ਤਾਜਾ ਖ਼ਬਰਾਂ


ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  1 day ago
ਭਿੰਡੀ ਸੈਦਾਂ, 12 ਨਵੰਬਰ ( ਪਿ੍ਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਊਰ ਵਿਖੇ ਚੋਰਾਂ ਨੇ ਕੋਆਪੇ੍ਟਿਵ ਬੈਂਕ ਦੀ ਇਮਾਰਤ ਦੀ ਖਿੜਕੀ ਵਾਲੀ ਗਰਿੱਲ ਤੋੜ ਕੇ ਬੈਂਕ ਅੰਦਰੋਂ ਆਰੀ ਦੇ ਬਲੇਡ ਨਾਲ ਲੌਕਰ ...
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਸੰਗਰੂਰ, 12 ਨਵੰਬਰ (ਧੀਰਜ ਪਸ਼ੋਰੀਆ)- ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਕਰਨ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਅਗਵਾਈ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਚਾਹਲ ਨੇ ...
ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਨਕਸਲੀ ਢੇਰ
. . .  1 day ago
ਰਾਏਪੁਰ, 12 ਨਵੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਦੋ ਨਕਸਲੀਆਂ ਢੇਰ ਹੋਏ ਹਨ। ਸੁਰੱਖਿਆ ਬਲਾਂ ਨੇ ਇਨ੍ਹਾਂ ਨਕਸਲੀਆਂ ਕੋਲੋਂ ਦੋ ਰਾਈਫ਼ਲ ਬਰਾਮਦ ਕੀਤੀਆਂ....
ਮਾਨਸਿਕ ਪਰੇਸ਼ਾਨੀ ਤੇ ਚੱਲਦਿਆਂ ਮਜ਼ਦੂਰ ਵੱਲੋਂ ਕੀਤੀ ਖ਼ੁਦਕੁਸ਼ੀ
. . .  1 day ago
ਸੀਗੋਂ ਮੰਡੀ, 11 ਨਵੰਬਰ (ਲਕਵਿੰਦਰ ਸ਼ਰਮਾ) - ਪਿੰਡ ਨਥੇਹਾ ਦੇ ਇੱਕ ਨੌਜਵਾਨ ਨੇ ਕਰਜ਼ੇ ਦੇ ਬੋਝ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ । ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬੱਬੂ ਸਿੰਘ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ, ਨੇ ਘਰ...
ਸਖ਼ਤ ਮਨਾਹੀ ਦੇ ਬਾਵਜੂਦ ਜੀਰੀ ਦੀ ਪਰਾਲ਼ੀ ਨੂੰ ਅੱਗ ਲਗਾਉਣ ਦਾ ਰੁਝਾਨ ਹੋਇਆ ਸ਼ੁਰੂ
. . .  1 day ago
ਦੋਰਾਹਾ, 12 ਨਵੰਬਰ (ਜਸਵੀਰ ਝੱਜ)- ਪਿਛਲੇ ਸਾਲ ਤੋਂ ਪੰਜਾਬ ਸਰਕਾਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਨਾ ਫੂਕਣ ਅਤੇ ਇਸ ਆਦੇਸ਼ ਦੀ ਪਾਲਨਾ ਨਾ ਕਰਨ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦੇ ਰਹੀ ਹੈ। ਭਾਵੇਂ ਇਸ ਹੁਕਮ ਕਾਰਨ ਫ਼ਸਲਾਂ ਦੀ...
ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਮੰਦਭਾਗਾ - ਚੰਦੂਮਾਜਰਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 12 ਨਵੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)- ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਬਹੁਤ ਹੀ ਮੰਦਭਾਗਾ ਹੈ। ਬ੍ਰਹਮਪੁਰਾ ਦੀਆਂ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਸੇਵਾਵਾਂ ਅਤੇ ਵੱਡਾ...
ਸੁਖਬੀਰ ਬਾਦਲ ਨੂੰ ਸੌਂਪੇ ਗਏ ਸ਼੍ਰੋਮਣੀ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ ਦੇ ਸਾਰੇ ਅਧਿਕਾਰ- ਚੀਮਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ 'ਚ ਪ੍ਰਧਾਨ ਦੀ ਕੀਤੀ ਜਾਣ ਵਾਲੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ...
ਅਫ਼ਗ਼ਾਨਿਸਤਾਨ : ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ, 20 ਜ਼ਖਮੀ
. . .  1 day ago
ਕਾਬੁਲ, 12 ਨਵੰਬਰ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਸਿਟੀ ਸੈਂਟਰ 'ਚ ਹੋਏ ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਛੇਹਰਟਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਕੀਤਾ ਕਾਬੂ
. . .  1 day ago
ਛੇਹਰਟਾ, 12 ਨਵੰਬਰ (ਵਡਾਲੀ) -ਪੁਲਿਸ ਕਮਿਸ਼ਨਰ ਵਾਸਤਵਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦੋ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਦੀ ਰਹਿਨੁਮਾਈ ਹੇਠ, ਡੀ.ਸੀ.ਪੀ ਲਖਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ....
ਤੇਜ਼ਧਾਰ ਹਥਿਆਰ ਦੀ ਨੋਕ 'ਤੇ ਸਕੂਟਰੀ ਸਮੇਤ ਪੰਜ ਲੱਖ ਦੀ ਲੁੱਟ
. . .  1 day ago
ਬਾਘਾਪੁਰਾਣਾ, 12 ਨਵੰਬਰ (ਬਲਰਾਜ ਸਿੰਗਲਾ)- ਅੱਜ ਸ਼ਾਮ 4 ਵਜੇ ਦੇ ਕਰੀਬ ਇੱਕ ਅਣਪਛਾਤੇ ਨਕਾਬਪੋਸ਼ ਲੁਟੇਰੇ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਨੂੰ ਅੰਜਾਮ ਦੇਣ ਦੀ ਖ਼ਬਰ ਹੈ। ਇਸ ਲੁਟੇਰਾ ਹਥਿਆਰ ਦੀ ਨੋਕ 'ਤੇ ਐਕਟਿਵਾ ਸਵਾਰ ਸੇਤੀਆ ਮਨੀਚੇਂਜਰ....
ਹੋਰ ਖ਼ਬਰਾਂ..

ਖੇਡ ਜਗਤ

ਵਿਦੇਸ਼ੀ ਕੋਚਾਂ ਦੀ ਬਜਾਏ ਸਵਦੇਸ਼ੀ ਕੋਚਾਂ ਨੂੰ ਪਰਖੇ ਭਾਰਤ

ਭਾਰਤ ਵਿਚ ਜੇਕਰ ਤੁਸੀਂ ਸਹੀ ਅਰਥਾਂ 'ਚ ਸਿਹਤਮੰਦ ਖੇਡ ਸੱਭਿਆਚਾਰ ਪੈਦਾ ਕਰਨਾ ਚਾਹੁੰਦੇ ਹੋ ਤਾਂ ਸਵਦੇਸ਼ੀ ਕੋਚਾਂ ਨੂੰ ਸਤਿਕਾਰ ਦੇਣਾ ਪਵੇਗਾ। ਜਿਉਂ-ਜਿਉਂ ਸਾਡੇ ਮੁਲਕ 'ਚ ਖੇਡਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਸ਼ੁਰੂ ਹੋਇਆ ਹੈ। ਸਵਦੇਸ਼ੀ ਕੋਚਾਂ ਦੀ ਮਹੱਤਤਾ ਵੀ ਵਧਦੀ ਹੋਈ ਨਜ਼ਰ ਆਉਂਦੀ ਹੈ। ਵਿਦੇਸ਼ੀ ਕੋਚ ਕਦੇ ਵੀ ਸਾਡੇ ਦੇਸ਼ 'ਚ ਖੇਡ ਸੱਭਿਆਚਾਰ ਨਹੀਂ ਪੈਦਾ ਕਰ ਸਕਦੇ। ਅਫਸੋਸ ਸਿਰਫ ਇਸ ਗੱਲ ਦਾ ਹੈ ਕਿ ਦੇਸ਼ ਦਾ ਖੇਡ ਮੰਤਰੀ, ਵਿਭਾਗ, ਸਾਈ ਅਤੇ ਬਾਕੀ ਖੇਡ ਸੰਘ ਇਸ ਹਕੀਕਤ ਨੂੰ ਅਜੇ ਨਹੀਂ ਸਮਝ ਰਹੇ। ਦੇਸ਼ ਦੀਆਂ ਕੌਮੀ ਟੀਮਾਂ ਨੂੰ ਵਿਦੇਸ਼ੀ ਕੋਚਾਂ ਦੇ ਹਵਾਲੇ ਕਰਕੇ ਅਸੀਂ ਖੱਟਿਆ ਘੱਟ ਤੇ ਗਵਾਇਆ ਬਹੁਤ ਜ਼ਿਆਦਾ ਹੈ। ਠੀਕ ਹੈ ਅਸੀਂ ਉਲੰਪਿਕ ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਗੰਭੀਰ ਹੋਏ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਦੇਸ਼ ਦੀਆਂ ਟੀਮਾਂ ਦਾ ਚੰਗਾ ਪ੍ਰਦਰਸ਼ਨ ਵਿਦੇਸ਼ੀ ਕੋਚਾਂ ਤੋਂ ਬਿਨਾਂ ਸੰਭਵ ਨਹੀਂ। ਯਾਦ ਰੱਖਿਓ, ਕੌਮੀ ਟੀਮਾਂ ਨੂੰ ਦੇਸ਼ ਪ੍ਰੇਮ ਤੇ ਦੇਸ਼ ਪਿਆਰ ਦਾ ਜੋ ਸਬਕ ਸਵਦੇਸ਼ੀ ਕੋਚ ਸਿਖਾਉਂਦੇ ਹਨ, ਵਿਦੇਸ਼ੀ ਕੋਚ ਨਹੀਂ। ਵਿਦੇਸ਼ੀ ਕੋਚਾਂ 'ਤੇ ਅੰਨ੍ਹੇਵਾਹ ਪੈਸੇ ਦੀ ਬਰਸਾਤ ਕਰਨੀ, ਉਨ੍ਹਾਂ ਦੇ ਖੇਡ ਹੁਨਰ ਨੂੰ ਬਿਨਾਂ ਸੋਚੇ-ਸਮਝੇ ਦਾਦ ਦੇਣੀ ਠੀਕ ਨਹੀਂ। ਜੇ ਧਿਆਨ ਨਾਲ ਵਿਚਾਰੀਏ ਤਾਂ ਆਪਣੇ ਕੋਚ ਵੀ ਕਿਸੇ ਤੋਂ ਘੱਟ ਨਹੀਂ ਹਨ। ਪਿਛਲੇ ਇਕ ਦਹਾਕੇ 'ਚ ਭਾਰਤ ਨੇ ਜਿੰਨਾ ਪੈਸਾ ਵਿਦੇਸ਼ੀ ਕੋਚਾਂ 'ਤੇ ਲਾਇਆ ਹੈ, ਜੇ ਕਿਤੇ ਆਪਣੇ ਕੋਚਾਂ ਨੂੰ ਇਹ ਸਭ ਸਹੂਲਤਾਂ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਸਾਡਾ ਖੇਡ ਸੰਸਾਰ ਹੀ ਬਦਲ ਜਾਂਦਾ।
ਵਿਦੇਸ਼ੀ ਕੋਚਾਂ 'ਤੇ ਸਾਡੀ ਨਿਰਭਰਤਾ ਠੀਕ ਨਹੀਂ ਹੈ। ਜਿਸ ਖੇਡ ਵਿਚ ਵੀ ਅਸੀਂ ਕੌਮੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਪਛੜ ਜਾਂਦੇ ਹਾਂ, ਸਾਡੇ ਅਧਿਕਾਰੀ ਵਿਦੇਸ਼ੀ ਕੋਚਾਂ ਦੀ ਮੰਗ ਕਰਨ ਲੱਗ ਪੈਂਦੇ ਹਨ। ਭਲਿਓ ਮਾਣਸੋ, ਖੇਡ ਮੈਦਾਨਾਂ ਵਿਚ ਤਾਂ ਸਵਦੇਸ਼ੀ ਖਿਡਾਰੀਆਂ ਨੇ ਹੀ ਖੇਡਣਾ ਹੁੰਦਾ। ਨਤੀਜੇ ਮੈਦਾਨ 'ਚ ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਨਾਲ ਮਿਲਦੇ ਹਨ। ਕੋਚ ਭਾਵੇਂ ਸੱਤ ਸਮੁੰਦਰੋਂ ਪਾਰ ਦਾ ਹੋਵੇ, ਜੇ ਖਿਡਾਰੀਆਂ ਦੇ ਪੱਲੇ ਦਮ-ਖਮ ਨਹੀਂ, ਖੇਡ ਹੁਨਰ ਨਹੀਂ ਤਾਂ ਵਿਦੇਸ਼ੀ ਕੋਚ ਦਾ ਸੰਗ ਕੋਈ ਰੰਗ ਨਹੀਂ ਲਿਆ ਸਕਦਾ। ਮੇਜਰ ਧਿਆਨ ਚੰਦ, ਪੀ. ਟੀ. ਊਸ਼ਾ, ਮਿਲਖਾ ਸਿੰਘ, ਬਲਬੀਰ ਸਿੰਘ, ਸ੍ਰੀ ਰਾਮ, ਸ਼ਿਵਨਾਥ, ਅੰਜੂ ਜਾਰਜ, ਸਾਇਨੀ ਵਿਲਸਨ ਆਦਿ ਦੇ ਕੋਚ ਭਾਰਤੀ ਹੀ ਸਨ। ਸੁਸ਼ੀਲ ਯੋਗੇਸ਼ਵਰ, ਸਾਕਸ਼ੀ ਮਲਿਕ, ਵਿਜੇਂਦਰ, ਸਾਇਨਾ ਵੀ ਭਾਰਤੀ ਕੋਚਾਂ ਦੀ ਹੀ ਪੈਦਾਵਾਰ ਹਨ। ਭਾਰਤੀ ਫੁੱਟਬਾਲ ਨੂੰ ਉਲੰਪਿਕ ਅਤੇ ਵਿਸ਼ਵ ਕੱਪ ਤੱਕ ਪਹੁੰਚਾਉਣ ਵਾਲੇ ਭਾਰਤੀ ਕੋਚ ਹੀ ਸਨ। ਜਦੋਂ ਭਾਰਤ ਦੀ ਹਾਕੀ ਆਪਣੇ ਪੂਰੇ ਸਿਖਰ 'ਤੇ ਸੀ ਤਾਂ ਅੱਠ ਉਲੰਪਿਕ ਮੈਡਲ ਜਿੱਤਣ ਵਾਲੀਆਂ ਭਾਰਤੀ ਟੀਮਾਂ ਦੇ ਕੋਚ ਸਵਦੇਸ਼ੀ ਹੀ ਸਨ। ਸ਼ੁਕਰ ਹੈ ਭਾਰਤੀ ਹਾਕੀ ਸੰਸਥਾ, ਹਾਕੀ ਇੰਡੀਆ ਨੂੰ ਹੁਣ ਸਮਝ ਆ ਗਈ ਹੈ। ਕਿਉਂ ਅਸੀਂ ਅਥਲੀਟਾਂ ਅਤੇ ਵੇਟ ਲਿਫਟਰਾਂ ਨੂੰ ਡੋਪ ਪਿਲਾਉਣ ਵਾਲੇ ਵਿਦੇਸ਼ੀ ਕੋਚਾਂ 'ਤੇ ਹੀ ਲੱਟੂ ਹਾਂ? ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਦੇਸ਼ੀ ਕੋਚਾਂ ਦੇ ਅਸਰ ਕਰਕੇ ਸਾਡੇ ਕਈ ਅਥਲੀਟ ਨਸ਼ਾਖੋਰੀ ਵੱਲ ਵੀ ਜਾ ਰਹੇ ਹਨ। ਪਰ ਅਸੀਂ ਆਪਣੇ ਕੋਚਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਬਾਹਰਲੇ ਕੋਚਾਂ ਨੂੰ ਅਸੀਂ ਮੂੰਹ-ਮੰਗੀ ਰਕਮ ਦੇਣ ਨੂੰ ਤਿਆਰ ਹਾਂ। ਲਗਦੈ ਜ਼ਿੰਦਗੀ ਦੇ ਬਾਕੀ ਪਹਿਲੂਆਂ 'ਚ ਜਿਥੇ ਅਸੀਂ ਪੱਛਮੀ ਸੱਭਿਅਤਾ ਦੇ ਦੀਵਾਨੇ ਬਣ ਗਏ ਹਾਂ, ਖੇਡਾਂ ਦੇ ਖੇਤਰ ਵਿਚ ਵੀ ਅਸੀਂ ਗੋਰਿਆਂ ਦੀ ਦੀਵਾਨਗੀ ਦੇ ਆਲਮ 'ਚ ਆਪਣੇ ਖੇਡ ਸੰਸਕਾਰਾਂ ਨੂੰ, ਕੋਚਾਂ ਨੂੰ ਵੀ ਭੁੱਲੀ ਜਾ ਰਹੇ ਹਾਂ। ਹਾਕੀ ਕੋਚ ਹਰਿੰਦਰ ਸਿੰਘ ਅਤੇ ਕ੍ਰਿਕਟ ਕੋਚ ਰਾਹੁਲ ਦ੍ਰਾਵਿੜ ਦੇ ਉਦਾਹਰਨ ਸਾਡੇ ਸਾਹਮਣੇ ਹਨ, ਜੋ ਕੋਚਿੰਗ ਦੇ ਖੇਤਰ ਵਿਚ ਆਪਣੇ-ਆਪ ਨੂੰ ਸਾਬਤ ਕਰ ਰਹੇ ਹਨ।
ਅਸੀਂ ਆਪਣੇ ਕੋਚਾਂ ਨੂੰ ਵਿਦੇਸ਼ਾਂ 'ਚ ਟ੍ਰੇਨਿੰਗ ਲਈ ਭੇਜ ਸਕਦੇ ਹਾਂ। ਟੀਮਾਂ ਨੂੰ ਵੱਧ ਤੋਂ ਵੱਧ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਹਾਸਲ ਕਰਵਾਉਣ ਲਈ ਵਿਦੇਸ਼ੀ ਟੀਮਾਂ ਨਾਲ ਵੱਧ ਤੋਂ ਵਧ ਟੂਰਨਾਮੈਂਟ ਆਯੋਜਿਤ ਕਰਵਾਉਣੇ ਸਿਆਣਪ ਹੈ। ਸਵਦੇਸ਼ੀ ਟੀਮਾਂ ਨੂੰ ਵਿਦੇਸ਼ਾਂ 'ਚ ਵੀ ਵੱਧ ਤੋਂ ਵੱਧ ਭੇਜਣਾ ਜਾਇਜ਼ ਹੈ।
ਵਿਦੇਸ਼ੀ ਕੋਚਾਂ ਦੇ ਸਾਰੇ ਤਜਰਬੇ ਅਸੀਂ ਕਰ ਹਾਰੇ ਹਾਂ। ਕਿੰਨਾ ਕੁ ਸਾਡੀਆਂ ਅੰਤਰਰਾਸ਼ਟਰੀ ਟੀਮਾਂ ਦਾ ਮਿਆਰ ਬੁਲੰਦ ਹੋ ਗਿਆ ਹੈ? ਵਿਦੇਸ਼ੀ ਕੋਚਾਂ ਦਾ ਪੱਲਾ ਫੜ ਕੇ ਅਸੀਂ ਆਪਣੇ ਕੋਚਾਂ ਦੇ ਸਵੈ-ਵਿਸ਼ਵਾਸ ਅਤੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਹੈ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਾਨੂੰ ਗੋਰਿਆਂ ਦੇ ਬਹੁਤ ਤਲਖ ਤਜਰਬੇ ਹੋ ਚੁੱਕੇ ਹਨ। ਅਸੀਂ ਆਪਣੇ ਕੋਚਾਂ ਨੂੰ ਮਿਹਨਤ, ਸੂਝ ਅਤੇ ਦਿਆਨਤਦਾਰੀ, ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੀਏ। ਸਾਨੂੰ ਹੁਣ ਆਪਣੇ ਕੋਚਾਂ 'ਤੇ ਭਰੋਸਾ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਮਾਡਰਨ ਟੈਕਨਾਲੋਜੀ ਪ੍ਰਤੀ ਉਤਸ਼ਾਹਿਤ ਕਰੀਏ। ਹੁਣ ਸਵਦੇਸ਼ੀ ਕੋਚਾਂ ਨੂੰ ਵੀ ਚਾਹੀਦਾ ਹੈ ਕਿ ਜਿਸ ਟੀਮ ਦੀ ਵਾਗ ਫੜਨ, ਕਮਾਲ ਕਰਕੇ ਦਿਖਾਉਣ, ਤਾਂ ਕਿ ਸਾਡੇ ਖੇਡ ਅਧਿਕਾਰੀਆਂ ਨੂੰ ਗੋਰਿਆਂ ਦੀ ਯਾਦ ਨਾ ਆਵੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410


ਖ਼ਬਰ ਸ਼ੇਅਰ ਕਰੋ

ਬਾਲ ਖਿਡਾਰੀਆਂ ਨੂੰ ਤਰਾਸ਼ਣ ਦੀ ਲੋੜ

ਭਾਰਤ ਦੁਨੀਆ ਦਾ ਇਕ ਅਜਿਹਾ ਦੇਸ਼ ਹੈ, ਜੋ ਆਬਾਦੀ ਪੱਖੋਂ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ। ਪਹਿਲੇ ਨੰਬਰ ਉਪਰ ਚੀਨ ਹੈ ਪਰ ਜਿਸ ਤਰੀਕੇ ਨਾਲ ਭਾਰਤ ਦੀ ਆਬਾਦੀ ਵਿਚ ਵਾਧਾ ਹੋ ਰਿਹਾ ਹੈ , ਉਸ ਤੋਂ ਲਗਦਾ ਹੈ ਕਿ ਭਾਰਤ ਜਲਦੀ ਹੀ ਆਬਾਦੀ ਪੱਖੋਂ ਚੀਨ ਨੁੂੰ ਪਿੱਛੇ ਛੱਡ ਜਾਵੇਗਾ। ਪਰ ਜੇ ਖੇਡਾਂ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਚੀਨ ਦੇ ਮੁਕਾਬਲੇ ਬਹੁਤ ਪਿੱਛੇ ਹੈ।
ਜੇ ਅਸੀਂ ਉਲੰਪਿਕ ਖੇਡਾਂ ਦੇ ਇਤਿਹਾਸ ਉਪਰ ਸਰਸਰੀ ਨਜ਼ਰ ਵੀ ਮਾਰੀਏ ਤਾਂ ਸਾਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਕਿ ਉਲੰਪਿਕ ਖੇਡਾਂ ਦੇ ਪਹਿਲੇ ਤਿੰਨ ਸਥਾਨਾਂ ਉਪਰ ਚੀਨ, ਜਾਪਾਨ ਅਤੇ ਅਮਰੀਕਾ ਦਾ ਹੀ ਕਬਜ਼ਾ ਹੁੰਦਾ ਹੈ। ਪਹਿਲਾਂ ਯੂ.ਐਸ.ਐਸ.ਆਰ., ਜਿਸ ਨੂੰ ਸੋਵੀਅਤ ਯੂਨੀਅਨ (ਰੂਸ) ਵੀ ਕਿਹਾ ਜਾਂਦਾ ਹੈ, ਦਾ ਸਥਾਨ ਵੀ ਉਲੰਪਿਕ ਖੇਡਾਂ ਦੀ ਤਗਮਾ ਸੂਚੀ ਵਿਚ ਪਹਿਲੇ-ਦੂਜੇ ਸਥਾਨ 'ਤੇ ਹੁੰਦਾ ਸੀ, ਪਰ ਲੰਬਾ ਸਮਾਂ ਅਮਰੀਕਾ ਨਾਲ ਚੱਲੀ ਠੰਢੀ ਜੰਗ ਦੇ ਕਾਰਨ ਸੋਵੀਅਤ ਯੂਨੀਅਨ ਖੇਰੂੰ-ਖੇਰੂੰ ਹੋ ਗਿਆ, ਜਿਸ ਦਾ ਅਸਰ ਉਲੰਪਿਕ ਖੇਡਾਂ ਵਿਚਲੀ ਉਸ ਦੀ ਕਾਰਗੁਜ਼ਾਰੀ ਉੱਪਰ ਵੀ ਪਿਆ।
ਚੀਨ ਇਸ ਸਮੇਂ ਦੁਨੀਆ ਦੀ ਇਕ ਮਹਾਂਸ਼ਕਤੀ ਬਣ ਚੁੱਕਾ ਹੈ। ਉੱਥੇ ਬਚਪਨ ਵਿਚ ਹੀ ਬੱਚਿਆਂ ਨੁੂੰ ਜਿਮਨਾਸਟਿਕ ਤੈਰਾਕੀ ਜੂਡੋ-ਕਰਾਟੇ ਸਮੇਤ ਹੋਰ ਖੇਡਾਂ ਵਿਚ ਹਿੱਸਾ ਦਿਵਾਇਆ ਜਾਂਦਾ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਬੱਚਿਆਂ ਨੁੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹੀ ਬੱਚੇ ਵੱਡੇ ਹੋ ਕੇ ਪ੍ਰਸਿੱਧ ਖਿਡਾਰੀ ਬਣ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਚੀਨ ਵਿਚ ਖੇਡ ਜਗਤ ਦੇ ਹੀਰਿਆਂ ਨੁੂੰ ਬਚਪਨ ਵਿਚ ਹੀ ਤਰਾਸ਼ਿਆ ਜਾਂਦਾ ਹੈ। ਦੂਜੇ ਪਾਸੇ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਵੱਡੀ ਗਿਣਤੀ 'ਚ ਬੱਚੇ ਖੇਡਾਂ ਤੋਂ ਦੂਰ ਹੀ ਰਹਿੰਦੇ ਹਨ।
ਭਾਰਤ ਵਿਚ ਰਹਿੰਦੇ ਲੋਕਾਂ ਦੇ ਵੱਖ-ਵੱਖ ਵਰਗ ਹਨ, ਜਿਨ੍ਹਾਂ ਦੀ ਆਰਥਿਕ ਸਥਿਤੀ ਵਿਚ ਕਾਫੀ ਅੰਤਰ ਹੈ। ਇਹ ਹੀ ਅੰਤਰ ਬੱਚਿਆਂ ਦੀ ਪਰਵਰਿਸ਼ ਨੂੰ ਵੀ ਪ੍ਰਭਾਵਿਤ ਕਰਦਾ ਹੈ। ਆਰਥਿਕ ਪੱਖੋਂ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਤਾਂ ਸਾਰਾ ਦਿਨ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਨ ਦਾ ਫ਼ਿਕਰ ਹੀ ਲੱਗਾ ਰਹਿੰਦਾ ਹੈ। ਸਾਰਾ ਦਿਨ ਗਲੀਆਂ ਵਿਚ ਕਾਗਜ਼ ਚੁੱਕਦੇ ਬੱਚੇ ਖੇਡਾਂ ਵਿਚ ਹਿੱਸਾ ਲੈਣ ਬਾਰੇ ਕਦੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। ਇਸ ਦੇ ਨਾਲ ਹੀ ਭਾਰਤ ਦੇ ਮੱਧ-ਵਰਗੀ ਅਤੇ ਅਮੀਰ ਵਰਗ ਦੇ ਬੱਚੇ ਆਪਣਾ ਸਾਰਾ ਧਿਆਨ ਪੜ੍ਹਾਈ ਵਿਚ ਲਾਉਂਦੇ ਹਨ, ਜਿਸ ਕਰਕੇ ਉਹ ਖੇਡਾਂ ਤੋਂ ਦੂਰ ਹੀ ਰਹਿੰਦੇ ਹਨ।
ਵੱਡੀ ਗਿਣਤੀ ਭਾਰਤੀ ਮਾਪੇ ਅਜਿਹੇ ਹੁੰਦੇ ਹਨ ਜੋ ਕਿ ਖੁਦ ਹੀ ਆਪਣੇ ਬੱਚਿਆਂ ਨੁੂੰ ਖੇਡਾਂ ਤੋਂ ਦੂਰ ਰੱਖਦੇ ਹਨ। ਭਾਰਤੀ ਮਾਪਿਆਂ ਦੀ ਇਹ ਸੋਚ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਕਿਸੇ ਚੰਗੀ ਨੌਕਰੀ ਉੱਪਰ ਲੱਗ ਜਾਵੇ। ਖੇਡਾਂ ਵਿਚ ਹਿੱਸਾ ਲੈਣ ਨੂੰ ਉਹ ਸਮਾਂ ਬਰਬਾਦ ਕਰਨਾ ਕਹਿੰਦੇ ਹਨ। ਜੇ ਬੱਚਾ ਖੇਡਾਂ ਵਿਚ ਹਿੱਸਾ ਲੈਣਾ ਵੀ ਚਾਹੇ ਤਾਂ ਉਸ ਨੁੂੰ ਉਤਸ਼ਾਹਿਤ ਕਰਨ ਦੀ ਥਾਂ ਮਾਪੇ ਕੁੱਟਮਾਰ ਕਰਨ ਤੱਕ ਜਾਂਦੇ ਹਨ, ਭਾਵ ਧੌੜੀ ਲਾਹ ਦਿੰਦੇੇ ਹਨ। ਇਸ ਤਰ੍ਹਾਂ ਬਾਲ ਖਿਡਾਰੀ ਚੰਗੇ ਖਿਡਾਰੀ ਬਣਨ ਦੀ ਜਗ੍ਹਾ ਕਿਤਾਬੀ ਕੀੜੇ ਬਣ ਕੇ ਰਹਿ ਜਾਂਦੇ ਹਨ। ਅੱਜਕਲ੍ਹ 90 ਫੀਸਦੀ ਬੱਚਿਆਂ ਦੇ ਐਨਕ ਲੱਗੀ ਹੁੰਦੀ ਹੈ। ਵੱਡੀ ਗਿਣਤੀ ਬੱਚੇ ਜਾਂ ਤਾਂ ਥੁਲਥਲੇ/ਮੋਟੇ ਹੁੰਦੇ ਹਨ ਜਾਂ ਉਹ ਹੱਦ ਤੋਂ ਜ਼ਿਆਦਾ ਪਤਲੇ ਹੁੰਦੇ ਹਨ। ਕਈ ਬੱਚੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸਕੂਲ ਦੀਆਂ ਪੌੜੀਆਂ ਚੜ੍ਹਦੇ ਹੋਏ ਵੀ ਸਾਹ ਚੜ੍ਹ ਜਾਂਦਾ ਹੈ। ਇਸ ਦਾ ਕਾਰਨ ਬੱਚਿਆਂ ਦਾ ਖੇਡਾਂ ਤੋਂ ਦੂਰ ਰਹਿਣਾ ਹੈ।
ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਇਹੀ ਕਾਰਨ ਹੈ ਕਿ ਜਿਹੜੇ ਬੱਚੇ ਸਰੀਰਕ ਤੌਰ 'ਤੇ ਤੰਦਰੁਸਤ ਹੁੰਦੇ ਹਨ, ਉਹ ਹੀ ਬੱਚੇ ਪੜ੍ਹਾਈ ਵਿਚ ਵੀ ਅੱਵਲ ਆਉਂਦੇ ਹਨ। ਜਦੋਂ ਕਿ 24 ਘੰਟੇ ਕਿਤਾਬਾਂ ਨਾਲ ਮੱਥਾ ਮਾਰਨ ਵਾਲੇ ਬੱਚੇ ਅਕਸਰ ਹੀ ਪੜ੍ਹਾਈ ਵਿਚ ਪਿੱਛੇ ਰਹਿ ਜਾਂਦੇ ਹਨ। ਜੇ ਅਸੀਂ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਸਾਨੂੰ ਅਜਿਹੇ ਵਿਅਕਤੀ ਵੱਡੀ ਗਿਣਤੀ ਵਿਚ ਨਜ਼ਰ ਆਉਣਗੇ, ਜਿਨ੍ਹਾਂ ਦੀ ਸੇਠਾਂ ਵਾਂਗ ਗੋਗੜ ਜਿਹੀ ਨਿਕਲੀ ਹੁੰਦੀ ਹੈ। ਕਈ ਵਿਅਕਤੀ ਤਾਂ ਵੇਖਣ ਨੁੂੰ ਇੰਜ ਲੱਗਦੇ ਹਨ ਜਿਵੇਂ ਕੁਪੋਸ਼ਣ ਦਾ ਸ਼ਿਕਾਰ ਹੋਣ। ਅਜਿਹੇ ਦਿਖਾਈ ਦੇਣ ਦਾ ਕਾਰਨ ਖੇਡਾਂ ਤੋਂ ਦੂਰ ਰਹਿਣਾ ਹੀ ਹੁੰਦਾ ਹੈ। ਸਵੇਰ ਸਮੇਂ ਅਸੀਂ ਸਕੂਲ ਜਾਂਦੇ ਬੱਚੇ ਜਦੋਂ ਵੇਖਦੇ ਹਾਂ ਤਾਂ ਸਾਨੂੰ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਬੱਚੇ ਆਪਣੇ ਭਾਰ ਨਾਲੋਂ ਵੱਧ ਭਾਰੇ ਬਸਤੇ ਚੁੱਕ ਕੇ ਸਕੂਲ ਜਾ ਰਹੇ ਹੁੰਦੇ ਹਨ। ਪੀਲੇ ਰੰਗ ਦੀਆਂ ਸਕੂਲੀ ਬੱਸਾਂ ਏਨੀ ਤੇਜ਼ ਰਫ਼ਤਾਰ 'ਤੇ ਚੱਲਦੀਆਂ ਹਨ ਕਿ ਇਨ੍ਹਾਂ ਨੂੰ ਲੋਕ ਸੜਕਾਂ ਉੱਪਰ ਉੱਡਦਾ ਪੀਲਾ ਤਾਬੂਤ ਕਹਿਣ ਲੱਗ ਪਏ ਹਨ। ਅਨੇਕਾਂ ਹੀ ਸਕੂਲੀ ਬੱਸਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਅਨੇਕਾਂ ਬੱਚੇ ਮਾਰੇ ਜਾ ਚੁੱਕੇ ਹਨ। ਇਸ ਤਰ੍ਹਾਂ ਅਨੇਕਾਂ ਕੱਚੀਆਂ ਕਲੀਆਂ ਖਿੜਨ ਤੋਂ ਪਹਿਲਾਂ ਹੀ ਮਧੋਲੀਆਂ ਗਈਆਂ ਹਨ। ਸੜਕ ਹਾਦਸਿਆਂ ਦਾ ਦੈਂਤ ਅਨੇਕਾਂ ਹੀ ਪ੍ਰਸਿੱਧ ਖਿਡਾਰੀਆਂ ਨੂੰ ਨਿਗਲ ਚੁੱਕਾ ਹੈ। ਗੱਲ ਚੱਲ ਰਹੀ ਸੀ ਬੱਚਿਆਂ ਦੇ ਖੇਡਾਂ ਵਿਚ ਹਿੱਸਾ ਲੈਣ ਦੀ, ਬੱਚੇ ਜੇ ਖੇਡਾਂ ਖੇਡਦੇ ਵੀ ਹਨ ਤਾਂ ਉਹ ਕੰਪਿਊਟਰ ਅਤੇ ਮੋਬਾਈਲ ਉੱਪਰ ਹੀ ਖੇਡਾਂ ਖੇਡਦੇ ਹਨ। (ਬਾਕੀ ਅਗਲੇ ਅੰਕ 'ਚ)


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ। ਮੋਬਾ: 94638-19174

ਮਹਾਰਾਣਾ ਪ੍ਰਤਾਪ ਸਿੰਘ ਪੁਰਸਕਾਰ ਜੇਤੂ ਹੈ ਸੁਮਨ ਢਾਕਾ ਰਾਜਸਥਾਨ

ਸੁਮਨ ਢਾਕਾ ਰਾਜਸਥਾਨ ਦੀ ਹੀ ਮਾਣਮੱਤੀ ਪੈਰਾ ਖਿਡਾਰਨ ਨਹੀਂ, ਸਗੋਂ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਵੀ ਪੂਰੇ ਭਾਰਤ ਦਾ ਨਾਂਅ ਚਮਕਾਇਆ ਹੈ ਅਤੇ ਹੁਣੇ-ਹੁਣੇ ਜਕਾਰਤਾ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਵੀ ਆਪਣੀ ਖੇਡ ਕਲਾ ਦਾ ਲੋਹਾ ਮੰਨਵਾਇਆ ਹੈ। ਇਸੇ ਲਈ ਤਾਂ ਰਾਜਸਥਾਨ ਸਰਕਾਰ ਨੇ ਉਸ ਨੂੰ ਆਪਣੇ ਵਕਾਰੀ ਪੁਰਸਕਾਰ 'ਮਹਾਰਾਣਾ ਪ੍ਰਤਾਪ ਸਿੰਘ ਐਵਾਰਡ' ਨਾਲ ਸਨਮਾਨਿਆ ਹੈ। ਸੁਮਨ ਢਾਕਾ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਸੀਕਰ ਦੇ ਪਿੰਡ ਸਾਵਲੌਂਦਾ ਪੁਰੋਹਿਤਾਨ ਵਿਖੇ ਪਿਤਾ ਰਾਮ ਲਾਲ ਢਾਕਾ ਦੇ ਘਰ ਮਾਤਾ ਲਾਲੀ ਦੇਵੀ ਦੀ ਕੁੱਖੋਂ ਹੋੋਇਆ ਅਤੇ ਸੁਮਨ ਢਾਕਾ ਨੂੰ ਛੋਟੀ ਉਮਰ ਵਿਚ ਹੀ ਉਸ ਦੇ ਤਾਇਆ ਜੀ ਨੇ ਗੋਦ ਲੈ ਲਿਆ ਸੀ, ਕਿਉਂਕਿ ਉਨ੍ਹਾਂ ਦੇ ਘਰ ਵਿਚ ਬੇਟੀ ਨਹੀਂ ਸੀ ਅਤੇ ਉਸ ਦੇ ਤਾਇਆ ਜੀ ਨੇ ਹੀ ਉਸ ਦਾ ਪਾਲਣ-ਪੋਸ਼ਣ ਕੀਤਾ।
ਬਚਪਨ ਵਿਚ ਹੀ ਸੁਮਨ ਢਾਕਾ ਦਾ ਇਕ ਸੜਕ ਹਾਦਸੇ ਵਿਚ ਸੱਜਾ ਪੈਰ ਟੁੱਟ ਗਿਆ ਅਤੇ ਉਹ ਉਸ ਹਾਦਸੇ ਦੇ ਨਾਲ ਹੀ ਆਪਣੇ ਸੱਜੇ ਪੈਰ ਤੋਂ ਹਮੇਸ਼ਾ ਲਈ ਅਪਾਹਜ ਹੋ ਗਈ। ਸਕੂਲੀ ਵਿੱਦਿਆ ਦੇ ਨਾਲ-ਨਾਲ ਸੁਮਨ ਢਾਕਾ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਉਸ ਨੇ ਪੈਰ ਤੋਂ ਅਪਾਹਜ ਹੁੰਦਿਆਂ ਹੋਇਆਂ ਵੀ ਆਪਣੇ-ਆਪ ਨੂੰ ਖੇਡ ਦੇ ਮੈਦਾਨ ਵਿਚ ਉਤਾਰ ਲਿਆ ਅਤੇ ਅੱਜ ਤੱਕ ਉਹ ਖੇਡ ਦੇ ਮੈਦਾਨ ਵਿਚ ਆਪਣੇ ਸੂਬੇ ਅਤੇ ਦੇਸ਼ ਲਈ ਲਗਾਤਾਰ ਪ੍ਰਾਪਤੀਆਂ ਕਰ ਰਹੀ ਹੈ। ਸੁਮਨ ਢਾਕਾ ਨੇ ਆਪਣਾ ਖੇਡ ਕੈਰੀਅਰ ਸ਼ੁਰੂ ਕਰਦਿਆਂ ਸਾਲ 2013 ਵਿਚ ਬੈਂਗਲੁਰੂ ਵਿਖੇ ਹੋਈ
13ਵੀਂ ਅਥਲੈਟਿਕ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਜਿੱਥੇ ਉਸ ਨੇ ਸ਼ਾਟਪੁੱਟ ਅਤੇ ਲਾਂਗ ਜੰਪ ਵਿਚ ਦੋ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਸਾਲ 2015 ਵਿਚ ਗਾਜ਼ੀਆਬਾਦ ਵਿਖੇ ਹੋਈ 15ਵੀਂ ਅਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ ਵਿਚ ਖੇਡਦਿਆਂ ਉਸ ਨੇ ਇਕ ਸੋਨ ਤਗਮਾ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਲਿਆ।
ਸਾਲ 2016 ਵਿਚ 16ਵੀਂ ਪੈਰਾ ਅਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ ਜੋ ਪੰਚਕੂਲਾ ਵਿਖੇ ਹੋਈ, ਉਸ ਵਿਚ ਖੇਡਦਿਆਂ ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਵਿਚ ਦੋ ਸੋਨ ਤਗਮੇ ਜਿੱਤ ਕੇ ਆਪਣੇ ਸੂਬੇ ਦਾ ਮਾਣ ਵਧਾਇਆ। ਜੈਪੁਰ ਵਿਖੇ ਹੋਈ 17ਵੀਂ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਖੇਡਦਿਆਂ ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਵਿਚ ਦੋ ਸੋਨ ਤਗਮੇ ਜਿੱਤ ਕੇ ਆਪਣੀ ਜਿੱਤ ਦੇ ਦਾਅਵੇ ਨੂੰ ਬਰਕਰਾਰ ਰੱਖਿਆ।
ਸਾਲ 2017 ਵਿਚ ਚੀਨ ਦੇ ਸ਼ਹਿਰ ਬੀਜਿੰਗ ਵਿਚ ਹੋਏ ਗਰਾਂਡ ਫ਼ਿਕਸ ਵਿਚ ਖੇਡਦਿਆਂ ਪੂਰੇ ਵਿਸ਼ਵ 'ਚੋਂ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸੂਰਤਗੜ੍ਹ ਵਿਚ ਹੋਈ ਸਟੇਟ ਚੈਂਪੀਅਨਸ਼ਿਪ ਵਿਚ ਵੀ ਸੁਮਨ ਢਾਕਾ ਨੇ ਸ਼ਾਟਪੁੱਟ ਵਿਚ 3 ਸੋਨ ਤਗਮਿਆਂ 'ਤੇ ਆਪਣਾ ਕਬਜ਼ਾ ਕੀਤਾ ਸੀ। ਜੁਲਾਈ, 2018 ਵਿਚ ਬੈਂਗਲੁਰੂ ਵਿਖੇ ਹੋਈ ਪਹਿਲੀ ਇੰਡੀਅਨ ਓਪਨ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਵੀ ਸੁਮਨ ਢਾਕਾ ਨੇ ਸ਼ਾਟਪੁੱਟ ਅਤੇ ਡਿਸਕਸ ਥ੍ਰੋਅ ਵਿਚ ਦੋ ਸੋਨ ਤਗਮੇ ਫੁੰਡੇ। ਸੁਮਨ ਢਾਕਾ ਨੇ ਦੱਸਿਆ ਕਿ ਉਸ ਵਕਤ ਉਸ ਨੂੰ ਅਤਿਅੰਤ ਖੁਸ਼ੀ ਹੋਈ, ਜਦੋਂ ਉਸ ਦੇ ਆਪਣੇ ਹੀ ਸੂਬੇ ਰਾਜਸਥਾਨ ਵਿਖੇ 24 ਸਤੰਬਰ, 2018 ਨੂੰ ਸਰਵ-ਉੱਚ ਪੁਰਸਕਾਰ ਮਹਾਰਾਣਾ ਪ੍ਰਤਾਪ ਐਵਾਰਡ ਨਾਲ ਸਨਮਾਨਿਆ ਗਿਆ ਅਤੇ ਜਿੱਥੇ ਉਸ ਨੂੰ ਆਪਣੇ ਸੂਬੇ 'ਤੇ ਮਾਣ ਹੈ, ਉਥੇ ਆਪਣੇ ਭਾਰਤ ਦੇਸ਼ 'ਤੇ ਵੀ ਡਾਹਢਾ ਮਾਣ ਹੈ ਅਤੇ ਉਹ ਹਮੇਸ਼ਾ ਹੀ ਆਪਣੇ ਤਿਰੰਗੇ ਦੀ ਸ਼ਾਨ ਉੱਚੀ ਹੁੰਦੀ ਵੇਖਣਾ ਚਾਹੁੰਦੀ ਹੈ ਅਤੇ ਉਹ ਮਾਣ ਨਾਲ ਆਖਦੀ ਹੈ ਕਿ, 'ਜਬ ਤੱਕ ਜ਼ਮਾਨੇ ਕੀ ਪ੍ਰਵਾਹ ਕੀ ਤੋ ਖੁਦ ਸਿਮਟੀ ਰਹੀ ਜਬ ਉਡਾਨ ਭਰੀ ਤੋ ਪਤਾ ਚਲਾ ਕਿ ਪ੍ਰਵਾਜ਼ ਆਲਣੇ ਕਾ ਨਹੀਂ ਆਸਮਾਂ ਕਾ ਹੈ।' ਸੁਮਨ ਢਾਕਾ ਆਪਣੇ ਪਤੀ ਮਹਿੰਦਰ ਸਿੰਘ ਸੁੰਡਾਂ ਅਤੇ ਆਪਣੇ ਬੇਟੇ ਨਾਲ ਹਮੇਸ਼ਾ ਖੁਸ਼ ਰਹਿੰਦੀ ਹੈ।


-ਮੋਬਾ: 98551-14484

ਕਦੋਂ ਸੁਧਰੇਗੀ ਰਾਸ਼ਟਰੀ ਖੇਡ ਪੁਰਸਕਾਰ ਵੰਡ ਪ੍ਰਣਾਲੀ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਘਟਨਾ ਤੋਂ ਅਸੀਂ ਇਹ ਸੋਚਣ ਲਈ ਮਜਬੂਰ ਹੁੰਦੇ ਹਾਂ ਕਿ ਦੇਸ਼ ਲਈ ਖੂਨ-ਪਸੀਨਾ ਇਕ ਕਰਨ ਵਾਲੇ ਖਿਡਾਰੀ ਜੇਕਰ ਕੋਰਟ-ਕਚਹਿਰੀਆਂ ਦਾ ਸਹਾਰਾ ਲੈ ਕੇ ਐਵਾਰਡ ਲੈਣਗੇ ਤਾਂ ਕੀ ਸਾਡੇ ਦੇਸ਼ ਦਾ ਖੇਡ ਤੰਤਰ ਵਿਸ਼ਵਾਸਯੋਗ ਹੈ? ਦੇਸ਼ ਵਿਚ ਇਹੋ ਜਿਹੀਆਂ ਘਟਨਾਵਾਂ ਹਰ ਐਵਾਰਡ ਸਮਾਰੋਹ ਤੋਂ ਪਹਿਲਾਂ ਹੁੰਦੀਆਂ ਹੀ ਰਹੀਆਂ ਹਨ ਪਰ ਹੁਣ ਅਸੀਂ ਉਨ੍ਹਾਂ ਦੋ ਤਾਜ਼ਾ ਘਟਨਾਕ੍ਰਮਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਤੋਂ ਨਿਰਾਸ਼ ਹੋ ਕੇ ਦੇਸ਼ ਦੇ ਰਾਸ਼ਟਰੀ ਕੋਚ ਨੇ ਅਸਤੀਫਾ ਤੱਕ ਦੇ ਦਿੱਤਾ ਹੈ। ਭਾਰਤ ਨੂੰ ਆਰਚਰੀ (ਤੀਰਅੰਦਾਜ਼ੀ) ਖੇਡ ਵਿਚ ਵੱਖਰੀ ਪਹਿਚਾਣ ਦਿਵਾਉਣ ਵਾਲੇ ਰਾਸ਼ਟਰੀ ਮੁੱਖ ਕੋਚ ਜੀਵਨਜੋਤ ਸਿੰਘ ਤੇਜਾ, ਜਿਨ੍ਹਾਂ ਦਾ ਨਾਂਅ ਦਰੋਣਾਚਾਰੀਆ ਐਵਾਰਡ (2018) ਲਈ ਪਹਿਲਾਂ ਐਵਾਰਡ ਸੂਚੀ ਵਿਚ ਸਰਕਾਰ ਨੇ ਜਾਰੀ ਕਰ ਦਿੱਤਾ ਸੀ ਪਰ ਬਾਅਦ ਵਿਚ ਅਨੁਸ਼ਾਸਨਹੀਣਤਾ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਨਾਂਅ ਐਵਾਰਡ ਸੂਚੀ ਵਿਚੋਂ ਕੱਟ ਦਿੱਤਾ ਗਿਆ। ਹਾਂਲਾਕਿ ਜਿਸ ਅਨੁਸ਼ਾਸਨਹੀਣਤਾ ਦਾ ਹਵਾਲਾ ਦਿੱਤਾ ਗਿਆ ਸੀ, ਉਹ ਦੋਸ਼ ਇਸ ਕੋਚ 'ਤੇ ਸਾਬਤ ਹੀ ਨਹੀਂ ਸੀ ਹੋਏ।
ਇਸ ਘਟਨਾਕ੍ਰਮ ਤੋਂ ਨਾਰਾਜ਼ ਹੋ ਕੇ ਰਾਸ਼ਟਰੀ ਆਰਚਰੀ ਕੋਚ ਜੀਵਨਜੋਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੈਂ ਇਸ ਐਵਾਰਡ ਲਈ 2016 ਵਿਚ ਵੀ 97 ਅੰਕਾਂ ਨਾਲ ਅਪਲਾਈ ਕੀਤਾ ਸੀ ਪਰ ਉਸ ਸਮੇਂ ਵੀ ਇਹ ਐਵਾਰਡ ਵਿਰਾਟ ਕੋਹਲੀ ਦੇ ਕੋਚ ਨੂੰ ਦੇ ਦਿੱਤਾ ਗਿਆ ਸੀ। ਉਨ੍ਹਾਂ ਨੇ ਅਸਤੀਫੇ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ ਅੱਗੇ ਤੋਂ ਉਹ ਇਸ ਐਵਾਰਡ ਲਈ ਕਦੇ ਵੀ ਅਪਲਾਈ ਨਹੀਂ ਕਰਨਗੇ। ਇਸ ਘਟਨਾਕ੍ਰਮ ਤੋਂ ਜਿੱਥੇ ਦੇਸ਼ ਦੇ ਮਿਹਨਤੀ ਕੋਚ ਸਾਹਿਬਾਨਾਂ ਦੇ ਹੌਸਲੇ ਟੁੱਟਦੇ ਹਨ, ਉਥੇ ਖਿਡਾਰੀਆਂ ਦੇ ਹੌਸਲੇ ਵੀ ਪਸਤ ਹੁੰਦੇ ਹਨ। ਰਾਸ਼ਟਰੀ ਆਰਚਰੀ ਕੋਚ ਜੀਵਨਜੋਤ ਨੇ ਕੇਂਦਰੀ ਖੇਡ ਮੰਤਰੀ ਰਾਠੌਰ ਦੀ ਖੇਡ ਨੀਤੀ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੇ ਹੋਏ ਕਿਹਾ ਕਿ ਇਕ ਖਿਡਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਗੱਲ 'ਤੇ ਗੌਰ ਕਰਨਾ ਮੁਨਾਸਿਬ ਨਹੀਂ ਸਮਝਿਆ, ਕਿਉਂਕਿ ਉਹ ਹੁਣ ਇਕ ਰਾਜਨੀਤੀਵਾਨ ਬਣ ਚੁੱਕੇ ਹਨ!
ਇਕ ਹੋਰ ਤਾਜ਼ਾ ਘਟਨਾ ਦੇਸ਼ ਨੂੰ ਏਸ਼ੀਅਨ ਖੇਡਾਂ 2018 ਵਿਚ ਸੋਨ ਤਗਮਾ ਲੈ ਕੇ ਦੇਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨਾਲ ਜੁੜੀ ਹੈ, ਜਿਸ ਵਿਚ ਰਾਜੀਵ ਗਾਂਧੀ ਖੇਲ ਰਤਨ ਦੇ ਯੋਗ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਐਵਾਰਡ ਲਈ ਨਾ ਚੁਣ ਕੇ ਫੇਰ ਤੋਂ ਇਕ ਕ੍ਰਿਕਟਰ ਵਿਰਾਟ ਕੋਹਲੀ ਨੂੰ ਪਹਿਲ ਦਿੱਤੀ ਗਈ ਹੈ। ਹਾਲਾਂਕਿ ਇਕ ਵੇਟ ਲਿਫਟਰ ਮੀਰਾਬਾਈ ਚਾਨੂ ਵੀ ਇਸ ਐਵਾਰਡ ਲਈ ਚੁਣੀ ਗਈ ਹੈ ਪਰ ਉਲੰਪਿਕ ਤਗਮੇ ਦੇ ਦਾਅਵੇਦਾਰ ਮੰਨੇ ਜਾ ਰਹੇ ਬਜਰੰਗ ਪੂਨੀਆ ਦੇ ਮਨ ਵਿਚ ਇਸ ਪੱਖਪਾਤ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਹੈ। ਇਹ ਕਿਤੇ ਨਾ ਕਿਤੇ ਖਿਡਾਰੀਆਂ ਦਾ ਮਨੋਬਲ ਤੋੜਨ ਵਾਲੀਆਂ ਘਟਨਾਵਾਂ ਹਨ। ਜੇਕਰ ਅਸੀਂ ਦੇਖੀਏ ਤਾਂ ਇਕ ਪਾਸੇ ਕ੍ਰਿਕਟ ਅਤੇ ਕ੍ਰਿਕਟਰਾਂ ਨੂੰ ਕਰੋੜਾਂ-ਅਰਬਾਂ ਦੀਆਂ ਸਪਾਂਸਰਾਂ ਦੇ ਨਾਲ-ਨਾਲ ਚਕਾਚੌਂਧ ਦੀ ਦੁਨੀਆ ਵਿਚ ਰੱਖਿਆ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਖਿਡਾਰੀਆਂ ਨੂੰ ਮਿਲਣ ਵਾਲੇ ਰਾਸ਼ਟਰੀ ਸਨਮਾਨਾਂ ਦਾ ਵੀ ਰਾਜਨੀਤੀਕਰਨ ਕਰਨਾ ਦੇਸ਼ ਵਿਚ ਸਾਕਾਰਾਤਮਕ ਖੇਡ ਵਾਤਾਵਰਨ ਨੂੰ ਢਾਹ ਲਾ ਰਿਹਾ ਹੈ। ਇਕ ਪਾਸੇ ਜਿੱਥੇ ਸਾਡੇ ਦੇਸ਼ ਦੇ ਖੇਡ ਮੰਤਰੀ ਲੋਕ ਸਭਾ ਵਿਚ ਖੇਡਾਂ ਵਿਚੋਂ ਰਾਜਨੀਤੀ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ, ਉਥੇ ਦੂਸਰੇ ਪਾਸੇ ਦੇਸ਼ ਵਿਚ ਇਹੋ ਜਿਹੀਆਂ ਘਟਨਾਵਾਂ ਨੂੰ ਜਨਮ ਦੇਣ ਨਾਲ ਖੇਡਾਂ ਦਾ ਭਲਾ ਕਿਵੇਂ ਹੋ ਸਕਦਾ ਹੈ? (ਸਮਾਪਤ)


-ਮੋਬਾ: 94174-79449

ਬਜਰੰਗ ਪੂਨੀਆ ਟੋਕੀਓ ਉਲੰਪਿਕ ਲਈ ਨਵੀਂ ਆਸ ਦਾ ਬਣੇ ਸ਼ੁਭ ਆਗਮਨ

ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਅਗਲੀਆਂ ਟੋਕੀਓ ਵਿਚ ਹੋਣ ਵਾਲੀਆਂ 2020 ਉਲੰਪਿਕ ਖੇਡਾਂ ਵਿਚ ਹਾਕੀ, ਬੈਡਮਿੰਟਨ, ਨਿਸ਼ਾਨੇਬਾਜ਼ੀ ਵਿਚ ਕਿਸੇ ਤਗਮੇ ਦੀ ਹੋਰ ਆਸ ਹੋ ਸਕਦੀ ਹੈ ਤਾਂ ਉਸ ਵਿਚ ਕੁਸ਼ਤੀ ਵੀ ਸ਼ਾਮਿਲ ਹੈ। ਇਹ ਆਸ ਹੁਣ ਹਰਿਆਣਾ ਦੇ ਬਜਰੰਗ ਪੂਨੀਆ ਨੇ ਜਗਾਈ ਹੈ। ਅਸੀਂ ਪਹਿਲਾਂ ਇਸ ਵਿਚ 2012 ਤੇ 2016 ਵਿਚ ਉਲੰਪਿਕ ਵਿਚ ਇਹ ਤਗਮੇ ਪ੍ਰਾਪਤ ਕਰਕੇ ਇਸ ਦੀ ਸ਼ੂਰੂਆਤ ਕਰ ਚੁੱਕੇ ਹਾਂ ਪਰ ਹੁਣ ਇਸ ਗੱਲ ਦੀ ਆਸ ਕੀਤੀ ਜਾ ਸਕਦੀ ਹੈ ਕਿ ਭਾਰਤ ਦੀ ਝੋਲੀ ਵਿਚ ਇਸ ਖੇਤਰ ਵਿਚ ਟੋਕੀਓ 2020 ਉਲੰਪਿਕ ਵਿਚ ਤਗਮੇ ਪੈ ਸਕਦੇ ਹਨ।
ਇਸ ਮਾਣਮੱਤੇ ਬਜਰੰਗ ਪਹਿਲਵਾਨ ਦਾ ਜਨਮ ਇਸ ਖੇਡ ਦੇ ਗੜ੍ਹ ਹਰਿਆਣਾ ਵਿਚ ਝੱਜਰ ਨਗਰ ਦੇ ਇਲਾਕੇ ਵਿਚ 26 ਫਰਵਰੀ, 1994 ਨੂੰ ਇਕ ਬਹੁਤ ਹੀ ਪਛੜੇ ਹੋਏ ਪਿੰਡ ਖੁੰਡਾ ਵਿਚ ਹੋਇਆ। ਜਦੋਂ ਉਹ ਕੇਵਲ ਸੱਤ ਸਾਲ ਦਾ ਸੀ ਤਾਂ ਉਸ ਨੇ ਪਿੰਡ ਦੇ ਅਖਾੜੇ ਵਿਚ ਕੁਸ਼ਤੀ ਖੇਡਣੀ ਆਰੰਭ ਕੀਤੀ। ਜਦੋਂ ਉਸ ਦੇ ਪਿਤਾ ਨੇ ਬਜਰੰਗ ਵਿਚ ਕੁਸ਼ਤੀ ਦੇ ਜਮਾਂਦਰੂ ਗੁਣ ਦੇਖੇ ਤਾਂ ਵੱਧ ਸਹੂਲਤਾਂ ਉਸ ਨੂੰ ਦੇਣ ਲਈ ਪਰਿਵਾਰ ਸਮੇਤ ਸੋਨੀਪਤ ਵਿਚ ਸ਼ਿਫਟ ਕਰ ਲਿਆ ਤੇ ਵਿਧੀਬੱਧ ਢੰਗ ਨਾਲ ਖੇਡਾਂ ਦੇ ਰੀਜਨਲ ਕੇਂਦਰ ਨੇ ਉਸ ਨੂੰ ਸਿਖਲਾਈ ਦੇਣੀ ਆਰੰਭ ਕਰ ਦਿੱਤੀ।
ਹੁਣ ਕੇਵਲ 24 ਸਾਲ ਦੇ ਤੇ ਛੋਟੇ ਜਿਹੇ ਕੱਦ 5 ਫੁੱਟ 5 ਇੰਚ ਦੇ ਪਰ ਸਰੀਰ ਦੇ ਬਹੁਤ ਮਜ਼ਬੂਤ ਬਜਰੰਗ ਨੇ ਜਦੋਂ ਇਸ ਸਰੀਰਕ ਤਾਕਤ ਵਾਲੇ ਇਸ ਕੁਸ਼ਤੀ ਦੀ ਖੇਡ ਵਿਚ ਭਾਰਤ ਲਈ ਮਾਣਮੱਤੀਆਂ ਪ੍ਰਾਪਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਪਹਿਲਾਂ ਬਜਰੰਗ ਨੂੰ ਰੇਲਵੇ ਵਿਚ ਟੀ.ਟੀ. ਦੀ ਨੌਕਰੀ ਦੇ ਦਿੱਤੀ, ਪਰ ਪਰਿਵਾਰ ਵਾਲੇ ਉਸ ਨੂੰ ਪੁਲਸ ਵਰਦੀ ਵਿਚ ਮੋਢੇ 'ਤੇ ਸਿਤਾਰੇ ਲੱਗੇ ਡੀ.ਐਸ.ਪੀ. ਬਣਿਆ ਦੇਖਣਾ ਚਾਹੁੰਦੇ ਸਨ, ਇਸ ਲਈ ਮਾਂ ਤੇ ਪਿਤਾ ਨੇ ਉਸ ਨੂੰ ਉਲੰਪਿਕ ਵਿਚ ਸੋਨੇ ਦਾ ਤਗਮਾ ਲੈਣ ਦੀ ਪ੍ਰੇਰਨਾ ਦਿੱਤੀ। ਉਸ ਨੇ ਨਿਯਮਤ ਢੰਗ ਨਾਲ ਮਿਹਨਤ ਕੀਤੀ ਤੇ ਜ਼ਿੰਦਗੀ ਵਿਚ ਵਾਰੋ-ਵਾਰੀ ਇਨਾਮ ਲੈਣੇ ਸ਼ੁਰੂ ਕਰ ਦਿੱਤੇ। 2013 ਦੀਆਂ ਏਸ਼ੀਅਨ ਖੇਡਾਂ ਵਿਚ ਕੁਸ਼ਤੀ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਹੋਇਆ ਤਾਂ ਉਸ ਦਾ ਹੌਸਲਾ ਵਧਦਾ ਗਿਆ।
ਫਿਰ ਇਸ ਸਾਲ ਵਿਚ ਜਦੋਂ ਵਿਸ਼ਵ ਕੁਸ਼ਤੀ ਹੰਗਰੀ ਵਿਚ ਹੋਈ ਤਾਂ ਇਥੇ ਵੀ ਉਸ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸ ਤੋਂ ਬਾਅਦ 2014 ਵਿਚ ਜਦੋਂ 61 ਕਿਲੋ ਵੰਨਗੀ ਵਿਚ ਵੀ ਬਜਰੰਗ ਤਗਮੇ ਦਾ ਰੰਗ ਨਾ ਬਦਲ ਸਕਿਆ, ਉਸ ਨੂੰ ਕਾਂਸੀ ਦਾ ਤਗਮਾ ਹੀ ਮਿਲਿਆ। ਬਜਰੰਗ ਨੂੰ ਇਸ ਖੇਡ ਵਿਚ ਅਰਜਨ ਪੁਰਸਕਾਰ ਨਾਲ ਸੁਸ਼ੋਭਿਤ ਕੀਤਾ ਗਿਆ। ਇਹ ਸਾਲ 2018 ਤਗਮੇ ਦਾ ਰੰਗ ਬਦਲਣ ਲਈ ਬਹੁਤ ਕਿਸਮਤ ਵਾਲਾ ਰਿਹਾ, ਜਦੋਂ ਬਜਰੰਗ ਨੇ ਇਸ ਸਾਲ ਗੋਲਡਕੋਸਟ ਵਿਚ ਆਪਣੀ ਭਾਰ ਦੀ ਵੰਨਗੀ ਬਦਲੀ ਜੋ ਕਿ ਪਹਿਲਾ 61 ਕਿਲੋ ਸੀ, ਉਸ ਨੇ ਭਾਰ ਵਧਾ ਕੇ 65 ਕਿਲੋ ਕਰ ਲਿਆ, ਜਿਸ ਦਾ ਬਹੁਤ ਚਮਤਕਾਰੀ ਅਸਰ ਉਸ ਦੀ ਕੁਸ਼ਤੀ 'ਤੇ ਪਿਆ ਤੇ ਇਸ ਵੰਨਗੀ ਵਿਚ ਉਸ ਨੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ।
ਫਿਰ ਇਸ ਸਾਲ ਹੀ ਏਸ਼ੀਅਨ ਖੇਡਾਂ ਆਈਆਂ ਤਾਂ ਉਸ ਨੇ ਇਸ ਇਤਿਹਾਸ ਨੂੰ ਫਿਰ ਦੁਹਰਾਇਆ ਤੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾ ਕੇ ਇਹ ਸਿੱਧ ਕਰ ਦਿੱਤਾ ਕਿ ਇਹ ਕੇਵਲ ਇਕ ਇਤਫਾਕ ਦੀ ਗੱਲ ਨਹੀਂ ਹੈ ਕਿ ਉਸ ਨੇ ਕੁਝ ਹੀ ਸਮੇਂ ਵਿਚ ਦੋ ਤਗਮੇ ਭਾਰਤ ਦੀ ਝੋਲੀ ਵਿਚ ਪਾਏ ਹਨ।
ਫਿਰ ਇਸ ਸਾਲ ਵਿਚ ਹੀ ਬੁਢਾਪੈਸਟ ਵਿਚ ਖੇਡੀ ਗਈ ਵਿਸ਼ਵ ਚੈਂਪੀਅਨ ਵਿਚ ਇਹ ਆਸ ਪੂਰੀ ਸੀ ਕਿ ਬਜਰੰਗ ਇਕ ਸਾਲ ਵਿਚ ਜਿੱਤ ਦੀ ਹੈਟ੍ਰਿਕ ਜ਼ਰੂਰ ਬਣਾ ਲਵੇਗਾ। ਪਰ ਇਸ ਆਸ ਵਿਚ ਬੂਰ ਨਹੀਂ ਪਿਆ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਮਾਹਿਰਾਂ ਦੀ ਇਸ ਬਾਰੇ ਇਹ ਰਾਇ ਹੈ ਕਿ ਸਾਰਿਆਂ ਦਾ ਸੋਨੇ ਦਾ ਤਗਮਾ ਜਿੱਤਣ ਬਾਰੇ ਕਹਿਣਾ ਇਕ ਬੋਝ ਬਣ ਕੇ ਉਸ ਦੇ ਮਨ 'ਤੇ ਛਾ ਗਿਆ ਤੇ ਇਸ ਬੋਝ ਕਾਰਨ ਉਹ ਸ਼ੁਰੂ ਵਿਚ ਆਪਣੀ ਸਹਿਜ ਖੇਡ ਨਾ ਖੇਡ ਸਕਿਆ ਤੇ ਜਾਪਾਨ ਦੇ ਕੇਵਲ 19 ਸਾਲ ਦੇ ਪਹਿਲਵਾਨ ਉਟੋਗੁਰੂ ਨੇ ਆਰੰਭ ਵਿਚ ਛੇਤੀ ਨਾਲ ਅਗੇਤ ਬਣਾ ਕੇ ਵਿਸ਼ਵ ਚੈਂਪੀਅਨ ਬਣ ਜਾਣ ਦਾ ਮਾਣ ਸੋਨੇ ਦਾ ਤਗਮਾ ਆਪਣੀ ਝੋਲੀ ਵਿਚ ਪਾ ਕੇ ਪ੍ਰਾਪਤ ਕਰ ਲਿਆ। ਇਕ ਭੇਟ ਵਾਰਤਾ ਵਿਚ ਉਸ ਨੇ ਇਹ ਕਿਹਾ ਹੈ ਕਿ ਇਸ ਸਾਲ ਉਸ ਨੇ ਵਿਸ਼ਵ ਕੁਸ਼ਤੀ ਵਿਚ ਕਾਂਸੀ ਤੋਂ ਚਾਂਦੀ ਦਾ ਬਣਾ ਕੇ ਤਗਮੇ ਦਾ ਰੰਗ ਤਾਂ ਬਦਲਿਆ ਹੈ, ਪਰ ਅਗਲੀਆਂ ਉਲੰਪਿਕ ਵਿਚ ਟੋਕੀਓ ਵਿਚ ਉਹ ਜ਼ਰੂਰ ਇਸ ਦਾ ਰੰਗ ਵੀ ਬਦਲ ਦੇਵੇਗਾ ਤੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਵੇਗਾ।


-274-ਏ.ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295

ਮਾਣਮੱਤੀਆਂ ਜਿੱਤਾਂ ਹਾਸਲ ਕਰਨ ਵਾਲਾ

ਸ਼ਮਸ਼ੇਰ ਸਿੰਘ ਨੰਗਲ

ਪਹਿਲਵਾਨੀ ਪੰਜਾਬ ਦੀ ਧਰਤੀ 'ਤੇ ਗੁਰੂਆਂ ਦੁਆਰਾ ਵਰਸੋਈ ਗਈ ਸਰੀਰਕ ਤਾਕਤ ਤੇ ਚੁਸਤੀ-ਫੁਰਤੀ ਵਾਲੀ ਲੋਕ ਖੇਡ ਹੈ। ਪੰਜਾਬ ਵਿਚ ਅਨੇਕਾਂ ਨਾਮੀ ਪਹਿਲਵਾਨ ਹੋਏ ਹਨ, ਜਿਨ੍ਹਾਂ ਨੇ ਆਪਣੀ ਕਲਾ ਤੇ ਕਾਬਲੀਅਤ ਰਾਹੀਂ ਅਮਿੱਟ ਛਾਪ ਛੱਡੀ ਹੈ। ਪਹਿਲਵਾਨੀ ਨੂੰ ਆਪਣਾ ਇਸ਼ਟ ਮੰਨਣ ਵਾਲਾ ਜ਼ਿਲ੍ਹਾ ਮੋਗਾ ਦੇ ਪਿੰਡ ਨੰਗਲ ਵਿਖੇ ਕਿਰਤੀ ਪਰਿਵਾਰ 'ਚ ਜਨਮਿਆ ਸੁਡੌਲ ਸਰੀਰ ਦਾ ਮਾਲਕ ਸ਼ਮਸ਼ੇਰ ਸਿੰਘ ਸ਼ਾਟੀ ਆਪਣੇ ਵਰਗ ਦਾ ਸੁਪ੍ਰਸਿੱਧ ਪਹਿਲਵਾਨ ਹੈ। 17 ਕੁ ਵਰੇ ਪਹਿਲਾਂ ਪਿਤਾ ਜਗਮੋਹਨ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਪੈਦਾ ਹੋਏ ਪਹਿਲਵਾਨ ਸ਼ਾਟੀ ਨੰਗਲ ਨੇ ਕੁਸ਼ਤੀ ਲੜਨ ਦੀ ਸਫਲ ਆਰੰਭਤਾ ਸੰਨ 2016 ਤੋਂ ਕੀਤੀ। ਕੋਚ ਹਰਗੋਬਿੰਦ ਸਿੰਘ ਅਤੇ ਕੋਚ ਇੰਦਰਜੀਤ ਸਿੰਘ ਨੇ ਸ਼ਾਟੀ ਪਹਿਲਵਾਨ ਨੂੰ ਜਿੱਥੇ ਕੁਸ਼ਤੀ ਜੋਸ਼, ਜ਼ੋਰ ਤੇ ਤਕਨੀਕ ਨਾਲ ਲੜਨ ਦੀ ਬਾਖੂਬੀ ਜਾਂਚ ਦੱਸੀ, ਉਥੇ ਨੈਤਿਕ ਕਦਰਾਂ-ਕੀਮਤਾਂ ਦੇ ਸਾਰਥਕ ਤੇ ਸੰਚਾਰੂ ਗੁਣ ਪ੍ਰਦਾਨ ਕੀਤੇ। 2016 'ਚ ਅਬੋਹਰ ਵਿਖੇ ਹੋਏ ਕੁਸ਼ਤੀ ਦੇ ਰਾਜ ਪੱਧਰੀ ਕੁਸ਼ਤੀ ਮੇਲੇ ਦੌਰਾਨ ਕੁਸ਼ਤੀ ਗਰੀਕੋ ਰੋਮਨ ਭਾਰ ਵਰਗ 50 ਕਿਲੋ ਵਿਚੋਂ ਸੋਨ ਤਗਮਾ ਹਾਸਲ ਕਰਦਿਆਂ ਸ਼ਾਟੀ ਨੇ ਪਹਾੜ ਜਿੱਡੀ ਪਹਿਲੀ ਜਿੱਤ ਨਾਲ ਆਪਣੇ ਕੁਸ਼ਤੀ ਕੈਰੀਅਰ ਦੀ ਜੇਤੂ ਤੇ ਸ਼ੁੱਭ ਸ਼ੁਰੂਆਤ ਕੀਤੀ। ਫਿਰ ਪਟਿਆਲਾ 'ਚ ਹੋਏ ਕੁਸ਼ਤੀ ਮਹਾਂ ਮੁਕਾਬਲਿਆਂ ਵਿਚ 54 ਕਿਲੋ ਭਾਰ ਵਰਗ ਫਰੀ ਸਟਾਈਲ ਕੈਡਿਟ ਕੁਸ਼ਤੀ ਦੇ ਜ਼ਬਰਦਸਤ ਤੇ ਗਹਿਗੱਚ ਮੁਕਾਬਲੇ 'ਚ ਸਟੇਟ ਪੱਧਰ 'ਤੇ ਪਹਿਲੀ ਪੁਜ਼ੀਸ਼ਨ ਹਾਸਲ ਕਰਦਿਆਂ ਸੋਨ ਤਗਮਾ ਫੁੰਡਿਆ। ਦਮ-ਖਮ ਦਾ ਸਬੂਤ ਦਿੰਦਿਆਂ ਸ਼ਾਟੀ ਨੰਗਲ ਨੇ ਫਰੀਦਕੋਟ ਵਿਖੇ ਹੋਏ ਪੇਂਡੂ ਰਾਜ ਪੱਧਰੀ ਕੁਸ਼ਤੀ ਦੇ 58 ਕਿਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ। ਛੋਟੀ ਉਮਰੇ ਵੱਡੀਆਂ ਜਿੱਤਾਂ ਪ੍ਰਾਪਤ ਕਰ ਸ਼ਾਟੀ ਨੇ ਕੁਸ਼ਤੀ ਲੋਕ ਖੇਡ ਵਿਚ ਆਪਣਾ ਵੱਖਰਾ ਤੇ ਅਹਿਮ ਮੁਕਾਮ ਸਥਾਪਿਤ ਕੀਤਾ। ਇਕੋ ਮਹੀਨੇ 'ਚ 3 ਸੋਨ ਤਗਮੇ ਜਿੱਤ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਦਾ ਨਾਂਅ ਦੁਨੀਆ ਭਰ 'ਚ ਰੁਸ਼ਨਾਉਣ ਵਾਲਾ ਸ਼ਮਸ਼ੇਰ ਸਿੰਘ ਸ਼ਾਟੀ ਸਰਕਾਰੀ ਬਲਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦਾ ਹੋਣਹਾਰ ਵਿਦਿਆਰਥੀ ਹੈ। ਮਾਣਮੱਤੀਆਂ ਜਿੱਤਾਂ ਹਾਸਲ ਕਰਨ ਵਾਲੇ ਸ਼ਾਟੀ ਪਹਿਲਵਾਨ ਨੇ ਸਾਲ 2017 ਵਿਚ ਨਵਾਂਸ਼ਹਿਰ 'ਚ ਹੋਏ ਸਟੇਟ ਪੱਧਰੀ ਕੁਸ਼ਤੀ ਮੁਕਾਬਲੇ 'ਚ 55 ਕਿਲੋ ਭਾਰ ਵਰਗ ਵਿਚ ਪ੍ਰਥਮ ਰਹਿੰਦਿਆਂ ਸੋਨ ਤਗਮਾ ਜਿੱਤ ਕੇ ਆਪਣੇ- ਆਪ ਨੂੰ ਬਲਵਾਨ, ਸਿਰੜੀ ਪ੍ਰਪੱਕ ਤੇ ਦਲੇਰ ਪਹਿਲਵਾਨ ਵਜੋਂ ਸਿੱਧ ਕੀਤਾ। ਪੂਨਾ ਵਿਖੇ ਨੈਸ਼ਨਲ ਕੁਸ਼ਤੀ ਵਿਚ ਭਾਗ ਲੈਣ ਵਾਲੇ ਸ਼ਾਟੀ ਭਲਵਾਨ ਨੇ ਆਪਣੀ ਸਰੀਰਕ ਤਾਕਤ ਤੇ ਕੌਤਕੀ ਭਲਵਾਨੀ ਦਾਅ-ਪੇਚਾਂ ਨਾਲ ਦਿੱਲੀ 'ਚ ਹੋਈਆਂ ਖੇਲੋ ਇੰਡੀਆ ਅਥਾਰਟੀ ਵਿਚ ਕਾਂਸੀ ਦਾ ਤਗਮਾ ਜਿੱਤਦਿਆਂ ਪੰਜਾਬ ਦੀ ਪਹਿਲਵਾਨੀ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ। ਸਾਲ 2018 'ਚ ਬਠਿੰਡਾ ਵਿਖੇ ਪੰਜਾਬ ਪੱਧਰ ਦੀਆਂ ਹੋਈਆਂ ਕੁਸ਼ਤੀਆਂ 'ਚੋਂ ਸ਼ਾਟੀ ਨੰਗਲ ਨੇ 55 ਕਿਲੋ ਵਰਗ ਫਰੀ ਸਟਾਈਲ ਕੈਡਿਟ ਮੁਕਾਬਲਿਆਂ 'ਚ ਆਪਣੇ ਨਿਕਟ ਵਿਰੋਧੀਆਂ ਨੂੰ ਚਿੱਤ ਕਰਕੇ ਸੋਨ ਤਗਮਾ ਜਿੱਤਿਆ। ਸ਼ਮਸ਼ੇਰ ਸਿੰਘ ਸ਼ਾਟੀ ਦੀ ਏਸ਼ੀਆ ਅਤੇ ਵਰਲਡ ਕੁਸ਼ਤੀ ਮੁਕਾਬਲਿਆਂ ਲਈ ਇੰਡੀਆ ਕੈਂਪ ਲਈ ਚੋਣ ਹੋਣਾ ਪੰਜਾਬੀਆਂ ਲਈ ਵੱਡਾ ਮਾਣ ਅਤੇ ਸ਼ੁੱਭ ਸ਼ਗਨ ਹੈ। ਉੱਘੇ ਕਬੱਡੀ ਪ੍ਰਮੋਟਰ ਲੱਭੀ ਧਾਲੀਵਾਲ ਨੰਗਲ ਦੇ ਵਿਸ਼ੇਸ਼ ਸਹਿਯੋਗ ਤੇ ਨੇਕ ਉੱਦਮ ਸਦਕਾ ਅਨੇਕਾਂ ਅਣਮੁੱਲੀਆਂ ਜਿੱਤਾਂ ਹਾਸਲ ਕਰਨ ਵਾਲਾ ਸ਼ਾਟੀ ਪਹਿਲਵਾਨ ਨੰਗਲ ਅੱਜਕਲ੍ਹ ਸੋਨੀਪਤ (ਹਰਿਆਣਾ) ਦੇ ਭਲਵਾਨੀ ਅਖਾੜੇ ਵਿਚ ਹਰਿਆਣਵੀ ਛੋਰਿਆਂ ਨਾਲ ਜ਼ੋਰ-ਅਜ਼ਮਾਈ ਕਰਕੇ ਕੁਸ਼ਤੀ ਦੇ ਨਵੇਂ ਤੇ ਵੱਖਰੇ ਦਾਅ-ਪੇਚ ਸਿੱਖ ਰਿਹਾ ਹੈ। ਸ਼ਾਟੀ ਨੰਗਲ ਦੀਆਂ ਮਿਹਨਤਾਂ ਨੂੰ ਬੂਰ ਪਵੇ, ਪਰਮਾਤਮਾ ਅੱਗੇ ਇਹੋ ਅਰਦਾਸ ਹੈ।


-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।
ਮੋਬਾ: 98147-45867

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX