ਤਾਜਾ ਖ਼ਬਰਾਂ


ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਕਿਵੇਂ ਮਨਾਈਏ?

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਅਪ੍ਰੈਲ 2021 ਵਿਚ ਆ ਰਹੀ ਹੈ। ਇਸ ਤੋਂ ਪਹਿਲਾਂ ਸਾਲ 2020 ਦੌਰਾਨ ਭਗਤ ਨਾਮਦੇਵ ਜੀ ਦਾ 750 ਸਾਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਾ ਸ਼ਤਾਬਦੀ ਵਰ੍ਹਾ ਆ ਰਹੇ ਹਨ। ਇਹ ਸ਼ਤਾਬਦੀ ਵਰ੍ਹੇ ਪਿਛੋਕੜ ਵਿਚ ਵਾਪਰੀਆਂ ਘਟਨਾਵਾਂ ਦੀ ਯਾਦ ਦਿਵਾਉਣ ਦੇ ਨਾਲ-ਨਾਲ ਭਵਿੱਖ ਵਿਚ ਚੰਗੇਰੀ ਜੀਵਨ-ਜਾਚ ਧਾਰਨ ਕਰਨ 'ਤੇ ਜ਼ੋਰ ਦਿੰਦੇ ਹਨ।
ਵੈਸਾਖ ਵਦੀ 5, 1678 ਬਿਕਰਮੀ (1 ਅਪ੍ਰੈਲ 1621) ਨੂੰ ਪ੍ਰਕਾਸ਼ਮਾਨ ਹੋਏ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਗ਼ਲਾਂ ਨਾਲ ਸੰਘਰਸ਼ ਕਰਦੇ ਹੋਏ ਅਣਖ਼ ਅਤੇ ਸਵੈਮਾਨ ਦੀ ਭਾਵਨਾ ਪੈਦਾ ਕਰਨ ਲਈ ਯਤਨਸ਼ੀਲ ਸਨ। 1628 ਵਿਚ ਸ਼ਾਹਜਹਾਨ ਦੇ ਰਾਜਗੱਦੀ 'ਤੇ ਬੈਠਣ ਉਪਰੰਤ 1635 ਤੱਕ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗ਼ਲ ਫ਼ੌਜਾਂ ਵਿਚਕਾਰ 4 ਯੁੱਧ ਹੋਏ ਅਤੇ ਇਨ੍ਹਾਂ ਸਾਰਿਆਂ ਵਿਚ ਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਸਮੇਂ ਦੌਰਾਨ ਹੀ ਸ਼ਾਹੀ ਸੈਨਿਕਾਂ ਦੇ ਜ਼ੁਲਮ ਅਤੇ ਗੁਰੂ ਸਾਹਿਬ ਦੀ ਉਦਾਰਵਾਦੀ ਨੀਤੀ ਸਾਹਮਣੇ ਆਉਂਦੀ ਹੈ। ਗੁਰੂ ਜੀ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਇਸੇ ਉਦੇਸ਼ ਅਧੀਨ ਹੀ ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਮੁਸਲਮਾਨਾਂ ਲਈ ਮਸੀਤ ਬਣਵਾਈ ਸੀ। ਦੂਜੇ ਪਾਸੇ ਲਾਹੌਰ ਦੇ ਮੁਗ਼ਲ ਕਰਮਚਾਰੀਆਂ ਨੇ ਕਾਬੁਲ ਦੀ ਸਿੱਖ ਸੰਗਤ ਵਲੋਂ ਗੁਰੂ ਜੀ ਦੀ ਭੇਟਾ ਲਈ ਲਿਆਂਦੇ ਗਏ ਦੋ ਘੋੜੇ ਖੋਹ ਲਏ ਸਨ। ਇਹ ਦੋਵੇਂ ਘਟਨਾਵਾਂ ਦੱਸਦੀਆਂ ਹਨ ਕਿ ਕਿਸ ਤਰ੍ਹਾਂ ਹਾਕਮ ਸ਼੍ਰੇਣੀ ਆਮ ਲੋਕਾਂ ਦੀ ਲੁੱਟ-ਖਸੁੱਟ ਕਰ ਰਹੀ ਸੀ ਅਤੇ ਦੂਜੇ ਪਾਸੇ ਗੁਰੂ ਸਾਹਿਬ ਆਪਣੇ ਪੂਰਵਜਾਂ ਵਲੋਂ ਅਰੰਭੇ ਹੋਏ ਪਰਉਪਕਾਰ ਦੇ ਉਦੇਸ਼ 'ਤੇ ਦ੍ਰਿੜਤਾ ਪੂਰਵਕ ਕਾਰਜ ਕਰ ਰਹੇ ਸਨ। ਗੁਰੂ ਸਾਹਿਬ ਸਮਾਜ ਵਿਚ ਕੁਝ ਅਜਿਹੇ ਆਦਰਸ਼ ਸਥਾਪਿਤ ਕਰ ਰਹੇ ਸਨ ਜਿਹੜੇ ਸਮਾਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਦਾ ਕਾਰਜ ਕਰਦੇ ਹਨ।
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਮਨਾਉਂਦਿਆਂ ਉਨ੍ਹਾਂ ਆਦਰਸ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਜਿਨ੍ਹਾਂ ਦੀ ਸਥਾਪਤੀ ਲਈ ਉਨ੍ਹਾਂ ਨੇ ਲੰਮੀਆਂ ਯਾਤਰਾਵਾਂ ਕੀਤੀਆਂ ਸਨ ਅਤੇ ਅਖ਼ੀਰ ਆਪਣੀ ਸ਼ਹਾਦਤ ਦੇ ਦਿੱਤੀ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਸ਼ਾਂਤੀ ਦੇ ਪੁੰਜ ਸਨ ਅਤੇ ਇਸੇ ਕਰ ਕੇ ਉਹ ਹਰ ਹੀਲਾ ਵਰਤਣ 'ਤੇ ਜ਼ੋਰ ਦਿੰਦੇ ਸਨ ਜਿਹੜਾ ਸਮਾਜ ਵਿਚ ਸ਼ਾਂਤੀ ਦੀ ਸਥਾਪਨਾ ਕਰਨ ਲਈ ਲਾਹੇਵੰਦ ਹੋਵੇ। ਅਸਾਮ ਦੀ ਇਤਿਹਾਸਕ ਘਟਨਾ ਸਭ ਦੇ ਸਾਹਮਣੇ ਹੈ ਜਿਸ ਵਿਚ ਗੁਰੂ ਸਾਹਿਬ ਦਿੱਲੀ ਦੇ ਬਾਦਸ਼ਾਹ ਅਤੇ ਆਸਾਮ ਦੇ ਸਥਾਨਕ ਹਾਕਮਾਂ ਵਿਚ ਸੁਲਾਹ ਕਰਾਉਣ ਲਈ ਅੱਗੇ ਆਏ ਸਨ। ਦੂਜੇ ਪਾਸੇ ਜਦੋਂ ਗੁਰੂ ਜੀ ਨੂੰ ਇਹ ਸੂਚਨਾ ਮਿਲਦੀ ਹੈ ਕਿ ਉੱਤਰੀ ਭਾਰਤ ਵਿਚ ਹਕੂਮਤ ਵਲੋਂ ਜਬਰੀ ਧਰਮ ਪਰਿਵਰਤਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਉਹ ਛੇਤੀ ਨਾਲ ਪੰਜਾਬ ਵਾਪਸ ਆ ਕੇ ਮਾਲਵੇ ਦੇ ਕਈ ਪਿੰਡਾਂ ਦੀ ਪ੍ਰਚਾਰ ਯਾਤਰਾ ਕਰ ਕੇ ਆਮ ਲੋਕਾਂ ਨੂੰ ਧਰਮ ਦੇ ਮਾਰਗ 'ਤੇ ਦ੍ਰਿੜ ਰਹਿਣ ਦੀ ਪ੍ਰੇਰਨਾ ਕਰਦੇ ਹਨ। ਜਦੋਂ ਕਸ਼ਮੀਰ ਦੇ ਪੰਡਿਤ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਕਿਤੇ ਹੋਰ ਜਾਣ ਦੀ ਸਲਾਹ ਨਹੀਂ ਦਿੰਦੇ ਬਲਕਿ 'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ' ਵਾਲੀ ਧਰਮ ਦੀ ਭਾਵਨਾ ਦ੍ਰਿੜ ਕਰਾਉਣ ਦਾ ਜਿਹੜਾ ਸੰਦੇਸ਼ ਦਿੰਦੇ ਸਨ, ਉਸੇ 'ਤੇ ਦ੍ਰਿੜਤਾ ਪੂਰਵਕ ਪਹਿਰਾ ਦੇਣ ਲਈ ਅੱਗੇ ਆਉਂਦੇ ਹਨ। ਗੁਰੂ ਜੀ ਦੀ ਪੰਡਿਤਾਂ ਨਾਲ ਕੋਈ ਧਾਰਮਿਕ ਸਾਂਝ ਨਹੀਂ ਸੀ ਕਿਉਂਕਿ ਉਹ ਮੂਰਤੀ ਪੂਜਾ ਦੀ ਥਾਂ ਇਕ ਅਕਾਲ ਪੁਰਖ ਦੀ ਬੰਦਗੀ ਕਰਨ 'ਤੇ ਜ਼ੋਰ ਦਿੰਦੇ ਸਨ ਪਰ ਉਹ ਇਹ ਨਹੀਂ ਚਾਹੁੰਦੇ ਸਨ ਕਿ ਕਿਸੇ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾਵੇ। ਧਾਰਮਿਕ ਆਜ਼ਾਦੀ ਦੀ ਭਾਵਨਾ ਪੈਦਾ ਕਰਨ ਦਾ ਜਿਹੜਾ ਕਾਰਜ ਕਰਨ ਦਾ ਗੁਰੂ ਸਾਹਿਬ ਨੇ ਸਫ਼ਲ ਯਤਨ ਕੀਤਾ ਸੀ ਅੱਜ ਉਸੇ ਸਿਧਾਂਤ ਨੂੰ ਦੁਬਾਰਾ ਲਾਗੂ ਕਰਨ ਦੀ ਲੋੜ ਹੈ। ਧਰਮ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਕਿਸੇ ਵੀ ਵਿਤਕਰੇ ਵਿਰੁੱਧ ਗੁਰੂ ਜੀ ਵਲੋਂ ਉਠਾਈ ਗਈ ਆਵਾਜ਼ ਨੂੰ ਬੁਲੰਦ ਰੱਖਣ ਵਾਲੇ ਸੰਦੇਸ਼ ਨੂੰ ਪਰਪੱਕ ਕਰਾਉਣ ਲਈ ਯਤਨ ਹੋਣੇ ਚਾਹੀਦੇ ਹਨ।
ਹਰ ਗੁਰਪੁਰਬ ਨੂੰ ਮਨਾਉਣ ਲਈ ਰਵਾਇਤੀ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਜਿਵੇਂ ਨਗਰ ਕੀਰਤਨ, ਕੀਰਤਨ ਦਰਬਾਰ, ਢਾਡੀ ਦਰਬਾਰ, ਕਵੀ ਦਰਬਾਰ, ਕਥਾ ਆਦਿ। ਪੁਰਤਾਨ ਪੀੜ੍ਹੀ ਇਸੇ ਮੁਹਾਵਰੇ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਨਵੀਂ ਪੀੜ੍ਹੀ ਵੀ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਲਵਾਉਣ ਵਿਚ ਮਾਣ ਮਹਿਸੂਸ ਕਰਦੀ ਹੈ। ਪਿਛਲੇ ਦਿਨੀਂ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਮੀਡੀਆ ਵਾਲਿਆਂ ਦਾ ਧਿਆਨ ਖਿੱਚ ਰਹੀ ਸੀ। ਨੌਜਵਾਨਾਂ ਵਿਚ ਆਪਣੇ ਇਤਿਹਾਸ ਅਤੇ ਧਾਰਮਿਕ ਪਰੰਪਰਾਵਾਂ ਬਾਰੇ ਜਾਣਨ ਦੀ ਰੁਚੀ ਕੌਮ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ।
ਰਵਾਇਤੀ ਮੁਹਾਵਰਾ ਵੱਡੀ ਗਿਣਤੀ ਸੰਗਤ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਵਿਚੋਂ ਜਨ-ਚੇਤਨਾ ਪ੍ਰਗਟ ਹੁੰਦੀ ਹੈ। ਇਸ ਦੇ ਨਾਲ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਕਿਤੇ ਸਾਡੇ ਰਵਾਇਤੀ ਸਮਾਗਮ ਮਹਿਜ ਰਸਮਾਂ ਬਣ ਕੇ ਨਾ ਰਹਿ ਜਾਣ ਅਤੇ ਧਰਮ ਅਰਥ ਦਿੱਤੀ ਮਾਇਆ ਵਿਚੋਂ 'ਆਪਣੀ ਅਕਲ ਬਿਗਾਨੀ ਮਾਇਆ' ਵਾਲੇ ਮੁਹਾਵਰੇ ਦਾ ਪ੍ਰਗਟਾਵਾ ਨਾ ਹੋਣ ਲੱਗ ਪਵੇ। ਰਵਾਇਤੀ ਸਮਾਗਮਾਂ ਤੋਂ ਇਲਾਵਾ ਅਕਾਦਮਿਕ ਪੱਧਰ 'ਤੇ ਕੀਤੇ ਜਾਣ ਵਾਲੇ ਸੈਮੀਨਾਰ, ਵਿਚਾਰ-ਗੋਸ਼ਟੀਆਂ ਅਤੇ ਕਾਨਫ਼ਰੰਸਾਂ ਵੀ ਗੁਰੂ ਜੀ ਦੇ ਸੰਦੇਸ਼ ਨੂੰ ਦ੍ਰਿੜ ਕਰਾਉਣ ਵਿਚ ਸਹਾਈ ਹੁੰਦੀਆਂ ਹਨ। ਹਰ ਪੀੜ੍ਹੀ ਵਿਚ ਧਰਮ ਨੂੰ ਸਮਝਣ ਦਾ ਵੱਖੋ-ਵੱਖਰਾ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਹਰ ਯੁੁੱਗ ਬਾਣੀ ਦੀ ਨਵੇਂ ਸਿਰਿਓਂ ਵਿਆਖਿਆ ਦੀ ਮੰਗ ਕਰਦਾ ਹੈ। ਵਿਦਵਾਨਾਂ ਨੇ ਸਿੱਖ ਧਰਮ ਦੇ ਜਿਹੜੇ ਸਿਧਾਂਤਿਕ ਦ੍ਰਿਸ਼ਟੀਕੋਣ ਤਿਆਰ ਕੀਤੇ ਹਨ ਉਨ੍ਹਾਂ ਨੂੰ ਆਮ ਲੋਕਾਂ ਤੱਕ ਲਿਜਾਣ ਦੀ ਲੋੜ ਹੈ। ਨਵੇਂ ਯੁੱਗ ਦੀਆਂ ਸਮੱਸਿਆਵਾਂ ਦੇ ਸਨਮੁਖ ਧਰਮ ਦੀ ਕੀਤੀ ਗਈ ਵਿਆਖਿਆ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹ ਆਪਣੇ ਧਾਰਮਿਕ ਅਕੀਦਿਆਂ ਅਤੇ ਸਿਧਾਂਤਾਂ ਪ੍ਰਤੀ ਵਧੇਰੇ ਚੇਤੰਨ ਹੁੰਦੇ ਹਨ। ਅਕਾਦਮਿਕ ਕਾਰਜਾਂ ਰਾਹੀਂ ਵਿਚਾਰ-ਚਰਚਾ ਦਾ ਮਾਰਗ ਖੁੱਲ੍ਹਦਾ ਹੈ ਅਤੇ ਕਈ ਨਵੇਂ ਦ੍ਰਿਸ਼ਟੀਕੋਣ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਨਵੀਂਆਂ ਖੋਜਾਂ ਪ੍ਰਤੀ ਰੁਚੀ ਪੈਦਾ ਹੁੰਦੀ ਹੈ।
ਨਵੀਂ ਪੀੜ੍ਹੀ ਵਿਚ ਮੂਲ ਗ੍ਰੰਥਾਂ ਨੂੰ ਪੜ੍ਹਨ ਦੀ ਘਟਦੀ ਜਾ ਰਹੀ ਰੁਚੀ ਚਿੰਤਾ ਦਾ ਵਿਸ਼ਾ ਹੈ ਜਿਸ ਨਾਲ ਕਈ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਇੰਟਰਨੈੱਟ 'ਤੇ ਬਹੁਤਾ ਸਮਾਂ ਕੰਮ ਕਰਨ ਵਾਲੇ ਆਪਣੇ ਧਰਮ ਅਤੇ ਵਿਰਾਸਤ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਬਿਜਲਈ ਮੀਡੀਆ ਰਾਹੀਂ ਲੱਭਣ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮੀਡੀਆ ਰਾਹੀਂ ਉਹੀ ਜਾਣਕਾਰੀ ਸਾਹਮਣੇ ਆਉਂਦੀ ਹੈ ਜਿਹੜੀ ਕਿਸੇ ਨੇ ਇਸ ਵਿਚ ਦਰਜ ਕੀਤੀ ਹੋਵੇ। ਜੇਕਰ ਕੋਈ ਜਾਣਕਾਰੀ ਧਰਮ ਦੇ ਮਾਪਦੰਡਾਂ ਜਾਂ ਗੁਰਮਤਿ ਸਿਧਾਂਤ ਦੇ ਅਨੁਸਾਰ ਸਹੀ ਨਹੀਂ ਹੈ ਤਾਂ ਉਹ ਗ਼ਲਤ ਰੂਪ ਵਿਚ ਹੀ ਲੋਕ-ਮਨਾਂ ਵਿਚ ਪੱਕੀ ਹੋ ਜਾਂਦੀ ਹੈ ਅਤੇ ਮਨ ਵਿਚ ਪੱਕ ਗਏ ਵਿਚਾਰਾਂ ਨੂੰ ਦਰੁਸਤ ਕਰਨਾ ਕਈ ਵਾਰੀ ਅਸੰਭਵ ਹੋ ਜਾਂਦਾ ਹੈ। ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਇਸ ਮੀਡੀਏ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸੋਸ਼ਲ ਮੀਡੀਆ 'ਤੇ ਅਜਿਹੀ ਜਾਣਕਾਰੀ ਪਾਉਣ ਦੀ ਵਧੇਰੇ ਲੋੜ ਹੈ ਜਿਹੜੀ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹੋਵੇ। ਸਿੱਖ ਸੰਸਥਾਵਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਵਿਚਲੇ ਪ੍ਰਮਾਣਿਕ ਤੱਥਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ਼ ਹੋਣਾ ਚਾਹੀਦਾ ਹੈ।
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕਰਮ-ਭੂਮੀ ਵਧੇਰੇ ਕਰਕੇ ਭਾਰਤ ਵਿਚ ਹੀ ਮੌਜੂਦ ਹੈ। ਗੁਰਗੱਦੀ ਪ੍ਰਾਪਤ ਕਰਨ ਉਪਰੰਤ ਗੁਰੂ ਜੀ ਨੇ ਬਾਬਾ ਬਕਾਲਾ ਤੋਂ ਬਿਹਾਰ, ਬੰਗਾਲ, ਆਸਾਮ ਤੱਕ ਜਿਹੜੀਆਂ ਪ੍ਰਚਾਰ ਯਾਤਰਾਵਾਂ ਕੀਤੀਆਂ ਸਨ, ਉਨ੍ਹਾਂ ਦਾ ਸਰਵੇ ਕਰਵਾਏ ਜਾਣ ਦੀ ਲੋੜ ਹੈ ਤਾਂ ਕਿ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਸਕੇ। 1984 ਤੋਂ ਬਾਅਦ ਬਹੁਤ ਸਾਰੇ ਸਿੱਖਾਂ ਨੂੰ ਘਰੋਂ-ਬੇਘਰ ਹੋਣਾ ਪਿਆ ਹੈ ਅਤੇ ਜਿਹੜੇ ਗੁਰਧਾਮਾਂ ਦੀ ਉਹ ਸੇਵਾ-ਸੰਭਾਲ ਕਰਦੇ ਰਹੇ ਸਨ, ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ। ਗੁਰਧਾਮਾਂ ਦੀ ਸੇਵਾ-ਸੰਭਾਲ ਕਰ ਰਹੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਣਾ ਚਾਹੀਦਾ ਹੈ।
ਦੂਜੇ ਸੂਬਿਆਂ ਵਿਚ ਕੁਝ ਅਜਿਹੇ ਗੁਰਧਾਮ ਮੌਜੂਦ ਹਨ ਜਿਨ੍ਹਾਂ ਦਾ ਪ੍ਰਬੰਧ ਉਦਾਸੀਆਂ ਕੋਲ ਸੀ ਅਤੇ ਉਨ੍ਹਾਂ ਦੇ ਨਾਂ ਲੱਗੀਆਂ ਜ਼ਮੀਨਾਂ 'ਤੇ ਇਲਾਕੇ ਦੇ ਹੋਰ ਲੋਕ ਕਾਬਜ਼ ਹੋ ਗਏ ਹਨ। ਅਜਿਹੇ ਅਸਥਾਨਾਂ ਦੀ ਭਾਲ ਕਰ ਕੇ ਉਨ੍ਹਾਂ ਦੀ ਪੁਨਰ-ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ। ਜਿਹੜੇ ਗੁਰਧਾਮ ਸਥਾਨਕ ਸੰਗਤ ਨੇ ਸੰਭਾਲ ਕੇ ਰੱਖੇ ਹੋਏ ਹਨ ਉਨ੍ਹਾਂ ਨਾਲ ਸੰਪਰਕ ਪੈਦਾ ਕਰਨ ਦੀ ਲੋੜ ਹੈ ਅਤੇ ਜਿਥੋਂ ਤੱਕ ਸੰਭਵ ਹੋ ਸਕੇ ਉਨ੍ਹਾਂ ਦੇ ਨੁਮਾਇੰਦਿਆਂ ਤੋਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਯਥਾਸ਼ਕਤਿ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ ਵਿਚ ਢਿੱਲ ਨਹੀਂ ਕਰਨੀ ਚਾਹੀਦੀ। ਸਾਡੇ ਪ੍ਰਚਾਰਕਾਂ ਨੂੰ ਵੀ, ਵਿਦੇਸ਼ੀ ਪ੍ਰਚਾਰ ਦੌਰਿਆਂ ਦੇ ਨਾਲ-ਨਾਲ, ਭਾਰਤ ਦੇ ਉਨ੍ਹਾਂ ਹਿੱਸਿਆਂ ਵਿਚ ਪ੍ਰਚਾਰ ਯਾਤਰਾਵਾਂ ਕਰਨੀਆਂ ਚਾਹੀਦੀਆਂ ਹਨ ਜਿਥੇ ਸਿੱਖ ਵੱਸੋਂ ਬਹੁਤ ਘੱਟ ਮੌਜੂਦ ਹੈ ਅਤੇ ਜਿਹੜੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨੀ ਔਖੀ ਹੋ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੰਗਤ ਨੂੰ ਬਹੁਤ ਸਾਰੀਆਂ ਆਸਾਂ ਹਨ ਪਰ ਇਸ ਦੀਆਂ ਆਪਣੀਆਂ ਸੀਮਾਵਾਂ ਵੀ ਹਨ। ਪੰਜਾਬ ਦੇ ਡੇਰੇਦਾਰਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਭਾਰਤ ਦੇ ਹੋਰਨਾਂ ਰਾਜਾਂ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਸੁਸ਼ੋਭਿਤ ਗੁਰਧਾਮਾਂ ਦੀ ਸੰਭਾਲ ਲਈ ਇਨ੍ਹਾਂ ਨੂੰ ਯਤਨਸ਼ੀਲ ਹੋਣ ਦੀ ਲੋੜ ਹੈ। ਜੇਕਰ ਸਮੂਹਿਕ ਯਤਨ ਨਾ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਮੰਗੂ ਮੱਠ, ਗੁਰਦੁਆਰਾ ਗੁਰੂ ਡਾਂਗਮਾਰ ਆਦਿ ਅਸਥਾਨਾਂ 'ਤੇ ਵਾਪਰ ਰਹੀਆਂ ਘਟਨਾਵਾਂ ਕਾਰਨ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਤੋਂ ਵਾਂਝੇ ਹੋ ਜਾਵਾਂਗੇ।
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਇਕ ਬਹੁਤ ਹੀ ਮਹੱਤਵਪੂਰਨ ਗੁਰਧਾਮ ਢਾਕਾ ਵਿਖੇ ਸੁਸ਼ੋਭਿਤ ਹੈ। ਇਹ ਉਹ ਅਸਥਾਨ ਹੈ ਜਿਥੇ ਗੁਰੂ ਜੀ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਖ਼ਬਰ ਮਿਲੀ ਸੀ। ਇਥੋਂ ਗੁਰੂ ਜੀ ਨੇ ਪਟਨਾ ਦੀ ਸੰਗਤ ਦੇ ਨਾਂਅ ਹੁਕਮਨਾਮੇ ਵੀ ਲਿਖੇ ਸਨ। ਇਹ ਅਸਥਾਨ ਬਹੁਤ ਹੀ ਖਸਤਾ ਹਾਲ ਵਿਚ ਹੈ। ਭਾਵੇਂ ਕਿ ਗੁਰਦੁਆਰਾ ਸਾਹਿਬ ਦੀ ਕੁਝ ਜ਼ਮੀਨ ਖਾਲੀ ਕਰਵਾਈ ਗਈ ਹੈ ਪਰ ਹਾਲੇ ਹੋਰ ਯਤਨ ਕਰਨੇ ਬਾਕੀ ਹਨ। ਗੁਰਦੁਆਰਾ ਸਾਹਿਬ ਦੀ ਸਮੁੱਚੀ ਜ਼ਮੀਨ ਨੂੰ ਖਾਲੀ ਕਰਵਾ ਕੇ ਪੁਰਾਤਨ ਇਮਾਰਤ ਨੂੰ ਸੰਭਾਲ ਲਿਆ ਜਾਣਾ ਚਾਹੀਦਾ ਹੈ। ਬੰਗਲਾਦੇਸ਼ ਦੀ ਸਰਕਾਰ ਅਤੇ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਉਸ ਅਸਥਾਨ ਦੀ ਸਾਂਭ-ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ।
1975 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਤ ਤੀਜੀ ਸ਼ਤਾਬਦੀ ਪੂਰਬੀ ਭਾਰਤ ਵਿਚ ਬਹੁਤ ਵੱਡੇ ਪੱਧਰ 'ਤੇ ਮਨਾਈ ਗਈ ਸੀ। ਹਰ ਸੂਬੇ ਵਿਚ ਪੈਂਦੇ ਗੁਰਧਾਮਾਂ ਵਿਖੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਰਾਗੀ, ਢਾਡੀ ਅਤੇ ਪ੍ਰਚਾਰਕ ਆਦਿ ਭੇਜੇ ਗਏ ਸਨ। ਜਿਹੜੇ ਗੁਰਧਾਮਾਂ ਵਿਖੇ ਬਹੁਤੀ ਸਿੱਖ ਸੰਗਤ ਮੌਜੂਦ ਨਹੀਂ ਸੀ, ਉਥੇ ਵੀ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰ ਕੇ ਆਮ ਲੋਕਾਂ ਦੇ ਮਨ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸਿੱਖਿਆ ਪ੍ਰਤੀ ਚੇਤਨਾ ਪੈਦਾ ਕੀਤੀ ਗਈ ਸੀ। ਮੌਜੂਦਾ ਸਮੇਂ ਬਹੁਤ ਸਾਰੇ ਬੱਚੇ ਪੜ੍ਹ-ਲਿਖ ਗਏ ਹਨ ਪਰ ਉਹ ਗੁਰਮੁਖੀ ਨਹੀਂ ਜਾਣਦੇ, ਉਨ੍ਹਾਂ ਲਈ ਸਥਾਨਕ ਭਾਸ਼ਾਵਾਂ ਵਿਚ ਅਜਿਹਾ ਸਾਹਿਤ ਪੈਦਾ ਕਰਨ ਦੀ ਲੋੜ ਹੈ ਜਿਸ ਵਿਚੋਂ ਗੁਰੂ ਜੀ ਦੇ ਜੀਵਨ ਅਤੇ ਬਾਣੀ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੋਵੇ।
ਸਿੱਖ ਸ੍ਰੋਤਾਂ ਅਤੇ ਪਰੰਪਰਾ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ 'ਧਰਮ ਦੀ ਚਾਦਰ', 'ਸ੍ਰਿਸ਼ਟੀ ਦੀ ਚਾਦਰ' ਅਤੇ 'ਹਿੰਦ ਦੀ ਚਾਦਰ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਨੇ ਧਰਮ ਦੀ ਆਜ਼ਾਦੀ ਲਈ ਆਪਣਾ ਸੀਸ ਭੇਟ ਕਰ ਦਿੱਤਾ ਸੀ ਜਿਸ ਦਾ ਭਾਵ ਸੀ ਕਿ ਹਰ ਇਕ ਮਨੁੱਖ ਆਪਣੇ ਧਰਮ ਦੀਆਂ ਕਦਰਾਂ-ਕੀਮਤਾਂ ਅਨੁਸਾਰ ਆਪਣਾ ਜੀਵਨ ਬਸਰ ਕਰੇ। ਇਸ ਦ੍ਰਿਸ਼ਟੀ ਤੋਂ ਸਾਨੂੰ ਆਪਣੇ ਧਰਮ ਦੇ ਸ਼ਰਧਾਲੂਆਂ ਵੱਲ ਵੀ ਨਜ਼ਰ ਮਾਰਨ ਦੀ ਲੋੜ ਹੈ ਕਿ ਕਿਤੇ ਉਹ ਸਿੱਖੀ ਤੋਂ ਦੂਰ ਤਾਂ ਨਹੀਂ ਜਾ ਰਹੇ? ਪਤਿਤਪੁਣਾ ਤਾਂ ਨਹੀਂ ਵੱਧਦਾ ਜਾ ਰਿਹਾ? ਨਸ਼ਿਆਂ ਅਤੇ ਭਰੂਣ ਹੱਤਿਆ ਦੀ ਭਾਵਨਾ ਤਾਂ ਪੈਦਾ ਨਹੀਂ ਹੋ ਰਹੀ? ਧਰਮ ਰਾਜਨੀਤੀ ਦੇ ਕੁੰਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੇ ਸਾਡੀ ਸਿੱਖੀ ਅਹੁਦਿਆਂ ਤੱਕ ਹੀ ਤਾਂ ਨਹੀਂ ਸਿਮਟਦੀ ਜਾ ਰਹੀ? ਨਿਮਰਤਾ ਅਤੇ ਸੇਵਾ ਨੂੰ ਸਿੱਖੀ ਦੀ ਜੜ੍ਹ ਮੰਨਿਆ ਗਿਆ ਹੈ ਅਤੇ ਇਸ ਦੇ ਆਧਾਰ 'ਤੇ ਕਾਰਜ ਕਰਨ ਵਿਚ ਅਸੀਂ ਕਿੰਨੇ ਕੁ ਸਫਲ ਹੋਏ ਹਾਂ? ਆਦਿ। ਇਸੇ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਕਰਦੇ ਹੋਏ ਹੀ ਇਸ ਸ਼ਤਾਬਦੀ ਨੂੰ ਮਨਾਉਣ ਲਈ ਹੁਣ ਤੋਂ ਹੀ ਯਤਨ ਆਰੰਭ ਕਰ ਦੇਣੇ ਚਾਹੀਦੇ ਹਨ।


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


ਖ਼ਬਰ ਸ਼ੇਅਰ ਕਰੋ

ਸਿੱਖ ਸਮਾਜ ਦਾ ਅਕਸ ਵਿਗਾੜ ਰਿਹਾ ਹੈ ਮੰਗਣ ਦਾ ਰੁਝਾਨ

ਪੰਜਾਬੀਆਂ ਦੇ ਸੁਭਾਅ ਵਿਚ 'ਮੰਗ ਕੇ ਖਾਣਾ' ਸ਼ਾਮਿਲ ਨਹੀਂ ਹੈ। ਇਹ ਮਨੁੱਖੀ ਬਿਰਤੀ ਹੈ ਕਿ ਜਦੋਂ ਕੋਈ ਵਿਅਕਤੀ ਮਾਨਸਿਕ ਜਾਂ ਸਰੀਰਕ ਰੂਪ ਵਿਚ ਬਿਮਾਰ ਹੋ ਜਾਂਦਾ ਹੈ ਤਾਂ ਉਹ ਸਮਾਜ ਵਿਚ ਰਹਿੰਦੇ ਦੂਜੇ ਲੋਕਾਂ ਤੋਂ ਆਸਰਾ ਭਾਲਦਾ ਹੈ। ਪਰ, ਅਜੋਕੇ ਸਮੇਂ 'ਮੰਗਣਾ' ਇਕ ਵੱਡੇ ਵਪਾਰ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਹਰ ਰੋਜ਼ ਟੀ. ਵੀ., ਅਖ਼ਬਾਰਾਂ ਵਿਚ ਇਹ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਹਨ ਕਿ ਨਿੱਕੇ ਬੱਚਿਆਂ ਨੂੰ ਅਗਵਾ ਕਰਕੇ, ਅੰਗਹੀਣ ਬਣਾ ਉਨ੍ਹਾਂ ਤੋਂ ਭਿੱਖਿਆ ਮੰਗਵਾਈ ਜਾ ਰਹੀ ਹੈ। ਵੱਡੇ ਸ਼ਹਿਰਾਂ ਵਿਚ ਇਹ ਵਪਾਰ ਕਾਫ਼ੀ ਵਰ੍ਹਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ, ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਦੇ ਬੁੱਧੀਜੀਵੀ ਲੋਕ ਇਸ ਪਾਸੇ ਤੋਂ ਅੱਖਾਂ ਬੰਦ ਕਰਕੇ ਬੈਠੇ ਹਨ।
ਖ਼ੈਰ! ਇਹ ਵੱਖਰਾ ਮੁੱਦਾ ਹੈ ਜਿਹੜਾ ਬਹੁਤ ਗੰਭੀਰ ਅਤੇ ਵਿਸਥਾਰਪੂਰਵਕ ਚਰਚਾ ਦੀ ਮੰਗ ਕਰਦਾ ਹੈ। ਸਾਡੇ ਇਸ ਲੇਖ ਦਾ ਮੁੱਖ ਮੁੱਦਾ ਹੈ ਪੰਜਾਬੀ ਸਮਾਜ ਦਾ ਭਿੱਖਿਆ ਮੰਗਣ ਜਾਂ ਮੰਗ ਕੇ ਖਾਣ ਪ੍ਰਤੀ ਕੀ ਵਿਚਾਰ ਹੈ, ਇਸ ਵਿਸ਼ੇ ਨਾਲ ਸਬੰਧਿਤ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਅਸੀਂ ਆਪਣੇ ਵਿਸ਼ੇ ਤੋਂ ਬਾਹਰ ਦੇ ਮੁੱਦੇ ਲੇਖ ਵਿਚ ਸ਼ਾਮਿਲ ਨਹੀਂ ਕਰਾਂਗੇ ਤਾਂ ਕਿ ਲੇਖ ਨੂੰ ਸਹੀ ਆਕਾਰ ਵਿਚ ਸਮਾਪਤ ਕੀਤਾ ਜਾ ਸਕੇ।
ਜਗਤ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਵਿਚ ਸਭ ਤੋਂ ਪਹਿਲਾਂ 'ਕਿਰਤ ਕਰੋ' ਦੇ ਸੁਨਹਿਰੀ ਸਿਧਾਂਤ ਨੂੰ ਸ਼ਾਮਿਲ ਕੀਤਾ ਹੈ, ਤਵੱਜੋਂ ਦਿੱਤੀ ਹੈ। ਬਾਬਾ ਨਾਨਕ ਨੇ ਕੇਵਲ ਲਿਖਤੀ ਰੂਪ ਵਿਚ ਹੀ ਕਿਰਤ ਦੇ ਸਿਧਾਂਤ ਨੂੰ ਮਹਾਨਤਾ ਨਹੀਂ ਦਿੱਤੀ ਬਲਕਿ ਆਪ ਹਲ ਵਾਹ ਕੇ ਮਨੁੱਖਤਾ ਨੂੰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ। ਸ਼ਾਇਦ ਇਸੇ ਲਈ ਪੰਜਾਬੀਆਂ ਦੇ ਸੁਭਾਅ ਵਿਚ ਮੰਗਣਾ ਸ਼ਾਮਿਲ ਨਹੀਂ ਹੈ।
ਸੂਫ਼ੀ ਫ਼ਕੀਰ ਬਾਬਾ ਫ਼ਰੀਦ ਨੇ ਆਪਣੇ ਸਲੋਕਾਂ ਵਿਚ ਅੱਲ੍ਹਾ ਨੂੰ ਗੁਜ਼ਾਰਿਸ਼ ਕੀਤੀ ਹੈ, 'ਹੇ ਮੇਰੇ ਮਾਲਕ ਮੈਨੂੰ ਕਿਸੇ ਦੇ ਦਰ 'ਤੇ ਮੰਗਣ ਵਾਸਤੇ ਨਾ ਭੇਜੀਂ। ਹਾਂ ਜੇਕਰ ਤੇਰੀ ਇਹ ਇੱਛਾ ਹੈ ਕਿ ਤੂੰ ਮੈਨੂੰ ਕਿਸੇ ਦੇ ਦਰ 'ਤੇ ਮੰਗਣ ਵਾਸਤੇ ਭੇਜਣਾ ਚਾਹੁੰਦਾ ਏਂ ਤਾਂ ਮੰਗਣ ਭੇਜਣ ਤੋਂ ਪਹਿਲਾਂ ਮੈਨੂੰ ਮੌਤ ਦੇ ਦੇਵੀਂ, ਮੈਨੂੰ ਮਾਰ ਦੇਵੀਂ।' ਭਾਵ ਬਾਬਾ ਫ਼ਰੀਦ ਜੀ ਕਿਸੇ ਦੇ ਦਰ 'ਤੇ ਮੰਗਣ ਜਾਣ ਨਾਲੋਂ ਮਰਨਾ ਜ਼ਿਆਦਾ ਪਸੰਦ ਕਰਦੇ ਹਨ।
'ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥'
(ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. 1380)
ਪਰ ਅਫ਼ਸੋਸ, ਗੁਰੂ ਨਾਨਕ ਅਤੇ ਬਾਬਾ ਫ਼ਰੀਦ ਦੇ ਅਖ਼ੌਤੀ ਵਾਰਸ ਅੱਜਕਲ੍ਹ 'ਮੰਗ ਕੇ ਖਾਣ' ਵਿਚ ਰਤਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਬੱਸਾਂ, ਰੇਲ ਗੱਡੀਆਂ ਅਤੇ ਕਈ ਹੋਰ ਜਨਤਕ ਥਾਵਾਂ 'ਤੇ ਪਾਖੰਡੀ ਲੋਕ ਉਨ੍ਹਾਂ ਗੁਰੂਆਂ ਦੇ ਨਾਮ 'ਤੇ ਮੰਗਦੇ ਆਮ ਹੀ ਨਜ਼ਰ ਪੈ ਜਾਂਦੇ ਹਨ ਜਿਨ੍ਹਾਂ ਨੇ ਮਨੁੱਖਤਾ ਨੂੰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ, ਜਾਚ ਸਿਖਾਈ ਹੈ, ਪਾਠ ਪੜ੍ਹਾਇਆ ਹੈ।
ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਲਿਬਾਸ ਧਾਰਨ ਕਰਕੇ ਬਹੁਤ ਸਾਰੇ ਪਾਖੰਡੀ, ਆਮ ਲੋਕਾਂ ਤੋਂ ਧਰਮ ਅਸਥਾਨਾਂ ਦੀ ਉਸਾਰੀ ਦੇ ਨਾਂਅ 'ਤੇ ਪੈਸੇ ਮੰਗਦੇ ਹਨ। ਹੈਰਾਨੀ ਹੁੰਦੀ ਹੈ ਇਨ੍ਹਾਂ ਦੇ ਸਰੀਰ ਨੂੰ ਦੇਖ ਕੇ, ਕਿਉਂਕਿ ਇਹ ਮੰਗਤੇ ਅਕਸਰ ਬਿਲਕੁਲ ਤੰਦਰੁਸਤ ਹੁੰਦੇ ਹਨ। ਬੱਸਾਂ, ਰੇਲਗੱਡੀਆਂ ਵਿਚ ਨੌਜਵਾਨ ਉਮਰ ਦੇ ਮੁੰਡੇ, ਕੁੜੀਆਂ ਪੈਸੇ ਮੰਗਦੇ ਆਮ ਹੀ ਨਜ਼ਰੀਂ ਪੈ ਜਾਂਦੇ ਹਨ। ਇਹ ਗੰਦੇ ਕੱਪੜੇ ਪਾ ਕੇ, ਤਰਸਯੋਗ ਹਾਲਤ ਸਿਰਜ ਕੇ, ਆਮ ਲੋਕਾਂ ਨੂੰ ਪੈਸਾ ਦੇਣ ਲਈ ਮਜ਼ਬੂਰ ਕਰ ਦਿੰਦੇ ਹਨ ਅਤੇ ਅਕਸਰ ਹੀ ਆਪਣੇ ਮਕਸਦ ਵਿਚ ਕਾਮਯਾਬ ਵੀ ਹੋ ਜਾਂਦੇ ਹਨ।
ਅੱਜਕਲ੍ਹ ਇਕ ਹੋਰ ਤਰ੍ਹਾਂ ਦਾ ਮੰਗਣਾ, ਠਗਣਾ ਆਮ ਹੀ ਦੇਖਣ ਨੂੰ ਮਿਲਦਾ ਹੈ। ਕੋਈ ਵਿਅਕਤੀ ਚੰਗੇ ਕੱਪੜੇ ਪਾ ਕੇ, ਚਸ਼ਮਾ-ਟਾਈ ਲਾ ਕੇ, ਆਮ ਲੋਕਾਂ ਨੂੰ ਆਪਣੇ ਪਰਸ (ਬਟੂਏ) ਦੇ ਗੁਆਚ ਜਾਣ ਦੀ ਜਾਣਕਾਰੀ ਦਿੰਦਾ ਹੈ ਅਤੇ ਆਖਦਾ ਹੈ ਕਿ ਉਸ ਦਾ ਸਾਰਾ ਪੈਸਾ ਚੋਰੀ ਹੋ ਗਿਆ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਂ ਤੁਹਾਡੇ ਪੈਸੇ ਵਾਪਸ ਕਰ ਦਿਆਂਗਾ। ਪਰ, ਉਹੀ ਬੰਦਾ ਅਗਲੇ ਦਿਨ ਫਿਰ ਉਸੇ ਜਗ੍ਹਾ 'ਤੇ ਲੋਕਾਂ ਨਾਲ ਉਵੇਂ ਹੀ ਠੱਗੀ ਮਾਰ ਰਿਹਾ ਹੁੰਦਾ ਹੈ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਕਦੇ ਕੋਈ ਚੰਗਾ, ਨੇਕ ਬੰਦਾ ਅਸਲ ਵਿਚ ਵੀ ਲਾਚਾਰ ਹੋ ਸਕਦਾ ਹੈ ਪਰ ਅਕਸਰ ਇਸ ਪ੍ਰਕਾਰ ਦੇ ਬੰਦੇ ਧੋਖੇਬਾਜ਼, ਠੱਗ ਹੁੰਦੇ ਹਨ।
ਆਮ ਕਰਕੇ ਜਨਤਕ ਥਾਵਾਂ 'ਤੇ ਅਜਿਹੇ ਲੋਕ ਜ਼ਿਆਦਾ ਸਰਗਰਮ ਹੁੰਦੇ ਹਨ ਕਿਉਂਕਿ ਇਥੇ ਲੋਕਾਂ ਦਾ ਇਕੱਠ ਹੁੰਦਾ ਹੈ। ਇਸ ਕਰਕੇ ਪੈਸੇ ਮਿਲਣ ਦੀ ਆਸ ਵੱਧ ਹੁੰਦੀ ਹੈ। ਕਈ ਵਾਰ ਪਿੰਡਾਂ, ਸ਼ਹਿਰਾਂ ਵਿਚ ਵੀ ਕੁਝ ਬੰਦੇ ਮਿਲ ਕੇ, ਕਿਸੇ ਧਾਰਮਿਕ ਜਗ੍ਹਾ ਦੀ ਉਸਾਰੀ ਆਦਿ ਦਾ ਝੂਠਾ ਬਹਾਨਾ ਬਣਾ ਕੇ, ਆਮ ਲੋਕਾਂ ਕੋਲੋਂ ਪੈਸੇ ਠੱਗ ਲੈਂਦੇ ਹਨ। ਹਾਂ, ਜੇਕਰ ਅਸਲ ਵਿਚ ਕੋਈ ਜਗ੍ਹਾ ਬਣਾਈ ਜਾ ਰਹੀ ਹੈ ਤਾਂ ਉਸ ਦੀ ਪੂਰੀ ਤਰ੍ਹਾਂ ਪੜਤਾਲ ਕਰਨਾ ਲਾਜ਼ਮੀ ਹੈ। ਪਰ ਬਿਨਾਂ ਕਿਸੇ ਪੜਤਾਲ, ਜਾਣਕਾਰੀ ਤੋਂ ਪੈਸੇ ਦੇਣਾ ਮੂਰਖ਼ਤਾ ਹੁੰਦੀ ਹੈ।
ਕੁਝ ਵਰ੍ਹੇ ਪਹਿਲਾਂ ਤੱਕ ਇਕ ਕਹਾਵਤ ਬਹੁਤ ਮਸ਼ਹੂਰ ਹੁੰਦੀ ਸੀ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ ਤੁਹਾਨੂੰ ਕੋਈ ਸਿੱਖ, ਪੰਜਾਬੀ ਬੰਦਾ ਮੰਗਤਾ ਨਹੀਂ ਮਿਲੇਗਾ। ਪਰ ਹੁਣ ਅਜਿਹਾ ਨਹੀਂ ਹੈ। ਹਜ਼ਾਰਾਂ ਲੋਕਾਂ ਨੇ ਸਿੱਖ ਦੇ ਭੇਸ ਵਿਚ ਮੰਗਣ ਨੂੰ ਆਪਣਾ ਧੰਦਾ ਬਣਾ ਲਿਆ ਹੈ। ਰੇਲਵੇ ਸਟੇਸ਼ਨ, ਬੱਸ ਅੱਡਿਆਂ 'ਤੇ ਤੁਹਾਨੂੰ ਅਜਿਹੇ ਕਈ ਲੋਕ ਮਿਲ ਜਾਣਗੇ ਜਿਨ੍ਹਾਂ ਸਿੱਖ ਦੇ ਪਹਿਰਾਵੇ ਨੂੰ ਮੰਗਣ ਲਈ ਇਸਤੇਮਾਲ ਕੀਤਾ ਹੈ। ਲੋਕ ਪੰਜਾਬੀਆਂ, ਸਿੱਖਾਂ ਦੀ ਇਮਾਨਦਾਰੀ ਨੂੰ ਮੱਦੇਨਜ਼ਰ ਰੱਖਦਿਆਂ ਅਜਿਹੇ ਲੋਕਾਂ ਨੂੰ ਪੈਸੇ ਦੇ ਦਿੰਦੇ ਹਨ। ਪਰ ਅਸਲ ਵਿਚ ਇਨ੍ਹਾਂ ਮੰਗਤਿਆਂ ਵਿਚੋਂ ਬਹੁਤੇ ਬਹਿਰੂਪੀਏ ਹੁੰਦੇ ਹਨ, ਨਕਲੀ ਹੁੰਦੇ ਹਨ ਜਿਨ੍ਹਾਂ ਦਾ ਕਿਸੇ ਧਰਮ, ਸਮਾਜ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਨ੍ਹਾਂ ਤਾਂ ਸਿਰਫ਼ ਸਰੀਰਕ ਮਿਹਨਤ ਤੋਂ ਬਚਣਾ ਹੈ, ਇਸ ਤੋਂ ਵੱਧ ਕੁਝ ਨਹੀਂ।
ਮੰਗ ਕੇ ਖਾਣਾ ਕਿਸੇ ਅਪਾਹਜ ਵਿਅਕਤੀ ਲਈ ਤਾਂ ਕੁਝ ਹੱਦ ਤੱਕ ਠੀਕ ਕਿਹਾ ਜਾ ਸਕਦਾ ਹੈ ਪਰ ਤੰਦਰੁਸਤ ਮਨੁੱਖ ਲਈ ਮੰਗਣਾ, ਮਰਨ ਬਰਾਬਰ ਹੁੰਦਾ ਹੈ। ਬਹੁਤੇ ਲੋਕ ਸਰੀਰਕ ਨੁਕਸ ਕਰਕੇ ਨਹੀਂ ਬਲਕਿ ਮਾਨਸਿਕ ਕਮਜ਼ੋਰੀ ਕਰ ਕੇ ਮੰਗਣ ਲੱਗ ਪੈਂਦੇ ਹਨ। ਮਿਹਨਤ ਦੀ ਰੋਟੀ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਪਰ ਮੰਗਣ ਦੀ ਚੇਟਕ ਵਾਲਾ ਵਿਅਕਤੀ ਕਦੇ ਮਿਹਨਤ ਨਹੀਂ ਕਰਦਾ ਅਤੇ ਸਮਾਜ ਵਿਚ ਮੰਗਣ ਦੀ ਪਰਵ੍ਰਿਤੀ ਨੂੰ ਅੱਗੇ ਤੋਰਦਾ ਰਹਿੰਦਾ ਹੈ, ਵਧਾਉਂਦਾ ਰਹਿੰਦਾ ਹੈ।
ਇਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਮੰਗਣਾ ਕੇਵਲ ਧਰਮ ਦੇ ਨਾਂਅ 'ਤੇ ਹੀ ਨਹੀਂ ਹੁੰਦਾ ਬਲਕਿ ਜ਼ਾਤ, ਖੇਤਰ, ਬੋਲੀ, ਪਹਿਰਾਵੇ, ਅਸੀਸ, ਬਦ-ਅਸੀਸ ਅਤੇ ਤਰਸ ਦੇ ਆਧਾਰ 'ਤੇ ਵੀ ਹੁੰਦਾ ਹੈ। ਆਮ ਲੋਕ ਇਨ੍ਹਾਂ ਮੰਗਤਿਆਂ ਦੀਆਂ ਗੱਲਾਂ ਵਿਚ ਆ ਕੇ ਆਪਣੀ ਮਿਹਨਤ ਦੇ ਪੈਸੇ ਨੂੰ ਵਿਅਰਥ ਗੁਆ ਬੈਠਦੇ ਹਨ।
ਅਜੋਕੇ ਸਮੇਂ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸਮਝਣ ਦੀ ਲੋੜ ਹੈ। ਆਪਣੇ ਪੁਰਖ਼ਿਆਂ ਦੇ ਦਿੱਤੇ ਅਮੁੱਲ ਸਿਧਾਂਤਾਂ 'ਤੇ ਅਮਲ ਕਰਕੇ ਅਸੀਂ ਮੰਗਣ ਵਾਲੀ ਬਿਮਾਰੀ ਤੋਂ ਆਪਣੇ ਸਮਾਜ ਨੂੰ ਬਚਾ ਸਕਦੇ ਹਾਂ। ਮਿਹਨਤ ਕਰਕੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਾਪਤ ਕਰ ਸਕਦੇ ਹਾਂ। ਮਿਹਨਤ ਨਾਲ ਕਮਾਈ ਰੋਟੀ ਨੂੰ ਖਾ ਕੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਆਓ, ਮਿਹਨਤ ਨੂੰ ਆਪਣੇ ਜੀਵਨ ਵਿਚ ਸ਼ਾਮਿਲ ਕਰੀਏ ਅਤੇ ਭਿੱਖਿਆ ਮੰਗਣ ਦੇ ਰੋਗ ਨੂੰ ਆਪਣੇ ਸਮਾਜ ਵਿਚੋਂ ਅਸਲੋਂ ਹੀ ਖ਼ਤਮ ਕਰ ਸੁੱਟੀਏ ਤਾਂ ਕਿ ਅਸੀਂ ਬਾਬੇ ਨਾਨਕ ਅਤੇ ਬਾਬੇ ਫ਼ਰੀਦ ਦੇ ਅਸਲ ਵਾਰਿਸ ਕਹਾਉਣ ਦੇ ਹੱਕਦਾਰ ਬਣ ਸਕੀਏ। ਇਹ ਅਰਦਾਸ ਹੈ ਮੇਰੀ ...


# 1054/1, ਵਾ. ਨੰ. 15- ਏ, ਭਗਵਾਨ ਨਗਰ ਕਾਲੋਨੀ, ਪਿੱਪਲੀ, ਕੁਰੂਕਸ਼ੇਤਰ।
ਮੋਬਾਈਲ : 75892- 33437.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਗ਼ਦਰ ਪਾਰਟੀ ਦੀ ਨਾਇਕਾ-ਬੀਬੀ ਗੁਲਾਬ ਕੌਰ

ਖੰਡੇ ਦੀ ਧਾਰ ਤੋਂ ਜਨਮੇ ਖ਼ਾਲਸੇ ਨੇ ਤਲਵਾਰਾਂ ਦੀ ਗੁੜ੍ਹਤੀ ਪਾਈ, ਢਾਲਾਂ ਦੇ ਝੂਲੇ ਲਏ ਅਤੇ ਨੇਜ਼ਿਆਂ ਦੀ ਛਾਂ ਵਿਚ ਪਲਿਆ। ਆਜ਼ਾਦੀ ਦੇ ਇਹ ਪਰਵਾਨੇ ਸਦਾ ਹੀ ਸ਼ਹੀਦੀਆਂ ਦੇ ਚਾਉ ਵਿਚ ਮਸਤ ਰਹੇ। ਦੇਸ਼ ਲਈ ਇਸ਼ਕ ਕਮਾਉਣ ਵਾਲਿਆਂ ਨੇ ਕਈ ਲਹਿਰਾਂ ਚਲਾਈਆਂ ਜਿਨ੍ਹਾਂ ਵਿਚੋਂ ਅਮਰੀਕਾ ਵਿਚ ਗਠਿਤ ਹੋਈ ਗ਼ਦਰ ਪਾਰਟੀ ਨੇ ਭੁਚਾਲ ਲਿਆ ਦਿੱਤਾ। ਭਾਰਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਸੰਨ 1912-13 ਵਿਚ ਹਥਿਆਰਬੰਦ ਇਨਕਲਾਬ ਸ਼ੁਰੂ ਕੀਤਾ ਗਿਆ। ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਵਰਗੇ ਜੁਝਾਰੂਆਂ ਦੇ ਨਾਲ-ਨਾਲ ਬੀਬੀ ਗੁਲਾਬ ਕੌਰ ਦਾ ਯੋਗਦਾਨ ਵੀ ਬੇਮਿਸਾਲ ਹੈ। ਫਰਵਰੀ 1915 ਵਿਚ ਇਨਕਲਾਬੀਆਂ ਦੇ ਸੁਨੇਹੇ, ਖ਼ਤ, ਲਿਖਤਾਂ ਅਤੇ ਹਥਿਆਰਾਂ ਦੇ ਆਦਾਨ-ਪ੍ਰਦਾਨ ਵਿਚ ਇਸ ਬੀਬੀ ਨੇ ਵੱਡੀ ਭੂਮਿਕਾ ਨਿਭਾਈ। ਇਸ ਦਾ ਪਤੀ ਤਾਂ ਡਰ ਕੇ ਪਿਛੇ ਹਟ ਗਿਆ ਪਰ ਇਸ ਵੀਰਾਂਗਣਾ ਨੇ ਬੜੀ ਦਲੇਰੀ, ਬਹਾਦਰੀ ਅਤੇ ਸੂਝ-ਬੂਝ ਨਾਲ ਆਜ਼ਾਦੀ ਦਾ ਹੋਕਾ ਦਿੱਤਾ। ਇਹ ਬੀਬੀਆਂ ਨੂੰ ਚੂੜੀਆਂ ਪਾਉਣ ਦੀ ਥਾਂ ਹਥਿਆਰਬੰਦ ਹੋ ਕੇ ਜੂਝਣ ਦੀ ਪ੍ਰੇਰਨਾ ਦਿੰਦੀ ਸੀ। ਅਮਰੀਕਾ, ਕੈਨੇਡਾ ਤੋਂ ਭਾਰਤ ਦੀ ਆਜ਼ਾਦੀ ਲਈ ਤੁਰੇ ਗ਼ਦਰੀ ਯੋਧਿਆਂ ਨੂੰ ਬੀਬੀ ਜੋਸ਼ੀਲੀਆਂ ਕਵਿਤਾਵਾਂ ਸੁਣਾਇਆ ਕਰਦੀ ਸੀ। ਇਸ ਸ਼ੇਰ ਬੱਚੀ ਨੇ ਮਨੀਲਾ ਤੋਂ ਪੰਜਾਬ ਪਹੁੰਚ ਕੇ ਇਨਕਲਾਬੀ ਬਗ਼ਾਵਤ ਵਿਚ ਅਹਿਮ ਜ਼ਿੰਮੇਵਾਰੀ ਨਿਭਾਈ। ਲਾਹੌਰ ਗ਼ਦਰ ਪਾਰਟੀ ਦੇ ਦਫ਼ਤਰ ਵਿਚ ਜਦੋਂ ਬੀਰਰਸੀ ਸਾਹਿਤ ਛਪਦਾ ਤਾਂ ਇਹ ਸ਼ੀਹਣੀ ਨਿਡਰ ਹੋ ਕੇ ਵੰਡਦੀ ਤਾਂ ਕਿ ਪੜ੍ਹਨ ਵਾਲਿਆਂ ਦੇ ਦਿਲਾਂ ਵਿਚ ਆਜ਼ਾਦੀ ਦੀ ਚੰਗਿਆੜੀ ਭਖੇ। ਇਹ ਬਹੁਤ ਸੂਝ-ਬੂਝ, ਸਿਆਣਪ, ਚੌਕਸੀ ਅਤੇ ਹਿੰਮਤ ਨਾਲ ਵਿਚਰ ਕੇ ਸੁੱਤੇ ਹੋਏ ਲੋਕਾਂ ਨੂੰ ਜਗਾਉਂਦੀ ਅਤੇ ਅਣਖ ਭਰੀ ਆਜ਼ਾਦ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦੀ। ਉਹ ਚਰਖਾ ਕੱਤਦੀ ਹੋਈ ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖਦੀ ਅਤੇ ਗੀਤਾਂ ਰਾਹੀਂ ਇਹ ਸੰਦੇਸ਼ ਦਿੰਦੀ ਰਹਿੰਦੀ:-
ਇਹ ਚਰਖਾ ਬੜਾ ਮਹਾਨ ਕੁੜੇ
ਪਏ ਗੂੰਜ ਗ਼ਦਰ ਸੰਗਰਾਮ ਕੁੜੇ।
ਇਹ ਬਾਬੇ ਭਕਨੇ ਘੜਿਆ ਏ,
ਗੂੜਾ ਰੰਗ ਸਰਾਭੇ ਭਰਿਆ ਏ।
ਲੈ ਸੀਸ ਤਲੀ ਤੇ ਧਰਿਆ ਏ,
ਆਏ ਦੇਸ਼ ਦੇ ਭਾਗ ਜਗਾਣ ਕੁੜੇ।
ਪਏ ਗੂੰਜ ਗ਼ਦਰ ਸੰਗਰਾਮ ਕੁੜੇ,
ਦੇਣੀ ਵਾਰ ਦੇਸ਼ ਤੋਂ ਜਾਨ ਕੁੜੇ।
ਆਖਰ ਅੰਗਰੇਜ਼ ਪੁਲਿਸ ਨੇ ਇਸ ਬੀਰਾਂਗਣਾ ਨੂੰ ਕੈਦ ਕਰ ਲਿਆ ਅਤੇ ਇਸ ਦੇ ਸੁਹਲ ਸਰੀਰ 'ਤੇ ਘਿਨਾਉਣੇ ਜ਼ੁਲਮ ਢਾਹੇ ਤਾਂ ਜੋ ਇਹ ਗ਼ਦਰੀਆਂ ਦੇ ਪਤੇ ਟਿਕਾਣੇ ਦੱਸ ਦੇਵੇ। ਅਸਹਿ ਕਸ਼ਟ ਸਹਿ ਕੇ ਵੀ ਬੀਬੀ ਨੇ ਜ਼ਬਾਨ ਨਾ ਖੋਲ੍ਹੀ। ਆਖ਼ਰ ਤਿੰਨ ਸਾਲ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਅਤੇ ਇਹ ਜ਼ਮਾਨਤ 'ਤੇ ਪਿੰਡ ਕੋਟਲਾ ਨੌਧ ਵਿਖੇ ਗ਼ਦਰੀ ਬਾਬੇ ਅਮਰ ਸਿੰਘ ਦੇ ਪਰਿਵਾਰ ਵਿਚ ਰਹਿਣ ਲੱਗੀ। ਇਸ ਨੂੰ ਪਿੰਡ ਵਿਚ ਹੀ ਨਜ਼ਰਬੰਦ ਕੀਤਾ ਹੋਇਆ ਸੀ। ਅੰਤ ਕੈਂਸਰ ਦੀ ਭਿਆਨਕ ਬਿਮਾਰੀ ਨੇ ਇਸ ਦੀ ਕੀਮਤੀ ਜਾਨ ਲੈ ਲਈ।

ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਵਰ੍ਹਾ

ਗ਼ਦਰੀਆਂ ਦਾ ਅਹਿਮ ਰੋਲ ਸੀ ਸ਼੍ਰੋਮਣੀ ਅਕਾਲੀ ਦਲ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
3. ਸਰਕਾਰ ਦਾ ਧਿਆਨ ਹੋਰ ਪਾਸੇ ਲਾਉਣ ਅਤੇ ਅਕਾਲੀਆਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕਰਨ ਵਾਸਤੇ ਉੱਤਰ-ਪੱਛਮੀ ਸਰਹੱਦ ਉੱਤੇ ਵਸਦੇ ਕਬਾਇਲੀ ਲੋਕਾਂ ਵਿਚ ਗੜਬੜ ਪੈਦਾ ਕੀਤੀ ਜਾਵੇ। 4. ਬੰਗਾਲ ਅਤੇ ਸੰਯੁਕਤ ਪ੍ਰਾਂਤਾਂ ਦੀ ਇਨਕਲਾਬੀ ਪਾਰਟੀ, ਜਿਸ ਨਾਲ ਗੁਰਮੁਖ ਸਿੰਘ ਦਾ ਪਹਿਲੋਂ ਹੀ ਰਾਬਤਾ ਬਣਿਆ ਹੋਇਆ ਸੀ, ਦੀ ਸਹਾਇਤਾ ਨਾਲ ਚੋਟੀ ਦੇ ਅੰਗਰੇਜ਼ ਅਫਸਰਾਂ ਨੂੰ ਮਾਰਨ ਅਤੇ ਆਤੰਕ ਫੈਲਾਉਣ ਦੀ ਲਹਿਰ ਸ਼ੁਰੂ ਕੀਤੀ ਜਾਵੇ। 5. ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਿਖਲਾਈ ਲਈ ਵਿਦੇਸ਼ਾਂ ਵਿਚਲੇ ਮਿਲਟਰੀ ਸਕੂਲਾਂ ਵਿਚ ਭੇਜਿਆ ਜਾਵੇ।
ਦੋਵਾਂ ਧਿਰਾਂ ਵਿਚ ਹੋ ਰਹੀ ਉਕਤ ਸੋਚ-ਵਿਚਾਰ ਨੂੰ ਬਾਬਾ ਵਿਸਾਖਾ ਸਿੰਘ ਅਤੇ ਭਾਈ ਸੰਤੋਖ ਸਿੰਘ ਨਾਲ ਵੀ ਸਾਂਝਾ ਕੀਤਾ ਜਾਂਦਾ ਰਿਹਾ।
ਨਿਰਧਾਰਿਤ ਮਦਾਂ ਬਾਰੇ ਕਾਰਵਾਈ ਅਜੇ ਮੁਢਲੇ ਪੜਾਅ ਉੱਤੇ ਹੀ ਸੀ ਕਿ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਖ਼ਤੀ ਦਾ ਹੜ੍ਹ ਲੈ ਆਂਦਾ। ਪੰਜਾਬ ਸਰਕਾਰ ਨੇ 12 ਅਕਤੂਬਰ, 1923 ਦੇ ਇਕ ਹੁਕਮ ਦੁਆਰਾ ਦੋਵੇਂ ਜਥੇਬੰਦੀਆਂ ਗੈਰ-ਕਾਨੂੰਨੀ ਐਲਾਨ ਕੇ ਇਸ ਦੇ ਮੁਖੀ ਆਗੂ ਗ੍ਰਿਫ਼ਤਾਰ ਕਰ ਲਏ। ਇਨ੍ਹਾਂ ਵਿਚ ਗ਼ਦਰੀਆਂ ਨਾਲ ਰਾਬਤਾ ਕਰਨ ਵਾਲੇ ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ ਅਤੇ ਮੰਗਲ ਸਿੰਘ ਵੀ ਸ਼ਾਮਿਲ ਸਨ। ਪਰ ਇਨ੍ਹਾਂ ਮੁਖੀਆਂ ਦੀ ਗ੍ਰਿਫ਼ਤਾਰੀ ਤੋਂ ਪਿੱਛੋਂ ਵੀ ਅਗਲੀ ਕਤਾਰ ਦੇ ਆਗੂਆਂ ਨੇ ਲਏ ਗਏ ਫੈਸਲਿਆਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਯਤਨਾਂ ਵਿਚ ਢਿੱਲ ਨਾ ਆਉਣ ਦਿੱਤੀ।
ਉਨ੍ਹੀਂ ਦਿਨੀਂ ਇਨਕਲਾਬੀ ਸਫਾਂ ਵਿਚ ਨਵੀਆਂ ਜਥੇਬੰਦੀਆਂ ਦਾ ਗਠਨ ਕਰਨ ਲਈ ਬੰਗਾਲੀ ਇਨਕਲਾਬੀ ਸ਼ਚਿੰਦਰ ਨਾਥ ਸਨਿਆਲ ਦੀ ਮੁਹਾਰਤ ਦਾ ਸਿੱਕਾ ਮੰਨਿਆ ਜਾਂਦਾ ਸੀ। ਆਤੰਕ ਫੈਲਾਉਣ ਵਿਚ ਵੀ ਬੰਗਾਲੀ ਇਨਕਲਾਬੀਆਂ ਦਾ ਸਹਿਯੋਗ ਲਏ ਜਾਣ ਦਾ ਫ਼ੈਸਲਾ ਹੋਇਆ ਸੀ। ਇਸ ਲਈ ਗੁਰਮੁਖ ਸਿੰਘ ਨੇ ਇਲਾਹਾਬਾਦ, ਕਾਨਪੁਰ ਅਤੇ ਬਨਾਰਸ ਘੁੰਮ-ਘੁਮਾ ਕੇ ਸ੍ਰੀ ਸਨਿਆਲ ਨਾਲ ਸੰਪਰਕ ਬਣਾਇਆ ਅਤੇ ਉਸ ਨੂੰ ਅੰਮ੍ਰਿਤਸਰ ਲੈ ਆਂਦਾ। ਸ੍ਰੀ ਸਨਿਆਲ ਨੇ ਅੰਮ੍ਰਿਤਸਰ ਆ ਕੇ ਕੁਝ ਦਿਨ ਗੁਜ਼ਾਰੇ ਅਤੇ ਅਕਾਲੀ ਆਗੂਆਂ ਨੂੰ ਇਕ ਜਥੇਬੰਦੀ ਦਾ ਖਰੜਾ ਬਣਾ ਦਿੱਤਾ। 'ਸਾਂਝੀਵਾਲ' ਨਾਂਅ ਹੇਠ ਗਠਿਤ ਕੀਤੀ ਜਾਣ ਵਾਲੀ ਜਥੇਬੰਦੀ ਦੇ ਵਿਧਾਨ ਦੀਆਂ ਇਕ ਹਜ਼ਾਰ ਕਾਪੀਆਂ ਅੰਮ੍ਰਿਤਸਰ ਦੇ ਓਂਕਾਰ ਪ੍ਰੈੱਸ ਤੋਂ ਛਪਵਾ ਕੇ ਚੋਣਵੇਂ ਪੰਜਾਬੀਆਂ ਦੇ ਹੱਥਾਂ ਵਿਚ ਪਹੁੰਚਾਈਆਂ ਗਈਆਂ। ਆਤੰਕੀ ਮਾਹੌਲ ਪੈਦਾ ਕਰਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀ ਯੋਜਨਾ ਬਣਾਉਣ ਲਈ ਸ੍ਰੀ ਸਨਿਆਲ ਆਪਣੇ ਇਕ ਸਾਥੀ ਨੂੰ ਨਾਲ ਲੈ ਕੇ ਦੂਜੀ ਵਾਰ ਅੰਮ੍ਰਿਤਸਰ ਆਇਆ। ਸ੍ਰੀ ਸਨਿਆਲ ਨੇ ਮੰਗ ਕੀਤੀ ਕਿ ਅਜਿਹੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਤਕ ਤੌਰ 'ਤੇ ਐਲਾਨ ਕਰੇ ਕਿ ਸ਼ਾਂਤਮਈ ਅਸਹਿਯੋਗ ਦੀ ਨੀਤੀ ਨੇ ਕੌਮ ਦਾ ਕੁਝ ਨਹੀਂ ਸਵਾਰਿਆ ਅਤੇ ਹੁਣ ਹਿੰਸਕ ਤੌਰ-ਤਰੀਕੇ ਅਪਣਾਉਣ ਬਾਰੇ ਵਿਚਾਰ ਹੋ ਰਹੀ ਹੈ। ਇਸ ਸਮੇਂ ਸਰਕਾਰ ਦੁਆਰਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਜਥੇਬੰਦੀਆਂ ਐਲਾਨੇ ਜਾਣ ਦੇ ਫਲਸਰੂਪ ਹੋਈਆਂ ਗ੍ਰਿਫ਼ਤਾਰੀਆਂ ਕਾਰਨ ਬਹੁਤੇ ਮੁਖੀ ਅਕਾਲੀ ਆਗੂ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਭਾਈ ਅਰਜਨ ਸਿੰਘ ਨਿਭਾ ਰਹੇ ਸਨ। (ਚਲਦਾ)


-ਮੋਬਾ: 094170-49417

ਕੀਰਤਨੀਆ ਸਾਬਾਸ ਹੈ

ਸਿੱਖ ਧਰਮ ਦੁਨੀਆ ਵਿਚ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ। ਇਹ ਉਹ ਧਰਮ ਹੈ ਜੋ ਬਾਣੀ ਦੇ ਖਜ਼ਾਨੇ ਦਾ ਧਨੀ ਹੈ। ਗੁਰਬਾਣੀ ਸਾਨੂੰ ਮਿਲੀ ਇਕ ਇਹੋ ਜਿਹੀ ਦਾਤ ਹੈ ਜੋ ਦੁਨੀਆ ਦੀ ਕਿਸੇ ਵੀ ਕਰਾਮਾਤ ਤੋਂ ਵੀ ਉੱਚੀ ਅਵਸਥਾ ਵਿਚ ਲੈ ਜਾਂਦੀ ਹੈ। ਅਕਸਰ ਧਰਮ ਦੇ ਨਾਂਅ 'ਤੇ ਕਰਾਮਾਤਾਂ ਨੂੰ ਜੋੜ ਦਿੱਤਾ ਜਾਂਦਾ ਹੈ ਪਰ ਗੁਰਬਾਣੀ ਨੂੰ ਜਾਣ ਲੈਣ ਤੋਂ ਬਾਅਦ ਕਿਸੇ ਵੀ ਕਰਾਮਾਤ ਨਾਲ ਜੁੜੀ ਗੱਲ ਬਹੁਤ ਛੋਟੀ ਲੱਗਣ ਲੱਗ ਪੈਂਦੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਕਾਵਿ ਅਤੇ ਸੰਗੀਤਕ ਰੂਪ ਵਿਚ ਪ੍ਰਦਾਨ ਕੀਤੀ ਹੈ। ਰਾਗੀਆਂ ਦਾ ਆਦਰ-ਸਤਿਕਾਰ ਕਰਨ ਲਈ ਗੁਰੂ ਸਾਹਿਬ ਨੇ ਕੀਰਤਨੀਏ ਨੂੰ ਭਲਾ-ਭਲਾ ਆਖਿਆ ਹੈ, ਕਿਉਂਕਿ ਕੀਰਤਨ ਪਰੰਪਰਾ ਨੂੰ ਅੱਗੇ ਵਧਾਉਣ ਲਈ ਰਾਗੀ ਸਿੰਘਾਂ ਦੀ ਬਹੁਤ ਹੀ ਅਹਿਮ ਭੂਮਿਕਾ ਹੈ। ਪਰ ਅੱਜ ਰਾਗਦਾਰੀ ਕੀਰਤਨ ਵਲੋਂ ਰੁਝਾਨ ਘਟਦਾ ਹੀ ਜਾ ਰਿਹਾ ਹੈ। ਅੱਜ ਦੇ ਬੱਚਿਆਂ 'ਤੇ ਫਿਲਮੀ ਸੰਗੀਤ ਅਤੇ ਪੱਛਮੀ ਸੰਗੀਤ ਦਾ ਪ੍ਰਭਾਵ ਬਹੁਤ ਵਧ ਚੁੱਕਾ ਹੈ, ਕਿਉਂਕਿ ਇਸ ਵਿਚ ਦੌਲਤ ਅਤੇ ਸ਼ੋਹਰਤ ਦੋਵੇਂ ਹੀ ਵੱਧ ਤੋਂ ਵੱਧ ਹਨ ਅਤੇ ਇਸ ਨੂੰ ਸਿੱਖਣਾ ਵੀ ਆਸਾਨ ਹੈ। ਅੱਜ ਸਾਡਾ ਸਮਾਜ ਆਪਣੀਆਂ ਕਦਰਾਂ-ਕੀਮਤਾਂ ਨੂੰ ਭੁੱਲਦਾ ਨਜ਼ਰ ਆ ਰਿਹਾ ਹੈ। ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਗਦਾਰੀ ਸੰਗੀਤ ਇਕ ਕਠਿਨ ਤਪੱਸਿਆ ਦੇ ਬਰਾਬਰ ਹੈ। ਇਸ ਦੀ ਸਿਖਲਾਈ ਇਕ ਲੰਮਾ ਸਮਾਂ ਚਲਦੀ ਹੈ ਅਤੇ ਇਸ ਦੀ ਸਮਝ ਵੀ ਹਰੇਕ ਲਈ ਮੁਮਕਿਨ ਨਹੀਂ; ਭਾਵੇਂ ਉਹ ਗਾਇਨ ਹੈ, ਤਬਲੇ ਜੋੜੀ ਦੀ ਸਿਖਲਾਈ ਹੈ ਜਾਂ ਤੰਤੀ ਸਾਜ਼ ਦੀ ਸਿਖਲਾਈ ਹੈ। ਕਿਸੇ ਵੀ ਪ੍ਰਕਾਰ ਦੇ ਸ਼ਾਸਤਰੀ ਸੰਗੀਤ ਦੀ ਮੁਹਾਰਤ ਹਾਸਲ ਕਰਨਾ ਇਕ ਔਖੇ ਰਸਤੇ ਤੋਂ ਲੰਘਣ ਵਾਲੀ ਗੱਲ ਹੈ।
ਜੇ ਅਜੋਕੇ ਚਮਕ-ਦਮਕ ਵਾਲੇ ਸਮੇਂ ਵਿਚ ਕੋਈ ਬੱਚਾ ਗੁਰਬਾਣੀ ਸੰਗੀਤ ਨੂੰ ਅਪਣਾਉਂਦਾ ਹੈ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਕਦਰ ਕਰੀਏ ਅਤੇ ਜਿੰਨੀ ਵੀ ਹੋ ਸਕੇ, ਉਸ ਦੀ ਵੱਧ ਤੋਂ ਵੱਧ ਮਦਦ ਕਰੀਏ। ਸਾਨੂੰ ਆਪਣੀ ਪਰੰਪਰਾ ਕਾਇਮ ਰੱਖਣ ਲਈ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ। ਕੀਰਤਨ ਸਾਡੇ ਧਰਮ ਦਾ ਅਮੁੱਲ ਖਜ਼ਾਨਾ ਹੈ, ਜਿਸ ਦੀ ਸੰਭਾਲ ਕੇਵਲ ਤੋਂ ਕੇਵਲ ਤਾਂ ਹੀ ਸੰਭਵ ਹੈ ਜੇ ਅਸੀਂ ਕੀਰਤਨ ਕਰਨ ਵਾਲੇ ਦੀ ਕਦਰ ਪਾਈਏ। ਬੇਸ਼ੱਕ ਇਕ ਕੀਰਤਨੀਆ ਕਿਸੇ ਦਾ ਵੀ ਮੁਥਾਜ ਨਹੀਂ ਹੁੰਦਾ, ਪਰ ਜੀਵਨ ਜਿਉਣ ਲਈ ਉਸ ਦੀਆਂ ਵੀ ਕੁਝ ਨਿੱਜੀ ਲੋੜਾਂ ਹੁੰਦੀਆਂ ਹਨ ਜਿਸ ਦਾ ਧਿਆਨ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਰੱਖਣਾ ਚਾਹੀਦਾ ਹੈ। ਇਸ ਸਬੰਧ ਵਿਚ ਉਤਸ਼ਾਹਿਤ ਕਰਨਾ ਅਤਿ ਜ਼ਰੂਰੀ ਹੈ, ਤਾਂ ਜੋ ਸਾਡੀ ਕੀਰਤਨ ਦੀ ਪਰੰਪਰਾ ਸੁਰੱਖਿਅਤ ਰਹਿ ਸਕੇ। ਇਸ ਸਬੰਧ ਵਿਚ ਧਾਰਮਿਕ ਜਥੇਬੰਦੀਆਂ ਅਤੇ ਲੋਕਲ ਕਮੇਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਾਡੇ ਗੁਰਦੁਆਰੇ ਖਾਸਕਰ ਪਿੰਡਾਂ ਦੇ ਗੁਰਦੁਆਰੇ ਜਿੱਥੇ ਸੰਭਵ ਹੋਵੇ, ਕੇਵਲ ਇਕ ਗ੍ਰੰਥੀ ਤੱਕ ਸੀਮਤ ਨਾ ਰਹਿਣ ਬਲਕਿ ਗੁਰੂ-ਘਰ ਵਿਚ ਇਲਾਹੀ ਬਾਣੀ ਦਾ ਹਰ ਜਸ ਗਾਇਨ ਕਰਨ ਵਾਲੇ ਕੀਰਤਨੀ ਜਥੇ ਵੀ ਜ਼ਰੂਰ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੀਆਂ ਸਰਕਾਰਾਂ ਵਲੋਂ ਚੰਗੇ ਪੱਧਰ ਦੇ ਐਵਾਰਡ ਅਤੇ ਸਨਮਾਨ ਹੋਣੇ ਚਾਹੀਦੇ ਹਨ, ਤਾਂ ਜੋ ਕੀਰਤਨ ਦੀ ਪਰੰਪਰਾ ਦੇ ਉੱਚੇ ਮਿਆਰ ਨੂੰ ਕਾਇਮ ਰੱਖਿਆ ਜਾ ਸਕੇ। ਅੱਜ ਜਦੋਂ ਪੂਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਹਾੜਾ ਮਨਾ ਰਿਹਾ ਹੈ, ਮੈਂ ਆਪਣੇ ਇਸ ਲੇਖ ਰਾਹੀਂ ਇਹ ਸੰਦੇਸ਼ ਦਿੰਦੀ ਹਾਂ ਕਿ ਗੁਰੂ ਨਾਨਕ ਦੀ ਕੀਰਤਨ ਪਰੰਪਰਾ ਇਕ ਵਡਮੁੱਲੀ ਦਾਤ ਹੈ, ਜਿਸ ਨੂੰ ਕਾਇਮ ਰੱਖਣ ਵਾਲਾ ਕੀਰਤਨੀਆ ਸਾਬਾਸ ਹੈ।


-ਐਸੋਸੀਏਟ ਪ੍ਰੋਫੈਸਰ, ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਾ, ਪਠਾਨਕੋਟ। ਮੋਬਾ: 94177-19798

ਸੈਂਕੜੇ ਵਰ੍ਹਿਆਂ ਦਾ ਇਤਿਹਾਸ ਆਪਣੇ ਅੰਦਰ ਸੰਭਾਲੀ ਬੈਠਾ ਹੈ ਕਸਬਾ ਰਾਜਾਸਾਂਸੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸ਼ਜਰਾ-ਨਸਬ 'ਚ ਇਸ ਤੋਂ ਅੱਗੇ ਇਕ ਪਾਸੇ ਕ੍ਰਮਵਾਰ ਚੰਦਾ ਸਿੰਘ ਸੰਧਾਵਾਲੀਆ ਦੇ ਵਾਰਸਾਂ ਦੇ ਨਾਂਅ ਲਿਖੇ ਗਏ ਹਨ ਅਤੇ ਦੂਜੇ ਪਾਸੇ ਨੋਧ ਸਿੰਘ ਦੇ ਅੱਗੇ ਕ੍ਰਮਵਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਮਹਾਂ ਸਿੰਘ, ਰਣਜੀਤ ਸਿੰਘ (ਮਹਾਰਾਜਾ) ਦੇ ਨਾਂਅ ਦਰਜ ਹਨ। ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਉਨ੍ਹਾਂ ਦੇ ਦੋ ਪੁੱਤਰਾਂ ਖੜਕ ਸਿੰਘ (ਮਹਾਰਾਜਾ) ਅਤੇ ਦਲੀਪ ਸਿੰਘ (ਮਹਾਰਾਜਾ) ਦੇ ਨਾਂਅ ਹਨ। ਜਦਕਿ ਮਹਾਰਾਜਾ ਖੜਕ ਸਿੰਘ ਦੇ ਅੱਗੇ ਉਨ੍ਹਾਂ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਅਤੇ ਉਸ ਤੋਂ ਅੱਗੇ 'ਤਰਫ਼ ਹਿੰਦੁਸਤਾਨ ਸਰਕਾਰ ਹੈ' ਲਿਖਿਆ ਗਿਆ ਹੈ। ਇਸੇ ਪ੍ਰਕਾਰ ਸੰਨ 1849 'ਚ ਨਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਦੁਆਰਾ ਜਲਾਵਤਨ ਕੀਤੇ ਜਾਣ ਬਾਅਦ ਉਨ੍ਹਾਂ ਦੀ ਜਾਇਦਾਦ ਅੱਗੇ ਵੀ 'ਤਰਫ਼ ਹਿੰਦੁਸਤਾਨ ਸਰਕਾਰ' ਲਿਖਿਆ ਹੋਇਆ ਹੈ। ਜਦਕਿ ਚੰਦਾ ਸਿੰਘ ਸੰਧਾਵਾਲੀਆ ਦੇ ਅੱਗੇ ਸ: ਅਮੀਰ ਸਿੰਘ ਦਾ ਨਾਂ ਦਰਜ ਹੈ ਅਤੇ ਫਿਰ ਉਨ੍ਹਾਂ ਦੇ ਸਪੁੱਤਰਾਂ ਸ: ਅਤਰ ਸਿੰਘ, ਬੁੱਧ ਸਿੰਘ, ਜੈਮਲ ਸਿੰਘ, ਵਸਾਵਾ ਸਿੰਘ ਅਤੇ ਲਹਿਣਾ ਸਿੰਘ ਦੇ ਨਾਂ ਦਰਜ ਹਨ। ਜਦਕਿ ਸ: ਅਤਰ ਸਿੰਘ ਅੱਗੇ ਕੇਹਰ ਸਿੰਘ, ਬੁੱਧ ਸਿੰਘ ਦੇ ਅੱਗੇ ਸ਼ਮਸ਼ੇਰ ਸਿੰਘ, ਵਸਾਵਾ ਸਿੰਘ ਅੱਗੇ ਰਣਜੋਧ ਸਿੰਘ ਅਤੇ ਲਹਿਣਾ ਸਿੰਘ ਦੇ ਅੱਗੇ ਦਲੀਪ ਸਿੰਘ ਦੇ ਭਾਈ ਠਾਕਰ ਸਿੰਘ ਸੰਧਾਵਾਲੀਆ ਦਾ ਨਾਂਅ ਦਰਜ ਹੈ। ਸ: ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਵਲੋਂ ਉਨ੍ਹਾਂ ਦੇ ਪੜਦਾਦਾ ਸ: ਗੁਰਦਿੱਤ ਸਿੰਘ ਸੰਧਾਵਾਲੀਆ ਨੂੰ ਆਪਣਾ ਮੁਤਬੰਨਾ ਬਣਾਇਆ ਗਿਆ ਸੀ ਅਤੇ ਉਹ ਆਪਣੇ ਅੰਤ ਤਕ ਰਾਜਾਸਾਂਸੀ ਵਾਲੀ ਸ਼ਾਹਾਨਾ ਹਵੇਲੀ 'ਚ ਰਹਿੰਦੇ ਰਹੇ। ਸ਼ੇਰ-ਏ-ਪੰਜਾਬ ਦੇ ਵਡੇਰਿਆਂ ਵਲੋਂ ਆਬਾਦ ਕੀਤੇ ਇਤਿਹਾਸਕ ਕਸਬਾ ਰਾਜਾਸਾਂਸੀ 'ਚ ਮਹਿਲਨੁਮਾ ਹਵੇਲੀ ਸਰਦਾਰ ਬਖ਼ਸ਼ੀਸ਼ ਸਿੰਘ 'ਚ ਮੌਜੂਦਾ ਸਮੇਂ ਆਈ. ਟੀ. ਸੀ. ਹੈਰੀਟੇਜ ਹੋਟਲ ਬਣ ਚੁੱਕਿਆ ਹੈ, ਜਦਕਿ ਸ਼ਹੀਦ ਬਾਬਾ ਬੀਰ ਸਿੰਘ ਦਾ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਆਲੀਸ਼ਾਨ ਸਰੋਵਰ ਅਤੇ ਹੋਰ ਇਤਿਹਾਸਕ ਸਮਾਰਕ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਖੰਡਰਾਂ 'ਚ ਤਬਦੀਲ ਹੁੰਦੇ ਜਾ ਰਹੇ ਹਨ। ਇਸ ਇਲਾਕੇ ਦੇ ਲੋਕਾਂ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਪੁਰਾਤਤਵ ਸਰਵੇਖਣ ਵਿਭਾਗ ਦੀ ਦੇਖ-ਰੇਖ 'ਚ ਜਲਦੀ ਇਨ੍ਹਾਂ ਸਮਾਰਕਾਂ ਦੀ ਨਵਉਸਾਰੀ ਕਰਵਾ ਕੇ ਇਨ੍ਹਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤੀ ਸਮਾਰਕਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇ।

ਫ਼ੋਨ : 9356127771

ਜੋੜ-ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ

ਸਮੁੱਚੀ ਮਨੁੱਖਤਾ ਨੂੰ ਭਰਮ-ਭੁਲੇਖਿਆਂ ਵਿਚੋਂ ਕੱਢ ਕੇ ਸਭ ਦੇ ਸਿਰਜਣਹਾਰ ਇਕ ਪ੍ਰਮਾਤਮਾ ਨਾਲ ਜੋੜਨ ਵਾਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਸਤੇ ਪੂਰੇ ਸੰਸਾਰ ਭਰ ਵਿਚ ਵਿਚਰਦਿਆਂ ਜਿਸ ਵੀ ਅਸਥਾਨ 'ਤੇ ਜਾ ਕੇ ਆਸਣ ਲਾਏ, ਉਹ ਸਾਰੇ ਪਾਵਨ ਅਸਥਾਨ ਬਣ ਗਏ। ਉਨ੍ਹਾਂ ਵਿਚੋਂ ਹੀ ਲੋਕ ਤੇ ਪ੍ਰਲੋਕ ਵਿਚ ਵੇਲਾਂ ਹਰੀਆਂ ਕਰਨ ਵਾਲਾ ਇਕ ਹੈ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ, ਜਿੱਥੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹੀ ਸੱਤਵੀਂ ਨੇ ਆਪਣੇ ਮਹਿਲਾਂ ਅਤੇ 2200 ਘੋੜਸਵਾਰ ਸੈਨਾ ਸਮੇਤ 1651 ਈ: ਸੰਮਤ 1708 ਬਿਕਰਮੀ ਨੂੰ ਇਸ ਪਾਵਨ ਅਸਥਾਨ ਨੂੰ ਚਰਨ ਛੋਹ ਦੁਆਰਾ ਰਮਣੀਕ ਬਣਾਇਆ। ਸਤਿਗੁਰੂ ਜੀ ਇਸ ਜਗ੍ਹਾ ਤਿੰਨ ਦਿਨ ਰਹੇ। ਇਥੇ ਆਪ ਜੀ ਦੇ ਸ਼ਰਧਾਲੂ ਬਾਬਾ ਪਰਜਾਪਤਿ ਵਲੋਂ ਸਤਿਗੁਰਾਂ ਦੀ, ਸੰਗਤਾਂ ਦੀ ਅਤੇ ਸਤਿਗੁਰਾਂ ਦੇ ਘੋੜਿਆਂ ਦੀ ਪੂਰੀ ਸ਼ਰਧਾ ਨਾਲ ਸੇਵਾ ਕੀਤੀ ਗਈ। ਅੱਜ ਇਥੇ ਗੁਰਦੁਆਰਾ ਹਰੀਆਂ ਵੇਲਾਂ ਸੁਸ਼ੋਭਿਤ ਹੈ।
ਇਹ ਪਾਵਨ ਅਸਥਾਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ 8 ਕਿਲੋਮੀਟਰ ਦੂਰ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਪੈਂਦੇ ਅੱਡਾ ਚੱਗਰਾਂ ਤੋਂ ਲਹਿੰਦੇ ਪਾਸੇ ਦੀ ਦਿਸ਼ਾ ਵੱਲ ਦੋ ਕਿਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਨਿਮਰਤਾ ਦੇ ਪੁੰਜ ਸ੍ਰੀ ਗੁਰੂ ਹਰਿ ਰਾਇ ਸਾਹਿਬ ਇਥੇ ਤਿੰਨੇ ਦਿਨ ਸਵੇਰੇ-ਸ਼ਾਮ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਰੱਬੀ ਰੰਗ ਵਿਚ ਰੰਗਦੇ ਅਤੇ ਸਰਬ-ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦੇ ਰਹੇ। ਇਸ ਪਵਿੱਤਰ ਅਸਥਾਨ ਦੀ ਹੋਰ ਇਤਿਹਾਸਕ ਮਹੱਤਤਾ ਇਹ ਵੀ ਹੈ ਕਿ ਦਸਵੇਂ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸੌ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਹਿਲਪੁਰ, ਸ਼ਹੀਦਾਂ ਲੱਧੇਵਾਲ ਅਤੇ ਚਖੰਡ ਸਾਹਿਬ ਬਜਰਾਵਰ ਤੋਂ ਹੁੰਦੇ ਹੋਏ 1760 ਬਿਕਰਮੀ ਨੂੰ ਪਰਸ ਰਾਮ ਬ੍ਰਾਹਮਣ ਦੀ ਇਸਤਰੀ ਨੂੰ ਜਾਬਰ ਖਾਂ ਤੋਂ ਛੁਡਵਾਉਣ ਲਈ ਇਥੇ ਪੁੱਜੇ ਸਨ। ਦੱਖਣ ਦੀ ਦਿਸ਼ਾ ਵੱਲ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦੇ ਪਾਸ ਜੋ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦੇ ਨਜ਼ਦੀਕ ਹੀ ਇਕ ਪਵਿੱਤਰ ਇਤਿਹਾਸਕ ਸਰੋਵਰ ਵੀ ਹੈ।
ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਸਿੱਖ ਕੌਮ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਭਾਰੀ ਮਹੱਤਤਾ ਰੱਖਦਾ ਹੈ। ਇਥੋਂ ਦੇ ਮੁੱਖ ਸੇਵਾਦਾਰ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸੁਯੋਗ ਅਗਵਾਈ ਵਿਚ ਜਥੇਬੰਦੀ ਵਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ 29 ਜਨਵਰੀ ਨੂੰ ਗੁਰਦੁਆਰਾ ਹਰੀਆਂ ਵੇਲਾਂ ਤੋਂ ਸਜਾਇਆ ਜਾ ਰਿਹਾ ਹੈ ਅਤੇ 31 ਜਨਵਰੀ ਨੂੰ ਮਹਾਨ ਗੁਰਮਤਿ ਸਮਾਗਮ ਕਰਵਾ ਕੇ ਇਹ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।


-ਚੱਬੇਵਾਲ (ਹੁਸ਼ਿਆਰਪੁਰ)। ਮੋਬਾ: 98158-25766

ਪ੍ਰਾਚੀਨ ਮੀਨਾਕਸ਼ੀ ਮੰਦਰ ਤਾਮਿਲਨਾਡੂ

ਮੀਨਾਕਸ਼ੀ ਦੇਵੀ ਨੂੰ ਪਾਰਵਤੀ ਦਾ ਅਵਤਾਰ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿਚ ਜਦੋਂ ਵੀ ਭਗਵਾਨ ਸ਼ਿਵਜੀ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਆਪ-ਮੁਹਾਰੇ ਹੀ ਪਾਰਵਤੀ ਮਾਤਾ ਦਾ ਜ਼ਿਕਰ ਆ ਜਾਂਦਾ ਹੈ। ਸਾਰੇ ਦੇਸ਼ ਦੇ ਮੰਦਰਾਂ ਵਿਚੋਂ ਮੀਨਾਕਸ਼ੀ ਮੰਦਰ ਤਾਮਿਲਨਾਡੂ ਨੂੰ ਮਾਂ ਪਾਰਵਤੀ ਦਾ ਸਭ ਤੋਂ ਜ਼ਿਆਦਾ ਪਵਿੱਤਰ ਸਥਾਨ ਮੰਨਿਆ ਗਿਆ ਹੈ। ਇਹ ਉਹ ਹੀ ਪ੍ਰਾਚੀਨ ਮੰਦਰ ਹੈ ਜਿਥੇ ਪਾਰਵਤੀ ਮਾਤਾ ਨੇ ਭਗਵਾਨ ਸ਼ਿਵ ਨਾਲ ਆਪਣਾ ਵਿਆਹ ਰਚਾਇਆ ਸੀ। ਇਹ ਮੰਦਰ ਦੱਖਣੀ ਭਾਰਤ ਦੇ ਤਾਮਿਲਨਾਡੂ ਪ੍ਰਾਂਤ ਵਿਚ 'ਮਦੁਰਈ' ਨਗਰ ਵਿਚ ਸਥਿਤ ਹੈ ਜੋ ਸ਼ਿਵਜੀ ਅਤੇ ਪਾਰਵਤੀ ਨੂੰ ਹੀ ਸਮਰਪਿਤ ਹੈ। ਇਸ ਮੰਦਰ ਵਿਚ ਪਾਰਵਤੀ ਨੂੰ 'ਅੰਮਾ' ਦੇ ਰੂਪ ਵਿਚ ਪੂਜਿਆ ਜਾਂਦਾ ਹੈ ਅਤੇ ਉਸ ਨੂੰ ਮੀਨਾਕਸ਼ੀ ਜਾਂ ਮਛਲੀ ਦੇ ਆਕਾਰ ਦੀ ਅੱਖ ਵਾਲੀ ਦੇਵੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਮਛਲੀ ਅਸਲ ਵਿਚ ਪਾਂਡਿਆ ਰਾਜ ਦਾ ਰਾਜ ਚਿੰਨ੍ਹ ਹੈ ਜੋ ਤਾਮਿਲ ਭਾਸ਼ਾ ਦੀ 2500 ਸਾਲ ਪੁਰਾਣੀ ਸੰਸਕ੍ਰਿਤੀ ਦਾ ਵੀ ਚਿੰਨ੍ਹ ਮੰਨਿਆ ਗਿਆ ਹੈ। ਇਸ ਮੰਦਰ ਨੂੰ ਦੇਸ਼ ਦੇ ਸਭ ਤੋਂ ਅਮੀਰ ਮੰਦਰਾਂ ਵਿਚ ਗਿਣਿਆ ਜਾਂਦਾ ਹੈ। ਜਿਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਮੀਨਾਕਸ਼ੀ ਦੇਵੀ ਦੇ ਦਰਸ਼ਨ ਕਰਦੇ ਹਨ। ਇਸ ਮੰਦਰ ਨੂੰ ਦੁਨੀਆ ਦੇ 7 ਨਵੇਂ ਅਜੂਬਿਆਂ ਵਿਚ ਸ਼ਾਮਿਲ ਕੀਤਾ ਗਿਆ। ਇਹ ਮੰਦਰ ਤਾਮਿਲ ਵਾਸਤੂ ਕਲਾ ਦਾ ਸੁੰਦਰ ਨਮੂਨਾ ਹੈ। ਇਸ ਮੰਦਰ ਦੇ ਦਰਸ਼ਨਾਂ ਲਈ ਸਾਨੂੰ ਹਵਾਈ ਜਹਾਜ਼ ਜਾਂ ਰੇਲ ਗੱਡੀ ਰਾਹੀਂ (ਸਾਨੂੰ) ਤਾਮਿਨਲਾਡੂ ਦੀ ਰਾਜਧਾਨੀ ਚੇਨਈ ਪਹੁੰਚਣਾ ਪੈਂਦਾ ਹੈ। ਚੇਨਈ ਤੋਂ ਲੋਕਲ ਟਰੇਨ ਰਾਹੀਂ ਮਦੁਰਈ ਰੇਲਵੇ ਸਟੇਸ਼ਨ ਲਗਪਗ 20 ਮਿੰਟ ਦਾ ਸਫ਼ਰ ਤਹਿ ਕਰ ਕੇ ਅਸੀਂ 'ਮੀਨਾਕਸ਼ੀ ਮੰਦਰ' ਦੇ ਦਰਸ਼ਨ ਕਰ ਸਕਦੇ ਹਾਂ। ਇਹ ਦੂਰੀ ਅਸੀਂ ਸਰਕਾਰੀ ਬੱਸਾਂ ਰਾਹੀਂ ਵੀ ਤਹਿ ਕਰ ਸਕਦੇ ਹਾਂ। ਸਫ਼ਰ ਸ਼ੁਰੂ ਕਰਨ ਤੋਂ ਪਹਿਲੇ ਮੀਨਾਕਸ਼ੀ ਦੇਵੀ ਦੇ ਦਰਸ਼ਨਾਂ ਦੀ ਆਨਲਾਈਨ ਬੁਕਿੰਗ ਕਰਵਾਉਣੀ ਜ਼ਰੂਰੀ ਹੈ। ਇਹ ਬੁਕਿੰਗ ਲਗਪਗ ਤਿੰਨ ਮਹੀਨੇ ਪਹਿਲਾਂ ਕਰਵਾਉਣੀ ਚਾਹੀਦੀ ਹੈ। ਭਾਰਤ ਦੇ ਪ੍ਰਾਚੀਨ ਮੰਦਰਾਂ ਦੀ ਸੈਰ ਕਰਦੇ ਸਮੇਂ ਸਾਨੂੰ ਇਸ ਮੰਦਰ ਦੇ ਵੀ ਦਰਸ਼ਨ ਕਰਨੇ ਚਾਹੀਦੇ ਹਨ।


-ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94653-69343.

ਸ਼ਬਦ ਵਿਚਾਰ

ਅਸੰਖ ਮੂਰਖ ਅੰਧ ਘੋਰ॥ 'ਜਪੁ' ਪਉੜੀ ਅਠਾਰ੍ਹਵੀਂ

ਅਸੰਖ ਮੂਰਖ ਅੰਧ ਘੋਰ॥
ਅਸੰਖ ਚੋਰ ਹਰਾਮਖੋਰ॥
ਅਸੰਖ ਅਮਰ ਕਰਿ ਜਾਹਿ ਜੋਰ॥
ਅਸੰਖ ਗਲਵਢ ਹਤਿਆ ਕਮਾਹਿ॥
ਅਸੰਖ ਪਾਪੀ ਪਾਪੁ ਕਰਿ ਜਾਹਿ॥
ਅਸੰਖ ਕੂੜਿਆਰ ਕੂੜੇ ਫਿਰਾਹਿ॥
ਅਸੰਖ ਮਲੇਛ ਮਲੁ ਭਖਿ ਖਾਹਿ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥
ਨਾਨਕ ਨੀਚੁ ਕਹੈ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੮॥
(ਅੰਗ : 4)
ਪਦ ਅਰਥ : ਅੰਧ ਘੋਰ-ਮਹਾਅਗਿਆਨੀ। ਹਰਾਮਖੋਰ-ਪਰਾਇਆ ਮਾਲ ਖਾਣ ਵਾਲੇ। ਅਮਰ-ਹੁਕਮ, ਹਕੂਮਤ। ਕਰਿ ਜਾਹਿ-ਕਰ ਕੇ ਚਲੇ ਜਾਂਦੇ ਹਨ। ਜੋਰ-ਜੋਰ ਜ਼ੁਲਮ ਕਰ ਕੇ। ਗਲਵਢ-ਦੂਜਿਆਂ ਦਾ ਗਲਾ ਵੱਢਣ ਵਾਲੇ, ਕਤਲ ਕਰਨ ਵਾਲੇ ਕਾਤਲ। ਹਤਿਆ ਕਮਾਹਿ-ਹਤਿਆਵਾਂ ਕਰ ਰਹੇ ਹਨ। ਕੂੜਿਆਰ-ਕੂੜੇ ਅਥਵਾ ਮਾੜੇ ਕਰਮ ਕਰਨ ਵਾਲੇ। ਕੂੜੇ-ਕਪਟੀ, ਫਰੇਬੀ, ਪਾਖੰਡੀ। ਮਲੇਛ-ਮਲੀਨ ਬੁੱਧੀ ਵਾਲੇ। ਮਲੁ-ਮੈਲ, ਗੰਦਗੀ। ਨਿੰਦਕ-ਦੂਜਿਆਂ ਦੀ ਨਿੰਦਿਆ ਕਰਨ ਵਾਲੇ। ਸਿਰਿ ਕਰਹਿ ਭਾਰੁ-ਆਪਣੇ ਸਿਰ 'ਤੇ ਭਾਰ ਚੁੱਕ ਰਹੇ ਹਨ। ਨੀਚੁ-ਨੀਵਾਂ, ਨਿਮਾਣਾ। ਸਾਈ-ਉਹੀ। ਭਲੀ ਕਾਰ-ਭਲਾ ਕੰਮ (ਕਾਰ) ਹੈ। ਸਲਾਮਤਿ-ਥਿਰ ਰਹਿਣ ਵਾਲਾ। ਨਿਰੰਕਾਰ-ਆਕਾਰ ਤੋਂ ਰਹਿਤ ਪਰਮਾਤਮਾ।
ਅਗਿਆਨਤਾ ਵਿਚ ਭੁਲੀ ਭਟਕੀ ਅਤੇ ਈਰਖਾ ਵਿਚ ਸੜ ਰਹੀ ਲੋਕਾਈ ਦੀ ਸਾਰ ਲੈਣ ਲਈ ਜਗਤ ਗੁਰੂ ਬਾਬੇ ਨੇ ਚਾਰ ਉਦਾਸੀਆਂ (ਯਾਤਰਾਵਾਂ) ਕੀਤੀਆਂ, ਜਿਨ੍ਹਾਂ ਵਿਚ ਸਮੁੱਚੇ ਭਾਰਤ (ਮੌਜੂਦਾ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਤੋਂ ਇਲਾਵਾ ਤਿੱਬਤ (ਮਾਨ ਸਰੋਵਰ, ਕੈਲਾਸ਼ ਪਰਬਤ), ਬਰਮਾ, ਲੰਕਾ, ਭੂਟਾਨ, ਚੀਨ, ਮੱਕਾ-ਮਦੀਨਾ, ਸਉਦੀ ਅਰਬੀਆ, ਤੁਰਕੀ, ਮਿਸਰ, ਸੁਡਾਨ, ਬਗਦਾਦ, ਈਰਾਨ, ਕੰਧਾਰ, ਇਰਾਕ, ਅਫ਼ਗਾਨਿਸਤਾਨ ਆਦਿ ਦਾ ਰਟਨ ਕੀਤਾ।
ਗੁਰੂ ਬਾਬੇ ਦਾ ਵਿਸ਼ਾਲ ਹਿਰਦਾ ਦਇਆ, ਧਰਮ, ਪ੍ਰੇਮ-ਪਿਆਰ ਆਦਿ ਨਾਲ ਭਰਪੂਰ ਸੀ। ਜਿਸ ਦੀ ਪੱਟੀ ਪੜ੍ਹਾਉਣ ਲਈ ਆਪ ਜੀ ਮੀਂਹ, ਝੱਖੜ, ਹਨੇਰੀ, ਸਰਦੀ-ਗਰਮੀ ਅਤੇ ਬੀਆਵਾਨ ਜੰਗਲਾਂ, ਝਾੜੀਆਂ, ਪਹਾੜਾਂ, ਦਰਿਆਵਾਂ, ਨਦੀਆਂ-ਨਾਲਿਆਂ, ਰੇਤਲੀਆਂ, ਪਥਰੀਲੀਆਂ ਆਦਿ ਪਗਡੰਡੀਆਂ 'ਚੋਂ ਹੁੰਦੇ ਹੋਏ ਅਜਿਹੇ ਅਸੰਖ ਲੋਕਾਂ ਪਾਸ ਪੁੱਜੇ ਜਿਨ੍ਹਾਂ ਦਾ ਜ਼ਿਕਰ ਸਤਿਗੁਰਾਂ ਨੇ ਬਾਣੀ 'ਜਪੁ' ਜੀ ਦੀ ਰਚਨਾ ਕਰਨ ਵੇਲੇ ਕੀਤਾ।
ਸੈਦਪੁਰ ਵਿਚ ਬਾਬਰ ਦੀ ਫ਼ੌਜ ਨੇ ਜੋ ਨਿਹੱਥੇ ਲੋਕਾਂ 'ਤੇ ਜ਼ੁਲਮ ਢਾਹੇ ਉਹ ਲੂੰ ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ ਹੈ। ਜਗਤ ਗੁਰੂ ਬਾਬੇ ਨੇ ਇਹ ਸਭ ਕੁਝ ਅੱਖੀਂ ਦੇਖਿਆ ਕਿ ਕਿਵੇਂ ਫ਼ੌਜ ਵਲੋਂ ਇਸਤਰੀਆਂ ਦੀ ਬੇਪਤੀ ਕੀਤੀ ਗਈ ਅਤੇ ਕਿਵੇਂ ਨਗਰ ਦੀ ਲੁੱਟ-ਕਸੁੱਟ ਕੀਤੀ ਗਈ:
ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ॥
ਤਿਨ ਗਲਿ ਸਿਲਕਾ ਪਾਈਆ ਤੁਟਨਿ ਮੋਤਸਰੀਆ॥
(ਰਾਗ ਆਸਾ ਮਹਲਾ ੧, ਅੰਗ : 417)
ਗਲਿ-ਗਲ ਵਿਚ। ਸਿਲਕਾ-ਰੱਸੀ, ਫਾਹੀ। ਮੋਤਸਰੀਆ-ਮੋਤੀਆਂ ਦੀ ਮਾਲਾ।
ਭਾਵ ਜੋ ਗਰੀ-ਛੁਹਾਰੇ ਖਾਂਦੀਆਂ ਸਨ ਅਤੇ ਸੋਹਣੀਆਂ ਸੇਜਾਂ (ਵਿਛੌਣੇ) ਮਾਣਦੀਆਂ ਸਨ, ਉਨ੍ਹਾਂ ਦੇ ਗਲਾਂ ਵਿਚ ਅੱਜ ਜ਼ਾਲਮ ਸਿਪਾਹੀਆਂ ਨੇ ਰੱਸੀਆਂ ਪਾਈਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਗਲਾਂ ਵਿਚ ਪਾਏ ਹੋਏ ਮੋਤੀਆਂ ਦੇ ਹਾਰ ਟੁੱਟ ਰਹੇ ਹਨ। ਆਪ ਜੀ ਦੇ ਹੋਰ ਬਚਨ ਹਨ:
ਇਕਨਾ ਪੇਰਣ ਸਿਰ ਖੁਰ ਪਾਟੇ
ਇਕਨਾ ਵਾਸੁ ਮਸਾਣੀ॥
ਜਿਨ ਕੇ ਬੰਕੇ ਘਰੀ ਨ ਆਇਆ
ਤਿਨੁ ਕਿਉ ਰੈਣਿ ਵਿਹਾਣੀ॥ (ਅੰਗ : 417)
ਇਕਨਾ-ਕਈਆਂ ਦੇ। ਪੇਰਣ-ਬੁਰਕੇ। ਸਿਰ ਖੁਰ-ਸਿਰਾਂ ਤੋਂ ਲੈ ਕੇ ਪੈਰਾਂ ਤੱਕ। ਮਸਾਣੀ-ਮਸਾਣਾਂ ਵਿਚ। ਬੰਕੇ-ਨੌਜਵਾਨ ਮਾਲਕ (ਖਸਮ)। ਰੈਣਿ-ਰਾਤ। ਕਿਉ ਵਿਹਾਣੀ -ਕਿਵੇਂ ਕੱਟੀ ਹੋਵੇਗੀ।
ਭਾਵ ਇਸਤਰੀਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਫਟ ਗਏ ਅਤੇ ਮਰਨ ਸਦਕਾ ਕਈਆਂ ਦਾ ਮਸਾਣਾਂ ਵਿਚ ਜਾ ਵਾਸਾ ਹੋਇਆ। ਜਿਨ੍ਹਾਂ ਦੇ ਨੌਜਵਾਨ ਮਾਲਕ ਪਤੀ ਘਰੀਂ ਪਰਤ ਕੇ ਨਹੀਂ ਆਏ, ਉਨ੍ਹਾਂ ਨੇ ਬਿਪਤਾ ਦੀ ਰਾਤ ਕਿਵੇਂ ਕੱਟੀ ਹੋਵੇਗੀ?
ਇਹ ਦ੍ਰਿਸ਼ ਦੇਖ ਕੇ 'ਭੀ ਤੇਰੀ ਕੀਮਤ ਨ ਪਵੈ ਹਉ ਕੇ ਵਡੁ ਆਖਾ ਨਾਉ' ਉਚਾਰਨ ਵਾਲੇ ਸਤਿਗੁਰਾਂ ਦੇ ਨੇਤਰਾਂ ਵਿਚੋਂ ਅਥਰੂ ਵਗ ਤੁਰੇ ਹੋਣਗੇ ਜਦੋਂ ਮਾਨਵਤਾ ਦੇ ਰਹਿਬਰ ਸਤਿਗੁਰੂ ਪਾਤਸ਼ਾਹ ਇਹ ਆਖੇ ਬਿਨਾਂ ਨਾ ਰਹਿ ਸਕੇ:
ਏਤੀ ਮਾਰ ਪਈ ਕਰਲਾਣੈ
ਤੈਂ ਕੀ ਦਰਦੁ ਨ ਆਇਆ॥
(ਰਾਗੁ ਆਸਾ ਮਹਲਾ ੧, ਅੰਗ : 360)
ਰਾਗੁ ਆਸਾ ਦੀ ਵਾਰ ਵਿਚ ਆਪ ਜੀ ਪ੍ਰਾਣੀ ਨੂੰ ਸੁਚੇਤ ਕਰ ਰਹੇ ਹਨ ਕਿ ਆਪਣੇ ਕੀਤੇ ਚੰਗੇ-ਮੰਦੇ ਕਰਮਾਂ ਦਾ ਫਲ ਮਨੁੱਖ ਨੂੰ ਆਪ ਹੀ ਭੁਗਤਣਾ ਪੈਂਦਾ ਹੈ। ਜਿਨ੍ਹਾਂ ਨੇ ਹਕੂਮਤਾਂ ਵੇਲੇ ਮਨਮਾਨੀਆਂ ਕੀਤੀਆਂ ਹਨ, ਉਨ੍ਹਾਂ ਨੂੰ ਭੀੜੇ ਰਾਹ ਵਿਚੋਂ ਲੰਘਣਾ ਪਵੇਗਾ ਕਿਉਂਕਿ ਇਹ ਸੋਹਣੀ ਦੇਹੀ ਇਕ ਦਿਨ ਸੰਸਾਰ ਨੂੰ ਛੱਡ ਕੇ ਇਥੋਂ ਤੁਰ ਜਾਵੇਗੀ:
ਕਪੜੁ ਰੂਪੁ ਸੁਹਾਵਣਾ
ਛਡਿ ਦੁਨੀਆ ਅੰਦਰਿ ਜਾਵਣਾ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥
ਹੁਕਮ ਕੀਏ ਮਨਿ ਭਾਵਦੇ,
ਰਾਹਿ ਭੀੜੈ ਅਗੈ ਜਾਵਣਾ।
(ਅੰਗ : 470-71)
ਕਪੁੜ-ਦੇਹੀ ਰੂਪ ਕੱਪੜਾ। ਸੁਹਾਵਣਾ-ਸੋਹਣਾ। ਰਾਹਿ ਭੀੜੈ-ਤੰਗ ਰਸਤੇ। ਅਗੈ ਜਾਵਣਾ-ਜਦੋਂ ਮਨੁੱਖ ਛੱਡ ਕੇ ਭਾਵ ਮੌਤ ਤੋਂ ਬਾਅਦ ਇਥੋਂ ਜਾਂਦਾ ਹੈ।
ਦਰਗਾਹੇ ਜਦੋਂ ਨੰਗਾ ਕਰ ਕੇ ਭਾਵ ਜਦੋਂ ਉਸ ਦੇ ਕੀਤੇ ਕਰਮਾਂ ਦਾ ਲੇਖਾ ਖੋਲ੍ਹ ਕੇ ਉਸ ਅੱਗੇ ਰੱਖਿਆ ਜਾਂਦਾ ਹੈ ਅਤੇ ਉਸ ਨੂੰ ਨਰਕਾਂ ਵਿਚ ਸੁੱਟਿਆ ਜਾਂਦਾ ਹੈ ਤਾਂ ਉਸ ਨੂੰ ਉਸ ਵੇਲੇ ਆਪਣਾ-ਆਪ ਬੜਾ ਡਰਾਉਣਾ ਦਿਸਦਾ ਹੈ:
ਨੰਗਾ ਦੋਜਕਿ ਚਾਲਿਆ
ਤਾ ਦਿਸੈ ਖਰਾ ਡਰਾਵਣਾ। (ਅੰਗ : 471)
ਨੰਗਾ-ਕੀਤੇ ਕਰਮਾ ਦਾ ਲੇਖਾ ਨੰਗਾ ਕੀਤਾ ਜਾਂਦਾ ਹੈ, ਖੋਲ੍ਹ ਕੇ (ਉਸ ਅੱਗੇ) ਰੱਖਿਆ ਜਾਂਦਾ ਹੈ। ਦੋਜਕਿ-ਨਰਕ। ਚਾਲਿਆ-ਚਲਾਇਆ ਜਾਂਦਾ ਹੈ, ਸੁੱਟਿਆ ਜਾਂਦਾ ਹੈ।
ਇਸ ਪ੍ਰਕਾਰ ਮਾੜੇ ਕਰਮ ਕਰ ਕੇ ਅੰਤ ਨੂੰ ਪਛਤਾਉਣਾ ਹੀ ਪੈਂਦਾ ਹੈ।
ਪਉੜੀ ਦੇ ਅੱਖਰੀ ਅਰਥ : ਹੇ ਪ੍ਰਭੂ, ਤੇਰੀ ਰਚੀ ਹੋਈ ਸ੍ਰਿਸ਼ਟੀ ਵਿਚ ਅਣਗਿਣਤ ਮੂੜ ਮੂਰਖ ਅਤੇ ਮਹਾਂਅਗਿਆਨੀ ਹਨ, ਅਸੰਖ ਹੀ ਚੋਰ ਅਤੇ ਅਸੰਖ ਹੀ ਪਰਾਇਆ ਮਾਲ ਖਾਣ ਵਾਲੇ ਹਨ:
ਅਣਗਿਣਤ ਹੀ ਦੂਜਿਆਂ 'ਤੇ ਜ਼ੋਰ-ਜ਼ੁਲਮ ਕਰ ਕੇ ਇਥੋਂ ਤੁਰ ਜਾਂਦੇ ਹਨ ਅਤੇ ਅਸੰਖ ਹੀ ਦੂਜਿਆਂ ਦਾ ਖ਼ੂਨ ਕਰ ਕੇ ਹੱਤਿਆ ਕਮਾਉਣ ਵਾਲੇ ਹਨ।
ਅਣਗਿਣਤ ਪਾਪੀ ਪਾਪ ਕਰਕੇ ਇਥੋਂ ਤੁਰ ਜਾਂਦੇ ਹਨ, ਅਸੰਖ ਹੀ ਮਾੜੇ ਕਰਮ ਕਰਨ ਵਾਲੇ ਕਪਟੀ ਫਰੇਬ ਅਤੇ ਪਖੰਡ ਵਿਚ ਰੁੱਝੇ ਪਏ ਹਨ, ਵਿਚ ਗ੍ਰਸਤ ਹਨ।
ਅਣਗਿਣਤ ਮਲੀਨ ਬੁੱਧੀ ਵਾਲੇ ਗੰਦ-ਮੰਦ ਖਾਂਦੇ ਹਨ ਅਤੇ ਅਣਗਿਣਤ ਅਜਿਹੇ ਹਨ ਜੋ ਦੂਜਿਆਂ ਦੀ ਨਿੰਦਿਆ ਕਰਕੇ, ਆਪਣੇ ਸਿਰਾਂ 'ਤੇ ਪਾਪਾਂ ਦਾ ਭਾਰ ਚੁੱਕ ਰਹੇ ਹਨ।
ਜਗਤ ਗੁਰੂ ਬਾਬਾ (ਲੋਕਾਈ ਦਾ ਇਹ ਹਾਲ ਦੇਖ ਕੇ) ਪ੍ਰਭੂ ਅੱਗੇ ਅਰਜੋਈ ਕਰ ਰਹੇ ਹਨ ਕਿ ਮੈਂ ਨਿਮਾਣਾ ਨਾਨਕ ਹੀ ਆਖ ਸਕਦਾ ਹਾਂ। ਮੇਰੀ ਕੀ ਸਮਰੱਥਾ ਹੈ ਕਿ ਮੈਂ ਤੇਰੀ ਕੁਦਰਤ ਨੂੰ ਬਿਆਨ ਕਰ ਸਕਾਂ। ਮੈਂ ਇਕ ਵਾਰੀ ਨਹੀਂ ਸਗੋਂ ਵਾਰ-ਵਾਰ ਤੇਰੇ ਤੋਂ ਬਲਿਹਾਰ ਜਾਂਦਾ ਹਾਂ ਕਿ ਹੇ ਆਕਾਰ ਤੋਂ ਰਹਿਤ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਜੋ ਤੈਨੂੰ ਭਾਉਂਦਾ ਹੈ ਉਹੀ ਕਾਰ ਭਲੀ ਹੈ।


-217-ਆਰ. ਮਾਡਲ ਟਾਊਨ, ਜਲੰਧਰ।

ਪੁਰਾਤਨ ਵਿਰਸੇ ਦੀ ਯਾਦ ਤਾਜ਼ਾ ਕਰਾ ਰਿਹੈ ਤਪੋਬਣ ਢੱਕੀ ਸਾਹਿਬ

ਮਲੌਦ-ਲੁਧਿਆਣਾ ਜ਼ਿਲ੍ਹੇ ਦੀ ਸਬ-ਡਵੀਜ਼ਨ ਪਾਇਲ ਦੇ ਪਿੰਡ ਮਕਸੂਦੜਾ ਵਿਚ ਕਰੀਬ 50 ਵਿੱਘੇ ਜ਼ਮੀਨ 'ਚ ਢੱਕ ਪਲਾਹ ਨਵੇਂ ਅਤੇ ਪੁਰਾਣੇ ਦਰੱਖ਼ਤ ਅੱਜ ਵੀ ਜਿਉਂ ਦੀ ਤਿੳਂੁ ਖੜ੍ਹੇ ਹਨ। ਪੁਰਾਤਨ ਸਮੇਂ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਕੋਈ ਵੀ ਸਾਧੂ ਸੰਤ ਇੱਥੇ ਇਕ ਜਾਂ ਦੋ ਦਿਨ ਤੋਂ ਜ਼ਿਆਦਾ ਨਹੀਂ ਸੀ ਠਹਿਰ ਸਕਦਾ 1987 ਵਿਚ ਇਕ ਗੁਰਸਿੱਖ ਨੇ ਇੱਥੇ ਆ ਕੇ ਦਿਨ, ਮਹੀਨੇ ਅਤੇ ਸਾਲਾਂ ਬੱਧੀ ਤਪ ਸਾਧਨਾ ਕਰ ਕੇ ਇਸ ਢੱਕੀ ਨੂੰ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ ਜਿਨ੍ਹਾਂ ਦੀ ਪਹਿਚਾਣ ਅੱਜ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੇ ਨਾਂਅ ਨਾਲ ਹੈ ਅਤੇ ਉਨ੍ਹਾਂ ਦਾ ਪਿੰਡ ਘੜੂੰਆਂ (ਨੇੜੇ ਚੰਡੀਗੜ੍ਹ) ਹੈ ਅਤੇ ਪਿਤਾ ਜੀ ਫ਼ੌਜ ਵਿਚ ਸੂਬੇਦਾਰ ਹੋਣ ਦੇ ਨਾਲ-ਨਾਲ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਸੰਤ ਦਰਸ਼ਨ ਸਿੰਘ ਖ਼ਾਲਸਾ ਨੇ ਇੱਥੇ ਗੁਰਸਿੱਖੀ ਦੇ ਪ੍ਰਚਾਰ ਦਾ ਇਕ ਅਜਿਹਾ ਕੇਂਦਰ ਬਣਾ ਦਿੱਤਾ ਜਿਸ ਵਿਚ ਪ੍ਰਵੇਸ਼ ਕਰਦਿਆਂ ਆਪ ਮੁਹਾਰੇ ਵਾਹਿਗੁਰੂ ਸ਼ਬਦ ਦੀਆਂ ਧੁਨਾਂ ਦਾ ਸੰਗੀਤ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਵਾਤਾਵਰਨ ਦੀ ਸ਼ੁੱਧਤਾ ਲਈ ਨਵੇਂ ਪੌਦੇ ਅਤੇ ਬੂਟੇ ਲਾਉਣੇ, ਪਾਣੀ ਦੀ ਸਾਂਭ ਸੰਭਾਲ ਦੇ ਨਾਲ-ਨਾਲ ਪੁਰਾਤਨ ਵਿਰਸੇ ਦੀ ਯਾਦ ਤਾਜ਼ਾ ਕਰਵਾਉਂਦੇ, ਹਲ-ਪੰਜਾਲੀ, ਵੇਲਣਾ, ਪਿੱਤਲ ਦੇ ਬਰਤਨ, ਰੱਥ ਅਤੇ ਬੱਗੀਆਂ ਨੂੰ ਵੀ ਬਹੁਤ ਸੰਭਾਲ ਕੇ ਰੱਖਿਆ ਗਿਆ ਹੈ। ਢੱਕੀ ਸਾਹਿਬ ਵਿਚ ਖੂਨਦਾਨ ਕੈਂਪ ਦੌਰਾਨ 5200 ਯੂਨਿਟ ਇਕ ਦਿਨ ਵਿਚ ਖੂਨਦਾਨ ਇਕੱਤਰ ਹੋ ਕੇ ਵਿਸ਼ਵ ਰਿਕਾਰਡ ਬਣਾਉਣਾ ਅਤੇ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਅਤੇ ਨਸ਼ਾ ਛੁਡਾਊ ਕੈਂਪ ਲਾੳਣੇ ਅਤੇ ਸੰਤ ਦਰਸ਼ਨ ਸਿੰਘ ਖ਼ਾਲਸਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸਬੰਧੀ ਪਿੰਡ-ਪਿੰਡ ਲਹਿਰ ਚਲਾਈ।


-ਦਿਲਬਾਗ ਸਿੰਘ ਚਾਪੜਾ
ਮੋਬਾਈਲ : 94176-70502

ਪਾਣੀਪਤ ਦੀ ਤੀਜੀ ਲੜਾਈ ਅਤੇ ਸਿੱਖ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਰਹੱਟਿਆਂ ਤੇ ਅਫ਼ਗਾਨਾਂ ਦੀਆਂ ਫ਼ੌਜਾਂ ਆਹਮਣੇ-ਸਾਹਮਣੇ ਸਨ। ਅਬਦਾਲੀ ਨੇ ਮਰਹੱਟਿਆਂ ਦਾ ਘੇਰਾ ਹੀ ਘੱਤ ਲਿਆ ਸੀ। ਗੋਬਿੰਦ ਬਲਾਲ ਮਰਹੱਟਿਆਂ ਦੀ ਮਦਦ ਲਈ ਪਹੁੰਚਿਆ ਪਰ ਅਫ਼ਗਾਨਾਂ ਨੇ ਉਸ ਨੂੰ ਰਾਹ ਵਿਚ ਹੀ ਜਾ ਲਿਆ। ਅਬਦਾਲੀ ਫ਼ੌਜਾਂ ਹੱਥ ਕਾਫੀ ਰਸਦ-ਪਾਣੀ ਵੀ ਆਇਆ। ਗੋਪਾਲ ਗਣੇਸ਼ ਬਾਹਰਵੇਂ ਅਤੇ ਕ੍ਰਿਸ਼ਨੰਦ ਵੀ ਘੇਰਾ ਤੋੜਦੇ-ਤੋੜਦੇ ਸਰੀਰ ਛੱਡ ਗਏ। ਨਾਰੋ ਸ਼ੰਕਰ ਪੰਡਤ ਦਾ ਮਾਲ ਵੀ ਲੁੱਟ ਲਿਆ ਗਿਆ। ਉਸ ਦਾ ਕੇਵਲ ਇਕੋ ਹੀ ਸਾਥੀ ਬਚਿਆ। ਭਾਉ ਸਾਹਿਬ ਸਾਰੀ ਸਥਿਤੀ ਦੀ ਜਾਣਕਾਰੀ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਇਹ ਜੰਗ ਟਲ ਜਾਵੇ ਕਿਉਂਕਿ ਅਬਦਾਲੀ ਦੀਆਂ ਫ਼ੌਜਾਂ ਵਲੋਂ ਪੂਰਾ ਘੇਰਾ ਪੈ ਜਾਣ ਦੇ ਕਾਰਨ ਕਿਸੇ ਪਾਸਿਉਂ ਕੋਈ ਰਾਸ਼ਨ-ਪਾਣੀ ਨਹੀਂ ਪਹੁੰਚ ਰਿਹਾ ਸੀ ਪਰ ਹੁਣ ਲੜਾਈ ਤੋਂ ਬਗੈਰ ਕੋਈ ਰਾਹ ਵੀ ਨਹੀਂ ਸੀ।
ਮਰਹੱਟਿਆਂ ਨੇ ਆਪਣੀ ਸਾਰੀ ਫ਼ੌਜੀ ਤਾਕਤ ਇਸ ਲੜਾਈ ਵਿਚ ਝੋਕੀ ਹੋਈ ਸੀ। ਉਨ੍ਹਾਂ ਦਾ ਯਕੀਨ ਸੀ ਕਿ ਉਹ ਮੁਗਲ ਹਕੂਮਤ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਸਾਰੇ ਮੁਲਕ 'ਤੇ ਛਾ ਜਾਣਗੇ। ਉਨ੍ਹਾਂ ਦੇ ਇਹ ਸੁਪਨੇ ਪਾਣੀਪਤ ਦੀ ਜਿੱਤ ਨਾਲ ਪੂਰੇ ਹੋ ਸਕਦੇ ਸਨ। ਅਖੀਰ 14 ਜਨਵਰੀ, 1761 ਈ: ਨੂੰ ਪਾਣੀਪਤ ਦੇ ਸਥਾਨ 'ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਅਤੇ ਮਰਹੱਟਿਆਂ ਵਿਚਕਾਰ ਸਿੱਧੀ ਜੰਗ ਹੋਈ। ਇਸ ਲੜਾਈ ਵਿਚ ਮਰਹੱਟਿਆਂ ਦੀ ਹਾਰ ਹੋਈ, ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਜੰਗ ਸਮੇਂ ਜੇ ਮਰਹੱਟੇ ਇਕ ਝੰਡੇ ਹੇਠਾਂ ਸਨ ਤਾਂ ਮੁਸਲਮਾਨ ਵੀ ਇਕ ਜਾਨ ਹੋ ਕੇ ਲੜ ਰਹੇ ਸਨ। ਵਿਸ਼ਵਾਸ ਰਾਓ ਤੇ ਸਦਾ ਸ਼ਿਵ ਰਾਓ ਥਾਂ 'ਤੇ ਹੀ ਮਾਰੇ ਗਏ। ਉਥੇ 28 ਹਜ਼ਾਰ ਲਾਸ਼ਾਂ ਦਾ ਢੇਰ ਇਕ ਥਾਂ ਹੀ ਲੱਗਾ ਦੇਖਿਆ ਗਿਆ। ਹਜ਼ਾਰਾਂ ਭੱਜਦੇ ਮਾਰੇ ਗਏ ਤੇ ਕਈਆਂ ਦੀ ਖਾਈਆਂ ਵਿਚ ਡਿਗਦਿਆਂ ਹੀ ਜਾਨ ਨਿਕਲ ਗਈ। ਮੁਗਲਾਂ ਨੇ 22 ਹਜ਼ਾਰ ਮਰਹੱਟਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਬਦਾਲੀ ਨੇ ਉਹ ਹਾਥੀ ਜਿਸ ਨੂੰ ਮਰਹੱਟਾ ਜਰਨੈਲ ਹੋਲਕਰ ਪਾਣੀਪਤ ਦੇ ਮੈਦਾਨ ਵਿਚ ਛੱਡ ਗਿਆ ਸੀ, ਆਪਣੇ ਕਬਜ਼ੇ ਵਿਚ ਕੀਤਾ। ਅਹਿਮਦ ਸ਼ਾਹ ਅਬਦਾਲੀ ਇਸ ਜਿੱਤ ਤੋਂ ਬਹੁਤ ਖੁਸ਼ ਸੀ। ਮਰਹੱਟਿਆਂ ਦੀ ਹਾਰ ਦਾ ਨਤੀਜਾ ਇਹ ਹੋਇਆ ਕਿ ਉਹ ਹਮੇਸ਼ਾ ਲਈ ਇਸ ਪਾਸਿਉਂ ਖਤਮ ਹੋਣ ਤੇ ਸਿਰਫ਼ ਮਹਾਰਾਸ਼ਟਰ ਤੱਕ ਹੀ ਸੀਮਤ ਰਹਿ ਗਏ। ਨਿਸ਼ਾਨੀ ਵਜੋਂ ਉਨ੍ਹਾਂ ਦੀਆਂ ਚਾਰ ਰਿਆਸਤਾਂ ਮਗਦਜੀ ਸਿੰਧੀਆ ਗਵਾਲੀਅਰ, ਮਲ੍ਹਾਰ ਰਾਓ ਹੋਲਕਰ ਇੰਦੌਰ, ਭੋਸਲਾ ਰਾਜ ਨਾਗਪੁਰ ਤੇ ਪੇਸ਼ਵਾ ਦੀ ਹਕੂਮਤ ਪੂਨਾ (ਸਤਾਰਾ) ਹੀ ਕਾਇਮ ਰਹਿ ਗਈਆਂ ਤੇ ਬਾਕੀ ਹਿੰਦੁਸਤਾਨ ਅਤੇ ਪੰਜਾਬ ਉਨ੍ਹਾਂ ਦੀ ਇਸ ਮਾਰ ਤੋਂ ਬਚਿਆ ਰਿਹਾ।
ਡਾਕਟਰ ਜਾਦੂਨਾਥ ਸਰਕਾਰ ਲਿਖਦਾ ਹੈ ਕਿ, 'ਸੰਖੇਪ ਵਿਚ ਇਹ ਫਲੋਡੇਨ ਫੀਲਡ ਦੀ ਤਰ੍ਹਾਂ ਰਾਸ਼ਟਰ ਵਿਆਪੀ ਮੁਸੀਬਤ ਸੀ। ਮਹਾਰਾਸ਼ਟਰ ਵਿਚ ਐਸਾ ਕੋਈ ਘਰ ਨਹੀਂ ਸੀ ਜਿਸ ਵਿਚ ਕਿਸੇ ਮੈਂਬਰ ਦੀ ਮੌਤ 'ਤੇ ਸੋਗ ਨਾ ਪਿਆ ਹੋਵੇ। ਕਈ ਘਰਾਂ ਵਿਚ ਤਾਂ ਸਾਰੇ ਹੀ ਮਾਰੇ ਗਏ। ਨੇਤਾਵਾਂ ਦੀ ਇਕ ਪੂਰੀ ਪੀੜ੍ਹੀ ਦਾ ਇਕ ਚੋਟ ਨਾਲ ਸਫਾਇਆ ਹੋ ਗਿਆ। ਜੇਤੂਆਂ ਨੇ ਵਿਸ਼ਾਲ ਮਾਤਰਾ ਵਿਚ ਲੁੱਟ ਦੇ ਮਾਲ ਤੇ ਅਧਿਕਾਰ ਕੀਤਾ। ਨਕਦ ਤੇ ਹੀਰਿਆਂ ਤੋਂ ਇਲਾਵਾ ਮਰਾਠਿਆਂ ਦੇ ਪੰਜਾਹ ਹਜ਼ਾਰ ਘੋੜੇ, ਦੋ ਲੱਖ ਪਸ਼ੂ, ਕਈ ਹਜ਼ਾਰ ਊਠ ਤੇ ਪੰਜ ਸੌ ਸਾਥੀ ਨਸ਼ਟ ਹੋ ਗਏ। ਇਸ ਖਤਰਨਾਕ ਤਬਾਹੀ ਦੀ ਸੂਚਨਾ ਪੇਸ਼ਵਾ ਨੂੰ ਇਕ ਵਪਾਰੀ ਦੁਆਰਾ ਇਸ ਤਰ੍ਹਾਂ ਪਹੁੰਚਾਈ ਗਈ, 'ਦੋ ਮੋਤੀ ਟੁਟ ਗਏ, ਬਾਈ ਸੋਨੇ ਦੀਆਂ ਮੋਹਰਾਂ ਗਵਾਚ ਗਈਆਂ ਹਨ ਅਤੇ ਚਾਂਦੀ ਤੇ ਤਾਂਬੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।' ਪੇਸ਼ਵਾ ਜੋ ਪਹਿਲਾਂ ਤੋਂ ਹੀ ਤਪਦਿਕ ਨਾਲ ਪੀੜਤ ਸੀ, ਇਸ ਕੌਮੀ ਪਰਲੋ ਤੋਂ ਬਾਅਦ ਨਹੀਂ ਬਚ ਸਕਿਆ ਅਤੇ 23 ਜੂਨ 1761 ਈ: ਨੂੰ ਪੂਨਾ ਵਿਚ ਟੁਟੇ ਦਿਲ ਨਾਲ ਮਰ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾਈਲ : 98155-33725.

ਬਰਸੀ ਅਤੇ ਸੰਤ ਸਮਾਗਮ 'ਤੇ ਵਿਸ਼ੇਸ਼

ਡੇਰਾ ਸਮਾਧਾਂ ਬਾਬਾ ਖਜ਼ਾਨ ਸਿੰਘ (ਨਿਰਮਲ ਆਸ਼ਰਮ) ਅਜੀਤਵਾਲ

ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਕਸਬਾ ਅਜੀਤਵਾਲ (ਮੋਗਾ) ਵਿਖੇ ਦੂਰੋਂ ਨਜ਼ਰੀਂ ਪੈਂਦੀ ਆਲੀਸ਼ਾਨ ਇਮਾਰਤ ਬਾਬਾ ਖਜ਼ਾਨ ਸਿੰਘ ਡੇਰਾ ਸਮਾਧਾਂ (ਨਿਰਮਲ ਆਸ਼ਰਮ) ਦੇ ਅਸਥਾਨ ਨਾਲ ਪ੍ਰਸਿੱਧ ਹੈ। ਨਿਰਮਲੇ ਸੰਪ੍ਰਦਾਇ (ਭੇਖ) ਨਾਲ ਜੁੜੇ ਇਸ ਪੁਰਾਤਨ ਅਸਥਾਨ ਦੇ ਪਹਿਲੇ ਮਹਾਂਪੁਰਸ਼ਾਂ ਵਲੋਂ ਇਥੇ ਮੁੱਢਲੀ ਵਿੱਦਿਆ ਦਾ ਗਿਆਨ ਵੰਡਿਆ ਗਿਆ, ਬਿਮਾਰਾਂ ਤੇ ਦੁਖੀਆਂ ਲਈ ਦੇਸੀ ਦਵਾਈਆਂ ਨਾਲ ਇਲਾਜ ਵੀ ਕੀਤਾ ਜਾਂਦਾ ਰਿਹਾ ਤੇ ਮੁੱਖ ਮਾਰਗ ਤੇ ਹੋਣ ਕਰਕੇ ਰਾਹਗੀਰਾਂ ਲਈ ਲੰਗਰ ਤੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅਸਥਾਨ ਦੇ ਰਹਿ ਚੁੱਕੇ ਮਹਾਂਪੁਰਸ਼ਾਂ ਬਾਬਾ ਖਜ਼ਾਨ ਸਿੰਘ, ਭਾਈ ਕਰਮ ਚੰਦ, ਭਾਈ ਧਰਮ ਚੰਦ, ਬਾਬਾ ਹਰਨਾਮ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਬਚਨ ਸਿੰਘ, ਸੰਤ ਬਾਬਾ ਤੇਜਪਾਲ ਸਿੰਘ ਨੇ ਸਿੱਖੀ ਦੇ ਪ੍ਰਚਾਰ ਅਤੇ ਲੋਕ ਸੇਵਾ ਦੇ ਕਾਰਜਾਂ ਲਈ ਵੱਡਾ ਯੋਗਦਾਨ ਪਾਇਆ। ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਨਿਰਮਲੇ ਸੰਪ੍ਰਦਾਇ ਨਾਲ ਜੁੜੇ ਰਹਿ ਕੇ ਸੰਗਤ ਦੀ ਸੇਵਾ ਨੂੰ ਹੋਰ ਅਗਾਂਹ ਵਧਾਇਆ ਤੇ ਅਸਥਾਨ ਦੀਆਂ ਵਿਸ਼ਾਲ ਇਮਾਰਤਾਂ ਦਾ ਨਿਰਮਾਣ ਜਾਰੀ ਹੈ, ਲੰਮੇਂ ਸਮੇਂ ਤੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਮੁਫਤ ਇਲੈਕਟ੍ਰੋ ਹੋਮਿਓਪੈਥੀ (ਹੋਮਿਓਪੈਥੀ) ਡਿਸਪੈਂਸਰੀ, ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਪਾਤਸ਼ਾਹੀ ਰਥ, ਅੰਤਿਮ ਯਾਤਰਾ ਵਾਹਨ, ਸੰਗਤਾਂ ਦੀ ਸੇਵਾ ਲਈ ਖੁੱਲ੍ਹਾ ਹਾਲ ਮੌਜੂਦ ਹਨ, ਇਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਲੋਕ ਭਲਾਈ ਦੇ ਕਾਰਜਾਂ ਵਿਚ ਇਸ ਅਸਥਾਨ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਇਸ ਅਸਥਾਨ 'ਤੇ ਗੁਰੂੁ ਸਾਹਿਬਾਨ ਨਾਲ ਸਬੰਧਿਤ ਦਿਹਾੜੇ ਤੇ ਸਿੱਖ ਕੌਮ ਦੇ ਇਤਿਹਾਸਕ ਦਿਨ ਮਨਾਉਣ ਤੋਂ ਇਲਾਵਾ ਸਵੇਰ-ਸ਼ਾਮ ਨਿੱਤਨੇਮ ਤੇ ਕਥਾ ਕੀਰਤਨ ਦੇ ਪ੍ਰਵਾਹ ਨਿਰੰਤਰ ਚਲਦੇ ਹਨ। ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂਪੁਰਸ਼ਾਂ ਦੀ ਯਾਦ ਵਿਚ ਕਰਵਾਏ ਜਾਂਦੇ ਪੰਜ ਦਿਨਾ ਧਾਰਮਿਕ ਤੇ ਗੁਰਮਤਿ ਸਮਾਗਮ 28 ਜਨਵਰੀ ਤੋਂ 1 ਫਰਵਰੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਲਵਿੰਦਰ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ, ਜਿਸ ਦੌਰਾਨ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਅੰਤਿਮ ਦਿਨ 1 ਫਰਵਰੀ ਨੂੰ ਪੰਜਾਬ ਸਮੇਤ ਬਾਹਰੀ ਸੂਬਿਆਂ ਤੋਂ ਸਾਧੂ ਭੇਖ, ਨਿਰਮਲੇ ਸੰਪ੍ਰਦਾਇ, ਸੰਤ-ਮਹਾਂਪੁਰਸ਼, ਪ੍ਰਚਾਰਕ, ਕਥਾ-ਵਾਚਕ, ਰਾਗੀ, ਢਾਡੀ ਤੇ ਸੰਗਤਾਂ ਸਮਾਗਮਾਂ ਵਿਚ ਹਾਜ਼ਰੀਆਂ ਲਗਵਾਉਣਗੀਆਂ।


-ਹਰਦੇਵ ਸਿੰਘ ਮਾਨ
ਪੱਤਰ ਪ੍ਰੇਰਕ ਅਜੀਤਵਾਲ (ਮੋਗਾ)
ਮੋਬਾਈਲ : 98151-53950

ਬਰਸੀ 'ਤੇ ਵਿਸ਼ੇਸ਼

ਉੱਚ ਕੋਟੀ ਦਾ ਪ੍ਰਚਾਰਕ ਅਕਾਲੀ ਕੌਰ ਸਿੰਘ ਨਿਹੰਗ

ਸਿੱਖ ਸਿਧਾਂਤਾਂ ਤੇ ਗੁਰਬਾਣੀ ਦੇ ਪ੍ਰਚਾਰ ਲਈ ਰਾਤ-ਦਿਨ ਇਕ ਕਰਨ ਵਾਲਾ ਉੱਚਕੋਟੀ ਦਾ ਪ੍ਰਚਾਰਕ ਸੀ ਅਕਾਲੀ ਕੌਰ ਸਿੰਘ ਨਿਹੰਗ। ਉਸ ਵਲੋਂ ਕੀਤੇ ਸਿੱਖੀ ਦੇ ਪ੍ਰਚਾਰ ਨੂੰ ਪੜ੍ਹ-ਸੁਣ ਕੇ ਅੱਜ ਵੀ ਸਿੱਖ ਧਰਮ ਨੂੰ ਪ੍ਰਚਾਰਨ ਵਾਲੀਆਂ ਅਨੇਕਾਂ ਸੰਸਥਾਵਾਂ ਸੋਚਣ ਲਈ ਮਜਬੂਰ ਹੋ ਜਾਂਦੀਆਂ ਹਨ। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਮੁਜ਼ੱਫਰਾਬਾਦ ਦੇ ਚਕਾਰ ਕਸਬੇ ਦੇ ਨੇੜੇ ਇਕ ਪਿੰਡ ਖੱਚਰ ਵਿਖੇ ਪਿਤਾ ਭਾਈ ਮਹਾਂ ਸਿੰਘ ਅਤੇ ਮਾਤਾ ਕਰਮ ਕੌਰ ਦੀ ਕੁੱਖ ਤੋਂ 28 ਜੂਨ, 1886 ਈ: ਨੂੰ ਜਨਮੇ ਇਸ ਬੱਚੇ ਦਾ ਮੁਢਲਾ ਨਾਂਅ ਪੂਰਨ ਸਿੰਘ ਸੀ। ਇਸ ਖ਼ਾਨਦਾਨ ਦਾ ਪਿਛੋਕੜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਰਨ ਵਿਚ ਆਏ ਤ੍ਰਿਲੋਕੀ ਨਾਥ ਬ੍ਰਾਹਮਣ ਨਾਲ ਜੁੜਦਾ ਹੈ, ਜੋ ਪੰਡਿਤ ਕਿਰਪਾ ਰਾਮ ਦੇ ਨਾਲ ਗੁਰੂ ਸਾਹਿਬ ਪਾਸ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਨ।
ਛੇਤੀ ਹੀ ਗੁਰਦੁਆਰਿਆਂ ਵਿਚ ਜਾ ਕੇ ਗੁਰਮਤਿ ਦਾ ਪ੍ਰਚਾਰ ਆਰੰਭਿਆ। ਇਸ ਧਰਮ ਦੇ ਵਿਰੋਧ ਵਿਚ ਚੱਲੀਆਂ ਲਹਿਰਾਂ ਆਰੀਆ ਸਮਾਜ ਤੇ ਦੇਵ ਸਮਾਜ ਦੇ ਪ੍ਰਚਾਰ ਦਾ ਮੁਕਾਬਲਾ ਸੰਵਾਦ ਰਚਾ ਕੇ ਅਤੇ ਗੋਸ਼ਟੀਆਂ ਵਿਚ ਚੁਣੌਤੀ ਦੇ ਕੇ ਸ਼ੁਰੂ ਕੀਤਾ। ਇਨ੍ਹਾਂ ਸਿੰਘ ਸਭਾ ਲਹਿਰਾਂ ਦੇ ਪ੍ਰਚਾਰ ਨੂੰ ਭਰਪੂਰ ਹੁਲਾਰਾ ਦਿੱਤਾ। 1906 ਈ: ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਜਾ ਕੇ ਅੰਮ੍ਰਿਤਪਾਨ ਕੀਤਾ ਅਤੇ ਪੂਰਨ ਸਿੰਘ ਤੋਂ ਅਕਾਲੀ ਕੌਰ ਸਿੰਘ ਨਿਹੰਗ ਸਿੰਘ ਬਣ ਗਿਆ ਤੇ 96ਵੇਂ ਕਰੋੜੀ ਦਲ-ਪੰਥ ਬੁੱਢਾ ਦਲ ਵਿਚ ਸ਼ਾਮਿਲ ਹੋ ਗਿਆ। ਪ੍ਰਚਾਰ ਲਈ ਅਫ਼ਗਾਨਿਸਤਾਨ ਅਤੇ ਸਮੁੱਚੇ ਹਿੰਦੁਸਤਾਨ ਨੂੰ ਪ੍ਰਚਾਰ ਦਾ ਖੇਤਰ ਬਣਾਇਆ। 1907 ਈ: ਵਿਚ ਇਨ੍ਹਾਂ ਇਕ ਵੱਡਾ ਕਾਰਜ ਅਰੰਭਿਆ, ਜੋ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ-ਤਤਕਰਾ' ਦੇ ਰੂਪ ਵਿਚ ਸੀ। ਇਹ 'ਤੁਕ ਤਤਕਰਾ' 1920 ਈ: ਵਿਚ ਮੁਕੰਮਲ ਹੋਇਆ। 1923 ਈ: ਵਿਚ 'ਤੁਕ ਤਤਕਰਾ' 'ਗੁਰ ਸ਼ਬਦ ਰਤਨ ਪ੍ਰਕਾਸ਼' ਦੇ ਅਧੀਨ ਛਪ ਕੇ ਪਾਠਕਾਂ ਦੇ ਸਨਮੁਖ ਆਇਆ। ਵਿਦਵਾਨਾਂ ਵਿਚ ਇਸ ਵੱਡੇ ਕਾਰਜ ਦੀ ਭਰਪੂਰ ਪ੍ਰਸੰਸਾ ਹੋਈ।
1929 ਈ: ਵਿਚ ਗੁਰਮਤਿ ਦੇ ਮਾਰਤੰਡ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਤੁਕ-ਤਤਕਰਾ ਵੀ ਪ੍ਰਕਾਸ਼ਿਤ ਕੀਤਾ। ਜਦੋਂ ਕਸ਼ਮੀਰ ਵਿਚ ਕਬਾਇਲੀਆਂ ਨੇ ਹਮਲੇ ਸ਼ੁਰੂ ਕਰ ਦਿੱਤੇ ਤਾਂ ਅਕਾਲੀ ਕੌਰ ਸਿੰਘ ਪੰਜਾਬ ਆ ਕੇ ਦਿਨ-ਰਾਤ ਕਸ਼ਮੀਰੀ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਸੇਵਾ ਵਿਚ ਲੱਗ ਗਿਆ। ਇਸ ਭੱਜ-ਦੌੜ ਤੇ ਬੇਆਰਾਮੀ ਵਿਚ ਨਵੰਬਰ, 1952 ਈ: ਵਿਚ ਬਿਮਾਰੀ ਨੇ ਘੇਰ ਲਿਆ। ਇਹ ਸਿਦਕੀ ਸਿੱਖ ਪ੍ਰਚਾਰਕ, ਗੁਰਮਤਿ ਨੂੰ ਸਮਰਪਿਤ ਸਾਹਿਤ ਦਾ ਰਚੇਤਾ, ਲੋਕ ਭਲੇ ਲਈ ਰਾਤ-ਦਿਨ ਜੂਝਣ ਵਾਲਾ, ਨਿਸ਼ਕਾਮ ਤੇ ਬੇਲਾਗ ਸਿੱਖ ਆਗੂ 28 ਜਨਵਰੀ, 1953 ਈ: ਦੇ ਆਖ਼ਰੀ ਦਿਨਾਂ ਵਿਚ ਆਪਣੇ ਪਿਆਰਿਆਂ ਤੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਿਆ।

bhagwansinghjohal@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX