ਤਾਜਾ ਖ਼ਬਰਾਂ


ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਪਿਛਲੀ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਸਡਨ ਡੈੱਥ ਰਾਹੀਂ ਹਰਾ ਕੇ, ਹਾਲੈਂਡ ਦੀ ਟੀਮ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਥਾਂ ਬਣਾ ਲਈ ...
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  1 day ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਸੌਦੇ ਨੂੰ ਲੈ ਕੇ ਮਚੇ ਘਮਸਾਣ ਵਿਚਕਾਰ ਮੋਦੀ ਸਰਕਾਰ ਨੇ ਆਪਣੇ ਬਚਾਅ 'ਚ ਸਫ਼ਾਈ ਪੇਸ਼ ਕੀਤੀ ਹੈ। ਕੇਂਦਰ ਵੱਲੋਂ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਿਸ ਵਿਚ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਕੋਰਟ ਨੂੰ ਗੁਮਰਾਹ ਨਹੀਂ...
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  1 day ago
ਬੈਲਜੀਅਮ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪੁੱਜਿਆ
. . .  1 day ago
ਭੁਵਨੇਸ਼ਵਰ 15 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਚੱਲ ਰਹੇ ਉਡੀਸ਼ਾ ਵਿਸ਼ਵ ਕੱਪ ਹਾਕੀ ਦੇ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੈਲਜ਼ੀਅਮ ਦੀ ਟੀਮ ਨੇ ਇੰਗਲੈਂਡ ਨੂੰ 6-੦ ਦੇ ਵੱਡੇ ਅੰਤਰ ਨਾਲ ਹਰਾਕੇ, ਪਹਿਲੀ ਵਾਰ ਆਲਮੀ ਕੱਪ ਦੇ ਫਾਈਨਲ 'ਚ ਖੇਡਣ ਦਾ...
ਦਿੱਲੀ ਹਾਈਕੋਰਟ ਸਜਣ ਕੁਮਾਰ 'ਤੇ ਸੋਮਵਾਰ ਸੁਣਾਏਗਾ ਅਹਿਮ ਫ਼ੈਸਲਾ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਹਾਈਕੋਰਟ 17 ਦਸੰਬਰ ਸੋਮਵਾਰ ਨੂੰ 1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ ਅਰਜ਼ੀ 'ਤੇ ਫ਼ੈਸਲਾ...
ਚੋਰਾਂ ਦੇ ਹੌਸਲੇ ਬੁਲੰਦ, ਖੇਤਾਂ 'ਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ
. . .  1 day ago
ਜੈਤੋ, 15 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਚੋਰਾਂ ਦੇ ਹੋਏ ਹੌਸਲੇ ਬੁਲੰਦ 'ਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਿਰੰਤਰ ਟਰਾਂਸਫਾਰਮ ਚੋਰੀ ਕਰਨ ਦਾ ਸਿਲਸਿਲਾ ਜਾਰੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਪੂਰੀ ਅਸਫਲ ਸਾਬਤ ਹੋਇਆ। ਪ੍ਰਾਪਤ...
ਸੁਲਤਾਨਪੁਰ ਲੋਧੀ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਸੁਲਤਾਨਪੁਰ ਲੋਧੀ, 15 ਦਸੰਬਰ (ਜਗਮੋਹਨ ਸਿੰਗ ਥਿੰਦ, ਨਰੇਸ਼ ਹੈਪੀ)- ਜ਼ਮੀਨੀ ਝਗੜੇ ਦੇ ਚਲਦਿਆ ਸੁਲਤਾਨ ਲੋਧੀ ਵਿਖੇ ਦਰਸ਼ਨ ਸਿੰਘ ਨਾਂਅ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਵੱਲੋਂ ਸਿਵਲ .....
ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਹੋਈ ਸ਼ੁਰੂ
. . .  1 day ago
ਨਰੋਟ ਜੈਮਲ ਸਿੰਘ, 15 ਦਸੰਬਰ (ਗੁਰਮੀਤ ਸਿੰਘ)- ਸੂਬੇ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਨਾਮਜ਼ਦਗੀ ਪੱਤਰ ਭਰਨ ਦੇ ਪਹਿਲੇ ਦਿਨ ਸਰਪੰਚ ਅਤੇ......
ਅਗਸਤਾ ਵੈਸਟਲੈਂਡ ਮਾਮਲਾ : 19 ਦਸੰਬਰ ਨੂੰ ਹੋਵੇਗੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 15 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ 'ਚ ਸੀ.ਬੀ.ਆਈ. ਵਕੀਲ ਨੇ ਕੋਰਟ ਨੂੰ ਦੱਸਿਆ ਕਿ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੇ ਵਕੀਲ ਦਾ ਮਾਮਲਾ ਵਿਦੇਸ਼ ਮੰਤਰਾਲੇ 'ਚ ਵਿਚਾਰ ਅਧੀਨ ਹੈ। ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ....
ਛੱਤੀਸਗੜ੍ਹ : ਕੱਲ੍ਹ ਹੋਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਪੀ.ਐਲ. ਪੁਨੀਆ
. . .  1 day ago
ਰਾਏਪੁਰ, 15 ਦਸੰਬਰ- ਛੱਤੀਸਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਪੀ.ਐਲ. ਪੁਨੀਆ ਨੇ ਕਿਹਾ ਕਿ ਰਾਏਪੁਰ 'ਚ ਐਤਵਾਰ ਨੂੰ ਇਕ ਬੈਠਕ ਹੋਵੇਗੀ। ਇਸ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਸਰਕਾਰੀ ਨੌਕਰੀ ਦਾ ਸੱਚ

ਪੋਹ ਦੀ ਠਰੀ ਝੜੀ ਵਾਲੇ ਦਿਨ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮੁੱਖ ਅਧਿਆਪਕਾ ਦੇ ਦਫ਼ਤਰ 'ਚ ਹੀਟਰ ਕੋਲ ਬੈਠੀ ਹੱਥ ਸੇਕ ਰਹੀ ਸੀ | ਨੇੜੇ ਹੀ ਮੁੱਖ ਅਧਿਆਪਕਾ ਕਾਗਜ਼ਾਂ 'ਚ ਉਲਝੀ ਹੋਈ ਸੀ | ਨਿੱਕੇ-ਨਿੱਕੇ ਫ਼ੁੱਲਾਂ ਵਰਗੇ ਬੱਚੇ ਬਰਾਂਡਿਆਂ 'ਚ ਠਰੂੰ-ਠਰੂੰ ਕਰਦੇ ਕੌਲਿਆਂ ਖੂੰਜਿਆਂ 'ਚ ਦੜੇ ਬੈਠੇ ਸਨ | ਉਹ ਕਦੇ ਕਦਾਈਾ ਜਦੋਂ ਕੋਈ ਸ਼ਰਾਰਤ ਕਰਦੇ ਤਾਂ ਸੁੰਨ ਵਰਗੇ ਮਹੌਲ 'ਚ ਕੁੱਝ ਹਿੱਲ ਜੁੱਲ ਹੁੰਦੀ | ਅਚਾਨਕ ਮਿਡ-ਡੇ ਮੀਲ ਵਾਲੀ ਕੁੱਕ ਬੀਬੀ ਨੇ ਹੀਟਰ 'ਤੇ ਚਾਹ ਵਾਲੀ ਪਤੀਲੀ ਲਿਆ ਟਿਕਾਈ | ਅਧਿਆਪਕਾ ਹੱਥ ਸੇਕਣ ਵਲੋਂ ਹਟ ਕੇ ਵਾਹੋ-ਧਾਈ ਸਵੈਟਰ ਬੁਨਣ ਲੱਗ ਗਈ | ਹਵਾ ਦੇ ਠੰਢੇ ਬੁੱਲਿਆਂ ਨਾਲ ਰਲ ਕੇ ਚਾਹ ਦੀ ਹਵਾੜ ਕਦੀ-ਕਦਾਈਾ ਬੱਚਿਆਂ ਨੂੰ ਕੁਝ ਸਕੂਨ ਜਿਹਾ ਪ੍ਰਦਾਨ ਕਰ ਜਾਂਦੀ |
'ਜਦੋਂ ਤੋਂ ਆਪਣੇ ਕਸਬੇ ਨੂੰ ਨੋਟੀਫਾਈਡ ਏਰੀਆ ਕਮੇਟੀ ਦਾ ਦਰਜਾ ਮਿਲਿਆ ਹੈ ਕਾਫ਼ੀ ਸਹੂਲਤਾਂ ਮਿਲਣ ਲੱਗ ਗਈਆਂ ਨੇ,' ਕਹਿ ਅਧਿਆਪਕਾ ਨੇ ਗੱਲ ਤੋਰਨੀ ਚਾਹੀ | ਪਰ, ਕੰਮ 'ਚ ਰੁੱਝੀ ਮੁੱਖ ਅਧਿਆਪਕਾ ਨੇ ਉਸ ਵੱਲ ਕੰਨ ਨਾ ਕੀਤਾ |
'ਮੈਡਮ ਜੀ, ਮੈਂ...,' ਉਸ ਸੰਬੋਧਨੀ ਸ਼ਬਦ ਵਰਤਦਿਆਂ ਮੁੱਖ ਅਧਿਆਪਕਾ ਦਾ ਧਿਆਨ ਆਪਣੀ ਕਹੀ ਗੱਲ ਵੱਲ ਖਿੱਚਣਾ ਚਾਹਿਆ ਪਰ ਹੁਣ ਵੀ ਮੁੱਖ ਅਧਿਆਪਕਾ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ |
'ਹੁਣ ਤਾਂ ਸਫ਼ਾਈ ਵਾਲੇ ਕਰਮਚਾਰੀ ਸੀਟੀਆਂ ਜਾਂ ਘੰਟੀ ਵਜਾ ਕੇ ਘਰਾਂ ਤੋਂ ਕੂੜਾ ਮੰਗਦੇ ਨੇ ਤੇ ਜਦੋਂ ਤੱਕ ਕੋਈ ਜਵਾਬ ਨਾ ਮਿਲੇ ਹਿੱਲਦੇ ਨਹੀਂ', ਕਹਿ ਉਸ ਛਿੱਥੀ ਪਈ ਨੇ ਆਪਣੀ ਗੱਲ ਪੂਰੀ ਕਰ ਦਿੱਤੀ | ਇੰਨੇ ਨੂੰ ਕੁੱਕ ਬੀਬੀ ਆਈ ਤੇ ਉਨ੍ਹਾਂ ਨੂੰ ਚਾਹ ਫੜਾ ਕੇ ਚਲੀ ਗਈ |
'ਮੈਡਮ ਜੀ, ਮੈਂ ਕੁਝ ਵਧਾਅ ਚੜ੍ਹਾ ਕੇ ਨਹੀਂ ਕਿਹਾ | ਸੱਚਮੁੱਚ ਹੀ ਉਨ੍ਹਾਂ ਦੇ ਮਨਾਂ ਅੰਦਰ ਇਮਾਨਦਾਰੀ ਨਾਲ ਕੰਮ ਕਰਨ ਦਾ ਜਜ਼ਬਾ ਹੈ |' ਗਰਮ-ਗਰਮ ਚਾਹ ਦਾ ਘੁੱਟ ਭਰਨ ਮਗਰੋਂ ਮੂੰਹ ਸੰਵਾਰਦੀ ਅਧਿਆਪਕਾ ਆਪਣੀ ਗੱਲ ਦੀ ਪ੍ਰੋੜਤਾ ਕਰ ਗਈ | ਮੁੱਖ ਅਧਿਆਪਕਾ ਹੁਣ ਵੀ ਪੂਰੀ ਤਰ੍ਹਾਂ ਆਪਣੇ ਕੰਮ 'ਚ ਡੁੱਬੀ ਹੋਈ ਸੀ | ਮਾਹੌਲ ਹਾਲਾਂ ਵੀ ਸੁੰਨ ਵਰਗਾ ਸੀ | ਝੱਟ ਕੁ ਮਗਰੋਂ ਸਕੂਲ ਮੁਖੀ ਦੇ ਚਿਹਰੇ ਦਾ ਰੰਗ ਬਦਲਿਆ | ਉਸ ਚਾਹ ਦਾ ਘੁਟ ਅੰਦਰ ਲੰਘਾਇਆ |
'ਕੰਮ ਦਾ ਜਜ਼ਬਾ ਉਸ ਸਮੇਂ ਤੱਕ ਰਹੇਗਾ, ਜਦੋਂ ਤੱਕ ਉਹ ਪੱਕੇ ਨਹੀਂ ਹੋ ਜਾਂਦੇ | ਪੱਕੇ ਹੋਣ ਮਗਰੋਂ ਆਪਣੀਆਂ ਮੰਗਾਂ ਲਈ ਹੜਤਾਲਾਂ, ਯੂਨੀਅਨਾਂ ਦੇ ਹੁਕਮ, ਕੂੜਾ ਮੰਗਣ ਲਈ ਕਿਸੇ ਘੰਟੀ ਨਹੀਂ ਵਜਾਉਣੀ ਤੇ ਸੀਟੀ ਵੀ ਕਿਤੇ ਰੁਲ ਜਾਣੀ ਹੈ | ਤੁਹਾਨੂੰ ਕੂੜਾ ਲੈ ਕੇ ਉਨ੍ਹਾਂ ਮਗਰ ਭੱਜਣਾ ਪਊ, ਸਰਕਾਰੀ ਨੌਕਰੀ ਦਾ ਇਹੀ ਸੱਚ ਹੈ |' ਮੱੁਖ ਅਧਿਆਪਕਾ ਦੇ ਇਹ ਬੋਲ ਸ਼ਾਇਦ ਉਸ ਦੇ ਜੀਵਨ ਦਾ ਨਿਚੋੜ ਸਨ | ਅਧਿਆਪਕਾ ਕੋਲ ਸ਼ਾਇਦ ਇਸ ਦਾ ਕੋਈ ਉੱਤਰ ਨਹੀਂ ਸੀ | ਉਹ ਉੱਠੀ ਤੇ ਬੁੜਬੁੜਾਉਂਦੀ ਜਮਾਤ ਵੱਲ ਖਿਸਕ ਗਈ |

-ਪਸਾੜੀਆਂ, ਤਹਿ: ਨਕੋਦਰ, ਜ਼ਿਲ੍ਹਾ ਜਲੰਧਰ
ਮੋਬਾਈਲ : 9464675892.


ਖ਼ਬਰ ਸ਼ੇਅਰ ਕਰੋ

ਵਿਅੰਗ: ਅਕਲ ਦਾੜ੍ਹ

ਸਿਆਣੇ ਕਹਿੰਦੇ ਹਨ ਕਿ ਜਦੋਂ ਬੰਦੇ ਦੀ ਅਕਲ ਘੱਟ ਹੋਣ ਲਗਦੀ ਹੈ ਤਾਂ ਅਕਲ ਦਾੜ੍ਹ ਪ੍ਰਗਟ ਹੋਣ ਲਗਦੀ ਹੈ | ਜਿਉਂ-ਜਿਉਂ ਵਣ ਵਧਣ ਲਗਦੇ ਹਨ, ਅਕਲ ਦਾ ਖਾਨਾ ਖਾਲੀ ਹੋਣ ਲਗਦਾ ਹੈ | ਤੁਸੀਂ ਭਾਵੇਂ ਕਿੰਨਾ ਵੀ ਕਿੱਲ੍ਹ-ਕਿੱਲ੍ਹ ਆਪਣੇ-ਆਪ ਨੂੰ ਸਿਆਣਾ ਆਖੀ ਜਾਓ, ਪਰ ਲੋਕਾਂ ਨੇ ਨਾ ਕਦੀ ਤੁਹਾਡੀ ਗੱਲ ਮੰਨੀ ਹੈ ਤੇ ਜਾਂ ਅਗਾਂਹ ਕਿਸੇ ਨੇ ਮੰਨਣੀ ਹੈ | ਇਸੇ ਲਈ ਵੱਡੀ ਉਮਰ ਦੇ ਬੰਦੇ ਨੂੰ 'ਸਿਆਣਾ' ਆਖਦੇ ਹਨ | 'ਸਿਆਣੇ' ਤੋਂ ਉਨ੍ਹਾਂ ਦਾ ਭਾਵ ਅਕਲੋਂ ਖਾਲੀ ਹੀ ਹੁੰਦਾ ਹੈ | ਕਬੀਰ ਜੀ ਨੇ ਇਹੋ ਜਿਹੇ ਸਿਆਣਿਆਂ ਵਾਸਤੇ ਬਹੁਤ ਸੋਹਣਾ ਦੋਹਾ ਜੋੜਿਆ ਹੈ:
ਰੰਗੀ ਕੋ ਨਾਰੰਗੀ ਕਹੇਂ
ਚਲਤੀ ਕੋ ਗਾਡੀ ਕਹੇਂ,
ਕੜ੍ਹੇ ਦੂਧ ਕੋ ਖੋਇਆ,
ਦੇਖ ਕਬੀਰਾ ਰੋਇਆ |
ਉਮਰ ਵਧਣ ਨਾਲ ਅਕਲ ਘਟਦੀ ਹੈ, ਇਹ ਅਸੀਂ ਹੀ ਨਹੀਂ ਕਹਿੰਦੇ ਸਗੋਂ ਤੁਹਾਡੇ ਧੀਆਂ ਪੁੱਤਰ, ਪਤਨੀ, ਰਿਸ਼ਤੇਦਾਰ ਤੇ ਸਾਕ-ਸਬੰਧੀ ਤੇ ਦੋਸਤ-ਮਿੱਤਰ ਕਹਿਣ ਲੱਗਦੇ ਹਨ, ਉਹ ਸਾਰੇ ਜਿਨ੍ਹਾਂ 'ਤੇ ਤੁਸੀਂ ਸਾਰੀ ਉਮਰ ਭਰੋਸਾ ਰੱਖਿਆ | ਆਪਣੇ ਦੋ ਪੁੱਤਰਾਂ ਦੀ ਹੀ ਗੱਲ ਸੁਣ ਲਓ | ਤੁਸੀਂ ਸਾਰੀ ਉਮਰ ਆਪਣੀ ਸਿਆਣਪ ਨਾਲ ਬਿਜ਼ਨਸ ਦੀ ਗੱਡੀ ਰੇੜ੍ਹੀ, ਸਫ਼ਲਤਾਪੂਰਵਕ ਕੰਮ-ਧੰਦਾ ਚਲਾਇਆ, ਖੱਟੀ ਕੀਤੀ, ਟੱਬਰ ਦਾ ਪਾਲਣ-ਪੋਸਣ ਕੀਤਾ | ਮੰੁਡਿਆਂ ਵਲੋਂ ਹੱਟੀ ਦਾ ਕੰਮ ਸਾਂਭ ਲੈਣ 'ਤੇ ਤੁਸੀਂ ਹੱਟੀ ਦੇ ਵਾਧੂ ਸਾਮਾਨ ਜਿਹੇ ਹੀ ਹੋ ਕੇ ਰਹਿ ਜਾਂਦੇ ਹੋ | ਕਿਸੇ ਨਿੱਕੀ-ਮੋਟੀ ਸਲਾਹ ਦੇਣ 'ਤੇ ਵੀ ਮੰੁਡੇ ਭੜਕ ਪੈਂਦੇ ਹਨ | ਪਿਤਾ ਜੀ ਤੁਹਾਨੂੰ ਨਹੀਂ ਪਤਾ ਇਨ੍ਹਾਂ ਗੱਲਾਂ ਦਾ | ਆਪਣੀ ਸਿਆਣਪ ਆਪਣੇ ਕੋਲ ਰੱਖਿਆ ਕਰੋ | ਹੁਣ ਨੀਂ ਚਲਦਾ ਇਹ ਸਭ ਕੁਝ |' ਤੁਸੀਂ ਤਿੜਕ ਕੇ ਪ੍ਰਤੀਵਾਦ ਕਰਦੇ ਹੋ, 'ਓਏ ਸਾਊ ਅਸੀਂ ਸਾਰੀ ਉਮਰ ਐਵੇਂ ਤਾਂ ਨੀਂ ਵਾਰ ਦੀ ਗੱਡੀ ਧੂਈ | ਤੁਸੀਂ ਕੱਲ੍ਹ ਦੇ ਜੰਮੇ ਸਾਨੂੰ ਮੱਤਾਂ ਦੇਣ ਵਾਲੇ ਹੋਗੇ |' ਮੁਡੇ ਹੋਰ ਵੀ ਜ਼ਿਆਦਾ ਭੜਕ ਕੇ ਕਹਿ ਦਿੰਦੇ ਹਨ, 'ਪਿਤਾ ਜੀ, ਹੁਣ ਤੁਹਾਡੇ ਵਾਲੇ ਜ਼ਮਾਨੇ ਨੀ ਰਹੇ | ਹੁਣ ਤੁਹਾਡੀ ਸਿਆਣਪ ਨੀ ਚੱਲਣੀ ਇਥੇ | ਸਮਾਂ ਬਦਲ ਗਿਆ | ਤੁਸੀਂ ਵੀ ਬਦਲ ਜੋ, ਚੰਗੇ ਰਹੋਂਗੇ |'
ਤੁਸੀਂ ਜ਼ਿਆਦਾ ਅੜਬਾਈ ਕਰੋਂਗੇ ਤਾਂ ਹੱਟੀ ਵੀ ਤੁਹਾਥੋਂ ਛੁੱਟ ਜਾਏਗੀ | ਸ਼ਹਿਰ ਦਾ ਪਾਰਕ ਹੀ ਤੁਹਾਡਾ ਆਸਰਾ ਬਣੇਗਾ | ਕਈ ਸਿਆਣਿਆਂ ਦਾ ਤਾਂ ਮਾਰਗ ਸਿੱਧਾ ਹੀ ਬਿਰਧ-ਆਸ਼ਰਮ ਵੱਲ ਚਲਾ ਜਾਂਦਾ ਹੈ | ਇਹੋ ਜਿਹੇ ਬਹੁਤੇ ਸਿਆਣੇ ਬਜ਼ੁਰਗ ਹੀ ਬਿਰਧ-ਆਸ਼ਰਮਾਂ ਦਾ ਸ਼ਿੰਗਾਰ ਹਨ |
ਰਿਟਾਇਰ ਹੋ ਕੇ ਘਰ ਬੈਠੇ 'ਸਿਆਣਿਆਂ' ਨੂੰ ਵੀ ਟੇਕ ਨਹੀਂ ਮਿਲਦੀ | ਔਲਾਦ ਦੁਖੀ ਹੋ ਕੇ ਕਹਿੰਦੀ ਸੁਣਾਈ ਦਿੰਦੀ ਹੈ, 'ਸਾਰਾ ਦਿਨ ਕੰਨ ਖਾਈ ਜਾਂਦੇ ਐ | ਪਲ ਲਈ ਵੀ ਚੈਨ ਨੀ ਲੈਣ ਦਿੰਦੇ | ਸੱਚ ਹੀ ਕਿਸੇ ਨੇ ਆਖਿਆ ਕਿ ਸੱਤਰੇ-ਬਹੱਤਰੇ ਹੋ ਕੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ | ਸਾਰਾ ਦਿਨ ਇਨ੍ਹਾਂ ਦੀਆਂ ਸਲਾਹਾਂ ਤੇ ਨੋਕਾਂ-ਝੋਕਾਂ ਦੀ ਨੀ ਮੁੱਕਦੀਆਂ | ਕਹਿੰਦੇ ਸਾਨੂੰ ਜੰਮਿਆ, ਪਾਲਿਆ, ਪੋਸਿਆ ਹੈ | ਕੋਈ ਇਨ੍ਹਾਂ ਨੂੰ ਪੁੱਛੇ ਬਈ ਜੰਮਿਆ ਤੇ ਪਾਲਿਆ-ਪੋਸਿਆ, ਬਦਲੇ ਲੈਣ ਲਈ | ਸਾਹ ਤਾਂ ਆਉਣ ਨੀ ਦਿੰਦੇ ਕਿਸੇ ਵੇਲੇ |'
ਇਹੋ ਜਿਹੀ ਕੁੱਤੇ ਖਾਣੀ ਘਰ-ਘਰ ਦੀ ਕਹਾਣੀ ਹੈ | ਫਿਰ ਕਿਵੇਂ ਮੰਨ ਲਈਏ ਕਿ ਵਧਦੀ ਉਮਰ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ | ਇਕ ਪੰਜਾਬੀ ਕਵੀ ਨੇ ਤਾਂ ਸੱਚ ਹੀ ਬਿਆਨ ਕਰ ਦਿੱਤਾ ਹੈ | ਅਖੇ: 'ਮੈਨੂੰ ਸਮਝ ਸਤਾਇਆ |'
ਉਸ ਨੂੰ ਪਛਤਾਵਾ ਹੈ ਕਿ ਉਸ ਕੋਲ 'ਸਮਝ' ਨਾਂਅ ਦੀ ਵਸਤ ਆਈ ਹੀ ਕਿਉਂ | ਸਮਝ ਨਾ ਆਉਂਦੀ ਤਾਂ ਉਸ ਨੇ ਸੌਖਾ ਰਹਿਣਾ ਸੀ | 'ਸਮਝ' ਹੀ ਉਸ ਦੀਆਂ ਸਾਰੀਆਂ ਤਕਲੀਫਾਂ ਅੱਤ ਕਸ਼ਟਾਂ ਦੀ ਜੜ੍ਹ ਹੈ |
ਇਹੋ ਜਿਹੇ ਵੇਲੇ ਅਕਲ-ਦਾੜ੍ਹ ਹੀ ਬਜ਼ੁਰਗ ਦਾ ਸਹਾਰਾ ਬਣ ਕੇ ਨਿਕਲਦੀ ਹੈ, ਜਿਵੇਂ ਮੁਸੀਬਤ ਵੇਲੇ ਤੁਹਾਡੀ ਪਤਨੀ ਤਲਵਾਰ ਫੜ ਕੇ ਮੈਦਾਨ ਵਿਚ ਕੁੱਦ ਪਵੇ | ਅਸੀਂ ਦੰਦਾਂ ਦੇ ਵਿਚ ਸਿਆਣੇ ਡਾਕਟਰ ਨੂੰ ਪੁੱਛਿਆ, 'ਅਕਲ ਦਾੜ੍ਹ ਦਾ ਕੀ ਫਾਇਦੈ?' ਹੱਸ ਕੇ ਕਹਿਣ ਲੱਗਾ, 'ਕੁਸ਼ ਨੀਂ | ਐਵੇਂ ਵਾਧੂ | ਅਕਲ ਨਾਲ ਇਹਦਾ ਕੀ ਸਬੰਧ ਹੈ?' ਅਸੀਂ ਫਿਰ ਪੁੱਛਦੇ ਹਾਂ, 'ਕੋਈ ਨਹੀਂ, ਭੋਰਾ ਵੀ ਨਹੀਂ | ਸਗੋਂ ਜੇ ਵਿੰਗੀ ਟੇਢੀ ਨਿਕਲ ਆਵੇ ਤਾਂ ਬੰਦੇ ਦੀ ਊੲੀਂ ਮਤ ਮਾਰ ਦਿੰਦੀ ਹੈ | ਕਈ ਵਾਰ ਤਾਂ ਭੈੜੀ ਔਲਾਦ ਵਾਂਗ ਵਥੇਰਾ ਤੰਗ ਕਰਦੀ ਹੈ | ਆਖਰ ਕਢਵਾਉਣੀ ਹੀ ਪੈਂਦੀ ਹੈ |'
'ਫਿਰ ਇਹਨੂੰ ਅਕਲਦਾੜ੍ਹ ਕਿਉਂ ਕਹਿੰਦੇ ਹਨ?' ਅਸੀਂ ਪੁੱਛਦੇ ਹਾਂ |
'ਬਾਕੀ ਦਾੜ੍ਹਾਂ ਤਾਂ ਬਚਪਨ ਹੀ ਨਿਕਲ ਆਉਂਦੀਆਂ ਹਨ, ਜਦੋਂ ਬਾਲਕ ਅਬੋਧ ਤੇ ਅਭੋਲ ਹੁੰਦਾ ਹੈ, ਉਦੋਂ ਉਸਨੂੰ ਪੂਰੀ ਅਕਲ ਹੀ ਨਹੀਂ ਹੁੰਦੀ | ਜਦੋਂ ਵੱਡੀ ਉਮਰ 'ਚ ਮੱਤ ਮਰਨ ਲਗਦੀ ਹੈ, ਉਦੋਂ ਇਹ ਜਾੜ੍ਹ ਦੁੱਖ ਦੇਣ ਨੂੰ ਆ ਪਧਾਰਦੀ ਹੈ | ਦੁੱਖ ਤੋਂ ਸਿਵਾਇ ਇਹ ਬੰਦੇ ਨੂੰ ਕੁਝ ਨਹੀਂ ਦਿੰਦੀ |'
ਅੱਜ ਦੇ ਜ਼ਮਾਨੇ ਵਿਚ ਤਾਂ ਬਹੁਤੀ ਅਕਲ ਵੀ ਬੰਦੇ ਨੂੰ ਸੁਖ ਨੀਂ ਦਿੰਦੀ | ਤੁਸੀਂ ਉਹ ਮੁਹਾਵਰਾ ਜਾਂ ਅਖਾਣ ਤਾਂ ਸੁਣੀ ਹੀ ਹੋਵੇਗੀ | 'ਸਿਆਣਾ ਕਾਂ ਆਖਰ ਸੀਂਢ 'ਤੇ ਹੀ ਡਿਗਦਾ ਹੈ |' ਵਧੀਆ ਤੈਰਾਕ ਹੀ ਡੁੱਬਦਾ ਹੈ | ਬਹੁਤੇ ਸਿਆਣੇ ਨੂੰ ਕਾਂ ਦੀ ਉਪਾਧੀ ਦਿੱਤੀ ਜਾਂਦੀ ਹੈ | ਬਹੁਤੀਆਂ ਅਕਲਾਂ ਵਾਲਿਆਂ ਦੇ ਖੂਹ ਖਾਲੀ ਹੀ ਹੁੰਦੇ ਹਨ | ਜ਼ਿਆਦਾ ਅਕਲ ਦੁੱਖਾਂ ਦਾ ਘਰ ਹੁੰਦੀ ਹੈ | ਕਵੀ ਸਮਝਦਾਰ ਹੈ, ਜਿਸ ਨੇ ਬਹੁਤ ਹਲੀਮੀ ਨਾਲ ਮੰਨ ਲਿਆ ਹੈ ਕਿ ਉਸ ਨੂੰ 'ਸਮਝ' ਨੇ ਹੀ ਸਤਾਇਆ ਹੋਇਆ ਹੈ | ਮਹਾਤਮਾ ਬੁੱਧ ਬਹੁਤੀਆਂ ਇਛਾਵਾਂ ਨੂੰ ਹੀ ਦੁੱਖਾਂ ਦਾ ਕਾਰਨ ਮੰਨਦੇ ਹਨ | ਤੁਸੀਂ ਪੰਜਾਹ ਸਿਆਣੇ ਅਕਲਵਾਨ ਲੋਕਾਂ ਨੂੰ ਇਕੱਠੇ ਕਰਕੇ ਕਿਸੇ ਵੀਰਾਨ ਟਾਪੂ 'ਤੇ ਛੱਡ ਆਓ | ਖਾਣ-ਪੀਣ ਤੇ ਰਸਦਾਰ ਦਾ ਪ੍ਰਬੰਧ ਵੀ ਕਰ ਆਓ | ਥੋੜ੍ਹੀ ਦੇਰ 'ਚ ਹੀ ਉਹ ਆਪਸ 'ਚ ਖਹਿਬੜਦੇ ਹੀ ਮਰ ਜਾਣਗੇ | ਸਾਡੇ ਖਿਆਲ 'ਚ ਸੰਸਾਰ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਹੀ 'ਅਕਲ' ਹੈ | ਆਪਣੀ ਅਕਲ ਹੀ ਸਭ ਨੂੰ ਵੱਡੀ ਲਗਦੀ ਹੈ | ਅਕਲ ਘੋਟਣਾ ਵੀ ਇਕ ਤਰ੍ਹਾਂ ਦੀ ਬਿਮਾਰੀ ਹੈ | ਇਹ ਹਰ ਕੋਈ ਬਿਨਾਂ ਕੋਈ ਫੀਸ ਲਏ ਹੀ ਦੂਸਰਿਆਂ ਨੂੰ ਵੰਡਦਾ ਫਿਰਦਾ ਹੈ | ਅਸੀਂ ਪਿੰਡੇ ਦੀ ਜੰੂ ਭਾਵੇਂ ਕਿਸੇ ਨੂੰ ਦੇਈਏ ਜਾਂ ਨਾ ਦੇਈਏ | ਪਰ ਅਕਲ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦੇ ਹਾਂ | ਕੋਈ ਨਾ ਲਏ ਤਾਂ ਤਿੜਕ ਕੇ ਕਹਿ ਦਿੰਦੇ ਹਾਂ |' ਗਧੇ ਨੂੰ ਦਿਓ ਲੂਣ, ਉਹ ਕਹਿੰਦਾ ਮੇਰੀਆਂ ਅੱਖਾਂ ਭੰਨਦੇ ਆ |' ਉੱਲੂ-ਉੱਲੂ ਹੀ ਬਣੇ ਰਹਿਣਾ ਚਾਹੁੰਦੇ ਨੇ, ਹੰਸ ਨਹੀਂ ਬਣਨਾ ਚਾਹੁੰਦੇ | ਆਪਣੀ ਅਕਲ ਨੂੰ ਸਾਂਭ ਕੇ ਰੱਖੋ, ਲੋੜ ਪੈਣ 'ਤੇ ਕੰਮ ਆਏਗੀ | ਉੱਲੂਆਂ ਨੂੰ ਅਕਲ ਦੇਣ ਨਾਲ, ਉਨ੍ਹਾਂ ਨੂੰ ਦਿਨੇ ਨਹੀਂ ਦਿਸਣ ਲੱਗਾ |
ਕਈ ਵਾਰੀ ਮੂਰਖਤਾ ਸਿਆਣਪ ਨਾਲੋਂ ਜ਼ਿਆਦਾ ਚੰਗੀ ਰਹਿੰਦੀ ਹੈ | ਬਹੁਤੇ ਮੂਰਖ ਸਿਆਣਿਆਂ ਨਾਲੋਂ ਬਿਹਤਰ ਜ਼ਿੰਦਗੀ ਜਿਊਾਦੇ ਹਨ | ਕਿਸੇ ਨੇ ਠੀਕ ਹੀ ਆਖਿਆ ਹੋਵੇਗਾ:
'ਮੂਰਖ ਲੋਕ ਸਦਾ ਸੁਖੀ ਰਹਿੰਦੇ,
ਕਰਦੇ ਖੂਬ ਕਮਾਈਆਂ,
ਸਿਆਣੇ ਖਾਂਦੇ ਰੁੱਖੀ-ਮਿੱਸੀ,
ਮੂਰਖ ਖਾਣ ਮਲਾਈਆਂ |
ਕੀ ਮੈਂ ਝੂਠ ਬੋਲਿਆ,
ਨਾ ਜੀ, ਨਾ ਜੀ... |
ਵੈਸੇ ਅਕਲ-ਦਾੜ੍ਹ ਦਾ ਤਾਂ ਦਾੜ੍ਹਾਂ ਨਾਲ ਕੋਈ ਸਬੰਧ ਨੀ ਹੁੰਦਾ, ਅਕਲ ਨਾਲ ਕੀ ਹੋਵੇਗਾ? ਸਮਝਦਾਰ ਹੋ, ਤੁਹਾਨੂੰ ਨਿੱਕੀ ਜਿਹੀ ਗੱਲ ਸਮਝਣ 'ਚ ਕੋਈ ਔਖ ਨਹੀਂ ਹੋਣੀ ਚਾਹੀਦੀ | ਅਕਲਾਂ ਵਾਲਿਆਂ ਨੂੰ ਦੂਰੋਂ ਹੀ ਸਲਾਮ, ਜੈ ਹਿੰਦ... |

-ਮੋਬਾਈਲ : 94635-37050.

ਨਾਂਅ ਕੀ ਰੱਖੀਏ ਜੀ?

ਸ਼ੈਕਸਪੀਅਰ ਨੇ ਕਿਹਾ ਸੀ, 'ਨਾਂਅ 'ਚ ਕੀ ਪਿਐ?'
'ਨਾਂਅ' 'ਚ ਹੀ ਤਾਂ ਸਭ ਕੁਝ ਹੈ ਜੀ | ਨਾਂਅ 'ਸ਼ੈਕਸਪੀਅਰ' ਨਾ ਹੁੰਦਾ ਤਾਂ ਸ਼ੈਕਸਪੀਅਰ ਨੂੰ ਕੌਣ ਪੁੱਛਦਾ?
ਸ਼ਹੀਦੋਂ ਕੀ ਚਿਤਾਓਾ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ |
ਪਰ ਸ਼ਹੀਦਾਂ ਦਾ ਵੀ ਨਾਂਅ ਹੁੰਦਾ ਹੈ, ਸਿਰਫ਼ 'ਨਾਂਅ' ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਹੁੰਦੀਆਂ ਹਨ, ਉਨ੍ਹਾਂ ਦੇ 'ਨਾਂਅ' 'ਤੇ ਹੀ ਉਨ੍ਹਾਂ ਦੇ ਰਹਿੰਦੀ ਦੁਨੀਆ ਤੱਕ ਬਣੇ ਨਿਸ਼ਾਂ 'ਤੇ ਮੇਲੇ ਲਗਦੇ ਹਨ, ਲਗਦੇ ਰਹਿਣਗੇ |
ਗੁਰੂ, ਪੀਰ, ਦੇਵੀ-ਦੇਵਤੇ, ਯੋਧੇ-ਜਰਨੈਲ, ਲੀਡਰ, ਫਕੀਰ, ਲੇਖਕ, ਕਵੀ-ਕਵਿੱਤਰੀਆਂ, ਗਾਇਕ-ਗਾਇਕਾਵਾਂ, ਜੱਜ-ਵਕੀਲ, ਦੇਸ਼ ਕੌਮ ਤੋਂ ਸਿਰ ਵਾਰਨ ਵਾਲੇ ਘੁਲਾਟੀਏ, ਖਿਡਾਰੀ, ਕੌਣ ਹੈ, ਜਿਸ ਦਾ 'ਨਾਂਅ' ਬਿਨਾਂ ਇਸ ਧਰਤੀ 'ਤੇ ਅੱਜ ਵੀ ਝੰਡਾ ਕਾਇਮ ਨਹੀਂ ਹੈ?
ਭੈੜੇ ਕੰਮ ਕੀਤੇ ਹੋਣ ਜਾਂ ਚੰਗੇ ਕੰਮਾਂ ਕਾਰਨ ਸਦੀਵ ਯਾਦ ਰਹਿਣ ਵਾਲਿਆਂ ਲਈ ਹੀ ਤਾਂ ਆਖਿਆ ਜਾਂਦਾ ਹੈ-'ਇਹਨੇ ਬੜਾ ਨਾਂਅ ਕਮਾਇਆ ਹੈ', ਧਰਤੀ 'ਤੇ ਜਿਹੜਾ ਵੀ ਜੰਮਿਆ, ਜੰਮਣ ਮਗਰੋਂ, ਸਭ ਤੋਂ ਪਹਿਲਾ ਫਲ ਉਸਨੂੰ ਇਹੋ ਮਿਲਦਾ ਹੈ, 'ਇਹਦਾ ਨਾਂਅ ਰੱਖੋ |' ਇਹ ਨਾਂਅ ਰੱਖਣਾ ਵੀ ਕੋਈ ਸੌਖਾ ਕੰਮ ਨਹੀਂ, ਨਵ-ਜਨਮੇ ਨਿਆਣੇ ਦਾ ਨਾਂਅ ਰੱਖਣ ਲਈ ਵੀ ਲੋਕਾਂ ਨੂੰ ਗਹਿਰੀ, ਡੰੂਘੀ, ਲੰਮੀ ਸੋਚ ਉਡਾਰੀ ਲਾਉਣੀ ਪੈਂਦੀ ਹੈ |
ਛੇਤੀ ਸਮਝ ਹੀ ਨਹੀਂ ਆਉਂਦੀ, ਕੀ ਨਾਂਅ ਰੱਖੀਏ | ਆਪਣੇ ਰਿਸ਼ਤੇਦਾਰਾਂ ਨੂੰ ਪੁੱਛਿਆ ਜਾਂਦਾ ਹੈ, ਦੋਸਤਾਂ-ਮਿੱਤਰਾਂ ਨੂੰ ਪੁੱਛਿਆ ਜਾਂਦਾ ਹੈ, ਭਾਈਆਂ, ਪੰਡਿਤਾਂ ਨੂੰ ਪੁੱਛਿਆ ਜਾਂਦਾ ਹੈ, ਨਾਂਅ ਦੱਸੋ ਜੀ, ਕੋਈ ਚੰਗਾ ਜਿਹਾ ਨਾਂਅ ਦੱਸੋ |'
ਮੇਰਾ ਨਾਂਅ ਰਾਜਿੰਦਰ ਸਿੰਘ ਹੈ, ਕੋਈ ਐਵੇਂ ਹੀ ਝਟਪਟ ਨਹੀਂ ਪੈ ਗਿਆ | ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਗਿਆ | ਅੱਖਰ ਆਇਆ 'ਰਾਰਾ' | ਭਾਈ ਸਾਹਿਬ ਨੇ ਕਿਹਾ, 'ਰਾਰਾ ਅੱਖਰ ਹੈ, ਹੁਣ ਤੁਹਾਨੂੰ ਜਿਹੜਾ ਨਾਂਅ ਚੰਗੇ ਲੱਗੇ ਰੱਖ ਲਓ |' ਅੰਤ ਸਰਬਸੰਮਤੀ ਨਾਲ 'ਰਾਜਿੰਦਰ ਸਿੰਘ' ਨਾਂਅ ਪਾਸ ਹੋ ਗਿਆ | ਜਿਹੜਾ ਵੀ ਜੰਮਿਆ ਜੰਮੀ, ਉਹਦਾ ਨਾਂਅ ਇਥੇ ਹੀ, ਹਰੇਕ ਪਰਿਵਾਰ ਦੇ ਨਿਯਮਾਂ ਅਨੁਸਾਰ, ਮਿਲ-ਜੁਲ ਕੇ, ਕਈ ਸੁਝਾਵਾਂ ਮਗਰੋਂ ਇਕ 'ਤੇ ਸਹਿਮਤੀ ਹੋਣ ਮਗਰੋਂ ਰੱਖਿਆ ਜਾਂਦਾ ਹੈ | ਉਹ ਨਾਂਅ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ, ਸਿੱਕਾਬੰਦ ਹੋ ਜਾਂਦਾ ਹੈ |
ਉਥੇ ਕਰਮਾਂ ਦੇ ਹੋਣਗੇ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ... |
ਇਸ ਬਾਰੇ ਏਨਾ ਹੀ ਹੈ ਕਿ ਉੱਪਰ ਧਰਮਰਾਜ ਕੋਲ ਵਹੀਖਾਤਾ, ਹਰੇਕ 'ਨਾਂਅ' ਦਾ ਹੈ, ਉਸ ਵਿਚ ਇਸ ਜਨਮ 'ਚ ਉਹਦੇ ਦੁਬਾਰਾ ਕੀਤੇ ਭਲੇ ਤੇ ਭੈੜੇ ਕੰਮਾਂ ਦਾ ਪੂਰਾ-ਪੂਰਾ ਲੇਖਾ-ਜੋਖਾ ਲਿਖਿਆ ਹੁੰਦਾ ਹੈ, ਇਹ ਇਸ ਨਾਂਅ ਦੀ ਹੀ ਕਰਾਮਾਤ ਹੈ |
ਇਥੇ, ਸਾਡੇ ਭਾਰਤ 'ਚ ਅੱਜਕਲ੍ਹ ਕਿੰਨਾ ਮਸ਼ਹੂਰ ਹੈ ਕਿ ਜਿਨ੍ਹਾਂ ਦੇ ਬੈਂਕਾਂ 'ਚ ਖਾਤੇ ਨਹੀਂ ਸਨ, ਜਨ ਧਨ ਯੋਜਨਾ ਰਾਹੀਂ ਉਨ੍ਹਾਂ ਦੇ ਕਰੋੜਾਂ ਖਾਤੇ ਖੁੱਲ੍ਹਵਾਏ ਗਏ, ਪਰ ਉਥੇ, ਧਰਮਰਾਜ ਕੋਲ, ਸਭਨਾਂ ਗਰੀਬਾਂ, ਲਾਚਾਰਾਂ ਦੇ ਖਾਤੇ ਦਰਜ ਹੈਨ | ਹਿਸਾਬ ਸਭਨਾਂ ਦਾ ਦਰਜ ਹੈ | ਜੇ ਮੰਨਦੇ ਹੋ ਤਾਂ ਇਹ ਸਭ ਤੋਂ ਵੱਡਾ ਸੱਚ ਹੈ |
ਲਾਲੂ ਯਾਦਵ ਘਰ ਧੀ ਉਸ ਵੇਲੇ ਜੰਮੀ ਸੀ ਜਦ ਭਾਰਤ 'ਚ 'ਮੀਸਾ' ਲੱਗਾ ਸੀ ਤੇ ਇਸ ਅਧੀਨ ਲਾਲੂ ਯਾਦਵ ਵੀ ਹੋਰਨਾਂ ਅਨੇਕਾਂ ਲੀਡਰਾਂ ਵਾਂਗ 'ਜੇਲ੍ਹ' 'ਚ ਤੰੁਨ ਦਿੱਤੇ ਗਏ ਸਨ | ਲਾਲੂ ਯਾਦਵ ਨੇ ਐਸ ਐਕਟ ਨੂੰ ਸਦੀਵੀ ਯਾਦ ਰੱਖਣ ਵਾਲਾ ਬਣਾ ਦਿੱਤਾ, ਝਟ ਆਪਣੀ ਨਵ-ਜਨਮੀ ਧੀ ਦਾ ਨਾਂਅ 'ਮੀਸਾ' ਰੱਖ ਦਿੱਤਾ | ਅੱਜ ਮੀਸਾ ਭਾਰਤੀ ਪਾਰਲੀਮੈਂਟ ਦੀ ਮੈਂਬਰ ਹੈ |
ਸੱਚੀ ਇਹ ਬੜਾ ਵੱਡਾ ਕਲੇਸ਼ ਹੈ, ਨਵ-ਜਨਮੇ ਬੱਚੇ ਜਾਂ ਬੱਚੀ ਦਾ ਨਾਂਅ ਕੀ ਰੱਖੀਏ, ਸੋਚ-ਸੋਚ ਲੋਕੀਂ ਝੱਲੇ ਹੋ ਜਾਂਦੇ ਹਨ |
ਆਹੋ ਜੀ, ਇਹ ਬੜੀ ਵੱਡੀ ਸਮੱਸਿਆ ਹੈ |
'ਨਾਂਅ ਕੀ ਰੱਖੀਏ?'
ਪਹਿਲਾਂ ਨਵ-ਜਨਮੇ ਬੱਚੇ ਦਾ ਨਾਂਅ ਰੱਖਣਾ ਐਨਾ ਔਖਾ ਕੰਮ ਨਹੀਂ ਸੀ ਹੁੰਦਾ | ਅੱਵਲ ਤਾਂ ਦਾਦਾ ਜੀ ਜਾਂ ਘਰ ਦਾ ਮੁੱਖ ਬਜ਼ੁਰਗ ਜਿਹੜਾ ਨਾਂਅ 'ਉਚਰ' ਦਿੰਦਾ ਉਹੀਓ ਸਭਨਾਂ ਨੂੰ ਕਬੂਲ ਹੁੰਦਾ |
ਫਿਰ ਜੰਗਾਂ ਲੜਾਈਆਂ 'ਚੋਂ ਯੋਧੇ ਵੀ ਹੁੰਦੇ ਸਨ, ਬਹਾਦਰ ਸਿੰਘ, ਖੜਕ ਸਿੰਘ ਪਰ ਇਕ ਕਮਾਲ ਦਾ ਨਾਂਅ ਹੈ ਗੁਜਰਾਤੀਆਂ ਵਿਚ ਅੱਜ ਵੀ ਇਹਦਾ ਚਲਦਾ ਹੈ, ਰਣਛੋੜ ਦਾਸ | ਅਨਾਜ ਤੇ ਸਬਜ਼ੀਆਂ ਨੂੰ ਵੀ ਮਾਣ ਦਿੱਤਾ ਕਈਆਂ ਨੇ, ਕਣਕ ਦਾਸ, ਗੰਢਾ ਸਿੰਘ, ਪਨੀਰ ਦਾਸ, ਮੱਖਣ ਸਿੰਘ, ਮਾਖਨ ਲਾਲ | ਫੁੱਲਾਂ ਦੀ ਖੁਸ਼ਬੂ ਗੁਲਾਬ ਚੰਦ, ਗੁਲਾਬ ਦਾਸ, ਗੁਲਾਬ ਸਿੰਘ, ਕੁੜੀਆਂ 'ਚ ਗੁਲਾਬੋ, ਚਮੇਲੀ, ਫੂਲਵੰਤੀ, ਫੂਲਾਂਵਤੀ, ਗੇਂਦਾ ਮਲ, ਗੇਂਦਾ ਸਿੰਘ, ਮੋਤੀਆਂ ਰਾਣੀ, ਫੂਲਾਂ ਰਾਣੀ, ਪੁਲਾੜ ਵੀ ਕੰਮ ਆਇਆ... ਸੂਰਜ ਮੱਲ, ਸੂਰਜ ਸਿੰਘ, ਚਾਂਦ ਮਲ, ਚੰਨ ਸਿੰਘ, ਤਾਰਾ ਸਿੰਘ, ਤਾਰਾ ਚੰਦ, ਧਰੁਵ, ਪ੍ਰਕਾਸ਼ (ਚੰਦ ਤੇ ਸਿੰਘ), ਔਰਤਾਂ 'ਚ ਪ੍ਰਕਾਸ਼ੋ, ਚੰਨਣ ਕੌਰ, ਚਾਂਦ ਰਾਣੀ, ਚੰਨਣ ਦੇਈ | ਸਾਰੇ ਪਿੰਡ ਵਿਚ ਚਾਨਣ ਤੇਰਾ, ਮਾਂ ਦੀਏ ਮੋਮਬੱਤੀਏ |
ਵਾਰੀ-ਵਾਰੀ ਜਾਵਾਂ ਨਾਂਅ ਰੱਖਣ ਵਾਲਿਆਂ ਤੋਂ, ਇਨ੍ਹਾਂ ਹਫ਼ਤੇ ਦੇ ਵਾਰ ਵੀ ਨਹੀਂ ਛੱਡੇ—ਸੋਮ ਦੱਤ, ਸੋਮ ਨਾਥ, ਮੰਗਲ ਸਿੰਘ, ਮੰਗਲ ਰਾਮ, ਮੰਗਲ ਦਾਸ, ਬੁੱਧ ਸਿੰਘ, ਬੁੱਧ ਦਾਸ, ਵੀਰ ਸਿੰਘ, ਵੀਰ ਦਾਸ,ਵੀਰੱਪਨ, ਸ਼ੁਕਰਵਾਰ ਦਾ ਉਂਜ ਹੀ ਸ਼ੁਕਰੀਆ ਕਰ ਦਿੱਤਾ, ਸਨਿਚਰਵਾਰ ਤੇ ਕਿਸੇ ਦਾ ਨਾਂਅ ਨਹੀਂ ਰੱਖਿਆ ਪਰ 'ਛੇੜ' ਜ਼ਰੂਰ ਰੱਖ ਦਿੱਤੀ, 'ਛੱਡ ਓਏ, ਇਹ ਤਾਂ ਸ਼ਨਿੱਚਰ ਏ |' 'ਸ਼ਨੀਚਰ' ਆਖ ਕੇ ਵੀ ਦੁਰਕਾਰਦੇ ਨੇ |
ਹਾਲਾਂਕਿ ਸ਼ਨੀ-ਮੰਦਿਰ ਕਈ ਨੇ | ਇਸ ਦਿਨ ਇਥੇ ਲੋਕੀਂ ਤੇਲ ਚੜ੍ਹਾਉਂਦੇ ਨੇ | ਤੇਲ ਵੀ ਕੰਮ ਆਇਆ, ਆਪਣੇ ਇਕ ਮਿੱਤਰ ਨੇ, ਲੇਖਕ ਵੀ ਹਨ, ਮਾਸਟਰ ਤੇਲੂ ਰਾਮ ਜੀ...'ਤੇਲ ਵੇਖੋ, ਤੇਲ ਦੀ ਧਾਰ ਵੇਖੋ |'
ਕਈ ਹੋਰ ਵੀ ਹੋਣਗੇ, ਤੇਲ ਦੀ ਇਸ ਧਾਰ 'ਚ ਪਰ ਮੈਨੂੰ 'ਤੇਲੂ ਰਾਮ' ਤੋਂ ਅੱਗੇ ਨਾ ਸਰ੍ਹੋਂ ਦੇ ਤੇਲ ਨੂੰ , ਨਾ ਨਾਰੀਅਲ ਦੇ ਤੇਲ ਨੂੰ , ਨਾ ਤਿਲ ਦੇ ਤੇਲ ਨੂੰ ਸੁਭਾਇਮਾਨ ਕਰਦਾ, ਕੋਈ ਹੋਰ ਮਨੁੱਖ ਪਤਾ ਹੈ | ਔਰਤਾਂ ਵਿਚ ਵੀ 'ਤਿਤਲੀ' ਨਾਂਅ ਹੈ, ਤੇਲਣੀ ਬਿਲਕੁਲ ਨਹੀਂ |
ਪਹਿਲਾਂ ਹਿੰਦੀ, ਉਰਦੂ ਤੇ ਪੰਜਾਬੀ ਦੇ ਲੇਖਕਾਂ ਤੇ ਕਵੀਆਂ ਨੂੰ , ਆਪਣੇ ਨਾਂਅ ਅੱਗੇ, ਇਕ ਉਪਨਾਮ... ਤਖਲੁਸ, ਆਪਣੇ ਵਲੋਂ ਲਾਉਣ ਦਾ ਰਿਵਾਜ ਸੀ, ਜਿਵੇਂ ਮੈਂ ਖ਼ੁਦ 'ਆਤਿਸ਼' ਹਾਂ | ਸੰਪੂਰਨ ਸਿੰਘ 'ਗੁਲਜ਼ਾਰ' ਹਨ | 'ਪਰਵਾਨੇ' ਤਾਂ ਐਨੇ ਹਨ ਕਿ ਵਿਚਾਰੀ ਸ਼ਮ੍ਹਾਂ ਤਾਂ ਦੁਖੀ ਹੋ ਕੇ ਅੱਕ ਗਈ ਹੋਵੇਗੀ ਕਿ 'ਮੈਂ' 'ਕੱਲੀ ਤੇ ਅਹਿ ਐਨੇ ਕਿਥੋਂ ਆ ਗਏ, ਮੇਰੇ 'ਤੇ ਮਿਰ ਮਿਟਣ ਵਾਲੇ |
ਮਰਹੂਮ ਸਾਹਿਰ ਲੁਧਿਆਣਵੀ ਜੀ ਆਪਣੀ ਮਾਤਾ ਕੋਲ ਹੀ ਰਹਿੰਦੇ ਸਨ | ਇਕ ਦਿਨ ਉਹ ਬਹੁਤ ਸਾਰੇ ਲੇਖਕਾਂ ਤੇ ਕਵੀ ਸ਼ਾਇਰਾਂ ਨੂੰ ਆਪਣੇ ਘਰ ਲੈ ਆਏ, ਮਾਂ ਨੂੰ ਪਰਿਚੈ ਦਿੱਤਾ, 'ਅਹਿ ਪਰਿੰਦਾ ਜੀ ਹਨ, ਅਹਿ ਬੁਲਬੁਲ ਜੀ ਹਨ, ਇਹ ਕੋਇਲ ਸਾਹਿਬ ਹਨ... ਮਾਂ ਨੇ ਵਿਚੋਂ ਹੀ ਟੋਕ ਕੇ ਕਿਹਾ, 'ਪੁੱਤਰ ਅੱਜ ਤੂੰ ਸਾਰਾ ਚਿੜੀਆਘਰ ਘਰ ਲੈ ਆਇਆ ਹੈਾ |'
ਧਰਮ ਦਾਸ, ਧਰਮ ਸਿੰਘ, ਇਸਲਾਮ ਮੇਰਾ ਦੋਸਤ ਹੈ | ਅਮੀਰ ਸਿੰਘ ਤੇ ਗਰੀਬ ਦਾਸ ਵੀ ਨਾਂਅ ਹੈਨ | ਧਾਰਮਿਕ ਹਸਤੀਆਂ ਦੇ ਨਾਂਅ 'ਤੇ ਵੀ ਕਈ ਬੰਦਿਆਂ ਦੇ ਨਾਂਅ ਰੱਖੇ ਜਾਂਦੇ ਹਨ |
ਮੇਰੇ ਵੱਡੇ ਭਰਾ ਜੀ ਦਾ ਨਾਂਅ ਹੈ ਸਤਿਨਾਮ ਸਿੰਘ | ਮਾਤਾ-ਪਿਤਾ ਇਹੋ ਕਿਹਾ ਕਰਦੇ ਸਨ, ਚਲੋ ਜਦੋਂ ਵੀ ਬੁਲਾਉਂਦੇ ਹਾਂ ਮੰੂਹੋਂ ਸਤਿਨਾਮ ਤਾਂ ਨਿਕਲਦਾ ਹੈ | ਆਪਣੀ-ਆਪਣੀ ਭਾਵਨਾ ਹੈ |
ਪਰ ਅੱਜਕਲ੍ਹ....
ਆਪਣੇ ਨਵ-ਜਨਮੇ ਬੱਚਿਆਂ ਦਾ ਨਾਂਅ ਰੱਖਣ ਲਈ, ਮਾਪਿਆਂ ਤੇ ਪਰਿਵਾਰਾਂ ਦੇ ਵੱਡਿਆਂ ਨੂੰ ਵੀ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ | ਲੀਕ ਤੋਂ ਹਟ ਕੇ, ਕੋਈ ਨਵਾਂ ਨਵੇਲਾ ਨਾਂਅ ਰੱਖਣਾ ਚਾਹੁੰਦੇ ਹਨ | ਪਤੈ... ਅਮਿਤਾਭ ਬੱਚਨ ਦੀ ਪੋਤੀ ਦਾ ਜਨਮ ਹੋਇਆ ਤਾਂ ਉਸ ਨੇ ਸਭੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਉਹਦੀ ਪੋਤੀ ਲਈ ਕੋਈ ਨਾਂਅ ਸੁਝਾਉਣ | ਕਈ ਨਾਂਅ ਆਏ-ਅਮਿਤ ਜੀ ਨੇ 'ਅਰਾਧਿਆ' ਨਾਂਅ ਪਸੰਦ ਕੀਤਾ | ਅੱਜ ਉਨ੍ਹਾਂ ਦੀ ਪੈੜ 'ਤੇ ਤੁਰਦਿਆਂ ਹਜ਼ਾਰਾਂ ਲੱਖਾਂ ਨੇ ਆਪਣੀਆਂ ਬੱਚੀਆਂ ਦਾ ਨਾਂਅ 'ਅਰਾਧਿਆ' ਰੱਖਿਆ ਹੈ | ਅਮਿਤ ਜੀ ਦੀ ਧੀ ਦੇ ਘਰ ਜਦ ਬੱਚੀ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਰੱਖਿਆ ਸੀ 'ਨਈ ਨਵੇਲੀ' ਪਰ ਇਹ ਤਾਂ ਉਨ੍ਹਾਂ ਦੇ ਘਰ ਤੱਕ ਹੀ ਮਹਿਦੂਦ ਰਹਿ ਗਿਆ |
ਹੀਰੋ ਨਿਤਿਨ ਮੁਕੇਸ਼ ਤੇ ਉਹਦੀ ਪਤਨੀ ਰੁਕਮਣੀ ਨੇ ਆਪਣੀ ਬੱਚੀ ਦਾ ਨਾਂਅ 'ਨੁਰਵੀ' ਰੱਖਿਆ ਹੈ, ਸ਼ਾਹਿਦ ਕਪੂਰ ਤੇ ਮੀਰਾ ਨੇ ਆਪਣੀ ਬੱਚੀ ਦਾ ਨਾਂਅ 'ਮਾਇਰਾ' ਰੱਖਿਆ ਹੈ | ਇਹ ਲੱਭ-ਲੱਭ ਕੇ ਸੰਸਕ੍ਰਿਤ ਦੇ ਨਾਂਅ ਆਪਣੇ ਬੱਚਿਆਂ ਦੇ ਰੱਖ ਰਹੇ ਹਨ | ਪਹਿਲਾਂ ਰਾਹੁਲ, ਪੂਜਾ, ਪਿ੍ਅੰਕਾ ਨੂੰ ਹੁਣ ਨਮਸਤੇ, ਸਲਾਮ ਕਹਿ ਛੱਡਿਆ ਹੈ | ਕੋਈ ਗੱਲ ਨਹੀਂ, ਬਦਲਾਓ ਸਮੇਂ ਦੀ ਮੰਗ ਹੈ |

ਘਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਇੰਟਰਨੈੱਟ, ਮੋਬਾਈਲ, ਫੇਸਬੁੱਕ ਤੇ ਵਟਸਐਪ ਵਰਗੀਆਂ ਸਹੂਲਤਾਂ ਨੇ ਦੁਨੀਆ ਨੂੰ ਇਕ ਘਰ ਬਣਾ ਦਿੱਤਾ ਹੈ | ਅੱਜ ਅਸੀਂ ਘਰ ਬੈਠੇ ਕਿਤੇ ਵੀ ਦੂਰ ਦੇ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਦਾ ਹਾਲ-ਚਾਲ ਮਿੰਟਾਂ ਸਕਿੰਟਾਂ ਵਿਚ ਜਾਣ ਲੈਂਦੇ ਹਾਂ |
• ਘਰ, ਪਰਿਵਾਰ ਨਾਲ ਸੋਭਦਾ ਹੈ | ਪਰਿਵਾਰ ਬਿਨਾਂ ਘਰ ਦੀ ਕੋਈ ਹੋਂਦ ਨਹੀਂ ਅਤੇ ਘਰ ਬਿਨਾਂ ਪਰਿਵਾਰ ਦਾ ਕੋਈ ਟਿਕਾਣਾ ਨਹੀਂ | ਪਰਿਵਾਰ ਘੱਟੋ-ਘੱਟ ਤਿੰਨ ਪੀੜ੍ਹੀਆਂ ਦਾ ਸਮੂਹ ਹੁੰਦਾ ਹੈ |
• ਸਿਆਣਿਆਂ ਦਾ ਕਹਿਣਾ ਹੈ ਕਿ ਭਾਵੇਂ ਅੱਜ ਅਸੀਂ ਪੰਜਾਬੀ ਦੁਨੀਆ 'ਚ ਖਿਲਰ ਰਹੇ ਹਾਂ ਪਰ ਸਾਡੇ ਘਰ ਟੁੱਟ ਰਹੇ ਹਨ |
• ਪ੍ਰਸਿੱਧ ਕਹਾਵਤਾਂ ਹਨ:
ਈਸਟ ਆਰ ਵੈਸਟ, ਹੋਮ ਇਜ਼ ਦੀ ਬੈਸਟ |
ਜੋ ਸੁੱਖ ਛੱਜੂ ਦੇ ਚਬਾਰੇ, ਉਹ ਨਾ ਬਲਖ ਨਾ ਬੁਖਾਰੇ |
• ਸੌ ਆਦਮੀ ਮਿਲ ਕੇ ਛਾਉਣੀ ਬਣਾ ਸਕਦੇ ਹਨ ਪਰ ਘਰ ਬਣਾਉਣ ਲਈ ਇਕ ਔਰਤ ਦੀ ਲੋੜ ਹੁੰਦੀ ਹੈ |
• ਪੰਜਾਬੀ ਦੇ ਕਿਸੇ ਸ਼ਾਇਰ ਨੇ 'ਘਰ' ਬਾਰੇ ਇੰਜ ਲਿਖਿਆ ਹੈ:
ਪਿਆਰ-ਮੁਹੱਬਤ ਏਕੇ ਤੇ ਵਿਸ਼ਵਾਸ ਭਰੇ ਜੋ ਘਰ ਹੁੰਦੇ ਨੇ,
ਅਰਸ਼ਾਂ ਤੇ ਉਡਣ ਲਈ ਅਸਲ 'ਚ ਬੰਦੇ ਦੇ ਉਹ ਪਰ ਹੁੰਦੇ ਨੇ |
ਚੁੱਪ-ਚੁੱਪ ਰਹਿਣਾ, ਧੁਖਦੇ ਰਹਿਣਾ, ਲੋਅ ਅਖਰਾਂ ਦੀ ਵੰਡਦੇ ਰਹਿਣਾ,
ਇਕ ਸ਼ਾਇਰ ਨੂੰ ਜਨਮ-ਜਾਤ ਹੀ, ਮਿਲੇ ਇਹ ਤਿੰਨੇ ਵਰ ਹੁੰਦੇ ਹਨ |
• ਹਰ ਘਰ ਇਕ ਸਕੂਲ ਹੁੰਦਾ ਹੈ ਤੇ ਮਾਤਾ-ਪਿਤਾ ਅਧਿਆਪਕ ਹੁੰਦੇ ਹਨ, ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਦੀ ਬੁਨਿਆਦ ਘਰ ਹੈ |
• ਆਪਣਾ ਘਰ ਉਹੀ ਹੁੰਦਾ ਹੈ ਜੋ ਆਪਣੀ ਨੇਕ ਕਮਾਈ ਨਾਲ ਬਣਾਇਆ ਹੁੰਦਾ ਹੈ ਅਤੇ ਜਿਥੇ ਤੁਹਾਡੀ ਮੇਰ ਹੁੰਦੀ ਹੈ |
• ਘਰ ਮਹਿਮਾਨਾਂ ਦੀ ਆਮਦ ਤੇ ਰਿਸ਼ਤੇਦਾਰਾਂ ਦੇ ਮੇਲ-ਮਿਲਾਪ ਨਾਲ ਹੀ ਮਹਿਕਦਾ ਹੈ | ਆਂਢ-ਗੁਆਂਢ ਦਾ ਵਰਤ ਵਰਤਾਓ ਘਰ ਨੂੰ ਸਕੂਨ ਪ੍ਰਦਾਨ ਕਰਦਾ ਹੈ |
• ਜਿਸ ਘਰ ਵਿਚ ਕੋਈ ਨਹੀਂ ਰਹਿੰਦਾ, ਉਸ ਵਿਚ ਚਮਗਾਦੜ ਬਸੇਰਾ ਕਰ ਲੈੈਂਦੇ ਹਨ |
• ਜੇ ਘਰ, ਘਰ ਹੈ ਤਾਂ ਜੀਵਨ, ਜੀਵਨ ਹੈ, ਨਹੀਂ ਤਾਂ ਇਹ ਦੁਨੀਆ ਚਲੋ ਚਲੀ ਦਾ ਮੇਲਾ ਬਣ ਕੇ ਰਹਿ ਜਾਂਦਾ ਹੈ |
• ਜਿਸ ਘਰ ਵਿਚ ਰਹਿੰਦੇ ਹੋ, ਉਸ ਨੂੰ ਬੰਗਲਾ ਸਮਝੋ, ਕਿਉਂਕਿ ਘਰ ਛੋਟਾ ਹੋਵੇ ਜਾਂ ਵੱਡਾ ਪਰ ਘਰ ਹੀ ਹੁੰਦਾ ਹੈ, ਨਹੀਂ ਤਾਂ ਨਰਕ ਬਣਨ ਵਿਚ ਦੇਰ ਨਹੀਂ ਲਗਦੀ |
• ਚੰਗੇ ਮਾਰਗ ਤੇ ਹਰ ਵਿਅਕਤੀ ਨਹੀਂ ਜਾਂਦਾ ਪਰ ਬੁਰੇ ਮਾਰਗ 'ਤੇ ਬਹੁਤੇ ਜਾਂਦੇ ਹਨ | ਜਿਵੇਂ ਦਾਰੂ ਵੇਚਣ ਵਾਲਾ ਕਿਤੇ ਨਹੀਂ ਜਾਂਦਾ ਪਰ ਦੁੱਧ ਵੇਚਣ ਵਾਲੇ ਨੂੰ ਘਰ-ਘਰ ਜਾਣਾ ਪੈਂਦਾ ਹੈ |
• ਜੇਕਰ ਪਿਆਰ ਨਹੀਂ, ਸਾਂਝ ਨਹੀਂ ਤਾਂ ਚਾਰ ਕਿੱਲਿਆਂ ਵਿਚ ਬਣਿਆ ਮਕਾਨ ਵੀ ਖੰਡਰ ਹੈ, ਜਿਥੇ ਮੁਹੱਬਤ ਹੈ, ਆਪਣਾਪਨ ਹੈ, ਉਥੇ ਮਿੱਟੀ ਤੋਂ ਬਣੇ ਦੋ ਕੱਚੇ ਕਮਰੇ ਵੀ ਘਰ ਹੁੰਦੇ ਹਨ |
• ਸਹੁਰੇ ਤੇ ਪੇਕੇ ਕੁੜੀਆਂ ਦੇ ਘਰ ਹੁੰਦੇ ਹਨ | ਇਨ੍ਹਾਂ ਤੋਂ ਬਿਨਾਂ ਇਹ ਘਰ ਸੋਭਦੇ ਨਹੀਂ | ਇਹ ਇਨ੍ਹਾਂ ਘਰਾਂ ਦੀ ਸ਼ੋਭਾ ਹੁੰਦੀਆਂ ਹਨ | ਸਿਆਣੀਆਂ ਕੁੜੀਆਂ ਆਪਣੀ ਸੂਝ-ਬੂਝ ਨਾਲ ਇਨ੍ਹਾਂ ਘਰਾਂ ਨੂੰ ਸਵਰਗ ਵਰਗਾ ਬਣਾ ਦਿੰਦੀਆਂ ਹਨ |
• ਕਿਸੇ ਦੇ ਘਰ ਠਹਿਰਨਾ ਵੀ ਤਾਂ ਹੀ ਚੰਗਾ ਲਗਦਾ ਹੈ, ਜੇਕਰ ਅਗਲਾ ਤੁਹਾਡੇ ਠਹਿਰਨ ਵਿਚ ਅੰਦਰੋਂ ਖੁਸ਼ੀ ਮਹਿਸੂਸ ਕਰੇ | ਅਜਿਹਾ ਨਾ ਹੋਵੇ ਕਿ ਘਰ ਵਾਲਿਆਂ ਦੀ ਸਲਾਹ ਨਹੀਂ ਪਰ ਪ੍ਰਾਹੁਣੇ ਕਹਿੰਦੇ ਐ ਕਿ ਦੋ-ਦੋ ਪੈ ਜਾਵਾਂਗੇ |
• ਬੇਗਾਨੇ ਘਰ ਵਿਚ ਰਹਿਣਾ ਬੜਾ ਦੁਖਦਾਈ ਕੰਮ ਹੁੰਦਾ ਹੈ | ਦੁਨੀਆ ਵਿਚ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ | ਫਰੀਦ ਜੀ ਨੇ ਵੀ ਇਸ ਬਾਰੇ ਕਿਹਾ ਹੈ :
ਫਰੀਦਾ ਬਾਰਿ ਪਰਾਏ ਬੈਸਣਾ,
ਸਾਈ ਮੁਝੇ ਨਾ ਦੇਹਿ¨
ਜੇ ਤੂ ਏਵੇਂ ਰਖਸੀ ਜੀਓ ਸਰੀਰਹੁ ਲੇਹਿ¨

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਨਲਾਇਕੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਬਣਨ ਤੋਂ ਬਾਅਦ ਉਸ ਦਾ ਸਕੂਲ ਵਿਚ ਤੀਜਾ ਗੇੜਾ ਸੀ | ਦਫਤਰ ਜਾਣ ਤੋਂ ਪਹਿਲਾਂ ਇਕ ਭਰਵਾਂ ਗਲਾਸ ਵਿਸਕੀ ਪੀਣ ਨੂੰ ਉਹ ਚਾਹ ਦੀ ਪਿਆਲੀ ਹੀ ਸਮਝਦਾ ਸੀ |
ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਮੂਹ ਵਿਦਿਆਰਥੀਆਂ ਨੂੰ ਕਤਾਰਾਂ ਵਿਚ ਬੈਠਾਇਆ ਹੋਇਆ ਸੀ | ਅਨੁਸ਼ਾਸਨ ਕਾਇਮ ਰੱਖਣ ਵਾਸਤੇ ਅਧਿਆਪਕ ਉਨ੍ਹਾਂ ਦੇ ਨੇੜੇ ਖੜ੍ਹੇ ਹੋਏ ਸਨ |
ਅਧਿਕਾਰੀ ਨੇ ਆਉਂਦਿਆਂ ਸਾਰ ਹੀ ਮਾਈਕ ਫੜ ਲਿਆ ਤੇ ਚਾਰ ਕੁ ਸੰਬੋਧਨੀ ਸ਼ਬਦਾਂ ਤੋਂ ਬਾਅਦ ਬੋਲਿਆ, 'ਜਿਹੜੇ ਸਾਲ ਮੈਂ ਇਥੋਂ ਦਸਵੀਂ ਪਾਸ ਕੀਤੀ, ਉਸ ਸਾਲ ਬਹੁਤ ਹਨੇਰੀ ਆਈ ਤੇ ਭਾਰੇ ਮੀਂਹ ਪਏ ਸਨ | ਲੋਕਾਂ ਦਾ ਬਾਲਣ ਭਿੱਜ ਗਿਆ ਸੀ | ਉਦੋਂ ਗਰਮੀ ਵੀ ਬਹੁਤ ਪੈਂਦੀ ਹੁੰਦੀ ਸੀ... ਉਦੋਂ ਅਸੀਂ ਬੜੀਆਂ ਮੌਜਾਂ ਕਰਦੇ ਹੁੰਦੇ ਸਾਂ... |
ਉਹ ਕਿੰਨੀ ਸਾਰੀ ਦੇਰ ਵਿਦਿਆ ਨਾਲ ਗ਼ੈਰ-ਸਬੰਧਿਤ ਇਧਰ-ਉਧਰ ਦੀਆਂ ਗੱਲਾਂ ਮਾਰ ਕੇ ਆਪਣਾ ਭਾਸ਼ਣ ਸਮਾਪਤ ਕਰਨ ਹੀ ਲੱਗਾ ਸੀ ਕਿ ਉਸ ਦਾ ਦਸਵੀਂ 'ਚ ਜਮਾਤੀ ਰਿਹਾ ਪਰ ਨਵਾਂ ਪਦ-ਉਨਤ ਹੋਇਆ ਪਿੰ੍ਰਸੀਪਲ ਬੋਲਿਆ, 'ਡੀ.ਈ.ਓ. ਸਾਹਿਬ | ਇਹ ਦਸਵੀਂ ਪਾਸ ਕਰਨ ਵਾਲੀਆਂ ਗੱਲਾਂ ਇਥੇ ਤੀਜੀ ਵਾਰ ਸੁਣਾ ਰਹੇ ਹੋ | ਕੋਈ ਕਾਲਜ ਜਾਂ ਯੂਨੀਵਰਸਿਟੀ ਦੀ ਗੱਲ ਵੀ ਸੁਣਾ ਦਿਓ |'
ਅਧਿਕਾਰੀ ਨੂੰ ਪਿੰ੍ਰਸੀਪਲ ਦੇ ਵਿਅੰਗ ਦੀ ਸਮਝ ਨਹੀਂ ਸੀ ਪਈ | ਉਹ ਬੋਲਿਆ, 'ਦਸਵੀਂ ਪਾਸ ਕਰਨ ਤੋਂ ਬਾਅਦ ਟੀਚਰ ਲੱਗ ਗਿਆ | ਫਿਰ ਪਿੰ੍ਰਸੀਪਲ ਬਣ ਗਿਆ | ਹੁਣ ਡੀ.ਓ. ਹਾਂ | ਇਹ ਸਭ ਸਰਕਾਰ ਦੀ ਮਿਹਰਬਾਨੀ ਐ |'
'ਸਰਕਾਰ ਦੀ ਮਿਹਰਬਾਨੀ ਨਹੀਂ, ਨਲਾਇਕੀ ਆਖੋ, ਜਿਸ ਨੇ ਅਧਪੜ੍ਹਾਂ ਜਿਹੀਆਂ ਨੂੰ ਉੱਚੇ ਅਹੁਦਿਆਂ 'ਤੇ ਬੈਠਾਇਆ ਹੋਇਆ ਹੈ |'
ਪਿੰ੍ਰਸੀਪਲ ਦੀ ਉੱਚੀ ਆਵਾਜ਼ ਵਿਚ ਆਖੀ ਹੋਈ ਗੱਲ ਸੁਣ ਕੇ ਅਧਿਆਪਕ ਤੇ ਵਿਦਿਆਰਥੀ ਤਾੜੀ ਮਾਰ ਕੇ ਹੱਸ ਪਏ ਸਨ |...ਤੇ ਅਧਿਕਾਰੀ ਆਪਣੀ ਕਾਰ ਵੱਲ ਨੂੰ ਤੁਰ ਪਿਆ ਸੀ |

-ਅਮਰ 'ਸੂਫ਼ੀ'
ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 98555-43660.

ਫ਼ੈਸਲਾ
ਤਿੰਨ ਮਹੀਨੇ ਪਹਿਲਾਂ ਮੇਰੇ ਵੱਡੇ ਭਰਾ ਦੀ ਵੱਡੀ ਕੁੜੀ ਤੇ ਮੇਰੇ ਚਾਚੇ ਦੀ ਨੂੰ ਹ ਆਪਸ ਵਿਚ ਝਗੜ ਪਈਆਂ | ਝਗੜਾ ਏਨਾ ਵਧ ਗਿਆ ਕਿ ਇਕ-ਦੂਜੇ ਨੂੰ ਕਦੇ ਨਾ ਬੁਲਾਉਣ ਤੱਕ ਦੀ ਨੌਬਤ ਆ ਗਈ | ਕੁਝ ਦਿਨ ਪਹਿਲਾਂ ਮੇਰੇ ਮਾਤਾ ਜੀ ਕੁਝ ਸਮਾਂ ਬਿਮਾਰ ਰਹਿਣ ਪਿਛੋਂ ਸਾਥੋਂ ਵਿਛੜ ਗਏ ਸਨ | ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਘਰ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਣਾ ਸੀ | ਮੈਂ ਆਪਣੇ ਚਾਚੇ ਦੇ ਘਰ ਗਿਆ ਤੇ ਆਖਿਆ, 'ਚਾਚਾ ਜੀ, ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਲਈ ਘਰ 'ਚ ਸੁਖਮਨੀ ਸਾਹਿਬ ਦਾ ਪਾਠ ਕਰਵਾਣਾ ਆ | ਤੁਸੀਂ ਗਿਆਰਾਂ ਕੁ ਵਜੇ ਘਰ ਪਹੁੰਚ ਜਾਇਓ |'
'ਪਾਠ 'ਚ ਮੈਂ ਪਹੁੰਚ ਤਾਂ ਜਾਊਾਗਾ ਪਰ ਮੇਰੀ ਇਕ ਸ਼ਰਤ ਆ', ਚਾਚੇ ਨੇ ਆਖਿਆ |
'ਉਹ ਕਿਹੜੀ?' ਮੈਂ ਹੈਰਾਨੀ ਨਾਲ ਪੁੱਛਿਆ |
'ਪਹਿਲਾਂ ਆਪਣੇ ਵੱਡੇ ਭਰਾ ਨੂੰ ਇਸ ਪਾਠ 'ਚ ਸ਼ਾਮਿਲ ਹੋਣ ਤੋਂ ਰੋਕੋ |'
'ਦੇਖੋ ਚਾਚਾ ਜੀ, ਅਸੀਂ ਚਾਰੇ ਭਰਾਵਾਂ ਨੇ ਇਹ ਫੈਸਲਾ ਕੀਤਾ ਹੋਇਐ ਕਿ ਅਸੀਂ ਹਰ ਹਾਲਤ 'ਚ 'ਕੱਠੇ ਰਹਾਂਗੇ, ਚਾਹੇ ਕੁਝ ਵੀ ਹੋਵੇ | ਹੁਣ ਤੁਸੀਂ ਹੀ ਦੱਸੋ, ਮੈਂ ਚਾਰੇ ਭਰਾਵਾਂ ਦੇ ਫੈਸਲੇ ਨੂੰ ਕਿੱਦਾਂ ਨਾ ਮੰਨਾਂ?'
'ਫਿਰ ਮੈਂ ਪਾਠ 'ਚ ਨਹੀਂ ਆ ਸਕਦਾ |'
'ਜਿਵੇਂ ਤੁਹਾਡੀ ਮਰਜ਼ੀ', ਕਹਿ ਕੇ ਮੈਂ ਚਾਚੇ ਦੇ ਘਰ ਤੋਂ ਬਾਹਰ ਆ ਗਿਆ, ਪਰ ਮੇਰੇ ਮਨ ਨੂੰ ਇਹ ਤਸੱਲੀ ਸੀ ਕਿ ਮੈਂ ਚਾਰੇ ਭਰਾਵਾਂ ਦੇ ਫੈਸਲੇ ਨੂੰ ਆਂਚ ਨਹੀਂ ਆਣ ਦਿੱਤੀ |

-ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ: ਰੱਕੜਾਂ ਢਾਹਾ, ਸ਼. ਭ. ਸ. ਨਗਰ |
ਮੋਬਾਈਲ : 99158-03554.

ਮੌਕਾਪ੍ਰਸਤੀ ਦੀ ਅੱਗ
ਉਸ ਨੂੰ ਝੋਨੇ ਦੀ ਫ਼ਸਲ ਦਾ ਕੰਮ ਨਿਬੇੜਨ ਦੀ ਕਾਹਲੀ ਸੀ, ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਹੋ ਸਕੇ | ਇਸੇ ਕਰਕੇ ਉਹ ਕੱਚਾ-ਪੱਕਾ ਝੋਨਾ ਵੱਢ ਆਪਣੀ ਰਾਜਸੀ ਪਹੁੰਚ ਕਰਕੇ ਮੰਡੀ ਵੇਚ ਆਇਆ | ਹੁਣ ਉਸ ਨੇ ਸੋਚਿਆ 'ਜੇ ਪਰਾਲੀ ਵੱਢੀ ਵਾਹੀ ਤਾਂ ਕਣਕ ਬੀਜਣੀ ਹੋਰ ਪਛੇਤੀ ਹੋਜੂਗੀ' | ਫੇਰ ਕੁਝ ਸੋਚ ਕੇ ਆਪ ਮੁਹਾਰੇ ਬੋਲਿਆ 'ਲਾ ਦਿਉ ਅੱਗ ਨਬੇੜੋ ਯੱਭ' ਤੇ ਫੇਰ ਪਰਾਲੀ ਨੂੰ ਤੀਲੀ ਲਾ ਕੇ ਅੱਗ ਲਾ ਦਿੱਤੀ, ਪਰਾਲੀ ਦੇ ਨਾਲ-ਨਾਲ ਲੱਖਾਂ ਜੀਵ ਜੰਤੂ ਸੜ ਕੇ ਸੁਆਹ ਹੋ ਗਏ | ਚਾਰੇ ਪਾਸੇ ਫੈਲੇ ਧੂੰਏਾ ਹੀ ਧੂੰਏਾ ਨੇ ਵਾਤਾਵਰਨ ਮਿੰਟਾਂ 'ਚ ਪ੍ਰਦੂਸ਼ਿਤ ਕਰ ਦਿੱਤਾ | ਤੰਗਲੀ ਦੇ ਵਹੇਂ 'ਤੇ ਕੂਹਣੀ ਰੱਖੀ ਉਹ ਸੋਚ ਰਿਹਾ ਸੀ 'ਹੁਣ ਕਣਕ ਦੀ ਬਿਜਾਈ ਪਛੇਤੀ 'ਨੀ ਹੁੰਦੀ' |
ਦੂਸਰੇ ਪਾਸੇ ਚੋਣਾਂ ਦਾ ਬਿਗਲ ਵੱਜ ਚੁੱਕਾ ਸੀ, ਉਸ ਨੇ ਆਪਣੇ ਸਮਰਥਕਾਂ ਨੂੰ ਕਿਹਾ 'ਇਸ ਵਾਰ ਵੀ ਹਰ ਹਾਲਤ 'ਚ ਚੋਣਾਂ ਜਿੱਤਣੀਆਂ ਨੇ' | ਸਮਰਥਕਾਂ ਨੇ ਪਾਰਟੀ ਦੀ ਲੋਕਾਂ ਵਿਚ ਗਿਰਦੀ ਜਾ ਰਹੀ ਸਾਖ ਵਾਰੇ ਫਿਕਰ ਜਤਾਇਆ | ਉਹ ਸੋਚਣ ਲੱਗਾ ਤੇ ਫੇਰ ਉੱਚੀ ਉੱਚੀ ਹੱਸਦਾ ਕਹਿ ਰਿਹਾ ਸੀ 'ਲਾ ਦਿਉ ਅੱਗ ਪਾ ਦਿਉ ਯੱਭ' | ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਅੱਗ ਲਾ ਦਿੱਤੀ | ਦੇਖਦੇ ਹੀ ਦੇਖਦੇ ਦਿਲਾਂ 'ਚ ਨਫ਼ਰਤ ਅਤੇ ਬਦਲੇ ਦੀ ਭਾਵਨਾ ਦੇ ਭਾਂਬੜ ਬਲਣ ਲੱਗੇ | ਹੁਣ ਉਹ ਟੀ. ਵੀ. 'ਤੇ ਚਲਦੇ ਬਰੇਕਿੰਗ ਨਿਊਜ਼ ਦੇਖ ਕੇ ਕਿਆਸੇ ਲਾ ਰਿਹਾ ਸੀ ਤੇ ਹਾਰ ਦਾ ਡਰ ਉਡਦਾ ਗਿਆ |
ਦੋਵੇਂ ਪਾਸੇ ਮੌਕਾਪ੍ਰਸਤੀ ਦੀ ਅੱਗ ਲੱਗ ਚੁੱਕੀ ਸੀ, ਇਕ ਨਾਲ ਵਾਤਾਵਰਤਨ ਪ੍ਰਦੂਸ਼ਿਤ ਹੋ ਕੇ ਅਸਮਾਨ ਕਾਲਾ ਹੋ ਗਿਆ ਸੀ ਤੇ ਦੂਜੀ ਅੱਗ ਨੇ ਆਪਣਿਆਂ ਦੇ ਲਹੂ ਨਾਲ ਧਰਤੀ ਦਾ ਰੰਗ ਲਾਲ ਕਰ ਦਿੱਤਾ ਸੀ |

-ਜਸਵਿੰਦਰ ਛਿੰਦਾ ਦੇਹੜਕੇ
ਮੋਬਾਈਲ : 9872193320

ਮੀਂਹ ਹਨੇਰੀ
ਘਰ ਦੀ ਸੁੱਖ-ਸ਼ਾਂਤੀ ਲਈ ਉਨ੍ਹਾਂ ਹਵਨ ਯੱਗ ਕਰਾਉਣ ਲਈ ਵਿਚਾਰ ਕੀਤਾ | ਬੜੇ ਮਾਣ-ਸਤਿਕਾਰ ਨਾਲ ਪੰਡਿਤ ਜੀ ਨੂੰ ਘਰ ਲਿਆਂਦਾ | ਚਾਹ-ਪਾਣੀ ਪੀਣ ਉਪਰੰਤ ਪੁੱਛਿਆ | ਆਪਣੇ ਪ੍ਰੋਗਰਾਮ ਲਈ ਕਿਹੜਾ ਦਿਨ ਸ਼ੱੁਭ ਰਹੇਗਾ |
ਪੰਡਿਤ ਜੀ ਨੇ ਕੁੜਤੇ ਦੇ ਖੀਸੇ ਵਿਚੋਂ ਮਹਿੰਗੇ ਮੁੱਲ ਦਾ ਮੋਬਾਈਲ ਫੋਨ ਕੱਢਿਆ ਤੇ ਉਂਗਲਾਂ ਨਾਲ ਝਰੀਟਾਂ ਮਾਰਦੇ ਹੋਏ ਬੋਲੇ, 'ਦਿਨ ਤਾਂ ਸ਼ੁੱਕਰਵਾਰ ਠੀਕ ਸੀ ਪਰ ਹੁਣ ਹਵਨ ਯੱਗ ਵੀਰਵਾਰ ਨੂੰ ਕਰਨਾ ਪਵੇਗਾ |'
ਪਰਿਵਾਰ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਵੀਰਵਾਰ ਨੂੰ ਕਿਉਂ? ਕੀ ਸ਼ੁੱਕਰਵਾਰ ਨੂੰ ਕੋਈ ਰਾਹੂ-ਕੇਤੂ ਦਾ ਖ਼ਤਰਾ ਹੈ |
ਪੰਡਿਤ ਜੀ ਮੁਸਕਰਾਉਂਦੇ ਹੋਏ ਬੋਲੇ, ਰਾਹੂ-ਕੇਤੂ ਦਾ ਕੋਈ ਖਤਰਾ ਨਹੀਂ, ਪਰ ਨੈੱਟ ਮੀਂਹ ਹਨੇਰੀ ਦਾ ਖ਼ਤਰਾ ਦਸ ਰਿਹਾ ਹੈ |

-ਦਵਿੰਦਰਜੀਤ ਬੁਜਰਗ
ਪਿੰਡ ਬੁਜਰਗ, ਸਾਹਿਤ ਸਭਾ, ਜਗਰਾਉਂ |
ਮੋਬਾਈਲ : 98551-27254.

ਕਾਲਜੇ ਦੀ ਅੱਗ
'ਚਾਚੀ... ਚਾਚੀ... ਸ਼ਿੰਦੋ ਨੇ ਲਗਾਤਾਰ ਦੋ-ਤਿੰਨ ਆਵਾਜ਼ਾਂ ਮਾਰੀਆਂ | ਕੋਈ ਜਵਾਬ ਨਾ ਮਿਲਣ 'ਤੇ ਸ਼ਿੰਦੋ ਨੇ ਹੋਰ ਉੱਚੀ ਆਖਿਆ, 'ਘਰੇ ਈ ਐਾ ਚਾਚੀ' ਤੇ ਅੱਗੇ ਲੰਘ ਕੇ ਵਿਹੜੇ 'ਚ ਤੁਰੀ ਆਉਂਦੀ ਦੀ ਨਿਗ੍ਹਾ ਚੁੱਲ੍ਹੇ ਮੂਹਰੇ ਬੈਠੀ ਕਰਨੈਲ ਕੌਰ 'ਤੇ ਪਈ |
'ਆ ਜਾ ਧੀਏ ਲੰਘਿਆ' ਆਟੇ ਵਾਲੇ ਹੱਥਾਂ ਨਾਲ ਭਿੱਜੀਆਂ ਅੱਖਾਂ ਪੂੰਝਦੀ ਕਰਨੈਲ ਕੌਰ ਹੌਲੀ ਜਿਹੀ ਬੋਲੀ |
ਜਦੋਂ ਦਾ ਕਰਨੈਲ ਕੌਰ ਦਾ ਜਵਾਨ ਪੁੱਤ ਨਸ਼ੇ ਦੀ ਭੇਟ ਚੜਿ੍ਹਆ ਸੀ, ਸ਼ਿੰਦੋ ਅਕਸਰ ਕੰਮ-ਧੰਦਾ ਨਬੇੜ ਕੇ ਕਰਨੈਲ ਕੌਰ ਕੋਲ ਆ ਜਾਂਦੀ ਤੇ ਬੀਤੇ ਨੂੰ ਭੁੱਲ ਜਾਣ ਦੀਆਂ ਗੱਲਾਂ ਕਹਿੰਦੀ ਰਹਿੰਦੀ | ਉਹ ਅੱਜ ਵੀ ਕਰਨੈਲ ਕੌਰ ਦੀ ਆਵਾਜ਼ ਤੋਂ ਸਮਝ ਗਈ ਸੀ ਕਿ ਉਹ ਰੋਟੀ ਬਣਾਉਂਦੀ ਰੋ ਰਹੀ ਹੈ | ਅਚਾਨਕ ਤੁਰੀ ਆਉਂਦੀ ਦਾ ਧਿਆਨ ਕਰਨੈਲ ਕੌਰ ਦੀ ਚੰੁਨੀ ਵੱਲ ਗਿਆ, ਜਿਸ ਦੇ ਲੜ 'ਤੇ ਅੱਗ ਲੱਗੀ ਪਈ ਸੀ |
'ਓ... ਹੋ ਚਾਚੀ ਤੇਰੀ ਚੰੁਨੀ ਦੇਖ ਤਾਂ ਸਹੀ...', ਸ਼ਿੰਦੋ ਨੇ ਭੱਜ ਕੇ ਦੋਵਾਂ ਹੱਥਾਂ ਨਾਲ ਫੜ ਕੇ ਚੰੁਨੀ ਦਾ ਲੜ ਮਸਲ ਦਿੱਤਾ |
'ਲੈ ਚਾਚੀ ਤੈਨੂੰ ਕਿੰਨੀ ਵਾਰ ਕਿਹੈ ਜੋ ਬੀਤ ਗਿਆ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰ, ਰੋ ਕੇ ਕਿਹੜਾ ਜਾਣ ਆਲਾ ਮੁੜ ਆਊ... ਮਚ ਗੀ ਸੀ ਅੱਜ, ਮਸਾਂ ਬੁਝਾਈ ਐ ਅੱਗ', ਸ਼ਿੰਦੋ ਨੇ ਕਰਨੈਲ ਕੌਰ ਨੂੰ ਮੋਢੇ ਤੋਂ ਹਲੂਣ ਕੇ ਕਿਹਾ |
'ਚੰੁਨੀ ਦੀ ਅੱਗ ਤਾਂ ਤੈਂ ਬੁਝਾ 'ਤੀ ਧੀਏ, ਜਿਹੜੀ ਕਾਲਜੇ 'ਚ ਮਚਦੀ ਰਹਿੰਦੀ ਐ ਉਹਨੂੰ ਕੌਣ ਬੁਝਾਊ?'
ਕਰਨੈਲ ਕੌਰ ਦੇ ਹੱਥਾਂ 'ਚੋਂ ਆਟੇ ਦਾ ਪੇੜਾ ਡਿੱਗ ਪਿਆ ਤੇ ਉਹਦੀ ਭੁੱਬ ਨਿਕਲ ਗਈ ਜਿਵੇਂ ਕਾਲਜੇ ਬਲਦੀ ਅੱਗ ਹੋਰ ਤੇਜ਼ ਹੋ ਗਈ ਹੋਵੇ |

-ਸੁਖਵਿੰਦਰ ਕੌਰ ਸਿੱਧੂ
ਮੋਬਾਈਲ : 94654-34177.

ਕਹਾਣੀ: ਮੁਤਬੰਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੀਰਾ ਨੂੰ ਆਪਣਾ ਸਾਹ ਘੁੱਟ ਹੁੰਦਾ ਮਹਿਸੂਸ ਹੋਇਆ | ਉਸਨੇ ਬੇਟੀ ਨੂੰ ਖੇਡਣ ਲਈ ਬਾਹਰ ਭੇਜ ਦਿੱਤਾ | ਉਸ ਦਾ ਜੀਅ ਕਰ ਰਿਹਾ ਸੀ ਕਿ ਜਾ ਕੇ ਅੰਕੁਰ ਦੀ ਧੌਣ ਨੱਪ ਲਵੇ ਅਤੇ ਉਦੋਂ ਤੱਕ ਉਸ ਦੀਆਂ ਰਗਾਂ ਦਬਾਉਂਦੀ ਰਹੇ ਜਦੋਂ ਤੱਕ ਉਸ ਦਾ ਦਮ ਨਾ ਨਿਕਲ ਜਾਵੇ | ਪਰ ਦਮ ਨਿਕਲਣ ਤੋਂ ਪਹਿਲਾਂ ਉਸ ਨੂੰ ਜਵਾਬ ਦੇਣਾ ਹੋਵੇਗਾ ਵਿਆਹੁਤਾ ਜੀਵਨ ਦੇ ਉਨ੍ਹਾਂ ਅੱਠ ਵਰਿ੍ਹਆਂ ਦਾ, ਜਿਨ੍ਹਾਂ ਦਾ ਇਕ-ਇਕ ਦਿਨ, ਇਕ-ਇਕ ਪਲ ਉਸ ਨੇ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਗੁਜ਼ਾਰਿਆ ਸੀ |
ਵਿਆਹ ਤੋਂ ਪਹਿਲਾਂ ਉਹ ਅੰਕੁਰ ਨੂੰ ਜਾਣਦੀ ਨਹੀਂ ਸੀ | ਮਾਪਿਆਂ ਦੀ ਚੋਣ ਸੀ ਅੰਕੁਰ, ਜਿਸ ਨੂੰ ਉਸ ਨੇ ਸੰਕੋਚ ਸਹਿਤ ਸਵੀਕਾਰ ਕਰ ਲਿਆ ਸੀ | ਉਸ ਦੇ ਨਾਲ ਲਾਵਾਂ ਲੈਣ ਤੋਂ ਪਹਿਲਾਂ ਉਸ ਨੇ ਸੱਚੇ ਦਿਲੋਂ ਖੁਦ ਨੂੰ ਅੰਕੁਰ ਦੇ ਨਾਂਅ ਕਰ ਦੇਣ ਦਾ ਨਿਸ਼ਠਾ ਕਰ ਲਿਆ ਸੀ | ਸੰਕਲਪ ਕਰ ਲਿਆ ਸੀ ਕਿ ਉਹ ਅੰਕੁਰ ਦਾ ਜੀਵਨ ਖ਼ੁਸ਼ੀਆਂ ਨਾਲ ਭਰ ਦੇਵੇਗੀ ਅਤੇ ਬੀਤੇ ਅੱਠ ਵਰਿ੍ਹਆਂ ਦੌਰਾਨ ਉਸ ਨੇ ਇਹ ਕਰ ਵੀ ਵਿਖਾਇਆ ਸੀ, ਅੱਜ ਵੀ ਕਰ ਰਹੀ ਸੀ ਪਰ ਅੱਜ... |
ਕਾਫੀ ਦੇਰ ਤੱਕ ਆਤਮ-ਮੰਥਨ ਕਰਨ ਮਗਰੋਂ ਅੰਕੁਰ ਨੇ ਆਖਿਆ,'ਅੱਜ ਦੀ ਰਾਤ ਤੂੰ ਸਾਡੇ ਗੈਸਟ ਰੂਮ ਵਿਚ ਆਰਾਮ ਕਰ | ਕੱਲ੍ਹ ਸਵੇਰੇ ਜਮਸ਼ੇਦਪੁਰ ਚੱਲਾਂਗੇ |'
'ਹੁਣ ਉਹ ਜਮਸ਼ੇਦਪੁਰ ਨਹੀਂ, ਰਾਂਚੀ ਰਹਿੰਦੇ ਹਨ |'
ਸਵਾਲੀਆ ਨਜ਼ਰਾਂ ਨਾਲ ਵੇਖਿਆ ਅੰਕੁਰ ਨੇ ਲੜਕੇ ਵੱਲ |
'ਲੰਮੀ ਕਹਾਣੀ ਹੈ | ਸੁਣਨੀ ਚਾਹੋ ਤਾਂ ਸੇਖੇਪ ਵਿਚ ਬਿਆਨ ਕਰ ਸਕਦਾ ਹਾਂ |'
'ਬੋਲ |'
'ਕੈਂਪ ਦੀ ਸਮਾਪਤੀ 'ਤੇ ਤੁਸੀਂ ਮੇਰੀ ਮਾਂ ਨੂੰ ਇਕ ਰਾਤ ਪਟਨੇ ਦੇ ਹੋਟਲ ਵਿਚ ਰੱਖਿਆ | ਉਸ ਰਾਤ ਤੁਸੀਂ ਉਨ੍ਹਾਂ ਦੀ ਕੁੱਖ ਵਿਚ ਮੈਨੂੰ ਛੱਡ ਦਿੱਤਾ | ਮਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ | ਮਜਬੂਰਨ ਉਨ੍ਹਾਂ ਆਪਣੀ ਮਾਂ ਨੂੰ ਸੂਚਨਾ ਦੇ ਦਿੱਤੀ | ਕ੍ਰੋਧੀ, ਅੜੀਅਲ, ਜ਼ਿੱਦੀ ਸੁਭਾਅ ਵਾਲੇ ਉਨ੍ਹਾਂ ਦੇ ਪਿਤਾ ਨੇ ਹਮਲ ਗਿਰਾਉਣ ਦਾ ਹੁਕਮ ਸੁਣਾ ਦਿੱਤਾ | ਮਾਂ ਨਹੀਂ ਮੰਨੀ | ਅਰਥਾਤ ਮੈਂ ਕੁੱਖ ਵਿਚ ਹੀ ਮਾਰ ਦਿੱਤੇ ਜਾਣ ਤੋਂ ਬਚ ਗਿਆ | ਮਾਂ ਘਰੋਂ ਭੱਜ ਕੇ ਆਪਣੀ ਬੇਔਲਾਦ ਵਿਧਵਾ ਮਾਸੀ ਕੋਲ ਕਲਕੱਤੇ ਚਲੇ ਗਈ | ਮਾਸੀ ਨੇ ਆਖਿਆ ਜੀਵ-ਹੱਤਿਆ ਦਾ ਪਾਪ ਨਾ ਲੈ, ਆਉਣ ਦੇ ਬੱਚੇ ਨੂੰ ਸੰਸਾਰ 'ਤੇ | ਮੇਰੇ ਨਾਨਾ-ਨਾਨੀ ਨੇ ਇਕ ਵਾਰੀ ਜੋ ਮੇਰੀ ਮਾਂ ਤੋਂ ਅੱਖਾਂ ਫੇਰੀਆਂ, ਮੁੜ ਕੇ ਉਸ ਵੱਲ ਨਹੀਂ ਵੇਖਿਆ | ਮਾਂ ਦੀ ਮਾਸੀ ਨੇ ਮਾਂ ਨੂੰ ਉਸੇ ਕੰਪਨੀ ਵਿਚ ਨੌਕਰੀ ਦਿਵਾ ਦਿੱਤੀ ਜਿਥੇ ਉਹ ਆਪ ਨੌਕਰ ਸੀ, ਅਤੇ ਜਣੇਪਾ ਵੀ ਕਰਾ ਦਿੱਤਾ |'
ਅੰਕੁਰ ਦੀ ਹਾਲਤ ਅਜਿਹੀ ਹੋ ਰਹੀ ਸੀ ਕਿ ਵੱਢੋ ਤਾਂ ਖੂਨ ਨਹੀਂ, ਡੌਰ-ਭੌਰ ਚੁੱਪਚਾਪ ਬੈਠਾ ਸੁਣਦਾ ਰਿਹਾ |
'ਯਾਨੀ ਅਸੀਂ ਸੰਸਾਰ 'ਤੇ ਆ ਗਏ | ਮਾਂ ਨੇ ਕਿਹੋ ਜਿਹੀਆਂ ਮੁਸੀਬਤਾਂ ਝੱਲ ਕੇ ਮੈਨੂੰ ਪਾਲਿਆ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ | ਫਿਰ ਮਾਂ ਦੀ ਮਾਸੀ ਵੀ ਚਲਾਣਾ ਕਰ ਗਈ | ਮਾਂ ਦਾ ਰਾਂਚੀ ਤਬਾਦਲਾ ਹੋ ਗਿਆ | ਪੰਦਰਾਂ ਦਿਨ ਪਹਿਲਾਂ ਤੱਕ ਮਾਂ ਨੇ ਮੈਨੂੰ ਕਦੀ ਇਸ ਗੱਲ ਦੀ ਭਿਣਕ ਵੀ ਨਹੀਂ ਪੈਣ ਦਿੱਤੀ ਸੀ, ਜੋ ਮੈਂ ਤੁਹਾਨੂੰ ਸੁਣਾ ਰਿਹਾ ਹਾਂ | ਹਰ ਥਾੲੀਂ ਮੇਰੇ ਪਿਤਾ ਦਾ ਨਾਂਅ ਸਵਰਗੀ ਅੰਕੁਰ ਚੌਬੇ ਲਿਖਾਉਂਦੀ ਰਹੀ ਸੀ |'
ਅੱਖਾਂ ਮੀਟੀ ਬੈਠੇ ਅੰਕੁਰ ਨੇ ਕਿਸੇ ਡੁੱਬ ਰਹੇ ਵਿਅਕਤੀ ਵਾਂਗ ਖੁਦ ਨੂੰ ਲਹਿਰਾਂ ਦੇ ਹਵਾਲੇ ਕਰ ਦਿੱਤਾ |
'ਪੰਦਰਾਂ ਦਿਨ ਪਹਿਲਾਂ ਜਦੋਂ ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਦੇ ਤੁਰ ਜਾਣ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਮਮਤਾਪੂਰਨ ਚਿੰਤਾ ਵਿਚ ਇਹ ਸੋਚ ਕੇ ਕਿ ਮੈਂ ਇਸ ਦੁਨੀਆ ਵਿਚ ਬਿਲਕੁਲ ਇਕੱਲਾ ਰਹਿ ਜਾਵਾਂਗਾ, ਮੇਰੇ ਸਾਹਮਣੇ ਆਪਣਾ ਢਿੱਡ ਫਰੋਲ ਦਿੱਤਾ | ਤੁਹਾਡਾ ਨਾਂਅ, ਪਤਾ ਵੀ ਦੱਸ ਦਿੱਤਾ | ਬੀਤੇ ਤਿੰਨ ਦਿਨ ਤੋਂ ਉਹ ਕੋਮਾ ਵਿਚ ਹਨ | ਅੰਤ ਨਿਸ਼ਚਿਤ ਹੈ | ਉਨ੍ਹਾਂ ਕੋਲ ਕਿੰਨਾ ਸਮਾਂ ਹੈ, ਕਿਹਾ ਨਹੀਂ ਜਾ ਸਕਦਾ |'
ਸੁਣ ਲਿਆ ਨੀਰਾ ਨੇ ਸਭ ਕੁਝ ਅਤੇ ਕੰਧ ਨਾਲ ਸਿਰ ਦੇ ਮਾਰਿਆ | ਮਨ ਵਿਚ ਵਿਚਾਰ ਆਇਆ ਕਿ ਦੁਪੱਟਾ ਗਲ ਵਿਚ ਪਾ ਕੇ ਪੱਖੇ ਨਾਲ ਲਟਕ ਜਾਵੇ ਅਤੇ ਆਪਣੀ ਜਾਨ ਦੇ ਦੇਵੇ | ਏਡਾ ਵੱਡਾ ਧੋਖਾ? ਏਡਾ ਵੱਡਾ ਵਿਸਾਹਘਾਤ? ਜਿਸ ਆਦਮੀ ਨੂੰ ਆਪਣਾ ਸਰੀਰ, ਆਪਣਾ ਅੰਤਰਮਨ, ਆਪਣੀ ਆਤਮਾ, ਆਪਣੀ ਨਿਸ਼ਠਾ ਸਮਰਪਿਤ ਕਰ ਦਿੱਤੀ, ਇਸ ਵਿਸ਼ਵਾਸ ਨਾਲ ਕਿ ਉਹ ਮੇਰਾ ਹੈ, ਸਿਰਫ਼ ਮੇਰਾ, ਅੱਜ ਉਸੇ ਦੀ ਨਾਜਾਇਜ਼ ਔਲਾਦ ਮੇਰੇ ਸਮਰਪਣ ਨੂੰ ਪੈਰਾਂ ਹੇਠ ਲਿਤਾੜ ਰਹੀ ਹੈ |
ਦਿਮਾਗ ਚਕਰਾ ਰਿਹਾ ਸੀ ਨੀਰਾ ਦਾ | ਇਸ ਸਮੇਂ ਉਹ ਕੁਝ ਵੀ ਕਰ ਸਕਦੀ ਸੀ | ਕਿਸੇ ਦੀ ਜਾਨ ਵੀ ਲੈ ਸਕਦੀ ਸੀ, ਆਪਣੀ ਜਾਨ ਦੇ ਵੀ ਸਕਦੀ ਸੀ | ਉਸ ਨੂੰ ਜਾਪ ਰਿਹਾ ਸੀ ਕਿ ਹੁਣੇ ਉਸ ਦੀ ਖੋਪੜੀ ਟੋਟੇ-ਟੋਟੇ ਹੋ ਜਾਵੇਗੀ ਤੇ ਉਸ ਦਾ ਦਿਮਾਗ਼ ਫਟ ਜਾਵੇਗਾ |
ਡੌਰ-ਭੌਰ ਉਹ ਉਠ ਕੇ ਬਾਥਰੂਮ ਵਿਚ ਚਲੀ ਗਈ | ਸ਼ੀਸ਼ੇ ਸਾਹਮਣੇ ਖਲੋ ਕੇ ਉਸ ਨੇ ਆਪਣੇ ਕੱਪੜੇ ਲਾਹ ਸੁੱਟੇ | ਸ਼ੀਸ਼ੇ ਵਿਚੋਂ ਦੀ ਉਸ ਨੇ ਆਪਣੇ ਅੰਗਾਂ ਵੱਲ ਵੇਖਿਆ... |
ਅੱਜ ਖਤਮ ਹੀ ਕਰ ਦਿਆਂਗੀ ਇਸ ਸਰੀਰ ਨੂੰ ਤਾਂ ਜੋ ਅੰਕਰ ਦੁਆਰਾ ਮੁੜ ਛੋਹੇ ਜਾਣ ਦੀ ਗੰੁਜਾਇਸ਼ ਹੀ ਨਾ ਰਹੇ |
ਅਚਾਨਕ ਆਦਤਵਸ ਉਸ ਨੇ ਸ਼ਾਵਰ ਚਲਾ ਦਿੱਤਾ | ਠੰਢੇ ਪਾਣੀ ਦੀ ਧਾਰ ਉਸ ਦੇ ਵਿਆਕੁਲ ਦਿਮਾਗ 'ਤੇ ਪੈਣ ਲੱਗੀ | ਦੇਰ ਤੱਕ ਖਲੋਤੀ ਰਹੀ ਉਹ ਸ਼ਾਵਰ ਦੇ ਹੇਠ | ਹੌਲੀ-ਹੌਲੀ ਦਿਮਾਗ ਦੀ ਗਰਮੀ ਸ਼ਾਂਤ ਹੋ ਗਈ |
ਉਸ ਨੇ ਪਿੰਡਾ ਪੂੰਝ ਕੇ ਕੱਪੜੇ ਪਾਏ ਅਤੇ ਸਿੱਧੀ ਡਰਾਇੰਗ ਰੂਮ ਵਿਚ ਆ ਗਈ | ਅੰਕੁਰ ਨੂੰ ਨਜ਼ਰਅੰਦਾਜ਼ ਕਰਕੇ ਉਹ ਸਿੱਧੀ ਲੜਕੇ ਨੂੰ ਮੁਖਾਤਿਬ ਹੋਈ, 'ਬੇਟਾ! ਤੂੰ ਅੱਜ ਦੀ ਰਾਤ ਹੀ ਨਹੀਂ, ਸਾਰੀ ਉਮਰ ਸਾਡੇ ਨਾਲ ਰਹਿ ਸਕਦਾ ਏਾ | ਬਸ ਇਕੋ ਸ਼ਰਤ ਹੈ ਕਿ ਤੂੰ ਮੈਨੂੰ ਮਾਂ ਆਖੇਂਗਾ | ਅੱਜ ਮੈਂ ਤੈਨੂੰ ਗੋਦ ਲੈਂਦੀ ਹਾਂ |' (ਸਮਾਪਤ)

-169, ਸੈਕਟਰ-17, ਪੰਚਕੂਲਾ-134109.

ਮਿੰਨੀ ਕਹਾਣੀਆਂ

ਸ਼ੁੱਧ ਵਿਚਾਰ
ਅਚਾਨਕ ਉਸ ਦੇ ਮੋਬਾਈਲ 'ਚ ਇਕ ਘੰਟੀ ਵੱਜੀ ਟਰਨ... ਟਰਨ... |
'ਮਨੋਹਰ ਅੰਕਲ |'
'ਹਾਂ ਜੀ |'
'ਅੰਕਲ ਤੁਹਾਡੀਆਂ ਕਹਾਣੀਆਂ ਅਖ਼ਬਾਰਾਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਹਨ | ਪੜ੍ਹਨ ਨੂੰ ਵਾਰ-ਵਾਰ ਜੀਅ ਕਰਦਾ ਹੈ, ਪੜ੍ਹ ਕੇ ਦਿਲ ਫੁਲ ਭਾਂਤੀ ਖਿੜ ਜਾਂਦਾ ਹੈ | ਮੈਂ ਉਨ੍ਹਾਂ ਦਾ ਇਕ ਹਿੰਦੀ ਅਨੁਵਾਦ ਤੁਹਾਡੀ ਸਹਿਮਤੀ ਨਾਲ ਕਰਨਾ ਚਾਹੁੰਦੀ ਹਾਂ |'
'ਭਲੇ ਲੋਕ ਨੇਕ ਕੰਮਾਂ ਲਈ ਹੋਰਾਂ ਤੋਂ ਨਹੀਂ ਪੁੱਛਦੇ | ਤੁਸੀਂ ਆਪਣੇ ਕੰਮ 'ਤੇ ਲੱਗੋ | ਜੇ ਮੇਰੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਮੈਂ ਹਰ ਸਮੇਂ ਹਾਜ਼ਰ ਹਾਂ | ਕਹੋ ਤਾਂ ਮੈਂ ਆਪਣੀ ਪੁਸਤਕ ਭੇਜਾਂ |'
'ਅੰਕਲ, ਤੁਹਾਡੀ ਮਰਜ਼ੀ, ਮੈਂ ਇਸ ਬਾਰੇ ਕੀ ਆਖਾਂ? ਤੁਸੀਂ ਤਾਂ ਵੱਡੇ ਹੋ | ਮੈਥੋਂ ਚਾਰ ਕਦਮ ਅੱਗੇ |'
'ਬੇਟਾ, ਤੂੰ ਕਿਥੋਂ ਦੀ ਰਹਿਣ ਵਾਲੀ ਹੈਾ |'
'ਅੰਕਲ, ਦੌਲਤ ਪੁਰੇ ਦੇ ਕੋਲ... |'
'ਇਥੇ ਮੇਰੀ ਪਤਨੀ ਦਾ ਛੋਟਾ ਭਰਾ ਬੈਂਕ 'ਚ ਮੈਨੇਜਰ ਦੀ ਹੈਸੀਅਤ 'ਤੇ ਬਿਰਾਜਮਾਨ ਹੈ | ਤੁਸੀਂ ਮੇਰਾ ਨਾਂਅ ਲੈ ਕੇ ਪੁਸਤਕ ਲੈ ਲੈਣਾ | ਇਸ ਪ੍ਰਕਾਰ ਉਹ ਉਸ ਦੇ ਹੱਥਾਂ 'ਚ ਚਲੇ ਗਈ |
'ਅੰਕਲ, ਅੱਜਕਲ੍ਹ ਸਾਡੇ ਘਰ ਦੀ ਮਾਲੀ ਹਾਲਤ ਬੜੀ ਕਮਜ਼ੋਰ ਹੈ, ਆਪਣੇ ਸਾਲਾ ਸਾਹਿਬ ਨੂੰ ਕਹਿ-ਸੁਣ ਤੁਸੀਂ ਸਾਡਾ ਕਰਜ਼ਾ ਮਨਜ਼ੂਰ ਕਰਵਾ ਦੇਵੋ | ਇਹ ਅਗਲੀ ਆਵਾਜ਼ ਸੀ |'
ਇਸ ਤਰ੍ਹਾਂ ਉਹ ਉਸ ਦੇ ਕਾਬੂ 'ਚ ਆ ਗਿਆ |
'ਬੰਦਾ ਮਰਦਾ ਕੀ ਨ੍ਹੀਂ ਕਰਦਾ | ਆਖ ਤਾਂ ਮੈਂ ਦੇਵਾਂਗਾ ਪਰ ਕਾਗਜ਼ੀ ਕਾਰਵਾਈ ਤਾਂ ਤੁਹਾਨੂੰ ਖੁਦ ਪੂਰੀ ਕਰਨੀ ਪਵੇਗੀ, ਜਿਸ ਦੀ ਬਿਨਾਅ 'ਤੇ... |'
'ਅੰਕਲ ਠੀਕ ਐ, ਤੁਹਾਡਾ ਕਿਹਾ ਸਿਰ ਮੱਥੇ |'
ਫਿਰ ਕੀ ਸੀ? ਇਕ ਦਿਨ ਉਸ ਦੇ ਮੰੂਹ ਦੇ ਬੋਲ ਪੂਰੇ ਹੋ ਗਏ | ਅੱਜ ਖ਼ੁਸ਼ੀ ਦੇ ਮਾਰੇ ਫੁੱਲੇ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ ਸਨ | ਮੇਰੇ ਲਈ ਇਹ ਇਕ ਮਾਣ ਦੀ ਗੱਲ ਸੀ, ਕਿਉਂਕਿ ਉਹ ਇਕ ਅੰਗਹੀਣ ਲੜਕੀ ਸੀ, ਜਿਸ ਦਾ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ਼ ਤੇ ਹਿਰਦਾ ਵਿਸ਼ਾਲ ਸੀ | ਆਪਣੇ ਵਰਗਾ, ਆਪਣੀ ਤਰ੍ਹਾਂ ਦਾ |'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266.


ਚੰਗੇ ਭਾਗਾਂ ਵਾਲੇ
ਮੈਂ ਬੱਸ ਦੀ ਮੋਹਰਲੀ ਸੀਟ 'ਤੇ ਬੈਠਾ ਸਫ਼ਰ ਕਰ ਰਿਹਾ ਸੀ | ਸਾਡੀ ਬੱਸ ਦੇ ਅੱਗੇ ਇਕ ਟਰੱਕ ਜਾ ਰਿਹਾ ਸੀ, ਜੋ ਫੱਟਿਆਂ ਦੀ ਦੂਹਰੀ ਛੱਤ ਬਣਾ ਕੇ ਹੇਠੋਂ-ਉਤੋਂ ਲੋਕਾਂ ਨਾਲ ਭਰਿਆ ਹੋਇਆ ਸੀ | ਉਹ ਲੋਕ ਢੋਲਕੀ ਤੇ ਚਿਮਟੇ ਦੀ ਤਾਲ 'ਤੇ ਭਜਨ ਗਾ ਰਹੇ ਸਨ, ਜਿਸ ਤੋਂ ਪਤਾ ਲਗਦਾ ਸੀ ਕਿ ਉਹ ਕਿਸੇ ਧਾਰਮਿਕ ਸਥਾਨ ਤੋਂ ਆਏ ਹਨ | ਮੇਰੇ ਨਾਲ ਹੀ ਇੰਜਣ ਉੱਪਰ ਬਣੀ ਸੀਟ 'ਤੇ ਬੈਠੀ ਸਵਾਰੀ ਨੇ ਸ਼ਰਧਾ ਨਾਲ ਕਿਹਾ, 'ਇਹ ਭਗਤ ਮਾਤਾ ਦੇ ਦਰਸ਼ਨ ਕਰਕੇ ਆਏ ਨੇ |' ਨਾਲ ਦੀ ਸੀਟ 'ਤੇ ਬੈਠੀ ਬਜ਼ੁਰਗ ਔਰਤ ਬੋਲੀ, 'ਚੰਗੇ ਭਾਗਾਂ ਵਾਲੇ ਹੀ ਦਰਸ਼ਨ ਕਰਦੇ ਨੇ ਮਾਤਾ ਦੇ, ਮਾਤਾ ਲੇਖੇ ਲਾਵੇ ਵਿਚਾਰਿਆਂ ਦੀ ਯਾਤਰਾ |'
ਮੇਰੇ ਵਾਲੀ ਬੱਸ ਸਵਾਰੀ ਉਤਾਰਨ ਕਰਕੇ ਘੱਟੋ-ਘੱਟ ਇਕ ਕਿਲੋਮੀਟਰ ਪਿੱਛੇ ਰਹਿ ਗਈ | ਜਦੋਂ ਬੱਸ ਨਹਿਰ ਦੇ ਪੁਲ ਕੋਲ ਗਈ ਤਾਂ ਰੁਕ ਗਈ | ਉਥੇ ਹੋਰ ਬੱਸਾਂ ਵੀ ਰੁਕੀਆਂ ਹੋਈਆਂ ਸਨ | ਲੋਕ ਨਹਿਰ ਦੁਆਲੇ ਇਕੱਠੇ ਹੋਏ ਸਨ | ਮੈਂ ਉੱਤਰ ਕੇ ਅੱਗੇ ਹੋ ਕੇ ਵੇਖਿਆ ਕਿ ਜਿਹੜਾ ਟਰੱਕ ਸਾਡੇ ਅੱਗੇ ਜਾ ਰਿਹਾ ਸੀ ਉਹ ਨਹਿਰ ਵਿਚ ਡਿੱਗ ਕੇ ਡੁੱਬ ਗਿਆ ਸੀ | ਪਾਣੀ ਤੋਂ ਬਾਹਰ ਟਰੱਕ ਦੇ ਟੂਲ ਬਾਕਸ ਦਾ ਅੱਧਾ ਹਿੱਸਾ ਹੀ ਦਿਸ ਰਿਹਾ ਸੀ, ਜਿਸ ਦੇ ਉਤੇ ਲਿਖਿਆ ਸੀ 'ਜੈ ਮਾਤਾ ਦੀ |'

-ਸੁਖਚੈਨ ਥਾਂਦੇਵਾਲਾ
7 ਨੰਬਰ, ਚੰੁਗੀ ਵਾਲੀ ਗਲੀ, ਗੁਰੂ ਅਰਜਨ ਦੇਵ ਨਗਰ, ਫਰੀਦਕੋਟ |
ਮੋਬਾਈਲ : 94639-80326.

ਵਿਕਾਸ... ਵਿਕਾਸ...

ਪ੍ਰਧਾਨ ਮੰਤਰੀ ਜੀ ਦਾ ਮੰਤਰ...?
ਵਿਕਾਸ... ਵਿਕਾਸ... ਵਿਕਾਸ... |
ਮੋਦੀ ਜੀ ਦਾ ਮੰਤਰ?
ਸਭ ਕਾ ਵਿਕਾਸ... ਪਰ੍ਹਾਂ ਕਰ 'ਹਾਥ'
ਯਾਦ ਕਰਾਂ ਦਿਆਂ... ਮੋਦੀ ਜੀ ਜਦ ਪ੍ਰਧਾਨ ਮੰਤਰੀ ਬਣੇ ਤਾਂ ਉਦੋਂ ਕਹਿੰਦੇ ਹੁੰਦੇ ਸਨ...
• ਸੌ ਕਰੋੜ ਭਾਰਤੀਆਂ ਦਾ... ਇਕ-ਦੋ ਸਾਲਾਂ ਮਗਰੋਂ
• ਸਵਾ ਸੌ ਕਰੋੜ ਭਾਰਤੀਆਂ ਦਾ.... |
ਅੱਜਕਲ੍ਹ ਬੋਲ ਨੇ...
• ਇਕ ਸੌ ਤੀਹ ਕਰੋੜ ਭਾਰਤੀਆਂ ਦਾ....
'ਵਿਕਾਸ |
ਵਧਦੀ ਆਬਾਦੀ ਦੀ 'ਵਿਕਾਸ ਦਰ' ਸ਼ਾਇਦ ਦੁਨੀਆ ਭਰ 'ਚ ਚੀਨ ਨੂੰ ਵੀ ਪਿੱਛੇ ਛੱਡ ਗਈ ਹੈ |
'ਗਰੀਬੀ ਕਹਿੰਦੀ ਹੈ ਜਿੰਨੇ ਨਿਆਣੇ ਹੋਰ ਪੈਦਾ ਕਰੋਗੇ, ਮੈਂ ਹੋਰ ਵਧਾਂਗੀ |'
ਨਿਆਣਿਆਂ ਨੂੰ ਜੰਮ-ਜੰਮ ਜੰਮੋ, ਗ਼ਰੀਬੀ ਦੀ ਰੇਖਾ ਤੋਂ ਥੱਲੇ ਹੀ ਥੱਲੇ ਚੱਲੋ |
ਗੜਬੜ ਇਹੋ ਹੈ ਕਿ ਨਿਆਣਿਆਂ ਨੂੰ ਜੰਮਦੇ ਬੰਦੇ ਨੇ... ਕਾਰਗੁਜ਼ਾਰੀ ਮਨੁੱਖ ਜਾਤ ਦੀ, ਸਾਰਾ ਸਿਹਰਾ... ਅਣਦਿਖ ਰੱਬ ਨੂੰ |
'ਰੱਬ ਦੀ ਦਾਤ ਏ ਜੀ... ਦੇਣ ਵਾਲਾ ਰੱਬ ਏ... ਭਗਵਾਨ ਦੀ ਕਿਰਪਾ ਹੋਈ ਏ... |'
'ਜੇ ਮੈਂ ਜਾਣਦੀ, ਜੱਗੇ ਨੇ ਮਰ ਜਾਣਾ, ਇਕ ਦੇ ਮੈਂ ਦੋ ਜੰਮਦੀ |'
ਸਾਰੇ ਜੰਮਣ ਵਾਲੇ 'ਜੱਗਾ' ਥੋੜ੍ਹਾ ਹੁੰਦੇ ਨੇ... ਕਈ ਲੱਲੂ-ਢੱਗੇ ਵੀ ਜੰਮ ਪੈਂਦੇ ਨੇ | ਅਕਸਰ ਜੰਮਣ ਵਾਲੀਆਂ ਸੜ-ਭੁਜ ਕੇ ਸਾਫ਼ ਐਲਾਨੀਆ ਆਖਦੀਆਂ ਹਨ, 'ਜੇ ਤੰੂ ਨਾਹੀਓਾ ਜੰਮਦਾ, ਕੀ ਫਰਕ ਪੈਣਾ ਸੀ |'
ਮੁੱਕਦੀ ਗੱਲ, ਮੁੱਦੇ ਦੀ... ਆਬਾਦੀ ਜਿੰਨੀ ਵਧੇਗੀ, ਗ਼ਰੀਬੀ ਓਨੀ ਹੀ ਵਧੇਗੀ, ਇਹ ਮਹਾਨਤਾ ਹੈ, ਇਸ ਭਾਰਤ ਵਰਸ਼ ਮਹਾਨ ਦੀ | ਆਬਾਦੀ ਦਾ ਮਤਲਬ ਸਿਰਫ਼ ਮੰੁਡੇ ਹੀ ਨਹੀਂ, ਕੁੜੀਆਂ ਵੀ ਹਨ, ਮੰੁਡੇ-ਕੁੜੀਆਂ | ਜਿਹੜੇ ਜੰਮਦੇ ਨੇ, ਉਹ ਵੱਡੇ ਵੀ ਹੁੰਦੇ ਨੇ... ਵੱਡੇ ਹੋ ਕੇ ਉਹ ਨੌਕਰੀਆਂ ਵੀ ਮੰਗਦੇ ਹਨ | ਨੌਕਰੀਆਂ ਪ੍ਰਾਈਵੇਟ ਨਹੀਂ ਸਰਕਾਰੀ ਨੌਕਰੀਆਂ | ਮੋਦੀ ਨੂੰ ਲੈ ਲਓ, ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੋ ਹੀ ਸਭ ਤੋਂ ਵੱਡਾ ਤਾਅਨਾ ਦੇ ਰਹੀਆਂ ਹਨ, ਮੋਦੀ ਨੇ ਵਾਅਦਾ ਕੀਤਾ ਸੀ, ਹਰ ਸਾਲ 2 ਕਰੋੜ ਨੌਕਰੀਆਂ ਦੇਵੇਗਾ ਨੌਜਵਾਨਾਂ ਨੂੰ ... ਕਿੱਥੇ ਗਈਆਂ ਨੌਕਰੀਆਂ? ਨੌਜਵਾਨ ਬੇਕਾਰ ਘੰੁਮ ਰਹੇ ਹਨ |
ਨਾ ਜੰਮਦੇ, ਨਾ ਘੰੁਮਦੇ |
ਇਸ ਸਮੇਂ, ਸਮੇਂ ਦੀ ਸਭ ਤੋਂ ਵੱਡੀ ਲੋੜ ਕੀ ਹੈ? ਆਬਾਦੀ, ਆਬਾਦੀ 'ਤੇ ਕੰਟਰੋਲ ਕਰੋ | ਪਹਿਲਾਂ ਸੜਕਾਂ ਦੇ ਨੇੜੇ ਕੰਧਾਂ 'ਤੇ ਲਿਖਿਆ ਹੁੰਦਾ ਸੀ:
'ਹਮ ਦੋ ਹਮਾਰੇ ਦੋ'
ਚੀਨ 'ਚ ਤਾਂ ਪਹਿਲਾਂ ਸਰਕਾਰੀ ਤੌਰ 'ਤੇ ਪਾਬੰਦੀ ਸੀ, ਸਿਰਫ਼ ਇਕ ਬੱਚਾ, ਅੱਗੋਂ ਬਚਿਆ-ਖੁਚਿਆ ਵੀ ਨਹੀਂ | ਪਰ ਅੱਜਕਲ੍ਹ ਮੋਹਲਤ 'ਦੋ' ਦੀ ਕਰ ਦਿੱਤੀ ਹੈ-
'ਹਮ ਦੋ, ਹਮਾਰੇ ਦੋ'
ਪਹਿਲਾਂ ਤਾਂ ਇਹ ਅਸ਼ੀਰਵਾਦ ਦਿੱਤਾ ਜਾਂਦਾ ਸੀ, ਲਾੜੀਆਂ ਨੂੰ 'ਦੁੱਧੀਂ ਨਹਾਓ, ਪੁਤੀਂ ਫਲੋ' ਅੱਜਕਲ੍ਹ ਵੀ ਅਸ਼ੀਰਵਾਦ ਤਾਂ ਉਹੀਓ ਪਰੰਪਰਕ ਹੈ, ਪਰ ਇਉਂ ਬਦਲ ਦੇਣਾ ਚਾਹੀਦਾ ਹੈ, 'ਖੁਸ਼ਬੂਦਾਰ ਸਾਬਣਾਂ ਨਾਲ ਨਹਾਓ, ਸ਼ੈਂਪੂਆਂ ਨਾਲ ਸਿਰ ਧੋਵੋ, ਫਲ-ਫੁਲ ਖਾਓ, ਨਿਆਣਿਆਂ 'ਤੇ ਰੋਕ ਲਗਾਓ |'
ਪਤੈ ਇਟਲੀ 'ਚ ਦੋ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਦੰਪਤੀ ਨੂੰ ਜ਼ਮੀਨ ਇਨਾਮ ਵਜੋਂ ਦਿੱਤੀ ਜਾਂਦੀ ਹੈ, ਉਥੇ ਲੋੜ ਹੈ ਆਬਾਦੀ ਵਧਾਉਣ ਦੀ, ਇਥੇ ਲੋੜ ਹੈ ਆਬਾਦੀ ਘਟਾਉਣ ਦੀ | ਭੁੱਖ, ਨੰਗ, ਗ਼ਰੀਬੀ ਇਹ ਸਭੇ ਵਧਦੀ ਆਬਾਦੀ ਕਾਰਨ ਵਿਕਾਸ ਕਰਦੇ ਹਨ, ਦੇਸ਼ ਨੂੰ ਸੱਚਮੁੱਚ ਲੋੜ ਹੈ, ਵਿਕਾਸ ਦੀ | ਮੋਦੀ ਮੰਤਰ ਹੈ, ਵਿਕਾਸ... ਵਿਕਾਸ... ਵਿਕਾਸ... |
ਜਨਤਾ ਨੂੰ ਪੁੱਛਿਆ ਜਾਂਦਾ ਹੈ, 'ਕਿਉਂ ਜੀ, ਵਿਕਾਸ ਹੋਇਆ ਹੈ?'
'ਹਾਂ ਜੀ, ਸਾਡੇ ਘਰ ਤਾਂ ਹੋਇਆ ਹੈ |' ਉਨ੍ਹਾਂ ਖੁੱਲ੍ਹ ਕੇ ਦੱਸਿਆ, ਪਹਿਲਾਂ ਸਾਡੇ ਘਰ ਚਾਰ ਧੀਆਂ ਸਨ, ਐਸ ਵਾਰ ਮੰੁਡਾ ਜੰਮਿਆ ਹੈ, ਉਹਦਾ ਨਾਂਅ ਵਿਕਾਸ ਰੱਖਿਆ ਹੈ |
ਬਾਬਾ ਰਾਮਦੇਵ ਜਿਨ੍ਹਾਂ ਦੇ ਪਤੰਜਲੀ ਉਦਯੋਗ ਨੇ ਸੱਚਮੁੱਚ ਬੜਾ ਵਿਕਾਸ ਕੀਤਾ ਹੈ—ਸਾਬਣ, ਤੇਲ, ਦੁੱਧ, ਘਿਓ, ਸ਼ੈਂਪੂ, ਦੰਤ-ਮੰਜਨ, ਟੁਥਪੇਸਟ, ਕੋਈ ਚੀਜ਼ ਨਹੀਂ ਛੱਡੀ ਰੋਜ਼ਮਰ੍ਹਾ 'ਚ ਕੰਮ ਆਉਣ ਵਾਲੀ | ਹੁਣ ਤਾਂ ਸੁੱਖ ਨਾਲ ਜੀਨਜ਼ ਪੈਂਟਾਂ ਤੇ ਕੱਪੜਿਆਂ ਦੀ ਫੈਕਟਰੀ ਵੀ ਚਾਲੂ ਕਰ ਦਿੱਤੀ ਹੈ | ਪਰ... ਬਾਬਾ ਰਾਮਦੇਵ ਨੂੰ ਵਧਦੀ ਆਬਾਦੀ 'ਤੇ ਚਿੰਤਾ ਹੈ | ਉਨ੍ਹਾਂ ਦਾ ਵੀ ਪੱਕਾ ਮਤ ਹੈ ਕਿ ਵਧਦੀ ਆਬਾਦੀ 'ਤੇ ਰੋਕ ਲਗਣੀ ਚਾਹੀਦੀ ਹੈ | ਇਕ ਸੁਝਾਓ ਉਨ੍ਹਾਂ ਦਿੱਤਾ ਹੈ ਕਿ ਜਿਨ੍ਹਾਂ-ਜਿਨ੍ਹਾਂ ਦੇ ਘਰ ਦੋ ਤੋਂ ਵੱਧ ਬੱਚੇ ਹਨ ਜਾਂ ਪੈਦਾ ਕੀਤੇ ਹਨ ਜਾਂ ਕਰਨਗੇ, ਉਨ੍ਹਾਂ ਦੇ ਵੋਟਿੰਗ ਹੱਕ ਖੋਹ ਲੈਣੇ ਚਾਹੀਦੇ ਹਨ ਤੇ ਜਿਨ੍ਹਾਂ ਨੇ ਬਾਬੇ ਵਾਂਗ ਵਿਆਹ ਨਹੀਂ ਕੀਤਾ, ਉਨ੍ਹਾਂ ਛੜਿਆਂ ਦਾ ਸਰਕਾਰੀ ਤੌਰ 'ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ | ਉਂਜ ਇਥੇ ਤਾਂ ਪਹਿਲਾਂ ਹੀ ਛੜਿਆਂ-ਛੜੀਆਂ ਦੀ ਛਹਿਬਰ ਹੈ |
'ਵੋਟ' ਦਾ ਹੱਕ ਖੋਹ ਲੈਣਾ ਚਾਹੀਦਾ ਹੈ-ਜਿਨ੍ਹਾਂ ਘਰ ਦੋ ਤੋਂ ਵੱਧ ਨਿਆਣੇ ਜੰਮਣ | ਸ਼ਾਬਾਸ਼ੇ ਲਾਲੂ ਪ੍ਰਸਾਦ ਯਾਦਵ, ਜਿਊਾਦੀ ਮਿਸਾਲ ਹੈ:
ਹਮ ਦੋ, ਹਮਾਰੇ ਨੌਾ |
ਅੱਜਕਲ੍ਹ ਪੜ੍ਹਾਈ ਤੇ ਬੱਚਿਆਂ ਦੀ ਦੇਖ-ਰੇਖ ਹੀ ਐਨੀ ਮਹਿੰਗੀ ਹੈ ਕਿ ਕਿਸੇ ਦਾ ਦਿਲ ਹੀ ਨਹੀਂ ਕਰਦਾ ਕਿ ਦੋ ਤੋਂ ਵੱਧ ਨਿਆਣੇ ਪੈਦਾ ਕਰਨ | ਜ਼ਿਆਦਾ ਕਰ ਕੇ ਘੱਟ ਪੜ੍ਹੇ-ਲਿਖੇ ਤੇ ਵਿਹਲੜ ਹੀ ਇਸ ਕੰਮ 'ਚ ਰੁੱਝੇ ਹੋਏ ਹਨ |
ਇਕ ਤਾਂਘ ਹੈ, ਇਕ ਮੰੁਡਾ ਹੋ ਜਾਏ | ਮੈਂ ਜਾਣਦਾ ਹਾਂ ਇਕ ਪਰਿਵਾਰ ਨੂੰ , ਮੰੁਡੇ ਦੀ ਤਾਂਘ ਸੀ, ਇਕ ਪਿੱਛੋਂ ਇਕ ਛੇ ਧੀਆਂ ਜੰਮੀਆਂ, ਆਖਰ ਸਤਵਾਂ ਮੰੁਡਾ ਆ ਹੀ ਗਿਆ, ਬਸ ਫੁਲਸਟਾਪ |
ਬਾਬਾ ਰਾਮਦੇਵ ਨੇ ਆਬਾਦੀ ਘਟਾਉਣ ਦਾ ਸੁਝਾਓ ਦਿੱਤਾ ਹੈ | ਪਰ ਹਿੰਦੂ ਮਹਾਸਭਾ ਦੇ ਲੀਡਰਾਂ ਨੇ ਤਾਂ ਹਿੰਦੂਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਹੈ ਕਿ ਉਹ ਘੱਟੋ-ਘੱਟ ਚਾਰ ਬੱਚੇ ਜ਼ਰੂਰ ਪੈਦਾ ਕਰਨ, ਕਿਉਂਕਿ ਦੇਸ਼ 'ਚ ਮੁਸਲਮਾਨਾਂ ਦੀ ਆਬਾਦੀ ਕਈ ਗੁਣਾਂ ਵਧੀ ਹੈ | ਇਕ ਸਦੀ ਬਾਅਦ ਉਹ ਛਾ ਜਾਣਗੇ ਤੇ ਅਸੀਂ ਉਨ੍ਹਾਂ ਦੀ ਛਾਂ 'ਚ ਬੈਠਾਂਗੇ |
ਵੋਟ ਦਾ ਹੱਕ ਖੋਹ ਲਓ, ਹਜ਼ਾਰਾਂ ਮੀਆਂ-ਬੀਵੀ ਦਾ ਰੋਸ ਹੈ ਕਿ ਉਨ੍ਹਾਂ ਦੇ ਘਰ ਮਸਾਂ ਹੀ ਦੋ ਨਿਆਣੇ ਹਨ, ਪਰ ਜਦ ਵੋਟ ਪਾਉਣ ਗਏ ਤਾਂ ਵੋਟਰ ਲਿਸਟ 'ਚ ਉਨ੍ਹਾਂ ਦਾ ਨਾਂਅ ਹੀ ਨਹੀਂ |
ਪਤੈ, ਬਾਬਾ ਰਾਮਦੇਵ ਜਿਹੜੀਆਂ ਦਵਾਈਆਂ ਪਤੰਜਲੀ ਬਰਾਂਡ ਹੇਠ ਵੇਚਦਾ ਹੈ, ਉਨ੍ਹਾਂ 'ਚੋਂ ਇਕ ਦਾ ਨਾਂਅ ਹੈ 'ਪੁੱਤਰ ਬੀਜ', ਕਿੰਨਾ ਰੌਲਾ ਪਿਆ ਸੀ, ਇਸ 'ਤੇ ਕਿ ਬਾਬਾ ਆਪ ਆਬਾਦੀ ਵਧਾਉਣ ਲਈ ਏਦਾਂ ਦੀਆਂ ਦਵਾਈਆਂ ਵੇਚਦਾ ਹੈ | ਬਾਬੇ ਨੇ ਇਹ ਆਖ ਕੇ ਮਸਾਂ ਪਿੱਛਾ ਛੁਡਾਇਆ ਕਿ ਇਸ ਬੂਟੀ ਦਾ ਨਾਂਅ ਹੀ ਵੇਦਾਂ 'ਚ ਵੀ ਇਹੋ ਹੈ, ਇਸ ਦਾ 'ਪੁੱਤਰ ਜੰਮਣ' ਨਾਲ ਕੋਈ ਸਬੰਧ ਨਹੀਂ |
ਵੋਟ ਦਾ ਅਧਿਕਾਰ ਚਲਾ ਜਾਏਗਾ, ਕੀ ਇਸ ਡਰੋਂ ਲੋਕੀਂ ਦੋ ਤੋਂ ਵੱਧ ਨਿਆਣੇ ਜੰਮਣੋਂ ਡਰ ਜਾਣਗੇ?
'ਮੇਰੀ ਜੁੱਤੀ ਤੋਂ |'

ਘਰ

• ਪਰਿਵਾਰ ਇਕ ਬਗੀਚੀ ਵਾਂਗ ਹੁੰਦਾ ਹੈ ਅਤੇ ਔਰਤ ਇਸ ਦਾ ਮਾਲੀ ਹੁੰਦੀ ਹੈ | ਪਰਿਵਾਰ ਤੇ ਘਰ ਇਨਸਾਨ ਦੀ ਜ਼ਿੰਦਗੀ ਦਾ ਉਹ ਅਟੁੱਟ ਅੰਗ ਹੈ, ਜੋ ਉਸ ਦੇ ਜੀਵਨ ਵਿਚ ਅਹਿਮ ਸਥਾਨ ਰੱਖਦਾ ਹੈ | ਘਰ ਕਦੇ ਵੀ ਪਰਿਵਾਰ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਪਰਿਵਾਰ ਕਦੇ ਵੀ ਮੋਹ-ਪਿਆਰ, ਆਪਸੀ ਸਾਂਝ ਅਤੇ ਰਿਸ਼ਤਿਆਂ ਦੇ ਨਿੱਘ ਤੋਂ ਬਿਨਾਂ ਨਹੀਂ ਹੋ ਸਕਦਾ |
• ਘਰ ਉਹ ਥਾਂ ਹੈ ਜਿਥੇ ਮਨੁੱਖ ਦੇ ਪਿਆਰ ਤੇ ਸੱਧਰਾਂ ਪਲਦੀਆਂ ਹਨ |
• ਘਰ ਉਹ ਥਾਂ ਹੈ ਜਿਥੇ ਪਿਆਰ, ਖ਼ੁਸ਼ੀ ਤੇ ਸ਼ਾਂਤੀ ਹੁੰਦੀ ਹੈ ਤੇ ਜਿਥੇ ਮਿੱਤਰ ਤੇ ਰਿਸ਼ਤੇਦਾਰ ਰਲ ਮਿਲ ਕੇ ਹੱਸਦੇ ਤੇ ਆਨੰਦ ਮਾਣਦੇ ਹਨ |
• ਪ੍ਰੇਮ ਅਤੇ ਮਿਲਾਪ ਨੂੰ ਘਰ ਕਿਹਾ ਜਾਂਦਾ ਹੈ ਨਾ ਕਿ ਝਗੜੇ ਤੇ ਲੜਾਈ ਨੂੰ | ਘਰ ਦੀ ਖਟਪਟੀ ਸੁਖੀ ਘਰ ਨੂੰ ਵੀ ਨਰਕ ਬਣਾ ਦਿੰਦੀ ਹੈ |
• ਆਪਣੀ ਔਰਤ ਬਿਨਾਂ ਘਰ ਦੇ ਅਰਥ ਹੀ ਬਦਲ ਜਾਂਦੇ ਹਨ ਅਤੇ ਆਦਮੀ ਦੇ ਜਿਊਣ ਦਾ ਢੰਗ-ਤਰੀਕਾ ਬਦਲ ਜਾਂਦਾ ਹੈ |
• ਇਕ ਮਕਾਨ ਉਸ ਵੇਲੇ ਤੱਕ ਘਰ ਨਹੀਂ ਬਣ ਸਕਦਾ ਜਦ ਤੱਕ ਉਸ ਵਿਚ ਸਰੀਰ ਅਤੇ ਦਿਮਾਗ ਦੋਵਾਂ ਲਈ ਅੱਗ ਅਤੇ ਭੋਜਨ ਨਾ ਹੋਵੇ |
• ਪੁਰਾਣੇ ਦਿਨਾਂ ਵਿਚ ਘਰ ਵਿਚ ਅਜੀਬ ਰਿਸ਼ਤਾ ਸੀ | ਦਰਵਾਜ਼ੇ ਵੀ ਆਪਸ ਵਿਚ ਗਲੇ ਮਿਲਦੇ ਸੀ | ਹੁਣ ਤਾਂ ਦਰਵਾਜ਼ਾ ਵੀ ਇਕੱਲਾ ਹੋ ਗਿਆ ਹੈ |
• ਇੱਟਾਂ ਪੱਥਰਾਂ ਨਾਲ ਬਣੇ ਕਿਸੇ ਮਕਾਨ ਨੂੰ ਵੀ ਓਨਾ ਚਿਰ ਘਰ ਨਹੀਂ ਕਿਹਾ ਜਾ ਸਕਦਾ ਜਿੰਨਾ ਚਿਰ ਉਸ ਵਿਚ ਮਾਪੇ ਨਾ ਬੈਠੇ ਹੋਣ ਜਾਂ ਉਨ੍ਹਾਂ ਦਾ ਸਤਿਕਾਰ ਨਾ ਹੋਵੇ |
• ਪੁਰਾਣੇ ਸਮਿਆਂ ਵਿਚ ਘਰ ਭਾਵੇਂ ਕੱਚੇ ਹੁੰਦੇ ਸੀ ਪਰ ਲੋਕ ਸੱਚੇ ਹੁੰਦੇ ਸੀ ਪਰ ਅੱਜਕਲ੍ਹ ਘਰ ਪੱਕੇ ਤੇ ਲੋਕ ਕੱਚੇ ਹੋ ਗਏ ਹਨ |
• ਸਾਡਾ ਮਨ ਤੇ ਦਿਮਾਗ ਵੀ ਘਰ ਵਾਂਗ ਹੀ ਹੈ | ਇਸ ਨੂੰ ਸਜਾਉਣ ਲਈ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਹਨ ਤੇ ਮਾੜੇ ਵਿਚਾਰ, ਮਾੜੀ ਸੋਚ ਨੂੰ ਕੂੜੇ ਤੇ ਜਾਲੇ ਵਾਂਗ ਮੰਨ 'ਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ |
• ਜਦੋਂ ਕੋਈ ਬਜ਼ੁਰਗ ਪੰਜਾਬ ਤੋਂ ਆਪਣਾ ਜੱਦੀ ਵੱਡਾ ਘਰ ਛੱਡ ਕੇ ਵਿਦੇਸ਼ ਵਿਚ ਆਪਣੇ ਪੁੱਤ ਕੋਲ ਜਾਂਦਾ ਹੈ ਤਾਂ ਉਸ ਨੂੰ ਉਹ ਘਰ ਮੰੁਡੇ ਦਾ ਘੱਟ ਤੇ ਨੂੰ ਹ ਦਾ ਜ਼ਿਆਦਾ ਲਗਦਾ ਹੈ ਤੇ ਜਦੋਂ ਬੇਟੀ ਕੋਲ ਰਹਿੰਦਾ ਹੈ ਤਾਂ ਉਹ ਘਰ ਬੇਟੀ ਦਾ ਨਹੀਂ ਜਵਾਈ ਦਾ ਲਗਦਾ ਹੈ | ਉਦੋਂ ਉਹ ਸੋਚਦਾ ਹੈ ਕਿ ਇਥੇ ਮੇਰਾ ਘਰ ਕਿਹੜਾ ਹੈ? ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ ਆਪਣੇ ਮਾਂ-ਬਾਪ ਨੂੰ ਪੁੱਛਦੇ ਹਨ ਕਿ ਇਹ ਕੌਣ ਹੈ, ਇਸ ਦਾ ਘਰ ਕਿੱਥੇ ਹੈ? ਇਹ ਆਪਣੇ ਘਰ ਕਿਉਂ ਨਹੀਂ ਜਾਂਦਾ | ਇਹ ਸਭ ਕੁਝ ਵੇਖ-ਸੁਣ ਕੇ ਉਹ ਵਾਪਸ ਪੰਜਾਬ ਵਿਚ ਆਉਣਾ ਪਸੰਦ ਕਰਦਾ ਹੈ |
• ਪੰਜਾਬੀ ਦੇ ਕਿਸੇ ਸ਼ਾਇਰ ਨੇ 'ਘਰ' ਬਾਰੇ ਇੰਝ ਵੀ ਲਿਖਿਆ ਹੈ:
ਹੱਥ ਤੇ ਤੇਰਾ ਤੰਗ ਹੈ, ਰੀਝਾਂ ਸੀਮਤ ਰੱਖ,
ਕਰਜ, ਪਰਾਏ ਮਾਲ ਤੇ, ਰੱਖ ਕਦੇ ਨਾ ਅੱਖ |
ਦਸਦਾ ਜੀਵਨ ਜਾਚ ਏ, ਘਰ ਹੈ ਇਕ ਸਕੂਲ,
ਮਰਦ ਜੇ ਘੰੁਮਦਾ ਚਕ ਹੈ, ਔਰਤ ਘਰ ਦੀ ਚੂਲ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਲਘੂ ਕਹਾਣੀਆਂ

ਸ਼ੱਕ
ਜਦੋਂ ਦਾ ਕੋਮਲ ਨੇ ਲੜਕੀ ਨੂੰ ਜਨਮ ਦਿੱਤਾ ਸੀ, ਉਹ ਕਾਫ਼ੀ ਉਦਾਸ ਰਹਿਣ ਲੱਗ ਪਈ ਸੀ | ਅੱਜ ਉਸ ਦੀ ਮੰਮੀ ਨੇ ਕੋਮਲ ਕੋਲੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ, 'ਕੀ ਗੱਲ ਧੀਏ ਤੂੰ ਜਦੋਂ ਦਾ ਲੜਕੀ ਨੂੰ ਜਨਮ ਦਿੱਤੈ ਬਹੁਤ ਹੀ ਉਦਾਸ-ਉਦਾਸ ਰਹਿਣ ਲੱਗ ਪਈ ਐਾ |'
ਕੋਮਲ ਆਪਣੀ ਮੰਮੀ ਨੂੰ ਉਦਾਸੀ ਦਾ ਕਾਰਨ ਦੱਸਦਿਆਂ ਬੋਲੀ, 'ਮੰਮੀ ਪਤਾ ਨਹੀਂ ਜਦੋਂ ਮੈਂ ਲੜਕੀ ਨੂੰ ਆਪਣੇ ਸਹੁਰੇ ਘਰ ਲੈ ਕੇ ਜਾਵਾਂਗੀ ਤਾਂ ਉਹ ਕੀ-ਕੀ ਬੋਲਣਗੇ |' ਨਹੀਂ ਧੀਏ ਉਹ ਇਕ ਪੜਿ੍ਹਆ-ਲਿਖਿਆ ਪਰਿਵਾਰ ਆ, ਉਹ ਧੀ ਦੇ ਜਨਮ ਨੂੰ ਕਦੇ ਮਾੜਾ ਨਹੀਂ ਸਮਝਣਗੇ |' ਕੋਮਲ ਦੀ ਮੰਮੀ ਨੇ ਹੌਸਲਾ ਵਧਾਉਂਦਿਆਂ ਆਖਿਆ |
'ਪਰ ਮੰਮੀ ਆਪਣਾ ਪਰਿਵਾਰ ਵੀ ਤਾਂ ਪੜਿ੍ਹਆ-ਲਿਖਿਆ ਈ ਐ ਨਾ, ਜਦੋਂ ਦੀ ਭਾਬੀ ਜੀ ਦੇ ਘਰ ਲੜਕੀ ਪੈਦਾ ਹੋਈ ਐ ਤੁਸੀਂ ਵੀ ਤਾਂ ਉਸ ਨਾਲ ਚੰਗਾ ਵਿਹਾਰ ਨਹੀਂ ਨਾ ਕਰ ਰਹੇ | ਤੁਹਾਡਾ ਇਹ ਰਵੱਈਆ ਵੇਖ ਕੇ ਹੀ ਮੇਰੇ ਮਨ ਅੰਦਰ ਵੀ ਸ਼ੱਕ ਪੈਦਾ ਹੋ ਰਹੀ ਹੈ |' ਹੁਣ ਕੋਮਲ ਦੀ ਮੰਮੀ ਕੋਲ ਕੋਮਲ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ |

-ਜਗਤਾਰ ਸਮਾਲਸਰ
ਏਲਨਾਬਾਦ, ਜ਼ਿਲ੍ਹਾ ਸਿਰਸਾ (ਹਰਿਆਣਾ) | ਮੋਬਾ : 094670-95953.

ਜੱਚਾ-ਬੱਚਾ
ਪਿੰਡੋਂ ਜਾ ਕੇ ਸ਼ਹਿਰ ਵਿਚ ਵਸੇ ਸਕੂਲ ਦੇ ਹੈੱਡਮਾਸਟਰ ਸਾਹਬ ਦੀ ਨੂੰ ਹ ਦੇ ਵੱਡੇ ਅਪ੍ਰੇਸ਼ਨ ਨਾਲ ਪਰੀਆਂ ਵਰਗੀ ਸੋਹਣੀ ਕੁੜੀ ਨੇ ਜਨਮ ਲਿਆ | ਪਰਿਵਾਰ ਦੇ ਸਾਰੇ ਮੈਂਬਰ ਪਹਿਲਾ ਬੱਚਾ ਘਰ ਵਿਚ ਆਉਣ ਕਾਰਨ ਬਹੁਤ ਖੁਸ਼ ਸਨ | ਨੂੰ ਹ ਨੂੰ ਵੀ ਆਪਣੀ ਜ਼ਿੰਦਗੀ ਭਰੀ-ਭਰੀ ਮਹਿਸੂਸ ਹੋਣ ਲੱਗੀ | ਬੱਚੀ ਦੇ ਜਨਮ ਤੋਂ ਦੂਸਰੇ ਦਿਨ ਪਿੰਡ ਵਿਚੋਂ ਇਕ ਸ਼ਰੀਕਣ ਜੱਚਾ-ਬੱਚੇ ਦਾ ਪਤਾ ਲੈਣ ਹਸਪਤਾਲ ਆਈ ਤੇ ਜੱਚਾ ਦੇ ਕੋਲ ਜਾ ਕੇ ਮੂੰਹ ਬਣਾ ਕੇ ਕਹਿਣ ਲੱਗੀ, 'ਧੀਏ ਪੇਟ ਵੀ ਚਿਰਵਾਇਆ ਤੂੰ ਪਰ ਤੇਰੇ ਹੱਥ ਫਿਰ ਵੀ ਕੁਝ ਨਾ ਆਇਆ |' ਉਸ ਦੇ ਇਨ੍ਹਾਂ ਸ਼ਬਦਾਂ ਨੇ ਜੱਚੇ ਦੇ ਚਿਹਰੇ ਦੀ ਖੁਸ਼ੀ ਖ਼ਤਮ ਕਰਨ ਦੇ ਨਾਲ-ਨਾਲ ਮੈਨੂੰ ਵੀ ਸਾਰੀ ਰਾਤ ਸੌਣ ਨਾ ਦਿੱਤਾ |

-ਮੁਹੰਮਦ ਬਸ਼ੀਰ
ਮਲੇਰਕੋਟਲਾ ਮੋਬਾ : 94171-58300.

ਆਧੁਨਿਕ ਸਰਾਪ
ਦੋ ਗੁਆਂਢਣਾਂ ਆਪਸ ਵਿਚ ਲੜ ਰਹੀਆਂ ਸਨ! ਇਕ-ਦੂਜੇ 'ਤੇ ਮਿਹਣਿਆਂ ਦੀ ਵਰਖਾ ਕੀਤੀ ਜਾ ਰਹੀ ਸੀ! ਦੋਨਾਂ ਨੇ ਇਕ-ਦੂਜੇ ਦੇ ਪੋਤੜੇ ਫਰੋਲਣ ਵਿਚ ਕੋਈ ਕਸਰ ਨਹੀਂ ਸੀ ਛੱਡੀ | ਫਿਰ ਇਕ ਨੇ ਦੋਵੇਂ ਹੱਥ ਉੱਪਰ ਨੂੰ ਕਰਦਿਆਂ ਜ਼ਹਿਰੀਲੇ ਸ਼ਬਦਾਂ ਦਾ ਅਗਨਬਾਣ ਛੱਡਿਆ, 'ਨੀ, ਮੈਂ ਤਾਂ ਕਹਿਨੀ ਆਂ, ਤੇਰਾ ਬਹਿ ਜੇ ਬੇੜਾ, ਤੇਰਾ ਕੱਖ ਨਾ ਰਹੇ! ਤੇਰੀਆਂ ਕੀਤੀਆਂ ਤੇਰੇ ਮੂਹਰੇ ਆਉਣ... |'
ਫਿਰ ਦੂਜੀ ਨੇ ਉਹਦੇ ਵੱਲ ਅੱਗ ਵਰਸਾਉਂਦੀਆਂ ਨਜ਼ਰਾਂ ਨਾਲ ਸਰਾਪ ਦਾ ਤੀਰ ਛੱਡਿਆ, 'ਰੱਬ ਕਰੇ, ਥੋਡੇ ਸਾਰੇ ਟੱਬਰ ਨੂੰ ਡੇਂਗੂ ਹੋ ਜੇ!'
ਦੂਜੀ ਧਿਰ ਦੇ ਡੇਂਗੂ ਵਾਲੇ ਆਧੁਨਿਕ ਸ਼ਰਾਪ ਨੂੰ ਸੁਣ ਕੇ ਆਲੇ-ਦੁਆਲੇ ਖੜ੍ਹੇ ਤਮਾਸ਼ਬੀਨ ਮੁਸਕਰਾ ਰਹੇ ਸਨ |

-ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ |
ਮੋਬਾਈਲ : 94171-48866.

ਕਹਾਣੀ: ਦੁੰਬੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੈਂ ਆਇਆ ਤਾਂ ਅਚਾਨਕ ਹੀ ਉਹ ਮੁੰਡਾ ਜ਼ੋਰ ਨਾਲ ਮੈਨੂੰ ਚਿੰਬੜ ਗਿਆ | ਸਿਪਾਹੀ ਨੇ ਛੁਡਾਇਆ ਉਸ ਤੋਂ, ਮੈਨੂੰ ਸਮਝ ਨਾ ਆਵੇ ਮੈਂ ਕੀ ਕਰਾਂ |
ਉਸ ਦੇ ਮਾਂ-ਪਿਓ ਦਾ ਪੁੱਛਿਆ ਤਾਂ ਕੋਈ ਜਵਾਬ ਨਹੀਂ ਦੇ ਸਕਿਆ | ਬਹੁਤ ਡਰਿਆ ਹੋਇਆ ਸੀ | ਕੰਬ ਰਿਹਾ ਸੀ | ਮੈਂ ਉਸ ਨੂੰ ਭੱਜ ਜਾਣ ਲਈ ਕਿਹਾ, ਪਰ ਉਹ ਗਿਆ ਨਹੀਂ, ਮੈਂ ਉਸ ਨੂੰ ਜੀਪ 'ਤੇ ਬਿਠਾ ਕੇ ਪਿਛਲੀ ਚੌਾਕੀ ਵਿਚ ਲੈ ਗਿਆ | ਰੋਟੀ ਸੋਟੀ ਦਿੱਤੀ ਅਤੇ ਇਕ ਨੁੱਕਰ ਵਿਚ ਬਿਸਤਰਾ ਡਾਹ ਕੇ ਪੈ ਜਾਣ ਲਈ ਕਹਿ ਦਿੱਤਾ | ਜਵਾਨਾਂ ਨੂੰ ਕਹਿ ਦਿੱਤਾ, ਕਿਸੇ ਨਾਲ ਜ਼ਿਕਰ ਨਾ ਕਰਨ | ਅਸੂਲਣ ਉਹ ਸਾਡਾ 'ਪਰੀਜ਼ਨਰ ਆਫ ਵਾਰ' ਸੀ ਅਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ 'ਹੈਡਕਵਾਟਰ' ਖ਼ਬਰ ਕਰਾਂ ਅਤੇ ਦੂਜੇ ਕੈਦੀਆਂ ਨਾਲ ਜੇਲ੍ਹ ਵਿਚ ਪਾ ਦੇਵਾ |
ਪਤਾ ਨਹੀ ਕਿਉਂ ਉਸ ਦੀਆਂ ਮਾਸੂਮ ਜਿਹੀਆਂ ਅੱਖਾਂ ਨੂੰ ਵੇਖ ਕੇ ਜੀਅ ਨਹੀਂ ਕੀਤਾ, ਕਿ ਉਹ ਇੰਝ ਦੀ ਆਫ਼ਤ ਵਿਚੋਂ ਗੁਜ਼ਰੇ |
ਅਗਲੇ ਦਿਨ ਦਫ਼ਤਰ ਸਮੇਂ ਮੈਂ ਆਪਣੇ ਬਿੱਲੇ ਸ਼ਿੱਲੇ ਲਾਹ ਕੇ ਉਸੇ ਬਾਰਡਰ ਵਾਲੇ ਪਿੰਡ ਗਸ਼ਤ ਕਰਨ ਚਲਾ ਗਿਆ | ਪਿੰਡ ਤੋਂ ਜ਼ਰਾ ਹਟ ਕੇ ਇਕ ਖੇਤ ਸੀ | ਦੂਰ ਟਿਊਬਵੈੱਲ 'ਤੇ ਇਕ ਬਜ਼ੁਰਗ ਸਰਦਾਰ ਨੂੰ ਹੱਥ ਮੂੰਹ ਧੋਂਦਿਆਂ ਵੇਖਿਆ ਤਾਂ ਆਵਾਜ਼ ਦੇ ਦਿੱਤੀ 'ਸਰਦਾਰ ਜੀ ਇੱਧਰ ਆਵੋ!' ਹੱਥ ਦੇ ਇਸ਼ਾਰੇ ਨਾਲ ਪਾਸ ਬੁਲਾਇਆ ਤਾਂ ਆਪਣੀ ਪਗੜੀ ਦੇ ਸ਼ਮਲੇ ਨਾਲ ਮੂੰਹ ਪੂੰਝਦਾ ਹੋਇਆ ਆ ਗਿਆ | 'ਤੁਸੀਂ ਗਏ ਨਹੀ'?
ਬੜੀ ਹੈਰਾਨੀ ਨਾਲ ਪੁੱਛਿਆ ਉਸਨੇ 'ਕਿੱਥੇ'?
'ਪਿੰਡ ਛੱਡ ਕੇ ਚਲੇ ਗਏ ਸਾਰੇ | ਤੁਸੀਂ ਨਹੀਂ ਗਏ'?
ਉਸਨੇ ਹੱਥ ਚੁੱਕ ਕੇ ਮੇਹਣਾ ਮਾਰਿਆ, 'ਲੈ ! ਪਿੰਡ ਤਾਂ ਉਸ ਵੱਲ ਛੱਡ ਆਇਆ ਸੀ | ਤੇਰੇ ਕੋਲ ! ਹੁਣ ਖ਼ੇਤ ਲੈਣ ਆਇਆ ਹੈ'?
ਸਰਦਾਰ ਗੁੱਸੇ ਵਿਚ ਲੱਗ ਰਿਹਾ ਸੀ | ਮੈਂ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ 'ਸੁਚੀਤਗੜ੍ਹ ਤੋਂ ਸੱਤ ਅੱਠ ਸਾਲ ਦਾ ਇਕ ਮੁੰਡਾ ਉਸ ਪਾਸੇ ਆ ਗਿਆ ਹੈ | ਉਸ ਦੇ ਮਾਂ-ਪਿਓ ਉਸ ਨੂੰ ਛੱਡ ਕੇ ਭੱਜ ਗਏ ਹਨ |'
'ਤਾਂ'?
'ਉਸ ਨੂੰ ਲੈ ਆਵਾਂ ਤਾਂ ਉਸ ਦੇ ਮਾਂ-ਪਿਓ ਤੱਕ ਪੁੱਜਦਾ ਕਰ ਦੇਵੋਗੇ'?
ਸਰਦਾਰ ਸੋਚੀਂ ਪੈ ਗਿਆ | ਥੋੜ੍ਹੀ ਦੇਰ ਮਗਰੋਂ ਉਸ ਨੇ ਮੁੰਡੀ ਹਿਲਾਈ 'ਠੀਕ ਹੈ'
ਮੈਂ ਕਿਹਾ ਸ਼ਾਮੀਂ ਪੰਜ ਵਜੇ ਆ ਜਾਵਾਂ | ਮੈਂ ਲੈ ਕੇ ਆਵਾਂਗਾ |'
ਕੈਪਟਨ ਸ਼ਾਹੀਨ ਨੇ ਕਿਹਾ 'ਪੀਲੇ-ਪੀਲੇ ਦੰਦਾਂ ਵਾਲਾ ਅਜਿਹਾ ਹਾਸਾ ਮੈਂ ਪਹਿਲਾਂ ਕਦੇ ਨਹੀਂ ਸੀ ਤੱਕਿਆ |' ਸਰਦਾਰ ਨੇ ਹੱਸ ਕੇ ਕਿਹਾ .... 'ਉਸ ਨੂੰ ਛੱਡ ਦੇ, ਮੈਨੂੰ ਲੈ ਜਾ | ਮੇਰਾ ਪਿੰਡ ਉਸ ਵੱਲ ਹੈ | ਸਿਆਲਕੋਟ ਤੋਂ ਅੱਗੇ.... ਛੱਜਰਾ'! ਅਤੇ ਝੂਮਦਾ ਹੋਇਆ ਵਾਪਸ ਚਲਾ ਗਿਆ | ਪਿੰਡ ਦੇ ਨਾਂ ਤੋਂ ਹੀ ਮਸਤ ਹੋ ਗਿਆ |
ਉਸ ਸ਼ਾਮ ਮੈਂ ਜਾ ਨਹੀਂ ਸਕਿਆ | ਸਾਡਾ ਕਮਾਂਡਰ ਦੌਰੇ 'ਤੇ ਆ ਗਿਆ 'ਤੇ ਉਸ ਨੂੰ ਲੁਕੋ ਕੇ ਰੱਖਣ ਵਿਚ ਸਮਝੋ ਮੇਰੀ ਜਾਨ ਹੀ ਨਿਕਲ ਗਈ | ਖਵਾ ਪਿਆ ਕੇ ਮੈਂ ਉਸਨੂੰ ਕੰਟਰੋਲ ਰੂਮ ਦੀ ਪਰਛੱਤੀ 'ਤੇ ਲੁਕੋ ਰੱਖਿਆ ਸੀ | ਛੇਤੀ-ਛੇਤੀ ਕੱਢਿਆ ਤੇ ਪਿੱਛੇ ਪਖਾਨੇ ਵਿਚ ਲੁਕੋ ਦਿੱਤਾ | ਕਮਾਂਡਰ ਜਦੋਂ ਕੰਟਰੋਲ ਰੂਮ ਵਿਚ ਆਇਆ ਤਾਂ ਉੱਥੋਂ ਕੱਢ ਕੇ ਸਟੋਰ ਰੂਮ ਦੀਆਂ ਬੋਰੀਆਂ ਵਿਚ ਲੁਕੋ ਦਿੱਤਾ | ਸਾਰਿਆਂ ਦੇ ਭਾਅ ਦੀ ਬਣੀ ਹੋਈ ਸੀ, ਕਿਉਂਕਿ ਕਾਨੂੰਨਨ ਇਹ ਜੁਰਮ ਸੀ ਜੇ ਪਤਾ ਲੱਗ ਜਾਂਦਾ ਤਾਂ ਸਾਡੇ ਕਈ ਅਫ਼ਸਰ ਸਸਪੈਂਡ ਹੋ ਸਕਦੇ ਸਨ | ਇਕ ਵਾਰੀ ਤਾਂ ਜੀਅ ਕੀਤਾ ਕਿ ਦੋ ਸਿਪਾਹੀਆਂ ਨੂੰ ਕਹਾਂ ਕਿ ਬੋਰੀ ਵਿਚ ਪਾ ਕੇ ਸਰਦਾਰ ਦੇ ਖੇਤ ਵਿਚ ਸੁੱਟ ਆਉਣ | ਜਦੋਂ ਤੱਕ ਕਮਾਂਡਰ ਰਿਹਾ ਸਾਡੀ ਜਾਨ ਸੁੱਕੀ ਰਹੀ |
ਬੰਗਾਲ ਦੇ ਐਕਸ਼ਨ ਦੀਆਂ ਖ਼ਬਰਾਂ ਆ ਰਹੀਆਂ ਸਨ | ਜੋ ਬਹੁਤ ਉਦਾਸ ਕਰਨ ਵਾਲੀਆਂ ਸਨ | ਭਾਰਤੀ ਫ਼ੌਜਾਂ ਮੁਕਤੀਵਾਹਿਨੀ ਦਾ ਸਾਥ ਦੇ ਰਹੀਆਂ ਸਨ ਅਤੇ ਯਾਹੀਆ ਖਾਨ......... ਖੈਰ ਛੱਡੋ |' ਉਹ ਚੁੱਪ ਹੋ ਗਏ |
ਇਕ ਚੁੱਪ ਜਿਹੀ, ਕੈਪਟਨ ਦੀਆਂ ਅੱਖਾਂ ਸਿਲੀਆਂ ਹੋਣ ਲੱਗ ਪਈਆਂ, ਬੋਲੇ 'ਅਗਲੇ ਦਿਨ ਫ਼ੌਜ ਦੀਆਂ ਟੁਕੜੀਆਂ ਦੀ ਬਹੁਤ ਮੂਵਮੈਂਟ ਰਹੀ | ਸਾਰਾ ਦਿਨ ਨਿਕਲ ਗਿਆ | ਸ਼ਾਮ ਦਾ ਵੇਲਾ ਸੀ ਅਤੇ ਸੂਰਜ ਵਾਪਸ ਜਾਣ ਵਾਲਾ ਸੀ ਉਦੋਂ ਉਸ ਮੁੰਡੇ ਨੂੰ ਲੈ ਕੇ ਬਾਰਡਰ ਲਾਈਨ ਪੁੱਜਾ | ਮੈਨੂੰ ਹੈਰਾਨੀ ਹੋਈ | ਸਰਦਾਰ ਮੇਰੀ ਉਡੀਕ ਕਰ ਰਿਹਾ ਸੀ | ਚਾਰ-ਪੰਜ ਜਵਾਨਾਂ ਦੀ ਟੁਕੜੀ ਵੀ ਉਸਦੇ ਨਾਲ ਸੀ | ਉਨ੍ਹਾਂ ਵਿਚੋਂ ਇਕ ਨੇ ਪੁੱਛਿਆ 'ਕੈਪਟਨ ਹੋ ਜਾਂ ਮੇਜਰ'? ਫਰੰਟ 'ਤੇ ਸਾਡੇ ਫੀਤੇ ਨਹੀ ਲੱਗੇ ਹੁੰਦੇ, ਫਿਰ ਵੀ ਕੋਈ ਵੱਡਾ ਅਫ਼ਸਰ ਹੋਵੇ ਤਾਂ ਸਿਆਣਿਆ ਜਾਂਦਾ ਹੈ | ਉਹ ਵੀ ਕੋਈ ਕੈਪਟਨ ਮੇਜਰ ਹੀ ਸੀ | ਮੈਂ ਅੱਗੇ ਵੱਧ ਕੇ ਹੱਥ ਮਿਲਾਇਆ | ਮੁੰਡਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ |
'ਇੱਥੇ ਸੁਚੀਤਗੜ੍ਹ ਦਾ ਹੈ | ਘਰ ਵਿਚ ਹੀ ਲੁਕਿਆ ਬੈਠਾ ਸੀ |'
ਅਫਸਰ ਨੇ ਜ਼ਰਾ ਸਖ਼ਤੀ ਨਾਲ ਪੁੱਛਿਆ ' ਕਿਉਂ ਓਏ? ਕਿੱਥੋਂ ਦਾ ਹੈਂ? ਮਾਂ-ਬਾਪ ਕੌਣ ਹਨ ਤੇਰੇ?'
ਮੁੰਡਾ ਫਿਰ ਡਰ ਗਿਆ | ਅੱਖਾਂ ਚੁੱਕ ਕੇ ਮੇਰੇ ਵੱਲ ਤੱਕਣ ਲੱਗਾ ਬੋਲਿਆ, 'ਚਾਚਾ ਮੈਂ ਇੱਥੋਂ ਦਾ ਨਹੀ ਹਾਂ | ਉਸ ਪਾਸੇ ਦਾ ਹਾਂ |'
ਉਸ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ, 'ਸਿਆਲਕੋਟ ਤੋਂ ਅੱਗੇ ਛੱਜਰਾ ਦਾ ਹਾਂ |' ਸਾਰੇ ਹੈਰਾਨ ਰਹਿ ਗਏ |
ਮੈਂ ਸਰਦਾਰ ਵੱਲ ਵੇਖਿਆ | ਉਸ ਦੇ ਪੀਲੇ-ਪੀਲੇ ਦੰਦ ਨਿਕਲ ਆਏ | ਉਸ ਨੇ ਅੱਗੇ ਵੱਧ ਕੇ ਮੁੰਡੇ ਦੇ ਸਿਰ 'ਤੇ ਹੱਥ ਰੱਖ ਦਿੱਤਾ | ਡੁਲ੍ਹਦੀਆਂ ਅੱਖਾਂ ਨਾਲ ਪੁਛਿਆ 'ਅੱਛਾ ਛੱਜਰਾਂ ਦਾ ਹੈ ਤੂੰ?'
ਮੈਂ ਝਿੜਕ ਕੇ ਪੁੱਛਿਆ 'ਤਾਂ ਇੱਥੇ ਕੀ ਕਰ ਰਿਹਾ ਸੀ ਤੂੰ'?
ਮੁੰਡੇ ਦੇ ਅੱਥਰੂ ਨਿਕਲ ਆਏ ਬੋਲਿਆ 'ਸਕੂਲੋਂ ਭੱਜ ਆਇਆ ਸੀ ਲੜਾਈ ਤੱਕਣ!'
ਕੈਪਟਨ ਸ਼ਾਹੀਨ ਦੱਸ ਰਹੇ ਸਨ 'ਯਕੀਨ ਕਰਿਓ ਅਸੀਂ ਦੋਵੇਂ ਫ਼ੌਜੀ ਉਸ ਦੇ ਸਾਹਮਣੇ ਦੋ ਬੇਵਕੂਫ ਮਾਸਟਰਾਂ ਵਾਂਗ ਖੜੇ੍ਹ ਸੀ ਅਤੇ ਸਾਡੀਆਂ ਸ਼ਕਲਾਂ ਦੁੰਬਿਆਂ ਵਾਂਗ ਲੱਗ ਰਹੀਆਂ ਸਨ |
(ਸਮਾਪਤ)

-ਮੋਬਾਈਲ : 98141-77954





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX