ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  28 minutes ago
ਸ੍ਰੀਨਗਰ, 17 ਨਵੰਬਰ - ਜੰਮੂ ਕਸ਼ਮੀਰ 'ਚ ਅੱਜ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਸੂਬੇ ਵਿਚ 9 ਗੇੜਾਂ ਤਹਿਤ ਹੋਣਗੀਆਂ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਹਨ, ਲੋਕਾਂ ਵਿਚ ਵੋਟਿੰਗ...
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  42 minutes ago
ਨਵੀਂ ਦਿੱਲੀ, 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਮਾਲਦੀਵ ਦੇ ਦੌਰੇ 'ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ। ਸਾਲ 2011 ਤੋਂ ਬਾਅਦ ਪਹਿਲੀ...
ਅੱਜ ਦਾ ਵਿਚਾਰ
. . .  54 minutes ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਹੋਰ ਖ਼ਬਰਾਂ..

ਲੋਕ ਮੰਚ

ਸਾਦੇ ਵਿਆਹ ਤੇ ਸਾਦੇ ਜੀਵਨ ਵੱਲ ਮੁੜਨ ਦੀ ਲੋੜ

ਅੱਜ ਦੇ ਸਮੇਂ ਨੂੰ ਜੇਕਰ ਖੁਦਕੁਸ਼ੀਆਂ ਦਾ ਦੌਰ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਰੋਜ਼ਾਨਾ ਵਾਂਗ ਮੀਡੀਏ ਵਿਚ ਆਉਂਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਹੜਾ ਪੰਜਾਬ ਰੰਗਲੇ ਦਿਨਾਂ ਦੀ ਝਾਤ ਪਾਉਂਦਾ ਸੀ, ਅੱਜ ਉਸੇ ਪੰਜਾਬ ਦੇ ਦੁੱਖਾਂ ਦੀ ਬਾਤ ਮੁੱਕਣ ਦਾ ਨਾਂਅ ਨਹੀਂ ਲੈ ਰਹੀ। ਜੇਕਰ ਪੰਜਾਬ ਦੇ ਪੁਰਾਣੇ ਸਮਿਆਂ ਵੱਲ ਝਾਤ ਮਾਰੀਏ ਤਾਂ ਉਸ ਅਤੇ ਅੱਜ ਦੇ ਸਮੇਂ ਦੇ ਮਾਹੌਲ ਬਾਰੇ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਪੰਜਾਬ ਨੂੰ ਇਸ ਦੌਰ ਵਿਚੋਂ ਗੁਜ਼ਰਨਾ ਪਵੇਗਾ। ਉਨ੍ਹਾਂ ਸਮਿਆਂ ਵਿਚ ਨਾ ਅੱਜ ਵਾਲੀ ਤਕਨੀਕ ਸੀ ਅਤੇ ਨਾ ਹੀ ਏਨੀ ਤੇਜ਼ੀ ਨਾਲ ਕੰਮ ਮੁਕਾਉਣ ਵਾਲੇ ਸਾਧਨ ਸਨ। ਫਿਰ ਵੀ ਲੋਕ ਉਦੋਂ ਖੁਸ਼ਹਾਲੀ ਭਰਿਆ ਜੀਵਨ ਜਿਊਂਦੇ ਸਨ। ਅਸਲ ਵਿਚ ਉਦੋਂ ਲੋਕ ਸਾਦਾ ਜੀਵਨ ਜਿਊਂਦੇ ਸਨ ਅਤੇ ਸਾਦਗੀ ਵਿਚ ਰਹਿੰਦੇ ਸਨ। ਸਭ ਤੋਂ ਵੱਡੀ ਗੱਲ ਵਿਆਹਾਂ ਅਤੇ ਹੋਰ ਸਮਾਗਮਾਂ ਨੂੰ ਸਾਦੇ ਢੰਗ ਨਾਲ ਰਚਾਇਆ ਜਾਂਦਾ ਸੀ। ਜੇਕਰ ਅੱਜ ਦੇ ਅਤੇ ਪੁਰਾਣੇ ਸਮਿਆਂ ਦੇ ਪੰਜਾਬੀਆਂ ਦੇ ਜੀਵਨ ਅਤੇ ਵਿਆਹਾਂ ਆਦਿ ਦੇ ਸਮਾਗਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਵੇ ਤਾਂ ਸਾਰੀ ਤਸਵੀਰ ਬਦਲੀ ਹੋਈ ਵਿਖਾਈ ਦਿੰਦੀ ਹੈ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਕ ਇਨਸਾਨ ਆਪਣੀ ਸਾਰੀ ਜ਼ਿੰਦਗੀ ਦੀ ਇਕੱਤਰ ਕੀਤੀ ਕਮਾਈ ਵਿਆਹ ਵਾਲੇ ਇਕ ਦਿਨ ਵਿਚ ਵੀ ਰੋੜ੍ਹ ਦਿੰਦਾ ਹੈ ਜਾਂ ਆਪਣੇ ਕੋਲ ਜਮ੍ਹਾਂ ਕੀਤੀ ਪੂੰਜੀ ਨਾਲੋਂ ਬਜਟ ਅੱਗੇ ਲੰਘਾ ਦਿੰਦਾ ਹੈ, ਜਿਸ ਕਾਰਨ ਬਾਅਦ ਵਿਚ ਮੁਸ਼ਕਿਲਾਂ ਨਾਲ ਵਾਹ ਪੈਣਾ ਤਾਂ ਸੁਭਾਵਿਕ ਹੀ ਹੈ। ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਕਿ ਸਾਡੀ ਰਿਸ਼ਤੇਦਾਰੀ ਸਭ ਤੋਂ ਨੇੜਲੀ ਰਿਸ਼ਤੇਦਾਰੀ ਵਿਚ ਬਦਲਣੀ ਹੈ ਤਾਂ ਫਿਰ ਵਿਆਹ ਤੋਂ ਪਹਿਲਾਂ ਮੁੰਡੇ ਵਾਲੇ ਕੁੜੀ ਦੇ ਪਰਿਵਾਰ ਅੱਗੇ ਆਪਣੀਆਂ ਮੰਗਾਂ ਮੂੰਹ ਅੱਡ-ਅੱਡ ਕੇ ਕਿਵੇਂ ਮੰਗਦੇ ਹਨ? ਜਦੋਂਕਿ ਰਿਸ਼ਤੇਦਾਰ ਦਾ ਫ਼ਰਜ਼ ਇਹ ਹੁੰਦਾ ਹੈ ਕਿ ਇਕ ਰਿਸ਼ਤੇਦਾਰ ਦੂਸਰੇ ਰਿਸ਼ਤੇਦਾਰ ਦੇ ਕੰਮ ਆਵੇ, ਚੰਗੇ-ਮਾੜੇ ਸਮੇਂ 'ਚ ਇਕ-ਦੂਜੇ ਦਾ ਸਾਥ ਦਿੱਤਾ ਜਾਵੇ। ਧੀਆਂ ਨੂੰ ਆਪਣੀ ਜ਼ਿੰਦਗੀ ਵਿਚ ਖੁਸ਼ ਦੇਖਣ ਲਈ ਇਕ ਧੀ ਦੇ ਮਾਂ-ਬਾਪ ਆਪਣੀ ਹੈਸੀਅਤ ਨਾਲੋਂ ਵਧ ਕੇ ਖਰਚਾ ਕਰਦੇ ਹਨ। ਕਈ ਵਿਚਾਰੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਮੁੰਡੇ ਵਾਲਿਆਂ ਦੀਆਂ ਦਾਜ ਸੰਬੰਧੀ ਰੱਖੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ। ਇਹ ਹੈ ਕਿ ਹਰ ਮਾਂ-ਬਾਪ ਆਪਣੇ ਮੁਤਾਬਕ ਆਪਣੀ ਲੜਕੀ ਨੂੰ ਸਭ ਕੁਝ ਦਿੰਦਾ ਹੈ ਪਰ ਫਿਰ ਵੀ ਲੋਕ ਆਪਣੇ ਮੂੰਹ ਨਾਲ ਵੱਡੀਆਂ-ਵੱਡੀਆਂ ਸ਼ਰਤਾਂ ਮੰਨਵਾਉਂਦੇ ਹਨ। ਜੇਕਰ ਸਾਦਾ ਜੀਵਨ ਬਾਰੇ ਝਾਤ ਮਾਰੀਏ ਤਾਂ ਹੁਣ ਕੋਈ ਸਾਦੇਪੁਣੇ ਵਿਚ ਨਹੀਂ ਰਹਿਣਾ ਚਾਹੁੰਦਾ। ਹੁਣ ਹਰ ਕੋਈ ਬਰਾਂਡਿਡ ਮਹਿੰਗੇ ਕੱਪੜਿਆਂ, ਚੰਗੇ ਮਹਿੰਗੇ ਵਾਹਨਾਂ ਵਿਚ ਘੁੰਮਣ ਅਤੇ ਕੋਠੀਆਂ ਵਿਚ ਰਹਿਣ ਦੀ ਚਾਹਤ ਰੱਖਦਾ ਹੈ। ਇਹ ਚਾਹਤ ਉਨ੍ਹਾਂ ਲੋਕਾਂ 'ਤੇ ਭਾਰੂ ਵੀ ਪੈ ਜਾਂਦੀ ਹੈ ਜਿਹੜੇ ਕਰਜ਼ਾ ਚੁੱਕ-ਚੁੱਕ ਕੇ ਇਸ ਚਾਹਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਰਤ ਸੱਭਿਆਚਾਰ ਨਾਲੋਂ ਟੁੱਟਦੀ ਹੋਈ ਵਿਖਾਈ ਦੇ ਰਹੀ ਹੈ। ਬਹੁਗਿਣਤੀ ਨੌਜਵਾਨ ਵੀ ਅਜਿਹੇ ਹਨ ਜਿਹੜੇ ਮਹਿੰਗੇ ਖਰਚਿਆਂ ਨੂੰ ਤਾਂ ਤਵੱਜੋ ਦਿੰਦੇ ਹਨ, ਪਰ ਮਿੱਟੀ ਨਾਲ ਮਿੱਟੀ ਹੁੰਦੇ ਬਾਪ ਨਾਲ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਹਨ। ਹੱਥੀਂ ਕੰਮ ਕਰਨ ਤੋਂ ਲੋਕ ਦੂਰ ਹੋ ਗਏ ਹਨ। ਅੱਜ ਦੇ ਸਮੇਂ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਤਾਂ ਨਾਮਾਤਰ ਹੈ, ਜਿਹੜੇ ਪਹਿਲਾਂ ਵਾਂਗ ਸਾਦਾ ਜੀਵਨ ਜਿਊਣ ਨੂੰ ਪਹਿਲ ਦਿੰਦੇ ਹਨ। ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਕਿੰਨਾ ਵੀ ਸਮੇਂ ਦੇ ਹਾਣੀ ਬਣੀਏ, ਆਪਣੇ-ਆਪ ਨੂੰ ਅਗਾਂਹ ਵੱਲ ਵਧਾਈਏ ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਸਕੂਨ ਸਾਦੇ ਜੀਵਨ ਵਿਚ ਰਹਿ ਕੇ ਮਿਲਦਾ ਹੈ, ਉਹ ਕਿਤੇ ਨਹੀਂ ਮਿਲਦਾ। ਇਸ ਲਈ ਸਾਦਗੀ ਵੱਲ ਕਦਮ ਵਧਾਈਏ ਅਤੇ ਚੰਗੀ ਜ਼ਿੰਦਗੀ ਬਿਤਾਈਏ ਤਾਂ ਕਿ ਖੰਭ ਲੱਗ ਕੇ ਉਡ ਚੁੱਕੀ ਪੰਜਾਬ ਦੀ ਖੁਸ਼ਹਾਲੀ ਵਾਪਸ ਪਰਤ ਆਵੇ।

-ਧਨੌਲਾ (ਬਰਨਾਲਾ)-148105. ਮੋਬਾ: 97810-48055


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-14

ਸਾਹਿਤ-ਸੰਗੀਤ ਤੇ ਬਾਲ-ਮਨਾਂ ਦੀ ਤਰਜਮਾਨੀ ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕਾ ਸਿਮਰਤ ਸੁਮੈਰਾ

ਅਧਿਆਪਕ ਬੱਚਿਆਂ ਦੇ ਖੂਬਸੂਰਤ ਸੁਪਨਿਆਂ ਅਤੇ ਸੁਨਹਿਰੀ ਭਵਿੱਖ ਦਾ ਰਚੇਤਾ ਹੈ। ਉਹ ਖੁੱਲ੍ਹੇ ਵਹਿੰਦੇ ਪਾਣੀਆਂ ਨੂੰ ਦਿਸ਼ਾ ਦੇਣ ਵਾਲਾ ਨਾਖੁਦਾ ਹੁੰਦਾ ਹੈ, ਅਧਿਆਪਕ ਮਾਸੂਮ ਹਿਰਦਿਆਂ ਨੂੰ ਪੜ੍ਹਨ ਵਾਲਾ ਸੁਹਿਰਦ ਵੀ ਪਾਠਕ ਹੈ, ਆਪਣੇ ਕਿਸੇ ਵੀ ਵਿਦਿਆਰਥੀ ਨੂੰ ਜਦੋਂ ਇਕ ਅਧਿਆਪਕ ਇਕ ਚੰਗੇ ਮੁਕਾਮ 'ਤੇ ਵੇਖਦਾ ਹੈ ਤਾਂ ਉਸ ਲਈ ਸਭ ਨਾਲੋਂ ਵੱਡਾ ਪੁਰਸਕਾਰ ਉਹੀ ਹੁੰਦਾ ਹੈ। ਅਜਿਹੇ ਦਰਜਨਾਂ ਗੁਣਾਂ ਦੇ ਮਾਲਕ ਅਧਿਆਪਕਾ ਸਿਮਰਤ ਕੌਰ ਉਰਫ ਸਿਮਰਤ ਸੁਮੈਰਾ ਸਿੱਖਿਆ ਜਗਤ ਨੂੰ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ। ਆਪਣੀ ਸੁਰੀਲੀ ਆਵਾਜ਼ ਅਤੇ ਡੂੰਘੇ ਸ਼ਬਦਾਂ ਨਾਲ ਸਾਹਿਤਕ ਸਮਾਗਮਾਂ ਦੀ ਸ਼ਾਨ ਕਹੇ ਜਾਣ ਵਾਲੇ ਸਿਮਰਤ ਸੁਮੈਰਾ ਹੁਰਾਂ ਦਾ ਜਨਮ ਗੁਰਦਾਸਪੁਰ ਵਿਖੇ ਪਿਤਾ ਸ: ਪ੍ਰੋਫੈਸਰ ਅਸ਼ੋਕ ਚਰਨ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਰਿਵਾਰ ਸਾਹਿਤਕ ਪਿੱਠ-ਭੂਮੀ ਵਾਲਾ ਸੀ। ਉਨ੍ਹਾਂ ਦੇ ਦਾਦਾ ਸ: ਮੰਗਲ ਸਿੰਘ ਸ਼ਾਂਤ ਵੀ ਆਪਣੇ ਸਮੇਂ ਦੇ ਮਸ਼ਹੂਰ ਕਵੀ ਹੋਏ ਸਨ ਅਤੇ ਪਿਤਾ ਮਹਾਨ ਵਿਦਵਾਨ, ਦਾਰਸ਼ਨਿਕ, ਸਾਹਿਤਕਾਰ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਗੁਰਦਾਸਪੁਰ ਤੋਂ ਗਿਆਰ੍ਹਵੀਂ ਪਾਸ ਕਰਕੇ ਉਨ੍ਹਾਂ ਨੇ ਐਮ.ਏ. (ਪੰਜਾਬੀ, ਹਿੰਦੀ, ਫਿਲਾਸਫੀ), ਐਮ.ਐੱਡ., ਐਮ.ਫਿਲ., ਪੀ.ਐਚ.ਡੀ. ਕੀਤੀ ਅਤੇ ਬਤੌਰ ਅਧਿਆਪਕ ਸਫਰ ਸ਼ੁਰੂ ਕੀਤਾ। ਅਧਿਆਪਨ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿਚ ਸਿਮਰਤ ਸੁਮੈਰਾ ਨੇ ਕੌਮੀ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਹਨ। ਅੱਠਵੀਂ ਜਮਾਤ ਵਿਚ ਪੜ੍ਹਦੇ ਹੋਏ ਹੀ ਉਨ੍ਹਾਂ ਦੀ ਕਵਿਤਾ ਮਕਬੂਲ ਰਸਾਲੇ ਪੰਖੜੀਆਂ ਵਿਚ ਛਪ ਚੁੱਕੀ ਸੀ। ਹੁਣ ਤੱਕ ਉਹ 11 ਬਾਲ ਪੁਸਤਕਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਸਫਰ ਨਿਰੰਤਰ ਜਾਰੀ ਵੀ ਹੈ। ਪਹਾੜੀ ਇਲਾਕੇ ਦੇ ਲੱਕੜ ਦੇ ਕਿਵਾੜ ਤੇ ਸਲੇਟਾਂ ਦੀਆਂ ਛੱਤਾਂ ਵਾਲੇ ਘਰ ਵਿਚ ਨੱਚ-ਟੱਪ ਕੇ ਵੱਡੀ ਹੋਈ ਸਿਮਰਤ ਸੁਮੈਰਾ ਦੀਆਂ ਲਿਖਤਾਂ ਵਿਚੋਂ ਅੱਜ ਬਾਲ ਮਨਾਂ ਦੀ ਤਰਜਮਾਨੀ ਹੁੰਦੀ ਹੈ। ਚਿੱਤਰਕਾਰ ਸੋਭਾ ਸਿੰਘ ਅਤੇ ਚਿੱਤਰਕਾਰ ਫੂਲਾ ਰਾਣੀ ਦਾ ਪਿਆਰ ਬਚਪਨ ਵਿਚ ਪਾ ਚੁੱਕੀ ਸਿਮਰਤ ਸੁਮੈਰਾ ਕੁਦਰਤ ਨੂੰ ਪਿਆਰ ਕਰਨ ਵਾਲੀ ਅਧਿਆਪਕਾ ਹੈ। ਇਸੇ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਕੁਦਰਤ ਦੀ ਸਾਂਭ-ਸੰਭਾਲ ਅਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਹੈ।
ਸਮਾਜਿਕ ਕੁਰੀਤੀਆਂ ਖਿਲਾਫ ਉਹ ਬੇਬਾਕ ਆਵਾਜ਼ ਹਨ। ਸਕੂਲ ਦੀ ਬਿਹਤਰੀ ਲਈ ਉਹ ਦਿਨ-ਰਾਤ ਤਤਪਰ ਹਨ। ਬਤੌਰ ਪ੍ਰਬੰਧਕ ਸੇਵਾ ਨਿਭਾ ਰਹੇ ਸਿਮਰਤ ਸੁਮੈਰਾ ਇਕ ਚੰਗੇ ਚਿੱਤਰਕਾਰ ਤੇ ਕੱਥਕ ਨ੍ਰਿਤਕੀ ਵੀ ਹਨ ਅਤੇ ਬਹਾਦਰ ਔਰਤ ਵੀ, ਉਨ੍ਹਾਂ ਨੇ ਇਕ ਪਾਣੀ ਵਿਚ ਡੁੱਬ ਰਹੇ ਬੱਚੇ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਹਾਦਰੀ ਨਾਲ ਬਚਾਅ ਲਿਆ ਸੀ। ਚਿੱਤਰਕਾਰੀ, ਕੁਦਰਤ ਦੀ ਸੈਰ ਨੂੰ ਪਹਿਲੀ ਪਸੰਦ ਦੱਸਣ ਵਾਲੀ ਸਿਮਰਤ ਸੁਮੈਰਾ ਵਾਤਾਵਰਨ ਪ੍ਰਤੀ ਬਹੁਤ ਜਾਗਰੂਕ ਹਨ। ਉਨ੍ਹਾਂ ਨੇ ਸਾਰੇ ਰੁੱਖ ਖੁਦ ਲਗਾਏ ਤੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹੁਣ ਤੱਕ 16 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਧਿਆਪਕਾਂ ਨੂੰ ਖੁਦ ਕਰਮਯੋਗੀ ਬਣ ਕੇ ਮਿਸਾਲ ਬਣਨਾ ਚਾਹੀਦਾ ਹੈ। ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਾਹਿਤ, ਸਿਹਤ, ਵਾਤਾਵਰਨ ਜਾਗਰੂਕਤਾ ਤੇ ਨੈਤਿਕ ਪਾਠ ਪੜ੍ਹਾਉਣਾ ਕਦੇ ਨਹੀਂ ਭੁੱਲਦੇ। ਉਨ੍ਹਾਂ ਨੂੰ ਹੁਣ ਤੱਕ ਦੀਆਂ ਪ੍ਰਾਪਤੀਆਂ ਬਦਲੇ ਪੰਜਾਬ ਸਰਕਾਰ ਵਲੋਂ 2006 ਵਿਚ ਰਾਜ ਅਧਿਆਪਕ ਪੁਰਸਕਾਰ ਅਤੇ ਭਾਰਤ ਸਰਕਾਰ ਵਲੋਂ 2011 ਵਿਚ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ।
ਇਸ ਦੇ ਨਾਲ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਐਵਾਰਡ, ਪੰਜਾਬ ਸਰਕਾਰ ਰਾਜ ਪ੍ਰਮਾਣ ਪੱਤਰ, ਪੁਸਤਕ 'ਪਾਂਚ ਪਰੀਆਂ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਬੋਤਮ ਬਾਲ ਪੁਸਤਕ ਐਵਾਰਡ, ਅੰਮ੍ਰਿਤਾ ਪ੍ਰੀਤਮ ਐਵਾਰਡ, ਸਾਰਕ ਸੰਮੇਲਨ ਐਵਾਰਡ, ਮਦਰ ਟਰੇਸਾ ਐਵਾਰਡ, ਮਿਨਰਵਾ ਆਫ ਦੀ ਈਸਟ ਰੂਸ ਐਵਾਰਡ, ਡੁੱਬਦੇ ਬੱਚੇ ਨੂੰ ਬਚਾਉਣ ਲਈ ਬਹਾਦਰੀ ਪੁਰਸਕਾਰ ਸਮੇਤ ਦਰਜਨਾਂ ਮਾਣ-ਸਨਮਾਨ ਮਿਲ ਚੁੱਕੇ ਹਨ। ਉਨ੍ਹਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਤੇ ਅਮਰੀਕਾ ਵਿਚ ਖੋਜ-ਪੱਤਰ ਸ਼ਾਮਿਲ ਕਰਨ ਦਾ ਮਾਣ ਹਾਸਲ ਹੈ ਅਤੇ ਅੰਤਰਰਾਸ਼ਟਰੀ ਕਵਿੱਤਰੀ ਸੰਮੇਲਨ ਚੰਡੀਗੜ੍ਹ 2017 ਦੀ ਕਨਵੀਨਰ ਹੋਣ ਦਾ ਮਾਣ ਵੀ ਹਾਸਲ ਹੈ। ਬਟਾਲਾ (ਗੁਰਦਾਸਪੁਰ) ਵਿਖੇ ਰਹਿ ਰਹੇ ਮੈਡਮ ਸਿਮਰਤ ਸੁਮੈਰਾ ਅੱਜ ਵੀ ਸਾਹਿਤ, ਸਿੱਖਿਆ ਅਤੇ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ ਹਨ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਸ ਮਾਣਮੱਤੇ ਅਧਿਆਪਕ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 936565-52000

ਸੋਚ 'ਚ ਬਦਲਾਅ ਲਿਆਉਣਾ ਹੋਵੇਗਾ

'ਖੇਤੀ ਖਸਮਾਂ ਸੇਤੀ' ਮੁਹਾਵਰਾ ਅਸੀਂ ਆਮ ਹੀ ਸੁਣਦੇ ਹਾਂ ਕਿ ਖੇਤੀ ਉਸ ਦੇ ਖਸਮ ਭਾਵ ਕਿਸਾਨ ਦੇ ਸਿਰ 'ਤੇ ਹੀ ਹੈ। ਪਰ ਜੇ ਕਿਸਾਨ ਹੀ ਹਾਰ ਜਾਵੇ, ਫਿਰ ਇਸ ਖੇਤੀ ਦਾ ਕੀ ਬਣੇ? ਬਾਬੇ ਨਾਨਕ ਨੇ ਖੇਤੀ ਨੂੰ ਉੱਤਮ ਦੱਸਿਆ ਹੈ, ਕੋਈ ਸ਼ੱਕ ਨਹੀਂ ਕਿ ਖੇਤੀ ਉੱਤਮ ਕਰਮ ਹੈ। ਵਪਾਰ ਵਿਚ, ਨੌਕਰੀਆਂ ਵਿਚ ਬੇਈਮਾਨੀ ਕੀਤੀ ਜਾ ਸਕਦੀ ਹੈ ਪਰ ਖੇਤੀ ਵਿਚ ਨਹੀਂ। ਹਜ਼ਾਰਾਂ-ਲੱਖਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠਾਂ ਕੁਦਰਤ ਦੇ ਸਹਾਰੇ ਪਲਦੀ ਹੈ। ਕੁਦਰਤ ਦੀ ਦਰਿਆਦਿਲੀ ਅਸੀਂ ਦੇਖਦੇ ਹਾਂ। ਪਰ ਇਸੇ ਹੀ ਕੁਦਰਤ ਦਾ ਕਹਿਰ ਵੀ ਸਾਨੂੰ ਖਾਸ ਕਰ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ, ਜਦੋਂ ਅਸੀਂ ਇਸ ਨਾਲ ਖਿਲਵਾੜ ਕਰਦੇ ਹਾਂ। ਝੋਨੇ ਪੱਕ ਚੁੱਕੇ ਹਨ। ਪਰਾਲੀ ਨੂੰ ਅੱਗ ਲਗਾਉਣ ਦੀਆਂ ਕਿਸਾਨਾਂ ਵਲੋਂ ਕਸਮਾਂ ਖਾਧੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਪਰਾਲੀ ਦੇ ਰਾਵਣ ਬਣਾ ਕਿ ਅੱਗ ਲਗਾਉਣ ਬਾਰੇ ਸੋਚ ਰਹੇ ਹਨ, ਕਿਉਂਕਿ ਸਾਡੇ ਦੇਸ਼ ਵਿਚ ਧਾਰਮਿਕ ਕਾਰਜਾਂ 'ਤੇ ਕੋਈ ਪਾਬੰਦੀ ਨਹੀਂ, ਉਹ ਭਾਵੇਂ ਹਜ਼ਾਰਾਂ ਮੂਰਤੀਆਂ ਬਣਾ ਕੇ ਪਾਣੀ ਵਿਚ ਪ੍ਰਵਾਹ ਕਰੀਏ ਜਾਂ ਰਾਮ ਜੀ ਨੂੰ ਖੁਸ਼ ਕਰਨ ਲਈ ਰਾਵਣ ਬਣਾ ਕੇ ਸਾੜੀਏ ਅਤੇ ਬੱਚਿਆਂ, ਬਜ਼ੁਰਗਾਂ ਦੇ ਨਾਸੀਂ ਧੂੰਆਂ ਦੇਈਏ।
ਗੁਰੂ ਸਾਹਿਬ ਨੇ ਪੌਣ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਿਹਾ ਹੈ। ਹੁਣ ਖੁਦ ਸੋਚੋ ਹਵਾ ਨੂੰ ਗੰਦਾ ਕਰਨਾ ਗੁਰੂ ਸਾਹਿਬ ਦੀ ਬੇਅਦਬੀ ਤੇ ਪਾਣੀ ਨੂੰ ਦੂਸ਼ਿਤ ਕਰਨਾ ਪਿਤਾ ਦੀ ਪੱਗ ਮੈਲੀ ਕਰਨੀ ਨਹੀਂ ਹੈ। ਪਿਛਲੇ ਸਾਲ ਦੀ ਹਾਲਤ ਸਾਡੇ ਕੋਲੋਂ ਛੁਪੀ ਨਹੀਂ ਹੈ, ਜਦੋਂ ਰਾਵਣ ਦੇ ਸਾੜਨ, ਪਟਾਕਿਆਂ ਦੇ ਸ਼ੋਰ ਅਤੇ ਪਰਾਲੀ ਦੇ ਧੂੰਏਂ ਨੇ ਰਲ ਕੇ ਸਾਡਾ ਜਿਉਣਾ ਹਰਾਮ ਕਰ ਦਿੱਤਾ ਸੀ। 'ਆਪੇ ਅੱਗ ਲਾਈ ਆਪੇ ਸੇਕੀ।' ਬੱਚੇ, ਬੁੱਢੇ ਬਿਮਾਰ ਹੋਏ ਹਸਪਤਾਲਾਂ ਵਿਚ ਪਹੁੰਚੇ। ਕਿਹੜੇ ਹਸਪਤਾਲਾਂ ਵਿਚ? ਜਿੱਥੇ ਦਸ ਰੁਪਏ ਦੀ ਪਰਚੀ 'ਤੇ ਮੁਫਤ ਸਲਾਹ ਮਿਲਦੀ ਹੈ ਕਿ ਇੱਥੇ ਦਵਾਈਆਂ ਨਹੀਂ ਹਨ, ਬਾਹਰੋਂ ਲੈ ਲਵੋ, ਮਸ਼ੀਨਾਂ ਖਰਾਬ ਹਨ, ਬਾਹਰੋਂ ਟੈਸਟ ਕਰਵਾ ਲਵੋ, ਡਾਕਟਰ ਸਾਹਿਬ ਪ੍ਰਦੂਸ਼ਣ ਹੋਣ ਕਾਰਨ ਬਾਹਰਲੇ ਦੇਸ਼ ਛੁੱਟੀਆਂ ਕੱਟਣ ਗਏ ਹਨ। ਬੱਸ ਫਿਰ ਮਾਰ ਖਾ ਗਏ ਅਸੀਂ ਇਥੇ। ਨਾ ਟੈਸਟ ਕਰਾ ਸਕੇ, ਨਾ ਦਵਾਈ ਲੈ ਸਕੇ। ਸੜਕਾਂ 'ਤੇ ਧੁੰਦ ਵਰਗੇ ਧੂੰਏਂ ਨੇ ਸਾਡੇ ਬੱਚਿਆਂ ਦਾ ਸਕੂਲਾਂ-ਕਾਲਜਾਂ ਅਤੇ ਕੰਮਾਂ-ਧੰਦਿਆਂ 'ਤੇ ਜਾਣਾ ਦੁੱਭਰ ਕਰ ਦਿੱਤਾ। ਹਰ ਮਾਂ ਨੇ ਸੀਨੇ 'ਤੇ ਹੱਥ ਧਰ ਕੇ ਬੱਚਿਆਂ ਲਈ ਦੁਆਵਾਂ ਮੰਗੀਆਂ ਕਿ ਰੱਬਾ ਸੁੱਖ-ਸਾਂਦ ਨਾਲ ਬੱਚੇ ਘਰ ਵਾਪਸ ਆਉਣ।
ਸਰਕਾਰ ਤੇਲ ਦੇ ਵਪਾਰੀ ਨਾਲ ਗੱਲ ਕਰਕੇ ਕਿਸਾਨਾਂ ਨੂੰ ਕਿੱਲਿਆਂ ਦੇ ਹਿਸਾਬ ਨਾਲ ਸਸਤਾ ਤੇਲ ਦੇਵੇ। ਜੇ ਜੀਓ ਵਰਗੇ ਫੋਨਾਂ 'ਤੇ ਡਾਟਾ ਫਰੀ ਮਿਲ ਸਕਦਾ ਹੈ ਤਾਂ ਕੀ ਉਸੇ ਹੀ ਕੰਪਨੀ ਵਲੋਂ ਤੇਲ 'ਤੇ ਵੀ ਵੱਡੀ ਰਿਆਇਤ ਨਹੀਂ ਦਿੱਤੀ ਜਾ ਸਕਦੀ? 'ਨਾਲੇ ਪੁੰਨ ਨਾਲੇ ਫਲੀਆਂ।' ਦੂਸਰੀ ਗੱਲ ਸਰਕਾਰਾਂ ਲੋਹੇ ਦੇ ਕਾਰਖਾਨੇਦਾਰਾਂ ਨਾਲ ਬੈਠ ਕੇ ਕਿਸਾਨਾਂ ਨੂੰ ਖੇਤੀ ਦੇ ਸੰਦ ਵੱਡੀ ਰਿਆਇਤ 'ਤੇ ਦੇਣ। ਸੰਸਦ ਮੈਂਬਰ, ਵਿਧਾਇਕ ਆਪਣੇ ਇਲਾਕਿਆਂ ਦੇ ਕਿਸਾਨਾਂ ਨੂੰ ਦੋ-ਦੋ ਮਹੀਨੇ ਦੀ ਤਨਖਾਹ ਦਾ ਤੇਲ ਪਵਾ ਕਿ ਟਰੈਕਟਰ ਪਿੰਡਾਂ ਵਿਚ ਪਰਾਲੀ ਵਾਹੁਣ ਲਈ ਭੇਜੇ। ਇਕ-ਦੋ ਫ਼ਸਲਾਂ ਤੱਕ ਕਿਸਾਨਾਂ ਦੀ ਹਾਲਤ ਸ਼ਾਇਦ ਚੰਗੀ ਹੋ ਜਾਵੇਗੀ। ਸਮਾਂ ਰਹਿੰਦੇ ਇਹ ਸਭ ਸੋਚਣਾ ਚਾਹੀਦਾ ਹੈ। ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਬਾਰੇ ਅੰਦਾਜ਼ਾ ਲਗਾ ਹੀ ਸਕਦੇ ਹਾਂ ਕਿ ਪਟਾਕਿਆਂ ਦਾ ਸ਼ੋਰ ਅਤੇ ਪਰਾਲੀ ਸਾਡੇ ਪੰਜਾਬ ਦੀ ਕੀ ਸਥਿਤੀ ਬਣਾ ਦੇਣਗੇ। ਸਾਨੂੰ ਸਭ ਨੂੰ, 'ਮੈਨੂੰ ਕੀ?' ਨਹੀਂ, ਸਗੋਂ 'ਇਹ ਪੰਜਾਬ ਮੇਰਾ ਹੈ', ਇਹ ਸੋਚਣਾ ਪਵੇਗਾ, ਤਾਂ ਹੀ ਇਹ ਸਾਡਾ ਪੰਜਾਬ ਸੋਹਣਾ ਬਣਿਆ ਰਹੇਗਾ ਤੇ ਅਸੀਂ ਮਾਣ ਨਾਲ ਕਹਿ ਸਕਾਂਗੇ ਇਹ ਪੰਜਾਬ ਸਾਡਾ ਹੈ।

-ਮੋਗਾ। ਮੋਬਾ: 94656-06210

ਮਾਂ ਨੂੰ ਸਾੜਦੇ 'ਧਰਤੀ' ਪੁੱਤਰ

ਪੂਰੇ ਬ੍ਰਹਿਮੰਡ ਵਿਚ ਧਰਤੀ ਹੀ ਇਕ ਅਜਿਹਾ ਇਕਲੌਤਾ ਗ੍ਰਹਿ ਹੈ, ਜਿਥੇ ਜਿਉਣ ਲਈ ਸਭ ਹਾਲਤਾਂ ਅਨੁਕੂਲ ਹਨ। ਇਸ ਧਰਤੀ ਨੂੰ ਗੁਰਬਾਣੀ ਵਿਚ 'ਮਾਤਾ ਧਰਤ ਮਹਤੁ' ਨਾਲ ਵਡਿਆਇਆ ਗਿਆ ਹੈ। ਇਸ ਦੀ ਕੁੱਖ ਤੋਂ ਮਨੁੱਖ ਦੇ ਖਾਣ-ਪੀਣ ਤੇ ਭੋਗਣ ਲਈ ਅਨੇਕਾਂ ਪਦਾਰਥ ਪੈਦਾ ਕੀਤੇ ਜਾਂਦੇ ਹਨ ਪਰ ਅਫਸੋਸ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਜੋ ਸਿਲਸਿਲਾ ਸ਼ੁਰੂ ਹੁੰਦਾ ਹੈ, ਉਸ ਨਾਲ ਧਰਤੀ ਦੀ ਹਿੱਕ ਸੜਦੀ-ਬਲਦੀ ਹੋਈ ਜਿਥੇ ਲੱਖਾਂ ਟਨ ਜ਼ਹਿਰੀਲੀ ਗੈਸ ਨੂੰ ਵਾਤਾਵਰਨ ਵਿਚ ਘੋਲਦੀ ਹੈ, ਉਥੇ ਹੀ ਹਜ਼ਾਰਾਂ ਦੀ ਸੰਖਿਆ ਵਿਚ ਧਰਤੀ 'ਤੇ ਚੱਲਣ ਵਾਲੇ ਬੇਜ਼ੁਬਾਨੇ ਪੰਛੀ ਕੀੜੇ-ਮਕੌੜੇ, ਬਨਸਪਤੀ, ਦਰੱਖਤ ਤੋਂ ਹਰਿਆਵਲ ਵੀ ਇਸ ਦੀ ਲਪੇਟ ਵਿਚ ਆਏ ਬਿਨਾਂ ਨਹੀਂ ਰਹਿੰਦੀ। ਖੇਤੀਬਾੜੀ ਤੇ ਪ੍ਰਦੂਸ਼ਣ ਵਿਭਾਗ ਤੋਂ ਯੋਗ ਸਾਧਨਾਂ ਦੀ ਘਾਟ ਵੀ ਇਸ ਸਮੱਸਿਆ ਨੂੰ ਹੋਰ ਪਲੀਤਾ ਲਗਾਉਂਦੀ ਹੈ। ਕਿਸਾਨੀ ਜੋ ਕਿ ਪਹਿਲਾਂ ਹੀ ਆਰਥਿਕ ਮੁਹਾਜ਼ 'ਤੇ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ, ਅਗਲੀ ਫਸਲ ਦੀ ਕਾਹਲੀ ਵਿਚ ਅਜਿਹੇ ਵਰਤਾਰੇ ਨੂੰ ਹੋਰ ਵਧਾ ਰਹੀ ਹੈ। ਅੱਜ ਜਦੋਂ ਸੰਸਾਰ ਵਿਚ ਮੌਸਮ ਦੇ ਬਦਲਾਅ ਤੇ ਆਲਮੀ ਤਪਸ਼ ਪ੍ਰਤੀ ਵਿਗਿਆਨਕ ਤੇ ਚਿੰਤਕ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਘਾਤਕ ਦੱਸ ਰਹੇ ਹਨ ਤਾਂ ਦੂਜੇ ਪਾਸੇ ਅਸੀਂ ਇਸ ਗੰਭੀਰ ਸਮੱਸਿਆ ਪ੍ਰਤੀ ਅੱਖਾਂ ਮੀਚੀ ਬੈਠੇ ਹਾਂ। ਭਾਵੇਂ ਮਸ਼ੀਨੀਕਰਨ ਦੇ ਦੌਰ ਵਿਚ ਅਸੀਂ ਇਸ ਵਰਤਾਰੇ ਨਾਲ ਚਾਂਦੀ ਦੀਆਂ ਚੰਦ ਛਿੱਲੜਾਂ ਜ਼ਰੂਰ ਕਮਾ ਲੈਂਦੇ ਹਾਂ ਪਰ ਸਿਹਤ ਤੇ ਕੁਦਰਤੀ ਸੋਮਿਆਂ ਤੋਂ ਸਾਲ-ਦਰ-ਸਾਲ ਕੱਖੋਂ ਹੌਲੀ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਗੰਦਾ ਕਰਦੇ ਜਾ ਰਹੇ ਹਾਂ। ਇਸ ਧਰਤੀ 'ਤੇ ਕੇਵਲ ਮਨੁੱਖ ਦਾ ਹੀ ਹੱਕ ਨਹੀਂ ਹੈ, ਬਾਕੀ ਜੀਵ-ਜੰਤੂਆਂ ਦਾ ਵੀ ਹੈ। ਸੋ, ਸਰਕਾਰ, ਸਮਾਜ ਤੇ ਕਿਸਾਨਾਂ ਨੂੰ ਮਿਲ ਕੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਸਿਲਸਿਲਾ ਹਰ ਹਾਲਤ ਵਿਚ ਰੋਕਣਾ ਹੋਵੇਗਾ, ਜੇਕਰ ਸਮਾਂ ਰਹਿੰਦੇ ਨੂੰ ਇਸ ਵਰਤਾਰੇ ਨੂੰ ਠੱਲ੍ਹ ਨਾ ਪਾਈ ਤਾਂ ਸਾਰੀ ਮਨੁੱਖਤਾ ਹੀ ਖ਼ਤਰੇ ਵਿਚ ਪੈ ਜਾਵੇਗੀ।

-ਪਿੰਡ ਤੇ ਡਾਕ: ਹਰਸਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
jiwansharma24091977@gmail.com

ਸਕੂਲੀ ਪੜ੍ਹਾਈ ਸਬੰਧੀ ਜ਼ਰੂਰੀ ਮਸਲਿਆਂ ਦਾ ਠੋਸ ਹੱਲ ਲੱਭਣ ਸਰਕਾਰਾਂ

ਯੂਰਪ ਦੇਸ਼ਾਂ ਦੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਉੱਥੇ ਸਿਹਤ ਅਤੇ ਸਿੱਖਿਆ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਇਸ ਗੱਲ ਤੋਂ ਅਸੀਂ ਬਾਖ਼ੂਬੀ ਜਾਣੂ ਹਾਂ ਕਿ ਜਿਥੇ ਸਿਹਤ ਅਤੇ ਸਿੱਖਿਆ ਦੀਆਂ ਨੀਂਹਾਂ ਮਜ਼ਬੂਤ ਹਨ, ਉਹ ਦੇਸ਼ ਕਦੇ ਨਹੀਂ ਡੋਲਦੇ। ਆਜ਼ਾਦੀ ਦੇ ਲਗਪਗ 70 ਸਾਲ ਬੀਤ ਜਾਣ 'ਤੇ ਸਾਡੇ ਦੇਸ਼ ਦੇ ਜ਼ਿਆਦਾਤਰ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਉਹ ਆਪਣੀਆਂ ਇਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਲਈ ਦਿਨ-ਰਾਤ ਦਿਹਾੜੀ-ਮਜ਼ਦੂਰੀ ਕਰਦੇ ਹਨ। ਕਈ ਵਾਰ ਤਾਂ ਉਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਘਰ-ਬਾਰ ਅਤੇ ਪਿੰਡ-ਸ਼ਹਿਰ ਛੱਡ ਕੇ ਦੂਰ-ਦੁਰਾਡੇ ਹੋਰ ਜ਼ਿਲ੍ਹਿਆਂ ਜਾਂ ਸੂਬਿਆਂ 'ਚ ਜਾਣਾ ਪੈਂਦਾ ਹੈ। ਜਿਸ ਤਰ੍ਹਾਂ ਮਾਲਵੇ ਦੇ ਝੋਨੇ ਹੇਠਲੇ ਰਕਬੇ ਵਾਲੇ ਜ਼ਿਲ੍ਹਿਆਂ ਦੇ ਲੋਕ ਹਰ ਸਾਲ ਨਰਮਾ ਚੁਗਣ ਲਈ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਇਨ੍ਹਾਂ ਦੀਆਂ ਹੱਦਾਂ ਨਾਲ ਲੱਗਦੇ ਪੰਜਾਬ ਦੇ ਪਿੰਡਾਂ 'ਚ ਪਰਿਵਾਰ ਸਮੇਤ ਜਾਂਦੇ ਹਨ। ਇਸ ਕਰਕੇ ਉਹ ਆਪਣੇ ਸਕੂਲ ਪੜ੍ਹਦੇ ਬੱਚਿਆਂ ਨੂੰ ਬਿਨਾਂ ਦੱਸੇ ਆਪਣੇ ਨਾਲ ਲੈ ਜਾਂਦੇ ਹਨ। ਸਕੂਲ 'ਚ ਦੱਸਣਾ ਜਾਂ ਛੁੱਟੀਆਂ ਲੈਣੀਆਂ ਉਹ ਇਸ ਲਈ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਜ਼ਰੂਰੀ ਸਿੱਖਿਆ ਕਾਨੂੰਨ ਅਨੁਸਾਰ ਅੱਠਵੀਂ ਤੱਕ ਸਕੂਲ ਪੜ੍ਹਦੇ ਬੱਚਾ ਦਾ ਨਾਂਅ ਕੱਟਣ ਤੋਂ ਅਧਿਆਪਕ ਮਜਬੂਰ ਅਤੇ ਬੇਵੱਸ ਹਨ। ਇਸ ਤਰ੍ਹਾਂ ਪੜ੍ਹਾਈ ਤੋਂ ਪਹਿਲਾਂ ਹੀ ਕੋਰੇ ਬੱਚੇ ਲਗਪਗ ਚਾਰ ਮਹੀਨੇ ਬਿਲਕੁਲ ਹੀ ਸਕੂਲਾਂ ਨਾਲੋਂ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਖਾਸਕਰ ਲੜਕੀਆਂ ਵੀ ਆਪਣੇ ਮਾਪਿਆਂ ਨਾਲ ਜਾਂਦੀਆਂ ਹਨ। ਕਿਉਂਕਿ ਮਾਪਿਆਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਉਹ ਆਪਣੀਆਂ ਨੌਜਵਾਨ ਧੀਆਂ ਨੂੰ ਅੱਜ ਦੇ ਜ਼ਮਾਨੇ ਵਿਚ ਕਿਸੇ ਆਸਰੇ ਨਹੀਂ ਛੱਡ ਸਕਦੇ। ਗਰੀਬ ਲੋਕਾਂ ਦੇ ਪਾਪੀ ਪੇਟ ਦੇ ਸਵਾਲ ਖ਼ਾਤਰ ਸਾਡੇ ਦੇਸ਼ ਤੇ ਖਾਸ ਕਰ ਪੰਜਾਬ ਦਾ ਭਵਿੱਖ ਹੋਰ ਧੁੰਦਲਾ ਹੁੰਦਾ ਜਾ ਰਿਹਾ ਹੈ, ਕਿਉਂਕਿ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਸਰਕਾਰੀ ਨੀਤੀ ਨੇ ਪਹਿਲਾਂ ਹੀ ਸਾਡਾ ਸਿੱਖਿਆ ਢਾਂਚਾ ਤਬਾਹ ਕਰ ਦਿੱਤਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਪਹਿਲਾਂ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਆਰਥਿਕ ਪੱਖੋਂ ਪਛੜੇ ਲੋਕਾਂ ਦੇ ਅਖੌਤੀ ਪੜ੍ਹੇ-ਲਿਖੇ ਬੱਚੇ ਨਸ਼ੇ, ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣਗੇ, ਕਿਉਂਕਿ ਉਨ੍ਹਾਂ ਕੋਲ ਸਿਰਫ ਕਾਗਜ਼ੀ ਸਰਟੀਫਿਕੇਟ ਤਾਂ ਭਾਵੇਂ ਹੋਣ ਪਰ ਅਸਲ ਗਿਆਨ ਤੋਂ ਵਿਹੂਣੇ ਹੋਣ ਕਾਰਨ ਕੋਈ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਸਰਕਾਰੀ ਨੌਕਰੀ ਲੈਣ ਦੇ ਸਮਰੱਥ ਨਹੀਂ ਹੋਣਗੇ ਅਤੇ ਲੜਕੀਆਂ ਵੀ ਇਸ ਦੁਖਾਂਤ ਦੀਆਂ ਮਾਰੀਆਂ ਅਮੀਰ ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਲਾਉਣ ਜੋਗੀਆਂ ਹੀ ਰਹਿ ਜਾਣਗੀਆਂ। ਇਸ ਲਈ ਡਿਜੀਟਲ ਇੰਡੀਆ ਦੇ ਸੁਪਨੇ ਦਿਖਾੳਣ ਅਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਨੂੰ ਸਿੱਖਿਆਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਕੂਲੀ ਪੜ੍ਹਾਈ ਸਬੰਧੀ ਜ਼ਰੂਰੀ, ਮਜਬੂਰੀ ਅਤੇ ਬੇਵੱਸੀ ਦੇ ਮਸਲੇ ਦਾ ਕੋਈ ਠੋਸ ਹੱਲ ਲੱਭਣਾ ਚਾਹੀਦਾ ਹੈ। ਇਹ ਹੱਲ ਏ. ਸੀ. ਦਫ਼ਤਰਾਂ 'ਚ ਬੈਠ ਕੇ ਨਹੀਂ ਲੱਭੇ ਜਾਣੇ, ਇਸ ਲਈ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਗਰੀਬ ਬਸਤੀਆਂ ਤੱਕ ਪਹੁੰਚ ਕਰਨੀ ਪਵੇਗੀ।

-ਬਰਗਾੜੀ (ਫਰੀਦਕੋਟ)। ਮੋਬਾ: 99145-30330

'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦੇ ਨਾਂਅ ਹੇਠ ਹੋ ਰਹੀ ਠੱਗੀ

ਪੰਜਾਬ ਹੀ ਨਹੀਂ, ਪੂਰੇ ਭਾਰਤ ਦੇ ਬਹੁਗਿਣਤੀ ਲੋਕ ਮਾੜੀ ਆਰਥਿਕ ਹਾਲਤ ਨਾਲ ਜੂਝ ਰਹੇ ਹਨ। ਬਹੁਤਾ ਤਬਕਾ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੁੱਢਲੀਆਂ ਲੋੜਾਂ ਤੋਂ ਵੀ ਵਾਂਝਾ ਹੈ। ਆਜ਼ਾਦੀ ਤੋਂ ਬਾਅਦ ਲਗਾਤਾਰ ਦੇਸ਼ ਅੰਦਰ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਹਨ। ਮਹਿੰਗਾਈ ਦੀ ਮਾਰ ਨੇ ਲੋਕਾਂ ਦੀਆਂ ਚੀਕਾਂ ਕਢਾ ਰੱਖੀਆਂ ਹਨ। ਡੀਜ਼ਲ, ਪੈਟਰੋਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਵੋਟਾਂ ਲੈਣ ਵੇਲੇ ਸਰਕਾਰਾਂ ਵੱਡੇ-ਵੱਡੇ ਵਾਅਦੇ ਤੇ ਦਾਅਵੇ ਆਪਣੇ ਚੋਣ ਮੈਨੀਫੈਸਟੋ ਰਾਹੀਂ ਲੋਕਾਂ ਨਾਲ ਕਰਦੀਆਂ ਹਨ, ਪਰ ਵੋਟਾਂ ਲੈ ਕੇ ਦੇਸ਼ ਅਤੇ ਸੂਬਿਆਂ ਦੇ ਸਿਆਸੀ ਲੋਕ ਆਮ ਲੋਕਾਂ ਦੀ ਸਾਰ ਤੱਕ ਨਹੀਂ ਲੈਂਦੇ। ਸਿਰਫ ਸਿਆਸੀ ਦਰਬਾਰਾਂ ਤੋਂ ਲੋਕ ਹਿੱਤ ਯੋਜਨਾਵਾਂ ਅਤੇ ਨੀਤੀਆਂ ਬਣਦੀਆਂ ਅਤੇ ਐਲਾਨੀਆਂ ਜਾਂਦੀਆਂ ਹਨ, ਜਿਨ੍ਹਾਂ 'ਤੇ ਛੇਤੀ-ਛੇਤੀ ਜ਼ਿਲ੍ਹਾ ਪ੍ਰਸ਼ਾਸਨ ਅਮਲ ਨਹੀਂ ਕਰਦਾ ਅਤੇ ਨਾ ਹੀ ਲੋਕਾਂ ਨੂੰ ਸਕੀਮਾਂ ਬਾਰੇ ਜਾਗਰੂਕ ਕਰਦਾ ਹੈ, ਜਿਸ ਕਾਰਨ ਲੋਕਾਂ ਨੂੰ ਲੁੱਟਣ ਦੀ ਤਾਕ ਵਿਚ ਬੈਠੇ ਏਜੰਟ, ਦਲਾਲ ਆਦਿ ਕਰੋੜਾਂ ਦੀ ਠੱਗੀਆਂ ਮਾਰ ਕੇ ਰਫੂਚੱਕਰ ਹੋ ਜਾਂਦੇ ਹਨ।
ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ ਅੰਦਰ ਲੋਕਾਂ ਨੂੰ ਨਵਾਂ ਘਰ ਬਣਾਉਣ, ਘਰ ਦੀ ਮੁਰੰਮਤ ਅਤੇ ਹੋਰ ਲਘੂ ਉਦਯੋਗਾਂ ਲਈ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਨਾਂਅ ਦੀ ਸਕੀਮ ਚਲਾਈ ਗਈ ਹੈ, ਜਿਸ ਨੂੰ ਆਧੁਨਿਕ ਤਕਨੀਕ ਰਾਹੀਂ ਭਾਵ ਆਨਲਾਈਨ ਪੱਤਰ ਭਰ ਕੇ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਹੈ। ਲੋਨ ਲੈਣ ਲਈ ਵਿਅਕਤੀ ਘਰ ਬੈਠੇ ਆਪਣੇ ਇੰਟਰਨੈੱਟ ਦੇ ਜ਼ਰੀਏ ਫਾਰਮ ਅਪਲਾਈ ਕਰ ਸਕਦਾ ਹੈ ਜਾਂ ਕਿਸੇ ਵੀ ਸਰਕਾਰੀ ਸੇਵਾ ਕੇਂਦਰ ਵਿਚ ਨਾ ਮਾਤਰ ਫੀਸ ਭਰ ਕੇ ਅਪਲਾਈ ਕਰ ਸਕਦਾ ਹੈ। ਮਾੜੀ ਆਰਥਿਕਤਾ ਕਾਰਨ ਲੋਕਾਂ ਅੰਦਰ ਉਕਤ ਸਕੀਮ ਤਹਿਤ ਲੋਨ ਕਰਵਾਉਣ ਦੀ ਹੋੜ ਲੱਗੀ ਹੋਈ ਹੈ, ਕਿਉਂਕਿ ਆਵਾਸ ਯੋਜਨਾ ਅੰਦਰ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਜੇ ਦੇਖਿਆ ਜਾਵੇ ਤਾਂ ਲੋਕਾਂ ਲਈ ਘਰ ਬਣਾਉਣ ਦਾ ਇਹ ਵਧੀਆ ਮੌਕਾ ਵੀ ਹੈ। ਪਰ ਇਸ ਯੋਜਨਾ ਦੇ ਸ਼ੁਰੂ ਹੁੰਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਏਜੰਟਾਂ ਅਤੇ ਦਲਾਲਾਂ ਨੇ ਵੀ ਪੈਰ ਪਸਾਰ ਲਏ ਹਨ। ਏਜੰਟਾਂ ਵਲੋਂ ਸ਼ਹਿਰਾਂ ਅੰਦਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵੱਡੇ-ਵੱਡੇ ਬੋਰਡ ਲਗਾ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ ਅੰਦਰ ਏਜੰਟਾਂ ਨੇ ਆਪਣੇ ਬੰਦੇ ਛੱਡ ਰੱਖੇ ਹਨ, ਜੋ ਲੋਕਾਂ ਨੂੰ ਗੁੰਮਰਾਹ ਕਰਕੇ ਲਿਆਉਂਦੇ ਹਨ। ਲੋਨ ਅਪਲਾਈ ਫਾਰਮ ਦੀ ਜਿਹੜੀ ਫੀਸ ਨਾਮਾਤਰ ਹੈ, ਉਸੇ ਫਾਰਮ ਅਪਲਾਈ ਲਈ ਏਜੰਟ 2 ਤੋਂ 3 ਹਜ਼ਾਰ ਰੁਪਏ ਪ੍ਰਤੀ ਗਾਹਕ ਵਸੂਲ ਰਹੇ ਹਨ।
ਸਭ ਤੋਂ ਅਹਿਮ ਗੱਲ ਹੈ ਕਿ ਵਸੂਲੀ ਫੀਸ ਦੀ ਕੋਈ ਰਸੀਦ ਵੀ ਨਹੀਂ ਦਿੱਤੀ ਜਾ ਰਹੀ ਹੈ। ਜਿੱਥੇ ਏਜੰਟ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ, ਉਥੇ ਹੀ ਪਹਿਲਾਂ ਤੋਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਉਕਤ ਏਜੰਟਾਂ ਦੀ ਲੁੱਟ ਤੋਂ ਬਾਅਦ ਜਦੋਂ ਅਪਲਾਈ ਫਾਰਮ ਬੈਂਕ ਵਿਚ ਚਲਾ ਜਾਂਦਾ ਹੈ ਤਾਂ ਬੈਂਕ ਗਾਹਕ ਨੂੰ ਜ਼ਰੂਰੀ ਕਾਗਜ਼ਾਤ ਅਤੇ ਬਿੱਲ ਲਿਆਉਣ ਲਈ ਕਹਿੰਦੀ ਹੈ। ਜਾਅਲੀ ਬਿੱਲ ਉਪਲਬਧ ਕਰਵਾਉਣ ਦੇ ਫਿਰ ਤੋਂ ਏਜੰਟ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਲੈਂਦਾ ਹੈ। ਪਰ ਅੱਗੇ ਜਾ ਕੇ ਉਹ ਬਿੱਲ ਬੈਂਕ ਦੇ ਨਿਯਮਾਂ 'ਤੇ ਖਰੇ ਨਹੀਂ ਉਤਰਦੇ, ਜਿਸ ਕਾਰਨ ਲੋਨ ਪਾਸ ਨਹੀਂ ਹੁੰਦਾ ਤੇ ਗਾਹਕ ਏਜੰਟਾਂ ਹੱਥੋਂ ਲੁੱਟ ਦਾ ਸ਼ਿਕਾਰ ਹੋ ਥੱਕ-ਹਾਰ ਘਰੇ ਬੈਠ ਜਾਂਦਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤ ਕਰੇ ਕਿ ਉਹ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਯੋਜਨਾ ਨੂੰ ਲੋਕਾਂ ਤੱਕ ਸਹੀ ਮਾਇਨੇ ਵਿਚ ਪਹੁੰਚਾਵੇ, ਤਾਂ ਜੋ ਘਰਾਂ ਅਤੇ ਰੁਜ਼ਗਾਰ ਤੋਂ ਵਿਹੂਣੇ ਲੋਕ ਸਕੀਮ ਦਾ ਸਹੀ ਲਾਭ ਲੈ ਸਕਣ।

-ਮੋਬਾ: 98726-71446

ਅਚਨਚੇਤੀ ਛੁੱਟੀ ਨਾਲ ਗੜਬੜਾ ਜਾਂਦੇ ਨੇ ਰੋਜ਼ਮਰ੍ਹਾ ਦੇ ਕੰਮਕਾਜ

ਕਈ ਵਾਰ ਅਣਸੁਖਾਵੀਆਂ ਘਟਨਾਵਾਂ ਦੇ ਵਾਪਰਨ ਦੀ ਭਵਿੱਖਬਾਣੀ ਕਾਰਨ ਜਾਂ ਫਿਰ ਨਾ ਟਾਲਣਯੋਗ ਹਾਲਤਾਂ/ਸੰਕਟ ਕਾਰਨ ਅਚਨਚੇਤ ਛੁੱਟੀਆਂ ਦਾ ਮਜਬੂਰੀ ਵੱਸ ਐਲਾਨ ਵੀ ਕਰਨਾ ਪੈ ਜਾਂਦਾ ਹੈ, ਜੋ ਬਰਦਾਸ਼ਤ ਕਰਨਾ ਹੀ ਪੈਂਦਾ ਹੈ ਪਰ ਕਈ ਵਾਰ ਖੇਤਰੀ ਸਰਕਾਰਾਂ ਵਲੋਂ ਆਪਣੇ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕਿਸੇ ਨਾ ਕਿਸੇ ਖਾਸ ਭਾਈਚਾਰੇ ਨੂੰ ਖੁਸ਼ ਕਰਨ ਲਈ ਉਸ ਨਾਲ ਸਬੰਧਤ ਖਾਸ ਇਤਿਹਾਸਕ ਦਿਹਾੜਿਆਂ 'ਤੇ ਰਾਤੋ-ਰਾਤ ਛੁੱਟੀ ਦਾ ਅਚਾਨਕ ਐਲਾਨ ਕਰ ਦਿੱਤਾ ਜਾਂਦਾ ਹੈ। ਪ੍ਰਚੱਲਤ ਇਸ ਨਾਕਾਰਾਤਮਿਕ ਰੁਝਾਨ ਨਾਲ ਕਾਫੀ ਕੁਝ ਡਾਵਾਂਡੋਲ ਹੋ ਜਾਂਦਾ ਹੈ। ਵਿਭਾਗਾਂ ਵਲੋਂ ਉਲੀਕੇ ਕੰਮਕਾਜੀ ਪ੍ਰੋਗਰਾਮ ਨੂੰ ਅੱਗੇ ਪਾਉਣ ਨਾਲ ਅਗਲਾ ਸਾਰਾ ਕੰਮਕਾਰ ਹੀ ਵਿਗੜ ਜਾਂਦਾ ਹੈ। ਅਚਾਨਕ ਦਫਤਰਾਂ ਦੀ ਹੋਈ ਤਾਲਾਬੰਦੀ ਕੰਮ ਕਰਾਉਣ ਲਈ ਆਏ ਲੋਕਾਂ ਦਾ ਮੂੰਹ ਚਿੜਾਉਂਦੀ ਹੋਈ ਨਿਰਾਸ਼ਾ ਦਾ ਆਲਮ ਵੀ ਸਿਰਜ ਦਿੰਦੀ ਹੈ। ਛੁੱਟੀ ਦੇ ਇਸ ਅਚਾਨਕ ਐਲਾਨਨਾਮੇ ਨਾਲ ਸਿੱਖਿਆ ਸੰਸਥਾਵਾਂ ਦਾ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਥੋਂ ਤੱਕ ਕਿ ਕਈ ਵਾਰ ਤਾਂ ਪ੍ਰੀਖਿਆਵਾਂ ਵੀ ਰੱਦ ਕਰਨੀਆਂ ਪੈ ਜਾਂਦੀਆਂ ਹਨ। ਆਮ ਕਰਕੇ ਸਾਡੇ ਦੇਸ਼ ਨੂੰ ਛੁੱਟੀਆਂ ਨੂੰ ਵਧੇਰੇ ਤਰਜੀਹ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਸ਼ਾਇਦ ਇਸ ਮਨੌਤ ਨੂੰ ਤੋੜਨ ਲਈ ਕਈ ਖੇਤਰੀ ਸਰਕਾਰਾਂ ਛੁੱਟੀ ਤੰਤਰ ਨੂੰ ਘਟਾਉਣ ਦੇ ਯਤਨ ਵਜੋਂ ਕੁਝ ਗੈਰ-ਜ਼ਰੂਰੀ ਛੁੱਟੀਆਂ ਮੰਨ ਕੇ ਛੁੱਟੀਆਂ ਦੀ ਸੂਚੀ ਵਿਚੋਂ ਬੇਤੁਕੀਆਂ ਛੁੱਟੀਆਂ ਕੱਟਣ ਦੀ ਹਿੰਮਤ ਤਾਂ ਕਰ ਲੈਂਦੀਆਂ ਹਨ ਪਰ ਜਦ ਇਹ ਕਟੀਆਂ ਛੁੱਟੀਆਂ ਨੂੰ ਲਾਗੂ ਕਰਨ ਜਾਣੀ ਦਫਤਰ/ਵਿਭਾਗ ਦੇ ਕੰਮਕਾਜ ਚਾਲੂ ਰੱਖਣ ਦਾ ਵੇਲਾ ਆਉਂਦਾ ਹੈ ਤਾਂ ਛੁੱਟੀ ਦਾ ਅਚਨਚੇਤ ਐਲਾਨ ਕਰਕੇ ਲੋਕਾਂ ਦੀ ਖੱਜਲ-ਖੁਆਰੀ ਵਿਚ ਵਾਧਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ। ਸੋ, ਛੁੱਟੀਆਂ ਦੀ ਸੂਚੀ ਜਾਰੀ ਕਰਨ ਸਮੇਂ ਹੀ ਇਤਿਹਾਸਕ ਦਿਹਾੜਿਆਂ ਦੀ ਮਹਾਨਤਾ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਤਾਂ ਕਿ ਬਾਅਦ ਵਿਚ ਅਚਨਚੇਤੀ ਛੁੱਟੀ ਕਰਨੀ ਹੀ ਨਾ ਪਵੇ। ਪਰ ਜੇ ਛੁੱਟੀਆਂ ਦੀ ਸੂਚੀ ਵਿਚੋਂ ਬੇਤੁਕੀਆਂ ਛੁੱਟੀਆਂ ਕੱਟਣ ਦੀ ਹਿੰਮਤ ਕਰ ਹੀ ਲਈ ਜਾਂਦੀ ਹੈ ਤਾਂ ਇਸ ਉੱਪਰ ਪਹਿਰਾ ਦਿੱਤਾ ਜਾਏ, ਨਾ ਕਿ ਵੋਟ ਬੈਂਕ ਦੇ ਦਬਾਅ ਅੱਗੇ ਗੋਡੇ ਟੇਕਦਿਆਂ ਛੁੱਟੀ ਦਾ ਅਚਨਚੇਤੀ ਐਲਾਨ ਕਰ ਦਿੱਤਾ ਜਾਏ। ਸੋ, ਇਤਿਹਾਸਕ ਦਿਹਾੜਿਆਂ 'ਤੇ ਛੁੱਟੀ ਦੀ ਜਗ੍ਹਾ ਉਸ ਦਿਨ ਇਤਿਹਾਸਕ ਮਹਾਨਤਾ ਨੂੰ ਸਮਝਣ-ਸਮਝਾਉਣ ਲਈ ਕੁਝ ਸਮਾਂ ਵਿਚਾਰ ਗੋਸ਼ਟੀ 'ਤੇ ਲਾ ਕੇ ਬਾਕੀ ਸਮਾਂ ਕੰਮਕਾਜ 'ਤੇ ਲਾਉਣ ਦੀ ਪਿਰਤ ਪਾਉਣ ਨੂੰ ਤਰਜੀਹ ਦੇਣ ਵਰਗੇ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ।

-ਜ਼ਿਲ੍ਹਾ ਅੰਮ੍ਰਿਤਸਰ।

ਵਟਸਐਪ ਅਤੇ ਫੇਸਬੁੱਕ 'ਤੇ ਦਿੱਤਾ ਜਾ ਰਿਹੈ ਬਿਮਾਰ ਮਾਨਸਿਕਤਾ ਦਾ ਸਬੂਤ

ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਤਿਉਂ-ਤਿਉਂ ਇਨਸਾਨ ਵਿਗਿਆਨਕ ਖੋਜਾਂ ਦੁਆਰਾ ਕੰਮਕਾਜ, ਸੁਨੇਹੇ ਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੇਜ਼ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਜ਼ਰੀਏ ਫੇਸਬੁੱਕ ਤੇ ਵਟਸਐਪ ਜਿਹੀ ਪ੍ਰਣਾਲੀ ਚਲਾ ਦਿੱਤੀ ਗਈ, ਜਿਸ ਨਾਲ ਹਰ ਕੋਈ ਆਪਣਾ ਸੁਨੇਹਾ ਫਿਲਮੀ ਅੰਦਾਜ਼ 'ਚ ਇਕ-ਦੂਜੇ ਨੂੰ ਭੇਜ ਸਕਦਾ ਹੈ। ਵਟਸਐਪ 'ਤੇ ਸੁਨੇਹਾ ਭੇਜਣ ਦੀ ਰਫਤਾਰ ਏਨੀ ਤੇਜ਼ ਹੈ ਕਿ ਝੱਟ ਕੈਨੇਡਾ, ਅਮਰੀਕਾ ਪਹੁੰਚ ਜਾਂਦਾ ਹੈ। ਵਟਸਐਪ 'ਤੇ ਜੇ ਚੰਗੀਆਂ ਗੱਲਾਂ ਦੇਖੀਆਂ ਜਾਣ ਤਾਂ ਕੋਈ ਕਮੀ ਨਹੀਂ ਪਰ ਇਸ ਦੀ ਜ਼ਿਆਦਾ ਵਰਤੋਂ ਅਸ਼ਲੀਲ ਫਿਲਮਾਂ, ਫੋਟੋਆਂ ਤੇ ਪਾਖੰਡ ਫੈਲਾਉਣ ਲਈ ਹੋ ਰਹੀ ਹੈ। ਵਟਸਐਪ ਤੇ ਫੇਸਬੁੱਕ ਦੇ ਪਾਖੰਡ ਦੀ ਗੱਲ ਕਰੀਏ ਤਾਂ ਅਕਸਰ ਇਹੋ ਜਿਹੇ ਸੁਨੇਹੇ ਪੜ੍ਹਨ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਵਿਗਿਆਨਕ ਯੁੱਗ ਵਿਚ ਨਾ ਹੋਣ ਦਾ ਭੁਲੇਖਾ ਪੈ ਜਾਂਦਾ ਹੈ।
ਸੁਨੇਹਾ ਹੁੰਦਾ ਹੈ 'ਵਾਹਿਗੁਰੂ' ਸ਼ਬਦ। ਕਈ ਵਾਰ ਵਰਤੋਂ ਕਰਕੇ ਹੇਠਾਂ ਲਿਖਿਆ ਹੁੰਦੈ, 'ਇਹ ਸੁਨੇਹਾ ਹਜ਼ੂਰ ਸਾਹਿਬ ਤੋਂ ਆਇਆ ਹੈ ਤੇ ਤੁਸੀਂ ਅੱਗੇ ਦਸ ਲੋਕਾਂ ਨੂੰ ਭੇਜੋ, ਜੇ ਨਹੀਂ ਭੇਜਦੇ ਤਾਂ ਅਸ਼ੁੱਭ ਹੋਵੇਗਾ।' ਉਹ ਮਹਾਂਮੂਰਖ ਹਨ ਜੋ ਇਹੋ ਜਿਹਾ ਸੁਨੇਹਾ ਤਿਆਰ ਕਰਕੇ ਧੱਕੇ ਨਾਲ ਵਾਹਿਗੁਰੂ ਦਾ ਜਾਪ ਕਰਾਉਂਦੇ ਹਨ ਤੇ ਉਹ ਇਹ ਨਹੀਂ ਸਮਝਦੇ ਕਿ ਵਾਹਿਗੁਰੂ ਲਈ ਕੋਈ ਸ਼ੁੱਭ ਤੇ ਅਸ਼ੁੱਭ ਨਹੀਂ ਹੈ। ਉਹ ਤਾਂ ਸਾਨੂੰ ਭਾਣੇ ਵਿਚ ਰਹਿਣਾ ਸਿਖਾਉਂਦਾ ਹੈ। ਇਹੋ ਜਿਹੇ ਸੁਨੇਹੇ ਮੋਬਾਈਲ ਕੰਪਨੀਆਂ ਵਲੋਂ ਵੀ ਤਿਆਰ ਕਰਕੇ ਭੇਜੇ ਜਾਂਦੇ ਹਨ, ਜਿਸ ਦਾ ਕੰਪਨੀ ਨੂੰ ਫਾਇਦਾ ਹੁੰਦਾ ਹੈ। ਹੋਰ ਸੁਨੇਹਾ ਪੜ੍ਹਨ ਨੂੰ ਮਿਲਦਾ ਹੈ ਕਿ ਇਹ ਸੁਨੇਹਾ ਕਿਸੇ ਮੰਦਰ ਤੋਂ ਆਇਆ ਹੈ, ਮਾਂ ਦੀ ਕਿਰਪਾ ਹੋਵੇਗੀ, 15 ਲੋਕਾਂ ਨੂੰ ਅੱਗੇ ਭੇਜੋ। ਇਹੋ ਜਿਹੇ ਸੁਨੇਹੇ ਹਰ ਵਟਸਐਪ ਚਲਾਉਣ ਵਾਲੇ ਨੂੰ ਪੜ੍ਹਨ ਨੂੰ ਮਿਲਦੇ ਹੋਣਗੇ। ਬਿਮਾਰ ਮਾਨਸਿਕਤਾ ਇਹ ਨਹੀਂ ਸਮਝਦੀ ਕਿ ਅਸੀਂ ਕਿਉਂ ਕਿਸੇ ਧਰਮ ਦਾ ਮਜ਼ਾਕ ਉਡਾਉਂਦੇ ਹਾਂ। ਕੋਈ ਵੀ ਧਰਮ ਇਹੋ ਜਿਹਾ ਪਾਖੰਡ ਨਹੀਂ ਸਿਖਾਉਂਦਾ। ਇਹ ਸਿਰਫ ਸ਼ਰਾਰਤੀ ਤੇ ਘਟੀਆ ਸੋਚ ਦਾ ਪ੍ਰਗਟਾਵਾ ਕਰਦੇ ਹਨ। ਹੁਣ ਜੇ ਸਮਾਜਿਕ ਰਿਸ਼ਤਿਆਂ ਦੀ ਗੱਲ ਕਰਾਂ ਤਾਂ 'ਮਾਂ' ਸ਼ਬਦ ਕਈ ਵਾਰ ਲਿਖ ਕੇ ਮਾਂ ਦੀ ਸਹੁੰ ਪਾਈ ਹੁੰਦੀ ਹੈ। ਲਿਖਿਆ ਹੁੰਦਾ ਹੈ ਜੇ ਮਾਂ ਨਾਲ ਪਿਆਰ ਹੈ ਤਾਂ 20 ਲੋਕਾਂ ਨੂੰ ਭੇਜੋ। ਇਹੋ ਜਿਹੇ ਸੁਨੇਹਿਆਂ ਵਿਚ ਕੋਈ ਸਚਾਈ ਨਹੀਂ ਹੁੰਦੀ। ਮੈਨੂੰ ਜਿੰਨੇ ਸੁਨੇਹੇ ਆਉਂਦੇ, ਪਹਿਲਾਂ ਉਸ ਨੂੰ ਮਿਟਾ ਦਿੰਦਾ ਹਾਂ ਤੇ ਅੱਗੇ ਭੇਜਣ ਵਾਲੇ ਨੂੰ ਵੀ ਇਸ ਦਾ ਕਾਰਨ ਪੁੱਛਦਾ ਹਾਂ। ਇਕ ਹੋਰ ਖਾਸ ਗੱਲ, ਸੜਕ ਹਾਦਸਿਆਂ ਵਿਚ ਬੁਰੀ ਤਰ੍ਹਾਂ ਟੁਕੜੇ-ਟੁਕੜੇ ਹੋਈਆਂ ਲਾਸ਼ਾਂ ਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਅਤੇ ਵਟਸਐਪ 'ਤੇ ਪਾਈਆਂ ਜਾਂਦੀਆਂ ਹਨ। ਕੋਈ ਸੂਝਵਾਨ ਵਿਅਕਤੀ ਆਪਣੇ ਤਨ ਤੋਂ ਲਾਹ ਕੇ ਕੱਪੜਾ ਲਾਸ਼ ਉੱਤੇ ਪਾ ਦਿੰਦਾ ਹੈ। ਸ਼ਰੇਆਮ ਪਈ ਲਾਸ਼ ਨੂੰ ਸਮਝਦਾਰ ਤੇ ਸਿਆਣੇ ਲੋਕ ਲਾਸ਼ ਦੀ ਬੇਅਦਬੀ ਸਮਝਦੇ ਹਨ ਕਿ ਹੁਣ ਲਾਸ਼ ਨੂੰ ਢਕਣਾ ਜ਼ਰੂਰੀ ਹੈ ਜਾਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਉਣਾ?
ਆਖਰ ਵਿਚ ਸਹੁੰਆਂ ਪਾਉਣ ਵਾਲਿਆਂ ਨੂੰ ਇਹੀ ਸੁਨੇਹਾ ਦੇਵਾਂਗਾ ਕਿ ਜੇ ਸੁਨੇਹਾ ਅੱਗੇ ਭੇਜਣ ਦੀ ਸਹੁੰ ਹੀ ਪਾਉਣੀ ਹੈ ਤਾਂ ਇਹੋ ਜਿਹਾ ਸੁਨੇਹਾ ਤਿਆਰ ਕਰੋ, ਜੋ ਵਿਅਕਤੀ ਦਾ ਸਮਾਜਿਕ, ਮਾਨਸਿਕ, ਧਾਰਮਿਕ ਗਿਆਨ ਵਧਾਉਣ ਵਿਚ ਸਹਾਈ ਹੋਵੇ ਤੇ ਇਹੋ ਜਿਹੇ ਪਾਖੰਡ, ਝੂਠ ਨੂੰ ਵਟਸਐਪ, ਫੇਸਬੁੱਕ 'ਤੇ ਬੰਦ ਕਰਕੇ ਚੰਗੀ ਸੋਚ, ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।

-ਪਿੰਡ ਲਖਣਪੁਰ, ਤਹਿ: ਖਮਾਣੋਂ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ।
ਮੋਬਾ: 88724-88769





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX