ਤਾਜਾ ਖ਼ਬਰਾਂ


ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  25 minutes ago
ਜਲੰਧਰ, 12 ਦਸੰਬਰ - ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਦੇ ਨਾਲ ਹੀ ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਗਿੰਨੀ ਖ਼ੁਸ਼ ਅਤੇ .....
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  37 minutes ago
ਮੁੰਬਈ, 12 ਦਸੰਬਰ- ਮੁੰਬਈ ਵਿਖੇ ਥਾਣਾ ਦੇ ਚਰਾਈ ਇਲਾਕੇ 'ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  36 minutes ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਕਪਿਲ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਕਪਿਲ ਦੀ ਬਰਾਤ ਸ਼ਾਮ ਨੂੰ...
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ 'ਚ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀ. ਜੀ. ਪੀ.) ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ...
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਨਾਭਾ, 12 ਦਸੰਬਰ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਇੱਕ ਕਿਸਾਨ, ਜਿਹੜਾ ਕਿ ਪਿੰਡ ਦਾ ਸਰਪੰਚ ਵੀ ਸੀ, ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ...
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ...
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  about 2 hours ago
ਓਠੀਆ, 12 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਪਿੰਡ ਰੱਖ ਓਠੀਆ ਵਿਖੇ ਅੱਜ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਬੀ ਰਾਜ ਕੌਰ ਪਤਨੀ ਜਸਵੰਤ ਸਿੰਘ...
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ...
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  about 2 hours ago
ਗੁਰਦਾਸਪੁਰ, 12 ਦਸੰਬਰ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਗੋਹਤ ਪੋਖਰ ਵਿਖੇ ਐਕਸਾਈਜ਼ ਵਿਭਾਗ ਨੇ ਇੱਕ ਸ਼ੈਲਰ ਤੋਂ 762 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆ ਕੇ...
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅੱਜ ਕਾਂਗਰਸ ਦੇ ਇੱਕ ਵਫ਼ਦ ਵਲੋਂ ਸਰਕਾਰ ਦੇ ਗਠਨ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੇਤਾ ਨਰਿੰਦਰ ਸਲੂਜਾ ਨੇ ਕਿਹਾ ਕਿ ਉਨ੍ਹਾਂ ਨੇ...
ਹੋਰ ਖ਼ਬਰਾਂ..

ਬਾਲ ਸੰਸਾਰ

ਇਹ ਹਨ ਭਾਰਤ ਦੇ ਕੌਮੀ ਪੁਰਸਕਾਰ

ਬੱਚਿਓ! ਪਦਮ ਵਿਭੂਸ਼ਣ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ ਸਿਰਫ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ | ਇਸ ਦੀ ਸ਼ੁਰੂਆਤ 2 ਜਨਵਰੀ, 1954 ਨੂੰ ਹੋਈ | ਇਹ ਐਵਾਰਡ ਤਗਮੇ ਦੀ ਸ਼ਕਲ ਵਿਚ 1.38 ਡਾਇਆ ਮੀਟਰ ਗੋਲ ਹੁੰਦਾ ਹੈ, ਜਿਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੁੰਦਾ ਹੈ-ਸੋਨਾ, ਚਾਂਦੀ ਤੇ ਕਾਂਸੇ ਵਿਚ | ਇਨ੍ਹਾਂ ਤਿੰਨਾਂ ਦੇ ਇਕ ਪਾਸੇ ਕੰਵਲ ਦਾ ਫੁੱਲ ਅਤੇ ਚਾਰ-ਚੁਫੇਰੇ ਫੁੱਲਾਂ ਦੀ ਵੇਲ ਹੁੰਦੀ ਹੈ ਅਤੇ ਹਿੰਦੀ ਭਾਸ਼ਾ ਵਿਚ 'ਪਦਮ ਵਿਭੂਸ਼ਨ' ਲਿਖਿਆ ਹੁੰਦਾ ਹੈ | ਐਵਾਰਡ ਦੇ ਤਿੰਨ ਭਾਗਾਂ ਵਿਚ ਕੰਵਲ ਦੇ ਫੁੱਲ ਦਾ ਰੰਗ ਗੁਲਾਬੀ ਹੁੰਦਾ ਹੈ | ਪਹਿਲੇ ਭਾਗ ਉੱਪਰ ਗੁਲਾਬੀ ਫੁੱਲ ਅਤੇ ਦੋ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਦੂਜੇ ਤੇ ਤੀਜੇ ਭਾਗ ਉੱਪਰ ਵੀ ਕੰਵਲ ਦਾ ਫੁੱਲ ਹੁੰਦਾ ਹੈ ਅਤੇ ਤਿੰਨ ਚਿੱਟੀਆਂ ਲਾਈਨਾਂ ਕਰਾਸ ਕਰਦੀਆਂ ਹਨ | ਮੈਡਲ ਦੇ ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਸੂਬੇ ਦਾ ਨਾਂਅ ਲਿਖਿਆ ਹੁੰਦਾ ਹੈ ਅਤੇ ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ |
ਪਦਮ ਸ੍ਰੀ ਐਵਾਰਡ : ਇਹ ਐਵਾਰਡ ਵੀ 2 ਜਨਵਰੀ, 1954 ਨੂੰ ਰਾਸ਼ਟਰਪਤੀ ਵਲੋਂ ਸ਼ੁਰੂ ਕੀਤਾ ਗਿਆ | ਇਹ ਤਗਮੇ ਦੀ ਸ਼ਕਲ ਦਾ ਹੁੰਦਾ ਹੈ ਅਤੇ ਇਕ ਇੰਚ ਦਾ ਅੱਠਵਾਂ ਹਿੱਸਾ ਮੋਟਾ ਹੁੰਦਾ ਹੈ | ਇਕ ਪਾਸੇ ਐਵਾਰਡ ਪ੍ਰਾਪਤ ਕਰਨ ਵਾਲੇ ਦਾ ਨਾਂਅ ਅਤੇ 'ਪਦਮਸ੍ਰੀ' ਲਿਖਿਆ ਹੁੰਦਾ ਹੈ | ਇਹ ਕਾਂਸੇ ਦਾ ਬਣਿਆ ਹੁੰਦਾ ਹੈ | ਕੁਝ ਹਿੱਸਾ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਉੱਪਰ ਚਾਂਦੀ ਦਾ ਪਾਣੀ ਚੜਿ੍ਹਆ ਹੁੰਦਾ ਹੈ | ਦੂਜੇ ਪਾਸੇ ਐਵਾਰਡ ਪ੍ਰਾਪਤ ਕਰਨ ਵਾਲੇ ਦੇ ਰਾਜ ਦਾ ਨਾਂਅ ਚਾਂਦੀ ਵਿਚ ਲਿਖਿਆ ਹੁੰਦਾ ਹੈ | ਇਹ ਐਵਾਰਡ ਪ੍ਰਾਪਤ ਕਰਨ ਵਾਲੇ ਮਰਦਾਂ ਦੀ ਛਾਤੀ ਦੇ ਖੱਬੇ ਪਾਸੇ ਅਤੇ ਔਰਤਾਂ ਦੇ ਖੱਬੇ ਮੋਢੇ ਉੱਪਰ ਲਗਾਇਆ ਜਾਂਦਾ ਹੈ | ਇਸ ਦੇ ਸਾਰੇ ਹੱਕ ਰਾਸ਼ਟਰਪਤੀ ਕੋਲ ਹੁੰਦੇ ਹਨ |
ਪਦਮ ਭੂਸ਼ਨ ਐਵਾਰਡ : ਇਹ ਐਵਾਰਡ ਰਾਸ਼ਟਰਪਤੀ ਵਲੋਂ 2 ਜਨਵਰੀ, 1954 ਨੂੰ ਸ਼ੁਰੂ ਕੀਤਾ ਗਿਆ | ਇਹ 1.34 ਡਾਇਆਮੀਟਰ ਗੋਲ ਅਤੇ ਇਕ ਇੰਚ ਦਾ ਅੱਠਵਾਂ ਹਿੱਸਾ ਮੋਟਾ ਹੁੰਦਾ ਹੈ | ਇਸ ਦੇ ਇਕ ਪਾਸੇ ਕੰਵਲ ਦਾ ਫੁੱਲ ਬਣਿਆ ਹੁੰਦਾ ਹੈ ਅਤੇ ਪ੍ਰਾਪਤ ਕਰਨ ਵਾਲੇ ਦਾ ਨਾਂਅ ਲਿਖਿਆ ਹੁੰਦਾ ਹੈ | ਦੂਜੇ ਪਾਸੇ ਪ੍ਰਾਪਤ ਕਰਨ ਵਾਲੇ ਦੇ ਰਾਜ ਦਾ ਨਾਂਅ ਲਿਖਿਆ ਹੁੰਦਾ ਹੈ | ਇਹ ਐਵਾਰਡ ਸਰਕਾਰੀ ਅਤੇ ਗੈਰ-ਸਰਕਾਰੀ ਅਧਿਕਾਰੀਆਂ ਨੂੰ ਮਿਲ ਸਕਦਾ ਹੈ |

-ਅੰਮਿ੍ਤਸਰ | ਮੋਬਾ: 99884-73008


ਖ਼ਬਰ ਸ਼ੇਅਰ ਕਰੋ

ਬਾਲ ਗੀਤ: ਪੰਛੀ

ਪੰਛੀ ਨਿਆਰੇ ਪੰਛੀ ਨਿਆਰੇ,
ਸਾਨੂੰ ਲਗਦੇ ਬਹੁਤ ਪਿਆਰੇ |
ਸਵੇਰੇ-ਸਵੇਰੇ ਆਸਮਾਨ ਵਿਚ,
ਉੱਡਦੇ ਨੇ ਇਹ ਪੰਛੀ ਪਿਆਰੇ |
ਚੀਂ-ਚੀਂ ਕਰਦੇ ਇਹ ਆਉਂਦੇ ਨੇ,
ਚੀਂ-ਚੀਂ ਕਰਦੇ ਇਹ ਜਾਂਦੇ ਨੇ |
ਕੁਦਰਤ ਦੀ ਇਹ ਸ਼ਾਨ ਹੈ ਪੰਛੀ,
ਕੁਦਰਤ ਦੇ ਇਹ ਮਾਨ ਹੈ ਪੰਛੀ |
ਰੰਗ-ਬਰੰਗੇ ਪੰਛੀ ਨੇ ਇਹ,
ਸਭ ਦਾ ਮਨ ਪ੍ਰਚਾਉਂਦੇ ਨੇ ਇਹ |
ਪੰਛੀ ਨਿਆਰੇ, ਪੰਛੀ ਨਿਆਰੇ,
ਸਾਨੂੰ ਲਗਦੇ ਬਹੁਤ ਪਿਆਰੇ |

-ਸਤਵਿੰਦਰ ਕੌਰ,
10ਵੀਂ-ਏ, ਸਟਾਰ ਪਬਲਿਕ ਸਕੂਲ, ਮੁਕੇਰੀਆਂ |


ਬਾਲ ਕਹਾਣੀ: ਹੰਕਾਰੀ ਹਾਥੀ

ਬੱਚਿਓ! ਇਕ ਜੰਗਲ ਦੇ ਨੇੜੇ ਇਕ ਛੋਟਾ ਜਿਹਾ ਪਿੰਡ ਸੀ | ਉਸ ਪਿੰਡ ਦੇ ਲੋਕ ਬੜੇ ਮਿਹਨਤੀ ਸਨ | ਉਨ੍ਹਾਂ ਦਾ ਮੱੁਖ ਧੰਦਾ ਖੇਤੀਬਾੜੀ ਸੀ | ਉਨ੍ਹਾਂ 'ਚ ਰਾਮੂ ਅਤੇ ਉਸ ਦੀ ਪਤਨੀ ਇਕ ਛੋਟੇ ਜਿਹੇ ਮਕਾਨ 'ਚ ਰਹਿੰਦੇ ਸਨ | ਉਨ੍ਹਾਂ ਦਾ ਇਕ ਪੱੁਤਰ ਸੀ, ਜੋ ਕਿ ਛੇਵੀਂ ਕਲਾਸ ਦਾ ਵਿਦਿਆਰਥੀ ਸੀ | ਉਹ ਬਹੁਤ ਹੁਸ਼ਿਆਰ ਅਤੇ ਬਹੁਤ ਚੁਸਤ ਸੀ | ਉਸ ਦਾ ਨਾਂਅ ਮੋਹਨ ਸੀ | ਰਾਮੂ ਤੇ ਉਸ ਦੀ ਪਤਨੀ ਜਦੋਂ ਖੇਤਾਂ 'ਚ ਕੰਮ ਕਰਦੇ ਤਾਂ ਛੱੁਟੀ ਵਾਲੇ ਦਿਨ ਉਨ੍ਹਾਂ ਦਾ ਪੱੁਤਰ ਮੋਹਨ ਵੀ ਕੰਮ 'ਚ ਉਨ੍ਹਾਂ ਦੀ ਮਦਦ ਕਰਦਾ | ਜੰਗਲ 'ਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਸਨ | ਸਾਰੇ ਜਾਨਵਰ ਆਪਸ ਵਿਚ ਮਿਲਜੁਲ ਕੇ ਰਹਿੰਦੇ ਸਨ ਪਰ ਉਨ੍ਹਾਂ 'ਚ ਇਕ ਐਸਾ ਹਾਥੀ ਵੀ ਸੀ, ਜਿਸ ਨੂੰ ਆਪਣੇ-ਆਪ 'ਤੇ ਬਹੁਤ ਘੁਮੰਡ ਸੀ | ਉਹ ਸਮਝਦਾ ਸੀ ਕਿ ਮੈਂ ਸਾਰੇ ਜਾਨਵਰਾਂ ਨਾਲੋਂ ਵੱਧ ਸ਼ਕਤੀਸ਼ਾਲੀ ਹਾਂ | ਇਹ ਹਾਥੀ ਕਈ ਵਾਰ ਜੰਗਲ ਵਿਚੋਂ ਬਾਹਰ ਨਿਕਲ ਕੇ ਖੇਤਾਂ 'ਚ ਆ ਜਾਂਦਾ ਤੇ ਫਸਲਾਂ ਦਾ ਭਾਰੀ ਨੁਕਸਾਨ ਕਰਕੇ ਸ਼ੋਰ ਮਚਾ ਕੇ ਦੌੜ ਜਾਂਦਾ | ਸਾਰੇ ਪਿੰਡ ਦੇ ਲੋਕ ਇਸ ਹਾਥੀ ਤੋਂ ਪ੍ਰੇਸ਼ਾਨ ਰਹਿੰਦੇ ਸਨ | ਇਕ ਦਿਨ ਰਾਮੂ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਹੀ ਹਾਥੀ ਜੰਗਲ ਵਿਚੋਂ ਭੱਜ ਕੇ ਉਥੇ ਆ ਗਿਆ | ਰਾਮੂ ਨੇ ਦੂਰੋਂ ਹਾਥੀ ਆਉਂਦਾ ਦੇਖ ਕੇ ਸ਼ੋਰ ਮਚਾ ਦਿੱਤਾ |
ਉਸ ਦਾ ਸ਼ੋਰ ਸੁਣ ਕੇ ਬਾਕੀ ਖੇਤਾਂ 'ਚ ਕੰਮ ਕਰਦੇ ਲੋਕ ਉਸ ਹਾਥੀ ਨੂੰ ਭਜਾਉਣ ਲਈ ਇਕੱਠੇ ਹੋ ਗਏ | ਉਨ੍ਹਾਂ ਨੇ ਪੀਪੇ ਤੇ ਢੋਲ ਵਜਾ ਕੇ ਹਾਥੀ ਨੂੰ ਭਜਾਉਣਾ ਚਾਹਿਆ ਪਰ ਹਾਥੀ ਬਹੁਤ ਹੰਕਾਰੀ ਸੀ | ਉਹ ਉਨ੍ਹਾਂ ਦੇ ਢੋਲ-ਪੀਪੇ ਤੋਂ ਕਦੋਂ ਡਰਦਾ ਸੀ? ਹਾਥੀ ਨੇ ਰਾਮੂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਤੇ ਜੰਗਲ ਵਿਚ ਭੱਜ ਗਿਆ | ਲੋਕ ਉਸ ਤੋਂ ਡਰਦੇ ਮਾਰੇ ਉਸ ਦੇ ਕੋਲ ਨਹੀਂ ਜਾਂਦੇ ਸਨ | ਰਾਮੂ ਨੇ ਘਰ ਜਾ ਕੇ ਆਪਣੀ ਪਤਨੀ ਅਤੇ ਆਪਣੇ ਪੱੁਤਰ ਰਾਮੂ ਨੂੰ ਹੋਏ ਨੁਕਸਾਨ ਬਾਰੇ ਦੱਸਿਆ | ਮੋਹਨ ਨੇ ਆਪਣੇ ਪਿਤਾ ਜੀ ਨੂੰ ਸਲਾਹ ਦਿੱਤੀ ਕਿ ਸਾਨੂੰ ਚੱੁਪ ਕਰਕੇ ਨਹੀਂ ਬੈਠਣਾ ਚਾਹੀਦਾ, ਸਗੋਂ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕੁਝ ਕਰਨਾ ਚਾਹੀਦਾ ਹੈ |
ਪਿੰਡ ਦੇ ਲੋਕਾਂ ਨੇ ਮਿਲ ਕੇ ਹਾਥੀ ਦੇ ਰਾਹ ਵਿਚ ਇਕ ਟੋਆ ਪੱੁਟ ਦਿੱਤਾ ਤੇ ਸਕੀਮ ਮੁਤਾਬਿਕ ਉਸ ਨੂੰ ਉੱਪਰੋਂ ਢਕ ਦਿੱਤਾ | ਸਾਰੇ ਲੋਕ ਹੁਣ ਲੁਕ ਕੇ ਹਾਥੀ ਦੀ ਉਡੀਕ ਕਰਨ ਲੱਗੇ | ਉਸ ਦਿਨ ਉਸ ਹਾਥੀ ਦੀ ਬਜਾਏ ਹਾਥੀ ਦਾ ਇਕ ਬੱਚਾ ਅਚਾਨਕ ਰਸਤਾ ਭੱੁਲ ਕੇ ਇਧਰ ਆ ਗਿਆ | ਜਦੋਂ ਉਹ ਟੋਏ ਉੱਪਰੋਂ ਲੰਘਿਆ ਤਾਂ ਉਸ 'ਚ ਡਿਗ ਪਿਆ | ਹਾਥੀ ਦੇ ਬੱਚੇ ਨੇ ਉਸ ਟੋਏ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਟੋਏ 'ਚੋਂ ਨਿਕਲਣ 'ਚ ਕਾਮਯਾਬ ਨਾ ਹੋ ਸਕਿਆ | ਉਸ ਨੇ ਘਬਰਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਉਸ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਤਾ ਹਥਣੀ ਉਥੇ ਆ ਗਈ | ਉਸ ਨੇ ਵੀ ਆਪਣੇ ਬੱਚੇ ਨੂੰ ਟੋਏ 'ਚੋਂ ਬਾਹਰ ਕੱਢਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੀ | ਇਹ ਸਭ ਕੁਝ ਦੇਖ ਕੇ ਮੋਹਨ ਨੇ ਕਿਹਾ ਕਿ ਸਾਨੂੰ ਇਸ ਹਥਣੀ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਦੇ ਬੱਚੇ ਨੂੰ ਕਿਸੇ ਤਰ੍ਹਾਂ ਟੋਏ 'ਚੋਂ ਬਾਹਰ ਸਹੀ-ਸਲਾਮਤ ਕੱਢਣਾ ਚਾਹੀਦਾ ਹੈ |
ਮੋਹਨ ਦੇ ਕਹੇ 'ਤੇ ਸਾਰੇ ਲੋਕਾਂ ਨੇ ਮਿਲ ਕੇ ਕੁਝ ਰੱਸੇ ਲਏ ਤੇ ਹਥਣੀ ਦੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ | ਉਨ੍ਹਾਂ ਨੇ ਰੱਸੇ ਪਾ ਕੇ ਹਥਣੀ ਦੇ ਬੱਚੇ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ | ਹਥਣੀ ਆਪਣੇ ਬੱਚੇ ਨੂੰ ਸਹੀ-ਸਲਾਮਤ ਬਾਹਰ ਦੇਖ ਕੇ ਉਸ ਨੂੰ ਪਿਆਰ ਕਰਨ ਲੱਗ ਪਈ | ਹਥਣੀ ਨੇ ਸੁੰਡ ਉੱਪਰ ਚੱੁਕ ਕੇ ਸਭ ਲੋਕਾਂ ਦਾ ਧੰਨਵਾਦ ਕੀਤਾ | ਏਨੇ ਨੂੰ ਉਹੀ ਹੰਕਾਰੀ ਹਾਥੀ ਖੌਰੂ ਪਾਉਂਦਾ ਹੋਇਆ ਜੰਗਲ 'ਚੋਂ ਭੱਜ ਕੇ ਖੇਤਾਂ ਵੱਲ ਆ ਰਿਹਾ ਸੀ | ਹਥਣੀ ਨੇ ਇਹ ਸਭ ਦੇਖ ਕੇ ਹੰਕਾਰੀ ਹਾਥੀ ਦਾ ਡਟ ਕੇ ਵਿਰੋਧ ਕੀਤਾ | ਉਸ ਨਾਲ ਲੜਾਈ ਕੀਤੀ ਤੇ ਉਸ ਨੂੰ ਏਨਾ ਮਾਰਿਆ ਕਿ ਹਾਥੀ ਆਪਣੀ ਜਾਨ ਬਚਾ ਕੇ ਉਥੋਂ ਜੰਗਲ ਵੱਲ ਭੱਜ ਗਿਆ | ਇਸ ਤੋਂ ਬਾਅਦ ਮੁੜ ਕੇ ਉਹ ਹੰਕਾਰੀ ਹਾਥੀ ਖੇਤਾਂ ਵੱਲ ਨਹੀਂ ਆਇਆ | ਹਥਣੀ ਨੇ ਲੋਕਾਂ ਨੂੰ ਉਸ ਹੰਕਾਰੀ ਹਾਥੀ ਤੋਂ ਛੁਟਕਾਰਾ ਦੁਆ ਦਿੱਤਾ |
ਸਿੱਖਿਆ : ਬੱਚਿਓ! ਸਾਨੂੰ ਕੁਦਰਤ ਵਲੋਂ ਦਿੱਤੀ ਸ਼ਕਤੀ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ |

-ਫਿਲੌਰ | ਮੋਬਾ: 89689-60986

ਡਾਕਟਰ ਸਫ਼ੈਦ ਕੋਟ ਕਿਉਂ ਪਾਉਂਦੇ ਹਨ?

ਪਿਆਰੇ ਬੱਚਿਓ, ਬਿਮਾਰ ਹੋਣ 'ਤੇ ਅਕਸਰ ਸਾਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ | ਡਾਕਟਰੀ ਮਦਦ ਨਾਲ ਅਸੀਂ ਦੁਬਾਰਾ ਤੰਦਰੁਸਤ ਹੋ ਜਾਂਦੇ ਹਾਂ ਪਰ ਤੁਸੀਂ ਕਦੇ ਸੋਚਿਆ ਹੈ ਕਿ ਦਵਾਈ ਦੇਣ ਵਾਲੇ ਡਾਕਟਰ ਸਫੈਦ ਰੰਗ ਦਾ ਕੋਟ ਕਿਉਂ ਪਾਉਂਦੇ ਹਨ? ਇਸ ਦਾ ਕਾਰਨ ਇਹ ਹੈ ਕਿ ਸਫੈਦ ਰੰਗ ਸਵੱਛਤਾ ਦਾ ਪ੍ਰਤੀਕ ਹੁੰਦਾ ਹੈ | ਇਸ ਤੋਂ ਇਲਾਵਾ ਇਹ ਰੰਗ ਇਮਾਨਦਾਰੀ ਅਤੇ ਪਵਿੱਤਰਤਾ ਦੀ ਪ੍ਰਤੀਨਿਧਤਾ ਵੀ ਕਰਦਾ ਹੈ | ਡਾਕਟਰ ਦਾ ਕੰਮ ਆਪਣੇ ਮਰੀਜ਼ ਦਾ ਇਲਾਜ ਕਰਨਾ ਅਤੇ ਉਨ੍ਹਾਂ ਦੇ ਸਰੀਰ ਨੂੰ ਤੰਦਰੁਸਤ ਕਰਕੇ ਸ਼ਾਂਤੀ ਅਤੇ ਸਕੂਨ ਪ੍ਰਦਾਨ ਕਰਨਾ ਹੈ ਅਤੇ ਸਫੈਦ ਰੰਗ ਦੇ ਕੋਟ ਸ਼ਾਂਤੀ ਅਤੇ ਸਕੂਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਸਫੈਦ ਕੋਟ ਪਹਿਨਣ ਦੀ ਸ਼ੁਰੂਆਤ ਵੀਹਵੀਂ ਸਦੀ ਵਿਚ ਸ਼ੁਰੂ ਕੀਤੀ ਗਈ ਸੀ | ਉਦੋਂ ਤੋਂ ਹੀ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਇਸ ਦੀ ਵਰਤੋਂ ਕਰਦੇ ਆ ਰਹੇ ਹਨ |

-ਮਲੌਦ (ਲੁਧਿਆਣਾ) |

ਬੁਝਾਰਤਾਂ

1. ਮਿੱਟੀ ਦੇ ਟੱੁਟੇ ਭਾਂਡੇ ਨੂੰ ਠੀਕਰਾ ਕਹਿੰਦੇ ਹਨ | ਹੋਰ ਠੀਕਰਾ ਕਿਸ ਨੂੰ ਕਿਹਾ ਜਾਂਦਾ ਹੈ?
2. ਕੁਰਸੀ 'ਤੇ ਢੋਅ ਲਾ ਕੇ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਹੈ | ਹੋਰ ਕਿਸ ਨੂੰ ਢੋਅ ਕਹਿੰਦੇ ਹਨ?
3. ਇਕ ਤਵੇ 'ਤੇ ਰੋਟੀਆਂ ਪਕਾਈਆਂ ਜਾਂਦੀਆਂ ਹਨ | ਦੂਜਾ ਤਵਾ ਕਿਹੜਾ ਹੁੰਦਾ ਹੈ?
4. ਮੱਝ ਬਹੁਤ ਤਿਹਾਈ (ਪਿਆਸੀ) ਸੀ, ਬਹੁਤ ਪਾਣੀ ਪੀ ਗਈ | ਹੋਰ ਵੀ ਕੋਈ ਤਿਹਾਈ ਹੁੰਦੀ ਹੈ?
5. ਸੰਨ 1957 ਤੋਂ ਪਹਿਲਾਂ ਦੱੁਕੀ ਤੇ ਤਿੱਕੀ ਦੇ ਸਿੱਕੇ (ਪੈਸੇ) ਚਲਦੇ ਸਨ | ਤਿੱਕੀ ਹੋਰ ਕਿਹੜੀ ਹੁੰਦੀ ਹੈ?
6. ਉਹ ਕਿਹੜਾ ਚੋਗਾ ਹੈ, ਜੋ ਚੁਗਿਆ ਨਹੀਂ ਜਾ ਸਕਦਾ?
7. ਭਿੰਦੇ ਕਾ ਫੌਜੀ ਨਾਵਾਂ (ਨਾਉਂ) ਕਟਾ ਕੇ ਘਰ ਆ ਗਿਆ | ਕੀ ਹੋਰ ਕਿਸੇ ਨੂੰ ਵੀ ਨਾਵਾਂ ਕਿਹਾ ਜਾਂਦਾ ਹੈ?
8. ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ ਤੇ ਸਿੱਕਾ ਮਿਲਾ ਕੇ ਬਣੀ ਧਾਤ ਨੂੰ ਕੀ ਕਹਿੰਦੇ ਹਨ?
9. ਗੱਡੀ ਵਿਚ ਕਈ ਸਲੀਪਰ (ਸੌਣ ਵਾਲੇ) ਡੱਬੇ ਹੁੰਦੇ ਹਨ | ਹੋਰ ਸਲੀਪਰ ਕੀ ਹੁੰਦਾ ਹੈ?
10. ਪੰਨਾ ਕਾਗਜ਼ ਦੇ ਸਫੇ ਨੂੰ ਕਹਿੰਦੇ ਹਨ | ਹੋਰ ਪੰਨਾ ਕਿਹੜਾ ਹੁੰਦਾ ਹੈ?
ਉੱਤਰ : (1) ਰੁਪਏ ਦੇ ਸਿੱਕੇ ਨੂੰ , (2) ਸੰਜੋਗ, ਮੌਕਾ ਮੇਲ, (3) ਗੀਤਾਂ ਵਾਲਾ ਤਵਾ ਜੋ ਮਸ਼ੀਨ 'ਤੇ ਚਲਦਾ, (4) ਕਿਸੇ ਚੀਜ਼ ਦਾ ਤੀਜਾ ਹਿੱਸਾ, (5) ਤਾਸ਼ ਦਾ ਪੱਤਾ, (6) ਇਕ ਲੰਬਾ ਸੀਤਿਆ ਕੁੜਤਾ, (7) ਪੈਸਾ ਧੇਲਾ, ਧਨ, (8) ਅਸ਼ਟਧਾਤ, (9) ਔਰਤਾਂ ਲਈ ਬਣੀ ਜੱੁਤੀ, (10) ਇਕ ਕੀਮਤੀ ਪੱਥਰ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਲੁਧਿਆਣਾ-142027. ਮੋਬਾ: 94636-00252

ਬਾਲ ਨਾਵਲ-89 : ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਅੰਦਰ ਆ ਜਾਓ', ਹਰੀਸ਼ ਨੇ ਕਿਹਾ |
ਇਕ ਨੌਜਵਾਨ ਲੜਕਾ, ਜਿਸ ਦੀ ਉਮਰ ਤਕਰੀਬਨ ਹਰੀਸ਼ ਜਿੰਨੀ ਹੋਵੇਗੀ, ਅੰਦਰ ਆਇਆ | ਉਹ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ, 'ਡਾਕਟਰ ਸਾਹਿਬ, ਮੇਰੀ ਮਾਂ ਨੂੰ ਬਚਾ ਲਵੋ | ਇਸ ਦੀ ਪਿਛਲੇ ਕੁਝ ਸਮੇਂ ਤੋਂ ਸਿਹਤ ਇਕਦਮ ਖਰਾਬ ਹੋ ਗਈ ਐ | ਅੰਮਿ੍ਤਸਰ ਕਈ ਡਾਕਟਰਾਂ ਨੂੰ ਦਿਖਾਇਆ ਸੀ ਪਰ ਇਨ੍ਹਾਂ ਨੂੰ ਕੁਝ ਫਰਕ ਨਹੀਂ ਪਿਆ | ਉਥੋਂ ਹਸਪਤਾਲ ਦੇ ਹੀ ਇਕ ਡਾਕਟਰ ਨੇ ਤੁਹਾਡੇ ਕੋਲ ਆਉਣ ਦੀ ਸਲਾਹ ਦਿੱਤੀ | ਸੋ, ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਕੇ ਆਇਆ ਹਾਂ... |'
ਅੰਮਿ੍ਤਸਰ ਦਾ ਨਾਂਅ ਸੁਣਦੇ ਹੀ ਹਰੀਸ਼ ਚੌਾਕਿਆ ਅਤੇ ਉਸ ਲੜਕੇ ਦੇ ਮੰੂਹ ਵੱਲ ਦੇਖਣ ਲੱਗਾ | ਉਸ ਨੂੰ ਲੜਕੇ ਦੇ ਨਕਸ਼ ਵੀ ਜਾਣੇ-ਪਛਾਣੇ ਲੱਗ ਰਹੇ ਸਨ |
ਲੜਕਾ ਕਹਿ ਰਿਹਾ ਸੀ, 'ਇਕ ਹੋਰ ਬੇਨਤੀ ਕਰਦੀ ਸੀ, ਅਸੀਂ ਬਹੁਤ ਜ਼ਿਆਦਾ ਖਰਚਾ ਵੀ ਨਹੀਂ ਕਰ ਸਕਦੇ | ਤੁਸੀਂ ਆਈ.ਸੀ.ਯੂ. ਤੋਂ ਬਾਅਦ ਮੰਮੀ ਜੀ ਨੂੰ ਕਮਰੇ ਦੀ ਬਜਾਏ ਜੇ ਤੁਹਾਡੇ ਕੋਈ ਵਾਰਡ ਹੋਵੇ ਤਾਂ ਉਥੇ ਭੇਜ ਦੇਣਾ, ਕਿਉਂਕਿ... |' ਹਰੀਸ਼ ਉਸ ਲੜਕੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਪਿਆ, 'ਤੰੂ ਫਿਕਰ ਨਾ ਕਰ, ਮੈਂ ਤੇਰੇ ਮੰਮੀ ਜੀ ਦਾ ਪੂਰਾ ਧਿਆਨ ਰੱਖਾਂਗਾ |'
ਲੜਕਾ ਉਸ ਦਾ ਧੰਨਵਾਦ ਕਰਕੇ ਚਲਾ ਗਿਆ ਪਰ ਹਰੀਸ਼ ਉਸ ਲੜਕੇ ਅਤੇ ਉਸ ਦੇ ਮੰਮੀ ਜੀ ਬਾਰੇ ਆਪਣੀ ਯਾਦਦਾਸ਼ਤ ਉੱਪਰ ਪੂਰਾ ਜ਼ੋਰ ਪਾ ਕੇ ਸੋਚਣ ਲੱਗਾ | ਕੁਝ ਦੇਰ ਸੋਚਣ ਤੋਂ ਬਾਅਦ ਉਸ ਦੇ ਦਿਮਾਗ ਵਿਚ ਬਿਮਾਰ ਔਰਤ ਅਤੇ ਉਸ ਦੇ ਲੜਕੇ ਦੇ ਨਕਸ਼ ਉੱਭਰਨ ਲੱਗੇ | ਦੋ-ਚਾਰ ਮਿੰਟਾਂ ਵਿਚ ਹੀ ਉਹ ਨਕਸ਼ ਉਘੜਨੇ ਸ਼ੁਰੂ ਹੋ ਗਏ | ਉਹ ਇਕੋ ਝਟਕੇ ਨਾਲ ਕੁਰਸੀ ਤੋਂ ਉੱਠਿਆ ਅਤੇ ਆਪਣੇ ਕਮਰੇ 'ਚੋਂ ਬਾਹਰ ਨਿਕਲ ਗਿਆ |
ਕਮਰੇ 'ਚੋਂ ਨਿਕਲ ਕੇ ਉਹ ਸਿੱਧਾ ਰਿਸੈਪਸ਼ਨ ਦੇ ਪਿੱਛੇ ਬਣੇ ਦਫ਼ਤਰ ਵਿਚ ਗਿਆ, ਜਿਥੇ ਕੰਪਿਊਟਰ ਵਿਚ ਸਾਰੇ ਮਰੀਜ਼ਾਂ ਦਾ ਰਿਕਾਰਡ ਅਤੇ ਹਿਸਾਬ-ਕਿਤਾਬ ਫੀਡ ਹੋਇਆ ਹੁੰਦਾ ਹੈ | ਉਥੋਂ ਉਸ ਨੇ ਮਾਤਾ ਜੀ ਦਾ ਨਾਂਅ, ਐਡਰੈੱਸ ਅਤੇ ਅਡਵਾਂਸ ਜਮ੍ਹਾਂ ਹੋਏ ਪੈਸਿਆਂ ਦਾ ਪਿੰ੍ਰਟ ਕਢਵਾਇਆ | ਉਸ ਨੇ ਜਦੋਂ ਐਡਰੈੱਸ ਪੜਿ੍ਹਆ ਤਾਂ ਉਸ ਨੂੰ ਸਾਰਾ ਕੁਝ ਯਾਦ ਆ ਗਿਆ | ਕਮਰੇ ਵਿਚ ਬੈਠਿਆਂ, ਜਿਹੜਾ ਉਸ ਦੇ ਦਿਮਾਗ ਵਿਚ ਨਕਸ਼ ਉੱਘੜ ਕੇ ਸਾਹਮਣੇ ਆਏ ਸਨ, ਉਹ ਉਹੋ ਹੀ ਸਨ | ਉਸ ਨੇ ਉਹ ਕਾਗਜ਼ ਤਹਿ ਕਰਕੇ ਆਪਣੀ ਜੇਬ ਵਿਚ ਪਾਇਆ ਅਤੇ ਆਈ.ਸੀ.ਯੂ. ਵੱਲ ਤੁਰ ਪਿਆ |
ਆਈ.ਸੀ.ਯੂ. ਵਿਚ ਪਹੁੰਚ ਕੇ ਉਸ ਨੇ ਆਪਣੇ ਮਰੀਜ਼ ਦਾ ਦੁਬਾਰਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਅਤੇ ਇਕ ਨਵਾਂ ਟੀਕਾ ਲਿਖਦਿਆਂ ਛੋਟੇ ਡਾਕਟਰ ਅਤੇ ਨਰਸਾਂ ਨੂੰ ਕਿਹਾ, 'ਇਸ ਮਰੀਜ਼ ਦੀ ਕਿਸੇ ਵੀ ਦਵਾਈ ਲਈ ਇਸ ਦੇ ਲੜਕੇ ਨੂੰ ਨਹੀਂ ਕਹਿਣਾ, ਸਗੋਂ ਸਟੋਰ ਤੋਂ ਸਾਰੀਆਂ ਦਵਾਈਆਂ ਮੇਰੇ ਹਿਸਾਬ ਵਿਚ ਆਪ ਲਿਆਉਣੀਆਂ ਹਨ | ਇਹ ਇੰਜੈਕਸ਼ਨ ਹੁਣੇ ਹੀ ਲਿਆ ਕੇ ਲਗਾਓ | ਮੈਂ ਓਨੀ ਦੇਰ ਐਥੇ ਮਰੀਜ਼ ਦੇ ਕੋਲ ਹੀ ਹਾਂ |' ਇਹ ਕਹਿ ਕੇ ਹਰੀਸ਼ ਮਰੀਜ਼ ਦੇ ਕੋਲ ਜਾ ਕੇ ਖਲੋ ਗਿਆ | ਉਹ ਮਰੀਜ਼ ਦੇ ਚਿਹਰੇ ਨੂੰ ਦੇਖਦਾ ਹੋਇਆ ਕਿਸੇ ਅਤੀਤ ਵਿਚ ਗਵਾਚ ਗਿਆ ਲਗਦਾ ਸੀ |
ਸਾਰਾ ਸਟਾਫ ਡਾ: ਹਰੀਸ਼ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਡਾਕਟਰ ਸਾਹਿਬ, ਇਸ ਮਰੀਜ਼ ਪ੍ਰਤੀ ਐਨੇ ਭਾਵੁਕ ਕਿਉਂ ਹੋ ਰਹੇ ਹੋ?
ਐਨੀ ਦੇਰ ਵਿਚ ਨਰਸ ਟੀਕਾ ਲੈ ਕੇ ਆਈ | ਹਰੀਸ਼ ਨੇ ਕੋਲ ਖਲੋ ਕੇ ਟੀਕਾ ਲਗਵਾਇਆ | ਉਸ ਤੋਂ ਬਾਅਦ ਉਹ ਮਰੀਜ਼ ਦੇ ਮੱਥੇ 'ਤੇ ਹੱਥ ਰੱਖਦਾ ਹੋਇਆ ਬੋਲਿਆ, 'ਮਾਤਾ ਜੀ, ਤੁਸੀਂ ਬਿਲਕੁਲ ਠੀਕ ਥਾਂ 'ਤੇ ਆ ਗਏ ਹੋ, ਹੁਣ ਤੁਸੀਂ ਕੁਝ ਦਿਨਾਂ ਵਿਚ ਹੀ ਤੰਦਰੁਸਤ ਹੋ ਜਾਓਗੇ |'
ਮਾਤਾ ਜੀ ਦੇ ਬੱੁਲ੍ਹ ਫਰਕੇ, ਉਹ ਸ਼ਾਇਦ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ | ਉਨ੍ਹਾਂ ਨੇ ਕੀ ਕਿਹਾ, ਇਸ ਦਾ ਕਿਸੇ ਨੂੰ ਕੁਝ ਪਤਾ ਨਾ ਲੱਗ ਸਕਿਆ |
ਆਪਣੀ ਤਸੱਲੀ ਤੋਂ ਬਾਅਦ ਹਰੀਸ਼ ਆਈ.ਸੀ.ਯੂ. ਤੋਂ ਬਾਹਰ ਆਇਆ ਤਾਂ ਅੱਗੇ ਮਾਤਾ ਜੀ ਦਾ ਬੇਟਾ ਖੜ੍ਹਾ ਸੀ | ਉਹ ਦੋਵੇਂ ਹੱਥ ਜੋੜ ਕੇ ਆਪਣੀ ਮੰਮੀ ਦਾ ਹਾਲ ਪੱੁਛਣ ਲੱਗਾ | ਹਰੀਸ਼ ਨੇ ਬੜੀ ਅਪਣੱਤ ਨਾਲ ਉਸ ਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ, 'ਉਮੀਦ ਹੈ, ਮੰਮੀ ਜੀ ਨੂੰ ਰਾਤ ਤੱਕ ਕਾਫੀ ਫਰਕ ਪੈ ਜਾਵੇਗਾ | ਉਨ੍ਹਾਂ ਨੂੰ ਹੁਣੇ ਇਕ ਇੰਜੈਕਸ਼ਨ ਦੇ ਕੇ ਆ ਰਿਹਾਂ |'
'ਤੁਹਾਡੀ ਬੜੀ ਮਿਹਰਬਾਨੀ, ਡਾਕਟਰ ਸਾਹਿਬ', ਉਹ ਫਿਰ ਦੋਵੇਂ ਹੱਥ ਜੋੜਦਾ ਹੋਇਆ ਬੋਲਿਆ |
ਹਰੀਸ਼ ਨੇ ਉਸ ਨੂੰ ਪੱੁਛਿਆ, 'ਤੇਰਾ ਨਾਂਅ ਕੀ ਏ?'
'ਮੇਰਾ ਨਾਂਅ ਮਨਜੀਤ ਏ ਜੀ |'
'ਮਨਜੀਤ, ਮੇਰੀਆਂ ਦੋ ਗੱਲਾਂ ਧਿਆਨ ਨਾਲ ਸੁਣੀਂ | ਪਹਿਲੀ ਤਾਂ ਇਹ ਕਿ ਤੰੂ ਮਾਤਾ ਜੀ ਵਲੋਂ ਬੇਫਿਕਰ ਹੋ ਜਾ | ਉਹ ਤੇਰੇ ਹੀ ਨਹੀਂ, ਮੇਰੇ ਵੀ ਮਾਤਾ ਜੀ ਹਨ | ਮੈਨੂੰ ਪੂਰੀ ਉਮੀਦ ਹੈ ਕਿ ਉਹ ਬੜੀ ਜਲਦੀ ਤੰਦਰੁਸਤ ਹੋ ਜਾਣਗੇ |' (ਚਲਦਾ)

-ਮੋਬਾ: 98889-24664

ਬੁਝਾਰਤ-26

ਹਰ ਜੀਵ ਨੂੰ ਜੱਗ ਦਿਖਾਵੇ,
ਪਰ ਨਾ ਕਦੇ ਅਹਿਸਾਨ ਜਿਤਾਵੇ |
ਰੱਬ ਦੇ ਵਾਂਗੰੂ ਪੂਜਣਯੋਗ,
ਆਖਰ ਤੱਕ ਦੇਵੇ ਸਹਿਯੋਗ |
ਭਾਵੇਂ ਰਾਜਾ, ਭਾਵੇਂ ਪਰਜਾ,
ਕੋਈ ਮੋੜ ਨ੍ਹੀਂ ਕਰਦਾ ਕਰਜ਼ਾ |
ਕਿੱਡਾ ਕੋਈ ਲੇਖਕ ਕਹਾਵੇ,
ਉਹਦੀ ਸਿਫ਼ਤ ਲਿਖੀ ਨਾ ਜਾਵੇ |
ਥੋਨੂੰ ਵੀ ਰੱਬ ਦਿੱਤੀ ਸੌਗਾਤ,
ਬੱੁਝੋ ਬੱਚਿਓ ਮੇਰੀ ਇਹ ਬਾਤ |
ਇਹ ਬੁਝਾਰਤ ਬਹੁਤ ਅਸਾਨ,
ਅਸੀਂ ਗਏ ਹਾਂ ਉੱਤਰ ਜਾਣ |
—f—
ਸਭ ਬੱਚਿਆਂ ਨੇ ਕਰਤੀ ਹਾਂ,
ਇਹ ਹੈ ਸਾਡੀ ਪਿਆਰੀ 'ਮਾਂ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਬਾਲ-ਭਾਵਨਾਵਾਂ ਦਾ ਗੁਲਦਸਤਾ 'ਤਾਰੇ ਕਰਨ ਇਸ਼ਾਰੇ'
ਸੰਪਰਕ : 95018-77033

ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕੁਲਰੀਆਂ ਜ਼ਿਲ੍ਹਾ ਮਾਨਸਾ ਦੇ ਸਿਰਜਣਸ਼ੀਲ ਵਿਦਿਆਰਥੀਆਂ ਦੀਆਂ ਬਹੁਭਾਂਤੀ ਲਿਖਤਾਂ ਅਤੇ ਚਿੱਤਰਾਂ ਨੂੰ ਪੁਸਤਕ 'ਤਾਰੇ ਕਰਨ ਇਸ਼ਾਰੇ' ਵਿਚ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਦੀ ਵਿਦਿਆਰਥਣ ਸੰਪਾਦਕ ਨੇਹਾ ਕੁਮਾਰੀ (ਜਮਾਤ ਗਿਆਰ੍ਹਵੀਂ) ਹੈ ਅਤੇ ਇਸ ਨੂੰ ਸਾਂਝੇ ਤੌਰ 'ਤੇ ਜਗਦੀਸ਼ ਰਾਏ ਕੁਲਰੀਆਂ ਅਤੇ ਕੇਵਲ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ ਹੈ | ਇਸ ਪੁਸਤਕ ਨੂੰ ਕਵਿਤਾਵਾਂ, ਕਹਾਣੀਆਂ, ਲੇਖਾਂ, ਪੁਸਤਕ ਪੜਚੋਲ ਅਤੇ ਸਫ਼ਰਨਾਮਾ ਆਦਿ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ ਹੈ | ਇਨ੍ਹਾਂ ਰਚਨਾਵਾਂ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੰਨ-ਸੁਵੰਨੇ ਰਿਸ਼ਤੇ-ਨਾਤਿਆਂ, ਰੁੱਖਾਂ, ਵੇਲ-ਬੂਟਿਆਂ, ਫ਼ਲਾਂ-ਫੁੱਲਾਂ, ਦੇਸ਼-ਭਗਤੀ, ਸੰਘਰਸ਼, ਪੁਸਤਕਾਂ, ਸਫ਼ਾਈ, ਲਾਇਬ੍ਰੇਰੀ, ਸਮੇਂ ਅਤੇ ਵਾਤਾਵਰਨ ਦਾ ਮਹੱਤਵ ਦਰਸਾਉਣ ਦੇ ਨਾਲ-ਨਾਲ ਗਰਮੀ-ਸਰਦੀ, ਸ਼ੁੱਭ ਅਵਸਰਾਂ ਅਤੇ ਜੀਵਨ ਮੁੱਲਾਂ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਸੰਬੰਧੀ ਨਿੱਕੀਆਂ-ਨਿੱਕੀਆਂ ਰਚਨਾਵਾਂ ਲਿਖ ਕੇ ਆਪਣੇ ਕੋਮਲ ਉਦਗਾਰਾਂ ਨੂੰ ਪ੍ਰਗਟਾਇਆ ਹੈ | ਇਨ੍ਹਾਂ ਰਚਨਾਵਾਂ ਨੂੰ ਪੜ੍ਹਨ ਉਪਰੰਤ ਅਨੁਭਵ ਹੁੰਦਾ ਹੈ ਕਿ ਇਨ੍ਹਾਂ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਕੋਲ ਸਿਰਜਣਾ ਦੀ ਅਸੀਮ ਪੂੰਜੀ ਹੈ | ਜੇਕਰ ਹਰ ਵਿਦਿਆਰਥੀ ਨੂੰ ਅਜਿਹੇ ਖੁੱਲ੍ਹੇ-ਡੁੱਲ੍ਹੇ ਅਵਸਰ ਮਿਲ ਸਕਣ ਤਾਂ ਉਹ ਆਪਣੀ ਪ੍ਰਤਿਭਾ ਨੂੰ ਹੋਰ ਉਸਾਰੂ ਅਤੇ ਚੰਗੇਰੇ ਢੰਗ ਨਾਲ ਨਿਖਾਰ ਸਕਦੇ ਹਨ | ਚੰਗਾ ਹੁੰਦਾ ਜੇਕਰ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਦੀਆਂ ਰਚਨਾਵਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਜਾਂਦੀਆਂ | ਕੁੱਲ ਮਿਲਾ ਕੇ ਇਹ ਪੁਸਤਕ ਬਾਲ ਪਾਠਕਾਂ ਦੇ ਮਨਾਂ ਵਿਚ ਪੜ੍ਹਨ ਪ੍ਰਤੀ ਜਿਗਿਆਸਾ ਪੈਦਾ ਕਰਦੀ ਹੈ | ਇਸ ਪੁਸਤਕ ਦੀ ਕੀਮਤ 90 ਰੁਪਏ ਪ੍ਰਤੀ ਹੈ ਅਤੇ ਪੰਨੇ 75 ਹਨ | ਇਹ ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀ ਗਈ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਪ੍ਰਦੇਸੀ ਵੀਰਾ

ਤੇਰੇ ਬਿਨਾਂ ਦਿਲ ਨਹੀਂ ਲਗਦਾ,
ਆ ਜਾ ਮੇਰਿਆ ਵੀਰਾ |
ਦਿਨ ਵੀ ਵਰਿ੍ਹਆਂ ਵਰਗੇ ਲਗਦੇ,
ਤੰੂ ਕਦੋਂ ਆਵੇਂਗਾ ਵੀਰਾ |
ਤੇਰੇ ਬਾਝੋਂ ਘਰ ਦਾ ਵਿਹੜਾ,
ਹੋ ਗਿਆ ਸੁੰਨ-ਮ-ਸੁੰਨਾ |
ਮਾਂ ਵਿਚਾਰੀ ਰੋਂਦੀ ਰਹਿੰਦੀ,
ਤੇਰੀ ਯਾਦ 'ਚ ਲੰਘਾਵੇ ਵੇਲਾ |
ਵੀਰਾ ਤੰੂ ਜਦ ਘਰ ਸੀ ਹੁੰਦਾ,
ਖਿੜਦਾ ਚਾਰ-ਚੁਫ਼ੇਰਾ |
ਪੰਛੀ ਵੀ ਸ਼ਾਮੀ ਘਰ ਮੁੜ ਆਉਂਦੇ,
ਪਰ ਤੰੂ ਕਿਉਂ ਨਾ ਆਵੇ ਵੀਰਾ |

-ਰੀਤੂ ਨਾਗੀ,
ਮਹਾਂਵੀਰ ਇੰਸਟੀਚਿਊਟ, ਈਸ਼ਵਰ ਨਗਰ, ਨੇੜੇ ਸਰਕਾਰੀ ਟਿਊਬਵੈੱਲ, ਕਾਲਾ ਸੰਘਾ ਰੋਡ, ਜਲੰਧਰ |

ਚੁਟਕਲੇ

• ਪਤਨੀ (ਪਤੀ ਨੂੰ )-ਮੈਂ ਕਿਹਾ ਜੀ ਕਸ਼ਮੀਰ ਜਾਣ ਲਈ ਕਿਰਾਇਆ ਜਮ੍ਹਾਂ ਕਰ ਲਿਆ?
ਪਤੀ-ਹਾਂ ਕਰ ਲਿਆ |
ਪਤਨੀ-ਤਾਂ ਫੇਰ ਆਪਾਂ ਕਦੋਂ ਜਾਵਾਂਗੇ ਕਸ਼ਮੀਰ?
ਪਤੀ-ਜਦ ਕਸ਼ਮੀਰ ਤੋਂ ਵਾਪਸ ਆਉਣ ਲਈ ਕਿਰਾਏ ਦੇ ਪੈਸੇ ਜਮ੍ਹਾਂ ਹੋ ਗਏ |
• ਇਕ ਸ਼ਰਾਬੀ ਨੂੰ ਨਸ਼ੇ ਵਿਚ ਧੁੱਤ ਦੇਖ ਕੇ ਸਿਪਾਹੀ ਫੜ ਕੇ ਥਾਣੇ ਲੈ ਗਿਆ ਤੇ ਥਾਣੇਦਾਰ ਅੱਗੇ ਪੇਸ਼ ਕਰ ਦਿੱਤਾ | ਥਾਣੇਦਾਰ ਦੇ ਪੁੱਛਣ ਤੋਂ ਪਹਿਲਾਂ ਹੀ ਸ਼ਰਾਬੀ ਬੋਲਿਆ-
'ਮੈਨੂੰ ਇੱਥੇ ਕਿਉਂ ਲਿਆਂਦਾ ਐ?'
ਥਾਣੇਦਾਰ ਨੇ ਰੋਹਬ ਨਾਲ ਕਿਹਾ-'ਸ਼ਰਾਬ ਪੀਣ ਕਰਕੇ |'
ਸ਼ਰਾਬੀ ਫਟਾਫਟ ਕੁਰਸੀ 'ਤੇ ਬੈਠ ਗਿਆ ਤੇ ਬੋਲਿਆ, 'ਫਿਰ ਲਿਆਓ ਦੇਰ ਕਿਉਂ ਕਰਦੇ ਹੋ?'

-ਮਨਜੀਤ ਪਿਉਰੀ,
ਗਿੱਦੜਬਾਹਾ |

ਬਾਲ ਕਵਿਤਾ: ਸਰਦੀ

ਗਰਮੀ ਮੱੁਕੀ ਆ ਗਈ ਸਰਦੀ,
ਕੱਢ ਲਓ ਬੱਚਿਓ ਮੋਟੀ ਵਰਦੀ |
ਤੁਸੀਂ ਨਾ ਕੋਈ ਅਣਗਹਿਲੀ ਕਰਨੀ,
ਮਹਿੰਗੀ ਪੈ ਜਾਊ ਗ਼ਲਤੀ ਕਰਨੀ |
ਉੱਪਰੋਂ ਸਮਾਂ ਪੇਪਰਾਂ ਦਾ ਆਇਆ,
ਪਾਸ ਹੋਣ ਦਾ ਸੁਨੇਹਾ ਲਿਆਇਆ |
ਵਿਚ ਰਜਾਈ ਬਹਿ ਕੇ ਪੜਿ੍ਹਓ,
ਸਮਾਂ ਨਾ ਭੋਰਾ ਬਰਬਾਦ ਕਰਿਓ |
ਮੋਬਾਈਲ ਉੱਤੋਂ ਧਿਆਨ ਹਟਾ ਕੇ,
ਪੜਿ੍ਹਓ ਪੱੁਤਰੋ ਮਨ-ਚਿੱਤ ਲਾ ਕੇ |
ਪਹਿਰਾਵੇ ਦੇ ਨਾਲ ਬਦਲਿਓ ਖਾਣਾ,
ਗੌਰ ਨਾਲ ਕਰਿਓ ਆਉਣਾ-ਜਾਣਾ |
ਕਾਜੂ, ਬਦਾਮ, ਅਖਰੋਟ ਵੀ ਖਾਇਓ,
ਮੱਝ ਦੇ ਦੱੁਧ ਦਾ ਖੋਆ ਬਣਾਇਓ |
ਨਾ ਸਿਰ-ਪੈਰਾਂ ਤੋਂ ਰਹਿਣਾ ਨੰਗੇ,
ਥੋਡੀਆਂ ਦੁਆਵਾਂ ਹਰ ਕੋਈ ਮੰਗੇ |
'ਤਰਸੇਮ ਸਰ' ਦੀ ਹੈ ਅਰਦਾਸ,
ਸਰਦੀ ਵਿਚੋਂ ਹੋ ਜਾਓਾ ਪਾਸ |

-ਤਰਸੇਮ ਲੰਡੇ,
ਪਿੰਡ ਲੰਡੇ (ਮੋਗਾ) | ਮੋਬਾ: 99145-86784

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX