ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

16 ਜੁਲਾਈ ਨੂੰ ਸਾਵਣ ਦੀ ਆਮਦ 'ਤੇ ਵਿਸ਼ੇਸ਼

ਸਾਵਣ : ਕੁਦਰਤੀ ਨਿਆਮਤ "ਬਰਸੈ ਮੇਘੁ ਸਖੀ ਘਰਿ ਪਾਹੁਨ ਆਏ"

ਕੁਦਰਤ ਦੀ ਪ੍ਰਭੂਤਾ ਪਿ੍ਥਵੀ 'ਤੇ ਰੁੱਤਾਂ ਦੇ ਆਵਾਗਮਣ ਦਾ ਸਬੱਬ ਬਣਦੀ ਹੈ | ਰੁੱਤਾਂ ਦਾ ਸਦੀਆਂ ਤੋਂ ਸਾਡੇ ਜੀਵਨ ਨਾਲ ਡੂੰਘਾ ਰਿਸ਼ਤਾ ਹੈ | ਆਪਣੀ ਅੱਤ ਵਿਖਾ ਕੇ ਰੁੱਤਾਂ ਮਾਨਵ ਦੇ ਬੜੇ ਇਮਤਿਹਾਨ ਲੈਂਦੀਆਂ ਹਨ ਤੇ ਉਹ ਉਨ੍ਹਾਂ ਪ੍ਰੀਖਿਆਵਾਂ ਵਿਚੋਂ ਪਾਸ ਹੋਣ ਲਈ ਕਦੇ ਆਪਣੇ ਸਰੀਰ ਨੂੰ ਅਨੁਸ਼ਾਸਨ ਦੀ ਅੱਗ ਵਿਚ ਤਪਾਉਂਦਾ ਹੈ ਅਤੇ ਕਦੇ ਅਸੁਰੀ ਤਰੀਕੇ ਅਪਣਾਉਂਦਾ ਹੈ | ਉਸ ਵਲੋਂ ਅਪਣਾਏ ਢੰਗ ਇਕ ਪਾਸੇ ਉਸ ਨੂੰ ਸੁੱਖ-ਸਹੂਲਤਾਂ ਤੇ ਸੁਰੱਖਿਆ ਦਿੰਦੇ ਹਨ ਤੇ ਦੂਜੇ ਪਾਸੇ ਵਾਤਾਵਰਨ ਨੂੰ ਪ੍ਰਦੂਸ਼ਿਤ, ਘਾਤਕ ਤੇ ਵਿਗਾੜ ਕੇ ਉਸ ਦੇ ਜੀਵਨ ਨੂੰ ਛੋਟਾ ਕਰਨ ਦਾ ਕਾਰਨ ਬਣ ਰਹੇ ਹਨ | ਬਾਗਾਂ ਦੀ ਠੰਢੀ ਛਾਂ ਤੇ ਘੜੇ ਦੇ ਪਾਣੀ ਦਾ ਬਦਲ ਏਅਰ ਕੰਡੀਸ਼ਨਰ ਜਾਂ ਫਰਿੱਜ ਕਦੇ ਨਹੀਂ ਬਣ ਸਕਦੇ | ਕਹਿਣ ਤੋਂ ਭਾਵ ਹੈ ਗਰਮੀ ਦੂਰ ਕਰਨ ਵਾਲੇ ਸੁੱਖ-ਸਾਧਨਾਂ ਦੀ ਸਹੂਲਤ ਦੇ ਬਾਵਜੂਦ ਗਰਮੀ ਦੀ ਮਾਰੂ ਗਰਮਾਹਟ ਹਰ ਵਰ੍ਹੇ ਵਧਦੀ ਜਾ ਰਹੀ ਹੈ | ਅੱਤ ਦੀ ਗਰਮੀ ਤੇ ਭਿਆਨਕ ਸਰਦੀ ਅਨੇਕ ਜਾਨਾਂ ਲੈ ਜਾਂਦੀ ਹੈ | ਅਜਿਹੇ ਵੇਲਿਆਂ ਵਿਚ ਕੁਦਰਤ ਦੀ ਓਟ ਲੈ ਕੇ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਭੇਦ-ਭਾਵ ਦੇ ਆਪਣੀ ਮਮਤਾ ਸਭ ਨੂੰ ਲੁਟਾਉਂਦੀ ਹੈ | ਇਸ ਲਈ ਅਹਿਦ ਕੁਦਰਤ ਦੀ ਰਾਖੀ ਕਰਨ ਦਾ ਲੈਣਾ ਬਣਦਾ ਹੈ ਕਿਉਂਕਿ ਕੁਦਰਤ ਨੂੰ ਨਸ਼ਟ ਕਰਨ ਵਾਲਿਆਂ ਨੂੰ ਕੁਦਰਤ ਬਖ਼ਸ਼ਦੀ ਨਹੀਂ ਜਦੋਂ ਕਿ ਰਖਵਾਲੀ ਕਰਨ ਵਾਲਿਆਂ ਨੂੰ ਇਹ ਜੀਵਨ-ਦਾਨ ਦਿੰਦੀ ਹੈ |
ਇਹ ਕੁਦਰਤ ਦੀ ਸਾਡੇ 'ਤੇ ਮਿਹਰ ਹੀ ਹੈ ਕਿ ਅਸੀਂ ਤਰਤੀਬਵਾਰ ਇਨ੍ਹਾਂ ਛੇ ਰੁੱਤਾਂ (ਬਸੰਤ ਰੁੱਤ-ਚੇਤ ਤੇ ਵੈਸਾਖ, ਗ੍ਰੀਖਮ/ਗਰਮ ਰੁੱਤ-ਜੇਠ ਅਤੇ ਹਾੜ੍ਹ, ਪਾਵਸ/ਵਰਖਾ ਰੁੱਤ- ਸਾਵਣ ਤੇ ਭਾਦੋਂ, ਸਰਦ ਰੁੱਤ-ਅੱਸੂ ਤੇ ਕੱਤਕ, ਹਿਮਕਰ ਰੁੱਤ-ਮੱਘਰ ਤੇ ਪੋਹ, ਸਿਸਿਅਰ/ਸ਼ਿਸ਼ਰ/ਪਤਝੜ ਰੁੱਤ-ਮਾਘ ਤੇ ਫੱਗਣ) ਦਾ ਲੁਤਫ਼ ਲੈਂਦੇ ਹਾਂ | ਇਨ੍ਹਾਂ ਵਿਚੋਂ ਪਾਵਸ ਰੁੱਤ ਕੁਦਰਤ ਨੂੰ ਨਵ੍ਹਾਉਣ ਦੀ ਜ਼ਿੰਮੇਵਾਰੀ ਓਟਦੀ ਹੈ | ਚੌਮਾਸੇ ਵਿਚ ਸਾਵਣ ਜਵਾਨ ਹੁੰਦਾ ਹੈ ਤੇ ਜਵਾਨੀ ਮਸਤਾਨੀ ਹੁੰਦੀ ਹੈ, ਬਾਦਸ਼ਾਹੀਆਂ ਲੋਚਦੀ ਹੈ | ਸਾਵਣ ਚੌਮਾਸੇ ਦਾ 'ਰਾਜਾ ਮਹੀਨਾ' ਬਣ ਜਾਂਦਾ ਹੈ ਕਿਉਂਕਿ ਹਾੜ੍ਹ ਤਾਂ ਸਾਵਣ ਦਾ ਮਾਰਗ ਦਰਸ਼ਨ ਕਰ ਕੇ ਚਲਾ ਜਾਂਦਾ ਹੈ ਤੇ ਸਾਵਣ ਜਿਹੜੀ ਕਸਰ ਛੱਡਦਾ ਹੈ, ਉਹ ਭਾਦੋਂ ਤੇ ਅੱਸੂ ਪੂਰੀ ਕਰਦੇ ਹਨ | ਕਹਿਣ ਤੋਂ ਭਾਵ ਹੈ ਚੌਮਾਸੇ ਦੀ ਅੱਸੀ ਪ੍ਰਤੀਸ਼ਤ ਬਾਰਿਸ਼ ਸਾਵਣ ਵਿਚ ਹੀ ਤਾਂ ਪੈਂਦੀ ਹੈ | ਪਿ੍ਥਵੀ-ਪੁੱਤਰ ਅਣਥੱਕ ਮਿਹਨਤ ਕਰਕੇ ਉਸ ਜਲ ਰਾਹੀਂ ਜੀਰੀ, ਜਵਾਰ, ਬਾਜਰਾ, ਮੂੰਗੀ, ਮੋਠ, ਮਾਂਹ, ਅੰਬ, ਜਾਮਣ, ਅਨਾਰ ਅਤੇ ਤਿਲ ਆਦਿ ਇਕ ਸੌ ਇਕ ਤਰ੍ਹਾਂ ਦਾ ਅੰਨ-ਧਨ ਪੈਦਾ ਕਰਦਾ ਹੈ | ਸਾਵਣ ਮਹੀਨੇ ਧਰਤੀ ਦੀ ਕੁੱਖ ਫਲਦੀ ਹੈ | ਆਪਣੇ ਖੇਤਾਂ ਵਿਚ ਹਰਿਆਲੀ ਵੇਖ ਕਿਸਾਨ ਖ਼ੁਸ਼ੀ ਨਾਲ ਝੂਮ ਉਠਦੇ ਹਨ | ਇਸ ਕਰਕੇ ਪੰਜਾਬੀਆਂ ਦਾ ਸਾਉਣ ਮਹੀਨੇ ਨਾਲ ਜ਼ਿਆਦਾ ਪਿਆਰ ਹੈ ਜੋ ਇਨ੍ਹਾਂ ਦੇ ਰਹਿਣ-ਸਹਿਣ, ਆਚਾਰ-ਵਿਵਹਾਰ, ਦਿਨ-ਤਿਉਹਾਰ, ਖਾਣ-ਪੀਣ, ਪਹਿਰਾਵੇ ਅਤੇ ਲੋਕ-ਸਾਹਿਤ ਵਿਚੋਂ ਪ੍ਰਤੱਖ ਝਲਕਦਾ ਹੈ | ਇਨ੍ਹਾਂ ਵਿਚਾਰਾਂ ਦੀ ਲੋਅ ਵਿਚ ਇਹ ਕਹਿਣਾ ਅਣਉਚਿਤ ਨਹੀਂ ਕਿ ਹਾੜ੍ਹ ਮਹੀਨੇ ਪਾਵਸ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਕਿਸਾਨ ਦਾ ਨਵਾਂ ਵਰ੍ਹਾ ਪਾਵਸ ਤੋਂ ਸ਼ੁਰੂ ਹੁੰਦਾ ਹੈ ਤੇ ਜੇਠ 'ਤੇ ਆ ਕੇ ਮੁੱਕਦਾ ਹੈ | ਇਸੇ ਆਧਾਰ 'ਤੇ ਸਾਡੇ ਕਿਸਾਨ ਸਾਲ ਵਿਚ ਦੋ ਪ੍ਰਕਾਰ ਦੀਆਂ ਯਾਨੀ ਹਾੜ੍ਹੀ (ਰਬੀ) ਤੇ ਸਾਉਣੀ (ਖਰੀਫ਼) ਫ਼ਸਲਾਂ ਪ੍ਰਾਪਤ ਕਰਦੇ ਹਨ | ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇਸੇ ਕਰਕੇ ਤਾਂ ਕਿਹਾ ਜਾਂਦਾ ਹੈ-ਅੱਧੇ ਹਾੜ੍ਹ ਤਾਂ ਰਾਮ ਵੈਰੀ ਦੇ ਵੀ ਵਰ੍ਹੇ |
ਛੇ ਰੁੱਤਾਂ ਵਿਚੋਂ ਬਸੰਤ ਵਾਂਗ ਵਰਖਾ ਵੀ ਸਾਡੇ ਵਾਤਾਵਰਨ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀ ਹੈ | ਵਰਖਾ ਰੁੱਤ ਗਰਮੀ ਤੋਂ ਅੱਕੇ, ਸੁੱਕੇ ਤੇ ਤੌਬਾ ਕਰ ਚੁੱਕੇ ਜਗਤ ਨੂੰ ਦੁਬਾਰਾ ਸ਼ਕਤੀ ਪ੍ਰਦਾਨ ਕਰਦੀ ਹੈ | ਅਰਥਾਤ ਗਰਮੀ ਵਿਚ ਮਨ ਦੀ ਗੁਆਚੀ ਹੋਈ ਸ਼ਾਂਤੀ, ਵਿਆਕੁਲਤਾ ਤੇ ਸਹਿਜਤਾ ਨੂੰ ਵਾਪਸ ਲਿਆਉਣ ਵਾਲੀ ਤੇ ਮੁੜ ਬਲ ਪ੍ਰਦਾਨ ਕਰਨ ਵਾਲੀ ਪਾਵਸ ਰੁੱਤ ਦੇ ਸਾਉਣ-ਭਾਦੋਂ ਮਹੀਨੇ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ | ਇਨ੍ਹਾਂ ਦੋ ਮਹੀਨਿਆਂ ਵਿਚ ਹੋਣ ਵਾਲੀ ਵਰਖਾ ਜੀਵ-ਜਗਤ ਲਈ ਬੜੀ ਸ਼ੁੱਭ ਮੰਨੀ ਜਾਂਦੀ ਹੈ | ਚੌਪਾਸੀਂ ਜਲ-ਥਲ ਇਕ ਹੋ ਜਾਂਦਾ ਹੈ | ਗੁਰਵਾਕ ਹੈ :
ਰੁਤਿ ਬਰਸੁ ਸੁਹੇਲੀਆ
ਸਾਵਣ ਭਾਦਵੇ ਆਨੰਦ ਜੀਉ¨
(ਰਾਮਕਲੀ ਰੁਤੀ ਮ: ਪ)
ਸਾਉਣ-ਭਾਦੋਂ ਵਿਚ ਪੈਦਾ ਹੋਣ ਵਾਲੀ ਸਰੀਰ ਦੀ ਵਿਸਮਾਦੀ ਹਾਲਤ ਨੂੰ ਭਗਤ ਬੇਣੀ ਜੀ ਨੇ ਇਉਂ ਬਿਆਨਿਆ ਹੈ :
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ¨
ਗੁਰਬਾਣੀ ਵਿਚ ਸਾਵਣ ਦੇ ਮੀਂਹ ਦੇ ਅਨੰਦ ਨੂੰ ਸੱਜਣ ਦੇ ਮਿਲਾਪ ਤੋਂ ਮਿਲਦੇ ਅਨੰਦ ਨਾਲ ਤੁਲਨਾ ਦਿੱਤੀ ਗਈ ਹੈ :
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ¨
ਸਾਡੇ ਇਥੇ ਮੌਨਸੂਨੀ ਬੱਦਲਾਂ ਰਾਹੀਂ ਪੈਣ ਵਾਲੇ ਮੀਂਹ ਦੇ ਚਾਰ ਮਹੀਨੇ ਹੁੰਦੇ ਹਨ; ਹਾੜ੍ਹ, ਸਾਵਣ, ਭਾਦੋਂ ਤੇ ਅੱਸੂ | ਇਨ੍ਹਾਂ ਚਹੁੰਆਂ ਮਹੀਨਿਆਂ ਦੇ ਸਮੁੱਚ ਨੂੰ 'ਚੁਮਾਸਾ' ਕਿਹਾ ਜਾਂਦਾ ਹੈ |
ਕੜਕਵੀਂ ਧੁੱਪ ਤੋਂ ਬਾਅਦ ਹਰ ਬੱਚਾ, ਜਵਾਨ, ਬੁੱਢਾ ਸਾਵਣ ਮਹੀਨੇ ਦੇ ਆਰੰਭ ਲਈ ਤਰਸਦਾ ਹੈ | ਬੱਚਿਆਂ ਨੂੰ ਇਸ ਮਹੀਨੇ ਵਿਚਲਾ ਮੌਸਮ ਬੜਾ ਪਿਆਰਾ ਲਗਦਾ ਹੈ ਜਦੋਂ ਉਹ ਨਿਸ਼ੰਗ ਹੋ ਕੇ ਸੜਕਾਂ 'ਤੇ ਨੱਚਦੇ-ਟੱਪਦੇ ਫਿਰਦੇ ਰਹਿੰਦੇ ਹਨ ਤੇ ਘਰ ਵਾਲੇ ਵੀ ਉਨ੍ਹਾਂ ਨੂੰ ਨਹੀਂ ਰੋਕਦੇ | ਉਹ ਮੀਂਹ ਦੇ ਪਾਣੀ ਵਿਚ ਨਹਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਤਰਾਉਂਦੇ ਹਨ | ਬੱਚਿਆਂ ਵਾਂਗ ਪੰਛੀਆਂ ਦੀ ਚੀਂ-ਚੀਂ ਵੀ ਆਕਾਸ਼ ਵਿਚ ਗੂੰਜਣ ਲਗਦੀ ਹੈ | ਪਿੰਡਾਂ ਵਿਚ ਨਿੰਮ, ਕਿੱਕਰ, ਟਾਹਲੀ ਤੇ ਪਿੱਪਲ ਉਤੇ ਪੰਛੀ ਆਪਸ ਵਿਚ ਕਲੋਲਾਂ ਕਰਦੇ ਨਜ਼ਰ ਆਉਂਦੇ ਹਨ | ਪੈਲਾਂ ਪਾਉਂਦੇ ਮੋਰ ਤੇ ਅੰਬਾਂ ਦੇ ਦਰੱਖਤਾਂ 'ਤੇ ਖੁਸ਼ੀ ਵਿਚ ਕੂਕਦੀਆਂ ਕੋਇਲਾਂ ਮੀਂਹ ਆਉਣ ਦਾ ਸੰਦੇਸ਼ ਦਿੰਦੀਆਂ ਹਨ | ਤਿਤਲੀਆਂ, ਭੰਵਰੇ ਖੁਸ਼ੀ ਵਿਚ ਇਧਰ-ਉਧਰ ਝੂਮਦੇ ਨਜ਼ਰ ਆਉਂਦੇ ਹਨ | ਕਿਸੇ ਸਮੇਂ ਇਨ੍ਹਾਂ ਦਿਨਾਂ ਵਿਚ ਛੱਪੜਾਂ ਵਿਚ ਸੋਹਣੇ ਨੀਲ ਕਮਲ, ਸਫ਼ੈਦ ਕਮਲ, ਲਾਲ ਅਤੇ ਗੁਲਾਬੀ ਕਮਲ ਖਿੜੇ ਨਜ਼ਰ ਆਉਂਦੇ ਸਨ |
ਸਾਵਣ ਮਹੀਨੇ ਦੇ ਪਹਿਲੇ ਮੀਂਹ 'ਤੇ ਹੀ ਲੋਹੇ ਦੀ ਕੜਾਹੀ ਵਿਚ ਸੁਆਦੀ ਪਕਵਾਨ ਘਰਾਂ ਵਿਚ ਪੱਕਣੇ ਸ਼ੁਰੂ ਹੋ ਜਾਂਦੇ ਹਨ ਤੇ ਚਾਰੇ-ਪਾਸੇ ਮਹਿਕ ਫੈਲ ਜਾਂਦੀ ਹੈ | ਖੀਰ, ਮਾਲ੍ਹ-ਪੂੜੇ, ਗੁਲਗਲੇ, ਪਕੌੜੇ ਤਾਂ ਇਸ ਮੌਸਮ ਦੇ ਸ੍ਰੇਸ਼ਟ ਉਪਹਾਰ ਹਨ | ਸਾਵਣ ਮਹੀਨੇ ਦੀ ਮਹੱਤਤਾ ਬਾਰਸ਼ ਰਾਹੀਂ ਆਨੰਦ ਦੇਣ ਦੇ ਨਾਲ-ਨਾਲ ਉਪਜ ਵਿਚ ਵਾਧਾ ਕਰਨ, 'ਤੀਆਂ, ਰੱਖੜੀ, ਜਨਮ ਅਸ਼ਟਮੀ, ਗੁੱਗਾ ਨੌਮੀ/ਨਾਗ-ਪੰਚਮੀ ਦਾ ਤਿਉਹਾਰ' ਲੈ ਕੇ ਆਉਣ ਕਰਕੇ ਹੋਰ ਵੀ ਵਧ ਜਾਂਦੀ ਹੈ | ਨਦੀ, ਨਾਲੇ, ਰਜਬਾਹੇ ਕਿਨਾਰਿਆਂ ਤੋਂ ਬਾਹਰ ਹੋ ਜਾਂਦੇ ਹਨ | ਧਰਤੀ 'ਤੇ ਸਭ ਪਾਸੇ ਹਰਿਆਵਲ ਛਾ ਜਾਂਦੀ ਹੈ | ਮਹਿੰਦੀ ਤੇ ਰਾਤ ਦੀ ਰਾਣੀ ਮਹਿਕਾਂ ਬਖੇਰਦੀ ਹੈ |
ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਂਦੇ ਹਨ ਭਾਵ ਮੱਸਿਆ ਟੱਪ ਜਾਂਦੀ ਹੈ ਤਾਂ ਅਗਲੀ ਰਾਤ ਚਾਨਣ ਪੱਖ ਵਾਲੀ ਏਕਮ ਦੀ ਰਾਤ ਹੁੰਦੀ ਹੈ | ਇਸ ਤਿਉਹਾਰ ਦਾ ਕੇਂਦਰ ਚੰਦਰਮਾ ਹੁੰਦਾ ਹੈ | ਦੂਜ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ | ਵਧਦੇ ਚੰਨ ਦੇ ਤੀਜੇ ਦਿਨ ਅਰਥਾਤ ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੇ ਲਗਪਗ ਤੇਰਾਂ ਦਿਨ ਚਲਦੀਆਂ ਹਨ | ਤੀਜ ਇਕੱਲੀ ਨਹੀਂ ਆਉਂਦੀ, ਆਪਣੇ ਨਾਲ ਸਰਦ ਤੇ ਪਤਝੜ ਰੁੱਤ ਵਿਚ ਮਨਾਏ ਜਾਣ ਵਾਲੇ ਤਿਉਹਾਰਾਂ ਦੀ ਪਟਾਰੀ ਭਰ ਕੇ ਲਿਆਉਂਦੀ ਹੈ | ਇਸੇ ਲਈ ਕਿਹਾ ਜਾਂਦਾ ਹੈ 'ਆਈ ਤੀਜ ਤੇ ਬਖੇਰ ਗਈ ਬੀਜ' | ਮੌਨਸੂਨ ਰੁੱਤ ਵਿਚ ਦਿਸਣ ਵਾਲੇ ਇਕ ਕੀੜੇ ਯਾਨੀ ਚੀਚ ਵਹੁਟੀ ਦਾ ਨਾਂਅ 'ਤੀਜ' ਵੀ ਹੈ | ਭਾਰਤ ਦੇ ਕੁਝ ਹਿੱਸਿਆਂ ਵਿਚ ਇਸ ਤੀਜ ਨੂੰ ਚਾਰੇ ਪਾਸੇ ਹਰਿਆਵਲ ਹੋਣ ਕਾਰਨ 'ਹਰਿਆਲੀ ਤੀਜ' ਵੀ ਕਿਹਾ ਜਾਂਦਾ ਹੈ |
ਬਹੁਵਚਨ ਦੇ ਰੂਪ ਵਿਚ ਵਰਤੇ ਜਾਣ ਵਾਲੇ ਪੰਜਾਬੀ ਸ਼ਬਦ 'ਤੀਆਂ' ਦਾ ਅਰਥ ਹੈ 'ਇਸਤ੍ਰੀ' | ਸ਼ਾਇਦ ਇਸੇ ਕਰਕੇ ਇਹ ਤਿਉਹਾਰ ਮੁਟਿਆਰਾਂ ਲਈ ਖ਼ਾਸ ਖੁਸ਼ੀਆਂ ਤੇ ਉਮਾਹ ਲੈ ਕੇ ਆਉਂਦਾ ਹੈ | ਪੂਰਬੀ ਪੰਜਾਬ ਵਿਚ ਇਸ ਤਿਉਹਾਰ ਨੂੰ 'ਤੀਆਂ' ਅਤੇ ਪੱਛਮੀ ਪੰਜਾਬ ਵਿਚ 'ਸਾਵੇਂ' ਕਿਹਾ ਜਾਂਦਾ ਹੈ | ਮੁਹੰਮਦ ਅਜ਼ੀਮ ਦੁਆਰਾ ਰਚੇ ਬਾਰਾਂਮਾਹ ਵਿਚ ਵੀ ਇਸ ਦਾ ਜ਼ਿਕਰ ਆਉਂਦਾ ਹੈ:
ਆਏ ਸਾਵੇਂ ਸਬਜ਼ ਬਹਾਰਾਂ,
ਸਈਆਂ ਖੇਡਣ ਨਾਲ ਭਤਾਰਾਂ |
ਲੈ ਅੰਗ ਲਾਵਣ ਹਾਰ ਸੀਂਗਾਰਾਂ,
ਕੂਚੇ, ਗਲੀ ਮਹਲ ਬਜ਼ਾਰਾਂ |
ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ 'ਰੱਖੜੀ ' ਤਕ ਚਲਦਾ ਹੈ | ਭੈਣਾਂ, ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਤੋਂ ਬਾਅਦ ਮਾਪਿਆਂ ਘਰੋਂ ਵਿਦਾ ਲੈਂਦੀਆਂ ਹਨ | ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤਾਂ 'ਧੀਆਂ ਜੰਮੀਆਂ, ਤੀਆਂ ਆਰੰਭੀਆਂ' ਤੇ 'ਜਿਸ ਘਰ ਧੀਆਂ ਉਸ ਘਰ ਤੀਜਾਂ' ਵਿਚੋਂ ਸਪਸ਼ਟ ਨਜ਼ਰ ਆਉਂਦੀ ਹੈ | ਮੌਸਮ ਦੀ ਖ਼ੂਬਸੂਰਤੀ ਸਾਉਣ ਦਾ ਰੂਪ ਧਾਰ ਕੇ ਕੁੜੀਆਂ-ਚਿੜੀਆਂ ਦਾ ਸੰਗ ਮਾਨਣ ਲਈ ਉਨ੍ਹਾਂ ਨੂੰ ਸੈਨਤਾਂ ਮਾਰਦੀ ਤਾਂ ਤੀਜ ਵਾਲੇ ਦਿਨ ਦੁਪਹਿਰ ਢਲਦਿਆਂ ਹੀ ਬਿਨਾਂ ਕਿਸੇ ਜਾਤੀ ਭੇਦ-ਭਾਵ ਦੇ ਕਵਾਰੀਆਂ-ਵਿਆਹੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਜੋ ਕਿਸੇ ਰੁੱਖ 'ਤੇ ਪੀਂਘ ਪਾ ਸਕਣ, ਤੀਆਂ ਦੇ ਗੀਤ ਗਾ ਸਕਣ ਤੇ ਫਿਰ ਨੱਚ-ਟੱਪ ਸਕਣ | ਗਹਿਣਿਆਂ ਨਾਲ ਲੱਦੀਆਂ, ਰੰਗ-ਬਰੰਗੇ ਬਾਗ ਲਈ ਸਜੀਆਂ-ਫਬੀਆਂ ਸਾਵਣ ਦੇ ਬਾਰਾਂਮਾਹੇ ਗਾਉਂਦੀਆਂ ਜੋ ਹਾੜ੍ਹ ਮਹੀਨੇ ਦੇ ਕੁਦਰਤੀ ਚਿਤ੍ਰਨ ਤੋਂ ਸ਼ੁਰੂ ਹੁੰਦੇ | ਕੁਝ ਪੌਰਾਣਿਕ ਕਿੱਸਿਆਂ ਤੇ ਕਥਾਵਾਂ 'ਤੇ ਆਧਾਰਿਤ ਹੁੰਦੇ |
ਸਾਉਣ ਮਹੀਨਾ ਮੀਂਹ ਪਿਆ ਪੈਂਦਾ,
ਤੀਆਂ ਲੱਗੀਆਂ ਵਿਹੜੇ ਵਿਚ ਵੇ... |
ਵਰਖਾ ਰੁੱਤ ਕੁਦਰਤੀ ਨਿਆਮਤ ਹੈ | ਇਸ ਲਈ ਸਾਨੂੰ ਕੁਦਰਤ ਦਾ ਉਪਾਸਕ ਬਣਨ ਦੇ ਮਾਰਗ ਪੈਣਾ ਚਾਹੀਦਾ ਹੈ | ਇਸ ਰੁੱਤ ਵਿਚ ਵਣਮਹਾਂਉਤਸਵ ਮਨਾਉਣਾ ਪੁੰਨ ਦਾ ਕੰਮ ਹੈ | ਸਦੀਆਂ ਤੋਂ ਜਾਰੀ ਦੇਸੀ ਰੁੱਖ ਲਾਉਣ ਤੇ ਉਨ੍ਹਾਂ ਬਾਰੇ ਸਮਝ ਰੱਖਣ, ਆਬ-ਓ-ਹਵਾ ਨੂੰ ਸ਼ੁੱਧ ਰੱਖਣ ਤੇ ਛਾਂਦਾਰ ਪੌਦਿਆਂ ਦੀ ਪਿ੍ਤਪਾਲਣਾ ਕਰਨ ਦੀ ਇਹ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ | ਅਸੀਂ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤ ਦੇ ਮਗਰ ਪੈ ਕੇ ਰਵਾਇਤੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਜਾ ਰਹੇ ਹਾਂ | ਇਸੇ ਕਰਕੇ ਅੱਜ ਪਾਵਸ ਯਾਨੀ ਮੀਂਹ ਦੇ ਦੇਵਤੇ ਦੇ ਵਾਹਨ ਵਜੋਂ ਬੱਦਲਾਂ ਦਾ ਗਣਿਤ ਉਲਟ-ਪੁਲਟ ਮਿਜਾਜ਼ ਗ਼ੈਰ-ਯਕੀਨੀ, ਚਿੜਚਿੜਾ ਤੇ ਨੀਰਸ ਹੋਣ ਲੱਗ ਪਿਆ ਹੈ | ਕਹਿਣ ਤੋਂ ਭਾਵ ਹੈ ਕੁਦਰਤ ਰੁੱਸਣ ਲੱਗ ਪਈ ਹੈ ਤੇ ਕ੍ਰੋਧਿਤ ਹੋ ਕੇ ਆਪਣਾ ਅਸਰ ਵੀ ਵਿਖਾਉਣ ਲੱਗ ਪਈ ਹੈ | ਇਸੇ ਕਰਕੇ ਕਿਤੇ ਕ੍ਰੋਧਿਤ ਬੱਦਲਾਂ ਦਾ ਡਰਾਉਣਾ ਰੂਪ ਵੇਖਦੇ ਹਾਂ, ਕਿਤੇ ਬੱਦਲਾਂ ਦੀ ਬਿਜਲੀ ਤੋਂ ਮਰਦੇ ਲੋਕ, ਕਿਤੇ ਹੜ੍ਹ ਅਤੇ ਕਿਤੇ ਸੋਕਾ | ਜੇ ਅਸੀਂ ਨਾ ਬਦਲੇ ਤਾਂ ਜਲਵਾਯੂ ਭਾਵ ਪੌਣ-ਪਾਣੀ ਵੀ ਹੁੰਦਾ ਰਹੇਗਾ ਅਤੇ ਅਸੀਂ ਆਪਣੇ ਸਾਹ ਲੈਣ ਲਈ ਜ਼ਰੂਰੀ ਸ਼ੁੱਧ ਹਵਾ ਵੀ ਖ਼ਤਮ ਕਰ ਲਵਾਂਗੇ | ਸ਼ੁੱਧ ਪਾਣੀ ਜੋ ਕਈ ਦ੍ਰਵਾਂ ਦਾ ਘੋਲ ਹੈ, ਅਸੀਂ ਲਗਪਗ ਖ਼ਤਮ ਕਰ ਲਿਆ ਹੈ | ਪਾਣੀ ਦੇ ਬਾਕੀ ਅਸਧਾਰਨ ਰੂਪ ਰਹਿ ਗਏ ਹਨ | ਪਾਣੀ ਦੀ ਮਹੱਤਤਾ ਤੋਂ ਜਾਣੂੰ ਸਾਡੇ ਬਜ਼ੁਰਗ ਕੁੰਡਾਂ, ਖੂਹਾਂ, ਤਲਾਬਾਂ, ਬਉਲੀਆਂ ਰਾਹੀਂ ਪਾਣੀ ਇਕੱਤਰ ਕਰਨ ਦਾ ਵਧੀਆ, ਸਟੀਕ ਤੇ ਸਰਵਕਾਲੀ ਹੱਲ ਜਾਣਦੇ ਸਨ | ਉਹ ਪਾਣੀ ਦੀ ਰੱਖਿਆ ਕਰਨੀ ਜਾਣਦੇ ਸਨ ਅਤੇ ਪਾਣੀ ਦਾਨ ਕਰਨ ਦੀ ਮਹੱਤਤਾ ਤੋਂ ਵੀ ਜਾਣੂ ਸਨ | ਜਲ-ਵਿੱਦਿਆ ਦੇ ਬਲਬੂਤੇ ਹੀ ਤਾਂ ਉਨ੍ਹਾਂ ਨੇ ਖੇਤੀਬਾੜੀ ਸੱਭਿਅਤਾ ਦਾ ਵਿਕਾਸ ਕੀਤਾ ਸੀ ਤੇ ਧਰਤੀ ਦੇ ਜੀਵਨਦਾਤਾ ਗੁਣਾਂ ਨੂੰ ਵੀ ਨਹੀਂ ਸੀ ਮਰਨ ਦਿੱਤਾ | ਪਰੰਤੂ ਅਸੀਂ ਆਧੁਨਿਕਤਾ ਦੇ ਨਾਂ 'ਤੇ ਰਵਾਇਤੀ ਜਲ-ਸ੍ਰੋਤਾਂ ਤੇ ਜਲ-ਭੰਡਾਰਾਂ ਨੂੰ ਖ਼ਤਮ ਕਰ ਦਿੱਤਾ ਹੈ | ਬਰਸਾਤੀ ਪਾਣੀ ਇਕੱਠਾ ਕਰਕੇ ਉਸਦਾ ਸਦਉਪਯੋਗ ਕਰਨ ਦੇ ਤਰੀਕਿਆਂ ਵੱਲ ਅਸੀਂ ਤਵੱਜੋ ਨਹੀਂ ਦੇ ਰਹੇ | ਭਾਰਤ ਵਿਚੋਂ ਪੰਜਾਬ ਵਿਚ ਸਿਰਫ਼ ਸਾਢੇ ਤਿੰਨ ਪ੍ਰਤੀਸ਼ਤ ਜੰਗਲੀ ਖੇਤਰ ਰਹਿ ਗਿਆ ਹੈ | ਯਾਨੀ ਜੰਗਲ ਵੀ ਅਸੀਂ ਲਗਪਗ ਖਤਮ ਕਰ ਦਿੱਤੇ ਹਨ | ਮੇਰੇ ਪੰਜਾਬੀ ਭੈਣ-ਭਰਾਓ ਸੰਭਲੋ, ਸੰਭਲਣ ਦਾ ਸਮਾਂ ਹੈ | ਆਉ! ਕੁਦਰਤ ਵਿਰੋਧੀ ਵਿਕਾਸਵਾਦੀ ਬਾਜ਼ਾਰੂ ਅਰਥ-ਵਿਵਸਥਾ ਦੇ ਅੱਖਾਂ ਮੀਚ ਕੇ ਮਗਰ ਲੱਗਣ ਦੀ ਥਾਂ ਅੰਨ-ਜਲ ਦੇਣ, ਆਪਸੀ ਮੇਲ-ਮਿਲਾਪ ਵਧਾਉਣ ਤੇ ਜੀਵਨ-ਰੌਾਅ ਬਖ਼ਸ਼ਣ ਕਰਨ ਵਾਲੇ ਕੁਦਰਤੀ ਤੋਹਫਿਆਂ ਦੀ ਸਾਂਭ-ਸੰਭਾਲ ਤੇ ਰਖਵਾਲੀ ਕਰਨ ਦਾ ਰਾਹ ਫੜੀਏ | ਭਾਵ ਕੁਦਰਤ ਪ੍ਰੇਮੀ ਬਣੀਏ ਅਤੇ ਆਪਣੇ ਜੀਵਨ ਦੀ ਡੋਰ ਨੂੰ ਬਾਜ਼ਾਰ ਦੇ ਹੱਥਾਂ ਵਿਚ ਨਾ ਸੌਾਪਣ ਦਾ ਪ੍ਰਣ ਕਰੀਏ |

-ਮੋਬਾਈਲ : 85678-86223.


ਖ਼ਬਰ ਸ਼ੇਅਰ ਕਰੋ

ਥਾਈਲੈਂਡ ਦਾ ਗਹਿਣਾ-2 : ਬਿੱਗ ਬੁੱਧਾ ਫ਼ੁਕੇਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
8. ਧਾਰਮਿਕ ਕਿਤਾਬਾਂ : ਬਹੁਤ ਹੀ ਚੰਗੇ ਗਿਆਨ, ਜ਼ਿੰਦਗੀ ਵਿਚ ਅਨੁਸ਼ਾਸਨ ਰੱਖ ਕੇ ਅੱਗੇ ਵਧਣ ਨਾਲ ਸਬੰਧਿਤ ਕਿਤਾਬਾਂ ਰੱਖੀਆਂ ਗਈਆਂ ਹਨ |
ਥਾਈਲੈਂਡ ਦੇ ਲੋਕ ਆਪਣੇ ਰਾਜਿਆਂ, ਪੁਰਖਾਂ ਦੇ ਪ੍ਰਤੀ ਬਹੁਤ ਪਿਆਰ ਅਤੇ ਆਦਰ ਰੱਖਦੇ ਹਨ | ਇਸ ਗੱਲ ਦਾ ਸਬੂਤ ਇਸ ਤੋਂ ਵੀ ਮਿਲਦਾ ਹੈ ਕਿ ਬਿੱਗ ਬੁੱਧਾ ਕੰਪਲੈਕਸ ਵਿਚ ਰਾਜਾ ਨਰੇਸਆਨ ਅਤੇ ਰਾਜਾ ਕੁਲਾਲੌਗਕੋਰਨ ਦਾ ਬੁੱਤ ਵੀ ਲਗਾਇਆ ਗਿਆ ਹੈ |
ਰਾਜਾ ਨਰੇਸਆਨ (1555-1605) : ਇਸ ਨੇ ਸਿਆਮ (ਥਾਈਲੈਂਡ ਦੇ ਪਹਿਲੇ ਪ੍ਰਸ਼ਾਸਕੀ ਖੇਤਰ) ਨੂੰ ਬਰਮੀਆਂ ਤੋਂ ਆਜ਼ਾਦੀ ਦਿਲਵਾਈ ਸੀ | ਇਸ ਦੇ ਬੁੱਤ ਪੂਰੇ ਦੇਸ਼ ਵਿਚ ਥਾਂ-ਥਾਂ 'ਤੇ ਬਣੇ ਹਨ |
ਰਾਜਾ ਕੁਲਾਲੌਗਕੋਰਨ (1853-1910) : ਜਿਸ ਨੂੰ 'ਪਰਾ ਪੀਆ ਮਾਹਾਰਤ' ਭਾਵ ਬਹੁਤ ਪਿਆਰਾ ਰਾਜਾ ਕਿਹਾ ਜਾਂਦਾ ਹੈ | ਇਸ ਨੇ ਆਧੁਨਿਕੀਕਰਨ, ਗ਼ੁਲਾਮੀ ਖ਼ਤਮ ਕਰਨ ਤੇ ਧਾਰਮਿਕ ਹੱਕਾਂ ਦੀ ਆਜ਼ਾਦੀ ਦਿਵਾਉਣ ਵਰਗੇ ਕੰਮ ਕੀਤੇ | ਇਸ ਰਾਜੇ ਨੇ ਮਹਾਤਮਾ ਬੁੱਧ ਦੀਆਂ ਨਿਸ਼ਾਨੀਆਂ ਅੰਗਰੇਜ਼ੀ ਭਾਰਤ ਤੋਂ ਲਈਆਂ ਸਨ | ਥਾਈ ਲੋਕਾਂ ਦਾ ਮਹਾਤਮਾ ਬੁੱਧ ਵਿਚ ਬਹੁਤ ਗੂੜ੍ਹਾ ਵਿਸ਼ਵਾਸ ਹੈ ਤੇ ਉਨ੍ਹਾਂ ਅਨੁਸਾਰ ਬੁੱਧਾ ਪੂਜਾ ਉਨ੍ਹਾਂ ਦੀ ਹਰ ਖ਼ਾਹਿਸ਼ ਨੂੰ ਪੂਰਾ ਕਰ ਸਕਦੀ ਹੈ | ਪਿੱਪਲ ਪੱਤੀਆਂ ਉੱਪਰ ਆਪਣੀ ਤਮੰਨਾ ਲਿਖ ਕੇ ਲੋਕ ਇਕ ਦਰੱਖਤ 'ਤੇ ਬੰਨ੍ਹ ਦਿੰਦੇ ਹਨ ਅਤੇ ਵਿਸ਼ਵਾਸ ਰੱਖਦੇ ਹਨ ਕਿ ਇਹ ਤਮੰਨਾ ਪੂਰੀ ਹੋਵੇਗੀ |
ਇਕੱਲੇ ਬਿੱਗ ਬੁੱਧਾ ਨੂੰ ਹੀ ਨਹੀਂ, ਆਲੇ-ਦੁਆਲੇ ਨੂੰ ਵੀ ਹਰਾ ਭਰਾ, ਸ਼ਾਂਤੀ ਪੂਰਬਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਬੁੱਧ ਦੇ ਭਗਤਾਂ ਲਈ ਤਾਂ ਇਹ ਅਲੌਕਿਕ ਸ਼ਾਂਤੀ ਦਾ ਕੇਂਦਰ ਹੈ ਹੀ, ਆਮ ਇਨਸਾਨਾਂ ਨੂੰ ਵੀ ਇਥੇ ਆ ਕੇ ਇਕ ਅਲੱਗ ਜਿਹਾ ਸਕੂਨ ਮਿਲਦਾ ਹੈ | ਇਥੋਂ ਵਾਪਿਸ ਜਾਂਦੇ ਹੋਏ ਵੀ ਵਾਰ-ਵਾਰ ਬੁੱਧਾ ਬੁੱਤ ਵੱਲ ਮੁੜ-ਮੁੜ ਕੇ ਵੇਖਣ ਨੂੰ ਜੀਅ ਕਰਦਾ ਹੈ ਤਾਂ ਕਿ ਬੁੱਧਾ ਦੇ ਬੁੱਤ ਦਾ ਸ਼ਾਂਤ ਤੇ ਰਹੱਸਮਈ ਚਿਹਰਾ ਸਦਾ ਲਈ ਅੱਖਾਂ ਵਿਚ ਵਸਾ ਕੇ ਇਸ ਪਵਿੱਤਰ ਜਗ੍ਹਾ ਨੂੰ ਅਲਵਿਦਾ ਆਖੀਏ | (ਸਮਾਪਤ)

-gurjot@ajitjalandhar.com

ਚੰਦਰਯਾਨ-2 ਕੱਲ੍ਹ ਮਾਰੇਗਾ ਉਡਾਰੀ

ਖ਼ਬਰ ਹੈ ਕਿ ਅਮਰੀਕਾ, ਰੂਸ ਤੇ ਚੀਨ ਪਿੱਛੋਂ ਭਾਰਤ ਨੂੰ ਚੰਨ ਉਤੇ ਆਪਣਾ ਲੈਂਡਰ ਤੇ ਰੋਵਰ ਉਤਾਰਨ ਵਾਲਾ ਚੌਥਾ ਦੇਸ਼ ਬਣਾਉਣ ਲਈ ਭਾਰਤੀ ਪੁਲਾੜ ਸੰਸਥਾ ਇਸਰੋ ਦਾ ਚੰਦਰਯਾਨ-2 ਕੱਲ੍ਹ 15 ਜੁਲਾਈ ਸਵੇਰੇ 2 ਵੱਜ ਕੇ 51 ਮਿੰਟ ਉਤੇ ਉਡਾਰੀ ਮਾਰੇਗਾ | 10-11 ਵਰ੍ਹੇ ਪਤਾ ਹੀ ਨਹੀਂ ਕਿਵੇਂ ਲੰਘ ਗਏ | ਅਕਤੂਬਰ 2008 ਵਿਚ ਇਸਰੋ ਨੇ ਚੰਦਰਯਾਨ-1 ਲਾਂਚ ਕੀਤਾ ਸੀ, ਜਿਸ ਨੇ ਚੰਨ ਦੀ ਪਰਿਕਰਮਾ ਕੀਤੀ ਤੇ ਦੁਨੀਆ ਨੂੰ ਪੱਕੀ ਖ਼ਬਰ ਦਿੱਤੀ ਕਿ ਚੰਨ ਉਤੇ ਬਰਫ਼ ਦੇ ਰੂਪ ਵਿਚ ਕਾਫ਼ੀ ਪਾਣੀ ਹੈ | ਪੰਡਿਤ ਜਵਾਹਰ ਲਾਲ ਨਹਿਰੂ ਦੀ ਦੂਰ ਦਿ੍ਸ਼ਟੀ ਨੇ ਇਸਰੋ ਤੇ ਵਿਕਰਮ ਸਾਰਾਭਾਈ ਵਰਗਿਆਂ ਨੂੰ ਵੱਡੀਆਂ ਪ੍ਰਾਪਤੀਆਂ ਲਈ ਉਤਸ਼ਾਹਿਤ ਕੀਤਾ | ਨਹਿਰੂ ਦੇ ਜਨਮ ਦਿਨ 14 ਨਵੰਬਰ, 2008 ਨੂੰ ਚੰਦਰਯਾਨ-1 ਨੇ ਚੰਨ ਉਤੇ ਮੂਨਇੰਪੈਕਟ ਪਰੋਬ ਨੂੰ ਟੱਕਰ ਮਾਰ ਕੇ ਚੰਨ ਉਤੇ ਤਿਰੰਗਾ ਗੱਡਣ ਲਈ ਸੁੱਟਿਆ | ਚੰਨ ਦੇ ਦੱਖਣੀ ਧਰੁਵ ਦੇ ਸ਼ੈਕਲਟਨ ਕਰੇਟਰ ਨੇੜੇ ਜਵਾਹਰ ਪੁਆਇੰਟ ਉਤੇ ਤਿਰੰਗਾ ਗੱਡਿਆ ਇਸ ਪਰੋਬ ਨੇ | ਅਗਸਤ 2009 ਤੱਕ ਸਰਗਰਮ ਰਿਹਾ ਇਹ ਮਿਸ਼ਨ ਅਤੇ ਹੁਣ ਜਾ ਰਿਹਾ ਹੈ ਚੰਦਰਯਾਨ-2 ਚੰਨ ਉਤੇ ਇਸਰੋ ਦਾ ਲੈਂਡਰ ਅਤੇ ਰੋਵਰ ਉਤਾਰਨ ਲਈ |
ਚੰਦਰਯਾਨ-1 ਤੋਂ ਚੰਦਰਯਾਨ-2 ਕਈ ਗੱਲਾਂ ਕਰਕੇ ਵੱਖਰਾ ਹੈ | ਪਹਿਲੀ ਵੱਡੀ ਗੱਲ ਤਾਂ ਇਹ ਹੈ ਕਿ ਚੰਦਰਯਾਨ-1 ਚੰਨ ਉਤੇ ਉਤਰਿਆ ਨਹੀਂ ਸੀ | ਚੰਨ ਤੋਂ ਇਕ ਸੌ ਕਿਲੋਮੀਟਰ ਦੂਰ ਰਹਿ ਕੇ ਉਸ ਦੀ ਪਰਿਕਰਮਾ ਕਰਦੇ ਹੋਏ ਆਪਣਾ ਕੰਮ ਕਰਦਾ ਰਿਹਾ | ਦੂਰੋਂ ਤੁਰਿਆ-ਫਿਰਦਾ ਤਸਵੀਰਾਂ ਲੈਂਦਾ ਰਿਹਾ | ਦੂਰੋਂ ਹੀ ਉਸ ਵੱਲ ਪਰੋਬ ਸੁੱਟੀ ਜਿਸ ਨੇ ਚੰਨ ਨਾਲ ਟੱਕਰ ਮਾਰ ਕੇ ਉਸ ਉੱਤੇ ਤਿਰੰਗਾ ਗੱਡਿਆ | ਚੰਦਰਯਾਨ-2 ਦਾ ਉਦੇਸ਼ ਚੰਨ ਉਤੇ ਬੜੇ ਸਹਿਜ ਆਰਾਮ ਨਾਲ ਨਾਜ਼ੁਕ ਵਿਗਿਆਨਕ ਕੈਮਰੇ ਤੇ ਹੋਰ ਸਾਜ਼ੋ-ਸਾਮਾਨ ਲੈ ਕੇ ਉਤਰਨਾ ਹੈ, ਤਾਂ ਜੋ ਕੁਝ ਵੀ ਟੁੱਟੇ, ਭੁਰੇ ਜਾਂ ਖਰਾਬ ਨਾ ਹੋਵੇ | ਲੈਂਡਰ ਦੇ ਅੰਦਰੋਂ ਟਪੂਸੀ ਮਾਰ ਕੇ ਕੁਝ ਦੇਰ ਪਿਛੋਂ ਰੋਵਰ ਨਿਕਲੇਗਾ ਜੋ ਇਕ ਸੈਂਟੀਮੀਟਰ ਪ੍ਰਤੀ ਸਕਿੰਟ ਦੀ ਸਪੀਡ ਉਤੇ ਭਾਵ ਕੀੜੀ ਵਾਂਗ ਚੰਨ ਉੱਤੇ, ਦੂਰ ਤੱਕ ਫਿਰ ਤੁਰ ਕੇ ਚੰਨ ਦੀ ਖ਼ਬਰ ਸਾਰ ਬਾਰੀਕੀ ਨਾਲ ਲਏਗਾ | ਦੂਸਰਾ ਨੁਕਤਾ ਹੈ ਇਸ ਦੀ ਅਤੇ ਇਸ ਨੂੰ ਲਾਂਚ ਕਰਨ ਵਾਲੇ ਰਾਕੇਟ ਦੀ ਤਕਨਾਲੋਜੀ, ਭਾਰ, ਵਿਗਿਆਨਕ ਉਪਕਰਨਾਂ ਤੇ ਉਦੇਸ਼ਾਂ ਦਾ | ਚੰਦਰਯਾਨ-1 ਭਾਂਤ-ਭਾਂਤ ਦੇ ਦੇਸੀ ਵਿਦੇਸ਼ੀ ਉਪਕਰਨਾਂ/ ਕੈਮਰਿਆਂ ਨਾਲ ਚੰਨ ਦਾ ਦੂਰੋਂ ਜਾਇਜ਼ਾ ਲੈਂਦਾ ਰਿਹਾ | ਇਸ ਦੇ ਮਿਨੀ ਸਾਰ ਨਾਂਅ ਦੇ ਰਾਡਾਰ ਨੇ ਚੰਨ ਦੇ ਕਰੇਟਰਾਂ ਵਿਚ ਜੰਮੀ ਹੋਈ ਬਰਫ਼ ਦੀ ਖ਼ਬਰ ਦਿੱਤੀ | ਚੰਨ ਦੀ ਮਿੱਟੀ, ਧਰਤੀ ਦੀ ਖਣਿਜੀ, ਰਸਾਇਣਿਕ ਬਣਤਰ ਦੱਸੀ | ਸਤ੍ਹਾ ਦੀਆਂ ਤਸਵੀਰਾਂ ਖਿੱਚੀਆਂ | ਨਕਸ਼ੇ ਬਣਾਏ, ਉਸ ਕੰਮ ਕਾਰ ਨੂੰ ਚੰਦਰਯਾਨ-2 ਦਾ ਆਰਬਾਈਟਰ ਅੱਗੇ ਤੋਰੀ ਜਾਵੇਗਾ | ਇਹ ਪਹਿਲੇ ਯਾਨ ਵਾਂਗ ਚੰਨ ਦੀ ਪਰਿਕਰਮਾ ਕਰਦੇ ਹੋਏ ਉਸ ਵਰਗਾ, ਉਸ ਤੋਂ ਕੁਝ ਵੱਖਰਾ ਕਾਰਜ ਕਰੀ ਜਾਵੇਗਾ | ਪਰ ਇਹ ਇਕ ਲੈਂਡਰ ਤੇ ਰੋਵਰ ਨੂੰ ਢੇਰ ਸਾਰੇ ਵਿਗਿਆਨਕ ਸੰਦਾਂ ਉਪਕਰਨਾਂ ਨਾਲ ਚੰਨ ਉਤੇ ਉਤਾਰ ਕੇ ਤਜਰਬੇ ਕਰਨ ਲਈ ਛੱਡ ਦੇਵੇਗਾ | ਹੋਰ ਮੁਲਕਾਂ ਨੇ ਚੰਨ ਦੀ ਭੂ-ਮੱਧ ਰੇਖਾ ਨੇੜੇ ਰੋਵਰ ਉਤਾਰੇ ਹਨ | ਅਸੀਂ ਪਹਿਲੀ ਵਾਰ ਚੰਨ ਦੇ ਦੱਖਣੀ ਧਰੁਵ ਨੇੜੇ ਰੋਵਰ ਉਤਾਰ ਕੇ ਉਸ ਦੇ ਇਕ ਨਵੇਂ ਖਿੱਤੇ ਦੀ ਛਾਣਬੀਣ ਕਰਾਂਗੇ |
ਚੰਦਰਯਾਨ-1 ਨੂੰ ਅਸੀਂ ਪੀ.ਐਸ.ਐਲ. ਵੀ. ਨਾਲ ਲਾਂਚ ਕੀਤਾ ਸੀ | ਹੁਣ ਅਸੀਂ ਜੀ.ਐਸ.ਐਲ.ਵੀ. (ਮਾਰਕ-3) ਇਸ ਕੰਮ ਲਈ ਵਰਤਾਂਗੇ | ਪਹਿਲੇ ਯਾਨ ਦਾ ਉਸ ਦੇ ਰਾਕਟ ਸਮੇਤ ਭਾਰ 1380 ਕਿਲੋ ਸੀ | ਨਵਾਂ ਯਾਨ 3290 ਕਿਲੋ ਭਾਰਾ ਹੈ | ਪਹਿਲੇ ਯਾਨ ਵਿਚ 5 ਵਿਗਿਆਨਕ ਉਪਕਰਨ ਇਸਰੋ ਦੇ ਆਪਣੇ ਸਨ ਤੇ 6 ਅਮਰੀਕਨ, ਯੂਰਪੀਅਨ ਤੇ ਬੁਲਗਾਰੀਅਨ ਪੁਲਾੜ ਏਜੰਸੀਆਂ ਦੇ ਸਨ | ਇਸ ਵਾਰ ਅਸੀਂ 13 ਪੇ-ਲੋਡ ਭਾਵ ਭਾਂਤ-ਭਾਂਤ ਦੇ ਵਿਗਿਆਨਕ ਉਪਕਰਨ ਤਿੰਨ ਥਾਵਾਂ ਉਤੇ ਵੰਡ ਕੇ ਕੰਮ ਕਰਨ ਲਈ ਲਿਜਾ ਰਹੇ ਹਾਂ | ਕੁਝ ਆਰਬਾਈਟਰ ਉਤੇ | ਕੁਝ ਲੈਂਡਰ ਉਤੇ | ਕੁਝ ਰੋਵਰ ਉਤੇ | ਚੰਦਰਯਾਨ ਤਾਂ ਅਸੀਂ 15 ਜੁਲਾਈ ਅੰਮਿ੍ਤ ਵੇਲੇ ਲਾਂਚ ਕਰ ਦੇਣਾ ਹੈ ਪਰ ਸਾਡਾ ਲੈਂਡਰ ਚੰਨ ਉਤੇ 6 ਜਾਂ 7 ਸਤੰਬਰ ਨੂੰ ਉਤਰੇਗਾ | ਚੰਦਰਯਾਨ-2 ਬਣਾਉਣ ਲਈ 603 ਕਰੋੜ ਰੁਪਏ ਲੱਗੇ ਹਨ ਅਤੇ ਇਸ ਨੂੰ ਲਾਂਚ ਕਰਨ ਵਾਲੇ ਰਾਕਟ ਜੀ.ਐਸ.ਐਲ.ਵੀ. ਉਤੇ 375 ਕਰੋੜ | ਪੀ.ਐਸ.ਐਲ.ਵੀ. ਦੇ ਮੁਕਾਬਲੇ ਸਾਡਾ ਨਵਾਂ ਰਾਕਟ ਜੀ.ਐਸ.ਐਲ.ਵੀ. ਦੈਂਤ ਆਕਾਰੀ ਹੈ ਅਤੇ ਵੱਡੇ-ਵੱਡੇ ਸੈਟੇਲਾਈਟ/ਯਾਨ ਪੁਲਾੜ ਵਿਚ ਦੂਰ ਤੱਕ ਉਛਾਲ ਸਕਦਾ ਹੈ | ਇਸ ਨੂੰ ਜੀਓ ਸਿੰਕਰੋਨਸ ਆਰਬਿਟ ਵਿਚ 36 ਹਜ਼ਾਰ ਕਿਲੋਮੀਟਰ ਉਚਾਈ ਉਤੇ ਵੱਡੇ ਸੰਚਾਰ ਗ੍ਰਹਿ ਸਥਾਪਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ |
ਚੰਦਰਯਾਨ-2 ਦੀ ਇਕ ਵਿਲੱਖਣਤਾ ਇਹ ਹੈ ਕਿ ਇਸ ਵਿਚ ਦੋ ਬੀਬੀਆਂ ਨੇ ਮਹੱਤਵਪੂਰਨ ਰੋਲ ਨਿਭਾਇਆ ਹੈ | ਇਹ ਹਨ ਪ੍ਰਾਜੈਕਟ ਡਾਇਰੈਕਟਰ ਐਮ. ਵਿਨੀਥਾ ਤੇ ਮਿਸ਼ਨ ਡਾਇਰੈਕਟਰ ਰੀਟੂ ਕਰੀਧਾਲ | ਪੰਜਾਬ ਦੀ ਹਾਜ਼ਰੀ ਲੁਆ ਰਿਹਾ ਹੈ ਸਰਦਾਰ ਮਹਿੰਦਰਪਾਲ ਸਿੰਘ ਜਿਸ ਨੇ ਚੰਦਰਯਾਨ-1 ਵਿਚ ਵੀ ਟੈਸਟਿੰਗ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ | ਉਸ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਚੰਦਰਯਾਨ-1 ਦੇ ਨੇੜਿਓਾ ਦਰਸ਼ਨ ਕਰਵਾਏ ਸਨ ਉਦੋਂ | ...ਖ਼ੈਰ, ਚੰਦਰਯਾਨ-2 ਦੇ ਰੋਵਰ ਤੇ ਲੈਂਡਰ ਚੰਨ ਦਾ ਪੂਰਾ ਇਕ ਦਿਨ ਇਸ ਦੀ ਜਾਂਚ ਪਰਖ ਕਰਨਗੇ | ਚੇਤੇ ਰਹੇ ਕਿ ਚੰਨ ਦਾ ਇਹ ਦਿਨ ਸਾਡੇ ਦੋ ਹਫ਼ਤਿਆਂ ਜਿੱਡਾ ਹੁੰਦਾ ਹੈ ਅਤੇ ਦੋ ਹਫ਼ਤੇ ਲੰਬੀ ਹੀ ਹੁੰਦੀ ਹੈ ਚੰਨ ਦੀ ਰਾਤ | ਲੈਂਡਰ ਤੇ ਰੋਵਰ ਤਾਂ ਬਸ ਦੋ ਹਫ਼ਤੇ ਹੀ ਕੰਮ ਕਰਨਗੇ ਪਰ ਆਰਬਾਈਟਰ ਪੂਰਾ ਸਾਲ ਕੰਮ ਕਰੇਗਾ | ਆਰਬਾਈਟਰ ਦਾ ਨਾਮ ਸਪੇਸ ਕੈਡੇਟ, ਲੈਂਡਰ ਦਾ ਵਿਕਰਮ ਅਤੇ ਰੋਵਰ ਦਾ ਪਰਾਗਿਆਨ ਰੱਖਿਆ ਗਿਆ ਹੈ |
ਲਾਂਚ ਰਾਕਟ ਜੀ.ਐਸ.ਐਲ.ਵੀ. ਨੂੰ ਬਣਾਉਣ ਲਈ ਇਸਰੋ ਦੇ 25 ਸਾਲ ਲੱਗ ਗਏ ਹਨ | 11 ਲਾਂਚ ਟੈਸਟਾਂ ਬਾਅਦ ਪਾਸ ਕੀਤਾ ਗਿਆ ਹੈ ਇਹ | 640 ਟਨ ਭਾਰਾ ਇਹ ਰਾਕੇਟ 4000 ਤੋਂ 8000 ਕਿਲੋ ਭਾਰ ਪੁਲਾੜ ਵਿਚ ਉਛਾਲ ਸਕਦਾ ਹੈ | ਭਾਰ ਦੀ ਮਾਤਰਾ ਉਸ ਉਚਾਈ 'ਤੇ ਨਿਰਭਰ ਹੈ ਜਿਸ ਤੱਕ ਉਸ ਨੂੰ ਪਹੁੰਚਾਉਣਾ ਹੈ | ਇਸ ਦੇ ਮੁਕਾਬਲੇ ਪੀ.ਐਸ.ਐਲ.ਵੀ. ਦੀ ਭਾਰ ਚੁੱਕਣ ਦੀ ਸਮਰੱਥਾ 1750 ਕਿਲੋ ਹੀ ਸੀ | ਆਰਬਾਈਟਰ, ਲੈਂਡਰ ਤੇ ਰੋਵਰ ਜੀ.ਐਸ.ਐਲ.ਵੀ. ਵਿਚ ਬੰਦ ਹਨ | ਆਰਬਾਈਟਰ ਵਿਚ ਲੈਂਡਰ ਅਤੇ ਲੈਂਡਰ ਵਿਚ ਰੋਵਰ | 3 ਵਿਗਿਆਨਕ ਉਪਕਰਨਾਂ ਨਾਲ ਲੈਸ ਵਿਕਰਮ ਸਤੰਬਰ ਵਿਚ ਚੰਨ ਉਤੇ ਆਰਾਮ ਨਾਲ ਲੈਂਡ ਕਰੇਗਾ | ਇਸ ਦੇ ਅੰਦਰ ਹੀ ਬੰਦ ਹੋਵੇਗਾ ਰੋਵਰ | 6 ਪਹੀਆਂ ਵਾਲੇ ਪਰਾਗਿਆਨ ਰੋਵਰ ਦੇ ਪਹੀਆਂ ਉਤੇ ਵੀ ਤਿਰੰਗੇ ਦੇ ਤਿੰਨ ਰੰਗ ਹਨ | ਅੱਧਾ ਕਿਲੋਮੀਟਰ ਕੀੜੀ ਦੀ ਚਾਲ ਤੁਰ ਕੇ ਪਰਾਗਿਆਨ ਆਪਣੇ ਆਸ-ਪਾਸ ਚੰਨ ਦੀ ਧਰਤੀ ਉਤੇ ਪ੍ਰਾਪਤ ਤੱਤਾਂ ਦਾ ਪਤਾ ਲਾਏਗਾ | ਆਰਬਾਈਟਰ ਆਪਣੇ ਵਲੋਂ ਹੀ ਨਹੀਂ, ਲੈਂਡਰ ਤੇ ਰੋਵਰ ਵਲੋਂ ਹੀ ਇਕੱਠੀ ਕੀਤੀ ਸੂਚਨਾ ਧਰਤੀ ਉਤੇ ਭੇਜਣ ਦੀ ਜ਼ਿੰਮੇਵਾਰੀ ਨਿਭਾਏਗਾ |
ਚੰਦਰਯਾਨ-2 ਸ੍ਰੀ ਹਰੀ ਕੋਟਾ ਦੇ ਸਤੀਸ਼ ਧਵਨ ਸਪੇਸ ਲਾਂਚ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ | ਚੇਤੇ ਰਹੇ ਕਿ ਸਤੀਸ਼ ਧਵਨ ਸਾਡੇ ਦੇਸ਼ ਦੇ ਵੱਡੇ ਪੁਲਾੜ ਵਿਗਿਆਨੀ ਹਨ, ਜਿਨ੍ਹਾਂ ਦੇ ਨਾਂਅ ਉਤੇ ਇਹ ਲਾਂਚ ਕੇਂਦਰ ਬਣਾਇਆ ਗਿਆ ਹੈ | ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸਤੀਸ਼ ਧਵਨ ਲੁਧਿਆਣਾ ਦੇ ਸਰਕਾਰੀ ਕਾਲਜ ਵਿਚ ਪੜਿ੍ਹਆ ਸੀ | ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ.ਐਸ.ਸੀ. ਕਰਕੇ ਉਸ ਨੇ ਨਾ ਸਿਰਫ਼ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸਗੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਵੀ | ਉਹ ਇਸਰੋ ਦਾ ਚੇਅਰਮੈਨ ਵੀ ਰਿਹਾ ਹੈ ਅਤੇ ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦਾ ਡਾਇਰੈਕਟਰ ਵੀ | ਰਾਸ਼ਟਰਪਤੀ ਕਲਾਮ ਜਿਹਾ ਹੀਰਾ ਉਸ ਨੇ ਹੀ ਤਰਾਸ਼ਿਆ ਸੀ | ਕਲਾਮ ਨੇ ਉਸੇ ਦੇ ਨਿਰਦੇਸ਼ਨ ਤੇ ਮਦਦ ਨਾਲ ਪੀ.ਐਸ.ਐਲ.ਵੀ. ਬਣਾ ਕੇ ਪਰਖਿਆ | ਸਪੱਸ਼ਟ ਹੈ ਕਿ ਦੇਸ਼ ਦੇ ਵਿਕਾਸ ਵਿਚ ਹਿੰਦੂ, ਮੁਸਲਮਾਨ, ਸਿੱਖ, ਮਰਦ, ਔਰਤ ਹਰ ਇਕ ਦਾ ਹਿੱਸਾ ਹੈ | ਹਰ ਇਕ ਦਾ ਹੈ ਇਹ ਦੇਸ਼ | ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦਾ ਹਿੱਸਾ ਹੈ | ਇਹ ਦੇਸ਼ ਕਿਸੇ ਇਕ ਬੰਦੇ ਦਾ ਨਹੀਂ |
ਆਰਬਾਈਟਰ ਵਿਚ 8 ਵਿਗਿਆਨਕ ਉਪਕਰਨ ਫਿਟ ਹਨ | ਨਾਸਾ ਦਾ ਲੇਜ਼ਰ ਰਿਫਲੈਕਟਰ ਅਰੇ ਨਾਸਾ ਦੀ ਦੇਣ ਹੈ | ਬਾਕੀ ਸਤ ਇਸਰੋ ਦੇ ਆਪਣੇ ਹਨ | ਟੈਰੇਕ ਮੈਪਿੰਗ ਕੈਮਰਾ ਤੇ ਮਿੰਨੀ ਸਾਰ ਪਿਛਲੇ ਚੰਦਰਯਾਨ ਉੱਤੇ ਵੀ ਸਨ | ਇਸ ਵਾਰ ਇਹ ਰਤਾ ਸੋਧੇ ਤੇ ਵਿਕਸਤ ਰੂਪ ਵਿਚ ਵਰਤੇ ਜਾ ਰਹੇ ਹਨ | ਇਹ ਚੰਨ ਦੇ ਨਕਸ਼ੇ ਬਣਾਉਣਗੇ | ਉਸ ਉਤਲੀ ਬਰਫ਼ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਗੇ | ਡੂਅਲ ਫਰੀਕਵੈਂਸੀ ਰੇਡੀਓ ਸਾਇੰਸ ਚੰਨ ਦੇ ਆਇਰਨ ਸਫ਼ੀਅਰ ਵਿਚ ਇਲੈਕਟ੍ਰਾਨ ਘਣਤਾ ਦੱਸੇਗਾ | ਇਮੇਜਿੰਗ ਆਈ.ਆਰ. ਸਪੈਕਟਰੋਮੀਟਰ ਖਣਿਜ ਅਤੇ ਜਲ ਕਣਾਂ ਦਾ ਪਤਾ ਲਾਏਗਾ | ਆਰਬਾਈਟਰ ਦਾ ਹਾਈ ਰੈਜ਼ੋਲੂਸ਼ਨ ਕੈਮਰਾ ਲੈਂਡਰ ਦੇ ਉਤਰਨ ਵੇਲੇ ਥਰੀ-ਡੀ ਦਿ੍ਸ਼ ਲੈ ਕੇ ਉਤਾਰੇ ਵਿਚ ਮਮਦ ਕਰੇਗਾ | ਸੋਲਰ ਐਕਸ ਰੇਅ ਮੋਨੀਟਰ ਚੰਨ ਉਤੇ ਸੂਰਜੀ ਰੇਡੀਏਸ਼ਨ ਦਾ ਹਿਸਾਬ ਲਾਏਗਾ | ਕਲਾਸ ਨਾਂਅ ਦਾ ਉਪਕਰਨ ਚੰਨ ਉੱਤੇ ਖਣਿਜੀ ਤੱਤਾਂ ਦੀ ਜਾਂਚ ਲਈ ਭੇਜਿਆ ਗਿਆ ਹੈ |
ਵਿਕਰਮ ਸਾਰਾਭਾਈ ਦੇ ਨਾਂਅ ਉੱਤੇ ਜਾ ਰਿਹਾ ਲੈਂਡਰ ਦੋ ਹਫ਼ਤੇ ਕੰਮ ਕਰੇਗਾ ਚੰਨ ਉੱਤੇ | ਇਹ ਸਾਰਾ ਸਮਾਂ ਇਹ ਬੰਗਲੌਰ ਨੇੜੇ ਬਿਆਲਾਲੂ ਦੇ ਡੀਪ ਸਪੇਸ ਨੈੱਟਵਰਕ ਨੂੰ ਜਾਣਕਾਰੀ ਭੇਜਦਾ ਰਹੇਗਾ | ਆਰਬਾਈਟਰ ਨੇ ਵੀ ਇਸੇ ਨੈੱਟਵਰਕ ਨਾਲ ਸੰਪਰਕ ਰੱਖਣਾ ਹੈ | ਲੈਂਡਰ ਦਾ ਕੁੱਲ ਭਾਰ 1444 ਕਿਲੋ ਹੈ | ਇਹ 650 ਵਾਟ ਬਿਜਲੀ ਪੈਦਾ ਕਰਨ ਦੇ ਸਮਰੱਥ ਹੈ ਜੋ ਇਸ ਦੀਆਂ ਭਾਂਤ-ਭਾਂਤ ਦੀਆਂ ਲੋੜਾਂ ਪੂਰੀਆਂ ਕਰੇਗੀ | ਲੈਂਡਰ ਨੂੰ ਚੰਨ ਦੇ ਦੱਖਣੀ ਧਰੁਵ ਦੇ ਖੇਤਰ ਵਿਚ ਇਕ ਮਿਥੀ ਹੋਈ ਥਾਂ ਉੱਤੇ ਆਰਾਮ ਨਾਲ ਉਤਾਰਿਆ ਜਾਵੇਗਾ | ਇਸ ਵਾਸਤੇ ਵਿਸ਼ੇਸ਼ ਬੈਂਡ ਐਲਟੀਮੀਟਰ, ਹਾਈ ਰੈਜ਼ੋਲੂਸ਼ਨ ਕੈਮਰਾ, ਲੈਂਡਰ ਪੋਜ਼ੀਸ਼ਨ ਡੀਟੈਕਸ਼ਨ ਕੈਮਰਾ, ਲੈਂਡਰ ਹੈਜ਼ਰਡ ਡੀਟੈਕਸ਼ਨ ਐਾਡ ਅਵਾਇਡੈਂਸ ਕੈਮਰਾ ਜਿਹੇ ਢੇਰ ਪ੍ਰਬੰਧ ਕੀਤੇ ਗਏ ਹਨ | ਕਦੇ ਡੇਜ਼ ਤੁਰੰਤ ਅਤੇ ਕਦੇ ਹੌਲੀ ਬਰੇਕਾਂ ਮਾਰਦਾ ਇਹ ਪੰਦਰਾਂ ਮਿੰਟ ਲਾ ਦੇਵੇਗਾ ਚੰਨ ਦੇ ਐਨ ਨੇੜੇ ਜਾ ਕੇ ਵੀ | ਵਿਕਰਮ ਉੱਤੇ ਤਿੰਨ ਯੰਤਰ ਹਨ: ਲੈਂਗਮਿਊਰ ਪਰੋਬ, ਥਰਮਲ ਪਰੋਬ ਤੇ ਸਿਸਮੋ ਮੀਟਰ | ਸਿਸਮੋ ਮੀਟਰ ਚੰਨ ਉੱਤਲੇ ਭੁਚਾਲਾਂ ਦੀ ਜਾਣਕਾਰੀ ਲਈ ਹੈ | ਲੈਂਗਮਿਊਰ ਪਰੋਬ ਚੰਨ ਦੇ ਇਲੈਕਟਰਾਨ ਪਲਾਜ਼ਮਾ ਦੇ ਅਧਿਐਨ ਲਈ ਹੈ | ਚੰਨ ਦੇ ਤਾਪਮਾਨ ਦੇ ਬਦਲਦੇ ਗਰਾਫ਼ ਦੀ ਜਾਣਕਾਰੀ ਚੇਸਟ ਨਾਂਅ ਦੀ ਥਰਮਲ ਪਰੋਬ ਦੇਵੇਗੀ | ਨਾਸਾ ਦਾ ਲੇਜ਼ਰ ਰਿਫਲੈਕਟਰ ਅਰੇ ਚੰਨ ਉੱਤੇ ਤੁਰਦੇ ਫਿਰਦੇ ਵਿਕਰਮ ਉੱਤੇ ਨਜ਼ਰ ਰੱਖੇਗਾ |
ਲਾਂਚ ਉਪਰੰਤ ਚੰਦਰਯਾਨ-2 ਤਿੰਨ ਲੱਖ ਚੁਰਾਸੀ ਹਜ਼ਾਰ ਕਿਲੋਮੀਟਰ ਦਾ ਪੰਧ ਸਿੱਧਾ ਇਕਦਮ ਤੈਅ ਨਹੀਂ ਕਰੇਗਾ | ਪੰਜਾਹ ਦਿਨ ਬਾਅਦ ਸਤੰਬਰ ਛੇ ਜਾਂ ਸੱਤ ਨੂੰ ਇਸ ਦੇ ਆਰਬਾਈਟਰ ਵਲੋਂ ਚੰਨ ਉੱਤੇ ਲੈਂਡਰ ਉਤਾਰਨ ਦਾ ਪ੍ਰੋਗਰਾਮ ਹੈ | ਲੈਂਡਰ ਉਤਾਰਨ ਵੇਲੇ ਹੀ ਨਹੀਂ, ਉਸ ਤੋਂ ਪਹਿਲਾਂ ਤੇ ਪਿੱਛੋਂ ਵੀ ਆਰਬਾਈਟਰ ਚੰਨ ਤੋਂ ਇਕ ਸੌ ਕਿਲੋਮੀਟਰ ਦੂਰੀ ਉੱਤੇ ਉਸ ਦੀ ਪਰਿਕਰਮਾ ਕਰਦਾ ਰਹੇਗਾ | ਇਹ ਪਰਿਕਰਮਾ ਇਹ ਇਕ ਸਾਲ ਲਈ ਕਰੇਗਾ | 12 ਅਗਸਤ, 1919 ਨੂੰ ਜਨਮੇ ਭਾਰਤੀ ਪੁਲਾੜ ਵਿਗਿਆਨ ਦੇ ਮੋਢੀ ਵਿਕਰਮ ਸਾਰਾਭਾਈ ਦਾ ਜਨਮ ਸ਼ਤਾਬਦੀ ਵਰ੍ਹਾ ਹੈ ਇਹ | ਚੰਦਰ ਯਾਨ-2 ਉਸ ਨੂੰ ਵਧੀਆ ਸ਼ਰਧਾਂਜਲੀ ਹੈ ਜੋ ਉਸ ਦੀਆਂ ਪੈੜਾਂ ਉੱਤੇ ਚਲਦੇ ਹੋਏ ਇਸਰੋ ਦੀ ਵੱਡੀ ਪ੍ਰਾਪਤੀ ਹੈ | ਚੇਤੇ ਰਹੇ ਸਾਰਾਭਾਈ ਨੇ ਨੋਬਲ ਪੁਰਸਕਾਰ ਵਿਜੇਤਾ ਸੀ.ਵੀ. ਰਮਨ ਦੀ ਨਿਗਰਾਨੀ ਹੇਠ ਭੌਤਿਕ ਵਿਗਿਆਨ ਦੀ ਡਾਕਟਰੇਟ ਡਿਗਰੀ ਲਈ ਸੀ |
ਪਰਾਗਿਆਨ ਰੋਵਰ ਉਤਲਾ ਲੇਜ਼ਰ ਇੰਡੂਸਡ ਬਰੇਕਡਾਊਨ ਸਪੈਕਟਰੋਸਕੋਪ ਚੰਨ ਦੀ ਮਿੱਟੀ ਵਿਚ ਖਣਿਜਾਂ ਦੀ ਜਾਂਚ ਕਰੇਗਾ | ਰੋਵਰ ਉੱਤੇ ਇਕ ਐਲਫ਼ਾ ਪਾਰਟੀਕਲ ਇੰਡਯੂਸਡ ਸਪੈਕਟਰੋਸਕੋਪ ਵੀ ਹੈ | ਇਹ ਚੰਨ ਦੀਆਂ ਚਟਾਨਾਂ ਵਿਚ ਸੋਡੀਅਮ, ਮੈਗਨੀਸ਼ੀਅਮ, ਅਲਮੀਨੀਅਮ, ਸਿਲੀਕਾਨ, ਯੈਟਰੀਅਮ, ਜ਼ਿਰਕੋਨੀਅਮ ਤੇ ਸਟਰਾਂਸ਼ੀਅਮ ਜਿਹੇ ਤੱਤਾਂ ਦਾ ਪਤਾ ਲਾਏਗਾ |
ਚੰਨ ਉੱਤੇ ਅਮਰੀਕੀ ਝੰਡਾ ਸਭ ਤੋਂ ਪਹਿਲਾਂ ਝੁੱਲਿਆ | ਰੂਸ ਤੇ ਚੀਨ ਵੀ ਆਪਣੇ ਝੰਡੇ ਉਥੇ ਗੱਡ ਚੁੱਕੇ ਹਨ | ਹੁਣ ਅਸੀਂ ਵੀ ਤਿਰੰਗਾ ਗੱਡ ਦਿੱਤਾ ਹੈ ਪਰ ਅੰਤਰਰਾਸ਼ਟਰੀ ਪੁਲਾੜੀ ਸੰਧੀ ਅਨੁਸਾਰ ਚੰਨ ਕਿਸੇ ਵੀ ਇਕ ਦੇਸ਼ ਦੀ ਮਲਕੀਅਤ ਨਾ ਕਦੇ ਸੀ, ਨਾ ਹੀ ਹੋਵੇਗੀ | ਹੱਦਾਂ/ਸਰਹੱਦਾਂ ਤੇ ਸੰਕੀਰਨ ਸੋਚ ਤੋਂ ਉੱਪਰ ਉੱਠੇ ਬਿਨਾਂ ਦੁਨੀਆ ਦੇ ਬਚਣ ਦਾ ਕੋਈ ਰਾਹ ਨਹੀਂ | ਤੰਗ ਨਜ਼ਰ ਸੰਪਰਦਾਇਕ ਸੋਚ ਵਾਲਿਆਂ ਨੂੰ ਇਹ ਗੱਲ ਛੇਤੀ ਤੋਂ ਛੇਤੀ ਸਮਝਣੀ ਪਵੇਗੀ |

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ) |
ਫੋਨ ਨੰ: 98722-60550.

ਪਾਲੀਵੁੱਡ ਝਰੋਖਾ ਨਵੀਂ ਪੀੜ੍ਹੀ ਦਾ ਚਹੇਤਾ 'ਬੱਬੂ ਮਾਨ'

ਬੱਬੂ ਮਾਨ ਦੀ ਇਕ ਫ਼ਿਲਮ ਦੇ ਗੀਤਕਾਰ ਨੇ ਮੈਨੂੰ ਇਕ ਵਾਰ ਫੋਨ ਕੀਤਾ ਕਿ ਮੈਂ ਬੱਬੂ ਦੀ ਸਬੰਧਿਤ ਫ਼ਿਲਮ ਬਾਰੇ ਠੀਕ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਸੀ | ਉਸ ਨੇ ਮੈਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਮੇਰਾ ਬੱਬੂ ਪ੍ਰਤੀ ਗਿਆਨ ਬਹੁਤ ਘੱਟ ਹੈ ਅਤੇ ਜੇਕਰ ਮੈਂ ਬੱਬੂ ਦਾ ਸਹੀ ਮੁਲਾਂਕਣ ਕਰਨਾ ਹੋਵੇ ਤਾਂ ਉਸ ਲਈ ਮੈਨੂੰ ਉਸ ਦੀ ਸ਼ਖ਼ਸੀਅਤ ਨੂੰ ਨਜ਼ਦੀਕ ਤੋਂ ਹੋ ਕੇ ਦੇਖਣਾ ਪਵੇਗਾ | ਮੈਂ ਆਪਣੇ ਇਸ ਆਲੋਚਕ ਨੂੰ ਉਸ ਵੇਲੇ ਵੀ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਸੇ ਖਾਸ ਕਾਰਨ ਕਰਕੇ ਕਿਸੇ ਵੀ ਫ਼ਿਲਮ ਦੇ ਬਾਰੇ 'ਚ ਰਾਏ ਪ੍ਰਗਟ ਨਹੀਂ ਕਰਦਾ ਹਾਂ, ਮੈਨੂੰ ਸੰਤੁਲਨ ਬਣਾਉਣਾ ਪੈਂਦਾ ਹੈ | ਹਾਂ, ਮੈਂ ਇਹ ਜ਼ਰੂਰ ਉਸ ਵੇਲੇ ਲਿਖਿਆ ਸੀ ਕਿ ਬੱਬੂ ਅੰਦਰ ਜਿਸ ਪ੍ਰਕਾਰ ਦਾ ਜਜ਼ਬਾ ਹੈ, ਉਸ ਦੀ ਤਰਜਮਾਨੀ ਫ਼ਿਲਮਾਂ 'ਚ ਸਹੀ ਪ੍ਰਕਾਰ ਨਾਲ ਹੋਈ ਹੈ |
ਉਪਰੋਕਤ ਘਟਨਾ ਨੂੰ ਕਈ ਸਾਲ ਹੋ ਗਏ ਹਨ | ਮੇਰਾ ਅੱਜ ਵੀ ਯਕੀਨ ਹੈ ਕਿ ਬੱਬੂ ਇਕ ਬਹੁ-ਪੱਖੀ ਸ਼ਖ਼ਸੀਅਤ ਵਾਲਾ ਕਲਾਕਾਰ ਹੈ | ਫ਼ਿਲਮਾਂ 'ਚ ਕਾਮਯਾਬ ਹੋਣ ਲਈ ਉਸ ਨੂੰ ਚੰਗੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਦੀ ਜ਼ਰੂਰਤ ਹੈ | ਉਸ ਦੀ ਅਭਿਨੈ-ਸ਼ੈਲੀ ਦੀ ਅਸਲੀ ਝਲਕ ਕੁਝ ਹੱਦ ਤੱਕ 'ਹਵਾਏਾ' ਵਿਚੋਂ ਜ਼ਰੂਰ ਮਿਲੀ ਸੀ ਪਰ ਬਾਕੀ ਦੀਆਂ ਫ਼ਿਲਮਾਂ 'ਚ ਉਹ ਆਪਣੀ ਪ੍ਰਤਿਭਾ ਨਾਲ ਸਹੀ ਇਨਸਾਫ਼ ਨਹੀਂ ਕਰ ਸਕਿਆ ਸੀ |
ਇਸ ਪੱਖ ਤੋਂ ਮੈਂ ਇਕ ਦਿ੍ਸ਼ਟਾਂਤ ਪੇਸ਼ ਕਰਨਾ ਚਾਹੁੰਦਾ ਹਾਂ | ਗੁਰਦਾਸ ਮਾਨ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਪਿਛੇ ਹਰੀ ਦੱਤ ਅਤੇ ਮਨੋਜ ਪੰੁਜ ਵਰਗੇ ਨਿਰਦੇਸ਼ਕਾਂ ਦਾ ਹੱਥ ਸੀ | ਹਰਭਜਨ ਮਾਨ ਨੂੰ ਮਨਮੋਹਨ ਸਿੰਘ ਨੇ ਸਟਾਰ ਦਾ ਦਰਜਾ ਦੁਆਇਆ ਸੀ | ਇਸੇ ਹੀ ਤਰ੍ਹਾਂ ਜੇਕਰ ਬੱਬੂ ਨੂੰ ਵੀ ਕੋਈ ਚੰਗਾ ਨਿਰਦੇਸ਼ਕ ਮਿਲ ਜਾਏ ਤਾਂ ਉਹ ਕਮਾਲ ਦੀ ਅਦਾਇਗੀ ਪੇਸ਼ ਕਰ ਸਕਦਾ ਹੈ |
ਵੈਸੇ ਬੱਬੂ ਦਾ ਅਸਲੀ ਨਾਂਅ ਤੇਜਿੰਦਰ ਸਿੰਘ ਮਾਨ ਹੈ | ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖੰਟ ਮਾਨ ਵਿਚ ਉਸ ਦਾ ਜਨਮ 1975 ਵਿਚ ਹੋਇਆ ਸੀ | ਬੱਬੂ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਰਿਹਾ ਹੈ | ਇਸ ਲਈ ਸੰਗੀਤ ਖੇਤਰ ਵੱਲ ਉਸ ਦਾ ਪ੍ਰੇਰਿਤ ਹੋਣਾ ਸੁਭਾਵਿਕ ਹੀ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਨੇ ਪੰਜਾਬੀ ਅਤੇ ਹਿੰਦੀ ਵਿਚ ਕਈ ਤਰ੍ਹਾਂ ਦੀਆਂ ਸੰਗੀਤ ਐਲਬਮਾਂ ਸਰੋਤਿਆਂ ਦੀ ਨਜ਼ਰ ਕੀਤੀਆਂ ਹਨ ਅਤੇ ਉਸ ਨੂੰ ਅਸੀਮਤ ਸ਼ੋਹਰਤ ਵੀ ਮਿਲੀ ਹੈ |
ਪਰ ਸਾਡਾ ਇਥੇ ਅਸਲੀ ਮੁੱਦਾ ਉਸ ਦੀ ਗਾਇਕੀ ਨਹੀਂ ਬਲਕਿ ਉਸ ਦੀ ਅਭਿਨੈ ਕਲਾ ਹੀ ਹੈ | ਇਸ ਪੱਖ ਤੋਂ ਵੀ ਬੱਬੂ ਨੇ ਵਿਭਿੰਨ ਰੰਗ ਪੇਸ਼ ਕੀਤੇ ਹਨ | ਮਿਸਾਲ ਦੇ ਤੌਰ 'ਤੇ ਜੇਕਰ ਉਸ ਦੀ 'ਰੱਬ ਨੇ ਮਿਲਾਈਆਂ ਜੋੜੀਆਂ' ਇਹ ਨੁਕਤਾ ਪੇਸ਼ ਕਰਦੀ ਸੀ ਕਿ ਪ੍ਰੇਮ ਜੋੜੀਆਂ ਤਾਂ ਕੁਦਰਤ ਦੇ ਸਹਿਯੋਗ ਨਾਲ ਬਣਦੀਆਂ ਹਨ, ਤਾਂ 'ਹਸ਼ਰ', 'ਵਿਚ ਉਸ ਨੇ ਇਹ ਸਿੱਧ ਕੀਤਾ ਕਿ ਨੌਜਵਾਨ ਪੀੜ੍ਹੀ ਹਮਦਰਦੀ ਦੀ ਮੰਗ ਕਰਦੀ ਹੈ | ਇਸੇ ਤਰ੍ਹਾਂ ਹੀ 'ਏਕਮ', 'ਹੀਰੋ ਹਿਟਲਰ', 'ਰੋਮੀਓ' ਵਿਚ ਉਸ ਦਾ ਕੈਨਵਸ ਨਵੀਨਤਾ ਪ੍ਰਦਰਸ਼ਤ ਕਰਦਾ ਸੀ | ਅਫ਼ਸੋਸ ਇਹ ਹੈ ਕਿ ਇਨ੍ਹਾਂ ਫ਼ਿਲਮਾਂ ਨੂੰ ਸੰਭਾਵਿਤ ਸਫ਼ਲਤਾ ਨਸੀਬ ਨਹੀਂ ਹੋਈ ਸੀ |
ਫ਼ਿਲਮੀ ਸਫ਼ਰ (ਚੋਣਵੀਆਂ ਫ਼ਿਲਮਾਂ) : 'ਹਵਾਏਾ' (2003), 'ਰੱਬ ਨੇ ਬਣਾਈਆਂ ਜੋੜੀਆਂ' (2006), 'ਹਸ਼ਰ' (2008), 'ਏਕਮ' (2010), 'ਹੀਰੋ ਹਿਟਲਰ ਇਨ ਲਵ' (2011), 'ਦੇਸੀ ਰੋਮੀਓ' (2012), 'ਬਾਜ਼' (2014) | ਇਨ੍ਹਾਂ ਤੋਂ ਇਲਾਵਾ ਉਸ ਨੇ 'ਵਾਹਗਾ' (2007), 'ਵਾਅਦਾ ਰਹਾ' (2008), 'ਕਰੁੱਕ' (2010), 'ਸਾਹਬ ਬੀਵੀ ਔਰ ਗੈਂਗਸਟਰ' (2011), 'ਦਿਲ ਤੈਨੂੰ ਕਰਦਾ ਹੈ ਪਿਆਰ' (2012) ਆਦਿ ਸਿਨੇਮੈਟਿਕ ਕਿਰਤਾਂ ਵਿਚ ਵੀ ਆਪਣੀ ਹਾਜ਼ਰੀ ਲੁਆਈ ਸੀ |
ਬੱਬੂ ਦੀ ਅਭਿਨੈ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਉਹ ਬਹੁਤ ਸੰਵੇਦਨਸ਼ੀਲਤਾ ਨਾਲ ਆਪਣੀ ਭੂਮਿਕਾ ਨੂੰ ਪੇਸ਼ ਕਰਦਾ ਹੈ | ਦੂਜਾ ਪੱਖ ਇਹ ਹੈ ਕਿ ਉਹ ਆਪਣੀ ਪੇਸ਼ਕਾਰੀ 'ਚ ਬਹੁਤ ਹੀ ਮੌਲਿਕ ਹੈ | ਮੁਸ਼ਕਿਲ ਇਹ ਹੈ ਕਿ ਪਟਕਥਾ ਦਾ ਟੈਂਪੋ ਉਸ ਦੇ ਨਾਲ ਇਨਸਾਫ਼ ਨਹੀਂ ਕਰਦਾ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਪੁਰਾਣੇ ਸਿਆਸਤਦਾਨਾਂ ਵਿਚ ਅੱਜ ਵਾਂਗ ਪਾੜਨ ਵਾਲੀ ਗੱਲ ਨਹੀਂ ਸੀ ਹੁੰਦੀ | ਗੁਰਬਚਨ ਸਿੰਘ ਬਾਜਵਾ ਦੀ ਚੋਣ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਆਪ ਬਟਾਲੇ ਉਨ੍ਹਾਂ ਦੀ ਚੋਣ ਵਿਚ ਹਿੱਸਾ ਲੈਣ ਲਈ ਆਏ ਸਨ ਤੇ ਭਾਸ਼ਣ ਵੀ ਦਿੱਤਾ ਸੀ | ਬਾਜਵਾ ਜੀ ਉਸ ਵਕਤ ਅਣਵੰਡੇ ਪੰਜਾਬ ਦੇ ਪੀ.ਡਬਲਿਊ.ਡੀ. ਤੇ ਜੰਗਲਾਤ ਮਹਿਕਮੇ ਦੇ ਵਜ਼ੀਰ ਸਨ | ਉਨ੍ਹਾਂ ਨਾਲ ਜਥੇਦਾਰ ਤੇਜਾ ਸਿੰਘ ਅਕਰਪੁਰੀ ਅਕਾਲੀ ਤੇ ਵਰਿਆਮ ਸਿੰਘ ਕਾਹਲੋਂ ਗੱਲਬਾਤ ਕਰ ਰਹੇ ਸਨ |

-ਮੋਬਾਈਲ : 98767-41231

ਵਣ-ਮਹਾਂਉਤਸਵ 'ਤੇ ਵਿਸ਼ੇਸ਼

ਰੁੱਤ ਰੁੱਖ ਲਾਉਣ ਦੀ ਆਈ...

ਸਾਉਣ ਦਾ ਮਹੀਨਾ, ਧਰਤ 'ਤੇ ਅਜਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ | ਹਾੜ੍ਹ ਮਹੀਨੇ ਦੀ ਕੜਕਦੀ ਧੁੱਪ, ਧਰਤ ਦੀ ਹਿੱਕ ਨੂੰ ਸਾੜ ਕੇ ਰੱਖ ਦਿੰਦੀ ਹੈ | ਸਾਉਣ ਭਾਵ ਬਰਸਾਤ ਦੀ ਆਮਦ ਧਰਤੀ 'ਤੇ ਵਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿਚ ਨਵੀਂ ਜਾਨ ਫੂਕੀ ਦਿੰਦੀ ਹੈ | ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪੰ੍ਰਤੂ ਸਾਉਣ ਮਹੀਨਾ ਖਾਸ ਮੰਨਿਆ ਜਾਂਦਾ ਹੈ:
ਆਇਆ! ਸਾਉਣ ਦਾ ਮਹੀਨਾ
ਰੁੱਖ ਲਾਉਣ ਦਾ ਮਹੀਨਾ |
ਹਰੇ-ਭਰੇ ਜੰਗਲਾਂ ਵਿਚ ਵਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਗਿਆ ਹੈ | ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਕੇ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ | ਹਾਲਾਂਕਿ ਸਾਡੇ ਗੁਰੂਆਂ, ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ:
ਦੇਰ ਆਏ ਦਰੁਸਤ ਆਏ | ਹਾਲਾਂਕਿ ਅਸੀਂ ਬਹੁਤ ਪਿਛੇ ਰਹਿ ਚੁੱਕੇ ਹਾਂ | ਪਰ ਫਿਰ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਅਸੀਂ ਅੱਜ ਵੀ ਆਪਣਾ ਫ਼ਰਜ਼ ਪਛਾਣ ਕੇ ਕਾਰਜ ਸ਼ੁਰੂ ਕਰੀਏ | ਬਰਸਾਤ ਰੁੱਤ ਆ ਚੁੱਕੀ ਹੈ, ਜਿਸ ਨੂੰ ਰੁੱਖ ਲਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ | ਇਸ ਮਹੀਨੇ ਵਣ-ਮਹਾਂਉਤਸਵ ਨੂੰ ਵੀ ਓਨੀ ਹੀ ਸ਼ਿੱਦਤ ਨਾਲ ਮਨਾਉਣਾ ਚਾਹੀਦਾ ਹੈ ਜਿੰਨੀ ਸ਼ਿੱਦਤ ਨਾਲ ਅਸੀਂ ਹੋਰ ਤਿਉਹਾਰ ਮਨਾਉਂਦੇ ਹਾਂ | ਇਨ੍ਹਾਂ ਰੁੱਖਾਂ ਦੁਆਲੇ ਸਿ੍ਸ਼ਟੀ ਦਾ ਸਭ ਚੱਕਰ ਚਲਦਾ ਹੈ | ਸਾਡੀ ਹਰ ਲੋੜ ਦੀ ਪੂਰਤੀ ਇਹ ਕਰਦੇ ਹਨ | ਖ਼ਾਸ ਕਰ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ, ਤਾਂ ਸਾਨੂੰ ਇਨ੍ਹਾਂ ਦੇ ਤਿਉਹਾਰ ਮਨਾਉਣ 'ਚ ਪੂਰਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਰੁੱਖ ਸਾਡੇ ਜਨਮ ਤੋਂ ਮਰਨ ਤੱਕ ਦੇ ਸਫ਼ਰ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁਝ ਕਹੇ-ਸੁਣੇ ਪੂਰੀ ਕਰਦੇ ਹਨ |
'ਵਣ-ਮਹਾਂਉਤਸਵ' ਨੂੰ ਮਨਾਉਣ ਦੀ ਸ਼ੁਰੂਆਤ ਬਾਰੇ ਗੱਲ ਕਰੀਏ ਤਾਂ ਮੈਂ ਇਹ ਦੱਸਣਾ ਜ਼ਰੂਰੀ ਸਮਝਾਂਗਾ ਕਿ ਸ਼ੁਰੂਆਤੀ ਦਿਨ ਸਮੇਂ ਇਸ ਉਤਸਵ ਦਾ ਨਾਂਅ 'ਰੁੱਖ ਉਗਾਓ ਉਤਸਵ' ਸੀ ਅਤੇ ਸਾਡੇ ਦੇਸ਼ ਵਿਚ ਪਹਿਲਾ ਰੁੱਖ ਉਗਾਓ ਉਤਸਵ ਸੰਨ 1947 ਦੇ ਜੁਲਾਈ ਮਹੀਨੇ 'ਰੁੱਖ ਉਗਾਓ ਸਪਤਾਹ' ਦੇ ਤੌਰ 'ਤੇ ਮਨਾਇਆ ਗਿਆ | ਕੁਝ ਲੋਕਾਂ ਨੇ ਇਸ ਨੂੰ 'ਰੁੱਖ ਬੀਜਣ ਸਪਤਾਹ' ਵੀ ਕਿਹਾ | ਇਸ ਉਤਸਵ ਦੀ ਸ਼ੁਰੂਆਤ ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਪੰਡਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ ਅਤੇ ਮੌਲਾਨਾ ਅੱਬੁਲ ਕਲਾਮ ਆਜ਼ਾਦ ਵਰਗੀਆਂ ਅਹਿਮ ਸ਼ਖ਼ਸੀਅਤਾਂ ਨੇ 'ਕਚਨਾਰ' ਦੇ ਬੂਟੇ ਲਾ ਕੇ ਕੀਤੀ ਸੀ | ਸੰਨ 1950 ਵਿਚ ਸ੍ਰੀ ਕੇ.ਐਮ. ਮੁਨਸ਼ੀ ਜੋ ਉਸ ਸਮੇਂ ਭਾਰਤ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸਨ, ਨੇ ਇਸ ਦਾ ਨਾਂਅ ਬਦਲ ਕੇ 'ਵਣ-ਮਹਾਂਉਤਸਵ' ਰੱਖਿਆ | ਉਨ੍ਹਾਂ ਨੇ ਰੁੱਖ ਲਾਉਣ ਦੀ ਲਹਿਰ ਕੌਮੀ ਪੱਧਰ 'ਤੇ ਚਲਾ ਕੇ ਆਮ ਲੋਕਾਂ ਦਾ ਧਿਆਨ ਵੀ ਇਸ ਵੱਲ ਦਿਵਾਇਆ | ਉਨ੍ਹਾਂ ਦੇ ਕਥਨ ਅਨੁਸਾਰ 'ਦੇਸ਼ ਦੀ ਸਮਾਜਿਕ ਆਰਥਿਕ ਦਸ਼ਾ ਵਿਚ ਰੁੱਖਾਂ ਦਾ ਆਪਣਾ ਸਥਾਨ ਹੁੰਦਾ ਹੈ | ਵਣ ਖੇਤੀਬਾੜੀ ਨਾਲ ਸਬੰਧਿਤ ਨਹੀਂ ਹੁੰਦੇ | ਸਾਡੇ ਵਣ ਅਜਿਹੇ ਅਮੁੱਕ ਸੋਮਾ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਲੱਖਾਂ ਦੀ ਗਿਣਤੀ ਵਿਚ ਵਧ ਰਹੇ ਲੋਕਾਂ ਵਾਸਤੇ ਖਾਧ ਖੁਰਾਕ ਪ੍ਰਾਪਤ ਕਰ ਸਕਦੇ ਹਾਂ | ਰੁੱਖਾਂ ਦੇ ਹੋਣ ਦਾ ਅਰਥ ਹੋਵੇਗਾ ਪਾਣੀ ਦਾ ਹੋਣਾ ਤੇ ਜੇ ਪਾਣੀ ਆਮ ਹੋਵੇ ਤਾਂ ਖੁਰਾਕ ਆਮ ਹੋ ਸਕਦੀ ਹੈ ਤੇ ਖੁਰਾਕ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਪ੍ਰਥਮ ਲੋੜ ਹੁੰਦੀ ਹੈ |'
ਇਸ ਦਿਨ ਜਾਂ ਮਹੀਨੇ ਰੁੱਖ ਲਾ ਕੇ ਕੰਮ ਖ਼ਤਮ ਨਹੀਂ ਕੀਤਾ ਜਾਂਦਾ ਬਲਕਿ ਸ਼ੁਰੂ ਕੀਤਾ ਜਾਂਦਾ ਹੈ ਜੋ ਕਦੇ ਖਾਦ ਪਾਉਣ, ਪਾਣੀ ਲਾਉਣ, ਪਸ਼ੂ-ਪੰਛੀਆਂ ਤੋਂ ਬਚਾਉਣ, ਸੋਕੇ ਜਾਂ ਹੜ੍ਹਾਂ ਆਦਿ ਤੋਂ ਬਚਾਉਣ ਆਦਿ ਕਰਦਿਆਂ ਫਿਰ ਦੁਬਾਰਾ ਬਰਸਾਤ ਰੁੱਤ ਆ ਜਾਂਦੀ ਹੈ | ਸੋ, ਅਸੀਂ ਲਗਾਤਾਰ ਰੁੱਖਾਂ ਦੇ ਨਾਲ ਹੀ ਚਲਦੇ ਰਹਿੰਦੇ ਹਾਂ | ਜੇਕਰ ਰੁੱਖ ਲਾਉਣਾ ਬਹੁਤ ਮਹਾਨ ਕੰਮ ਹੈ ਤਾਂ ਉਸ ਨੂੰ ਸੰਭਾਲਣਾ ਉਸ ਤੋਂ ਵੀ ਵੱਡੀ ਮਹਾਨਤਾ ਹੈ | ਬਲਕਿ ਮੈਂ ਤਾਂ ਇਹ ਸਮਝਦਾ ਹਾਂ ਕਿ ਅੱਜ ਦੀ ਸਥਿਤੀ ਦੇ ਮੱਦੇਨਜ਼ਰ ਸਾਨੂੰ ਨਵੀਂ ਰੀਤ 'ਰੁੱਖ ਬਚਾਓ ਅੰਦੋਲਨ' ਵਰਗਾ ਕੁਝ ਕਰਨਾ ਚਾਹੀਦਾ ਹੈ |
ਕਈ ਦੇਸ਼ ਜੰਗਲਾਂ ਨਾਲ ਭਰੇ ਪਏ ਹਨ ਪਰ ਫਿਰ ਵੀ ਉਹ ਲੋਕ 'ਰੁੱਖ ਦਿਵਸ', 'ਰੁੱਖਾਂ ਦਾ ਮੇਲਾ' ਅਤੇ 'ਹਰਿਆਵਲ ਸਪਤਾਹ' ਆਦਿ ਖੂਬ ਮਨਾਉਂਦੇ ਹਨ | ਕੈਨੇਡਾ ਵਿਚ 'ਵਣ ਰਕਸ਼ਾ ਸਪਤਾਹ' ਅਨੇਕਾਂ ਅਦਾਰੇ ਮਨਾਉਂਦੇ ਹਨ ਅਤੇ ਆਮ ਲੋਕਾਂ ਨੂੰ ਜੰਗਲਾਂ ਵਿਚ ਲੱਗਣ ਵਾਲੀ ਅੱਗ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ | ਆਸਟ੍ਰੇਲੀਆ, ਅਮਰੀਕਾ, ਇਜ਼ਰਾਈਲ ਆਦਿ ਦੇਸ਼ਾਂ ਵਿਚ ਵਾਤਾਵਰਨਿਕ ਹਾਲਤਾਂ ਅਨੁਸਾਰ ਸਾਲ ਦੇ ਕਿਸੇ ਨਾ ਕਿਸੇ ਮਹੀਨੇ ਰੁੱਖਾਂ ਦੀ ਸੰਭਾਲ ਅਤੇ ਬਚਾਓ ਖਾਤਰ ਉਤਸਵ ਮਨਾਏ ਜਾਂਦੇ ਹਨ | ਜਾਪਾਨ ਦੇ ਲੋਕ ਤਾਂ ਅਪ੍ਰੈਲ ਮਹੀਨੇ ਦੇ ਇਕ ਹਫ਼ਤੇ ਨੂੰ ਕੌਮੀ ਰੁੱਖ ਤਿਉਹਾਰ ਵਜੋਂ ਮਨਾਉਂਦੇ ਹਨ | 'ਹਰਿਆਵਲ ਸਪਤਾਹ' ਨਾਮੀ ਇਸ ਹਫ਼ਤੇ ਨੂੰ ਅੱਗੇ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਸਥਾਨਾਂ ਅਨੁਸਾਰ ਜਿਵੇਂ ਕਿ 'ਮਾਰਗ ਹਰਿਆਵਲ ਦਿਵਸ', 'ਗ੍ਰਹਿ ਵਾਟਿਕਾ ਹਰਿਆਵਲ ਦਿਵਸ' ਅਤੇ 'ਸਕੂਲ ਹਰਿਆਵਲ ਦਿਵਸ' ਆਦਿ ਵਿਚ ਵੰਡ ਕੇ ਰੁੱਖ ਲਾਉਣ ਅਤੇ ਪਾਲਣ ਸਬੰਧੀ ਲੋਕਾਂ ਦਾ ਧਿਆਨ ਦਿਵਾਇਆ ਜਾਂਦਾ ਹੈ |
ਪਹਿਲਾਂ ਲੋਕ ਰੁੱਖਾਂ ਨੂੰ ਹਰ ਸਥਾਨ ਉੱਪਰ ਜਗ੍ਹਾ ਦਿੰਦੇ ਸਨ, ਚਾਹੇ ਉਹ ਘਰ, ਗਲੀ, ਪਿੰਡ ਜਾਂ ਸਾਂਝੀਆਂ ਸੰਸਥਾਵਾਂ ਹੁੰਦੀਆਂ | ਹਰ ਜਗ੍ਹਾ ਰੁੱਖ ਦੀ ਅਹਿਮੀਅਤ ਹੁੰਦੀ ਸੀ |
ਅੱਜ ਸਥਿਤੀ ਬਦਲ ਚੁੱਕੀ ਹੈ | ਸਾਡੇ ਵਣ, ਪੀਲੂ, ਜੰਡ, ਕਰੀਰ, ਲਸੂੜੇ, ਬਰਨੇ ਆਦਿ ਅਨੇਕਾਂ ਰੁੱਖ ਦਿਨ-ਬ-ਦਿਨ ਪੰਜਾਬ 'ਚੋਂ ਖਤਮ ਹੋ ਰਹੇ ਹਨ | ਸਾਨੂੰ ਰੁੱਖ ਲਾਉਣ ਵੇਲੇ ਉਨ੍ਹਾਂ ਰੁੱਖਾਂ ਨੂੰ ਤਰਜੀਹ ਜ਼ਿਆਦਾ ਦੇਣੀ ਚਾਹੀਦੀ ਹੈ ਜੋ ਲੋਪ ਹੋਣ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕੇ ਹਨ | ਸਮਾਜ ਦੇ ਹਰ ਵਰਗ, ਹਰ ਬੱਚੇ, ਜਵਾਨ, ਬਜ਼ੁਰਗ, ਹਰ ਰਿਸ਼ਤੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲਾਂ ਲਾਏ ਰੁੱਖਾਂ ਨੂੰ ਸੁੱਕਣ ਤੇ ਮੁੱਕਣ ਤੋਂ ਬਚਾਏ ਤੇ ਇਨ੍ਹਾਂ ਲਈ ਫਿਕਰਮੰਦ ਹੋਈਏ:
'ਪੀਲਾਂ ਮੁੱਕੀਆਂ, ਟਾਹਲੀਆਂ ਸੁੱਕੀਆਂ
ਸੁੱਕ ਜਾਣ ਨਾ ਰੁੱਖ ਹਰੇ ਭਰੇ
ਆਖ ਨੀ ਨਣਾਨੇ ਤੇਰੇ ਵੀਰ ਨੂੰ
ਕਦੇ ਤਾਂ ਭੋਰਾ ਫਿਕਰ ਕਰੇ |'
ਆਓ, ਅਸੀਂ ਸਭ ਰਲ ਕੇ ਇਸ ਵਣ-ਮਹਾਂਉਤਸਵ 'ਤੇ ਰੁੱਖ ਲਾਉਣ ਅਤੇ ਸੰਭਾਲਣ ਵਾਲੀ ਲਹਿਰ ਵਿਚ ਆਪਣਾ ਖੂਬ ਯੋਗਦਾਨ ਪਾ ਕੇ ਬੰਜਰ ਹੋ ਰਹੀ ਧਰਤ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਦੇਈਏ ਅਤੇ ਦੁਆ ਕਰੀਏ ਕਿ ਸਾਡੇ ਮਹਾਨ ਸਾਹਿਤਕਾਰਾਂ ਨੂੰ ਨਿਰਾਸ਼ਾ ਦੇ ਆਲਮ ਵਿਚ ਜਾ ਕੇ ਇਸ ਤਰ੍ਹਾਂ ਨਾ ਲਿਖਣਾ ਪਵੇ:
ਇਥੋਂ ਕੁਲ ਪਰਿੰਦੇ ਹੀ ਉੜ ਗਏ
ਇਥੇ ਮੇਘ ਆਉਂਦੇ ਵੀ ਮੁੜ ਗਏ
ਇਥੇ ਕਰਨ ਅੱਜਕਲ੍ਹ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ |

-ਮੋਬਾਈਲ : 98142-39041.
landscapingpeople@rediffmail.com

ਛੋਟੀ ਕਹਾਣੀ: ਬਦਲਾਅ

'ਮੰਮੀ ਰੋਟੀ ਪਾਓ ਖਾਈਏ, ਭੁੱਖ ਬਹੁਤ ਲੱਗੀ ਆ, ਅੱਜ ਤਾਂ ਸਿਖਰ ਦੁਪਹਿਰਾ ਹੋ ਗਿਆ', ਮਨਜੀਤ ਨੇ ਘਰ ਵੜਦਿਆਂ ਹੀ ਕਿਹਾ |
'ਸੁਵੱਖਤੇ ਦੀ ਬਣੀ ਪਈ ਆ, ਕਿਥੇ ਗੁਜ਼ਾਰਿਆ ਪੁੱਤ ਐਨਾ ਸਮਾਂ', ਮਾਂ ਚਿੰਤਤ ਸੀ |
'ਸੱਥ ਵਿਚ ਕੁਝ ਬਜ਼ੁਰਗ ਪੁਰਾਣੀਆਂ ਗੱਲਾਂ ਕਰਦੇ ਸੀ, ਉਥੇ ਬੈਠ ਗਿਆ ਸਾਂ ਕੁਝ ਪਲ ਬੜਾ ਆਨੰਦ ਆਇਆ, ਮਾਂ ਅੱਜ', ਮਨਜੀਤ ਨੇ ਕਿਹਾ |
ਮੈਂ ਸਦਕੇ ਜਾਵਾਂ ਮੇਰੇ ਲਾਲ ਦੇ, ਸ਼ੁਕਰ ਆ ਰੱਬਾ ਤੇਰਾ ਜੇ ਸਾਡੇ ਨੌਜਵਾਨਾਂ ਨੇ ਇਧਰ ਸੱਥਾਂ ਵੱਲ ਨੂੰ ਪੈਰ ਮੋੜਿਆ | ਨਹੀਂ ਤਾਂ ਨਵੀਂ ਪੀੜ੍ਹੀ ਕੋਲ ਘਰੇ ਮਾਂ-ਬਾਪ ਦੀ ਜਾਂ ਕੋਈ ਰਿਸ਼ਤੇਦਾਰ ਆ ਜੇ ਕਿਸੇ ਨਾਲ ਗੱਲ ਕਰਨ ਸੁਣਨ ਦਾ ਵਕਤ ਹੈਨੀ | ਦਿਨ-ਰਾਤ ਹਰੇਕ ਦੀਆਂ ਉਂਗਲਾਂ ਮੋਬਾਈਲਾਂ 'ਤੇ ਘੰੁਮਦੀਆਂ ਨਜ਼ਰ ਆਉਂਦੀਆਂ, ਤੂੰ ਕਿਵੇਂ ਭੁੱਲ ਕੇ ਸੱਥ ਵਿਚ ਬੈਠ ਗਿਆ ਸੈਂ?'
'ਨਵਾਂ ਸ਼ਬਦ ਸੁਣ ਕੇ ਆਇਆ ਹਾਂ, ਮਾਂ ਕੁਲ੍ਹ ਕੀ ਚੀਜ਼ ਹੁੰਦੀ ਹੈ |'
ਵਧਦੇ ਪਰਿਵਾਰਾਂ ਦੇ ਲ੍ਹਾਣਿਆਂ ਨੂੰ ਪੀੜ੍ਹੀਆਂ ਨੂੰ ਕੁਲ੍ਹਾਂ ਆਖਦੇ ਨੇ | ਅੱਗੇ ਜਦੋਂ ਕਿਸੇ ਲਾਗੀ ਨੂੰ ਘਰ ਵਾਲਿਆਂ ਖ਼ੈਰ ਪਾਉਣੀ ਤਾਂ ਉਸ ਨੇ ਸੌ-ਸੌ ਅਸੀਸਾਂ ਦੇਣੀਆਂ, ਤੁਹਾਡੀ ਪੀੜ੍ਹੀ ਵਧੇ ਫੁੱਲੇ, ਘਰਾਂ ਨੂੰ ਭਾਗ ਲੱਗਣ ਅਮਰ ਵੇਲ ਵਾਂਗੂੰ ਵਧੋ |'
ਜਦੋਂ ਕਿਤੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਹੋ ਜਾਂਦੀ ਤਾਂ ਪਿੰਡ ਵਿਚ ਮਾਤਮ ਛਾ ਜਾਂਦਾ, ਲੋਕ ਚੁੱਲ੍ਹੇ ਅੱਗ ਨਾ ਬਾਲਦੇ ਸਭ ਦੀਆਂ ਅੱਖਾਂ ਨਮ ਹੁੰਦੀਆਂ, ਬਈ ਇਨ੍ਹਾਂ ਦੀ ਤਾਂ ਕੁਲ੍ਹ ਹੀ ਖ਼ਤਮ ਹੋ ਗਈ |
ਹੈਾ ਮੰਮੀ ਹਰ ਰੋਜ਼ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਤੋਂ ਦਰਦਨਾਕ ਖ਼ਬਰਾਂ ਸੁਣਦੇ ਹਾਂ | ਕਿਵੇਂ ਮਾਵਾਂ ਪੁੱਤਾਂ ਦੀਆਂ ਲੋਥਾਂ 'ਤੇ ਲਿਟਦੀਆਂ ਨੇ ਪਿਟਦੀਆਂ ਨੇ, ਭੈਣਾਂ ਦੀਆਂ ਚੀਕਾਂ ਸੁਣ ਦਿਲ ਨੂੰ ਧੂ ਪੈਂਦੀ ਆ, ਬੱਚੇ ਕਿਵੇਂ ਪਿਓ ਦੀ ਉਡੀਕ ਕਰਦੇ ਨੇ, ਵਿਧਵਾ ਹੋਈਆਂ ਨੂੰ ਹੈਰੋਇਨ ਤੇ ਚਿੱਟੇ ਨੇ ਭਰ ਜਵਾਨੀ ਵਿਚ ਹੀ ਸਿਰ 'ਤੇ ਚਿੱਟੀਆਂ ਚੰੁਨੀਆਂ ਲੈਣ ਲਈ ਮਜਬੂਰ ਕਰਤਾ | ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ, ਘਰਾਂ ਦੇ ਕਿੰਨੇ ਹੀ ਚਿਰਾਗ਼ ਬੁਝ ਗਏ |
ਹਾਂ, ਮਨਜੀਤ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਹੀ ਪਰਮਾਤਮਾ ਅੱਗੇ ਇਹੋ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਤੂੰ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਜ਼ਿੰਦਗੀ ਜਿਊਣ ਦਾ ਬਲ ਬਖ਼ਸ਼ੀਂ, ਸਾਡੀ ਗੌਰਮਿੰਟ ਖੌਰੇ ਕਦੋਂ ਜਾਗੂ, ਨਸ਼ਿਆਂ ਦੇ ਸੌਦਾਗਰ ਤਾਂ ਕਾਨੂੰਨ ਅਤੇ ਜੇਲ੍ਹਾਂ ਤੋਂ ਕੋਹਾਂ ਦੂਰ ਨੇ | ਕੀ ਪਤਾ ਸਾਡੇ ਪ੍ਰਬੰਧਕ ਕਦੋਂ ਕੋਈ ਉਪਰਾਲਾ ਕਰਕੇ ਇਨ੍ਹਾਂ ਦੇ ਨੱਥ ਪਾਉਣਗੇ |
ਫਿਰ ਕਿਤੇ ਜਾ ਕੇ ਸਾਡੇ ਨੌਜਵਾਨਾਂ ਦਾ ਭਵਿੱਖ, 'ਰੰਗਲਾ ਪੰਜਾਬ' ਅਤੇ ਬਚਦੀਆਂ ਕੁਲ੍ਹਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ |

-ਪਿੰਡ ਤੇ ਡਾਕ: ਸੈਦੋਕੇ, ਤਹਿ: ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ |
ਮੋਬਾਈਲ : 97795-27418.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX