ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਹੋਰ ਖ਼ਬਰਾਂ..

ਸਾਡੀ ਸਿਹਤ

ਜ਼ਰੂਰੀ ਹੈ ਦੰਦਾਂ ਦੀ ਨਿਯਮਿਤ ਸਫ਼ਾਈ

ਤੁਹਾਡੀ ਮੁਸਕਾਨ ਵਿਚ ਬੇਹੱਦ ਯੋਗਦਾਨ ਹੁੰਦਾ ਹੈ ਤੁਹਾਡੇ ਦੰਦਾਂ ਦਾ। ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਕੋਲੋਂ ਉੱਠ ਕੇ ਨਾ ਦੌੜਨ, ਇਸ ਵਾਸਤੇ ਆਪਣੇ ਮੂੰਹ ਦੀ ਬਦਬੂ ਨੂੰ ਚੈੱਕ ਕਰੋ। ਯਾਦ ਕਰੋ ਕਿ ਜਿਸ ਤਰ੍ਹਾਂ ਪੂਰੇ ਸਰੀਰ ਦੇ ਅੰਗਾਂ ਦੀ ਸਫਾਈ ਜ਼ਰੂਰੀ ਹੈ, ਉਸੇ ਤਰ੍ਹਾਂ ਦੰਦਾਂ ਦੀ ਸਫਾਈ ਵੀ ਬੇਹੱਦ ਜ਼ਰੂਰੀ ਹੈ।
ਇਸ ਦਾ ਤੁਹਾਡੀ ਸਿਹਤ 'ਤੇ ਵੀ ਅਸਰ ਪੈਂਦਾ ਹੈ। ਜੇ ਦੰਦਾਂ ਵਿਚ ਥੋੜ੍ਹੀ ਜਿਹੀ ਵੀ ਪ੍ਰੇਸ਼ਾਨੀ ਹੋਈ ਤਾਂ ਤੁਹਾਡਾ ਪੂਰਾ ਸਰੀਰ ਕਰਾਹੁਣ ਲੱਗੇਗਾ। ਤੁਹਾਨੂੰ ਨਾ ਦਿਨ ਵਿਚ ਚੈਨ ਆਵੇਗੀ ਅਤੇ ਨਾ ਰਾਤ ਨੂੰ, ਇਸ ਲਈ ਦੰਦਾਂ ਦੀ ਸਫਾਈ ਬੇਹੱਦ ਜ਼ਰੂਰੀ ਹੈ। ਸਫਾਈ ਨਹੀਂ ਕਰੋਗੇ ਤਾਂ ਮੂੰਹ ਵਿਚੋਂ ਬਦਬੂ ਵੀ ਆਵੇਗੀ ਅਤੇ ਤੁਹਾਡੇ ਕੋਲ ਬੈਠਾ ਕੋਈ ਤੁਹਾਡੇ ਨਾਲ ਗੱਲ ਨਹੀਂ ਕਰੇਗਾ। ਸਭ ਤੁਹਾਡੇ ਤੋਂ ਦੂਰ ਭੱਜਣਗੇ। ਇਸ ਲਈ ਦੰਦਾਂ ਦੀ ਹਰ ਰੋਜ਼ ਸਫ਼ਾਈ ਕਰਨੀ ਜ਼ਰੂਰੀ ਹੈ। ਦੰਦਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਮਿੱਠੇ ਖਾਧ ਪਦਾਰਥ। ਹੁਣ ਕਿਉਂਕਿ ਮਿੱਠਾ ਵੀ ਸਰੀਰ ਲਈ ਬੇਹੱਦ ਜ਼ਰੂਰੀ ਹੈ ਤਾਂ ਉਸ ਨੂੰ ਵੀ ਨਹੀਂ ਛੱਡਿਆ ਜਾ ਸਕਦਾ ਅਤੇ ਕੁਝ ਲੋਕ ਤਾਂ ਮਿੱਠਾ ਖਾਣ ਦੇ ਜ਼ਿਆਦਾ ਸ਼ੌਕੀਨ ਹੁੰਦੇ ਹੀ ਹਨ। ਇਸ ਲਈ ਬਿਹਤਰ ਹੋਵੇਗਾ ਕਿ ਦਿਨ ਵਿਚ ਦੋ ਵਾਰ ਬੁਰਸ਼ ਜ਼ਰੂਰ ਕੀਤਾ ਜਾਵੇ ਅਤੇ ਕੁਝ ਵੀ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ ਤਾਂ ਕਿ ਦੰਦਾਂ ਵਿਚ ਫਸੇ ਖਾਧ ਪਦਾਰਥ ਨਿਕਲ ਜਾਣ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਬੁਰਸ਼ ਜ਼ਰੂਰ ਕਰੋ। ਇਸ ਨਾਲ ਦਿਨ ਭਰ ਲਈ ਪ੍ਰੇਸ਼ਾਨੀ ਨਹੀਂ ਵਧੇਗੀ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਬੁਰਸ਼ ਕਰ ਲਓ ਤਾਂ ਰਾਤ ਭਰ ਦੰਦਾਂ ਵਿਚ ਬੈਕਟੀਰੀਆ ਆਪਣੀ ਮਨਮਰਜ਼ੀ ਨਹੀਂ ਕਰ ਸਕਣਗੇ। ਇਸ ਨਾਲ ਉਨ੍ਹਾਂ ਨੂੰ ਪਨਪਣ ਦਾ ਮੌਕਾ ਨਹੀਂ ਮਿਲੇਗਾ।
ਸਾਫਟ ਬ੍ਰਿਸਲਸ ਵਾਲਾ ਬੁਰਸ਼ ਹੀ ਲਓ। ਇਸ ਨਾਲ ਦੰਦਾਂ ਦੀ ਸਫਾਈ ਕਰਦੇ ਸਮੇਂ ਕੋਈ ਦਿੱਕਤ ਨਹੀਂ ਆਵੇਗੀ। ਆਪਣੇ ਬੁਰਸ਼ ਦੀ ਸਫਾਈ ਦਾ ਵੀ ਖਿਆਲ ਰੱਖੋ। ਉਸ ਨੂੰ ਸਮੇਂ-ਸਮੇਂ 'ਤੇ ਗਰਮ ਪਾਣੀ ਨਾਲ ਉਬਾਲਦੇ ਰਹਿਣਾ ਚਾਹੀਦਾ ਹੈ। ਇਸ ਨਾਲ ਉਸ ਵਿਚ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਨਹੀਂ ਰਹੇਗਾ।
3-4 ਮਹੀਨਿਆਂ ਵਿਚ ਆਪਣਾ ਟੁੱਥਬੁਰਸ਼ ਬਦਲ ਲਓ। ਕਿਸੇ ਦੂਜੇ ਦੇ ਬੁਰਸ਼ ਨੂੰ ਕਦੇ ਮੂੰਹ ਵਿਚ ਨਾ ਪਾਓ। ਨਾ ਹੀ ਬੱਚਿਆਂ ਨੂੰ ਕਿਸੇ ਦਾ ਬੁਰਸ਼ ਮੂੰਹ ਵਿਚ ਪਾਉਣ ਦਿਓ। ਭਾਵੇਂ ਹੀ ਹੱਥ ਦੀ ਉਂਗਲੀ ਨਾਲ ਪੇਸਟ ਦੰਦਾਂ ਅਤੇ ਮਸੂੜਿਆਂ 'ਤੇ ਰਗੜੋ ਪਰ ਆਪਣੇ ਟੁੱਥ ਬੁਰਸ਼ ਦੀ ਹੀ ਵਰਤੋਂ ਕਰੋ ਅਤੇ ਉਸ ਦੀ ਵੀ ਸਾਫ਼-ਸਫ਼ਾਈ ਦਾ ਧਿਆਨ ਰੱਖੋ। ਬੁਰਸ਼ ਦਾ ਆਕਾਰ ਜ਼ਿਆਦਾ ਵੱਡਾ ਨਾ ਹੋਵੇ। ਛੋਟਾ ਹੀ ਠੀਕ ਰਹੇਗਾ। ਉਸ ਦੇ ਬ੍ਰਿਸਲਸ ਆਦਿ ਸਾਫਟ ਹੋਣਗੇ ਤਾਂ ਦੰਦਾਂ ਅਤੇ ਮਸੂੜਿਆਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਬੁਰਸ਼ ਕਰਦੇ ਸਮੇਂ ਬੁਰਸ਼ ਨੂੰ ਮਸੂੜਿਆਂ ਤੋਂ 45 ਡਿਗਰੀ ਦੇ ਕੋਣ 'ਤੇ ਰੱਖੋ। ਉਸ ਨੂੰ ਹੌਲੀ-ਹੌਲੀ ਦੰਦਾਂ ਅਤੇ ਮਸੂੜਿਆਂ 'ਤੇ ਗੋਲ-ਗੋਲ ਘੁਮਾਓ। ਜ਼ਿਆਦਾ ਰਗੜੋ ਨਾ। ਇਸ ਨਾਲ ਦੰਦਾਂ ਦੀ ਚਮਕ ਖੋ ਸਕਦੀ ਹੈ ਅਤੇ ਮਸੂੜੇ ਵੀ ਛਿੱਲ ਹੋ ਸਕਦੇ ਹਨ।
ਆਰਾਮ ਨਾਲ ਬੁਰਸ਼ ਕਰੋ। ਅੰਦਰ-ਬਾਹਰ, ਉੱਪਰ-ਹੇਠਾਂ ਚਾਰੋ ਪਾਸੇ ਬੁਰਸ਼ ਇਸੇ ਤਰ੍ਹਾਂ ਨਾਲ ਕਰੋ। ਬੁਰਸ਼ ਕਰਦੇ ਸਮੇਂ ਆਪਣੀ ਜੀਭ ਨੂੰ ਵੀ ਸਾਫ਼ ਕਰ ਲਓ ਤਾਂ ਕਿ ਉਸ 'ਤੇ ਜੋ ਬੈਕਟੀਰੀਆ ਹੋਵੇ, ਉਹ ਵੀ ਸਾਫ਼ ਹੋ ਜਾਵੇ। ਇਸ ਨਾਲ ਮੂੰਹ ਵਿਚੋਂ ਬਦਬੂ ਵੀ ਨਹੀਂ ਆਵੇਗੀ। ਇਸ ਤਰ੍ਹਾਂ ਪੂਰੇ ਮੂੰਹ ਦੀ ਸਫ਼ਾਈ ਵੀ ਹੋ ਜਾਵੇਗੀ।
ਲਗਪਗ 3-4 ਮਿੰਟ ਤੱਕ ਬੁਰਸ਼ ਕਰਨਾ ਚਾਹੀਦਾ ਹੈ। ਦਿਨ ਵਿਚ ਦੋ ਵਾਰ ਬੁਰਸ਼ ਕਰਨਾ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ। ਦੰਦਾਂ ਦੀ ਜ਼ਿਆਦਾ ਕਸਰਤ ਵੀ ਨਹੀਂ ਕਰਨੀ ਚਾਹੀਦੀ। ਮਸੂੜਿਆਂ 'ਤੇ ਹੱਥ ਨਾਲ ਮਾਲਿਸ਼ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਉਹ ਮਜ਼ਬੂਤੀ ਨਾਲ ਦੰਦਾਂ ਨੂੰ ਜਕੜੀ ਰੱਖਣ।
ਦੰਦਾਂ ਦੀ ਸਫਾਈ ਵਿਚ ਜੇ ਲਾਪ੍ਰਵਾਹੀ ਨਹੀਂ ਕਰੋਗੇ ਤਾਂ ਫਿਰ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ। ਸਰੀਰ ਦੇ ਬਾਕੀ ਅੰਗਾਂ ਦੇ ਨਾਲ-ਨਾਲ ਇਨ੍ਹਾਂ ਦੀ ਸਫਾਈ ਵੀ ਹਰ ਰੋਜ਼ ਜ਼ਰੂਰੀ ਹੈ।


ਖ਼ਬਰ ਸ਼ੇਅਰ ਕਰੋ

ਫੁੱਲਾਂ ਨਾਲ ਪਾਓ ਚੰਗੀ ਸਿਹਤ

ਗੁਲਾਬ : ਗੁਲਾਬ ਦੇ ਬਿਨਾਂ ਤਾਂ ਫੁੱਲਾਂ ਦੀ ਪਛਾਣ ਅਧੂਰੀ ਹੈ। ਇਹ ਫੁੱਲ ਬਹੁਤ ਗੁਣਵਾਨ ਹੈ। ਸਿਰਫ ਦੇਸੀ ਗੁਲਾਬ ਜੋ ਗੁਲਾਬੀ ਅਤੇ ਲਾਲ ਰੰਗ ਲਈ ਹੁੰਦਾ ਹੈ, ਵਿਚ ਕਾਫੀ ਖੁਸ਼ਬੂ ਹੁੰਦੀ ਹੈ। ਇਨ੍ਹਾਂ ਫੁੱਲਾਂ ਦਾ ਗੁਲਕੰਦ ਗਰਮੀ ਦੀਆਂ ਕਈ ਬਿਮਾਰੀਆਂ ਨੂੰ ਸ਼ਾਂਤ ਕਰਦਾ ਹੈ। ਗੁਲਾਬ ਜਲ ਨਾਲ ਅੱਖਾਂ ਧੋਣ ਨਾਲ ਅੱਖਾਂ ਦੀ ਜਲਣ ਵਿਚ ਆਰਾਮ ਮਿਲਦਾ ਹੈ। ਗੁਲਾਬ ਦਾ ਇਤਰ ਮਨ ਨੂੰ ਖੁਸ਼ੀ ਦਿੰਦਾ ਹੈ। ਗੁਲਾਬ ਦਾ ਤੇਲ ਦਿਮਾਗ ਨੂੰ ਠੰਢਾ ਰੱਖਦਾ ਹੈ ਅਤੇ ਗੁਲਾਬ ਜਲ ਦੀ ਵਰਤੋਂ ਅਨੇਕ ਉਬਟਨਾਂ ਆਦਿ ਵਿਚ ਕੀਤੀ ਜਾਂਦੀ ਹੈ।
ਗੇਂਦਾ : ਮੱਛਰਾਂ ਦਾ ਪ੍ਰਕੋਪ ਘੱਟ ਜਾਂ ਦੂਰ ਕਰਨਾ ਹੋਵੇ ਤਾਂ ਘਰ ਦੇ ਆਸ-ਪਾਸ ਗੇਂਦੇ ਦੇ ਬੂਟੇ ਲਗਾਓ। ਇਸ ਦੀ ਗੰਧ ਨਾਲ ਮੱਛਰ ਦੂਰ ਭੱਜਦੇ ਹਨ। ਚਮੜੀ-ਰੋਗ ਹੋਣ ਜਾਂ ਸਰੀਰ ਦੇ ਕਿਸੇ ਹਿੱਸੇ ਵਿਚ ਸੋਜ ਆ ਜਾਣ 'ਤੇ ਇਨ੍ਹਾਂ ਫੁੱਲਾਂ ਨੂੰ ਪੀਸ ਕੇ ਪੇਸਟ ਬਣਾ ਕੇ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਕਮਲ : ਉਂਝ ਤਾਂ ਕਮਲ ਦਾ ਫੁੱਲ ਕਈ ਰੰਗਾਂ ਵਿਚ ਆਉਂਦਾ ਹੈ ਪਰ ਜ਼ਿਆਦਾਤਰ ਲਾਲ ਅਤੇ ਸਫੈਦ ਹੀ ਹੁੰਦਾ ਹੈ। ਇਸ ਦੀਆਂ ਪੰਖੜੀਆਂ ਨੂੰ ਪੀਸ ਕੇ ਚਿਹਰੇ 'ਤੇ ਮਲਣ ਨਾਲ ਸੁੰਦਰਤਾ ਵਧਦੀ ਹੈ। ਇਸ ਦੇ ਫੁੱਲਾਂ ਦੇ ਪਰਾਗ ਨਾਲ ਮਧੂ ਮੱਖੀਆਂ ਸ਼ਹਿਦ ਬਣਾਉਂਦੀਆਂ ਹਨ।
ਬੇਲਾ : ਇਹ ਫੁੱਲ ਵੀ ਬਹੁਤ ਜ਼ਿਆਦਾ ਸੁਗੰਧ ਵਾਲੇ ਹੁੰਦੇ ਹਨ। ਇਹ ਫੁੱਲ ਗਰਮੀ ਵਿਚ ਕੁਝ ਜ਼ਿਆਦਾ ਹੀ ਫੁੱਲਦਾ ਹੈ। ਵੇਲ ਦੇ ਫੁੱਲਾਂ ਦਾ ਹਾਰ ਜਾਂ ਫੁੱਲ ਆਪਣੇ ਕੋਲ ਰੱਖਣ ਨਾਲ ਪਸੀਨੇ ਦੀ ਬਦਬੂ ਨਹੀਂ ਆਉਂਦੀ। ਇਸ ਦੀਆਂ ਕਲੀਆਂ ਨੂੰ ਚਬਾਉਣ ਨਾਲ ਔਰਤਾਂ ਵਿਚ ਮਾਸਕ ਧਰਮ ਦੀ ਰੁਕਾਵਟ ਦੂਰ ਹੋਣ ਵਿਚ ਮਦਦ ਮਿਲਦੀ ਹੈ।
ਚੰਪਾ : ਇਹ ਤਿੰਨ ਰੰਗਾਂ ਵਿਚ ਮਿਲਦਾ ਹੈ-ਸਫੈਦ, ਲਾਲ ਅਤੇ ਪੀਲਾ, ਜਿਸ ਨੂੰ ਸਵਰਣ ਚੰਪਾ ਵੀ ਕਹਿੰਦੇ ਹਨ ਪਰ ਸਵਰਣ ਚੰਪਾ ਬਹੁਤ ਘੱਟ ਦੇਖਣ ਵਿਚ ਮਿਲਦਾ ਹੈ। ਜ਼ਿਆਦਾਤਰ ਸਫੈਦ ਚੰਪਾ ਹੀ ਦਿਖਾਈ ਦਿੰਦਾ ਹੈ। ਇਸ ਦਾ ਰੁੱਖ ਕਾਫੀ ਉੱਚਾ ਹੁੰਦਾ ਹੈ। ਚੰਪਾ ਦੇ ਫੁੱਲਾਂ ਨੂੰ ਸੁਕਾ ਕੇ ਚੂਰਨ ਬਣਾਓ ਅਤੇ ਤੇਲ ਵਿਚ ਮਿਲਾ ਕੇ ਖੁਜਲੀ ਵਾਲੇ ਹਿੱਸੇ 'ਤੇ ਲਗਾਓ। ਤੁਰੰਤ ਰਾਹਤ ਮਿਲੇਗੀ। ਸਵਰਣ ਚੰਪਾ ਕੁਸ਼ਠਰੋਗ ਵਿਚ ਕਾਰਗਰ ਸਿੱਧ ਹੁੰਦਾ ਹੈ।
ਪਾਰਿਜਾਤ : ਪਾਰਿਜਾਤ ਦੇ ਫੁੱਲ ਬਹੁਤ ਨਜ਼ਾਕਤ ਭਰੇ ਹੁੰਦੇ ਹਨ। ਇਨ੍ਹਾਂ ਫੁੱਲਾਂ ਦੀਆਂ ਛੋਟੀਆਂ-ਛੋਟੀਆਂ ਡੰਡੀਆਂ ਨੂੰ ਸਰੀਰ 'ਤੇ ਮਲਣ ਨਾਲ ਉਨ੍ਹਾਂ 'ਤੇ ਆਇਆ ਹਲਕਾ ਕੇਸਰਿਆ ਰੰਗ ਸੁੰਦਰ ਦਿਖਾਈ ਦਿੰਦਾ ਹੈ। ਇਹ ਫੁੱਲ ਗਠੀਆ ਰੋਗ ਦਾ ਇਲਾਜ ਕਰਦਾ ਹੈ। ਇਨ੍ਹਾਂ ਫੁੱਲਾਂ ਦਾ ਕਾੜ੍ਹਾ ਬਣਾ ਕੇ ਪੀਣਾ ਚਾਹੀਦਾ ਹੈ।
ਨਿੰਮ : ਨਿੰਮ ਦੇ ਫੁੱਲਾਂ ਦੀ ਲੁਗਦੀ ਬਣਾ ਕੇ ਕਿਸੇ ਵੀ ਤਰ੍ਹਾਂ ਦੇ ਚਮੜੀ ਰੋਗ 'ਤੇ ਲਗਾਉਣ ਨਾਲ ਰੋਗ ਦੂਰ ਹੁੰਦਾ ਹੈ। ਨਿੰਮ ਦਾ ਰੁੱਖ ਕਲਪਬ੍ਰਿਖ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੀਆਂ ਕੋਮਲ ਡੰਡੀਆਂ ਦੀ ਦਾਤਣ ਕੀਤੀ ਜਾਂਦੀ ਹੈ। ਨਿੰਮ ਦੇ ਪੱਤਿਆਂ ਨੂੰ ਪੀਸ ਕੇ ਰਸ ਕੱਢ ਕੇ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਦੇ ਲੇਪ ਨਾਲ ਮੁਹਾਸਿਆਂ ਅਤੇ ਹੋਰ ਚਰਮ ਰੋਗਾਂ ਵਿਚ ਲਾਭ ਹੁੰਦਾ ਹੈ।

ਨਵਜੰਮੇ ਬੱਚੇ ਦੀ ਸੰਭਾਲ ਅਤੇ ਮੁਸ਼ਕਲਾਂ

ਜਣੇਪੇ ਉਪਰੰਤ ਨਵਜੰਮੇ ਬੱਚੇ ਦੀ ਸੰਭਾਲ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਜਾਣੂ ਹੋਣਾ ਮਾਂ ਜਾਂ ਮਾਂ-ਬੱਚੇ ਦੀ ਸੰਭਾਲ ਕਰਨ ਵਾਲੀਆਂ ਔਰਤਾਂ ਲਈ ਲਾਜ਼ਮੀ ਹੈ। ਬੱਚੇ ਦੇ ਜਨਮ ਤੋਂ ਬਾਅਦ ਬਾਲ ਨੂੰ ਚੰਗੀ ਤਰ੍ਹਾਂ ਪੂੰਝ ਕੇ, ਨਰਮ ਕੱਪੜੇ ਪਹਿਨਾ ਕੇ ਮਾਂ ਦੇ ਨਾਲ ਹੀ ਲਿਟਾ ਕੇ ਰੱਖਣਾ ਚਾਹੀਦਾ ਹੈ। ਜਨਮ ਤੋਂ ਬਾਅਦ ਬੱਚੇ ਨੂੰ ਵਿਟਾਮਿਨ 'ਕੇ' ਦਾ ਟੀਕਾ ਲਗਾਇਆ ਜਾਂਦਾ ਹੈ। ਕੁਦਰਤੀ ਜਣੇਪੇ ਤੋਂ ਬਾਅਦ 1 ਘੰਟੇ ਦੇ ਅੰਦਰ-ਅੰਦਰ ਬਾਲ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ, ਜਿਸ ਦਾ ਮਾਂ ਤੇ ਬੱਚੇ ਦੋਵਾਂ ਨੂੰ ਫਾਇਦਾ ਹੁੰਦਾ ਹੈ। ਮਾਂ ਜਦੋਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਬਾਲ ਨੂੰ ਮਾਂ ਦਾ ਨਿੱਘ ਮਿਲਦਾ ਹੈ ਅਤੇ ਪਹਿਲਾ ਦੁੱਧ ਜਿਸ ਨੂੰ ਕਲੋਸਟਰਮ ਕਹਿੰਦੇ ਹਨ, ਬੱਚੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਹ ਦੁੱਧ ਐਂਟੀਬੌਡੀਜ਼ ਨਾਲ ਭਰਪੂਰ ਹੁੰਦਾ ਹੈ ਤੇ ਬੱਚੇ ਨੂੰ ਬਿਮਾਰੀਆਂ ਤੋਂ ਬਚਣ ਦੀ ਤਾਕਤ ਦਿੰਦਾ ਹੈ। ਸਿਜ਼ੇਰੀਅਨ ਜਣੇਪੇ ਵਾਲੀਆਂ ਮਾਵਾਂ ਨੂੰ ਜਦੋਂ ਹੀ ਠੀਕ ਲੱਗੇ, ਬੱਚੇ ਨੂੰ ਦੁੱਧ ਚੁੰਘਾਉਣਾ ਚਾਹੀਦਾ ਹੈ। ਨਵਜੰਮੇ ਬੱਚੇ ਦੇ ਨਾੜੂਏ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇ ਇਸ ਵਿਚੋਂ ਕੋਈ ਖੂਨ ਸਿੰਮ ਰਿਹਾ ਹੋਵੇ ਤਾਂ ਇਸ ਨੂੰ ਦੁਬਾਰਾ ਬੰਨ੍ਹਣਾ ਪਏਗਾ।
ਬੱਚੇ ਦੇ ਕੱਪੜੇ ਨਰਮ ਅਤੇ ਮੌਸਮ ਮੁਤਾਬਿਕ ਨਾਪ ਦੇ ਹੋਣੇ ਚਾਹੀਦੇ ਹਨ। ਜਣੇਪਾ ਹੋਣ ਤੋਂ ਪਹਿਲਾਂ ਹੀ ਬੱਚੇ ਦੇ ਕੱਪੜਿਆਂ ਦਾ ਇੰਤਜ਼ਾਮ ਕਰ ਕੇ ਰੱਖਣਾ ਚਾਹੀਦਾ ਹੈ। ਬੱਚੇ ਦੇ ਨਵੇਂ ਕੱਪੜਿਆਂ ਨੂੰ ਧੋ ਕੇ, ਧੁੱਪ ਵਿਚ ਸੁਕਾ ਕੇ ਰੱਖਣਾ ਚਾਹੀਦਾ ਹੈ। ਜਨਮ ਦੇ ਪਹਿਲੇ ਦਿਨ ਹੀ ਬੱਚੇ ਨੂੰ ਪੋਲੀਓ, ਬੀ.ਸੀ.ਜੀ., ਹੈਪੇਟਾਈਟਸ.ਬੀ ਦੀ ਵੈਕਸੀਨ ਲਗਾਈ ਜਾਂਦੀ ਹੈ। ਜੇ ਬੱਚੇ ਦੀਆਂ ਅੱਖਾਂ ਚਿਪਕ ਰਹੀਆਂ ਹੋਣ ਤਾਂ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੱਚੇ ਦਾ ਨਾੜੂਆ 5 ਤੋਂ 7 ਦਿਨਾਂ ਵਿਚ ਸੁੱਕ ਕੇ ਉਤਰ ਜਾਂਦਾ ਹੈ, ਇਸ ਉਪਰ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੁੰਦੀ। ਪਹਿਲੇ 4-5 ਦਿਨ ਬਾਲ ਦਾ ਭਾਰ ਥੋੜ੍ਹਾ ਜਿਹਾ (10 ਫੀਸਦੀ) ਘਟ ਜਾਂਦਾ ਹੈ, ਜੋ ਫਿਰ ਆਪਣੇ-ਆਪ ਵਧਣਾ ਸ਼ੁਰੂ ਹੋ ਜਾਂਦਾ ਹੈ। ਕੁਦਰਤੀ ਜਣੇਪੇ ਵੇਲੇ ਕਈ ਵਾਰੀ ਬੱਚੇ ਦੇ ਸਿਰ ਦਾ ਆਕਾਰ ਲੰਬਾ ਜਿਹਾ ਹੋ ਜਾਂਦਾ ਹੈ, ਪਰ ਜਨਮ ਤੋਂ ਬਾਅਦ ਇਹ ਆਪਣੇ-ਆਪ ਠੀਕ ਹੋ ਜਾਂਦਾ ਹੈ।
ਹਸਪਤਾਲ ਤੋਂ ਘਰ ਜਾਣ ਉਪਰੰਤ ਬੱਚੇ ਨੂੰ ਨਰਮ ਸਾਬਣ ਅਤੇ ਕੋਸੇ ਪਾਣੀ ਨਾਲ ਨੁਹਾਇਆ ਜਾ ਸਕਦਾ ਹੈ। ਬਾਲ ਨੂੰ ਲਪੇਟਣ ਵਾਲੇ ਕੱਪੜੇ ਬਹੁਤ ਵੱਡੇ ਨਹੀਂ ਹੋਣੇ ਚਾਹੀਦੇ। ਇਹ ਕੱਪੜੇ ਨਰਮ, ਧੋਤੇ ਹੋਏ ਅਤੇ ਆਕਾਰ ਵਿਚ ਚੌਰਸ ਹੋਣ ਤਾਂ ਚੰਗਾ ਹੈ, ਕਿਉਂਕਿ ਇਸ ਤਰ੍ਹਾਂ ਬੱਚੇ ਨੂੰ ਲਪੇਟਣ ਵਿਚ ਆਸਾਨੀ ਹੁੰਦੀ ਹੈ। ਸਰਦੀਆਂ ਵਿਚ ਪੈਦਾ ਹੋਏ ਬੱਚਿਆਂ ਨੂੰ ਲਪੇਟਣ ਲਈ ਬਹੁਤ ਮੋਟੇ ਕੱਪੜਿਆਂ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਬੱਚੇ ਨੂੰ ਨਿੱਘ ਮਾਂ ਤੋਂ ਜਾਂ ਜੋ ਵੀ ਕੋਈ ਵੀ ਉਸ ਨੂੰ ਚੁੱਕਦਾ ਹੈ, ਉਸ ਤੋਂ ਮਿਲਦਾ ਹੈ। ਸੋ, ਸਰਦੀਆਂ ਵਿਚ ਬੱਚੇ ਨੂੰ ਨਰਮ ਕੱਪੜੇ ਵਿਚ ਲਪੇਟ ਕੇ ਮਾਂ ਨਾਲ ਪਾ ਦਿਓ ਤਾਂ ਕਿ ਉਹ ਨਿੱਘਾ ਰਹੇ। ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਹਮੇਸ਼ਾ ਡਕਾਰ ਦਿਵਾਉਣਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਮਾਂ ਦੇ ਨਾਲ ਲਿਟਾ ਦਿਓ। ਕਈ ਵਾਰੀ ਬੱਚੇ ਦੁੱਧ ਪੀਂਦੇ-ਪੀਂਦੇ ਹੀ ਸੌਂ ਜਾਂਦੇ ਹਨ, ਅਜਿਹੀ ਸੂਰਤ ਵਿਚ ਬੱਚੇ ਨੂੰ ਟੇਢਾ ਲਿਟਾਉਣਾ ਚਾਹੀਦਾ ਹੈ, ਤਾਂ ਜੋ ਜੇਕਰ ਬੱਚਾ ਸੁੱਤੇ ਪਏ ਹੋਏ ਦੁੱਧ ਕੱਢ ਦੇਵੇ ਤਾਂ ਇਹ ਸਾਹ ਵਾਲੀ ਨਾਲੀ ਵੱਲ ਨਾ ਜਾਵੇ।
ਕੰਗਾਰੂੂ ਮਦਰ ਕੇਅਰ : ਤੁਹਾਨੂੰ ਪਤਾ ਹੀ ਹੋਣਾ ਹੈ ਕਿ ਕੰਗਾਰੂ ਕਿਵੇਂ ਆਪਣੇ ਬੱਚੇ ਨੂੰ ਆਪਣੇ ਹੀ ਸਰੀਰ ਦੀ ਇਕ ਥੈਲੀ ਵਿਚ ਪਾ ਕੇ ਰੱਖਦਾ ਹੈ, ਜਿਸ ਵਿਚੋਂ ਸਿਰਫ ਬੱਚੇ ਦਾ ਮੂੰਹ ਹੀ ਨਜ਼ਰ ਆਉਂਦਾ ਹੈ, ਬਿਲਕੁਲ ਉਵੇਂ ਹੀ ਘੱਟ ਭਾਰ ਵਾਲੇ ਅਤੇ ਨਵਜੰਮੇ ਬੱਚਿਆਂ ਨੂੰ ਇਸ ਦੀ ਲੋੜ ਹੁੰਦੀ ਹੈ। ਸੋ, ਬੱਚਿਆਂ ਨੂੰ ਆਪਣੇ ਸਰੀਰ ਨਾਲ ਲਗਾ ਕੇ ਰੱਖਣਾ ਹੁੰਦਾ ਹੈ, ਤਾਂ ਜੋ ਬੱਚਾ ਨਿੱਘਾ ਰਹੇ ਅਤੇ ਸੁਰੱਖਿਅਤ ਮਹਿਸੂਸ ਕਰੇ।

-ਐੱਮ.ਡੀ. ਗਾਇਨੀ (ਲੁਧਿਆਣਾ)।

ਬਹੁਤ ਲਾਭਦਾਇਕ ਹੈ ਧਨੀਆ

ਰਸੋਈ ਵਿਚ ਧਨੀਏ ਦਾ ਇਕ ਮਹੱਤਵਪੂਰਨ ਸਥਾਨ ਹੈ। ਧਨੀਏ ਦੇ ਪੌਦੇ ਸਹਿਤ ਹਰੇ ਪੱਤਿਆਂ ਨੂੰ ਤਾਂ ਵਰਤਿਆ ਹੀ ਜਾਂਦਾ ਹੈ, ਇਸ ਦੇ ਪੱਕੇ ਹੋਏ ਫਲ ਜੋ ਛੋਟੇ-ਛੋਟੇ ਅਤੇ ਗੋਲਾਕਾਰ ਹੁੰਦੇ ਹਨ, ਉਹ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਹਰੇ ਪੱਤਿਆਂ ਦੀ ਚਟਣੀ ਬਣਦੀ ਹੈ ਅਤੇ ਸਬਜ਼ੀਆਂ ਵਿਚ ਪੱਤਿਆਂ ਨਾਲ ਸਵਾਦ ਅਤੇ ਸੁਗੰਧ ਵਿਚ ਵੀ ਫਰਕ ਪੈਂਦਾ ਹੈ।
ਸੁੱਕੇ ਧਨੀਏ ਦਾ ਮਸਾਲਿਆਂ ਵਿਚ ਮਹੱਤਵਪੂਰਨ ਸਥਾਨ ਹੈ। ਧਨੀਏ ਤੋਂ ਬਿਨਾਂ ਕੋਈ ਵੀ ਮਸਾਲਾ ਤਿਆਰ ਨਹੀਂ ਹੁੰਦਾ। ਆਓ ਦੇਖੀਏ ਕਿ ਧਨੀਏ ਦੇ ਪੱਤਿਆਂ ਅਤੇ ਇਸ ਦੇ ਫਲਾਂ ਦਾ ਕੀ-ਕੀ ਲਾਭ ਹੈ-
* ਧਨੀਏ ਦੇ ਹਰੇ ਪੱਤੇ ਪਿੱਤਨਾਸ਼ਕ ਹੁੰਦੇ ਹਨ। ਪਿੱਤ ਜਾਂ ਕਫ ਦੀ ਸ਼ਿਕਾਇਤ ਹੋਣ 'ਤੇ ਦੋ ਚਮਚ ਧਨੀਏ ਦੇ ਹਰੇ ਪੱਤਿਆਂ ਦਾ ਰਸ ਸੇਵਨ ਕਰਨਾ ਚਾਹੀਦਾ ਹੈ। ਇਸ ਮਾਤਰਾ ਨੂੰ 3-3 ਘੰਟੇ ਦੇ ਫਰਕ ਨਾਲ ਲੈਣਾ ਚਾਹੀਦਾ ਹੈ ਪਰ ਆਰਾਮ ਆਉਣ 'ਤੇ ਬੰਦ ਕਰ ਦੇਣਾ ਚਾਹੀਦਾ ਹੈ।
* ਬੁਖਾਰ ਦੇ ਪ੍ਰਕੋਪ ਵਿਚ ਉਕਤ ਮਾਤਰਾ ਦਾ ਸੇਵਨ ਲਾਭਦਾਇਕ ਹੁੰਦਾ ਹੈ।
* ਗ੍ਰਹਿਣੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਸਾਹ, ਖੰਘ ਅਤੇ ਵਮਨ ਹੋਣ 'ਤੇ ਧਨੀਏ ਦੇ ਪੱਤਿਆਂ ਦਾ ਰਸ ਡਾਕਟਰ ਤੋਂ ਪੁੱਛ ਕੇ ਸਹੀ ਮਾਤਰਾ ਵਿਚ ਲੈਣਾ ਚਾਹੀਦਾ ਹੈ।
* ਹਰਾ ਧਨੀਆ ਜਾਂ ਸੁੱਕੇ ਧਨੀਏ ਦੇ ਫਲਾਂ ਨੂੰ ਕੁੱਟ ਕੇ ਪਾਣੀ ਵਿਚ ਉਬਾਲ ਕੇ ਚੰਗੀ ਤਰ੍ਹਾਂ ਛਾਣ ਲਓ। ਅਰਕ ਨੂੰ ਠੰਢਾ ਕਰ ਕੇ ਇਕ ਤੋਂ ਦੋ ਬੂੰਦਾਂ ਤੱਕ ਅੱਖਾਂ ਵਿਚ ਪਾਓ। ਇਸ ਨਾਲ ਜਲਣ ਅਤੇ ਪੀੜਾ ਤੋਂ ਅੱਖਾਂ ਨੂੰ ਆਰਾਮ ਮਿਲਦਾ ਹੈ। ਗਰਮੀ ਦੀ ਰੁੱਤ ਵਿਚ ਅਕਸਰ ਇਸ ਨੂੰ ਪ੍ਰਯੋਗ ਕਰਨ ਨਾਲ ਅੱਖਾਂ ਠੰਢੀਆਂ ਰਹਿੰਦੀਆਂ ਹਨ।
* ਧਨੀਏ ਦੇ ਚੂਰਨ ਨੂੰ ਮਿਸ਼ਰੀ ਨਾਲ ਬਰਾਬਰ ਮਾਤਰਾ ਵਿਚ ਇਕ ਚਮਚ ਤਾਜ਼ੇ ਪਾਣੀ ਦੇ ਨਾਲ ਲੈਣ ਨਾਲ ਪੇਟ ਦੇ ਰੋਗਾਂ ਵਿਚ ਆਰਾਮ ਮਿਲਦਾ ਹੈ। * ਧਨੀਏ ਦੇ ਹਰੇ ਪੱਤਿਆਂ ਨੂੰ ਪੀਸ ਕੇ ਇਨ੍ਹਾਂ ਨੂੰ ਛਾਣ ਲਓ। ਇਹ ਅਰਕ ਦੋ-ਦੋ ਬੂੰਦਾਂ ਨੱਕ ਵਿਚ ਟਪਕਾਉਣ ਅਤੇ ਮੱਥੇ 'ਤੇ ਮਲਣ ਨਾਲ ਨਕਸੀਰ ਬੰਦ ਹੋ ਜਾਂਦੀ ਹੈ।
ਕਿਸੇ ਚੀਜ਼ ਵਿਚ ਜੇ ਗੁਣ ਹੁੰਦੇ ਹਨ ਤਾਂ ਕੁਝ ਦੋਸ਼ ਵੀ ਹੁੰਦੇ ਹਨ। ਧਨੀਏ ਦਾ ਜ਼ਿਆਦਾ ਸੇਵਨ ਦਮੇ ਦੇ ਰੋਗੀਆਂ ਲਈ ਕਸ਼ਟਦਾਇਕ ਹੁੰਦਾ ਹੈ। ਕੁਝ ਵੀ ਹੋਵੇ, ਧਨੀਏ ਦਾ ਮਨੁੱਖੀ ਜੀਵਨ ਵਿਚ ਇਕ ਮਹੱਤਵਪੂਰਨ ਸਥਾਨ ਹੈ। ਧਨੀਆ ਅਮੀਰ-ਗਰੀਬ ਸਾਰਿਆਂ ਦੇ ਭੋਜਨ ਵਿਚ ਬਰਾਬਰ ਰੂਪ ਵਿਚ ਭਾਗੀਦਾਰ ਹੈ।

ਹੋਮਿਓਪੈਥੀ ਇਲਾਜ ਚਮੜੀ ਰੋਗ ਸੋਰਾਇਸਿਸ

ਇਹ ਇਕ ਚਮੜੀ ਦਾ ਰੋਗ ਹੈ, ਜਿਸ ਦੀ ਪਛਾਣ ਲਾਲਗੀ, ਖਾਰਸ਼ ਅਤੇ ਮੋਟੀ, ਸੁੱਕੀ, ਚੰਦੀ ਰੰਗ ਦੀ ਚਮੜੀ ਦੀ ਪਰਤ ਤੋਂ ਕੀਤੀ ਜਾਂਦੀ ਹੈ, ਜਿਸ ਵਿਚੋਂ ਚਿੱਟੇ ਰੰਗ ਦਾ ਪਾਊਡਰ ਨੁਮਾ ਪਦਾਰਥ ਝੜਦਾ ਹੈ। ਇਹ ਮੁੱਖ ਤੌਰ 'ਤੇ ਸਿਰ, ਕੰਨ, ਗਰਦਨ ਦੇ ਪਿਛਲੇ ਹਿੱਸੇ, ਪੇਟ, ਕੂਹਣੀਆਂ, ਲੱਤਾਂ ਦੇ ਹੇਠਲੇ ਹਿੱਸੇ 'ਤੇ ਹੁੰਦੀ ਹੈ।
ਕਾਰਨ : ਆਮ ਤੌਰ 'ਤੇ ਚਮੜੀ ਦੇ ਨਵੇਂ ਬਣਦੇ ਸੈੱਲਾਂ ਨੂੰ ਬਾਹਰਲੀ ਪਰਤ ਤੱਕ ਆਉਣ ਲਈ ਇਕ ਮਹੀਨੇ ਦਾ ਸਮਾਂ ਲਗਦਾ ਹੈ ਪਰ ਇਸ ਬਿਮਾਰੀ ਵਿਚ ਇਹ ਪ੍ਰਕਿਰਿਆ ਬਹੁਤ ਤੇਜ਼ ਹੋ ਜਾਂਦੀ ਹੈ ਅਤੇ ਇਕ ਹਫ਼ਤੇ ਵਿਚ ਇਹ ਸੈੱਲ ਉੱਪਰ ਆ ਜਾਂਦੇ ਹਨ, ਜਿਸ ਕਾਰਨ ਚਮੜੀ ਦੀਆਂ ਪੁਰਾਣੀਆਂ ਅਤੇ ਨਵੀਆਂ ਪਰਤਾਂ ਜਮ੍ਹਾਂ ਹੋ-ਹੋ ਕੇ ਇਕ ਮੋਟੀ ਪਰਤ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਸਭ ਕੁਝ ਮਰੀਜ਼ ਦੇ ਜੀਨਸ ਵਿਚ ਆਈ ਖਰਾਬੀ ਕਾਰਨ ਹੁੰਦਾ ਹੈ। ਮੁੱਖ ਰੂਪ ਵਿਚ ਇਹ ਬਿਮਾਰੀ ਜੈਨੇਟਿਕ ਪੱਧਰ 'ਤੇ ਆਈ ਖਰਾਬੀ ਕਾਰਨ ਹੁੰਦੀ ਹੈ।
ਲੱਛਣ : * ਚਾਂਦੀ ਰੰਗੀ ਪਰਤ ਨਾਲ ਢਕੇ ਹੋਏ ਸੁੱਕੇ ਅਤੇ ਲਾਲ ਧੱਬੇ।
* ਚਮੜੀ 'ਤੇ ਉੱਭਰੇ ਹੋਏ ਲਾਲ ਕਿਨਾਰੇ, ਜਿਨ੍ਹਾਂ ਵਿਚ ਚੀਰੇ ਆ ਜਾਂਦੇ ਹਨ ਅਤੇ ਦਰਦ ਹੁੰਦਾ ਹੈ।
* ਬਹੁਤ ਜ਼ਿਆਦਾ ਖੁਜਲੀ ਹੋਣਾ।
* ਨਹੁੰਆਂ ਵਿਚ ਖਰਾਬੀ ਆਉਣਾ।
* ਅੱਖਾਂ ਵਿਚ ਜਲਨ, ਖਾਰਿਸ਼ ਅਤੇ ਪਾਣੀ (ਚਿਪਚਿਪਾ) ਨਿਕਲਣਾ।
* ਕਈ ਮਰੀਜ਼ਾਂ ਵਿਚ ਜੋੜਾਂ ਦਾ ਟੇਢਾ-ਮੇਢਾ ਹੋ ਜਾਣਾ, ਜਿਸ ਨੂੰ ਸੋਰਿਆਟਿਕ ਗਠੀਆ ਕਹਿੰਦੇ ਹਨ।
ਪੁਰਾਣੇ ਪ੍ਰਚੱਲਿਤ ਇਲਾਜ ਦੌਰਾਨ ਰੋਗੀ ਨੂੰ ਕੁਝ ਟਿਊਬਾਂ ਤੇ ਸਟੀਰਾਇਡ ਦਿੱਤੇ ਜਾਂਦੇ ਹਨ, ਜੋ ਕਿ ਉਸ ਦੀ ਬਿਮਾਰੀ ਨੂੰ ਕੁਝ ਸਮੇਂ ਲਈ ਕੰਟਰੋਲ ਕਰਦੇ ਹਨ ਅਤੇ ਪੂਰਨ ਤੌਰ 'ਤੇ ਠੀਕ ਕਰਨ ਤੋਂ ਅਸਮਰੱਥ ਹੁੰਦੇ ਹਨ, ਕਿਉਂਕਿ ਡਾਕਟਰਾਂ ਦੇ ਅਨੁਸਾਰ ਇਹ ਇਕ ਲਾਇਲਾਜ ਬਿਮਾਰੀ ਹੈ।
ਹੋਮਿਓਪੈਥਿਕ ਇਲਾਜ : ਹੋਮਿਓਪੈਥਿਕ ਇਲਾਜ ਪ੍ਰਣਾਲੀ ਇਕ ਜੈਨੇਟਿਕ ਆਧਾਰਿਤ ਇਲਾਜ ਪ੍ਰਣਾਲੀ ਹੈ, ਜੋ ਕਿ ਮਰੀਜ਼ ਦਾ ਇਲਾਜ ਕਰਦੀ ਹੈ, ਨਾ ਕਿ ਸਿਰਫ ਉਸ ਦੀ ਚਮੜੀ ਦਾ। ਹੋਮਿਓਪੈਥੀ ਮੰਨਦੀ ਹੈ ਕਿ ਜੈਨੇਟਿਕਸ ਵਿਚ ਆਈ ਹੋਈ ਤਬਦੀਲੀ ਹੀ ਇਸ ਬਿਮਾਰੀ ਦੀ ਜੜ੍ਹ ਹੈ ਅਤੇ ਉਸ ਨੂੰ ਠੀਕ ਵੀ ਜੈਨੇਟਿਕ ਪੱਧਰ ਤੋਂ ਹੀ ਕੀਤਾ ਜਾਣਾ ਚਾਹੀਦਾ ਹੈ।

Web : www.ravinderhomeopathy.com

ਸ਼ਕਰਕੰਦੀ ਦੇ ਫਾਇਦੇ


ਪੇਟ ਦੇ ਅਲਸਰ ਦਾ ਇਲਾਜ : ਪੇਟ ਅਤੇ ਅੰਤੜੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਦੇ ਅੰਦਰ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕਿ ਵਿਟਾਮਿਨ ਬੀ-ਕੰਪਲੈਕਸ, ਵਿਟਾਮਿਨ 'ਸੀ', ਕੈਰੋਟੀਨ, ਪੋਟਾਸ਼ੀਅਮ, ਬੀਟਾ ਕੈਰੋਟੀਨ ਅਤੇ ਕੈਲਸ਼ੀਅਮ ਆਦਿ। ਇਨ੍ਹਾਂ ਨਾਲ ਜੇ ਤੁਹਾਡੇ ਪੇਟ ਵਿਚ ਅਲਸਰ ਹੈ ਤਾਂ ਉਹ ਵੀ ਠੀਕ ਹੋ ਜਾਵੇਗਾ।
ਭਾਰ ਵਧਾਉਣ ਵਿਚ : ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਰੀਰ ਦਾ ਭਾਰ ਵਧ ਜਾਵੇਗਾ ਤਾਂ ਇਸ ਵਾਸਤੇ ਸ਼ਕਰਕੰਦੀ ਬਹੁਤ ਹੀ ਚੰਗਾ ਭੋਜਨ ਹੈ, ਕਿਉਂਕਿ ਇਸ ਦੇ ਅੰਦਰ ਬਹੁਤ ਹੀ ਚੰਗੀ ਮਾਤਰਾ ਵਿਚ ਸਟਾਰਚ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ, ਖਣਿਜ ਅਤੇ ਕਈ ਤਰ੍ਹਾਂ ਦੇ ਪ੍ਰੋਟੀਨ ਵੀ ਪਾਏ ਜਾਂਦੇ ਹਨ।
ਪ੍ਰਤੀਰੱਖਿਆ ਪ੍ਰਣਾਲੀ ਦੀ ਮਜ਼ਬੂਤੀ ਵਿਚ : ਵਿਟਾਮਿਨ ਬੀ-ਕੰਪਲੈਕਸ, ਆਇਰਨ, ਵਿਟਾਮਿਨ 'ਸੀ' ਅਤੇ ਫਾਸਫੋਰਸ ਮਿਲਦਾ ਹੈ, ਜਿਸ ਨਾਲ ਤੁਹਾਡੇ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧ ਜਾਂਦੀ ਹੈ। ਜੇ ਤੁਸੀਂ ਇਸ ਦਾ ਸੇਵਨ ਸਹੀ ਮਾਤਰਾ ਵਿਚ ਕਰਦੇ ਹੋ ਤਾਂ ਤੁਹਾਡੇ ਸਰੀਰ ਵਿਚ ਜਿੰਨੀਆਂ ਵੀ ਬਿਮਾਰੀਆਂ ਹਨ, ਉਹ ਸਭ ਸ਼ਕਰਕੰਦੀ ਨਾਲ ਦੂਰ ਹੋ ਜਾਂਦੀਆਂ ਹਨ।
ਪਾਚਣ ਵਿਚ ਫਾਇਦੇਮੰਦ : ਸ਼ਕਰਕੰਦੀ ਵਿਚ ਫਾਈਬਰ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੇ ਅੰਦਰ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਪਚਾਉਣ ਵਿਚ ਕਾਫੀ ਸਹਾਇਤਾ ਕਰਦਾ ਹੈ। ਸ਼ਕਰਕੰਦੀ ਦੇ ਅੰਦਰ ਸਟਾਰਚ ਪਾਇਆ ਜਾਂਦਾ ਹੈ। ਇਸ ਲਈ ਪਚਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੈਦਾ ਨਹੀਂ ਕਰਦਾ।
ਕੈਂਸਰ ਵਿਚ ਫਾਇਦੇ : ਤੁਸੀਂ ਕਈ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਵੀ ਬਚੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਕਰਕੰਦੀ ਦੀ ਵਰਤੋਂ ਆਪਣੇ ਰੋਜ਼ਾਨਾ ਜੀਵਨ ਵਿਚ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੇ ਅੰਦਰ ਬੀਟਾ-ਕੈਰੋਟੀਨ, ਐਂਟੀ-ਆਕਸੀਡੈਂਟ ਅਤੇ ਐਂਟੀ-ਕਾਰਸੀਨੋਜੇਨਿਕ ਪਦਾਰਥ ਹੁੰਦੇ ਹਨ।
ਗਠੀਏ ਦੇ ਇਲਾਜ ਵਿਚ : ਜੇ ਤੁਹਾਨੂੰ ਗਠੀਏ ਦੀ ਬਿਮਾਰੀ ਹੈ ਭਾਵ ਕਿ ਤੁਹਾਡੇ ਜੋੜਾਂ ਵਿਚ ਦਰਦ ਰਹਿੰਦਾ ਹੈ ਤਾਂ ਜਿਸ ਪਾਣੀ ਵਿਚ ਤੁਸੀਂ ਸ਼ਕਰਕੰਦੀ ਨੂੰ ਉਬਾਲਦੇ ਹੋ, ਉਸ ਪਾਣੀ ਨੂੰ ਜੋੜਾਂ 'ਤੇ ਲਗਾਓ। ਸ਼ਕਰਕੰਦੀ ਦੇ ਫਾਇਦੇ ਨਾਲ ਤੁਹਾਡਾ ਗਠੀਏ ਦਾ ਦਰਦ ਵੀ ਘੱਟ ਹੋ ਜਾਵੇਗਾ ਅਤੇ ਉਸ ਦੇ ਦਰਦ ਤੋਂ ਕਾਫੀ ਰਾਹਤ ਵੀ ਮਿਲੇਗੀ।

ਸਾਹ ਦੀ ਤਕਲੀਫ਼ ਅਤੇ ਦਮੇ ਤੋਂ ਬਚਾਅ ਮੁਸ਼ਕਿਲ ਨਹੀਂ ਹੈ

ਸਾਹ ਮਾਰਗ ਰਾਹੀਂ ਹਵਾ ਫੇਫੜਿਆਂ ਵਿਚ ਪਹੁੰਚਦੀ ਹੈ। ਇਹ ਸਾਹ ਨਾਲੀਆਂ ਕਿਸੇ ਰੁੱਖ ਦੀਆਂ ਟਾਹਣੀਆਂ ਵਾਂਗ ਸਖ਼ਤ ਹੋ ਜਾਂਦੀਆਂ ਹਨ। ਬ੍ਰਾਂਕਿਅਲ ਅਸਥਮਾ (ਸ਼ਵਸਨੀ ਦਮਾ) ਦਾ ਅਰਥ ਹੈ ਮੁਸ਼ਕਿਲ ਅਤੇ ਘਬਰਾਹਟ ਦੇ ਨਾਲ ਵਾਰ-ਵਾਰ ਉੱਠਣ ਵਾਲਾ ਸਾਹ ਦਾ ਦੌਰਾ ਜੋ ਬਹੁਤ ਜ਼ਿਆਦਾ ਕਫ ਅਤੇ ਹਵਾ ਦੀ ਗਤੀ ਵਿਚ ਰੁਕਾਵਟ ਦੇ ਕਾਰਨ ਹੁੰਦਾ ਹੈ। ਇਹ ਸਾਹ-ਨਾਲੀਆਂ ਦੇ ਅਤੇ ਹੋਰ ਹਵਾ ਦੇ ਛੋਟੇ-ਛੋਟੇ ਮਾਰਗਾਂ ਦੇ ਸੁੰਗੜਨ ਦਾ ਨਤੀਜਾ ਹੈ।
ਸ਼ਵਸਨੀ ਦਮਾ ਅਲਰਜੀ, ਸਾਹ-ਦੂਸ਼ਣ, ਭਾਵਨਾਤਮਕ ਤਣਾਅ ਜਾਂ ਪ੍ਰਬਲ ਕਸਰਤ ਨਾਲ ਵੀ ਹੋ ਸਕਦਾ ਹੈ। ਖਾਨਦਾਨ ਅਜਿਹੇ ਦੌਰੇ ਅਕਸਰ ਪੈਦਾ ਕਰ ਸਕਦਾ ਹੈ। ਪਰਾਗ ਆਦਿ ਜਾਂ ਠੰਢੀ ਅਤੇ ਨਮ ਹਵਾ, ਧੂੰਆਂ ਅਤੇ ਹਵਾ ਪ੍ਰਦੂਸ਼ਣ, ਤੰਬਾਕੂ ਦਾ ਧੂੰਆਂ ਜਾਂ ਬਾਈ-ਸਲਫੇਟ ਪ੍ਰੀ-ਰੱਖਿਆ ਦੇ ਕਾਰਨ ਅਤਿ ਸੰਵੇਦਨਸ਼ੀਲਤਾ ਅਜਿਹਾ ਦੌਰਾ ਪ੍ਰੇਰਿਤ ਕਰ ਸਕਦੇ ਹਨ। ਜੇ ਤੁਹਾਨੂੰ ਦਮਾ ਨਹੀਂ ਹੈ ਤਾਂ ਤਣਾਅ ਨਾਲ ਤੁਹਾਨੂੰ ਦਮਾ ਨਹੀਂ ਹੋਵੇਗਾ। ਜੇ ਤੁਹਾਨੂੰ ਪਹਿਲਾਂ ਹੀ ਦਮਾ ਹੈ ਤਾਂ ਤਣਾਅ ਇਸ ਨੂੰ ਹੋਰ ਵਿਗਾੜ ਸਕਦਾ ਹੈ। ਡਰ ਅਤੇ ਚਿੰਤਾ ਥੋੜ੍ਹੀ ਸਾਹਹੀਣਤਾ ਨੂੰ ਭਰਪੂਰ ਦਮੇ ਵਿਚ ਬਦਲ ਸਕਦੇ ਹਨ।
ਦਮੇ ਦੇ ਸਭ ਤੋਂ ਆਮ ਲੱਛਣ ਹਨ ਛਾਤੀ ਵਿਚ ਕੜਾਪਨ, ਸਾਹ ਲੈਣ ਅਤੇ ਉਸ ਤੋਂ ਜ਼ਿਆਦਾ ਸਾਹ ਬਾਹਰ ਕੱਢਣ ਵਿਚ ਖੰਘ ਦੀ ਤਕਲੀਫ, ਸ਼ੋਰ ਕਰਦੀ ਹੋਈ ਸਾਹ ਕਿਰਿਆ, ਘਰਘਰਾਹਟ, ਨਾ ਰੁਕਣ ਵਾਲੀਆਂ ਛਿੱਕਾਂ, ਘੁਟਨ ਭਰੀ ਨੱਕ ਅਤੇ ਹਵਾ ਮਾਰਗਾਂ ਵਿਚ ਕਫ਼ ਬਣ ਜਾਣਾ। ਦਮ ਘੁਟਦਾ ਹੋਇਆ ਮਹਿਸੂਸ ਹੁੰਦਾ ਹੈ ਅਤੇ ਲੇਟਣ ਵਿਚ ਦਮੇ ਦਾ ਆਕ੍ਰਮਣ ਬਦਤਰ ਹੁੰਦਾ ਹੈ। ਜੇ ਦਮੇ ਦੀ ਰੋਕਥਾਮ ਦੇ ਉਪਾਅ ਜਾਣ ਲਈਏ ਤਾਂ ਦਮੇ ਦਾ ਮਰੀਜ਼ ਵੀ ਇਕ ਆਮ ਅਤੇ ਚੁਸਤ ਜ਼ਿੰਦਗੀ ਜੀਅ ਸਕਦਾ ਹੈ।
ਦਮੇ ਦੀ ਰੋਕਥਾਮ ਅਤੇ ਇਲਾਜ ਲਈ ਅੱਜਕਲ੍ਹ ਬਹੁਤ ਹੀ ਆਧੁਨਿਕ ਮਸ਼ੀਨਾਂ ਜਿਵੇਂ ਪੀਕ ਫਲੋਮੀਟਰ, ਆਸਟੀਰਿਅਲ ਬਲਡਗੈਸ (ਏ.ਬੀ.ਜੀ.) ਮਸ਼ੀਨ, ਏਅਰ ਪਿਓਰੀਫਾਇਰਸ, ਬਾਈਪੈਪ ਮਸ਼ੀਨ, ਰੈਸਪੀਰੇਟਰੀ ਫੰਕਸ਼ਨ ਟੈਸਟ ਮਸ਼ੀਨ ਅਤੇ ਬਾਇਆ ਫੀਡਬੈਕ ਮਸ਼ੀਨ ਉਪਲਬਧ ਹੈ।
ਦਮੇ ਦਾ ਦੌਰਾ ਪੈਣ ਦੇ ਸ਼ੁਰੂਆਤੀ ਲੱਛਣ : ਛਾਤੀ ਵਿਚ ਜਕੜਨ, ਖੰਘ, ਛਾਤੀ ਵਿਚ ਥਰਥਰਾਹਟ। ਦਮੇ ਦੇ ਕੁਝ ਦੌਰੇ ਬਹੁਤ ਹਲਕੇ ਹੁੰਦੇ ਹਨ ਅਤੇ ਕੁਝ ਬਹੁਤ ਹੀ ਗੰਭੀਰ ਕਿਸਮ ਦੇ। ਦਮੇ ਦੇ ਮਰੀਜ਼ ਅਕਸਰ ਰਾਤ ਨੂੰ ਸੌਂ ਨਹੀਂ ਸਕਦੇ, ਕਿਉਂਕਿ ਉਨ੍ਹਾਂ ਨੂੰ ਜ਼ੋਰਦਾਰ ਖੰਘ ਆਉਂਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਜੇ ਦਮੇ ਦੀ ਬਿਮਾਰੀ ਕਾਬੂ ਤੋਂ ਬਾਹਰ ਹੋ ਜਾਵੇ ਤਾਂ ਫੇਫੜਿਆਂ ਦੇ ਸਾਹ ਮਾਰਗ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ ਅਤੇ ਇਸ ਸਥਿਤੀ ਵਿਚ ਦਮੇ ਦਾ ਦੌਰਾ ਕਦੇ ਵੀ ਪੈ ਸਕਦਾ ਹੈ। ਦਮੇ ਦੇ ਹਮਲੇ ਦੌਰਾਨ ਫੇਫੜਿਆਂ ਵਿਚ ਹਵਾ ਦਾ ਆਉਣਾ-ਜਾਣਾ ਬਹੁਤ ਹੀ ਘੱਟ ਹੁੰਦਾ ਹੈ। ਦਮੇ ਦਾ ਮਰੀਜ਼ ਹਵਾ ਦੀ ਕਮੀ ਕਾਰਨ ਖੰਘਦਾ ਹੈ ਅਤੇ ਥਰਥਰਾਹਟ ਦੀ ਆਵਾਜ਼ ਪੈਦਾ ਹੁੰਦੀ ਹੈ। ਦਮੇ ਦਾ ਦੌਰਾ ਪੈਣ 'ਤੇ ਫੇਫੜਿਆਂ ਦੀਆਂ ਸਾਹ ਨਾਲੀਆਂ ਦੇ ਕਿਨਾਰੇ ਸੁੱਜ ਕੇ ਹੋਰ ਮੋਟੇ ਹੋ ਜਾਂਦੇ ਹਨ, ਸਾਹ ਨਾਲੀਆਂ ਸੁੰਗੜ ਜਾਂਦੀਆਂ ਹਨ। ਸਾਹ ਨਾਲੀਆਂ ਵਿਚ ਮਿਊਕਸ (ਚਿਪਚਿਪਾ ਪਦਾਰਥ) ਬਣਨ ਲਗਦਾ ਹੈ।
ਸਾਫ਼-ਤਾਜ਼ੀ ਹਵਾ ਲਈ ਖਿੜਕੀਆਂ ਹਮੇਸ਼ਾ ਖੁੱਲ੍ਹੀਆਂ ਰੱਖੋ। ਜਦੋਂ ਦਮੇ ਦੀ ਦਵਾਈ ਸਾਹ ਦੁਆਰਾ ਲਈ ਜਾਂਦੀ ਹੈ ਤਾਂ ਇਹ ਸਾਹ ਨਾਲੀਆਂ ਵਿਚੋਂ ਹੋ ਕੇ ਫੇਫੜਿਆਂ ਤੱਕ ਪਹੁੰਚਦੀ ਹੈ, ਜਿਥੇ ਇਸ ਦੀ ਲੋੜ ਹੁੰਦੀ ਹੈ। ਦਮੇ ਲਈ ਵੱਖ-ਵੱਖ ਆਕਾਰ ਦੇ ਇਨਹੇਲਰ ਆਉਂਦੇ ਹਨ। ਕੁਝ ਸਪਰੇਅ ਦੇ ਰੂਪ ਵਿਚ ਅਤੇ ਕੁਝ ਪਾਊਡਰ ਦੇ ਰੂਪ ਵਿਚ ਉਪਲਬਧ ਹਨ।

ਸਿਹਤ ਖ਼ਬਰਨਾਮਾ

ਕੈਫ਼ੀਨ ਦੀ ਆਦਤ ਹਾਨੀਕਾਰਕ ਹੁੰਦੀ ਹੈ

ਕੈਫ਼ੀਨ ਮੁੱਖ ਤੰਤ੍ਰਿਕਾ ਤੰਤਰ ਨੂੰ ਉਤੇਜਿਤ ਕਰ ਕੇ ਨੀਂਦ ਵਿਚ ਕਮੀ ਲਿਆਉਣਾ, ਉਲਝਣ, ਤੜਪ ਅਤੇ ਬੇਚੈਨੀ ਪੈਦਾ ਕਰਦੀ ਹੈ, ਜਿਸ ਨਾਲ ਕੰਪਕਪੀ ਤੇ ਦਿਲ ਦੇ ਦੌਰੇ, ਧੜਕਣ ਵਧਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ, ਇਸ ਲਈ ਚਾਹ, ਕੌਫੀ ਰਾਹੀਂ ਕੈਫ਼ੀਨ ਦੀ ਮਾਤਰਾ ਨੂੰ ਸਰੀਰ ਦੇ ਅੰਦਰ ਜਾਣ ਤੋਂ ਰੋਕਣਾ ਚਾਹੀਦਾ।
ਫਿੱਟ ਹੋਣਾ ਬਿਹਤਰ ਹੈ ਪਤਲੇ ਹੋਣ ਨਾਲੋਂ

ਕਈ ਲੋਕ ਕੁਝ ਵੀ ਖਾਣ, ਬਿਲਕੁਲ ਕਸਰਤ ਨਾ ਕਰਨ ਤਾਂ ਵੀ ਉਹ ਪਤਲੇ ਰਹਿੰਦੇ ਹਨ। ਉਨ੍ਹਾਂ 'ਤੇ ਚਰਬੀ ਚੜ੍ਹਦੀ ਹੀ ਨਹੀਂ। ਕੀ ਅਜਿਹਾ ਪਤਲਾ ਹੋਣਾ ਚੰਗਾ ਹੈ ਜਾਂ ਚਰਬੀ ਹੋਣ 'ਤੇ ਵੀ ਫਿੱਟ ਹੋਣਾ। ਅਮਰੀਕਾ ਦੇ ਇੰਸਟੀਚਿਊਟ ਆਫ ਏਜਿੰਗ ਦੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਪਤਲੇ ਅਤੇ ਗਤੀਹੀਣ ਜੀਵਨ ਸ਼ੈਲੀ ਵਾਲੇ ਲੋਕਾਂ ਦੀ ਮੌਤ ਦਰ ਉਨ੍ਹਾਂ ਮੋਟੇ ਲੋਕਾਂ ਨਾਲੋਂ ਜ਼ਿਆਦਾ ਸੀ, ਜੋ ਨਿਯਮਿਤ ਕਸਰਤ ਕਰਦੇ ਸੀ, ਇਸ ਲਈ ਪਤਲੇ ਅਤੇ ਗਤੀਹੀਣ ਹੋਣ ਨਾਲੋਂ ਚੰਗਾ ਹੈ ਮੋਟਾ ਅਤੇ ਗਤੀਸ਼ੀਲ ਹੋਣਾ।
ਸੰਤਰਾ ਬਿਹਤਰ ਹੈ ਐਸਪਰੀਨ ਨਾਲੋਂ

ਡਾਕਟਰ ਐਸਪਰੀਨ ਖਾਣ ਦੀ ਸਲਾਹ ਇਸ ਲਈ ਦਿੰਦੇ ਹਨ, ਕਿਉਂਕਿ ਉਹ ਦਿਲ ਦੇ ਦੌਰੇ ਨੂੰ ਰੋਕਦੀ ਹੈ। ਐਸਪਰੀਨ ਵਿਚ ਮੌਜੂਦ ਤੱਤ ਸੇਲੀਸਿਲੇਟ ਦੇ ਕਾਰਨ ਇਹ ਕਿਰਿਆ ਹੁੰਦੀ ਹੈ। ਸੇਲੀਸਿਲੇਟ ਸਾਨੂੰ ਸੰਤਰੇ, ਰਸਭਰੀ, ਚੈਰੀ ਅਤੇ ਐਪਰੀਕੋਟ ਵਿਚੋਂ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਛੋਟੀ ਇਲਾਇਚੀ ਅਤੇ ਕਰੀ ਪੱਤੇ ਵਿਚ ਵੀ ਸੇਲੀਸਿਲੇਟ ਹੁੰਦੇ ਹਨ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX