ਤਾਜਾ ਖ਼ਬਰਾਂ


ਬੱਸ ਨੂੰ ਲੱਗੀ ਅੱਗ 'ਚ 4 ਮੌਤਾਂ
. . .  5 minutes ago
ਲਖਨਊ, 25 ਮਾਰਚ - ਦਿੱਲੀ ਤੋਂ ਲਖਨਊ ਜਾ ਰਹੀ ਏ.ਸੀ ਬੱਸ ਨੂੰ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਕਰਹਲ ਥਾਣੇ ਅਧੀਨ ਆਉਂਦੇ ਮੀਟੇਪੁਰ ਨੇੜੇ ਡਿਵਾਈਡਰ ਨਾਲ ਟਕਰਾਉਣ...
'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ
. . .  8 minutes ago
ਨਵੀਂ ਦਿੱਲੀ, 25 ਮਾਰਚ - ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਗ੍ਰਹਿ ਵਿਖੇ 10 ਵਜੇ ਬੈਠਕ ਬੁਲਾਈ ਹੈ, ਜਿਸ ਵਿਚ ਦਿੱਲੀ ਕਾਂਗਰਸ ਦੀ...
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਚ ਕੀਤਾ ਜਾਵੇਗਾ ਪੇਸ਼
. . .  22 minutes ago
ਫ਼ਰੀਦਕੋਟ, 25 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਅੱਜ ਫ਼ਰੀਦਕੋਟ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਕ੍ਰਾਈਸਚਰਚ ਮਸਜਿਦ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ
. . .  about 1 hour ago
ਨਵੀਂ ਦਿੱਲੀ, 25 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਨ ਨੇ ਬੀਤੇ ਦਿਨੀਂ ਕ੍ਰਾਈਸਚਰਚ ਵਿਖੇ 2 ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ...
ਰਾਸ਼ਟਰਪਤੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  about 1 hour ago
ਨਵੀਂ ਦਿੱਲੀ, 25 ਮਾਰਚ - ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ ਕਰੋਸ਼ੀਆ, ਬੋਲੀਵੀਆ ਤੇ ਚਿੱਲੀ ਦੇ ਦੌਰੇ ਲਈ ਰਵਾਨਾ ਹੋ ਗਏ। ਕਰੋਸ਼ੀਆ ਤੇ ਬੋਲੀਵੀਆ...
ਟਰੱਕ-ਆਟੋ ਦੀ ਟੱਕਰ 'ਚ 4 ਮੌਤਾਂ
. . .  about 1 hour ago
ਪਟਨਾ, 25 ਮਾਰਚ - ਬਿਹਾਰ ਦੇ ਪਟਨਾ ਜ਼ਿਲ੍ਹੇ 'ਚ ਪੈਂਦੇ ਬਾੜ-ਬਖਤਿਆਰਪੁਰ ਮਾਰਗ 'ਤੇ ਟਰੱਕ ਅਤੇ ਆਟੋ ਦੀ ਹੋਈ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਲੋਕ...
ਪਹਿਲੇ ਪੜਾੜ ਦੀਆਂ ਵੋਟਾਂ ਲਈ ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ
. . .  about 1 hour ago
ਨਵੀਂ ਦਿੱਲੀ, 25 ਮਾਰਚ - ਲੋਕ ਸਭਾ ਚੋਣਾਂ ਦੇ ਤਹਿਤ 11 ਅਪ੍ਰੈਲ ਨੂੰ ਪਹਿਲੇ ਪੜਾਅ ਤਹਿਤ 20 ਸੂਬਿਆ ਦੀਆਂ 91 ਸੀਟਾਂ 'ਤੇ ਹੋਣ ਵਾਲੀ ਵੋਟਿੰਗ ਲਈ ਨਾਮਜ਼ਦਗੀਆਂ ਭਰਨ ਦਾ...
ਅੱਜ ਦਾ ਵਿਚਾਰ
. . .  about 1 hour ago
ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  1 day ago
ਪਟਿਆਲ਼ਾ ,24 ਮਾਰਚ {ਗੁਰਪ੍ਰੀਤ ਸਿੰਘ ਚੱਠਾ }-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮਨੁੱਖ ਦਾ ਵਿਕਾਸ, ਆਦਿ-ਮਾਨਵ ਤੋਂ ਆਧੁਨਿਕ ਮਾਨਵ ਤੱਕ

ਮਨੁੱਖ ਦੇ ਵਿਕਾਸ ਸਬੰਧੀ ਖੋਜ ਦਾ ਆਰੰਭ ਇਕ ਡੱਚ ਐਨਾਟੋਮਿਸਟ 'ਇਊਜੀਨ ਡੁਬੌਇਸ' ਦੇ ਇਸ ਦਿ੍ੜ੍ਹ ਵਿਸ਼ਵਾਸ ਤੋਂ ਹੋਇਆ ਕਿ ਡਾਰਵਿਨ ਦਾ ਸਿਧਾਂਤ ਮੁਨੱਖੀ ਵਿਕਾਸ 'ਤੇ ਲਾਗੂ ਹੋ ਸਕਦਾ ਹੈ | ਉਸ ਨੇ ਜ਼ਿਆਲੋਜੀ ਦਾ ਅਧਿਐਨ ਵੀ ਕੀਤਾ ਅਤੇ ਸਦਾ ਇਸ ਮੌਕੇ ਦੀ ਤਾੜ ਵਿਚ ਰਹਿੰਦਾ ਕਿ ਕਿਸੇ ਅਜਿਹੇ ਇਲਾਕੇ ਵਿਚ ਜਾਇਆ ਜਾਵੇ ਜਿੱਥੋਂ ਆਦਿ-ਮਾਨਵ ਦੇ ਪਥਰਾਟ ਮਿਲ ਸਕਣ | ਉਸ ਨੂੰ ਇਹ ਵੀ ਯਕੀਨ ਸੀ ਕਿ ਤਪਤ-ਖੰਡ ਦੇ ਇਲਾਕੇ ਵਿਚ ਮਨੁੱਖੀ ਵਿਕਾਸ ਦੇ ਸਬੂਤ ਮਿਲ ਸਕਦੇ ਹਨ | ਸੰਨ 1889 ਵਿਚ ਉਸ ਨੂੰ ਡੱਚ ਫ਼ੌਜ ਵਿਚ ਨੌਕਰੀ ਮਿਲ ਗਈ | ਉਹ ਪ੍ਰੋਫੈਸਰੀ ਛੱਡ ਕੇ ਫ਼ੌਜ ਵਿਚ ਮਿਲਟਰੀ ਸਰਜਨ ਬਣ ਗਿਆ ਤੇ ਡੱਚ-ਈਸਟ-ਇੰਡੀਜ਼ (ਅਜੋਕਾ ਇੰਡੋਨੇਸ਼ੀਆ) ਵਿਚ ਆਪਣੀ ਤੀਵੀਂ ਤੇ ਛੋਟੀ ਬੱਚੀ ਸਮੇਤ ਨੌਕਰੀ 'ਤੇ ਚਲਾ ਗਿਆ | ਉਥੇ ਉਹ ਆਪਣੀਆਂ ਛੁੱਟੀਆਂ ਫੌਸਿੱਲ ਲੱਭਣ ਵਿਚ ਹੀ ਬਿਤਾਉਂਦਾ | ਆਖਰ ਉਸ ਨੇ ਸੰਨ 1891 ਵਿਚ 'ਟਰਿਨਿਲ' ਸਥਾਨ 'ਚੋਂ ਜਾਵਾ ਦੇ ਪੂਰਬੀ ਪਾਸੇ 'ਸੋਲੋ' ਦਰਿਆ ਦੇ ਕੰਢਿਓਾ ਇਕ ਆਦਿ-ਮਾਨਵ ਦਾ ਪਥਰਾਟ ਲੱਭ ਲਿਆ, ਜਿਸ ਨੂੰ 'ਜਾਵਾ ਮੈਨ' ਕਰ ਕੇ ਜਾਣਿਆ ਜਾਂਦਾ ਰਿਹਾ ਹੈ (ਤੇ ਹੁਣ ਇਸ ਨੂੰ ਹੋਮੋ-ਇਰੈਕਟੱਸ ਕਹਿੰਦੇ ਹਨ) | ਡੁਬੌਇਸ ਦੀ ਇਹ ਖੋਜ ਮਨੁੱਖ ਦੇ ਪਿਤਰ ਪਿਤਾਮੇ 'ਹੋਮੋ-ਇਰੈਕਟੱਸ ਬਾਰੇ ਸਭ ਤੋਂ ਪਹਿਲੀ ਖੋਜ ਸੀ |
ਉਸ ਉਪਰੰਤ ਆਦਿ-ਮਾਨਵ ਦੀ ਖੋਜ ਅਫਰੀਕਾ ਵੱਲ ਤਬਦੀਲ ਹੋ ਗਈ ਕਿਉਂਕਿ ਉਥੋਂ ਹੋਮੋ-ਇਰੈਕਟੱਸ ਦੇ ਪੂਰਵਜਾਂ ਦੇ ਪਥਰਾਟ ਵੀ ਮਿਲਣ ਲੱਗ ਪਏ ਸਨ | ਲੜੀ ਵਾਰ ਜੇ ਦੇਖੀਏ ਤਾਂ ਅਜੇ ਤੱਕ ਸਭ ਤੋਂ ਪੁਰਾਣਾ ਆਦਿ-ਮਾਨਵ ਦੇ ਪਿਤਰ ਦਾ ਪਥਰਾਟ ਸੰਨ 2001-02 ਦੌਰਾਨ ਕੇਂਦਰੀ ਅਫਰੀਕਾ ਦੇ 'ਚੱਡ' ਇਲਾਕੇ 'ਚੋਂ ਵਿਗਿਆਨੀਆਂ ਨੂੰ ਮਿਲਿਆ ਹੈ | ਇਸ ਨੂੰ 'ਸਹੇਲਾਂਥਰੋਪੱਸ ਚੈੱਡਿਨਿਸਜ਼' ਦਾ ਨਾਮ ਦਿੱਤਾ ਗਿਆ | ਕਰੀਬ ਸੱਠ-ਸੱਤਰ ਲੱਖ ਸਾਲ ਪੁਰਾਣਾ ਇਹ ਪਥਰਾਟ ਇਕ ਫਰਾਂਸੀਸੀ ਵਿਗਿਆਨੀ 'ਐਲੇਨ ਬਿਊਵੀਲੇਨ' ਦੀ ਟੀਮ ਨੇ ਖੋਜਿਆ ਸੀ | ਉਸ ਪਥਰਾਟ ਨੂੰ 'ਤਾਊਮਾਏ' ਵੀ ਕਿਹਾ ਗਿਆ, ਜਿਸ ਦਾ ਅਰਥ ਹੁੰਦਾ ਹੈ 'ਆਸ', ਕਿਉਂਕਿ ਇਸ ਤੋਂ ਮਾਨਵ ਜਾਤੀ ਵੱਲ ਅਗਲੇਰੀ ਵਿਕਾਸ-ਲੜੀ ਦੇ ਬਣਾਉਣ ਦੀ ਆਸ ਬੱਝੀ ਸੀ | ਜਦੋਂ ਇਸ ਦੀ ਖੋਪੜੀ ਦੇ ਟੁਕੜਿਆਂ ਨੂੰ ਜੋੜਿਆ ਗਿਆ ਤਾਂ ਇਸ ਦਾ ਘਣਫਲ ਕਰੀਬ 350 ਮਿਲੀ-ਲਿਟਰ ਬਣਿਆ (ਅਜੋਕੇ ਮਨੁੱਖ ਦੀ ਖੋਪੜੀ ਦਾ ਆਕਾਰ ਔਸਤਨ 1350 ਮਿ:ਲਿ: ਹੁੰਦਾ ਹੈ) | ਇਸ ਦੇ ਸੂਆ ਦੰਦਾਂ ਦਾ ਅਕਾਰ ਚਿੰਪੈਂਜ਼ੀ ਦੇ ਦੰਦਾਂ ਨਾਲੋਂ ਛੋਟਾ ਹੋ ਗਿਆ ਸੀ ਤੇ ਸ਼ਾਇਦ ਇਹ ਦੋ ਲੱਤਾਂ 'ਤੇ ਹੀ ਟੁਰਦਾ ਸੀ | ਇਹ ਜਾਤੀ ਆਦਿ-ਮਾਨਵ ਅਤੇ ਚਿੰਪੈਜ਼ੀਆਂ ਦੇ ਸਾਂਝੇ ਪਿਤਰ 'ਚੋਂ ਹੇਠਾਂ ਉੱਤਰੀ ਸੀ | ਇਸ 'ਆਰੰਭਿਕ ਆਦਿ-ਮਾਨਵ' ਤੋਂ ਬਾਅਦ ਅਜੋਕਾ ਮਨੁੱਖ 2,30,000 ਪੀੜ੍ਹੀਆਂ ਤੋਂ ਬਾਅਦ ਹੀ ਉਪਜਿਆ | ਜਿਥੋਂ ਇਹ ਪਥਰਾਟ ਮਿਲਿਆ ਸੀ ਉਥੋਂ ਵੱਡੇ-ਵੱਡੇ ਹਾਥੀਆਂ, ਸ਼ੇਰਾਂ ਚੀਤਿਆਂ ਆਦਿ ਦੇ ਪਥਰਾਟ ਵੀ ਮਿਲੇ-ਭਾਵ ਕਿ ਇਹ ਜੀਵ ਵੱਡੇ ਖਤਰਿਆਂ ਵਿਚ ਡਰ-ਡਰ ਕੇ ਜਿਉਂਦਾ ਰਿਹਾ | ਉਸ ਵੇਲੇ ਦੇ ਅਜਿਹੇ ਹੀ ਕਿਸੇ ਜੀਵ ਵਿਚੋਂ ਹੀ ਇਕ ਸ਼ਾਖਾ ਅਸਟਰਾਲੋਪਿਥਕਿਸ ਵੱਲ ਟੁਰ ਪਈ ਸੀ, ਜੋ ਕਿ ਅਫਰੀਕਾ ਵਿਚ ਉਪਜਿਆ ਮਨੁੱਖ ਦਾ ਮਹਾਂ ਪਿਤਰ ਸੀ |
ਮਾਨਵੀ ਵਿਕਾਸ ਦੀ ਲੜੀ ਵਿਚ ਅਗਲਾ ਮਹੱਤਵਪੂਰਨ ਸਥਾਨ 'ਆਰਡੀਪਿੱਥਕਿਸ ਰਾਮੀਦਸ' ਦਾ ਹੈ | ਸੰਨ 1994 ਵਿਚ ਇਸ ਦਾ ਪਥਰਾਟ ਇਥੋਪੀਆ (ਦੱਖਣੀ ਅਫਰੀਕਾ) ਦੇ ਮੱਧ-ਅਵਾਸ਼ ਖੇਤਰ ਚੋਂ ਅਮਰੀਕਾ ਦੇ ਵਿਗਿਆਨੀ 'ਟਿਮ ਵਾਈਟ' ਨੇ ਲੱਭਿਆ ਸੀ | ਅੰਦਾਜ਼ਾ ਲਗਾਇਆ ਗਿਆ ਕਿ ਇਹ ਜੀਵ ਕੋਈ 44 ਲੱਖ ਸਾਲ ਪਹਿਲਾਂ ਹੋ ਗੁਜ਼ਰਿਆ ਹੈ | ਇਸ ਦਾ ਕੱਦ ਮਸਾਂ 4 ਫੁੱਟ ਦੇ ਕਰੀਬ ਸੀ | ਸੰਨ 2009 ਤੱਕ ਵਾਈਟ ਦੀ ਟੀਮ ਨੇ ਇਸ ਜਾਨਵਰ ਦੇ ਲਗਭਗ ਸੌ ਪਥਰਾਟ ਟੁਕੜੇ ਲੱਭ ਲਏ ਸਨ | ਇਹ ਧਰਤੀ ਉੱਪਰ ਦੋ ਪੈਰਾਂ 'ਤੇ ਹੀ ਤੁਰਦਾ ਸੀ ਪਰ ਅਸਟਰਾਲੋਪਿਥੀਕਸ ਵਾਂਗ ਪੂਰੀ ਤਰ੍ਹਾਂ ਨਹੀਂ (ਅਸਟਰਾਲੋਪਿਥੀਕਸ ਇਸ ਜੀਵ ਤੋਂ ਪਿੱਛੋਂ ਹੋਂਦ ਵਿਚ ਆਇਆ ਸੀ) |
ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਸਾਡੇ ਭਾਰਤ ਦੇ ਉੱਤਰ-ਪੱਛਮੀ ਇਲਾਕੇ ਵਿਚ ਹਿਮਾਲਾ ਪਰਬਤ ਅਜੇ ਨੀਵਾਂ ਹੀ ਸੀ ਤੇ ਸ਼ਿਵਾਲਿਕ ਪਹਾੜੀਆਂ ਦੇ ਅਖੀਰਲੇ ਪੂਰ ਨੇ ਅਜੇ ਧਰਤੀ ਚੋਂ ਉੱਪਰ ਉੱਠਣਾ ਸੀ | ਇਥੇ ਤਾਂ ਸਭ ਪਾਸੇ ਸੰਘਣੇ ਜੰਗਲ ਜਾਂ ਘਾਹ ਦੇ ਵਿਸ਼ਾਲ ਮੈਦਾਨ ਸਨ ਜਿਨ੍ਹਾਂ ਵਿਚ ਵੱਡੇ ਵੱਡੇ ਸਟੀਗਡਾਨ ਹਾਥੀਆਂ ਦੇ ਅਨੇਕਾਂ ਝੁੰਡ ਫਿਰਦੇ ਸਨ, ਛੋਟੀ ਗਰਦਨ ਵਾਲੇ ਸਿਵਾਥਿਰੀਅਮ ਨਾਮੀ ਜਿਰਾਫ, ਵੱਡ-ਆਕਾਰੀ ਸੂਰ ਅਤੇ ਅਗਿਆਤ ਦਰਿਆਵਾਂ ਦੇ ਕਿਨਾਰੇ ਫਿਰਦੇ ਦਰਿਆਈ ਘੋੜੇ ਆਦਿਕ, ਬਹੁਤ ਸੰਖਿਆ ਵਿਚ ਮੌਜੂਦ ਸਨ | ਮਨੁੱਖ ਦਾ ਪਿਤਰ ਪਿਤਾਮਾ ਤਾਂ ਅਜੇ ਅਫਰੀਕਾ ਵਿਚ ਉਪਜਕੇ ਅੱਗੋਂ ਵਿਗਸ ਰਿਹਾ ਸੀ |
ਹੋਮਿਨਿਡ (ਮਾਨਵ-ਰੂਪੀ) ਵਿਕਾਸ-ਲੜੀ ਵਿਚ ਫਿਰ 'ਅਸਟਰਾਲੋਪਿਥੀਕਸ ਐਨਾਮੈੈਂਸਿਜ਼' ਦਾ ਨਾਮ ਆਉਂਦਾ ਹੈ ਜਿਸ ਦੇ ਸੰਨ 1988 ਤੋਂ 1994 ਤੱਕ ਅਨੇਕਾਂ ਪਥਰਾਟ ਪ੍ਰਸਿੱਧ ਖੋਜੀ 'ਐਲ. ਐੱਸ. ਬੀ. ਲੀਕੀ'ਨੇ ਅਫਰੀਕਾ ਦੇ ਕੀਨੀਆ ਇਲਾਕੇ ਵਿਚੋਂ ਲੱਭ ਲਏ | ਇਹ ਜੀਵ ਜਾਤੀ ਕਰੀਬ 42 ਲੱਖ ਤੋਂ 39 ਲੱਖ ਸਾਲ ਪਹਿਲਾਂ ਹੋ ਗੁਜ਼ਰੀ ਹੈ | ਇਹ ਜਾਨਵਰ ਵੀ ਦੋ ਪੈਰਾਂ 'ਤੇ ਤੁਰਦਾ ਸੀ ਜਿਸ ਦਾ ਪੱਕਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪਥਰਾਟਾਂ ਤੋਂ ਮਿਲੀ ਇਸ ਦੀ 'ਡੌਲਾ-ਹੱਡੀ' (ਹਿਊਮਰੱਸ) ਬਿਲਕੁਲ ਮਨੁੱਖ ਨਾਲ ਮਿਲਦੀ ਹੈ | ਪਰ ਇਸ ਦੇ ਦੰਦ ਤੇ ਜਬਾੜੇ ਤਾਂ ਪਹਿਲਾਂ ਹੋ ਚੁੱਕੇ ਏਪਸ ਨਾਲ ਹੀ ਮਿਲਦੇ ਸਨ ਭਾਵੇਂ ਇਸ ਦੀ ਸਰੀਰਕ ਬਣਤਰ ਵਿਚ ਅਗਲੇਰੀਆਂ ਕਿਸਮਾਂ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ ਸਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 9814348697


ਖ਼ਬਰ ਸ਼ੇਅਰ ਕਰੋ

ਵਿਸਰ ਗਏ ਨੇ ਛੰਦ-ਪਰਾਗੇ

ਪੰਜਾਬ ਦੀ ਰੂਹ ਪਿੰਡਾਂ 'ਚ ਵਸਦੀ ਹੈ | ਪਿੰਡ ਪੰਜਾਬੀ ਸੱਭਿਆਚਾਰ ਦੇ ਪ੍ਰਗਟਾਵੇ ਦਾ ਕੇਂਦਰ-ਬਿੰਦੂ ਹੈ | ਪੰਜਾਬੀ ਵਰਤਾਰੇ ਦੀਆਂ ਬਹੁਤ ਸਾਰੀਆਂ ਰਸਮਾਂ ਸ਼ਹਿਰਾਂ ਦੀ ਨਿਸਬਤ ਪਿੰਡਾਂ ਵਿਚ ਅਜੇ ਵੀ ਬਾ-ਖੂਬੀ ਨਿਭਾਈਆਂ ਜਾਂਦੀਆਂ ਹਨ | ਸ਼ਹਿਰੀ ਚਮਕ-ਦਮਕ ਵਾਲੇ ਵਿਆਹ ਜੋ ਪੈਲੇਸਾਂ 'ਚ ਕੀਤੇ ਜਾਂਦੇ ਹਨ, ਉਥੇ ਵਿਆਹਾਂ ਵਾਲਾ ਅਸਲ ਸੁਹਜ-ਸੁਆਦ ਅਤੇ ਰਿਸ਼ਤਿਆਂ ਦਾ ਤਹਿ-ਦਰ-ਤਹਿ ਮੋਹ-ਪਿਆਰ ਨਹੀਂ ਦਿਸਦਾ | ਵਿਆਹ ਨਾਲ ਸਬੰਧਿਤ ਬਹੁਤ ਸਾਰੀਆਂ ਰਸਮਾਂ, ਰੀਤਾਂ, ਰੱਖ—ਰਖਾਅ ਅਤੇ ਕਰਤੱਵ ਹੁੰਦੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਖੁਸ਼ੀ-ਖੇੜਿਆਂ ਨਾਲ ਨਿਭਾਉਣ ਹਿੱਤ ਲੋਕ-ਮਨਾਂ ਨੇ ਵਿਭਿੰਨ ਪ੍ਰਕਾਰ ਦੇ ਲੋਕ-ਗੀਤ ਸਿਰਜੇ ਹੋਏ ਹਨ, ਜੋ ਹਰ ਢੁਕਵੇਂ ਮੌਕੇ ਉੱਤੇ ਰਸਮਾਂ-ਰੀਤਾਂ ਦੇ ਨਾਲ-ਨਾਲ ਪੇਸ਼ ਕੀਤੇ ਜਾਂਦੇ, ਮਾਣੇ ਜਾਂਦੇ, ਜਾਂ ਸੁਣੇ ਜਾਂਦੇ ਹਨ | ਸੁਹਾਗ, ਘੋੜੀਆਂ, ਸਿੱਠਣੀਆਂ, ਛੰਦ-ਪਰਾਗੇ, ਹੇਅਰੇ ਆਦਿ ਅਨੇਕਾਂ ਵੰਨਗੀਆਂ ਦੇ ਲੋਕ-ਗੀਤ ਮਿਲਦੇ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਪ੍ਰਵਾਹਮਾਨ ਹੋ ਕੇ ਅਤੇ ਲੋਕ-ਮਾਨਸਿਕਤਾ ਦੀ ਪ੍ਰਵਾਨਗੀ ਸਹਿਤ ਪ੍ਰਚੱਲਿਤ ਰਹੇ ਅਤੇ ਜੀਵਨ-ਤੋਰ ਵਿਚ ਸਲੀਕਾ ਭਰਦੇ ਰਹੇ ਹਨ | ਇਥੇ ਸਾਡਾ ਕੇਵਲ, 'ਛੰਦ-ਪਰਾਗੇ' ਜੋ ਕਿ ਲੁਪਤ ਹੁੰਦਾ ਜਾ ਰਿਹਾ ਲੋਕ-ਕਾਵਿ ਰੂਪ ਹੈ, ਨੂੰ , ਜਾਣਨ, ਸਮਝਣ ਅਤੇ ਪ੍ਰਗਟ ਕਰਨ ਦਾ ਉਪਰਾਲਾ ਹੈ |
ਵਿਆਹ ਵਾਲੀ ਲੜਕੀ ਦੇ ਘਰ ਲਾਵਾਂ-ਫੇਰੇ ਹੋ ਜਾਣ ਉਪਰੰਤ ਅਤੇ ਡੋਲੀ ਤੋਰਨ ਤੋਂ ਪਹਿਲਾਂ ਖੱਟ ਦੇ ਮੌਕੇ ਉਤੇ ਜਦੋਂ ਲਾੜੇ ਨੂੰ ਸ਼ਗਨ ਪਾਉਣ ਲਈ ਘਰ ਅੰਦਰ ਸੱਦਿਆ ਜਾਂਦਾ ਹੈ ਤਾਂ ਔਰਤਾਂ, ਖਾਸ ਕਰਕੇ ਵਿਆਂਹਦੜ-ਮੁੰਡੇ ਦੀਆਂ ਸਾਲੀਆਂ, ਸਾਲੇਹਾਰਾਂ, ਲਾੜੀ ਦੀਆਂ ਹੋਰ ਰਿਸ਼ਤੇਦਾਰਨਾਂ ਅਤੇ ਸਖੀਆਂ-ਸਹੇਲੀਆਂ ਆਦਿ ਸਭ ਵਲੋਂ ਲਾੜੇ ਨੂੰ ਛੰਦ ਸੁਣਾਉਣ ਲਈ ਕਿਹਾ ਜਾਂਦਾ ਹੈ | ਅਜਿਹਾ ਕਹਿਣ ਜਾਂ ਕਰਨ ਦੇ ਪਿਛੋਕੜ ਵਿਚ ਬਹੁਤ ਸਾਰੇ ਸਾਰਥਕ ਅਰਥ ਲੁਕੇ ਹੋਏ ਹੁੰਦੇ ਹਨ | ਇਕ ਤਾਂ ਲਾੜੇ ਦੀ ਸੰਗ-ਝਿਜਕ ਜਾਂ ਸ਼ਰਮਾਉਣ ਦੀ ਬਿਰਤੀ ਨੂੰ ਤੋੜਨਾ, ਦੂਜਾ ਵਿਆਂਹਦੜ ਲੜਕੇ ਦੀ ਬੋਲੀ-ਭਾਸ਼ਾ ਅਤੇ ਉਸ ਦੇ ਆਪਣੇ ਵਿਰਸੇ ਨਾਲ ਕਿੰਨੀ ਕੁ ਸਾਂਝ ਅਤੇ ਸਮਝ ਹੈ, ਨੂੰ ਪਰਖਣਾ, ਤੀਜਾ, ਉਸ ਨੂੰ ਸਹੁਰੇ ਪਰਿਵਾਰ ਨਾਲ ਜੁੜਨ ਜਾਂ ਖੁੱਲ੍ਹਣ ਦਾ ਮੌਕਾ ਪ੍ਰਦਾਨ ਕਰਨਾ ਹੁੰਦਾ ਹੈ, ਚੌਥਾ ਉਸ ਦੀ ਏਸ ਪੱਖੋਂ ਪਰਖ ਕਰਨਾ ਕਿ ਕੀ ਉਹ ਕੁਝ ਸ਼ਬਦ-ਜੁਗਤਾਂ ਜੋ ਜੀਵਨ-ਸ਼ੈਲੀ ਲਈ ਉਚਿਤ ਹੁੰਦੀਆਂ ਹਨ, ਤੋਂ ਵੀ ਜਾਣੂ ਹੈ ਕਿ ਨਹੀਂ ਆਦਿ ਦੀ ਪਰਖ ਕਰਨਾ ਅਤੇ ਪੰਜਵਾਂ ਉਸ ਦੇ ਸਲੀਕੇ, ਨੈਤਿਕਤਾ ਜਾਂ ਉਲਾਰ ਜਾਂ ਉਸਾਰ ਵਾਲੇ ਹਾਵਾਂ-ਭਾਵਾਂ ਨੂੰ ਲੁਕਵੀਂ ਜੁਗਤ ਨਾਲ ਪਛਾਨਣਾ ਹੁੰਦਾ ਹੈ |
ਪਰੰਪਰਾ ਦੇ ਤੌਰ 'ਤੇ ਵਿਆਾਹਦੜ ਲੜਕਾ ਅਜਿਹੇ ਲੋਕ-ਸਿਆਣਪਾਂ, ਚੱਜ-ਆਚਾਰ ਅਤੇ ਮਨੋਰੰਜਨ ਜਾਂ ਰੁਮਾਂਸ ਵਾਲੇ ਕਾਵਿਕ ਅੰਦਾਜ਼ ਦੇ ਬੋਲਾਂ ਨੂੰ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੇ ਸੱਜਣਾਂ—ਮਿਤਰਾਂ ਤੋਂ ਸਿੱਖ ਜਾਂਦਾ ਰਿਹਾ ਜਾਂ ਸੁਣ ਸੁਣ ਕੇ ਯਾਦ ਕਰ ਜਾਂਦਾ ਰਿਹਾ ਹੈ | ਅਜਿਹਾ ਕਰਨਾ ਉਸ ਵਾਸਤੇ ਲਾਜ਼ਮੀ ਵੀ ਹੁੰਦਾ ਸੀ, ਕਿਉਂਕਿ ਡੋਲੀ ਤੁਰਨ ਤੋਂ ਪਹਿਲੀ ਇਹ ਰਸਮ ਵਿਆਹ ਦੇ ਸ਼ੁਭ-ਅਵਸਰ 'ਤੇ ਖੂਬ ਰੋਚਕ, ਰੁਮਾਂਸ-ਭਰਪੂਰ ਅਤੇ ਸਮਾਜਿਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਸਮਝੀ ਜਾਂਦੀ ਰਹੀ ਹੈ | ਬੜੇ ਖੁਲ੍ਹੇ-ਖੁਲਾਸੇ ਤਰੀਕੇ ਨਾਲ ਉਕਤ ਦਰਸਾਈਆਂ ਰਿਸ਼ਤੇਦਾਰਨੀਆਂ ਵਲੋਂ ਲਾੜੇ ਕੋਲੋਂ 'ਛੰਦ-ਪਰਾਗੇ' ਸੁਣਨ ਦੀ ਜ਼ਿੱਦ ਕੀਤੀ ਜਾਂਦੀ | ਜੇਕਰ ਲਾੜਾ ਛੰਦ ਨਾ ਸੁਣਾ ਸਕੇ ਤਾਂ ਉਸ ਦਾ ਬਹੁਤ ਹੀ ਹਾਸਾ-ਮਖੌਲ, ਠੱਠਾ ਕੀਤਾ ਜਾਂਦਾ | ਵਿਭਿੰਨ ਪ੍ਰਕਾਰ ਦੀਆਂ ਸਿੱਠਣੀਆਂ ਉਸ ਨੂੰ ਸੁਣਨੀਆਂ ਪੈਂਦੀਆਂ | ਜੇਕਰ ਵਿਆਂਹਦੜ ਛੰਦ ਸੁਣਾਉਂਦਾ-ਸੁਣਾਉਂਦਾ ਭੁੱਲ ਜਾਂਦਾ ਤਾਂ ਵੀ ਉਸ ਦਾ ਮਖੌਲ-ਠੱਠਾ ਉਠਾਇਆ ਜਾਂਦਾ | ਕਈ ਵਾਰੀ ਇਸ ਰਸਮ ਦੇ ਨਿਭਾਅ ਸਮੇ ਲਾੜੇ ਦੇ ਪੱਖ ਦਾ ਕੋਈ ਰਿਸ਼ਤੇਦਾਰ ਜਾਂ ਮਿੱਤਰ-ਦੋਸਤ ਵੀ ਉਸ ਦੀ ਇਸ ਮੌਕੇ ਉਤੇ ਸਹਾਇਤਾ ਕਰਨ ਲਈ ਨੇੜੇ ਆ ਬੈਠਦਾ ਹੁੰਦਾ ਸੀ, ਤਾਂ ਜੋ ਇਸ ਮੌਕੇ ਨੂੰ ਹੋਰ ਰਸਦਾਇਕ, ਰੋਚਕ ਅਤੇ ਰੁਮਾਂਸਪੂਰਕ ਰੂਪ ਦਿੱਤਾ ਜਾ ਸਕੇ |
'ਛੰਦ-ਪਰਾਗੇ' ਲਚਕੀਲੀ ਕਿਸਮ ਦਾ ਲੋਕ-ਗੀਤ-ਰੂਪ ਹੈ | ਇਸ ਦੀ ਪਹਿਲੀ ਤੁਕ ਦਾ ਪਹਿਲਾ ਅੱਧ ਹਮੇਸ਼ਾ ਹੀ ਛੰਦ ਪਰਾਗੇ ਆਈਏ-ਜਾਈਏ ਨਾਲ ਸ਼ੁਰੂ ਹੁੰਦਾ ਹੈ ਅਤੇ ਫਿਰ 'ਛੰਦ ਪਰਾਗੇ' ਕਹਿ ਕਿ ਕਿਸੇ ਵਸਤੂ, ਥਾਂ ਜਾਂ ਕਿਸੇ ਹੋਰ ਚੀਜ਼ ਦਾ ਨਾਂਅ ਜੜ ਦਿੱਤਾ ਜਾਂਦਾ ਹੈ ਅਤੇ ਪਹਿਲੀ ਸਤਰ ਦੇ ਅੰਤਮ ਸ਼ਬਦ ਦੀ ਤੁਕਾਂਤ, ਵਜ਼ਨ ਜਾਂ ਜੋੜ ਮੇਲ ਦੂਸਰੀ (ਅੰਤਿਮ) ਤੁੱਕ ਦੇ ਆਖਰੀ ਸ਼ਬਦ ਨਾਲ ਬਰਾਬਰ ਦੀ ਛੰਦ ਸਿਨਫ ਵਾਲੀ ਖੂਬੀ ਜ਼ਰੀਏ ਪ੍ਰਗਟ ਕੀਤਾ ਜਾਂਦਾ ਹੈ | ਜਿਵੇਂ ਬੜੀ ਸਾਦਗੀ, ਨਿਮਰਤਾ ਅਤੇ ਸਲੀਕੇ ਨੂੰ ਪ੍ਰਗਟ ਕਰਦਾ ਇਹ ਛੰਦ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ |
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਲੱਗੀ ਮਾਂ |
ਹੋਰ ਵੰਨਗੀ ਹਾਜ਼ਰ ਹੈ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਠੂਠੀ |
ਸਹੁਰਾ ਫੁੱਲ ਗੁਲਾਬ ਦਾ ਤੇ ਸੱਸ ਚੰਬੇ ਦੀ ਬੂਟੀ |
ਇਸੇ ਤਰ੍ਹਾਂ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕੇਸਰ |
ਸੱਸ ਤਾਂ ਮੇਰੀ ਪਾਰਵਤੀ ਤੇ ਸਹੁਰਾ ਮੇਰਾ ਪਰਮੇਸ਼ਰ |
ਰਿਸ਼ਤਿਆਂ ਵਿਚਲੀ ਮਿਠਾਸ, ਚੋਭ, ਵਿਅੰਗ ਅਤੇ ਸਦੀਵੀ ਸਾਂਝ—ਪਿਆਰ ਦੇ ਭਾਵਾਂ ਅਤੇ ਉਦਗਾਰਾਂ ਨੂੰ ਪ੍ਰਗਟ ਕਰਦੇ ਹੋਏ ਇਹ ਛੰਦ ਭਾਵੇਂ ਸਧਾਰਨ ਤੁਕਬੰਦੀ ਜਾਪਦੇ ਹਨ, ਪਰ ਇਨ੍ਹਾਂ ਦੀਆਂ ਪੀਢੀਆਂ ਤੰਦਾਂ ਪੰਜਾਬੀਅਤ ਦੇ ਅਮੀਰ ਵਿਰਸੇ ਦੇ ਮਹੱਤਵਪੂਰਨ ਪੱਖਾਂ ਨੂੰ ਰੁਸ਼ਨਾਉਂਦੇ ਵੀ ਵੇਖੇ ਜਾ ਸਕਦੇ ਹਨ | ਕਈ ਵਾਰ ਲਾੜੇ ਦੇ ਦੁਆਲੇ ਇਕੱਤਰ ਹੋਈਆਂ ਲਾੜੀ ਪੱਖ ਦੀਆਂ ਮੁਟਿਆਰਾਂ ਲਾੜੇ ਨਾਲ ਮਾੜੀ ਮੋਟੀ ਛੇੜ—ਛਾੜ ਵੀ ਲੁਕਵੇਂ ਰੂਪ 'ਚ ਕਰ ਲੈਂਦੀਆਂ ਹਨ | ਸੁਭਾਵਿਕ ਹੈ ਕਿ ਲਾੜਾ ਵੀ ਪ੍ਰਤੀਕਰਮ ਵਜੋਂ ਕਹਿ ਦਿੰਦਾ ਹੈ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਝਾਵਾਂ |
ਕਿਸ ਸਾਲੀ ਮੈਨੂੰ ਚੂੰਡੀ ਵੱਢੀ, ਉਸਨੂੰ ਕੋਲ ਬਹਾਵਾਂ |
ਇਸੇ ਪ੍ਰਸੰਗਤਾ 'ਚ ਹੀ ਲਾੜਾ ਇਹ ਬੋਲ ਵੀ ਸੁਣਾ ਦਿੰਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ |
ਉਪਰੋਂ ਤਾਂ ਤੁਸੀਂ ਮਿੱਠੀਆਂ ਜਾਪੋ, ਦਿਲੋਂ ਤੁਸੀਂ ਖੋਟੀਆਂ |
ਅਸਲ 'ਚ ਲਾੜੇ ਦੁਆਲੇ ਕੁਝ ਪਲਾਂ-ਘੜੀਆਂ ਲਈ ਜੁੜ ਬੈਠੀਆਂ ਇਹ ਔਰਤਾਂ ਸੁਚੇਤ ਰੂਪ 'ਚ ਹੀ ਹੁੰਦੀਆਂ ਹਨ | ਜਦੋਂ ਘਰ ਦੀ ਕੋਈ ਵਡੇਰੀ ਉਮਰ ਦੀ ਔਰਤ ਜਾਂ ਮਰਦ ਇਨ੍ਹਾਂ ਵੱਲ ਆ ਜਾਂਦਾ ਹੈ ਤਾਂ ਇਹ ਆਪਣੀ ਗੱਲਬਾਤ 'ਚ ਚਲ ਰਹੇ ਰੁਮਾਂਸ ਨੂੰ ਛੱਡ ਕੇ ਹੋਰ ਸੱਭਿਅਕ ਵਿਸ਼ੇ ਵੱਲ ਵੀ ਲਾੜੇ ਦੀ ਮਾਨਸਿਕਤਾ ਨੂੰ ਮੋੜ ਲੈਂਦੀਆਂ ਹਨ, ਜਿਸ ਵਿਚ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਅਤੇ ਉੱਚ ਨੈਤਿਕ-ਮੁੱਲਾਂ ਦਾ ਪ੍ਰਗਟਾਵਾ ਹੁੰਦਾ ਹੈ | ਲਾੜਾ ਵੀ ਸੁਚੇਤ ਹੋ ਜਾਂਦਾ ਹੈ ਅਤੇ ਜੋ ਚੁਸਤ ਚਲਾਕ ਹੋਵੇ, ਉਹ ਆਪਣੀ ਸੁਰ ਨੂੰ ਬਦਲ ਕੇ ਅਗਲਾ ਛੰਦ ਇਉਂ ਪੇਸ਼ ਕਰਦਾ ਨਜ਼ਰੀਂ ਪੈਂਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਾਥੀ |
ਅੱਜ ਤੋਂ ਮੈਂ ਰਹਾਂਗਾ ਤੁਹਾਡੇ, ਦੁੱਖ-ਸੁੱਖ ਦਾ ਸਾਥੀ |
ਜਾਂ ਫਿਰ ਇਉਂ ਵੀ ਆਖਦਾ ਹੈ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ |
ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ |
ਇਸ ਤਰ੍ਹਾਂ ਵੀ ਕਹਿ ਲਿਆ ਜਾਂਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ |
ਭੈਣ ਤੁਹਾਡੀ ਨੂੰ ਇੰਜ ਰੱਖਾਂਗਾ, ਜਿਉਂ ਮੁੰਦਰੀ 'ਚ ਹੀਰਾ |
ਇਨ੍ਹਾਂ ਛੰਦ-ਪਰਾਗਿਆਂ 'ਚ ਸੱਚਮੁੱਚ ਨਵੇਂ ਰਿਸ਼ਤਿਆਂ ਦੇ ਨਿਭਾਓ ਪ੍ਰਸੰਗ ਨਾਲ ਜੁੜੇ ਹੋਏ ਸਰਬਪੱਖੀ ਸਰੋਕਾਰਾਂ ਦਾ ਬੋਧ ਹੁੰਦਾ ਹੈ | ਭਾਵੇਂ ਹੋਰ ਜਿੰਨੇ ਮਰਜ਼ੀ ਸੱਭਿਅਕ-ਨੈਤਿਕ ਜਾਂ ਸਮਾਜਿਕ ਸਰੋਕਾਰ ਇਨ੍ਹਾਂ ਰਾਹੀਂ ਪ੍ਰਗਟ ਕੀਤੇ ਜਾਂਦੇ ਹੋਣ ਪਰ ਇਸ਼ਕ-ਰੁਮਾਂਸ ਛੰਦ-ਪਰਾਗੇ ਦੀ ਜ਼ਿੰਦ-ਜਾਨ ਵਜੋਂ ਸਮੋਇਆ ਹੋਇਆ ਹੁੰਦਾ ਹੈ | ਅਜਿਹੇ ਰੰਗ ਤੋਂ ਬਿਨਾਂ ਨਾ ਛੰਦ ਸੁਣਨ ਵਾਲੀਆਂ ਨੂੰ ਅਤੇ ਨਾ ਹੀ ਛੰਦ ਸੁਣਾਉਣ ਵਾਲੇ ਨੂੰ ਤਸੱਲੀ ਆਉਂਦੀ ਹੈ | ਅਜਿਹੇ ਰਸ-ਰੰਗ ਭਰਪੂਰ ਹਾਵਾਂ, ਭਾਵਾਂ, ਉਦਗਾਰਾਂ ਅਤੇ ਕਲਪਨਾਵਾਂ ਨੂੰ ਪ੍ਰਗਟ ਕਰਦੇ ਕੁਝ ਕੁ ਛੰਦ-ਪਰਾਗੇ ਮਾਣਨ-ਹਿੱਤ ਹਾਜ਼ਰ ਹਨ...
( ੳ ) ਛੰਦ ਪਰਾਗੇ ਆਈਏ ਜਾਈਏ , ਛੰਦ ਪਰਾਗੇ ਕਿੱਲ |
ਤੁਸਾਂ ਤਾਂ ਮੰਗੀਆਂ ਕਲੀਚੜੀਆਂ, ਮੈਂ ਹਾਜ਼ਰ ਕਰਦਾਂ ਦਿਲ |
( ਅ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀ |
ਅਗਲਾ ਛੰਦ ਮੈਂ ਤਾਂ ਸੁਣਾਵਾਂ, ਪੰਜ ਸੌ ਦੇਵੇ ਸਾਲੀ |
( ੲ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁੰਮਾਂ |
ਸਭੇ ਸਾਲੀਆਂ ਸੋਹਣੀਆਂ, ਮੈਂ ਕੀਹਦਾ ਕੀਹਦਾ ਮੂੰਹ ਚੁੰਮਾ |
( ਸ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਰਾਈ |
ਇਕ ਕੁੜੀ ਤੁਹਾਡੀ ਮੈਂ ਲੈ ਜਾਸਾਂ, ਦੂਜਾ ਮੇਰਾ ਭਾਈ |
( ਹ ) ਛੰਦ ਪਰਾਗੇ ਆਈਏ ਜਾਈੇਏ, ਛੰਦ ਪਰਾਗੇ ਪਿੱਛ |
ਤੁਸੀਂ ਜਿਹਲਮ ਦੀਆਂ ਬਾਂਦਰੀਆਂ, ਮੈਂ ਪਿੰਡੀ ਦਾ ਰਿੱਛ |
( ਕ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਛੱਜ |
ਪੈਰ ਤਾਂ ਤੇਰੇ ਵੇਖ ਲਏ ਨੇ,. ਮੁੱਖੜਾ ਆਪਣਾ ਕੱਜ |
( ਖ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਥਿਆਰ |
ਇਕ ਨੂੰ ਅਸਾੀਂ ਲੈ ਚਲੇ, ਦੂਜੀ ਨੂੰ ਰੱਖਿਓ ਤਿਆਰ |
( ਗ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੱਬਲ |
ਸਾਂਢੂ ਜੀ ਤਾਂ ਚੰਗੇ ਭਲੇ, ਸਾਲੀ ਸਿਰੇ ਦੀ ਜੱਭਲ |
( ਘ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਢੋਲ |
ਸਾਲੀ ਤਾਂ ਮੇਰੀ ਬਾਰਾਂਤਾਲੀ, ਸਾਂਢੂ ਜੀ ਬਗਲੋਲ |
( ਙ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ |
ਛੇਤੀ ਛੇਤੀ ਤੋਰੋ ਕੁੜੀ ਨੂੰ , ਹੋਰ ਨਹੀਂ ਮੈਂ ਬਹਿਣਾ |
ਪਰੰਪਰਾਇਕ ਰੂਪ ਵਿਚ ਇਹ ਮੌਕਾ ਖ਼ਤਮ ਕਰਨ ਨੂੰ , ਦੋਹਾਂ ਧਿਰਾਂ ਦਾ ਚਿੱਤ ਤਾਂ ਨਹੀਂ ਸੀ ਕਰਦਾ ਹੁੰਦਾ, ਪਰੰਤੂ ਸਮੇਂ ਨੂੰ ਵੇਖਦਿਆਂ ਜਾਂ ਹੋਰ ਰਸਮਾਂ ਦੇ ਨਿਭਾਓ ਹਿੱਤ ਜਾਂ ਇਨ੍ਹਾਂ ਛੰਦਾਂ ਦੀ ਪੇਸ਼ਕਾਰੀ 'ਚ ਅਸ਼ਲੀਲਤਾ ਨੂੰ ਰੋਕਣ ਹਿੱਤ, ਸ਼ੁੱਭ ਕਾਮਨਾ ਸਹਿਤ ਸਮਾਪਤੀ ਵੱਲ ਵਧਿਆ ਜਾਂਦਾ ਹੈ | ਚਲਾਕ-ਚੁਸਤ ਜਾਂ ਸੁੱਘੜ-ਸੁਜਾਨ ਲਾੜੇ ਤਾਂ ਅਜਿਹੇ ਛੰਦਾਂ ਨੂੰ ਪਹਿਲਾਂ ਹੀ ਤਿਆਰ ਕਰਕੇ ਆਉਂਦੇ ਹਨ | ਕੁਝ ਕੁ ਲਾੜੇ ਤਾਂ ਭਾਵੇਂ ਇਕ-ਦੋ ਰਸਮੀ ਛੰਦ ਸੁਣਾ ਕੇ ਹੀ ਇਹ ਵੀ ਕਹਿ ਕੇ ਗੱਲ ਮੁਕਾ ਦਿੰਦੇ ਹਨ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ |
ਸਤਿਗੁਰੂ ਦੀ ਅੱਜ ਕਿਰਪਾ ਹੋਈ , ਸੱਚੇ ਮੇਲ ਮਿਲਾਏ |
ਜਾਂ ਫਿਰ ਇਉਂ ਵੀ ਕਹਿਣਾ ਪੈ ਜਾਂਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡੋਲਣਾ |
ਬਾਪੂ ਜੀ ਨੇ ਕਿਹਾ ਸੀ, ਬਹੁਤਾ ਨਾਹੀਂ ਬੋਲਣਾ |
ਕਈ ਵੇਰਾਂ ਇਕੱਤਰ ਹੋਈਆਂ ਔਰਤਾਂ ਲਾੜੇ ਨੂੰ ਹੋਰ ਤੇ ਫਿਰ ਹੋਰ ਛੰਦ ਸੁਣਾਉਣ ਦੀ ਤਾਕੀਦ ਕਰਦੀਆਂ ਹਨ ਜਾਂ ਫਿਰ ਇਉਂ ਵੀ ਕਹਿ ਦਿੰਦੀਆਂ ਹਨ ਕਿ ਸਹੁਰਿਆਂ ਦੀ ਕਿਸੇ ਨਿਸ਼ਾਨੀ ਸਬੰਧੀ ਵੀ ਕੋਈ ਛੰਦ ਸੁਣਾ ਕੇ ਜਾਹ | ਇਸ ਮੌਕੇ ਕੋਈ ਸ਼ਾਇਰ ਮਨ ਹੀ ਮੌਕਾ ਸੰਭਾਲ ਸਕਦਾ ਹੈ | ਇਨ੍ਹਾਂ ਸਤਰਾਂ ਦੇ ਲੇਖਕ ਦਾ ਖੁਦ ਲਿਖਿਆ ਹੋਇਆ ਛੰਦ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕਾਨੀ |
ਸਹੁਰੇ ਮੇਰੇ ਕਾਦੀਆਂ, ਮਿਨਾਰੇ ਦੀ ਨਿਸ਼ਾਨੀ |
ਅੰਤਿਮ ਪੜਾਅ 'ਤੇ ਲਾੜਾ ਛੰਦਾਂ ਦਾ ਸਿਲਸਿਲਾ ਮੁਕਾਉਂਦਾ ਹੋਇਆ, ਇਸ ਤਰ੍ਹਾਂ ਕਹਿ ਕੇ ਖਲਾਸੀ ਕਰਵਾ ਲੈਂਦਾ ਰਿਹਾ ਹੈ ਕਿ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਦਾਤ |
ਜੇ ਵੱਧ ਘੱਟ ਬੋਲਿਆਂ ਹੋਵਾਂ, ਤਾਂ ਮੈਨੂੰ ਕਰਨਾ ਮਾਫ |
ਅਜੋਕੇ ਸਮੇਂ ਦੀਆਂ ਖਪਤਕਾਰੀ ਰੁਚੀਆਂ ਅਤੇ ਮੈਰਿਜ-ਪੈਲੇਸਾਂ ਆਦਿ ਨੇ ਪੰਜਾਬੀ ਦੇ ਇਸ ਅਮੀਰ ਵਿਰਸੇ ਨੂੰ ਨਿਗਲ ਲਿਆ ਹੈ | ਪੰਜਾਬੀ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ |

-ਏ-9, ਗਰੀਨ ਪਾਰਕ, ਚਾਹਲ ਨਗਰ, ਜੀ.ਟੀ.ਰੋਡ, ਫਗਵਾੜਾ-144401.
ਮੋਬਾਈਲ : 98142-09732.

ਮੁਗ਼ਲ ਕਾਲ ਦੀ ਸਭ ਤੋਂ ਤਾਕਤਵਰ ਮਹਿਲਾ ਸੀ ਨੂਰਜਹਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ੁਰੂ-ਸ਼ੁਰੂ ਵਿਚ ਤਾਂ ਮੇਹਰ-ਉਨ-ਨਿਸਾ ਉਤੇ ਇਸ ਘਟਨਾ ਦਾ ਬਹੁਤ ਬੁਰਾ ਅਸਰ ਹੋਇਆ | ਉਸ ਨੇ ਬਹੁਤ ਸਮਾਂ ਰੋਸ ਵਜੋਂ ਬਾਦਸ਼ਾਹ ਜਹਾਂਗੀਰ ਨਾਲ ਕੋਈ ਗੱਲਬਾਤ ਨਾ ਕੀਤੀ | ਪਰ ਹੌਲੀ-ਹੌਲੀ ਮੇਹਰ-ਉਨ-ਨਿਸਾ ਵਿਚ ਤਬਦੀਲੀ ਆ ਗਈ | ਚਾਰ ਸਾਲਾਂ ਬਾਅਦ ਮੇਹਰ-ਉਨ-ਨਿਸਾ ਦੀ ਸੋਹਣੀ ਸ਼ਕਲ ਬਾਦਸ਼ਾਹ ਦੀਆਂ ਦੂਰਦਰਸ਼ੀ ਅੱਖਾਂ ਵਿਚ ਵਸ ਗਈ ਤੇ ਉਸ ਨੂੰ ਇਸ ਪ੍ਰਕਾਰ ਮੋਹਿਤ ਕਰ ਲਿਆ | 'ਮਈ 1611 ਈ: ਨੂੰ ਉਸ ਨਾਲ ਵਿਆਹ ਕਰਕੇ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਗ਼ਮ ਬਣਾ ਲਿਆ | ਬਾਦਸ਼ਾਹ ਜੋ ਆਪਣੇ-ਆਪ ਨੂੰ ਨੂਰ-ਉਦ-ਦੀਨ ਕਹਾਉਂਦਾ ਸੀ, ਨੇ ਆਪਣੀ ਨਵੀਂ ਪਤਨੀ ਨੂੰ ਨੂਰ ਮਹੱਲ (ਰਾਜ ਮਹਿਲ ਦੀ ਰੌਸ਼ਨੀ) ਦੀ ਉਪਾਧੀ ਦਿੱਤੀ | ਬਾਦਸ਼ਾਹ ਦੀਆਂ ਮਿਹਰਬਾਨੀਆਂ ਦੇ ਦਰਵਾਜ਼ੇ ਉਸ ਲਈ ਖੁੱਲ੍ਹ ਗਏ | ਬਾਦਸ਼ਾਹ ਨੇ ਛੇਤੀ ਹੀ ਨੂਰ ਮਹੱਲ ਤੋਂ ਨੂਰਜਹਾਂ (ਸੰਸਾਰ ਦੀ ਰੋਸ਼ਨੀ) ਕਰ ਦਿੱਤਾ | ਇਹ ਕਿਹਾ ਜਾਂਦਾ ਹੈ ਕਿ 'ਅਕਬਰ ਦੇ ਜੀਵਨ ਕਾਲ ਵਿਚ ਜਦੋਂ ਉਹ ਜਵਾਨ ਹੀ ਸੀ, ਉਦੋਂ ਤੋਂ ਹੀ ਜਹਾਂਗੀਰ ਮੇਹਰ-ਉਨ-ਨਿਸਾ ਨਾਲ ਪ੍ਰੇਮ ਕਰਦਾ ਸੀ ਤੇ ਉਸ ਪ੍ਰਤੀ ਜਹਾਂਗੀਰ ਦੇ ਪਿਆਰ ਕਾਰਨ ਸ਼ੇਰ ਅਫ਼ਗਾਨ ਨੂੰ ਆਪਣੇ ਜੀਵਨ ਤੋਂ ਹੱਥ ਧੋਣੇ ਪਏ | ਜਹਾਂਗੀਰ ਦਰਬਾਰ ਦੀਆਂ ਇਸਤਰੀਆਂ ਨਾਲ ਗੁੱਝੇ ਪ੍ਰੇਮ ਸਬੰਧ ਰੱਖਣ ਦੀ ਆਦਤ ਤੋਂ ਦੂਰ ਨਹੀਂ ਸੀ |
ਨੂਰਜਹਾਂ ਨੇ ਥੋੜ੍ਹੇ ਸਮੇਂ ਵਿਚ ਹੀ ਬਾਦਸ਼ਾਹ ਜਹਾਂਗੀਰ ਨੂੰ ਅਜਿਹਾ ਆਪਣੇ ਵਸ ਕੀਤਾ ਕਿ ਰਾਜ ਭਾਗ ਦੇ ਹਰ ਇਕ ਕੰਮ ਵਿਚ ਉਹ ਦਖਲ ਦੇਣ ਲੱਗ ਪਈ | ਬਾਦਸ਼ਾਹ ਤਾਂ ਆਪਣੀ ਐਸ਼ਪ੍ਰਸਤੀ ਵਿਚ ਲੱਗਾ ਰਹਿੰਦਾ ਸੀ ਤੇ ਕਿਹਾ ਕਰਦਾ ਸੀ, 'ਮੈਂ ਹਿੰਦੁਸਤਾਨ ਦੀ ਬਾਦਸ਼ਾਹਤ ਕੇਵਲ ਸ਼ਰਾਬ ਦੇ ਇਕ ਪਿਆਲੇ ਤੇ ਕਬਾਬ ਦੀ ਇਕ ਸੀਖ਼ ਬਦਲੇ ਨੂਰਜਹਾਂ ਪਾਸ ਵੇਚ ਦਿੱਤੀ ਹੈ |'
ਨੂਰਜਹਾਂ ਚੰਗੀ ਪੜ੍ਹ-ਲਿਖ ਗਈ ਸੀ | ਉਹ ਇੰਨੀ ਗਿਆਨਵਾਨ ਹੋ ਚੁੱਕੀ ਸੀ ਕਿ ਫਾਰਸੀ ਦੇ ਸ਼ਿਅਰ ਲਿਖਣ ਵਿਚ ਬੜੇ-ਬੜੇ ਆਲਮਾਂ ਨੂੰ ਮਾਤ ਪਾ ਜਾਂਦੀ ਸੀ | ਉਸ ਨੇ ਬਾਗ਼ਾਂ ਦੀ ਸ਼ੋਭਾ, ਸੰੁਦਰਤਾ ਦੀ ਉਪਮਾ ਅਤੇ ਇਸ਼ਕ ਦੇ ਵਿਸ਼ੇ ਉਤੇ ਬੜੇ ਉੱਚੇ ਖਿਆਲ ਪ੍ਰਗਟ ਕੀਤੇ | ਉਹ ਫੁੱਲਾਂ ਦੀ ਬਹੁਤ ਸ਼ੌਕੀਨ ਸੀ | ਗੁਲਾਬ ਦੇ ਅਤਰ ਦੀ ਕਾਢ ਉਸ ਨੇ ਹੀ ਕੱਢੀ ਹੈ | ਉਹ ਘੋੜੇ ਦੀ ਸਵਾਰੀ ਬਹੁਤ ਚੰਗੀ ਤਰ੍ਹਾਂ ਕਰਨਾ ਜਾਣਦੀ ਸੀ | ਉਸ ਦੇ ਚਰਿੱਤਰ ਦਾ ਸਭ ਤੋਂ ਪ੍ਰਮੁੱਖ ਲਕਸ਼ ਉਸ ਦੀਆਂ ਬੇਹੱਦ ਇਛਾਵਾਂ ਸਨ, ਜਿਸ ਕਰਕੇ ਉਸ ਨੇ ਆਪਣੇ ਪਤੀ ਉੱਪਰ ਅਤਿਅੰਤ ਪ੍ਰਭਾਵ ਪਾ ਲਿਆ ਸੀ | ਉਸ ਦੇ ਪਿਤਾ ਇਤਮਦ-ਉਦ-ਦੌਲਾ (ਗਿਆਸ ਬੇਗ) ਤੇ ਭਰਾ ਆਸਫ਼ ਖਾਂ ਦਰਬਾਰ ਦੇ ਪ੍ਰਮੁੱਖ ਸਰਦਾਰ ਬਣ ਗਏ ਅਤੇ ਉਸ ਨੇ ਆਪਣੇ ਪਹਿਲੇ ਪਤੀ ਤੋਂ ਪੈਦਾ ਹੋਈ ਪੁੱਤਰੀ ਦਾ ਵਿਆਹ ਜਹਾਂਗੀਰ ਦੇ ਛੋਟੇ ਪੁੱਤਰ ਸ਼ਹਿਜ਼ਾਦਾ ਸ਼ਹਿਰਯਾਰ ਨਾਲ ਕਰ ਦਿੱਤਾ ਤੇ ਇਸ ਤਰ੍ਹਾਂ ਆਪਣੀ ਥਾਂ ਹੋਰ ਵੀ ਮਜ਼ਬੂਤ ਬਣਾ ਲਈ |
ਮਲਿਕਾ ਨੂਰਜਹਾਂ ਰਾਜਨੀਤੀ ਦੀਆਂ ਚਾਲਾਂ ਵਿਚ ਬੜੀ ਨਿਪੰੁਨ ਸੀ | ਉਹ ਬਾਦਸ਼ਾਹ ਜਹਾਂਗੀਰ ਨੂੰ ਹਮੇਸ਼ਾ ਯੋਗ ਸਲਾਹ ਦਿੰਦੀ ਸੀ | ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖਾਂ ਦੀ ਮੌਤ 1617 ਈ: ਨੂੰ ਹੋਈ | ਉਸ ਦੀ ਮੌਤ ਪਿਛੋਂ ਡਰ ਸੀ ਕਿ ਕਿਤੇ ਲਾਹੌਰ ਵਿਚ ਰਾਜ-ਰੌਲਾ ਨਾ ਪੈ ਜਾਵੇ, ਇਸੇ ਲਈ ਜਹਾਂਗੀਰ ਨੇ ਛੇਤੀ ਹੀ ਰਾਜ ਪ੍ਰਬੰਧ ਦਾ ਕੰਮ ਨੂਰਜਹਾਂ ਦੇ ਪਿਤਾ ਇਤਮਾਦ-ਉਦ-ਦੌਲਾ (ਗਿਆਸ ਬੇਗ) ਨੂੰ ਸੌਾਪ ਦਿੱਤਾ | ਰਾਜ ਪ੍ਰਬੰਧ ਸੰਭਾਲਣ ਤੋਂ ਬਾਅਦ ਗਿਆਸ ਬੇਗ ਨੇ ਜਹਾਂਗੀਰ ਨੂੰ ਲਾਹੌਰ ਸੱਦਿਆ | ਉਸ ਦਾ ਰਸਤੇ ਵਿਚ ਹੀ ਸ਼ਾਹੀ ਸਵਾਗਤ ਕੀਤਾ ਗਿਆ | ਜਦ ਜਹਾਂਗੀਰ ਅੰਮਿ੍ਤਸਰ ਵੀ ਆਇਆ | ਜਹਾਂਗੀਰ ਨੂਰਜਹਾਂ ਸਮੇਤ ਸ੍ਰੀ ਦਰਬਾਰ ਸਾਹਿਬ ਗਿਆ ਤੇ ਅਕਾਲ ਤਖ਼ਤ 'ਤੇ ਸਜੇ ਦੀਵਾਨ ਵਿਚ ਪਹੁੰਚ ਕੇ ਨਿਮਰਤਾ ਸਹਿਤ ਬੈਠ ਗਿਆ | ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਕੁਝ ਸਮਾਂ ਕੀਰਤਨ ਵੀ ਸੁਣਦਾ ਰਿਹਾ |
ਗੁਰੂ ਜੀ ਦੀਵਾਨ ਦੀ ਸਮਾਪਤੀ ਉਪਰੰਤ ਉਸ ਨੂੰ ਮਿਲੇ | ਲਸ਼ਕਰ ਸਮੇਤ ਜਹਾਂਗੀਰ ਨੂੰ ਪਰਸ਼ਾਦ ਛਕਾਇਆ | ਜਹਾਂਗੀਰ ਨੇ ਜਦ ਰਾਜ ਖਜ਼ਾਨੇ ਵਿਚੋਂ ਖਰਚ ਦੇਣ ਲਈ ਇੱਛਾ ਪ੍ਰਗਟ ਕੀਤੀ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਹ ਸਭ ਸੰਗਤਾਂ ਦੀ ਵਸਤ ਹੈ, ਸੰਗਤਾਂ ਹੀ ਇਸ ਨੂੰ ਚਲਾਉਣਗੀਆਂ | ਨੂਰਜਹਾਂ ਨੇ ਮਾਤਾ ਗੰਗਾ ਜੀ ਕੋਲੋਂ ਅਸੀਸ ਦੀ ਮੰਗ ਕੀਤੀ |
ਜਹਾਂਗੀਰ ਜਦ ਸ੍ਰੀ ਅੰਮਿ੍ਤਸਰ ਤੋਂ ਲਾਹੌਰ ਪਹੁੰਚਿਆ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਜਹਾਂਗੀਰ ਨੇ ਸ਼ਾਲੀਮਾਰ ਦੇ ਵੱਡੇ ਜਸ਼ਨ ਵਿਚ ਗਿਆਸ ਬੇਗ ਨੂੰ ਵਜ਼ੀਰ-ਏ-ਆਜ਼ਮ ਨਿਯਤ ਕੀਤਾ | ਜਹਾਂਗੀਰ ਨੇ ਗਿਆਸ ਬੇਗ ਦੀ ਸਿਫਾਰਸ਼ ਉਤੇ ਹੀ ਕਾਸਮ ਨੂੰ ਲਾਹੌਰ ਦੀ ਹਕੂਮਤ ਸਪੁੱਰਦ ਕਰ ਦਿੱਤੀ | ਕਾਸਮ ਖ਼ਾਨ, ਗਿਆਸ ਬੇਗ ਦਾ ਜਵਾਈ ਸੀ | ਨੂਰਜਹਾਂ ਦੀ ਵੱਡੀ ਭੈਣ ਮਨੀਜਾ ਬੇਗਮ ਕਾਸਮ ਨਾਲ ਵਿਆਹੀ ਹੋਈ ਸੀ | ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੁੁਨੇਹਾ ਭੇਜ ਕੇ ਲਾਹੌਰ ਬੁਲਾ ਲਿਆ | ਗੁਰੂ ਸਾਹਿਬ ਲਾਹੌਰ ਪਹੁੰਚੇ ਅਤੇ ਗੁਰੂ ਸਾਹਿਬ ਨੇ ਆਪਣਾ ਕੈਂਪ ਮੁਜੰਗ ਹੀ ਰੱਖਿਆ | ਜਹਾਂਗੀਰ ਤੇ ਗੁਰੂ ਪਾਤਸ਼ਾਹ ਦੀਆਂ ਕਈ ਮਿਲਣੀਆਂ ਹੋਈਆਂ | ਨੂਰਜਹਾਂ ਵੀ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈ | ਗੁਰੂ ਪਾਤਸ਼ਾਹ ਨੇ ਕਿਹਾ, 'ਜਿਸ ਖ਼ੁਦਾ ਨੇ ਸੰੁਦਰਤਾ ਤੇ ਹੋਰ ਔਸਾਫ਼ ਬਖ਼ਸ਼ੇ ਹਨ, ਉਸ ਨੂੰ ਹਮੇਸ਼ਾ ਯਾਦ ਰੱਖਣਾ ਹੀ ਮਜ਼੍ਹਬ ਹੈ | ਯਾਦ-ਏ-ਇਲਾਹੀ ਵਿਚ ਲੱਗੇ ਰਹਿਣਾ ਅਤੇ ਖ਼ਾਵੰਦ ਦੀ ਵਫ਼ਾਦਾਰ ਇਸਤਰੀ ਹੋਣਾ ਹੀ ਜੰਨਤ ਦਾ ਅਧਿਕਾਰੀ ਬਣਾਉਂਦਾ ਹੈ | ਖ਼ੁਦਾ ਦਾ ਡਰ ਤੇ ਗੁਨਾਹਾਂ ਤੋਂ ਪ੍ਰਹੇਜ਼ ਹੀ ਧਰਮ ਦੇ ਜ਼ਰੂਰੀ ਅੰਗ ਹਨ |' ਜਹਾਂਗੀਰ ਨੇ ਵੀ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਮਨ ਕਾਬੂ ਕਿਸ ਤਰ੍ਹਾਂ ਰੱਖਦੇ ਹੋ | ਗੁਰੂ ਸਾਹਿਬ ਨੇ ਕਿਹਾ ਕਿ ਮੌਤ ਨੂੰ ਹਰ ਸਮੇਂ ਯਾਦ ਰੱਖਣ ਤੇ ਅੱਲ੍ਹਾ ਦੀ ਯਾਦ ਦਿਲੋਂ ਨਾ ਵਿਸਾਰਨ ਨਾਲ ਮਨ ਕਾਬੂ 'ਚ ਰਹਿੰਦਾ ਹੈ | ਗੁਰੂ ਸਾਹਿਬ ਕੁਝ ਦਿਨ ਉਥੇ ਰਹੇ ਅਤੇ ਫਿਰ ਅੰਮਿ੍ਤਸਰ ਆ ਗਏ ਅਤੇ ਫਿਰ ਦੁਆਬੇ ਵੱਲ ਚਲੇ ਗਏ | ਜਹਾਂਗੀਰ ਜਸ਼ਨ ਤੋਂ ਵਿਹਲਾ ਹੋ ਕੇ ਕੁਝ ਮਹੀਨੇ ਲਾਹੌਰ ਹੀ ਟਿਕਿਆ ਰਿਹਾ ਤੇ 1620 ਈ: ਦੀਆਂ ਗਰਮੀਆਂ ਦੇ ਆਰੰਭ ਹੋਣ ਉਤੇ ਹੀ ਪਹਿਲੀ ਵਾਰ ਨੂਰਜਹਾਂ ਨੂੰ ਨਾਲ ਲੈ ਕੇ ਕਸ਼ਮੀਰ ਚਲਾ ਗਿਆ |
ਮਲਿਕਾ ਨੂਰਜਹਾਂ, ਸ਼ਹਿਜ਼ਾਦਾ ਖੁਰਮ ਜੋ ਬਾਅਦ ਵਿਚ ਸ਼ਾਹਜਹਾਨ ਬਣਿਆ ਦੇ ਵਿਰੁੱਧ ਸੀ, ਕਿਉਂਕਿ ਉਹ ਜਹਾਂਗੀਰ ਪਿਛੋਂ ਸ਼ਹਿਜ਼ਾਦਾ ਸ਼ਹਿਰਯਾਰ ਨੂੰ ਬਾਦਸ਼ਾਹ ਬਣਾਉਣਾ ਚਾਹੁੰਦੀ ਸੀ ਕਿਉਂਕਿ ਨੂਰਜਹਾਂ ਦੀ ਲੜਕੀ (ਸ਼ੇਰ ਅਫ਼ਗਾਨ ਦੀ ਬੇਟੀ) ਸ਼ਹਿਰਯਾਰ ਨੂੰ ਵਿਆਹੀ ਹੋਈ ਸੀ | ਇਸ ਗੱਲ ਵਿਚ ਮਹਾਬਤ ਖ਼ਾਨ ਵਰਗੇ ਜਰਨੈਲ ਅਤੇ ਅਮੀਰ ਸ਼ਹਿਜ਼ਾਦਾ ਖੁਰਮ ਦੇ ਪੱਖੀ ਸਨ | ਨੂਰਜਹਾਂ ਦੀ ਪ੍ਰੇਰਨਾ 'ਤੇ ਬਾਦਸ਼ਾਹ ਜਹਾਂਗੀਰ ਨੇ ਮਹਾਬਤ ਖ਼ਾਨ ਨੂੰ ਇਕ ਦੋਸ਼ ਵਿਚ ਸਫਾਈ ਪੇਸ਼ ਕਰਨ ਲਈ ਬੁਲਾ ਭੇਜਿਆ | ਉਹ ਆਪਣੇ ਨਾਲ ਪੰਜ ਹਜ਼ਾਰ ਹਥਿਆਰਬੰਦ ਰਾਜਪੂਤ ਲੈ ਕੇ ਹਾਜ਼ਰ ਹੋ ਗਿਆ | ਬਾਦਸ਼ਾਹ ਦਾ ਡੇਰਾ ਉਸ ਸਮੇਂ ਦਰਿਆ ਜਿਹਲਮ ਦੇ ਕੋਲ ਸੀ | ਮਹਾਬਤ ਖ਼ਾਨ ਨੇ ਅਜਿਹੀ ਚਾਲ ਚੱਲੀ ਕਿ ਮਲਕਾ ਨੂਰਜਹਾਂ ਨੂੰ ਬਾਦਸ਼ਾਹ ਜਹਾਂਗੀਰ ਨਾਲੋਂ ਨਿਖੇੜ ਦਿੱਤਾ ਅਤੇ ਸ਼ਾਹੀ ਕੈਂਪ ਦੇ ਦੁਆਲੇ ਆਪਣੀ ਫ਼ੌਜ ਨਾਲ ਘੇਰਾ ਪਾ ਲਿਆ | ਬਾਦਸ਼ਾਹ ਜਹਾਂਗੀਰ ਨੂੰ ਘੇਰੇ ਵਿਚ ਵੇਖ ਕੇ ਮਲਿਕਾ ਨੂਰਜਹਾਂ ਨੇ ਅਕਲ ਅਤੇ ਪ੍ਰਬੀਨਤਾ ਤੋਂ ਕੰਮ ਲਿਆ ਅਤੇ ਇਕ ਟੇਢੀ ਰਾਜਸੀ ਚਾਲ ਚੱਲ ਕੇ ਬਾਦਸ਼ਾਹ ਜਹਾਂਗੀਰ ਨੂੰ ਮਹਾਬਤ ਖ਼ਾਨ ਦੇ ਪੰਜੇ ਵਿਚੋਂ ਸਾਫ਼ ਬਚਾ ਕੇ ਲੈ ਗਈ | ਉਥੇ ਹੀ ਜਹਾਂਗੀਰ ਨੂੰ ਜੋੜਾਂ ਦੀ ਸਖ਼ਤ ਪੀੜ ਹੋਈ | ਬਾਦਸ਼ਾਹ ਦਖਣ ਵੱਲ ਜਾਣ ਲਈ ਤਿਆਰ ਸੀ ਪਰ ਸਿਹਤ ਏਨੀ ਜ਼ਿਆਦਾ ਵਿਗੜ ਚੁੱਕੀ ਸੀ ਕਿ ਉਧਰ ਨਾ ਜਾ ਸਕਿਆ | ਇਥੋਂ ਜਹਾਂਗੀਰ ਫਿਰ ਕਸ਼ਮੀਰ ਹੀ ਚਲਾ ਗਿਆ | ਜਹਾਂਗੀਰ ਘੋੜੇ ਉਤੇ ਸਵਾਰ ਨਹੀਂ ਸੀ ਹੋ ਸਕਦਾ ਤੇ ਪਾਲਕੀ ਵਿਚ ਹੀ ਇਧਰ-ਉਧਰ ਜਾਂਦਾ ਸੀ | ਜਹਾਂਗੀਰ 1627 ਈ: ਦੀ ਸਰਦੀ ਦੇ ਆਰੰਭ ਵਿਚ ਲਾਹੌਰ ਵਾਪਸ ਚਲਾ ਗਿਆ | ਰਸਤੇ ਵਿਚ ਉਸ ਨੂੰ ਬਹਿਰਾਮ ਗਲਾ ਦੇ ਅਸਥਾਨ ਉਤੇ ਸ਼ਿਕਾਰ ਦਾ ਸ਼ੌਕ ਜਾਗਿਆ | ਸ਼ਿਕਾਰ ਸਮੇਂ ਇਕ ਐਸੀ ਦੁਰਘਟਨਾ ਹੋ ਗਈ ਕਿ ਬਾਦਸ਼ਾਹ ਬੇਚੈਨ ਹੋ ਗਿਆ | ਇਕ ਨੌਜਵਾਨ ਜੋ ਸ਼ਿਕਾਰ ਨੂੰ ਘੇਰ ਕੇ ਨਿਸ਼ਾਨੇ ਦੇ ਸਾਹਮਣੇ ਲਿਆਉਂਦਾ ਸੀ, ਇਕ ਉੱਚੀ ਚੱਟਾਨ ਤੋਂ ਡਿੱਗ ਕੇ ਚਕਨਾ ਚੂਰ ਹੋ ਗਿਆ | ਉਸ ਨੌਜਵਾਨ ਦੀ ਚੀਕ ਨੇ ਜਹਾਂਗੀਰ ਨੂੰ ਬੇਹਾਲ ਕਰ ਦਿੱਤਾ | 'ਇਕਬਾਲਨਾਮਾ' ਦਾ ਲਿਖਾਰੀ ਲਿਖਦਾ ਹੈ ਕਿ ਜਦ ਸ਼ਰਾਬ ਦਾ ਗਿਲਾਸ ਆਇਆ ਤਾਂ ਜਹਾਂਗੀਰ ਪੀ ਨਾ ਸਕਿਆ | ਰਾਤਾਂ ਨੂੰ ਘਬਰਾਹਟ ਵਧਣ ਲੱਗੀ | ਰਾਜੌਰੀ ਪੁੱਜ ਕੇ ਜਹਾਂਗੀਰ ਦੀ ਹਾਲਤ ਵਿਗੜਨ ਲੱਗੀ ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ | ਚੰਗੇਜ਼ ਹੱਟੀ ਭਿੰਬਰ ਦੇ ਕਿਨਾਰੇ 8 ਨਵੰਬਰ, 1627 ਈ: ਨੂੰ ਸਵੇਰ ਦੇ ਸਮੇਂ ਜਹਾਂਗੀਰ ਦਾ ਦਿਹਾਂਤ ਹੋ ਗਿਆ | ਨੂਰਜਹਾਂ ਉਸ ਦੇ ਮਿ੍ਤਕ ਸਰੀਰ ਨੂੰ ਲਾਹੌਰ ਲੈ ਗਈ ਅਤੇ ਰਾਵੀ ਦੇ ਕਿਨਾਰੇ ਸ਼ਾਹਦਰਾ ਵਿਖੇ, ਜਿਥੇ ਜਹਾਂਗੀਰ ਦਾ ਆਪਣਾ ਮਕਬਰਾ ਬਣਿਆ ਹੋਇਆ ਸੀ, ਦਫਨਾ ਦਿੱਤਾ | ਜਹਾਂਗੀਰ ਦੀ ਮੌਤ ਨਾਲ ਫਿਰ ਤਖ਼ਤ ਨਸ਼ੀਨੀ ਦੀ ਜੰਗ ਸ਼ੁਰੂ ਹੋ ਗਈ |
ਮਹਾਬਤ ਖ਼ਾਨ ਹਥੋਂ ਹਾਰ ਕੇ ਸ਼ਾਹਜਹਾਨ ਦੱਖਣ ਵੱਲ ਭੱਜ ਗਿਆ ਅਤੇ ਜਹਾਂਗੀਰ ਦੀ ਮੌਤ ਸਮੇਂ ਵੀ ਉਹ ਦੱਖਣ ਵਿਚ ਸੀ | ਮੁਮਤਾਜ ਮਹਲ ਜੋ ਨੂਰਜਹਾਂ ਦੀ ਭਤੀਜੀ ਅਤੇ ਆਸਿਫ਼ ਖ਼ਾਨ ਦੀ ਬੇਟੀ ਸੀ, ਉਸ ਸਮੇਂ ਆਸਿਫ ਖ਼ਾਨ ਸ਼ਾਹੀ ਲਸ਼ਕਰ ਦੇ ਨਾਲ ਸੀ | ਨੂਰਜਹਾਂ ਦੀ ਸਾਰੀ ਕੋਸ਼ਿਸ਼ ਸ਼ਹਰਯਾਰ ਨੂੰ ਤਖ਼ਤ ਦਾ ਮਾਲਕ ਬਣਾਉਣ ਦੀ ਸੀ | ਸ਼ਹਰਯਾਰ ਨੂਰਜਹਾਂ ਦਾ ਜਵਾਈ ਸੀ ਤੇ ਉਸ ਦੀ ਲੜਕੀ ਲਾਡਲੀ ਬੇਗਮ ਜੋ ਸ਼ੇਰ ਅਫ਼ਗਾਨ ਤੋਂ ਸੀ, ਨਾਲ ਵਿਆਹਿਆ ਹੋਇਆ ਸੀ | ਨੂਰਜਹਾਂ ਨੇ ਕਈ ਵਾਰ ਆਪਣੇ ਭਰਾ ਆਸਿਫ਼ ਖ਼ਾਨ ਨੂੰ ਮਿਲਣ ਲਈ ਬੁਲਾਇਆ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਰਿਹਾ |
ਸ਼ਹਰਯਾਰ ਉਸ ਸਮੇਂ ਲਾਹੌਰ ਵਿਚ ਸੀ ਤੇ ਜਹਾਂਗੀਰ ਦੀ ਮੌਤ ਸੁਣ ਕੇ ਲਾਡਲੀ ਬੇਗਮ ਨਾਲ ਸਲਾਹ ਕਰਕੇ ਉਸ ਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ | ਸ਼ਾਹੀ ਖਜ਼ਾਨੇ ਉਤੇ ਕਬਜ਼ਾ ਵੀ ਕਰ ਲਿਆ | ਫ਼ੌਜ ਨੂੰ ਆਪਣੇ ਵੱਲ ਕਰਨ ਲਈ ਦੌਲਤ ਜੁਟਾਉਣੀ ਆਰੰਭ ਕਰ ਦਿੱਤੀ | ਇਕ ਹਫ਼ਤੇ ਵਿਚ ਹੀ ਸੱਤਰ ਲੱਖ ਰੁਪਿਆ ਉਸ ਨੇ ਖਰਚ ਕਰ ਦਿੱਤਾ | ਸ਼ਹਰਯਾਰ ਨੇ ਮਿਰਜ਼ਾ ਬਾਇਸਤਗਾਰ ਜੋ ਜਹਾਂਗੀਰ ਦਾ ਭਤੀਜਾ ਸੀ, ਨੂੰ ਸਿਪਾਹ-ਸਲਾਰ ਨਿਯੁਕਤ ਕਰ ਦਿੱਤਾ | ਆਸਿਫ਼ ਖ਼ਾਨ ਨੂੰ ਸਾਰੀਆਂ ਖ਼ਬਰਾਂ ਪਹੁੰਚ ਰਹੀਆਂ ਸਨ | ਆਸਿਫ਼ ਖ਼ਾਨ, ਦਾਵਰ ਬਖ਼ਸ਼ ਨਾਲ ਲਾਹੌਰ ਵੱਲ ਲਸ਼ਕਰ ਲੈ ਕੇ ਵਧ ਰਿਹਾ ਸੀ | ਸ਼ਹਰਯਾਰ ਦੀਆਂ ਫ਼ੌਜਾਂ ਹਾਰ ਗਈਆਂ ਤੇ ਉਹ ਲਾਹੌਰ ਕਿਲ੍ਹੇ ਵਿਚ ਲੁਕ ਗਿਆ | ਦੂਜੇ ਦਿਨ ਆਸਿਫ਼ ਖ਼ਾਨ ਨੇ ਕਿਲ੍ਹੇ ਨੂੰ ਘੇਰ ਲਿਆ ਅਤੇ ਸ਼ਹਰਯਾਰ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਨੇ ਜ਼ਨਾਨਾ ਕੱਪੜੇ ਪਾਏ ਹੋਏ ਸਨ | ਸ਼ਹਿਰ ਯਾਰ ਨੂੰ ਪਹਿਲਾਂ ਨਜ਼ਰਬੰਦ ਕਰਨ ਦਾ ਹੁਕਮ ਤੇ ਫਿਰ ਅੰਨ੍ਹਾ ਕਰਨ ਦਾ ਹੁਕਮ ਦਿੱਤਾ ਗਿਆ | ਆਸਿਫ ਖ਼ਾਨ ਅੰਦਰੋ-ਅੰਦਰ ਲਾਹੌਰ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਸ਼ਾਹ ਜਹਾਨ ਤੱਕ ਪਹੁੰਚਾ ਰਿਹਾ ਸੀ | ਸ਼ਾਹਜਹਾਨ 2 ਦਸੰਬਰ, 1627 ਈ: ਨੂੰ ਆਗਰੇ ਵੱਲ ਚਲ ਪਿਆ ਤੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ | ਸ਼ਾਹਜਹਾਨ ਨੇ ਆਪਣੇ ਵਿਰੋਧੀਆਂ ਨੂੰ ਵਾਰੀ-ਵਾਰੀ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਨੂਰਜਹਾਂ ਨੂੰ ਪੂਰੀ ਤਰ੍ਹਾਂ ਨਜ਼ਰਬੰਦ ਕਰ ਲਿਆ ਗਿਆ | ਨੂਰਜਹਾਂ, ਜਹਾਂਗੀਰ ਦੇ ਮਰਨ ਤੋਂ ਬਾਅਦ ਅਠਾਰਾਂ ਸਾਲ ਹੋਰ ਜਿਊਾਦੀ ਰਹੀ |
ਨੂਰਜਹਾਂ ਦਾ ਦਿਹਾਂਤ 1645 ਈ: ਨੂੰ ਹੋਇਆ | ਨੂਰਜਹਾਂ ਦਾ ਮਕਬਰਾ ਲਾਹੌਰ ਵਿਖੇ ਬਣਿਆ ਹੋਇਆ ਹੈ | ਪਰ ਉਹ ਨੂਰਜਹਾਂ ਜਿਸ ਦਾ ਦਬਦਬਾ ਹਿੰਦੁਸਤਾਨ ਵਿਚ ਮੰਨਿਆ ਜਾਂਦਾ ਸੀ ਤੇ ਜਿਸ ਦੇ ਹੱਥਾਂ ਵਿਚ ਦੇਸ਼ ਦੀ ਵਾਗਡੋਰ ਸੀ, ਅੱਜ ਉਸ ਦੀ ਮੜ੍ਹੀ ਬੇਰੌਣਕ ਹਾਲਤ ਵਿਚ ਪਈ ਹੋਈ ਹੈ | ਨੂਰਜਹਾਂ ਦੇ ਕਹਿਣ ਅਨੁਸਾਰ ਉਸ ਮਕਬਰੇ ਉੱਪਰ ਲਿਖਿਆ ਗਿਆ ਸੀ:
'ਬਰ ਮਜ਼ਾਰਿ ਮਾ ਗ਼ਰੀਬਾਂ ਨੈ ਚਿਰਾਗ਼ੇ ਨੈ ਗੁਲੇ
ਨੈ ਪਰੇ ਪਰਵਾਨਾ ਸੋਜ਼ਦ ਨੈ ਸਦਾਏ ਬੁਲਬੁਲੇ |'
ਨੂਰਜਹਾਂ ਦਾ ਕਹਿਣਾ ਸੀ ਕਿ ਸਾਡੀ ਗ਼ਰੀਬਾਂ ਦੀ ਕਬਰ ਉਤੇ ਨਾ ਤਾਂ ਕੋਈ ਦੀਵਾ ਜਗਾਵੇ ਤੇ ਨਾ ਹੀ ਕੋਈ ਫੁੱਲ ਚੜ੍ਹਾਏ ਤਾਂ ਜੋ ਪਤੰਗਾ ਆਪਣੇ ਖੰਭ ਨਾ ਸਾੜੇ ਤੇ ਬੁਲਬੁਲ ਆਪਣੇ ਰੋਣੇ ਨਾ ਰੋਵੇ |

(ਸਮਾਪਤ)
-ਬਠਿੰਡਾ |
ਮੋਬਾਈਲ : 98155-33725.

ਲਖਨਊ ਦੀਆਂ ਵੇਖਣ ਯੋਗ ਇਤਿਹਾਸਕ ਥਾਵਾਂ

ਲਖਨਊ ਦੇ ਸੁਨਹਿਰੇ ਦਿਨਾਂ ਦੀ ਯਾਦ ਕਰਾਉਣ ਵਾਲੀ ਸਭ ਤੋਂ ਯਾਦਗਾਰੀ ਥਾਂ, ਲਖਨਊ ਦਾ ਭੁਲ-ਭੁਲੱਈਆ ਹੈ, ਜਿਸ ਨੂੰ ਬੜਾ ਇਮਾਮਬਾੜਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਭੁਲ-ਭੁਲੱਈਆ ਦਾ ਨਿਰਮਾਣ ਲਖਨਊ ਦੇ ਨਵਾਬ ਆਸਿਫ-ਉਦ-ਦੌਲਾ ਨੇ 1784 ਵਿਚ ਕਰਵਾਇਆ ਸੀ। ਲਖਨਊ ਦੀ ਜਗਤ ਪ੍ਰਸਿੱਧ ਇਸ ਇਮਾਰਤ ਨੇ 1857 ਦਾ ਗ਼ਦਰ ਵੀ ਵੇਖਿਆ ਅਤੇ ਹੋਰ ਪ੍ਰਸਿੱਧ ਘਟਨਾਵਾਂ ਵੀ। ਇਹ ਇਮਾਰਤ ਮੁਗ਼ਲੀ ਵਸਤੂ ਕਲਾ ਅਤੇ ਇਮਾਰਤਸਾਜੀ ਦਾ ਵਿਲੱਖਣ ਨਮੂਨਾ ਹੈ। ਇਸ ਤੋਂ ਬਿਨਾਂ ਲਖਨਊ ਦਾ ਕੇਸਰ ਬਾਗ਼ ਮਹੱਲ ਭਵਨ ਸਮੂਹ, ਰੂਮੀ ਦਰਵਾਜ਼ਾ, ਚੌਕ ਬਾਜ਼ਾਰ ਅਤੇ ਛਤਰ ਮੰਜ਼ਿਲ ਦੇਖਣ ਬਿਨਾਂ ਲਖਨਊ ਦੀ ਫੇਰੀ ਅਧੂਰੀ ਮੰਨੀ ਜਾਂਦੀ ਹੈ।
ਬੇਗਮ ਹਜ਼ਰਤ ਮਹੱਲ ਪਾਰਕ
ਅਵਧ ਦੀ ਰਾਣੀ ਬੇਗਮ ਹਜ਼ਰਤ ਮਹੱਲ ਦੀ ਯਾਦ ਵਿਚ ਬਣਾਇਆ ਗਿਆ ਬੇਗਮ ਹਜ਼ਰਤ ਮਹੱਲ ਪਾਰਕ, ਲਖਨਊ ਦੇ ਧੁਰ ਅੰਦਰ ਬਣਿਆ ਹੋਇਆ ਹੈ। 1857 ਦੇ ਗ਼ਦਰੀਆਂ ਦੀ ਯਾਦ ਨੂੰ ਸਮਰਪਿਤ ਇਸ ਪਾਰਕ ਵਿਚਲਾ ਸੁੰਦਰ ਬਾਗ਼ ਅਤੇ ਆਜ਼ਾਦੀ ਸੰਗਰਾਮੀਆਂ ਦਾ ਸਤੰਭ ਭਾਰਤ ਸਰਕਾਰ ਵਲੋਂ ਬਣਾਇਆ ਗਿਆ ਸੀ। ਹੁਣ ਇਹ ਥਾਂ ਜੋੜਿਆਂ ਦੀ ਚਾਹਤ ਵਾਲਾ ਪਾਰਕ ਹੈ। ਇਹ ਪਾਰਕ ਸੁੰਦਰ ਦਰੱਖਤਾਂ, ਫੁਹਾਰਿਆਂ ਅਤੇ ਵੰਨ-ਸੁਵੰਨੇ ਪੱਥਰਾਂ ਦੇ ਰਸਤਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਇਸ ਪਾਰਕ ਵਿਚ ਹਰਿਆਵਲ ਇੰਨੀ ਹੈ ਕਿ ਮਨ ਆਪ-ਮੁਹਾਰੇ ਇਸ ਪਾਰਕ ਵੱਲ ਰੁਖ਼ ਕਰਦਾ ਹੈ ਅਤੇ ਘੰਟਿਆਂਬੱਧੀ ਇਥੇ ਰੁਕਣ ਲਈ ਸੈਲਾਨੀਆਂ ਨੂੰ ਉਤਸ਼ਾਹਿਤ ਕਰਦਾ ਹੈ।
ਰੂਮੀ ਦਰਵਾਜ਼ਾ
ਬਿਹਤਰੀਨ ਅਵਧੀ ਵਸਤੂਕਲਾ ਅਤੇ ਇਮਾਰਤੀ ਚਿੱਤਰਕਾਰੀ ਦੀ ਉਦਾਹਰਨ ਹੈ 60 ਫੁੱਟ ਲੰਬਾ ਗੇਟਵੇ, ਰੂਮੀ ਦਰਵਾਜ਼ਾ। ਇਹ ਰੂਮੀ ਦਰਵਾਜ਼ਾ, ਲਖਨਊ ਦੀਆਂ ਪ੍ਰਸਿੱਧ ਇਤਿਹਾਸਕ ਥਾਵਾਂ ਬੜਾ ਇਮਾਮਵਾੜਾ ਅਤੇ ਛੋਟਾ ਇਮਾਮਵਾੜਾ ਦੇ ਨਜ਼ਦੀਕ ਹੈ। ਜਿਵੇਂ ਦਿੱਲੀ ਦਾ ਇੰਡੀਆ ਗੇਟ ਮਸ਼ਹੂਰ ਅਤੇ ਮੁੰਬਈ ਦਾ ਗੇਟ ਵੇ ਆਫ ਇੰਡੀਆ ਮਸ਼ਹੂਰ ਹਨ, ਇਵੇਂ ਲਖਨਊ ਦਾ ਰੂਮੀ ਦਰਵਾਜ਼ਾ ਹੈ। ਇਹ ਦਰਵਾਜ਼ਾ 18ਵੀਂ ਸਦੀ ਵਿਚ ਬਣਾਇਆ ਗਿਆ ਸੀ। ਇਸ ਦਰਵਾਜ਼ੇ ਨੂੰ ਤੁਰਕਿਸ਼ ਗੇਟ ਵੀ ਕਿਹਾ ਜਾਂਦਾ ਹੈ। ਇਸ ਗੇਟ ਦੇ ਉਪਰਲੇ ਪਾਸਿਓਂ ਲਖਨਊ ਸ਼ਹਿਰ ਦੇ ਵੱਖੋ-ਵੱਖਰੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ, ਭਾਵੇਂ ਕਿ ਇਸ ਗੇਟ ਦੇ ਧੁਰ ਸਿਖ਼ਰ 'ਤੇ ਜਾਣਾ ਸਰਕਾਰ ਵਲੋਂ ਮਨ੍ਹਾਂ ਕੀਤਾ ਹੋਇਆ ਹੈ।
ਕੇਸਰ ਬਾਗ਼ ਮਹੱਲ ਭਵਨ ਸਮੂਹ
ਸ਼ਾਹੀ ਸ਼ਹਿਰ ਲਖਨਊ 'ਚ ਵਸਤੂ ਕਲਾ ਦਾ ਨਮੂਨਾ ਹੈ ਕੇਸਰ ਬਾਗ਼ ਮਹੱਲ ਭਵਨ ਸਮੂਹ। ਸੈਲਾਨੀਆਂ ਦੀ ਖਿੱਚ ਦਾ ਕੇਂਦਰ ਇਹ ਸਮੂਹ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੇ 1848 ਅਤੇ 1850 ਦੇ ਵਿਚਕਾਰ ਬਣਾਇਆ ਸੀ। 1857 ਦੇ ਗ਼ਦਰ ਵੇਲੇ ਇਹ ਮਹੱਲ ਬੇਗਮ ਹਜ਼ਰਤ ਮਹੱਲ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ। 1857 ਦੇ ਗ਼ਦਰ ਵੇਲੇ ਅੰਗਰੇਜ਼ਾਂ ਨੇ ਇਸ ਮਹੱਲ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ। ਭਾਵੇਂ ਇਹ ਮਹੱਲ ਦੀ ਹਾਲਤ ਹੁਣ ਬਹੁਤੀ ਚੰਗੀ ਨਹੀਂ, ਪਰ ਸੈਲਾਨੀ ਫਿਰ ਵੀ ਇਹ ਯਾਦਗਾਰੀ ਥਾਂ ਦੇਖਣਾ ਨਹੀਂ ਭੁਲਦੇ। ਇਸੇ ਭਵਨ ਸਮੂਹ ਵਿਚ ਅਵਧ ਦੇ ਨਵਾਬ ਸਾਦਾਤ ਅਲੀ ਖਾਨ ਅਤੇ ਉਸ ਦੀ ਪਤਨੀ ਖੁਰਸ਼ੀਦ ਜ਼ਾਦੀ ਦੀਆਂ ਕਬਰਾਂ ਹਨ। ਇਹ ਯਾਦਗਾਰਾਂ ਜਿਸ ਢੰਗ ਨਾਲ ਬਣਾਈਆਂ ਗਈਆਂ ਹਨ, ਉਹ ਅਵਧੀ ਵਸਤੂ ਕਲਾ ਦੀ ਮੂੰਹ-ਬੋਲਦੀ ਤਸਵੀਰ ਹਨ ਅਤੇ ਲਖਨਊ ਸ਼ਹਿਰ ਦੀ ਦਿੱਖ ਨਿਖਾਰਨ ਵਾਲੀਆਂ ਹਨ।
ਜਾਮਾ ਮਸਜਿਦ
ਬਿਲਕੁਲ ਦੁੱਧ ਚਿੱਟੇ ਪੱਥਰ ਨਾਲ ਬਣਾਈ ਗਈ ਲਖਨਊ ਦੀ ਜਾਮਾ ਮਸਜਿਦ ਨੂੰ ਭਾਰਤ ਦੀਆਂ ਸਭ ਤੋਂ ਸੁੰਦਰ ਮਸਜਿਦਾਂ ਵਿਚ ਗਿਣਿਆ ਜਾਂਦਾ ਹੈ। 15ਵੀਂ ਸਦੀ ਵਿਚ ਇਹ ਮਸਜਿਦ ਬਣਾਈ ਗਈ ਅਤੇ ਇਸ ਇਮਾਰਤ ਦੀਆਂ ਕੰਧਾਂ ਉਤੇ ਸੁੰਦਰ ਚਿੱਤਰਕਾਰੀ ਕੀਤੀ ਗਈ। ਇਸ ਮਸਜਿਦ ਦੇ 260 ਸਤੰਭ ਹਨ ਅਤੇ 15 ਗੁੰਬਦ ਹਨ, ਜਿਹਨਾ ਉਤੇ ਪੱਥਰ ਲਗਾਇਆ ਗਿਆ ਹੈ। ਇਸ ਮਸਜਿਦ ਵਿਚ ਹੁਣ ਵੀ ਰੋਜ਼ਾਨਾ ਨਮਾਜ਼ ਪੜ੍ਹੀ ਜਾਂਦੀ ਹੈ ਅਤੇ ਈਦ-ਉਲ-ਜ਼ੂਹਾ ਅਤੇ ਈਦ-ਉਲ-ਫਿਤਰ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਇਹ ਮਸਜਿਦ ਛੋਟਾ ਇਮਾਮਬਾੜਾ ਦੇ ਉਤਰ-ਪੱਛਮ ਵੱਲ ਸਥਿਤ ਹੈ ਅਤੇ ਨਵਾਬਾਂ ਦੇ ਸ਼ਹਿਰ ਲਖਨਊ ਦੀ ਇਕ ਵੇਖਣ ਯੋਗ ਥਾਂ ਹੈ।
ਛਤਰ ਮੰਜ਼ਿਲ
ਗੋਮਤੀ ਦਰਿਆ ਦੇ ਕੰਡੇ ਛਤਰ ਮੰਜ਼ਿਲ ਬਣੀ ਹੋਈ ਹੈ, ਜਿਹੜੀ ਛਤਰੀ ਮਹੱਲ ਵਜੋਂ ਮਸ਼ਹੂਰ ਹੈ। ਇਹ ਇਮਾਰਤ ਨਵਾਬ ਗਾਜ਼ੀ-ਓ-ਦੀਨ ਹੈਦਰ ਨੇ ਬਣਵਾਉਣੀ ਸ਼ੁਰੂ ਕਰਵਾਈ ਪਰ ਉਸ ਦੇ ਪੁੱਤਰ ਨਵਾਬ ਨਸੀਰ-ਓ-ਦੀਨ ਹੈਦਰ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੂਰੀ ਕਰਵਾਈ। ਇਹ ਇਮਾਰਤ ਭਾਰਤੀ-ਯੂਰਪੀ ਵਸਤੂ ਕਲਾ ਦਾ ਰਲਵਾਂ ਨਮੂਨਾ ਹੈ। ਇਸ ਇਮਾਰਤ ਦੀ ਦੇਖਣ ਯੋਗ ਚੀਜ਼ ਇਸ ਦੇ ਬਣਾਏ ਛਤਰੀਨੁਮਾ ਗੁੰਬਦ ਹਨ। ਇਸੇ ਕਰਕੇ ਇਸ ਨੂੰ ਛਤਰ ਮੰਜ਼ਿਲ ਦਾ ਨਾਂਅ ਦਿੱਤਾ ਗਿਆ ਹੈ। 1857 ਦੇ ਗ਼ਦਰ ਵੇਲੇ ਛਤਰ ਮਹੱਲ ਗ਼ਦਰੀਆਂ ਦੀ ਠਹਿਰ ਦਾ ਵਿਸ਼ੇਸ਼ ਕੇਂਦਰ ਰਿਹਾ। ਇਸ ਵੇਲੇ ਇਸ ਇਮਾਰਤ ਵਿਚ ਸੈਂਟਰਲ ਡਰੱਗ ਰਿਸਰਚ ਇੰਸਟੀਚਿਊਟ (ਸੀ ਡੀ ਆਰ ਆਈ) ਦਾ ਦਫਤਰ ਹੈ।
ਲਾ-ਮਾਰਟਿਨ ਸਾਹਿਬ ਦੀ ਕੋਠੀ
ਲਾ-ਮਾਰਟਿਨੇਰੇ ਕਾਲਜ ਲਖਨਊ ਦਾ ਇਕ ਬਹੁਤ ਮਿਆਰੀ ਅਦਾਰਾ ਹੈ, ਜੋ ਨਾ ਸਿਰਫ ਸਿੱਖਿਆ ਪ੍ਰਦਾਨ ਕਰਦਾ ਹੈ, ਸਗੋਂ ਭਾਰਤ ਇਤਿਹਾਸ ਦੀਆਂ ਵਿਲੱਖਣ ਯਾਦਾਂ ਵੀ ਆਪਣੇ 'ਚ ਸਮੋਈ ਬੈਠਾ ਹੈ। ਇਹ ਇਤਿਹਾਸਕ ਇਮਾਰਤ ਕੋਂਸਟੇਨਸ਼ੀਆ, ਕਲੋਡ ਮਾਰਟਿਨ ਨੇ 1795 ਵਿਚ ਬਣਾਉਣੀ ਸ਼ੁਰੂ ਕੀਤੀ। ਕੰਕਰੀਟ ਦੀ ਬਣੀ ਇਹ ਇਮਾਰਤ ਭਾਰਤੀ, ਤੁਰਕਿਸ਼ ਅਤੇ ਫਾਰਸੀ ਵਸਤੂ ਕਲਾ ਦਾ ਵਿਸ਼ਵ ਅਜੂਬਾ ਹੈ। ਇਸ ਇਮਾਰਤ ਨੂੰ ਆਰੰਭ ਵਿਚ ਬਣਾਉਣ ਵਾਲਾ ਮਾਰਟਿਨੇਰੇ ਅੰਡਰ ਗਰਾਊਂਡ ਬੇਸਮੈਂਟ 'ਚ ਹੀ ਦੱਬਿਆ ਗਿਆ ਸੀ ਅਤੇ ਉਸ ਦੀ ਯਾਦਗਾਰ ਇਸੇ ਬੇਸਮੈਂਟ ਦੇ ਉਪਰ ਬਣਾਈ ਗਈ ਹੈ। ਮਾਰਟਿਨ ਦੀ ਸਾਥਣ ਗੌਰੀ ਬੀਬੀ ਦਾ ਮਕਬਰਾ ਵੀ ਇਥੇ ਹੈ। ਇਮਾਰਤ ਕੋਂਸਟੇਨਸ਼ੀਆ ਬਣਾਉਣ ਵਾਲਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਅਫ਼ਸਰ ਮਾਰਟਿਨ ਸੀ, ਜਿਹੜਾ ਪਹਿਲਾ ਫਰਾਂਸੀਸੀ ਈਸਟ ਇੰਡੀਆ ਕੰਪਨੀ ਦਾ ਅਫ਼ਸਰ ਸੀ, ਉਸ ਨੇ ਨਵਾਬ ਆਸਿਫ-ਉਦ-ਦੌਲਾ ਦੇ ਅਫ਼ਸਰ ਵਜੋਂ ਵੀ ਕੰਮ ਕੀਤਾ ਅਤੇ ਉਹ ਭਾਰਤ ਵਿਚ ਇਕ ਬਹੁਤ ਅਮੀਰ ਫਰਾਂਸੀਸੀ ਅਫ਼ਸਰ ਸੀ। ਕੌਂਸਟੇਨਸ਼ੀਆ ਇਸ ਅਫ਼ਸਰ ਦੀ ਹੀ ਰਿਹਾਇਸ਼ਗਾਹ ਸੀ, ਜੋ ਕਿ ਹੁਣ ਲਾ ਮਾਰਟਿਨੇਰੇ ਕਾਲਜ ਲਖਨਊ ਦਾ ਇਕ ਹਿੱਸਾ ਹੈ। ਕਲੌਡ ਮਾਰਟਿਨ ਨੇ ਆਪਣੀ ਵਸੀਅਤ ਵਿਚ ਪਹਿਲੀ ਜਨਵਰੀ 1800 ਨੂੰ ਲਿਖਿਆ ਸੀ ਕਿ ਉਸ ਦੀ ਜਾਇਦਾਦ ਵਿਚ ਲਖਨਊ, ਕਲਕੱਤਾ ਅਤੇ ਉਸ ਦੇ ਜੱਦੀ ਸ਼ਹਿਰ ਲੋਇਨ (ਫਰਾਂਸ) ਵਿਚ ਤਿੰਨ ਸਕੂਲ ਬਣਾਏ ਜਾਣ। ਪਹਿਲਾਂ-ਪਹਿਲਾਂ ਇਸ ਲਖਨਊ ਵਾਲੇ ਸਕੂਲ 'ਚ ਯੂਰਪੀ ਵਿਦਿਆਰਥੀ ਹੀ ਦਾਖਲ ਕੀਤੇ ਜਾਂਦੇ ਸਨ, ਪਰ ਬਾਅਦ ਵਿਚ ਇਥੇ ਸਭਨਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਣ ਲੱਗੀ। ਇਹ ਇਮਾਰਤ ਅੱਜ ਵੀ ਮਾਰਟਿਨ ਸਾਹਿਬ ਦੀ ਕੋਠੀ ਵਜੋਂ ਜਾਣੀ ਜਾਂਦੀ ਹੈ।

-ਮੋਬਾਈਲ : 9815802070

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-13

ਧਾਰਮਿਕ ਪੰਜਾਬੀ ਫ਼ਿਲਮਾਂ ਦਾ ਦੌਰ

ਕਦੇ ਰਾਜ ਕਪੂਰ ਦੇ ਸਹਾਇਕ ਰਹੇ ਹੈਰੀ ਬਵੇਜਾ ਦੀਆਂ ਹਿੰਦੀ ਫ਼ਿਲਮਾਂ ਤਾਂ ਬਹੁ-ਗਿਣਤੀ ਵਿਚ ਫਲਾਪ ਹੀ ਰਹੀਆਂ ਹਨ ਪਰ ਪੰਜਾਬੀ ਸਿਨੇਮਾ ਨੇ ਉਸ ਨੂੰ ਸਿਨੇਮਾ ਦੇ ਖੇਤਰ 'ਚ ਪੁਨਰ-ਸੁਰਜੀਤ ਜ਼ਰੂਰ ਕੀਤਾ ਹੈ |
ਹੈਰੀ ਬਵੇਜਾ ਦੀ ਸਥਿਤੀ 'ਚ ਸੁਧਾਰ ਧਾਰਮਿਕ ਫ਼ਿਲਮ 'ਚਾਰ ਸਾਹਿਬਜ਼ਾਦੇ' ਨਾਂਅ ਦੀ ਇਕ ਐਨੀਮੇਸ਼ਨ ਕਿਰਤ ਤੋਂ ਸ਼ੁਰੂ ਹੋਇਆ ਸੀ | ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਇਸ ਫ਼ਿਲਮ ਦਾ ਕੇਂਦਰ ਬਿੰਦੂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੀ ਸੀ | ਦਰਸ਼ਕਾਂ ਨੇ ਇਸ ਫ਼ਿਲਮ ਦਾ ਭਰਪੂਰ ਸਵਾਗਤ ਕੀਤਾ ਸੀ | ਇਸ ਦਾ ਪ੍ਰਮੁੱਖ ਆਧਾਰ ਇਹ ਸੀ ਕਿ ਹੈਰੀ ਬਵੇਜਾ ਨੇ ਇਤਿਹਾਸਕ ਪੱਖਾਂ ਨੂੰ ਬਹੁਤ ਤੋੜ-ਮੋੜ ਕੇ ਪੇਸ਼ ਨਹੀਂ ਕੀਤਾ ਸੀ | ਉਸ ਦਾ ਫੋਕਸ ਉਨ੍ਹਾਂ ਹੀ ਪ੍ਰਸੰਗਾਂ 'ਤੇ ਸੀ, ਜਿਨ੍ਹਾਂ ਨੂੰ ਦਰਸ਼ਕ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ | ਅਰਥਾਤ ਬਵੇਜਾ ਨੇ ਦਰਸ਼ਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਸੀ | ਫਿਰ ਕਿਸੇ ਵੀ ਜੀਵਤ ਕਲਾਕਾਰ ਨੂੰ ਪਰਦੇ 'ਤੇ ਨਾ ਪੇਸ਼ ਕਰਨਾ ਵੀ ਬਵੇਜਾ ਲਈ ਪਲੱਸ ਪੁਆਇੰਟ ਹੀ ਰਿਹਾ ਸੀ |
ਦੇਖਣ ਵਾਲੀ ਗੱਲ ਹੈ ਕਿ ਪੰਜਾਬੀ ਫ਼ਿਲਮਾਂ ਦੇ ਖੇਤਰ 'ਚ ਅਕਸਰ ਧਾਰਮਿਕ-ਸਮਾਜਿਕ ਫ਼ਿਲਮਾਂ ਤਾਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ ਪਰ ਸਾਰੀਆਂ ਫ਼ਿਲਮਾਂ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਸੀ ਜਿਹੜਾ ਕਿ 'ਚਾਰ ਸਾਹਿਬਜ਼ਾਦੇ' ਨੂੰ ਮਿਲਿਆ ਸੀ | ਮਿਸਾਲ ਦੇ ਤੌਰ 'ਤੇ ਇਸ ਫ਼ਿਲਮ ਤੋਂ ਫੌਰੀ ਬਾਅਦ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਕ ਵੱਡੇ ਬਜਟ ਦੀ ਫ਼ਿਲਮ ਵੀ ਬਣਾਈ ਗਈ ਸੀ | ਪਰ ਇਸ ਫ਼ਿਲਮ ਦਾ ਤਾਂ ਉਲਟਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ | ਸਿੱਟਾ? ਬਹੁਤ ਕਾਂਟ-ਛਾਂਟ ਕਰਕੇ ਜਦੋਂ ਇਸ ਕਿਰਤ ਨੂੰ ਕੁਝ ਕੁ ਥੀਏਟਰਾਂ 'ਚ ਪ੍ਰਦਰਸ਼ਤ ਕੀਤਾ ਗਿਆ ਤਾਂ ਵੀ ਦਰਸ਼ਕ ਇਸ ਪ੍ਰਤੀ ਨਾਰਾਜ਼ਗੀ ਨਾਲ ਭਰੇ ਨਜ਼ਰ ਆਏ ਸਨ | ਸ਼ਾਇਦ ਗੁਰੂ ਸਾਹਿਬ ਨੂੰ ਮਾਨਵੀ ਰੂਪ 'ਚ ਪੇਸ਼ ਕਰਨਾ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਸਨ |
ਵੈਸੇ ਧਾਰਮਿਕਤਾ ਨੂੰ ਪੰਜਾਬੀ ਸਿਨੇਮਾ ਦੇ ਦਾਇਰੇ 'ਚ ਲਿਆਉਣ ਦਾ ਕੰਮ ਤਾਂ ਮਾਹੇਸ਼ਵਰੀ ਭਰਾਵਾਂ ਨੇ ਕੀਤਾ ਸੀ | ਇਨ੍ਹਾਂ ਭਰਾਵਾਂ ਦੀ ਕਟੜਾ ਜੈਮਲ ਸਿੰਘ ਵਿਖੇ ਕੱਪੜੇ ਦੀ ਇਕ ਦੁਕਾਨ ਸੀ ਅਤੇ ਇਨ੍ਹਾਂ ਦਾ ਇਕ ਭਰਾ ਰਾਮ ਮਾਹੇਸ਼ਵਰੀ ਮੰੁਬਈ 'ਚ ਮਸ਼ਹੂਰ ਫ਼ਿਲਮ ਨਿਰਦੇਸ਼ਕ ਸੀ | ਰਾਮ ਮਾਹੇਸ਼ਵਰੀ ਦੀਆਂ ਇਕ-ਦੋ ਹਿੰਦੀ ਫ਼ਿਲਮਾਂ ਫਲਾਪ ਹੋ ਗਈਆਂ ਸਨ ਅਤੇ ਫਾਈਨਾਂਸਰ ਉਸ ਨੂੰ ਸਰਮਾਇਆ ਦੇਣ ਤੋਂ ਨਾਂਹ ਕਰ ਰਹੇ ਸਨ |
ਅਜਿਹੇ ਨਾਜ਼ੁਕ ਸਮੇਂ 'ਚ ਰਾਮ ਮਾਹੇਸ਼ਵਰੀ ਨੇ ਇਕ ਧਾਰਮਿਕ ਪੰਜਾਬੀ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਤਾਂ ਕਿ ਥੋੜ੍ਹੇ ਬਜਟ 'ਚ ਉਹ ਕਿਸੇ ਤਰ੍ਹਾਂ ਦੁਬਾਰਾ ਆਪਣੀ ਸਾਖ ਬਹਾਲ ਕਰ ਸਕੇ | ਅੰਮਿ੍ਤਸਰ ਦੇ ਹੀ ਰਹਿਣ ਵਾਲੇ ਬੇਕਲ ਅੰਮਿ੍ਤਸਰੀ ਨੇ ਉਸ ਨੂੰ ਜਦੋਂ ਇਕ ਕਹਾਣੀ ਸੁਣਾਈ ਤਾਂ ਰਾਮ ਮਾਹੇਸ਼ਵਰੀ ਨੇ ਝਟਪਟ ਉਸ ਨੂੰ ਸਾਈਨ ਕਰ ਲਿਆ | ਬੇਕਲ ਦੀ ਇਸ ਕਹਾਣੀ ਨੂੰ ਹੀ 'ਨਾਨਕ ਨਾਮ ਜਹਾਜ਼ ਹੈ' ਦੇ ਰੂਪ 'ਚ ਫ਼ਿਲਮਾਇਆ ਗਿਆ ਸੀ | ਦਰਸ਼ਕਾਂ ਵਲੋਂ ਇਸ ਫ਼ਿਲਮ ਨੂੰ ਭਰਪੂਰ ਸਮਰਥਨ ਮਿਲਿਆ ਸੀ | ਅੰਮਿ੍ਤਸਰ ਦੇ ਚਿਤਰਾ ਸਿਨੇਮਾ ਹਾਲ 'ਚ ਇਸ ਫ਼ਿਲਮ ਨੂੰ ਦੇਖਣ ਲਈ ਦਰਸ਼ਕਾਂ ਦੀਆਂ ਕਤਾਰਾਂ ਹੀ ਲੱਗ ਗਈਆਂ ਸਨ |
ਪਰ ਅਫ਼ਸੋਸ ਇਹ ਕਿ ਰਾਮ ਮਾਹੇਸ਼ਵਰੀ ਵੀ ਇਸ ਪ੍ਰਥਾ ਨੂੰ ਸਫ਼ਲਤਾਪੂਰਵਕ ਅੱਗੇ ਨਹੀਂ ਲਿਜਾ ਸਕਿਆ ਸੀ | ਹਾਲਾਂਕਿ ਉਸ ਨੇ ਬਾਅਦ 'ਚ ਵੀ ਇਸੇ ਸ਼੍ਰੇਣੀ ਦੀਆਂ ਇਕ-ਦੋ ਹੋਰ ਫ਼ਿਲਮਾਂ ਬਣਾਈਆਂ ਸਨ, ਪਰ 'ਨਾਨਕ ਨਾਮ ਜਹਾਜ਼ ਹੈ' ਵਾਲਾ ਜਾਦੂ ਉਹ ਦੁਬਾਰਾ ਨਹੀਂ ਚਲਾ ਸਕਿਆ | ਮਾਹੇਸ਼ਵਰੀ ਆਪਣੇ ਅੰਤਿਮ ਦਿਨਾਂ 'ਚ ਏਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦਾ ਪੱਲਾ ਹੀ ਛੱਡ ਦਿੱਤਾ ਸੀ ਅਤੇ ਆਪਣੀ ਖਾਨਦਾਨੀ ਕੱਪੜੇ ਵਾਲੀ ਦੁਕਾਨ 'ਤੇ ਹੀ ਡੇਰੇ ਲਗਾ ਲਏ ਸਨ |
ਵੈਸੇ ਧਾਰਮਿਕ ਪੰਜਾਬੀ ਫ਼ਿਲਮਾਂ ਦਾ ਇਹ ਇਕ ਅਜੀਬ ਸੁਭਾਅ ਰਿਹਾ ਹੈ ਕਿ ਇਨ੍ਹਾਂ ਦੀਆਂ ਪਟਕਥਾਵਾਂ ਤਾਂ ਅਕਸਰ ਰਵਾਇਤੀ ਫ਼ਿਲਮਾਂ ਵਾਂਗ ਹੀ ਹੁੰਦੀਆਂ ਸਨ, ਪਰ ਇਨ੍ਹਾਂ ਨੂੰ ਧਾਰਮਿਕਤਾ ਦਾ ਰੰਗ ਦੇ ਕੇ ਦਰਸ਼ਕਾਂ ਨੂੰ ਜਜ਼ਬਾਤੀ ਕਰਕੇ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ | ਲਿਹਾਜ਼ਾ, ਕਹਾਣੀ ਤਾਂ ਭਾਵੇਂ ਸਮਾਜਿਕ ਪਰਿਪੇਖ ਦੀ ਹੋਵੇ ਪਰ ਟਾਈਟਲ ਨੂੰ ਧਾਰਮਿਕਤਾ ਦਾ ਚੋਗਾ ਜ਼ਰੂਰ ਪਹਿਨਾ ਦਿੱਤਾ ਜਾਂਦਾ ਸੀ | 'ਤਿਲ ਤਿਲ ਦਾ ਲੇਖਾ', 'ਮੈਂ ਪਾਪੀ ਤੂੰ ਬਖ਼ਸ਼ਣਹਾਰ' ਅਤੇ 'ਬਾਬਾ ਬਾਲਕ ਨਾਥ' ਵਰਗੀਆਂ ਸਮਾਜਿਕ ਕਹਾਣੀਆਂ ਨੂੰ ਵੀ ਧਾਰਮਿਕਤਾ ਦੇ ਰੰਗ 'ਚ ਰੰਗਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਸੀ |
ਦਾਰਾ ਸਿੰਘ ਨੇ ਵੀ ਆਪਣੇ ਬੈਨਰ (ਦਾਰਾ ਪ੍ਰੋਡਕਸ਼ਨਜ਼) ਅਧੀਨ 'ਨਾਨਕ ਦੁਖੀਆ ਸਭ ਸੰਸਾਰ' ਦਾ ਨਿਰਮਾਣ ਕੀਤਾ ਸੀ | ਇਸ 'ਚ ਵੀ ਵਿਸ਼ਾ ਵਸਤੂ ਤਾਂ ਪਰਿਵਾਰਕ ਸੀ ਪਰ ਦਾਰਾ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਧਾਰਮਿਕਤਾ ਦੇ ਨਾਲ ਸੰਤੁਲਤ ਕਰਨ 'ਚ ਸਫ਼ਲ ਰਿਹਾ ਸੀ | ਇਸ ਦਿ੍ਸ਼ਟੀ ਤੋਂ ਉਸ ਨੂੰ ਕਾਮਯਾਬੀ ਵੀ ਮਿਲੀ ਸੀ |
ਪਰ ਉਸ ਨੇ ਜਦੋਂ ਇਹ ਫਾਰਮੂਲਾ 'ਧਿਆਨੂ ਭਗਤ' ਅਤੇ 'ਸਵਾ ਲਾਖ ਸੇ ਏਕ ਲੜਾਊਾ' ਵਿਚ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਮਾਜਿਕ ਅਤੇ ਧਾਰਮਿਕ ਕਥਾ-ਪ੍ਰਵਾਹ ਨੂੰ ਸੰਤੁਲਤ ਨਹੀਂ ਕਰ ਸਕਿਆ ਸੀ | ਵਿਸ਼ੇਸ਼ ਕਰ ਕੇ ਉਸ ਨੂੰ 'ਸਵਾ ਲਾਖ ਸੇ ਏਕ ਲੜਾਊਾ' ਵਿਚ ਤਾਂ ਦਰਸ਼ਕਾਂ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ ਸੀ | ਦਾਰਾ ਸਿੰਘ ਇਨ੍ਹਾਂ ਫ਼ਿਲਮਾਂ ਦੀ ਅਸਫ਼ਲਤਾ ਤੋਂ ਏਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਪੰਜਾਬੀ ਫ਼ਿਲਮਾਂ ਤੋਂ ਹੀ ਤੌਬਾ ਕਰ ਲਈ ਸੀ |
ਪਿਛਲੇ ਕੁਝ ਸਮੇਂ ਤੋਂ ਵੀਡੀਓਜ਼ ਅਦਾਰਿਆਂ ਵਲੋਂ ਧਾਰਮਿਕ ਫ਼ਿਲਮਾਂ ਦਾ ਨਿਰਮਾਣ ਦੇਖਣ ਨੂੰ ਮਿਲਿਆ ਸੀ ਹੈ | ਮਾਈ ਕੌਾਲਾਂ ਅਦਾਰੇ ਵਲੋਂ 'ਅਮਰ ਸ਼ਹੀਦ ਬਾਬਾ ਦੀਪ ਸਿੰਘ' ਇਸ ਕਰਕੇ ਸਫ਼ਲ ਨਹੀਂ ਹੋ ਸਕੀ ਕਿਉਂਕਿ ਤਕਨੀਕੀ ਪੱਖ ਤੋਂ ਇਹ ਬੜੀ ਕਮਜ਼ੋਰ ਕਿਰਤ ਸੀ |
ਧਾਰਮਿਕ ਪਟਕਥਾਵਾਂ ਬਾਰੇ ਗੁਰਵਿੰਦਰ ਸਿੰਘ ਦਾ ਦਿ੍ਸ਼ਟੀਕੋਣ ਬੜਾ ਮਹੱਤਤਾ ਰਖਦਾ ਹੈ | ਗੁਰਵਿੰਦਰ ਅਨੁਸਾਰ ਜੇਕਰ ਅਸੀਂ ਧਾਰਮਿਕ ਪ੍ਰਸੰਗਾਂ ਦਾ ਸਹੀ ਵਿਸ਼ਲੇਸ਼ਣ ਮਾਨਵੀ ਆਧਾਰ 'ਤੇ ਨਹੀਂ ਕਰਦੇ ਤਾਂ ਦਰਸ਼ਕ ਠਗਿਆ ਹੋਇਆ ਮਹਿਸੂਸ ਕਰਦੇ ਹਨ | ਦੂਜੇ ਪਾਸੇ ਜੇਕਰ ਅਸੀਂ ਇਨ੍ਹਾਂ ਘਟਨਾਵਾਂ ਜਾਂ ਹਸਤੀਆਂ ਨੂੰ ਬਿਲਕੁਲ ਧਰਾਤਲ 'ਤੇ ਲੈ ਆਉਂਦੇ ਹਾਂ ਤਾਂ ਵੀ ਦਰਸ਼ਕ ਇਸ ਨੂੰ ਸਹਿਣ ਨਹੀਂ ਕਰ ਸਕਦੇ |
ਮਿਸਾਲ ਦੇ ਤੌਰ 'ਤੇ ਗੁਰਵਿੰਦਰ ਦੀ 'ਚੌਥੀ ਕੂਟ' ਵਿਚ ਮਾਨਵੀ ਦਵੰਦ ਤਾਂ ਜ਼ਰੂਰ ਸੀ ਪਰ ਆਸਥਾ ਦੇ ਦਿ੍ਸ਼ਟੀਕੋਣ ਤੋਂ ਇਹ ਖਰੀ ਨਹੀਂ ਉਤਰੀ ਸੀ | ਇਸ ਲਈ ਫ਼ਿਲਮ ਉਤਸਵਾਂ 'ਚ ਭਾਵੇਂ ਇਸ ਕਿਰਤ ਨੂੰ ਪ੍ਰਸੰਸਾ ਮਿਲੀ ਹੋਵੇ, ਪਰ ਆਮ ਜਨਤਾ ਨੂੰ ਇਹ ਫ਼ਿਲਮ ਪਸੰਦ ਨਹੀਂ ਆਈ ਸੀ |
ਇਸ ਦੇ ਉਲਟ ਸਮੰੁਦਰੀ ਦੀ 'ਸਾਕਾ ਨਨਕਾਣਾ ਸਾਹਿਬ' ਵੀ ਸਾਕੇ ਦੀ ਇਤਿਹਾਸਕ ਮਹੱਤਤਾ ਨੂੰ ਭਾਵੇਂ ਦੱਸਣ 'ਚ ਸਫ਼ਲ ਰਹੀ ਹੋਵੇ, ਪਰ ਸਾਕੇ ਦੇ ਨਾਲ ਜੁੜੀ ਹੋਈ ਧਾਰਮਿਕ ਵਿਸ਼ਾਲਤਾ ਨੂੰ ਪਰਦੇ 'ਤੇ ਸਹੀ ਤਰ੍ਹਾਂ ਪੇਸ਼ ਨਹੀਂ ਕਰ ਸਕੀ ਸੀ | ਇਸ ਲਈ ਇਕ ਵੱਡੇ ਬਜਟ ਦੀ ਫ਼ਿਲਮ ਹੁੰਦਿਆਂ ਵੀ ਇਸ ਫ਼ਿਲਮ ਨੂੰ ਲੋੜੀਂਦੇ ਦਰਸ਼ਕ ਨਹੀਂ ਮਿਲੇ ਸਨ | 'ਚਾਰ ਸਾਹਿਬਜ਼ਾਦੇ ਭਾਗ-2' ਨੂੰ ਵੀ ਇਸ ਦੇ ਪਹਿਲੇ ਭਾਗ ਵਰਗੀ ਪ੍ਰਸੰਸਾ ਨਹੀਂ ਮਿਲ ਸਕੀ | ਇਹ ਆਪਣੇ ਮੌਲਿਕ ਜਾਂ ਮੁਢਲੇ ਰੂਪ ਤੋਂ ਅਲੱਗ ਨਜ਼ਰ ਆਈ ਸੀ | ਇਸ ਲਈ ਦਰਸ਼ਕ ਇਸ ਦੂਜੇ ਐਡੀਸ਼ਨ ਤੋਂ ਦੂਰ ਹੋ ਗਏ ਸਨ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਦਿੱਲੀ ਵਿਚ ਖਿੱਚੀ ਗਈ ਸੀ | ਇਹ ਤਿੰਨੇ ਪੰਜਾਬੀ ਦੇ ਉੱਘੇ ਸਾਹਿਤਕਾਰ ਹਨ | ਸ: ਗੁਲਜ਼ਾਰ ਸਿੰਘ ਸੰਧੂ ਪਹਿਲਾਂ ਖੇਤੀਬਾੜੀ ਦੇ ਮਹਿਕਮੇ ਵਿਚ ਨੌਕਰੀ ਕਰਦੇ ਸੀ, ਉਸ ਤੋਂ ਬਾਅਦ ਪੰਜਾਬੀ ਟਿ੍ਬਿਊਨ ਦੇ ਸੰਪਾਦਕ ਬਣ ਗਏ ਸਨ | ਕੁਝ ਸਮਾਂ ਸੰਪਾਦਕੀ ਕਰਨ ਤੋਂ ਬਾਅਦ ਫੇਰ ਆਜ਼ਾਦ ਪੰਛੀ ਬਣ ਗਏ ਸੀ | ਹੁਣ ਅਖ਼ਬਾਰਾਂ ਲਈ ਹਫ਼ਤਾਵਾਰੀ ਕਾਲਮ ਲਿਖਦੇ ਹਨ | ਬਲਵੰਤ ਗਾਰਗੀ ਕਹਾਣੀਕਾਰ ਤੇ ਨਾਟਕਕਾਰ ਸਨ | ਨਾਟਕਕਾਰ ਵਜੋਂ ਉਹ ਬਹੁਤ ਪ੍ਰਸਿੱਧ ਹੋਏ | ਉਨ੍ਹਾਂ ਦੇ ਲਿਖੇ ਨਾਟਕ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਖੇਡੇ ਤੇ ਪੜ੍ਹਾਏ ਜਾਂਦੇ ਹਨ | ਸ: ਤਾਰਾ ਸਿੰਘ ਕਵੀ ਸਨ | ਉਨ੍ਹਾਂ ਦੀਆਂ ਕਵਿਤਾਵਾਂ ਅਗਾਂਹਵਧੂ ਹੁੰਦੀਆਂ ਸਨ | ਕਈ ਕਵਿਤਾਵਾਂ ਵਿਚ ਉਨ੍ਹਾਂ ਵਿਅੰਗ ਵੀ ਲਿਖਿਆ ਹੁੰਦਾ ਸੀ | ਉਹ ਕਵੀ ਦਰਬਾਰਾਂ ਦਾ ਸ਼ਿੰਗਾਰ ਹੁੰਦੇ ਸਨ | ਇਨ੍ਹਾਂ ਤਿੰਨਾਂ ਸਾਹਿਤਕਾਰਾਂ ਦੀ ਆਪਸ ਵਿਚ ਬੜੀ ਦੋਸਤੀ ਸੀ ਤੇ ਇਹ ਦੋਸਤੀ ਵੀ ਦਿੱਲੀ ਵਿਚ ਹੀ ਪਈ ਸੀ | ਤਾਰਾ ਸਿੰਘ ਤੇ ਗਾਰਗੀ ਰੱਬ ਨੂੰ ਪਿਆਰੇ ਹੋ ਗਏ ਹਨ | ਪਰ ਉਨ੍ਹਾਂ ਦੀਆਂ ਯਾਦਾਂ ਬਾਕੀ ਹਨ |

-ਮੋਬਾਈਲ : 98767-41231

ਅਸਮਾਨੀ ਬਿਜਲੀ ਲਿਸ਼ਕਣ, ਬੱਦਲ ਗਰਜਣ ਅਤੇ ਬੱਦਲ ਬਰਸਣ ਦਾ ਰਹੱਸ ਕੀ ਹੈ?

ਬਿਜਲੀ ਕਿਉਂ ਡਿਗਦੀ ਹੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਿਜਲੀ ਕਿਸੇ ਮਾਮੇ ਭਾਣਜੇ ਜਾਂ ਭਾਣਜੀ 'ਤੇ ਨਹੀਂ ਡਿੱਗਦੀ, ਤੇ ਨਾ ਹੀ ਇਸ ਨੂੰ ਰਿਸ਼ਤਿਆਂ ਦੀ ਕੋਈ ਪਛਾਣ ਹੈ | ਇਹ ਬਿਜਲਈ ਕੁਦਰਤੀ ਨਿਯਮਾਂ ਤਹਿਤ ਹੀ ਪੈਂਦੀ ਹੈ | ਜਿਵੇਂ ਨੈਗੇਟਿਵ ਚਾਰਜ ਜਦੋਂ ਧਰਤੀ ਵਲ ਲਪਕਦੇ ਤਾਂ ਹਵਾ ਨਾਲ ਘਸਰਣ ਕਰਕੇ ਸਟੈਟਕਸ ਬਿਜਲੀ ਪੈਦਾ ਹੁੰਦੀ ਹੈ | ਜਦ ਇਹ ਵਾਤਾਵਰਨ ਦੀ ਤਹਿ ਵਿਚ ਮੋਰੀ ਕਰਕੇ ਧਰਤੀ ਵਲ ਆ ਰਹੇ ਹੁੰਦੇ ਨੇ ਤਾਂ ਹਵਾ ਵਿਚਲੇ ਨਮੀ ਕਣ, ਇਨ੍ਹਾਂ ਲਈ ਲੜੀਆਂ ਬਣ ਕੇ ਜੁੜ ਜਾਂਦੇ ਨੇ, ਜਿਨਾਂ ਰਾਹੀਂ ਬਿਜਲੀ ਚਾਰਜ ਕਿਸੇ ਉੱਚੇ ਟਾਵਰ, ਇਮਾਰਤ, ਦਰੱਖਤ, ਜਾਂ ਕਿਸੇ ਮਨੁੱਖ 'ਤੇ ਜਿੱਥੇ ਵੀ ਪਾਜੇਟਿਵ ਚਾਰਜ ਹੋਣਗੇ, ਪੈ ਸਕਦੀ ਹੈ | ਇਹ ਏਨੀ ਜ਼ਬਰਦਸਤ ਹੁੰਦੀ ਹੈ ਕਿ ਦਿਲ ਧੜਕਣਾ ਬੰਦ ਹੋ ਜਾਂਦਾ ਹੈ, ਇਮਾਰਤਾਂ ਢਹਿ ਜਾਂਦੀਆਂ ਹਨ, ਦਰੱਖਤ ਪਾਟ ਜਾਂਦੇ ਹਨ ਤੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ | ਜੇ ਕਿਸੇ ਇਮਾਰਤ ਉੱਪਰ, ਧਰਤੀ ਨਾਲ ਜੁੜੀ ਤਾਰ ਵਾਲਾ ਬਿਜਲੀ ਬਚਾਉ ਯੰਤਰ ਲੱਗਿਆ ਹੋਵੇ, ਤਾਂ ਇਹ ਬਿਜਲੀ ਧਰਤੀ ਵਿਚ ਸਮਾ ਜਾਂਦੀ ਹੈ ਤੇ ਧਰਤੀ, ਬਹੁਤ ਵੱਡੀ ਹੋਣ ਕਾਰਨ ਇਸ ਨੂੰ ਬੇਅਸਰ ਕਰ ਦਿੰਦੀ ਹੈ | ਇਸ ਨੂੰ ਹੀ ਬਿਜਲੀ ਦਾ ਅਰਥ ਹੋਣਾ ਕਿਹਾ ਜਾਂਦਾ ਹੈ |
ਬਿਜਲੀ ਦੇ ਹਮਲੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ : ਜਦੋਂ ਆਕਾਸ਼ ਵਿਚ ਬੱਦਲ ਮੰਡਰਾ ਰਹੇ ਹੋਣ, ਤਾਂ ਬਰਫ ਕਣ ਹਵਾ ਨਾਲ ਟਕਰਾ ਕੇ ਸਟੈਟਕਿਸ ਪੈਦਾ ਕਰਦੇ ਹਨ | ਇਹ ਕਰੰਟ ਅੱਗੇ ਐਟਮੀ ਕਣਾਂ ਨੂੰ ਚਾਰਜ ਕਰਦਾ ਹੈ | ਬਿਜਲਈ ਕਣ ਇਕ ਐਟਮ 'ਚੋਂ ਦੂਸਰੇ ਵਿਚ ਤੇਜ਼ੀ ਨਾਲ ਪ੍ਰਵੇਸ਼ ਕਰਦੇ ਹਨ | ਜ਼ਿਆਦਾ ਚਾਰਜ਼ਿਜ਼ ਨੈਗੇਟਿਵ ਤੇ ਘੱਟ ਚਾਰਜ਼ਿਜ ਪਾਜ਼ੇਟਿਵ ਊਰਜਾ ਵਿਚ ਤਬਦੀਲ ਹੋ ਜਾਂਦੇ ਨੇ | ਇਹ ਸਭ ਗੱਲਾਂ ਤਾਂ ਅਸੀਂ ਜਾਣ ਚੁੱਕੇ ਹਾਂ |
ਨੈਗੇਟਿਵ ਚਾਰਜ਼ ਜਦੋਂ ਧਰਤੀ ਵੱਲ ਲਪਕਦੇ ਹਨ ਤਾਂ ਇਨ੍ਹਾਂ ਦੇ ਹਮਲੇ ਤੋਂ ਬਚਾਅ ਲਈ, ਦਰੱਖਤਾਂ ਜਾਂ ਇਮਾਰਤ ਤੋਂ ਦੂਰ ਰਿਹਾ ਜਾਵੇ, ਕਿਸੇ ਲੋਹੇ ਦੀ ਜਾਂ ਬਿਜਲੀ ਪ੍ਰਵਾਹਿਤ ਹੋਣ ਵਾਲੀ ਧਾਤ ਨੂੰ ਵੀ ਨਾ ਛੁਹਿਆ ਜਾਵੇ | ਇਹ ਸਾਰੇ ਪਦਾਰਥ ਐਨਟੀਨਿਆਂ ਵਾਂਗ ਬਣ ਜਾਂਦੇ ਹਨ | ਜਿਨ੍ਹਾਂ 'ਤੇ ਕਦੇ ਵੀ ਬਿਜਲੀ ਡਿੱਗ ਸਕਦੀ ਹੈ | ਐਵੇਂ ਗੋਲਫ ਕਲੱਬ, ਲੋਹੇ ਦੀ ਪੌੜੀ, ਲੋਹੇ ਦਾ ਖੰਭੇ ਬਗੈਰਾ ਤੋਂ ਵੀ ਦੂਰ ਹੀ ਰਿਹਾ ਜਾਵੇ | ਨੰਗੇ ਪੈਰੀਂ ਧਰਤੀ 'ਤੇ ਤੁਰਨ ਨਾਲ ਵੀ ਬਿਜਲੀ ਤੁਹਾਡੇ ਜਿਸਮ ਨੂੰ ਧਰਤੀ ਤੱਕ ਪਹੁੰਚਣ ਦਾ ਸਾਧਨ ਬਣਾ ਸਕਦੀ ਹੈ | ਜਦੋਂ ਮੀਂਹ ਪੈ ਰਿਹਾ ਹੋਵੇ ਤੇ ਬਿਜਲੀ ਲਿਸ਼ਕ ਰਹੀ ਹੋਵੇ ਤਾਂ ਪਾਣੀ ਵਿਚ ਖੜੋ ਕੇ ਝੋਨੇ ਦੀ ਲੁਆਈ ਤੇ ਖੇਤਾਂ ਵਿਚ ਕੰਮ ਕਰਨਾ ਬਹੁਤ ਖਤਰਨਾਕ ਹੁੰਦਾ ਹੈ | ਬਰਸਾਤਾਂ ਵਿਚ ਅਜਿਹੇ ਬਹੁਤ ਸਾਰੇ ਖੇਤ ਕਾਮੇ ਇਸ ਅਸਮਾਨੀ ਬਿਜਲੀ ਦਾ ਸ਼ਿਕਾਰ ਹੋ ਜਾਂਦੇ ਹਨ |
ਉਨ੍ਹਾਂ ਸਾਰੀਆਂ ਵਸਤਾਂ ਤੋਂ ਦੂਰ ਰਿਹਾ ਜਾਵੇ, ਜੋ ਆਸਮਾਨੀ ਬਿਜਲੀ ਨੂੰ ਖਿੱਚ ਪਾਉਂਦੀਆਂ ਹਨ | ਬਹੁਤ ਸਾਰੀਆਂ ਥਾਵਾਂ, ਜਿਵੇਂ ਹਵਾਈ ਅੱਡੇ, ਬੰਦਰਗਾਹਾਂ, ਅਸਲ੍ਹਾ ਭੰਡਾਰ ਜਾਂ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਬਿਜਲੀ ਸੂਚਕ ਯੰਤਰ ਲੱਗੇ ਹੁੰਦੇ ਹਨ, ਜਿਉਂ ਹੀ ਬਿਜਲੀ ਨਾਲ ਚਾਰਜ ਹੋਏ ਕਣ ਇਨ੍ਹਾਂ ਰਾਡਾਂ ਨੂੰ ਛੋਂਹਦੇ ਹਨ ਤਾਂ ਰੈਡ ਐਲਰਟ ਹੋ ਜਾਂਦਾ ਹੈ | ਇਮਾਰਤਾਂ 'ਤੇ ਚਿੱਟੇ ਰੰਗ ਦੀਆਂ ਬੱਤੀਆਂ ਲਗਾਤਾਰ ਜਗਦੀਆਂ-ਬੁੱਝਦੀਆਂ ਰਹਿੰਦੀਆਂ ਹਨ | ਉਸ ਵਕਤ ਸਾਰਾ ਅਪ੍ਰੇਸ਼ਨ ਰੋਕ ਦਿੱਤਾ ਜਾਂਦਾ ਹੈ, ਤੇ ਕੋਈ ਵੀ ਵਿਅਕਤੀ ਬਾਹਰ ਨਹੀਂ ਨਿਕਲ ਸਕਦਾ |
ਜੇਕਰ ਅਜਿਹੀਆਂ ਥਾਵਾਂ 'ਤੇ ਬਿਜਲੀ ਡਿੱਗਣ ਕਾਰਨ ਅੱਗ ਲੱਗ ਜਾਵੇ ਤਾਂ ਬਹੁਤ ਤਬਾਹੀ ਮੱਚ ਸਕਦੀ ਹੈ, ਤੇਲ ਨਾਲ ਭਰੇ ਸੈਂਕੜੇ ਜਹਾਜ਼ ਸੜ ਕੇ ਸੁਆਹ ਹੋ ਸਕਦੇ ਹਨ, ਖਤਰਨਾਕ ਬੰਬ, ਮਿਜ਼ਾਈਲਾਂ ਆਪਣੇ-ਆਪ ਚੱਲ ਸਕਦੇ ਹਨ ਜਿਸ ਕਰਕੇ ਪੂਰਾ ਬਚਾਅ ਰੱਖਿਆ ਜਾਂਦਾ ਹੈ | ਜ਼ਿੰਦਗੀ ਵੀ ਬਹੁਤ ਮਹੱਤਵਪੂਰਨ ਹੈ, ਇਸ ਦੇ ਬਚਾਅ ਲਈ ਸਾਨੂੰ ਵੀ ਵਰ੍ਹਦੇ ਮੀਂਹ ਅਤੇ ਲਿਸ਼ਕਦੀ ਬਿਜਲੀ ਸਮੇਂ ਪੂਰਾ ਧਿਆਨ ਰੱਖਣਾ ਚਾਹੀਦਾ ਹੈ |
ਅਸਮਾਨੀ ਬਿਜਲੀ ਨਾਲ ਹਰ ਸਾਲ ਪੂਰੇ ਸੰਸਾਰ ਵਿਚ ਸਤਾਈ ਹਜ਼ਾਰ ਲੋਕ ਮਾਰੇ ਜਾਂਦੇ ਹਨ | ਇਕੱਲੇ ਭਾਰਤ ਵਿਚ ਹੀ ਇਹ ਗਿਣਤੀ ਦੋ ਹਜ਼ਾਰ ਤੋਂ ਉੱਪਰ ਹੈ | ਇਸ ਦਾ ਕਾਰਨ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣਾ ਹੈ | ਆਸਮਾਨੀ ਬਿਜਲੀ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਖੁੱਲ੍ਹੇ ਮੈਦਾਨਾਂ ਵਿਚ ਕੰਮ ਕਰਨ ਵਾਲੇ, ਖੇਡ ਮੈਦਾਨਾਂ ਵਿਚ ਵਿਚਰਨ ਵਾਲੇ, ਮੀਂਹ ਸਮੇਂ ਦਰੱਖਤਾਂ ਜਾਂ ਹੋਰ ਉਚੀਆਂ ਇਮਾਰਤਾਂ ਦਾ ਆਸਰਾ ਲੈਣ ਵਾਲੇ ਲੋਕ ਹੁੰਦੇ ਹਨ | ਅਜਿਹੇ ਮੌਸਮ ਵਿਚ ਲੋਹੇ ਦੀਆਂ ਵਸਤਾਂ ਨੂੰ ਜਾਂ ਗਿੱਲੀਆਂ ਚੀਜ਼ਾਂ ਨੂੰ ਕਦੇ ਨਾ ਛੂਹੋ | ਫੋਨ ਦੀ ਵੀ ਘੱਟ ਤੋਂ ਘੱਟ ਵਰਤੋਂ ਕਰੋ ਕਿਉਂਕਿ ਰੇਡੀਏਸ਼ਨ ਬਿਜਲਈ ਕਣਾ ਨੂੰ ਪ੍ਰਭਾਵਤ ਕਰ ਸਕਦੀ ਹੈ ਤੇ ਇਮਾਰਤਾਂ ਦੇ ਅੰਦਰ ਰਹੋ | ਅਸਮਾਨੀ ਬਿਜਲੀ ਜਦੋਂ ਡਿੱਗਦੀ ਹੈ ਤਾਂ ਇੱਕ ਲੱਖ ਵੋਲਟੇਜ਼ ਕਰੰਟ ਪਾਸ ਹੁੰਦਾ ਹੈ ਜੋ ਸਮੂਹਿਕ ਤੌਰ 'ਤੇ ਵੀ ਤਬਾਹੀ ਮਚਾ ਸਕਦਾ ਹੈ, ਤੇ ਪੂਰੀਆਂ ਬਸਤੀਆਂ ਨੂੰ ਉਜਾੜ ਸਕਦਾ ਹੈ | ਅਸਮਾਨੀ ਬਿਜਲੀ ਦੇ ਬਚਾਅ ਲਈ ਗੰਭੀਰਤਾ ਨਾਲ ਸੋਚਣਾ ਬਹੁਤ ਜ਼ਰੂਰੀ ਹੈ |
ਅੰਤ ਵਿਚ ਮੈਂ ਇਹ ਹੀ ਕਹਾਂਗਾ ਕਿ ਬੱਚਿਆ ਨੂੰ ਵਿਗਿਆਨ ਨਾਲ ਜੋੜੋ ਤੇ ਅਸਮਾਨੀ ਬਿਜਲੀ ਕਿਵੇਂ ਬਣਦੀ ਹੈ? ਕਿਵੇਂ ਡਿੱਗਦੀ ਹੈ? ਤੇ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ? ਇਹ ਸਭ ਕੁਝ ਦੱਸੋ | ਇਸ ਤੋਂ ਬਚਣ ਦੇ ਉਪਾਅ ਵੀ ਦੱਸੋ | ਅਜਿਹੀਆਂ ਸਿੱਖਿਆਵਾਂ ਮਨੁੱਖ ਨੂੰ ਸਮੇਂ ਦੇ ਹਾਣ ਦਾ ਬਣਾਉਂਦੀਆਂ ਹਨ | ਜੇਕਰ ਅਸੀਂ ਆਪਣੇ ਬੱਚਿਆਂ ਨੂੰ ਮਿਥਿਹਾਸਕ ਗਾਥਾਵਾਂ ਸੁਣਾ-ਸੁਣਾ ਕੇ, ਵਿਗਿਆਨਕ ਸੋਚ ਤੋਂ ਦੂਰ ਰੱਖਾਂਗੇ, ਤਾਂ ਉਹ ਅਜਿਹੀਆਂ ਕੁਦਰਤੀ ਆਫ਼ਤਾਂ ਤੋਂ ਆਪਣਾ ਬਚਾਅ ਨਹੀਂ ਕਰ ਸਕਣਗੇ ਤੇ ਦੂਸਰੀਆਂ ਕੌਮਾਂ ਸਾਹਮਣੇ ਮਜ਼ਾਕ ਦੇ ਪਾਤਰ ਬਣਦੇ ਰਹਿਣਗੇ |
ਬੱਦਲਾਂ ਦਾ ਬਰਸਣਾ : ਜਿਵੇਂ ਅਸੀਂ ਜਾਣ ਹੀ ਚੁੱਕੇ ਹਾਂ ਕਿ ਧਰਤੀ 'ਤੇ ਤਿੰਨ ਹਿੱਸੇ ਪਾਣੀ ਹੈ, ਜੋ ਸੂਰਜ ਦੀ ਤਪਸ਼ ਨਾਲ ਹਮੇਸ਼ਾਂ ਭਾਫ਼ ਬਣ ਕੇ ਉੱਡਦਾ ਰਹਿੰਦਾ ਹੈ | ਇਹ ਭਾਫ਼ ਵੀ ਦਰਅਸਲ ਪਾਣੀ ਹੀ ਹੁੰਦਾ ਹੈ | ਤਾਪਮਾਨ ਦੇ ਬਦਲਣ ਨਾਲ ਇਹ ਹਵਾ ਵਿਚ ਉੱਡਦੇ ਬੱਦਲ, ਆਪਣਾ ਰੂਪ ਵੀ ਬਦਲਦੇ ਰਹਿੰਦੇ ਹਨ | ਉਚਾਈ 'ਤੇ ਜਾ ਕੇ, ਤਾਪਮਾਨ ਘਟਣ ਨਾਲ ਇਹ ਬੱਦਲ ਤਰਲ ਬਣਨ ਕਾਰਨ ਬਹੁਤ ਭਾਰੇ ਹੋ ਜਾਂਦੇ ਹਨ ਤੇ ਬਰਸ ਪੈਂਦੇ ਹਨ | ਜੇ ਤਾਪਮਾਨ ਹੋਰ ਘਟ ਜਾਵੇ ਤਾਂ ਇਹ ਬਰਫ ਵਿਚ ਜਾਂ ਜੰਮੀ ਹੋਈ ਬਾਰਿਸ਼ ਵਿਚ ਬਦਲ ਜਾਂਦੇ ਹਨ | ਪਾਣੀ ਦੇ ਇਹ ਜੰਮੇ ਹੋਏ ਕਣ ਹੀ ਹਵਾ ਦੇ ਘਸਰਨ ਨਾਲ ਆਸਮਾਨੀ ਬਿਜਲੀ ਨੂੰ ਜਨਮ ਦਿੰਦੇ ਹਨ |
ਮੀਂਹ ਮਨੁੱਖ ਲਈ ਵਰਦਾਨ ਹੈ, ਜੋ ਧੂੜ ਭਰੀ ਬਨਸਪਤੀ ਨੂੰ ਧੋਂਦਾ ਤੇ ਨਿਖਾਰਦਾ ਹੈ ਤੇ ਫ਼ਸਲਾਂ ਨੂੰ ਸਿੰਜਦਾ ਹੈ | ਇਹ ਪਾਣੀ ਨੂੰ ਮੁੜ ਧਰਤੀ ਵਿਚ ਭੇਜਦਾ ਹੈ | ਪਸ਼ੂ ਪੰਛੀ ਚਹਿਕ ਪੈਂਦੇ ਹਨ ਤੇ ਮੋਰ ਪੈਲਾਂ ਪਾਉਂਦੇ ਹਨ | ਅਸੀਂ ਮੀਂਹ ਪੈਣ ਜਾਂ ਨਾ ਪੈਣ ਦੀ ਪ੍ਰਕਿਰਿਆ ਨੂੰ ਵੀ ਇਕ ਮਿੱਥ ਨਾਲ ਜੋੜਿਆ ਹੋਇਆ ਹੈ | ਜਿਵੇਂ ਸਾਡੀ ਮਿੱਥ ਅਨੁਸਾਰ ਮੀਂਹ ਦਾ ਦੇਵਤਾ ਇੰਦਰ ਹੈ | ਜਦੋਂ ਮੀਂਹ ਨਾ ਪਵੇ ਜਾਂ ਸੋਕਾ ਪੈ ਜਾਵੇ ਤਾਂ ਇਸ ਨੂੰ ਇੰਦਰ ਦੇਵਤੇ ਦੀ ਕਰੋਪੀ ਸਮਝ ਲਿਆ ਜਾਂਦਾ ਹੈ | ਕੁੜੀਆਂ ਮੀਂਹ ਪਵਾਉਣ ਲਈ ਲੀਰਾਂ ਦੀਆਂ ਗੁੱਡੀ ਫੂਕਦੀਆਂ ਹਨ ਤਾਂ ਕਿ ਇੰਦਰ ਨੂੰ ਤਰਸ ਆ ਜਾਵੇ | ਮਿੱਠੇ ਚੌਲਾਂ ਦੇ ਜੱਗ ਕੀਤੇ ਜਾਂਦੇ ਹਨ ਤਾਂ ਕਿ ਇੰਦਰ ਖੁਸ਼ ਹੋ ਜਾਵੇ | ਇਸੇ ਤਰ੍ਹਾਂ ਅਸੀਂ ਪਾਣੀ ਦੇ ਦੇਵਤੇ ਖੁਆਜਾ ਦੀ ਪੂਜਾ ਕਰਨ ਲਈ ਕੜਾਹੀਆਂ ਕਰਦੇ ਹਾਂ | ਕਦੇ ਅਸੀਂ ਮੀਂਹ ਹਟਾਉਣ ਲਈ ਕੰਧਾਂ 'ਤੇ ਮੁਸਾਫਰ ਬਣਾ ਕੇ ਖੜੇ੍ਹ ਕਰ ਦਿੰਦੇ ਹਾਂ, ਜਿਵੇਂ ਇੰਦਰ ਇਹ ਸਭ ਕੁਝ ਬੈਠਾ ਵੇਖ ਰਿਹਾ ਹੋਵੇ |
ਇਹ ਇੱਕੀਵੀਂ ਸਦੀਂ ਹੈ, ਸਾਡੀ ਇਹ ਪਹੁੰਚ ਬੱਚਿਆਂ ਦੀਆਂ ਮਾਨਸਿਕ ਨੀਂਹਾਂ ਕਮਜ਼ੋਰ ਕਰਦੀ ਹੈ ਤੇ ਚੇਤਨਾ ਵਿਚ ਭੰਬਲਭੂਸਾ ਪੈਦਾ ਕਰਦੀ ਹੈ | ਸਾਨੂੰ ਮੀਂਹ ਬਰਸਣ ਦੀ ਵਿਗਿਆਨਕ ਪ੍ਰਕਿਰਿਆ, ਬੱਚਿਆਂ ਨੂੰ ਦੱਸਣੀ ਚਾਹੀਦੀ ਹੈ, ਪਰ ਅਫ਼ਸੋਸ ਹੈ ਕਿ ਸਾਡੇ ਪਰਚਿਆਂ ਵਿਚ ਅਜਿਹੇ ਲੇਖ ਬਹੁਤ ਘੱਟ ਛਪਦੇ ਹਨ, ਜਿਸ ਕਰਕੇ ਅੱਜ ਦੇ ਯੁੱਗ ਵਿੱਚ ਵੀ ਸਾਨੂੰ ਅਜਿਹੀਆਂ ਕੁਦਰਤੀ ਕਿਰਿਆਵਾਂ ਸਬੰਧੀ ਸਹੀ ਗਿਆਨ ਨਹੀਂ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਫੋਨ : 416-727-2071
major.mangat@gmail.com

ਨਹਿਲੇ 'ਤੇ ਦਹਿਲਾ: ਬੋਰਡ ਹਟਾ ਦਿੱਤਾ ਗਿਆ

ਪੁਜਾਰੀ ਜੀ ਨੇ ਸ਼ਰਧਾਲੂਆਂ ਤੋਂ ਮਾਇਆ ਇਕੱਠੀ ਕਰਕੇ ਸ਼ਾਨਦਾਰ ਮੰਦਰ ਦੀ ਉਸਾਰੀ ਕਰ ਲਈ ਸੀ | ਉਨ੍ਹਾਂ ਦੇ ਪੁਰਖੇ ਵੀ ਚੰਗੇ ਪੁਜਾਰੀ ਸਨ ਅਤੇ ਤੀਰਥਾਂ ਦੀ ਯਾਤਰਾ ਕਰਕੇ ਪੰੁਨ ਖੱਟਿਆ ਕਰਦੇ ਸਨ | ਸਰਕਾਰੀ ਜ਼ਮੀਨ 'ਤੇ ਬਣਿਆ ਹੋਇਆ ਮੰਦਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣ ਚੁੱਕਿਆ ਸੀ | ਉਹ ਕੱਟੜ ਵਿਚਾਰਾਂ ਦੇ ਧਾਰਨੀ ਸਨ | ਇਸੇ ਲਈ ਮੰਦਰ ਦੇ ਗੇਟ 'ਤੇ ਲੱਗੇ ਬੋਰਡ 'ਤੇ ਲਿਖਿਆ ਹੋਿਆ ਸੀ, ਇਸ ਮੰਦਰ ਵਿਚ ਸ਼ੂਦਰਾਂ ਦਾ ਆਉਣਾ ਮਨ੍ਹਾਂ ਹੈ |
ਇਕ ਦਿਨ ਪੁਜਾਰੀ ਨੂੰ ਸੀਨੇ ਵਿਚ ਤਿੱਖਾ ਦਰਦ ਹੋਇਆ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਚੈੱਕਅੱਪ ਕੀਤਾ ਅਤੇ ਉਨ੍ਹਾਂ ਦੇ ਸਨੇਹੀਆਂ ਨੂੰ ਆਖਿਆ ਕਿ ਤੁਸੀਂ ਇਨ੍ਹਾਂ ਲਈ ਖ਼ੂਨ ਦਾ ਪ੍ਰਬੰਧ ਕਰੋ | ਦੋ-ਚਾਰ ਬੰਦੇ ਖ਼ੂਨ ਦਾਨ ਕਰੋ ਤਾਂ ਕਿ ਉਨ੍ਹਾਂ ਦੀ ਖ਼ੂਨ ਦੀ ਕਮੀ ਪੂਰੀ ਕੀਤੀ ਜਾ ਸਕੇ | ਡਾਕਟਰਾਂ ਨੇ ਪੁਜਾਰੀ ਜੀ ਦੇ ਖ਼ੂਨ ਦਾ ਗਰੁੱਪ ਲੈ ਲਿਆ | ਦੂਜੇ ਦਿਨ ਚਾਰ-ਪੰਜ ਸ਼ਰਧਾਲੂ ਖ਼ੂਨ ਦਾਨ ਲਈ ਆ ਗਏ | ਸਾਰਿਆਂ ਦਾ ਵਾਰੀ-ਵਾਰੀ ਟੈਸਟ ਕੀਤਾ ਗਿਆ ਪਰ ਕਿਸੇ ਦਾ ਵੀ ਗਰੁੱਪ ਪੁਜਾਰੀ ਦੇ ਦੇ ਬਲੱਡ ਗਰੁੱਪ ਨਾਲ ਨਹੀਂ ਮਿਲਿਆ | ਡਾਕਟਰਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਸੀ | ਇਕ ਡਾਕਟਰ ਨੇ ਦੂਜੇ ਡਾਕਟਰ ਨੂੰ ਕਿਹਾ, 'ਅੱਜ ਕੁਝ ਨੌਜਵਾਨ ਖ਼ੂਨ ਦਾਨ ਕਰਨ ਲਈ ਆਏ ਹੋਏ ਨੇ ਆਪਾਂ ਉਥੇ ਚੱਲੀਏ ਤਾਂ ਸ਼ਾਇਦ ਲੋੜੀਂਦੇ ਗਰੁੱਪ ਦਾ ਬਲੱਡ ਮਿਲ ਜਾਏ | ਉਥੇ ਗਏ ਤਾਂ ਪਤਾ ਲੱਗਾ ਕਿ ਦਲਿਤ ਲੋਕਾਂ ਦੀ ਸੰਸਥਾ ਦੇ ਮੈਂਬਰ ਖ਼ੂਨ ਦਾਨ ਕਰ ਰਹੇ ਹਨ, ਜਿਹੜਾ ਵੀ ਨੌਜਵਾਨ ਖ਼ੂਨ ਦਾਨ ਲਈ ਬਿਸਤਰ 'ਤੇ ਲਿਟਾਇਆ ਜਾਂਦਾ ਡਾਕਟਰ ਉਸ ਦਾ ਖ਼ੂਨ ਟੈਸਟ ਕਰਕੇ ਗਰੁੱਪ ਦਾ ਪਤਾ ਲਗਾ ਲੈਂਦੇ | ਫਿਰ ਕੁਦਰਤ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੇ ਪਾਇਆ ਕਿ ਇਕ ਨੌਜਵਾਨ ਦੇ ਖ਼ੂਨ ਦਾ ਗਰੁੱਪ ਲੋੜੀਂਦੇ ਗਰੁੱਪ ਨਾਲ ਮੇਲ ਖਾ ਗਿਆ | ਡਾਕਟਰਾਂ ਨੇ ਉਸ ਨੌਜਵਾਨ ਦਾ ਨਾਂਅ ਪਤਾ ਨੋਟ ਕਰ ਲਿਆ | ਦੋਵੇਂ ਡਾਕਟਰ ਬੜੇ ਸੰਤੁਸ਼ਟ ਸਨ | ਦੋਵਾਂ ਨੇ ਪੁਜਾਰੀ ਨੂੰ ਖ਼ੂਨ ਚੜ੍ਹਾਇਆ ਅਤੇ ਉਹ ਦੋ-ਤਿੰਨਾਂ ਦਿਨਾਂ ਵਿਚ ਠੀਕ ਹੋ ਗਏ | ਛੁੱਟੀ ਦੇਣ ਤੋਂ ਪਹਿਲਾਂ ਉਸ ਡਾਕਟਰ ਨੇ ਉਸ ਨੌਜਵਾਨ ਨੂੰ ਹਸਪਤਾਲ ਵਿਖੇ ਬੁਲਵਾ ਲਿਆ ਅਤੇ ਪੁਜਾਰੀ ਜੀ ਨੂੰ ਕਿਹਾ, 'ਪੁਜਾਰੀ ਜੀ, ਐਹ ਦਲਿਤ ਨੌਜਵਾਨ ਜੇ ਇਸ ਦੇ ਖ਼ੂਨ ਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ?' ਪੁਜਾਰੀ ਨੇ ਨੌਜਵਾਨ ਵੱਲ ਵੇਖਿਆ ਅਤੇ ਹੱਥ ਦਾ ਪੰਜਾ ਉਹਦੇ ਵੱਲ ਕਰਕੇ ਅਸ਼ੀਰਵਾਦ ਦਾ ਇਸ਼ਾਰਾ ਕੀਤਾ ਪਰ ਮੰੂਹੋਂ ਕੁਝ ਨਹੀਂ ਬੋਲਿਆ |
ਦੂਜੇ ਦਿਨ ਮੰਦਰ ਆਉਣ ਵਾਲੇ ਲੋਕ ਹੈਰਾਨ ਸਨ ਕਿ ਮੰਦਰ ਦੇ ਗੇਟ ਦੇ ਉੱਤੇ ਲੱਗਾ ਹੋਇਆ ਬੋਰਡ ਹਟਾ ਦਿੱਤਾ ਗਿਆ ਸੀ |

-ਜੇਠੀ ਨਗਰ, ਮਾਲੇਰਕੋਟਲਾ, ਖੰਨਾ-141401 (ਪੰਜਾਬ) | ਮੋਬਾ : 94170-91668.

ਆਸਮਾਨੀ ਬਿਜਲੀ ਲਿਸ਼ਕਣ, ਬੱਦਲ ਗਰਜਣ ਅਤੇ ਬੱਦਲ ਬਰਸਣ ਦਾ ਰਹੱਸ ਕੀ ਹੈ?

ਅਜੋਕੇ ਸਮੇਂ ਵਿਚ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ | ਉਹ ਆਧੁਨਿਕ ਪਦਾਰਥਾਂ ਨਾਲ ਤਾਂ ਬਹੁਤ ਨੇੜੇ ਤੋਂ ਜੁੜ ਗਿਆ ਹੈ, ਪਰ ਅਸੀਂ ਕੁਦਰਤ ਨਾਲੋਂ ਟੁੱਟ ਗਏ ਹਾਂ | ਅਸੀਂ ਬਹੁਤ ਤਰੱਕੀ ਕਰ ਲਈ ਹੈ, ਪਰ ਸਾਡਾ ਮਾਨਸਿਕ ਵਿਕਾਸ ਰੁਕ ਗਿਆ ਹੈ | ਜਦੋਂ ਅਸੀਂ ਵੇਦ, ਪੁਰਾਣ, ਸਿਮਰਤੀਆਂ ਅਤੇ ਗਰੰਥ ਪੜ੍ਹਦੇ ਹਾਂ ਤਾਂ ਉਨ੍ਹਾਂ ਵਿਚ ਕੁਦਰਤ ਦਾ ਬਹੁਤ ਜ਼ਿਕਰ ਹੈ | ਇਨ੍ਹਾਂ ਵਿਚ ਹਵਾਵਾਂ, ਬਾਰਿਸ਼, ਨਦੀਆਂ ਅਤੇ ਬਨਸਪਤੀ ਜੀਵਨ ਦਾਤੇ ਹਨ | ਪਰੰਤੂ ਅਫ਼ਸੋਸ ਇਸ ਗੱਲ ਦਾ ਹੈ, ਕਿ ਮਨੁੱਖ ਨੇ ਕਰਮਕਾਂਡ ਤਾਂ ਬਹੁਤ ਫੜ ਲਏ ਪਰ ਕਿਸੇ ਚੰਗੀ ਗੱਲ 'ਤੇ ਅਮਲ ਨਹੀਂ ਕੀਤਾ |
ਜੋ ਕੁਝ ਸਾਡੇ ਆਲੇ-ਦੁਆਲੇ ਵਾਪਰ ਰਿਹਾ ਹੈ, ਅਸੀਂ ਸਭ ਕਾਸੇ ਤੋਂ ਅੱਖਾਂ ਮੀਟ ਲਈਆਂ ਹਨ | ਆਲ਼ੇ ਦੁਆਲ਼ੇ ਤਾਂ ਕੁਦਰਤ ਦੇ ਅਨੇਕਾਂ ਵਰਤਾਰੇ ਵਾਪਰ ਰਹੇ ਹਨ, ਪਰੰਤੂ ਅੱਜ ਦਾ ਮਨੁੱਖ ਆਪਣੇ ਕੰਮਾਂ ਕਾਰਾਂ ਵਿਚ ਐਨਾ ਖੱਚਿਤ ਹੈ ਕਿ ਉਸ ਦਾ ਏਧਰ ਬਿਲਕੁੱਲ ਧਿਆਨ ਨਹੀਂ | ਅਸਮਾਨ 'ਤੇ ਤਾਰੇ ਚਮਕਦੇ ਹਨ, ਬੱਦਲ ਗਰਜਦੇ ਹਨ, ਮੀਂਹ ਪੈਂਦਾ ਹੈ ਤੇ ਬਿਜਲੀ ਲਿਸ਼ਕਦੀ ਹੈ, ਪਰ ਸਾਨੂੰ ਇਸਦਾ ਕੁਝ ਵੀ ਪਤਾ ਨਹੀਂ |
ਇਹ ਸਾਰਾ ਕੁਝ ਕਿਵੇਂ ਵਾਪਰਦਾ ਹੈ? ਇਸ ਦੇ ਕਾਰਨ ਕੀ ਹਨ? ਇਹ ਸਵਾਲ ਸਾਡੀ ਸੋਚ ਦਾ ਹਿੱਸਾ ਨਹੀਂ ਬਣ ਸਕੇ ਜਿਸ ਕਰਕੇ ਅਸੀਂ ਬੌਧਕਿਤਾ ਵਿਚ ਪਛੜ ਰਹੇ ਹਾਂ ਤੇ ਦੂਸਰੀਆਂ ਕੌਮਾਂ ਸਾਹਮਣੇ ਮਜ਼ਾਕ ਦੇ ਪਾਤਰ ਬਣਦੇ ਜਾ ਰਹੇ ਹਾਂ | ਸਾਨੂੰ ਵਿਰਾਸਤ ਵਿਚੋਂ ਬਹੁਤ ਕੁਝ ਗ਼ਲਤ ਸਿੱਖਣ ਨੂੰ ਮਿਲਦਾ ਹੈ | ਅਸੀਂ ਵਿਗਿਆਨਕ ਪਹੁੰਚ ਦੀ ਬਜਾਏ, ਮਿੱਥਕ ਕਥਾਵਾਂ ਨੂੰ ਆਧਾਰ ਬਣਾ ਕੇ ਹੀ ਬੱਚਿਆਂ ਨੂੰ ਸਿੱਖਿਆ ਦਿੰਦੇ ਹਾਂ ਅਤੇ ਅਸਲੀਅਤ ਨਾਲੋਂ ਤੋੜ ਲੈਂਦੇ ਹਾਂ |
ਜਦੋਂ ਅਸੀਂ ਵੀ ਬੱਚੇ ਸਾਂ, ਤਾਂ ਅਸੀਂ ਵੀ ਇਨ੍ਹਾਂ ਮਿੱਥਕ ਕਥਾਵਾਂ ਦਾ ਸ਼ਿਕਾਰ ਹੁੰਦੇ ਰਹੇ ਹਾਂ | ਜਦੋਂ ਬਿਜਲੀ ਲਿਸ਼ਕਣੀ ਤਾਂ ਪੁਰਖਿਆਂ ਨੇ ਇਸ ਨੂੰ ਧਾਰਮਿਕ ਕਥਾ ਨਾਲ ਜੋੜ ਕੇ ਦੱਸਣਾ, ਕਿ ਮਾਮੇ ਭਾਣਜੇ, ਜਾਂ ਮਾਮੇ ਭਾਣਜੀ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ, ਬਿਜਲੀ ਡਿੱਗ ਪਵੇਗੀ | ਉਨ੍ਹਾਂ ਰਾਜਾ ਕੰਸ ਨਾਲ ਜੋੜ ਕੇ ਕਹਾਣੀ ਦੱਸਣੀ |
ਕੁਝ ਲੋਕ ਇਹ ਵੀ ਕਹਿੰਦੇ, ਕਾਲੇ ਕੱਪੜੇ ਨਾ ਪਹਿਨਣਾ, ਲੋਹੇ ਦੀਆਂ ਵਸਤਾਂ ਤੋਂ ਦੂਰ ਰਹਿਣਾ, ਪਰ ਇਸਦੇ ਕਾਰਨ ਕੀ ਸਨ? ਇਹ ਗੱਲ ਸਾਨੂੰ ਕੋਈ ਨਾ ਦੱਸਦਾ | ਬਿਜਲੀ ਦਾ ਸੱਚ ਕੀ ਹੈ? ਬੱਦਲ ਕਿਉਂ ਬਰਸਦੇ ਹਨ? ਤੇ ਕਿਉਂ ਗਰਜਦੇ ਹਨ? ਅਸੀਂ ਇਸ ਲੇਖ ਵਿਚ ਵਿਚਾਰ ਕਰਾਂਗੇ |
ਅਸੀਂ ਤਾਂ ਅੱਜ ਵੀ ਕਿਸੇ ਮਿੱਥਕ ਦੇਵਤੇ, ਜਾਂ ਇੰਦਰ ਦੀਆਂ ਕਹਾਣੀਆਂ ਛੋਹ ਲੈਂਦੇ ਹਾਂ | ਬੱਦਲ ਨਹੀਂ ਸਾਨੂੰ ਤਾਂ ਮੇਘ ਨਾਥ ਗਰਜਦਾ ਪ੍ਰਤੀਤ ਹੁੰਦਾ ਹੈ | ਫੇਰ ਅਸੀਂ ਕੁਦਰਤ ਦੀ ਕਰੋਪੀ ਘਟਾਉਣ ਲਈ ਖੁਆਜੇ ਦੀਆਂ ਕੜਾਹੀਆਂ ਕਰਦੇ ਹਾਂ, ਰੋਟ ਸੁੱਖਦੇ ਹਾਂ ਤੇ ਇੰਦਰ ਦੇਵਤੇ ਦੇ ਰੋਸ ਨੂੰ ਘਟਾਉਣ ਲਈ ਤੇ ਰਿਝਾਉਣ ਲਈ ਅਸੀਂ ਲੀਰਾਂ ਦੀਆਂ ਗੁੱਡੀਆਂ ਫੂਕਦੇ ਹਾਂ | ਜੇਕਰ ਸਾਨੂੰ ਕੁਦਰਤ ਦੇ ਇਨ੍ਹਾਂ ਭੇਦਾਂ ਦੀ ਜਾਣਕਾਰੀ ਹੋਵੇ, ਤਾਂ ਅਸੀਂ ਪਦਾਰਥਿਕ ਤੇ ਮਾਨਸਿਕ ਅਮੀਰੀ ਦੋਵਾਂ ਨੂੰ ਨਾਲ-ਨਾਲ ਲੈ ਕੇ ਚੱਲ ਸਕਦੇ ਹਾਂ | ਕੁਦਰਤ ਨਾਲ ਜੁੜ ਕੇ ਵਿਗਿਆਨਕ ਜਾਣਕਾਰੀ ਰੱਖਣੀ ਅਤੇ ਕੁਦਰਤ ਦੇ ਭੇਤਾਂ ਨੂੰ ਸਮਝਣਾ ਅੱਜ ਦੇ ਮਨੁੱਖ ਲਈ ਬਹੁਤ ਅਹਿਮ ਹੈ, ਨਹੀਂ ਤਾਂ ਅਗਲੀਆਂ ਪੀੜ੍ਹੀਆਂ ਬਹੁਤ ਪਛੜ ਜਾਣਗੀਆਂ |
ਅਸਮਾਨੀ ਬਿਜਲੀ ਦਾ ਸੱਚ ਕੀ ਹੈ? : ਅਸੀਂ ਧਰਤੀ ਦੇ ਵਾਤਾਵਰਨ ਦੀ ਟਰੋਪੋਸਫੀਅਰ ਪਰਤ ਵਿਚ ਰਹਿ ਰਹੇ ਹਾਂ, ਜੋ 12 ਤੋਂ 17 ਕਿਲੋਮੀਟਰ ਤੱਕ ਉੱਪਰ ਵਲ ਫੈਲੀ ਹੋਈ ਹੈ | ਜਿਵੇਂ ਅਸੀਂ ਜਾਣਦੇ ਹਾਂ ਕਿ ਧਰਤੀ ਉੱਪਰ ਤਿੰਨ ਗੁਣਾ ਪਾਣੀ ਹੈ, ਤੇ ਇਹ ਪਾਣੀ ਸੂਰਜੀ ਤਪਸ਼ ਨਾਲ ਵਾਸ਼ਪ ਬਣ ਕੇ ਆਕਾਸ਼ ਵੱਲ ਉਡਦਾ ਰਹਿੰਦਾ ਹੈ | ਇਸੇ ਤਰ੍ਹਾਂ ਸਾਡੇ ਵਾਤਾਵਰਨ ਦੀ ਇਸ ਹੇਠਲੀ ਤਹਿ ਵਿਚ ਬਹੁਤ ਸਾਰੇ ਧੂੜ ਕਣ ਵੀ ਹਵਾ ਨਾਲ ਏਧਰ ਉਧਰ ਉਡਦੇ ਰਹਿੰਦੇ ਹਨ | ਇਹ ਵਾਸ਼ਪ ਧੂੜ ਕਣਾਂ ਵਿਚ ਸਮਾਉਂਦੇ ਹਨ ਤੇ ਉੱਪਰ ਵਲ ਜਾਂਦੇ ਰਹਿੰਦੇ ਹਨ |
ਜਿਉਂ ਜਿਉਂ ਇਹ ਵਾਸ਼ਪ ਲਿਪਟੇ ਧੂੜ ਕਣ ਉੱਪਰ ਵਲ ਜਾਂਦੇ ਹਨ ਤਾਂ ਤਾਪਮਾਨ ਘਟਣ ਕਾਰਨ ਬਰਫੀਲੇ ਕਣਾਂ ਵਿਚ ਅਤੇ ਭਾਫ ਵਿਚ ਤਬਦੀਲ ਹੋ ਜਾਂਦੇ ਹਨ, ਜਿਨਾਂ ਨੂੰ ਅਸੀਂ ਬੱਦਲ ਆਖਦੇ ਹਾਂ | ਇਹ ਬੱਦਲ ਇਨਾਂ ਬਰਫੀਲੇ ਕਣਾਂ ਨਾਲ ਭਰਪੂਰ ਹੋਣ ਕਾਰਨ, ਜਦੋਂ ਆਪਸ ਵਿਚ ਟਕਰਾਉਂਦੇ ਹਨ, ਤਾਂ ਹਵਾ ਨਾਲ ਮਿਲ ਕੇ, ਜੋ ਘਸਰਨ ਪੈਦਾ ਹੁੰਦੀ ਹੈ, ਉਸ ਵਿਚੋਂ ਪੈਦਾ ਹੋਇਆ ਸਟੈਟਿਕਸ ਜਾਂ ਰਗੜ ਬਿਜਲੀ ਤਰੰਗਾਂ ਨੂੰ ਜਨਮ ਦਿੰਦਾ ਹੈ | ਜਿਸ ਨਾਲ ਇਹ ਕਣ ਚਾਰਜ ਹੋ ਜਾਂਦੇ ਹਨ |
ਚਾਰਜ ਹੋਏ ਕਣ, ਨੈਗੇਟਿਵ ਤੇ ਪਾਜ਼ੇਟਿਵ ਊਰਜਾ ਵਿਚ ਤਬਦੀਲ ਹੁੰਦੇ ਰਹਿੰਦੇ ਹਨ | ਇਹ ਕਣ ਐਟਮਾਂ ਤੋਂ ਬਣੇ ਹੋਏ ਹੁੰਦੇ ਹਨ | ਐਟਮ ਵਿਚ ਨਿਊਟ੍ਰਾਨ, ਇਲੈਕਟ੍ਰਾਨ ਤੇ ਪ੍ਰੋਟ੍ਰਾਨ ਹੁੰਦੇ ਹਨ | ਇਲੈਕਟ੍ਰਾਨ ਟਕਰਾਉਣ ਕਾਰਨ ਇੱਕ ਐਟਮ ਤੋਂ ਦੂਜੇ ਵਿਚ ਤਬਦੀਲ ਹੁੰਦੇ ਰਹਿੰਦੇ ਹਨ ਜਿਸ ਕਣ ਵਿਚ ਵਧੇਰੇ ਨਿਊਕਲੀਅਰ ਹੋਣਗੇ, ਉਹ ਨੈਗੇਟਿਵ ਚਾਰਜ ਵਿਚ ਤਬਦੀਲ ਹੋ ਜਾਂਦਾ ਹੈ ਤੇ ਘੱਟ ਇਲੈਕਟ੍ਰਾਨ ਚਾਰਜ ਵਾਲਾ ਕਣ ਪਾਜ਼ੇਟਿਵ ਊਰਜਾ ਵਿਚ ਤਬਦੀਲ ਹੋ ਜਾਂਦਾ ਹੈ | ਕਈ ਵਾਰ ਤਾਂ ਪੂਰੇ ਦਾ ਪੂਰਾ ਬੱਦਲ ਨੈਗੇਟਿਵ ਬਿਜਲਈ ਚਾਰਜ ਨਾਲ ਜਾਂ ਪਾਜ਼ੇਟਿਵ ਬਿਜਲਈ ਚਾਰਜ ਨਾਲ ਭਰਿਆ ਹੁੰਦਾ ਹੈ | ਅਸੀਂ ਇਹ ਵੀ ਜਾਣਦੇ ਹਾਂ ਕਿ ਪਾਜੇਟਿਵ ਤੇ ਨੈਗੇਟਿਵ ਊਰਜਾ ਇੱਕ ਦੂਸਰੇ ਨੂੰ ਖਿੱਚਦੇ ਹਨ, ਤੇ ਇੱਕੋ ਤਰ੍ਹਾਂ ਦੀ ਊਰਜਾ ਵਾਲੇ ਕਣ ਇੱਕ ਦੂਸਰੇ ਨੂੰ ਦੂਰ ਧੱਕਦੇ ਹਨ | ਇਹ ਪ੍ਰਕਿਰਿਆ ਬੱਦਲਾਂ ਵਿਚ ਵੀ ਲਗਾਤਾਰ ਜਾਰੀ ਰਹਿੰਦੀ ਹੈ |
ਸਾਡੀ ਧਰਤੀ ਦੀ ਉਪਰਲੀ ਪਰਤ ਪਾਜ਼ੇਟਿਵ ਊਰਜਾ ਚਾਰਜ ਨਾਲ ਭਰਪੂਰ ਹੈ, ਜੋ ਨੈਗੇਟਿਵ ਊਰਜਾ ਨਾਲ ਭਰਪੂਰ ਚਾਰਜਜ਼ ਨੂੰ ਆਪਣੇ ਵੱਲ ਖਿੱਚਦੀ ਹੈ | ਨੈਗੇਟਿਵ ਕਣਾਂ ਵਿਚ ਵੱਧ ਇਲੈਕਟ੍ਰਾਨ ਹੋਣ ਕਾਰਨ, ਇਹ ਬੱਦਲ ਦੀ ਹੇਠਲੀ ਪਰਤ ਵਿਚ ਇਕੱਠੇ ਹੋ ਜਾਂਦੇ ਹਨ ਤੇ ਪਾਜ਼ੇਟਿਵ ਕਣ ਹਲਕੇ ਹੋਣ ਕਾਰਨ, ਬੱਦਲ ਦੇ ਉਪਰਲੇ ਭਾਗ ਵਿਚ ਇਕੱਤਰ ਹੁੰਦੇ ਰਹਿੰਦੇ ਹਨ | ਜਦੋਂ ਇਹ ਧੂੜ ਭਰੇ ਬਰਫੀਲੇ ਕਣ ਤੇਜ਼ ਹਵਾ ਕਾਰਨ ਇੱਕ ਦੂਸਰੇ ਨਾਲ ਟਕਰਾਉਂਦੇ ਹਨ, ਤਾਂ ਹੀ ਅਸਮਾਨੀ ਬਿਜਲੀ ਪੈਦਾ ਹੁੰਦੀ ਹੈ |
ਬਿਜਲੀ ਨਾਲ ਚਾਰਜ ਹੋਈ ਨੈਗੇਟਿਵ ਊਰਜਾ ਧਰਤੀ ਵੱਲ ਆਉਂਦੀ ਹੈ, ਕਿਉਂਕਿ ਧਰਤੀ ਦੀ ਪਰਤ ਪਾਜ਼ੇਟਿਵ ਚਾਰਜ ਹੁੰਦੀ ਹੈ, ਜੋ ਨੈਗੇਟਿਵ ਚਾਰਜ ਨੂੰ ਆਪਣੇ ਵੱਲ ਖਿਚਦੀ ਹੈ | ਇਸੇ ਪ੍ਰਕਿਰਿਆ ਨੂੰ ਅਸੀਂ ਬਿਜਲੀ ਲਿਸ਼ਕਣਾ ਕਹਿੰਦੇ ਹਾਂ | ਜਦੋਂ ਨੈਗੇਟਿਵ ਅਤੇ ਪਾਜ਼ੇਟਿਵ ਊਰਜਾਂ ਨਾਲ ਚਾਰਜ ਹੋਏ ਬੱਦਲ ਆਪਸ ਵਿਚ ਟਕਰਾਉਂਦੇ ਹਨ ਤਾਂ ਜ਼ੋਰਦਾਰ ਗੜਘੜਾਹਟ ਤੇ ਰੋਸ਼ਨੀ ਪੈਦਾ ਹੁੰਦੀ ਹੈ | ਜਿਵੇਂ ਅਸੀਂ ਕਾਰ ਦੀ ਬੈਟਰੀ ਚਾਰਜ ਕਰਨ ਵੇਲੇ ਕੇਬਲ ਨੂੰ ਗਲਤੀ ਨਾਲ, ਉਲਟ ਟਰਮੀਨਲਾਂ ਨਾਲ ਜੋੜ ਦਈਏ ਤਾਂ ਵੀ ਇਹ ਹੀ ਕੁਝ ਵਾਪਰਦਾ ਹੈ | ਜਦੋਂ ਇਹ ਬਿਜਲੀ ਲਿਸ਼ਕਦੀ ਹੈ ਤਾਂ ਇਸ ਦਾ ਤਾਪਮਾਨ ਸਤਾਈ ਹਜ਼ਾਰ ਡਿਗਰੀ ਸੈਲਸੀਅਸ ਤੱਕ ਜਾ ਪਹੁੰਚਦਾ ਹੈ, ਇਹ ਤਾਪ, ਸੂਰਜੀ ਸਤਾ ਦੇ ਤਾਪ ਤੋਂ ਵੀ ਛੇ ਗੁਣਾ ਵਧੇਰੇ ਹੁੰਦਾ ਹੈ | ਇਹ ਬਿਜਲੀ ਜਿੱਥੇ ਵੀ ਡਿੱਗਦੀ ਹੈ, ਤਬਾਹੀ ਮਚਾ ਦਿੰਦੀ ਹੈ |
ਨੈਗੇਟਿਵ ਬਿਜਲਈ ਊਰਜਾ ਧਰਤੀ ਵਲ ਜਦੋਂ ਮਾਰ ਕਰਦੀ ਹੈ, ਤਾਂ ਉਸ ਦਾ ਹਮਲਾ ਪਾਜ਼ੇਟਿਵ ਬਿਜਲਈ ਊਰਜਾ ਵਾਲੇ ਕਿਸੇ ਵੀ ਉੱਚੇ ਆਬਜੈਕਟ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ ਹੈ | ਬਿਜਲੀ ਦੀ ਰੌਸ਼ਨੀ ਇਸ ਕਰਕੇ ਪਹਿਲਾਂ ਪਹੁੰਚਦੀ ਹੈ, ਕਿਉਂਕਿ ਰੋਸ਼ਨੀ ਦੀ ਰਫਤਾਰ ਆਵਾਜ਼ ਦੀ ਰਫਤਾਰ ਨਾਲੋਂ ਤੇਜ਼ ਹੁੰਦੀ ਹੈ | ਇਸੇ ਕਰਕੇ ਪਹਿਲਾਂ ਲਿਸ਼ਕ ਪੈਂਦੀ ਹੈ ਫੇਰ ਬੱਦਲ ਗਰਜਣ ਦੀ ਆਵਾਜ਼ ਆਉਂਦੀ ਹੈ | ਅਸਮਾਨੀ ਬਿਜਲੀ ਲਿਸ਼ਕਣ, ਡਿੱਗਣ 'ਤੇ ਬੱਦਲਾਂ ਦੇ ਗਰਜਣ ਬਾਰੇ, ਸਭ ਤੋਂ ਪਹਿਲਾਂ ਵਿਗਿਆਨੀ ਬੈਂਜਾਮੈਨ ਫਰੈਂਕਲਿਨ ਨੇ ਇਹ ਭੇਦ ਖੋਲ੍ਹੇ ਤੇ ਬਹੁਤ ਸਾਰੀਆਂ ਮਿੱਥਾਂ ਨੂੰ ਤੋੜਿਆ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਫੋਨ : 416-727-2071 major.mangat@gmail.com

ਹੁਸਨ ਦੀ ਮਲਿਕਾ ਨੂਰਜਹਾਂ

ਅਕਬਰ ਬਾਦਸ਼ਾਹ ਦੇ ਰਾਜ ਦਾ ਸਮਾਂ ਸੀ | ਈਰਾਨ ਦਾ ਇਕ ਘਰਾਣਾ ਸਮੇਂ ਦੇ ਗੇੜ ਨਾਲ ਲਾਚਾਰ ਹੋ ਕੇ ਆਪਣੀ ਰੋਜ਼ੀ ਦੀ ਭਾਲ ਵਿਚ ਆਪਣੇ ਪਿਆਰੇ ਵਤਨ ਨੂੰ ਸਦਾ ਲਈ ਅਲਵਿਦਾ ਕਹਿ ਕੇ ਹਿੰਦੁਸਤਾਨ ਵੱਲ ਤੁਰ ਪਿਆ | ਇਸ ਕਾਫ਼ਲੇ ਵਿਚ ਮਿਰਜ਼ਾ ਗਿਆਸ, ਉਸ ਦੀ ਪਤਨੀ ਅਤੇ ਉਸ ਦੇ ਬੱਚੇ ਆ ਰਹੇ ਸਨ | ਮਿਰਜ਼ਾ ਗਿਆਸ ਦਾ ਪਰਿਵਾਰ ਬਹੁਤ ਗ਼ਰੀਬੀ ਦੀ ਹਾਲਤ ਵਿਚੋਂ ਲੰਘ ਰਿਹਾ ਸੀ | ਜਦ ਇਹ ਕਾਫਲਾ ਆ ਰਿਹਾ ਸੀ, ਉਸ ਸਮੇਂ ਮਿਰਜ਼ਾ ਗਿਆਸ ਦੀ ਪਤਨੀ ਗਰਭਵਤੀ ਸੀ | ਭਾਰਤ ਦੇ ਰਸਤੇ ਆਉਂਦਿਆਂ ਕੰਧਾਰ ਵਿਖੇ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ | ਮਿਰਜ਼ਾ ਗਿਆਸ ਦੇ ਪਰਿਵਾਰ ਕੋਲ ਪੇਟ ਭਰ ਕੇ ਖਾਣ ਲਈ ਕੁਝ ਵੀ ਨਹੀਂ ਸੀ | ਉਹ ਇਸ ਨਵੇਂ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰਦੇ | ਅੰਤ ਉਸ ਲੜਕੀ ਦੀ ਮਾਂ ਨੇ ਕਲੇਜੇ ਉਤੇ ਪੱਥਰ ਰੱਖ ਕੇ ਲੜਕੀ ਨੂੰ ਸੜਕ ਦੇ ਕਿਨਾਰੇ ਛੱਡ ਦਿੱਤਾ ਤੇ ਆਪ ਮੁੜ ਕਾਫਲੇ ਦੇ ਨਾਲ ਤੁਰ ਪਈ | ਉਸ ਸਮੇਂ ਕੌਣ ਜਾਣਦਾ ਸੀ ਕਿ ਉਹ ਲੜਕੀ ਜੋ ਇਸ ਤਰ੍ਹਾਂ ਲਾਵਾਰਿਸ ਉਜਾੜ ਵਿਚ ਛੱਡ ਦਿਤੱੀ ਗਈ ਹੈ ਅਤੇ ਜਿਸ ਦੀ ਪਾਲਣਾ ਦੀ ਜ਼ਿੰਮੇਵਾਰੀ ਤੋਂ ਵੀ ਉਸ ਦੇ ਮਾਤਾ-ਪਿਤਾ ਕੰਨੀ ਕਤਰਾਉਂਦੇ ਹਨ, ਇਕ ਦਿਨ ਇਕ ਵਿਸ਼ਾਲ ਦੇਸ਼ ਦੀ ਮਲਿਕਾ ਬਣੇਗੀ | ਬੱਚੀ ਚੁੱਪ-ਚਾਪ ਕੱਪੜੇ ਵਿਚ ਲਪੇਟੀ ਮੂੰਹ ਵਿਚ ਅੰਗੂਠਾ ਪਾ ਕੇ ਚੂਸ ਰਹੀ ਸੀ | ਕਿਸਮਤ ਜਿਵੇਂ ਉਸ ਨੂੰ ਵੇਖ ਕੇ ਹੱਸ ਰਹੀ ਸੀ ਅਤੇ ਕਹਿ ਰਹੀ ਹੋਵੇ, ਠਹਿਰ ਜਾ ਬੱਚੀ, ਅਜੇ ਉਹ ਮਹੱਲ ਜਿਨ੍ਹਾਂ ਵਿਚ ਤੂੰ ਜਾ ਕੇ ਰਹਿਣਾ ਹੈ, ਮੁਕੰਮਲ ਨਹੀਂ ਹੋਏ |
ਕਾਫਲੇ ਦੇ ਸਰਦਾਰ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਕਿ ਕਾਫਲੇ ਦੀ ਇਕ ਮਾਤਾ ਨੇ ਲੜਕੀ ਨੂੰ ਜਨਮ ਦਿੱਤਾ ਹੈ ਅਤੇ ਮਾਪੇ ਸਖ਼ਤ ਗ਼ਰੀਬੀ ਦੇ ਕਾਰਨ ਉਸ ਦੀ ਪਾਲਣਾ ਨਾ ਕਰ ਸਕਣ ਕਰਕੇ ਉਸ ਨੂੰ ਅਜਾੲੀਂ ਮੌਤੇ ਮਰਨ ਲਈ ਛੱਡ ਚਲੇ ਹਨ ਤਾਂ ਉਸ ਨੇ ਬੜੀ ਹਮਦਰਦੀ ਪ੍ਰਗਟ ਕੀਤੀ ਅਤੇ ਬੱਚੀ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਨ੍ਹਾਂ ਨੂੰ ਲੜਕੀ ਲੈਣ ਲਈ ਪ੍ਰੇਰ ਲਿਆ | ਅਖੀਰ ਕਈ ਮਹੀਨਿਆਂ ਦੇ ਕਰੜੇ ਪੈਂਡੇ ਤੋਂ ਬਾਅਦ ਇਹ ਕਾਫਲਾ ਹਿੰਦੁਸਤਾਨ ਪੁੱਜ ਗਿਆ | ਦਿੱਲੀ ਜਾ ਕੇ ਕਾਫਲੇ ਦੇ ਸਰਦਾਰ ਨੇ ਮਿਰਜ਼ਾ ਗਿਆਸ ਦੀ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਪਹੁੰਚ ਕਰਵਾਈ | ਮਿਰਜ਼ਾ ਗਿਆਸ ਫਾਰਸੀ, ਤੁਰਕੀ ਆਦਿ ਭਾਸ਼ਾਵਾਂ ਦਾ ਬੜਾ ਵਿਦਵਾਨ ਸੀ | ਉਧਰ ਅਕਬਰ ਬਾਦਸ਼ਾਹ ਵੀ ਵਿਦਵਾਨਾਂ ਦਾ ਕਦਰਦਾਨ ਸੀ | ਮਿਰਜ਼ਾ ਗਿਆਸ ਦੀ ਗੱਲਬਾਤ ਤੋਂ ਬਾਦਸ਼ਾਹ ਪ੍ਰਭਾਵਿਤ ਹੋਇਆ ਅਤੇ ਮਿਰਜ਼ਾ ਗਿਆਸ ਨੂੰ ਅਕਬਰ ਦੇ ਦਰਬਾਰ ਵਿਚ ਇਕ ਚੰਗਾ ਅਹੁਦਾ ਮਿਲ ਗਿਆ |
ਮਿਰਜ਼ਾ ਗਿਆਸ ਅਤੇ ਉਸ ਦੇ ਪਰਿਵਾਰ ਨੇ ਦਿੱਲੀ ਪਹੁੰਚਣ ਉਪਰੰਤ ਲੜਕੀ ਦਾ ਨਾਂਅ ਮੇਹਰ-ਉਨ-ਨਿਸਾ ਰੱਖਿਆ | ਇਹ ਲੜਕੀ ਵੱਡੀ ਹੋ ਕੇ ਅਤਿ ਸੰੁਦਰ, ਮਨਮੋਹਣੀ ਅਤੇ ਸਿਆਣੀ ਨਿਕਲੀ | ਇਕ ਦਿਨ ਮੇਹਰ-ਉਨ-ਨਿਸਾ ਸ਼ਾਹੀ ਬਾਗ਼ ਵਿਚ ਟਹਿਲ ਰਹੀ ਸੀ | ਕੁਝ ਸਮੇਂ ਬਾਅਦ ਸ਼ਹਿਜ਼ਾਦਾ ਸਲੀਮ ਉਧਰ ਘੰੁਮਦਾ-ਫਿਰਦਾ ਆ ਨਿਕਲਿਆ | ਉਸ ਦੇ ਹੱਥਾਂ ਵਿਚ ਦੋ ਕਬੂਤਰ ਸਨ | ਫਿਰਦੇ-ਫਿਰਦੇ ਉਸ ਨੂੰ ਇਕ ਥਾਂ 'ਤੇ ਫੁੱਲ ਤੋੜਨ ਦਾ ਫੁਰਨਾ ਫੁਰਿਆ | ਉਸ ਨੇ ਮੇਹਰ-ਉਨ-ਨਿਸਾ ਨੂੰ ਆਖਿਆ, 'ਲੜਕੀ, ਤੂੰ ਜ਼ਰਾ ਮੇਰੇ ਕਬੂਤਰ ਪਕੜ, ਮੈਂ ਇਸ ਫੁੱਲ ਨੂੰ ਤੋੜ ਲਵਾਂ |' ਮੇਹਰ-ਉਨ-ਨਿਸਾ ਨੇ ਸ਼ਹਿਜ਼ਾਦੇ ਕੋਲੋਂ ਕਬੂਤਰ ਫੜ ਲਏ | ਕੁਝ ਚਿਰ ਬਾਅਦ ਉਸ ਦੀ ਬੇਪ੍ਰਵਾਹੀ ਦੇ ਕਾਰਨ ਇਕ ਕਬੂਤਰ ਉਸ ਦੇ ਹੱਥੋਂ ਉੱਡ ਗਿਆ | ਜਦ ਸਲੀਮ ਆਪਣੇ ਕੰਮ ਤੋਂ ਵਿਹਲਾ ਹੋਇਆ ਤਾਂ ਉਸ ਨੇ ਲੜਕੀ ਦੇ ਹੱਥ ਵਿਚ ਕੇਵਲ ਇਕੋ ਕਬੂਤਰ ਵੇਖਿਆ, ਤਾਂ ਕਹਿਣ ਲੱਗਾ, 'ਲੜਕੀ, ਮੇਰਾ ਦੂਸਰਾ ਕਬੂਤਰ ਕਿੱਥੇ ਹੈ |' ਮੇਹਰ-ਉਨ-ਨਿਸਾ ਸ਼ਰਮਾ ਕੇ ਬੋਲੀ, 'ਉਹ ਤਾਂ ਉੱਡ ਗਿਆ |' ਸਲੀਮ ਨੇ ਹੈਰਾਨ ਹੋ ਕੇ ਪੁੱਛਿਆ, 'ਹੈਾ! ਕਿਵੇਂ ਉੱਡ ਗਿਆ?' ਲੜਕੀ ਨੇ ਦੂਜਾ ਕਬੂਤਰ ਵੀ ਹੱਥੋਂ ਛੱਡ ਕੇ ਆਖਿਆ, 'ਇਸ ਤਰ੍ਹਾਂ ਉੱਡ ਗਿਆ |' ਸ਼ਹਿਜ਼ਾਦੇ ਸਲੀਮ ਨੂੰ ਉਸ ਦੀ ਇਹ ਅਦਾ ਬਹੁਤ ਲੁਭਾਵਣੀ ਲੱਗੀ ਤੇ ਉਹ ਉਸੇ ਸਮੇਂ ਦਿਲੋਂ ਜਾਨ ਨਾਲ ਉਸ ਉਤੇ ਮੋਹਿਤ ਹੋ ਗਿਆ |
ਸਮਾਂ ਪਾ ਕੇ ਮੇਹਰ-ਉਨ-ਨਿਸਾ ਜਵਾਨ ਹੋ ਗਈ | ਕਿਸੇ ਤਰ੍ਹਾਂ ਅਕਬਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਲੀਮ ਉਸ ਉਤੇ ਫਿਦਾ ਹੋ ਚੁੱਕਾ ਹੈ | ਅਕਬਰ ਨੇ ਮੇਹਰ-ਉਨ-ਨਿਸਾ ਦਾ ਸ਼ਾਹੀ ਮਹੱਲ ਵਿਚ ਆਉਣਾ-ਜਾਣਾ ਬੰਦ ਕਰ ਦਿੱਤਾ | ਅਕਬਰ ਨੇ ਮੇਹਰ-ਉਨ-ਨਿਸਾ ਦਾ ਵਿਆਹ ਸਤਾਰਾਂ ਸਾਲ ਦੀ ਉਮਰ ਵਿਚ ਆਪਣੇ ਇਕ ਸੂਬੇਦਾਰ ਸ਼ੇਰ ਅਫ਼ਗਾਨ ਨਾਮੀ ਪਠਾਣ, ਜਿਸ ਨੇ ਇਕ ਵਾਰੀ ਇਕੱਲੇ ਨੇ ਸ਼ੇਰ ਨੂੰ ਮਾਰ ਕੇ ਇਹ ਪਦਵੀ ਪ੍ਰਾਪਤ ਕੀਤੀ ਸੀ, ਨਾਲ ਕਰ ਦਿੱਤਾ ਅਤੇ ਉਸ ਨੂੰ ਬੰਗਾਲ ਦਾ ਸੂਬੇਦਾਰ ਥਾਪ ਕੇ ਉਧਰ ਭੇਜ ਦਿੱਤਾ | ਉਥੇ ਕੁਝ ਸਮੇਂ ਬਾਅਦ ਮੇਹਰ-ਉਨ-ਨਿਸਾ ਦੇ ਘਰ ਇਕ ਲੜਕੀ ਦਾ ਜਨਮ ਹੋਇਆ | ਸੰਨ 1605 ਈ: ਦੀ 27 ਅਕਤੂਬਰ ਨੂੰ ਅਕਬਰ ਦਾ ਦਿਹਾਂਤ ਹੋ ਗਿਆ ਅਤੇ ਜਹਾਂਗੀਰ ਤਖਤ ਉਤੇ ਬੈਠਾ | ਉਸ ਦੇ ਦਿਲ ਵਿਚ ਮੇਹਰ-ਉਨ-ਨਿਸਾ ਦੀ ਮੁਹੱਬਤ ਧੜਕ ਰਹੀ ਸੀ | ਉਹ ਕਿਸੇ ਨਾ ਕਿਸੇ ਬਹਾਨੇ ਸ਼ੇਰ ਅਫ਼ਗਾਨ ਨੂੰ ਪਾਸੇ ਕਰਕੇ ਮੇਹਰ-ਉਨ-ਨਿਸਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ | ਜਦੋਂ ਜਹਾਂਗੀਰ ਨੇ ਸੁਣਿਆ ਕਿ ਸ਼ੇਰ ਅਫ਼ਗਾਨ ਬਗ਼ਾਵਤ ਉਤੇ ਉੱਤਰ ਆਇਆ ਹੈ ਤਾਂ ਉਸ ਨੇ 1607 ਈ: 'ਚ ਨਵਾਬ ਕੁਤਬਦੀਨ ਨੂੰ ਸ਼ੇਰ ਅਫ਼ਗਾਨ ਦੇ ਵਿਰੁੱਧ ਭੇਜਿਆ | ਸ਼ੇਰ ਅਫ਼ਗਾਨ ਤੇ ਕੁਤਬਦੀਨ ਵਿਚਾਲੇ ਬਰਦਵਾਨ ਵਿਖੇ ਤਕੜਾ ਯੁੱਧ ਹੋਇਆ, ਜਿਸ ਵਿਚ ਕੁਤਬਦੀਨ ਮਾਰਿਆ ਗਿਆ | ਕੁਤਬਦੀਨ ਦੇ ਸਾਥੀਆਂ ਨੇ ਗੁੱਸੇ ਵਿਚ ਆ ਕੇ ਸ਼ੇਰ ਅਫ਼ਗਾਨ ਦੇ ਟੁਕੜੇ-ਟੁਕੜੇ ਕਰ ਦਿੱਤੇ ਤੇ ਮੇਹਰ-ਉਨ-ਨਿਸਾ ਨੂੰ ਉਸ ਦੀ ਛੋਟੀ ਬੱਚੀ ਸਮੇਤ ਦਰਬਾਰ ਵਿਚ ਪਹੁੰਚਾਇਆ ਗਿਆ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਬਠਿੰਡਾ | ਮੋਬਾਈਲ : 98155-33725.

ਘੱਗਰਾ ਵੀਹ ਗਜ਼ ਦਾ...

ਪਹਿਰਾਵਾ ਮੂਲ ਰੂਪ ਵਿਚ ਮਨੁੱਖ ਦੇ ਜਿਸਮ ਨੂੰ ਕੱਜਣ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ | ਹਰ ਮਨੁੱਖੀ ਸਮਾਜ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜ਼ਰੂਰੀ ਰਹੀ ਹੈ | ਪੰਜਾਬੀ ਪਹਿਰਾਵਾ ਵੈਦਿਕ ਕਾਲ ਤੋਂ ਆਰੰਭ ਹੋ ਕੇ ਕਈ ਪੜਾਅ ਲੰਘ ਕੇ ਇਸ ਰੂਪ ਵਿਚ ਆਇਆ ਹੈ | ਪੰਜਾਬੀ ਪਹਿਰਾਵੇ ਉੱਪਰ ਮੁਗ਼ਲਾਂ, ਬਾਹਰਲੇ ਧਾੜਵੀਆਂ ਅੰਗਰੇਜ਼ਾਂ ਦਾ ਵੀ ਪ੍ਰਭਾਵ ਰਿਹਾ ਹੈ | ਕੁਝ ਦਹਾਕੇ ਪਹਿਲਾਂ ਪੰਜਾਬੀਆਂ, ਖ਼ਾਸ ਕਰ ਪੇਂਡੂ ਪੰਜਾਬੀ ਲੋਕਾਂ ਦੇ ਪਹਿਰਾਵੇ ਦੀ ਤਾਂ ਵੱਖਰੀ ਹੀ ਸ਼ਾਨ ਤੇ ਪਛਾਣ ਸੀ | ਅੱਜ ਜਿੱਥੇ ਇਸ ਆਧੁਨਿਕ ਯੁੱਗ ਵਿਚ ਸਾਡੇ ਕਿੱਤੇ, ਬੋਲੀ ਬਦਲ ਗਈ ਹੈ, ਰਹਿਣ-ਸਹਿਣ ਦਾ ਢੰਗ-ਤਰੀਕਾ ਬਦਲ ਗਿਆ ਹੈ, ਉੱਥੇ ਸਾਡਾ ਪਹਿਰਾਵਾ ਵੀ ਬਹੁਤ ਹੱਦ ਤਕ ਬਦਲ ਗਿਆ ਹੈ | ਸ਼ਹਿਰਾਂ ਵਿਚ ਹੀ ਨਹੀਂ ਪਿੰਡਾਂ ਵਿਚ ਵੀ ਪੰਜਾਬੀ ਪਹਿਰਾਵੇ ਦੀ ਨੁਹਾਰ ਬਦਲ ਗਈ ਹੈ |
ਪੰਜਾਬੀ ਪਹਿਰਾਵੇ ਵਿਚ ਬਾਗ਼, ਫੁਲਕਾਰੀ ਦੀ ਤਰ੍ਹਾਂ ਘੱਗਰੇ ਦਾ ਵਿਸ਼ੇਸ਼ ਸਥਾਨ ਹੈ | ਘੱਗਰਾ ਪੰਜਾਬੀ ਸੱਭਿਆਚਾਰ ਦਾ ਗੌਰਵਮਈ ਹਿੱਸਾ ਹੈ | ਘੱਗਰੇ ਦੀ ਸ਼ੁਰੂਆਤ ਗੁਪਤ ਕਾਲ ਤੋਂ ਹੋਈ | ਪਹਿਲੇ ਜ਼ਮਾਨੇ ਵਿਚ ਪੰਜਾਬੀ ਔਰਤਾਂ ਆਮ ਹੀ ਇਸ ਨੂੰ ਪਹਿਨਦੀਆਂ ਸਨ ਪਰ ਹੁਣ ਇਹ ਖਾਸ ਮੌਕਿਆਂ 'ਤੇ ਹੀ ਪਾਇਆ ਜਾਂਦਾ ਹੈ |
ਪੰਜਾਬ ਦੀਆਂ ਔਰਤਾਂ ਕੁੜਤੀ ਦੇ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ | ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੇ ਸਨਮਾਨ ਦਾ ਪ੍ਰਤੀਕ ਸੀ | ਹਰ ਵਿਆਹੀ ਜ਼ਨਾਨੀ ਨੂੰ ਸਹੁਰੇ ਘਰ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ | ਜਦੋਂ ਕੋਈ ਸੱਜ-ਵਿਆਹੀ ਮੁਟਿਆਰ ਸਹੁਰੇ ਪਿੰਡ ਦੀ ਜੂਹ ਵਿਚ ਪੁੱਜਦੀ ਤਾਂ ਘਰ ਜਾਂ ਸ਼ਰੀਕੇ ਦੀਆਂ ਦੋ-ਤਿੰਨ ਔਰਤਾਂ ਘੱਗਰਾ ਲੈ ਕੇ ਉਸ ਨੂੰ ਲੈਣ ਜਾਂਦੀਆਂ ਤੇ ਸਹੁਰਿਆਂ ਵਲੋਂ ਤਿਆਰ ਕਰਵਾਇਆ ਗੂੜ੍ਹਾ ਚਮਕਦਾਰ ਘੱਗਰਾ ਪਹਿਨਾਇਆ ਜਾਂਦਾ | ਫਿਰ ਉਹ ਮੁਟਿਆਰ ਘੱਗਰਾ ਪਾ ਕੇ ਘਰ ਆਉਂਦੀ ਕਿਉਂਕਿ ਨੂੰ ਹਾਂ ਲਈ ਘੱਗਰਾ ਪਹਿਨਣਾ ਜ਼ਰੂਰੀ ਸੀ | ਘੱਗਰੇ ਤੋਂ ਹੀ ਪਤਾ ਲਗਦਾ ਸੀ ਕਿ ਇਹ ਪਿੰਡ ਦੀ ਨੂੰ ਹ ਹੈ | ਉਦੋਂ ਕੁਆਰੀ ਕੁੜੀ ਨੂੰ ਘੱਗਰਾ ਪਾਉਣਾ ਵਰਜਿਤ ਸੀ | ਘੱਗਰੇ ਤੋਂ ਬਿਨਾਂ ਖੇਤ ਭੱਤਾ ਲੈ ਕੇ ਜਾਂਦੀ, ਖੂਹ ਤੋਂ ਪਾਣੀ ਭਰਦੀ, ਸੱਥ ਪਰ੍ਹੇ ਵਿਚੋਂ ਲੰਘਦੀ ਜਾਂ ਭਾਈਚਾਰਕ ਇਕੱਠ ਵਿਚ ਸ਼ਰੀਕ ਹੁੰਦੀ ਨੂੰ ਹ ਨੂੰ ਸਲੀਕੇਵਾਨ ਜਾਂ ਇੱਜ਼ਤਦਾਰ ਔਰਤ ਨਹੀਂ ਸੀ ਮੰਨਿਆ ਜਾਂਦਾ | ਘੱਗਰੇ ਆਮ ਤੌਰ 'ਤੇ ਕਾਲੀ ਸੂਫ਼, ਹਰੀ ਛੈਲ ਦੇ ਜਾਂ ਸਾਟਨ ਦੇ ਹੁੰਦੇ ਸਨ | ਅੱਜਕਲ੍ਹ ਸਟੇਜ ਸ਼ੋਅ ਲਈ ਬਣਾਏ ਗਏ ਘੱਗਰੇ ਆਮ ਤੌਰ 'ਤੇ ਟੈਰੀਵੈਲ ਦੇ ਬਣਦੇ ਹਨ | ਲੋਕ ਕਾਵਿ ਵਿਚ ਸੂਫ਼ ਜਾਂ ਕਾਲੀ ਸੂਫ਼ ਦਾ ਬਹੁਤ ਜ਼ਿਕਰ ਮਿਲਦਾ ਹੈ:-
*ਸੱਤ ਗਜ਼ ਸੂਫ਼ ਦਾ ਮੈਂ ਘੱਗਰਾ ਸਵਾਇਆ,
ਉਤੇ ਪਵਾਉਣੀਆਂ ਮੋਰ ਕੁੜੀਓ,
ਮੇਰੀ ਸੱਪਣੀ ਵਰਗੀ ਤੋਰ ਕੁੜੀਓ |
*ਲੰਬੜਦਾਰਾ, ਬੜੇ ਸਰਦਾਰਾ ਤੇਰੀ ਕਾਹਦੀ ਸਰਦਾਰੀ
ਘੱਗਰਾ ਨਾ ਆਇਆ ਸੂਫ਼ ਦਾ |
*ਪਹਿਨ ਪਚਰ ਕੇ ਆ ਗਈ ਮੇਲਣੇ,
ਰੂਪ ਸਾਣ 'ਤੇ ਲਾਇਆ
ਇਕ ਰੰਗ ਗੋਰਾ ਇਕ ਤਿਲ ਕਾਲਾ,
ਘੱਗਰਾ ਸੂਫ਼ ਦਾ ਪਾਇਆ
ਨਾਗਨ ਵਾਂਗੂ ਫਿਰੇਂ ਮੇਲ੍ਹਦੀ,
ਮੇਲਾ ਖੂਬ ਕਮਾਇਆ
ਅੱਖ ਦੀ ਤੱਕਣੀ ਨੇ,
ਜਿਊਾਦਾ ਮਾਰ ਮੁਕਾਇਆ..

*ਸੁੱਥਣੇ ਸੂਫ਼ ਦੀਏ
ਤੈਨੂੰ ਸੱਸ ਦੇ ਮਰੀ ਤੋਂ ਪਾਵਾਂ
ਮਾਹੀ ਨਾਲ ਰੁੱਸ ਕੇ ਪੇਕੇ ਜਾਣ ਲੱਗੀ ਮੁਟਿਆਰ, ਪੈਣ ਵਾਲੇ ਵਿਛੋੜੇ ਦਾ ਸੰਕੇਤ ਕਰਦੀ ਕਹਿੰਦੀ:
*ਦੇਖ ਦੇਖ ਰੋਏਾਗਾ ਜੱਟਾ
ਕਾਲਾ ਘੱਗਰਾ ਸੰਦੂਕ ਵਿਚ ਮੇਰਾ
ਕੋਈ ਪਤਲੀ ਛਮਕ ਮੁਟਿਆਰ ਭਾਰੀ ਘੱਗਰੇ ਦਾ ਨਹੋਰਾ ਮਾਰਦੀ ਹੈ-
*ਲੱਕ ਪਤਲਾ ਨਾੜ ਦਾ ਤੀਲਾ,
ਘੱਗਰੇ ਦਾ ਭਾਰ ਨਾ ਸਹੇ |
ਘੱਗਰਾ ਕਿਸੇ ਸਮੇਂ ਪੰਜਾਬਣਾਂ ਦੇ ਪਹਿਰਾਵੇ ਦਾ ਮੁੱਖ ਅੰਗ ਹੋਇਆ ਕਰਦਾ ਸੀ | ਘੱਗਰੇ, ਕੁੜਤੀ, ਦੁਪੱਟੇ ਵਿਚ ਸਜੀ ਪੰਜਾਬਣ ਅਰਸ਼ੋਂ ਉੱਤਰੀ ਪਰੀ ਜਾਪਦੀ ਸੀ | ਆਮ ਤੌਰ 'ਤੇ 'ਘੱਗਰਾ ਵੀਹ ਗਜ਼' ਦਾ ਕਹਿ ਦਿੱਤਾ ਜਾਂਦਾ ਹੈ ਪਰ ਘੱਗਰੇ ਆਮ ਤੌਰ 'ਤੇ ਸੱਤ, ਨੌਾ ਜਾਂ ਗਿਆਰਾਂ ਗਜ਼ ਦੇ ਬਣਾਏ ਜਾਂਦੇ ਸੀ | ਮਲਮਲ ਦਾ ਘੱਗਰਾ ਲਗਪਗ 9 ਤੋਂ 25 ਗਜ਼ ਦਾ ਬਣਾਇਆ ਜਾਂਦਾ ਕਿਉਂਕਿ ਮਲਮਲ, ਸੂਫ਼ ਜਾਂ ਛੈਲ ਵਾਂਗ ਭਾਰੀ ਨਹੀਂ ਹੁੰਦੀ | ਲਗਪਗ ਛੇ-ਸੱਤ ਦਹਾਕੇ ਪਹਿਲਾਂ ਪੰਜਾਬਣਾਂ ਵਿਚ ਘੱਗਰਾ ਪਾਉਣ, ਸਿਰ ਉੱਤੇ ਸੂਹੇ ਬਾਗ਼, ਸਾਲੂ ਅਤੇ ਫੁਲਕਾਰੀਆਂ ਲੈਣ ਦੀ ਪ੍ਰਥਾ ਸੀ | ਵੱਡੀ ਉਮਰ ਦੀਆਂ ਔਰਤਾਂ ਚਿੱਟੇ ਲੱਠੇ ਜਾਂ ਚਿੱਟੀ ਮਲਮਲ ਦੇ ਘੱਗਰੇ ਪਾਉਂਦੀਆਂ ਸਨ, ਜਦਕਿ ਮੁਟਿਆਰਾਂ ਰੰਗ-ਬਰੰਗੇ ਘੱਗਰੇ ਪਹਿਨਦੀਆਂ ਸਨ | ਘੱਗਰੇ ਨਾਲ ਅਲੱਗ ਰੰਗ ਦੀ ਕੁੜਤੀ ਦਾ ਕੰਟਰਾਸਟ ਬਹੁਤ ਸੋਹਣਾ ਲਗਦਾ | ਘੱਗਰੇ ਦੇ ਹੇਠਲੇ ਘੇਰੇ 'ਤੇ ਲੱਗੀ ਕਿਨਾਰੀ ਜਾਂ ਜ਼ਰੀ ਨੂੰ ਲੌਣ ਕਿਹਾ ਜਾਂਦਾ ਸੀ | ਮਲਮਲ ਜਾਂ ਲੱਠੇ ਦੇ ਘੱਗਰਿਆਂ 'ਤੇ ਆਮ ਕਰਕੇ ਵਲੇਂਵੇਦਾਰ ਕਾਲੀ ਕਿਨਾਰੀ ਦੀ ਪਰ ਰੰਗੀਲੇ ਘੱਗਰਿਆਂ ਉਪਰ ਚਾਂਦੀ ਜਾਂ ਸੁਨਹਿਰੀ ਗੋਟੇ ਜ਼ਰੀ ਦੀ ਲੌਣ ਲਗਾਈ ਜਾਂਦੀ ਸੀ | ਉਨ੍ਹਾਂ ਸਮਿਆਂ ਵਿਚ ਘੇਰੇ 'ਤੇ ਘੁੰਗਰੂ ਲਾਉਣ ਦਾ ਰਿਵਾਜ ਵੀ ਸੀ | ਘੱਗਰੇ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਲਈ ਇਸਦੇ ਉੱਪਰ ਗੋਟੇ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਤਾਸੇ ਦੀ ਤਰ੍ਹਾਂ ਗੋਲਾਈ ਵਿਚ ਲਾਏ ਜਾਂਦੇ ਸਨ | ਲੌਣ ਦਾ ਜ਼ਿਕਰ ਲੋਕ-ਗੀਤਾਂ ਤੇ ਪੰਜਾਬੀ ਗੀਤਾਂ ਵਿਚ ਵੀ ਮਿਲਦਾ ਹੈ-
*ਵੀਹ ਗਜ਼ ਦਾ ਤਾਂ ਘੱਗਰਾ ਸੁਆਇਆ, ਲੌਣ ਨੂੰ ਘੁੰਗਰੂ ਲਾਏ
ਬੁਣ ਕੇ ਪਾਇਆ ਨਾਲਾ ਰੇਸ਼ਮੀ, ਸਿਰਿਆਂ 'ਤੇ ਫੁੱਲ ਪਾਏ
ਅੰਗ ਦੀ ਪਤਲੀ ਨੂੰ , ਘੱਗਰਾ ਮੇਚ ਨਾ ਆਏ |
*ਘੱਗਰੇ ਦੀ ਲੌਣ ਮੇਰੇ ਪੈਂਰੀ ਪੈਂਦੀ ਹੈ,
ਸ਼ਰੀਕਾਂ ਦਾ ਬੋਲ ਮੇਰੀ ਜੁੱਤੀ ਸਹਿੰਦੀ ਹੈ |
ਘੱਗਰੇ ਵਿਚ ਨਾਲਾ ਪਾਉਣ ਲਈ ਖੱਬੇ ਪਾਸੇ ਕੱਟ ਹੁੰਦਾ ਤੇ ਤਿੰਨ-ਚਾਰ ਇੰਚ ਚਾਕ ਹੁੰਦਾ | ਸ਼ੌਕੀਨ ਮੁਟਿਆਰਾਂ ਸ਼ੀਸ਼ਿਆਂ, ਸਿਲਮੇ-ਸਿਤਾਰਿਆਂ, ਮੋਤੀਆਂ ਜਾਂ ਫੂੰਦਿਆਂ ਵਾਲੇ ਨਾਲੇ ਘੱਗਰੇ ਵਿਚ ਪਾਉਂਦੀਆਂ ਤੇ ਉਨ੍ਹਾਂ ਨੂੰ ਕਾਫ਼ੀ ਸਾਰਾ ਲਮਕਾ ਕੇ ਰੱਖਦੀਆਂ | ਘੱਗਰੇ ਦੇ ਨਾਲ ਗਲੇ ਤੇ ਸੋਨੇ ਜਾਂ ਚਾਂਦੀ ਦੀ ਜ਼ੰਜੀਰੀ ਲਗਾ ਕੇ ਕਾਲਰ ਵਾਲੀ ਕੁੜਤੀ ਪਾਈ ਜਾਂਦੀ ਸੀ |
ਜਦੋਂ ਰੰਗਲੇ ਪੰਜਾਬ ਦੀਆਂ ਅੱਲ੍ਹੜ ਮੁਟਿਆਰਾਂ ਰੰਗਲੇ ਘੱਗਰੇ ਪਾ ਕੇ, ਸਿਰ 'ਤੇ ਸੱਗੀ ਫੁੱਲ ਅਤੇ ਝੁੰਬਰ ਸੂਈ ਲਾ ਕੇ ਅਤੇ ਗਲ਼ਾਂ ਵਿਚ ਰਾਣੀ ਹਾਰ ਪਾ ਕੇ, ਬਾਗ ਜਾਂ ਟਸਰ ਦੀ ਕੱਢੀ ਚਾਦਰ ਲੈ ਕੇ ਨਾਨਕਾ ਛੱਕ ਜਾਂਦੀਆਂ ਤਾਂ ਉਨ੍ਹਾਂ ਦੇ ਹੁਸਨ ਨੂੰ ਚਾਰ ਚੰਦ ਲੱਗ ਜਾਂਦੇ | ਪੈਰਾਂ ਵਿਚ ਪੰਜੇਬਾਂ ਅਤੇ ਕੱਢਵੀਂ ਜੁੱਤੀ ਦੇ ਨਾਲ ਰੇਸ਼ਮੀ ਘੱਗਰੇ ਪਾ ਕੇ ਨੱਚਦੀਆਂ ਬੋਲੀ ਪਾਉਂਦੀਆਂ:
*ਲੋਕਾਂ ਭਾਣੇ ਸੱਪ ਸ਼ੂਕਦਾ,
ਮੇਰਾ ਘੱਗਰਾ ਸ਼ੂਕਦਾ ਜਾਵੇ |

*ਧਾਵੇ ਧਾਵੇ ਧਾਵੇ,
ਘੱਗਰਾ ਨੌਾ ਗਜ਼ ਦਾ,
ਧਰਤੀ ਸੰਭਰਦਾ ਜਾਵੇ |
ਸਿੱਠਣੀਆਂ, ਨਿਹੋਰਿਆਂ ਵਿਚ ਵੀ ਘੱਗਰੇ ਦੀ ਪੂਰੀ ਚਰਚਾ ਰਹੀ ਹੈ | ਕੁੜੀਆਂ ਨਵੇਂ ਜੀਜੇ ਨੂੰ ਵਿਅੰਗ ਨਾਲ ਕਹਿੰਦੀਆਂ ਨੇ-
*ਰੜਕੇ-ਰੜਕੇ-ਰੜਕੇ ਵੇ,
ਤੇਰੀ ਮਾਂ ਘੱਗਰੇ ਨੂੰ ਤਰਸੇ ਵੇ |
*ਰੜਕੇ-ਰੜਕੇ-ਰੜਕੇ ਵੇ,
ਉਹਨੂੰ ਘੱਗਰਾ ਸਵਾ ਦੇ, ਜਿਹੜਾ ਖੜਕੇ ਵੇ |
ਤਿੰਨ ਕੁ ਦਹਾਕੇ ਪਹਿਲਾਂ ਇਸ ਦਾ ਰਿਵਾਜ ਘਟ ਗਿਆ | ਔਰਤਾਂ ਸਿਰਫ਼ ਤਿੱਥ-ਤਿਉਹਾਰ ਜਾਂ ਵੱਡੇ-ਵਡੇਰਿਆਂ ਦੀ ਮਿੱਟੀ ਕੱਢਣ ਲੱਗੀਆਂ ਹੀ ਇਸ ਨੂੰ ਪਾਉਂਦੀਆਂ ਹਨ | ਹੌਲੀ-ਹੌਲੀ ਹੱਥੀਂ ਕਰਨ ਵਾਲੇ ਕੰਮਾਂ ਦਾ ਮਸ਼ੀਨੀਕਰਨ ਹੁੰਦਾ ਗਿਆ, ਪੰਜਾਬਣਾਂ ਦੇ ਕੱਦ-ਕਾਠ ਵੀ ਘਟਦੇ ਗਏ | ਨਾਜ਼ੁਕ ਸਰੀਰ ਘੱਗਰੇ ਦਾ ਭਾਰ ਨਾ ਸਹਿ ਸਕੇ ਤੇ ਘੱਗਰੇ ਦੀ ਥਾਂ ਕੁਝ ਸਮਾਂ ਛੋਟੀਆਂ ਘੱਗਰੀਆਂ ਦਾ ਬੜਾ ਰਿਵਾਜ ਰਿਹਾ | ਲਹਿੰਗੇ ਤੇ ਘੱਗਰੀ ਦੇ ਵਲ ਘੱਟ ਹੁੰਦੇ ਹਨ ਤੇ ਉਹ ਘੱਟ ਕੱਪੜੇ ਵਿਚ ਬਣੇ ਹੁੰਦੇ ਤੇ ਪਹਿਨਣ ਵਿਚ ਸੁਖਾਲੇ ਹੁੰਦੇ ਸਨ, ਪਰ ਸਮੇਂ ਦੇ ਗੇੜ ਵਿਚ ਘੱਗਰੀ ਵੀ ਕਿਧਰੇ ਅਲੋਪ ਹੋ ਗਈ | ਫਿਰ ਵਾਰੀ ਆਈ ਪੰਜਾਬੀ ਸੂਟ-ਸਲਵਾਰ ਦੀ | ਇਸ ਦੀ ਸ਼ੁਰੂਆਤ ਇਸਲਾਮੀ ਤਹਿਜ਼ੀਬ ਦੇ ਇੱਧਰ ਆਉਣ ਨਾਲ ਹੋਈ | ਜਿਸ ਨੂੰ ਪੰਜਾਬਣਾਂ ਨੇ ਭਾਰੀ ਘੱਗਰੇ ਤੋਂ ਨਿਜ਼ਾਤ ਪਾ ਕੇ ਬੜੇ ਸ਼ੌਕ ਨਾਲ ਪਹਿਨਣਾ ਸ਼ੁਰੂ ਕੀਤਾ | ਔਰਤਾਂ ਬਾਹਰ-ਅੰਦਰ ਜਾਣ ਲੱਗੀਆਂ ਸਲਵਾਰ-ਕਮੀਜ਼ ਨੂੰ ਤਰਜੀਹ ਦੇਣ ਲੱਗੀਆਂ | ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪੰਜਾਬਣਾਂ ਦਾ ਮਨਭਾਉਂਦਾ ਪਹਿਰਾਵਾ ਬਣ ਗਿਆ | ਪਰ ਅੱਜ ਪੱਛਮਵਾਦ ਦੀ ਅਜਿਹੀ ਮਾਰੂ ਹਨੇਰੀ ਝੁੱਲੀ, ਜੋ ਸਾਡੇ ਸ਼ਾਹੀ ਸ਼ਾਨਾਂਮੱਤੇ ਸਲੀਕੇਦਾਰ ਪਹਿਰਾਵੇ ਉਡਾ ਕੇ ਲੈ ਗਈ |
ਅੱਜ ਘੱਗਰੇ ਸਾਡੀ ਅਸਲੀ ਜ਼ਿੰਦਗੀ ਵਿਚੋਂ ਗੁੰਮ ਹੋ ਚੁੱਕੇ ਹਨ | ਕੇਵਲ ਫ਼ਿਲਮਾਂ, ਟੀ.ਵੀ. ਦੇ ਪਰਦੇ 'ਤੇ, ਅਖ਼ਬਾਰਾਂ, ਮੈਗਜ਼ੀਨਾਂ ਵਿਚ, ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਵਿਚ ਹੁੰਦੇ ਸੱਭਿਆਚਾਰਕ ਸਮਾਗਮਾਂ ਵਿਚ ਅਤੇ ਪੈਲੇਸਾਂ, ਵਿਆਹ-ਸ਼ਾਦੀਆਂ ਵਿਚ, ਤੀਆਂ ਨੂੰ ਸਟੇਜਾਂ ਉੱਤੇ ਵਿਖਾਈ ਦਿੰਦੇ ਹਨ |
ਬੇਸ਼ੱਕ ਘੱਗਰੇ ਦਾ ਨਵਾਂ ਰੂਪ ਲਹਿੰਗਾ ਹੋਂਦ ਵਿਚ ਆ ਗਿਆ ਹੈ ਪਰ ਪੁਰਾਤਨ ਘੱਗਰੇ ਦੀ ਖ਼ਾਸ ਅਤੇ ਵਿਲੱਖਣ ਪਛਾਣ ਹੈ | ਆਪਣੀ ਬੋਲੀ ਅਤੇ ਬਾਣਾ ਭੁੱਲਣ ਵਾਲੀ ਕੌਮ ਆਪਣੀ ਪਛਾਣ ਗਵਾ ਬੈਠਦੀ ਹੈ | ਸਾਨੂੰ ਆਪਣੀਆਂ ਬੱਚੀਆਂ ਨੂੰ ਤੰਗ, ਨੰਗੇਜ਼ਵਾਦੀ, ਭੜਕੀਲੇ ਲਿਬਾਸਾਂ ਨੂੰ ਤਿਆਗ ਕੇ ਸੱਭਿਅਕ, ਮੌਕੇ ਦੇ ਅਨੁਸਾਰ ਫੱਬਦੇ ਸਲੀਕੇਦਾਰ ਢੁੱਕਵੇਂ ਕੱਪੜੇ ਪਹਿਨਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਪੰਜਾਬਣਾਂ ਦਾ ਮਾਣ ਬਣ ਸਕਣ | ਕਿਤੇ ਸਾਡੇ ਮਾਣਮੱਤੇ ਪਹਿਰਾਵੇ ਸਿਰਫ ਸਟੇਜਾਂ ਜੋਗੇ ਤੇ ਅਜਾਇਬਘਰਾਂ ਵਿਚ ਕੈਦ ਹੋ ਕੇ ਹੀ ਨਾ ਰਹਿ ਜਾਣ | ਆਓ ! ਆਪਣੀ ਬੋਲੀ, ਪਹਿਰਾਵੇ 'ਤੇ ਨਾਜ਼ ਕਰਦੇ ਹੋਏ ਆਪਣੇ ਅਮੀਰ ਵਿਰਸੇ ਨੂੰ ਸਾਂਭੀਏ |

-ਮੋਬਾਈਲ : 9417831583

ਕਹਾਣੀ: ਦੁੰਬੇ

ਸੁਚੀਤਗੜ੍ਹ ਇਕ ਛੋਟਾ ਜਿਹਾ ਪੇਂਡੂ ਇਲਾਕਾ ਹੈ ਇਧਰਲੇ ਪਾਸੇ ਹਿੰਦੁਸਤਾਨ ਵਿਚ | ਸਿਆਲਕੋਟ ਇਕ ਵੱਡੀ ਥਾਂ ਹੈ ਉਸ ਪਾਸੇ ਪਾਕਿਸਤਾਨ ਵਿਚ |
ਕੈਪਟਨ ਸ਼ਾਹੀਨ, ਇਕ ਹੈਂਡਸਮ ਰਿਟਾਇਰਡ ਫ਼ੌਜੀ ਹਨ, ਨਿਊਯਾਰਕ ਵਿਚ, ਕਸ਼ਮੀਰ ਨਾਂਅ ਨਾਲ ਇਕ ਰੈਸਟੋਰੈਂਟ ਚਲਾਉਂਦੇ ਹਨ | ਉਨ੍ਹਾਂ ਦੇ ਦਫ਼ਤਰ ਦੀ ਸ਼ਕਲ ਲੜਾਈ ਦੇ ਇਕ ਬੰਕਰ ਵਰਗੀ ਹੈ | ਛੱਤ ਉੱਤੇ ਪਲਾਸਟਿਕ ਨਾਲ ਬਣੀਆਂ ਹਰੀਆਂ ਪੱਤੀਆਂ ਨਾਲ ਬਣੀ ਜਾਲੀ ਰੱਖੀ ਹੋਈ ਹੈ | ਇਕ ਪਾਸੇ ਬਹੁਤ ਸਾਰੀਆਂ ਟੋਪੀਆਂ ਰੱਖੀਆਂ ਹੋਈਆਂ ਹਨ | ਫ਼ੌਜੀ ਬੂਟ ਰੱਖੇ ਹੋਏ ਹਨ, ਇਕ ਵਰਦੀ ਟੰਗੀ ਹੋਈ ਹੈ |
ਅਮਜ਼ਦ ਇਸਲਾਮ 'ਅਮਜ਼ਦ' ਨੇ ਮੈਨੂੰ ਦੁਪਹਿਰ ਦੇ ਖਾਣੇ ਦਾ ਉੱਥੇ ਸੱਦਾ ਦਿੱਤਾ ਸੀ ਅਤੇ ਵਕੀਲ ਅੰਸਾਰੀ ਆ ਕੇ ਮੈਨੂੰ ਉੱਥੋਂ ਲੈ ਗਏ ਸਨ | ਉਹ ਉਸ ਪਾਸੇ ਤੋਂ ਹਨ, ਹਰ ਪਾਸੇ ਦੇ ਸਾਰੇ ਉਰਦੂ ਅਦੀਬਾਂ ਨੂੰ ਆਪਣੇ ਪਾਸ ਸੱਦਾ ਦਿੰਦੇ ਰਹਿੰਦੇ ਹਨ ਅਤੇ ਆਪਣੇ ਉਰਦੂ ਦੇ ਸ਼ੌਾਕ ਨੂੰ ਤੱਸਲੀ ਦਿੰਦੇ ਰਹਿੰਦੇ ਹਨ |
ਜਸ਼ਨੇ ਗੋਪੀ ਚੰਦ ਨਾਰੰਗ ਅਮਰੀਕਾ ਵਿਚ ਉਹ ਕਈ ਥਾਈਾ ਮਨਾ ਚੁੱਕੇ ਹਨ | ਆਪਣਾ ਇਕ ਹੋਟਲ ਹੈ ਉਨ੍ਹਾਂ ਦਾ | ਰੁਜ਼ਗਾਰ ਦਾ ਜ਼ਰੀਆ ਹੈ | ਸਰਦਾਰ ਜਾਫ਼ਰੀ, ਇਸ ਵੱਲ ਦੇ ਅਤੇ ਅਹਿਮਦ ਫ਼ਰਾਜ਼ ਉਸ ਪਾਸੇ ਦੇ, ਅਕਸਰ ਉਨ੍ਹਾਂ ਦੇ ਘਰ ਵਿਚ ਠਹਿਰਦੇ ਹਨ | ਵਕੀਲ ਅੰਸਾਰੀ ਦਾ ਮਹਿਬੂਬ ਜੁਮਲਾ ਹੈ 'ਜ਼ਿੰਦਗੀ ਤਿੱਤਰ ਬਟੇਰ ਹੋ ਕੇ ਰਹਿ ਗਈ ਹੈ' ਜਾਂ ਕਦੇ-ਕਦੇ 'ਅਸੀਂ ਲੋਕ ਤਾਂ ਤਿੱਤਰ ਬਟੇਰ ਹੋ ਗਏ ਹਾਂ |' ਬੜਾ ਔਰੀਜਨਲ ਜੁਮਲਾ ਹੈ | ਪਹਿਲਾਂ ਕਦੇ ਨਹੀ ਪੜਿ੍ਹਆ | ਨਾ ਇਸ ਪਾਸੇ ਨਾ ਉਸ ਪਾਸੇ |
ਪਰ ਕੈਪਟਨ ਸ਼ਾਹੀਨ, ਫ਼ੌਜੀਆਂ ਵਾਂਗ ਬੜੇ ਦਿਲਦਾਰ ਬੰਦੇ ਹਨ | ਹੱਸ ਕੇ ਕਹਿੰਦੇ ਹਨ 'ਅਸੀਂ ਕਸ਼ਮੀਰ 'ਤੇ ਦੋਵੇਂ ਹੀ ਆਪਣਾ ਹੱਕ ਜਤਾਉਂਦੇ ਹਾਂ | ਇਸ ਲਈ ਮੇਰਾ ਰੈਸਟੋਰੈਂਟ ਬਹੁਤ ਵਧੀਆ ਚਲਦਾ ਹੈ' |
ਫ਼ੌਜ ਤੋਂ ਕਿਸੇ ਗੱਲ ਤੋਂ ਰੁੱਸ ਕੇ ਅਸਤੀਫ਼ਾ ਦੇ ਦਿੱਤਾ ਸੀ | ਪਰ ਫ਼ੌਜੀ ਹੋਣ ਦਾ ਫ਼ਖ਼ਰ ਹਾਲੇ ਵੀ ਨਾਲ ਹੈ | ਕਹਿੰਦੇ ਹਨ 'ਇਕ ਮਹੀਨਾ ਹੋਰ ਠਹਿਰ ਜਾਂਦਾ ਤਾਂ ਮੇਜਰ ਹੋ ਕੇ ਰਿਟਾਇਰ ਹੁੰਦਾ, ਪਰ ਮੈਨੂੰ ਆਪਣੇ ਨਾਂਅ ਨਾਲ ਕੈਪਟਨ ਅਖਵਾਉਣਾ ਜ਼ਿਆਦਾ ਚੰਗਾ ਲੱਗਦਾ ਸੀ |'
ਸੰਨ 1971 ਦੀ ਜੰਗ ਵਿਚ ਹਿੱਸਾ ਲਿਆ ਸੀ ਅਤੇ ਦੱਸ ਰਹੇ ਸਨ ਕਿ ਇਸ ਜੰਗ ਵਿਚ 'ਸਾਰਾ ਐਕਸ਼ਨ ਬੰਗਾਲ ਵਾਲੇ ਪਾਸੇ ਹੋਇਆ ਸੀ | ਪੰਜਾਬ ਵੱਲ ਤਾਂ ਨਿੱਕੀਆਂ-ਮੋਟੀਆਂ ਝੜਪਾਂ ਹੀ ਹੋਈਆਂ ਸਨ |' ਉਸੇ ਵਿਚ ਉਹ 'ਸਿਆਲਕੋਟ' ਸੈਕਟਰ ਦੇ ਇਕ ਮੋਰਚੇ ਦੇ ਐਕਸ਼ਨ ਵਿਚ ਸ਼ਾਮਿਲ ਸਨ |
ਹੁਣ ਥੋੜ੍ਹੀ ਜਿਹੀ ਦਾੜ੍ਹੀ ਰੱਖ ਲਈ ਹੈ ਅਤੇ ਗੱਲ ਕਰਦਿਆਂ ਮੁੱਛਾਂ ਨੂੰ ਵਾਰ-ਵਾਰ ਪਲੋਸਦੇ ਰਹਿੰਦੇ ਹਨ | ਮੈਂ ਪੁੱਛਿਆ 'ਉਹ ਕਿਹੜਾ ਜਜ਼ਬਾ ਹੁੰਦਾ ਹੈ ਜੋ ਆਦਮੀ ਨੂੰ ਸੋਲਜ਼ਰ ਬਣਾਉਂਦਾ ਹੈ |'
'ਉਹ ਜੀ... ਇਕ ਠਾਠ ਦੀ ਗੱਲ ਹੁੰਦੀ ਹੈ | ਵਰਦੀ ਦੀ ਸ਼ਾਨ, ਰੁਤਬੇ ਦੀ ਟੋਪੀ ਲਗਾਉਣਾ, ਇਕ ਸ਼ਖ਼ਸੀਅਤ ਬਣਦੀ ਹੈ ਆਦਮੀ ਦੀ | ਹੋਰ ਇਸ ਤੋਂ ਇਲਾਵਾ ਮਰਨ-ਮਾਰਨ ਦੀ ਤੰਮਨਾ ਨਹੀਂ ਹੁੰਦੀ |' ਉਹ ਆਪੇ ਹੀ ਹੱਸ ਪਏ | 'ਸਾਡੀ ਲੜਾਈ ਵੀ ਕੋਈ ਲੜਾਈ ਹੈ? ਹਿੰਦੁਸਤਾਨ-ਪਾਕਿਸਤਾਨ ਦੀ ਲੜਾਈ | ਐਾਵੇ ਈ ਸਕੂਲ ਦੇ ਬੱਚਿਆਂ ਵਾਂਗੂੰ ਲੜਦੇ ਰਹਿੰਦੇ ਹਨ | ਉਸ ਦੀ ਬਾਹ ਮਰੋੜ, ਉਸ ਦਾ ਗੋਡਾ ਤੋੜ | ਇਸ ਦੀ ਸਲੇਟ ਤੋੜ ਦਿੱਤੀ, ਉਸ ਦੀ ਫੱਟੀ ਖੋਹ ਲਈ | ਕਦੇ ਨਿੱਭ ਚੁਭੋ ਦਿੱਤੀ | ਕਦੇ ਸਿਆਹੀ ਡੇਗ ਦਿੱਤੀ | ਯਾਦ ਹੈ ਸਕੂਲ ਵਿਚ ਸੀ ਤਾਂ ਦੁੰਬਿਆਂ ਦੀ ਲੜਾਈ ਵੇਖਦੇ ਹੁੰਦੇ ਸੀ | ਤੁਸੀਂ ਵੀ ਵੇਖਣ ਗਏ ਹੋਣੇ?'
ਉਹ ਬੜੇ ਡਾਊਨ ਟੂ ਅਰਥ ਮਨੁੱਖ ਲੱਗੇ | ਲਹਿਜ਼ੇ ਵਿਚ ਕਮਾਲ ਦੀ ਇਮਾਨਦਾਰੀ ਸੀ | ਮੈਂ ਕੁਝ ਪੁੱਛਿਆ ਤਾਂ ਜਵਾਬ ਵਿਚ ਕਹਿਣ ਲੱਗੇ 'ਫ਼ੌਜੀ ਨੂੰ ਵੀ ਪਹਿਲੀਆਂ ਵਿਚ ਬਹੁਤ ਡਰ ਲਗਦਾ ਹੈ | ਪਰ ਦੋ ਤਿੰਨ ਗੋਲੀਆਂ ਚਲਾ ਲੈਣ ਮਗਰੋਂ ਖੁਸ਼ਬੂ ਉੱਡਦੀ ਹੈ | ਫਰੰਟ 'ਤੇ ਗੋਲੀਆਂ ਚਲਾਉਂਦਿਆਂ ਉਨ੍ਹਾਂ ਦਾ ਨਸ਼ਾ ਜਿਹਾ ਹੋ ਜਾਂਦਾ ਹੈ | ਥੋੜ੍ਹੀ ਦੇਰ ਗੋਲੀਆਂ ਨਾ ਚੱਲਣ ਤਾਂ ਕਦੇ-ਕਦੇ ਨਸ਼ਾ ਟੁੱਟਣ ਵੀ ਲੱਗ ਪੈਂਦਾ ਹੈ | ਕਿਸੇ ਨੂੰ ਵੱਜਣਾ-ਵਜਾਣਾ ਜ਼ਰੂਰੀ ਨਹੀ ਹੁੰਦਾ | ਫਿਰ ਬੋਲੇ 'ਆਦਮੀ ਬੇਖ਼ੌਫ਼ ਹੋ ਜਾਵੇ ਤਾਂ ਖ਼ੌਫ਼ ਨਹੀ ਰਹਿੰਦਾ |
ਮੈਨੂੰ ਲਗਦਾ ਜਿਵੇਂ ਆਖ ਰਹੇ ਹੋਣ ਫਰੰਟ ਉੱਤੇ ਮੌਤ ਨੂੰ ਭੁੱਲ ਜਾਣ ਦੀ ਗੱਲ ਹੈ | ਆ ਜਾਵੇਗੀ ਜਦੋਂ ਆਉਣੀ ਹੋਵੇਗੀ |
ਤਾਂ ਦੱਸ ਰਹੇ ਸਨ, ' ਸ਼ੁਰੂ-ਸ਼ੁਰੂ ਵਿਚ ਜਦੋਂ ਟ੍ਰੇਨਿੰਗ ਹੁੰਦੀ ਹੈ | ਜ਼ਮੀਨ 'ਤੇ ਲੇਟ ਕੇ ਕੂਹਣੀਆਂ ਗੋਡੇ ਛਿੱਲੇ ਜਾਂਦੇ ਹਨ ਤਾਂ ਕਈ ਵਾਰ ਿਖ਼ਆਲ ਆਉਂਦਾ ਹੈ ਨੌਕਰੀ ਛੱਡ ਦੇਈਏ ਜਾਂ ਜਾਰੀ ਰੱਖੀਏ' | ਜਦੋਂ ਕਿਸੇ ਗ਼ਲਤੀ 'ਤੇ ਤੁਹਾਡਾ ਬਿ੍ਗੇਡੀਅਰ ਤੁਹਾਡੇ 'ਤੇ ਚੀਕਦਾ ਹੈ , ਖੜ੍ਹਾ ਕਰਦਾ ਹੈ ਅਤੇ ਪੁੱਛਦਾ ਹੈ 'ਕਿੱਥੋਂ ਦਾ ਹੈਂ? ਜ਼ਰਾ ਉੱਚੀ ਦੱਸ' ਤਾਂ ਸਾਹਿਬ ਯਕੀਨ ਕਰਿਓ ਆਪਣੇ ਪਿੰਡ ਜਾਂ ਆਪਣੇ ਇਲਾਕੇ ਦਾ ਨਾਂਅ ਮੂੰਹੋਂ ਨਹੀਂ ਨਿਕਲਦਾ | ਬੜੀ ਸ਼ਰਮਿੰਦਗੀ ਹੁੰਦੀ ਹੈ |'
ਸ਼ਾਇਦ ਇਹੀ ਗੱਲ ਅੱਗੇ ਤੁਰ ਕੇ ਫ਼ੌਜੀ ਲਈ ਆਪਣੇ ਮੁਲਕ ਦੀ ਇੱਜ਼ਤ ਬਣ ਜਾਂਦੀ ਹੈ |
ਕੈਪਟਨ ਸ਼ਾਹੀਨ ਨੇ ਦੱਸਿਆ 'ਸੁਚੀਤਗੜ੍ਹ ਇਕ ਛੋਟਾ ਜਿਹਾ ਪਿੰਡ ਹੈ ਉਸ ਪਾਸੇ ! ਗਿਣੇ-ਚੁਣੇ ਘਰਾਂ ਦਾ | ਕੁਝ ਤਾਂ ਪਹਿਲਾਂ ਹੀ ਖ਼ਾਲੀ ਹੋ ਚੁੱਕਿਆ ਸੀ ਕਿਉਂਕਿ ਸਰਹੱਦ ਦੇ ਬਿਲਕੁਲ ਨੇੜੇ ਸੀ, ਕੁਝ ਸਾਡੇ ਉੱਥੇ ਅੱਪੜਨ 'ਤੇ ਖ਼ਾਲੀ ਹੋ ਗਿਆ | ਇਕ-ਇਕ ਘਰ ਦੀ ਤਲਾਸ਼ੀ ਲੈਣੀ ਜ਼ਰੂਰੀ ਸੀ | ਕਿਉਂਕਿ ਕੋਈ ਵੀ ਇਲਾਕਾ ਬਿਨਾਂ ਕਿਸੇ ਮੁਕਾਬਲੇ ਦੇ ਜਿੱਤ ਹੋ ਜਾਵੇ ਤਾਂ ਉਸ ਵਿਚ ਦੁਸ਼ਮਣ ਦੀ ਕਿਸੇ ਚਾਲ ਦਾ ਸ਼ੱਕ ਹੋਣ ਲੱਗਦਾ ਹੈ |'
ਕੈਪਟਨ ਸ਼ਾਹੀਨ ਦਾ ਇਹ ਵੀ ਕਹਿਣਾ ਸੀ ਕਿ ਇਸ ਪਾਸੇ ਦੇ 'ਤੇ ਉਸ ਪਾਸੇ ਦੇ ਫੌਜੀਆਂ ਦੇ ਮਿਜਾਜ਼ ਦਾ ਵੀ ਕਾਫੀ ਫ਼ਰਕ ਹੈ, 'ਹੈ ਉਹੀ ਪੰਜਾਬ ਪਰ ਇਸ ਪਾਸੇ ਦੇ ਫ਼ੌਜੀ ਅਤੇ ਲੋਕ ਵੀ ਐਗ੍ਰਸਿਵ ਹਨ | ਉਸ ਪਾਸੇ ਦੇ ਜ਼ਰਾ ਠੰਡੇ ਸੁਭਾਅ ਦੇ ਲੋਕ ਹਨ | ਉਸ ਪਾਸੇ ਖੇਤੀ-ਬਾੜੀ ਅਤੇ ਖੂਹ ਸਰਹੱਦ ਦੀ ਲਕੀਰ ਤੱਕ ਆਉਂਦੇ ਹਨ | ਸਾਡੇ ਪਾਸੇ ਦੇ ਬਾਰਡਰ ਤੋਂ ਦੋ ਤਿੰਨ ਗਜ਼ ਛੱਡ ਕੇ ਚੌਾਕੀਆਂ ਬਣਾਉਂਦੇ ਹਨ ਅਤੇ ਘਰ ਵਸਾਉਂਦੇ ਹਨ, ਅਜਿਹੀਆਂ ਥਾਵਾਂ 'ਤੇ ਇਹ ਵੀ ਹੁੰਦਾ ਹੈ ਕਿ ਦੋਹਾਂ ਪਾਸਿਆਂ ਤੋਂ ਛੋਟੇ-ਛੋਟੇ ਪੰਜ ਸੱਤ ਸਿਪਾਹੀਆਂ ਦੇ ਦਸਤੇ ਗਸ਼ਤ ਲਾਉਂਦੇ ਰਹਿੰਦੇ ਹਨ | ਅਤੇ ਅਕਸਰ ਇੰਨੇ ਨੇੜੇ ਹੁੰਦੇ ਹਨ ਕਿ ਇਕ ਦੂਜੇ ਦਾ ਸਿਗਰੇਟ ਵੀ ਬਾਲ ਸਕਦੇ ਹਨ | ਇਸ ਪਾਸੇ ਦੇ ਫ਼ੌਜੀ ਅਮੂਮਨ ਪੰਜਾਬੀ ਹੁੰਦੇ ਹਨ ਅਤੇ ਉਸ ਪਾਸੇ ਅਕਸਰ ਗ਼ੈਰ ਪੰਜਾਬੀ ਵੀ ਮਿਲ ਜਾਂਦੇ ਹਨ | ਪਰ ਇਸ ਪਾਸੇ ਵਾਲੇ ਬੁਲਾ ਵੀ ਲੈਂਦੇ ਹਨ 'ਕਿਉਂ ਭਰਾਵਾਂ ਕਿੱਥੋਂ ਦਾ ਹੈ'?
ਕੋਈ ਮਦਰਾਸੀ ਹੋਵੇ ਤਾਂ ਅੰਗਰੇਜ਼ੀ ਵਿਚ ਜਵਾਬ ਦਿੰਦਾ ਹੈ, ਵਰਨਾ ਆਮ ਤੌਰ 'ਤੇ ਉਰਦੂ ਨੁਮਾ ਹਿੰਦੀ ਹੀ ਸੁਣਾਈ ਦਿੰਦੀ ਹੈ | ਸੁਚੀਤਗੜ੍ਹ ਫਤਿਹ ਕਰਨ ਮਗਰੋਂ ਮੈਂ ਚਾਰ-ਪੰਜ ਸਿਪਾਹੀਆਂ ਨਾਲ ਘਰਾਂ ਦੀ ਤਲਾਸ਼ੀ ਲੈ ਰਿਹਾ ਸਾਂ ਇਕ ਕੋਠਰੀ ਦਾ ਦਰਵਾਜ਼ਾ ਧੱਕਿਆ ਤਾਂ ਇਕ ਮੁੰਡਾ ਸਹਿਮਿਆ ਹੋਇਆ ਨੁੱਕਰ ਵਿਚ ਕੁੰਘੜਿਆ ਨਜ਼ਰ ਆਇਆ ਸਿਪਾਹੀ ਨੇ ਮੈਨੂੰ ਆਵਾਜ਼ ਦਿੱਤੀ 'ਸਰ ਜੀ' |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 98141-77954

ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ਾਹੀ ਸ਼ਹਿਰ ਪਟਿਆਲਾ ਨੂੰ ਸੁੰਦਰ ਅਤੇ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਇਥੇ ਮਿਊਾਸੀਪਲ ਕਾਰਪੋਰੇਸ਼ਨ ਬਣਾਈ ਗਈ | ਸ਼ਹਿਰ ਨੂੰ ਲੱਗਪਗ 50 ਵਾਰਡਾਂ ਵਿਚ ਵੰਡਿਆ ਹੋਇਆ ਹੈ | ਪਟਿਆਲਾ ਡਿਵੈਲਪਮੈਂਟ ਅਥਾਰਟੀ ਸ਼ਹਿਰ ਦੀ ਤਰੱਕੀ ਲਈ ਯਤਨਸ਼ੀਲ ਹੈ | ਪਟਿਆਲਾ ਡਿਵੈਲਪਮੈਂਟ ਵਿਭਾਗ ਪੰਜਾਬ ਸਰਕਾਰ ਦਾ ਵਿਸ਼ੇਸ਼ ਵਿਭਾਗ ਹੈ ਜਿਸ ਨੇ ਕਾਬਿਲ-ਏ-ਤਾਰੀਫ਼ ਕਦਮ ਚੁੱਕੇ ਹਨ | ਪਟਿਆਲਾ ਨੂੰ ਪਟਿਆਲਾ ਅਰਬਨ ਅਤੇ ਪਟਿਆਲਾ ਰੂਰਲ ਅਸੈਂਬਲੀ ਹਲਕਿਆਂ ਵਿਚ ਵੰਡਿਆ ਹੋਇਆ ਹੈ | ਸੰਨ 2011 ਈ: ਦੀ ਮਰਦਮਸ਼ੁਮਾਰੀ ਅਨੁਸਾਰ ਸਿੱਖ ਭਰਾਵਾਂ ਦੀ ਸੰਖਿਆ 57.22%, ਹਿੰਦੂ ਸਾਹਿਬਾਨ 39.96% ਅਤੇ ਹੋਰ 2.82% ਦਰਸਾਏ ਗਏ ਹਨ | ਇਨ੍ਹਾਂ ਵਿਚ ਪਿੰਡਾਂ ਦੀ ਆਬਾਦੀ 446,246, ਪਟਿਆਲਾ ਸ਼ਹਿਰ ਦੀ 402,192 ਹੈ, ਜਿਨ੍ਹਾਂ ਵਿਚ 54% ਆਦਮੀ ਅਤੇ 46% ਔਰਤਾਂ ਸ਼ਾਮਿਲ ਹਨ | ਇਨ੍ਹਾਂ ਵਿਚ 10 % ਅਜਿਹੇ ਨੌਨਿਹਾਲ ਮਾਸੂਮ ਬੱਚੇ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ |
ਪਟਿਆਲਾ ਸ਼ਹਿਰ ਵਿਚ ਬਣੇ ਪੁਰਾਣੀ ਤਰਜ਼ ਨਾਲ ਦਸ ਦਰਵਾਜ਼ੇ 1780 ਈ: ਵਿਚ ਮਹਾਰਾਜਾ ਅਮਰ ਸਿੰਘ ਨੇ ਬਣਵਾਏ ਸਨ ਜਿਵੇਂ ਲਾਹੌਰੀ ਗੇਟ, ਸਨੌਰੀ ਗੇਟ, ਸਰਹਿੰਦੀ ਗੇਟ, ਸ਼ੇਰਾਂ ਵਾਲਾ ਗੇਟ, (ਜਿਸ ਨੂੰ ਐਨ.ਪੀ. ਐਸ ਡਾਇਰੈਕਟਰ ਆਫ਼ ਪੰਜਾਬ ਟੂਰਿਜ਼ਮ ਨੇ ਦਸ ਲੱਖ ਦੇ ਕੇ ਬਣਵਾਇਆ ਸੀ) ਤੋਪਖ਼ਾਨਾ ਗੇਟ, ਗੁਲ ਦਾਊਦੀ ਗੇਟ, ਸੈਫ਼ ਆਬਾਦੀ ਗੇਟ, ਸਮਾਣੀਆਂ ਗੇਟ, ਸੁਨਾਮੀ ਗੇਟ ਅਤੇ ਨਾਭਾ ਗੇਟ ਹਨ | ਇਹ ਦਿਲਾਂ ਨੂੰ ਟੁੰਬਣ ਵਾਲੇ ਅਤੇ ਸਦੀਆਂ ਪੁਰਾਣੀ ਤਾਰੀਖ਼ ਦੀਆਂ ਯਾਦ ਤਾਜ਼ਾ ਕਰਵਾਉਂਦੇ ਹਨ | ਇਨ੍ਹਾਂ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਮੁਕੰਮਲ ਕਰਵਾਇਆ ਸੀ | ਇਨ੍ਹਾਂ ਵਿਚੋਂ ਕੁਝ ਸਮੇਂ ਦੀ ਮਾਰ ਦਾ ਸ਼ਿਕਾਰ ਹੋ ਗਏ ਅਤੇ ਕੁਝ ਬਾਕੀ ਹਨ | ਸ਼ਹਿਰ ਦੇ ਖੁੱਲ੍ਹੇ-ਡੁੱਲੇ ਬਾਜ਼ਾਰ ਜਿਵੇਂ ਅਦਾਲਤ ਬਾਜ਼ਾਰ, ਧਰਮ ਪੁਰਾ ਬਾਜ਼ਾਰ, ਰਾਘੋ ਮਾਜਰਾ ਬਾਜ਼ਾਰ, ਅਨਾਰ ਦਾਨਾ ਚੌਕ ਬਾਜ਼ਾਰ, ਪੁਰਾਣੇ ਮਕਾਨ ਅਤੇ ਹਵੇਲੀਆਂ ਸਦੀਆਂ ਪੁਰਾਣੀ ਕਲਾ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ |
ਪਟਿਆਲਾ ਸ਼ਹਿਰ ਦੇ ਸ਼ਾਹੀ ਖ਼ਾਨਦਾਨ ਨੂੰ ਭਾਰਤੀ ਸੰਗੀਤ ਨਾਲ ਅਥਾਹ ਮੋਹ ਰਿਹਾ ਹੈ | ਇਸੇ ਕਰਕੇ ਅਠਾਰ੍ਹਵੀਂ ਸਦੀ ਵਿਚ ਦਿੱਲੀ ਸਰਕਾਰ ਦੇ ਪ੍ਰਸਿੱਧ ਸੰਗੀਤਕਾਰ ਪਟਿਆਲੇ ਘਰਾਣੇ ਵਿਚ ਸ਼ਾਮਿਲ ਹੋ ਗਏ | ਇਸ ਘਰਾਣੇ ਵਿਚ ਉਸਤਾਦ ਅਲੀ ਬਖ਼ਸ਼, ਉਸਤਾਦ ਅਖ਼ਤਰ ਹੁਸੈਨ ਖ਼ਾਨ ਅਤੇ ਬੜੇ ਗ਼ੁਲਾਮ ਅਲੀ ਖ਼ਾਨ ਦਾ ਨਾਂਅ ਬਹੁਤ ਅਦਬ ਨਾਲ ਲਿਆ ਜਾਂਦਾ ਹੈ | ਸੰਨ 1947 ਦੀ ਉਥਲ-ਪੁੱਥਲ ਵਿਚ ਬਹੁਤ ਸਾਰੇ ਲੋਕ ਇਥੋਂ ਚਲੇ ਗਏ ਅਤੇ ਬਹੁਤ ਸਾਰੇ ਇੱਥੇ ਆ ਗਏ |
ਪਟਿਆਲਾ ਸ਼ਹਿਰ ਵਹੀਕਲਜ਼ ਪਰ ਕੈਪੀਟਾ ਦੇ ਲਿਹਾਜ਼ ਨਾਲ ਪੂਰੇ ਭਾਰਤ ਵਿਚੋਂ ਉਪਰਲੇ ਨੰਬਰਾਂ ਵਿਚ ਆਉਂਦਾ ਹੈ | ਇਹ ਸ਼ਹਿਰ ਅੰਬਾਲਾ, ਚੰਡੀਗੜ੍ਹ, ਅਮਿ੍ੰਤਸਰ ਅਤੇ ਦਿੱਲੀ ਨਾਲ ਆਵਾਜਾਈ ਲਈ ਸੜਕ ਤੇ ਰੇਲ ਮਾਰਗ ਰਾਹੀਂ ਜੁੜਿਆ ਹੋਇਆ ਹੈ | ਚੰਡੀਗੜ੍ਹ ਏਅਰਪੋਰਟ ਇਥੋਂ 62 ਕਿਲੋਮੀਟਰ ਦੂਰ ਹੈ | ਸੜਕੀ ਆਵਾਜਾਈ ਪੰਜਾਬ ਅਤੇ ਹਰਿਆਣਾ ਦੇ ਸਾਰੇ ਸ਼ਹਿਰਾਂ ਨਾਲ ਮਿਲੀ ਹੋਈ ਹੈ | ਫੂਲ਼, ਮਾਲਤਾ, ਕੈਪੀਟਲ ਆਦਿ ਸਿੰਗਲ ਸਕਰੀਨ ਵਾਲੇ ਸਿਨੇਮਾ ਘਰ ਹਨ | ਇੱਥੇ ਭਾਸ਼ਾ ਵਿਭਾਗ ਪੰਜਾਬ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਸਟੇਟ ਬੈਂਕ ਆਫ਼ ਪਟਿਆਲਾ (ਹੁਣ ਇੰਡੀਆ), ਪੀ. ਡਬਲਯੂ. ਡੀ. ਬੀ. ਐਾਡ ਆਰ., ਐਨ. ਜ਼ੈਡ. ਸੀ. ਸੀ. ਅਤੇ ਡੀ. ਸੀ. ਡਬਲਯੂ. ਐਨ. ਆਰ. ਐਲ. ਸੀ., ਪੁਰਾਲੇਖ ਵਿਭਾਗ, ਮਿਊਾਸਪਲ ਲਾਇਬ੍ਰੇਰੀ, ਸੈਂਟਰਲ ਲਾਇਬ੍ਰੇਰੀ, ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਵਾਂ ਮੋਤੀ ਬਾਗ਼ ਲਾਇਬ੍ਰੇਰੀ ਆਦਿ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਦਫ਼ਤਰਾਂ ਨਾਲ ਸ਼ਿੰਗਾਰਿਆ ਅਤੇ ਨਿਖਾਰਿਆ ਹੋਇਆ ਹੈ |
ਪਟਿਆਲਾ ਸ਼ਹਿਰ ਦੀ ਕਾਮਯਾਬੀ ਦੇ ਪਿੱਛੇ ਬਹੁਤ ਸਾਰੀਆਂ ਸ਼ਖ਼ਸੀਅਤਾਂ ਦਾ ਯੋਗਦਾਨ ਵੀ ਸ਼ਾਮਿਲ ਰਿਹਾ ਹੈ | ਇਨ੍ਹਾਂ ਦਾ ਸਬੰਧ ਭਾਵੇਂ ਸਿੱਧੇ ਤੌਰ 'ਤੇ ਹੋਵੇ ਜਾਂ ਅਸਿੱਧੇ ਤੌਰ 'ਤੇ ਪਰੰਤੂ ਪਟਿਆਲੇ ਸ਼ਹਿਰ ਦਾ ਨਾਂਅ ਚਮਕਾਉਣ ਵਿਚ ਆਪਣੀਆਂ ਅਣਥੱਕ ਕੋਸ਼ਿਸ਼ਾਂ ਕਰਦੇ ਰਹੇ ਜਿਵੇਂ ਖ਼ਲੀਫ਼ਾ ਮੁਹੰਮਦ ਹਸਨ (ਪਟਿਆਲਾ ਦੇ ਪ੍ਰਧਾਨ ਮੰਤਰੀ, ਤਾਰੀਖ਼-ਏ-ਪਟਿਆਲਾ ਅਤੇ ਰਾਜਗਾਨ-ਏ-ਪੰਜਾਬ ਦੇ ਲੇਖਕ) ਦਲੀਪ ਸਿੰਘ (ਅਥਲੈਟਿਕਸ) ਗਾਮਾ ਰੁਸਤਮ-ਏ-ਜ਼ਮਾਂ (ਦਰਬਾਰੀ ਪਲਿਵਾਨ) ਅਮਾਮ ਬਖ਼ਸ਼ ਰੁਸਤਮ-ਏ-ਹਿੰਦ, ਕੇਸਰ ਸਿੰਘ ਅਤੇ ਕਵੀ ਨਿਹਾਲ ਨੇ 1853 ਈ: ਵਿਚ 'ਕਥਾ ਰਾਜੇ ਫੂਲਕੀ' ਲਿਖੀ | ਪੰਡਿਤ ਤਾਰਾ ਸਿੰਘ ਨੇ 'ਸਤਿਗੁਰੂ ਨਿਰਣੈ ਸਾਗਰ' ਲਿਖੀ | ਗਿਆਨੀ ਗਿਆਨ ਸਿੰਘ ਨੇ ਉਰਦੂ ਪੰਜਾਬੀ ਵਿਚ 'ਤਵਾਰੀਖ਼-ਏ-ਖ਼ਾਲਸਾ' ਲਿਖੀ |
ਅੰਤ ਵਿਚ ਮੈਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੈ ਕਿ ਪਟਿਆਲਾ ਸ਼ਹਿਰ ਦੇ ਕੱਦ ਅਨੁਸਾਰ ਜ਼ਿਆਦਾ ਨਹੀਂ ਲਿਖ ਸਕਿਆ | ਬਹੁਤ ਸਾਰੇ ਅਦਾਰੇ ਕਾਲਜ, ਸਕੂਲ ਅਤੇ ਸ਼ਖ਼ਸੀਅਤਾਂ ਰਹਿ ਗਈਆ ਹੋਣਗੀਆਂ ਜਿਨ੍ਹਾਂ ਨੇ ਇੱਥੋਂ ਦੀ ਹਵਾ ਅਤੇ ਫ਼ਿਜ਼ਾ ਵਿਚ ਅੱਖਾਂ ਖੋਲ੍ਹੀਆਂ ਅਤੇ ਪਟਿਆਲਾ ਲਈ ਬਹੁਤ ਕੁਝ ਕੀਤਾ ਪ੍ਰੰਤੂ ਸਮੱਗਰੀ ਨਾ ਮਿਲਣ ਕਾਰਨ ਉਨ੍ਹਾਂ ਦਾ ਜ਼ਿਕਰ ਹੋਣੋਂ ਰਹਿ ਗਿਆ, ਿਖ਼ਮਾ ਦਾ ਜਾਚਕ ਹਾਂ | (ਸਮਾਪਤ)

-ਪ੍ਰੋਫ਼ੈਸਰ ਤੇ ਮੁਖੀ, ਫ਼ਾਰਸੀ ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ੋਨ : 94171-71885.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1978 ਦੀ ਖਿੱਚੀ ਹੋਈ ਹੈ | ਇਸ ਵਿਚ ਜਲੰਧਰ ਵਿਖੇ ਹੋਏ ਇਕ ਸਾਹਿਤਕ ਪ੍ਰੋਗਰਾਮ ਵਿਚ ਡਾ: ਹਰਿਭਜਨ ਸਿੰਘ ਦਿੱਲੀ ਡਾ: ਪਰਮਿੰਦਰ ਸਿੰਘ ਨੂੰ ਸਨਮਾਨਿਤ ਕਰ ਰਹੇ ਹਨ | ਡਾ: ਹਰਿਭਜਨ ਸਿੰਘ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ | ਡਾ: ਪਰਮਿੰਦਰ ਸਿੰਘ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਲਿਖੀਆਂ ਸਨ | ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਬਹੁਤ ਸਮਾਂ ਸਕੱਤਰ ਰਹੇ | ਇਨ੍ਹਾਂ ਦੇ ਪਿੱਛੇ ਈਸ਼ਰ ਸਿੰਘ ਅਟਾਰੀ ਖੜ੍ਹੇ ਨਜ਼ਰ ਆ ਰਹੇ ਹਨ | ਡਾ: ਹਰਿਭਜਨ ਸਿੰਘ, ਡਾ: ਪਰਮਿੰਦਰ ਸਿੰਘ ਤੇ ਈਸ਼ਰ ਸਿੰਘ ਅਟਾਰੀ ਅੱਜ ਇਸ ਦੁਨੀਆ ਵਿਚ ਨਹੀਂ ਰਹੇ ਪਰ ਉਨ੍ਹਾਂ ਦੀ ਯਾਦ ਬਾਕੀ ਹੈ |

-ਮੋਬਾਈਲ : 98767-41231

ਪਿੰਡ ਨੂੰ ਤਰਲਾ ਮਾਰਦਿਆਂ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਐ ਜੀਵਨ-ਦਾਨੀ ਪਿੰਡ! ਤੇਰੇ ਪਾਣੀ, ਹਵਾ, ਧਰਤੀ ਤੇ ਫ਼ਿਜ਼ਾ ਨੂੰ ਕਿਸ ਦੀ ਨਜ਼ਰ ਲੱਗ ਗਈ ਕਿ ਜੀਵਨ ਮਨਸਣ ਵਾਲੀ ਤੇਰੀ ਰਹਿਤਲ ਵਿਚੋਂ ਹੁਣ ਮੌਤ ਦੀ ਮੁਸਕਣੀ ਨਜ਼ਰ ਆਉਂਦੀ ਏ | ਕੇਹੀ ਫ਼ਿਜ਼ਾ ਏ ਜੋ ਜਿਊਣ ਨਾਲੋਂ ਮਰਨ ਦੀ ਹੂਕ ਬਣ ਗਈ ਏ? ਖਾਦਾਂ ਅਤੇ ਦਵਾਈਆਂ ਨਾਲ ਜ਼ਹਿਰੀਲੀ ਕੀਤੇ ਖੇਤਾਂ ਵਿਚੋਂ ਮੌਤ ਉਗਦੀ ਏ | ਭਲਾ! ਮੌਤ ਦੇ ਵਣਜ ਵਿਚੋਂ ਸਾਹ-ਵੰਜਲੀ 'ਚ ਫੂਕ ਕਿੰਜ ਵੱਜੇਗੀ? ਇਸ ਨੇ ਤਾਂ ਕੁਲਾਂ ਗਾਲ਼ ਦੇਣੀਆਂ ਨੇ ਅਤੇ ਗਾਲ਼ ਵੀ ਦਿੱਤੀਆਂ ਨੇ | ਪੰਜਾਬੀਆਂ ਵਾਲੀ ਡੀਲ-ਡੌਲ ਕਿਧਰੇ ਨਜ਼ਰ ਨਹੀਂ ਆਉਂਦੀ | ਨਾ-ਮਰਦੀ ਦਾ ਸ਼ਿਕਾਰ ਹੋਏ ਤੇਰੇ ਗੱਭਰੂ ਔਲਾਦ ਲਈ ਫਰਟੀਲਿਟੀ ਸੈਂਟਰਾਂ ਵਿਚ ਖੱਜਲ-ਖੁਆਰ ਹੋ ਰਹੇ ਨੇ ਜਿਥੇ ਨਸਲਾਂ ਬਦਲੀਆਂ ਜਾ ਰਹੀਆਂ ਨੇ | ਪਿੰਡ! ਤੂੰ ਕਿਉਂ ਨਹੀਂ ਸਮਝਦਾ ਕਿ ਇਹ ਬਹੁਤ ਗਹਿਰੀ ਚਾਲ ਏ | ਤੇਰੇ ਕੁਦਰਤੀ ਸਰੋਤਾਂ ਨੂੰ ਜ਼ਹਿਰੀਲਾ ਕਰਕੇ, ਜਵਾਨੀ ਦਾ ਨਾਸ਼ ਕਰਨਾ ਅਤੇ ਪੰਜਾਬ ਵਿਚੋਂ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਦਿੱਖ ਨੂੰ ਹੀ ਖਤਮ ਕਰ ਦੇਣਾ | ਭੋਲੇ ਭਾਲੇ ਵਾਸੀ ਨਹੀਂ ਸਮਝਦੇ ਇਨ੍ਹਾਂ ਚਾਲਾਂ ਨੂੰ ਅਤੇ ਉਹ ਆਪਣੇ ਹੱਥੀਂ ਆਪਣਿਆਂ ਦੇ ਸਿਵੇ ਸੇਕਣ ਲਈ ਕਾਹਲੇ ਨੇ | ਐ ਪਿੰਡ! ਆਪਣੇ ਚੌਗਿਰਦੇ ਵਿਚ ਭਰਾਤਰੀ ਭਾਵ, ਧਾਰਮਿਕ ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਹੋਕਰਾ ਲਾ ਤਾਂ ਕਿ ਤੂੰ ਸੁੱਚੇ, ਸਮੁੱਚੇ ਅਤੇ ਸੁੰਦਰ ਸਰੂਪ ਵਿਚ ਮੇਰੀਆਂ ਯਾਦਾਂ ਦਾ ਸਰਮਾਇਆ ਬਣਿਆ ਰਹੇਂ |
ਐ ਮਾਣ-ਮੱਤੇ ਪਿੰਡ! ਤੈਨੂੰ ਤਾਂ ਸਾਡੇ ਸਮਿਆਂ ਦੀ ਮਾਣ-ਮਰਿਆਦਾ ਦਾ ਪਤਾ ਈ ਆ ਕਿ ਪਿੰਡ ਦਾ ਹਰ ਬਜ਼ੁਰਗ ਬੱਚਿਆਂ ਨੂੰ ਸੇਧ ਦੇ ਸਕਦਾ ਸੀ, ਝਿੜਕ ਸਕਦਾ ਸੀ | ਬੱਚਿਆਂ ਵਿਚ ਨਿਰਮਲ ਭੈਅ ਹੁੰਦਾ ਸੀ ਜਿਸ ਕਰਕੇ ਹਰ ਬੱਚਾ ਕੁਝ ਵੀ ਗ਼ਲਤ ਕਰਨ ਤੋਂ ਗੁਰੇਜ਼ ਕਰਦਾ ਸੀ | ਉਹ ਪਰਿਵਾਰਕ ਕਦਰਾਂ-ਕੀਮਤਾਂ ਨੂੰ ਅੰਤਰੀਵ ਵਿਚ ਰਚਾਉਂਦਾ ਸੀ | ਹਰ ਲੜਕੀ ਪਿੰਡ ਦੀ ਧੀ/ਨੂੰਹ ਹੁੰਦੀ ਸੀ ਅਤੇ ਉਸਦੀ ਆਬਰੂ, ਪਿੰਡ ਦਾ ਇੱਜ਼ਤ-ਮਾਣ ਹੁੰਦਾ ਸੀ | ਐ ਪਿੰਡ! ਜ਼ਰਾ ਦੱਸੀਂ ਕਿ ਕੀ ਤੂੰ ਅਜੋਕੀ ਪੀੜ੍ਹੀ ਵਿਚ ਉਨ੍ਹਾਂ ਮਾਣਮੱਤੀਆਂ ਮਰਿਆਦਾਵਾਂ ਦਾ ਜਾਗ ਨਹੀਂ ਲਾਇਆ ਜਾਂ ਜਾਗ ਲਾਉਣ ਤੋਂ ਪਹਿਲਾਂ ਹੀ ਬੁੱਧ ਫਿੱਟ ਗਈ ਏ? ਕਿਥੇ, ਕਦੋਂ ਅਤੇ ਕਿਸ ਕੋਲੋਂ ਹੋਈ ਏ ਇਹ ਕੁਤਾਹੀ ਜਿਸ ਨੇ ਹਰ ਵਿਹੜੇ ਵਿਚ ਮਚਾਈ ਏ ਤਬਾਹੀ | ਯਾਦ ਰੱਖੀਂ! ਜਦ ਸਮਾਜਿਕ ਤੰਦ ਦੀ ਪਾਕੀਜ਼ਗੀ ਲੀਰਾਂ ਹੁੰਦੀ ਏ ਤਾਂ ਮਨੁੱਖ ਲੀਰਾਂ ਹੁੰਦਾ ਏ ਅਤੇ ਮਨੁੱਖਤਾ ਟੁਕੜਿਆਂ 'ਚ ਵੰਡੀਂਦੀ, ਸਮਾਜਿਕ ਕਲੰਕ ਬਣ ਜਾਂਦੀ ਏ | ਇਸ ਕਲੰਕ ਨੂੰ ਧੋਣ ਹਿੱਤ ਮੇਰੇ ਪਿੰਡ ਤੂੰ ਇਨ੍ਹਾਂ ਜੁਆਕਾਂ ਨੂੰ ਪਵਿੱਤਰਤਾ ਅਤੇ ਆਪਸੀ ਸਾਂਝ ਦਾ ਵਾਸਤਾ ਪਾ ਕੇ ਸਮਝਾ ਕਿ ਤੰਦਾਂ ਨੂੰ ਨਾ ਤੋੜੋ ਕਿਉਂਕਿ ਸਦੀਆਂ ਲੱਗ ਜਾਂਦੀਆਂ ਨੇ ਜੋੜਨ ਲਈ ਜਦ ਕਿ ਤੋੜਨ ਲੱਗਿਆਂ ਤਾਂ ਪਲ ਵੀ ਨਹੀਂ ਲੱਗਦਾ | ਤੈਨੂੰ ਤਾਂ ਯਾਦ ਹੀ ਹੋਣਾ ਏ ਕਿ ਸਾਡੇ ਸਮਿਆਂ 'ਚ ਬਜ਼ੁਰਗਾਂ ਦੀ ਅਸੀਸ ਅਤੇ ਸ਼ਾਬਾਸ਼ੀ ਹੀ ਸਾਡੇ ਲਈ ਵਰਦਾਨ ਸੀ ਜਿਸ ਨਾਲ ਅਸੀਂ ਜੀਵਨ ਦੇ ਉਨ੍ਹਾਂ ਸਿਖਰਾਂ ਨੂੰ ਛੋਹ ਸਕੇ ਜਿਸ ਨੂੰ ਅਣਪੜ੍ਹ ਮਾਪੇ ਕਿਆਸ ਵੀ ਨਹੀਂ ਸਕਦੇ | ਐ ਪਿੰਡ! ਧਿਆਨ ਤਾਂ ਕਰ ਕਿ ਇਹ ਕੇਹਾ ਸਿਤਮ ਏ ਕਿ ਅੱਜਕਲ੍ਹ ਹਰੇਕ ਚੌਧਰੀ ਨੌਜਵਾਨਾਂ ਨੂੰ ਨਿੱਜੀ ਸੁਆਰਥ ਹਿੱਤ ਜੁਰਮ ਦੀ ਦੁਨੀਆਂ 'ਚ ਧੱਕਣ ਲਈ ਕਾਹਲਾ ਏ | ਭਾਵੇਂ ਇਹ ਨਸ਼ੇ ਹੋਣ, ਨਸ਼ਿਆਂ ਦੀ ਸਮੱਗਲਿੰਗ ਹੋਵੇ, ਗੈਂਗ ਹੋਣ ਜਾਂ ਭਾਈਚਾਰਕ/ਧਾਰਮਿਕ ਨਫ਼ਰਤ ਫੈਲਾਉਣ ਦਾ ਕੋਹਜਾ ਕਰਮ ਹੋਵੇ | ਤੂੰ ਚੁੱਪ ਕਿਉਂ ਏ? ਕੁਝ ਤਾਂ ਸੋਚ ਵਿਚਾਰ ਕਰ |
ਐ ਸੁਪਨਿਆਂ 'ਚ ਵਸਦੇ ਪਿੰਡ! ਤੂੰ ਕਿੰਨਾ ਵੀ ਮੈਨੂੰ ਆਪਣੇ ਚੇਤੇ, ਚੌਗਿਰਦੇ ਜਾਂ ਚੌਪਾਲ 'ਚੋਂ ਕੱਢ ਜਾਂ ਕਿੰਨਾ ਵੀ ਦੁਰਕਾਰ, ਮੇਰੇ ਚੇਤਿਆਂ ਵਿਚੋਂ ਤੂੰ ਕਦੇ ਨਹੀਂ ਨਿਕਲਣਾ | ਯਾਦਾਂ ਦੇ ਅਜ਼ੀਮ ਖਜ਼ਾਨੇ 'ਚ ਤੈਨੂੰ ਸੰਭਾਲਿਆ ਹੋਇਆ ਏ | ਯਾਦਾਂ ਨੂੰ ਨਤ-ਮਸਤਕ ਹੋ, ਮਿੱਟੀ ਦੀ ਖੁਸ਼ਬੂ ਨਾਲ ਸਰਸ਼ਾਰ ਹੋ, ਵਿਸਮਾਦ 'ਚ ਗੜੁੱਚ ਰਹਿੰਦਾ ਹਾਂ | ਪ੍ਰਦੇਸ ਵਿਚ ਵਗਦੀ ਪੌਣ ਵੀ ਤੇਰੀਆਂ ਹੀ ਬਾਤਾਂ ਪਾਉਂਦੀ ਏ | ਇਹ ਬੱਦਲ ਵੀ ਤੇਰਾ ਹੀ ਸੁੱਖ-ਸੁਨੇਹੇ ਲੈ ਕੇ ਮੇਰੀ ਜੂਹ ਨੂੰ ਭਿਉਂਦੇ ਨੇ | ਤੇਰੇ ਚੰਨ ਦੀਆਂ ਕਿਰਨਾਂ ਵੀ ਮੇਰੇ ਵਿਹੜੇ ਵਿਚ ਰੌਸ਼ਨੀ ਤਰੌਾਕ, ਸਰਦਲਾਂ ਨੂੰ ਸੁੱਚਾ ਕਰਦੀਆਂ ਨੇ | ਵਾਸਤਾ ਈ! ਸਾਡੇ ਸਮਿਆਂ ਦੀ ਕਿਰਤ-ਕਾਮਨਾ, ਸੰਜੀਦਾ-ਸਾਧਨਾ, ਅੰਤਰੀਵੀ-ਅਪਣੱਤ, ਮੁਹੱਬਤੀ-ਪੈਗ਼ਾਮ ਅਤੇ ਦੂਸਰਿਆਂ ਦੇ ਭਲੇ ਵਿਚੋਂ ਆਪਣਾ ਭਲਾ ਲੋਚਣ ਵਾਲੀ ਸੋਚ ਦਾ ਕੁਝ ਹਿੱਸਾ ਨਵੀਂ ਪਨੀਰੀ ਦੇ ਨਾਂਅ ਜ਼ਰੂਰ ਲਾਵੀਂ | ਪ੍ਰਦੇਸ ਵਸੇਂਦਿਆਂ ਦੀ ਅੰਤਰ-ਆਤਮਾ ਨੂੰ ਕੁਝ ਤਾਂ ਸਕੂਨ ਮਿਲੇਗਾ |
ਐ ਮੇਰੇ ਪਿੰਡ! ਆਪਣੇ ਪ੍ਰਵਾਸੀ ਪੁੱਤਰਾਂ ਨੂੰ ਭਾਵੇਂ ਵਿਸਾਰ ਦੇਈਾ ਪਰ ਉਨ੍ਹਾਂ ਵਲੋਂ ਪਾਈਆਂ ਪੈੜਾਂ 'ਤੇ ਤੁਰਨ ਲਈ ਬਾਲਗਾਂ ਨੂੰ ਉਤਸ਼ਾਹਿਤ ਜ਼ਰੂਰ ਕਰਦਾ ਰਹੀਂ ਤਾਂ ਕਿ ਤੇਰੀ ਸਮੁੱਚਤਾ, ਸੁੰਦਰਤਾ ਅਤੇ ਸਦਭਾਵਨਾ ਪਹਿਲਾਂ ਵਾਂਗ ਧੜਕਦੀ, ਨਵੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੀ ਰਹੇ |
ਤੇਰੇ ਫ਼ਿਕਰ 'ਚ ਫ਼ਿਕਰ ਹੋਇਆ ਸ਼ਖਸ਼!!!

(ਸਮਾਪਤ)
-ਫੋਨ : 001-216-556-2080

ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੰਜਾਬ ਦੇ ਜਵਾਨਾਂ ਨੂੰ ਨਹਿਰੂ ਯੁਵਾ ਕੇਂਦਰ ਨਾਲ ਜੁੜ ਕੇ ਖੇਡ ਮੈਦਾਨਾਂ 'ਚ ਖੇਡਣਾ ਅਤੇ ਪਸੀਨੇ ਵਹਾਉਣ ਵਾਲੀਆਂ ਖੇਡਾਂ ਤੇ ਸਰੀਰਕ ਕਸਰਤਾਂ ਦੇ ਲੜ ਲੱਗਣਾ ਚਾਹੀਦੈ | ਜਿੰਨਾ ਪਸੀਨਾ ਵਹੇਗਾ ਉਨਾ ਹੀ ਜੁੱਸਾ ਕੰਗਣ ਵਰਗਾ ਬਣੇਗਾ | ਪੰਜਾਬ ਦੇ ਬਹੁਤੇ ਜਿੰਮਾਂ ਦਾ ਹਾਲ ਬਹੁਤ ਮਾੜਾ ਹੈ | ਉਨ੍ਹਾਂ ਵਿਚ 'ਮਸਲ' ਕਸਰਤਾਂ ਨਾਲ ਨਹੀਂ, ਸਿੰਥੈਟਿਕ ਸਪਲੀਮੈਂਟਾਂ ਦੇ ਸੇਵਨ ਨਾਲ ਬਣਾਏ ਜਾਂਦੇ ਹਨ ਜੋ ਸਿਹਤ ਲਈ ਘਾਤਕ ਰੁਝਾਨ ਹੈ |
ਇੰਜ ਪੰਜਾਬ ਦੀ ਜਵਾਨੀ ਗੰਭੀਰ ਸੰਕਟ 'ਚ ਹੈ | ਉਹ ਬੁਰੀ ਤਰ੍ਹਾਂ ਨਸ਼ਿਆਂ ਦੀ ਗਿ੍ਫਤ 'ਚ ਆ ਚੁੱਕੀ ਹੈ | ਨਸ਼ੇ ਵੀ ਮਹਿੰਗੇ ਤੋਂ ਮਹਿੰਗੇ ਹਨ ਅਤੇ ਅੰਤਾਂ ਦੇ ਮਾਰੂ ਹਨ | ਪੰਜਾਬ ਦੇ ਨੌਜਵਾਨਾਂ ਨੂੰ ਪਿੰਡ ਪੱਧਰ 'ਤੇ ਪੰਚਾਇਤਾਂ, ਖੇਡ ਕਲੱਬਾਂ ਤੇ ਸਭਾ ਸੁਸਾਇਟੀਆਂ ਵਲੋਂ ਰਲ ਮਿਲ ਕੇ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਚਾਹੀਦੈ ਤੇ ਉਸਾਰੂ ਕਾਰਜਾਂ ਵਿਚ ਲਾਉਣਾ ਚਾਹੀਦੈ | ਤਦ ਹੀ ਪੰਜਾਬ ਦੀ ਖੁਸ਼ੀ, ਸ਼ਾਨ ਬਹਾਲ ਕੀਤੀ ਜਾ ਸਕਦੀ ਹੈ | ਨਹੀਂ ਤਾਂ ਪੰਜਾਬ ਦਾ ਭਵਿੱਖ ਹਨੇਰਾ ਹੀ ਹਨੇਰਾ ਹੈ | ਟੈਕਨਾਲੋਜੀ ਤੋਂ ਪ੍ਰਭਾਵਤ ਹੋ ਕੇ ਸਮਾਜਿਕ ਵਿਸ਼ਿਆਂ ਨੂੰ ਵਿਸਾਰ ਦੇਣਾ ਵੱਡੀ ਭੁੱਲ ਹੈ |
ਗੁਰੂਆਂ ਦੇ ਨਾਂਅ 'ਤੇ ਜੀਂਦੇ ਪੰਜਾਬ ਵਿਚ, ਹੱਥੀਂ ਕਿਰਤ ਕਰ ਕੇ ਜਿਊਣ ਦਾ ਗਾਡੀ ਰਾਹ ਬਹੁਤ ਸਾਰੇ ਨੌਜਵਾਨ ਭੁੱਲੇ ਬੈਠੇ ਹਨ | ਕਿਰਤ ਤੋਂ ਟੁੱਟਿਆਂ ਦਾ ਹਾਲ ਮੰਦਾ ਹੀ ਹੁੰਦੈ | ਵਿਹਲਾ ਬੰਦਾ ਸ਼ੈਤਾਨ ਦਾ ਚਰਖਾ ਬਣ ਜਾਂਦੈ | ਪੰਜਾਬ ਵਿਚ ਵੱਡੀ ਪੱਧਰ 'ਤੇ ਪਸਰੀ ਬੇਰੁਜ਼ਗਾਰੀ ਨਸ਼ਿਆਂ ਦਾ ਧਰਾਤਲ ਹੈ | ਜਦੋਂ ਕੋਈ ਕੰਮ ਨਾ ਹੋਵੇ ਤਾਂ ਨਸ਼ੇ ਦਸਤਕ ਦੇਣ ਲਗਦੇ ਨੇ | ਫਿਰ ਕੋਈ ਨੌਜਵਾਨ ਨਸ਼ੇ ਵੇਚਣ ਲੱਗ ਜਾਂਦੈ ਤੇ ਕੋਈ ਖਾਣ ਲੱਗ ਜਾਂਦੈ | ਨਸ਼ਿਆਂ ਦੇ ਮਨਹੂਸ ਪਰਛਾਵੇਂ ਉਨ੍ਹਾਂ ਉਤੇ ਵੀ ਪੈਣ ਲਗਦੇ ਨੇ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ | ਹੌਲੀ-ਹੌਲੀ ਨਸ਼ਿਆਂ ਦੀ ਕਾਲੀ-ਬੋਲੀ ਰਾਤ ਪਸਰ ਜਾਂਦੀ ਹੈ |
ਪੰਜਾਬ ਵਿਚ ਨਸ਼ੇ ਪਸਰਨ ਦੇ ਮੁੱਖ ਕਾਰਨ ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ ਹਨ | ਪੰਜਾਬੀ ਸਮਾਜ ਵਿਚ ਹੁਣ ਨੈਤਿਕ ਸਿੱਖਿਆ ਤੇ ਸੁਚੱਜੀਆਂ ਕਦਰਾਂ ਕੀਮਤਾਂ ਦੀ ਲਗਭਗ ਅਣਹੋਂਦ ਹੈ | ਰਾਜਨੀਤਕ, ਧਾਰਮਿਕ ਤੇ ਸਮਾਜਿਕ ਆਗੂ ਵੀ ਹੁਣ ਮਾਡਲ ਪਾਤਰ ਨਹੀਂ ਰਹੇ | ਉਹ ਗ਼ਲਤ ਢੰਗਾਂ ਨਾਲ ਅਹੁਦੇ ਹਾਸਲ ਕਰਦੇ ਅਤੇ ਚੌਧਰਾਂ ਚਮਕਾਉਂਦੇ ਹਨ | ਇਥੋਂ ਤੱਕ ਕਿ ਨਸ਼ਿਆਂ ਦੀ ਤਸਕਰੀ ਕਰਨ ਤੋਂ ਵੀ ਬਾਜ ਨਹੀਂ ਆਉਂਦੇ | ਛੇਤੀ ਤੇ ਸੌਖਿਆਂ ਅਮੀਰ ਹੋਣ ਦੀ ਲਾਲਸਾ ਨੇ ਚੰਗੇ ਭਲਿਆਂ ਨੂੰ ਕਾਲੇ ਧੰਦਿਆਂ ਵਿਚ ਪਾ ਦਿੱਤਾ ਹੈ | ਪੰਜਾਬ ਵਿਚ ਜਿੱਡੀ ਧਿਰ ਨਸ਼ੇ ਵੇਚਣ ਵਾਲਿਆਂ ਦੀ ਹੈ ਓਡੀ ਹੀ ਧਿਰ ਨਸ਼ੇ ਸੇਵਨ ਵਾਲਿਆਂ ਦੀ ਖੜ੍ਹੀ ਹੋ ਗਈ ਹੈ |
ਨਸ਼ਿਆਂ, ਲੁੱਟਾਂ-ਖੋਹਾਂ, ਮਾਰ-ਧਾੜ, ਗੈਂਗ-ਵਾਰ, ਲੱਚਰਤਾ ਤੇ ਅਵੈੜੇ ਵੈੱਲਾਂ ਵਿਚ ਖੱਚਤ ਹੋ ਰਹੀ ਹੈ | ਕੰਮਾਂ-ਕਾਰਾਂ ਤੋਂ ਵਿਰਵੀ, ਵਿਹਲੜ, ਅੱਯਾਸ਼ ਤੇ ਫੋਕੀਆਂ ਟੌਹਰਾਂ ਦੀ ਪੱਟੀ ਹੋਈ ਹੈ | ਕੰਨ ਵਿੰਨ੍ਹਾਈ, ਸਿਰ ਮੁਨਾਈ ਤੇ ਟੈਟੂ ਖੁਣਵਾਈ ਫਿਰਦੀ ਹੈ | ਮੋਟਰ ਬਾਈਕਾਂ ਬਿਨਾਂ ਪੈਰ ਪੁੱਟਣਾ ਆਪਣੀ ਸ਼ਾਨ ਦੇ ਉਲਟ ਸਮਝਦੀ ਹੈ | ਬਰਾਂਡਿਡ ਚੀਜ਼ਾਂ ਵਸਤਾਂ, ਫੈਸ਼ਨਾਂ ਤੇ ਟਸ਼ਨਾਂ ਨਾਲ ਟਿੱਟ ਫਾਰ ਟੈਟ ਹੋਈ ਫਿਰਦੀ ਹੈ | ਅਜਿਹੀ ਜਵਾਨੀ ਨਾਲ ਲੇਖਕ ਦਾ ਪੁਲਿਸ ਅਫ਼ਸਰ ਹੋਣ ਦੇ ਨਾਤੇ ਨਿੱਤ ਵਾਹ ਪੈਂਦੈ | ਨਿੱਜੀ ਤਜਰਬਾ ਹੁੰਦਾ ਰਹਿੰਦੈ |
ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਭ ਨੂੰ ਆਪੋ ਆਪਣਾ ਬਣਦਾ ਸਰਦਾ ਯੋਗਦਾਨ ਪਾਉਣਾ ਚਾਹੀਦੈ | ਬੇਸ਼ਕ ਕੁਝ ਵਿਅਕਤੀ ਪਾ ਵੀ ਰਹੇ ਹਨ ਪਰ ਇਹ ਕਾਫ਼ਲਾ ਅਜੇ ਛੋਟਾ ਹੈ | ਕੋਈ ਵੀ ਮਸਲਾ ਏਨਾ ਪੇਚੀਦਾ ਨਹੀਂ ਹੁੰਦਾ ਕਿ ਉਹਦਾ ਕੋਈ ਹੱਲ ਨਾ ਹੋ ਸਕੇ | ਪੰਜਾਬੀ ਡਿੱਗ-ਡਿੱਗ ਕੇ ਉਠਦੇ ਰਹੇ ਹਨ ਤੇ ਕੁਕਨੂਸ ਵਾਂਗ ਰਾਖ 'ਚੋਂ ਉਗਮਦੇ ਰਹੇ ਹਨ | ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣ/ਸੌਣ ਵਾਲੇ ਰਾਜ ਭਾਗ ਦੇ ਮਾਲਕ ਬਣੇ ਸਨ | ਸੰਨ 1947 ਦੇ ਘੋਰ ਉਜਾੜੇ ਪਿੱਛੋਂ ਫਿਰ ਘੁੱਗ ਵਸੇ ਸਨ ਤੇ ਕੰਗਾਲ ਪੰਜਾਬ ਨੂੰ ਖ਼ੁਸ਼ਹਾਲ ਕੀਤਾ ਸੀ | ਦਹਿਸ਼ਤੀ ਦੌਰ ਦੀਆਂ ਮਾਰਾਂ ਝੱਲੀਆਂ ਹਨ ਤੇ ਪਰਦੇਸਾਂ ਦੇ ਦੁੱਖੜੇ ਝਾਗੇ ਹਨ | ਨੌਜਵਾਨਾਂ ਦੀ ਨਿਘਰਦੀ ਤਾਕਤ ਨੂੰ ਹੁਣ ਵੀ ਉਸਾਰੀ ਵਿਚ ਲਾਇਆ ਜਾ ਸਕਦੈ | 'ਜਿਥੇ ਚਾਹ ਉਥੇ ਰਾਹ' ਵਾਂਗ ਸੂਝ ਸਿਆਣਪ ਨਾਲ ਫੈਸਲੇ ਲੈ ਕੇ ਉਨ੍ਹਾਂ ਉਤੇ ਦਿ੍ੜ੍ਹ ਇਰਾਦੇ ਨਾਲ ਅਮਲ ਕਰਨ ਦੀ ਲੋੜ ਹੈ |
ਸੰਯੁਕਤ ਰਾਸ਼ਟਰ ਦੀ ਡਰੱਗਜ਼ ਤੇ ਜੁਰਮਾਂ ਦਾ ਲੇਖਾ-ਜੋਖਾ ਰੱਖਦੀ ਸੰਸਥਾ ਅਨੁਸਾਰ ਨਸ਼ਿਆਂ ਦੀ ਰੋਕਥਾਮ ਦੇ ਤਿੰਨ ਉਪਾਅ ਹਨ | 1. ਨਸ਼ਿਆਂ ਦੀ ਮੁੱਢਲੀ ਸਪਲਾਈ ਲਾਈਨ ਨੂੰ ਰੋਕ ਦਿੱਤਾ ਜਾਵੇ | 2. ਨਸ਼ੱਈ ਲੋਕਾਂ ਦਾ ਇਲਾਜ ਕਰਵਾ ਕੇ ਨਸ਼ਿਆਂ ਦੀ ਲੋੜ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ | 3. ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢ ਲਿਆ ਜਾਵੇ | ਚੀਨ ਨੇ ਅਫ਼ੀਮ ਦੀ ਅੱਤ ਵਿਰੁੱਧ ਲੜਾਈ ਲੜ ਕੇ ਅਫ਼ੀਮ ਦੀ ਸਪਲਾਈ ਨੂੰ ਪੂਰਨ ਰੂਪ ਵਿਚ ਬੰਦ ਕਰ ਦਿੱਤਾ | ਕਿਸੇ ਸਮੇਂ ਅਫ਼ੀਮ ਨਾਲ ਅਧਮੋਇਆ ਕੀਤਾ ਚੀਨ ਹੁਣ ਉਲੰਪਿਕ ਖੇਡਾਂ 'ਚੋਂ ਸਭ ਤੋਂ ਬਹੁਤੇ ਮੈਡਲ ਜਿੱਤਣ ਜੋਗਾ ਹੋ ਗਿਐ ਤੇ ਦੁਨੀਆ ਦੀ ਵੱਡੀ ਤਾਕਤ ਮੰਨਿਆ ਜਾ ਰਿਹੈ | ਖੇਡਾਂ ਵਿਚ ਹੀ ਨਹੀਂ ਉਹ ਵਿਸ਼ਵ ਦੇ ਵਣਜ ਵਪਾਰ ਵਿਚ ਵੀ ਸਿਖਰ ਉਤੇ ਹੈ | ਜੇ ਚੀਨ ਨਸ਼ਿਆਂ ਦੀ ਦਲਦਲ 'ਚੋਂ ਨਿਕਲ ਸਕਦੈ ਤਾਂ ਪੰਜਾਬ ਕਿਉਂ ਨਹੀਂ?
ਮਿਆਰੀ ਵਿੱਦਿਆ ਤੇ ਰੁਜ਼ਗਾਰ ਦੇਣਾ ਅਤੇ ਭਿ੍ਸ਼ਟਾਚਾਰ ਰੋਕਣਾ ਸਰਕਾਰ ਯਾਨੀ ਸਿਸਟਮ ਦੇ ਹੱਥ-ਵੱਸ ਹਨ | ਪਰ ਕੁਝ ਅਜਿਹੇ ਪੱਖ ਵੀ ਹਨ ਜੋ ਨੌਜਵਾਨਾਂ ਦੇ ਆਪਣੇ ਹੱਥ ਹਨ | ਜਿਵੇਂ ਹੱਥੀਂ ਕਿਰਤ ਕਰਨਾ, ਬਾਕਾਇਦਾ ਕਸਰਤ ਕਰਨੀ, ਖੇਡਣਾ ਮੱਲ੍ਹਣਾ, ਚੰਗਾ ਸਾਹਿਤ ਪੜ੍ਹਨਾ, ਚੰਗਿਆਂ ਦੀ ਸੰਗਤ ਕਰਨੀ ਤੇ ਵਿਹਲੇ ਸਮੇਂ ਨੂੰ ਉਸਾਰੂ ਪਾਸੇ ਲਾਉਣਾ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੈ | ਉਹ ਮਹਾਨ ਖਿਡਾਰੀਆਂ, ਕਲਾਕਾਰਾਂ, ਸਮਾਜ ਸੇਵਕਾਂ ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਨਾਇਕਾਂ ਨੂੰ ਆਪਣਾ ਮਾਡਲ ਮੰਨ ਕੇ ਉਨ੍ਹਾਂ ਦੀ ਰੀਸ ਕਰ ਸਕਦੇ ਹਨ | ਅਜਿਹਾ ਕਰਨ ਨਾਲ ਉਹ ਖ਼ੁਦ ਹੋਰਨਾਂ ਲਈ ਮਾਡਲ ਬਣ ਸਕਦੇ ਹਨ ਤੇ ਪੰਜਾਬ ਨੂੰ ਮੁੜ ਵਸਦਾ ਰਸਦਾ ਕਰ ਸਕਦੇ ਹਨ | ਫਿਰ ਉਹੀ ਗੀਤ ਗੂੰਜ ਸਕਦੇ ਹਨ: ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ... | ਨਹੀਂ ਰੀਸਾਂ ਦੇਸ ਪੰਜਾਬ ਦੀਆਂ ਨੲ੍ਹੀਂ ਰੀਸਾਂ... | (ਸਮਾਪਤ)

ਸਰਗਰਮੀ

ਇਪਟਾ ਦੀ 75ਵੀਂ ਵਰ੍ਹੇਗੰਢ ਮੌਕੇ ਪੰਜ ਰੋਜ਼ਾ ਰਾਸ਼ਟਰੀ ਉਤਸਵ

ਦੇਸ਼ ਭਰ ਦੇ ਇਪਟਾ ਕਾਰਕੁਨਾਂ ਅਤੇ ਕਲਾਕਾਰਾਂ ਦੇ ਇਪਟਾ ਦੀ 75 ਵੀਂ ਵਰ੍ਹੇਂ-ਗੰਢ ਮੌਕੇ ਨਰੋਏ ਅਤੇ ਲੋਕਾਈ ਦੀ ਬਾਤ ਪਾਉਂਦੇ ਪੰਜ ਰੋਜ਼ਾ ਰਾਸ਼ਟਰੀ ਸੱਭਿਆਚਾਰਕ ਉਤਸਵ ਨੇ ਪਟਨਾ ਸ਼ਹਿਰ ਆਪਣੇ ਰੰਗ ਵਿਚ ਰੰਗ ਦਿੱਤਾ | 75 ਨਗਾਰਿਆਂ ਦੀ ਗੂੰਜ ਨਾਲ, ਇਪਟਾ ਦੀ ਕਾਰਕੁਨ ਅਤੇ ਫਿਲਮ ਅਭਿਨੇਤਰੀ ਸ਼ਬਾਨਾ ਆਜ਼ਮੀ, ਇਪਟਾ ਨਾਲ ਸਬੰਧਤ ਸਮਾਜਿਕ ਕਾਰਕੁਨ ਕਨ੍ਹਈਆ ਕੁਮਾਰ ਨੇ ਇਪਟਾ ਦੇ ਮੁਢਲੇ ਬਾਨੀਆਂ ਵਿਚ ਸ਼ੁਮਾਰ ਕੈਫ਼ੀ ਆਜ਼ਮੀ ਅਤੇ ਪੀ. ਸੀ. ਜੋਸ਼ੀ ਨਗਰ ਸਟੇਡੀਅਮ ਪਟਨਾ ਵਿਖੇ, ਇਪਟਾ ਦੀ ਬਿਹਾਰ ਇਕਾਈ ਵਲੋਂ ਇਪਟਾ ਦੇ ਵੱਖ- ਵੱਖ ਸੂਬਿਆਂ ਦੇ ਹਜ਼ਾਰਾਂ ਦੀ ਗਿਣਤੀ ਦੇ ਬੇਮਿਸਾਲ ਇਕੱਠ ਵਿਚ ਭਾਰਤ ਦੇ ਵਿਭਿੰਨ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਰੈਲੀ ਉਪਰੰਤ ਇਪਟਾ ਦੀ ਝੰਡਾ ਰਸਮ ਅਤੇ ਰਾਸ਼ਟਰੀ ਗੀਤ ਤੋਂ ਬਾਦ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਮੈਂ ਆਪਣੀ ਸੁਰਤ ਲਾਲ ਝੰਡੇ ਦੀ ਛਤਰ–ਛਾਇਆ ਹੇਠ ਸੰਭਾਲੀ ਹੈ | ਇਪਟਾ ਨੇ ਮੇਰੀ ਜ਼ਿੰਦਗੀ ਅਤੇ ਅਦਾਕਾਰੀ ਵਿਚ ਮਹੱਤਪੂਰਨ ਤਬਦੀਲੀ ਲਿਆਂਦੀ ਹੈ | ਸ਼ਬਾਨਾ ਨੇ ਇਪਟਾ ਨੂੰ ਨਵਾਂ ਨਾਹਰਾ 'ਕਮਾਨੇ ਵਾਲਾ ਖਾਏਗਾ, ਲੁਟਨੇ ਵਾਲਾ ਜਾਏਗਾ, ਨਯਾ ਜ਼ਮਾਨਾ ਆਏਗਾ ਦੇ ਕੇ ਆਪਣੀ ਤਕਰੀਰ ਮੁਕਾਈ |
ਕਨ੍ਹਈਆ ਕੁਮਾਰ ਨੇ ਕਿਹਾ ਮੈਂ ਅੱਜ ਜੋ ਵੀ ਹਾਂ ਉਸ ਦਾ ਕਾਰਨ ਇਪਟਾ ਹੈ | ਮੈਂ ਖੁਦ ਬਚਪਨ ਵਿਚ ਇਪਟਾ ਪਟਨਾ ਦਾ ਮੈਂਬਰ ਰਿਹਾਂ ਹਾਂ | ਇਪਟਾ ਫੁਹੜ ਅਤੇ ਅਸ਼ਲੀਲ ਗੀਤ ਨਹੀ ਗਾਉਂਦੀ | ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਪਦੂਸ਼ਣ ਅਤੇ ਟੁੱਟ-ਭੱਜ ਦੇ ਦੌਰ ਵਿਚ ਅੱਜ ਕੋਈ ਚੁਣੌਤੀ ਦੇ ਸਕਦਾ ਹੈ ਤਾਂ ਉਹ ਰੰਗਮੰਚ ਅਤੇ ਕਲਾ ਦੀਆਂ ਹੋਰ ਵਿਧਾਵਾਂ ਹਨ | ਇਸ ਮੌਕੇ ਇਪਟਾ ਦੇ ਮੁਢਲੇ ਬਾਨੀਆਂ ਵਿਚ ਸ਼ੁਮਾਰ ਪਿ੍ਥਵੀ ਰਾਜ ਕਪੂਰ ਦੀ ਪੋਤੀ ਸੰਜਨਾ ਕਪੂਰ, ਅੰਜਨ ਸ੍ਰੀਵਾਸਤਵ, ਸੁਲਭਾ ਆਰੀਆ, ਅਵਤਾਰ ਗਿੱਲ, ਪ੍ਰਵੀਨ ਗੁਹਾ, ਐਮ.ਕੇ ਰੈਣਾ ਤੋਂ ਇਲਾਵਾ ਰਾਸ਼ਟਰੀ ਇਪਟਾ ਦੇ ਅਹੁਦੇਦਾਰ ਵੀ ਮੌਜੂਦ ਸਨ |
ਭਾਰਤ ਵਿਚ ਦਲਿਤ ਵਰਗ ਨਾਲ ਹੋ ਰਹੇ ਵਿਤਕਰੇ ਅਤੇ ਭੇਦ-ਭਾਵ ਬਾਰੇ ਹੋਏ ਸੈਮੀਨਾਰ ਵਿਚ ਹਿੱਸਾ ਲੈਂਦੇ ਇਪਟਾ, ਪੰਜਾਬ ਦੇ ਜਨਰਲ ਸਕੱਤਰ ਨੇ ਆਪਣੇ ਵਿਚਾਰ ਰੱਖੇ |
ਭਾਰਤ ਭਰ ਦੀਆਂ ਇਪਟਾ, ਇਕਾਈਆਂ ਪੰਜਾਬ, ਮੱਧ ਪ੍ਰਦੇਸ਼, ਕਰਨਾਟਕਾ, ਅਸਾਮ, ਤਾਮਿਲਨਾਡੂ, ਚੰਡੀਗੜ੍ਹ, ਝਾਰਖੰਡ, ਮਹਾਰਾਸ਼ਟਰਾ, ਤੇਲੰਨਗਾਨਾ, ਦਿੱਲੀ, ਯੂ.ਪੀ., ਕੇਰਲਾ, ਪੱਛਮੀ ਬੰਗਾਲ, ਰਾਜਸਥਾਨ, ਉਤਰਾਖੰਡ, ਛੱਤੀਸਗੜ ਦੇ ਤਕਰੀਬਨ ਦੋ ਹਜ਼ਾਰ ਕਾਰਕੁਨਾਂ/ਕਲਾਕਾਰਾਂ ਵਲੋਂ ਆਪੋ-ਆਪਣੇ ਖੇਤਰਾਂ ਦੀ ਸਥਿਤੀ ਅਤੇ ਰਸਮੋ-ਰਿਵਾਜ ਬਿਆਨਦੇ ਨਾਟਕ, ਓਪੇਰੇ, ਕਲਾਸੀਕਲ ਗਾਇਨ, ਨੁੱਕੜ-ਨਾਟਕ, ਕੋਰੀਓਗਰਾਫੀ, ਲੋਕ-ਗੀਤ, ਲੋਕ ਨਾਚਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਦੇਸ਼ ਦੀਆਂ ਮੌਜੂਦਾ ਸਭਿਆਚਾਰਕ, ਸਮਾਜਿਕ ਅਤੇ ਰਾਜਨੀਤਕ ਹਾਲਤਾਂ ਬਾਰੇ ਵਿਚਾਰ-ਮਸ਼ਵਰੇ ਵੀ ਕੀਤੇ |
ਇਪਟਾ, ਪੰਜਾਬ ਦੀਆਂ ਨਾਟ-ਟੋਲੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਾਢੇ ਤਿੰਨ ਦਰਜਨ ਕਲਾਕਾਰ ਅਤੇ ਕਾਰਕੁਨਾਂ ਵਲੋਂ ਪੰਜਾਬ ਦੀ ਲੋਕਾਈ ਦੀ ਬਾਤ ਪਾਉਂਦੀਆਂ ਸੱਭਿਆਚਾਰਕ ਅਤੇ ਰੰਗਮੰਚੀ ਵੰਨਗੀਆਂ ਅਧੀਨ ਚਾਹਤ ਅਤੇ ਅਨਮੋਲ ਰੂਪੋਵਾਲੀ ਦੀ ਬੁਲੰਦ ਅਵਾਜ਼ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਇਸ ਮੌਕੇ 'ਤੇ ਵੱਖ-ਵੱਖ ਨਾਟਕਾਂ ਦਾ ਮੰਚਨ ਵੀ ਕੀਤਾ ਗਿਆ | ਕੋਰੀਓਗ੍ਰਾਫ਼ੀ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ |

-ਸੰਜੀਵਨ ਸਿੰਘ
ਜਨਰਲ ਸੱਕਤਰ, ਇਪਟਾ, ਪੰਜਾਬ
ਮੋਬਾਈਲ : 94814-60656.

ਸੁਨਹਿਰੀ ਛਣਕਾਟਾ

ਕਈ ਵਰ੍ਹੇ ਪਹਿਲਾਂ ਮੈਂ ਜਲੰਧਰ ਸ਼ਹਿਰ ਲਾਗੇ ਆਪਣੇ ਫਾਰਮ-ਘਰ ਦੀ ਇਕ ਕਿਆਰੀ 'ਚ ਪੀਲੇ ਰੰਗੇ ਜੇਫਰੰਥਸ (Zephyranthes) ਦੇ ਕੁਝ ਗੰਢੇ ਲਗਾਏ ਸਨ | ਮੌਸਮੇ ਬਰਸਾਤ 'ਚ ਉਨ੍ਹਾਂ ਸਾਰੀ ਕਿਆਰੀ ਪੀਲੇ ਫੁੱਲਾਂ ਨਾਲ ਭਰ ਦਿੱਤੀ | ਅਗਲੇ ਸਾਲ ਥੋੜ੍ਹੇ ਪੀਲੇ ਫੁੱਲ ਲਾਅਨ ਘਾਹ 'ਚ ਵੀ ਵਿਖਾਈ ਦਿੱਤੇ ਜੋ ਮੈਂ ਨਾ ਕੱਢੇ ਅਤੇ ਉਵੇਂ ਹੀ ਰਹਿਣ ਦਿੱਤੇ | ਘਾਹ ਦੀ ਕਟਾਈ ਵੀ ਲੋੜ ਅਨੁਸਾਰ ਹੁੰਦੀ ਰਹੀ |
ਇਨ੍ਹਾਂ ਦੀ ਨਫ਼ਰੀ ਹਰ ਸਾਲ ਲਾਅਨ ਘਾਹ ਵਿਚ ਵੀ ਲਗਾਤਾਰ ਵਧਦੀ ਰਹੀ | ਹੁਣ ਆਲਮ ਇਹ ਹੈ ਕਿ ਮੌਸਮੇ ਬਰਸਾਤ ਵਿਚ ਚਾਰ ਚੁਫੇਰੇ 'ਸੋਨੇ ਦਾ ਛਣਕਾਟਾ' ਹੈ |

-dosanjhsps@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX