ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਹੋਰ ਖ਼ਬਰਾਂ..

ਫ਼ਿਲਮ ਅੰਕ

ਕ੍ਰਿਤੀ ਸੈਨਨ

ਮਠਿਆਈ ਦੀ ਸ਼ੌਕੀਨ

'ਬਰੇਲੀ ਕੀ ਬਰਫ਼ੀ' ਕ੍ਰਿਤੀ ਸੈਨਨ ਲੰਦਨ ਦੇਖ ਆਈ ਹੈ ਤੇ 'ਹਾਊਸਫੁਲ-4' ਦੀ ਸ਼ੂਟਿੰਗ ਕਰਕੇ ਵਾਪਸ ਪਰਤ ਆਈ ਹੈ। ਕੰਮ ਉਸ ਕੋਲ ਚੋਖਾ ਹੈ ਤੇ ਚੋਟੀ ਦਾ ਹੈ, ਦਿਨ ਚੰਗੇ, ਸਮਾਂ ਵਧੀਆ ਚਲ ਰਿਹਾ ਹੈ। ਨਵਾਂ ਸਾਲ ਕ੍ਰਿਤੀ ਸੈਨਨ ਲਈ 'ਹਾਊਸਫੁਲ-4' ਸਮੇਤ ਦੋ ਹੋਰ ਨਵੀਆਂ ਫ਼ਿਲਮਾਂ 'ਪਾਨੀਪਤ', 'ਕਲੰਕ' ਲੈ ਕੇ ਆ ਰਿਹਾ ਹੈ। 'ਹੀਰੋਪੰਤੀ' ਨਾਲ ਫ਼ਿਲਮਾਂ 'ਚ ਆਈ 'ਬਰੇਲੀ ਕੀ ਬਰਫੀ' ਦੀ ਫਿਟਨੈੱਸ ਬਹੁਤ ਹੈ ਪਰ ਖਾਣ-ਪੀਣ 'ਚ ਉਸ ਦਾ ਕਿਸੇ ਚੀਜ਼ ਨਾਲ ਸਮਝੌਤਾ ਨਹੀਂ, ਰੱਜਵਾਂ ਖਾਣਾ ਉਸ ਦੀ ਆਦਤ ਹੈ। ਚਾਕਲੇਟ, ਗਰਨੋਲਾ ਕੇਕ ਤੇ ਪਿਸਤਾ ਤਾਂ ਉਹ ਖਾਂਦੀ ਹੀ ਰਹਿੰਦੀ ਹੈ। ਚਿਪਸ ਤੇ ਕੇਕ ਦੇਖ ਕੇ ਕ੍ਰਿਤੀ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਕੁਦਰਤੀ ਖੁਰਾਕ 'ਤੇ ਪੂਰਾ ਭਰੋਸਾ, ਫਲ ਤੇ ਮੌਸਮੀ ਸਬਜ਼ੀਆਂ ਤੋਂ ਇਲਾਵਾ ਕ੍ਰਿਤੀ ਰੋਜ਼ ਹੀ ਖੀਰਾ, ਗਾਜਰ, ਨਿੰਬੂ ਤੇ ਮੂਲੀ ਦਾ ਸਲਾਦ ਖਾਂਦੀ ਹੈ। ਲਖਨਊ ਦਾ 'ਟੁੰਡੇ ਕਬਾਬ' ਉਸ ਦੀ ਕਮਜ਼ੋਰੀ ਹੈ। ਜਲੇਬੀ ਦਾ ਨਾਸ਼ਤਾ ਹਫ਼ਤੇ ਵਿਚ ਦੋ ਵਾਰ ਉਹ ਕਰਦੀ ਹੈ। ਕਮਾਲ ਹੈ ਕ੍ਰਿਤੀ ਬਹੁਤ ਹੀ ਤੰਦਰੁਸਤ, ਸਵਾਦਲਾ ਤੇ ਰੱਜਵਾਂ ਖਾਣਾ ਖਾ ਕੇ ਫਿਟ ਹੈ। ਸੁਸ਼ਾਂਤ ਸਿੰਘ ਰਾਜਪੂਤ ਦਾ ਤਾਂ ਹੁਣ ਉਸ ਕੋਲ ਕੋਈ ਨਾਂਅ ਨਾ ਲਵੇ, ਨਹੀਂ ਤਾਂ ਜਲੇਬੀਆਂ 'ਤੇ ਗੁੱਸਾ ਉਹ ਕੱਢੇਗੀ। 'ਇਸਤਰੀ' ਦਾ ਆਈਟਮ ਗਾਣਾ ਉਸ ਦੀ ਖਾਸ ਪਸੰਦ ਹੈ। ਜਦ ਇੰਡਸਟਰੀ 'ਚ ਰੌਲਾ 'ਮੀ ਟੂ' ਦਾ ਹੈ ਤਾਂ ਕ੍ਰਿਤੀ ਸੈਨਨ ਵੀ ਵਿਚਾਰ ਪ੍ਰਗਟ ਕਰਦੀ ਹੋਵੇਗੀ। ਬਿਲਕੁਲ ਉਹ ਪੀੜਤ ਔਰਤਾਂ ਲਈ ਨਿਆਂ ਚਾਹੁੰਦੀ ਹੈ। ਨਵੇਂ ਘਰ 'ਚ ਕ੍ਰਿਤੀ ਸੈਨਨ ਨੇ ਦੀਵਾਲੀ ਘਰ ਵਾਲਿਆਂ ਨਾਲ ਦੋ ਦਿਨ ਪਹਿਲਾਂ ਮਨਾਈ। 'ਕਲੰਕ' ਉਹ ਵਰੁਣ ਧਵਨ ਨਾਲ ਕਰ ਰਹੀ ਹੈ। ਕ੍ਰਿਤੀ ਇਸ 'ਚ ਵੀ ਆਈਟਮ ਨੰਬਰ ਕਰੇਗੀ। ਕ੍ਰਿਤੀ 'ਕਲੰਕ' ਦੇ ਸੈੱਟ 'ਤੇ ਮਠਿਆਈਆਂ ਖਾਂਦੀ ਨਜ਼ਰ ਆਈ। ਖੁੱਲ੍ਹਾ ਖਾਣਾ-ਪੀਣਾ ਕ੍ਰਿਤੀ ਸੈਨਨ ਦੀ ਪੱਕੀ ਆਦਤ ਹੈ।


ਖ਼ਬਰ ਸ਼ੇਅਰ ਕਰੋ

ਕ੍ਰਿਤੀ ਖਰਬੰਦਾ : ਦਿੱਲੀ ਦੂਰ ਨਹੀਂ

'ਵੀਰੇ ਦੀ ਵੈਡਿੰਗ' ਵਾਲੀ ਕ੍ਰਿਤੀ ਖਰਬੰਦਾ ਫਿਟਨੈੱਸ ਲਈ ਪੋਲ ਡਾਂਸ ਦਾ ਸਹਾਰਾ ਲੈ ਰਹੀ ਹੈ। ਕ੍ਰਿਤੀ ਨੇ ਸਾਜਿਦ ਦੀ 'ਹਾਊਸਫੁਲ-4' ਵੀ ਪ੍ਰਾਪਤ ਕੀਤੀ ਹੈ। 'ਯਮਲਾ ਪਗਲਾ ਦੀਵਾਨਾ' ਨੂੰ ਆਪਣੀ ਖਾਸ ਪ੍ਰਾਪਤੀ ਮੰਨਣ ਵਾਲੀ ਕ੍ਰਿਤੀ ਖਰਬੰਦਾ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਚੁਸਤੀ ਤੇ ਫਿਟਨੈੱਸ ਪੋਲ ਡਾਂਸ ਨਾਲ ਹੀ ਮਿਲਦੀ ਹੈ। 'ਰਾਜ ਰੀਬੂਟ' ਉਸ ਦੀ ਪਹਿਲੀ ਫ਼ਿਲਮ ਤਿੰਨ ਸਾਲ ਪਹਿਲਾਂ ਆਈ ਸੀ। 'ਗੈਸਟ ਇਨ ਲੰਦਨ' ਉਸ ਨੇ ਪਰੇਸ਼ ਰਾਵਲ ਨਾਲ ਤੇ 'ਸ਼ਾਦੀ ਮੇਂ ਜ਼ਰੂਰ ਆਨਾ' ਰਾਜ ਕੁਮਾਰ ਰਾਓ ਨਾਲ ਕੀਤੀ ਸੀ। ਫਿਰ ਵੀ ਉਸ ਦਾ ਵਿਚਾਰ ਹੈ ਕਿ ਹਾਲੇ ਕੁਝ ਕਰ ਦਿਖਾਉਣ ਲਈ ਉਸ ਨੂੰ ਸਹੀ ਮੌਕਾ ਤੇ ਮੰਚ ਨਹੀਂ ਮਿਲਿਆ। ਕ੍ਰਿਤੀ ਨੇ ਤੇਲਗੂ ਤੇ ਕੰਨੜ ਫ਼ਿਲਮਾਂ ਵੀ ਕੀਤੀਆਂ ਹਨ। ਕ੍ਰਿਤੀ ਸਮਾਂ ਮਿਲਣ 'ਤੇ ਨਵੇਂ ਕੰਮ ਕਰਦੀ ਹੈ ਤੇ ਨਿੱਕੇ ਪਰਦੇ 'ਚ ਵੀ ਦਿਲਚਸਪੀ ਰੱਖਦੀ ਹੈ। ਕਲਰਜ਼ ਦੇ ਸ਼ੋਅ 'ਖ਼ਤਰੋਂ ਕੇ ਖਿਲਾੜੀ' ਦੇ 9ਵੇਂ ਭਾਗ 'ਚ ਰੋਹਿਤ ਸ਼ੈਟੀ ਚਾਹੁੰਦਾ ਹੈ ਕਿ ਉਹ ਕ੍ਰਿਤੀ ਖਰਬੰਦਾ ਨੂੰ ਵੀ ਲੈ ਕੇ ਆਏ। ਇਕ ਰੰਗਾਂ ਦੀ ਮਸ਼ਹੂਰੀ ਉਸ ਨੇ ਰਣਵੀਰ ਸਿੰਘ ਨਾਲ ਕੀਤੀ ਹੈ। ਇਥੋਂ ਹੀ ਸਟਾਰ ਕਲਾਕਾਰਾਂ ਨਾਲ ਫ਼ਿਲਮਾਂ ਦੇ ਮੌਕੇ ਉਸ ਨੂੰ ਮਿਲਣੇ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ। ਧਰਮਿੰਦਰ ਪਰਿਵਾਰ ਦਾ ਉਤਸ਼ਾਹ, ਰਣਵੀਰ ਸਿੰਘ ਨਾਲ ਸ਼ੂਟਿੰਗ, 'ਵੀਰੇ ਦੀ ਵੈਡਿੰਗ' ਦੀ ਕਾਮਯਾਬੀ ਸਭ ਨੇ ਉਸ ਦਾ ਹੌਸਲਾ ਵਧਾਇਆ ਹੈ।

ਸਵਰਾ ਭਾਸਕਰ

ਨੇਤਰੀ ਕਿ ਅਭਿਨੇਤਰੀ?

'ਨਿਲ ਬਟੇ ਸੰਨਾਟਾ', 'ਰਾਂਝਣਾ' ਆਦਿ ਫ਼ਿਲਮਾਂ ਵਾਲੀ ਸਵਰਾ ਭਾਸਕਰ ਆਖ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਉਹ ਮਜਬੂਰੀਵਸ ਆਈ ਵਰਨਾ ਇਸ 'ਤੇ ਆਉਣ ਨੂੰ ਮਨ ਹੀ ਨਹੀਂ ਸੀ ਮੰਨਦਾ। ਇਹ ਠੀਕ ਹੈ ਕਿ ਇਹ ਮੰਚ ਹਰੇਕ ਦੀ ਗੱਲ ਰੱਖਦਾ ਹੈ। ਫਿਰ ਵੀ ਇਸ ਦੇ ਮਾੜੇ-ਚੰਗੇ ਅਸਰ ਹਨ। ਸਵਰਾ ਨੂੰ ਦੁੱਖ ਹੈ ਕਿ ਸੋਸ਼ਲ ਮੀਡੀਆ 'ਤੇ ਔਰਤਾਂ ਵੀ ਮਰਦਾਂ ਦੀ ਤਰ੍ਹਾਂ ਗਾਲ੍ਹਾਂ ਕੱਢਦੀਆਂ ਨਜ਼ਰ ਆ ਰਹੀਆਂ ਹਨ ਤੇ ਕਿੰਤੂ-ਪ੍ਰੰਤੂ ਵਾਲੇ ਸਵਰਾ ਦੀ ਨਜ਼ਰ 'ਚ 'ਨਫ਼ਰਤੀ ਚਿੰਟੂ' ਹਨ ਸਵਰਾ ਨੇ ਪੁਰਾਣੇ ਟੀ.ਵੀ. ਸ਼ੋਅ 'ਤਾਰਾ' ਦੀ ਵਨੀਤਾ ਨੰਦਾ ਨਾਲ ਹਮਦਰਦੀ ਜਤਾਈ ਹੈ, ਜਿਸ ਨੇ ਅਲੋਕ ਨਾਥ 'ਤੇ ਜਬਰੀ ਸ਼ੋਸ਼ਣ ਦੇ (ਅਰੋਪ ਲਾਏ ਹਨ) ਦੋਸ਼ ਮੜੇ ਹਨ। ਸਵਰਾ ਬੇਬਾਕ ਗੱਲਾਂ ਕਰਦੀ ਹੈ, ਇਸ ਲਈ ਉਹ ਅਭਿਨੇਤਰੀ ਘੱਟ ਤੇ ਨੇਤਰੀ ਜ਼ਿਆਦਾ ਨਜ਼ਰ ਆ ਰਹੀ ਹੈ। ਅਕਸਰ ਉਹ ਮਹਾਰਾਸ਼ਟਰ ਸਰਕਾਰ 'ਤੇ ਨਿਸ਼ਾਨਾ ਸੇਧਦੀ ਰਹਿੰਦੀ ਹੈ। ਖ਼ੂਨ ਕਾ ਪਿਆਸਾ ਸਮਾਜ ਬਣੇ ਸਵਰਾ ਇਸ ਨਾਲ ਸਹਿਮਤ ਨਹੀਂ। ਸਵਰਾ ਚਾਹੁੰਦੀ ਹੈ ਕਿ ਹਰੇਕ ਦੀਆਂ ਭਾਵਨਾਵਾਂ ਹਨ, ਤਰਕ ਨਾਲ ਜਵਾਬ ਦਿਓ, ਮਾਰਕੁੱਟ, ਜੇਲ੍ਹ, ਮੁਕੱਦਮੇ ਇਸ ਦਾ ਹੱਲ ਨਹੀਂ ਹੈ। ਸਵਰਾ ਹੁਣ 'ਮੀ ਟੂ' ਮੁਹਿੰਮ 'ਚ ਯੂਨੀਅਨ ਮੈਂਬਰ ਵੀ ਹੈ। ਫਿਲਹਾਲ ਸਵਰਾ ਭਾਸਕਰ ਟਵਿੱਟਰ ਬੰਦ ਕਰ ਚੁੱਕੀ ਹੈ ਤੇ ਯੂਰਪ ਦੀ ਸੈਰ ਕਰ ਕੇ ਪਰਤੀ ਹੈ। ਫੇਸਬੁੱਕ 'ਤੇ ਇੰਸਟਗ੍ਰਾਮ ਉਹ ਵਰਤ ਰਹੀ ਹੈ। ਸਵਰਾ ਕਹਿ ਰਹੀ ਹੈ ਕਿ ਟਵਿੱਟਰ ਦਾ ਨਸ਼ਾ ਉਸ ਨੂੰ ਜ਼ਿਆਦਾ ਹੀ ਚੜ੍ਹ ਗਿਆ ਸੀ, ਇਸ ਕਰਕੇ ਇਸ ਤੋਂ ਉਹ ਦੂਰ ਹੋਈ ਹੈ ਪਰ ਹਕੀਕਤ ਇਹ ਹੈ ਕਿ ਨੇਤਰੀ ਸਵਰਾ ਨੂੰ ਆਲੋਚਕ ਭੰਡ ਰਹੇ ਸਨ ਤੇ ਉਸ ਦੇ ਟਵੀਟ ਕਿੰਤੂ-ਪ੍ਰੰਤੂ ਦਾ ਕਾਰਨ ਬਣ ਰਹੇ ਸਨ। ਲੱਗਦਾ ਹੈ ਕਿ ਸਵਰਾ ਭਾਸਕਰ ਰਾਜਨੀਤੀ 'ਚ ਜ਼ਰੂਰ ਇਕ ਦਿਨ ਆਏਗੀ।


-ਸੁਖਜੀਤ ਕੌਰ

ਅਜੈ ਦੇਵਗਨ

ਮਹਿੰਗੀਆਂ ਗੱਡੀਆਂ ਦਾ ਚਾਅ

ਰਿਸ਼ਤੇ ਬਣਨ-ਵਿਗੜਨ ਦੀ ਗੱਲ ਬੀ-ਟਾਊਨ ਲਈ ਵੀ ਆਮ ਹੀ ਹੈ। ਦੋਸਤੀ 'ਚ ਦਰਾੜ ਤੇ ਫਿਰ ਦਰਾੜ ਭਰ ਮੁੜ ਯਾਰੀਆਂ ਕਰਨ ਜੌਹਰ-ਅਜੈ ਦੇਵਗਨ 'ਚ ਤਾਂ ਪਹਿਲਾਂ ਖੰਡ-ਘਿਓ ਜਿਹਾ ਪਿਆਰ ਤੇ ਫਿਰ ਇੱਟ-ਕੁੱਤੇ ਦੇ ਵੈਰ ਦੀ ਭਾਵਨਾ ਤੇ ਅਜੈ ਨੇ ਕਰਨ ਨਾਲ ਸਾਰੇ ਨਾਤੇ ਹੀ ਤੋੜ ਲਏ ਸਨ। 'ਸਿਵਾਏ', 'ਐ ਦਿਲ ਹੈ ਮੁਸ਼ਕਿਲ' ਆਹਮੋ-ਸਾਹਮਣੇ ਲੱਗਣ 'ਤੇ ਅਜੈ ਦੀ ਕਰਨ ਨਾਲ ਖੜਕ ਪਈ ਸੀ। ਅਸਲੀ ਜ਼ਿੰਦਗੀ 'ਚ ਸ਼ਕਤੀਸ਼ਾਲੀ ਕਾਰਾਂ ਦਾ ਅਜੈ ਸ਼ੌਕੀ ਹੈ। ਮਹਿੰਗੀਆਂ ਤੇ ਲਗਜ਼ਰੀ ਕਾਰਾਂ ਉਸ ਦੇ ਘਰ ਬਹੁਤ ਹਨ। 2 ਕਰੋੜ 7 ਲੱਖ ਇਸ ਦੀ ਕੀਮਤ ਵਾਲੀ ਕਾਰ ਉਸ ਕੋਲ ਹੈ। 'ਆਡੀ ਕਿਊ-7' ਵੀ ਉਸ ਕੋਲ ਹੈ ਤੇ 'ਮਰਸਡੀਜ਼ ਬੈਂਜ, ਰੇਂਜ ਪਾਵਰ ਸਪੋਰਟ, ਮਿੰਨੀ ਕੰਟਰੀਮੈਨ, ਜੀ.ਐਲ.ਸੀ. ਮਰਸਡੀਜ਼ ਵੀ ਉਸ ਕੋਲ ਹੈ। 1990 ਦੇ ਕਲਾਕਾਰਾਂ 'ਚੋਂ ਇਕ ਅਜੈ ਦੇਵਗਨ 'ਸਿੰਘਮ' ਦੇ ਨਾਂਅ ਨਾਲ ਵੀ ਮਸ਼ਹੂਰ ਹੋਏ ਹਨ। 'ਤਾਨਾ ਜੀ ਦਾ ਅਨਸੰਗ ਵਾਰੀਅਰ' ਅਜੈ ਬਣਾ ਰਿਹਾ ਹੈ। ਸੈਫ਼ ਤੇ ਕਾਜੋਲ ਇਸ ਇਤਿਹਾਸਕ ਫ਼ਿਲਮ 'ਚ ਹਨ। 'ਸਿੰਘਮ' ਹੁਣ ਬੱਚਿਆਂ ਲਈ ਹਰ ਸਾਲ ਫ਼ਿਲਮ ਬਣਾਉਣ ਦੀ ਗੱਲ ਕਰ ਰਹੇ ਹਨ। 'ਟੂਨਪੁਰ ਕਾ ਸੁਪਰ ਹੀਰੋ' ਤੋਂ ਬਾਅਦ ਹੁਣ ਅਜੈ ਬੱਚਿਆਂ ਲਈ ਫ਼ਿਲਮ ਬਣਾ ਰਿਹਾ ਹੈ। ਕਾਰਾਂ ਦੇ ਸ਼ੌਕੀ ਬੱਚਿਆਂ ਲਈ ਸੋਚਣ ਵਾਲੇ, ਆਪਣੀ ਧੁਨ 'ਚ ਮਸਤ ਰਹਿਣ ਵਾਲੇ ਅਜੈ ਦੇਵਗਨ ਹੁਣ ਲਵਰੰਜਨ ਦੀ ਅਨਾਮ ਕਾਮੇਡੀ ਫ਼ਿਲਮ 'ਚ ਦੀਪਿਕਾ ਪਾਦੂਕੋਨ ਤੇ ਰਣਬੀਰ ਕਪੂਰ ਨਾਲ ਕੰਮ ਕਰਨ ਜਾ ਰਿਹਾ ਹੈ। ਉਹ ਆਮਿਰ ਖ਼ਾਨ ਤੇ ਅਕਸ਼ੈ ਕੁਮਾਰ ਨੂੰ ਵੀ ਟੱਕਰ ਦੇਣ ਲਈ ਤਿਆਰ ਹੈ ਅਜੈ ਦੇਵਗਨ ਤੇ ਹੁਣ ਅਧਿਆਤਮਕ ਗੁਰੂ 'ਓਸ਼ੋ' 'ਤੇ ਬਾਇਓਪਿਕ ਕਰ ਰਿਹਾ ਹੈ। 'ਚਾਣਕਿਆ ਵੀ ਉਹ ਬਣਾ ਰਿਹਾ ਹੈ। ਅਰਥਾਤ ਇਤਿਹਾਸਕ ਕਿਰਦਾਰ ਬਾਇਓਪਿਕ ਫ਼ਿਲਮਾਂ ਕਰ ਕੇ ਅਜੈ ਦੇਵਗਨ 'ਸਤਿਆਮੇਵ ਜਯਤੇ' ਤੇ 'ਭਾਰਤ ਪ੍ਰੇਮੀ' ਅਕਸ਼ੈ ਕੁਮਾਰ/ਆਮਿਰ ਖ਼ਾਨ ਨੂੰ ਸਖ਼ਤ ਟੱਕਰ ਦੇਣਗੇ। ਅਜੈ 'ਚ ਇਹ ਤਾਂ ਸਮਰੱਥਾ ਹੈ ਕਿ ਉਹ ਕਿਸੇ ਤੋਂ ਇੱਕੀ ਨਹੀਂ ਤਾਂ ਉੱਨੀ ਵੀ ਨਹੀਂ ਹੈ।

ਮੈਂ ਲੋਕਾਂ ਵਿਚ ਖੁਸ਼ੀਆਂ ਵੰਡਣਾ ਚਾਹੁੰਦੀ ਹਾਂ : ਐਵਲਿਨ ਸ਼ਰਮਾ

ਆਮ ਤੌਰ 'ਤੇ ਜਦੋਂ ਕਿਸੇ ਫ਼ਿਲਮ ਵਿਚ ਆਈਟਮ ਗੀਤ ਪਰਦੇ 'ਤੇ ਆਉਂਦਾ ਹੈ ਤਾਂ ਉਸ ਵਿਚ ਸ਼ਰਾਬ ਦੀਆਂ ਨਦੀਆਂ ਵਗਦੀਆਂ ਦਿਖਾਈਆਂ ਜਾਂਦੀਆਂ ਹਨ ਪਰ ਹਾਲੀਆ ਪ੍ਰਦਰਸ਼ਿਤ ਫ਼ਿਲਮ 'ਜੈਕ ਐਂਡ ਦਿਲ' ਵਿਚ ਐਵਲਿਨ ਸ਼ਰਮਾ 'ਤੇ ਜਿਹੜਾ ਗੀਤ ਫ਼ਿਲਮਾਇਆ ਗਿਆ ਹੈ, ਉਸ ਵਿਚ ਚਾਹ ਨੂੰ ਮਹੱਤਵ ਦਿੱਤਾ ਗਿਆ ਹੈ। ਗੀਤ ਦੇ ਬੋਲ ਹਨ, 'ਚੁਸਕੀ ਮੇਂ ਯੂਮ...' ਅਤੇ ਇਥੇ ਚਾਹ ਦੀ ਚੁਸਕੀ ਦਾ ਜ਼ਿਕਰ ਹੈ।
ਐਵਲਿਨ ਖ਼ੁਦ ਨੂੰ ਚਾਹ-ਪ੍ਰੇਮੀ ਦੱਸਦੀ ਹੈ ਅਤੇ ਕਹਿੰਦੀ ਹੈ, 'ਮੈਨੂੰ ਚਾਹ ਪਸੰਦ ਹੈ, ਮਸਾਲਾ ਚਾਹ ਮੈਨੂੰ ਵਿਸ਼ੇਸ਼ ਤੌਰ 'ਤੇ ਪਸੰਦ ਹੈ। ਮੈਂ ਜਰਮਨੀ ਤੋਂ ਹਾਂ ਅਤੇ ਮੈਨੂੰ ਇਹ ਕਹਿੰਦੇ ਹੋਏ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਜਰਮਨੀ ਵਿਚ ਵੀ ਭਾਰਤੀ ਮਸਾਲਾ ਚਾਹ ਮਿਲਦੀ ਹੈ। ਉਥੇ ਕਈ ਇਸ ਤਰ੍ਹਾਂ ਦੇ ਰੈਸਤੋਰਾਂ ਹਨ ਜਿਥੇ ਚਾਹ ਕਹਿਣ 'ਤੇ ਮਸਾਲਾ ਚਾਹ ਦਿੱਤੀ ਜਾਵੇਗੀ। ਜੇਕਰ 'ਟੀ' ਕਹੋਗੇ ਤਾਂ ਅੰਗਰੇਜ਼ੀ ਸਟਾਈਲ ਵਾਲੀ ਚਾਹ ਮਿਲੇਗੀ। ਚਾਹ ਕਹਿਣ 'ਤੇ ਭਾਰਤੀ ਚਾਹ ਮਿਲੇਗੀ। ਭਾਵ ਚਾਹ ਸ਼ਬਦ ਉਥੇ ਵੀ ਪ੍ਰਚਲਿਤ ਹੈ। ਚਾਹ ਦੇ ਨਾਲ-ਨਾਲ ਯੋਗਾ, ਹਲਦੀ ਅਤੇ ਹੁਣ ਘਿਓ ਵੀ ਉਥੇ ਲੋਕਪ੍ਰਿਆ ਹੋ ਰਿਹਾ ਹੈ।
ਜਰਮਨ ਮਾਤਾ ਤੇ ਭਾਰਤੀ ਪਿਤਾ ਦੀ ਇਸ ਸੰਤਾਨ ਨੇ ਆਪਣੇ ਦਮ 'ਤੇ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਈ ਹੈ। 'ਯਾਰੀਆਂ', 'ਯੇ ਜਵਾਨੀ ਹੈ ਦੀਵਾਨੀ', 'ਮੈਂ ਤੇਰਾ ਹੀਰੋ', 'ਜਬ ਹੈਰੀ ਮੈਟ ਸੇਜਲ', 'ਨੌਟੰਕੀ ਸਾਲਾ' ਆਦਿ ਫ਼ਿਲਮਾਂ ਕਰਨ ਵਾਲੀ ਐਵਲਿਨ ਨੂੰ ਕਾਮੇਡੀ ਫ਼ਿਲਮਾਂ ਵਿਚ ਕੰਮ ਕਰਨਾ ਜ਼ਿਆਦਾ ਪਸੰਦ ਹੈ। ਉਹ ਕਹਿੰਦੀ ਹੈ, 'ਮੈਨੂੰ ਰੋਣਾ-ਧੋਣਾ ਪਸੰਦ ਨਹੀਂ ਹੈ। ਮੈਂ ਖੁਸ਼ਮਿਜਾਜ਼ ਕੁੜੀ ਹਾਂ ਅਤੇ ਮੈਂ ਦੂਜਿਆਂ ਨੂੰ ਵੀ ਖੁਸ਼ ਦੇਖਣਾ ਚਾਹੁੰਦੀ ਹਾਂ। ਮੈਂ ਲੋਕਾਂ ਵਿਚ ਖੁਸ਼ੀਆਂ ਵੰਡਣਾ ਚਾਹੁੰਦੀ ਹਾਂ। ਇਸੇ ਵਜ੍ਹਾ ਕਰਕੇ ਮੈਨੂੰ ਕਾਮੇਡੀ ਫ਼ਿਲਮਾਂ ਕਰਨਾ ਜ਼ਿਆਦਾ ਪਸੰਦ ਹੈ।'
ਫ਼ਿਲਮਾਂ ਦੇ ਨਾਲ-ਨਾਲ ਆਪਣੇ ਕੰਮ ਨਾਲ ਵੀ ਉਹ ਲੋਕਾਂ ਵਿਚ ਖੁਸ਼ੀਆਂ ਵੰਡਦੀ ਹੈ। ਐਵਲਿਨ ਨੇ ਇਕ ਸਮਾਜਿਕ ਸੰਸਥਾ 'ਸੀਮਸ ਫੋਰ ਡ੍ਰੀਮਸ' ਬਣਾਈ ਹੈ ਅਤੇ ਇਸ ਰਾਹੀਂ ਉਹ ਗ਼ਰੀਬਾਂ ਵਿਚ ਕੱਪੜੇ ਵੰਡਦੀ ਹੈ।
ਐਵਲਿਨ ਦੀ ਆਉਣ ਵਾਲੀ ਫ਼ਿਲਮ ਹੈ 'ਸਾਹੋ'। ਇਸ ਵਿਚ ਉਸ ਦੀ ਕਾਮੇਡੀ ਭੂਮਿਕਾ ਨਹੀਂ ਹੈ। ਉਸ ਨੂੰ ਹਰ ਵੇਲੇ ਮੁਸਕਰਾਉਂਦੇ ਰਹਿਣ ਦੀ ਆਦਤ ਹੈ ਪਰ ਇਥੇ ਐਵਲਿਨ ਨਵੇਂ ਅੰਦਾਜ਼ ਵਿਚ ਨਜ਼ਰ ਆਵੇਗੀ। ਨਿਰਦੇਸ਼ਕ ਨੇ ਉਸ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਦ੍ਰਿਸ਼ ਵਿਚ ਉਸ ਨੂੰ ਜ਼ਰਾ ਵੀ ਮੁਸਕਰਾਉਣਾ ਨਹੀਂ ਹੈ। ਆਪਣੇ ਚਿਹਰੇ 'ਤੇ ਸਖ਼ਤੀ ਵਾਲੇ ਭਾਵ ਦਿਖਾਉਣੇ ਹਨ। ਐਵਲਿਨ ਅਨੁਸਾਰ ਇਸ ਤਰ੍ਹਾਂ ਕਰਨਾ ਉਸ ਲਈ ਕਾਫ਼ੀ ਮੁਸ਼ਕਿਲ ਰਿਹਾ ਪਰ ਇਸ ਨੂੰ ਚੁਣੌਤੀ ਮੰਨ ਕੇ ਉਹ ਫ਼ਿਲਮ ਕਰ ਰਹੀ ਹੈ।

ਪ੍ਰਿਅੰਕਾ ਚੋਪੜਾ

'ਭਾਰਤ' ਛੱਡਣ ਦਾ ਕਾਰਨ

19 ਸਾਲ ਕਿੰਜ ਬਤੀਤ ਹੋ ਗਏ ਤੇ 19 ਸਾਲ ਪਹਿਲਾਂ ਪੀ.ਸੀ. ਮਿਸ ਵਰਲਡ ਬਣੀ ਸੀ। ਲੋਕ ਸਮਝਦੇ ਨੇ ਕਿ ਪ੍ਰਿਅੰਕਾ ਚੋਪੜਾ ਦੀ ਪਹਿਲੀ ਫ਼ਿਲਮ 'ਦਾ ਹੀਰੋ ਲਵ ਸਟੋਰੀ ਆਫ ਏ ਸਪਾਈ' ਸੀ ਪਰ ਨਹੀਂ 2002 'ਚ ਉਸ ਨੇ ਤਾਮਿਲ ਫ਼ਿਲਮ 'ਥਮੀਜਾਨ' ਵਿਜੈ ਨਾਲ ਕੀਤੀ ਸੀ। ਮਾਡਲਿੰਗ ਤਾਂ ਬਾਅਦ 'ਚ ਕੀਤੀ ਪਹਿਲਾਂ ਉਹ ਇੰਜੀਨੀਅਰਿੰਗ 'ਚ ਦਿਲਚਸਪੀ ਰੱਖਦੀ ਸੀ। ਪੀ.ਸੀ. ਨੂੰ ਘਰੇ 'ਮੀਮੀ' ਵੀ ਕਿਹਾ ਜਾਂਦਾ ਹੈ ਤੇ ਸਹੇਲੀਆਂ-ਮਿੱਤਰਾਂ ਨੇ ਉਸ ਦਾ ਨਾਂਅ 'ਸਨ ਸ਼ਾਈਨ' ਰੱਖਿਆ ਹੋਇਆ ਹੈ। 'ਪੀਜ਼ਾ', 'ਫਰੈਂਚ ਫਰਾਈਜ਼' ਤੋਂ ਇਲਾਵਾ ਟੌਫੀਆਂ ਉਸ ਦੀ ਕਮਜ਼ੋਰੀ ਹਨ। ਮਠਿਆਈ ਵੀ ਉਹ ਕਾਫ਼ੀ ਖਾਂਦੀ ਹੈ। ਇਕ ਅਜੀਬ ਖਾਣਾ ਉਹ ਜ਼ਰੂਰ ਖਾਂਦੀ ਹੈ ਤੇ ਉਹ ਹੈ ਖਿਚੜੀ। ਪਰ ਖਿਚੜੀ ਉਹ ਦਹੀਂ-ਦੁੱਧ ਨਾਲ ਨਹੀਂ ਬਲਕਿ ਅਚਾਰ ਨਾਲ ਖਾਂਦੀ ਹੈ। ਹਾਲੀਵੁੱਡ ਤੱਕ ਉਸ ਦਾ ਸਿੱਕਾ ਚੱਲਿਆ ਹੈ ਤੇ ਵਿਆਹੀ ਵੀ ਉਹ ਇਕ ਤਰ੍ਹਾਂ ਨਾਲ ਹਾਲੀਵੁੱਡ ਹੀ ਗਈ ਹੈ। ਸਧਾਰਨ ਪਰਿਵਾਰ ਤੋਂ ਆਈ ਪੀ.ਸੀ. ਨੇ ਦਲੇਰ ਮਹਿੰਦੀ ਦੇ ਗੀਤ 'ਸੱਜਣ ਮੇਰੇ ਸਤਰੰਗੀਆ' ਵਿਚ ਵੀ ਕੰਮ ਕੀਤਾ ਸੀ। ਸਮੇਂ-ਸਮੇਂ ਦੀ ਗੱਲ ਕਿ ਪੀ.ਸੀ. ਵੀਡੀਓ ਗਾਣੇ ਕਰਦੀ ਜਾਂ ਫਿਰ ਵਿਗਿਆਪਨ ਜਾਂ ਸੰਗੀਤ ਟਰੈਕ, ਹਰ ਥਾਂ ਕਾਮਯਾਬੀ ਉਸ ਦੇ ਨਾਲ ਰਹੀ ਹੈ ਤੇ ਅੱਜ ਅੰਬਾਲੇ ਦੀ ਇਹ ਮੀਮੀ ਉਰਫ਼ ਪ੍ਰਿਅੰਕਾ ਚੋਪੜਾ ਹਾਲੀਵੁੱਡ ਸਹੁਰੇ ਬਣਾ ਕੇ ਬੈਠੀ ਹੈ। ਇਧਰ ਪੀ.ਸੀ. ਨੇ 'ਭਾਰਤ' ਫ਼ਿਲਮ ਕਿਉਂ ਠੁਕਰਾਈ ਸੀ, ਹੁਣ ਅਸਲੀ ਗੱਲ ਵੀ ਸਾਹਮਣੇ ਆਈ ਹੈ ਕਿ ਨਿੱਕ ਨਾਲ ਵਿਆਹ ਤਾਂ ਬਹਾਨਾ ਸੀ ਉਹ 'ਭਾਰਤ' 'ਚ ਹੋਰ ਹੀਰੋਇਨ ਦਿਸ਼ਾ ਪਟਾਨੀ ਨੂੰ ਨਹੀਂ ਸੀ ਚਾਹੁੰਦੀ। ਇਕੱਲੀ ਪ੍ਰਧਾਨ ਹੋਵੇ, ਤਾਜ਼ਾ ਤਰੀਨ ਹੁਸਨ ਉਸ 'ਤੇ ਭਾਰੂ ਨਾ ਪਏ, ਸੌਂਕਣਪੁਣੇ ਦੀ ਲਤ ਨੇ ਪੀ.ਸੀ. ਨੂੰ ਆਪਣੇ ਵਲ 'ਚ ਲੈ ਲਿਆ। ਸਲਮਾਨ ਖ਼ਾਨ ਦੇ ਸਾਹਮਣੇ ਇਹ ਹਕੀਕਤ ਆ ਗਈ ਹੈ। ਔਖ ਵੇਲੇ ਹੁਣ ਉਹ ਪੀ.ਸੀ. ਦਾ ਸਾਥ ਨਹੀਂ ਦੇਵੇਗਾ। 'ਭਾਰਤ' ਨੂੰ ਤਾਂ ਹੀਰੋਇਨ ਮਿਲ ਗਈ ਪਰ 'ਹਾਲੀਵੁੱਡ ਦੀ ਨੂੰਹ' ਨੂੰ 'ਭਾਰਤ ਪ੍ਰੇਮ' ਨਹੀਂ ਮਿਲਣਾ, ਇਸ ਦਾ ਪਤਾ ਜਦ ਲੱਗੇਗਾ ਦੇਰ ਹੋ ਗਈ ਹੋਵੇਗੀ।

ਸੁਪਨੇ ਮਹਿਮਾ ਹੋਰਾ ਦੇ

ਯੂ-ਟਿਊਬ 'ਤੇ ਕ੍ਰਿਸ਼ਨਾ ਦੇ ਵੀਡੀਓ 'ਤੇਰੇ ਨਾਲ ਕੀ ਰਿਸ਼ਤਾ ਮੇਰਾ' ਨੇ ਚੋਟੀ ਦੀਆਂ ਪ੍ਰਤੀਕਿਰਿਆਵਾਂ, ਪਸੰਦ ਤੇ ਸ਼ੇਅਰ ਹਾਸਲ ਕੀਤੇ ਸਨ ਤੇ ਅਭਿਨੇਤਰੀ ਮਹਿਮਾ ਹੋਰਾ ਦੀ ਮਹਿਮਾ ਗਲੈਮਰ ਦੁਨੀਆ 'ਚ ਰਾਤੋ-ਰਾਤ ਖੂਬ ਵਧ ਗਈ ਸੀ। 'ਕੋਹਿਨੂਰ' ਉਤਪਾਦ ਤੋਂ ਇਲਾਵਾ ਸ਼ਾਹ ਜਿਊਲਰੀ ਲਈ ਬਰਾਂਡ ਬਣ ਕੇ ਭਾਵਨਾ ਸਿੰਘ ਨਾਲ ਕੀਤੇ ਸ਼ੋਅ ਮਹਿਮਾ ਦੀ ਮਹਿਮਾ ਫ਼ਿਲਮੀ ਦੁਨੀਆ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਰਹੇ ਤੇ ਮਹਾਰਾਸ਼ਟਰ ਸਰਕਾਰ ਦੇ 'ਭਾਰਤ ਅਭਿਆਨ' ਲਈ ਰਾਜ ਦੀ ਅੰਬੈਸਡਰ ਬਣਨ ਦੇ ਮਾਣ ਨੇ ਮਹਿਮਾ ਦੀਆਂ ਪ੍ਰਾਪਤੀਆਂ 'ਚ ਸ਼ਾਨਦਾਰ ਵਾਧਾ ਕੀਤਾ ਤੇ ਨਵੀਂ ਦਿੱਲੀ ਦੀ ਇਹ ਅਭਿਨੇਤਰੀ ਪਾਲੀਵੁੱਡ ਸ਼ੋਅਮੈਨ ਰਾਜਨ ਬੱਤਰਾ ਤੇ ਨਿਰਦੇਸ਼ਕ ਸਾਗਰ ਐਸ. ਸ਼ਰਮਾ ਦੀਆਂ ਨਜ਼ਰਾਂ 'ਚ ਉਨ੍ਹਾਂ ਦੀ ਫ਼ਿਲਮ 'ਜੁਗਨੀ ਯਾਰਾਂ ਦੀ' ਲਈ ਫਿਟ ਹੀਰੋਇਨ ਲੱਗੀ ਤੇ ਇਸ ਤਰ੍ਹਾਂ ਮਹਿਮਾ ਹੋਰਾ ਹੁਣ ਪਾਲੀਵੁੱਡ 'ਚ ਪ੍ਰਵੇਸ਼ ਕਰ ਗਈ ਹੈ। ਮੁੰਬਈ ਰਹਿ ਰਹੀ ਮਹਿਮਾ ਹਿੰਦੀ, ਅੰਗਰੇਜ਼ੀ, ਪੰਜਾਬੀ ਭਾਸ਼ਾਵਾਂ 'ਚ ਪੂਰੀ ਪਕੜ ਰੱਖਦੀ ਹੈ। ਸੋਹਣੇ ਨੈਣ-ਨਕਸ਼, ਮਿੱਠੀ ਬੋਲੀ, ਸ਼ਾਨਦਾਰ ਦਿੱਖ ਤੇ ਦਿਲਕਸ਼ ਅੰਦਾਜ਼ ਵਾਲੀ ਮਹਿਮਾ ਨੂੰ ਉਮੀਦ ਹੈ ਕਿ ਪ੍ਰੀਤ ਬਾਠ ਨਾਲ 'ਜੁਗਨੀ ਯਾਰਾਂ ਦੀ' ਦਰਸਕਾਂ ਨੂੰ ਪਸੰਦ ਆਏਗੀ ਤੇ ਪਾਲੀਵੁੱਡ ਦੀ ਜੁਗਨੀ ਬਣ ਕੇ ਉਹ ਸਟਾਰ ਹੀਰੋਇਨ ਬਣੇਗੀ।


-ਅੰਮ੍ਰਿਤ ਪਵਾਰ

ਗਾਇਕਾ ਤੋਂ ਨਾਇਕਾ ਬਣੀ ਸਪਨਾ ਚੌਧਰੀ

ਹਰਿਆਣਾ ਦੀ ਪ੍ਰਸਿੱਧ ਗਾਇਕਾ ਸਪਨਾ ਚੌਧਰੀ ਹੁਣ ਨਾਇਕਾ ਵੀ ਬਣ ਗਈ ਹੈ। ਉਸ ਨੂੰ ਨਾਇਕਾ ਦੇ ਤੌਰ 'ਤੇ ਪੇਸ਼ ਕਰਦੀ ਫ਼ਿਲਮ 'ਦੋਸਤੀ ਕੇ ਸਾਈਡ ਇਫੈਕਟਸ' ਦਸੰਬਰ ਮਹੀਨੇ ਵਿਚ ਪ੍ਰਦਰਸ਼ਿਤ ਹੋਵੇਗੀ। ਹਾਦੀ ਅਲੀ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਵਿਚ ਸਪਨਾ ਦੇ ਨਾਲ ਵਿਕਰਾਂਤ ਆਨੰਦ, ਜੁਬੇਰ ਕੇ. ਖਾਨ ਤੇ ਅੰਜੂ ਜਾਧਵ ਵੀ ਅਭਿਨੈ ਕਰ ਰਹੇ ਹਨ। ਭਾਵ ਇਥੇ ਸਪਨਾ ਚੌਧਰੀ ਹੀ ਮੰਨਿਆ-ਪ੍ਰਮੰਨਿਆ ਨਾਂਅ ਹੈ।
ਫ਼ਿਲਮ ਬਾਰੇ ਸਪਨਾ ਕਹਿੰਦੀ ਹੈ, 'ਉਂਝ ਤਾਂ ਪਹਿਲਾਂ ਮੈਨੂੰ ਫ਼ਿਲਮਾਂ ਦੀ ਪੇਸ਼ਕਸ਼ ਹੁੰਦੀ ਰਹੀ ਸੀ ਪਰ ਮੈਂ ਉਹ ਫ਼ਿਲਮ ਕਰਨਾ ਚਾਹੁੰਦੀ ਸੀ, ਜੋ ਕੁਝ ਵੱਖਰੀ ਹੋਵੇ। ਇਹ ਫ਼ਿਲਮ ਦੋਸਤੀ 'ਤੇ ਆਧਾਰਿਤ ਹੈ ਅਤੇ ਇਸ ਵਿਚ ਅੱਜ ਦੇ ਸਮੇਂ ਦੀ ਕਹਾਣੀ ਹੈ। ਕਹਾਣੀ ਵਿਚ ਤਾਜ਼ਗੀ ਦੇਖ ਕੇ ਮੈਂ ਇਹ ਸਾਈਨ ਕਰ ਲਈ। ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਸ੍ਰਿਸ਼ਟੀ ਚੌਧਰੀ ਹੈ ਅਤੇ ਉਹ ਹਰਿਆਣਵੀ ਕੁੜੀ ਹੈ। ਇਹ ਕਿਰਦਾਰ ਕਾਫੀ ਹੱਦ ਤੱਕ ਮੇਰੇ ਨਾਲ ਮੇਲ ਖਾਂਦਾ ਹੈ, ਕਿਉਂਕਿ ਇਥੇ ਸ੍ਰਿਸ਼ਟੀ ਵੀ ਚੰਗਿਆਂ ਨਾਲ ਚੰਗੀ ਤੇ ਬੁਰਿਆਂ ਨਾਲ ਬੁਰੀ ਹੈ। ਮੈਂ ਅਭਿਨੈ ਦੀ ਸਿੱਖਿਆ ਨਹੀਂ ਲਈ ਹੈ ਪਰ ਮੈਨੂੰ ਵਿਸ਼ਵਾਸ ਸੀ ਕਿ ਮੈਂ ਇਹ ਭੂਮਿਕਾ ਸਹੀ ਢੰਗ ਨਾਲ ਨਿਭਾਅ ਸਕਾਂਗੀ। ਇਥੇ ਇਕੱਠੇ ਕੰਮ ਕਰਕੇ ਸਾਰੇ ਕਲਾਕਾਰਾਂ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਹੈ। ਇਹੀ ਵਜ੍ਹਾ ਸੀ ਕਿ ਸ਼ੂਟਿੰਗ ਦੇ ਆਖਰੀ ਦਿਨ ਅਸੀਂ ਸਾਰੇ ਕਲਾਕਰ ਗ੍ਰੀਨ ਰੂਮ ਵਿਚ ਮਿਲ ਕੇ ਰੋਏ ਸੀ। ਉਂਝ ਦੋਸਤੀ ਤਾਂ ਮੇਰੀ 'ਬਿੱਗ ਬੌਸ' ਦੌਰਾਨ ਵੀ ਕੁਝ ਲੋਕਾਂ ਨਾਲ ਹੋ ਗਈ ਸੀ ਪਰ ਉਹ ਦੋ ਦਿਨ ਦੀ ਦੋਸਤੀ ਸਾਬਤ ਹੋਈ, ਜਦੋਂ ਕਿ ਇਥੇ ਪੱਕੀ ਦੋਸਤੀ ਵਾਲਾ ਮਾਮਲਾ ਹੈ।'
ਸਪਨਾ ਇਸ ਗੱਲ ਤੋਂ ਵੀ ਜਾਣੂ ਹੈ ਕਿ ਇਸ ਫ਼ਿਲਮ ਦੇ ਕਲਾਕਾਰਾਂ ਵਿਚ ਸਭ ਤੋਂ ਵੱਡਾ ਨਾਂਅ ਉਸੇ ਦਾ ਹੈ। ਇਸ ਲਈ ਫ਼ਿਲਮ ਦਾ ਦਾਰੋਮਦਾਰ ਵੀ ਉਸੇ ਦੇ ਮੋਢਿਆਂ 'ਤੇ ਹੈ। ਉਹ ਕਹਿੰਦੀ ਹੈ, 'ਕੁਝ ਸਮਾਂ ਪਹਿਲਾਂ ਤੱਕ ਮੇਰੀ ਲੋਕਪ੍ਰਿਅਤਾ ਹਰਿਆਣਾ ਤੱਕ ਸੀਮਿਤ ਸੀ। 'ਬਿੱਗ ਬੌਸ' ਦੀ ਵਜ੍ਹਾ ਨਾਲ ਹਰਿਆਣਾ ਤੋਂ ਬਾਹਰ ਵੀ ਮੇਰੀ ਪਛਾਣ ਬਣੀ। ਮੇਰੀ ਪਛਾਣ ਦਾ ਦਾਇਰਾ ਵਧਣ ਲਈ ਮੈਂ 'ਬਿੱਗ ਬੌਸ' ਦੀ ਸ਼ੁਕਰਗੁਜ਼ਾਰ ਰਹਾਂਗੀ। ਹੁਣ ਆਪਣੀ ਪਛਾਣ ਦੇ ਦਮ 'ਤੇ ਮੈਂ ਬਾਲੀਵੁੱਡ ਵਿਚ ਸਥਾਪਿਤ ਹੋਣਾ ਚਾਹੁੰਦੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਮੈਂ ਜਲਦੀ ਹੀ ਦਿੱਲੀ ਤੋਂ ਇਥੇ ਆ ਜਾਵਾਂਗੀ।'
ਮੁੰਬਈ ਵਿਚ ਰਹਿ ਕੇ ਸਪਨਾ ਨੇ ਮਰਾਠੀ ਫ਼ਿਲਮ 'ਆਮਦਾਰ ਨਿਵਾਸ' ਲਈ ਮਰਾਠੀ ਵਿਚ ਗੀਤ ਗਾਇਆ ਹੈ ਅਤੇ ਜਲਦੀ ਉਹ ਕੰਨੜ ਭਾਸ਼ਾ ਵਿਚ ਵੀ ਗੀਤ ਗਾਉਣ ਵਾਲੀ ਹੈ। ਭਾਵ ਉਹ ਆਪਣੀ ਪਛਾਣ ਦਾ ਦਾਇਰਾ ਹੋਰ ਜ਼ਿਆਦਾ ਵਧਾ ਰਹੀ ਹੈ।


-ਪੰਨੂੰ

'ਸਾਰੇਗਾਮਾਪਾ' ਵਿਚ ਸੋਨਾ ਮੋਹਾਪਾਤਰਾ ਦਾ ਦਾਖ਼ਲਾ

ਮਿਊਜ਼ੀਕਲ ਰਿਆਲਿਟੀ ਸ਼ੋਅ 'ਇੰਡੀਅਨ ਆਈਡਲ' ਨੂੰ ਅਨੂ ਮਲਿਕ ਬਿਨਾਂ ਅਧੂਰਾ ਮੰਨਿਆ ਜਾਂਦਾ ਸੀ ਪਰ ਹੁਣ ਅਨੂ ਦੀ ਇਸ ਸ਼ੋਅ ਤੋਂ ਛੁੱਟੀ ਕਰ ਦਿੱਤੀ ਗਈ ਹੈ। ਸ਼ੋਅ ਤੋਂ ਅਨੂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿਚ ਗਾਇਕਾ ਸੋਨਾ ਮੋਹਾਪਾਤਰਾ ਦਾ ਵੱਡਾ ਹੱਥ ਰਿਹਾ ਹੈ। ਜਦੋਂ ਤੋਂ 'ਮੀ ਟੂ' ਦੀ ਮੁਹਿੰਮ ਸ਼ੁਰੂ ਹੋਈ ਹੈ ਤਾਂ ਸੋਨਾ ਨੇ ਅਨੂ ਦੀਆਂ ਜ਼ਲੀਲ ਹਰਕਤਾਂ ਦਾ ਪਰਦਾਫਾਸ਼ ਕਰਦੇ ਹੋਏ ਅਨੂ ਦਾ ਅਸਲੀ ਚਿਹਰਾ ਦੁਨੀਆ ਸਾਹਮਣੇ ਲਿਆ ਦਿੱਤਾ। ਹੁਣ ਜਦੋਂ ਅਨੂ ਦੀ ਸ਼ਰੇਆਮ ਮਿੱਟੀ ਪੁੱਟ ਹੋਣ ਲੱਗੀ ਹੈ ਤਾਂ 'ਇੰਡੀਅਨ ਆਈਡਲ' ਦੇ ਨਿਰਮਾਤਾਵਾਂ ਨੂੰ ਮਜਬੂਰਨ ਆਪਣੇ ਸ਼ੋਅ ਤੋਂ ਅਨੂ ਨੂੰ ਵੱਖ ਕਰਨਾ ਪਿਆ।
ਉੱਧਰ ਅਨੂ ਮਲਿਕ 'ਇੰਡੀਅਨ ਆਈਡਲ' ਤੋਂ ਬਾਹਰ ਹੋ ਗਿਆ ਤਾਂ ਹੁਣ ਇਧਰ ਸੋਨਾ ਮੋਹਾਪਾਤਰਾ ਨੇ ਇਕ ਹੋਰ ਮਿਊਜ਼ੀਕਲ ਸ਼ੋਅ 'ਸਾਰੇਗਾਮਾਪਾ' ਵਿਚ ਦਾਖਲਾ ਲਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇਸ ਸ਼ੋਅ ਵਿਚ ਜੱਜ ਦੀ ਕੁਰਸੀ 'ਤੇ ਔਰਤ ਜੱਜ ਬੈਠੀ ਹੈ। ਸੋਨਾ ਦੇ ਨਾਲ ਇਸ ਸ਼ੋਅ ਵਿਚ ਸ਼ੇਖਰ ਰਾਵਜਿਆਨੀ ਤੇ ਵਾਜ਼ਿਦ ਖਾਨ ਵੀ ਜੱਜ ਹਨ।
ਰਿਆਲਿਟੀ ਸ਼ੋਅ ਵਿਚ ਜੱਜ ਬਣਨ ਬਾਰੇ ਸੋਨਾ ਕਹਿੰਦੀ ਹੈ, 'ਇਥੇ ਆ ਕੇ ਮਹਿਸੂਸ ਹੋਇਆ ਕਿ ਕਿਸੇ ਪ੍ਰਤੀਯੋਗੀ ਦੀ ਪ੍ਰਤਿਭਾ ਦਾ ਅੰਦਾਜ਼ਾ ਲਗਾਉਣਾ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ। ਕਿਸੇ ਦਾ ਕੈਰੀਅਰ ਅਤੇ ਭਵਿੱਖ ਜੱਜ ਦੇ ਹੱਥ ਵਿਚ ਹੁੰਦਾ ਹੈ। ਮੈਂ ਚੈਨਲ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਜੱਜ ਬਣਨ ਦਾ ਮੌਕਾ ਦਿੱਤਾ। ਜੱਜ ਦੀ ਕੁਰਸੀ 'ਤੇ ਬੈਠਣ ਤੋਂ ਬਾਅਦ ਅਹਿਸਾਸ ਹੋਇਆ ਕਿ ਇਹ ਸਿਰਫ਼ ਮਿਊਜ਼ੀਕਲ ਸ਼ੋਅ ਨਹੀਂ ਹੈ। ਇਥੇ ਭਾਵੁਕਤਾ ਵੀ ਬਹੁਤ ਹੈ। ਸ਼ੋਅ ਦੌਰਾਨ ਕਈ ਵਾਰ ਮੇਰੀਆਂ ਅੱਖਾਂ ਭਰ ਆਈਆਂ ਅਤੇ ਸ਼ੋਅ ਨੇ ਮੈਨੂੰ ਨਵੀਂ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਾਇਆ। ਅੱਜ ਸਾਡੇ ਦੇਸ਼ ਵਿਚ ਬਦਲਾਅ ਦੀ ਜੋ ਹਵਾ ਵਗ ਰਹੀ ਹੈ, ਉਸ ਦਾ ਨਜ਼ਾਰਾ ਵੀ ਇਸ ਸ਼ੋਅ ਵਿਚ ਪੇਸ਼ ਕੀਤਾ ਗਿਆ ਹੈ। ਕਿੰਨਰ ਸੁਸ਼ਾਂਤ ਦਿਵਗੀਕਰ, ਜੋ 'ਬਿੱਗ ਬੌਸ' ਵਿਚ ਹਿੱਸਾ ਲੈਣ ਦੀ ਵਜ੍ਹਾ ਕਰਕੇ ਖ਼ਬਰਾਂ ਵਿਚ ਆਏ ਸਨ, ਹੁਣ ਸਾਡੇ ਇਸ ਸ਼ੋਅ ਦਾ ਹਿੱਸਾ ਹੈ। ਉਨ੍ਹਾਂ ਨੂੰ ਇਥੇ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਮਿਲਿਆ ਹੈ। ਭਾਵ ਸੁਸ਼ਾਂਤ ਜ਼ਰੀਏ ਇਸ ਸ਼ੋਅ ਨੇ ਇਕ ਵੱਖਰੀ ਨਵੀਂ ਸ਼ੁਰੂਆਤ ਕੀਤੀ ਹੈ। ਇਹ ਬਤੌਰ ਜੱਜ ਮੇਰਾ ਪਹਿਲਾ ਸ਼ੋਅ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਕ ਚੰਗੇ ਸ਼ੋਅ ਤੋਂ ਮੇਰੀ ਨਵੀਂ ਪਾਰੀ ਦੀ ਸ਼ੁਰੂਆਤ ਹੋ ਰਹੀ ਹੈ।'
ਸੋਨਾ ਨੂੰ ਜੱਜ ਦੀ ਕੁਰਸੀ 'ਤੇ ਦੇਖ ਕੇ ਹੁਣ ਅਨੂੰ ਮਲਿਕ ਦੇ ਦਿਲ 'ਤੇ ਕੀ ਬੀਤ ਰਹੀ ਹੋਵੇਗੀ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ।


-ਮੁੰਬਈ ਪ੍ਰਤੀਨਿਧ

28 ਸਾਲ ਬਾਅਦ ਰਾਜੀਵ ਕਪੂਰ ਦੀ ਵਾਪਸੀ

ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਨੇ ਸਾਲ 1983 ਵਿਚ 'ਏਕ ਜਾਨ ਹੈਂ ਹਮ' ਰਾਹੀਂ ਫ਼ਿਲਮਾਂ ਵਿਚ ਦਾਖ਼ਲਾ ਲਿਆ ਸੀ। ਪਿਤਾ ਨੇ ਉਨ੍ਹਾਂ ਨੂੰ ਲੈ ਕੇ 'ਰਾਮ ਤੇਰੀ ਗੰਗਾ ਮੈਲੀ' ਬਣਾਈ, ਜੋ ਉਨ੍ਹਾਂ ਦੇ ਕੈਰੀਅਰ ਵਿਚ ਸਭ ਤੋਂ ਹਿੱਟ ਫ਼ਿਲਮ ਰਹੀ। ਬਾਲੀਵੁੱਡ ਵਿਚ ਚਿੰਪੂ ਦੇ ਨਾਂਅ ਨਾਲ ਜਾਣੇ ਜਾਂਦੇ ਰਾਜੀਵ ਨੇ 'ਲਾਵਾ', 'ਜਲਜਲਾ', 'ਆਸਮਾਨ', 'ਪ੍ਰੀਤੀ' ਸਮੇਤ ਕੁਝ ਹੋਰ ਫ਼ਿਲਮਾਂ ਕੀਤੀਆਂ ਪਰ ਇਹ ਫ਼ਿਲਮਾਂ ਉਸ ਦਾ ਕੈਰੀਅਰ ਸੰਵਾਰਨ ਵਿਚ ਨਾਕਾਮ ਰਹੀਆਂ। 1990 ਵਿਚ ਆਈ 'ਜ਼ਿੰਮੇਦਾਰ' ਬਤੌਰ ਅਭਿਨੇਤਾ ਉਨ੍ਹਾਂ ਦੀ ਆਖਰੀ ਫ਼ਿਲਮ ਸੀ ਅਤੇ ਬਾਅਦ ਵਿਚ ਨਿਰੇਦਸ਼ਕ ਬਣ ਕੇ 'ਪ੍ਰੇਮ ਗ੍ਰੰਥ' ਨਿਰਦੇਸ਼ਿਤ ਕੀਤੀ।
ਹੁਣ 28 ਸਾਲ ਦੇ ਸਮੇਂ ਬਾਅਦ ਚਿੰਪੂ ਅਭਿਨੈ ਵਿਚ ਆਪਣੀ ਵਾਪਸੀ ਕਰ ਰਹੇ ਹਨ। ਆਸ਼ੂਤੋਸ਼ ਗੋਵਾਰੀਕਰ ਨੇ ਉਨ੍ਹਾਂ ਨੂੰ 'ਤੁਲਸੀਦਾਸ ਜੂਨੀਅਰ' ਲਈ ਕਰਾਰਬੱਧ ਕਰ ਲਿਆ ਹੈ। ਆਸ਼ੂਤੋਸ਼ ਇਸ ਦੇ ਨਿਰਮਾਤਾ ਹਨ ਅਤੇ ਇਹ ਮ੍ਰਿਦੁਲ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਫ਼ਿਲਮ ਵਿਚ ਪਿਤਾ-ਪੁੱਤਰ ਦੀ ਕਹਾਣੀ ਪੇਸ਼ ਕੀਤੀ ਜਾਵੇਗੀ ਅਤੇ ਰਾਜੀਵ ਇਸ ਵਿਚ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ।
ਰਾਜੀਵ ਨੇ ਫ਼ਿਲਮ ਦੀ ਸ਼ੂਟਿੰਗ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਆਸ਼ੂਤੋਸ਼ ਤੇ ਮ੍ਰਿਦੁਲ ਉਨ੍ਹਾਂ ਦੇ ਕੰਮ ਤੋਂ ਕਾਫੀ ਖੁਸ਼ ਹਨ। ਭਾਵ ਰਾਜੀਵ ਦੇ ਅੰਦਰ ਦਾ ਅਭਿਨੇਤਾ ਅੱਜ ਵੀ ਜ਼ਿੰਦਾ ਹੈ ਅਤੇ ਆਪਣੀ ਅਦਾਕਾਰੀ ਭੁੱਲਿਆ ਨਹੀਂ ਹੈ।


-ਮੁੰਬਈ ਪ੍ਰਤੀਨਿਧ

ਸਾਹਿਤ ਅਤੇ ਗੀਤਕਾਰੀ ਦਾ ਸੁਮੇਲ

ਕੁਲਵੰਤ ਜੱਸਲ

ਦਸਵੀਂ ਪਾਸ ਕਰਨ ਬਾਅਦ ਕਾਲਜ ਪੜ੍ਹਦਿਆਂ ਤੱਕ ਕੁਲਵੰਤ ਜੱਸਲ ਨੂੰ ਲਿਖਣ ਦੀ ਕਿਸੇ ਕਲਾ ਦਾ ਗਿਆਨ ਨਹੀਂ ਸੀ ਭਾਵੇਂ ਕਿ ਉਹ ਵਧੀਆ ਪਾਠਕ ਜ਼ਰੂਰ ਸੀ, ਸਕੂਲ ਕਾਲਜ ਦੀ ਲਾਇਬ੍ਰੇਰੀ ਤੋਂ ਇਲਾਵਾ ਉਹ ਬਾਹਰੋਂ ਖਰੀਦ ਕੇ ਵੀ ਵੱਖ-ਵੱਖ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਦੀਆਂ ਪੁਸਤਕਾਂ ਅਤੇ ਨਾਵਲ ਬੜੇ ਸ਼ੌਕ ਨਾਲ ਪੜ੍ਹਦਾ। ਪਿਤਾ ਸਕੂਲ ਪ੍ਰਿੰਸੀਪਲ ਹੋਣ ਕਾਰਨ ਘਰ ਦਾ ਮਾਹੌਲ ਜਾਗਰੂਕ ਜ਼ਰੂਰ ਸੀ ਪਰ ਉਸ ਦੇ ਮਨ ਵਿਚਲੇ ਕਵੀ ਨੇ ਅਜੇ ਕਰਵਟ ਨਹੀਂ ਸੀ ਲਈ । ਹੋਇਆ ਇੰਜ ਕਿ ਉਹ ਆਪਣੇ ਇਕ ਪੁਰਾਣੇ ਮਿੱਤਰ ਦੇ ਨਾਲ ਸਾਹਿਤਕ ਮੱਸ ਰੱਖਣ ਵਾਲੇ ਕੁਝ ਨੌਜਵਾਨਾਂ ਨੂੰ ਮਿਲਿਆ ਜਿੱਥੇ ਕੁਝ ਦੇਰ ਖੜ੍ਹੇ-ਖੜ੍ਹੇ ਉਨ੍ਹਾਂ ਨੇ ਵਿਅੰਗਾਤਮਕ ਤਰੀਕੇ ਨਾਲ ਤੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਾਸੇ-ਹਾਸੇ ਵਿਚ ਕੀਤੀ ਇਹ ਤੁੱਕਬੰਦੀ ਕੁਲਵੰਤ 'ਤੇ ਗਹਿਰਾ ਅਸਰ ਕਰ ਗਈ ਅਤੇ ਉਹ ਮਜ਼ਾਕ-ਮਜ਼ਾਕ ਵਿਚ ਤੁੱਕਬੰਦੀਆਂ ਜੋੜਦਾ-ਜੋੜਦਾ ਕਵਿਤਾਵਾਂ ਅਤੇ ਗੀਤ ਲਿਖਣ ਲੱਗ ਪਿਆ। ਉਸ ਦੇ ਗੀਤ ਅਤੇ ਕਵਿਤਾਵਾਂ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣਨ ਲੱਗ ਪਏ। ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆਂ ਵਿਖੇ ਪਿਤਾ ਪ੍ਰਿੰਸੀਪਲ ਬੀਰਭਾਨ ਅਤੇ ਮਾਤਾ ਸ੍ਰੀਮਤੀ ਰੋਮਲ ਕੌਰ ਦੇ ਘਰ ਜਨਮੇਂ ਕੁਲਵੰਤ ਨੇ ਕੰਪਿਊਟਰ ਡਿਪਲੋਮਾਂ ਅਤੇ ਇਲੈਕਟ੍ਰਾਨਿਕਸ ਦੀ ਸਿੱਖਿਆ ਲਈ ਅਤੇ ਉਹ ਅੱਜਕਲ੍ਹ ਰਾਜਪੁਰਾ ਟਾਊਨ ਵਿੱਚ ਇਲੈਟ੍ਰਾਨਿਕਸ ਦੇ ਕੰਮ ਵਿਚ ਹੀ ਆਪਣਾ ਕਾਰੋਬਾਰ ਕਰ ਰਿਹਾ ਹੈ, ਉਸ ਦੇ ਲਿਖੇ ਗੀਤ ਹੈਰੀ ਬਾਠ, ਵਿਨੋਦ ਹਰਪਾਲ ਪੁਰੀ, ਹਰਭਜਨ ਨੰਡਿਆਲੀ, ਫੌਜੀ ਰਾਜਪੁਰੀ, ਨਿਰਮਲ ਸੇਖੋਂ, ਕੰਚਨ ਬਾਲਾ ਅਤੇ ਬਿੰਦਰ ਜੰਡੋਲੀ ਆਦਿ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਸ ਦੀਆਂ ਕਈ ਕਵਿਤਾਵਾਂ ਪ੍ਰਾਇਮਰੀ ਸਿੱਖਿਆ ਦੀਆਂ ਪਾਠ-ਪੁਸਤਕਾਂ ਵਿਚ ਵੀ ਛਪ ਚੁੱਕੀਆਂ ਹਨ। ਉਸ ਦੇ ਗੀਤਾਂ ਦੇ ਕੁਝ ਨਮੂੰਨੇ ਹਨ, 'ਕੁੱਖਾਂ ਵਿੱਚ ਕੁੜੀਆਂ ਕਤਲ ਕਰਾਉਣ ਵਾਲਿਓ, ਕੁੜੀਆਂ ਬਿਨ ਫੁਲਵਾੜੀ ਫੱਬਣੀ ਨਈਂ, ਪੁੱਤਾਂ ਲਈ ਵਹੁਟੀਆਂ ਲੱਭਦੇ ਫਿਰੋਗੇ ਕਿਸੇ ਨੂੰ ਵਹੁਟੀ ਲੱਭਣੀ ਨਈਂ।' ਤੇ ਇਸੇ ਤਰ੍ਹਾਂ ਫੁੱਲਾਂ ਦੀ ਗੱਲ ਕਰਦਾ ਹੋਇਆ ਉਹ ਲਿਖਦਾ ਹੈ, 'ਨਾ ਕਿਸੇ ਦਾ ਬੁਰਾ ਮਨਾਵਾਂ, ਨਾ ਕਿਸੇ ਨੂੰ ਭੰਡਾਂ, ਮੈਨੂੰ ਖਿੜਿਆ ਰਹਿਣ ਦਿਉ, ਮੈਂ ਖੁਸ਼ਬੋਆਂ ਵੰਡਾ।' ਕੁਲਵੰਤ ਦੀ ਇੱਛਾ ਹੈ ਕਿ ਉਹ ਆਪਣੇ ਲਿਖੇ ਹੋਏ ਗੀਤ ਗਾਇਕਾਂ ਦੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾਏ ਅਤੇ ਕਵਿਤਾਵਾਂ ਨੂੰ ਪੁਸਤਕ ਰੂਪ ਦੇ ਕੇ ਸਾਹਿਤ ਪ੍ਰੇਮੀਆਂ ਤੱਕ ਪੁੱਜਦਾ ਕਰੇ।


-ਹਰਜੀਤ ਸਿੰਘ ਬਾਜਵਾ, ਪੱਤਰਕਾਰ ਟੋਰਾਂਟੋਂ (ਕੈਨੇਡਾ)

ਭੱਪੀ ਲਹਿਰੀ ਦੀ ਅਨੋਖੀ ਪ੍ਰਾਪਤੀ

ਬਤੌਰ ਸੰਗੀਤਕਾਰ ਭੱਪੀ ਲਹਿਰੀ ਨੇ ਬਾਲੀਵੁੱਡ ਵਿਚ ਲੰਬੀ ਪਾਰੀ ਖੇਡੀ ਹੈ ਅਤੇ ਉਹ ਸਾਢੇ ਛੇ ਸੌ ਫ਼ਿਲਮਾਂ ਵਿਚ ਸੰਗੀਤ ਦੇ ਚੁੱਕੇ ਹਨ। ਸਿਰਫ਼ ਸੰਗੀਤ ਹੀ ਨਹੀਂ, ਕਈ ਫ਼ਿਲਮਾਂ ਵਿਚ ਤਾਂ ਉਨ੍ਹਾਂ ਨੇ ਗੀਤ ਵੀ ਗਾਏ ਹਨ। ਗਾਇਕ ਦੇ ਤੌਰ 'ਤੇ ਭੱਪੀ ਨੇ ਅਨੋਖੀ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦਾ ਅਨੋਖਾ ਰਿਕਾਰਡ ਬਣਾਉਣ ਵਾਲੇ ਉਹ ਬਾਲੀਵੁੱਡ ਦੇ ਇਕਲੌਤੇ ਗਾਇਕ ਹਨ।
ਭੱਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜ ਪਿਤਾ-ਪੁੱਤਰ ਲਈ ਆਪਣੀ ਆਵਾਜ਼ ਦਿੱਤੀ ਹੈ। ਅਮਿਤਾਬ ਭੱਚਨ ਲਈ 'ਗ੍ਰਿਫ਼ਤਾਰ' ਵਿਚ, 'ਆਨਾ ਜਾਨਾ...' ਗੀਤ ਗਾਇਆ ਤੇ ਬੇਟੇ ਅਭਿਸ਼ੇਕ ਲਈ 'ਗੁਰੂ' ਦੇ ਇਕ ਗੀਤ ਲਈ ਆਵਾਜ਼ ਦਿੱਤੀ। ਦੇਵ ਆਨੰਦ ਲਈ 'ਅੱਵਲ ਨੰਬਰ' ਦਾ ਗੀਤ 'ਯੇ ਹੈ ਕ੍ਰਿਕਟ...' ਗਾਇਆ ਤੇ ਬੇਟੇ ਸੁਨੀਲ ਆਨੰਦ ਲਈ 'ਆਨੰਦ ਔਰ ਆਨੰਦ' ਦੇ ਗੀਤ ਲਈ ਆਵਾਜ਼ ਦਿੱਤੀ। ਸੁਨੀਲ ਦੱਤ ਲਈ 'ਜ਼ਖ਼ਮੀ' ਦੇ ਗੀਤ 'ਆਇਆ ਰੇ...' ਵਿਚ ਆਵਾਜ਼ ਦਿੱਤੀ ਤੇ ਸੰਜੈ ਦੱਤ ਲਈ 'ਥਾਨੇਦਾਰ' ਦਾ ਹਿੱਟ ਗੀਤ 'ਤੰਮਾ ਤੰਮਾ ਲੋਗੇ...' ਗਾਇਆ। ਧਰਮਿੰਦਰ ਲਈ 'ਨੌਕਰ ਬੀਵੀ ਕਾ' ਵਿਚ ਗੀਤ ਗਾਇਆ ਤੇ ਸੰਨੀ ਦਿਓਲ ਲਈ 'ਪਾਪ ਕੀ ਦੁਨੀਆ' ਵਿਚ ਗੀਤ ਪੇਸ਼ ਕੀਤਾ। ਜਤਿੰਦਰ ਲਈ ਉਹ ਕਈ ਫ਼ਿਲਮਾਂ ਵਿਚ ਸੰਗੀਤ ਦੇ ਚੁੱਕੇ ਹਨ ਅਤੇ ਕੁਝ ਫ਼ਿਲਮਾਂ ਵਿਚ ਉਨ੍ਹਾਂ ਲਈ ਗੀਤ ਵੀ ਗਾਏ ਹਨ ਤੇ ਬੇਟੇ ਤੁਸ਼ਾਰ ਕਪੂਰ ਲਈ 'ਦ ਡਰਟੀ ਪਿਕਚਰ' ਦੇ ਗੀਤ 'ਊ, ਲਾਲਾ...' ਦੀ ਕੁਝ ਲੜੀਆਂ ਨੂੰ ਗਾਇਆ। ਇਹੀ ਨਹੀਂ, ਭੱਪੀ ਨੇ ਮਿਠੁਨ ਚੱਕਰਵਰਤੀ ਦੀਆਂ ਕਈ ਫ਼ਿਲਮਾਂ ਵਿਚ ਸੰਗੀਤ ਦਿੱਤਾ ਤੇ ਹੁਣ ਉਨ੍ਹਾਂ ਦੀ ਨੂੰਹ ਮਦਾਲਸਾ ਸ਼ਰਮਾ ਦੇ ਅਭਿਨੈ ਨਾਲ ਸਜੀ ਫ਼ਿਲਮ 'ਮੌਸਮ ਇਕਰਾਰ ਕੇ ਦੋ ਪਲ ਪਿਆਰ ਕੇ' ਨੂੰ ਵੀ ਆਪਣੇ ਸੰਗੀਤ ਨਾਲ ਸਜਾਇਆ ਹੈ।
ਹੁਣ ਜਦੋਂ ਉਹ ਬਾਲੀਵੁੱਡ ਵਿਚ ਲੰਬੀ ਪਾਰੀ ਖੇਡ ਚੁੱਕੇ ਹਨ ਤਾਂ ਇਸ ਤਰ੍ਹਾਂ ਉਨ੍ਹਾਂ ਵਲੋਂ ਅਨੋਖੇ ਰਿਕਾਰਡ ਬਣਾਉਣਾ ਸੁਭਾਵਿਕ ਹੀ ਹੈ।


-ਇੰਦਰਮੋਹਨ ਪੰਨੂੰ

ਸਮਾਜ ਨੂੰ ਸਮਰਪਿਤ ਗਾਇਕ ਤੇ ਅਦਾਕਾਰ ਸੁੱਖਾ ਦੇਵੀਦਾਸਪੁਰੀਆ

ਅਜੌਕੇ ਦੌਰ 'ਚ ਪੰਜਾਬੀ ਸੰਗੀਤ ਦੀ ਜਿਥੇ ਦੁਨੀਆ ਭਰ ਵਿਚ ਧੁੰਮ ਹੈ, ਉਥੇ ਪੰਜਾਬੀ ਫ਼ਿਲਮਾਂ ਨੂੰ ਵੀ ਵਰਤਮਾਨ ਸਮੇਂ 'ਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੱਜ ਦੇ ਗਾਇਕ, ਅਦਾਕਾਰ ਤੇ ਫ਼ਿਲਮ ਨਿਰਮਾਤਾ ਭਾਵੇਂ ਲੋਕਾਂ ਦਾ ਭਰਪੂਰ ਮਨੋਰੰਜਨ ਕਰਨ ਵਿਚ ਤਾਂ ਸਫ਼ਲ ਹੋਏ ਹਨ ਪ੍ਰੰਤੂ ਗੁਰਦਾਸ ਮਾਨ, ਹਰਭਜਨ ਮਾਨ ਆਦਿ ਵਰਗੇ ਬਹੁਤ ਘੱਟ ਗਾਇਕ ਜਾਂ ਅਦਾਕਾਰ ਹਨ, ਜੋ ਸਮਾਜਿਕ ਬੁਰਾਈਆਂ 'ਤੇ ਕਰਾਰੀ ਚੋਟ ਕਰਦੇ ਸੰਦੇਸ਼ ਭਰਪੂਰ ਗੀਤ ਜਾਂ ਫ਼ਿਲਮਾਂ ਸਰੋਤਿਆਂ ਦੇ ਸਨਮੁੱਖ ਰੱਖਣ ਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੇਵੀਦਾਸਪੁਰ ਦਾ ਨੌਜਵਾਨ ਗਾਇਕ ਤੇ ਅਦਾਕਾਰ ਸੁੱਖਾ ਦੇਵੀਦਾਸਪੁਰੀਆ (ਡੀ.ਡੀ.ਪੁਰੀ) ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਸੇਧ ਦੇਣ ਵਿਚ ਜੁੱਟਿਆ ਹੋਇਆ ਹੈ। ਪੰਜਾਬੀ ਦੇ ਨਾਟਕਾਂ 'ਜ਼ਿੰਮੇਵਾਰ ਕੌਣ', 'ਤਰੇੜਾਂ', 'ਮਿੱਤਰ ਪਿਆਰੇ ਨੂੰ' ਰਾਹੀਂ ਅਦਾਕਾਰੀ ਦੇ ਖੇਤਰ ਵਿਚ ਆਉਣ ਤੋਂ ਬਾਅਦ ਸੁੱਖਾ ਦੇਵੀਦਾਸਪੁਰੀਆ ਨੇ ਤਿੰਨ ਟੈਲੀ ਫ਼ਿਲਮਾਂ 'ਮਾਮੇ ਹੀਰ ਦੇ ਭਾਗ-1', 'ਮਾਮੇ ਹੀਰ ਦੇ ਭਾਗ-2', 'ਸਪੋਲੇ' ਵਿਚ ਸ਼ਾਨਦਾਰ ਰੋਲ ਅਦਾ ਕੀਤੇ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁੱਖਾ ਦੇਵੀਦਾਸਪੁਰੀਆ ਦਾ ਪਹਿਲਾ ਧਾਰਮਿਕ ਗੀਤ 'ਮਾਤਾ ਗੁਜਰੀ ਦਾ ਚੰਨ', ਰਿਕਾਰਡ ਹੋਇਆ ਅਤੇ ਫਿਰ ਭੇਟਾਂ ਦੀ ਐਲਬਮ 'ਮਾਂ ਦਾ ਲਾਡਲਾ' ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕੀਤੀ। ਸੁੱਖਾ ਦੇਵੀਦਾਸਪੁਰੀਆ ਨੇ ਆਪਣੇ ਕੰਮ ਸਮਾਜ ਨੂੰ ਸਮਰਪਿਤ ਕਰਦਿਆਂ ਜਿਥੇ ਧਾਰਮਿਕ ਗੀਤ ਗਾਏ ਹਨ ਉਥੇ ਸਮਾਜ 'ਚ ਦਰਪੇਸ਼ ਮੁਸ਼ਕਿਲਾਂ ਜਿਵੇਂ ਭਰੂਣ ਹੱਤਿਆ, ਨਸ਼ੇ, ਨੌਜਵਾਨ ਪੀੜ੍ਹੀ ਵੱਲੋਂ ਮਾਪਿਆਂ ਦਾ ਨਿਰਾਦਰ, ਰਾਜਨੀਤੀ ਅਤੇ ਬੇਰੁਜ਼ਗਾਰੀ ਆਦਿ 'ਤੇ ਕਰਾਰੀ ਚੋਟ ਕਰਦੇ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਸੁੱਖੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘੇ 'ਤੇ ਗੀਤ 'ਤਾਰੋਂ ਪਾਰ ਦਰਬਾਰ ਬਾਬੇ ਨਾਨਕ ਦਾ ਘਰ' ਵੀ ਜਲਦ ਦੀ ਰਿਲੀਜ਼ ਹੋਣ ਜਾ ਰਿਹਾ ਹੈ। ਸੁੱਖਾ ਦੇਵੀਦਾਸਪੁਰੀਆ ਨੇ ਆਖਿਆ ਕਿ ਉਸ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹੇਗੀ ਕਿ ਉਹ ਸਮਾਜ ਨੂੰ ਸਮਰਪਿਤ ਰਹਿੰਦਿਆਂ ਸਾਫ਼-ਸੁਥਰੀ ਤੇ ਪਰਿਵਾਰਕ ਗਾਇਕੀ ਦਾ ਹਾਮੀ ਬਣਿਆ ਰਹੇ।


-ਗੁਰਦੀਪ ਸਿੰਘ ਨਾਗੀ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX