ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  1 day ago
ਜਲੰਧਰ, 22 ਅਪ੍ਰੈਲ - ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਨਿੱਜੀ ਕੰਪਨੀਆਂ ਦੀਆਂ ਤੇਜ ਰਫ਼ਤਾਰ 2 ਬੱਸਾਂ ਆਪਸ ਵਿਚ ਰੇਸ ਲਗਾਉਂਦੇ ਹੋਏ ਇਸ ਤਰਾਂ ਬੇਕਾਬੂ ਹੋ ਗਈਆਂ ਕਿ ਪਰਾਗਪੁਰ ਨੇੜੇ ਇੱਕ...
ਹੋਰ ਖ਼ਬਰਾਂ..

ਸਾਡੀ ਸਿਹਤ

ਗੰਭੀਰ ਰੋਗਾਂ ਤੋਂ ਬਚਣ ਦੇ ਉਪਾਅ

ਸਾਡੀ ਜੀਵਨ ਸ਼ੈਲੀ ਕੁਝ ਅਜਿਹੀ ਹੁੰਦੀ ਜਾ ਰਹੀ ਹੈ ਕਿ ਹਰ ਵਿਅਕਤੀ ਰੋਗਾਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ। ਅਜਿਹਾ ਨਹੀਂ ਕਿ ਪਹਿਲੇ ਸਮੇਂ ਵਿਚ ਵਿਅਕਤੀ ਬਿਮਾਰ ਨਹੀਂ ਹੁੰਦੇ ਸਨ, ਪਰ ਵਧਦੀ ਉਮਰ ਵਿਚ ਹੀ ਉਨ੍ਹਾਂ ਨੂੰ ਬਿਮਾਰੀਆਂ ਘੇਰਦੀਆਂ ਸਨ। ਅੱਜ ਛੋਟੇ-ਛੋਟੇ ਬੱਚੇ, ਜਵਾਨ ਵਰਗ ਵੀ ਦਿਲ ਦੇ ਰੋਗਾਂ, ਸ਼ੂਗਰ ਤੇ ਕੈਂਸਰ ਵਰਗੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਭ ਕੁਝ ਦਾ ਕਾਰਨ ਸਾਡੇ ਵਲੋਂ ਸਹੀ ਭੋਜਨ ਨਾ ਗ੍ਰਹਿਣ ਕਰਨਾ ਅਤੇ ਗ਼ਲਤ ਅਤੇ ਗਤੀਹੀਣ ਜੀਵਨ ਸ਼ੈਲੀ ਹੈ। ਜੇ ਅਸੀਂ ਆਪਣੇ ਜੀਵਨ ਵਿਚ ਕੁਝ ਗੱਲਾਂ ਨੂੰ ਸ਼ਾਮਿਲ ਕਰ ਲਈਏ ਤਾਂ ਤੰਦਰੁਸਤ ਜੀਵਨ ਬਿਤਾ ਸਕਦੇ ਹਾਂ। ਆਓ ਜਾਣੀਏ ਕੁਝ ਆਸਾਨ ਰਸਤੇ, ਜਿਨ੍ਹਾਂ ਨੂੰ ਅਪਣਾਅ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ।
ਨਾਸ਼ਤਾ ਜ਼ਰੂਰ ਕਰੋ : ਅੱਜ ਬਹੁਤੇ ਲੋਕ ਰੁਝੇਵਿਆਂ ਦੇ ਕਾਰਨ ਦਿਨ ਦਾ ਸਭ ਤੋਂ ਜ਼ਰੂਰੀ ਆਹਾਰ ਨਾਸ਼ਤਾ ਨਹੀਂ ਕਰਦੇ ਜਦੋਂ ਕਿ ਨਾਸ਼ਤਾ ਬਹੁਤ ਹੀ ਜ਼ਰੂਰੀ ਹੈ। ਸਵੇਰੇ ਅਤੇ ਰਾਤ ਵਿਚ ਇਕ ਲੰਬੇ ਸਮੇਂ ਦਾ ਫਰਕ ਹੁੰਦਾ ਹੈ ਅਤੇ ਏਨੀ ਦੇਰ ਸਾਡਾ ਸਰੀਰ ਭੁੱਖਾ ਰਹਿੰਦਾ ਹੈ। ਸਵੇਰੇ ਸਰੀਰ ਅਤੇ ਦਿਮਾਗ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਊਰਜਾ ਸਾਨੂੰ ਨਾਸ਼ਤਾ ਹੀ ਦਿੰਦਾ ਹੈ। ਜੇ ਵਿਅਕਤੀ ਸਵੇਰੇ ਨਾਸ਼ਤਾ ਨਹੀਂ ਕਰਦਾ ਤਾਂ ਦੁਪਹਿਰ ਨੂੰ ਉਹ ਜ਼ਿਆਦਾ ਭੋਜਨ ਖਾਂਦਾ ਹੈ, ਜੋ ਮੋਟਾਪੇ ਦਾ ਕਾਰਨ ਬਣ ਸਕਦਾ ਹੈ।
ਕਸਰਤ ਕਰੋ : ਜੇ ਤੁਸੀਂ ਹਰ ਰੋਜ਼ 30 ਮਿੰਟ ਕੋਈ ਵੀ ਐਰੋਬਿਕ ਕਸਰਤ ਕਰਦੇ ਹੋ ਤਾਂ ਤੁਹਾਡਾ ਸਰੀਰ ਅਤੇ ਦਿਲ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ ਅਤੇ ਤੁਸੀਂ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰ ਸਕਦੇ ਹੋ।
ਮੱਛੀ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ : ਮੱਛੀ ਵਿਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਓਮੇਗਾ 3 ਫੈਟੀ ਐਸਿਡ ਦਿਲ ਦੀ ਤੰਦਰੁਸਤੀ ਲਈ ਜ਼ਰੂਰੀ ਹੈ। ਓਮੇਗਾ 3 ਫੈਟੀ ਐਸਿਡ ਕੋਲੈਸਟ੍ਰੋਲ 'ਤੇ ਕਾਬੂ ਰੱਖਦਾ ਹੈ। ਚਮੜੀ ਦੀ ਤੰਦਰੁਸਤੀ ਲਈ ਵੀ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। ਕਈ ਖੋਜਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦਾ ਸੇਵਨ ਤਣਾਅ ਨੂੰ ਦੂਰ ਕਰਦਾ ਹੈ।
ਧਿਆਨ ਲਗਾਓ : ਕਈ ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਜੇ ਤੁਸੀਂ ਨਿਯਮਤ ਧਿਆਨ ਲਗਾਉਂਦੇ ਹੋ ਤਾਂ ਤੁਸੀਂ ਘੱਟ ਤਣਾਅ ਮਹਿਸੂਸ ਕਰਦੇ ਹੋ, ਤੁਹਾਡਾ ਖੂਨ ਦਾ ਦਬਾਅ ਕਾਬੂ ਵਿਚ ਰਹਿੰਦਾ ਹੈ ਅਤੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਚੰਗਾ ਮਹਿਸੂਸ ਕਰਦੇ ਹੋ।
ਐਂਟੀ-ਆਕਸੀਡੈਂਟ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ : ਫਲ ਅਤੇ ਸਬਜ਼ੀਆਂ ਐਂਟੀ-ਆਕਸੀਡੈਂਟਸ ਦਾ ਚੰਗਾ ਸਰੋਤ ਹਨ। ਟਮਾਟਰ, ਗਾਜਰ, ਚੁਕੰਦਰ, ਬੰਦਗੋਭੀ ਅਤੇ ਫਲ਼ਾਂ ਦਾ ਸੇਵਨ ਕਰੋ। ਟਮਾਟਰ ਵਿਚ ਲਾਈਕੋਪੀਨ ਨਾਮਕ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੇ ਕੈਂਸਰ ਜਿਵੇਂ ਸਤਨ ਕੈਂਸਰ, ਪੇਟ ਅਤੇ ਫੇਫੜਿਆਂ ਦਾ ਕੈਂਸਰ, ਅੰਤੜੀਆਂ ਦੇ ਕੈਂਸਰ ਤੋਂ ਸੁਰੱਖਿਆ ਦਿੰਦਾ ਹੈ। ਐਂਟੀ-ਆਕਸੀਡੈਂਟਸ ਫ੍ਰੀ ਰੈਡੀਕਲਸ ਤੋਂ ਵੀ ਸੁਰੱਖਿਆ ਦਿੰਦੇ ਹਨ, ਇਸ ਲਈ ਐਂਟੀ-ਆਕਸੀਡੈਂਟਸ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ।
ਗਹਿਰੀ ਨੀਂਦ ਲਓ : ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਮਿਊਨ ਸਿਸਟਮ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣੇ ਤਾਂ ਹਰ ਰੋਜ਼ 8 ਘੰਟੇ ਦੀ ਨੀਂਦ ਜ਼ਰੂਰ ਲਓ। ਗੂੜ੍ਹੀ ਅਤੇ ਲੋੜੀਂਦੀ ਨੀਂਦ ਨਵੇਂ ਸੈੱਲ ਬਣਾਉਣ ਵਿਚ ਸਹਾਇਤਾ ਕਰਦੀ ਹੈ ਅਤੇ ਦਿਮਾਗ ਨੂੰ ਆਰਾਮ ਪਹੁੰਚਾਉਂਦੀ ਹੈ।
ਹੱਸੋ ਅਤੇ ਰੋਗ ਦੂਰ ਭਜਾਓ : 'ਹੱਸੋ ਅਤੇ ਤੰਦਰੁਸਤ ਰਹੋ', ਇਹ ਸਭ ਤੋਂ ਆਸਾਨ ਅਤੇ ਸਸਤਾ ਤਰੀਕਾ ਹੈ ਤੰਦਰੁਸਤ ਰਹਿਣ ਦਾ। ਜੇ ਤੁਹਾਨੂੰ ਹਾਸਾ ਨਾ ਵੀ ਆ ਰਿਹਾ ਹੋਵੇ ਅਤੇ ਤੁਸੀਂ ਝੂਠਾ ਹਾਸਾ ਵੀ ਹੱਸੋ ਤਾਂ ਉਹ ਵੀ ਤੁਹਾਨੂੰ ਲਾਭ ਪਹੁੰਚਾ ਸਕਦਾ ਹੈ। ਜਦੋਂ ਤੁਸੀਂ ਦਿਲ ਖੋਲ੍ਹ ਕੇ ਹੱਸਦੇ ਹੋ ਤਾਂ ਸਰੀਰ ਵਿਚ ਕੁਝ ਅਜਿਹੇ ਰਸਾਇਣ ਜਿਵੇਂ 'ਇੰਡੋਫ੍ਰਿੰਸ' ਪੈਦਾ ਹੁੰਦੇ ਹਨ, ਜੋ ਤਣਾਅ, ਡਿਪ੍ਰੈਸ਼ਨ, ਟੈਨਸ਼ਨ ਦੂਰ ਕਰਦੇ ਹਨ। ਨਵੀਆਂ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਹੱਸਣ ਨਾਲ ਦਿਲ ਦੇ ਰੋਗੀਆਂ ਅਤੇ ਕੈਂਸਰ ਦੇ ਰੋਗੀਆਂ ਵਿਚ ਵੀ ਸੁਧਾਰ ਆਉਂਦਾ ਹੈ ਅਤੇ ਵਿਅਕਤੀ ਨੂੰ ਦਰਦ ਘੱਟ ਮਹਿਸੂਸ ਹੁੰਦੀ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਆਪਣੇ ਸਰੀਰ ਦੀ ਸਫ਼ਾਈ ਵੱਲ ਧਿਆਨ ਦਿਓ : ਸਰੀਰ ਦੀ ਸਫ਼ਾਈ, ਖਾਸ ਕਰਕੇ ਦੰਦਾਂ ਦੀ ਸਫ਼ਾਈ ਪ੍ਰਤੀ ਲਾਪ੍ਰਵਾਹੀ ਨਾ ਵਰਤੋ। ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਬੈਕਟੀਰੀਆ ਜੋ ਮਸੂੜਿਆਂ ਸਬੰਧੀ ਰੋਗਾਂ ਦਾ ਕਾਰਨ ਬਣਦੇ ਹਨ, ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਵੀ ਵਧਾਉਂਦੇ ਹਨ, ਇਸ ਲਈ ਹਰ ਰੋਜ਼ ਆਪਣੇ ਦੰਦਾਂ ਨੂੰ ਸਵੇਰੇ ਅਤੇ ਸੌਣ ਤੋਂ ਪਹਿਲਾਂ ਜ਼ਰੂਰ ਸਾਫ਼ ਕਰੋ।
ਅਲਕੋਹਲ ਦਾ ਸੇਵਨ ਨਾ ਕਰੋ : ਅਲਕੋਹਲ ਦਾ ਸੇਵਨ ਵੀ ਕਈ ਰੋਗਾਂ ਦੀ ਸੰਭਾਵਨਾ ਨੂੰ ਵਧਾਉਂਦਾ ਹੈ, ਇਸ ਲਈ ਇਸ ਦਾ ਸੇਵਨ ਨਾ ਕਰੋ। ਨਵੀਆਂ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਰੈਡ ਵਾਈਨ ਸਿਹਤ ਲਈ ਹਾਨੀਕਾਰਕ ਨਹੀਂ, ਕਿਉਂਕਿ ਇਸ ਵਿਚ ਫਲੇਵੋਨਾਈਡਸ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਕੈਂਸਰ ਤੋਂ ਸੁਰੱਖਿਆ ਦਿੰਦੇ ਹਨ। ਇਸ ਲਈ ਮਾਹਿਰ ਰੈਡ ਵਾਈਨ ਦੇ ਇਕ ਪੈੱਗ ਨੂੰ ਹਾਨੀਕਾਰਕ ਨਹੀਂ ਮੰਨਦੇ ਪਰ ਸੀਮਤ ਮਾਤਰਾ 'ਤੇ ਜ਼ੋਰ ਦਿੰਦੇ ਹਨ।


ਖ਼ਬਰ ਸ਼ੇਅਰ ਕਰੋ

ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਓ

ਰੋਗਾਂ ਤੋਂ ਬਚਾਉਣ ਦੀ ਸਮਰੱਥਾ ਨੂੰ ਰੋਗ ਪ੍ਰਤੀਰੋਧਕ ਸਮਰੱਥਾ ਕਹਿੰਦੇ ਹਨ। ਆਮ ਤੌਰ 'ਤੇ ਪੋਲੀਓ, ਕਸ਼ਯ ਰੋਗ, ਪੀਲੀਆ, ਟੈਟਨੇਸ, ਖਸਰਾ ਆਦਿ ਬਿਮਾਰੀਆਂ ਲਈ ਟੀਕਾਕਰਨ ਕੀਤਾ ਜਾਂਦਾ ਹੈ। ਗ਼ੈਰ-ਸੰਕ੍ਰਾਮਕ ਰੋਗਾਂ ਤੋਂ ਰੱਖਿਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਵਿਗਿਆਨੀ ਟੀਕੇ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਭਰ ਵਿਚ ਸ਼ੂਗਰ ਅਤੇ ਏਡਜ਼ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਤੋਂ ਬਚਾਅ ਲਈ ਵੀ ਟੀਕਿਆਂ 'ਤੇ ਖੋਜ ਹੋ ਰਹੀ ਹੈ।
ਅਮਰੀਕਾ ਦੇ ਰਾਸ਼ਟਰੀ ਸਿਹਤ ਸੰਸਥਾਨ ਅਤੇ ਹੋਰ ਵਿਸ਼ਵ ਵਿਦਿਆਲਿਆਂ ਵਿਚ ਹੋਈਆਂ ਖੋਜਾਂ ਵਿਚ ਇਸ ਗੱਲ 'ਤੇ ਸਾਰੇ ਇਕਮਤ ਹਨ ਕਿ ਆਤਮਰੱਖਿਆ ਪ੍ਰਣਾਲੀ ਦੀ ਪ੍ਰਭਾਵੀ ਕਿਰਿਆਸ਼ੀਲਤਾ ਵਿਅਕਤੀ ਦੀ ਖੁਦ ਦੀ ਸੋਚ ਅਤੇ ਆਚਰਣ 'ਤੇ ਨਿਰਭਰ ਕਰਦੀ ਹੈ। ਸਾਡਾ ਭੋਜਨ, ਜੀਵਨ ਸ਼ੈਲੀ ਅਤੇ ਜੀਵਨ ਦੇ ਪ੍ਰਤੀ ਸਾਡੀ ਦ੍ਰਿਸ਼ਟੀ ਸਾਡੀ ਆਤਮਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ।
ਖੋਜਾਂ ਇਹ ਵੀ ਦੱਸਦੀਆਂ ਹਨ ਕਿ ਦਵਾਈਆਂ ਦਾ ਸੇਵਨ ਸਿਹਤ ਲਾਭ ਲਈ ਜ਼ਰੂਰੀ ਹੈ ਪਰ ਕੁਝ ਦਵਾਈਆਂ (ਮੁੱਖ ਤੌਰ 'ਤੇ ਐਂਟੀ-ਬਾਇਓਟਿਕਸ) ਆਤਮਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦੀਆਂ ਹਨ। ਜਿਥੇ ਦਵਾਈਆਂ ਦਾ ਲੰਮੇ ਸਮੇਂ ਤੱਕ ਸੇਵਨ ਆਤਮਰੱਖਿਆ ਨੂੰ ਕਮਜ਼ੋਰ ਕਰਦਾ ਹੈ, ਉਥੇ ਆਤਮਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਅਪਣਾਇਆ ਗਿਆ ਲੰਮੇ ਸਮੇਂ ਦਾ ਕਾਰਜਕ੍ਰਮ ਸਾਨੂੰ ਸਿਹਤ ਦੇ ਖ਼ਤਰਿਆਂ ਤੋਂ ਦੂਰ ਰੱਖਦਾ ਹੈ।
ਸਰੀਰ ਵਿਚ ਮੌਜੂਦ ਆਤਮਰੱਖਿਆ ਪ੍ਰਣਾਲੀ ਬਹੁਤ ਹੀ ਸ਼ਕਤੀਸ਼ਾਲੀ ਅਸਤਰ ਹੈ ਅਤੇ ਇਸ ਦੀ ਲੋੜ ਸਾਨੂੰ ਉਦੋਂ ਹੋਰ ਵੀ ਮਹਿਸੂਸ ਹੁੰਦੀ ਹੈ, ਜਦੋਂ ਕੋਈ ਰੋਗ ਵੈਰੀ ਬਣ ਕੇ ਸਾਡੀ ਆਤਮਰੱਖਿਆ ਪ੍ਰਣਾਲੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਅਸੀਂ ਆਪਣੀ ਆਤਮਰੱਖਿਆ ਪ੍ਰਣਾਲੀ ਨੂੰ ਲੋੜੀਂਦੀ ਸ਼ਕਤੀ ਨਹੀਂ ਦਿੰਦੇ ਤਾਂ ਅਸੀਂ ਕਿਸੇ ਨਾ ਕਿਸੇ ਰੋਗ ਦੀ ਗ੍ਰਿਫ਼ਤ ਵਿਚ ਫਸ ਜਾਂਦੇ ਹਾਂ। ਸਾਡੀ ਆਤਮਰੱਖਿਆ ਪ੍ਰਣਾਲੀ ਦੀ ਰੱਖਿਆ ਲਈ ਹੇਠ ਲਿਖੇ ਉਪਾਅ ਕਾਰਗਰ ਹੋ ਸਕਦੇ ਹਨ-
ਪਚਣਯੋਗ ਪੋਸ਼ਕ ਭੋਜਨ : ਭੋਜਨ ਸੰਤੁਲਿਤ ਅਤੇ ਪਚਣਯੋਗ ਹੋਣਾ ਚਾਹੀਦਾ ਹੈ। ਭੋਜਨ ਵਿਚ ਕਾਰਬੋਹਾਈਡ੍ਰੇਟ ਅਤੇ ਚਰਬੀ ਦੀ ਬਹੁਤਾਤ ਆਤਮਰੱਖਿਆ ਪ੍ਰਣਾਲੀ ਲਈ ਘਾਤਕ ਹੋ ਸਕਦੀ ਹੈ। ਵਧਦੀ ਉਮਰ ਵਿਚ ਉਨ੍ਹਾਂ ਵਾਧੂ ਤੱਤਾਂ ਦੀ ਲੋੜ ਹੁੰਦੀ ਹੈ ਜੋ ਆਕਸੀਕਰਨ ਪ੍ਰਕਿਰਿਆ ਨੂੰ ਬੰਦ ਕਰਨ ਅਤੇ ਕੋਸ਼ਾਣੂਆਂ ਅਤੇ ਊਤਕਾਂ ਨੂੰ ਕਮਜ਼ੋਰ ਨਾ ਹੋਣ ਦੇਣ।
ਔਸ਼ਧੀ ਜੜ੍ਹੀ ਬੂਟੀਆਂ ਅਤੇ ਖਾਧ ਮਸਾਲੇ : ਕੁਝ ਔਸ਼ਧੀ ਜੜ੍ਹੀ ਬੂਟੀਆਂ ਅਤੇ ਖਾਧ ਮਸਾਲੇ ਕੋਸ਼ਾਣੂਆਂ ਅਤੇ ਊਤਕਾਂ ਨੂੰ ਸਮਰੱਥ ਬਣਾਉਂਦੇ ਹਨ। ਲਸਣ, ਜੀਰਾ, ਹਲਦੀ, ਅਦਰਕ, ਲੌਂਗ ਆਦਿ ਖਾਧ ਪਦਾਰਥ ਆਤਮਰੱਖਿਆ ਪ੍ਰਣਾਲੀ ਲਈ ਉਪਯੋਗੀ ਮੰਨੇ ਗਏ ਹਨ।
ਕਸਰਤ : ਮਰਿਆਦਤ ਕਸਰਤ ਵੀ ਆਤਮਰੱਖਿਆ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ। ਕਸਰਤ ਕੈਂਸਰ, ਦਮਾ, ਦਿਲ ਦੇ ਰੋਗ, ਤਣਾਅ ਅਤੇ ਅਨੇਕ ਸੰਕ੍ਰਮਣਾਂ ਤੋਂ ਰੱਖਿਆ ਕਰਦੀ ਹੈ। ਨਿਯਮਤ ਕਸਰਤ ਅਤੇ ਧਿਆਨ ਕਰਨ ਨਾਲ ਮਨੁੱਖ ਲੰਮੀ ਉਮਰ ਜਿਉਂਦਾ ਹੈ।
ਸਾਕਾਰਾਤਮਕ ਸੋਚ : ਨਕਾਰਾਤਮਿਕ ਸੋਚ ਆਤਮਰੱਖਿਆ ਨੂੰ ਕਮਜ਼ੋਰ ਬਣਾਉਂਦੀ ਹੈ। ਘਿਰਣਾ, ਅਹੰਕਾਰ ਆਦਿ ਨਕਾਰਾਤਮਕ ਵਿਚਾਰ ਸਿਹਤ ਲਈ ਘਾਤਕ ਹੋ ਸਕਦੇ ਹਨ। ਖੋਜਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਉਲਟ ਹਾਲਤਾਂ ਵਿਚ ਜਦੋਂ ਮਨੁੱਖ ਸ਼ਾਂਤ ਰਹਿੰਦਾ ਹੈ ਤਾਂ ਉਹ ਲੰਮੀ ਉਮਰ ਜਿਉਂਦਾ ਹੈ।
ਹੱਸਣ ਨਾਲ ਮਨੋਭਾਵਾਂ ਵਿਚ ਪਰਿਵਰਤਨ ਹੁੰਦਾ ਹੈ ਜੋ ਆਤਮਰੱਖਿਆ ਪ੍ਰਣਾਲੀ ਨੂੰ ਸ਼ਕਤੀ ਦਿੰਦਾ ਹੈ। ਤਣਾਅ ਨੂੰ ਘੱਟ ਕਰਨ ਲਈ ਪ੍ਰਾਰਥਨਾ, ਜਾਪ ਅਤੇ ਸ਼ਾਂਤ ਮਨ ਨਾਲ ਧਿਆਨ ਕਿਰਿਆਵਾਂ ਲਾਭਕਾਰੀ ਮੰਨੀਆਂ ਗਈਆਂ ਹਨ। ਹਾਲ ਹੀ ਵਿਚ ਹੋਈਆਂ ਖੋਜਾਂ ਤੋਂ ਇਹ ਪਤਾ ਲੱਗਾ ਹੈ ਕਿ ਵਿਆਹੇ ਹੋਏ ਵਿਅਕਤੀਆਂ ਦੀ ਆਤਮਰੱਖਿਆ ਪ੍ਰਣਾਲੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਮਿੱਤਰਤਾ ਅਤੇ ਸਬੰਧ ਆਤਮਰੱਖਿਆ ਨੂੰ ਮਜ਼ਬੂਤ ਬਣਾਉਂਦੇ ਹਨ।
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਦਰਦ ਦੀ ਅਭਿਵਿਅਕਤੀ ਦਰਦ ਨੂੰ ਘੱਟ ਕਰਦੀ ਹੈ। ਜਿਸ ਵਿਅਕਤੀ ਦੇ ਗੂੜ੍ਹੇ ਸਮਾਜਿਕ ਸਬੰਧ ਹੁੰਦੇ ਹਨ, ਉਸ ਦੀ ਆਤਮਰੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਸੰਤੁਲਤ ਜੀਵਨ, ਲੋੜੀਂਦਾ ਭੋਜਨ, ਕਸਰਤ ਅਤੇ ਆਰਾਮ ਅਤੇ ਸਾਕਾਰਾਤਮਕ ਸੋਚ ਜੀਵਨ ਦੀ ਤੰਦਰੁਸਤੀ ਵਿਚ ਵਾਧਾ ਹੀ ਨਹੀਂ ਕਰਦੀ, ਸਗੋਂ ਆਤਮਰੱਖਿਆ ਪ੍ਰਣਾਲੀ ਨੂੰ ਯੋਗ ਵੀ ਬਣਾਉਂਦੀ ਹੈ।


-ਕਰਮਵੀਰ ਅਨੁਰਾਗੀ

ਬਿਮਾਰੀਆਂ ਤੋਂ ਦੂਰ ਰੱਖਦੇ ਹਨ ਮਸਾਲੇ

ਆਪਣੀ ਨਿੱਜੀ ਜ਼ਿੰਦਗੀ ਵਿਚ ਅਸੀਂ ਸਾਰੇ ਹਮੇਸ਼ਾ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਰਹਿੰਦੇ ਹਾਂ, ਚਾਹੇ ਉਹ ਕਬਜ਼, ਭੁੱਖ ਨਾ ਲੱਗਣਾ, ਦਮਾ ਜਾਂ ਦਿਲ ਨਾਲ ਸਬੰਧਤ ਬਿਮਾਰੀ ਹੀ ਕਿਉਂ ਨਾ ਹੋਵੇ। ਇਨ੍ਹਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਸਾਨੂੰ ਚੰਗੇ-ਖਾਸੇ ਪੈਸੇ ਵੀ ਖਰਚ ਕਰਨੇ ਪੈਂਦੇ ਹਨ ਪਰ ਉਨ੍ਹਾਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਸ ਲਈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਡੀ ਰਸੋਈ ਵਿਚ ਵੀ ਕੁਝ ਅਜਿਹੀ ਸਮੱਗਰੀ ਹਮੇਸ਼ਾ ਮੌਜੂਦ ਰਹਿੰਦੀ ਹੈ, ਜੋ ਦਵਾਈਆਂ ਨੂੰ ਵੀ ਫੇਲ੍ਹ ਕਰ ਸਕਦੀ ਹੈ। ਰਸੋਈ ਵਿਚ ਰੱਖੇ ਮਸਾਲੇ ਨਾ ਸਿਰਫ ਭੋਜਨ ਨੂੰ ਸਵਾਦੀ ਬਣਾਉਣ ਦੇ ਕੰਮ ਆਉਂਦੇ ਹਨ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ। ਆਓ ਗੱਲ ਕਰਦੇ ਹਾਂ ਅਜਿਹੇ ਹੀ ਕੁਝ ਮਸਾਲਿਆਂ ਦੇ ਚਮਤਕਾਰੀ ਦਵਾਈਆਂ ਵਾਲੇ ਗੁਣਾਂ ਬਾਰੇ, ਜੋ ਸਾਡੇ ਸਰੀਰ ਨੂੰ ਅਨੇਕ ਬਿਮਾਰੀਆਂ ਤੋਂ ਬਚਾਉਂਦੇ ਹੋਏ ਰਾਹਤ ਦਿੰਦੇ ਹਨ-
ਅਦਰਕ : ਪੇਨ ਕਿੱਲਰ ਦੇ ਰੂਪ ਵਿਚ ਅਦਰਕ ਜੋ ਇਕ ਤੇਜ਼ ਖੁਸ਼ਬੂ ਅਤੇ ਸਵਾਦ ਵਾਲਾ ਹੁੰਦਾ ਹੈ, ਆਮ ਤੌਰ 'ਤੇ ਪੀਣ ਵਾਲੇ ਪਦਾਰਥਾਂ ਵਿਚ ਮਿਲਾ ਕੇ ਅਮਲ ਵਿਚ ਲਿਆਂਦਾ ਜਾਂਦਾ ਹੈ। ਅਦਰਕ ਆਪਣੇ ਐਂਟੀਬਾਇਓਟਿਕ ਗੁਣਾਂ ਦੇ ਕਾਰਨ ਹੀ ਸਰਦੀ, ਖਾਂਸੀ, ਜ਼ੁਕਾਮ, ਨਜ਼ਲਾ ਅਤੇ ਬੁਖਾਰ ਵਰਗੀਆਂ ਆਮ ਬਿਮਾਰੀਆਂ ਲਈ ਰਾਮਬਾਣ ਹੈ। ਇਸ ਤੋਂ ਇਲਾਵਾ ਸਾਹ ਅਤੇ ਪਾਚਣ ਸਬੰਧੀ ਬਿਮਾਰੀਆਂ ਦੇ ਨਾਲ-ਨਾਲ ਮੋਟਾਪੇ, ਦਿਲ ਦੇ ਰੋਗ, ਜੋੜਾਂ ਵਿਚ ਹੋਣ ਵਾਲੇ ਦਰਦ, ਔਰਤਾਂ ਨੂੰ ਗਰਭਪਾਤ, ਸਰਦੀ, ਖੰਘ ਆਦਿ ਜ਼ੁਕਾਮ ਵਿਚ ਵੀ ਰਾਹਤ ਦਿੰਦਾ ਹੈ।
ਹਲਦੀ : ਧਾਰਮਿਕ ਕੰਮਾਂ ਵਿਚ ਕੰਮ ਆਉਣ ਵਾਲੀ ਹਲਦੀ ਜਿੰਨੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ, ਓਨੀ ਹੀ ਚਮੜੀ ਲਈ ਵੀ। ਇਹ ਅਕਸਰ ਸੁੰਦਰਤਾ ਵਧਾਉਣ ਲਈ ਅਮਲ ਵਿਚ ਲਿਆਈ ਜਾਂਦੀ ਹੈ। ਆਰਥਰਾਈਟਿਸ, ਹਾਰਟ ਬਰਨ, ਪੇਟ ਵਿਚ ਕੀੜੇ, ਪੇਟ ਦਰਦ, ਸਿਰਦਰਦ, ਦੰਦ ਦਾ ਦਰਦ, ਤਣਾਅ, ਫੇਫੜਿਆਂ ਦੇ ਇਨਫੈਕਸ਼ਨ, ਬ੍ਰਾਂਕਾਯਟਿਸ ਆਦਿ ਰੋਗਾਂ ਵਿਚ ਵੀ ਇਹ ਇਕ ਚਮਤਕਾਰੀ ਦਵਾਈ ਦੇ ਰੂਪ ਵਿਚ ਵਰਤੀ ਜਾਂਦੀ ਹੈ।
ਲਸਣ : ਮਸਾਲੇ ਦੇ ਰੂਪ ਵਿਚ ਲਸਣ ਕੁਦਰਤੀ ਰੂਪ ਨਾਲ ਦਰਦ ਅਤੇ ਸੋਜ ਨੂੰ ਬੜੀ ਤੇਜ਼ੀ ਨਾਲ ਘੱਟ ਕਰਦਾ ਹੈ।
ਲੌਂਗ : ਲੌਂਗ ਵਿਚ ਐਂਟੀ-ਬਾਇਓਟਿਕ, ਐਂਟੀ-ਸੈਪਟਿਕ, ਐਂਟੀ-ਮਾਈਕ੍ਰੋਬਿਯਲ, ਐਂਟੀ-ਫੰਗਲ ਅਤੇ ਐਂਟੀ-ਵਾਇਰਲ ਆਦਿ ਸਾਰੇ ਗੁਣ ਹਨ, ਜੋ ਅਲੱਗ-ਅਲੱਗ ਪ੍ਰੇਸ਼ਾਨੀਆਂ ਜਿਵੇਂ ਦੰਦ ਦਰਦ, ਸਿਰਦਰਦ ਅਤੇ ਦਮਾ ਆਦਿ ਬਿਮਾਰੀਆਂ ਤੋਂ ਬਚਾਈ ਰੱਖਦੇ ਹਨ। ਏਨਾ ਹੀ ਨਹੀਂ, ਸਾਡੇ ਖੂਨ ਵਿਚ ਮੌਜੂਦ ਅਸ਼ੁੱਧੀਆਂ ਨੂੰ ਦੂਰ ਕਰਨ ਅਤੇ ਪਾਚਣ ਤੰਤਰ ਨੂੰ ਦਰੁਸਤ ਕਰਨ ਵਿਚ ਵੀ ਇਹ ਕਾਫੀ ਕਾਰਗਰ ਹੈ। ਦੰਦ ਦਰਦ ਤੋਂ ਬਚਣ ਲਈ ਲੌਂਗ ਦੇ ਤੇਲ ਦੀ ਵਰਤੋਂ ਅਕਸਰ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਆਪਣੇ ਐਂਟੀ-ਸੈਪਟਿਕ ਗੁਣਾਂ ਕਾਰਨ ਹੀ ਅਸੀਂ ਇਸ ਨੂੰ ਇਕ ਬਿਹਤਰ ਮਾਊਥਵਾਸ਼ ਦੇ ਰੂਪ ਵਿਚ ਦੇਖਦੇ ਹਾਂ। ਇਹੀ ਨਹੀਂ, ਚਿਹਰੇ ਦੇ ਮੁਹਾਸਿਆਂ ਨੂੰ ਦੂਰ ਕਰਨ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਅਦਾ ਕਰਦਾ ਹੈ।
ਅਜ਼ਵਾਇਣ : ਸਵਾਦ ਅਤੇ ਪਾਚਕ ਅਜ਼ਵਾਇਣ ਹਮੇਸ਼ਾ ਸੁਗੰਧ ਅਤੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਵਿਚ ਅੱਵਲ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਦਿਮਾਗ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਹ ਭੁੱਖ ਅਤੇ ਪਾਚਣ ਸ਼ਕਤੀ ਵਿਚ ਵਾਧਾ ਕਰਦੇ ਹੋਏ ਪੇਟ ਸਬੰਧੀ ਅਨੇਕ ਰੋਗ ਜਿਵੇਂ ਗੈਸ, ਬਦਹਜ਼ਮੀ, ਕਬਜ਼ ਆਦਿ ਨੂੰ ਦੂਰ ਕਰਨ ਵਿਚ ਬਹੁਤ ਲਾਭਦਾਇਕ ਹੈ। ਅਜ਼ਵਾਇਣ ਸ਼ੂਗਰ ਰੋਗੀਆਂ ਨੂੰ ਫੰਗਲ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ।
ਧਨੀਆ : ਡਾਕਟਰਾਂ ਦੇ ਸ਼ਬਦਾਂ ਮੁਤਾਬਿਕ ਸਾਬਤ ਧਨੀਏ ਵਿਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਅਦਭੁੱਤ ਸਮਰੱਥਾ ਹੁੰਦੀ ਹੈ। ਇਸ ਦੇ ਬੀਜਾਂ ਵਿਚ ਐਂਟੀ-ਆਕਸੀਡੈਂਟ, ਮਿਨਰਲ, ਵਿਟਾਮਿਨ 'ਏ', 'ਸੀ' ਅਤੇ ਆਇਰਨ ਹੁੰਦਾ ਹੈ, ਜੋ ਕਿ ਅਨੀਮੀਆ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ, ਕੈਂਸਰ ਵਰਗੇ ਵੱਡੇ ਰੋਗ ਨਾਲ ਲੜਨ ਵਿਚ ਕਾਫੀ ਮਦਦਗਾਰ ਹੈ।
ਮੇਥੀ : ਸਵਾਦ ਅਤੇ ਸੁੰਦਰਤਾ ਵਧਾਉਣ ਵਿਚ ਸਰਬਸ੍ਰੇਸ਼ਠ ਮੇਥੀ ਦੀ ਵਰਤੋਂ ਕੈਂਸਰ ਰੋਧਕ ਤੱਤ ਦੇ ਕਾਰਨ ਸ਼ੂਗਰ, ਉੱਚ ਖੂਨ ਦਬਾਅ ਅਤੇ ਪੇਟ ਸਬੰਧੀ ਸਮੱਸਿਆ ਤੋਂ ਛੁਟਕਾਰੇ ਲਈ ਕੀਤੀ ਜਾਂਦੀ ਹੈ।

ਛਿੱਲਾਂ ਵਿਚ ਛੁਪਿਆ ਹੈ ਸਿਹਤ ਦਾ ਰਾਜ਼

ਅਕਸਰ ਦੇਖਣ ਵਿਚ ਆਉਂਦਾ ਹੈ ਕਿ ਅਸੀਂ ਸਾਰੇ ਲੋਕ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੀਆਂ ਛਿੱਲਾਂ ਅਤੇ ਪੱਤਿਆਂ ਨੂੰ ਲਾਹ ਕੇ ਬਾਹਰ ਸੁੱਟ ਦਿੰਦੇ ਹਾਂ, ਜਦੋਂ ਕਿ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੀਆਂ ਇਹ ਛਿੱਲਾਂ ਉਨ੍ਹਾਂ ਫਲਾਂ ਅਤੇ ਸਬਜ਼ੀਆਂ ਨਾਲੋਂ ਕਿਤੇ ਜ਼ਿਆਦਾ ਪੌਸ਼ਟਿਕ ਅਤੇ ਫਾਇਦੇਮੰਦ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਬਜ਼ੀਆਂ ਦੇ ਪੱਤੇ ਸਬਜ਼ੀਆਂ ਨਾਲੋਂ ਜ਼ਿਆਦਾ ਪੌਸ਼ਟਿਕ ਅਤੇ ਭਰਪੂਰ ਹੁੰਦੇ ਹਨ, ਜਿਨ੍ਹਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਦੇ ਹੋਏ ਅਸੀਂ ਕਈ ਹੋਰ ਸਬਜ਼ੀਆਂ ਦਾ ਚੰਗੀ ਤਰ੍ਹਾਂ ਨਿਰਮਾਣ ਕਰ ਸਕਦੇ ਹਾਂ। ਇਸ ਲਈ ਸਾਨੂੰ ਇਨ੍ਹਾਂ ਛਿੱਲਾਂ ਨੂੰ ਸੁੱਟਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਸਰੀਰ ਨੂੰ ਤੰਦਰੁਸਤ ਬਣਾਉਣਾ ਚਾਹੀਦਾ ਹੈ।
ਡਾਕਟਰਾਂ ਦੀ ਮੰਨੀਏ ਤਾਂ ਸਬਜ਼ੀਆਂ ਤੋਂ ਇਲਾਵਾ ਸੇਬ ਦੀਆਂ ਛਿੱਲਾਂ ਵਿਚ ਸਭ ਤੋਂ ਵੱਧ ਆਇਰਨ ਮੌਜੂਦ ਹੁੰਦਾ ਹੈ, ਜਿਸ ਨੂੰ ਕੱਢ ਕੇ ਸੁੱਟਣ ਨਾਲ ਉਨ੍ਹਾਂ ਦੇ ਪੌਸ਼ਟਿਕ ਤੱਤਾਂ ਦਾ ਨਾਸ਼ ਹੋ ਜਾਂਦਾ ਹੈ। ਇਸੇ ਲਈ ਹਮੇਸ਼ਾ ਕੋਸ਼ਿਸ਼ ਕਰੋ ਕਿ ਫਲ ਅਤੇ ਸਬਜ਼ੀਆਂ ਨੂੰ ਛਿੱਲਾਂ ਸਮੇਤ ਖਾਓ। ਬਿਨਾਂ ਸ਼ੱਕ ਕੁਝ ਦਿਨਾਂ ਬਾਅਦ ਹੀ ਇਸ ਦਾ ਵਧੀਆ ਪ੍ਰਭਾਵ ਤੁਹਾਡੇ ਚਿਹਰੇ ਅਤੇ ਸਿਹਤ 'ਤੇ ਜ਼ਰੂਰ ਦਿਖਾਈ ਦੇਣ ਲੱਗੇਗਾ। ਆਓ, ਹੁਣ ਇਕ ਨਜ਼ਰ ਮਾਰਦੇ ਹਾਂ ਇਨ੍ਹਾਂ ਫਾਲਤੂ ਸਮਝੀਆਂ ਜਾਣ ਵਾਲੀਆਂ ਛਿੱਲਾਂ ਵਿਚ ਮੌਜੂਦ ਦਵਾਈ ਵਾਲੇ ਗੁਣਾਂ 'ਤੇ।
* ਅਨਾਰ ਦੀ ਛਿੱਲ ਨੂੰ ਧੁੱਪ ਵਿਚ ਸੁਕਾ ਕੇ ਪਾਊਡਰ ਦੇ ਰੂਪ ਵਿਚ ਤਿਆਰ ਕਰਨ ਤੋਂ ਬਾਅਦ ਇਸ ਨੂੰ ਸ਼ੁੱਧ ਪਾਣੀ ਨਾਲ ਫੱਕਣ ਨਾਲ ਪੁਰਾਣੀ ਤੋਂ ਪੁਰਾਣੀ ਪੇਚਿਸ਼ ਦਾ ਨਾਸ਼ ਹੋ ਜਾਂਦਾ ਹੈ।
* ਕੌੜੇ ਕਰੇਲੇ ਦੀਆਂ ਛਿੱਲਾਂ ਨੂੰ ਨਿਚੋੜ ਕੇ ਨਮਕ ਲਪੇਟ ਕੇ ਲਗਪਗ ਇਕ ਘੰਟੇ ਤੱਕ ਤੇਜ਼ ਸੂਰਜ ਦੀਆਂ ਕਿਰਨਾਂ ਵਿਚ ਸੁਕਾਓ। ਫਿਰ ਇਸ ਨੂੰ ਤਲ ਕੇ ਵਰਤੋਂ ਵਿਚ ਲਿਆਓ। ਯਕੀਨਨ ਸ਼ੂਗਰ ਦੀ ਮਾਰ ਝੱਲ ਰਹੇ ਰੋਗੀਆਂ ਲਈ ਇਹ ਕਿਸੇ ਰਾਮਬਾਣ ਦਵਾਈ ਤੋਂ ਘੱਟ ਸਾਬਤ ਨਹੀਂ ਹੋਵੇਗੀ।
* ਬਵਾਸੀਰ ਦੇ ਮਰੀਜ਼ ਨੂੰ ਸ਼ਲਗਮ ਦੀਆਂ ਛਿੱਲਾਂ ਨੂੰ ਉਬਲੇ ਹੋਏ ਆਲੂ ਅਤੇ ਵੇਸਣ ਵਿਚ ਮਿਲਾ ਕੇ ਕੋਫਤੇ ਬਣਾ ਕੇ ਖਵਾਉਣ ਨਾਲ ਸਾਫੀ ਆਰਾਮ ਮਿਲਦਾ ਹੈ। ਇਸ ਨਾਲ ਪੇਟ ਵੀ ਸਾਫ ਹੋ ਜਾਂਦਾ ਹੈ।
* ਸਬਜ਼ੀਆਂ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਮਟਰਾਂ ਦੀਆਂ ਛਿੱਲਾਂ ਉੱਪਰੋਂ ਪਤਲੀ ਪਰਤ ਉਤਾਰ ਕੇ ਉਸ ਵਿਚ ਆਲੂ ਦਾ ਮਿਸ਼ਰਣ ਕਰਕੇ ਸਬਜ਼ੀ ਬਣਾਉਣ ਤੋਂ ਬਾਅਦ ਸੇਵਨ ਵਿਚ ਲੈਣ ਨਾਲ ਪੇਟ ਸਾਫ ਤਾਂ ਰਹਿੰਦਾ ਹੀ ਹੈ, ਨਾਲ ਹੀ ਚਮੜੀ ਵੀ ਚਮਕੀਲੀ ਹੋ ਉਠਦੀ ਹੈ ਅਤੇ ਕਦੇ ਵੀ ਮੂੰਹ 'ਤੇ ਮੁਹਾਸੇ ਦਸਤਕ ਨਹੀਂ ਦਿੰਦੇ।
* ਤੁਰਈ ਦੀਆਂ ਛਿੱਲਾਂ ਨੂੰ ਬਰੀਕ ਕੱਟ ਕੇ ਪਿਆਜ਼, ਹਰੀ ਮਿਰਚ, ਨਮਕ ਅਤੇ ਲਾਲ ਮਿਰਚ ਮਿਲਾ ਕੇ ਆਟੇ ਵਿਚ ਮਿਸ਼ਰਤ ਕਰਕੇ ਗੁੰਨ੍ਹੋ। ਫਿਰ ਇਸ ਆਟੇ ਨਾਲ ਖਸਤਾ ਪਰੌਂਠੇ ਬਣਾਓ ਅਤੇ ਚਟਣੀ ਦੇ ਨਾਲ ਲੋਕਾਂ ਦੇ ਅੱਗੇ ਪਰੋਸੋ। ਯਕੀਨ ਮੰਨੋ, ਲੋਕ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਣਗੇ।
* ਇਸੇ ਤਰ੍ਹਾਂ ਇਲਾਇਚੀ ਦੇ ਦਾਣੇ ਕੱਢਣ ਤੋਂ ਬਾਅਦ ਇਸ ਦੀਆਂ ਛਿੱਲਾਂ ਨੂੰ ਵਰਤੋਂ ਵਿਚ ਲਿਆਉਂਦੇ ਹੋਏ ਬਰੀਕ ਪਾਊਡਰ ਬਣਾ ਲਓ ਅਤੇ ਚਾਹ ਦੀ ਪੱਤੀ ਦੇ ਡੱਬੇ ਵਿਚ ਰੱਖ ਦਿਓ। ਚਾਹ ਦਾ ਸਵਾਦ ਬਦਲਣ ਦੇ ਨਾਲ-ਨਾਲ ਖੁਸ਼ਬੂ ਕਾਫੀ ਦੂਰ ਤੱਕ ਬਿਖਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਪਾਊਡਰ ਤੁਸੀਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਸਵਾਦ ਵਧਾਉਣ ਲਈ ਵੀ ਵਰਤ ਸਕਦੇ ਹੋ।
* ਹਰੀਆਂ ਸਬਜ਼ੀਆਂ ਵਿਚ ਰਾਜਾ ਕਹਾਉਣ ਵਾਲੀ ਪਾਲਕ ਦੀਆਂ ਡੰਡੀਆਂ ਨੂੰ ਵੀ ਵਿਅਰਥ ਸਮਝ ਕੇ ਸੁੱਟੋ ਨਾ, ਸਗੋਂ ਇਸ ਵਿਚ ਮਟਰ ਦੀਆਂ ਤਾਜ਼ਾ ਛਿੱਲਾਂ ਅਤੇ ਹਰਾ ਧਨੀਆ ਬਰੀਕ ਕੱਟ ਕੇ ਪਾਓ ਅਤੇ ਇਸ ਦਾ ਸੂਪ ਤਿਆਰ ਕਰੋ। ਇਸ ਤੋਂ ਬਾਅਦ ਇਸ ਵਿਚ ਨਿੰਬੂ ਪਾ ਕੇ ਗਰਮਾਗਰਮ ਸੇਵਨ ਕਰੋ। ਅਨੀਮਿਕ ਅਤੇ ਗਰਭਵਤੀ ਔਰਤਾਂ ਨੂੰ ਫਾਇਦਾ ਹੀ ਫਾਇਦਾ ਮਿਲੇਗਾ, ਕਿਉਂਕਿ ਪਾਲਕ ਦੀਆਂ ਡੰਡੀਆਂ ਵਿਚ ਆਇਰਨ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ। ਗਰਭਵਤੀ ਔਰਤਾਂ ਲਈ ਇਹ ਅੰਮ੍ਰਿਤ ਬਰਾਬਰ ਹੈ।
ਇਸ ਤੋਂ ਇਲਾਵਾ ਤੁਸੀਂ ਸਿਹਤਮੰਦ ਸਮਝੀਆਂ ਜਾਣ ਵਾਲੀਆਂ ਇਨ੍ਹਾਂ ਸਾਰੀਆਂ ਛਿੱਲਾਂ ਦੀ ਵਰਤੋਂ ਦਾਲ, ਇਡਲੀ, ਸਾਂਭਰ, ਖਿਚੜੀ ਅਤੇ ਸੈਂਡਵਿਚ ਬਣਾਉਣ ਵਿਚ ਵੀ ਬਾਖੂਬੀ ਕਰ ਸਕਦੇ ਹੋ ਜਦੋਂ ਕਿ ਇਸ ਦੁਆਰਾ ਬਣਾਏ ਗਏ ਪਾਊਡਰ ਨੂੰ ਖੀਰ ਲਜੀਜ ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਤਾਂ ਫਿਰ ਦੇਰ ਕਿਸ ਗੱਲ ਦੀ? ਜੋ ਛਿੱਲਾਂ ਅਸੀਂ ਸੁੱਟ ਰਹੇ ਹਾਂ, ਅੱਜ ਤੋਂ ਹੀ ਉਨ੍ਹਾਂ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਕੇ ਤੰਦਰੁਸਤ ਰਹਿਣ ਲਈ ਵਰਤੋ ਅਤੇ ਇਨ੍ਹਾਂ ਵਿਚ ਛੁਪੇ ਸਿਹਤ ਰੂਪੀ ਰਾਜ਼ ਨੂੰ ਖੋਲ੍ਹ ਕੇ ਦੁਨੀਆ ਭਰ ਦੇ ਲੋਕਾਂ ਨੂੰ ਜਾਣੂ ਕਰਾਓ।


-ਅਨੂਪ ਮਿਸ਼ਰਾ

40 ਸਾਲ ਤੋਂ ਬਾਅਦ ਵੀ ਰਹੋ ਚੁਸਤ-ਦਰੁਸਤ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੁੱਲ 15 ਕਾਰਨ ਹਨ, ਜਿਨ੍ਹਾਂ ਕਾਰਨ 40 ਸਾਲ ਤੱਕ ਪਹੁੰਚਦੇ-ਪਹੁੰਚਦੇ ਨਾ ਸਿਰਫ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰਨ ਲਗਦਾ ਹੈ, ਸਗੋਂ ਸਮੇਂ ਤੋਂ ਪਹਿਲਾਂ ਹੀ ਬੁੱਢਾ ਵੀ ਦਿਖਾਈ ਦੇਣ ਲਗਦਾ ਹੈ। ਇਹ ਕਾਰਨ ਹਨ-ਜ਼ਿਆਦਾ ਖਾਣਾ, ਤਲਿਆ ਅਤੇ ਚਰਬੀ ਵਾਲਾ ਭੋਜਨ, ਮਾਸਾਹਾਰੀ ਭੋਜਨ ਦਾ ਜ਼ਿਆਦਾ ਮਾਤਰਾ ਵਿਚ ਸੇਵਨ, ਜ਼ਿਆਦਾ ਪੱਕਿਆ ਹੋਇਆ ਖਾਣਾ, ਜਿਸ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ, ਭੋਜਨ ਦਾ ਗ਼ਲਤ ਤਾਲਮੇਲ, ਬੇਹਾ ਖਾਣਾ, ਪਾਣੀ ਘੱਟ ਪੀਣਾ, ਕਸਰਤ ਦੀ ਕਮੀ, ਧੁੱਪ ਵਿਚੋਂ ਮਿਲਦੇ ਵਿਟਾਮਿਨ 'ਡੀ' ਦੀ ਕਮੀ, ਅਨਿਯਮਤ ਖਾਣਾ, ਘੱਟ ਸੌਣਾ ਅਤੇ ਕਸਰਤ, ਸਿਗਰਟਨੋਸ਼ੀ, ਜ਼ਿਆਦਾ ਮਦਸੇਵਨ, ਆਪਣੀ ਉਮਰ ਦੇ ਨਾਲ ਖਾਣ-ਪੀਣ ਵਿਚ ਉਚਿਤ ਬਦਲਾਅ ਨਾ ਕਰਨਾ, ਤਣਾਅ, ਜੀਵਨ ਦੇ ਪ੍ਰਤੀ ਉਦਾਸੀਨਤਾ ਅਤੇ ਆਪਣੇ ਪ੍ਰਤੀ ਲਾਪ੍ਰਵਾਹੀ।
ਮਨੁੱਖੀ ਦੇਹ ਦੀਆਂ ਕੋਸ਼ਿਕਾਵਾਂ ਹਮੇਸ਼ਾ ਬਣਦੀਆਂ-ਵਿਗੜਦੀਆਂ ਰਹਿੰਦੀਆਂ ਹਨ, ਇਹ ਕਦੇ ਸਥਿਰ ਨਹੀਂ ਰਹਿੰਦੀਆਂ। ਇਸ ਲਈ ਉਚਿਤ ਆਹਾਰ ਇਸ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਕੁਝ ਵਿਸ਼ੇਸ਼ ਆਹਾਰ ਤੁਸੀਂ ਆਪਣੇ ਭੋਜਨ ਵਿਚ ਸ਼ਾਮਿਲ ਕਰੋ।
ਦਹੀਂ : 40 ਸਾਲ ਦੀ ਉਮਰ ਤੋਂ ਹੀ ਹਾਜ਼ਮੇ ਵਿਚ ਗੜਬੜੀ ਦੇਖਣ ਨੂੰ ਮਿਲਦੀ ਹੈ। ਕਿਸੇ ਨੂੰ ਕਬਜ਼ ਤੇ ਕਿਸੇ ਦੀ ਪਾਚਣ ਕਿਰਿਆ ਨੁਕਸਾਨੀ ਜਾਂਦੀ ਹੈ। ਜੋ ਆਪਣੀ ਸਿਹਤ ਪ੍ਰਤੀ ਸੁਚੇਤ ਹੁੰਦੇ ਹਨ, ਉਚਿਤ ਭੋਜਨ ਨੂੰ ਅਪਣਾਉਂਦੇ ਹਨ, ਉਹ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੋਂ ਦੂਰ ਰਹਿੰਦੇ ਹਨ। ਦੁੱਧ ਅਤੇ ਮਲਾਈ ਆਦਿ ਤੋਂ ਬਣੀ ਸਮੱਗਰੀ ਦਾ ਤਿਆਗ ਕਰਕੇ ਸਿਰਫ ਮਲਾਈ ਰਹਿਤ ਦਹੀਂ ਵਰਤੋਂ ਵਿਚ ਲਿਆਓ ਤਾਂ ਇਸ ਤੋਂ ਬਿਹਤਰ ਕੁਝ ਨਹੀਂ, ਕਿਉਂਕਿ ਦਹੀਂ ਨਾ ਸਿਰਫ ਤੁਹਾਡਾ ਹਾਜ਼ਮਾ ਠੀਕ ਰੱਖਦਾ ਹੈ, ਸਗੋਂ ਪੇਟ ਦੀਆਂ ਅੰਤੜੀਆਂ ਨੂੰ ਵੀ ਠੀਕ ਰੱਖਦਾ ਹੈ।
ਬਿਟਾਮਿਨ 'ਬੀ' : ਸਿਹਤ ਮਾਹਿਰਾਂ ਦਾ ਅਜਿਹਾ ਮੰਨਣਾ ਹੈ ਕਿ ਵਿਟਾਮਿਨ 'ਬੀ' ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਤੁਹਾਨੂੰ ਜਵਾਨ ਰੱਖਣ ਵਿਚ ਸਹਾਇਕ ਸਿੱਧ ਹੁੰਦਾ ਹੈ, ਵਾਲ ਚਿੱਟੇ ਹੋਣ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ, ਮਾਸਪੇਸ਼ੀਆਂ ਦਰਦ ਹੋਣ ਦੀ ਸ਼ਿਕਾਇਤ ਨਹੀਂ ਹੁੰਦੀ, ਮੂੰਹ ਦੇ ਅੰਦਰ ਛਾਲੇ ਆਦਿ ਦੀ ਸ਼ਿਕਾਇਤ ਤੋਂ ਦੂਰ ਰਹਿ ਸਕਦੇ ਹੋ। ਬਦਾਮ, ਆੜੂ, ਸੁੱਕੇ ਮੇਵੇ, ਟਮਾਟਰ, ਸੇਬ, ਜਵਾਰ ਵਿਚ ਇਸ ਦੇ ਉੱਤਮ ਗੁਣ ਪਾਏ ਜਾਂਦੇ ਹਨ। ਇਨ੍ਹਾਂ ਨੂੰ ਤੁਸੀਂ ਆਪਣੇ ਭੋਜਨ ਵਿਚ ਸ਼ਾਮਿਲ ਕਰੋ।
ਵਿਟਾਮਿਨ 'ਸੀ' : ਸਾਡੇ ਜੀਵਨ ਦਾ ਰਾਖਾ ਅਤੇ ਜਵਾਨ ਹੋਣ ਦੇ ਰਾਜ਼ ਦਾ ਸਿਹਰਾ ਤੁਸੀਂ ਨਿਸਚਿਤ ਰੂਪ ਨਾਲ ਵਿਟਾਮਿਨ 'ਸੀ' ਨੂੰ ਹੀ ਦੇ ਸਕਦੇ ਹੋ। ਇਸੇ ਕਾਰਨ ਤੁਸੀਂ ਨਾ ਸਿਰਫ਼ ਚੁਸਤ-ਦਰੁਸਤ ਅਤੇ ਜਵਾਨ ਦਿਸਦੇ ਹੋ, ਸਗੋਂ ਖੁਦ ਨੂੰ ਹਲਕਾ ਮਹਿਸੂਸ ਕਰਦੇ ਹੋ। ਇਹ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੁਹਾਨੂੰ ਦੂਰ ਰੱਖਦਾ ਹੈ। ਕਈ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਸਰੀਰ ਵਿਚ ਬਣਾਈ ਰੱਖਦਾ ਹੈ। ਅਨੇਕਾਂ ਸੰਕ੍ਰਾਮਕ ਰੋਗਾਂ ਤੋਂ ਬਚਾਈ ਰੱਖਦਾ ਹੈ। ਇਸ ਲਈ ਔਲਾ, ਨਿੰਬੂ ਵਰਗੇ ਵਿਟਾਮਿਨ 'ਸੀ' ਨਾਲ ਭਰਪੂਰ ਫਲਾਂ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ।
ਧੁੱਪ : ਕਿਉਂਕਿ ਮਨੁੱਖ ਕੁਦਰਤ ਦਾ ਅਟੁੱਟ ਰੂਪ ਹੈ, ਇਸ ਲਈ ਧੁੱਪ ਅਤੇ ਪਾਣੀ ਉਸ ਦੇ ਲਈ ਲਾਭਦਾਇਕ ਮੰਨੇ ਗਏ ਹਨ। ਧੁੱਪ ਵਿਚੋਂ ਵਿਟਾਮਿਨ 'ਡੀ' ਮਿਲਦਾ ਹੈ। ਇਸ ਵਿਚ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਦੁਪਹਿਰ ਦੀ ਧੁੱਪ ਨਾ ਹੋਵੇ। ਸਵੇਰ ਵੇਲੇ ਸੈਰ ਦੇ ਨਾਲ-ਨਾਲ ਸਵੇਰ ਦੀ ਧੁੱਪ ਲੈਣੀ ਲਾਭਦਾਇਕ ਹੈ। 40 ਸਾਲ ਤੋਂ ਬਾਅਦ ਵਿਅਕਤੀ ਨੂੰ ਆਪਣੇ ਦੰਦ ਅਤੇ ਹੱਡੀਆਂ ਦੇ ਪ੍ਰਤੀ ਵਿਸ਼ੇਸ਼ ਸੁਚੇਤ ਰਹਿਣ ਦੀ ਲੋੜ ਹੈ। ਰੌਂਗੀ, ਛੋਲੇ, ਦਾਲ, ਸੋਇਆਬੀਨ, ਤਾਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ, ਮੱਛੀ ਦਾ ਤੇਲ ਇਸ ਲਈ ਠੀਕ ਮੰਨਿਆ ਗਿਆ ਹੈ।
ਵਿਟਾਮਿਨ 'ਈ' : ਜਵਾਨ ਰਹਿਣ ਲਈ ਵਿਟਾਮਿਨ 'ਈ' ਸਰੀਰ ਲਈ ਫਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਨਾ ਸਿਰਫ ਸਰੀਰ ਦੀ ਚਮੜੀ ਤੰਦਰਸੁਤ, ਆਭਾਯੁਕਤ ਰਹਿੰਦੀ ਹੈ, ਸਗੋਂ ਇਸ ਵਿਚ ਕੈਂਸਰ ਰੋਧਕ ਸਮਰੱਥਾ ਵੀ ਪਾਈ ਗਈ ਹੈ। 40 ਸਾਲਾ ਵਿਅਕਤੀ ਨੂੰ ਹਰ ਰੋਜ਼ 300 ਤੋਂ 400 ਮਿਲੀਗ੍ਰਾਮ ਤੱਕ ਵਿਟਾਮਿਨ 'ਈ' ਦੀ ਖੁਰਾਕ ਲੈਣੀ ਚਾਹੀਦੀ ਹੈ, ਚਾਹੇ ਉਹ ਦਵਾਈ ਦੇ ਰੂਪ ਵਿਚ ਹੋਵੇ ਜਾਂ ਕੁਦਰਤੀ ਖਾਧ ਪਦਾਰਥਾਂ ਦੇ ਰੂਪ ਵਿਚ।
ਲੋਹ ਤੱਤ (ਆਇਰਨ) : ਸਾਡੇ ਸਰੀਰ ਵਿਚ ਜੇ ਲੋਹ ਤੱਤ ਦੀ ਮਾਤਰਾ ਘੱਟ ਹੋਵੇਗੀ ਤਾਂ ਅਸੀਂ ਜੀਵਤ ਨਹੀਂ ਰਹਿ ਸਕਦੇ। ਸਰੀਰ ਵਿਚ ਲੋਹ ਤੱਤ ਜ਼ਰੂਰੀ ਮੰਨਿਆ ਜਾਂਦਾ ਹੈ। 40 ਸਾਲ ਤੋਂ ਬਾਅਦ ਮੋਟਾਪਾ, ਜੋੜਾਂ ਦਾ ਦਰਦ, ਮਾਸਪੇਸ਼ੀਆਂ ਦਾ ਦਰਦ, ਸਾਹ ਲੈਣ ਵਿਚ ਤਕਲੀਫ, ਪੀਲਾਪਨ ਆਦਿ ਸਰੀਰ ਵਿਚ ਲੋਹ ਤੱਤ ਦੀ ਕਮੀ ਕਾਰਨ ਹੁੰਦਾ ਹੈ, ਜਿਸ ਨੂੰ ਤੁਸੀਂ ਖਜੂਰ, ਹਰੀਆਂ ਸਬਜ਼ੀਆਂ, ਸੋਇਆਬੀਨ, ਖਸਖਸ ਦੁਆਰਾ ਕੁਦਰਤੀ ਰੂਪ ਨਾਲ ਦੂਰ ਕਰ ਸਕਦੇ ਹੋ, ਪਰ ਦਵਾਈ ਦੇ ਰੂਪ ਵਿਚ ਲੈਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜ਼ਰੂਰੀ ਹੈ।

ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ ਨਮਕ

ਕੁਝ ਮਨੋਵਿਗਿਆਨੀਆਂ ਅਨੁਸਾਰ ਕੁਝ ਨਵੇਂ ਜਨਮੇ ਬੱਚਿਆਂ ਵਿਚ ਨਮਕ ਦੀ ਥੋੜ੍ਹੀ ਜਿਹੀ ਵੀ ਜ਼ਿਆਦਾ ਮਾਤਰਾ ਨਾਲ ਉਨ੍ਹਾਂ ਦਾ ਖੂਨ ਦਾ ਦਬਾਅ ਆਮ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਵਧ ਜਾਂਦਾ ਹੈ।
ਅਮਰੀਕਨ ਹਾਰਟ ਐਸੋਸੀਏਸ਼ਨ ਦੇ ਡਾਕਟਰਾਂ ਨੇ ਇਕ ਖੋਜ ਵਿਚ ਇਹ ਪਤਾ ਲਗਾਇਆ ਹੈ ਕਿ ਕੁਝ ਨਵਜਨਮੇ ਬੱਚਿਆਂ ਨੂੰ ਨਮਕ ਖਾਣਾ ਬਹੁਤ ਚੰਗਾ ਲਗਦਾ ਹੈ ਪਰ ਇਹ ਉਨ੍ਹਾਂ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਉੱਚ ਖੂਨ ਦਬਾਅ ਦੀ ਬਿਮਾਰੀ ਬਚਪਨ ਤੋਂ ਹੀ ਹੋ ਜਾਂਦੀ ਹੈ।
ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਬਿਮਾਰੀ ਅਕਸਰ ਉਨ੍ਹਾਂ ਬੱਚਿਆਂ ਨੂੰ ਹੁੰਦੀ ਹੈ, ਜਿਨ੍ਹਾਂ ਦੇ ਪਰਿਵਾਰ ਵਿਚ ਵੱਡੇ ਬਜ਼ੁਰਗ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਅਨੁਸਾਰ ਇਸ ਤਰ੍ਹਾਂ ਦੇ ਬੱਚਿਆਂ ਵਿਚ ਜਦੋਂ ਥੋੜ੍ਹੇ ਜਿਹੇ ਵੱਡੇ ਹੋਣ 'ਤੇ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ ਭਰ ਆਪਣਾ ਖੂਨ ਦਾ ਦਬਾਅ ਠੀਕ ਰੱਖਣ ਲਈ ਲੂਣ ਤੋਂ ਪ੍ਰਹੇਜ਼ ਕਰਨਾ ਪਵੇਗਾ।
ਹਾਲਾਂਕਿ ਕੁਝ ਵਿਦਵਾਨਾਂ ਦੇ ਅਨੁਸਾਰ ਨਮਕ ਨਾਲ ਬੱਚਿਆਂ ਦੇ ਖੂਨ ਦੇ ਦਬਾਅ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਹੁੰਦਾ ਪਰ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਨੂੰ ਗ਼ਲਤ ਠਹਿਰਾ ਦਿੱਤਾ ਹੈ। ਹਸਪਤਾਲ ਵਿਚ ਕਰੀਬ 234 ਨਵੇਂ ਜਨਮੇ ਬੱਚਿਆਂ 'ਤੇ ਕੀਤੇ ਗਏ ਆਪਣੇ ਨਿਰੀਖਣ ਤੋਂ ਬਾਅਦ ਤਿਆਰ ਰਿਪੋਰਟ ਨਾਲ ਮਨੋਚਿਕਿਤਸਕਾਂ ਨੇ ਇਹ ਦੱਸਿਆ ਕਿ ਕਿਸ ਤਰ੍ਹਾਂ ਇਨ੍ਹਾਂ ਬੱਚਿਆਂ ਨੂੰ ਪੈਦਾ ਹੋਣ ਦੇ ਕੁਝ ਦਿਨ ਬਾਅਦ ਉਨ੍ਹਾਂ ਨੂੰ ਨਮਕ ਦਿੱਤਾ ਅਤੇ ਫਿਰ ਇਕ ਹਫ਼ਤੇ ਬਾਅਦ ਦੁਬਾਰਾ ਦਿੱਤਾ।
ਦੋਵੇਂ ਵਾਰ ਬੱਚਿਆਂ ਦਾ ਖੂਨ ਦਾ ਦਬਾਅ ਉਨ੍ਹਾਂ ਦੇ ਨਮਕ ਖਾਣ ਤੋਂ ਬਾਅਦ ਨਾਪਿਆ ਗਿਆ, ਜਿਸ ਨੂੰ ਦੇਖ ਕੇ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਨਮਕ ਖਾਣਾ ਚੰਗਾ ਲਗਦਾ ਹੈ, ਉਨ੍ਹਾਂ ਦੀ ਹਾਲਤ ਬਚਪਨ ਤੋਂ ਹੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਦਾ ਖੂਨ ਦਾ ਦਬਾਅ ਆਮ ਬੱਚਿਆਂ ਨਾਲੋਂ ਜ਼ਿਆਦਾ ਹੁੰਦਾ ਜਾਂਦਾ ਹੈ।


-ਸਪਨਾ ਜੈਨ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX