ਤਾਜਾ ਖ਼ਬਰਾਂ


ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  16 minutes ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  20 minutes ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  57 minutes ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  about 1 hour ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  about 1 hour ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 3 hours ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 4 hours ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਹੋਰ ਖ਼ਬਰਾਂ..

ਖੇਡ ਜਗਤ

5ਵੀਂ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣੇ

ਲੂਈਸ ਹੈਮਿਲਟਨ ਨੇ ਰਚਿਆ ਇਤਿਹਾਸ

ਰਫ਼ਤਾਰ ਦੀ ਖੇਡ ਫਾਰਮੂਲਾ ਵੰਨ ਦਾ ਸਾਲ 2018 ਦਾ ਸੀਜ਼ਨ ਉਹ ਗੱਲ ਪੱਕੀ ਕਰ ਗਿਆ ਹੈ, ਜਿਸ ਦਾ ਅੰਦਾਜ਼ਾ ਪਿਛਲੇ ਕਈ ਸਾਲਾਂ ਤੋਂ ਲੱਗਦਾ ਆ ਰਿਹਾ ਸੀ। ਕਾਰ ਰੇਸਿੰਗ ਦੀ ਇਸ ਨਿਵੇਕਲੀ ਖੇਡ ਵਿਚ ਲੂਈਸ ਹੈਮਿਲਟਨ ਨੇ ਆਪਣਾ ਜ਼ਬਰਦਸਤ ਰਿਕਾਰਡ ਬਰਕਰਾਰ ਰੱਖਦੇ ਹੋਏ ਪੰਜਵੀਂ ਵਾਰ ਵਿਸ਼ਵ ਖਿਤਾਬ ਜਿੱਤ ਲਿਆ ਹੈ ਅਤੇ ਰਫ਼ਤਾਰ ਦੀ ਖੇਡ ਦੇ ਵਿਸ਼ਵ ਚੈਂਪੀਅਨ ਬਾਦਸ਼ਾਹ ਅਤੇ ਆਪਣੇ ਸਮੇਂ ਦੇ ਸਭ ਤੋਂ ਬਿਹਤਰੀਨ ਕਾਰ ਰੇਸਿੰਗ ਡਰਾਈਵਰ ਵਜੋਂ ਆਪਣਾ ਨਾਂਅ ਪੱਕਾ ਕਰ ਦਿੱਤਾ ਹੈ। ਬ੍ਰਿਟੇਨ ਦੇ ਲੂਈਸ ਹੈਮਿਲਟਨ ਇਸ ਸੀਜ਼ਨ ਦੀਆਂ ਦੋ ਰੇਸ ਰਹਿੰਦਿਆਂ ਹੀ ਪੰਜਵੀਂ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣ ਗਏ ਹਨ। ਸਾਲ 2008 ਵਿਚ ਬ੍ਰਿਟੇਨ ਦੇਸ਼ ਦੀ ਆਪਣੀ ਘਰੇਲੂ ਟੀਮ 'ਮੈਕਲਾਰੇਨ' ਦੇ ਨਾਲ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੇ 33 ਸਾਲਾ ਹੈਮਿਲਟਨ ਨੇ ਹੁਣ ਤੱਕ 227 ਰੇਸਾਂ ਵਿਚੋਂ 132 ਵਾਰ 'ਪੋਡੀਅਮ' ਯਾਨੀ ਪਹਿਲੇ ਤਿੰਨ ਸਥਾਨਾਂ ਵਿਚ ਆਉਂਦਿਆਂ ਹਾਸਲ ਕੀਤੀਆਂ ਹਨ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਕਾਮਯਾਬੀ ਹੈ। ਇਸੇ ਦੌਰਾਨ ਹੈਮਿਲਟਨ ਨੇ ਇਕ ਸੀਜ਼ਨ ਵਿਚ 11 ਜਿੱਤਾਂ ਦੇ ਨਾਲ ਹੀ ਮਾਈਕਲ ਸ਼ੂਮਾਕਰ ਅਤੇ ਸਬੈਸਟਿਅਨ ਵੈੱਟਲ ਦੀ ਬਰਾਬਰੀ ਪਹਿਲਾਂ ਹੀ ਕੀਤੀ ਹੋਈ ਹੈ। ਲੂਈਸ ਹੈਮਿਲਟਨ ਦੀ ਖਿਤਾਬੀ ਜਿੱਤ ਦੀ ਇਕ ਖਾਸ ਗੱਲ ਇਹ ਵੀ ਸੀ ਕਿ ਹੈਮਿਲਟਨ ਨੇ ਸਾਰਾ ਸੀਜ਼ਨ ਅਗੇਤ ਬਣਾਈ ਰੱਖੀ ਅਤੇ ਕਦੇ ਵੀ ਅਜਿਹਾ ਨਹੀਂ ਲੱਗਾ ਕਿ ਕੋਈ ਹੋਰ ਡਰਾਈਵਰ ਅੰਕ ਸੂਚੀ ਵਿਚ ਉਸ ਨੂੰ ਪਿੱਛੇ ਕਰ ਸਕੇਗਾ।
ਲੂਈਸ ਹੈਮਿਲਟਨ ਨੂੰ ਫਾਰਮੂਲਾ ਵੰਨ ਦਾ ਵਿਸ਼ਵ ਖਿਤਾਬ ਜਿਤਾਉਣ ਵਾਲੇ ਇਸ ਸੀਜ਼ਨ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਰੇਸ ਦੌਰਾਨ ਸਿਰਫ ਸਾਬਕਾ ਵਿਸ਼ਵ ਖਿਤਾਬ ਜੇਤੂ ਜਰਮਨੀ ਦੇ ਸਬੈਸਟੀਅਨ ਵੈਟਲ ਨੇ ਹੀ ਤਕੜੀ ਟੱਕਰ ਦਿੱਤੀ, ਪਰ ਅੰਤ ਨੂੰ ਉਹ ਹੈਮਿਲਟਨ ਤੋਂ ਪਛੜ ਗਏ। ਫਾਰਮੂਲਾ ਵੰਨ ਇਕ ਅਜਿਹੀ ਖੇਡ ਹੈ, ਜਿਸ ਵਿਚ ਇਕ ਡਰਾਈਵਰ ਜਦੋਂ ਰੇਸ ਲਈ ਜਾਂਦਾ ਹੈ ਤਾਂ ਉਸ ਉੱਤੇ ਬਹੁਤ ਦਬਾਅ ਹੁੰਦਾ ਹੈ, ਪਰ ਹੈਮਿਲਟਨ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਸਾਰਾ ਸੀਜ਼ਨ ਆਪਣੇ ਟੀਚੇ ਉੱਤੇ ਧਿਆਨ ਟਿਕਾਈ ਰੱਖਿਆ। ਹੈਮਿਲਟਨ ਨੇ ਇਕ ਰਾਕੇਟ ਵਾਂਗ ਸ਼ੁਰੂਆਤ ਕੀਤੀ, ਜੋ ਸ਼ਾਇਦ ਉਸ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਸ਼ੁਰੂਆਤ ਸੀ। ਉਸ ਦੀ ਟੀਮ 'ਮਰਸੀਡੀਜ਼' ਦੀ ਵੀ ਤਾਰੀਫ਼ ਕਰਨੀ ਬਣਦੀ ਹੈ, ਜਿਸ ਨੇ ਇਕ ਸ਼ਾਨਦਾਰ ਕਾਰ ਤਿਆਰ ਕੀਤੀ, ਜਿਸ ਰਾਹੀਂ ਉਸ ਦੇ ਦੋਵੇਂ ਡਰਾਈਵਰ ਹੈਮਿਲਟਨ ਅਤੇ ਵਾਲਟੈਰੀ ਬੌਟਾਸ ਉੱਪਰਲੇ ਸਥਾਨਾਂ ਉੱਤੇ ਆਉਂਦੇ ਰਹੇ। ਖਿਤਾਬੀ ਅੰਕ ਸੂਚੀ ਵਿਚ ਲੂਈਸ ਹੈਮਿਲਟਨ ਤੋਂ ਬਾਅਦ ਸਬੈਸਟੀਅਨ ਵੈਟਲ ਦੂਜੇ ਨੰਬਰ ਉੱਤੇ ਆਏ ਹਨ।
ਇਸ ਦੌਰਾਨ ਫਾਰਮੂਲਾ ਵੰਨ ਵਿਚ ਭਾਰਤ ਦੇਸ਼ ਦਾ ਪ੍ਰਦਰਸ਼ਨ ਇਸ ਵਾਰ ਅੰਕਾਂ ਦੇ ਹਿਸਾਬ ਨਾਲ ਸੁਧਾਰ ਨਹੀਂ ਲੈ ਕੇ ਆਇਆ। ਇਸ ਖੇਡ ਵਿਚਲੀ ਇਕਲੌਤੀ ਭਾਰਤੀ ਟੀਮ ਸਹਾਰਾ ਫੋਰਸ ਇੰਡੀਆ 'ਕੰਸਟਰਕਟਰਸ' ਭਾਵ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੀ ਚੈਂਪੀਅਨਸ਼ਿਪ ਵਿਚ ਸੱਤਵੇਂ ਸਥਾਨ ਉੱਤੇ ਰਹੀ, ਜਦਕਿ ਪਿਛਲੇ ਸਾਲ ਫੋਰਸ ਇੰਡੀਆ ਟੀਮ ਚੌਥੇ ਸਥਾਨ ਉੱਤੇ ਰਹੀ ਸੀ। ਰਿਕਾਰਡ ਭਾਵੇਂ ਜਿੰਨੇ ਮਰਜ਼ੀ ਬਣੇ ਹੋਣ ਪਰ ਕੁੱਲ ਮਿਲਾ ਕੇ ਇਹ ਸੀਜ਼ਨ ਲੂਈਸ ਹੈਮਿਲਟਨ ਦੇ ਨਾਂਅ ਹੀ ਕਿਹਾ ਜਾਵੇਗਾ, ਜਿਨ੍ਹਾਂ ਸ਼ਾਨਦਾਰ ਖਿਤਾਬੀ ਜਿੱਤ ਰਾਹੀਂ ਰਫ਼ਤਾਰ ਦੀ ਖੇਡ ਫ਼ਾਰਮੂਲਾ ਵੰਨ ਦੇ ਬਾਦਸ਼ਾਹ ਵਜੋਂ ਆਪਣਾ ਮੁਕਾਮ ਪੱਕਾ ਕਰ ਦਿੱਤਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਫੁੱਟਬਾਲ : ਭਵਿੱਖ ਦੇ ਸਿਤਾਰੇ

ਭਾਰਤੀ ਫੁੱਟਬਾਲ ਅੱਜਕਲ੍ਹ ਚਰਚਾ 'ਚ ਹੈ, ਵਜ੍ਹਾ ਹੈ ਕਿ ਪਿਛਲੇ ਤਿੰਨ ਕੁ ਸਾਲਾਂ ਤੋਂ ਭਾਰਤੀ ਫੁੱਟਬਾਲ ਦੀ ਵਿਸ਼ਵ ਰੈਂਕਿੰਗ ਵਿਚ ਸੁਧਾਰ ਹੋ ਰਿਹਾ ਹੈ। ਕਿਸੇ ਸਮੇਂ 150ਵੇਂ ਨੰਬਰ ਤੋਂ ਪਛੜੀ ਭਾਰਤੀ ਟੀਮ ਇਸ ਸਮੇਂ ਵਿਸ਼ਵ ਦਰਜਾਬੰਦੀ 'ਚ ਲਗਪਗ 100ਵੇਂ ਦੇ ਕਰੀਬ ਬਿਰਾਜਮਾਨ ਹੈ। ਚੰਗੀ ਗੱਲ ਇਹ ਹੈ ਕਿ ਭਾਰਤ ਦੀਆਂ ਜੂਨੀਅਰ ਟੀਮਾਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਸ਼ਲਾਘਾ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ 1950ਵਿਆਂ ਦਹਾਕਿਆਂ ਵਿਚ ਭਾਰਤ ਨੂੰ ਫੁੱਟਬਾਲ 'ਚ ਬ੍ਰਾਜ਼ੀਲ ਆਫ ਏਸ਼ੀਆ ਕਿਹਾ ਜਾਂਦਾ ਸੀ। ਜਰਨੈਲ ਸਿੰਘ, ਪੀ. ਕੇ. ਬੈਨਰਜੀ, ਤੁਲਸੀ ਰਾਮ ਬਲਰਾਮ, ਇੰਦਰ ਸਿੰਘ, ਚੁੰਨੀ ਗੋਸਵਾਮੀ, ਅਰੁਣ ਘੋਸ਼ ਅਤੇ ਗੁਰਦੇਵ ਸਿੰਘ ਵਰਗੇ ਫੁੱਟਬਾਲਰ ਦੁਨੀਆ ਦੇ ਟਾਪ ਖਿਡਾਰੀਆਂ 'ਚ ਗਿਣੇ ਜਾਂਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਆਈ.ਐਮ. ਵਿਜੀਅਨ, ਬਾਈਚੁੰਗ ਭੂਟੀਆ, ਸੁਨੀਲ ਛੇਤਰੀ ਚਰਚਿਤ ਨਾਂਅ ਰਹੇ ਹਨ। ਇਨ੍ਹਾਂ ਖਿਡਾਰੀਆਂ ਤੋਂ ਬਾਅਦ ਕੌਣ? ਦਾ ਸਵਾਲ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਪਿਛਲੇ ਕੁਝ ਸਮੇਂ ਵਿਚ ਕੁਝ ਇਕ ਪ੍ਰਤਿਭਾਵਾਨ ਖਿਡਾਰੀ ਭਾਰਤੀ ਫੁੱਟਬਾਲ ਲਈ ਸੱਜਰੀ ਸਵੇਰ ਬਣ ਕੇ ਸੁਰਖੀਆਂ ਬਟੋਰਨ 'ਚ ਕਾਮਯਾਬ ਰਹੇ ਹਨ। ਹਥਲੇ ਲੇਖ 'ਚ ਰੂਬਰੂ ਹੁੰਦੇ ਹਾਂ ਉਨ੍ਹਾਂ ਉੱਭਰ ਰਹੇ ਖਿਡਾਰੀਆਂ ਦੇ ਜੋ ਭਾਰਤੀ ਫੁੱਟਬਾਲ ਦੇ ਭਵਿੱਖ ਦੇ ਪੈਮਾਨੇ 'ਤੇ ਖਰੇ ਉਤਰਨ ਲਈ ਤਿਆਰ ਹਨ।
ਜੈਕਸਨ ਸਿੰਘ ਥਾਉਨਾ ਔਜਮ : ਮਨੀਪੁਰ ਦੇ ਥੋਉਵਾਲ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਹਾਉਖਾ ਮਮਾਰਾ 'ਚ 21 ਜੂਨ, 2001 'ਚ ਜਨਮੇ ਜੈਕਸਨ ਦੇ ਪਿਤਾ ਕੋਥੇਜਾਮ ਦੇਬੇਨ ਸਿੰਘ ਫੁੱਟਬਾਲ ਖਿਡਾਰੀ ਸਨ। ਸੰਨ 2015 'ਚ ਅਧਰੰਗ ਹੋਣ ਕਰਕੇ ਮਨੀਪੁਰ ਪੁਲਿਸ ਦੀ ਨੌਕਰੀ ਛੱਡਣੀ ਪਈ। ਪਰਿਵਾਰ ਦੀ ਜ਼ਿੰਮੇਵਾਰੀ ਜੈਕਸਨ ਦੀ ਮਾਂ ਦੇ ਮੋਢਿਆਂ 'ਤੇ ਆ ਪਈ, ਜੋ ਇੰਫਾਲ ਦੇ ਖਵੈਰਾਮਬੰਦ ਬਾਜ਼ਾਰ 'ਚ ਸਬਜ਼ੀ ਵੇਚਦੀ ਸੀ। ਗੁਰਬਤ ਭਰੀ ਜ਼ਿੰਦਗੀ ਹੰਢਾਉਣ ਦੇ ਬਾਵਜੂਦ ਜੈਕਸਨ ਦੀ ਫੁੱਟਬਾਲਰ ਬਣਨ ਦੀ ਜ਼ਿੱਦ ਅਤੇ ਜਨੂਨ 11 ਸਾਲ ਦੀ ਉਮਰ 'ਚ ਉਸ ਨੂੰ ਘਰ ਤੋਂ 2700 ਕਿਲੋਮੀਟਰ ਦੂਰ ਚੰਡੀਗੜ੍ਹ ਫੁੱਟਬਾਲ ਅਕੈਡਮੀ 'ਚ ਲੈ ਆਇਆ। ਲੰਬੇ ਸੰਘਰਸ਼ ਤੋਂ ਬਾਅਦ ਆਖਰਕਾਰ ਜੈਕਸਨ ਨੇ ਉਹ ਮੁਕਾਮ ਹਾਸਲ ਕਰ ਲਿਆ, ਜਿਸ ਦੇ ਉਹ ਸੁਪਨੇ ਲਿਆ ਕਰਦਾ ਸੀ। ਬਤੌਰ ਮਿਡਫੀਲਡਰ ਮੈਦਾਨ 'ਚ ਉਤਰਨ ਵਾਲਾ ਜੈਕਸਨ ਨਾ ਸਿਰਫ ਅੰਡਰ-17 ਵਿਸ਼ਵ ਕੱਪ 'ਚ ਭਾਰਤੀ ਟੀਮ 'ਚ ਸ਼ਾਮਿਲ ਹੋਇਆ, ਬਲਕਿ ਵਿਸ਼ਵ ਫੁੱਟਬਾਲ 'ਚ ਭਾਰਤ ਲਈ ਗੋਲ ਕਰਨ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ।
ਕੋਮਲ ਥਾਟਲ : 18 ਸਤੰਬਰ, 2000 ਨੂੰ ਸਿੱਕਮ ਦੇ ਸੋਰੇਗ ਸਬ-ਡਵੀਜ਼ਨ ਦੇ ਪਿੰਡ ਤਿੰਨਬਰਵੰਗ 'ਚ ਜਨਮੇ ਮਿਲਫੀਲਡ ਪੁਜ਼ੀਸ਼ਨ 'ਤੇ ਖੇਡਦੇ ਕੋਮਲ ਥਾਟਲ ਦੇ ਮਾਤਾ-ਪਿਤਾ ਦਰਜੀ ਦਾ ਕੰਮ ਕਰਦੇ ਹਨ ਪਰ ਪੁੱਤ ਦੇ ਫੁੱਟਬਾਲਰ ਬਣਨ ਦੀ ਹਸਰਤ ਪੂਰੀ ਕਰਨ ਲਈ ਉਨ੍ਹਾਂ ਨੇ ਹਰ ਤਰ੍ਹਾਂ ਦਾ ਸੰਘਰਸ਼ ਕੀਤਾ। ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਉਸ ਦੀ ਚੋਣ ਸਿੱਕਮ ਸਰਕਾਰ ਵਲੋਂ ਚਲਾਏ ਜਾਂਦੇ ਨਾਮਚੀ ਸਪੋਰਟਸ ਹਾਸਟਲ 'ਚ ਹੋ ਗਈ ਤੇ ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਾ ਦੇਖਿਆ। ਜਿਥੇ ਉਹ ਅੱਜ ਭਾਰਤੀ ਟੀਮ ਲਈ ਖੇਡਦਾ ਹੈ, ਉਥੇ ਪਿਛਲੇ ਸਾਲ ਭਾਰਤ ਦੀ ਮੇਜ਼ਬਾਨੀ 'ਚ ਖੇਡੇ ਗਏ ਅੰਡਰ-17 ਵਿਸ਼ਵ ਕੱਪ 'ਚ ਉਸ ਦੀ ਖੇਡ ਨੇ ਸਭ ਦਾ ਦਿਲ ਜਿੱਤ ਲਿਆ ਤੇ ਅੱਜ ਇਹ ਖਿਡਾਰੀ ਮਸ਼ਹੂਰ ਕਲੱਬ ਮਾਨਚੈਸਟਰ ਦੇ ਰਾਡਾਰ 'ਤੇ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਫਰੈਂਚ ਓਪਨ ਵਿਚ ਰਿਹਾ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਭਾਰਤ ਦੀ ਬੈਡਮਿੰਟਨ ਦੀ ਖੇਡ ਵਿਚ ਇਕ ਤੋਂ ਬਾਅਦ ਇਕ ਹਾਰ ਖੇਡ ਪ੍ਰੇਮੀਆਂ ਦੇ ਮਨਾਂ ਵਿਚ ਹੁਣ ਇਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਇਹ ਪ੍ਰਸ਼ਨ ਪੈਦਾ ਹੋ ਗਿਆ ਹੈ ਕਿ ਇਸ ਵਿਚ ਨਿਰੰਤਰਤਾ ਦੀ ਘਾਟ ਕਿਵੇਂ ਦੂਰ ਕੀਤੀ ਜਾਵੇ? ਫਰੈਂਚ ਓਪਨ ਵਿਚ ਸਾਡੇ ਮਾਣ ਬਣੇ ਖਿਡਾਰੀ ਸਾਇਨਾ ਨੇਹਵਾਲ, ਸ੍ਰੀ ਕਾਂਤ, ਪੀ.ਵੀ. ਸਿੰਧੂ ਕੁਆਰਟਰ ਫਾਈਨਲ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਜੇਕਰ ਪੁਰਸ਼ ਵਰਗ ਵਿਚ ਸ੍ਰੀ ਕਾਂਤ ਦੀ ਗੱਲ ਕਰੀਏ ਤਾਂ ਪਹਿਲਾ ਰਾਊਂਡ ਜਿੱਤ ਕੇ ਸ੍ਰੀ ਕਾਂਤ ਨੇ ਦੂਜੇ ਰਾਊਂਡ ਵਿਚ ਪੰਜ ਨੰਬਰ ਦੇ ਖਿਡਾਰੀ ਨੇ ਹਾਂਗਕਾਂਗ ਦੇ ਖਿਡਾਰੀ ਵੌਂਗ ਵਿੰਗ ਨੂੰ ਬਿਲਕੁਲ ਸਿੱਧੇ ਸੈੱਟਾਂ ਵਿਚ 21-19, 21-18 'ਤੇ ਆਰਾਮ ਨਾਲ ਹੀ ਹਰਾ ਦਿੱਤਾ। ਇਹ ਦੋਵੇਂ ਖਿਡਾਰੀ ਆਪਸ ਵਿਚ 10 ਵਾਰ ਭਿੜੇ ਹਨ ਤੇ ਹੁਣ ਅੰਕੜਾ 6-4 ਨਾਲ ਸ੍ਰੀ ਕਾਂਤ ਦੇ ਹੱਕ ਵਿਚ ਹੋ ਗਿਆ ਹੈ। ਪਹਿਲਾਂ ਡੈਨਮਾਰਕ ਓਪਨ ਤੇ ਹੁਣ ਫਰੈਂਚ ਓਪਨ, ਇਹ ਦੋਵੇਂ ਵੱਕਾਰੀ ਟੂਰਨਾਮੈਂਟ ਇਕ-ਦੂਜੇ ਤੋਂ ਬਾਅਦ ਹੋਏ ਹਨ, ਇਸ ਕਰਕੇ ਇਕ-ਦੂਜੇ ਨਾਲ ਤੁਲਨਾ ਕਰਨੀ ਖੇਡ ਲਈ ਕੇਵਲ ਵਿਸ਼ਲੇਸ਼ਣ ਦੇ ਪੱਖ ਤੋਂ ਲਾਹੇਵੰਦ ਹੋ ਸਕਦੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਡੈਨਮਾਰਕ ਓਪਨ ਵਿਚ ਭਾਰਤ ਨੇ ਕੇਵਲ ਇਕ ਚਾਂਦੀ ਦਾ ਤਗਮਾ ਸਾਇਨਾ ਦੁਆਰਾ ਮਹਿਲਾ ਸਿੰਗਜ਼ ਵਿਚ ਪ੍ਰਾਪਤ ਕੀਤਾ ਸੀ ਪਰ ਸਮੁੱਚੇ ਤੌਰ 'ਤੇ ਭਾਰਤ ਨੇ ਉੱਤਮ ਪ੍ਰਦਰਸ਼ਨ ਕਰਕੇ ਵਾਪਸੀ ਕੀਤੀ ਸੀ, ਦੁਨੀਆ ਵਿਚ ਇਹ ਸਾਬਤ ਕਰ ਦਿੱਤਾ ਸੀ ਕਿ ਏਸ਼ੀਆ ਵਿਚ ਅੱਜ ਭਾਰਤ ਇਕ ਵੱਡੀ ਤਾਕਤ ਬਣ ਗਿਆ ਹੈ।
ਪਰ ਫਰੈਂਚ ਓਪਨ ਵਿਚ ਮਾੜੇ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਡੈਨਮਾਰਕ ਦੀ ਉਪ-ਜੇਤੂ ਸਾਇਨਾ ਫਿਰ ਮਾਨਸਿਕ ਦਬਾਅ ਦੀ ਸ਼ਿਕਾਰ ਹੋ ਗਈ ਤੇ ਅੰਤਿਮ 16 ਵਿਚ ਆਉਣ ਤੋਂ ਰਹਿ ਗਈ। ਫਰੈਂਚ ਓਪਨ ਵਿਚ ਯਾਮਾ ਗੁਚੀ ਨੇ ਇਹ ਖਿਤਾਬ ਜਿੱਤਿਆ ਤੇ ਪੁਰਸ਼ ਵਰਗ ਵਿਚ ਸੋਨੇ ਦਾ ਚੀਨ ਦੇ ਲੋਗ ਨੇ ਤੇ ਚਾਂਦੀ ਦਾ ਤਗਮਾ ਵੀ ਚੀਨ ਦੇ ਹੱਥ ਆਇਆ। ਡੈਨਮਾਰਕ ਓਪਨ ਵਿਚ ਇਵੇਂ ਲੱਗਿਆ ਕਿ ਸਾਇਨਾ ਨੇ ਆਪਣੀਆਂ ਮਾਸਪੇਸ਼ੀਆਂ ਦੇ ਖਿਚਾਓ ਵਿਚ ਸੁਧਾਰ ਕਰ ਲਿਆ ਹੈ। ਉਹ ਆਪਣੀ ਉੱਤਮ ਖੇਡ ਕਾਰਨ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਦੀ ਹੋਈ ਫਾਈਨਲ ਤੱਕ ਪਹੁੰਚੀ ਸੀ। ਫਾਈਨਲ ਵਿਚ ਉਸ ਦਾ ਟਾਕਰਾ ਵਿਸ਼ਵ ਦੀ ਨੰਬਰ ਇਕ ਚੀਨ ਦੀ ਦੀਵਾਰ ਬਣੀ ਤਾਈਪੇ ਯੂ ਜ਼ਿੰਗ ਨਾਲ ਸੀ।
ਉਹ ਇਕ ਬਹੁਤ ਸੰਘਰਸ਼ਮਈ ਤਿੰਨ ਗੇਮਾਂ ਤੱਕ ਚੱਲੇ ਮੈਚ ਵਿਚ ਹਾਰੀ। ਹੁਣ ਫਰੈਂਚ ਓਪਨ ਵਿਚ ਦਰਸ਼ਕਾਂ ਲਈ ਇਹ ਗੱਲ ਬਹੁਤ ਦਿਲਚਸਪ ਬਣੀ ਕਿ ਫਰੈਂਚ ਓਪਨ ਵਿਚ ਚੀਨੀ ਤਾਈਪੇ ਜਾਪਾਨ ਦੀ ਯਾਮਾ ਗੁਚੀ ਤੋਂ ਹਾਰ ਗਈ, ਜਿਸ ਨੂੰ ਸਾਇਨਾ ਨੇ ਹਾਰ ਦਿੱਤੀ ਸੀ। ਖੇਡ ਪ੍ਰੇਮੀਆਂ ਦਾ ਇਹ ਵਿਚਾਰ ਹੈ ਕਿ ਜੋ ਲੈਅ ਡੈਨਮਾਰਕ ਓਪਨ ਵਿਚ ਭਾਰਤ ਨੇ ਬਣਾਈ ਸੀ, ਉਹ ਲੈਅ ਭਾਰਤ ਫਰੈਂਚ ਓਪਨ ਵਿਚ ਕਾਇਮ ਨਾ ਰੱਖ ਸਕਿਆ।
ਇਸ ਤਰ੍ਹਾਂ ਹੀ ਪੁਰਸ਼ ਵੰਨਗੀ ਵਿਚ ਸ੍ਰੀ ਕਾਂਤ ਨੇ ਵਿਸ਼ਵ ਦੇ ਪੰਜ ਵਾਰ ਦੇ ਚੈਂਪੀਅਨ ਰਹੇ ਤੇ ਉਲੰਪੀਅਨ ਰਹੇ ਲਿਨ ਡਿਨ ਨੂੰ ਹਰਾ ਕੇ ਸਨਸਨੀ ਪੈਦਾ ਕਰ ਦਿੱਤੀ ਸੀ। ਉਹ ਵੀ ਫਰੈਂਚ ਓਪਨ ਵਿਚ ਦੂਜੇ ਰਾਊਂਡ ਵਿਚ ਹਾਰ ਗਿਆ। ਇਹ ਹਾਰ ਪਿਛਲੀ ਹਾਰ ਤੋਂ ਵੀ ਮਾੜੀ ਸਾਬਤ ਹੋਈ। ਇਸ ਵਾਰ ਉਹ ਜਾਪਾਨ ਦੇ ਮੋਮੋਤੋਂ ਤੋਂ ਕੇਵਲ 36 ਮਿੰਟਾਂ ਵਿਚ ਹੀ 16-21, 19-21 ਸਿੱਧੇ ਸੈਟਾਂ ਵਿਚ ਹਾਰ ਗਿਆ। ਇਹ ਹਾਰ ਜਾਪਾਨ ਦੇ ਮੋਮੋਤੌ ਤੋਂ ਲਗਾਤਾਰ ਪੰਜਵੀਂ ਵਾਰ ਤੇ ਕੁਲ ਸੱਤਵੀਂ ਵਾਰ ਹਾਰ ਸੀ।
ਇਸ ਸਬੰਧ ਵਿਚ ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਸ ਖੇਡ ਵਿਚ ਵੱਡੇ ਉਲਟਫੇਰ ਕੇਵਲ ਭਾਰਤ ਵਿਚ ਹੀ ਨਹੀਂ ਦੇਖੇ ਜਾਂਦੇ, ਸਗੋਂ ਦੂਸਰੇ ਦੇਸ਼ਾਂ ਵਿਚ ਵੀ ਦੇਖੇ ਜਾਂਦੇ ਹਨ। ਜਿਹੜੀ ਤਾਈਪੇ ਤੋਂ ਸਾਇਨਾ ਤੇ ਪੀ.ਵੀ. ਸਿੰਧੂ ਕਈ ਵਾਰ ਹਾਰੀਆਂ, ਉਹ ਯਾਮਾ ਗੁਚੀ ਤੋਂ ਫਰੈਂਚ ਓਪਨ ਵਿਚ ਹਾਰ ਗਈ। ਮਹਿਲਾ ਵਰਗ ਵਿਚ ਬਹੁਤ ਸੰਘਰਸ਼ਮਈ ਮੈਚ ਦੇਖਣ ਨੂੰ ਮਿਲੇ ਤੇ ਕਈ ਉਲਟਫੇਰ ਦੇਖਣ ਨੂੰ ਮਿਲੇ।
ਪਹਿਲਾਂ ਮੁੱਢਲੇ ਦੌਰ ਵਿਚ ਹੀ ਸਾਇਨਾ, ਜਿਸ ਨੇ ਕੁਝ ਦਿਨ ਪਹਿਲਾਂ ਯਾਮਾ ਗੁਚੀ ਨੂੰ ਹਰਾਇਆ ਸੀ, ਉਹ ਤਾਇਪੇ ਕੋਲੋਂ ਫਿਰ ਆਰਾਮ ਨਾਲ ਹਾਰ ਗਈ ਤੇ ਟੂਰਨਾਮੈਂਟ ਤੋਂ ਬਾਹਰ ਸਸਤੇ ਵਿਚ ਹੀ ਹੋ ਗਈ। ਦਿਲਚਸਪ ਗੱਲ ਇਹ ਹੋਈ ਕਿ ਜਾਪਾਨ ਦੀ ਯਾਮਾ ਗੁਚੀ ਨੇ ਫਾਈਨਲ ਵਿਚ ਚੀਨ ਦੀ ਦੀਵਾਰ ਬਣੀ ਤਾਈਪੇ ਨੂੰ ਇਕ ਬਹੁਤ ਹੀ ਸੰਘਰਸ਼ਮਈ ਮੈਚ ਵਿਚ ਹਰਾ ਕੇ ਫਾਈਨਲ 22-20, 17-21, 21-13 ਨਾਲ ਜਾਪਾਨ ਦੀ ਝੋਲੀ ਵਿਚ ਪਾ ਦਿੱਤਾ।
ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ 2020 ਵਿਚ ਸਭ ਤੋਂ ਵੱਕਾਰੀ ਖੇਡਾਂ ਉਲੰਪਿਕ ਦੀਆਂ ਟੋਕੀਓ (ਜਾਪਾਨ) ਵਿਚ ਹੋ ਰਹੀਆਂ ਹਨ, ਇਸ ਦੀ ਤਿਆਰੀ ਤੇ ਖੇਡ ਪ੍ਰਤੀ ਸੁਚੇਤ ਹੋਣ ਦੀ ਪ੍ਰਵਿਰਤੀ ਜਾਪਾਨ ਨੇ ਹੁਣ ਤੋਂ ਹੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਇਹ ਪ੍ਰਵਿਰਤੀ ਹਰ ਖੇਡ ਵਿਚ ਜਾਪਾਨ ਨੇ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਯਾਮਾ ਗੁਚੀ ਦੀ ਫਰੈਂਚ ਓਪਨ ਵਿਚ ਜਿੱਤ ਜਾਪਾਨ ਲਈ ਇਕ ਸ਼ੁੱਭ ਕਦਮ ਹੈ। ਭਾਰਤ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਦੇਖੋ ਯਾਮਾ ਗੁਚੀ ਡੈਨਮਾਰਕ ਵਿਚ ਸਾਇਨਾ ਕੋਲੋਂ ਬੁਰੀ ਤਰ੍ਹਾਂ ਸਿੱਧੇ ਸੈੱਟਾਂ ਵਿਚ ਹਾਰੀ ਹੈ, ਪਰ ਉਸ ਨੇ ਦ੍ਰਿੜ੍ਹਤਾ ਨਾਲ ਖੇਡ ਕੇ ਟੂਰਨਾਮੈਂਟ ਜਿੱਤਿਆ ਹੈ।
ਇਸ ਸਮੇਂ ਜਦੋਂ ਦੁਨੀਆ ਦਾ ਖੇਡਾਂ ਦਾ ਮਹਾਂਕੁੰਭ ਉਲੰਪਿਕ ਹੁਣ ਬਹੁਤ ਨੇੜੇ ਆ ਗਿਆ ਹੈ, ਅਸੀਂ ਇਸ ਖੇਡ ਵਿਚ ਪਹਿਲਾਂ ਦੋ ਤਗਮੇ ਜਿੱਤੇ ਹਨ, ਇਹ ਸਮਾਂ ਹੈ ਕਿ ਅਸੀਂ ਇਸ ਖੇਡ ਵਿਚ ਸੁਚੇਤ ਹੋ ਕੇ ਕੋਈ ਵਿਸ਼ਾਲ ਨੀਤੀ ਬਣਾਈਏ। ਸਾਡੇ ਕਈ ਖਿਡਾਰੀ ਇਸ ਸਮੇਂ ਪਹਿਲੇ ਦਸਾਂ ਵਿਚ ਤਾਂ ਆਉਂਦੇ ਹਨ ਪਰ ਸਾਡੇ ਖਿਡਾਰੀ ਨਿਰੰਤਰਤਾ ਨੂੰ ਕਾਇਮ ਨਹੀਂ ਰੱਖ ਸਕੇ ਤੇ ਨਮੋਸ਼ੀ ਦਾ ਸ਼ਿਕਾਰ ਹੋਏ ਹਨ। ਪ੍ਰਕਾਸ਼ ਪਾਦੋਕੋਨ ਤੇ ਗੋਪੀ ਚੰਦ ਦੀ ਅਗਵਾਈ ਵਿਚ ਬਣਾਈ ਹੋਈ ਠੋਸ ਨੀਤੀ ਤੇ ਲੋੜੀਂਦਾ ਅਭਿਆਸ ਤੇ ਸਖ਼ਤ ਮੁਕਾਬਲਾ ਸਾਡੇ ਵਿਚ ਨਿਰੰਤਰਤਾ ਦੀ ਘਾਟ ਨੂੰ ਦੂਰ ਕਰ ਸਕਦਾ ਹੈ।


-274-ਏ.ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਵਿਸ਼ਵ ਕੱਪ ਹਾਕੀ 'ਚ ਭਾਰਤ ਨੂੰ ਮਿਲੇਗੀ ਏਸ਼ੀਆ ਮਹਾਂਦੀਪ ਦੀ ਸਖ਼ਤ ਚੁਣੌਤੀ

ਏਸ਼ੀਅਨ ਚੈਂਪੀਅਨ ਟਰਾਫੀ ਹਾਕੀ ਦਾ ਪੰਜਵਾਂ ਐਡੀਸ਼ਨ ਜੋ ਹਾਲ ਹੀ ਵਿਚ ਓਮਾਨ ਦੇ ਸ਼ਹਿਰ ਮਸਕਟ 'ਚ ਆਯੋਜਿਤ ਹੋਇਆ, ਭਾਰਤ ਦੀ ਹਾਕੀ ਲਈ ਭਵਿੱਖ 'ਚ ਚੰਗੀਆਂ ਸੰਭਾਵਨਾਵਾਂ ਪੈਦਾ ਕਰਦਾ ਇਹ ਵੀ ਦੱਸ ਗਿਆ ਕਿ ਏਸ਼ੀਆ ਮਹਾਂਦੀਪ 'ਚ ਹੁਣ ਮੁਕਾਬਲਾ ਕਾਫੀ ਵਧ ਚੁੱਕਾ ਹੈ। ਇਸ ਪੱਧਰ 'ਤੇ ਵੀ ਲਗਾਤਾਰ ਕਿਸੇ ਇਕ ਟੀਮ ਦਾ ਚੈਂਪੀਅਨ ਬਣਨਾ ਹੁਣ ਆਸਾਨ ਨਹੀਂ ਹੈ। ਪਾਕਿਸਤਾਨ, ਜਾਪਾਨ, ਮਲੇਸ਼ੀਆ ਨਵੀਆਂ ਚੁਣੌਤੀਆਂ ਬਣ ਕੇ ਉੱਭਰ ਰਹੀਆਂ ਹਨ।
ਇਸ ਟੂਰਨਾਮੈਂਟ 'ਚ ਭਾਰਤ ਨੇ ਫਾਈਨਲ 'ਚ ਪ੍ਰਵੇਸ਼ ਕਰਨ ਲਈ ਓਮਾਨ ਨੂੰ 11-0 ਨਾਲ, ਪਾਕਿਸਤਾਨ ਨੂੰ 3-1 ਨਾਲ, ਜਾਪਾਨ ਨੂੰ 9-0 ਨਾਲ, ਮਲੇਸ਼ੀਆ ਨਾਲ ਬਰਾਬਰੀ, ਕੋਰੀਆ ਨੂੰ 4-1 ਨਾਲ ਅਤੇ ਸੈਮੀਫਾਈਨਲ 'ਚ ਜਾਪਾਨ ਨੂੰ 3-2 ਨਾਲ ਹਰਾਇਆ, ਜੋ ਕੁਝ ਅਰਸਾ ਪਹਿਲਾਂ ਏਸ਼ੀਅਨ ਖੇਡਾਂ ਦਾ ਖਿਤਾਬ ਜਿੱਤ ਕੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਚੁੱਕਾ ਹੈ। ਹਰਮਨਪ੍ਰੀਤ ਸਿੰਘ, ਜਰਮਨ, ਸੁਰਿੰਦਰ ਕੁਮਾਰ, ਮਨਪ੍ਰੀਤ ਗੁਰਜੰਟ, ਲਲਿਤ ਉਪਾਧਿਆਇ, ਪੀ.ਆਰ. ਸ੍ਰੀਜੇਸ਼, ਨੀਲਾਂਕਤਾ ਸ਼ਰਮਾ, ਵਰੁਨ ਕੁਮਾਰ, ਅਕਾਸ਼ਦੀਪ ਸਿੰਘ, ਚਿੰਗਲੇਨਸ਼ਨਾ ਸਿੰਘ ਆਦਿ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਵਿਸ਼ਵ ਕੱਪ ਹਾਕੀ ਭੁਵਨੇਸ਼ਵਰ ਦੀ ਟੀਮ 'ਚ ਦਾਖ਼ਲ ਹੋਣ ਦੀਆਂ ਉਮੀਦਾਂ ਵੀ ਪੈਦਾ ਕੀਤੀਆਂ। ਜਾਪਾਨੀ ਟੀਮ ਦੇ ਡੱਚ ਕੋਚ ਸੀਗਫਰਾਇਡ ਅਤੇ ਉਸ ਦੀ ਟੀਮ ਨੇ ਵਾਹ-ਵਾਹ ਜ਼ਰੂਰ ਖੱਟੀ। ਹਾਕੀ ਪ੍ਰੇਮੀਆਂ ਦਾ ਦਿਲ ਜਿੱਤਿਆ ਪਰ ਉਸ ਦੀ ਟੀਮ ਮੁੜ ਦੂਜੀ ਵਾਰ ਏਸ਼ੀਅਨ ਚੈਂਪੀਅਨ ਨਾ ਬਣ ਸਕੀ। ਪਾਕਿਸਤਾਨੀ ਟੀਮ ਦੀ ਕਿਸਮਤ ਚੰਗੀ ਸਮਝੋ। ਫਾਈਨਲ ਮੈਚ ਤੇਜ਼ ਅਤੇ ਲਗਾਤਾਰ ਬਾਰਿਸ਼ ਨੇ ਧੋ ਦਿੱਤਾ ਅਤੇ ਭਾਰਤ ਅਤੇ ਪਾਕਿਸਤਾਨ ਸਾਂਝੇ ਰੂਪ ਵਿਚ ਚੈਂਪੀਅਨ ਬਣੇ। ਭਾਰਤ ਦਾ ਇਕੱਲੇ ਚੈਂਪੀਅਨ ਬਣਨ ਦਾ ਮਜ਼ਾ ਕਿਰਕਿਰਾ ਜਿਹਾ ਹੋ ਗਿਆ।
ਦੂਜੇ ਪਾਸੇ ਪਾਕਿਸਤਾਨ ਦੀ ਟੀਮ ਜੋ ਤਾਹਿਰ ਜ਼ਮਾਨ ਦੇ ਮਾਰਗ ਦਰਸ਼ਨ 'ਚ ਖੇਡੀ, ਇਸ ਵਾਰ ਕਾਫੀ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆਈ। ਇਸੇ ਕੋਚ ਬਾਰੇ ਕਦੇ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਕਿਹਾ ਸੀ ਕਿ ਉਨ੍ਹਾਂ ਦੇਸ਼ ਲਈ ਲੜਦੇ ਬਹਾਦਰ ਸਿਪਾਹੀਆਂ ਬਾਰੇ ਹੀ ਸੋਚਿਆ ਸੀ ਕਿ ਉਹ ਹੀ ਦੇਸ਼ ਸਨਮਾਨ ਦੀ ਜੰਗ ਲੜਦੇ ਹਨ ਪਰ ਉਸ ਦੇ ਦੇਸ਼ 'ਚ ਇਕ ਐਸਾ ਸਿਪਾਹੀ ਵੀ ਹੈ, ਜਿਸ ਦੇ ਹੱਥ 'ਚ ਹਾਕੀ ਸਟਿੱਕ ਹੈ, ਉਸ ਦਾ ਇਸ਼ਾਰਾ ਤਾਹਿਰ ਜ਼ਮਾਨ ਵੱਲ ਸੀ, ਜਿਸ ਨੇ ਉਸ ਸਮੇਂ ਵਿਸ਼ਵ ਕੱਪ ਹਾਕੀ ਦੇ ਸ਼ੁਰੂ ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਦੇਸ਼ ਲਈ ਖੇਡਣ ਨੂੰ ਪੂਰੇ ਟੂਰਨਾਮੈਂਟ 'ਚ ਪਹਿਲ ਦਿੱਤੀ ਸੀ, ਜਿਸ ਵਿਚ ਉਸ ਨੇ ਉਸ ਸਮੇਂ ਸ਼ਹਿਬਾਜ਼ ਅਹਿਮਦ ਅਤੇ ਕਲੀਮ ਉੱਲਾ ਖਾਨ ਨਾਲ ਖੇਡ ਕੇ ਪਾਕਿਸਤਾਨ ਲਈ ਗੌਰਵਮਈ ਉਡਾਣ ਭਰੀ। ਤੇਜ਼, ਫੁਰਤੀਲੇ ਅਨੁਭਵੀ ਰਾਈਟ ਵਿੰਸਰ ਦੀ ਰਹਿਨੁਮਾਈ 'ਚ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਹਾਕੀ ਲਈ ਖਾਸ ਉਮੀਦਾਂ ਪੈਦਾ ਕਰ ਗਈ।
ਗਹੁ ਨਾਲ ਵਿਚਾਰਿਆ ਜਾਵੇ ਤਾਂ ਏਸ਼ੀਅਨ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਸਭ ਟੀਮਾਂ ਲਈ ਵਿਸ਼ਵ ਕੱਪ ਲਈ ਜ਼ੋਰਦਾਰ ਤਿਆਰੀ ਦਾ ਮੰਚ ਹੀ ਸੀ, ਕਿਉਂਕਿ ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਨੂੰ ਇਨ੍ਹਾਂ ਹੀ ਟੀਮਾਂ ਨੇ ਬਹੁਤ ਗੰਭੀਰਤਾ ਨਾਲ ਲਿਆ ਸੀ। ਟੀਮਾਂ ਨੇ ਇਸ 'ਚ ਕੁਝ ਅਹਿਮ ਤਜਰਬੇ ਵੀ ਕੀਤੇ। ਭਾਰਤੀ ਸੰਦਰਭ ਤੋਂ ਇਸ ਟੂਰਨਾਮੈਂਟ ਦੀ ਬਹੁਤ ਜ਼ਿਆਦਾ ਅਹਿਮੀਅਤ ਇਸ ਕਰਕੇ ਵੀ ਸੀ, ਕਿਉਂਕਿ ਮੇਜ਼ਬਾਨੀ ਸ਼ਹਿਰ ਭੁਵਨੇਸ਼ਵਰ (ਉੜੀਸਾ) ਕਰ ਰਿਹਾ ਹੈ। ਸਾਡੀ ਟੀਮ ਨੂੰ ਆਪਣੇ ਆਤਮ ਮੰਥਨ ਦੀ ਲੋੜ ਸੀ।
ਵਿਸ਼ਵ ਕੱਪ ਹਾਕੀ 'ਚ ਜਾਣ ਤੋਂ ਪਹਿਲਾਂ ਭਾਰਤ 'ਚ ਹਮੇਸ਼ਾ ਸੰਭਾਵਨਾਵਾਂ ਅਤੇ ਉਮੀਦਾਂ ਬਹੁਤ ਜ਼ਿਆਦਾ ਪੈਦਾ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਉਮੀਦਾਂ 'ਤੇ ਪੂਰਾ ਉਤਰਨ ਲਈ ਟੀਮ ਦੇ ਹਰ ਇਕ ਖਿਡਾਰੀ ਕੋਲ ਆਤਮਵਿਸ਼ਵਾਸ ਵੀ ਹੋਣਾ ਚਾਹੀਦਾ ਹੈ। ਵਿਰੋਧੀ ਟੀਮ ਪ੍ਰਤੀ ਸਖ਼ਤ ਚੁਣੌਤੀ ਦੇਣ ਲਈ ਵਚਨਬੱਧਤਾ ਅਤੇ ਇਰਾਦੇ ਦੀ ਪੁਖਤਗੀ ਦੀ ਜ਼ਰੂਰਤ ਹੁੰਦੀ ਹੈ। ਬੇਸ਼ੱਕ ਭਾਰਤ ਇਸ ਏਸ਼ੀਅਨ ਚੈਂਪੀਅਨ ਟਰਾਫੀ 'ਚ ਪਾਕਿਸਤਾਨ ਨਾਲ ਸਾਂਝੇ ਤੌਰ 'ਤੇ ਚੈਂਪੀਅਨ ਤਾਂ ਬਣ ਗਿਆ ਪਰ ਮਲੇਸ਼ੀਆ ਦੇ ਖ਼ਿਲਾਫ਼ ਉਸ ਦੀ ਬਰਾਬਰੀ ਅਤੇ ਦੋ ਵਾਰ ਲਗਾਤਾਰ ਉਸ ਨੂੰ ਨਾ ਹਰਾ ਸਕਣਾ, ਇਕ ਵਾਰ ਇਸ ਟੂਰਨਾਮੈਂਟ 'ਚ ਤੇ ਇਕ ਵਾਰ ਏਸ਼ੀਅਨ ਖੇਡਾਂ 'ਚ ਭਾਰਤੀ ਖੇਮੇ 'ਚ ਵਿਸ਼ਵ ਕੱਪ ਹਾਕੀ 'ਚ ਵੀ ਥੋੜ੍ਹਾ ਮਾਨਸਿਕ ਦਬਾਅ ਦਾ ਕਾਰਨ ਬਣ ਸਕਦਾ ਹੈ। ਇਸ ਟੂਰਨਾਮੈਂਟ 'ਚ ਕਿਤੇ-ਕਿਤੇ ਪਾਕਿਸਤਾਨ ਦੀ ਟੀਮ ਨੇ ਵੀ ਭਾਰਤ ਨੂੰ ਥੋੜ੍ਹਾ ਤੰਗ ਜਿਹਾ ਕੀਤਾ। ਇਸ ਲਈ ਪਾਕਿਸਤਾਨ ਟੀਮ ਲਈ ਵਿਸ਼ਵ ਕੱਪ ਹਾਕੀ 'ਚ ਭਾਰਤ ਤੋਂ ਪਿਛਲੀਆਂ ਸਾਰੀਆਂ ਹਾਰਾਂ ਦਾ ਬਦਲਾ ਲੈਣ ਲਈ ਇਕ ਨਿਹਾਇਤ ਅਹਿਮ ਮੰਚ ਹੋਵੇਗਾ। ਕੁੱਲ ਮਿਲਾ ਕੇ ਏਸ਼ੀਆ ਮਹਾਂਦੀਪ ਵੀ ਹੁਣ ਭਾਰਤ ਲਈ ਸਖ਼ਤ ਚੁਣੌਤੀ ਦਾ ਸਬੱਬ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਅਰਜਨ ਐਵਾਰਡ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਮਨੋਜ ਸਰਕਾਰ ਉੱਤਰਾਖੰਡ

'ਹੌਸਲੇ ਸੇ ਮੈਨੇ ਐਸਾ ਪਰਚਮ ਫ਼ਹਰਾਇਆ ਕਿ ਮੈਨੇ ਦੇਸ਼ ਕੇ ਤਿਰੰਗੇ ਕੋ ਪੂਰੇ ਵਿਸ਼ਵ ਮੇਂ ਲਹਿਰਾਇਆ।' ਮਨੋਜ ਸਰਕਾਰ ਦੇਸ਼ ਦੇ ਮਹਾਨ ਪੈਰਾ ਖਿਡਾਰੀਆਂ ਵਿਚੋਂ ਇਸ ਕਰਕੇ ਜਾਣੇ ਜਾਂਦੇ ਹਨ, ਇਸ ਲਈ ਤਾਂ ਉਸ ਨੂੰ ਭਾਰਤ ਸਰਕਾਰ ਨੇ ਬਹੁਤ ਹੀ ਵਕਾਰੀ ਪੁਰਸਕਾਰ ਜਾਣੀ ਅਰਜਨ ਐਵਾਰਡ ਨਾਲ ਸਨਮਾਨਿਆ ਹੈ। ਮਨੋਜ ਸਰਕਾਰ ਦਾ ਜਨਮ 12 ਜਨਵਰੀ, 1990 ਨੂੰ ਦੇਵਤਿਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਉੱਤਰਾਖੰਡ ਦੇ ਸ਼ਹਿਰ ਰੁਦਰਪੁਰ ਵਿਚ ਪਿਤਾ ਮਨਿੰਦਰ ਸਰਕਾਰ ਦੇ ਘਰ ਮਾਤਾ ਜਮਨਾ ਸਰਕਾਰ ਦੀ ਕੁੱਖੋਂ ਹੋਇਆ। ਮਨੋਜ ਅਪਾਹਜ ਹੈ ਪਰ ਉਸ ਨੇ ਅਪਾਹਜ ਹੁੰਦਿਆਂ ਹੋਇਆਂ ਵੀ ਬੈਡਮਿੰਟਨ ਖੇਡਦਿਆਂ ਦੇਸ਼ ਦੀ ਝੋਲੀ ਅਨੇਕ ਸੋਨ ਤਗਮੇ ਪਾ ਕੇ ਭਾਰਤ ਮਾਤਾ ਦੀ ਸ਼ਾਨ ਅਤੇ ਕੱਦ ਨੂੰ ਹੋਰ ਉੱਚਾ ਕੀਤਾ ਹੈ। ਇਹ ਗੱਲ ਵੀ ਬੜੇ ਮਾਣ ਨਾਲ ਲਿਖੀ ਜਾਵੇਗੀ ਕਿ ਮਨੋਜ ਸਰਕਾਰ ਪੂਰੇ ਵਿਸ਼ਵ ਦਾ ਇਕ ਨੰਬਰ ਬੈਡਮਿੰਟਨ ਖਿਡਾਰੀ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਜਿੱਤਾਂ ਹੀ ਦਰਜ ਕੀਤੀਆਂ ਹਨ, ਇਸ ਲਈ ਤਾਂ ਉਹ ਮਾਣ ਨਾਲ ਆਖਦਾ ਹੈ ਕਿ 'ਮੈਨੇ ਨਾ ਰੁਕਨੇ ਕੀ ਠਾਨੀ ਥੀ ਇਸੀ ਲੀਏ ਬੜਤਾ ਚਲਾ ਗਿਆ, ਬਸ ਮਿਹਨਤ ਕੋ ਅਪਨਾਇਆ ਇਸੀ ਲੀਏ ਸਭ ਮਿਲਤਾ ਚਲਾ ਗਿਆ।'
ਜੇਕਰ ਮਨੋਜ ਦੇ ਖੇਡ ਕਰੀਅਰ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਅੰਤਰਰਾਸ਼ਟਰੀ ਪੱਧਰ 'ਤੇ 10 ਸੋਨ ਤਗਮੇ, 9 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਭਾਰਤ ਦੀ ਝੋਲੀ ਪਾ ਚੁੱਕਾ ਹੈ ਅਤੇ ਜੇਕਰ ਰਾਸ਼ਟਰੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਉਹ ਦੇਸ਼ ਵਿਚ ਖੇਡਦਿਆਂ ਰਾਸ਼ਟਰੀ ਪੱਧਰ 'ਤੇ 18 ਸੋਨ ਤਗਮੇ, 4 ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਆਪਣੇ ਨਾਂਅ ਕਰਕੇ ਆਪਣੇ ਪ੍ਰਾਂਤ ਦਾ ਨਾਂਅ ਚਮਕਾ ਚੁੱਕਾ ਹੈ। ਉਸ ਨੇ ਆਪਣਾ ਖੇਡ ਜੀਵਨ ਸਾਲ 2012 ਵਿਚ ਸ਼ੁਰੂ ਕੀਤਾ ਅਤੇ ਉਸੇ ਹੀ ਸਾਲ ਫ਼ਰੈਂਚ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਟੂਰਨਾਮੈਂਟ ਵਿਚ ਸਿੰਗਲ ਅਤੇ ਡਬਲ ਵਿਚ ਖੇਡਦਿਆਂ 2 ਸੋਨ ਤਗਮੇ ਅਤੇ ਸਾਲ 2013 ਵਿਚ ਬੀ. ਡਬਲਿਯੂ. ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਰਮਨੀ ਵਿਚ ਖੇਡਦਿਆਂ ਡਬਲ ਅਤੇ ਸਿੰਗਲ ਖੇਡਦਿਆਂ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜੇਤੂ ਰਿਹਾ। ਸਾਲ 2014 ਵਿਚ ਇੰਡੋਨੇਸ਼ੀਆ ਓਪਨ ਵਿਚ ਇਕ ਚਾਂਦੀ ਦਾ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਹਾਸਲ ਕੀਤਾ। ਸਾਲ 2014 ਵਿਚ ਕੋਰੀਆ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਸਿੰਗਲ ਖੇਡਦਿਆਂ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਕੇ ਉਪ-ਜੇਤੂ ਰਿਹਾ। ਸਾਲ 2015 ਵਿਚ 5ਵੇਂ ਸਪੇਨਿਸ਼ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਸਿੰਗਲ ਖੇਡਦਿਆਂ ਸੋਨ ਤਗਮਾ ਡਬਲ ਅਤੇ ਮੈਕਸ ਵਿਚ ਦੋ ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਸਾਲ 2015 ਵਿਚ ਹੀ ਇੰਗਲੈਂਡ ਦੀ ਧਰਤੀ 'ਤੇ ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿਚ ਡਬਲ ਖੇਡਦਿਆਂ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜੇਤੂ ਰਿਹਾ। ਸਾਲ 2016 ਵਿਚ ਆਇਰਲੈਂਡ ਵਿਚ ਇਕ ਚਾਂਦੀ ਦਾ ਅਤੇ ਇਕ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ।
ਸਾਲ 2016 ਵਿਚ ਹੀ ਚੀਨ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਸਿੰਗਲ ਖੇਡਦਿਆਂ ਸੋਨ ਤਗਮਾ ਅਤੇ ਡਬਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਦੇਸ਼ ਯੁਗਾਂਡਾ ਵਿਚ ਸਾਲ 2017 ਵਿਚ ਹੋਇਆ ਪੈਰਾ ਬੈਡਮਿੰਟਨ ਟੂਰਨਾਮੈਂਟ ਵਿਚ ਸਿੰਗਲ ਅਤੇ ਡਬਲ ਵਿਚ ਦੋ ਸੋਨ ਤਗਮੇ ਜਿੱਤ ਕੇ ਆਪਣੀਆਂ ਲਗਾਤਾਰ ਜਿੱਤਾਂ ਨੂੰ ਬਰਕਰਾਰ ਰੱਖਿਆ। ਸਾਲ 2017 ਵਿਚ ਥਾਈਲੈਂਡ ਵਿਖੇ ਸਿੰਗਲ ਅਤੇ ਡਬਲ ਵਿਚ ਦੋ ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਜਾਪਾਨ ਪੈਰਾ ਬੈਡਮਿੰਟਨ ਟੂਰਨਾਮੈਂਟ 2017 ਵਿਚ ਸਿੰਗਲ ਅਤੇ ਡਬਲ ਵਿਚ ਦੋ ਕਾਂਸੀ ਦੇ ਤਗਮੇ ਅਤੇ ਸਾਲ 2017 ਵਿਚ ਹੀ ਕੋਰੀਆ ਵਿਚ ਵਰਲਡ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਿੰਗਲ ਵਿਚ ਚਾਂਦੀ ਦਾ ਤਗਮਾ ਅਤੇ ਫਾਜਾ ਪੈਰਾ ਬੈਡਮਿੰਟਨ ਟੂਰਨਾਮੈਂਟ ਡੁਬਈ ਸਾਲ 2017 ਸਿੰਗਲ ਵਿਚ ਸੋਨ ਤਗਮਾ ਅਤੇ ਡਬਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ। ਸਾਲ 2018 ਵਿਚ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਸਿੰਗਲ ਵਿਚ ਸੋਨ ਤਗਮਾ ਅਤੇ ਡਬਲ ਖੇਡਦਿਆਂ ਕਾਂਸੀ ਦਾ ਤਗਮਾ ਅਤੇ 2018 ਵਿਚ ਹੀ ਥਾਈਲੈਂਡ ਵਿਚ ਚਾਂਦੀ ਅਤੇ ਸਾਲ 2018 ਵਿਚ ਹੀ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਦੋ ਕਾਂਸੀ ਦੇ ਤਗਮੇ ਭਾਰਤ ਦੇ ਨਾਂਅ ਕੀਤੇ। ਮਨੋਜ ਦਾ ਇਹ ਖੇਡ ਸਫ਼ਰ ਅਜੇ ਰੁਕਿਆ ਨਹੀਂ। ਉਸ ਦੀਆਂ ਜਿੱਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਉਸ ਦੀਆਂ ਪ੍ਰਾਪਤੀਆਂ 'ਤੇ ਪੂਰੇ ਭਾਰਤ ਨੂੰ ਮਾਣ ਹੈ ਅਤੇ ਮਨੋਜ ਸਰਕਾਰ ਭਾਰਤ ਦੇ ਤਿਰੰਗੇ ਨੂੰ ਹਮੇਸ਼ਾ ਸਿਜਦਾ ਕਰਦਾ ਹੈ ਅਤੇ ਉਸ ਦੇ ਪ੍ਰਸੰਸਕ ਮਨੋਜ ਨੂੰ ਸਿਜਦਾ ਕਰਦੇ ਹਨ। ਸ਼ਾਲਾ! ਮਨੋਜ ਹਮੇਸ਼ਾ ਅੱਗੇ ਵਧਦਾ ਹੋਇਆ ਭਾਰਤ ਦਾ ਮਾਣ ਬਣਦਾ ਰਹੇ, ਇਹ ਮੇਰੀ ਦੁਆ ਹੈ।


-ਮੋਬਾ: 98551-14484

ਬਾਲ ਖਿਡਾਰੀਆਂ ਨੂੰ ਤਰਾਸ਼ਣ ਦੀ ਲੋੜ

(ਲੜੀ ਜੋੜਨ ਲਈ 30 ਅਕਤੂਬਰ ਦਾ ਅੰਕ ਦੇਖੋ)
ਅੱਜ ਦੇ ਬੱਚਿਆਂ ਨੂੰ ਕੋਟਲਾ ਛਪਾਕੀ , ਪੀਚੋ ਬਾਰ੍ਹਾਂ ਗੀਟੀ ਦੇ ਨਾਂਅ ਵੀ ਨਹੀਂ ਪਤਾ। ਇਨ੍ਹਾਂ ਖੇਡਾਂ ਨੂੰ ਖੇਡ ਕੇ ਮਾਨਸਿਕ ਸੰਤੁਸ਼ਟੀ ਮਿਲਦੀ ਸੀ ਅਤੇ ਸਰੀਰਕ ਪੱਖੋਂ ਵੀ ਬੱਚਾ ਤੰਦਰੁਸਤ ਰਹਿੰਦਾ ਸੀ ਪਰ ਅੱਜ ਦੀਆਂ ਮੋਬਾਈਲ ਉੱਪਰ ਖੇਡਾਂ ਖੇਡਣ ਵਾਲੇ ਬੱਚਿਆਂ ਦੇ ਸਿਰ ਦੁਖਦੇ ਹੀ ਰਹਿੰਦੇ ਹਨ।
ਅਕਸਰ ਹੀ ਭਾਰਤ ਦੇ ਖੇਡ ਜਗਤ ਤੋਂ ਲੈ ਕੇ ਆਮ ਪਿੰਡਾਂ ਦੀਆਂ ਸੱਥਾਂ ਤੱਕ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਭਾਰਤ ਵਿਚ ਖਿਡਾਰੀਆਂ ਦੀ ਕਦਰ ਨਹੀਂ ਪੈਂਦੀ। ਇਸ ਗੱਲ ਨੂੰ ਉਦੋਂ ਬਲ ਮਿਲਦਾ ਹੈ ਜਦੋਂ ਕਿਸੇ ਸਾਬਕਾ ਖਿਡਾਰੀ ਨੂੰ ਰਿਕਸ਼ਾ ਚਲਾਉਂਦੇ ਜਾਂ ਹੋਰ ਛੋਟਾ-ਮੋਟਾ ਕੰਮ ਕਰਦੇ ਵੇਖੀਦਾ ਹੈ। ਇਕ ਪ੍ਰਸਿੱਧ ਖਿਡਾਰੀ ਵਲੋਂ ਤਾਂ ਨਾਰੀਅਲ ਪਾਣੀ ਵੇਚਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਸਨ। ਇਸੇ ਤਰ੍ਹਾਂ ਇਕ ਸਾਬਕਾ ਹਾਕੀ ਖਿਡਾਰੀ ਪ੍ਰਾਈਵੇਟ ਨੌਕਰੀ ਕਰਦਾ ਸਕੂਟਰ ਉੱਪਰ ਗੇੜੇ ਮਾਰਦਾ ਵੇਖਿਆ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਵੱਡੀ ਗਿਣਤੀ ਖਿਡਾਰੀ ਨੌਕਰੀ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦਾ ਬੁਢਾਪਾ ਬੜਾ ਦੁਖਦਾਇਕ ਹੁੰਦਾ ਹੈ। ਜਦੋਂ ਕੋਈ ਖਿਡਾਰੀ ਤਗਮਾ ਜਿੱਤ ਕੇ ਵਾਪਸ ਆਉਂਦਾ ਹੈ ਤਾਂ ਉਸ ਦੇ ਪਿੰਡ ਵਾਲੇ ਉਸ ਨੂੰ ਸਰਪੰਚ ਦੀ ਹਾਜ਼ਰੀ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹਨ। ਪਰ ਜਦੋਂ ਇਸ ਖਿਡਾਰੀ ਦਾ ਖੇਡ ਜੀਵਨ ਖ਼ਤਮ ਹੋ ਜਾਂਦਾ ਹੈ, ਖੇਡਾਂ ਵਿਚ ਰੁੱਝੇ ਰਹਿਣ ਕਰਕੇ ਨੌਕਰੀ ਉਸ ਨੂੰ ਨਹੀਂ ਮਿਲਦੀ। ਫਿਰ ਉਹ ਖਿਡਾਰੀ ਉਸ ਸਮੇਂ ਨੂੰ ਕੋਸਦਾ ਹੈ, ਜਦੋਂ ਉਸ ਨੇ ਪੜ੍ਹਾਈ ਦੀ ਥਾਂ ਖੇਡਾਂ ਨੂੰ ਤਰਜੀਹ ਦਿੱਤੀ ਸੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਖਿਡਾਰੀਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਖਿਡਾਰੀ ਪੁਲਿਸ, ਰੇਲਵੇ ਅਤੇ ਹੋਰ ਖੇਤਰਾਂ ਵਿਚ ਚੰਗੀਆਂ ਨੌਕਰੀਆਂ ਕਰ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਅਤੇ ਖਿਡਾਰਨਾਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਕੋਚ ਅਤੇ ਅਧਿਆਪਕ ਹਨ। ਇਸੇ ਤਰ੍ਹਾਂ ਹੋਰ ਖਿਡਾਰੀ ਵੀ ਚੰਗੀਆਂ ਨੌਕਰੀਆਂ ਕਰਦੇ ਹਨ।
ਸਾਡੇ ਕਹਿਣ ਦਾ ਭਾਵ ਇਹ ਹੈ ਕਿ ਭਾਰਤ ਦੇ ਖੇਡ ਜਗਤ ਵਿਚ ਅਜੇ ਕਾਫੀ ਸੁਧਾਰ ਦੀ ਲੋੜ ਹੈ। ਅਜੇ ਵੀ ਵੱਡੀ ਗਿਣਤੀ ਖਿਡਾਰੀ ਅਜਿਹੇ ਹਨ, ਜੋ ਕਿ ਬੇਰੁਜ਼ਗਾਰ ਹਨ, ਉਨ੍ਹਾਂ ਦੀ ਹਾਲਤ ਦੇਖ ਕੇ ਲੋਕ ਆਪਣੇ ਬੱਚਿਆਂ ਨੂੰ ਖੇਡਾਂ ਤੋਂ ਦੂਰ ਹੀ ਰੱਖਦੇ ਹਨ। ਚਾਹੀਦਾ ਤਾਂ ਇਹ ਹੈ ਕਿ ਸਰਕਾਰ ਕੋਈ ਅਜਿਹੀ ਨੀਤੀ ਬਣਾਏ, ਜਿਸ ਨਾਲ ਸਾਰੇ ਹੀ ਬੱਚਿਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਜ਼ਰੂਰੀ ਹੋਵੇ। ਬੱਚਿਆਂ ਦੇ ਖੇਡਾਂ ਵਿਚ ਹਿੱਸਾ ਲੈਣ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਸਹੀ ਢੰਗ ਨਾਲ ਹੋਵੇਗਾ ਤੇ ਵੱਡੇ ਹੋ ਕੇ ਹੀਰੇ ਬਣਨ ਵਾਲੇ ਖਿਡਾਰੀਆਂ ਨੂੰ ਬਚਪਨ ਵਿਚ ਹੀ ਤਰਾਸ਼ਿਆ ਜਾ ਸਕੇਗਾ। ਲੋੜ ਤਾਂ ਇਸ ਗੱਲ ਦੀ ਹੈ ਕਿ ਸਾਰੇ ਹੀ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ।
ਬੱਚੇ ਹੀ ਹਰ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਚੰਗੀ ਪੜ੍ਹਾਈ ਤੇ ਹੋਰ ਸਹੂਲਤਾਂ ਦੇ ਨਾਲ ਹੀ ਉਨ੍ਹਾਂ ਦੀ ਤੰਦਰੁਸਤੀ ਲਈ ਉਨ੍ਹਾਂ ਦੇ ਖੇਡਾਂ ਵਿਚ ਹਿੱਸਾ ਲੈਣ ਨੂੰ ਯਕੀਨੀ ਬਣਾਉਣ ਲਈ ਚੰਗੀ ਰਾਸ਼ਟਰੀ ਪੱਧਰ ਦੀ ਜਾਂ ਰਾਜ ਸਰਕਾਰ ਦੇ ਪੱਧਰ ਦੀ ਨੀਤੀ ਬਣਾਈ ਜਾਣੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਦਾ ਸਰਬ ਪੱਖੀ ਵਿਕਾਸ ਹੋ ਸਕੇ। (ਸਮਾਪਤ)


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ। ਮੋਬਾ: 94638-19174


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX