ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ

ਸਿੱਖ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਮੌਕਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 2019'ਚ ਆ ਰਿਹਾ ਹੈ। ਇਸ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰਾਂ ਵਲੋਂ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਸਰਕਾਰ ਇਸ ਦਿਹਾੜੇ ਨੂੰ ਸਾਰੇ ਵਿਸ਼ਵ'ਚ ਮਨਾਏਗੀ। ਸ੍ਰੀਮਤੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਅੱਜ ਉਬਲਦੇ ਹੋਏ ਵਿਸ਼ਵ ਅੰਦਰ ਹਿੰਸਾ ਅਤੇ ਹੱਤਿਆ ਦਾ ਬੋਲਬਾਲਾ ਹੈ। ਧਰਮ ਅਤੇ ਮਜ਼੍ਹਬ ਦੇ ਨਾਂਅ 'ਤੇ ਕਤਲੇਆਮ ਹੋ ਰਹੇ ਹਨ। ਸ੍ਰੀਮਤੀ ਸੁਸ਼ਮਾ ਸਵਰਾਜ ਅਨੁਸਾਰ ਸਰਕਾਰ ਚਾਹੁੰਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਲਾਭ ਉਠਾ ਕੇ ਸਿੱਖ ਧਰਮ ਦੀ ਸਾਰੀ ਸਿੱਖਿਆ ਤੋਂ ਸੰਸਾਰ ਨੂੰ ਜਾਣੂ ਕਰਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਜੇ ਸਿੱਖ ਗੁਰੂਆਂ ਦੇ ਸੰਦੇਸ਼ ਨੂੰ ਸਾਰੀ ਦੁਨੀਆ'ਚ ਫੈਲਾਇਆ ਜਾਵੇ। ਇਸ ਤਰ੍ਹਾਂ ਕਰਕੇ ਭਾਰਤ ਸਰਕਾਰ ਦੁਨੀਆ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਿੱਖ ਧਰਮ ਉਹ ਧਰਮ ਹੈ ਜਿਸ ਦਾ ਆਧਾਰ ਹੈ ਕਿ ਪਰਮਾਤਮਾ ਇਕ ਹੈ। ਇਹ ਉਹ ਧਰਮ ਹੈ ਜਿਹੜਾ ਕਹਿੰਦਾ ਹੈ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਅਤੇ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ।
ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵੀ ਆਪਣੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਹੈ। ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਦੇਸ਼ ਤੋਂ ਇਲਾਵਾ ਨਿਪਾਲ ਅਤੇ ਬੰਗਲਾਦੇਸ਼'ਚ ਵੀ ਮਨਾਏਗੀ। ਦਰਅਸਲ ਸਿੱਖ ਧਰਮ ਦੇ ਪ੍ਰਚਾਰ ਦੀ ਮੁਢਲੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹੀ ਬਣਦੀ ਹੈ। ਸਰਕਾਰਾਂ ਦੀ ਤਾਂ ਇਹ ਇਕ ਮਜਬੂਰੀ ਹੈ। ਸਰਕਾਰਾਂ ਇਸ ਤਰ੍ਹਾਂ ਰਾਜਨੀਤਕ ਲਾਭ ਲੈਣ ਲਈ ਦੌੜ ਲਾਉਣ ਦੇ ਯਤਨ'ਚ ਹਨ। ਸ੍ਰੀਮਤੀ ਸੁਸ਼ਮਾ ਸਵਰਾਜ ਨੇ ਜੋ ਕੁਝ ਕਿਹਾ ਹੈ, ਉਸ ਦਾ ਇਕ-ਇਕ ਅੱਖਰ ਸੱਚਾਈ ਬਿਆਨ ਕਰਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਭਾਰਤ ਸਰਕਾਰ ਦੇ ਮਨ ਅੰਦਰ ਸਿੱਖ ਧਰਮ ਦੀ ਸਿੱਖਿਆ ਬਾਰੇ ਸੱਚਮੁੱਚ ਪਿਆਰ ਹੈ ਤਾਂ ਇਸ ਦਾ ਪ੍ਰਚਾਰ ਤੇ ਸਿੱਖੀ ਅਸੂਲਾਂ ਦਾ ਦੇਸ਼ ਅੰਦਰ ਪ੍ਰਚਾਰ ਕਿਉਂ ਨਹੀਂ ਕੀਤਾ ਜਾਂਦਾ?ਅੱਜ ਦੇਸ਼ ਅੰਦਰ ਰਾਜਨੀਤਕ ਲਾਭ ਲੈਣ ਲਈ ਰਾਜਸੀ ਪਾਰਟੀਆਂ ਵਲੋਂ ਧਰਮ ਦੇ ਨਾਂਅ 'ਤੇ ਦੰਗੇ ਕਰਾਏ ਜਾ ਰਹੇ ਹਨ। ਜਾਤ-ਪਾਤ ਅਤੇ ਧਰਮ ਦੇ ਨਾਂਅ 'ਤੇ ਲੋਕਾਂ ਅੰਦਰ ਵੰਡੀਆਂ ਪਾਉਣ ਦੇ ਯਤਨ ਹੋ ਰਹੇ ਹਨ। ਸਰਕਾਰ ਕਿਉਂ ਨਹੀਂ ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਿੱਖ ਧਰਮ ਦੇ ਸੰਦੇਸ਼ ਨੂੰ ਪ੍ਰਚਾਰ ਦਾ ਮਾਧਿਅਮ ਬਣਾਉਂਦੀ। ਸ਼ਾਇਦ ਸਰਕਾਰ ਡਰਦੀ ਹੈ ਕਿ ਉਹ ਇਸ ਤਰ੍ਹਾਂ ਕਰਕੇ 'ਧਰਮ ਨਿਰਪੱਖਤਾ' ਦੇ ਸਵਾਲ 'ਤੇ ਆਪਣੇ ਵਿਰੋਧੀਆਂ ਦੀ ਆਲੋਚਨਾ ਦਾ ਸ਼ਿਕਾਰ ਨਾ ਬਣ ਜਾਵੇ। ਇਸ ਲਈ ਸਰਕਾਰ ਸਿੱਖ ਧਰਮ ਦੇ ਗੁਣਾਂ ਦੀ ਗੱਲ ਤਾਂ ਕਰਦੀ ਹੈ, ਪਰ ਉਨ੍ਹਾਂ 'ਤੇ ਅਮਲ ਕਰਨ ਤੋਂ ਡਰਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਖ-ਸ਼ਾਂਤੀ ਤੇ ਮਾਨਵ ਕਲਿਆਣ ਲਈ ਚਾਰ ਉਦਾਸੀਆਂ ਕੀਤੀਆਂ। ਇਸ ਦੌਰਾਨ ਉਹ 12 ਵਰ੍ਹੇਘਰੋਂ ਬਾਹਰ ਰਹੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਬਾਲਾ ਤੇ ਮਰਦਾਨਾ ਸਨ। ਇਨ੍ਹਾਂ ਵਿਚੋਂ ਇਕ ਹਿੰਦੂ ਤੇ ਦੂਜਾ ਮੁਸਲਮਾਨ ਸੀ। ਗੁਰੂ ਜੀ ਨੇ ਇਸ ਤਰ੍ਹਾਂ ਆਪਸੀ ਭਾਈਚਾਰੇ ਦੀ ਆਪਣੀ ਮਿਸਾਲ ਪੇਸ਼ ਕੀਤੀ। ਉਹ ਭਾਰਤ ਅੰਦਰ ਹੀ ਨਹੀਂ ਬਲਕਿ ਦੂਜੇ ਦੇਸ਼ਾਂ'ਚ ਵੀ ਗਏ ਤੇ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ਦਾ ਹੋਕਾ ਦੁਨੀਆ ਨੂੰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੁੱਖ ਜ਼ਿੰਮੇਵਾਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ, ਕਿਉਂਕਿ ਇਹ ਸਿੱਖਾਂ ਦੀ ਆਪਣੀ ਸੰਸਥਾ ਹੈ। ਇਸ ਦਾ ਸਬੰਧ ਧਰਮ ਪ੍ਰਚਾਰ ਨਾਲ ਹੈ,ਸਰਕਾਰ ਵਾਂਗ ਰਾਜਨੀਤੀ ਨਾਲ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਦੇਸ਼ ਦੇ ਅਨੇਕਾਂ ਥਾਵਾਂ 'ਤੇ ਪਏ ਹਨ। ਜੇਕਰ ਉਨ੍ਹਾਂ ਦਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਹੋਇਆ ਤਾਂ ਉਹ ਆਪਣੇ ਮਾਨਵ ਕਲਿਆਣ ਦੀ ਸਿੱਖਿਆ ਤੇ ਸਿਧਾਂਤਾਂ ਦੇ ਪ੍ਰਚਾਰ ਲਈ ਦੇਸ਼ ਦੇ ਹਰ ਕੋਨੇਤੱਕ ਪਹੁੰਚੇ। ਜੇਕਰ ਪੂਰਬੀ ਭਾਰਤ ਦਾ ਜ਼ਿਕਰ ਕਰੀਏ ਤਾਂ ਉੱਤਰ ਪ੍ਰਦੇਸ਼'ਚ ਵਾਰਾਨਸੀ ਤੇ ਹੋਰ ਥਾਵਾਂ 'ਤੇ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹ ਮਿਲਦੇ ਹਨ। ਬਿਹਾਰ'ਚ ਗੰਗਾ ਪਾਰ ਦਾ ਇਲਾਕਾ ਇਨ੍ਹਾਂ ਪਦ ਚਿੰਨ੍ਹਾਂ ਦੀ ਛੂਹ ਨਾਲ ਪਵਿੱਤਰ ਹੋਇਆ ਹੈ।
ਬੰਗਾਲ ਦੀ ਧਰਤੀ ਨੂੰ ਗੁਰੂ ਜੀ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਨ ਦਾ ਵੀ ਮਾਣ ਪ੍ਰਾਪਤ ਹੈ। ਕੋਲਕਾਤਾ'ਚ ਸ਼ਹਿਰ ਦੇ ਸਭ ਤੋਂ ਅਹਿਮ ਵਪਾਰਕ ਇਲਾਕੇ'ਬੜਾ ਬਾਜ਼ਾਰ' 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਸ ਥਾਂ 'ਤੇ ਚਰਨ ਪਏ,ਉਥੇ ਅੱਜ 'ਗੁਰਦੁਆਰਾ ਬੜਾ ਸਿੱਖ ਸੰਗਤ' ਸੁਸ਼ੋਭਿਤ ਹੈ। ਇਸ ਤਰ੍ਹਾਂ ਹੀ ਮਾਲਦਾ'ਚ ਗੰਗਾ ਦੇ ਕਿਨਾਰੇ 'ਤੇ ਗੁਰੂ ਸਾਹਿਬ ਦੀ ਯਾਦ'ਚ ਗੁਰਦੁਆਰਾ ਬਣਿਆ ਹੋਇਆ ਹੈ। ਬੰਗਲਾਦੇਸ਼,ਜਿਹੜਾ ਇਕ ਸਮੇਂ ਭਾਰਤ ਦਾ ਹੀ ਅੰਗ ਹੁੰਦਾ ਸੀ ਤੇ ਫਿਰ ਦੇਸ਼ ਦੀ ਵੰਡ ਹੋਣਨਾਲ ਪਾਕਿਸਤਾਨ ਦਾ ਹਿੱਸਾ ਬਣ ਗਿਆ, 'ਚ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਮ ਅਸਥਾਨ ਹਨ। ਤਤਕਾਲੀ ਪਾਕਿਸਤਾਨੀ ਹਕੂਮਤ ਨੇ ਇਹ ਢਾਹ ਕੇ ਉਥੇ ਸਰਕਾਰੀ ਇਮਾਰਤਾਂ ਉਸਾਰ ਲਈਆਂ ਸਨ। ਬੰਗਲਾਦੇਸ਼ ਬਣਨ 'ਤੇ ਉਥੇ ਆਜ਼ਾਦ ਬੰਗਲਾਦੇਸ਼ ਦੀ ਸਰਕਾਰ ਨੇ ਪੰਜ ਗੁਰਦੁਆਰਾ ਅਸਥਾਨ ਲੱਭੇ ਤੇ ਉਥੋਂ ਦੇ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬ-ਉਰ-ਰਹਿਮਾਨ ਨੇ ਸੇਵਾ-ਸੰਭਾਲ ਲਈ ਉਨ੍ਹਾਂ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੀ ਸੰਭਾਲ ਲਈ ਸਿੱਖ ਸੰਸਥਾਵਾਂ,ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਿਲ ਸੀ,ਨੇ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਬਣਾਇਆ, ਜਿਸ ਦੇ ਪਹਿਲੇ ਪ੍ਰਧਾਨ ਪੱਛਮੀ ਬੰਗਾਲ ਦੇ ਤਤਕਾਲੀ ਟ੍ਰਾਂਸਪੋਰਟ ਮੰਤਰੀ ਸ: ਗਿਆਨ ਸਿੰਘ ਸੋਹਨਪਾਲ ਅਤੇ ਜਨਰਲ ਸਕੱਤਰ ਕੈਪਟਨ ਭਾਗ ਸਿੰਘ ਥਾਪੇ ਗਏ ਸਨ। ਇਹ ਬੋਰਡ ਹੀ ਬੰਗਲਾਦੇਸ਼'ਚ ਸਥਿਤ ਗੁਰਧਾਮਾਂ ਦੀ ਦੇਖ-ਰੇਖ ਕਰਦਾ ਰਿਹਾ।
ਦੂਜੀਆਂ ਸੰਸਥਾਵਾਂ ਤੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਇਨ੍ਹਾਂ ਗੁਰਧਾਮਾਂ ਦੀ ਲੋੜੀਂਦੀ ਸੇਵਾ ਨਹੀਂ ਸੀ ਹੋ ਸਕੀ, ਜਿਸ 'ਤੇ ਬੋਰਡ ਨੇ 2005'ਚ ਕਾਰਸੇਵਾ ਸੰਪਰਦਾਇ ਸਰਹਾਲੀ (ਤਰਨ ਤਾਰਨ) ਦੀ ਬੇਨਤੀ 'ਤੇ ਇਨ੍ਹਾਂ ਗੁਰਧਾਮਾਂ ਦੀ ਸੇਵਾ ਉਨ੍ਹਾਂ ਨੂੰ ਸੰਭਾਲ ਦਿੱਤੀ। ਸੰਪਰਦਾਇ ਦੇ ਮੁਖੀ ਬਾਬਾ ਸੁੱਖਾ ਸਿੰਘ ਨੇ ਖੁਦ ਕਈ ਵਾਰ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਦੀ ਕਾਰਸੇਵਾ ਹੋਈ। ਅੱਜ ਵੀ ਇਹ ਸੇਵਾ ਸੰਪਰਦਾਇ ਹੀ ਕਰ ਰਹੀ ਹੈ ਤੇ ਬੋਰਡ ਵਲੋਂ ਉਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਢਾਕਾ ਵਿਖੇ ਗੁਰਦੁਆਰਾ ਨਾਨਕਸ਼ਾਹੀ'ਚ ਹਰ ਸ਼ੁੱਕਰਵਾਰ ਦਿਨੇ 11 ਵਜੇ ਤੋਂ 1 ਵਜੇ ਤੱਕ ਦੀਵਾਨ ਸਜਦਾ ਹੈ ਤੇ ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਦਾ ਹੈ। ਸੰਗਤ ਵਿਚ ਹਰ ਜਾਤ, ਹਰ ਮਜ਼੍ਹਬ ਦੀਆਂ ਬੀਬੀਆਂ, ਮਰਦ ਅਤੇ ਬੱਚੇ ਬੜੀ ਸ਼ਰਧਾ ਨਾਲ ਸ਼ਾਮਿਲ ਹੁੰਦੇ ਹਨ। ਬੋਰਡ ਦੇ ਸਹਿਯੋਗ ਨਾਲ ਸੰਪਰਦਾਇ ਨੇ ਗੁਰਦੁਆਰੇ'ਚ ਇਕ ਸਿੱਖ ਰਿਸਰਚ ਸੈਂਟਰ ਕਾਇਮ ਕੀਤਾ ਹੈ, ਜਿਸ ਦਾ ਸੰਚਾਲਨ ਢਾਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਜ਼ੀ ਨੂਰੁਲ ਇਸਲਾਮ ਕਰਦੇ ਹਨ।
ਪ੍ਰੋਫੈਸਰ ਇਸਲਾਮ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪਰਨਾਏ ਹੋਏ ਹਨ। ਉਹ ਕਹਿੰਦੇ ਹਨ ਕਿ 'ਭਾਵੇਂ ਮੈਂ ਸਿੱਖ ਨਹੀਂ,ਪਰ ਮੈਂ ਬਾਬਾ ਨਾਨਕ ਦਾ ਸੇਵਕ ਜ਼ਰੂਰ ਹਾਂ ਤੇ ਮੇਰੀ ਇਹ ਕੋਸ਼ਿਸ਼ ਹੈ ਕਿ ਗੁਰੂ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚੇ।' ਪ੍ਰੋਫ਼ੈਸਰ ਇਸਲਾਮ ਦੇ ਸਹਿਯੋਗ ਨਾਲ ਢਾਕਾ ਯੂਨੀਵਰਸਿਟੀ ਦੇ ਲਗਪਗ 350 ਵਿਦਿਆਰਥੀ ਅਤੇ ਵਿਦਿਆਰਥਣਾਂ ਸਿੱਖ ਧਰਮ ਅਤੇ ਸਿੱਖ ਇਤਹਾਸ ਦਾ ਅਧਿਐਨ ਕਰ ਚੁੱਕੀਆਂ ਹਨ। ਇਨ੍ਹਾਂ ਯਤਨਾਂ ਨਾਲ ਅੱਜ ਬੰਗਲਾਦੇਸ਼'ਚ ਸਿੱਖੀ ਦੀ ਪਹਿਚਾਣ ਬਣ ਗਈ ਹੈ। ਰਾਹ ਜਾਂਦਿਆਂ ਜੇਕਰ ਕੋਈ ਦਸਤਾਰ ਵਾਲਾ ਸਿੱਖ ਨਜ਼ਰ ਆ ਜਾਵੇ ਤਾਂ ਰਾਹਗੀਰ ਝੱਟ ਦੋਵੇਂ ਹੱਥ ਜੋੜ ਕੇ ਉਸ ਨੂੰ ਫ਼ਤਹਿ ਬੁਲਾਉਣ ਤੋਂ ਚੁੱਕਦਾ ਨਹੀਂ। ਇਹ ਇਤਿਹਾਸਿਕ ਸੱਚਾਈ ਹੈ ਕਿ ਪੂਰਬੀ ਭਾਰਤ'ਚ ਗੁਰੂ ਨਾਨਕ ਦੇਵ ਜੀ ਦੇ ਪਦ ਚਿਨ੍ਹਾਂ ਦੀ ਭਾਲ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਰਾਈ ਸੀ ਤੇ ਬਾਅਦ'ਚ ਉਨ੍ਹਾਂ ਥਾਵਾਂ 'ਤੇ ਮੰਜੀਆ ਸਥਾਪਿਤ ਕੀਤੀਆਂ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਕੇਂਦਰ ਬਣੀਆਂ। ਉਸ ਸਮੇਂ ਢਾਕਾ ਪੂਰਬੀ ਭਾਰਤ'ਚ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾਦੇਸ਼ ਤੇ ਨਿਪਾਲ'ਚ ਵੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ। ਨਿਪਾਲ ਵਿਚ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਸਥਾਨ ਦੀ ਸੇਵਾ ਕੁਝ ਸਮਾਂ ਹੋਇਆ ਗੁਰੂ-ਘਰ ਦੇ ਸੇਵਕ ਸ: ਐਸ. ਪੀ. ਸਿੰਘ ਨੇ ਕਰਾਈ ਸੀ। ਸ਼੍ਰੋਮਣੀ ਕਮੇਟੀ ਦਾ ਫ਼ੈਸਲਾ ਪ੍ਰਸੰਸਾਯੋਗ ਹੈ। ਲੋੜ ਕੇਵਲ ਇਸ ਗੱਲ ਦੀ ਹੈ ਕਿ ਦੇਸ਼ ਅੰਦਰ ਅਤੇ ਵਿਦੇਸ਼'ਚ ਜਿੱਥੇ ਵੀ ਸਮਾਗਮ ਹੋਣੇ ਹਨ,ਉਥੋਂ ਦੀਆਂ ਸਿੱਖ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਇਨ੍ਹਾਂ ਗੁਰਧਾਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਲਈ ਸਥਾਨਕ ਸੰਸਥਾਵਾਂ ਤੇ ਕਾਰਸੇਵਕ ਸੰਪਰਦਾਇ ਵਲੋਂ ਕੀਤੀ ਜਾ ਰਹੀ ਸੇਵਾ ਨੂੰ ਧਿਆਨ'ਚ ਰੱਖਦਿਆਂ ਸਮਾਗਮਾਂ ਲਈ ਇਨ੍ਹਾਂ ਨਾਲ ਰਾਬਤਾ ਬਣਾਇਆ ਜਾਵੇ। ਗੁਰਧਾਮਾਂ ਦੀ ਸੇਵਾ ਦੇ ਸਬੰਧ ਵਿਚ ਸੰਪਰਦਾਇ ਗੁਰਸੇਵਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬੇਗ਼ਮ ਸ਼ੇਖ ਹਸੀਨਾ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਆਪਣੀ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ।
ਬੰਗਲਾਦੇਸ਼'ਚ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਵਿਸਾਖੀ ਗੁਰਪੁਰਬ ਮਨਾਇਆ ਜਾਂਦਾ ਹੈ, ਜਿਸ'ਚ ਹਾਜ਼ਰ ਹੋਣ ਲਈ ਪੰਜਾਬ ਅਤੇ ਦੇਸ਼ ਦੀਆਂ ਦੂਜੀਆਂ ਥਾਵਾਂ ਤੋਂ ਕਾਫ਼ੀ ਗਿਣਤੀ'ਚ ਸਿੱਖ ਸੰਗਤਾਂ ਪਹੁੰਚਦੀਆਂ ਹਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਸਿੱਖਿਆ ਦੇ ਪ੍ਰਚਾਰ ਨੂੰ ਹੋਰ ਬਲ ਮਿਲ ਸਕਦਾ ਹੈ। ਦੇਸ਼ ਭਰ ਅੰਦਰ ਪ੍ਰਚਾਰ ਲਈ ਸੈਮੀਨਾਰ ਕਰਾਏ ਜਾਣੇ ਚਾਹੀਦੇ ਹਨ, ਜਿਨ੍ਹਾਂ ਲਈ ਸਥਾਨਕ ਸੰਸਥਾਵਾਂ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਇਸ ਲਈ ਤਿਆਰੀਆਂ ਹੁਣ ਤੋਂ ਹੀ ਹੋਣੀਆਂ ਚਾਹੀਦੀਆਂ ਹਨ।


-ਮੋਬਾ: 098315-48113


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਕਮੇਟੀ ਵਲੋਂ ਮੁਫ਼ਤ ਸੇਵਾਵਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ। ਇਸ ਸੰਸਥਾ ਦਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਚਲਾਉਣ ਅਤੇ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਮਨੁੱਖੀ ਕਲਿਆਣਕਾਰੀ ਖੇਤਰ ਵਿਚ ਵੀ ਅਹਿਮ ਰੁਤਬਾ ਹੈ। ਇਸ ਲਈ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਸੰਗਤੀ ਪ੍ਰਬੰਧ ਦੇ ਮਨੋਰਥ ਨੂੰ ਲੈ ਕੇ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਸਿੱਖਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵਿਸ਼ਵ-ਵਿਆਪੀ ਸਿੱਖ ਕੌਮ ਦੀ ਪ੍ਰਤੀਨਿਧ ਜਥੇਬੰਦੀ ਦੇ ਰੂਪ 'ਚ ਸਥਾਪਤ ਹੋ ਚੁੱਕੀ ਹੈ। ਸਿੱਖ ਕੌਮ ਦੀ ਇਸ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੂਲ ਉਦੇਸ਼ ਮਿੱਥੇ ਗਏ ਸਨ, ਜਿਨ੍ਹਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਦੇ ਨਾਲ-ਨਾਲ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜ ਕਰਨਾ ਮੁੱਖ ਸੀ। ਇਸ ਦੇ ਨਾਲ ਹੀ ਸਿੱਖ ਕੌਮ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਨੇ ਅਹਿਮ ਕਦਮ ਉਠਾਏ ਹਨ। ਸ਼੍ਰ੍ਰੋਮਣੀ ਕਮੇਟੀ ਕਿਸੇ ਵੀ ਬਿਪਤਾ ਵੇਲੇ ਨਾ ਕੇਵਲ ਦੁਨੀਆ ਭਰ ਦੇ ਸਿੱਖਾਂ ਦੀ ਹੀ ਬਾਂਹ ਫੜਦੀ ਹੈ, ਸਗੋਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜੇਕਰ ਕੋਈ ਕੁਦਰਤੀ ਬਿਪਤਾ ਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਬਿਨਾਂ ਧਰਮ, ਜਾਤ, ਦੇਸ਼ ਜਾਂ ਰੰਗ ਦੇ ਵਿਤਕਰੇ ਤੋਂ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਹੋ ਜਾਂਦੀ ਹੈ। ਇਕ ਸਦੀ ਦਾ ਸਮਾਂ ਪੂਰਾ ਕਰਨ ਵਾਲੀ ਇਸ ਸੰਸਥਾ ਦੀ ਸੇਵਾ ਸਭ ਤੋਂ ਵੱਧ ਸਮਾਂ ਪੰਥ ਰਤਨ ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੇਵਾ ਰਤਨ ਪ੍ਰਾਪਤ ਕਰਨ ਵਾਲੇ ਜਥੇਦਾਰ ਅਵਤਾਰ ਸਿੰਘ ਨੇ ਕੀਤੀ ਹੈ। ਇਨ੍ਹਾਂ ਦੇ ਸਮੇਂ ਬਹੁਤ ਮਹੱਤਵਪੂਰਨ ਕਾਰਜ ਹੋਏ ਹਨ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਤਰਜੀਹੀ ਤੌਰ 'ਤੇ ਕਰਨ ਦਾ ਫੈਸਲਾ ਲਿਆ ਗਿਆ। ਗੁਰੂ ਸਾਹਿਬ ਦੇ ਸਿਧਾਂਤਾਂ ਦੀ ਗੱਲ ਘਰ-ਘਰ ਤੱਕ ਪਹੁੰਚਾਉਣ ਲਈ ਧਰਮ ਪ੍ਰਚਾਰ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਪ੍ਰੋਗਰਾਮ ਉਲੀਕੇ ਗਏ। ਭਾਈ ਲੌਂਗੋਵਾਲ ਵਲੋਂ ਟੀਚਾ ਮਿਥਿਆ ਗਿਆ ਕਿ ਇਸ ਸਾਲ ਇਕ ਲੱਖ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਇਸ ਪ੍ਰਤੀ ਹੁਣ ਤੱਕ ਕੀਤੇ ਕਾਰਜ ਦੇ ਨਤੀਜੇ ਤਸੱਲੀਬਖ਼ਸ਼ ਸਾਹਮਣੇ ਆਏ ਹਨ।
ਪੰਜਾਬ ਵਿਚ ਨਸ਼ਿਆਂ ਦੀ ਵੱਡੀ ਹਨੇਰੀ ਝੁੱਲ ਰਹੀ ਹੈ। ਬਹੁਤੇ ਪਰਿਵਾਰ ਇਸ ਨਾਲ ਝੰਬੇ ਪਏ ਹਨ। ਅਜਿਹੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹਰ ਯਤਨ ਕਰ ਰਹੀ ਹੈ। ਇਨ੍ਹਾਂ ਯਤਨਾਂ ਸਦਕਾ ਹੀ ਬਹੁਤ ਸਾਰੇ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਅੰਮ੍ਰਿਤ ਛਕ ਕੇ ਜੀਵਨ ਸਫਲ ਕਰਨ ਦਾ ਮਾਰਗ ਚੁਣਿਆ ਹੈ। ਪੰਜਾਬ ਦੇ ਤਿੰਨ ਜ਼ੋਨ ਮਾਝਾ, ਮਾਲਵਾ ਤੇ ਦੁਆਬਾ ਦੇ ਨਾਲ-ਨਾਲ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਰਾਹੀਂ ਅੰਮ੍ਰਿਤ ਸੰਚਾਰ ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਵਲੋਂ ਆਰੰਭੀ ਇਸ ਲਹਿਰ ਤਹਿਤ ਜਨਵਰੀ, 2018 ਤੋਂ ਲੈ ਕੇ ਸਤੰਬਰ, 2018 ਤੱਕ 70 ਹਜ਼ਾਰ ਦੇ ਕਰੀਬ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਹੈ। ਮਾਲਵਾ ਜ਼ੋਨ ਵਿਚ ਹੋਏ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 21,500 ਪ੍ਰਾਣੀ ਗੁਰੂ ਵਾਲੇ ਬਣੇ। ਇਸੇ ਤਰ੍ਹਾਂ ਮਾਝਾ ਜ਼ੋਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਸਮੇਤ ਇਸ ਖੇਤਰ ਦੇ ਵੱਖ-ਵੱਖ ਥਾਵਾਂ 'ਤੇ ਹੋਏ ਅੰਮ੍ਰਿਤ ਸੰਚਾਰ ਸਮਾਗਮਾਂ ਵਿਚ ਅੰਮ੍ਰਿਤ ਛਕਣ ਵਾਲਿਆਂ ਦੀ ਕੁੱਲ ਗਿਣਤੀ 31,000 ਤੋਂ ਵੱਧ ਹੈ। ਇਸੇ ਤਰ੍ਹਾਂ ਦੁਆਬਾ ਜ਼ੋਨ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 15315 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਚਲਦੇ ਸਿੱਖ ਮਿਸ਼ਨਾਂ ਵਲੋਂ 2500 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਇਆ ਜਾ ਚੁੱਕਾ ਹੈ।
ਸਰਹੱਦੀ ਖੇਤਰ ਵਿਚ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਨ੍ਹਾਂ ਤੱਕ ਮੁਢਲੀਆਂ ਸਹੂਲਤਾਂ ਵੀ ਨਹੀਂ ਪਹੁੰਚਦੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮੁਸ਼ਕਿਲ ਨੂੰ ਸਮਝਦਿਆਂ ਸਰਹੱਦੀ ਖੇਤਰ ਵਿਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਵੱਖ-ਵੱਖ ਖੇਤਰਾਂ ਵਿਚ ਮੈਡੀਕਲ ਟੀਮਾਂ ਭੇਜਣ ਦਾ ਫੈਸਲਾ ਕੀਤਾ। ਇਨ੍ਹਾਂ ਮੈਡੀਕਲ ਟੀਮਾਂ ਵਿਚ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਦੇ ਨਾਲ-ਨਾਲ ਲੋਕਾਂ ਦੇ ਮੁਢਲੇ ਟੈਸਟ ਕਰਨ ਅਤੇ ਮੁਫਤ ਦਵਾਈਆਂ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਹੁਣ ਤੱਕ 78 ਹਲਕਿਆਂ ਦੇ 300 ਦੇ ਕਰੀਬ ਪਿੰਡਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਇਸ ਤੋਂ ਲਾਭ ਉਠਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਇਸ ਕਾਰਜ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ। ਇਸ ਦੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਵੀ ਸ਼੍ਰੋਮਣੀ ਕਮੇਟੀ ਵਲੋਂ ਮੁਫਤ ਡਿਸਪੈਂਸਰੀਆਂ ਚੱਲ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਜਿਥੇ ਪਹਿਲਾਂ ਮੁਫਤ ਬੱਸਾਂ ਚਲਾਈਆਂ ਜਾ ਰਹੀਆਂ ਸਨ, ਉਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ 'ਤੇ 5 ਹੋਰ ਨਵੀਆਂ ਬੱਸਾਂ ਇਸ ਕਾਰਜ ਲਈ ਖਰੀਦੀਆਂ ਗਈਆਂ ਹਨ। ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਮੁਫਤ ਬੱਸ ਸੇਵਾ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਏਅਰਪੋਰਟ ਤੋਂ ਵੀ ਸੰਗਤਾਂ ਨੂੰ ਮੁਫਤ ਲਿਆਉਣ ਅਤੇ ਛੱਡਣ ਲਈ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਮੁਫਤ ਨੇੜਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੰਗਤਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫਤਾਂ ਸਮੇਂ ਮਨੁੱਖਤਾ ਦੀ ਸੇਵਾ ਕਰਕੇ ਸਿੱਖ ਕੌਮ ਦੀ ਪਹਿਚਾਣ ਦੁਨੀਆ ਵਿਚ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਭਿਆਨਕ ਬਿਮਾਰੀ ਕੈਂਸਰ ਦੇ ਮਰੀਜ਼ਾਂ ਦੀ ਹੁਣ ਤੱਕ ਕਰੋੜਾਂ ਰੁਪਏ ਦੀ ਸਹਾਇਤਾ ਕੀਤੀ ਗਈ ਹੈ। ਇਸੇ ਤਰ੍ਹਾਂ ਧਰਮੀ ਫੌਜੀਆਂ, ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਦੀ ਵੀ ਸਮੇਂ-ਸਮੇਂ ਸਹਾਇਤਾ ਕੀਤੀ ਗਈ ਹੈ। ਲੋੜਵੰਦ ਗਰੀਬ ਬੱਚਿਆਂ ਦੀਆਂ ਫੀਸਾਂ ਲਈ ਵੀ ਸਹਾਇਤਾ ਦਿੱਤੀ ਗਈ ਹੈ।
ਇਸੇ ਤਰ੍ਹਾਂ ਅਨੇਕਾਂ ਹੋਰ ਕਾਰਜ ਹਨ ਜੋ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦੀ ਆ ਰਹੀ ਹੈ। ਸੋ, ਆਓ ਸਾਰੇ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣੀਏ, ਤਾਂ ਕਿ ਗੁਰੂ ਸਾਹਿਬ ਵਲੋਂ ਬਖ਼ਸ਼ੇ ਸਿਧਾਂਤਾਂ ਦੀ ਗੱਲ ਘਰ-ਘਰ ਪਹੁੰਚਾ ਸਕੀਏ।

ਬਰਸੀ ਸਮਾਗਮ 'ਤੇ ਵਿਸ਼ੇਸ਼

ਦੋਆਬੇ ਦੀ ਧਰਤੀ ਦਾ ਮਾਣ ਨਿਰਮਲ ਕੁਟੀਆ ਜੌਹਲਾਂ

ਨਿਰਮਲ ਕੁਟੀਆ ਜੌਹਲਾਂ ਰਾਮਾਮੰਡੀ ਤੋਂ ਹੁਸ਼ਿਆਰਪੁਰ ਸੜਕ 'ਤੇ ਸਥਿਤ ਹੈ, ਜੋ ਅੱਜ ਇਕ ਸਿੱਖੀ ਦਾ ਧੁਰਾ, ਧਰਮ ਪ੍ਰਚਾਰ ਦਾ ਸਥਾਨ ਬਣ ਚੁੱਕਾ ਹੈ। ਇਸ ਸਥਾਨ ਦੇ ਸੰਸਥਾਪਕ ਸੰਤ ਬਾਬਾ ਬਸੰਤ ਸਿੰਘ ਨੇ ਇਸ ਸਥਾਨ ਦੀ ਪ੍ਰਾਰੰਭਤਾ 1920 ਵਿਚ ਕੀਤੀ ਸੀ। ਇਹ ਸਥਾਨ ਨਿਰਮਲ ਸੰਪਰਦਾ ਦੇ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੇ ਅਨਿਨ ਸੇਵਕ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜਿਆਣ ਵਾਲਿਆਂ ਦੇ ਅਨਿਨ ਸੇਵਕ ਸੰਤ ਬਾਬਾ ਬਸੰਤ ਸਿੰਘ ਦੇ ਨਾਂਅ ਨਾਲ ਜੁੜਿਆ ਹੋਇਆ ਹੈ। ਸੰਤ ਬਾਬਾ ਬਸੰਤ ਸਿੰਘ ਨੇ 1920 ਤੋਂ ਨਿਰਮਲ ਪਰੰਪਰਾ ਨੂੰ ਅਪਣਾਉਂਦਿਆਂ ਸਿੱਖੀ ਦੇ ਪ੍ਰਚਾਰ ਦਾ ਇਹ ਸਥਾਨ ਸਥਾਪਿਤ ਕੀਤਾ ਸੀ, ਜਿਥੇ ਅੱਜ ਤੱਕ ਲੱਖਾਂ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਚੁੱਕੇ ਹਨ।
ਸੰਤ ਬਾਬਾ ਬਸੰਤ ਸਿੰਘ ਦਾ ਜਨਮ 1885 ਈ: ਵਿਚ ਪਿੰਡ ਮਰੂਲੇ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਦੇ ਮਾਤਾ ਸਰਦਾਰਨੀ ਚੰਦ ਕੌਰ ਅਤੇ ਪਿਤਾ ਸਤਿਕਾਰਯੋਗ ਫ਼ਤਹਿ ਸਿੰਘ ਸਨ, ਜਿਨ੍ਹਾਂ ਦੇ ਗ੍ਰਹਿ ਨੂੰ ਆਪ ਨੇ ਭਾਗ ਲਾਏ। ਮਾਤਾ-ਪਿਤਾ ਦੇ ਸੁਚੱਜੇ ਢੰਗ ਨਾਲ ਪਾਲਣ-ਪੋਸ਼ਣ ਨਾਲ ਬਚਪਨ ਤੋਂ ਹੀ ਗੁਰੂ-ਘਰ ਨਾਲ ਜੁੜ ਗਏ। ਸੰਤ ਜੀ ਦੀ ਕਿਰਪਾ ਸਦਕਾ ਸੰਤ ਬਾਬਾ ਬਸੰਤ ਸਿੰਘ ਖੰਡੇ ਬਾਟੇ ਦਾ ਅੰਮ੍ਰਿਤਸਰ ਛਕ ਕੇ ਬਾਣੀ ਅਤੇ ਬਾਣੇ ਨਾਲ ਜੁੜੇ। ਆਪ ਦਾ ਤਪ ਦੇਖ ਕੇ ਸੰਤ ਜੀ ਦੇ ਹੁਕਮਾਂ ਨਾਲ ਆਪ ਪਿੰਡ ਭੁਲਾਣੇ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਇਲਾਕੇ ਵਿਚ ਤਪੱਸਿਆ ਸ਼ੁਰੂ ਕਰ ਦਿੱਤੀ। ਇਥੇ ਹੀ ਆਪ ਭਗਤੀ ਵਿਚ ਏਨਾ ਜ਼ਿਆਦਾ ਜੁੜ ਗਏ ਕਿ ਸੰਤ ਬਾਬਾ ਜੀ ਦੇ ਹੁਕਮਾਂ ਨਾਲ ਪਾਰਸ ਬਣਾਇਆ। 'ਸੰਤ ਬਾਬਾ' ਦੀ ਉਪਾਧੀ ਦੇ ਕੇ ਨਿਰਮਲ ਕੁਟੀਆ ਜੌਹਲਾਂ ਦੀ ਸਥਾਪਨਾ ਲਈ ਹੁਕਮ ਕੀਤੇ।
ਅੱਜ ਹਰ ਸੰਗਰਾਂਦ 'ਤੇ ਅੰਮ੍ਰਿਤ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਜਲੰਧਰ ਸ਼ਹਿਰ ਵਿਖੇ 1928 ਤੋਂ ਸਿੱਖ ਧਰਮ ਦੇ ਪ੍ਰਚਾਰ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਪ੍ਰਾਰੰਭ ਕਰਵਾਏ ਅਤੇ ਚੌਰ ਸਾਹਿਬ ਦੀ ਸੇਵਾ ਸੰਭਾਲੀ, ਜੋ ਅੱਜ ਵੀ ਮੌਜੂਦ ਹੈ।
ਆਪਣੀ ਜੀਵਨ ਯਾਤਰਾ ਪੂਰੀ ਕਰਕੇ 9.11.1971 ਨੂੰ ਆਪ ਚੋਲਾ ਛੱਡ ਗਏ। ਉਨ੍ਹਾਂ ਤੋਂ ਬਾਅਦ ਸੰਤ ਬਾਬਾ ਗਿਆਨ ਸਿੰਘ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਕੇ ਸਭ ਕੁਝ ਦੇ ਦਿੱਤਾ। ਬ੍ਰਹਮ ਗਿਆਨੀ ਸੰਤ ਬਾਬਾ ਗਿਆਨ ਸਿੰਘ ਨੇ 1912 ਈ: ਵਿਚ ਪਿੰਡ ਬੰਬੇਲੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਾਈ ਹਰਨਾਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਜਨਮ ਲਿਆ। ਮਾਤਾ-ਪਿਤਾ ਦੀ ਲਗਨ ਸਦਕਾ ਸੰਤ ਬਾਬਾ ਗਿਆਨ ਸਿੰਘ ਜਿਆਣ ਡੇਰੇ ਨਾਲ ਜੁੜ ਗਏ। ਸੰਤ ਬਾਬਾ ਬਸੰਤ ਸਿੰਘ ਨੇ ਸੰਤ ਬਾਬਾ ਗਿਆਨ ਸਿੰਘ ਜਿਆਣ ਤੋਂ ਹੀ ਜ਼ਿੰਮੇਵਾਰੀ ਦੀ ਪੰਡ ਚੁਕਾ ਕੇ ਜੌਹਲਾਂ ਵਿਖੇ ਨਾਲ ਲੈ ਆਏ ਸਨ। ਸੰਤ ਬਾਬਾ ਗਿਆਨ ਸਿੰਘ ਨੇ ਇਹ ਜ਼ਿੰਮੇਵਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਦੇਸ਼-ਵਿਦੇਸ਼ ਵਿਚ ਸਿੱਖੀ ਪ੍ਰਚਾਰ ਲਈ ਗਏ।
ਕੁਝ ਇਤਿਹਾਸਿਕ ਸਥਾਨ ਗੁਰਦੁਆਰਾ ਰਾਮਸਰ ਪਾਤਿਸ਼ਾਹੀ ਛੇਵੀਂ, ਪਿੰਡ ਕੋਟ ਖੁਰਦ, ਜ਼ਿਲ੍ਹਾ ਜਲੰਧਰ, ਗੁਰਦੁਆਰਾ ਸ਼ਹੀਦਾਂ ਪਾਤਿਸ਼ਾਹੀ ਛੇਵੀਂ, ਪਿੰਡ ਸਗਰਾਂਵਾਲੀ, ਗੁਰਦੁਆਰਾ ਬਾਉਲੀ ਸਾਹਿਬ ਪਾਤਿਸ਼ਾਹੀ ਛੇਵੀਂ (ਸਾਰੇ ਜ਼ਿਲ੍ਹਾ ਜਲੰਧਰ), ਗੁਰਦੁਆਰਾ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਜਲੰਧਰ, ਗੁਰਦੁਆਰਾ ਸ਼ਹੀਦਾਂ ਪਾਤਿਸ਼ਾਹੀ ਛੇਵੀਂ ਜੰਡੂ ਸਿੰਘਾ, ਗੁਰਦੁਆਰਾ ਡੰਡਾ ਸਾਹਿਬ ਪਾਤਿਸ਼ਾਹੀ ਸੱਤਵੀਂ ਸੰਧਵਾਂ ਆਦਿ ਇਤਿਹਾਸਿਕ ਸਥਾਨਾਂ ਦੀ ਸਥਾਪਨਾ ਕੀਤੀ ਅਤੇ ਸਿੱਖੀ ਪ੍ਰਚਾਰ ਕੇਂਦਰ ਬਣਾਏ। ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਮੁਹਾਲੀ (ਚੰਡੀਗੜ੍ਹ) ਵਿਖੇ ਸਥਾਪਨਾ ਕੀਤੀ। ਇਨ੍ਹਾਂ ਤੋਂ ਇਲਾਵਾ ਇੰਗਲੈਂਡ ਵਿਖੇ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਓਲਡਬਰੀ ਬਰਮਿੰਘਮ, ਹਾਈਵੇਕਮ ਅਤੇ ਬਰੈਡਫੋਰਡ ਵਿਖੇ ਧਾਰਮਿਕ ਸਥਾਨ ਸਥਾਪਿਤ ਕੀਤੇ। ਆਪ ਜੀ ਸੰਗਤਾਂ ਦੀਆਂ ਸੇਵਾਵਾਂ ਨਿਭਾਉਂਦੇ, ਸਿੱਖੀ ਪ੍ਰਚਾਰ ਕਰਦੇ ਹੋਏ 6 ਨਵੰਬਰ, 2001 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ। ਮੌਜੂਦਾ ਮੁਖੀ ਸੰਤ ਬਾਬਾ ਜੀਤ ਸਿੰਘ ਦੇਸ਼-ਵਿਦੇਸ਼ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਮਲ ਕੁਟੀਆ ਦੇ ਸਹਾਇਕ ਸੰਤ ਬਾਬਾ ਗੁਰਮੀਤ ਸਿੰਘ ਅਤੇ ਸਾਰੇ ਨਿਰਮਲ ਕੁਟੀਆ ਦੇ ਸਾਧੂਆਂ ਨਾਲ ਮਿਲ ਕੇ 7, 8, 9 ਨਵੰਬਰ ਨੂੰ ਬੜੀ ਸ਼ਰਧਾ ਪੂਰਵਕ ਸੰਤ ਬਾਬਾ ਬਸੰਤ ਸਿੰਘ ਅਤੇ ਸੰਤ ਬਾਬਾ ਗਿਆਨ ਸਿੰਘ ਦੇ ਬਰਸੀ ਸਮਾਗਮ ਮਨਾ ਰਹੇ ਹਨ।


-ਮੋਬਾ: 98143-56618

ਮਹਾਰਾਜਾ ਦਲੀਪ ਸਿੰਘ ਦਾ ਅੰਗਰੇਜ਼ ਹਾਕਮਾਂ ਸਾਹਮਣੇ ਪੇਸ਼ ਹੋਣਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਲਾਰਡ ਹਾਰਡਿੰਗ ਉਸ ਵੇਲੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰਨਾ ਚਾਹੁੰਦਾ ਸੀ, ਪਰ ਜਲਦੀ ਅਹਿਸਾਸ ਹੋਇਆ ਕਿ ਇਹ ਕੰਮ 1846 ਦੀਆਂ ਗਰਮੀਆਂ ਵਿਚ ਨਹੀਂ ਹੋ ਸਕਦਾ। ਬੇਸ਼ੱਕ ਪੰਜਾਬੀ ਫੌਜਾਂ ਸਤਲੁਜ ਦੇ ਕੰਢੇ ਹਾਰ ਖਾ ਚੁੱਕੀਆਂ ਸਨ ਪਰ ਅਜੇ ਵੀ ਪੰਜਾਬ ਦੇ ਹੋਰ ਹਿੱਸਿਆਂ ਵਿਚ ਕਾਫੀ ਵੱਡੀ ਪੰਜਾਬੀ ਫੌਜ ਕਾਇਮ ਸੀ। ਰਾਏਬਾਨ ਪਿੰਡ ਦੇ 25,000 ਆਦਮੀਆਂ ਤੋਂ ਬਿਨਾਂ 8,000 ਦੀ ਨਫਰੀ ਪੇਸ਼ਾਵਰ ਵਿਚ ਸੀ ਤੇ ਏਨੀ ਹੀ ਗਿਣਤੀ ਮੁਲਤਾਨ ਵਿਚ ਸੀ। ਹਾਰਡਿੰਗ ਦੀ ਆਪਣੀ ਫੌਜ 20,000 ਦੀ ਸੀ ਤੇ ਜਿਨ੍ਹਾਂ ਵਿਚ ਬਹੁਤ ਥੋੜ੍ਹਾ ਹਿੱਸਾ ਯੂਰਪੀਨਾਂ ਦਾ ਸੀ। ਉਸ ਦਾ ਅਨੁਮਾਨ ਸੀ ਕਿ ਹਿੰਦੁਸਤਾਨੀ ਸਿਪਾਹੀਆਂ ਨੇ ਪੰਜਾਬੀਆਂ ਦੇ ਖ਼ਿਲਾਫ਼ ਬਹੁਤ ਘਟੀਆ ਪ੍ਰਦਰਸ਼ਨ ਕੀਤਾ ਸੀ। ਵੱਡੇ ਪੈਮਾਨੇ ਉੱਪਰ ਮੁਕੰਮਲ ਲੜਾਈ ਵਾਸਤੇ ਹੋਰ ਕੁਮਕ ਮੰਗਵਾਉਣੀ ਪਵੇਗੀ, ਜਿਸ ਨਾਲ ਪਹਿਲਾਂ ਹੀ ਪਤਲੀ ਹਾਲਤ ਵਿਚ ਜਾ ਚੁੱਕੇ ਖਜ਼ਾਨੇ ਉੱਪਰ ਹੋਰ ਭਾਰ ਪਵੇਗਾ। ਇਸ ਤੋਂ ਇਲਾਵਾ ਯੂਰਪੀਨ ਸਿਪਾਹੀਆਂ ਵਾਸਤੇ ਲੜਨ ਦੀ ਰੁੱਤ ਖ਼ਤਮ ਹੋ ਚੁੱਕੀ ਸੀ, ਉਹ ਗਰਮੀਆਂ ਵਿਚ ਲੜਨਾ ਪਸੰਦ ਨਹੀਂ ਕਰਦੇ। ਇਸ ਲਈ ਹਾਰਡਿੰਗ ਨੇ ਫੈਸਲਾ ਕੀਤਾ ਕਿ ਉਹ ਪੰਜਾਬ ਨੂੰ ਦੋ ਕਿਸ਼ਤਾਂ ਵਿਚ ਹਾਸਲ ਕਰਨਗੇ। ਪਹਿਲੀ ਕਿਸ਼ਤ ਵਿਚ ਜਲੰਧਰ ਤੇ ਦੁਆਬਾ ਉੱਪਰ ਕਬਜ਼ਾ ਕਰਨਗੇ ਅਤੇ ਕਸ਼ਮੀਰ ਅਤੇ ਹਜ਼ਾਰਾ ਦੇ ਪਹਾੜੀ ਇਲਾਕਿਆਂ ਨੂੰ ਪੰਜਾਬ ਨਾਲੋਂ ਅੱਡ ਕਰਨਗੇ।
ਇਸ ਤੋਂ ਇਲਾਵਾ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਸ ਉੱਪਰ ਘੱਟ ਫੌਜਾਂ ਰੱਖਣ ਦੀ ਸ਼ਰਤ ਲਗਾ ਦਿੱਤੀ ਜਾਵੇਗੀ। ਆਪਣੀ ਸਰਕਾਰੀ ਡਾਇਰੀ ਵਿਚ ਉਹ ਲਿਖਦਾ ਹੈ, 'ਸਾਡੇ ਕਮਜ਼ੋਰ ਫਰੰਟੀਅਰ ਉੱਪਰ ਅਜਿਹੀ ਲੜਾਕੂ ਕੌਮ ਦੀ ਸ਼ਕਤੀ ਨੂੰ ਘਟਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਮੈਂ ਸਤਲੁਜ ਤੇ ਬਿਆਸ ਦੇ ਵਿਚਕਾਰ ਵਾਲੇ ਉਪਜਾਊ ਇਲਾਕੇ ਆਪਣੇ ਵਾਸਤੇ ਹਾਸਲ ਕਰਨੇ ਚਾਹੁੰਦੇ ਹਾਂ। ਇਸ ਨਾਲ ਲੁਧਿਆਣਾ ਸੁਰੱਖਿਅਤ ਹੋ ਜਾਵੇਗਾ ਤੇ ਅਸੀਂ ਅੰਮ੍ਰਿਤਸਰ ਦੇ ਕਾਫੀ ਨਜ਼ਦੀਕ ਪਹੁੰਚ ਜਾਵਾਂਗੇ ਅਤੇ ਸਾਡੀ ਪਿੱਠ ਪਹਾੜ ਨਾਲ ਲੱਗ ਜਾਵੇਗੀ। ਫੌਜੀ ਤੌਰ 'ਤੇ ਇਹ ਬਹੁਤ ਮਹੱਤਵਪੂਰਨ ਹੋਵੇਗਾ। ਇਸ ਨਾਲ ਸਿੱਖ ਸਾਰੇ ਏਸ਼ੀਆ ਦੀ ਨਜ਼ਰ ਵਿਚ ਕਮਜ਼ੋਰ ਵੀ ਹੋਣਗੇ ਤੇ ਉਨ੍ਹਾਂ ਨੂੰ ਸਜ਼ਾ ਵੀ ਮਿਲ ਜਾਵੇਗੀ। ਮੈਂ ਉਨ੍ਹਾਂ ਕੋਲੋਂ ਲੜਾਈ ਵਾਸਤੇ 15 ਲੱਖ ਰੁਪਏ ਦਾ ਹਰਜਾਨਾ ਮੰਗਾਂਗਾ ਅਤੇ ਜੇ ਮੈਂ ਗੁਲਾਬ ਸਿੰਘ ਤੇ ਪਹਾੜੀ ਕਬਾਇਲੀ ਇਲਾਕੇ, ਸਮੇਤ ਕਸ਼ਮੀਰ ਆਜ਼ਾਦ ਕਰਵਾ ਸਕਾਂ ਤਾਂ ਇਸ ਲੜਾਕੂ ਕਿਸਮ ਦੀ ਸਰਕਾਰ ਨੂੰ ਹੋਰ ਸੱਟ ਮਾਰ ਸਕਦਾ ਹਾਂ। ਇਨ੍ਹਾਂ ਦੀ ਫੌਜ ਭੰਗ ਕਰਕੇ ਦੁਬਾਰਾ ਕਾਇਮ ਕਰਨੀ ਹੋਵੇਗੀ, ਇਕ ਸੀਮਤ ਗਿਣਤੀ ਵਿਚ। ਤੋਪਾਂ ਦੀ ਤਾਦਾਦ ਵੀ ਤੈਅ ਹੋਣੀ ਚਾਹੀਦੀ ਹੈ। ਮਹਾਰਾਜਾ ਆਪ ਹੀ ਸਾਨੂੰ ਲਾਹੌਰ ਤੇ ਗੋਬਿੰਦਗੜ੍ਹ ਦੇ ਕਿਲ੍ਹਿਆਂ ਦੀ ਚਾਬੀ ਦੇਵੇ, ਜਿਥੇ ਇਹ ਸ਼ਰਤਾਂ ਲਿਖੀਆਂ ਜਾਣਗੀਆਂ ਤੇ ਦਸਤਖ਼ਤ ਕੀਤੇ ਜਾਣਗੇ।'
ਲਾਰਡ ਹਾਰਡਿੰਗ ਇਹ ਵੀ ਚਾਹੁੰਦਾ ਸੀ ਕਿ ਦਰਬਾਰ ਦੇ ਹਾਕਮ ਸਿੱਖ ਹੀ ਹੋਣੇ ਚਾਹੀਦੇ ਹਨ, ਤਾਂ ਜੋ ਮੁਸਲਮਾਨਾਂ ਵਿਚ ਸੰਤੁਲਨ ਬਣਿਆ ਰਹੇ, ਜੋ ਇਸ ਇਲਾਕੇ ਦੀ ਬਹੁਗਿਣਤੀ ਵਸੋਂ ਹੈ। ਉਦੋਂ ਅੰਗਰੇਜ਼ ਮੁਸਲਮਾਨਾਂ ਉੱਪਰ ਭਰੋਸਾ ਨਹੀਂ ਕਰਦੇ ਸਨ। ਇਹ ਸਾਰੀਆਂ ਸ਼ਰਤਾਂ ਹਾਰਡਿੰਗ ਨੇ ਏਜੰਟ ਮੇਜਰ ਹੈਨਰੀ ਲਾਰੈਂਸ ਨੂੰ ਲਿਖਵਾ ਦਿੱਤੀਆਂ, ਜਿਹੜੀਆਂ ਦਰਬਾਰ ਉੱਪਰ ਲਾਗੂ ਕਰਨੀਆਂ ਸਨ।
15 ਫਰਵਰੀ, 1846 ਨੂੰ ਗੁਲਾਬ ਸਿੰਘ ਡੋਗਰਾ, ਫਕੀਰ ਨੂਰੁਦੀਨ ਦੀਨਾ ਨਾਥ ਆਪਣੇ ਨਾਲ ਸੁਲਤਾਨ ਮੁਹੰਮਦ ਬਰਾਕਜ਼ਾਈ ਅਤੇ ਹੋਰ ਸਰਦਾਰ ਕਸੂਰ ਵਿਚ ਲਾਰਡ ਗੱਫ ਦਾ ਸੁਆਗਤ ਕਰ ਰਹੇ ਸਨ। ਕਮਾਂਡਰ ਇਨ ਚੀਫ ਨੇ ਉਨ੍ਹਾਂ ਤੋਂ ਇਹ ਕਹਿ ਕੇ ਨਜ਼ਰਾਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਵੀ ਉਨ੍ਹਾਂ ਦੀ ਫੌਜ ਅੰਗਰੇਜ਼ਾਂ ਦੇ ਵਿਰੁੱਧ ਖੜ੍ਹੀ ਸੀ। ਉਸ ਨੇ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਕੀ ਕਿਸਮਤ ਉਸ ਨੇ ਸੋਚੀ ਹੈ? ਉਸ ਨੇ ਕਿਹਾ ਕਿ ਜੈਸੇ ਨੂੰ ਤੈਸੇ ਵਾਲਾ ਇਨਸਾਫ਼ ਮੰਗ ਕਰਦਾ ਹੈ ਕਿ ਬ੍ਰਿਟਿਸ਼ ਸਰਕਾਰ ਤੁਹਾਨੂੰ ਮਿਸਾਲੀ ਸਜ਼ਾ ਦੇਵੇ। ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅੰਗਰੇਜ਼ ਅਖ਼ਤਿਆਰ ਨੂੰ ਕੋਈ ਚੈਲੇਂਜ ਨਾ ਕਰੇ, ਕੋਈ ਇਸ ਦੀ ਬੇਇੱਜ਼ਤੀ ਨਾ ਕਰੇ। ਜਿਹੜਾ ਸਾਡੇ ਇਲਾਕੇ ਉੱਪਰ ਫੌਜੀ ਹਮਲਾ ਕਰੇ, ਅਸੀਂ ਉਸ ਨੂੰ ਸਜ਼ਾ ਬਿਨਾਂ ਨਹੀਂ ਜਾਣ ਦੇ ਸਕਦੇ। ਗੱਫ਼ ਨੂੰ ਹਦਾਇਤ ਸੀ ਕਿ ਉਹ ਧਿਆਨ ਸਿੰਘ ਡੋਗਰਾ ਦੀ ਸਮਝਦਾਰੀ ਦੀ ਤਾਰੀਫ਼ ਕਰੇ ਕਿ ਉਸ ਨੇ ਆਪਣੇ-ਆਪ ਨੂੰ ਸਿੱਖਾਂ ਦੇ ਇਸ ਗ਼ੈਰ-ਵਾਜਬ ਹਮਲੇ ਤੋਂ ਪਾਸੇ ਰੱਖਿਆ ਸੀ।
ਦਰਬਾਰ ਦੇ ਪ੍ਰਤੀਨਿਧ ਸਾਰੀ ਰਾਤ ਬ੍ਰਿਟਿਸ਼ ਸਰਕਾਰ ਦੇ ਚੀਫ ਸੈਕਟਰੀ ਫਰੈਡਰਿਕ ਕੁਰੀ ਤੇ ਮੇਜਰ ਹੈਨਰੀ ਲਾਰੈਂਸ ਨਾਲ ਸਮਝੌਤੇ ਦੀਆਂ ਸ਼ਰਤਾਂ ਉੱਪਰ ਵਿਚਾਰ ਕਰਦੇ ਰਹੇ ਅਤੇ ਅਖੀਰ ਵਿਚ ਜੇਤੂ ਅੰਗਰੇਜ਼ ਹਕੂਮਤ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਗਈਆਂ। ਉਨ੍ਹਾਂ ਨੇ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਸਾਰਾ ਇਲਾਕਾ, ਪਹਾੜੀ ਵੀ ਤੇ ਮੈਦਾਨੀ ਵੀ, ਪੂਰੀ ਤਰ੍ਹਾਂ ਅੰਗਰੇਜ਼ੀ ਪ੍ਰਸ਼ਾਸਨ ਦੇ ਅਧੀਨ ਕਰਨਾ ਮੰਨਿਆ। ਇਸ ਦਾ ਸਾਲਾਨਾ ਲਗਾਨ 4 ਲੱਖ ਰੁਪਏ ਬਣਦਾ ਸੀ। ਲੜਾਈ ਦਾ ਹਰਜਾਨਾ ਡੇਢ ਕਰੋੜ ਅਦਾ ਕਰਨਾ, ਜਿਸ ਬਾਰੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਦਰਬਾਰ ਨਹੀਂ ਦੇ ਸਕਦਾ। ਅੰਗਰੇਜ਼ੀ ਇਲਾਕੇ ਵੱਲ ਬੀੜੀਆਂ ਸਾਰੀਆਂ ਤੋਪਾਂ ਵੀ ਅੰਗਰੇਜ਼ਾਂ ਦੇ ਹਵਾਲੇ ਕਰਨੀਆਂ ਸਨ। ਇਸ ਤੋਂ ਇਲਾਵਾ ਫੌਜ ਦੀ ਗਿਣਤੀ ਉਹੀ ਰੱਖਣੀ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ।
ਤਿੰਨ ਦਿਨ ਬਾਅਦ ਗੁਲਾਬ ਸਿੰਘ ਡੋਗਰਾ ਅਤੇ ਭਾਈਆ ਰਾਮ ਸਿੰਘ ਆਪਣੀ ਅਗਵਾਈ ਵਿਚ ਮਹਾਰਾਜਾ ਦਲੀਪ ਸਿੰਘ ਨੂੰ ਲਲਿਆਣੀ ਪਿੰਡ ਵਿਖੇ ਅੰਗਰੇਜ਼ਾਂ ਦੇ ਕੈਂਪ ਵਿਚ ਕਮਾਂਡਰ-ਇਨ-ਚੀਫ ਤੇ ਗਵਰਨਰ ਜਨਰਲ ਅੱਗੇ ਆਪਣੀ ਅਧੀਨਗੀ ਪੇਸ਼ ਕਰਵਾਉਣ ਵਾਸਤੇ ਲੈ ਕੇ ਗਏ। ਡੋਗਰਾ ਨੇ ਸਾਰੇ ਸਮਾਰੋਹ ਦੇ ਮੁੱਖ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾਈ। ਜਨਰਲ ਸਰ ਹੋਪ ਗਰਾਂਟ ਨੇ ਲਿਖਿਆ ਕਿ ਉਸ ਦੀ ਦੇਸੀ ਜ਼ਬਾਨ ਵਿਚ ਪੇਸ਼ਕਰਨੀ ਬਹੁਤ ਵਧੀਆ ਸੀ। ਗੁਲਾਬ ਸਿੰਘ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ, 'ਜੇ ਮੇਰਾ ਬੱਚਾ ਜਾਂ ਕੋਈ ਬਹੁਤ ਪਿਆਰਾ ਦੋਸਤ ਬਿਮਾਰ ਹੋ ਜਾਵੇ ਤਾਂ ਮੈਂ ਉਸ ਨੂੰ ਕਿਸੇ ਚੰਗੇ ਹਕੀਮ ਦੇ ਕੋਲ ਲੈ ਕੇ ਜਾਵਾਂਗਾ। ਮਰੀਜ਼ ਨੂੰ ਉਸ ਦੇ ਹੱਥਾਂ ਦੇ ਸਪੁਰਦ ਕਰਕੇ ਉਹ ਜੋ ਵੀ ਇਲਾਜ ਦੱਸੇ ਜਾਂ ਦਵਾਈ ਦੇਵੇ, ਮਰੀਜ਼ ਨੂੰ ਅਮਲ ਕਰਨ ਵਾਸਤੇ ਕਹਾਂਗਾ। ਹੁਣ ਮੈਂ ਗਵਰਨਰ ਜਨਰਲ ਨੂੰ ਇਕ ਮਾਹਿਰ ਹਕੀਮ ਮੰਨ ਕੇ ਮਹਾਰਾਜਾ ਨੂੰ ਉਸ ਦੇ ਸਪੁਰਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਉਹ ਜੋ ਵੀ ਫੈਸਲਾ ਕਰਨਗੇ, ਮਹਾਰਾਜਾ ਦੇ ਭਲੇ ਦਾ ਕਰਨਗੇ, ਉਸ ਦੇ ਫਾਇਦੇ ਦਾ ਕਰਨਗੇ।'
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

250 ਵਰ੍ਹੇ ਪੁਰਾਣੀਆਂ ਟੈਕਸ ਡਿਉਢੀਆਂ ਦੀ ਹੋਂਦ ਅਜੇ ਵੀ ਬਰਕਰਾਰ

ਸਿੱਖ ਮਿਸਲਾਂ ਦੇ ਸਮੇਂ ਅੰਮ੍ਰਿਤਸਰ ਨੂੰ ਵੱਖ-ਵੱਖ ਛੋਟੇ ਸ਼ਹਿਰਾਂ ਦੇ ਰੂਪ ਵਿਚ ਵੰਡਣ ਵਾਲੇ ਕਟੜਿਆਂ ਦੀਆਂ ਚੁੰਗੀ ਡਿਉਢੀਆਂ ਅੱਜ ਵੀ ਅੰਦਰੂਨੀ ਸ਼ਹਿਰ ਵਿਚ ਮੌਜੂਦ ਹਨ, ਪਰ ਇਨ੍ਹਾਂ ਦੀ ਹੋਂਦ ਅਤੇ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਬਾਰੇ ਸਬੰਧਤ ਵਿਭਾਗਾਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਾ ਹੋਣ ਕਰਕੇ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਇਹ ਕਰੀਬ 250 ਵਰ੍ਹੇ ਪੁਰਾਣੀਆਂ ਵਿਰਾਸਤੀ ਡਿਉਢੀਆਂ ਖੰਡਰਾਂ ਵਿਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਸਿੱਖ ਮਿਸਲਾਂ ਦੇ ਹੋਂਦ ਵਿਚ ਆਉਣ ਦੇ ਬਾਅਦ ਮਿਸਲਾਂ ਦੇ ਬਹੁਤੇ ਸਰਦਾਰਾਂ ਨੇ ਅੰਮ੍ਰਿਤਸਰ ਵਿਚ ਆਪੋ-ਆਪਣੇ ਨਾਵਾਂ 'ਤੇ ਕਟੜੇ ਵਸਾ ਕੇ ਉਨ੍ਹਾਂ ਵਿਚ ਆਪਣੀ ਰਿਹਾਇਸ਼ ਲਈ ਮਹਿਲਨੁਮਾ ਹਵੇਲੀਆਂ ਅਤੇ ਰਿਹਾਇਸ਼ੀ ਕਿਲ੍ਹੇ ਉਸਾਰ ਲਏ। ਅੰਮ੍ਰਿਤਸਰ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਮਿਸਲ ਕਾਲ ਸਮੇਂ ਅੰਮ੍ਰਿਤਸਰ ਵਿਚ 65 ਦੇ ਕਰੀਬ ਕਟੜੇ ਸਨ ਅਤੇ ਕਰੀਬ ਹਰ ਕਟੜੇ ਵਿਚ ਇਕ-ਦੋ ਵੱਡੇ ਬਾਜ਼ਾਰ ਜਾਂ ਮੰਡੀਆਂ ਸਥਾਪਿਤ ਕੀਤੀਆਂ ਗਈਆਂ। ਇਹ ਕਟੜੇ ਇਕ ਕਿਸਮ ਦੇ ਸ਼ਹਿਰ ਦੇ ਅੰਦਰ ਹੀ 'ਮਿੰਨੀ ਸਿਟੀ' (ਛੋਟੇ ਨਗਰ) ਬਣੇ ਹੋਏ ਸਨ ਅਤੇ ਦੱਸਿਆ ਜਾਂਦਾ ਹੈ ਕਿ ਜੇਕਰ ਇਕ ਕਟੜੇ ਦਾ ਵਿਅਕਤੀ ਅਪਰਾਧ ਕਰਕੇ ਦੂਸਰੇ ਕਟੜੇ ਵਿਚ ਭੱਜ ਜਾਂਦਾ ਤਾਂ ਦੂਸਰੇ ਕਟੜੇ ਦੇ ਹਾਕਮ ਨੂੰ ਉਸ ਨੂੰ ਪਨਾਹ ਜਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਵੀ ਅਧਿਕਾਰ ਪ੍ਰਾਪਤ ਸੀ। ਇਕ ਕਟੜੇ ਦੇ ਵਪਾਰੀ ਵਲੋਂ ਦੂਸਰੇ ਕਟੜੇ ਦੀ ਮੰਡੀ 'ਚੋਂ ਸਾਮਾਨ ਖ਼ਰੀਦਣ 'ਤੇ ਬਕਾਇਦਾ ਉਸ ਕਟੜੇ ਦੇ ਪ੍ਰਮੁੱਖ ਰਸਤੇ 'ਤੇ ਸਥਾਪਿਤ ਕੀਤੀ ਗਈ ਟੈਕਸ ਡਿਉਢੀ ਦੇ ਅਧਿਕਾਰੀ ਨੂੰ ਟੈਕਸ ਵੀ ਦੇਣਾ ਪੈਂਦਾ ਸੀ। ਉਪਰੋਕਤ ਟੈਕਸ ਡਿਉਢੀਆਂ ਵਿਚੋਂ ਕਟੜਾ ਹਰੀ ਸਿੰਘ ਭੰਗੀ ਅਤੇ ਚੂੜਾ ਬਾਜ਼ਾਰ ਵਿਚਲੀਆਂ ਡਿਉਢੀਆਂ ਅੱਜ ਵੀ ਮੌਜੂਦ ਹਨ।
ਜਿਸ ਸਮੇਂ ਇਹ ਕਟੜੇ ਵਸਾਏ ਗਏ, ਉਸ ਵੇਲੇ ਰਹਿਣ ਲਈ ਜਗ੍ਹਾ ਲੈਣ ਵਾਲੇ ਨੂੰ ਕਟੜੇ ਦੇ ਹਾਕਮ ਨੂੰ ਸਾਲ ਬਾਅਦ ਗੁੜ ਦੀ ਰੋੜੀ ਜਾਂ ਅੱਠ ਆਨੇ ਦੇਣੇ ਪੈਂਦੇ ਸਨ। ਇਕ ਸਾਲ ਬਾਅਦ ਕਿਸੇ ਪਾਸੋਂ ਚਾਰ ਆਨੇ (25 ਪੈਸੇ), ਕਿਸੇ ਪਾਸੋਂ ਅੱਠ ਆਨੇ ਤੇ ਕਿਸੇ ਤੋਂ ਇਕ ਰੁਪਿਆ ਜਾਂ ਦੋ ਰੁਪਏ ਹੈਸੀਅਤ ਵੇਖ ਕੇ ਟੈਕਸ ਦੇ ਰੂਪ ਵਿਚ ਲਏ ਜਾਂਦੇ ਸਨ। ਉਪਰੋਕਤ ਕਟੜਿਆਂ ਵਿਚੋਂ ਕਟੜਾ ਆਹਲੂਵਾਲੀਆ, ਕਟੜਾ ਫ਼ਤਹਿ ਸਿੰਘ ਕਾਲਿਆਂਵਾਲਾ, ਕਟੜਾ ਹਰੀ ਸਿੰਘ ਭੰਗੀ, ਗੁਰੂ ਬਾਜ਼ਾਰ, ਲੋਹਾ ਮੰਡੀ (ਆਹਨ ਫਰੋਸ਼ਾ ਮੰਡੀ), ਕਟੜਾ ਨਿਹਾਲ ਸਿੰਘ ਅਟਾਰੀ ਵਾਲਾ, ਕਟੜਾ ਫ਼ਤਹਿ ਸਿੰਘ ਮਾਨ, ਕਟੜਾ ਹਰਸਾ ਸਿੰਘ, ਚੌਕ ਦਰਬਾਰ ਸਾਹਿਬ, ਕਟੜਾ ਸ: ਲਹਿਣਾ ਸਿੰਘ (ਪ੍ਰਸਿੱਧ ਮੋਚੀ ਬਾਜ਼ਾਰ), ਕਟੜਾ ਜੱਲ੍ਹੇਵਾਲੀਆ, ਛਾਉਣੀ ਨਿਹੰਗਾਂ, ਕਟੜਾ ਸ਼ੇਰ ਸਿੰਘ, ਕਟੜਾ ਘਨਈਆ, ਕਟੜਾ ਕਰਮੋ ਡਿਉਢੀ, ਕਟੜਾ ਜੈਮਲ ਸਿੰਘ। ਕਟੜਾ ਖੜਕ ਸਿੰਘ, ਕਟੜਾ ਮੋਤੀ ਰਾਮ, ਕਟੜਾ ਚੜ੍ਹਤ ਸਿੰਘ ਭੰਗੀ, ਕਟੜਾ ਮਿਸਰ ਬੇਲੀ ਰਾਮ, ਮਜੀਠ ਮੰਡੀ, ਕਿਲ੍ਹਾ ਭੰਗੀਆਂ, ਕਟੜਾ ਹਕੀਮਾਂ, ਲੂਣ ਮੰਡੀ, ਕਣਕ ਮੰਡੀ, ਕਟੜਾ ਰਾਮਗੜ੍ਹੀਆਂ, ਕਟੜਾ ਮਾਈ ਸੇਵਾ, ਕਟੜਾ ਭਾਈ ਬਸਤੀ ਰਾਮ, ਚੌਕ ਪਾਸੀਆਂ, ਬਾਜ਼ਾਰ ਕੰਜਰੀਆਂ, ਬਾਜ਼ਾਰ ਬੱਤੀ ਹੱਟਾ, ਬਾਜ਼ਾਰ ਪੱਟਰੰਗਾ, ਚਾਵਲ ਮੰਡੀ, ਚੁਰਸਤੀ ਅਟਾਰੀ, ਦਰਸ਼ਨੀ ਦਰਵਾਜ਼ਾ, ਕਟੜਾ ਗੁਰੂ ਕੇ ਮਹਿਲ, ਕਟੜਾ ਮਹਿਤਾਬ ਸਿੰਘ (ਪਾਪੜਾਂ ਵਾਲਾ ਬਾਜ਼ਾਰ) ਆਦਿ ਪ੍ਰਮੁੱਖ ਕਟੜੇ ਸਨ।
ਇਹ ਵੀ ਜ਼ਿਕਰਯੋਗ ਹੈ ਕਿ ਭੰਗੀ ਮਿਸਲ ਦੇ ਪ੍ਰਮੁੱਖ ਸ: ਹਰੀ ਸਿੰਘ ਭੰਗੀ ਦੇ ਸਮੇਂ ਕਟੜਾ ਹਰੀ ਸਿੰਘ ਦੇ ਨਿਵਾਸੀਆਂ ਦੇ ਜਾਨੋ-ਮਾਲ ਤੇ ਚੋਰੀ-ਡਾਕੇ ਤੋਂ ਉਨ੍ਹਾਂ ਦੀ ਸੁਰੱਖਿਆ ਕਰਨ ਲਈ ਚੌਕੀਦਾਰੀ ਟੈਕਸ ਵੀ ਲਿਆ ਜਾਂਦਾ ਸੀ। ਪਹਿਲਾਂ ਸਾਰੇ ਕਟੜਿਆਂ ਦੇ ਹਾਕਮ ਆਪੋ-ਆਪਣੇ ਕਟੜੇ ਤੋਂ ਹਾਊਸ ਟੈਕਸ ਲੈ ਕੇ ਆਪਣੇ ਪਾਸ ਰੱਖ ਲੈਂਦੇ ਸਨ, ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੇ ਅਧਿਕਾਰ ਵਿਚ ਲਿਆ ਤਾਂ ਉਨ੍ਹਾਂ ਨੇ ਆਦੇਸ਼ ਜਾਰੀ ਕਰਦਿਆਂ ਟੈਕਸ ਦੀ ਰਕਮ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ। ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਅਤੇ ਕਟੜਾ ਨਿਹਾਲ ਸਿੰਘ ਅਟਾਰੀ ਵਾਲਾ ਦੇ ਸਰਦਾਰ ਤਹਿ ਜ਼ਮੀਨੀ ਦੇ ਨਾਂਅ 'ਤੇ ਭੋਂ ਟੈਕਸ ਲੈਂਦੇ ਸਨ। ਅੰਗਰੇਜ਼ੀ ਰਾਜ ਦੇ ਦੌਰਾਨ ਵੀ ਕਟੜਿਆਂ ਵਿਚੋਂ ਟੈਕਸ ਇਕੱਠਾ ਕਰਕੇ ਖ਼ਜ਼ਾਨੇ ਵਿਚ ਜਮ੍ਹਾਂ ਹੁੰਦਾ ਸੀ। ਬ੍ਰਿਟਿਸ਼ ਸਰਕਾਰ ਨੇ ਹਾਊਸ ਟੈਕਸ ਇਕੱਠਾ ਕਰਨ ਲਈ 3 ਨੰਬਰਦਾਰ ਨਿਯੁਕਤ ਕੀਤੇ ਹੋਏ ਸਨ, ਜਿਨ੍ਹਾਂ ਨੂੰ ਟੈਕਸ ਵਸੂਲੀ ਦੇ ਬਦਲੇ ਹਰ 6 ਮਹੀਨੇ ਬਾਅਦ 370 ਰੁਪਏ, ਇਕ ਆਨਾ ਅਤੇ ਦੋ ਪੈਸੇ ਮਿਲਦੇ ਸਨ। ਕਟੜਾ ਆਹਲੂਵਾਲੀਆ, ਕਟੜਾ ਭੰਗੀਆਂ, ਕਟੜਾ ਨਿਹਾਲ ਸਿੰਘ ਅਟਾਰੀ ਵਾਲਾ, ਕਟੜਾ ਹਕੀਮਾਂ ਅਤੇ ਗੁਰੂ ਬਾਜ਼ਾਰ ਆਦਿ ਇਲਾਕੇ ਸੰਘਣੀ ਆਬਾਦੀ ਵਾਲੇ ਅਤੇ ਵਪਾਰਕ ਹੋਣ ਕਰਕੇ ਇਨ੍ਹਾਂ ਇਲਾਕਿਆਂ ਵਿਚੋਂ ਕਟੜਿਆਂ ਦੇ ਮਾਲਕ ਅਤੇ ਬ੍ਰਿਟਿਸ਼ ਪ੍ਰਸ਼ਾਸਨ ਦੇ ਨੰਬਰਦਾਰ ਦੋਵੇਂ ਹੀ ਹਾਊਸ ਟੈਕਸ ਲੈਂਦੇ ਸਨ। ਇਹ ਪ੍ਰਥਾ ਬ੍ਰਿਟਿਸ਼ ਸ਼ਾਸਨ ਤੱਕ ਚਲਦੀ ਰਹੀ।


-ਅੰਮ੍ਰਿਤਸਰ। ਮੋਬਾ: 93561-27771

ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ

ਗਵਾਲੀਅਰ ਦਾ ਕਿਲ੍ਹਾ ਭਾਰਤ ਦੇ ਪ੍ਰਮੁੱਖ ਕਿਲ੍ਹਿਆਂ ਵਿਚ ਸ਼ੁਮਾਰ ਹੈ। ਮੈਦਾਨੀ ਧਰਤੀ ਤੋਂ 342 ਫੁੱਟ ਉਚਾਈ 'ਤੇ ਬਣਿਆ ਇਹ ਕਿਲ੍ਹਾ ਆਪਣੀ ਸੁੰਦਰਤਾ, ਨਿਰਮਾਣ ਸ਼ੈਲੀ ਆਦਿ ਵਰਗੇ ਪੱਖ ਤੋਂ ਮਹੱਤਵ ਰੱਖਣ ਦੇ ਨਾਲ-ਨਾਲ ਇਤਿਹਾਸਕ ਪੱਖ ਤੋਂ ਵੀ ਮਹੱਤਵਪੂਰਨ ਹੈ। ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਸਮਿਆਂ ਦੀਆਂ ਅਨੇਕਾਂ ਇਤਿਹਾਸਕ ਘਟਨਾਵਾਂ ਇਸ ਕਿਲ੍ਹੇ ਨਾਲ ਜੁੜੀਆਂ ਹੋਈਆਂ ਹਨ। ਸਿੱਖ ਇਤਿਹਾਸ ਦਾ ਵੀ ਇਸ ਕਿਲ੍ਹੇ ਨਾਲ ਸਬੰਧ ਹੈ। ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਇੱਥੇ ਹੀ ਦੋ ਸਾਲ ਦੇ ਲਗਪਗ ਕੈਦੀ ਬਣਾ ਕੇ ਰੱਖਿਆ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਇਸ ਕਿਲ੍ਹੇ ਨਾਲ ਇਸ ਸਬੰਧ ਕਾਰਨ ਇਸ ਕਿਲ੍ਹੇ ਵਿਚ 'ਗੁਰਦੁਆਰਾ ਦਾਤਾ ਬੰਦੀ ਛੋੜ' ਦਾ ਨਿਰਮਾਣ ਕੀਤਾ ਗਿਆ ਹੈ।
ਗੁਰੂ ਅਰਜਨ ਦੇਵ ਜੀ ਨੇ 1606 ਈ: ਵਿਚ ਲਾਹੌਰ ਵੱਲ ਨੂੰ ਕੁਰਬਾਨੀ ਦੇਣ ਲਈ ਜਾਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਬਾਲਕ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਨੂੰ ਸੌਂਪ ਦਿੱਤੀ ਅਤੇ ਬਦਲੇ ਹਾਲਾਤ ਦੇ ਅਨੁਸਾਰ ਸਿੱਖ ਧਰਮ ਦੀ ਅਗਵਾਈ ਕਰਨ ਲਈ ਕਿਹਾ। ਉਸ ਸਮੇਂ ਹਰਿਗੋਬਿੰਦ ਸਾਹਿਬ ਦੀ ਉਮਰ 11 ਸਾਲ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਪਹਿਲਾਂ ਚੱਲੀ ਆ ਰਹੀ ਗੁਰਗੱਦੀ 'ਤੇ ਬੈਠਣ ਸਮੇਂ ਦੀ ਪ੍ਰੰਪਰਾ ਤਿਆਗਦਿਆਂ ਸੀਸ 'ਤੇ ਰਾਜਿਆਂ ਵਾਂਗ ਕਲਗੀ ਸਜਾਈ, ਮੀਰੀ ਪੀਰੀ ਨਾਂਅ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਉਨ੍ਹਾਂ ਨੇ ਮਸੰਦਾਂ ਨੂੰ ਸਿੱਖਾਂ ਨੂੰ ਚੰਗੇ ਸ਼ਸਤਰ ਭੇਟ ਕਰਨ ਦਾ ਸੁਨੇਹਾ ਦੇਣ ਲਈ ਕਿਹਾ ਤੇ ਸਿੱਖਾਂ ਨੂੰ ਆਪ ਵੀ ਘੋੜਸਵਾਰੀ ਕਰਨ ਤੇ ਸ਼ਸਤਰ ਚਲਾਉਣੇ ਸਿੱਖਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਸੁਰੱਖਿਆ ਲਈ ਅੰਮ੍ਰਿਤਸਰ ਵਿਚ ਲੋਹਗੜ੍ਹ ਨਾਂਅ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ। ਉਨ੍ਹਾਂ ਨੇ ਸੰਨ 1609 ਈ: ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਤਖ਼ਤ ਦਾ ਨਿਰਮਾਣ ਕਰਵਾਇਆ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਰਾਜਿਆਂ ਵਾਂਗ ਕਚਹਿਰੀ ਲਗਾਉਂਦੇ ਸਨ। ਢਾਡੀ ਵੀਰ ਰਸ ਭਰਪੂਰ ਵਾਰਾਂ ਗਾਉਂਦੇ ਅਤੇ ਸਿੱਖਾਂ ਵਿਚ ਜੋਸ਼ ਭਰਦੇ ਸਨ। ਇੱਥੇ ਯੋਧੇ ਤਿਆਰ ਕਰਨ ਲਈ ਸਿਖਲਾਈ ਵੀ ਦਿੱਤੀ ਜਾਂਦੀ ਸੀ। ਗੁਰੂ ਸਾਹਿਬ ਨੇ ਸੂਰਬੀਰਾਂ ਦੀ ਫੌਜ ਵੀ ਤਿਆਰ ਕੀਤੀ।
ਗੁਰੂ ਸਾਹਿਬ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਚੰਦੂ ਵਰਗੇ ਗੁਰੂ ਜੀ ਦੇ ਵਿਰੋਧੀਆਂ ਨੇ ਮੁਗ਼ਲ ਬਾਦਸ਼ਾਹ ਜਹਾਂਗੀਰ ਕੋਲ ਵਧਾ-ਚੜ੍ਹਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜਹਾਂਗੀਰ ਕੋਲ ਗੁਰੂ ਸਾਹਿਬ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਉਨ੍ਹਾਂ ਦੀ ਮੁਗ਼ਲਾਂ ਤੋਂ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਦੀਆਂ ਤਿਆਰੀਆਂ ਦੇ ਰੂਪ ਵਿਚ ਪ੍ਰਚਾਰਿਆ। ਜਹਾਂਗੀਰ ਨੂੰ ਪਹਿਲਾਂ ਹੀ ਗੁਰੂ ਸਾਹਿਬ ਦੀ ਇਸ ਨਵੀਂ ਨੀਤੀ ਕਾਰਨ ਗੁਰੂ ਸਾਹਿਬ ਦੇ ਮੁਗ਼ਲਾਂ ਵਿਰੁੱਧ ਬਗਾਵਤ ਕੀਤੇ ਜਾਣ ਦਾ ਖਦਸ਼ਾ ਸੀ, ਜਿਸ ਨੂੰ ਗੁਰੂ ਸਾਹਿਬ ਦੇ ਵਿਰੋਧੀਆਂ ਨੂੰ ਹੋਰ ਪਕੇਰਾ ਕਰ ਦਿੱਤਾ। ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਬਿਮਾਰ ਰਹਿਣ ਲੱਗ ਗਿਆ ਸੀ। ਇਸ ਕਰਕੇ ਉਸ ਨੇ ਕਾਜ਼ੀ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਤਰੀਕਾ ਦੱਸਣ ਲਈ ਬੁਲਾਇਆ। ਇਸ ਕਾਜ਼ੀ ਨੂੰ ਚੰਦੂ ਸ਼ਾਹ ਨੇ ਰਿਸ਼ਵਤ ਦਿੱਤੀ ਹੋਈ ਸੀ। ਚੰਦੂ ਸ਼ਾਹ ਦੇ ਕਹਿਣ 'ਤੇ ਕਾਜ਼ੀ ਨੇ ਜਹਾਂਗੀਰ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਮਹਾਨ ਵਿਅਕਤੀ ਗਵਾਲੀਅਰ ਦੇ ਕਿਲ੍ਹੇ ਵਿਚ ਰਹਿ ਕੇ ਜਹਾਂਗੀਰ ਲਈ ਜਾਪ ਕਰੇ ਤਾਂ ਉਹ ਠੀਕ ਹੋ ਸਕਦੇ ਹਨ। ਇਸ ਦੇ ਲਈ ਉਸ ਨੇ ਗੁਰੂ ਹਰਿਗੋਬਿੰਦ ਸਾਹਿਬ ਦਾ ਨਾਂਅ ਲੈ ਦਿੱਤਾ। ਪਰ ਮੁੱਖ ਰੂਪ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੀ ਨਵੀਂ ਨੀਤੀ ਕਾਰਨ ਬਗਾਵਤ ਦੇ ਖਦਸ਼ੇ ਨੂੰ ਵੇਖਦਿਆਂ ਜਹਾਂਗੀਰ ਨੇ ਵਜ਼ੀਰ ਖਾਂ ਤੇ ਗੁੰਚਾ ਬੇਗ ਨੂੰ ਗੁਰੂ ਸਾਹਿਬ ਨੂੰ ਦਿੱਲੀ ਲੈ ਕੇ ਆਉਣ ਲਈ ਅੰਮ੍ਰਿਤਸਰ ਗੁਰੂ ਸਾਹਿਬ ਕੋਲ ਭੇਜਿਆ। ਵਜ਼ੀਰ ਖਾਂ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ, ਉਸ ਨੇ ਗੁਰੂ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਜਹਾਂਗੀਰ ਨੇ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਲਈ ਨਹੀਂ, ਸਗੋਂ ਮਿਲਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਬੁਲਾਇਆ ਹੈ। ਇਸ 'ਤੇ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਦੂਸਰੇ ਸਿੱਖਾਂ ਦੀ ਸਲਾਹ ਨਾਲ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਦਿੱਲੀ ਵਿਚ ਕੁਝ ਸਮਾਂ ਠਹਿਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਗਰੇ ਵੱਲ ਚਾਲੇ ਪਾ ਦਿੱਤੇ। ਆਗਰੇ ਵਿਖੇ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦੀ ਬਣਾ ਕੇ ਭੇਜ ਦਿੱਤਾ। ਗੁਰੂ ਸਾਹਿਬ ਨਾਲ ਕੁਝ ਸਿੱਖ ਵੀ ਕੈਦ ਕੀਤੇ ਗਏ।
1558 ਈ: ਵਿਚ ਮੁਗ਼ਲਾਂ ਦੇ ਕਬਜ਼ੇ ਵਿਚ ਆਉਣ ਤੋਂ ਬਾਅਦ ਗਵਾਲੀਅਰ ਦੇ ਕਿਲ੍ਹੇ ਨੂੰ ਰਾਜਨੀਤਕ ਕੈਦਖਾਨੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਇਸ ਕਿਲ੍ਹੇ ਵਿਚ ਹਾਰੇ ਹੋਏ ਰਾਜਿਆਂ ਅਤੇ ਦੂਸਰੇ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਣ ਲੱਗਾ। ਉਨ੍ਹਾਂ ਨੂੰ ਇੱਥੇ ਕਠੋਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਨਾਲ ਪਸ਼ੂਆਂ ਵਾਲਾ ਵਿਵਹਾਰ ਕੀਤਾ ਜਾਂਦਾ ਸੀ। ਥਮਲਿਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਤੇ ਉਨ੍ਹਾਂ ਦੇ ਖਾਣੇ ਦੀ ਕੋਈ ਉਚਿਤ ਵਿਵਸਥਾ ਨਹੀਂ ਸੀ ਹੁੰਦੀ। ਪਰ ਗਵਾਲੀਅਰ ਦੇ ਕਿਲ੍ਹੇ ਦਾ ਦਰੋਗਾ ਹਰੀ ਦਾਸ ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ। ਉਸ ਨੇ ਗੁਰੂ ਸਾਹਿਬ ਦੀ ਕਿਲ੍ਹੇ ਵਿਚ ਖੂਬ ਸੇਵਾ ਕੀਤੀ। ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੋਧੀਆਂ ਨੇ ਇੱਥੇ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਯਤਨ ਕੀਤੇ। ਪਰ ਦਰੋਗੇ ਹਰੀ ਦਾਸ ਦੇ ਕਾਰਨ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਜਹਾਂਗੀਰ ਨੇ ਗੁਰੂ ਸਾਹਿਬ ਅਤੇ ਦੂਸਰੇ ਸਿੱਖ ਕੈਦੀਆਂ ਦੇ ਰੋਜ਼ਾਨਾ ਦੇ ਲੰਗਰ ਲਈ ਪੰਜ ਰੁਪਏ ਖਰਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਲੰਗਰ ਲਈ ਖਰਚੇ ਦੇ ਇਨ੍ਹਾਂ ਪੰਜ ਰੁਪਈਆਂ ਨਾਲ ਕਿਲ੍ਹੇ ਦੇ ਸਾਰੇ ਕੈਦੀਆਂ ਨੂੰ ਚੰਗਾ ਭੋਜਨ ਮਿਲਣ ਲੱਗਿਆ।
ਕਿਹਾ ਜਾਂਦਾ ਹੈ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬਾਰਾਂ ਸਾਲ ਦੀ ਕੈਦ ਦੇ ਹੁਕਮ ਦਿੱਤੇ ਸਨ। ਪਰ ਲਗਪਗ ਦੋ ਸਾਲ ਬਾਅਦ ਹੀ ਰਿਹਾਅ ਕਰ ਦਿੱਤਾ। ਪਰ ਗੁਰੂ ਸਾਹਿਬ ਨੇ ਇਕੱਲੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਵਿਚੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਜਹਾਂਗੀਰ ਨੂੰ ਕਿਲ੍ਹੇ ਦੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ। ਇਸ 'ਤੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਟਾਲਣ ਲਈ ਕਿਹਾ ਕਿ ਉਹੀ ਕੈਦੀ ਰਾਜੇ ਬਾਹਰ ਜਾ ਸਕਦੇ ਹਨ, ਜਿਹੜੇ ਉਨ੍ਹਾਂ ਦਾ ਲੜ ਫੜ ਕੇ ਕਿਲ੍ਹੇ ਤੋਂ ਬਾਹਰ ਜਾਣਗੇ। ਅਜਿਹਾ ਕਰਨ ਦਾ ਕਾਰਨ ਇਹ ਸੀ ਕਿ ਉਸ ਨੂੰ ਵਿਸ਼ਵਾਸ ਸੀ ਕਿ ਇਹ ਰਾਜਪੂਤ ਰਾਜੇ ਕਦੇ ਅਜਿਹਾ ਨਹੀਂ ਕਰਨਗੇ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਗੁਰਮਤਿ ਸੰਗੀਤ ਵਿਚ ਤਬਲੇ ਦਾ ਸਥਾਨ

ਸੰਗੀਤ ਗਾਇਨ, ਵਾਦਨ ਅਤੇ ਨ੍ਰਿਤ ਤਿੰਨਾਂ ਕਲਾਵਾਂ ਦਾ ਸੁਮੇਲ ਹੈ। ਤਾਲ, ਸੰਗੀਤ ਵਿਚ ਇਕ ਮਹੱਤਵਪੂਰਨ ਭੂਮਿਕਾ ਰੱਖਦਾ ਹੈ, ਜਿਸ ਦੀ ਗਵਾਹੀ ਸੰਗੀਤ ਰਤਨਾਕਰ ਗ੍ਰੰਥ ਵਿਚ ਇਸ ਤਰ੍ਹਾਂ ਮਿਲਦੀ ਹੈ:
ਗਤਿਮ ਵਦਿਅਮ ਤਥਾ ਨ੍ਰਿਤਯਮ ਯਤਸਤਾਲੇ ਪ੍ਰਤਿਸਠਿਤਮ
ਜਿਵੇਂ ਇਕ ਹਨੇਰੇ ਘਰ ਵਿਚ ਰੌਸ਼ਨੀ ਕੀਤੇ ਬਗੈਰ ਉਸ ਦੀ ਸੁੰਦਰਤਾ ਦਾ ਸਹਿਜ ਨਹੀਂ ਲਗਾਇਆ ਜਾ ਸਕਦਾ ਅਤੇ ਰੌਸ਼ਨੀ ਲਈ ਚਿਰਾਗ ਦੀ ਜ਼ਰੂਰਤ ਪੈਂਦੀ ਹੈ, ਬਿਲਕੁਲ ਇਸੇ ਤਰ੍ਹਾਂ ਸੰਗੀਤ ਵਿਚ ਤਾਲ ਇਕ ਚਿਰਾਗ ਦੀ ਤਰ੍ਹਾਂ ਕੰੰਮ ਕਰਦਾ ਹੈ। ਇਸੇ ਤਰ੍ਹਾਂ ਤਬਲਾ ਸਾਜ ਇਕ ਤਾਲ ਸਾਜ ਹੈ ਅਤੇ ਇਸ ਦੇ ਸਾਥ ਤੋਂ ਬਿਨਾਂ ਸੰਗੀਤ ਅਧੂਰਾ ਲਗਦਾ ਹੈ।
ਭਾਰਤੀ ਸੰਗੀਤ ਦੀ ਤਰ੍ਹਾਂ ਗੁਰਮਤਿ ਸੰਗੀਤ ਵਿਚ ਵੀ ਤਬਲੇ ਨੂੰ ਅਹਿਮ ਸਥਾਨ ਪ੍ਰਾਪਤ ਹੋਇਆ ਹੈ। ਗੁਰਮਤਿ ਸੰਗੀਤ ਵਿਚ ਇਸ ਨੂੰ (ਜੋੜੀ) ਵੀ ਕਿਹਾ ਜਾਂਦਾ ਹੈ। ਇਸ ਦੀ ਸਿਖਲਾਈ ਲਈ ਗੁਰਮਤਿ ਦੇ ਖੇਤਰ ਵਿਚ ਕਈ ਅਕੈਡਮੀਆਂ, ਟਕਸਾਲਾਂ ਅਤੇ ਵਿਸ਼ੇਸ਼ ਕਾਲਜ ਵੀ ਸਥਾਪਿਤ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕਾਸ਼ੀ, ਬਠਿੰਡਾ, ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਇਲਾਵਾ ਬੁੱਢਾ ਜੌਹੜ ਰਾਜਸਥਾਨ ਵਿਖੇ ਤਬਲਾ ਸਿਖਲਾਈ ਲਈ ਵਿਸ਼ੇਸ਼ ਵਿਦਿਆਲੇ ਚੱਲ ਰਹੇ ਹਨ। ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵਲੋਂ 20 ਅਪ੍ਰੈਲ, 1995 ਤੋਂ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਵਿਖੇ ਬਕਾਇਦਾ ਕੀਰਤਨ ਸਿਖਲਾਈ, ਤਿੰਨ ਸਾਲਾ ਪ੍ਰਚਾਰਕ ਡਿਪਲੋਮਾ ਅਤੇ ਤਬਲੇ ਦੇ ਵਿਸ਼ੇ 'ਤੇ ਵੀ 3 ਸਾਲਾ ਰੈਗੂਲਰ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਹੋਇਆ ਹੈ, ਜੋ ਨਿਰੰਤਰ ਜਾਰੀ ਹੈ ਅਤੇ ਇੱਥੋਂ ਦੇ ਕਈ ਸਿੱਖਿਆ ਪ੍ਰਾਪਤੀ ਤਬਲਾਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਦੇਸ਼-ਵਿਦੇਸ਼ ਵਿਚ ਕਰ ਰਹੇ ਹਨ। ਕਿਤਾਬ ਦੇ ਲੇਖਕ ਨੇ ਵੀ ਅਗਸਤ, 2001 ਤੋਂ ਜੁਲਾਈ, 2004 ਤੱਕ ਇਸੇ ਕਾਲਜ ਤੋਂ ਪ੍ਰੋ: ਬਲਜੀਤ ਸਿੰਘ ਪਾਸੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਇਸ ਤੋਂ ਇਲਾਵਾ ਭੋਰ ਸੈਦਾਂ, ਕੁਰੂਕਸ਼ੇਤਰ ਵਿਚ ਵੀ ਸਿੱਖ ਮਿਸ਼ਨਰੀ ਕਾਲਜ ਆਪਣੀ ਵਿਸ਼ੇਸ਼ ਭੁਮਿਕਾ ਸੰਗੀਤ ਸਿੱਖਿਆ ਦੇ ਪ੍ਰਚਾਰ ਰਾਹੀਂ ਨਿਭਾਅ ਰਿਹਾ ਹੈ। ਦਮਦਮੀ ਟਕਸਾਲ ਵਲੋਂ ਵੀ ਕਈ ਗੁਰਮਤਿ ਵਿਦਿਆਲਿਆਂ ਰਾਹੀਂ ਸੰਗੀਤ (ਹਰਮੋਨੀਅਮ) ਨਾਲ ਤਬਲੇ ਦੀ ਸਿੱਖਿਆ ਮੰਨੇ-ਪ੍ਰਮੰਨੇ ਉਸਤਾਦਾਂ ਦੀ ਮੱਦਦ ਨਾਲ ਤਬਲਾ ਸਿਖਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।
ਗੁਰਮਤਿ ਸੰਗੀਤ ਵਿਚ ਤਬਲਾ ਗਾਇਨ ਦੇ ਅੰਤਰਗਤ ਰਹਿ ਕੇ ਵਜਾਇਆ ਜਾਂਦਾ ਹੈ ਅਤੇ ਕੀਰਤਨ ਵਿਚ ਤਬਲੇ ਦੀ ਸੰਗਤ ਨੂੰ ਇਕ ਤਾਲ ਸਾਜ਼ ਵਜੋਂ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਪੜਤਾਲ ਸ਼ੈਲੀ ਦੌਰਾਨ ਤਬਲੇ ਦਾ ਵਾਦਨ ਬਹੁਤ ਹੀ ਬਾਖੂਬੀ ਅਤੇ ਵਿਧੀਪੂਰਵਕ ਕੀਤਾ ਜਾਂਦਾ ਹੈ।
ਕੀਰਤਨ ਆਰੰਭ ਕਰਨ ਵੇਲੇ ਮੰਗਲਚਰਣ ਪੇਸ਼ ਕਰਦੇ ਹੋਏ ਵਿਲੰਬਿਤ ਲੈਅ ਵਿਚ ਭਰਵੇਂ ਬੋਲਾਂ ਨਾਲ ਅਤੇ ਕਈ ਵਾਰ ਖੁੱਲ੍ਹੇ ਪਰ ਗੰਭੀਰ ਬੋਲਾਂ ਦੀ ਵਰਤੋਂ ਨਾਲ ਇਕ ਵਿਸ਼ੇਸ਼ ਮਾਹੌਲ ਸਿਰਜਿਆ ਜਾਂਦਾ ਹੈ। ਕੀਰਤਨ ਦੌਰਾਨ ਪੁਰਾਤਨ ਸਮੇਂ ਵਿਚ ਤਾਂ 4-5 ਜਾਂ ਇਸ ਤੋਂ ਵੱਧ ਕੀਰਤਨੀਆਂ ਦੀ ਇਕ ਮੰਡਲੀ ਸਾਂਝੇ ਰੂਪ ਵਿਚ ਬੈਠ ਕੇ ਕੀਰਤਨ ਕਰਨ ਦਾ ਜ਼ਿਕਰ ਵੀ ਮਿਲਦਾ ਹੈ, ਪਰ ਸਮੇਂ ਨਾਲ ਇਸ ਵਿਚ ਬਦਲਾਅ ਆਇਆ ਅਤੇ ਮੌਜੂਦਾ ਦੌਰ ਵਿਚ ਕੇਵਲ ਤਿੰਨ ਵਿਅਕਤੀਆਂ ਵਲੋਂ ਹੀ ਕੀਰਤਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਇਕ ਤਬਲਾਵਾਦਕ ਹੁੰਦਾ ਹੈ, ਜੋ ਤਾਲ ਅਤੇ ਲੈਅ ਦਿੰਦਾ ਹੈ। ਗੁਰਮਤਿ ਸੰਗੀਤ ਵਿਚ ਤਬਲਾਵਾਦਕ ਗਾਇਨ ਵੀ ਕਰ ਸਕਦਾ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਜਾਂ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਚ ਅੰਮ੍ਰਿਤ ਵੇਲੇ ਕੀਰਤਨ ਦੌਰਾਨ ਜਦ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ ਤਾਂ ਉਸ ਵਿਚ ਪਉੜੀਆਂ ਦਾ ਗਾਇਨ ਤਬਲਾਵਾਦਕ ਹੀ ਕਰਦਾ ਹੈ। ਇਸ ਨੂੰ ਪਾਉੜੀ ਸਾਧਨਾ ਵੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਉਹ ਪਉੜੀ ਤਾਲ ਦਾ ਪ੍ਰਦਰਸ਼ਨ ਵੀ ਕਰਦਾ ਹੈ, ਪਰ ਉਸ ਵੇਲੇ ਪਾਉੜੀ ਦਾ ਗਾਇਨ ਮੁੱਖ ਰਾਗੀ ਕਰਦਾ ਹੈ।
ਗੁਰਮਤਿ ਸੰਗੀਤ ਵਿਚ ਤਬਲਾਵਾਦਕ ਲਈ ਇਕ ਨਿਯਮਾਂਵਲੀ ਇਹ ਰੱਖੀ ਗਈ ਹੈ ਕਿ ਸ਼ਬਦ ਗਾਇਨ ਦੌਰਾਨ ਤਬਲਾਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਨਾ ਕਰੇ, ਕਿਉਂਕਿ ਇਲਾਹੀ ਬਾਣੀ ਜਿਸ ਦਾ ਕੀਰਤਨ ਕੀਤਾ ਜਾ ਰਿਹਾ ਹੈ, ਉਸ ਵਿਚੋਂ ਕੀਰਤਨ ਸਰਵਣ ਕਰ ਰਹੀ ਸੰਗਤ ਦਾ ਧਿਆਨ ਨਾ ਉਖੜੇ। ਇਸ ਦਾ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਹੈ ਕਿ ਗੁਰਮਤਿ ਸੰਗੀਤ ਵਿਚ ਤਬਲਾ ਪ੍ਰਦਰਸ਼ਨ ਦੀ ਕੋਈ ਮਨਾਹੀ ਹੈ। ਬਸ ਖਿਆਲ ਇਸ ਗੱਲ ਦਾ ਰੱਖਣਾ ਹੈ ਕਿ ਸ਼ਬਦ ਗਾਇਨ ਤੋਂ ਬਾਹਰ ਨਾ ਜਾਵੇ। ਇਸ ਲਈ ਤਬਲਾਵਾਦਨ ਗੁਰਮਤਿ ਸੰਗੀਤ ਵਿਚ ਸ਼ਬਦ ਕੀਰਤਨ ਦੇ ਅਧੀਨ ਰਹਿ ਕੇ ਹੀ ਕੀਤਾ ਜਾਂਦਾ ਹੈ।
ਅੱਜਕਲ੍ਹ ਗੁਰਮਤਿ ਸੰਗੀਤ ਵਿਚ ਪੁਰਾਤਨ ਸਾਜ਼ਾਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੌਰਾਨ ਤੰਤੀ ਸਾਜ਼ਾਂ ਦੀ ਵਰਤੋਂ ਜ਼ਰੂਰੀ ਕਰਨ ਦਾ ਫੈਸਲਾ ਲਿਆ ਗਿਆ ਹੈ, ਜੋ ਕਿ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਪੁਰਾਤਨ ਕੀਰਤਨ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਸੰਗੀਤ ਖੇਤਰ ਵਿਚ ਬੜਾ ਅਹਿਮ ਸਥਾਨ ਰੱਖਦਾ ਹੈ। ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਚਾਰ ਵਿਅਕਤੀਆਂ ਵਲੋਂ ਸੰਗੀਤ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਦੋ ਹਰਮੋਨੀਅਮ, ਇਕ ਤਬਲਾ ਅਤੇ ਇਕ ਤੰਤੀ ਸਾਜ਼ ਦਾ ਵਾਦਨ ਕਰਨ ਵਾਲਾ ਹੁੰਦਾ ਹੈ।
ਤਬਲਾ ਗੁਰਮਤਿ ਸੰਗੀਤ ਦੀ ਹਰੇਕ ਗਾਇਨ ਸ਼ੈਲੀ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿਚ ਇਸ ਤੋਂ ਬਿਨਾਂ ਗੁਰਮਤਿ ਸੰਗੀਤ ਨੂੰ ਸਹੀ ਰੂਪ ਵਿਚ ਪੇਸ਼ ਕਰਨਾ ਬਹੁਤ ਔਖਾ ਹੈ। ਸ: ਜਗਜੀਤ ਸਿੰਘ ਕੋਹਾੜਕਾ ਆਪਣੀ ਪੁਸਤਕ ਸੰਗੀਤ ਕਲਾ ਵਿਚ ਲਿਖਦੇ ਹਨ ਕਿ 'ਗੁਰੂ ਗ੍ਰੰਥ ਸਾਹਿਬ ਵਿਚ ਆਏ ਘਰ ਸ਼ਬਦ ਦਾ ਅਰਥ ਤਾਲ ਤੋਂ ਹੀ ਲਿਆ ਜਾਂਦਾ ਹੈ।'


-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾ: 98150-24920

ਸ਼ਬਦ ਵਿਚਾਰ

ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ॥

ਸਿਰੀਰਾਗੁ ਮਹਲਾ ੧
ਰਾਮ ਨਾਮਿ ਮਨੁ ਬੇਧਿਆ
ਅਵਰੁ ਕਿ ਕਰੀ ਵੀਚਾਰੁ॥
ਸਬਦ ਸੁਰਤਿ ਸੁਖੁ ਊਪਜੈ
ਪ੍ਰਭ ਰਾਤਉ ਸੁਖ ਸਾਰੁ॥
ਜਿਉ ਭਾਵੈ ਤਿਉ ਰਾਖੁ ਤੂੰ
ਮੈ ਹਰਿ ਨਾਮੁ ਅਧਾਰੁ॥ ੧॥
ਮਨ ਰੇ ਸਾਚੀ ਖਸਮ ਰਜਾਇ॥
ਜਿਨਿ ਤਨੁ ਮਨੁ ਸਾਜਿ ਸੀਗਾਰਿਆ
ਤਿਸੁ ਸੇਤੀ ਲਿਵ ਲਾਇ॥ ਰਹਾਉ॥
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ॥
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ॥
ਹਰਿ ਨਾਮੈ ਤੁਲਿ ਨ ਪੁਜਈ
ਜੇ ਲਖ ਕੋਟੀ ਕਰਮ ਕਮਾਇ॥ ੨॥
ਅਰਧ ਸਰੀਰੁ ਕਟਾਈਐ
ਸਿਰਿ ਕਰਵਤੁ ਧਰਾਇ॥
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ॥
ਹਰਿ ਨਾਮੈ ਤੁਲਿ ਨ ਪੁਜਈ
ਸਭ ਡਿਠੀ ਠੋਕਿ ਵਜਾਇ॥ ੩॥
ਕੰਚਨ ਕੇ ਕੋਟ ਦਤੁ ਕਰੀ
ਬਹੁ ਹੈਵਰ ਗੈਵਰ ਦਾਨੁ॥
ਭੂਮਿ ਦਾਨੁ ਗਊਆ ਘਣੀ
ਭੀ ਅੰਤਰਿ ਗਰਬੁ ਗੁਮਾਨੁ॥
ਰਾਮ ਨਾਮਿ ਮਨੁ ਬੇਧਿਆ
ਗੁਰ ਦੀਆ ਸਚੁ ਦਾਨੁ॥ ੪॥
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰੁ॥
ਸਚਹੁ ਓਰੈ ਸਭੁ ਕੋ
ਉਪਰਿ ਸਚੁ ਆਚਾਰੁ॥ ੫॥
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ
ਇਕੁ ਚਾਨਣੁ ਤਿਹੁ ਲੋਇ॥
ਕਰਮਿ ਮਿਲੈ ਸਚੁ ਪਾਈਐ
ਧੁਰਿ ਬਖਸ ਨ ਮੇਟੈ ਕੋਇ॥ ੬॥
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ॥
ਅਕਥ ਕਥਾ ਵੀਚਾਰੀਐ ਜੇ
ਸਤਿਗੁਰ ਮਾਹਿ ਸਮਾਇ॥
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ॥ ੭॥
ਘਟਿ ਘਟਿ ਵਾਜੈ ਕਿੰਗੁਰੀ
ਅਨਦਿਨੁ ਸਬਦਿ ਸੁਭਾਇ॥
ਵਿਰਲੇ ਕਉ ਸੋਝੀ ਪਈ
ਗੁਰਮੁਖਿ ਮਨੁ ਸਮਝਾਇ॥
ਨਾਨਕ ਨਾਮੁ ਨ ਵੀਸਰੈ
ਛੂਟੈ ਸਬਦਿੁ ਕਮਾਇ॥ ੮॥ ੧੪॥ (ਅੰਗ 62)
ਪਦ ਅਰਥ : ਬੇਧਿਆ-ਵਿੰਨਿਆ ਜਾਂਦਾ ਹੈ, ਪਤੀਜ ਜਾਂਦਾ ਹੈ। ਅਵਰੁ-ਹੋਰ। ਰਾਤਉ-ਰੰਗਿਆ ਜਾਂਦਾ ਹੈ। ਸਾਰੁ-ਸ੍ਰੇਸ਼ਟ। ਭਾਵੈ-ਚੰਗਾ ਲਗਦਾ ਹੈ। ਅਧਾਰੁ-ਆਸਰਾ। ਖਸਮ-ਮਾਲਕ ਪ੍ਰਭੂ। ਰਜਾਇ-ਰਜ਼ਾ (ਮਨ ਲੈਣਾ)। ਸਾਚੀ-ਸੱਚੀ (ਭਗਤੀ ਹੈ)। ਜਿਨਿ-ਜਿਸ ਪ੍ਰਭੂ ਨੇ। ਸਾਜਿ-ਸਾਜ ਕੇ, ਬਣਾ ਕੇ। ਸੀਗਾਰਿਆ-ਸੰਵਾਰਿਆ ਹੈ। ਤਿਸੁ ਸੇਤੀ-ਉਸ ਪ੍ਰਭੂ ਨਾਲ। ਲਿਵ ਲਾਇ-ਲਿਵ ਨੂੰ ਜੋੜ।
ਬੈਸੰਤਰਿ-ਅੱਗ ਵਿਚ। ਹੋਮੀਐ-ਹਮਨ ਕੀਤਾ ਜਾਵੇ। ਇਕ ਰਤੀ ਤੋਲਿ ਕਟਾਇ-ਇਕ ਰਤੀ ਦੇ ਤੋਲ ਜਿੰਨਾ ਕੱਟ ਕੱਟ ਕੇ। ਸਮਧਾ-ਹਮਨ ਵਿਚ ਸਾੜਨ ਵਾਲੀਆਂ ਲੱਕੜਾਂ। ਹਰਿ ਨਾਮੈ ਤੁਲਿ ਨ ਪੁਜਈ-ਪ੍ਰਭੂ ਦੇ ਨਾਮ ਦੇ ਬਰਾਬਰ ਪੁੱਜ ਨਹੀਂ ਸਕਦੇ। ਜੇ ਲਖ ਕੋਟੀ ਕਰਮ ਕਮਾਇ-ਜੇਕਰ ਇਹੋ ਜਿਹੇ ਲੱਖਾਂ-ਕਰੋੜਾਂ ਕਰਮ ਕੀਤੇ ਜਾਣ। ਅਰਧ-ਅੱਧਾ, ਅੱਧੋ ਅੱਧਾ, ਦੋ ਫਾੜ। ਸਿਰਿ-ਸਿਰ 'ਤੇ। ਕਰਵਤੁ-ਆਰਾ। ਧਰਾਇ-ਰੱਖ ਕੇ। ਤਨੁ-ਸਰੀਰ ਨੂੰ। ਹੈਮੰਚਲਿ-ਪਹਾੜਾਂ ਦੀ ਬਰਫ਼ ਵਿਚ। ਗਾਲੀਐ-ਗਾਲ ਦੇਈਏ। ਭੀ-ਤਾਂ ਵੀ। ਰੋਗੁ ਨ ਜਾਇ-(ਹਉਮੈ ਦਾ) ਰੋਗ ਨਹੀਂ ਜਾਂਦਾ। ਤੁਲਿ ਨ ਪੁਜਈ-ਬਰਾਬਰ ਕੋਈ ਪੁੱਜ ਨਹੀਂ ਸਕਦਾ, ਕੋਈ ਬਰਾਬਰੀ ਨਹੀਂ ਕਰ ਸਕਦਾ। ਡਿਠੀ-ਦੇਖ ਲਿਆ ਹੈ। ਠੋਕਿ ਵਜਾਇ-ਚੰਗੀ ਤਰ੍ਹਾਂ ਨਾਲ ਪਰਖ ਕੇ।
ਕੰਚਨ-ਸੋਨਾ। ਕੰਚਨ ਕੇ ਕੋਟ-ਸੋਨੇ ਦੇ ਕਿਲ੍ਹੇ। ਦਤੁ-ਦਾਨ ਕਰੀਏ। ਬਹੁ-ਬਹੁਤ ਸਾਰੇ। ਹੈਵਰ-ਸੁੰਦਰ ਘੋੜੇ। ਗੈਵਰ-ਸੁੰਦਰ ਹਾਥੀ। ਭੂਮਿ ਦਾਨੁ-ਜ਼ਮੀਨ ਦਾਨ, ਜ਼ਮੀਨ ਦਾਨ ਕਰੀਏ। ਗਊਆ ਘਣੀ-ਬਹੁਤ ਸਾਰੀਆਂ ਗਾਈਆਂ। ਗਰਬੁ-ਹੰਕਾਰ। ਗੁਮਾਨੁ-ਮਾਣ।
ਗੁਰੂ ਅਰਜਨ ਦੇਵ ਜੀ ਰਾਗੁ ਗਉੜੀ ਸੁਖਮਨੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਨਾਮ ਦੇ ਬਰਾਬਰ ਹੋਰ ਕੋਈ ਕਰਮ ਨਹੀਂ। ਜੋ ਗੁਰਮੁਖਿ (ਗੁਰੂ ਦੇ ਸਨਮੁਖ ਰਹਿਣ ਵਾਲਾ) ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ-
ਹਰਿ ਕੇ ਨਾਮ ਸਮਸਰਿ ਕਛੁ ਨਾਹਿ॥
ਨਾਨਕ ਗੁਰਮੁਖਿ ਨਾਮੁ
ਜਪਤ ਗਤਿ ਪਾਹਿ॥ (ਅੰਗ 265)
ਸਮਸਰਿ-ਬਰਾਬਰ ਦਾ। ਗਤਿ-(ਉੱਚੀ ਆਤਮਿਕ) ਅਵਸਥਾ।
ਜ਼ਮੀਨਾਂ ਦੇ ਮਾਲਕ ਜ਼ਿਮੀਂਦਾਰ ਲੋਕ ਜ਼ਮੀਨਾਂ (ਦੀ ਮਲਕੀਅਤ) ਖ਼ਾਤਰ ਨਿੱਤ ਝਗੜੇ ਕਰਦੇ ਹਨ। (ਅੰਤ ਨੂੰ ਉਹ) ਸਭ ਕੁਝ ਛੱਡ ਕੇ ਤੁਰ ਜਾਂਦੇ ਹਨ ਪਰ ਉਨ੍ਹਾਂ ਦੀ ਮਾਇਆ ਦੀ ਭੁੱਖ ਕਦੇ ਮੁੱਕਦੀ ਨਹੀਂ। ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਅਸੀਂ ਵਿਚਾਰ ਕਰ-ਕਰ ਕੇ ਇਸੇ ਸਿੱਟੇ 'ਤੇ ਪੁੱਜੇ ਹਾਂ ਕਿ ਪ੍ਰਭੂ ਭਗਤੀ ਕੀਤੇ ਬਿਨਾਂ (ਮਨੁੱਖ ਦਾ) ਛੁਟਕਾਰਾ ਨਹੀਂ ਹੋ ਸਕਦਾ-
ਭੂਮੀਆ ਭੂਮਿ ਊਪਰਿ ਨਿਤ ਲੁਝੈ॥
ਛੋਡਿ ਚਲੈ ਤ੍ਰਿਸਨਾ ਨਹੀਂ ਬੁਝੈ॥
ਕਹੁ ਨਾਨਕ ਇਹੁ ਤਤੁ ਬੀਚਾਰਾ
ਬਿਨੁ ਹਰਿ ਭਜਨ ਨਾਹੀ ਛੁਟਕਾਰਾ॥
(ਰਾਗੁ ਗਉੜੀ ਮਹਲਾ ੫,
ਅੰਗ 188)
ਭੂਮੀਆ-ਜ਼ਮੀਨਾਂ ਦਾ ਮਾਲਕ, ਜ਼ਿਮੀਂਦਾਰ। ਭੂਮਿ-ਜ਼ਮੀਨ। ਤ੍ਰਿਸਨਾ-ਭੁੱਖ। ਲੁਝੈ-ਝਗੜਾ ਕਰਦਾ ਰਹਿੰਦਾ ਹੈ। ਤਤੁ-ਸਿੱਟੇ 'ਤੇ ਪੁੱਜੇ ਹਾਂ। ਬੀਚਾਰਾ-ਵਿਚਾਰ ਕਰ ਕਰ ਕੇ।
ਸਿਰਮੌਰ ਭਗਤ ਨਾਮਦੇਵ ਜੀ ਨੇ ਰਾਗੁ ਰਾਮਕਲੀ ਵਿਚ ਇਸੇ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਹੈ ਕਿ ਜੇਕਰ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ, ਆਪਣੀ ਇਸਤਰੀ ਅਤੇ ਜ਼ਮੀਨ ਦਾਨ ਕਰ ਦੇਈਏ ਅਤੇ ਇਹੋ ਜਿਹੇ ਦਾਨ ਨਿਤਾਪਰਤੀ ਕਰਦੇ ਰਹੀਏ। ਆਪਣਾ-ਆਪ ਵੀ ਕੁਰਬਾਨ ਕਰ ਦੇਈਏ ਅਤੇ ਆਪਣੇ ਬਰਾਬਰ ਸੋਨਾ ਵੀ ਤੋਲ ਕੇ ਦਾਨ ਵਜੋਂ ਦੇ ਦੇਈਏ, ਤਾਂ ਵੀ ਇਹ ਸਭ ਕੁਝ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ (ਕਿਉਂਕਿ ਇਸ ਨਾਲ ਮਨ ਅੰਦਰ ਹਉਮੈ ਆ ਜਾਂਦੀ ਹੈ ਕਿ ਮੈਂ ਬੜਾ ਦਾਨੀ ਹਾਂ)।
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ
ਐਸੋ ਦਾਨੁ ਨਿਤ ਨਿਤਹਿ ਕੀਜੈ॥
ਆਤਮ ਜਉ ਨਿਰਮਾਇਲੁ ਕੀਜੈ
ਆਪ ਬਰਾਬਰਿ ਕੰਚਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ॥
(ਅੰਗ 973)
ਅਸੁ-ਘੋੜੇ। ਗਜ-ਹਾਥੀ। ਸਿਹਜਾ-ਸੇਜ। ਭੂਮਿ-ਜ਼ਮੀਨ। ਆਤਮ-ਆਪਣੇ ਆਪ ਨੂੰ। ਨਿਤ ਨਿਤਹਿ-ਨਿਤਾ ਪਰਤੀ। ਕੰਚਨੁ-ਸੋਨਾ। ਸਰਿ-ਬਰਾਬਰੀ।
ਅੱਖਰੀਂ ਅਰਥ : ਜਦੋਂ ਮਨੁੱਖ ਦਾ ਮਨ ਨਾਮ ਵਿਚ ਵਿੰਨਿਆ ਜਾਂਦਾ ਹੈ, ਨਾਮ ਵਿਚ ਪਤੀਜ ਜਾਂਦਾ ਹੈ (ਅਜਿਹੇ ਪ੍ਰਾਣੀ ਬਾਰੇ) ਹੋਰ ਕਿਆ ਵਿਚਾਰ ਕੀਤੀ ਜਾ ਸਕਦੀ ਹੈ। ਸ਼ਬਦ ਵਿਚ ਮਨ ਨੂੰ ਜੋੜਨ ਨਾਲ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਣ ਨਾਲ ਸ੍ਰੇਸ਼ਟ ਆਤਮਿਕ ਸੁਖ ਮਿਲਦਾ ਹੈ। ਹੇ ਪ੍ਰਭੂ, ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਰੱਖ।
ਹੇ ਮੇਰੇ ਮਨ, ਮਾਲਕ ਪ੍ਰਭੂ ਦੀ ਰਜ਼ਾ ਸਦੀਵੀ ਹੈ, ਸਦਾ ਕਾਇਮ ਰਹਿਣ ਵਾਲੀ ਹੈ। ਜਿਸ ਪ੍ਰਭੂ ਨੇ ਇਸ ਸਰੀਰ ਤੇ ਮਨ ਨੂੰ ਪੈਦਾ ਕਰਕੇ ਇਨ੍ਹਾਂ ਨੂੰ ਸੰਵਾਰ ਕੇ ਰੱਖਿਆ ਹੈ, ਉਸ ਵਿਚ ਲਿਵ ਨੂੰ ਜੋੜ। ਜੇਕਰ ਸਰੀਰ ਦੇ ਰੱਤੀ-ਰੱਤੀ ਭਰ ਤੋਲ ਦੇ ਬਰਾਬਰ ਦੇ ਟੁਕੜੇ ਕਰ-ਕਰ ਕੇ ਇਸ ਨੂੰ ਹਰ ਰੋਜ਼ ਹਵਨ ਦੀ ਸਮੱਗਰੀ ਬਣਾ ਕੇ ਅੱਗ ਵਿਚ ਸਾੜੀਏ ਅਤੇ ਮਨ ਤੇ ਤਨ ਨੂੰ ਬਾਲਣ ਦੀਆਂ ਲੱਕੜਾਂ ਬਣਾ ਕੇ ਦਿਨ-ਰਾਤ ਇਨ੍ਹਾਂ ਨੂੰ ਅੱਗ ਵਿਚ ਸਾੜੀਏ ਪਰ ਇਹੋ ਜਿਹੇ ਭਾਵੇਂ ਲੱਖਾਂ-ਕਰੋੜਾਂ ਕਰਮ ਕਰੀਏ, ਤਾਂ ਵੀ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ।
ਜੇਕਰ ਸੀਸ 'ਤੇ ਆਰਾ ਰੱਖ ਕੇ ਸਰੀਰ ਨੂੰ ਦੋਫਾੜ ਚੀਰ ਦੇਈਏ ਅਤੇ ਸਰੀਰ ਨੂੰ ਹਿਮਾਲਿਆ ਪਰਬਤ ਦੀ ਬਰਫ਼ ਵਿਚ ਰੱਖ ਕੇ ਗਾਲ ਦੇਈਏ, ਤਾਂ ਵੀ ਮਨ ਵਿਚੋਂ (ਵਿਕਾਰਾਂ ਰੂਪੀ) ਰੋਗ ਨਹੀਂ ਜਾਂਦੇ ਪਰ ਫਿਰ ਵੀ ਅਸੀਂ ਚੰਗੀ ਤਰ੍ਹਾਂ ਨਾਲ ਪਰਖ ਕੇ ਦੇਖ ਲਿਆ ਹੈ ਕਿ ਕੋਈ ਵੀ (ਕੀਤਾ ਅਜਿਹਾ) ਕਰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ।
ਇਸੇ ਤਰ੍ਹਾਂ ਜੇਕਰ ਸੋਨੇ ਦੇ ਕਿਲ੍ਹੇ ਵੀ ਦਾਨ ਕਰੀਏ, ਬਹੁਤੇ ਸਾਰੇ ਵਧੀਆ ਹਾਥੀ ਅਤੇ ਘੋੜੇ ਦਾਨ ਕਰੀਏ, ਜ਼ਮੀਨ ਅਤੇ ਬਹੁਤ ਸਾਰੀਆਂ ਗਊਆਂ ਦਾਨ ਕਰੀਏ, ਇਸ ਨਾਲ ਮਨ ਅੰਦਰ ਬੜੀ ਹਉਮੈ ਅਤੇ ਮਾਣ ਹੀ ਟਿਕਿਆ ਰਹਿੰਦਾ ਹੈ ਪਰ ਜਿਸ ਨੂੰ ਗੁਰੂ, ਪ੍ਰਭੂ ਦੇ ਨਾਮ ਨੂੰ ਜਪਣ ਦਾ ਦਾਨ ਬਖਸ਼ਿਸ਼ ਕਰਦਾ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਵਿੰਨ੍ਹਿਆ ਜਾਂਦਾ ਹੈ, ਪਤੀਜ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਗਿਆਨ ਦਾ ਸਰਬਉੱਚ ਸਰੂਪ ਹੈ ਆਤਮਗਿਆਨ

ਗਿਆਨ ਦੀ ਪ੍ਰਾਪਤੀ ਤੋਂ ਭਾਵ ਹੈ ਹਨ੍ਹੇਰੇ ਤੋਂ ਛੁਟਕਾਰਾ। ਸਵਾਮੀ ਵਿਵੇਕਾਨੰਦ ਅਨੁਸਾਰ ਜੇ ਅਸੀਂ ਗਿਆਨ ਦਾ ਦੀਵਾ ਜਲਾਉਂਦੇ ਹਾਂ ਤਾਂ ਹਨ੍ਹੇਰਾ ਆਪਣੇ-ਆਪ ਮਿਟ ਜਾਂਦਾ ਹੈ। ਗਿਆਨ ਸਾਨੂੰ ਵਿੱਦਿਆ ਨਾਲ ਪ੍ਰਾਪਤ ਹੁੰਦਾ ਹੈ। ਸੰਸਾਰ ਵਿਚ ਰਹਿੰਦੇ ਹੋਏ ਗਿਆਨ ਇੰਦਰੀਆਂ ਦੀ ਚੰਚਲਤਾ ਕਾਰਨ ਭਟਕਣਾ ਪੈਦਾ ਹੁੰਦੀ ਹੈ। ਜੇ ਅਸੀਂ ਸੰਜਮ ਨਾਲ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਲੈਂਦੇ ਹਾਂ ਤਾਂ ਸਾਨੂੰ ਆਤਮ-ਦਰਸ਼ਨ ਹੋਣਾ ਸ਼ੁਰੂ ਹੁੰਦਾ ਹੈ। ਇਹ ਹੀ ਗਿਆਨ ਦਾ ਸਰਬਉੱਚ ਸਰੂਪ ਹੈ। ਅਜਿਹੀ ਅਵਸਥਾ ਵਿਚ ਮਨੁੱਖ ਅੰਦਰੋਂ ਲਗਾਵ ਕਮੀ ਅਤੇ ਅਗਿਆਨਤਾ ਸਮਾਪਤ ਹੋਣ ਲੱਗਦੀ ਹੈ। ਕਾਮਨਾ, ਵਾਸਨਾ, ਲਾਲਚ ਆਪਣੇ-ਆਪ ਹੀ ਸਮਾਪਤ ਹੋਣ ਲੱਗਦੇ ਹਨ। ਅਗਿਆਨਤਾ ਕਾਰਨ ਪੈਦਾ ਹੋਏ ਦੁੱਖਾਂ ਤੋਂ ਛੁਟਕਾਰਾ ਮਿਲਣ ਲੱਗਦਾ ਹੈ। ਇਹ ਅਵਸਥਾ ਬਹੁਤ ਹੀ ਅਨੰਦਮਈ ਹੁੰਦੀ ਹੈ। ਮਨੁੱਖ ਆਪਣੇ ਅਸਲ ਸਰੂਪ ਵਿਚ ਸਥਿਰ ਹੋਣ ਲਗਦਾ ਹੈ। ਉਸ ਨੂੰ ਆਪਣੇ ਆਤਮ ਸਰੂਪ ਦਾ ਗਿਆਨ ਹੁੰਦਾ ਹੈ। ਕੋਈ ਵਿਅਕਤੀ ਭਾਵੇਂ ਕਿੰਨੀਆਂ ਵੀ ਪੁਸਤਕਾਂ ਪੜ੍ਹ ਲਵੇ, ਕਰਮ ਕਰ ਲਵੇ, ਦੇਵੀ-ਦੇਵਤਿਆਂ ਦਾ ਭਜਨ ਕਰ ਲਵੇ, ਜਦ ਤੱਕ ਉਸ ਨੂੰ ਆਤਮ ਪਰਮਾਤਮਾ ਦੀ ਏਕਤਾ ਦਾ ਗਿਆਨ ਨਹੀਂ ਹੁੰਦਾ, ਉਸ ਦਾ ਸਾਰਾ ਗਿਆਨ ਨਸ਼ਟ ਹੋ ਜਾਂਦਾ ਹੈ। ਇਸ ਲਈ ਜੇ ਅਸੀਂ ਆਪਣੀ ਆਤਮਾ ਜਾਂ ਆਤਮ-ਗਿਆਨ ਦੀ ਪ੍ਰਾਪਤੀ ਕਰੀਏ ਤਾਂ ਇਹ ਗਿਆਨ ਦਾ ਸਰਬਉੱਚ ਸਰੂਪ ਹੋਵੇਗਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਜਿਸ ਨੇ ਵੀ ਹਰਿਮੰਦਰ ਸਾਹਿਬ

* ਸਰਦਾਰ ਪੰਛੀ *

ਜਿਸ ਨੇ ਵੀ ਹਰਿਮੰਦਰ ਸਾਹਿਬ ਖ਼ੂਨ 'ਚ ਰੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਗੁਰੂ ਅਰਜਨ ਨੇ ਸਰਬ ਧਰਮ ਦੀ ਰੀਤ ਚਲਾਈ ਸੀ।
ਸਾਈਂ ਮੀਆਂ ਤੋਂ ਇਸ ਦੀ ਨੀਂਹ ਰਖਵਾਈ ਸੀ।
ਨਾਲੇ ਰੱਬੀ ਬਾਣੀ ਦੀ ਇਕ ਜੋਤ ਜਗਾਈ ਸੀ।
ਮਾਨਵ ਮਨ ਦੀ ਹਰ ਇਕ ਨ੍ਹੇਰੀ ਗੁੱਠ ਰੁਸ਼ਨਾਈ ਸੀ।
ਫਿਰ ਵੀ ਹੈਂਕੜਬਾਜ਼ਾਂ ਇਹਦਾ ਬੁਰਾ ਹੀ ਮੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਬੱਚੇ ਸਿੱਖਾਂ ਦੇ ਫੜ-ਫੜ ਝਟਕਾਏ ਜਾਂਦੇ ਸੀ।
ਹਾਰ ਆਂਦਰਾਂ ਦੇ ਮਾਵਾਂ ਗਲ ਪਾਏ ਜਾਂਦੇ ਸੀ।
ਬੇਦੋਸ਼ੇ ਸਿੱਖਾਂ ਦੇ ਸਿਰ ਕਟਵਾਏ ਜਾਂਦੇ ਸੀ।
ਹਾਕਮ ਵਲੋਂ ਮੁੱਲ ਸਿਰਾਂ ਦੇ ਪਾਏ ਜਾਂਦੇ ਸੀ।
ਜਿਹੜਾ ਵੀ ਸੱਪ ਬਣ ਕੇ ਸਿੱਖੀ ਤਾਈਂ ਡੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਮੱਸਾ ਰੰਘੜ ਹਰਿਮੰਦਰ ਵਿਚ ਪਲੰਘ ਡਹਾਉਂਦਾ ਸੀ।
ਆਪਣੇ ਸਾਹਵੇਂ ਇਕ ਰੰਡੀ ਦਾ ਨਾਚ ਕਰਾਉਂਦਾ ਸੀ।
ਜੰਗਲਾਂ ਦੇ ਵਿਚ ਲੁਕੇ ਸਿੰਘਾਂ ਮਤਾ ਪਕਾਇਆ ਸੀ।
ਸੁੱਖਾ ਸਿੰਘ, ਮਹਿਤਾਬ ਸਿੰਘ ਨੇ ਬੀੜਾ ਚਾਇਆ ਸੀ।
ਦੋਵੇਂ ਪਹੁੰਚੇ ਪਲੰਘ ਦੇ ਨੇੜੇ ਕੋਈ ਨਾ ਖੰਘਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਕੁਝ ਚਿਰ ਪਹਿਲਾਂ ਹਮਲਾ ਕਰਕੇ ਇਕ ਜ਼ਨਾਨੀ ਨੇ।
ਢਾਇਆ ਸ੍ਰੀ ਅਕਾਲ ਤਖ਼ਤ ਪੁੱਤਰਾਂ ਨੂੰ ਖਾਣੀ ਨੇ।
ਪੱਗਾਂ ਨੂੰ ਹੱਥ ਪਾਇਆ ਦਿੱਲੀ ਦੀ ਮਹਾਂਰਾਣੀ ਨੇ।
ਸਾਹ ਸੂਤਿਆ ਉਹਦਾ ਵੀ ਸ਼ੇਰਾਂ ਦੀ ਢਾਣੀ ਨੇ।
ਮੌਕਾ ਦਿੱਤਾ ਰੱਬ ਨੇ ਸ਼ੇਰਾਂ ਨੇ ਜੋ ਮੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਜਿਸ ਨੇ ਵੀ ਹਰਿਮੰਦਰ ਸਾਹਿਬ ਖ਼ੂਨ 'ਚ ਰੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾ: 94170-91668

ਧਾਰਮਿਕ ਸਾਹਿਤ

ਭਾਈ ਰਣਧੀਰ ਸਿੰਘ ਡੂਮਛੇੜੀ
ਲੇਖਕ : ਡਾ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 128, ਮੁੱਲ : 180 ਰੁਪਏ
ਸੰਪਰਕ : 99150-48005


ਭਾਈ ਰਣਧੀਰ ਸਿੰਘ (ਸਿੱਖ ਹਿਸਟਰੀ ਰਿਸਰਚ ਸਕਾਲਰ) ਡੂਮਛੇੜੀ ਸਿੱਖ ਇਤਿਹਾਸ ਦੇ ਇਕ ਨਿਸ਼ਠਾਵਾਨ ਖੋਜੀ ਸਨ। ਡਾ: ਸੋਮਲ ਅਨੁਸਾਰ ਭਾਈ ਰਣਧੀਰ ਸਿੰਘ ਨੇ ਲਗਪਗ 10 ਖੋਜ-ਪੁਸਤਕਾਂ ਦੀ ਰਚਨਾ ਕੀਤੀ ਸੀ ਪਰ ਹੁਣ ਇਨ੍ਹਾਂ ਵਿਚੋਂ ਕੇਵਲ 4 ਹੀ ਉਪਲਬਧ ਹਨ : 1. ਪ੍ਰੇਮ ਸੁਮਾਰਗ ਗ੍ਰੰਥ, 2. ਉਦਾਸੀ ਸਿੱਖਾਂ ਦੀ ਵਿਥਿਆ, 3. ਗੁਰ-ਪ੍ਰਾਣੀਆਂ ਅਤੇ 4. ਸ਼ਬਦਾਰਥ ਦਸਮ ਗ੍ਰੰਥ (ਤਿੰਨ ਜਿਲਦਾਂ)। 'ਪ੍ਰੇਮ ਸੁਮਾਰਗ ਗ੍ਰੰਥ' ਸਿੱਖ ਰਹਿਤ ਮਰਿਆਦਾ ਬਾਰੇ ਜਾਣਕਾਰੀ ਦੇਣ ਵਾਲੀ ਰਚਨਾ ਹੈ। ਇਹ ਪੁਸਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਅੰਗ ਬਣੀ ਰਹੀ ਹੈ ਅਤੇ ਇਸ ਦੁਆਰਾ ਅਠਾਰ੍ਹਵੀਂ ਸਦੀ ਦੀ ਪੰਜਾਬੀ ਵਾਰਤਕ ਬਾਰੇ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਪ੍ਰਾਪਤ ਹੁੰਦੀਆਂ ਹਨ। ਡਾ: ਰਤਨ ਸਿੰਘ ਜੱਗੀ ਅਨੁਸਾਰ ਇਹ ਰਚਨਾ ਕਿਸੇ ਕਾਵਿ-ਰਚਨਾ ਦਾ ਭਾਵ-ਪ੍ਰਕਾਸ਼ਨੀ ਟੀਕਾ ਹੋ ਸਕਦੀ ਹੈ। ਇਹ ਪੁਸਤਕ ਦਸ ਅਧਿਆਵਾਂ ਵਿਚ ਲਿਖੀ ਗਈ ਹੈ ਅਤੇ ਇਸ ਵਿਚ ਸਿੱਖ ਸੰਸਕਾਰਾਂ ਦੇ ਨਾਲ-ਨਾਲ ਗੁਰਸਿੱਖਾਂ ਦੀ ਜੀਵਨ-ਸ਼ੈਲੀ ਬਾਰੇ ਵੀ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਭਾਈ ਸਾਹਿਬ ਨੇ ਇਸ ਪੁਸਤਕ ਦਾ ਬੜਾ ਸੁਚੱਜਾ ਸੰਪਾਦਨ ਕੀਤਾ ਹੈ।
'ਉਦਾਸੀ ਸਿੱਖਾਂ ਦੀ ਵਿਥਿਆ' 1959 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਪੁਸਤਕ ਵਿਚ ਉਦਾਸੀ ਸੰਤਾਂ ਵਲੋਂ ਸਿੱਖ ਧਰਮ ਦੀ ਕੀਤੀ ਸੇਵਾ ਦਾ ਭਰਪੂਰ ਵਰਨਣ ਹੋਇਆ ਹੈ (ਡਾ: ਗੰਡਾ ਸਿੰਘ)। 'ਗੁਰ-ਪ੍ਰਣਾਲੀਆਂ' ਵੀ ਸ਼੍ਰੋਮਣੀ ਕਮੇਟੀ ਵਲੋਂ 1977 ਈ: ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਭਾਈ ਸਾਹਿਬ ਅਨੁਸਾਰ 'ਗੁਰ-ਪ੍ਰਣਾਲੀ' ਉਸ ਲੇਖ-ਲੜੀ ਨੂੰ ਕਹਿੰਦੇ ਹਨ, ਜਿਸ ਵਿਚ ਗੁਰੂ ਸਾਹਿਬਾਨ ਦੀ ਪੀੜ੍ਹੀ (ਵੰਸ਼) ਦਾ ਲੜੀਵਾਰ ਵਰਨਣ ਕੀਤਾ ਗਿਆ ਹੋਵੇ। ਭੱਟਾਂ ਦੇ ਸਵੱਈਏ, ਭਾਈ ਗੁਰਦਾਸ ਦੀਆਂ ਵਾਰਾਂ ਅਤੇ 'ਬਚਿੱਤ੍ਰ ਨਾਟਕ', ਗੁਰ-ਪ੍ਰਣਾਲੀਆਂ ਦੇ ਕੁਝ ਮੁਢਲੇ ਸਰੋਤ ਹਨ। 'ਸ਼ਬਦਾਰਥ ਦਸਮ ਗ੍ਰੰਥ' ਦੀ ਰਚਨਾ ਭਾਈ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਕੀਤੀ। ਇਸ ਦੀਆਂ ਤਿੰਨ ਜਿਲਦਾਂ (ਕੁਲ 1249 ਪੰਨੇ) ਹਨ। ਡਾ: ਕਰਨੈਲ ਸਿੰਘ ਸੋਮਲ ਨੇ ਆਪਣੀ ਇਸ ਖੋਜ-ਪੁਸਤਕ ਵਿਚ ਭਾਈ ਰਣਧੀਰ ਸਿੰਘ ਬਾਰੇ ਬਹੁਮੁੱਲੀ ਸਮੱਗਰੀ ਇਕੱਤਰ ਕਰਕੇ ਇਕ ਇਤਿਹਾਸਕ ਕਾਰਜ ਨੂੰ ਸਰੰਜਾਮ ਦਿੱਤਾ ਹੈ।


-ਬ੍ਰਹਮਜਗਦੀਸ਼ ਸਿੰਘ


ਸਿੱਖ ਕੌਮ ਦੇ ਗੌਰਵਮਈ ਵਿਦਵਾਨ
ਗਿਆਨੀ ਦਿੱਤ ਸਿੰਘ

ਲੇਖਕ : ਪ੍ਰਿੰ: ਨਸੀਬ ਸਿੰਘ ਸੇਵਕ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ, ਚੰਡੀਗੜ੍ਹ।
ਪੰਨੇ : 200, ਮੁੱਲ : 400 ਰੁਪਏ
ਸੰਪਰਕ : 94652-16530


ਇਸ ਪੁਸਤਕ ਦੁਆਰਾ ਪੰਥ ਰਤਨ ਗਿਆਨੀ ਦਿੱਤ ਸਿੰਘ ਦੇ ਸੰਘਰਸ਼ਮਈ ਜੀਵਨ, ਰਚਨਾਵਾਂ ਅਤੇ ਧਰਮ ਸੁਧਾਰ ਕਾਰਜਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਨੌਂ ਸਾਲਾਂ ਦੀ ਉਮਰ ਵਿਚ ਹੀ ਆਪ ਲੋਕਾਂ ਨੂੰ ਧਾਰਮਿਕ ਕਰਮ ਕਾਂਡਾਂ ਵਲੋਂ ਹਟਾ ਕੇ ਵੇਦਾਂਤ ਦਾ ਉਪਦੇਸ਼ ਦੇਣ ਲਈ ਘਰੋਂ ਤੁਰ ਪਏ ਸਨ। ਆਰੀਆ ਸਮਾਜ ਦੇ ਮੋਢੀ ਸਵਾਮੀ ਦਇਆ ਨੰਦ ਨੂੰ ਆਪ ਨੇ ਤਿੰਨ ਧਰਮ ਬਹਿਸਾਂ ਵਿਚ ਨਿਰੁੱਤਰ ਕਰ ਦਿੱਤਾ ਸੀ। ਉਸ ਸਮੇਂ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਸੰਗਤਾਂ ਕੋਲੋਂ ਪੈਰੀਂ ਹੱਥ ਲਵਾਉਂਦਾ ਸੀ। ਪਰਿਕਰਮਾ ਵਿਚ ਬ੍ਰਾਹਮਣਵਾਦੀ ਰਹੁ-ਰੀਤਾਂ ਚਲਾਈਆਂ ਜਾ ਰਹੀਆਂ ਸਨ ਅਤੇ ਮੂਰਤੀਆਂ ਰਖਵਾ ਦਿੱਤੀਆਂ ਗਈਆਂ ਸਨ। ਗਿਆਨੀ ਦਿੱਤ ਸਿੰਘ ਨੇ ਭਰੇ ਸਮਾਗਮ ਦੌਰਾਨ ਬਾਬੇ ਦੇ ਥੱਲਿਓਂ ਗੱਦਾ ਧੂਹ ਕੇ ਬਾਹਰ ਸੁੱਟ ਦਿੱਤਾ ਅਤੇ ਪਰਿਕਰਮਾ ਵਿਚਲੀਆਂ ਮੂਰਤੀਆਂ ਬਾਹਰ ਸੜਕ 'ਤੇ ਸੁੱਟ ਦਿੱਤੀਆਂ।
ਗਿਆਨੀ ਜੀ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਮਹਾਨ ਸੇਵਾ ਕੀਤੀ। ਕਵਿਤਾ ਤੇ ਵਾਰਤਕ ਵਿਚ ਆਪ ਦੀਆਂ 72 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਦਾ ਸਮੁੱਚਾ ਜੀਵਨ ਚੁਣੌਤੀਆਂ ਭਰਪੂਰ ਰਿਹਾ। ਸਿੱਖਾਂ ਵਿਚ ਆਈਆਂ ਧਾਰਮਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰਨ ਵਾਲੇ ਸੱਜਣ ਅੱਜ ਵੀ ਗਿਆਨੀ ਜੀ ਦੀ ਅਦੁੱਤੀ ਸ਼ਖ਼ਸੀਅਤ ਤੋਂ ਅਗਵਾਈ ਲੈ ਰਹੇ ਹਨ। ਵਿਸ਼ਵ ਦੀ, ਗਿਆਨੀ ਦੀ ਪਹਿਲੀ ਪ੍ਰੀਖਿਆ ਪਾਸ ਕਰਨ ਵਾਲੇ, ਪਹਿਲੇ ਅੱਵਲ ਆਉਣ ਵਾਲੇ ਵਿਦਿਆਰਥੀ ਹੋਣ ਦੇ ਨਾਲ-ਨਾਲ ਆਪ ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਨ। ਆਪ ਦੇ ਹੋਣਹਾਰ ਸਪੁੱਤਰ ਬਲਦੇਵ ਸਿੰਘ ਸ਼ੇਰ ਆਪਣੇ ਸਮੇਂ ਦੇ ਪ੍ਰਸਿੱਧ ਡਾਕਟਰ ਤੇ ਸੰਗੀਤਕਾਰ ਸਨ, ਜਿਨ੍ਹਾਂ ਬਾਰੇ ਉਨ੍ਹਾਂ ਦੀ ਸਪੁੱਤਰੀ ਊਸ਼ਾ ਰਾਣੀ ਸ਼ੇਰ ਨੇ ਪੁਸਤਕ ਵਿਚ ਬੜੇ ਭਾਵਪੂਰਕ ਸ਼ਬਦਾਂ ਵਿਚ ਜਾਣਕਾਰੀ ਦਿੱਤੀ ਹੈ। ਪ੍ਰਿੰ: ਨਸੀਬ ਸਿੰਘ ਸੇਵਕ ਨੇ ਇਸ ਪੁਸਤਕ ਦੀ ਰਚਨਾ ਕਰਕੇ ਸਿੱਖ ਪੰਥ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241


ਯੁੱਗ ਪਰਿਵਰਤਕ ਮਹਾਂਪੁਰਸ਼ ਗੁਰੂ ਗੋਬਿੰਦ ਸਿੰਘ
ਲੇਖਕ : ਡਾ: ਸਵਿੰਦਰਪਾਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 143, ਮੁੱਲ : 250 ਰੁਪਏ
ਸੰਪਰਕ : 99150-04630


ਇਸ ਪੁਸਤਕ ਵਿਚ 10 ਖੋਜ ਭਰਪੂਰ ਲੇਖ ਸ਼ਾਮਿਲ ਹਨ। ਇਨ੍ਹਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਸ਼ਖ਼ਸੀਅਤ ਅਤੇ ਮਹਾਨ ਦੇਣ ਬਾਰੇ ਬਾਖੂਬੀ ਜ਼ਿਕਰ ਕੀਤਾ ਗਿਆ ਹੈ। ਪੁਸਤਕ ਦਾ ਪਹਿਲਾ ਲੇਖ ਹੈ ਸਮਕਾਲੀ ਪੰਜਾਬ ਦਾ ਪਿਛੋਕੜ। ਇਸ ਵਿਚ ਸਮਾਜਿਕ, ਧਾਰਮਿਕ ਤੇ ਰਾਜਸੀ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ।
ਦੂਜਾ ਲੇਖ ਗੁਰੂ ਸਾਹਿਬ ਦੇ ਜੀਵਨ 'ਤੇ ਡੂੰਘੀ ਝਾਤ ਪੁਆਉਂਦਾ ਹੈ। 'ਖ਼ਾਲਸਾ ਪੰਥ ਦੀ ਸਾਜਨਾ' ਲੇਖ ਰਾਹੀਂ ਗੁਰੂ ਜੀ ਵਲੋਂ ਖ਼ਾਲਸੇ ਦੀ ਸਾਜਨਾ ਦੇ ਬਿਰਤਾਂਤ ਦੇ ਨਾਲ-ਨਾਲ ਖ਼ਾਲਸੇ ਦੇ ਫ਼ਰਜ਼ ਵੀ ਬਿਆਨ ਕੀਤੇ ਗਏ ਹਨ। 'ਮਹਾਨ ਯੋਧਾ ਅਤੇ ਜਰਨੈਲ' ਸਿਰਲੇਖ ਹੇਠ ਗੁਰੂ ਜੀ ਵਲੋਂ ਲੜੀਆਂ 14 ਜੰਗਾਂ ਦਾ ਵਿਸਥਾਰਤ ਚਿਤਰਨ ਹੈ। 'ਦੱਖਣੀ ਭਾਰਤ ਦਾ ਸਫ਼ਰ', 'ਗੋਬਿੰਦ ਦੇ ਫਰਜ਼ੰਦ', 'ਕ੍ਰਾਂਤੀਕਾਰੀ ਮਸੀਹਾ', ਫਲਸਫ਼ਾ ਅਤੇ ਸ਼ਖ਼ਸੀਅਤ ਪੁਸਤਕ ਦੇ ਹੋਰ ਲੇਖ ਹਨ। 'ਸਾਹਿਤਕ ਦੇਣ' ਅਤੇ 'ਗੁਰੂ ਗੋਬਿੰਦ ਜੀ ਦੇ ਬਵੰਜਾ ਹੁਕਮ' ਇਸ ਪੁਸਤਕ ਦੇ ਬਹੁਤ ਅਹਿਮ ਲੇਖ ਹਨ। ਗੁਰੂ ਜੀ ਦੇ ਬਵੰਜਾ ਕਵੀਆਂ ਦੇ ਨਾਵਾਂ ਸਮੇਤ ਗੁਰੂ ਸਾਹਿਬ ਵਲੋਂ ਰਚੀ ਬਾਣੀ ਦਾ ਵਿਸਥਾਰਪੂਰਵਕ ਅਤੇ ਕਲਾਤਮਕ ਗੁਣਾਂ ਦਾ ਖੂਬਸੂਰਤ ਜ਼ਿਕਰ ਹੈ। ਅੰਤਿਮ ਲੇਖ ਵਿਚ ਗੁਰੂ ਜੀ ਦੇ ਭਗਤੀ ਤੇ ਸ਼ਕਤੀ ਦੇ ਸੁਮੇਲ, ਦੇਗ ਤੇਗ ਫਤਹਿ, ਸੂਰਬੀਰਤਾ, ਪ੍ਰਬੁਧਤਾ, ਲੋਕਤੰਤਰ, ਮਨੁੱਖੀ ਏਕਤਾ, ਦੇਸ਼ ਭਗਤੀ ਦੀ ਭਾਵਨਾ, ਸੰਵਾਦ ਸ਼ਕਤੀ, ਸੰਤੁਲਿਤ ਜੀਵਨ, ਲਲਿਤ ਕਲਾਵਾਂ ਦੇ ਪ੍ਰਸਾਰ ਤੇ ਸੰਕਲਪਾਂ ਨੂੰ ਬਿਆਨਿਆ ਗਿਆ ਹੈ। ਪੁਸਤਕ ਵਿਚ ਪੁਰਾਤਨ ਗ੍ਰੰਥਾਂ ਦੇ ਹਵਾਲਿਆਂ ਦੇ ਨਾਲ-ਨਾਲ ਰੌਚਕ ਕਾਵਿਮਈ ਰਚਨਾਵਾਂ ਅਤੇ ਦਸਮ ਗ੍ਰੰਥ ਦੀ ਬਾਣੀ ਨੂੰ ਸ਼ਾਮਿਲ ਕਰਕੇ ਲੇਖਕ ਨੇ ਪੁਸਤਕ ਨੂੰ ਮਹਾਨ ਰਚਨਾ ਬਣਾ ਦਿੱਤਾ ਹੈ।


-ਤੀਰਥ ਸਿੰਘ ਢਿੱਲੋਂ
ਮੋਬਾਈਲ : 9815461710


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX