ਤਾਜਾ ਖ਼ਬਰਾਂ


ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  1 day ago
ਭਿੰਡੀ ਸੈਦਾਂ, 12 ਨਵੰਬਰ ( ਪਿ੍ਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਊਰ ਵਿਖੇ ਚੋਰਾਂ ਨੇ ਕੋਆਪੇ੍ਟਿਵ ਬੈਂਕ ਦੀ ਇਮਾਰਤ ਦੀ ਖਿੜਕੀ ਵਾਲੀ ਗਰਿੱਲ ਤੋੜ ਕੇ ਬੈਂਕ ਅੰਦਰੋਂ ਆਰੀ ਦੇ ਬਲੇਡ ਨਾਲ ਲੌਕਰ ...
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਸੰਗਰੂਰ, 12 ਨਵੰਬਰ (ਧੀਰਜ ਪਸ਼ੋਰੀਆ)- ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਕਰਨ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਅਗਵਾਈ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਚਾਹਲ ਨੇ ...
ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਨਕਸਲੀ ਢੇਰ
. . .  1 day ago
ਰਾਏਪੁਰ, 12 ਨਵੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਦੋ ਨਕਸਲੀਆਂ ਢੇਰ ਹੋਏ ਹਨ। ਸੁਰੱਖਿਆ ਬਲਾਂ ਨੇ ਇਨ੍ਹਾਂ ਨਕਸਲੀਆਂ ਕੋਲੋਂ ਦੋ ਰਾਈਫ਼ਲ ਬਰਾਮਦ ਕੀਤੀਆਂ....
ਮਾਨਸਿਕ ਪਰੇਸ਼ਾਨੀ ਤੇ ਚੱਲਦਿਆਂ ਮਜ਼ਦੂਰ ਵੱਲੋਂ ਕੀਤੀ ਖ਼ੁਦਕੁਸ਼ੀ
. . .  1 day ago
ਸੀਗੋਂ ਮੰਡੀ, 11 ਨਵੰਬਰ (ਲਕਵਿੰਦਰ ਸ਼ਰਮਾ) - ਪਿੰਡ ਨਥੇਹਾ ਦੇ ਇੱਕ ਨੌਜਵਾਨ ਨੇ ਕਰਜ਼ੇ ਦੇ ਬੋਝ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ । ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬੱਬੂ ਸਿੰਘ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ, ਨੇ ਘਰ...
ਸਖ਼ਤ ਮਨਾਹੀ ਦੇ ਬਾਵਜੂਦ ਜੀਰੀ ਦੀ ਪਰਾਲ਼ੀ ਨੂੰ ਅੱਗ ਲਗਾਉਣ ਦਾ ਰੁਝਾਨ ਹੋਇਆ ਸ਼ੁਰੂ
. . .  1 day ago
ਦੋਰਾਹਾ, 12 ਨਵੰਬਰ (ਜਸਵੀਰ ਝੱਜ)- ਪਿਛਲੇ ਸਾਲ ਤੋਂ ਪੰਜਾਬ ਸਰਕਾਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਨਾ ਫੂਕਣ ਅਤੇ ਇਸ ਆਦੇਸ਼ ਦੀ ਪਾਲਨਾ ਨਾ ਕਰਨ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦੇ ਰਹੀ ਹੈ। ਭਾਵੇਂ ਇਸ ਹੁਕਮ ਕਾਰਨ ਫ਼ਸਲਾਂ ਦੀ...
ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਮੰਦਭਾਗਾ - ਚੰਦੂਮਾਜਰਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 12 ਨਵੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)- ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਬਹੁਤ ਹੀ ਮੰਦਭਾਗਾ ਹੈ। ਬ੍ਰਹਮਪੁਰਾ ਦੀਆਂ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਸੇਵਾਵਾਂ ਅਤੇ ਵੱਡਾ...
ਸੁਖਬੀਰ ਬਾਦਲ ਨੂੰ ਸੌਂਪੇ ਗਏ ਸ਼੍ਰੋਮਣੀ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ ਦੇ ਸਾਰੇ ਅਧਿਕਾਰ- ਚੀਮਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ 'ਚ ਪ੍ਰਧਾਨ ਦੀ ਕੀਤੀ ਜਾਣ ਵਾਲੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ...
ਅਫ਼ਗ਼ਾਨਿਸਤਾਨ : ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ, 20 ਜ਼ਖਮੀ
. . .  1 day ago
ਕਾਬੁਲ, 12 ਨਵੰਬਰ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਸਿਟੀ ਸੈਂਟਰ 'ਚ ਹੋਏ ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਛੇਹਰਟਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਕੀਤਾ ਕਾਬੂ
. . .  1 day ago
ਛੇਹਰਟਾ, 12 ਨਵੰਬਰ (ਵਡਾਲੀ) -ਪੁਲਿਸ ਕਮਿਸ਼ਨਰ ਵਾਸਤਵਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦੋ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਦੀ ਰਹਿਨੁਮਾਈ ਹੇਠ, ਡੀ.ਸੀ.ਪੀ ਲਖਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ....
ਤੇਜ਼ਧਾਰ ਹਥਿਆਰ ਦੀ ਨੋਕ 'ਤੇ ਸਕੂਟਰੀ ਸਮੇਤ ਪੰਜ ਲੱਖ ਦੀ ਲੁੱਟ
. . .  1 day ago
ਬਾਘਾਪੁਰਾਣਾ, 12 ਨਵੰਬਰ (ਬਲਰਾਜ ਸਿੰਗਲਾ)- ਅੱਜ ਸ਼ਾਮ 4 ਵਜੇ ਦੇ ਕਰੀਬ ਇੱਕ ਅਣਪਛਾਤੇ ਨਕਾਬਪੋਸ਼ ਲੁਟੇਰੇ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਨੂੰ ਅੰਜਾਮ ਦੇਣ ਦੀ ਖ਼ਬਰ ਹੈ। ਇਸ ਲੁਟੇਰਾ ਹਥਿਆਰ ਦੀ ਨੋਕ 'ਤੇ ਐਕਟਿਵਾ ਸਵਾਰ ਸੇਤੀਆ ਮਨੀਚੇਂਜਰ....
ਹੋਰ ਖ਼ਬਰਾਂ..

ਨਾਰੀ ਸੰਸਾਰ

ਸ਼ੱਕ ਅਤੇ ਚੁਗ਼ਲੀ ਵਿਵਾਹਿਕ ਜੀਵਨ ਵਿਚ ਪਾਉਂਦੀ ਖ਼ਾਰ

ਇਸ ਰੰਗਲੀ ਦੁਨੀਆ 'ਤੇ ਅਕਾਲ ਪੁਰਖ ਪਰਮਾਤਮਾ ਦੁਆਰਾ ਬਖ਼ਸ਼ੀ ਥੋੜ੍ਹੀ ਜਿਹੀ ਸੁਆਸਾਂ ਭਰੀ ਜ਼ਿੰਦਗੀ ਨੂੰ ਬਿਤਾਉਣ ਲਈ ਅਤੇ ਦੁਨੀਆ ਨੂੰ ਆਖ਼ਰੀ ਅਲਵਿਦਾ ਕਹਿਣ ਤੋਂ ਬਾਅਦ ਆਪਣੇ ਵਜੂਦ ਅਤੇ ਯਾਦ ਨੂੰ ਜਿਊਂਦਾ ਰੱਖਣ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਆਪਣੇ ਪਿਆਰ ਤੇ ਮੋਹ ਭਰੇ ਵਰਤ-ਵਰਤਾਅ ਦੇ ਜ਼ਰੀਏ ਦੋਸਤਾਂ ਅਤੇ ਰਿਸ਼ਤੇ ਨਾਤਿਆਂ ਵਿਚ ਆਪਣੀ ਅਹਿਮੀਅਤ ਨੂੰ ਦਿਲਾਂ ਵਿਚ ਰਹਿੰਦੀ ਦੁਨੀਆ ਤੱਕ ਆਪਣੇ ਬੇਸ਼ਕੀਮਤੀ ਗੁਣਾਂ ਦੇ ਖ਼ਜ਼ਾਨੇ ਨੂੰ ਯਾਦਾਂ ਦੇ ਸੁਨਹਿਰੇ ਦੀਵੇ ਵਾਂਗਰਾਂ ਰੁਸ਼ਨਾਇਆ ਜਾ ਸਕਦਾ ਹੈ।
ਇਨਸਾਨੀ ਜੀਵਨ ਵਿਚ ਰਿਸ਼ਤਿਆਂ ਦੀ ਅਹਿਮੀਅਤ ਵੀ ਇੰਨੀ ਹੈ ਕਿ ਇਸ ਤੋਂ ਬਗੈਰ ਤਾਂ ਰੱਬ ਵੀ ਆਪਣੀ ਸਲਤਨਤ ਨੂੰ ਸੁੰਨਾ ਜਿਹਾ ਮਹਿਸੂਸ ਕਰਦਾ ਹੋਵੇਗਾ। ਰਿਸ਼ਤੇਦਾਰਾਂ ਅਤੇ ਦੋਸਤਾਂ ਦੀਆਂ ਮੋਹ ਭਰੇ ਰਿਸ਼ਤਿਆਂ ਦੀਆਂ ਤੰਦਾਂ ਵਿਚ ਦੁੱਖ-ਸੁਖ ਸਾਂਝੇ ਕਰਕੇ ਦੁੱਖਾਂ ਵਿਚ ਦਿਲਾਸਾ ਅਤੇ ਸੁੱਖਾਂ ਨੂੰ ਦੂਣਾ ਕਰਕੇ ਇਸ ਜ਼ਿੰਦਗੀ ਵਿਚ ਖ਼ੁਸ਼ੀਆਂ ਭਰਿਆ ਖੇੜਾ ਮਹਿਕਾਇਆ ਜਾ ਸਕਦਾ ਹੈ। ਜੇਕਰ ਵਿਸਥਾਰਪੂਰਵਕ ਗੱਲ ਕਰੀਏ ਤਾਂ ਇਕ-ਦੂਜੇ ਨਾਲ ਭਾਵਨਾਵਾਂ ਵਾਲੇ ਕੱਚੇ ਧਾਗੇ ਨਾਲ ਬਣੀ ਇਸ ਮੋਹ ਅਤੇ ਪਿਆਰ ਵਾਲੀ ਲੜੀ ਨੂੰ ਦੁਨੀਆ ਨੇ ਰਿਸ਼ਤਿਆਂ ਦਾ ਨਾਂਅ ਦਿੱਤਾ ਹੋਇਆ ਹੈ। ਇਨ੍ਹਾਂ ਰਿਸ਼ਤਿਆਂ ਵਿਚੋਂ ਜਨਮ ਦੇ ਕੇ ਜਹਾਨ ਦਿਖਾਉਣ ਵਾਲੇ ਰੱਬ ਰੂਪ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਚਾਚਾ-ਚਾਚੀ, ਤਾਇਆ-ਤਾਈ, ਮਾਸੀ-ਮਾਸੜ, ਭੂਆ-ਫੁੱਫੜ, ਜੀਜਾ-ਸਾਲਾ-ਸਾਲੀ, ਦਿਉਰ-ਭਰਜਾਈ, ਨਣਦ-ਭਰਜਾਈ, ਦੋਸਤ-ਮਿੱਤਰ ਆਦਿ ਹੋਰ ਕਿੰਨੇ ਪਿਆਰੇ ਰਿਸ਼ਤੇ ਸਮਾਜਿਕ ਜੀਵਨ ਦੀ ਗੱਡੀ ਨੂੰ ਮੋਹ ਨਾਲ ਤੋਰਨ ਲਈ ਅਹਿਮ ਜ਼ਰੂਰਤ ਰੱਖਦੇ ਹਨ।
ਇਨ੍ਹਾਂ ਰਿਸ਼ਤੇ-ਨਾਤਿਆਂ ਵਿਚ ਉਦੋਂ ਖ਼ਾਰ ਪੈ ਜਾਂਦੀ ਹੈ, ਜਦੋਂ ਉਸ ਵਿਚ ਕੁਝ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ। ਉਨ੍ਹਾਂ ਦੀਵਾਰਾਂ ਦਾ ਨਾਂਅ ਹੈ ਸ਼ੱਕ ਅਤੇ ਚੁਗ਼ਲੀ। ਇਹ ਦੀਵਾਰਾਂ ਵੀ ਕੁਝ ਇਹੋ ਜਿਹੀਆਂ ਹੁੰਦੀਆਂ ਹਨ ਕਿ ਇਕ ਵਾਰ ਜੇ ਇਨ੍ਹਾਂ ਵਿਚ ਤਰੇੜ ਵੀ ਆ ਜਾਂਦੀ ਹੈ ਤਾਂ ਇਨ੍ਹਾਂ ਤਰੇੜਾਂ ਨੂੰ ਮੁੜ ਵਿਸ਼ਵਾਸਾਂ ਨਾਲ ਭਰਨਾ ਤੇ ਉਸਾਰਨਾ ਔਖਾ ਵੀ ਡਾਢਾ ਹੋ ਜਾਂਦਾ ਹੈ, ਖ਼ਾਸ ਕਰਕੇ ਹੋਰ ਰਿਸ਼ਤਿਆਂ ਨੂੰ ਛੱਡ ਕੇ ਜੇ ਇਕ ਇਹੋ ਜਿਹੇ ਰਿਸ਼ਤੇ ਦੀ ਗੱਲ ਕਰਾਂ, ਜਿਸ ਵਿਚ ਉਮਰਾਂ ਦਾ ਲੰਬਾ ਪੈਂਡਾ ਇਕੋ ਰਾਹ 'ਤੇ ਇਕੋ ਹੀ ਕਦਮਾਂ ਦੀਆਂ ਪੈੜਾਂ ਦੀ ਚਾਲ ਨੂੰ ਮਿਲਾ ਕੇ ਦੋਵਾਂ ਨੂੰ ਨਾਲ ਤੁਰਨਾ ਪੈਂਦਾ ਹੈ, ਉਹ ਹੈ ਪਤੀ ਤੇ ਪਤਨੀ ਦਾ ਰਿਸ਼ਤਾ। ਖ਼ਾਸਕਰ ਇਹੀ ਤਾਂ ਇਕ ਇਹੋ ਜਿਹਾ ਰਿਸ਼ਤਾ ਹੈ, ਜਿਸ ਵਿਚ ਉਨ੍ਹਾਂ ਜ਼ਿੰਦਗੀ ਦੇ ਹਮਸਫ਼ਰਾਂ ਨੂੰ ਦੋ ਪਰਿਵਾਰਾਂ ਦੀ ਸਹਿਮਤੀ ਨਾਲ ਜੋੜਿਆ ਜਾਂਦਾ ਹੈ, ਜਿਸ ਨਾਲ ਜ਼ਿੰਦਗੀ ਵਿਚ ਆਉਣ ਵਾਲੇ ਉਨ੍ਹਾਂ ਦੁੱਖਾਂ ਨੂੰ ਸਾਂਝਾ ਕਰਕੇ ਮਨ ਹੌਲਾ ਅਤੇ ਹੱਲ ਕਰਿਆ ਜਾਵੇ, ਜਿਨ੍ਹਾਂ ਨੂੰ ਹੋਰ ਨੇੜਲੇ ਰਿਸ਼ਤਿਆਂ ਜਿਵੇਂ ਮਾਂ-ਪਿਉ, ਭੈਣ ਅਤੇ ਭਰਾ ਨਾਲ ਇਸ ਕਰਕੇ ਨਹੀਂ ਕੀਤੇ ਜਾ ਸਕਦੇ, ਕਿਉਂਕਿ ਜਿਨ੍ਹਾਂ ਜਨਮ ਦੇ ਕੇ, ਪਾਲ-ਪੋਸ ਕੇ ਅਤੇ ਜਿਨ੍ਹਾਂ ਨਾਲ ਇਕੱਠਿਆਂ ਖੇਡ-ਲਾਡ ਪਿਆਰ ਨਾਲ ਵੱਡੇ ਹੋਏ, ਉਨ੍ਹਾਂ ਸਾਰੇ ਅਧਿਕਾਰਾਂ ਨੂੰ ਮੋਹ ਅਤੇ ਪਿਆਰ ਨਾਲ ਨਿਭਾ ਕੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿਚ ਬੰਨ੍ਹ ਕੇ ਇਕ ਇਹੋ ਜਿਹੇ ਸਾਥੀ ਦੇ ਰੂਪ ਵਿਚ ਸੌਗਾਤ ਦਿੱਤੀ ਹੈ, ਜਿਸ ਨੂੰ ਜੇ ਸਹੀ ਅਰਥਾਂ ਵਿਚ ਸਮਝਿਆ ਜਾਵੇ ਤਾਂ ਔਰਤ ਲਈ ਉਸ ਦਾ ਪਤੀ ਰੱਬ ਤੇ ਪਤੀ ਲਈ ਉਸ ਦੀ ਪਤਨੀ ਜੋ ਉਸ ਦੀ ਲੰਬੀ ਉਮਰ ਲਈ ਆਪ ਭੁੱਖੀ ਰਹਿ ਕੇ ਉਸ ਦੇ ਆਉਣ ਤੋਂ ਬਾਅਦ ਰੋਟੀ ਦਾ ਨਿਵਾਲਾ ਆਪਣੇ ਮੂੰਹ ਵਿਚ ਪਾਉਂਦੀ ਹੋਵੇ, ਇਹੀ ਤਾਂ ਹੁੰਦੀ ਸੀ ਸੱਚੇ ਪਿਆਰ ਦੀ ਨਿਸ਼ਾਨੀ।
ਪਰ ਅਜੋਕੇ ਸਮੇਂ ਵਿਚ ਜਿਵੇਂ-ਜਿਵੇਂ ਨਵੇਂ ਤਕਨੀਕੀ ਉਪਕਰਨਾਂ ਅਤੇ ਸੋਸ਼ਲ ਮੀਡੀਆ ਦਾ ਵਿਕਾਸ ਅਤੇ ਵਾਧਾ ਹੋਇਆ, ਉਸ ਦਾ ਜਿੰਨਾ ਫ਼ਾਇਦਾ ਵਪਾਰਕ ਅਦਾਰਿਆਂ ਨੂੰ ਹੋਇਆ, ਉਸ ਤੋਂ ਜ਼ਿਆਦਾ ਨੁਕਸਾਨ ਪਰਿਵਾਰਕ ਖ਼ਾਸਕਰ ਵਿਵਾਹਿਕ ਜੀਵਨ ਵਿਚ ਹੋਇਆ ਹੈ। ਉਦਾਹਰਨ ਦੇ ਤੌਰ 'ਤੇ ਮੋਬਾਈਲ ਫੋਨ ਉੱਤੇ ਆਉਣ ਵਾਲੇ ਫ਼ੋਨ ਹੋਣ ਚਾਹੇ ਭੁਲੇਖੇ ਨਾਲ ਕੋਈ ਲੱਗੀ ਹੋਈ ਮਿਸ ਕਾਲ ਜਾਂ ਗ਼ਲਤ ਫ਼ੋਨ ਦੇ ਆ ਜਾਣ ਕਰਕੇ ਜਾਂ ਫ਼ੋਨ 'ਤੇ ਵੱਧ ਸਮੇਂ ਤੱਕ ਰੁੱਝੇ ਰਹਿਣਾ, ਮੈਸੇਜ ਜਾਂ ਅੱਜਕਲ੍ਹ ਵਟਸਐਪ ਤੋਂ ਇਲਾਵਾ ਜੇਕਰ ਅਜੋਕੇ ਵਿਗਿਆਨਕ ਯੁੱਗ ਦੀ ਮੁੱਖ ਲੋੜ ਕੰਪਿਊਟਰ ਦੀ ਗੱਲ ਕਰੀਏ ਤਾਂ ਇੰਟਰਨੈੱਟ ਦੇ ਜ਼ਰੀਏ ਚੈਟਿੰਗ ਜਾਂ ਫੇਸਬੁੱਕ ਹੋਰ ਪਤਾ ਨਹੀਂ ਕਿੰਨੀਆਂ ਹੀ ਇਹੋ ਜਿਹੀਆਂ ਹੋਰ ਐਪਲੀਕੇਸ਼ਨਾਂ ਹਨ, ਚਾਹੇ ਇਨ੍ਹਾਂ ਦੀ ਵਰਤੋ ਸਿਰਫ਼ ਵਿਹਲੇ ਸਮੇਂ ਦੌਰਾਨ ਮਨੋਰੰਜਨ ਲਈ ਹੀ ਕਰ ਰਹੇ ਹੋਈਏ, ਪਰ ਇਨ੍ਹਾਂ ਦਾ ਪ੍ਰਭਾਵ ਵਿਵਾਹਿਕ ਜੀਵਨ 'ਤੇ ਬਹੁਤ ਮਾੜਾ ਪੈ ਰਿਹਾ ਹੈ। ਦੋਵਾਂ ਜੀਵਨ ਸਾਥੀਆਂ ਵਲੋਂ ਇਕ-ਦੂਜੇ ਕੋਲ ਦੋ ਪਲ ਵੀ ਨਾ ਬੈਠਣਾ ਕਾਰਨ ਜਾਂ ਘੱਟ ਸਮਾਂ ਮਿਲਣ ਕਰਕੇ ਉਨ੍ਹਾਂ ਦਾ ਸ਼ੱਕ ਦੇ ਘੇਰੇ ਵਿਚ ਆ ਜਾਣਾ ਸੁਭਾਵਿਕ ਹੋ ਜਾਂਦਾ ਹੈ। ਇਹ ਵੀ ਇਕ ਕਾਰਨ ਬਣਦਾ ਜਾ ਰਿਹਾ ਰਿਸ਼ਤਿਆਂ ਵਿਚ ਆ ਰਹੀ ਨਿਘਾਰ ਦਾ।
ਇਕ ਹੋਰ ਕਾਰਨ ਵੀ ਗੰਭੀਰ ਹੋ ਰਿਹਾ ਹੈ, ਜਿਵੇਂ ਇਸ ਮਹਿੰਗਾਈ ਭਰੇ ਸਮੇਂ ਦੌਰਾਨ ਅੱਜਕਲ੍ਹ ਦੋਵਾਂ ਦਾ ਨੌਕਰੀਪੇਸ਼ਾ ਹੋਣਾ ਵੀ ਜ਼ਰੂਰੀ ਹੈ। ਹਰੇਕ ਦਫ਼ਤਰਾਂ ਵਿਚ ਮਰਦ ਤੇ ਔਰਤਾਂ ਇਕੱਠੇ ਦਫ਼ਤਰੀ ਕਾਰਜਾਂ ਵਿਚ ਦੇਖੇ ਜਾ ਸਕਦੇ ਹਨ। ਕੋਈ ਇਹੋ ਜਿਹਾ ਮਹਿਕਮਾ ਨਹੀਂ ਰਿਹਾ, ਜਿੱਥੇ ਹੁਣ ਔਰਤ ਨਾ ਨੌਕਰੀ ਕਰਦੀ ਹੋਵੇ। ਪਰ ਪਹਿਲੇ ਕੁਝ ਸਾਲ ਤਾਂ ਸਮਾਂ ਅਨੰਦਿਤ ਗੁਜ਼ਰਦਾ ਹੈ, ਫਿਰ ਅਚਾਨਕ ਦਫ਼ਤਰ ਵਿਚ ਜਾਂ ਕਿਸੇ ਪਾਰਟੀ-ਵਿਆਹਾਂ ਵਿਚ ਸਟਾਫ਼ ਦੇ ਮੈਂਬਰਾਂ ਨਾਲ ਆਪਸੀ ਹਾਸੇ-ਮਜ਼ਾਕ ਦੌਰਾਨ ਕਈ ਤਰ੍ਹਾਂ ਦੀਆਂ ਗ਼ਲਤ-ਫ਼ਹਿਮੀਆਂ ਆਪਣੇ-ਆਪ ਪੈਦਾ ਹੋ ਜਾਂਦੀਆਂ ਹਨ। ਕਾਰਨ ਤਾਂ ਇਹ ਵੀ ਹੈ ਕਿ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਮਾੜੀਆਂ ਸ਼ਖ਼ਸੀਅਤਾਂ ਵੀ ਹਨ, ਜੋ ਆਪਣੇ ਫ਼ਾਇਦੇ ਅਤੇ ਹੱਸਦੇ-ਵੱਸਦੇ ਪਰਿਵਾਰਾਂ ਵਿਚ ਫਿੱਕ ਤੇ ਪਾੜਾ ਪਵਾਉਣ ਲਈ ਵਿਸ਼ਵਾਸ ਵਾਲੀ ਪੱਕੀ ਡੋਰ ਵਿਚ ਆਪਣੀ ਚੁਗ਼ਲੀ ਦੀ ਜ਼ਬਾਨ ਦੀ ਕੈਂਚੀ ਤੋਂ ਕੱਟ ਕੇ ਹੀ ਦਮ ਲੈਂਦੀਆਂ ਹਨ। ਇਸ ਕਰਕੇ ਰਿਸ਼ਤਿਆਂ ਵਿਚ ਸ਼ੱਕ ਅਤੇ ਚੁਗ਼ਲਖ਼ੋਰਾਂ ਦੀ ਚੁਗ਼ਲੀ ਤੋਂ ਬਚਾਅ ਕਰਕੇ ਕਦੇ ਵੀ ਆਪਣੇ ਵਿਸ਼ਵਾਸ ਨੂੰ ਘੱਟ ਨਾ ਹੋਣ ਦਿਓ, ਸਗੋਂ ਆਪਣੇ ਸਾਥੀ ਦੀਆਂ ਭਾਵਨਾਵਾਂ ਅਤੇ ਸੁਭਾਅ ਨੂੰ ਸਮਝ ਕੇ ਉਸ ਪ੍ਰਤੀ ਨੇੜਤਾ ਵਧਾਉਂਦੇ ਹੋਏ ਆਪਣੇ ਰਿਸ਼ਤੇ ਨੂੰ ਮਿਸਾਲ ਬਣਾਇਆ ਜਾਵੇ ਅਤੇ ਇਕ ਗੱਲ ਹੋਰ, ਜੋ ਕਿ ਧਿਆਨਯੋਗ ਅਤੇ ਵਿਚਾਰਨਯੋਗ ਵੀ ਬੇਹੱਦ ਜ਼ਰੂਰੀ ਹੈ, ਕਿਉਂਕਿ ਕਿਸੇ ਦੇ ਗੁਣਾਂ ਅਤੇ ਸੁਹੱਪਣ ਤੇ ਛੋਟੀ ਉਮਰੇ ਅਣਭੋਲ ਅਵਸਥਾ ਹੋਣ ਕਰਕੇ ਆਕਰਸ਼ਿਤ ਹੋਣਾ ਲਾਜ਼ਮੀ ਹੁੰਦਾ ਹੈ, ਇਸ ਕਰਕੇ ਮੇਰੇ ਨਿੱਜੀ ਤਜਰਬੇ ਅਨੁਸਾਰ ਵੀ ਖ਼ਾਸ ਕਰ ਵਿਵਾਹਿਕ ਜੀਵਨ ਵਿਚ ਪਿਛੋਕੜ ਜੀਵਨ ਬਾਰੇ ਵੀ ਕੋਈ ਬਹੁਤੀ ਝਾਤ ਨਾ ਮਾਰੀ ਜਾਵੇ।


-ਬਿਸਨਗੜ੍ਹ (ਬਈਏਵਾਲ), ਜ਼ਿਲ੍ਹਾ ਸੰਗਰੂਰ।
ਮੋਬਾ: 9914062205


ਖ਼ਬਰ ਸ਼ੇਅਰ ਕਰੋ

ਧਾਤ ਦੀਆਂ ਚੀਜ਼ਾਂ ਨੂੰ ਇੰਜ ਸਾਫ਼ ਕਰੋ

...ਤਾਂ ਕਿ ਚਮਕ ਬਣੀ ਰਹੇ

ਸਫ਼ਾਈ ਵਿਚ ਕਰੋ ਦਸਤਾਨਿਆਂ ਦੀ ਵਰਤੋਂ : ਚੀਜ਼ਾਂ ਦੀ ਸਫ਼ਾਈ ਸੂਤੀ ਦਸਤਾਨੇ ਪਹਿਨ ਕੇ ਕਰੋ। ਰਸੋਈ ਵਿਚ ਵਰਤੇ ਜਾਣ ਵਾਲੇ ਦਸਤਾਨੇ ਵੀ ਇਸ ਕੰਮ ਵਿਚ ਆ ਸਕਦੇ ਹਨ। ਪਰ ਇਨ੍ਹਾਂ ਦੀ ਵਰਤੋਂ ਸਾਵਧਾਨੀ ਨਾਲ ਕਰੋ, ਕਿਉਂਕਿ ਇਸ ਵਿਚ ਸਲਫਰ ਹੁੰਦਾ ਹੈ, ਜੋ ਧਾਤ ਦੀਆਂ ਚੀਜ਼ਾਂ ਨੂੰ ਖਰਾਬ ਕਰ ਸਕਦਾ ਹੈ। ਕਿਉਂਕਿ ਸਰਜੀਕਲ ਦਸਤਾਨੇ ਪਤਲੇ ਅਤੇ ਕਮਜ਼ੋਰ ਹੁੰਦੇ ਹਨ, ਤੇਲ ਅਤੇ ਪਾਲਿਸ਼ ਦੇ ਸੰਪਰਕ ਵਿਚ ਆਉਣ 'ਤੇ ਇਹ ਖਰਾਬ ਹੋ ਸਕਦੇ ਹਨ। ਇਸ ਲਈ ਇਸ ਕੰਮ ਲਈ ਸੂਤੀ ਦਸਤਾਨੇ ਹੀ ਪਹਿਨੋ।
ਨਾਨ-ਮੈਟਲ ਹਿੱਸੇ ਦੀ ਸੁਰੱਖਿਆ : ਜਦੋਂ ਪੁਰਾਣੀਆਂ ਵਸਤਾਂ ਨੂੰ ਗਰਮ ਪਾਣੀ ਨਾਲ ਧੋਂਦੇ ਹੋ ਤਾਂ ਉਸ ਨੂੰ ਸੂਤੀ ਤੌਲੀਏ ਨਾਲ ਹਲਕਾ-ਹਲਕਾ ਸੁਕਾਓ। ਉਸ ਟੁਕੜੇ ਵਿਚ ਜਦੋਂ ਕੋਈ ਹਿੱਸਾ ਨਾਨ-ਮੈਟਲ ਦਾ, ਜਿਵੇਂ ਲੱਕੜੀ ਦਾ ਹੈਂਡਲ ਆਦਿ ਹੋਵੇ ਤਾਂ ਉਸ ਹਿੱਸੇ ਨੂੰ ਪਲਾਸਟਿਕ ਨਾਲ ਪਹਿਲਾਂ ਲਪੇਟ ਦਿਓ। ਅਜਿਹੇ ਸ਼ੋਅ ਪੀਸ ਨੂੰ ਖੋਲ੍ਹਦੇ ਹੀ ਪਾਣੀ ਵਿਚ ਨਾ ਪਾਓ, ਕਿਉਂਕਿ ਇਨ੍ਹਾਂ ਦੀ ਲੱਕੜੀ ਜਾਂ ਪਲਾਸਟਿਕ ਖਰਾਬ ਹੋ ਸਕਦੇ ਹਨ।
ਕੋਨੇ ਤੋਂ ਸ਼ੁਰੂਆਤ ਕਰੋ : ਧਾਤ ਨੂੰ ਧੋਣ ਤੋਂ ਪਹਿਲਾਂ ਉਸ ਦੇ ਛੋਟੇ ਜਿਹੇ ਭਾਗ ਨੂੰ ਸਾਫ਼ ਕਰੋ। ਪੂਰੇ ਧਾਤ ਦੇ ਪੀਸ ਨੂੰ ਇਕ ਹੀ ਵਾਰ ਸਾਫ਼ ਨਾ ਕਰੋ। ਉਸ ਦੇ ਅਸਲੀ ਰੰਗ ਨੂੰ ਬਰਕਰਾਰ ਰੱਖਣ ਲਈ ਜੇ ਤੁਸੀਂ ਕਿਸੇ ਪਾਲਿਸ਼ ਦੀ ਵਰਤੋਂ ਕਰ ਰਹੇ ਹੋ ਤਾਂ ਪਹਿਲਾਂ ਉਸ ਨੂੰ ਕਿਸੇ ਕੋਨੇ 'ਤੇ ਲਗਾ ਕੇ ਦੇਖੋ। ਜੇ ਉਸੇ ਤਰ੍ਹਾਂ ਦੀ ਹੀ ਦਿਖਾਈ ਦੇਵੇ ਤਾਂ ਪੂਰੇ ਪੀਸ ਦੀ ਸਫ਼ਾਈ ਕਰੋ।
ਸੋਨੇ-ਚਾਂਦੀ ਦੇ ਗਹਿਣੇ : ਇਨ੍ਹਾਂ ਨੂੰ ਖੌਲਦੇ ਪਾਣੀ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਸ ਵਾਸਤੇ ਇਕ ਵੱਡੇ ਭਾਂਡੇ ਵਿਚ ਪਾਣੀ ਉਬਾਲੋ ਅਤੇ ਉਸ ਦੇ ਅੰਦਰ ਆਪਣੇ ਗਹਿਣੇ ਪਾਓ। ਥੋੜ੍ਹੀ ਦੇਰ ਪਈ ਰਹਿਣ ਦਿਓ, ਫਿਰ ਇਸ ਨੂੰ ਬਾਹਰ ਕੱਢੋ ਅਤੇ ਸੁੱਕੇ ਸੂਤੀ ਕੱਪੜੇ ਨਾਲ ਰਗੜ ਕੇ ਸਾਫ਼ ਕਰੋ।
ਬੁਰਸ਼ ਨਾਲ ਰਗੜੋ : ਮੈਟਲ ਦੇ ਸ਼ੋਅ ਪੀਸ ਜਾਂ ਸਾਮਾਨ ਨੂੰ ਨਿਯਮਤ ਬੁਰਸ਼ ਨਾਲ ਸਾਫ਼ ਕਰੋ ਤਾਂ ਕਿ ਇਨ੍ਹਾਂ ਦੇ ਡਿਜ਼ਾਈਨ ਵਿਚ ਫਸੀ ਧੂੜ-ਮਿੱਟੀ ਸਾਫ਼ ਹੋ ਸਕੇ। ਇਸ ਵਾਸਤੇ ਘੋੜੇ ਦੇ ਵਾਲਾਂ ਨਾਲ ਬਣੇ ਬੁਰਸ਼ ਦੀ ਵਰਤੋਂ ਕਰੋ।
* ਗਹਿਣਿਆਂ ਅਤੇ ਧਾਤ ਦੀਆਂ ਚੀਜ਼ਾਂ ਨੂੰ ਸਾਫ਼ ਕਰਨ ਲਈ ਇਕ ਕੱਪ ਬੇਕਿੰਗ ਸੋਢੇ ਵਿਚ ਨਮਕ ਪਾ ਕੇ ਉਬਾਲੋ ਅਤੇ ਇਸ ਦਾ ਮਿਕਸਚਰ ਤਿਆਰ ਕਰੋ। ਚਾਂਦੀ ਜਾਂ ਸੋਨੇ ਦੇ ਪੀਸ 'ਤੇ ਇਸ ਮਿਕਸਚਰ ਨੂੰ ਪਾਓ ਅਤੇ ਥੋੜ੍ਹੀ ਦੇਰ ਇੰਜ ਹੀ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ।
* ਪਿੱਤਲ ਅਤੇ ਤਾਂਬੇ ਦੀਆਂ ਚੀਜ਼ਾਂ ਨੂੰ ਨਿੰਬੂ ਅਤੇ ਨਮਕ ਦੀ ਸਹਾਇਤਾ ਨਾਲ ਸਾਫ਼ ਕਰੋ। ਇਕ ਬਾਊਲ ਵਿਚ ਨਿੰਬੂ ਦਾ ਰਸ ਨਿਚੋੜ ਕੇ ਉਸ ਵਿਚ ਨਮਕ ਪਾ ਕੇ ਪੇਸਟ ਬਣਾਓ ਅਤੇ ਪਿੱਤਲ ਜਾਂ ਤਾਂਬੇ ਦੀਆਂ ਚੀਜ਼ਾਂ 'ਤੇ ਲਗਾ ਕੇ ਸੁੱਕੇ ਕੱਪੜੇ ਨਾਲ ਰਗੜ ਕੇ ਪੂੰਝੋ। ਜੇ ਇਹ ਚੰਗੀ ਤਰ੍ਹਾਂ ਸਾਫ਼ ਨਾ ਹੋਵੇ ਤਾਂ ਦੁਬਾਰਾ ਇਸ ਪ੍ਰਕਿਰਿਆ ਨੂੰ ਦੁਹਰਾਓ।


-ਮਧੂ ਸਿੰਘ

ਨਣਦ-ਭਰਜਾਈ ਦਾ ਰਿਸ਼ਤਾ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਰਹਿੰਦਿਆਂ ਉਹ ਅਨੇਕਾਂ ਰਿਸ਼ਤਿਆਂ ਦਾ ਨਿੱਘ ਮਾਣਦਾ ਹੈ। ਇਹ ਰਿਸ਼ਤੇ ਸਾਡੇ ਸਮਾਜਿਕ ਜੀਵਨ ਦਾ ਆਧਾਰ ਹਨ। ਹਰ ਰਿਸ਼ਤੇ ਦੀ ਆਪਣੀ ਇਕ ਪਰਿਭਾਸ਼ਾ ਹੈ, ਹਰ ਰਿਸ਼ਤੇ ਦਾ ਆਪਣਾ ਇਕ ਮਹੱਤਵ ਹੈ। ਰਿਸ਼ਤਿਆਂ ਦੀ ਮਾਲਾ ਵਿਚ ਅਨੇਕਾਂ ਹੀ ਖੱਟੇ-ਮਿੱਠੇ ਰਿਸ਼ਤੇ ਪਰੋਏ ਹੁੰਦੇ ਹਨ। ਅਜਿਹੇ ਹੀ ਖੱਟੇ-ਮਿੱਠੇ ਅਨੁਭਵਾਂ ਨਾਲ ਭਰਪੂਰ ਇਕ ਰਿਸ਼ਤਾ ਹੈ, ਨਣਦ-ਭਰਜਾਈ ਦਾ ਰਿਸ਼ਤਾ। ਜੇਕਰ ਇਸ ਰਿਸ਼ਤੇ ਵਿਚ ਸਮਝਦਾਰੀ, ਪਿਆਰ ਹੋਵੇ ਤਾਂ ਇਸ ਰਿਸ਼ਤੇ ਜਿਹਾ ਪਿਆਰਾ ਰਿਸ਼ਤਾ ਹੋਰ ਕੋਈ ਨਹੀਂ ਪਰ ਜੇਕਰ ਇਸ ਵਿਚ ਸਿਰਫ ਈਰਖਾ ਤੇ ਨਫਰਤ ਹੋਵੇ ਤਾਂ ਘਰ ਵਿਚ ਕਾਟੋ ਕਲੇਸ਼ ਦਾ ਕਾਰਨ ਵੀ ਇਹੀ ਰਿਸ਼ਤਾ ਬਣਦਾ ਹੈ।
ਜਿਸ ਘਰ ਨਣਦ-ਭਰਜਾਈ ਦੇ ਰਿਸ਼ਤੇ ਵਿਚ ਭੈਣਾਂ ਵਾਲਾ ਪਿਆਰ ਹੋਵੇ, ਸਹੇਲੀਆਂ ਵਾਂਗ ਉਹ ਇਕ-ਦੂਸਰੀ ਨਾਲ ਦੁੱਖ-ਸੁੱਖ ਸਾਂਝੇ ਕਰਨ, ਇਕ-ਦੂਸਰੀ ਦੇ ਦੁੱਖ-ਸੁੱਖ ਦੀਆਂ ਰਾਜ਼ਦਾਰ ਬਣਨ, ਉਹ ਘਰ ਸਵਰਗ ਬਣ ਜਾਂਦਾ ਹੈ ਪਰ ਦੂਸਰੇ ਪਾਸੇ ਜੇਕਰ ਦੋਵੇਂ ਹਮੇਸ਼ਾ ਇਕ-ਦੂਸਰੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਤਾਂ ਉਹੀ ਹੱਸਦਾ-ਵੱਸਦਾ ਘਰ ਨਰਕ ਬਣ ਜਾਂਦਾ ਹੈ। ਇਸ ਰਿਸ਼ਤੇ ਨੂੰ ਫੁੱਲਾਂ ਵਾਂਗ ਮਹਿਕਾਉਣਾ ਹੈ ਜਾਂ ਕੰਡਿਆਂ ਦੀ ਤਰ੍ਹਾਂ ਚੋਭਦਾਰ ਬਣਾਉਣਾ ਹੈ, ਇਸ ਦੀ ਜ਼ਿੰਮੇਵਾਰੀ ਨਣਦ-ਭਰਜਾਈ ਦੋਵਾਂ ਦੀ ਹੀ ਹੁੰਦੀ ਹੈ, ਕਿਉਂਕਿ ਜੇ ਇਕ ਧਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਅਵੇਸਲੀ ਹੋ ਜਾਵੇ ਤਾਂ ਰਿਸ਼ਤਿਆਂ ਵਿਚਲਾ ਪਿਆਰ ਖਤਮ ਹੋ ਜਾਂਦਾ ਹੈ ਤੇ ਰਿਸ਼ਤੇ ਸਮਝੌਤੇ ਦਾ ਰੂਪ ਧਾਰਨ ਕਰ ਲੈਂਦੇ ਹਨ।
ਇਕ ਕੁੜੀ ਵਿਆਹ ਕੇ ਜਦੋਂ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਨੂੰ ਸਭ ਤੋਂ ਵੱਧ ਸਹਾਰਾ ਆਪਣੀ ਨਣਦ ਦਾ ਹੀ ਹੁੰਦਾ ਹੈ, ਕਿਉਂਕਿ ਸੱਸ ਉਮਰ ਤੇ ਅਹੁਦੇ ਵਿਚ ਉਸ ਤੋਂ ਵੱਡੀ ਹੋਣ ਕਰਕੇ ਉਹ ਹਰ ਗੱਲ ਉਸ ਨਾਲ ਸਾਂਝੀ ਨਹੀਂ ਕਰ ਸਕਦੀ ਪਰ ਨਣਦ ਉਸ ਦੀ ਹਮਉਮਰ ਹੋਣ ਕਾਰਨ ਉਹ ਉਸ ਨਾਲ ਹਰ ਦੁੱਖ-ਸੁੱਖ ਫਰੋਲ ਸਕਦੀ ਹੈ। ਨਣਦ-ਭਰਜਾਈ ਦਾ ਰਿਸ਼ਤਾ ਸਹੇਲੀਆਂ ਵਾਲਾ ਰਿਸ਼ਤਾ ਹੀ ਤਾਂ ਹੁੰਦਾ ਹੈ, ਜਿਥੇ ਬੇਝਿਜਕ ਆਪਣੇ ਦਿਲ ਦੀ ਗੱਲ ਇਕ-ਦੂਸਰੇ ਨੂੰ ਕਹਿ ਸਕਦੀਆਂ ਹਨ। ਜੇਕਰ ਥੋੜ੍ਹੀ ਜਿਹੀ ਸੂਝ-ਬੂਝ ਨਾਲ ਇਸ ਰਿਸ਼ਤੇ ਨੂੰ ਨਿਭਾਇਆ ਜਾਵੇ ਤਾਂ ਇਹ ਰਿਸ਼ਤਾ ਖੂਬਸੂਰਤ ਅਤੇ ਯਾਦਗਾਰ ਹੋ ਨਿਬੜਦਾ ਹੈ।
ਕਈ ਵਾਰ ਛੋਟੇ-ਛੋਟੇ ਕਾਰਨਾਂ ਕਰਕੇ ਇਸ ਰਿਸ਼ਤੇ ਵਿਚ ਕੁੜੱਤਣ ਆ ਜਾਂਦੀ ਹੈ। ਆਪਣੇ ਬਾਬੁਲ ਦੇ ਘਰ ਹਰ ਧੀ ਦੀ ਸਰਦਾਰੀ ਹੁੰਦੀ ਹੈ ਪਰ ਜਦੋਂ ਬਾਬੁਲ ਦੇ ਵਿਹੜੇ ਨੂੰਹ ਧੀ ਬਣ ਕੇ ਆ ਜਾਵੇ ਤਾਂ ਧੀਆਂ ਨੂੰ ਉਹ ਸਰਦਾਰੀ ਭਰਜਾਈਆਂ ਨੂੰ ਦੇ ਦੇਣੀ ਚਾਹੀਦੀ ਹੈ, ਕਿਉਂਕਿ ਹਰ ਧੀ ਨੇ ਇਕ ਨਾ ਇਕ ਦਿਨ ਬਾਬਲ ਦਾ ਘਰ ਛੱਡ ਪ੍ਰਦੇਸਣ ਹੋਣਾ ਹੀ ਹੁੰਦਾ ਹੈ। ਉਸ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤਾਂ ਨੂੰਹ ਦੀ ਹੀ ਹੁੰਦੀ ਹੈ। ਇਸੇ ਲਈ ਜ਼ਰੂਰੀ ਹੈ ਕਿ ਨੂੰਹ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਪਹਿਲਾਂ ਹੀ ਦੇ ਦਿੱਤਾ ਜਾਵੇ, ਤਾਂ ਕਿ ਨਣਦ-ਭਰਜਾਈ ਦੇ ਰਿਸ਼ਤੇ ਵਿਚ ਕੁੜੱਤਣ ਨਾ ਆਵੇ।
ਇਸੇ ਤਰ੍ਹਾਂ ਭਰਜਾਈ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਨਣਦ, ਚਾਹੇ ਛੋਟੀ ਹੋਵੇ ਜਾਂ ਵੱਡੀ, ਉਸ ਨੂੰ ਪੂਰਾ ਪਿਆਰ ਸਤਿਕਾਰ ਦੇਵੇ। ਉਸੇ ਤਰ੍ਹਾਂ ਨਣਦ ਦੇ ਚਾਅ-ਲਾਡ ਕਰੇ, ਜਿਸ ਤਰ੍ਹਾਂ ਉਹ ਆਪਣੇ ਮਾਪਿਆਂ ਦੇ ਕਰਦੀ ਹੈ ਤਾਂ ਇਸ ਰਿਸ਼ਤੇ ਵਿਚ ਸ਼ਾਇਦ ਨਫਰਤ ਕਦੇ ਆਵੇ ਹੀ ਨਾ। ਕਈ ਵਾਰ ਘਰ ਦੇ ਛੋਟੇ-ਛੋਟੇ ਕੰਮਾਂ ਨੂੰ ਲੈ ਕੇ ਨਣਦ-ਭਰਜਾਈ ਦੀ ਆਪਸ ਵਿਚ ਨੋਕ-ਝੋਕ ਹੁੰਦੀ ਰਹਿੰਦੀ ਹੈ। ਅਜਿਹੇ ਵਿਚ ਸੱਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਸੱਸ ਨੂੰਹ ਤੇ ਧੀ ਵਿਚ ਫਰਕ ਨਾ ਕਰੇ ਤੇ ਘਰ ਦੇ ਕੰਮ ਦੋਵਾਂ ਨੂੰ ਵੰਡ ਕੇ ਦੇ ਦੇਵੇ ਤਾਂ ਇਹ ਸਮੱਸਿਆ ਵੀ ਖਤਮ ਹੋ ਜਾਵੇਗੀ। ਜੇਕਰ ਘਰ ਵਿਚ ਨੂੰਹ ਨੂੰ ਧੀ ਵਾਂਗ ਪਿਆਰ ਦਿੱਤਾ ਜਾਵੇ ਤਾਂ ਨਣਦ-ਭਰਜਾਈ ਆਪਣੇ-ਆਪ ਦੋਵੇਂ ਭੈਣਾਂ ਵਾਂਗ ਰਹਿਣਗੀਆਂ। ਸੱਚ ਇਹੀ ਹੈ ਕਿ ਮਾਂ-ਬਾਪ ਤੋਂ ਬਾਅਦ ਪੇਕੇ ਭਰਾਵਾਂ-ਭਰਜਾਈਆਂ ਨਾਲ ਹੀ ਹੁੰਦੇ ਹਨ। ਜੇਕਰ ਰਿਸ਼ਤੇ ਵਿਚ ਪਿਆਰ ਹੋਵੇ ਤਾਂ ਪੇਕਿਆਂ ਦਾ ਸਾਥ ਸਦਾ ਸਲਾਮਤ ਰਹਿੰਦਾ ਹੈ ਤੇ ਜੇਕਰ ਨਣਦ-ਭਰਜਾਈ ਦੇ ਰਿਸ਼ਤੇ ਵਿਚ ਕੁੜੱਤਣ ਆ ਜਾਵੇ ਤਾਂ ਭਰਾਵਾਂ ਦਾ ਸਾਥ ਵੀ ਹੌਲੀ-ਹੌਲੀ ਛੁੱਟ ਹੀ ਜਾਂਦਾ ਹੈ। ਅਸਲ ਵਿਚ ਪੇਕਾ ਘਰ ਹੁੰਦਾ ਹੀ ਭਰਜਾਈਆਂ ਨਾਲ ਹੈ।


-ਪਿੰਡ ਤਨੂੰਲੀ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 99150-33176

ਝੁਰੜੀਆਂ ਹਟਾਉਣ ਦੇ ਘਰੇਲੂ ਉਪਾਅ

ਵਧਦੀ ਉਮਰ ਦੇ ਨਾਲ ਚਮੜੀ 'ਤੇ ਪੈਣ ਵਾਲੀਆਂ ਝੁਰੜੀਆਂ ਨੂੰ ਬਿਲਕੁਲ ਤਾਂ ਨਹੀਂ ਰੋਕਿਆ ਜਾ ਸਕਦਾ ਪਰ ਚਮੜੀ ਦੀ ਦੇਖਭਾਲ ਦੁਆਰਾ ਝੁਰੜੀਆਂ ਪੈਣ ਦੀ ਰਫ਼ਤਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਚਮੜੀ ਦੀਆਂ ਝੁਰੜੀਆਂ ਨੂੰ ਦੂਰ ਕਰਕੇ ਚਮੜੀ ਨੂੰ ਆਕਰਸ਼ਕ ਬਣਾਇਆ ਜਾ ਸਕਦਾ ਹੈ। ਹੇਠ ਲਿਖੇ ਇਲਾਜ ਦੁਆਰਾ ਚਮੜੀ ਦੀਆਂ ਝੁਰੜੀਆਂ ਨੂੰ ਹਟਾਇਆ ਜਾ ਸਕਦਾ ਹੈ-
* ਪੱਕਿਆ ਪਪੀਤਾ ਕੱਟ ਕੇ ਚਿਹਰੇ 'ਤੇ ਮਲੋ ਅਤੇ 15-20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਪ੍ਰਯੋਗ ਨੂੰ ਲਗਾਤਾਰ ਕੁਝ ਦਿਨ ਕਰਨ ਨਾਲ ਚਮੜੀ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ।
* ਵਿਟਾਮਿਨ 'ਈ' ਨਾਲ ਝੁਰੜੀਆਂ ਮਿਟਦੀਆਂ ਹਨ। ਪੁੰਗਰੇ ਛੋਲੇ ਅਤੇ ਮੂੰਗੀ ਵਿਚ ਵਿਟਾਮਿਨ 'ਈ' ਭਰਪੂਰ ਮਾਤਰਾ ਵਿਚ ਹੁੰਦਾ ਹੈ। ਸਵੇਰੇ-ਸ਼ਾਮ ਪੁੰਗਰੇ ਅਨਾਜ ਸੇਵਨ ਕਰਨ ਨਾਲ ਝੁਰੜੀਆਂ ਤੋਂ ਬਚਾਅ ਹੁੰਦਾ ਹੈ।
* ਅੱਧਾ ਚਮਚ ਦੁੱਧ ਦੀ ਠੰਢੀ ਮਲਾਈ ਵਿਚ ਨਿੰਬੂ ਦੇ ਰਸ ਦੀਆਂ 4-5 ਬੂੰਦਾਂ ਮਿਲਾ ਕੇ ਰਾਤ ਨੂੰ ਸੌਣ ਸਮੇਂ ਝੁਰੜੀਆਂ ਵਾਲੀ ਚਮੜੀ 'ਤੇ ਚੰਗੀ ਤਰ੍ਹਾਂ ਮਲੋ ਤਾਂ ਕਿ ਉਹ ਚਮੜੀ ਵਿਚ ਪੂਰੀ ਤਰ੍ਹਾਂ ਰਮ ਜਾਏ। ਅੱਧੇ ਘੰਟੇ ਬਾਅਦ ਚਮੜੀ ਨੂੰ ਧੋ ਦਿਓ। ਲਗਾਤਾਰ 15-20 ਦਿਨ ਅਜਿਹਾ ਕਰਨ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ।
* ਇਸ਼ਨਾਨ ਕਰਨ ਤੋਂ ਬਾਅਦ ਜੈਤੂਨ ਦੇ ਤੇਲ ਨਾਲ ਚਮੜੀ ਦੀ ਮਾਲਿਸ਼ ਕਰੋ। ਉਂਗਲੀਆਂ ਦੇ ਪੋਰਾਂ ਨੂੰ ਤੇਲ ਵਿਚ ਡੁਬੋ ਕੇ ਝੁਰੜੀਆਂ ਦੀ ਉਲਟ ਦਿਸ਼ਾ ਵਿਚ ਮਾਲਿਸ਼ ਕਰੋ। ਇਸ ਨਾਲ ਚਮੜੀ ਦੀਆਂ ਝੁਰੜੀਆਂ ਦੂਰ ਹੋਣਗੀਆਂ।
* ਕੋਸੇ ਪਾਣੀ ਵਿਚ ਥੋੜ੍ਹਾ ਜਿਹਾ ਬੇਸਣ ਘੋਲ ਕੇ ਪੇਸਟ ਜਿਹਾ ਬਣਾ ਲਓ। ਇਸ ਨੂੰ ਚਿਹਰੇ ਦੀ ਚਮੜੀ 'ਤੇ ਮਲ ਕੇ ਚਮੜੀ ਸਾਫ਼ ਕਰ ਲਓ। ਹੁਣ ਇਕ ਚਮਚ ਸ਼ਹਿਦ ਲੈ ਕੇ ਚਮੜੀ 'ਤੇ ਲਗਾਓ। ਚਿਹਰੇ 'ਤੇ ਸ਼ਹਿਦ ਹੇਠਾਂ ਤੋਂ ਉੱਪਰ ਵੱਲ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਅਤੇ ਸ਼ਹਿਦ ਲੱਗੇ ਹੋਏ ਬਾਕੀ ਭਾਗਾਂ ਨੂੰ ਧੋ ਦਿਓ। ਅਜਿਹਾ ਲਗਾਤਾਰ 6-7 ਹਫ਼ਤੇ ਕਰਦੇ ਰਹਿਣ ਨਾਲ ਵਧਦੀ ਉਮਰ ਦੇ ਕਾਰਨ ਪਈਆਂ ਝੁਰੜੀਆਂ ਦੂਰ ਹੁੰਦੀਆਂ ਹਨ। * ਕੱਚੇ ਦੁੱਧ ਵਿਚ ਰੂੰ ਦਾ ਫੈਹਾ ਭਿਉਂ ਕੇ ਚਿਹਰਾ, ਗਰਦਨ ਅਤੇ ਹੱਥਾਂ ਦੀ ਚਮੜੀ 'ਤੇ 5-10 ਵਾਰ ਹੌਲੀ-ਹੌਲੀ ਮਲੋ। 10-15 ਮਿੰਟ ਬਾਅਦ ਚਮੜੀ ਠੰਢੇ ਪਾਣੀ ਨਾਲ ਧੋ ਦਿਓ।


-ਅਰਪਿਤਾ ਤਾਲੁਕਦਾਰ

ਸ਼ਾਮ ਦੇ ਪਕਵਾਨ

ਮਿੱਠਾ ਸਮੋਸਾ
ਸਮੱਗਰੀ : ਮੈਦਾ-250 ਗ੍ਰਾਮ, ਬਦਾਮ ਗਿਰੀ-5 ਗ੍ਰਾਮ, ਪਿਸਤਾ-5 ਗ੍ਰਾਮ, ਬੇਕਿੰਗ ਪਾਊਡਰ-ਚੁਟਕੀ ਭਰ, ਕਿਸ਼ਮਿਸ਼-5 ਗ੍ਰਾਮ, ਚੀਨੀ-175 ਗ੍ਰਾਮ, ਖੋਆ-100 ਗ੍ਰਾਮ, ਘਿਓ-ਤਲਣ ਲਈ।
ਵਿਧੀ : ਪਿਸਤਾ ਅਤੇ ਬਦਾਮ ਗਿਰੀ ਨੂੰ ਬਰੀਕ ਕੱਟ ਲਓ। ਇਸ ਤੋਂ ਬਾਅਦ ਚੀਨੀ ਦੀ ਇਕ ਤਾਰ ਦੀ ਚਾਸ਼ਣੀ ਬਣਾ ਲਓ। ਹੁਣ ਕੜਾਹੀ ਵਿਚ ਮੱਧਮ ਸੇਕ 'ਤੇ ਖੋਆ ਭੁੰਨ ਲਓ ਅਤੇ ਉਸ ਵਿਚ ਪਿਸਤਾ ਬਦਾਮ, ਕਿਸ਼ਮਿਸ਼ ਮਿਲਾ ਦਿਓ। ਫਿਰ ਮੈਦੇ ਵਿਚ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਓ। ਹੁਣ ਛੋਟੀ-ਛੋਟੀ ਲੋਈ ਬਣਾ ਕੇ ਵੇਲ ਲਵੋ ਅਤੇ ਉਸ ਵਿਚ ਖੋਆ ਭਰ ਕੇ ਉਸ ਨੂੰ ਸਮੋਸੇ ਦਾ ਆਕਾਰ ਦਿਓ। ਹੁਣ ਕੜਾਹੀ ਵਿਚ ਘਿਓ ਗਰਮ ਕਰੋ ਅਤੇ ਸਮੋਸੇ ਤਲ ਲਓ। ਕੜਾਹੀ ਵਿਚੋਂ ਕੱਢ ਕੇ ਉਨ੍ਹਾਂ ਨੂੰ ਚਾਸ਼ਣੀ ਵਿਚ ਪਾਉਂਦੇ ਜਾਓ।


-ਰੀਤਿਕਾ (ਰੀਤੂ)
ਮੋਬਾ: 88721-83545

ਆਪਣੇ ਬੱਚਿਆਂ ਨੂੰ ਵੀ ਸਮਾਂ ਦਿਓ

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ, ਕਿਸੇ ਚੁਣੌਤੀ ਤੋਂ ਘੱਟ ਨਹੀਂ ਸਮਝੀ ਜਾਂਦੀ। ਪੁਰਾਤਨ ਸਮੇਂ ਵਿਚ ਕੇਵਲ ਮਰਦ ਕੰਮ ਕਰਦੇ ਸਨ ਅਤੇ ਔਰਤ ਸਿਰਫ ਤੇ ਸਿਰਫ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਸੀ ਪਰ ਆਧੁਨਿਕ ਯੁੱਗ ਵਿਚ ਇਸਤਰੀ-ਪੁਰਸ਼ ਇਕ-ਦੂਜੇ ਦੇ ਬਰਾਬਰ ਆ ਖੜ੍ਹੇ ਹੋਏ ਹਨ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਨਾਲ ਹੁਣ ਇਸਤਰੀਆਂ ਵੀ ਮਰਦਾਂ ਨਾਲ ਬਰਾਬਰ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਅੱਜਕਲ੍ਹ ਉਹ ਸਾਂਝੇ ਪਰਿਵਾਰ ਦੀ ਥਾਂ ਇਕੱਲੇ ਪਰਿਵਾਰ ਨੂੰ ਵੀ ਤਰਜੀਹ ਦੇਣ ਲੱਗ ਪਏ ਹਨ। ਜੇ ਪਰਿਵਾਰ ਵਿਚ ਪਤੀ-ਪਤਨੀ ਦੋਵੇਂ ਕੰਮ ਕਰ ਰਹੇ ਹਨ ਤਾਂ ਇਸ ਨਾਲ ਘਰੇਲੂ ਸੰਤੁਲਨ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਹੁਣ ਇਸਤਰੀ ਵੀ ਪੁਰਸ਼ ਵਾਂਗ ਨੌਕਰੀ ਤੋਂ ਥੱਕੀ ਘਰ ਆ ਕੇ ਆਰਾਮ ਕਰਨਾ ਪਸੰਦ ਕਰਦੀ ਹੈ, ਜਿਸ ਨੂੰ ਲੈ ਕੇ ਇਸਤਰੀ-ਪੁਰਸ਼ ਵਿਚ ਨੋਕ-ਝੋਕ ਹੁੰਦੀ ਰਹਿੰਦੀ ਹੈ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੇ ਬੱਚਿਆਂ 'ਤੇ ਪੈਂਦਾ ਹੈ। ਬੱਚਿਆਂ ਨੂੰ ਚੰਗੇ ਕੱਪੜੇ ਪਹਿਨਾਉਣਾ ਅਤੇ ਉਨ੍ਹਾਂ ਨੂੰ ਚੰਗੇ ਸਕੂਲ ਵਿਚ ਪੜ੍ਹਾਉਣਾ ਹੀ ਚੰਗਾ ਪਾਲਣ-ਪਾਸ਼ਣ ਨਹੀਂ ਹੈ। ਸਾਨੂੰ ਉਨ੍ਹਾਂ ਨੂੰ ਥੋੜ੍ਹਾ ਹਰ ਚੰਗਾ ਸਮਾਂ ਦੇਣਾ ਪਵੇਗਾ।
ਨੌਕਰੀ-ਪੇਸ਼ੇ ਪਰਿਵਾਰ ਅੰਦਰ ਦੇਖਿਆ ਗਿਆ ਹੈ ਕਿ ਕਈ-ਕਈ ਘੰਟੇ ਉਨ੍ਹਾਂ ਦਾ ਘਰ ਤੋਂ ਬਾਹਰ ਰਹਿਣਾ, ਉਨ੍ਹਾਂ ਦੇ ਬੱਚੇ ਨੂੰ ਇਕੱਲਾਪਨ ਮਹਿਸੂਸ ਕਰਵਾਉਂਦਾ ਹੈ। ਕੰਮ-ਕਾਜੀ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਇਕ ਚੰਗੇ ਮਿੱਤਰ ਵਰਗਾ ਵਰਤਾਓ ਕਰਨ ਤਾਂ ਜੋ ਬੱਚਿਆਂ ਦੇ ਕੋਮਲ ਮਨਾਂ ਵਿਚ ਆਪਣੇ ਮਾਤਾ-ਪਿਤਾ ਪ੍ਰਤੀ ਜੋ ਤਰ੍ਹਾਂ-ਤਰ੍ਹਾਂ ਦੀਆਂ ਕਮੀਆਂ ਘਰ ਬਣਾ ਰਹੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਮਾਤਾ-ਪਿਤਾ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਦਾ ਆਤਮਵਿਸ਼ਵਾਸ ਵਧਾਉਣ, ਤਾਂ ਜੋ ਉਨ੍ਹਾਂ ਵਿਚਲੀਆਂ ਵਧਦੀਆਂ ਦੂਰੀਆਂ ਅੱਗੇ ਜਾ ਕੇ ਪ੍ਰੇਸ਼ਾਨੀਆਂ ਨਾ ਬਣ ਸਕਣ। ਕਿਉਂਕਿ ਬੱਚਾ ਹਮੇਸ਼ਾ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਿਸੇ ਹੋਰ ਵੱਲ ਆਕਰਸ਼ਤ ਹੋਣ ਦੀ ਬਜਾਏ ਆਪਣੇ ਮਾਤਾ-ਪਿਤਾ ਤੋਂ ਹੀ ਚਾਹੁੰਦਾ ਹੈ।
ਕਈ ਵਾਰ ਨੌਕਰੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਮਾਤਾ-ਪਿਤਾ ਐਨਾ ਫਸ ਜਾਂਦੇ ਹਨ ਕਿ ਉਹ ਬੱਚਿਆਂ ਲਈ ਤਾਂ ਕੀ, ਖੁਦ ਲਈ ਵੀ ਸਮਾਂ ਨਹੀਂ ਕੱਢ ਸਕਦੇ। ਇਸੇ ਵਿਚ ਕਈ ਵਾਰ ਸਾਰਾ ਤਣਾਅ ਅਤੇ ਗੁੱਸਾ ਬੱਚਿਆਂ 'ਤੇ ਨਿਕਲ ਜਾਂਦਾ ਹੈ ਪਰ ਅਜਿਹਾ ਕਰਨਾ ਬਿਲਕੁਲ ਗ਼ਲਤ ਹੈ। ਅਕਸਰ ਮਾਤਾ-ਪਿਤਾ ਆਪਣੇ ਬੱਚੇ ਦੀ ਤੁਲਨਾ ਕਿਸੇ ਦੂਜੇ ਪਰਿਵਾਰ ਦੇ ਬੱਚਿਆਂ ਨਾਲ ਕਰਨ ਲੱਗ ਜਾਂਦੇ ਹਨ ਅਤੇ ਪੜ੍ਹਾਈ-ਲਿਖਾਈ ਨੂੰ ਲੈ ਕੇ ਉਸ ਨੂੰ ਕਈ ਤਰ੍ਹਾਂ ਦੇ ਤਾਅਨੇ-ਮਿਹਣੇ ਮਾਰੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਬੱਚਾ ਹੀਣਤਾ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਇਹ ਨਹੀਂ ਸਮਝਦਾ ਕਿ ਤੁਸੀਂ ਉਸ ਤੋਂ ਕੀ ਚਾਹੁੰਦੇ ਹੋ। ਉਸ ਨੂੰ ਤਾਂ ਬਸ ਏਨਾ ਪਤਾ ਹੁੰਦਾ ਹੈ ਕਿ ਤੁਸੀਂ ਉਸ ਤੋਂ ਖੁਸ਼ ਨਹੀਂ ਹੋ। ਇਸ ਲਈ ਚੰਗਾ ਹੋਵੇਗਾ ਕਿ ਉਸ ਨਾਲ ਕਿਸੇ ਹੋਰ ਬੱਚੇ ਦੀ ਤੁਲਨਾ ਕਰਨ ਦੀ ਬਜਾਏ, ਉਸ ਨੂੰ ਹੀ ਸਮਝਾਓ ਕਿ ਉਹ ਕਿਸ ਤਰ੍ਹਾਂ ਹੋਰ ਬਿਹਤਰ ਬਣ ਸਕਦਾ ਹੈ।


-ਹਰਵਿੰਦਰ ਸਿੰਘ ਸੰਧੂ,
ਇੰਚਾਰਜ, ਸ: ਐ: ਸਕੂਲ, ਰਾਜਗੜ੍ਹ, ਬਲਾਕ ਸਮਾਣਾ-2 (ਪਟਿਆਲਾ)। ਮੋਬਾ: 94175-43175





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX