ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਲੋਕ ਮੰਚ

ਸਾਡੀਆਂ ਸਰਕਾਰਾਂ

ਘਰ ਦੇ ਵਿਹੜੇ 'ਚ ਥੋੜ੍ਹਾ ਜਿਹਾ ਕੱਚਾ ਥਾਂ ਵੇਖ ਕੇ ਅਸੀਂ 2-3 ਬੈਂਗਣਾਂ ਦੇ ਬੂਟੇ ਤੇ ਇਕ-ਦੋ ਤੁਲਸੀ ਦੇ ਬੂਟੇ ਲਾ ਦਿੱਤੇ। ਤੁਲਸੀ ਤਾਂ ਪੱਤੇ ਕੱਢ ਕੇ ਫ਼ੈਲਰ ਗਈ ਪਰ ਬੈਂਗਣਾਂ ਦੇ ਬੂਟਿਆਂ ਨੂੰ ਫ਼ਲ ਨਾ ਲੱਗਿਆ। ਵੱਡੇ ਜ਼ਰੂਰ ਹੋ ਗਏ। ਸ਼ਾਮ ਨੂੰ ਮੈਂ ਦੇਖਿਆ ਕਿ ਇਕ ਮੱਕੜੀ ਬੈਂਗਣਾਂ ਦੇ ਬੂਟੇ ਤੋਂ ਤੁਲਸੀ ਦੇ ਬੂਟਿਆਂ ਦੀਆਂ ਟਾਹਣੀਆਂ ਤੱਕ ਆਪਣਾ ਜਾਲ਼ਾ ਬੁਣ ਰਹੀ ਸੀ। ਹਰ ਪਾਸੇ ਤੋਂ ਪੂਰਾ ਰਸਤਾ ਬੰਦ ਕਰ ਰਹੀ ਸੀ। ਉਹ ਕਿਸੇ ਵੀ ਪਲ ਚੁੱਪ ਨਾ ਬੈਠੀ, ਲਗਾਤਾਰ ਆਪਣੇ ਕੰਮ ਪ੍ਰਤੀ ਆਪਣੀ ਨਿਹਚਾ ਨਾਲ ਕੰਮ ਕਰ ਰਹੀ ਸੀ। ਸਾਰਾ ਕੰਮ ਮੁਕੰਮਲ ਕਰਕੇ ਉਹ ਬੈਂਗਣ ਦੇ ਪੱਤੇ ਦੇ ਨਾਲ ਸੁੰਗੜ ਕੇ ਬੈਠ ਗਈ ਤੇ ਥੋੜ੍ਹਾ ਹਨੇਰਾ ਹੋਣ 'ਤੇ ਅਨੇਕਾਂ ਛੋਟੀਆਂ ਮੱਖੀਆਂ-ਮੱਛਰ ਉਥੋਂ ਦੀ ਲੰਘਣ ਦੀ ਗਲਤੀ ਕਰਨ ਵਾਲੇ ਉਸ ਦੇ ਬੁਣੇ ਜਾਲ ਵਿਚ ਫ਼ਸ ਰਹੇ ਸਨ ਤੇ ਉਹ ਉਨ੍ਹਾਂ ਨੂੰ ਖਾਣ ਦੀ ਬਜਾਏ ਸਿਰਫ਼ ਖ਼ੂਨ ਪੀ ਕੇ ਥੱਲੇ ਸੁੱਟ ਦਿੰਦੀ ਤੇ ਨਵੇਂ ਆਏ ਹੋਰ ਮਹਿਮਾਨ ਨੂੰ ਫ਼ਿਰ ਜਕੜ ਲੈਂਦੀ। ਮੈਂ ਹੈਰਾਨ ਹੋਇਆ ਸਾਰਾ ਕੌਤਕ ਦੇਖ ਰਿਹਾ ਸੀ। ਮੈਨੂੰ ਮਹਿਸੂਸ ਹੋਇਆ ਕਿ ਮਨੁੱਖਤਾ ਨੂੰ ਵੀ ਇਵੇਂ ਇਕ ਮੱਕੜੀ ਸ਼ਰ੍ਹੇਆਮ ਸਬੂਤਾ ਖਾ ਰਹੀ ਹੈ, ਖ਼ੂਨ ਚੂਸ ਰਹੀ ਹੈ ਤੇ ਮਨੁੱਖਤਾ ਵਾਰ-ਵਾਰ ਉਸ ਦੇ ਬੁਣੇ ਜਾਲ ਵਿਚ ਫ਼ਸ ਰਹੀ ਹੈ। ਮੈਂ ਪਿਛਲੇ 70 ਸਾਲ ਦੇ ਇਤਿਹਾਸ 'ਤੇ ਨਜ਼ਰ ਮਾਰਦਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਮੱਕੜੀ ਸੱਚਮੁੱਚ ਸਾਡੀ ਸਾਡੀ ਸਰਕਾਰ ਹੈ ਭਾਵੇਂ ਜੋ ਆਜ਼ਾਦੀ ਤੋਂ ਬਾਅਦ ਹਮੇਸ਼ਾ ਜਾਲ ਬੁਣਦੀ ਹੈ ਤੇ ਮਨੁੱਖਤਾ ਨੂੰ ਵਿਚ ਫ਼ਸਾ ਕੇ ਖ਼ੂਨ ਚੂਸ ਰਹੀ ਹੈ। ਉਹ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ।

-ਜਗਤਾਰ ਬੈਂਸ
ਮੋਬਾ: 81461-12311


ਖ਼ਬਰ ਸ਼ੇਅਰ ਕਰੋ

ਜ਼ਰੂਰੀ ਹੈ ਵਾਤਾਵਰਨ ਦੀ ਸੰਭਾਲ

ਖੁਦਗਰਜ਼ੀ ਦੀ ਇਸ ਰਾਹ 'ਤੇ ਮਨੁੱਖ ਏਨਾ ਅੱਗੇ ਵਧ ਚੁੱਕਾ ਹੈ ਕਿ ਹੁਣ ਉਸ ਦਾ ਪਿੱਛੇ ਮੁੜਨਾ ਨਾਮੁਮਕਿਨ ਜਿਹਾ ਪ੍ਰਤੀਤ ਹੁੰਦਾ ਹੈ। ਇਸ ਸਬੰਧੀ ਤਾਜ਼ਾ ਉਦਹਾਰਨਾਂ ਪਿਛਲੇ ਕਈ ਦਿਨਾਂ ਤੋਂ ਅਖ਼ਬਾਰਾਂ ਵਿਚ ਸੁਰਖੀਆਂ ਬਣ ਕੇ ਉੱਭਰ ਰਹੀਆਂ ਹਨ। ਪਹਿਲੀ ਸਮੱਸਿਆ ਧਰਤੀ 'ਤੇ ਵਧ ਰਹੇ ਪਾਰੇ ਦੀ ਹੈ, ਜੋ ਕਿ ਆਉਂਦੇ ਦਹਾਕਿਆਂ ਵਿਚ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਬਣ ਰਿਹਾ ਹੈ। ਅਸੰਤੁਲਿਤ ਵਾਤਾਵਰਨ ਨੂੰ ਮੁੜ ਲੀਹ 'ਤੇ ਲਿਆਉਣ ਲਈ ਸੰਯੁਕਤ ਰਾਸ਼ਟਰ ਵਲੋਂ 2030 ਤੱਕ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਕਈ ਉਪਾਅ ਸੁਝਾਏ ਗਏ ਹਨ। ਭਾਰਤ ਵਿਚ ਵੀ ਮਾਨਸੂਨ ਦੌਰਾਨ ਕੇਰਲ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ 'ਚ ਵਿਗੜੇ ਹਾਲਾਤ ਭਾਰਤ ਨੂੰ ਇਸ ਦਿਸ਼ਾ 'ਚ ਪਹਿਲਕਦਮੀ ਕਰਨ ਦਾ ਇਸ਼ਾਰਾ ਦੇ ਰਹੇ ਹਨ।
ਦੂਜੀ ਸਮੱਸਿਆ ਦੂਸ਼ਿਤ ਹੋ ਰਹੇ ਪਾਣੀ ਦੀ ਹੈ। ਅਸੀਂ ਆਪ ਹੀ ਪਾਣੀ ਦੇ ਕੁਦਰਤੀ ਸੋਮਿਆਂ ਵਿਚ ਕਾਰਖਾਨਿਆਂ ਤੋਂ ਨਿਕਲ ਰਿਹਾ ਜ਼ਹਿਰ ਘੋਲ ਕੇ ਆਪਣੇ-ਆਪ ਲਈ ਕਬਰ ਖੋਦ ਰਹੇ ਹਾਂ। ਧਾਰਮਿਕ ਮਹੱਤਵ ਰੱਖਣ ਵਾਲੀ ਗੰਗਾ ਨਦੀ ਦੀ ਹੋਂਦ ਬਚਾਉਣ ਲਈ ਸਨ 2011 ਵਿਚ 115 ਦਿਨ ਦਾ ਮਰਨ ਵਰਤ ਕਰਨ ਤੋਂ ਬਾਅਦ ਸਵਾਮੀ ਨਿਗਮਾਨੰਦ ਅਤੇ ਇਸੇ ਮਹੀਨੇ 111 ਦਿਨ ਤੱਕ ਮਰਨ ਵਰਤ ਕਰਕੇ ਮੌਤ ਨੂੰ ਗਲਵਕੜੀ ਪਾਉਣ ਵਾਲੇ ਸਵਾਮੀ ਗਿਆਨ ਸਵਰੂਪ ਦੇ ਬਲੀਦਾਨ ਦੇਣ ਤੋਂ ਬਾਅਦ ਵੀ ਸਰਕਾਰਾਂ ਹੱਥ 'ਤੇ ਹੱਥ ਧਰ ਕੇ ਕਿਸ ਗੱਲ ਦੀ ਉਡੀਕ ਕਰ ਰਹੀਆਂ ਹਨ, ਇਹ ਕੋਈ ਨਹੀਂ ਜਾਣਦਾ। ਗੰਗਾ ਦੀ ਸਫਾਈ ਨੂੰ ਲੈ ਕੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਵਲੋਂ ਉਸ ਵਿਚ ਜ਼ਹਿਰੀਲੇ ਪਦਾਰਥ ਘੋਲਣ ਵਾਲੀਆਂ 350 ਕੰਪਨੀਆਂ ਨੂੰ ਬੰਦ ਕਰਨ ਦਾ ਹੁਕਮ ਮਿਲਣ ਤੋਂ ਬਾਅਦ ਸ਼ਾਇਦ ਇਸ ਦਿਸ਼ਾ 'ਚ ਕੁਝ ਸੁਧਾਰ ਆਵੇ ਇਸੇ ਤਰ੍ਹਾਂ ਐਨ.ਜੀ.ਟੀ. ਵਲੋਂ ਦਿੱਲੀ ਸਰਕਾਰ ਉੱਤੇ ਯਮੁਨਾ ਨੂੰ ਪ੍ਰਦੂਸ਼ਿਤ ਕਰਨ ਵਾਲੀ ਸਟੀਲ ਕੰਪਨੀ ਖਿਲਾਫ਼ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ 'ਤੇ ਲਗਾਇਆ ਗਿਆ 50 ਕਰੋੜ ਦਾ ਜੁਰਮਾਨਾ ਵੀ ਸਵਾਗਤਯੋਗ ਫੈਸਲਾ ਹੈ।
ਤੀਜੀ ਸਮੱਸਿਆ ਹਵਾ ਨੂੰ ਜ਼ਹਿਰੀਲੀ ਕਰ ਰਹੀ ਪਰਾਲੀ ਨਾਲ ਜੁੜੀ ਹੋਈ ਹੈ। ਇਸ ਸਬੰਧੀ ਸਰਕਾਰ ਜਿਥੇ ਕਿਸਾਨਾਂ ਉੱਤੇ ਉਸ ਵਲੋਂ ਜਾਰੀ ਕੀਤੇ ਗਏ ਫੈਸਲੇ ਨਾ ਮੰਨਣ ਦੇ ਇਲਜ਼ਾਮ ਲਾ ਰਹੀ ਹੈ, ਉੱਥੇ ਹੀ ਕਿਸਾਨਾਂ ਵਲੋਂ ਸਰਕਾਰ ਦੇ ਦਸਤਾਵੇਜ਼ੀ ਆਦੇਸ਼ਾਂ ਨੂੰ ਅਸਲੀਅਤ ਤੋਂ ਪਰ੍ਹੇ ਅਤੇ ਉਨ੍ਹਾਂ ਦੀ ਪਹੁੰਚ ਤੋਂ ਬਹੁਤ ਬਾਹਰ ਦੱਸਿਆ ਜਾ ਰਿਹਾ ਹੈ। ਕਦੇ ਸਰਕਾਰ ਵਲੋਂ ਪਰਾਲੀ ਨੂੰ ਮਿੱਟੀ ਦੇ ਵਿਚ ਹੀ ਮਿਲਾਏ ਜਾਣ ਦੀ ਗੱਲ ਕਹੀ ਜਾਂਦੀ ਹੈ ਅਤੇ ਕਦੇ ਉਸ ਤੋਂ ਖਾਦ ਬਣਾਏ ਜਾਣ ਦੀ। ਪਰ ਉਸ ਨੂੰ ਮਿੱਟੀ ਤੋਂ ਵੱਖ ਕਰਨ ਵਾਲੀਆਂ ਮਸ਼ੀਨਾਂ ਜੋ ਕਿ ਮੁਫ਼ਤ ਵਿਚ ਕਿਸਾਨਾਂ ਲਈ ਉਪਲਬਧ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਉਹ ਵੀ ਟਾਲ ਮਟੋਲ ਕਰਕੇ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਰਾਏ 'ਤੇ ਵੀ ਮਸ਼ੀਨ ਲੈ ਲੈਂਦੇ ਹਨ ਤਾਂ ਉਸ ਦਾ ਖਰਚਾ ਅਤੇ ਮਜ਼ਦੂਰਾਂ ਦੀ ਘਾਟ ਉਨ੍ਹਾਂ ਦਾ ਰਸਤਾ ਰੋਕ ਲੈਂਦੀ ਹੈ। ਇਸੇ ਘੁੰਮਣਘੇਰੀ ਵਿਚ ਨੁਕਸਾਨ ਆਮ ਆਦਮੀ ਦਾ ਹੁੰਦਾ ਹੈ, ਜੋ ਪਹਿਲਾਂ ਤਾਂ ਜ਼ਹਿਰੀਲੀ ਹਵਾ ਕਰਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹੀਆਂ ਸਥਿਤੀਆਂ ਵਿਚ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਾਜ ਨਾਲ ਜੁੜੇ ਹਰੇਕ ਉਸ ਵਿਅਕਤੀ ਦੀ ਬਣਦੀ ਹੈ, ਜੋ ਇਸ ਧਰਤੀ ਦਾ ਹਿੱਸਾ ਹੈ। ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਕੁਦਰਤ ਵਲੋਂ ਪ੍ਰਦਾਨ ਕੀਤੇ ਗਏ ਅਨਮੋਲ ਤੋਹਫਿਆਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਨਾਲ ਅਸੀਂ ਨਾ ਸਿਰਫ ਆਪਣੀ ਜਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਲਕਿ ਪੂਰੀ ਧਰਤੀ ਉੱਤੇ ਜੀਵਨ ਦੀ ਹੋਂਦ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸਾਡੇ ਵਲੋਂ ਚੁਣੇ ਗਏ ਹੁਕਮਰਾਨ ਜਦੋਂ ਆਪਣੇ ਕੀਤੇ ਵਾਅਦਿਆਂ ਦੀ ਥਾਂ ਉਦਯੋਗਿਕ ਘਰਾਣਿਆਂ ਦੇ ਹਿਤਾਂ ਨੂੰ ਤਵੱਜੋ ਦੇਣ ਲੱਗ ਜਾਣ ਤਾਂ ਜਨਤਾ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੁਕਮਰਾਨਾਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਵਾਅਦਿਆਂ ਦੀ ਯਾਦ ਜ਼ਰੂਰ ਕਰਵਾਏ। ਜ਼ਿੰਦਗੀ ਜਿਊਣ ਦੇ ਨਾਲ-ਨਾਲ ਸਾਫ਼ ਪਾਣੀ ਪੀਣਾ, ਸਾਫ਼ ਹਵਾ 'ਚ ਸਾਹ ਲੈਣਾ ਅਤੇ ਸਵੱਛਤਾ ਪ੍ਰਤੀ ਲੋੜੀਂਦੇ ਕਦਮ ਚੁੱਕਣਾ ਸਾਡਾ ਹੱਕ ਹੈ ਅਤੇ ਉਸ ਲਈ ਜ਼ਰੂਰੀ ਹੈ ਕਿ ਅਸੀਂ ਮੁਨਾਫਾਖੋਰੀ ਦੀ ਥਾਂ ਰੋਗਮੁਕਤ ਜੀਵਨ ਪ੍ਰਣਾਲੀ ਨੂੰ ਅਹਿਮੀਅਤ ਦਈਏ।

-ਅਸਿਸਟੈਂਟ ਪ੍ਰੋਫੈਸਰ, ਪੱਤਰਕਾਰੀ ਅਤੇ ਜਨਸੰਚਾਰ, ਲਾਇਲਪੁਰ ਖਾਲਸਾ ਕਾਲਜ, ਜਲੰਧਰ।
vijaytakapoor@gmail.com

ਮਾਣ-ਮੱਤੇ ਅਧਿਆਪਕ-15

ਅਧਿਆਪਨ ਕਾਰਜ ਨੂੰ ਮਿਸ਼ਨਰੀ ਭਾਵਨਾ ਨਾਲ ਕਰਨ ਵਾਲੇ ਕੌਮੀ ਪੁਰਸਕਾਰ ਪ੍ਰਾਪਤ-ਡਾ: ਓਮ ਪ੍ਰਕਾਸ਼ ਸੇਤੀਆ

ਸ੍ਰੀ ਓਮ ਪ੍ਰਕਾਸ਼ ਸੇਤੀਆ ਅਧਿਆਪਕ ਵਰਗ ਨੂੰ ਸਮਰਪਿਤ ਉਹ ਮਾਣਮੱਤੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਵਾਰ-ਵਾਰ ਸਲਿਊਟ ਕਰਨ ਲਈ ਜੀਅ ਕਰਦਾ ਹੈ। ਸਾਈਕਲ 'ਤੇ ਦੁੱਧ ਵੇਚਣ ਦੀ ਸੱਚੀ ਕਿਰਤ ਕਰਕੇ ਐਮ.ਏ. ਪੰਜਾਬੀ, ਐਮ.ਫਿਲ., ਐਮ.ਐੱਡ., ਪੀ.ਐਚ.ਡੀ. ਤੱਕ ਗਿਆਨ ਹਾਸਲ ਕਰ ਚੁੱਕੇ ਸ੍ਰੀ ਸੇਤੀਆ ਇਨਸਾਨੀਅਤ ਨੂੰ ਆਪਣਾ ਘਰ ਅਤੇ ਕੁਦਰਤ ਨੂੰ ਆਪਣਾ ਧਰਮ ਮੰਨਦੇ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੁੱਬਣ ਵਿਚ 6 ਅਕਤੂਬਰ, 1963 ਨੂੰ ਪਿਤਾ ਸ੍ਰੀ ਮਦਨ ਲਾਲ ਸੇਤੀਆ ਅਤੇ ਮਾਤਾ ਸ੍ਰੀਮਤੀ ਈਸ਼ਵਰ ਦੇਵੀ ਦੇ ਘਰ ਜਨਮੇ ਸ੍ਰੀ ਸੇਤੀਆ ਨੇ ਸਮਾਜ ਵਿਚ ਇਕ ਚੰਗੀ ਸੋਚ ਨਾਲ ਨਵੀਆਂ ਲੀਹਾਂ ਹੀ ਪਾਈਆਂ ਹਨ। ਜਵਾਹਰ ਨਵੋਦਿਆ ਵਿਦਿਆਲਿਆ ਬਲੀਆ ਉੱਤਰ ਪ੍ਰਦੇਸ਼ ਤੋਂ 14 ਜੁਲਾਈ, 1990 ਨੂੰ ਅਧਿਆਪਨ ਕਾਰਜ ਸ਼ੁਰੂ ਕਰਨ ਉਪਰੰਤ ਸ੍ਰੀ ਸੇਤੀਆ 14 ਮਾਰਚ, 1996 ਨੂੰ ਬਤੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਹੀਆਂ ਸਰਵਰ, ਜ਼ਿਲ੍ਹਾ ਫਾਜ਼ਿਲਕਾ ਵਿਚ ਤਾਇਨਾਤ ਹੋਏ।
ਉਸ ਉਪਰੰਤ ਉਹ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ, 2009 ਵਿਚ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋ, ਸਾਲ 2011 ਤੋਂ 2017 ਤੱਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਮਾਨਸਾ ਵਿਖੇ ਕਰੀਬ 12 ਲੱਖ ਰੁਪਏ ਦਾਨ ਵਜੋਂ ਲਗਵਾਏ। ਸਕੂਲ ਵਿਚ ਚਾਰ ਪਾਰਕ, ਝੂਲੇ, ਕਮਰੇ, ਬਾਥਰੂਮ, ਸਟੇਜ, ਵਰਾਂਡਾ ਅਤੇ 8 ਅਧਿਆਪਕ ਪੀ.ਟੀ.ਏ. 'ਤੇ ਰੱਖਦੇ ਹੋਏ ਵੀ ਸਾਇੰਸ, ਕਾਮਰਸ ਤੇ ਆਰਟਸ ਤੇ 100 ਫੀਸਦੀ ਨਤੀਜੇ ਦਿੱਤੇ ਅਤੇ ਅੱਜਕਲ੍ਹ ਸਿਪਾਹੀ ਦਰਸ਼ਨ ਸਿੰਘ ਸ: ਸੀ: ਸੈ: ਸਕੂਲ ਸ਼ੇਰੋ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ। ਇੱਥੇ ਵੀ ਉਨ੍ਹਾਂ ਦੀ ਮਿਹਨਤ ਆਪਮੁਹਾਰੇ ਬੋਲ ਰਹੀ ਹੈ। ਉਨ੍ਹਾਂ ਨੇ ਸਮਾਜ ਸੇਵਾ ਵਿਚ ਵਧ-ਚੜ੍ਹ ਕੇ ਕੰੰਮ ਕੀਤਾ। ਪੰਜਾਬ ਦੇ ਕਾਲੇ ਦੌਰ ਮੌਕੇ ਵੀ ਉਨ੍ਹਾਂ ਪੀੜਤਾਂ ਦੀ ਮਦਦ ਕੀਤੀ, ਜਿਸ ਕਰਕੇ ਭਰ ਜਵਾਨੀ ਵਿਚ ਹੀ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਰਾਜ ਯੁਵਾ ਪੁਰਸਕਾਰ ਨਾਲ ਨਿਵਾਜਿਆ ਗਿਆ। ਲੋੜਵੰਦ ਬੱਚਿਆਂ ਨੂੰ ਘਰ ਜਾ ਕੇ ਪੜ੍ਹਾਉਣਾ, ਸ਼ਾਮ ਨੂੰ 7 ਵਜੇ ਤੱਕ ਵਾਧੂ ਸਮਾਂ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾਉਣਾ, ਲੋੜਵੰਦ ਵਿਦਿਆਰਥੀਆਂ ਲਈ ਮਾਪਿਆਂ ਵਾਲੇ ਫਰਜ਼ ਪੂਰੇ ਕਰਨੇ ਉਨ੍ਹਾਂ ਦਾ ਮੁਢਲਾ ਕਾਰਜ ਰਿਹਾ ਹੈ।
ਐਨ.ਸੀ.ਸੀ., ਸਕਾਊਟਿੰਗ, ਐਨ.ਐਸ.ਐਸ. ਵਿਚ ਕੌਮੀ ਪੱਧਰ 'ਤੇ ਮੱਲਾਂ ਮਾਰ ਚੁੱਕੇ ਹਨ ਅਤੇ 800 ਤੋਂ ਵੱਧ ਵਿਦਿਆਰਥੀਆਂ ਨੂੰ ਮੁਢਲੀ ਸਹਾਇਤਾ ਤੇ ਹੋਮ ਨਰਸਿੰਗ ਵਿਚ ਟ੍ਰੇਂਡ ਕਰਕੇ ਲੋਕ ਸਹਾਇਤਾ ਲਈ ਤਿਆਰ ਕਰ ਚੁੱਕੇ ਹਨ। ਸ੍ਰੀ ਸੇਤੀਆ ਨੇ ਪ੍ਰਦੂਸ਼ਣ ਖਿਲਾਫ ਵੀ ਝੰਡਾ ਚੁੱਕਿਆ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦੇ ਨਾਲ-ਨਾਲ ਸਕੂਲ ਦਾ ਆਲਾ-ਦੁਆਲਾ ਹਰਿਆ-ਭਰਿਆ ਬਣਾਇਆ ਹੈ। ਇਕ ਲੇਖਕ ਵਜੋਂ 'ਗੁਲਦਸਤਾ' ਨਾਮੀ ਪੁਸਤਕ ਉਪਰੰਤ ਉਨ੍ਹਾਂ ਵਲੋਂ 'ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਤੇ ਆਲੋਚਨਾਤਮਕ ਅਧਿਐਨ' ਪੁਸਤਕ ਨਾਲ ਸਾਹਿਤ ਖੇਤਰ ਵਿਚ ਨਿੱਗਰ ਯੋਗਦਾਨ ਪਾਇਆ ਜਾ ਰਿਹਾ ਹੈ।
ਜੀਵਨ ਦੇ ਇਸ ਵੱਡੇ ਮੁਕਾਮ 'ਤੇ ਪਹੁੰਚ ਕੇ ਵੀ ਨਿਮਰਤਾ ਤੇ ਸਾਦਗੀ ਉਨ੍ਹਾਂ ਦੇ ਵੱਡੇ ਗੁਣ ਹਨ। ਇਸ ਮਾਣਮੱਤੇ ਅਧਿਆਪਕ ਨੂੰ ਸਾਲ 2013 ਵਿਚ ਰਾਜ ਸਰਕਾਰ ਵਲੋਂ ਰਾਜ ਪੱਧਰੀ ਅਧਿਆਪਕ ਪੁਰਸਕਾਰ ਅਤੇ 2016 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ ਦੇ ਨਾਲ ਹੀ ਮਨਿਸਟਰੀ ਆਫ ਯੂਥ ਸਰਵਿਸ ਪੰਜਾਬ ਐਵਾਰਡ, ਡਾ: ਰਾਧਾ ਕ੍ਰਿਸ਼ਨਨ ਯਾਦਗਾਰੀ ਪੁਰਸਕਾਰ, ਐਮੀਨੇਟ ਬੈਸਟ ਕਪਲ ਟੀਚਰ ਰਾਜ ਪੁਰਸਕਾਰ, ਇੰਦਰਾ ਗਾਂਧੀ ਗਿਆਨ ਪੀਠ ਪੁਰਸਕਾਰ, ਉਪ ਰਾਸ਼ਟਰਪਤੀ ਪੁਰਸਕਾਰ, ਐਨ.ਸੀ.ਸੀ. ਕਮੈਨਡੇਸ਼ਨ ਐਵਾਰਡ 2014 ਤਹਿਤ ਕੈਪਟਨ ਰੈਂਕ ਸਮੇਤ ਹੋਰ ਕਿੰਨੇ ਹੀ ਪੁਰਸਕਾਰ ਮਿਲਣ ਦਾ ਮਾਣ ਹਾਸਲ ਹੈ ਤੇ ਉਨ੍ਹਾਂ ਦੇ ਨਿਰਸੁਆਰਥ ਕਾਰਜ ਅਜੇ ਵੀ ਜਾਰੀ ਹਨ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਨ੍ਹਾਂ ਨੂੰ ਪਰਿਵਾਰ ਸਮੇਤ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਤਾਂ ਜੋ ਉਹ ਸਿੱਖਿਆ ਜਗਤ ਲਈ ਹੋਰ ਉੱਚੀ ਉਡਾਨ ਭਰ ਸਕਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 936565-52000

ਰਿਸ਼ਤੇ ਸੰਭਾਲਣਾ ਅਜੋਕੇ ਸਮੇਂ ਦੀ ਲੋੜ

ਰਿਸ਼ਤੇ-ਨਾਤੇ ਹੀ ਮਨੁੱਖ ਦੇ ਵਜੂਦ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਜੇ ਰਿਸ਼ਤੇ ਹੀ ਮਨਫ਼ੀ ਕਰ ਦਈਏ ਤਾਂ ਮਨੁੱਖ ਅਤੇ ਪਸ਼ੂਆਂ ਵਿਚ ਅੰਤਰ ਹੀ ਕੋਈ ਨਹੀਂ। ਜਨਮ ਦੇ ਨਾਲ ਹੀ ਸਾਡੇ ਅਣਗਿਣਤ ਰਿਸ਼ਤੇ ਜੁੜ ਜਾਂਦੇ ਹਨ। ਇਕ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਰਿਸ਼ਤਿਆਂ ਦਾ ਸੰਸਾਰ ਵੀ ਵਧਦਾ ਜਾਂਦਾ ਹੈ। ਪਰਿਵਾਰ ਸਾਰੇ ਰਿਸ਼ਤਿਆਂ ਦੀ ਵਿਰਾਸਤ ਹੁੰਦਾ ਹੈ। ਮਾਂ-ਬਾਪ ਕੋਲੋਂ ਹੀ ਅਸੀਂ ਮਮਤਾ, ਤਿਆਗ, ਸਮਰਪਣ, ਦਇਆ ਤੇ ਅਨੁਸ਼ਾਸਤ ਜੀਵਨ ਜਿਉਣਾ ਸਿੱਖਦੇ ਹਾਂ। ਭੈਣ-ਭਰਾਵਾਂ ਕੋਲੋਂ ਪਿਆਰ, ਸਤਿਕਾਰ, ਸਨੇਹ, ਜ਼ਿੰਮੇਵਾਰੀ ਤੇ ਵਿਸ਼ਵਾਸ ਵਰਗੇ ਗੁਣ ਸਿੱਖਦੇ ਹਾਂ। ਸਾਡਾ ਸਮਾਜ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈ। ਇਕ-ਦੂਜੇ ਕੋਲੋਂ ਕੁਝ ਨਾ ਕੁਝ ਸਿੱਖ-ਸਿਖਾ ਕੇ ਹੀ ਅਸੀਂ ਜ਼ਿੰਦਗੀ ਵਿਚ ਅੱਗੇ ਵਧਦੇ ਜਾਂਦੇ ਹਾਂ।
ਕਹਿੰਦੇ ਹਨ ਕਿ ਰਿਸ਼ਤੇ ਹਵਾ ਦੀ ਤਰ੍ਹਾਂ ਹੁੰਦੇ ਹਨ, ਜਿਹੜੇ ਸਾਡੇ ਆਸੇ-ਪਾਸੇ ਰਹਿ ਕੇ ਸਾਨੂੰ ਸਾਹ ਦਿੰਦੇ ਹਨ ਤੇ ਜੇ ਕਿਤੇ ਰਿਸ਼ਤਿਆਂ ਦਾ ਸਹਾਰਾ ਨਾ ਮਿਲੇ ਤਾਂ ਹਾਲਾਤ ਦੁਖਦਾਈ ਬਣ ਜਾਂਦੇ ਹਨ। ਜ਼ਿੰਦਗੀ ਦਾ ਆਨੰਦ ਲੈਣ ਲਈ ਰਿਸ਼ਤਿਆਂ ਦੀ ਖੂਬਸੂਰਤੀ ਜ਼ਰੂਰੀ ਹੈ। ਇਕੱਲਤਾ ਭੋਗਣਾ ਬੜਾ ਔਖਾ ਹੈ। ਇਹੀ ਸਾਨੂੰ ਭਟਕਣ ਤੋਂ ਬਚਾਉਂਦੇ ਹਨ ਅਤੇ ਕਈ ਵਾਰੀ ਖੁਦਕੁਸ਼ੀ ਵਰਗੇ ਰਾਹ ਵੱਲ ਜਾਣ ਤੋਂ ਵੀ ਰੋਕਦੇ ਹਨ।
ਪਰ ਅਜੋਕੇ ਸਮੇਂ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਿੜਕ ਰਹੇ ਹਨ। ਵਿਸ਼ਵਾਸ ਦੀ ਨੀਂਹ ਕਮਜ਼ੋਰ ਪੈ ਰਹੀ ਹੈ। ਕਾਰਨ ਤਾਂ ਬਹੁਤ ਹਨ। ਅੱਜ ਦੇ ਮਨੁੱਖ ਉੱਤੇ ਤਕਨੀਕੀ ਸਹੂਲਤਾਂ ਜ਼ਿਆਦਾ ਭਾਰੂ ਹੋ ਰਹੀਆਂ ਹਨ ਤੇ ਰਿਸ਼ਤੇ ਦਰਕਿਨਾਰ ਹੁੰਦੇ ਜਾ ਰਹੇ ਹਨ। ਅੱਜਕਲ੍ਹ ਰਿਸ਼ਤਿਆਂ ਨਾਲੋਂ ਜ਼ਰੂਰੀ ਇੰਟਰਨੈੱਟ ਤੇ ਮੋਬਾਈਲ ਹੋ ਗਿਆ ਹੈ। ਆਪਸ ਵਿਚ ਗੱਲਬਾਤ ਕਰਦੇ ਹੋਇਆਂ ਵਾਰ-ਵਾਰ ਮੋਬਾਈਲ ਨੂੰ ਤੱਕਦੇ ਰਹਿਣਾ ਰਿਸ਼ਤੇ ਕਮਜ਼ੋਰ ਕਰ ਰਿਹਾ ਹੈ। ਰਿਸ਼ਤਿਆਂ ਨੂੰ ਚਲਾਉਣ ਲਈ ਆਪਸੀ ਪਿਆਰ, ਇੱਜ਼ਤ, ਸਮਾਂ ਦੇਣਾ, ਸਹੀ ਤਾਲਮੇਲ ਬਿਠਾਉਣਾ, ਸਹਿਣਸ਼ੀਲਤਾ ਤੇ ਇਕ-ਦੂਜੇ ਨੂੰ ਸਮਝਣ ਦੀ ਜਾਚ ਜ਼ਰੂਰੀ ਹੈ। ਸਿਰਫ ਇਕ ਪਾਸੇ ਤੋਂ ਹੀ ਨਹੀਂ, ਦੂਜੇ ਪਾਸਿਓਂ ਵੀ ਖਿਆਲ ਰੱਖਣਾ ਜ਼ਰੂਰੀ ਹੈ। ਰਿਸ਼ਤੇ ਤਾਂ ਮੁੱਠੀ ਵਿਚ ਰੱਖੀ ਰੇਤ ਵਾਂਗ ਹੁੰਦੇ ਹਨ, ਖੁੱਲ੍ਹੇ ਅਤੇ ਹਲਕੇ ਹੱਥਾਂ ਵਿਚ ਫੜ ਕੇ ਰੱਖਾਂਗੇ ਤਾਂ ਬਣੇ ਰਹਿਣਗੇ, ਨਹੀਂ ਤਾਂ ਦਬਾਅ ਪੈਂਦੇ ਹੀ ਹੱਥ ਤੋਂ ਤਿਲਕ ਜਾਣਗੇ।
ਜ਼ਿੰਦਗੀ ਵਿਚ ਹਰ ਰਿਸ਼ਤਾ ਜ਼ਰੂਰੀ ਹੈ। ਇਮਾਨਦਾਰੀ ਭਰਪੂਰ ਰਿਸ਼ਤੇ ਜ਼ਿੰਦਗੀ ਨੂੰ ਉਲਝਣ ਤੋਂ ਬਚਾਉਂਦੇ ਹਨ। ਔਖੀ ਘੜੀ ਵਿਚ ਸਾਡਾ ਰਾਹ ਰੌਸ਼ਨ ਕਰਦੇ ਹਨ। ਰਿਸ਼ਤੇ ਤਾਂ ਰੂਹਾਂ ਦੀ ਸਾਂਝ ਹੁੰਦੇ ਹਨ। 'ਰਿਸ਼ਤਾ ਕਿਹੋ ਜਿਹਾ ਹੈ?' ਇਹ ਮਾਇਨੇ ਨਹੀਂ ਰੱਖਦਾ, ਬਲਕਿ ਰਿਸ਼ਤੇ ਵਿਚ ਕਿੰਨਾ ਆਪਣਾਪਨ ਹੈ, ਕਿੰਨਾ ਭਾਵਨਾਤਮਕ ਜੁੜਾਅ ਹੈ, ਇਹ ਜ਼ਿਆਦਾ ਮਹੱਤਵਪੂਰਨ ਹੈ। ਰਿਸ਼ਤਿਆਂ ਵਿਚਲੀ ਨਿੱਘ ਖੁਸ਼ੀ ਦਿੰਦੀ ਹੈ। ਜ਼ਿੰਦਗੀ ਇਨ੍ਹਾਂ ਨਾਲ ਚਲਦੀ ਹੈ। ਦੁੱਖ ਵੇਲੇ ਜਦੋਂ ਕੋਈ ਸਾਡੇ ਸਿਰ 'ਤੇ ਹੱਥ ਧਰ ਦਿੰਦਾ ਹੈ ਤਾਂ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਮਹਿਸੂਸ ਹੁੰਦਾ। ਸਾਡੇ ਅੰਦਰ ਦੁੱਖਾਂ ਨਾਲ ਲੜਨ ਦੀ ਹਿੰਮਤ ਭਰ ਜਾਂਦੀ ਹੈ। ਇਹੀ ਤਾਂ ਜਾਦੂ ਹੈ, ਇਨ੍ਹਾਂ ਮੋਹ ਭਿੱਜੇ ਰਿਸ਼ਤਿਆਂ ਦਾ। ਇਕ ਰੂਹ ਨਾਲ ਰੂਹ ਦਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ, ਨਹੀਂ ਤਾਂ ਇਥੇ ਕੌਣ ਕਿਸੇ ਦਾ ਕੀ ਲਗਦਾ ਹੈ? ਰਿਸ਼ਤਿਆਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ ਅਤੇ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਇਨਸਾਨੀਅਤ ਦਾ। ਰਿਸ਼ਤੇ ਹਨ ਤਾਂ ਹੀ ਅਸੀਂ ਹਾਂ।

-738/7, ਗੁਰੂ ਨਾਨਕ ਨਗਰ, ਪਟਿਆਲਾ।

ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਚੰਗੀਆਂ ਮਸ਼ੀਨਾਂ ਦੀ ਲੋੜ

ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਇਸ ਦੇ 65 ਫ਼ੀਸਦੀ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਖੇਤੀਬਾੜੀ ਕਰ ਕੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਆਪਣੇ ਦੇਸ਼ ਦੇ ਅੰਨ-ਭੰਡਾਰ ਨੂੰ ਭਰਨ ਲਈ ਪੰਜਾਬ ਪਹਿਲਾ ਸਥਾਨ ਰੱਖਦਾ ਹੈ। ਭਾਰਤ ਦੀ ਆਬਾਦੀ 130 ਕਰੋੜ ਦੇ ਲਗਪਗ ਹੈ। ਪ੍ਰਦੂਸ਼ਣ ਤਾਂ ਆਬਾਦੀ ਦਾ ਹੀ ਬਹੁਤ ਹੈ। ਜਦੋਂ ਕਿਸਾਨ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਉਸ ਸਮੇਂ ਜੋ ਵੀ ਮਿੱਤਰ ਕੀੜੇ ਹਨ, ਉਹ ਅੱਗ ਦੀ ਲਪੇਟ ਵਿਚ ਆ ਜਾਂਦੇ ਹਨ ਅਤੇ ਉਸ ਨਾਲ ਪ੍ਰਦੂਸ਼ਣ ਸਾਰੇ ਦੇਸ਼ ਵਿਚ ਫੈਲ ਜਾਂਦਾ ਹੈ ਅਤੇ ਹਵਾ ਰਾਹੀਂ ਦੂਸਰੇ ਦੇਸ਼ਾਂ ਨੂੰ ਵੀ ਚਲਾ ਜਾਂਦਾ ਹੈ।
ਸਹੀ ਰੂਪ ਵਿਚ ਸਰਕਾਰਾਂ ਨੂੰ ਹੁਣ ਤੱਕ ਇਸ ਦਾ ਕੋਈ ਸਥਾਈ ਹੱਲ ਨਹੀਂ ਲੱਭਿਆ। ਸਗੋਂ ਇਸ ਦੇ ਉਲਟ ਮਾੜੇ ਅਤੇ ਬੇਕਾਰ ਸੰਦ ਹੀ ਪਰਾਲੀ ਨੂੰ ਨਸ਼ਟ ਕਰਨ ਲਈ ਬਣਾਏ ਹਨ। ਜਿਹੜੇ ਪਰਾਲੀ ਨੂੰ ਨਸ਼ਟ ਕਰਨ ਲਈ ਪੂਰੀ ਤਰ੍ਹਾਂ ਕਾਰਗਰ ਨਹੀਂ ਹਨ ਅਤੇ ਸੰਦ ਬਣਾਉਣ ਵਾਲੀਆਂ ਫਰਮਾਂ ਨੂੰ ਲੱਖਾਂ ਕਰੋੜਾਂ ਦੀਆਂ ਸਬਸਿਡੀਆਂ ਲੁਟਾ ਦਿੰਦੇ ਹਨ। ਬਰੀਕ ਹੋਈ ਪਰਾਲੀ ਤੁਸੀਂ ਸਾਰੇ ਦੇਸ਼ ਵਿਚ ਬਿਜਲੀ ਪਲਾਂਟਾਂ 'ਤੇ ਵਰਤ ਸਕਦੇ ਹੋ, ਤੁਹਾਨੂੰ ਬਾਹਰੋਂ ਕੋਲਾ ਮੰਗਵਾਉਣ ਦੀ ਲੋੜ ਹੀ ਨਹੀਂ ਪਵੇਗੀ ਜੇਕਰ ਇਸ ਤਰ੍ਹਾਂ ਦਾ ਸੰਦ ਬਣਾ ਲਿਆ ਜਾਵੇ। ਇਹ ਕੱਟੀ ਹੋਈ ਪਰਾਲੀ ਸੰਭਾਲਣੀ ਬਹੁਤ ਸੌਖੀ ਹੈ, ਜਿਵੇਂ ਝੋਨੇ ਤੋਂ ਫੱਕ ਬਣਦੀ ਹੈ, ਉਸੇ ਤਰ੍ਹਾਂ ਤੁਸੀਂ ਇਸ ਨੂੰ ਵਰਤ ਸਕਦੇ ਹੋ ਅਤੇ ਜ਼ਿਮੀਂਦਾਰ ਵੀ ਅਸਾਨੀ ਨਾਲ ਰਲਾ ਕੇ ਆਲੂ ਦੀ ਫਸਲ ਜਲਦੀ ਬੀਜ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਜਿਹੀ ਯੂਨੀਵਰਸਿਟੀ ਹੈ, ਜਿਸ ਕੋਲ ਪਰਾਲੀ ਨੂੰ ਨਸ਼ਟ ਕਰਕੇ ਖੇਤਾਂ ਵਿਚ ਮਿਲਾਉਣ ਅਤੇ ਖਾਦ ਬਣਾਉਣ ਦੇ ਸਾਧਨ ਕੱਢਣ ਦੀ ਸਮਰੱਥਾ ਹੈ, ਉਨ੍ਹਾਂ ਕੋਲ ਫੰਡਾਂ ਦੀ ਬਹੁਤ ਘਾਟ ਹੈ। ਜਿਹੜੇ ਫੰਡ ਆਉਂਦੇ ਹਨ, ਉਹ ਤਨਖਾਹਾਂ ਵਿਚ ਹੀ ਨਿਕਲ ਜਾਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਬਹੁਤ ਚੰਗੇ ਵਿਗਿਆਨੀ ਹਨ ਪਰ ਉਹ ਫੰਡ ਨਾ ਹੋਣ ਕਾਰਨ ਉਹ ਅੱਗੇ ਖੋਜ ਨਹੀਂ ਕਰ ਸਕਦੇ। ਜੇਕਰ ਫੰਡ ਚਾਰ ਗੁਣਾ ਵੱਧ ਕਰ ਦਿੱਤਾ ਜਾਵੇ ਤਾਂ ਉਹ ਪਰਾਲੀ ਨੂੰ ਨਸ਼ਟ ਕਰਨ ਲਈ ਦਿੱਤਾ ਜਾਵੇ 100 ਫ਼ੀਸਦੀ ਹੱਲ ਕੱਢਿਆ ਜਾ ਸਕਦਾ ਹੈ।
ਜਿੰਨਾ ਚਿਰ ਭਾਰਤ ਦੇ ਵਿਗਿਆਨੀਆਂ ਨੂੰ ਇਸ ਦਾ ਸਥਾਈ ਹੱਲ ਨਹੀਂ ਲੱਭਦਾ, ਓਨਾ ਚਿਰ ਹਰ ਇਕ ਸਰਕਾਰ ਨੂੰ ਜ਼ਿਮੀਂਦਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਕਿਉਂਕਿ 4000-5000 ਰੁਪਏ ਦਾ ਡੀਜ਼ਲ ਬਹੁਤ ਜ਼ਿਆਦਾ ਹੈ ਅਤੇ ਨਾ ਹੀ ਇਨ੍ਹਾਂ ਦੇ ਕੱਢੇ ਹੋਏ ਸੰਦ ਇਸ ਦਾ ਬਦਲ ਹਨ, ਇਸ ਕਰਕੇ ਸਬਸਿਡੀ ਜਾਂ ਵਾਧੂ ਪੈਸਾ ਦੇਸ਼ ਦੇ ਵੱਖ-ਵੱਖ ਖੋਜ ਕੇਂਦਰਾਂ ਨੂੰ ਦਿੱਤਾ ਜਾਵੇ ਤਾਂ ਕਿ ਪਰਾਲੀ ਪ੍ਰਦੂਸ਼ਣ ਦਾ ਸਹੀ ਹੱਲ ਮਿਲ ਸਕੇ।
ਸਾਡੀ ਕਿਸਾਨਾਂ ਦੀ ਬੇਨਤੀ ਹੈ ਕਿ ਨਵੀਆਂ ਮਸ਼ੀਨਾਂ ਪਰਾਲੀ ਦੇ ਸਥਾਈ ਹੱਲ ਲਈ ਬਾਹਰੋਂ ਮੰਗਵਾਈਆਂ ਜਾਣ ਜੋ ਪਰਾਲੀ ਦਾ ਸਹੀ ਰੂਪ ਵਿਚ ਸਥਾਈ ਹੱਲ ਕੱਢ ਸਕਣ ਜਾਂ ਜਿੰਨੇ ਵੀ ਕੰਬਾਈਨਾਂ, ਹਰਵੈਸਟਰ ਬਣਾਉਣ ਵਾਲੇ ਕਾਰਖਾਨੇ ਹਨ, ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਕਿ ਉਹ ਸਾਨੂੰ ਕੰਬਾਈਨ ਦੇ ਰੂਪ ਵਿਚ ਕਟਰ ਬਣਾ ਕੇ ਦੇਣ ਜਿਹੜਾ ਇਕ ਇੰਚ ਪੀਸ ਕਰੇ, ਇਸ ਤਰ੍ਹਾਂ ਕਰਨ ਨਾਲ ਪਰਾਲੀ ਪ੍ਰਦੂਸ਼ਣ ਦਾ 100 ਫ਼ੀਸਦੀ ਹੱਲ ਨਿਕਲ ਆਏਗਾ ਅਤੇ ਜ਼ਿਮੀਂਦਾਰ ਕਰੋੜਾਂ ਟਨ ਪਰਾਲੀ ਪਲਾਂਟਾਂ ਲਈ ਜਮ੍ਹਾਂ ਵੀ ਕਰ ਸਕੇਗਾ ਅਤੇ ਆਪਣੀ ਖੇਤੀ ਲਈ ਜੈਵਿਕ ਖਾਦ ਵੀ ਬਣਾ ਸਕੇਗਾ। ਸਾਡੀ ਇਹੋ ਬੇਨਤੀ ਹੈ ਕਿ ਸਬਸਿਡੀ ਜਿਹੜੀ ਤੁਸੀਂ ਦੇ ਰਹੇ ਹੋ, ਉਹ ਇਹੋ ਜਿਹੀਆਂ ਮਸ਼ੀਨਾਂ 'ਤੇ ਦਿੱਤੀ ਜਾਵੇ ਜਿਹੜੀਆਂ ਪਰਾਲੀ ਦੀ 100 ਫ਼ੀਸਦੀ ਸੰਭਾਲ ਕਰ ਸਕਣ ਅਤੇ ਪਰਾਲੀ ਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ।

-ਪਿੰਡ ਬਰਿੰਦਰਪੁਰ, ਡਾਕ: ਸ਼ੇਖੂਪੁਰ, ਕਪੂਰਥਲਾ।
ਮੋਬਾਈਲ : 98722-94942.

ਗ਼ਰੀਬੀ ਰੇਖਾ ਤੋਂ ਹੇਠਾਂ ਕੌਣ?

ਅਜੋਕੇ ਦੌਰ ਅੰਦਰ ਨਿੱਤ ਵਧਦੀ ਮਹਿੰਗਾਈ ਨੂੰ ਦੇਖਦਿਆਂ ਜ਼ਿਹਨ ਵਿਚ ਇਕ ਸਵਾਲ ਨਿਰੰਤਰ ਉੱਠਦਾ ਹੈ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਕਿਸ ਵਰਗ ਨੂੰ ਰੱਖਿਆ ਜਾਵੇ? ਉਹ ਵਰਗ ਜੋ ਅਣਸਿੱਖਿਅਤ ਹੋਣ ਦੇ ਬਾਵਜੂਦ ਮਜ਼ਦੂਰੀ ਕਰਕੇ 350-500 ਰੁਪਏ ਦਿਹਾੜੀ ਕਮਾਉਂਦਾ ਹੈ ਜਾਂ ਫਿਰ ਸਰਕਾਰ ਦੀਆਂ ਲੋਟੂ ਨੀਤੀਆਂ ਦਾ ਸ਼ਿਕਾਰ ਅਤੇ ਛੇ ਹਜ਼ਾਰੀ/ਇਸ ਤੋਂ ਵੀ ਘੱਟ ਮਹੀਨਾ ਕਮਾਉਣ ਵਾਲਾ ਸਰਕਾਰੀ ਠੇਕਾ ਮੁਲਾਜ਼ਮ। ਭਾਵੇਂ ਸਰਕਾਰ ਨੇ ਵੱਖੋ-ਵੱਖਰੇ ਸਰਕਾਰੀ ਵਿਭਾਗਾਂ ਅੰਦਰ ਠੇਕਾ ਪ੍ਰਣਾਲੀ ਨੂੰ ਆਧਾਰ ਬਣਾਉਂਦਿਆਂ ਭਰਤੀ ਨੂੰ ਆਰੰਭਿਆ ਹੈ, ਪਰ ਇਸ ਦਾ ਸਭ ਤੋਂ ਮਾੜਾ ਪ੍ਰਭਾਵ ਅਧਿਆਪਕ ਵਰਗ 'ਤੇ ਨਜ਼ਰੀਂ ਆਉਂਦਾ ਹੈ। ਅਧਿਆਪਕ, ਜਿਸ ਨੂੰ 'ਰਾਸ਼ਟਰ ਦਾ ਨਿਰਮਾਤਾ' ਹੋਣ ਦਾ ਮਾਣ ਪ੍ਰਾਪਤ ਹੈ, ਅੱਜ ਸਰਕਾਰ ਦੀਆਂ ਕੋਝੀਆਂ ਤੇ ਮਾਰੂ ਨੀਤੀਆਂ ਕਾਰਨ ਸੜਕਾਂ 'ਤੇ ਰੁਲਣ ਲਈ ਮਜਬੂਰ ਹੈ। ਉੱਚ-ਯੋਗਤਾ ਪ੍ਰਾਪਤ ਵਰਗ ਦਾ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨਾ, ਇਸ ਬੁੱਧੀਜੀਵੀ ਵਰਗ ਦੀ ਸਰੀਰਕ ਅਤੇ ਮਾਨਸਿਕ ਲੁੱਟ ਦਾ ਪ੍ਰਮਾਣ ਪੇਸ਼ ਕਰਦਾ ਹੈ।
ਪੰਜਾਬ ਸਰਕਾਰ ਦੀਆਂ ਭਰਤੀ ਸੰਬੰਧੀ ਨਵੀਆਂ ਨੀਤੀਆਂ ਮੁਤਾਬਕ ਪਰਖ ਕਾਲ ਦੇ 3 ਸਾਲ ਦੌਰਾਨ ਮੁੱਢਲੀ ਤਨਖ਼ਾਹ (10300) 'ਤੇ ਕੰਮ ਕਰਨ ਲਈ ਮਜਬੂਰ ਕਰਨਾ, ਅਸਲ ਵਿਚ ਸਰਕਾਰ ਦੀ ਲੋਕ-ਮਾਰੂ ਅਤੇ ਲੋਟੂ-ਨੀਤੀ ਦਾ ਹੀ ਪ੍ਰਗਟਾਵਾ ਹੈ। ਪਰ ਇਸ ਪ੍ਰਤੀ ਵੀ ਸਰਕਾਰ ਵਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਦਾ ਕਿ ਤਿੰਨ ਸਾਲ ਦਾ ਸਮਾਂ ਪੂਰਾ ਹੋਣ 'ਤੇ ਠੇਕਾ ਆਧਾਰਿਤ ਸੇਵਾਵਾਂ ਨੂੰ ਪੂਰੀ ਤਨਖ਼ਾਹ 'ਤੇ ਪੱਕਾ ਕੀਤਾ ਜਾਵੇਗਾ। ਜੇਕਰ ਪਰਖ ਕਾਲ ਸਮੇਤ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਅਧਿਆਪਕ ਵਰਗ ਆਪਣੇ ਹੱਕਾਂ ਦੀ ਮੰਗ ਕਰਦਾ ਹੈ ਤਾਂ ਇਨਾਮ ਵਜੋਂ ਲਾਰੇ ਅਤੇ ਲਾਠੀਆਂ ਹੀ ਨਸੀਬ ਹੁੰਦੀਆਂ ਹਨ। ਇਹ ਸਭ ਇੱਥੇ ਹੀ ਖ਼ਤਮ ਨਹੀਂ ਹੁੰਦਾ, ਬਲਕਿ 8-10 ਸਾਲਾਂ ਤੋਂ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ 75 ਫੀਸਦੀ ਕਟੌਤੀ ਕਰਨ ਤੱਕ ਪਸਰ ਚੁੱਕਾ ਹੈ। ਰਾਸ਼ਟਰ ਦੇ ਨਿਰਮਾਤਾ ਅਧਿਆਪਕ ਵਰਗ ਦੇ ਮਨੋਬਲ ਨੂੰ ਹੇਠਾਂ ਸੁੱਟਣਾ, ਅਸਲ ਵਿਚ ਦੇਸ਼-ਧ੍ਰੋਹ ਸਮਾਨ ਹੈ। ਕੀ ਸਰਕਾਰ ਇਹ ਸਭ ਸੋਚਣ ਤੋਂ ਅਸਮਰੱਥ ਹੈ ਕਿ ਕੋਈ ਇੰਨੀ ਨਿਗੂਣੀ ਤਨਖ਼ਾਹ ਨਾਲ ਆਪਣੇ ਪਰਿਵਾਰ ਨੂੰ ਕਿਵੇਂ ਪਾਲ ਸਕਦਾ ਹੈ? ਜੇਕਰ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਇਹ ਸੰਭਵ ਹੈ ਤਾਂ ਸਰਕਾਰ ਨੂੰ ਇਨ੍ਹਾਂ ਨੀਤੀਆਂ ਦੀ ਸ਼ੁਰੂਆਤ ਨੇਤਾਵਾਂ ਤੋਂ ਕਰਕੇ ਆਮ ਲੋਕਾਂ ਅੱਗੇ ਉਦਾਹਰਨ ਪੇਸ਼ ਕਰਨਾ ਚਾਹੀਦਾ ਹੈ। ਸਰਕਾਰ ਦੀਆਂ ਲੋਕ-ਮਾਰੂ ਤੇ ਕੋਝੀਆਂ ਨੀਤੀਆਂ ਕਾਰਨ ਵਿਭਿੰਨ ਵਿਭਾਗਾਂ ਅੰਦਰ ਨਿਗੂਣੀਆਂ ਤਨਖ਼ਾਹਾਂ ਅਤੇ ਬਿਨਾਂ ਕਿਸੇ ਸਮਾਜਿਕ ਸੁਰੱਖਿਆ ਦੇ ਕੰਮ ਕਰਨ ਦੀ ਨੀਤੀ ਨੇ ਮੁਲਾਜ਼ਮਾਂ ਲਈ 'ਅੱਗੇ ਖੂਹ ਤੇ ਪਿੱਛੇ ਖਾਈ' ਵਾਲੀ ਸਥਿਤੀ ਨੂੰ ਜਨਮ ਦਿੱਤਾ ਹੈ। ਸਰਕਾਰ ਦੀ ਉਪਰੋਕਤ ਨੀਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨਿਰੰਤਰ ਹੀ ਸਿੱਖਿਆ ਦੇ ਖੇਤਰ 'ਚੋਂ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ। ਅਧਿਆਪਕਾਂ ਦਾ ਸ਼ੋਸ਼ਣ ਕਰਨਾ ਵੀ ਇਸੇ ਨੀਤੀ ਦਾ ਸਿੱਟਾ ਹੈ। ਇੱਥੇ ਇਹ ਕਹਿਣਾ ਬਿਲਕੁਲ ਦਰੁਸਤ ਹੋਵੇਗਾ ਕਿ ਸਰਕਾਰ ਗ਼ਰੀਬੀ ਰੇਖਾ ਤੋਂ ਹੇਠਲੇ ਵਰਗ ਨੂੰ ਉੱਪਰ ਚੁੱਕਣ ਦਾ ਇਕ ਮਾਤਰ ਦਿਖਾਵਾ ਕਰ ਰਹੀ ਹੈ। ਜਿੱਥੇ ਹੇਠਲੇ ਵਰਗ ਨੂੰ ਅਣਸਿੱਖਿਅਤ ਹੋਣ ਕਾਰਨ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ, ਉੱਥੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਲਗਾਤਾਰ 'ਖ਼ਜ਼ਾਨਾ ਖਾਲੀ' ਕਹਿ ਕੇ ਲੁੱਟਿਆ ਜਾ ਰਿਹਾ ਹੈ। ਇੱਥੇ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖ਼ਜ਼ਾਨਾ ਖਾਲੀ ਹੋਣ ਦੇ ਅਸਲ ਕਾਰਨਾਂ ਨੂੰ ਲੱਭੇ, ਨਾ ਕਿ ਠੇਕੇ 'ਤੇ ਭਰਤੀ ਕਰਕੇ ਅਤੇ ਤਨਖ਼ਾਹਾਂ ਵਿਚ ਕਟੌਤੀ ਕਰਕੇ ਖ਼ਜ਼ਾਨਾ ਭਰਨ ਦਾ ਕੋਝਾ ਯਤਨ ਕਰੇ।

-ਮੋਬਾ: 84378-94672

ਇਕ ਸੱਚ ਇਹ ਵੀ...

ਨੀਮ ਹਕੀਮ ਖ਼ਤਰਾ-ਏ-ਜਾਨ...

ਸਾਡੇ ਵਿਚੋਂ ਬਹੁਤ ਸਾਰੇ ਨੀਮ-ਹਕੀਮਾਂ ਦੇ ਹੱਥੋਂ ਲੁੱਟੇ ਜਾ ਚੁੱਕੇ ਹਨ, ਲੁੱਟੇ ਜਾ ਰਹੇ ਹਨ ਜਾਂ ਭਵਿੱਖ ਵਿਚ ਲੁੱਟੇ ਜਾਣ ਦੀ ਤਿਆਰੀ ਵਿਚ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕਈ ਚੰਗੇ ਡਾਕਟਰ, ਵੈਦ ਵੀ ਹਨ ਜੋ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ। ਕਈ ਵਾਰ ਨੀਮ-ਹਕੀਮਾਂ ਦਾ ਪ੍ਰਚਾਰ ਵੱਧ ਹੋਣ ਕਰਕੇ ਆਮ ਲੋਕ ਇਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਪ੍ਰਚਾਰ ਮੂੰਹ ਜ਼ਬਾਨੀ ਵੀ ਚਲਦਾ ਹੈ ਅਤੇ ਮੀਡੀਆ ਰਾਹੀਂ ਵੀ। ਕੋਈ ਪਤਲੇ ਹੋਣ ਦੀ ਦਵਾਈ ਵੇਚ ਰਿਹਾ ਹੈ, ਕੋਈ ਮੋਟੇ ਹੋਣ ਦੀ, ਕੋਈ ਲੰਬੇ ਹੋਣ ਦੀ ਅਤੇ ਕੋਈ ਗੋਰੇ ਹੋਣ ਦੀ ਆਦਿ। ਕਮਜ਼ੋਰ ਮਨ ਦੇ ਲੋਕ ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਚੰਗੇ ਭਲੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲਾ ਲੈਂਦੇ ਹਨ। ਮੇਰੀ ਇਕ ਰਿਸ਼ਤੇਦਾਰ ਔਰਤ ਨੇ ਗੱਲ ਸੁਣਾਈ ਕਿ ਉਸ ਦੀ ਜਾਣ-ਪਛਾਣ ਦੀ ਇਕ ਔਰਤ ਨੇ ਕਿਸੇ ਕੋਲੋਂ ਮੋਟੇ ਹੋਣ ਦੀ ਦਵਾਈ ਲੈ ਕੇ ਖਾਣੀ ਸ਼ੁਰੂ ਕਰ ਦਿੱਤੀ। ਦੋ ਕੁ ਦਿਨਾਂ ਬਾਅਦ ਉਸ ਨੂੰ ਘਰ ਦੇ ਕੰਮ-ਧੰਦੇ ਕਰਨ ਵਿਚ ਦਿੱਕਤ ਆਉਣ ਲੱਗੀ। ਪਰ ਉਹ ਸੋਚਦੀ ਰਹੀ ਕਿ ਥੋੜ੍ਹੇ ਦਿਨ ਤਕਲੀਫ ਕੱਟ ਕੇ ਆਪਣੇ ਸਰੀਰ ਨੂੰ ਵਧੀਆ ਬਣਾ ਲਵੇਗੀ। ਦਵਾਈ ਅੱਠ ਕੁ ਦਿਨ ਖਾਧੀ। ਉਸ ਤੋਂ ਬਾਅਦ ਸਰੀਰ ਕੰਮ ਕਰਨ 'ਤੇ ਥੱਕਣ ਲੱਗਾ, ਸਾਹ ਚੜ੍ਹਨਾ, ਧੜਕਣ ਵਧਣਾ, ਮੰਜੇ ਤੋਂ ਉੱਠਿਆ ਨਾ ਜਾਣਾ ਆਮ ਜਿਹੀ ਗੱਲ ਹੋ ਗਈ। ਪੇਟ ਵਿਚ ਦਰਦ ਰਹਿਣ ਲੱਗਾ। ਡਾਕਟਰਾਂ ਨੂੰ ਦਿਖਾਇਆ, ਟੈਸਟ ਕਰਵਾਏ, ਲੀਵਰ, ਗੁਰਦੇ ਅਤੇ ਦਿਲ ਵਿਚ ਨੁਕਸ ਆਏ। ਮੋਟੇ ਹੋਣ ਦੀ ਦਵਾਈ ਖਾਣ ਤੋਂ ਪਹਿਲਾਂ ਉਸ ਨੇ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਸੀ ਪਰ ਹੁਣ ਉਹ ਆਪ ਵੀ ਦੂਜਿਆਂ ਦੀ ਮੁਹਤਾਜ਼ ਬਣ ਕੇ ਰਹਿ ਗਈ। ਪੇਟ ਵਿਚ ਪਾਣੀ ਭਰਨ ਕਰਕੇ ਤੁਰਨ-ਫਿਰਨ ਤੋਂ ਵੀ ਰਹਿ ਗਈ। ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਕਿ ਕੰਮ ਕਰਨ ਲਈ ਨੌਕਰ ਰੱਖਿਆ ਜਾ ਸਕੇ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ, ਰਿਸ਼ਤੇਦਾਰਾਂ ਨੂੰ ਮੁਸੀਬਤ ਖੜ੍ਹੀ ਹੋ ਗਈ। ਕੰਮ ਕਰਨ ਲਈ ਕਦੇ ਕੋਈ ਭੈਣ ਆਉਂਦੀ, ਕਦੇ ਨਣਦ ਅਤੇ ਕਦੇ ਕੋਈ ਹੋਰ ਰਿਸ਼ਤੇਦਾਰ। ਪਰ ਅੱਜਕਲ੍ਹ ਕਿਸੇ ਕੋਲ ਵੀ ਐਨਾ ਸਮਾਂ ਨਹੀਂ ਕਿ ਆਪਣੇ ਘਰ ਦੇ ਕੰਮ ਛੱਡ ਸਕੇ। ਅਖੀਰ ਅੱਠਵੀਂ ਜਮਾਤ ਵਿਚ ਪੜ੍ਹਦੀ ਧੀ ਦੀ ਪੜ੍ਹਾਈ ਛੁਡਵਾ ਦਿੱਤੀ। ਪਰਿਵਾਰ ਅਤੇ ਪੈਸੇ ਦਾ ਉਜਾੜਾ ਅਤੇ ਸਰੀਰ ਦਾ ਕਬਾੜਾ ਕਰਕੇ ਰੱਖ ਦਿੱਤਾ ਕਿਸੇ ਨੀਮ ਹਕੀਮ ਕੋਲੋਂ ਲਈ ਦਵਾਈ ਨੇ।

-ਅੱਧੀ ਟਿੱਬੀ, ਬਡਰੁੱਖਾਂ (ਸੰਗਰੂਰ)।
ਮੋਬਾ: 98767-14004

ਕਦ ਬਦਲੇਗਾ ਪੰਜਾਬ ਪੁਲਿਸ ਦਾ ਅਣਮਨੁੱਖੀ ਵਤੀਰਾ?

ਸਾਡੇ ਦੇਸ਼ ਭਾਰਤ ਵਿਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਹੋਣ ਦੇ ਬਾਵਜੂਦ ਅਤੇ ਦੇਸ਼ ਸੰਵਿਧਾਨ ਵਿਚ ਭਾਰਤੀ ਨਾਗਰਿਕਾਂ ਲਈ ਮੁਢਲੇ ਅਧਿਕਾਰਾਂ ਦੀ ਵਿਵਸਥਾ ਹੋਣ ਦੇ ਬਾਵਜੂਦ ਭਾਰਤੀ ਪੁਲਿਸ ਦਾ, ਭਾਵੇਂ ਉਹ ਦੇਸ਼ ਦਾ ਕੋਈ ਵੀ ਰਾਜ ਦਾ ਹਿੱਸਾ ਹੋਵੇ, ਅਣਮਨੁੱਖੀ ਤੇ ਮਨੁੱਖੀ ਅਧਿਕਾਰਾਂ ਦੀ ਪ੍ਰਵਾਹ ਨਾ ਕਰਨ ਵਾਲਾ ਵਤੀਰਾ ਵਾਰ-ਵਾਰ ਸਾਰੇ ਸੰਸਾਰ ਦੇ ਸਾਹਮਣੇ ਆ ਜਾਂਦਾ ਹੈ। ਸਾਡੇ ਰਾਜ ਪੰਜਾਬ ਵਿਚ ਤਾਂ ਖਾੜਕੂਵਾਦ ਦੇ ਦੌਰ ਸਮੇਂ ਪੁਲਿਸ ਨੂੰ ਮਿਲੀਆਂ ਅਸੀਮ ਤਾਕਤਾਂ ਨੇ ਪੰਜਾਬ ਪੁਲਿਸ ਦੀ ਅਫਸਰਸ਼ਾਹੀ ਅਤੇ ਹੇਠਲੇ ਪੱਧਰ ਤੱਕ ਦੇ ਕਾਡਰ ਦੀ ਸੋਚ ਗ਼ੈਰ-ਮਨੁੱਖੀ ਅਤੇ ਤਾਨਾਸ਼ਾਹੀ ਵਾਲੀ ਬਣਾ ਦਿੱਤੀ ਸੀ। ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ, ਤਸ਼ੱਦਦ ਆਦਿ ਦੇ ਹਜ਼ਾਰਾਂ ਮਾਮਲੇ ਅੱਜ ਵੀ ਫਾਈਲਾਂ ਵਿਚ ਦੱਬੇ ਪਏ ਹੋਏ ਹਨ।
ਇਸੇ ਕਾਰਨ ਹੀ ਅੱਤਵਾਦ ਦੇ ਸਮੇਂ ਤੋਂ ਬਾਅਦ ਵੀ ਪੰਜਾਬ ਪੁਲਿਸ ਆਪਣੇ ਸੁਭਾਅ, ਸੋਚ, ਵਤੀਰੇ ਅਤੇ ਕਾਰਜ ਪ੍ਰਣਾਲੀ ਨੂੰ ਬਦਲ ਨਹੀਂ ਸਕੀ। ਸਮੇਂ ਦੇ ਨਾਲ ਪੰਜਾਬ ਦੀ ਸਿਆਸੀ ਲੀਡਰਸ਼ਿਪ ਪੰਜਾਬ ਪੁਲਿਸ ਦੀ ਅਫਸਰਸ਼ਾਹੀ ਦੀ ਹਮਾਇਤ 'ਤੇ ਅਤੇ ਪੁਲਿਸ ਦੇ ਗ਼ਲਤ ਕਾਰਜਾਂ ਨੂੰ ਠਹਿਰਾਉਂਦੀ ਨਜ਼ਰ ਆਉਂਦੀ ਹੈ। ਪੰਜਾਬ ਵਿਚ ਮੌਜੂਦਾ ਸਮੇਂ ਨਸ਼ੇ ਦੇ ਮਾਫੀਏ, ਭੂ-ਮਫੀਏ ਅਤੇ ਗੈਂਗਸਟਰਵਾਦ ਦੇ ਫੈਲਾਅ ਵਿਚ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਦੀ ਭੂਮਿਕਾ ਅਤੇ ਸਹਿਯੋਗ ਸਪੱਸ਼ਟ ਰੂਪ ਵਿਚ ਸਾਹਮਣੇ ਆਇਆ ਹੈ। ਇਹ ਵਾੜ ਦੇ ਹੀ ਖੇਤ ਨੂੰ ਖਾਣ ਵਾਲੀ ਗੱਲ ਹੈ। ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ, ਅਮਨ-ਸ਼ਾਂਤੀ ਤੇ ਕਾਨੂੰਨ ਦੀ ਬਹਾਲੀ ਲਈ ਅਤੇ ਜੁਰਮਾਂ ਦੇ ਖਾਤਮੇ ਲਈ ਹੁੰਦੀ ਹੈ, ਨਾ ਕਿ ਨਾਜਾਇਜ਼ ਤਸ਼ੱਦਦ, ਕੁੱਟਮਾਰ ਕਰਨ ਲਈ ਅਤੇ ਜੁਰਮਾਂ ਨੂੰ ਉਤਸ਼ਾਹਿਤ ਕਰਨ ਲਈ। ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਪੁਲਿਸ ਦਾ ਅਕਸ ਇਕ ਕਲਿਆਣਕਾਰੀ ਰਾਜ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਾਲਾ ਹੈ ਪਰ ਸਾਡੇ ਇਥੇ ਇਕ ਆਮ ਤੇ ਇੱਜ਼ਤਦਾਰ ਨਾਗਰਿਕ ਜਿਥੋਂ ਤੱਕ ਸੰਭਵ ਹੋਵੇ, ਥਾਣੇ ਅਤੇ ਪੁਲਿਸ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਕਦੇ ਮਜਬੂਰੀ ਵੱਸ ਥਾਣੇ ਦੇ ਅੰਦਰ ਜਾਣਾ ਵੀ ਪਵੇ ਤਾਂ ਪੁਲਿਸ ਦਾ ਵਤੀਰਾ ਅਤੇ ਕਾਰਜ ਵਿਹਾਰ ਆਮ ਆਦਮੀ ਨੂੰ ਜ਼ਲੀਲ, ਪ੍ਰੇਸ਼ਾਨ ਕਰਨ ਵਾਲਾ ਅਤੇ ਡਰਾਉਣ ਵਾਲਾ ਹੀ ਹੁੰਦਾ ਹੈ।
ਇਸ ਸਾਰੇ ਵਰਤਾਰੇ ਤੇ ਤਾਣੇ-ਬਾਣੇ ਨੂੰ ਬਦਲਣ ਦੀ ਲੋੜ ਹੈ। ਪੁਲਿਸ ਨੂੰ ਅਜੋਕੇ ਸਮੇਂ ਵਿਚ ਆਪਣਾ ਅਕਸ ਅਤੇ ਕਾਰਜ ਪ੍ਰਣਾਲੀ ਲੋਕ ਸੇਵਕ ਅਦਾਰੇ ਵਾਲੀ ਬਣਾਉਣੀ ਚਾਹੀਦੀ ਹੈ। ਇਸ ਲਈ ਨਵੇਂ ਕਾਨੂੰਨ ਤੇ ਨਵੇਂ ਐਕਟ ਦੀ ਲੋੜ ਹੈ। ਅੰਗਰੇਜ਼ਾਂ ਦੇ ਸਮੇਂ ਵਾਲੀ ਪ੍ਰਣਾਲੀ ਮੌਜੂਦਾ ਸਮੇਂ ਢੁਕਵੀਂ ਨਹੀਂ ਹੈ। ਪੁਲਿਸ ਅਫਸਰਸ਼ਾਹੀ ਦੀ ਨਿਯੁਕਤੀ, ਤਾਇਨਾਤੀ ਤੇ ਬਦਲੀਆਂ ਵਿਚ ਸਿਆਸੀ ਪ੍ਰਭਾਵ ਤੇ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਕਿਸੇ ਵੀ ਹਲਕੇ ਦੇ ਵਿਧਾਇਕ ਜਾਂ ਕਿਸੇ ਮੰਤਰੀ ਦੀ ਗੱਡੀ ਦਾ ਦਰਵਾਜ਼ਾ ਐਸ.ਐਚ.ਓ. ਜਾਂ ਏ.ਐਸ.ਆਈ. ਵਲੋਂ ਹੀ ਖੋਲ੍ਹਣ ਤੇ ਜੀ ਹਜ਼ੂਰੀ ਕਰਨ ਦੀ ਰਵਾਇਤ ਬੰਦ ਹੋਣੀ ਚਾਹੀਦੀ ਹੈ। ਨਿਆਂਪਾਲਿਕਾ ਨੂੰ ਵੀ ਇਸ ਸਥਿਤੀ ਨੂੰ ਸੁਧਾਰਨ ਲਈ ਮੀਡੀਏ ਦੇ ਸਹਿਯੋਗ ਨਾਲ ਕਾਰਜ ਕਰਨਾ ਚਾਹੀਦਾ ਹੈ। ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਆਪਣੇ ਅਧਿਕਾਰਾਂ ਤੋਂ ਉੱਪਰ ਜਾ ਕੇ ਕਿਸੇ ਨਾਗਰਿਕ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਦਾ ਹੈ ਤਾਂ ਅਦਾਲਤਾਂ ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਮੀਡੀਆ ਵੀ ਆਪਣਾ ਰੋਲ ਨਿਰਪੱਖ ਤੇ ਉਸਾਰੂ ਤਰੀਕੇ ਨਾਲ ਨਿਭਾਵੇ ਤਾਂ ਕਾਫੀ ਅੰਤਰ ਆ ਸਕਦਾ ਹੈ। ਜਮਹੂਰੀਅਤ ਦੀ ਮਜ਼ਬੂਤੀ ਲਈ ਪੁਲਿਸ ਦੀ ਕਾਰਜ ਪ੍ਰਣਾਲੀ ਵਿਚ ਸਖ਼ਤ ਬਦਲਾਅ ਦੀ ਲੋੜ ਹੈ।

-ਪਿੰਡ ਪੀਰ ਦੀ ਸੈਨ, ਡਾਕ: ਬੱਬਰੀ ਨੰਗਲ (ਗੁਰਦਾਸਪੁਰ)-143529. ਮੋਬਾ: 98768-56311
sohalpalwinder11@gmail.com

ਵਿਅੰਗ

ਢੱਠੇ ਮਾਰਨ ਬੜ੍ਹਕਾਂ

ਢੱਠੇ ਮਾਰਨ ਬੜ੍ਹਕਾਂ ਖੜ੍ਹ ਕੇ ਵਿਚ ਬਾਜ਼ਾਰਾਂ ਦੇ,
ਅਸੀਂ ਨਾਸੀਂ ਧੂੰਆਂ ਦਿੱਤਾ ਬਣ ਕੇ ਝੁੰਡ ਹਜ਼ਾਰਾਂ ਦੇ।
ਅਸੀਂ ਟਿੱਚ ਜਾਣਦੇ ਸਭ ਨੂੰ ਭਾਵੇਂ ਕਿੱਡਾ ਨਾਢੂ ਖਾਂ,
ਅਸੀਂ ਫੱਟੇ ਚੱਕੀ ਜਾਈਏ ਪ੍ਰਸ਼ਾਸਨ ਤੇ ਸਰਕਾਰਾਂ ਦੇ।
ਅਸੀਂ ਵੱਡਿਆਂ-ਵੱਡਿਆਂ ਦੀ ਧੌਣ 'ਚ ਖਿੱਚ ਕੇ ਮਾਰੀ ਪੂਛ,
ਅਸੀਂ ਬਣਾ ਕੇ ਢੱਠਾ ਯੂਨੀਅਨ ਸਭ ਦੀ ਕੱਢਦੀ ਫੂਕ।
ਅਸੀਂ ਵਿਚ ਚੁਰਾਹੇ ਬੈਠਦੇ ਨਿੱਤ ਕਰਦੇ ਮਸਤੀ ਮੌਜ,
ਜਿਸ ਨੂੰ ਜਾਨ ਪਿਆਰੀ ਉਹ ਤਾਂ ਬਦਲੇ ਆਪਣਾ ਰੂਟ।
ਇਹ ਬੰਦਾ ਮਤਲਬਪ੍ਰਸਤ ਹੈ ਇਸ ਦੇ ਅਸੀਂ ਸਤਾਏ ਹਾਂ,
ਇਸ ਦੀ ਖੁਦਗਰਜ਼ੀ ਕਰਕੇ ਹੀ ਏਸ ਮੁਕਾਮ 'ਤੇ ਆਏ ਹਾਂ।
ਇਹ ਸਭ ਤੋਂ ਵੱਡਾ ਨਾਸ਼ੁਕਰਾ ਤੇ ਅਹਿਸਾਨ ਫਰਾਮੋਸ਼ ਹੈ,
ਇਸ ਜ਼ੀਰੋ ਨੂੰ ਅਸੀਂ ਹੀਰੋ ਬਣ ਕੇ ਨਰਕਾਂ 'ਚੋਂ ਕੱਢ ਲਿਆਏ ਸਾਂ।
ਹੁਣ ਬੇਵੱਸ ਤੇ ਮਜਬੂਰ ਹਾਂ ਕੋਈ ਸੁਣ ਲਓ ਸਾਡੀ ਗੱਲ,
ਨਾ ਕੋਈ ਭੇਜੇ ਬੁੱਚੜਖਾਨੇ ਨਾ ਕੋਈ ਉਧੇੜੇ ਸਾਡੀ ਖੱਲ।
ਨਾ ਹੀ ਗੰਦ ਖੁਆਓ 'ਗ਼ਾਫ਼ਿਲ' ਨਾ ਹੁਣ ਕਰੋ ਹੋਰ ਜ਼ਲੀਲ,
ਸਾਨੂੰ ਨੰਦੀ-ਸ਼ਾਲਾ ਭੇਜੋ ਬਸ ਇਹੋ ਪੱਕਾ ਸਾਡਾ ਹੱਲ।

-ਸ਼ਮਸ਼ੇਰ ਗ਼ਾਫ਼ਿਲ,
ਸ਼ਹੀਦ ਭਗਤ ਸਿੰਘ ਨਗਰ, ਗਲੀ ਨੰ: 2, ਅਬੋਹਰ ਰੋਡ ਬਾਈਪਾਸ, ਸ੍ਰੀ ਮੁਕਤਸਰ ਸਾਹਿਬ-152026. ਮੋਬਾ: 98725-65778

ਸਾਦੇ ਵਿਆਹ ਤੇ ਸਾਦੇ ਜੀਵਨ ਵੱਲ ਮੁੜਨ ਦੀ ਲੋੜ

ਅੱਜ ਦੇ ਸਮੇਂ ਨੂੰ ਜੇਕਰ ਖੁਦਕੁਸ਼ੀਆਂ ਦਾ ਦੌਰ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਰੋਜ਼ਾਨਾ ਵਾਂਗ ਮੀਡੀਏ ਵਿਚ ਆਉਂਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਹੜਾ ਪੰਜਾਬ ਰੰਗਲੇ ਦਿਨਾਂ ਦੀ ਝਾਤ ਪਾਉਂਦਾ ਸੀ, ਅੱਜ ਉਸੇ ਪੰਜਾਬ ਦੇ ਦੁੱਖਾਂ ਦੀ ਬਾਤ ਮੁੱਕਣ ਦਾ ਨਾਂਅ ਨਹੀਂ ਲੈ ਰਹੀ। ਜੇਕਰ ਪੰਜਾਬ ਦੇ ਪੁਰਾਣੇ ਸਮਿਆਂ ਵੱਲ ਝਾਤ ਮਾਰੀਏ ਤਾਂ ਉਸ ਅਤੇ ਅੱਜ ਦੇ ਸਮੇਂ ਦੇ ਮਾਹੌਲ ਬਾਰੇ ਤਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਪੰਜਾਬ ਨੂੰ ਇਸ ਦੌਰ ਵਿਚੋਂ ਗੁਜ਼ਰਨਾ ਪਵੇਗਾ। ਉਨ੍ਹਾਂ ਸਮਿਆਂ ਵਿਚ ਨਾ ਅੱਜ ਵਾਲੀ ਤਕਨੀਕ ਸੀ ਅਤੇ ਨਾ ਹੀ ਏਨੀ ਤੇਜ਼ੀ ਨਾਲ ਕੰਮ ਮੁਕਾਉਣ ਵਾਲੇ ਸਾਧਨ ਸਨ। ਫਿਰ ਵੀ ਲੋਕ ਉਦੋਂ ਖੁਸ਼ਹਾਲੀ ਭਰਿਆ ਜੀਵਨ ਜਿਊਂਦੇ ਸਨ। ਅਸਲ ਵਿਚ ਉਦੋਂ ਲੋਕ ਸਾਦਾ ਜੀਵਨ ਜਿਊਂਦੇ ਸਨ ਅਤੇ ਸਾਦਗੀ ਵਿਚ ਰਹਿੰਦੇ ਸਨ। ਸਭ ਤੋਂ ਵੱਡੀ ਗੱਲ ਵਿਆਹਾਂ ਅਤੇ ਹੋਰ ਸਮਾਗਮਾਂ ਨੂੰ ਸਾਦੇ ਢੰਗ ਨਾਲ ਰਚਾਇਆ ਜਾਂਦਾ ਸੀ। ਜੇਕਰ ਅੱਜ ਦੇ ਅਤੇ ਪੁਰਾਣੇ ਸਮਿਆਂ ਦੇ ਪੰਜਾਬੀਆਂ ਦੇ ਜੀਵਨ ਅਤੇ ਵਿਆਹਾਂ ਆਦਿ ਦੇ ਸਮਾਗਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਵੇ ਤਾਂ ਸਾਰੀ ਤਸਵੀਰ ਬਦਲੀ ਹੋਈ ਵਿਖਾਈ ਦਿੰਦੀ ਹੈ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਕ ਇਨਸਾਨ ਆਪਣੀ ਸਾਰੀ ਜ਼ਿੰਦਗੀ ਦੀ ਇਕੱਤਰ ਕੀਤੀ ਕਮਾਈ ਵਿਆਹ ਵਾਲੇ ਇਕ ਦਿਨ ਵਿਚ ਵੀ ਰੋੜ੍ਹ ਦਿੰਦਾ ਹੈ ਜਾਂ ਆਪਣੇ ਕੋਲ ਜਮ੍ਹਾਂ ਕੀਤੀ ਪੂੰਜੀ ਨਾਲੋਂ ਬਜਟ ਅੱਗੇ ਲੰਘਾ ਦਿੰਦਾ ਹੈ, ਜਿਸ ਕਾਰਨ ਬਾਅਦ ਵਿਚ ਮੁਸ਼ਕਿਲਾਂ ਨਾਲ ਵਾਹ ਪੈਣਾ ਤਾਂ ਸੁਭਾਵਿਕ ਹੀ ਹੈ। ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਕਿ ਸਾਡੀ ਰਿਸ਼ਤੇਦਾਰੀ ਸਭ ਤੋਂ ਨੇੜਲੀ ਰਿਸ਼ਤੇਦਾਰੀ ਵਿਚ ਬਦਲਣੀ ਹੈ ਤਾਂ ਫਿਰ ਵਿਆਹ ਤੋਂ ਪਹਿਲਾਂ ਮੁੰਡੇ ਵਾਲੇ ਕੁੜੀ ਦੇ ਪਰਿਵਾਰ ਅੱਗੇ ਆਪਣੀਆਂ ਮੰਗਾਂ ਮੂੰਹ ਅੱਡ-ਅੱਡ ਕੇ ਕਿਵੇਂ ਮੰਗਦੇ ਹਨ? ਜਦੋਂਕਿ ਰਿਸ਼ਤੇਦਾਰ ਦਾ ਫ਼ਰਜ਼ ਇਹ ਹੁੰਦਾ ਹੈ ਕਿ ਇਕ ਰਿਸ਼ਤੇਦਾਰ ਦੂਸਰੇ ਰਿਸ਼ਤੇਦਾਰ ਦੇ ਕੰਮ ਆਵੇ, ਚੰਗੇ-ਮਾੜੇ ਸਮੇਂ 'ਚ ਇਕ-ਦੂਜੇ ਦਾ ਸਾਥ ਦਿੱਤਾ ਜਾਵੇ। ਧੀਆਂ ਨੂੰ ਆਪਣੀ ਜ਼ਿੰਦਗੀ ਵਿਚ ਖੁਸ਼ ਦੇਖਣ ਲਈ ਇਕ ਧੀ ਦੇ ਮਾਂ-ਬਾਪ ਆਪਣੀ ਹੈਸੀਅਤ ਨਾਲੋਂ ਵਧ ਕੇ ਖਰਚਾ ਕਰਦੇ ਹਨ। ਕਈ ਵਿਚਾਰੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਮੁੰਡੇ ਵਾਲਿਆਂ ਦੀਆਂ ਦਾਜ ਸੰਬੰਧੀ ਰੱਖੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ। ਇਹ ਹੈ ਕਿ ਹਰ ਮਾਂ-ਬਾਪ ਆਪਣੇ ਮੁਤਾਬਕ ਆਪਣੀ ਲੜਕੀ ਨੂੰ ਸਭ ਕੁਝ ਦਿੰਦਾ ਹੈ ਪਰ ਫਿਰ ਵੀ ਲੋਕ ਆਪਣੇ ਮੂੰਹ ਨਾਲ ਵੱਡੀਆਂ-ਵੱਡੀਆਂ ਸ਼ਰਤਾਂ ਮੰਨਵਾਉਂਦੇ ਹਨ। ਜੇਕਰ ਸਾਦਾ ਜੀਵਨ ਬਾਰੇ ਝਾਤ ਮਾਰੀਏ ਤਾਂ ਹੁਣ ਕੋਈ ਸਾਦੇਪੁਣੇ ਵਿਚ ਨਹੀਂ ਰਹਿਣਾ ਚਾਹੁੰਦਾ। ਹੁਣ ਹਰ ਕੋਈ ਬਰਾਂਡਿਡ ਮਹਿੰਗੇ ਕੱਪੜਿਆਂ, ਚੰਗੇ ਮਹਿੰਗੇ ਵਾਹਨਾਂ ਵਿਚ ਘੁੰਮਣ ਅਤੇ ਕੋਠੀਆਂ ਵਿਚ ਰਹਿਣ ਦੀ ਚਾਹਤ ਰੱਖਦਾ ਹੈ। ਇਹ ਚਾਹਤ ਉਨ੍ਹਾਂ ਲੋਕਾਂ 'ਤੇ ਭਾਰੂ ਵੀ ਪੈ ਜਾਂਦੀ ਹੈ ਜਿਹੜੇ ਕਰਜ਼ਾ ਚੁੱਕ-ਚੁੱਕ ਕੇ ਇਸ ਚਾਹਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਰਤ ਸੱਭਿਆਚਾਰ ਨਾਲੋਂ ਟੁੱਟਦੀ ਹੋਈ ਵਿਖਾਈ ਦੇ ਰਹੀ ਹੈ। ਬਹੁਗਿਣਤੀ ਨੌਜਵਾਨ ਵੀ ਅਜਿਹੇ ਹਨ ਜਿਹੜੇ ਮਹਿੰਗੇ ਖਰਚਿਆਂ ਨੂੰ ਤਾਂ ਤਵੱਜੋ ਦਿੰਦੇ ਹਨ, ਪਰ ਮਿੱਟੀ ਨਾਲ ਮਿੱਟੀ ਹੁੰਦੇ ਬਾਪ ਨਾਲ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਹਨ। ਹੱਥੀਂ ਕੰਮ ਕਰਨ ਤੋਂ ਲੋਕ ਦੂਰ ਹੋ ਗਏ ਹਨ। ਅੱਜ ਦੇ ਸਮੇਂ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਤਾਂ ਨਾਮਾਤਰ ਹੈ, ਜਿਹੜੇ ਪਹਿਲਾਂ ਵਾਂਗ ਸਾਦਾ ਜੀਵਨ ਜਿਊਣ ਨੂੰ ਪਹਿਲ ਦਿੰਦੇ ਹਨ। ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਕਿੰਨਾ ਵੀ ਸਮੇਂ ਦੇ ਹਾਣੀ ਬਣੀਏ, ਆਪਣੇ-ਆਪ ਨੂੰ ਅਗਾਂਹ ਵੱਲ ਵਧਾਈਏ ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਸਕੂਨ ਸਾਦੇ ਜੀਵਨ ਵਿਚ ਰਹਿ ਕੇ ਮਿਲਦਾ ਹੈ, ਉਹ ਕਿਤੇ ਨਹੀਂ ਮਿਲਦਾ। ਇਸ ਲਈ ਸਾਦਗੀ ਵੱਲ ਕਦਮ ਵਧਾਈਏ ਅਤੇ ਚੰਗੀ ਜ਼ਿੰਦਗੀ ਬਿਤਾਈਏ ਤਾਂ ਕਿ ਖੰਭ ਲੱਗ ਕੇ ਉਡ ਚੁੱਕੀ ਪੰਜਾਬ ਦੀ ਖੁਸ਼ਹਾਲੀ ਵਾਪਸ ਪਰਤ ਆਵੇ।

-ਧਨੌਲਾ (ਬਰਨਾਲਾ)-148105. ਮੋਬਾ: 97810-48055

ਮਾਣ-ਮੱਤੇ ਅਧਿਆਪਕ-14

ਸਾਹਿਤ-ਸੰਗੀਤ ਤੇ ਬਾਲ-ਮਨਾਂ ਦੀ ਤਰਜਮਾਨੀ ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕਾ ਸਿਮਰਤ ਸੁਮੈਰਾ

ਅਧਿਆਪਕ ਬੱਚਿਆਂ ਦੇ ਖੂਬਸੂਰਤ ਸੁਪਨਿਆਂ ਅਤੇ ਸੁਨਹਿਰੀ ਭਵਿੱਖ ਦਾ ਰਚੇਤਾ ਹੈ। ਉਹ ਖੁੱਲ੍ਹੇ ਵਹਿੰਦੇ ਪਾਣੀਆਂ ਨੂੰ ਦਿਸ਼ਾ ਦੇਣ ਵਾਲਾ ਨਾਖੁਦਾ ਹੁੰਦਾ ਹੈ, ਅਧਿਆਪਕ ਮਾਸੂਮ ਹਿਰਦਿਆਂ ਨੂੰ ਪੜ੍ਹਨ ਵਾਲਾ ਸੁਹਿਰਦ ਵੀ ਪਾਠਕ ਹੈ, ਆਪਣੇ ਕਿਸੇ ਵੀ ਵਿਦਿਆਰਥੀ ਨੂੰ ਜਦੋਂ ਇਕ ਅਧਿਆਪਕ ਇਕ ਚੰਗੇ ਮੁਕਾਮ 'ਤੇ ਵੇਖਦਾ ਹੈ ਤਾਂ ਉਸ ਲਈ ਸਭ ਨਾਲੋਂ ਵੱਡਾ ਪੁਰਸਕਾਰ ਉਹੀ ਹੁੰਦਾ ਹੈ। ਅਜਿਹੇ ਦਰਜਨਾਂ ਗੁਣਾਂ ਦੇ ਮਾਲਕ ਅਧਿਆਪਕਾ ਸਿਮਰਤ ਕੌਰ ਉਰਫ ਸਿਮਰਤ ਸੁਮੈਰਾ ਸਿੱਖਿਆ ਜਗਤ ਨੂੰ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ। ਆਪਣੀ ਸੁਰੀਲੀ ਆਵਾਜ਼ ਅਤੇ ਡੂੰਘੇ ਸ਼ਬਦਾਂ ਨਾਲ ਸਾਹਿਤਕ ਸਮਾਗਮਾਂ ਦੀ ਸ਼ਾਨ ਕਹੇ ਜਾਣ ਵਾਲੇ ਸਿਮਰਤ ਸੁਮੈਰਾ ਹੁਰਾਂ ਦਾ ਜਨਮ ਗੁਰਦਾਸਪੁਰ ਵਿਖੇ ਪਿਤਾ ਸ: ਪ੍ਰੋਫੈਸਰ ਅਸ਼ੋਕ ਚਰਨ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਪਰਿਵਾਰ ਸਾਹਿਤਕ ਪਿੱਠ-ਭੂਮੀ ਵਾਲਾ ਸੀ। ਉਨ੍ਹਾਂ ਦੇ ਦਾਦਾ ਸ: ਮੰਗਲ ਸਿੰਘ ਸ਼ਾਂਤ ਵੀ ਆਪਣੇ ਸਮੇਂ ਦੇ ਮਸ਼ਹੂਰ ਕਵੀ ਹੋਏ ਸਨ ਅਤੇ ਪਿਤਾ ਮਹਾਨ ਵਿਦਵਾਨ, ਦਾਰਸ਼ਨਿਕ, ਸਾਹਿਤਕਾਰ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਗੁਰਦਾਸਪੁਰ ਤੋਂ ਗਿਆਰ੍ਹਵੀਂ ਪਾਸ ਕਰਕੇ ਉਨ੍ਹਾਂ ਨੇ ਐਮ.ਏ. (ਪੰਜਾਬੀ, ਹਿੰਦੀ, ਫਿਲਾਸਫੀ), ਐਮ.ਐੱਡ., ਐਮ.ਫਿਲ., ਪੀ.ਐਚ.ਡੀ. ਕੀਤੀ ਅਤੇ ਬਤੌਰ ਅਧਿਆਪਕ ਸਫਰ ਸ਼ੁਰੂ ਕੀਤਾ। ਅਧਿਆਪਨ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿਚ ਸਿਮਰਤ ਸੁਮੈਰਾ ਨੇ ਕੌਮੀ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ ਹਨ। ਅੱਠਵੀਂ ਜਮਾਤ ਵਿਚ ਪੜ੍ਹਦੇ ਹੋਏ ਹੀ ਉਨ੍ਹਾਂ ਦੀ ਕਵਿਤਾ ਮਕਬੂਲ ਰਸਾਲੇ ਪੰਖੜੀਆਂ ਵਿਚ ਛਪ ਚੁੱਕੀ ਸੀ। ਹੁਣ ਤੱਕ ਉਹ 11 ਬਾਲ ਪੁਸਤਕਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਸਫਰ ਨਿਰੰਤਰ ਜਾਰੀ ਵੀ ਹੈ। ਪਹਾੜੀ ਇਲਾਕੇ ਦੇ ਲੱਕੜ ਦੇ ਕਿਵਾੜ ਤੇ ਸਲੇਟਾਂ ਦੀਆਂ ਛੱਤਾਂ ਵਾਲੇ ਘਰ ਵਿਚ ਨੱਚ-ਟੱਪ ਕੇ ਵੱਡੀ ਹੋਈ ਸਿਮਰਤ ਸੁਮੈਰਾ ਦੀਆਂ ਲਿਖਤਾਂ ਵਿਚੋਂ ਅੱਜ ਬਾਲ ਮਨਾਂ ਦੀ ਤਰਜਮਾਨੀ ਹੁੰਦੀ ਹੈ। ਚਿੱਤਰਕਾਰ ਸੋਭਾ ਸਿੰਘ ਅਤੇ ਚਿੱਤਰਕਾਰ ਫੂਲਾ ਰਾਣੀ ਦਾ ਪਿਆਰ ਬਚਪਨ ਵਿਚ ਪਾ ਚੁੱਕੀ ਸਿਮਰਤ ਸੁਮੈਰਾ ਕੁਦਰਤ ਨੂੰ ਪਿਆਰ ਕਰਨ ਵਾਲੀ ਅਧਿਆਪਕਾ ਹੈ। ਇਸੇ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਕੁਦਰਤ ਦੀ ਸਾਂਭ-ਸੰਭਾਲ ਅਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਹੈ।
ਸਮਾਜਿਕ ਕੁਰੀਤੀਆਂ ਖਿਲਾਫ ਉਹ ਬੇਬਾਕ ਆਵਾਜ਼ ਹਨ। ਸਕੂਲ ਦੀ ਬਿਹਤਰੀ ਲਈ ਉਹ ਦਿਨ-ਰਾਤ ਤਤਪਰ ਹਨ। ਬਤੌਰ ਪ੍ਰਬੰਧਕ ਸੇਵਾ ਨਿਭਾ ਰਹੇ ਸਿਮਰਤ ਸੁਮੈਰਾ ਇਕ ਚੰਗੇ ਚਿੱਤਰਕਾਰ ਤੇ ਕੱਥਕ ਨ੍ਰਿਤਕੀ ਵੀ ਹਨ ਅਤੇ ਬਹਾਦਰ ਔਰਤ ਵੀ, ਉਨ੍ਹਾਂ ਨੇ ਇਕ ਪਾਣੀ ਵਿਚ ਡੁੱਬ ਰਹੇ ਬੱਚੇ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਹਾਦਰੀ ਨਾਲ ਬਚਾਅ ਲਿਆ ਸੀ। ਚਿੱਤਰਕਾਰੀ, ਕੁਦਰਤ ਦੀ ਸੈਰ ਨੂੰ ਪਹਿਲੀ ਪਸੰਦ ਦੱਸਣ ਵਾਲੀ ਸਿਮਰਤ ਸੁਮੈਰਾ ਵਾਤਾਵਰਨ ਪ੍ਰਤੀ ਬਹੁਤ ਜਾਗਰੂਕ ਹਨ। ਉਨ੍ਹਾਂ ਨੇ ਸਾਰੇ ਰੁੱਖ ਖੁਦ ਲਗਾਏ ਤੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹੁਣ ਤੱਕ 16 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਧਿਆਪਕਾਂ ਨੂੰ ਖੁਦ ਕਰਮਯੋਗੀ ਬਣ ਕੇ ਮਿਸਾਲ ਬਣਨਾ ਚਾਹੀਦਾ ਹੈ। ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਾਹਿਤ, ਸਿਹਤ, ਵਾਤਾਵਰਨ ਜਾਗਰੂਕਤਾ ਤੇ ਨੈਤਿਕ ਪਾਠ ਪੜ੍ਹਾਉਣਾ ਕਦੇ ਨਹੀਂ ਭੁੱਲਦੇ। ਉਨ੍ਹਾਂ ਨੂੰ ਹੁਣ ਤੱਕ ਦੀਆਂ ਪ੍ਰਾਪਤੀਆਂ ਬਦਲੇ ਪੰਜਾਬ ਸਰਕਾਰ ਵਲੋਂ 2006 ਵਿਚ ਰਾਜ ਅਧਿਆਪਕ ਪੁਰਸਕਾਰ ਅਤੇ ਭਾਰਤ ਸਰਕਾਰ ਵਲੋਂ 2011 ਵਿਚ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ।
ਇਸ ਦੇ ਨਾਲ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਐਵਾਰਡ, ਪੰਜਾਬ ਸਰਕਾਰ ਰਾਜ ਪ੍ਰਮਾਣ ਪੱਤਰ, ਪੁਸਤਕ 'ਪਾਂਚ ਪਰੀਆਂ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਬੋਤਮ ਬਾਲ ਪੁਸਤਕ ਐਵਾਰਡ, ਅੰਮ੍ਰਿਤਾ ਪ੍ਰੀਤਮ ਐਵਾਰਡ, ਸਾਰਕ ਸੰਮੇਲਨ ਐਵਾਰਡ, ਮਦਰ ਟਰੇਸਾ ਐਵਾਰਡ, ਮਿਨਰਵਾ ਆਫ ਦੀ ਈਸਟ ਰੂਸ ਐਵਾਰਡ, ਡੁੱਬਦੇ ਬੱਚੇ ਨੂੰ ਬਚਾਉਣ ਲਈ ਬਹਾਦਰੀ ਪੁਰਸਕਾਰ ਸਮੇਤ ਦਰਜਨਾਂ ਮਾਣ-ਸਨਮਾਨ ਮਿਲ ਚੁੱਕੇ ਹਨ। ਉਨ੍ਹਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਤੇ ਅਮਰੀਕਾ ਵਿਚ ਖੋਜ-ਪੱਤਰ ਸ਼ਾਮਿਲ ਕਰਨ ਦਾ ਮਾਣ ਹਾਸਲ ਹੈ ਅਤੇ ਅੰਤਰਰਾਸ਼ਟਰੀ ਕਵਿੱਤਰੀ ਸੰਮੇਲਨ ਚੰਡੀਗੜ੍ਹ 2017 ਦੀ ਕਨਵੀਨਰ ਹੋਣ ਦਾ ਮਾਣ ਵੀ ਹਾਸਲ ਹੈ। ਬਟਾਲਾ (ਗੁਰਦਾਸਪੁਰ) ਵਿਖੇ ਰਹਿ ਰਹੇ ਮੈਡਮ ਸਿਮਰਤ ਸੁਮੈਰਾ ਅੱਜ ਵੀ ਸਾਹਿਤ, ਸਿੱਖਿਆ ਅਤੇ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ ਹਨ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਸ ਮਾਣਮੱਤੇ ਅਧਿਆਪਕ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 936565-52000

ਸੋਚ 'ਚ ਬਦਲਾਅ ਲਿਆਉਣਾ ਹੋਵੇਗਾ

'ਖੇਤੀ ਖਸਮਾਂ ਸੇਤੀ' ਮੁਹਾਵਰਾ ਅਸੀਂ ਆਮ ਹੀ ਸੁਣਦੇ ਹਾਂ ਕਿ ਖੇਤੀ ਉਸ ਦੇ ਖਸਮ ਭਾਵ ਕਿਸਾਨ ਦੇ ਸਿਰ 'ਤੇ ਹੀ ਹੈ। ਪਰ ਜੇ ਕਿਸਾਨ ਹੀ ਹਾਰ ਜਾਵੇ, ਫਿਰ ਇਸ ਖੇਤੀ ਦਾ ਕੀ ਬਣੇ? ਬਾਬੇ ਨਾਨਕ ਨੇ ਖੇਤੀ ਨੂੰ ਉੱਤਮ ਦੱਸਿਆ ਹੈ, ਕੋਈ ਸ਼ੱਕ ਨਹੀਂ ਕਿ ਖੇਤੀ ਉੱਤਮ ਕਰਮ ਹੈ। ਵਪਾਰ ਵਿਚ, ਨੌਕਰੀਆਂ ਵਿਚ ਬੇਈਮਾਨੀ ਕੀਤੀ ਜਾ ਸਕਦੀ ਹੈ ਪਰ ਖੇਤੀ ਵਿਚ ਨਹੀਂ। ਹਜ਼ਾਰਾਂ-ਲੱਖਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠਾਂ ਕੁਦਰਤ ਦੇ ਸਹਾਰੇ ਪਲਦੀ ਹੈ। ਕੁਦਰਤ ਦੀ ਦਰਿਆਦਿਲੀ ਅਸੀਂ ਦੇਖਦੇ ਹਾਂ। ਪਰ ਇਸੇ ਹੀ ਕੁਦਰਤ ਦਾ ਕਹਿਰ ਵੀ ਸਾਨੂੰ ਖਾਸ ਕਰ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ, ਜਦੋਂ ਅਸੀਂ ਇਸ ਨਾਲ ਖਿਲਵਾੜ ਕਰਦੇ ਹਾਂ। ਝੋਨੇ ਪੱਕ ਚੁੱਕੇ ਹਨ। ਪਰਾਲੀ ਨੂੰ ਅੱਗ ਲਗਾਉਣ ਦੀਆਂ ਕਿਸਾਨਾਂ ਵਲੋਂ ਕਸਮਾਂ ਖਾਧੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਪਰਾਲੀ ਦੇ ਰਾਵਣ ਬਣਾ ਕਿ ਅੱਗ ਲਗਾਉਣ ਬਾਰੇ ਸੋਚ ਰਹੇ ਹਨ, ਕਿਉਂਕਿ ਸਾਡੇ ਦੇਸ਼ ਵਿਚ ਧਾਰਮਿਕ ਕਾਰਜਾਂ 'ਤੇ ਕੋਈ ਪਾਬੰਦੀ ਨਹੀਂ, ਉਹ ਭਾਵੇਂ ਹਜ਼ਾਰਾਂ ਮੂਰਤੀਆਂ ਬਣਾ ਕੇ ਪਾਣੀ ਵਿਚ ਪ੍ਰਵਾਹ ਕਰੀਏ ਜਾਂ ਰਾਮ ਜੀ ਨੂੰ ਖੁਸ਼ ਕਰਨ ਲਈ ਰਾਵਣ ਬਣਾ ਕੇ ਸਾੜੀਏ ਅਤੇ ਬੱਚਿਆਂ, ਬਜ਼ੁਰਗਾਂ ਦੇ ਨਾਸੀਂ ਧੂੰਆਂ ਦੇਈਏ।
ਗੁਰੂ ਸਾਹਿਬ ਨੇ ਪੌਣ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਿਹਾ ਹੈ। ਹੁਣ ਖੁਦ ਸੋਚੋ ਹਵਾ ਨੂੰ ਗੰਦਾ ਕਰਨਾ ਗੁਰੂ ਸਾਹਿਬ ਦੀ ਬੇਅਦਬੀ ਤੇ ਪਾਣੀ ਨੂੰ ਦੂਸ਼ਿਤ ਕਰਨਾ ਪਿਤਾ ਦੀ ਪੱਗ ਮੈਲੀ ਕਰਨੀ ਨਹੀਂ ਹੈ। ਪਿਛਲੇ ਸਾਲ ਦੀ ਹਾਲਤ ਸਾਡੇ ਕੋਲੋਂ ਛੁਪੀ ਨਹੀਂ ਹੈ, ਜਦੋਂ ਰਾਵਣ ਦੇ ਸਾੜਨ, ਪਟਾਕਿਆਂ ਦੇ ਸ਼ੋਰ ਅਤੇ ਪਰਾਲੀ ਦੇ ਧੂੰਏਂ ਨੇ ਰਲ ਕੇ ਸਾਡਾ ਜਿਉਣਾ ਹਰਾਮ ਕਰ ਦਿੱਤਾ ਸੀ। 'ਆਪੇ ਅੱਗ ਲਾਈ ਆਪੇ ਸੇਕੀ।' ਬੱਚੇ, ਬੁੱਢੇ ਬਿਮਾਰ ਹੋਏ ਹਸਪਤਾਲਾਂ ਵਿਚ ਪਹੁੰਚੇ। ਕਿਹੜੇ ਹਸਪਤਾਲਾਂ ਵਿਚ? ਜਿੱਥੇ ਦਸ ਰੁਪਏ ਦੀ ਪਰਚੀ 'ਤੇ ਮੁਫਤ ਸਲਾਹ ਮਿਲਦੀ ਹੈ ਕਿ ਇੱਥੇ ਦਵਾਈਆਂ ਨਹੀਂ ਹਨ, ਬਾਹਰੋਂ ਲੈ ਲਵੋ, ਮਸ਼ੀਨਾਂ ਖਰਾਬ ਹਨ, ਬਾਹਰੋਂ ਟੈਸਟ ਕਰਵਾ ਲਵੋ, ਡਾਕਟਰ ਸਾਹਿਬ ਪ੍ਰਦੂਸ਼ਣ ਹੋਣ ਕਾਰਨ ਬਾਹਰਲੇ ਦੇਸ਼ ਛੁੱਟੀਆਂ ਕੱਟਣ ਗਏ ਹਨ। ਬੱਸ ਫਿਰ ਮਾਰ ਖਾ ਗਏ ਅਸੀਂ ਇਥੇ। ਨਾ ਟੈਸਟ ਕਰਾ ਸਕੇ, ਨਾ ਦਵਾਈ ਲੈ ਸਕੇ। ਸੜਕਾਂ 'ਤੇ ਧੁੰਦ ਵਰਗੇ ਧੂੰਏਂ ਨੇ ਸਾਡੇ ਬੱਚਿਆਂ ਦਾ ਸਕੂਲਾਂ-ਕਾਲਜਾਂ ਅਤੇ ਕੰਮਾਂ-ਧੰਦਿਆਂ 'ਤੇ ਜਾਣਾ ਦੁੱਭਰ ਕਰ ਦਿੱਤਾ। ਹਰ ਮਾਂ ਨੇ ਸੀਨੇ 'ਤੇ ਹੱਥ ਧਰ ਕੇ ਬੱਚਿਆਂ ਲਈ ਦੁਆਵਾਂ ਮੰਗੀਆਂ ਕਿ ਰੱਬਾ ਸੁੱਖ-ਸਾਂਦ ਨਾਲ ਬੱਚੇ ਘਰ ਵਾਪਸ ਆਉਣ।
ਸਰਕਾਰ ਤੇਲ ਦੇ ਵਪਾਰੀ ਨਾਲ ਗੱਲ ਕਰਕੇ ਕਿਸਾਨਾਂ ਨੂੰ ਕਿੱਲਿਆਂ ਦੇ ਹਿਸਾਬ ਨਾਲ ਸਸਤਾ ਤੇਲ ਦੇਵੇ। ਜੇ ਜੀਓ ਵਰਗੇ ਫੋਨਾਂ 'ਤੇ ਡਾਟਾ ਫਰੀ ਮਿਲ ਸਕਦਾ ਹੈ ਤਾਂ ਕੀ ਉਸੇ ਹੀ ਕੰਪਨੀ ਵਲੋਂ ਤੇਲ 'ਤੇ ਵੀ ਵੱਡੀ ਰਿਆਇਤ ਨਹੀਂ ਦਿੱਤੀ ਜਾ ਸਕਦੀ? 'ਨਾਲੇ ਪੁੰਨ ਨਾਲੇ ਫਲੀਆਂ।' ਦੂਸਰੀ ਗੱਲ ਸਰਕਾਰਾਂ ਲੋਹੇ ਦੇ ਕਾਰਖਾਨੇਦਾਰਾਂ ਨਾਲ ਬੈਠ ਕੇ ਕਿਸਾਨਾਂ ਨੂੰ ਖੇਤੀ ਦੇ ਸੰਦ ਵੱਡੀ ਰਿਆਇਤ 'ਤੇ ਦੇਣ। ਸੰਸਦ ਮੈਂਬਰ, ਵਿਧਾਇਕ ਆਪਣੇ ਇਲਾਕਿਆਂ ਦੇ ਕਿਸਾਨਾਂ ਨੂੰ ਦੋ-ਦੋ ਮਹੀਨੇ ਦੀ ਤਨਖਾਹ ਦਾ ਤੇਲ ਪਵਾ ਕਿ ਟਰੈਕਟਰ ਪਿੰਡਾਂ ਵਿਚ ਪਰਾਲੀ ਵਾਹੁਣ ਲਈ ਭੇਜੇ। ਇਕ-ਦੋ ਫ਼ਸਲਾਂ ਤੱਕ ਕਿਸਾਨਾਂ ਦੀ ਹਾਲਤ ਸ਼ਾਇਦ ਚੰਗੀ ਹੋ ਜਾਵੇਗੀ। ਸਮਾਂ ਰਹਿੰਦੇ ਇਹ ਸਭ ਸੋਚਣਾ ਚਾਹੀਦਾ ਹੈ। ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਬਾਰੇ ਅੰਦਾਜ਼ਾ ਲਗਾ ਹੀ ਸਕਦੇ ਹਾਂ ਕਿ ਪਟਾਕਿਆਂ ਦਾ ਸ਼ੋਰ ਅਤੇ ਪਰਾਲੀ ਸਾਡੇ ਪੰਜਾਬ ਦੀ ਕੀ ਸਥਿਤੀ ਬਣਾ ਦੇਣਗੇ। ਸਾਨੂੰ ਸਭ ਨੂੰ, 'ਮੈਨੂੰ ਕੀ?' ਨਹੀਂ, ਸਗੋਂ 'ਇਹ ਪੰਜਾਬ ਮੇਰਾ ਹੈ', ਇਹ ਸੋਚਣਾ ਪਵੇਗਾ, ਤਾਂ ਹੀ ਇਹ ਸਾਡਾ ਪੰਜਾਬ ਸੋਹਣਾ ਬਣਿਆ ਰਹੇਗਾ ਤੇ ਅਸੀਂ ਮਾਣ ਨਾਲ ਕਹਿ ਸਕਾਂਗੇ ਇਹ ਪੰਜਾਬ ਸਾਡਾ ਹੈ।

-ਮੋਗਾ। ਮੋਬਾ: 94656-06210

ਮਾਂ ਨੂੰ ਸਾੜਦੇ 'ਧਰਤੀ' ਪੁੱਤਰ

ਪੂਰੇ ਬ੍ਰਹਿਮੰਡ ਵਿਚ ਧਰਤੀ ਹੀ ਇਕ ਅਜਿਹਾ ਇਕਲੌਤਾ ਗ੍ਰਹਿ ਹੈ, ਜਿਥੇ ਜਿਉਣ ਲਈ ਸਭ ਹਾਲਤਾਂ ਅਨੁਕੂਲ ਹਨ। ਇਸ ਧਰਤੀ ਨੂੰ ਗੁਰਬਾਣੀ ਵਿਚ 'ਮਾਤਾ ਧਰਤ ਮਹਤੁ' ਨਾਲ ਵਡਿਆਇਆ ਗਿਆ ਹੈ। ਇਸ ਦੀ ਕੁੱਖ ਤੋਂ ਮਨੁੱਖ ਦੇ ਖਾਣ-ਪੀਣ ਤੇ ਭੋਗਣ ਲਈ ਅਨੇਕਾਂ ਪਦਾਰਥ ਪੈਦਾ ਕੀਤੇ ਜਾਂਦੇ ਹਨ ਪਰ ਅਫਸੋਸ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਜੋ ਸਿਲਸਿਲਾ ਸ਼ੁਰੂ ਹੁੰਦਾ ਹੈ, ਉਸ ਨਾਲ ਧਰਤੀ ਦੀ ਹਿੱਕ ਸੜਦੀ-ਬਲਦੀ ਹੋਈ ਜਿਥੇ ਲੱਖਾਂ ਟਨ ਜ਼ਹਿਰੀਲੀ ਗੈਸ ਨੂੰ ਵਾਤਾਵਰਨ ਵਿਚ ਘੋਲਦੀ ਹੈ, ਉਥੇ ਹੀ ਹਜ਼ਾਰਾਂ ਦੀ ਸੰਖਿਆ ਵਿਚ ਧਰਤੀ 'ਤੇ ਚੱਲਣ ਵਾਲੇ ਬੇਜ਼ੁਬਾਨੇ ਪੰਛੀ ਕੀੜੇ-ਮਕੌੜੇ, ਬਨਸਪਤੀ, ਦਰੱਖਤ ਤੋਂ ਹਰਿਆਵਲ ਵੀ ਇਸ ਦੀ ਲਪੇਟ ਵਿਚ ਆਏ ਬਿਨਾਂ ਨਹੀਂ ਰਹਿੰਦੀ। ਖੇਤੀਬਾੜੀ ਤੇ ਪ੍ਰਦੂਸ਼ਣ ਵਿਭਾਗ ਤੋਂ ਯੋਗ ਸਾਧਨਾਂ ਦੀ ਘਾਟ ਵੀ ਇਸ ਸਮੱਸਿਆ ਨੂੰ ਹੋਰ ਪਲੀਤਾ ਲਗਾਉਂਦੀ ਹੈ। ਕਿਸਾਨੀ ਜੋ ਕਿ ਪਹਿਲਾਂ ਹੀ ਆਰਥਿਕ ਮੁਹਾਜ਼ 'ਤੇ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ, ਅਗਲੀ ਫਸਲ ਦੀ ਕਾਹਲੀ ਵਿਚ ਅਜਿਹੇ ਵਰਤਾਰੇ ਨੂੰ ਹੋਰ ਵਧਾ ਰਹੀ ਹੈ। ਅੱਜ ਜਦੋਂ ਸੰਸਾਰ ਵਿਚ ਮੌਸਮ ਦੇ ਬਦਲਾਅ ਤੇ ਆਲਮੀ ਤਪਸ਼ ਪ੍ਰਤੀ ਵਿਗਿਆਨਕ ਤੇ ਚਿੰਤਕ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਘਾਤਕ ਦੱਸ ਰਹੇ ਹਨ ਤਾਂ ਦੂਜੇ ਪਾਸੇ ਅਸੀਂ ਇਸ ਗੰਭੀਰ ਸਮੱਸਿਆ ਪ੍ਰਤੀ ਅੱਖਾਂ ਮੀਚੀ ਬੈਠੇ ਹਾਂ। ਭਾਵੇਂ ਮਸ਼ੀਨੀਕਰਨ ਦੇ ਦੌਰ ਵਿਚ ਅਸੀਂ ਇਸ ਵਰਤਾਰੇ ਨਾਲ ਚਾਂਦੀ ਦੀਆਂ ਚੰਦ ਛਿੱਲੜਾਂ ਜ਼ਰੂਰ ਕਮਾ ਲੈਂਦੇ ਹਾਂ ਪਰ ਸਿਹਤ ਤੇ ਕੁਦਰਤੀ ਸੋਮਿਆਂ ਤੋਂ ਸਾਲ-ਦਰ-ਸਾਲ ਕੱਖੋਂ ਹੌਲੀ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਗੰਦਾ ਕਰਦੇ ਜਾ ਰਹੇ ਹਾਂ। ਇਸ ਧਰਤੀ 'ਤੇ ਕੇਵਲ ਮਨੁੱਖ ਦਾ ਹੀ ਹੱਕ ਨਹੀਂ ਹੈ, ਬਾਕੀ ਜੀਵ-ਜੰਤੂਆਂ ਦਾ ਵੀ ਹੈ। ਸੋ, ਸਰਕਾਰ, ਸਮਾਜ ਤੇ ਕਿਸਾਨਾਂ ਨੂੰ ਮਿਲ ਕੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਸਿਲਸਿਲਾ ਹਰ ਹਾਲਤ ਵਿਚ ਰੋਕਣਾ ਹੋਵੇਗਾ, ਜੇਕਰ ਸਮਾਂ ਰਹਿੰਦੇ ਨੂੰ ਇਸ ਵਰਤਾਰੇ ਨੂੰ ਠੱਲ੍ਹ ਨਾ ਪਾਈ ਤਾਂ ਸਾਰੀ ਮਨੁੱਖਤਾ ਹੀ ਖ਼ਤਰੇ ਵਿਚ ਪੈ ਜਾਵੇਗੀ।

-ਪਿੰਡ ਤੇ ਡਾਕ: ਹਰਸਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
jiwansharma24091977@gmail.com

ਸਕੂਲੀ ਪੜ੍ਹਾਈ ਸਬੰਧੀ ਜ਼ਰੂਰੀ ਮਸਲਿਆਂ ਦਾ ਠੋਸ ਹੱਲ ਲੱਭਣ ਸਰਕਾਰਾਂ

ਯੂਰਪ ਦੇਸ਼ਾਂ ਦੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਉੱਥੇ ਸਿਹਤ ਅਤੇ ਸਿੱਖਿਆ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਇਸ ਗੱਲ ਤੋਂ ਅਸੀਂ ਬਾਖ਼ੂਬੀ ਜਾਣੂ ਹਾਂ ਕਿ ਜਿਥੇ ਸਿਹਤ ਅਤੇ ਸਿੱਖਿਆ ਦੀਆਂ ਨੀਂਹਾਂ ਮਜ਼ਬੂਤ ਹਨ, ਉਹ ਦੇਸ਼ ਕਦੇ ਨਹੀਂ ਡੋਲਦੇ। ਆਜ਼ਾਦੀ ਦੇ ਲਗਪਗ 70 ਸਾਲ ਬੀਤ ਜਾਣ 'ਤੇ ਸਾਡੇ ਦੇਸ਼ ਦੇ ਜ਼ਿਆਦਾਤਰ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਉਹ ਆਪਣੀਆਂ ਇਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਲਈ ਦਿਨ-ਰਾਤ ਦਿਹਾੜੀ-ਮਜ਼ਦੂਰੀ ਕਰਦੇ ਹਨ। ਕਈ ਵਾਰ ਤਾਂ ਉਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਘਰ-ਬਾਰ ਅਤੇ ਪਿੰਡ-ਸ਼ਹਿਰ ਛੱਡ ਕੇ ਦੂਰ-ਦੁਰਾਡੇ ਹੋਰ ਜ਼ਿਲ੍ਹਿਆਂ ਜਾਂ ਸੂਬਿਆਂ 'ਚ ਜਾਣਾ ਪੈਂਦਾ ਹੈ। ਜਿਸ ਤਰ੍ਹਾਂ ਮਾਲਵੇ ਦੇ ਝੋਨੇ ਹੇਠਲੇ ਰਕਬੇ ਵਾਲੇ ਜ਼ਿਲ੍ਹਿਆਂ ਦੇ ਲੋਕ ਹਰ ਸਾਲ ਨਰਮਾ ਚੁਗਣ ਲਈ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਇਨ੍ਹਾਂ ਦੀਆਂ ਹੱਦਾਂ ਨਾਲ ਲੱਗਦੇ ਪੰਜਾਬ ਦੇ ਪਿੰਡਾਂ 'ਚ ਪਰਿਵਾਰ ਸਮੇਤ ਜਾਂਦੇ ਹਨ। ਇਸ ਕਰਕੇ ਉਹ ਆਪਣੇ ਸਕੂਲ ਪੜ੍ਹਦੇ ਬੱਚਿਆਂ ਨੂੰ ਬਿਨਾਂ ਦੱਸੇ ਆਪਣੇ ਨਾਲ ਲੈ ਜਾਂਦੇ ਹਨ। ਸਕੂਲ 'ਚ ਦੱਸਣਾ ਜਾਂ ਛੁੱਟੀਆਂ ਲੈਣੀਆਂ ਉਹ ਇਸ ਲਈ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਜ਼ਰੂਰੀ ਸਿੱਖਿਆ ਕਾਨੂੰਨ ਅਨੁਸਾਰ ਅੱਠਵੀਂ ਤੱਕ ਸਕੂਲ ਪੜ੍ਹਦੇ ਬੱਚਾ ਦਾ ਨਾਂਅ ਕੱਟਣ ਤੋਂ ਅਧਿਆਪਕ ਮਜਬੂਰ ਅਤੇ ਬੇਵੱਸ ਹਨ। ਇਸ ਤਰ੍ਹਾਂ ਪੜ੍ਹਾਈ ਤੋਂ ਪਹਿਲਾਂ ਹੀ ਕੋਰੇ ਬੱਚੇ ਲਗਪਗ ਚਾਰ ਮਹੀਨੇ ਬਿਲਕੁਲ ਹੀ ਸਕੂਲਾਂ ਨਾਲੋਂ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਖਾਸਕਰ ਲੜਕੀਆਂ ਵੀ ਆਪਣੇ ਮਾਪਿਆਂ ਨਾਲ ਜਾਂਦੀਆਂ ਹਨ। ਕਿਉਂਕਿ ਮਾਪਿਆਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਉਹ ਆਪਣੀਆਂ ਨੌਜਵਾਨ ਧੀਆਂ ਨੂੰ ਅੱਜ ਦੇ ਜ਼ਮਾਨੇ ਵਿਚ ਕਿਸੇ ਆਸਰੇ ਨਹੀਂ ਛੱਡ ਸਕਦੇ। ਗਰੀਬ ਲੋਕਾਂ ਦੇ ਪਾਪੀ ਪੇਟ ਦੇ ਸਵਾਲ ਖ਼ਾਤਰ ਸਾਡੇ ਦੇਸ਼ ਤੇ ਖਾਸ ਕਰ ਪੰਜਾਬ ਦਾ ਭਵਿੱਖ ਹੋਰ ਧੁੰਦਲਾ ਹੁੰਦਾ ਜਾ ਰਿਹਾ ਹੈ, ਕਿਉਂਕਿ ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਸਰਕਾਰੀ ਨੀਤੀ ਨੇ ਪਹਿਲਾਂ ਹੀ ਸਾਡਾ ਸਿੱਖਿਆ ਢਾਂਚਾ ਤਬਾਹ ਕਰ ਦਿੱਤਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਪਹਿਲਾਂ ਵੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਆਰਥਿਕ ਪੱਖੋਂ ਪਛੜੇ ਲੋਕਾਂ ਦੇ ਅਖੌਤੀ ਪੜ੍ਹੇ-ਲਿਖੇ ਬੱਚੇ ਨਸ਼ੇ, ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣਗੇ, ਕਿਉਂਕਿ ਉਨ੍ਹਾਂ ਕੋਲ ਸਿਰਫ ਕਾਗਜ਼ੀ ਸਰਟੀਫਿਕੇਟ ਤਾਂ ਭਾਵੇਂ ਹੋਣ ਪਰ ਅਸਲ ਗਿਆਨ ਤੋਂ ਵਿਹੂਣੇ ਹੋਣ ਕਾਰਨ ਕੋਈ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਸਰਕਾਰੀ ਨੌਕਰੀ ਲੈਣ ਦੇ ਸਮਰੱਥ ਨਹੀਂ ਹੋਣਗੇ ਅਤੇ ਲੜਕੀਆਂ ਵੀ ਇਸ ਦੁਖਾਂਤ ਦੀਆਂ ਮਾਰੀਆਂ ਅਮੀਰ ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਲਾਉਣ ਜੋਗੀਆਂ ਹੀ ਰਹਿ ਜਾਣਗੀਆਂ। ਇਸ ਲਈ ਡਿਜੀਟਲ ਇੰਡੀਆ ਦੇ ਸੁਪਨੇ ਦਿਖਾੳਣ ਅਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੀਆਂ ਸਰਕਾਰਾਂ ਨੂੰ ਸਿੱਖਿਆਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਕੂਲੀ ਪੜ੍ਹਾਈ ਸਬੰਧੀ ਜ਼ਰੂਰੀ, ਮਜਬੂਰੀ ਅਤੇ ਬੇਵੱਸੀ ਦੇ ਮਸਲੇ ਦਾ ਕੋਈ ਠੋਸ ਹੱਲ ਲੱਭਣਾ ਚਾਹੀਦਾ ਹੈ। ਇਹ ਹੱਲ ਏ. ਸੀ. ਦਫ਼ਤਰਾਂ 'ਚ ਬੈਠ ਕੇ ਨਹੀਂ ਲੱਭੇ ਜਾਣੇ, ਇਸ ਲਈ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਗਰੀਬ ਬਸਤੀਆਂ ਤੱਕ ਪਹੁੰਚ ਕਰਨੀ ਪਵੇਗੀ।

-ਬਰਗਾੜੀ (ਫਰੀਦਕੋਟ)। ਮੋਬਾ: 99145-30330

'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦੇ ਨਾਂਅ ਹੇਠ ਹੋ ਰਹੀ ਠੱਗੀ

ਪੰਜਾਬ ਹੀ ਨਹੀਂ, ਪੂਰੇ ਭਾਰਤ ਦੇ ਬਹੁਗਿਣਤੀ ਲੋਕ ਮਾੜੀ ਆਰਥਿਕ ਹਾਲਤ ਨਾਲ ਜੂਝ ਰਹੇ ਹਨ। ਬਹੁਤਾ ਤਬਕਾ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੁੱਢਲੀਆਂ ਲੋੜਾਂ ਤੋਂ ਵੀ ਵਾਂਝਾ ਹੈ। ਆਜ਼ਾਦੀ ਤੋਂ ਬਾਅਦ ਲਗਾਤਾਰ ਦੇਸ਼ ਅੰਦਰ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਹਨ। ਮਹਿੰਗਾਈ ਦੀ ਮਾਰ ਨੇ ਲੋਕਾਂ ਦੀਆਂ ਚੀਕਾਂ ਕਢਾ ਰੱਖੀਆਂ ਹਨ। ਡੀਜ਼ਲ, ਪੈਟਰੋਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਵੋਟਾਂ ਲੈਣ ਵੇਲੇ ਸਰਕਾਰਾਂ ਵੱਡੇ-ਵੱਡੇ ਵਾਅਦੇ ਤੇ ਦਾਅਵੇ ਆਪਣੇ ਚੋਣ ਮੈਨੀਫੈਸਟੋ ਰਾਹੀਂ ਲੋਕਾਂ ਨਾਲ ਕਰਦੀਆਂ ਹਨ, ਪਰ ਵੋਟਾਂ ਲੈ ਕੇ ਦੇਸ਼ ਅਤੇ ਸੂਬਿਆਂ ਦੇ ਸਿਆਸੀ ਲੋਕ ਆਮ ਲੋਕਾਂ ਦੀ ਸਾਰ ਤੱਕ ਨਹੀਂ ਲੈਂਦੇ। ਸਿਰਫ ਸਿਆਸੀ ਦਰਬਾਰਾਂ ਤੋਂ ਲੋਕ ਹਿੱਤ ਯੋਜਨਾਵਾਂ ਅਤੇ ਨੀਤੀਆਂ ਬਣਦੀਆਂ ਅਤੇ ਐਲਾਨੀਆਂ ਜਾਂਦੀਆਂ ਹਨ, ਜਿਨ੍ਹਾਂ 'ਤੇ ਛੇਤੀ-ਛੇਤੀ ਜ਼ਿਲ੍ਹਾ ਪ੍ਰਸ਼ਾਸਨ ਅਮਲ ਨਹੀਂ ਕਰਦਾ ਅਤੇ ਨਾ ਹੀ ਲੋਕਾਂ ਨੂੰ ਸਕੀਮਾਂ ਬਾਰੇ ਜਾਗਰੂਕ ਕਰਦਾ ਹੈ, ਜਿਸ ਕਾਰਨ ਲੋਕਾਂ ਨੂੰ ਲੁੱਟਣ ਦੀ ਤਾਕ ਵਿਚ ਬੈਠੇ ਏਜੰਟ, ਦਲਾਲ ਆਦਿ ਕਰੋੜਾਂ ਦੀ ਠੱਗੀਆਂ ਮਾਰ ਕੇ ਰਫੂਚੱਕਰ ਹੋ ਜਾਂਦੇ ਹਨ।
ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ ਅੰਦਰ ਲੋਕਾਂ ਨੂੰ ਨਵਾਂ ਘਰ ਬਣਾਉਣ, ਘਰ ਦੀ ਮੁਰੰਮਤ ਅਤੇ ਹੋਰ ਲਘੂ ਉਦਯੋਗਾਂ ਲਈ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਨਾਂਅ ਦੀ ਸਕੀਮ ਚਲਾਈ ਗਈ ਹੈ, ਜਿਸ ਨੂੰ ਆਧੁਨਿਕ ਤਕਨੀਕ ਰਾਹੀਂ ਭਾਵ ਆਨਲਾਈਨ ਪੱਤਰ ਭਰ ਕੇ ਸਕੀਮ ਦਾ ਫਾਇਦਾ ਲਿਆ ਜਾ ਸਕਦਾ ਹੈ। ਲੋਨ ਲੈਣ ਲਈ ਵਿਅਕਤੀ ਘਰ ਬੈਠੇ ਆਪਣੇ ਇੰਟਰਨੈੱਟ ਦੇ ਜ਼ਰੀਏ ਫਾਰਮ ਅਪਲਾਈ ਕਰ ਸਕਦਾ ਹੈ ਜਾਂ ਕਿਸੇ ਵੀ ਸਰਕਾਰੀ ਸੇਵਾ ਕੇਂਦਰ ਵਿਚ ਨਾ ਮਾਤਰ ਫੀਸ ਭਰ ਕੇ ਅਪਲਾਈ ਕਰ ਸਕਦਾ ਹੈ। ਮਾੜੀ ਆਰਥਿਕਤਾ ਕਾਰਨ ਲੋਕਾਂ ਅੰਦਰ ਉਕਤ ਸਕੀਮ ਤਹਿਤ ਲੋਨ ਕਰਵਾਉਣ ਦੀ ਹੋੜ ਲੱਗੀ ਹੋਈ ਹੈ, ਕਿਉਂਕਿ ਆਵਾਸ ਯੋਜਨਾ ਅੰਦਰ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਜੇ ਦੇਖਿਆ ਜਾਵੇ ਤਾਂ ਲੋਕਾਂ ਲਈ ਘਰ ਬਣਾਉਣ ਦਾ ਇਹ ਵਧੀਆ ਮੌਕਾ ਵੀ ਹੈ। ਪਰ ਇਸ ਯੋਜਨਾ ਦੇ ਸ਼ੁਰੂ ਹੁੰਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਏਜੰਟਾਂ ਅਤੇ ਦਲਾਲਾਂ ਨੇ ਵੀ ਪੈਰ ਪਸਾਰ ਲਏ ਹਨ। ਏਜੰਟਾਂ ਵਲੋਂ ਸ਼ਹਿਰਾਂ ਅੰਦਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵੱਡੇ-ਵੱਡੇ ਬੋਰਡ ਲਗਾ ਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਪਿੰਡਾਂ ਅਤੇ ਸ਼ਹਿਰਾਂ ਅੰਦਰ ਏਜੰਟਾਂ ਨੇ ਆਪਣੇ ਬੰਦੇ ਛੱਡ ਰੱਖੇ ਹਨ, ਜੋ ਲੋਕਾਂ ਨੂੰ ਗੁੰਮਰਾਹ ਕਰਕੇ ਲਿਆਉਂਦੇ ਹਨ। ਲੋਨ ਅਪਲਾਈ ਫਾਰਮ ਦੀ ਜਿਹੜੀ ਫੀਸ ਨਾਮਾਤਰ ਹੈ, ਉਸੇ ਫਾਰਮ ਅਪਲਾਈ ਲਈ ਏਜੰਟ 2 ਤੋਂ 3 ਹਜ਼ਾਰ ਰੁਪਏ ਪ੍ਰਤੀ ਗਾਹਕ ਵਸੂਲ ਰਹੇ ਹਨ।
ਸਭ ਤੋਂ ਅਹਿਮ ਗੱਲ ਹੈ ਕਿ ਵਸੂਲੀ ਫੀਸ ਦੀ ਕੋਈ ਰਸੀਦ ਵੀ ਨਹੀਂ ਦਿੱਤੀ ਜਾ ਰਹੀ ਹੈ। ਜਿੱਥੇ ਏਜੰਟ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ, ਉਥੇ ਹੀ ਪਹਿਲਾਂ ਤੋਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਉਕਤ ਏਜੰਟਾਂ ਦੀ ਲੁੱਟ ਤੋਂ ਬਾਅਦ ਜਦੋਂ ਅਪਲਾਈ ਫਾਰਮ ਬੈਂਕ ਵਿਚ ਚਲਾ ਜਾਂਦਾ ਹੈ ਤਾਂ ਬੈਂਕ ਗਾਹਕ ਨੂੰ ਜ਼ਰੂਰੀ ਕਾਗਜ਼ਾਤ ਅਤੇ ਬਿੱਲ ਲਿਆਉਣ ਲਈ ਕਹਿੰਦੀ ਹੈ। ਜਾਅਲੀ ਬਿੱਲ ਉਪਲਬਧ ਕਰਵਾਉਣ ਦੇ ਫਿਰ ਤੋਂ ਏਜੰਟ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਲੈਂਦਾ ਹੈ। ਪਰ ਅੱਗੇ ਜਾ ਕੇ ਉਹ ਬਿੱਲ ਬੈਂਕ ਦੇ ਨਿਯਮਾਂ 'ਤੇ ਖਰੇ ਨਹੀਂ ਉਤਰਦੇ, ਜਿਸ ਕਾਰਨ ਲੋਨ ਪਾਸ ਨਹੀਂ ਹੁੰਦਾ ਤੇ ਗਾਹਕ ਏਜੰਟਾਂ ਹੱਥੋਂ ਲੁੱਟ ਦਾ ਸ਼ਿਕਾਰ ਹੋ ਥੱਕ-ਹਾਰ ਘਰੇ ਬੈਠ ਜਾਂਦਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤ ਕਰੇ ਕਿ ਉਹ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਯੋਜਨਾ ਨੂੰ ਲੋਕਾਂ ਤੱਕ ਸਹੀ ਮਾਇਨੇ ਵਿਚ ਪਹੁੰਚਾਵੇ, ਤਾਂ ਜੋ ਘਰਾਂ ਅਤੇ ਰੁਜ਼ਗਾਰ ਤੋਂ ਵਿਹੂਣੇ ਲੋਕ ਸਕੀਮ ਦਾ ਸਹੀ ਲਾਭ ਲੈ ਸਕਣ।

-ਮੋਬਾ: 98726-71446

ਅਚਨਚੇਤੀ ਛੁੱਟੀ ਨਾਲ ਗੜਬੜਾ ਜਾਂਦੇ ਨੇ ਰੋਜ਼ਮਰ੍ਹਾ ਦੇ ਕੰਮਕਾਜ

ਕਈ ਵਾਰ ਅਣਸੁਖਾਵੀਆਂ ਘਟਨਾਵਾਂ ਦੇ ਵਾਪਰਨ ਦੀ ਭਵਿੱਖਬਾਣੀ ਕਾਰਨ ਜਾਂ ਫਿਰ ਨਾ ਟਾਲਣਯੋਗ ਹਾਲਤਾਂ/ਸੰਕਟ ਕਾਰਨ ਅਚਨਚੇਤ ਛੁੱਟੀਆਂ ਦਾ ਮਜਬੂਰੀ ਵੱਸ ਐਲਾਨ ਵੀ ਕਰਨਾ ਪੈ ਜਾਂਦਾ ਹੈ, ਜੋ ਬਰਦਾਸ਼ਤ ਕਰਨਾ ਹੀ ਪੈਂਦਾ ਹੈ ਪਰ ਕਈ ਵਾਰ ਖੇਤਰੀ ਸਰਕਾਰਾਂ ਵਲੋਂ ਆਪਣੇ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕਿਸੇ ਨਾ ਕਿਸੇ ਖਾਸ ਭਾਈਚਾਰੇ ਨੂੰ ਖੁਸ਼ ਕਰਨ ਲਈ ਉਸ ਨਾਲ ਸਬੰਧਤ ਖਾਸ ਇਤਿਹਾਸਕ ਦਿਹਾੜਿਆਂ 'ਤੇ ਰਾਤੋ-ਰਾਤ ਛੁੱਟੀ ਦਾ ਅਚਾਨਕ ਐਲਾਨ ਕਰ ਦਿੱਤਾ ਜਾਂਦਾ ਹੈ। ਪ੍ਰਚੱਲਤ ਇਸ ਨਾਕਾਰਾਤਮਿਕ ਰੁਝਾਨ ਨਾਲ ਕਾਫੀ ਕੁਝ ਡਾਵਾਂਡੋਲ ਹੋ ਜਾਂਦਾ ਹੈ। ਵਿਭਾਗਾਂ ਵਲੋਂ ਉਲੀਕੇ ਕੰਮਕਾਜੀ ਪ੍ਰੋਗਰਾਮ ਨੂੰ ਅੱਗੇ ਪਾਉਣ ਨਾਲ ਅਗਲਾ ਸਾਰਾ ਕੰਮਕਾਰ ਹੀ ਵਿਗੜ ਜਾਂਦਾ ਹੈ। ਅਚਾਨਕ ਦਫਤਰਾਂ ਦੀ ਹੋਈ ਤਾਲਾਬੰਦੀ ਕੰਮ ਕਰਾਉਣ ਲਈ ਆਏ ਲੋਕਾਂ ਦਾ ਮੂੰਹ ਚਿੜਾਉਂਦੀ ਹੋਈ ਨਿਰਾਸ਼ਾ ਦਾ ਆਲਮ ਵੀ ਸਿਰਜ ਦਿੰਦੀ ਹੈ। ਛੁੱਟੀ ਦੇ ਇਸ ਅਚਾਨਕ ਐਲਾਨਨਾਮੇ ਨਾਲ ਸਿੱਖਿਆ ਸੰਸਥਾਵਾਂ ਦਾ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਥੋਂ ਤੱਕ ਕਿ ਕਈ ਵਾਰ ਤਾਂ ਪ੍ਰੀਖਿਆਵਾਂ ਵੀ ਰੱਦ ਕਰਨੀਆਂ ਪੈ ਜਾਂਦੀਆਂ ਹਨ। ਆਮ ਕਰਕੇ ਸਾਡੇ ਦੇਸ਼ ਨੂੰ ਛੁੱਟੀਆਂ ਨੂੰ ਵਧੇਰੇ ਤਰਜੀਹ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਸ਼ਾਇਦ ਇਸ ਮਨੌਤ ਨੂੰ ਤੋੜਨ ਲਈ ਕਈ ਖੇਤਰੀ ਸਰਕਾਰਾਂ ਛੁੱਟੀ ਤੰਤਰ ਨੂੰ ਘਟਾਉਣ ਦੇ ਯਤਨ ਵਜੋਂ ਕੁਝ ਗੈਰ-ਜ਼ਰੂਰੀ ਛੁੱਟੀਆਂ ਮੰਨ ਕੇ ਛੁੱਟੀਆਂ ਦੀ ਸੂਚੀ ਵਿਚੋਂ ਬੇਤੁਕੀਆਂ ਛੁੱਟੀਆਂ ਕੱਟਣ ਦੀ ਹਿੰਮਤ ਤਾਂ ਕਰ ਲੈਂਦੀਆਂ ਹਨ ਪਰ ਜਦ ਇਹ ਕਟੀਆਂ ਛੁੱਟੀਆਂ ਨੂੰ ਲਾਗੂ ਕਰਨ ਜਾਣੀ ਦਫਤਰ/ਵਿਭਾਗ ਦੇ ਕੰਮਕਾਜ ਚਾਲੂ ਰੱਖਣ ਦਾ ਵੇਲਾ ਆਉਂਦਾ ਹੈ ਤਾਂ ਛੁੱਟੀ ਦਾ ਅਚਨਚੇਤ ਐਲਾਨ ਕਰਕੇ ਲੋਕਾਂ ਦੀ ਖੱਜਲ-ਖੁਆਰੀ ਵਿਚ ਵਾਧਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ। ਸੋ, ਛੁੱਟੀਆਂ ਦੀ ਸੂਚੀ ਜਾਰੀ ਕਰਨ ਸਮੇਂ ਹੀ ਇਤਿਹਾਸਕ ਦਿਹਾੜਿਆਂ ਦੀ ਮਹਾਨਤਾ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ ਤਾਂ ਕਿ ਬਾਅਦ ਵਿਚ ਅਚਨਚੇਤੀ ਛੁੱਟੀ ਕਰਨੀ ਹੀ ਨਾ ਪਵੇ। ਪਰ ਜੇ ਛੁੱਟੀਆਂ ਦੀ ਸੂਚੀ ਵਿਚੋਂ ਬੇਤੁਕੀਆਂ ਛੁੱਟੀਆਂ ਕੱਟਣ ਦੀ ਹਿੰਮਤ ਕਰ ਹੀ ਲਈ ਜਾਂਦੀ ਹੈ ਤਾਂ ਇਸ ਉੱਪਰ ਪਹਿਰਾ ਦਿੱਤਾ ਜਾਏ, ਨਾ ਕਿ ਵੋਟ ਬੈਂਕ ਦੇ ਦਬਾਅ ਅੱਗੇ ਗੋਡੇ ਟੇਕਦਿਆਂ ਛੁੱਟੀ ਦਾ ਅਚਨਚੇਤੀ ਐਲਾਨ ਕਰ ਦਿੱਤਾ ਜਾਏ। ਸੋ, ਇਤਿਹਾਸਕ ਦਿਹਾੜਿਆਂ 'ਤੇ ਛੁੱਟੀ ਦੀ ਜਗ੍ਹਾ ਉਸ ਦਿਨ ਇਤਿਹਾਸਕ ਮਹਾਨਤਾ ਨੂੰ ਸਮਝਣ-ਸਮਝਾਉਣ ਲਈ ਕੁਝ ਸਮਾਂ ਵਿਚਾਰ ਗੋਸ਼ਟੀ 'ਤੇ ਲਾ ਕੇ ਬਾਕੀ ਸਮਾਂ ਕੰਮਕਾਜ 'ਤੇ ਲਾਉਣ ਦੀ ਪਿਰਤ ਪਾਉਣ ਨੂੰ ਤਰਜੀਹ ਦੇਣ ਵਰਗੇ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ।

-ਜ਼ਿਲ੍ਹਾ ਅੰਮ੍ਰਿਤਸਰ।

ਵਟਸਐਪ ਅਤੇ ਫੇਸਬੁੱਕ 'ਤੇ ਦਿੱਤਾ ਜਾ ਰਿਹੈ ਬਿਮਾਰ ਮਾਨਸਿਕਤਾ ਦਾ ਸਬੂਤ

ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਤਿਉਂ-ਤਿਉਂ ਇਨਸਾਨ ਵਿਗਿਆਨਕ ਖੋਜਾਂ ਦੁਆਰਾ ਕੰਮਕਾਜ, ਸੁਨੇਹੇ ਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੇਜ਼ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਜ਼ਰੀਏ ਫੇਸਬੁੱਕ ਤੇ ਵਟਸਐਪ ਜਿਹੀ ਪ੍ਰਣਾਲੀ ਚਲਾ ਦਿੱਤੀ ਗਈ, ਜਿਸ ਨਾਲ ਹਰ ਕੋਈ ਆਪਣਾ ਸੁਨੇਹਾ ਫਿਲਮੀ ਅੰਦਾਜ਼ 'ਚ ਇਕ-ਦੂਜੇ ਨੂੰ ਭੇਜ ਸਕਦਾ ਹੈ। ਵਟਸਐਪ 'ਤੇ ਸੁਨੇਹਾ ਭੇਜਣ ਦੀ ਰਫਤਾਰ ਏਨੀ ਤੇਜ਼ ਹੈ ਕਿ ਝੱਟ ਕੈਨੇਡਾ, ਅਮਰੀਕਾ ਪਹੁੰਚ ਜਾਂਦਾ ਹੈ। ਵਟਸਐਪ 'ਤੇ ਜੇ ਚੰਗੀਆਂ ਗੱਲਾਂ ਦੇਖੀਆਂ ਜਾਣ ਤਾਂ ਕੋਈ ਕਮੀ ਨਹੀਂ ਪਰ ਇਸ ਦੀ ਜ਼ਿਆਦਾ ਵਰਤੋਂ ਅਸ਼ਲੀਲ ਫਿਲਮਾਂ, ਫੋਟੋਆਂ ਤੇ ਪਾਖੰਡ ਫੈਲਾਉਣ ਲਈ ਹੋ ਰਹੀ ਹੈ। ਵਟਸਐਪ ਤੇ ਫੇਸਬੁੱਕ ਦੇ ਪਾਖੰਡ ਦੀ ਗੱਲ ਕਰੀਏ ਤਾਂ ਅਕਸਰ ਇਹੋ ਜਿਹੇ ਸੁਨੇਹੇ ਪੜ੍ਹਨ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਵਿਗਿਆਨਕ ਯੁੱਗ ਵਿਚ ਨਾ ਹੋਣ ਦਾ ਭੁਲੇਖਾ ਪੈ ਜਾਂਦਾ ਹੈ।
ਸੁਨੇਹਾ ਹੁੰਦਾ ਹੈ 'ਵਾਹਿਗੁਰੂ' ਸ਼ਬਦ। ਕਈ ਵਾਰ ਵਰਤੋਂ ਕਰਕੇ ਹੇਠਾਂ ਲਿਖਿਆ ਹੁੰਦੈ, 'ਇਹ ਸੁਨੇਹਾ ਹਜ਼ੂਰ ਸਾਹਿਬ ਤੋਂ ਆਇਆ ਹੈ ਤੇ ਤੁਸੀਂ ਅੱਗੇ ਦਸ ਲੋਕਾਂ ਨੂੰ ਭੇਜੋ, ਜੇ ਨਹੀਂ ਭੇਜਦੇ ਤਾਂ ਅਸ਼ੁੱਭ ਹੋਵੇਗਾ।' ਉਹ ਮਹਾਂਮੂਰਖ ਹਨ ਜੋ ਇਹੋ ਜਿਹਾ ਸੁਨੇਹਾ ਤਿਆਰ ਕਰਕੇ ਧੱਕੇ ਨਾਲ ਵਾਹਿਗੁਰੂ ਦਾ ਜਾਪ ਕਰਾਉਂਦੇ ਹਨ ਤੇ ਉਹ ਇਹ ਨਹੀਂ ਸਮਝਦੇ ਕਿ ਵਾਹਿਗੁਰੂ ਲਈ ਕੋਈ ਸ਼ੁੱਭ ਤੇ ਅਸ਼ੁੱਭ ਨਹੀਂ ਹੈ। ਉਹ ਤਾਂ ਸਾਨੂੰ ਭਾਣੇ ਵਿਚ ਰਹਿਣਾ ਸਿਖਾਉਂਦਾ ਹੈ। ਇਹੋ ਜਿਹੇ ਸੁਨੇਹੇ ਮੋਬਾਈਲ ਕੰਪਨੀਆਂ ਵਲੋਂ ਵੀ ਤਿਆਰ ਕਰਕੇ ਭੇਜੇ ਜਾਂਦੇ ਹਨ, ਜਿਸ ਦਾ ਕੰਪਨੀ ਨੂੰ ਫਾਇਦਾ ਹੁੰਦਾ ਹੈ। ਹੋਰ ਸੁਨੇਹਾ ਪੜ੍ਹਨ ਨੂੰ ਮਿਲਦਾ ਹੈ ਕਿ ਇਹ ਸੁਨੇਹਾ ਕਿਸੇ ਮੰਦਰ ਤੋਂ ਆਇਆ ਹੈ, ਮਾਂ ਦੀ ਕਿਰਪਾ ਹੋਵੇਗੀ, 15 ਲੋਕਾਂ ਨੂੰ ਅੱਗੇ ਭੇਜੋ। ਇਹੋ ਜਿਹੇ ਸੁਨੇਹੇ ਹਰ ਵਟਸਐਪ ਚਲਾਉਣ ਵਾਲੇ ਨੂੰ ਪੜ੍ਹਨ ਨੂੰ ਮਿਲਦੇ ਹੋਣਗੇ। ਬਿਮਾਰ ਮਾਨਸਿਕਤਾ ਇਹ ਨਹੀਂ ਸਮਝਦੀ ਕਿ ਅਸੀਂ ਕਿਉਂ ਕਿਸੇ ਧਰਮ ਦਾ ਮਜ਼ਾਕ ਉਡਾਉਂਦੇ ਹਾਂ। ਕੋਈ ਵੀ ਧਰਮ ਇਹੋ ਜਿਹਾ ਪਾਖੰਡ ਨਹੀਂ ਸਿਖਾਉਂਦਾ। ਇਹ ਸਿਰਫ ਸ਼ਰਾਰਤੀ ਤੇ ਘਟੀਆ ਸੋਚ ਦਾ ਪ੍ਰਗਟਾਵਾ ਕਰਦੇ ਹਨ। ਹੁਣ ਜੇ ਸਮਾਜਿਕ ਰਿਸ਼ਤਿਆਂ ਦੀ ਗੱਲ ਕਰਾਂ ਤਾਂ 'ਮਾਂ' ਸ਼ਬਦ ਕਈ ਵਾਰ ਲਿਖ ਕੇ ਮਾਂ ਦੀ ਸਹੁੰ ਪਾਈ ਹੁੰਦੀ ਹੈ। ਲਿਖਿਆ ਹੁੰਦਾ ਹੈ ਜੇ ਮਾਂ ਨਾਲ ਪਿਆਰ ਹੈ ਤਾਂ 20 ਲੋਕਾਂ ਨੂੰ ਭੇਜੋ। ਇਹੋ ਜਿਹੇ ਸੁਨੇਹਿਆਂ ਵਿਚ ਕੋਈ ਸਚਾਈ ਨਹੀਂ ਹੁੰਦੀ। ਮੈਨੂੰ ਜਿੰਨੇ ਸੁਨੇਹੇ ਆਉਂਦੇ, ਪਹਿਲਾਂ ਉਸ ਨੂੰ ਮਿਟਾ ਦਿੰਦਾ ਹਾਂ ਤੇ ਅੱਗੇ ਭੇਜਣ ਵਾਲੇ ਨੂੰ ਵੀ ਇਸ ਦਾ ਕਾਰਨ ਪੁੱਛਦਾ ਹਾਂ। ਇਕ ਹੋਰ ਖਾਸ ਗੱਲ, ਸੜਕ ਹਾਦਸਿਆਂ ਵਿਚ ਬੁਰੀ ਤਰ੍ਹਾਂ ਟੁਕੜੇ-ਟੁਕੜੇ ਹੋਈਆਂ ਲਾਸ਼ਾਂ ਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਅਤੇ ਵਟਸਐਪ 'ਤੇ ਪਾਈਆਂ ਜਾਂਦੀਆਂ ਹਨ। ਕੋਈ ਸੂਝਵਾਨ ਵਿਅਕਤੀ ਆਪਣੇ ਤਨ ਤੋਂ ਲਾਹ ਕੇ ਕੱਪੜਾ ਲਾਸ਼ ਉੱਤੇ ਪਾ ਦਿੰਦਾ ਹੈ। ਸ਼ਰੇਆਮ ਪਈ ਲਾਸ਼ ਨੂੰ ਸਮਝਦਾਰ ਤੇ ਸਿਆਣੇ ਲੋਕ ਲਾਸ਼ ਦੀ ਬੇਅਦਬੀ ਸਮਝਦੇ ਹਨ ਕਿ ਹੁਣ ਲਾਸ਼ ਨੂੰ ਢਕਣਾ ਜ਼ਰੂਰੀ ਹੈ ਜਾਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਉਣਾ?
ਆਖਰ ਵਿਚ ਸਹੁੰਆਂ ਪਾਉਣ ਵਾਲਿਆਂ ਨੂੰ ਇਹੀ ਸੁਨੇਹਾ ਦੇਵਾਂਗਾ ਕਿ ਜੇ ਸੁਨੇਹਾ ਅੱਗੇ ਭੇਜਣ ਦੀ ਸਹੁੰ ਹੀ ਪਾਉਣੀ ਹੈ ਤਾਂ ਇਹੋ ਜਿਹਾ ਸੁਨੇਹਾ ਤਿਆਰ ਕਰੋ, ਜੋ ਵਿਅਕਤੀ ਦਾ ਸਮਾਜਿਕ, ਮਾਨਸਿਕ, ਧਾਰਮਿਕ ਗਿਆਨ ਵਧਾਉਣ ਵਿਚ ਸਹਾਈ ਹੋਵੇ ਤੇ ਇਹੋ ਜਿਹੇ ਪਾਖੰਡ, ਝੂਠ ਨੂੰ ਵਟਸਐਪ, ਫੇਸਬੁੱਕ 'ਤੇ ਬੰਦ ਕਰਕੇ ਚੰਗੀ ਸੋਚ, ਚੰਗੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।

-ਪਿੰਡ ਲਖਣਪੁਰ, ਤਹਿ: ਖਮਾਣੋਂ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ।
ਮੋਬਾ: 88724-88769


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX