ਤਾਜਾ ਖ਼ਬਰਾਂ


ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਆਫ਼ਤ ਪ੍ਰਬੰਧਨ ਗਰੁੱਪ ਵਲੋਂ ਕੀਤੀ ਗਈ ਬੈਠਕ
. . .  8 minutes ago
ਚੰਡੀਗੜ੍ਹ, 26 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਖੇ ਆਫ਼ਤ ਪ੍ਰਬੰਧਨ ਗਰੁੱਪ ਦੀ ਬੈਠਕ ਹੋਈ। ਇਸ ਬੈਠਕ 'ਚ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਚੱਲ ਰਹੇ...
ਖੱਡ 'ਚ ਡਿੱਗਾ ਸ਼ਰਧਾਲੂਆਂ ਨਾਲ ਭਰਿਆ ਵਾਹਨ, ਪੰਜ ਜ਼ਖ਼ਮੀ
. . .  14 minutes ago
ਡਮਟਾਲ, 26 ਅਗਸਤ (ਰਾਕੇਸ਼ ਕੁਮਾਰ)- ਚੁਵਾੜੀ-ਦ੍ਰਮਣ ਮਾਰਗ 'ਤੇ ਖੇੜਾ ਨੇੜੇ ਅੱਜ ਸ਼ਰਧਾਲੂਆਂ ਨਾਲ ਭਰਿਆ ਇੱਕ ਵਾਹਨ ਬੇਕਾਬੂ ਹੋ ਕੇ 70 ਮੀਟਰ ਡੂੰਘੀ ਖੱਡ 'ਚ ਡਿੱਗ ਪਿਆ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਸ਼ਰਧਾਲੂ...
ਬਿਹਾਰ 'ਚ ਦਿਨ ਦਿਹਾੜੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  29 minutes ago
ਪਟਨਾ, 26 ਅਗਸਤ- ਬਿਹਾਰ ਦੇ ਸੀਤਾਮੜੀ 'ਚ ਸੋਮਵਾਰ ਸਵੇਰੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ...
ਸੜਕ ਹਾਦਸੇ 'ਚ ਇੱਕ ਦੀ ਮੌਤ, ਚਾਰ ਜ਼ਖ਼ਮੀ
. . .  44 minutes ago
ਫਿਲੌਰ, 26 ਅਗਸਤ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਵਿਖੇ ਇੱਕ ਕਾਰ, ਕਰੇਨ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕਪਿਲ...
ਬੈਂਸ ਵਲੋਂ ਦੋ ਵਿਧਾਇਕਾਂ ਅਤੇ ਸੱਤ ਕੌਂਸਲਰਾਂ ਸਮੇਤ ਇੱਕ ਮਹੀਨੇ ਦੀ ਤਨਖ਼ਾਹ 'ਖ਼ਾਲਸਾ ਏਡ' ਨੂੰ ਦੇਣ ਦਾ ਐਲਾਨ
. . .  44 minutes ago
ਲੁਧਿਆਣਾ, 26 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਇਹ ਐਲਾਨ ਕੀਤਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਉਹ ਆਪਣੇ...
ਤੇਜ਼ ਰਫ਼ਤਾਰ ਅਣਪਛਾਤਾ ਵਾਹਨ 18 ਸਾਲਾ ਨੌਜਵਾਨ ਨੂੰ ਕੁਚਲ ਕੇ ਹੋਇਆ ਫ਼ਰਾਰ
. . .  58 minutes ago
ਨੌਸ਼ਹਿਰਾ ਮੱਝਾ ਸਿੰਘ(ਬਟਾਲਾ), 26 ਅਗਸਤ(ਤਰਸੇਮ ਸਿੰਘ ਤਰਾਨਾ)- ਅੱਜ ਸਵੇਰੇ ਕਰੀਬ 10 ਵਜੇ ਕਸਬਾ ਧਾਰੀਵਾਲ ਤੋਂ ਨੌਸ਼ਹਿਰਾ ਮੱਝਾ ਸਿੰਘ ਵੱਲ ਆ ਰਹੇ ਬੁਲਟ ਮੋਟਰਸਾਈਕਲ...
ਬੁੱਲ੍ਹੋਵਾਲ ਵਿਖੇ ਸ਼ੋਅਰੂਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 1 hour ago
ਬੁੱਲ੍ਹੋਵਾਲ, 26 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ)- ਬੀਤੀ ਰਾਤ ਕਸਬਾ ਬੁੱਲ੍ਹੋਵਾਲ ਵਿਖੇ ਸਥਿਤ ਕਸਬਾ ਭੱਲਾ ਸਾਈਕਲ ਸਟੋਰ ਦੇ ਸ਼ੋਅਰੂਮ 'ਚ ਸ਼ਾਰਟ ਸਰਕਟ ਹੋਣ...
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਗਾਊਂ ਜ਼ਮਾਨਤ 'ਤੇ ਪਟੀਸ਼ਨ ਹੋਈ ਖ਼ਾਰਜ
. . .  about 1 hour ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅੰਤਰਿਮ ਜ਼ਮਾਨਤ ਰੱਦ ਕਰਨ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ...
ਜੇ. ਡੀ. ਯੂ. ਵੱਡਾ ਝਟਕਾ, ਝਾਰਖੰਡ ਅਤੇ ਮਹਾਰਾਸ਼ਟਰ 'ਚ ਤੀਰ ਨਿਸ਼ਾਨ ਨਾਲ ਚੋਣ ਲੜਨ 'ਤੇ ਰੋਕ
. . .  about 1 hour ago
ਪਟਨਾ, 26 ਅਗਸਤ- ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ਭਾਰਤੀ ਚੋਣ ਕਮਿਸ਼ਨ ਤੋਂ ਝਟਕਾ ਲੱਗਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਹੁਕਮ ਦਿੱਤਾ ਹੈ ਕਿ ਝਾਰਖੰਡ ਅਤੇ ਮਹਾਰਾਸ਼ਟਰ 'ਚ ਹੁਣ ਰਿਜ਼ਰਵ ਪ੍ਰਤੀਕ...
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸੀ. ਬੀ. ਆਈ. ਸੀ. ਨੇ ਜ਼ਬਰਦਸਤੀ ਸੇਵਾ ਮੁਕਤ ਕੀਤੇ 22 ਹੋਰ ਸੀਨੀਅਰ ਅਧਿਕਾਰੀ
. . .  about 2 hours ago
ਨਵੀਂ ਦਿੱਲੀ, 26 ਅਗਸਤ- ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਅੱਜ 22 ਹੋਰ ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਹੋਰਾਂ ਦੋਸ਼ਾਂ ਦੇ ਚੱਲਦਿਆਂ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ। ਇਨ੍ਹਾਂ ਅਧਿਕਾਰੀਆਂ ਨੂੰ ਜਨਹਿਤ 'ਚ ਮੌਲਿਕ...
ਹੋਰ ਖ਼ਬਰਾਂ..

ਲੋਕ ਮੰਚ

ਰੁੱਖ ਲਗਾਉਣ ਤੋਂ ਵੀ ਵੱਡੀ ਚੁਣੌਤੀ ਹੈ ਰੁੱਖਾਂ ਦੀ ਸੰਭਾਲ

ਪੰਜਾਬ ਦੇ ਲਗਪਗ ਹਰ ਪੜ੍ਹੇ-ਲਿਖੇ ਅਤੇ ਵਾਤਾਵਰਨ ਪ੍ਰਤੀ ਚੇਤੰਨ ਵਿਅਕਤੀ ਨੂੰ ਰੁੱਖਾਂ ਦੇ ਮਹੱਤਵ ਦਾ ਅਹਿਸਾਸ ਹੋ ਚੁੱਕਾ ਹੈ। ਇਹੋ ਕਾਰਨ ਹੈ ਕਿ ਹਰ ਵਿਅਕਤੀ ਆਪਣੀ ਪਹੁੰਚ ਅਨੁਸਾਰ ਰੁੱਖ ਲਗਾਉਣ ਦੀ ਮੁਹਿੰਮ ਵਿਚ ਯੋਗਦਾਨ ਦੇ ਰਿਹਾ ਹੈ। ਸਰਕਾਰ ਦੁਆਰਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਰ ਪਿੰਡ ਵਿਚ 550 ਰੁੱਖ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਵਿਚ ਰੁੱਖ ਲਗਾਉਣ ਤੋਂ ਵੀ ਵੱਡੀ ਚੁਣੌਤੀ ਉਨ੍ਹਾਂ ਦੀ ਸੰਭਾਲ ਕਰਨਾ ਬਣ ਚੁੱਕੀ ਹੈ। ਰੁੱਖ ਲਗਾਉਣਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਪੰਜਾਬ ਦੀਆਂ ਸਾਰੀਆਂ ਹੀ ਸਰਕਾਰੀ ਨਰਸਰੀਆਂ ਵਿਚ ਮੁਫ਼ਤ ਵਿਚ ਬੂਟੇ ਮਿਲ ਰਹੇ ਹਨ। ਸਮਾਜਿਕ ਸੰਸਥਾਵਾਂ ਵਲੋਂ ਧੜਾਧੜ ਬੂਟੇ ਲਗਾਏ ਅਤੇ ਵੰਡੇ ਜਾ ਰਹੇ ਹਨ। ਸਰਕਾਰੀ ਏਜੰਸੀਆਂ ਵਲੋਂ ਬੂਟੇ ਲਾਉਣ ਵਿਚ ਹਰ ਕਿਸਮ ਦਾ ਸਹਿਯੋਗ ਕੀਤਾ ਜਾ ਰਿਹਾ ਹੈ, ਪਰ ਤ੍ਰਾਸਦੀ ਇਹ ਹੈ ਕਿ ਇਕ ਵਾਰ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ। ਸਿਰਫ ਉਹੀ ਬੂਟੇ ਬਚਦੇ ਅਤੇ ਰੁੱਖ ਬਣਦੇ ਹਨ, ਜਿਹੜੇ ਸਕੂਲਾਂ ਜਾਂ ਹੋਰ ਸੰਸਥਾਵਾਂ ਦੇ ਵਿਹੜਿਆਂ ਅੰਦਰ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਪੂਰੀ ਸੰਭਾਲ ਕੀਤੀ ਜਾਂਦੀ ਹੈ। ਬੀਤੇ ਵਰ੍ਹਿਆਂ ਦੌਰਾਨ ਇਕੱਲੇ ਅਦਾਰਾ 'ਅਜੀਤ' ਦੁਆਰਾ ਕੀਤੇ ਗਏ ਸ਼ਾਨਦਾਰ ਉਪਰਾਲੇ 'ਹਰਿਆਵਲ ਲਹਿਰ' ਤਹਿਤ ਪੰਜਾਬ ਵਿਚ ਲੱਖਾਂ ਬੂਟੇ ਲਗਾਏ ਗਏ ਸਨ। ਜੇਕਰ ਇਨ੍ਹਾਂ ਦੀ ਠੀਕ ਤਰ੍ਹਾਂ ਸੰਭਾਲ ਕੀਤੀ ਗਈ ਹੁੰਦੀ ਅਤੇ ਇਨ੍ਹਾਂ ਵਿਚੋਂ ਅੱਧੇ ਕੁ ਬੂਟੇ ਹੀ ਰੁੱਖ ਬਣ ਜਾਂਦੇ ਤਾਂ ਸਾਨੂੰ ਇਨ੍ਹਾਂ ਗਰਮੀਆਂ ਵਿਚ ਪੰਜਾਹ ਡਿਗਰੀ ਤਾਪਮਾਨ ਨਾਲ ਨਾ ਜੂਝਣਾ ਪੈਂਦਾ। ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਪਹਿਲੇ ਕੁਝ ਮਹੀਨਿਆਂ ਵਿਚ ਬੂਟਿਆਂ ਨੂੰ ਬੱਚਿਆਂ ਵਾਂਗ ਬਹੁਤ ਜ਼ਿਆਦਾ ਸੰਭਾਲ ਦੀ ਲੋੜ ਹੁੰਦੀ ਹੈ। ਜ਼ਿਆਦਾ ਗਰਮੀ, ਜ਼ਿਆਦਾ ਸਰਦੀ ਅਤੇ ਜੜ੍ਹਾਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਅਨੇਕਾਂ ਬੂਟੇ ਸੜ ਜਾਂਦੇ ਹਨ। ਭਾਰੀ ਗਰਮੀ ਅਤੇ ਵਰਖਾ ਦੀ ਕਮੀ ਕਾਰਨ ਅਨੇਕਾਂ ਬੂਟੇ ਲਗਾਉਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਸੁੱਕ ਜਾਂਦੇ ਹਨ। ਸੜਕਾਂ ਦੇ ਕਿਨਾਰਿਆਂ 'ਤੇ ਬਿਨਾਂ ਟ੍ਰੀ-ਗਾਰਡਾਂ ਦੇ ਲਗਾਏ ਬੂਟਿਆਂ ਨੂੰ ਭੇਡਾਂ, ਬੱਕਰੀਆਂ, ਅਵਾਰਾ ਗਊਆਂ ਅਤੇ ਹੋਰ ਪਸ਼ੂ ਖਾ ਜਾਂਦੇ ਜਾਂ ਨਸ਼ਟ ਕਰ ਜਾਂਦੇ ਹਨ। ਜਿੰਨੇ ਕੁ ਰੁੱਖ ਅਸੀਂ ਇਕ ਸਾਲ ਵਿਚ ਲਗਾਉਂਦੇ ਹਾਂ, ਉਸ ਤੋਂ ਕਈ ਗੁਣਾਂ ਰੁੱਖ ਕੁਦਰਤ ਆਪ ਹੀ ਬੀਜ ਦਿੰਦੀ ਹੈ। ਕਿਸੇ ਵੀ ਰੁੱਖ ਹੇਠਾਂ ਨਜ਼ਰ ਮਾਰੀਏ ਤਾਂ ਅਸੀਂ ਵੇਖਾਂਗੇ ਕਿ ਉੱਥੇ ਉਸੇ ਰੁੱਖ ਦੀ ਕਿਸਮ ਦੇ ਅਨੇਕਾਂ ਬੂਟੇ ਉੱਗੇ ਹੁੰਦੇ ਹਨ ਜਿਹੜੇ ਸੰਭਾਲ ਅਤੇ ਲਾਪ੍ਰਵਾਹੀ ਦੀ ਭੇਟ ਚੜ੍ਹ ਜਾਂਦੇ ਹਨ। ਪੰਛੀਆਂ, ਕੀਟਾਂ, ਪਸ਼ੂਆਂ ਅਤੇ ਹਵਾ ਦੁਆਰਾ ਬੀਜਾਂ ਦੇ ਪ੍ਰਸਾਰ ਕਾਰਨ ਹਰ ਖਾਲੀ ਪਲਾਟ, ਖੇਤ ਜਾਂ ਜ਼ਮੀਨ ਦੇ ਟੁਕੜੇ 'ਤੇ ਅਨੇਕਾਂ ਹੀ ਪ੍ਰਕਾਰ ਦੀ ਕੁਦਰਤੀ ਬਨਸਪਤੀ ਪੈਦਾ ਹੁੰਦੀ ਹੈ, ਜਿਹੜੀ ਮਨੁੱਖੀ ਲੋੜਾਂ, ਲਾਲਚ ਜਾਂ ਲਾਪ੍ਰਵਾਹੀ ਦੀ ਬਲੀ ਚੜ੍ਹ ਜਾਂਦੀ ਹੈ। ਜੇਕਰ ਅਸੀਂ ਇਸ ਕੁਦਰਤੀ ਬਨਸਪਤੀ ਦੀ ਹੀ ਸੰਭਾਲ ਕਰ ਲਈਏ ਤਾਂ ਸਾਨੂੰ ਕਿਸੇ ਪ੍ਰਕਾਰ ਦੇ ਨਵੇਂ ਬੂਟੇ ਲਗਾਉਣ ਦੀ ਲੋੜ ਨਹੀਂ ਰਹੇਗੀ ਅਤੇ ਕੁਝ ਸਾਲਾਂ ਵਿਚ ਹੀ ਪੰਜਾਬ ਹਰਿਆ-ਭਰਿਆ ਦਿਸੇਗਾ।

-ਮ: ਨੰ: 2440, ਅਗਰਵਾਲ ਕਾਲੋਨੀ, ਜਲਾਲਾਬਾਦ ਪੱ:, ਜ਼ਿਲ੍ਹਾ ਫਾਜ਼ਿਲਕਾ। ਮੋਬਾ: 89569-00001


ਖ਼ਬਰ ਸ਼ੇਅਰ ਕਰੋ

ਹੁਣ ਟੀ.ਵੀ. ਚੈਨਲਾਂ ਤੋਂ ਫੈਲ ਰਿਹੈ ਵਿਗਿਆਪਨ ਪ੍ਰਦੂਸ਼ਣ

ਸੰਸਾਰ ਦੇ ਵਿਗਿਆਨੀ, ਬੁੱਧੀਜੀਵੀ ਅਤੇ ਸਮਾਜ ਸੇਵੀ ਲੋਕ ਪਹਿਲਾਂ ਹੀ ਬਹੁਤ ਤਰ੍ਹਾਂ ਦੇ ਪ੍ਰਦੂਸ਼ਣਾਂ ਤੋਂ ਦੁਖੀ ਹਨ ਅਤੇ ਇਸ ਨੂੰ ਰੋਕਣ ਲਈ ਸਦਾ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਜਿਨ੍ਹਾਂ ਵਿਚ ਆਵਾਜ਼ ਪ੍ਰਦੂਸ਼ਣ ਕੀਟਨਾਸ਼ਕ ਦਵਾਈਆਂ ਦੁਆਰਾ ਖੁਰਾਕੀ ਤੱਤਾਂ ਵਿਚ ਪ੍ਰਦੂਸ਼ਣ, ਭੈੜੇ ਅਤੇ ਗੰਦੇ ਗੀਤ ਗਾ ਕੇ ਗੀਤਕਾਰਾਂ ਵਲੋਂ ਫੈਲਾਇਆ ਜਾ ਰਿਹਾ ਸਮਾਜਿਕ ਪ੍ਰਦੂਸ਼ਣ ਵੀ ਮਨੁੱਖੀ ਜੀਵਨ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰਦੇ ਹਨ ਪਰ ਅੱਜਕਲ੍ਹ ਇਕ ਨਵੀਂ ਕਿਸਮ ਦਾ ਪ੍ਰਦੂਸ਼ਣ ਦੇਖਣ ਵਿਚ ਆ ਰਿਹਾ ਹੈ ਅਤੇ ਉਹ ਹੈ ਟੀ.ਵੀ. 'ਤੇ ਵਿਗਿਆਪਨ ਪ੍ਰਦੂਸ਼ਣ। ਹਾਂ, ਇਹ ਗੱਲ ਠੀਕ ਹੈ ਕਿ ਟੀ.ਵੀ. ਚੈਨਲਾਂ ਵਾਲਿਆਂ ਨੇ ਵਿਗਿਆਪਨਾਂ ਰਾਹੀਂ ਹੀ ਕਮਾਈ ਕਰਨੀ ਹੁੰਦੀ ਹੈ ਪਰ ਜੇ ਕੋਈ ਵਿਗਿਆਪਨ ਦਿਨ ਵਿਚ ਇਕ-ਅੱਧੀ ਵਾਰ ਜਾਂ 5-7 ਘੰਟਿਆਂ ਵਿਚ ਇਕ-ਅੱਧੀ ਵਾਰ ਹੀ ਦਿੱਤਾ ਜਾਵੇ ਤਾਂ ਉਹ ਤਾਂ ਵਿਗਿਆਪਨ ਕਿਹਾ ਜਾ ਸਕਦਾ ਹੈ ਪਰ ਜੇ ਕੋਈ ਵਿਗਿਆਪਨ 10 ਮਿੰਟਾਂ ਵਿਚ 4-5 ਵਾਰ ਵਿਚ ਦਿੱਤਾ ਜਾਵੇ ਤਾਂ ਉਹ ਵਿਗਿਆਪਨ ਪ੍ਰਦੂਸ਼ਣ ਦੀ ਕੈਟਾਗਰੀ ਵਿਚ ਆ ਜਾਂਦਾ ਹੈ। ਸਾਰੇ ਦਿਨ ਦਾ ਥੱਕਿਆ-ਹਾਰਿਆ ਜਦੋਂ ਕੋਈ ਵਿਅਕਤੀ ਸ਼ਾਮ ਨੂੰ ਆਪਣੇ ਘਰ ਬੈਠ ਦਿਨ ਭਰ ਦੀਆਂ ਖਬਰਾਂ ਸੁਣਨ ਦਾ ਯਤਨ ਕਰਦਾ ਹੈ ਜਾਂ ਉਹ ਟੀ.ਵੀ. ਦੇਖ ਕੋਈ ਮਨੋਰੰਜਨ ਕਰਨਾ ਚਾਹੁੰਦਾ ਹੈ ਤਾਂ ਫਿਰ ਉਸ ਦੇ ਬੈਠਦੇ ਸਾਰ ਹੀ ਟੀ.ਵੀ. ਦੇ ਸਭ ਚੈਨਲਾਂ ਤੋਂ ਸ਼ੁਰੂ ਹੋ ਜਾਂਦੇ ਹਨ ਧੜਾਧੜ ਬਹੁਤ ਸਾਰੀਆਂ ਚੀਜ਼ਾਂ ਦੀ ਮਸ਼ਹੂਰੀ ਲਈ ਵਿਗਿਆਪਨ। ਇਸ ਸਮੇਂ ਉਸ ਵਿਅਕਤੀ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਵਿਗਿਆਪਨ ਉਸ ਦਾ ਸਮਾਂ ਖਰਾਬ ਕਰਨ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਕੋ ਵਿਗਿਆਪਨ ਨੂੰ ਦਿਖਾਉਣਾ, ਵਿਗਿਆਪਨ ਪ੍ਰਦੂਸ਼ਣ ਪੈਦਾ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਹੈ। ਮੈਂ ਪ੍ਰਦੂਸ਼ਣ ਸ਼ਬਦ ਇਸ ਲਈ ਵਰਤ ਰਿਹਾ ਹਾਂ ਕਿ ਹਰ ਪ੍ਰਦੂਸ਼ਣ ਦਾ ਮਤਲਬ ਮਨੁੱਖੀ ਜੀਵਨ ਨੂੰ ਹਾਨੀ ਪਹੁੰਚਾਉਣਾ ਹੁੰਦਾ ਹੈ। ਇਸ ਵਿਗਿਆਪਨ ਪ੍ਰਦੂਸ਼ਣ ਨਾਲ ਵੀ ਇਹੀ ਕੁਝ ਹੁੰਦਾ ਹੈ। ਮਨੁੱਖ ਦਾ ਬਿਨ ਚਾਹੇ ਸਮਾਂ ਬਰਬਾਦ ਹੁੰਦਾ ਹੈ, ਵਾਰ-ਵਾਰ ਦੇਖ ਕੇ ਉਸ ਨੂੰ ਗੁੱਸਾ ਆਉਂਦਾ ਹੈ, ਜੋ ਬੇਕਾਰ ਵਿਚ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ। ਕਈ ਪ੍ਰਕਾਰ ਦੇ ਘਟੀਆ ਪ੍ਰਦੂਸ਼ਣ ਨਾਲ ਪਰਿਵਾਰ ਦਾ ਸਮਾਜਿਕ ਤਾਣਾ-ਬਾਣਾ ਪ੍ਰਭਾਵਿਤ ਹੁੰਦਾ ਹੈ ਅਤੇ ਮਨੁੱਖ ਦੀ ਪ੍ਰਵਿਰਤੀ ਗੁੱਸੇ ਵਾਲੀ ਬਣ ਜਾਂਦੀ ਹੈ। ਇਸ ਲਈ ਇਸ ਤੋਂ ਪਹਿਲਾਂ ਕਿ ਇਹ ਵਿਗਿਆਪਨ ਪ੍ਰਦੂਸ਼ਣ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਵੇ, ਇਸ ਨੂੰ ਕਾਬੂ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਦਾ ਪ੍ਰਸਾਰਨ ਵਿਭਾਗ, ਇਸ ਸਬੰਧ ਵਿਚ ਬੜਾ ਕੁਝ ਕਰ ਸਕਦਾ ਹੈ ਪਰ ਲੋਕ ਇਸ ਵਿਗਿਆਪਨ ਪ੍ਰਦੂਸ਼ਣ ਤੋਂ ਮੁਕਤੀ ਚਾਹੁੰਦੇ ਹਨ।

-ਮਕਾਨ ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਾਭਕਾਰੀ ਹਨ ਸਿੱਖਿਆ ਵਿਭਾਗ ਦੇ ਉਪਰਾਲੇ

ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਬੌਧਿਕ, ਵਿੱਦਿਅਕ ਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਤਜਰਬਿਆਂ ਦੇ ਮੁਦੱਈ ਜਿੱਥੇ ਸਕੂਲੀ ਸਿੱਖਿਆ ਨੂੰ ਸਮੇਂ ਦੀ ਹਾਣ ਦੀ ਬਣਾਉਣ ਹਿਤ ਅਤੇ ਵਿਦਿਆਰਥੀਆਂ ਦਾ ਪੱਧਰ ਉੱਚਾ ਚੁੱਕਣ ਖ਼ਾਤਰ ਕੀਤੇ ਜਾ ਰਹੇ ਨਵੇਂ ਤਜਰਬਿਆਂ ਜਾਂ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਨ, ਉੱਥੇ ਹੀ ਉਪਰਾਲਿਆਂ ਨੂੰ 'ਸਿੱਖਿਆ ਵਿਚਾਰੀ, ਤਜਰਬਿਆਂ ਦੀ ਮਾਰੀ' ਆਖ ਕੇ ਨਕਾਰਨ ਵਾਲੇ ਆਲੋਚਕਾਂ ਦੀ ਵੀ ਕੋਈ ਕਮੀ ਨਹੀਂ ਹੈ।
ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਹਰ ਰੋਜ਼ ਸਵੇਰ ਦੀ ਸਭਾ ਵਿਚ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦਾ ਇਕ-ਇਕ ਨਵਾਂ ਸ਼ਬਦ ਵਿਦਿਆਰਥੀਆਂ ਨੂੰ ਦੱਸੇ ਤੇ ਸਮਝਾਏ ਜਾਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ।ਸਕੂਲਾਂ ਵਿਚ ਸ਼ੁਰੂ ਕੀਤਾ ਗਿਆ 'ਉਡਾਣ' ਨਾਮਕ ਪ੍ਰਾਜੈਕਟ ਵੀ ਸਾਰਥਕ ਉਪਰਾਲਾ ਹੈ। ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਦੇ ਪਾਠਕ੍ਰਮ ਅਤੇ ਚਲੰਤ ਮਾਮਲਿਆਂ ਨਾਲ ਸਬੰਧਿਤ ਮਹੱਤਵਪੂਰਨ ਅਤੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਹਰ ਰੋਜ਼ ਵਿਦਿਆਰਥੀਆਂ ਤੱਕ ਪਹੁੰਚਾਏ ਜਾਂਦੇ ਹਨ, ਤਾਂ ਜੋ ਉਨ੍ਹਾਂ ਦੀਆਂ ਮਾਸਿਕ ਤੇ ਸਾਲਾਨਾ ਪ੍ਰੀਖਿਆਵਾਂ ਦੇ ਨਾਲ-ਨਾਲ ਮੁਕਾਬਲੇ ਦੇ ਇਮਤਿਹਾਨਾਂ ਵਿਚ ਵੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਧੀਆ ਹੋ ਸਕੇ। ਨਿੱਜੀ ਸਕੂਲਾਂ ਨੂੰ ਪਿੱਛੇ ਛੱਡਦਿਆਂ ਹੋਇਆਂ ਸਰਕਾਰੀ ਸਕੂਲਾਂ ਵਿਚ ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਆਦਿ ਵਿਸ਼ਿਆਂ ਨਾਲ ਸਬੰਧਿਤ ਮਾਡਲਾਂ ਦੀ ਪ੍ਰਦਰਸ਼ਨੀ ਹਿਤ ਮੇਲੇ ਲਗਾਉਣ ਅਤੇ ਐੱਜੂਸੈੱਟ ਰਾਹੀਂ ਵਿਦਵਾਨ ਅਧਿਆਪਕਾਂ ਦੇ ਵਿਸ਼ੇਸ਼ ਲੈਕਚਰ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਵੀ ਬੜਾ ਹੀ ਪ੍ਰਸੰਸਾਯੋਗ ਕਦਮ ਸਾਬਤ ਹੋ ਰਿਹਾ ਹੈ। ਗ਼ੌਰਤਲਬ ਹੈ ਕਿ ਸਰਕਾਰੀ ਸਕੂਲਾਂ ਦੀ ਨਕਲ ਕਰਕੇ ਹੁਣ ਨਿੱਜੀ ਸਕੂਲ ਵੀ ਗਣਿਤ ਜਾਂ ਵਿਗਿਆਨ ਮੇਲਿਆਂ ਦਾ ਆਯੋਜਨ ਕਰਨ ਲੱਗ ਪਏ ਹਨ। ਮੁੱਕਦੀ ਗੱਲ ਇਹ ਹੈ ਕਿ ਸਕੂਲ ਸਿੱਖਿਆ ਪੰਜਾਬ ਵਲੋਂ ਉਕਤ ਉਪਰਾਲਿਆਂ ਤੋਂ ਇਲਾਵਾ 'ਕਿਤਾਬਾਂ ਦੇ ਲੰਗਰ' ਲਗਾਉਣ ਜਾਂ ਹਰੇਕ ਸਰਕਾਰੀ ਸਕੂਲ ਨੂੰ 'ਸਮਾਰਟ ਸਕੂਲ' ਬਣਾਉਣ ਦੇ ਉਪਰਾਲੇ ਵੀ ਆਰੰਭੇ ਗਏ ਹਨ, ਜਿਨ੍ਹਾਂ ਕਰਕੇ ਸਰਕਾਰੀ ਸਕੂਲਾਂ ਦੀ ਦਿੱਖ ਅਤੇ ਉਨ੍ਹਾਂ ਵਿਚਲੇ ਵਿੱਦਿਅਕ ਪੱਧਰ ਵਿਚ ਚੋਖਾ ਸੁਧਾਰ ਦਰਜ ਕੀਤਾ ਗਿਆ ਹੈ।

-410, ਚੰਦਰ ਨਗਰ, ਬਟਾਲਾ।
ਮੋਬਾ: 97816-46008

ਨੌਜਵਾਨਾਂ ਨੂੰ ਦਿਸ਼ਾਹੀਣਤਾ ਤੋਂ ਬਚਾਉਣ ਦੀ ਲੋੜ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਜਿਥੇ ਸਾਡਾ 'ਅਖੌਤੀ ਮਾਡਰਨ ਸਮਾਜ' ਆਪਣੇ ਪੁਰਾਤਨ ਰਸਮੋ-ਰਿਵਾਜ ਭੁੱਲ ਕੇ ਜੜ੍ਹਾਂ ਤੋਂ ਟੁੱਟ ਰਿਹਾ ਹੈ, ਉਥੇ ਨੌਜਵਾਨ ਵਰਗ ਦੀ ਹਾਲਤ ਤਾਂ ਹੋਰ ਵੀ ਚਿੰਤਾਜਨਕ ਹੈ। ਉਹ ਫੈਸ਼ਨਪ੍ਰਸਤੀ, ਹਿੰਸਾ, ਨਸ਼ਿਆਂ ਅਤੇ ਨਿਰਾਸ਼ਾ ਦੀ ਦਲਦਲ ਵਿਚ ਧਸਿਆ ਜਾ ਰਿਹਾ ਹੈ। ਕੀ ਕਾਰਨ ਹੈ ਕਿ ਸਾਡੇ 'ਰੰਗਲੇ ਪੰਜਾਬ' ਵਿਚ ਨਸ਼ਿਆਂ, ਲੁੁੱਟਮਾਰ, ਕਤਲਾਂ, ਖੁਦਕੁਸ਼ੀਆਂ ਅਤੇ ਗੈਂਗਸਟਰ ਵਰਗੀਆਂ ਅਲਾਮਤਾਂ ਦਾ ਇਕ ਦੌਰ ਜਿਹਾ ਚੱਲ ਪਿਆ ਹੈ? ਪੜ੍ਹਾਈ-ਲਿਖਾਈ ਅਤੇ ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਨੌਜਵਾਨ ਪੀੜ੍ਹੀ ਆਪਣੇ ਰਸਤੇ ਤੋਂ ਭਟਕ ਕੇ ਆਪਣੇ ਭਵਿੱਖ ਲਈ ਡਾਵਾਂਡੋਲ ਹੋਈ ਪਈ ਹੈ। ਸਾਡੀਆਂ 'ਅਗਾਂਹਵਧੂ ਸਰਕਾਰਾਂ' ਅਤੇ 'ਦੂਰਅੰਦੇਸ਼ੀ ਰਾਜਨੀਤਕ ਪਾਰਟੀਆਂ' ਨੂੰ ਤਾਂ ਮੰਦਰਾਂ-ਮਸਜਿਦਾਂ ਦੇ ਝਗੜਿਆਂ, ਗੁਆਂਢੀ ਮੁਲਕਾਂ ਨਾਲ ਲੁਕਣਮੀਚੀ ਖੇਡਣਾ ਅਤੇ ਆਪਸੀ ਰੰਜਸ਼ਾਂ ਤੋਂ ਹੀ ਵਿਹਲ ਨਹੀਂ ਮਿਲਦੀ, ਨੌਜਵਾਨ ਪੀੜ੍ਹੀ ਦੇ ਭਵਿੱਖ ਬਾਰੇ ਸੋਚਣ ਅਤੇ ਕਰਨ ਦਾ ਸਮਾਂ ਭਲਾ ਉਨ੍ਹਾਂ ਕੋਲ ਕਿੱਥੇ ਹੈ? ਸਾਡੇ ਰਹਿਨੁਮਾਹ ਲੀਡਰਾਂ ਨੂੰ ਤਾਂ ਆਪਣੇ ਧੀਆਂ-ਪੁੱਤਾਂ ਅਤੇ ਨਜ਼ਦੀਕੀਆਂ ਨੂੰ ਪ੍ਰਸ਼ਾਸਨ ਅਤੇ ਪਾਰਟੀਆਂ ਵਿਚ ਚੰਗੇ ਅਹੁਦੇ ਦਿਵਾਉਣ ਦੀ ਹੋੜ ਲੱਗੀ ਰਹਿੰਦੀ ਹੈ, ਜਦੋਂ ਕਿ ਆਮ ਨੌਜਵਾਨਾਂ ਨੂੰ ਸਵਾਇ 'ਲੱਕੜ ਦੇ ਪੁੱਤਾਂ' ਦੇ ਕੁਝ ਪ੍ਰਾਪਤ ਨਹੀਂ ਹੁੰਦਾ। ਕੀ ਕਦੇ ਕਿਸੇ ਸਰਕਾਰ, ਸੰਸਥਾ ਨੇ ਇਹ ਅਧਿਐਨ ਕਰਵਾਇਆ ਹੈ ਕਿ ਸਾਡੇ ਨੌਜਵਾਨ ਵਰਗ ਵਿਚ 'ਸੋਨੇ ਦੀ ਚਿੜੀ' ਅਤੇ 'ਸਾਰੇ ਜਹਾਂ ਸੇ ਅੱਛਾ' ਵਿਸ਼ੇਸ਼ਣਾਂ ਨਾਲ ਜਾਣੇ ਜਾਂਦੇ ਭਾਰਤ ਅਤੇ 'ਰੰਗਲੇ ਪੰਜਾਬ' ਨੂੰ ਛੇਤੀ ਤੋਂ ਛੇਤੀ ਤਿਲਾਂਜਲੀ ਦੇ ਕੇ ਵਿਦੇਸ਼ ਜਾਣ ਦੀ ਹੋੜ ਕਿਉਂ ਲੱਗੀ ਹੋਈ ਹੈ? ਮੀਡੀਆ ਰਾਹੀਂ ਸਭ ਅੱਛਾ ਦਿਖਾਉਣ, ਕੀ ਪੰਜਾਬੀ ਅਤੇ ਪੰਜਾਬੀਅਤ ਦੀਆਂ ਧੱਜੀਆਂ ਉਡਾ ਕੇ ਲੱਚਰਤਾ ਅਤੇ ਹਿੰਸਾ ਨੂੰ ਵਡਿਆਉਣ ਵਾਲੇ ਚੈੱਨਲਾਂ ਨੂੰ ਹੱਲਾਸ਼ੇਰੀ ਦੇਣ ਨਾਲ ਨੌਜਵਾਨ ਪੀੜ੍ਹੀ ਦਾ ਸੁਧਾਰ ਹੋ ਜਾਵੇਗਾ? ਨਹੀਂ, ਬਿਲਕੁਲ ਨਹੀਂ, ਜਦੋਂ ਭਵਿੱਖ ਵਿਚ ਕਿਸੇ ਚਾਨਣ ਦੀ ਉਮੀਦ ਨਾ ਹੋਵੇ, ਭਵਿੱਖ ਬਾਰੇ ਸੋਚਣ ਤੋਂ ਵੀ ਡਰ ਲੱਗਦਾ ਹੋਵੇ, ਸਮੁੱਚੇ ਸਿਸਟਮ ਤੋਂ ਹੀ ਮਨ ਉਕਤਾ ਗਿਆ ਹੋਵੇ ਤਾਂ ਕੀ ਨੌਜਵਾਨ ਪੀੜ੍ਹੀ ਮਾਨਸਿਕ ਤੌਰ 'ਤੇ ਬਿਮਾਰ ਨਹੀਂ ਹੋਵੇਗੀ? ਕੀ ਉਹ ਆਪਣੇ ਸੁਪਨੇ ਇਥੇ ਹੀ ਪੂਰੇ ਕਰਨ ਦਾ ਹੀਆ ਕਰ ਸਕਦੇ ਹਨ? 'ਸੌ ਹੱਥ ਰੱਸਾ ਸਿਰੇ 'ਤੇ ਗੰਢ', ਕਹਿਣ ਦਾ ਭਾਵ ਹੈ ਕਿ ਨੌਜਵਾਨ ਵਰਗ ਦੇ ਦਿਸ਼ਾਹੀਣ ਹੋਣ ਅਤੇ ਨੈਤਿਕ, ਸਮਾਜਿਕ, ਸਰੀਰਕ ਅਤੇ ਮਾਨਸਿਕ ਗਿਰਾਵਟਾਂ ਲਈ ਸਾਡਾ ਮੌਜੂਦਾ ਨਿਜ਼ਾਮ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਸੋ, ਦੁੱਧ-ਮੱਖਣਾਂ ਨਾਲ ਪਾਲੀ ਹੋਈ ਸਾਡੀ ਨੌਜਵਾਨ ਪੀੜ੍ਹੀ ਦੇ ਚਿਹਰੇ 'ਤੇ ਛਾਈ 'ਪਲੱਤਣ' ਦੀ ਜਗ੍ਹਾ ਖੁਸ਼ੀਆਂ-ਖੇੜਿਆਂ ਨੂੰ ਵਾਪਸ ਲਿਆਉਣ ਲਈ ਤੁਰੰਤ ਸਾਂਝੇ ਉਪਰਾਲੇ ਦੀ ਲੋੜ ਹੈ, ਨਹੀਂ ਤਾਂ ਫਿਰ ਮੁਲਕ ਅਤੇ ਪੰਜਾਬ ਦੇ ਭਵਿੱਖ ਦਾ ਤਾਂ ਰੱਬ ਹੀ ਰਾਖਾ ਹੋਵੇਗਾ।

-ਪ੍ਰੀਤ ਨਗਰ, ਗੋਨਿਆਣਾ ਮੰਡੀ, ਬਠਿੰਡਾ। ਮੋਬਾ: 95014-30559

ਆਓ! ਆਈਲਟਸ ਬਾਰੇ ਜਾਣੀਏ

ਅਜੋਕੇ ਸਮੇਂ ਵਿਚ ਵਿਦੇਸ਼ ਪੜ੍ਹਾਈ, ਨੌਕਰੀ ਜਾਂ ਵਪਾਰ ਰੁਜ਼ਗਾਰ ਲਈ ਪੰਜਾਬੀ ਖਾਸਕਰ ਨੌਜਵਾਨ ਲੜਕੇ-ਲੜਕੀਆਂ ਦਾ ਬਾਹਰਲੇ ਮੁਲਕਾਂ ਵਿਚ ਜਾਣ ਦਾ ਰੁਝਾਨ ਵਧ ਗਿਆ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਈ ਹੋਰ ਦੇਸ਼ਾਂ ਲਈ ਵਿਦਿਆਰਥੀਆਂ ਵਾਸਤੇ ਪੜ੍ਹਾਈ ਵੀਜ਼ਾ ਲਈ ਬਾਹਰਲੇ ਮੁਲਕਾਂ ਵਲੋਂ ਅੰਗਰੇਜ਼ੀ ਵਿਚ ਮੁਹਾਰਤ ਪਰਖਣ ਵਾਲੇ ਟੈਸਟ ਨੂੰ ਆਈਲਟਸ ਕਿਹਾ ਜਾਂਦਾ, ਜਿਸ ਦਾ ਪੂਰਾ ਨਾਂਅ 'ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ਼ ਟੈਸਟਿੰਗ ਸਿਸਟਮ' ਹੈ। ਆਈਲਟਸ ਟੈਸਟ ਅਕਾਦਮਿਕ ਮੌਡਿਊਲ ਅਤੇ ਜਨਰਲ ਟ੍ਰੇਨਿੰਗ ਮੌਡਿਊਲ 2 ਤਰ੍ਹਾਂ ਦਾ ਹੁੰਦਾ ਹੈ। ਆਈਲਟਸ ਦੋਵੇਂ ਕਿਸਮ ਦੇ ਟੈਸਟਾਂ ਵਿਚ ਵਿਅਕਤੀ ਦੀ ਭਾਸ਼ਾ ਚਾਰ ਪੱਖਾਂ ਤੋਂ ਪਰਖੀ ਜਾਂਦੀ ਹੈ, ਜਿਨ੍ਹਾਂ ਨੂੰ ਆਈਲਟਸ ਦੀ ਤਿਆਰੀ ਵਾਲੇ ਚਾਰ ਮੌਡਿਊਲ ਵੀ ਕਹਿ ਦਿੰਦੇ ਹਨ। ਚਾਰ ਮੌਡਿਊਲ ਲਿਸਨਿੰਗ (ਸੁਣਨਾ), ਰੀਡਿੰਗ (ਪੜ੍ਹਨਾ), ਰਾਈਟਿੰਗ (ਲਿਖਣਾ) ਅਤੇ ਸਪੀਕਿੰਗ (ਬੋਲਣਾ) ਹੁੰਦਾ। ਲਗਪਗ 2 ਘੰਟੇ 45 ਮਿੰਟ ਵਾਲੇ ਆਈਲਟਸ ਟੈਸਟ ਵਿਚ ਲਿਸਨਿੰਗ ਲਈ ਅੱਧਾ ਘੰਟਾ, ਰੀਡਿੰਗ ਇਕ ਘੰਟਾ, ਰਾਈਟਿੰਗ ਇਕ ਘੰਟਾ ਅਤੇ ਸਪੀਕਿੰਗ ਲਈ 15-20 ਮਿੰਟ ਸਮਾਂ ਹੁੰਦਾ ਹੈ। ਬੈਂਡ ਸਕੇਲ 0 ਤੋਂ 9 ਤੱਕ ਹੁੰਦਾ ਹੈ, '0' ਉਸ ਲਈ ਜਿਸ ਨੇ ਟੈਸਟ ਲਈ ਕੋਸ਼ਿਸ਼ ਨਹੀਂ ਕੀਤੀ ਅਤੇ '9' ਬੈਂਡ ਅੰਗਰੇਜ਼ੀ ਦੇ 'ਮਾਹਿਰ ਵਰਤੋਂਕਾਰਾਂ' ਲਈ ਹੁੰਦਾ ਹੈ। ਆਈਲਟਸ ਟੈਸਟ ਬ੍ਰਿਟਿਸ਼ ਕੌਂਸਲ, ਕੈਂਬਰਿਜ ਇੰਗਲਿਸ਼ ਲੈਂਗੂਏਜ਼ ਅਸੈਸਮੈਂਟ ਤੇ ਆਈ.ਡੀ.ਪੀ. ਐਜ਼ੂਕੇਸ਼ਨ ਵਲੋਂ ਲਿਆ ਜਾਂਦਾ ਹੈ। ਆਈਲਟਸ ਅੰਗੇਰਜ਼ੀ ਭਾਸ਼ਾ ਦੀ ਮੁਹਾਰਤ ਇਕ ਅੰਤਰਰਾਸ਼ਟਰੀ ਪ੍ਰਮਾਣਿਤ ਪ੍ਰੀਖਿਆ ਹੈ, ਜੋ 1989 ਵਿਚ ਸ਼ੁਰੂ ਹੋਈ। ਭਾਵੇਂ 'ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟ' 1989 ਵਿਚ ਲਾਗੂ ਹੋਇਆ, ਪਰ 2000 ਤੱਕ ਇਸ ਟੈਸਟ ਦਾ ਦਾਇਰਾ ਮੱਧਮ ਰਿਹਾ। ਸਾਲ 2007 ਵਿਚ ਪਹਿਲੀ ਵਾਰ 10 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਆਈਲਟਸ ਟੈਸਟ ਦਿੱਤਾ, ਉਸ ਤੋਂ ਬਾਅਦ ਵਿਦੇਸ਼ ਪੜ੍ਹਾਈ ਅਤੇ ਇੰਮੀਗ੍ਰੇਸ਼ਨ ਲਈ ਦੁਨੀਆਂ ਦੀ ਇਹ ਸਭ ਤੋਂ ਵੱਧ ਪ੍ਰਚੱਲਿਤ ਅੰਗਰੇਜ਼ੀ ਭਾਸ਼ਾ ਪ੍ਰੀਖਿਆ ਬਣ ਗਈ। ਤੇਜ਼ੀ ਨਾਲ ਆਈਲਟਸ ਦੀ ਦੀਵਾਨਗੀ ਏਨਾ ਵਧ ਗਈ ਕਿ ਸਾਲ 2009 ਵਿਚ 1.4 ਮਿਲੀਅਨ ਪ੍ਰੀਖਿਆਵਾਂ ਹੋਈਆਂ, ਸਾਲ 2011 ਵਿਚ 1.7 ਮਿਲੀਅਨ, ਸਾਲ 2012 ਵਿਚ 2 ਮਿਲੀਅਨ ਤੋਂ ਬਾਅਦ 2017 ਵਿਚ 3 ਮਿਲੀਅਨ ਤੋਂ ਵੱਧ ਆਈਲਟਸ ਦੇ ਪ੍ਰੀਖਣ ਹੋਏ। ਅਕਾਦਮਿਕ ਆਈਲਟਸ ਪਾਸ ਕਰਕੇ ਵਿਦੇਸ਼ਾਂ ਦੇ ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਾਈ ਲਈ ਅਸਾਨੀ ਨਾਲ ਵੀਜ਼ਾ ਮਿਲ ਜਾਂਦਾ ਹੈ। ਟੈਸਟ ਸਮੇਂ 6 ਬੈਂਡ ਵਿਦਿਆਰਥੀ ਨੂੰ ਸਮਰੱਥ ਉਪਭੋਗੀ, 7 ਬੈਂਡ ਚੰਗਾ ਉਪਭੋਗਤਾ ਅਤੇ 8 ਬੈਂਡ ਵਾਲੇ ਨੂੰ ਬਹੁਤ ਵਧੀਆ ਉਪਭੋਗਤਾ ਦਾ ਨਾਂਅ ਦਿੱਤਾ ਗਿਆ। ਸਾਲ 2018 ਵਿਚ ਆਈਲਟਸ ਜ਼ਰੀਏ ਪੜ੍ਹਾਈ ਲਈ ਕਰੀਬ ਡੇਢ ਲੱਖ ਪੰਜਾਬੀ ਵਿਦਿਆਰਥੀ ਲੜਕੇ-ਲੜਕੀਆਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿਚ ਜਾ ਚੁੱਕੇ ਹਨ। ਬਾਹਰਲੇ ਮੁਲਕਾਂ ਨੂੰ ਭਾਰਤੀ ਖਾਸਕਰ ਪੰਜਾਬੀ ਲੋਕਾਂ ਤੋਂ ਆਈਲਟਸ ਪਹਿਲਾਂ ਬੁਕਿੰਗ, ਫਿਰ ਟੈਸਟ ਅਤੇ ਬਾਅਦ ਵਿਚ ਪੜ੍ਹਾਈ ਰਾਹੀਂ ਅਰਬਾਂ ਰੁਪਇਆ ਫ਼ੀਸਾਂ ਦੇ ਰੂਪ 'ਚ ਪ੍ਰਾਪਤ ਹੋ ਰਿਹਾ ਹੈ।

-ਪਿੰਡ ਪੁੜੈਣ, ਜ਼ਿਲ੍ਹਾ ਲੁਧਿਆਣਾ।

ਆਟਾ-ਦਾਲ ਸਕੀਮ ਲਈ ਸਹੀ ਮਾਪਦੰਡ ਅਪਣਾਉਣਾ ਜ਼ਰੂਰੀ

ਪੰਜਾਬ ਵਿਚ ਕੁਝ ਦਿਨ ਪਹਿਲਾਂ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਆਟਾ-ਦਾਲ ਅਤੇ ਹੋਰ ਰਾਸ਼ਨ ਦੇਣ ਲਈ ਫਾਰਮ ਭਰੇ ਗਏ ਹਨ। ਇਹ ਲਾਭ ਲੈਣ ਲਈ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਾ ਹੋਵੇ, ਪਰਿਵਾਰ ਦੀ ਜ਼ਮੀਨ ਢਾਈ ਏਕੜ ਤੋਂ ਵੱਧ ਨਾ ਹੋਵੇ, ਪਰਿਵਾਰ ਦੀ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਨਾ ਹੋਵੇ ਅਤੇ ਸ਼ਹਿਰੀ ਖੇਤਰ ਵਿਚ ਪਰਿਵਾਰ ਕੋਲ 100 ਵਰਗ ਗਜ਼ ਤੋਂ ਵੱਧ ਰਿਹਾਇਸ਼ੀ ਮਕਾਨ ਨਾ ਹੋਵੇ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਇਕ ਬਹੁਤ ਵਧੀਆ ਸਕੀਮ ਹੈ। ਇਸ ਵਾਰ ਸਰਕਾਰ ਨੇ ਮਨ ਬਣਾਇਆ ਹੈ ਕਿ ਇਸ ਸਕੀਮ ਵਿਚ ਵੱਧ ਤੋਂ ਵੱਧ ਲੋਕ ਆ ਸਕਣ। ਸਾਬਕਾ ਫੌਜੀਆਂ ਨੂੰ ਭਾਵੇਂ ਸਰਕਾਰ ਵਲੋਂ ਹੋਰ ਬਹੁਤ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਇਸ ਸਕੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੂੰ ਮਿਲਦੀ ਪੈਨਸ਼ਨ ਘਟਾ ਕੇ ਪਰਿਵਾਰ ਦੀ ਸਾਲਾਨਾ ਆਮਦਨ ਕੈਲਕੂਲੇਟ ਕਰਨੀ ਹੈ। ਇਸ ਸਕੀਮ ਵਾਸਤੇ ਘਰ ਦਾ ਮੁਖੀ ਔਰਤ ਨੂੰ ਬਣਾਇਆ ਗਿਆ ਹੈ। ਭਾਵੇਂ ਲਾਭਪਾਤਰੀਆਂ ਨੂੰ ਉਪਰੋਕਤ ਸ਼ਰਤਾਂ ਨੂੰ ਫਾਰਮ ਵਿਚ ਹੀ ਬਣੇ ਸਵੈਘੋਸ਼ਣਾ ਪੱਤਰ ਰਾਹੀਂ ਤਸਦੀਕ ਕਰਨਾ ਹੈ ਪਰ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਸ਼ਰਤਾਂ ਦੀ ਪ੍ਰਵਾਹ ਕੀਤੇ ਬਗੈਰ ਧੜਾਧੜ ਫਾਰਮ ਭਰੇ ਗਏ ਹਨ। ਕਰਜ਼ੇ ਦੇ ਝੰਬੇ ਤੇ ਗਰੀਬੀ ਦੇ ਸਤਾਏ ਕਿਸਾਨ ਨੂੰ ਇਸ ਸਕੀਮ ਤੋਂ ਇਸ ਲਈ ਵਾਂਝਾ ਕੀਤਾ ਹੈ। ਦੂਜੇ ਪਾਸੇ ਬਹੁਤ ਸਾਰੇ ਅਜਿਹੇ ਲੋਕਾਂ ਨੇ ਫਾਰਮ ਭਰੇ ਹਨ, ਜਿਨ੍ਹਾਂ ਕੋਲ ਜ਼ਮੀਨ ਤਾਂ ਢਾਈ ਏਕੜ ਤੋਂ ਘੱਟ ਹੈ ਪਰ ਆਲੀਸ਼ਾਨ ਕੋਠੀਆਂ ਤੇ ਕਾਰਾਂ ਦੇ ਮਾਲਕ ਹਨ ਅਤੇ ਸ਼ਾਹੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਦੇ ਲੜਕੇ ਵਿਦੇਸ਼ਾਂ ਵਿਚ ਲੱਖਾਂ ਰੁਪਏ ਪ੍ਰਤੀ ਮਹੀਨਾ ਕਮਾ ਰਹੇ ਹਨ। ਸਵਾਲ ਇਹ ਉੱਠਦਾ ਹੈ ਕਿ ਅਜਿਹੇ ਲੋਕਾਂ ਨੂੰ ਇਸ ਸਕੀਮ ਤੋਂ ਲਾਂਭੇ ਕਿਵੇਂ ਕਰਨਾ ਹੈ? ਭਾਵੇਂ ਇਸ ਸਬੰਧੀ ਪਟਵਾਰੀ, ਕਾਰਜਸਾਧਕ ਅਫਸਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਨਾਮਜ਼ਦ ਸਰਕਾਰੀ ਕਰਮਚਾਰੀਆਂ ਨੇ ਫਾਰਮ ਚੈੱਕ ਕਰਕੇ ਤਸਦੀਕ ਕਰਨੀ ਹੈ ਪਰ ਇਹ ਕਰਮਚਾਰੀ ਸਿਰਫ ਜ਼ਮੀਨ ਤੇ ਰਿਹਾਇਸ਼ੀ ਪਲਾਟ ਬਾਰੇ ਹੀ ਪੜਤਾਲ ਕਰਨਗੇ ਪਰ ਉਨ੍ਹਾਂ ਨੂੰ ਕਿਸੇ ਵਿਅਕਤੀ ਦੀ ਸਹੀ ਸਥਿਤੀ ਦਾ ਪਤਾ ਨਹੀਂ ਲੱਗੇਗਾ। ਸਹੀ ਲਾਭਪਾਤਰੀਆਂ ਦੀ ਚੋਣ ਕਰਨ ਲਈ ਪਿੰਡਾਂ ਵਿਚ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਨੋਟੀਫਾਈਡ ਕਮੇਟੀਆਂ ਨੂੰ ਇਸ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਸਥਾਨਕ ਪੱਧਰ 'ਤੇ ਹਰ ਘਰ ਦੀ ਸਹੀ ਤਸਵੀਰ ਦਾ ਪਤਾ ਹੁੰਦਾ ਹੈ। ਪਰ ਇਸ ਵਾਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਇਸ ਤਰ੍ਹਾਂ ਘੱਟੋ-ਘੱਟ 50 ਫੀਸਦੀ ਲੋਕ, ਜੋ ਮਿਡਲ ਕਲਾਸ ਤੇ ਅੱਪਰ ਕਲਾਸ ਨਾਲ ਸਬੰਧ ਰੱਖਦੇ ਹਨ, ਇਸ ਸਕੀਮ ਅਧੀਨ ਰਜਿਸਟਰਡ ਹੋ ਜਾਣਗੇ, ਰਾਜ ਦੇ ਖਜ਼ਾਨੇ 'ਤੇ ਬੇਲੋੜਾ ਭਾਰ ਪਵੇਗਾ ਅਤੇ ਵਿਕਾਸ ਦੇ ਕੰਮ ਘਟਣਗੇ। ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਪਹਿਲਾਂ ਕੋਈ ਅਜਿਹਾ ਮਾਪਦੰਡ ਅਪਣਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਇਹ ਲਾਭ ਸਿਰਫ ਗਰੀਬਾਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋੜਵੰਦ ਲੋਕਾਂ ਨੂੰ ਹੀ ਪ੍ਰਾਪਤ ਹੋ ਸਕੇ।

-ਈਸਬ ਬੁੱਚਾ, ਤਹਿ: ਭੁਲੱਥ।
ਮੋਬਾ: 98154-45264

ਕੁਝ ਗਿਣਵੇਂ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਿਆ ਹੈ ਭਾਰਤੀ ਲੋਕਤੰਤਰ

ਲੋਕਤੰਤਰ ਲੋਕਾਂ ਦੀ ਤਾਕਤ ਹੈ, ਸੰਵਿਧਾਨ ਦੇ ਦੁਆਲੇ ਘੁੰਮਦਾ ਕਾਨੂੰਨ ਹਰ ਭਾਰਤੀ ਨਾਗਰਿਕ ਨੂੰ ਬਰਾਬਰ ਮਾਣ-ਸਤਿਕਾਰ ਅਤੇ ਜਿਊਣ ਦਾ ਹੱਕ ਦਿੰਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਵਲੋਂ ਲੋਕਤੰਤਰ ਦੇ ਜ਼ਰੀਏ ਚੁਣਿਆ ਜਾਂਦਾ ਸਿਆਸੀ ਨੁਮਾਇੰਦਾ ਜ਼ਿਆਦਾਤਰ ਆਪਣੇ ਫਰਜ਼ ਨਿਭਾਉਣੋਂ ਖੁੰਝਦਾ ਰਿਹਾ ਹੈ, ਉਸ ਲਈ ਅਕਸਰ ਜਨਤਾ ਬਾਅਦ 'ਚ ਅਤੇ ਪਰਿਵਾਰ ਪਹਿਲਾਂ ਹੋ ਜਾਂਦਾ ਹੈ। ਕਿਹੜੇ ਪਿੰਡ ਨੂੰ ਕੀ ਜ਼ਰੂਰਤ ਹੈ ਜਾਂ ਲੋਕਾਂ ਦੀਆਂ ਮੁਢਲੀਆਂ ਲੋੜਾਂ ਕੀ ਹਨ, ਉਸ ਲਈ ਸਭ ਬਾਅਦ ਦੀ ਗੱਲ ਹੋ ਜਾਂਦੀ ਹੈ, ਉਹ ਪਹਿਲਾਂ ਆਪਣੇ ਪੁੱਤਰ ਜਾਂ ਧੀ ਨੂੰ ਸਿਆਸੀ ਫਰੇਮ 'ਚ ਸਫਲਤਾਪੂਰਵਕ ਫਿੱਟ ਕਰਨ ਬਾਰੇ ਸੋਚਦਾ ਹੈ। ਦੁਨੀਆ ਦਾ ਸਭ ਤੋਂ ਲਚਕੀਲਾ ਸੰਵਿਧਾਨ ਅੱਜ ਆਮ ਲੋਕਾਂ ਲਈ ਸਖ਼ਤ ਬਣਦਾ ਜਾ ਰਿਹਾ ਹੈ। ਭਾਰਤ ਦੇਸ਼ ਜਦੋਂ ਆਜ਼ਾਦ ਹੋਇਆ ਤਾਂ ਇਸ ਦੇ ਨਾਗਰਿਕਾਂ ਨੇ ਸੋਚਿਆ ਸੀ ਕਿ ਅੰਗਰੇਜ਼ ਰਾਜ ਕਰਕੇ ਗਏ ਹਨ, ਇਸ ਲਈ ਸ਼ਾਇਦ ਹੁਣ ਭਾਰਤ ਵੀ ਇੰਗਲੈਂਡ ਵਰਗਾ ਇਕ ਵਿਕਸਿਤ ਅਤੇ ਅਗਾਂਹਵਧੂ ਮੁਲਕ ਬਣ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੇ ਕੁਝ ਸਾਲ ਨਵੇਂ ਚਿਹਰਿਆਂ ਨੂੰ ਲੋਕਤੰਤਰ ਅਧੀਨ ਚੋਣਾਂ ਲੜਨ ਦਾ ਮੌਕਾ ਮਿਲਿਆ, ਉਹ ਚੋਣ ਜਿੱਤੇ ਅਤੇ ਸਫਲ ਸਿਆਸਤਦਾਨ ਬਣੇ। ਕੁਝ ਗਿਣਵੇਂ ਅਤੇ ਸੱਚੇ ਲੋਕ ਸੇਵਕਾਂ ਨੇ ਵੀ ਸਫਲ ਸਿਆਸਤਦਾਨਾਂ ਦੀ ਕਤਾਰ 'ਚ ਆਪਣੀ ਹਾਜ਼ਰੀ ਲਵਾਈ ਪਰ ਆਜ਼ਾਦੀ ਦੀ ਤਾਜ਼ੀ ਹਵਾ ਦਾ ਬੁੱਲਾ ਬਹੁਤੀ ਦੇਰ ਆਮ ਨਾਗਰਿਕ ਦਾ ਸਾਥ ਨਾ ਦੇ ਸਕਿਆ ਅਤੇ ਹੌਲੀ-ਹੌਲੀ ਇਹ ਲੋਕਤੰਤਰ ਕੁਝ ਪਰਿਵਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਪੀੜ੍ਹੀ-ਦਰ-ਪੀੜ੍ਹੀ ਸੱਤਾ 'ਤੇ ਕਾਬਜ਼ ਹੁੰਦੇ ਸਿਆਸਤਦਾਨ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਤਿਆਰ ਕੀਤੀ ਸਿਆਸੀ ਜ਼ਮੀਨ ਦਾ ਲਾਹਾ ਕਿਸੇ ਹੋਰ ਕਾਬਲ ਭਾਰਤੀ ਨਾਗਰਿਕ ਨੂੰ ਮਿਲ ਸਕੇ। ਇੱਥੇ ਆ ਕੇ ਲੋਕਤੰਤਰ ਦੇ ਅਸਲ ਮਾਅਨਿਆਂ 'ਤੇ ਵੀ ਸ਼ੱਕ ਹੋਣ ਲੱਗਦਾ ਹੈ। ਅੱਜ ਕੇਂਦਰ ਤੋਂ ਲੈ ਕੇ ਭਾਰਤ ਦੇ ਕਈ ਅਜਿਹੇ ਸੂਬੇ ਹਨ, ਜਿੱਥੇ ਸਿਆਸੀ ਦਲਾਂ ਦੀ ਕਮਾਨ ਪੀੜ੍ਹੀ-ਦਰ-ਪੀੜ੍ਹੀ ਇਕੋ ਪਰਿਵਾਰ ਕੋਲ ਹੈ। ਉਹ ਦੂਜੇ ਕਿਸੇ ਵਿਅਕਤੀ ਨੂੰ ਆਪਣੇ ਬਰਾਬਰ ਦਾ ਨਹੀਂ ਹੋਣ ਦਿੰਦੇ। ਪਰਿਵਾਰਵਾਦ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਜੇਕਰ ਇਨ੍ਹਾਂ ਰਾਜਸੀ ਪਰਿਵਾਰਾਂ ਨੂੰ ਇਨ੍ਹਾਂ ਦੇ ਦਲ ਜਾਂ ਪਾਰਟੀ 'ਚੋਂ ਕਿਨਾਰੇ ਕਰ ਦਿੱਤਾ ਜਾਵੇ ਤਾਂ ਉਸ ਦਲ ਜਾਂ ਪਾਰਟੀ ਦਾ ਸਿਆਸੀ ਵਜੂੂਦ ਖਤਰੇ 'ਚ ਪੈ ਜਾਂਦਾ ਹੈ। ਇਹ ਲੋਕਤੰਤਰ ਨੂੰ ਗੁਲਾਮ ਕਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ? ਭਾਰਤ ਦੇਸ਼ ਦੇ ਨਾਗਰਿਕਾਂ ਨੂੰ ਸਮਝ ਅਤੇ ਵਿਵੇਕ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਇਸ ਪਰਿਵਾਰਵਾਦ 'ਚੋਂ ਕੱਢਣ ਲਈ ਸਿਰੜੀ ਅਤੇ ਜਨੂੰਨੀ ਹੰਭਲਾ ਮਾਰਨਾ ਹੋਵੇਗਾ। ਯਾਦ ਰੱਖਣਾ ਵੋਟ ਦੀ ਤਾਕਤ ਦਾ ਸਹੀ ਉਪਯੋਗ ਵੱਡੇ-ਵੱਡੇ ਰਾਜਸੀ ਬੋਹੜਾਂ ਨੂੰ ਜੜ੍ਹੋਂ ਪੱਟਣ ਦੀ ਤਾਕਤ ਰੱਖਦਾ ਹੈ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ। ਮੋਬਾ: 94784-60084

ਹੜ੍ਹਾਂ ਤੋਂ ਬਚਣ ਲਈ ਉਪਰਾਲੇ ਜ਼ਰੂਰੀ

ਹਰ ਸਾਲ ਸਮੇਂ-ਸਮੇਂ 'ਤੇ ਕੁਦਰਤੀ ਆਫ਼ਤਾਂ ਸਮਾਜਿਕ ਅਤੇ ਆਰਥਿਕ ਸੰਤੁਲਨ ਵਿਗਾੜ ਦਿੰਦੀਆਂ ਹਨ। ਸਰਕਾਰ ਵਲੋਂ ਇੰਤਜ਼ਾਮ ਕੀਤੇ ਜਾਂਦੇ ਹਨ, ਪਰ ਫਿਰ ਵੀ ਕਈ ਵਾਰ ਕੁਦਰਤ ਦੀ ਕਰੋਪੀ ਨੁਕਸਾਨ ਕਰ ਹੀ ਦਿੰਦੀ ਹੈ। ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਰਕਾਰ ਵਲੋਂ ਆਫ਼ਤ-ਪ੍ਰਬੰਧਨ ਕੀਤੇ ਜਾਂਦੇ ਹਨ। ਇਨ੍ਹਾਂ ਲਈ ਲੋਕਾਂ ਦਾ ਸਹਿਯੋਗ ਅਤੀ ਜ਼ਰੂਰੀ ਹੈ। 15 ਜੂਨ ਤੋਂ 30 ਸਤੰਬਰ ਤੱਕ ਹਰ ਸਾਲ ਹੜ੍ਹਾਂ ਦਾ ਰੌਲਾ-ਰੱਪਾ ਪ੍ਰਸ਼ਾਸਨ ਦੀ ਨੀਂਦ ਹਰਾਮ ਕਰਕੇ ਰੱਖ ਦਿੰਦਾ ਹੈ। ਮੀਟਿੰਗ 'ਤੇ ਮੀਟਿੰਗ ਹੋਣ ਨਾਲ ਲੋਕਾਂ ਦੇ ਹੋਰ ਕੰਮ ਵੀ ਪ੍ਰਭਾਵਿਤ ਹੁੰਦੇ ਹਨ। ਫਲੱਡ ਕੰਟਰੋਲ ਰੂਮ ਸਥਾਪਤ ਕਰਕੇ ਹੇਠਲੇ ਪੱਧਰ ਤੱਕ ਲਾਮਬੰਦੀ ਕੀਤੀ ਜਾਂਦੀ ਹੈ। ਇਸ ਵਿਸ਼ੇ 'ਤੇ 24 ਘੰਟੇ ਇਕ ਮੁਲਾਜ਼ਮ ਫੋਨ 'ਤੇ ਹਾਜ਼ਰ ਰਹਿੰਦਾ ਹੈ। ਇਹ ਕੰਟਰੋਲ ਰੂਮ ਪੁਲਿਸ ਥਾਣੇ ਵਿਚ ਪੱਕੇ ਤੌਰ 'ਤੇ ਬਣਨੇ ਚਾਹੀਦੇ ਹਨ। ਇੱਥੇ 24 ਘੰਟੇ ਮੁਲਾਜ਼ਮ ਫੋਨ 'ਤੇ ਹਾਜ਼ਰ ਰਹਿੰਦਾ ਹੈ। ਹੋਰ ਮਹਿਕਮੇ ਆਪਣਾ ਕੰਮ ਕਰ ਸਕਦੇ ਹਨ। ਜਾਗਰੂਕਤਾ ਹੀ ਉਪਾਅ ਹੁੰਦਾ ਹੈ, ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪਾਂ ਦਾ ਸਹੀ ਸਮੇਂ ਆਯੋਜਨ ਕਰਨਾ ਚਾਹੀਦਾ ਹੈ। ਲੋਕਾਂ ਵਲੋਂ ਛੋਟੀਆਂ-ਮੋਟੀਆਂ ਅਣਗਹਿਲੀਆਂ ਵੀ ਹੜ੍ਹ ਦਾ ਕਾਰਨ ਬਣ ਜਾਂਦੀਆਂ ਹਨ। ਰਸਤੇ, ਨਾਲੇ-ਨਾਲੀਆਂ ਅਤੇ ਖੱਡਾਂ ਵਿਚ ਗੰਦ-ਮੰਦ ਸੁੱਟਣਾ ਅਤੇ ਨਜਾਇਜ਼ ਕਬਜ਼ੇ ਵੀ ਹੜ੍ਹਾਂ ਦਾ ਕਾਰਨ ਹਨ। ਇਹ ਉਪਰਾਲੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹਨ। ਭਾਖੜਾ ਡੈਮ ਪਾਣੀ ਛੱਡਣ ਵੇਲੇ ਲੋਕਾਂ ਨੂੰ ਸੁਨੇਹਾ ਦਿੰਦਾ ਹੈ। ਇਸ ਤੋਂ ਇਲਾਵਾ ਸਰਕਾਰ ਵੀ ਹੜ੍ਹਾਂ ਦੇ ਮੌਸਮ ਨੂੰ ਮੱਦੇਨਜ਼ਰ ਰੱਖ ਕੇ ਖਤਰਿਆਂ ਤੋਂ ਬਚਣ ਲਈ ਹੋਕਾ ਦਿੰਦੀ ਰਹਿੰਦੀ ਹੈ। ਇਸ ਦੀ ਵੀ ਕਈ ਵਾਰ ਲੋਕ ਪ੍ਰਵਾਹ ਨਹੀਂ ਕਰਦੇ। ਇਹ ਲੋਕਾਂ ਦੀ ਮਜਬੂਰੀ ਜਾਂ ਢੀਠਪੁਣਾ ਹੀ ਸਮਝਿਆ ਜਾ ਸਕਦਾ ਹੈ। ਕੁਦਰਤੀ ਆਫ਼ਤ ਦਾ ਟਾਕਰਾ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ। ਕੁਦਰਤ ਨੂੰ ਚੈਲੰਜ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸ ਦੀ ਮਾਰ ਦਾ ਮੁਕਾਬਲਾ ਕਰਨ ਲਈ ਉਪਰਾਲੇ ਕੀਤੇ ਜਾ ਸਕਦੇ ਹਨ। 1988 ਦੇ ਹੜ੍ਹਾਂ ਦੀ ਮਾਰ ਅੱਜ ਵੀ ਖੌਫਨਾਕ ਦ੍ਰਿਸ਼ ਪੇਸ਼ ਕਰਦੀ ਹੈ। ਇਸ ਤੋਂ ਵੀ ਬਹੁਤਾ ਕੁਝ ਨਹੀਂ ਸਿੱਖਿਆ। ਪਿੱਛੇ ਜਿਹੇ ਸਰਕਾਰ ਨੇ ਪਿੰਡਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਟੋਭਿਆਂ ਦੀ ਸਫਾਈ ਕਰਵਾਉਣ ਦਾ ਸਹੀ ਉਪਰਾਲਾ ਕੀਤਾ ਸੀ। ਹਰ ਸਾਲ ਖੱਡਾਂ ਦੀ ਸਫਾਈ ਵੀ ਸਰਕਾਰ ਕਰਾਉਂਦੀ ਹੈ। ਸਤਲੁਜ, ਘੱਗਰ ਅਤੇ ਬਿਆਸ ਦੀ ਮਾਰ ਵਾਲੇ ਇਲਾਕੇ ਹਰ ਸਾਲ ਭੈਅਭੀਤ ਰਹਿੰਦੇ ਹਨ। ਇਨ੍ਹਾਂ ਲਈ ਪੱਕਾ ਇੰਤਜ਼ਾਮ ਹੋਣਾ ਚਾਹੀਦਾ ਹੈ। ਜਾਗਰੂਕ ਹੋ ਕੇ ਉਪਰਾਲੇ ਕਰਨਾ ਸਾਡਾ ਫਰਜ਼ ਹੈ। ਇਸ ਲਈ ਆਓ ਸਰਕਾਰ ਨਾਲ ਸਹਿਯੋਗ ਕਰਕੇ ਇਨ੍ਹਾਂ ਦੀ ਮਾਰ ਤੋਂ ਬਚਣ ਲਈ ਪੱਕੇ ਉਪਰਾਲੇ ਕਰੀਏ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਏਕਤਾ ਦਾ ਸਬੂਤ ਦਈਏ।

-ਅਬਿਆਣਾ ਕਲਾਂ। ਮੋਬਾ: 98781-11445

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX