ਤਾਜਾ ਖ਼ਬਰਾਂ


ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  18 minutes ago
ਮਹਿਲ ਕਲਾਂ, 24 ਮਾਰਚ (ਤਰਸੇਮ ਸਿੰਘ ਚੰਨਣਵਾਲ)- ਅਨਾਜ ਮੰਡੀ ਮਹਿਲ ਕਲਾਂ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼...
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  33 minutes ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇੱਕ ਮਸਜਿਦ ਦੇ ਅੰਦਰ ਹੋਏ ਰਹੱਸਮਈ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਦੇ ਚੌਗਾਮ ਪਿੰਡ 'ਚ ਸਥਿਤ ਇਸ ਮਸਜਿਦ 'ਚ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਇੱਥੇ...
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  50 minutes ago
ਵੈਲਿੰਗਟਨ, 24 ਮਾਰਚ- ਨਿਊਜ਼ੀਲੈਂਡ 'ਚ ਨਾਰਥ ਆਈਲੈਂਡ ਦੀਆਂ ਕੈਮਾਨਾਵਾ ਪਹਾੜੀਆਂ 'ਚ ਲੰਘੇ ਦਿਨ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਲੰਘੇ ਦਿਨ ਲਾਪਤਾ ਹੋ ਗਿਆ ਸੀ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਪੁਰਾਣਾ ਸ਼ਾਲਾ, 24 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਸਿੰਘ (25), ਪੁੱਤਰ ਕਾਬਲ ਸਿੰਘ ਸੈਣੀ...
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 24 ਮਾਰਚ- ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਿੱਲੀ 'ਚ ਹੋਵੇਗੀ। ਇਹ ਬੈਠਕ ਸਵੇਰੇ 11 ਵਜੇ ਹੋਵੇਗੀ ਅਤੇ ਇਸ 'ਚ ਲੋਕ ਸਭਾ ਚੋਣਾਂ ਦੀਆਂ ਰਣਨੀਤੀਆਂ 'ਤੇ ਚਰਚਾ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਜਕਾਰਤਾ, 24 ਮਾਰਚ- ਇੰਡੋਨੇਸ਼ੀਆ ਦੇ ਮਾਲੁਕੁ ਸੂਬੇ 'ਚ ਅੱਜ 6.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਚਾਲ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ...
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੈਂਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ 'ਤੇ ਅੱਜ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਅੱਜ ਸਵੇਰੇ 11.50 ਵਜੇ ਕੀਤੀ ਗਈ...
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  about 1 hour ago
ਮਜੀਠਾ, 24 ਮਾਰਚ (ਜਗਤਾਰ ਸਿੰਘ ਸਹਿਮੀ)- ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਹਮਜਾ ਵਿਖੇ ਚਾਰ ਹਥਿਆਰਬੰਦ ਨੌਜਵਾਨਾਂ ਵਲੋਂ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਗੁਰਜੀਤ...
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  about 2 hours ago
ਖਮਾਣੋਂ, 24 ਮਾਰਚ (ਪਰਮਵੀਰ ਸਿੰਘ)- ਇੱਥੇ ਪੁਲਿਸ ਨੇ ਇੱਕ ਨੌਜਵਾਨ ਨੂੰ ਸਮੈਕ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੇ ਜਦੋਂ ਇੱਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ 10 ਗ੍ਰਾਮ...
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  about 2 hours ago
ਨਾਭਾ, 24 ਮਾਰਚ (ਕਰਮਜੀਤ ਸਿੰਘ)- ਇੱਥੋਂ ਦੇ ਕਕਰਾਲਾ ਰੇਲ ਮਾਰਗ 'ਤੇ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਇੱਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਚੌਕੀ ਜੀ. ਆਰ. ਪੀ. ਇੰਚਾਰਜ ਸਬ ਇੰਸਪੈਕਟਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮਨੁੱਖ ਦਾ ਵਿਕਾਸ, ਆਦਿ-ਮਾਨਵ ਤੋਂ ਆਧੁਨਿਕ ਮਾਨਵ ਤੱਕ

ਮਨੁੱਖ ਦੇ ਵਿਕਾਸ ਸਬੰਧੀ ਖੋਜ ਦਾ ਆਰੰਭ ਇਕ ਡੱਚ ਐਨਾਟੋਮਿਸਟ 'ਇਊਜੀਨ ਡੁਬੌਇਸ' ਦੇ ਇਸ ਦਿ੍ੜ੍ਹ ਵਿਸ਼ਵਾਸ ਤੋਂ ਹੋਇਆ ਕਿ ਡਾਰਵਿਨ ਦਾ ਸਿਧਾਂਤ ਮੁਨੱਖੀ ਵਿਕਾਸ 'ਤੇ ਲਾਗੂ ਹੋ ਸਕਦਾ ਹੈ | ਉਸ ਨੇ ਜ਼ਿਆਲੋਜੀ ਦਾ ਅਧਿਐਨ ਵੀ ਕੀਤਾ ਅਤੇ ਸਦਾ ਇਸ ਮੌਕੇ ਦੀ ਤਾੜ ਵਿਚ ਰਹਿੰਦਾ ਕਿ ਕਿਸੇ ਅਜਿਹੇ ਇਲਾਕੇ ਵਿਚ ਜਾਇਆ ਜਾਵੇ ਜਿੱਥੋਂ ਆਦਿ-ਮਾਨਵ ਦੇ ਪਥਰਾਟ ਮਿਲ ਸਕਣ | ਉਸ ਨੂੰ ਇਹ ਵੀ ਯਕੀਨ ਸੀ ਕਿ ਤਪਤ-ਖੰਡ ਦੇ ਇਲਾਕੇ ਵਿਚ ਮਨੁੱਖੀ ਵਿਕਾਸ ਦੇ ਸਬੂਤ ਮਿਲ ਸਕਦੇ ਹਨ | ਸੰਨ 1889 ਵਿਚ ਉਸ ਨੂੰ ਡੱਚ ਫ਼ੌਜ ਵਿਚ ਨੌਕਰੀ ਮਿਲ ਗਈ | ਉਹ ਪ੍ਰੋਫੈਸਰੀ ਛੱਡ ਕੇ ਫ਼ੌਜ ਵਿਚ ਮਿਲਟਰੀ ਸਰਜਨ ਬਣ ਗਿਆ ਤੇ ਡੱਚ-ਈਸਟ-ਇੰਡੀਜ਼ (ਅਜੋਕਾ ਇੰਡੋਨੇਸ਼ੀਆ) ਵਿਚ ਆਪਣੀ ਤੀਵੀਂ ਤੇ ਛੋਟੀ ਬੱਚੀ ਸਮੇਤ ਨੌਕਰੀ 'ਤੇ ਚਲਾ ਗਿਆ | ਉਥੇ ਉਹ ਆਪਣੀਆਂ ਛੁੱਟੀਆਂ ਫੌਸਿੱਲ ਲੱਭਣ ਵਿਚ ਹੀ ਬਿਤਾਉਂਦਾ | ਆਖਰ ਉਸ ਨੇ ਸੰਨ 1891 ਵਿਚ 'ਟਰਿਨਿਲ' ਸਥਾਨ 'ਚੋਂ ਜਾਵਾ ਦੇ ਪੂਰਬੀ ਪਾਸੇ 'ਸੋਲੋ' ਦਰਿਆ ਦੇ ਕੰਢਿਓਾ ਇਕ ਆਦਿ-ਮਾਨਵ ਦਾ ਪਥਰਾਟ ਲੱਭ ਲਿਆ, ਜਿਸ ਨੂੰ 'ਜਾਵਾ ਮੈਨ' ਕਰ ਕੇ ਜਾਣਿਆ ਜਾਂਦਾ ਰਿਹਾ ਹੈ (ਤੇ ਹੁਣ ਇਸ ਨੂੰ ਹੋਮੋ-ਇਰੈਕਟੱਸ ਕਹਿੰਦੇ ਹਨ) | ਡੁਬੌਇਸ ਦੀ ਇਹ ਖੋਜ ਮਨੁੱਖ ਦੇ ਪਿਤਰ ਪਿਤਾਮੇ 'ਹੋਮੋ-ਇਰੈਕਟੱਸ ਬਾਰੇ ਸਭ ਤੋਂ ਪਹਿਲੀ ਖੋਜ ਸੀ |
ਉਸ ਉਪਰੰਤ ਆਦਿ-ਮਾਨਵ ਦੀ ਖੋਜ ਅਫਰੀਕਾ ਵੱਲ ਤਬਦੀਲ ਹੋ ਗਈ ਕਿਉਂਕਿ ਉਥੋਂ ਹੋਮੋ-ਇਰੈਕਟੱਸ ਦੇ ਪੂਰਵਜਾਂ ਦੇ ਪਥਰਾਟ ਵੀ ਮਿਲਣ ਲੱਗ ਪਏ ਸਨ | ਲੜੀ ਵਾਰ ਜੇ ਦੇਖੀਏ ਤਾਂ ਅਜੇ ਤੱਕ ਸਭ ਤੋਂ ਪੁਰਾਣਾ ਆਦਿ-ਮਾਨਵ ਦੇ ਪਿਤਰ ਦਾ ਪਥਰਾਟ ਸੰਨ 2001-02 ਦੌਰਾਨ ਕੇਂਦਰੀ ਅਫਰੀਕਾ ਦੇ 'ਚੱਡ' ਇਲਾਕੇ 'ਚੋਂ ਵਿਗਿਆਨੀਆਂ ਨੂੰ ਮਿਲਿਆ ਹੈ | ਇਸ ਨੂੰ 'ਸਹੇਲਾਂਥਰੋਪੱਸ ਚੈੱਡਿਨਿਸਜ਼' ਦਾ ਨਾਮ ਦਿੱਤਾ ਗਿਆ | ਕਰੀਬ ਸੱਠ-ਸੱਤਰ ਲੱਖ ਸਾਲ ਪੁਰਾਣਾ ਇਹ ਪਥਰਾਟ ਇਕ ਫਰਾਂਸੀਸੀ ਵਿਗਿਆਨੀ 'ਐਲੇਨ ਬਿਊਵੀਲੇਨ' ਦੀ ਟੀਮ ਨੇ ਖੋਜਿਆ ਸੀ | ਉਸ ਪਥਰਾਟ ਨੂੰ 'ਤਾਊਮਾਏ' ਵੀ ਕਿਹਾ ਗਿਆ, ਜਿਸ ਦਾ ਅਰਥ ਹੁੰਦਾ ਹੈ 'ਆਸ', ਕਿਉਂਕਿ ਇਸ ਤੋਂ ਮਾਨਵ ਜਾਤੀ ਵੱਲ ਅਗਲੇਰੀ ਵਿਕਾਸ-ਲੜੀ ਦੇ ਬਣਾਉਣ ਦੀ ਆਸ ਬੱਝੀ ਸੀ | ਜਦੋਂ ਇਸ ਦੀ ਖੋਪੜੀ ਦੇ ਟੁਕੜਿਆਂ ਨੂੰ ਜੋੜਿਆ ਗਿਆ ਤਾਂ ਇਸ ਦਾ ਘਣਫਲ ਕਰੀਬ 350 ਮਿਲੀ-ਲਿਟਰ ਬਣਿਆ (ਅਜੋਕੇ ਮਨੁੱਖ ਦੀ ਖੋਪੜੀ ਦਾ ਆਕਾਰ ਔਸਤਨ 1350 ਮਿ:ਲਿ: ਹੁੰਦਾ ਹੈ) | ਇਸ ਦੇ ਸੂਆ ਦੰਦਾਂ ਦਾ ਅਕਾਰ ਚਿੰਪੈਂਜ਼ੀ ਦੇ ਦੰਦਾਂ ਨਾਲੋਂ ਛੋਟਾ ਹੋ ਗਿਆ ਸੀ ਤੇ ਸ਼ਾਇਦ ਇਹ ਦੋ ਲੱਤਾਂ 'ਤੇ ਹੀ ਟੁਰਦਾ ਸੀ | ਇਹ ਜਾਤੀ ਆਦਿ-ਮਾਨਵ ਅਤੇ ਚਿੰਪੈਜ਼ੀਆਂ ਦੇ ਸਾਂਝੇ ਪਿਤਰ 'ਚੋਂ ਹੇਠਾਂ ਉੱਤਰੀ ਸੀ | ਇਸ 'ਆਰੰਭਿਕ ਆਦਿ-ਮਾਨਵ' ਤੋਂ ਬਾਅਦ ਅਜੋਕਾ ਮਨੁੱਖ 2,30,000 ਪੀੜ੍ਹੀਆਂ ਤੋਂ ਬਾਅਦ ਹੀ ਉਪਜਿਆ | ਜਿਥੋਂ ਇਹ ਪਥਰਾਟ ਮਿਲਿਆ ਸੀ ਉਥੋਂ ਵੱਡੇ-ਵੱਡੇ ਹਾਥੀਆਂ, ਸ਼ੇਰਾਂ ਚੀਤਿਆਂ ਆਦਿ ਦੇ ਪਥਰਾਟ ਵੀ ਮਿਲੇ-ਭਾਵ ਕਿ ਇਹ ਜੀਵ ਵੱਡੇ ਖਤਰਿਆਂ ਵਿਚ ਡਰ-ਡਰ ਕੇ ਜਿਉਂਦਾ ਰਿਹਾ | ਉਸ ਵੇਲੇ ਦੇ ਅਜਿਹੇ ਹੀ ਕਿਸੇ ਜੀਵ ਵਿਚੋਂ ਹੀ ਇਕ ਸ਼ਾਖਾ ਅਸਟਰਾਲੋਪਿਥਕਿਸ ਵੱਲ ਟੁਰ ਪਈ ਸੀ, ਜੋ ਕਿ ਅਫਰੀਕਾ ਵਿਚ ਉਪਜਿਆ ਮਨੁੱਖ ਦਾ ਮਹਾਂ ਪਿਤਰ ਸੀ |
ਮਾਨਵੀ ਵਿਕਾਸ ਦੀ ਲੜੀ ਵਿਚ ਅਗਲਾ ਮਹੱਤਵਪੂਰਨ ਸਥਾਨ 'ਆਰਡੀਪਿੱਥਕਿਸ ਰਾਮੀਦਸ' ਦਾ ਹੈ | ਸੰਨ 1994 ਵਿਚ ਇਸ ਦਾ ਪਥਰਾਟ ਇਥੋਪੀਆ (ਦੱਖਣੀ ਅਫਰੀਕਾ) ਦੇ ਮੱਧ-ਅਵਾਸ਼ ਖੇਤਰ ਚੋਂ ਅਮਰੀਕਾ ਦੇ ਵਿਗਿਆਨੀ 'ਟਿਮ ਵਾਈਟ' ਨੇ ਲੱਭਿਆ ਸੀ | ਅੰਦਾਜ਼ਾ ਲਗਾਇਆ ਗਿਆ ਕਿ ਇਹ ਜੀਵ ਕੋਈ 44 ਲੱਖ ਸਾਲ ਪਹਿਲਾਂ ਹੋ ਗੁਜ਼ਰਿਆ ਹੈ | ਇਸ ਦਾ ਕੱਦ ਮਸਾਂ 4 ਫੁੱਟ ਦੇ ਕਰੀਬ ਸੀ | ਸੰਨ 2009 ਤੱਕ ਵਾਈਟ ਦੀ ਟੀਮ ਨੇ ਇਸ ਜਾਨਵਰ ਦੇ ਲਗਭਗ ਸੌ ਪਥਰਾਟ ਟੁਕੜੇ ਲੱਭ ਲਏ ਸਨ | ਇਹ ਧਰਤੀ ਉੱਪਰ ਦੋ ਪੈਰਾਂ 'ਤੇ ਹੀ ਤੁਰਦਾ ਸੀ ਪਰ ਅਸਟਰਾਲੋਪਿਥੀਕਸ ਵਾਂਗ ਪੂਰੀ ਤਰ੍ਹਾਂ ਨਹੀਂ (ਅਸਟਰਾਲੋਪਿਥੀਕਸ ਇਸ ਜੀਵ ਤੋਂ ਪਿੱਛੋਂ ਹੋਂਦ ਵਿਚ ਆਇਆ ਸੀ) |
ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਸਾਡੇ ਭਾਰਤ ਦੇ ਉੱਤਰ-ਪੱਛਮੀ ਇਲਾਕੇ ਵਿਚ ਹਿਮਾਲਾ ਪਰਬਤ ਅਜੇ ਨੀਵਾਂ ਹੀ ਸੀ ਤੇ ਸ਼ਿਵਾਲਿਕ ਪਹਾੜੀਆਂ ਦੇ ਅਖੀਰਲੇ ਪੂਰ ਨੇ ਅਜੇ ਧਰਤੀ ਚੋਂ ਉੱਪਰ ਉੱਠਣਾ ਸੀ | ਇਥੇ ਤਾਂ ਸਭ ਪਾਸੇ ਸੰਘਣੇ ਜੰਗਲ ਜਾਂ ਘਾਹ ਦੇ ਵਿਸ਼ਾਲ ਮੈਦਾਨ ਸਨ ਜਿਨ੍ਹਾਂ ਵਿਚ ਵੱਡੇ ਵੱਡੇ ਸਟੀਗਡਾਨ ਹਾਥੀਆਂ ਦੇ ਅਨੇਕਾਂ ਝੁੰਡ ਫਿਰਦੇ ਸਨ, ਛੋਟੀ ਗਰਦਨ ਵਾਲੇ ਸਿਵਾਥਿਰੀਅਮ ਨਾਮੀ ਜਿਰਾਫ, ਵੱਡ-ਆਕਾਰੀ ਸੂਰ ਅਤੇ ਅਗਿਆਤ ਦਰਿਆਵਾਂ ਦੇ ਕਿਨਾਰੇ ਫਿਰਦੇ ਦਰਿਆਈ ਘੋੜੇ ਆਦਿਕ, ਬਹੁਤ ਸੰਖਿਆ ਵਿਚ ਮੌਜੂਦ ਸਨ | ਮਨੁੱਖ ਦਾ ਪਿਤਰ ਪਿਤਾਮਾ ਤਾਂ ਅਜੇ ਅਫਰੀਕਾ ਵਿਚ ਉਪਜਕੇ ਅੱਗੋਂ ਵਿਗਸ ਰਿਹਾ ਸੀ |
ਹੋਮਿਨਿਡ (ਮਾਨਵ-ਰੂਪੀ) ਵਿਕਾਸ-ਲੜੀ ਵਿਚ ਫਿਰ 'ਅਸਟਰਾਲੋਪਿਥੀਕਸ ਐਨਾਮੈੈਂਸਿਜ਼' ਦਾ ਨਾਮ ਆਉਂਦਾ ਹੈ ਜਿਸ ਦੇ ਸੰਨ 1988 ਤੋਂ 1994 ਤੱਕ ਅਨੇਕਾਂ ਪਥਰਾਟ ਪ੍ਰਸਿੱਧ ਖੋਜੀ 'ਐਲ. ਐੱਸ. ਬੀ. ਲੀਕੀ'ਨੇ ਅਫਰੀਕਾ ਦੇ ਕੀਨੀਆ ਇਲਾਕੇ ਵਿਚੋਂ ਲੱਭ ਲਏ | ਇਹ ਜੀਵ ਜਾਤੀ ਕਰੀਬ 42 ਲੱਖ ਤੋਂ 39 ਲੱਖ ਸਾਲ ਪਹਿਲਾਂ ਹੋ ਗੁਜ਼ਰੀ ਹੈ | ਇਹ ਜਾਨਵਰ ਵੀ ਦੋ ਪੈਰਾਂ 'ਤੇ ਤੁਰਦਾ ਸੀ ਜਿਸ ਦਾ ਪੱਕਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪਥਰਾਟਾਂ ਤੋਂ ਮਿਲੀ ਇਸ ਦੀ 'ਡੌਲਾ-ਹੱਡੀ' (ਹਿਊਮਰੱਸ) ਬਿਲਕੁਲ ਮਨੁੱਖ ਨਾਲ ਮਿਲਦੀ ਹੈ | ਪਰ ਇਸ ਦੇ ਦੰਦ ਤੇ ਜਬਾੜੇ ਤਾਂ ਪਹਿਲਾਂ ਹੋ ਚੁੱਕੇ ਏਪਸ ਨਾਲ ਹੀ ਮਿਲਦੇ ਸਨ ਭਾਵੇਂ ਇਸ ਦੀ ਸਰੀਰਕ ਬਣਤਰ ਵਿਚ ਅਗਲੇਰੀਆਂ ਕਿਸਮਾਂ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਗਈਆਂ ਸਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 9814348697


ਖ਼ਬਰ ਸ਼ੇਅਰ ਕਰੋ

ਵਿਸਰ ਗਏ ਨੇ ਛੰਦ-ਪਰਾਗੇ

ਪੰਜਾਬ ਦੀ ਰੂਹ ਪਿੰਡਾਂ 'ਚ ਵਸਦੀ ਹੈ | ਪਿੰਡ ਪੰਜਾਬੀ ਸੱਭਿਆਚਾਰ ਦੇ ਪ੍ਰਗਟਾਵੇ ਦਾ ਕੇਂਦਰ-ਬਿੰਦੂ ਹੈ | ਪੰਜਾਬੀ ਵਰਤਾਰੇ ਦੀਆਂ ਬਹੁਤ ਸਾਰੀਆਂ ਰਸਮਾਂ ਸ਼ਹਿਰਾਂ ਦੀ ਨਿਸਬਤ ਪਿੰਡਾਂ ਵਿਚ ਅਜੇ ਵੀ ਬਾ-ਖੂਬੀ ਨਿਭਾਈਆਂ ਜਾਂਦੀਆਂ ਹਨ | ਸ਼ਹਿਰੀ ਚਮਕ-ਦਮਕ ਵਾਲੇ ਵਿਆਹ ਜੋ ਪੈਲੇਸਾਂ 'ਚ ਕੀਤੇ ਜਾਂਦੇ ਹਨ, ਉਥੇ ਵਿਆਹਾਂ ਵਾਲਾ ਅਸਲ ਸੁਹਜ-ਸੁਆਦ ਅਤੇ ਰਿਸ਼ਤਿਆਂ ਦਾ ਤਹਿ-ਦਰ-ਤਹਿ ਮੋਹ-ਪਿਆਰ ਨਹੀਂ ਦਿਸਦਾ | ਵਿਆਹ ਨਾਲ ਸਬੰਧਿਤ ਬਹੁਤ ਸਾਰੀਆਂ ਰਸਮਾਂ, ਰੀਤਾਂ, ਰੱਖ—ਰਖਾਅ ਅਤੇ ਕਰਤੱਵ ਹੁੰਦੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਖੁਸ਼ੀ-ਖੇੜਿਆਂ ਨਾਲ ਨਿਭਾਉਣ ਹਿੱਤ ਲੋਕ-ਮਨਾਂ ਨੇ ਵਿਭਿੰਨ ਪ੍ਰਕਾਰ ਦੇ ਲੋਕ-ਗੀਤ ਸਿਰਜੇ ਹੋਏ ਹਨ, ਜੋ ਹਰ ਢੁਕਵੇਂ ਮੌਕੇ ਉੱਤੇ ਰਸਮਾਂ-ਰੀਤਾਂ ਦੇ ਨਾਲ-ਨਾਲ ਪੇਸ਼ ਕੀਤੇ ਜਾਂਦੇ, ਮਾਣੇ ਜਾਂਦੇ, ਜਾਂ ਸੁਣੇ ਜਾਂਦੇ ਹਨ | ਸੁਹਾਗ, ਘੋੜੀਆਂ, ਸਿੱਠਣੀਆਂ, ਛੰਦ-ਪਰਾਗੇ, ਹੇਅਰੇ ਆਦਿ ਅਨੇਕਾਂ ਵੰਨਗੀਆਂ ਦੇ ਲੋਕ-ਗੀਤ ਮਿਲਦੇ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਪ੍ਰਵਾਹਮਾਨ ਹੋ ਕੇ ਅਤੇ ਲੋਕ-ਮਾਨਸਿਕਤਾ ਦੀ ਪ੍ਰਵਾਨਗੀ ਸਹਿਤ ਪ੍ਰਚੱਲਿਤ ਰਹੇ ਅਤੇ ਜੀਵਨ-ਤੋਰ ਵਿਚ ਸਲੀਕਾ ਭਰਦੇ ਰਹੇ ਹਨ | ਇਥੇ ਸਾਡਾ ਕੇਵਲ, 'ਛੰਦ-ਪਰਾਗੇ' ਜੋ ਕਿ ਲੁਪਤ ਹੁੰਦਾ ਜਾ ਰਿਹਾ ਲੋਕ-ਕਾਵਿ ਰੂਪ ਹੈ, ਨੂੰ , ਜਾਣਨ, ਸਮਝਣ ਅਤੇ ਪ੍ਰਗਟ ਕਰਨ ਦਾ ਉਪਰਾਲਾ ਹੈ |
ਵਿਆਹ ਵਾਲੀ ਲੜਕੀ ਦੇ ਘਰ ਲਾਵਾਂ-ਫੇਰੇ ਹੋ ਜਾਣ ਉਪਰੰਤ ਅਤੇ ਡੋਲੀ ਤੋਰਨ ਤੋਂ ਪਹਿਲਾਂ ਖੱਟ ਦੇ ਮੌਕੇ ਉਤੇ ਜਦੋਂ ਲਾੜੇ ਨੂੰ ਸ਼ਗਨ ਪਾਉਣ ਲਈ ਘਰ ਅੰਦਰ ਸੱਦਿਆ ਜਾਂਦਾ ਹੈ ਤਾਂ ਔਰਤਾਂ, ਖਾਸ ਕਰਕੇ ਵਿਆਂਹਦੜ-ਮੁੰਡੇ ਦੀਆਂ ਸਾਲੀਆਂ, ਸਾਲੇਹਾਰਾਂ, ਲਾੜੀ ਦੀਆਂ ਹੋਰ ਰਿਸ਼ਤੇਦਾਰਨਾਂ ਅਤੇ ਸਖੀਆਂ-ਸਹੇਲੀਆਂ ਆਦਿ ਸਭ ਵਲੋਂ ਲਾੜੇ ਨੂੰ ਛੰਦ ਸੁਣਾਉਣ ਲਈ ਕਿਹਾ ਜਾਂਦਾ ਹੈ | ਅਜਿਹਾ ਕਹਿਣ ਜਾਂ ਕਰਨ ਦੇ ਪਿਛੋਕੜ ਵਿਚ ਬਹੁਤ ਸਾਰੇ ਸਾਰਥਕ ਅਰਥ ਲੁਕੇ ਹੋਏ ਹੁੰਦੇ ਹਨ | ਇਕ ਤਾਂ ਲਾੜੇ ਦੀ ਸੰਗ-ਝਿਜਕ ਜਾਂ ਸ਼ਰਮਾਉਣ ਦੀ ਬਿਰਤੀ ਨੂੰ ਤੋੜਨਾ, ਦੂਜਾ ਵਿਆਂਹਦੜ ਲੜਕੇ ਦੀ ਬੋਲੀ-ਭਾਸ਼ਾ ਅਤੇ ਉਸ ਦੇ ਆਪਣੇ ਵਿਰਸੇ ਨਾਲ ਕਿੰਨੀ ਕੁ ਸਾਂਝ ਅਤੇ ਸਮਝ ਹੈ, ਨੂੰ ਪਰਖਣਾ, ਤੀਜਾ, ਉਸ ਨੂੰ ਸਹੁਰੇ ਪਰਿਵਾਰ ਨਾਲ ਜੁੜਨ ਜਾਂ ਖੁੱਲ੍ਹਣ ਦਾ ਮੌਕਾ ਪ੍ਰਦਾਨ ਕਰਨਾ ਹੁੰਦਾ ਹੈ, ਚੌਥਾ ਉਸ ਦੀ ਏਸ ਪੱਖੋਂ ਪਰਖ ਕਰਨਾ ਕਿ ਕੀ ਉਹ ਕੁਝ ਸ਼ਬਦ-ਜੁਗਤਾਂ ਜੋ ਜੀਵਨ-ਸ਼ੈਲੀ ਲਈ ਉਚਿਤ ਹੁੰਦੀਆਂ ਹਨ, ਤੋਂ ਵੀ ਜਾਣੂ ਹੈ ਕਿ ਨਹੀਂ ਆਦਿ ਦੀ ਪਰਖ ਕਰਨਾ ਅਤੇ ਪੰਜਵਾਂ ਉਸ ਦੇ ਸਲੀਕੇ, ਨੈਤਿਕਤਾ ਜਾਂ ਉਲਾਰ ਜਾਂ ਉਸਾਰ ਵਾਲੇ ਹਾਵਾਂ-ਭਾਵਾਂ ਨੂੰ ਲੁਕਵੀਂ ਜੁਗਤ ਨਾਲ ਪਛਾਨਣਾ ਹੁੰਦਾ ਹੈ |
ਪਰੰਪਰਾ ਦੇ ਤੌਰ 'ਤੇ ਵਿਆਾਹਦੜ ਲੜਕਾ ਅਜਿਹੇ ਲੋਕ-ਸਿਆਣਪਾਂ, ਚੱਜ-ਆਚਾਰ ਅਤੇ ਮਨੋਰੰਜਨ ਜਾਂ ਰੁਮਾਂਸ ਵਾਲੇ ਕਾਵਿਕ ਅੰਦਾਜ਼ ਦੇ ਬੋਲਾਂ ਨੂੰ ਆਪਣੇ ਵਿਆਹ ਤੋਂ ਪਹਿਲਾਂ ਹੀ ਆਪਣੇ ਸੱਜਣਾਂ—ਮਿਤਰਾਂ ਤੋਂ ਸਿੱਖ ਜਾਂਦਾ ਰਿਹਾ ਜਾਂ ਸੁਣ ਸੁਣ ਕੇ ਯਾਦ ਕਰ ਜਾਂਦਾ ਰਿਹਾ ਹੈ | ਅਜਿਹਾ ਕਰਨਾ ਉਸ ਵਾਸਤੇ ਲਾਜ਼ਮੀ ਵੀ ਹੁੰਦਾ ਸੀ, ਕਿਉਂਕਿ ਡੋਲੀ ਤੁਰਨ ਤੋਂ ਪਹਿਲੀ ਇਹ ਰਸਮ ਵਿਆਹ ਦੇ ਸ਼ੁਭ-ਅਵਸਰ 'ਤੇ ਖੂਬ ਰੋਚਕ, ਰੁਮਾਂਸ-ਭਰਪੂਰ ਅਤੇ ਸਮਾਜਿਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਸਮਝੀ ਜਾਂਦੀ ਰਹੀ ਹੈ | ਬੜੇ ਖੁਲ੍ਹੇ-ਖੁਲਾਸੇ ਤਰੀਕੇ ਨਾਲ ਉਕਤ ਦਰਸਾਈਆਂ ਰਿਸ਼ਤੇਦਾਰਨੀਆਂ ਵਲੋਂ ਲਾੜੇ ਕੋਲੋਂ 'ਛੰਦ-ਪਰਾਗੇ' ਸੁਣਨ ਦੀ ਜ਼ਿੱਦ ਕੀਤੀ ਜਾਂਦੀ | ਜੇਕਰ ਲਾੜਾ ਛੰਦ ਨਾ ਸੁਣਾ ਸਕੇ ਤਾਂ ਉਸ ਦਾ ਬਹੁਤ ਹੀ ਹਾਸਾ-ਮਖੌਲ, ਠੱਠਾ ਕੀਤਾ ਜਾਂਦਾ | ਵਿਭਿੰਨ ਪ੍ਰਕਾਰ ਦੀਆਂ ਸਿੱਠਣੀਆਂ ਉਸ ਨੂੰ ਸੁਣਨੀਆਂ ਪੈਂਦੀਆਂ | ਜੇਕਰ ਵਿਆਂਹਦੜ ਛੰਦ ਸੁਣਾਉਂਦਾ-ਸੁਣਾਉਂਦਾ ਭੁੱਲ ਜਾਂਦਾ ਤਾਂ ਵੀ ਉਸ ਦਾ ਮਖੌਲ-ਠੱਠਾ ਉਠਾਇਆ ਜਾਂਦਾ | ਕਈ ਵਾਰੀ ਇਸ ਰਸਮ ਦੇ ਨਿਭਾਅ ਸਮੇ ਲਾੜੇ ਦੇ ਪੱਖ ਦਾ ਕੋਈ ਰਿਸ਼ਤੇਦਾਰ ਜਾਂ ਮਿੱਤਰ-ਦੋਸਤ ਵੀ ਉਸ ਦੀ ਇਸ ਮੌਕੇ ਉਤੇ ਸਹਾਇਤਾ ਕਰਨ ਲਈ ਨੇੜੇ ਆ ਬੈਠਦਾ ਹੁੰਦਾ ਸੀ, ਤਾਂ ਜੋ ਇਸ ਮੌਕੇ ਨੂੰ ਹੋਰ ਰਸਦਾਇਕ, ਰੋਚਕ ਅਤੇ ਰੁਮਾਂਸਪੂਰਕ ਰੂਪ ਦਿੱਤਾ ਜਾ ਸਕੇ |
'ਛੰਦ-ਪਰਾਗੇ' ਲਚਕੀਲੀ ਕਿਸਮ ਦਾ ਲੋਕ-ਗੀਤ-ਰੂਪ ਹੈ | ਇਸ ਦੀ ਪਹਿਲੀ ਤੁਕ ਦਾ ਪਹਿਲਾ ਅੱਧ ਹਮੇਸ਼ਾ ਹੀ ਛੰਦ ਪਰਾਗੇ ਆਈਏ-ਜਾਈਏ ਨਾਲ ਸ਼ੁਰੂ ਹੁੰਦਾ ਹੈ ਅਤੇ ਫਿਰ 'ਛੰਦ ਪਰਾਗੇ' ਕਹਿ ਕਿ ਕਿਸੇ ਵਸਤੂ, ਥਾਂ ਜਾਂ ਕਿਸੇ ਹੋਰ ਚੀਜ਼ ਦਾ ਨਾਂਅ ਜੜ ਦਿੱਤਾ ਜਾਂਦਾ ਹੈ ਅਤੇ ਪਹਿਲੀ ਸਤਰ ਦੇ ਅੰਤਮ ਸ਼ਬਦ ਦੀ ਤੁਕਾਂਤ, ਵਜ਼ਨ ਜਾਂ ਜੋੜ ਮੇਲ ਦੂਸਰੀ (ਅੰਤਿਮ) ਤੁੱਕ ਦੇ ਆਖਰੀ ਸ਼ਬਦ ਨਾਲ ਬਰਾਬਰ ਦੀ ਛੰਦ ਸਿਨਫ ਵਾਲੀ ਖੂਬੀ ਜ਼ਰੀਏ ਪ੍ਰਗਟ ਕੀਤਾ ਜਾਂਦਾ ਹੈ | ਜਿਵੇਂ ਬੜੀ ਸਾਦਗੀ, ਨਿਮਰਤਾ ਅਤੇ ਸਲੀਕੇ ਨੂੰ ਪ੍ਰਗਟ ਕਰਦਾ ਇਹ ਛੰਦ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ |
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਲੱਗੀ ਮਾਂ |
ਹੋਰ ਵੰਨਗੀ ਹਾਜ਼ਰ ਹੈ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਠੂਠੀ |
ਸਹੁਰਾ ਫੁੱਲ ਗੁਲਾਬ ਦਾ ਤੇ ਸੱਸ ਚੰਬੇ ਦੀ ਬੂਟੀ |
ਇਸੇ ਤਰ੍ਹਾਂ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕੇਸਰ |
ਸੱਸ ਤਾਂ ਮੇਰੀ ਪਾਰਵਤੀ ਤੇ ਸਹੁਰਾ ਮੇਰਾ ਪਰਮੇਸ਼ਰ |
ਰਿਸ਼ਤਿਆਂ ਵਿਚਲੀ ਮਿਠਾਸ, ਚੋਭ, ਵਿਅੰਗ ਅਤੇ ਸਦੀਵੀ ਸਾਂਝ—ਪਿਆਰ ਦੇ ਭਾਵਾਂ ਅਤੇ ਉਦਗਾਰਾਂ ਨੂੰ ਪ੍ਰਗਟ ਕਰਦੇ ਹੋਏ ਇਹ ਛੰਦ ਭਾਵੇਂ ਸਧਾਰਨ ਤੁਕਬੰਦੀ ਜਾਪਦੇ ਹਨ, ਪਰ ਇਨ੍ਹਾਂ ਦੀਆਂ ਪੀਢੀਆਂ ਤੰਦਾਂ ਪੰਜਾਬੀਅਤ ਦੇ ਅਮੀਰ ਵਿਰਸੇ ਦੇ ਮਹੱਤਵਪੂਰਨ ਪੱਖਾਂ ਨੂੰ ਰੁਸ਼ਨਾਉਂਦੇ ਵੀ ਵੇਖੇ ਜਾ ਸਕਦੇ ਹਨ | ਕਈ ਵਾਰ ਲਾੜੇ ਦੇ ਦੁਆਲੇ ਇਕੱਤਰ ਹੋਈਆਂ ਲਾੜੀ ਪੱਖ ਦੀਆਂ ਮੁਟਿਆਰਾਂ ਲਾੜੇ ਨਾਲ ਮਾੜੀ ਮੋਟੀ ਛੇੜ—ਛਾੜ ਵੀ ਲੁਕਵੇਂ ਰੂਪ 'ਚ ਕਰ ਲੈਂਦੀਆਂ ਹਨ | ਸੁਭਾਵਿਕ ਹੈ ਕਿ ਲਾੜਾ ਵੀ ਪ੍ਰਤੀਕਰਮ ਵਜੋਂ ਕਹਿ ਦਿੰਦਾ ਹੈ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਝਾਵਾਂ |
ਕਿਸ ਸਾਲੀ ਮੈਨੂੰ ਚੂੰਡੀ ਵੱਢੀ, ਉਸਨੂੰ ਕੋਲ ਬਹਾਵਾਂ |
ਇਸੇ ਪ੍ਰਸੰਗਤਾ 'ਚ ਹੀ ਲਾੜਾ ਇਹ ਬੋਲ ਵੀ ਸੁਣਾ ਦਿੰਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ |
ਉਪਰੋਂ ਤਾਂ ਤੁਸੀਂ ਮਿੱਠੀਆਂ ਜਾਪੋ, ਦਿਲੋਂ ਤੁਸੀਂ ਖੋਟੀਆਂ |
ਅਸਲ 'ਚ ਲਾੜੇ ਦੁਆਲੇ ਕੁਝ ਪਲਾਂ-ਘੜੀਆਂ ਲਈ ਜੁੜ ਬੈਠੀਆਂ ਇਹ ਔਰਤਾਂ ਸੁਚੇਤ ਰੂਪ 'ਚ ਹੀ ਹੁੰਦੀਆਂ ਹਨ | ਜਦੋਂ ਘਰ ਦੀ ਕੋਈ ਵਡੇਰੀ ਉਮਰ ਦੀ ਔਰਤ ਜਾਂ ਮਰਦ ਇਨ੍ਹਾਂ ਵੱਲ ਆ ਜਾਂਦਾ ਹੈ ਤਾਂ ਇਹ ਆਪਣੀ ਗੱਲਬਾਤ 'ਚ ਚਲ ਰਹੇ ਰੁਮਾਂਸ ਨੂੰ ਛੱਡ ਕੇ ਹੋਰ ਸੱਭਿਅਕ ਵਿਸ਼ੇ ਵੱਲ ਵੀ ਲਾੜੇ ਦੀ ਮਾਨਸਿਕਤਾ ਨੂੰ ਮੋੜ ਲੈਂਦੀਆਂ ਹਨ, ਜਿਸ ਵਿਚ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਅਤੇ ਉੱਚ ਨੈਤਿਕ-ਮੁੱਲਾਂ ਦਾ ਪ੍ਰਗਟਾਵਾ ਹੁੰਦਾ ਹੈ | ਲਾੜਾ ਵੀ ਸੁਚੇਤ ਹੋ ਜਾਂਦਾ ਹੈ ਅਤੇ ਜੋ ਚੁਸਤ ਚਲਾਕ ਹੋਵੇ, ਉਹ ਆਪਣੀ ਸੁਰ ਨੂੰ ਬਦਲ ਕੇ ਅਗਲਾ ਛੰਦ ਇਉਂ ਪੇਸ਼ ਕਰਦਾ ਨਜ਼ਰੀਂ ਪੈਂਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਾਥੀ |
ਅੱਜ ਤੋਂ ਮੈਂ ਰਹਾਂਗਾ ਤੁਹਾਡੇ, ਦੁੱਖ-ਸੁੱਖ ਦਾ ਸਾਥੀ |
ਜਾਂ ਫਿਰ ਇਉਂ ਵੀ ਆਖਦਾ ਹੈ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ |
ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰ |
ਇਸ ਤਰ੍ਹਾਂ ਵੀ ਕਹਿ ਲਿਆ ਜਾਂਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ |
ਭੈਣ ਤੁਹਾਡੀ ਨੂੰ ਇੰਜ ਰੱਖਾਂਗਾ, ਜਿਉਂ ਮੁੰਦਰੀ 'ਚ ਹੀਰਾ |
ਇਨ੍ਹਾਂ ਛੰਦ-ਪਰਾਗਿਆਂ 'ਚ ਸੱਚਮੁੱਚ ਨਵੇਂ ਰਿਸ਼ਤਿਆਂ ਦੇ ਨਿਭਾਓ ਪ੍ਰਸੰਗ ਨਾਲ ਜੁੜੇ ਹੋਏ ਸਰਬਪੱਖੀ ਸਰੋਕਾਰਾਂ ਦਾ ਬੋਧ ਹੁੰਦਾ ਹੈ | ਭਾਵੇਂ ਹੋਰ ਜਿੰਨੇ ਮਰਜ਼ੀ ਸੱਭਿਅਕ-ਨੈਤਿਕ ਜਾਂ ਸਮਾਜਿਕ ਸਰੋਕਾਰ ਇਨ੍ਹਾਂ ਰਾਹੀਂ ਪ੍ਰਗਟ ਕੀਤੇ ਜਾਂਦੇ ਹੋਣ ਪਰ ਇਸ਼ਕ-ਰੁਮਾਂਸ ਛੰਦ-ਪਰਾਗੇ ਦੀ ਜ਼ਿੰਦ-ਜਾਨ ਵਜੋਂ ਸਮੋਇਆ ਹੋਇਆ ਹੁੰਦਾ ਹੈ | ਅਜਿਹੇ ਰੰਗ ਤੋਂ ਬਿਨਾਂ ਨਾ ਛੰਦ ਸੁਣਨ ਵਾਲੀਆਂ ਨੂੰ ਅਤੇ ਨਾ ਹੀ ਛੰਦ ਸੁਣਾਉਣ ਵਾਲੇ ਨੂੰ ਤਸੱਲੀ ਆਉਂਦੀ ਹੈ | ਅਜਿਹੇ ਰਸ-ਰੰਗ ਭਰਪੂਰ ਹਾਵਾਂ, ਭਾਵਾਂ, ਉਦਗਾਰਾਂ ਅਤੇ ਕਲਪਨਾਵਾਂ ਨੂੰ ਪ੍ਰਗਟ ਕਰਦੇ ਕੁਝ ਕੁ ਛੰਦ-ਪਰਾਗੇ ਮਾਣਨ-ਹਿੱਤ ਹਾਜ਼ਰ ਹਨ...
( ੳ ) ਛੰਦ ਪਰਾਗੇ ਆਈਏ ਜਾਈਏ , ਛੰਦ ਪਰਾਗੇ ਕਿੱਲ |
ਤੁਸਾਂ ਤਾਂ ਮੰਗੀਆਂ ਕਲੀਚੜੀਆਂ, ਮੈਂ ਹਾਜ਼ਰ ਕਰਦਾਂ ਦਿਲ |
( ਅ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀ |
ਅਗਲਾ ਛੰਦ ਮੈਂ ਤਾਂ ਸੁਣਾਵਾਂ, ਪੰਜ ਸੌ ਦੇਵੇ ਸਾਲੀ |
( ੲ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁੰਮਾਂ |
ਸਭੇ ਸਾਲੀਆਂ ਸੋਹਣੀਆਂ, ਮੈਂ ਕੀਹਦਾ ਕੀਹਦਾ ਮੂੰਹ ਚੁੰਮਾ |
( ਸ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਰਾਈ |
ਇਕ ਕੁੜੀ ਤੁਹਾਡੀ ਮੈਂ ਲੈ ਜਾਸਾਂ, ਦੂਜਾ ਮੇਰਾ ਭਾਈ |
( ਹ ) ਛੰਦ ਪਰਾਗੇ ਆਈਏ ਜਾਈੇਏ, ਛੰਦ ਪਰਾਗੇ ਪਿੱਛ |
ਤੁਸੀਂ ਜਿਹਲਮ ਦੀਆਂ ਬਾਂਦਰੀਆਂ, ਮੈਂ ਪਿੰਡੀ ਦਾ ਰਿੱਛ |
( ਕ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਛੱਜ |
ਪੈਰ ਤਾਂ ਤੇਰੇ ਵੇਖ ਲਏ ਨੇ,. ਮੁੱਖੜਾ ਆਪਣਾ ਕੱਜ |
( ਖ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਹਥਿਆਰ |
ਇਕ ਨੂੰ ਅਸਾੀਂ ਲੈ ਚਲੇ, ਦੂਜੀ ਨੂੰ ਰੱਖਿਓ ਤਿਆਰ |
( ਗ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੱਬਲ |
ਸਾਂਢੂ ਜੀ ਤਾਂ ਚੰਗੇ ਭਲੇ, ਸਾਲੀ ਸਿਰੇ ਦੀ ਜੱਭਲ |
( ਘ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਢੋਲ |
ਸਾਲੀ ਤਾਂ ਮੇਰੀ ਬਾਰਾਂਤਾਲੀ, ਸਾਂਢੂ ਜੀ ਬਗਲੋਲ |
( ਙ ) ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ |
ਛੇਤੀ ਛੇਤੀ ਤੋਰੋ ਕੁੜੀ ਨੂੰ , ਹੋਰ ਨਹੀਂ ਮੈਂ ਬਹਿਣਾ |
ਪਰੰਪਰਾਇਕ ਰੂਪ ਵਿਚ ਇਹ ਮੌਕਾ ਖ਼ਤਮ ਕਰਨ ਨੂੰ , ਦੋਹਾਂ ਧਿਰਾਂ ਦਾ ਚਿੱਤ ਤਾਂ ਨਹੀਂ ਸੀ ਕਰਦਾ ਹੁੰਦਾ, ਪਰੰਤੂ ਸਮੇਂ ਨੂੰ ਵੇਖਦਿਆਂ ਜਾਂ ਹੋਰ ਰਸਮਾਂ ਦੇ ਨਿਭਾਓ ਹਿੱਤ ਜਾਂ ਇਨ੍ਹਾਂ ਛੰਦਾਂ ਦੀ ਪੇਸ਼ਕਾਰੀ 'ਚ ਅਸ਼ਲੀਲਤਾ ਨੂੰ ਰੋਕਣ ਹਿੱਤ, ਸ਼ੁੱਭ ਕਾਮਨਾ ਸਹਿਤ ਸਮਾਪਤੀ ਵੱਲ ਵਧਿਆ ਜਾਂਦਾ ਹੈ | ਚਲਾਕ-ਚੁਸਤ ਜਾਂ ਸੁੱਘੜ-ਸੁਜਾਨ ਲਾੜੇ ਤਾਂ ਅਜਿਹੇ ਛੰਦਾਂ ਨੂੰ ਪਹਿਲਾਂ ਹੀ ਤਿਆਰ ਕਰਕੇ ਆਉਂਦੇ ਹਨ | ਕੁਝ ਕੁ ਲਾੜੇ ਤਾਂ ਭਾਵੇਂ ਇਕ-ਦੋ ਰਸਮੀ ਛੰਦ ਸੁਣਾ ਕੇ ਹੀ ਇਹ ਵੀ ਕਹਿ ਕੇ ਗੱਲ ਮੁਕਾ ਦਿੰਦੇ ਹਨ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ |
ਸਤਿਗੁਰੂ ਦੀ ਅੱਜ ਕਿਰਪਾ ਹੋਈ , ਸੱਚੇ ਮੇਲ ਮਿਲਾਏ |
ਜਾਂ ਫਿਰ ਇਉਂ ਵੀ ਕਹਿਣਾ ਪੈ ਜਾਂਦਾ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡੋਲਣਾ |
ਬਾਪੂ ਜੀ ਨੇ ਕਿਹਾ ਸੀ, ਬਹੁਤਾ ਨਾਹੀਂ ਬੋਲਣਾ |
ਕਈ ਵੇਰਾਂ ਇਕੱਤਰ ਹੋਈਆਂ ਔਰਤਾਂ ਲਾੜੇ ਨੂੰ ਹੋਰ ਤੇ ਫਿਰ ਹੋਰ ਛੰਦ ਸੁਣਾਉਣ ਦੀ ਤਾਕੀਦ ਕਰਦੀਆਂ ਹਨ ਜਾਂ ਫਿਰ ਇਉਂ ਵੀ ਕਹਿ ਦਿੰਦੀਆਂ ਹਨ ਕਿ ਸਹੁਰਿਆਂ ਦੀ ਕਿਸੇ ਨਿਸ਼ਾਨੀ ਸਬੰਧੀ ਵੀ ਕੋਈ ਛੰਦ ਸੁਣਾ ਕੇ ਜਾਹ | ਇਸ ਮੌਕੇ ਕੋਈ ਸ਼ਾਇਰ ਮਨ ਹੀ ਮੌਕਾ ਸੰਭਾਲ ਸਕਦਾ ਹੈ | ਇਨ੍ਹਾਂ ਸਤਰਾਂ ਦੇ ਲੇਖਕ ਦਾ ਖੁਦ ਲਿਖਿਆ ਹੋਇਆ ਛੰਦ ਹੈ ਕਿ...
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕਾਨੀ |
ਸਹੁਰੇ ਮੇਰੇ ਕਾਦੀਆਂ, ਮਿਨਾਰੇ ਦੀ ਨਿਸ਼ਾਨੀ |
ਅੰਤਿਮ ਪੜਾਅ 'ਤੇ ਲਾੜਾ ਛੰਦਾਂ ਦਾ ਸਿਲਸਿਲਾ ਮੁਕਾਉਂਦਾ ਹੋਇਆ, ਇਸ ਤਰ੍ਹਾਂ ਕਹਿ ਕੇ ਖਲਾਸੀ ਕਰਵਾ ਲੈਂਦਾ ਰਿਹਾ ਹੈ ਕਿ-
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਦਾਤ |
ਜੇ ਵੱਧ ਘੱਟ ਬੋਲਿਆਂ ਹੋਵਾਂ, ਤਾਂ ਮੈਨੂੰ ਕਰਨਾ ਮਾਫ |
ਅਜੋਕੇ ਸਮੇਂ ਦੀਆਂ ਖਪਤਕਾਰੀ ਰੁਚੀਆਂ ਅਤੇ ਮੈਰਿਜ-ਪੈਲੇਸਾਂ ਆਦਿ ਨੇ ਪੰਜਾਬੀ ਦੇ ਇਸ ਅਮੀਰ ਵਿਰਸੇ ਨੂੰ ਨਿਗਲ ਲਿਆ ਹੈ | ਪੰਜਾਬੀ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ |

-ਏ-9, ਗਰੀਨ ਪਾਰਕ, ਚਾਹਲ ਨਗਰ, ਜੀ.ਟੀ.ਰੋਡ, ਫਗਵਾੜਾ-144401.
ਮੋਬਾਈਲ : 98142-09732.

ਮੁਗ਼ਲ ਕਾਲ ਦੀ ਸਭ ਤੋਂ ਤਾਕਤਵਰ ਮਹਿਲਾ ਸੀ ਨੂਰਜਹਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ਼ੁਰੂ-ਸ਼ੁਰੂ ਵਿਚ ਤਾਂ ਮੇਹਰ-ਉਨ-ਨਿਸਾ ਉਤੇ ਇਸ ਘਟਨਾ ਦਾ ਬਹੁਤ ਬੁਰਾ ਅਸਰ ਹੋਇਆ | ਉਸ ਨੇ ਬਹੁਤ ਸਮਾਂ ਰੋਸ ਵਜੋਂ ਬਾਦਸ਼ਾਹ ਜਹਾਂਗੀਰ ਨਾਲ ਕੋਈ ਗੱਲਬਾਤ ਨਾ ਕੀਤੀ | ਪਰ ਹੌਲੀ-ਹੌਲੀ ਮੇਹਰ-ਉਨ-ਨਿਸਾ ਵਿਚ ਤਬਦੀਲੀ ਆ ਗਈ | ਚਾਰ ਸਾਲਾਂ ਬਾਅਦ ਮੇਹਰ-ਉਨ-ਨਿਸਾ ਦੀ ਸੋਹਣੀ ਸ਼ਕਲ ਬਾਦਸ਼ਾਹ ਦੀਆਂ ਦੂਰਦਰਸ਼ੀ ਅੱਖਾਂ ਵਿਚ ਵਸ ਗਈ ਤੇ ਉਸ ਨੂੰ ਇਸ ਪ੍ਰਕਾਰ ਮੋਹਿਤ ਕਰ ਲਿਆ | 'ਮਈ 1611 ਈ: ਨੂੰ ਉਸ ਨਾਲ ਵਿਆਹ ਕਰਕੇ ਬਾਦਸ਼ਾਹ ਨੇ ਉਸ ਨੂੰ ਆਪਣੀ ਬੇਗ਼ਮ ਬਣਾ ਲਿਆ | ਬਾਦਸ਼ਾਹ ਜੋ ਆਪਣੇ-ਆਪ ਨੂੰ ਨੂਰ-ਉਦ-ਦੀਨ ਕਹਾਉਂਦਾ ਸੀ, ਨੇ ਆਪਣੀ ਨਵੀਂ ਪਤਨੀ ਨੂੰ ਨੂਰ ਮਹੱਲ (ਰਾਜ ਮਹਿਲ ਦੀ ਰੌਸ਼ਨੀ) ਦੀ ਉਪਾਧੀ ਦਿੱਤੀ | ਬਾਦਸ਼ਾਹ ਦੀਆਂ ਮਿਹਰਬਾਨੀਆਂ ਦੇ ਦਰਵਾਜ਼ੇ ਉਸ ਲਈ ਖੁੱਲ੍ਹ ਗਏ | ਬਾਦਸ਼ਾਹ ਨੇ ਛੇਤੀ ਹੀ ਨੂਰ ਮਹੱਲ ਤੋਂ ਨੂਰਜਹਾਂ (ਸੰਸਾਰ ਦੀ ਰੋਸ਼ਨੀ) ਕਰ ਦਿੱਤਾ | ਇਹ ਕਿਹਾ ਜਾਂਦਾ ਹੈ ਕਿ 'ਅਕਬਰ ਦੇ ਜੀਵਨ ਕਾਲ ਵਿਚ ਜਦੋਂ ਉਹ ਜਵਾਨ ਹੀ ਸੀ, ਉਦੋਂ ਤੋਂ ਹੀ ਜਹਾਂਗੀਰ ਮੇਹਰ-ਉਨ-ਨਿਸਾ ਨਾਲ ਪ੍ਰੇਮ ਕਰਦਾ ਸੀ ਤੇ ਉਸ ਪ੍ਰਤੀ ਜਹਾਂਗੀਰ ਦੇ ਪਿਆਰ ਕਾਰਨ ਸ਼ੇਰ ਅਫ਼ਗਾਨ ਨੂੰ ਆਪਣੇ ਜੀਵਨ ਤੋਂ ਹੱਥ ਧੋਣੇ ਪਏ | ਜਹਾਂਗੀਰ ਦਰਬਾਰ ਦੀਆਂ ਇਸਤਰੀਆਂ ਨਾਲ ਗੁੱਝੇ ਪ੍ਰੇਮ ਸਬੰਧ ਰੱਖਣ ਦੀ ਆਦਤ ਤੋਂ ਦੂਰ ਨਹੀਂ ਸੀ |
ਨੂਰਜਹਾਂ ਨੇ ਥੋੜ੍ਹੇ ਸਮੇਂ ਵਿਚ ਹੀ ਬਾਦਸ਼ਾਹ ਜਹਾਂਗੀਰ ਨੂੰ ਅਜਿਹਾ ਆਪਣੇ ਵਸ ਕੀਤਾ ਕਿ ਰਾਜ ਭਾਗ ਦੇ ਹਰ ਇਕ ਕੰਮ ਵਿਚ ਉਹ ਦਖਲ ਦੇਣ ਲੱਗ ਪਈ | ਬਾਦਸ਼ਾਹ ਤਾਂ ਆਪਣੀ ਐਸ਼ਪ੍ਰਸਤੀ ਵਿਚ ਲੱਗਾ ਰਹਿੰਦਾ ਸੀ ਤੇ ਕਿਹਾ ਕਰਦਾ ਸੀ, 'ਮੈਂ ਹਿੰਦੁਸਤਾਨ ਦੀ ਬਾਦਸ਼ਾਹਤ ਕੇਵਲ ਸ਼ਰਾਬ ਦੇ ਇਕ ਪਿਆਲੇ ਤੇ ਕਬਾਬ ਦੀ ਇਕ ਸੀਖ਼ ਬਦਲੇ ਨੂਰਜਹਾਂ ਪਾਸ ਵੇਚ ਦਿੱਤੀ ਹੈ |'
ਨੂਰਜਹਾਂ ਚੰਗੀ ਪੜ੍ਹ-ਲਿਖ ਗਈ ਸੀ | ਉਹ ਇੰਨੀ ਗਿਆਨਵਾਨ ਹੋ ਚੁੱਕੀ ਸੀ ਕਿ ਫਾਰਸੀ ਦੇ ਸ਼ਿਅਰ ਲਿਖਣ ਵਿਚ ਬੜੇ-ਬੜੇ ਆਲਮਾਂ ਨੂੰ ਮਾਤ ਪਾ ਜਾਂਦੀ ਸੀ | ਉਸ ਨੇ ਬਾਗ਼ਾਂ ਦੀ ਸ਼ੋਭਾ, ਸੰੁਦਰਤਾ ਦੀ ਉਪਮਾ ਅਤੇ ਇਸ਼ਕ ਦੇ ਵਿਸ਼ੇ ਉਤੇ ਬੜੇ ਉੱਚੇ ਖਿਆਲ ਪ੍ਰਗਟ ਕੀਤੇ | ਉਹ ਫੁੱਲਾਂ ਦੀ ਬਹੁਤ ਸ਼ੌਕੀਨ ਸੀ | ਗੁਲਾਬ ਦੇ ਅਤਰ ਦੀ ਕਾਢ ਉਸ ਨੇ ਹੀ ਕੱਢੀ ਹੈ | ਉਹ ਘੋੜੇ ਦੀ ਸਵਾਰੀ ਬਹੁਤ ਚੰਗੀ ਤਰ੍ਹਾਂ ਕਰਨਾ ਜਾਣਦੀ ਸੀ | ਉਸ ਦੇ ਚਰਿੱਤਰ ਦਾ ਸਭ ਤੋਂ ਪ੍ਰਮੁੱਖ ਲਕਸ਼ ਉਸ ਦੀਆਂ ਬੇਹੱਦ ਇਛਾਵਾਂ ਸਨ, ਜਿਸ ਕਰਕੇ ਉਸ ਨੇ ਆਪਣੇ ਪਤੀ ਉੱਪਰ ਅਤਿਅੰਤ ਪ੍ਰਭਾਵ ਪਾ ਲਿਆ ਸੀ | ਉਸ ਦੇ ਪਿਤਾ ਇਤਮਦ-ਉਦ-ਦੌਲਾ (ਗਿਆਸ ਬੇਗ) ਤੇ ਭਰਾ ਆਸਫ਼ ਖਾਂ ਦਰਬਾਰ ਦੇ ਪ੍ਰਮੁੱਖ ਸਰਦਾਰ ਬਣ ਗਏ ਅਤੇ ਉਸ ਨੇ ਆਪਣੇ ਪਹਿਲੇ ਪਤੀ ਤੋਂ ਪੈਦਾ ਹੋਈ ਪੁੱਤਰੀ ਦਾ ਵਿਆਹ ਜਹਾਂਗੀਰ ਦੇ ਛੋਟੇ ਪੁੱਤਰ ਸ਼ਹਿਜ਼ਾਦਾ ਸ਼ਹਿਰਯਾਰ ਨਾਲ ਕਰ ਦਿੱਤਾ ਤੇ ਇਸ ਤਰ੍ਹਾਂ ਆਪਣੀ ਥਾਂ ਹੋਰ ਵੀ ਮਜ਼ਬੂਤ ਬਣਾ ਲਈ |
ਮਲਿਕਾ ਨੂਰਜਹਾਂ ਰਾਜਨੀਤੀ ਦੀਆਂ ਚਾਲਾਂ ਵਿਚ ਬੜੀ ਨਿਪੰੁਨ ਸੀ | ਉਹ ਬਾਦਸ਼ਾਹ ਜਹਾਂਗੀਰ ਨੂੰ ਹਮੇਸ਼ਾ ਯੋਗ ਸਲਾਹ ਦਿੰਦੀ ਸੀ | ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖਾਂ ਦੀ ਮੌਤ 1617 ਈ: ਨੂੰ ਹੋਈ | ਉਸ ਦੀ ਮੌਤ ਪਿਛੋਂ ਡਰ ਸੀ ਕਿ ਕਿਤੇ ਲਾਹੌਰ ਵਿਚ ਰਾਜ-ਰੌਲਾ ਨਾ ਪੈ ਜਾਵੇ, ਇਸੇ ਲਈ ਜਹਾਂਗੀਰ ਨੇ ਛੇਤੀ ਹੀ ਰਾਜ ਪ੍ਰਬੰਧ ਦਾ ਕੰਮ ਨੂਰਜਹਾਂ ਦੇ ਪਿਤਾ ਇਤਮਾਦ-ਉਦ-ਦੌਲਾ (ਗਿਆਸ ਬੇਗ) ਨੂੰ ਸੌਾਪ ਦਿੱਤਾ | ਰਾਜ ਪ੍ਰਬੰਧ ਸੰਭਾਲਣ ਤੋਂ ਬਾਅਦ ਗਿਆਸ ਬੇਗ ਨੇ ਜਹਾਂਗੀਰ ਨੂੰ ਲਾਹੌਰ ਸੱਦਿਆ | ਉਸ ਦਾ ਰਸਤੇ ਵਿਚ ਹੀ ਸ਼ਾਹੀ ਸਵਾਗਤ ਕੀਤਾ ਗਿਆ | ਜਦ ਜਹਾਂਗੀਰ ਅੰਮਿ੍ਤਸਰ ਵੀ ਆਇਆ | ਜਹਾਂਗੀਰ ਨੂਰਜਹਾਂ ਸਮੇਤ ਸ੍ਰੀ ਦਰਬਾਰ ਸਾਹਿਬ ਗਿਆ ਤੇ ਅਕਾਲ ਤਖ਼ਤ 'ਤੇ ਸਜੇ ਦੀਵਾਨ ਵਿਚ ਪਹੁੰਚ ਕੇ ਨਿਮਰਤਾ ਸਹਿਤ ਬੈਠ ਗਿਆ | ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਕੁਝ ਸਮਾਂ ਕੀਰਤਨ ਵੀ ਸੁਣਦਾ ਰਿਹਾ |
ਗੁਰੂ ਜੀ ਦੀਵਾਨ ਦੀ ਸਮਾਪਤੀ ਉਪਰੰਤ ਉਸ ਨੂੰ ਮਿਲੇ | ਲਸ਼ਕਰ ਸਮੇਤ ਜਹਾਂਗੀਰ ਨੂੰ ਪਰਸ਼ਾਦ ਛਕਾਇਆ | ਜਹਾਂਗੀਰ ਨੇ ਜਦ ਰਾਜ ਖਜ਼ਾਨੇ ਵਿਚੋਂ ਖਰਚ ਦੇਣ ਲਈ ਇੱਛਾ ਪ੍ਰਗਟ ਕੀਤੀ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਇਹ ਸਭ ਸੰਗਤਾਂ ਦੀ ਵਸਤ ਹੈ, ਸੰਗਤਾਂ ਹੀ ਇਸ ਨੂੰ ਚਲਾਉਣਗੀਆਂ | ਨੂਰਜਹਾਂ ਨੇ ਮਾਤਾ ਗੰਗਾ ਜੀ ਕੋਲੋਂ ਅਸੀਸ ਦੀ ਮੰਗ ਕੀਤੀ |
ਜਹਾਂਗੀਰ ਜਦ ਸ੍ਰੀ ਅੰਮਿ੍ਤਸਰ ਤੋਂ ਲਾਹੌਰ ਪਹੁੰਚਿਆ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਜਹਾਂਗੀਰ ਨੇ ਸ਼ਾਲੀਮਾਰ ਦੇ ਵੱਡੇ ਜਸ਼ਨ ਵਿਚ ਗਿਆਸ ਬੇਗ ਨੂੰ ਵਜ਼ੀਰ-ਏ-ਆਜ਼ਮ ਨਿਯਤ ਕੀਤਾ | ਜਹਾਂਗੀਰ ਨੇ ਗਿਆਸ ਬੇਗ ਦੀ ਸਿਫਾਰਸ਼ ਉਤੇ ਹੀ ਕਾਸਮ ਨੂੰ ਲਾਹੌਰ ਦੀ ਹਕੂਮਤ ਸਪੁੱਰਦ ਕਰ ਦਿੱਤੀ | ਕਾਸਮ ਖ਼ਾਨ, ਗਿਆਸ ਬੇਗ ਦਾ ਜਵਾਈ ਸੀ | ਨੂਰਜਹਾਂ ਦੀ ਵੱਡੀ ਭੈਣ ਮਨੀਜਾ ਬੇਗਮ ਕਾਸਮ ਨਾਲ ਵਿਆਹੀ ਹੋਈ ਸੀ | ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੁੁਨੇਹਾ ਭੇਜ ਕੇ ਲਾਹੌਰ ਬੁਲਾ ਲਿਆ | ਗੁਰੂ ਸਾਹਿਬ ਲਾਹੌਰ ਪਹੁੰਚੇ ਅਤੇ ਗੁਰੂ ਸਾਹਿਬ ਨੇ ਆਪਣਾ ਕੈਂਪ ਮੁਜੰਗ ਹੀ ਰੱਖਿਆ | ਜਹਾਂਗੀਰ ਤੇ ਗੁਰੂ ਪਾਤਸ਼ਾਹ ਦੀਆਂ ਕਈ ਮਿਲਣੀਆਂ ਹੋਈਆਂ | ਨੂਰਜਹਾਂ ਵੀ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈ | ਗੁਰੂ ਪਾਤਸ਼ਾਹ ਨੇ ਕਿਹਾ, 'ਜਿਸ ਖ਼ੁਦਾ ਨੇ ਸੰੁਦਰਤਾ ਤੇ ਹੋਰ ਔਸਾਫ਼ ਬਖ਼ਸ਼ੇ ਹਨ, ਉਸ ਨੂੰ ਹਮੇਸ਼ਾ ਯਾਦ ਰੱਖਣਾ ਹੀ ਮਜ਼੍ਹਬ ਹੈ | ਯਾਦ-ਏ-ਇਲਾਹੀ ਵਿਚ ਲੱਗੇ ਰਹਿਣਾ ਅਤੇ ਖ਼ਾਵੰਦ ਦੀ ਵਫ਼ਾਦਾਰ ਇਸਤਰੀ ਹੋਣਾ ਹੀ ਜੰਨਤ ਦਾ ਅਧਿਕਾਰੀ ਬਣਾਉਂਦਾ ਹੈ | ਖ਼ੁਦਾ ਦਾ ਡਰ ਤੇ ਗੁਨਾਹਾਂ ਤੋਂ ਪ੍ਰਹੇਜ਼ ਹੀ ਧਰਮ ਦੇ ਜ਼ਰੂਰੀ ਅੰਗ ਹਨ |' ਜਹਾਂਗੀਰ ਨੇ ਵੀ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਮਨ ਕਾਬੂ ਕਿਸ ਤਰ੍ਹਾਂ ਰੱਖਦੇ ਹੋ | ਗੁਰੂ ਸਾਹਿਬ ਨੇ ਕਿਹਾ ਕਿ ਮੌਤ ਨੂੰ ਹਰ ਸਮੇਂ ਯਾਦ ਰੱਖਣ ਤੇ ਅੱਲ੍ਹਾ ਦੀ ਯਾਦ ਦਿਲੋਂ ਨਾ ਵਿਸਾਰਨ ਨਾਲ ਮਨ ਕਾਬੂ 'ਚ ਰਹਿੰਦਾ ਹੈ | ਗੁਰੂ ਸਾਹਿਬ ਕੁਝ ਦਿਨ ਉਥੇ ਰਹੇ ਅਤੇ ਫਿਰ ਅੰਮਿ੍ਤਸਰ ਆ ਗਏ ਅਤੇ ਫਿਰ ਦੁਆਬੇ ਵੱਲ ਚਲੇ ਗਏ | ਜਹਾਂਗੀਰ ਜਸ਼ਨ ਤੋਂ ਵਿਹਲਾ ਹੋ ਕੇ ਕੁਝ ਮਹੀਨੇ ਲਾਹੌਰ ਹੀ ਟਿਕਿਆ ਰਿਹਾ ਤੇ 1620 ਈ: ਦੀਆਂ ਗਰਮੀਆਂ ਦੇ ਆਰੰਭ ਹੋਣ ਉਤੇ ਹੀ ਪਹਿਲੀ ਵਾਰ ਨੂਰਜਹਾਂ ਨੂੰ ਨਾਲ ਲੈ ਕੇ ਕਸ਼ਮੀਰ ਚਲਾ ਗਿਆ |
ਮਲਿਕਾ ਨੂਰਜਹਾਂ, ਸ਼ਹਿਜ਼ਾਦਾ ਖੁਰਮ ਜੋ ਬਾਅਦ ਵਿਚ ਸ਼ਾਹਜਹਾਨ ਬਣਿਆ ਦੇ ਵਿਰੁੱਧ ਸੀ, ਕਿਉਂਕਿ ਉਹ ਜਹਾਂਗੀਰ ਪਿਛੋਂ ਸ਼ਹਿਜ਼ਾਦਾ ਸ਼ਹਿਰਯਾਰ ਨੂੰ ਬਾਦਸ਼ਾਹ ਬਣਾਉਣਾ ਚਾਹੁੰਦੀ ਸੀ ਕਿਉਂਕਿ ਨੂਰਜਹਾਂ ਦੀ ਲੜਕੀ (ਸ਼ੇਰ ਅਫ਼ਗਾਨ ਦੀ ਬੇਟੀ) ਸ਼ਹਿਰਯਾਰ ਨੂੰ ਵਿਆਹੀ ਹੋਈ ਸੀ | ਇਸ ਗੱਲ ਵਿਚ ਮਹਾਬਤ ਖ਼ਾਨ ਵਰਗੇ ਜਰਨੈਲ ਅਤੇ ਅਮੀਰ ਸ਼ਹਿਜ਼ਾਦਾ ਖੁਰਮ ਦੇ ਪੱਖੀ ਸਨ | ਨੂਰਜਹਾਂ ਦੀ ਪ੍ਰੇਰਨਾ 'ਤੇ ਬਾਦਸ਼ਾਹ ਜਹਾਂਗੀਰ ਨੇ ਮਹਾਬਤ ਖ਼ਾਨ ਨੂੰ ਇਕ ਦੋਸ਼ ਵਿਚ ਸਫਾਈ ਪੇਸ਼ ਕਰਨ ਲਈ ਬੁਲਾ ਭੇਜਿਆ | ਉਹ ਆਪਣੇ ਨਾਲ ਪੰਜ ਹਜ਼ਾਰ ਹਥਿਆਰਬੰਦ ਰਾਜਪੂਤ ਲੈ ਕੇ ਹਾਜ਼ਰ ਹੋ ਗਿਆ | ਬਾਦਸ਼ਾਹ ਦਾ ਡੇਰਾ ਉਸ ਸਮੇਂ ਦਰਿਆ ਜਿਹਲਮ ਦੇ ਕੋਲ ਸੀ | ਮਹਾਬਤ ਖ਼ਾਨ ਨੇ ਅਜਿਹੀ ਚਾਲ ਚੱਲੀ ਕਿ ਮਲਕਾ ਨੂਰਜਹਾਂ ਨੂੰ ਬਾਦਸ਼ਾਹ ਜਹਾਂਗੀਰ ਨਾਲੋਂ ਨਿਖੇੜ ਦਿੱਤਾ ਅਤੇ ਸ਼ਾਹੀ ਕੈਂਪ ਦੇ ਦੁਆਲੇ ਆਪਣੀ ਫ਼ੌਜ ਨਾਲ ਘੇਰਾ ਪਾ ਲਿਆ | ਬਾਦਸ਼ਾਹ ਜਹਾਂਗੀਰ ਨੂੰ ਘੇਰੇ ਵਿਚ ਵੇਖ ਕੇ ਮਲਿਕਾ ਨੂਰਜਹਾਂ ਨੇ ਅਕਲ ਅਤੇ ਪ੍ਰਬੀਨਤਾ ਤੋਂ ਕੰਮ ਲਿਆ ਅਤੇ ਇਕ ਟੇਢੀ ਰਾਜਸੀ ਚਾਲ ਚੱਲ ਕੇ ਬਾਦਸ਼ਾਹ ਜਹਾਂਗੀਰ ਨੂੰ ਮਹਾਬਤ ਖ਼ਾਨ ਦੇ ਪੰਜੇ ਵਿਚੋਂ ਸਾਫ਼ ਬਚਾ ਕੇ ਲੈ ਗਈ | ਉਥੇ ਹੀ ਜਹਾਂਗੀਰ ਨੂੰ ਜੋੜਾਂ ਦੀ ਸਖ਼ਤ ਪੀੜ ਹੋਈ | ਬਾਦਸ਼ਾਹ ਦਖਣ ਵੱਲ ਜਾਣ ਲਈ ਤਿਆਰ ਸੀ ਪਰ ਸਿਹਤ ਏਨੀ ਜ਼ਿਆਦਾ ਵਿਗੜ ਚੁੱਕੀ ਸੀ ਕਿ ਉਧਰ ਨਾ ਜਾ ਸਕਿਆ | ਇਥੋਂ ਜਹਾਂਗੀਰ ਫਿਰ ਕਸ਼ਮੀਰ ਹੀ ਚਲਾ ਗਿਆ | ਜਹਾਂਗੀਰ ਘੋੜੇ ਉਤੇ ਸਵਾਰ ਨਹੀਂ ਸੀ ਹੋ ਸਕਦਾ ਤੇ ਪਾਲਕੀ ਵਿਚ ਹੀ ਇਧਰ-ਉਧਰ ਜਾਂਦਾ ਸੀ | ਜਹਾਂਗੀਰ 1627 ਈ: ਦੀ ਸਰਦੀ ਦੇ ਆਰੰਭ ਵਿਚ ਲਾਹੌਰ ਵਾਪਸ ਚਲਾ ਗਿਆ | ਰਸਤੇ ਵਿਚ ਉਸ ਨੂੰ ਬਹਿਰਾਮ ਗਲਾ ਦੇ ਅਸਥਾਨ ਉਤੇ ਸ਼ਿਕਾਰ ਦਾ ਸ਼ੌਕ ਜਾਗਿਆ | ਸ਼ਿਕਾਰ ਸਮੇਂ ਇਕ ਐਸੀ ਦੁਰਘਟਨਾ ਹੋ ਗਈ ਕਿ ਬਾਦਸ਼ਾਹ ਬੇਚੈਨ ਹੋ ਗਿਆ | ਇਕ ਨੌਜਵਾਨ ਜੋ ਸ਼ਿਕਾਰ ਨੂੰ ਘੇਰ ਕੇ ਨਿਸ਼ਾਨੇ ਦੇ ਸਾਹਮਣੇ ਲਿਆਉਂਦਾ ਸੀ, ਇਕ ਉੱਚੀ ਚੱਟਾਨ ਤੋਂ ਡਿੱਗ ਕੇ ਚਕਨਾ ਚੂਰ ਹੋ ਗਿਆ | ਉਸ ਨੌਜਵਾਨ ਦੀ ਚੀਕ ਨੇ ਜਹਾਂਗੀਰ ਨੂੰ ਬੇਹਾਲ ਕਰ ਦਿੱਤਾ | 'ਇਕਬਾਲਨਾਮਾ' ਦਾ ਲਿਖਾਰੀ ਲਿਖਦਾ ਹੈ ਕਿ ਜਦ ਸ਼ਰਾਬ ਦਾ ਗਿਲਾਸ ਆਇਆ ਤਾਂ ਜਹਾਂਗੀਰ ਪੀ ਨਾ ਸਕਿਆ | ਰਾਤਾਂ ਨੂੰ ਘਬਰਾਹਟ ਵਧਣ ਲੱਗੀ | ਰਾਜੌਰੀ ਪੁੱਜ ਕੇ ਜਹਾਂਗੀਰ ਦੀ ਹਾਲਤ ਵਿਗੜਨ ਲੱਗੀ ਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ | ਚੰਗੇਜ਼ ਹੱਟੀ ਭਿੰਬਰ ਦੇ ਕਿਨਾਰੇ 8 ਨਵੰਬਰ, 1627 ਈ: ਨੂੰ ਸਵੇਰ ਦੇ ਸਮੇਂ ਜਹਾਂਗੀਰ ਦਾ ਦਿਹਾਂਤ ਹੋ ਗਿਆ | ਨੂਰਜਹਾਂ ਉਸ ਦੇ ਮਿ੍ਤਕ ਸਰੀਰ ਨੂੰ ਲਾਹੌਰ ਲੈ ਗਈ ਅਤੇ ਰਾਵੀ ਦੇ ਕਿਨਾਰੇ ਸ਼ਾਹਦਰਾ ਵਿਖੇ, ਜਿਥੇ ਜਹਾਂਗੀਰ ਦਾ ਆਪਣਾ ਮਕਬਰਾ ਬਣਿਆ ਹੋਇਆ ਸੀ, ਦਫਨਾ ਦਿੱਤਾ | ਜਹਾਂਗੀਰ ਦੀ ਮੌਤ ਨਾਲ ਫਿਰ ਤਖ਼ਤ ਨਸ਼ੀਨੀ ਦੀ ਜੰਗ ਸ਼ੁਰੂ ਹੋ ਗਈ |
ਮਹਾਬਤ ਖ਼ਾਨ ਹਥੋਂ ਹਾਰ ਕੇ ਸ਼ਾਹਜਹਾਨ ਦੱਖਣ ਵੱਲ ਭੱਜ ਗਿਆ ਅਤੇ ਜਹਾਂਗੀਰ ਦੀ ਮੌਤ ਸਮੇਂ ਵੀ ਉਹ ਦੱਖਣ ਵਿਚ ਸੀ | ਮੁਮਤਾਜ ਮਹਲ ਜੋ ਨੂਰਜਹਾਂ ਦੀ ਭਤੀਜੀ ਅਤੇ ਆਸਿਫ਼ ਖ਼ਾਨ ਦੀ ਬੇਟੀ ਸੀ, ਉਸ ਸਮੇਂ ਆਸਿਫ ਖ਼ਾਨ ਸ਼ਾਹੀ ਲਸ਼ਕਰ ਦੇ ਨਾਲ ਸੀ | ਨੂਰਜਹਾਂ ਦੀ ਸਾਰੀ ਕੋਸ਼ਿਸ਼ ਸ਼ਹਰਯਾਰ ਨੂੰ ਤਖ਼ਤ ਦਾ ਮਾਲਕ ਬਣਾਉਣ ਦੀ ਸੀ | ਸ਼ਹਰਯਾਰ ਨੂਰਜਹਾਂ ਦਾ ਜਵਾਈ ਸੀ ਤੇ ਉਸ ਦੀ ਲੜਕੀ ਲਾਡਲੀ ਬੇਗਮ ਜੋ ਸ਼ੇਰ ਅਫ਼ਗਾਨ ਤੋਂ ਸੀ, ਨਾਲ ਵਿਆਹਿਆ ਹੋਇਆ ਸੀ | ਨੂਰਜਹਾਂ ਨੇ ਕਈ ਵਾਰ ਆਪਣੇ ਭਰਾ ਆਸਿਫ਼ ਖ਼ਾਨ ਨੂੰ ਮਿਲਣ ਲਈ ਬੁਲਾਇਆ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਰਿਹਾ |
ਸ਼ਹਰਯਾਰ ਉਸ ਸਮੇਂ ਲਾਹੌਰ ਵਿਚ ਸੀ ਤੇ ਜਹਾਂਗੀਰ ਦੀ ਮੌਤ ਸੁਣ ਕੇ ਲਾਡਲੀ ਬੇਗਮ ਨਾਲ ਸਲਾਹ ਕਰਕੇ ਉਸ ਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ | ਸ਼ਾਹੀ ਖਜ਼ਾਨੇ ਉਤੇ ਕਬਜ਼ਾ ਵੀ ਕਰ ਲਿਆ | ਫ਼ੌਜ ਨੂੰ ਆਪਣੇ ਵੱਲ ਕਰਨ ਲਈ ਦੌਲਤ ਜੁਟਾਉਣੀ ਆਰੰਭ ਕਰ ਦਿੱਤੀ | ਇਕ ਹਫ਼ਤੇ ਵਿਚ ਹੀ ਸੱਤਰ ਲੱਖ ਰੁਪਿਆ ਉਸ ਨੇ ਖਰਚ ਕਰ ਦਿੱਤਾ | ਸ਼ਹਰਯਾਰ ਨੇ ਮਿਰਜ਼ਾ ਬਾਇਸਤਗਾਰ ਜੋ ਜਹਾਂਗੀਰ ਦਾ ਭਤੀਜਾ ਸੀ, ਨੂੰ ਸਿਪਾਹ-ਸਲਾਰ ਨਿਯੁਕਤ ਕਰ ਦਿੱਤਾ | ਆਸਿਫ਼ ਖ਼ਾਨ ਨੂੰ ਸਾਰੀਆਂ ਖ਼ਬਰਾਂ ਪਹੁੰਚ ਰਹੀਆਂ ਸਨ | ਆਸਿਫ਼ ਖ਼ਾਨ, ਦਾਵਰ ਬਖ਼ਸ਼ ਨਾਲ ਲਾਹੌਰ ਵੱਲ ਲਸ਼ਕਰ ਲੈ ਕੇ ਵਧ ਰਿਹਾ ਸੀ | ਸ਼ਹਰਯਾਰ ਦੀਆਂ ਫ਼ੌਜਾਂ ਹਾਰ ਗਈਆਂ ਤੇ ਉਹ ਲਾਹੌਰ ਕਿਲ੍ਹੇ ਵਿਚ ਲੁਕ ਗਿਆ | ਦੂਜੇ ਦਿਨ ਆਸਿਫ਼ ਖ਼ਾਨ ਨੇ ਕਿਲ੍ਹੇ ਨੂੰ ਘੇਰ ਲਿਆ ਅਤੇ ਸ਼ਹਰਯਾਰ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਨੇ ਜ਼ਨਾਨਾ ਕੱਪੜੇ ਪਾਏ ਹੋਏ ਸਨ | ਸ਼ਹਿਰ ਯਾਰ ਨੂੰ ਪਹਿਲਾਂ ਨਜ਼ਰਬੰਦ ਕਰਨ ਦਾ ਹੁਕਮ ਤੇ ਫਿਰ ਅੰਨ੍ਹਾ ਕਰਨ ਦਾ ਹੁਕਮ ਦਿੱਤਾ ਗਿਆ | ਆਸਿਫ ਖ਼ਾਨ ਅੰਦਰੋ-ਅੰਦਰ ਲਾਹੌਰ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਸ਼ਾਹ ਜਹਾਨ ਤੱਕ ਪਹੁੰਚਾ ਰਿਹਾ ਸੀ | ਸ਼ਾਹਜਹਾਨ 2 ਦਸੰਬਰ, 1627 ਈ: ਨੂੰ ਆਗਰੇ ਵੱਲ ਚਲ ਪਿਆ ਤੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ | ਸ਼ਾਹਜਹਾਨ ਨੇ ਆਪਣੇ ਵਿਰੋਧੀਆਂ ਨੂੰ ਵਾਰੀ-ਵਾਰੀ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਨੂਰਜਹਾਂ ਨੂੰ ਪੂਰੀ ਤਰ੍ਹਾਂ ਨਜ਼ਰਬੰਦ ਕਰ ਲਿਆ ਗਿਆ | ਨੂਰਜਹਾਂ, ਜਹਾਂਗੀਰ ਦੇ ਮਰਨ ਤੋਂ ਬਾਅਦ ਅਠਾਰਾਂ ਸਾਲ ਹੋਰ ਜਿਊਾਦੀ ਰਹੀ |
ਨੂਰਜਹਾਂ ਦਾ ਦਿਹਾਂਤ 1645 ਈ: ਨੂੰ ਹੋਇਆ | ਨੂਰਜਹਾਂ ਦਾ ਮਕਬਰਾ ਲਾਹੌਰ ਵਿਖੇ ਬਣਿਆ ਹੋਇਆ ਹੈ | ਪਰ ਉਹ ਨੂਰਜਹਾਂ ਜਿਸ ਦਾ ਦਬਦਬਾ ਹਿੰਦੁਸਤਾਨ ਵਿਚ ਮੰਨਿਆ ਜਾਂਦਾ ਸੀ ਤੇ ਜਿਸ ਦੇ ਹੱਥਾਂ ਵਿਚ ਦੇਸ਼ ਦੀ ਵਾਗਡੋਰ ਸੀ, ਅੱਜ ਉਸ ਦੀ ਮੜ੍ਹੀ ਬੇਰੌਣਕ ਹਾਲਤ ਵਿਚ ਪਈ ਹੋਈ ਹੈ | ਨੂਰਜਹਾਂ ਦੇ ਕਹਿਣ ਅਨੁਸਾਰ ਉਸ ਮਕਬਰੇ ਉੱਪਰ ਲਿਖਿਆ ਗਿਆ ਸੀ:
'ਬਰ ਮਜ਼ਾਰਿ ਮਾ ਗ਼ਰੀਬਾਂ ਨੈ ਚਿਰਾਗ਼ੇ ਨੈ ਗੁਲੇ
ਨੈ ਪਰੇ ਪਰਵਾਨਾ ਸੋਜ਼ਦ ਨੈ ਸਦਾਏ ਬੁਲਬੁਲੇ |'
ਨੂਰਜਹਾਂ ਦਾ ਕਹਿਣਾ ਸੀ ਕਿ ਸਾਡੀ ਗ਼ਰੀਬਾਂ ਦੀ ਕਬਰ ਉਤੇ ਨਾ ਤਾਂ ਕੋਈ ਦੀਵਾ ਜਗਾਵੇ ਤੇ ਨਾ ਹੀ ਕੋਈ ਫੁੱਲ ਚੜ੍ਹਾਏ ਤਾਂ ਜੋ ਪਤੰਗਾ ਆਪਣੇ ਖੰਭ ਨਾ ਸਾੜੇ ਤੇ ਬੁਲਬੁਲ ਆਪਣੇ ਰੋਣੇ ਨਾ ਰੋਵੇ |

(ਸਮਾਪਤ)
-ਬਠਿੰਡਾ |
ਮੋਬਾਈਲ : 98155-33725.

ਲਖਨਊ ਦੀਆਂ ਵੇਖਣ ਯੋਗ ਇਤਿਹਾਸਕ ਥਾਵਾਂ

ਲਖਨਊ ਦੇ ਸੁਨਹਿਰੇ ਦਿਨਾਂ ਦੀ ਯਾਦ ਕਰਾਉਣ ਵਾਲੀ ਸਭ ਤੋਂ ਯਾਦਗਾਰੀ ਥਾਂ, ਲਖਨਊ ਦਾ ਭੁਲ-ਭੁਲੱਈਆ ਹੈ, ਜਿਸ ਨੂੰ ਬੜਾ ਇਮਾਮਬਾੜਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਭੁਲ-ਭੁਲੱਈਆ ਦਾ ਨਿਰਮਾਣ ਲਖਨਊ ਦੇ ਨਵਾਬ ਆਸਿਫ-ਉਦ-ਦੌਲਾ ਨੇ 1784 ਵਿਚ ਕਰਵਾਇਆ ਸੀ। ਲਖਨਊ ਦੀ ਜਗਤ ਪ੍ਰਸਿੱਧ ਇਸ ਇਮਾਰਤ ਨੇ 1857 ਦਾ ਗ਼ਦਰ ਵੀ ਵੇਖਿਆ ਅਤੇ ਹੋਰ ਪ੍ਰਸਿੱਧ ਘਟਨਾਵਾਂ ਵੀ। ਇਹ ਇਮਾਰਤ ਮੁਗ਼ਲੀ ਵਸਤੂ ਕਲਾ ਅਤੇ ਇਮਾਰਤਸਾਜੀ ਦਾ ਵਿਲੱਖਣ ਨਮੂਨਾ ਹੈ। ਇਸ ਤੋਂ ਬਿਨਾਂ ਲਖਨਊ ਦਾ ਕੇਸਰ ਬਾਗ਼ ਮਹੱਲ ਭਵਨ ਸਮੂਹ, ਰੂਮੀ ਦਰਵਾਜ਼ਾ, ਚੌਕ ਬਾਜ਼ਾਰ ਅਤੇ ਛਤਰ ਮੰਜ਼ਿਲ ਦੇਖਣ ਬਿਨਾਂ ਲਖਨਊ ਦੀ ਫੇਰੀ ਅਧੂਰੀ ਮੰਨੀ ਜਾਂਦੀ ਹੈ।
ਬੇਗਮ ਹਜ਼ਰਤ ਮਹੱਲ ਪਾਰਕ
ਅਵਧ ਦੀ ਰਾਣੀ ਬੇਗਮ ਹਜ਼ਰਤ ਮਹੱਲ ਦੀ ਯਾਦ ਵਿਚ ਬਣਾਇਆ ਗਿਆ ਬੇਗਮ ਹਜ਼ਰਤ ਮਹੱਲ ਪਾਰਕ, ਲਖਨਊ ਦੇ ਧੁਰ ਅੰਦਰ ਬਣਿਆ ਹੋਇਆ ਹੈ। 1857 ਦੇ ਗ਼ਦਰੀਆਂ ਦੀ ਯਾਦ ਨੂੰ ਸਮਰਪਿਤ ਇਸ ਪਾਰਕ ਵਿਚਲਾ ਸੁੰਦਰ ਬਾਗ਼ ਅਤੇ ਆਜ਼ਾਦੀ ਸੰਗਰਾਮੀਆਂ ਦਾ ਸਤੰਭ ਭਾਰਤ ਸਰਕਾਰ ਵਲੋਂ ਬਣਾਇਆ ਗਿਆ ਸੀ। ਹੁਣ ਇਹ ਥਾਂ ਜੋੜਿਆਂ ਦੀ ਚਾਹਤ ਵਾਲਾ ਪਾਰਕ ਹੈ। ਇਹ ਪਾਰਕ ਸੁੰਦਰ ਦਰੱਖਤਾਂ, ਫੁਹਾਰਿਆਂ ਅਤੇ ਵੰਨ-ਸੁਵੰਨੇ ਪੱਥਰਾਂ ਦੇ ਰਸਤਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਇਸ ਪਾਰਕ ਵਿਚ ਹਰਿਆਵਲ ਇੰਨੀ ਹੈ ਕਿ ਮਨ ਆਪ-ਮੁਹਾਰੇ ਇਸ ਪਾਰਕ ਵੱਲ ਰੁਖ਼ ਕਰਦਾ ਹੈ ਅਤੇ ਘੰਟਿਆਂਬੱਧੀ ਇਥੇ ਰੁਕਣ ਲਈ ਸੈਲਾਨੀਆਂ ਨੂੰ ਉਤਸ਼ਾਹਿਤ ਕਰਦਾ ਹੈ।
ਰੂਮੀ ਦਰਵਾਜ਼ਾ
ਬਿਹਤਰੀਨ ਅਵਧੀ ਵਸਤੂਕਲਾ ਅਤੇ ਇਮਾਰਤੀ ਚਿੱਤਰਕਾਰੀ ਦੀ ਉਦਾਹਰਨ ਹੈ 60 ਫੁੱਟ ਲੰਬਾ ਗੇਟਵੇ, ਰੂਮੀ ਦਰਵਾਜ਼ਾ। ਇਹ ਰੂਮੀ ਦਰਵਾਜ਼ਾ, ਲਖਨਊ ਦੀਆਂ ਪ੍ਰਸਿੱਧ ਇਤਿਹਾਸਕ ਥਾਵਾਂ ਬੜਾ ਇਮਾਮਵਾੜਾ ਅਤੇ ਛੋਟਾ ਇਮਾਮਵਾੜਾ ਦੇ ਨਜ਼ਦੀਕ ਹੈ। ਜਿਵੇਂ ਦਿੱਲੀ ਦਾ ਇੰਡੀਆ ਗੇਟ ਮਸ਼ਹੂਰ ਅਤੇ ਮੁੰਬਈ ਦਾ ਗੇਟ ਵੇ ਆਫ ਇੰਡੀਆ ਮਸ਼ਹੂਰ ਹਨ, ਇਵੇਂ ਲਖਨਊ ਦਾ ਰੂਮੀ ਦਰਵਾਜ਼ਾ ਹੈ। ਇਹ ਦਰਵਾਜ਼ਾ 18ਵੀਂ ਸਦੀ ਵਿਚ ਬਣਾਇਆ ਗਿਆ ਸੀ। ਇਸ ਦਰਵਾਜ਼ੇ ਨੂੰ ਤੁਰਕਿਸ਼ ਗੇਟ ਵੀ ਕਿਹਾ ਜਾਂਦਾ ਹੈ। ਇਸ ਗੇਟ ਦੇ ਉਪਰਲੇ ਪਾਸਿਓਂ ਲਖਨਊ ਸ਼ਹਿਰ ਦੇ ਵੱਖੋ-ਵੱਖਰੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ, ਭਾਵੇਂ ਕਿ ਇਸ ਗੇਟ ਦੇ ਧੁਰ ਸਿਖ਼ਰ 'ਤੇ ਜਾਣਾ ਸਰਕਾਰ ਵਲੋਂ ਮਨ੍ਹਾਂ ਕੀਤਾ ਹੋਇਆ ਹੈ।
ਕੇਸਰ ਬਾਗ਼ ਮਹੱਲ ਭਵਨ ਸਮੂਹ
ਸ਼ਾਹੀ ਸ਼ਹਿਰ ਲਖਨਊ 'ਚ ਵਸਤੂ ਕਲਾ ਦਾ ਨਮੂਨਾ ਹੈ ਕੇਸਰ ਬਾਗ਼ ਮਹੱਲ ਭਵਨ ਸਮੂਹ। ਸੈਲਾਨੀਆਂ ਦੀ ਖਿੱਚ ਦਾ ਕੇਂਦਰ ਇਹ ਸਮੂਹ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੇ 1848 ਅਤੇ 1850 ਦੇ ਵਿਚਕਾਰ ਬਣਾਇਆ ਸੀ। 1857 ਦੇ ਗ਼ਦਰ ਵੇਲੇ ਇਹ ਮਹੱਲ ਬੇਗਮ ਹਜ਼ਰਤ ਮਹੱਲ ਦੀਆਂ ਸਰਗਰਮੀਆਂ ਦਾ ਕੇਂਦਰ ਰਿਹਾ। 1857 ਦੇ ਗ਼ਦਰ ਵੇਲੇ ਅੰਗਰੇਜ਼ਾਂ ਨੇ ਇਸ ਮਹੱਲ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ। ਭਾਵੇਂ ਇਹ ਮਹੱਲ ਦੀ ਹਾਲਤ ਹੁਣ ਬਹੁਤੀ ਚੰਗੀ ਨਹੀਂ, ਪਰ ਸੈਲਾਨੀ ਫਿਰ ਵੀ ਇਹ ਯਾਦਗਾਰੀ ਥਾਂ ਦੇਖਣਾ ਨਹੀਂ ਭੁਲਦੇ। ਇਸੇ ਭਵਨ ਸਮੂਹ ਵਿਚ ਅਵਧ ਦੇ ਨਵਾਬ ਸਾਦਾਤ ਅਲੀ ਖਾਨ ਅਤੇ ਉਸ ਦੀ ਪਤਨੀ ਖੁਰਸ਼ੀਦ ਜ਼ਾਦੀ ਦੀਆਂ ਕਬਰਾਂ ਹਨ। ਇਹ ਯਾਦਗਾਰਾਂ ਜਿਸ ਢੰਗ ਨਾਲ ਬਣਾਈਆਂ ਗਈਆਂ ਹਨ, ਉਹ ਅਵਧੀ ਵਸਤੂ ਕਲਾ ਦੀ ਮੂੰਹ-ਬੋਲਦੀ ਤਸਵੀਰ ਹਨ ਅਤੇ ਲਖਨਊ ਸ਼ਹਿਰ ਦੀ ਦਿੱਖ ਨਿਖਾਰਨ ਵਾਲੀਆਂ ਹਨ।
ਜਾਮਾ ਮਸਜਿਦ
ਬਿਲਕੁਲ ਦੁੱਧ ਚਿੱਟੇ ਪੱਥਰ ਨਾਲ ਬਣਾਈ ਗਈ ਲਖਨਊ ਦੀ ਜਾਮਾ ਮਸਜਿਦ ਨੂੰ ਭਾਰਤ ਦੀਆਂ ਸਭ ਤੋਂ ਸੁੰਦਰ ਮਸਜਿਦਾਂ ਵਿਚ ਗਿਣਿਆ ਜਾਂਦਾ ਹੈ। 15ਵੀਂ ਸਦੀ ਵਿਚ ਇਹ ਮਸਜਿਦ ਬਣਾਈ ਗਈ ਅਤੇ ਇਸ ਇਮਾਰਤ ਦੀਆਂ ਕੰਧਾਂ ਉਤੇ ਸੁੰਦਰ ਚਿੱਤਰਕਾਰੀ ਕੀਤੀ ਗਈ। ਇਸ ਮਸਜਿਦ ਦੇ 260 ਸਤੰਭ ਹਨ ਅਤੇ 15 ਗੁੰਬਦ ਹਨ, ਜਿਹਨਾ ਉਤੇ ਪੱਥਰ ਲਗਾਇਆ ਗਿਆ ਹੈ। ਇਸ ਮਸਜਿਦ ਵਿਚ ਹੁਣ ਵੀ ਰੋਜ਼ਾਨਾ ਨਮਾਜ਼ ਪੜ੍ਹੀ ਜਾਂਦੀ ਹੈ ਅਤੇ ਈਦ-ਉਲ-ਜ਼ੂਹਾ ਅਤੇ ਈਦ-ਉਲ-ਫਿਤਰ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਏ ਜਾਂਦੇ ਹਨ। ਇਹ ਮਸਜਿਦ ਛੋਟਾ ਇਮਾਮਬਾੜਾ ਦੇ ਉਤਰ-ਪੱਛਮ ਵੱਲ ਸਥਿਤ ਹੈ ਅਤੇ ਨਵਾਬਾਂ ਦੇ ਸ਼ਹਿਰ ਲਖਨਊ ਦੀ ਇਕ ਵੇਖਣ ਯੋਗ ਥਾਂ ਹੈ।
ਛਤਰ ਮੰਜ਼ਿਲ
ਗੋਮਤੀ ਦਰਿਆ ਦੇ ਕੰਡੇ ਛਤਰ ਮੰਜ਼ਿਲ ਬਣੀ ਹੋਈ ਹੈ, ਜਿਹੜੀ ਛਤਰੀ ਮਹੱਲ ਵਜੋਂ ਮਸ਼ਹੂਰ ਹੈ। ਇਹ ਇਮਾਰਤ ਨਵਾਬ ਗਾਜ਼ੀ-ਓ-ਦੀਨ ਹੈਦਰ ਨੇ ਬਣਵਾਉਣੀ ਸ਼ੁਰੂ ਕਰਵਾਈ ਪਰ ਉਸ ਦੇ ਪੁੱਤਰ ਨਵਾਬ ਨਸੀਰ-ਓ-ਦੀਨ ਹੈਦਰ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੂਰੀ ਕਰਵਾਈ। ਇਹ ਇਮਾਰਤ ਭਾਰਤੀ-ਯੂਰਪੀ ਵਸਤੂ ਕਲਾ ਦਾ ਰਲਵਾਂ ਨਮੂਨਾ ਹੈ। ਇਸ ਇਮਾਰਤ ਦੀ ਦੇਖਣ ਯੋਗ ਚੀਜ਼ ਇਸ ਦੇ ਬਣਾਏ ਛਤਰੀਨੁਮਾ ਗੁੰਬਦ ਹਨ। ਇਸੇ ਕਰਕੇ ਇਸ ਨੂੰ ਛਤਰ ਮੰਜ਼ਿਲ ਦਾ ਨਾਂਅ ਦਿੱਤਾ ਗਿਆ ਹੈ। 1857 ਦੇ ਗ਼ਦਰ ਵੇਲੇ ਛਤਰ ਮਹੱਲ ਗ਼ਦਰੀਆਂ ਦੀ ਠਹਿਰ ਦਾ ਵਿਸ਼ੇਸ਼ ਕੇਂਦਰ ਰਿਹਾ। ਇਸ ਵੇਲੇ ਇਸ ਇਮਾਰਤ ਵਿਚ ਸੈਂਟਰਲ ਡਰੱਗ ਰਿਸਰਚ ਇੰਸਟੀਚਿਊਟ (ਸੀ ਡੀ ਆਰ ਆਈ) ਦਾ ਦਫਤਰ ਹੈ।
ਲਾ-ਮਾਰਟਿਨ ਸਾਹਿਬ ਦੀ ਕੋਠੀ
ਲਾ-ਮਾਰਟਿਨੇਰੇ ਕਾਲਜ ਲਖਨਊ ਦਾ ਇਕ ਬਹੁਤ ਮਿਆਰੀ ਅਦਾਰਾ ਹੈ, ਜੋ ਨਾ ਸਿਰਫ ਸਿੱਖਿਆ ਪ੍ਰਦਾਨ ਕਰਦਾ ਹੈ, ਸਗੋਂ ਭਾਰਤ ਇਤਿਹਾਸ ਦੀਆਂ ਵਿਲੱਖਣ ਯਾਦਾਂ ਵੀ ਆਪਣੇ 'ਚ ਸਮੋਈ ਬੈਠਾ ਹੈ। ਇਹ ਇਤਿਹਾਸਕ ਇਮਾਰਤ ਕੋਂਸਟੇਨਸ਼ੀਆ, ਕਲੋਡ ਮਾਰਟਿਨ ਨੇ 1795 ਵਿਚ ਬਣਾਉਣੀ ਸ਼ੁਰੂ ਕੀਤੀ। ਕੰਕਰੀਟ ਦੀ ਬਣੀ ਇਹ ਇਮਾਰਤ ਭਾਰਤੀ, ਤੁਰਕਿਸ਼ ਅਤੇ ਫਾਰਸੀ ਵਸਤੂ ਕਲਾ ਦਾ ਵਿਸ਼ਵ ਅਜੂਬਾ ਹੈ। ਇਸ ਇਮਾਰਤ ਨੂੰ ਆਰੰਭ ਵਿਚ ਬਣਾਉਣ ਵਾਲਾ ਮਾਰਟਿਨੇਰੇ ਅੰਡਰ ਗਰਾਊਂਡ ਬੇਸਮੈਂਟ 'ਚ ਹੀ ਦੱਬਿਆ ਗਿਆ ਸੀ ਅਤੇ ਉਸ ਦੀ ਯਾਦਗਾਰ ਇਸੇ ਬੇਸਮੈਂਟ ਦੇ ਉਪਰ ਬਣਾਈ ਗਈ ਹੈ। ਮਾਰਟਿਨ ਦੀ ਸਾਥਣ ਗੌਰੀ ਬੀਬੀ ਦਾ ਮਕਬਰਾ ਵੀ ਇਥੇ ਹੈ। ਇਮਾਰਤ ਕੋਂਸਟੇਨਸ਼ੀਆ ਬਣਾਉਣ ਵਾਲਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਅਫ਼ਸਰ ਮਾਰਟਿਨ ਸੀ, ਜਿਹੜਾ ਪਹਿਲਾ ਫਰਾਂਸੀਸੀ ਈਸਟ ਇੰਡੀਆ ਕੰਪਨੀ ਦਾ ਅਫ਼ਸਰ ਸੀ, ਉਸ ਨੇ ਨਵਾਬ ਆਸਿਫ-ਉਦ-ਦੌਲਾ ਦੇ ਅਫ਼ਸਰ ਵਜੋਂ ਵੀ ਕੰਮ ਕੀਤਾ ਅਤੇ ਉਹ ਭਾਰਤ ਵਿਚ ਇਕ ਬਹੁਤ ਅਮੀਰ ਫਰਾਂਸੀਸੀ ਅਫ਼ਸਰ ਸੀ। ਕੌਂਸਟੇਨਸ਼ੀਆ ਇਸ ਅਫ਼ਸਰ ਦੀ ਹੀ ਰਿਹਾਇਸ਼ਗਾਹ ਸੀ, ਜੋ ਕਿ ਹੁਣ ਲਾ ਮਾਰਟਿਨੇਰੇ ਕਾਲਜ ਲਖਨਊ ਦਾ ਇਕ ਹਿੱਸਾ ਹੈ। ਕਲੌਡ ਮਾਰਟਿਨ ਨੇ ਆਪਣੀ ਵਸੀਅਤ ਵਿਚ ਪਹਿਲੀ ਜਨਵਰੀ 1800 ਨੂੰ ਲਿਖਿਆ ਸੀ ਕਿ ਉਸ ਦੀ ਜਾਇਦਾਦ ਵਿਚ ਲਖਨਊ, ਕਲਕੱਤਾ ਅਤੇ ਉਸ ਦੇ ਜੱਦੀ ਸ਼ਹਿਰ ਲੋਇਨ (ਫਰਾਂਸ) ਵਿਚ ਤਿੰਨ ਸਕੂਲ ਬਣਾਏ ਜਾਣ। ਪਹਿਲਾਂ-ਪਹਿਲਾਂ ਇਸ ਲਖਨਊ ਵਾਲੇ ਸਕੂਲ 'ਚ ਯੂਰਪੀ ਵਿਦਿਆਰਥੀ ਹੀ ਦਾਖਲ ਕੀਤੇ ਜਾਂਦੇ ਸਨ, ਪਰ ਬਾਅਦ ਵਿਚ ਇਥੇ ਸਭਨਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਣ ਲੱਗੀ। ਇਹ ਇਮਾਰਤ ਅੱਜ ਵੀ ਮਾਰਟਿਨ ਸਾਹਿਬ ਦੀ ਕੋਠੀ ਵਜੋਂ ਜਾਣੀ ਜਾਂਦੀ ਹੈ।

-ਮੋਬਾਈਲ : 9815802070

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-13

ਧਾਰਮਿਕ ਪੰਜਾਬੀ ਫ਼ਿਲਮਾਂ ਦਾ ਦੌਰ

ਕਦੇ ਰਾਜ ਕਪੂਰ ਦੇ ਸਹਾਇਕ ਰਹੇ ਹੈਰੀ ਬਵੇਜਾ ਦੀਆਂ ਹਿੰਦੀ ਫ਼ਿਲਮਾਂ ਤਾਂ ਬਹੁ-ਗਿਣਤੀ ਵਿਚ ਫਲਾਪ ਹੀ ਰਹੀਆਂ ਹਨ ਪਰ ਪੰਜਾਬੀ ਸਿਨੇਮਾ ਨੇ ਉਸ ਨੂੰ ਸਿਨੇਮਾ ਦੇ ਖੇਤਰ 'ਚ ਪੁਨਰ-ਸੁਰਜੀਤ ਜ਼ਰੂਰ ਕੀਤਾ ਹੈ |
ਹੈਰੀ ਬਵੇਜਾ ਦੀ ਸਥਿਤੀ 'ਚ ਸੁਧਾਰ ਧਾਰਮਿਕ ਫ਼ਿਲਮ 'ਚਾਰ ਸਾਹਿਬਜ਼ਾਦੇ' ਨਾਂਅ ਦੀ ਇਕ ਐਨੀਮੇਸ਼ਨ ਕਿਰਤ ਤੋਂ ਸ਼ੁਰੂ ਹੋਇਆ ਸੀ | ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਇਸ ਫ਼ਿਲਮ ਦਾ ਕੇਂਦਰ ਬਿੰਦੂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੀ ਸੀ | ਦਰਸ਼ਕਾਂ ਨੇ ਇਸ ਫ਼ਿਲਮ ਦਾ ਭਰਪੂਰ ਸਵਾਗਤ ਕੀਤਾ ਸੀ | ਇਸ ਦਾ ਪ੍ਰਮੁੱਖ ਆਧਾਰ ਇਹ ਸੀ ਕਿ ਹੈਰੀ ਬਵੇਜਾ ਨੇ ਇਤਿਹਾਸਕ ਪੱਖਾਂ ਨੂੰ ਬਹੁਤ ਤੋੜ-ਮੋੜ ਕੇ ਪੇਸ਼ ਨਹੀਂ ਕੀਤਾ ਸੀ | ਉਸ ਦਾ ਫੋਕਸ ਉਨ੍ਹਾਂ ਹੀ ਪ੍ਰਸੰਗਾਂ 'ਤੇ ਸੀ, ਜਿਨ੍ਹਾਂ ਨੂੰ ਦਰਸ਼ਕ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ | ਅਰਥਾਤ ਬਵੇਜਾ ਨੇ ਦਰਸ਼ਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਸੀ | ਫਿਰ ਕਿਸੇ ਵੀ ਜੀਵਤ ਕਲਾਕਾਰ ਨੂੰ ਪਰਦੇ 'ਤੇ ਨਾ ਪੇਸ਼ ਕਰਨਾ ਵੀ ਬਵੇਜਾ ਲਈ ਪਲੱਸ ਪੁਆਇੰਟ ਹੀ ਰਿਹਾ ਸੀ |
ਦੇਖਣ ਵਾਲੀ ਗੱਲ ਹੈ ਕਿ ਪੰਜਾਬੀ ਫ਼ਿਲਮਾਂ ਦੇ ਖੇਤਰ 'ਚ ਅਕਸਰ ਧਾਰਮਿਕ-ਸਮਾਜਿਕ ਫ਼ਿਲਮਾਂ ਤਾਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ ਪਰ ਸਾਰੀਆਂ ਫ਼ਿਲਮਾਂ ਨੂੰ ਉਹ ਹੁੰਗਾਰਾ ਨਹੀਂ ਮਿਲਿਆ ਸੀ ਜਿਹੜਾ ਕਿ 'ਚਾਰ ਸਾਹਿਬਜ਼ਾਦੇ' ਨੂੰ ਮਿਲਿਆ ਸੀ | ਮਿਸਾਲ ਦੇ ਤੌਰ 'ਤੇ ਇਸ ਫ਼ਿਲਮ ਤੋਂ ਫੌਰੀ ਬਾਅਦ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਕ ਵੱਡੇ ਬਜਟ ਦੀ ਫ਼ਿਲਮ ਵੀ ਬਣਾਈ ਗਈ ਸੀ | ਪਰ ਇਸ ਫ਼ਿਲਮ ਦਾ ਤਾਂ ਉਲਟਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ | ਸਿੱਟਾ? ਬਹੁਤ ਕਾਂਟ-ਛਾਂਟ ਕਰਕੇ ਜਦੋਂ ਇਸ ਕਿਰਤ ਨੂੰ ਕੁਝ ਕੁ ਥੀਏਟਰਾਂ 'ਚ ਪ੍ਰਦਰਸ਼ਤ ਕੀਤਾ ਗਿਆ ਤਾਂ ਵੀ ਦਰਸ਼ਕ ਇਸ ਪ੍ਰਤੀ ਨਾਰਾਜ਼ਗੀ ਨਾਲ ਭਰੇ ਨਜ਼ਰ ਆਏ ਸਨ | ਸ਼ਾਇਦ ਗੁਰੂ ਸਾਹਿਬ ਨੂੰ ਮਾਨਵੀ ਰੂਪ 'ਚ ਪੇਸ਼ ਕਰਨਾ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਸਨ |
ਵੈਸੇ ਧਾਰਮਿਕਤਾ ਨੂੰ ਪੰਜਾਬੀ ਸਿਨੇਮਾ ਦੇ ਦਾਇਰੇ 'ਚ ਲਿਆਉਣ ਦਾ ਕੰਮ ਤਾਂ ਮਾਹੇਸ਼ਵਰੀ ਭਰਾਵਾਂ ਨੇ ਕੀਤਾ ਸੀ | ਇਨ੍ਹਾਂ ਭਰਾਵਾਂ ਦੀ ਕਟੜਾ ਜੈਮਲ ਸਿੰਘ ਵਿਖੇ ਕੱਪੜੇ ਦੀ ਇਕ ਦੁਕਾਨ ਸੀ ਅਤੇ ਇਨ੍ਹਾਂ ਦਾ ਇਕ ਭਰਾ ਰਾਮ ਮਾਹੇਸ਼ਵਰੀ ਮੰੁਬਈ 'ਚ ਮਸ਼ਹੂਰ ਫ਼ਿਲਮ ਨਿਰਦੇਸ਼ਕ ਸੀ | ਰਾਮ ਮਾਹੇਸ਼ਵਰੀ ਦੀਆਂ ਇਕ-ਦੋ ਹਿੰਦੀ ਫ਼ਿਲਮਾਂ ਫਲਾਪ ਹੋ ਗਈਆਂ ਸਨ ਅਤੇ ਫਾਈਨਾਂਸਰ ਉਸ ਨੂੰ ਸਰਮਾਇਆ ਦੇਣ ਤੋਂ ਨਾਂਹ ਕਰ ਰਹੇ ਸਨ |
ਅਜਿਹੇ ਨਾਜ਼ੁਕ ਸਮੇਂ 'ਚ ਰਾਮ ਮਾਹੇਸ਼ਵਰੀ ਨੇ ਇਕ ਧਾਰਮਿਕ ਪੰਜਾਬੀ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਤਾਂ ਕਿ ਥੋੜ੍ਹੇ ਬਜਟ 'ਚ ਉਹ ਕਿਸੇ ਤਰ੍ਹਾਂ ਦੁਬਾਰਾ ਆਪਣੀ ਸਾਖ ਬਹਾਲ ਕਰ ਸਕੇ | ਅੰਮਿ੍ਤਸਰ ਦੇ ਹੀ ਰਹਿਣ ਵਾਲੇ ਬੇਕਲ ਅੰਮਿ੍ਤਸਰੀ ਨੇ ਉਸ ਨੂੰ ਜਦੋਂ ਇਕ ਕਹਾਣੀ ਸੁਣਾਈ ਤਾਂ ਰਾਮ ਮਾਹੇਸ਼ਵਰੀ ਨੇ ਝਟਪਟ ਉਸ ਨੂੰ ਸਾਈਨ ਕਰ ਲਿਆ | ਬੇਕਲ ਦੀ ਇਸ ਕਹਾਣੀ ਨੂੰ ਹੀ 'ਨਾਨਕ ਨਾਮ ਜਹਾਜ਼ ਹੈ' ਦੇ ਰੂਪ 'ਚ ਫ਼ਿਲਮਾਇਆ ਗਿਆ ਸੀ | ਦਰਸ਼ਕਾਂ ਵਲੋਂ ਇਸ ਫ਼ਿਲਮ ਨੂੰ ਭਰਪੂਰ ਸਮਰਥਨ ਮਿਲਿਆ ਸੀ | ਅੰਮਿ੍ਤਸਰ ਦੇ ਚਿਤਰਾ ਸਿਨੇਮਾ ਹਾਲ 'ਚ ਇਸ ਫ਼ਿਲਮ ਨੂੰ ਦੇਖਣ ਲਈ ਦਰਸ਼ਕਾਂ ਦੀਆਂ ਕਤਾਰਾਂ ਹੀ ਲੱਗ ਗਈਆਂ ਸਨ |
ਪਰ ਅਫ਼ਸੋਸ ਇਹ ਕਿ ਰਾਮ ਮਾਹੇਸ਼ਵਰੀ ਵੀ ਇਸ ਪ੍ਰਥਾ ਨੂੰ ਸਫ਼ਲਤਾਪੂਰਵਕ ਅੱਗੇ ਨਹੀਂ ਲਿਜਾ ਸਕਿਆ ਸੀ | ਹਾਲਾਂਕਿ ਉਸ ਨੇ ਬਾਅਦ 'ਚ ਵੀ ਇਸੇ ਸ਼੍ਰੇਣੀ ਦੀਆਂ ਇਕ-ਦੋ ਹੋਰ ਫ਼ਿਲਮਾਂ ਬਣਾਈਆਂ ਸਨ, ਪਰ 'ਨਾਨਕ ਨਾਮ ਜਹਾਜ਼ ਹੈ' ਵਾਲਾ ਜਾਦੂ ਉਹ ਦੁਬਾਰਾ ਨਹੀਂ ਚਲਾ ਸਕਿਆ | ਮਾਹੇਸ਼ਵਰੀ ਆਪਣੇ ਅੰਤਿਮ ਦਿਨਾਂ 'ਚ ਏਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦਾ ਪੱਲਾ ਹੀ ਛੱਡ ਦਿੱਤਾ ਸੀ ਅਤੇ ਆਪਣੀ ਖਾਨਦਾਨੀ ਕੱਪੜੇ ਵਾਲੀ ਦੁਕਾਨ 'ਤੇ ਹੀ ਡੇਰੇ ਲਗਾ ਲਏ ਸਨ |
ਵੈਸੇ ਧਾਰਮਿਕ ਪੰਜਾਬੀ ਫ਼ਿਲਮਾਂ ਦਾ ਇਹ ਇਕ ਅਜੀਬ ਸੁਭਾਅ ਰਿਹਾ ਹੈ ਕਿ ਇਨ੍ਹਾਂ ਦੀਆਂ ਪਟਕਥਾਵਾਂ ਤਾਂ ਅਕਸਰ ਰਵਾਇਤੀ ਫ਼ਿਲਮਾਂ ਵਾਂਗ ਹੀ ਹੁੰਦੀਆਂ ਸਨ, ਪਰ ਇਨ੍ਹਾਂ ਨੂੰ ਧਾਰਮਿਕਤਾ ਦਾ ਰੰਗ ਦੇ ਕੇ ਦਰਸ਼ਕਾਂ ਨੂੰ ਜਜ਼ਬਾਤੀ ਕਰਕੇ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ | ਲਿਹਾਜ਼ਾ, ਕਹਾਣੀ ਤਾਂ ਭਾਵੇਂ ਸਮਾਜਿਕ ਪਰਿਪੇਖ ਦੀ ਹੋਵੇ ਪਰ ਟਾਈਟਲ ਨੂੰ ਧਾਰਮਿਕਤਾ ਦਾ ਚੋਗਾ ਜ਼ਰੂਰ ਪਹਿਨਾ ਦਿੱਤਾ ਜਾਂਦਾ ਸੀ | 'ਤਿਲ ਤਿਲ ਦਾ ਲੇਖਾ', 'ਮੈਂ ਪਾਪੀ ਤੂੰ ਬਖ਼ਸ਼ਣਹਾਰ' ਅਤੇ 'ਬਾਬਾ ਬਾਲਕ ਨਾਥ' ਵਰਗੀਆਂ ਸਮਾਜਿਕ ਕਹਾਣੀਆਂ ਨੂੰ ਵੀ ਧਾਰਮਿਕਤਾ ਦੇ ਰੰਗ 'ਚ ਰੰਗਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਸੀ |
ਦਾਰਾ ਸਿੰਘ ਨੇ ਵੀ ਆਪਣੇ ਬੈਨਰ (ਦਾਰਾ ਪ੍ਰੋਡਕਸ਼ਨਜ਼) ਅਧੀਨ 'ਨਾਨਕ ਦੁਖੀਆ ਸਭ ਸੰਸਾਰ' ਦਾ ਨਿਰਮਾਣ ਕੀਤਾ ਸੀ | ਇਸ 'ਚ ਵੀ ਵਿਸ਼ਾ ਵਸਤੂ ਤਾਂ ਪਰਿਵਾਰਕ ਸੀ ਪਰ ਦਾਰਾ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਧਾਰਮਿਕਤਾ ਦੇ ਨਾਲ ਸੰਤੁਲਤ ਕਰਨ 'ਚ ਸਫ਼ਲ ਰਿਹਾ ਸੀ | ਇਸ ਦਿ੍ਸ਼ਟੀ ਤੋਂ ਉਸ ਨੂੰ ਕਾਮਯਾਬੀ ਵੀ ਮਿਲੀ ਸੀ |
ਪਰ ਉਸ ਨੇ ਜਦੋਂ ਇਹ ਫਾਰਮੂਲਾ 'ਧਿਆਨੂ ਭਗਤ' ਅਤੇ 'ਸਵਾ ਲਾਖ ਸੇ ਏਕ ਲੜਾਊਾ' ਵਿਚ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਮਾਜਿਕ ਅਤੇ ਧਾਰਮਿਕ ਕਥਾ-ਪ੍ਰਵਾਹ ਨੂੰ ਸੰਤੁਲਤ ਨਹੀਂ ਕਰ ਸਕਿਆ ਸੀ | ਵਿਸ਼ੇਸ਼ ਕਰ ਕੇ ਉਸ ਨੂੰ 'ਸਵਾ ਲਾਖ ਸੇ ਏਕ ਲੜਾਊਾ' ਵਿਚ ਤਾਂ ਦਰਸ਼ਕਾਂ ਦੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪਿਆ ਸੀ | ਦਾਰਾ ਸਿੰਘ ਇਨ੍ਹਾਂ ਫ਼ਿਲਮਾਂ ਦੀ ਅਸਫ਼ਲਤਾ ਤੋਂ ਏਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਪੰਜਾਬੀ ਫ਼ਿਲਮਾਂ ਤੋਂ ਹੀ ਤੌਬਾ ਕਰ ਲਈ ਸੀ |
ਪਿਛਲੇ ਕੁਝ ਸਮੇਂ ਤੋਂ ਵੀਡੀਓਜ਼ ਅਦਾਰਿਆਂ ਵਲੋਂ ਧਾਰਮਿਕ ਫ਼ਿਲਮਾਂ ਦਾ ਨਿਰਮਾਣ ਦੇਖਣ ਨੂੰ ਮਿਲਿਆ ਸੀ ਹੈ | ਮਾਈ ਕੌਾਲਾਂ ਅਦਾਰੇ ਵਲੋਂ 'ਅਮਰ ਸ਼ਹੀਦ ਬਾਬਾ ਦੀਪ ਸਿੰਘ' ਇਸ ਕਰਕੇ ਸਫ਼ਲ ਨਹੀਂ ਹੋ ਸਕੀ ਕਿਉਂਕਿ ਤਕਨੀਕੀ ਪੱਖ ਤੋਂ ਇਹ ਬੜੀ ਕਮਜ਼ੋਰ ਕਿਰਤ ਸੀ |
ਧਾਰਮਿਕ ਪਟਕਥਾਵਾਂ ਬਾਰੇ ਗੁਰਵਿੰਦਰ ਸਿੰਘ ਦਾ ਦਿ੍ਸ਼ਟੀਕੋਣ ਬੜਾ ਮਹੱਤਤਾ ਰਖਦਾ ਹੈ | ਗੁਰਵਿੰਦਰ ਅਨੁਸਾਰ ਜੇਕਰ ਅਸੀਂ ਧਾਰਮਿਕ ਪ੍ਰਸੰਗਾਂ ਦਾ ਸਹੀ ਵਿਸ਼ਲੇਸ਼ਣ ਮਾਨਵੀ ਆਧਾਰ 'ਤੇ ਨਹੀਂ ਕਰਦੇ ਤਾਂ ਦਰਸ਼ਕ ਠਗਿਆ ਹੋਇਆ ਮਹਿਸੂਸ ਕਰਦੇ ਹਨ | ਦੂਜੇ ਪਾਸੇ ਜੇਕਰ ਅਸੀਂ ਇਨ੍ਹਾਂ ਘਟਨਾਵਾਂ ਜਾਂ ਹਸਤੀਆਂ ਨੂੰ ਬਿਲਕੁਲ ਧਰਾਤਲ 'ਤੇ ਲੈ ਆਉਂਦੇ ਹਾਂ ਤਾਂ ਵੀ ਦਰਸ਼ਕ ਇਸ ਨੂੰ ਸਹਿਣ ਨਹੀਂ ਕਰ ਸਕਦੇ |
ਮਿਸਾਲ ਦੇ ਤੌਰ 'ਤੇ ਗੁਰਵਿੰਦਰ ਦੀ 'ਚੌਥੀ ਕੂਟ' ਵਿਚ ਮਾਨਵੀ ਦਵੰਦ ਤਾਂ ਜ਼ਰੂਰ ਸੀ ਪਰ ਆਸਥਾ ਦੇ ਦਿ੍ਸ਼ਟੀਕੋਣ ਤੋਂ ਇਹ ਖਰੀ ਨਹੀਂ ਉਤਰੀ ਸੀ | ਇਸ ਲਈ ਫ਼ਿਲਮ ਉਤਸਵਾਂ 'ਚ ਭਾਵੇਂ ਇਸ ਕਿਰਤ ਨੂੰ ਪ੍ਰਸੰਸਾ ਮਿਲੀ ਹੋਵੇ, ਪਰ ਆਮ ਜਨਤਾ ਨੂੰ ਇਹ ਫ਼ਿਲਮ ਪਸੰਦ ਨਹੀਂ ਆਈ ਸੀ |
ਇਸ ਦੇ ਉਲਟ ਸਮੰੁਦਰੀ ਦੀ 'ਸਾਕਾ ਨਨਕਾਣਾ ਸਾਹਿਬ' ਵੀ ਸਾਕੇ ਦੀ ਇਤਿਹਾਸਕ ਮਹੱਤਤਾ ਨੂੰ ਭਾਵੇਂ ਦੱਸਣ 'ਚ ਸਫ਼ਲ ਰਹੀ ਹੋਵੇ, ਪਰ ਸਾਕੇ ਦੇ ਨਾਲ ਜੁੜੀ ਹੋਈ ਧਾਰਮਿਕ ਵਿਸ਼ਾਲਤਾ ਨੂੰ ਪਰਦੇ 'ਤੇ ਸਹੀ ਤਰ੍ਹਾਂ ਪੇਸ਼ ਨਹੀਂ ਕਰ ਸਕੀ ਸੀ | ਇਸ ਲਈ ਇਕ ਵੱਡੇ ਬਜਟ ਦੀ ਫ਼ਿਲਮ ਹੁੰਦਿਆਂ ਵੀ ਇਸ ਫ਼ਿਲਮ ਨੂੰ ਲੋੜੀਂਦੇ ਦਰਸ਼ਕ ਨਹੀਂ ਮਿਲੇ ਸਨ | 'ਚਾਰ ਸਾਹਿਬਜ਼ਾਦੇ ਭਾਗ-2' ਨੂੰ ਵੀ ਇਸ ਦੇ ਪਹਿਲੇ ਭਾਗ ਵਰਗੀ ਪ੍ਰਸੰਸਾ ਨਹੀਂ ਮਿਲ ਸਕੀ | ਇਹ ਆਪਣੇ ਮੌਲਿਕ ਜਾਂ ਮੁਢਲੇ ਰੂਪ ਤੋਂ ਅਲੱਗ ਨਜ਼ਰ ਆਈ ਸੀ | ਇਸ ਲਈ ਦਰਸ਼ਕ ਇਸ ਦੂਜੇ ਐਡੀਸ਼ਨ ਤੋਂ ਦੂਰ ਹੋ ਗਏ ਸਨ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਦਿੱਲੀ ਵਿਚ ਖਿੱਚੀ ਗਈ ਸੀ | ਇਹ ਤਿੰਨੇ ਪੰਜਾਬੀ ਦੇ ਉੱਘੇ ਸਾਹਿਤਕਾਰ ਹਨ | ਸ: ਗੁਲਜ਼ਾਰ ਸਿੰਘ ਸੰਧੂ ਪਹਿਲਾਂ ਖੇਤੀਬਾੜੀ ਦੇ ਮਹਿਕਮੇ ਵਿਚ ਨੌਕਰੀ ਕਰਦੇ ਸੀ, ਉਸ ਤੋਂ ਬਾਅਦ ਪੰਜਾਬੀ ਟਿ੍ਬਿਊਨ ਦੇ ਸੰਪਾਦਕ ਬਣ ਗਏ ਸਨ | ਕੁਝ ਸਮਾਂ ਸੰਪਾਦਕੀ ਕਰਨ ਤੋਂ ਬਾਅਦ ਫੇਰ ਆਜ਼ਾਦ ਪੰਛੀ ਬਣ ਗਏ ਸੀ | ਹੁਣ ਅਖ਼ਬਾਰਾਂ ਲਈ ਹਫ਼ਤਾਵਾਰੀ ਕਾਲਮ ਲਿਖਦੇ ਹਨ | ਬਲਵੰਤ ਗਾਰਗੀ ਕਹਾਣੀਕਾਰ ਤੇ ਨਾਟਕਕਾਰ ਸਨ | ਨਾਟਕਕਾਰ ਵਜੋਂ ਉਹ ਬਹੁਤ ਪ੍ਰਸਿੱਧ ਹੋਏ | ਉਨ੍ਹਾਂ ਦੇ ਲਿਖੇ ਨਾਟਕ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਵੀ ਖੇਡੇ ਤੇ ਪੜ੍ਹਾਏ ਜਾਂਦੇ ਹਨ | ਸ: ਤਾਰਾ ਸਿੰਘ ਕਵੀ ਸਨ | ਉਨ੍ਹਾਂ ਦੀਆਂ ਕਵਿਤਾਵਾਂ ਅਗਾਂਹਵਧੂ ਹੁੰਦੀਆਂ ਸਨ | ਕਈ ਕਵਿਤਾਵਾਂ ਵਿਚ ਉਨ੍ਹਾਂ ਵਿਅੰਗ ਵੀ ਲਿਖਿਆ ਹੁੰਦਾ ਸੀ | ਉਹ ਕਵੀ ਦਰਬਾਰਾਂ ਦਾ ਸ਼ਿੰਗਾਰ ਹੁੰਦੇ ਸਨ | ਇਨ੍ਹਾਂ ਤਿੰਨਾਂ ਸਾਹਿਤਕਾਰਾਂ ਦੀ ਆਪਸ ਵਿਚ ਬੜੀ ਦੋਸਤੀ ਸੀ ਤੇ ਇਹ ਦੋਸਤੀ ਵੀ ਦਿੱਲੀ ਵਿਚ ਹੀ ਪਈ ਸੀ | ਤਾਰਾ ਸਿੰਘ ਤੇ ਗਾਰਗੀ ਰੱਬ ਨੂੰ ਪਿਆਰੇ ਹੋ ਗਏ ਹਨ | ਪਰ ਉਨ੍ਹਾਂ ਦੀਆਂ ਯਾਦਾਂ ਬਾਕੀ ਹਨ |

-ਮੋਬਾਈਲ : 98767-41231

ਅਸਮਾਨੀ ਬਿਜਲੀ ਲਿਸ਼ਕਣ, ਬੱਦਲ ਗਰਜਣ ਅਤੇ ਬੱਦਲ ਬਰਸਣ ਦਾ ਰਹੱਸ ਕੀ ਹੈ?

ਬਿਜਲੀ ਕਿਉਂ ਡਿਗਦੀ ਹੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਿਜਲੀ ਕਿਸੇ ਮਾਮੇ ਭਾਣਜੇ ਜਾਂ ਭਾਣਜੀ 'ਤੇ ਨਹੀਂ ਡਿੱਗਦੀ, ਤੇ ਨਾ ਹੀ ਇਸ ਨੂੰ ਰਿਸ਼ਤਿਆਂ ਦੀ ਕੋਈ ਪਛਾਣ ਹੈ | ਇਹ ਬਿਜਲਈ ਕੁਦਰਤੀ ਨਿਯਮਾਂ ਤਹਿਤ ਹੀ ਪੈਂਦੀ ਹੈ | ਜਿਵੇਂ ਨੈਗੇਟਿਵ ਚਾਰਜ ਜਦੋਂ ਧਰਤੀ ਵਲ ਲਪਕਦੇ ਤਾਂ ਹਵਾ ਨਾਲ ਘਸਰਣ ਕਰਕੇ ਸਟੈਟਕਸ ਬਿਜਲੀ ਪੈਦਾ ਹੁੰਦੀ ਹੈ | ਜਦ ਇਹ ਵਾਤਾਵਰਨ ਦੀ ਤਹਿ ਵਿਚ ਮੋਰੀ ਕਰਕੇ ਧਰਤੀ ਵਲ ਆ ਰਹੇ ਹੁੰਦੇ ਨੇ ਤਾਂ ਹਵਾ ਵਿਚਲੇ ਨਮੀ ਕਣ, ਇਨ੍ਹਾਂ ਲਈ ਲੜੀਆਂ ਬਣ ਕੇ ਜੁੜ ਜਾਂਦੇ ਨੇ, ਜਿਨਾਂ ਰਾਹੀਂ ਬਿਜਲੀ ਚਾਰਜ ਕਿਸੇ ਉੱਚੇ ਟਾਵਰ, ਇਮਾਰਤ, ਦਰੱਖਤ, ਜਾਂ ਕਿਸੇ ਮਨੁੱਖ 'ਤੇ ਜਿੱਥੇ ਵੀ ਪਾਜੇਟਿਵ ਚਾਰਜ ਹੋਣਗੇ, ਪੈ ਸਕਦੀ ਹੈ | ਇਹ ਏਨੀ ਜ਼ਬਰਦਸਤ ਹੁੰਦੀ ਹੈ ਕਿ ਦਿਲ ਧੜਕਣਾ ਬੰਦ ਹੋ ਜਾਂਦਾ ਹੈ, ਇਮਾਰਤਾਂ ਢਹਿ ਜਾਂਦੀਆਂ ਹਨ, ਦਰੱਖਤ ਪਾਟ ਜਾਂਦੇ ਹਨ ਤੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ | ਜੇ ਕਿਸੇ ਇਮਾਰਤ ਉੱਪਰ, ਧਰਤੀ ਨਾਲ ਜੁੜੀ ਤਾਰ ਵਾਲਾ ਬਿਜਲੀ ਬਚਾਉ ਯੰਤਰ ਲੱਗਿਆ ਹੋਵੇ, ਤਾਂ ਇਹ ਬਿਜਲੀ ਧਰਤੀ ਵਿਚ ਸਮਾ ਜਾਂਦੀ ਹੈ ਤੇ ਧਰਤੀ, ਬਹੁਤ ਵੱਡੀ ਹੋਣ ਕਾਰਨ ਇਸ ਨੂੰ ਬੇਅਸਰ ਕਰ ਦਿੰਦੀ ਹੈ | ਇਸ ਨੂੰ ਹੀ ਬਿਜਲੀ ਦਾ ਅਰਥ ਹੋਣਾ ਕਿਹਾ ਜਾਂਦਾ ਹੈ |
ਬਿਜਲੀ ਦੇ ਹਮਲੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ : ਜਦੋਂ ਆਕਾਸ਼ ਵਿਚ ਬੱਦਲ ਮੰਡਰਾ ਰਹੇ ਹੋਣ, ਤਾਂ ਬਰਫ ਕਣ ਹਵਾ ਨਾਲ ਟਕਰਾ ਕੇ ਸਟੈਟਕਿਸ ਪੈਦਾ ਕਰਦੇ ਹਨ | ਇਹ ਕਰੰਟ ਅੱਗੇ ਐਟਮੀ ਕਣਾਂ ਨੂੰ ਚਾਰਜ ਕਰਦਾ ਹੈ | ਬਿਜਲਈ ਕਣ ਇਕ ਐਟਮ 'ਚੋਂ ਦੂਸਰੇ ਵਿਚ ਤੇਜ਼ੀ ਨਾਲ ਪ੍ਰਵੇਸ਼ ਕਰਦੇ ਹਨ | ਜ਼ਿਆਦਾ ਚਾਰਜ਼ਿਜ਼ ਨੈਗੇਟਿਵ ਤੇ ਘੱਟ ਚਾਰਜ਼ਿਜ ਪਾਜ਼ੇਟਿਵ ਊਰਜਾ ਵਿਚ ਤਬਦੀਲ ਹੋ ਜਾਂਦੇ ਨੇ | ਇਹ ਸਭ ਗੱਲਾਂ ਤਾਂ ਅਸੀਂ ਜਾਣ ਚੁੱਕੇ ਹਾਂ |
ਨੈਗੇਟਿਵ ਚਾਰਜ਼ ਜਦੋਂ ਧਰਤੀ ਵੱਲ ਲਪਕਦੇ ਹਨ ਤਾਂ ਇਨ੍ਹਾਂ ਦੇ ਹਮਲੇ ਤੋਂ ਬਚਾਅ ਲਈ, ਦਰੱਖਤਾਂ ਜਾਂ ਇਮਾਰਤ ਤੋਂ ਦੂਰ ਰਿਹਾ ਜਾਵੇ, ਕਿਸੇ ਲੋਹੇ ਦੀ ਜਾਂ ਬਿਜਲੀ ਪ੍ਰਵਾਹਿਤ ਹੋਣ ਵਾਲੀ ਧਾਤ ਨੂੰ ਵੀ ਨਾ ਛੁਹਿਆ ਜਾਵੇ | ਇਹ ਸਾਰੇ ਪਦਾਰਥ ਐਨਟੀਨਿਆਂ ਵਾਂਗ ਬਣ ਜਾਂਦੇ ਹਨ | ਜਿਨ੍ਹਾਂ 'ਤੇ ਕਦੇ ਵੀ ਬਿਜਲੀ ਡਿੱਗ ਸਕਦੀ ਹੈ | ਐਵੇਂ ਗੋਲਫ ਕਲੱਬ, ਲੋਹੇ ਦੀ ਪੌੜੀ, ਲੋਹੇ ਦਾ ਖੰਭੇ ਬਗੈਰਾ ਤੋਂ ਵੀ ਦੂਰ ਹੀ ਰਿਹਾ ਜਾਵੇ | ਨੰਗੇ ਪੈਰੀਂ ਧਰਤੀ 'ਤੇ ਤੁਰਨ ਨਾਲ ਵੀ ਬਿਜਲੀ ਤੁਹਾਡੇ ਜਿਸਮ ਨੂੰ ਧਰਤੀ ਤੱਕ ਪਹੁੰਚਣ ਦਾ ਸਾਧਨ ਬਣਾ ਸਕਦੀ ਹੈ | ਜਦੋਂ ਮੀਂਹ ਪੈ ਰਿਹਾ ਹੋਵੇ ਤੇ ਬਿਜਲੀ ਲਿਸ਼ਕ ਰਹੀ ਹੋਵੇ ਤਾਂ ਪਾਣੀ ਵਿਚ ਖੜੋ ਕੇ ਝੋਨੇ ਦੀ ਲੁਆਈ ਤੇ ਖੇਤਾਂ ਵਿਚ ਕੰਮ ਕਰਨਾ ਬਹੁਤ ਖਤਰਨਾਕ ਹੁੰਦਾ ਹੈ | ਬਰਸਾਤਾਂ ਵਿਚ ਅਜਿਹੇ ਬਹੁਤ ਸਾਰੇ ਖੇਤ ਕਾਮੇ ਇਸ ਅਸਮਾਨੀ ਬਿਜਲੀ ਦਾ ਸ਼ਿਕਾਰ ਹੋ ਜਾਂਦੇ ਹਨ |
ਉਨ੍ਹਾਂ ਸਾਰੀਆਂ ਵਸਤਾਂ ਤੋਂ ਦੂਰ ਰਿਹਾ ਜਾਵੇ, ਜੋ ਆਸਮਾਨੀ ਬਿਜਲੀ ਨੂੰ ਖਿੱਚ ਪਾਉਂਦੀਆਂ ਹਨ | ਬਹੁਤ ਸਾਰੀਆਂ ਥਾਵਾਂ, ਜਿਵੇਂ ਹਵਾਈ ਅੱਡੇ, ਬੰਦਰਗਾਹਾਂ, ਅਸਲ੍ਹਾ ਭੰਡਾਰ ਜਾਂ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਬਿਜਲੀ ਸੂਚਕ ਯੰਤਰ ਲੱਗੇ ਹੁੰਦੇ ਹਨ, ਜਿਉਂ ਹੀ ਬਿਜਲੀ ਨਾਲ ਚਾਰਜ ਹੋਏ ਕਣ ਇਨ੍ਹਾਂ ਰਾਡਾਂ ਨੂੰ ਛੋਂਹਦੇ ਹਨ ਤਾਂ ਰੈਡ ਐਲਰਟ ਹੋ ਜਾਂਦਾ ਹੈ | ਇਮਾਰਤਾਂ 'ਤੇ ਚਿੱਟੇ ਰੰਗ ਦੀਆਂ ਬੱਤੀਆਂ ਲਗਾਤਾਰ ਜਗਦੀਆਂ-ਬੁੱਝਦੀਆਂ ਰਹਿੰਦੀਆਂ ਹਨ | ਉਸ ਵਕਤ ਸਾਰਾ ਅਪ੍ਰੇਸ਼ਨ ਰੋਕ ਦਿੱਤਾ ਜਾਂਦਾ ਹੈ, ਤੇ ਕੋਈ ਵੀ ਵਿਅਕਤੀ ਬਾਹਰ ਨਹੀਂ ਨਿਕਲ ਸਕਦਾ |
ਜੇਕਰ ਅਜਿਹੀਆਂ ਥਾਵਾਂ 'ਤੇ ਬਿਜਲੀ ਡਿੱਗਣ ਕਾਰਨ ਅੱਗ ਲੱਗ ਜਾਵੇ ਤਾਂ ਬਹੁਤ ਤਬਾਹੀ ਮੱਚ ਸਕਦੀ ਹੈ, ਤੇਲ ਨਾਲ ਭਰੇ ਸੈਂਕੜੇ ਜਹਾਜ਼ ਸੜ ਕੇ ਸੁਆਹ ਹੋ ਸਕਦੇ ਹਨ, ਖਤਰਨਾਕ ਬੰਬ, ਮਿਜ਼ਾਈਲਾਂ ਆਪਣੇ-ਆਪ ਚੱਲ ਸਕਦੇ ਹਨ ਜਿਸ ਕਰਕੇ ਪੂਰਾ ਬਚਾਅ ਰੱਖਿਆ ਜਾਂਦਾ ਹੈ | ਜ਼ਿੰਦਗੀ ਵੀ ਬਹੁਤ ਮਹੱਤਵਪੂਰਨ ਹੈ, ਇਸ ਦੇ ਬਚਾਅ ਲਈ ਸਾਨੂੰ ਵੀ ਵਰ੍ਹਦੇ ਮੀਂਹ ਅਤੇ ਲਿਸ਼ਕਦੀ ਬਿਜਲੀ ਸਮੇਂ ਪੂਰਾ ਧਿਆਨ ਰੱਖਣਾ ਚਾਹੀਦਾ ਹੈ |
ਅਸਮਾਨੀ ਬਿਜਲੀ ਨਾਲ ਹਰ ਸਾਲ ਪੂਰੇ ਸੰਸਾਰ ਵਿਚ ਸਤਾਈ ਹਜ਼ਾਰ ਲੋਕ ਮਾਰੇ ਜਾਂਦੇ ਹਨ | ਇਕੱਲੇ ਭਾਰਤ ਵਿਚ ਹੀ ਇਹ ਗਿਣਤੀ ਦੋ ਹਜ਼ਾਰ ਤੋਂ ਉੱਪਰ ਹੈ | ਇਸ ਦਾ ਕਾਰਨ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣਾ ਹੈ | ਆਸਮਾਨੀ ਬਿਜਲੀ ਦਾ ਸ਼ਿਕਾਰ ਹੋਣ ਵਾਲੇ ਜ਼ਿਆਦਾਤਰ ਖੁੱਲ੍ਹੇ ਮੈਦਾਨਾਂ ਵਿਚ ਕੰਮ ਕਰਨ ਵਾਲੇ, ਖੇਡ ਮੈਦਾਨਾਂ ਵਿਚ ਵਿਚਰਨ ਵਾਲੇ, ਮੀਂਹ ਸਮੇਂ ਦਰੱਖਤਾਂ ਜਾਂ ਹੋਰ ਉਚੀਆਂ ਇਮਾਰਤਾਂ ਦਾ ਆਸਰਾ ਲੈਣ ਵਾਲੇ ਲੋਕ ਹੁੰਦੇ ਹਨ | ਅਜਿਹੇ ਮੌਸਮ ਵਿਚ ਲੋਹੇ ਦੀਆਂ ਵਸਤਾਂ ਨੂੰ ਜਾਂ ਗਿੱਲੀਆਂ ਚੀਜ਼ਾਂ ਨੂੰ ਕਦੇ ਨਾ ਛੂਹੋ | ਫੋਨ ਦੀ ਵੀ ਘੱਟ ਤੋਂ ਘੱਟ ਵਰਤੋਂ ਕਰੋ ਕਿਉਂਕਿ ਰੇਡੀਏਸ਼ਨ ਬਿਜਲਈ ਕਣਾ ਨੂੰ ਪ੍ਰਭਾਵਤ ਕਰ ਸਕਦੀ ਹੈ ਤੇ ਇਮਾਰਤਾਂ ਦੇ ਅੰਦਰ ਰਹੋ | ਅਸਮਾਨੀ ਬਿਜਲੀ ਜਦੋਂ ਡਿੱਗਦੀ ਹੈ ਤਾਂ ਇੱਕ ਲੱਖ ਵੋਲਟੇਜ਼ ਕਰੰਟ ਪਾਸ ਹੁੰਦਾ ਹੈ ਜੋ ਸਮੂਹਿਕ ਤੌਰ 'ਤੇ ਵੀ ਤਬਾਹੀ ਮਚਾ ਸਕਦਾ ਹੈ, ਤੇ ਪੂਰੀਆਂ ਬਸਤੀਆਂ ਨੂੰ ਉਜਾੜ ਸਕਦਾ ਹੈ | ਅਸਮਾਨੀ ਬਿਜਲੀ ਦੇ ਬਚਾਅ ਲਈ ਗੰਭੀਰਤਾ ਨਾਲ ਸੋਚਣਾ ਬਹੁਤ ਜ਼ਰੂਰੀ ਹੈ |
ਅੰਤ ਵਿਚ ਮੈਂ ਇਹ ਹੀ ਕਹਾਂਗਾ ਕਿ ਬੱਚਿਆ ਨੂੰ ਵਿਗਿਆਨ ਨਾਲ ਜੋੜੋ ਤੇ ਅਸਮਾਨੀ ਬਿਜਲੀ ਕਿਵੇਂ ਬਣਦੀ ਹੈ? ਕਿਵੇਂ ਡਿੱਗਦੀ ਹੈ? ਤੇ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ? ਇਹ ਸਭ ਕੁਝ ਦੱਸੋ | ਇਸ ਤੋਂ ਬਚਣ ਦੇ ਉਪਾਅ ਵੀ ਦੱਸੋ | ਅਜਿਹੀਆਂ ਸਿੱਖਿਆਵਾਂ ਮਨੁੱਖ ਨੂੰ ਸਮੇਂ ਦੇ ਹਾਣ ਦਾ ਬਣਾਉਂਦੀਆਂ ਹਨ | ਜੇਕਰ ਅਸੀਂ ਆਪਣੇ ਬੱਚਿਆਂ ਨੂੰ ਮਿਥਿਹਾਸਕ ਗਾਥਾਵਾਂ ਸੁਣਾ-ਸੁਣਾ ਕੇ, ਵਿਗਿਆਨਕ ਸੋਚ ਤੋਂ ਦੂਰ ਰੱਖਾਂਗੇ, ਤਾਂ ਉਹ ਅਜਿਹੀਆਂ ਕੁਦਰਤੀ ਆਫ਼ਤਾਂ ਤੋਂ ਆਪਣਾ ਬਚਾਅ ਨਹੀਂ ਕਰ ਸਕਣਗੇ ਤੇ ਦੂਸਰੀਆਂ ਕੌਮਾਂ ਸਾਹਮਣੇ ਮਜ਼ਾਕ ਦੇ ਪਾਤਰ ਬਣਦੇ ਰਹਿਣਗੇ |
ਬੱਦਲਾਂ ਦਾ ਬਰਸਣਾ : ਜਿਵੇਂ ਅਸੀਂ ਜਾਣ ਹੀ ਚੁੱਕੇ ਹਾਂ ਕਿ ਧਰਤੀ 'ਤੇ ਤਿੰਨ ਹਿੱਸੇ ਪਾਣੀ ਹੈ, ਜੋ ਸੂਰਜ ਦੀ ਤਪਸ਼ ਨਾਲ ਹਮੇਸ਼ਾਂ ਭਾਫ਼ ਬਣ ਕੇ ਉੱਡਦਾ ਰਹਿੰਦਾ ਹੈ | ਇਹ ਭਾਫ਼ ਵੀ ਦਰਅਸਲ ਪਾਣੀ ਹੀ ਹੁੰਦਾ ਹੈ | ਤਾਪਮਾਨ ਦੇ ਬਦਲਣ ਨਾਲ ਇਹ ਹਵਾ ਵਿਚ ਉੱਡਦੇ ਬੱਦਲ, ਆਪਣਾ ਰੂਪ ਵੀ ਬਦਲਦੇ ਰਹਿੰਦੇ ਹਨ | ਉਚਾਈ 'ਤੇ ਜਾ ਕੇ, ਤਾਪਮਾਨ ਘਟਣ ਨਾਲ ਇਹ ਬੱਦਲ ਤਰਲ ਬਣਨ ਕਾਰਨ ਬਹੁਤ ਭਾਰੇ ਹੋ ਜਾਂਦੇ ਹਨ ਤੇ ਬਰਸ ਪੈਂਦੇ ਹਨ | ਜੇ ਤਾਪਮਾਨ ਹੋਰ ਘਟ ਜਾਵੇ ਤਾਂ ਇਹ ਬਰਫ ਵਿਚ ਜਾਂ ਜੰਮੀ ਹੋਈ ਬਾਰਿਸ਼ ਵਿਚ ਬਦਲ ਜਾਂਦੇ ਹਨ | ਪਾਣੀ ਦੇ ਇਹ ਜੰਮੇ ਹੋਏ ਕਣ ਹੀ ਹਵਾ ਦੇ ਘਸਰਨ ਨਾਲ ਆਸਮਾਨੀ ਬਿਜਲੀ ਨੂੰ ਜਨਮ ਦਿੰਦੇ ਹਨ |
ਮੀਂਹ ਮਨੁੱਖ ਲਈ ਵਰਦਾਨ ਹੈ, ਜੋ ਧੂੜ ਭਰੀ ਬਨਸਪਤੀ ਨੂੰ ਧੋਂਦਾ ਤੇ ਨਿਖਾਰਦਾ ਹੈ ਤੇ ਫ਼ਸਲਾਂ ਨੂੰ ਸਿੰਜਦਾ ਹੈ | ਇਹ ਪਾਣੀ ਨੂੰ ਮੁੜ ਧਰਤੀ ਵਿਚ ਭੇਜਦਾ ਹੈ | ਪਸ਼ੂ ਪੰਛੀ ਚਹਿਕ ਪੈਂਦੇ ਹਨ ਤੇ ਮੋਰ ਪੈਲਾਂ ਪਾਉਂਦੇ ਹਨ | ਅਸੀਂ ਮੀਂਹ ਪੈਣ ਜਾਂ ਨਾ ਪੈਣ ਦੀ ਪ੍ਰਕਿਰਿਆ ਨੂੰ ਵੀ ਇਕ ਮਿੱਥ ਨਾਲ ਜੋੜਿਆ ਹੋਇਆ ਹੈ | ਜਿਵੇਂ ਸਾਡੀ ਮਿੱਥ ਅਨੁਸਾਰ ਮੀਂਹ ਦਾ ਦੇਵਤਾ ਇੰਦਰ ਹੈ | ਜਦੋਂ ਮੀਂਹ ਨਾ ਪਵੇ ਜਾਂ ਸੋਕਾ ਪੈ ਜਾਵੇ ਤਾਂ ਇਸ ਨੂੰ ਇੰਦਰ ਦੇਵਤੇ ਦੀ ਕਰੋਪੀ ਸਮਝ ਲਿਆ ਜਾਂਦਾ ਹੈ | ਕੁੜੀਆਂ ਮੀਂਹ ਪਵਾਉਣ ਲਈ ਲੀਰਾਂ ਦੀਆਂ ਗੁੱਡੀ ਫੂਕਦੀਆਂ ਹਨ ਤਾਂ ਕਿ ਇੰਦਰ ਨੂੰ ਤਰਸ ਆ ਜਾਵੇ | ਮਿੱਠੇ ਚੌਲਾਂ ਦੇ ਜੱਗ ਕੀਤੇ ਜਾਂਦੇ ਹਨ ਤਾਂ ਕਿ ਇੰਦਰ ਖੁਸ਼ ਹੋ ਜਾਵੇ | ਇਸੇ ਤਰ੍ਹਾਂ ਅਸੀਂ ਪਾਣੀ ਦੇ ਦੇਵਤੇ ਖੁਆਜਾ ਦੀ ਪੂਜਾ ਕਰਨ ਲਈ ਕੜਾਹੀਆਂ ਕਰਦੇ ਹਾਂ | ਕਦੇ ਅਸੀਂ ਮੀਂਹ ਹਟਾਉਣ ਲਈ ਕੰਧਾਂ 'ਤੇ ਮੁਸਾਫਰ ਬਣਾ ਕੇ ਖੜੇ੍ਹ ਕਰ ਦਿੰਦੇ ਹਾਂ, ਜਿਵੇਂ ਇੰਦਰ ਇਹ ਸਭ ਕੁਝ ਬੈਠਾ ਵੇਖ ਰਿਹਾ ਹੋਵੇ |
ਇਹ ਇੱਕੀਵੀਂ ਸਦੀਂ ਹੈ, ਸਾਡੀ ਇਹ ਪਹੁੰਚ ਬੱਚਿਆਂ ਦੀਆਂ ਮਾਨਸਿਕ ਨੀਂਹਾਂ ਕਮਜ਼ੋਰ ਕਰਦੀ ਹੈ ਤੇ ਚੇਤਨਾ ਵਿਚ ਭੰਬਲਭੂਸਾ ਪੈਦਾ ਕਰਦੀ ਹੈ | ਸਾਨੂੰ ਮੀਂਹ ਬਰਸਣ ਦੀ ਵਿਗਿਆਨਕ ਪ੍ਰਕਿਰਿਆ, ਬੱਚਿਆਂ ਨੂੰ ਦੱਸਣੀ ਚਾਹੀਦੀ ਹੈ, ਪਰ ਅਫ਼ਸੋਸ ਹੈ ਕਿ ਸਾਡੇ ਪਰਚਿਆਂ ਵਿਚ ਅਜਿਹੇ ਲੇਖ ਬਹੁਤ ਘੱਟ ਛਪਦੇ ਹਨ, ਜਿਸ ਕਰਕੇ ਅੱਜ ਦੇ ਯੁੱਗ ਵਿੱਚ ਵੀ ਸਾਨੂੰ ਅਜਿਹੀਆਂ ਕੁਦਰਤੀ ਕਿਰਿਆਵਾਂ ਸਬੰਧੀ ਸਹੀ ਗਿਆਨ ਨਹੀਂ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਫੋਨ : 416-727-2071
major.mangat@gmail.com

ਨਹਿਲੇ 'ਤੇ ਦਹਿਲਾ: ਬੋਰਡ ਹਟਾ ਦਿੱਤਾ ਗਿਆ

ਪੁਜਾਰੀ ਜੀ ਨੇ ਸ਼ਰਧਾਲੂਆਂ ਤੋਂ ਮਾਇਆ ਇਕੱਠੀ ਕਰਕੇ ਸ਼ਾਨਦਾਰ ਮੰਦਰ ਦੀ ਉਸਾਰੀ ਕਰ ਲਈ ਸੀ | ਉਨ੍ਹਾਂ ਦੇ ਪੁਰਖੇ ਵੀ ਚੰਗੇ ਪੁਜਾਰੀ ਸਨ ਅਤੇ ਤੀਰਥਾਂ ਦੀ ਯਾਤਰਾ ਕਰਕੇ ਪੰੁਨ ਖੱਟਿਆ ਕਰਦੇ ਸਨ | ਸਰਕਾਰੀ ਜ਼ਮੀਨ 'ਤੇ ਬਣਿਆ ਹੋਇਆ ਮੰਦਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣ ਚੁੱਕਿਆ ਸੀ | ਉਹ ਕੱਟੜ ਵਿਚਾਰਾਂ ਦੇ ਧਾਰਨੀ ਸਨ | ਇਸੇ ਲਈ ਮੰਦਰ ਦੇ ਗੇਟ 'ਤੇ ਲੱਗੇ ਬੋਰਡ 'ਤੇ ਲਿਖਿਆ ਹੋਿਆ ਸੀ, ਇਸ ਮੰਦਰ ਵਿਚ ਸ਼ੂਦਰਾਂ ਦਾ ਆਉਣਾ ਮਨ੍ਹਾਂ ਹੈ |
ਇਕ ਦਿਨ ਪੁਜਾਰੀ ਨੂੰ ਸੀਨੇ ਵਿਚ ਤਿੱਖਾ ਦਰਦ ਹੋਇਆ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਚੈੱਕਅੱਪ ਕੀਤਾ ਅਤੇ ਉਨ੍ਹਾਂ ਦੇ ਸਨੇਹੀਆਂ ਨੂੰ ਆਖਿਆ ਕਿ ਤੁਸੀਂ ਇਨ੍ਹਾਂ ਲਈ ਖ਼ੂਨ ਦਾ ਪ੍ਰਬੰਧ ਕਰੋ | ਦੋ-ਚਾਰ ਬੰਦੇ ਖ਼ੂਨ ਦਾਨ ਕਰੋ ਤਾਂ ਕਿ ਉਨ੍ਹਾਂ ਦੀ ਖ਼ੂਨ ਦੀ ਕਮੀ ਪੂਰੀ ਕੀਤੀ ਜਾ ਸਕੇ | ਡਾਕਟਰਾਂ ਨੇ ਪੁਜਾਰੀ ਜੀ ਦੇ ਖ਼ੂਨ ਦਾ ਗਰੁੱਪ ਲੈ ਲਿਆ | ਦੂਜੇ ਦਿਨ ਚਾਰ-ਪੰਜ ਸ਼ਰਧਾਲੂ ਖ਼ੂਨ ਦਾਨ ਲਈ ਆ ਗਏ | ਸਾਰਿਆਂ ਦਾ ਵਾਰੀ-ਵਾਰੀ ਟੈਸਟ ਕੀਤਾ ਗਿਆ ਪਰ ਕਿਸੇ ਦਾ ਵੀ ਗਰੁੱਪ ਪੁਜਾਰੀ ਦੇ ਦੇ ਬਲੱਡ ਗਰੁੱਪ ਨਾਲ ਨਹੀਂ ਮਿਲਿਆ | ਡਾਕਟਰਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਸੀ | ਇਕ ਡਾਕਟਰ ਨੇ ਦੂਜੇ ਡਾਕਟਰ ਨੂੰ ਕਿਹਾ, 'ਅੱਜ ਕੁਝ ਨੌਜਵਾਨ ਖ਼ੂਨ ਦਾਨ ਕਰਨ ਲਈ ਆਏ ਹੋਏ ਨੇ ਆਪਾਂ ਉਥੇ ਚੱਲੀਏ ਤਾਂ ਸ਼ਾਇਦ ਲੋੜੀਂਦੇ ਗਰੁੱਪ ਦਾ ਬਲੱਡ ਮਿਲ ਜਾਏ | ਉਥੇ ਗਏ ਤਾਂ ਪਤਾ ਲੱਗਾ ਕਿ ਦਲਿਤ ਲੋਕਾਂ ਦੀ ਸੰਸਥਾ ਦੇ ਮੈਂਬਰ ਖ਼ੂਨ ਦਾਨ ਕਰ ਰਹੇ ਹਨ, ਜਿਹੜਾ ਵੀ ਨੌਜਵਾਨ ਖ਼ੂਨ ਦਾਨ ਲਈ ਬਿਸਤਰ 'ਤੇ ਲਿਟਾਇਆ ਜਾਂਦਾ ਡਾਕਟਰ ਉਸ ਦਾ ਖ਼ੂਨ ਟੈਸਟ ਕਰਕੇ ਗਰੁੱਪ ਦਾ ਪਤਾ ਲਗਾ ਲੈਂਦੇ | ਫਿਰ ਕੁਦਰਤ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੇ ਪਾਇਆ ਕਿ ਇਕ ਨੌਜਵਾਨ ਦੇ ਖ਼ੂਨ ਦਾ ਗਰੁੱਪ ਲੋੜੀਂਦੇ ਗਰੁੱਪ ਨਾਲ ਮੇਲ ਖਾ ਗਿਆ | ਡਾਕਟਰਾਂ ਨੇ ਉਸ ਨੌਜਵਾਨ ਦਾ ਨਾਂਅ ਪਤਾ ਨੋਟ ਕਰ ਲਿਆ | ਦੋਵੇਂ ਡਾਕਟਰ ਬੜੇ ਸੰਤੁਸ਼ਟ ਸਨ | ਦੋਵਾਂ ਨੇ ਪੁਜਾਰੀ ਨੂੰ ਖ਼ੂਨ ਚੜ੍ਹਾਇਆ ਅਤੇ ਉਹ ਦੋ-ਤਿੰਨਾਂ ਦਿਨਾਂ ਵਿਚ ਠੀਕ ਹੋ ਗਏ | ਛੁੱਟੀ ਦੇਣ ਤੋਂ ਪਹਿਲਾਂ ਉਸ ਡਾਕਟਰ ਨੇ ਉਸ ਨੌਜਵਾਨ ਨੂੰ ਹਸਪਤਾਲ ਵਿਖੇ ਬੁਲਵਾ ਲਿਆ ਅਤੇ ਪੁਜਾਰੀ ਜੀ ਨੂੰ ਕਿਹਾ, 'ਪੁਜਾਰੀ ਜੀ, ਐਹ ਦਲਿਤ ਨੌਜਵਾਨ ਜੇ ਇਸ ਦੇ ਖ਼ੂਨ ਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ?' ਪੁਜਾਰੀ ਨੇ ਨੌਜਵਾਨ ਵੱਲ ਵੇਖਿਆ ਅਤੇ ਹੱਥ ਦਾ ਪੰਜਾ ਉਹਦੇ ਵੱਲ ਕਰਕੇ ਅਸ਼ੀਰਵਾਦ ਦਾ ਇਸ਼ਾਰਾ ਕੀਤਾ ਪਰ ਮੰੂਹੋਂ ਕੁਝ ਨਹੀਂ ਬੋਲਿਆ |
ਦੂਜੇ ਦਿਨ ਮੰਦਰ ਆਉਣ ਵਾਲੇ ਲੋਕ ਹੈਰਾਨ ਸਨ ਕਿ ਮੰਦਰ ਦੇ ਗੇਟ ਦੇ ਉੱਤੇ ਲੱਗਾ ਹੋਇਆ ਬੋਰਡ ਹਟਾ ਦਿੱਤਾ ਗਿਆ ਸੀ |

-ਜੇਠੀ ਨਗਰ, ਮਾਲੇਰਕੋਟਲਾ, ਖੰਨਾ-141401 (ਪੰਜਾਬ) | ਮੋਬਾ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX