ਤਾਜਾ ਖ਼ਬਰਾਂ


ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  25 minutes ago
ਜਲੰਧਰ, 12 ਦਸੰਬਰ - ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਦੇ ਨਾਲ ਹੀ ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਗਿੰਨੀ ਖ਼ੁਸ਼ ਅਤੇ .....
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  37 minutes ago
ਮੁੰਬਈ, 12 ਦਸੰਬਰ- ਮੁੰਬਈ ਵਿਖੇ ਥਾਣਾ ਦੇ ਚਰਾਈ ਇਲਾਕੇ 'ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  36 minutes ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਕਪਿਲ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਕਪਿਲ ਦੀ ਬਰਾਤ ਸ਼ਾਮ ਨੂੰ...
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ 'ਚ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀ. ਜੀ. ਪੀ.) ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ...
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਨਾਭਾ, 12 ਦਸੰਬਰ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਇੱਕ ਕਿਸਾਨ, ਜਿਹੜਾ ਕਿ ਪਿੰਡ ਦਾ ਸਰਪੰਚ ਵੀ ਸੀ, ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ...
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ...
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  about 2 hours ago
ਓਠੀਆ, 12 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਪਿੰਡ ਰੱਖ ਓਠੀਆ ਵਿਖੇ ਅੱਜ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਬੀ ਰਾਜ ਕੌਰ ਪਤਨੀ ਜਸਵੰਤ ਸਿੰਘ...
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ...
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  about 2 hours ago
ਗੁਰਦਾਸਪੁਰ, 12 ਦਸੰਬਰ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਗੋਹਤ ਪੋਖਰ ਵਿਖੇ ਐਕਸਾਈਜ਼ ਵਿਭਾਗ ਨੇ ਇੱਕ ਸ਼ੈਲਰ ਤੋਂ 762 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆ ਕੇ...
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅੱਜ ਕਾਂਗਰਸ ਦੇ ਇੱਕ ਵਫ਼ਦ ਵਲੋਂ ਸਰਕਾਰ ਦੇ ਗਠਨ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੇਤਾ ਨਰਿੰਦਰ ਸਲੂਜਾ ਨੇ ਕਿਹਾ ਕਿ ਉਨ੍ਹਾਂ ਨੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ

ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ, ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ-ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ ਅੰਤਹਕਰਣ ਦਾ ਮਜ਼੍ਹਬ (ਧਾਰਮਿਕ ਭਰੋਸਾ), ਪਿਆਰ ਦੀ ਟੇਕ ਬਣਦਾ ਹੈ। ਇਹ ਟੇਕ ਬਣਾਇਆਂ ਨਹੀਂ, ਸਗੋਂ ਆਪਮੁਹਾਰੀ ਬਣਦੀ ਹੈ। ਹਿੰਦੂ, ਈਸਾਈ, ਮੁਸਲਮਾਨ ਤੇ ਸਿੱਖ ਆਦਿ ਤਾਂ ਸਿਰਫ਼ ਕਥਨੀ ਮਾਤਰ ਹਨ। ਧਰਮ ਕੋਈ ਬਾਹਰੋਂ ਪੜ੍ਹ-ਪੜ੍ਹਾ ਕੇ ਸਾਡੇ ਅੰਦਰ ਵਾੜੀ ਕਿਸੇ ਵਿੱਦਿਆ ਦਾ ਗਿਆਨ ਨਹੀਂ ਹੁੰਦਾ, ਸਗੋਂ ਇਹ ਤਾਂ ਸੁਤੇ ਸਿੱਧ ਆਤਮਾ ਤੋਂ ਸਰੀਰ ਤੱਕ ਉਤਰਨ ਵਾਲੇ ਰੱਬੀ ਇਲਹਾਮ ਦਾ ਨਾਂਅ ਹੈ। ਜਿਸ ਦੀ ਆਤਮਾ ਤੋਂ ਧਰਮ ਉੱਤਰੇ, ਉਹ ਕਦੇ ਬੇਦੀਨਾ ਨਹੀਂ ਹੋ ਸਕਦਾ। ਉਸ ਦਾ ਧਰਮ ਅਟੱਲ ਰਹਿੰਦਾ ਹੈ, ਜਿਸ ਨੂੰ ਕੋਈ ਡੁਲਾ ਨਹੀਂ ਸਕਦਾ। ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੰਨ੍ਹੇ-ਮੁੰਨੇ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੇ ਮੁਗ਼ਲ ਹਾਕਮਾਂ ਦੇ ਹਰ ਲਾਲਚ ਅਤੇ ਹਰ ਡਰ ਨੂੰ ਨਿਰਭੈਅ ਹੋ ਕੇ ਠੁਕਰਾਇਆ ਅਤੇ ਅਦੁੱਤੀ ਸ਼ਹਾਦਤਾਂ ਦੇ ਕੇ ਦੁਨੀਆ ਨੂੰ ਧਰਮ ਦੀ ਅਡੋਲਤਾ ਦੀ ਮਿਸਾਲ ਕਾਇਮ ਕਰਕੇ ਦਿਖਾਈ। ਸਰਹਿੰਦ ਦੇ ਹਾਕਮ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਦੀਨ ਤੋਂ ਡੁਲਾਉਣ ਲਈ ਰਾਜ-ਭਾਗ, ਮਾਲ-ਦੌਲਤ ਅਤੇ ਹੂਰਾਂ ਦੇ ਡੋਲੇ ਦੇਣ ਦੇ ਲਾਲਚ ਦਿੱਤੇ ਤਾਂ ਸਾਹਿਬਜ਼ਾਦਿਆਂ ਨੇ ਇਹ ਸਭ ਕੂੜਾਵੀਆਂ ਤੇ ਨਾਸ਼ਵਾਨ ਚੀਜ਼ਾਂ ਨੂੰ ਪੈਰ ਦੀ ਨੋਕ ਨਾਲ ਠੁਕਰਾ ਦਿੱਤਾ ਸੀ।
ਉਸਤਾਦ ਹਕੀਮ ਅੱਲ੍ਹਾ ਯਾਰ ਖਾਂ ਯੋਗੀ 'ਛੋਟੇ ਸਾਹਿਬਜ਼ਾਦਿਆਂ' ਦੀ ਦਲੇਰੀ ਤੇ ਬੇਬਾਕੀ ਨੂੰ ਸ਼ਬਦਾਂ ਵਿਚ ਇਉਂ ਬਿਆਨ ਕਰਦਾ ਹੈ :
ਸਤਿਗੁਰ ਕੇ ਲਾਡਲੋਂ ਨੇ ਦੀਆ ਰੋਅਬ ਸੇ ਜਵਾਬ...
ਆਤੀ ਨਹੀਂ ਸ਼ਰਮ ਜ਼ਰ੍ਹਾ ਤੁਝ ਕੋ ਐ ਨਵਾਬ!
ਦੁਨੀਆ ਕੇ ਪੀਛੇ ਕਰਤਾ ਹੈ ਕਿਉਂ ਦੀਨ ਕੋ ਖਰਾਬ
ਕਿਸ ਕਾ ਲਿਖਾ ਹੈ ਜ਼ੁਲਮ ਦਿਖਾ ਤੂੰ ਹਮੇਂ ਕਿਤਾਬ
ਤਾਲੀਮ ਜ਼ੋਰ ਕੀ ਕਹੀਂ ਕੁਰਾਨ ਮੇਂ ਨਹੀਂ
ਖੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ।
ਲਾਲਚਾਂ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰਾਵਾ ਦੇ ਕੇ ਵੀ ਮੁਸਲਮਾਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਹਿਬਜ਼ਾਦਿਆਂ ਦਾ ਸਵਾਲ ਸੀ ਕਿ, 'ਕੀ ਮੁਸਲਮਾਨ ਬਣ ਜਾਣ ਨਾਲ ਕਦੇ ਮੌਤ ਨਹੀਂ ਆਵੇਗੀ?' ਦੀਨ, ਈਮਾਨ ਅਤੇ ਧਰਮ 'ਤੇ ਅਡਿੱਗ ਭਰੋਸੇ ਦੀ, ਦੁਨੀਆ ਵਿਚ ਇਸ ਤੋਂ ਵੱਡੀ ਤੇ ਅਦੁੱਤੀ ਮਿਸਾਲ ਕਿਸੇ ਇਤਿਹਾਸ ਵਿਚ ਨਹੀਂ ਲੱਭਦੀ।
ਧਰਮ ਤਾਂ ਇਕ ਤਰ੍ਹਾਂ ਦਾ ਆਤਮ-ਸਮਰਪਣ ਹੈ ਤੇ ਜਿਸ ਤਰ੍ਹਾਂ ਆਤਮ-ਸਮਰਪਣ ਜਬਰੀ ਜਾਂ ਉਪਦੇਸ਼ ਦੇ ਕੇ ਨਹੀਂ ਕਰਵਾਇਆ ਜਾ ਸਕਦਾ, ਉਸੇ ਤਰ੍ਹਾਂ ਧਰਮ ਵੀ ਪੋਥੀਆਂ ਤੋਂ ਪੜ੍ਹ-ਪੜ੍ਹ ਕੇ ਸੁਣਾਏ ਉਪਦੇਸ਼ਾਂ ਦੁਆਰਾ ਨਹੀਂ ਧਾਰਨ ਕਰਵਾਇਆ ਜਾ ਸਕਦਾ। ਇਹ ਸਮਰਪਣ ਬਿਨਾਂ ਸ਼ਰਤ ਅਤੇ ਜ਼ਮੀਰ ਦੀ ਆਜ਼ਾਦੀ ਤੋਂ ਸੇਧ ਲੈਂਦਾ ਹੈ। ਕਿਸੇ ਵੀ ਧਰਮ ਦਾ ਅਕੀਦਾ ਕਿਸੇ ਨੂੰ ਲਾਲਚ ਦੇ ਕੇ ਜਾਂ ਜ਼ੋਰ-ਜ਼ਬਰਦਸਤੀ ਨਾਲ ਧਰਮੀ ਬਣਾਉਣ ਦੀ ਤਾਈਦ ਨਹੀਂ ਕਰਦਾ। ਨਾ ਹੀ ਲਾਲਚਵੱਸ, ਮਜਬੂਰੀਵੱਸ ਜਾਂ ਜਬਰ ਤੋਂ ਡਰ ਕੇ ਕਿਸੇ ਧਰਮ ਵਿਚ ਚਲੇ ਜਾਣਾ ਸੱਚੇ ਧਰਮੀ ਹੋਣ ਦੀ ਨਿਸ਼ਾਨੀ ਹੈ। ਧਰਮ ਤਾਂ ਇਕ ਅਜਿਹਾ ਬੀਜ ਹੈ, ਜਿਹੜਾ ਸਾਡੇ ਅੰਦਰੋਂ ਸਹਿਜ-ਸੁਭਾਅ ਪੁੰਗਰਦਾ ਹੈ। ਜੇਕਰ ਕੋਈ ਚੀਜ਼ ਫ਼ੁੱਟ ਕੇ ਅੰਦਰੋਂ ਸਹਿਜ ਸੁਭਾਅ ਨਾ ਨਿਕਲੇ, ਉਹ ਧੱਕੇ ਨਾਲ ਤੇ ਬਿਨਾਂ ਮਰਜ਼ੀ ਤੋਂ ਅੰਦਰ ਸੁੱਟੀ ਇਕ ਪਲਾਤੀ ਜਿਹੀ ਹੁੰਦੀ ਹੈ। ਉਸ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਇਸ ਓਪਰੀ ਚੀਜ਼ ਦੇ ਨਾਲ ਸਾਡਾ ਅੰਦਰ ਦਾ ਸੁਭਾਅ ਨਹੀਂ ਭਿੱਜ ਸਕਦਾ।
ਸਿੱਖਾਂ ਦਾ ਵਿਰਸਾ ਹੀ ਧਾਰਮਿਕ ਆਜ਼ਾਦੀ ਹੈ। ਆਪਣੇ ਧਰਮ ਤੇ ਜ਼ਮੀਰ ਦੀ ਆਜ਼ਾਦੀ ਲਈ ਆਪਣੇ ਸਿਰੜ 'ਤੇ ਅੜੇ ਰਹਿਣਾ ਹੀ ਗੁਰਮਤਿ ਦਾ ਫ਼ਲਸਫ਼ਾ ਹੈ। ਭਗਤ ਨਾਮਦੇਵ ਜੀ ਨੂੰ ਜਦ ਸੁਲਤਾਨ ਮੁਹੰਮਦ ਤੁਗ਼ਲਕ ਤਸੀਹੇ ਦੇ ਕੇ ਇਸਲਾਮ ਕਬੂਲਣ 'ਤੇ ਜ਼ੋਰ ਦੇ ਰਿਹਾ ਸੀ ਤਾਂ ਭਗਤ ਨਾਮਦੇਵ ਦੀ ਮਾਂ ਜਾਨ ਦੀ ਸਲਾਮਤੀ ਲਈ ਆਪਣੇ ਪੁੱਤਰ ਨੂੰ ਕਹਿਣ ਲੱਗੀ ਕਿ, 'ਤੂੰ ਹਿੰਦੂਆਂ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਨ ਲੱਗ ਜਾਂਦਾ?' ਪੁੱਤਰ ਨੂੰ ਦੀਨ ਤੋਂ ਡੋਲਣ ਲਈ ਆਖਣ ਵਾਲੀ ਮਾਂ ਨੂੰ ਹੀ ਪਛਾਨਣ ਤੋਂ ਨਾਂਹ ਕਰਦਿਆਂ ਭਗਤ ਨਾਮਦੇਵ ਆਖਣ ਲੱਗੇ, 'ਨਾ ਮੈਂ ਤੇਰਾ ਪੁੱਤਰ ਹਾਂ ਤੇ ਨਾ ਤੂੰ ਮੇਰੀ ਮਾਂ ਹੈਂ। ਜੇਕਰ ਮੇਰਾ ਸਰੀਰ ਵੀ ਨਾਸ਼ ਹੋ ਜਾਵੇ ਤਾਂ ਵੀ ਮੈਂ ਹਰੀ ਪ੍ਰਭੂ ਦੇ ਗੁਣ ਗਾਉਣ ਤੋਂ ਨਹੀਂ ਹਟਾਂਗਾ।'
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਜ਼ਮੀਰ ਦੀ ਆਜ਼ਾਦੀ ਲਈ ਸਿੱਖ ਸਿਧਾਂਤ ਦਾ ਸਭ ਤੋਂ ਵੱਡਾ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਕੋਲ ਜਿਸ ਵੇਲੇ ਕਸ਼ਮੀਰੀ ਪੰਡਿਤ ਇਹ ਫ਼ਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਨ੍ਹਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ, 'ਬੇਸ਼ੱਕ ਅਸੀਂ ਤੁਹਾਡੇ ਤਿਲਕ ਜੰਝੂ ਦੇ ਵਿਸ਼ਵਾਸ ਨਾਲ ਸਹਿਮਤ ਨਹੀਂ ਹਾਂ, ਪਰ ਅਸੀਂ ਤੁਹਾਡੇ ਵਿਸ਼ਵਾਸਾਂ ਦੀ ਰੱਖਿਆ ਜ਼ਰੂਰ ਕਰਾਂਗੇ।' ਗੁਰੂ ਸਾਹਿਬ ਨੇ ਫ਼ਰਮਾਇਆ, 'ਔਰੰਗਜ਼ੇਬ ਨੂੰ ਕਹਿ ਆਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨੀ ਸ਼ਰ੍ਹਾ 'ਚ ਆ ਜਾਵਾਂਗੇ।' ਜਿਸ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਹਨ, ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਝੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ, ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ।
ਗੁਰਮਤਿ ਵਿਚ ਕਿਸੇ ਨੂੰ ਜਬਰੀ ਆਪਣੇ ਮਜ਼੍ਹਬ ਵਿਚ ਲਿਆਉਣ ਦਾ ਕੋਈ ਸੰਕਲਪ ਨਹੀਂ ਹੈ, ਸਗੋਂ ਹਰੇਕ ਮਨੁੱਖ ਨੂੰ ਆਪੋ-ਆਪਣੇ ਭਰੋਸੇ ਅਤੇ ਦੀਨ ਵਿਚ ਰਹਿ ਕੇ ਚੰਗੇ ਇਨਸਾਨ ਬਣਨ ਅਤੇ ਸ਼ੁਭ ਕਰਮ ਕਰਨ ਦੀ ਹੀ ਸਿੱਖਿਆ ਮਿਲਦੀ ਹੈ। ਜਗਤ ਉਧਾਰਨ ਹਿਤ ਤੀਜੀ ਉਦਾਸੀ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ 'ਮੱਕੇ ਦੀ ਯਾਤਰਾ' 'ਤੇ ਗਏ ਤਾਂ ਉਥੇ ਕਾਜ਼ੀ ਤੇ ਮੁੱਲਾਂ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਆਪਣੀਆਂ ਧਾਰਮਿਕ ਪੁਸਤਕਾਂ ਫਰੋਲ ਕੇ ਮਜ਼੍ਹਬ ਦੀ ਗੱਲ ਪੁੱਛਣ ਲੱਗੇ ਕਿ, 'ਹਿੰਦੂ ਮਤ ਵੱਡਾ ਹੈ ਜਾਂ ਮੁਸਲਮਾਨ?' ਗੁਰੂ ਜੀ ਆਖਣ ਲੱਗੇ, 'ਕੇਵਲ ਸ਼ੁੱਭ ਕਰਮ ਕਰਨ ਵਾਲਾ ਮਨੁੱਖ ਵੱਡਾ ਹੈ। ਜੇਕਰ ਨੇਕ ਅਮਲ ਨਹੀਂ ਕਰਦੇ ਤਾਂ ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ, ਦੋਵੇਂ ਹੀ ਅਗਲੀ ਦਰਗਾਹ 'ਚ ਖੁਆਰ ਹੋਣਗੇ।' ਭਾਈ ਗੁਰਦਾਸ ਜੀ ਇਸ ਵਾਰਤਾਲਾਪ ਦਾ ਜ਼ਿਕਰ ਇਉਂ ਕਰਦੇ ਹਨ :
'ਪੁਛਨਿ ਫੋਲਿ ਕਿਤਾਬ ਨੋ
ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ
ਸੁਭਿ ਅਮਲਾ ਬਾਝਹੁ ਦੋਨੋ ਰੋਈ।'
ਗੁਰਮਤਿ ਵਿਚ ਧਰਮ ਦੀ ਜੋ ਵਿਆਪਕ ਅਤੇ ਸਰਵੋਤਮ ਵਿਆਖਿਆ ਹੈ, ਉਹ ਹੋਰ ਕਿਸੇ ਮਜ਼੍ਹਬ ਜਾਂ ਫ਼ਲਸਫ਼ੇ ਨੇ ਨਹੀਂ ਕੀਤੀ। ਸੁਖਮਨੀ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਗੁਰਵਾਕ 'ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥' ਅਨੁਸਾਰ ਆਪਣੇ ਮੂਲ ਨਾਲ ਹਮੇਸ਼ਾ ਜੁੜੇ ਰਹਿਣਾ, ਸਰਬ ਵਿਆਪਕਤਾ ਦੀ ਚੇਤਨਾ ਵਿਚ ਭਿੱਜੇ ਰਹਿ ਕੇ ਸ਼ੁਭ ਕਰਮ ਕਰਨੇ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਹਿੰਦੂ ਨੂੰ 'ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ॥' ਆਖ ਕੇ ਅਜਿਹਾ ਸੱਚਾ ਹਿੰਦੂ ਬਣਨ ਲਈ ਆਖਿਆ ਸੀ, ਜਿਸ ਦੇ ਗਲ ਵਿਚ ਪਾਇਆ ਜਨੇਊ ਦਇਆ ਦੀ ਕਪਾਹ ਦਾ ਬਣਿਆ, ਸੰਤੋਖ ਦੇ ਸੂਤ ਦਾ, ਜਤ ਦੀਆਂ ਗੰਢਾਂ ਅਤੇ ਉੱਚੇ ਆਚਰਣ ਰੂਪੀ ਵੱਟ ਨਾਲ ਤਿਆਰ ਕੀਤਾ ਹੋਵੇ। ਉਥੇ 'ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥' ਆਖ ਕੇ ਮੁਸਲਮਾਨ ਨੂੰ ਵੀ ਇਕ ਪਰਵਦਿਗਾਰ ਦੀ ਚੇਤਨਾ ਵਿਚ ਰਹਿ ਕੇ ਕਾਇਨਾਤ ਨਾਲ ਪਿਆਰ ਅਤੇ ਸ਼ੁਭ ਕਰਮ ਕਰਨ ਦੀ ਹੀ ਨਸੀਹਤ ਦਿੱਤੀ ਹੈ। ਗੁਰਮਤਿ ਵਿਚ ਸਭ ਤੋਂ ਉੱਤਮ ਸੱਚੇ ਆਚਰਣ ਨੂੰ ਹੀ ਮੰਨਿਆ ਗਿਆ ਹੈ। 'ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥'
ਫੇਰ ਭਾਵੇਂ ਅੱਜ ਆਰਥਿਕ ਲਾਭਾਂ ਦਾ ਲਾਲਚ ਦੇ ਕੇ ਕਿਸੇ ਦੂਜੇ ਮਜ਼੍ਹਬ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਦੀ ਮੁਹਿੰਮ ਹੋਵੇ ਜਾਂ ਫਿਰ ਕਿਸੇ ਸਮੇਂ ਦੀਆਂ ਹਕੂਮਤਾਂ ਦੇ ਜਬਰ ਕਾਰਨ ਵੇਲੇ ਦੇ ਹੁਕਮਰਾਨਾਂ ਦੇ ਧਰਮ ਵਿਚ ਚਲੇ ਗਏ ਲੋਕਾਂ ਨੂੰ 'ਘਰ ਵਾਪਸੀ' ਦੇ ਨਾਂਅ 'ਤੇ ਮੁੜ ਪਿਤਰੀ ਧਰਮ ਵਿਚ ਪਰਤਣ ਦੀਆਂ ਦਲੀਲਾਂ-ਅਪੀਲਾਂ, ਇਨ੍ਹਾਂ ਦਾ ਧਰਮ ਦੀ ਪਾਕਿ ਪਵਿੱਤਰ ਭਾਵਨਾ ਨਾਲ ਕੋਈ ਸਬੰਧ ਨਹੀਂ ਹੈ। ਧਰਮ ਪਰਿਵਰਤਨ ਦੇ ਸੰਦਰਭ 'ਚ ਪ੍ਰੋ: ਪੂਰਨ ਸਿੰਘ ਦੇ ਇਹ ਸ਼ਬਦ ਬਹੁਤ ਡੂੰਘੇ ਦਾਰਸ਼ਨਿਕ ਅਰਥ ਰੱਖਦੇ ਹਨ, 'ਕੋਈ ਵੀ ਸੱਚਾ ਧਾਰਮਿਕ ਮਨੁੱਖ ਲੋਕਾਂ ਦਾ ਧਰਮ ਬਦਲਣ ਦੀ ਦਲੇਰੀ ਨਹੀਂ ਕਰ ਸਕਦਾ। ਮਨੁੱਖ ਜੰਗਲੀ ਜਾਨਵਰਾਂ ਵਾਂਗ ਬਾਕੀ ਦੂਜਿਆਂ 'ਤੇ ਆਪਣਾ ਮਜ਼੍ਹਬ ਥੋਪਣਾ ਚਾਹੁੰਦਾ ਹੈ ਪਰ ਆਪਣੇ 'ਤੇ ਨਹੀਂ।'
ਨਿਰਸੰਦੇਹ ਇਹ ਕਾਰਵਾਈਆਂ ਸੱਚੇ ਧਰਮ ਦੀਆਂ ਨਹੀਂ, ਸਗੋਂ ਇਹ ਧਰਮ ਦੀ ਆੜ ਹੇਠ ਮਾਨਸਿਕ ਗ਼ੁਲਾਮਾਂ ਦਾ ਇਕ ਵੱਡਾ ਸਾਮਰਾਜ ਖੜ੍ਹਾ ਕਰਨ ਦੀ ਜਗੀਰੂ ਅਤੇ ਸ੍ਰੇਸ਼ਟਵਾਦੀ ਸੋਚ ਵਿਚੋਂ ਨਿਕਲੀ ਅਣਮਨੁੱਖੀ ਮੁਹਿੰਮ ਆਖੀ ਜਾ ਸਕਦੀ ਹੈ। ਜੇਕਰ ਸਾਰੇ ਧਰਮਾਂ ਦੇ ਪੈਰੋਕਾਰਾਂ ਦੇ ਅਮਲਾਂ ਦਾ ਆਦਰਸ਼ ਮਨੁੱਖ ਨੂੰ ਚੰਗਾ ਮਨੁੱਖ ਬਣਾਉਣਾ ਹੀ ਬਣ ਜਾਵੇ ਤਾਂ ਫਿਰ ਇਹੋ ਜਿਹੇ ਆਡੰਬਰ ਕਰਨ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਹਰੇਕ ਧਰਮ ਦੀ ਸਿੱਖਿਆ ਇਹ ਹੋਣੀ ਚਾਹੀਦੀ ਹੈ ਕਿ ਹਰ ਕੋਈ ਦੂਜੇ 'ਤੇ ਧਰਮ ਥੋਪਣ ਦੀ ਥਾਂ ਖੁਦ ਸੱਚਾ ਧਰਮੀ ਬਣੇ, ਮਾਨਵਤਾ ਅਤੇ ਸਾਰੇ ਮਜ਼੍ਹਬਾਂ ਨੂੰ ਇਕੋ ਅੱਖ ਨਾਲ ਦੇਖੇ ਅਤੇ ਹਰੇਕ ਨੂੰ ਆਪਣੇ ਮਨ ਦੀ ਇੱਛਾ ਮੁਤਾਬਕ ਧਰਮ ਨਿਭਾਉਣ ਦੀ ਆਜ਼ਾਦੀ ਦੇਵੇ। ਇਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 'ਧਰਮ ਦੀ ਖ਼ਾਤਰ ਦਿੱਤੀ ਮਹਾਨ ਸ਼ਹਾਦਤ' ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦੀਨ ਦੀ ਖ਼ਾਤਰ ਦਿੱਤੀ ਬੇਮਿਸਾਲ ਕੁਰਬਾਨੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਜਿਥੇ-ਜਿਥੇ ਕਿਸੇ ਦਾ ਭਰੋਸਾ ਜਾਂ ਈਮਾਨ ਟਿਕਿਆ, ਉਸ ਨੂੰ ਬਣਿਆ ਰਹਿਣ ਦੇਣਾ ਚਾਹੀਦਾ ਹੈ। ਸਾਰੇ ਮਤਾਂ, ਧਰਮਾਂ ਦੇ ਪ੍ਰਚਾਰਕਾਂ ਦਾ ਉਦੇਸ਼ ਗਿਣਤੀਆਂ ਵਧਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਦੀ ਥਾਂ ਸਮਾਜ ਅੰਦਰ ਇਨਸਾਨੀਅਤ, ਸਦਭਾਵਨਾ ਅਤੇ ਪ੍ਰੇਮ-ਭਾਵਨਾ ਦੀ ਖੁਸ਼ਬੋਈ ਫੈਲਾਉਣਾ ਹੋਣਾ ਚਾਹੀਦਾ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

ਕਲਾਨੌਰ-ਅਕਬਰ ਦਾ ਤਖ਼ਤ

ਜਿਨ੍ਹਾਂ ਵੇਖਿਆ ਨਹੀਂ ਲਾਹੌਰ,
ਉਹ ਵੇਖੇ ਕਲਾਨੌਰ।
ਗੁਰਦਾਸਪੁਰ ਜ਼ਿਲ੍ਹੇ ਵਿਚ ਕਿਰਨ ਨਦੀ ਦੇ ਕੰਢੇ ਗੁਰਦਾਸਪੁਰ ਤੋਂ 24 ਕਿਲੋਮੀਟਰ ਦੂਰ ਗੁਰਦਾਸਪੁਰ-ਡੇਰਾ ਬਾਬਾ ਨਾਨਕ ਸੜਕ ਉੱਤੇ ਕਲਾਨੌਰ ਇਕ ਬੜਾ ਹੀ ਪੁਰਾਣਾ ਅਤੇ ਇਤਿਹਾਸਕ ਕਸਬਾ ਹੈ। ਇਹ ਨਗਰ ਗੁਰਦਾਸਪੁਰ ਦੀ ਇਕ ਸਬ-ਤਹਿਸੀਲ ਵੀ ਹੈ। ਦਿੱਲੀ ਵਿਚ 19 ਜਨਵਰੀ, 1556 ਨੂੰ ਪੌੜੀ ਤੋਂ ਡਿਗਣ ਦੇ ਕਾਰਨ ਬਾਦਸ਼ਾਹ ਹਮਾਯੂ ਦੀ ਮੌਤ ਹੋ ਗਈ। ਉਸ ਸਮੇਂ ਅਕਬਰ ਦੀ ਉਮਰ 13 ਸਾਲ 3 ਮਹੀਨੇ ਸੀ ਅਤੇ ਆਪਣੇ ਪਰਿਵਾਰ ਅਤੇ ਫੌਜ ਸਮੇਤ ਕਾਬਲ ਤੋਂ ਚੱਲ ਕੇ ਕਲਾਨੌਰ ਆਇਆ ਹੋਇਆ ਸੀ। ਅਕਬਰ ਦੀ ਰਿਹਾਇਸ਼ ਫਿਰੋਜ਼ ਸ਼ਾਹ ਤੁਗਲਕ ਵਲੋਂ ਕਲਾਨੌਰ ਵਿਚ ਬਣਾਏ ਹੋਏ ਬੜੇ ਸੁੰਦਰ ਮਹਲ ਵਿਚ ਕੀਤੀ ਗਈ ਸੀ।
ਅਕਬਰ ਦੀ ਤਾਜਪੋਸ਼ੀ : ਹਮਾਯੂ ਦੀ ਮੌਤ ਦੀ ਖ਼ਬਰ ਮਿਲਣ 'ਤੇ ਅਕਬਰ ਦੇ ਸਰਬਰਾ ਹੇਮੂੰਹ ਨੇ 14 ਫਰਵਰੀ, 1556 ਨੂੰ ਕਲਾਨੌਰ ਦੇ ਇਕ ਬਾਗ ਵਿਚ ਇੱਟਾਂ ਦਾ ਤਖ਼ਤ ਬਣਵਾ ਕੇ ਅਕਬਰ ਦੀ ਤਾਜਪੋਸ਼ੀ ਦੀ ਰਸਮ ਪੂਰੀ ਕੀਤੀ ਅਤੇ ਕਲਾਨੌਰ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋ ਗਿਆ। ਇਸ ਥੜ੍ਹੇ ਵਿਚ ਇਕ ਤਲਾਬ ਵਿਚ ਫੁਹਾਰਾ ਵੀ ਲਾਇਆ ਹੋਇਆ ਸੀ ਅਤੇ ਪਾਣੀ ਦੇ ਨਿਕਾਸ ਲਈ ਇਕ ਨਾਲੀ ਵੀ ਕੱਢੀ ਹੋਈ ਹੈ। ਤਾਜਪੋਸ਼ੀ ਤੋਂ ਬਾਅਦ ਕਲਾਨੌਰ ਤੋਂ ਅਕਬਰ ਨੇ ਆਪਣੇ ਲਾਮ-ਲਸ਼ਕਰ ਦੇ ਨਾਲ ਦਿੱਲੀ ਵੱਲ ਕੂਚ ਕਰ ਦਿੱਤਾ। ਦਿੱਲੀ ਦੇ ਤਖ਼ਤ ਉੱਤੇ ਬੈਠ ਕੇ ਹੇਮੂੰਹ ਦੀ ਸਰਪ੍ਰਸਤੀ ਵਿਚ ਅਕਬਰ ਨੇ ਹਿੰਦੁਸਤਾਨ ਦੀ ਵਾਗਡੋਰ ਸੰਭਾਲ ਲਈ।
ਅਕਬਰ ਦਾ ਪਿਛੋਕੜ : ਬਾਬਰ ਦੀ ਮੌਤ ਤੋਂ ਬਾਅਦ 26 ਦਸੰਬਰ, 1530 ਈ: ਨੂੰ ਹੁਮਾਯੂ ਦਿੱਲੀ ਦੇ ਤਖ਼ਤ ਉੱਤੇ ਬੈਠ ਗਿਆ ਅਤੇ ਬਾਬਰ ਦੇ ਕਹਿਣ 'ਤੇ ਉਸ ਨੇ ਆਪਣੇ 4 ਭਰਾਵਾਂ ਨੂੰ ਵੱਖੋ-ਵੱਖ ਸੂਬਿਆਂ ਦੀਆਂ ਸੂਬੇਦਾਰੀਆਂ ਵੰਡ ਦਿੱਤੀਆਂ। ਆਪਣੇ ਛੋਟੇ ਅਤੇ ਭਰਾ ਹੁਡਾਲ ਮਿਰਜਾ ਨੂੰ ਕਾਬਲ ਦਾ ਸੂਬੇਦਾਰ ਥਾਪ ਦਿੱਤਾ ਅਤੇ ਆਪਣੇ ਮਤਰੇਏ ਭਰਾ ਕਾਮਰਾਨ ਨੂੰ ਕੰਧਾਰ ਦੀ ਸੂਬੇਦਾਰੀ ਦੇ ਦਿੱਤੀ। ਅਸਲ ਵਿਚ ਕਾਮਰਾਨ ਦਿੱਲੀ ਦੇ ਤਖ਼ਤ ਉੱਤੇ ਬੈਠਣਾ ਚਾਹੁੰਦਾ ਸੀ। ਸੰਨ 1540 ਈ: ਨੂੰ ਕਨੌਜ ਦੀ ਲੜਾਈ ਵਿਚ ਸ਼ੇਰ ਸ਼ਾਹ ਸੂਰੀ ਤੋਂ ਹੁਮਾਯੂ ਹਾਰ ਗਿਆ। ਉਸ ਸਮੇਂ ਕਾਮਰਾਨ ਵੀ 12,000 ਫੌਜ ਲੈ ਕੇ ਭਾਰਤ ਵਿਚ ਆਇਆ ਹੋਇਆ ਸੀ ਪਰ ਉਸ ਨੇ ਹੁਮਾਯੂ ਦੀ ਮਦਦ ਨਹੀਂ ਕੀਤੀ। ਬੇਘਰ ਹੋਏ ਹਮਾਯੂ ਨੂੰ ਸਿੰਧ ਦੇ ਹਿੰਦੂ ਰਾਜੇ ਰਣ ਪ੍ਰਸਾਦ ਨੇ ਆਪਣੇ ਕਿਲ੍ਹੇ ਉਮੇਰਕੋਟ ਵਿਚ ਸ਼ਰਨ ਦੇ ਦਿੱਤੀ। ਇਸ ਕਿਲ੍ਹੇ ਵਿਚ ਹੀ 15 ਅਕਤੂਬਰ, 1542 ਨੂੰ ਅਕਬਰ ਦਾ ਜਨਮ ਹੋਇਆ। ਹੁਮਾਯੂ ਤਾਂ ਬੇਘਰ ਹੋ ਗਿਆ ਸੀ ਅਤੇ ਅਕਬਰ ਨੂੰ ਹੁਮਾਯੂ ਦੇ ਭਰਾ ਮਿਰਜਾ ਹੁਡਾਲ ਨੇ ਪਾਲਿਆ। ਹੁਡਾਲ ਨੇ ਅਕਬਰ ਨੂੰ ਘੋੜਸਵਾਰੀ, ਸ਼ਿਕਾਰ ਖੇਡਣਾ ਅਤੇ ਲੜਾਈ ਦੇ ਤੌਰ-ਤਰੀਕੇ ਵੀ ਦੱਸੇ ਪਰ ਪੜ੍ਹਾਈ ਨਹੀਂ ਕਰਵਾਈ। ਅਕਬਰ ਬਿਲਕੁਲ ਅਨਪੜ੍ਹ ਸੀ। ਹੁਡਾਲ, ਹੁਮਾਯੂ ਦਾ ਸਕਾ ਭਰਾ ਸੀ ਅਤੇ ਮਰਦੇ ਦਮ ਤੱਕ ਹੁਮਾਯੂ ਦਾ ਵਫਾਦਾਰ ਰਿਹਾ। ਕਾਮਰਾਨ ਅਤੇ ਹੁਡਾਲ ਦੀ ਸੰਨ 1551 ਈ: ਵਿਚ ਕਿਸੇ ਕਾਰਨ ਹੋਈ ਲੜਾਈ ਵਿਚ ਹੁਡਾਲ ਦੀ ਮੌਤ ਹੋ ਗਈ। ਹੁਡਾਲ ਦੀ ਮੌਤ ਦਾ ਹੁਮਾਯੂ ਨੂੰ ਬੜਾ ਹੀ ਦੁੱਖ ਲੱਗਾ ਅਤੇ ਆਪਣੇ ਪਰਿਵਾਰ ਦੀ ਕੜੀ ਪੱਕੀ ਕਰਨ ਲਈ ਹੁਮਾਯੂ ਨੇ ਆਪਣੇ ਭਰਾ ਹੁਡਾਲ ਦੀ 9 ਸਾਲ ਦੀ ਲੜਕੀ ਸੁਲਤਾਨਾ ਬੇਗਮ ਦਾ ਵਿਆਹ ਅਕਬਰ ਨਾਲ ਕਰ ਦਿੱਤਾ। 9 ਸਾਲ ਦੀ ਉਮਰ ਵਿਚ ਅਕਬਰ ਕਾਬਲ ਦਾ ਸੂਬੇਦਾਰ ਬਣ ਕੇ ਫੌਜ ਅਤੇ ਖਜ਼ਾਨੇ ਦਾ ਵੀ ਮਾਲਕ ਬਣ ਗਿਆ।
ਹੁਮਾਯੂ ਫੌਜ ਲੈ ਕੇ ਕਾਬਲ ਤੋਂ ਭਾਰਤ ਵਿਚ ਆਇਆ ਅਤੇ 22 ਜੂਨ, 1555 ਨੂੰ ਮਾਛੀਵਾੜੇ (ਸਰਹਿੰਦ) ਵਿਚ ਸਿਕੰਦਰ ਸੂਰੀ ਨੂੰ ਹਰਾ ਕੇ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ। 15 ਸਾਲਾਂ ਬਾਅਦ ਹੁਮਾਯੂ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ।
ਕਲਾਨੌਰ ਦਾ ਇਤਿਹਾਸ : * ਮੰਨਿਆ ਗਿਆ ਹੈ ਕਿ ਕਲਾਨੌਰ ਨੂੰ ਕਾਲਾ ਅਤੇ ਨੂਰ ਦੋ ਮੁਸਲਮਾਨ ਭਰਾਵਾਂ ਨੇ ਰਾਜਸਥਾਨ ਵਿਚੋਂ ਆ ਕੇ ਵਸਾਇਆ ਸੀ। ਉਨ੍ਹਾਂ ਦੇ ਨਾਂਅ ਤੋਂ ਹੀ ਇਸ ਕਸਬੇ ਦਾ ਨਾਂਅ ਕਲਾਨੌਰ ਪੈ ਗਿਆ ਹੈ। ਹਿੰਦੂ ਮਿਥਿਹਾਸ ਵਿਚ ਇਥੇ ਸ਼ਿਵ ਜੀ ਨੇ ਜ਼ਮੀਨ ਉੱਤੇ ਲੰਮੇ ਪੈ ਕੇ ਰਾਤ ਕੱਟੀ ਸੀ। ਇਥੇ ਸ਼ਿਵਲਿੰਗ ਵੀ ਜ਼ਮੀਨ ਉੱਤੇ ਲੰਮੇ ਪਿਆ ਹੋਇਆ ਹੈ ਅਤੇ ਇਸ ਸ਼ਿਵਲਿੰਗ ਉੱਤੇ ਕਲੇਸਵਰ ਮੰਦਰ ਸਥਾਪਤ ਹੈ। ਮੰਦਰ ਦੇ ਨਾਂਅ ਤੋਂ ਹੀ ਕਸਬੇ ਦਾ ਨਾਂਅ ਕਲਾਨੌਰ ਪੈ ਗਿਆ।
* ਕਲਾਨੌਰ ਦੇ ਰਾਜਾ ਸਾਹਿਬ ਰਾਓ, ਰਾਜਾ ਪ੍ਰਿਥੀ ਰਾਜ ਚੌਹਾਨ ਅਤੇ ਭਾਰਤ ਦੇ ਹੋਰ 150 ਰਾਜਿਆਂ ਸਮੇਤ 1191-1192 ਈ: ਤੱਕ ਦੀ ਥਾਨੇਸਰ ਦੀ ਲੜਾਈ ਮੁਹੰਮਦ ਗੌਰੀ ਨਾਲ ਲੜੀ ਗਈ ਸੀ। ਇਸ ਵਿਚ ਭਾਰਤੀ ਰਾਜੇ ਹਾਰ ਗਏ ਅਤੇ ਮੁਹੰਮਦ ਗੌਰੀ ਦੀ ਜਿੱਤ ਹੋ ਗਈ। ਮੁਹੰਮਦ ਗੌਰੀ ਨੇ ਪ੍ਰਿਥੀ ਰਾਜ ਨੂੰ ਕਤਲ ਕਰ ਦਿੱਤਾ। ਰਾਜਾ ਸਾਹਿਬ ਰਾਏ ਮੁਸਲਮਾਨ ਬਣ ਗਿਆ ਅਤੇ ਆਪਣੀ ਬਰਾਦਰੀ ਤੋਂ ਡਰਦਾ ਪਹਾੜਾਂ ਵਿਚ ਚਲਾ ਗਿਆ।
* 1388 ਈ: ਨੂੰ ਕਲਾਨੌਰ ਵਿਚ ਕਿਰਨ ਨਦੀ ਦੇ ਕੰਢੇ ਇਕ ਬੜਾ ਹੀ ਸੁੰਦਰ ਮਹੱਲ ਤਾਮੀਰ ਕਰਵਾਇਆ।
* ਬਾਬਾ ਬੰਦਾ ਸਿੰਘ ਬਹਾਦਰ ਨੇ 1715 ਈ: ਕਲਾਨੌਰ ਨੂੰ ਜਿੱਤ ਕੇ 7,000 ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਸ਼ਰਨ ਲੈ ਲਈ ਅਤੇ 27 ਅਪ੍ਰੈਲ, 1715 ਨੂੰ ਅਬਦੱਲ ਮੁਹੰਮਦ ਖਾਨ ਦੀ ਫੌਜ ਨੇ ਗੁਰਦਾਸ ਨੰਗਲ ਦੀ ਗੜ੍ਹੀ ਦੇ ਚਾਰ-ਚੁਫੇਰੇ ਤੋਂ ਘੇਰਾ ਪਾ ਲਿਆ।
* ਘਨੱਈਆ ਮਿਸਲ ਦੇ ਸਰਦਾਰ ਹਕੀਕਤ ਸਿੰਘ ਨੇ 18ਵੀਂ ਸਦੀ ਵਿਚ ਕਲਾਨੌਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਸਰਦਾਰ ਹਕੀਕਤ ਸਿੰਘ ਦੇ ਬੇਟੇ ਸਰਦਾਰ ਜੈਮਲ ਸਿੰਘ ਨੇ ਆਪਣੀ ਬੇਟੀ ਚੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਨਾਲ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਸੰਨ 1812 ਈ: ਨੂੰ ਕਲਾਨੌਰ ਉੱਤੇ ਕਬਜ਼ਾ ਕਰਕੇ ਖੜਕ ਸਿੰਘ ਨੂੰ ਕਲਾਨੌਰ ਦਾ ਸੂਬੇਦਾਰ ਬਣਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੀਵਾਨ ਦੀਨਾ ਨਾਥ ਨੂੰ ਕਲਾਨੌਰ ਦੀ ਸੂਬੇਦਾਰੀ ਦੇ ਕੇ ਖੜਕ ਸਿੰਘ ਆਪ ਲਾਹੌਰ ਚਲਾ ਗਿਆ। ਸੰਨ 1857 ਈ: ਵਿਚ ਕਲਾਨੌਰ ਅੰਗਰੇਜ਼ੀ ਰਾਜ ਵਿਚ ਆ ਗਿਆ।


-ਮੋਬਾ: 94781-33517.kahlonhayatnagar94@gmail.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਅਮੀਰ ਖੁਸਰੋ

ਬਦਾਇਉਂ ਦੇ ਰਹਿਣ ਵਾਲਾ ਅਮੀਰ ਖੁਸਰੋ ਮੁਗ਼ਲ ਬਾਦਸ਼ਾਹਾਂ ਦਾ ਰਾਜ ਕਵੀ ਸੀ। ਉਹ ਬਹੁਤ ਗੁਣੀ ਵਿਅਕਤੀ ਸੀ, ਜਿਸ ਨੇ ਸੰਗੀਤ, ਕਾਵਿ ਅਤੇ ਭਾਸ਼ਾਵਾਂ ਦੇ ਖੇਤਰ ਵਿਚ ਮੁਹਾਰਤ ਪ੍ਰਾਪਤ ਕੀਤੀ। ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਰੂਹਾਨੀ ਇਸ਼ਕ ਸੀ। ਬਾਬਾ ਫਰੀਦ ਜੀ ਦੀ ਗੱਦੀ 'ਤੇ ਉਸ ਸਮੇਂ ਨਿਜ਼ਾਮੁਦੀਨ ਔਲੀਆ ਬਿਰਾਜਮਾਨ ਸੀ। ਉਹ ਬਹੁਤ ਬੇਪ੍ਰਵਾਹ ਉੱਚਾ-ਸੁੱਚਾ ਫ਼ਕੀਰ ਸੀ। ਮੁਗ਼ਲ ਬਾਦਸ਼ਾਹ ਵੀ ਉਹਦੀ ਆਗਿਆ ਬਿਨਾਂ ਉਸ ਦੀ ਦਰਗਾਹ 'ਤੇ ਨਹੀਂ ਆ ਸਕਦੇ ਸਨ ਪਰ ਉਹ ਗਰੀਬਾਂ ਨੂੰ ਹਰ ਸਮੇਂ ਮਿਲਦਾ ਸੀ। ਅਮੀਰ ਖੁਸਰੋ ਉਸ ਦੇ ਬੇਅੰਤ ਮੁਰੀਦਾਂ ਵਿਚੋਂ ਇਕ ਸੀ। ਔਲੀਆ ਪ੍ਰਤੀ ਉਸ ਦਾ ਪ੍ਰੇਮ ਹੱਦਾਂ ਪਾਰ ਕਰ ਗਿਆ ਸੀ। ਲੰਮਾ ਸਮਾਂ ਉਹ ਰਾਜ ਦਰਬਾਰ ਵਿਚ ਰਿਹਾ। ਅਖੀਰ ਉਹ ਰੁਖ਼ਸਤ ਹੋ ਕੇ ਆਪਣੇ ਵਤਨ ਜਾਣ ਲੱਗਾ ਤਾਂ ਮੁਗ਼ਲ ਬਾਦਸ਼ਾਹ ਨੇ ਉਸ ਨੂੰ ਏਨਾ ਖਜ਼ਾਨਾ ਅਤੇ ਕੀਮਤੀ ਸਾਮਾਨ ਦਿੱਤਾ ਕਿ ਦੋ ਸੌ ਊਠਾਂ 'ਤੇ ਲੱਦ ਕੇ ਇਕ ਕਾਫ਼ਲਾ ਉਹਦੇ ਨਾਲ ਤੋਰਿਆ। ਆਪਣੇ ਦਿਲ ਵਿਚ ਆਪਣੇ ਪਿਆਰੇ ਮੁਰਸ਼ਦ ਦੀ ਤਸਵੀਰ ਸਜਾ ਕੇ ਅਮੀਰ ਖੁਸਰੋ ਸਾਰੀ ਉਮਰ ਦੀ ਕਮਾਈ ਲੈ ਕੇ ਜਾ ਰਿਹਾ ਸੀ। ਉਧਰ ਇਕ ਗਰੀਬ ਆਦਮੀ ਨਿਜ਼ਾਮੁਦੀਨ ਦੀ ਸ਼ੋਭਾ ਸੁਣ ਕੇ ਉਸ ਕੋਲ ਆਇਆ ਅਤੇ ਆਪਣੀ ਬੇਟੀ ਦੇ ਵਿਆਹ ਲਈ ਮਦਦ ਮੰਗੀ।
ਔਲੀਆ ਨੇ ਕਿਹਾ ਕਿ ਦਰਵੇਸ਼ ਲੋਕ ਧਨ ਜੋੜ ਕੇ ਨਹੀਂ ਰੱਖਦੇ ਪਰ ਕੱਲ੍ਹ ਨੂੰ ਜੋ ਸੰਗਤ ਦਾ ਚੜ੍ਹਾਵਾ ਆਵੇਗਾ, ਤੂੰ ਲੈ ਲਵੀਂ। ਪਰ ਅਜਿਹਾ ਹੋਇਆ ਕਿ ਤਿੰਨ ਦਿਨ ਕੋਈ ਚੜ੍ਹਾਵਾ ਨਾ ਆਇਆ। ਗਰੀਬ ਬੰਦਾ ਬਹੁਤ ਦੁਖੀ ਤੇ ਨਿਰਾਸ਼ ਹੋ ਕੇ ਮੁੜਨ ਲੱਗਾ ਤਾਂ ਪੀਰ ਨੇ ਕਿਹਾ ਕਿ ਇਸ ਸਮੇਂ ਮੇਰੇ ਕੋਲ ਇਕ ਪੈਰਾਂ ਦਾ ਜੋੜਾ ਹੀ ਹੈ, ਤੂੰ ਖਾਲੀ ਨਾ ਜਾਹ ਤੇ ਇਹੋ ਲੈ ਜਾ। ਅੱਲਾਹ ਤੇਰਾ ਕਾਰਜ ਰਾਸ ਕਰੇਗਾ। ਉਸ ਬੰਦੇ ਨੇ ਬੇਦਿਲੀ ਨਾਲ ਜੁੱਤੀ ਲੈ ਲਈ ਅਤੇ ਉਦਾਸ ਹੋ ਕੇ ਤੁਰ ਪਿਆ। ਰਾਹ ਵਿਚ ਉਸ ਨੂੰ ਅਮੀਰ ਖੁਸਰੋ ਦਾ ਕਾਫਲਾ ਮਿਲਿਆ। ਜਦੋਂ ਕੋਲ ਦੀ ਲੰਘਣ ਲੱਗਾ ਤਾਂ ਰੰਗ ਵਿਚ ਰੱਤੇ ਖੁਸਰੋ ਨੂੰ ਆਪਣੇ ਪਿਆਰੇ ਮੁਰਸ਼ਦ ਦੀ ਖੁਸ਼ਬੂ ਆਈ। ਗਰੀਬ ਆਦਮੀ ਨੇ ਆਪਣੀ ਕਹਾਣੀ ਸੁਣਾਈ ਤੇ ਕਿਹਾ ਕਿ ਨਿਜ਼ਾਮੁਦੀਨ ਕੋਲੋਂ ਆ ਰਿਹਾ ਹਾਂ, ਜਿਸ ਨੂੰ ਦੁਨੀਆ ਦਾਤਾ ਕਹਿੰਦੀ ਹੈ ਪਰ ਮੈਨੂੰ ਤਾਂ ਉਸ ਨੇ ਆਹ ਜੁੱਤੀ ਹੀ ਦਿੱਤੀ ਹੈ, ਜਿਸ ਦਾ ਕੋਈ ਮੁੱਲ ਵੀ ਨਹੀਂ ਮਿਲਣਾ। ਅਮੀਰ ਖੁਸਰੋ ਨੇ ਉਸ ਕੋਲੋਂ ਆਪਣੇ ਪਿਆਰੇ ਦਾ ਜੋੜਾ ਲੈ ਕੇ ਸੀਸ 'ਤੇ ਰੱਖਿਆ, ਨੇਤਰਾਂ ਨਾਲ ਛੁਹਾਇਆ, ਚੁੰਮਿਆ ਅਤੇ ਇਸ ਦੇ ਬਦਲੇ ਦੋ ਸੌ ਊਠਾਂ 'ਤੇ ਲੱਦਿਆ ਸਾਰਾ ਖਜ਼ਾਨਾ ਉਸ ਨੂੰ ਸੌਂਪ ਦਿੱਤਾ। ਗਰੀਬ ਆਦਮੀ ਨੇ ਉਸ ਨੂੰ ਪਾਗਲ ਸਮਝਿਆ ਅਤੇ ਖੁਸ਼ੀ-ਖੁਸ਼ੀ ਖਜ਼ਾਨਾ ਲੈ ਕੇ ਚਲਾ ਗਿਆ।
ਖੁਸਰੋ ਨੇ ਪੀਰ ਦਾ ਜੋੜਾ ਸਿਰ 'ਤੇ ਰੱਖਿਆ ਤੇ ਔਲੀਆ ਦੇ ਚਰਨਾਂ ਵਿਚ ਆ ਢੇਰੀ ਹੋਇਆ। ਇਕ ਦਿਨ ਔਲੀਆ ਨੇ ਆਪਣੇ ਮੁਰੀਦਾਂ ਨੂੰ ਪਰਖਣ ਦੀ ਕਸਵੱਟੀ ਲਾਈ। ਉਹ ਕਹਿੰਦੇ-ਕਹਾਉਂਦੇ 32 ਮੁਰੀਦਾਂ ਨੂੰ ਲੈ ਕੇ ਵੇਸਵਾਵਾਂ ਦੇ ਮੁਹੱਲੇ ਪਹੁੰਚ ਗਿਆ। ਬਹੁਤ ਸਾਰੇ ਚੇਲੇ ਤਰਕ ਕਰਕੇ ਉਸ ਨੂੰ ਛੱਡ ਕੇ ਚਲੇ ਗਏ। ਕਈਆਂ ਨੂੰ ਫ਼ਕੀਰ ਨੇ ਆਪ ਹੀ ਝਿੜਕ ਕੇ ਭਜਾ ਦਿੱਤਾ। ਅਖੀਰ ਵਿਚ ਅਮੀਰ ਖੁਸਰੋ ਹੀ ਰਹਿ ਗਿਆ। ਪੀਰ ਜੀ ਨੇ ਉਸ ਨੂੰ ਬਹੁਤ ਮਾਰ ਪੁਆਈ ਤੇ ਲੋਕਾਂ ਨੂੰ ਕਿਹਾ ਕਿ 'ਇਸ ਨੂੰ ਘੜੀਸ ਕੇ ਸੁੱਟ ਆਓ।' ਪਰ ਉਹ ਫਿਰ ਆ ਜਾਂਦਾ ਸੀ। ਅਖੀਰ ਔਲੀਆ ਨੇ ਕਿਹਾ ਕਿ 31 ਬੰਦੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਖੁਸਰੋ ਬੋਲਿਆ ਕਿ ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ, ਕਿਥੇ ਜਾਵਾਂ? ਨਿਜ਼ਾਮੁਦੀਨ ਨੇ ਉਸ ਨੂੰ ਗਲ ਨਾਲ ਲਾ ਲਿਆ ਅਤੇ ਸਭ ਕੁਝ ਸੌਂਪ ਦਿੱਤਾ। ਖੁਸਰੋ ਨੇ ਆਪਣੀ ਸਾਰੀ ਉਮਰ ਦੀ ਕਮਾਈ, ਘਰ-ਘਾਟ, ਪਦਵੀ, ਸੁਖ-ਆਰਾਮ ਪੀਰ ਦੇ ਇਸ਼ਕ ਤੋਂ ਕੁਰਬਾਨ ਕਰ ਦਿੱਤੇ। ਉਸ ਦੀ ਜ਼ਿੰਦਗੀ ਮੁਹੱਬਤ ਦਾ ਕਲਮਾ ਬਣ ਗਈ-
ਤੇਰੇ ਨਾਮ ਸੇ ਦੋ ਜਹਾਂ ਮਿਲ ਗਏ ਹੈਂ
ਹਮੇਂ ਤੇਰੇ ਪਾਉਂ ਕੇ ਨਿਸ਼ਾਂ ਮਿਲ ਗਏ ਹੈਂ।

ਕੋਹਿਨੂਰ ਹੀਰੇ ਦਾ ਤੋਹਫ਼ੇ ਵਜੋਂ ਅੰਗਰੇਜ਼ਾਂ ਨੂੰ ਸੌਂਪਿਆ ਜਾਣਾ

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਲਾਰਡ ਹਾਰਡਿੰਗ ਨੇ ਇਸ ਦਾ ਜਵਾਬ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ਵਿਚ ਤਕਰੀਰ ਕਰਕੇ ਦਿੱਤਾ ਤੇ ਉਮੀਦ ਕੀਤੀ ਕਿ ਦੋਵਾਂ ਸਰਕਾਰਾਂ ਵਿਚ ਇਕ ਵਾਰ ਫਿਰ ਦੋਸਤਾਨਾ ਸਬੰਧ ਕਾਇਮ ਹੋਣਗੇ। ਇਸ ਤੋਂ ਬਾਅਦ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਹੋਇਆ ਤੇ ਮਹਾਰਾਜਾ ਦੇ ਮਾਣ ਵਿਚ ਅੰਗਰੇਜ਼ੀ ਤੋਪਾਂ ਨੇ ਸਲਾਮੀ ਦਿੱਤੀ।
ਗਵਰਨਰ ਜਨਰਲ ਨੇ ਲਾਹੌਰ ਦੀ ਤਰਫ ਮਾਰਚ ਸ਼ੁਰੂ ਕੀਤਾ। ਹਾਰਿਆ ਹੋਇਆ ਮਹਾਰਾਜਾ ਉਸ ਦੀ ਬੱਘੀ ਵਿਚ ਉਸ ਦੇ ਨਾਲ ਹੀ ਸਵਾਰ ਸੀ। ਅੰਗਰੇਜ਼ੀ ਸਿਪਾਹੀਆਂ ਨੇ ਲਾਹੌਰ ਦੇ ਬਿਲਕੁਲ ਬਾਹਰ ਮੀਆਂ ਮੀਰ ਦੇ ਥਾਂ ਉੱਪਰ ਛਾਉਣੀ ਲਗਾਈ ਹੋਈ ਸੀ। ਮਹਾਰਾਜਾ ਦੇ ਰੱਖਿਅਕਾਂ ਨੂੰ ਲਾਹੌਰ ਦੀ ਆਬਾਦੀ ਦੇ ਪ੍ਰਤੀਕਰਮ ਦਾ ਫਿਕਰ ਹੋਣ ਲੱਗਾ। ਉਨ੍ਹਾਂ ਨੇ ਕਿਲ੍ਹੇ ਦੀ ਹਿਫਾਜ਼ਤ ਵਾਸਤੇ ਅੰਗਰੇਜ਼ ਦਸਤੇ ਦੀ ਮੰਗ ਕੀਤੀ, ਜੋ ਮੰਨ ਲਈ ਗਈ ਤੇ ਅੰਗਰੇਜ਼ੀ ਸਿਪਾਹੀਆਂ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਹਜ਼ੂਰੀ ਬਾਗ ਵਾਲੇ ਗੇਟ ਉੱਪਰ ਉਨ੍ਹਾਂ ਦਾ ਹੀ ਪਹਿਰਾ ਲਗਵਾ ਦਿੱਤਾ ਗਿਆ।
8 ਮਾਰਚ, 1846 ਨੂੰ 'ਲਾਹੌਰ ਦੀ ਸੰਧੀ' ਉੱਪਰ ਦਸਤਖਤ ਹੋਏ। ਇਸ ਦੀ ਮੁੱਖ ਧਾਰਾ ਮੁਤਾਬਕ ਪੰਜਾਬ ਦਾ ਇਕ ਹਿੱਸਾ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਹੋ ਜਾਣਾ ਸੀ। ਜਨਰਲ ਸਰ ਹੋਪ ਗਰਾਂਟ ਨੇ ਉਸ ਵਕਤ ਦੇ ਦ੍ਰਿਸ਼ ਦਾ ਬੜੇ ਗੁੰਦਵੇਂ ਸ਼ਬਦਾਂ ਵਿਚ ਜ਼ਿਕਰ ਕੀਤਾ ਕਿ, 'ਦਰਬਾਰ ਦਾ ਹਾਲ ਅਕਸੀ ਸ਼ੀਸ਼ਿਆਂ ਨਾਲ ਭਰਿਆ ਹੋਇਆ ਸੀ ਤੇ ਛੱਤ ਉੱਤੋਂ ਫਾਨੂਸ ਲਟਕ ਰਹੇ ਸਨ। ਹਾਲ ਦੇ ਸਾਹਮਣੇ ਖੁੱਲ੍ਹਾ ਦਰਬਾਰ ਸੀ, ਜਿਸ ਵਿਚ ਸੁੰਦਰ ਡਾਟਾਂ ਬਣੀਆਂ ਸਨ, ਵਿਚਕਾਰ ਇਕ ਫੁਆਰਾ ਚੱਲ ਰਿਹਾ ਸੀ, ਜਿਸ ਵਿਚ ਪੰਛੀ ਕਲੋਲ ਕਰ ਰਹੇ ਸਨ। ਅੰਦਰ ਸ਼ਾਲਾਂ ਤੇ ਰੇਸ਼ਮੀ ਪਰਦੇ ਸਨ, ਜਿਨ੍ਹਾਂ ਨਾਲ ਧੁੱਪ ਰੋਕੀ ਗਈ ਸੀ। ਫਰਸ਼ ਉੱਪਰ ਗੂੜ੍ਹੇ ਰੰਗ ਦੇ ਕੀਮਤੀ ਕਾਲੀਨ ਵਿਛੇ ਹੋਏ ਸਨ। ਦਰਬਾਰ ਦੇ ਅੰਦਰ ਮਹਾਰਾਜਾ ਦਲੀਪ ਸਿੰਘ, ਇਕ ਖੂਬਸੂਰਤ ਮਾਸੂਮ ਜਿਹਾ ਲੜਕਾ ਬੈਠਾ ਸੀ। ਉਸ ਦੇ ਨਾਲ ਸਿੱਖ ਸਰਦਾਰ ਜਿਵੇਂ ਕਿ ਖੁਸ਼ਨੁਮਾ ਮੂਡ ਵਿਚ ਰਾਜਾ ਲਾਲ ਸਿੰਘ, ਜਰਨੈਲਾਂ ਵਿਚ ਮਾਯੂਸ, ਚੇਚਕ ਦੇ ਦਾਗਾਂ ਨਾਲ ਭਰਿਆ ਤੇ ਸ਼ਰਾਬੀਆਂ ਵਾਂਗ ਦਿਖਾਈ ਦਿੰਦਾ ਰਾਜਾ ਤੇਜ ਸਿੰਘ ਸੀ। ਇਸ ਤੋਂ ਇਲਾਵਾ ਬੱਦੋਵਾਲ ਤੇ ਆਲੀਵਾਲ ਦੀਆਂ ਲੜਾਈਆਂ ਵਾਲਾ ਰਾਜਾ ਰਣਜੋਧ ਸਿੰਘ ਤੇ ਹੋਰ ਵੱਡੇ ਅਹੁਦਿਆਂ ਵਾਲੇ ਸਰਦਾਰ ਵੀ ਬੈਠੇ ਸਨ। ਰਿਵਾਜ ਮੁਤਾਬਿਕ ਸਭ ਤੋਂ ਪਹਿਲਾਂ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਹੋਇਆ। ਦਰਬਾਰ ਵਲੋਂ ਸਭ ਤੋਂ ਕੀਮਤੀ ਚੀਜ਼ ਕੋਹਿਨੂਰ ਹੀਰਾ ਪੇਸ਼ ਕੀਤਾ ਗਿਆ। ਇਕ ਇੰਚ ਲੰਬਾ, ਪੌਣਾ ਇੰਚ ਚੌੜਾ ਤੇ ਏਨਾ ਕੁ ਹੀ ਮੋਟਾ ਇਹ ਹੀਰਾ ਇਕ ਵਿਅਕਤੀ ਤੋਂ ਦੂਜੇ ਤੱਕ ਸਿਰਫ ਬਾਂਹ ਨਾਲ ਬੱਝਾ ਹੀ ਤੁਰਦਾ ਗਿਆ। ਇਸ ਦੇ ਨਾਲ ਦੋ ਹੋਰ ਛੋਟੇ-ਛੋਟੇ ਕੀਮਤੀ ਪੱਥਰ ਲਾਲ ਰੇਸ਼ਮੀ ਕੱਪੜੇ ਵਿਚ ਲਪੇਟੇ ਹੋਏ ਸਨ।'
ਦਰਬਾਰ ਵਲੋਂ ਇਸ ਸਮਝੌਤੇ ਉੱਪਰ ਦਸਤਖਤ ਕਰਨ ਵਾਲੇ ਰਾਜਾ ਲਾਲ ਸਿੰਘ, ਤੇਜ ਸਿੰਘ, ਭਈਆ ਰਾਮ ਸਿੰਘ ਤੇ ਦੀਵਾਨ ਦੀਨਾ ਨਾਥ ਸਨ। ਕਸੂਰ ਵਾਲੇ ਸਮਝੌਤੇ ਵਿਚ ਦੋ ਤਰਮੀਮਾਂ ਕੀਤੀਆਂ ਗਈਆਂ ਸਨ। ਕਿਉਂਕਿ ਦਰਬਾਰ 50 ਲੱਖ ਤੋਂ ਵੱਧ ਨਹੀਂ ਅਦਾ ਕਰ ਸਕਦਾ ਸੀ, ਇਸ ਕਰਕੇ ਡੇਢ ਕਰੋੜ ਦੇ ਹਰਜਾਨੇ ਦੀ ਰਕਮ ਬਦਲ ਦਿੱਤੀ ਤੇ ਇਸ ਦੇ ਇਵਜ਼ ਵਿਚ ਕਸ਼ਮੀਰ ਤੇ ਹਜ਼ਾਰਾ ਪੰਜਾਬ ਤੋਂ ਅਲੱਗ ਕਰਵਾ ਲਿਆ। ਬਾਅਦ ਵਿਚ ਕਸ਼ਮੀਰ ਗੁਲਾਬ ਸਿੰਘ ਡੋਗਰਾ ਨੂੰ 10 ਲੱਖ ਪੌਂਡ ਵਿਚ ਵੇਚ ਦਿੱਤਾ ਗਿਆ ਸੀ।
ਡੋਗਰਾ ਸਮਝ ਗਿਆ ਸੀ ਕਿ ਉਹ ਹੁਣ ਪਠਾਣਾਂ ਕੋਲੋਂ ਹਜ਼ਾਰਾ ਨਹੀਂ ਲੈ ਸਕਦਾ, ਕਿਉਂਕਿ ਉਨ੍ਹਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਨਾਲ ਉਲਝਿਆ ਦੇਖ ਕੇ ਉਸ ਇਲਾਕੇ ਨੂੰ ਆਜ਼ਾਦ ਕਰਵਾ ਲਿਆ ਸੀ ਤੇ ਸਾਰੇ ਕਿਲ੍ਹਿਆਂ ਉੱਪਰ ਕਬਜ਼ਾ ਕਰ ਲਿਆ ਸੀ। ਉਨ੍ਹਾਂ ਦੀ ਮਦਦ ਵਾਸਤੇ ਅੰਗਰੇਜ਼ ਆਏ, ਉਨ੍ਹਾਂ ਹਜ਼ਾਰਾ 'ਤੇ ਕਬਜ਼ਾ ਕਰ ਲਿਆ ਤੇ ਹਜ਼ਾਰਾ ਦੇ ਬਦਲੇ ਗੁਲਾਬ ਸਿੰਘ ਨੂੰ ਜੰਮੂ ਦੇ ਨਾਲ ਲਗਦੇ ਕੁਝ ਹੋਰ ਇਲਾਕੇ ਦੇ ਦਿੱਤੇ। ਕੈਪਟਨ ਅੱਬਾਟ ਨੂੰ ਹਜ਼ਾਰਾ ਦਾ ਚਾਰਜ ਦੇ ਦਿੱਤਾ।
ਕਸ਼ਮੀਰ ਦੇ ਬਦਲੇ ਵਿਚ ਲੈਣ ਵਾਲੇ 10 ਲੱਖ ਪੌਂਡ ਦੀ ਰਕਮ ਘਟਾ ਕੇ ਉਸ ਦਾ ਚੌਥਾ ਹਿੱਸਾ ਕਰ ਦਿੱਤੀ। ਅੰਗਰੇਜ਼ਾਂ ਕੋਲ ਧਿਆਨ ਸਿੰਘ ਡੋਗਰਾ ਦਾ ਖਜ਼ਾਨਾ ਵੀ ਪਿਆ ਸੀ, ਜੋ 15 ਤੋਂ 20 ਲੱਖ ਰੁਪਏ ਦੇ ਬਰਾਬਰ ਸੀ, ਉਹ ਵੀ ਗੁਲਾਬ ਸਿੰਘ ਡੋਗਰੇ ਨੂੰ ਦੇ ਦਿੱਤਾ ਸੀ।
ਦਰਬਾਰ ਦੀ ਫੌਜ ਦੀ ਗਿਣਤੀ 20,000 ਪੈਦਲ ਤੇ 12,000 ਘੋੜਸਵਾਰ ਦੀ ਬੰਨ੍ਹ ਦਿੱਤੀ ਸੀ।
ਲਾਲ ਸਿੰਘ ਤੇ ਹੋਰ ਸਰਦਾਰਾਂ ਦੀ ਬੇਨਤੀ ਉੱਪਰ ਮਹਾਰਾਜਾ ਦੀ ਹਿਫ਼ਾਜ਼ਤ ਵਾਸਤੇ ਸਾਲ ਦੇ ਅੰਤ ਤੱਕ ਅੰਗਰੇਜ਼ੀ ਫੌਜ ਨੂੰ 22,000 ਪੌਂਡ ਦੀ ਕੀਮਤ ਉੱਪਰ ਕਿਲ੍ਹੇ ਵਿਚ ਰੱਖਣਾ ਮੰਨ ਲਿਆ ਗਿਆ। ਮਹਾਰਾਜਾ ਦੇ ਬਾਲਗ ਹੋਣ ਤੱਕ ਰਾਜ ਦਾ ਕੰਮ-ਕਾਜ ਚਲਾਉਣ ਵਾਸਤੇ ਇਕ ਰੀਜੈਂਸੀ ਕੌਂਸਲ ਦਾ ਗਠਨ ਕੀਤਾ ਗਿਆ। ਮਹਾਰਾਣੀ ਜਿੰਦਾ ਮੁੱਖ ਪ੍ਰਸ਼ਾਸਨ, ਰੀਜੈਂਟ ਹੋਵੇਗੀ ਤੇ ਲਾਲ ਸਿੰਘ ਉਸ ਦਾ ਮੁੱਖ ਸਲਾਹਕਾਰ। ਮੇਜਰ ਜਨਰਲ ਹੈਨਰੀ ਲਾਰੈਂਸ ਨੂੰ ਲਾਹੌਰ ਵਿਚ ਗਵਰਨਰ ਜਨਰਲ ਦੇ ਏਜੰਟ ਦੇ ਰੂਪ ਵਿਚ ਰੱਖਿਆ ਗਿਆ।
16 ਮਾਰਚ, 1846 ਨੂੰ ਅੰਮ੍ਰਿਤਸਰ ਵਿਖੇ ਇਕ ਹੋਰ ਸਮਾਰੋਹ ਹੋਇਆ। ਇਸ ਵਿਚ ਗੁਲਾਬ ਸਿੰਘ ਨਾਲ ਹੋਏ ਸਮਝੌਤੇ ਦੀ ਤਸਦੀਕ ਕੀਤੀ ਗਈ ਤੇ ਉਸ ਨੂੰ ਜੰਮੂ ਤੇ ਕਸ਼ਮੀਰ ਦੀ ਹਕੂਮਤ ਸੰਭਾਲੀ ਗਈ। ਡੋਗਰਾ ਜੋ ਸਿਰਫ ਟੁੱਟੇ-ਫੁੱਟੇ ਪੰਜਾਬ ਦਾ ਪ੍ਰਧਾਨ ਮੰਤਰੀ ਬਣਨਾ ਸੋਚਦਾ ਸੀ, ਹੁਣ ਇਕ ਸਟੇਟ ਦਾ ਮਹਾਰਾਜਾ ਬਣ ਗਿਆ, ਜਿਸ ਦਾ ਸਾਈਜ਼ ਇਟਲੀ ਦੇ ਬਰਾਬਰ ਸੀ। ਇਸ ਤਰ੍ਹਾਂ ਰਿੱਛ ਜਿਵੇਂ ਕਿ ਡੋਗਰਾ ਨੂੰ ਅਕਸਰ ਬੋਲਿਆ ਜਾਂਦਾ ਸੀ, ਦਰਬਾਰ ਦੇ ਛੱਤੇ ਵਿਚੋਂ ਸਭ ਤੋਂ ਵਧੀਆ ਸ਼ਹਿਦ ਹਾਸਲ ਕਰ ਗਿਆ। ਉਸ ਨੇ ਇਹ ਤੋਹਫ਼ਾ ਬਣਦੀ ਜ਼ਲਾਲਤ ਨਾਲ ਕਬੂਲ ਕੀਤਾ ਤੇ ਆਪਣੇ-ਆਪ ਨੂੰ ਜ਼ਰ-ਖਰੀਦ ਗੁਲਾਮ, ਯਾਨੀ ਸੋਨੇ ਨਾਲ ਖਰੀਦਿਆ ਹੋਇਆ ਗੁਲਾਮ ਕਿਹਾ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਤਾਸ਼ਕੰਦ 'ਚ ਵਸਦੈ ਇਕ ਹੋਰ ਭਾਰਤ

ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਾਬਕਾ ਸੋਵੀਅਤ ਸੰਘ ਦਾ ਇਕ ਪ੍ਰਸਿੱਧ ਸ਼ਹਿਰ ਹੈ, ਜਿੱਥੇ ਉਥੋਂ ਦੀ ਸੂਬਾਈ ਭਾਸ਼ਾ 'ਉਜ਼ਬੇਕ' ਹੀ ਲਿਖੀ ਤੇ ਬੋਲੀ ਜਾਂਦੀ ਹੈ। ਉਥੋਂ ਦੀ ਕਰੰਸੀ ਭਾਰਤ ਤੋਂ ਵੱਖ ਹੈ, ਉਥੋਂ ਦੇ ਲੋਕਾਂ ਦਾ ਪਹਿਰਾਵਾ ਵੀ ਸਾਡੇ ਨਾਲ ਮੇਲ ਨਹੀਂ ਖਾਂਦਾ, ਰਹਿਣ-ਸਹਿਣ ਅਤੇ ਖਾਣ-ਪੀਣ ਵੀ ਸਾਡੇ ਨਾਲੋਂ ਬਿਲਕੁਲ ਵੱਖਰਾ ਹੈ, ਉਨ੍ਹਾਂ ਦਾ ਸੱਭਿਆਚਾਰ ਅਤੇ ਰੀਤੀ-ਰਿਵਾਜ ਆਦਿ ਵੀ ਸਾਡੇ ਤੋਂ ਪੂਰੀ ਤਰ੍ਹਾਂ ਭਿੰਨ ਹਨ, ਪਰ ਇਸ ਸਭ ਦੇ ਬਾਵਜੂਦ ਤਾਸ਼ਕੰਦ ਅਤੇ ਭਾਰਤ 'ਚ ਜੇਕਰ ਕੋਈ ਸਮਾਨਤਾ ਹੈ ਤਾਂ ਉਹ ਹੈ ਉਥੋਂ ਦੇ ਇਕ ਸਥਾਨਕ ਸਕੂਲ 'ਚ ਬੋਲੀ, ਲਿਖੀ ਤੇ ਪੜ੍ਹੀ ਜਾਂਦੀ 'ਹਿੰਦੀ' ਭਾਸ਼ਾ ਤੇ 'ਦੇਵਨਾਗਰੀ' ਲਿਪੀ। ਜੀ ਹਾਂ, ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੇਸ਼ 'ਚ ਅੰਗਰੇਜ਼ੀ ਸਮਝਣ ਵਾਲੇ ਵੀ ਬਹੁਤ ਥੋੜ੍ਹੇ ਲੋਕ ਹਨ, ਉਥੋਂ ਦੇ ਇਕ ਸਕੂਲ 'ਚ ਅੱਜ ਵੀ ਹਿੰਦੀ ਪੜ੍ਹੀ ਤੇ ਪੜ੍ਹਾਈ ਜਾਂਦੀ ਹੈ।
ਅਕਸਰ ਦੂਜੇ ਦੇਸ਼ਾਂ ਤੋਂ ਤਾਸ਼ਕੰਦ ਪਹੁੰਚਣ 'ਤੇ ਜਿਸ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਹੈ ਉਥੋਂ ਦੀ ਸਥਾਨਕ ਭਾਸ਼ਾ। ਉੱਥੇ ਸਿਰਫ਼ ਉਜ਼ਬੇਕ ਭਾਸ਼ਾ ਹੀ ਬੋਲੀ ਅਤੇ ਸਮਝੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਤਾਸ਼ਕੰਦ 'ਚ ਇਕ ਅਜਿਹੀ ਜਗ੍ਹਾ ਵੀ ਹੈ, ਜੋ ਸਹਿਜ ਹੀ ਤਾਸ਼ਕੰਦ 'ਚ ਇਕ ਮਿੰਨੀ ਭਾਰਤ ਹੋਣ ਦਾ ਅਹਿਸਾਸ ਕਰਵਾ ਦਿੰਦੀ ਹੈ।
ਤਾਸ਼ਕੰਦ ਦੀ ਸ਼ਾਸਤਰੀ ਸਟਰੀਟ 'ਤੇ ਸਥਾਪਿਤ 'ਸ੍ਰੀ ਲਾਲ ਬਹਾਦਰ ਸ਼ਾਸਤਰੀ ਮੈਮੋਰੀਅਲ ਸਕੂਲ' ਨੂੰ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਯਾਦ 'ਚ ਸ਼ੁਰੂ ਕੀਤਾ ਗਿਆ ਹੈ। ਇਸ ਸਕੂਲ 'ਚ ਪੜ੍ਹਨ ਵਾਲੇ ਡੇਢ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਸਾਰੇ ਵਿਸ਼ੇ ਹਿੰਦੀ 'ਚ ਪੜ੍ਹਾਏ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ 'ਚ ਬਹੁਤੀ ਗਿਣਤੀ ਮੁਸਲਮਾਨ ਵਿਦਿਆਰਥੀਆਂ ਦੀ ਹੈ ਅਤੇ ਬਾਕੀ ਵਿਦਿਆਰਥੀ ਈਸਾਈ ਹਨ, ਜਦਕਿ ਹਿੰਦੂ ਜਾਂ ਸਿੱਖ ਵਿਦਿਆਰਥੀ ਇਕ ਵੀ ਨਹੀਂ ਹੈ। ਇਨ੍ਹਾਂ ਨੂੰ ਹਿੰਦੀ ਪੜ੍ਹਾਉਣ ਵਾਲੀਆਂ ਅਧਿਆਪਕਾਂ ਸ੍ਰੀਮਤੀ ਬਖ਼ਤਿਆਰ ਅਤੇ ਰੈਨੋ ਉਜ਼ਬੈਕ ਹਨ ਪਰ ਇਸ ਸਭ ਦੇ ਬਾਵਜੂਦ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਵਾਂ ਅਤੇ ਹੋਰ ਪ੍ਰਬੰਧਕੀ ਸਟਾਫ਼ ਨੂੰ ਹਿੰਦੀ ਭਾਸ਼ਾ ਨਾਲ ਬੇਹੱਦ ਪਿਆਰ ਹੈ। ਇਸੇ ਸਕੂਲ 'ਚ ਲਗਾਇਆ ਗਿਆ ਸ੍ਰੀ ਸ਼ਾਸਤਰੀ ਦਾ ਵਿਸ਼ਾਲ ਬੁੱਤ, ਭਾਰਤ ਦਾ ਨਕਸ਼ਾ ਅਤੇ ਭਾਰਤ ਦਾ ਰਾਸ਼ਟਰੀ ਝੰਡਾ ਜਿੱਥੇ ਇਸ ਸਕੂਲ ਦੇ ਸਟਾਫ਼ ਤੇ ਪ੍ਰਬੰਧਕਾਂ ਦੇ ਭਾਰਤ ਪ੍ਰਤੀ ਪਿਆਰ ਨੂੰ ਜ਼ਾਹਿਰ ਕਰਦਾ ਹੈ, ਉਥੇ ਹੀ ਇਹ ਸਾਰੇ ਦ੍ਰਿਸ਼ ਕੁਝ ਅਸਧਾਰਨ ਜਿਹੇ ਵੀ ਜਾਪਦੇ ਹਨ।
ਭਾਰਤ ਤੋਂ ਕਿਸੇ ਨਾਗਰਿਕ ਜਾਂ ਵਿਸ਼ੇਸ਼ ਵਿਅਕਤੀ ਦੇ ਤਾਸ਼ਕੰਦ ਜਾਣ 'ਤੇ ਸਕੂਲ ਦੇ ਪ੍ਰਬੰਧਕ ਆਪਣੀ ਮਹਿਮਾਨ ਨਿਵਾਜੀ ਦਾ ਸਬੂਤ ਦਿੰਦਿਆਂ ਉਸ ਦੇ ਸਵਾਗਤ 'ਚ ਸੱਭਿਆਚਾਰਕ ਪ੍ਰੋਗਰਾਮ ਜ਼ਰੂਰ ਪੇਸ਼ ਕਰਦੇ ਹਨ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਵਲੋਂ ਭਾਰਤੀ ਫਿਲਮਾਂ ਦੇ ਹਿੰਦੀ ਗੀਤ ਗਾਏ ਅਤੇ ਇਨ੍ਹਾਂ ਗੀਤਾਂ 'ਤੇ ਨਾਚ ਵੀ ਪੇਸ਼ ਕੀਤਾ ਜਾਂਦਾ ਹੈ। ਸਕੂਲ ਦੇ ਪ੍ਰਬੰਧਕਾਂ ਅਨੁਸਾਰ ਸਕੂਲ 'ਚ ਹਰ ਸਾਲ ਸ੍ਰੀ ਸ਼ਾਸਤਰੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਅਸਲ 'ਚ ਤਾਸ਼ਕੰਦ ਦਾ ਨਾਂਅ ਸੰਨ 1966 ਦੇ ਬਾਅਦ ਤੋਂ ਭਾਰਤੀਆਂ ਲਈ ਕੁਝ ਜ਼ਿਆਦਾ ਹੀ ਜਾਣਿਆ-ਪਛਾਣਿਆ ਜਿਹਾ ਰਿਹਾ ਹੈ, ਕਿਉਂਕਿ ਇਸੇ ਸ਼ਹਿਰ 'ਚ 11 ਜਨਵਰੀ, 1966 ਦੀ ਰਾਤ ਨੂੰ ਭਾਰਤ ਦੇ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋਈ ਸੀ, ਜੋ ਅੱਜ 52 ਵਰ੍ਹੇ ਬੀਤ ਜਾਣ ਪਿੱਛੋਂ ਵੀ ਇਕ ਭੇਦ ਬਣੀ ਹੋਈ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸੰਨ 1965 ਦੇ ਹਿੰਦ-ਪਾਕਿਸਤਾਨ ਯੁੱਧ ਤੋਂ ਬਾਅਦ 3-10 ਜਨਵਰੀ, 1966 ਤੱਕ ਤਾਸ਼ਕੰਦ ਸ਼ਹਿਰ 'ਚ ਇਕ ਸੰਮੇਲਨ ਹੋਇਆ, ਜਿਸ 'ਚ ਰਸਮੀ ਤੌਰ 'ਤੇ ਭਾਰਤ-ਪਾਕਿਸਤਾਨ ਵਲੋਂ ਯੁੱਧ ਨੂੰ ਖਤਮ ਕਰਕੇ ਸ਼ਾਂਤੀ ਸਥਾਪਨਾ ਦਾ ਫੈਸਲਾ ਲਿਆ ਗਿਆ। ਤਾਸ਼ਕੰਦ ਜਾਣ ਤੋਂ ਪਹਿਲਾਂ ਸ੍ਰੀ ਸ਼ਾਸਤਰੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਂ ਦੋਵਾਂ ਨੇ ਆਪਣੀਆਂ ਇੱਛਾਵਾਂ ਅਤੇ ਉਦੇਸ਼ ਤਹਿ ਕਰ ਲਏ ਸਨ। ਅਯੂਬ ਖ਼ਾਂ ਨੇ ਕਿਹਾ ਕਿ ਉਹ ਕਸ਼ਮੀਰ ਸਮੱਸਿਆ ਦੇ ਸਹੀ ਹੱਲ ਲਈ ਤਿਆਰ ਹਨ। ਇਧਰ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਕਸ਼ਮੀਰ ਦਾ ਭਵਿੱਖ ਕਿਸੇ ਗੱਲਬਾਤ ਦਾ ਵਿਸ਼ਾ ਨਹੀਂ ਹੋ ਸਕਦਾ। ਇਹ ਪਹਿਲੀ ਵਾਰ ਸੀ ਕਿ ਜਦੋਂ ਸੋਵੀਅਤ ਸੰਘ ਨੇ ਦੋ ਗੈਰ-ਸਾਮਵਾਦੀ ਦੇਸ਼ਾਂ ਵਿਚਕਾਰ ਮੇਲ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਬੈਠਕ 'ਚ 6 ਦਿਨਾਂ ਤੱਕ ਦੋਹਾਂ ਦੇਸ਼ਾਂ ਨੇ ਸਖ਼ਤੀ ਦਾ ਰਵੱਈਆ ਬਣਾਈ ਰੱਖਿਆ। ਅਖੀਰ 'ਚ ਤਾਸ਼ਕੰਦ ਸਮਝੌਤੇ 'ਤੇ ਦੋਵੇਂ ਦੇਸ਼ ਸਹਿਮਤ ਹੋ ਗਏ। ਰੂਸ ਦੇ ਪ੍ਰਧਾਨ ਮੰਤਰੀ ਕੋਸੀਗਿਨ ਦੀ ਮੌਜੂਦਗੀ 'ਚ ਸਮਝੌਤਾ ਪੱਤਰ 'ਤੇ ਸ੍ਰੀ ਸ਼ਾਸਤਰੀ ਅਤੇ ਅਯੂਬ ਖ਼ਾਂ ਨੇ ਦਸਤਖ਼ਤ ਕੀਤੇ ਪਰ ਉਸ ਤੋਂ ਕੁਝ ਘੰਟਿਆਂ ਪਿੱਛੋਂ ਹੀ ਦਿਲ ਦਾ ਦੌਰਾ ਪੈਣ ਨਾਲ ਸ੍ਰੀ ਲਾਲ ਬਹਾਦਰ ਸ਼ਾਸਤਰੀ ਦਾ ਦਿਹਾਂਤ ਹੋ ਗਿਆ।


-ਅੰਮ੍ਰਿਤਸਰ।
ਮੋਬਾ: 93561-27771

ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਜਹਾਂਗੀਰ ਦੇ ਇਸ ਫੈਸਲੇ ਤੋਂ ਬਾਅਦ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ ਅਤੇ ਇਸ ਨੂੰ ਪਹਿਨ ਲਿਆ। 52 ਦੇ 52 ਗਵਾਲੀਅਰ ਦੇ ਕੈਦੀ ਰਾਜਿਆਂ ਨੇ ਇਸ ਚੋਲੇ ਦੀਆਂ ਕਲੀਆਂ ਫੜ ਲਈਆਂ ਅਤੇ ਕਿਲ੍ਹੇ ਤੋਂ ਬਾਹਰ ਆ ਗਏ। ਅਜਿਹਾ ਹੋਣ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੂੰ 'ਦਾਤਾ ਬੰਦੀ ਛੋੜ' ਕਿਹਾ ਜਾਂਦਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹਿਣ ਦੀ ਯਾਦ ਵਿਚ ਗੁਰਦੁਆਰਾ 'ਦਾਤਾ ਬੰਦੀ ਛੋੜ' ਸਥਾਪਤ ਕੀਤਾ ਗਿਆ ਹੈ। ਗਵਾਲੀਅਰ ਦਾ ਕਿਲ੍ਹਾ ਸ਼ਹਿਰ ਦੇ ਬਾਹਰ ਉੱਚੇ ਪਹਾੜ ਉੱਤੇ ਸਥਿਤ ਹੈ, ਜਿੱਥੋਂ ਸਾਰੇ ਸ਼ਹਿਰ ਦਾ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਇਸ ਵਿਚ ਬਣਿਆ ਸੁੰਦਰ ਗੁਰਦੁਆਰਾ ਸਾਹਿਬ ਵੀ ਦੂਰੋਂ ਹੀ ਵਿਖਾਈ ਦਿੰਦਾ ਹੈ। ਇਸ ਕਿਲ੍ਹੇ ਵਿਚ ਪਹਿਲਾਂ ਗੁਰੂ ਸਾਹਿਬ ਦੀ ਯਾਦ ਵਿਚ ਮਸਜਿਦ ਵਰਗੀ ਇਕ ਯਾਦਗਾਰ ਬਣਾਈ ਗਈ। 1947 ਤੋਂ ਬਾਅਦ ਸਿੱਖਾਂ ਨੇ ਇਸ ਯਾਦਗਾਰ ਦੇ ਨੇੜੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ। ਅੱਜ ਇੱਥੇ ਸੁੰਦਰ ਗੁਰਦੁਆਰਾ 'ਦਾਤਾ ਬੰਦੀ ਛੋੜ' ਸਥਾਪਤ ਹੈ। ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ 1970 ਈ: ਤੋਂ 1980 ਈ: ਤੱਕ ਦੇ ਦਹਾਕੇ ਵਿਚ ਸੰਤ ਝੰਡਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਉੱਤਮ ਸਿੰਘ ਮੋਨੀ ਨੇ ਤਿਆਰ ਕਰਵਾਈ ਸੀ। ਮੌਜੂਦਾ ਸਮੇਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਇੱਥੇ ਸੇਵਾ ਨਿਭਾਅ ਰਹੇ ਹਨ। ਇਹ ਗੁਰਦੁਆਰਾ ਸਾਹਿਬ ਲਗਪਗ ਛੇ ਏਕੜ ਵਿਚ ਫੈਲਿਆ ਹੋਇਆ ਹੈ। ਬੇਸਮੈਂਟ ਉੱਪਰ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ।
ਇਸ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਸੁੰਦਰ ਗੇਟ ਬਣਿਆ ਹੋਇਆ ਹੈ ਅਤੇ ਦਰਬਾਰ ਨੂੰ ਇਸ ਗੇਟ ਤੋਂ ਜਾਂਦੇ ਰਸਤੇ ਵਿਚ ਸਜਾਵਟੀ ਪੌਦੇ ਲਗਾਏ ਗਏ ਹਨ। ਸ਼ਰਧਾਲੂਆਂ ਦੇ ਠਹਿਰਨ ਲਈ ਇਸ ਗੁਰਦੁਆਰਾ ਸਾਹਿਬ ਵਿਚ ਸੁੰਦਰ ਸਰਾਂ ਬਣਾਈ ਗਈ ਹੈ। ਲੰਗਰ ਵਰਤਾਉਣ ਲਈ ਲੰਗਰ ਹਾਲ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿਚ 24 ਘੰਟੇ ਲੰਗਰ ਵਰਤਦਾ ਹੈ। ਸ਼ਰਧਾਲੂਆਂ ਨੂੰ ਲੈਣ ਅਤੇ ਛੱਡਣ ਲਈ ਗੁਰਦੁਆਰਾ ਸਾਹਿਬ ਦੀ ਬੱਸ ਰੇਲਵੇ ਸਟੇਸ਼ਨ 'ਤੇ ਜਾਂਦੀ ਹੈ। ਇਸ ਗੁਰਦੁਆਰਾ ਸਾਹਿਬ ਵਿਚ ਹਰ ਸਾਲ 'ਬੰਦੀ ਛੋੜ ਦਿਵਸ' ਜੋ ਸਤੰਬਰ-ਅਕਤੂਬਰ ਵਿਚ ਆਉਂਦਾ ਹੈ, ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਹਰ ਮਹੀਨੇ ਇੱਥੇ ਮੱਸਿਆ ਨੂੰ ਵੀ ਮੇਲਾ ਭਰਦਾ ਹੈ। ਰੋਜ਼ਾਨਾ ਵੀ ਦਰਸ਼ਨਾਂ ਲਈ ਕਾਫੀ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਹਜ਼ੂਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਵੀ ਇੱਥੇ ਦਰਸ਼ਨ ਪਾ ਕੇ ਜਾਂਦੇ ਹਨ। ਇਹ ਸਥਾਨ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਦੂਸਰੇ ਧਰਮਾਂ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਹੈ। ਆਪਣੀ ਸੁੰਦਰਤਾ ਕਾਰਨ ਇਹ ਸਥਾਨ ਧਾਰਮਿਕ ਤੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਇਕ ਸੈਲਾਨੀ ਕੇਂਦਰ ਦਾ ਦਰਜਾ ਰੱਖਦਾ ਹੈ। ਗਵਾਲੀਅਰ ਦੇ ਕਿਲ੍ਹੇ ਦੇ ਦੂਸਰੇ ਸਥਾਨਾਂ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ ਦਾ ਵੀ ਵਿਸ਼ੇਸ਼ ਸਥਾਨ ਹੈ। (ਸਮਾਪਤ)


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਬਜ ਬਜ ਵਿਖੇ ਕਾਮਾਗਾਟਾਮਾਰੂ ਸ਼ਹੀਦਾਂ ਦੀ ਯਾਦਗਾਰ

ਉਸਾਰੀ ਸ਼ੁਰੂ ਕਰਨ ਲਈ 5 ਸਾਲ ਸਖ਼ਤ ਮਿਹਨਤ ਕਰਨੀ ਪਈ

ਕੋਲਕਾਤਾ ਦੇ ਨੇੜੇ ਦੱਖਣੀ 24 ਪਰਗਨਾ 'ਚ ਬਜ ਬਜ ਵਿਖੇ ਹੁਗਲੀ ਨਦੀ ਦੇ ਪੂਰਬੀ ਕਿਨਾਰੇ 'ਤੇ 29 ਸਤੰਬਰ, 1914 ਨੂੰ ਕਾਮਾਗਾਟਾਮਾਰੂ ਸ਼ਹੀਦੀ ਸਾਕਾ ਵਾਪਰਿਆ ਸੀ, ਜਿਸ 'ਚ ਸਭ ਤੋਂ ਵੱਧ ਪੰਜਾਬੀ, ਮੁੱਖ ਤੌਰ 'ਤੇ ਸਿੱਖ, ਸ਼ਹੀਦੀ ਪਾ ਗਏ ਸਨ। ਭਾਰਤ ਦੇ ਆਜ਼ਾਦ ਹੋਣ 'ਤੇ ਦੇਸ਼ ਦੇ ਬਣੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 1952 'ਚ ਸ਼ਹੀਦੀ ਸਥਲ 'ਤੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਯਾਦਗਾਰ ਦਾ ਉਦਘਾਟਨ ਕਰਦਿਆਂ ਕਿਹਾ ਸੀ ਕਿ 'ਦੇਸ਼ ਦੀ ਆਜ਼ਾਦੀ ਲਈ ਹੋਏ ਸੰਗਰਾਮ ਦੀਆਂ ਕਈ ਕੜੀਆਂ ਹਨ। ਉਨ੍ਹਾਂ ਵਿਚ ਕਾਮਾਗਾਟਾਮਾਰੂ ਸ਼ਹੀਦੀ ਸਾਕਾ ਇਕ ਅਹਿਮ ਕੜੀ ਹੈ'। ਪੰਡਿਤ ਨਹਿਰੂ ਨੇ ਇਸ ਤਰ੍ਹਾਂ ਕਾਮਾਗਾਟਾਮਾਰੂ ਸਾਕੇ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਸੀ। ਪਰ ਉਨ੍ਹਾਂ ਤੋਂ ਬਾਅਦ ਕਿਸੇ ਨੇ ਇਸ ਸਾਕੇ ਵੱਲ ਮੁੜ ਕੇ ਤੱਕਿਆ ਨਹੀਂ। ਸਥਾਨਕ ਲੋਕਾਂ ਨੇ ਸ਼ਹੀਦਾਂ ਪ੍ਰਤੀ ਆਪਣੀ ਅਥਾਹ ਸ਼ਰਧਾ ਵਜੋਂ ਇਸ ਯਾਦ ਨੂੰ ਆਪਣੇ ਦਿਲਾਂ 'ਚ ਹਰ ਸਮੇਂ ਬਣਾਈ ਰੱਖਿਆ। ਇਹ ਸਥਾਨਕ ਲੋਕ ਹੀ ਸਨ, ਜਿਨ੍ਹਾਂ ਨੇ ਅੱਗੇ ਆ ਕੇ ਬਰਤਾਨਵੀ ਪੁਲਿਸ ਦੀਆਂ ਗੋਲੀਆਂ ਤੋਂ ਬਚਾਉਂਦੇ ਹੋਏ, ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਆਪਣੇ ਘਰਾਂ 'ਚ ਪਨਾਹ ਦਿੱਤੀ। ਇਹ ਲੋਕ ਹਰ ਸਾਲ 29 ਸਤੰਬਰ ਨੂੰ ਸ਼ਹੀਦੀ ਸਥਲ 'ਤੇ ਇਕੱਤਰ ਹੋ ਕੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਉਨ੍ਹਾਂ ਦੀ ਯਾਦ ਵਿਚ ਉਥੇ ਦੀਵੇ ਵੀ ਜਗਾਉਂਦੇ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਨਾ ਹੀ ਸਿੱਖਾਂ ਦੀ ਕਿਸੇ ਸਿਰਮੌਰ ਸੰਸਥਾ ਅਤੇ ਨਾ ਹੀ ਪੰਜਾਬ ਦੀ ਕਿਸੇ ਸਰਕਾਰ ਨੇ ਇਸ ਪਾਸੇ ਅੱਜ ਤੱਕ ਕਦੀ ਕੋਈ ਧਿਆਨ ਦਿੱਤਾ ਹੈ। ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ 2012 'ਚ ਬਜ ਬਜ ਰੇਲਵੇ ਸਟੇਸ਼ਨ ਦਾ ਨਾਂਅ ਬਦਲਕੇ 'ਕਾਮਾਗਾਟਾਮਾਰੂ ਬਜ ਬਜ ਸਟੇਸ਼ਨ' ਕੀਤਾ। ਮਮਤਾ ਬੈਨਰਜੀ ਦੀ ਇਸ ਕਾਰਵਾਈ ਦੀ ਹਰ ਕਿਸੇ ਨੇ ਪ੍ਰਸੰਸਾ ਕੀਤੀ ਹੈ।
2014 ਕਾਮਾਗਾਟਾਮਾਰੂ ਸ਼ਹੀਦੀ ਸਾਕੇ ਦਾ ਸ਼ਤਾਬਦੀ ਵਰ੍ਹਾ ਸੀ। ਇਕ ਸੌ ਸਾਲ ਤੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਲਈ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕ ਉਪ-ਕੁਲਪਤੀ ਡਾ: ਜਸਪਾਲ ਸਿੰਘ, ਸ: ਜੋਗਿੰਦਰ ਸਿੰਘ ਜੌਹਲ (ਸਪੁੱਤਰ ਮਰਹੂਮ ਮੁੱਖ ਮੰਤਰੀ ਸ: ਦਰਬਾਰਾ ਸਿੰਘ), ਸਮਾਜ ਸੇਵੀ ਸ: ਤਰਨਜੀਤ ਸਿੰਘ ਨੇ ਉਪਰਾਲਾ ਸ਼ੁਰੂ ਕੀਤਾ ਅਤੇ ਇਸ ਲਈ ਇਨ੍ਹਾਂ ਨੇ ਤਤਕਾਲੀਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਾਮਾਗਾਟਾਮਾਰੂ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਬੇਨਤੀ ਕੀਤੀ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਡਾ: ਮਨਮੋਹਨ ਸਿੰਘ ਨੇ ਇਕ ਕਮੇਟੀ ਗਠਿਤ ਕੀਤੀ ਅਤੇ ਯਾਦਗਾਰ ਬਣਾਉਣ ਲਈ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ। ਇਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਮੁੱਖ ਭੂਮਿਕਾ ਸ: ਤਰਲੋਚਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਰਹੀ ਹੈ। ਕੇਂਦਰੀ ਸਰਕਾਰ ਨੇ ਯਾਦਗਾਰ ਵਾਲੀ ਥਾਂ 'ਤੇ ਜਾ ਕੇ ਮੌਕਾ ਵੇਖਣ ਲਈ 21 ਸੰਸਦ ਮੈਂਬਰਾਂ ਦੀ ਇਕ ਸੰਸਦੀ ਕਮੇਟੀ ਬਣਾਈ। ਇਸ ਦੇ ਨਾਲ ਹੀ ਸ: ਜੋਗਿੰਦਰ ਸਿੰਘ ਜੌਹਲ ਦੀ ਚੇਅਰਮੈਨੀ ਹੇਠ ਇਕ ਟਰੱਸਟ ਬਣਾਇਆ ਗਿਆ। ਸ: ਤਰਲੋਚਨ ਸਿੰਘ ਦੇ ਯਤਨਾਂ ਨਾਲ ਕੇਂਦਰ ਸਰਕਾਰ ਦੇ ਕਲਚਰਲ ਵਿਭਾਗ, ਕੋਲਕਾਤਾ ਪੋਰਟ ਟਰਸਟ ਅਤੇ ਕਾਮਾਗਾਟਾਮਾਰੂ ਮਾਰਟਰਸ ਮੈਮੋਰੀਅਲ ਟਰਸਟ ਵਿਚਕਾਰ ਇਕ ਸਮਝੌਤਾ ਹੋਇਆ, ਜਿਸ ਤਹਿਤ ਯਾਦਗਾਰ ਬਣਾਉਣ ਲਈ ਫੰਡ ਕਲਚਰਲ ਵਿਭਾਗ ਦੇਵੇਗਾ, ਜਦ ਕਿ ਉਸ ਲਈ ਜ਼ਮੀਨ ਦੇਣ ਤੇ ਨਿਰਮਾਣ ਦਾ ਕੰਮ ਪੋਰਟ ਟਰੱਸਟ ਕਰੇਗਾ। ਯਾਦਗਾਰ ਬਣਾਉਣ ਲਈ ਨਕਸ਼ਾ ਤਿਆਰ ਕਰਨ ਤੇ ਉਸ ਲਈ ਬਜ ਬਜ ਮਿਊਂਸਪਲਟੀ ਤੋਂ ਮਨਜ਼ੂਰੀ ਲੈਣ ਦੀ ਜ਼ਿੰਮੇਵਾਰੀ ਮੈਮੋਰੀਅਲ ਟਰੱਸਟ ਨੂੰ ਸੌਂਪੀ ਗਈ। ਇਸ ਤਰ੍ਹਾਂ ਯਾਦਗਾਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ਲਈ ਚਾਰ ਸਾਲ ਲੱਗ ਗਏ। ਇਸ ਸਾਲ 29 ਸਤੰਬਰ ਨੂੰ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ ਸ: ਤਰਲੋਚਨ ਸਿੰਘ, ਡਾ: ਜਸਪਾਲ ਸਿੰਘ, ਸ: ਜੋਗਿੰਦਰ ਸਿੰਘ ਜੌਹਲ, ਸ: ਤਰਨਜੀਤ ਸਿੰਘ ਨੇ ਯਾਦਗਾਰ ਦਾ ਨੀਂਹ-ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ: ਹਰਦੀਪ ਸਿੰਘ ਪੁਰੀ ਨੇ ਵੀ ਪਹੁੰਚਣਾ ਸੀ, ਪਰ ਪ੍ਰਧਾਨ ਮੰਤਰੀ ਵਲੋਂ ਜ਼ਰੂਰੀ ਮੀਟਿੰਗ ਸੱਦੇ ਜਾਣ ਕਾਰਨ ਉਹ ਪਹੁੰਚ ਨਹੀਂ ਸਕੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ, ਇਸ ਮੌਕੇ ਲਈ ਆਪਣਾ ਸੰਦੇਸ਼ ਭੇਜਿਆ। ਸਥਾਨਕ ਲੋਕ ਅਤੇ ਸਿੱਖ ਸੰਗਤਾਂ ਭਾਰੀ ਗਿਣਤੀ 'ਚ ਪਹੁੰਚੀਆਂ ਹੋਈਆਂ ਸਨ।
ਕੋਲਕਾਤਾ ਪੋਰਟ ਟਰੱਸਟ ਵਲੋਂ ਦਿੱਤੀ ਗਈ ਜ਼ਮੀਨ ਤੇ ਯਾਦਗਾਰ ਦੇ ਰੂਪ ਵਿਚ ਜਹਾਜ਼ਨੁਮਾ, ਤਿੰਨ ਮੰਜ਼ਿਲਾ ਇਮਾਰਤ ਬਣੇਗੀ। ਇਮਾਰਤ ਦੀ ਹੇਠਲੀ ਮੰਜ਼ਿਲ 'ਚ ਹੋਵੇਗੀ ਲਾਇਬ੍ਰੇਰੀ ਤੇ ਦਫਤਰ, ਦੁੂਜੀ ਮੰਜ਼ਿਲ 'ਤੇ ਅਜਾਇਬ ਘਰ ਅਤੇ ਤੀਜੀ ਮੰਜ਼ਿਲ 'ਤੇ ਹਾਲ, ਜਿਸ ਵਿਚ ਲਗਪਗ ਸੌ ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਇਹ ਯਤਨ ਕੀਤਾ ਜਾ ਰਿਹਾ ਹੈ ਕਿ ਇਸ ਸਥਾਨ ਨੂੰ ਪੱਛਮੀ ਬੰਗਾਲ ਸਰਕਾਰ ਦੇ ਸੈਰ-ਸਪਾਟਾ ਨਕਸ਼ੇ ਵਿਚ ਸ਼ਾਮਲ ਕੀਤਾ ਜਾਵੇ, ਤਾਂ ਕਿ ਲੋਕ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਇਥੇ ਪਹੁੰਚਣ। ਇਸ ਲਈ ਲੋਕਾਂ ਦੀ ਸਹੂਲਤ ਲਈ ਕੋਲਕਾਤਾ ਤੋਂ ਹੁਗਲੀ ਨਦੀ 'ਚ ਬਜ ਬਜ ਘਾਟ ਤੱਕ ਸਟੀਮਰ ਸੇਵਾ ਚਾਲੂ ਕਰਨ ਦਾ ਸੁਝਾਅ ਵੀ ਹੈ। ਬਜ ਬਜ ਵਿਖੇ ਸ਼ਹੀਦਾਂ ਦੀ ਯਾਦ 'ਚ ਇਕ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਭਾਰੀ ਜੋੜ-ਮੇਲਾ ਹੁੰਦਾ ਹੈ ਤੇ ਕੋਲਕਾਤਾ ਤੇ ਇਸ ਦੀਆਂ ਆਸ-ਪਾਸ ਦੀਆਂ ਥਾਵਾਂ ਤੋਂ ਭਾਰੀ ਗਿਣਤੀ 'ਚ ਦੀਵਾਨ ਦੀ ਹਾਜ਼ਰੀ ਭਰਦੇ ਹਨ।

-ਮੋਬਾ: 98315-48113

ਸ਼ਬਦ ਵਿਚਾਰ

ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਮਨਹਠ ਬੁਧੀ ਕੇਤੀਆ
ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ
ਗੁਰਮੁਖਿ ਮੋਖ ਦੁਆਰ॥
ਸਚਹੁ ਓਰੈ ਸਭੁ ਕੋ
ਉਪਰਿ ਸਚੁ ਆਚਾਰੁ॥ ੫॥
ਸਭੁ ਕੋ ਊਚਾ ਆਖੀਐ
ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ
ਇਕੁ ਚਾਨਣੁ ਤਿਹੁ ਲੋਇ॥
ਕਰਮਿ ਮਿਲੈ ਸਚੁ ਪਾਈਐ
ਧੁਰਿ ਬਖਸ ਨ ਮੇਟੈ ਕੋਇ॥ ੬॥
ਸਾਧੁ ਮਿਲੈ ਸਾਧੂ ਜਨੈ
ਸੰਤੋਖੁ ਵਸੈ ਗੁਰ ਭਾਇ॥
ਅਕਥ ਕਥਾ ਵੀਚਾਰੀਐ
ਜੇ ਸਤਿਗੁਰ ਮਾਹਿ ਸਮਾਇ॥
ਪੀ ਅੰਮ੍ਰਿਤੁ ਸੰਤੋਖਿਆ
ਦਰਗਾਹਿ ਪੈਧਾ ਜਾਇ॥ ੭॥
ਘਟਿ ਘਟਿ ਵਾਜੈ ਕਿੰਗੁਰੀ
ਅਨਦਿਨੁ ਸਬਦਿ ਸੁਭਾਇ॥
ਵਿਰਲੇ ਕਉ ਸੋਝੀ ਪਈ
ਗੁਰਮੁਖਿ ਮਨੁ ਸਮਝਾਇ॥
ਨਾਨਕ ਨਾਮੁ ਨ ਵੀਸਰੈ
ਛੂਟੈ ਸਬਦੁ ਕਮਾਇ॥ ੮॥ ੧੪॥ (ਅੰਗ 62)
ਪਦ ਅਰਥ : ਮਨ ਹਠ ਬੁਧੀ-ਮਨ ਹਠ ਦੀਆਂ ਅਕਲਾਂ। ਕੇਤੀਆ-ਅਨੇਕਾਂ ਹਨ। ਕੇਤੇ-ਅਨੇਕਾਂ ਹੀ (ਲੋਕ)। ਬੇਦ ਬੀਚਾਰ-ਵੇਦਾਂ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਦੇ ਵਿਚਾਰ ਕਰਦੇ ਹਨ। ਬੰਧਨ ਜੀਅ ਕੇ-ਜੀਵ ਲਈ ਬੰਧਨ ਹਨ। ਮੋਖ ਦੁਆਰੁ-ਮੁਕਤੀ ਦਾ ਦੁਆਰ। ਗੁਰਮੁਖਿ-ਗੁਰੂ ਦੁਆਰਾ। ਸਚਹੁ-ਸੱਚ ਤੋਂ, ਸਦਾ ਥਿਰ ਪ੍ਰਭੂ ਦੇ ਨਾਮ ਤੋਂ। ਓਰੈ-ਘਟੀਆ, ਹੇਠਾਂ ਹੈ। ਉਪਰਿ-ਉੱਚਾ, ਸ੍ਰੇਸ਼ਟ। ਆਚਾਰੁ-ਆਚਰਣ।
ਇਕਨੈ-ਇਕ ਪਰਮਾਤਮਾ ਨੇ ਹੀ। ਭਾਂਡੇ ਸਾਜਿਐ-ਜੀਵ ਪੈਦਾ ਕੀਤੇ ਹਨ। ਇਕੁ ਚਾਨਣ-ਇਕ ਪ੍ਰਭੂ ਦੀ ਜੋਤਿ (ਦਾ ਹੀ ਚਾਨਣ ਹੈ)। ਲੋਇ-ਚਾਨਣ ਹੈ। ਕਰਮਿ ਮਿਲੈ-ਬਖਸ਼ਿਸ਼ ਨਾਲ। ਸਚੁ-ਸੱਚਾ ਨਾਮ। ਧੁਰਿ ਬਖਸ ਨ ਮੇਟੈ ਕੋਇ-ਧੁਰ (ਦਰਗਾਹ) ਤੋਂ ਹੋਈ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ।
ਸਾਧੁ ਮਿਲੈ-ਸਾਧੂ ਆ ਮਿਲਦਾ ਹੈ, ਗੁਰਮੁਖਿ ਆ ਮਿਲਦਾ ਹੈ। ਸਾਧੂ ਜਨੈ-ਸਾਧੂ ਜਨਾਂ ਨੂੰ, ਗੁਰਮੁਖਾਂ ਨੂੰ। ਗੁਰ ਭਾਇ-ਗੁਰੂ ਦੇ ਪਿਆਰ ਸਦਕਾ, ਗੁਰੂ ਦੀ ਬਖਸ਼ਿਸ਼ ਸਦਕਾ। ਅਕਥ-ਬੇਅੰਤ (ਪ੍ਰਭੂ)। ਅਕਥ ਕਥਾ-ਬੇਅੰਤ (ਪ੍ਰਭੂ) ਦੇ ਗੁਣਾਂ (ਦੀ) ਸੋਝੀ। ਵੀਚਾਰੀਐ-ਸਿਫਤ ਸਾਲਾਹ ਕੀਤੀ ਜਾ ਸਕਦੀ ਹੈ। ਜੇ ਸਤਿਗੁਰ ਮਾਹਿ ਸਮਾਇ-ਜੇਕਰ (ਪੂਰਨ ਤੌਰ 'ਤੇ) ਸਤਿਗੁਰੂ ਵਿਚ ਸਮਾਅ ਜਾਵੇ। ਪੀ ਅੰਮ੍ਰਿਤੁ-ਨਾਮ ਰੂਪੀ ਅੰਮ੍ਰਿਤ ਪੀਣ ਨਾਲ। ਸੰਤੋਖਿਆ-ਮਨ ਨੂੰ ਸੰਤੋਖ ਆ ਜਾਂਦਾ ਹੈ। ਪੈਧਾ ਜਾਇ-ਇੱਜ਼ਤ ਨਾਲ ਜਾਂਦਾ ਹੈ।
ਘਟਿ ਘਟਿ-ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ। ਕਿੰਗੁਰੀ-ਇਕ ਤੂੰਬੇ ਵਰਗਾ ਸਾਜ਼ ਜੋ ਜੋਗੀ ਲੋਕ ਵਜਾਉਂਦੇ ਹਨ, ਅਨਾਹਦ ਸ਼ਬਦ (ਜੋ ਦਸਵੇਂ ਦੁਆਰ ਵਿਚ ਹੁੰਦਾ ਹੈ)। ਸੁਭਾਇ-ਸੁਭਾਵਿਕ ਹੀ। ਅਨਦਿਨੁ-ਹਰ ਰੋਜ਼, ਹਰ ਵੇਲੇ। ਸੋਝੀ-ਸਮਝ। ਨ ਵੀਸਰੈ-ਕਦੇ ਭੁੱਲਦਾ ਨਹੀਂ।
ਵਿਚਾਰ ਅਧੀਨ ਅਸਟਪਦੀ ਦੇ ਚੌਥੇ ਬੰਦ ਵਿਚ ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਨਿਰਾ ਦੁਨਿਆਵੀ ਪਦਾਰਥਾਂ ਆਦਿ ਦਾ ਦਾਨ ਕਰਨ ਨਾਲ ਹਉਮੈ ਹੀ ਉਪਜਦੀ ਹੈ ਕਿ ਮੈਂ ਐਨਾ ਵੱਡਾ ਦਾਨੀ ਹਾਂ, ਪਰ ਜਦੋਂ ਗੁਰੂ ਪ੍ਰਭੂ ਦੇ ਨਾਮ ਨੂੰ ਜਪਣ ਦਾ ਦਾਨ ਬਖਸ਼ਿਸ਼ ਕਰਦਾ ਹੈ ਤਾਂ ਜਗਿਆਸੂ ਦਾ ਮਨ ਨਾਮ ਵਿਚ ਵਿੰਨ੍ਹਿਆ ਜਾਂਦਾ ਹੈ।
ਇਸ ਲਈ (ਨਿਰੇ ਧਾਰਮਿਕ ਕਰਮ ਕਾਂਡ ਕਰਨ ਨਾਲ) ਪ੍ਰਭੂ ਦੀ ਭਗਤੀ ਨਹੀਂ ਹੁੰਦੀ ਅਤੇ ਨਾ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਰਾਗੁ ਬਿਲਾਵਲੁ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਪਾਖੰਡਿ ਭਗਤਿ ਨ ਹੋਵਈ
ਪਾਰਬ੍ਰਹਮੁ ਨ ਪਾਇਆ ਜਾਇ॥
(ਅੰਗ 849)
ਨਾ ਹੀ ਮਨ ਦੇ ਹਠ ਦੁਆਰਾ ਕਰਮ ਕਰਨ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ-
ਮਨਹਠਿ ਕਰਮ ਕਮਾਵਣੇ
ਥਾਇ ਨ ਕੋੲ ਪਾਇ॥ (ਅੰਗ 849)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਗੁਰੂ ਦੀ ਸਰਨ ਪੈ ਕੇ ਆਪਾ-ਭਾਵ ਮਿਟਾ ਕੇ ਆਪਣੇ ਆਤਮਿਕ ਜੀਵਨ ਨੂੰ ਖੋਜਣਾ ਚਾਹੀਦਾ, ਜਿਸ ਨਾਲ ਫਿਰ ਉਹ ਪਰਮਾਤਮਾ (ਜੋ ਸਭ ਥਾਈਂ) ਆਪ ਹੀ ਆਪ ਹੈ, ਮਨ ਵਿਚ ਆ ਵਸਦਾ ਹੈ।
ਨਾਨਕ ਗੁਰਮੁਖਿ ਆਪੁ ਬੀਚਾਰੀਐ
ਵਿਚਹੁ ਆਪੁ ਗਵਾਇ॥
ਆਪੇ ਆਪਿ ਪਾਰਬ੍ਰਹਮੁ ਹੈ
ਪਾਰਬ੍ਰਹਮੁ ਵਸਿਆ ਮਨ ਆਇ॥
(ਅੰਗ 849)
ਆਪੁ ਗਵਾਇ-ਆਪਾ ਭਾਵ ਗੁਆ ਕੇ।
ਸਿਰੀਰਾਗੁ ਵਿਚ ਹੀ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਦੀ ਇਕ ਰਸ ਜੋਤਿ ਹਰੇਕ ਸਰੀਰ ਵਿਚ ਵਿਆਪਕ ਹੈ ਪਰ ਗੁਰੂ ਦੀ ਮੱਤ ਦੁਆਰਾ ਹੀ ਇਸ ਤੱਤ (ਅਸਲੀਅਤ) ਨੂੰ ਕੋਈ ਵਿਰਲਾ ਹੀ ਸਮਝਦਾ ਹੈ-
ਘਟਿ ਘਟਿ ਜੋਤਿ ਨਿਰੰਤਰੀ
ਬੂਝੈ ਗੁਰਮਤਿ ਸਾਰੁ॥ (ਅੰਗ 20)
ਨਿਰੰਤਰੀ-ਇਕ ਰਸ। ਸਾਰੁ-ਤੱਤ ਨੂੰ, ਅਸਲੀਅਤ ਨੂੰ।
ਜਿਨ੍ਹਾਂ ਗੁਰਮੁਖਾਂ ਨੂੰ ਜੋਤਿ ਦੀ ਸੋਝੀ ਪੈ ਜਾਂਦੀ ਹੈ, ਉਨ੍ਹਾਂ ਦੇ ਸ਼ਾਬਾਸ਼ (ਬਲਿਹਾਰ) ਜਾਣਾ ਚਾਹੀਦਾ ਹੈ। ਉਹ ਸਦਾ ਥਿਰ ਪ੍ਰਭੂ ਨਾਲ ਮਿਲ ਕੇ ਇਕਮਿਕ ਹੋ ਜਾਂਦੇ ਹਨ, ਸਦਾ ਥਿਰ ਦੇ ਗੁਣਾਂ ਮਾਲਕ ਦਾ ਉਨ੍ਹਾਂ ਵਿਚ ਪ੍ਰਕਾਸ਼ ਹੋ ਜਾਂਦਾ ਹੈ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਨਾਮ ਵਿਚ ਜੁੜਨ ਸਦਕਾ ਅਜਿਹੇ ਗੁਰਮੁਖਾਂ ਨੂੰ ਸੰਤੋਖ ਆ ਜਾਂਦਾ ਹੈ ਅਤੇ ਉਹ ਆਪਣੀ ਜਿੰਦ ਅਤੇ ਸਰੀਰ ਭਾਵ ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿੰਦੇ ਹਨ-
ਗੁਰਮੁਖਿ ਜਿਨ੍ਰੀ ਜਾਣਿਆ
ਤਿਨ ਕੀਚੈ ਸਾਬਾਸਿ॥
ਸਚੇ ਸੇਤੀ ਰਲਿ ਮਿਲੇ
ਸਚੇ ਗੁਣ ਪਰਗਾਸਿ॥
ਨਾਨਕ ਨਾਮਿ ਸੰਤੋਖੀਆ
ਜੀਉ ਪਿੰਡੁ ਪ੍ਰਭ ਪਾਸਿ॥ (ਅੰਗ 20)
ਕੀਚੈ-ਜਾਣਾ ਚਾਹੀਦਾ ਹੈ। ਪਰਗਾਸਿ-ਪ੍ਰਕਾਸ਼ ਹੋ ਜਾਂਦਾ ਹੈ। ਜੀਉ-ਜਿੰਦ। ਪਿੰਡੁ-ਸਰੀਰ।
ਅੱਖਰੀਂ ਅਰਥ : ਅਨੇਕਾਂ ਮਨ ਹਠ ਕਰਮ ਕਰਨ ਵਾਲੀਆਂ ਅਕਲਾਂ (ਕਿਉਂ ਨਾ) ਹੋਣ, ਕਿਤਨੇ ਵੀ ਸ਼ਾਸਤਰਾਂ ਆਦਿ 'ਤੇ ਵਿਚਾਰ ਪਏ ਹੋਣ, ਜੀਵ ਜਿਤਨੇ ਵੀ ਅਜਿਹੇ ਉਪਰਾਲੇ ਕਰਦਾ ਹੈ, ਇਹ ਮਾਨੋ ਜੀਵਾਂ ਲਈ ਸਭ ਬੰਧਨ ਹਨ। ਮੁਕਤ ਦੁਆਰ ਦੀ ਪ੍ਰਾਪਤੀ ਤਾਂ ਗੁਰੂ ਦੁਆਰਾ ਹੀ ਹੁੰਦੀ ਹੈ। ਹਰੇਕ ਕੀਤਾ ਕਰਮ ਪ੍ਰਭੂ ਦੇ ਨਾਮ ਦੇ ਸਿਮਰਨ ਤੋਂ ਹੇਠਾਂ ਹੈ। ਸੱਚ ਦਾ ਅਚਾਰ ਅਰਥਾਤ ਨਾਮ ਦਾ ਸਿਮਰਨ ਸਭ ਤਪਾਂ, ਸਿਆਣਪਾਂ ਤੇ ਅਕਲਾਂ ਤੋਂ ਉੱਚਾ ਹੈ, ਸ੍ਰੇਸ਼ਟ ਹੈ।
ਇਸ ਲਈ ਹਰੇਕ ਨੂੰ ਉੱਤਮ (ਸ੍ਰੇਸ਼ਟ) ਹੀ ਆਖਣਾ ਚਾਹੀਦਾ ਹੈ, ਕਿਉਂਕਿ ਪ੍ਰਭੂ ਦੀ ਰਚੀ ਹੋਈ ਸ੍ਰਿਸ਼ਟੀ ਵਿਚ ਕੋਈ ਨੀਚ ਨਹੀਂ ਦਿਸਦਾ। ਸਭ ਜੀਵ ਪ੍ਰਭੂ ਦੇ ਹੀ ਸਾਜੇ (ਪੈਦਾ ਕੀਤੇ) ਹੋਏ ਹਨ ਅਤੇ ਤਿੰਨਾਂ ਭਵਨਾਂ (ਧਰਤ, ਆਕਾਸ਼, ਪਾਤਾਲ) ਵਿਚ ਉਸ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਜੇਕਰ ਮਾਲਕ ਪ੍ਰਭੂ ਦੀ ਬਖਸ਼ਿਸ਼ ਹੋਵੇ ਤਾਂ ਹੀ ਸਦਾ ਥਿਰ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਜੋ ਪ੍ਰਾਣੀ ਦੇ (ਮੱਥੇ 'ਤੇ) ਧੁਰ ਦਰਗਾਹ ਤੋਂ ਲਿਖ ਦਿੱਤਾ ਹੁੰਦਾ ਹੈ, ਇਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ।
ਜੋ ਸਾਧੂ (ਗੁਰਮੁਖਿ), ਸਾਧੂ ਜਨਾਂ (ਗੁਰਮੁਖਾਂ) ਦੀ ਸੰਗਤ ਵਿਚ ਮਿਲ ਬੈਠਦਾ ਹੈ, ਗੁਰੂ ਦੀ ਬਖਸ਼ਿਸ਼ ਸਦਕਾ ਉਨ੍ਹਾਂ ਦੇ ਮਨ ਅੰਦਰ ਸੰਤੋਖ ਆ ਵਸਦਾ ਹੈ। ਜੇਕਰ ਮਨ ਪੂਰਨ ਤੌਰ 'ਤੇ ਸਤਿਗੁਰੂ ਵਿਚ ਲੀਨ ਹੋ ਜਾਵੇ ਤਾਂ ਹੀ ਬੇਅੰਤ ਪ੍ਰਭੂ ਦੇ (ਗੁਣਾਂ ਦੀ) ਸੋਝੀ ਪੈਂਦੀ ਹੈ। ਸਾਧਕ ਨਾਮ ਰੂਪੀ ਅੰਮ੍ਰਿਤ ਨੂੰ ਪੀ ਕੇ ਸੰਤੁਸ਼ਟ ਹੋ ਜਾਂਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿਚ ਮਾਣ-ਇੱਜ਼ਤ ਨਾਲ ਜਾਂਦਾ ਹੈ।
ਹਰੇਕ ਸਰੀਰ ਵਿਚ (ਅਨਹਦ ਸ਼ਬਦ ਦੀ) ਮਧੁਰ ਧੁਨੀ ਦੀ ਦਿਨ-ਰਾਤ ਮਾਨੋ ਵੀਣਾ (ਕਿੰਗਰੀ) ਵੱਜ ਰਹੀ ਹੈ। ਇਹ ਧੁਨ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਸੁਭਾਵਿਕ ਹੀ ਸੁਣਾਈ ਦਿੰਦੀ ਹੈ। ਜਿਸ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੁਆਰਾ ਆਪਣੇ ਮਨ ਨੂੰ ਸਮਝਾ ਲਿਆ ਹੈ, ਉਸ ਨੂੰ ਹੀ ਇਸ ਕਿੰਗਰੀ ਬਾਰੇ ਸੋਝੀ ਪੈਂਦੀ ਹੈ।
ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਅਜਿਹੇ ਜਗਿਆਸੂ ਨੂੰ ਕਦੇ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਜਿਸ ਸਦਕਾ ਫਿਰ ਉਹ ਸ਼ਬਦ ਦੀ ਕਮਾਈ ਕਰਕੇ (ਜਨਮ ਮਰਨ ਦੇ ਗੇੜ ਤੋਂ) ਛੁੱਟ ਜਾਂਦਾ ਹੈ, ਬਚ ਜਾਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਕਰਮਯੋਗੀ ਕਦੇ ਵੀ ਚਮਤਕਾਰਾਂ ਪਿੱਛੇ ਨਹੀਂ ਭੱਜਦਾ

'ਚਮਤਕਾਰ' ਅਗਿਆਨੀਆਂ ਅਤੇ ਮੂਰਖਾਂ ਲਈ ਚਲਾਕ ਅਤੇ ਠੱਗ ਕਿਸਮ ਦੇ ਲੋਕਾਂ ਦੁਆਰਾ ਬੁਣਿਆ ਇਕ ਜਾਲ ਹੈ, ਜਿਸ ਵਿਚ ਕਿਸੇ ਨਾ ਕਿਸੇ ਤਰ੍ਹਾਂ ਅਗਿਆਨੀ ਲੋਕ ਫਸ ਹੀ ਜਾਂਦੇ ਹਨ ਅਤੇ ਚਲਾਕ ਲੋਕਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਹਨ। ਸਚਾਈ ਤਾਂ ਇਹ ਹੈ ਕਿ ਜਿਵੇਂ ਬੀਜ ਤੋਂ ਬਿਨਾਂ ਪੌਦਾ ਨਹੀਂ ਉੱਗ ਸਕਦਾ, ਉਸੇ ਤਰ੍ਹਾਂ ਕਰਮ ਰੂਪੀ ਬੀਜ ਤੋਂ ਬਿਨਾਂ ਇੱਛਾਵਾਂ ਦਾ ਪੌਦਾ ਫਲ ਨਹੀਂ ਦੇ ਸਕਦਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੋ ਲੋਕ ਕਿਸਮਤ ਦੇ ਸਹਾਰੇ ਬੈਠੇ ਰਹਿੰਦੇ ਹਨ, ਉਹ ਅਗਿਆਨੀ ਅਤੇ ਆਲਸੀ ਹਨ। ਸਦਾਚਾਰੀ ਅਤੇ ਕਰਮਯੋਗੀ ਹੀ ਖੁਸ਼ੀ ਭਰਪੂਰ ਸਫਲਤਾ ਪ੍ਰਾਪਤ ਕਰਦਾ ਹੈ। ਧਰਮ ਗ੍ਰੰਥਾਂ ਵਿਚ ਦਰਸਾਏ ਰਾਹ 'ਤੇ ਸੂਝ-ਬੂਝ ਨਾਲ ਚੱਲਣ ਨਾਲ ਆਤਮਬਲ ਵੀ ਵਧਦਾ ਹੈ। ਜੇ ਕੋਈ ਤੁਹਾਨੂੰ ਚਮਤਕਾਰਾਂ ਦੀ ਗੱਲ ਕਰਕੇ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਾਂ ਤਾਂ ਭਟਕਿਆ ਹੈ ਜਾਂ ਫਿਰ ਚਲਾਕੀ ਨਾਲ ਤੁਹਾਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ। ਅਜਿਹੀ ਵਿਚਾਰਧਾਰਾ ਵਾਲੇ ਵਿਅਕਤੀ ਤੋਂ ਪਹਿਲਾਂ ਹੀ ਬਚ ਜਾਓ, ਨਹੀਂ ਤਾਂ ਉਹ ਤੁਹਾਨੂੰ ਅਗਿਆਨਤਾ ਦੇ ਦਲਦਲ ਵਿਚ ਧਕੇਲ ਦੇਵੇਗਾ। ਉਹ ਤੁਹਾਡੇ ਅੰਦਰ ਆਲਸ ਅਤੇ ਨਕਾਰਾਤਮਕ ਵਿਚਾਰਧਾਰਾ ਪੈਦਾ ਕਰਦਾ ਹੈ। ਅਜਿਹੇ ਲੋਕ ਧਰਮ ਦੀ ਵੀ ਗ਼ਲਤ ਵਿਆਖਿਆ ਕਰਦੇ ਹਨ। ਉਹ ਧਰਮ ਦਾ ਚੋਲਾ ਪਹਿਨ ਕੇ ਲੋਕਾਂ ਨੂੰ ਠਗਦੇ ਹਨ। ਇਸ ਲਈ ਚਮਤਕਾਰ ਨਹੀਂ, ਕਰਮ ਵਿਚ ਵਿਸ਼ਵਾਸ ਰੱਖੋ, ਸਦਾਚਾਰ ਅਤੇ ਪੁਰਸ਼ਾਰਥ ਵਾਲਾ ਜੀਵਨ ਤੁਹਾਨੂੰ ਅਸਲ ਸੁਖ ਦੇਵੇਗਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਪਠਾਣ ਨਿਹੰਗ ਖਾਂ ਦਾ ਕਬਰਸਤਾਨ ਪਿੰਡ ਕੋਟਲਾ ਨਿਹੰਗ (ਰੋਪੜ)

ਪਠਾਣ ਨਿਹੰਗ ਖਾਂ ਦੇ ਪਰਿਵਾਰ ਦਾ ਮੁਖੀ ਸ਼ਾਹ ਸਲੇਮਾਨ ਖਾਂ ਈਰਾਨ ਤੋਂ 1398 ਈ: ਵਿਚ ਭਾਰਤ ਆਇਆ ਸੀ। ਉਸ ਤੋਂ ਬਾਅਦ ਉਸ ਦਾ ਪੁੱਤਰ ਸੁਲਤਾਨ ਖਾਂ, ਫਿਰ ਸ਼ਮਸ਼ ਖਾਂ, ਫਿਰ ਆਲਮ ਖਾਂ, ਫਿਰ ਨੌਰੰਗ ਖਾਂ ਅਤੇ ਫਿਰ ਨਿਹੰਗ ਖਾਂ ਨੇ ਪਿੰਡ ਕੋਟਲਾ ਅਬਾਦ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਉਸ ਵੇਲੇ ਦੇ ਮੁਗ਼ਲੀਆ ਹੁਕਮਰਾਨਾਂ ਨੇ ਇਨ੍ਹਾਂ ਨੂੰ ਤਕਰੀਬਨ 84 ਪਿੰਡ ਰੋਪੜ ਦੇ ਆਸ-ਪਾਸ ਦੇ ਦਿੱਤੇ, ਜਿਸ ਨਾਲ ਇਨ੍ਹਾਂ ਦਾ ਇਲਾਕੇ ਵਿਚ ਕਾਫ਼ੀ ਪ੍ਰਭਾਵ ਪੈ ਗਿਆ। ਇਨ੍ਹਾਂ ਨੇ ਆਪਣੀ ਹਿਫਾਜ਼ਤ ਲਈ ਦੋ ਕਿਲ੍ਹੇ ਬਣਵਾਏ। ਇਕ ਕਿਲ੍ਹਾ ਪਿੰਡ ਫਤਹਿਪੁਰ ਭੰਗਾਲਾ ਅਤੇ ਦੂਜਾ ਕਿਲ੍ਹਾ ਪਿੰਡ ਕੋਟਲਾ ਵਿਖੇ ਬਣਾਇਆ, ਜੋ ਕੋਟਲਾ ਨਿਹੰਗ ਖਾਂ ਦੇ ਨਾਂਅ 'ਤੇ ਮਸ਼ਹੂਰ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸੰਬਰ, 1704 ਈ: ਨੂੰ ਸਰਸਾ ਨਦੀ ਦੇ ਕੰਢੇ 'ਤੇ ਮੁਗ਼ਲਾਂ ਨਾਲ ਲੜਦੇ ਹੋਏ ਆਪਣੇ ਸਿੰਘਾਂ ਸਮੇਤ ਪਿੰਡ ਕੋਟਲਾ ਨਿਹੰਗ ਖਾਂ ਦੇ ਕਿਲ੍ਹੇ ਵਿਚ ਆਏ ਤਾਂ ਨਿਹੰਗ ਖਾਂ ਨੇ ਬਗੈਰ ਕਿਸੇ ਡਰ ਤੋਂ ਗੁਰੂ ਸਾਹਿਬ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਤੇ ਅੱਗੇ ਜਾਣ ਲਈ ਸਹੀ ਸਲਾਮਤ ਕਿਲ੍ਹੇ ਵਿਚੋਂ ਵਿਦਾ ਕੀਤਾ ਅਤੇ ਗੁਰੂ ਸਾਹਿਬ ਜਾਂਦੇ-ਜਾਂਦੇ ਜ਼ਖ਼ਮੀ ਹਾਲਤ ਵਿਚ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਸਪੁਰਦ ਕਰ ਗਏ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਕਹਿੰਦੇ ਹਨ ਕਿ ਜਦੋਂ ਗੁਰੂ ਸਾਹਿਬ ਦੇ ਕਿਲ੍ਹੇ ਵਿਚ ਹੋਣ ਦੀ ਸੂਹ ਸ਼ਹਿਰ ਦੇ ਕੋਤਵਾਲ ਨੂੰ ਮਿਲੀ ਤਾਂ ਉਹ ਸਿਪਾਹੀਆਂ ਸਮੇਤ ਕਿਲ੍ਹੇ ਵਿਚ ਪਹੁੰਚ ਗਿਆ ਤੇ ਜਦੋਂ ਤਲਾਸ਼ੀ ਲੈਣੀ ਚਾਹੀ ਤਾਂ ਉਥੇ ਉਸ ਨੂੰ ਇਕ ਬੰਦ ਕੋਠੜੀ ਮਿਲੀ ਤੇ ਸ਼ੱਕ ਪੈਣ 'ਤੇ ਕੋਠੜੀ ਦੇ ਬੂਹੇ ਪਾਸ ਖੜ੍ਹ ਕੇ ਨਿਹੰਗ ਖਾਂ ਨੂੰ ਕਹਿਣ ਲੱਗਾ ਕਿ ਇਸ ਕੋਠੜੀ ਵਿਚ ਕੌਣ ਹਨ ਤਾਂ ਨਿਹੰਗ ਖਾਂ ਕਹਿਣ ਲੱਗਾ, 'ਇਸ ਵਿਚ ਮੇਰੀ ਬੇਟੀ ਮੁਮਤਾਜ਼ ਤੇ ਦਾਮਾਦ ਪਏ ਹਨ।'
ਜਦੋਂ ਨਿਹੰਗ ਖਾਂ ਨੇ ਆਵਾਜ਼ ਦਿੱਤੀ, 'ਬੇਟੀ, ਮਹਿਮਾਨ ਜਾਗਦੇ ਹਨ।' ਤਾਂ ਮੁਮਤਾਜ਼ ਨੇ ਅੰਦਰੋਂ ਹੀ ਕਹਿ ਦਿੱਤਾ, 'ਅੱਬਾ ਜਾਨ, ਆਰਾਮ ਕਰ ਰਹੇ ਹਨ।' ਇਸ 'ਤੇ ਕੋਤਵਾਲ ਨੂੰ ਭਰੋਸਾ ਹੋ ਗਿਆ ਕਿ ਇਸ ਕੋਠੜੀ ਵਿਚ ਮਹਿਮਾਨ ਹੀ ਪਿਆ ਹੈ। ਉਸ ਤੋਂ ਬਾਅਦ ਜਦੋਂ ਪਠਾਣ ਪਰਿਵਾਰ ਨੇ ਬਦਨਾਮੀ ਦੇ ਡਰੋਂ ਮੁਮਤਾਜ਼ ਨੂੰ ਨਿਕਾਹ ਕਰਾਉਣ ਬਾਰੇ ਪੁੱਛਿਆ ਤਾਂ ਅੱਗੋਂ ਮੁਮਤਾਜ਼ ਕਹਿਣ ਲੱਗੀ, 'ਅੱਬਾ ਜਾਨ, ਮੈਂ ਤਾਂ ਤੁਹਾਡੇ ਕਹੇ ਹੋਏ ਬੋਲ ਪੁਗਾਉਣੇ ਨੇ, ਤੁਸੀਂ ਪਹਿਲਾਂ ਹੀ ਕੋਤਵਾਲ ਨੂੰ ਕਹਿ ਚੁੱਕੇ ਹੋ ਕਿ ਕੋਠੜੀ ਵਿਚ ਪਿਆ ਮਹਿਮਾਨ ਮੇਰਾ ਦਾਮਾਦ ਹੈ। ਇਸ ਕਰਕੇ ਮੇਰੇ ਨਿਕਾਹ ਦੀ ਗੱਲ ਛੱਡ ਦੇਵੋ, ਮੈਂ ਤਾਂ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਖਾਵੰਦ ਚੁਣ ਲਿਆ ਹੈ ਤੇ ਇਸ ਨਾਲ ਹੀ ਸਾਰੀ ਉਮਰ ਨਿਭਾਵਾਂਗੀ।' ਇਹੀ ਹੋਇਆ, ਭਾਈ ਬਚਿੱਤਰ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਪਹਿਲਾਂ ਭੱਠਾ ਸਾਹਿਬ ਵਿਖੇ ਝਾੜੂ-ਪੋਚੇ ਦੀ ਸੇਵਾ ਕੀਤੀ ਤੇ ਫਿਰ ਨਿਹੰਗ ਖਾਂ ਨੇ ਪਿੰਡ ਬੜੀ ਦੇ ਜੰਗਲ ਵਿਚ ਉਸ ਲਈ ਰਹਿਣ ਵਾਸਤੇ ਉੱਚੀ ਜਗ੍ਹਾ ਕਿਲ੍ਹਾਨੁਮਾ ਅਸਥਾਨ ਬਣਾ ਦਿੱਤਾ, ਜਿਥੇ ਉਹ ਮਰਦੇ ਦਮ ਤੱਕ ਭਜਨ ਬੰਦਗੀ ਕਰਦੀ ਰਹੀ ਤੇ ਅਖੀਰ 131 ਸਾਲ ਦੀ ਉਮਰ ਭੋਗ ਕੇ ਅੱਲ੍ਹਾ ਨੂੰ ਪਿਆਰੀ ਹੋ ਗਈ। ਇਸ ਅਸਥਾਨ 'ਤੇ ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ ਸੁਸ਼ੋਭਿਤ ਹੈੇ ਤੇ ਥੋੜ੍ਹੀ ਦੂਰ ਹੇਠਾਂ ਝਾਂਡੀਆਂ ਰੋਡ 'ਤੇ ਉਸ ਦੀ ਬਹੁਤ ਸੁੰਦਰ ਕਬਰ ਬਣੀ ਹੋਈ ਹੈ, ਜਿਥੇ ਸ਼ਰਧਾਵਾਨ ਆ ਕੇ ਸਿੱਜਦਾ ਕਰਦੇ ਹਨ।
ਪਿੰਡ ਕੋਟਲਾ ਨਿਹੰਗ ਵਿਚ ਪਹਿਲਾਂ ਤੋਂ ਹੀ ਦੋ ਕਬਰਸਿਤਾਨ ਚਲੇ ਆਉਂਦੇ ਹਨ, ਇਕ ਕਬਰਸਿਤਾਨ ਜਿਸ ਦਾ ਖਸਰਾ ਨੰ: 10//11/1, ਰਕਬਾ 1 ਕਨਾਲ 4 ਮਰਲੇ ਹੈ, ਇਹ ਆਮ ਮੁਸਲਮਾਨਾਂ ਦੇ ਦਫ਼ਨਾਉਣ ਲਈ ਸੀ ਅਤੇ ਦੂਜਾ ਮੁੱਖ ਕਬਰਸਿਤਾਨ ਜਿਸ ਦਾ ਖਸਰਾ ਨੰ: 54 ਰਕਬਾ, 12 ਮਰਲੇ ਹੈ, ਜਿਸ ਵਿਚ ਪਠਾਣ ਪਰਿਵਾਰਾਂ ਦੇ ਵਾਰਸਾਂ ਦੀਆਂ ਦੇਹਾਂ ਨੂੰ ਦਫ਼ਨਾਇਆ ਜਾਂਦਾ ਸੀ। ਜਦੋਂ ਇਹ 12 ਮਰਲੇ ਵਾਲਾ ਕਬਰਸਿਤਾਨ ਦਾ ਰਕਬਾ ਕਬਰਾਂ ਨਾਲ ਭਰ ਗਿਆ ਤਾਂ ਪਠਾਣਾਂ ਨੇ ਆਪਣੀ ਨਿੱਜੀ ਬੰਜਰ ਕਦੀਮ ਜ਼ਮੀਨ ਖਸਰਾ ਨੰ: 9//6 (9 ਕਨਾਲ 9 ਮਰਲੇ) ਵਿਚ ਹੀ ਮ੍ਰਿਤਕ ਦੇਹਾਂ ਨੂੰ ਦਫ਼ਨਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹ ਸਿਲਸਿਲਾ 1398 ਤੋਂ 1947 ਤੱਕ ਚਲਦਾ ਰਿਹਾ। ਸੰਨ 1947 ਤੋਂ ਬਾਅਦ ਇਹ ਦੋਵੇਂ ਕਬਰਸਿਤਾਨ ਪੰਜਾਬ ਵਕਫ ਬੋਰਡ ਦੇ ਅਧੀਨ ਆ ਗਏ। ਜੋ ਆਮ ਕਬਰਸਿਤਾਨ ਸੀ, ਉਥੇ ਮਿਲੀਭੁਗਤ ਨਾਲ ਨਜ਼ਾਇਜ ਕਬਜ਼ੇ ਹੋ ਗਏ ਤੇ ਜੋ ਮੁੱਖ ਕਬਰਸਿਤਾਨ ਵਿਚ ਪਠਾਣਾਂ ਦੀਆਂ ਕਬਰਾਂ ਸਨ, ਉਨ੍ਹਾਂ ਨੂੰ ਵਕਫ ਬੋਰਡ ਨੇ ਪੱਧਰਾ ਕਰਕੇੇ ਇਕ ਪ੍ਰਾਈਵੇਟ ਸਕੂਲ ਨੂੰ ਲੀਜ਼ 'ਤੇ ਦੇ ਦਿੱਤਾ ਅਤੇ ਜਿਥੇ ਨਿਹੰਗ ਖਾਂ ਪਠਾਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਖਸਰਾ ਨੂੰ 9//6 ਵਿਚ ਦਫ਼ਨਾਇਆ ਗਿਆ ਸੀ, ਉਥੇ ਇਕ ਉੱਚਾ ਥੇਹਾ ਉਸਰਿਆ ਹੋਇਆ ਸੀ। ਇਸ ਖਸਰਾ ਨੰ: ਦੇ ਰਕਬੇ ਦੀ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ 1953-54 ਵਿਚ ਅਲਾਟਮੈਂਟ ਹੋ ਗਈ ਅਤੇ ਅਲਾਟੀ ਨੇ ਇਹ 9 ਕਨਾਲ 9 ਮਰਲੇ ਦਾ ਕਿਸੇ ਨਾਲ ਬਿਆਨਾ ਕਰ ਲਿਆ ਤੇ ਉਸ ਨੇ ਉੱਚੇ ਟਿੱਬੇ ਨੂੰ ਰਾਤ-ਬਰਾਤੇ ਪੱਧਰਾ ਕਰਕੇ ਪਲਾਟ ਕੱਟ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜਿਥੇ ਨਿਹੰਗ ਖਾਂ ਪਠਾਣ ਅਤੇ ਉਸ ਦੇ ਪਰਿਵਾਰ ਦੀਆਂ ਉਸ ਉੱਚੇ ਟਿੱਬੇ 'ਤੇ ਕਬਰਾਂ ਸਨ, ਉਨ੍ਹਾਂ ਨਾਲ ਵੀ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਪਿੰਡ ਵਾਸੀਆਂ ਵਲੋਂ ਜਦੋ-ਜਾਹਿਦ ਕਰਨ 'ਤੇ ਹਾਲ ਦੀ ਘੜੀ ਇਹ ਮਸਲਾ ਰੁਕ ਗਿਆ ਹੈ।
ਪਿੰਡ ਦੇ ਲੋਕੀਂ ਇਨ੍ਹਾਂ 5-7 ਕਬਰਾਂ ਨੂੰ ਜੋ ਉੱਚੇ ਟਿੱਬਾ (ਥੇਹ) ਦੀ ਸ਼ਕਲ ਵਿਚ 3-4 ਮਰਲੇ ਦੇ ਰਕਬੇ ਵਿਚ ਸੁਰੱਖ਼ਿਅਤ ਹਨ, ਨੂੰ ਬਚਾਉਣਾ ਚਾਹੁੰਦੇ ਹਨ। ਇਸ ਬਾਰੇ ਇਲਾਕੇ ਦੇ ਲੋਕ, ਸਰਕਾਰੀ ਕਾਲਜ ਦੀ ਸਟੂਡੈਂਟਸ ਯੂਨੀਅਨ ਅਤੇ ਦੂਨ ਇਲਾਕੇ ਦੀ ਬਣੀ ਯੂਨੀਅਨ ਨੇ ਮਿਲ ਕੇ ਪਿਛਲੇ ਦਿਨੀਂ ਬੇਲਾ ਰੋਡ ਤੋਂ ਡੀ.ਸੀ. ਦਫਤਰ ਤੱਕ ਰੈਲੀ ਕੀਤੀ ਸੀ, ਜਿਸ ਬਾਰੇ ਡਿਪਟੀ ਕਮਿਸ਼ਨਰ, ਰੋਪੜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਪਠਾਣ ਪਰਿਵਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਔਖੇ ਵੇਲੇ ਦਿੱਤੇ ਸਹਿਯੋਗ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀਆਂ ਕਬਰਾਂ ਨੂੰ ਬਚਾਇਆ ਜਾਵੇ ਤੇ ਉੱਥੇ ਇਕ ਮਿਊਜ਼ੀਅਮ ਅਤੇ ਲਾਇਬ੍ਰੇਰੀ ਬਣਾਈ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਉਹੀ ਪਠਾਣ ਪਰਿਵਾਰ ਦੀਆਂ ਕਬਰਾਂ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਔਖੇ ਵੇਲੇ ਪਨਾਹ ਦਿੱਤੀ ਸੀ। ਜਦ ਕਿ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਕਫ ਬੋਰਡ ਅਤੇ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ। ਪਰ ਇਹ ਸੰਸਥਾਵਾਂ ਭਲਾਈ ਦਾ ਕੰਮ ਕਰਨ ਤੋਂ ਅਸਮਰੱਥ ਰਹੀਆਂ। ਜਦ ਕਿ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਵਲੋਂ ਹਾਅ ਦਾ ਨਾਅਰਾ ਮਾਰਨ 'ਤੇ ਉਸ ਦੀ ਯਾਦ ਵਜੋਂ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋ ਸ਼ਾਨਦਾਰ ਗੇਟ ਬਣਾਏ ਗਏ ਹਨ। ਜੇਕਰ ਇਹ ਕਬਰਾਂ ਭੂ-ਮਾਫੀਆਂ ਨੇ ਅਲੋਪ ਕਰ ਦਿੱਤੀਆਂ ਤਾਂ ਆਉਣ ਵਾਲੀ ਪੀੜ੍ਹੀ ਗੁਰੂ ਸਾਹਿਬ ਨੂੰ ਪਿੰਡ ਕੋਟਲਾ ਨਿਹੰਗ ਵਿਚ ਆਉਣਾ ਨਹੀਂ ਮੰਨੇਗੀ। ਸੋ, ਸਾਨੂੰ ਸਾਰਿਆਂ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਕੇ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਕਿ ਪਠਾਣ ਪਰਿਵਾਰ ਦੀ ਯਾਦਗਾਰ ਬਣ ਸਕੇ।


-ਬੀ.ਡੀ.ਪੀ.ਓ. (ਸੇਵਾ ਮੁਕਤ), 1945/7 ਸਾਹਮਣੇ ਸਿਵਲ ਹਸਪਤਾਲ, ਰੂਪਨਗਰ। ਮੋਬਾ: 94175-83141

ਬਾਣੀ ਦਿਲ 'ਚ ਵਸਾ ਲਓ

* ਸਰਦਾਰ ਪੰਛੀ *

ਬਾਣੀ ਦਿਲ 'ਚ ਵਸਾ ਲਓ ਬੇੜਾ ਪਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਠੰਢ ਕਾਲਜੇ 'ਚ ਪਊ ਜਦੋਂ ਪੜ੍ਹ ਲਓਗੇ ਬਾਣੀ,
ਤੁਸਾਂ ਕਿਸੇ ਵੀ ਤੂਫ਼ਾਨ ਕੋਲੋਂ ਮਾਤ ਨਹੀਂ ਖਾਣੀ।
ਸ਼ੁੱਧ ਆਤਮਾ ਦੇ ਨਾਲ ਅਪਣਾ ਕੇ ਦੇਖ ਲਓ।
ਮਨ ਆਪਣੇ 'ਚ ਦੀਪ ਜਗਾ ਕੇ ਦੇਖ ਲਓ।
ਦੂਰ ਆਤਮਾ ਦਾ ਸਾਰਾ ਹੰਕਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਇਹਦੇ ਵਿਚ ਸਾਰੇ ਰਾਗ ਸੁਰ ਤਾਲ ਹੁੰਦੇ ਨੇ,
ਮਿੱਠੇ-ਮਿੱਠੇ ਰਸ ਵੀ ਬੇਮਿਸਾਲ ਹੁੰਦੇ ਨੇ।
ਸਾਰੇ ਸ਼ਬਦਾਂ ਦੇ ਅਰਥ ਵੀ ਕਮਾਲ ਹੁੰਦੇ ਨੇ,
ਦੇਵੀ-ਦੇਵਤੇ ਵੀ ਸੁਣ ਕੇ ਨਿਹਾਲ ਹੁੰਦੇ ਨੇ।
ਪੜ੍ਹੇ-ਸੁਣੇ ਬਾਣੀ ਉਹਦਾ ਸਤਿਕਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਬਾਣੀ ਦੂਰ ਕਰ ਦੇਂਦੀ ਮਨ ਚਿੱਤ ਦੀ ਉਦਾਸੀ,
ਤ੍ਰਿਪਤ ਆਤਮਾ ਹੋ ਜਾਂਦੀ ਸੱਤਾਂ ਜਨਮਾਂ ਦੀ ਪਿਆਸੀ।
ਇਹੀ ਬਾਲਦੀ ਹੈ ਹਰ ਇਕ ਮੱਥੇ ਵਿਚ ਦੀਵਾ,
ਜਿਹਦੇ ਚਾਨਣ ਦੇ ਨਾਲ ਬੰਦਾ ਹੋ ਜਾਏ ਖੀਵਾ।
ਮਿਹਰਬਾਨ ਉਹਦੇ ਉੱਤੇ ਕਰਤਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਬਾਣੀ ਦਿਲ 'ਚ ਵਸਾ ਲਓ ਬੇੜਾ ਪਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਧਾਰਮਿਕ ਸਾਹਿਤ

ਗੁਰੂ ਤੇਗ਼ ਬਹਾਦਰ : ਸ਼ਹਾਦਤਨਾਮਾ
ਲੇਖਕ : ਪ੍ਰਿੰਸੀਪਲ ਜਗਜੀਤ ਸਿੰਘ ਨਾਗਪਾਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।
ਪੰਨੇ : 88, ਮੁੱਲ : 250 ਰੁਪਏ
ਸੰਪਰਕ : 98887-33952


ਵਿਚਾਰ-ਗੋਚਰੀ ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਨੂੰ ਸੰਖੇਪ ਤੌਰ 'ਤੇ ਬਿਆਨ ਕੀਤਾ ਗਿਆ ਹੈ। ਲੇਖਕ ਅਨੁਸਾਰ ਗੁਰੂ ਤੇਗ਼ ਬਹਾਦਰ ਦੀ ਅਜ਼ੀਮ ਸ਼ਹਾਦਤ ਕਾਰਨ ਹੀ ਭਾਰਤ ਦੀ ਸੰਸਕ੍ਰਿਤੀ ਜ਼ਿੰਦਾ ਹੈ। ਲੇਖਕ ਨੇ ਸਿੱਖ ਧਰਮ ਦੀ ਸ਼ਹੀਦੀ ਪਰੰਪਰਾ ਦਾ ਉਲੇਖ ਕਰਦੇ ਸਮੇਂ ਗੁਰੂ ਅਰਜਨ ਦੇਵ ਜੀ ਧਰਮ ਖ਼ਾਤਰ ਮਰ ਮਿਟਣ ਵਾਲੇ ਤਮਾਮ ਸ਼ਹੀਦਾਂ ਦਾ ਜ਼ਿਕਰ ਕੀਤਾ ਹੈ। ਅਗਲੇ ਲੇਖ ਰਾਹੀਂ ਗੁਰੂ ਸਾਹਿਬ ਦੀ ਸ਼ਹੀਦੀ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ ਗਿਆ ਹੈ। ਪੂਰਵਗਾਮੀ ਸ਼ਹੀਦ ਭਾਗ ਵਿਚ ਮਹਾਨ ਦਾਰਸ਼ਨਿਕ ਸ਼ੁਕਰਾਤ ਪੈਗ਼ੰਬਰ ਈਸਾ ਮਸੀਹ ਮਹਾਨ ਸੂਫ਼ੀ ਫ਼ਕੀਰ ਹੁਸੈਨ ਮਨਸੂਰ ਹਿਲਾਜ ਤੇ ਸ਼ੇਖ ਫ਼ਰੀਦੁੱਦ ਦੀਨ ਅੱਤਾਰ ਦੀਆਂ ਸ਼ਹਾਦਤਾਂ ਦਾ ਜ਼ਿਕਰ ਹੈ। ਨਾਲ-ਨਾਲ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ।
ਅਗਲੇ ਅਧਿਆਏ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਸ਼ਹੀਦੀ ਸਿੱਟੇ ਦਾ ਜ਼ਿਕਰ ਕਰਦਿਆਂ ਲੇਖਕ ਨੇ ਵਿਚਾਰ ਪੇਸ਼ ਕੀਤਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਇਕ ਭਾਈਚਾਰੇ ਤੱਕ ਸੀਮਿਤ ਨਹੀਂ, ਬਲਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਸ਼ਹਾਦਤ ਹੈ। ਤੀਜੇ ਅਧਿਆਏ ਵਿਚ ਲੇਖਕ ਨੇ 1885 ਤੋਂ ਬਾਅਦ ਗੁਰੂ ਜੀ ਦੀ ਸ਼ਹੀਦੀ ਬਾਰੇ ਲਿਖੇ ਇਤਿਹਾਸ ਉੱਤੇ ਕਿੰਤੂ-ਪ੍ਰੰਤੂ ਕੀਤਾ ਹੈ। ਉਸ ਨੇ ਬੁੱਧੀਜੀਵੀ ਕੀ ਚਾਹੁੰਦਾ ਹੈ?, ਰਾਜਸੀ ਵਿਰੋਧੀ ਰਵੱਈਆ ਅਤੇ ਰਾਜਸੀ ਰੋਕ, ਸਿੱਖਾਂ ਦੀ ਬਰਬਾਦੀ (1708-70) ਨੁਕਤੇ ਉਠਾਏ ਹਨ। ਲੇਖਕ ਨੇ ਮੁਨਸ਼ੀ ਗੁਲਾਮ ਹੁਸੈਨ ਖਾਨ ਦੀਆਂ ਗੁਰੂ ਸਾਹਿਬ ਦੀ ਸ਼ਹਾਦਤ ਪ੍ਰਤੀ ਗ਼ਲਤ ਬਿਆਨੀਆਂ ਦਾ ਜ਼ੋਰਦਾਰ ਖੰਡਨ ਕੀਤਾ ਹੈ। ਲੇਖਕ ਨੇ ਸ਼ਹੀਦੀ ਪੱਖ ਨੂੰ ਸਹੀ ਤੌਰ 'ਤੇ ਉਜਾਗਰ ਕਰਨ ਵਾਲੇ ਵਿਦਵਾਨਾਂ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਉੱਚ ਕੋਟੀ ਦੇ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਵੀ ਦਿੱਤੇ ਹਨ। ਉਸ ਅਨੁਸਾਰ ਗੁਰੂ ਸਾਹਿਬ ਦੀ ਸ਼ਹਾਦਤ ਚਿੰਤਨ ਦਾ ਵਿਸ਼ਾ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710


ਗੁਰੂ ਗੋਬਿੰਦ ਸਿੰਘ : ਜੀਵਨ ਤੇ ਦਰਸ਼ਨ
ਸੰਪਾਦਕ : ਸੋਨੀਆ ਦੇਵੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ।
ਸਫੇ : 130, ਮੁੱਲ : 295 ਰੁਪਏ
ਸੰਪਰਕ : 0172-5027427


ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਬਾਰੇ ਉਨ੍ਹਾਂ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਇਕ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਕੌਮੀ ਸੈਮੀਨਾਰ ਵਿਚ ਪ੍ਰੋਢ ਵਿਦਵਾਨਾਂ ਵਲੋਂ ਆਪਣੇ ਗੂੜ੍ਹ ਗਿਆਨ ਦੁਆਰਾ ਗੁਰੂ ਜੀ ਦੇ ਜੀਵਨ 'ਤੇ ਪਰਚੇ ਪੜ੍ਹੇ ਗਏ। ਇਨ੍ਹਾਂ ਪਰਚਿਆਂ ਦੇ ਮੂਲ ਪਾਠ ਨੂੰ ਪ੍ਰੋ: ਸੋਨੀਆ ਦੇਵੀ ਨੇ ਸੰਪਾਦਿਤ ਕਰਕੇ ਪੁਸਤਕ 'ਗੁਰੂ ਗੋਬਿੰਦ ਸਿੰਘ : ਜੀਵਨ ਤੇ ਦਰਸ਼ਨ' ਪਾਠਕਾਂ ਦੇ ਰੂਬਰੂ ਕੀਤੀ ਹੈ। ਇਸ ਪੁਸਤਕ ਵਿਚ ਗਿਆਰਾਂ ਪੰਜਾਬੀ, ਇਕ ਹਿੰਦੀ ਅਤੇ ਇਕ ਅੰਗਰੇਜ਼ੀ ਵਿਚ ਮੁੱਲਵਾਨ ਲੇਖ ਪੜ੍ਹਨ ਨੂੰ ਮਿਲਦੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਹਰ ਵਿਦਵਾਨ ਨੇ ਆਪਣੀ ਰਚਨਾ ਨੂੰ ਗੁਰਬਾਣੀ ਦੇ ਯਥਾਰਥਵਾਦ ਨਾਲ ਸਹਿ-ਸਬੰਧ ਜੋੜਨ ਦਾ ਯਤਨ ਵੀ ਕੀਤਾ ਹੈ। ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਦੇ ਅਲੌਕਿਕ ਜੀਵਨ ਦੇ ਸਾਰਥਿਕ ਆਸ਼ੇ ਮਨੁੱਖਤਾ ਦੀ ਭਲਾਈ, ਮਨੁੱਖ ਨੂੰ ਕਾਲ ਦੇ ਭੈਅ ਤੋਂ ਮੁਕਤ ਕਰਵਾ ਕੇ ਜੀਵਨ ਸੰਸਿਆਂ ਦੇ ਜਾਲ 'ਚੋਂ ਬਾਹਰ ਕੱਢਣਾ, ਨਿਰਵੈਰ ਭਾਵਨਾ ਨਾਲ ਜ਼ੁਲਮ ਨਾਲ ਜੂਝਣਾ, ਜਾਨੀ-ਮਾਲੀ ਨੁਕਸਾਨ ਉਠਾ ਕੇ ਵੀ ਸਵੈ-ਮਾਣ ਨੂੰ ਕਾਇਮ ਰੱਖਣਾ, ਮੁਸੀਬਤ ਵੇਲੇ ਗੈਰ ਓਟ ਆਸਰੇ ਦੀ ਥਾਂ ਆਤਮ-ਵਿਸ਼ਵਾਸ 'ਤੇ ਵਧੇਰੇ ਯਕੀਨ ਕਰਨਾ, ਮਨੁੱਖੀ ਜੀਵਨ 'ਚ ਨਿਰੋਏ ਸਾਹਿਤ ਦਾ ਮਹੱਤਵ, ਗੁਰੂ-ਚੇਲਾ ਪ੍ਰੰਪਰਾ ਵਿਚ ਨਵਾਂ ਮੋੜ, ਸੰਤ-ਸਿਪਾਹੀ ਦੀ ਵਿਚਾਰਧਾਰਾ ਅਨੁਸਾਰ ਜੀਵਨ ਜਿਊਣਾ, ਗਊ-ਗਰੀਬ ਦੀ ਰਾਖੀ ਲਈ ਨਿਤਰਨਾ, ਮਾਨਸ ਕੀ ਜਾਤ ਵਿਚਲੀਆਂ ਸਿਰਜੀਆਂ ਰੂੜੀਵਾਦੀ ਪ੍ਰੰਪਰਾਵਾਂ ਨੂੰ ਭਾਂਜ ਦੇਣੀ, ਸਾਦਾ ਜੀਵਨ ਬਿਤਾਉਣਾ, ਜਗ ਜਨਨੀ ਦੀ ਅਥਾਹ ਸ਼ਕਤੀ ਦੀ ਪਛਾਣ, ਜ਼ੁਲਮ ਦੀ ਇੰਤਾਂਹ ਨੂੰ ਵੰਗਾਰਨਾ ਅਤੇ ਖ਼ਾਲਸ/ਖ਼ਾਲਸੇ ਦੀ ਅਸਲ ਪਰਿਭਾਸ਼ਾ ਆਦਿ ਵਿਸ਼ੇ ਜੋ ਮਨੁੱਖੀ ਜੀਵਨ ਸੰਵਾਰ ਕੇ ਧਰਤੀ 'ਤੇ ਹੀ ਬੇਗਮਪੁਰਾ (ਸਵਰਗ) ਉਸਾਰਨ ਦੇ ਸਮਰੱਥ ਇਸ ਪੁਸਤਕ ਦੇ ਮਾਣਿਕ ਮੋਤੀ ਹਨ।
ਜੇਕਰ ਇਸ ਪੁਸਤਕ ਵਿਚਲੇ ਹਿੰਦੀ ਤੇ ਅੰਗਰੇਜ਼ੀ ਲੇਖਾਂ ਦਾ ਪੰਜਾਬੀ 'ਚ ਉਲੱਥਾ ਵੀ ਨਾਲ ਹੀ ਦਿੱਤਾ ਹੁੰਦਾ ਤਾਂ ਸੋਨੇ 'ਤੇ ਸੁਹਾਗਾ ਹੋ ਨਿਬੜਨਾ ਸੀ, ਕਿਉਂਕਿ ਫਿਰ ਆਮ ਪਾਠਕ ਵੀ ਇਨ੍ਹਾਂ ਲੇਖਾਂ ਨੂੰ ਪੜ੍ਹਨ ਦਾ ਆਨੰਦ ਮਾਣਦਾ ਹੋਇਆ ਲਾਹਾ ਖੱਟ ਸਕਦਾ ਸੀ। ਬਾਕੀ ਕੁਲ ਮਿਲਾ ਕੇ ਇਹ ਪੁਸਤਕ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਅਮੋਲਕ ਜੀਵਨ ਨੂੰ ਇਕ ਸੱਚੀ ਸ਼ਰਧਾਂਜਲੀ ਹੈ।


-ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾ: 98764-74858

ਸ੍ਰੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ

ਸਿੱਖ ਸਿਧਾਂਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਮੌਕਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 2019'ਚ ਆ ਰਿਹਾ ਹੈ। ਇਸ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰਾਂ ਵਲੋਂ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਸਰਕਾਰ ਇਸ ਦਿਹਾੜੇ ਨੂੰ ਸਾਰੇ ਵਿਸ਼ਵ'ਚ ਮਨਾਏਗੀ। ਸ੍ਰੀਮਤੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਅੱਜ ਉਬਲਦੇ ਹੋਏ ਵਿਸ਼ਵ ਅੰਦਰ ਹਿੰਸਾ ਅਤੇ ਹੱਤਿਆ ਦਾ ਬੋਲਬਾਲਾ ਹੈ। ਧਰਮ ਅਤੇ ਮਜ਼੍ਹਬ ਦੇ ਨਾਂਅ 'ਤੇ ਕਤਲੇਆਮ ਹੋ ਰਹੇ ਹਨ। ਸ੍ਰੀਮਤੀ ਸੁਸ਼ਮਾ ਸਵਰਾਜ ਅਨੁਸਾਰ ਸਰਕਾਰ ਚਾਹੁੰਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਲਾਭ ਉਠਾ ਕੇ ਸਿੱਖ ਧਰਮ ਦੀ ਸਾਰੀ ਸਿੱਖਿਆ ਤੋਂ ਸੰਸਾਰ ਨੂੰ ਜਾਣੂ ਕਰਾਇਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਜੇ ਸਿੱਖ ਗੁਰੂਆਂ ਦੇ ਸੰਦੇਸ਼ ਨੂੰ ਸਾਰੀ ਦੁਨੀਆ'ਚ ਫੈਲਾਇਆ ਜਾਵੇ। ਇਸ ਤਰ੍ਹਾਂ ਕਰਕੇ ਭਾਰਤ ਸਰਕਾਰ ਦੁਨੀਆ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਿੱਖ ਧਰਮ ਉਹ ਧਰਮ ਹੈ ਜਿਸ ਦਾ ਆਧਾਰ ਹੈ ਕਿ ਪਰਮਾਤਮਾ ਇਕ ਹੈ। ਇਹ ਉਹ ਧਰਮ ਹੈ ਜਿਹੜਾ ਕਹਿੰਦਾ ਹੈ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਅਤੇ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ।
ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵੀ ਆਪਣੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਹੈ। ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਦੇਸ਼ ਤੋਂ ਇਲਾਵਾ ਨਿਪਾਲ ਅਤੇ ਬੰਗਲਾਦੇਸ਼'ਚ ਵੀ ਮਨਾਏਗੀ। ਦਰਅਸਲ ਸਿੱਖ ਧਰਮ ਦੇ ਪ੍ਰਚਾਰ ਦੀ ਮੁਢਲੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹੀ ਬਣਦੀ ਹੈ। ਸਰਕਾਰਾਂ ਦੀ ਤਾਂ ਇਹ ਇਕ ਮਜਬੂਰੀ ਹੈ। ਸਰਕਾਰਾਂ ਇਸ ਤਰ੍ਹਾਂ ਰਾਜਨੀਤਕ ਲਾਭ ਲੈਣ ਲਈ ਦੌੜ ਲਾਉਣ ਦੇ ਯਤਨ'ਚ ਹਨ। ਸ੍ਰੀਮਤੀ ਸੁਸ਼ਮਾ ਸਵਰਾਜ ਨੇ ਜੋ ਕੁਝ ਕਿਹਾ ਹੈ, ਉਸ ਦਾ ਇਕ-ਇਕ ਅੱਖਰ ਸੱਚਾਈ ਬਿਆਨ ਕਰਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਭਾਰਤ ਸਰਕਾਰ ਦੇ ਮਨ ਅੰਦਰ ਸਿੱਖ ਧਰਮ ਦੀ ਸਿੱਖਿਆ ਬਾਰੇ ਸੱਚਮੁੱਚ ਪਿਆਰ ਹੈ ਤਾਂ ਇਸ ਦਾ ਪ੍ਰਚਾਰ ਤੇ ਸਿੱਖੀ ਅਸੂਲਾਂ ਦਾ ਦੇਸ਼ ਅੰਦਰ ਪ੍ਰਚਾਰ ਕਿਉਂ ਨਹੀਂ ਕੀਤਾ ਜਾਂਦਾ?ਅੱਜ ਦੇਸ਼ ਅੰਦਰ ਰਾਜਨੀਤਕ ਲਾਭ ਲੈਣ ਲਈ ਰਾਜਸੀ ਪਾਰਟੀਆਂ ਵਲੋਂ ਧਰਮ ਦੇ ਨਾਂਅ 'ਤੇ ਦੰਗੇ ਕਰਾਏ ਜਾ ਰਹੇ ਹਨ। ਜਾਤ-ਪਾਤ ਅਤੇ ਧਰਮ ਦੇ ਨਾਂਅ 'ਤੇ ਲੋਕਾਂ ਅੰਦਰ ਵੰਡੀਆਂ ਪਾਉਣ ਦੇ ਯਤਨ ਹੋ ਰਹੇ ਹਨ। ਸਰਕਾਰ ਕਿਉਂ ਨਹੀਂ ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਿੱਖ ਧਰਮ ਦੇ ਸੰਦੇਸ਼ ਨੂੰ ਪ੍ਰਚਾਰ ਦਾ ਮਾਧਿਅਮ ਬਣਾਉਂਦੀ। ਸ਼ਾਇਦ ਸਰਕਾਰ ਡਰਦੀ ਹੈ ਕਿ ਉਹ ਇਸ ਤਰ੍ਹਾਂ ਕਰਕੇ 'ਧਰਮ ਨਿਰਪੱਖਤਾ' ਦੇ ਸਵਾਲ 'ਤੇ ਆਪਣੇ ਵਿਰੋਧੀਆਂ ਦੀ ਆਲੋਚਨਾ ਦਾ ਸ਼ਿਕਾਰ ਨਾ ਬਣ ਜਾਵੇ। ਇਸ ਲਈ ਸਰਕਾਰ ਸਿੱਖ ਧਰਮ ਦੇ ਗੁਣਾਂ ਦੀ ਗੱਲ ਤਾਂ ਕਰਦੀ ਹੈ, ਪਰ ਉਨ੍ਹਾਂ 'ਤੇ ਅਮਲ ਕਰਨ ਤੋਂ ਡਰਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਖ-ਸ਼ਾਂਤੀ ਤੇ ਮਾਨਵ ਕਲਿਆਣ ਲਈ ਚਾਰ ਉਦਾਸੀਆਂ ਕੀਤੀਆਂ। ਇਸ ਦੌਰਾਨ ਉਹ 12 ਵਰ੍ਹੇਘਰੋਂ ਬਾਹਰ ਰਹੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਬਾਲਾ ਤੇ ਮਰਦਾਨਾ ਸਨ। ਇਨ੍ਹਾਂ ਵਿਚੋਂ ਇਕ ਹਿੰਦੂ ਤੇ ਦੂਜਾ ਮੁਸਲਮਾਨ ਸੀ। ਗੁਰੂ ਜੀ ਨੇ ਇਸ ਤਰ੍ਹਾਂ ਆਪਸੀ ਭਾਈਚਾਰੇ ਦੀ ਆਪਣੀ ਮਿਸਾਲ ਪੇਸ਼ ਕੀਤੀ। ਉਹ ਭਾਰਤ ਅੰਦਰ ਹੀ ਨਹੀਂ ਬਲਕਿ ਦੂਜੇ ਦੇਸ਼ਾਂ'ਚ ਵੀ ਗਏ ਤੇ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ਦਾ ਹੋਕਾ ਦੁਨੀਆ ਨੂੰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੁੱਖ ਜ਼ਿੰਮੇਵਾਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ, ਕਿਉਂਕਿ ਇਹ ਸਿੱਖਾਂ ਦੀ ਆਪਣੀ ਸੰਸਥਾ ਹੈ। ਇਸ ਦਾ ਸਬੰਧ ਧਰਮ ਪ੍ਰਚਾਰ ਨਾਲ ਹੈ,ਸਰਕਾਰ ਵਾਂਗ ਰਾਜਨੀਤੀ ਨਾਲ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਦੇਸ਼ ਦੇ ਅਨੇਕਾਂ ਥਾਵਾਂ 'ਤੇ ਪਏ ਹਨ। ਜੇਕਰ ਉਨ੍ਹਾਂ ਦਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਹੋਇਆ ਤਾਂ ਉਹ ਆਪਣੇ ਮਾਨਵ ਕਲਿਆਣ ਦੀ ਸਿੱਖਿਆ ਤੇ ਸਿਧਾਂਤਾਂ ਦੇ ਪ੍ਰਚਾਰ ਲਈ ਦੇਸ਼ ਦੇ ਹਰ ਕੋਨੇਤੱਕ ਪਹੁੰਚੇ। ਜੇਕਰ ਪੂਰਬੀ ਭਾਰਤ ਦਾ ਜ਼ਿਕਰ ਕਰੀਏ ਤਾਂ ਉੱਤਰ ਪ੍ਰਦੇਸ਼'ਚ ਵਾਰਾਨਸੀ ਤੇ ਹੋਰ ਥਾਵਾਂ 'ਤੇ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹ ਮਿਲਦੇ ਹਨ। ਬਿਹਾਰ'ਚ ਗੰਗਾ ਪਾਰ ਦਾ ਇਲਾਕਾ ਇਨ੍ਹਾਂ ਪਦ ਚਿੰਨ੍ਹਾਂ ਦੀ ਛੂਹ ਨਾਲ ਪਵਿੱਤਰ ਹੋਇਆ ਹੈ।
ਬੰਗਾਲ ਦੀ ਧਰਤੀ ਨੂੰ ਗੁਰੂ ਜੀ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਨ ਦਾ ਵੀ ਮਾਣ ਪ੍ਰਾਪਤ ਹੈ। ਕੋਲਕਾਤਾ'ਚ ਸ਼ਹਿਰ ਦੇ ਸਭ ਤੋਂ ਅਹਿਮ ਵਪਾਰਕ ਇਲਾਕੇ'ਬੜਾ ਬਾਜ਼ਾਰ' 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਸ ਥਾਂ 'ਤੇ ਚਰਨ ਪਏ,ਉਥੇ ਅੱਜ 'ਗੁਰਦੁਆਰਾ ਬੜਾ ਸਿੱਖ ਸੰਗਤ' ਸੁਸ਼ੋਭਿਤ ਹੈ। ਇਸ ਤਰ੍ਹਾਂ ਹੀ ਮਾਲਦਾ'ਚ ਗੰਗਾ ਦੇ ਕਿਨਾਰੇ 'ਤੇ ਗੁਰੂ ਸਾਹਿਬ ਦੀ ਯਾਦ'ਚ ਗੁਰਦੁਆਰਾ ਬਣਿਆ ਹੋਇਆ ਹੈ। ਬੰਗਲਾਦੇਸ਼,ਜਿਹੜਾ ਇਕ ਸਮੇਂ ਭਾਰਤ ਦਾ ਹੀ ਅੰਗ ਹੁੰਦਾ ਸੀ ਤੇ ਫਿਰ ਦੇਸ਼ ਦੀ ਵੰਡ ਹੋਣਨਾਲ ਪਾਕਿਸਤਾਨ ਦਾ ਹਿੱਸਾ ਬਣ ਗਿਆ, 'ਚ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਮ ਅਸਥਾਨ ਹਨ। ਤਤਕਾਲੀ ਪਾਕਿਸਤਾਨੀ ਹਕੂਮਤ ਨੇ ਇਹ ਢਾਹ ਕੇ ਉਥੇ ਸਰਕਾਰੀ ਇਮਾਰਤਾਂ ਉਸਾਰ ਲਈਆਂ ਸਨ। ਬੰਗਲਾਦੇਸ਼ ਬਣਨ 'ਤੇ ਉਥੇ ਆਜ਼ਾਦ ਬੰਗਲਾਦੇਸ਼ ਦੀ ਸਰਕਾਰ ਨੇ ਪੰਜ ਗੁਰਦੁਆਰਾ ਅਸਥਾਨ ਲੱਭੇ ਤੇ ਉਥੋਂ ਦੇ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬ-ਉਰ-ਰਹਿਮਾਨ ਨੇ ਸੇਵਾ-ਸੰਭਾਲ ਲਈ ਉਨ੍ਹਾਂ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੀ ਸੰਭਾਲ ਲਈ ਸਿੱਖ ਸੰਸਥਾਵਾਂ,ਜਿਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਿਲ ਸੀ,ਨੇ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਬਣਾਇਆ, ਜਿਸ ਦੇ ਪਹਿਲੇ ਪ੍ਰਧਾਨ ਪੱਛਮੀ ਬੰਗਾਲ ਦੇ ਤਤਕਾਲੀ ਟ੍ਰਾਂਸਪੋਰਟ ਮੰਤਰੀ ਸ: ਗਿਆਨ ਸਿੰਘ ਸੋਹਨਪਾਲ ਅਤੇ ਜਨਰਲ ਸਕੱਤਰ ਕੈਪਟਨ ਭਾਗ ਸਿੰਘ ਥਾਪੇ ਗਏ ਸਨ। ਇਹ ਬੋਰਡ ਹੀ ਬੰਗਲਾਦੇਸ਼'ਚ ਸਥਿਤ ਗੁਰਧਾਮਾਂ ਦੀ ਦੇਖ-ਰੇਖ ਕਰਦਾ ਰਿਹਾ।
ਦੂਜੀਆਂ ਸੰਸਥਾਵਾਂ ਤੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਇਨ੍ਹਾਂ ਗੁਰਧਾਮਾਂ ਦੀ ਲੋੜੀਂਦੀ ਸੇਵਾ ਨਹੀਂ ਸੀ ਹੋ ਸਕੀ, ਜਿਸ 'ਤੇ ਬੋਰਡ ਨੇ 2005'ਚ ਕਾਰਸੇਵਾ ਸੰਪਰਦਾਇ ਸਰਹਾਲੀ (ਤਰਨ ਤਾਰਨ) ਦੀ ਬੇਨਤੀ 'ਤੇ ਇਨ੍ਹਾਂ ਗੁਰਧਾਮਾਂ ਦੀ ਸੇਵਾ ਉਨ੍ਹਾਂ ਨੂੰ ਸੰਭਾਲ ਦਿੱਤੀ। ਸੰਪਰਦਾਇ ਦੇ ਮੁਖੀ ਬਾਬਾ ਸੁੱਖਾ ਸਿੰਘ ਨੇ ਖੁਦ ਕਈ ਵਾਰ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਦੀ ਕਾਰਸੇਵਾ ਹੋਈ। ਅੱਜ ਵੀ ਇਹ ਸੇਵਾ ਸੰਪਰਦਾਇ ਹੀ ਕਰ ਰਹੀ ਹੈ ਤੇ ਬੋਰਡ ਵਲੋਂ ਉਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਢਾਕਾ ਵਿਖੇ ਗੁਰਦੁਆਰਾ ਨਾਨਕਸ਼ਾਹੀ'ਚ ਹਰ ਸ਼ੁੱਕਰਵਾਰ ਦਿਨੇ 11 ਵਜੇ ਤੋਂ 1 ਵਜੇ ਤੱਕ ਦੀਵਾਨ ਸਜਦਾ ਹੈ ਤੇ ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਦਾ ਹੈ। ਸੰਗਤ ਵਿਚ ਹਰ ਜਾਤ, ਹਰ ਮਜ਼੍ਹਬ ਦੀਆਂ ਬੀਬੀਆਂ, ਮਰਦ ਅਤੇ ਬੱਚੇ ਬੜੀ ਸ਼ਰਧਾ ਨਾਲ ਸ਼ਾਮਿਲ ਹੁੰਦੇ ਹਨ। ਬੋਰਡ ਦੇ ਸਹਿਯੋਗ ਨਾਲ ਸੰਪਰਦਾਇ ਨੇ ਗੁਰਦੁਆਰੇ'ਚ ਇਕ ਸਿੱਖ ਰਿਸਰਚ ਸੈਂਟਰ ਕਾਇਮ ਕੀਤਾ ਹੈ, ਜਿਸ ਦਾ ਸੰਚਾਲਨ ਢਾਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਜ਼ੀ ਨੂਰੁਲ ਇਸਲਾਮ ਕਰਦੇ ਹਨ।
ਪ੍ਰੋਫੈਸਰ ਇਸਲਾਮ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪਰਨਾਏ ਹੋਏ ਹਨ। ਉਹ ਕਹਿੰਦੇ ਹਨ ਕਿ 'ਭਾਵੇਂ ਮੈਂ ਸਿੱਖ ਨਹੀਂ,ਪਰ ਮੈਂ ਬਾਬਾ ਨਾਨਕ ਦਾ ਸੇਵਕ ਜ਼ਰੂਰ ਹਾਂ ਤੇ ਮੇਰੀ ਇਹ ਕੋਸ਼ਿਸ਼ ਹੈ ਕਿ ਗੁਰੂ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚੇ।' ਪ੍ਰੋਫ਼ੈਸਰ ਇਸਲਾਮ ਦੇ ਸਹਿਯੋਗ ਨਾਲ ਢਾਕਾ ਯੂਨੀਵਰਸਿਟੀ ਦੇ ਲਗਪਗ 350 ਵਿਦਿਆਰਥੀ ਅਤੇ ਵਿਦਿਆਰਥਣਾਂ ਸਿੱਖ ਧਰਮ ਅਤੇ ਸਿੱਖ ਇਤਹਾਸ ਦਾ ਅਧਿਐਨ ਕਰ ਚੁੱਕੀਆਂ ਹਨ। ਇਨ੍ਹਾਂ ਯਤਨਾਂ ਨਾਲ ਅੱਜ ਬੰਗਲਾਦੇਸ਼'ਚ ਸਿੱਖੀ ਦੀ ਪਹਿਚਾਣ ਬਣ ਗਈ ਹੈ। ਰਾਹ ਜਾਂਦਿਆਂ ਜੇਕਰ ਕੋਈ ਦਸਤਾਰ ਵਾਲਾ ਸਿੱਖ ਨਜ਼ਰ ਆ ਜਾਵੇ ਤਾਂ ਰਾਹਗੀਰ ਝੱਟ ਦੋਵੇਂ ਹੱਥ ਜੋੜ ਕੇ ਉਸ ਨੂੰ ਫ਼ਤਹਿ ਬੁਲਾਉਣ ਤੋਂ ਚੁੱਕਦਾ ਨਹੀਂ। ਇਹ ਇਤਿਹਾਸਿਕ ਸੱਚਾਈ ਹੈ ਕਿ ਪੂਰਬੀ ਭਾਰਤ'ਚ ਗੁਰੂ ਨਾਨਕ ਦੇਵ ਜੀ ਦੇ ਪਦ ਚਿਨ੍ਹਾਂ ਦੀ ਭਾਲ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਰਾਈ ਸੀ ਤੇ ਬਾਅਦ'ਚ ਉਨ੍ਹਾਂ ਥਾਵਾਂ 'ਤੇ ਮੰਜੀਆ ਸਥਾਪਿਤ ਕੀਤੀਆਂ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਕੇਂਦਰ ਬਣੀਆਂ। ਉਸ ਸਮੇਂ ਢਾਕਾ ਪੂਰਬੀ ਭਾਰਤ'ਚ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾਦੇਸ਼ ਤੇ ਨਿਪਾਲ'ਚ ਵੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ। ਨਿਪਾਲ ਵਿਚ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਸਥਾਨ ਦੀ ਸੇਵਾ ਕੁਝ ਸਮਾਂ ਹੋਇਆ ਗੁਰੂ-ਘਰ ਦੇ ਸੇਵਕ ਸ: ਐਸ. ਪੀ. ਸਿੰਘ ਨੇ ਕਰਾਈ ਸੀ। ਸ਼੍ਰੋਮਣੀ ਕਮੇਟੀ ਦਾ ਫ਼ੈਸਲਾ ਪ੍ਰਸੰਸਾਯੋਗ ਹੈ। ਲੋੜ ਕੇਵਲ ਇਸ ਗੱਲ ਦੀ ਹੈ ਕਿ ਦੇਸ਼ ਅੰਦਰ ਅਤੇ ਵਿਦੇਸ਼'ਚ ਜਿੱਥੇ ਵੀ ਸਮਾਗਮ ਹੋਣੇ ਹਨ,ਉਥੋਂ ਦੀਆਂ ਸਿੱਖ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇ। ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਇਨ੍ਹਾਂ ਗੁਰਧਾਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਲਈ ਸਥਾਨਕ ਸੰਸਥਾਵਾਂ ਤੇ ਕਾਰਸੇਵਕ ਸੰਪਰਦਾਇ ਵਲੋਂ ਕੀਤੀ ਜਾ ਰਹੀ ਸੇਵਾ ਨੂੰ ਧਿਆਨ'ਚ ਰੱਖਦਿਆਂ ਸਮਾਗਮਾਂ ਲਈ ਇਨ੍ਹਾਂ ਨਾਲ ਰਾਬਤਾ ਬਣਾਇਆ ਜਾਵੇ। ਗੁਰਧਾਮਾਂ ਦੀ ਸੇਵਾ ਦੇ ਸਬੰਧ ਵਿਚ ਸੰਪਰਦਾਇ ਗੁਰਸੇਵਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬੇਗ਼ਮ ਸ਼ੇਖ ਹਸੀਨਾ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਆਪਣੀ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ।
ਬੰਗਲਾਦੇਸ਼'ਚ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਵਿਸਾਖੀ ਗੁਰਪੁਰਬ ਮਨਾਇਆ ਜਾਂਦਾ ਹੈ, ਜਿਸ'ਚ ਹਾਜ਼ਰ ਹੋਣ ਲਈ ਪੰਜਾਬ ਅਤੇ ਦੇਸ਼ ਦੀਆਂ ਦੂਜੀਆਂ ਥਾਵਾਂ ਤੋਂ ਕਾਫ਼ੀ ਗਿਣਤੀ'ਚ ਸਿੱਖ ਸੰਗਤਾਂ ਪਹੁੰਚਦੀਆਂ ਹਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਸਿੱਖਿਆ ਦੇ ਪ੍ਰਚਾਰ ਨੂੰ ਹੋਰ ਬਲ ਮਿਲ ਸਕਦਾ ਹੈ। ਦੇਸ਼ ਭਰ ਅੰਦਰ ਪ੍ਰਚਾਰ ਲਈ ਸੈਮੀਨਾਰ ਕਰਾਏ ਜਾਣੇ ਚਾਹੀਦੇ ਹਨ, ਜਿਨ੍ਹਾਂ ਲਈ ਸਥਾਨਕ ਸੰਸਥਾਵਾਂ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਇਸ ਲਈ ਤਿਆਰੀਆਂ ਹੁਣ ਤੋਂ ਹੀ ਹੋਣੀਆਂ ਚਾਹੀਦੀਆਂ ਹਨ।


-ਮੋਬਾ: 098315-48113

ਸ਼੍ਰੋਮਣੀ ਕਮੇਟੀ ਵਲੋਂ ਮੁਫ਼ਤ ਸੇਵਾਵਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ। ਇਸ ਸੰਸਥਾ ਦਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਚਲਾਉਣ ਅਤੇ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਮਨੁੱਖੀ ਕਲਿਆਣਕਾਰੀ ਖੇਤਰ ਵਿਚ ਵੀ ਅਹਿਮ ਰੁਤਬਾ ਹੈ। ਇਸ ਲਈ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਸੰਗਤੀ ਪ੍ਰਬੰਧ ਦੇ ਮਨੋਰਥ ਨੂੰ ਲੈ ਕੇ 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਸਿੱਖਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵਿਸ਼ਵ-ਵਿਆਪੀ ਸਿੱਖ ਕੌਮ ਦੀ ਪ੍ਰਤੀਨਿਧ ਜਥੇਬੰਦੀ ਦੇ ਰੂਪ 'ਚ ਸਥਾਪਤ ਹੋ ਚੁੱਕੀ ਹੈ। ਸਿੱਖ ਕੌਮ ਦੀ ਇਸ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੂਲ ਉਦੇਸ਼ ਮਿੱਥੇ ਗਏ ਸਨ, ਜਿਨ੍ਹਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਦੇ ਨਾਲ-ਨਾਲ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜ ਕਰਨਾ ਮੁੱਖ ਸੀ। ਇਸ ਦੇ ਨਾਲ ਹੀ ਸਿੱਖ ਕੌਮ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਨੇ ਅਹਿਮ ਕਦਮ ਉਠਾਏ ਹਨ। ਸ਼੍ਰ੍ਰੋਮਣੀ ਕਮੇਟੀ ਕਿਸੇ ਵੀ ਬਿਪਤਾ ਵੇਲੇ ਨਾ ਕੇਵਲ ਦੁਨੀਆ ਭਰ ਦੇ ਸਿੱਖਾਂ ਦੀ ਹੀ ਬਾਂਹ ਫੜਦੀ ਹੈ, ਸਗੋਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜੇਕਰ ਕੋਈ ਕੁਦਰਤੀ ਬਿਪਤਾ ਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਬਿਨਾਂ ਧਰਮ, ਜਾਤ, ਦੇਸ਼ ਜਾਂ ਰੰਗ ਦੇ ਵਿਤਕਰੇ ਤੋਂ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਹੋ ਜਾਂਦੀ ਹੈ। ਇਕ ਸਦੀ ਦਾ ਸਮਾਂ ਪੂਰਾ ਕਰਨ ਵਾਲੀ ਇਸ ਸੰਸਥਾ ਦੀ ਸੇਵਾ ਸਭ ਤੋਂ ਵੱਧ ਸਮਾਂ ਪੰਥ ਰਤਨ ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੇਵਾ ਰਤਨ ਪ੍ਰਾਪਤ ਕਰਨ ਵਾਲੇ ਜਥੇਦਾਰ ਅਵਤਾਰ ਸਿੰਘ ਨੇ ਕੀਤੀ ਹੈ। ਇਨ੍ਹਾਂ ਦੇ ਸਮੇਂ ਬਹੁਤ ਮਹੱਤਵਪੂਰਨ ਕਾਰਜ ਹੋਏ ਹਨ।
ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਤਰਜੀਹੀ ਤੌਰ 'ਤੇ ਕਰਨ ਦਾ ਫੈਸਲਾ ਲਿਆ ਗਿਆ। ਗੁਰੂ ਸਾਹਿਬ ਦੇ ਸਿਧਾਂਤਾਂ ਦੀ ਗੱਲ ਘਰ-ਘਰ ਤੱਕ ਪਹੁੰਚਾਉਣ ਲਈ ਧਰਮ ਪ੍ਰਚਾਰ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਪ੍ਰੋਗਰਾਮ ਉਲੀਕੇ ਗਏ। ਭਾਈ ਲੌਂਗੋਵਾਲ ਵਲੋਂ ਟੀਚਾ ਮਿਥਿਆ ਗਿਆ ਕਿ ਇਸ ਸਾਲ ਇਕ ਲੱਖ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਇਸ ਪ੍ਰਤੀ ਹੁਣ ਤੱਕ ਕੀਤੇ ਕਾਰਜ ਦੇ ਨਤੀਜੇ ਤਸੱਲੀਬਖ਼ਸ਼ ਸਾਹਮਣੇ ਆਏ ਹਨ।
ਪੰਜਾਬ ਵਿਚ ਨਸ਼ਿਆਂ ਦੀ ਵੱਡੀ ਹਨੇਰੀ ਝੁੱਲ ਰਹੀ ਹੈ। ਬਹੁਤੇ ਪਰਿਵਾਰ ਇਸ ਨਾਲ ਝੰਬੇ ਪਏ ਹਨ। ਅਜਿਹੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹਰ ਯਤਨ ਕਰ ਰਹੀ ਹੈ। ਇਨ੍ਹਾਂ ਯਤਨਾਂ ਸਦਕਾ ਹੀ ਬਹੁਤ ਸਾਰੇ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਅੰਮ੍ਰਿਤ ਛਕ ਕੇ ਜੀਵਨ ਸਫਲ ਕਰਨ ਦਾ ਮਾਰਗ ਚੁਣਿਆ ਹੈ। ਪੰਜਾਬ ਦੇ ਤਿੰਨ ਜ਼ੋਨ ਮਾਝਾ, ਮਾਲਵਾ ਤੇ ਦੁਆਬਾ ਦੇ ਨਾਲ-ਨਾਲ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਰਾਹੀਂ ਅੰਮ੍ਰਿਤ ਸੰਚਾਰ ਤੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਵਲੋਂ ਆਰੰਭੀ ਇਸ ਲਹਿਰ ਤਹਿਤ ਜਨਵਰੀ, 2018 ਤੋਂ ਲੈ ਕੇ ਸਤੰਬਰ, 2018 ਤੱਕ 70 ਹਜ਼ਾਰ ਦੇ ਕਰੀਬ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਹੈ। ਮਾਲਵਾ ਜ਼ੋਨ ਵਿਚ ਹੋਏ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 21,500 ਪ੍ਰਾਣੀ ਗੁਰੂ ਵਾਲੇ ਬਣੇ। ਇਸੇ ਤਰ੍ਹਾਂ ਮਾਝਾ ਜ਼ੋਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਸਮੇਤ ਇਸ ਖੇਤਰ ਦੇ ਵੱਖ-ਵੱਖ ਥਾਵਾਂ 'ਤੇ ਹੋਏ ਅੰਮ੍ਰਿਤ ਸੰਚਾਰ ਸਮਾਗਮਾਂ ਵਿਚ ਅੰਮ੍ਰਿਤ ਛਕਣ ਵਾਲਿਆਂ ਦੀ ਕੁੱਲ ਗਿਣਤੀ 31,000 ਤੋਂ ਵੱਧ ਹੈ। ਇਸੇ ਤਰ੍ਹਾਂ ਦੁਆਬਾ ਜ਼ੋਨ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 15315 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਚਲਦੇ ਸਿੱਖ ਮਿਸ਼ਨਾਂ ਵਲੋਂ 2500 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਇਆ ਜਾ ਚੁੱਕਾ ਹੈ।
ਸਰਹੱਦੀ ਖੇਤਰ ਵਿਚ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਨ੍ਹਾਂ ਤੱਕ ਮੁਢਲੀਆਂ ਸਹੂਲਤਾਂ ਵੀ ਨਹੀਂ ਪਹੁੰਚਦੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮੁਸ਼ਕਿਲ ਨੂੰ ਸਮਝਦਿਆਂ ਸਰਹੱਦੀ ਖੇਤਰ ਵਿਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਵੱਖ-ਵੱਖ ਖੇਤਰਾਂ ਵਿਚ ਮੈਡੀਕਲ ਟੀਮਾਂ ਭੇਜਣ ਦਾ ਫੈਸਲਾ ਕੀਤਾ। ਇਨ੍ਹਾਂ ਮੈਡੀਕਲ ਟੀਮਾਂ ਵਿਚ ਡਾਕਟਰ ਅਤੇ ਹੋਰ ਮੈਡੀਕਲ ਸਟਾਫ ਦੇ ਨਾਲ-ਨਾਲ ਲੋਕਾਂ ਦੇ ਮੁਢਲੇ ਟੈਸਟ ਕਰਨ ਅਤੇ ਮੁਫਤ ਦਵਾਈਆਂ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਹੁਣ ਤੱਕ 78 ਹਲਕਿਆਂ ਦੇ 300 ਦੇ ਕਰੀਬ ਪਿੰਡਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਇਸ ਤੋਂ ਲਾਭ ਉਠਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਇਸ ਕਾਰਜ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ। ਇਸ ਦੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਵੀ ਸ਼੍ਰੋਮਣੀ ਕਮੇਟੀ ਵਲੋਂ ਮੁਫਤ ਡਿਸਪੈਂਸਰੀਆਂ ਚੱਲ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਜਿਥੇ ਪਹਿਲਾਂ ਮੁਫਤ ਬੱਸਾਂ ਚਲਾਈਆਂ ਜਾ ਰਹੀਆਂ ਸਨ, ਉਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ 'ਤੇ 5 ਹੋਰ ਨਵੀਆਂ ਬੱਸਾਂ ਇਸ ਕਾਰਜ ਲਈ ਖਰੀਦੀਆਂ ਗਈਆਂ ਹਨ। ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਮੁਫਤ ਬੱਸ ਸੇਵਾ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਏਅਰਪੋਰਟ ਤੋਂ ਵੀ ਸੰਗਤਾਂ ਨੂੰ ਮੁਫਤ ਲਿਆਉਣ ਅਤੇ ਛੱਡਣ ਲਈ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਮੁਫਤ ਨੇੜਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੰਗਤਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫਤਾਂ ਸਮੇਂ ਮਨੁੱਖਤਾ ਦੀ ਸੇਵਾ ਕਰਕੇ ਸਿੱਖ ਕੌਮ ਦੀ ਪਹਿਚਾਣ ਦੁਨੀਆ ਵਿਚ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਭਿਆਨਕ ਬਿਮਾਰੀ ਕੈਂਸਰ ਦੇ ਮਰੀਜ਼ਾਂ ਦੀ ਹੁਣ ਤੱਕ ਕਰੋੜਾਂ ਰੁਪਏ ਦੀ ਸਹਾਇਤਾ ਕੀਤੀ ਗਈ ਹੈ। ਇਸੇ ਤਰ੍ਹਾਂ ਧਰਮੀ ਫੌਜੀਆਂ, ਜੋਧਪੁਰ ਜੇਲ੍ਹ ਦੇ ਨਜ਼ਰਬੰਦਾਂ ਦੀ ਵੀ ਸਮੇਂ-ਸਮੇਂ ਸਹਾਇਤਾ ਕੀਤੀ ਗਈ ਹੈ। ਲੋੜਵੰਦ ਗਰੀਬ ਬੱਚਿਆਂ ਦੀਆਂ ਫੀਸਾਂ ਲਈ ਵੀ ਸਹਾਇਤਾ ਦਿੱਤੀ ਗਈ ਹੈ।
ਇਸੇ ਤਰ੍ਹਾਂ ਅਨੇਕਾਂ ਹੋਰ ਕਾਰਜ ਹਨ ਜੋ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦੀ ਆ ਰਹੀ ਹੈ। ਸੋ, ਆਓ ਸਾਰੇ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣੀਏ, ਤਾਂ ਕਿ ਗੁਰੂ ਸਾਹਿਬ ਵਲੋਂ ਬਖ਼ਸ਼ੇ ਸਿਧਾਂਤਾਂ ਦੀ ਗੱਲ ਘਰ-ਘਰ ਪਹੁੰਚਾ ਸਕੀਏ।

ਬਰਸੀ ਸਮਾਗਮ 'ਤੇ ਵਿਸ਼ੇਸ਼

ਦੋਆਬੇ ਦੀ ਧਰਤੀ ਦਾ ਮਾਣ ਨਿਰਮਲ ਕੁਟੀਆ ਜੌਹਲਾਂ

ਨਿਰਮਲ ਕੁਟੀਆ ਜੌਹਲਾਂ ਰਾਮਾਮੰਡੀ ਤੋਂ ਹੁਸ਼ਿਆਰਪੁਰ ਸੜਕ 'ਤੇ ਸਥਿਤ ਹੈ, ਜੋ ਅੱਜ ਇਕ ਸਿੱਖੀ ਦਾ ਧੁਰਾ, ਧਰਮ ਪ੍ਰਚਾਰ ਦਾ ਸਥਾਨ ਬਣ ਚੁੱਕਾ ਹੈ। ਇਸ ਸਥਾਨ ਦੇ ਸੰਸਥਾਪਕ ਸੰਤ ਬਾਬਾ ਬਸੰਤ ਸਿੰਘ ਨੇ ਇਸ ਸਥਾਨ ਦੀ ਪ੍ਰਾਰੰਭਤਾ 1920 ਵਿਚ ਕੀਤੀ ਸੀ। ਇਹ ਸਥਾਨ ਨਿਰਮਲ ਸੰਪਰਦਾ ਦੇ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੇ ਅਨਿਨ ਸੇਵਕ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜਿਆਣ ਵਾਲਿਆਂ ਦੇ ਅਨਿਨ ਸੇਵਕ ਸੰਤ ਬਾਬਾ ਬਸੰਤ ਸਿੰਘ ਦੇ ਨਾਂਅ ਨਾਲ ਜੁੜਿਆ ਹੋਇਆ ਹੈ। ਸੰਤ ਬਾਬਾ ਬਸੰਤ ਸਿੰਘ ਨੇ 1920 ਤੋਂ ਨਿਰਮਲ ਪਰੰਪਰਾ ਨੂੰ ਅਪਣਾਉਂਦਿਆਂ ਸਿੱਖੀ ਦੇ ਪ੍ਰਚਾਰ ਦਾ ਇਹ ਸਥਾਨ ਸਥਾਪਿਤ ਕੀਤਾ ਸੀ, ਜਿਥੇ ਅੱਜ ਤੱਕ ਲੱਖਾਂ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਚੁੱਕੇ ਹਨ।
ਸੰਤ ਬਾਬਾ ਬਸੰਤ ਸਿੰਘ ਦਾ ਜਨਮ 1885 ਈ: ਵਿਚ ਪਿੰਡ ਮਰੂਲੇ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਦੇ ਮਾਤਾ ਸਰਦਾਰਨੀ ਚੰਦ ਕੌਰ ਅਤੇ ਪਿਤਾ ਸਤਿਕਾਰਯੋਗ ਫ਼ਤਹਿ ਸਿੰਘ ਸਨ, ਜਿਨ੍ਹਾਂ ਦੇ ਗ੍ਰਹਿ ਨੂੰ ਆਪ ਨੇ ਭਾਗ ਲਾਏ। ਮਾਤਾ-ਪਿਤਾ ਦੇ ਸੁਚੱਜੇ ਢੰਗ ਨਾਲ ਪਾਲਣ-ਪੋਸ਼ਣ ਨਾਲ ਬਚਪਨ ਤੋਂ ਹੀ ਗੁਰੂ-ਘਰ ਨਾਲ ਜੁੜ ਗਏ। ਸੰਤ ਜੀ ਦੀ ਕਿਰਪਾ ਸਦਕਾ ਸੰਤ ਬਾਬਾ ਬਸੰਤ ਸਿੰਘ ਖੰਡੇ ਬਾਟੇ ਦਾ ਅੰਮ੍ਰਿਤਸਰ ਛਕ ਕੇ ਬਾਣੀ ਅਤੇ ਬਾਣੇ ਨਾਲ ਜੁੜੇ। ਆਪ ਦਾ ਤਪ ਦੇਖ ਕੇ ਸੰਤ ਜੀ ਦੇ ਹੁਕਮਾਂ ਨਾਲ ਆਪ ਪਿੰਡ ਭੁਲਾਣੇ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਇਲਾਕੇ ਵਿਚ ਤਪੱਸਿਆ ਸ਼ੁਰੂ ਕਰ ਦਿੱਤੀ। ਇਥੇ ਹੀ ਆਪ ਭਗਤੀ ਵਿਚ ਏਨਾ ਜ਼ਿਆਦਾ ਜੁੜ ਗਏ ਕਿ ਸੰਤ ਬਾਬਾ ਜੀ ਦੇ ਹੁਕਮਾਂ ਨਾਲ ਪਾਰਸ ਬਣਾਇਆ। 'ਸੰਤ ਬਾਬਾ' ਦੀ ਉਪਾਧੀ ਦੇ ਕੇ ਨਿਰਮਲ ਕੁਟੀਆ ਜੌਹਲਾਂ ਦੀ ਸਥਾਪਨਾ ਲਈ ਹੁਕਮ ਕੀਤੇ।
ਅੱਜ ਹਰ ਸੰਗਰਾਂਦ 'ਤੇ ਅੰਮ੍ਰਿਤ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਜਲੰਧਰ ਸ਼ਹਿਰ ਵਿਖੇ 1928 ਤੋਂ ਸਿੱਖ ਧਰਮ ਦੇ ਪ੍ਰਚਾਰ ਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਪ੍ਰਾਰੰਭ ਕਰਵਾਏ ਅਤੇ ਚੌਰ ਸਾਹਿਬ ਦੀ ਸੇਵਾ ਸੰਭਾਲੀ, ਜੋ ਅੱਜ ਵੀ ਮੌਜੂਦ ਹੈ।
ਆਪਣੀ ਜੀਵਨ ਯਾਤਰਾ ਪੂਰੀ ਕਰਕੇ 9.11.1971 ਨੂੰ ਆਪ ਚੋਲਾ ਛੱਡ ਗਏ। ਉਨ੍ਹਾਂ ਤੋਂ ਬਾਅਦ ਸੰਤ ਬਾਬਾ ਗਿਆਨ ਸਿੰਘ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਕੇ ਸਭ ਕੁਝ ਦੇ ਦਿੱਤਾ। ਬ੍ਰਹਮ ਗਿਆਨੀ ਸੰਤ ਬਾਬਾ ਗਿਆਨ ਸਿੰਘ ਨੇ 1912 ਈ: ਵਿਚ ਪਿੰਡ ਬੰਬੇਲੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਭਾਈ ਹਰਨਾਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਜਨਮ ਲਿਆ। ਮਾਤਾ-ਪਿਤਾ ਦੀ ਲਗਨ ਸਦਕਾ ਸੰਤ ਬਾਬਾ ਗਿਆਨ ਸਿੰਘ ਜਿਆਣ ਡੇਰੇ ਨਾਲ ਜੁੜ ਗਏ। ਸੰਤ ਬਾਬਾ ਬਸੰਤ ਸਿੰਘ ਨੇ ਸੰਤ ਬਾਬਾ ਗਿਆਨ ਸਿੰਘ ਜਿਆਣ ਤੋਂ ਹੀ ਜ਼ਿੰਮੇਵਾਰੀ ਦੀ ਪੰਡ ਚੁਕਾ ਕੇ ਜੌਹਲਾਂ ਵਿਖੇ ਨਾਲ ਲੈ ਆਏ ਸਨ। ਸੰਤ ਬਾਬਾ ਗਿਆਨ ਸਿੰਘ ਨੇ ਇਹ ਜ਼ਿੰਮੇਵਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਦੇਸ਼-ਵਿਦੇਸ਼ ਵਿਚ ਸਿੱਖੀ ਪ੍ਰਚਾਰ ਲਈ ਗਏ।
ਕੁਝ ਇਤਿਹਾਸਿਕ ਸਥਾਨ ਗੁਰਦੁਆਰਾ ਰਾਮਸਰ ਪਾਤਿਸ਼ਾਹੀ ਛੇਵੀਂ, ਪਿੰਡ ਕੋਟ ਖੁਰਦ, ਜ਼ਿਲ੍ਹਾ ਜਲੰਧਰ, ਗੁਰਦੁਆਰਾ ਸ਼ਹੀਦਾਂ ਪਾਤਿਸ਼ਾਹੀ ਛੇਵੀਂ, ਪਿੰਡ ਸਗਰਾਂਵਾਲੀ, ਗੁਰਦੁਆਰਾ ਬਾਉਲੀ ਸਾਹਿਬ ਪਾਤਿਸ਼ਾਹੀ ਛੇਵੀਂ (ਸਾਰੇ ਜ਼ਿਲ੍ਹਾ ਜਲੰਧਰ), ਗੁਰਦੁਆਰਾ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਜਲੰਧਰ, ਗੁਰਦੁਆਰਾ ਸ਼ਹੀਦਾਂ ਪਾਤਿਸ਼ਾਹੀ ਛੇਵੀਂ ਜੰਡੂ ਸਿੰਘਾ, ਗੁਰਦੁਆਰਾ ਡੰਡਾ ਸਾਹਿਬ ਪਾਤਿਸ਼ਾਹੀ ਸੱਤਵੀਂ ਸੰਧਵਾਂ ਆਦਿ ਇਤਿਹਾਸਿਕ ਸਥਾਨਾਂ ਦੀ ਸਥਾਪਨਾ ਕੀਤੀ ਅਤੇ ਸਿੱਖੀ ਪ੍ਰਚਾਰ ਕੇਂਦਰ ਬਣਾਏ। ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਮੁਹਾਲੀ (ਚੰਡੀਗੜ੍ਹ) ਵਿਖੇ ਸਥਾਪਨਾ ਕੀਤੀ। ਇਨ੍ਹਾਂ ਤੋਂ ਇਲਾਵਾ ਇੰਗਲੈਂਡ ਵਿਖੇ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਓਲਡਬਰੀ ਬਰਮਿੰਘਮ, ਹਾਈਵੇਕਮ ਅਤੇ ਬਰੈਡਫੋਰਡ ਵਿਖੇ ਧਾਰਮਿਕ ਸਥਾਨ ਸਥਾਪਿਤ ਕੀਤੇ। ਆਪ ਜੀ ਸੰਗਤਾਂ ਦੀਆਂ ਸੇਵਾਵਾਂ ਨਿਭਾਉਂਦੇ, ਸਿੱਖੀ ਪ੍ਰਚਾਰ ਕਰਦੇ ਹੋਏ 6 ਨਵੰਬਰ, 2001 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ। ਮੌਜੂਦਾ ਮੁਖੀ ਸੰਤ ਬਾਬਾ ਜੀਤ ਸਿੰਘ ਦੇਸ਼-ਵਿਦੇਸ਼ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਮਲ ਕੁਟੀਆ ਦੇ ਸਹਾਇਕ ਸੰਤ ਬਾਬਾ ਗੁਰਮੀਤ ਸਿੰਘ ਅਤੇ ਸਾਰੇ ਨਿਰਮਲ ਕੁਟੀਆ ਦੇ ਸਾਧੂਆਂ ਨਾਲ ਮਿਲ ਕੇ 7, 8, 9 ਨਵੰਬਰ ਨੂੰ ਬੜੀ ਸ਼ਰਧਾ ਪੂਰਵਕ ਸੰਤ ਬਾਬਾ ਬਸੰਤ ਸਿੰਘ ਅਤੇ ਸੰਤ ਬਾਬਾ ਗਿਆਨ ਸਿੰਘ ਦੇ ਬਰਸੀ ਸਮਾਗਮ ਮਨਾ ਰਹੇ ਹਨ।


-ਮੋਬਾ: 98143-56618

ਮਹਾਰਾਜਾ ਦਲੀਪ ਸਿੰਘ ਦਾ ਅੰਗਰੇਜ਼ ਹਾਕਮਾਂ ਸਾਹਮਣੇ ਪੇਸ਼ ਹੋਣਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਲਾਰਡ ਹਾਰਡਿੰਗ ਉਸ ਵੇਲੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰਨਾ ਚਾਹੁੰਦਾ ਸੀ, ਪਰ ਜਲਦੀ ਅਹਿਸਾਸ ਹੋਇਆ ਕਿ ਇਹ ਕੰਮ 1846 ਦੀਆਂ ਗਰਮੀਆਂ ਵਿਚ ਨਹੀਂ ਹੋ ਸਕਦਾ। ਬੇਸ਼ੱਕ ਪੰਜਾਬੀ ਫੌਜਾਂ ਸਤਲੁਜ ਦੇ ਕੰਢੇ ਹਾਰ ਖਾ ਚੁੱਕੀਆਂ ਸਨ ਪਰ ਅਜੇ ਵੀ ਪੰਜਾਬ ਦੇ ਹੋਰ ਹਿੱਸਿਆਂ ਵਿਚ ਕਾਫੀ ਵੱਡੀ ਪੰਜਾਬੀ ਫੌਜ ਕਾਇਮ ਸੀ। ਰਾਏਬਾਨ ਪਿੰਡ ਦੇ 25,000 ਆਦਮੀਆਂ ਤੋਂ ਬਿਨਾਂ 8,000 ਦੀ ਨਫਰੀ ਪੇਸ਼ਾਵਰ ਵਿਚ ਸੀ ਤੇ ਏਨੀ ਹੀ ਗਿਣਤੀ ਮੁਲਤਾਨ ਵਿਚ ਸੀ। ਹਾਰਡਿੰਗ ਦੀ ਆਪਣੀ ਫੌਜ 20,000 ਦੀ ਸੀ ਤੇ ਜਿਨ੍ਹਾਂ ਵਿਚ ਬਹੁਤ ਥੋੜ੍ਹਾ ਹਿੱਸਾ ਯੂਰਪੀਨਾਂ ਦਾ ਸੀ। ਉਸ ਦਾ ਅਨੁਮਾਨ ਸੀ ਕਿ ਹਿੰਦੁਸਤਾਨੀ ਸਿਪਾਹੀਆਂ ਨੇ ਪੰਜਾਬੀਆਂ ਦੇ ਖ਼ਿਲਾਫ਼ ਬਹੁਤ ਘਟੀਆ ਪ੍ਰਦਰਸ਼ਨ ਕੀਤਾ ਸੀ। ਵੱਡੇ ਪੈਮਾਨੇ ਉੱਪਰ ਮੁਕੰਮਲ ਲੜਾਈ ਵਾਸਤੇ ਹੋਰ ਕੁਮਕ ਮੰਗਵਾਉਣੀ ਪਵੇਗੀ, ਜਿਸ ਨਾਲ ਪਹਿਲਾਂ ਹੀ ਪਤਲੀ ਹਾਲਤ ਵਿਚ ਜਾ ਚੁੱਕੇ ਖਜ਼ਾਨੇ ਉੱਪਰ ਹੋਰ ਭਾਰ ਪਵੇਗਾ। ਇਸ ਤੋਂ ਇਲਾਵਾ ਯੂਰਪੀਨ ਸਿਪਾਹੀਆਂ ਵਾਸਤੇ ਲੜਨ ਦੀ ਰੁੱਤ ਖ਼ਤਮ ਹੋ ਚੁੱਕੀ ਸੀ, ਉਹ ਗਰਮੀਆਂ ਵਿਚ ਲੜਨਾ ਪਸੰਦ ਨਹੀਂ ਕਰਦੇ। ਇਸ ਲਈ ਹਾਰਡਿੰਗ ਨੇ ਫੈਸਲਾ ਕੀਤਾ ਕਿ ਉਹ ਪੰਜਾਬ ਨੂੰ ਦੋ ਕਿਸ਼ਤਾਂ ਵਿਚ ਹਾਸਲ ਕਰਨਗੇ। ਪਹਿਲੀ ਕਿਸ਼ਤ ਵਿਚ ਜਲੰਧਰ ਤੇ ਦੁਆਬਾ ਉੱਪਰ ਕਬਜ਼ਾ ਕਰਨਗੇ ਅਤੇ ਕਸ਼ਮੀਰ ਅਤੇ ਹਜ਼ਾਰਾ ਦੇ ਪਹਾੜੀ ਇਲਾਕਿਆਂ ਨੂੰ ਪੰਜਾਬ ਨਾਲੋਂ ਅੱਡ ਕਰਨਗੇ।
ਇਸ ਤੋਂ ਇਲਾਵਾ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਸ ਉੱਪਰ ਘੱਟ ਫੌਜਾਂ ਰੱਖਣ ਦੀ ਸ਼ਰਤ ਲਗਾ ਦਿੱਤੀ ਜਾਵੇਗੀ। ਆਪਣੀ ਸਰਕਾਰੀ ਡਾਇਰੀ ਵਿਚ ਉਹ ਲਿਖਦਾ ਹੈ, 'ਸਾਡੇ ਕਮਜ਼ੋਰ ਫਰੰਟੀਅਰ ਉੱਪਰ ਅਜਿਹੀ ਲੜਾਕੂ ਕੌਮ ਦੀ ਸ਼ਕਤੀ ਨੂੰ ਘਟਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਮੈਂ ਸਤਲੁਜ ਤੇ ਬਿਆਸ ਦੇ ਵਿਚਕਾਰ ਵਾਲੇ ਉਪਜਾਊ ਇਲਾਕੇ ਆਪਣੇ ਵਾਸਤੇ ਹਾਸਲ ਕਰਨੇ ਚਾਹੁੰਦੇ ਹਾਂ। ਇਸ ਨਾਲ ਲੁਧਿਆਣਾ ਸੁਰੱਖਿਅਤ ਹੋ ਜਾਵੇਗਾ ਤੇ ਅਸੀਂ ਅੰਮ੍ਰਿਤਸਰ ਦੇ ਕਾਫੀ ਨਜ਼ਦੀਕ ਪਹੁੰਚ ਜਾਵਾਂਗੇ ਅਤੇ ਸਾਡੀ ਪਿੱਠ ਪਹਾੜ ਨਾਲ ਲੱਗ ਜਾਵੇਗੀ। ਫੌਜੀ ਤੌਰ 'ਤੇ ਇਹ ਬਹੁਤ ਮਹੱਤਵਪੂਰਨ ਹੋਵੇਗਾ। ਇਸ ਨਾਲ ਸਿੱਖ ਸਾਰੇ ਏਸ਼ੀਆ ਦੀ ਨਜ਼ਰ ਵਿਚ ਕਮਜ਼ੋਰ ਵੀ ਹੋਣਗੇ ਤੇ ਉਨ੍ਹਾਂ ਨੂੰ ਸਜ਼ਾ ਵੀ ਮਿਲ ਜਾਵੇਗੀ। ਮੈਂ ਉਨ੍ਹਾਂ ਕੋਲੋਂ ਲੜਾਈ ਵਾਸਤੇ 15 ਲੱਖ ਰੁਪਏ ਦਾ ਹਰਜਾਨਾ ਮੰਗਾਂਗਾ ਅਤੇ ਜੇ ਮੈਂ ਗੁਲਾਬ ਸਿੰਘ ਤੇ ਪਹਾੜੀ ਕਬਾਇਲੀ ਇਲਾਕੇ, ਸਮੇਤ ਕਸ਼ਮੀਰ ਆਜ਼ਾਦ ਕਰਵਾ ਸਕਾਂ ਤਾਂ ਇਸ ਲੜਾਕੂ ਕਿਸਮ ਦੀ ਸਰਕਾਰ ਨੂੰ ਹੋਰ ਸੱਟ ਮਾਰ ਸਕਦਾ ਹਾਂ। ਇਨ੍ਹਾਂ ਦੀ ਫੌਜ ਭੰਗ ਕਰਕੇ ਦੁਬਾਰਾ ਕਾਇਮ ਕਰਨੀ ਹੋਵੇਗੀ, ਇਕ ਸੀਮਤ ਗਿਣਤੀ ਵਿਚ। ਤੋਪਾਂ ਦੀ ਤਾਦਾਦ ਵੀ ਤੈਅ ਹੋਣੀ ਚਾਹੀਦੀ ਹੈ। ਮਹਾਰਾਜਾ ਆਪ ਹੀ ਸਾਨੂੰ ਲਾਹੌਰ ਤੇ ਗੋਬਿੰਦਗੜ੍ਹ ਦੇ ਕਿਲ੍ਹਿਆਂ ਦੀ ਚਾਬੀ ਦੇਵੇ, ਜਿਥੇ ਇਹ ਸ਼ਰਤਾਂ ਲਿਖੀਆਂ ਜਾਣਗੀਆਂ ਤੇ ਦਸਤਖ਼ਤ ਕੀਤੇ ਜਾਣਗੇ।'
ਲਾਰਡ ਹਾਰਡਿੰਗ ਇਹ ਵੀ ਚਾਹੁੰਦਾ ਸੀ ਕਿ ਦਰਬਾਰ ਦੇ ਹਾਕਮ ਸਿੱਖ ਹੀ ਹੋਣੇ ਚਾਹੀਦੇ ਹਨ, ਤਾਂ ਜੋ ਮੁਸਲਮਾਨਾਂ ਵਿਚ ਸੰਤੁਲਨ ਬਣਿਆ ਰਹੇ, ਜੋ ਇਸ ਇਲਾਕੇ ਦੀ ਬਹੁਗਿਣਤੀ ਵਸੋਂ ਹੈ। ਉਦੋਂ ਅੰਗਰੇਜ਼ ਮੁਸਲਮਾਨਾਂ ਉੱਪਰ ਭਰੋਸਾ ਨਹੀਂ ਕਰਦੇ ਸਨ। ਇਹ ਸਾਰੀਆਂ ਸ਼ਰਤਾਂ ਹਾਰਡਿੰਗ ਨੇ ਏਜੰਟ ਮੇਜਰ ਹੈਨਰੀ ਲਾਰੈਂਸ ਨੂੰ ਲਿਖਵਾ ਦਿੱਤੀਆਂ, ਜਿਹੜੀਆਂ ਦਰਬਾਰ ਉੱਪਰ ਲਾਗੂ ਕਰਨੀਆਂ ਸਨ।
15 ਫਰਵਰੀ, 1846 ਨੂੰ ਗੁਲਾਬ ਸਿੰਘ ਡੋਗਰਾ, ਫਕੀਰ ਨੂਰੁਦੀਨ ਦੀਨਾ ਨਾਥ ਆਪਣੇ ਨਾਲ ਸੁਲਤਾਨ ਮੁਹੰਮਦ ਬਰਾਕਜ਼ਾਈ ਅਤੇ ਹੋਰ ਸਰਦਾਰ ਕਸੂਰ ਵਿਚ ਲਾਰਡ ਗੱਫ ਦਾ ਸੁਆਗਤ ਕਰ ਰਹੇ ਸਨ। ਕਮਾਂਡਰ ਇਨ ਚੀਫ ਨੇ ਉਨ੍ਹਾਂ ਤੋਂ ਇਹ ਕਹਿ ਕੇ ਨਜ਼ਰਾਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਵੀ ਉਨ੍ਹਾਂ ਦੀ ਫੌਜ ਅੰਗਰੇਜ਼ਾਂ ਦੇ ਵਿਰੁੱਧ ਖੜ੍ਹੀ ਸੀ। ਉਸ ਨੇ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਕੀ ਕਿਸਮਤ ਉਸ ਨੇ ਸੋਚੀ ਹੈ? ਉਸ ਨੇ ਕਿਹਾ ਕਿ ਜੈਸੇ ਨੂੰ ਤੈਸੇ ਵਾਲਾ ਇਨਸਾਫ਼ ਮੰਗ ਕਰਦਾ ਹੈ ਕਿ ਬ੍ਰਿਟਿਸ਼ ਸਰਕਾਰ ਤੁਹਾਨੂੰ ਮਿਸਾਲੀ ਸਜ਼ਾ ਦੇਵੇ। ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅੰਗਰੇਜ਼ ਅਖ਼ਤਿਆਰ ਨੂੰ ਕੋਈ ਚੈਲੇਂਜ ਨਾ ਕਰੇ, ਕੋਈ ਇਸ ਦੀ ਬੇਇੱਜ਼ਤੀ ਨਾ ਕਰੇ। ਜਿਹੜਾ ਸਾਡੇ ਇਲਾਕੇ ਉੱਪਰ ਫੌਜੀ ਹਮਲਾ ਕਰੇ, ਅਸੀਂ ਉਸ ਨੂੰ ਸਜ਼ਾ ਬਿਨਾਂ ਨਹੀਂ ਜਾਣ ਦੇ ਸਕਦੇ। ਗੱਫ਼ ਨੂੰ ਹਦਾਇਤ ਸੀ ਕਿ ਉਹ ਧਿਆਨ ਸਿੰਘ ਡੋਗਰਾ ਦੀ ਸਮਝਦਾਰੀ ਦੀ ਤਾਰੀਫ਼ ਕਰੇ ਕਿ ਉਸ ਨੇ ਆਪਣੇ-ਆਪ ਨੂੰ ਸਿੱਖਾਂ ਦੇ ਇਸ ਗ਼ੈਰ-ਵਾਜਬ ਹਮਲੇ ਤੋਂ ਪਾਸੇ ਰੱਖਿਆ ਸੀ।
ਦਰਬਾਰ ਦੇ ਪ੍ਰਤੀਨਿਧ ਸਾਰੀ ਰਾਤ ਬ੍ਰਿਟਿਸ਼ ਸਰਕਾਰ ਦੇ ਚੀਫ ਸੈਕਟਰੀ ਫਰੈਡਰਿਕ ਕੁਰੀ ਤੇ ਮੇਜਰ ਹੈਨਰੀ ਲਾਰੈਂਸ ਨਾਲ ਸਮਝੌਤੇ ਦੀਆਂ ਸ਼ਰਤਾਂ ਉੱਪਰ ਵਿਚਾਰ ਕਰਦੇ ਰਹੇ ਅਤੇ ਅਖੀਰ ਵਿਚ ਜੇਤੂ ਅੰਗਰੇਜ਼ ਹਕੂਮਤ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਗਈਆਂ। ਉਨ੍ਹਾਂ ਨੇ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਸਾਰਾ ਇਲਾਕਾ, ਪਹਾੜੀ ਵੀ ਤੇ ਮੈਦਾਨੀ ਵੀ, ਪੂਰੀ ਤਰ੍ਹਾਂ ਅੰਗਰੇਜ਼ੀ ਪ੍ਰਸ਼ਾਸਨ ਦੇ ਅਧੀਨ ਕਰਨਾ ਮੰਨਿਆ। ਇਸ ਦਾ ਸਾਲਾਨਾ ਲਗਾਨ 4 ਲੱਖ ਰੁਪਏ ਬਣਦਾ ਸੀ। ਲੜਾਈ ਦਾ ਹਰਜਾਨਾ ਡੇਢ ਕਰੋੜ ਅਦਾ ਕਰਨਾ, ਜਿਸ ਬਾਰੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਦਰਬਾਰ ਨਹੀਂ ਦੇ ਸਕਦਾ। ਅੰਗਰੇਜ਼ੀ ਇਲਾਕੇ ਵੱਲ ਬੀੜੀਆਂ ਸਾਰੀਆਂ ਤੋਪਾਂ ਵੀ ਅੰਗਰੇਜ਼ਾਂ ਦੇ ਹਵਾਲੇ ਕਰਨੀਆਂ ਸਨ। ਇਸ ਤੋਂ ਇਲਾਵਾ ਫੌਜ ਦੀ ਗਿਣਤੀ ਉਹੀ ਰੱਖਣੀ ਸੀ, ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ।
ਤਿੰਨ ਦਿਨ ਬਾਅਦ ਗੁਲਾਬ ਸਿੰਘ ਡੋਗਰਾ ਅਤੇ ਭਾਈਆ ਰਾਮ ਸਿੰਘ ਆਪਣੀ ਅਗਵਾਈ ਵਿਚ ਮਹਾਰਾਜਾ ਦਲੀਪ ਸਿੰਘ ਨੂੰ ਲਲਿਆਣੀ ਪਿੰਡ ਵਿਖੇ ਅੰਗਰੇਜ਼ਾਂ ਦੇ ਕੈਂਪ ਵਿਚ ਕਮਾਂਡਰ-ਇਨ-ਚੀਫ ਤੇ ਗਵਰਨਰ ਜਨਰਲ ਅੱਗੇ ਆਪਣੀ ਅਧੀਨਗੀ ਪੇਸ਼ ਕਰਵਾਉਣ ਵਾਸਤੇ ਲੈ ਕੇ ਗਏ। ਡੋਗਰਾ ਨੇ ਸਾਰੇ ਸਮਾਰੋਹ ਦੇ ਮੁੱਖ ਸੰਚਾਲਕ ਵਜੋਂ ਜ਼ਿੰਮੇਵਾਰੀ ਨਿਭਾਈ। ਜਨਰਲ ਸਰ ਹੋਪ ਗਰਾਂਟ ਨੇ ਲਿਖਿਆ ਕਿ ਉਸ ਦੀ ਦੇਸੀ ਜ਼ਬਾਨ ਵਿਚ ਪੇਸ਼ਕਰਨੀ ਬਹੁਤ ਵਧੀਆ ਸੀ। ਗੁਲਾਬ ਸਿੰਘ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ, 'ਜੇ ਮੇਰਾ ਬੱਚਾ ਜਾਂ ਕੋਈ ਬਹੁਤ ਪਿਆਰਾ ਦੋਸਤ ਬਿਮਾਰ ਹੋ ਜਾਵੇ ਤਾਂ ਮੈਂ ਉਸ ਨੂੰ ਕਿਸੇ ਚੰਗੇ ਹਕੀਮ ਦੇ ਕੋਲ ਲੈ ਕੇ ਜਾਵਾਂਗਾ। ਮਰੀਜ਼ ਨੂੰ ਉਸ ਦੇ ਹੱਥਾਂ ਦੇ ਸਪੁਰਦ ਕਰਕੇ ਉਹ ਜੋ ਵੀ ਇਲਾਜ ਦੱਸੇ ਜਾਂ ਦਵਾਈ ਦੇਵੇ, ਮਰੀਜ਼ ਨੂੰ ਅਮਲ ਕਰਨ ਵਾਸਤੇ ਕਹਾਂਗਾ। ਹੁਣ ਮੈਂ ਗਵਰਨਰ ਜਨਰਲ ਨੂੰ ਇਕ ਮਾਹਿਰ ਹਕੀਮ ਮੰਨ ਕੇ ਮਹਾਰਾਜਾ ਨੂੰ ਉਸ ਦੇ ਸਪੁਰਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਉਹ ਜੋ ਵੀ ਫੈਸਲਾ ਕਰਨਗੇ, ਮਹਾਰਾਜਾ ਦੇ ਭਲੇ ਦਾ ਕਰਨਗੇ, ਉਸ ਦੇ ਫਾਇਦੇ ਦਾ ਕਰਨਗੇ।'
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

250 ਵਰ੍ਹੇ ਪੁਰਾਣੀਆਂ ਟੈਕਸ ਡਿਉਢੀਆਂ ਦੀ ਹੋਂਦ ਅਜੇ ਵੀ ਬਰਕਰਾਰ

ਸਿੱਖ ਮਿਸਲਾਂ ਦੇ ਸਮੇਂ ਅੰਮ੍ਰਿਤਸਰ ਨੂੰ ਵੱਖ-ਵੱਖ ਛੋਟੇ ਸ਼ਹਿਰਾਂ ਦੇ ਰੂਪ ਵਿਚ ਵੰਡਣ ਵਾਲੇ ਕਟੜਿਆਂ ਦੀਆਂ ਚੁੰਗੀ ਡਿਉਢੀਆਂ ਅੱਜ ਵੀ ਅੰਦਰੂਨੀ ਸ਼ਹਿਰ ਵਿਚ ਮੌਜੂਦ ਹਨ, ਪਰ ਇਨ੍ਹਾਂ ਦੀ ਹੋਂਦ ਅਤੇ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਬਾਰੇ ਸਬੰਧਤ ਵਿਭਾਗਾਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਾ ਹੋਣ ਕਰਕੇ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਇਹ ਕਰੀਬ 250 ਵਰ੍ਹੇ ਪੁਰਾਣੀਆਂ ਵਿਰਾਸਤੀ ਡਿਉਢੀਆਂ ਖੰਡਰਾਂ ਵਿਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਸਿੱਖ ਮਿਸਲਾਂ ਦੇ ਹੋਂਦ ਵਿਚ ਆਉਣ ਦੇ ਬਾਅਦ ਮਿਸਲਾਂ ਦੇ ਬਹੁਤੇ ਸਰਦਾਰਾਂ ਨੇ ਅੰਮ੍ਰਿਤਸਰ ਵਿਚ ਆਪੋ-ਆਪਣੇ ਨਾਵਾਂ 'ਤੇ ਕਟੜੇ ਵਸਾ ਕੇ ਉਨ੍ਹਾਂ ਵਿਚ ਆਪਣੀ ਰਿਹਾਇਸ਼ ਲਈ ਮਹਿਲਨੁਮਾ ਹਵੇਲੀਆਂ ਅਤੇ ਰਿਹਾਇਸ਼ੀ ਕਿਲ੍ਹੇ ਉਸਾਰ ਲਏ। ਅੰਮ੍ਰਿਤਸਰ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਮਿਸਲ ਕਾਲ ਸਮੇਂ ਅੰਮ੍ਰਿਤਸਰ ਵਿਚ 65 ਦੇ ਕਰੀਬ ਕਟੜੇ ਸਨ ਅਤੇ ਕਰੀਬ ਹਰ ਕਟੜੇ ਵਿਚ ਇਕ-ਦੋ ਵੱਡੇ ਬਾਜ਼ਾਰ ਜਾਂ ਮੰਡੀਆਂ ਸਥਾਪਿਤ ਕੀਤੀਆਂ ਗਈਆਂ। ਇਹ ਕਟੜੇ ਇਕ ਕਿਸਮ ਦੇ ਸ਼ਹਿਰ ਦੇ ਅੰਦਰ ਹੀ 'ਮਿੰਨੀ ਸਿਟੀ' (ਛੋਟੇ ਨਗਰ) ਬਣੇ ਹੋਏ ਸਨ ਅਤੇ ਦੱਸਿਆ ਜਾਂਦਾ ਹੈ ਕਿ ਜੇਕਰ ਇਕ ਕਟੜੇ ਦਾ ਵਿਅਕਤੀ ਅਪਰਾਧ ਕਰਕੇ ਦੂਸਰੇ ਕਟੜੇ ਵਿਚ ਭੱਜ ਜਾਂਦਾ ਤਾਂ ਦੂਸਰੇ ਕਟੜੇ ਦੇ ਹਾਕਮ ਨੂੰ ਉਸ ਨੂੰ ਪਨਾਹ ਜਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਵੀ ਅਧਿਕਾਰ ਪ੍ਰਾਪਤ ਸੀ। ਇਕ ਕਟੜੇ ਦੇ ਵਪਾਰੀ ਵਲੋਂ ਦੂਸਰੇ ਕਟੜੇ ਦੀ ਮੰਡੀ 'ਚੋਂ ਸਾਮਾਨ ਖ਼ਰੀਦਣ 'ਤੇ ਬਕਾਇਦਾ ਉਸ ਕਟੜੇ ਦੇ ਪ੍ਰਮੁੱਖ ਰਸਤੇ 'ਤੇ ਸਥਾਪਿਤ ਕੀਤੀ ਗਈ ਟੈਕਸ ਡਿਉਢੀ ਦੇ ਅਧਿਕਾਰੀ ਨੂੰ ਟੈਕਸ ਵੀ ਦੇਣਾ ਪੈਂਦਾ ਸੀ। ਉਪਰੋਕਤ ਟੈਕਸ ਡਿਉਢੀਆਂ ਵਿਚੋਂ ਕਟੜਾ ਹਰੀ ਸਿੰਘ ਭੰਗੀ ਅਤੇ ਚੂੜਾ ਬਾਜ਼ਾਰ ਵਿਚਲੀਆਂ ਡਿਉਢੀਆਂ ਅੱਜ ਵੀ ਮੌਜੂਦ ਹਨ।
ਜਿਸ ਸਮੇਂ ਇਹ ਕਟੜੇ ਵਸਾਏ ਗਏ, ਉਸ ਵੇਲੇ ਰਹਿਣ ਲਈ ਜਗ੍ਹਾ ਲੈਣ ਵਾਲੇ ਨੂੰ ਕਟੜੇ ਦੇ ਹਾਕਮ ਨੂੰ ਸਾਲ ਬਾਅਦ ਗੁੜ ਦੀ ਰੋੜੀ ਜਾਂ ਅੱਠ ਆਨੇ ਦੇਣੇ ਪੈਂਦੇ ਸਨ। ਇਕ ਸਾਲ ਬਾਅਦ ਕਿਸੇ ਪਾਸੋਂ ਚਾਰ ਆਨੇ (25 ਪੈਸੇ), ਕਿਸੇ ਪਾਸੋਂ ਅੱਠ ਆਨੇ ਤੇ ਕਿਸੇ ਤੋਂ ਇਕ ਰੁਪਿਆ ਜਾਂ ਦੋ ਰੁਪਏ ਹੈਸੀਅਤ ਵੇਖ ਕੇ ਟੈਕਸ ਦੇ ਰੂਪ ਵਿਚ ਲਏ ਜਾਂਦੇ ਸਨ। ਉਪਰੋਕਤ ਕਟੜਿਆਂ ਵਿਚੋਂ ਕਟੜਾ ਆਹਲੂਵਾਲੀਆ, ਕਟੜਾ ਫ਼ਤਹਿ ਸਿੰਘ ਕਾਲਿਆਂਵਾਲਾ, ਕਟੜਾ ਹਰੀ ਸਿੰਘ ਭੰਗੀ, ਗੁਰੂ ਬਾਜ਼ਾਰ, ਲੋਹਾ ਮੰਡੀ (ਆਹਨ ਫਰੋਸ਼ਾ ਮੰਡੀ), ਕਟੜਾ ਨਿਹਾਲ ਸਿੰਘ ਅਟਾਰੀ ਵਾਲਾ, ਕਟੜਾ ਫ਼ਤਹਿ ਸਿੰਘ ਮਾਨ, ਕਟੜਾ ਹਰਸਾ ਸਿੰਘ, ਚੌਕ ਦਰਬਾਰ ਸਾਹਿਬ, ਕਟੜਾ ਸ: ਲਹਿਣਾ ਸਿੰਘ (ਪ੍ਰਸਿੱਧ ਮੋਚੀ ਬਾਜ਼ਾਰ), ਕਟੜਾ ਜੱਲ੍ਹੇਵਾਲੀਆ, ਛਾਉਣੀ ਨਿਹੰਗਾਂ, ਕਟੜਾ ਸ਼ੇਰ ਸਿੰਘ, ਕਟੜਾ ਘਨਈਆ, ਕਟੜਾ ਕਰਮੋ ਡਿਉਢੀ, ਕਟੜਾ ਜੈਮਲ ਸਿੰਘ। ਕਟੜਾ ਖੜਕ ਸਿੰਘ, ਕਟੜਾ ਮੋਤੀ ਰਾਮ, ਕਟੜਾ ਚੜ੍ਹਤ ਸਿੰਘ ਭੰਗੀ, ਕਟੜਾ ਮਿਸਰ ਬੇਲੀ ਰਾਮ, ਮਜੀਠ ਮੰਡੀ, ਕਿਲ੍ਹਾ ਭੰਗੀਆਂ, ਕਟੜਾ ਹਕੀਮਾਂ, ਲੂਣ ਮੰਡੀ, ਕਣਕ ਮੰਡੀ, ਕਟੜਾ ਰਾਮਗੜ੍ਹੀਆਂ, ਕਟੜਾ ਮਾਈ ਸੇਵਾ, ਕਟੜਾ ਭਾਈ ਬਸਤੀ ਰਾਮ, ਚੌਕ ਪਾਸੀਆਂ, ਬਾਜ਼ਾਰ ਕੰਜਰੀਆਂ, ਬਾਜ਼ਾਰ ਬੱਤੀ ਹੱਟਾ, ਬਾਜ਼ਾਰ ਪੱਟਰੰਗਾ, ਚਾਵਲ ਮੰਡੀ, ਚੁਰਸਤੀ ਅਟਾਰੀ, ਦਰਸ਼ਨੀ ਦਰਵਾਜ਼ਾ, ਕਟੜਾ ਗੁਰੂ ਕੇ ਮਹਿਲ, ਕਟੜਾ ਮਹਿਤਾਬ ਸਿੰਘ (ਪਾਪੜਾਂ ਵਾਲਾ ਬਾਜ਼ਾਰ) ਆਦਿ ਪ੍ਰਮੁੱਖ ਕਟੜੇ ਸਨ।
ਇਹ ਵੀ ਜ਼ਿਕਰਯੋਗ ਹੈ ਕਿ ਭੰਗੀ ਮਿਸਲ ਦੇ ਪ੍ਰਮੁੱਖ ਸ: ਹਰੀ ਸਿੰਘ ਭੰਗੀ ਦੇ ਸਮੇਂ ਕਟੜਾ ਹਰੀ ਸਿੰਘ ਦੇ ਨਿਵਾਸੀਆਂ ਦੇ ਜਾਨੋ-ਮਾਲ ਤੇ ਚੋਰੀ-ਡਾਕੇ ਤੋਂ ਉਨ੍ਹਾਂ ਦੀ ਸੁਰੱਖਿਆ ਕਰਨ ਲਈ ਚੌਕੀਦਾਰੀ ਟੈਕਸ ਵੀ ਲਿਆ ਜਾਂਦਾ ਸੀ। ਪਹਿਲਾਂ ਸਾਰੇ ਕਟੜਿਆਂ ਦੇ ਹਾਕਮ ਆਪੋ-ਆਪਣੇ ਕਟੜੇ ਤੋਂ ਹਾਊਸ ਟੈਕਸ ਲੈ ਕੇ ਆਪਣੇ ਪਾਸ ਰੱਖ ਲੈਂਦੇ ਸਨ, ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੇ ਅਧਿਕਾਰ ਵਿਚ ਲਿਆ ਤਾਂ ਉਨ੍ਹਾਂ ਨੇ ਆਦੇਸ਼ ਜਾਰੀ ਕਰਦਿਆਂ ਟੈਕਸ ਦੀ ਰਕਮ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ। ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਅਤੇ ਕਟੜਾ ਨਿਹਾਲ ਸਿੰਘ ਅਟਾਰੀ ਵਾਲਾ ਦੇ ਸਰਦਾਰ ਤਹਿ ਜ਼ਮੀਨੀ ਦੇ ਨਾਂਅ 'ਤੇ ਭੋਂ ਟੈਕਸ ਲੈਂਦੇ ਸਨ। ਅੰਗਰੇਜ਼ੀ ਰਾਜ ਦੇ ਦੌਰਾਨ ਵੀ ਕਟੜਿਆਂ ਵਿਚੋਂ ਟੈਕਸ ਇਕੱਠਾ ਕਰਕੇ ਖ਼ਜ਼ਾਨੇ ਵਿਚ ਜਮ੍ਹਾਂ ਹੁੰਦਾ ਸੀ। ਬ੍ਰਿਟਿਸ਼ ਸਰਕਾਰ ਨੇ ਹਾਊਸ ਟੈਕਸ ਇਕੱਠਾ ਕਰਨ ਲਈ 3 ਨੰਬਰਦਾਰ ਨਿਯੁਕਤ ਕੀਤੇ ਹੋਏ ਸਨ, ਜਿਨ੍ਹਾਂ ਨੂੰ ਟੈਕਸ ਵਸੂਲੀ ਦੇ ਬਦਲੇ ਹਰ 6 ਮਹੀਨੇ ਬਾਅਦ 370 ਰੁਪਏ, ਇਕ ਆਨਾ ਅਤੇ ਦੋ ਪੈਸੇ ਮਿਲਦੇ ਸਨ। ਕਟੜਾ ਆਹਲੂਵਾਲੀਆ, ਕਟੜਾ ਭੰਗੀਆਂ, ਕਟੜਾ ਨਿਹਾਲ ਸਿੰਘ ਅਟਾਰੀ ਵਾਲਾ, ਕਟੜਾ ਹਕੀਮਾਂ ਅਤੇ ਗੁਰੂ ਬਾਜ਼ਾਰ ਆਦਿ ਇਲਾਕੇ ਸੰਘਣੀ ਆਬਾਦੀ ਵਾਲੇ ਅਤੇ ਵਪਾਰਕ ਹੋਣ ਕਰਕੇ ਇਨ੍ਹਾਂ ਇਲਾਕਿਆਂ ਵਿਚੋਂ ਕਟੜਿਆਂ ਦੇ ਮਾਲਕ ਅਤੇ ਬ੍ਰਿਟਿਸ਼ ਪ੍ਰਸ਼ਾਸਨ ਦੇ ਨੰਬਰਦਾਰ ਦੋਵੇਂ ਹੀ ਹਾਊਸ ਟੈਕਸ ਲੈਂਦੇ ਸਨ। ਇਹ ਪ੍ਰਥਾ ਬ੍ਰਿਟਿਸ਼ ਸ਼ਾਸਨ ਤੱਕ ਚਲਦੀ ਰਹੀ।


-ਅੰਮ੍ਰਿਤਸਰ। ਮੋਬਾ: 93561-27771

ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ

ਗਵਾਲੀਅਰ ਦਾ ਕਿਲ੍ਹਾ ਭਾਰਤ ਦੇ ਪ੍ਰਮੁੱਖ ਕਿਲ੍ਹਿਆਂ ਵਿਚ ਸ਼ੁਮਾਰ ਹੈ। ਮੈਦਾਨੀ ਧਰਤੀ ਤੋਂ 342 ਫੁੱਟ ਉਚਾਈ 'ਤੇ ਬਣਿਆ ਇਹ ਕਿਲ੍ਹਾ ਆਪਣੀ ਸੁੰਦਰਤਾ, ਨਿਰਮਾਣ ਸ਼ੈਲੀ ਆਦਿ ਵਰਗੇ ਪੱਖ ਤੋਂ ਮਹੱਤਵ ਰੱਖਣ ਦੇ ਨਾਲ-ਨਾਲ ਇਤਿਹਾਸਕ ਪੱਖ ਤੋਂ ਵੀ ਮਹੱਤਵਪੂਰਨ ਹੈ। ਇਤਿਹਾਸ ਨਾਲ ਸਬੰਧਿਤ ਵੱਖ-ਵੱਖ ਸਮਿਆਂ ਦੀਆਂ ਅਨੇਕਾਂ ਇਤਿਹਾਸਕ ਘਟਨਾਵਾਂ ਇਸ ਕਿਲ੍ਹੇ ਨਾਲ ਜੁੜੀਆਂ ਹੋਈਆਂ ਹਨ। ਸਿੱਖ ਇਤਿਹਾਸ ਦਾ ਵੀ ਇਸ ਕਿਲ੍ਹੇ ਨਾਲ ਸਬੰਧ ਹੈ। ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਇੱਥੇ ਹੀ ਦੋ ਸਾਲ ਦੇ ਲਗਪਗ ਕੈਦੀ ਬਣਾ ਕੇ ਰੱਖਿਆ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਇਸ ਕਿਲ੍ਹੇ ਨਾਲ ਇਸ ਸਬੰਧ ਕਾਰਨ ਇਸ ਕਿਲ੍ਹੇ ਵਿਚ 'ਗੁਰਦੁਆਰਾ ਦਾਤਾ ਬੰਦੀ ਛੋੜ' ਦਾ ਨਿਰਮਾਣ ਕੀਤਾ ਗਿਆ ਹੈ।
ਗੁਰੂ ਅਰਜਨ ਦੇਵ ਜੀ ਨੇ 1606 ਈ: ਵਿਚ ਲਾਹੌਰ ਵੱਲ ਨੂੰ ਕੁਰਬਾਨੀ ਦੇਣ ਲਈ ਜਾਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਬਾਲਕ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਨੂੰ ਸੌਂਪ ਦਿੱਤੀ ਅਤੇ ਬਦਲੇ ਹਾਲਾਤ ਦੇ ਅਨੁਸਾਰ ਸਿੱਖ ਧਰਮ ਦੀ ਅਗਵਾਈ ਕਰਨ ਲਈ ਕਿਹਾ। ਉਸ ਸਮੇਂ ਹਰਿਗੋਬਿੰਦ ਸਾਹਿਬ ਦੀ ਉਮਰ 11 ਸਾਲ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਪਹਿਲਾਂ ਚੱਲੀ ਆ ਰਹੀ ਗੁਰਗੱਦੀ 'ਤੇ ਬੈਠਣ ਸਮੇਂ ਦੀ ਪ੍ਰੰਪਰਾ ਤਿਆਗਦਿਆਂ ਸੀਸ 'ਤੇ ਰਾਜਿਆਂ ਵਾਂਗ ਕਲਗੀ ਸਜਾਈ, ਮੀਰੀ ਪੀਰੀ ਨਾਂਅ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਉਨ੍ਹਾਂ ਨੇ ਮਸੰਦਾਂ ਨੂੰ ਸਿੱਖਾਂ ਨੂੰ ਚੰਗੇ ਸ਼ਸਤਰ ਭੇਟ ਕਰਨ ਦਾ ਸੁਨੇਹਾ ਦੇਣ ਲਈ ਕਿਹਾ ਤੇ ਸਿੱਖਾਂ ਨੂੰ ਆਪ ਵੀ ਘੋੜਸਵਾਰੀ ਕਰਨ ਤੇ ਸ਼ਸਤਰ ਚਲਾਉਣੇ ਸਿੱਖਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਸੁਰੱਖਿਆ ਲਈ ਅੰਮ੍ਰਿਤਸਰ ਵਿਚ ਲੋਹਗੜ੍ਹ ਨਾਂਅ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ। ਉਨ੍ਹਾਂ ਨੇ ਸੰਨ 1609 ਈ: ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਤਖ਼ਤ ਦਾ ਨਿਰਮਾਣ ਕਰਵਾਇਆ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਰਾਜਿਆਂ ਵਾਂਗ ਕਚਹਿਰੀ ਲਗਾਉਂਦੇ ਸਨ। ਢਾਡੀ ਵੀਰ ਰਸ ਭਰਪੂਰ ਵਾਰਾਂ ਗਾਉਂਦੇ ਅਤੇ ਸਿੱਖਾਂ ਵਿਚ ਜੋਸ਼ ਭਰਦੇ ਸਨ। ਇੱਥੇ ਯੋਧੇ ਤਿਆਰ ਕਰਨ ਲਈ ਸਿਖਲਾਈ ਵੀ ਦਿੱਤੀ ਜਾਂਦੀ ਸੀ। ਗੁਰੂ ਸਾਹਿਬ ਨੇ ਸੂਰਬੀਰਾਂ ਦੀ ਫੌਜ ਵੀ ਤਿਆਰ ਕੀਤੀ।
ਗੁਰੂ ਸਾਹਿਬ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਚੰਦੂ ਵਰਗੇ ਗੁਰੂ ਜੀ ਦੇ ਵਿਰੋਧੀਆਂ ਨੇ ਮੁਗ਼ਲ ਬਾਦਸ਼ਾਹ ਜਹਾਂਗੀਰ ਕੋਲ ਵਧਾ-ਚੜ੍ਹਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜਹਾਂਗੀਰ ਕੋਲ ਗੁਰੂ ਸਾਹਿਬ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਉਨ੍ਹਾਂ ਦੀ ਮੁਗ਼ਲਾਂ ਤੋਂ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਦੀਆਂ ਤਿਆਰੀਆਂ ਦੇ ਰੂਪ ਵਿਚ ਪ੍ਰਚਾਰਿਆ। ਜਹਾਂਗੀਰ ਨੂੰ ਪਹਿਲਾਂ ਹੀ ਗੁਰੂ ਸਾਹਿਬ ਦੀ ਇਸ ਨਵੀਂ ਨੀਤੀ ਕਾਰਨ ਗੁਰੂ ਸਾਹਿਬ ਦੇ ਮੁਗ਼ਲਾਂ ਵਿਰੁੱਧ ਬਗਾਵਤ ਕੀਤੇ ਜਾਣ ਦਾ ਖਦਸ਼ਾ ਸੀ, ਜਿਸ ਨੂੰ ਗੁਰੂ ਸਾਹਿਬ ਦੇ ਵਿਰੋਧੀਆਂ ਨੂੰ ਹੋਰ ਪਕੇਰਾ ਕਰ ਦਿੱਤਾ। ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਬਿਮਾਰ ਰਹਿਣ ਲੱਗ ਗਿਆ ਸੀ। ਇਸ ਕਰਕੇ ਉਸ ਨੇ ਕਾਜ਼ੀ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਤਰੀਕਾ ਦੱਸਣ ਲਈ ਬੁਲਾਇਆ। ਇਸ ਕਾਜ਼ੀ ਨੂੰ ਚੰਦੂ ਸ਼ਾਹ ਨੇ ਰਿਸ਼ਵਤ ਦਿੱਤੀ ਹੋਈ ਸੀ। ਚੰਦੂ ਸ਼ਾਹ ਦੇ ਕਹਿਣ 'ਤੇ ਕਾਜ਼ੀ ਨੇ ਜਹਾਂਗੀਰ ਨੂੰ ਸਲਾਹ ਦਿੱਤੀ ਕਿ ਜੇਕਰ ਕੋਈ ਮਹਾਨ ਵਿਅਕਤੀ ਗਵਾਲੀਅਰ ਦੇ ਕਿਲ੍ਹੇ ਵਿਚ ਰਹਿ ਕੇ ਜਹਾਂਗੀਰ ਲਈ ਜਾਪ ਕਰੇ ਤਾਂ ਉਹ ਠੀਕ ਹੋ ਸਕਦੇ ਹਨ। ਇਸ ਦੇ ਲਈ ਉਸ ਨੇ ਗੁਰੂ ਹਰਿਗੋਬਿੰਦ ਸਾਹਿਬ ਦਾ ਨਾਂਅ ਲੈ ਦਿੱਤਾ। ਪਰ ਮੁੱਖ ਰੂਪ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੀ ਨਵੀਂ ਨੀਤੀ ਕਾਰਨ ਬਗਾਵਤ ਦੇ ਖਦਸ਼ੇ ਨੂੰ ਵੇਖਦਿਆਂ ਜਹਾਂਗੀਰ ਨੇ ਵਜ਼ੀਰ ਖਾਂ ਤੇ ਗੁੰਚਾ ਬੇਗ ਨੂੰ ਗੁਰੂ ਸਾਹਿਬ ਨੂੰ ਦਿੱਲੀ ਲੈ ਕੇ ਆਉਣ ਲਈ ਅੰਮ੍ਰਿਤਸਰ ਗੁਰੂ ਸਾਹਿਬ ਕੋਲ ਭੇਜਿਆ। ਵਜ਼ੀਰ ਖਾਂ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ, ਉਸ ਨੇ ਗੁਰੂ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਜਹਾਂਗੀਰ ਨੇ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਲਈ ਨਹੀਂ, ਸਗੋਂ ਮਿਲਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਬੁਲਾਇਆ ਹੈ। ਇਸ 'ਤੇ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਦੂਸਰੇ ਸਿੱਖਾਂ ਦੀ ਸਲਾਹ ਨਾਲ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਦਿੱਲੀ ਵਿਚ ਕੁਝ ਸਮਾਂ ਠਹਿਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਗਰੇ ਵੱਲ ਚਾਲੇ ਪਾ ਦਿੱਤੇ। ਆਗਰੇ ਵਿਖੇ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦੀ ਬਣਾ ਕੇ ਭੇਜ ਦਿੱਤਾ। ਗੁਰੂ ਸਾਹਿਬ ਨਾਲ ਕੁਝ ਸਿੱਖ ਵੀ ਕੈਦ ਕੀਤੇ ਗਏ।
1558 ਈ: ਵਿਚ ਮੁਗ਼ਲਾਂ ਦੇ ਕਬਜ਼ੇ ਵਿਚ ਆਉਣ ਤੋਂ ਬਾਅਦ ਗਵਾਲੀਅਰ ਦੇ ਕਿਲ੍ਹੇ ਨੂੰ ਰਾਜਨੀਤਕ ਕੈਦਖਾਨੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਇਸ ਕਿਲ੍ਹੇ ਵਿਚ ਹਾਰੇ ਹੋਏ ਰਾਜਿਆਂ ਅਤੇ ਦੂਸਰੇ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਣ ਲੱਗਾ। ਉਨ੍ਹਾਂ ਨੂੰ ਇੱਥੇ ਕਠੋਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਨਾਲ ਪਸ਼ੂਆਂ ਵਾਲਾ ਵਿਵਹਾਰ ਕੀਤਾ ਜਾਂਦਾ ਸੀ। ਥਮਲਿਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਤੇ ਉਨ੍ਹਾਂ ਦੇ ਖਾਣੇ ਦੀ ਕੋਈ ਉਚਿਤ ਵਿਵਸਥਾ ਨਹੀਂ ਸੀ ਹੁੰਦੀ। ਪਰ ਗਵਾਲੀਅਰ ਦੇ ਕਿਲ੍ਹੇ ਦਾ ਦਰੋਗਾ ਹਰੀ ਦਾਸ ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ। ਉਸ ਨੇ ਗੁਰੂ ਸਾਹਿਬ ਦੀ ਕਿਲ੍ਹੇ ਵਿਚ ਖੂਬ ਸੇਵਾ ਕੀਤੀ। ਕਿਹਾ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੋਧੀਆਂ ਨੇ ਇੱਥੇ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਯਤਨ ਕੀਤੇ। ਪਰ ਦਰੋਗੇ ਹਰੀ ਦਾਸ ਦੇ ਕਾਰਨ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ। ਜਹਾਂਗੀਰ ਨੇ ਗੁਰੂ ਸਾਹਿਬ ਅਤੇ ਦੂਸਰੇ ਸਿੱਖ ਕੈਦੀਆਂ ਦੇ ਰੋਜ਼ਾਨਾ ਦੇ ਲੰਗਰ ਲਈ ਪੰਜ ਰੁਪਏ ਖਰਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਲੰਗਰ ਲਈ ਖਰਚੇ ਦੇ ਇਨ੍ਹਾਂ ਪੰਜ ਰੁਪਈਆਂ ਨਾਲ ਕਿਲ੍ਹੇ ਦੇ ਸਾਰੇ ਕੈਦੀਆਂ ਨੂੰ ਚੰਗਾ ਭੋਜਨ ਮਿਲਣ ਲੱਗਿਆ।
ਕਿਹਾ ਜਾਂਦਾ ਹੈ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬਾਰਾਂ ਸਾਲ ਦੀ ਕੈਦ ਦੇ ਹੁਕਮ ਦਿੱਤੇ ਸਨ। ਪਰ ਲਗਪਗ ਦੋ ਸਾਲ ਬਾਅਦ ਹੀ ਰਿਹਾਅ ਕਰ ਦਿੱਤਾ। ਪਰ ਗੁਰੂ ਸਾਹਿਬ ਨੇ ਇਕੱਲੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਵਿਚੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਜਹਾਂਗੀਰ ਨੂੰ ਕਿਲ੍ਹੇ ਦੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ। ਇਸ 'ਤੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਟਾਲਣ ਲਈ ਕਿਹਾ ਕਿ ਉਹੀ ਕੈਦੀ ਰਾਜੇ ਬਾਹਰ ਜਾ ਸਕਦੇ ਹਨ, ਜਿਹੜੇ ਉਨ੍ਹਾਂ ਦਾ ਲੜ ਫੜ ਕੇ ਕਿਲ੍ਹੇ ਤੋਂ ਬਾਹਰ ਜਾਣਗੇ। ਅਜਿਹਾ ਕਰਨ ਦਾ ਕਾਰਨ ਇਹ ਸੀ ਕਿ ਉਸ ਨੂੰ ਵਿਸ਼ਵਾਸ ਸੀ ਕਿ ਇਹ ਰਾਜਪੂਤ ਰਾਜੇ ਕਦੇ ਅਜਿਹਾ ਨਹੀਂ ਕਰਨਗੇ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਗੁਰਮਤਿ ਸੰਗੀਤ ਵਿਚ ਤਬਲੇ ਦਾ ਸਥਾਨ

ਸੰਗੀਤ ਗਾਇਨ, ਵਾਦਨ ਅਤੇ ਨ੍ਰਿਤ ਤਿੰਨਾਂ ਕਲਾਵਾਂ ਦਾ ਸੁਮੇਲ ਹੈ। ਤਾਲ, ਸੰਗੀਤ ਵਿਚ ਇਕ ਮਹੱਤਵਪੂਰਨ ਭੂਮਿਕਾ ਰੱਖਦਾ ਹੈ, ਜਿਸ ਦੀ ਗਵਾਹੀ ਸੰਗੀਤ ਰਤਨਾਕਰ ਗ੍ਰੰਥ ਵਿਚ ਇਸ ਤਰ੍ਹਾਂ ਮਿਲਦੀ ਹੈ:
ਗਤਿਮ ਵਦਿਅਮ ਤਥਾ ਨ੍ਰਿਤਯਮ ਯਤਸਤਾਲੇ ਪ੍ਰਤਿਸਠਿਤਮ
ਜਿਵੇਂ ਇਕ ਹਨੇਰੇ ਘਰ ਵਿਚ ਰੌਸ਼ਨੀ ਕੀਤੇ ਬਗੈਰ ਉਸ ਦੀ ਸੁੰਦਰਤਾ ਦਾ ਸਹਿਜ ਨਹੀਂ ਲਗਾਇਆ ਜਾ ਸਕਦਾ ਅਤੇ ਰੌਸ਼ਨੀ ਲਈ ਚਿਰਾਗ ਦੀ ਜ਼ਰੂਰਤ ਪੈਂਦੀ ਹੈ, ਬਿਲਕੁਲ ਇਸੇ ਤਰ੍ਹਾਂ ਸੰਗੀਤ ਵਿਚ ਤਾਲ ਇਕ ਚਿਰਾਗ ਦੀ ਤਰ੍ਹਾਂ ਕੰੰਮ ਕਰਦਾ ਹੈ। ਇਸੇ ਤਰ੍ਹਾਂ ਤਬਲਾ ਸਾਜ ਇਕ ਤਾਲ ਸਾਜ ਹੈ ਅਤੇ ਇਸ ਦੇ ਸਾਥ ਤੋਂ ਬਿਨਾਂ ਸੰਗੀਤ ਅਧੂਰਾ ਲਗਦਾ ਹੈ।
ਭਾਰਤੀ ਸੰਗੀਤ ਦੀ ਤਰ੍ਹਾਂ ਗੁਰਮਤਿ ਸੰਗੀਤ ਵਿਚ ਵੀ ਤਬਲੇ ਨੂੰ ਅਹਿਮ ਸਥਾਨ ਪ੍ਰਾਪਤ ਹੋਇਆ ਹੈ। ਗੁਰਮਤਿ ਸੰਗੀਤ ਵਿਚ ਇਸ ਨੂੰ (ਜੋੜੀ) ਵੀ ਕਿਹਾ ਜਾਂਦਾ ਹੈ। ਇਸ ਦੀ ਸਿਖਲਾਈ ਲਈ ਗੁਰਮਤਿ ਦੇ ਖੇਤਰ ਵਿਚ ਕਈ ਅਕੈਡਮੀਆਂ, ਟਕਸਾਲਾਂ ਅਤੇ ਵਿਸ਼ੇਸ਼ ਕਾਲਜ ਵੀ ਸਥਾਪਿਤ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕਾਸ਼ੀ, ਬਠਿੰਡਾ, ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਇਲਾਵਾ ਬੁੱਢਾ ਜੌਹੜ ਰਾਜਸਥਾਨ ਵਿਖੇ ਤਬਲਾ ਸਿਖਲਾਈ ਲਈ ਵਿਸ਼ੇਸ਼ ਵਿਦਿਆਲੇ ਚੱਲ ਰਹੇ ਹਨ। ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵਲੋਂ 20 ਅਪ੍ਰੈਲ, 1995 ਤੋਂ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਵਿਖੇ ਬਕਾਇਦਾ ਕੀਰਤਨ ਸਿਖਲਾਈ, ਤਿੰਨ ਸਾਲਾ ਪ੍ਰਚਾਰਕ ਡਿਪਲੋਮਾ ਅਤੇ ਤਬਲੇ ਦੇ ਵਿਸ਼ੇ 'ਤੇ ਵੀ 3 ਸਾਲਾ ਰੈਗੂਲਰ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਹੋਇਆ ਹੈ, ਜੋ ਨਿਰੰਤਰ ਜਾਰੀ ਹੈ ਅਤੇ ਇੱਥੋਂ ਦੇ ਕਈ ਸਿੱਖਿਆ ਪ੍ਰਾਪਤੀ ਤਬਲਾਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਦੇਸ਼-ਵਿਦੇਸ਼ ਵਿਚ ਕਰ ਰਹੇ ਹਨ। ਕਿਤਾਬ ਦੇ ਲੇਖਕ ਨੇ ਵੀ ਅਗਸਤ, 2001 ਤੋਂ ਜੁਲਾਈ, 2004 ਤੱਕ ਇਸੇ ਕਾਲਜ ਤੋਂ ਪ੍ਰੋ: ਬਲਜੀਤ ਸਿੰਘ ਪਾਸੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਇਸ ਤੋਂ ਇਲਾਵਾ ਭੋਰ ਸੈਦਾਂ, ਕੁਰੂਕਸ਼ੇਤਰ ਵਿਚ ਵੀ ਸਿੱਖ ਮਿਸ਼ਨਰੀ ਕਾਲਜ ਆਪਣੀ ਵਿਸ਼ੇਸ਼ ਭੁਮਿਕਾ ਸੰਗੀਤ ਸਿੱਖਿਆ ਦੇ ਪ੍ਰਚਾਰ ਰਾਹੀਂ ਨਿਭਾਅ ਰਿਹਾ ਹੈ। ਦਮਦਮੀ ਟਕਸਾਲ ਵਲੋਂ ਵੀ ਕਈ ਗੁਰਮਤਿ ਵਿਦਿਆਲਿਆਂ ਰਾਹੀਂ ਸੰਗੀਤ (ਹਰਮੋਨੀਅਮ) ਨਾਲ ਤਬਲੇ ਦੀ ਸਿੱਖਿਆ ਮੰਨੇ-ਪ੍ਰਮੰਨੇ ਉਸਤਾਦਾਂ ਦੀ ਮੱਦਦ ਨਾਲ ਤਬਲਾ ਸਿਖਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।
ਗੁਰਮਤਿ ਸੰਗੀਤ ਵਿਚ ਤਬਲਾ ਗਾਇਨ ਦੇ ਅੰਤਰਗਤ ਰਹਿ ਕੇ ਵਜਾਇਆ ਜਾਂਦਾ ਹੈ ਅਤੇ ਕੀਰਤਨ ਵਿਚ ਤਬਲੇ ਦੀ ਸੰਗਤ ਨੂੰ ਇਕ ਤਾਲ ਸਾਜ਼ ਵਜੋਂ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ। ਗੁਰਮਤਿ ਸੰਗੀਤ ਵਿਚ ਪੜਤਾਲ ਸ਼ੈਲੀ ਦੌਰਾਨ ਤਬਲੇ ਦਾ ਵਾਦਨ ਬਹੁਤ ਹੀ ਬਾਖੂਬੀ ਅਤੇ ਵਿਧੀਪੂਰਵਕ ਕੀਤਾ ਜਾਂਦਾ ਹੈ।
ਕੀਰਤਨ ਆਰੰਭ ਕਰਨ ਵੇਲੇ ਮੰਗਲਚਰਣ ਪੇਸ਼ ਕਰਦੇ ਹੋਏ ਵਿਲੰਬਿਤ ਲੈਅ ਵਿਚ ਭਰਵੇਂ ਬੋਲਾਂ ਨਾਲ ਅਤੇ ਕਈ ਵਾਰ ਖੁੱਲ੍ਹੇ ਪਰ ਗੰਭੀਰ ਬੋਲਾਂ ਦੀ ਵਰਤੋਂ ਨਾਲ ਇਕ ਵਿਸ਼ੇਸ਼ ਮਾਹੌਲ ਸਿਰਜਿਆ ਜਾਂਦਾ ਹੈ। ਕੀਰਤਨ ਦੌਰਾਨ ਪੁਰਾਤਨ ਸਮੇਂ ਵਿਚ ਤਾਂ 4-5 ਜਾਂ ਇਸ ਤੋਂ ਵੱਧ ਕੀਰਤਨੀਆਂ ਦੀ ਇਕ ਮੰਡਲੀ ਸਾਂਝੇ ਰੂਪ ਵਿਚ ਬੈਠ ਕੇ ਕੀਰਤਨ ਕਰਨ ਦਾ ਜ਼ਿਕਰ ਵੀ ਮਿਲਦਾ ਹੈ, ਪਰ ਸਮੇਂ ਨਾਲ ਇਸ ਵਿਚ ਬਦਲਾਅ ਆਇਆ ਅਤੇ ਮੌਜੂਦਾ ਦੌਰ ਵਿਚ ਕੇਵਲ ਤਿੰਨ ਵਿਅਕਤੀਆਂ ਵਲੋਂ ਹੀ ਕੀਰਤਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਇਕ ਤਬਲਾਵਾਦਕ ਹੁੰਦਾ ਹੈ, ਜੋ ਤਾਲ ਅਤੇ ਲੈਅ ਦਿੰਦਾ ਹੈ। ਗੁਰਮਤਿ ਸੰਗੀਤ ਵਿਚ ਤਬਲਾਵਾਦਕ ਗਾਇਨ ਵੀ ਕਰ ਸਕਦਾ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਜਾਂ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਚ ਅੰਮ੍ਰਿਤ ਵੇਲੇ ਕੀਰਤਨ ਦੌਰਾਨ ਜਦ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ ਤਾਂ ਉਸ ਵਿਚ ਪਉੜੀਆਂ ਦਾ ਗਾਇਨ ਤਬਲਾਵਾਦਕ ਹੀ ਕਰਦਾ ਹੈ। ਇਸ ਨੂੰ ਪਾਉੜੀ ਸਾਧਨਾ ਵੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਉਹ ਪਉੜੀ ਤਾਲ ਦਾ ਪ੍ਰਦਰਸ਼ਨ ਵੀ ਕਰਦਾ ਹੈ, ਪਰ ਉਸ ਵੇਲੇ ਪਾਉੜੀ ਦਾ ਗਾਇਨ ਮੁੱਖ ਰਾਗੀ ਕਰਦਾ ਹੈ।
ਗੁਰਮਤਿ ਸੰਗੀਤ ਵਿਚ ਤਬਲਾਵਾਦਕ ਲਈ ਇਕ ਨਿਯਮਾਂਵਲੀ ਇਹ ਰੱਖੀ ਗਈ ਹੈ ਕਿ ਸ਼ਬਦ ਗਾਇਨ ਦੌਰਾਨ ਤਬਲਾਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਨਾ ਕਰੇ, ਕਿਉਂਕਿ ਇਲਾਹੀ ਬਾਣੀ ਜਿਸ ਦਾ ਕੀਰਤਨ ਕੀਤਾ ਜਾ ਰਿਹਾ ਹੈ, ਉਸ ਵਿਚੋਂ ਕੀਰਤਨ ਸਰਵਣ ਕਰ ਰਹੀ ਸੰਗਤ ਦਾ ਧਿਆਨ ਨਾ ਉਖੜੇ। ਇਸ ਦਾ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਹੈ ਕਿ ਗੁਰਮਤਿ ਸੰਗੀਤ ਵਿਚ ਤਬਲਾ ਪ੍ਰਦਰਸ਼ਨ ਦੀ ਕੋਈ ਮਨਾਹੀ ਹੈ। ਬਸ ਖਿਆਲ ਇਸ ਗੱਲ ਦਾ ਰੱਖਣਾ ਹੈ ਕਿ ਸ਼ਬਦ ਗਾਇਨ ਤੋਂ ਬਾਹਰ ਨਾ ਜਾਵੇ। ਇਸ ਲਈ ਤਬਲਾਵਾਦਨ ਗੁਰਮਤਿ ਸੰਗੀਤ ਵਿਚ ਸ਼ਬਦ ਕੀਰਤਨ ਦੇ ਅਧੀਨ ਰਹਿ ਕੇ ਹੀ ਕੀਤਾ ਜਾਂਦਾ ਹੈ।
ਅੱਜਕਲ੍ਹ ਗੁਰਮਤਿ ਸੰਗੀਤ ਵਿਚ ਪੁਰਾਤਨ ਸਾਜ਼ਾਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੌਰਾਨ ਤੰਤੀ ਸਾਜ਼ਾਂ ਦੀ ਵਰਤੋਂ ਜ਼ਰੂਰੀ ਕਰਨ ਦਾ ਫੈਸਲਾ ਲਿਆ ਗਿਆ ਹੈ, ਜੋ ਕਿ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਪੁਰਾਤਨ ਕੀਰਤਨ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਸੰਗੀਤ ਖੇਤਰ ਵਿਚ ਬੜਾ ਅਹਿਮ ਸਥਾਨ ਰੱਖਦਾ ਹੈ। ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਚਾਰ ਵਿਅਕਤੀਆਂ ਵਲੋਂ ਸੰਗੀਤ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਦੋ ਹਰਮੋਨੀਅਮ, ਇਕ ਤਬਲਾ ਅਤੇ ਇਕ ਤੰਤੀ ਸਾਜ਼ ਦਾ ਵਾਦਨ ਕਰਨ ਵਾਲਾ ਹੁੰਦਾ ਹੈ।
ਤਬਲਾ ਗੁਰਮਤਿ ਸੰਗੀਤ ਦੀ ਹਰੇਕ ਗਾਇਨ ਸ਼ੈਲੀ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿਚ ਇਸ ਤੋਂ ਬਿਨਾਂ ਗੁਰਮਤਿ ਸੰਗੀਤ ਨੂੰ ਸਹੀ ਰੂਪ ਵਿਚ ਪੇਸ਼ ਕਰਨਾ ਬਹੁਤ ਔਖਾ ਹੈ। ਸ: ਜਗਜੀਤ ਸਿੰਘ ਕੋਹਾੜਕਾ ਆਪਣੀ ਪੁਸਤਕ ਸੰਗੀਤ ਕਲਾ ਵਿਚ ਲਿਖਦੇ ਹਨ ਕਿ 'ਗੁਰੂ ਗ੍ਰੰਥ ਸਾਹਿਬ ਵਿਚ ਆਏ ਘਰ ਸ਼ਬਦ ਦਾ ਅਰਥ ਤਾਲ ਤੋਂ ਹੀ ਲਿਆ ਜਾਂਦਾ ਹੈ।'


-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾ: 98150-24920

ਸ਼ਬਦ ਵਿਚਾਰ

ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ॥

ਸਿਰੀਰਾਗੁ ਮਹਲਾ ੧
ਰਾਮ ਨਾਮਿ ਮਨੁ ਬੇਧਿਆ
ਅਵਰੁ ਕਿ ਕਰੀ ਵੀਚਾਰੁ॥
ਸਬਦ ਸੁਰਤਿ ਸੁਖੁ ਊਪਜੈ
ਪ੍ਰਭ ਰਾਤਉ ਸੁਖ ਸਾਰੁ॥
ਜਿਉ ਭਾਵੈ ਤਿਉ ਰਾਖੁ ਤੂੰ
ਮੈ ਹਰਿ ਨਾਮੁ ਅਧਾਰੁ॥ ੧॥
ਮਨ ਰੇ ਸਾਚੀ ਖਸਮ ਰਜਾਇ॥
ਜਿਨਿ ਤਨੁ ਮਨੁ ਸਾਜਿ ਸੀਗਾਰਿਆ
ਤਿਸੁ ਸੇਤੀ ਲਿਵ ਲਾਇ॥ ਰਹਾਉ॥
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ॥
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ॥
ਹਰਿ ਨਾਮੈ ਤੁਲਿ ਨ ਪੁਜਈ
ਜੇ ਲਖ ਕੋਟੀ ਕਰਮ ਕਮਾਇ॥ ੨॥
ਅਰਧ ਸਰੀਰੁ ਕਟਾਈਐ
ਸਿਰਿ ਕਰਵਤੁ ਧਰਾਇ॥
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ॥
ਹਰਿ ਨਾਮੈ ਤੁਲਿ ਨ ਪੁਜਈ
ਸਭ ਡਿਠੀ ਠੋਕਿ ਵਜਾਇ॥ ੩॥
ਕੰਚਨ ਕੇ ਕੋਟ ਦਤੁ ਕਰੀ
ਬਹੁ ਹੈਵਰ ਗੈਵਰ ਦਾਨੁ॥
ਭੂਮਿ ਦਾਨੁ ਗਊਆ ਘਣੀ
ਭੀ ਅੰਤਰਿ ਗਰਬੁ ਗੁਮਾਨੁ॥
ਰਾਮ ਨਾਮਿ ਮਨੁ ਬੇਧਿਆ
ਗੁਰ ਦੀਆ ਸਚੁ ਦਾਨੁ॥ ੪॥
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰੁ॥
ਸਚਹੁ ਓਰੈ ਸਭੁ ਕੋ
ਉਪਰਿ ਸਚੁ ਆਚਾਰੁ॥ ੫॥
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ
ਇਕੁ ਚਾਨਣੁ ਤਿਹੁ ਲੋਇ॥
ਕਰਮਿ ਮਿਲੈ ਸਚੁ ਪਾਈਐ
ਧੁਰਿ ਬਖਸ ਨ ਮੇਟੈ ਕੋਇ॥ ੬॥
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ॥
ਅਕਥ ਕਥਾ ਵੀਚਾਰੀਐ ਜੇ
ਸਤਿਗੁਰ ਮਾਹਿ ਸਮਾਇ॥
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ॥ ੭॥
ਘਟਿ ਘਟਿ ਵਾਜੈ ਕਿੰਗੁਰੀ
ਅਨਦਿਨੁ ਸਬਦਿ ਸੁਭਾਇ॥
ਵਿਰਲੇ ਕਉ ਸੋਝੀ ਪਈ
ਗੁਰਮੁਖਿ ਮਨੁ ਸਮਝਾਇ॥
ਨਾਨਕ ਨਾਮੁ ਨ ਵੀਸਰੈ
ਛੂਟੈ ਸਬਦਿੁ ਕਮਾਇ॥ ੮॥ ੧੪॥ (ਅੰਗ 62)
ਪਦ ਅਰਥ : ਬੇਧਿਆ-ਵਿੰਨਿਆ ਜਾਂਦਾ ਹੈ, ਪਤੀਜ ਜਾਂਦਾ ਹੈ। ਅਵਰੁ-ਹੋਰ। ਰਾਤਉ-ਰੰਗਿਆ ਜਾਂਦਾ ਹੈ। ਸਾਰੁ-ਸ੍ਰੇਸ਼ਟ। ਭਾਵੈ-ਚੰਗਾ ਲਗਦਾ ਹੈ। ਅਧਾਰੁ-ਆਸਰਾ। ਖਸਮ-ਮਾਲਕ ਪ੍ਰਭੂ। ਰਜਾਇ-ਰਜ਼ਾ (ਮਨ ਲੈਣਾ)। ਸਾਚੀ-ਸੱਚੀ (ਭਗਤੀ ਹੈ)। ਜਿਨਿ-ਜਿਸ ਪ੍ਰਭੂ ਨੇ। ਸਾਜਿ-ਸਾਜ ਕੇ, ਬਣਾ ਕੇ। ਸੀਗਾਰਿਆ-ਸੰਵਾਰਿਆ ਹੈ। ਤਿਸੁ ਸੇਤੀ-ਉਸ ਪ੍ਰਭੂ ਨਾਲ। ਲਿਵ ਲਾਇ-ਲਿਵ ਨੂੰ ਜੋੜ।
ਬੈਸੰਤਰਿ-ਅੱਗ ਵਿਚ। ਹੋਮੀਐ-ਹਮਨ ਕੀਤਾ ਜਾਵੇ। ਇਕ ਰਤੀ ਤੋਲਿ ਕਟਾਇ-ਇਕ ਰਤੀ ਦੇ ਤੋਲ ਜਿੰਨਾ ਕੱਟ ਕੱਟ ਕੇ। ਸਮਧਾ-ਹਮਨ ਵਿਚ ਸਾੜਨ ਵਾਲੀਆਂ ਲੱਕੜਾਂ। ਹਰਿ ਨਾਮੈ ਤੁਲਿ ਨ ਪੁਜਈ-ਪ੍ਰਭੂ ਦੇ ਨਾਮ ਦੇ ਬਰਾਬਰ ਪੁੱਜ ਨਹੀਂ ਸਕਦੇ। ਜੇ ਲਖ ਕੋਟੀ ਕਰਮ ਕਮਾਇ-ਜੇਕਰ ਇਹੋ ਜਿਹੇ ਲੱਖਾਂ-ਕਰੋੜਾਂ ਕਰਮ ਕੀਤੇ ਜਾਣ। ਅਰਧ-ਅੱਧਾ, ਅੱਧੋ ਅੱਧਾ, ਦੋ ਫਾੜ। ਸਿਰਿ-ਸਿਰ 'ਤੇ। ਕਰਵਤੁ-ਆਰਾ। ਧਰਾਇ-ਰੱਖ ਕੇ। ਤਨੁ-ਸਰੀਰ ਨੂੰ। ਹੈਮੰਚਲਿ-ਪਹਾੜਾਂ ਦੀ ਬਰਫ਼ ਵਿਚ। ਗਾਲੀਐ-ਗਾਲ ਦੇਈਏ। ਭੀ-ਤਾਂ ਵੀ। ਰੋਗੁ ਨ ਜਾਇ-(ਹਉਮੈ ਦਾ) ਰੋਗ ਨਹੀਂ ਜਾਂਦਾ। ਤੁਲਿ ਨ ਪੁਜਈ-ਬਰਾਬਰ ਕੋਈ ਪੁੱਜ ਨਹੀਂ ਸਕਦਾ, ਕੋਈ ਬਰਾਬਰੀ ਨਹੀਂ ਕਰ ਸਕਦਾ। ਡਿਠੀ-ਦੇਖ ਲਿਆ ਹੈ। ਠੋਕਿ ਵਜਾਇ-ਚੰਗੀ ਤਰ੍ਹਾਂ ਨਾਲ ਪਰਖ ਕੇ।
ਕੰਚਨ-ਸੋਨਾ। ਕੰਚਨ ਕੇ ਕੋਟ-ਸੋਨੇ ਦੇ ਕਿਲ੍ਹੇ। ਦਤੁ-ਦਾਨ ਕਰੀਏ। ਬਹੁ-ਬਹੁਤ ਸਾਰੇ। ਹੈਵਰ-ਸੁੰਦਰ ਘੋੜੇ। ਗੈਵਰ-ਸੁੰਦਰ ਹਾਥੀ। ਭੂਮਿ ਦਾਨੁ-ਜ਼ਮੀਨ ਦਾਨ, ਜ਼ਮੀਨ ਦਾਨ ਕਰੀਏ। ਗਊਆ ਘਣੀ-ਬਹੁਤ ਸਾਰੀਆਂ ਗਾਈਆਂ। ਗਰਬੁ-ਹੰਕਾਰ। ਗੁਮਾਨੁ-ਮਾਣ।
ਗੁਰੂ ਅਰਜਨ ਦੇਵ ਜੀ ਰਾਗੁ ਗਉੜੀ ਸੁਖਮਨੀ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਨਾਮ ਦੇ ਬਰਾਬਰ ਹੋਰ ਕੋਈ ਕਰਮ ਨਹੀਂ। ਜੋ ਗੁਰਮੁਖਿ (ਗੁਰੂ ਦੇ ਸਨਮੁਖ ਰਹਿਣ ਵਾਲਾ) ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ-
ਹਰਿ ਕੇ ਨਾਮ ਸਮਸਰਿ ਕਛੁ ਨਾਹਿ॥
ਨਾਨਕ ਗੁਰਮੁਖਿ ਨਾਮੁ
ਜਪਤ ਗਤਿ ਪਾਹਿ॥ (ਅੰਗ 265)
ਸਮਸਰਿ-ਬਰਾਬਰ ਦਾ। ਗਤਿ-(ਉੱਚੀ ਆਤਮਿਕ) ਅਵਸਥਾ।
ਜ਼ਮੀਨਾਂ ਦੇ ਮਾਲਕ ਜ਼ਿਮੀਂਦਾਰ ਲੋਕ ਜ਼ਮੀਨਾਂ (ਦੀ ਮਲਕੀਅਤ) ਖ਼ਾਤਰ ਨਿੱਤ ਝਗੜੇ ਕਰਦੇ ਹਨ। (ਅੰਤ ਨੂੰ ਉਹ) ਸਭ ਕੁਝ ਛੱਡ ਕੇ ਤੁਰ ਜਾਂਦੇ ਹਨ ਪਰ ਉਨ੍ਹਾਂ ਦੀ ਮਾਇਆ ਦੀ ਭੁੱਖ ਕਦੇ ਮੁੱਕਦੀ ਨਹੀਂ। ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਅਸੀਂ ਵਿਚਾਰ ਕਰ-ਕਰ ਕੇ ਇਸੇ ਸਿੱਟੇ 'ਤੇ ਪੁੱਜੇ ਹਾਂ ਕਿ ਪ੍ਰਭੂ ਭਗਤੀ ਕੀਤੇ ਬਿਨਾਂ (ਮਨੁੱਖ ਦਾ) ਛੁਟਕਾਰਾ ਨਹੀਂ ਹੋ ਸਕਦਾ-
ਭੂਮੀਆ ਭੂਮਿ ਊਪਰਿ ਨਿਤ ਲੁਝੈ॥
ਛੋਡਿ ਚਲੈ ਤ੍ਰਿਸਨਾ ਨਹੀਂ ਬੁਝੈ॥
ਕਹੁ ਨਾਨਕ ਇਹੁ ਤਤੁ ਬੀਚਾਰਾ
ਬਿਨੁ ਹਰਿ ਭਜਨ ਨਾਹੀ ਛੁਟਕਾਰਾ॥
(ਰਾਗੁ ਗਉੜੀ ਮਹਲਾ ੫,
ਅੰਗ 188)
ਭੂਮੀਆ-ਜ਼ਮੀਨਾਂ ਦਾ ਮਾਲਕ, ਜ਼ਿਮੀਂਦਾਰ। ਭੂਮਿ-ਜ਼ਮੀਨ। ਤ੍ਰਿਸਨਾ-ਭੁੱਖ। ਲੁਝੈ-ਝਗੜਾ ਕਰਦਾ ਰਹਿੰਦਾ ਹੈ। ਤਤੁ-ਸਿੱਟੇ 'ਤੇ ਪੁੱਜੇ ਹਾਂ। ਬੀਚਾਰਾ-ਵਿਚਾਰ ਕਰ ਕਰ ਕੇ।
ਸਿਰਮੌਰ ਭਗਤ ਨਾਮਦੇਵ ਜੀ ਨੇ ਰਾਗੁ ਰਾਮਕਲੀ ਵਿਚ ਇਸੇ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਹੈ ਕਿ ਜੇਕਰ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ, ਆਪਣੀ ਇਸਤਰੀ ਅਤੇ ਜ਼ਮੀਨ ਦਾਨ ਕਰ ਦੇਈਏ ਅਤੇ ਇਹੋ ਜਿਹੇ ਦਾਨ ਨਿਤਾਪਰਤੀ ਕਰਦੇ ਰਹੀਏ। ਆਪਣਾ-ਆਪ ਵੀ ਕੁਰਬਾਨ ਕਰ ਦੇਈਏ ਅਤੇ ਆਪਣੇ ਬਰਾਬਰ ਸੋਨਾ ਵੀ ਤੋਲ ਕੇ ਦਾਨ ਵਜੋਂ ਦੇ ਦੇਈਏ, ਤਾਂ ਵੀ ਇਹ ਸਭ ਕੁਝ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ (ਕਿਉਂਕਿ ਇਸ ਨਾਲ ਮਨ ਅੰਦਰ ਹਉਮੈ ਆ ਜਾਂਦੀ ਹੈ ਕਿ ਮੈਂ ਬੜਾ ਦਾਨੀ ਹਾਂ)।
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ
ਐਸੋ ਦਾਨੁ ਨਿਤ ਨਿਤਹਿ ਕੀਜੈ॥
ਆਤਮ ਜਉ ਨਿਰਮਾਇਲੁ ਕੀਜੈ
ਆਪ ਬਰਾਬਰਿ ਕੰਚਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ॥
(ਅੰਗ 973)
ਅਸੁ-ਘੋੜੇ। ਗਜ-ਹਾਥੀ। ਸਿਹਜਾ-ਸੇਜ। ਭੂਮਿ-ਜ਼ਮੀਨ। ਆਤਮ-ਆਪਣੇ ਆਪ ਨੂੰ। ਨਿਤ ਨਿਤਹਿ-ਨਿਤਾ ਪਰਤੀ। ਕੰਚਨੁ-ਸੋਨਾ। ਸਰਿ-ਬਰਾਬਰੀ।
ਅੱਖਰੀਂ ਅਰਥ : ਜਦੋਂ ਮਨੁੱਖ ਦਾ ਮਨ ਨਾਮ ਵਿਚ ਵਿੰਨਿਆ ਜਾਂਦਾ ਹੈ, ਨਾਮ ਵਿਚ ਪਤੀਜ ਜਾਂਦਾ ਹੈ (ਅਜਿਹੇ ਪ੍ਰਾਣੀ ਬਾਰੇ) ਹੋਰ ਕਿਆ ਵਿਚਾਰ ਕੀਤੀ ਜਾ ਸਕਦੀ ਹੈ। ਸ਼ਬਦ ਵਿਚ ਮਨ ਨੂੰ ਜੋੜਨ ਨਾਲ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਣ ਨਾਲ ਸ੍ਰੇਸ਼ਟ ਆਤਮਿਕ ਸੁਖ ਮਿਲਦਾ ਹੈ। ਹੇ ਪ੍ਰਭੂ, ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਰੱਖ।
ਹੇ ਮੇਰੇ ਮਨ, ਮਾਲਕ ਪ੍ਰਭੂ ਦੀ ਰਜ਼ਾ ਸਦੀਵੀ ਹੈ, ਸਦਾ ਕਾਇਮ ਰਹਿਣ ਵਾਲੀ ਹੈ। ਜਿਸ ਪ੍ਰਭੂ ਨੇ ਇਸ ਸਰੀਰ ਤੇ ਮਨ ਨੂੰ ਪੈਦਾ ਕਰਕੇ ਇਨ੍ਹਾਂ ਨੂੰ ਸੰਵਾਰ ਕੇ ਰੱਖਿਆ ਹੈ, ਉਸ ਵਿਚ ਲਿਵ ਨੂੰ ਜੋੜ। ਜੇਕਰ ਸਰੀਰ ਦੇ ਰੱਤੀ-ਰੱਤੀ ਭਰ ਤੋਲ ਦੇ ਬਰਾਬਰ ਦੇ ਟੁਕੜੇ ਕਰ-ਕਰ ਕੇ ਇਸ ਨੂੰ ਹਰ ਰੋਜ਼ ਹਵਨ ਦੀ ਸਮੱਗਰੀ ਬਣਾ ਕੇ ਅੱਗ ਵਿਚ ਸਾੜੀਏ ਅਤੇ ਮਨ ਤੇ ਤਨ ਨੂੰ ਬਾਲਣ ਦੀਆਂ ਲੱਕੜਾਂ ਬਣਾ ਕੇ ਦਿਨ-ਰਾਤ ਇਨ੍ਹਾਂ ਨੂੰ ਅੱਗ ਵਿਚ ਸਾੜੀਏ ਪਰ ਇਹੋ ਜਿਹੇ ਭਾਵੇਂ ਲੱਖਾਂ-ਕਰੋੜਾਂ ਕਰਮ ਕਰੀਏ, ਤਾਂ ਵੀ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ।
ਜੇਕਰ ਸੀਸ 'ਤੇ ਆਰਾ ਰੱਖ ਕੇ ਸਰੀਰ ਨੂੰ ਦੋਫਾੜ ਚੀਰ ਦੇਈਏ ਅਤੇ ਸਰੀਰ ਨੂੰ ਹਿਮਾਲਿਆ ਪਰਬਤ ਦੀ ਬਰਫ਼ ਵਿਚ ਰੱਖ ਕੇ ਗਾਲ ਦੇਈਏ, ਤਾਂ ਵੀ ਮਨ ਵਿਚੋਂ (ਵਿਕਾਰਾਂ ਰੂਪੀ) ਰੋਗ ਨਹੀਂ ਜਾਂਦੇ ਪਰ ਫਿਰ ਵੀ ਅਸੀਂ ਚੰਗੀ ਤਰ੍ਹਾਂ ਨਾਲ ਪਰਖ ਕੇ ਦੇਖ ਲਿਆ ਹੈ ਕਿ ਕੋਈ ਵੀ (ਕੀਤਾ ਅਜਿਹਾ) ਕਰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ।
ਇਸੇ ਤਰ੍ਹਾਂ ਜੇਕਰ ਸੋਨੇ ਦੇ ਕਿਲ੍ਹੇ ਵੀ ਦਾਨ ਕਰੀਏ, ਬਹੁਤੇ ਸਾਰੇ ਵਧੀਆ ਹਾਥੀ ਅਤੇ ਘੋੜੇ ਦਾਨ ਕਰੀਏ, ਜ਼ਮੀਨ ਅਤੇ ਬਹੁਤ ਸਾਰੀਆਂ ਗਊਆਂ ਦਾਨ ਕਰੀਏ, ਇਸ ਨਾਲ ਮਨ ਅੰਦਰ ਬੜੀ ਹਉਮੈ ਅਤੇ ਮਾਣ ਹੀ ਟਿਕਿਆ ਰਹਿੰਦਾ ਹੈ ਪਰ ਜਿਸ ਨੂੰ ਗੁਰੂ, ਪ੍ਰਭੂ ਦੇ ਨਾਮ ਨੂੰ ਜਪਣ ਦਾ ਦਾਨ ਬਖਸ਼ਿਸ਼ ਕਰਦਾ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਵਿੰਨ੍ਹਿਆ ਜਾਂਦਾ ਹੈ, ਪਤੀਜ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਗਿਆਨ ਦਾ ਸਰਬਉੱਚ ਸਰੂਪ ਹੈ ਆਤਮਗਿਆਨ

ਗਿਆਨ ਦੀ ਪ੍ਰਾਪਤੀ ਤੋਂ ਭਾਵ ਹੈ ਹਨ੍ਹੇਰੇ ਤੋਂ ਛੁਟਕਾਰਾ। ਸਵਾਮੀ ਵਿਵੇਕਾਨੰਦ ਅਨੁਸਾਰ ਜੇ ਅਸੀਂ ਗਿਆਨ ਦਾ ਦੀਵਾ ਜਲਾਉਂਦੇ ਹਾਂ ਤਾਂ ਹਨ੍ਹੇਰਾ ਆਪਣੇ-ਆਪ ਮਿਟ ਜਾਂਦਾ ਹੈ। ਗਿਆਨ ਸਾਨੂੰ ਵਿੱਦਿਆ ਨਾਲ ਪ੍ਰਾਪਤ ਹੁੰਦਾ ਹੈ। ਸੰਸਾਰ ਵਿਚ ਰਹਿੰਦੇ ਹੋਏ ਗਿਆਨ ਇੰਦਰੀਆਂ ਦੀ ਚੰਚਲਤਾ ਕਾਰਨ ਭਟਕਣਾ ਪੈਦਾ ਹੁੰਦੀ ਹੈ। ਜੇ ਅਸੀਂ ਸੰਜਮ ਨਾਲ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਲੈਂਦੇ ਹਾਂ ਤਾਂ ਸਾਨੂੰ ਆਤਮ-ਦਰਸ਼ਨ ਹੋਣਾ ਸ਼ੁਰੂ ਹੁੰਦਾ ਹੈ। ਇਹ ਹੀ ਗਿਆਨ ਦਾ ਸਰਬਉੱਚ ਸਰੂਪ ਹੈ। ਅਜਿਹੀ ਅਵਸਥਾ ਵਿਚ ਮਨੁੱਖ ਅੰਦਰੋਂ ਲਗਾਵ ਕਮੀ ਅਤੇ ਅਗਿਆਨਤਾ ਸਮਾਪਤ ਹੋਣ ਲੱਗਦੀ ਹੈ। ਕਾਮਨਾ, ਵਾਸਨਾ, ਲਾਲਚ ਆਪਣੇ-ਆਪ ਹੀ ਸਮਾਪਤ ਹੋਣ ਲੱਗਦੇ ਹਨ। ਅਗਿਆਨਤਾ ਕਾਰਨ ਪੈਦਾ ਹੋਏ ਦੁੱਖਾਂ ਤੋਂ ਛੁਟਕਾਰਾ ਮਿਲਣ ਲੱਗਦਾ ਹੈ। ਇਹ ਅਵਸਥਾ ਬਹੁਤ ਹੀ ਅਨੰਦਮਈ ਹੁੰਦੀ ਹੈ। ਮਨੁੱਖ ਆਪਣੇ ਅਸਲ ਸਰੂਪ ਵਿਚ ਸਥਿਰ ਹੋਣ ਲਗਦਾ ਹੈ। ਉਸ ਨੂੰ ਆਪਣੇ ਆਤਮ ਸਰੂਪ ਦਾ ਗਿਆਨ ਹੁੰਦਾ ਹੈ। ਕੋਈ ਵਿਅਕਤੀ ਭਾਵੇਂ ਕਿੰਨੀਆਂ ਵੀ ਪੁਸਤਕਾਂ ਪੜ੍ਹ ਲਵੇ, ਕਰਮ ਕਰ ਲਵੇ, ਦੇਵੀ-ਦੇਵਤਿਆਂ ਦਾ ਭਜਨ ਕਰ ਲਵੇ, ਜਦ ਤੱਕ ਉਸ ਨੂੰ ਆਤਮ ਪਰਮਾਤਮਾ ਦੀ ਏਕਤਾ ਦਾ ਗਿਆਨ ਨਹੀਂ ਹੁੰਦਾ, ਉਸ ਦਾ ਸਾਰਾ ਗਿਆਨ ਨਸ਼ਟ ਹੋ ਜਾਂਦਾ ਹੈ। ਇਸ ਲਈ ਜੇ ਅਸੀਂ ਆਪਣੀ ਆਤਮਾ ਜਾਂ ਆਤਮ-ਗਿਆਨ ਦੀ ਪ੍ਰਾਪਤੀ ਕਰੀਏ ਤਾਂ ਇਹ ਗਿਆਨ ਦਾ ਸਰਬਉੱਚ ਸਰੂਪ ਹੋਵੇਗਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਜਿਸ ਨੇ ਵੀ ਹਰਿਮੰਦਰ ਸਾਹਿਬ

* ਸਰਦਾਰ ਪੰਛੀ *

ਜਿਸ ਨੇ ਵੀ ਹਰਿਮੰਦਰ ਸਾਹਿਬ ਖ਼ੂਨ 'ਚ ਰੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਗੁਰੂ ਅਰਜਨ ਨੇ ਸਰਬ ਧਰਮ ਦੀ ਰੀਤ ਚਲਾਈ ਸੀ।
ਸਾਈਂ ਮੀਆਂ ਤੋਂ ਇਸ ਦੀ ਨੀਂਹ ਰਖਵਾਈ ਸੀ।
ਨਾਲੇ ਰੱਬੀ ਬਾਣੀ ਦੀ ਇਕ ਜੋਤ ਜਗਾਈ ਸੀ।
ਮਾਨਵ ਮਨ ਦੀ ਹਰ ਇਕ ਨ੍ਹੇਰੀ ਗੁੱਠ ਰੁਸ਼ਨਾਈ ਸੀ।
ਫਿਰ ਵੀ ਹੈਂਕੜਬਾਜ਼ਾਂ ਇਹਦਾ ਬੁਰਾ ਹੀ ਮੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਬੱਚੇ ਸਿੱਖਾਂ ਦੇ ਫੜ-ਫੜ ਝਟਕਾਏ ਜਾਂਦੇ ਸੀ।
ਹਾਰ ਆਂਦਰਾਂ ਦੇ ਮਾਵਾਂ ਗਲ ਪਾਏ ਜਾਂਦੇ ਸੀ।
ਬੇਦੋਸ਼ੇ ਸਿੱਖਾਂ ਦੇ ਸਿਰ ਕਟਵਾਏ ਜਾਂਦੇ ਸੀ।
ਹਾਕਮ ਵਲੋਂ ਮੁੱਲ ਸਿਰਾਂ ਦੇ ਪਾਏ ਜਾਂਦੇ ਸੀ।
ਜਿਹੜਾ ਵੀ ਸੱਪ ਬਣ ਕੇ ਸਿੱਖੀ ਤਾਈਂ ਡੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਮੱਸਾ ਰੰਘੜ ਹਰਿਮੰਦਰ ਵਿਚ ਪਲੰਘ ਡਹਾਉਂਦਾ ਸੀ।
ਆਪਣੇ ਸਾਹਵੇਂ ਇਕ ਰੰਡੀ ਦਾ ਨਾਚ ਕਰਾਉਂਦਾ ਸੀ।
ਜੰਗਲਾਂ ਦੇ ਵਿਚ ਲੁਕੇ ਸਿੰਘਾਂ ਮਤਾ ਪਕਾਇਆ ਸੀ।
ਸੁੱਖਾ ਸਿੰਘ, ਮਹਿਤਾਬ ਸਿੰਘ ਨੇ ਬੀੜਾ ਚਾਇਆ ਸੀ।
ਦੋਵੇਂ ਪਹੁੰਚੇ ਪਲੰਘ ਦੇ ਨੇੜੇ ਕੋਈ ਨਾ ਖੰਘਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਕੁਝ ਚਿਰ ਪਹਿਲਾਂ ਹਮਲਾ ਕਰਕੇ ਇਕ ਜ਼ਨਾਨੀ ਨੇ।
ਢਾਇਆ ਸ੍ਰੀ ਅਕਾਲ ਤਖ਼ਤ ਪੁੱਤਰਾਂ ਨੂੰ ਖਾਣੀ ਨੇ।
ਪੱਗਾਂ ਨੂੰ ਹੱਥ ਪਾਇਆ ਦਿੱਲੀ ਦੀ ਮਹਾਂਰਾਣੀ ਨੇ।
ਸਾਹ ਸੂਤਿਆ ਉਹਦਾ ਵੀ ਸ਼ੇਰਾਂ ਦੀ ਢਾਣੀ ਨੇ।
ਮੌਕਾ ਦਿੱਤਾ ਰੱਬ ਨੇ ਸ਼ੇਰਾਂ ਨੇ ਜੋ ਮੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।
ਜਿਸ ਨੇ ਵੀ ਹਰਿਮੰਦਰ ਸਾਹਿਬ ਖ਼ੂਨ 'ਚ ਰੰਗਿਆ ਏ।
ਸਿੱਖਾਂ ਉਹਦਾ ਸਿਰ ਲਾਹ ਕੇ ਨੇਜ਼ੇ 'ਤੇ ਟੰਗਿਆ ਏ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾ: 94170-91668

ਧਾਰਮਿਕ ਸਾਹਿਤ

ਭਾਈ ਰਣਧੀਰ ਸਿੰਘ ਡੂਮਛੇੜੀ
ਲੇਖਕ : ਡਾ: ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 128, ਮੁੱਲ : 180 ਰੁਪਏ
ਸੰਪਰਕ : 99150-48005


ਭਾਈ ਰਣਧੀਰ ਸਿੰਘ (ਸਿੱਖ ਹਿਸਟਰੀ ਰਿਸਰਚ ਸਕਾਲਰ) ਡੂਮਛੇੜੀ ਸਿੱਖ ਇਤਿਹਾਸ ਦੇ ਇਕ ਨਿਸ਼ਠਾਵਾਨ ਖੋਜੀ ਸਨ। ਡਾ: ਸੋਮਲ ਅਨੁਸਾਰ ਭਾਈ ਰਣਧੀਰ ਸਿੰਘ ਨੇ ਲਗਪਗ 10 ਖੋਜ-ਪੁਸਤਕਾਂ ਦੀ ਰਚਨਾ ਕੀਤੀ ਸੀ ਪਰ ਹੁਣ ਇਨ੍ਹਾਂ ਵਿਚੋਂ ਕੇਵਲ 4 ਹੀ ਉਪਲਬਧ ਹਨ : 1. ਪ੍ਰੇਮ ਸੁਮਾਰਗ ਗ੍ਰੰਥ, 2. ਉਦਾਸੀ ਸਿੱਖਾਂ ਦੀ ਵਿਥਿਆ, 3. ਗੁਰ-ਪ੍ਰਾਣੀਆਂ ਅਤੇ 4. ਸ਼ਬਦਾਰਥ ਦਸਮ ਗ੍ਰੰਥ (ਤਿੰਨ ਜਿਲਦਾਂ)। 'ਪ੍ਰੇਮ ਸੁਮਾਰਗ ਗ੍ਰੰਥ' ਸਿੱਖ ਰਹਿਤ ਮਰਿਆਦਾ ਬਾਰੇ ਜਾਣਕਾਰੀ ਦੇਣ ਵਾਲੀ ਰਚਨਾ ਹੈ। ਇਹ ਪੁਸਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਅੰਗ ਬਣੀ ਰਹੀ ਹੈ ਅਤੇ ਇਸ ਦੁਆਰਾ ਅਠਾਰ੍ਹਵੀਂ ਸਦੀ ਦੀ ਪੰਜਾਬੀ ਵਾਰਤਕ ਬਾਰੇ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਪ੍ਰਾਪਤ ਹੁੰਦੀਆਂ ਹਨ। ਡਾ: ਰਤਨ ਸਿੰਘ ਜੱਗੀ ਅਨੁਸਾਰ ਇਹ ਰਚਨਾ ਕਿਸੇ ਕਾਵਿ-ਰਚਨਾ ਦਾ ਭਾਵ-ਪ੍ਰਕਾਸ਼ਨੀ ਟੀਕਾ ਹੋ ਸਕਦੀ ਹੈ। ਇਹ ਪੁਸਤਕ ਦਸ ਅਧਿਆਵਾਂ ਵਿਚ ਲਿਖੀ ਗਈ ਹੈ ਅਤੇ ਇਸ ਵਿਚ ਸਿੱਖ ਸੰਸਕਾਰਾਂ ਦੇ ਨਾਲ-ਨਾਲ ਗੁਰਸਿੱਖਾਂ ਦੀ ਜੀਵਨ-ਸ਼ੈਲੀ ਬਾਰੇ ਵੀ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਭਾਈ ਸਾਹਿਬ ਨੇ ਇਸ ਪੁਸਤਕ ਦਾ ਬੜਾ ਸੁਚੱਜਾ ਸੰਪਾਦਨ ਕੀਤਾ ਹੈ।
'ਉਦਾਸੀ ਸਿੱਖਾਂ ਦੀ ਵਿਥਿਆ' 1959 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਪੁਸਤਕ ਵਿਚ ਉਦਾਸੀ ਸੰਤਾਂ ਵਲੋਂ ਸਿੱਖ ਧਰਮ ਦੀ ਕੀਤੀ ਸੇਵਾ ਦਾ ਭਰਪੂਰ ਵਰਨਣ ਹੋਇਆ ਹੈ (ਡਾ: ਗੰਡਾ ਸਿੰਘ)। 'ਗੁਰ-ਪ੍ਰਣਾਲੀਆਂ' ਵੀ ਸ਼੍ਰੋਮਣੀ ਕਮੇਟੀ ਵਲੋਂ 1977 ਈ: ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਭਾਈ ਸਾਹਿਬ ਅਨੁਸਾਰ 'ਗੁਰ-ਪ੍ਰਣਾਲੀ' ਉਸ ਲੇਖ-ਲੜੀ ਨੂੰ ਕਹਿੰਦੇ ਹਨ, ਜਿਸ ਵਿਚ ਗੁਰੂ ਸਾਹਿਬਾਨ ਦੀ ਪੀੜ੍ਹੀ (ਵੰਸ਼) ਦਾ ਲੜੀਵਾਰ ਵਰਨਣ ਕੀਤਾ ਗਿਆ ਹੋਵੇ। ਭੱਟਾਂ ਦੇ ਸਵੱਈਏ, ਭਾਈ ਗੁਰਦਾਸ ਦੀਆਂ ਵਾਰਾਂ ਅਤੇ 'ਬਚਿੱਤ੍ਰ ਨਾਟਕ', ਗੁਰ-ਪ੍ਰਣਾਲੀਆਂ ਦੇ ਕੁਝ ਮੁਢਲੇ ਸਰੋਤ ਹਨ। 'ਸ਼ਬਦਾਰਥ ਦਸਮ ਗ੍ਰੰਥ' ਦੀ ਰਚਨਾ ਭਾਈ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਸਤੇ ਕੀਤੀ। ਇਸ ਦੀਆਂ ਤਿੰਨ ਜਿਲਦਾਂ (ਕੁਲ 1249 ਪੰਨੇ) ਹਨ। ਡਾ: ਕਰਨੈਲ ਸਿੰਘ ਸੋਮਲ ਨੇ ਆਪਣੀ ਇਸ ਖੋਜ-ਪੁਸਤਕ ਵਿਚ ਭਾਈ ਰਣਧੀਰ ਸਿੰਘ ਬਾਰੇ ਬਹੁਮੁੱਲੀ ਸਮੱਗਰੀ ਇਕੱਤਰ ਕਰਕੇ ਇਕ ਇਤਿਹਾਸਕ ਕਾਰਜ ਨੂੰ ਸਰੰਜਾਮ ਦਿੱਤਾ ਹੈ।


-ਬ੍ਰਹਮਜਗਦੀਸ਼ ਸਿੰਘ


ਸਿੱਖ ਕੌਮ ਦੇ ਗੌਰਵਮਈ ਵਿਦਵਾਨ
ਗਿਆਨੀ ਦਿੱਤ ਸਿੰਘ

ਲੇਖਕ : ਪ੍ਰਿੰ: ਨਸੀਬ ਸਿੰਘ ਸੇਵਕ
ਪ੍ਰਕਾਸ਼ਕ : ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ, ਚੰਡੀਗੜ੍ਹ।
ਪੰਨੇ : 200, ਮੁੱਲ : 400 ਰੁਪਏ
ਸੰਪਰਕ : 94652-16530


ਇਸ ਪੁਸਤਕ ਦੁਆਰਾ ਪੰਥ ਰਤਨ ਗਿਆਨੀ ਦਿੱਤ ਸਿੰਘ ਦੇ ਸੰਘਰਸ਼ਮਈ ਜੀਵਨ, ਰਚਨਾਵਾਂ ਅਤੇ ਧਰਮ ਸੁਧਾਰ ਕਾਰਜਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਨੌਂ ਸਾਲਾਂ ਦੀ ਉਮਰ ਵਿਚ ਹੀ ਆਪ ਲੋਕਾਂ ਨੂੰ ਧਾਰਮਿਕ ਕਰਮ ਕਾਂਡਾਂ ਵਲੋਂ ਹਟਾ ਕੇ ਵੇਦਾਂਤ ਦਾ ਉਪਦੇਸ਼ ਦੇਣ ਲਈ ਘਰੋਂ ਤੁਰ ਪਏ ਸਨ। ਆਰੀਆ ਸਮਾਜ ਦੇ ਮੋਢੀ ਸਵਾਮੀ ਦਇਆ ਨੰਦ ਨੂੰ ਆਪ ਨੇ ਤਿੰਨ ਧਰਮ ਬਹਿਸਾਂ ਵਿਚ ਨਿਰੁੱਤਰ ਕਰ ਦਿੱਤਾ ਸੀ। ਉਸ ਸਮੇਂ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਸੰਗਤਾਂ ਕੋਲੋਂ ਪੈਰੀਂ ਹੱਥ ਲਵਾਉਂਦਾ ਸੀ। ਪਰਿਕਰਮਾ ਵਿਚ ਬ੍ਰਾਹਮਣਵਾਦੀ ਰਹੁ-ਰੀਤਾਂ ਚਲਾਈਆਂ ਜਾ ਰਹੀਆਂ ਸਨ ਅਤੇ ਮੂਰਤੀਆਂ ਰਖਵਾ ਦਿੱਤੀਆਂ ਗਈਆਂ ਸਨ। ਗਿਆਨੀ ਦਿੱਤ ਸਿੰਘ ਨੇ ਭਰੇ ਸਮਾਗਮ ਦੌਰਾਨ ਬਾਬੇ ਦੇ ਥੱਲਿਓਂ ਗੱਦਾ ਧੂਹ ਕੇ ਬਾਹਰ ਸੁੱਟ ਦਿੱਤਾ ਅਤੇ ਪਰਿਕਰਮਾ ਵਿਚਲੀਆਂ ਮੂਰਤੀਆਂ ਬਾਹਰ ਸੜਕ 'ਤੇ ਸੁੱਟ ਦਿੱਤੀਆਂ।
ਗਿਆਨੀ ਜੀ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਮਹਾਨ ਸੇਵਾ ਕੀਤੀ। ਕਵਿਤਾ ਤੇ ਵਾਰਤਕ ਵਿਚ ਆਪ ਦੀਆਂ 72 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਦਾ ਸਮੁੱਚਾ ਜੀਵਨ ਚੁਣੌਤੀਆਂ ਭਰਪੂਰ ਰਿਹਾ। ਸਿੱਖਾਂ ਵਿਚ ਆਈਆਂ ਧਾਰਮਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰਨ ਵਾਲੇ ਸੱਜਣ ਅੱਜ ਵੀ ਗਿਆਨੀ ਜੀ ਦੀ ਅਦੁੱਤੀ ਸ਼ਖ਼ਸੀਅਤ ਤੋਂ ਅਗਵਾਈ ਲੈ ਰਹੇ ਹਨ। ਵਿਸ਼ਵ ਦੀ, ਗਿਆਨੀ ਦੀ ਪਹਿਲੀ ਪ੍ਰੀਖਿਆ ਪਾਸ ਕਰਨ ਵਾਲੇ, ਪਹਿਲੇ ਅੱਵਲ ਆਉਣ ਵਾਲੇ ਵਿਦਿਆਰਥੀ ਹੋਣ ਦੇ ਨਾਲ-ਨਾਲ ਆਪ ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਨ। ਆਪ ਦੇ ਹੋਣਹਾਰ ਸਪੁੱਤਰ ਬਲਦੇਵ ਸਿੰਘ ਸ਼ੇਰ ਆਪਣੇ ਸਮੇਂ ਦੇ ਪ੍ਰਸਿੱਧ ਡਾਕਟਰ ਤੇ ਸੰਗੀਤਕਾਰ ਸਨ, ਜਿਨ੍ਹਾਂ ਬਾਰੇ ਉਨ੍ਹਾਂ ਦੀ ਸਪੁੱਤਰੀ ਊਸ਼ਾ ਰਾਣੀ ਸ਼ੇਰ ਨੇ ਪੁਸਤਕ ਵਿਚ ਬੜੇ ਭਾਵਪੂਰਕ ਸ਼ਬਦਾਂ ਵਿਚ ਜਾਣਕਾਰੀ ਦਿੱਤੀ ਹੈ। ਪ੍ਰਿੰ: ਨਸੀਬ ਸਿੰਘ ਸੇਵਕ ਨੇ ਇਸ ਪੁਸਤਕ ਦੀ ਰਚਨਾ ਕਰਕੇ ਸਿੱਖ ਪੰਥ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241


ਯੁੱਗ ਪਰਿਵਰਤਕ ਮਹਾਂਪੁਰਸ਼ ਗੁਰੂ ਗੋਬਿੰਦ ਸਿੰਘ
ਲੇਖਕ : ਡਾ: ਸਵਿੰਦਰਪਾਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 143, ਮੁੱਲ : 250 ਰੁਪਏ
ਸੰਪਰਕ : 99150-04630


ਇਸ ਪੁਸਤਕ ਵਿਚ 10 ਖੋਜ ਭਰਪੂਰ ਲੇਖ ਸ਼ਾਮਿਲ ਹਨ। ਇਨ੍ਹਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਸ਼ਖ਼ਸੀਅਤ ਅਤੇ ਮਹਾਨ ਦੇਣ ਬਾਰੇ ਬਾਖੂਬੀ ਜ਼ਿਕਰ ਕੀਤਾ ਗਿਆ ਹੈ। ਪੁਸਤਕ ਦਾ ਪਹਿਲਾ ਲੇਖ ਹੈ ਸਮਕਾਲੀ ਪੰਜਾਬ ਦਾ ਪਿਛੋਕੜ। ਇਸ ਵਿਚ ਸਮਾਜਿਕ, ਧਾਰਮਿਕ ਤੇ ਰਾਜਸੀ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ।
ਦੂਜਾ ਲੇਖ ਗੁਰੂ ਸਾਹਿਬ ਦੇ ਜੀਵਨ 'ਤੇ ਡੂੰਘੀ ਝਾਤ ਪੁਆਉਂਦਾ ਹੈ। 'ਖ਼ਾਲਸਾ ਪੰਥ ਦੀ ਸਾਜਨਾ' ਲੇਖ ਰਾਹੀਂ ਗੁਰੂ ਜੀ ਵਲੋਂ ਖ਼ਾਲਸੇ ਦੀ ਸਾਜਨਾ ਦੇ ਬਿਰਤਾਂਤ ਦੇ ਨਾਲ-ਨਾਲ ਖ਼ਾਲਸੇ ਦੇ ਫ਼ਰਜ਼ ਵੀ ਬਿਆਨ ਕੀਤੇ ਗਏ ਹਨ। 'ਮਹਾਨ ਯੋਧਾ ਅਤੇ ਜਰਨੈਲ' ਸਿਰਲੇਖ ਹੇਠ ਗੁਰੂ ਜੀ ਵਲੋਂ ਲੜੀਆਂ 14 ਜੰਗਾਂ ਦਾ ਵਿਸਥਾਰਤ ਚਿਤਰਨ ਹੈ। 'ਦੱਖਣੀ ਭਾਰਤ ਦਾ ਸਫ਼ਰ', 'ਗੋਬਿੰਦ ਦੇ ਫਰਜ਼ੰਦ', 'ਕ੍ਰਾਂਤੀਕਾਰੀ ਮਸੀਹਾ', ਫਲਸਫ਼ਾ ਅਤੇ ਸ਼ਖ਼ਸੀਅਤ ਪੁਸਤਕ ਦੇ ਹੋਰ ਲੇਖ ਹਨ। 'ਸਾਹਿਤਕ ਦੇਣ' ਅਤੇ 'ਗੁਰੂ ਗੋਬਿੰਦ ਜੀ ਦੇ ਬਵੰਜਾ ਹੁਕਮ' ਇਸ ਪੁਸਤਕ ਦੇ ਬਹੁਤ ਅਹਿਮ ਲੇਖ ਹਨ। ਗੁਰੂ ਜੀ ਦੇ ਬਵੰਜਾ ਕਵੀਆਂ ਦੇ ਨਾਵਾਂ ਸਮੇਤ ਗੁਰੂ ਸਾਹਿਬ ਵਲੋਂ ਰਚੀ ਬਾਣੀ ਦਾ ਵਿਸਥਾਰਪੂਰਵਕ ਅਤੇ ਕਲਾਤਮਕ ਗੁਣਾਂ ਦਾ ਖੂਬਸੂਰਤ ਜ਼ਿਕਰ ਹੈ। ਅੰਤਿਮ ਲੇਖ ਵਿਚ ਗੁਰੂ ਜੀ ਦੇ ਭਗਤੀ ਤੇ ਸ਼ਕਤੀ ਦੇ ਸੁਮੇਲ, ਦੇਗ ਤੇਗ ਫਤਹਿ, ਸੂਰਬੀਰਤਾ, ਪ੍ਰਬੁਧਤਾ, ਲੋਕਤੰਤਰ, ਮਨੁੱਖੀ ਏਕਤਾ, ਦੇਸ਼ ਭਗਤੀ ਦੀ ਭਾਵਨਾ, ਸੰਵਾਦ ਸ਼ਕਤੀ, ਸੰਤੁਲਿਤ ਜੀਵਨ, ਲਲਿਤ ਕਲਾਵਾਂ ਦੇ ਪ੍ਰਸਾਰ ਤੇ ਸੰਕਲਪਾਂ ਨੂੰ ਬਿਆਨਿਆ ਗਿਆ ਹੈ। ਪੁਸਤਕ ਵਿਚ ਪੁਰਾਤਨ ਗ੍ਰੰਥਾਂ ਦੇ ਹਵਾਲਿਆਂ ਦੇ ਨਾਲ-ਨਾਲ ਰੌਚਕ ਕਾਵਿਮਈ ਰਚਨਾਵਾਂ ਅਤੇ ਦਸਮ ਗ੍ਰੰਥ ਦੀ ਬਾਣੀ ਨੂੰ ਸ਼ਾਮਿਲ ਕਰਕੇ ਲੇਖਕ ਨੇ ਪੁਸਤਕ ਨੂੰ ਮਹਾਨ ਰਚਨਾ ਬਣਾ ਦਿੱਤਾ ਹੈ।


-ਤੀਰਥ ਸਿੰਘ ਢਿੱਲੋਂ
ਮੋਬਾਈਲ : 9815461710





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX