ਤਾਜਾ ਖ਼ਬਰਾਂ


ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  1 minute ago
ਮੁੰਬਈ, 22 ਅਪ੍ਰੈਲ - ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ...
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  11 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  46 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  1 minute ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  1 minute ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਹੋਰ ਖ਼ਬਰਾਂ..

ਬਾਲ ਸੰਸਾਰ

ਇਹ ਹਨ ਭਾਰਤ ਦੇ ਕੌਮੀ ਪੁਰਸਕਾਰ

ਬੱਚਿਓ! ਪਦਮ ਵਿਭੂਸ਼ਣ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ ਸਿਰਫ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ | ਇਸ ਦੀ ਸ਼ੁਰੂਆਤ 2 ਜਨਵਰੀ, 1954 ਨੂੰ ਹੋਈ | ਇਹ ਐਵਾਰਡ ਤਗਮੇ ਦੀ ਸ਼ਕਲ ਵਿਚ 1.38 ਡਾਇਆ ਮੀਟਰ ਗੋਲ ਹੁੰਦਾ ਹੈ, ਜਿਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੁੰਦਾ ਹੈ-ਸੋਨਾ, ਚਾਂਦੀ ਤੇ ਕਾਂਸੇ ਵਿਚ | ਇਨ੍ਹਾਂ ਤਿੰਨਾਂ ਦੇ ਇਕ ਪਾਸੇ ਕੰਵਲ ਦਾ ਫੁੱਲ ਅਤੇ ਚਾਰ-ਚੁਫੇਰੇ ਫੁੱਲਾਂ ਦੀ ਵੇਲ ਹੁੰਦੀ ਹੈ ਅਤੇ ਹਿੰਦੀ ਭਾਸ਼ਾ ਵਿਚ 'ਪਦਮ ਵਿਭੂਸ਼ਨ' ਲਿਖਿਆ ਹੁੰਦਾ ਹੈ | ਐਵਾਰਡ ਦੇ ਤਿੰਨ ਭਾਗਾਂ ਵਿਚ ਕੰਵਲ ਦੇ ਫੁੱਲ ਦਾ ਰੰਗ ਗੁਲਾਬੀ ਹੁੰਦਾ ਹੈ | ਪਹਿਲੇ ਭਾਗ ਉੱਪਰ ਗੁਲਾਬੀ ਫੁੱਲ ਅਤੇ ਦੋ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਦੂਜੇ ਤੇ ਤੀਜੇ ਭਾਗ ਉੱਪਰ ਵੀ ਕੰਵਲ ਦਾ ਫੁੱਲ ਹੁੰਦਾ ਹੈ ਅਤੇ ਤਿੰਨ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਮੈਡਲ ਦੇ ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਸੂਬੇ ਦਾ ਨਾਂਅ ਲਿਖਿਆ ਹੁੰਦਾ ਹੈ ਅਤੇ ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ |
ਪਦਮ ਸ੍ਰੀ ਐਵਾਰਡ : ਇਹ ਐਵਾਰਡ ਵੀ 2 ਜਨਵਰੀ, 1954 ਨੂੰ ਰਾਸ਼ਟਰਪਤੀ ਵਲੋਂ ਸ਼ੁਰੂ ਕੀਤਾ ਗਿਆ | ਇਹ ਤਗਮੇ ਦੀ ਸ਼ਕਲ ਦਾ ਹੁੰਦਾ ਹੈ ਅਤੇ ਇਕ ਇੰਚ ਦਾ ਅੱਠਵਾਂ ਹਿੱਸਾ ਮੋਟਾ ਹੁੰਦਾ ਹੈ | ਇਕ ਪਾਸੇ ਐਵਾਰਡ ਪ੍ਰਾਪਤ ਕਰਨ ਵਾਲੇ ਦਾ ਨਾਂਅ ਅਤੇ 'ਪਦਮਸ੍ਰੀ' ਲਿਖਿਆ ਹੁੰਦਾ ਹੈ | ਇਹ ਕਾਂਸੇ ਦਾ ਬਣਿਆ ਹੁੰਦਾ ਹੈ | ਕੁਝ ਹਿੱਸਾ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਉੱਪਰ ਚਾਂਦੀ ਦਾ ਪਾਣੀ ਚੜਿ੍ਹਆ ਹੁੰਦਾ ਹੈ | ਦੂਜੇ ਪਾਸੇ ਐਵਾਰਡ ਪ੍ਰਾਪਤ ਕਰਨ ਵਾਲੇ ਦੇ ਰਾਜ ਦਾ ਨਾਂਅ ਚਾਂਦੀ ਵਿਚ ਲਿਖਿਆ ਹੁੰਦਾ ਹੈ | ਇਹ ਐਵਾਰਡ ਪ੍ਰਾਪਤ ਕਰਨ ਵਾਲੇ ਮਰਦਾਂ ਦੀ ਛਾਤੀ ਦੇ ਖੱਬੇ ਪਾਸੇ ਅਤੇ ਔਰਤਾਂ ਦੇ ਖੱਬੇ ਮੋਢੇ ਉੱਪਰ ਲਗਾਇਆ ਜਾਂਦਾ ਹੈ | ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ |
ਪਦਮ ਭੂਸ਼ਨ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ 2 ਜਨਵਰੀ, 1954 ਨੂੰ ਸ਼ੁਰੂ ਕੀਤਾ ਗਿਆ | ਇਹ 1.34 ਡਾਇਆਮੀਟਰ ਗੋਲ ਅਤੇ ਇਕ ਇੰਚ ਦਾ ਅੱਠਵਾਂ ਹਿੱਸਾ ਮੋਟਾ ਹੁੰਦਾ ਹੈ | ਇਸ ਦੇ ਇਕ ਪਾਸੇ ਕੰਵਲ ਦਾ ਫੁੱਲ ਬਣਿਆ ਹੁੰਦਾ ਹੈ ਅਤੇ ਪ੍ਰਾਪਤ ਕਰਨ ਵਾਲੇ ਦਾ ਨਾਂਅ ਲਿਖਿਆ ਹੁੰਦਾ ਹੈ | ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਰਾਜ ਦਾ ਨਾਂਅ ਲਿਖਿਆ ਹੁੰਦਾ ਹੈ | ਇਹ ਐਵਾਰਡ ਸਰਕਾਰੀ ਅਤੇ ਗੈਰ-ਸਰਕਾਰੀ ਅਧਿਕਾਰੀਆਂ ਨੂੰ ਮਿਲ ਸਕਦਾ ਹੈ |

-ਅੰਮਿ੍ਤਸਰ | ਮੋਬਾ: 99884-73008


ਖ਼ਬਰ ਸ਼ੇਅਰ ਕਰੋ

ਬਾਲ ਗੀਤ: ਪੰਛੀ

ਪੰਛੀ ਨਿਆਰੇ ਪੰਛੀ ਨਿਆਰੇ,
ਸਾਨੂੰ ਲਗਦੇ ਬਹੁਤ ਪਿਆਰੇ |
ਸਵੇਰੇ-ਸਵੇਰੇ ਆਸਮਾਨ ਵਿਚ,
ਉੱਡਦੇ ਨੇ ਇਹ ਪੰਛੀ ਪਿਆਰੇ |
ਚੀਂ-ਚੀਂ ਕਰਦੇ ਇਹ ਆਉਂਦੇ ਨੇ,
ਚੀਂ-ਚੀਂ ਕਰਦੇ ਇਹ ਜਾਂਦੇ ਨੇ |
ਕੁਦਰਤ ਦੀ ਇਹ ਸ਼ਾਨ ਹੈ ਪੰਛੀ,
ਕੁਦਰਤ ਦੇ ਇਹ ਮਾਨ ਹੈ ਪੰਛੀ |
ਰੰਗ-ਬਰੰਗੇ ਪੰਛੀ ਨੇ ਇਹ,
ਸਭ ਦਾ ਮਨ ਪ੍ਰਚਾਉਂਦੇ ਨੇ ਇਹ |
ਪੰਛੀ ਨਿਆਰੇ, ਪੰਛੀ ਨਿਆਰੇ,
ਸਾਨੂੰ ਲਗਦੇ ਬਹੁਤ ਪਿਆਰੇ |

-ਸਤਵਿੰਦਰ ਕੌਰ,
10ਵੀਂ-ਏ, ਸਟਾਰ ਪਬਲਿਕ ਸਕੂਲ, ਮੁਕੇਰੀਆਂ |


ਬਾਲ ਕਹਾਣੀ: ਹੰਕਾਰੀ ਹਾਥੀ

ਬੱਚਿਓ! ਇਕ ਜੰਗਲ ਦੇ ਨੇੜੇ ਇਕ ਛੋਟਾ ਜਿਹਾ ਪਿੰਡ ਸੀ | ਉਸ ਪਿੰਡ ਦੇ ਲੋਕ ਬੜੇ ਮਿਹਨਤੀ ਸਨ | ਉਨ੍ਹਾਂ ਦਾ ਮੱੁਖ ਧੰਦਾ ਖੇਤੀਬਾੜੀ ਸੀ | ਉਨ੍ਹਾਂ 'ਚ ਰਾਮੂ ਅਤੇ ਉਸ ਦੀ ਪਤਨੀ ਇਕ ਛੋਟੇ ਜਿਹੇ ਮਕਾਨ 'ਚ ਰਹਿੰਦੇ ਸਨ | ਉਨ੍ਹਾਂ ਦਾ ਇਕ ਪੱੁਤਰ ਸੀ, ਜੋ ਕਿ ਛੇਵੀਂ ਕਲਾਸ ਦਾ ਵਿਦਿਆਰਥੀ ਸੀ | ਉਹ ਬਹੁਤ ਹੁਸ਼ਿਆਰ ਅਤੇ ਬਹੁਤ ਚੁਸਤ ਸੀ | ਉਸ ਦਾ ਨਾਂਅ ਮੋਹਨ ਸੀ | ਰਾਮੂ ਤੇ ਉਸ ਦੀ ਪਤਨੀ ਜਦੋਂ ਖੇਤਾਂ 'ਚ ਕੰਮ ਕਰਦੇ ਤਾਂ ਛੱੁਟੀ ਵਾਲੇ ਦਿਨ ਉਨ੍ਹਾਂ ਦਾ ਪੱੁਤਰ ਮੋਹਨ ਵੀ ਕੰਮ 'ਚ ਉਨ੍ਹਾਂ ਦੀ ਮਦਦ ਕਰਦਾ | ਜੰਗਲ 'ਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਸਨ | ਸਾਰੇ ਜਾਨਵਰ ਆਪਸ ਵਿਚ ਮਿਲਜੁਲ ਕੇ ਰਹਿੰਦੇ ਸਨ ਪਰ ਉਨ੍ਹਾਂ 'ਚ ਇਕ ਐਸਾ ਹਾਥੀ ਵੀ ਸੀ, ਜਿਸ ਨੂੰ ਆਪਣੇ-ਆਪ 'ਤੇ ਬਹੁਤ ਘੁਮੰਡ ਸੀ | ਉਹ ਸਮਝਦਾ ਸੀ ਕਿ ਮੈਂ ਸਾਰੇ ਜਾਨਵਰਾਂ ਨਾਲੋਂ ਵੱਧ ਸ਼ਕਤੀਸ਼ਾਲੀ ਹਾਂ | ਇਹ ਹਾਥੀ ਕਈ ਵਾਰ ਜੰਗਲ ਵਿਚੋਂ ਬਾਹਰ ਨਿਕਲ ਕੇ ਖੇਤਾਂ 'ਚ ਆ ਜਾਂਦਾ ਤੇ ਫਸਲਾਂ ਦਾ ਭਾਰੀ ਨੁਕਸਾਨ ਕਰਕੇ ਸ਼ੋਰ ਮਚਾ ਕੇ ਦੌੜ ਜਾਂਦਾ | ਸਾਰੇ ਪਿੰਡ ਦੇ ਲੋਕ ਇਸ ਹਾਥੀ ਤੋਂ ਪ੍ਰੇਸ਼ਾਨ ਰਹਿੰਦੇ ਸਨ | ਇਕ ਦਿਨ ਰਾਮੂ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਹੀ ਹਾਥੀ ਜੰਗਲ ਵਿਚੋਂ ਭੱਜ ਕੇ ਉਥੇ ਆ ਗਿਆ | ਰਾਮੂ ਨੇ ਦੂਰੋਂ ਹਾਥੀ ਆਉਂਦਾ ਦੇਖ ਕੇ ਸ਼ੋਰ ਮਚਾ ਦਿੱਤਾ |
ਉਸ ਦਾ ਸ਼ੋਰ ਸੁਣ ਕੇ ਬਾਕੀ ਖੇਤਾਂ 'ਚ ਕੰਮ ਕਰਦੇ ਲੋਕ ਉਸ ਹਾਥੀ ਨੂੰ ਭਜਾਉਣ ਲਈ ਇਕੱਠੇ ਹੋ ਗਏ | ਉਨ੍ਹਾਂ ਨੇ ਪੀਪੇ ਤੇ ਢੋਲ ਵਜਾ ਕੇ ਹਾਥੀ ਨੂੰ ਭਜਾਉਣਾ ਚਾਹਿਆ ਪਰ ਹਾਥੀ ਬਹੁਤ ਹੰਕਾਰੀ ਸੀ | ਉਹ ਉਨ੍ਹਾਂ ਦੇ ਢੋਲ-ਪੀਪੇ ਤੋਂ ਕਦੋਂ ਡਰਦਾ ਸੀ? ਹਾਥੀ ਨੇ ਰਾਮੂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਤੇ ਜੰਗਲ ਵਿਚ ਭੱਜ ਗਿਆ | ਲੋਕ ਉਸ ਤੋਂ ਡਰਦੇ ਮਾਰੇ ਉਸ ਦੇ ਕੋਲ ਨਹੀਂ ਜਾਂਦੇ ਸਨ | ਰਾਮੂ ਨੇ ਘਰ ਜਾ ਕੇ ਆਪਣੀ ਪਤਨੀ ਅਤੇ ਆਪਣੇ ਪੱੁਤਰ ਰਾਮੂ ਨੂੰ ਹੋਏ ਨੁਕਸਾਨ ਬਾਰੇ ਦੱਸਿਆ | ਮੋਹਨ ਨੇ ਆਪਣੇ ਪਿਤਾ ਜੀ ਨੂੰ ਸਲਾਹ ਦਿੱਤੀ ਕਿ ਸਾਨੂੰ ਚੱੁਪ ਕਰਕੇ ਨਹੀਂ ਬੈਠਣਾ ਚਾਹੀਦਾ, ਸਗੋਂ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕੁਝ ਕਰਨਾ ਚਾਹੀਦਾ ਹੈ |
ਪਿੰਡ ਦੇ ਲੋਕਾਂ ਨੇ ਮਿਲ ਕੇ ਹਾਥੀ ਦੇ ਰਾਹ ਵਿਚ ਇਕ ਟੋਆ ਪੱੁਟ ਦਿੱਤਾ ਤੇ ਸਕੀਮ ਮੁਤਾਬਿਕ ਉਸ ਨੂੰ ਉੱਪਰੋਂ ਢਕ ਦਿੱਤਾ | ਸਾਰੇ ਲੋਕ ਹੁਣ ਲੁਕ ਕੇ ਹਾਥੀ ਦੀ ਉਡੀਕ ਕਰਨ ਲੱਗੇ | ਉਸ ਦਿਨ ਉਸ ਹਾਥੀ ਦੀ ਬਜਾਏ ਹਾਥੀ ਦਾ ਇਕ ਬੱਚਾ ਅਚਾਨਕ ਰਸਤਾ ਭੱੁਲ ਕੇ ਇਧਰ ਆ ਗਿਆ | ਜਦੋਂ ਉਹ ਟੋਏ ਉੱਪਰੋਂ ਲੰਘਿਆ ਤਾਂ ਉਸ 'ਚ ਡਿਗ ਪਿਆ | ਹਾਥੀ ਦੇ ਬੱਚੇ ਨੇ ਉਸ ਟੋਏ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਟੋਏ 'ਚੋਂ ਨਿਕਲਣ 'ਚ ਕਾਮਯਾਬ ਨਾ ਹੋ ਸਕਿਆ | ਉਸ ਨੇ ਘਬਰਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਉਸ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਤਾ ਹਥਣੀ ਉਥੇ ਆ ਗਈ | ਉਸ ਨੇ ਵੀ ਆਪਣੇ ਬੱਚੇ ਨੂੰ ਟੋਏ 'ਚੋਂ ਬਾਹਰ ਕੱਢਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੀ | ਇਹ ਸਭ ਕੁਝ ਦੇਖ ਕੇ ਮੋਹਨ ਨੇ ਕਿਹਾ ਕਿ ਸਾਨੂੰ ਇਸ ਹਥਣੀ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਦੇ ਬੱਚੇ ਨੂੰ ਕਿਸੇ ਤਰ੍ਹਾਂ ਟੋਏ 'ਚੋਂ ਬਾਹਰ ਸਹੀ-ਸਲਾਮਤ ਕੱਢਣਾ ਚਾਹੀਦਾ ਹੈ |
ਮੋਹਨ ਦੇ ਕਹੇ 'ਤੇ ਸਾਰੇ ਲੋਕਾਂ ਨੇ ਮਿਲ ਕੇ ਕੁਝ ਰੱਸੇ ਲਏ ਤੇ ਹਥਣੀ ਦੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ | ਉਨ੍ਹਾਂ ਨੇ ਰੱਸੇ ਪਾ ਕੇ ਹਥਣੀ ਦੇ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ | ਹਥਣੀ ਆਪਣੇ ਬੱਚੇ ਨੂੰ ਸਹੀ-ਸਲਾਮਤ ਬਾਹਰ ਦੇਖ ਕੇ ਉਸ ਨੂੰ ਪਿਆਰ ਕਰਨ ਲੱਗ ਪਈ | ਹਥਣੀ ਨੇ ਸੁੰਡ ਉੱਪਰ ਚੱੁਕ ਕੇ ਸਭ ਲੋਕਾਂ ਦਾ ਧੰਨਵਾਦ ਕੀਤਾ | ਏਨੇ ਨੂੰ ਉਹੀ ਹੰਕਾਰੀ ਹਾਥੀ ਖੌਰੂ ਪਾਉਂਦਾ ਹੋਇਆ ਜੰਗਲ 'ਚੋਂ ਭੱਜ ਕੇ ਖੇਤਾਂ ਵੱਲ ਆ ਰਿਹਾ ਸੀ | ਹਥਣੀ ਨੇ ਇਹ ਸਭ ਦੇਖ ਕੇ ਹੰਕਾਰੀ ਹਾਥੀ ਦਾ ਡਟ ਕੇ ਵਿਰੋਧ ਕੀਤਾ | ਉਸ ਨਾਲ ਲੜਾਈ ਕੀਤੀ ਤੇ ਉਸ ਨੂੰ ਏਨਾ ਮਾਰਿਆ ਕਿ ਹਾਥੀ ਆਪਣੀ ਜਾਨ ਬਚਾ ਕੇ ਉਥੋਂ ਜੰਗਲ ਵੱਲ ਭੱਜ ਗਿਆ | ਇਸ ਤੋਂ ਬਾਅਦ ਮੁੜ ਕੇ ਉਹ ਹੰਕਾਰੀ ਹਾਥੀ ਖੇਤਾਂ ਵੱਲ ਨਹੀਂ ਆਇਆ | ਹਥਣੀ ਨੇ ਲੋਕਾਂ ਨੂੰ ਉਸ ਹੰਕਾਰੀ ਹਾਥੀ ਤੋਂ ਛੁਟਕਾਰਾ ਦੁਆ ਦਿੱਤਾ |
ਸਿੱਖਿਆ : ਬੱਚਿਓ! ਸਾਨੂੰ ਕੁਦਰਤ ਵਲੋਂ ਦਿੱਤੀ ਸ਼ਕਤੀ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ |

-ਫਿਲੌਰ | ਮੋਬਾ: 89689-60986

ਡਾਕਟਰ ਸਫ਼ੈਦ ਕੋਟ ਕਿਉਂ ਪਾਉਂਦੇ ਹਨ?

ਪਿਆਰੇ ਬੱਚਿਓ, ਬਿਮਾਰ ਹੋਣ 'ਤੇ ਅਕਸਰ ਸਾਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ | ਡਾਕਟਰੀ ਮਦਦ ਨਾਲ ਅਸੀਂ ਦੁਬਾਰਾ ਤੰਦਰੁਸਤ ਹੋ ਜਾਂਦੇ ਹਾਂ ਪਰ ਤੁਸੀਂ ਕਦੇ ਸੋਚਿਆ ਹੈ ਕਿ ਦਵਾਈ ਦੇਣ ਵਾਲੇ ਡਾਕਟਰ ਸਫੈਦ ਰੰਗ ਦਾ ਕੋਟ ਕਿਉਂ ਪਾਉਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਸਫੈਦ ਰੰਗ ਸਵੱਛਤਾ ਦਾ ਪ੍ਰਤੀਕ ਹੁੰਦਾ ਹੈ | ਇਸ ਤੋਂ ਇਲਾਵਾ ਇਹ ਰੰਗ ਇਮਾਨਦਾਰੀ ਅਤੇ ਪਵਿੱਤਰਤਾ ਦੀ ਪ੍ਰਤੀਨਿਧਤਾ ਵੀ ਕਰਦਾ ਹੈ | ਡਾਕਟਰ ਦਾ ਕੰਮ ਆਪਣੇ ਮਰੀਜ਼ ਦਾ ਇਲਾਜ ਕਰਨਾ ਅਤੇ ਉਨ੍ਹਾਂ ਦੇ ਸਰੀਰ ਨੂੰ ਤੰਦਰੁਸਤ ਕਰਕੇ ਸ਼ਾਂਤੀ ਅਤੇ ਸਕੂਨ ਪ੍ਰਦਾਨ ਕਰਨਾ ਹੈ ਅਤੇ ਸਫੈਦ ਰੰਗ ਦੇ ਕੋਟ ਸ਼ਾਂਤੀ ਅਤੇ ਸਕੂਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਸਫੈਦ ਕੋਟ ਪਹਿਨਣ ਦੀ ਸ਼ੁਰੂਆਤ ਵੀਹਵੀਂ ਸਦੀ ਵਿਚ ਸ਼ੁਰੂ ਕੀਤੀ ਗਈ ਸੀ | ਉਦੋਂ ਤੋਂ ਹੀ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਇਸ ਦੀ ਵਰਤੋਂ ਕਰਦੇ ਆ ਰਹੇ ਹਨ |

-ਮਲੌਦ (ਲੁਧਿਆਣਾ) |

ਬੁਝਾਰਤਾਂ

1. ਮਿੱਟੀ ਦੇ ਟੱੁਟੇ ਭਾਂਡੇ ਨੂੰ ਠੀਕਰਾ ਕਹਿੰਦੇ ਹਨ | ਹੋਰ ਠੀਕਰਾ ਕਿਸ ਨੂੰ ਕਿਹਾ ਜਾਂਦਾ ਹੈ?
2. ਕੁਰਸੀ 'ਤੇ ਢੋਅ ਲਾ ਕੇ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਹੈ | ਹੋਰ ਕਿਸ ਨੂੰ ਢੋਅ ਕਹਿੰਦੇ ਹਨ?
3. ਇਕ ਤਵੇ 'ਤੇ ਰੋਟੀਆਂ ਪਕਾਈਆਂ ਜਾਂਦੀਆਂ ਹਨ | ਦੂਜਾ ਤਵਾ ਕਿਹੜਾ ਹੁੰਦਾ ਹੈ?
4. ਮੱਝ ਬਹੁਤ ਤਿਹਾਈ (ਪਿਆਸੀ) ਸੀ, ਬਹੁਤ ਪਾਣੀ ਪੀ ਗਈ | ਹੋਰ ਵੀ ਕੋਈ ਤਿਹਾਈ ਹੁੰਦੀ ਹੈ?
5. ਸੰਨ 1957 ਤੋਂ ਪਹਿਲਾਂ ਦੱੁਕੀ ਤੇ ਤਿੱਕੀ ਦੇ ਸਿੱਕੇ (ਪੈਸੇ) ਚਲਦੇ ਸਨ | ਤਿੱਕੀ ਹੋਰ ਕਿਹੜੀ ਹੁੰਦੀ ਹੈ?
6. ਉਹ ਕਿਹੜਾ ਚੋਗਾ ਹੈ, ਜੋ ਚੁਗਿਆ ਨਹੀਂ ਜਾ ਸਕਦਾ?
7. ਭਿੰਦੇ ਕਾ ਫੌਜੀ ਨਾਵਾਂ (ਨਾਉਂ) ਕਟਾ ਕੇ ਘਰ ਆ ਗਿਆ | ਕੀ ਹੋਰ ਕਿਸੇ ਨੂੰ ਵੀ ਨਾਵਾਂ ਕਿਹਾ ਜਾਂਦਾ ਹੈ?
8. ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ ਤੇ ਸਿੱਕਾ ਮਿਲਾ ਕੇ ਬਣੀ ਧਾਤ ਨੂੰ ਕੀ ਕਹਿੰਦੇ ਹਨ?
9. ਗੱਡੀ ਵਿਚ ਕਈ ਸਲੀਪਰ (ਸੌਣ ਵਾਲੇ) ਡੱਬੇ ਹੁੰਦੇ ਹਨ | ਹੋਰ ਸਲੀਪਰ ਕੀ ਹੁੰਦਾ ਹੈ?
10. ਪੰਨਾ ਕਾਗਜ਼ ਦੇ ਸਫੇ ਨੂੰ ਕਹਿੰਦੇ ਹਨ | ਹੋਰ ਪੰਨਾ ਕਿਹੜਾ ਹੁੰਦਾ ਹੈ?
ਉੱਤਰ : (1) ਰੁਪਏ ਦੇ ਸਿੱਕੇ ਨੂੰ , (2) ਸੰਜੋਗ, ਮੌਕਾ ਮੇਲ, (3) ਗੀਤਾਂ ਵਾਲਾ ਤਵਾ ਜੋ ਮਸ਼ੀਨ 'ਤੇ ਚਲਦਾ, (4) ਕਿਸੇ ਚੀਜ਼ ਦਾ ਤੀਜਾ ਹਿੱਸਾ, (5) ਤਾਸ਼ ਦਾ ਪੱਤਾ, (6) ਇਕ ਲੰਬਾ ਸੀਤਿਆ ਕੁੜਤਾ, (7) ਪੈਸਾ ਧੇਲਾ, ਧਨ, (8) ਅਸ਼ਟਧਾਤ, (9) ਔਰਤਾਂ ਲਈ ਬਣੀ ਜੱੁਤੀ, (10) ਇਕ ਕੀਮਤੀ ਪੱਥਰ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਲੁਧਿਆਣਾ-142027. ਮੋਬਾ: 94636-00252

ਬਾਲ ਨਾਵਲ-89 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਅੰਦਰ ਆ ਜਾਓ', ਹਰੀਸ਼ ਨੇ ਕਿਹਾ |
ਇਕ ਨੌਜਵਾਨ ਲੜਕਾ, ਜਿਸ ਦੀ ਉਮਰ ਤਕਰੀਬਨ ਹਰੀਸ਼ ਜਿੰਨੀ ਹੋਵੇਗੀ, ਅੰਦਰ ਆਇਆ | ਉਹ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ, 'ਡਾਕਟਰ ਸਾਹਿਬ, ਮੇਰੀ ਮਾਂ ਨੂੰ ਬਚਾ ਲਵੋ | ਇਸ ਦੀ ਪਿਛਲੇ ਕੁਝ ਸਮੇਂ ਤੋਂ ਸਿਹਤ ਇਕਦਮ ਖਰਾਬ ਹੋ ਗਈ ਐ | ਅੰਮਿ੍ਤਸਰ ਕਈ ਡਾਕਟਰਾਂ ਨੂੰ ਦਿਖਾਇਆ ਸੀ ਪਰ ਇਨ੍ਹਾਂ ਨੂੰ ਕੁਝ ਫਰਕ ਨਹੀਂ ਪਿਆ | ਉਥੋਂ ਹਸਪਤਾਲ ਦੇ ਹੀ ਇਕ ਡਾਕਟਰ ਨੇ ਤੁਹਾਡੇ ਕੋਲ ਆਉਣ ਦੀ ਸਲਾਹ ਦਿੱਤੀ | ਸੋ, ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਕੇ ਆਇਆ ਹਾਂ... |'
ਅੰਮਿ੍ਤਸਰ ਦਾ ਨਾਂਅ ਸੁਣਦੇ ਹੀ ਹਰੀਸ਼ ਚੌਾਕਿਆ ਅਤੇ ਉਸ ਲੜਕੇ ਦੇ ਮੰੂਹ ਵੱਲ ਦੇਖਣ ਲੱਗਾ | ਉਸ ਨੂੰ ਲੜਕੇ ਦੇ ਨਕਸ਼ ਵੀ ਜਾਣੇ-ਪਛਾਣੇ ਲੱਗ ਰਹੇ ਸਨ |
ਲੜਕਾ ਕਹਿ ਰਿਹਾ ਸੀ, 'ਇਕ ਹੋਰ ਬੇਨਤੀ ਕਰਦੀ ਸੀ, ਅਸੀਂ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਕਰ ਸਕਦੇ | ਤੁਸੀਂ ਆਈ.ਸੀ.ਯੂ. ਤੋਂ ਬਾਅਦ ਮੰਮੀ ਜੀ ਨੂੰ ਕਮਰੇ ਦੀ ਬਜਾਏ ਜੇ ਤੁਹਾਡੇ ਕੋਈ ਵਾਰਡ ਹੋਵੇ ਤਾਂ ਉਥੇ ਭੇਜ ਦੇਣਾ, ਕਿਉਂਕਿ... |' ਹਰੀਸ਼ ਉਸ ਲੜਕੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਪਿਆ, 'ਤੰੂ ਫਿਕਰ ਨਾ ਕਰ, ਮੈਂ ਤੇਰੇ ਮੰਮੀ ਜੀ ਦਾ ਪੂਰਾ ਧਿਆਨ ਰੱਖਾਂਗਾ |'
ਲੜਕਾ ਉਸ ਦਾ ਧੰਨਵਾਦ ਕਰਕੇ ਚਲਾ ਗਿਆ ਪਰ ਹਰੀਸ਼ ਉਸ ਲੜਕੇ ਅਤੇ ਉਸ ਦੇ ਮੰਮੀ ਜੀ ਬਾਰੇ ਆਪਣੀ ਯਾਦਦਾਸ਼ਤ ਉੱਪਰ ਪੂਰਾ ਜ਼ੋਰ ਪਾ ਕੇ ਸੋਚਣ ਲੱਗਾ | ਕੁਝ ਦੇਰ ਸੋਚਣ ਤੋਂ ਬਾਅਦ ਉਸ ਦੇ ਦਿਮਾਗ ਵਿਚ ਬਿਮਾਰ ਔਰਤ ਅਤੇ ਉਸ ਦੇ ਲੜਕੇ ਦੇ ਨਕਸ਼ ਉੱਭਰਨ ਲੱਗੇ | ਦੋ-ਚਾਰ ਮਿੰਟਾਂ ਵਿਚ ਹੀ ਉਹ ਨਕਸ਼ ਉਘੜਨੇ ਸ਼ੁਰੂ ਹੋ ਗਏ | ਉਹ ਇਕੋ ਝਟਕੇ ਨਾਲ ਕੁਰਸੀ ਤੋਂ ਉੱਠਿਆ ਅਤੇ ਆਪਣੇ ਕਮਰੇ 'ਚੋਂ ਬਾਹਰ ਨਿਕਲ ਗਿਆ |
ਕਮਰੇ 'ਚੋਂ ਨਿਕਲ ਕੇ ਉਹ ਸਿੱਧਾ ਰਿਸੈਪਸ਼ਨ ਦੇ ਪਿੱਛੇ ਬਣੇ ਦਫ਼ਤਰ ਵਿਚ ਗਿਆ, ਜਿਥੇ ਕੰਪਿਊਟਰ ਵਿਚ ਸਾਰੇ ਮਰੀਜ਼ਾਂ ਦਾ ਰਿਕਾਰਡ ਅਤੇ ਹਿਸਾਬ-ਕਿਤਾਬ ਫੀਡ ਹੋਇਆ ਹੁੰਦਾ ਹੈ | ਉਥੋਂ ਉਸ ਨੇ ਮਾਤਾ ਜੀ ਦਾ ਨਾਂਅ, ਐਡਰੈੱਸ ਅਤੇ ਅਡਵਾਂਸ ਜਮ੍ਹਾਂ ਹੋਏ ਪੈਸਿਆਂ ਦਾ ਪਿੰ੍ਰਟ ਕਢਵਾਇਆ | ਉਸ ਨੇ ਜਦੋਂ ਐਡਰੈੱਸ ਪੜਿ੍ਹਆ ਤਾਂ ਉਸ ਨੂੰ ਸਾਰਾ ਕੁਝ ਯਾਦ ਆ ਗਿਆ | ਕਮਰੇ ਵਿਚ ਬੈਠਿਆਂ, ਜਿਹੜਾ ਉਸ ਦੇ ਦਿਮਾਗ ਵਿਚ ਨਕਸ਼ ਉੱਘੜ ਕੇ ਸਾਹਮਣੇ ਆਏ ਸਨ, ਉਹ ਉਹੋ ਹੀ ਸਨ | ਉਸ ਨੇ ਉਹ ਕਾਗਜ਼ ਤਹਿ ਕਰਕੇ ਆਪਣੀ ਜੇਬ ਵਿਚ ਪਾਇਆ ਅਤੇ ਆਈ.ਸੀ.ਯੂ. ਵੱਲ ਤੁਰ ਪਿਆ |
ਆਈ.ਸੀ.ਯੂ. ਵਿਚ ਪਹੁੰਚ ਕੇ ਉਸ ਨੇ ਆਪਣੇ ਮਰੀਜ਼ ਦਾ ਦੁਬਾਰਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਇਕ ਨਵਾਂ ਟੀਕਾ ਲਿਖਦਿਆਂ ਛੋਟੇ ਡਾਕਟਰ ਅਤੇ ਨਰਸਾਂ ਨੂੰ ਕਿਹਾ, 'ਇਸ ਮਰੀਜ਼ ਦੀ ਕਿਸੇ ਵੀ ਦਵਾਈ ਲਈ ਇਸ ਦੇ ਲੜਕੇ ਨੂੰ ਨਹੀਂ ਕਹਿਣਾ, ਸਗੋਂ ਸਟੋਰ ਤੋਂ ਸਾਰੀਆਂ ਦਵਾਈਆਂ ਮੇਰੇ ਹਿਸਾਬ ਵਿਚ ਆਪ ਲਿਆਉਣੀਆਂ ਹਨ | ਇਹ ਇੰਜੈਕਸ਼ਨ ਹੁਣੇ ਹੀ ਲਿਆ ਕੇ ਲਗਾਓ | ਮੈਂ ਓਨੀ ਦੇਰ ਐਥੇ ਮਰੀਜ਼ ਦੇ ਕੋਲ ਹੀ ਹਾਂ |' ਇਹ ਕਹਿ ਕੇ ਹਰੀਸ਼ ਮਰੀਜ਼ ਦੇ ਕੋਲ ਜਾ ਕੇ ਖਲੋ ਗਿਆ | ਉਹ ਮਰੀਜ਼ ਦੇ ਚਿਹਰੇ ਨੂੰ ਦੇਖਦਾ ਹੋਇਆ ਕਿਸੇ ਅਤੀਤ ਵਿਚ ਗਵਾਚ ਗਿਆ ਲਗਦਾ ਸੀ |
ਸਾਰਾ ਸਟਾਫ ਡਾ: ਹਰੀਸ਼ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਡਾਕਟਰ ਸਾਹਿਬ, ਇਸ ਮਰੀਜ਼ ਪ੍ਰਤੀ ਐਨੇ ਭਾਵੁਕ ਕਿਉਂ ਹੋ ਰਹੇ ਹੋ?
ਐਨੀ ਦੇਰ ਵਿਚ ਨਰਸ ਟੀਕਾ ਲੈ ਕੇ ਆਈ | ਹਰੀਸ਼ ਨੇ ਕੋਲ ਖਲੋ ਕੇ ਟੀਕਾ ਲਗਵਾਇਆ | ਉਸ ਤੋਂ ਬਾਅਦ ਉਹ ਮਰੀਜ਼ ਦੇ ਮੱਥੇ 'ਤੇ ਹੱਥ ਰੱਖਦਾ ਹੋਇਆ ਬੋਲਿਆ, 'ਮਾਤਾ ਜੀ, ਤੁਸੀਂ ਬਿਲਕੁਲ ਠੀਕ ਥਾਂ 'ਤੇ ਆ ਗਏ ਹੋ, ਹੁਣ ਤੁਸੀਂ ਕੁਝ ਦਿਨਾਂ ਵਿਚ ਹੀ ਤੰਦਰੁਸਤ ਹੋ ਜਾਓਗੇ |'
ਮਾਤਾ ਜੀ ਦੇ ਬੱੁਲ੍ਹ ਫਰਕੇ, ਉਹ ਸ਼ਾਇਦ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ | ਉਨ੍ਹਾਂ ਨੇ ਕੀ ਕਿਹਾ, ਇਸ ਦਾ ਕਿਸੇ ਨੂੰ ਕੁਝ ਪਤਾ ਨਾ ਲੱਗ ਸਕਿਆ |
ਆਪਣੀ ਤਸੱਲੀ ਤੋਂ ਬਾਅਦ ਹਰੀਸ਼ ਆਈ.ਸੀ.ਯੂ. ਤੋਂ ਬਾਹਰ ਆਇਆ ਤਾਂ ਅੱਗੇ ਮਾਤਾ ਜੀ ਦਾ ਬੇਟਾ ਖੜ੍ਹਾ ਸੀ | ਉਹ ਦੋਵੇਂ ਹੱਥ ਜੋੜ ਕੇ ਆਪਣੀ ਮੰਮੀ ਦਾ ਹਾਲ ਪੱੁਛਣ ਲੱਗਾ | ਹਰੀਸ਼ ਨੇ ਬੜੀ ਅਪਣੱਤ ਨਾਲ ਉਸ ਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ, 'ਉਮੀਦ ਹੈ, ਮੰਮੀ ਜੀ ਨੂੰ ਰਾਤ ਤੱਕ ਕਾਫੀ ਫਰਕ ਪੈ ਜਾਵੇਗਾ | ਉਨ੍ਹਾਂ ਨੂੰ ਹੁਣੇ ਇਕ ਇੰਜੈਕਸ਼ਨ ਦੇ ਕੇ ਆ ਰਿਹਾਂ |'
'ਤੁਹਾਡੀ ਬੜੀ ਮਿਹਰਬਾਨੀ, ਡਾਕਟਰ ਸਾਹਿਬ', ਉਹ ਫਿਰ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ |
ਹਰੀਸ਼ ਨੇ ਉਸ ਨੂੰ ਪੱੁਛਿਆ, 'ਤੇਰਾ ਨਾਂਅ ਕੀ ਏ?'
'ਮੇਰਾ ਨਾਂਅ ਮਨਜੀਤ ਏ ਜੀ |'
'ਮਨਜੀਤ, ਮੇਰੀਆਂ ਦੋ ਗੱਲਾਂ ਧਿਆਨ ਨਾਲ ਸੁਣੀਂ | ਪਹਿਲੀ ਤਾਂ ਇਹ ਕਿ ਤੰੂ ਮਾਤਾ ਜੀ ਵਲੋਂ ਬੇਫਿਕਰ ਹੋ ਜਾ | ਉਹ ਤੇਰੇ ਹੀ ਨਹੀਂ, ਮੇਰੇ ਵੀ ਮਾਤਾ ਜੀ ਹਨ | ਮੈਨੂੰ ਪੂਰੀ ਉਮੀਦ ਹੈ ਕਿ ਉਹ ਬੜੀ ਜਲਦੀ ਤੰਦਰੁਸਤ ਹੋ ਜਾਣਗੇ |' (ਚਲਦਾ)

-ਮੋਬਾ: 98889-24664

ਬੁਝਾਰਤ-26

ਹਰ ਜੀਵ ਨੂੰ ਜੱਗ ਦਿਖਾਵੇ,
ਪਰ ਨਾ ਕਦੇ ਅਹਿਸਾਨ ਜਿਤਾਵੇ |
ਰੱਬ ਦੇ ਵਾਂਗੰੂ ਪੂਜਣਯੋਗ,
ਆਖਰ ਤੱਕ ਦੇਵੇ ਸਹਿਯੋਗ |
ਭਾਵੇਂ ਰਾਜਾ, ਭਾਵੇਂ ਪਰਜਾ,
ਕੋਈ ਮੋੜ ਨ੍ਹੀਂ ਕਰਦਾ ਕਰਜ਼ਾ |
ਕਿੱਡਾ ਕੋਈ ਲੇਖਕ ਕਹਾਵੇ,
ਉਹਦੀ ਸਿਫ਼ਤ ਲਿਖੀ ਨਾ ਜਾਵੇ |
ਥੋਨੂੰ ਵੀ ਰੱਬ ਦਿੱਤੀ ਸੌਗਾਤ,
ਬੱੁਝੋ ਬੱਚਿਓ ਮੇਰੀ ਇਹ ਬਾਤ |
ਇਹ ਬੁਝਾਰਤ ਬਹੁਤ ਅਸਾਨ,
ਅਸੀਂ ਗਏ ਹਾਂ ਉੱਤਰ ਜਾਣ |
—f—
ਸਭ ਬੱਚਿਆਂ ਨੇ ਕਰਤੀ ਹਾਂ,
ਇਹ ਹੈ ਸਾਡੀ ਪਿਆਰੀ 'ਮਾਂ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਬਾਲ-ਭਾਵਨਾਵਾਂ ਦਾ ਗੁਲਦਸਤਾ 'ਤਾਰੇ ਕਰਨ ਇਸ਼ਾਰੇ'
ਸੰਪਰਕ : 95018-77033

ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕੁਲਰੀਆਂ ਜ਼ਿਲ੍ਹਾ ਮਾਨਸਾ ਦੇ ਸਿਰਜਣਸ਼ੀਲ ਵਿਦਿਆਰਥੀਆਂ ਦੀਆਂ ਬਹੁਭਾਂਤੀ ਲਿਖਤਾਂ ਅਤੇ ਚਿੱਤਰਾਂ ਨੂੰ ਪੁਸਤਕ 'ਤਾਰੇ ਕਰਨ ਇਸ਼ਾਰੇ' ਵਿਚ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਦੀ ਵਿਦਿਆਰਥਣ ਸੰਪਾਦਕ ਨੇਹਾ ਕੁਮਾਰੀ (ਜਮਾਤ ਗਿਆਰ੍ਹਵੀਂ) ਹੈ ਅਤੇ ਇਸ ਨੂੰ ਸਾਂਝੇ ਤੌਰ 'ਤੇ ਜਗਦੀਸ਼ ਰਾਏ ਕੁਲਰੀਆਂ ਅਤੇ ਕੇਵਲ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਨੂੰ ਕਵਿਤਾਵਾਂ, ਕਹਾਣੀਆਂ, ਲੇਖਾਂ, ਪੁਸਤਕ ਪੜਚੋਲ ਅਤੇ ਸਫ਼ਰਨਾਮਾ ਆਦਿ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ ਹੈ | ਇਨ੍ਹਾਂ ਰਚਨਾਵਾਂ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੰਨ-ਸੁਵੰਨੇ ਰਿਸ਼ਤੇ-ਨਾਤਿਆਂ, ਰੁੱਖਾਂ, ਵੇਲ-ਬੂਟਿਆਂ, ਫ਼ਲਾਂ-ਫੁੱਲਾਂ, ਦੇਸ਼-ਭਗਤੀ, ਸੰਘਰਸ਼, ਪੁਸਤਕਾਂ, ਸਫ਼ਾਈ, ਲਾਇਬ੍ਰੇਰੀ, ਸਮੇਂ ਅਤੇ ਵਾਤਾਵਰਨ ਦਾ ਮਹੱਤਵ ਦਰਸਾਉਣ ਦੇ ਨਾਲ-ਨਾਲ ਗਰਮੀ-ਸਰਦੀ, ਸ਼ੁੱਭ ਅਵਸਰਾਂ ਅਤੇ ਜੀਵਨ ਮੁੱਲਾਂ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਸੰਬੰਧੀ ਨਿੱਕੀਆਂ-ਨਿੱਕੀਆਂ ਰਚਨਾਵਾਂ ਲਿਖ ਕੇ ਆਪਣੇ ਕੋਮਲ ਉਦਗਾਰਾਂ ਨੂੰ ਪ੍ਰਗਟਾਇਆ ਹੈ | ਇਨ੍ਹਾਂ ਰਚਨਾਵਾਂ ਨੂੰ ਪੜ੍ਹਨ ਉਪਰੰਤ ਅਨੁਭਵ ਹੁੰਦਾ ਹੈ ਕਿ ਇਨ੍ਹਾਂ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਕੋਲ ਸਿਰਜਣਾ ਦੀ ਅਸੀਮ ਪੂੰਜੀ ਹੈ | ਜੇਕਰ ਹਰ ਵਿਦਿਆਰਥੀ ਨੂੰ ਅਜਿਹੇ ਖੁੱਲ੍ਹੇ-ਡੁੱਲ੍ਹੇ ਅਵਸਰ ਮਿਲ ਸਕਣ ਤਾਂ ਉਹ ਆਪਣੀ ਪ੍ਰਤਿਭਾ ਨੂੰ ਹੋਰ ਉਸਾਰੂ ਅਤੇ ਚੰਗੇਰੇ ਢੰਗ ਨਾਲ ਨਿਖਾਰ ਸਕਦੇ ਹਨ | ਚੰਗਾ ਹੁੰਦਾ ਜੇਕਰ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਦੀਆਂ ਰਚਨਾਵਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਜਾਂਦੀਆਂ | ਕੁੱਲ ਮਿਲਾ ਕੇ ਇਹ ਪੁਸਤਕ ਬਾਲ ਪਾਠਕਾਂ ਦੇ ਮਨਾਂ ਵਿਚ ਪੜ੍ਹਨ ਪ੍ਰਤੀ ਜਿਗਿਆਸਾ ਪੈਦਾ ਕਰਦੀ ਹੈ | ਇਸ ਪੁਸਤਕ ਦੀ ਕੀਮਤ 90 ਰੁਪਏ ਪ੍ਰਤੀ ਹੈ ਅਤੇ ਪੰਨੇ 75 ਹਨ | ਇਹ ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀ ਗਈ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਪ੍ਰਦੇਸੀ ਵੀਰਾ

ਤੇਰੇ ਬਿਨਾਂ ਦਿਲ ਨਹੀਂ ਲਗਦਾ,
ਆ ਜਾ ਮੇਰਿਆ ਵੀਰਾ |
ਦਿਨ ਵੀ ਵਰਿ੍ਹਆਂ ਵਰਗੇ ਲਗਦੇ,
ਤੰੂ ਕਦੋਂ ਆਵੇਂਗਾ ਵੀਰਾ |
ਤੇਰੇ ਬਾਝੋਂ ਘਰ ਦਾ ਵਿਹੜਾ,
ਹੋ ਗਿਆ ਸੁੰਨ-ਮ-ਸੁੰਨਾ |
ਮਾਂ ਵਿਚਾਰੀ ਰੋਂਦੀ ਰਹਿੰਦੀ,
ਤੇਰੀ ਯਾਦ 'ਚ ਲੰਘਾਵੇ ਵੇਲਾ |
ਵੀਰਾ ਤੰੂ ਜਦ ਘਰ ਸੀ ਹੁੰਦਾ,
ਖਿੜਦਾ ਚਾਰ-ਚੁਫ਼ੇਰਾ |
ਪੰਛੀ ਵੀ ਸ਼ਾਮੀ ਘਰ ਮੁੜ ਆਉਂਦੇ,
ਪਰ ਤੰੂ ਕਿਉਂ ਨਾ ਆਵੇ ਵੀਰਾ |

-ਰੀਤੂ ਨਾਗੀ,
ਮਹਾਂਵੀਰ ਇੰਸਟੀਚਿਊਟ, ਈਸ਼ਵਰ ਨਗਰ, ਨੇੜੇ ਸਰਕਾਰੀ ਟਿਊਬਵੈੱਲ, ਕਾਲਾ ਸੰਘਾ ਰੋਡ, ਜਲੰਧਰ |

ਚੁਟਕਲੇ

• ਪਤਨੀ (ਪਤੀ ਨੂੰ )-ਮੈਂ ਕਿਹਾ ਜੀ ਕਸ਼ਮੀਰ ਜਾਣ ਲਈ ਕਿਰਾਇਆ ਜਮ੍ਹਾਂ ਕਰ ਲਿਆ?
ਪਤੀ-ਹਾਂ ਕਰ ਲਿਆ |
ਪਤਨੀ-ਤਾਂ ਫੇਰ ਆਪਾਂ ਕਦੋਂ ਜਾਵਾਂਗੇ ਕਸ਼ਮੀਰ?
ਪਤੀ-ਜਦ ਕਸ਼ਮੀਰ ਤੋਂ ਵਾਪਸ ਆਉਣ ਲਈ ਕਿਰਾਏ ਦੇ ਪੈਸੇ ਜਮ੍ਹਾਂ ਹੋ ਗਏ |
• ਇਕ ਸ਼ਰਾਬੀ ਨੂੰ ਨਸ਼ੇ ਵਿਚ ਧੁੱਤ ਦੇਖ ਕੇ ਸਿਪਾਹੀ ਫੜ ਕੇ ਥਾਣੇ ਲੈ ਗਿਆ ਤੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ | ਥਾਣੇਦਾਰ ਦੇ ਪੁੱਛਣ ਤੋਂ ਪਹਿਲਾਂ ਹੀ ਸ਼ਰਾਬੀ ਬੋਲਿਆ-
'ਮੈਨੂੰ ਇੱਥੇ ਕਿਉਂ ਲਿਆਂਦਾ ਐ?'
ਥਾਣੇਦਾਰ ਨੇ ਰੋਹਬ ਨਾਲ ਕਿਹਾ-'ਸ਼ਰਾਬ ਪੀਣ ਕਰਕੇ |'
ਸ਼ਰਾਬੀ ਫਟਾਫਟ ਕੁਰਸੀ 'ਤੇ ਬੈਠ ਗਿਆ ਤੇ ਬੋਲਿਆ, 'ਫਿਰ ਲਿਆਓ ਦੇਰ ਕਿਉਂ ਕਰਦੇ ਹੋ?'

-ਮਨਜੀਤ ਪਿਉਰੀ,
ਗਿੱਦੜਬਾਹਾ |

ਬਾਲ ਕਵਿਤਾ: ਸਰਦੀ

ਗਰਮੀ ਮੱੁਕੀ ਆ ਗਈ ਸਰਦੀ,
ਕੱਢ ਲਓ ਬੱਚਿਓ ਮੋਟੀ ਵਰਦੀ |
ਤੁਸੀਂ ਨਾ ਕੋਈ ਅਣਗਹਿਲੀ ਕਰਨੀ,
ਮਹਿੰਗੀ ਪੈ ਜਾਊ ਗ਼ਲਤੀ ਕਰਨੀ |
ਉੱਪਰੋਂ ਸਮਾਂ ਪੇਪਰਾਂ ਦਾ ਆਇਆ,
ਪਾਸ ਹੋਣ ਦਾ ਸੁਨੇਹਾ ਲਿਆਇਆ |
ਵਿਚ ਰਜਾਈ ਬਹਿ ਕੇ ਪੜਿ੍ਹਓ,
ਸਮਾਂ ਨਾ ਭੋਰਾ ਬਰਬਾਦ ਕਰਿਓ |
ਮੋਬਾਈਲ ਉੱਤੋਂ ਧਿਆਨ ਹਟਾ ਕੇ,
ਪੜਿ੍ਹਓ ਪੱੁਤਰੋ ਮਨ-ਚਿੱਤ ਲਾ ਕੇ |
ਪਹਿਰਾਵੇ ਦੇ ਨਾਲ ਬਦਲਿਓ ਖਾਣਾ,
ਗੌਰ ਨਾਲ ਕਰਿਓ ਆਉਣਾ-ਜਾਣਾ |
ਕਾਜੂ, ਬਦਾਮ, ਅਖਰੋਟ ਵੀ ਖਾਇਓ,
ਮੱਝ ਦੇ ਦੱੁਧ ਦਾ ਖੋਆ ਬਣਾਇਓ |
ਨਾ ਸਿਰ-ਪੈਰਾਂ ਤੋਂ ਰਹਿਣਾ ਨੰਗੇ,
ਥੋਡੀਆਂ ਦੁਆਵਾਂ ਹਰ ਕੋਈ ਮੰਗੇ |
'ਤਰਸੇਮ ਸਰ' ਦੀ ਹੈ ਅਰਦਾਸ,
ਸਰਦੀ ਵਿਚੋਂ ਹੋ ਜਾਓਾ ਪਾਸ |

-ਤਰਸੇਮ ਲੰਡੇ,
ਪਿੰਡ ਲੰਡੇ (ਮੋਗਾ) | ਮੋਬਾ: 99145-86784

ਅੱਗ-ਬੁਝਾਊ ਗੱਡੀਆਂ ਦਾ ਰੰਗ ਲਾਲ ਕਿਉਂ?

ਪਿਆਰੇ ਬੱਚਿਓ, ਅਕਸਰ ਤੁਸੀਂ ਸੜਕਾਂ ਉੱਤੇ ਲਾਲ ਰੰਗ ਦੀਆਂ ਗੱਡੀਆਂ ਨੂੰ ਤੇਜ਼ ਗਤੀ ਵਿਚ ਚਲਦੇ ਅਤੇ ਸਾਇਰਨ ਵਜਾਉਂਦੇ ਜ਼ਰੂਰ ਦੇਖਿਆ ਹੋਵੇਗਾ ਅਤੇ ਇਨ੍ਹਾਂ ਨੂੰ ਦੇਖ ਕੇ ਤੁਹਾਡੇ ਮਨ ਵਿਚ ਇਹ ਖਿਆਲ ਜ਼ਰੂਰ ਆਉਂਦਾ ਹੋਵੇਗਾ ਕਿ ਇਨ੍ਹਾਂ ਗੱਡੀਆਂ ਦਾ ਰੰਗ ਲਾਲ ਕਿਉਂ ਹੁੰਦਾ ਹੈ ਅਤੇ ਇਹ ਕਿਸ ਕੰਮ ਆਉਂਦੀਆਂ ਹਨ | ਇਸ ਪਿੱਛੇ ਵਿਗਿਆਨਕ ਕਾਰਨ ਇਹ ਹੈ ਕਿ ਲਾਲ ਰੰਗ ਹੋਰਾਂ ਰੰਗਾਂ ਦੇ ਮੁਕਾਬਲੇ ਅਸਾਨੀ ਨਾਲ ਅਤੇ ਵੱਖਰਾ ਦਿਖਾਈ ਦੇ ਦਿੰਦਾ ਹੈ | ਇਹ ਰੰਗ ਪੁਰਾਣੇ ਸਮੇਂ ਤੋਂ ਅੱਗ-ਬੁਝਾਊ ਗੱਡੀਆਂ ਵਲੋਂ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ | ਪੁਰਾਣੇ ਸਮੇਂ ਤੋਂ ਲਾਲ ਰੰਗ ਨੂੰ ਖ਼ਤਰੇ ਦਾ ਸੂਚਕ ਮੰਨਿਆ ਗਿਆ ਹੈ | ਸੰਨ 2004 ਵਿਚ ਫਲੋਰਿਡਾ ਹਾਈਵੇਅ ਪੈਟਰੋਲ ਦੇ ਜੇਮਸ ਡੀ ਵੇਲਸ ਨੇ ਇਕ ਰਿਪੋਰਟ ਵਿਚ ਇਹ ਦੱਸਿਆ ਕਿ ਸੰਕਟਮਈ ਸਥਿਤੀ ਵਿਚ ਵਰਤੇ ਜਾਣ ਵਾਲੇ ਵਾਹਨ ਦਾ ਰੰਗ ਵੱਖਰਾ ਹੋਵੇ, ਤਾਂ ਜੋ ਲੋਕਾਂ ਨੂੰ ਅਸਾਨੀ ਨਾਲ ਦਿਖਾਈ ਦੇ ਸਕੇ | ਲਾਲ ਰੰਗ ਸੜਕ ਉੱਤੇ ਸਾਡਾ ਧਿਆਨ ਖਿੱਚਦਾ ਹੈ | ਇਸੇ ਕਰਕੇ ਸਾਡੇ ਦੇਸ਼ ਵਿਚ ਅੱਗ-ਬੁਝਾਊ ਗੱਡੀਆਂ ਦਾ ਰੰਗ ਲਾਲ ਰੱਖਿਆ ਜਾਂਦਾ ਹੈ ਅਤੇ ਵਿਚਕਾਰ ਪੀਲੇ ਰੰਗ ਦੀ ਪੱਟੀ ਲਗਾਈ ਜਾਂਦੀ ਹੈ | ਅੱਗ-ਬੁਝਾਊ ਗੱਡੀਆਂ ਦਾ ਮੱੁਖ ਕੰਮ ਸੰਕਟਮਈ ਸਥਿਤੀ ਵਿਚ ਲੱਗੀ ਅੱਗ ਨੂੰ ਬੁਝਾਉਣਾ ਅਤੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਹੈ |

-ਮਲੌਦ (ਲੁਧਿਆਣਾ) |

ਬਾਲ ਕਹਾਣੀ: ਵਿਸ਼ਵਾਸ

ਪੁਰਾਣੇ ਸਮੇਂ ਦੀ ਗੱਲ ਹੈ | ਇਕ ਸੰਘਣੇ ਜੰਗਲ 'ਚ ਬਹੁਤ ਉੱਚੇ-ਉੱਚੇ ਤੇ ਬਹੁਤ ਹੀ ਸੰਘਣੇ ਦਰੱਖਤ ਸਨ | ਉਸ ਜੰਗਲ 'ਚ ਇਕ ਬਹੁਤ ਹੀ ਵੱਡਾ ਪਿੱਪਲ ਦਾ ਦਰੱਖਤ ਸੀ | ਉਸ ਪਿੱਪਲ 'ਤੇ ਬਹੁਤ ਸਾਰੇ ਪੰਛੀਆਂ ਨੇ ਆਪੋ-ਆਪਣੇ ਬਹੁਤ ਪਿਆਰ ਨਾਲ ਆਲ੍ਹਣੇ ਪਾਏ ਹੋਏ ਸਨ, ਜੋ ਸਾਰੇ ਬੜੇ ਪਿਆਰ ਨਾਲ ਰਹਿੰਦੇ ਸਨ | ਉਨ੍ਹਾਂ ਵਿਚੋਂ ਬਹੁਤ ਸਾਰੇ ਪੰਛੀ ਇਕੱਠੇ ਹੋ ਕੇ ਆਪੋ-ਆਪਣੇ ਬੱਚਿਆਂ ਲਈ ਭੋਜਨ ਲੈਣ ਚਲੇ ਜਾਂਦੇ, ਬਾਕੀ ਪੰਛੀ ਉਨ੍ਹਾਂ ਦੇ ਜਾਣ ਮਗਰੋਂ ਆਲ੍ਹਣਿਆਂ ਵਿਚ ਪਏ ਆਂਡਿਆਂ ਤੇ ਉਨ੍ਹਾਂ ਆਂਡਿਆਂ ਵਿਚੋਂ ਨਿਕਲ ਚੁੱਕੇ ਬੱਚਿਆਂ ਦਾ ਿਖ਼ਆਲ ਰੱਖਦੇ ਸਨ | ਉਸ ਪਿੱਪਲ ਦੇ ਦਰੱਖ਼ਤ ਦੇ ਨਾਲ ਦੇ ਦਰੱਖ਼ਤ ਉੱਪਰ ਇਕ ਕਾਂ ਨੇ ਆਲ੍ਹਣਾ ਪਾਇਆ ਹੋਇਆ ਸੀ, ਜੋ ਹਰ ਵਕਤ ਉਨ੍ਹਾਂ ਸਭ ਨੂੰ ਖੁਸ਼ ਹੁੰਦਿਆਂ ਵੇਖ ਕੇ ਦੁਖੀ ਹੁੰਦਾ ਰਹਿੰਦਾ | ਉਹ ਹਰ ਸੰਭਵ ਕੋਸ਼ਿਸ਼ ਕਰਦਾ ਰਹਿੰਦਾ ਕਿ ਇਕ ਨਾ ਇਕ ਦਿਨ ਮੈਂ ਇਸ ਦਰੱਖ਼ਤ 'ਤੇ ਆਪਣਾ ਆਲ੍ਹਣਾ ਪਾਵਾਂਗਾ | ਉਸ ਨੇ ਇਕ ਦਿਨ ਦੇਖਿਆ ਕਿ ਉਸ ਦਰੱਖ਼ਤ ਦੇ ਸੰਘਣੇ ਪੱਤਿਆਂ ਵਿਚ ਇਕ ਬਹੁਤ ਸੋਹਣਾ ਚਿੜੀਆਂ ਦਾ ਜੋੜਾ ਰਹਿੰਦਾ ਸੀ | ਉਹ ਪਿੱਪਲ ਬਹੁਤ ਸੰਘਣਾ ਸੀ, ਜਿਸ ਵਿਚ ਚਿੜਾ-ਚਿੜੀ ਨੇ ਬੜੇ ਪਿਆਰ ਨਾਲ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ | ਉਹ ਆਲ੍ਹਣਾ ਐਨੇ ਸੰਘਣੇ ਪੱਤਿਆਂ 'ਚ ਸੀ ਕਿ ਭਾਵੇਂ ਜਿੰਨਾ ਮਰਜ਼ੀ ਮੀਂਹ-ਹਨੇਰੀ ਆ ਜਾਵੇ, ਉਸ ਆਲ੍ਹਣੇ ਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ | ਉਹ ਦੋਵੇਂ ਆਪਣੇ ਆਲ੍ਹਣੇ ਵਿਚ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਸਨ ਪਰ ਉਹ ਕਾਂ ਹਰ ਵਕਤ ਕੋਈ ਨਾ ਕੋਈ ਆਪਣੀ ਚਾਲ ਚਲਦਾ ਰਹਿੰਦਾ | ਪਰ ਚਿੜਾ-ਚਿੜੀ ਉਸ ਦੀਆ ਚਾਲਾਂ ਤੋਂ ਪਰ੍ਹੇ ਸਨ |
ਇਕ ਦਿਨ ਕਾਂ ਨੇ ਬੜੇ ਪਿਆਰ ਨਾਲ ਚਿੜੇ ਨੂੰ ਕਿਹਾ ਕਿ 'ਛੋਟੇ ਭਰਾ, ਅੱਜ ਆਪਾਂ ਕਿਤੇ ਘੁੰਮਣ ਚੱਲੀਏ | ਨਾਲੇ ਸੈਰ ਦੀ ਸੈਰ ਹੋ ਜਾਵੇਗੀ ਨਾਲ ਦੀ ਨਾਲ ਆਪੋ-ਆਪਣਾ ਭੋਜਨ ਲੈ ਆਵਾਂਗੇ |' ਪਰ ਉਨ੍ਹਾਂ ਦੋਵਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਕਾਂ ਸਾਡੇ ਨਾਲ ਚਾਲ ਖੇਡ ਰਿਹਾ ਹੈ, ਪਰ ਫਿਰ ਵੀ ਉਹ ਦੋਵੇਂ ਉਸ 'ਤੇ ਵਿਸ਼ਵਾਸ ਕਰਕੇ ਉਸ ਨਾਲ ਉੱਡ ਪਏ | ਕਾਂ ਉੱਡਦਾ-ਉੱਡਦਾ ਉਨ੍ਹਾਂ ਨੂੰ ਜੰਗਲ ਤੋਂ ਬਹੁਤ ਦੂਰ ਲੈ ਗਿਆ | ਚਿੜੀ ਨੇ ਕਿਹਾ ਕਿ 'ਕਾਂ ਭਰਾ, ਹੁਣ ਆਪਾਂ ਘਰ ਵਾਪਸ ਮੁੜ ਚੱਲੀਏ', ਕਿਉਂਕਿ ਚਿੜੀ ਨੂੰ ਪਿੱਛੇ ਆਪਣੇ ਆਲ੍ਹਣੇ 'ਚ ਪਏ ਆਂਡਿਆਂ ਦਾ ਫਿਕਰ ਸੀ | ਪਰ ਕਾਂ ਨੇ ਕਿਹਾ ਕਿ 'ਆਪਾਂ ਬਹੁਤ ਦੂਰ ਨਿਕਲ ਆਏ ਹਾਂ, ਘਰ ਜਾਣਾ ਬਹੁਤ ਮੁਸ਼ਕਿਲ ਹੈ ਤੇ ਨਾਲੇ ਰਾਤ ਹੋਣ ਵਾਲੀ ਹੈ | ਰਾਤ ਪੈਣ ਨਾਲ ਉਨ੍ਹਾਂ ਨੂੰ ਦਿਸਣਾ ਬੰਦ ਹੋ ਜਾਵੇਗਾ |' ਚਿੜੀ ਨੇ ਕਿਹਾ ਕਿ 'ਆਪਾਂ ਇੱਥੇ ਹੀ ਬੈਠ ਜਾਈਏ, ਅੱਗੇ ਬਹੁਤ ਜ਼ਿਆਦਾ ਮੀਂਹ, ਹਨੇਰੀ ਚੱਲਿਆ ਆ ਰਿਹਾ ਹੈ |'
ਕਾਂ ਨੇ ਮੌਕਾ ਦੇਖ ਕੇ ਇਕ ਚਾਲ ਖੇਡੀ ਕਿ ਕਿਉਂ ਨਾ ਇਨ੍ਹਾਂ ਨੂੰ ਮੀਂਹ ਹਨੇਰੀ 'ਚ ਮਰਨ ਲਈ ਛੱਡ ਦਿੱਤਾ ਜਾਵੇ? ਇਨ੍ਹਾਂ ਦੇ ਮਰਨ ਤੋਂ ਬਾਅਦ ਇਨ੍ਹਾਂ ਦਾ ਆਲ੍ਹਣਾ ਤੇ ਆਂਡੇ ਮੇਰੇ ਹੋ ਜਾਣਗੇ | ਕਾਂ ਨੇ ਬੜੇ ਪਿਆਰ ਨਾਲ ਚਿੜਾ-ਚਿੜੀ ਨੂੰ ਕਿਹਾ ਕਿ 'ਤੁਸੀਂ ਉਸ ਦਰੱਖਤ 'ਤੇ ਬੈਠ ਜਾਵੋ |' ਉਹ ਦਰੱਖਤ ਬਹੁਤ ਵਿਰਲਾ ਸੀ ਤੇ ਕਾਂ ਆਪ ਇਕ ਸੰਘਣੇ ਦਰੱਖਤ ਦੀ ਬਣੀ ਖੁੱਡ 'ਤੇ ਜਾ ਬੈਠਾ | ਮੀਂਹ-ਹਨੇਰੀ ਜ਼ਿਆਦਾ ਤੇਜ਼ ਹੋ ਗਿਆ | ਚਿੜੇ ਨੇ ਚਿੜੀ ਨੂੰ ਕਿਹਾ ਕਿ 'ਅੱਜ ਨ੍ਹੀਂ ਆਪਾਂ ਬਚਦੇ...', ਅਜੇ ਉਹ ਇਕ-ਦੂਜੇ ਨਾਲ ਗੱਲਾਂ ਹੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਕਦਮ ਖੜਕਾ ਸੁਣਾਈ ਦਿੱਤਾ | ਉਨਾਂ ਨੇ ਦੇਖਿਆ ਕਿ ਜਿਸ ਦਰੱਖਤ ਦੀ ਬਣੀ ਖੁੱਡ 'ਤੇ ਕਾਂ ਬੈਠਾ ਸੀ, ਉਸ 'ਚ ਸੱਪ ਰਹਿੰਦਾ ਸੀ | ਕਾਂ ਨੇ ਬਹੁਤ ਜ਼ੋਰ ਲਾਇਆ ਪਰ ਸੱਪ ਦੇ ਚੁੰਗਲ 'ਚੋਂ ਨਾ ਬਚ ਸਕਿਆ ਤੇ ਦਮ ਤੋੜ ਗਿਆ | ਇਹ ਸਭ ਕੁਝ ਦੇਖ ਕੇ ਚਿੜਾ-ਚਿੜੀ ਮਨੋ-ਮਨੀ ਇਹ ਸੋਚ ਰਹੇ ਸਨ ਕਿ ਅੱਗੇ ਤੋਂ ਬਿਨਾਂ ਸੋਚੇ-ਸਮਝੇ ਕਿਸੇ ਨਾਲ ਨਹੀਂ ਤੁਰਾਂਗੇ | ਜਦ ਮੀਂਹ-ਹਨੇਰੀ ਹਟੀ ਤਾ ਉਨ੍ਹਾਂ ਦੇਖਿਆ ਕਿ ਸਭ ਕੁਝ ਤਹਿਸ ਨਹਿਸ ਹੋ ਚੁੱਕਾ ਸੀ | ਉਧਰੋਂ ਕਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਮਿਲ ਰਿਹਾ | ਚਿੜਾ-ਚਿੜੀ ਡਿੱਗਦੇ-ਢਹਿੰਦੇ ਆਪਣੇ ਆਲ੍ਹਣੇ ਤੱਕ ਆ ਗਏ | ਆਪਣਾ ਆਲ੍ਹਣਾ ਤੇ ਆਂਡੇ ਠੀਕ-ਠਾਕ ਦੇਖ ਕੇ ਉਹ ਬਹੁਤ ਖੁਸ਼ ਹੋਏ ਤੇ ਫਿਰ ਤੋਂ ਖੁਸ਼ੀ-ਖੁਸ਼ੀ ਰਹਿਣ ਲੱਗੇ |
ਸੋ, ਪਿਆਰੇ ਬੱਚਿਓ, ਸਾਨੂੰ ਕਦੇ ਵੀ ਬਿਨਾਂ ਸੋਚੇ-ਸਮਝੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇ ਕਦੇ ਵੀ ਬਿਨਾਂ ਸੋਚੇ-ਸਮਝੇ ਕਿਸੇ 'ਤੇ ਵਿਸ਼ਵਾਸ ਨਾ ਕਰੋ |

-ਮੋਬਾ: 98153-47509

ਸੰਸਾਰ ਪ੍ਰਸਿੱਧ ਬੋਧੀ ਮੰਦਰ ਸਵੈਂਭੂਨਾਥ (ਕਾਠਮੰਡੂ)

ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ ਕਾਠਮੰਡੂ ਸਾਡੇ ਗੁਆਂਢੀ ਦੇਸ਼ ਨਿਪਾਲ ਦੀ ਰਾਜਧਾਨੀ ਹੈ | ਕਾਠਮੰਡੂ ਵਿਚ ਹੀ ਸਥਿਤ ਹੈ ਮਹਾਤਮਾ ਬੱੁਧ ਦਾ ਪ੍ਰਸਿੱਧ ਮੰਦਰ ਸਵੈਂਭੂਨਾਥ ਜੋ ਸੰਸਾਰ ਦਾ ਪ੍ਰਸਿੱਧ ਮੰਦਰ ਹੈ | ਵੈਸੇ ਤਾਂ ਕਾਠਮੰਡੂ ਨੂੰ ਮੰਦਰਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿਥੇ ਅਣਗਿਣਤ ਮੰਦਰ ਤੇ ਸ਼ਿਵਾਲੇ ਹਨ, ਜੋ ਹਿੰਦੂ ਤੇ ਬੋਧੀ ਉਸਾਰੀ ਕਲਾ ਦਾ ਨਮੂਨਾ ਹਨ | ਵਿਸ਼ਵ ਪ੍ਰਸਿੱਧ ਮੰਦਰ ਦੀ ਆਪਣੀ ਵੱਖਰੀ ਪਛਾਣ ਹੈ | ਸਵੈਂਭੂਨਾਥ ਦਾ ਇਹ ਸ਼ਾਨਦਾਰ ਮੰਦਰ ਇਕ ਪਹਾੜੀ ਦੀ ਚੋਟੀ ਉੱਪਰ ਸਥਿਤ ਹੈ, ਜੋ ਸਮੁੰਦਰੀ ਸਤ੍ਹਾ ਤੋਂ 4500 ਫੱੁਟ ਦੀ ਉਚਾਈ 'ਤੇ ਸਥਿਤ ਹੈ | ਮੰਦਰ 'ਤੇ ਪੱੁਜਣ ਲਈ ਸਾਨੂੰ 400 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ | ਇਹ ਮੰਦਰ ਲਗਪਗ ਦੋ ਹਜ਼ਾਰ ਸਾਲ ਪੁਰਾਣਾ ਹੈ, ਜਿਸ ਨਾਲ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਤੇ ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ | ਇਸ ਮੰਦਰ ਵਿਚ ਮਹਾਤਮਾ ਬੱੁਧ ਦਾ ਸਭ ਤੋਂ ਵੱਡਾ ਬੱੁਤ ਸਥਾਪਤ ਹੈ, ਜੋ ਕਾਠਮੰਡੂ ਦੀ ਰਾਸ਼ਟਰੀ ਧਰੋਹਰ ਹੈ | ਸ਼ਹਿਰ ਦੇ ਤਿੰਨ ਮੀਲ ਪੂਰਬ ਵਲੋਂ ਕੰਵਲ ਦੇ ਪੱਤੇ ਉੱਤੇ ਮਹਾਤਮਾ ਬੱੁਧ ਦਾ ਤਾਜ ਨਜ਼ਰ ਆਉਂਦਾ ਹੈ | ਸਰਦੀਆਂ ਦੇ ਮੌਸਮ ਵਿਚ ਇਸ ਵਿਸ਼ਵ ਪ੍ਰਸਿੱਧ ਮੰਦਰ ਵਿਚ ਬਹੁਤ ਹੀ ਚਹਿਲ-ਪਹਿਲ ਦਿਖਾਈ ਦਿੰਦੀ ਹੈ | ਇਸ ਪਹਾੜੀ ਟਿੱਲੇ ਤੋਂ ਦੂਰ-ਦੂਰ ਤੱਕ ਕਾਠਮੰਡੂ ਦਾ ਨਜ਼ਾਰਾ ਵੀ ਦੇਖਿਆ ਜਾ ਸਕਦਾ ਹੈ | ਇਸ ਮੰਦਰ ਨੂੰ ਦੇਖਣ ਲਈ ਤਿੱਬਤ, ਭੂਟਾਨ, ਸਿੱਕਮ ਅਤੇ ਚੀਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ | ਜਨਵਰੀ ਮਹੀਨੇ ਵਿਚ ਇਥੇ 'ਹਜ਼ਾਰਾ ਜੋਤੀਆਂ' ਦਾ ਤਿਉਹਾਰ ਮਨਾਇਆ | ਸ਼ਰਧਾਲੂ ਮੰਦਰ ਦੀ ਪੂਜਾ ਕਰਦੇ ਹਨ | ਪੂਜਾ ਦੌਰਾਨ ਇਸ ਮੰਦਰ ਦੇ ਆਲੇ-ਦੁਆਲੇ ਦਾ ਸਾਰਾ ਵਾਤਾਵਰਨ ਸੰਗੀਤਮਈ ਹੋ ਜਾਂਦਾ ਹੈ | ਜੇ ਸਾਨੂੰ ਨਿਪਾਲ ਜਾਣ ਦਾ ਮੌਕਾ ਮਿਲੇ ਤਾਂ ਸਾਨੂੰ ਇਸ ਪੁਰਾਤਨ ਮੰਦਰ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਚੁਟਕਲੇ

• ਮਹਿਮਾਨ (ਕੜ੍ਹੀ-ਚੌਲ ਖਾਣ ਸਮੇਂ)-ਕੱੁਤਾ ਮੇਰੇ ਵੱਲ ਘੂਰ-ਘੂਰ ਦੇਖ ਰਿਹਾ ਹੈ?
ਮੇਜ਼ਬਾਨ-ਅਸਲ ਵਿਚ ਭੁਲੇਖੇ ਨਾਲ ਕੱੁਤੇ ਵਾਲਾ ਕੌਲਾ ਤੁਹਾਡੇ ਕੋਲ ਦਿੱਤਾ ਗਿਆ ਹੈ |
• ਅਧਿਆਪਕ-ਆਜ਼ਾਦ ਭਾਰਤ ਵਿਚ ਸਭ ਤੋਂ ਵੱਧ ਕੀ-ਕੀ ਪਾਇਆ ਜਾਂਦਾ ਹੈ?
ਰੋਜ਼ੀ-ਭਿ੍ਸ਼ਟ ਲੀਡਰ, ਰਿਸ਼ਵਤਖੋਰੀ, ਅਖੌਤੀ ਬਾਬੇ |
• ਗਾਹਕ (ਦੁਕਾਨਦਾਰ ਨੂੰ )-ਕੱਲ੍ਹ ਤੇਰੇ ਕੋਲੋਂ ਸਾਬਣ ਲੈ ਕੇ ਗਿਆ ਸੀ, ਆਹ ਵੇਖ, ਮੇਰੇ ਕੱਪੜੇ ਸੁੰਗੜ ਕੇ ਛੋਟੇ ਹੋ ਗਏ?
ਦੁਕਾਨਦਾਰ-ਜਨਾਬ, ਗੱੁਸੇ ਹੋਣ ਵਾਲੀ ਕਿਹੜੀ ਗੱਲ ਹੈ, ਜਾਓ ਇਸੇ ਸਾਬਣ ਨਾਲ ਨਹਾ ਲਓ, ਕੱਪੜੇ ਮੇਚ ਆ ਜਾਣਗੇ |
• ਜਵਾਈ (ਸੱਸ ਨੂੰ )-ਮਾਤਾ ਜੀ, ਤੁਹਾਡੀ ਬੇਟੀ ਨੂੰ ਭੋਰਾ ਵੀ ਅਕਲ ਨਹੀਂ |
ਸੱਸ-ਹਾਂ ਬੇਟਾ, ਸਾਨੂੰ ਪਤਾ ਹੈ, ਤਾਂ ਹੀ ਤਾਂ ਕਿਸੇ ਢੰਗ ਦਾ ਮੁੰਡਾ ਨਹੀਂ ਮਿਲਿਆ |

-ਅਮਨਦੀਪ ਮਾਨ ਭੰੂਦੜੀ,
ਕੈਲੋਨਾ, ਬਿ੍ਟਿਸ਼ ਕੋਲੰਬੀਆ, ਕੈਨੇਡਾ | ਫੋਨ : +1(647)9675565

ਬਾਲ ਨਾਵਲ-88: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਗੱਲ ਤਾਂ ਤੁਹਾਡੀ ਠੀਕ ਐ | ਅਸੀਂ ਤਾਂ ਅਜੇ ਤੱਕ ਹਰੀਸ਼ ਨੂੰ ਬੱਚਾ ਹੀ ਸਮਝਦੇ ਸਾਂ', ਮੇਘਾ ਨੇ ਕਿਹਾ |
'ਤੇਰਾ ਮੰੂਹ ਸ਼ਰਮ ਨਾਲ ਲਾਲ ਕਿਉਂ ਹੋਈ ਜਾ ਰਿਹੈ, ਤੰੂ ਬਸ ਐਨਾ ਦੱਸ ਦੇ ਕਿ ਆਪਣੀ ਪਸੰਦ ਦੀ ਕਿਸੇ ਕੁੜੀ ਨਾਲ ਵਿਆਹ ਕਰਵਾਉਣੈ ਜਾਂ ਅਸੀਂ ਕੋਈ ਲੱਭੀਏ?' ਸਿਧਾਰਥ ਨੇ ਉਸ ਨੂੰ ਛੇੜਦਿਆਂ ਪੱੁਛਿਆ |
ਹਰੀਸ਼ ਕੁਝ ਵੀ ਨਾ ਬੋਲਿਆ | ਉਹ ਸ਼ਰਮਾਉਂਦਾ ਹੋਇਆ ਕਮਰੇ 'ਚੋਂ ਬਾਹਰ ਨਿਕਲ ਗਿਆ |
ਰਾਤੀਂ ਸਾਰਿਆਂ ਨੇ ਇਕੱਠੇ ਖਾਣਾ ਖਾਧਾ ਅਤੇ ਉਸ ਤੋਂ ਬਾਅਦ ਸਿਧਾਰਥ ਹਰੀਸ਼ ਨੂੰ ਸਟੇਸ਼ਨ 'ਤੇ ਛੱਡਣ ਚਲਾ ਗਿਆ |
ਇਸੇ ਤਰ੍ਹਾਂ ਹੱਸਦਿਆਂ-ਖੇਡਦਿਆਂ ਅਤੇ ਸਖ਼ਤ ਮਿਹਨਤ ਕਰਦਿਆਂ ਹਰੀਸ਼ ਦਾ ਸਮਾਂ ਲੰਘਦਾ ਗਿਆ | ਪਤਾ ਹੀ ਨਾ ਚੱਲਿਆ ਕਿਵੇਂ ਹਰੀਸ਼ ਦੇ ਚਾਰ ਸਾਲ ਇਸ ਹਸਪਤਾਲ ਵਿਚ ਲੰਘ ਗਏ | ਹੁਣ ਉਹ ਸੀਨੀਅਰ ਡਾਕਟਰਾਂ ਵਿਚ ਗਿਣਿਆ ਜਾਣ ਲੱਗ ਪਿਆ | ਆਪਣੀ ਮਿਹਨਤ ਅਤੇ ਲਗਨ ਸਦਕਾ ਉਸ ਨੇ ਹਸਪਤਾਲ ਵਿਚ ਆਪਣਾ ਨਾਂਅ ਬਣਾ ਲਿਆ |
ਹੁਣ ਹਸਪਤਾਲ ਵਿਚ ਉਸ ਦਾ ਆਪਣਾ ਵੱਖਰਾ ਕਮਰਾ ਸੀ, ਜਿਸ ਦੇ ਬਾਹਰ 'ਡਾਕਟਰ ਹਰੀਸ਼ ਚੰਦਰ, ਐਮ. ਡੀ. (ਮੈਡੀਸਨ)' ਦੀ ਨੇਮ ਪਲੇਟ ਲੱਗੀ ਹੋਈ ਸੀ | ਕਈ ਮਰੀਜ਼ ਸਿਰਫ ਉਸ ਕੋਲੋਂ ਹੀ ਇਲਾਜ ਕਰਵਾਉਣਾ ਚਾਹੁੰਦੇ ਸਨ | ਵੱਡੇ ਡਾਕਟਰ ਸਾਹਿਬ ਵੀ ਉਸ ਤੋਂ ਬੜੇ ਖੁਸ਼ ਸਨ |
ਉਸ ਵਿਚ ਲਾਇਕ ਹੋਣ ਦੇ ਨਾਲ-ਨਾਲ ਇਕ ਹੋਰ ਬੜਾ ਵੱਡਾ ਗੁਣ ਸੀ ਕਿ ਉਹ ਹਰ ਮਰੀਜ਼ ਨਾਲ ਖਿੜੇ ਮੱਥੇ ਗੱਲ ਕਰਦਾ | ਹਰ ਇਕ ਨਾਲ ਬੜਾ ਮਿੱਠਾ ਬੋਲਦਾ | ਹਰ ਮਰੀਜ਼ ਦੀ ਤਕਲੀਫ ਨੂੰ ਮਹਿਸੂਸ ਕਰਦਾ | ਡਾਕਟਰ ਹਰੀਸ਼ ਨਾਲ ਗੱਲ ਕਰਕੇ ਹੀ ਮਰੀਜ਼ ਨੂੰ ਮਹਿਸੂਸ ਹੋਣ ਲਗਦਾ ਕਿ ਉਸ ਦੀ ਅੱਧੀ ਤਕਲੀਫ ਦੂਰ ਹੋ ਗਈ ਹੈ |
ਐਨਾ ਰੱੁਝੇ ਹੋਣ ਦੇ ਬਾਵਜੂਦ ਵੀ ਉਹ ਹਰ ਦੂਜੇ-ਤੀਜੇ ਮਹੀਨੇ ਅੰਮਿ੍ਤਸਰ ਜ਼ਰੂਰ ਜਾਂਦਾ | ਮਾਤਾ ਜੀ, ਸਿਧਾਰਥ ਅਤੇ ਮੇਘਾ ਨੂੰ ਮਿਲ ਕੇ ਉਨ੍ਹਾਂ ਨਾਲ ਗੱਪ-ਸ਼ੱਪ ਮਾਰ ਕੇ ਉਨ੍ਹਾਂ ਦਾ ਪਿਆਰ ਅਤੇ ਅਸੀਸਾਂ ਲੈ ਕੇ ਉਹ ਤਰੋਤਾਜ਼ਾ ਹੋ ਜਾਂਦਾ | ਵਾਪਸ ਦਿੱਲੀ ਆ ਕੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਆਪਣੇ ਮਰੀਜ਼ਾਂ ਦੀ ਦੇਖਭਾਲ ਵਿਚ ਜੱੁਟ ਜਾਂਦਾ |
ਡਾ: ਹਰੀਸ਼ ਵਾਰਡ ਦਾ ਰਾਊਾਡ ਲਗਾ ਕੇ ਆਪਣੇ ਕਮਰੇ ਵਿਚ ਪਹੁੰਚ ਕੇ ਬੈਠਾ ਹੀ ਸੀ ਕਿ ਉਸ ਨੂੰ ਐਮਰਜੈਂਸੀ ਵਾਰਡ 'ਚੋਂ ਫੋਨ ਆਇਆ, 'ਡਾਕਟਰ ਸਾਹਿਬ, ਇਕ ਸੀਰੀਅਸ ਕੇਸ ਆਇਆ ਹੈ, ਤੁਹਾਨੂੰ ਹੁਣੇ ਐਮਰਜੈਂਸੀ ਵਿਚ ਆਉਣਾ ਪੈਣਾ ਏਾ... |'
'ਪਹੁੰਚ ਰਿਹਾਂ', ਕਹਿੰਦਿਆਂ ਹੀ ਉਹ ਕੁਰਸੀ ਤੋਂ ਉੱਠਿਆ ਅਤੇ ਤੇਜ਼ ਕਦਮਾਂ ਨਾਲ ਐਮਰਜੈਂਸੀ ਵੱਲ ਤੁਰ ਪਿਆ |
ਐਮਰਜੈਂਸੀ ਵਾਰਡ ਵਿਚ ਪਹੁੰਚ ਕੇ ਉਸ ਨੇ ਮਰੀਜ਼ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ | ਦੋ-ਤਿੰਨ ਤਕਲੀਫਾਂ ਇਕੱਠੀਆਂ ਹੋਣ ਕਰਕੇ ਕੇਸ ਥੋੜ੍ਹਾ ਗੁੰਝਲਦਾਰ ਸੀ | ਮਰੀਜ਼ ਤਕਰੀਬਨ 65 ਕੁ ਸਾਲ ਦੀ ਬਜ਼ੁਰਗ ਔਰਤ ਸੀ | ਡਾ: ਹਰੀਸ਼ ਜਦੋਂ ਉਸ ਨੂੰ ਚੈੱਕ ਕਰ ਰਿਹਾ ਸੀ ਤਾਂ ਉਸ ਨੂੰ ਮਰੀਜ਼ ਦੀ ਸ਼ਕਲ ਥੋੜ੍ਹੀ-ਥੋੜ੍ਹੀ ਜਾਣੀ-ਪਛਾਣੀ ਲੱਗ ਰਹੀ ਸੀ | ਫਿਰ ਉਸ ਨੂੰ ਉਸ ਵਿਚੋਂ ਆਪਣੀ ਮਾਂ ਦੀ ਸ਼ਕਲ ਦਿਸਣ ਲੱਗੀ |
ਮਰੀਜ਼ ਨੂੰ ਦੇਖ ਕੇ ਹਰੀਸ਼ ਨੇ ਦਵਾਈਆਂ ਲਿਖੀਆਂ | ਨਰਸਾਂ ਅਤੇ ਛੋਟੇ ਡਾਕਟਰਾਂ ਨੂੰ ਚੰਗੀ ਤਰ੍ਹਾਂ ਹਦਾਇਤਾਂ ਦਿੰਦਿਆਂ ਉਸ ਨੇ ਕਿਹਾ, 'ਦਵਾਈਆਂ ਦੀ ਪਹਿਲੀ ਖੁਰਾਕ ਖਵਾਉਣ ਤੋਂ ਮਗਰੋਂ ਇਨ੍ਹਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿਓ |'
ਸਾਰਾ ਕੁਝ ਸਮਝਾ ਕੇ ਡਾ: ਹਰੀਸ਼ ਆਪਣੇ ਕਮਰੇ ਵਿਚ ਆ ਗਿਆ | ਉਹ ਸੋਚਣ ਲੱਗਾ ਕਿ ਇਹ ਮਾਤਾ ਜੀ ਕੌਣ ਹਨ? ਮੈਨੂੰ ਇਹ ਐਨੇ ਜਾਣੇ-ਪਛਾਣੇ ਜਾਂ ਆਪਣੇ-ਆਪਣੇ ਕਿਉਂ ਲੱਗ ਰਹੇ ਨੇ? ਉਹ ਇਨ੍ਹਾਂ ਸੋਚਾਂ ਵਿਚ ਡੱੁਬਾ ਹੋਇਆ ਸੀ ਕਿ ਬਾਹਰੋਂ ਕਿਸੇ ਨੇ ਦਰਵਾਜ਼ਾ ਠਕੋਰਿਆ |

(ਚਲਦਾ)
-ਮੋਬਾ: 98889-24664

ਬੁਝਾਰਤ-25

ਬਹੁਤ ਵੱਡੀ ਇਕ ਵੇਖੀ ਛੱਤਰੀ,
ਹੋਰ ਛਤਰੀਆਂ ਤੋਂ ਹੈ ਵੱਖਰੀ |
ਇਸ ਛੱਤਰੀ ਹੇਠ ਅਨੇਕ ਮਨੱੁਖ,
ਨਾ ਹੀ ਬਾਰਸ਼, ਨਾ ਰੋਕੇ ਧੱੁਪ |
ਇਹ ਛਤਰੀ ਇਕ ਥਾਂ ਖਲੋਤੀ,
ਰਾਤੀਂ ਇਸ 'ਤੇ ਜਗਣ ਮੋਤੀ |
ਇਸ ਛਤਰੀ ਦਾ ਰੰਗ ਹੈ ਨੀਲਾ,
ਬੱਚਿਓ ਬੱੁਝਣ ਦਾ ਕਰੋ ਹੀਲਾ |
ਸਾਰੇ ਕਹਿੰਦੇ ਬਹੁਤ ਆਸਾਨ,
ਇਹ ਤਾਂ ਹੈ 'ਨੀਲਾ ਅਸਮਾਨ' |
—f—
ਭਲੂਰੀਏ ਸੌਖੀ ਬਾਤ ਹੈ ਪਾਈ,
ਬੱਚਿਆਂ ਦੇ ਝੱਟ ਸਮਝ ਹੈ ਆਈ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਦਿ੍ੜ੍ਹ ਨਿਸਚੇ ਦੀਆਂ ਸੂਚਕ ਦੋ ਬਾਲ ਪੁਸਤਕਾਂ
ਸੰਪਰਕ : 99151-03490

ਪੁਸਤਕ 'ਮੰਜ਼ਿਲ ਮਿਲ ਗਈ' ਵਿਦਿਆਰਥਣ-ਲੇਖਿਕਾ ਮਨਪੀ੍ਰਤ ਕੌਰ ਅਲੀਸ਼ੇਰ ਦਾ ਕਹਾਣੀ-ਸੰਗ੍ਰਹਿ ਹੈ | ਇਸ ਵਿਚਲੀਆਂ 'ਮੰਜ਼ਿਲ ਮਿਲ ਗਈ', 'ਹਨੇਰ ਤੋਂ ਸਵੇਰ ਤੱਕ', 'ਭਾਗੋ' ਅਤੇ 'ਰਾਹ ਦਸੇਰੇ' ਕਹਾਣੀਆਂ ਦੇ ਪਾਤਰ ਜੀਵਨ ਦੀਆਂ ਚੰਗੀਆਂ ਅਤੇ ਉੱਚ ਇਰਾਦਿਆਂ ਨਾਲ ਸਾਂਝ ਪੈਦਾ ਕਰਦੇ ਹਨ | ਕਹਾਣੀ 'ਹਨੇਰ ਤੋਂ ਸਵੇਰ ਤੱਕ' ਧੀਆਂ ਧਿਆਣੀਆਂ ਦੀ ਪ੍ਰਤਿਭਾ ਨੂੰ ਪਛਾਣਨ ਦਾ ਉਸਾਰੂ ਸੁਨੇਹਾ ਦਿੰਦੀ ਹੈ ਜਦ ਕਿ 'ਪੜ੍ਹਾਈ' ਕਹਾਣੀ ਵਰਤਮਾਨ ਦੌਰ ਵਿਚ ਸਿੱਖਿਆ ਦੇ ਮਹੱਤਵ ਨੂੰ ਦਰਸਾਉਂਦੀ ਹੈ | ਇਨ੍ਹਾਂ ਕਹਾਣੀਆਂ ਵਿਚੋਂ ਜੀਵਨ ਨੂੰ ਸਹਿਜ ਅਤੇ ਨਿਰੋਗ ਬਣਾਉਣ ਸੰਬੰਧੀ ਵੀ ਸੰਕੇਤ ਮਿਲਦੇ ਹਨ | ਕਹਾਣੀਆਂ ਦੇ ਪਾਤਰ ਆਪੋ-ਆਪਣੀ ਸ਼ਖ਼ਸੀਅਤ ਜਾਂ ਵਿਵਹਾਰ ਅਨੁਸਾਰ ਸੰਵਾਦ ਰਚਾਉਂਦੇ ਹਨ | ਕਹਾਣੀਆਂ ਦੇ ਬਿਰਤਾਂਤ ਲੜੀ ਵਿਚ ਪਰੋਏ ਹੋਏ ਹਨ, ਜਿਸ ਕਾਰਨ ਇਸ ਲੇਖਿਕਾ ਦੇ ਭਵਿੱਖ ਵਿਚ ਇਕ ਚੰਗੀ ਲੇਖਿਕਾ ਬਣਨ ਦੀ ਸੰਭਾਵਨਾ ਵਿਖਾਈ ਦਿੰਦੀ ਹੈ |
ਦੂਜੀ ਪੁਸਤਕ ਸਿੰਦਰ ਕੌਰ ਰਚਿਤ 'ਮੈਂ ਉੱਚੀ ਉਡਾਣ ਭਰਾਂਗੀ' ਹੈ, ਜਿਸ ਨੂੰ ਗੌਤਮ ਸਰੂਪ ਅਤੇ ਲਗਨ ਸ਼ਰਮਾ ਨੇ ਚਿੱਤਰਾਂ ਨਾਲ ਸਜਾਇਆ ਹੈ | ਬਾਲ ਰਸਾਲੇ 'ਆੜੀ' ਦੇ ਸੰਪਾਦਕ ਪ੍ਰੇਮ ਸਰੂਪ ਛਾਜਲੀ ਅਤੇ ਅਧਿਆਪਕ ਦੀ ਇਸ ਵਿਦਿਆਰਥਣ ਲੇਖਿਕਾ ਦੀ ਸਿਰਜਣਾਤਮਕ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਇਨ੍ਹਾਂ ਕਵਿਤਾਵਾਂ ਵਿਚ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸੰਕਟਾਂ ਨਾਲ ਜੂਝਣ ਲਈ ਪ੍ਰੇਰਦੀ ਹੈ | ਇਸ ਹਵਾਲੇ ਨਾਲ ਉਸ ਦੀਆਂ 'ਮੈਂ ਉੱਚੀ ਉਡਾਣ ਭਰਾਂਗੀ', 'ਦਿਲ ਦੀ ਰੀਝ', 'ਮੁੜ ਆ ਜਾ ਭਗਤ ਸਿਆਂ', 'ਨਸ਼ੇ ਮੁਕਤ ਬਣਾਓ ਸਮਾਜ', 'ਬੇਰੁਜ਼ਗਾਰੀ', 'ਪੰਜਾਬੀ ਬੋਲੀ', 'ਰੁੱਖ', 'ਪਾਣੀ' ਆਦਿ ਜ਼ਿਕਰਯੋਗ ਹਨ | ਅੰਤ ਵਿਚ ਉਸ ਦੀਆਂ ਦੋ ਕਹਾਣੀਆਂ 'ਹਮਦਰਦੀ' ਅਤੇ 'ਜੈਸੀ ਕਰਨੀ ਵੈਸੀ ਭਰਨੀ' ਵੀ ਸਿੱਖਿਆਦਾਇਕ ਹਨ | ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ | ਇਨ੍ਹਾਂ ਪੁਸਤਕਾਂ ਦੀ ਕੀਮਤ 60 ਰੁਪਏ ਪ੍ਰਤੀ ਪੁਸਤਕ ਹੈ ਅਤੇ ਪੰਨੇ 31 ਹਨ | ਇਹ ਪੁਸਤਕਾਂ ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਛਾਪੀਆਂ ਗਈਆਂ ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬੁਝਾਰਤਾਂ

1. ਦਸਾਂ ਬੰਦਿਆਂ ਦੇ ਸਿਰ ਕੱਟੇ, ਨਾ ਰੋਏ ਨਾ ਖੂਨ ਨਿਕਲਿਆ |
2. ਕਾਲਾ ਸੀ ਕਲਿੱਤਰ ਸੀ, ਕਾਲੇ ਪਿਓ ਦਾ ਪੱੁਤਰ ਸੀ |
3. ਵੇਲ ਖੜ੍ਹੀ ਵਿਚ ਤਲਾਬ ਦੇ, ਫੱੁਲ ਖਿੜਦਾ ਜਾਏ,
ਅਜਬ ਕ੍ਰਿਸ਼ਮਾ ਅਸੀਂ ਦੇਖਿਆ, ਫੱੁਲ ਵੇਲ ਨੂੰ ਖਾਏ |
4. ਬੰਦਾ ਉਸ ਦੇ ਕੋਲੋਂ ਆਵੇ, ਜ਼ਿੰਦ ਹੰਢਾਅ ਉਸ ਕੋਲ ਹੀ ਜਾਵੇ |
5. ਅੱਖਾਂ ਦੋ ਤੋਂ ਹੋ ਜਾਣ ਚਾਰ, ਮੇਰੇ ਬਿਨਾਂ ਕੋਟ ਬੇਕਾਰ |
ਧਾਗਾ ਵਿਚ ਅੱਖਾਂ ਦੇ ਵੱਜਿਆ, ਮੈਂ ਦਰਜੀ ਦੇ ਘਰ ਤੋਂ ਭੱਜਿਆ |
6. ਇਕ ਨਾਰ ਨੇ ਅਚਰਜ ਕੀਤਾ, ਸੱਪ ਮਾਰ ਕੇ ਪਿੰਜਰੇ ਦਿੱਤਾ |
ਜਿਉਂ-ਜਿਉਂ ਸੱਪ ਤੇਲ ਨੂੰ ਖਾਵੇ, ਤਿਉਂ-ਤਿਉਂ ਸੱਪ ਮਰਦਾ ਜਾਵੇ |
7. ਨਿੱਕੀ ਜਿਹੀ ਡੱਬੀ, ਸਾਰਾ ਕੁਝ ਖਾਂਦੀ |
8. ਕਾਲੀ ਤੌੜੀ ਧੜਾਧੜ ਬੋਲੇ, ਦੂਰ ਖੜ੍ਹੇ ਦਾ ਕਾਲਜਾ ਡੋਲੇ |
9. ਲੰਮੀ, ਪਤਲੀ ਤੇ ਹਰੇ ਰੰਗ ਦੀ ਰਾਣੀ, ਅੱਖਾਂ 'ਚੋਂ ਕੱਢ ਦਿੰਦੀ ਪਾਣੀ |
ਉੱਤਰ : (1) ਨਹੁੰ, (2) ਬੈਂਗਣ, (3) ਲਾਲਟੈਣ, (4) ਰੱਬ, (5) ਬਟਨ, (6) ਦੀਵੇ ਦੀ ਬੱਤੀ, (7) ਮੰੂਹ, (8) ਬੰਦੂਕ, (9) ਹਰੀ ਮਿਰਚ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) |

ਬਾਲ ਗੀਤ: ਆ ਗਿਆ ਸਿਆਲ ਬੱਚਿਓ

ਗਈ ਗਰਮੀ ਤੇ ਆ ਗਿਆ ਸਿਆਲ ਬੱਚਿਓ,
ਸਿਹਤ ਆਪਣੀ ਦਾ ਰੱਖਣਾ ਖਿਆਲ ਬੱਚਿਓ |
ਸਵੈਟਰ, ਸ਼ਾਲਾਂ, ਜਰਸੀਆਂ ਨੂੰ ,
ਧੱੁਪ ਵੀ ਲਵਾ ਲਵੋ |
ਕੰਬਲ, ਤਲਾਈਆਂ, ਖੇਸ ਸਾਰੇ,
ਬਾਹਰ ਕਢਵਾ ਲਵੋ |
ਧੁੰਦ, ਕੋਰੇ ਕਰਨਗੇ ਕਮਾਲ ਬੱਚਿਓ,
ਗਈ ਗਰਮੀ ਤੇ ਆ ਗਿਆ ਸਿਆਲ ਬੱਚਿਓ |
ਖੱੁਲ੍ਹੇ ਬਹਿ ਕੇ ਧੱੁਪ ਪਊ,
ਸਾਰਿਆਂ ਨੂੰ ਸੇਕਣੀ |
ਬੱਚਿਓ ਪੜ੍ਹਾਈ ਤੁਹਾਡੀ,
ਮਾਪਿਆਂ ਨੇ ਦੇਖਣੀ |
ਜੁਰਾਬਾਂ-ਬੂਟ ਰੱਖਣੇ ਸੰਭਾਲ ਬੱਚਿਓ,
ਸਿਹਤ ਆਪਣੀ ਦਾ ਰੱਖਣਾ ਖਿਆਲ ਬੱਚਿਓ |
ਧੁੰਦਾਂ, ਕੋਰੇ ਬੁਰਾ ਹਾਲ
ਕਰੀ ਜਾਣਗੇ |
ਪਾਲ਼ੇ ਨਾਲ ਸਾਰੇ ਲੋਕ
ਠਰੀ ਜਾਣਗੇ |
ਠੰਢ ਵਿਚ ਪੜ੍ਹਨਾ ਮੁਹਾਲ ਬੱਚਿਓ |
ਗਈ ਗਰਮੀ ਤੇ ਆ ਗਿਆ ਸਿਆਲ ਬੱਚਿਓ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) |
ਮੋਬਾ: 99884-69564


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX