ਤਾਜਾ ਖ਼ਬਰਾਂ


ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  15 minutes ago
ਜਲੰਧਰ, 18 ਫਰਵਰੀ (ਜਸਪਾਲ)- ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਓ. ਪੀ. ਸੋਨੀ ਦੀ ਅਗਵਾਈ ਹੇਠ ਹੋਈ ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਜਿੱਥੇ ਸਥਾਨਕ ਮੁੱਦੇ ਛਾਏ...
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  25 minutes ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ, ਰਾਜੇਸ਼ ਸੰਧੂ)- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਪੁਰਾਤਨ ਸ਼ਹਿਰ ਦੇ ਅੰਦਰੋਂ ਤੰਬਾਕੂ, ਮੀਟ, ਸ਼ਰਾਬ ਦੀਆਂ ਦੁਕਾਨਾਂ ਤੇ ਖੋਖਿਆਂ ਨੂੰ ਹਟਾਉਣ ਦੀ ਮੰਗ ਨੂੰ...
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  29 minutes ago
ਪਟਨਾ, 18 ਫਰਵਰੀ- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਜੰਮ ਕੇ ਹਮਲਾ ਬੋਲਿਆ। ਪਟਨਾ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਸ਼ਾਂਤ ਨੇ ਕਿਹਾ ਕਿ ਮੈਨੂੰ ਸਾਲ 2014 ਵਾਲੇ...
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ ਹੋਈ ਕਰੋੜਾਂ ਦੀ ਠੱਗੀ- ਬੈਂਸ
. . .  about 1 hour ago
ਲੁਧਿਆਣਾ, 18 ਫਰਵਰੀ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ...
ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 18 ਫਰਵਰੀ- ਸੁਪਰੀਮ ਕੋਰਟ 'ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਣਵਾਈ ਅੱਜ ਟਲ ਗਈ ਹੈ। ਚੀਫ਼ ਜਸਟਿਸ ਐੱਸ. ਏ. ਬੋਬਡੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਾਮਲੇ...
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  about 1 hour ago
ਸੰਗਰੂਰ, 18 ਫਰਵਰੀ (ਧੀਰਜ ਪਸ਼ੋਰੀਆ)- ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਦੇ ਰਾਜ ਮੰਤਰੀ ਰਾਓਸਾਹੇਬ ਪਟੇਲ ਦਾਨਵੀ ਅੱਜ ਸੰਗਰੂਰ ਆਉਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਇਹ...
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  about 1 hour ago
ਲਖਨਊ, 18 ਫਰਵਰੀ- ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਸਾਲ 2020-21 ਲਈ ਸੂਬੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਰਾਜੇਸ਼ ਅਗਰਵਾਲ ਅਤੇ...
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  about 2 hours ago
ਫਗਵਾੜਾ, 18 ਫਰਵਰੀ (ਹਰੀਪਾਲ ਸਿੰਘ)- ਜਨਰਲ ਸਮਾਜ ਨਾਲ ਸੰਬੰਧਿਤ ਚਾਰ ਵਿਅਕਤੀਆਂ ਦੀ ਜੇਲ੍ਹ 'ਚੋਂ ਰਿਹਾਈ ਦੀ ਮੰਗ ਨੂੰ ਲੈ ਕੇ ਫਗਵਾੜਾ ਦੇ ਗਾਂਧੀ ਚੌਕ 'ਚ ਰੋਸ ਧਰਨਾ ਦਿੱਤਾ ਜਾ...
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  about 2 hours ago
ਰਾਏਪੁਰ, 18 ਫਰਵਰੀ- ਛੱਤੀਸਗੜ੍ਹ ਦੇ ਕੋਂਦਨਗਾਂਓ ਜ਼ਿਲ੍ਹੇ ਦੇ ਬਤਰਾਲੀ ਅਤੇ ਬਾਵਨੀਮਾਰੀ ਪਿੰਡ ਦੇ ਨੇੜੇ ਅੱਜ ਸਵੇਰੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਪੰਜ ਕਿਲੋ ਦੇ ਆਈ. ਈ. ਡੀ. ਦਾ ਪਤਾ...
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  about 2 hours ago
ਲਖਨਊ, 18 ਫਰਵਰੀ- ਬਿਜਲੀ ਖਪਤਕਾਰਾਂ ਨੂੰ ਵੇਲੇ ਸਿਰ ਅਤੇ ਪਰੇਸ਼ਾਨੀ ਮੁਕਤ ਸੇਵਾਵਾਂ ਪ੍ਰਦਾਨ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਬਿਜਲੀ ਵਿਭਾਗ ਲਈ ਕਾਰਗੁਜ਼ਾਰੀ ਰੈਗੂਲੇਸ਼ਨ ਐਕਟ...
ਹੋਰ ਖ਼ਬਰਾਂ..

ਬਾਲ ਸੰਸਾਰ

ਇਕ ਤੇਜ਼ ਤਰਾਰ ਪੰਛੀ-ਸਵਿਫ਼ਟ

ਬੱਚਿਓ, ਸਵਿਫ਼ਟ ਦਾ ਰੰਗ ਕਾਲਾ ਸ਼ਾਹ ਅਤੇ ਪੈਰ ਛੋਟੇ-ਛੋਟੇ ਹੁੰਦੇ ਹਨ। ਇਸ ਦੇ ਖੰਭ ਦਾਤੀ ਦੇ ਦੰਦਿਆਂ ਵਰਗੇ ਹੁੰਦੇ ਹਨ। ਇਹ ਬਹੁਤ ਹੀ ਚੁਸਤ ਚਲਾਕ ਅਤੇ ਤੇਜ਼ ਰਫ਼ਤਾਰ ਨਾਲ ਉੱਡਣ ਵਾਲਾ ਪੰਛੀ ਹੈ। ਇਸ ਦੀ ਖੁਰਾਕ ਹਵਾ ਵਿਚ ਉੱਡ ਰਹੇ ਕੀਟ-ਪਤੰਗੇ ਹੀ ਹੁੰਦੇ ਹਨ, ਜਿਨ੍ਹਾਂ ਨੂੰ ਇਹ ਬਹੁਤ ਹੀ ਤੇਜ਼ ਰਫ਼ਤਾਰ ਨਾਲ ਲੋਟ-ਪੋਟ ਹੋ ਕੇ ਪਕੜਦਾ ਹੈ। ਇਹ ਧਰਤੀ ਉਪਰ ਸਿਰਫ਼ ਪਰਿਵਾਰ ਵਧਾਉਣ ਹੀ ਆਉਂਦਾ ਹੈ ਅਤੇ ਜ਼ਿੰਦਗੀ ਦਾ ਜ਼ਿਆਦਾ ਸਮਾਂ ਆਕਾਸ਼ ਵਿਚ ਹੀ ਬਤੀਤ ਕਰਦਾ ਹੈ। ਇਹ ਆਪਣੇ ਰਹਿਣ ਲਈ ਸਭ ਤੋਂ ਉੱਚੀ ਚੋਟੀ, ਚਿਮਨੀ, ਚੱਟਾਨ ਜਾਂ ਗੁਫ਼ਾਵਾਂ ਵਿਚ ਬਤਾਉਂਦਾ ਹੈ।
ਇਸ ਦੀਆਂ ਲਗਪਗ 92 ਨਸਲਾਂ ਹਨ। ਇਹ ਸੰਸਾਰ ਦੇ ਕਾਫ਼ੀ ਹਿੱਸਿਆਂ ਵਿਚ ਪਾਏ ਜਾਂਦੇ ਹਨ। ਗਰਮੀਆਂ ਵਿਚ ਇਹ ਯੂਰਪ ਅਤੇ ਏਸ਼ੀਆ ਵਿਚ ਅਤੇ ਸਰਦੀਆਂ ਵਿਚ ਅਫਰੀਕਾ ਵਿਚ ਉਸ ਸਮੇਂ ਪ੍ਰਵਾਸ ਕਰ ਜਾਂਦੇ ਹਨ ਜਦੋਂ ਕੀਟ-ਪਤੰਗਿਆਂ ਦੀ ਘਾਟ ਹੋ ਜਾਂਦੀ ਹੈ। ਇਸ ਪੰਛੀ ਦੀ ਪੂਰੀ ਲੰਬਾਈ 18 ਸੈਂ.ਮੀ. ਅਤੇ ਜੀਵਨ ਕਾਲ 15 ਤੋਂ 20 ਸਾਲ ਤੱਕ ਹੁੰਦਾ ਹੈ।

-8/29, ਨਿਊ ਕੁੰਦਨਪੁਰੀ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਸ਼ਰਮੀਲੇ ਜਿਹੇ ਪੌਦੇ ਲਾਜਵੰਤੀ ਬਾਰੇ ਜਾਣਕਾਰੀ

ਪਿਆਰੇ ਬੱਚਿਓ! ਅਕਸਰ ਤੁਸੀਂ ਰੋਜ਼ਾਨਾ ਹੀ ਆਪਣੇ ਸਕੂਲ, ਸੜਕਾਂ ਕੰਢੇ, ਖੇਤਾਂ ਅਤੇ ਆਲੇ-ਦੁਆਲੇ ਵੱਖ-ਵੱਖ ਤਰ੍ਹਾਂ ਦੀ ਹਰੀ-ਭਰੀ ਬਨਸਪਤੀ, ਰੁੱਖ-ਬੂਟੇ ਵੇਖਦੇ ਹੋ ਜੋ ਕਿ ਮਨੁੱਖੀ ਜੀਵਨ, ਵਾਤਾਵਰਨ ਲਈ ਵਰਦਾਨ ਦੀ ਨਿਆਈਂ ਹੁੰਦੇ ਹਨ। ਆਓ! ਅਸੀਂ ਅੱਜ ਇਸ ਬਨਸਪਤੀ ਵਿਚਲੇ ਇਕ ਅਜਿਹੇ ਹੈਰਾਨੀਜਨਕ ਪੌਦੇ ਦੀ ਗੱਲ ਕਰਦੇ ਹਾਂ ਜਿਸ ਦੀਆਂ ਪੱਤੀਆਂ ਨੂੰ ਛੂਹਣਸਾਰ ਹੀ ਇਹ ਪੱਤੀਆਂ ਸ਼ਰਮਾਅ ਕੇ ਸੁੰਗੜ ਅਤੇ ਹੱਥ ਪਾਸੇ ਕਰਦਿਆਂ ਹੀ ਮੁੜ ਖਿੜ ਜਾਂਦੀਆਂ ਹਨ। ਇਸੇ ਹੀ ਸੁਭਾਅ ਕਰਕੇ ਇਸ ਪੌਦੇ ਨੂੰ ਸ਼ਰਮੀਲੀ, ਸੈਂਸਟਿਵ ਪਲਾਂਟ, ਲਾਜਵੰਤੀ ਜਾਂ ਛੂਈ-ਮੂਈ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਬਨਸਪਤੀ ਜਗਤ ਵਿਚ ਇਸ ਪੌਦੇ ਨੂੰ ਮਾਈਮੋਸਾ ਪੁਦਿਕਾ ਦਾ ਨਾਂਅ ਦਿੱਤਾ ਹੋਇਆ ਹੈ। ਇਹ ਪੌਦਾ ਆਮ ਕਰਕੇ ਭਾਰਤ ਦੇ ਗਰਮ-ਨਮੀ ਵਾਲੇ ਸੂਬਿਆਂ ਵਿਚ ਪਾਇਆ ਜਾਂਦਾ ਹੈ। ਇਸ ਦੀਆਂ ਪੱਤੀਆਂ ਇਮਲੀ ਰੁੱਖ ਦੀਆਂ ਪੱਤੀਆਂ ਵਾਂਗ ਹੁੰਦੀਆਂ ਹਨ ਅਤੇ ਇਸ ਨੂੰ ਗੁਲਾਬੀ ਰੰਗੇ ਫੁੱਲ ਲਗਦੇ ਹਨ।
ਛੂਈ-ਮੂਈ ਪੌਦੇ ਦੀਆਂ ਪੱਤੀਆਂ ਕਈ ਕੋਸ਼ਿਕਾਵਾਂ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਤਰਲ ਪਦਾਰਥ ਜਿਹਾ ਭਰਿਆ ਰਹਿੰਦਾ ਹੈ। ਇਸ ਤਰਲ ਪਦਾਰਥ ਦੇ ਦਬਾਅ ਸਦਕਾ ਹੀ ਕੋਸ਼ਿਕਾਵਾਂ ਦੀ ਸਥਿਤੀ ਸਖ਼ਤ ਹੁੰਦੀ ਅਤੇ ਪੱਤੀਆਂ ਖੜ੍ਹੀਆਂ ਰਹਿੰਦੀਆਂ ਹਨ। ਜਦ ਇਨ੍ਹਾਂ ਕੋਸ਼ਿਕਾਵਾਂ ਦਾ ਕਿਸੇ ਕਾਰਨ ਤਰਲ ਪਦਾਰਥ ਦਾ ਦਬਾਅ ਘੱਟ ਜਾਂਦਾ ਹੈ ਤਾਂ ਪੱਤੀਆਂ ਨਰਮ ਹੋ ਸਕਦੀਆਂ ਹਨ। ਜਿਵੇਂ ਹੀ ਕੋਈ ਵਿਅਕਤੀ ਇਨ੍ਹਾਂ ਪੱਤੀਆਂ ਨੂੰ ਸਪਰਸ਼ ਕਰਦਾ ਹੈ ਤਾਂ ਇਕ ਕੁਦਰਤੀ ਸੰਵੇਦੀ ਸੰਦੇਸ਼ ਪੱਤੀਆਂ ਦੇ ਆਧਾਰ ਤੱਕ ਪਹੁੰਚਦਾ ਹੈ। ਸਿੱਟੇ ਵਜੋਂ ਉਦੋਂ ਹੀ ਪੱਤੀਆਂ ਦੇ ਹੇਠਲੇ ਹਿੱਸੇ ਦੀਆਂ ਕੋਸ਼ਿਕਾਵਾਂ ਵਿਚਲੇ ਤਰਲ ਪਦਾਰਥ ਦਾ ਦਬਾਅ ਘਟ ਜਾਂਦਾ ਹੈ ਅਤੇ ਪੱਤੀਆਂ ਇਕਦਮ ਸੁੰਗੜ ਜਾਂਦੀਆਂ ਹਨ ਪਰ ਹੱਥ ਪਾਸੇ ਕਰਦਿਆਂ ਹੀ ਪੱਤੀਆਂ ਫਿਰ ਖੁੱਲ੍ਹ ਜਾਂਦੀਆਂ ਹਨ।
ਬਾਲ ਸਾਥੀਓ! ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਸ਼ਰਮੀਲੇ ਜਿਹੇ ਸੁਭਾਅ ਵਾਲੇ ਪੌਦੇ ਦੀ ਜੜ੍ਹ, ਪੱਤੀਆਂ ਵਿਚ ਅਨੇਕਾਂ ਹੀ ਔਸ਼ਧੀ-ਗੁਣ ਹਨ ਜੋ ਕਿ ਕਈ ਮਨੁੱਖੀ ਰੋਗਾਂ ਦੇ ਨਿਵਾਰਣ ਲਈ ਲਾਭਕਾਰੀ ਗਿਣੇ ਗਏ ਹਨ।

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)।
ਮੋਬਾਈਲ : 70870-48140

ਬਾਲ ਗੀਤ-ਕਿਤਾਬਾਂ

ਜੇ ਮੰਜ਼ਿਲਾਂ ਨੂੰ ਕਰਨਾ ਹੈ ਸਰ ਬੱਚਿਓ,
ਪੜ੍ਹ ਲੋ ਕਿਤਾਬਾਂ ਧਿਆਨ ਧਰ ਬੱਚਿਓ।
ਉੱਠ ਸਵੇਰੇ ਯਾਦ ਕਰੋ ਬੋਲ ਬੋਲ ਬੱਚਿਓ,
ਮਨ ਲਾ ਕੇ ਜਿਨ੍ਹਾਂ ਪੜ੍ਹੀਆਂ ਇਹ ਕਿਤਾਬਾਂ।
ਦਿੱਤੇ ਚਾਨਣ ਦੇ ਬੂਹੇ ਉਨ੍ਹਾਂ ਦੇ ਖੋਲ੍ਹ ਬੱਚਿਓ,
ਮਨ ਲਾ ਕੇ ਜਿਨ੍ਹਾਂ... ... .... .... ... ...।

ਲੰਘ ਗਿਆ ਸਮਾਂ ਕਦੇ ਹੱਥ ਨਹੀਂ ਆਉਂਦਾ,
ਸਾਂਭ ਗਿਆ ਜਿਹੜਾ ਉਹ ਨਹੀਂ ਪਛਤਾਉਂਦਾ।
ਗੁਆਚ ਗਿਆ ਕਦੇ ਲੱਭਣਾ ਨੀ ਫੇਰ,
ਪੜ੍ਹਾਈ ਜੀਵਨ ਦਾ ਗਹਿਣਾ ਅਨਮੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ... ... .... .... ... ...।

ਮੰਨਦੇ ਅਧਿਆਪਕਾਂ ਨੂੰ ਜੋ ਮਾਪਿਆਂ ਸਮਾਨ ਨੇ,
ਜੀਵਨ 'ਚ ਮੱਲ ਲੈਂਦੇ ਅਹੁਦੇ ਬੱਚੇ ਉਹ ਮਹਾਨ ਨੇ।
ਉਨ੍ਹਾਂ ਮਾਪਿਆਂ ਦੇ ਸੁਪਨੇ ਸਾਕਾਰ ਕੀ ਕਰਨੇ,
ਵੇਖੀ ਨਾ ਕਿਤਾਬ ਕਦੇ ਜਿਨ੍ਹਾਂ ਨੇ ਫਰੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ... ... .... .... ... ...।

ਗੱਲਾਂ ਇਹ 'ਘਲੋਟੀ' ਦੀਆਂ ਲਵੋ ਦਿਮਾਗ਼ 'ਚ ਪਾ,
ਜੇ ਉੱਚੇ ਰੁਤਬੇ 'ਤੇ ਤੁਸੀਂ ਬੈਠਣਾ ਹੈ ਜਾ।
ਸੰਗਤ ਹੈ ਚੰਗਿਆਂ ਦੀ ਤੁਸੀਂ ਕਰਨੀ ਹਮੇਸ਼ਾ,
ਦਿੰਦੀ ਸੰਗਤ ਨਾਲਾਇਕਾਂ ਦੀ ਰੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ... ... .... .... ... ...।

-ਸੁਖਦੇਵ ਸਿੰਘ 'ਕੁੱਕੂ'
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ)।
ਮੋਬਾਈਲ : 98143-81972

ਬਾਲ ਕਹਾਣੀ ਅਯੋਗ ਪੁੱਤਰ

ਇਕ ਕਿਸਾਨ ਦੇ ਦੋ ਪੁੱਤਰ ਸਨ, ਇਕ ਦਿਨ ਉਹ ਦੋਵੇਂ ਹੀ ਆਪਸ ਵਿਚ ਝਗੜ ਪਏ ਤੇ ਆਪਣੇ ਬਜ਼ੁਰਗ ਕਿਸਾਨ ਪਿਤਾ ਨੂੰ ਕਹਿਣ ਲੱਗੇ ਸਾਡੇ ਘਰ ਅਤੇ ਖੇਤੀ ਦਾ ਬਟਵਾਰਾ ਕਰ ਦਿਓ, ਬਜ਼ੁਰਗ ਪਿਤਾ ਉਨ੍ਹਾਂ ਦੀ ਲੜਾਈ ਤੋਂ ਪ੍ਰੇਸ਼ਾਨ ਸੀ, ਇਸ ਕਰਕੇ ਉਸ ਨੇ ਫ਼ੈਸਲਾ ਕੀਤਾ ਕਿ ਤੁਹਾਡੇ ਦੋਵਾਂ ਵਿਚੋਂ ਜਿਹੜਾ ਵੱਧ ਕਾਬਿਲ ਹੋਇਆ ਬਟਵਾਰਾ ਕੀ, ਸਭ ਕੁਝ ਹੀ ਸੰਭਾਲ ਲਵੇ। ਉਹ ਉਨ੍ਹਾਂ ਦੋਵਾਂ ਨੂੰ ਆਪਣੇ ਖੇਤਾਂ ਵਿਚ ਲੈ ਗਿਆ ਤੇ ਕਿਹਾ, 'ਤੁਸੀਂ ਇਨ੍ਹਾਂ ਰਸਤਿਆਂ 'ਤੇ ਜਾ ਸਕਦੇ ਹੋ ਪਰ ਸ਼ਾਮ ਤੱਕ ਪਤਾ ਕਰਕੇ ਆਉਣਾ ਕਿ ਇਹ ਰਸਤੇ ਕਿੱਧਰ ਨੂੰ ਜਾਂਦੇ ਹਨ। ਦੋਵੇਂ ਮਨੋ-ਮਨ ਖ਼ੁਸ਼ ਹੋ ਗਏ ਕਿ ਇਹ ਕੋਈ ਔਖੀ ਗੱਲ ਹੈ? ਸਾਰਾ ਕੁਝ ਤਾਂ ਆਪਣੇ ਹਿੱਸੇ ਆਇਆ ਸਮਝੋ।
ਸ਼ਾਮ ਨੂੰ ਦੋਵੇਂ ਥੱਕ ਹਾਰ ਕੇ ਵਾਪਸ ਆ ਗਏ, ਪਰ ਦੋਵੇਂ ਪ੍ਰੇਸ਼ਾਨ ਸੀ। ਆ ਕੇ ਦੋਵੇਂ ਰੁੱਖ ਦੀ ਛਾਂ ਹੇਠਾਂ ਬੈਠ ਗਏ। ਉਧਰੋਂ ਇਕ ਬਜ਼ਰੁਗ ਲੰਘ ਰਿਹਾ ਸੀ, ਉਨ੍ਹਾਂ ਵੱਲ ਦੇਖ ਕੇ ਬਜ਼ੁਰਗ ਨੇ ਪੁੱਛਿਆ, 'ਪੁੱਤਰੋ ਬੜੇ ਪ੍ਰੇਸ਼ਾਨ ਦਿੱਸਦੇ ਹੋ।' ਉਨ੍ਹਾਂ ਨੇ ਬਜ਼ੁਰਗ ਨੂੰ ਸਾਰੀ ਗੱਲ ਦੱਸੀ। ਬਜ਼ੁਰਗ ਗੱਲ ਸੁਣ ਕੇ ਮੁਸਕਰਾ ਪਿਆ ਤੇ ਕਿਹਾ, 'ਪੁੱਤਰੋ ਰਸਤੇ ਅਸਲ ਵਿਚ ਕਿੱਧਰੇ ਵੀ ਨਹੀਂ ਜਾਂਦੇ। ਇਨਸਾਨ ਰਸਤੇ 'ਤੇ ਜਾਂਦਾ ਹੈ।' ਬਜ਼ੁਰਗ ਦੀ ਗੱਲ ਸੁਣ ਦੋਵੇਂ ਸ਼ਰਮਸਾਰ ਹੋ ਗਏ ਕਿ ਅਸੀਂ ਦੋਵੇਂ ਕੁਝ ਵੀ ਸੰਭਾਲਣ ਦੇ ਕਾਬਿਲ ਨਹੀਂ।

-ਕੁਲਦੀਪ ਕੌਰ ਛਾਜਲੀ

ਬਾਲ ਨਾਵਲ-19-ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਮੈਂ ਤੁਹਾਡੀ ਹੀ ਗੱਲ ਕੀਤੀ ਐ, ਮੇਰੇ ਬੱਚੇ ਤੇ ਤੁਸੀਂ ਹੀ ਹੋ। ਮੈਂ ਤੁਹਾਡੇ ਬੱਚਿਆਂ ਦੀ ਗੱਲ ਨਹੀਂ ਕੀਤੀ', ਬੀਜੀ ਨੇ ਵੀ ਅੱਜ ਨਹਿਲੇ 'ਤੇ ਦਹਿਲਾ ਜਵਾਬ ਦਿੱਤਾ।
ਬੀਜੀ ਦੇ ਜਾਣ ਤੋਂ ਪੰਜ-ਸੱਤ ਮਿੰਟ ਬਾਅਦ ਰਹਿਮਤ ਅਤੇ ਅਸੀਸ ਵੀ ਬੀਜੀ ਨਾਲ ਮਦਦ ਕਰਾਉਣ ਰਸੋਈ ਵਿਚ ਚਲੀਆਂ ਗਈਆਂ। ਪਾਪਾ ਜੀ, ਇੰਦਰਪ੍ਰੀਤ ਦੇ ਕੰਮ-ਕਾਰ ਬਾਰੇ ਅਤੇ ਜਗਮੀਤ ਦੇ ਕਾਲਜ ਬਾਰੇ ਪੁੱਛਦੇ ਰਹੇ।
ਨਾਨੀ ਜੀ ਨੇ ਰੋਟੀ ਬਣਾ ਕੇ ਪਹਿਲਾਂ ਵਿਹੜੇ ਵਿਚ ਖੇਡਦੇ ਬੱਚਿਆਂ ਨੂੰ ਰੋਟੀ ਖਾਣ ਲਈ ਆਵਾਜ਼ ਦਿੱਤੀ।
'ਹੈਂ! ਰਾਤ ਦੀ ਰੋਟੀ ਦਾ ਵਕਤ ਹੋ ਵੀ ਗਿਆ?' ਸੁਖਮਨੀ ਅਤੇ ਜੀਤੀ ਇਕੱਠੀਆਂ ਬੋਲ ਪਈਆਂ।
'ਤੁਸੀਂ ਖੇਡ ਵਿਚ ਐਨੇ ਮਸਤ ਹੋ ਕਿ ਤੁਹਾਨੂੰ ਵਕਤ ਦਾ ਪਤਾ ਈ ਨਹੀਂ ਲੱਗਾ', ਨਾਨੀ ਜੀ ਨੇ ਜਵਾਬ ਦਿੱਤਾ।
'ਬਸ, ਦੋ ਮਿੰਟ ਵਿਚ ਆ ਗਏ।'
'ਦੋ ਮਿੰਟ ਦੇ ਤੁਸੀਂ ਘੰਟਾ ਲਗਾ ਦੇਣੈ। ਚਲੋ, ਚੱਲ ਕੇ ਹੱਥ ਧੋਵੋ। ਤੁਹਾਡਾ ਖਾਣਾ ਥਾਲੀਆਂ ਵਿਚ ਪਾ ਦਿੱਤੈ', ਨਾਨੀ ਜੀ ਨੇ ਥੋੜ੍ਹਾ ਰੋਅਬ ਨਾਲ ਕਿਹਾ।
ਬੱਚੇ ਉਸੇ ਵਕਤ ਹੱਥ ਧੋਣ ਚਲੇ ਗਏ।
ਅਸੀਸ ਰੋਟੀਆਂ ਬਣਾ ਰਹੀ ਸੀ ਅਤੇ ਰਹਿਮਤ ਸਭ ਨੂੰ ਵਰਤਾ ਰਹੀ ਸੀ। ਬੱਚਿਆਂ ਨੂੰ ਖਵਾਉਣ ਤੋਂ ਬਾਅਦ ਰਹਿਮਤ ਨੇ ਇੰਦਰਪ੍ਰੀਤ, ਜਗਮੀਤ ਅਤੇ ਪਾਪਾ ਜੀ ਨੂੰ ਰੋਟੀ ਖਵਾਈ ਅਤੇ ਉਸ ਤੋਂ ਬਾਅਦ ਤਿੰਨਾਂ ਮਾਵਾਂ-ਧੀਆਂ ਨੇ ਰਲ ਕੇ ਰੋਟੀ ਖਾਧੀ।
ਨਾਨਾ ਜੀ ਨੇ ਕਿਸੇ ਨੂੰ ਬਾਗ਼ ਵਿਚ ਭੇਜ ਕੇ ਸ਼ਾਮੀਂ ਹੀ ਬਹੁਤ ਸਾਰੇ ਅੰਬ ਮੰਗਵਾ ਕੇ ਪਾਣੀ ਦੀ ਬਾਲਟੀ ਵਿਚ ਠੰਢੇ ਕਰਨ ਲਈ ਪਾ ਦਿੱਤੇ ਸਨ। ਜਦੋਂ ਸਾਰਿਆਂ ਨੇ ਰੋਟੀ ਖਾ ਲਈ ਤਾਂ ਨਾਨਾ ਜੀ ਅੰਬਾਂ ਵਾਲੀ ਬਾਲਟੀ ਚੁੱਕ ਲਿਆਏ। ਸਾਰਿਆਂ ਨੇ ਬੜੇ ਸਵਾਦ ਨਾਲ ਠੰਢੇ-ਮਿੱਠੇ ਅੰਬ ਚੂਪੇ। ਬੱਚਿਆਂ ਨੂੰ ਤਾਂ ਮੌਜਾਂ ਹੀ ਲੱਗ ਗਈਆਂ ਸਨ।
ਅੰਬ ਚੂਪਣ ਤੋਂ ਵਿਹਲੇ ਹੋ ਕੇ ਬੱਚੇ 'ਕਹਾਣੀ-ਕਹਾਣੀ-ਕਹਾਣੀ' ਕਰਦੇ ਨਾਨਾ ਜੀ ਦੁਆਲੇ ਹੋ ਗਏ। ਨਾਨਾ ਜੀ ਨੇ ਬੱਚਿਆਂ ਨੂੰ ਸਮਝਾਉਂਦਿਆਂ ਕਿਹਾ, 'ਵੇਖੋ ਬੇਟਾ! ਹੁਣ ਤੁਸੀਂ ਤੇ ਸਾਡੇ ਕੋਲ ਰਹਿਣੈ ਅਤੇ ਤੁਹਾਡੇ ਪਾਪਾ ਨੇ ਮਸਾਂ ਦੋ-ਚਾਰ ਦਿਨ ਹੀ ਰਹਿਣੈ। ਇਸ ਕਰਕੇ ਤੁਹਾਨੂੰ ਤੇ ਮੈਂ ਕਹਾਣੀਆਂ ਰੋਜ਼ ਹੀ ਸੁਣਾਉਣੀਆਂ ਨੇ। ਅੱਜ ਮੈਂ ਇਨ੍ਹਾਂ ਨਾਲ ਗੱਲਾਂ-ਬਾਤਾਂ ਕਰ ਲਵਾਂ।
'ਇਸ ਦਾ ਮਤਲਬ ਜਿੰਨੇ ਦਿਨ ਪਾਪਾ ਅਤੇ ਮਾਸੜ ਜੀ ਐਥੇ ਰਹਿਣਗੇ, ਓਨੇ ਦਿਨ ਤੁਸੀਂ ਸਾਨੂੰ ਕਹਾਣੀ ਸੁਣਾਓਗੇ ਹੀ ਨਹੀਂ?' ਸੁਖਮਨੀ ਪ੍ਰੇਸ਼ਾਨ ਹੁੰਦੀ ਬੋਲੀ।
'ਤੁਸੀਂ ਫ਼ਿਕਰ ਨਾ ਕਰੋ, ਤੁਹਾਡੀ ਕਸਰ ਮੈਂ ਕੱਢ ਦਿਆਂਗਾ', ਨਾਨਾ ਜੀ ਨੇ ਬੱਚਿਆਂ ਨੂੰ ਤਸੱਲੀ ਦਿੰਦਿਆਂ ਕਿਹਾ।
'ਜਿੰਨੇ ਦਿਨ ਤੁਸੀਂ ਨਾਗੇ ਪਾਓਗੇ, ਓਨੇ ਦਿਨ ਹੀ ਅਸੀਂ ਤੁਹਾਡੇ ਕੋਲੋਂ ਦੋ-ਦੋ ਕਹਾਣੀਆਂ ਸੁਣਨੀਆਂ ਨੇ', ਐਤਕੀਂ ਜੀਤੀ ਬੋਲੀ।
'ਨਹੀਂ ਜੀਤੀ, ਓਨੇ ਦਿਨ ਨਹੀਂ, ਉਸ ਤੋਂ ਦੁੱਗਣੇ ਦਿਨ ਅਸੀਂ ਦੋ-ਦੋ ਕਹਾਣੀਆਂ ਸੁਣਾਂਗੇ। ਨਾਨਾ ਜੀ ਨੂੰ ਨਾਲ ਜੁਰਮਾਨਾ ਵੀ ਭਰਨਾ ਪਏਗਾ', ਸੁਖਮਨੀ ਨੇ ਜੀਤੀ ਦੀ ਗੱਲ ਨੂੰ ਰੱਦ ਕਰ ਕੇ ਆਪਣੀ ਨਵੀਂ ਸਕੀਮ ਸੁਣਾ ਦਿੱਤੀ।
ਸਾਰਿਆਂ ਨੂੰ ਸੁਖਮਨੀ ਦੀਦੀ ਦੀ ਗੱਲ ਬੜੀ ਵਧੀਆ ਲੱਗੀ। ਇਸ ਲਈ ਸਾਰਿਆਂ ਨੇ 'ਠੀਕ ਐ, ਠੀਕ ਐ', ਦਾ ਰੌਲਾ ਪਾ ਦਿੱਤਾ।
ਇੰਦਰਪ੍ਰੀਤ ਅਤੇ ਜਗਮੀਤ ਦੋਵੇਂ, ਬੱਚਿਆਂ ਦੀਆਂ ਨਾਨਾ ਜੀ ਨਾਲ ਗੱਲਾਂ ਸੁਣ ਕੇ ਖ਼ੁਸ਼ ਵੀ ਹੋ ਰਹੇ ਸਨ ਅਤੇ ਹੈਰਾਨ ਵੀ। ਇੰਦਰਪ੍ਰੀਤ ਬੱਚਿਆਂ ਵੱਲ ਵੇਖਦਿਆਂ ਹੋਇਆਂ ਬੋਲਿਆ, 'ਤੁਸੀਂ ਸਾਰੇ ਸ਼ੈਤਾਨ ਤਾਂ ਪਹਿਲਾਂ ਹੀ ਸੀ, ਹੁਣ ਚਲਾਕ ਵੀ ਬਹੁਤ ਹੋ ਗਏ ਹੋ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਨਾਨਾ ਜੀ ਨੂੰ ਐਨਾ ਤੰਗ ਵੀ ਕਰਦੇ ਹੋ।'
'ਅਸੀਂ ਤੰਗ ਕਦੋਂ ਕਰਦੇ ਹਾਂ? ਅਸੀਂ ਤਾਂ ਨਾਨਾ ਜੀ-ਨਾਨੀ ਜੀ ਦੋਵਾਂ ਦਾ ਦਿਲ ਲਗਾ ਕੇ ਰੱਖਦੇ ਹਾਂ। ਤੁਸੀਂ ਭਾਵੇਂ ਨਾਨਾ ਜੀ ਨੂੰ ਪੁੱਛ ਲਵੋ', ਜੀਤੀ ਨੇ ਮਾਸੜ ਜੀ ਨੂੰ ਮੋੜਵਾਂ ਜਵਾਬ ਦਿੱਤਾ।
'ਠੀਕ ਐ, ਤੁਸੀਂ ਬਿਲਕੁਲ ਤੰਗ ਨਹੀਂ ਕਰਦੇ। ਅੱਛਾ! ਹੁਣ ਤੁਸੀਂ ਨਾਨੀ ਜੀ ਕੋਲ ਚਲੇ ਜਾਓ, ਅਸੀਂ ਵੀ ਥੋੜ੍ਹੀਆਂ ਆਪਣੀਆਂ ਗੱਲਾਂ ਕਰ ਲਈਏ', ਨਾਨਾ ਜੀ ਨੇ ਗੱਲ ਮੁਕਾਉਂਦਿਆਂ ਕਿਹਾ। (ਬਾਕੀ ਅਗਲੇ ਅੰਕ 'ਚ)

-ਮੋਬਾਈਲ : 98889-24664

ਡੰਡੇ ਦੀ ਮਾਰ

ਜਦ ਮੈਂ ਸੀ ਇਕ ਬਾਲਕ ਨਿੱਕਾ
ਸਭਨਾਂ ਨੂੰ ਡਰਾਉਂਦਾ ਸੀ।
ਵੱਡਿਆਂ ਦੀ ਗੱਲ ਪਿਛੇ ਰੱਖ ਕੇ,
ਆਪਣੀ ਜ਼ਿੱਦ ਪੁਗਾਉਂਦਾ ਸੀ।
ਸ਼ੁਕਰ ਮੈਂ ਅੱਜ ਕਰਦਾ ਹਾਂ,
ਮੇਰੀ ਮਾਂ ਨੇ ਲਿਆ ਬਚਾ ਮੈਨੂੰ।
ਵਿਗੜ ਜਾਣਾ ਸੀ ਵੱਡਾ ਹੋ ਕੇ,
ਜੇ ਉਹ ਲਾਉਂਦੀ ਨਾ ਚਪੇੜ ਮੈਨੂੰ।
ਪਰ ਗੱਲ ਅੱਜ ਸਮਝ ਮੈਨੂੰ ਆਈ,
ਜਿੱਤਿਆ ਤਾਂ ਜੇ ਕੀਤੀ ਪੜ੍ਹਾਈ।
ਇਕ ਡੰਡੇ ਦੀ ਮਾਰ ਨੇ,
ਮੈਨੂੰ ਜੀਣਾ ਸਿਖਾ ਦਿੱਤਾ।
ਬੁਰੇ ਰਾਹਾਂ ਤੋਂ ਮੋੜ ਕੇ,
ਮੈਨੂੰ ਅਫ਼ਸਰ ਬਣਾ ਦਿੱਤਾ।

-ਰਾਜਵੀਰ ਕੌਰ
ਪਿੰਡ ਤੇ ਡਾਕ: ਅਕਲੀਆਂ, ਜ਼ਿਲ੍ਹਾ ਮਾਨਸਾ।

ਮਿਹਨਤ ਨਾਲ ਬਣਾਓ ਭਾਗ ਬੱਚਿਓ

ਸਾਰਾ ਸਾਲ ਤੁਸੀਂ ਕੀਤੀ ਆ ਪੜ੍ਹਾਈ ਬੱਚਿਓ।
ਸੱਚੀ ਮਿਹਨਤ ਲਗਨ ਵੀ ਲਗਾਈ ਬੱਚਿਓ।
ਕਿਸੇ ਗੱਲੋਂ ਤੁਸੀਂ ਐਵੇਂ ਘਬਰਾਉਣਾ ਜ਼ਰਾ ਨਾ,
ਆਤਮ-ਵਿਸ਼ਵਾਸ ਨੂੰ ਕਦੀ ਵੀ ਡੁਲਾਉਣਾ ਜ਼ਰਾ ਨਾ।
ਨਾਲ ਹਿੰਮਤਾਂ ਦੇ ਸੁਪਨੇ ਵੀ ਪੂਰੇ ਹੋਣਗੇ,
ਸਭ ਮਿਲਣ ਮੁਰਾਦਾਂ ਲੋਕੀਂ ਜੱਸ ਗਾਉਣਗੇ।
ਨਕਲਾਂ ਤੇ ਜਿਹੜੇ ਬੱਚੇ ਆਸ ਰੱਖਦੇ,
ਚੰਗੇ ਨੰਬਰਾਂ ਦਾ ਕਦੇ ਨਾ ਸਵਾਦ ਚੱਖਦੇ।
ਨਾਮ ਮਾਪਿਆਂ ਦਾ ਸਦਾ ਰੁਸ਼ਨਾਉਣਾ ਬੱਚਿਓ,
ਸਕੂਲਾਂ, ਅਧਿਆਪਕਾਂ ਨੂੰ ਕਦੇ ਨਾ ਭੁਲਾਉਣਾ ਬੱਚਿਓ।
ਆਲਸ ਦਾ ਕਰਕੇ ਤੁਸੀਂ ਤਿਆਗ ਬੱਚਿਓ,
ਮਿਹਨਤ ਨਾਲ ਬਣਾਓ ਆਪਣਾ ਭਾਗ ਬੱਚਿਓ।

-ਮਹਾਂਬੀਰ ਸਿੰਘ ਗਿੱਲ
ਪਿੰਡ ਸੱਤੂਨੰਗਲ, ਡਾਕ: ਚੇਤਨਪੁਰਾ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98144-16722.

ਸ਼ਰਾਬੀ

ਮੰਮੀ ਇਕ ਸ਼ਰਾਬੀ ਦੇਖਿਆ ਡਿਗਦਾ ਢਹਿੰਦਾ
ਦਾਰੂ ਪੀ ਕੇ ਬੰਦੇ ਨੂੰ ਚੇਤਾ ਨਹੀਂ ਰਹਿੰਦਾ?
ਜੇ ਕਰ ਕੋਈ ਫੇਟ ਮਾਰ ਜਾਏ ਇਸ ਨੂੰ ਆ ਕੇ
ਡਾਕਟਰ ਕੋਲੋਂ ਲਊਂ ਦੁਆਈ ਕਿੱਥੋਂ ਜਾ ਕੇ।
ਭਾਣਾ ਜੇ ਕਰ ਵਰਤ ਗਿਆ ਕੋਈ ਇਸ ਤੋਂ ਭਾਰੀ,
ਜ਼ਿੰਦਗੀ ਏਸ ਦੇ ਬੱਚਿਆਂ ਦੀ ਤਾਂ ਰੁਲ ਜਾਊ ਸਾਰੀ।
ਨਿੱਕੇ ਨਿੱਕੇ ਮੇਰੇ ਵਰਗੇ ਮਨ ਨੂੰ ਮੋਹਣੇ,
ਇਸ ਦੇ ਬੱਚੇ ਘਰ ਵਿਚ ਸਭ ਉਡੀਕਦੇ ਹੋਣੇ।
ਘਰ ਨੂੰ ਜੇ ਕਰ ਜਾਵੇ ਕੋਈ ਚੀਜ਼ੋ ਲੈ ਕੇ,
ਸੁਹਣਾ ਲੱਗੇ ਖਾਵੇ ਜੇ ਉਨ੍ਹਾਂ ਵਿਚ ਬਹਿ ਕੇ।
ਲਗਦਾ ਮੈਨੂੰ ਇਸ ਦਾ ਇਸ ਨੂੰ ਫ਼ਿਕਰ ਨਹੀਂ ਕੋਈ,
ਤਾਂਹੀ ਤਾਂ ਇਹ ਲਾਹੀਂ ਫਿਰਦਾ ਆਪਣੀ ਲੋਈ।
ਮੈਂ ਨਹੀਂ ਵਾਂਗ ਸਿਆਣਿਆਂ ਦੇ ਮਾਂ ਮੱਤਾਂ ਦਿੰਦਾ,
ਸੱਚ ਆਖਦਾਂ, ਮੇਰਾ ਦਿਲ ਅੰਦਰੋਂ ਇਹ ਕਹਿੰਦਾ।

-ਕਮਲਜੀਤ ਨੀਲੋਂ
ਨੀਲੋਂ ਕਲਾਂ, ਲੁਧਿਆਣਾ। ਮੋਬਾਈਲ : 94174-68668

ਬੁਝਾਰਤਾਂ


1. ਅੱਗੇ ਅੱਗੇ ਭੱਜਿਆ ਜਾਵੇ, ਹਿੰਮਤੀਆਂ ਨੂੰ ਨਾਲ ਰਲਾਵੇ।
2. ਵਫ਼ਾਦਾਰੀ ਵਿਚ ਉਸ ਤੋਂ ਪਿਛੇ ਸਾਰੇ, ਫਿਰ ਵੀ ਦੁਨੀਆ ਉਸ ਨੂੰ ਦੁਰਕਾਰੇ।
3. ਅੱਗੇ ਜਾਵੇ, ਪਿਛੇ ਜਾਵੇ, ਪਰ ਕਿਤੇ ਨਾ ਜਾਵੇ।
4. ਨਾ ਗੁਠਲੀ ਨਾ ਬੀਜ ਦੇਖਿਆ, ਹਰ ਮੌਸਮ ਵਿਚ ਵਿਕਦਾ ਦੇਖਿਆ।
5. ਚਾਰ ਡਰਾਈਵਰ ਇਕ ਸਵਾਰੀ, ਪਿਛੇ ਲੱਗੀ ਦੁਨੀਆ ਸਾਰੀ।
6. ਜੇ ਤੂੰ ਮੈਨੂੰ ਕੱਟੇਗਾ, ਤਾਂ ਮੈਂ ਤੈਨੂੰ ਰਵਾਵਾਂਗਾ।
ਉੱਤਰ : 1. ਸਮਾਂ, 2. ਕੁੱਤਾ, 3. ਪੀਂਘ, 4. ਕੇਲਾ, 5. ਅਰਥੀ, 6. ਪਿਆਜ਼।

-ਅਵਤਾਰ ਸਿੰਘ 'ਕਰੀਰ'
ਮੋਗਾ।

ਬਾਲ ਕਵਿਤਾ-ਕਾਕਾ ਆਇਆ

ਸਾਡੇ ਘਰ ਇਕ ਕਾਕਾ ਆਇਆ
ਗੁਰਫਤਹਿ ਸਿੰਘ ਨਾਂਅ ਰਖਾਇਆ,
ਕੂਲੇ ਕੂਲੇ ਉਸ ਦੇ ਅੰਗ,
ਭੋਰਾ ਵੀ ਨਾ ਕਰਦਾ ਤੰਗ,
ਮਾਹੌਲ ਖ਼ੁਸ਼ੀ ਦਾ ਛਾਇਆ,
ਸਾਡੇ ਘਰ ਇਕ...।

ਚੂੰ ਚੂੰ ਕਰਕੇ ਜਦ ਉਹ ਰੋਵੇ,
ਫਿਰ ਮੰਮੀ ਉਸ ਦੀ ਆਪਾ ਖੋਵੇ,
ਮੋਢੇ ਲਾ ਕੇ ਚੁੱਪ ਕਰਵਾਇਆ,
ਸਾਡੇ ਘਰ ਇਕ...।

ਚਿਹਰਾ ਉਸ ਦਾ ਗੋਲ-ਮਟੋਲ,
ਸਾਰੇ ਉਸ ਨਾਲ ਕਰਨ ਕਲੋਲ।
'ਸੁਖਬੀਰ' ਰੱਬ ਦਾ ਸ਼ੁਕਰ ਮਨਾਇਆ।
ਗੁਰਫਤਹਿ ਸਿੰਘ ਨਾਮ ਰਖਾਇਆ।

-ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ। ਮੋਬਾਈਲ : 98555-12677.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX