ਤਾਜਾ ਖ਼ਬਰਾਂ


ਗ੍ਰਾਮੀਣ ਡਾਕ ਸੇਵਕਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਪਿੰਡਾਂ 'ਚ ਡਾਕ ਸੇਵਾਵਾਂ ਹੋਈਆਂ ਪ੍ਰਭਾਵਿਤ
. . .  21 minutes ago
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਦਿੱਤੀ ਦੇਸ਼ ਵਿਆਪੀ ਕਾਲ ਦੇ ਸੱਦੇ ਦੀ ਹਮਾਇਤ 'ਚ ਪੰਜਾਬ ਦੇ 4000 ਦੇ ਕਰੀਬ ਗ੍ਰਾਮੀਣ ਡਾਕ ਸੇਵਕ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ .....
'84 ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ 29 ਜਨਵਰੀ ਨੂੰ ਹੋਵੇਗੀ ਸੁਣਵਾਈ
. . .  23 minutes ago
ਨਵੀਂ ਦਿੱਲੀ, 19 ਦਸੰਬਰ- 1984 ਦੇ ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਸਿੰਘ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ 'ਚ ਚੁਨੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਨੂੰ ਅਦਾਲਤ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚੋ ਧਮਾਕੇ ਦੌਰਾਨ ਜ਼ਖਮੀ ਹੋਏ ਦੋ ਮਜ਼ਦੂਰਾਂ 'ਚੋਂ ਇਕ ਦੀ ਮੌਤ
. . .  38 minutes ago
ਬਠਿੰਡਾ, 19 ਦਸੰਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕੇ ਦੌਰਾਨ ਗੰਭੀਰ ਜ਼ਖਮੀ ਹੋਏ ਦੋ ਮਜ਼ਦੂਰਾ 'ਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ.....
ਭਾਜਪਾ ਵੱਲੋਂ ਕਾਂਗਰਸ ਦਫ਼ਤਰ ਦੀ ਘੇਰਾਬੰਦੀ
. . .  56 minutes ago
ਲੁਧਿਆਣਾ,19 ਦਸੰਬਰ (ਪੁਨੀਤ ਬਾਵਾ)- ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਅੱਜ ਘੰਟਾ ਘਰ ਵਿਖੇ ਸਥਿਤ ਕਾਂਗਰਸ ਦਫ਼ਤਰ ਦੀ ਘੇਰਾਬੰਦੀ ਕਰ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਵੀ .....
ਮਲੌਦ 'ਚ ਨਾਮਜ਼ਦਗੀ ਪੇਪਰ ਭਰਨ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
. . .  about 1 hour ago
ਮਲੌਦ, 19 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲੜਨ ਵਾਲੇ ਬਲਾਕ ਮਲੌਦ ਵਿਖੇ ਪੰਚ-ਸਰਪੰਚ ਬਣਨ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਭਰੇ ਜਾ ਰਹੇ ਹਨ। ਅੱਜ ਨਾਮਜ਼ਦਗੀ ਪੇਪਰ ......
ਅਗਸਤਾ ਵੈਸਟਲੈਂਡ : ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ 22 ਦਸੰਬਰ ਤੱਕ ਸੁਰੱਖਿਅਤ ਰੱਖ ਲਿਆ.....
ਬਠਿੰਡਾ 'ਚ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਹੋਇਆ ਧਮਾਕਾ, 2 ਮਜ਼ਦੂਰ ਗੰਭੀਰ ਜ਼ਖਮੀ
. . .  50 minutes ago
ਬਠਿੰਡਾ, 19 ਦਸੰਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਿਸ ਦੀ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ਕਾਰਨ ਫ਼ੈਕਟਰੀ ਦੇ ਇੱਕ ਹਿੱਸੇ ਦੀ ਛੱਤ ਉੱਡ ਗਈ। ਇਸ ਧਮਾਕੇ ਕਾਰਨ ਫ਼ੈਕਟਰੀ 'ਚ ਲੱਗੀ ਅੱਗ ਦੀ ਲਪੇਟ 'ਚ .....
ਪਾਕਿਸਤਾਨ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਅੰਸਾਰੀ ਨੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਪਾਕਿਸਤਾਨ ਦੀ ਜੇਲ੍ਹ ਤੋਂ ਮੰਗਲਵਾਰ ਨੂੰ ਕੈਦ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਨੇਹਾਲ ਅੰਸਾਰੀ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ....
ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  about 2 hours ago
ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਕੇਸ 'ਚ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ.....
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  about 2 hours ago
ਨਵੀਂ ਦਿੱਲੀ, 19 ਦਸੰਬਰ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਵੀਂ ਦਿੱਲੀ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੇ .....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ

ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ, ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ-ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ ਅੰਤਹਕਰਣ ਦਾ ਮਜ਼੍ਹਬ (ਧਾਰਮਿਕ ਭਰੋਸਾ), ਪਿਆਰ ਦੀ ਟੇਕ ਬਣਦਾ ਹੈ। ਇਹ ਟੇਕ ਬਣਾਇਆਂ ਨਹੀਂ, ਸਗੋਂ ਆਪਮੁਹਾਰੀ ਬਣਦੀ ਹੈ। ਹਿੰਦੂ, ਈਸਾਈ, ਮੁਸਲਮਾਨ ਤੇ ਸਿੱਖ ਆਦਿ ਤਾਂ ਸਿਰਫ਼ ਕਥਨੀ ਮਾਤਰ ਹਨ। ਧਰਮ ਕੋਈ ਬਾਹਰੋਂ ਪੜ੍ਹ-ਪੜ੍ਹਾ ਕੇ ਸਾਡੇ ਅੰਦਰ ਵਾੜੀ ਕਿਸੇ ਵਿੱਦਿਆ ਦਾ ਗਿਆਨ ਨਹੀਂ ਹੁੰਦਾ, ਸਗੋਂ ਇਹ ਤਾਂ ਸੁਤੇ ਸਿੱਧ ਆਤਮਾ ਤੋਂ ਸਰੀਰ ਤੱਕ ਉਤਰਨ ਵਾਲੇ ਰੱਬੀ ਇਲਹਾਮ ਦਾ ਨਾਂਅ ਹੈ। ਜਿਸ ਦੀ ਆਤਮਾ ਤੋਂ ਧਰਮ ਉੱਤਰੇ, ਉਹ ਕਦੇ ਬੇਦੀਨਾ ਨਹੀਂ ਹੋ ਸਕਦਾ। ਉਸ ਦਾ ਧਰਮ ਅਟੱਲ ਰਹਿੰਦਾ ਹੈ, ਜਿਸ ਨੂੰ ਕੋਈ ਡੁਲਾ ਨਹੀਂ ਸਕਦਾ। ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੰਨ੍ਹੇ-ਮੁੰਨੇ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੇ ਮੁਗ਼ਲ ਹਾਕਮਾਂ ਦੇ ਹਰ ਲਾਲਚ ਅਤੇ ਹਰ ਡਰ ਨੂੰ ਨਿਰਭੈਅ ਹੋ ਕੇ ਠੁਕਰਾਇਆ ਅਤੇ ਅਦੁੱਤੀ ਸ਼ਹਾਦਤਾਂ ਦੇ ਕੇ ਦੁਨੀਆ ਨੂੰ ਧਰਮ ਦੀ ਅਡੋਲਤਾ ਦੀ ਮਿਸਾਲ ਕਾਇਮ ਕਰਕੇ ਦਿਖਾਈ। ਸਰਹਿੰਦ ਦੇ ਹਾਕਮ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਦੀਨ ਤੋਂ ਡੁਲਾਉਣ ਲਈ ਰਾਜ-ਭਾਗ, ਮਾਲ-ਦੌਲਤ ਅਤੇ ਹੂਰਾਂ ਦੇ ਡੋਲੇ ਦੇਣ ਦੇ ਲਾਲਚ ਦਿੱਤੇ ਤਾਂ ਸਾਹਿਬਜ਼ਾਦਿਆਂ ਨੇ ਇਹ ਸਭ ਕੂੜਾਵੀਆਂ ਤੇ ਨਾਸ਼ਵਾਨ ਚੀਜ਼ਾਂ ਨੂੰ ਪੈਰ ਦੀ ਨੋਕ ਨਾਲ ਠੁਕਰਾ ਦਿੱਤਾ ਸੀ।
ਉਸਤਾਦ ਹਕੀਮ ਅੱਲ੍ਹਾ ਯਾਰ ਖਾਂ ਯੋਗੀ 'ਛੋਟੇ ਸਾਹਿਬਜ਼ਾਦਿਆਂ' ਦੀ ਦਲੇਰੀ ਤੇ ਬੇਬਾਕੀ ਨੂੰ ਸ਼ਬਦਾਂ ਵਿਚ ਇਉਂ ਬਿਆਨ ਕਰਦਾ ਹੈ :
ਸਤਿਗੁਰ ਕੇ ਲਾਡਲੋਂ ਨੇ ਦੀਆ ਰੋਅਬ ਸੇ ਜਵਾਬ...
ਆਤੀ ਨਹੀਂ ਸ਼ਰਮ ਜ਼ਰ੍ਹਾ ਤੁਝ ਕੋ ਐ ਨਵਾਬ!
ਦੁਨੀਆ ਕੇ ਪੀਛੇ ਕਰਤਾ ਹੈ ਕਿਉਂ ਦੀਨ ਕੋ ਖਰਾਬ
ਕਿਸ ਕਾ ਲਿਖਾ ਹੈ ਜ਼ੁਲਮ ਦਿਖਾ ਤੂੰ ਹਮੇਂ ਕਿਤਾਬ
ਤਾਲੀਮ ਜ਼ੋਰ ਕੀ ਕਹੀਂ ਕੁਰਾਨ ਮੇਂ ਨਹੀਂ
ਖੂਬੀ ਤੁਮ੍ਹਾਰੇ ਸ਼ਾਹ ਕੇ ਈਮਾਨ ਮੇਂ ਨਹੀਂ।
ਲਾਲਚਾਂ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰਾਵਾ ਦੇ ਕੇ ਵੀ ਮੁਸਲਮਾਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਹਿਬਜ਼ਾਦਿਆਂ ਦਾ ਸਵਾਲ ਸੀ ਕਿ, 'ਕੀ ਮੁਸਲਮਾਨ ਬਣ ਜਾਣ ਨਾਲ ਕਦੇ ਮੌਤ ਨਹੀਂ ਆਵੇਗੀ?' ਦੀਨ, ਈਮਾਨ ਅਤੇ ਧਰਮ 'ਤੇ ਅਡਿੱਗ ਭਰੋਸੇ ਦੀ, ਦੁਨੀਆ ਵਿਚ ਇਸ ਤੋਂ ਵੱਡੀ ਤੇ ਅਦੁੱਤੀ ਮਿਸਾਲ ਕਿਸੇ ਇਤਿਹਾਸ ਵਿਚ ਨਹੀਂ ਲੱਭਦੀ।
ਧਰਮ ਤਾਂ ਇਕ ਤਰ੍ਹਾਂ ਦਾ ਆਤਮ-ਸਮਰਪਣ ਹੈ ਤੇ ਜਿਸ ਤਰ੍ਹਾਂ ਆਤਮ-ਸਮਰਪਣ ਜਬਰੀ ਜਾਂ ਉਪਦੇਸ਼ ਦੇ ਕੇ ਨਹੀਂ ਕਰਵਾਇਆ ਜਾ ਸਕਦਾ, ਉਸੇ ਤਰ੍ਹਾਂ ਧਰਮ ਵੀ ਪੋਥੀਆਂ ਤੋਂ ਪੜ੍ਹ-ਪੜ੍ਹ ਕੇ ਸੁਣਾਏ ਉਪਦੇਸ਼ਾਂ ਦੁਆਰਾ ਨਹੀਂ ਧਾਰਨ ਕਰਵਾਇਆ ਜਾ ਸਕਦਾ। ਇਹ ਸਮਰਪਣ ਬਿਨਾਂ ਸ਼ਰਤ ਅਤੇ ਜ਼ਮੀਰ ਦੀ ਆਜ਼ਾਦੀ ਤੋਂ ਸੇਧ ਲੈਂਦਾ ਹੈ। ਕਿਸੇ ਵੀ ਧਰਮ ਦਾ ਅਕੀਦਾ ਕਿਸੇ ਨੂੰ ਲਾਲਚ ਦੇ ਕੇ ਜਾਂ ਜ਼ੋਰ-ਜ਼ਬਰਦਸਤੀ ਨਾਲ ਧਰਮੀ ਬਣਾਉਣ ਦੀ ਤਾਈਦ ਨਹੀਂ ਕਰਦਾ। ਨਾ ਹੀ ਲਾਲਚਵੱਸ, ਮਜਬੂਰੀਵੱਸ ਜਾਂ ਜਬਰ ਤੋਂ ਡਰ ਕੇ ਕਿਸੇ ਧਰਮ ਵਿਚ ਚਲੇ ਜਾਣਾ ਸੱਚੇ ਧਰਮੀ ਹੋਣ ਦੀ ਨਿਸ਼ਾਨੀ ਹੈ। ਧਰਮ ਤਾਂ ਇਕ ਅਜਿਹਾ ਬੀਜ ਹੈ, ਜਿਹੜਾ ਸਾਡੇ ਅੰਦਰੋਂ ਸਹਿਜ-ਸੁਭਾਅ ਪੁੰਗਰਦਾ ਹੈ। ਜੇਕਰ ਕੋਈ ਚੀਜ਼ ਫ਼ੁੱਟ ਕੇ ਅੰਦਰੋਂ ਸਹਿਜ ਸੁਭਾਅ ਨਾ ਨਿਕਲੇ, ਉਹ ਧੱਕੇ ਨਾਲ ਤੇ ਬਿਨਾਂ ਮਰਜ਼ੀ ਤੋਂ ਅੰਦਰ ਸੁੱਟੀ ਇਕ ਪਲਾਤੀ ਜਿਹੀ ਹੁੰਦੀ ਹੈ। ਉਸ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਇਸ ਓਪਰੀ ਚੀਜ਼ ਦੇ ਨਾਲ ਸਾਡਾ ਅੰਦਰ ਦਾ ਸੁਭਾਅ ਨਹੀਂ ਭਿੱਜ ਸਕਦਾ।
ਸਿੱਖਾਂ ਦਾ ਵਿਰਸਾ ਹੀ ਧਾਰਮਿਕ ਆਜ਼ਾਦੀ ਹੈ। ਆਪਣੇ ਧਰਮ ਤੇ ਜ਼ਮੀਰ ਦੀ ਆਜ਼ਾਦੀ ਲਈ ਆਪਣੇ ਸਿਰੜ 'ਤੇ ਅੜੇ ਰਹਿਣਾ ਹੀ ਗੁਰਮਤਿ ਦਾ ਫ਼ਲਸਫ਼ਾ ਹੈ। ਭਗਤ ਨਾਮਦੇਵ ਜੀ ਨੂੰ ਜਦ ਸੁਲਤਾਨ ਮੁਹੰਮਦ ਤੁਗ਼ਲਕ ਤਸੀਹੇ ਦੇ ਕੇ ਇਸਲਾਮ ਕਬੂਲਣ 'ਤੇ ਜ਼ੋਰ ਦੇ ਰਿਹਾ ਸੀ ਤਾਂ ਭਗਤ ਨਾਮਦੇਵ ਦੀ ਮਾਂ ਜਾਨ ਦੀ ਸਲਾਮਤੀ ਲਈ ਆਪਣੇ ਪੁੱਤਰ ਨੂੰ ਕਹਿਣ ਲੱਗੀ ਕਿ, 'ਤੂੰ ਹਿੰਦੂਆਂ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਨ ਲੱਗ ਜਾਂਦਾ?' ਪੁੱਤਰ ਨੂੰ ਦੀਨ ਤੋਂ ਡੋਲਣ ਲਈ ਆਖਣ ਵਾਲੀ ਮਾਂ ਨੂੰ ਹੀ ਪਛਾਨਣ ਤੋਂ ਨਾਂਹ ਕਰਦਿਆਂ ਭਗਤ ਨਾਮਦੇਵ ਆਖਣ ਲੱਗੇ, 'ਨਾ ਮੈਂ ਤੇਰਾ ਪੁੱਤਰ ਹਾਂ ਤੇ ਨਾ ਤੂੰ ਮੇਰੀ ਮਾਂ ਹੈਂ। ਜੇਕਰ ਮੇਰਾ ਸਰੀਰ ਵੀ ਨਾਸ਼ ਹੋ ਜਾਵੇ ਤਾਂ ਵੀ ਮੈਂ ਹਰੀ ਪ੍ਰਭੂ ਦੇ ਗੁਣ ਗਾਉਣ ਤੋਂ ਨਹੀਂ ਹਟਾਂਗਾ।'
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਜ਼ਮੀਰ ਦੀ ਆਜ਼ਾਦੀ ਲਈ ਸਿੱਖ ਸਿਧਾਂਤ ਦਾ ਸਭ ਤੋਂ ਵੱਡਾ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਕੋਲ ਜਿਸ ਵੇਲੇ ਕਸ਼ਮੀਰੀ ਪੰਡਿਤ ਇਹ ਫ਼ਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਨ੍ਹਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ, 'ਬੇਸ਼ੱਕ ਅਸੀਂ ਤੁਹਾਡੇ ਤਿਲਕ ਜੰਝੂ ਦੇ ਵਿਸ਼ਵਾਸ ਨਾਲ ਸਹਿਮਤ ਨਹੀਂ ਹਾਂ, ਪਰ ਅਸੀਂ ਤੁਹਾਡੇ ਵਿਸ਼ਵਾਸਾਂ ਦੀ ਰੱਖਿਆ ਜ਼ਰੂਰ ਕਰਾਂਗੇ।' ਗੁਰੂ ਸਾਹਿਬ ਨੇ ਫ਼ਰਮਾਇਆ, 'ਔਰੰਗਜ਼ੇਬ ਨੂੰ ਕਹਿ ਆਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨੀ ਸ਼ਰ੍ਹਾ 'ਚ ਆ ਜਾਵਾਂਗੇ।' ਜਿਸ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਹਨ, ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਝੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ, ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ।
ਗੁਰਮਤਿ ਵਿਚ ਕਿਸੇ ਨੂੰ ਜਬਰੀ ਆਪਣੇ ਮਜ਼੍ਹਬ ਵਿਚ ਲਿਆਉਣ ਦਾ ਕੋਈ ਸੰਕਲਪ ਨਹੀਂ ਹੈ, ਸਗੋਂ ਹਰੇਕ ਮਨੁੱਖ ਨੂੰ ਆਪੋ-ਆਪਣੇ ਭਰੋਸੇ ਅਤੇ ਦੀਨ ਵਿਚ ਰਹਿ ਕੇ ਚੰਗੇ ਇਨਸਾਨ ਬਣਨ ਅਤੇ ਸ਼ੁਭ ਕਰਮ ਕਰਨ ਦੀ ਹੀ ਸਿੱਖਿਆ ਮਿਲਦੀ ਹੈ। ਜਗਤ ਉਧਾਰਨ ਹਿਤ ਤੀਜੀ ਉਦਾਸੀ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ 'ਮੱਕੇ ਦੀ ਯਾਤਰਾ' 'ਤੇ ਗਏ ਤਾਂ ਉਥੇ ਕਾਜ਼ੀ ਤੇ ਮੁੱਲਾਂ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਆਪਣੀਆਂ ਧਾਰਮਿਕ ਪੁਸਤਕਾਂ ਫਰੋਲ ਕੇ ਮਜ਼੍ਹਬ ਦੀ ਗੱਲ ਪੁੱਛਣ ਲੱਗੇ ਕਿ, 'ਹਿੰਦੂ ਮਤ ਵੱਡਾ ਹੈ ਜਾਂ ਮੁਸਲਮਾਨ?' ਗੁਰੂ ਜੀ ਆਖਣ ਲੱਗੇ, 'ਕੇਵਲ ਸ਼ੁੱਭ ਕਰਮ ਕਰਨ ਵਾਲਾ ਮਨੁੱਖ ਵੱਡਾ ਹੈ। ਜੇਕਰ ਨੇਕ ਅਮਲ ਨਹੀਂ ਕਰਦੇ ਤਾਂ ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ, ਦੋਵੇਂ ਹੀ ਅਗਲੀ ਦਰਗਾਹ 'ਚ ਖੁਆਰ ਹੋਣਗੇ।' ਭਾਈ ਗੁਰਦਾਸ ਜੀ ਇਸ ਵਾਰਤਾਲਾਪ ਦਾ ਜ਼ਿਕਰ ਇਉਂ ਕਰਦੇ ਹਨ :
'ਪੁਛਨਿ ਫੋਲਿ ਕਿਤਾਬ ਨੋ
ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ
ਸੁਭਿ ਅਮਲਾ ਬਾਝਹੁ ਦੋਨੋ ਰੋਈ।'
ਗੁਰਮਤਿ ਵਿਚ ਧਰਮ ਦੀ ਜੋ ਵਿਆਪਕ ਅਤੇ ਸਰਵੋਤਮ ਵਿਆਖਿਆ ਹੈ, ਉਹ ਹੋਰ ਕਿਸੇ ਮਜ਼੍ਹਬ ਜਾਂ ਫ਼ਲਸਫ਼ੇ ਨੇ ਨਹੀਂ ਕੀਤੀ। ਸੁਖਮਨੀ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਗੁਰਵਾਕ 'ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥' ਅਨੁਸਾਰ ਆਪਣੇ ਮੂਲ ਨਾਲ ਹਮੇਸ਼ਾ ਜੁੜੇ ਰਹਿਣਾ, ਸਰਬ ਵਿਆਪਕਤਾ ਦੀ ਚੇਤਨਾ ਵਿਚ ਭਿੱਜੇ ਰਹਿ ਕੇ ਸ਼ੁਭ ਕਰਮ ਕਰਨੇ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਹਿੰਦੂ ਨੂੰ 'ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ॥' ਆਖ ਕੇ ਅਜਿਹਾ ਸੱਚਾ ਹਿੰਦੂ ਬਣਨ ਲਈ ਆਖਿਆ ਸੀ, ਜਿਸ ਦੇ ਗਲ ਵਿਚ ਪਾਇਆ ਜਨੇਊ ਦਇਆ ਦੀ ਕਪਾਹ ਦਾ ਬਣਿਆ, ਸੰਤੋਖ ਦੇ ਸੂਤ ਦਾ, ਜਤ ਦੀਆਂ ਗੰਢਾਂ ਅਤੇ ਉੱਚੇ ਆਚਰਣ ਰੂਪੀ ਵੱਟ ਨਾਲ ਤਿਆਰ ਕੀਤਾ ਹੋਵੇ। ਉਥੇ 'ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥' ਆਖ ਕੇ ਮੁਸਲਮਾਨ ਨੂੰ ਵੀ ਇਕ ਪਰਵਦਿਗਾਰ ਦੀ ਚੇਤਨਾ ਵਿਚ ਰਹਿ ਕੇ ਕਾਇਨਾਤ ਨਾਲ ਪਿਆਰ ਅਤੇ ਸ਼ੁਭ ਕਰਮ ਕਰਨ ਦੀ ਹੀ ਨਸੀਹਤ ਦਿੱਤੀ ਹੈ। ਗੁਰਮਤਿ ਵਿਚ ਸਭ ਤੋਂ ਉੱਤਮ ਸੱਚੇ ਆਚਰਣ ਨੂੰ ਹੀ ਮੰਨਿਆ ਗਿਆ ਹੈ। 'ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥'
ਫੇਰ ਭਾਵੇਂ ਅੱਜ ਆਰਥਿਕ ਲਾਭਾਂ ਦਾ ਲਾਲਚ ਦੇ ਕੇ ਕਿਸੇ ਦੂਜੇ ਮਜ਼੍ਹਬ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਦੀ ਮੁਹਿੰਮ ਹੋਵੇ ਜਾਂ ਫਿਰ ਕਿਸੇ ਸਮੇਂ ਦੀਆਂ ਹਕੂਮਤਾਂ ਦੇ ਜਬਰ ਕਾਰਨ ਵੇਲੇ ਦੇ ਹੁਕਮਰਾਨਾਂ ਦੇ ਧਰਮ ਵਿਚ ਚਲੇ ਗਏ ਲੋਕਾਂ ਨੂੰ 'ਘਰ ਵਾਪਸੀ' ਦੇ ਨਾਂਅ 'ਤੇ ਮੁੜ ਪਿਤਰੀ ਧਰਮ ਵਿਚ ਪਰਤਣ ਦੀਆਂ ਦਲੀਲਾਂ-ਅਪੀਲਾਂ, ਇਨ੍ਹਾਂ ਦਾ ਧਰਮ ਦੀ ਪਾਕਿ ਪਵਿੱਤਰ ਭਾਵਨਾ ਨਾਲ ਕੋਈ ਸਬੰਧ ਨਹੀਂ ਹੈ। ਧਰਮ ਪਰਿਵਰਤਨ ਦੇ ਸੰਦਰਭ 'ਚ ਪ੍ਰੋ: ਪੂਰਨ ਸਿੰਘ ਦੇ ਇਹ ਸ਼ਬਦ ਬਹੁਤ ਡੂੰਘੇ ਦਾਰਸ਼ਨਿਕ ਅਰਥ ਰੱਖਦੇ ਹਨ, 'ਕੋਈ ਵੀ ਸੱਚਾ ਧਾਰਮਿਕ ਮਨੁੱਖ ਲੋਕਾਂ ਦਾ ਧਰਮ ਬਦਲਣ ਦੀ ਦਲੇਰੀ ਨਹੀਂ ਕਰ ਸਕਦਾ। ਮਨੁੱਖ ਜੰਗਲੀ ਜਾਨਵਰਾਂ ਵਾਂਗ ਬਾਕੀ ਦੂਜਿਆਂ 'ਤੇ ਆਪਣਾ ਮਜ਼੍ਹਬ ਥੋਪਣਾ ਚਾਹੁੰਦਾ ਹੈ ਪਰ ਆਪਣੇ 'ਤੇ ਨਹੀਂ।'
ਨਿਰਸੰਦੇਹ ਇਹ ਕਾਰਵਾਈਆਂ ਸੱਚੇ ਧਰਮ ਦੀਆਂ ਨਹੀਂ, ਸਗੋਂ ਇਹ ਧਰਮ ਦੀ ਆੜ ਹੇਠ ਮਾਨਸਿਕ ਗ਼ੁਲਾਮਾਂ ਦਾ ਇਕ ਵੱਡਾ ਸਾਮਰਾਜ ਖੜ੍ਹਾ ਕਰਨ ਦੀ ਜਗੀਰੂ ਅਤੇ ਸ੍ਰੇਸ਼ਟਵਾਦੀ ਸੋਚ ਵਿਚੋਂ ਨਿਕਲੀ ਅਣਮਨੁੱਖੀ ਮੁਹਿੰਮ ਆਖੀ ਜਾ ਸਕਦੀ ਹੈ। ਜੇਕਰ ਸਾਰੇ ਧਰਮਾਂ ਦੇ ਪੈਰੋਕਾਰਾਂ ਦੇ ਅਮਲਾਂ ਦਾ ਆਦਰਸ਼ ਮਨੁੱਖ ਨੂੰ ਚੰਗਾ ਮਨੁੱਖ ਬਣਾਉਣਾ ਹੀ ਬਣ ਜਾਵੇ ਤਾਂ ਫਿਰ ਇਹੋ ਜਿਹੇ ਆਡੰਬਰ ਕਰਨ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਹਰੇਕ ਧਰਮ ਦੀ ਸਿੱਖਿਆ ਇਹ ਹੋਣੀ ਚਾਹੀਦੀ ਹੈ ਕਿ ਹਰ ਕੋਈ ਦੂਜੇ 'ਤੇ ਧਰਮ ਥੋਪਣ ਦੀ ਥਾਂ ਖੁਦ ਸੱਚਾ ਧਰਮੀ ਬਣੇ, ਮਾਨਵਤਾ ਅਤੇ ਸਾਰੇ ਮਜ਼੍ਹਬਾਂ ਨੂੰ ਇਕੋ ਅੱਖ ਨਾਲ ਦੇਖੇ ਅਤੇ ਹਰੇਕ ਨੂੰ ਆਪਣੇ ਮਨ ਦੀ ਇੱਛਾ ਮੁਤਾਬਕ ਧਰਮ ਨਿਭਾਉਣ ਦੀ ਆਜ਼ਾਦੀ ਦੇਵੇ। ਇਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 'ਧਰਮ ਦੀ ਖ਼ਾਤਰ ਦਿੱਤੀ ਮਹਾਨ ਸ਼ਹਾਦਤ' ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦੀਨ ਦੀ ਖ਼ਾਤਰ ਦਿੱਤੀ ਬੇਮਿਸਾਲ ਕੁਰਬਾਨੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਜਿਥੇ-ਜਿਥੇ ਕਿਸੇ ਦਾ ਭਰੋਸਾ ਜਾਂ ਈਮਾਨ ਟਿਕਿਆ, ਉਸ ਨੂੰ ਬਣਿਆ ਰਹਿਣ ਦੇਣਾ ਚਾਹੀਦਾ ਹੈ। ਸਾਰੇ ਮਤਾਂ, ਧਰਮਾਂ ਦੇ ਪ੍ਰਚਾਰਕਾਂ ਦਾ ਉਦੇਸ਼ ਗਿਣਤੀਆਂ ਵਧਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਦੀ ਥਾਂ ਸਮਾਜ ਅੰਦਰ ਇਨਸਾਨੀਅਤ, ਸਦਭਾਵਨਾ ਅਤੇ ਪ੍ਰੇਮ-ਭਾਵਨਾ ਦੀ ਖੁਸ਼ਬੋਈ ਫੈਲਾਉਣਾ ਹੋਣਾ ਚਾਹੀਦਾ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

ਕਲਾਨੌਰ-ਅਕਬਰ ਦਾ ਤਖ਼ਤ

ਜਿਨ੍ਹਾਂ ਵੇਖਿਆ ਨਹੀਂ ਲਾਹੌਰ,
ਉਹ ਵੇਖੇ ਕਲਾਨੌਰ।
ਗੁਰਦਾਸਪੁਰ ਜ਼ਿਲ੍ਹੇ ਵਿਚ ਕਿਰਨ ਨਦੀ ਦੇ ਕੰਢੇ ਗੁਰਦਾਸਪੁਰ ਤੋਂ 24 ਕਿਲੋਮੀਟਰ ਦੂਰ ਗੁਰਦਾਸਪੁਰ-ਡੇਰਾ ਬਾਬਾ ਨਾਨਕ ਸੜਕ ਉੱਤੇ ਕਲਾਨੌਰ ਇਕ ਬੜਾ ਹੀ ਪੁਰਾਣਾ ਅਤੇ ਇਤਿਹਾਸਕ ਕਸਬਾ ਹੈ। ਇਹ ਨਗਰ ਗੁਰਦਾਸਪੁਰ ਦੀ ਇਕ ਸਬ-ਤਹਿਸੀਲ ਵੀ ਹੈ। ਦਿੱਲੀ ਵਿਚ 19 ਜਨਵਰੀ, 1556 ਨੂੰ ਪੌੜੀ ਤੋਂ ਡਿਗਣ ਦੇ ਕਾਰਨ ਬਾਦਸ਼ਾਹ ਹਮਾਯੂ ਦੀ ਮੌਤ ਹੋ ਗਈ। ਉਸ ਸਮੇਂ ਅਕਬਰ ਦੀ ਉਮਰ 13 ਸਾਲ 3 ਮਹੀਨੇ ਸੀ ਅਤੇ ਆਪਣੇ ਪਰਿਵਾਰ ਅਤੇ ਫੌਜ ਸਮੇਤ ਕਾਬਲ ਤੋਂ ਚੱਲ ਕੇ ਕਲਾਨੌਰ ਆਇਆ ਹੋਇਆ ਸੀ। ਅਕਬਰ ਦੀ ਰਿਹਾਇਸ਼ ਫਿਰੋਜ਼ ਸ਼ਾਹ ਤੁਗਲਕ ਵਲੋਂ ਕਲਾਨੌਰ ਵਿਚ ਬਣਾਏ ਹੋਏ ਬੜੇ ਸੁੰਦਰ ਮਹਲ ਵਿਚ ਕੀਤੀ ਗਈ ਸੀ।
ਅਕਬਰ ਦੀ ਤਾਜਪੋਸ਼ੀ : ਹਮਾਯੂ ਦੀ ਮੌਤ ਦੀ ਖ਼ਬਰ ਮਿਲਣ 'ਤੇ ਅਕਬਰ ਦੇ ਸਰਬਰਾ ਹੇਮੂੰਹ ਨੇ 14 ਫਰਵਰੀ, 1556 ਨੂੰ ਕਲਾਨੌਰ ਦੇ ਇਕ ਬਾਗ ਵਿਚ ਇੱਟਾਂ ਦਾ ਤਖ਼ਤ ਬਣਵਾ ਕੇ ਅਕਬਰ ਦੀ ਤਾਜਪੋਸ਼ੀ ਦੀ ਰਸਮ ਪੂਰੀ ਕੀਤੀ ਅਤੇ ਕਲਾਨੌਰ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋ ਗਿਆ। ਇਸ ਥੜ੍ਹੇ ਵਿਚ ਇਕ ਤਲਾਬ ਵਿਚ ਫੁਹਾਰਾ ਵੀ ਲਾਇਆ ਹੋਇਆ ਸੀ ਅਤੇ ਪਾਣੀ ਦੇ ਨਿਕਾਸ ਲਈ ਇਕ ਨਾਲੀ ਵੀ ਕੱਢੀ ਹੋਈ ਹੈ। ਤਾਜਪੋਸ਼ੀ ਤੋਂ ਬਾਅਦ ਕਲਾਨੌਰ ਤੋਂ ਅਕਬਰ ਨੇ ਆਪਣੇ ਲਾਮ-ਲਸ਼ਕਰ ਦੇ ਨਾਲ ਦਿੱਲੀ ਵੱਲ ਕੂਚ ਕਰ ਦਿੱਤਾ। ਦਿੱਲੀ ਦੇ ਤਖ਼ਤ ਉੱਤੇ ਬੈਠ ਕੇ ਹੇਮੂੰਹ ਦੀ ਸਰਪ੍ਰਸਤੀ ਵਿਚ ਅਕਬਰ ਨੇ ਹਿੰਦੁਸਤਾਨ ਦੀ ਵਾਗਡੋਰ ਸੰਭਾਲ ਲਈ।
ਅਕਬਰ ਦਾ ਪਿਛੋਕੜ : ਬਾਬਰ ਦੀ ਮੌਤ ਤੋਂ ਬਾਅਦ 26 ਦਸੰਬਰ, 1530 ਈ: ਨੂੰ ਹੁਮਾਯੂ ਦਿੱਲੀ ਦੇ ਤਖ਼ਤ ਉੱਤੇ ਬੈਠ ਗਿਆ ਅਤੇ ਬਾਬਰ ਦੇ ਕਹਿਣ 'ਤੇ ਉਸ ਨੇ ਆਪਣੇ 4 ਭਰਾਵਾਂ ਨੂੰ ਵੱਖੋ-ਵੱਖ ਸੂਬਿਆਂ ਦੀਆਂ ਸੂਬੇਦਾਰੀਆਂ ਵੰਡ ਦਿੱਤੀਆਂ। ਆਪਣੇ ਛੋਟੇ ਅਤੇ ਭਰਾ ਹੁਡਾਲ ਮਿਰਜਾ ਨੂੰ ਕਾਬਲ ਦਾ ਸੂਬੇਦਾਰ ਥਾਪ ਦਿੱਤਾ ਅਤੇ ਆਪਣੇ ਮਤਰੇਏ ਭਰਾ ਕਾਮਰਾਨ ਨੂੰ ਕੰਧਾਰ ਦੀ ਸੂਬੇਦਾਰੀ ਦੇ ਦਿੱਤੀ। ਅਸਲ ਵਿਚ ਕਾਮਰਾਨ ਦਿੱਲੀ ਦੇ ਤਖ਼ਤ ਉੱਤੇ ਬੈਠਣਾ ਚਾਹੁੰਦਾ ਸੀ। ਸੰਨ 1540 ਈ: ਨੂੰ ਕਨੌਜ ਦੀ ਲੜਾਈ ਵਿਚ ਸ਼ੇਰ ਸ਼ਾਹ ਸੂਰੀ ਤੋਂ ਹੁਮਾਯੂ ਹਾਰ ਗਿਆ। ਉਸ ਸਮੇਂ ਕਾਮਰਾਨ ਵੀ 12,000 ਫੌਜ ਲੈ ਕੇ ਭਾਰਤ ਵਿਚ ਆਇਆ ਹੋਇਆ ਸੀ ਪਰ ਉਸ ਨੇ ਹੁਮਾਯੂ ਦੀ ਮਦਦ ਨਹੀਂ ਕੀਤੀ। ਬੇਘਰ ਹੋਏ ਹਮਾਯੂ ਨੂੰ ਸਿੰਧ ਦੇ ਹਿੰਦੂ ਰਾਜੇ ਰਣ ਪ੍ਰਸਾਦ ਨੇ ਆਪਣੇ ਕਿਲ੍ਹੇ ਉਮੇਰਕੋਟ ਵਿਚ ਸ਼ਰਨ ਦੇ ਦਿੱਤੀ। ਇਸ ਕਿਲ੍ਹੇ ਵਿਚ ਹੀ 15 ਅਕਤੂਬਰ, 1542 ਨੂੰ ਅਕਬਰ ਦਾ ਜਨਮ ਹੋਇਆ। ਹੁਮਾਯੂ ਤਾਂ ਬੇਘਰ ਹੋ ਗਿਆ ਸੀ ਅਤੇ ਅਕਬਰ ਨੂੰ ਹੁਮਾਯੂ ਦੇ ਭਰਾ ਮਿਰਜਾ ਹੁਡਾਲ ਨੇ ਪਾਲਿਆ। ਹੁਡਾਲ ਨੇ ਅਕਬਰ ਨੂੰ ਘੋੜਸਵਾਰੀ, ਸ਼ਿਕਾਰ ਖੇਡਣਾ ਅਤੇ ਲੜਾਈ ਦੇ ਤੌਰ-ਤਰੀਕੇ ਵੀ ਦੱਸੇ ਪਰ ਪੜ੍ਹਾਈ ਨਹੀਂ ਕਰਵਾਈ। ਅਕਬਰ ਬਿਲਕੁਲ ਅਨਪੜ੍ਹ ਸੀ। ਹੁਡਾਲ, ਹੁਮਾਯੂ ਦਾ ਸਕਾ ਭਰਾ ਸੀ ਅਤੇ ਮਰਦੇ ਦਮ ਤੱਕ ਹੁਮਾਯੂ ਦਾ ਵਫਾਦਾਰ ਰਿਹਾ। ਕਾਮਰਾਨ ਅਤੇ ਹੁਡਾਲ ਦੀ ਸੰਨ 1551 ਈ: ਵਿਚ ਕਿਸੇ ਕਾਰਨ ਹੋਈ ਲੜਾਈ ਵਿਚ ਹੁਡਾਲ ਦੀ ਮੌਤ ਹੋ ਗਈ। ਹੁਡਾਲ ਦੀ ਮੌਤ ਦਾ ਹੁਮਾਯੂ ਨੂੰ ਬੜਾ ਹੀ ਦੁੱਖ ਲੱਗਾ ਅਤੇ ਆਪਣੇ ਪਰਿਵਾਰ ਦੀ ਕੜੀ ਪੱਕੀ ਕਰਨ ਲਈ ਹੁਮਾਯੂ ਨੇ ਆਪਣੇ ਭਰਾ ਹੁਡਾਲ ਦੀ 9 ਸਾਲ ਦੀ ਲੜਕੀ ਸੁਲਤਾਨਾ ਬੇਗਮ ਦਾ ਵਿਆਹ ਅਕਬਰ ਨਾਲ ਕਰ ਦਿੱਤਾ। 9 ਸਾਲ ਦੀ ਉਮਰ ਵਿਚ ਅਕਬਰ ਕਾਬਲ ਦਾ ਸੂਬੇਦਾਰ ਬਣ ਕੇ ਫੌਜ ਅਤੇ ਖਜ਼ਾਨੇ ਦਾ ਵੀ ਮਾਲਕ ਬਣ ਗਿਆ।
ਹੁਮਾਯੂ ਫੌਜ ਲੈ ਕੇ ਕਾਬਲ ਤੋਂ ਭਾਰਤ ਵਿਚ ਆਇਆ ਅਤੇ 22 ਜੂਨ, 1555 ਨੂੰ ਮਾਛੀਵਾੜੇ (ਸਰਹਿੰਦ) ਵਿਚ ਸਿਕੰਦਰ ਸੂਰੀ ਨੂੰ ਹਰਾ ਕੇ ਦਿੱਲੀ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ। 15 ਸਾਲਾਂ ਬਾਅਦ ਹੁਮਾਯੂ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ।
ਕਲਾਨੌਰ ਦਾ ਇਤਿਹਾਸ : * ਮੰਨਿਆ ਗਿਆ ਹੈ ਕਿ ਕਲਾਨੌਰ ਨੂੰ ਕਾਲਾ ਅਤੇ ਨੂਰ ਦੋ ਮੁਸਲਮਾਨ ਭਰਾਵਾਂ ਨੇ ਰਾਜਸਥਾਨ ਵਿਚੋਂ ਆ ਕੇ ਵਸਾਇਆ ਸੀ। ਉਨ੍ਹਾਂ ਦੇ ਨਾਂਅ ਤੋਂ ਹੀ ਇਸ ਕਸਬੇ ਦਾ ਨਾਂਅ ਕਲਾਨੌਰ ਪੈ ਗਿਆ ਹੈ। ਹਿੰਦੂ ਮਿਥਿਹਾਸ ਵਿਚ ਇਥੇ ਸ਼ਿਵ ਜੀ ਨੇ ਜ਼ਮੀਨ ਉੱਤੇ ਲੰਮੇ ਪੈ ਕੇ ਰਾਤ ਕੱਟੀ ਸੀ। ਇਥੇ ਸ਼ਿਵਲਿੰਗ ਵੀ ਜ਼ਮੀਨ ਉੱਤੇ ਲੰਮੇ ਪਿਆ ਹੋਇਆ ਹੈ ਅਤੇ ਇਸ ਸ਼ਿਵਲਿੰਗ ਉੱਤੇ ਕਲੇਸਵਰ ਮੰਦਰ ਸਥਾਪਤ ਹੈ। ਮੰਦਰ ਦੇ ਨਾਂਅ ਤੋਂ ਹੀ ਕਸਬੇ ਦਾ ਨਾਂਅ ਕਲਾਨੌਰ ਪੈ ਗਿਆ।
* ਕਲਾਨੌਰ ਦੇ ਰਾਜਾ ਸਾਹਿਬ ਰਾਓ, ਰਾਜਾ ਪ੍ਰਿਥੀ ਰਾਜ ਚੌਹਾਨ ਅਤੇ ਭਾਰਤ ਦੇ ਹੋਰ 150 ਰਾਜਿਆਂ ਸਮੇਤ 1191-1192 ਈ: ਤੱਕ ਦੀ ਥਾਨੇਸਰ ਦੀ ਲੜਾਈ ਮੁਹੰਮਦ ਗੌਰੀ ਨਾਲ ਲੜੀ ਗਈ ਸੀ। ਇਸ ਵਿਚ ਭਾਰਤੀ ਰਾਜੇ ਹਾਰ ਗਏ ਅਤੇ ਮੁਹੰਮਦ ਗੌਰੀ ਦੀ ਜਿੱਤ ਹੋ ਗਈ। ਮੁਹੰਮਦ ਗੌਰੀ ਨੇ ਪ੍ਰਿਥੀ ਰਾਜ ਨੂੰ ਕਤਲ ਕਰ ਦਿੱਤਾ। ਰਾਜਾ ਸਾਹਿਬ ਰਾਏ ਮੁਸਲਮਾਨ ਬਣ ਗਿਆ ਅਤੇ ਆਪਣੀ ਬਰਾਦਰੀ ਤੋਂ ਡਰਦਾ ਪਹਾੜਾਂ ਵਿਚ ਚਲਾ ਗਿਆ।
* 1388 ਈ: ਨੂੰ ਕਲਾਨੌਰ ਵਿਚ ਕਿਰਨ ਨਦੀ ਦੇ ਕੰਢੇ ਇਕ ਬੜਾ ਹੀ ਸੁੰਦਰ ਮਹੱਲ ਤਾਮੀਰ ਕਰਵਾਇਆ।
* ਬਾਬਾ ਬੰਦਾ ਸਿੰਘ ਬਹਾਦਰ ਨੇ 1715 ਈ: ਕਲਾਨੌਰ ਨੂੰ ਜਿੱਤ ਕੇ 7,000 ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਸ਼ਰਨ ਲੈ ਲਈ ਅਤੇ 27 ਅਪ੍ਰੈਲ, 1715 ਨੂੰ ਅਬਦੱਲ ਮੁਹੰਮਦ ਖਾਨ ਦੀ ਫੌਜ ਨੇ ਗੁਰਦਾਸ ਨੰਗਲ ਦੀ ਗੜ੍ਹੀ ਦੇ ਚਾਰ-ਚੁਫੇਰੇ ਤੋਂ ਘੇਰਾ ਪਾ ਲਿਆ।
* ਘਨੱਈਆ ਮਿਸਲ ਦੇ ਸਰਦਾਰ ਹਕੀਕਤ ਸਿੰਘ ਨੇ 18ਵੀਂ ਸਦੀ ਵਿਚ ਕਲਾਨੌਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਸਰਦਾਰ ਹਕੀਕਤ ਸਿੰਘ ਦੇ ਬੇਟੇ ਸਰਦਾਰ ਜੈਮਲ ਸਿੰਘ ਨੇ ਆਪਣੀ ਬੇਟੀ ਚੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਖੜਕ ਸਿੰਘ ਨਾਲ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਸੰਨ 1812 ਈ: ਨੂੰ ਕਲਾਨੌਰ ਉੱਤੇ ਕਬਜ਼ਾ ਕਰਕੇ ਖੜਕ ਸਿੰਘ ਨੂੰ ਕਲਾਨੌਰ ਦਾ ਸੂਬੇਦਾਰ ਬਣਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੀਵਾਨ ਦੀਨਾ ਨਾਥ ਨੂੰ ਕਲਾਨੌਰ ਦੀ ਸੂਬੇਦਾਰੀ ਦੇ ਕੇ ਖੜਕ ਸਿੰਘ ਆਪ ਲਾਹੌਰ ਚਲਾ ਗਿਆ। ਸੰਨ 1857 ਈ: ਵਿਚ ਕਲਾਨੌਰ ਅੰਗਰੇਜ਼ੀ ਰਾਜ ਵਿਚ ਆ ਗਿਆ।


-ਮੋਬਾ: 94781-33517.kahlonhayatnagar94@gmail.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਅਮੀਰ ਖੁਸਰੋ

ਬਦਾਇਉਂ ਦੇ ਰਹਿਣ ਵਾਲਾ ਅਮੀਰ ਖੁਸਰੋ ਮੁਗ਼ਲ ਬਾਦਸ਼ਾਹਾਂ ਦਾ ਰਾਜ ਕਵੀ ਸੀ। ਉਹ ਬਹੁਤ ਗੁਣੀ ਵਿਅਕਤੀ ਸੀ, ਜਿਸ ਨੇ ਸੰਗੀਤ, ਕਾਵਿ ਅਤੇ ਭਾਸ਼ਾਵਾਂ ਦੇ ਖੇਤਰ ਵਿਚ ਮੁਹਾਰਤ ਪ੍ਰਾਪਤ ਕੀਤੀ। ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਰੂਹਾਨੀ ਇਸ਼ਕ ਸੀ। ਬਾਬਾ ਫਰੀਦ ਜੀ ਦੀ ਗੱਦੀ 'ਤੇ ਉਸ ਸਮੇਂ ਨਿਜ਼ਾਮੁਦੀਨ ਔਲੀਆ ਬਿਰਾਜਮਾਨ ਸੀ। ਉਹ ਬਹੁਤ ਬੇਪ੍ਰਵਾਹ ਉੱਚਾ-ਸੁੱਚਾ ਫ਼ਕੀਰ ਸੀ। ਮੁਗ਼ਲ ਬਾਦਸ਼ਾਹ ਵੀ ਉਹਦੀ ਆਗਿਆ ਬਿਨਾਂ ਉਸ ਦੀ ਦਰਗਾਹ 'ਤੇ ਨਹੀਂ ਆ ਸਕਦੇ ਸਨ ਪਰ ਉਹ ਗਰੀਬਾਂ ਨੂੰ ਹਰ ਸਮੇਂ ਮਿਲਦਾ ਸੀ। ਅਮੀਰ ਖੁਸਰੋ ਉਸ ਦੇ ਬੇਅੰਤ ਮੁਰੀਦਾਂ ਵਿਚੋਂ ਇਕ ਸੀ। ਔਲੀਆ ਪ੍ਰਤੀ ਉਸ ਦਾ ਪ੍ਰੇਮ ਹੱਦਾਂ ਪਾਰ ਕਰ ਗਿਆ ਸੀ। ਲੰਮਾ ਸਮਾਂ ਉਹ ਰਾਜ ਦਰਬਾਰ ਵਿਚ ਰਿਹਾ। ਅਖੀਰ ਉਹ ਰੁਖ਼ਸਤ ਹੋ ਕੇ ਆਪਣੇ ਵਤਨ ਜਾਣ ਲੱਗਾ ਤਾਂ ਮੁਗ਼ਲ ਬਾਦਸ਼ਾਹ ਨੇ ਉਸ ਨੂੰ ਏਨਾ ਖਜ਼ਾਨਾ ਅਤੇ ਕੀਮਤੀ ਸਾਮਾਨ ਦਿੱਤਾ ਕਿ ਦੋ ਸੌ ਊਠਾਂ 'ਤੇ ਲੱਦ ਕੇ ਇਕ ਕਾਫ਼ਲਾ ਉਹਦੇ ਨਾਲ ਤੋਰਿਆ। ਆਪਣੇ ਦਿਲ ਵਿਚ ਆਪਣੇ ਪਿਆਰੇ ਮੁਰਸ਼ਦ ਦੀ ਤਸਵੀਰ ਸਜਾ ਕੇ ਅਮੀਰ ਖੁਸਰੋ ਸਾਰੀ ਉਮਰ ਦੀ ਕਮਾਈ ਲੈ ਕੇ ਜਾ ਰਿਹਾ ਸੀ। ਉਧਰ ਇਕ ਗਰੀਬ ਆਦਮੀ ਨਿਜ਼ਾਮੁਦੀਨ ਦੀ ਸ਼ੋਭਾ ਸੁਣ ਕੇ ਉਸ ਕੋਲ ਆਇਆ ਅਤੇ ਆਪਣੀ ਬੇਟੀ ਦੇ ਵਿਆਹ ਲਈ ਮਦਦ ਮੰਗੀ।
ਔਲੀਆ ਨੇ ਕਿਹਾ ਕਿ ਦਰਵੇਸ਼ ਲੋਕ ਧਨ ਜੋੜ ਕੇ ਨਹੀਂ ਰੱਖਦੇ ਪਰ ਕੱਲ੍ਹ ਨੂੰ ਜੋ ਸੰਗਤ ਦਾ ਚੜ੍ਹਾਵਾ ਆਵੇਗਾ, ਤੂੰ ਲੈ ਲਵੀਂ। ਪਰ ਅਜਿਹਾ ਹੋਇਆ ਕਿ ਤਿੰਨ ਦਿਨ ਕੋਈ ਚੜ੍ਹਾਵਾ ਨਾ ਆਇਆ। ਗਰੀਬ ਬੰਦਾ ਬਹੁਤ ਦੁਖੀ ਤੇ ਨਿਰਾਸ਼ ਹੋ ਕੇ ਮੁੜਨ ਲੱਗਾ ਤਾਂ ਪੀਰ ਨੇ ਕਿਹਾ ਕਿ ਇਸ ਸਮੇਂ ਮੇਰੇ ਕੋਲ ਇਕ ਪੈਰਾਂ ਦਾ ਜੋੜਾ ਹੀ ਹੈ, ਤੂੰ ਖਾਲੀ ਨਾ ਜਾਹ ਤੇ ਇਹੋ ਲੈ ਜਾ। ਅੱਲਾਹ ਤੇਰਾ ਕਾਰਜ ਰਾਸ ਕਰੇਗਾ। ਉਸ ਬੰਦੇ ਨੇ ਬੇਦਿਲੀ ਨਾਲ ਜੁੱਤੀ ਲੈ ਲਈ ਅਤੇ ਉਦਾਸ ਹੋ ਕੇ ਤੁਰ ਪਿਆ। ਰਾਹ ਵਿਚ ਉਸ ਨੂੰ ਅਮੀਰ ਖੁਸਰੋ ਦਾ ਕਾਫਲਾ ਮਿਲਿਆ। ਜਦੋਂ ਕੋਲ ਦੀ ਲੰਘਣ ਲੱਗਾ ਤਾਂ ਰੰਗ ਵਿਚ ਰੱਤੇ ਖੁਸਰੋ ਨੂੰ ਆਪਣੇ ਪਿਆਰੇ ਮੁਰਸ਼ਦ ਦੀ ਖੁਸ਼ਬੂ ਆਈ। ਗਰੀਬ ਆਦਮੀ ਨੇ ਆਪਣੀ ਕਹਾਣੀ ਸੁਣਾਈ ਤੇ ਕਿਹਾ ਕਿ ਨਿਜ਼ਾਮੁਦੀਨ ਕੋਲੋਂ ਆ ਰਿਹਾ ਹਾਂ, ਜਿਸ ਨੂੰ ਦੁਨੀਆ ਦਾਤਾ ਕਹਿੰਦੀ ਹੈ ਪਰ ਮੈਨੂੰ ਤਾਂ ਉਸ ਨੇ ਆਹ ਜੁੱਤੀ ਹੀ ਦਿੱਤੀ ਹੈ, ਜਿਸ ਦਾ ਕੋਈ ਮੁੱਲ ਵੀ ਨਹੀਂ ਮਿਲਣਾ। ਅਮੀਰ ਖੁਸਰੋ ਨੇ ਉਸ ਕੋਲੋਂ ਆਪਣੇ ਪਿਆਰੇ ਦਾ ਜੋੜਾ ਲੈ ਕੇ ਸੀਸ 'ਤੇ ਰੱਖਿਆ, ਨੇਤਰਾਂ ਨਾਲ ਛੁਹਾਇਆ, ਚੁੰਮਿਆ ਅਤੇ ਇਸ ਦੇ ਬਦਲੇ ਦੋ ਸੌ ਊਠਾਂ 'ਤੇ ਲੱਦਿਆ ਸਾਰਾ ਖਜ਼ਾਨਾ ਉਸ ਨੂੰ ਸੌਂਪ ਦਿੱਤਾ। ਗਰੀਬ ਆਦਮੀ ਨੇ ਉਸ ਨੂੰ ਪਾਗਲ ਸਮਝਿਆ ਅਤੇ ਖੁਸ਼ੀ-ਖੁਸ਼ੀ ਖਜ਼ਾਨਾ ਲੈ ਕੇ ਚਲਾ ਗਿਆ।
ਖੁਸਰੋ ਨੇ ਪੀਰ ਦਾ ਜੋੜਾ ਸਿਰ 'ਤੇ ਰੱਖਿਆ ਤੇ ਔਲੀਆ ਦੇ ਚਰਨਾਂ ਵਿਚ ਆ ਢੇਰੀ ਹੋਇਆ। ਇਕ ਦਿਨ ਔਲੀਆ ਨੇ ਆਪਣੇ ਮੁਰੀਦਾਂ ਨੂੰ ਪਰਖਣ ਦੀ ਕਸਵੱਟੀ ਲਾਈ। ਉਹ ਕਹਿੰਦੇ-ਕਹਾਉਂਦੇ 32 ਮੁਰੀਦਾਂ ਨੂੰ ਲੈ ਕੇ ਵੇਸਵਾਵਾਂ ਦੇ ਮੁਹੱਲੇ ਪਹੁੰਚ ਗਿਆ। ਬਹੁਤ ਸਾਰੇ ਚੇਲੇ ਤਰਕ ਕਰਕੇ ਉਸ ਨੂੰ ਛੱਡ ਕੇ ਚਲੇ ਗਏ। ਕਈਆਂ ਨੂੰ ਫ਼ਕੀਰ ਨੇ ਆਪ ਹੀ ਝਿੜਕ ਕੇ ਭਜਾ ਦਿੱਤਾ। ਅਖੀਰ ਵਿਚ ਅਮੀਰ ਖੁਸਰੋ ਹੀ ਰਹਿ ਗਿਆ। ਪੀਰ ਜੀ ਨੇ ਉਸ ਨੂੰ ਬਹੁਤ ਮਾਰ ਪੁਆਈ ਤੇ ਲੋਕਾਂ ਨੂੰ ਕਿਹਾ ਕਿ 'ਇਸ ਨੂੰ ਘੜੀਸ ਕੇ ਸੁੱਟ ਆਓ।' ਪਰ ਉਹ ਫਿਰ ਆ ਜਾਂਦਾ ਸੀ। ਅਖੀਰ ਔਲੀਆ ਨੇ ਕਿਹਾ ਕਿ 31 ਬੰਦੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਖੁਸਰੋ ਬੋਲਿਆ ਕਿ ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ, ਕਿਥੇ ਜਾਵਾਂ? ਨਿਜ਼ਾਮੁਦੀਨ ਨੇ ਉਸ ਨੂੰ ਗਲ ਨਾਲ ਲਾ ਲਿਆ ਅਤੇ ਸਭ ਕੁਝ ਸੌਂਪ ਦਿੱਤਾ। ਖੁਸਰੋ ਨੇ ਆਪਣੀ ਸਾਰੀ ਉਮਰ ਦੀ ਕਮਾਈ, ਘਰ-ਘਾਟ, ਪਦਵੀ, ਸੁਖ-ਆਰਾਮ ਪੀਰ ਦੇ ਇਸ਼ਕ ਤੋਂ ਕੁਰਬਾਨ ਕਰ ਦਿੱਤੇ। ਉਸ ਦੀ ਜ਼ਿੰਦਗੀ ਮੁਹੱਬਤ ਦਾ ਕਲਮਾ ਬਣ ਗਈ-
ਤੇਰੇ ਨਾਮ ਸੇ ਦੋ ਜਹਾਂ ਮਿਲ ਗਏ ਹੈਂ
ਹਮੇਂ ਤੇਰੇ ਪਾਉਂ ਕੇ ਨਿਸ਼ਾਂ ਮਿਲ ਗਏ ਹੈਂ।

ਕੋਹਿਨੂਰ ਹੀਰੇ ਦਾ ਤੋਹਫ਼ੇ ਵਜੋਂ ਅੰਗਰੇਜ਼ਾਂ ਨੂੰ ਸੌਂਪਿਆ ਜਾਣਾ

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਲਾਰਡ ਹਾਰਡਿੰਗ ਨੇ ਇਸ ਦਾ ਜਵਾਬ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ਵਿਚ ਤਕਰੀਰ ਕਰਕੇ ਦਿੱਤਾ ਤੇ ਉਮੀਦ ਕੀਤੀ ਕਿ ਦੋਵਾਂ ਸਰਕਾਰਾਂ ਵਿਚ ਇਕ ਵਾਰ ਫਿਰ ਦੋਸਤਾਨਾ ਸਬੰਧ ਕਾਇਮ ਹੋਣਗੇ। ਇਸ ਤੋਂ ਬਾਅਦ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਹੋਇਆ ਤੇ ਮਹਾਰਾਜਾ ਦੇ ਮਾਣ ਵਿਚ ਅੰਗਰੇਜ਼ੀ ਤੋਪਾਂ ਨੇ ਸਲਾਮੀ ਦਿੱਤੀ।
ਗਵਰਨਰ ਜਨਰਲ ਨੇ ਲਾਹੌਰ ਦੀ ਤਰਫ ਮਾਰਚ ਸ਼ੁਰੂ ਕੀਤਾ। ਹਾਰਿਆ ਹੋਇਆ ਮਹਾਰਾਜਾ ਉਸ ਦੀ ਬੱਘੀ ਵਿਚ ਉਸ ਦੇ ਨਾਲ ਹੀ ਸਵਾਰ ਸੀ। ਅੰਗਰੇਜ਼ੀ ਸਿਪਾਹੀਆਂ ਨੇ ਲਾਹੌਰ ਦੇ ਬਿਲਕੁਲ ਬਾਹਰ ਮੀਆਂ ਮੀਰ ਦੇ ਥਾਂ ਉੱਪਰ ਛਾਉਣੀ ਲਗਾਈ ਹੋਈ ਸੀ। ਮਹਾਰਾਜਾ ਦੇ ਰੱਖਿਅਕਾਂ ਨੂੰ ਲਾਹੌਰ ਦੀ ਆਬਾਦੀ ਦੇ ਪ੍ਰਤੀਕਰਮ ਦਾ ਫਿਕਰ ਹੋਣ ਲੱਗਾ। ਉਨ੍ਹਾਂ ਨੇ ਕਿਲ੍ਹੇ ਦੀ ਹਿਫਾਜ਼ਤ ਵਾਸਤੇ ਅੰਗਰੇਜ਼ ਦਸਤੇ ਦੀ ਮੰਗ ਕੀਤੀ, ਜੋ ਮੰਨ ਲਈ ਗਈ ਤੇ ਅੰਗਰੇਜ਼ੀ ਸਿਪਾਹੀਆਂ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਹਜ਼ੂਰੀ ਬਾਗ ਵਾਲੇ ਗੇਟ ਉੱਪਰ ਉਨ੍ਹਾਂ ਦਾ ਹੀ ਪਹਿਰਾ ਲਗਵਾ ਦਿੱਤਾ ਗਿਆ।
8 ਮਾਰਚ, 1846 ਨੂੰ 'ਲਾਹੌਰ ਦੀ ਸੰਧੀ' ਉੱਪਰ ਦਸਤਖਤ ਹੋਏ। ਇਸ ਦੀ ਮੁੱਖ ਧਾਰਾ ਮੁਤਾਬਕ ਪੰਜਾਬ ਦਾ ਇਕ ਹਿੱਸਾ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਹੋ ਜਾਣਾ ਸੀ। ਜਨਰਲ ਸਰ ਹੋਪ ਗਰਾਂਟ ਨੇ ਉਸ ਵਕਤ ਦੇ ਦ੍ਰਿਸ਼ ਦਾ ਬੜੇ ਗੁੰਦਵੇਂ ਸ਼ਬਦਾਂ ਵਿਚ ਜ਼ਿਕਰ ਕੀਤਾ ਕਿ, 'ਦਰਬਾਰ ਦਾ ਹਾਲ ਅਕਸੀ ਸ਼ੀਸ਼ਿਆਂ ਨਾਲ ਭਰਿਆ ਹੋਇਆ ਸੀ ਤੇ ਛੱਤ ਉੱਤੋਂ ਫਾਨੂਸ ਲਟਕ ਰਹੇ ਸਨ। ਹਾਲ ਦੇ ਸਾਹਮਣੇ ਖੁੱਲ੍ਹਾ ਦਰਬਾਰ ਸੀ, ਜਿਸ ਵਿਚ ਸੁੰਦਰ ਡਾਟਾਂ ਬਣੀਆਂ ਸਨ, ਵਿਚਕਾਰ ਇਕ ਫੁਆਰਾ ਚੱਲ ਰਿਹਾ ਸੀ, ਜਿਸ ਵਿਚ ਪੰਛੀ ਕਲੋਲ ਕਰ ਰਹੇ ਸਨ। ਅੰਦਰ ਸ਼ਾਲਾਂ ਤੇ ਰੇਸ਼ਮੀ ਪਰਦੇ ਸਨ, ਜਿਨ੍ਹਾਂ ਨਾਲ ਧੁੱਪ ਰੋਕੀ ਗਈ ਸੀ। ਫਰਸ਼ ਉੱਪਰ ਗੂੜ੍ਹੇ ਰੰਗ ਦੇ ਕੀਮਤੀ ਕਾਲੀਨ ਵਿਛੇ ਹੋਏ ਸਨ। ਦਰਬਾਰ ਦੇ ਅੰਦਰ ਮਹਾਰਾਜਾ ਦਲੀਪ ਸਿੰਘ, ਇਕ ਖੂਬਸੂਰਤ ਮਾਸੂਮ ਜਿਹਾ ਲੜਕਾ ਬੈਠਾ ਸੀ। ਉਸ ਦੇ ਨਾਲ ਸਿੱਖ ਸਰਦਾਰ ਜਿਵੇਂ ਕਿ ਖੁਸ਼ਨੁਮਾ ਮੂਡ ਵਿਚ ਰਾਜਾ ਲਾਲ ਸਿੰਘ, ਜਰਨੈਲਾਂ ਵਿਚ ਮਾਯੂਸ, ਚੇਚਕ ਦੇ ਦਾਗਾਂ ਨਾਲ ਭਰਿਆ ਤੇ ਸ਼ਰਾਬੀਆਂ ਵਾਂਗ ਦਿਖਾਈ ਦਿੰਦਾ ਰਾਜਾ ਤੇਜ ਸਿੰਘ ਸੀ। ਇਸ ਤੋਂ ਇਲਾਵਾ ਬੱਦੋਵਾਲ ਤੇ ਆਲੀਵਾਲ ਦੀਆਂ ਲੜਾਈਆਂ ਵਾਲਾ ਰਾਜਾ ਰਣਜੋਧ ਸਿੰਘ ਤੇ ਹੋਰ ਵੱਡੇ ਅਹੁਦਿਆਂ ਵਾਲੇ ਸਰਦਾਰ ਵੀ ਬੈਠੇ ਸਨ। ਰਿਵਾਜ ਮੁਤਾਬਿਕ ਸਭ ਤੋਂ ਪਹਿਲਾਂ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਹੋਇਆ। ਦਰਬਾਰ ਵਲੋਂ ਸਭ ਤੋਂ ਕੀਮਤੀ ਚੀਜ਼ ਕੋਹਿਨੂਰ ਹੀਰਾ ਪੇਸ਼ ਕੀਤਾ ਗਿਆ। ਇਕ ਇੰਚ ਲੰਬਾ, ਪੌਣਾ ਇੰਚ ਚੌੜਾ ਤੇ ਏਨਾ ਕੁ ਹੀ ਮੋਟਾ ਇਹ ਹੀਰਾ ਇਕ ਵਿਅਕਤੀ ਤੋਂ ਦੂਜੇ ਤੱਕ ਸਿਰਫ ਬਾਂਹ ਨਾਲ ਬੱਝਾ ਹੀ ਤੁਰਦਾ ਗਿਆ। ਇਸ ਦੇ ਨਾਲ ਦੋ ਹੋਰ ਛੋਟੇ-ਛੋਟੇ ਕੀਮਤੀ ਪੱਥਰ ਲਾਲ ਰੇਸ਼ਮੀ ਕੱਪੜੇ ਵਿਚ ਲਪੇਟੇ ਹੋਏ ਸਨ।'
ਦਰਬਾਰ ਵਲੋਂ ਇਸ ਸਮਝੌਤੇ ਉੱਪਰ ਦਸਤਖਤ ਕਰਨ ਵਾਲੇ ਰਾਜਾ ਲਾਲ ਸਿੰਘ, ਤੇਜ ਸਿੰਘ, ਭਈਆ ਰਾਮ ਸਿੰਘ ਤੇ ਦੀਵਾਨ ਦੀਨਾ ਨਾਥ ਸਨ। ਕਸੂਰ ਵਾਲੇ ਸਮਝੌਤੇ ਵਿਚ ਦੋ ਤਰਮੀਮਾਂ ਕੀਤੀਆਂ ਗਈਆਂ ਸਨ। ਕਿਉਂਕਿ ਦਰਬਾਰ 50 ਲੱਖ ਤੋਂ ਵੱਧ ਨਹੀਂ ਅਦਾ ਕਰ ਸਕਦਾ ਸੀ, ਇਸ ਕਰਕੇ ਡੇਢ ਕਰੋੜ ਦੇ ਹਰਜਾਨੇ ਦੀ ਰਕਮ ਬਦਲ ਦਿੱਤੀ ਤੇ ਇਸ ਦੇ ਇਵਜ਼ ਵਿਚ ਕਸ਼ਮੀਰ ਤੇ ਹਜ਼ਾਰਾ ਪੰਜਾਬ ਤੋਂ ਅਲੱਗ ਕਰਵਾ ਲਿਆ। ਬਾਅਦ ਵਿਚ ਕਸ਼ਮੀਰ ਗੁਲਾਬ ਸਿੰਘ ਡੋਗਰਾ ਨੂੰ 10 ਲੱਖ ਪੌਂਡ ਵਿਚ ਵੇਚ ਦਿੱਤਾ ਗਿਆ ਸੀ।
ਡੋਗਰਾ ਸਮਝ ਗਿਆ ਸੀ ਕਿ ਉਹ ਹੁਣ ਪਠਾਣਾਂ ਕੋਲੋਂ ਹਜ਼ਾਰਾ ਨਹੀਂ ਲੈ ਸਕਦਾ, ਕਿਉਂਕਿ ਉਨ੍ਹਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਨਾਲ ਉਲਝਿਆ ਦੇਖ ਕੇ ਉਸ ਇਲਾਕੇ ਨੂੰ ਆਜ਼ਾਦ ਕਰਵਾ ਲਿਆ ਸੀ ਤੇ ਸਾਰੇ ਕਿਲ੍ਹਿਆਂ ਉੱਪਰ ਕਬਜ਼ਾ ਕਰ ਲਿਆ ਸੀ। ਉਨ੍ਹਾਂ ਦੀ ਮਦਦ ਵਾਸਤੇ ਅੰਗਰੇਜ਼ ਆਏ, ਉਨ੍ਹਾਂ ਹਜ਼ਾਰਾ 'ਤੇ ਕਬਜ਼ਾ ਕਰ ਲਿਆ ਤੇ ਹਜ਼ਾਰਾ ਦੇ ਬਦਲੇ ਗੁਲਾਬ ਸਿੰਘ ਨੂੰ ਜੰਮੂ ਦੇ ਨਾਲ ਲਗਦੇ ਕੁਝ ਹੋਰ ਇਲਾਕੇ ਦੇ ਦਿੱਤੇ। ਕੈਪਟਨ ਅੱਬਾਟ ਨੂੰ ਹਜ਼ਾਰਾ ਦਾ ਚਾਰਜ ਦੇ ਦਿੱਤਾ।
ਕਸ਼ਮੀਰ ਦੇ ਬਦਲੇ ਵਿਚ ਲੈਣ ਵਾਲੇ 10 ਲੱਖ ਪੌਂਡ ਦੀ ਰਕਮ ਘਟਾ ਕੇ ਉਸ ਦਾ ਚੌਥਾ ਹਿੱਸਾ ਕਰ ਦਿੱਤੀ। ਅੰਗਰੇਜ਼ਾਂ ਕੋਲ ਧਿਆਨ ਸਿੰਘ ਡੋਗਰਾ ਦਾ ਖਜ਼ਾਨਾ ਵੀ ਪਿਆ ਸੀ, ਜੋ 15 ਤੋਂ 20 ਲੱਖ ਰੁਪਏ ਦੇ ਬਰਾਬਰ ਸੀ, ਉਹ ਵੀ ਗੁਲਾਬ ਸਿੰਘ ਡੋਗਰੇ ਨੂੰ ਦੇ ਦਿੱਤਾ ਸੀ।
ਦਰਬਾਰ ਦੀ ਫੌਜ ਦੀ ਗਿਣਤੀ 20,000 ਪੈਦਲ ਤੇ 12,000 ਘੋੜਸਵਾਰ ਦੀ ਬੰਨ੍ਹ ਦਿੱਤੀ ਸੀ।
ਲਾਲ ਸਿੰਘ ਤੇ ਹੋਰ ਸਰਦਾਰਾਂ ਦੀ ਬੇਨਤੀ ਉੱਪਰ ਮਹਾਰਾਜਾ ਦੀ ਹਿਫ਼ਾਜ਼ਤ ਵਾਸਤੇ ਸਾਲ ਦੇ ਅੰਤ ਤੱਕ ਅੰਗਰੇਜ਼ੀ ਫੌਜ ਨੂੰ 22,000 ਪੌਂਡ ਦੀ ਕੀਮਤ ਉੱਪਰ ਕਿਲ੍ਹੇ ਵਿਚ ਰੱਖਣਾ ਮੰਨ ਲਿਆ ਗਿਆ। ਮਹਾਰਾਜਾ ਦੇ ਬਾਲਗ ਹੋਣ ਤੱਕ ਰਾਜ ਦਾ ਕੰਮ-ਕਾਜ ਚਲਾਉਣ ਵਾਸਤੇ ਇਕ ਰੀਜੈਂਸੀ ਕੌਂਸਲ ਦਾ ਗਠਨ ਕੀਤਾ ਗਿਆ। ਮਹਾਰਾਣੀ ਜਿੰਦਾ ਮੁੱਖ ਪ੍ਰਸ਼ਾਸਨ, ਰੀਜੈਂਟ ਹੋਵੇਗੀ ਤੇ ਲਾਲ ਸਿੰਘ ਉਸ ਦਾ ਮੁੱਖ ਸਲਾਹਕਾਰ। ਮੇਜਰ ਜਨਰਲ ਹੈਨਰੀ ਲਾਰੈਂਸ ਨੂੰ ਲਾਹੌਰ ਵਿਚ ਗਵਰਨਰ ਜਨਰਲ ਦੇ ਏਜੰਟ ਦੇ ਰੂਪ ਵਿਚ ਰੱਖਿਆ ਗਿਆ।
16 ਮਾਰਚ, 1846 ਨੂੰ ਅੰਮ੍ਰਿਤਸਰ ਵਿਖੇ ਇਕ ਹੋਰ ਸਮਾਰੋਹ ਹੋਇਆ। ਇਸ ਵਿਚ ਗੁਲਾਬ ਸਿੰਘ ਨਾਲ ਹੋਏ ਸਮਝੌਤੇ ਦੀ ਤਸਦੀਕ ਕੀਤੀ ਗਈ ਤੇ ਉਸ ਨੂੰ ਜੰਮੂ ਤੇ ਕਸ਼ਮੀਰ ਦੀ ਹਕੂਮਤ ਸੰਭਾਲੀ ਗਈ। ਡੋਗਰਾ ਜੋ ਸਿਰਫ ਟੁੱਟੇ-ਫੁੱਟੇ ਪੰਜਾਬ ਦਾ ਪ੍ਰਧਾਨ ਮੰਤਰੀ ਬਣਨਾ ਸੋਚਦਾ ਸੀ, ਹੁਣ ਇਕ ਸਟੇਟ ਦਾ ਮਹਾਰਾਜਾ ਬਣ ਗਿਆ, ਜਿਸ ਦਾ ਸਾਈਜ਼ ਇਟਲੀ ਦੇ ਬਰਾਬਰ ਸੀ। ਇਸ ਤਰ੍ਹਾਂ ਰਿੱਛ ਜਿਵੇਂ ਕਿ ਡੋਗਰਾ ਨੂੰ ਅਕਸਰ ਬੋਲਿਆ ਜਾਂਦਾ ਸੀ, ਦਰਬਾਰ ਦੇ ਛੱਤੇ ਵਿਚੋਂ ਸਭ ਤੋਂ ਵਧੀਆ ਸ਼ਹਿਦ ਹਾਸਲ ਕਰ ਗਿਆ। ਉਸ ਨੇ ਇਹ ਤੋਹਫ਼ਾ ਬਣਦੀ ਜ਼ਲਾਲਤ ਨਾਲ ਕਬੂਲ ਕੀਤਾ ਤੇ ਆਪਣੇ-ਆਪ ਨੂੰ ਜ਼ਰ-ਖਰੀਦ ਗੁਲਾਮ, ਯਾਨੀ ਸੋਨੇ ਨਾਲ ਖਰੀਦਿਆ ਹੋਇਆ ਗੁਲਾਮ ਕਿਹਾ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਤਾਸ਼ਕੰਦ 'ਚ ਵਸਦੈ ਇਕ ਹੋਰ ਭਾਰਤ

ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਾਬਕਾ ਸੋਵੀਅਤ ਸੰਘ ਦਾ ਇਕ ਪ੍ਰਸਿੱਧ ਸ਼ਹਿਰ ਹੈ, ਜਿੱਥੇ ਉਥੋਂ ਦੀ ਸੂਬਾਈ ਭਾਸ਼ਾ 'ਉਜ਼ਬੇਕ' ਹੀ ਲਿਖੀ ਤੇ ਬੋਲੀ ਜਾਂਦੀ ਹੈ। ਉਥੋਂ ਦੀ ਕਰੰਸੀ ਭਾਰਤ ਤੋਂ ਵੱਖ ਹੈ, ਉਥੋਂ ਦੇ ਲੋਕਾਂ ਦਾ ਪਹਿਰਾਵਾ ਵੀ ਸਾਡੇ ਨਾਲ ਮੇਲ ਨਹੀਂ ਖਾਂਦਾ, ਰਹਿਣ-ਸਹਿਣ ਅਤੇ ਖਾਣ-ਪੀਣ ਵੀ ਸਾਡੇ ਨਾਲੋਂ ਬਿਲਕੁਲ ਵੱਖਰਾ ਹੈ, ਉਨ੍ਹਾਂ ਦਾ ਸੱਭਿਆਚਾਰ ਅਤੇ ਰੀਤੀ-ਰਿਵਾਜ ਆਦਿ ਵੀ ਸਾਡੇ ਤੋਂ ਪੂਰੀ ਤਰ੍ਹਾਂ ਭਿੰਨ ਹਨ, ਪਰ ਇਸ ਸਭ ਦੇ ਬਾਵਜੂਦ ਤਾਸ਼ਕੰਦ ਅਤੇ ਭਾਰਤ 'ਚ ਜੇਕਰ ਕੋਈ ਸਮਾਨਤਾ ਹੈ ਤਾਂ ਉਹ ਹੈ ਉਥੋਂ ਦੇ ਇਕ ਸਥਾਨਕ ਸਕੂਲ 'ਚ ਬੋਲੀ, ਲਿਖੀ ਤੇ ਪੜ੍ਹੀ ਜਾਂਦੀ 'ਹਿੰਦੀ' ਭਾਸ਼ਾ ਤੇ 'ਦੇਵਨਾਗਰੀ' ਲਿਪੀ। ਜੀ ਹਾਂ, ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੇਸ਼ 'ਚ ਅੰਗਰੇਜ਼ੀ ਸਮਝਣ ਵਾਲੇ ਵੀ ਬਹੁਤ ਥੋੜ੍ਹੇ ਲੋਕ ਹਨ, ਉਥੋਂ ਦੇ ਇਕ ਸਕੂਲ 'ਚ ਅੱਜ ਵੀ ਹਿੰਦੀ ਪੜ੍ਹੀ ਤੇ ਪੜ੍ਹਾਈ ਜਾਂਦੀ ਹੈ।
ਅਕਸਰ ਦੂਜੇ ਦੇਸ਼ਾਂ ਤੋਂ ਤਾਸ਼ਕੰਦ ਪਹੁੰਚਣ 'ਤੇ ਜਿਸ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਹੈ ਉਥੋਂ ਦੀ ਸਥਾਨਕ ਭਾਸ਼ਾ। ਉੱਥੇ ਸਿਰਫ਼ ਉਜ਼ਬੇਕ ਭਾਸ਼ਾ ਹੀ ਬੋਲੀ ਅਤੇ ਸਮਝੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਤਾਸ਼ਕੰਦ 'ਚ ਇਕ ਅਜਿਹੀ ਜਗ੍ਹਾ ਵੀ ਹੈ, ਜੋ ਸਹਿਜ ਹੀ ਤਾਸ਼ਕੰਦ 'ਚ ਇਕ ਮਿੰਨੀ ਭਾਰਤ ਹੋਣ ਦਾ ਅਹਿਸਾਸ ਕਰਵਾ ਦਿੰਦੀ ਹੈ।
ਤਾਸ਼ਕੰਦ ਦੀ ਸ਼ਾਸਤਰੀ ਸਟਰੀਟ 'ਤੇ ਸਥਾਪਿਤ 'ਸ੍ਰੀ ਲਾਲ ਬਹਾਦਰ ਸ਼ਾਸਤਰੀ ਮੈਮੋਰੀਅਲ ਸਕੂਲ' ਨੂੰ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਯਾਦ 'ਚ ਸ਼ੁਰੂ ਕੀਤਾ ਗਿਆ ਹੈ। ਇਸ ਸਕੂਲ 'ਚ ਪੜ੍ਹਨ ਵਾਲੇ ਡੇਢ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਸਾਰੇ ਵਿਸ਼ੇ ਹਿੰਦੀ 'ਚ ਪੜ੍ਹਾਏ ਜਾਂਦੇ ਹਨ। ਇਨ੍ਹਾਂ ਵਿਦਿਆਰਥੀਆਂ 'ਚ ਬਹੁਤੀ ਗਿਣਤੀ ਮੁਸਲਮਾਨ ਵਿਦਿਆਰਥੀਆਂ ਦੀ ਹੈ ਅਤੇ ਬਾਕੀ ਵਿਦਿਆਰਥੀ ਈਸਾਈ ਹਨ, ਜਦਕਿ ਹਿੰਦੂ ਜਾਂ ਸਿੱਖ ਵਿਦਿਆਰਥੀ ਇਕ ਵੀ ਨਹੀਂ ਹੈ। ਇਨ੍ਹਾਂ ਨੂੰ ਹਿੰਦੀ ਪੜ੍ਹਾਉਣ ਵਾਲੀਆਂ ਅਧਿਆਪਕਾਂ ਸ੍ਰੀਮਤੀ ਬਖ਼ਤਿਆਰ ਅਤੇ ਰੈਨੋ ਉਜ਼ਬੈਕ ਹਨ ਪਰ ਇਸ ਸਭ ਦੇ ਬਾਵਜੂਦ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਵਾਂ ਅਤੇ ਹੋਰ ਪ੍ਰਬੰਧਕੀ ਸਟਾਫ਼ ਨੂੰ ਹਿੰਦੀ ਭਾਸ਼ਾ ਨਾਲ ਬੇਹੱਦ ਪਿਆਰ ਹੈ। ਇਸੇ ਸਕੂਲ 'ਚ ਲਗਾਇਆ ਗਿਆ ਸ੍ਰੀ ਸ਼ਾਸਤਰੀ ਦਾ ਵਿਸ਼ਾਲ ਬੁੱਤ, ਭਾਰਤ ਦਾ ਨਕਸ਼ਾ ਅਤੇ ਭਾਰਤ ਦਾ ਰਾਸ਼ਟਰੀ ਝੰਡਾ ਜਿੱਥੇ ਇਸ ਸਕੂਲ ਦੇ ਸਟਾਫ਼ ਤੇ ਪ੍ਰਬੰਧਕਾਂ ਦੇ ਭਾਰਤ ਪ੍ਰਤੀ ਪਿਆਰ ਨੂੰ ਜ਼ਾਹਿਰ ਕਰਦਾ ਹੈ, ਉਥੇ ਹੀ ਇਹ ਸਾਰੇ ਦ੍ਰਿਸ਼ ਕੁਝ ਅਸਧਾਰਨ ਜਿਹੇ ਵੀ ਜਾਪਦੇ ਹਨ।
ਭਾਰਤ ਤੋਂ ਕਿਸੇ ਨਾਗਰਿਕ ਜਾਂ ਵਿਸ਼ੇਸ਼ ਵਿਅਕਤੀ ਦੇ ਤਾਸ਼ਕੰਦ ਜਾਣ 'ਤੇ ਸਕੂਲ ਦੇ ਪ੍ਰਬੰਧਕ ਆਪਣੀ ਮਹਿਮਾਨ ਨਿਵਾਜੀ ਦਾ ਸਬੂਤ ਦਿੰਦਿਆਂ ਉਸ ਦੇ ਸਵਾਗਤ 'ਚ ਸੱਭਿਆਚਾਰਕ ਪ੍ਰੋਗਰਾਮ ਜ਼ਰੂਰ ਪੇਸ਼ ਕਰਦੇ ਹਨ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਵਲੋਂ ਭਾਰਤੀ ਫਿਲਮਾਂ ਦੇ ਹਿੰਦੀ ਗੀਤ ਗਾਏ ਅਤੇ ਇਨ੍ਹਾਂ ਗੀਤਾਂ 'ਤੇ ਨਾਚ ਵੀ ਪੇਸ਼ ਕੀਤਾ ਜਾਂਦਾ ਹੈ। ਸਕੂਲ ਦੇ ਪ੍ਰਬੰਧਕਾਂ ਅਨੁਸਾਰ ਸਕੂਲ 'ਚ ਹਰ ਸਾਲ ਸ੍ਰੀ ਸ਼ਾਸਤਰੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਅਸਲ 'ਚ ਤਾਸ਼ਕੰਦ ਦਾ ਨਾਂਅ ਸੰਨ 1966 ਦੇ ਬਾਅਦ ਤੋਂ ਭਾਰਤੀਆਂ ਲਈ ਕੁਝ ਜ਼ਿਆਦਾ ਹੀ ਜਾਣਿਆ-ਪਛਾਣਿਆ ਜਿਹਾ ਰਿਹਾ ਹੈ, ਕਿਉਂਕਿ ਇਸੇ ਸ਼ਹਿਰ 'ਚ 11 ਜਨਵਰੀ, 1966 ਦੀ ਰਾਤ ਨੂੰ ਭਾਰਤ ਦੇ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋਈ ਸੀ, ਜੋ ਅੱਜ 52 ਵਰ੍ਹੇ ਬੀਤ ਜਾਣ ਪਿੱਛੋਂ ਵੀ ਇਕ ਭੇਦ ਬਣੀ ਹੋਈ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸੰਨ 1965 ਦੇ ਹਿੰਦ-ਪਾਕਿਸਤਾਨ ਯੁੱਧ ਤੋਂ ਬਾਅਦ 3-10 ਜਨਵਰੀ, 1966 ਤੱਕ ਤਾਸ਼ਕੰਦ ਸ਼ਹਿਰ 'ਚ ਇਕ ਸੰਮੇਲਨ ਹੋਇਆ, ਜਿਸ 'ਚ ਰਸਮੀ ਤੌਰ 'ਤੇ ਭਾਰਤ-ਪਾਕਿਸਤਾਨ ਵਲੋਂ ਯੁੱਧ ਨੂੰ ਖਤਮ ਕਰਕੇ ਸ਼ਾਂਤੀ ਸਥਾਪਨਾ ਦਾ ਫੈਸਲਾ ਲਿਆ ਗਿਆ। ਤਾਸ਼ਕੰਦ ਜਾਣ ਤੋਂ ਪਹਿਲਾਂ ਸ੍ਰੀ ਸ਼ਾਸਤਰੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਂ ਦੋਵਾਂ ਨੇ ਆਪਣੀਆਂ ਇੱਛਾਵਾਂ ਅਤੇ ਉਦੇਸ਼ ਤਹਿ ਕਰ ਲਏ ਸਨ। ਅਯੂਬ ਖ਼ਾਂ ਨੇ ਕਿਹਾ ਕਿ ਉਹ ਕਸ਼ਮੀਰ ਸਮੱਸਿਆ ਦੇ ਸਹੀ ਹੱਲ ਲਈ ਤਿਆਰ ਹਨ। ਇਧਰ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਕਸ਼ਮੀਰ ਦਾ ਭਵਿੱਖ ਕਿਸੇ ਗੱਲਬਾਤ ਦਾ ਵਿਸ਼ਾ ਨਹੀਂ ਹੋ ਸਕਦਾ। ਇਹ ਪਹਿਲੀ ਵਾਰ ਸੀ ਕਿ ਜਦੋਂ ਸੋਵੀਅਤ ਸੰਘ ਨੇ ਦੋ ਗੈਰ-ਸਾਮਵਾਦੀ ਦੇਸ਼ਾਂ ਵਿਚਕਾਰ ਮੇਲ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਬੈਠਕ 'ਚ 6 ਦਿਨਾਂ ਤੱਕ ਦੋਹਾਂ ਦੇਸ਼ਾਂ ਨੇ ਸਖ਼ਤੀ ਦਾ ਰਵੱਈਆ ਬਣਾਈ ਰੱਖਿਆ। ਅਖੀਰ 'ਚ ਤਾਸ਼ਕੰਦ ਸਮਝੌਤੇ 'ਤੇ ਦੋਵੇਂ ਦੇਸ਼ ਸਹਿਮਤ ਹੋ ਗਏ। ਰੂਸ ਦੇ ਪ੍ਰਧਾਨ ਮੰਤਰੀ ਕੋਸੀਗਿਨ ਦੀ ਮੌਜੂਦਗੀ 'ਚ ਸਮਝੌਤਾ ਪੱਤਰ 'ਤੇ ਸ੍ਰੀ ਸ਼ਾਸਤਰੀ ਅਤੇ ਅਯੂਬ ਖ਼ਾਂ ਨੇ ਦਸਤਖ਼ਤ ਕੀਤੇ ਪਰ ਉਸ ਤੋਂ ਕੁਝ ਘੰਟਿਆਂ ਪਿੱਛੋਂ ਹੀ ਦਿਲ ਦਾ ਦੌਰਾ ਪੈਣ ਨਾਲ ਸ੍ਰੀ ਲਾਲ ਬਹਾਦਰ ਸ਼ਾਸਤਰੀ ਦਾ ਦਿਹਾਂਤ ਹੋ ਗਿਆ।


-ਅੰਮ੍ਰਿਤਸਰ।
ਮੋਬਾ: 93561-27771

ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਜਹਾਂਗੀਰ ਦੇ ਇਸ ਫੈਸਲੇ ਤੋਂ ਬਾਅਦ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ ਅਤੇ ਇਸ ਨੂੰ ਪਹਿਨ ਲਿਆ। 52 ਦੇ 52 ਗਵਾਲੀਅਰ ਦੇ ਕੈਦੀ ਰਾਜਿਆਂ ਨੇ ਇਸ ਚੋਲੇ ਦੀਆਂ ਕਲੀਆਂ ਫੜ ਲਈਆਂ ਅਤੇ ਕਿਲ੍ਹੇ ਤੋਂ ਬਾਹਰ ਆ ਗਏ। ਅਜਿਹਾ ਹੋਣ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੂੰ 'ਦਾਤਾ ਬੰਦੀ ਛੋੜ' ਕਿਹਾ ਜਾਂਦਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹਿਣ ਦੀ ਯਾਦ ਵਿਚ ਗੁਰਦੁਆਰਾ 'ਦਾਤਾ ਬੰਦੀ ਛੋੜ' ਸਥਾਪਤ ਕੀਤਾ ਗਿਆ ਹੈ। ਗਵਾਲੀਅਰ ਦਾ ਕਿਲ੍ਹਾ ਸ਼ਹਿਰ ਦੇ ਬਾਹਰ ਉੱਚੇ ਪਹਾੜ ਉੱਤੇ ਸਥਿਤ ਹੈ, ਜਿੱਥੋਂ ਸਾਰੇ ਸ਼ਹਿਰ ਦਾ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਇਸ ਵਿਚ ਬਣਿਆ ਸੁੰਦਰ ਗੁਰਦੁਆਰਾ ਸਾਹਿਬ ਵੀ ਦੂਰੋਂ ਹੀ ਵਿਖਾਈ ਦਿੰਦਾ ਹੈ। ਇਸ ਕਿਲ੍ਹੇ ਵਿਚ ਪਹਿਲਾਂ ਗੁਰੂ ਸਾਹਿਬ ਦੀ ਯਾਦ ਵਿਚ ਮਸਜਿਦ ਵਰਗੀ ਇਕ ਯਾਦਗਾਰ ਬਣਾਈ ਗਈ। 1947 ਤੋਂ ਬਾਅਦ ਸਿੱਖਾਂ ਨੇ ਇਸ ਯਾਦਗਾਰ ਦੇ ਨੇੜੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ। ਅੱਜ ਇੱਥੇ ਸੁੰਦਰ ਗੁਰਦੁਆਰਾ 'ਦਾਤਾ ਬੰਦੀ ਛੋੜ' ਸਥਾਪਤ ਹੈ। ਇਸ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ 1970 ਈ: ਤੋਂ 1980 ਈ: ਤੱਕ ਦੇ ਦਹਾਕੇ ਵਿਚ ਸੰਤ ਝੰਡਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਉੱਤਮ ਸਿੰਘ ਮੋਨੀ ਨੇ ਤਿਆਰ ਕਰਵਾਈ ਸੀ। ਮੌਜੂਦਾ ਸਮੇਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਇੱਥੇ ਸੇਵਾ ਨਿਭਾਅ ਰਹੇ ਹਨ। ਇਹ ਗੁਰਦੁਆਰਾ ਸਾਹਿਬ ਲਗਪਗ ਛੇ ਏਕੜ ਵਿਚ ਫੈਲਿਆ ਹੋਇਆ ਹੈ। ਬੇਸਮੈਂਟ ਉੱਪਰ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ।
ਇਸ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਸੁੰਦਰ ਗੇਟ ਬਣਿਆ ਹੋਇਆ ਹੈ ਅਤੇ ਦਰਬਾਰ ਨੂੰ ਇਸ ਗੇਟ ਤੋਂ ਜਾਂਦੇ ਰਸਤੇ ਵਿਚ ਸਜਾਵਟੀ ਪੌਦੇ ਲਗਾਏ ਗਏ ਹਨ। ਸ਼ਰਧਾਲੂਆਂ ਦੇ ਠਹਿਰਨ ਲਈ ਇਸ ਗੁਰਦੁਆਰਾ ਸਾਹਿਬ ਵਿਚ ਸੁੰਦਰ ਸਰਾਂ ਬਣਾਈ ਗਈ ਹੈ। ਲੰਗਰ ਵਰਤਾਉਣ ਲਈ ਲੰਗਰ ਹਾਲ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿਚ 24 ਘੰਟੇ ਲੰਗਰ ਵਰਤਦਾ ਹੈ। ਸ਼ਰਧਾਲੂਆਂ ਨੂੰ ਲੈਣ ਅਤੇ ਛੱਡਣ ਲਈ ਗੁਰਦੁਆਰਾ ਸਾਹਿਬ ਦੀ ਬੱਸ ਰੇਲਵੇ ਸਟੇਸ਼ਨ 'ਤੇ ਜਾਂਦੀ ਹੈ। ਇਸ ਗੁਰਦੁਆਰਾ ਸਾਹਿਬ ਵਿਚ ਹਰ ਸਾਲ 'ਬੰਦੀ ਛੋੜ ਦਿਵਸ' ਜੋ ਸਤੰਬਰ-ਅਕਤੂਬਰ ਵਿਚ ਆਉਂਦਾ ਹੈ, ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਹਰ ਮਹੀਨੇ ਇੱਥੇ ਮੱਸਿਆ ਨੂੰ ਵੀ ਮੇਲਾ ਭਰਦਾ ਹੈ। ਰੋਜ਼ਾਨਾ ਵੀ ਦਰਸ਼ਨਾਂ ਲਈ ਕਾਫੀ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਹਜ਼ੂਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਵੀ ਇੱਥੇ ਦਰਸ਼ਨ ਪਾ ਕੇ ਜਾਂਦੇ ਹਨ। ਇਹ ਸਥਾਨ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਦੂਸਰੇ ਧਰਮਾਂ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਹੈ। ਆਪਣੀ ਸੁੰਦਰਤਾ ਕਾਰਨ ਇਹ ਸਥਾਨ ਧਾਰਮਿਕ ਤੇ ਇਤਿਹਾਸਕ ਮਹੱਤਵ ਦੇ ਨਾਲ-ਨਾਲ ਇਕ ਸੈਲਾਨੀ ਕੇਂਦਰ ਦਾ ਦਰਜਾ ਰੱਖਦਾ ਹੈ। ਗਵਾਲੀਅਰ ਦੇ ਕਿਲ੍ਹੇ ਦੇ ਦੂਸਰੇ ਸਥਾਨਾਂ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ ਦਾ ਵੀ ਵਿਸ਼ੇਸ਼ ਸਥਾਨ ਹੈ। (ਸਮਾਪਤ)


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਬਜ ਬਜ ਵਿਖੇ ਕਾਮਾਗਾਟਾਮਾਰੂ ਸ਼ਹੀਦਾਂ ਦੀ ਯਾਦਗਾਰ

ਉਸਾਰੀ ਸ਼ੁਰੂ ਕਰਨ ਲਈ 5 ਸਾਲ ਸਖ਼ਤ ਮਿਹਨਤ ਕਰਨੀ ਪਈ

ਕੋਲਕਾਤਾ ਦੇ ਨੇੜੇ ਦੱਖਣੀ 24 ਪਰਗਨਾ 'ਚ ਬਜ ਬਜ ਵਿਖੇ ਹੁਗਲੀ ਨਦੀ ਦੇ ਪੂਰਬੀ ਕਿਨਾਰੇ 'ਤੇ 29 ਸਤੰਬਰ, 1914 ਨੂੰ ਕਾਮਾਗਾਟਾਮਾਰੂ ਸ਼ਹੀਦੀ ਸਾਕਾ ਵਾਪਰਿਆ ਸੀ, ਜਿਸ 'ਚ ਸਭ ਤੋਂ ਵੱਧ ਪੰਜਾਬੀ, ਮੁੱਖ ਤੌਰ 'ਤੇ ਸਿੱਖ, ਸ਼ਹੀਦੀ ਪਾ ਗਏ ਸਨ। ਭਾਰਤ ਦੇ ਆਜ਼ਾਦ ਹੋਣ 'ਤੇ ਦੇਸ਼ ਦੇ ਬਣੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 1952 'ਚ ਸ਼ਹੀਦੀ ਸਥਲ 'ਤੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਯਾਦਗਾਰ ਦਾ ਉਦਘਾਟਨ ਕਰਦਿਆਂ ਕਿਹਾ ਸੀ ਕਿ 'ਦੇਸ਼ ਦੀ ਆਜ਼ਾਦੀ ਲਈ ਹੋਏ ਸੰਗਰਾਮ ਦੀਆਂ ਕਈ ਕੜੀਆਂ ਹਨ। ਉਨ੍ਹਾਂ ਵਿਚ ਕਾਮਾਗਾਟਾਮਾਰੂ ਸ਼ਹੀਦੀ ਸਾਕਾ ਇਕ ਅਹਿਮ ਕੜੀ ਹੈ'। ਪੰਡਿਤ ਨਹਿਰੂ ਨੇ ਇਸ ਤਰ੍ਹਾਂ ਕਾਮਾਗਾਟਾਮਾਰੂ ਸਾਕੇ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਸੀ। ਪਰ ਉਨ੍ਹਾਂ ਤੋਂ ਬਾਅਦ ਕਿਸੇ ਨੇ ਇਸ ਸਾਕੇ ਵੱਲ ਮੁੜ ਕੇ ਤੱਕਿਆ ਨਹੀਂ। ਸਥਾਨਕ ਲੋਕਾਂ ਨੇ ਸ਼ਹੀਦਾਂ ਪ੍ਰਤੀ ਆਪਣੀ ਅਥਾਹ ਸ਼ਰਧਾ ਵਜੋਂ ਇਸ ਯਾਦ ਨੂੰ ਆਪਣੇ ਦਿਲਾਂ 'ਚ ਹਰ ਸਮੇਂ ਬਣਾਈ ਰੱਖਿਆ। ਇਹ ਸਥਾਨਕ ਲੋਕ ਹੀ ਸਨ, ਜਿਨ੍ਹਾਂ ਨੇ ਅੱਗੇ ਆ ਕੇ ਬਰਤਾਨਵੀ ਪੁਲਿਸ ਦੀਆਂ ਗੋਲੀਆਂ ਤੋਂ ਬਚਾਉਂਦੇ ਹੋਏ, ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਨੂੰ ਆਪਣੇ ਘਰਾਂ 'ਚ ਪਨਾਹ ਦਿੱਤੀ। ਇਹ ਲੋਕ ਹਰ ਸਾਲ 29 ਸਤੰਬਰ ਨੂੰ ਸ਼ਹੀਦੀ ਸਥਲ 'ਤੇ ਇਕੱਤਰ ਹੋ ਕੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਉਨ੍ਹਾਂ ਦੀ ਯਾਦ ਵਿਚ ਉਥੇ ਦੀਵੇ ਵੀ ਜਗਾਉਂਦੇ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਨਾ ਹੀ ਸਿੱਖਾਂ ਦੀ ਕਿਸੇ ਸਿਰਮੌਰ ਸੰਸਥਾ ਅਤੇ ਨਾ ਹੀ ਪੰਜਾਬ ਦੀ ਕਿਸੇ ਸਰਕਾਰ ਨੇ ਇਸ ਪਾਸੇ ਅੱਜ ਤੱਕ ਕਦੀ ਕੋਈ ਧਿਆਨ ਦਿੱਤਾ ਹੈ। ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ 2012 'ਚ ਬਜ ਬਜ ਰੇਲਵੇ ਸਟੇਸ਼ਨ ਦਾ ਨਾਂਅ ਬਦਲਕੇ 'ਕਾਮਾਗਾਟਾਮਾਰੂ ਬਜ ਬਜ ਸਟੇਸ਼ਨ' ਕੀਤਾ। ਮਮਤਾ ਬੈਨਰਜੀ ਦੀ ਇਸ ਕਾਰਵਾਈ ਦੀ ਹਰ ਕਿਸੇ ਨੇ ਪ੍ਰਸੰਸਾ ਕੀਤੀ ਹੈ।
2014 ਕਾਮਾਗਾਟਾਮਾਰੂ ਸ਼ਹੀਦੀ ਸਾਕੇ ਦਾ ਸ਼ਤਾਬਦੀ ਵਰ੍ਹਾ ਸੀ। ਇਕ ਸੌ ਸਾਲ ਤੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਲਈ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕ ਉਪ-ਕੁਲਪਤੀ ਡਾ: ਜਸਪਾਲ ਸਿੰਘ, ਸ: ਜੋਗਿੰਦਰ ਸਿੰਘ ਜੌਹਲ (ਸਪੁੱਤਰ ਮਰਹੂਮ ਮੁੱਖ ਮੰਤਰੀ ਸ: ਦਰਬਾਰਾ ਸਿੰਘ), ਸਮਾਜ ਸੇਵੀ ਸ: ਤਰਨਜੀਤ ਸਿੰਘ ਨੇ ਉਪਰਾਲਾ ਸ਼ੁਰੂ ਕੀਤਾ ਅਤੇ ਇਸ ਲਈ ਇਨ੍ਹਾਂ ਨੇ ਤਤਕਾਲੀਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਾਮਾਗਾਟਾਮਾਰੂ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਬੇਨਤੀ ਕੀਤੀ। ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਡਾ: ਮਨਮੋਹਨ ਸਿੰਘ ਨੇ ਇਕ ਕਮੇਟੀ ਗਠਿਤ ਕੀਤੀ ਅਤੇ ਯਾਦਗਾਰ ਬਣਾਉਣ ਲਈ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ। ਇਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਮੁੱਖ ਭੂਮਿਕਾ ਸ: ਤਰਲੋਚਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਰਹੀ ਹੈ। ਕੇਂਦਰੀ ਸਰਕਾਰ ਨੇ ਯਾਦਗਾਰ ਵਾਲੀ ਥਾਂ 'ਤੇ ਜਾ ਕੇ ਮੌਕਾ ਵੇਖਣ ਲਈ 21 ਸੰਸਦ ਮੈਂਬਰਾਂ ਦੀ ਇਕ ਸੰਸਦੀ ਕਮੇਟੀ ਬਣਾਈ। ਇਸ ਦੇ ਨਾਲ ਹੀ ਸ: ਜੋਗਿੰਦਰ ਸਿੰਘ ਜੌਹਲ ਦੀ ਚੇਅਰਮੈਨੀ ਹੇਠ ਇਕ ਟਰੱਸਟ ਬਣਾਇਆ ਗਿਆ। ਸ: ਤਰਲੋਚਨ ਸਿੰਘ ਦੇ ਯਤਨਾਂ ਨਾਲ ਕੇਂਦਰ ਸਰਕਾਰ ਦੇ ਕਲਚਰਲ ਵਿਭਾਗ, ਕੋਲਕਾਤਾ ਪੋਰਟ ਟਰਸਟ ਅਤੇ ਕਾਮਾਗਾਟਾਮਾਰੂ ਮਾਰਟਰਸ ਮੈਮੋਰੀਅਲ ਟਰਸਟ ਵਿਚਕਾਰ ਇਕ ਸਮਝੌਤਾ ਹੋਇਆ, ਜਿਸ ਤਹਿਤ ਯਾਦਗਾਰ ਬਣਾਉਣ ਲਈ ਫੰਡ ਕਲਚਰਲ ਵਿਭਾਗ ਦੇਵੇਗਾ, ਜਦ ਕਿ ਉਸ ਲਈ ਜ਼ਮੀਨ ਦੇਣ ਤੇ ਨਿਰਮਾਣ ਦਾ ਕੰਮ ਪੋਰਟ ਟਰੱਸਟ ਕਰੇਗਾ। ਯਾਦਗਾਰ ਬਣਾਉਣ ਲਈ ਨਕਸ਼ਾ ਤਿਆਰ ਕਰਨ ਤੇ ਉਸ ਲਈ ਬਜ ਬਜ ਮਿਊਂਸਪਲਟੀ ਤੋਂ ਮਨਜ਼ੂਰੀ ਲੈਣ ਦੀ ਜ਼ਿੰਮੇਵਾਰੀ ਮੈਮੋਰੀਅਲ ਟਰੱਸਟ ਨੂੰ ਸੌਂਪੀ ਗਈ। ਇਸ ਤਰ੍ਹਾਂ ਯਾਦਗਾਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ਲਈ ਚਾਰ ਸਾਲ ਲੱਗ ਗਏ। ਇਸ ਸਾਲ 29 ਸਤੰਬਰ ਨੂੰ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ ਸ: ਤਰਲੋਚਨ ਸਿੰਘ, ਡਾ: ਜਸਪਾਲ ਸਿੰਘ, ਸ: ਜੋਗਿੰਦਰ ਸਿੰਘ ਜੌਹਲ, ਸ: ਤਰਨਜੀਤ ਸਿੰਘ ਨੇ ਯਾਦਗਾਰ ਦਾ ਨੀਂਹ-ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ: ਹਰਦੀਪ ਸਿੰਘ ਪੁਰੀ ਨੇ ਵੀ ਪਹੁੰਚਣਾ ਸੀ, ਪਰ ਪ੍ਰਧਾਨ ਮੰਤਰੀ ਵਲੋਂ ਜ਼ਰੂਰੀ ਮੀਟਿੰਗ ਸੱਦੇ ਜਾਣ ਕਾਰਨ ਉਹ ਪਹੁੰਚ ਨਹੀਂ ਸਕੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ, ਇਸ ਮੌਕੇ ਲਈ ਆਪਣਾ ਸੰਦੇਸ਼ ਭੇਜਿਆ। ਸਥਾਨਕ ਲੋਕ ਅਤੇ ਸਿੱਖ ਸੰਗਤਾਂ ਭਾਰੀ ਗਿਣਤੀ 'ਚ ਪਹੁੰਚੀਆਂ ਹੋਈਆਂ ਸਨ।
ਕੋਲਕਾਤਾ ਪੋਰਟ ਟਰੱਸਟ ਵਲੋਂ ਦਿੱਤੀ ਗਈ ਜ਼ਮੀਨ ਤੇ ਯਾਦਗਾਰ ਦੇ ਰੂਪ ਵਿਚ ਜਹਾਜ਼ਨੁਮਾ, ਤਿੰਨ ਮੰਜ਼ਿਲਾ ਇਮਾਰਤ ਬਣੇਗੀ। ਇਮਾਰਤ ਦੀ ਹੇਠਲੀ ਮੰਜ਼ਿਲ 'ਚ ਹੋਵੇਗੀ ਲਾਇਬ੍ਰੇਰੀ ਤੇ ਦਫਤਰ, ਦੁੂਜੀ ਮੰਜ਼ਿਲ 'ਤੇ ਅਜਾਇਬ ਘਰ ਅਤੇ ਤੀਜੀ ਮੰਜ਼ਿਲ 'ਤੇ ਹਾਲ, ਜਿਸ ਵਿਚ ਲਗਪਗ ਸੌ ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਇਹ ਯਤਨ ਕੀਤਾ ਜਾ ਰਿਹਾ ਹੈ ਕਿ ਇਸ ਸਥਾਨ ਨੂੰ ਪੱਛਮੀ ਬੰਗਾਲ ਸਰਕਾਰ ਦੇ ਸੈਰ-ਸਪਾਟਾ ਨਕਸ਼ੇ ਵਿਚ ਸ਼ਾਮਲ ਕੀਤਾ ਜਾਵੇ, ਤਾਂ ਕਿ ਲੋਕ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਇਥੇ ਪਹੁੰਚਣ। ਇਸ ਲਈ ਲੋਕਾਂ ਦੀ ਸਹੂਲਤ ਲਈ ਕੋਲਕਾਤਾ ਤੋਂ ਹੁਗਲੀ ਨਦੀ 'ਚ ਬਜ ਬਜ ਘਾਟ ਤੱਕ ਸਟੀਮਰ ਸੇਵਾ ਚਾਲੂ ਕਰਨ ਦਾ ਸੁਝਾਅ ਵੀ ਹੈ। ਬਜ ਬਜ ਵਿਖੇ ਸ਼ਹੀਦਾਂ ਦੀ ਯਾਦ 'ਚ ਇਕ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਭਾਰੀ ਜੋੜ-ਮੇਲਾ ਹੁੰਦਾ ਹੈ ਤੇ ਕੋਲਕਾਤਾ ਤੇ ਇਸ ਦੀਆਂ ਆਸ-ਪਾਸ ਦੀਆਂ ਥਾਵਾਂ ਤੋਂ ਭਾਰੀ ਗਿਣਤੀ 'ਚ ਦੀਵਾਨ ਦੀ ਹਾਜ਼ਰੀ ਭਰਦੇ ਹਨ।

-ਮੋਬਾ: 98315-48113

ਸ਼ਬਦ ਵਿਚਾਰ

ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਮਨਹਠ ਬੁਧੀ ਕੇਤੀਆ
ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ
ਗੁਰਮੁਖਿ ਮੋਖ ਦੁਆਰ॥
ਸਚਹੁ ਓਰੈ ਸਭੁ ਕੋ
ਉਪਰਿ ਸਚੁ ਆਚਾਰੁ॥ ੫॥
ਸਭੁ ਕੋ ਊਚਾ ਆਖੀਐ
ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ
ਇਕੁ ਚਾਨਣੁ ਤਿਹੁ ਲੋਇ॥
ਕਰਮਿ ਮਿਲੈ ਸਚੁ ਪਾਈਐ
ਧੁਰਿ ਬਖਸ ਨ ਮੇਟੈ ਕੋਇ॥ ੬॥
ਸਾਧੁ ਮਿਲੈ ਸਾਧੂ ਜਨੈ
ਸੰਤੋਖੁ ਵਸੈ ਗੁਰ ਭਾਇ॥
ਅਕਥ ਕਥਾ ਵੀਚਾਰੀਐ
ਜੇ ਸਤਿਗੁਰ ਮਾਹਿ ਸਮਾਇ॥
ਪੀ ਅੰਮ੍ਰਿਤੁ ਸੰਤੋਖਿਆ
ਦਰਗਾਹਿ ਪੈਧਾ ਜਾਇ॥ ੭॥
ਘਟਿ ਘਟਿ ਵਾਜੈ ਕਿੰਗੁਰੀ
ਅਨਦਿਨੁ ਸਬਦਿ ਸੁਭਾਇ॥
ਵਿਰਲੇ ਕਉ ਸੋਝੀ ਪਈ
ਗੁਰਮੁਖਿ ਮਨੁ ਸਮਝਾਇ॥
ਨਾਨਕ ਨਾਮੁ ਨ ਵੀਸਰੈ
ਛੂਟੈ ਸਬਦੁ ਕਮਾਇ॥ ੮॥ ੧੪॥ (ਅੰਗ 62)
ਪਦ ਅਰਥ : ਮਨ ਹਠ ਬੁਧੀ-ਮਨ ਹਠ ਦੀਆਂ ਅਕਲਾਂ। ਕੇਤੀਆ-ਅਨੇਕਾਂ ਹਨ। ਕੇਤੇ-ਅਨੇਕਾਂ ਹੀ (ਲੋਕ)। ਬੇਦ ਬੀਚਾਰ-ਵੇਦਾਂ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਦੇ ਵਿਚਾਰ ਕਰਦੇ ਹਨ। ਬੰਧਨ ਜੀਅ ਕੇ-ਜੀਵ ਲਈ ਬੰਧਨ ਹਨ। ਮੋਖ ਦੁਆਰੁ-ਮੁਕਤੀ ਦਾ ਦੁਆਰ। ਗੁਰਮੁਖਿ-ਗੁਰੂ ਦੁਆਰਾ। ਸਚਹੁ-ਸੱਚ ਤੋਂ, ਸਦਾ ਥਿਰ ਪ੍ਰਭੂ ਦੇ ਨਾਮ ਤੋਂ। ਓਰੈ-ਘਟੀਆ, ਹੇਠਾਂ ਹੈ। ਉਪਰਿ-ਉੱਚਾ, ਸ੍ਰੇਸ਼ਟ। ਆਚਾਰੁ-ਆਚਰਣ।
ਇਕਨੈ-ਇਕ ਪਰਮਾਤਮਾ ਨੇ ਹੀ। ਭਾਂਡੇ ਸਾਜਿਐ-ਜੀਵ ਪੈਦਾ ਕੀਤੇ ਹਨ। ਇਕੁ ਚਾਨਣ-ਇਕ ਪ੍ਰਭੂ ਦੀ ਜੋਤਿ (ਦਾ ਹੀ ਚਾਨਣ ਹੈ)। ਲੋਇ-ਚਾਨਣ ਹੈ। ਕਰਮਿ ਮਿਲੈ-ਬਖਸ਼ਿਸ਼ ਨਾਲ। ਸਚੁ-ਸੱਚਾ ਨਾਮ। ਧੁਰਿ ਬਖਸ ਨ ਮੇਟੈ ਕੋਇ-ਧੁਰ (ਦਰਗਾਹ) ਤੋਂ ਹੋਈ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ।
ਸਾਧੁ ਮਿਲੈ-ਸਾਧੂ ਆ ਮਿਲਦਾ ਹੈ, ਗੁਰਮੁਖਿ ਆ ਮਿਲਦਾ ਹੈ। ਸਾਧੂ ਜਨੈ-ਸਾਧੂ ਜਨਾਂ ਨੂੰ, ਗੁਰਮੁਖਾਂ ਨੂੰ। ਗੁਰ ਭਾਇ-ਗੁਰੂ ਦੇ ਪਿਆਰ ਸਦਕਾ, ਗੁਰੂ ਦੀ ਬਖਸ਼ਿਸ਼ ਸਦਕਾ। ਅਕਥ-ਬੇਅੰਤ (ਪ੍ਰਭੂ)। ਅਕਥ ਕਥਾ-ਬੇਅੰਤ (ਪ੍ਰਭੂ) ਦੇ ਗੁਣਾਂ (ਦੀ) ਸੋਝੀ। ਵੀਚਾਰੀਐ-ਸਿਫਤ ਸਾਲਾਹ ਕੀਤੀ ਜਾ ਸਕਦੀ ਹੈ। ਜੇ ਸਤਿਗੁਰ ਮਾਹਿ ਸਮਾਇ-ਜੇਕਰ (ਪੂਰਨ ਤੌਰ 'ਤੇ) ਸਤਿਗੁਰੂ ਵਿਚ ਸਮਾਅ ਜਾਵੇ। ਪੀ ਅੰਮ੍ਰਿਤੁ-ਨਾਮ ਰੂਪੀ ਅੰਮ੍ਰਿਤ ਪੀਣ ਨਾਲ। ਸੰਤੋਖਿਆ-ਮਨ ਨੂੰ ਸੰਤੋਖ ਆ ਜਾਂਦਾ ਹੈ। ਪੈਧਾ ਜਾਇ-ਇੱਜ਼ਤ ਨਾਲ ਜਾਂਦਾ ਹੈ।
ਘਟਿ ਘਟਿ-ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ। ਕਿੰਗੁਰੀ-ਇਕ ਤੂੰਬੇ ਵਰਗਾ ਸਾਜ਼ ਜੋ ਜੋਗੀ ਲੋਕ ਵਜਾਉਂਦੇ ਹਨ, ਅਨਾਹਦ ਸ਼ਬਦ (ਜੋ ਦਸਵੇਂ ਦੁਆਰ ਵਿਚ ਹੁੰਦਾ ਹੈ)। ਸੁਭਾਇ-ਸੁਭਾਵਿਕ ਹੀ। ਅਨਦਿਨੁ-ਹਰ ਰੋਜ਼, ਹਰ ਵੇਲੇ। ਸੋਝੀ-ਸਮਝ। ਨ ਵੀਸਰੈ-ਕਦੇ ਭੁੱਲਦਾ ਨਹੀਂ।
ਵਿਚਾਰ ਅਧੀਨ ਅਸਟਪਦੀ ਦੇ ਚੌਥੇ ਬੰਦ ਵਿਚ ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਨਿਰਾ ਦੁਨਿਆਵੀ ਪਦਾਰਥਾਂ ਆਦਿ ਦਾ ਦਾਨ ਕਰਨ ਨਾਲ ਹਉਮੈ ਹੀ ਉਪਜਦੀ ਹੈ ਕਿ ਮੈਂ ਐਨਾ ਵੱਡਾ ਦਾਨੀ ਹਾਂ, ਪਰ ਜਦੋਂ ਗੁਰੂ ਪ੍ਰਭੂ ਦੇ ਨਾਮ ਨੂੰ ਜਪਣ ਦਾ ਦਾਨ ਬਖਸ਼ਿਸ਼ ਕਰਦਾ ਹੈ ਤਾਂ ਜਗਿਆਸੂ ਦਾ ਮਨ ਨਾਮ ਵਿਚ ਵਿੰਨ੍ਹਿਆ ਜਾਂਦਾ ਹੈ।
ਇਸ ਲਈ (ਨਿਰੇ ਧਾਰਮਿਕ ਕਰਮ ਕਾਂਡ ਕਰਨ ਨਾਲ) ਪ੍ਰਭੂ ਦੀ ਭਗਤੀ ਨਹੀਂ ਹੁੰਦੀ ਅਤੇ ਨਾ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਰਾਗੁ ਬਿਲਾਵਲੁ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਪਾਖੰਡਿ ਭਗਤਿ ਨ ਹੋਵਈ
ਪਾਰਬ੍ਰਹਮੁ ਨ ਪਾਇਆ ਜਾਇ॥
(ਅੰਗ 849)
ਨਾ ਹੀ ਮਨ ਦੇ ਹਠ ਦੁਆਰਾ ਕਰਮ ਕਰਨ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ-
ਮਨਹਠਿ ਕਰਮ ਕਮਾਵਣੇ
ਥਾਇ ਨ ਕੋੲ ਪਾਇ॥ (ਅੰਗ 849)
ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਗੁਰੂ ਦੀ ਸਰਨ ਪੈ ਕੇ ਆਪਾ-ਭਾਵ ਮਿਟਾ ਕੇ ਆਪਣੇ ਆਤਮਿਕ ਜੀਵਨ ਨੂੰ ਖੋਜਣਾ ਚਾਹੀਦਾ, ਜਿਸ ਨਾਲ ਫਿਰ ਉਹ ਪਰਮਾਤਮਾ (ਜੋ ਸਭ ਥਾਈਂ) ਆਪ ਹੀ ਆਪ ਹੈ, ਮਨ ਵਿਚ ਆ ਵਸਦਾ ਹੈ।
ਨਾਨਕ ਗੁਰਮੁਖਿ ਆਪੁ ਬੀਚਾਰੀਐ
ਵਿਚਹੁ ਆਪੁ ਗਵਾਇ॥
ਆਪੇ ਆਪਿ ਪਾਰਬ੍ਰਹਮੁ ਹੈ
ਪਾਰਬ੍ਰਹਮੁ ਵਸਿਆ ਮਨ ਆਇ॥
(ਅੰਗ 849)
ਆਪੁ ਗਵਾਇ-ਆਪਾ ਭਾਵ ਗੁਆ ਕੇ।
ਸਿਰੀਰਾਗੁ ਵਿਚ ਹੀ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਪਰਮਾਤਮਾ ਦੀ ਇਕ ਰਸ ਜੋਤਿ ਹਰੇਕ ਸਰੀਰ ਵਿਚ ਵਿਆਪਕ ਹੈ ਪਰ ਗੁਰੂ ਦੀ ਮੱਤ ਦੁਆਰਾ ਹੀ ਇਸ ਤੱਤ (ਅਸਲੀਅਤ) ਨੂੰ ਕੋਈ ਵਿਰਲਾ ਹੀ ਸਮਝਦਾ ਹੈ-
ਘਟਿ ਘਟਿ ਜੋਤਿ ਨਿਰੰਤਰੀ
ਬੂਝੈ ਗੁਰਮਤਿ ਸਾਰੁ॥ (ਅੰਗ 20)
ਨਿਰੰਤਰੀ-ਇਕ ਰਸ। ਸਾਰੁ-ਤੱਤ ਨੂੰ, ਅਸਲੀਅਤ ਨੂੰ।
ਜਿਨ੍ਹਾਂ ਗੁਰਮੁਖਾਂ ਨੂੰ ਜੋਤਿ ਦੀ ਸੋਝੀ ਪੈ ਜਾਂਦੀ ਹੈ, ਉਨ੍ਹਾਂ ਦੇ ਸ਼ਾਬਾਸ਼ (ਬਲਿਹਾਰ) ਜਾਣਾ ਚਾਹੀਦਾ ਹੈ। ਉਹ ਸਦਾ ਥਿਰ ਪ੍ਰਭੂ ਨਾਲ ਮਿਲ ਕੇ ਇਕਮਿਕ ਹੋ ਜਾਂਦੇ ਹਨ, ਸਦਾ ਥਿਰ ਦੇ ਗੁਣਾਂ ਮਾਲਕ ਦਾ ਉਨ੍ਹਾਂ ਵਿਚ ਪ੍ਰਕਾਸ਼ ਹੋ ਜਾਂਦਾ ਹੈ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਨਾਮ ਵਿਚ ਜੁੜਨ ਸਦਕਾ ਅਜਿਹੇ ਗੁਰਮੁਖਾਂ ਨੂੰ ਸੰਤੋਖ ਆ ਜਾਂਦਾ ਹੈ ਅਤੇ ਉਹ ਆਪਣੀ ਜਿੰਦ ਅਤੇ ਸਰੀਰ ਭਾਵ ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿੰਦੇ ਹਨ-
ਗੁਰਮੁਖਿ ਜਿਨ੍ਰੀ ਜਾਣਿਆ
ਤਿਨ ਕੀਚੈ ਸਾਬਾਸਿ॥
ਸਚੇ ਸੇਤੀ ਰਲਿ ਮਿਲੇ
ਸਚੇ ਗੁਣ ਪਰਗਾਸਿ॥
ਨਾਨਕ ਨਾਮਿ ਸੰਤੋਖੀਆ
ਜੀਉ ਪਿੰਡੁ ਪ੍ਰਭ ਪਾਸਿ॥ (ਅੰਗ 20)
ਕੀਚੈ-ਜਾਣਾ ਚਾਹੀਦਾ ਹੈ। ਪਰਗਾਸਿ-ਪ੍ਰਕਾਸ਼ ਹੋ ਜਾਂਦਾ ਹੈ। ਜੀਉ-ਜਿੰਦ। ਪਿੰਡੁ-ਸਰੀਰ।
ਅੱਖਰੀਂ ਅਰਥ : ਅਨੇਕਾਂ ਮਨ ਹਠ ਕਰਮ ਕਰਨ ਵਾਲੀਆਂ ਅਕਲਾਂ (ਕਿਉਂ ਨਾ) ਹੋਣ, ਕਿਤਨੇ ਵੀ ਸ਼ਾਸਤਰਾਂ ਆਦਿ 'ਤੇ ਵਿਚਾਰ ਪਏ ਹੋਣ, ਜੀਵ ਜਿਤਨੇ ਵੀ ਅਜਿਹੇ ਉਪਰਾਲੇ ਕਰਦਾ ਹੈ, ਇਹ ਮਾਨੋ ਜੀਵਾਂ ਲਈ ਸਭ ਬੰਧਨ ਹਨ। ਮੁਕਤ ਦੁਆਰ ਦੀ ਪ੍ਰਾਪਤੀ ਤਾਂ ਗੁਰੂ ਦੁਆਰਾ ਹੀ ਹੁੰਦੀ ਹੈ। ਹਰੇਕ ਕੀਤਾ ਕਰਮ ਪ੍ਰਭੂ ਦੇ ਨਾਮ ਦੇ ਸਿਮਰਨ ਤੋਂ ਹੇਠਾਂ ਹੈ। ਸੱਚ ਦਾ ਅਚਾਰ ਅਰਥਾਤ ਨਾਮ ਦਾ ਸਿਮਰਨ ਸਭ ਤਪਾਂ, ਸਿਆਣਪਾਂ ਤੇ ਅਕਲਾਂ ਤੋਂ ਉੱਚਾ ਹੈ, ਸ੍ਰੇਸ਼ਟ ਹੈ।
ਇਸ ਲਈ ਹਰੇਕ ਨੂੰ ਉੱਤਮ (ਸ੍ਰੇਸ਼ਟ) ਹੀ ਆਖਣਾ ਚਾਹੀਦਾ ਹੈ, ਕਿਉਂਕਿ ਪ੍ਰਭੂ ਦੀ ਰਚੀ ਹੋਈ ਸ੍ਰਿਸ਼ਟੀ ਵਿਚ ਕੋਈ ਨੀਚ ਨਹੀਂ ਦਿਸਦਾ। ਸਭ ਜੀਵ ਪ੍ਰਭੂ ਦੇ ਹੀ ਸਾਜੇ (ਪੈਦਾ ਕੀਤੇ) ਹੋਏ ਹਨ ਅਤੇ ਤਿੰਨਾਂ ਭਵਨਾਂ (ਧਰਤ, ਆਕਾਸ਼, ਪਾਤਾਲ) ਵਿਚ ਉਸ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਜੇਕਰ ਮਾਲਕ ਪ੍ਰਭੂ ਦੀ ਬਖਸ਼ਿਸ਼ ਹੋਵੇ ਤਾਂ ਹੀ ਸਦਾ ਥਿਰ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਜੋ ਪ੍ਰਾਣੀ ਦੇ (ਮੱਥੇ 'ਤੇ) ਧੁਰ ਦਰਗਾਹ ਤੋਂ ਲਿਖ ਦਿੱਤਾ ਹੁੰਦਾ ਹੈ, ਇਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ।
ਜੋ ਸਾਧੂ (ਗੁਰਮੁਖਿ), ਸਾਧੂ ਜਨਾਂ (ਗੁਰਮੁਖਾਂ) ਦੀ ਸੰਗਤ ਵਿਚ ਮਿਲ ਬੈਠਦਾ ਹੈ, ਗੁਰੂ ਦੀ ਬਖਸ਼ਿਸ਼ ਸਦਕਾ ਉਨ੍ਹਾਂ ਦੇ ਮਨ ਅੰਦਰ ਸੰਤੋਖ ਆ ਵਸਦਾ ਹੈ। ਜੇਕਰ ਮਨ ਪੂਰਨ ਤੌਰ 'ਤੇ ਸਤਿਗੁਰੂ ਵਿਚ ਲੀਨ ਹੋ ਜਾਵੇ ਤਾਂ ਹੀ ਬੇਅੰਤ ਪ੍ਰਭੂ ਦੇ (ਗੁਣਾਂ ਦੀ) ਸੋਝੀ ਪੈਂਦੀ ਹੈ। ਸਾਧਕ ਨਾਮ ਰੂਪੀ ਅੰਮ੍ਰਿਤ ਨੂੰ ਪੀ ਕੇ ਸੰਤੁਸ਼ਟ ਹੋ ਜਾਂਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿਚ ਮਾਣ-ਇੱਜ਼ਤ ਨਾਲ ਜਾਂਦਾ ਹੈ।
ਹਰੇਕ ਸਰੀਰ ਵਿਚ (ਅਨਹਦ ਸ਼ਬਦ ਦੀ) ਮਧੁਰ ਧੁਨੀ ਦੀ ਦਿਨ-ਰਾਤ ਮਾਨੋ ਵੀਣਾ (ਕਿੰਗਰੀ) ਵੱਜ ਰਹੀ ਹੈ। ਇਹ ਧੁਨ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਸੁਭਾਵਿਕ ਹੀ ਸੁਣਾਈ ਦਿੰਦੀ ਹੈ। ਜਿਸ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੁਆਰਾ ਆਪਣੇ ਮਨ ਨੂੰ ਸਮਝਾ ਲਿਆ ਹੈ, ਉਸ ਨੂੰ ਹੀ ਇਸ ਕਿੰਗਰੀ ਬਾਰੇ ਸੋਝੀ ਪੈਂਦੀ ਹੈ।
ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਅਜਿਹੇ ਜਗਿਆਸੂ ਨੂੰ ਕਦੇ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਜਿਸ ਸਦਕਾ ਫਿਰ ਉਹ ਸ਼ਬਦ ਦੀ ਕਮਾਈ ਕਰਕੇ (ਜਨਮ ਮਰਨ ਦੇ ਗੇੜ ਤੋਂ) ਛੁੱਟ ਜਾਂਦਾ ਹੈ, ਬਚ ਜਾਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਕਰਮਯੋਗੀ ਕਦੇ ਵੀ ਚਮਤਕਾਰਾਂ ਪਿੱਛੇ ਨਹੀਂ ਭੱਜਦਾ

'ਚਮਤਕਾਰ' ਅਗਿਆਨੀਆਂ ਅਤੇ ਮੂਰਖਾਂ ਲਈ ਚਲਾਕ ਅਤੇ ਠੱਗ ਕਿਸਮ ਦੇ ਲੋਕਾਂ ਦੁਆਰਾ ਬੁਣਿਆ ਇਕ ਜਾਲ ਹੈ, ਜਿਸ ਵਿਚ ਕਿਸੇ ਨਾ ਕਿਸੇ ਤਰ੍ਹਾਂ ਅਗਿਆਨੀ ਲੋਕ ਫਸ ਹੀ ਜਾਂਦੇ ਹਨ ਅਤੇ ਚਲਾਕ ਲੋਕਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਹਨ। ਸਚਾਈ ਤਾਂ ਇਹ ਹੈ ਕਿ ਜਿਵੇਂ ਬੀਜ ਤੋਂ ਬਿਨਾਂ ਪੌਦਾ ਨਹੀਂ ਉੱਗ ਸਕਦਾ, ਉਸੇ ਤਰ੍ਹਾਂ ਕਰਮ ਰੂਪੀ ਬੀਜ ਤੋਂ ਬਿਨਾਂ ਇੱਛਾਵਾਂ ਦਾ ਪੌਦਾ ਫਲ ਨਹੀਂ ਦੇ ਸਕਦਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਜੋ ਲੋਕ ਕਿਸਮਤ ਦੇ ਸਹਾਰੇ ਬੈਠੇ ਰਹਿੰਦੇ ਹਨ, ਉਹ ਅਗਿਆਨੀ ਅਤੇ ਆਲਸੀ ਹਨ। ਸਦਾਚਾਰੀ ਅਤੇ ਕਰਮਯੋਗੀ ਹੀ ਖੁਸ਼ੀ ਭਰਪੂਰ ਸਫਲਤਾ ਪ੍ਰਾਪਤ ਕਰਦਾ ਹੈ। ਧਰਮ ਗ੍ਰੰਥਾਂ ਵਿਚ ਦਰਸਾਏ ਰਾਹ 'ਤੇ ਸੂਝ-ਬੂਝ ਨਾਲ ਚੱਲਣ ਨਾਲ ਆਤਮਬਲ ਵੀ ਵਧਦਾ ਹੈ। ਜੇ ਕੋਈ ਤੁਹਾਨੂੰ ਚਮਤਕਾਰਾਂ ਦੀ ਗੱਲ ਕਰਕੇ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਾਂ ਤਾਂ ਭਟਕਿਆ ਹੈ ਜਾਂ ਫਿਰ ਚਲਾਕੀ ਨਾਲ ਤੁਹਾਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ। ਅਜਿਹੀ ਵਿਚਾਰਧਾਰਾ ਵਾਲੇ ਵਿਅਕਤੀ ਤੋਂ ਪਹਿਲਾਂ ਹੀ ਬਚ ਜਾਓ, ਨਹੀਂ ਤਾਂ ਉਹ ਤੁਹਾਨੂੰ ਅਗਿਆਨਤਾ ਦੇ ਦਲਦਲ ਵਿਚ ਧਕੇਲ ਦੇਵੇਗਾ। ਉਹ ਤੁਹਾਡੇ ਅੰਦਰ ਆਲਸ ਅਤੇ ਨਕਾਰਾਤਮਕ ਵਿਚਾਰਧਾਰਾ ਪੈਦਾ ਕਰਦਾ ਹੈ। ਅਜਿਹੇ ਲੋਕ ਧਰਮ ਦੀ ਵੀ ਗ਼ਲਤ ਵਿਆਖਿਆ ਕਰਦੇ ਹਨ। ਉਹ ਧਰਮ ਦਾ ਚੋਲਾ ਪਹਿਨ ਕੇ ਲੋਕਾਂ ਨੂੰ ਠਗਦੇ ਹਨ। ਇਸ ਲਈ ਚਮਤਕਾਰ ਨਹੀਂ, ਕਰਮ ਵਿਚ ਵਿਸ਼ਵਾਸ ਰੱਖੋ, ਸਦਾਚਾਰ ਅਤੇ ਪੁਰਸ਼ਾਰਥ ਵਾਲਾ ਜੀਵਨ ਤੁਹਾਨੂੰ ਅਸਲ ਸੁਖ ਦੇਵੇਗਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 62805-75943

ਪਠਾਣ ਨਿਹੰਗ ਖਾਂ ਦਾ ਕਬਰਸਤਾਨ ਪਿੰਡ ਕੋਟਲਾ ਨਿਹੰਗ (ਰੋਪੜ)

ਪਠਾਣ ਨਿਹੰਗ ਖਾਂ ਦੇ ਪਰਿਵਾਰ ਦਾ ਮੁਖੀ ਸ਼ਾਹ ਸਲੇਮਾਨ ਖਾਂ ਈਰਾਨ ਤੋਂ 1398 ਈ: ਵਿਚ ਭਾਰਤ ਆਇਆ ਸੀ। ਉਸ ਤੋਂ ਬਾਅਦ ਉਸ ਦਾ ਪੁੱਤਰ ਸੁਲਤਾਨ ਖਾਂ, ਫਿਰ ਸ਼ਮਸ਼ ਖਾਂ, ਫਿਰ ਆਲਮ ਖਾਂ, ਫਿਰ ਨੌਰੰਗ ਖਾਂ ਅਤੇ ਫਿਰ ਨਿਹੰਗ ਖਾਂ ਨੇ ਪਿੰਡ ਕੋਟਲਾ ਅਬਾਦ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਉਸ ਵੇਲੇ ਦੇ ਮੁਗ਼ਲੀਆ ਹੁਕਮਰਾਨਾਂ ਨੇ ਇਨ੍ਹਾਂ ਨੂੰ ਤਕਰੀਬਨ 84 ਪਿੰਡ ਰੋਪੜ ਦੇ ਆਸ-ਪਾਸ ਦੇ ਦਿੱਤੇ, ਜਿਸ ਨਾਲ ਇਨ੍ਹਾਂ ਦਾ ਇਲਾਕੇ ਵਿਚ ਕਾਫ਼ੀ ਪ੍ਰਭਾਵ ਪੈ ਗਿਆ। ਇਨ੍ਹਾਂ ਨੇ ਆਪਣੀ ਹਿਫਾਜ਼ਤ ਲਈ ਦੋ ਕਿਲ੍ਹੇ ਬਣਵਾਏ। ਇਕ ਕਿਲ੍ਹਾ ਪਿੰਡ ਫਤਹਿਪੁਰ ਭੰਗਾਲਾ ਅਤੇ ਦੂਜਾ ਕਿਲ੍ਹਾ ਪਿੰਡ ਕੋਟਲਾ ਵਿਖੇ ਬਣਾਇਆ, ਜੋ ਕੋਟਲਾ ਨਿਹੰਗ ਖਾਂ ਦੇ ਨਾਂਅ 'ਤੇ ਮਸ਼ਹੂਰ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸੰਬਰ, 1704 ਈ: ਨੂੰ ਸਰਸਾ ਨਦੀ ਦੇ ਕੰਢੇ 'ਤੇ ਮੁਗ਼ਲਾਂ ਨਾਲ ਲੜਦੇ ਹੋਏ ਆਪਣੇ ਸਿੰਘਾਂ ਸਮੇਤ ਪਿੰਡ ਕੋਟਲਾ ਨਿਹੰਗ ਖਾਂ ਦੇ ਕਿਲ੍ਹੇ ਵਿਚ ਆਏ ਤਾਂ ਨਿਹੰਗ ਖਾਂ ਨੇ ਬਗੈਰ ਕਿਸੇ ਡਰ ਤੋਂ ਗੁਰੂ ਸਾਹਿਬ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਤੇ ਅੱਗੇ ਜਾਣ ਲਈ ਸਹੀ ਸਲਾਮਤ ਕਿਲ੍ਹੇ ਵਿਚੋਂ ਵਿਦਾ ਕੀਤਾ ਅਤੇ ਗੁਰੂ ਸਾਹਿਬ ਜਾਂਦੇ-ਜਾਂਦੇ ਜ਼ਖ਼ਮੀ ਹਾਲਤ ਵਿਚ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਸਪੁਰਦ ਕਰ ਗਏ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਕਹਿੰਦੇ ਹਨ ਕਿ ਜਦੋਂ ਗੁਰੂ ਸਾਹਿਬ ਦੇ ਕਿਲ੍ਹੇ ਵਿਚ ਹੋਣ ਦੀ ਸੂਹ ਸ਼ਹਿਰ ਦੇ ਕੋਤਵਾਲ ਨੂੰ ਮਿਲੀ ਤਾਂ ਉਹ ਸਿਪਾਹੀਆਂ ਸਮੇਤ ਕਿਲ੍ਹੇ ਵਿਚ ਪਹੁੰਚ ਗਿਆ ਤੇ ਜਦੋਂ ਤਲਾਸ਼ੀ ਲੈਣੀ ਚਾਹੀ ਤਾਂ ਉਥੇ ਉਸ ਨੂੰ ਇਕ ਬੰਦ ਕੋਠੜੀ ਮਿਲੀ ਤੇ ਸ਼ੱਕ ਪੈਣ 'ਤੇ ਕੋਠੜੀ ਦੇ ਬੂਹੇ ਪਾਸ ਖੜ੍ਹ ਕੇ ਨਿਹੰਗ ਖਾਂ ਨੂੰ ਕਹਿਣ ਲੱਗਾ ਕਿ ਇਸ ਕੋਠੜੀ ਵਿਚ ਕੌਣ ਹਨ ਤਾਂ ਨਿਹੰਗ ਖਾਂ ਕਹਿਣ ਲੱਗਾ, 'ਇਸ ਵਿਚ ਮੇਰੀ ਬੇਟੀ ਮੁਮਤਾਜ਼ ਤੇ ਦਾਮਾਦ ਪਏ ਹਨ।'
ਜਦੋਂ ਨਿਹੰਗ ਖਾਂ ਨੇ ਆਵਾਜ਼ ਦਿੱਤੀ, 'ਬੇਟੀ, ਮਹਿਮਾਨ ਜਾਗਦੇ ਹਨ।' ਤਾਂ ਮੁਮਤਾਜ਼ ਨੇ ਅੰਦਰੋਂ ਹੀ ਕਹਿ ਦਿੱਤਾ, 'ਅੱਬਾ ਜਾਨ, ਆਰਾਮ ਕਰ ਰਹੇ ਹਨ।' ਇਸ 'ਤੇ ਕੋਤਵਾਲ ਨੂੰ ਭਰੋਸਾ ਹੋ ਗਿਆ ਕਿ ਇਸ ਕੋਠੜੀ ਵਿਚ ਮਹਿਮਾਨ ਹੀ ਪਿਆ ਹੈ। ਉਸ ਤੋਂ ਬਾਅਦ ਜਦੋਂ ਪਠਾਣ ਪਰਿਵਾਰ ਨੇ ਬਦਨਾਮੀ ਦੇ ਡਰੋਂ ਮੁਮਤਾਜ਼ ਨੂੰ ਨਿਕਾਹ ਕਰਾਉਣ ਬਾਰੇ ਪੁੱਛਿਆ ਤਾਂ ਅੱਗੋਂ ਮੁਮਤਾਜ਼ ਕਹਿਣ ਲੱਗੀ, 'ਅੱਬਾ ਜਾਨ, ਮੈਂ ਤਾਂ ਤੁਹਾਡੇ ਕਹੇ ਹੋਏ ਬੋਲ ਪੁਗਾਉਣੇ ਨੇ, ਤੁਸੀਂ ਪਹਿਲਾਂ ਹੀ ਕੋਤਵਾਲ ਨੂੰ ਕਹਿ ਚੁੱਕੇ ਹੋ ਕਿ ਕੋਠੜੀ ਵਿਚ ਪਿਆ ਮਹਿਮਾਨ ਮੇਰਾ ਦਾਮਾਦ ਹੈ। ਇਸ ਕਰਕੇ ਮੇਰੇ ਨਿਕਾਹ ਦੀ ਗੱਲ ਛੱਡ ਦੇਵੋ, ਮੈਂ ਤਾਂ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਖਾਵੰਦ ਚੁਣ ਲਿਆ ਹੈ ਤੇ ਇਸ ਨਾਲ ਹੀ ਸਾਰੀ ਉਮਰ ਨਿਭਾਵਾਂਗੀ।' ਇਹੀ ਹੋਇਆ, ਭਾਈ ਬਚਿੱਤਰ ਸਿੰਘ ਦੀ ਮੌਤ ਤੋਂ ਬਾਅਦ ਉਸ ਨੇ ਪਹਿਲਾਂ ਭੱਠਾ ਸਾਹਿਬ ਵਿਖੇ ਝਾੜੂ-ਪੋਚੇ ਦੀ ਸੇਵਾ ਕੀਤੀ ਤੇ ਫਿਰ ਨਿਹੰਗ ਖਾਂ ਨੇ ਪਿੰਡ ਬੜੀ ਦੇ ਜੰਗਲ ਵਿਚ ਉਸ ਲਈ ਰਹਿਣ ਵਾਸਤੇ ਉੱਚੀ ਜਗ੍ਹਾ ਕਿਲ੍ਹਾਨੁਮਾ ਅਸਥਾਨ ਬਣਾ ਦਿੱਤਾ, ਜਿਥੇ ਉਹ ਮਰਦੇ ਦਮ ਤੱਕ ਭਜਨ ਬੰਦਗੀ ਕਰਦੀ ਰਹੀ ਤੇ ਅਖੀਰ 131 ਸਾਲ ਦੀ ਉਮਰ ਭੋਗ ਕੇ ਅੱਲ੍ਹਾ ਨੂੰ ਪਿਆਰੀ ਹੋ ਗਈ। ਇਸ ਅਸਥਾਨ 'ਤੇ ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ ਸੁਸ਼ੋਭਿਤ ਹੈੇ ਤੇ ਥੋੜ੍ਹੀ ਦੂਰ ਹੇਠਾਂ ਝਾਂਡੀਆਂ ਰੋਡ 'ਤੇ ਉਸ ਦੀ ਬਹੁਤ ਸੁੰਦਰ ਕਬਰ ਬਣੀ ਹੋਈ ਹੈ, ਜਿਥੇ ਸ਼ਰਧਾਵਾਨ ਆ ਕੇ ਸਿੱਜਦਾ ਕਰਦੇ ਹਨ।
ਪਿੰਡ ਕੋਟਲਾ ਨਿਹੰਗ ਵਿਚ ਪਹਿਲਾਂ ਤੋਂ ਹੀ ਦੋ ਕਬਰਸਿਤਾਨ ਚਲੇ ਆਉਂਦੇ ਹਨ, ਇਕ ਕਬਰਸਿਤਾਨ ਜਿਸ ਦਾ ਖਸਰਾ ਨੰ: 10//11/1, ਰਕਬਾ 1 ਕਨਾਲ 4 ਮਰਲੇ ਹੈ, ਇਹ ਆਮ ਮੁਸਲਮਾਨਾਂ ਦੇ ਦਫ਼ਨਾਉਣ ਲਈ ਸੀ ਅਤੇ ਦੂਜਾ ਮੁੱਖ ਕਬਰਸਿਤਾਨ ਜਿਸ ਦਾ ਖਸਰਾ ਨੰ: 54 ਰਕਬਾ, 12 ਮਰਲੇ ਹੈ, ਜਿਸ ਵਿਚ ਪਠਾਣ ਪਰਿਵਾਰਾਂ ਦੇ ਵਾਰਸਾਂ ਦੀਆਂ ਦੇਹਾਂ ਨੂੰ ਦਫ਼ਨਾਇਆ ਜਾਂਦਾ ਸੀ। ਜਦੋਂ ਇਹ 12 ਮਰਲੇ ਵਾਲਾ ਕਬਰਸਿਤਾਨ ਦਾ ਰਕਬਾ ਕਬਰਾਂ ਨਾਲ ਭਰ ਗਿਆ ਤਾਂ ਪਠਾਣਾਂ ਨੇ ਆਪਣੀ ਨਿੱਜੀ ਬੰਜਰ ਕਦੀਮ ਜ਼ਮੀਨ ਖਸਰਾ ਨੰ: 9//6 (9 ਕਨਾਲ 9 ਮਰਲੇ) ਵਿਚ ਹੀ ਮ੍ਰਿਤਕ ਦੇਹਾਂ ਨੂੰ ਦਫ਼ਨਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹ ਸਿਲਸਿਲਾ 1398 ਤੋਂ 1947 ਤੱਕ ਚਲਦਾ ਰਿਹਾ। ਸੰਨ 1947 ਤੋਂ ਬਾਅਦ ਇਹ ਦੋਵੇਂ ਕਬਰਸਿਤਾਨ ਪੰਜਾਬ ਵਕਫ ਬੋਰਡ ਦੇ ਅਧੀਨ ਆ ਗਏ। ਜੋ ਆਮ ਕਬਰਸਿਤਾਨ ਸੀ, ਉਥੇ ਮਿਲੀਭੁਗਤ ਨਾਲ ਨਜ਼ਾਇਜ ਕਬਜ਼ੇ ਹੋ ਗਏ ਤੇ ਜੋ ਮੁੱਖ ਕਬਰਸਿਤਾਨ ਵਿਚ ਪਠਾਣਾਂ ਦੀਆਂ ਕਬਰਾਂ ਸਨ, ਉਨ੍ਹਾਂ ਨੂੰ ਵਕਫ ਬੋਰਡ ਨੇ ਪੱਧਰਾ ਕਰਕੇੇ ਇਕ ਪ੍ਰਾਈਵੇਟ ਸਕੂਲ ਨੂੰ ਲੀਜ਼ 'ਤੇ ਦੇ ਦਿੱਤਾ ਅਤੇ ਜਿਥੇ ਨਿਹੰਗ ਖਾਂ ਪਠਾਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਖਸਰਾ ਨੂੰ 9//6 ਵਿਚ ਦਫ਼ਨਾਇਆ ਗਿਆ ਸੀ, ਉਥੇ ਇਕ ਉੱਚਾ ਥੇਹਾ ਉਸਰਿਆ ਹੋਇਆ ਸੀ। ਇਸ ਖਸਰਾ ਨੰ: ਦੇ ਰਕਬੇ ਦੀ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ 1953-54 ਵਿਚ ਅਲਾਟਮੈਂਟ ਹੋ ਗਈ ਅਤੇ ਅਲਾਟੀ ਨੇ ਇਹ 9 ਕਨਾਲ 9 ਮਰਲੇ ਦਾ ਕਿਸੇ ਨਾਲ ਬਿਆਨਾ ਕਰ ਲਿਆ ਤੇ ਉਸ ਨੇ ਉੱਚੇ ਟਿੱਬੇ ਨੂੰ ਰਾਤ-ਬਰਾਤੇ ਪੱਧਰਾ ਕਰਕੇ ਪਲਾਟ ਕੱਟ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜਿਥੇ ਨਿਹੰਗ ਖਾਂ ਪਠਾਣ ਅਤੇ ਉਸ ਦੇ ਪਰਿਵਾਰ ਦੀਆਂ ਉਸ ਉੱਚੇ ਟਿੱਬੇ 'ਤੇ ਕਬਰਾਂ ਸਨ, ਉਨ੍ਹਾਂ ਨਾਲ ਵੀ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਪਿੰਡ ਵਾਸੀਆਂ ਵਲੋਂ ਜਦੋ-ਜਾਹਿਦ ਕਰਨ 'ਤੇ ਹਾਲ ਦੀ ਘੜੀ ਇਹ ਮਸਲਾ ਰੁਕ ਗਿਆ ਹੈ।
ਪਿੰਡ ਦੇ ਲੋਕੀਂ ਇਨ੍ਹਾਂ 5-7 ਕਬਰਾਂ ਨੂੰ ਜੋ ਉੱਚੇ ਟਿੱਬਾ (ਥੇਹ) ਦੀ ਸ਼ਕਲ ਵਿਚ 3-4 ਮਰਲੇ ਦੇ ਰਕਬੇ ਵਿਚ ਸੁਰੱਖ਼ਿਅਤ ਹਨ, ਨੂੰ ਬਚਾਉਣਾ ਚਾਹੁੰਦੇ ਹਨ। ਇਸ ਬਾਰੇ ਇਲਾਕੇ ਦੇ ਲੋਕ, ਸਰਕਾਰੀ ਕਾਲਜ ਦੀ ਸਟੂਡੈਂਟਸ ਯੂਨੀਅਨ ਅਤੇ ਦੂਨ ਇਲਾਕੇ ਦੀ ਬਣੀ ਯੂਨੀਅਨ ਨੇ ਮਿਲ ਕੇ ਪਿਛਲੇ ਦਿਨੀਂ ਬੇਲਾ ਰੋਡ ਤੋਂ ਡੀ.ਸੀ. ਦਫਤਰ ਤੱਕ ਰੈਲੀ ਕੀਤੀ ਸੀ, ਜਿਸ ਬਾਰੇ ਡਿਪਟੀ ਕਮਿਸ਼ਨਰ, ਰੋਪੜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਪਠਾਣ ਪਰਿਵਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਔਖੇ ਵੇਲੇ ਦਿੱਤੇ ਸਹਿਯੋਗ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀਆਂ ਕਬਰਾਂ ਨੂੰ ਬਚਾਇਆ ਜਾਵੇ ਤੇ ਉੱਥੇ ਇਕ ਮਿਊਜ਼ੀਅਮ ਅਤੇ ਲਾਇਬ੍ਰੇਰੀ ਬਣਾਈ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਉਹੀ ਪਠਾਣ ਪਰਿਵਾਰ ਦੀਆਂ ਕਬਰਾਂ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਔਖੇ ਵੇਲੇ ਪਨਾਹ ਦਿੱਤੀ ਸੀ। ਜਦ ਕਿ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਕਫ ਬੋਰਡ ਅਤੇ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ। ਪਰ ਇਹ ਸੰਸਥਾਵਾਂ ਭਲਾਈ ਦਾ ਕੰਮ ਕਰਨ ਤੋਂ ਅਸਮਰੱਥ ਰਹੀਆਂ। ਜਦ ਕਿ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਵਲੋਂ ਹਾਅ ਦਾ ਨਾਅਰਾ ਮਾਰਨ 'ਤੇ ਉਸ ਦੀ ਯਾਦ ਵਜੋਂ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋ ਸ਼ਾਨਦਾਰ ਗੇਟ ਬਣਾਏ ਗਏ ਹਨ। ਜੇਕਰ ਇਹ ਕਬਰਾਂ ਭੂ-ਮਾਫੀਆਂ ਨੇ ਅਲੋਪ ਕਰ ਦਿੱਤੀਆਂ ਤਾਂ ਆਉਣ ਵਾਲੀ ਪੀੜ੍ਹੀ ਗੁਰੂ ਸਾਹਿਬ ਨੂੰ ਪਿੰਡ ਕੋਟਲਾ ਨਿਹੰਗ ਵਿਚ ਆਉਣਾ ਨਹੀਂ ਮੰਨੇਗੀ। ਸੋ, ਸਾਨੂੰ ਸਾਰਿਆਂ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਕੇ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਕਿ ਪਠਾਣ ਪਰਿਵਾਰ ਦੀ ਯਾਦਗਾਰ ਬਣ ਸਕੇ।


-ਬੀ.ਡੀ.ਪੀ.ਓ. (ਸੇਵਾ ਮੁਕਤ), 1945/7 ਸਾਹਮਣੇ ਸਿਵਲ ਹਸਪਤਾਲ, ਰੂਪਨਗਰ। ਮੋਬਾ: 94175-83141

ਬਾਣੀ ਦਿਲ 'ਚ ਵਸਾ ਲਓ

* ਸਰਦਾਰ ਪੰਛੀ *

ਬਾਣੀ ਦਿਲ 'ਚ ਵਸਾ ਲਓ ਬੇੜਾ ਪਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਠੰਢ ਕਾਲਜੇ 'ਚ ਪਊ ਜਦੋਂ ਪੜ੍ਹ ਲਓਗੇ ਬਾਣੀ,
ਤੁਸਾਂ ਕਿਸੇ ਵੀ ਤੂਫ਼ਾਨ ਕੋਲੋਂ ਮਾਤ ਨਹੀਂ ਖਾਣੀ।
ਸ਼ੁੱਧ ਆਤਮਾ ਦੇ ਨਾਲ ਅਪਣਾ ਕੇ ਦੇਖ ਲਓ।
ਮਨ ਆਪਣੇ 'ਚ ਦੀਪ ਜਗਾ ਕੇ ਦੇਖ ਲਓ।
ਦੂਰ ਆਤਮਾ ਦਾ ਸਾਰਾ ਹੰਕਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਇਹਦੇ ਵਿਚ ਸਾਰੇ ਰਾਗ ਸੁਰ ਤਾਲ ਹੁੰਦੇ ਨੇ,
ਮਿੱਠੇ-ਮਿੱਠੇ ਰਸ ਵੀ ਬੇਮਿਸਾਲ ਹੁੰਦੇ ਨੇ।
ਸਾਰੇ ਸ਼ਬਦਾਂ ਦੇ ਅਰਥ ਵੀ ਕਮਾਲ ਹੁੰਦੇ ਨੇ,
ਦੇਵੀ-ਦੇਵਤੇ ਵੀ ਸੁਣ ਕੇ ਨਿਹਾਲ ਹੁੰਦੇ ਨੇ।
ਪੜ੍ਹੇ-ਸੁਣੇ ਬਾਣੀ ਉਹਦਾ ਸਤਿਕਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਬਾਣੀ ਦੂਰ ਕਰ ਦੇਂਦੀ ਮਨ ਚਿੱਤ ਦੀ ਉਦਾਸੀ,
ਤ੍ਰਿਪਤ ਆਤਮਾ ਹੋ ਜਾਂਦੀ ਸੱਤਾਂ ਜਨਮਾਂ ਦੀ ਪਿਆਸੀ।
ਇਹੀ ਬਾਲਦੀ ਹੈ ਹਰ ਇਕ ਮੱਥੇ ਵਿਚ ਦੀਵਾ,
ਜਿਹਦੇ ਚਾਨਣ ਦੇ ਨਾਲ ਬੰਦਾ ਹੋ ਜਾਏ ਖੀਵਾ।
ਮਿਹਰਬਾਨ ਉਹਦੇ ਉੱਤੇ ਕਰਤਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।
ਬਾਣੀ ਦਿਲ 'ਚ ਵਸਾ ਲਓ ਬੇੜਾ ਪਾਰ ਹੁੰਦਾ ਹੈ,
ਦਸਾਂ ਗੁਰੂਆਂ ਦਾ ਇਹਦੇ 'ਚੋਂ ਦੀਦਾਰ ਹੁੰਦਾ ਹੈ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਧਾਰਮਿਕ ਸਾਹਿਤ

ਗੁਰੂ ਤੇਗ਼ ਬਹਾਦਰ : ਸ਼ਹਾਦਤਨਾਮਾ
ਲੇਖਕ : ਪ੍ਰਿੰਸੀਪਲ ਜਗਜੀਤ ਸਿੰਘ ਨਾਗਪਾਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।
ਪੰਨੇ : 88, ਮੁੱਲ : 250 ਰੁਪਏ
ਸੰਪਰਕ : 98887-33952


ਵਿਚਾਰ-ਗੋਚਰੀ ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਨੂੰ ਸੰਖੇਪ ਤੌਰ 'ਤੇ ਬਿਆਨ ਕੀਤਾ ਗਿਆ ਹੈ। ਲੇਖਕ ਅਨੁਸਾਰ ਗੁਰੂ ਤੇਗ਼ ਬਹਾਦਰ ਦੀ ਅਜ਼ੀਮ ਸ਼ਹਾਦਤ ਕਾਰਨ ਹੀ ਭਾਰਤ ਦੀ ਸੰਸਕ੍ਰਿਤੀ ਜ਼ਿੰਦਾ ਹੈ। ਲੇਖਕ ਨੇ ਸਿੱਖ ਧਰਮ ਦੀ ਸ਼ਹੀਦੀ ਪਰੰਪਰਾ ਦਾ ਉਲੇਖ ਕਰਦੇ ਸਮੇਂ ਗੁਰੂ ਅਰਜਨ ਦੇਵ ਜੀ ਧਰਮ ਖ਼ਾਤਰ ਮਰ ਮਿਟਣ ਵਾਲੇ ਤਮਾਮ ਸ਼ਹੀਦਾਂ ਦਾ ਜ਼ਿਕਰ ਕੀਤਾ ਹੈ। ਅਗਲੇ ਲੇਖ ਰਾਹੀਂ ਗੁਰੂ ਸਾਹਿਬ ਦੀ ਸ਼ਹੀਦੀ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ ਗਿਆ ਹੈ। ਪੂਰਵਗਾਮੀ ਸ਼ਹੀਦ ਭਾਗ ਵਿਚ ਮਹਾਨ ਦਾਰਸ਼ਨਿਕ ਸ਼ੁਕਰਾਤ ਪੈਗ਼ੰਬਰ ਈਸਾ ਮਸੀਹ ਮਹਾਨ ਸੂਫ਼ੀ ਫ਼ਕੀਰ ਹੁਸੈਨ ਮਨਸੂਰ ਹਿਲਾਜ ਤੇ ਸ਼ੇਖ ਫ਼ਰੀਦੁੱਦ ਦੀਨ ਅੱਤਾਰ ਦੀਆਂ ਸ਼ਹਾਦਤਾਂ ਦਾ ਜ਼ਿਕਰ ਹੈ। ਨਾਲ-ਨਾਲ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ।
ਅਗਲੇ ਅਧਿਆਏ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਸ਼ਹੀਦੀ ਸਿੱਟੇ ਦਾ ਜ਼ਿਕਰ ਕਰਦਿਆਂ ਲੇਖਕ ਨੇ ਵਿਚਾਰ ਪੇਸ਼ ਕੀਤਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਇਕ ਭਾਈਚਾਰੇ ਤੱਕ ਸੀਮਿਤ ਨਹੀਂ, ਬਲਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਸ਼ਹਾਦਤ ਹੈ। ਤੀਜੇ ਅਧਿਆਏ ਵਿਚ ਲੇਖਕ ਨੇ 1885 ਤੋਂ ਬਾਅਦ ਗੁਰੂ ਜੀ ਦੀ ਸ਼ਹੀਦੀ ਬਾਰੇ ਲਿਖੇ ਇਤਿਹਾਸ ਉੱਤੇ ਕਿੰਤੂ-ਪ੍ਰੰਤੂ ਕੀਤਾ ਹੈ। ਉਸ ਨੇ ਬੁੱਧੀਜੀਵੀ ਕੀ ਚਾਹੁੰਦਾ ਹੈ?, ਰਾਜਸੀ ਵਿਰੋਧੀ ਰਵੱਈਆ ਅਤੇ ਰਾਜਸੀ ਰੋਕ, ਸਿੱਖਾਂ ਦੀ ਬਰਬਾਦੀ (1708-70) ਨੁਕਤੇ ਉਠਾਏ ਹਨ। ਲੇਖਕ ਨੇ ਮੁਨਸ਼ੀ ਗੁਲਾਮ ਹੁਸੈਨ ਖਾਨ ਦੀਆਂ ਗੁਰੂ ਸਾਹਿਬ ਦੀ ਸ਼ਹਾਦਤ ਪ੍ਰਤੀ ਗ਼ਲਤ ਬਿਆਨੀਆਂ ਦਾ ਜ਼ੋਰਦਾਰ ਖੰਡਨ ਕੀਤਾ ਹੈ। ਲੇਖਕ ਨੇ ਸ਼ਹੀਦੀ ਪੱਖ ਨੂੰ ਸਹੀ ਤੌਰ 'ਤੇ ਉਜਾਗਰ ਕਰਨ ਵਾਲੇ ਵਿਦਵਾਨਾਂ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਉੱਚ ਕੋਟੀ ਦੇ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਵੀ ਦਿੱਤੇ ਹਨ। ਉਸ ਅਨੁਸਾਰ ਗੁਰੂ ਸਾਹਿਬ ਦੀ ਸ਼ਹਾਦਤ ਚਿੰਤਨ ਦਾ ਵਿਸ਼ਾ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710


ਗੁਰੂ ਗੋਬਿੰਦ ਸਿੰਘ : ਜੀਵਨ ਤੇ ਦਰਸ਼ਨ
ਸੰਪਾਦਕ : ਸੋਨੀਆ ਦੇਵੀ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ।
ਸਫੇ : 130, ਮੁੱਲ : 295 ਰੁਪਏ
ਸੰਪਰਕ : 0172-5027427


ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਬਾਰੇ ਉਨ੍ਹਾਂ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਇਕ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਕੌਮੀ ਸੈਮੀਨਾਰ ਵਿਚ ਪ੍ਰੋਢ ਵਿਦਵਾਨਾਂ ਵਲੋਂ ਆਪਣੇ ਗੂੜ੍ਹ ਗਿਆਨ ਦੁਆਰਾ ਗੁਰੂ ਜੀ ਦੇ ਜੀਵਨ 'ਤੇ ਪਰਚੇ ਪੜ੍ਹੇ ਗਏ। ਇਨ੍ਹਾਂ ਪਰਚਿਆਂ ਦੇ ਮੂਲ ਪਾਠ ਨੂੰ ਪ੍ਰੋ: ਸੋਨੀਆ ਦੇਵੀ ਨੇ ਸੰਪਾਦਿਤ ਕਰਕੇ ਪੁਸਤਕ 'ਗੁਰੂ ਗੋਬਿੰਦ ਸਿੰਘ : ਜੀਵਨ ਤੇ ਦਰਸ਼ਨ' ਪਾਠਕਾਂ ਦੇ ਰੂਬਰੂ ਕੀਤੀ ਹੈ। ਇਸ ਪੁਸਤਕ ਵਿਚ ਗਿਆਰਾਂ ਪੰਜਾਬੀ, ਇਕ ਹਿੰਦੀ ਅਤੇ ਇਕ ਅੰਗਰੇਜ਼ੀ ਵਿਚ ਮੁੱਲਵਾਨ ਲੇਖ ਪੜ੍ਹਨ ਨੂੰ ਮਿਲਦੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਹਰ ਵਿਦਵਾਨ ਨੇ ਆਪਣੀ ਰਚਨਾ ਨੂੰ ਗੁਰਬਾਣੀ ਦੇ ਯਥਾਰਥਵਾਦ ਨਾਲ ਸਹਿ-ਸਬੰਧ ਜੋੜਨ ਦਾ ਯਤਨ ਵੀ ਕੀਤਾ ਹੈ। ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਜੀ ਦੇ ਅਲੌਕਿਕ ਜੀਵਨ ਦੇ ਸਾਰਥਿਕ ਆਸ਼ੇ ਮਨੁੱਖਤਾ ਦੀ ਭਲਾਈ, ਮਨੁੱਖ ਨੂੰ ਕਾਲ ਦੇ ਭੈਅ ਤੋਂ ਮੁਕਤ ਕਰਵਾ ਕੇ ਜੀਵਨ ਸੰਸਿਆਂ ਦੇ ਜਾਲ 'ਚੋਂ ਬਾਹਰ ਕੱਢਣਾ, ਨਿਰਵੈਰ ਭਾਵਨਾ ਨਾਲ ਜ਼ੁਲਮ ਨਾਲ ਜੂਝਣਾ, ਜਾਨੀ-ਮਾਲੀ ਨੁਕਸਾਨ ਉਠਾ ਕੇ ਵੀ ਸਵੈ-ਮਾਣ ਨੂੰ ਕਾਇਮ ਰੱਖਣਾ, ਮੁਸੀਬਤ ਵੇਲੇ ਗੈਰ ਓਟ ਆਸਰੇ ਦੀ ਥਾਂ ਆਤਮ-ਵਿਸ਼ਵਾਸ 'ਤੇ ਵਧੇਰੇ ਯਕੀਨ ਕਰਨਾ, ਮਨੁੱਖੀ ਜੀਵਨ 'ਚ ਨਿਰੋਏ ਸਾਹਿਤ ਦਾ ਮਹੱਤਵ, ਗੁਰੂ-ਚੇਲਾ ਪ੍ਰੰਪਰਾ ਵਿਚ ਨਵਾਂ ਮੋੜ, ਸੰਤ-ਸਿਪਾਹੀ ਦੀ ਵਿਚਾਰਧਾਰਾ ਅਨੁਸਾਰ ਜੀਵਨ ਜਿਊਣਾ, ਗਊ-ਗਰੀਬ ਦੀ ਰਾਖੀ ਲਈ ਨਿਤਰਨਾ, ਮਾਨਸ ਕੀ ਜਾਤ ਵਿਚਲੀਆਂ ਸਿਰਜੀਆਂ ਰੂੜੀਵਾਦੀ ਪ੍ਰੰਪਰਾਵਾਂ ਨੂੰ ਭਾਂਜ ਦੇਣੀ, ਸਾਦਾ ਜੀਵਨ ਬਿਤਾਉਣਾ, ਜਗ ਜਨਨੀ ਦੀ ਅਥਾਹ ਸ਼ਕਤੀ ਦੀ ਪਛਾਣ, ਜ਼ੁਲਮ ਦੀ ਇੰਤਾਂਹ ਨੂੰ ਵੰਗਾਰਨਾ ਅਤੇ ਖ਼ਾਲਸ/ਖ਼ਾਲਸੇ ਦੀ ਅਸਲ ਪਰਿਭਾਸ਼ਾ ਆਦਿ ਵਿਸ਼ੇ ਜੋ ਮਨੁੱਖੀ ਜੀਵਨ ਸੰਵਾਰ ਕੇ ਧਰਤੀ 'ਤੇ ਹੀ ਬੇਗਮਪੁਰਾ (ਸਵਰਗ) ਉਸਾਰਨ ਦੇ ਸਮਰੱਥ ਇਸ ਪੁਸਤਕ ਦੇ ਮਾਣਿਕ ਮੋਤੀ ਹਨ।
ਜੇਕਰ ਇਸ ਪੁਸਤਕ ਵਿਚਲੇ ਹਿੰਦੀ ਤੇ ਅੰਗਰੇਜ਼ੀ ਲੇਖਾਂ ਦਾ ਪੰਜਾਬੀ 'ਚ ਉਲੱਥਾ ਵੀ ਨਾਲ ਹੀ ਦਿੱਤਾ ਹੁੰਦਾ ਤਾਂ ਸੋਨੇ 'ਤੇ ਸੁਹਾਗਾ ਹੋ ਨਿਬੜਨਾ ਸੀ, ਕਿਉਂਕਿ ਫਿਰ ਆਮ ਪਾਠਕ ਵੀ ਇਨ੍ਹਾਂ ਲੇਖਾਂ ਨੂੰ ਪੜ੍ਹਨ ਦਾ ਆਨੰਦ ਮਾਣਦਾ ਹੋਇਆ ਲਾਹਾ ਖੱਟ ਸਕਦਾ ਸੀ। ਬਾਕੀ ਕੁਲ ਮਿਲਾ ਕੇ ਇਹ ਪੁਸਤਕ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੇ ਅਮੋਲਕ ਜੀਵਨ ਨੂੰ ਇਕ ਸੱਚੀ ਸ਼ਰਧਾਂਜਲੀ ਹੈ।


-ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾ: 98764-74858





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX