ਤਾਜਾ ਖ਼ਬਰਾਂ


ਚੋਰਾਂ ਸੰਨ੍ਹ ਲਗਾ ਕੇ ਕੋਆਪਰੇਟਿਵ ਬੈਂਕ ਚੋਂ 4 ਲੱਖ 24 ਹਜ਼ਾਰ ਦੀ ਰਕਮ ਉਡਾਈ
. . .  1 day ago
ਭਿੰਡੀ ਸੈਦਾਂ, 12 ਨਵੰਬਰ ( ਪਿ੍ਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਊਰ ਵਿਖੇ ਚੋਰਾਂ ਨੇ ਕੋਆਪੇ੍ਟਿਵ ਬੈਂਕ ਦੀ ਇਮਾਰਤ ਦੀ ਖਿੜਕੀ ਵਾਲੀ ਗਰਿੱਲ ਤੋੜ ਕੇ ਬੈਂਕ ਅੰਦਰੋਂ ਆਰੀ ਦੇ ਬਲੇਡ ਨਾਲ ਲੌਕਰ ...
ਸਾਂਝਾ ਅਧਿਆਪਕ ਮੋਰਚਾ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ
. . .  1 day ago
ਸੰਗਰੂਰ, 12 ਨਵੰਬਰ (ਧੀਰਜ ਪਸ਼ੋਰੀਆ)- ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਕਰਨ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਅਗਵਾਈ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਚਾਹਲ ਨੇ ...
ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਦੋ ਨਕਸਲੀ ਢੇਰ
. . .  1 day ago
ਰਾਏਪੁਰ, 12 ਨਵੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਦੋ ਨਕਸਲੀਆਂ ਢੇਰ ਹੋਏ ਹਨ। ਸੁਰੱਖਿਆ ਬਲਾਂ ਨੇ ਇਨ੍ਹਾਂ ਨਕਸਲੀਆਂ ਕੋਲੋਂ ਦੋ ਰਾਈਫ਼ਲ ਬਰਾਮਦ ਕੀਤੀਆਂ....
ਮਾਨਸਿਕ ਪਰੇਸ਼ਾਨੀ ਤੇ ਚੱਲਦਿਆਂ ਮਜ਼ਦੂਰ ਵੱਲੋਂ ਕੀਤੀ ਖ਼ੁਦਕੁਸ਼ੀ
. . .  1 day ago
ਸੀਗੋਂ ਮੰਡੀ, 11 ਨਵੰਬਰ (ਲਕਵਿੰਦਰ ਸ਼ਰਮਾ) - ਪਿੰਡ ਨਥੇਹਾ ਦੇ ਇੱਕ ਨੌਜਵਾਨ ਨੇ ਕਰਜ਼ੇ ਦੇ ਬੋਝ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ । ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬੱਬੂ ਸਿੰਘ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ, ਨੇ ਘਰ...
ਸਖ਼ਤ ਮਨਾਹੀ ਦੇ ਬਾਵਜੂਦ ਜੀਰੀ ਦੀ ਪਰਾਲ਼ੀ ਨੂੰ ਅੱਗ ਲਗਾਉਣ ਦਾ ਰੁਝਾਨ ਹੋਇਆ ਸ਼ੁਰੂ
. . .  1 day ago
ਦੋਰਾਹਾ, 12 ਨਵੰਬਰ (ਜਸਵੀਰ ਝੱਜ)- ਪਿਛਲੇ ਸਾਲ ਤੋਂ ਪੰਜਾਬ ਸਰਕਾਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਨਾ ਫੂਕਣ ਅਤੇ ਇਸ ਆਦੇਸ਼ ਦੀ ਪਾਲਨਾ ਨਾ ਕਰਨ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦੇ ਰਹੀ ਹੈ। ਭਾਵੇਂ ਇਸ ਹੁਕਮ ਕਾਰਨ ਫ਼ਸਲਾਂ ਦੀ...
ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਮੰਦਭਾਗਾ - ਚੰਦੂਮਾਜਰਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 12 ਨਵੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)- ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਦਾ ਅਕਾਲੀ ਦਲ ਤੋਂ ਬਾਹਰ ਹੋਣਾ ਬਹੁਤ ਹੀ ਮੰਦਭਾਗਾ ਹੈ। ਬ੍ਰਹਮਪੁਰਾ ਦੀਆਂ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਸੇਵਾਵਾਂ ਅਤੇ ਵੱਡਾ...
ਸੁਖਬੀਰ ਬਾਦਲ ਨੂੰ ਸੌਂਪੇ ਗਏ ਸ਼੍ਰੋਮਣੀ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ ਦੇ ਸਾਰੇ ਅਧਿਕਾਰ- ਚੀਮਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੱਲ੍ਹ ਹੋਣ ਵਾਲੇ ਇਜਲਾਸ 'ਚ ਪ੍ਰਧਾਨ ਦੀ ਕੀਤੀ ਜਾਣ ਵਾਲੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ...
ਅਫ਼ਗ਼ਾਨਿਸਤਾਨ : ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ, 20 ਜ਼ਖਮੀ
. . .  1 day ago
ਕਾਬੁਲ, 12 ਨਵੰਬਰ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਸਿਟੀ ਸੈਂਟਰ 'ਚ ਹੋਏ ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਛੇਹਰਟਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਕੀਤਾ ਕਾਬੂ
. . .  1 day ago
ਛੇਹਰਟਾ, 12 ਨਵੰਬਰ (ਵਡਾਲੀ) -ਪੁਲਿਸ ਕਮਿਸ਼ਨਰ ਵਾਸਤਵਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੱਦੋ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਦੀ ਰਹਿਨੁਮਾਈ ਹੇਠ, ਡੀ.ਸੀ.ਪੀ ਲਖਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ....
ਤੇਜ਼ਧਾਰ ਹਥਿਆਰ ਦੀ ਨੋਕ 'ਤੇ ਸਕੂਟਰੀ ਸਮੇਤ ਪੰਜ ਲੱਖ ਦੀ ਲੁੱਟ
. . .  1 day ago
ਬਾਘਾਪੁਰਾਣਾ, 12 ਨਵੰਬਰ (ਬਲਰਾਜ ਸਿੰਗਲਾ)- ਅੱਜ ਸ਼ਾਮ 4 ਵਜੇ ਦੇ ਕਰੀਬ ਇੱਕ ਅਣਪਛਾਤੇ ਨਕਾਬਪੋਸ਼ ਲੁਟੇਰੇ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਨੂੰ ਅੰਜਾਮ ਦੇਣ ਦੀ ਖ਼ਬਰ ਹੈ। ਇਸ ਲੁਟੇਰਾ ਹਥਿਆਰ ਦੀ ਨੋਕ 'ਤੇ ਐਕਟਿਵਾ ਸਵਾਰ ਸੇਤੀਆ ਮਨੀਚੇਂਜਰ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਨਿੰਬੂ ਜਾਤੀ ਦੇ ਬੂਟਿਆਂ ਦੀ ਦੇਖਭਾਲ ਅਤੇ ਕੋਰੇ ਤੋਂ ਰੋਕਥਾਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਗ਼ਾਂ ਵਿਚ ਬਿਮਾਰੀ ਕਾਰਨ ਡਿੱਗੇ ਫਲ ਜਾਂ ਦਰੱਖਤਾਂ ਉਤੇ ਲਟਕਦੇ ਬਿਮਾਰੀ-ਗ੍ਰਸਤ ਫਲਾਂ ਨੂੰ ਤੋੜ ਕੇ ਜ਼ਮੀਨ ਵਿਚ ਟੋਏ ਪੁੱਟ ਕੇ ਦੱਬ ਦਿਓ ਜਾਂ ਸਾੜ ਦਿਓ। ਇਨ੍ਹਾਂ ਤੋਂ ਵੀ ਕੇਰ ਰੋਗ ਬਹੁਤ ਜ਼ਿਆਦਾ ਫੈਲਦਾ ਹੈ।
ਬਾਗ਼ਾਂ ਨੂੰ ਜ਼ਿਆਦਾ ਅਤੇ ਡੂੰਘਾ ਨਾ ਵਾਹੋ, ਕਿਉਂਕਿ ਜ਼ਿਆਦਾ ਵਹੁਣ ਅਤੇ ਡੂੰਘਾ ਵਾਹੁਣ ਨਾਲ ਬੂਟਿਆਂ ਦੀਆਂ ਜੜ੍ਹਾਂ ਨੁਕਸਾਨੀਆਂ ਜਾਂਦੀਆਂ ਹਨ ਅਤੇ ਬੂਟਿਆਂ ਦੀ ਬਹੁਤੀ ਊਰਜਾ ਮੁੜ ਜੜ੍ਹਾਂ ਦੇ ਵਾਧੇ ਉਤੇ ਖਪਤ ਹੁੰਦੀ ਰਹਿੰਦੀ ਹੈ ਅਤੇ ਇਸ ਨਾਲ ਜ਼ਮੀਨ ਵਿਚੋਂ ਲੱਗਣ ਵਾਲੀਆਂ ਬਿਮਾਰੀਆਂ ਵਿਚ ਵੀ ਵਾਧਾ ਹੁੰਦਾ ਹੈ । ਕਿਉਂਕਿ ਨਿੰਬੂ ਜਾਤੀ ਦੇ ਬੂਟਿਆਂ ਦੀਆਂ ਜ਼ਿਆਦਾਤਰ ਖੁਰਾਕ ਅਤੇ ਪਾਣੀ ਲੈਣ ਵਾਲੀਆਂ ਜੜ੍ਹਾਂ ਜ਼ਮੀਨ ਦੀ ਉਪਰੀ ਇੱਕ ਫ਼ੁੱਟ ਸਤਹਿ ਵਿਚ ਹੀ ਹੁੰਦੀਆਂ ਹਨ ਇਸ ਲਈ ਬੂਟਿਆਂ ਦੀ ਡੂੰਘੀ ਵਹਾਈ ਨਹੀਂ ਕਰਨੀ ਚਾਹੀਦੀ। ਬਾਗ਼ਾਂ ਵਿਚ ਸਰਬਪੱਖੀ ਤਰੀਕੇ ਨਾਲ ਨਦੀਨਾ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਸਾਲ ਵਿਚ ਇਕ ਦੋ ਵਾਰ ਰੋਟਾਵੇਟਰ ਨਾਲ ਵਹਾਈ ਕਰਕੇ, ਇਕ ਦੋ ਵਾਰ ਸਿਫ਼ਾਰਿਸ਼-ਸ਼ੁਦਾ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਕੇ ਜਾਂ ਮੋਅਰ ਜਾਂ ਕਰਚੇ ਕੱਟਣ ਵਾਲੀ ਮਸ਼ੀਨ ਨਾਲ ਕਟਾਈ ਕਰਕੇ ਨਦੀਨਾ ਨੂੰ ਕਾਬੂ ਰੱਖਿਆ ਜਾ ਸਕਦਾ ਹੈ ।
ਬੂਟਿਆਂ ਨੂੰ ਜ਼ਮੀਨ ਵਿਚ ਵੱਤਰ ਬਣਾਈ ਰੱਖਣ ਲਈ ਲੋੜ ਅਨੁਸਾਰ ਪਾਣੀ ਦਿਓ। ਜ਼ਿਆਦਾ ਜਾਂ ਘੱਟ ਪਾਣੀ ਵੀ ਇਸ ਰੋਗ ਦੇ ਹਮਲੇ ਨੂੰ ਵਧਣ ਵਿਚ ਬਹੁਤ ਮਦਦ ਕਰਦਾ ਹੈ। ਨਿੰਬੂ ਜਾਤੀ ਦੇ ਬਾਗ਼ਾਂ ਨੂੰ ਹਮੇਸ਼ਾ ਹਲਕੇ ਪਾਣੀ ਦੇਣ ਦੀ ਜ਼ਰੂਰਤ ਹੁੰਦੀ ਹੈ । ਪਰ ਜੇਕਰ ਬਾਗ਼ ਵਾਲੀ ਜ਼ਮੀਨ ਦੀ ਜ਼ਿਆਦਾ ਵਹਾਈ ਕੀਤੀ ਗਈ ਹੈ ਤਾਂ ਪਾਣੀ ਵੀ ਬਹੁਤ ਜ਼ਿਆਦਾ ਮਾਤਰਾ ਵਿਚ ਲੱਗਦਾ ਹੈ ਜੋ ਕਿ ਨਾ ਸਿਰਫ਼ ਫਲਾਂ ਦੇ ਕੇਰੇ ਦਾ ਕਾਰਨ ਬਣਦਾ ਹੈ, ਸਗੋਂ ਜੜ੍ਹਾਂ ਗਲਣ ਅਤੇ ਗੂੰਦੀਆ ਰੋਗ ਨੂੰ ਵੀ ਵਧਾਉਂਦਾ ਹੈ । ਇਸ ਲਈ ਬਾਗ਼ਾਂ ਦੀ ਘੱਟ ਤੋਂ ਘੱਟ ਵਹਾਈ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਹਲਕੇ ਪਾਣੀ ਹੀ ਦੇਣੇ ਚਾਹੀਦੇ ਹਨ। ਕਿੰਨੂ ਦੇ ਫਲ ਦੇ ਕੇਰੇ ਦੀ ਸੰਪੂਰਨ ਰੋਕਥਾਮ ਲਈ ਜ਼ੀਰਮ 27 ਐਸ. ਸੀ. (1250 ਮਿ.ਲੀ.) + 5 ਗ੍ਰਾਮ 2,4-ਡੀ (ਸੋਡੀਅਮ ਸਾਲਟ ਹੋਰਟੀਕਲਚਰ ਗਰੇਡ) ਜਾਂ ਪ੍ਰੌਪੀਕੋਨਾਜ਼ੋਲ 25 ਈ. ਸੀ. (500 ਮਿ. ਲੀ.) + 5 ਗ੍ਰਾਮ 2,4-ਡੀ ਜਾਂ ਬਾਵਿਸਟਨ 50 ਡਬਲਯੂ. ਪੀ. (500 ਗ੍ਰਾਮ) +5 ਗ੍ਰਾਮ 2,4 ਡੀ. ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰੋ ਅਤੇ ਇਸ ਤੋਂ ਇਲਾਵਾ ਇਕੱਲੀ ਜ਼ੀਰਮ 27 ਐਸ. ਸੀ. (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਈ. ਸੀ. (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ. ਪੀ. (500 ਗ੍ਰਾਮ) ਦੇ ਛਿੜਕਾਅ ਅਖੀਰ ਜੁਲਾਈ ਅਤੇ ਅਖੀਰ ਸਤੰਬਰ ਦੇ ਮਹੀਨੇ ਹੋਰ ਕਰੋ। ਜੇਕਰ ਬਾਗ਼ ਵਿਚ ਕੋਈ ਚੌੜੇ ਪੱਤਿਆਂ ਵਾਲੀ ਫ਼ਸਲ ਬੀਜੀ ਗਈ ਹੋਵੇ ਜਾਂ ਨਾਲ ਦੇ ਖੇਤਾਂ ਵਿਚ ਕਪਾਹ ਜਾਂ ਹੋਰ ਕੋਈ ਅਜਿਹੀ ਫ਼ਸਲ ਬੀਜੀ ਹੋਵੇ ਤਾਂ 2,4-ਡੀ ਦੀ ਬਿਲਕੁਲ ਵਰਤੋਂ ਨਾ ਕਰੋ, ਬਲਕਿ ਇਸ ਦੀ ਥਾਂ 'ਤੇ 10 ਗ੍ਰਾਮ ਪ੍ਰਤੀ 500 ਲੀਟਰ ਪਾਣੀ ਜੀ.ਏ-3 (ਜਿਬਰੈਲਿਕ ਐਸਿਡ) ਦੀ ਵਰਤਂੋ ਕਰੋ। ਬਾਗ਼ਾਂ ਨੂੰ ਹਰ ਸਾਲ ਇਕਸਾਰ ਫਲ ਨਹੀਂ ਅਉਂਦਾ ਕਈ ਵਾਰ ਬਹੁਤ ਜ਼ਿਆਦਾ ਫਲ ਲੱਗਣ ਨਾਲ ਵੀ ਕੇਰ ਦੀ ਸਮੱਸਿਆ ਵੱਧ ਜਾਂਦੀ ਹੈ, ਇਸ ਲਈ ਬੂਟਿਆਂ ਉਪਰ ਫਲਾਂ ਦੀ ਸੰਖਿਆ ਨਿਯਮਿਤ ਕੀਤੀ ਜਾ ਸਕਦੀ ਹੈ ਤਾਂ ਕਿ ਹਰ ਸਾਲ ਬੂਟਿਆਂ ਨੂੰ ਇਕਸਾਰ ਤੇ ਔਸਤਨ ਫਲ ਲੱਗੇ ।
ਬੂਟਿਆਂ ਨੂੰ ਲਗਾਤਾਰ ਰਸ ਚੂਸਣ ਵਾਲੇ ਕੀੜਿਆਂ ਤੋਂ ਮੁਕਤ ਰੱਖੋ। ਕਿਉਂਕਿ ਇਹ ਪੱਤਿਆਂ ਦਾ ਰਸ ਚੂਸ ਕੇ ਇਨ੍ਹਾਂ ਨੂੰ ਕਮਜ਼ੋਰ ਕਰਦੇ ਹਨ। ਮਿਲੀ ਬੱਗ ਨੂੰ ਵੀ ਕਾਬੂ ਵਿਚ ਰੱਖੋ, ਕਿਉਂਕਿ ਇਹ ਬੂਟਿਆਂ ਦੀਆਂ ਲਗਰਾਂ ਵਿਚੋਂ ਖੁਰਾਕ ਲੈ ਕੇ ਉਨ੍ਹਾਂ ਨੂੰ ਕਮਜ਼ੋਰ ਕਰਦੀ ਹੈ ਅਤੇ ਬੂਟਿਆਂ ਦੀਆਂ ਨਵੀਆਂ ਟਹਿਣੀਆਂ ਅਤੇ ਫਲਾਂ ਦੀਆਂ ਡੰਡੀਆਂ ਨੁੰ ਨੁਕਸਾਨ ਕਰਕੇ ਕੇਰੇ ਦੇ ਵਾਧੇ ਵਿਚ ਯੋਗਦਾਨ ਪਾਉਂਦੀਆਂ ਹਨ ।
ਤੇਜ਼ ਅਤੇ ਗਰਮ ਹਵਾਵਾਂ, ਜ਼ਿਆਦਾ ਸਰਦੀ ਜਾਂ ਕੋਹਰੇ, ਹਨੇਰੀਆਂ-ਝੱਖੜਾਂ ਨਾਲ ਹੋਣ ਵਾਲੇ ਕੇਰੇ ਨੂੰ ਰੋਕਣ ਲਈ ਬਾਗ਼ਾਂ ਦੁਆਲੇ ਉੱਚੇ ਦਰੱਖਤਾਂ ਦੀ ਵਾੜ ਬਣਾ ਦੇਣੀ ਚਾਹੀਦੀ ਹੈ। ਵਾੜ ਬਣਾਉਣ ਲਈ ਸਫ਼ੈਦਾ, ਜਾਮਣ, ਅਰਜੁਨ, ਟਾਹਲੀ ਵਰਗੇ ਦਰੱਖਤ ਲਗਾਏ ਜਾ ਸਕਦੇ ਹਨ। ਇਸ ਨੂੰ ਜ਼ਿਆਦਾ ਸੰਘਣਾ ਬਣਾਉਣ ਲਈ ਇਨ੍ਹਾਂ ਦਰੱਖਤਾਂ ਵਿਚਕਾਰ ਝਾੜੀਆਂ ਲਗਾਈਆਂ ਜਾ ਸਕਦੀਆਂ ਹਨ। (ਸਮਾਪਤ)


-ਸੰਦੀਪ ਰਹੇਜਾ, ਜੇ. ਐਸ. ਬਰਾੜ ਅਤੇ ਪੀ. ਕੇ. ਅਰੋੜਾ
ਸੰਦੀਪ ਰਹੇਜਾ: 81462-21600


ਖ਼ਬਰ ਸ਼ੇਅਰ ਕਰੋ

ਆਰਥਿਕਤਾ ਦੀ ਮਜ਼ਬੂਤੀ ਲਈ ਬਾਗ਼ਬਾਨੀ ਦਾ ਮਹੱਤਵ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਫਲਦਾਰ ਬੂਟਿਆਂ ਦੀ ਚੋਣ ਅਤੇ ਖ਼ਰੀਦ: ਇਸ ਮੌਸਮ ਵਿਚ ਵੱਖ-ਵੱਖ ਸਦਾਬਹਾਰੀ ਫਲਦਾਰ ਬੂਟਿਆਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੱਖ-ਵੱਖ ਕਿਸਮਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਸੰਤਰੇ ਵਿਚ ਪੀ. ਏ. ਯੂ. ਕਿੰਨੂ-1, ਡੇਜ਼ੀ, ਡਬਲਿਯੂ ਮਰਕਟ, ਕਿਨੂੰ, ਦੇਸੀ; ਮਾਲਟਾ ਵਿਚ, ਅਰਲੀ ਗੋਲਡ, ਵਲੈਨਸੀਆ, ਮੁਸੰਮੀ, ਜਾਫ਼ਾ, ਬਲੱਡ ਰੈੱਡ; ਗਰੇਪਫ਼ਰੂਟ ਵਿਚ ਸਟਾਰ ਰੂਬੀ, ਰੈਡਬਲੱਸ਼, ਮਾਰਸ਼ ਸੀਡਲੈੱਸ, ਡੰਕਨ, ਫੋਸਟਰ; ਲੈਮਨ ਵਿਚ ਪੰਜਾਬ ਬਾਰਾਮਾਸੀ ਨਿੰਬੂ, ਪੰਜਾਬ ਗਲਗਲ, ਪੀ ਏ ਯੂ ਬਾਰਾਮਾਸੀ ਨਿੰਬੂ-1, ਯੂਰੇਕਾ; ਨਿੰਬੂ ਵਿਚ ਕਾਗਜ਼ੀ; ਮਿੱਠਾ ਵਿਚ ਦੇਸੀ ; ਅਮਰੂਦ ਵਿਚ, ਪੰਜਾਬ ਕਿਰਨ, ਪੰਜਾਬ ਸਫ਼ੇਦਾ, ਸ਼ਵੇਤਾ, ਪੰਜਾਬ-ਪਿੰਕ, ਅਰਕਾ ਅਮੁੱਲਿਆ, ਸਰਦਾਰ, ਅਲਾਹਾਬਾਦ ਸਫ਼ੈਦਾ ;ਅੰਬ ਵਿਚ ਅਲਫ਼ੈਂਜ਼ੋ, ਦੁਸਹਿਰੀ, ਲੰਗੜਾ, ਗੰਗੀਆਂ ਸੰਧੂਰੀ, ਜੀ ਐਨ-1, ਜੀ ਐਨ-2, ਜੀ ਐਨ-3, ਜੀ ਐਨ-4, ਜੀ ਐਨ-5, ਜੀ ਐਨ-6, ਜੀ ਐਨ-7; ਬੇਰ ਵਿਚ ਵਲੈਤੀ, ਉਮਰਾਨ, ਸਨੌਰ-2;ਲੀਚੀ ਵਿਚ ਦੇਹਰਾਦੂਨ, ਕਲਕੱਤੀਆ, ਸੀਡਲੈੱਸ ਲੇਟ; ਆਂਵਲਾ ਵਿਚ ਬਲਵੰਤ, ਨੀਲਮ, ਕੰਚਨ; ਚੀਕੂ ਵਿਚ ਕਾਲੀਪੱਤੀ, ਪਪੀਤਾ ਵਿਚ ਰੈੱਡ ਲੇਡੀ 786, ਪੰਜਾਬ ਸਵੀਟ, ਪੂਸਾ ਡਲੀਸ਼ੀਅਸ, ਪੂਸਾ ਡਵਾਰਫ਼, ਹਨੀਡਿੳ; ਲੁਕਾਠ ਵਿਚ ਕੈਲੇਫੋਰਨੀਆਂ ਐਡਵਾਂਸ , ਗੋਲਡਨ ਯੈਲੋ , ਪੇਲ ਯੈਲੋ, ਬਿੱਲ ਵਿਚ ਕਾਗਜ਼ੀ ਕਿਸਮਾਂ ਲਗਾਈਆਂ ਜਾ ਸਕਦੀਆਂ ਹਨ।
ਫਲਦਾਰ ਬੂਟਿਆਂ ਵਿਚਕਾਰ ਫਾਸਲਾ: ਫਲਦਾਰ ਬੂਟਿਆਂ ਵਿਚਕਾਰ ਸਹੀ ਫਾਸਲਾ ਜਿੱਥੇ ਧੁੱਪ ਅਤੇ ਹਵਾ ਦਾ ਵਧੀਆ ਨਿਕਾਸ ਕਰਦਾ ਹੈ ਉੱਥੇ ਹੀ ਬੂਟਿਆਂ ਦੀ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਦੇਣ ਦੀ ਸਮਰੱਥਾ ਨੂੰ ਵਧਾਉਦਾ ਹੈ। ਨਿੰਬੂ ਜਾਤੀ ਦੇ ਬੂਟਿਆਂ ਸਮੇਤ ਕਿੰਨੂ ਆਮ ਪ੍ਰਣਾਲੀ ਰਾਹੀਂ 6×6 ਮੀਟਰ (110 ਬੂਟੇ ਪ੍ਰਤੀ ਏਕੜ), ਕਿੰਨੂ ਸੰਘਣੀ ਪ੍ਰਣਾਲੀ ਰਾਹੀਂ 6×3 ਮੀਟਰ (220 ਬੂਟੇ ਪ੍ਰਤੀ ਏਕੜ), ਅਮਰੂਦ ਆਮ ਪ੍ਰਣਾਲੀ ਰਾਹੀਂ 6×6 ਮੀਟਰ (110 ਬੂਟੇ ਪ੍ਰਤੀ ਏਕੜ), ਅਮਰੂਦ ਸੰਘਣੀ ਪ੍ਰਣਾਲੀ ਰਾਹੀਂ 6×5 ਮੀਟਰ (132 ਬੂਟੇ ਪ੍ਰਤੀ ਏਕੜ), ਅੰਬ/ਚੀਕੂ 9×9 ਮੀਟਰ (49 ਬੂਟੇ ਪ੍ਰਤੀ ਏਕੜ), ਲੁਕਾਠ 6.5×6.5 ਮੀਟਰ (90 ਬੂਟੇ ਪ੍ਰਤੀ ਏਕੜ), ਬੇਰ/ਲੀਚੀ/ਆਂਵਲਾ 7.5×7.5 ਮੀਟਰ (72 ਬੂਟੇ ਪ੍ਰਤੀ ਏਕੜ) ਅਤੇ ਪਪੀਤਾ 1.5×1.5 ਮੀਟਰ (1760 ਬੂਟੇ ਪ੍ਰਤੀ ਏਕੜ) ਦਾ ਕਤਾਰਾਂ × ਬੂਟਿਆਂ ਦਾ ਫਾਸਲਾ ਰੱਖ ਕੇ ਲਗਾਉਣੇ ਚਾਹੀਦੇ ਹਨ।
ਨਵੇਂ ਲਗਾਏ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ: ਨਵੇਂ ਲਗਾਏ ਬੂਟਿਆਂ ਨੂੰ ਸਿੱਧੇ ਰੱਖਣ ਲਈ ਸੋਟੀ ਦਾ ਸਹਾਰਾ ਦਿਉ । ਬੂਟਿਆਂ ਨੂੰ ਲੋੜ ਅਨੁਸਾਰ ਥੋੜੇ-ਥੋੜੇ ਅੰਤਰਾਲ ਤੇ ਪਾਣੀ ਲਗਾਉ। ਪਰ ਇਨ੍ਹਾਂ ਨੂੰ ਜਿਆਦਾ ਮਾਤਰਾ ਵਿਚ ਪਾਣੀ ਨਾ ਲਗਾਉ। ਬੂਟਿਆਂ ਦੀ ਜੜ੍ਹ ਤੋਂ ਫੁੱਟਣ ਵਾਲੀਆਂ ਟਹਿਣੀਆਂ ਅਤੇ ਸੁੱਕੀਆਂ ਅਤੇ ਰੋਗੀ ਟਹਿਣੀਆਂ ਨੂੰ ਸਮੇਂ-ਸਮੇਂ ਸਿਰ ਕੱਟਦੇ ਰਹੋ। ਗਰਮੀ ਅਤੇ ਸਰਦੀ ਦੇ ਮਾੜੇ ਅਸਰ ਤੋਂ ਇਨ੍ਹਾਂ ਦਾ ਬਚਾਅ ਕਰੋ। ਜੇਕਰ ਬੂਟਿਆਂ ਨੂੰ ਸਿਉਂਕ ਦਾ ਹਮਲਾ ਹੋਣ ਲੱਗੇ ਤਾਂ ਇਨ੍ਹਾਂ ਨੂੰ ਅੱਧਾ ਲਿਟਰ ਕਲੋਰੋਪਾਇਰੀਫ਼ਾਸ 20 ਈ ਸੀ ਪ੍ਰਤੀ ਏਕੜ ਦੇ ਹਿਸਾਬ ਪਾ ਦਿਉ ਅਤੇ ਬਾਅਦ ਵਿਚ ਹਲਕਾ ਜਿਹਾ ਪਾਣੀ ਲਾ ਦਿਉ। ਇਨ੍ਹਾਂ ਬੂਟਿਆਂ ਦੇ ਵਧੀਆ ਵਾਧੇ ਅਤੇ ਵਿਕਾਸ ਲਈ ਦੋ ਸਾਲ ਦੀ ਉਮਰ ਤੋਂ ਬਾਅਦ ਸਿਫ਼ਾਰਸ਼ ਕੀਤੀਆਂ ਖਾਦਾਂ ਪਾਉ ਤਾਂ ਜੋ ਇਨ੍ਹਾਂ ਤੋਂ ਚੰਗਾ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਪੈਦਾ ਕੀਤੇ ਜਾ ਸਕਣ। ਜਦੋਂ ਤੱਕ ਇਹ ਬੂਟੇ ਫਲ ਦੇਣ ਨਹੀਂ ਲੱਗਦੇ, ਉਦੋਂ ਤੱਕ ਆਮਦਨ ਲੈਣ ਲਈ ਬਾਗ਼ ਵਿਚ ਫਲੀਦਾਰ ਅੰਤਰ ਫ਼ਸਲਾਂ ਲਗਾਈਆਂ ਜਾ ਸਕਦੀਆਂ ਹਨ। ਅੰਬ ਅਤੇ ਲੀਚੀ ਦੇ ਬੂਟਿਆਂ ਨੂੰ ਫਲ ਦੇਰ ਨਾਲ ਲੱਗਣਾ ਸ਼ੁਰੂ ਹੁੰਦਾ ਹੈ, ਇਸ ਲਈ ਇਨ੍ਹਾਂ ਦੇ ਬਾਗ਼ਾਂ ਵਿਚ ਆੜੂ, ਅਲੂਚਾ, ਅਮਰੂਦ, ਕਿੰਨੂ ਜਾਂ ਪਪੀਤੇ ਦੇ ਬੂਟੇ ਪੂਰਕਾਂ ਵੱਜੋਂ ਲਗਾਏ ਜਾ ਸਕਦੇ ਹਨ। ਪਰ ਇਹ ਧਿਆਨ ਵਿਚ ਰੱਖੋ ਕਿ ਇਨ੍ਹਾਂ ਫ਼ਸਲਾਂ ਲਈ ਪਾਣੀ ਅਤੇ ਖਾਦ ਦਾ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ।
ਹਵਾ ਰੋਕੂ ਵਾੜ ਲਗਾਉਣਾ: ਬਾਗ਼ ਨੂੰ ਗਰਮ ਅਤੇ ਸਰਦ ਹਵਾਵਾਂ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨਾ, ਜਾਮਨ, ਅੰਬ, ਸ਼ਹਿਤੂਤ ਆਦਿ ਬੂਟਿਆਂ ਦੀ ਵਾੜ ਲਗਾਉ। ਇਨ੍ਹਾਂ ਹਵਾ ਰੋਕੂ ਵਾੜ ਦੇ ਤੌਰ 'ਤੇ ਲਗਾਏ ਗਏ ਦਰੱਖ਼ਤਾਂ ਦੇ ਵਿਚਕਾਰ ਬੋਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਬੂਟਿਆਂ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਨਿੰਬੂ ਜਾਤੀ ਦੇ ਬਾਗ਼ਾਂ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ ਹੈ। (ਸਮਾਪਤ)


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।

ਕਣਕ ਦੀ ਬਿਜਾਈ ਸਿਰ 'ਤੇ ਹੈ

ਸਰਕਾਰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਧਿਆਨ ਦੇਵੇ

ਹੋਰ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਝੋਨੇ ਦੀ ਫਸਲ ਕਿਸਾਨਾਂ ਨੂੰ ਵਧੇਰੇ ਲਾਭਦਾਇਕ ਰਹੀ ਹੈ। ਇਸੇ ਕਾਰਨ ਸਬਜ਼ ਇਨਕਲਾਬ ਤੋਂ ਬਾਅਦ ਝੋਨੇ ਦੀ ਕਾਸ਼ਤ ਥੱਲੇ ਰਕਬੇ 'ਚ ਨਿਰੰਤਰ ਵਾਧਾ ਹੁੰਦਾ ਗਿਆ। ਜੋ ਅੱਜ 30 ਲੱਖ ਹੈਕਟੇਅਰ ਤੱਕ ਪਹੁੰਚ ਗਿਆ, ਹਾਲਾਂਕਿ ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ, ਕੇਂਦਰ ਦੀ ਸਭ ਰਾਜਾਂ ਨਾਲੋਂ ਵੱਧ ਖ਼ਰੀਦ ਪੰਜਾਬ ਤੋਂ ਹੀ ਕੀਤੀ ਜਾਂਦੀ ਹੈ। ਇਸ ਵਾਰ ਐਫ.ਸੀ.ਆਈ. ਵਲੋਂ ਖ਼ਰੀਦੇੇ ਗਏ ਕੁੱਲ ਝੋਨੇ ਦਾ 51 ਫ਼ੀਸਦੀ ਤੱਕ ਪੰਜਾਬ ਤੋਂ ਹੀ ਖ਼ਰੀਦਿਆ ਗਿਆ। ਪਿਛਲੇ ਸਾਲ 375 ਲੱਖ ਮੀਟ੍ਰਿਕ ਟਨ ਦੀ ਸਰਕਾਰੀ ਖ਼ਰੀਦ ਹੋਈ, ਜਿਸ ਵਿਚੋਂ 192.17 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਕੀਤੀ ਗਈ।
ਭਾਵੇਂ ਪਿੱਛੇ ਵੀ ਕਿਸੇ ਸਾਲ ਸੋਕੇ ਕਾਰਨ ਅਤੇ ਕਿਸੇ ਸਾਲ ਕੁਦਰਤੀ ਆਫ਼ਤਾਂ ਤੇ ਬੇਮੌਸਮੀ ਬਾਰਸ਼, ਝੱਖੜਾਂ ਕਾਰਨ ਫ਼ਸਲ ਦਾ ਨੁਕਸਾਨ ਵੀ ਹੋਇਆ, ਪਰ ਇਸ ਸਾਲ ਕਿਸਾਨਾਂ ਨੂੰ ਅਣ-ਸੰਭਾਵਿਤ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ। ਦੇਰੀ ਨਾਲ ਸਤੰਬਰ 'ਚ ਹੋਈਆਂ ਬੇਮੌਸਮੀ ਬਾਰਿਸ਼ਾਂ ਨੇ ਖੜ੍ਹੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ, ਜਦੋਂ ਕਿ ਬਿਜਾਈ ਤੋਂ ਬਾਅਦ ਜੂਨ-ਜੁਲਾਈ 'ਚ ਫ਼ਸਲ ਨੂੰ ਸਿੰਜਾਈ ਦੀ ਵਿਸ਼ੇਸ਼ ਲੋੜ ਹੁੰਦੀ ਹੈ, ਕਈ ਇਲਾਕੇ ਬਾਰਿਸ਼ ਤੋਂ ਸੱਖਣੇ ਰਹੇ। ਇਸ ਸਮੇਂ ਨਹਿਰਬੰਦੀ ਵੀ ਸੀ ਅਤੇ ਪਾਣੀ ਦੀ ਸਤਹ ਥੱਲੇ ਜਾਣ ਕਾਰਨ ਟਿਊਬਵੈੱਲਾਂ 'ਚ ਵੀ ਪਾਣੀ ਦਾ ਡਿਸਚਾਰਜ ਘੱਟ ਰਿਹਾ, ਜਿਸ ਕਾਰਨ ਫ਼ਸਲ ਪ੍ਰਭਾਵਿਤ ਹੋਈ।
ਮੰਡੀਕਰਨ 'ਚ ਵੀ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ, ਕਿਉਂਕਿ ਮੌਸਮ ਰਾਤ ਨੂੰ ਠੰਢਾ ਹੋਣ ਕਾਰਨ ਨਮੀ ਖੁਸ਼ਕ ਹੋ ਕੇ 17 ਫੀਸਦੀ 'ਤੇ ਨਹੀਂ ਆ ਰਹੀ ਜਦੋਂ ਕਿ ਸਰਕਾਰੀ ਖ਼ਰੀਦ ਏਜੰਸੀਆਂ ਇਸ ਨਮੀ ਦੀ ਸੀਮਾ ਵਿਚ ਕੋਈ ਢਿੱਲ ਨਹੀਂ ਦੇ ਰਹੀਆਂ। ਇਸ ਸਾਲ ਝੋਨੇ ਦੀ ਫ਼ਸਲ ਨੂੰ ਬਹੁਤ ਥਾਵਾਂ 'ਤੇ ਗੋਭ ਦੀ ਸੁੰਡੀ, ਪੱਤਾ ਲਪੇਟ, ਤਨੇ ਦੀ ਸੁੰਡੀ, ਭੁਰੜ (ਬਲਾਸਟ), ਫੁੱਟ ਰੋਗ, ਗਰਦਨ ਮਰੌੜ, ਝੂੱਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ, ਲੀਫ ਬਲਾਈਟ ਤੇ ਬਲਾਈਟ ਆਦਿ ਜਿਹੀਆਂ ਬਿਮਾਰੀਆਂ ਦਾ ਹਮਲਾ ਹੋਣ ਕਾਰਨ ਕਿਸਾਨਾਂ ਨੂੰ ਮਹਿੰਗੇ-ਮਹਿੰਗੇ ਰਸਾਇਣਾਂ ਤੇ ਜ਼ਹਿਰਾਂ ਦੇ ਸਪਰੇਅ ਕਰਨੇ ਪਏ। ਕਈ ਸਸਤੀਆਂ ਦਵਾਈਆਂ ਦੀ ਵਿਕਰੀ 'ਤੇ ਰੋਕ ਲੱਗਣ ਕਾਰਨ ਉਨ੍ਹਾਂ ਨੂੰ ਮਹਿੰਗੇ ਰਸਾਇਣ ਹੀ ਉਪਲਬਧ ਸਨ। ਖਰਚਿਆਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਵਲੋਂ 180 ਰੁਪਏ ਪ੍ਰਤੀ ਕੁਇੰਟਲ (ਪੰਜਾਬ ਲਈ) ਕੀਮਤ 'ਚ ਕੀਤਾ ਗਿਆ ਵਾਧਾ ਅਤਿ ਨਾਕਾਫੀ ਹੈ, ਜੋ ਵਧੇ ਖਰਚਿਆਂ ਦੀ ਪੂਰਤੀ ਵੀ ਨਹੀਂ ਕਰਦਾ। ਪਿਛਲੇ ਸਾਲਾਂ ਦੌਰਾਨ ਚਲਦੀ ਆਈ ਅੱਗ ਲਾਉਣ ਦੀ ਪ੍ਰਥਾ ਨਾਲ ਤਾਂ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਕਣਕ ਦੀ ਬਿਜਾਈ ਲਈ ਤੁਰੰਤ ਤਿਆਰ ਹੋ ਜਾਂਦੇ ਸਨ, ਜੋ ਹੁਣ ਸੰਭਵ ਨਹੀਂ। ਸਰਕਾਰ ਵਲੋਂ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਅਤੇ ਕੰਬਾਈਨਾਂ ਤੇ ਸੁਪਰ ਐਸ.ਐਮ.ਐਸ. ਲਾਉਣ ਦੇ ਹੁਕਮ ਆਮ ਕਿਸਾਨਾਂ ਨੂੰ ਸਹਾਈ ਨਹੀਂ ਹੋ ਰਹੇ ਅਤੇ ਨਾ ਹੀ ਹੈਪੀ ਸੀਡਰ ਤੇ ਸੁਪਰ ਐਸ.ਐਮ.ਐਸ. ਕੰਬਾਈਨਾਂ ਹਰ ਕਿਸਾਨ ਨੂੰ ਉਪਲਬਧ ਹਨ। ਬਿਨਾਂ ਸ਼ੱਕ ਹੀ ਇਹ ਸ਼ੁੱਧ ਵਾਤਾਵਰਨ ਅਤੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਦੀ ਰਹਿਨੁਮਾਈ 'ਚ ਚਲਾਈ ਗਈ ਮੁਹਿੰਮ ਵਜੋਂ ਅੱਗ ਲਾਉਣ ਦੀਆਂ ਘਟਨਾਵਾਂ 'ਚ ਪ੍ਰਭਾਵਸ਼ਾਲੀ ਕਮੀ ਆਈ ਹੈ, ਜਿਸ ਨਾਲ ਵਾਤਾਵਰਨ ਤੇ ਹਵਾ ਵਿਚ ਵੀ ਸ਼ੁੱਧਤਾ ਵਾਪਰੀ ਹੈ। ਕੁਝ ਕਿਸਾਨ ਸੰਸਥਾਵਾਂ ਦੇ ਆਗੂ ਤੇ ਕਿਸਾਨ ਅਜੇ ਵੀ ਇਹ ਕਹਿ ਰਹੇ ਹਨ ਕਿ ਉਹ ਮਜਬੂਰ ਹੋ ਕੇ ਪਰਾਲੀ ਨੂੰ ਅੱਗ ਲਗਾ ਕੇ ਹੀ ਕਣਕ ਲਈ ਖੇਤ ਤਿਆਰ ਕਰਨ ਵੱਲ ਤੁਰਨਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਪਰਾਲੀ ਦੇ ਫੂਸ ਨੂੰ ਜੋ ਵਾਹ ਕੇ ਜ਼ਮੀਨ ਵਿਚ ਜਜ਼ਬ ਹੋ ਕੇ ਗਲਦਾ ਨਹੀਂ, ਅੱਗ ਲਾਉਣ ਦੀ ਆਗਿਆ ਦੇ ਦੇਵੇ। ਇਸ ਨਾਲ ਨਾ ਤਾਂ ਬਹੁਤਾ ਧੂੰਆਂ ਹੋਵੇਗਾ ਅਤੇ ਨਾ ਹੀ ਜ਼ਮੀਨ ਦੇ ਤੱਤ ਖ਼ਤਮ ਹੋੋਣਗੇ। ਇਹ ਫੂਸ ਬੜੀ ਥੋੜ੍ਹੀ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਇਕੱਠਾ ਕਰਕੇ ਢੇਰ ਦੇ ਰੂਪ ਵਿਚ ਵੀ ਅੱਗ ਲਾਉਣੀ ਸੰਭਵ ਹੋਵੇਗੀ। ਅਜਿਹਾ ਕਰਨ ਉਪਰੰਤ ਕੋਈ ਕਿਸਾਨ ਸਾਰੇ ਖੇਤ ਦੀ ਪਰਾਲੀ ਨੂੰ ਅੱਗ ਨਹੀਂ ਲਾਏਗਾ ਅਤੇ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਵੇਗੀ।
ਇਸ ਸਾਲ ਜਿਨ੍ਹਾਂ ਕਿਸਾਨਾਂ ਨੇ ਬਾਸਮਤੀ ਕਿਸਮਾਂ ਦੀ ਕਾਸ਼ਤ ਕੀਤੀ ਹੈ, ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਹੈ। ਪੰਜਾਬ ਵਿਚ ਘਟ ਕੇ ਰਕਬਾ 5.46 ਲੱਖ ਹੈਕਟੇਅਰ 'ਤੇ ਤਾਂ ਜ਼ਰੂਰ ਆ ਗਿਆ ਪਰ ਕਿਸਾਨਾਂ ਨੂੰ ਪੂਸਾ ਬਾਸਮਤੀ 1509 ਦੀ 2800-3000 ਰੁਪਏ ਪ੍ਰਤੀ ਕੁਇੰਟਲ ਅਤੇ ਪੂਸਾ ਬਾਸਮਤੀ 1121 ਦੀ 3500-3600 ਰੁਪਏ ਪ੍ਰਤੀ ਕੁਇੰਟਲ ਮੰਡੀਆਂ 'ਚ ਕੀਮਤ ਮਿਲ ਰਹੀ ਹੈ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨਜ਼ ਦੇ ਪ੍ਰਧਾਨ ਸ੍ਰੀ ਵਿਜੇ ਸੇਤੀਆ ਅਨੁਸਾਰ ਯੂਰਪ ਤੇ ਅਮਰੀਕਾ ਨੂੰ ਛੱਡ ਕੇ ਦੂਜੇ ਮੁਲਕਾਂ ਨੂੰ ਦਾਣਿਆਂ ਵਿਚ ਮਿੱਥੀ ਸੀਮਾ ਤੋਂ ਵੱਧ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ ਦੀ ਵੀ ਕੋਈ ਸਮੱਸਿਆ ਦਰਪੇਸ਼ ਨਹੀਂ। ਇਰਾਕ, ਕਤਰ, ਖਾੜੀ ਆਦਿ ਹੋਰ ਮੁਲਕਾਂ ਨੂੰ ਬਾਸਮਤੀ ਦੀ ਬਰਾਮਦ ਹੋ ਰਹੀ ਹੈ। ਵਪਾਰੀਆਂ ਕੋਲ ਪਿਛਲੇ ਸਾਲਾਂ ਦੇ ਸਟਾਕ ਖਤਮ ਹਨ। ਭਾਰਤ ਦੀ ਬਾਸਮਤੀ ਦੀ ਮੰਗ ਵਿਦੇਸ਼ਾਂ 'ਚ ਵਧ ਰਹੀ ਹੈ। ਪਿਛਲੇ ਸਾਲ 40.60 ਲੱਖ ਮੀਟ੍ਰਿਕ ਟਨ ਦੇ ਕਰੀਬ ਬਾਸਮਤੀ ਬਰਾਮਦ ਕੀਤੀ ਗਈ ਸੀ, ਜਿਸ ਦੇ ਸਿੱਟੇ ਵਜੋਂ ਭਾਰਤ ਨੂੰ 26870 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਹੋਈ ਸੀ।
ਹੁਣ ਜਦੋਂ ਕਿਸਾਨ ਝੋਨੇ ਦੀ ਫ਼ਸਲ ਦੇ ਮੰਡੀਕਰਨ ਤੋਂ ਫਾਰਗ਼ ਹੋ ਰਹੇ ਹਨ, ਉਹ ਕਣਕ ਦੀ ਛੇਤੀ ਬਿਜਾਈ ਕਰਨ ਲਈ ਉਤਾਵਲੇ ਹਨ ਅਤੇ ਉਸ ਲਈ ਬੀਜ ਤੇ ਹੋਰ ਸਮੱਗਰੀ ਇਕੱਠੀ ਕਰ ਰਹੇ ਹਨ। ਛੋਟੇ ਕਿਸਾਨ ਸਰਕਾਰ ਵਲੋਂ ਸਬਸਿਡੀ 'ਤੇ 2875 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣ ਵਾਲੇ ਬੀਜ ਦੀ ਉਡੀਕ 'ਚ ਹਨ। ਜਦੋਂ ਕਿ ਖੇਤੀ ਮਾਹਿਰਾਂ ਅਨੁਸਾਰ ਹੁਣ ਤੋਂ 10 ਨਵੰਬਰ ਤੱਕ ਬੀਜੀ ਜਾਣ ਵਾਲੀ ਕਣਕ ਦਾ ਝਾੜ ਵਧੇਰੇ ਆਉਂਦਾ ਹੈ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 2.5 ਏਕੜ ਵਾਲੇ ਕਿਸਾਨਾਂ ਨੂੰ ਸਬਸਿਡੀ ਦਾ ਬੀਜ ਲੈਣ ਲਈ ਅਜੇ ਪਰਮਿਟ ਵੀ ਦੇਣਾ ਸ਼ੁਰੂ ਨਹੀਂ ਕੀਤੇ ਗਏ। ਛੋਟੇ ਕਿਸਾਨਾਂ ਨੂੰ ਬੀਜ ਦੀ ਪੂਰੀ ਕੀਮਤ ਅਦਾ ਕਰਨੀ ਪਵੇਗੀ। ਸਬਸਿਡੀ ਦੀ ਰਕਮ ਬਾਅਦ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਹੋਵੇਗੀ। ਭਾਵੇਂ ਕਈ ਕਿਸਾਨਾਂ ਦੇ ਖਾਤਿਆਂ 'ਚ ਅਜੇ ਤੱਕ ਪਿਛਲੇ ਸਾਲ ਦਿੱਤੀ ਗਈ ਸਬਸਿਡੀ ਦੀ ਰਕਮ ਵੀ ਨਹੀਂ ਪਈ। ਇਸ ਪ੍ਰਣਾਲੀ ਨੂੰ ਸਰਲ ਕਰਨ ਦੀ ਲੋੜ ਹੈ।
ਕਿਸਾਨ ਬੜੇ ਦੁਖਦਾਈ ਦੌਰ ਵਿਚੋਂ ਲੰਘ ਰਹੇ ਹਨ। ਖੇਤੀ ਖਰਚਿਆਂ ਵਿਚ ਅਸਹਿ ਇਜ਼ਾਫਾ ਹੋ ਗਿਆ ਹੈ। ਪਹਿਲਾਂ ਹੀ ਕਰਜ਼ਾਈ ਹੋਣ ਕਾਰਨ ਉਨ੍ਹਾਂ ਨੂੰ ਖੇਤੀ ਸਮੱਗਰੀ ਤੇ ਘਰੇਲੂ ਖਰਚੇ ਚਲਾਉਣ ਲਈ ਕਰਜ਼ਾ ਵੀ ਨਹੀਂ ਮਿਲ ਰਿਹਾ। ਸਰਕਾਰ ਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਨੂੰ ਕੇਂਦਰ ਤੋਂ ਅੰਨ ਸੁਰੱਖਿਆ ਲਈ ਆਈ ਰਕਮ ਤੇ ਹੋਰ ਸਬਸਿਡੀਆਂ, ਰਿਆਇਤਾਂ ਦੇਣ ਸਬੰਧੀ, ਲੋੜੀਂਦੇ ਕਿਸਾਨਾਂ ਤੱਕ ਲਾਭ ਪਹੁੰਚਾਉਣ ਲਈ ਸਰਲ ਵਿਧੀ ਤੇ ਢੰਗ ਅਪਣਾਉਣ ਦੀ ਲੋੜ ਹੈ।


-ਮੋਬਾਈਲ : 98152-36307

ਕਣਕ ਦੀ ਗੱਲ

ਕਣਕ ਕਿਵੇਂ ਬੀਜਣੀ ਹੈ, ਕਿਹੜੀ ਬੀਜਣੀ ਹੈ, ਕਦੋਂ ਬੀਜਣੀ ਹੈ? ਇਹ ਸਭ ਤੁਹਾਨੂੰ, ਬੀਜਾਂ ਵਾਲੇ ਜਾਂ ਖੇਤੀ ਮਹਿਕਮਾ ਦੱਸ ਦੇਵੇਗਾ। ਪਰ ਕਿਸੇ ਨਹੀਂ ਦੱਸਣਾ ਕਿ ਇਹ 10,000 ਘਾਹ ਦੀਆਂ ਹੀ ਕਿਸਮਾਂ 'ਚੋਂ ਹੀ ਹੈ। ਮੁੱਖ ਤੌਰ 'ਤੇ ਇਸ ਦੀਆਂ ਛੇ ਕਿਸਮਾਂ ਹੀ ਖਾਣ ਵਾਲੀਆਂ ਹਨ। ਸੰਸਾਰ ਵਿਚ ਮੱਕੀ ਪਹਿਲੇ ਨੰਬਰ ਦੀ ਫਸਲ ਹੈ ਤੇ ਕਣਕ ਦੂਜੇ ਨੰਬਰ ਤੇ 54 ਕਰੋੜ ਏਕੜ ਵਿਚ ਬੀਜੀ ਜਾਂਦੀ ਹੈ। ਇਸ ਦਾ ਇਤਿਹਾਸ 11000 ਸਾਲ ਪੁਰਾਣਾ ਹੈ। ਭਾਰਤ ਵਿਚ ਇਹ 8500 ਸਾਲ ਪਹਿਲੋਂ ਆਈ। ਇਸ ਦਾ ਮੂਲ ਤੁਰਕੀ ਕਿਹਾ ਜਾਂਦਾ ਹੈ । ਇਸ ਵਿਚ ਵਾਹਵਾ ਖੁਰਾਕੀ ਤੱਤ ਹੁੰਦੇ ਹਨ, ਪਰ ਤਾਂ, ਜੇ ਸਣੇ ਛਿਲਕੇ ਖਾਧੀ ਜਾਵੇ। ਬਿਨਾਂ ਛਿਲਕੇ ਵਾਲਾ ਆਟਾ (ਰੂਲੇ ਵਾਲਾ) ਦੇਖਣ ਨੂੰ ਸੋਹਣਾ ਤੇ ਸਵਾਦੀ ਹੁੰਦਾ ਹੈ, ਪਰ ਇਹ ਸਰੀਰ ਲਈ ਚੰਗਾ ਨਹੀਂ ਹੁੰਦਾ, ਕਈ ਬਿਮਾਰੀਆਂ ਤੇ ਅਲਰਜੀਆਂ ਨੂੰ ਜਨਮ ਦਿੰਦਾ ਹੈ। ਕਣਕ ਇਕ ਸਵੈ ਪਰਾਂਗਣ ਵਾਲੀ ਫਸਲ ਹੈ, ਇਸ ਲਈ ਇਸ ਦੇ ਹਾਈਬਰਡ ਬੀਜ ਬਣਾਉਣੇ ਬਹੁਤ ਹੀ ਮੁਸ਼ਕਿਲ ਹਨ। ਭਾਵੇਂ ਕਿ 2012 ਵਿਚ ਇਸ ਦੇ 96000 ਜੀਨ ਇੰਗਲੈਂਡ ਦੇ ਵਿਗਿਆਨੀਆਂ ਲੱਭ ਲਏ ਹਨ, ਪਰ ਉਨ੍ਹਾਂ ਨੂੰ ਬੀਜ ਸੋਧਣ ਲਈ ਵਰਤਣਾ, ਹਾਲੇ ਦੂਰ ਦੀ ਬਾਤ ਹੈ, ਇਸ ਲਈ ਹਾਲੇ ਸਾਨੂੰ ਸ਼ੁੱਧ ਕਣਕ ਨਾ ਮਿਲਣ ਦੇ ਅਸਾਰ ਘਟਦੇ ਨਜ਼ਰ ਨਹੀਂ ਆਉਂਦੇ। ਆਖਰ ਵਿਚ ਹੋਰ ਬਹੁਤ ਜਾਣਕਾਰੀਆਂ 'ਚੋਂ, ਅਹਿਮ ਹੈ ਕਿ ਬੀਜੀ ਹੋਈ ਕਣਕ ਦਾ ਸਭ ਤੋਂ ਵੱਧ ਨੁਕਸਾਨ ਚੂਹੇ ਤੇ ਲੰਬੀ ਪੂਛ ਵਾਲੀ ਕਾਲੀ ਚਿੜੀ ਕਰਦੇ ਹਨ, ਇਹ ਧਰਤੀ 'ਚੋਂ ਰਾਤ ਵੇਲੇ ਬੀਜ ਚੁਗ ਲੈਂਦੇ ਹਨ। ਚੂਹੇ ਕਿਵੇਂ ਭਜਾਉਣੇ ਹਨ ਤੁਹਾਨੂੰ ਪਤਾ ਹੀ ਹੈ, ਚਿੜੀ ਨੂੰ ਚਮਕਣੀਆਂ ਹਿਲਦੀਆਂ ਡੋਰੀਆਂ ਲਾ ਕੇ ਡਰਾਇਆ ਜਾ ਸਕਦਾ ਹੈ।


-ਮੋਬਾ: 98159-45018

ਕਣਕ ਦੀ ਬਿਜਾਈ ਕਰੋ ਕੱਤਕ ਮਹੀਨੇ

ਕਣਕ ਨੂੰ ਪੰਜਾਬ ਦੀ ਆਰਥਿਕਤਾ ਦਾ ਧੁਰਾ ਸਮਝਿਆ ਜਾਂਦਾ ਹੈ। ਹਾੜ੍ਹੀ ਵਿਚ ਕਾਸ਼ਤ ਹੇਠ ਕੁਲ ਰਕਬੇ ਵਿਚੋਂ ਲਗਭਗ 80 ਪ੍ਰਤੀਸ਼ਤ ਰਕਬੇ ਵਿਚ ਕਣਕ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿਚ ਕਣਕ ਦੀ ਖੇਤੀ ਕੋਈ 35 ਲੱਖ ਹੈਕਟਰ ਵਿਚ ਹੁੰਦੀ ਹੈ ਤੇ ਇਸ ਦੀ ਉਪਜ ਕੋਈ 180 ਲੱਖ ਟਨ ਹੁੰਦੀ ਹੈ। ਅਜਿਹਾ ਵੱਧ ਝਾੜ ਦੇਣ ਵਾਲੀਆਂ ਮਧਰੀਆਂ ਕਿਸਮਾਂ ਅਤੇ ਸਿੰਚਾਈ ਸਹੂਲਤਾਂ ਵਿਚ ਵਾਧੇ ਕਰਕੇ ਹੋਇਆ ਹੈ। ਕਣਕ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਕਤਕ ਮਹੀਨੇ ਨੂੰ ਕਣਕ ਦੀ ਬਿਜਾਈ ਲਈ ਉਤਮ ਮੰਨਿਆ ਗਿਆ ਹੈ।
ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋ ਰਹੇ ਹਨ ਉਥੇ ਕਣਕ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਖੇਤ ਵਿਚ ਪੂਰਾ ਵਤਰ ਹੈ ਅਤੇ ਨਦੀਨਾਂ ਦੀ ਸਮੱਸਿਆ ਨਹੀਂ ਹੈ ਤਾਂ ਕਣਕ ਦੀ ਬਿਜਾਈ ਬਿਨਾਂ ਖੇਤ ਦੀ ਵਹਾਈ ਕੀਤਿਆਂ ਜ਼ੀਰੋਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਐਚ. ਡੀ. 3086, ਡਬਲਯੂ. ਐਚ. 1105, ਐਚ. ਡੀ. 2967, ਪੀ. ਬੀ. ਡਬਲਯੂ. 621, ਪੀ. ਬੀ. ਡਬਲਯੂ. 550 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਡਬਲਯੂ. ਐਚ. ਡੀ. 943, ਪੀ. ਡੀ. ਡਬਲਯੂ. 291 ਕਣਕ ਦੀਆਂ ਕਿਸਮਾਂ ਹਨ। ਟੀ. ਐਲ. 2908 ਟ੍ਰੀਟੀਕੇਲ ਕਣਕ ਦੀ ਕਿਸਮ ਹੈ। ਪਿਛਲੇ ਸਾਲ ਤਿੰਨ ਨਵੀਆਂ ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਸਨ। ਕਈਆਂ ਸਾਲਾਂ ਤੋਂ ਕਾਸ਼ਤ ਕੀਤੀਆਂ ਜਾ ਰਹੀਆਂ ਕਿਸਮਾਂ ਪੀ. ਬੀ. ਡਬਲਯੂ. 343 ਅਤੇ ਪੀ. ਬੀ. ਡਲਬਯੂ. 550 ਵਿਚ ਕੁਝ ਕਮਜ਼ੋਰੀਆਂ ਆ ਗਈਆਂ ਸਨ। ਹੁਣ ਇਨ੍ਹਾਂ ਵਿਚ ਸੁਧਾਰ ਕਰਕੇ ਵਧੀਆ ਬਣਾਇਆ ਗਿਆ ਹੈ। ਇਸ ਵਾਰ ਉਨੱਤ ਪੀ. ਬੀ. ਡਬਲਯੂ. 343 ਦੀ ਬਿਜਾਈ ਕਰੋ। ਇਸ ਦਾ ਝਾੜ ਵੀ 23 ਕੁਇੰਟਲ ਤੋਂ ਵੱਧ ਹੈ। ਇਸ ਦੀ ਅਗੇਤੀ ਬਿਜਾਈ ਇਸ ਵਾਰ ਜ਼ਰੂਰ ਕਰੋ। ਉਨਤ ਪੀ. ਬੀ. ਡਬਲਯੂ .550 ਨਵੰਬਰ ਵਿਚ ਬਿਜਾਈ ਲਈ ਵਧੀਆ ਹੈ। ਇਕ ਹੋਰ ਨਵੀਂ ਕਿਸਮ ਜਿਸ ਵਿਚ ਜ਼ਿੰਕ ਦੀ ਮਾਤਰਾ ਵੱਧ ਹੈ। ਪੀ. ਬੀ. ਡਬਲਯੂ. ਜਿੰਕ 1 ਹੈ। ਕੁਝ ਰਕਬੇ ਵਿਚ ਇਸ ਦੀ ਵੀ ਬਿਜਾਈ ਕਰੋ। ਮੌਸਮ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਵੇਖਦਿਆਂ ਹੋਇਆਂ ਸਾਰੇ ਰਕਬੇ ਵਿਚ ਇਕ ਕਿਸਮ ਨਾ ਬੀਜੀ ਜਾਵੇ ਸਗੋਂ ਦੋ ਜਾਂ ਤਿੰਨ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।
ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਅੱਗ ਲਾਉਣਾ ਕਾਨੂੰਨੀ ਜੁਰਮ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਖਰਾਬ ਹੁੰਦੀ ਹੈ। ਜੇਕਰ ਕਣਕ ਦੀ ਵਾਢੀ ਕੰਬਾਈਨ ਨਾਲ ਕੀਤੀ ਹੈ ਅਤੇ ਖੇਤ ਵਿਚ ਠੀਕ ਨਮੀ ਹੈ ਤਾਂ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਖੇਤ ਵਿਚ ਖੜ੍ਹੀ ਪਰਾਲੀ ਨੂੰ ਪਰਾਲੀ ਕਟਣ ਵਾਲੀ ਮਸ਼ੀਨ ਨਾਲ ਕੱਟ ਕੇ ਖੇਤ ਵਿਚ ਖਿਲਾਰਿਆ ਜਾ ਸਕਦਾ ਹੈ। ਮੁੜ ਖੇਤ ਦੀ ਵਹਾਈ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਦੀ ਬਿਜਾਈ ਲਈ 40 ਕਿਲੋ ਬੀਜ ਦੀ ਲੋੜ ਪੈਂਦੀ ਹੈ। ਜੇਕਰ ਉੱਨਤ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਕਰਨੀ ਹੈ ਤਾਂ ਬੀਜ 45 ਕਿਲੋ ਪਾਉਣਾ ਚਾਹੀਦਾ ਹੈ। ਬੀਜ ਰੋਗ ਰਹਿਤ, ਸਾਫ਼ ਸੁਥਰਾ ਅਤੇ ਨਰੋਆ ਹੋਵੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਜ਼ਰੂਰ ਲਗਾ ਲਵੋ। ਇਸ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂ.ਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਜੇਕਰ ਦੋਪਾਸੀ ਬਿਜਾਈ ਕੀਤੀ ਜਾਵੇ ਤਾਂ ਝਾੜ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਜੇਕਰ ਬਿਜਾਈ ਵੱਟਾਂ ਉਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਝਾੜ ਵਿਚ ਵਾਧਾ ਹੁੰਦਾ ਹੈ।
ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਆਮ ਕਰਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 20 ਕਿਲੋ ਮੂਰੀਏਟ ਆਫ ਪੋਟਾਸ਼ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਨਾਲ ਸੁਪਰਫਾਸਫੇਟ ਅੱਧੀ ਪਾਉਣੀ ਪਵੇਗੀ। ਇਹ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ। ਅੱਧਾ ਯੂਰੀਆ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਸਮੇਂ ਪਾਵੇ। ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇਕਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ ਤਾਂ 44 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਅਤੇ ਏਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਇਕ ਗੋਡੀ ਕਰੋ। ਜੇਕਰ ਗੋਡੀ ਨਾ ਕੀਤੀ ਜਾ ਸਕਦੀ ਹੋਵੇ ਤਾਂ ਨਦੀਨਾਂ ਅਨੁਸਾਰ ਢੁਕਵੇਂ ਨਦੀਨ ਨਾਸ਼ਕਾਂ ਦੀ ਮਾਹਿਰਾਂ ਦੀਆਂ ਹਿਦਾਇਤਾਂ ਅਨੁਸਾਰ ਵਰਤੋਂ ਕਰੋ। ਜੇਕਰ ਬਿਜਾਈ ਪਿਛੇਤੀ ਹੋ ਜਾਵੇ ਤਾਂ ਪਿਛੇਤੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 658 ਅਤੇ ਪੀ ਬੀ ਡਬਲਯੂ 590 ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਇਹ ਪੱਕਣ ਵਿਚ ਕੋਈ 130 ਦਿਨ ਲੈਂਦੀਆਂ ਹਨ ਪਰ ਇਨ੍ਹਾਂ ਦਾ ਝਾੜ ਘਟ ਕੇ 17 ਕੁਇੰਟਲ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਦਸੰਬਰ ਦੇ ਅੱਧ ਪਿੱਛੋਂ ਕਣਕ ਨਹੀਂ ਬੀਜਣੀ ਚਾਹੀਦੀ ਕਿਉਂਕਿ ਪਿਛੇਤੀ ਬਿਜਾਈ ਦਾ ਝਾੜ ਬਹੁਤ ਘਟ ਜਾਂਦਾ ਹੈ। ਜੇਕਰ ਕੋਈ ਖੇਤ ਖਾਲੀ ਰਹਿ ਗਿਆ ਹੈ ਤਾਂ ਉਥੇ ਪਿਆਜ਼, ਆਲੂ, ਮੱਕੀ, ਸੂਰਜਮੁਖੀ ਜਾਂ ਮੈਂਥਾ ਬੀਜਿਆ ਜਾ ਸਕਦਾ ਹੈ। ਕਣਕ ਦਾ ਪੂਰਾ ਝਾੜ ਲੈਣ ਲਈ ਸਮੇਂ ਸਿਰ ਪਾਣੀ ਦੇਣਾ ਅਤੇ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਅਪ੍ਰੈਲ ਦੇ ਮਹੀਨੇ ਕਣਕ ਪੱਕ ਕੇ ਤਿਆਰ ਹੋ ਜਾਂਦੀ ਹੈ। ਜੇਕਰ ਕੰਬਾਈਨ ਨਾਲ ਵਾਢੀ ਕਰਨੀ ਹੈ ਤਾਂ ਖੇਤ ਵਿਚ ਖੜ੍ਹੇ ਨਾੜ ਨੂੰ ਸਾੜਿਆ ਨਾ ਜਾਵੇ ਸਗੋਂ ਇਸ ਦੀ ਤੂੜੀ ਬਣਾ ਲਈ ਜਾਵੇ। ਵਾਢੀ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਇਸ ਨਾਲ ਦਾਣੇ ਕਿਰਨ ਲਗ ਪੈਂਦੇ ਹਨ। ਘਰ ਰੱਖਣ ਵਾਲੀ ਕਣਕ ਨੂੰ ਸੁਕਾ ਕੇ ਰੱਖਿਆ ਜਾਵੇ। ਭੜੋਲੇ ਜਾਂ ਬੋਰੀਆਂ ਨੂੰ ਕੀਟ ਰਹਿਤ ਕਰਕੇ ਹੀ ਉਨ੍ਹਾਂ ਵਿਚ ਦਾਣੇ ਪਾਏ ਜਾਣ। ਕਣਕ ਤੋਂ ਪੂਰਾ ਝਾੜ ਲੈਣ ਲਈ ਸਿਫਾਰਸ਼ ਕੀਤੀ ਹੋਈ ਕਿਸਮ ਦਾ ਰੋਗ ਰਹਿਤ ਅਤੇ ਨਰੋਆ ਬੀਜ ਠੀਕ ਸਮੇਂ ਸਿਰ ਬੀਜਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਸੋਧ ਲਿਆ ਜਾਵੇ ਅਤੇ ਪੂਰਾ ਬੀਜ ਪਾਇਆ ਜਾਵੇ। ਬਿਜਾਈ ਸਮੇਂ ਖੇਤ ਵਿਚ ਪੂਰੀ ਨਮੀ ਹੋਣੀ ਚਾਹੀਦੀ ਹੈ। ਇੰਝ ਅਸੀਂ ਪੂਰਾ ਝਾੜ ਪ੍ਰਾਪਤ ਕਰ ਸਕਾਂਗੇ।


-ਮੋਬਾਈਲ : 94170-87328

ਪੰਜਾਬ ਦਾ ਪੁਰਾਣਾ ਸੱਭਿਆਚਾਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੱਗੇ ਜਾ ਕੇ ਰਾਹ ਵਿਚ ਫੁੱਫੜ ਜੀ ਦੇ ਨਾਨਕਿਆਂ ਦਾ ਪਿੰਡ ਆਉਂਦਾ ਸੀ, ਫੁੱਫੜ ਦੇ ਨਾਨਕੇ ਤੇ ਉਨ੍ਹਾਂ ਦਾ ਭਾਈਚਾਰਾ ਰਾਹ 'ਤੇ ਖੰਡ ਦੁੱਧ ਦਾ ਸ਼ਰਬਤ 'ਤੇ ਚਾਹ ਤਿਆਰ ਕਰਕੇ ਸਾਡੀ ਉਡੀਕ ਕਰ ਰਿਹਾ ਸੀ ਤੇ ਉਨ੍ਹਾਂ ਨੇ ਸਾਡੀ ਚੰਗੀ ਸੇਵਾ ਖਾਤਰ ਕਰਕੇ ਅੱਗੇ ਜਾਣ ਦਿੱਤਾ।
ਬਰਾਤ ਵਿਆਹ ਵਾਲੇ ਪਿੰਡ ਦੇ ਬਾਹਰ ਕੁਝ ਫਾਸਲੇ 'ਤੇ ਠਹਿਰ ਗਈ, ਵਾਜੇ ਵਾਲਿਆਂ ਨੇ ਵਾਜੇ 'ਚ ਫੂਕ ਮਾਰ ਕੇ ਬਰਾਤ ਦੇ ਪਹੁੰਚ ਜਾਣ ਦੀ ਸੂਚਨਾ ਅਗਲਿਆਂ ਨੂੰ ਦਿੱਤੀ, ਅਗਲੇ ਪਾਸਿਓਂ ਨਾਈ ਜਿਸ ਨੂੰ ਰਾਜਾ ਕਿਹਾ ਜਾਂਦਾ ਸੀ, ਨੇ ਹਰੀ ਟਹਿਣੀਂ ਫੜ ਕੇ ਫੁੱਫੜ ਜੀ ਨੂੰ ਵਧਾਈ ਦਿੱਤੀ। ਪਿੰਡ ਦੀ ਪੰਚਾਇਤ ਮਿਲਣੀਂ ਵਾਸਤੇ ਤਿਆਰ ਖੜ੍ਹੀ ਸੀ।
ਮਿਲਣੀਂ ਵਾਲੇ 'ਸਥਾਨ' ਤੇ ਅਸੀਂ ਪਹੁੰਚੇ ਤਾਂ ਅਗਲੇ ਪਾਸਿਓਂ ਢੋਲਕੀ ਛੈਣਿਆਂ ਵਾਲਿਆਂ ਨੇ 'ਹਮਘਰ ਸਾਜਨ ਆਏ' ਦੇ ਸ਼ਬਦ ਦਾ ਉਚਾਰਨ ਸ਼ੁਰੂ ਕਰ ਦਿੱਤਾ।
ਉਪਰੰਤ ਵਿਚੋਲੇ ਤੇ ਰਾਜੇ ਨੇ ਨਵੇਂ ਕੁੜਮਾਂ ਨੂੰ ਮਿਲਣੀਂ ਦੇ ਪਿੜ ਦੇ ਵਿਚਕਾਰ ਲੈ ਆਂਦਾ, ਕੁੜੀ ਦੇ ਪਿਉ ਨੇ ਫੁੱਫੜ ਜੀ ਦੇ ਗੋਡੀਂ ਹੱਥ ਲਾਇਆ ਤੇ ਰਾਜੇ ਨੇ ਪਰਾਤ 'ਚ ਰੱਖੀ ਪੱਗ ਫੁੱਫੜ ਜੀ ਨੂੰ ਭੇਟ ਕੀਤੀ, ਪਿਛੋਂ ਇਵੇਂ ਹੀ ਵਿਆਂਦੜ ਮੁੰਡੇ ਦੇ ਬਾਬੇ, ਤਾਏ ਤੇ ਮਾਮੇ ਦੀਆਂ ਪੱਗਾਂ ਨਾਲ ਮਿਲਣੀਆਂ-ਵਿਆਂਦੜ ਕੁੜੀ ਦੇ ਬਾਬੇ ਤਾਏ ਤੇ ਮਾਮੇ ਨੇ ਕੀਤੀਆਂ, ਰਾਜੇ ਨੇ ਇਕ ਥਾਲ ਵਿਚ ਖੰਡ ਲਿਆਂਦੀ ਤੇ ਸਭ ਸੱਜਣਾਂ ਨੇ ਥਾਲ 'ਚੋਂ ਇਕ-ਇਕ ਚੁਟਕੀ ਖੰਡ ਦੀ ਭਰ ਕੇ ਮੂੰਹ 'ਚ ਪਾਉਣ ਦਾ ਸ਼ਗਨ ਕੀਤਾ। ਕੁੜੀਆਂ-ਵਹੁਟੀਆਂ ਨੇ ਮਿਲਾਪ ਦੇ ਖੂਬਸੂਰਤ ਗੀਤ ਗਾਏ।
ਮਿਲਣੀਂ ਤੋਂ ਬਾਅਦ ਸਾਨੂੰ ਡੇਰੇ ਲਿਆਂਦਾ ਗਿਆ, ਇਥੇ ਸਾਡੇ ਲਈ ਮੰਜੇ ਬਿਸਤਰੇ ਇਕੱਠੇ ਕਰਕੇ ਰੱਖੇ ਹੋਏ ਸਨ, ਅਸੀਂ ਮਨਪਸੰਦ ਮੰਜੇ ਬਿਸਤਰੇ ਮੱਲ ਲਏ, ਵਿਆਹ ਵਾਲੇ ਘਰੋਂ ਪਿੰਡ ਦੇ ਮੁੰਡੇ ਵਲਟੋਹੀਆਂ ਵਿਚ ਬਰਾਤ ਲਈ ਦੁੱਧ ਖੰਡ ਦਾ ਰੂਹਕਿਊੜੇ ਰਲਿਆ ਸ਼ਰਬਤ ਤੇ ਚਾਹ ਪੀਣ ਵਾਲਿਆਂ ਲਈ ਚਾਹ ਲੈ ਆਏ, ਪਿੱਤਲ ਦੇ ਥਾਲਾਂ 'ਚ ਪਾ ਕੇ ਸਾਨੂੰ ਬਦਾਣਾ ਵੀ ਵਰਤਾਇਆ ਗਿਆ।
ਰਾਤ ਨੂੰ ਅਸੀਂ ਬਰਾਤ ਨਾਲ ਵਿਆਹ ਵਾਲੇ ਘਰ ਖਾਣਾ ਖਾਣ ਗਏ, ਬਰਾਤ ਸਾਡੀ ਦੀ ਬਹੁਤ ਲੰਮੀ ਕਤਾਰ ਸੀ, ਡੇਰੇ ਤੋਂ ਘਰ ਤੱਕ। ਘਰ ਚਿੱਟੇ ਕੋਰੇ ਵਿਛਾ ਕੇ ਪਿੱਤਲ ਦੇ ਝਮ ਝਮ ਕਰਦੇ ਥਾਲ ਸਾਡੇ ਅੱਗੇ ਰੱਖ ਦਿੱਤੇ ਗਏ। ਰਾਜੇ ਨੇ ਇਨ੍ਹਾਂ ਵਿਚ ਸਾਫਾ ਫੇਰ ਕੇ ਇਨ੍ਹਾਂ ਨੂੰ ਜਿਵੇਂ ਹੋਰ ਚਮਕਾ ਦਿੱਤਾ, ਪਿੰਡ ਦੇ ਨੌਜਵਾਨਾਂ ਨੇ ਬਹੁਤ ਹੀ ਡੂੰਘੀ ਸ਼ਰਧਾ ਤੇ ਪਿਆਰ ਨਾਲ ਖਾਣਾ ਵਰਤਾਇਆ। ਖਾਣੇ 'ਚ ਮਾਹਾਂ ਦੀ ਦਾਲ, ਹਲਵੇ ਕੱਦੂ ਦੀ ਸਬਜ਼ੀ, ਖੱਟਾ ਤੇ ਛੁਹਾਰਿਆਂ ਦੀ ਚੱਟਣੀ ਸ਼ਾਮਿਲ ਸੀ, ਮਿੱਠੇ ਖਾਣੇਂ ਵਜੋਂ ਕੜਾਹ ਤੇ ਚਾਵਲ ਵਰਤਾਏ ਗਏ।
ਅਗਲੇ ਦਿਨ ਤੜਕੇ ਵਿਆਂਦੜ ਮੁੰਡੇ ਨੂੰ ਉਠਾਲ ਕੇ ਨੁਹਾਇਆ ਗਿਆ ਤੇ ਅਸੀਂ ਸਾਰਿਆਂ ਨੇ ਵੀ ਇਸ਼ਨਾਨ ਕੀਤੇ। ਉਪਰੰਤ ਡੇਰੇ ਤੋਂ ਵਿਆਂਦੜ ਕੁੜੀ ਵਾਸਤੇ ਸੁਹਾਗ ਪਟਾਰੀ ਭੇਜੀ ਗਈ ਇਸ ਵਿਚ ਗਹਿਣੇ, ਸੁਹਾਗ ਦੇ ਕੱਪੜੇ ਤੇ ਸ਼ਿੰਗਾਰ ਦਾ ਸਮਾਨ ਸ਼ਾਮਿਲ ਸੀ।
ਰਾਤ ਵਾਂਗ ਡੇਰੇ ਹੀ ਸਾਨੂੰ ਸ਼ੀਰਨੀ ਬਦਾਣੇ ਨਾਲ ਸਵੇਰ ਦੀ ਚਾਹ ਦਿੱਤੀ ਗਈ। ਦਸ ਕੁ ਵਜੇ ਬਰਾਤ ਆਨੰਦ ਕਾਰਜਾਂ ਵਾਸਤੇ ਕੁੜੀ ਵਾਲਿਆਂ ਦੇ ਘਰ ਪਹੁੰਚ ਗਈ, ਲੋੜੀਂਦੀਆਂ ਧਾਰਮਿਕ ਤੇ ਸਮਾਜਕ ਰਸਮਾਂ ਉਪਰੰਤ ਮੁੰਡੇ ਕੁੜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬਿਠਾ ਕੇ ਲਾਵਾਂ ਦਾ ਪਾਠ ਕੀਤਾ ਗਿਆ ਤੇ ਪਾਠ ਦੇ ਨਾਲ-ਨਾਲ ਮੁੰਡੇ ਨੂੰ ਅੱਗੇ ਤੇ ਕੁੜੀ ਨੂੰ ਪਿੱਛੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਫੇਰੇ ਦਿੱਤੇ ਗਏ। ਕੁੜੀ ਦੇ ਕਰੀਬੀ ਪਰਿਵਾਰਾਂ ਦੇ ਨੌਜਵਾਨਾਂ ਨੇ ਫੇਰਿਆਂ ਵੇਲੇ ਵਿਆਂਦੜ ਕੁੜੀ ਨੂੰ ਗੋਲ ਲਾਈਨ 'ਚ ਖੜ੍ਹੇ ਹੋ ਕੇ ਸਹਾਰਾ ਦਿੱਤਾ।
ਵਿਆਂਦੜ ਕੁੜੀ ਦੀ ਮਾਂ ਨੇ ਲਲੇਰ ਤੇ ਮੁੰਡੇ ਕੁੜੀ ਨੂੰ ਪੰਜ-ਪੰਜ ਰੁਪਏ ਦਾ ਸ਼ਗਨ ਪਾਇਆ, ਫੁੱਫੜ ਜੀ ਨੇ ਵੀ ਵਿਅ੍ਹਾਂਦੜ ਮੁੰਡੇ ਕੁੜੀ ਦੇ ਸਿਰਾਂ 'ਤੋਂ ਪੈਸਿਆਂ ਵਾਲੀ ਥੈਲੀ ਵਾਰ ਕੇ ਉਨ੍ਹਾਂ ਦੀਆਂ ਝੋਲੀਆਂ ਵਿਚ ਪੰਜ-ਪੰਜ ਰੁਪਏ ਦੇ ਸ਼ਗਨ ਪਾਏ।
ਕੁੜੀਆਂ ਵਹੁਟੀਆਂ ਏਸ ਸਮੇਂ ਸਿੱਠਣੀਆਂ ਦੇਣ ਲੱਗ ਪਈਆਂ-
ਬੋਰੀ ਵਾਰੀ ਖਾਲੀ ਬੋਰੀ, ਵਿਚ ਰੁਪੱਈਆ ਹਈਓ ਨਾ!
ਲਾੜੇ ਨੇ ਮਾਰੀ ਕੂਣ੍ਹੀ, ਬੋਰੀ ਹੋ ਗਈ ਊਣੀਂ!
ਹਾਏ ਓਏ ਸਾਲਿਆ ਪੈਸਿਆ ਮੈਂ ਮਸਾਂ ਮਸਾਂ ਜੋੜਿਆ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94632-33991.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX