹੈ। 30 ਹਜ਼ਾਰ ਤੋਂ ਇਕ ਲੱਖ ਦੇ ਵਿਚ ਮਸ਼ੀਨ ਦੀ ਕੀਮਤ ਹੈ। ਛਾਤੀ ਮਾਹਿਰ ਦੇ ਅਨੁਸਾਰ ਈ.ਸੀ.ਜੀ. ਮਸ਼ੀਨ ਦੀ ਤੁਲਨਾ ਵਿਚ ਇਹ ਮਸ਼ੀਨ ਜ਼ਿਆਦਾ ਖਰਚੀਲੀ ਨਹੀਂ ਹੈ।
ਲੋਕਾਂ ਵਿਚ ਜਾਗਰੂਕਤਾ ਪੈਦਾ ਕਰਕੇ ਸਾਹ ਦੀਆਂ ਬਿਮਾਰੀਆਂ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ। ਸੁਰੱਖਿਆਤਮਕ ਉਪਾਵਾਂ ਨਾਲ ਵੀ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ, ਅਜਿਹਾ ਡਾਕਟਰੀ ਵਿਗਿਆਨੀਆਂ ਦਾ ਕਹਿਣਾ ਹੈ।

ਯੂਰਿਕ ਐਸਿਡ ਨੇ ਸਰੀਰ ਨੂੰ ਜਕੜ ਰੱਖਿਆ ਹੈ

ਯੂਰਿਕ ਐਸਿਡ ਇਕ ਤਰ੍ਹਾਂ ਨਾਲ ਹੱਡੀਆਂ, ਜੋੜਾਂ ਅਤੇ ਅੰਗਾਂ ਦੇ ਵਿਚ ਜੰਮਣ ਵਾਲੇ ਐਸਿਡ ਕ੍ਰਿਸਟਲ ਹਨ। ਇਸ ਨਾਲ ਤੁਰਨ-ਫਿਰਨ ਵਿਚ ਚੁਭਣ ਅਤੇ ਜਕੜਨ ਨਾਲ ਦਰਦ ਹੁੰਦੀ ਹੈ। ਯੂਰਿਕ ਐਸਿਡ ਨੂੰ ਸਰੀਰ ਵਿਚ ਜੰਮਣ ਵਾਲੇ ਕਾਰਬਨ, ਹਾਈਡ੍ਰੋਜਨ, ਆਕਸੀਜਨ, ਨਾਈਟ੍ਰੋਜਨ ਦਾ ਸਮਾਯੋਜਕ ਮੰਨਿਆ ਜਾਂਦਾ ਹੈ। ਯੂਰਿਕ ਐਸਿਡ ਨੂੰ ਸਮੇਂ ਸਿਰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਯੂਰਿਕ ਐਸਿਡ ਵਧਣ 'ਤੇ ਸਮੇਂ ਸਿਰ ਇਲਾਜ ਨਾ ਕਰਨ ਨਾਲ ਜੋੜਾਂ ਵਿਚ ਦਰਦ, ਗਠੀਆ ਰੋਗ, ਗੁਰਦੇ ਦੀ ਪੱਥਰੀ, ਸ਼ੂਗਰ, ਖੂਨ ਵਿਕਾਰ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਖੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ।
ਯੂਰਿਕ ਐਸਿਡ ਦੇ ਲੱਛਣ
* ਪੈਰਾਂ-ਜੋੜਾਂ ਵਿਚ ਦਰਦ ਹੋਣਾ, ਪੈਰਾਂ-ਅੱਡੀਆਂ ਵਿਚ ਦਰਦ ਰਹਿਣਾ, ਗੰਢਾਂ ਵਿਚ ਸੋਜ, ਜੋੜਾਂ ਵਿਚ ਸਵੇਰੇ-ਸ਼ਾਮ ਤੇਜ਼ ਦਰਦ ਹੋਣਾ। * ਇਕ ਜਗ੍ਹਾ ਦੇਰ ਤੱਕ ਬੈਠਣ ਤੋਂ ਬਾਅਦ ਉੱਠਣ 'ਤੇ ਪੈਰਾਂ ਦੀਆਂ ਅੱਡੀਆਂ ਵਿਚ ਬਹੁਤ ਜ਼ਿਆਦਾ ਦਰਦ ਹੋਣੀ। ਸਿਰਦਰਦ ਆਮ ਹੋ ਜਾਣੀ। * ਪੈਰਾਂ, ਜੋੜਾਂ, ਉਂਗਲੀਆਂ, ਗੰਢਾਂ ਵਿਚ ਸੋਜ ਹੋਣੀ। * ਸ਼ੂਗਰ ਦਾ ਪੱਧਰ ਵਧਣਾ।
ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਣ 'ਤੇ ਤੁਰੰਤ ਯੂਰਿਕ ਐਸਿਡ ਦੀ ਜਾਂਚ ਕਰਵਾਓ।
ਕਾਬੂ ਕਰਨ ਦੇ ਤਰੀਕੇ
* ਯੂਰਿਕ ਐਸਿਡ ਵਧਣ 'ਤੇ ਹਾਈ ਫਾਈਬਰ ਵਾਲੇ ਆਹਾਰ ਖਾਓ, ਜਿਸ ਵਿਚ ਪਾਲਕ, ਬ੍ਰੋਕਲੀ, ਓਟਸ, ਦਲੀਆ, ਈਸਬਗੋਲ ਭੂਸੀ ਫਾਇਦੇਮੰਦ ਹਨ। * ਔਲੇ ਦਾ ਰਸ ਅਤੇ ਐਲੋਵੇਰਾ ਦਾ ਰਸ ਮਿਲਾ ਕੇ ਸਵੇਰੇ-ਸ਼ਾਮ ਖਾਣੇ ਤੋਂ 10 ਮਿੰਟ ਪਹਿਲਾਂ ਪੀਣ ਨਾਲ ਯੂਰਿਕ ਐਸਿਡ ਘੱਟ ਹੁੰਦਾ ਹੈ। * ਟਮਾਟਰ ਅਤੇ ਅੰਗੂਰ ਦਾ ਰਸ ਯੂਰਿਕ ਐਸਿਡ ਤੇਜ਼ੀ ਨਾਲ ਘੱਟ ਕਰਨ ਦੇ ਸਮਰੱਥ ਹੈ। * ਤਿੰਨੋ ਵੇਲੇ ਖਾਣਾ ਖਾਣ ਤੋਂ 5 ਮਿੰਟ ਬਾਅਦ ਇਕ ਚਮਚ ਅਲਸੀ ਦੇ ਬੀਜ ਨੂੰ ਬਰੀਕ ਚਬਾ ਕੇ ਖਾਣ ਨਾਲ ਭੋਜਨ ਪਾਚਣ ਕਿਰਿਆ ਵਿਚ ਯੂਰਿਕ ਐਸਿਡ ਨਹੀਂ ਬਣਦਾ। * ਇਕ ਚਮਚ ਸ਼ਹਿਦ ਅਤੇ ਇਕ ਚਮਚ ਅਸ਼ਵਗੰਧਾ ਪਾਊਡਰ ਨੂੰ ਇਕ ਕੱਪ ਗਰਮ ਦੁੱਧ ਵਿਚ ਘੋਲ ਕੇ ਪੀਣ ਨਾਲ ਯੂਰਿਕ ਐਸਿਡ ਘੱਟ ਹੁੰਦਾ ਹੈ।
* ਯੂਰਿਕ ਐਸਿਡ ਵਧਣ ਦੇ ਦੌਰਾਨ ਜੈਤੂਨ ਦੇ ਤੇਲ ਦੀ ਵਰਤੋਂ ਖਾਣਾ ਬਣਾਉਣ ਵਿਚ ਕਰੋ। ਜੈਤੂਨ ਦੇ ਤੇਲ ਵਿਚ ਵਿਟਾਮਿਨ 'ਈ' ਅਤੇ ਮਿਨਰਲਸ ਮੌਜੂਦ ਹਨ ਜੋ ਯੂਰਿਕ ਐਸਿਡ ਨੂੰ ਕਾਬੂ ਕਰਨ ਵਿਚ ਸਹਾਇਕ ਹਨ।
* ਯੂਰਿਕ ਐਸਿਡ ਵਧਣ 'ਤੇ ਖਾਣੇ ਤੋਂ 15 ਮਿੰਟ ਪਹਿਲਾਂ ਅਖਰੋਟ ਖਾਣ ਨਾਲ ਪਾਚਣ ਕਿਰਿਆ ਸ਼ੂਗਰ ਨੂੰ ਅਮੀਨੋ ਐਸਿਡ ਕਾਬੂ ਕਰਦੀ ਹੈ ਜੋ ਕਿ ਪ੍ਰੋਟੀਨ ਨੂੰ ਯੂਰਿਕ ਐਸਿਡ ਵਿਚ ਬਦਲਣ ਤੋਂ ਰੋਕਣ ਵਿਚ ਸਹਾਇਕ ਹੈ। * ਵਿਟਾਮਿਨ 'ਸੀ' ਵਾਲੀਆਂ ਚੀਜ਼ਾਂ ਖਾਣੇ ਵਿਚ ਸ਼ਾਮਿਲ ਕਰੋ। ਵਿਟਾਮਿਨ 'ਸੀ' ਯੂਰਿਕ ਐਸਿਡ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਵਿਚ ਸਹਾਇਕ ਹੈ।
* ਰੋਜ਼ 2-3 ਚੈਰੀ ਦਾ ਸੇਵਨ ਯੂਰਿਕ ਐਸਿਡ ਨੂੰ ਕਾਬੂ ਵਿਚ ਰੱਖਣ ਦੇ ਸਮਰੱਥ ਹੈ। ਚੈਰੀ ਗੰਢਾਂ ਵਿਚ ਐਸਿਡ ਕ੍ਰਿਸਟਲ ਨਹੀਂ ਜੰਮਣ ਦਿੰਦੀ।
* ਸਲਾਦ ਵਿਚ ਅੱਧਾ ਨਿੰਬੂ ਨਿਚੋੜ ਕੇ ਖਾਓ। ਦਿਨ ਵਿਚ 3 ਵਾਰ 2 ਗਿਲਾਸ ਪਾਣੀ ਵਿਚ 1 ਨਿੰਬੂ ਨਿਚੋੜ ਕੇ ਪੀਣ ਨਾਲ ਯੂਰਿਕ ਐਸਿਡ ਨੂੰ ਪਿਸ਼ਾਬ ਰਾਹੀਂ ਨਿਕਲਣ ਵਿਚ ਮਦਦ ਮਿਲਦੀ ਹੈ। ਖੰਡ, ਸ਼ਹਿਦ ਨਾ ਮਿਲਾਓ।
* ਤੇਜ਼ੀ ਨਾਲ ਯੂਰਿਕ ਐਸਿਡ ਘਟਾਉਣ ਲਈ ਰੋਜ਼ ਸਵੇਰੇ-ਸ਼ਾਮ 45-45 ਮਿੰਟ ਤੇਜ਼ ਪੈਦਲ ਤੁਰ ਕੇ ਪਸੀਨਾ ਵਹਾਓ। ਤੇਜ਼ ਪੈਦਲ ਚੱਲਣ ਨਾਲ ਐਸਿਡ ਕ੍ਰਿਸਟਲ ਜੋੜਾਂ-ਗੰਢਾਂ ਵਿਚ ਜੰਮਣ ਤੋਂ ਰੁਕਦਾ ਹੈ। ਨਾਲ ਹੀ ਖੂਨ ਸੰਚਾਰ ਨੂੰ ਤੇਜ਼ ਕਰਕੇ ਖੂਨ ਸੰਚਾਰ ਸੁਚਾਰੂ ਕਰਨ ਵਿਚ ਸਮਰੱਥ ਹੈ। ਪੈਦਲ ਚੱਲਣ ਨਾਲ ਸਰੀਰ ਵਿਚ ਹੋਣ ਵਾਲੀਆਂ ਸੈਂਕੜੇ ਬਿਮਾਰੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਤੇਜ਼ ਪੈਦਲ ਚੱਲਣਾ ਐਸਿਡ ਨੂੰ ਛੇਤੀ ਕਾਬੂ ਕਰਨ ਵਿਚ ਸਮਰੱਥ ਪਾਇਆ ਗਿਆ ਹੈ।
* ਬਾਹਰ ਦਾ ਖਾਣਾ ਪੂਰੀ ਤਰ੍ਹਾਂ ਬੰਦ ਕਰ ਦਿਓ। ਘਰ ਦਾ ਬਣਿਆ ਸਾਤਵਿਕ ਤਾਜ਼ਾ ਭੋਜਨ ਖਾਓ। ਖਾਣੇ ਵਿਚ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਸਲਾਦ, ਫਾਈਬਰ ਵਾਲੇ ਸੰਤੁਲਿਤ ਪੌਸ਼ਟਿਕ ਆਹਾਰ ਲਓ।
* ਰੋਜ਼ ਯੋਗ ਆਸਣ, ਕਸਰਤ ਕਰੋ। ਯੋਗ ਆਸਣ ਅਤੇ ਕਸਰਤ ਯੂਰਿਕ ਐਸਿਡ ਨੂੰ ਘਟਾਉਣ ਵਿਚ ਮਦਦਗਾਰ ਹੈ। ਨਾਲ ਹੀ ਯੋਗ ਆਸਣ, ਕਸਰਤ ਕਰਨ ਨਾਲ ਮੋਟਾਪਾ ਤੇ ਭਾਰ ਕਾਬੂ ਵਿਚ ਰਹੇਗਾ। * ਜ਼ਿਆਦਾ ਸੋਜ ਅਤੇ ਦਰਦ ਤੋਂ ਆਰਾਮ ਲਈ ਗਰਮ ਪਾਣੀ ਵਿਚ ਸੂਤੀ ਕੱਪੜੇ ਭਿਉਂ ਕੇ ਸੇਕ ਦਿਓ। * ਯੂਰਿਕ ਐਸਿਡ ਸਮੱਸਿਆ ਸ਼ੁਰੂ ਹੋਣ 'ਤੇ ਤੁਰੰਤ ਜਾਂਚ, ਇਲਾਜ ਕਰਵਾਓ। ਯੂਰਿਕ ਐਸਿਡ ਜ਼ਿਆਦਾ ਦਿਨਾਂ ਤੱਕ ਰਹਿਣ ਨਾਲ ਹੋਰ ਰੋਗ ਆਸਾਨੀ ਨਾਲ ਘਰ ਬਣਾ ਲੈਂਦੇ ਹਨ।
ਯੂਰਿਕ ਐਸਿਡ ਵਧਣ 'ਤੇ ਖਾਣ-ਪੀਣ
* ਯੂਰਿਕ ਐਸਿਡ ਵਧਣ 'ਤੇ ਮੀਟ-ਮੱਛੀ ਦਾ ਸੇਵਨ ਤੁਰੰਤ ਬੰਦ ਕਰ ਦਿਓ। ਮਾਸਾਹਾਰੀ ਖਾਣੇ ਨਾਲ ਯੂਰਿਕ ਐਸਿਡ ਤੇਜ਼ੀ ਨਾਲ ਵਧਦਾ ਹੈ। ਦਵਾਈਆਂ ਵੀ ਅਸਰ ਘੱਟ ਕਰਦੀਆਂ ਹਨ। * ਯੂਰਿਕ ਐਸਿਡ ਵਧਣ 'ਤੇ ਆਂਡੇ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰ ਦਿਓ। ਆਂਡਾ ਰਿਚ ਪ੍ਰੋਟੀਨ ਚਰਬੀ ਨਾਲ ਭਰਪੂਰ ਹੈ ਜੋ ਕਿ ਯੂਰਿਕ ਐਸਿਡ ਨੂੰ ਵਧਾਉਂਦਾ ਹੈ। * ਬੇਕਰੀ ਨਾਲ ਬਣੀ ਖਾਧ ਸਮੱਗਰੀ ਬੰਦ ਕਰ ਦਿਓ। ਬੇਕਰੀ ਫੂਡ ਵਿਚ ਪ੍ਰਿਜ਼ਰਵੇਟਿਵ ਮਿਲਿਆ ਹੁੰਦਾ ਹੈ ਜਿਵੇਂ ਕਿ ਪੇਸਟਰੀ, ਕੇਸ, ਪੈਨਕੇਕ, ਬੰਨ, ਕ੍ਰੀਮ ਅਤੇ ਬਿਸਕੁਟ ਆਦਿ। * ਯੂਰਿਕ ਐਸਿਡ ਵਧਣ 'ਤੇ ਤੁਰੰਤ ਜੰਕ-ਫੂਡ, ਫਾਸਟ ਫੂਡ, ਠੰਢਾ ਸੋਢਾ, ਤਲੀਆਂ-ਭੁੰਨੀਆਂ ਚੀਜ਼ਾਂ ਬੰਦ ਕਰ ਦਿਓ। ਜੰਕ ਫੂਡ, ਫਾਸਟ ਫੂਡ, ਸੋਢਾ, ਠੰਢੇ ਪੀਣ ਵਾਲੇ ਪਦਾਰਥ ਪਾਚਣ ਕਿਰਿਆ ਨੂੰ ਹੋਰ ਵੀ ਵਿਗਾੜਦੇ ਹਨ, ਜਿਸ ਕਰਕੇ ਐਸਿਡ ਤੇਜ਼ੀ ਨਾਲ ਵਧਦਾ ਹੈ। * ਚੌਲ, ਆਲੂ, ਤਿੱਖੇ ਮਿਰਚ-ਮਸਾਲੇ ਵਾਲੇ, ਚਟਪਟੇ, ਤਲੇ ਪਕਵਾਨ ਪੂਰੀ ਤਰ੍ਹਾਂ ਬੰਦ ਕਰ ਦਿਓ। ਡੱਬਾਬੰਦ ਖਾਣ-ਪੀਣ ਦੀਆਂ ਚੀਜ਼ਾਂ ਵਿਚ ਭੰਡਾਰਨ ਦੇ ਸਮੇਂ ਰਸਾਇਣ ਮਿਲਾਇਆ ਜਾਂਦਾ ਹੈ। ਹਜ਼ਾਰਾਂ ਤਰ੍ਹਾਂ ਦੇ ਬੰਦ ਡੱਬਿਆਂ ਅਤੇ ਪੈਕਟਾਂ ਦੀ ਖਾਧ ਸਮੱਗਰੀ ਯੂਰਿਕ ਐਸਿਡ ਤੇਜ਼ੀ ਨਾਲ ਵਧਾਉਣ ਵਿਚ ਸਹਾਇਕ ਹੈ। * ਅਲਕੋਹਲ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰ ਦਿਓ। ਬੀਅਰ ਅਤੇ ਸ਼ਰਾਬ ਯੂਰਿਕ ਐਸਿਡ ਨੂੰ ਤੇਜ਼ੀ ਨਾਲ ਵਧਾਉਂਦੀ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਜੋ ਲੋਕ ਲਗਾਤਾਰ ਬੀਅਰ ਜਾਂ ਸ਼ਰਾਬ ਦਾ ਸੇਵਨ ਕਰਦੇ ਹਨ, 70 ਫੀਸਦੀ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਯੂਰਿਕ ਐਸਿਡ ਦੀ ਸ਼ਿਕਾਇਤ ਹੁੰਦੀ ਹੈ। ਯੂਰਿਕ ਐਸਿਡ ਵਧਣ 'ਤੇ ਤੁਰੰਤ ਬੀਅਰ, ਸ਼ਰਾਬ ਪੀਣੀ ਬੰਦ ਕਰ ਦਿਓ। ਬੀਅਰ ਅਤੇ ਸ਼ਰਾਬ ਤੰਦਰੁਸਤ ਵਿਅਕਤੀ ਨੂੰ ਵੀ ਰੋਗੀ ਬਣਾ ਦਿੰਦੀ ਹੈ। ਬੀਅਰ, ਸ਼ਰਾਬ ਤੇ ਨਸ਼ੀਲੀਆਂ ਚੀਜ਼ਾਂ ਸਿਹਤ ਲਈ ਹਾਨੀਕਾਰਕ ਹਨ।

ਪ੍ਰਦੂਸ਼ਣ ਤੋਂ ਗਲੇ ਨੂੰ ਬਚਾ ਕੇ ਰੱਖੋ

ਅਜੋਕੇ ਸ਼ਹਿਰੀ ਜੀਵਨ ਵਿਚ ਪ੍ਰਦੂਸ਼ਣ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅਜਿਹੇ ਵਿਚ ਉਸ ਦਾ ਸਭ ਤੋਂ ਵੱਧ ਪ੍ਰਭਾਵ ਸਾਡੇ ਗਲੇ 'ਤੇ ਪੈਂਦਾ ਹੈ। ਗਲਾ ਸਰੀਰ ਦਾ ਅਜਿਹਾ ਅੰਗ ਹੈ ਜੋ ਬਾਹਰੀ ਤੱਤਾਂ ਦੇ ਸੰਪਰਕ ਵਿਚ ਸਭ ਤੋਂ ਵੱਧ ਆਉਂਦਾ ਹੈ।
ਅਸੀਂ ਜੋ ਵੀ ਖਾਂਦੇ ਹਾਂ, ਉਹ ਸਾਡੇ ਗਲੇ ਰਾਹੀਂ ਹੋ ਕੇ ਭੋਜਨ ਨਲੀ ਅਤੇ ਪੇਟ ਵਿਚ ਜਾਂਦਾ ਹੈ। ਅਸੀਂ ਜੋ ਵੀ ਪੀਂਦੇ ਹਾਂ, ਉਹ ਵੀ ਸਾਡੇ ਗਲੇ ਰਾਹੀਂ ਹੋ ਕੇ ਹੀ ਜਾਂਦਾ ਹੈ। ਇਥੋਂ ਤੱਕ ਕਿ ਸਾਡੇ ਸਾਹ ਵੀ ਗਲੇ ਰਾਹੀਂ ਹੋ ਕੇ ਫੇਫੜਿਆਂ ਤੱਕ ਜਾਂਦੇ ਹਨ। ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਸਾਡੇ ਗਲੇ 'ਤੇ ਪੈਂਦਾ ਹੈ, ਜਿਸ ਨਾਲ ਆਮ ਤੌਰ 'ਤੇ ਨਜ਼ਲਾ, ਜ਼ੁਕਾਮ ਅਤੇ ਗਲੇ ਦੀ ਖਰਾਸ਼ ਤਾਂ ਹੋ ਜਾਂਦੀ ਹੈ, ਹੋਰ ਵੀ ਕਈ ਬਿਮਾਰੀਆਂ ਹੋ ਜਾਂਦੀਆਂ ਹਨ। ਆਓ ਦੇਖੀਏ ਇਸ ਪ੍ਰਦੂਸ਼ਣ ਭਰੇ ਵਾਤਾਵਰਨ ਵਿਚ ਅਸੀਂ ਆਪਣੇ ਗਲੇ ਨੂੰ ਕਿਵੇਂ ਬਚਾਅ ਕੇ ਰੱਖ ਸਕਦੇ ਹਾਂ-
* ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ। ਘੱਟ ਤੋਂ ਘੱਟ 2 ਲਿਟਰ ਪਾਣੀ ਜ਼ਰੂਰ ਹਰ ਰੋਜ਼ ਪੀਓ।
* ਆਪਣੇ ਭੋਜਨ ਵਿਚ ਵਿਟਾਮਿਨ 'ਸੀ' ਦੀ ਮਾਤਰਾ ਵਧਾ ਦਿਓ।
* ਸਰਦੀ ਦੇ ਮੌਸਮ ਵਿਚ ਸਵੇਰ ਦੀ ਚਾਹ ਅਦਰਕ ਅਤੇ ਤੁਲਸੀ ਦੇ ਪੱਤਿਆਂ ਵਾਲੀ ਪੀਓ। ਹਰਬਲ ਚਾਹ ਵੀ ਗਲੇ ਨੂੰ ਆਰਾਮ ਪਹੁੰਚਾਉਂਦੀ ਹੈ। ਕੋਸੇ ਪਾਣੀ ਵਿਚ ਨਿੰਬੂ, ਸ਼ਹਿਦ ਮਿਲਾ ਕੇ ਲੈਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ।
* ਗਲੇ ਦੀ ਰਾਹਤ ਲਈ ਸਵੇਰੇ-ਸ਼ਾਮ ਲੂਣ ਮਿਲੇ ਹੋਏ ਗਰਮ ਪਾਣੀ ਨਾਲ ਗਰਾਰੇ ਕਰੋ। ਹੋ ਸਕੇ ਤਾਂ ਚਾਹ ਪੀਂਦੇ ਸਮੇਂ ਚੁਟਕੀ ਕੁ ਲੂਣ ਉਸ ਵਿਚ ਮਿਲਾ ਕੇ ਪੀਓ।
* ਦਵਾਈ ਦੀਆਂ ਚੂਸਣ ਵਾਲੀਆਂ ਗੋਲੀਆਂ ਨਾਲ ਵੀ ਗਲੇ ਦੀ ਖਰਾਸ਼ ਘੱਟ ਹੁੰਦੀ ਹੈ।
* ਬਾਹਰ ਨਿਕਲਦੇ ਸਮੇਂ ਮਲਮਲ ਦੇ ਰੁਮਾਲ ਨਾਲ ਮੂੰਹ ਢਕ ਕੇ ਨਿਕਲੋ।
* ਬਾਹਰੋਂ ਘੁੰਮ ਕੇ ਘਰ ਵਿਚ ਪ੍ਰਵੇਸ਼ ਕਰਦੇ ਹੀ ਪਾਣੀ ਨਾ ਪੀਓ। ਥੋੜ੍ਹਾ ਰੁਕ ਕੇ ਪਾਣੀ ਪੀਓ।
* ਗਰਮ ਭੋਜਨ ਦੇ ਨਾਲ ਠੰਢੇ ਪਾਣੀ ਦਾ ਸੇਵਨ ਨਾ ਕਰੋ। ਹੋ ਸਕੇ ਤਾਂ ਘੱਟ ਤੋਂ ਘੱਟ ਅੱਧਾ ਘੰਟਾ ਰੁਕ ਕੇ ਪਾਣੀ ਪੀਓ।
* ਰਾਤ ਨੂੰ ਭਾਫ ਲੈਣ ਨਾਲ ਵੀ ਗਲੇ ਨੂੰ ਆਰਾਮ ਮਿਲਦਾ ਹੈ।
* ਫਾਸਟ ਫੂਡ, ਚਟਣੀ, ਟਿੰਡ ਜੂਸ ਅਤੇ ਸਾਫਟ ਡ੍ਰਿੰਕਸ ਦਾ ਸੇਵਨ ਮਜਬੂਰੀ ਵਿਚ ਹੀ ਕਰੋ।

ਤੰਦਰੁਸਤੀ ਦਾ ਰਹੱਸ ਹੈ ਮਧੁਰ ਮੁਸਕਾਨ

ਰੱਬ ਵਲੋਂ ਦਿੱਤੀ ਹੋਈ ਬਹੁਤ ਵੱਡੀ ਦਾਤ ਹੈ ਮੁਸਕਾਨ। ਚਿਹਰਾ ਦਿਲ ਦਾ ਦਰਪਣ ਹੁੰਦਾ ਹੈ। ਜੋ ਸਾਡੇ ਦਿਮਾਗ ਵਿਚ ਹੁੰਦਾ ਹੈ, ਉਸ ਦਾ ਪ੍ਰਭਾਵ ਚਲ-ਚਿੱਤਰ ਵਾਂਗ ਚਿਹਰੇ 'ਤੇ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ। ਦੇਖਣ ਵਾਲਾ ਪਹਿਚਾਣ ਜਾਂਦਾ ਹੈ ਕਿ ਵਿਅਕਤੀ ਬਿਮਾਰ ਹੈ ਜਾਂ ਖੁਸ਼। ਸ਼ਾਸਤਰ ਕਹਿੰਦੇ ਹਨ ਕਿ ਸਾਡੇ ਸਰੀਰ ਦੀਆਂ 80 ਫੀਸਦੀ ਬਿਮਾਰੀਆਂ ਸਰੀਰਕ ਨਹੀਂ, ਮਾਨਸਿਕ ਹੁੰਦੀਆਂ ਹਨ, ਜਿਨ੍ਹਾਂ ਦਾ ਸਿੱਧਾ ਪ੍ਰਭਾਵ ਸਰੀਰ 'ਤੇ ਹੁੰਦਾ ਹੈ।
ਮਨੁੱਖ ਲਈ ਮਨਚਾਹੇ ਹਾਲਾਤ ਕਦੇ ਨਹੀਂ ਹੁੰਦੀ, ਇਸ ਲਈ ਉਲਟ ਹਾਲਾਤ ਵਿਚ ਵੀ ਆਪਣੇ-ਆਪ ਨੂੰ ਖੁਸ਼ ਰੱਖਣਾ ਇਕ ਕਲਾ ਹੈ।
ਜੀਵਨ ਅਤੇ ਕੁਦਰਤ ਦਾ ਘਟਨਾਕ੍ਰਮ ਚਲਦਾ ਰਹਿੰਦਾ ਹੈ। ਤੁਸੀਂ ਚਿੰਤਾ ਜਾਂ ਫਿਕਰ ਨਾਲ ਕੁਝ ਨਹੀਂ ਬਦਲ ਸਕਦੇ, ਇਸ ਲਈ ਖੁਸ਼ ਅਤੇ ਤੰਦਰੁਸਤ ਰਹਿਣਾ ਸੁਭਾਅ ਬਣਾ ਲਓ। ਗੱਲ-ਗੱਲ 'ਤੇ ਗੁੱਸੇ ਵਿਚ ਆਉਣਾ ਤੁਹਾਡੇ ਚਿਹਰੇ ਨੂੰ ਮੁਰਝਾ ਦਿੰਦਾ ਹੈ, ਇਸ ਲਈ ਗੁੱਸੇ ਤੋਂ ਬਚੋ। ਖਿਝ-ਖਿਝ ਕੇ ਵਿਅੰਗਾਤਮਕ ਭਾਵ ਨਾਲ ਕਟਾਕਸ਼ ਨਾ ਕਰੋ। ਤੁਹਾਡੀ ਆਪਣੀ ਮਾਨਸਿਕ ਅਵਸਥਾ ਵੀ ਪ੍ਰਭਾਵਿਤ ਹੋ ਸਕਦੀ ਹੈ। ਮਿੱਤਰ ਮੰਡਲੀ ਅਤੇ ਘਰ ਵਿਚ ਲੜਾਈ ਦਾ ਮਾਹੌਲ ਨਾ ਬਣਾਓ। ਇਸ ਨਾਲ ਤੁਹਾਡੇ ਪਰਿਵਾਰ ਦੀ ਸਰੀਰਕ ਹਾਲਤ 'ਤੇ ਅਸਰ ਪੈਂਦਾ ਹੈ। ਦੂਜਿਆਂ ਦੀ ਤਰੱਕੀ ਤੋਂ ਖੁਸ਼ ਰਹੋ। ਜਲੋ, ਭੁੱਜੋ, ਕੁੜ੍ਹੋ ਨਾ, ਆਪਣਾ ਹੀ ਨੁਕਸਾਨ ਕਰੋਗੇ।
ਮਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਸਿਰਫ ਇਕ ਸੌਖਾ ਅਤੇ ਸਸਤਾ ਉਪਾਅ ਹੈ ਕਿ ਖੁਦ ਅਤੇ ਦੂਜਿਆਂ ਨੂੰ ਖੁਸ਼ ਰੱਖੋ। ਕਠਿਨ ਹਾਲਾਤ ਨੂੰ ਵੀ ਸਹਿਜ ਭਾਵ ਨਾਲ ਲਓ। ਦਿਮਾਗ ਨੂੰ ਸੰਤੁਲਿਤ ਰੱਖੋ। ਖੁਸ਼ੀ ਦੀ ਸੰਵੇਦਨਾ ਸਦਾ ਸਰੀਰ ਵਿਚ ਵਗਦੀ ਰਹੇ, ਇਸ ਵਾਸਤੇ ਸਾਨੂੰ ਆਪਣੇ ਸੁਭਾਅ ਵਿਚ ਤਬਦੀਲੀ ਕਰਨੀ ਪਵੇਗੀ। ਤੰਦਰੁਸਤੀ, ਖੁਸ਼ੀ ਅਤੇ ਹੱਸਦੇ ਰਹਿਣ ਦਾ ਚੋਲੀ-ਦਾਮਨ ਵਾਲਾ ਸਾਥ ਹੈ। ਤੰਦਰੁਸਤ ਅਤੇ ਖੁਸ਼ ਵਿਅਕਤੀ ਦੀ ਬੁੱਧੀ ਵੀ ਪ੍ਰਪੱਕ ਹੁੰਦੀ ਹੈ। ਚਿਹਰਾ ਗੁਲਾਬ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਹਰ ਵਿਅਕਤੀ ਉਸ ਨੂੰ ਮਿਲ ਕੇ ਖੁਸ਼ ਹੁੰਦਾ ਹੈ। ਉਸ ਦੀ ਹਰ ਕੋਸ਼ਿਕਾ ਵਿਚ ਪੂਰਨ ਖੂਨ ਪ੍ਰਵਾਹਿਤ ਹੁੰਦਾ ਹੈ। ਮੁਸਕੁਰਾਉਣ ਲਈ ਬੁੱਲ੍ਹਾਂ ਦਾ ਫੜੜਾਉਣਾ ਹੀ ਕਾਫ਼ੀ ਹੈ। ਇਹ ਹਸਮੁੱਖ ਵਿਅਕਤੀ ਇਕ ਫਵਾਰਾ ਹੁੰਦਾ ਹੈ, ਜਿਸ ਦੇ ਠੰਢੇ ਛਿੱਟੇ ਸਭ ਨੂੰ ਪ੍ਰਫੁੱਲਤ ਕਰਦੇ ਹਨ। ਹਸਮੁੱਖ ਸੁਭਾਅ ਲੰਮੀ ਉਮਰ ਦਾ ਵਧੀਆ ਸਾਧਨ ਹੈ। ਜੇ ਤੁਸੀਂ ਦੁੱਖ ਵਿਚ ਵੀ ਸੁਖ ਦਾ ਅਹਿਸਾਸ ਚਾਹੁੰਦੇ ਹੋ ਤਾਂ ਹੱਸਮੁੱਖ ਬਣੋ। ਮੁਸਕੁਰਾਉਂਦਾ ਚਿਹਰਾ ਸਭ ਨੂੰ ਲੁਭਾਉਂਦਾ ਹੈ।
ਹਸਮੁੱਖ ਵਿਅਕਤੀ ਕਦੇ ਕਿਸੇ ਦੀ ਗੱਲ ਦਾ ਬੁਰਾ ਨਹੀਂ ਮੰਨਦਾ। ਗੰਭੀਰ ਤੋਂ ਗੰਭੀਰ ਗੱਲ ਨੂੰ ਹੱਸ ਕੇ ਟਾਲ ਜਾਂਦਾ ਹੈ, ਇਸ ਲਈ ਉਹ ਕਈ ਮੁਸੀਬਤਾਂ ਨੂੰ ਟਾਲ ਜਾਂਦਾ ਹੈ। ਖੁਸ਼ ਰਹਿਣ ਨਾਲ ਜੀਵਨ ਦੇ ਸਭ ਦੁੱਖ ਦੂਰ ਹੋ ਜਾਂਦੇ ਹਨ। ਆਪਣੇ ਕੰਮ ਵਿਚ ਰੁੱਝੇ ਰਹਿਣ ਨਾਲ ਬੜਾ ਆਨੰਦ ਮਿਲਦਾ ਹੈ। ਜਿਸ ਦਾ ਮਨ ਖੁਸ਼ ਰਹਿੰਦਾ ਹੈ, ਉਸ ਦਾ ਵਿਵਹਾਰ ਵੀ ਉਦਾਰ ਹੋ ਜਾਂਦਾ ਹੈ। ਖੁਸ਼ ਰਹਿਣ ਵਾਲੇ ਦਾ ਜੀਵਨ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਖੁਸ਼ੀ ਨੂੰ ਅਸੀਂ ਜਿੰਨਾ ਲੁਟਾਵਾਂਗੇ, ਉਹ ਓਨੀ ਜ਼ਿਆਦਾ ਸਾਡੇ ਕੋਲ ਆਵੇਗੀ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਠਹਾਕਾ ਲਗਾ ਕੇ ਹੱਸਣ ਨਾਲ ਫੇਫੜਿਆਂ ਵਿਚ ਜ਼ਿਆਦਾ ਆਕਸੀਜਨ ਜਾਂਦੀ ਹੈ। ਖੂਨ ਸ਼ੁੱਧ ਹੁੰਦਾ ਹੈ। ਵਾਤਾਵਰਨ ਹਲਕਾ-ਫੁਲਕਾ ਰਹਿੰਦਾ ਹੈ। ਤੁਹਾਡੇ ਜਾਣ-ਪਛਾਣ ਵਾਲੇ ਤੁਹਾਡੇ ਕੋਲ ਬੈਠਣਾ ਪਸੰਦ ਕਰਦੇ ਹਨ ਅਤੇ ਆਨੰਦ ਮਹਿਸੂਸ ਕਰਦੇ ਹਨ। ਪੱਥਰੀ, ਕੈਂਸਰ, ਅਵਸਾਦ, ਉਦਾਸੀ ਤੁਹਾਡੇ ਤੋਂ ਦੂਰ ਰਹਿੰਦੇ ਹਨ। ਇਹ ਕਈ ਰੋਗਾਂ ਨੂੰ ਦੂਰ ਕਰ ਦਿੰਦੀ ਹੈ।
ਤੁਸੀਂ ਵੀ ਗ਼ਮ, ਦੁੱਖ, ਮੁਸੀਬਤ ਅਤੇ ਕੰਮ ਦਾ ਬੋਝ ਛੱਡੋ। ਖੁਦ ਵੀ ਖੁਸ਼ ਰਹੋ, ਪਰਿਵਾਰ ਅਤੇ ਮਿੱਤਰਾਂ ਨੂੰ ਵੀ ਖੁਸ਼ ਰੱਖੋ। ਜੀਵਨ ਵਿਚ ਹੱਸਦੇ-ਖੇਡਦੇ ਰਹਿਣ ਦੇ ਨਵੇਂ ਸਾਧਨ, ਢੰਗ ਅਤੇ ਬਹਾਨੇ ਖੋਜਦੇ ਰਹੋ ਅਤੇ ਤੰਦਰੁਸਤੀ ਰਤਨ ਪਾਓ।
ਹੱਸਦੇ ਹੋਏ ਲੋਕਾਂ ਤੋਂ ਬਿਮਾਰੀ ਵੀ ਸ਼ਰਮਾ ਕੇ ਵਾਪਸ ਮੁੜ ਜਾਂਦੀ ਹੈ। ਮਧੁਰ ਮੁਸਕਾਨ, ਖਾਸ ਕਰਕੇ ਨਾਰੀ ਦਾ ਗਹਿਣਾ ਮੰਨਿਆ ਜਾਂਦਾ ਹੈ ਜੋ ਸਭ ਨੂੰ ਚੰਗੀ ਲਗਦੀ ਹੈ। ਆਓ, ਮੁਸਕੁਰਾਉਣਾ ਸਿੱਖੀਏ ਅਤੇ ਫੁੱਲਾਂ ਦੀ ਤਰ੍ਹਾਂ ਚਾਰੋ ਪਾਸੇ ਮਹਿਕ ਫੈਲਾਈਏ ਅਤੇ ਦੇਸ਼ ਨੂੰ ਖੁਸ਼ਹਾਲ ਬਣਾਈਏ। ਸੱਚ ਹੀ ਕਿਹਾ ਹੈ, 'ਇਕ ਮਧੁਰ ਮੁਸਕਾਨ ਵਿਚ ਹੈ ਨਾਰੀ ਦੀ ਸ਼ਾਨ।'
**

ਸਿਹਤ ਖ਼ਬਰਨਾਮਾ

ਸੰਤਰਾ ਬਚਾਉਂਦਾ ਹੈ ਕੋਲੋਨ ਕੈਂਸਰ ਤੋਂ

ਅਮਰੀਕਨ ਇੰਸਟੀਚਿਊਟ ਆਫ ਕੈਂਸਰ ਰਿਸਰਚ ਦੇ ਮਾਹਿਰਾਂ ਦੁਆਰਾ ਪਸ਼ੂਆਂ 'ਤੇ ਕੀਤੀ ਗਈ ਇਕ ਖੋਜ ਅਨੁਸਾਰ ਨਿਯਮਤ ਸੰਤਰੇ ਦੇ ਰਸ ਦੇ ਸੇਵਨ ਨਾਲ ਕੋਲੋਨ ਕੈਂਸਰ ਦੀ ਸੰਭਾਵਨਾ ਘੱਟ ਹੋਈ। ਸੰਤਰੇ ਵਿਚ ਬੀਟਾ ਕ੍ਰਾਯਪਟੋਇਕਸਾਨਥਿਨ ਪਾਇਆ ਜਾਂਦਾ ਹੈ, ਜੋ ਕਈ ਤਰ੍ਹਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਸੰਤਰੇ ਵਿਚ ਪਾਏ ਜਾਣ ਵਾਲੇ ਕੇਰੋਟਿਨਾਇਡਸ ਲਿਊਟਿਨ ਅਤੇ ਜਿਯਾਇਕਜਾਨਧੀਨ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਚੰਗੇ ਹਨ। ਸੰਤਰੇ ਦੀਆਂ ਛਿੱਲਾਂ ਵਿਚ ਵੀ ਕਈ ਲਾਭਕਾਰੀ ਤੱਤ ਜਿਵੇਂ ਡੀ ਲਾਈਮੋਨੇਨਨ ਅਤੇ ਕੋਯਮੇਰਿੰਸ ਪਾਏ ਜਾਂਦੇ ਹਨ ਜੋ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਨਾਲ-ਨਾਲ ਖੂਨ ਦੇ ਥੱਕੇ ਜਮਾਉਣ ਦੀ ਪ੍ਰਕਿਰਿਆ ਨੂੰ ਵੀ ਘੱਟ ਕਰਦੇ ਹਨ। ਏਨੇ ਸਾਰੇ ਲਾਭਦਾਇਕ ਤੱਤ ਜੇ ਤੁਸੀਂ ਵੀ ਪਾਉਣੇ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸੰਤਰੇ ਨੂੰ ਆਪਣੇ ਭੋਜਨ ਦਾ ਅੰਗ ਬਣਾਓ।
ਸਮੇਂ ਤੋਂ ਪਹਿਲਾਂ ਝੁਰੜੀਆਂ ਦਾ ਕਾਰਨ

ਮਾਹਿਰਾਂ ਅਨੁਸਾਰ ਫਲਾਂ, ਸਬਜ਼ੀਆਂ ਅਤੇ ਅਸੰਤ੍ਰਪਤ ਚਰਬੀ ਦਾ ਸੇਵਨ ਝੁਰੜੀਆਂ ਘੱਟ ਕਰਦਾ ਹੈ। ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਮਾਹਿਰਾਂ ਨੇ ਭੋਜਨ ਦਾ ਚਮੜੀ 'ਤੇ ਪ੍ਰਭਾਵ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਪਾਇਆ ਕਿ ਸਾਂਵਲੀ ਅਤੇ ਗੋਰੀ ਚਮੜੀ ਵਾਲੇ ਵਿਅਕਤੀ ਜੋ ਹਰੀਆਂ ਸਬਜ਼ੀਆਂ, ਬੀਨਸ, ਜੈਤੂਨ ਦੇ ਤੇਲ, ਗਿਰੀਦਾਰ ਫਲ ਅਤੇ ਅਨਾਜ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਚਮੜੀ ਜ਼ਿਆਦਾ ਸਮੇਂ ਤੱਕ ਜਵਾਨ ਰਹਿੰਦੀ ਹੈ ਅਤੇ ਝੁਰੜੀਆਂ ਦਾ ਸ਼ਿਕਾਰ ਨਹੀਂ ਹੁੰਦੀ।
ਅਮਰੀਕਨ ਕਾਲਜ ਆਫ ਨਿਊਟ੍ਰੀਸ਼ਨ ਦੁਆਰਾ ਪ੍ਰਕਾਸ਼ਿਤ ਮੋਨੇਸ਼ ਯੂਨੀਵਰਸਿਟੀ ਦੇ ਮਾਹਿਰ ਡਾ: ਮਾਰਕ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਉਮਰ ਵਧਣਾ ਅਤੇ ਸਿਗਰਟਨੋਸ਼ੀ ਜਿਥੇ ਝੁਰੜੀਆਂ ਦੇ ਕਾਰਨ ਹਨ, ਉਥੇ ਸਾਡਾ ਭੋਜਨ ਵੀ ਚਮੜੀ 'ਤੇ ਪ੍ਰਭਾਵ ਪਾਉਂਦਾ ਹੈ ਅਤੇ ਵਿਟਾਮਿਨ 'ਏ', 'ਸੀ', 'ਈ' ਅਤੇ ਐਂਟੀਆਕਸੀਡੈਂਟ ਝੁਰੜੀਆਂ ਰੋਕਣ ਵਿਚ ਸਹਾਇਕ ਸਿੱਧ ਹੁੰਦੇ ਹਨ। ਜੈਤੂਨ ਦਾ ਤੇਲ ਵੀ ਸਮੇਂ ਤੋਂ ਪਹਿਲਾਂ ਝੁਰੜੀਆਂ ਤੋਂ ਚਮੜੀ ਦੀ ਰੱਖਿਆ ਕਰਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX