ਤਾਜਾ ਖ਼ਬਰਾਂ


ਅਸਲੀ ਪੱਪੂ ਕੌਣ ਸਾਬਤ ਹੋ ਰਿਹਾ ਹੈ - ਸ਼ਤਰੂਘਣ ਸਿਨਹਾ ਦਾ ਮੋਦੀ 'ਤੇ ਹਮਲਾ
. . .  2 minutes ago
ਨਵੀਂ ਦਿੱਲੀ, 21 ਅਪ੍ਰੈਲ - ਹਾਲ ਹੀ ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸ਼ਤਰੂਘਣ ਸਿਨਹਾ ਨੇ ਪਿਛਲੇ ਸਾਲ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਸਨਿੱਚਰਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਸਵਾਲ ਕੀਤਾ ਕਿ ਕ੍ਰਿਪਾ ਕਰਕੇ...
ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  35 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  44 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸੋਨਮ ਕਪੂਰ

ਡਰ ਗਈ!

ਜੇ ਸੋਨਮ ਕਪੂਰ ਦਾ ਵਸ ਚੱਲੇ ਤਾਂ ਉਹ ਯਕਦਮ ਕੰਗਨਾ ਰਾਣੌਤ ਦੀ ਐਸੀ-ਤੈਸੀ ਕਰ ਦੇਵੇ ਕਿਉਂਕਿ ਕੰਗਨਾ ਨੇ ਸੋਨਮ ਸਬੰਧੀ ਜੋ ਗੱਲਾਂ ਕਹੀਆਂ ਹਨ, ਉਸ ਕਾਰਨ ਹੁਣ ਸੋਨਮ ਦੇ ਪੈਰਾਂ ਹੇਠੋਂ ਧਰਤੀ ਖਿਸਕਣ ਵਾਲੀ ਗੱਲ ਹੈ। ਸੋਨਮ ਨੇ ਕਿਹਾ ਸੀ ਕਿ ਕੰਗਨਾ ਤਾਂ ਰੋਜ਼ ਕਿਸੇ ਨਾ ਕਿਸੇ ਨੂੰ ਭੰਡਦੀ ਹੈ। ਉਸ ਦੀਆਂ ਗੱਲਾਂ 'ਤੇ ਯਕੀਨ ਕਰਨਾ ਨਹੀਂ ਚਾਹੀਦਾ ਤਾਂ ਕੰਗਨਾ ਨੇ ਕਿਹਾ ਸੀ ਕਿ ਸੋਨਮ ਨੇ ਕੀ ਲਾਈਸੈਂਸ ਲਿਆ ਹੈ ਕਿ ਕੌਣ ਸੱਚਾ-ਕੌਣ ਝੂਠਾ, ਸੋਨਮ ਹੈ ਹੀ ਕੀ? ਸਟਾਰ ਪਿਓ ਦੀ ਅਸਫ਼ਲ ਹੀਰੋਇਨ ਧੀ ਜਦਕਿ ਦੇਸ਼ ਦੀ ਅਗਵਾਈ 10 ਸਾਲ ਸੰਘਰਸ਼ ਕਰ ਕੰਗਨਾ ਨੇ ਕੀਤੀ ਹੈ। ਜ਼ਾਹਿਰ ਹੈ ਸੋਨਮ ਦਾ ਹਾਲ ਬੁਰਾ ਹੈ, ਮੌਕਾ ਮਿਲਿਆ ਤਾਂ ਉਹ ਕੰਗਨਾ ਨੂੰ ਰੱਜ ਕੇ ਭੰਡੇਗੀ ਤੇ ਇਥੇ ਪਾਣੀ ਪੀਣ ਜੋਗੀ ਨਹੀਂ ਛੱਡੇਗੀ। ਕਰਵਾ ਚੌਥ ਦਾ ਵਰਤ, ਸ਼ੁੱਭ ਦੀਵਾਲੀ, ਵਿਸ਼ਵਕਰਮਾ ਤੇ ਟਿੱਕਾ ਭਾਈ ਦੂਜ ਆਦਿ ਤਿਉਹਾਰਾਂ ਤੋਂ ਵਿਹਲੀ ਹੋ ਕੇ ਸੋਨਮ ਕਪੂਰ ਹੁਣ ਦੋ ਮਹੀਨੇ ਆਪਣੀ ਨਵੀਂ ਫ਼ਿਲਮ 'ਏਕ ਲੜਕੀ ਕੋ ਦੇਖਾ' ਲਈ ਲਾਏਗੀ। 'ਪੈਡਮੈਨ', 'ਵੀਰੇ ਦੀ ਵੈਡਿੰਗ' 'ਚ ਆਪਣੀ 'ਵੈਡਿੰਗ' ਦੀਆਂ ਖੁਸ਼ੀਆਂ ਤੋਂ ਬਾਅਦ ਸੋਨਮ ਲਈ 'ਏਕ ਲੜਕੀ ਕੋ ਦੇਖਾ' ਫ਼ਿਲਮ ਬਹੁਤ ਮਾਅਨੇ ਰੱਖਦੀ ਹੈ। ਵਿਆਹ ਦੇ ਸਵਾ ਪੰਜ ਮਹੀਨਿਆਂ ਬਾਅਦ ਸੋਨਮ ਨੇ 'ਜ਼ੋਯਾ ਫੈਕਟਰ' ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਫ਼ਿਲਮ ਅਨੁਜ ਚੌਹਾਨ ਦੀ 2008 'ਚ ਆਈ ਪੁਸਤਕ 'ਤੇ ਆਧਾਰਿਤ ਹੈ ਤੇ ਸੋਨਮ ਦੇ ਨਾਲ ਫ਼ਿਲਮ 'ਚ ਅੰਗਦ ਬੇਦੀ ਹੈ। ਸੋਨਮ ਦੀ 'ਜ਼ੋਯਾ ਫੈਕਟਰ' ਵੀ ਅਪ੍ਰੈਲ 2019 'ਚ ਆਏਗੀ ਤੇ 'ਏਕ ਲੜਕੀ ਕੋ ਦੇਖਾ' ਫਰਵਰੀ 'ਚ ਆ ਜਾਏਗੀ। ਵਿਕਾਸ ਬਹਿਲ 'ਤੇ ਕੰਗਨਾ ਇਲਜ਼ਾਮ ਲਾ ਰਹੀ ਹੈ ਤੇ ਸੋਨਮ ਉਸ ਦੇ ਹੱਕ 'ਚ ਖੜ੍ਹੀ ਹੈ। ਫਿਰ ਵੀ ਤਾਜ਼ਾ ਰਿਪੋਰਟ ਇਹ ਹੈ ਕਿ ਸੋਨਮ ਡਰ ਗਈ ਹੈ ਤੇ ਉਸ ਨੇ ਕੰਗਨਾ ਰਾਣੌਤ ਤੋਂ ਪਰ੍ਹਾਂ ਰਹਿਣ ਦਾ ਮਨ ਬਣਾਇਆ ਹੈ। ਨੇਤਾ ਲੋਕਾਂ ਦੀ ਤਰ੍ਹਾਂ ਗੱਲ ਮੀਡੀਆ ਦੇ ਸਿਰ ਥੋਪ ਕੇ ਸੋਨਮ ਮਾਮਲਾ ਗਰਮ ਕਰਨ ਦੇ ਰੌਂਅ 'ਚ ਹੈ।


ਖ਼ਬਰ ਸ਼ੇਅਰ ਕਰੋ

ਦਿਸ਼ਾ ਪਟਾਨੀ

ਦਸ਼ਾ ਸੁਧਰੀ, ਦਿਸ਼ਾ ਸਹੀ

'ਬਾਗੀ-2' ਦੀ ਕਾਮਯਾਬੀ ਨੇ ਦਿਸ਼ਾ ਪਟਾਨੀ ਨੂੰ ਫ਼ਿਲਮੀ ਚੋਣ ਕਰਨ ਲਈ ਹੋਰ ਸੁਚੇਤ ਕਰ ਦਿੱਤਾ ਹੈ। ਦਿਸ਼ਾ ਨਹੀਂ ਚਾਹੁੰਦੀ ਕਿ ਚੰਗੀ ਦਿਸ਼ਾ ਵੱਲ ਜਾ ਰਹੀ ਉਸ ਦੀ ਫ਼ਿਲਮੀ ਟਰੇਨ ਕਿਤੇ ਲੀਹ ਤੋਂ ਲੱਥ ਕੇ ਕੈਰੀਅਰ ਨੂੰ ਦੁਰਘਟਨਾਗ੍ਰਸਤ ਕਰ ਦੇਵੇ। ਅਕਸ਼ੈ ਕੁਮਾਰ ਨਾਲ 'ਮੰਗਲ ਯਾਨ' ਉਸ ਨੂੰ ਮਿਲੀ ਪਰ ਜਦ ਉਸ ਦੇਖਿਆ ਕਿ ਇਸ ਫ਼ਿਲਮ'ਚ ਤਿੰਨ ਹੀਰੋਇਨਾਂ ਹਨ ਤਾਂ ਉਸ ਨੇ ਅਕਸ਼ੈ ਨੂੰ ਇਨਕਾਰ ਕਰ ਦਿੱਤਾ। ਦਿਸ਼ਾ ਕੋਲ ਜਦ ਸਲਮਾਨ ਖ਼ਾਨ ਨਾਲ 'ਭਾਰਤ' ਜਿਹੀ ਵੱਡੀ ਫ਼ਿਲਮ ਹੈ ਤਾਂ ਉਹ 'ਮੰਗਲ ਯਾਨ' 'ਤੇ ਜਾਣ ਤੋਂ ਪਹਿਲਾਂ ਸੌ ਵਾਰ ਸੋਚਣ ਨੂੰ ਤਰਜੀਹ ਦੇਵੇਗੀ। ਦਿਸ਼ਾ ਇਸ ਸਮੇਂ ਸੱਲੂ ਦੇ ਇਸ਼ਾਰਿਆਂ 'ਤੇ ਨੱਚ ਰਹੀ ਹੈ। ਇਹ ਤਾਂ ਸਾਰਾ ਕੁਝ ਸਹੀ ਹੈ ਪਰ ਦੀਵਾਲੀ ਵਾਲੇ ਦਿਨ ਘੱਟ ਕੱਪੜੇ ਤੇ ਸਪੋਰਟਸ ਵਾਲੇ 'ਅੰਡਰ ਗਾਰਮੈਂਟਸ' ਪਾ ਕੇ ਦਿਸ਼ਾ ਨੇ ਆਪਣਾ ਜੋ ਜਲੂਸ ਕਢਵਾਇਆ, ਉਸ ਨੇ ਉਸ ਦੀ ਦਸ਼ਾ ਲੋਕਾਂ 'ਚ ਵਿਗਾੜੀ ਹੈ। ਦਿਸ਼ਾ ਦਾ ਨਾਂਅ ਟਾਈਗਰ ਸ਼ਰਾਫ਼ ਨਾਲ ਵੀ ਲਿਆ ਗਿਆ ਤੇ ਹੁਣੇ ਜਿਹੇ ਹੀ ਦਿਸ਼ਾ ਦਾ ਨਾਂਅ ਰਿਤਿਕ ਰੌਸ਼ਨ ਨਾਲ ਵੀ ਜੁੜਿਆ। ਹਾਲੀਵੁੱਡ ਦੀ ਸਨਸਨੀ ਬਿਆਨਸੇ ਨੂੰ ਸਮਰਪਿਤ ਦਿਸ਼ਾ ਦਾ ਡਾਂਸ ਵੀਡੀਓ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 25 ਲੱਖ ਤੋਂ ਜ਼ਿਆਦਾ ਇਸ ਦੇ ਵਿਚਾਰ ਹੋ ਗਏ ਹਨ। ਦਿਸ਼ਾ ਨੇ ਹੁਣ ਹਾਰਦਿਕ ਪੰਡਿਆ, ਟਾਈਗਰ ਸ਼ਰਾਫ਼, ਰਿਤਿਕ ਰੌਸ਼ਨ ਸਭ ਦਾ ਖਿਆਲ ਭੁਲਾ ਦਿੱਤਾ ਹੈ। ਉਸ ਲਈ ਸਾਰਾ ਕੁਝ 'ਭਾਰਤ' ਸਲਮਾਨ ਖ਼ਾਨ ਹੈ। 'ਭਾਰਤ' ਦੀ ਖਾਤਿਰ 'ਮੰਗਲ ਯਾਨ' ਉਸ ਨੇ ਤਿਆਗ ਦਿੱਤੀ ਹੈ। ਪੁਲਿਸ ਥਾਣੇਦਾਰ ਦੀ ਬੇਟੀ ਦਿਸ਼ਾ ਪਟਾਨੀ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਮੁੰਬਈ 'ਚ ਜੋ ਸਹਾਰਾ ਦਿੱਤਾ, ਉਸ ਦੀ ਬਦੌਲਤ ਹੀ ਉਸ ਦੀ ਕਿਸਮਤ ਚਮਕੀ ਹੈ। ਦਿਸ਼ਾ ਪਟਾਨੀ ਹੁਣ ਚੋਟੀ ਦੀਆਂ ਹੀਰੋਇਨਾਂ ਦੀ ਸ਼੍ਰੇਣੀ ਵਿਚ ਆ ਚੁੱਕੀ ਹੈ। ਦਿਸ਼ਾ ਜਿਥੇ ਸਲਮਾਨ ਦੀ ਸਲਾਹ 'ਤੇ ਚੱਲ ਰਹੀ ਹੈ, ਉਥੇ ਸ਼ਿਲਪਾ ਸ਼ੈਟੀ ਵੀ ਉਸ ਨੂੰ ਕਾਫ਼ੀ ਉਤਸ਼ਾਹਿਤ ਕਰ ਰਹੀ ਹੈ। ਦਿਸ਼ਾ ਪਟਾਨੀ ਹੁਣ ਸਹੀ ਦਿਸ਼ਾ ਵੱਲ ਵਧ ਰਹੀ ਹੈ, ਵਰਨਾ ਪਹਿਲਾਂ ਤਾਂ ਉਸ ਨੇ ਪਿਆਰ ਚੱਕਰਾਂ ਵੱਲ ਦਿਸ਼ਾ ਮੋੜ ਕੇ ਆਪਣੀ ਦਸ਼ਾ ਹੀ ਖਰਾਬ ਕਰ ਲਈ ਸੀ।

ਸੋਨਾਕਸ਼ੀ ਸਿਨਹਾ

ਮੰਗਲ ਮਿਸ਼ਨ

ਬੀਤੇ ਅੱਠ ਸਾਲ ਤੋਂ ਇੰਡਸਟਰੀ 'ਚ ਸਰਗਰਮ ਸੋਨਾਕਸ਼ੀ ਸਿਨਹਾ ਨੇ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਦੀ ਗੱਲ ਆਪਣੀ ਪੱਕੀ ਸਹੇਲੀ ਨੀਤੂ ਨੂੰ ਦੱਸੀ ਕਿ ਵਿੱਕੀ ਕੌਸ਼ਲ ਉਸ ਨੂੰ ਅੱਜਕਲ੍ਹ ਪ੍ਰਭਾਵਿਤ ਕਰਦਾ ਹੈ ਪਰ ਇਹ ਸਿਰਫ਼ ਕੁਝ ਸੈਕਿੰਡ ਦਾ ਹੀ ਪ੍ਰਭਾਵ ਹੈ। 'ਕਹੋ ਨਾ ਪਿਆਰ ਹੈ' ਦੇਖ ਕੇ ਸੋਨਾ ਦੇ ਸੁਪਨਿਆਂ ਦਾ ਰਾਜਕੁਮਾਰ ਰਿਤਿਕ ਰੌਸ਼ਨ ਬਣ ਗਿਆ ਸੀ। ਹਾਲਾਂ ਕਿ ਸੋਨਾ ਤੇ ਰਿਤਿਕ ਦੀ ਉਮਰ ਵਿਚ 13 ਸਾਲ ਦਾ ਅੰਤਰ ਹੈ। ਗ਼ਲਤ ਬੰਦੇ ਨਾਲ ਵਿਆਹ ਕਰਨਾ ਬਾਅਦ 'ਚ ਵੱਡਾ ਪੰਗਾ ਹੈ, ਇਹ ਸੋਨਾਕਸ਼ੀ ਸਿਨਹਾ ਨੇ ਸੈਫ਼/ਅੰਮ੍ਰਿਤਾ ਦੇ ਵਿਆਹ ਨੂੰ ਲੈ ਕੇ ਵੀ ਗੱਲ ਕਹੀ ਸੀ। ਸੋਨਾ ਇਸ ਸਮੇਂ 'ਦਬੰਗ-3' ਤੇ 'ਕਲੰਕ' ਫ਼ਿਲਮਾਂ ਕਰ ਰਹੀ ਹੈ। ਨਾਨਾ ਪਾਟੇਕਰ-ਤਨੂਸ੍ਰੀ ਦੱਤਾ ਵਿਚਕਾਰ ਹੋਏ ਵਿਵਾਦ 'ਤੇ ਸੋਨਾ ਨੇ ਨਾਪ-ਤੋਲ ਕੇ ਹੀ ਗੱਲ ਕਹੀ ਹੈ ਭਾਵ ਨਾ ਹੀ ਨਾਨਾ ਦੀ ਕਲਾਸ ਲਾਈ ਤੇ ਨਾ ਹੀ ਤਨੂਸ੍ਰੀ ਨੂੰ ਗ਼ਲਤ ਕਿਹਾ, ਮਾਮਲਾ ਕਾਨੂੰਨ 'ਤੇ ਛੱਡ ਦਿਓ, ਉਸ ਕਿਹਾ ਹੈ। ਨੂਪੁਰ ਪੁਰੀ ਨਾਲ ਅਕਸਰ ਮੀਡੀਆ ਸਬੰਧੀ ਸਲਾਹ ਲੈਣ ਵਾਲੀ ਸੋਨਾਕਸ਼ੀ ਸਿਨਹਾ ਨੇ ਕਿਹਾ ਕਿ ਵਿਆਹ ਆਪਣੇ ਮਨਪਸੰਦ ਸਾਥੀ ਨਾਲ ਕਰੋ ਤੇ ਉਸ ਦਾ ਲਾੜਾ ਉਹੀ ਹੋਏਗਾ ਜਿਹੜਾ ਉਸ ਨੂੰ ਬੰਨ੍ਹ ਕੇ ਨਹੀਂ ਰੱਖੇਗਾ ਬਲਕਿ ਆਜ਼ਾਦ ਪੰਛੀ ਦੀ ਤਰ੍ਹਾਂ ਘੁੰਮਣ-ਫਿਰਨ ਦੀ ਪੂਰੀ ਆਜ਼ਾਦੀ ਦੇਵੇਗਾ। ਸਲਮਾਨ ਖ਼ਾਨ ਨਾਲ 'ਦਬੰਗ-3' ਵੀ ਕਰਨ ਜਾ ਰਹੀ ਸ਼ਤਰੂ-ਪੂਨਮ ਦੀ ਇਹ ਲਾਡਲੀ ਧੀ ਸੋਹੇਲ ਖ਼ਾਨ ਦੇ ਸਾਲੇ ਤੇ ਸੀਮਾ ਖ਼ਾਨ ਦੇ ਭਰਾ ਬੰਟੀ ਸਚਦੇਵਾ ਪ੍ਰਤੀ ਬੀਤੇ ਦਿਨੀਂ ਭਾਵੁਕ ਸੀ। ਮੂੰਹ ਫੱਟ ਸੁਭਾਅ 'ਤੇ ਹੁਣ ਕਾਬੂ ਹੈ ਸੋਨਾਕਸ਼ੀ ਸਿਨਹਾ ਦਾ ਤੇ ਅਕਸ਼ੈ ਕੁਮਾਰ ਦੇ ਘਰੇ ਉਹ ਉਸ ਦੀ ਨਵੀਂ ਫ਼ਿਲਮ 'ਮਿਸ਼ਨ ਮੰਗਲ' ਦੇ ਐਲਾਨ ਸਮੇਂ ਮੌਜੂਦ ਸੀ। 'ਮੰਗਲ ਮਿਸ਼ਨ' 'ਚ ਸੋਨਾਕਸ਼ੀ ਸਿਨਹਾ ਦੇ ਨਾਲ ਅਕਸ਼ੈ, ਤਾਪਸੀ ਪੰਨੂੰ ਤੇ ਕ੍ਰਿਤੀ ਕੁਲਹਰੀ ਵੀ ਕੰਮ ਕਰਨਗੇ। ਭਾਰਤ ਦੇ ਉਪ-ਗ੍ਰਹਿ ਮੰਗਲ 'ਤੇ ਆਧਾਰਿਤ ਸੋਨਾ ਦੀ ਨਵੀਂ ਫ਼ਿਲਮ 'ਮੰਗਲ ਮਿਸ਼ਨ' ਹੋਏਗੀ। ਭਾਰਤ ਦੀ ਪਹਿਲੀ ਪੁਲਾੜ ਆਧਾਰਿਤ 'ਮੰਗਲ ਮਿਸ਼ਨ' ਮੰਗਲ ਗ੍ਰਹਿ 'ਤੇ ਔਰਤਾਂ ਦੇ ਯੋਗਦਾਨ ਨੂੰ ਵੀ ਦਰਸਾਏਗੀ। 'ਮੁਗਲ', 'ਕਲੰਕ', 'ਦਬੰਗ-3' ਤੇ 'ਮੰਗਲ ਮਿਸ਼ਨ' ਸੋਨਾ ਦਾ ਮਿਸ਼ਨ ਕਾਮਯਾਬ ਹੈ।


-ਸੁਖਜੀਤ ਕੌਰ

ਅਮਿਤ ਜੀ ਤੋਂ ਬਹੁਤ ਕੁਝ ਸਿੱਖਿਆ : ਆਮਿਰ ਖਾਨ

'ਠੱਗਸ ਆਫ਼ ਹਿੰਦੁਸਤਾਂ' ਰਾਹੀਂ ਵੱਡੇ ਪਰਦੇ 'ਤੇ ਪਹਿਲੀ ਵਾਰ ਅਮਿਤਾਬ ਬੱਚਨ ਅਤੇ ਆਮਿਰ ਖਾਨ ਇਕੱਠੇ ਆਏ ਹਨ। ਉਂਝ ਪਹਿਲਾਂ ਨਿਰਮਾਤਾ-ਨਿਰਦੇਸ਼ਕ ਇੰਦਰ ਕੁਮਾਰ ਨੇ ਅਮਿਤਾਬ, ਆਮਿਰ ਤੇ ਮਾਧੁਰੀ ਨੂੰ ਲੈ ਕੇ 'ਰਿਸ਼ਤੇ' ਦਾ ਮਹੂਰਤ ਵੀ ਕੀਤਾ ਸੀ ਪਰ ਉਹ ਫ਼ਿਲਮ ਮਹੂਰਤ ਤੋਂ ਅੱਗੇ ਨਹੀਂ ਵਧ ਸਕੀ ਸੀ। ਹੁਣ 'ਠੱਗਸ...' ਰਾਹੀਂ ਬਾਲੀਵੁੱਡ ਦੇ ਦੋ ਮਹਾਰਥੀ ਕਲਾਕਾਰ ਇਕੱਠੇ ਆਏ ਹਨ। ਅਮਿਤਾਬ ਦੇ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੇ ਹਨ, 'ਜਦੋਂ 'ਰਿਸ਼ਤੇ' ਬੰਦ ਕਰਨ ਦਾ ਐਲਾਨ ਹੋਇਆ ਤਾਂ ਮੈਂ ਬਹੁਤ ਨਿਰਾਸ਼ ਹੋ ਗਿਆ ਸੀ। ਉਨ੍ਹਾਂ ਨਾਲ ਕੰਮ ਕਰਨ ਦੀ ਮੇਰੀ ਦਿਲੀ ਇੱਛਾ ਸੀ ਅਤੇ ਮੈਂ ਚਾਹੁੰਦਾ ਸੀ ਕਿ ਇਕ ਚੰਗੇ ਪ੍ਰਾਜੈਕਟ ਵਿਚ ਅਸੀਂ ਇਕੱਠੇ ਆਈਏ। ਹੁਣ ਇਥੇ ਉਨ੍ਹਾਂ ਨਾਲ ਕੰਮ ਕਰਨ ਤੋਂ ਬਾਅਦ ਮੈਂ ਇਹ ਕਹਾਂਗਾ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਰਿਹਾ। ਸੈੱਟ 'ਤੇ ਮੈਂ ਹਰ ਵੇਲੇ ਉਨ੍ਹਾਂ ਨਾਲ ਹੀ ਰਹਿੰਦਾ ਸੀ ਅਤੇ ਸਵਾਲ ਪੁੱਛਦਾ ਰਹਿੰਦਾ ਸੀ। ਉਹ ਵੀ ਸ਼ਾਂਤੀ ਨਾਲ ਜਵਾਬ ਦਿੰਦੇ ਰਹਿੰਦੇ ਸਨ। ਇਸ ਤਰ੍ਹਾਂ ਇਸ ਫ਼ਿਲਮ ਦੀ ਬਦੌਲਤ ਅਮਿਤ ਜੀ ਤੋਂ ਬਹੁਤ ਕੁਝ ਸਿੱਖਿਆ।'
ਆਪਣੀ ਗੱਲ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਹ ਕਹਿੰਦੇ ਹਨ, 'ਹੁਣ ਤੱਕ ਮੈਂ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕਾ ਹਾਂ ਪਰ ਆਪਣੇ ਕੰਮ ਪ੍ਰਤੀ ਜੋ ਨਿਸ਼ਠਾ, ਜੋ ਸਮਰਪਣ ਅਮਿਤ ਜੀ ਵਿਚ ਦੇਖਿਆ, ਉਹ ਕਿਸੇ ਹੋਰ ਵਿਚ ਨਹੀਂ ਦੇਖਿਆ। ਮੈਨੂੰ ਲਗਦਾ ਹੈ ਕਿ ਮੈਂ ਬਹੁਤ ਰੀਹਰਸਲ ਕਰਦਾ ਹਾਂ ਪਰ ਜਦੋਂ ਅਮਿਤ ਜੀ ਨੂੰ ਸ਼ੂਟਿੰਗ ਲਈ ਤਿਆਰੀ ਕਰਦੇ ਦੇਖਿਆ ਤਾਂ ਮਹਿਸੂਸ ਹੋਇਆ ਕਿ ਉਨ੍ਹਾਂ ਸਾਹਮਣੇ ਮੈਂ ਕੁਝ ਵੀ ਨਹੀਂ ਹਾਂ। ਉਹ ਉਦੋਂ ਤੱਕ ਆਪਣੇ ਡਾਇਲਾਗ ਰਟਦੇ ਰਹਿੰਦੇ ਹਨ ਜਦੋਂ ਤੱਕ ਸ਼ਾਟ ਲਈ ਬੁਲਾਇਆ ਨਹੀਂ ਜਾਂਦਾ। ਸੱਠ-ਸੱਤਰ ਵਾਰ ਰੀਹਰਸਲ ਕਰਨਾ ਉਨ੍ਹਾਂ ਲਈ ਆਮ ਗੱਲ ਹੈ।


-ਇੰਦਰਮੋਹਨ ਪੰਨੂੰ

ਅਨੀਤਾ ਰਾਜ ਹੁਣ ਲਤਾ ਖੰਨਾ ਦੀ ਭੂਮਿਕਾ ਵਿਚ

ਰਾਜਨੀਤਕ ਦਲ 'ਭਾਰਤੀ ਜਨ ਸੰਘ' ਦੇ ਮੁਖ ਸੰਥਾਪਕ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਨਾਂਅ ਕੁਝ ਸਮਾਂ ਪਹਿਲਾਂ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਮੁਗਲ ਸਰਾਏ ਸਟੇਸ਼ਨ ਦਾ ਨਾਂਅ ਬਦਲ ਕੇ ਇਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ ਸੀ। ਹੁਣ ਭਾਰਤ ਮਾਤਾ ਦੇ ਇਸ ਸਪੂਤ ਦੀ ਜ਼ਿੰਦਗੀ 'ਤੇ ਫ਼ਿਲਮ 'ਦੀਨ ਦਿਆਲ ਏਕ ਯੁੱਗ ਪੁਰਸ਼' ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਅਨੀਤਾ ਰਾਜ ਵਲੋਂ ਇਸ ਵਿਚ ਦੀਨ ਦਿਆਲ ਦੀ ਮੂੰਹ ਬੋਲੀ ਭੈਣ ਲਤਾ ਖੰਨਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਹੁਣ ਤਕ 72 ਫ਼ਿਲਮਾਂ ਕਰ ਚੁੱਕੀ ਅਨੀਤਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਹ ਕਿਸੇ ਬਾਇਓਪਿਕ ਵਿਚ ਕੰਮ ਕਰ ਰਹੀ ਹੈ। ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਸੱਚ ਕਹਾਂ ਤਾਂ ਮੈਂ ਕਦੀ ਲਤਾ ਖੰਨਾ ਬਾਰੇ ਕੁਝ ਸੁਣਿਆ ਨਹੀਂ ਸੀ। ਹਾਂ, ਦੀਨ ਦਿਆਲ ਬਾਰੇ ਜ਼ਰੂਰ ਜਾਣਦੀ ਸੀ ਪਰ ਉਨ੍ਹਾਂ ਦੀ ਕੋਈ ਮੂੰਹ ਬੋਲੀ ਭੈਣ ਵੀ ਸੀ, ਇਹ ਮੈਨੂੰ ਪਤਾ ਨਹੀਂ ਸੀ। ਲਤਾ ਖੰਨਾ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ 'ਤੇ ਕੋਈ ਡਾਕੂਮੈਂਟਰੀ ਬਣੀ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਬਾਰੇ ਕੁਝ ਜਾਣ ਸਕਾਂ। ਮੈਨੂੰ ਦੱਸਿਆ ਗਿਆ ਕਿ ਆਪਣੀ ਜ਼ਿੰਦਗੀ ਦੇ ਆਖਰੀ ਦੋ ਦਿਨ ਦੀਨ ਦਿਆਲ ਨੇ ਲਤਾ ਖੰਨਾ ਦੇ ਘਰ ਬਿਤਾਏ ਸਨ। ਉਦੋਂ ਉਨ੍ਹਾਂ ਨੂੰ ਫੋਨ 'ਤੇ ਧਮਕੀਆਂ ਵੀ ਮਿਲ ਰਹੀਆਂ ਸਨ। ਉਨ੍ਹਾਂ ਦੀ ਮਾਨਸਿਕਤਾ ਬਾਰੇ ਲਤਾ ਹੀ ਜਾਣਦੀ ਸੀ। ਲਤਾ ਪੜ੍ਹੀ ਲਿਖੀ ਕੁੜੀ ਸੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਕਾਰਕੁੰਨ ਸੀ। ਇਸ ਨਜ਼ਰੀਏ ਨਾਲ ਫ਼ਿਲਮ ਵਿਚ ਲਤਾ ਦੇ ਕਿਰਦਾਰ ਦਾ ਆਪਣਾ ਮਹੱਤਵ ਹੈ। ਇਥੇ ਮੈਨੂੰ ਸੱਠ ਦੇ ਦਹਾਕੇ ਦੀ ਔਰਤ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਜ਼ਿਆਦਾਤਰ ਦ੍ਰਿਸ਼ਾਂ ਵਿਚ ਸੂਤੀ ਸਾੜ੍ਹੀ ਪਾਈ ਹੈ। ਲਤਾ ਦੀ ਕੋਈ ਤਸਵੀਰ ਵੀ ਉਪਲਬਧ ਨਹੀਂ ਹੈ, ਜਿਸ ਨੂੰ ਦੇਖ ਕੇ ਰੈਫਰੈਂਸ ਲਿਆ ਜਾ ਸਕੇ। ਸੋ, ਮੈਂ ਆਪਣੀ ਮਾਂ ਨੂੰ ਧਿਆਨ ਵਿਚ ਰੱਖ ਕੇ ਇਹ ਕਿਰਦਾਰ ਪੇਸ਼ ਕੀਤਾ ਹੈ। ਇਸ ਕਿਰਦਾਰ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਹਾਂ, ਜਦੋਂ ਨਿਰਦੇਸ਼ਕ ਸਾਹਿਬ ਫ਼ਿਲਮ ਦੀ ਪੇਸ਼ਕਸ਼ ਲੈ ਕੇ ਮੇਰੇ ਕੋਲ ਆਏ ਤਾਂ ਉਹ ਲਗਾਤਾਰ ਮੇਰੇ ਨਹੁੰਆਂ ਨੂੰ ਦੇਖੀ ਜਾ ਰਹੇ ਸਨ। ਮੈਨੂੰ ਉਨ੍ਹਾਂ ਦੀ ਇਹ ਹਰਕਤ ਅਜੀਬ ਲਗ ਰਹੀ ਸੀ। ਬਾਅਦ ਵਿਚ ਹੌਲੀ ਜਿਹੀ ਉਨ੍ਹਾਂ ਨੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਲੰਬੇ ਨਹੁੰ ਕੱਟਣੇ ਪੈਣਗੇ। ਮੈਂ ਉਨ੍ਹਾਂ ਦੀ ਗੱਲ ਮੰਨ ਲਈ। ਬਸ, ਇਹ ਇਕ ਯੋਗਦਾਨ ਇਸ ਕਿਰਦਾਰ ਲਈ ਮੇਰੇ ਵਲੋਂ ਸੀ। ਬਾਕੀ ਤਾਂ ਸੈੱਟ 'ਤੇ ਮੈਨੂੰ ਜੋ ਕੁਝ ਕਰਨ ਨੂੰ ਕਿਹਾ ਗਿਆ ਮੈਂ ਕਰਦੀ ਚਲੀ ਗਈ। ਇਸ ਬਾਇਓਪਿਕ ਵਿਚ ਕੰਮ ਕਰਕੇ ਦੇਖਿਆ ਕਿ ਅਸਲ ਜ਼ਿੰਦਗੀ ਵਿਚ ਕਿਰਦਾਰ ਨੂੰ ਨਿਭਾਉਣ ਲਈ ਕਲਾਕਾਰ ਨੂੰ ਇਕ ਸੀਮਿਤ ਦਾਇਰੇ ਵਿਚ ਰਹਿ ਕੇ ਕਿਰਦਾਰ ਨੂੰ ਪੇਸ਼ ਕਰਨਾ ਪੈਂਦਾ ਹੈ। ਅੱਜ ਜਦੋਂ ਬਾਇਓਪਿਕ ਬਣਨ ਲੱਗੀਆਂ ਹਨ ਤਾਂ ਮੈਂ ਇਸ ਤਰ੍ਹਾਂ ਦੀਆਂ ਹੋਰ ਵੀ ਫ਼ਿਲਮਾਂ ਕਰਨਾ ਚਾਹਾਂਗੀ। ਮੈਨੂੰ ਇਕ ਵੱਡੇ ਨਿਰਦੇਸ਼ਕ ਨੇ ਦੱਸਿਆ ਕਿ ਮੇਰਾ ਚਿਹਰਾ ਇੰਦਰਾ ਗਾਂਧੀ ਦੀ ਬਾਇਓਪਿਕ ਲਈ ਸਹੀ ਹੈ। ਦੇਖੋ, ਕੈਮਰੇ ਸਾਹਮਣੇ ਇੰਦਰਾ ਬਣਨ ਦਾ ਮੌਕਾ ਕਦੋਂ ਮਿਲਦਾ ਹੈ।

ਇਲੀਆਨਾ ਡਿਕਰੂਜ਼

'ਪਾਗਲਪੰਤੀ' ਨਹੀਂ

ਹੀਰੋ/ਹੀਰੋਇਨ ਦੀ ਪੱਕੀ ਜੋੜੀ ਦਾ ਜ਼ਮਾਨਾ ਲੱਦ ਗਿਆ ਹੈ। ਇਲੀਆਨਾ ਡਿਕਰੂਜ਼ ਲਈ ਇਹ ਦੌਰ ਖ਼ੁਸ਼ੀਆਂ ਲੈ ਕੇ ਆਇਆ ਹੈ। ਵਰੁਣ/ਅਨੁਸ਼ਕਾ, ਸ਼ਰਧਾ/ਰਾਜ ਕੁਮਾਰ ਰਾਓ ਅਲੱਗ ਹੀ ਹਟਵੀਆਂ ਜੋੜੀਆਂ ਕਾਮਯਾਬ ਹੋਈਆਂ ਹਨ। ਅਨੀਸ ਬਜ਼ਮੀ ਨੇ ਵੀ ਇਸ ਨਵੇਂ ਦੌਰ 'ਚ ਪੈਰ ਧਰਿਆ ਹੈ। ਨਵੇਂ ਸਾਲ ਦੀ ਪਹਿਲੀ ਸਵੇਰ ਨੂੰ ਉਸ ਦੀ ਨਵੀਂ ਫ਼ਿਲਮ ਜਾਨ ਅਬਰਾਹਮ ਨਾਲ ਸ਼ੁਰੂ ਹੋ ਰਹੀ ਹੈ। 'ਰੇਡ' 'ਚ ਅਜੈ ਦੇਵਗਨ ਦੀ ਪਤਨੀ ਬਣੀ ਇਲੀ ਨੇ ਅਨੀਸ ਦੀ ਜਾਨ ਨਾਲ ਇਹ ਫ਼ਿਲਮ ਸਵੀਕਾਰ ਕਰ ਲਈ ਹੈ। ਪਹਿਲਾਂ ਇਲੀ ਦੀ ਥਾਂ ਸੋਨਾ ਦਾ ਨਾਂਅ ਲਿਆ ਜਾ ਰਿਹਾ ਸੀ। ਕਹਿੰਦੇ ਨੇ 'ਮੁਬਾਰਕਾਂ' 'ਚ ਇਲੀਆਨਾ ਦਾ ਹਸਾਊ ਅੰਦਾਜ਼ ਤੇ ਉਸ ਦਾ ਸਮਾਂ ਦੇਖ ਕੇ ਉਸ ਨੂੰ ਲਿਆ ਗਿਆ ਹੈ। ਜਾਨ ਅਬਰਾਹਮ ਨਾਲ ਪਹਿਲੀ ਵਾਰ ਇਲੀ ਕੰਮ ਕਰਨ ਜਾ ਰਹੀ ਹੈ। 'ਸਾਡੇ ਸਾਥੀ' ਜਾਂ 'ਸਾੜ ਸਤੀ' ਇਹ ਨਾਂਅ ਪਹਿਲਾਂ ਇਲੀ ਦੀ ਇਸ ਫ਼ਿਲਮ ਦੇ ਸਨ ਪਰ ਹੁਣ ਜਾਨ-ਇਲੀਆਨਾ ਦੀ ਇਸ ਫ਼ਿਲਮ ਦਾ ਨਾਂਅ 'ਪਾਗਲਪੰਤੀ' ਹੋਏਗਾ। ਇਕ ਵਾਰ ਫਿਰ ਇਲੀ ਲਈ ਚੰਗਾ ਸਮਾਂ ਆ ਰਿਹਾ ਹੈ। ਅਜੈ ਦੇਵਗਨ ਤੇ ਰਣਬੀਰ ਕਪੂਰ ਨਾਲ ਭੂਸ਼ਨ ਕੁਮਾਰ ਦੀ ਨਵੀਂ ਫ਼ਿਲਮ ਵੀ ਇਲੀ ਕਰ ਰਹੀ ਹੈ। 'ਬਰਫ਼ੀ' ਉਸ ਰਣਬੀਰ ਨਾਲ ਤੇ ਅਜੈ ਨਾਲ 'ਬਾਦਸ਼ਾਹੋ' ਤੇ 'ਰੇਡ' ਉਹ ਕਰ ਚੁੱਕੀ ਹੈ।
**

ਫਿਰ ਇਕ ਵਾਰ ਫ਼ਿਲਮਾਂ ਵਿਚ ਰੁੱਝੀ ਸ਼੍ਰਾਵਣੀ

ਕਲਾ ਨਿਰਦੇਸ਼ਕ ਵਿਕਰਮ ਗੋਸਵਾਮੀ ਦੀ ਬੇਟੀ ਸ਼੍ਰਾਵਣੀ ਜਦੋਂ ਅੱਠ ਸਾਲ ਦੀ ਸੀ, ਉਦੋਂ ਨਿਰਦੇਸ਼ਕ ਬਾਸੂ ਚੈਟਰਜੀ ਨੇ ਉਸ ਨੂੰ ਲੜੀਵਾਰ 'ਦਰਪਣ' ਵਿਚ ਮੌਕਾ ਦਿੱਤਾ ਸੀ। ਨੰਨ੍ਹੀ ਸ਼੍ਰਾਵਣੀ ਨੇ ਇਸ ਵਿਚ ਉਤਪਲ ਦੱਤ ਦੇ ਨਾਲ ਕੰਮ ਕੀਤਾ ਸੀ ਅਤੇ ਉਦੋਂ ਉਹ ਨਹੀਂ ਜਾਣਦੀ ਸੀ ਕਿ ਉਤਪਲ ਦੱਤ ਕਿੰਨੇ ਵੱਡੇ ਕਲਾਕਾਰ ਹਨ।
ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਣ ਤੋਂ ਬਾਅਦ ਸ਼੍ਰਾਵਣੀ ਨੇ 'ਗ਼ਲਤੀਆਂ' ਰਾਹੀਂ ਬਾਲੀਵੁੱਡ ਵਿਚ ਦੁਬਾਰਾ ਦਾਖ਼ਲਾ ਲਿਆ। ਛੋਟੇ ਬਜਟ ਦੀ ਇਸ ਫ਼ਿਲਮ ਨਾਲ ਉਸ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਉਸ ਨੂੰ ਛੋਟੀਆਂ-ਮੋਟੀਆਂ ਭੂਮਿਕਾਵਾਂ ਮਿਲਦੀਆਂ ਰਹੀਆਂ। ਫ਼ਿਲਮਾਂ ਵਿਚ ਗੱਲ ਬਣਦੀ ਨਾ ਦੇਖ ਸ਼੍ਰਾਵਣੀ ਨੇ ਵਿਆਹ ਕਰ ਕੇ ਘਰ ਵਸਾ ਲੈਣ ਦਾ ਫ਼ੈਸਲਾ ਕੀਤਾ ਅਤੇ ਵਿਆਹ ਤੋਂ ਬਾਅਦ ਉਹ ਇਕ ਬੇਟੀ ਦੀ ਮਾਂ ਬਣ ਗਈ।
ਹੁਣ ਜਦੋਂ ਬੇਟੀ ਵੱਡੀ ਹੋ ਗਈ ਹੈ ਤਾਂ ਸ਼੍ਰਾਵਣੀ ਨੇ ਫਿਰ ਇਕ ਵਾਰ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ ਅਤੇ ਹੁਣ ਦੀ ਵਾਰ ਛੋਟੇ ਪਰਦੇ ਨੇ ਉਸ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਹੈ। ਸੈਂਕੜੇ ਲੜੀਵਾਰ ਕਰਨ ਵਾਲੀ ਸ਼੍ਰਾਵਣੀ ਨੂੰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਬਦੌਲਤ ਚੰਗੀ ਪ੍ਰਸਿੱਧੀ ਮਿਲੀ। ਇਸ ਵਿਚ ਉਸ ਦੇ ਕਿਰਦਾਰ ਰਮਾ ਬਹਿਨ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਸ਼੍ਰਾਵਣੀ ਕਲਰਜ਼ ਚੈਨਲ 'ਤੇ ਪ੍ਰਸਾਰਿਤ 'ਇਸ਼ਕ ਮੇਂ ਮਰ ਜਾਵਾਂ' ਵਿਚ ਕੰਮ ਕਰ ਰਹੀ ਹੈ।
ਛੋਟੇ ਪਰਦੇ ਤੋਂ ਬਾਅਦ ਹੁਣ ਸ਼੍ਰਾਵਣੀ ਨੇ ਵੱਡੇ ਪਰਦੇ 'ਤੇ ਵੀ ਆਪਣੇ ਰੁਝੇਵੇਂ ਵਧਾ ਲਏ ਹਨ। ਫ਼ਿਲਮ 'ਜਰਨੀ ਆਫ਼ ਕਰਮਾ' ਵਿਚ ਉਹ ਨਾਇਕਾ ਪੂਨਮ ਪਾਂਡੇ ਦੀ ਮਾਂ ਬਣੀ ਹੈ। ਸ਼੍ਰਾਵਣੀ ਅਨੁਸਾਰ ਜਦੋਂ ਉਸ ਨੂੰ ਕਿਹਾ ਗਿਆ ਕਿ ਉਸ ਨੂੰ ਪੂਨਮ ਪਾਂਡੇ ਦੀ ਮਾਂ ਦੀ ਭੂਮਿਕਾ ਵਿਚ ਕਾਸਟ ਕੀਤਾ ਜਾ ਰਿਹਾ ਹੈ ਤਾਂ ਉਹ ਇਸ ਵਿਚ ਕੰਮ ਕਰਨ ਨੂੰ ਲੈ ਕੇ ਸ਼ਸ਼ੋਪੰਜ ਵਿਚ ਸੀ। ਉਹ ਕਹਿੰਦੀ ਹੈ, 'ਪੂਨਮ ਆਪਣੇ ਅਨੋਖੇ ਐਲਾਨਾਂ ਦੀ ਵਜ੍ਹਾ ਨਾਲ ਚਰਚਾ ਵਿਚ ਬਣੀ ਰਹਿੰਦੀ ਹੈ। ਮੈਨੂੰ ਲੱਗਿਆ ਕਿ ਪਤਾ ਨਹੀਂ ਕਿਹੜੇ ਸੁਭਾਅ ਦੀ ਹੋਵੇਗੀ, ਪਰ ਜਦੋਂ ਉਸ ਨਾਲ ਕੰਮ ਕੀਤਾ ਤਾਂ ਦੇਖਿਆ ਕਿ ਉਹ ਬਿਹਤਰੀਨ ਇਨਸਾਨ ਹੈ। ਲੜੀਵਾਰਾਂ ਵਿਚ ਤਾਂ ਮੈਂ ਕਈ ਵਾਰ ਮਾਂ ਬਣੀ ਹਾਂ ਪਰ ਫ਼ਿਲਮ ਵਿਚ ਮਾਂ ਬਣਨ ਦਾ ਇਹ ਪਹਿਲਾ ਮੌਕਾ ਹੈ। ਪੂਨਮ ਵਰਗੀ ਗਲੈਮਰਸ ਹੀਰੋਇਨ ਦੀ ਮਾਂ ਬਣ ਕੇ ਮੈਂ ਖ਼ੁਸ਼ ਹਾਂ, ਕਿਉਂਕਿ ਹੁਣ ਮੇਰੇ 'ਤੇ ਗ਼ਰੀਬ ਮਾਂ ਦੀ ਇਮੇਜ਼ ਦਾ ਠੱਪਾ ਨਹੀਂ ਲੱਗ ਸਕੇਗਾ।'
ਲੜੀਵਾਰਾਂ ਤੋਂ ਬਾਅਦ ਹੁਣ ਫ਼ਿਲਮਾਂ ਵਿਚ ਵੀ ਸ਼੍ਰਾਵਣੀ ਦੇ ਕੰਮ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਉਸ ਦੀਆਂ ਅੱਠ ਫ਼ਿਲਮਾਂ ਨਿਰਮਾਣ ਅਧੀਨ ਹਨ ਅਤੇ ਇਨ੍ਹਾਂ ਵਿਚੋਂ 'ਗੰਨ ਵਾਲੀ ਦੁਲਹਨੀਆ', 'ਅੰਮਾ ਕੀ ਬੋਲੀ', 'ਹੈਲੋ ਹੈਲੋ ਵੱਟਸਐਪ' ਸ਼ਾਮਿਲ ਹਨ। ਅੱਜ ਜਦੋਂ ਪਰਿਵਾਰਕ ਫ਼ਿਲਮਾਂ ਦੁਬਾਰਾ ਬਣਨ ਲੱਗੀਆਂ ਹਨ ਤਾਂ ਸ਼੍ਰਾਵਣੀ ਨੂੰ ਵਿਸ਼ਵਾਸ ਹੈ ਕਿ ਉਸ ਦੀ ਸੂਚੀ ਵਿਚ ਜਲਦੀ ਹੋਰ ਨਾਂਅ ਵੀ ਹੋਣਗੇ।
ਉਸ ਦੀ ਇੱਛਾ ਕਿਸੇ ਫ਼ਿਲਮ ਵਿਚ ਦੀਪਿਕਾ ਪਾਦੂਕੋਨ ਦੀ ਮਾਂ ਦੀ ਭੂਮਿਕਾ ਨਿਭਾਉਣ ਦੀ ਹੈ। ਉਂਝ, ਦੀਪਿਕਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਹੈ। ਉਹ ਜਦੋਂ ਅਭਿਨੈ ਵਿਚ ਆਪਣੀ ਵਾਪਸੀ ਕਰੇਗੀ, ਉਦੋਂ ਸ਼੍ਰਾਵਣੀ ਲਈ ਮੌਕਾ ਬਣ ਸਕਦਾ ਹੈ। ਸ਼੍ਰਾਵਣੀ ਨੂੰ ਉਸ ਦੀ ਵਾਪਸੀ ਦਾ ਇੰਤਜ਼ਾਰ ਕਰਨਾ ਹੋਵੇਗਾ।


-ਮੁੰਬਈ ਪ੍ਰਤੀਨਿਧ

ਚੰਦਰਕਾਂਤ ਸ਼ਰਮਾ ਦੀ ਨਵੀਂ ਪੁਲਾਂਘ

ਫ਼ਿਲਮ ਪੱਤਰਕਾਰਤਾ ਦਾ ਚੰਗਾ ਅਨੁਭਵ ਰੱਖਣ ਤੋਂ ਬਾਅਦ ਹੁਣ ਚੰਦਰਕਾਂਤ ਸ਼ਰਮਾ ਨੇ ਫ਼ਿਲਮ ਨਿਰਮਾਣ ਵੱਲ ਆਪਣੇ ਕਦਮ ਵਧਾ ਲਏ ਹਨ। ਆਪਣੀ ਵੈੱਬਸਾਈਟ ਸਿਨੇ ਮਿਰਚੀ ਦੇ ਨਾਂਅ 'ਤੇ ਉਨ੍ਹਾਂ ਨੇ ਆਪਣੇ ਬੈਨਰ ਦਾ ਨਾਂਅ ਸਿਨੇ ਮਿਰਚੀ ਪ੍ਰੋਡਕਸ਼ਨ ਰੱਖਿਆ ਹੈ ਅਤੇ ਇਸ ਬੈਨਰ ਰਾਹੀਂ ਉਹ ਦੋ ਫ਼ਿਲਮਾਂ 'ਦ ਗ੍ਰੇਟ ਇੰਡੀਅਨ ਕੈਸਿਨੋ' ਤੇ 'ਲਸਟ ਵਾਲਾ ਲਵ' ਬਣਾਉਣ ਜਾ ਰਹੇ ਹਨ। ਇਨ੍ਹਾਂ ਫ਼ਿਲਮਾਂ ਲਈ ਜ਼ਰੀਨ ਖਾਨ, ਮਹਿਮਾ ਚੌਧਰੀ, ਗਿਜ਼ੇਲ, ਅਸਰਾਨੀ, ਮੁਕੇਸ਼ ਤਿਵਾੜੀ, ਆਸਿਫ਼ ਬਸਰਾ, ਅਨੰਤ ਜੋਗ ਅਤੇ ਯਤਿਨ ਕਾਰਿਆਕਰ ਨੂੰ ਸਾਈਨ ਕਰ ਲਿਆ ਗਿਆ ਹੈ। 'ਦ ਗ੍ਰੇਟ ਇੰਡੀਅਨ ਕੈਸਿਨੋ' ਦੇ ਨਿਰਦੇਸ਼ਕ ਹਨ ਰੁਪੇਸ਼ ਪਾਲ ਅਤੇ 'ਲਸਟ ਵਾਲਾ ਲਵ' ਦੇ ਨਿਰਦੇਸ਼ਨ ਦੀ ਕਮਾਨ ਰਤਨ ਪਸਰੀਚਾ ਨੂੰ ਸੌਂਪੀ ਗਈ ਹੈ।
ਇਨ੍ਹਾਂ ਫ਼ਿਲਮਾਂ ਦੇ ਐਲਾਨ ਦੇ ਸਿਲਸਿਲੇ ਵਿਚ ਹੋਟਲ ਵਿਚ ਆਯੋਜਿਤ ਅਮੀਸ਼ਾ ਪਟੇਲ, ਪੂਨਮ ਢਿੱਲੋਂ, ਰਿਮੀ ਸੇਨ, ਸਮੀਰ ਧਰਮਾਧਿਕਾਰੀ, ਪੰਕਜ ਬੇਰੀ, ਅਰੁਣ ਬਖ਼ਸ਼ੀ, ਤਬਲਾਵਾਦਕ ਸੁਰਿੰਦਰ, ਨਕਲੀ ਪ੍ਰੇਮ ਚੋਪੜਾ ਭਾਵ ਵਿਸ਼ਵਜੀਤ ਆਦਿ ਪਹੁੰਚੇ ਸਨ। ਚੰਦਰਕਾਂਤ ਦੇ ਹੌਸਲੇ ਦੀ ਤਾਰੀਫ ਕਰਦੇ ਹੋਏ ਰਿਮੀ ਸੇਨ ਨੇ ਕਿਹਾ, 'ਮੈਨੂੰ ਵੀ ਫ਼ਿਲਮ ਨਿਰਮਾਣ ਦਾ ਅਨੁਭਵ ਹੈ ਅਤੇ ਮੈਂ 'ਬੁਧੀਆ ਸਿੰਘ ਬੌਰਨ ਟੂ ਰਨ' ਬਣਾਈ ਸੀ। ਇਸ ਇਕ ਫ਼ਿਲਮ ਨੂੰ ਬਣਾਉਣ ਨਾਲ ਮੈਨੂੰ ਅਨੁਭਵ ਹੋ ਗਿਆ ਕਿ ਫ਼ਿਲਮ ਨਿਰਮਾਣ ਕਰਨਾ ਕਿੰਨਾ ਮੁਸ਼ਕਿਲ ਕੰਮ ਹੈ। ਮੈਂ ਦਾਦ ਦਿੰਦੀ ਹਾਂ ਚੰਦਰਕਾਂਤ ਦੀ ਜੋ ਇਕ ਨਹੀਂ ਦੋ-ਦੋ ਫ਼ਿਲਮਾਂ ਬਣਾਉਣ ਜਾ ਰਿਹਾ ਹੈ।'
ਕੁਝ ਇਸੇ ਤਰਜ਼ 'ਤੇ ਅਮੀਸ਼ਾ ਪਟੇਲ ਨੇ ਕਿਹਾ, 'ਮੈਂ ਵੀ ਨਿਰਮਾਤਰੀ ਬਣ 'ਦੇਸੀ ਮੈਜਿਕ' ਬਣਾ ਰਹੀ ਹਾਂ ਅਤੇ ਮੇਰੀ ਇਹ ਫ਼ਿਲਮ ਪੂਰੀ ਹੋਣ ਕੰਢੇ ਹੈ। ਆਪਣੇ ਅਨੁਭਵ ਤੋਂ ਮੈਂ ਇਹ ਕਹਿ ਸਕਦੀ ਹਾਂ ਕਿ ਫ਼ਿਲਮ ਨਿਰਮਾਣ ਵਿਚ ਰੋਜ਼ ਨਵੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਜੋ ਮਜ਼ਾ ਹੈ, ਉਹ ਕਿਸੇ ਹੋਰ ਖੇਤਰ ਵਿਚ ਨਹੀਂ।'
ਇਸ ਪਾਰਟੀ ਵਿਚ ਰਾਜਸਥਾਨੀ ਬੈਂਡ ਵਲੋਂ ਚੰਗਾ ਮਨੋਰੰਜਨ ਕੀਤਾ ਗਿਆ ਸੀ। ਇਸ ਬੈਂਡ ਦੀ ਤਾਰੀਫ ਕਰਦੇ ਹੋਏ ਪੂਨਮ ਢਿੱਲੋਂ ਨੇ ਕਿਹਾ, 'ਇਥੇ ਜੋ ਸੰਗੀਤ ਪੇਸ਼ ਕੀਤਾ ਗਿਆ, ਉਹ ਮੈਂ ਪਹਿਲੀ ਵਾਰ ਸੁਣ ਰਹੀ ਹਾਂ। ਇਹ ਵਾਕਈ ਨਵੀਂ ਚੀਜ਼ ਹੈ। ਇਸੇ ਤੋਂ ਮੈਂ ਅੰਦਾਜ਼ਾ ਲਗਾ ਸਕਦੀ ਹਾਂ ਕਿ ਬਤੌਰ ਨਿਰਮਾਤਾ ਚੰਦਰਕਾਂਤ ਆਪਣੀਆਂ ਫ਼ਿਲਮਾਂ ਵਿਚ ਵੀ ਕੁਝ ਨਵਾਂਪਨ ਪੇਸ਼ ਕਰਨਗੇ।'
ਹੁਣ ਇਹ ਨਵਾਂਪਨ ਕਿਸ ਰੂਪ ਵਿਚ ਹੋਵੇਗਾ, ਇਹ ਜਾਣਨ ਲਈ ਦੋਵਾਂ ਫ਼ਿਲਮਾਂ ਦਾ ਇੰਤਜ਼ਾਰ ਕਰਨਾ ਹੋਵੇਗਾ।


-ਪੰਨੂੰ

ਸੁਪਨਾ ਸਾਕਾਰ ਹੋਇਆ : ਰਾਜਦੀਪ ਚੌਧਰੀ

ਅਰਬਾਜ਼ ਖਾਨ, ਅਮਿਤ ਸੱਢ ਤੇ ਸੋਨਲ ਚੌਹਾਨ ਨੂੰ ਚਮਕਾਉਂਦੀ ਇਕ ਫ਼ਿਲਮ ਆ ਰਹੀ ਹੈ 'ਜੈਕ ਐਂਡ ਦਿਲ'। ਇਸ ਫ਼ਿਲਮ ਰਾਹੀਂ ਰਾਜਦੀਪ ਚੌਧਰੀ ਵੀ ਪੇਸ਼ ਹੋ ਰਹੇ ਹਨ। ਆਪਣੀ ਇਸ ਪਹਿਲੀ ਫ਼ਿਲਮ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਬਾਲੀਵੁੱਡ ਵਿਚ ਨਾਂਅ ਬਣਾਉਣ ਦਾ ਜੋ ਸੁਪਨਾ ਲੈ ਕੇ ਉਹ ਲੰਡਨ ਤੋਂ ਆਏ ਸਨ, ਉਹ ਹੁਣ ਸੱਚ ਹੋਣ ਜਾ ਰਿਹਾ ਹੈ। ਆਸਾਮ ਵਿਚ ਜਨਮੇ ਤੇ ਪਲੇ ਰਾਜਦੀਪ ਆਪਣੀ ਅੱਗੇ ਦੀ ਪੜ੍ਹਾਈ ਲਈ ਲੰਡਨ ਚਲੇ ਗਏ ਸਨ। ਇਹ 2004 ਦੀ ਗੱਲ ਹੈ। ਉਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਹੈਰੋਡਸ ਵਿਚ ਮਿਲ ਗਈ। ਉਹ ਕਹਿੰਦੇ ਹਨ, 'ਇਸ ਸਟੋਰ ਵਿਚ ਵੱਡੀਆਂ ਹਸਤੀਆਂ ਦਾ ਆਉਣਾ ਆਮ ਗੱਲ ਹੈ। ਇਨ੍ਹਾਂ ਹਸਤੀਆਂ ਦਾ ਸਵਾਗਤ ਕਰਨਾ ਉਨ੍ਹਾਂ ਦੀ ਨੌਕਰੀ ਦਾ ਹਿੱਸਾ ਸੀ। ਇਨ੍ਹਾਂ ਨੂੰ ਦੇਖ-ਦੇਖ ਮੇਰੇ ਵਿਚ ਵੀ ਸੈਲੀਬ੍ਰਿਟੀ ਬਣਨ ਦੀ ਭਾਵਨਾ ਜਾਗਣ ਲੱਗੀ ਅਤੇ ਮੈਨੂੰ ਲੱਗਿਆ ਕਿ ਅਭਿਨੈ ਵਿਚ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਸਕੂਲ ਦੇ ਦਿਨਾਂ ਵਿਚ ਮੈਂ ਰੰਗਮੰਚ 'ਤੇ ਅਭਿਨੈ ਕਰਿਆ ਕਰਦਾ ਸੀ। ਸੈਲੀਬ੍ਰਿਟੀ ਬਣਨ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੈਂ ਲੰਡਨ ਦੇ ਰਾਇਲ ਸਕੂਲ ਵਿਚ ਦਾਖਲਾ ਲਿਆ ਅਤੇ ਇਕ ਸਾਲ ਤੱਕ ਅਭਿਨੈ ਦੀ ਸਿੱਖਿਆ ਲਈ। ਫਿਰ ਲੰਡਨ ਵਿਚ ਨਾਟਕਾਂ ਵਿਚ ਕੰਮ ਕਰਨ ਲੱਗਿਆ। ਆਪਣੇ ਚਿਹਰੇ ਨੂੰ ਹਰਮਨਪਿਆਰਤਾ ਦਿਵਾਉਣ ਦਾ ਪਹਿਲਾ ਮੌਕਾ ਮੈਨੂੰ ਉਦੋਂ ਮਿਲਿਆ ਜਦੋਂ ਵੇਲਸ ਟੂਰਿਜ਼ਮ ਵਿਭਾਗ ਵਲੋਂ ਮੈਨੂੰ 'ਫੇਸ ਆਫ ਵੇਲਸ' ਦੇ ਤੌਰ 'ਤੇ ਚੁਣਿਆ ਗਿਆ। ਉਦੋਂ ਟੈਲੀਗ੍ਰਾਫ਼ ਸਮੇਤ ਉਥੋਂ ਦੇ ਕਈ ਅਖ਼ਬਾਰਾਂ ਵਿਚ ਮੇਰੀ ਤਸਵੀਰ ਛਪੀ ਸੀ। ਆਪਣੇ ਸੁਪਨਿਆਂ ਨੂੰ ਹੋਰ ਉਡਾਨ ਦੇਣ ਲਈ ਮੈਂ 2016 ਵਿਚ ਮੁੰਬਈ ਆ ਗਿਆ ਅਤੇ ਫ਼ਿਲਮਾਂ ਵਿਚ ਕੰਮ ਹਾਸਲ ਕਰਨ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਹਾਂ, ਵਿਚਾਲੇ ਜਿਹੇ ਕੁਝ ਦਿਨ ਇਸ ਤਰ੍ਹਾਂ ਦੇ ਵੀ ਆਏ ਜਦੋਂ ਮੈਨੂੰ ਲੱਗਣ ਲੱਗਿਆ ਸੀ ਕਿ ਕਿਤੇ ਹੈਰੋਡਸ ਦੀ ਨੌਕਰੀ ਛੱਡ ਕੇ ਮੈਂ ਗ਼ਲਤੀ ਤਾਂ ਨਹੀਂ ਕੀਤੀ। ਪਰ ਜਦੋਂ ਇਹ ਫ਼ਿਲਮ 'ਜੈਕ ਐਂਡ ਦਿਲ' ਮਿਲੀ ਤਾਂ ਲੱਗਿਆ ਕਿ ਮੈਂ ਸਹੀ ਰਸਤੇ 'ਤੇ ਹਾਂ। ਫ਼ਿਲਮ ਵਿਚ ਸੋਨਲ ਦੇ ਨਾਲ ਮੇਰੇ ਦ੍ਰਿਸ਼ ਹਨ ਅਤੇ ਮੇਰੇ ਕਿਰਦਾਰ ਨੂੰ ਕੁਝ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ ਕਿ ਦਰਸ਼ਕ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਗੇ।'


-ਮੁੰਬਈ ਪ੍ਰਤੀਨਿਧ

ਫ਼ਿਲਮ 'ਰੰਗ ਪੰਜਾਬ' ਨਾਲ ਹੋਰ ਚੰਗੀ ਪੁਲਾਂਘ ਪੁੱਟੇਗਾ

ਦੀਪ ਸਿੱਧੂ

ਪ੍ਰਤਿਭਾਵਾਨ ਅਦਾਕਾਰ ਦੀਪ ਸਿੱਧੂ ਆਪਣੀ ਚੰਗੀ ਅਦਾਕਾਰੀ ਤੇ ਮਿਹਨਤ ਸਦਕਾ ਪੰਜਾਬੀ ਫ਼ਿਲਮੀ ਖੇਤਰ 'ਚ ਇਕ ਵਿਲੱਖਣ ਸਥਾਨ ਬਣਾਉਣ 'ਚ ਸਫਲ ਹੋਇਆ ਹੈ। ਫ਼ਿਲਮੀ ਖੇਤਰ ਪ੍ਰਤੀ ਦੀਪ ਸਿੱਧੂ ਦਾ ਇਹ ਜਨੂੰਨ ਹੀ ਸੀ ਜੋ ਉਸ ਨੂੰ ਵਕਾਲਤ ਦੇ ਖੇਤਰ 'ਚੋਂ ਫ਼ਿਲਮੀ ਦੁਨੀਆਂ ਵਿਚ ਲੈ ਆਇਆ। ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਗੁੱਡੂ ਧਨੋਆ ਨੇ ਦੀਪ ਸਿੱਧੂ ਨੂੰ ਆਪਣੀ ਫ਼ਿਲਮ 'ਰਮਤਾ ਜੋਗੀ' ਨਾਲ ਵੱਡੇ ਪਰਦੇ 'ਤੇ ਲੈ ਆਂਦਾ, ਪਰ ਇਸ ਫ਼ਿਲਮ ਦੇ ਨਾਲ ਦੀਪ ਸਿੱਧੂ ਨੂੰ ਅਭਿਨੈ ਦੀਆਂ ਬਾਰੀਕੀਆਂ ਸਿੱਖਣ ਦਾ ਵੀ ਵਧੀਆ ਮੌਕਾ ਮਿਲਿਆ। ਉਪਰੰਤ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਫ਼ਿਲਮ 'ਜੋਰਾ 10 ਨੰਬਰੀਆ' ਨਾਲ ਦੀਪ ਸਿੱਧੂ ਨੂੰ ਦਰਸ਼ਕਾਂ ਦੇ ਸਨਮੁੱਖ ਕੀਤਾ ਨਿਰਮਾਤਾ ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ ਦੇ ਨਿਰਮਾਣ ਹੇਠ ਆ ਰਹੀ ਨਵੀਂ ਪੰਜਾਬੀ ਫ਼ਿਲਮ 'ਰੰਗ ਪੰਜਾਬ' 'ਚ ਇਕ ਦਮਦਾਰ ਕਿਰਦਾਰ 'ਚ ਦੀਪ ਸਿੱਧੂ ਮੁੜ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਹੈ। ਇਸ ਫ਼ਿਲਮ ਪ੍ਰਤੀ ਦੀਪ ਸਿੱਧੂ ਕਾਫ਼ੀ ਉਤਸ਼ਾਹਤ ਵੀ ਹੈ ਕਿਉਂ ਜੋ ਇਸ ਦੇ ਟਰੇਲਰ ਅਤੇ ਪੋਸਟਰ ਨੂੰ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ, ਉਸ ਤੋਂ ਸਹਿਜੇ ਹੀ ਦੀਪ ਸਿੱਧੂ ਅਤੇ ਫ਼ਿਲਮ ਦੀ ਪੂਰੀ ਟੀਮ ਪੂਰਨ ਸਫਲਤਾ ਲਈ ਆਸਵੰਦ ਦਿਖਾਈ ਦੇ ਰਹੀ ਹੈ, ਦੀਪ ਸਿੱਧੂ ਨੇ ਦੱਸਿਆ ਕਿ ਉਸ ਨੇ ਇਸ ਫ਼ਿਲਮ 'ਚ ਇਕ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ ਤੇ ਇਹ ਫ਼ਿਲਮ ਪੁਲਿਸ ਅਤੇ ਗੈਂਗਸਟਰ ਦੁਆਲੇ ਘੁੰਮਦੀ ਹੈ। ਇਸੇ ਦੌਰਾਨ ਦੀਪ ਸਿੱਧੂ ਨੇ ਦੱਸਿਆ ਕਿ ਜਿਸ ਤਰ੍ਹਾਂ ਫ਼ਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ ਦੀ ਇਹ ਫ਼ਿਲਮ 'ਬਠਿੰਡੇ' ਵਾਲੇ ਬਾਈ ਫ਼ਿਲਮਜ਼ ਅਤੇ 'ਸਿਨੇਮਾ ਮੋਸ਼ਨ ਮੀਡੀਆ ਪ੍ਰਾਈਵੇਟ ਲਿਮ.' ਦੇ ਬੈਨਰ ਹੇਠ 23 ਨਵੰਬਰ ਨੂੰ ਦੇਸ਼-ਵਿਦੇਸ਼ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਫ਼ਿਲਮ ਵਿਚ ਅਦਾਕਾਰਾ ਰੀਨਾ ਰਾਏ, ਅਦਾਕਾਰ ਕਰਤਾਰ ਚੀਮਾ, ਆਸ਼ਿਸ਼ ਦੁੱਗਲ, ਬਨਿੰਦਰ ਬਨੀ, ਮਹਾਂਵੀਰ ਭੁੱਲਰ ਆਦਿ ਨੇ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਫ਼ਿਲਮ ਪੰਜਾਬ ਦੀਆਂ ਅਜਿਹੀਆਂ ਸੱਚਾਈਆਂ ਨੂੰ ਬਿਆਨ ਕਰੇਗੀ ਜਿਸ ਤੋਂ ਦਰਸ਼ਕ ਲੰਮੇ ਸਮੇਂ ਤੋਂ ਜਾਣੂ ਹੋਣਾ ਚਾਹੁੰਦੇ ਸਨ।


- ਅਜਾਇਬ ਸਿੰਘ ਔਜਲਾ

ਰਾਜੀਵ ਢੀਂਗਰਾ ਬਣਾ ਰਹੇ ਹਨ 'ਤਾਰਾ ਮੀਰਾ'

ਪੰਜਾਬੀ ਫ਼ਿਲਮ 'ਲਵ ਪੰਜਾਬ' ਅਤੇ ਫਿਰ ਕਪਿਲ ਸ਼ਰਮਾ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ 'ਫਿਰੰਗੀ' ਨਿਰਦੇਸ਼ਿਤ ਕਰਨ ਵਾਲੇ ਰਾਜੀਵ ਢੀਂਗਰਾ ਹੁਣ ਬਤੌਰ ਨਿਰਮਾਤਾ 'ਤਾਰਾ ਮੀਰਾ' ਬਣਾ ਰਹੇ ਹਨ। ਇਸ ਪੰਜਾਬੀ ਫ਼ਿਲਮ ਦਾ ਨਿਰਮਾਣ ਰਾਪਾ ਨੂਈਸ ਫ਼ਿਲਮਜ਼, ਰੈੱਡ ਆਈਸ ਪ੍ਰੋਡਕਸ਼ਨ ਤੇ ਯਦੂ ਪ੍ਰੋਡਕਸ਼ਨ ਦੇ ਬੈਨਰ ਹੇਠ ਸਾਂਝੇ ਰੂਪ ਵਿਚ ਕੀਤਾ ਜਾ ਰਿਹਾ ਹੈ।
ਇਸ ਫ਼ਿਲਮ ਦੀ ਕਹਾਣੀ ਦਾ ਵਿਚਾਰ ਰਾਜੀਵ ਦੀ ਪਤਨੀ ਸ਼ਿਲਪਾ ਦਾ ਹੈ ਅਤੇ ਲੇਖਕ ਧੀਰਜ ਰਤਨ ਵਲੋਂ ਇਸ 'ਤੇ ਪਟਕਥਾ ਲਿਖ ਕੇ ਲੇਖਨ ਪੱਖ ਨੂੰ ਸਜਾਇਆ ਗਿਆ ਹੈ। ਰਾਜੀਵ ਅਨੁਸਾਰ ਇਹ ਕਹਾਣੀ ਅੱਜ ਦੇ ਸਮੇਂ ਤੇ ਮਾਹੌਲ ਦੀ ਹੈ ਅਤੇ ਇਸ ਵਿਚ ਜਾਤੀਵਾਦ ਦੇ ਖਿਲਾਫ਼ ਸੰਦੇਸ਼ ਪੇਸ਼ ਕੀਤਾ ਗਿਆ ਹੈ। ਉਹ ਕਹਿੰਦੇ ਹਨ, 'ਮੈਂ ਇਸ ਫ਼ਿਲਮ ਰਾਹੀਂ ਇਹ ਸੰਦੇਸ਼ ਦੇਣ ਜਾ ਰਿਹਾ ਹਾਂ ਕਿ ਮਾਨਸ ਕੀ ਏਕ ਹੀ ਜਾਤ। ਸਾਡੇ ਦੇਸ਼ ਵਿਚ ਜਾਤੀਵਾਦ ਦਾ ਜ਼ਹਿਰ ਬਹੁਤ ਫੈਲਿਆ ਹੋਇਆ ਹੈ ਅਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ। ਜਾਤੀਵਾਦ ਦੀ ਵਜ੍ਹਾ ਕਰ ਕੇ ਹੀ ਸਾਡੇ ਦਰਮਿਆਨ ਏਕਤਾ ਬਣ ਨਹੀਂ ਪਾਉਂਦੀ ਹੈ। ਮੈਂ ਇਥੇ ਕਹਾਣੀ ਦੀ ਪਿੱਠਭੂਮੀ ਲੁਧਿਆਣਾ ਦੀ ਰੱਖੀ ਹੈ ਅਤੇ ਫ਼ਿਲਮ ਦਾ ਨਾਇਕ ਜੱਟ ਹੈ ਅਤੇ ਉਹ ਲੁਧਿਆਣਾ ਵਾਸੀ ਹੈ। ਤਾਰਾ ਸਿੰਘ ਦੀ ਇਹ ਭੂਮਿਕਾ ਰਣਜੀਤ ਬਾਵਾ ਨਿਭਾਅ ਰਹੇ ਹਨ। ਫ਼ਿਲਮ ਦੀ ਨਾਇਕਾ ਮੀਰਾ ਬਿਹਾਰ ਤੋਂ ਹੈ ਅਤੇ ਉਹ ਪੰਜਾਬ ਵਿਚ ਰਹਿੰਦੀ ਹੁੰਦੀ ਹੈ। ਤਾਰਾ ਅਤੇ ਮੀਰਾ ਦੇ ਪਿਆਰ ਨੂੰ ਜਾਤੀਵਾਦ ਦੇ ਖਿਲਾਫ਼ ਕਿਸ ਤਰ੍ਹਾਂ ਲੜਾਈ ਲੜਨੀ ਪੈ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਮੇਰੀ ਇਸ ਫ਼ਿਲਮ ਵਿਚ ਜਾਤ-ਪਾਤ ਦੀ ਵਜ੍ਹਾ ਕਰ ਕੇ ਨਫ਼ਰਤ ਦੇ ਸ਼ੋਅਲੇ ਉੱਬਲਦੇ ਨਜ਼ਰ ਆਉਣਗੇ।


-ਮੁੰਬਈ ਪ੍ਰਤੀਨਿਧ

ਅਦਿੱਤੀ ਸ਼ਰਮਾ ਦੀ ਮੁੜ ਵਾਪਸੀ

'ਅੰਗਰੇਜ਼' ਫ਼ਿਲਮ ਨਾਲ ਪੰਜਾਬੀ ਦਰਸ਼ਕਾਂ ਦੀ ਚਹੇਤੀ ਬਣੀ ਅਦਿੱਤੀ ਸ਼ਰਮਾ ਇਕ ਉਹ ਅਦਾਕਾਰਾ ਹੈ ਜਿਸ ਨੇ ਪੰਜਾਬੀ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ, ਟੀ ਵੀ ਸੀਰੀਅਲਾਂ ਅਤੇ ਵਪਾਰਕ ਇਸ਼ਤਿਹਾਰੀ ਫ਼ਿਲਮਾਂ ਵਿਚ ਕੰਮ ਕੀਤਾ। 'ਅੰਗਰੇਜ਼' ਵਿਚਲੇ 'ਮਾੜੋ' ਦੇ ਕਿਰਦਾਰ ਨਾਲ ਉਸ ਨੂੰ ਇਕ ਨਵੀਂ ਪਹਿਚਾਣ ਮਿਲੀ ਸੀ। 'ਅੰਗਰੇਜ਼' ਤੋਂ ਬਅਦ ਉਹ 'ਸੂਬੇਦਾਰ ਜੋਗਿੰਦਰ ਸਿੰਘ' 'ਚ ਨਜ਼ਰ ਆਈ ਸੀ। ਨੋਟਬੰਦੀ ਵਿਸ਼ੇ ਅਧਾਰਤ ਬਣੀ ਫਿਲ਼ਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਿਚ ਉਹ ਮੁੜ ਅਮਰਿੰਦਰ ਗਿੱਲ ਨਾਲ ਇਕ ਸੰਖੇਪ ਜਿਹੇ ਕਿਰਦਾਰ ਵਿਚ ਪਰਦੇ 'ਤੇ ਨਜ਼ਰ ਆਈ। ਗੁਰਦਾਸ ਮਾਨ ਦੀ ਫ਼ਿਲਮ 'ਨਨਕਾਣਾ' ਵਿਚ ਤਾਂ ਉਸਦੀ ਵੱਡੀ ਪ੍ਰਾਪਤੀ ਰਹੀ ਜਿਸ ਵਿਚ ਉਸਨੇ ਨਨਕਾਣਾ ਦੀ ਅਸਲ ਪਾਕਿਸਤਾਨੀ ਮਾਂ ਸਲਮਾਂ ਦਾ ਚਣੌਤੀ ਭਰਿਆ ਕਿਰਦਾਰ ਬਾਖੂਬੀ ਨਿਭਾਇਆ। ਅਨੇਕਾਂ ਸਹਿਯੋਗੀ ਕਿਰਦਾਰਾਂ ਤੋਂ ਬਾਅਦ ਅਦਿੱਤੀ ਸ਼ਰਮਾ ਹੁਣ ਗਾਇਕ ਤੋਂ ਅਦਾਕਾਰ ਬਣੇ ਗਗਨ ਕੋਕਰੀ ਨਾਲ ਫ਼ਿਲਮ 'ਲਾਟੂ' ਵਿਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 'ਲਾਟ'ੂ ਫ਼ਿਲਮ ਬਾਰੇ ਅਦਿੱਤੀ ਸ਼ਰਮਾ ਦਾ ਕਹਿਣਾ ਹੈ ਇਹ ਵੀ 'ਅੰਗਰੇਜ਼' ਫ਼ਿਲਮ ਵਰਗੀ ਹੀ ਪੁਰਾਣੇ ਸੱਭਿਆਚਾਰ ਵਾਲੀ ਫ਼ਿਲਮ ਹੈ ਜੋ 1960 ਦੇ ਸਮਿਆਂ ਦੀ ਇਕ ਦਿਲਚਸਪ ਕਹਾਣੀ 'ਤੇ ਅਧਾਰਤ ਹੈ। ਉਸ ਦਾ ਕਿਰਦਾਰ ਨਿਰੋਲ ਪੇਂਡੂ ਮਾਹੌਲ ਵਾਲੀ ਕੁੜੀ ਜੀਤੀ ਦਾ ਹੈ ਜੋ ਇਲਾਕੇ ਦੇ ਖ਼ਾਨਦਾਨੀ ਸਰਦਾਰ ਗੱਜਣ ਸਿੰਘ ਦੀ ਲਾਡਲੀ ਧੀ ਹੈ। ਨੇੜਲੇ ਪਿੰਡ ਦੇ ਮੁੰਡੇ ਨੂੰ ਉਹ ਪਿਆਰ ਕਰਦੀ ਹੈ ਪਰ ਸਮਾਜ ਦੀ ਮਰਿਯਾਦਾ ਤੇ ਬਾਬੁਲ ਦੀ ਪੱਗ ਨੂੰ ਦਾਗ ਨਹੀਂ ਲਾਉਣਾ ਚਾਹੁੰਦੀ।
ਨਿਰਮਾਤਾ ਜਗਮੀਤ ਸਿੰਘ, ਰਾਣਾ ਗਰੇਵਾਲ ਤੇ ਸਹਿ-ਨਿਰਮਾਤਾ ਵਿਕਾਸ ਵਧਵਾ ਦੀ ਇਸ ਫ਼ਿਲਮ ਦੇ ਲੇਖਕ-ਨਿਰਦੇਸ਼ਕ ਮਾਨਵ ਸ਼ਾਹ ਹਨ। ਫ਼ਿਲਮ ਵਿਚ ਗਗਨ ਕੋਕਰੀ, ਅਦਿੱਤੀ ਸ਼ਰਮਾ, ਸਰਦਾਰ ਸੋਹੀ, ਆਸ਼ਿਸ਼ ਦੁੱਗਲ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਹਰਦੀਪ ਗਿੱਲ, ਰਾਹੁਲ ਜੁਗਰਾਲ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।


-ਮਨਜੀਤ ਕੌਰ ਸੱਪਲ

ਬਹੁਪੱਖੀ ਸ਼ਖ਼ਸੀਅਤ-ਜੰਗ ਬਹਾਦਰ ਪੱਪੂ

ਪੰਜਾਬ ਦੇ ਮੇਲਿਆਂ ਦੇ ਬੇਤਾਜ ਬਾਦਸ਼ਾਹ ਤੇ ਉੱਘੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਦਾ ਜਨਮ ਸ੍ਰੀ ਹਰਿਗੋਬਿੰਦਪੁਰ ਵਿਖੇ ਪਿਤਾ ਸ੍ਰੀ ਬਲਦੇਵ ਰਾਜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ 1965 ਨੂੰ ਹੋਇਆ। ਮੁਢਲੀ ਸਿੱਖਿਆ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਿਗੋਬਿੰਦਪੁਰ ਤੋਂ ਪ੍ਰਾਪਤ ਕੀਤੀ। ਜੰਗ ਬਹਾਦਰ ਪੱਪੂ ਦੀ ਰੁਚੀ ਬਚਪਨ ਤੋਂ ਹੀ ਸੰਗੀਤ ਵਾਲੇ ਪਾਸੇ ਸੀ। ਕਿਸੇ ਵੇਲੇ ਹਾਰਮੋਨੀਅਮ ਅਤੇ ਤਬਲੇ ਨਾਲ ਕੱਵਾਲੀਆਂ ਗਾਉਂਦਿਆਂ ਕਾਲਾਕਾਰਾਂ ਨੂੰ ਪਸੰਦ ਕਰਨ ਵਾਲਾ ਪੱਪੂ ਪ੍ਰਧਾਨ ਅੱਜ ਖੁਦ ਉੱਘਾ ਕਲਾ ਪ੍ਰੇਮੀ ਅਤੇ ਮੇਲਾ ਪ੍ਰਮੋਟਰ ਬਣ ਚੁੱਕਾ ਹੈ। ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ, ਜਿਸ ਦਿਨ ਉਹ ਸੱਭਿਆਚਾਰਕ ਸਮਾਗਮਾਂ 'ਚ ਉਦਘਾਟਨ ਕਰਦਿਆਂ ਜਾਂ ਬਤੌਰ ਮੁੱਖ ਮਹਿਮਾਨ ਇਨਾਮ ਤੇ ਸਨਮਾਨ ਵੰਡਦਿਆਂ ਅਖ਼ਬਾਰਾਂ ਦੀਆਂ ਸੁਰਖੀਆ 'ਚ ਨਾ ਆਉਂਦਾ ਹੋਵੇ। ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸੱਭਿਆਚਾਰ ਪ੍ਰਤੀ ਉਤਸ਼ਾਹਿਤ ਕਰਨ ਲਈ ਉਹ ਅਕਸਰ ਯੂਥ ਕਲੱਬਾਂ ਤੇ ਨੌਜਵਾਨਾਂ ਨੂੰ ਮਾਲੀ ਸਹਾਇਤਾ ਭੇਟ ਕਰਦੇ ਹਨ। ਗ਼ਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹਾਂ ਮੌਕੇ ਸ਼ਗਨ ਤੇ ਹੋਰ ਲੋੜੀਂਦਾ ਸਾਮਾਨ ਭੇਟ ਕਰਕੇ ਖੁਦ ਨੂੰ ਵਡਭਾਗਾ ਸਮਝਦੇ ਹਨ। ਜਿੱਥੇ ਪੰਜਾਬ ਦੇ ਅਨੇਕਾਂ ਕਲਾਕਾਰਾਂ ਨੂੰ ਉਹ ਦਿਲੋਂ ਪਿਆਰ ਤੇ ਸਤਿਕਾਰ ਦਿੰਦੇ ਹਨ, ਉਥੇ ਉਨ੍ਹਾਂ ਦੇ ਪਸੰਦੀਦਾ ਗਾਇਕ ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ, ਦੁਰਗਾ ਰੰਗੀਲਾ, ਸਰਦੂਲ ਸਿਕੰਦਰ, ਸਲੀਮ ਸ਼ਹਿਜ਼ਾਦਾ, ਮਨਜੀਤ ਸ਼ੌਕੀ, ਨਿਰਮਲ ਸਿੰਘ ਨਿੰਮਾ, ਗਿੱਲ ਬੋਬ, ਰੌਣਕ ਮਸੀਹ, ਬੁੱਕਣ ਜੱਟ, ਸਾਬਰ ਕੋਟੀ, ਲਖਵਿੰਦਰ ਵਡਾਲੀ, ਦਵਿੰਦਰ ਦਿਆਲਪੁਰੀ, ਮਨਮੋਹਨ ਵਾਰਿਸ ਹਨ। ਕਈ ਨਾਮਵਰ ਕਲਾਕਾਰਾਂ ਨੇ ਉਨ੍ਹਾਂ ਦੀ ਕਲਮ ਤੋਂ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੱਤੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX