ਤਾਜਾ ਖ਼ਬਰਾਂ


ਸੁਨੀਲ ਜਾਖੜ ਨੇ ਇਕ ਵਾਰ ਫਿਰ ਦਿੱਤਾ ਕੰਮ ਰੋਕੋ ਪ੍ਰਸਤਾਵ
. . .  23 minutes ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਫੇਲ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਸਰਦ ਰੁੱਤ ਇਜਲਾਸ 'ਚ ਇਕ ਵਾਰ ਫਿਰ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ...
ਭਿਆਨਕ ਸੜਕ ਹਾਦਸੇ 'ਚ 7 ਮੌਤਾਂ
. . .  33 minutes ago
ਜੰਮੂ, 14 ਦਸੰਬਰ - ਜੰਮੂ ਕਸ਼ਮੀਰ ਦੇ ਰਿਸਾਈ ਜਿਲ੍ਹੇ 'ਚ ਪੈਂਦੇ ਸੁਜਾਨਧਰ ਪਿੰਡ ਕੋਲ ਇਕ ਵਹੀਕਲ ਦੇ ਦੇ ਸੜਕ ਤੋਂ ਪਲਟ ਜਾਣ ਕਾਰਨ ਹੋਏ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜ਼ਖਮੀ ਹੋਏ...
ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ - ਨਿਤਿਨ ਗਡਕਰੀ
. . .  42 minutes ago
ਨਵੀਂ ਦਿੱਲੀ, 14 ਦਸੰਬਰ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਕੱਲ ਕਿਹਾ ਕਿ ਇਕ ਵਾਰ ਕਰਜ਼ ਨਾ ਚੁਕਾਉਣ ਵਾਲੇ ਵਿਜੇ ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਕਟ ਨਾਲ ਜੂਝ ਰਹੇ ਉਦਯੋਗਪਤੀ ਦਾ ਚਾਰ ਦਹਾਕਿਆਂ ਤੱਕ ਠੀਕ ਸਮੇਂ 'ਤੇ ਕਰਜ਼ ਚੁਕਾਉਣ...
ਦਲੇਰ ਮਹਿੰਦੀ ਕਪਿਲ ਦੀ ਰਿਸੈੱਪਸ਼ਨ 'ਚ ਕਰਨਗੇ ਪ੍ਰੋਗਰਾਮ ਪੇਸ਼
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਉੱਘੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਵੱਲੋਂ ਵਿਆਹ ਮਗਰੋਂ ਅੱਜ ਅੰਮ੍ਰਿਤਸਰ 'ਚ ਸ਼ਾਨਦਾਰ ਰਿਸੈੱਪਸ਼ਨ ਦਿੱਤੀ ਜਾ ਰਹੀ ਹੈ। ਜਿਸ ਵਿਚ ਪ੍ਰਸਿੱਧ ਪੋਪ ਸਟਾਰ ਦਲੇਰ ਮਹਿੰਦੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ...
ਭਾਰਤ ਆਸਟ੍ਰੇਲੀਆ ਦੂਸਰਾ ਪਰਥ ਟੈੱਸਟ : ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਹੋਰ ਖ਼ਬਰਾਂ..

ਖੇਡ ਜਗਤ

ਵੈੱਸਟ ਇੰਡੀਜ਼ ਵਿਰੁੱਧ ਲੜੀ ਜਿੱਤ ਕੇ ਭਾਰਤੀ ਕ੍ਰਿਕਟ ਟੀਮ ਨੇ ਕੀਤਾ ਕਮਾਲ

ਭਾਰਤ ਦੇ ਦੌਰੇ 'ਤੇ ਆਈ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਕੇ ਵਾਪਸ ਪਰਤਣਾ ਪਿਆ। ਭਾਰਤੀ ਕ੍ਰਿਕਟ ਦੀ ਝੋਲੀ ਪਈ ਜਿੱਤ ਨਾਲ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਵੈਸਟ ਇੰਡੀਜ਼ ਨਾਲ ਭਾਰਤੀ ਟੀਮ ਨੇ ਪਹਿਲਾਂ ਦੋ ਟੈਸਟਾਂ ਦੀ, ਫਿਰ 5 ਇਕ-ਦਿਨਾਂ ਅਤੇ 3 ਟੀ-20 ਮੈਚਾਂ ਦੀਆਂ ਲੜੀਆਂ ਖੇਡੀਆਂ। ਇਨ੍ਹਾਂ ਸਾਰੀਆਂ ਲੜੀਆਂ ਵਿਚੋਂ ਭਾਰਤੀ ਟੀਮ ਨੇ ਵੈਸਟ ਇੰਡੀਜ਼ ਨੂੰ ਇਕ ਵੀ ਲੜੀ ਨਾ ਜਿੱਤਣ ਦਿੱਤੀ ਅਤੇ ਸਾਰੀਆਂ ਲੜੀਆਂ 'ਚ ਜੇਤੂ ਰੱਥ ਚਲਾਇਆ।
4 ਤੋਂ 8 ਅਕਤੂਬਰ ਤੱਕ ਹੋਏ ਪਹਿਲੇ ਟੈਸਟ ਮੈਚ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪ੍ਰਿਥਵੀ ਸ਼ਾਹ ਦੀਆਂ 134 ਦੌੜਾਂ, ਵਿਰਾਟ ਕੋਹਲੀ ਦੀਆਂ 139, ਰਵਿੰਦਰ ਜੁਡੇਜਾ ਦੀਆਂ 100 ਤੇ ਰਿਸ਼ਵ ਪੰਤ ਦੀਆਂ 92 ਦੌੜਾਂ ਸਦਕਾ 649 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਵੈਸਟ ਇੰਡੀਜ਼ ਦੀ ਸਾਰੀ ਟੀਮ ਸਿਰਫ਼ 181 ਦੌੜਾਂ 'ਤੇ ਸਿਮਟ ਗਈ। ਸਿਰਫ਼ ਰੋਸ਼ਨ ਚੈੱਸ ਦੀਆਂ 53 ਦੌੜਾਂ ਤੋਂ ਵੱਧ ਕੋਈ ਵੀ ਦੌੜ ਨਾ ਬਣਾ ਸਕਿਆ। ਫਿਰ ਦੂਸਰੀ ਪਾਰੀ 'ਚ 196 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਨੇ ਵੱਡੀ ਲੀਡ ਹਾਸਲ ਕਰਦਿਆਂ 1 ਪਾਰੀ 'ਤੇ 272 ਦੌੜਾਂ ਨਾਲ ਮੈਚ 'ਤੇ ਕਬਜ਼ਾ ਕਰ ਲਿਆ। 12 ਤੋਂ 13 ਅਕਤੂਬਰ ਨੂੰ ਹੋਏ ਦੂਸਰੇ ਟੈਸਟ ਵਿਚ ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਸਟੋਨ ਦੇ 106 ਦੌੜਾਂ ਦੇ ਸੈਂਕੜੇ ਵਾਲੀ ਪਾਰੀ ਸਦਕਾ 311 ਰਨ ਬਣਾਏ, ਜਿਸ ਦੇ ਜਵਾਬ 'ਚ ਭਾਰਤ ਨੇ ਰਿਸ਼ਵ ਪੰਤ ਦੀਆਂ 92 ਤੇ ਅਜੰਕਿਆ ਰਹਾਣੇ ਦੀਆਂ 80 ਦੌੜਾਂ ਸਦਕਾ 367 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦੇ ਜੋਸ਼ਨ ਹੋਲਡਰ ਨੇ 5 ਖਿਡਾਰੀਆਂ ਨੂੰ ਆਊਟ ਕਰਕੇ ਆਪਣੇ ਖਾਤੇ ਵਿਚ ਨਵਾਂ ਰਿਕਾਰਡ ਜੋੜਿਆ। ਵੈਸਟ ਇੰਡੀਜ਼ ਦੀ ਟੀਮ ਨੇ ਦੂਸਰੀ ਪਾਰੀ ਖੇਡਦਿਆਂ 127 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਉਮੇਸ਼ ਯਾਦਵ ਨੇ 4 ਖਿਡਾਰੀਆਂ ਨੂੰ ਆਊਟ ਕੀਤਾ। ਮੈਚ ਜਿੱਤਣ ਲਈ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 75 ਦੌੜਾਂ ਬਣਾ ਕੇ ਬਿਨਾਂ ਕੋਈ ਖਿਡਾਰੀ ਆਊਟ ਹੋਏ 10 ਵਿਕਟਾਂ ਨਾਲ ਮੈਚ ਜਿੱਤ ਕੇ ਟੈਸਟ ਲੜੀ 2-0 ਨਾਲ ਜਿੱਤ ਕੇ ਕਲੀਨ ਸਵੀਪ ਕਰ ਦਿੱਤਾ।
ਇਸ ਤੋਂ ਬਾਅਦ ਪੰਜ ਇਕ-ਦਿਨਾਂ ਮੈਚਾਂ ਦੀ ਲੜੀ ਸ਼ੁਰੂ ਹੋਈ, ਜਿਸ 'ਚ ਲਗਦਾ ਸੀ ਕਿ ਸ਼ਾਇਦ ਵੈਸਟ ਇੰਡੀਜ਼ ਟੈਸਟ ਮੈਚਾਂ ਦੀ ਲੜੀ ਹਾਰਨ ਦਾ ਬਦਲਾ ਚੁਕਾਉਣ ਲਈ ਇਕ-ਦਿਨਾ ਮੈਚਾਂ ਦੀ ਲੜੀ ਜਿੱਤਣ ਲਈ ਹਰ ਪੂਰੀ ਵਾਹ ਲਾਵੇਗੀ, ਪਰ ਹੋਇਆ ਇੱਥੇ ਵੀ ਉਲਟ। ਗੁਹਾਟੀ ਵਿਖੇ ਹੋਏ ਪਹਿਲੇ ਇਕ-ਦਿਨਾ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ। ਵੈਸਟ ਇੰਡੀਜ਼ ਨੇ ਬੱਲੇਬਾਜ਼ੀ ਕਰਦਿਆਂ ਸ਼ਿਮਰੋਨ ਹੈਟਮਾਇਰ ਦੀਆਂ 106 ਦੌੜਾਂ ਦੀ ਪਾਰੀ ਸਦਕਾ 322 ਦੌੜਾਂ ਬਣਾ ਕੇ ਭਾਰਤ ਨੂੰ ਜਿੱਤਣਾ ਔਖਾ ਕਰ ਦਿੱਤਾ, ਪਰ ਰੋਹਿਤ ਸ਼ਰਮਾ ਦੀਆਂ 152 ਤੇ ਵਿਰਾਟ ਕੋਹਲੀ ਦੀਆਂ 140 ਦੌੜਾਂ ਸਦਕਾ ਭਾਰਤ ਨੇ 2 ਖਿਡਾਰੀ ਆਊਟ ਹੋਣ 'ਤੇ 326 ਦੌੜਾਂ ਬਣਾ ਕੇ ਭਾਰਤੀ ਟੀਮ ਨੇ 8 ਵਿਕਟਾਂ ਨਾਲ ਮੈਚ ਜਿੱਤ ਕੇ ਇਕ-ਦਿਨਾ ਮੈਚਾਂ ਦੀ ਲੜੀ 'ਚ ਜਿੱਤ ਦੀ ਸ਼ੁਰੂਆਤ ਕਰ ਦਿੱਤੀ। ਵਿਸ਼ਾਖਾਪਟਨਮ 'ਚ ਹੋਇਆ ਦੂਸਰਾ ਮੈਚ ਤਾਂ ਯਾਦਗਾਰੀ ਬਣ ਗਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਵਿਰਾਟ ਕੋਹਲੀ ਨੇ ਨਾਬਾਦ 157 ਦੌੜਾਂ, ਅੰਬਾਤੀ ਨਾਇਡੂ ਦੀਆਂ 73 ਦੌੜਾਂ ਸਦਕਾ 321 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਨੇ ਕਮਾਲ ਦੀ ਖੇਡ ਖੇਡਦਿਆਂ ਸੇਈ ਹੋਪ ਦੀਆਂ 123 ਦੌੜਾਂ ਤੇ ਸਿਮਰੋਨ ਹੈਟਮਾਇਰ ਦੀਆਂ 94 ਦੀਆਂ ਦੌੜਾਂ ਸਦਕਾ 7 ਵਿਕਟਾਂ 'ਤੇ 321 ਦੌੜਾਂ ਬਣਾ ਕੇ ਮੈਚ ਨੂੰ ਬਰਾਬਰੀ 'ਤੇ ਹੀ ਰੋਕ ਦਿੱਤਾ ਤੇ ਇਹ ਮੈਚ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ ਨਵੇਂ ਰਿਕਾਰਡ ਵੀ ਜੋੜੇ। ਕੋਹਲੀ ਨੇ 37ਵਾਂ ਸੈਂਕੜਾ ਲਗਾ ਕੇ 212ਵੇਂ ਇਕ-ਦਿਨਾ ਮੈਚ 'ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਸਭ ਤੋਂ ਘੱਟ ਪਾਰੀਆਂ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਬਣਾਇਆ। (ਚਲਦਾ)


-ਧਨੌਲਾ (ਬਰਨਾਲਾ)-148105.
ਮੋਬਾ: 97810-48055


ਖ਼ਬਰ ਸ਼ੇਅਰ ਕਰੋ

ਭੁਵਨੇਸ਼ਵਰ ਵਿਸ਼ਵ ਕੱਪ ਹਾਕੀ-2018

ਵਿਸ਼ਵ ਕੱਪ ਦੀ ਕਹਾਣੀ, ਅੰਕੜਿਆਂ ਦੀ ਜ਼ੁਬਾਨੀ

ਭੁਵਨੇਸ਼ਵਰ ਵਿਸ਼ਵ ਕੱਪ ਹਾਕੀ 'ਚ ਕਿਹੜੀ ਟੀਮ ਜੇਤੂ, ਉਪ-ਜੇਤੂ ਅਤੇ ਤੀਜੇ ਸਥਾਨ 'ਤੇ ਆਵੇਗੀ, ਇਹ ਸਭ ਕੁਝ ਅਜੇ ਭਵਿੱਖ ਦੇ ਗਰਭ 'ਚ ਲੁਕਿਆ ਹੋਇਆ ਹੈ।
ਵਿਸ਼ਵ ਕੱਪ ਹਾਕੀ ਦੀ ਸ਼ੁਰੂਆਤ 1971 'ਚ ਹੋਈ। ਪਹਿਲਾ ਐਡੀਸ਼ਨ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਖੇਡਿਆ ਗਿਆ। ਏਸ਼ੀਆ ਮਹਾਂਦੀਪ ਇਸ ਟੂਰਨਾਮੈਂਟ 'ਚ ਚਮਕਿਆ। ਪਾਕਿਸਤਾਨ ਚੈਂਪੀਅਨ ਬਣਿਆ। ਮੇਜ਼ਬਾਨ ਦੇਸ਼ ਸਪੇਨ ਦੂਜੇ ਨੰਬਰ 'ਤੇ ਰਿਹਾ ਅਤੇ ਭਾਰਤ ਤੀਜੇ 'ਤੇ ਰਿਹਾ। ਯਾਦ ਰਹੇ, ਉਦੋਂ ਭਾਰਤ ਨੇ ਤੀਜੇ ਸਥਾਨ ਲਈ ਕੀਨੀਆ ਨੂੰ ਹਰਾਇਆ ਸੀ। ਦੂਜੇ ਐਡੀਸ਼ਨ ਦੀ ਮੇਜ਼ਬਾਨੀ ਫਿਰ ਯੂਰਪੀਨ ਮਹਾਂਦੀਪ ਨੂੰ ਮਿਲੀ। 1973 ਵਾਲਾ ਇਹ ਐਡੀਸ਼ਨ ਨੀਦਰਲੈਂਡ ਦੇ ਸ਼ਹਿਰ ਐਮਲੇਸਵੀਨ ਵਿਖੇ ਆਯੋਜਿਤ ਹੋਇਆ। ਮੇਜ਼ਬਾਨ ਦੇਸ਼ ਫਤਹਿਯਾਬ ਰਿਹਾ। ਭਾਰਤ ਉਪ-ਜੇਤੂ ਅਤੇ ਤੀਜਾ ਸਥਾਨ ਵੈਸਟ ਜਰਮਨੀ ਨੇ ਪਾਕਿਸਤਾਨ ਨੂੰ ਹਰਾ ਕੇ ਹਾਸਲ ਕੀਤਾ। ਤੀਜਾ ਐਡੀਸ਼ਨ 1975 'ਚ ਮਲੇਸ਼ੀਆ ਦੀ ਧਰਤੀ 'ਤੇ ਸ਼ਹਿਰ ਕੁਆਲਾਲੰਪੁਰ ਵਿਖੇ ਖੇਡਿਆ, ਭਾਰਤ ਚੈਂਪੀਅਨ ਬਣਿਆ। ਪਾਕਿਸਤਾਨ ਉਪ-ਜੇਤੂ ਅਤੇ ਵੈਸਟ ਜਰਮਨੀ ਨੇ ਮਲੇਸ਼ੀਆ ਨੂੰ ਹਰਾ ਕੇ 4-0 ਨਾਲ ਇਹ ਤੀਜਾ ਸਥਾਨ ਹਾਸਲ ਕੀਤਾ। 1986 'ਚ ਵਿਸ਼ਵ ਕੱਪ ਹਾਕੀ ਇੰਗਲੈਂਡ ਦੇ ਸ਼ਹਿਰ ਲੰਡਨ 'ਚ ਖੇਡੀ ਗਈ। ਆਸਟਰੇਲੀਆ ਪਹਿਲੀ ਵਾਰ ਚੈਂਪੀਅਨ ਬਣਿਆ, ਇੰਗਲੈਂਡ ਉਪਜੇਤੂ, ਵੈਸਟ ਜਰਮਨੀ ਨੇ ਸੋਵੀਅਤ ਯੂਨੀਅਨ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 1990 ਵਾਲੇ ਵਿਸ਼ਵ ਕੱਪ ਦਾ ਆਯੋਜਨ ਪਾਕਿਸਤਾਨ ਵਿਖੇ ਸ਼ਹਿਰ ਲਾਹੌਰ 'ਚ ਹੋਇਆ। ਨੀਦਰਲੈਂਡ ਚੈਂਪੀਅਨ ਬਣਿਆ, ਪਾਕਿਸਤਾਨ ਦੂਜੇ ਸਥਾਨ 'ਤੇ, ਆਸਟਰੇਲੀਆ ਨੇ ਜਰਮਨੀ ਨੂੰ ਤੀਜੇ ਸਥਾਨ ਲਈ ਹਰਾਇਆ। 1994 'ਚ ਵਿਸ਼ਵ ਕੱਪ ਦੀ ਮੇਜ਼ਬਾਨੀ ਆਸਟਰੇਲੀਆ ਦੇ ਸ਼ਹਿਰ ਸਿਡਨੀ ਨੂੰ ਮਿਲੀ। ਪਾਕਿਸਤਾਨ ਜੇਤੂ ਰਿਹਾ, ਨੀਦਰਲੈਂਡ ਉਪ-ਜੇਤੂ, ਤੀਜੇ ਸਥਾਨ ਲਈ ਆਸਟਰੇਲੀਆ ਨੇ ਜਰਮਨੀ ਨੂੰ ਹਰਾਇਆ। 1998 ਦਾ ਮੇਜ਼ਬਾਨ ਦੇਸ਼ ਨੀਦਰਲੈਂਡ ਸੀ। ਉਤਰੈਖਤ ਸ਼ਹਿਰ 'ਚ ਮੇਜ਼ਬਾਨ ਦੇਸ਼ ਦੀ ਟੀਮ ਹੀ ਚੈਂਪੀਅਨ ਬਣੀ, ਸਪੇਨ ਦੂਜੇ ਸਥਾਨ 'ਤੇ ਰਿਹਾ। ਜਰਮਨੀ ਨੇ ਆਸਟਰੇਲੀਆ ਨੂੰ ਹਰਾਇਆ, ਤੀਜਾ ਸਥਾਨ ਲਈ। 2002 ਵਾਲਾ ਵਿਸ਼ਵ ਕੱਪ ਹਾਕੀ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਖੇਡਿਆ ਗਿਆ। ਜਰਮਨੀ ਆਸਟਰੇਲੀਆ ਨੂੰ ਹਰਾ ਕੇ ਕਾਮਯਾਬ ਬਣਿਆ। ਨੀਦਰਲੈਂਡ ਨੇ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 2006 ਵਾਲਾ ਵਿਸ਼ਵ ਕੱਪ ਹਾਕੀ ਦਾ ਮਹਾਂਭਾਰਤ ਜਰਮਨੀ ਦੇ ਸ਼ਹਿਰ ਮੋਨਚੈਨਗਲੈਬੈਚ ਵਿਖੇ ਆਯੋਜਿਤ ਹੋਇਆ। ਮੇਜ਼ਬਾਨ ਦੇਸ਼ ਫਤਹਿਯਾਬ ਰਿਹਾ, ਆਸਟਰੇਲੀਆ ਦੂਜੇ ਨੰਬਰ 'ਤੇ, ਸਪੇਨ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 2010 ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਭਾਰਤ ਦੇ ਸ਼ਹਿਰ ਨਵੀਂ ਦਿੱਲੀ ਨੂੰ ਮਿਲੀ। ਆਸਟਰੇਲੀਆ ਪਹਿਲੇ ਸਥਾਨ 'ਤੇ, ਜਰਮਨੀ ਦੂਜੇ ਅਤੇ ਨੀਦਰਲੈਂਡ ਤੀਜੇ ਸਥਾਨ 'ਤੇ ਰਿਹਾ, ਇੰਗਲੈਂਡ ਨੂੰ ਚੌਥਾ ਸਥਾਨ ਮਿਲਿਆ। 2014 ਵਾਲੇ ਵਿਸ਼ਵ ਕੱਪ ਹਾਕੀ ਦਾ ਆਯੋਜਨ ਨੀਦਰਲੈਂਡ ਦੇ ਸ਼ਹਿਰ ਹੇਗ 'ਚ ਆਯੋਜਿਤ ਹੋਇਆ, ਆਸਟਰੇਲੀਆ ਪਹਿਲੇ ਸਥਾਨ 'ਤੇ, ਨੀਦਰਲੈਂਡ ਦੂਜੇ ਸਥਾਨ 'ਤੇ, ਅਰਜਨਟੀਨਾ ਤੀਜੇ ਸਥਾਨ 'ਤੇ ਅਤੇ ਇੰਗਲੈਂਡ ਇਸ ਵਾਰ ਵੀ ਚੌਥੇ ਸਥਾਨ ਜੋਗਾ ਹੀ ਰਹਿ ਗਿਆ। 14ਵੇਂ ਐਡੀਸ਼ਨ ਵਾਲੇ 2018 ਵਾਲੇ ਵਿਸ਼ਵ ਕੱਪ ਹਾਕੀ ਦਾ ਮਹਾਂਭਾਰਤ ਕੁਝ ਦਿਨਾਂ ਬਾਅਦ ਉੜੀਸਾ ਰਾਜ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਕਬੱਡੀ ਦਾ ਪ੍ਰੀਤਮ : ਪ੍ਰੀਤਾ ਨਡਾਲੀਆ

ਜਿਵੇਂ ਪੰਜਾਬ ਵਿਚ ਵਾਰਿਸ ਦਾ ਕਿੱਸਾ 'ਹੀਰ' ਮਸ਼ਹੂਰ ਹੈ, ਜਗਰਾਵਾਂ ਦੀ 'ਰੌਸ਼ਨੀ' ਤੇ ਬੱਬੇਹਾਲੀ ਦੀ ਛਿੰਝ, ਇਵੇਂ ਕਬੱਡੀ ਜਗਤ ਵਿਚ ਪ੍ਰੀਤੇ ਦਾ ਨਾਂਅ। ਕੋਈ ਵੇਲਾ ਸੀ ਜਦੋਂ ਪਿੰਡਾਂ ਦੀਆਂ ਸੱਥਾਂ ਵਿਚ 'ਪ੍ਰੀਤਾ-ਪ੍ਰੀਤਾ' ਹੁੰਦੀ ਸੀ। ਪ੍ਰੀਤੇ ਦੀ ਕਬੱਡੀ ਦੇ ਦੀਵਾਨੇ ਲੋਕ ਦੂਰੋਂ-ਦੂਰੋਂ ਪਹੁੰਚਦੇ ਸਨ। ਪ੍ਰੀਤੇ ਦਾ ਨਾਂਅ ਮੈਂ ਪਹਿਲੀ ਵਾਰ ਆਪਣੇ ਬਾਪੂ ਦੇ ਮੂੰਹੋਂ ਸੁਣਿਆ ਸੀ। ਉਦੋਂ ਮੈਂ ਮਸਾਂ ਛੇਵੀਂ ਜਮਾਤ ਵਿਚ ਪੜ੍ਹਦਾ ਹਊਂ।
ਪ੍ਰੀਤਮ ਸਿੰਘ ਦਾ ਜਨਮ ਪੰਜਾਬ ਵੰਡ ਤੋਂ ਕੋਈ 3 ਸਾਲ ਪਹਿਲਾਂ 15 ਜਨਵਰੀ, 1944 ਨੂੰ ਪਿੰਡ ਡਸਕਾ, ਸਿਆਲਕੋਟ ਦੇ ਲਾਗੇ ਪੱਛਮੀ ਪੰਜਾਬ ਪਾਕਿਸਤਾਨ ਵਿਚ ਪਿਤਾ ਲਾਭ ਸਿੰਘ ਦੇ ਘਰ ਮਾਤਾ ਜਿੰਦ ਕੌਰ ਦੀ ਕੁੱਖੋਂ ਹੋਇਆ। ਪ੍ਰੀਤਮ ਸਿੰਘ ਹੁਰੀਂ ਤਿੰਨ ਭਰਾ ਸਨ। ਵੱਡਾ ਸਵਰਗੀ ਬਹਾਦਰ ਸਿੰਘ, ਉਸ ਤੋਂ ਛੋਟਾ ਮਹਿੰਦਰ ਸਿੰਘ ਤੇ ਪ੍ਰੀਤਮ ਸਿੰਘ। ਡਸਕੇ ਵਿਚ ਇਨ੍ਹਾਂ ਦਾ ਪਰਿਵਾਰ ਪਹਿਲਵਾਨਾਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਦੇ ਤਾਏ ਗੰਡਾ ਸਿੰਘ ਦਾ ਲੜਕਾ ਸੁੰਦਰ ਸਿੰਘ ਇਲਾਕੇ ਦਾ ਨਾਮੀ ਪਹਿਲਵਾਨ ਸੀ। ਵੇਲਣੇ ਦੀਆਂ ਗੋਗੜਾਂ ਨਾਲ ਰੋਜ਼ ਦੋ ਹੱਥ ਕਰਨੇ ਤੇ ਡੰਡ-ਬੈਠਕਾਂ ਕੱਢਣੀਆਂ ਉਸ ਦਾ ਨੇਮ ਸੀ। ਬਾਲ ਪ੍ਰੀਤੇ ਨੇ ਸਾਧਨਾਂ ਦੇ ਇਸ ਸਬਕ ਨੂੰ ਨਿੱਕੇ ਹੁੰਦਿਆਂ ਹੀ ਦੇਖ-ਦੇਖ ਕੇ ਰਟ ਲਿਆ ਸੀ। ਜੇ ਸਿਆਲਕੋਟ ਨੂੰ ਪੂਰਨ ਭਗਤ ਨੇ ਮਸ਼ਹੂਰ ਕੀਤਾ ਤਾਂ ਡਸਕੇ ਨੂੰ ਪਹਿਲਵਾਨਾਂ ਦੇ ਇਸ ਟੱਬਰ ਨੇ।
ਪ੍ਰੀਤਮ ਸਿੰਘ ਨੇ ਮੁਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਡਾਲਾ ਸਕੂਲ ਪੜ੍ਹਦਿਆਂ ਮਾਸਟਰ ਅਮਰ ਸਿੰਘ ਢਿੱਲੋਂ ਨੇ ਪ੍ਰੀਤਮ ਸਿੰਘ ਅੰਦਰ ਲੁਕੇ ਖਿਡਾਰੀ ਨੂੰ ਪਛਾਣ ਲਿਆ। ਜਿਵੇਂ ਲੁਹਾਰ ਲੋਹੇ ਨੂੰ ਤਾਅ ਕੇ ਚੰਡਦਾ ਹੈ, ਇਵੇਂ ਮਾਸਟਰ ਜੀ ਨੇ ਪ੍ਰੀਤਮ ਸਿੰਘ ਨੂੰ ਅਭਿਆਸ ਦੀ ਭੱਠੀ ਵਿਚ ਤਾਅ ਕੇ ਪ੍ਰੀਤੇ ਤੋਂ 'ਪ੍ਰੀਤਾ ਨਡਾਲੀਆ' ਬਣਾ ਦਿੱਤਾ।
ਪ੍ਰੀਤਮ ਸਿੰਘ ਦੇ ਦੱਸਣ ਅਨੁਸਾਰ ਇਹ ਗੱਲ 1960 ਦੀ ਹੋਵੇਗੀ। ਸ: ਹਰਨਰਿੰਜਨ ਸਿੰਘ ਭਾਗੋਵਾਲ, ਜ਼ਿਲ੍ਹਾ ਗੁਰਦਾਸਪੁਰ ਸਕੂਲ ਦੇ ਹੈੱਡ ਮਾਸਟਰ ਸਨ। ਜ਼ਿਲ੍ਹਾ ਪੱਧਰ ਦਾ ਮੈਚ ਸਕੂਲ ਵਿਚ ਖੇਡਿਆ ਜਾਣਾ ਸੀ। ਮੈਚ ਕਾਹਦਾ, ਸਮਝੋ ਸਾਨ੍ਹ ਭਿੜਨੇ ਸਨ। ਪ੍ਰੀਤੇ ਦੀ ਵਿਰੋਧੀ ਟੀਮ ਵਿਚ ਮੋਹਣਾ ਦੋਲੋ ਨੰਗਲੀਆ ਤੇ ਨੱਥਾ ਵਜ਼ੀਰ ਭੁੱਲਰ ਦੋਵੇਂ ਖਿਡਾਰੀ ਵਡੇਰੀ ਉਮਰ ਦੇ ਲਏ ਗਏ। ਰੱਟਾ ਪੈ ਗਿਆ। ਗੱਲ ਕਿਸੇ ਪਾਸੇ ਨਾ ਲੱਗੇ। ਵਿਰੋਧੀ ਟੀਮ ਦੋਵਾਂ ਖਿਡਾਰੀਆਂ ਨੂੰ ਖਿਡਾਉਣ ਲਈ ਬਜ਼ਿਦ ਸੀ। ਇਹ ਆਤਮ-ਵਿਸ਼ਵਾਸ ਕਹਿ ਲਓ ਜਾਂ ਜ਼ੋਰ ਬੇਸ਼ਰਮ ਕਹਿ ਲਓ। ਪ੍ਰੀਤਾ ਮੰਨ ਗਿਆ। ਉਦੋਂ ਪ੍ਰੀਤੇ ਦੀ ਟੀਮ ਵਿਚ ਪਿੰਦਰ ਨਿਹਾਲਗੜ੍ਹੀਆ ਜਾਫ਼ੀ ਸੀ। ਪਿਆਰਾ ਗਿੱਲ ਤੇ ਧੀਰਾ ਘੁੰਮਣ ਨਡਾਲੀਆ ਰੇਡਰ ਸਨ। ਮੈਚ ਦੇਖਣ ਲਈ ਪਾੜ੍ਹਿਆਂ ਦਾ ਹੜ੍ਹ ਆਇਆ ਹੋਇਆ ਸੀ। ਪਹਿਲੇ ਹਾਫ ਵਿਚ ਪ੍ਰੀਤੇ ਦੀ ਟੀਮ ਨੇ 18 ਨੰਬਰ ਲਏ ਤੇ ਵਿਰੋਧੀ ਟੀਮ ਨੇ 6, ਦੂਜੇ ਹਾਫ ਵਿਚ ਵਿਰੋਧੀ ਟੀਮ 6 ਦਾ ਅੰਕੜਾ ਪਾਰ ਨਾ ਕਰ ਸਕੀ ਤੇ ਪ੍ਰੀਤੇ ਹੁਰਾਂ ਨੇ 43 ਅੰਕ ਲੈ ਕੇ ਮੈਚ ਜਿੱਤ ਲਿਆ।
ਕਿਸੇ ਦੀ ਕਾਮਯਾਬੀ ਉਦੋਂ ਮੂੰਹੋਂ ਬੋਲਦੀ ਹੈ, ਜਦੋਂ ਉਸ ਸਮੇਂ ਦੀ ਜਵਾਨੀ ਆਪਣੇ ਨਾਇਕ ਵਰਗਾ ਬਣਨ ਲਈ ਆਪਣੀਆਂ ਸੋਚਾਂ ਦੇ ਪਰ ਤੋਲਦੀ ਹੈ। ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਡਾ: ਆਸਾ ਸਿੰਘ 'ਘੁੰਮਣ' ਆਪਣੇ ਚੇਤਿਆਂ ਦੀ ਚੰਗੇਰ 'ਚੋਂ ਦੱਸਦੇ ਹਨ ਕਿ ਉਹ ਪ੍ਰੀਤਮ ਸਿੰਘ ਤੋਂ ਚਾਰ ਜਮਾਤਾਂ ਪਿੱਛੇ ਸਨ। ਉਹਦੇ ਮੁਢਲੇ ਮੈਚਾਂ ਵਿਚੋਂ ਇਕ ਮੈਚ ਅੱਜ ਵੀ ਲੋਕਾਂ ਦੇ ਚੇਤਿਆਂ ਵਿਚ ਵਸਿਆ ਹੋਇਆ ਹੈ। ਇਹ ਮੈਚ ਨਡਾਲੇ ਦੇ ਲਾਗੇ ਦਮੂਲੀਆ ਪਿੰਡ ਵਿਚ ਹੋਇਆ। ਅੱਜ ਵੀ ਬਿੰਦੀ ਢਿਲਵਾਂ ਇਸ ਮੈਚ ਦਾ ਹਾਲ ਬੜੇ ਚਾਅ ਨਾਲ ਦੱਸਦਾ। ਕਹਿੰਦਾ, 'ਭਾਊ ਪ੍ਰੀਤਮ ਦੇ ਹੁੰਦਿਆਂ ਜੋ ਰੇਡਾਂ ਉਦੋਂ ਪਾ ਦਿੱਤੀਆਂ, ਉਹ ਮੀਲ ਪੱਥਰ ਬਣ ਗਈਆਂ। ਪ੍ਰੀਤਮ ਦੀ ਰਹਿਨੁਮਾਈ ਤੇ ਸਾਰੇ ਡਰ-ਭੌ ਲਾਹ ਦਿੱਤੇ।' ਉਹੀ ਬਿੰਦੀ ਬਾਅਦ ਵਿਚ ਕਬੱਡੀ ਦੇ 'ਸ਼ੁਦਾਈ' ਦੇ ਤੌਰ 'ਤੇ ਜਾਣਿਆ ਗਿਆ।
ਸਕੂਲ ਪੜ੍ਹਦਿਆਂ ਪ੍ਰੀਤੇ ਨੇ ਦਸਵੀਂ ਤੱਕ 1959, 1960 ਤੇ 1961 ਤੱਕ ਲਗਾਤਾਰ ਤਿੰਨ ਸਾਲ ਜ਼ਿਲ੍ਹਾ ਜਿੱਤਿਆ। 1965 ਵਿਚ ਉਹ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਭਰਤੀ ਹੋਇਆ। ਭਰਤੀ ਹੋਣ 'ਤੇ ਵੀ ਉਸ ਨੇ ਪੇਂਡੂ ਟੂਰਨਾਮੈਂਟ ਖੇਡਣੇ ਨਹੀਂ ਛੱਡੇ। ਖੇਡਣ ਖਾਤਰ ਛੁੱਟੀ ਵੀ ਲੈ ਲੈਂਦਾ। ਉਨ੍ਹਾਂ ਸਮਿਆਂ ਵਿਚ ਇਨਾਮ ਨਾਮਾਤਰ ਹੁੰਦੇ ਸਨ।
1969 ਵਿਚ ਉਸ ਨੇ ਅਜਮੇਰ (ਰਾਜਸਥਾਨ) ਵਿਖੇ 67.32 ਮੀਟਰ ਨੇਜਾ ਸੁੱਟ ਕੇ ਭਾਰਤ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਗੁਰਬਚਨ ਸਿੰਘ ਰੰਧਾਵੇ ਦਾ ਰਿਕਾਰਡ 64.09 ਮੀਟਰ ਸੀ। 3.23 ਮੀਟਰ ਦੇ ਵੱਡੇ ਫਰਕ ਨਾਲ ਪ੍ਰੀਤਾ ਅੱਗੇ ਨਿਕਲ ਗਿਆ। 1971 ਵਿਚ ਸਿੰਘਾਪੁਰ ਪ੍ਰੀ - ਏਸ਼ੀਅਨ ਮੁਕਾਬਲਿਆਂ ਵਿਚ ਜਾ ਪਹੁੰਚਿਆ। 64.54 ਮੀਟਰ ਨੇਜਾ ਸੁੱਟ ਕੇ ਹਿੰਦੁਸਤਾਨ ਲਈ ਸੋਨ ਤਗਮਾ ਜਿੱਤਿਆ ਅਤੇ ਪਿਛਲਾ ਰਿਕਾਰਡ ਜਿਹੜਾ ਕਿ ਨਛੱਤਰ ਸਿੰਘ ਨੇ ਬਣਾਇਆ ਸੀ, ਉਸ ਨੂੰ ਤੋੜਿਆ। 100 ਮੀਟਰ ਦੌੜ ਦੌੜਦਾ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ। 400 ਮੀਟਰ ਦੌੜ ਵਿਚ ਉਹ ਪੰਜਾਬ ਪੁਲਿਸ ਦਾ ਮੈਂਬਰ ਰਿਹਾ। ਡਿਸਕਸ ਥ੍ਰੋਅ ਵਿਚ ਉਸ ਦੀਆਂ ਕਈ ਪੁਜ਼ੀਸ਼ਨਾਂ ਹਨ। ਪ੍ਰੀਤੇ ਵਿਚ ਏਨਾ ਜ਼ੋਰ ਤੇ ਹੁਨਰ ਕਿਥੋਂ ਆ ਗਿਆ ਸੀ, ਇਹ ਰੱਬ ਹੀ ਜਾਣਦਾ। ਲੇਖਕ ਬਲਿਹਾਰ ਸਿੰਘ 'ਰੰਧਾਵਾ' ਵੀ ਗਵਾਹੀ ਭਰਦਾ ਲਿਖਦਾ ਹੈ ਕਿ 'ਵਲ਼ ਖਾਣਾ ਸੋਟੀ ਨੇਜ਼ੇ ਨੂੰ ਉਹ ਸਾਹਾਂ ਤੋਂ ਵੱਧ ਪਿਆਰ ਕਰਦਾ ਸੀ।'
1974 ਤੇ 1977 ਵਿਚ ਪ੍ਰੀਤਮ ਸਿੰਘ ਦੀ ਕਪਤਾਨੀ ਹੇਠ ਦੋ ਵਾਰ ਭਾਰਤ ਦੀ ਕਬੱਡੀ ਦੀ ਟੀਮ ਇੰਗਲੈਂਡ ਖੇਡਣ ਗਈ। ਉਦੋਂ ਸਾਊਥਾਲ ਦੀ ਟੀਮ ਦੀ ਇੰਗਲੈਂਡ ਵਿਚ ਪੂਰੀ ਤੂਤੀ ਬੋਲਦੀ ਸੀ। ਹਿੰਮਤ ਸਿੰਘ ਸੋਹੀ ਤੇ ਹਰਪਾਲ ਬਰਾੜ ਉਦੋਂ ਪੂਰੀ ਚੜ੍ਹਤ ਵਿਚ ਸਨ। ਉਸ ਵਕਤ ਦੇ ਸਮਕਾਲੀਆਂ ਵਿਚ ਜੀਤਾ ਸਿਪਾਹੀ, ਸੱਤਾ ਸਠਿਆਲੀਆ, ਭੱਜੀ ਖੁਰਦਪੁਰੀਆ ਤੇ ਰਸਾਲਾ ਅੰਬਰਸਰੀਆ ਵਿਸ਼ੇਸ਼ ਸਨ। ਸੰਨ 1977 ਦੇ ਸਮੇਂ ਨੂੰ ਯਾਦ ਕਰਕੇ ਪ੍ਰੀਤਾ ਅੱਜ ਵੀ ਅਰਜਨ ਕੌਂਕੇ, ਫਿੱਡੂ, ਬੋਲਾ ਪੱਤੜ, ਦੇਵੀ ਦਿਲ ਤੇ ਭੱਜੀ ਖੀਰਾਂਵਾਲੀਏ ਨੂੰ ਆਪਣੇ ਪੋਟਿਆਂ 'ਤੇ ਗਿਣ ਜਾਂਦਾ ਹੈ।
ਕਬੱਡੀ ਵਿਚ ਪ੍ਰੀਤੇ ਨੇ ਡਾਲਰ, ਪੌਂਡ ਨਹੀਂ ਕਮਾਏ, ਕਾਰਾਂ-ਕੋਠੀਆਂ ਤੇ ਪਲਾਟ ਨਹੀਂ ਖਰੀਦੇ। ਬਸ ਸੱਚੀ-ਸੁੱਚੀ ਮਿਹਨਤ ਨਾਲ, ਸੱਚੇ-ਸੁੱਚੇ ਜੁੱਸੇ ਨਾਲ ਪੰਜਾਬੀਆਂ ਦੀ ਸੱਚੀ-ਸੁੱਚੀ ਰੂਹ ਨੂੰ ਸਰਸ਼ਾਰ ਕੀਤਾ ਹੈ।
ਪ੍ਰੀਤਮ ਸਿੰਘ ਦੀ ਜੀਵਨ ਸਾਥਣ ਗੁਰਮੀਤ ਕੌਰ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਮੀਰਾਂ ਕੋਟ ਦੀ ਹੈ। ਦੋ ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਵਿਖੇ ਵਿਆਹੀ ਹੋਈ ਹੈ। ਕਬੱਡੀ ਦੇ ਬੇਜੋੜ ਖਿਡਾਰੀ ਦਵਿੰਦਰ ਸਿੰਘ ਉਰਫ ਜਵਾਹਰਾ ਪਰਿਵਾਰ ਦਾ ਦਾਮਾਦ ਹੈ ਅਤੇ ਇਹ ਪਰਿਵਾਰ ਪੱਕੇ ਤੌਰ 'ਤੇ ਕੈਨੇਡਾ ਦਾ ਵਸਨੀਕ ਹੈ। ਬੇਟਾ ਗੁਰਪ੍ਰੀਤ ਚੰਗਾ ਕਾਰੋਬਾਰੀ ਹੈ। ਕੈਨੇਡਾ ਦੇਖਣ ਵਿਚ ਬਾਪੂ ਦੇ ਕਦਰਦਾਨਾਂ ਪੱਪੂ ਗੁਰਦਾਸਪੁਰੀਏ ਅਤੇ ਜਤਿੰਦਰ ਧੀਰੇ ਡਡਵਿੰਡੀ ਨੂੰ ਦਿਲੋਂ ਅਸੀਸਾਂ ਦਿੰਦਾ ਹੈ। ਬਾਪੂ ਦੀਆਂ ਗੱਲਾਂ ਕਰਨ ਅਤੇ ਸੁਣਨ ਵਿਚ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।


-ਅੰਤਰਰਾਸ਼ਟਰੀ ਕੁਮੈਂਟੇਟਰ। ਮੋਬਾ: 98159-67462

ਰਾਹੁਲ ਦ੍ਰਾਵਿੜ ਦੀ ਮਾਣਮਤੀ ਪ੍ਰਾਪਤੀ-ਹਾਲ ਆਫ਼ ਫੇਮ ਦਾ ਸਨਮਾਨ

ਰਾਹੁਲ ਸ਼ਰਦ ਦ੍ਰਾਵਿੜ 11ਜਨਵਰੀ, 1973 ਨੂੰ ਇੰਦੋਰ ਵਿਚ ਇਕ ਮਰਾਠਾ ਪਰਿਵਾਰ ਵਿਚ ਜਨਮੇ ਇਸ ਸਮੇਂ ਕ੍ਰਿਕਟ ਵਿਚ ਇਕ ਵੱਡਾ ਨਾਂਅ ਬਣ ਗਏ ਹਨ। ਉਹ ਦੁਨੀਆ ਵਿਚ ਪਹਿਲੇ ਸੱਤ ਖਿਡਾਰੀਆਂ ਵਿਚ ਹਨ, ਜਿਨ੍ਹਾਂ ਨੇ 10000 ਤੋਂ ਉਪਰ ਦੌੜਾਂ ਬਣਾਈਆਂ ਹਨ। ਉਹ ਭਾਰਤ ਦੇ ਇਕ ਸਫਲ ਬੱਲੇਬਾਜ਼ ਤੇ ਕੋਚ ਰਹੇ ਹਨ। ਰਾਹੁਲ ਦਾ ਨਾਂਅ ਮੈਚ ਬਚਾਉਣ ਵਾਲਾ ਹੋਣ ਕਰਕੇ 'ਮਿਸਟਰ ਡੀਪੈਂਡੈਬਲ' ਕਹਿ ਕੇ ਲਿਆ ਜਾਂਦਾ ਹੈ। ਦ੍ਰਾਵਿੜ ਨੇ ਜੋ ਕ੍ਰਿਕਟ ਵਿਚ ਇਤਿਹਾਸ ਰਚਿਆ ਹੈ, ਉਸ ਲਈ ਰਾਹੁਲ ਨੂੰ ਹਾਲ ਆਫ ਫੇਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੰਸਾਰ ਵਿਚ ਪ੍ਰਸਿੱਧ ਖਿਡਾਰੀਆਂ ਦਾ ਮਾਣ-ਸਨਮਾਨ ਕਰਨਾ ਕੇਵਲ ਉਨ੍ਹਾਂ ਦਾ ਖੇਡ ਵਿਚ ਪ੍ਰਤੀਨਿਧਤਾ ਕਰਨ ਸਮੇਂ ਹੀ ਨਹੀਂ, ਸਗੋਂ ਜਦੋਂ ਉਹ ਖੇਡ ਤੋਂ ਮੁਕਤ ਹੋਣ ਤੋਂ ਬਾਅਦ, ਉਨ੍ਹਾਂ ਦੇ ਤਜਰਬੇ ਤੋਂ ਅਗਵਾਈ ਲੈਣ ਲਈ ਖੇਡ ਨਾਲ ਜੋੜੀ ਰੱਖਣਾ ਤੇ ਸਨਮਾਨ ਕਰਨਾ ਇਕ ਪ੍ਰਸੰਸਾਮਈ ਯਤਨ ਹੈ। ਆਈ.ਸੀ.ਸੀ. ਦੇ ਇਸ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ।
ਨਿਰਸੰਦੇਹ ਇਹ ਸਾਰਥਕ ਉੱਦਮ ਖੇਡ ਤੋਂ ਸੇਵਾਮੁਕਤ ਹੋਏ ਖਿਡਾਰੀਆਂ ਦਾ ਉਤਸ਼ਾਹ ਤਾਂ ਵਧਾਵੇਗਾ, ਨਾਲ ਜੋ ਇਸ ਸਮੇਂ ਦੇਸ਼ ਨੂੰ ਆਪਣੀ ਖੇਡ ਨਾਲ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਲਈ ਵੀ ਆਸ ਦੀ ਇਕ ਚਮਕਦੀ ਆਸ ਪੈਦਾ ਕਰ ਦਿੱਤੀ ਹੈ।
ਸਭ ਤੋਂ ਵੱਡੀ ਪ੍ਰੇਰਨਾ ਨਵੇਂ ਆਉਣ ਵਾਲੇ ਖਿਡਾਰੀਆਂ ਲਈ ਚੰਗੇਰੇ ਭਵਿੱਖ ਦਾ ਸੁਪਨਾ ਲੈਣ ਵਾਲਿਆਂ ਲਈ ਬਣ ਸਕਦੀ ਹੈ।
ਇਸ ਤੋਂ ਪਹਿਲਾਂ ਆਈ.ਸੀ.ਸੀ. ਨੇ ਭਾਰਤ ਦੇ ਚਾਰ ਸ੍ਰੇਸ਼ਠ ਖਿਡਾਰੀਆਂ ਨੂੰ ਇਹ ਸਨਮਾਨ ਦੇ ਕੇ ਸਨਮਾਨਤ ਕੀਤਾ ਹੈ ਤੇ ਇਹ ਅੰਕੜਾ ਹੁਣ ਪੰਜ ਹੋਰ ਪੰਜਾਂ ਦੀ ਸੰਖਿਆ ਵਾਲੇ ਪ੍ਰਸਿੱਧ ਅੰਕੜਿਆਂ ਵਾਲਾ ਯਾਦਗਾਰੀ ਹੋ ਗਿਆ ਹੈ। ਇਸ ਹਾਲ ਆਫ ਫੇਮ ਦੇ ਪਹਿਲੇ ਪੰਜਾਬ ਦੇ ਅੰਮ੍ਰਿਤਸਰ ਪੁਤਲੀ ਘਰ ਵਿਚ ਕਿਸੇ ਸਮੇਂ ਰਹਿਣ ਵਾਲੇ ਬਿਸ਼ਨ ਸਿੰਘ ਬੇਦੀ ਹੋਏ ਹਨ, ਜਿਨ੍ਹਾਂ ਨੇ ਭਾਰਤ ਦੀ ਇਕ ਲੰਮੇ ਸਮੇਂ ਤੱਕ ਕਪਤਾਨੀ ਕੀਤੀ ਤੇ ਸਪਿਨ ਗੇਂਦਬਾਜ਼ੀ ਵਿਚ ਨਵੇਂ ਕੀਰੀਤੀਮਾਨ ਸਥਾਪਤ ਕੀਤੇ। ਕ੍ਰਿਕਟ ਪ੍ਰੇਮੀਆਂ ਨੂੰ ਉਨ੍ਹਾਂ ਦੀ ਗੇਂਦਬਾਜ਼ੀ ਕਾਰਨ ਸਵਰਗਵਾਸੀ ਜਸਦੇਵ ਦੀ ਇਕ ਗੱਲ ਯਾਦ ਆ ਜਾਂਦੀ ਹੈ ਕਿ ਜਦੋਂ ਉਹ ਕੁਮੈਂਟਰੀ ਕਰਦੇ ਅਕਸਰ ਕਹਿੰਦੇ ਸਨ ਕਿ ਬੇਦੀ ਦੇ ਇਕ ਓਵਰ ਵਿਚ ਹਰ ਸਪਿਨ ਬਾਲ ਵਿਚ ਇਕ ਵੱਖਰਾਪਨ ਦਿਖਾਈ ਦਿੰਦਾ ਹੈ ਤੇ ਬੱਲੇਬਾਜ਼ ਛੇਤੀ ਹੀ ਉਨ੍ਹਾਂ ਦੇ ਜਾਲ ਵਿਚ ਫਸ ਜਾਂਦਾ ਹੈ।
ਹਾਲ ਆਫ ਫੇਮ ਦੇ ਦੂਸਰੇ ਖਿਡਾਰੀ ਹਰਫਨ ਮੌਲਾ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿਚ ਪੜ੍ਹੇ ਕਪਿਲ ਦੇਵ ਹੋਏ ਹਨ, ਜੋ ਭਾਰਤ ਦੇ ਕਪਤਾਨ ਰਹੇ ਤੇ ਯਾਦਗਾਰੀ ਵਿਸ਼ਵ ਕੱਪ ਭਾਰਤ ਦੀ ਝੋਲੀ ਵਿਚ ਪਾਇਆ। ਤੀਸਰੇ ਇਸ ਮਾਣ ਨਾਲ ਸਨਮਾਨਿਤ ਹੋਣ ਵਾਲੇ ਭਾਰਤ ਦੇ ਛੋਟਾ ਮਾਸਟਰ ਅਖਵਾਉਣ ਵਾਲੇ ਛੋਟੇ ਕੱਦ ਵਾਲੇ ਮੁੰਬਈ ਦੇ ਸੁਨੀਲ ਗਵਾਸਰ ਹਨ, ਜੋ ਇਸ ਸਮੇਂ ਬਹੁਤ ਹੀ ਸਮਰੱਥ ਕੁਮੈਂਟਰੀਕਰਨ ਵਾਲੇ ਬਣ ਗਏ ਹਨ। ਚੌਥੇ ਅਨਿਲ ਕੁੰਬਲੇ ਮੁੱਖ ਰੂਪ ਵਿਚ ਗੇਂਦਬਾਜ਼ ਸਨ, ਜੋ ਆਪਣੀ ਸਹਿਜਤਾ, ਆਪਣੇ ਕੰਮ ਨਾਲ ਮਗਨ ਰਹਿਣ ਵਾਲੇ ਪਰ ਖੇਡ ਦੇ ਪੁੁੂਰੇ ਨਿਯਮਾਂ ਨਾਲ ਪ੍ਰਪੱਕ ਖਿਡਾਰੀ ਸਨ।
ਜਿਥੋਂ ਤੱਕ ਰਾਹੁਲ ਦ੍ਰਾਵਿੜ ਦਾ ਸਵਾਲ ਹੈ, ਉਨ੍ਹਾਂ ਦੀ ਸ਼ੋਭਾ ਬਹੁਤਾ ਕਰਕੇ ਇਸ ਕਾਰਨ ਕੀਤੀ ਜਾਂਦੀ ਹੈ ਕਿ ਰਾਹੁਲ ਨੂੰ ਬਿਲਕੁਲ ਇਕ ਨਿਰਭਰਤਾ ਵਾਲਾ ਖਿਡਾਰੀ ਮੰਨਿਆ ਜਾਂਦਾ ਸੀ। ਜਦੋਂ ਰਾਹੁਲ ਦੀ ਵਾਰੀ ਆਉਂਦੀ ਸੀ ਤਾਂ ਲੋਕ ਇਹ ਕਹਿੰਦੇ ਸਨ ਕਿ ਮੈਚ ਸਹੀ ਹੱਥਾਂ ਵਿਚ ਹੈ ਤੇ ਭਾਰਤ ਕਿਸੇ ਸੂਰਤ ਵਿਚ ਹਾਰ ਨਹੀਂ ਸਕਦਾ। ਰਾਹੁਲ ਨੇ ਭਾਵੇਂ ਥੋੜ੍ਹਾ ਸਮਾਂ ਕਪਤਾਨੀ ਕੀਤੀ ਪਰ ਰਾਹੁਲ ਨੂੰ ਇਕ ਨਿਪੁੰਨ ਬੱਲੇਬਾਜ਼ ਸਮਝਿਆ ਜਾਂਦਾ ਸੀ।


-274-ਏ.ਐਕਸ. ਮਾਡਲ ਟਾਊਨ ਐਕਟੈਨਸ਼ਨ, ਲੁਧਿਆਣਾ। ਮੋਬਾ: 98152-55295

ਭਾਰਤੀ ਫੁੱਟਬਾਲ : ਭਵਿੱਖ ਦੇ ਸਿਤਾਰੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਮਰਜੀਤ ਸਿੰਘ ਕਿਆਮ : ਮਨੀਪੁਰ ਨਾਲ ਸਬੰਧਤ 17 ਵਰ੍ਹਿਆਂ ਦੇ ਮਿਡਫੀਲਡਰ ਅਮਰਜੀਤ ਕਿਆਮ ਦੇ ਪਿਤਾ ਖੇਤੀ ਮਜ਼ਦੂਰ ਤੇ ਮਾਂ ਅਸ਼ਗਬੀ ਦੇਵੀ ਰੋਜ਼ ਘਰ ਤੋਂ 40 ਕਿਲੋਮੀਟਰ ਦੂਰ ਜਾ ਕੇ ਬਾਜ਼ਾਰ ਵਿਚ ਮੱਛੀ ਵੇਚਣ ਦਾ ਕੰਮ ਕਰਦੀ ਹੈ। ਤੰਗੀ-ਤੁਰਸ਼ੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਲਾਡਲੇ ਬੇਟੇ ਦੀ ਫੁੱਟਬਾਲਰ ਬਣਨ ਦੀ ਚਾਹਤ ਨੂੰ ਮੁਰਝਾਉਣ ਨਹੀਂ ਦਿੱਤਾ। ਪੈਸੇ ਜੋੜ ਕੇ ਫਲਾਈਟ ਦੁਆਰਾ ਚੰਡੀਗੜ੍ਹ ਅਕੈਡਮੀ 'ਚ ਟ੍ਰਾਇਲ ਲਈ ਭੇਜਿਆ, ਜਿਥੇ ਉਹ ਫਿੱਟ ਬੈਠੇ ਅਤੇ ਸਖ਼ਤ ਮਿਹਨਤ ਤੋਂ ਬਾਅਦ ਅੱਜ ਉਹ ਭਾਰਤੀ ਫੁੱਟਬਾਲ ਦੇ ਉੱਭਰ ਰਹੇ ਸਿਤਾਰੇ ਹੀ ਨਹੀਂ, ਸਗੋਂ ਅੰਡਰ-17 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਕਪਤਾਨ ਵਜੋਂ ਮੈਦਾਨ 'ਚ ਉੱਤਰੇ ਸਨ।
ਅਨਵਰ ਅਲੀ : ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਤਹਿਸੀਲ ਦੇ ਪਿੰਡ ਚੋਮ੍ਹੋ 'ਚ 28 ਅਗਸਤ, 2000 ਨੂੰ ਜਨਮਿਆ 18 ਵਰ੍ਹਿਆਂ ਦਾ ਅਨਵਰ ਅਲੀ ਅੱਜ ਭਾਰਤੀ ਫੁੱਟਬਾਲ ਦਾ ਚਰਚਿਤ ਸਿਤਾਰਾ ਹੈ। ਚਰਵਾਹੇ ਅਤੇ ਦੁੱਧ ਵੇਚਣ ਵਾਲੇ ਪਿਤਾ ਰਾਜਾਕ ਅਤੇ ਮਾਤਾ ਯਾਤੂਨ ਨੇ ਆਪਣੇ ਲਾਡਲੇ ਬੇਟੇ ਦੀ ਫੁੱਟਬਾਲਰ ਬਣਨ ਦੀ ਹਸਰਤ ਨੂੰ ਪ੍ਰਵਾਨ ਚੜ੍ਹਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ। ਸ਼ੁਰੂਆਤੀ ਦਿਨਾਂ 'ਚ ਬੂਟ ਖਰੀਦਣ ਤੋਂ ਲੈ ਕੇ ਹਰ ਸੰਭਵ ਸਹਾਇਤਾ ਦਸਮੇਸ਼ ਸਪੋਰਟਸ ਕਲੱਬ ਨੇ ਕੀਤੀ ਅਤੇ ਪ੍ਰਤਿਭਾ ਦੀ ਕੀਮਤ ਸਥਾਨਕ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੀ ਹਰ ਸੰਭਵ ਸਹਾਇਤਾ ਕੀਤੀ। ਅੱਜ ਇਹ ਖਿਡਾਰੀ ਸੂਬਾ ਪੱਧਰ 'ਤੇ ਪ੍ਰਾਪਤੀਆਂ ਦੀ ਗਾਥਾ ਬਣ ਕੇ ਰਾਸ਼ਟਰੀ ਟੀਮ ਦਾ ਅਹਿਮ ਹਿੱਸਾ ਬਣ ਚੁੱਕਾ ਹੈ।
ਧੀਰਜ ਸਿੰਘ ਮੋਈਰੰਗਥੱਮ : ਮਨੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ਦੇ ਪਿੰਡ ਮੋਈਰੰਗ 'ਚ ਪਿਤਾ ਰੋਮਿਤ ਸਿੰਘ ਦੇ ਘਰ ਜਨਮਿਆ ਧੀਰਜ ਸਿੰਘ ਭਾਰਤੀ ਜੂਨੀਅਰ ਟੀਮ ਦਾ ਧਾਕੜ ਗੋਲਕੀਪਰ ਹੈ। ਪੜ੍ਹਾਈ 'ਚ ਹੁਸ਼ਿਆਰ ਧੀਰਜ ਸਿੰਘ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਖੇਡ ਮੈਦਾਨ 'ਚ ਉੱਤਰੇ। ਕਿੱਟ, ਟ੍ਰੇਨਿੰਗ ਅਤੇ ਟਰੈਵਲ ਖਰਚੇ ਤੋਂ ਅਸਮਰੱਥ ਹੋਣ 'ਤੇ ਧੀਰਜ ਦੀ ਨਾਨੀ ਨੇ ਉਸ ਦੀ ਫੁੱਟਬਾਲ ਕਿੱਟ ਖਰੀਦਣ 'ਚ ਮਦਦ ਕੀਤੀ। ਸਟੇਟ ਟੀਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੀਮ 'ਚ ਬਤੌਰ ਗੋਲਕੀਪਰ ਧੀਰਜ ਦੇ ਅਮਰੀਕਾ ਅਤੇ ਕੋਲੰਬੀਆ ਖ਼ਿਲਾਫ਼ ਕਾਬਲੇ-ਤਾਰੀਫ ਪ੍ਰਦਰਸ਼ਨ ਨੂੰ ਦੇਖਦਿਆਂ ਇਸ ਵਕਤ ਉਹ ਯੂਰਪ ਦੀਆਂ ਕਈ ਮਸ਼ਹੂਰ ਕਲੱਬਾਂ ਦੇ ਨਿਸ਼ਾਨੇ 'ਤੇ ਹੈ। (ਸਮਾਪਤ)


-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਭਾਰਤੀ ਵੀਲ੍ਹਚੇਅਰ ਬੋਕੀਆ ਟੀਮ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਰਾਹੁਲ ਡੰਪਾ

'ਮੇਰੀ ਕਾਇਆ ਤੋ ਬਸ ਮਾਇਆ ਹੈ, ਮੁਝੇ ਆਂਕਨਾ ਹੈ ਤੋ ਬਸ ਮੇਰੇ ਕਾਰਨਾਮੇ ਦੇਖਨਾ, ਉਸ ਮੇਂ ਹੀ ਛੁਪੀ ਹੈ ਮੇਰੀ ਉਡਾਨ, ਦੂਰੀ ਤੁਮ ਮਾਪਨਾ।' ਰਾਹੁਲ ਡੰਪਾ ਭਾਰਤੀ ਵੀਲ੍ਹਚੇਅਰ ਬੋਕੀਆ ਟੀਮ ਦਾ ਅੰਤਰਰਾਸ਼ਟਰੀ ਖਿਡਾਰੀ ਹੈ। ਉਹ ਅਪਾਹਜ ਹੈ ਅਤੇ ਮੰਨਦਾ ਵੀ ਹੈ ਪਰ ਉਹ ਮਾਣ ਨਾਲ ਆਖਦਾ ਹੈ ਕਿ 'ਮੇਰਾ ਹੌਸਲਾ ਅਤੇ ਮੇਰਾ ਜਜ਼ਬਾ ਅਪਾਹਜ ਨਹੀਂ ਅਤੇ ਮੈਂ ਹਮੇਸ਼ਾ ਅੱਗੇ ਵੱਲ ਹੀ ਵਧਣਾ ਸਿੱਖਿਆ ਹੈ, ਪਿੱਛੇ ਨਹੀਂ। ਰਾਹੁਲ ਡੰਪਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਸ਼ਾਖਾਪਟਨਮ ਵਿਚ 17 ਜਨਵਰੀ, 1990 ਨੂੰ ਪਿਤਾ ਡੰਪਾ ਰਾਮੂ ਦੇ ਘਰ ਮਾਤਾ ਡੰਪਾ ਸਰਸਵਤੀ ਦੀ ਕੁੱਖੋਂ ਹੋਇਆ। ਰਾਹੁਲ ਡੰਪਾ ਨੂੰ ਬਚਪਨ ਤੋਂ ਹੀ ਖੇਡਣ-ਕੁੱਦਣ ਦਾ ਸ਼ੌਕ ਸੀ ਅਤੇ ਸਕੂਲੀ ਪੱਧਰ 'ਤੇ ਹੀ ਉਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡ ਸਰਗਰਮੀਆਂ ਵੀ ਆਰੰਭ ਦਿੱਤੀਆਂ ਅਤੇ ਛੇਤੀ ਹੀ ਉਹ ਅਥਲੈਟਿਕ ਵਿਚ ਕਰਾਟੇ ਅਤੇ ਸਵਿਮਿੰਗ ਵਿਚ ਨੈਸ਼ਨਲ ਪੱਧਰ ਦਾ ਖਿਡਾਰੀ ਸਾਬਤ ਹੋਇਆ। ਰਾਹੁਲ ਡੰਪਾ ਉੱਚ ਸਿੱਖਿਆ ਲੈਣ ਤੋਂ ਬਾਅਦ ਨੇਵੀ ਮਰਚੈਂਟ ਵਿਚ ਬਤੌਰ ਕਮਾਂਡਿੰਗ ਅਫ਼ਸਰ ਭਰਤੀ ਹੋਇਆ ਅਤੇ ਉਸ ਦਾ ਸੁਪਨਾ ਸੀ ਕਿ ਉਹ ਖੇਡਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਮਾਤਾ ਦੇ ਤਿਰੰਗੇ ਨੂੰ ਜ਼ਰੂਰ ਲਹਿਰਾਏਗਾ ਪਰ ਅਫਸੋਸ ਕਿ 17 ਮਾਰਚ, 2014 ਨੂੰ ਰਾਹੁਲ ਡੰਪਾ ਇਕ ਖ਼ਤਰਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਜ਼ਿੰਦਗੀ ਇਕ ਵੀਲ੍ਹਚੇਅਰ 'ਤੇ ਆ ਕੇ ਅਟਕ ਗਈ। ਉਸ ਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ।
ਹਾਦਸਾ ਤਾਂ ਅਚਾਨਕ ਹੋ ਗਿਆ ਪਰ ਜੋ ਹਾਦਸਾ ਅਤੇ ਇਸ ਦੀ ਸੱਟ ਉਸ ਦੇ ਮਨ ਨੂੰ ਲੱਗੀ, ਉਹ ਕਦੇ ਸੋਚੀ ਵੀ ਨਹੀਂ ਸੀ ਅਤੇ ਉਹ ਕਿਸੇ ਡੂੰਘੇ ਸਦਮੇ ਵਿਚ ਚਲਾ ਗਿਆ। ਇਕ ਦਿਨ ਉਹ ਘਰ ਦੇ ਵਿਹੜੇ ਵਿਚ ਵੀਲ੍ਹਚੇਅਰ 'ਤੇ ਬੈਠਾ ਉੱਪਰ ਅਸਮਾਨ ਵੱਲ ਤੱਕ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਆਸਮਾਨ ਵਿਚ ਖੂਬਸੂਰਤ ਪੰਛੀ ਉਡਾਰੀਆਂ ਮਾਰ ਰਹੇ ਸੀ ਅਤੇ ਰਾਹੁਲ ਨੇ ਪੰਛੀਆਂ ਨੂੰ ਤੱਕ ਤੇਜ਼ ਵੀਲ੍ਹਚੇਅਰ ਦੌੜਾਈ ਤੇ ਫਿਰ ਪੰਛੀਆਂ ਵੱਲ ਵੇਖ ਲੰਮਾ ਸਾਹ ਭਰ ਬੋਲਿਆ ਕਿ 'ਅਭੀ ਹੌਸਲੇ ਕੀ ਉਡਾਨ ਬਾਕੀ ਹੈ।' ਉਸ ਨੇ ਵੀਲ੍ਹਚੇਅਰ ਉੱਪਰ ਹੀ ਬੋਕੀਆ ਦੀ ਖੇਡ ਖੇਡਣੀ ਸ਼ੁਰੂ ਕੀਤੀ ਅਤੇ ਛੇਤੀ ਹੀ ਉਸ ਨੇ ਭਾਰਤੀ ਬੋਕੀਆ ਟੀਮ ਵਿਚ ਆਪਣੀ ਜਗ੍ਹਾ ਬਣਾ ਲਈ ਅਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਲੱਗਿਆ। ਰਾਹੁਲ ਡੰਪਾ ਨੇ ਦੱਸਿਆ ਕਿ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਜਦ ਉਸ ਨੂੰ ਤਗਮਾ ਮਿਲ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ, ਕਿਉਂਕਿ ਇਕ ਪਾਸੇ ਭਾਰਤ ਦਾ ਰਾਸ਼ਟਰੀ ਗੀਤ 'ਜਨ ਗਨ ਮਨ' ਚੱਲ ਰਿਹਾ ਸੀ ਅਤੇ ਦੂਸਰੇ ਪਾਸੇ ਭਾਰਤ ਦਾ ਤਿਰੰਗਾ ਝੂਲ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਛਲਕ ਪਈਆਂ, ਕਿਉਂਕਿ ਜਿਹੜਾ ਸੁਪਨਾ ਉਸ ਨੇ ਸੰਜੋਇਆ ਸੀ, ਉਸ ਨੂੰ ਉਹ ਪੂਰਾ ਹੁੰਦਾ ਵੇਖ ਰਿਹਾ ਸੀ। ਰਾਹੁਲ ਡੰਪਾ ਆਪਣੇ ਇਸ ਖੇਤਰ ਵਿਚ ਹਮੇਸ਼ਾ ਰਿਣੀ ਹੈ ਆਪਣੇ ਪਿਤਾ ਡੰਪਾ ਰਾਮੂ ਅਤੇ ਮਾਤਾ ਡੰਪਾ ਸਰਸਵਤੀ ਅਤੇ ਆਪਣੇ ਮਿੱਤਰਾਂ ਵਰਗੇ ਕੋਚ ਜਸਪ੍ਰੀਤ ਸਿੰਘ ਬਠਿੰਡਾ ਦਾ, ਜਿਨ੍ਹਾਂ ਦੇ ਸਹਿਯੋਗ ਨੇ ਉਸ ਨੂੰ ਹਰ ਪਲ ਉਤਸ਼ਾਹਿਤ ਕੀਤਾ।


-ਮੋਬਾ: 98551-14484

5ਵੀਂ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣੇ

ਲੂਈਸ ਹੈਮਿਲਟਨ ਨੇ ਰਚਿਆ ਇਤਿਹਾਸ

ਰਫ਼ਤਾਰ ਦੀ ਖੇਡ ਫਾਰਮੂਲਾ ਵੰਨ ਦਾ ਸਾਲ 2018 ਦਾ ਸੀਜ਼ਨ ਉਹ ਗੱਲ ਪੱਕੀ ਕਰ ਗਿਆ ਹੈ, ਜਿਸ ਦਾ ਅੰਦਾਜ਼ਾ ਪਿਛਲੇ ਕਈ ਸਾਲਾਂ ਤੋਂ ਲੱਗਦਾ ਆ ਰਿਹਾ ਸੀ। ਕਾਰ ਰੇਸਿੰਗ ਦੀ ਇਸ ਨਿਵੇਕਲੀ ਖੇਡ ਵਿਚ ਲੂਈਸ ਹੈਮਿਲਟਨ ਨੇ ਆਪਣਾ ਜ਼ਬਰਦਸਤ ਰਿਕਾਰਡ ਬਰਕਰਾਰ ਰੱਖਦੇ ਹੋਏ ਪੰਜਵੀਂ ਵਾਰ ਵਿਸ਼ਵ ਖਿਤਾਬ ਜਿੱਤ ਲਿਆ ਹੈ ਅਤੇ ਰਫ਼ਤਾਰ ਦੀ ਖੇਡ ਦੇ ਵਿਸ਼ਵ ਚੈਂਪੀਅਨ ਬਾਦਸ਼ਾਹ ਅਤੇ ਆਪਣੇ ਸਮੇਂ ਦੇ ਸਭ ਤੋਂ ਬਿਹਤਰੀਨ ਕਾਰ ਰੇਸਿੰਗ ਡਰਾਈਵਰ ਵਜੋਂ ਆਪਣਾ ਨਾਂਅ ਪੱਕਾ ਕਰ ਦਿੱਤਾ ਹੈ। ਬ੍ਰਿਟੇਨ ਦੇ ਲੂਈਸ ਹੈਮਿਲਟਨ ਇਸ ਸੀਜ਼ਨ ਦੀਆਂ ਦੋ ਰੇਸ ਰਹਿੰਦਿਆਂ ਹੀ ਪੰਜਵੀਂ ਵਾਰ ਫਾਰਮੂਲਾ ਵੰਨ ਵਿਸ਼ਵ ਚੈਂਪੀਅਨ ਬਣ ਗਏ ਹਨ। ਸਾਲ 2008 ਵਿਚ ਬ੍ਰਿਟੇਨ ਦੇਸ਼ ਦੀ ਆਪਣੀ ਘਰੇਲੂ ਟੀਮ 'ਮੈਕਲਾਰੇਨ' ਦੇ ਨਾਲ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੇ 33 ਸਾਲਾ ਹੈਮਿਲਟਨ ਨੇ ਹੁਣ ਤੱਕ 227 ਰੇਸਾਂ ਵਿਚੋਂ 132 ਵਾਰ 'ਪੋਡੀਅਮ' ਯਾਨੀ ਪਹਿਲੇ ਤਿੰਨ ਸਥਾਨਾਂ ਵਿਚ ਆਉਂਦਿਆਂ ਹਾਸਲ ਕੀਤੀਆਂ ਹਨ, ਜੋ ਕਿ ਆਪਣੇ-ਆਪ ਵਿਚ ਇਕ ਹੋਰ ਕਾਮਯਾਬੀ ਹੈ। ਇਸੇ ਦੌਰਾਨ ਹੈਮਿਲਟਨ ਨੇ ਇਕ ਸੀਜ਼ਨ ਵਿਚ 11 ਜਿੱਤਾਂ ਦੇ ਨਾਲ ਹੀ ਮਾਈਕਲ ਸ਼ੂਮਾਕਰ ਅਤੇ ਸਬੈਸਟਿਅਨ ਵੈੱਟਲ ਦੀ ਬਰਾਬਰੀ ਪਹਿਲਾਂ ਹੀ ਕੀਤੀ ਹੋਈ ਹੈ। ਲੂਈਸ ਹੈਮਿਲਟਨ ਦੀ ਖਿਤਾਬੀ ਜਿੱਤ ਦੀ ਇਕ ਖਾਸ ਗੱਲ ਇਹ ਵੀ ਸੀ ਕਿ ਹੈਮਿਲਟਨ ਨੇ ਸਾਰਾ ਸੀਜ਼ਨ ਅਗੇਤ ਬਣਾਈ ਰੱਖੀ ਅਤੇ ਕਦੇ ਵੀ ਅਜਿਹਾ ਨਹੀਂ ਲੱਗਾ ਕਿ ਕੋਈ ਹੋਰ ਡਰਾਈਵਰ ਅੰਕ ਸੂਚੀ ਵਿਚ ਉਸ ਨੂੰ ਪਿੱਛੇ ਕਰ ਸਕੇਗਾ।
ਲੂਈਸ ਹੈਮਿਲਟਨ ਨੂੰ ਫਾਰਮੂਲਾ ਵੰਨ ਦਾ ਵਿਸ਼ਵ ਖਿਤਾਬ ਜਿਤਾਉਣ ਵਾਲੇ ਇਸ ਸੀਜ਼ਨ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਰੇਸ ਦੌਰਾਨ ਸਿਰਫ ਸਾਬਕਾ ਵਿਸ਼ਵ ਖਿਤਾਬ ਜੇਤੂ ਜਰਮਨੀ ਦੇ ਸਬੈਸਟੀਅਨ ਵੈਟਲ ਨੇ ਹੀ ਤਕੜੀ ਟੱਕਰ ਦਿੱਤੀ, ਪਰ ਅੰਤ ਨੂੰ ਉਹ ਹੈਮਿਲਟਨ ਤੋਂ ਪਛੜ ਗਏ। ਫਾਰਮੂਲਾ ਵੰਨ ਇਕ ਅਜਿਹੀ ਖੇਡ ਹੈ, ਜਿਸ ਵਿਚ ਇਕ ਡਰਾਈਵਰ ਜਦੋਂ ਰੇਸ ਲਈ ਜਾਂਦਾ ਹੈ ਤਾਂ ਉਸ ਉੱਤੇ ਬਹੁਤ ਦਬਾਅ ਹੁੰਦਾ ਹੈ, ਪਰ ਹੈਮਿਲਟਨ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਸਾਰਾ ਸੀਜ਼ਨ ਆਪਣੇ ਟੀਚੇ ਉੱਤੇ ਧਿਆਨ ਟਿਕਾਈ ਰੱਖਿਆ। ਹੈਮਿਲਟਨ ਨੇ ਇਕ ਰਾਕੇਟ ਵਾਂਗ ਸ਼ੁਰੂਆਤ ਕੀਤੀ, ਜੋ ਸ਼ਾਇਦ ਉਸ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਸ਼ੁਰੂਆਤ ਸੀ। ਉਸ ਦੀ ਟੀਮ 'ਮਰਸੀਡੀਜ਼' ਦੀ ਵੀ ਤਾਰੀਫ਼ ਕਰਨੀ ਬਣਦੀ ਹੈ, ਜਿਸ ਨੇ ਇਕ ਸ਼ਾਨਦਾਰ ਕਾਰ ਤਿਆਰ ਕੀਤੀ, ਜਿਸ ਰਾਹੀਂ ਉਸ ਦੇ ਦੋਵੇਂ ਡਰਾਈਵਰ ਹੈਮਿਲਟਨ ਅਤੇ ਵਾਲਟੈਰੀ ਬੌਟਾਸ ਉੱਪਰਲੇ ਸਥਾਨਾਂ ਉੱਤੇ ਆਉਂਦੇ ਰਹੇ। ਖਿਤਾਬੀ ਅੰਕ ਸੂਚੀ ਵਿਚ ਲੂਈਸ ਹੈਮਿਲਟਨ ਤੋਂ ਬਾਅਦ ਸਬੈਸਟੀਅਨ ਵੈਟਲ ਦੂਜੇ ਨੰਬਰ ਉੱਤੇ ਆਏ ਹਨ।
ਇਸ ਦੌਰਾਨ ਫਾਰਮੂਲਾ ਵੰਨ ਵਿਚ ਭਾਰਤ ਦੇਸ਼ ਦਾ ਪ੍ਰਦਰਸ਼ਨ ਇਸ ਵਾਰ ਅੰਕਾਂ ਦੇ ਹਿਸਾਬ ਨਾਲ ਸੁਧਾਰ ਨਹੀਂ ਲੈ ਕੇ ਆਇਆ। ਇਸ ਖੇਡ ਵਿਚਲੀ ਇਕਲੌਤੀ ਭਾਰਤੀ ਟੀਮ ਸਹਾਰਾ ਫੋਰਸ ਇੰਡੀਆ 'ਕੰਸਟਰਕਟਰਸ' ਭਾਵ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੀ ਚੈਂਪੀਅਨਸ਼ਿਪ ਵਿਚ ਸੱਤਵੇਂ ਸਥਾਨ ਉੱਤੇ ਰਹੀ, ਜਦਕਿ ਪਿਛਲੇ ਸਾਲ ਫੋਰਸ ਇੰਡੀਆ ਟੀਮ ਚੌਥੇ ਸਥਾਨ ਉੱਤੇ ਰਹੀ ਸੀ। ਰਿਕਾਰਡ ਭਾਵੇਂ ਜਿੰਨੇ ਮਰਜ਼ੀ ਬਣੇ ਹੋਣ ਪਰ ਕੁੱਲ ਮਿਲਾ ਕੇ ਇਹ ਸੀਜ਼ਨ ਲੂਈਸ ਹੈਮਿਲਟਨ ਦੇ ਨਾਂਅ ਹੀ ਕਿਹਾ ਜਾਵੇਗਾ, ਜਿਨ੍ਹਾਂ ਸ਼ਾਨਦਾਰ ਖਿਤਾਬੀ ਜਿੱਤ ਰਾਹੀਂ ਰਫ਼ਤਾਰ ਦੀ ਖੇਡ ਫ਼ਾਰਮੂਲਾ ਵੰਨ ਦੇ ਬਾਦਸ਼ਾਹ ਵਜੋਂ ਆਪਣਾ ਮੁਕਾਮ ਪੱਕਾ ਕਰ ਦਿੱਤਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਭਾਰਤੀ ਫੁੱਟਬਾਲ : ਭਵਿੱਖ ਦੇ ਸਿਤਾਰੇ

ਭਾਰਤੀ ਫੁੱਟਬਾਲ ਅੱਜਕਲ੍ਹ ਚਰਚਾ 'ਚ ਹੈ, ਵਜ੍ਹਾ ਹੈ ਕਿ ਪਿਛਲੇ ਤਿੰਨ ਕੁ ਸਾਲਾਂ ਤੋਂ ਭਾਰਤੀ ਫੁੱਟਬਾਲ ਦੀ ਵਿਸ਼ਵ ਰੈਂਕਿੰਗ ਵਿਚ ਸੁਧਾਰ ਹੋ ਰਿਹਾ ਹੈ। ਕਿਸੇ ਸਮੇਂ 150ਵੇਂ ਨੰਬਰ ਤੋਂ ਪਛੜੀ ਭਾਰਤੀ ਟੀਮ ਇਸ ਸਮੇਂ ਵਿਸ਼ਵ ਦਰਜਾਬੰਦੀ 'ਚ ਲਗਪਗ 100ਵੇਂ ਦੇ ਕਰੀਬ ਬਿਰਾਜਮਾਨ ਹੈ। ਚੰਗੀ ਗੱਲ ਇਹ ਹੈ ਕਿ ਭਾਰਤ ਦੀਆਂ ਜੂਨੀਅਰ ਟੀਮਾਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਸ਼ਲਾਘਾ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ 1950ਵਿਆਂ ਦਹਾਕਿਆਂ ਵਿਚ ਭਾਰਤ ਨੂੰ ਫੁੱਟਬਾਲ 'ਚ ਬ੍ਰਾਜ਼ੀਲ ਆਫ ਏਸ਼ੀਆ ਕਿਹਾ ਜਾਂਦਾ ਸੀ। ਜਰਨੈਲ ਸਿੰਘ, ਪੀ. ਕੇ. ਬੈਨਰਜੀ, ਤੁਲਸੀ ਰਾਮ ਬਲਰਾਮ, ਇੰਦਰ ਸਿੰਘ, ਚੁੰਨੀ ਗੋਸਵਾਮੀ, ਅਰੁਣ ਘੋਸ਼ ਅਤੇ ਗੁਰਦੇਵ ਸਿੰਘ ਵਰਗੇ ਫੁੱਟਬਾਲਰ ਦੁਨੀਆ ਦੇ ਟਾਪ ਖਿਡਾਰੀਆਂ 'ਚ ਗਿਣੇ ਜਾਂਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਆਈ.ਐਮ. ਵਿਜੀਅਨ, ਬਾਈਚੁੰਗ ਭੂਟੀਆ, ਸੁਨੀਲ ਛੇਤਰੀ ਚਰਚਿਤ ਨਾਂਅ ਰਹੇ ਹਨ। ਇਨ੍ਹਾਂ ਖਿਡਾਰੀਆਂ ਤੋਂ ਬਾਅਦ ਕੌਣ? ਦਾ ਸਵਾਲ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਪਿਛਲੇ ਕੁਝ ਸਮੇਂ ਵਿਚ ਕੁਝ ਇਕ ਪ੍ਰਤਿਭਾਵਾਨ ਖਿਡਾਰੀ ਭਾਰਤੀ ਫੁੱਟਬਾਲ ਲਈ ਸੱਜਰੀ ਸਵੇਰ ਬਣ ਕੇ ਸੁਰਖੀਆਂ ਬਟੋਰਨ 'ਚ ਕਾਮਯਾਬ ਰਹੇ ਹਨ। ਹਥਲੇ ਲੇਖ 'ਚ ਰੂਬਰੂ ਹੁੰਦੇ ਹਾਂ ਉਨ੍ਹਾਂ ਉੱਭਰ ਰਹੇ ਖਿਡਾਰੀਆਂ ਦੇ ਜੋ ਭਾਰਤੀ ਫੁੱਟਬਾਲ ਦੇ ਭਵਿੱਖ ਦੇ ਪੈਮਾਨੇ 'ਤੇ ਖਰੇ ਉਤਰਨ ਲਈ ਤਿਆਰ ਹਨ।
ਜੈਕਸਨ ਸਿੰਘ ਥਾਉਨਾ ਔਜਮ : ਮਨੀਪੁਰ ਦੇ ਥੋਉਵਾਲ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਹਾਉਖਾ ਮਮਾਰਾ 'ਚ 21 ਜੂਨ, 2001 'ਚ ਜਨਮੇ ਜੈਕਸਨ ਦੇ ਪਿਤਾ ਕੋਥੇਜਾਮ ਦੇਬੇਨ ਸਿੰਘ ਫੁੱਟਬਾਲ ਖਿਡਾਰੀ ਸਨ। ਸੰਨ 2015 'ਚ ਅਧਰੰਗ ਹੋਣ ਕਰਕੇ ਮਨੀਪੁਰ ਪੁਲਿਸ ਦੀ ਨੌਕਰੀ ਛੱਡਣੀ ਪਈ। ਪਰਿਵਾਰ ਦੀ ਜ਼ਿੰਮੇਵਾਰੀ ਜੈਕਸਨ ਦੀ ਮਾਂ ਦੇ ਮੋਢਿਆਂ 'ਤੇ ਆ ਪਈ, ਜੋ ਇੰਫਾਲ ਦੇ ਖਵੈਰਾਮਬੰਦ ਬਾਜ਼ਾਰ 'ਚ ਸਬਜ਼ੀ ਵੇਚਦੀ ਸੀ। ਗੁਰਬਤ ਭਰੀ ਜ਼ਿੰਦਗੀ ਹੰਢਾਉਣ ਦੇ ਬਾਵਜੂਦ ਜੈਕਸਨ ਦੀ ਫੁੱਟਬਾਲਰ ਬਣਨ ਦੀ ਜ਼ਿੱਦ ਅਤੇ ਜਨੂਨ 11 ਸਾਲ ਦੀ ਉਮਰ 'ਚ ਉਸ ਨੂੰ ਘਰ ਤੋਂ 2700 ਕਿਲੋਮੀਟਰ ਦੂਰ ਚੰਡੀਗੜ੍ਹ ਫੁੱਟਬਾਲ ਅਕੈਡਮੀ 'ਚ ਲੈ ਆਇਆ। ਲੰਬੇ ਸੰਘਰਸ਼ ਤੋਂ ਬਾਅਦ ਆਖਰਕਾਰ ਜੈਕਸਨ ਨੇ ਉਹ ਮੁਕਾਮ ਹਾਸਲ ਕਰ ਲਿਆ, ਜਿਸ ਦੇ ਉਹ ਸੁਪਨੇ ਲਿਆ ਕਰਦਾ ਸੀ। ਬਤੌਰ ਮਿਡਫੀਲਡਰ ਮੈਦਾਨ 'ਚ ਉਤਰਨ ਵਾਲਾ ਜੈਕਸਨ ਨਾ ਸਿਰਫ ਅੰਡਰ-17 ਵਿਸ਼ਵ ਕੱਪ 'ਚ ਭਾਰਤੀ ਟੀਮ 'ਚ ਸ਼ਾਮਿਲ ਹੋਇਆ, ਬਲਕਿ ਵਿਸ਼ਵ ਫੁੱਟਬਾਲ 'ਚ ਭਾਰਤ ਲਈ ਗੋਲ ਕਰਨ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ।
ਕੋਮਲ ਥਾਟਲ : 18 ਸਤੰਬਰ, 2000 ਨੂੰ ਸਿੱਕਮ ਦੇ ਸੋਰੇਗ ਸਬ-ਡਵੀਜ਼ਨ ਦੇ ਪਿੰਡ ਤਿੰਨਬਰਵੰਗ 'ਚ ਜਨਮੇ ਮਿਲਫੀਲਡ ਪੁਜ਼ੀਸ਼ਨ 'ਤੇ ਖੇਡਦੇ ਕੋਮਲ ਥਾਟਲ ਦੇ ਮਾਤਾ-ਪਿਤਾ ਦਰਜੀ ਦਾ ਕੰਮ ਕਰਦੇ ਹਨ ਪਰ ਪੁੱਤ ਦੇ ਫੁੱਟਬਾਲਰ ਬਣਨ ਦੀ ਹਸਰਤ ਪੂਰੀ ਕਰਨ ਲਈ ਉਨ੍ਹਾਂ ਨੇ ਹਰ ਤਰ੍ਹਾਂ ਦਾ ਸੰਘਰਸ਼ ਕੀਤਾ। ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਉਸ ਦੀ ਚੋਣ ਸਿੱਕਮ ਸਰਕਾਰ ਵਲੋਂ ਚਲਾਏ ਜਾਂਦੇ ਨਾਮਚੀ ਸਪੋਰਟਸ ਹਾਸਟਲ 'ਚ ਹੋ ਗਈ ਤੇ ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਾ ਦੇਖਿਆ। ਜਿਥੇ ਉਹ ਅੱਜ ਭਾਰਤੀ ਟੀਮ ਲਈ ਖੇਡਦਾ ਹੈ, ਉਥੇ ਪਿਛਲੇ ਸਾਲ ਭਾਰਤ ਦੀ ਮੇਜ਼ਬਾਨੀ 'ਚ ਖੇਡੇ ਗਏ ਅੰਡਰ-17 ਵਿਸ਼ਵ ਕੱਪ 'ਚ ਉਸ ਦੀ ਖੇਡ ਨੇ ਸਭ ਦਾ ਦਿਲ ਜਿੱਤ ਲਿਆ ਤੇ ਅੱਜ ਇਹ ਖਿਡਾਰੀ ਮਸ਼ਹੂਰ ਕਲੱਬ ਮਾਨਚੈਸਟਰ ਦੇ ਰਾਡਾਰ 'ਤੇ ਹੈ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਚੀਫ ਸਾਈ ਫੁੱਟਬਾਲ ਕੋਚ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਫਰੈਂਚ ਓਪਨ ਵਿਚ ਰਿਹਾ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਭਾਰਤ ਦੀ ਬੈਡਮਿੰਟਨ ਦੀ ਖੇਡ ਵਿਚ ਇਕ ਤੋਂ ਬਾਅਦ ਇਕ ਹਾਰ ਖੇਡ ਪ੍ਰੇਮੀਆਂ ਦੇ ਮਨਾਂ ਵਿਚ ਹੁਣ ਇਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਇਹ ਪ੍ਰਸ਼ਨ ਪੈਦਾ ਹੋ ਗਿਆ ਹੈ ਕਿ ਇਸ ਵਿਚ ਨਿਰੰਤਰਤਾ ਦੀ ਘਾਟ ਕਿਵੇਂ ਦੂਰ ਕੀਤੀ ਜਾਵੇ? ਫਰੈਂਚ ਓਪਨ ਵਿਚ ਸਾਡੇ ਮਾਣ ਬਣੇ ਖਿਡਾਰੀ ਸਾਇਨਾ ਨੇਹਵਾਲ, ਸ੍ਰੀ ਕਾਂਤ, ਪੀ.ਵੀ. ਸਿੰਧੂ ਕੁਆਰਟਰ ਫਾਈਨਲ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਜੇਕਰ ਪੁਰਸ਼ ਵਰਗ ਵਿਚ ਸ੍ਰੀ ਕਾਂਤ ਦੀ ਗੱਲ ਕਰੀਏ ਤਾਂ ਪਹਿਲਾ ਰਾਊਂਡ ਜਿੱਤ ਕੇ ਸ੍ਰੀ ਕਾਂਤ ਨੇ ਦੂਜੇ ਰਾਊਂਡ ਵਿਚ ਪੰਜ ਨੰਬਰ ਦੇ ਖਿਡਾਰੀ ਨੇ ਹਾਂਗਕਾਂਗ ਦੇ ਖਿਡਾਰੀ ਵੌਂਗ ਵਿੰਗ ਨੂੰ ਬਿਲਕੁਲ ਸਿੱਧੇ ਸੈੱਟਾਂ ਵਿਚ 21-19, 21-18 'ਤੇ ਆਰਾਮ ਨਾਲ ਹੀ ਹਰਾ ਦਿੱਤਾ। ਇਹ ਦੋਵੇਂ ਖਿਡਾਰੀ ਆਪਸ ਵਿਚ 10 ਵਾਰ ਭਿੜੇ ਹਨ ਤੇ ਹੁਣ ਅੰਕੜਾ 6-4 ਨਾਲ ਸ੍ਰੀ ਕਾਂਤ ਦੇ ਹੱਕ ਵਿਚ ਹੋ ਗਿਆ ਹੈ। ਪਹਿਲਾਂ ਡੈਨਮਾਰਕ ਓਪਨ ਤੇ ਹੁਣ ਫਰੈਂਚ ਓਪਨ, ਇਹ ਦੋਵੇਂ ਵੱਕਾਰੀ ਟੂਰਨਾਮੈਂਟ ਇਕ-ਦੂਜੇ ਤੋਂ ਬਾਅਦ ਹੋਏ ਹਨ, ਇਸ ਕਰਕੇ ਇਕ-ਦੂਜੇ ਨਾਲ ਤੁਲਨਾ ਕਰਨੀ ਖੇਡ ਲਈ ਕੇਵਲ ਵਿਸ਼ਲੇਸ਼ਣ ਦੇ ਪੱਖ ਤੋਂ ਲਾਹੇਵੰਦ ਹੋ ਸਕਦੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਡੈਨਮਾਰਕ ਓਪਨ ਵਿਚ ਭਾਰਤ ਨੇ ਕੇਵਲ ਇਕ ਚਾਂਦੀ ਦਾ ਤਗਮਾ ਸਾਇਨਾ ਦੁਆਰਾ ਮਹਿਲਾ ਸਿੰਗਜ਼ ਵਿਚ ਪ੍ਰਾਪਤ ਕੀਤਾ ਸੀ ਪਰ ਸਮੁੱਚੇ ਤੌਰ 'ਤੇ ਭਾਰਤ ਨੇ ਉੱਤਮ ਪ੍ਰਦਰਸ਼ਨ ਕਰਕੇ ਵਾਪਸੀ ਕੀਤੀ ਸੀ, ਦੁਨੀਆ ਵਿਚ ਇਹ ਸਾਬਤ ਕਰ ਦਿੱਤਾ ਸੀ ਕਿ ਏਸ਼ੀਆ ਵਿਚ ਅੱਜ ਭਾਰਤ ਇਕ ਵੱਡੀ ਤਾਕਤ ਬਣ ਗਿਆ ਹੈ।
ਪਰ ਫਰੈਂਚ ਓਪਨ ਵਿਚ ਮਾੜੇ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਡੈਨਮਾਰਕ ਦੀ ਉਪ-ਜੇਤੂ ਸਾਇਨਾ ਫਿਰ ਮਾਨਸਿਕ ਦਬਾਅ ਦੀ ਸ਼ਿਕਾਰ ਹੋ ਗਈ ਤੇ ਅੰਤਿਮ 16 ਵਿਚ ਆਉਣ ਤੋਂ ਰਹਿ ਗਈ। ਫਰੈਂਚ ਓਪਨ ਵਿਚ ਯਾਮਾ ਗੁਚੀ ਨੇ ਇਹ ਖਿਤਾਬ ਜਿੱਤਿਆ ਤੇ ਪੁਰਸ਼ ਵਰਗ ਵਿਚ ਸੋਨੇ ਦਾ ਚੀਨ ਦੇ ਲੋਗ ਨੇ ਤੇ ਚਾਂਦੀ ਦਾ ਤਗਮਾ ਵੀ ਚੀਨ ਦੇ ਹੱਥ ਆਇਆ। ਡੈਨਮਾਰਕ ਓਪਨ ਵਿਚ ਇਵੇਂ ਲੱਗਿਆ ਕਿ ਸਾਇਨਾ ਨੇ ਆਪਣੀਆਂ ਮਾਸਪੇਸ਼ੀਆਂ ਦੇ ਖਿਚਾਓ ਵਿਚ ਸੁਧਾਰ ਕਰ ਲਿਆ ਹੈ। ਉਹ ਆਪਣੀ ਉੱਤਮ ਖੇਡ ਕਾਰਨ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਦੀ ਹੋਈ ਫਾਈਨਲ ਤੱਕ ਪਹੁੰਚੀ ਸੀ। ਫਾਈਨਲ ਵਿਚ ਉਸ ਦਾ ਟਾਕਰਾ ਵਿਸ਼ਵ ਦੀ ਨੰਬਰ ਇਕ ਚੀਨ ਦੀ ਦੀਵਾਰ ਬਣੀ ਤਾਈਪੇ ਯੂ ਜ਼ਿੰਗ ਨਾਲ ਸੀ।
ਉਹ ਇਕ ਬਹੁਤ ਸੰਘਰਸ਼ਮਈ ਤਿੰਨ ਗੇਮਾਂ ਤੱਕ ਚੱਲੇ ਮੈਚ ਵਿਚ ਹਾਰੀ। ਹੁਣ ਫਰੈਂਚ ਓਪਨ ਵਿਚ ਦਰਸ਼ਕਾਂ ਲਈ ਇਹ ਗੱਲ ਬਹੁਤ ਦਿਲਚਸਪ ਬਣੀ ਕਿ ਫਰੈਂਚ ਓਪਨ ਵਿਚ ਚੀਨੀ ਤਾਈਪੇ ਜਾਪਾਨ ਦੀ ਯਾਮਾ ਗੁਚੀ ਤੋਂ ਹਾਰ ਗਈ, ਜਿਸ ਨੂੰ ਸਾਇਨਾ ਨੇ ਹਾਰ ਦਿੱਤੀ ਸੀ। ਖੇਡ ਪ੍ਰੇਮੀਆਂ ਦਾ ਇਹ ਵਿਚਾਰ ਹੈ ਕਿ ਜੋ ਲੈਅ ਡੈਨਮਾਰਕ ਓਪਨ ਵਿਚ ਭਾਰਤ ਨੇ ਬਣਾਈ ਸੀ, ਉਹ ਲੈਅ ਭਾਰਤ ਫਰੈਂਚ ਓਪਨ ਵਿਚ ਕਾਇਮ ਨਾ ਰੱਖ ਸਕਿਆ।
ਇਸ ਤਰ੍ਹਾਂ ਹੀ ਪੁਰਸ਼ ਵੰਨਗੀ ਵਿਚ ਸ੍ਰੀ ਕਾਂਤ ਨੇ ਵਿਸ਼ਵ ਦੇ ਪੰਜ ਵਾਰ ਦੇ ਚੈਂਪੀਅਨ ਰਹੇ ਤੇ ਉਲੰਪੀਅਨ ਰਹੇ ਲਿਨ ਡਿਨ ਨੂੰ ਹਰਾ ਕੇ ਸਨਸਨੀ ਪੈਦਾ ਕਰ ਦਿੱਤੀ ਸੀ। ਉਹ ਵੀ ਫਰੈਂਚ ਓਪਨ ਵਿਚ ਦੂਜੇ ਰਾਊਂਡ ਵਿਚ ਹਾਰ ਗਿਆ। ਇਹ ਹਾਰ ਪਿਛਲੀ ਹਾਰ ਤੋਂ ਵੀ ਮਾੜੀ ਸਾਬਤ ਹੋਈ। ਇਸ ਵਾਰ ਉਹ ਜਾਪਾਨ ਦੇ ਮੋਮੋਤੋਂ ਤੋਂ ਕੇਵਲ 36 ਮਿੰਟਾਂ ਵਿਚ ਹੀ 16-21, 19-21 ਸਿੱਧੇ ਸੈਟਾਂ ਵਿਚ ਹਾਰ ਗਿਆ। ਇਹ ਹਾਰ ਜਾਪਾਨ ਦੇ ਮੋਮੋਤੌ ਤੋਂ ਲਗਾਤਾਰ ਪੰਜਵੀਂ ਵਾਰ ਤੇ ਕੁਲ ਸੱਤਵੀਂ ਵਾਰ ਹਾਰ ਸੀ।
ਇਸ ਸਬੰਧ ਵਿਚ ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਸ ਖੇਡ ਵਿਚ ਵੱਡੇ ਉਲਟਫੇਰ ਕੇਵਲ ਭਾਰਤ ਵਿਚ ਹੀ ਨਹੀਂ ਦੇਖੇ ਜਾਂਦੇ, ਸਗੋਂ ਦੂਸਰੇ ਦੇਸ਼ਾਂ ਵਿਚ ਵੀ ਦੇਖੇ ਜਾਂਦੇ ਹਨ। ਜਿਹੜੀ ਤਾਈਪੇ ਤੋਂ ਸਾਇਨਾ ਤੇ ਪੀ.ਵੀ. ਸਿੰਧੂ ਕਈ ਵਾਰ ਹਾਰੀਆਂ, ਉਹ ਯਾਮਾ ਗੁਚੀ ਤੋਂ ਫਰੈਂਚ ਓਪਨ ਵਿਚ ਹਾਰ ਗਈ। ਮਹਿਲਾ ਵਰਗ ਵਿਚ ਬਹੁਤ ਸੰਘਰਸ਼ਮਈ ਮੈਚ ਦੇਖਣ ਨੂੰ ਮਿਲੇ ਤੇ ਕਈ ਉਲਟਫੇਰ ਦੇਖਣ ਨੂੰ ਮਿਲੇ।
ਪਹਿਲਾਂ ਮੁੱਢਲੇ ਦੌਰ ਵਿਚ ਹੀ ਸਾਇਨਾ, ਜਿਸ ਨੇ ਕੁਝ ਦਿਨ ਪਹਿਲਾਂ ਯਾਮਾ ਗੁਚੀ ਨੂੰ ਹਰਾਇਆ ਸੀ, ਉਹ ਤਾਇਪੇ ਕੋਲੋਂ ਫਿਰ ਆਰਾਮ ਨਾਲ ਹਾਰ ਗਈ ਤੇ ਟੂਰਨਾਮੈਂਟ ਤੋਂ ਬਾਹਰ ਸਸਤੇ ਵਿਚ ਹੀ ਹੋ ਗਈ। ਦਿਲਚਸਪ ਗੱਲ ਇਹ ਹੋਈ ਕਿ ਜਾਪਾਨ ਦੀ ਯਾਮਾ ਗੁਚੀ ਨੇ ਫਾਈਨਲ ਵਿਚ ਚੀਨ ਦੀ ਦੀਵਾਰ ਬਣੀ ਤਾਈਪੇ ਨੂੰ ਇਕ ਬਹੁਤ ਹੀ ਸੰਘਰਸ਼ਮਈ ਮੈਚ ਵਿਚ ਹਰਾ ਕੇ ਫਾਈਨਲ 22-20, 17-21, 21-13 ਨਾਲ ਜਾਪਾਨ ਦੀ ਝੋਲੀ ਵਿਚ ਪਾ ਦਿੱਤਾ।
ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ 2020 ਵਿਚ ਸਭ ਤੋਂ ਵੱਕਾਰੀ ਖੇਡਾਂ ਉਲੰਪਿਕ ਦੀਆਂ ਟੋਕੀਓ (ਜਾਪਾਨ) ਵਿਚ ਹੋ ਰਹੀਆਂ ਹਨ, ਇਸ ਦੀ ਤਿਆਰੀ ਤੇ ਖੇਡ ਪ੍ਰਤੀ ਸੁਚੇਤ ਹੋਣ ਦੀ ਪ੍ਰਵਿਰਤੀ ਜਾਪਾਨ ਨੇ ਹੁਣ ਤੋਂ ਹੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਇਹ ਪ੍ਰਵਿਰਤੀ ਹਰ ਖੇਡ ਵਿਚ ਜਾਪਾਨ ਨੇ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਯਾਮਾ ਗੁਚੀ ਦੀ ਫਰੈਂਚ ਓਪਨ ਵਿਚ ਜਿੱਤ ਜਾਪਾਨ ਲਈ ਇਕ ਸ਼ੁੱਭ ਕਦਮ ਹੈ। ਭਾਰਤ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਦੇਖੋ ਯਾਮਾ ਗੁਚੀ ਡੈਨਮਾਰਕ ਵਿਚ ਸਾਇਨਾ ਕੋਲੋਂ ਬੁਰੀ ਤਰ੍ਹਾਂ ਸਿੱਧੇ ਸੈੱਟਾਂ ਵਿਚ ਹਾਰੀ ਹੈ, ਪਰ ਉਸ ਨੇ ਦ੍ਰਿੜ੍ਹਤਾ ਨਾਲ ਖੇਡ ਕੇ ਟੂਰਨਾਮੈਂਟ ਜਿੱਤਿਆ ਹੈ।
ਇਸ ਸਮੇਂ ਜਦੋਂ ਦੁਨੀਆ ਦਾ ਖੇਡਾਂ ਦਾ ਮਹਾਂਕੁੰਭ ਉਲੰਪਿਕ ਹੁਣ ਬਹੁਤ ਨੇੜੇ ਆ ਗਿਆ ਹੈ, ਅਸੀਂ ਇਸ ਖੇਡ ਵਿਚ ਪਹਿਲਾਂ ਦੋ ਤਗਮੇ ਜਿੱਤੇ ਹਨ, ਇਹ ਸਮਾਂ ਹੈ ਕਿ ਅਸੀਂ ਇਸ ਖੇਡ ਵਿਚ ਸੁਚੇਤ ਹੋ ਕੇ ਕੋਈ ਵਿਸ਼ਾਲ ਨੀਤੀ ਬਣਾਈਏ। ਸਾਡੇ ਕਈ ਖਿਡਾਰੀ ਇਸ ਸਮੇਂ ਪਹਿਲੇ ਦਸਾਂ ਵਿਚ ਤਾਂ ਆਉਂਦੇ ਹਨ ਪਰ ਸਾਡੇ ਖਿਡਾਰੀ ਨਿਰੰਤਰਤਾ ਨੂੰ ਕਾਇਮ ਨਹੀਂ ਰੱਖ ਸਕੇ ਤੇ ਨਮੋਸ਼ੀ ਦਾ ਸ਼ਿਕਾਰ ਹੋਏ ਹਨ। ਪ੍ਰਕਾਸ਼ ਪਾਦੋਕੋਨ ਤੇ ਗੋਪੀ ਚੰਦ ਦੀ ਅਗਵਾਈ ਵਿਚ ਬਣਾਈ ਹੋਈ ਠੋਸ ਨੀਤੀ ਤੇ ਲੋੜੀਂਦਾ ਅਭਿਆਸ ਤੇ ਸਖ਼ਤ ਮੁਕਾਬਲਾ ਸਾਡੇ ਵਿਚ ਨਿਰੰਤਰਤਾ ਦੀ ਘਾਟ ਨੂੰ ਦੂਰ ਕਰ ਸਕਦਾ ਹੈ।


-274-ਏ.ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਵਿਸ਼ਵ ਕੱਪ ਹਾਕੀ 'ਚ ਭਾਰਤ ਨੂੰ ਮਿਲੇਗੀ ਏਸ਼ੀਆ ਮਹਾਂਦੀਪ ਦੀ ਸਖ਼ਤ ਚੁਣੌਤੀ

ਏਸ਼ੀਅਨ ਚੈਂਪੀਅਨ ਟਰਾਫੀ ਹਾਕੀ ਦਾ ਪੰਜਵਾਂ ਐਡੀਸ਼ਨ ਜੋ ਹਾਲ ਹੀ ਵਿਚ ਓਮਾਨ ਦੇ ਸ਼ਹਿਰ ਮਸਕਟ 'ਚ ਆਯੋਜਿਤ ਹੋਇਆ, ਭਾਰਤ ਦੀ ਹਾਕੀ ਲਈ ਭਵਿੱਖ 'ਚ ਚੰਗੀਆਂ ਸੰਭਾਵਨਾਵਾਂ ਪੈਦਾ ਕਰਦਾ ਇਹ ਵੀ ਦੱਸ ਗਿਆ ਕਿ ਏਸ਼ੀਆ ਮਹਾਂਦੀਪ 'ਚ ਹੁਣ ਮੁਕਾਬਲਾ ਕਾਫੀ ਵਧ ਚੁੱਕਾ ਹੈ। ਇਸ ਪੱਧਰ 'ਤੇ ਵੀ ਲਗਾਤਾਰ ਕਿਸੇ ਇਕ ਟੀਮ ਦਾ ਚੈਂਪੀਅਨ ਬਣਨਾ ਹੁਣ ਆਸਾਨ ਨਹੀਂ ਹੈ। ਪਾਕਿਸਤਾਨ, ਜਾਪਾਨ, ਮਲੇਸ਼ੀਆ ਨਵੀਆਂ ਚੁਣੌਤੀਆਂ ਬਣ ਕੇ ਉੱਭਰ ਰਹੀਆਂ ਹਨ।
ਇਸ ਟੂਰਨਾਮੈਂਟ 'ਚ ਭਾਰਤ ਨੇ ਫਾਈਨਲ 'ਚ ਪ੍ਰਵੇਸ਼ ਕਰਨ ਲਈ ਓਮਾਨ ਨੂੰ 11-0 ਨਾਲ, ਪਾਕਿਸਤਾਨ ਨੂੰ 3-1 ਨਾਲ, ਜਾਪਾਨ ਨੂੰ 9-0 ਨਾਲ, ਮਲੇਸ਼ੀਆ ਨਾਲ ਬਰਾਬਰੀ, ਕੋਰੀਆ ਨੂੰ 4-1 ਨਾਲ ਅਤੇ ਸੈਮੀਫਾਈਨਲ 'ਚ ਜਾਪਾਨ ਨੂੰ 3-2 ਨਾਲ ਹਰਾਇਆ, ਜੋ ਕੁਝ ਅਰਸਾ ਪਹਿਲਾਂ ਏਸ਼ੀਅਨ ਖੇਡਾਂ ਦਾ ਖਿਤਾਬ ਜਿੱਤ ਕੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਚੁੱਕਾ ਹੈ। ਹਰਮਨਪ੍ਰੀਤ ਸਿੰਘ, ਜਰਮਨ, ਸੁਰਿੰਦਰ ਕੁਮਾਰ, ਮਨਪ੍ਰੀਤ ਗੁਰਜੰਟ, ਲਲਿਤ ਉਪਾਧਿਆਇ, ਪੀ.ਆਰ. ਸ੍ਰੀਜੇਸ਼, ਨੀਲਾਂਕਤਾ ਸ਼ਰਮਾ, ਵਰੁਨ ਕੁਮਾਰ, ਅਕਾਸ਼ਦੀਪ ਸਿੰਘ, ਚਿੰਗਲੇਨਸ਼ਨਾ ਸਿੰਘ ਆਦਿ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਵਿਸ਼ਵ ਕੱਪ ਹਾਕੀ ਭੁਵਨੇਸ਼ਵਰ ਦੀ ਟੀਮ 'ਚ ਦਾਖ਼ਲ ਹੋਣ ਦੀਆਂ ਉਮੀਦਾਂ ਵੀ ਪੈਦਾ ਕੀਤੀਆਂ। ਜਾਪਾਨੀ ਟੀਮ ਦੇ ਡੱਚ ਕੋਚ ਸੀਗਫਰਾਇਡ ਅਤੇ ਉਸ ਦੀ ਟੀਮ ਨੇ ਵਾਹ-ਵਾਹ ਜ਼ਰੂਰ ਖੱਟੀ। ਹਾਕੀ ਪ੍ਰੇਮੀਆਂ ਦਾ ਦਿਲ ਜਿੱਤਿਆ ਪਰ ਉਸ ਦੀ ਟੀਮ ਮੁੜ ਦੂਜੀ ਵਾਰ ਏਸ਼ੀਅਨ ਚੈਂਪੀਅਨ ਨਾ ਬਣ ਸਕੀ। ਪਾਕਿਸਤਾਨੀ ਟੀਮ ਦੀ ਕਿਸਮਤ ਚੰਗੀ ਸਮਝੋ। ਫਾਈਨਲ ਮੈਚ ਤੇਜ਼ ਅਤੇ ਲਗਾਤਾਰ ਬਾਰਿਸ਼ ਨੇ ਧੋ ਦਿੱਤਾ ਅਤੇ ਭਾਰਤ ਅਤੇ ਪਾਕਿਸਤਾਨ ਸਾਂਝੇ ਰੂਪ ਵਿਚ ਚੈਂਪੀਅਨ ਬਣੇ। ਭਾਰਤ ਦਾ ਇਕੱਲੇ ਚੈਂਪੀਅਨ ਬਣਨ ਦਾ ਮਜ਼ਾ ਕਿਰਕਿਰਾ ਜਿਹਾ ਹੋ ਗਿਆ।
ਦੂਜੇ ਪਾਸੇ ਪਾਕਿਸਤਾਨ ਦੀ ਟੀਮ ਜੋ ਤਾਹਿਰ ਜ਼ਮਾਨ ਦੇ ਮਾਰਗ ਦਰਸ਼ਨ 'ਚ ਖੇਡੀ, ਇਸ ਵਾਰ ਕਾਫੀ ਵਧੀਆ ਪ੍ਰਦਰਸ਼ਨ ਕਰਦੀ ਨਜ਼ਰ ਆਈ। ਇਸੇ ਕੋਚ ਬਾਰੇ ਕਦੇ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਕਿਹਾ ਸੀ ਕਿ ਉਨ੍ਹਾਂ ਦੇਸ਼ ਲਈ ਲੜਦੇ ਬਹਾਦਰ ਸਿਪਾਹੀਆਂ ਬਾਰੇ ਹੀ ਸੋਚਿਆ ਸੀ ਕਿ ਉਹ ਹੀ ਦੇਸ਼ ਸਨਮਾਨ ਦੀ ਜੰਗ ਲੜਦੇ ਹਨ ਪਰ ਉਸ ਦੇ ਦੇਸ਼ 'ਚ ਇਕ ਐਸਾ ਸਿਪਾਹੀ ਵੀ ਹੈ, ਜਿਸ ਦੇ ਹੱਥ 'ਚ ਹਾਕੀ ਸਟਿੱਕ ਹੈ, ਉਸ ਦਾ ਇਸ਼ਾਰਾ ਤਾਹਿਰ ਜ਼ਮਾਨ ਵੱਲ ਸੀ, ਜਿਸ ਨੇ ਉਸ ਸਮੇਂ ਵਿਸ਼ਵ ਕੱਪ ਹਾਕੀ ਦੇ ਸ਼ੁਰੂ ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਦੇਸ਼ ਲਈ ਖੇਡਣ ਨੂੰ ਪੂਰੇ ਟੂਰਨਾਮੈਂਟ 'ਚ ਪਹਿਲ ਦਿੱਤੀ ਸੀ, ਜਿਸ ਵਿਚ ਉਸ ਨੇ ਉਸ ਸਮੇਂ ਸ਼ਹਿਬਾਜ਼ ਅਹਿਮਦ ਅਤੇ ਕਲੀਮ ਉੱਲਾ ਖਾਨ ਨਾਲ ਖੇਡ ਕੇ ਪਾਕਿਸਤਾਨ ਲਈ ਗੌਰਵਮਈ ਉਡਾਣ ਭਰੀ। ਤੇਜ਼, ਫੁਰਤੀਲੇ ਅਨੁਭਵੀ ਰਾਈਟ ਵਿੰਸਰ ਦੀ ਰਹਿਨੁਮਾਈ 'ਚ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਹਾਕੀ ਲਈ ਖਾਸ ਉਮੀਦਾਂ ਪੈਦਾ ਕਰ ਗਈ।
ਗਹੁ ਨਾਲ ਵਿਚਾਰਿਆ ਜਾਵੇ ਤਾਂ ਏਸ਼ੀਅਨ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਸਭ ਟੀਮਾਂ ਲਈ ਵਿਸ਼ਵ ਕੱਪ ਲਈ ਜ਼ੋਰਦਾਰ ਤਿਆਰੀ ਦਾ ਮੰਚ ਹੀ ਸੀ, ਕਿਉਂਕਿ ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਨੂੰ ਇਨ੍ਹਾਂ ਹੀ ਟੀਮਾਂ ਨੇ ਬਹੁਤ ਗੰਭੀਰਤਾ ਨਾਲ ਲਿਆ ਸੀ। ਟੀਮਾਂ ਨੇ ਇਸ 'ਚ ਕੁਝ ਅਹਿਮ ਤਜਰਬੇ ਵੀ ਕੀਤੇ। ਭਾਰਤੀ ਸੰਦਰਭ ਤੋਂ ਇਸ ਟੂਰਨਾਮੈਂਟ ਦੀ ਬਹੁਤ ਜ਼ਿਆਦਾ ਅਹਿਮੀਅਤ ਇਸ ਕਰਕੇ ਵੀ ਸੀ, ਕਿਉਂਕਿ ਮੇਜ਼ਬਾਨੀ ਸ਼ਹਿਰ ਭੁਵਨੇਸ਼ਵਰ (ਉੜੀਸਾ) ਕਰ ਰਿਹਾ ਹੈ। ਸਾਡੀ ਟੀਮ ਨੂੰ ਆਪਣੇ ਆਤਮ ਮੰਥਨ ਦੀ ਲੋੜ ਸੀ।
ਵਿਸ਼ਵ ਕੱਪ ਹਾਕੀ 'ਚ ਜਾਣ ਤੋਂ ਪਹਿਲਾਂ ਭਾਰਤ 'ਚ ਹਮੇਸ਼ਾ ਸੰਭਾਵਨਾਵਾਂ ਅਤੇ ਉਮੀਦਾਂ ਬਹੁਤ ਜ਼ਿਆਦਾ ਪੈਦਾ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਉਮੀਦਾਂ 'ਤੇ ਪੂਰਾ ਉਤਰਨ ਲਈ ਟੀਮ ਦੇ ਹਰ ਇਕ ਖਿਡਾਰੀ ਕੋਲ ਆਤਮਵਿਸ਼ਵਾਸ ਵੀ ਹੋਣਾ ਚਾਹੀਦਾ ਹੈ। ਵਿਰੋਧੀ ਟੀਮ ਪ੍ਰਤੀ ਸਖ਼ਤ ਚੁਣੌਤੀ ਦੇਣ ਲਈ ਵਚਨਬੱਧਤਾ ਅਤੇ ਇਰਾਦੇ ਦੀ ਪੁਖਤਗੀ ਦੀ ਜ਼ਰੂਰਤ ਹੁੰਦੀ ਹੈ। ਬੇਸ਼ੱਕ ਭਾਰਤ ਇਸ ਏਸ਼ੀਅਨ ਚੈਂਪੀਅਨ ਟਰਾਫੀ 'ਚ ਪਾਕਿਸਤਾਨ ਨਾਲ ਸਾਂਝੇ ਤੌਰ 'ਤੇ ਚੈਂਪੀਅਨ ਤਾਂ ਬਣ ਗਿਆ ਪਰ ਮਲੇਸ਼ੀਆ ਦੇ ਖ਼ਿਲਾਫ਼ ਉਸ ਦੀ ਬਰਾਬਰੀ ਅਤੇ ਦੋ ਵਾਰ ਲਗਾਤਾਰ ਉਸ ਨੂੰ ਨਾ ਹਰਾ ਸਕਣਾ, ਇਕ ਵਾਰ ਇਸ ਟੂਰਨਾਮੈਂਟ 'ਚ ਤੇ ਇਕ ਵਾਰ ਏਸ਼ੀਅਨ ਖੇਡਾਂ 'ਚ ਭਾਰਤੀ ਖੇਮੇ 'ਚ ਵਿਸ਼ਵ ਕੱਪ ਹਾਕੀ 'ਚ ਵੀ ਥੋੜ੍ਹਾ ਮਾਨਸਿਕ ਦਬਾਅ ਦਾ ਕਾਰਨ ਬਣ ਸਕਦਾ ਹੈ। ਇਸ ਟੂਰਨਾਮੈਂਟ 'ਚ ਕਿਤੇ-ਕਿਤੇ ਪਾਕਿਸਤਾਨ ਦੀ ਟੀਮ ਨੇ ਵੀ ਭਾਰਤ ਨੂੰ ਥੋੜ੍ਹਾ ਤੰਗ ਜਿਹਾ ਕੀਤਾ। ਇਸ ਲਈ ਪਾਕਿਸਤਾਨ ਟੀਮ ਲਈ ਵਿਸ਼ਵ ਕੱਪ ਹਾਕੀ 'ਚ ਭਾਰਤ ਤੋਂ ਪਿਛਲੀਆਂ ਸਾਰੀਆਂ ਹਾਰਾਂ ਦਾ ਬਦਲਾ ਲੈਣ ਲਈ ਇਕ ਨਿਹਾਇਤ ਅਹਿਮ ਮੰਚ ਹੋਵੇਗਾ। ਕੁੱਲ ਮਿਲਾ ਕੇ ਏਸ਼ੀਆ ਮਹਾਂਦੀਪ ਵੀ ਹੁਣ ਭਾਰਤ ਲਈ ਸਖ਼ਤ ਚੁਣੌਤੀ ਦਾ ਸਬੱਬ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਅਰਜਨ ਐਵਾਰਡ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਮਨੋਜ ਸਰਕਾਰ ਉੱਤਰਾਖੰਡ

'ਹੌਸਲੇ ਸੇ ਮੈਨੇ ਐਸਾ ਪਰਚਮ ਫ਼ਹਰਾਇਆ ਕਿ ਮੈਨੇ ਦੇਸ਼ ਕੇ ਤਿਰੰਗੇ ਕੋ ਪੂਰੇ ਵਿਸ਼ਵ ਮੇਂ ਲਹਿਰਾਇਆ।' ਮਨੋਜ ਸਰਕਾਰ ਦੇਸ਼ ਦੇ ਮਹਾਨ ਪੈਰਾ ਖਿਡਾਰੀਆਂ ਵਿਚੋਂ ਇਸ ਕਰਕੇ ਜਾਣੇ ਜਾਂਦੇ ਹਨ, ਇਸ ਲਈ ਤਾਂ ਉਸ ਨੂੰ ਭਾਰਤ ਸਰਕਾਰ ਨੇ ਬਹੁਤ ਹੀ ਵਕਾਰੀ ਪੁਰਸਕਾਰ ਜਾਣੀ ਅਰਜਨ ਐਵਾਰਡ ਨਾਲ ਸਨਮਾਨਿਆ ਹੈ। ਮਨੋਜ ਸਰਕਾਰ ਦਾ ਜਨਮ 12 ਜਨਵਰੀ, 1990 ਨੂੰ ਦੇਵਤਿਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਉੱਤਰਾਖੰਡ ਦੇ ਸ਼ਹਿਰ ਰੁਦਰਪੁਰ ਵਿਚ ਪਿਤਾ ਮਨਿੰਦਰ ਸਰਕਾਰ ਦੇ ਘਰ ਮਾਤਾ ਜਮਨਾ ਸਰਕਾਰ ਦੀ ਕੁੱਖੋਂ ਹੋਇਆ। ਮਨੋਜ ਅਪਾਹਜ ਹੈ ਪਰ ਉਸ ਨੇ ਅਪਾਹਜ ਹੁੰਦਿਆਂ ਹੋਇਆਂ ਵੀ ਬੈਡਮਿੰਟਨ ਖੇਡਦਿਆਂ ਦੇਸ਼ ਦੀ ਝੋਲੀ ਅਨੇਕ ਸੋਨ ਤਗਮੇ ਪਾ ਕੇ ਭਾਰਤ ਮਾਤਾ ਦੀ ਸ਼ਾਨ ਅਤੇ ਕੱਦ ਨੂੰ ਹੋਰ ਉੱਚਾ ਕੀਤਾ ਹੈ। ਇਹ ਗੱਲ ਵੀ ਬੜੇ ਮਾਣ ਨਾਲ ਲਿਖੀ ਜਾਵੇਗੀ ਕਿ ਮਨੋਜ ਸਰਕਾਰ ਪੂਰੇ ਵਿਸ਼ਵ ਦਾ ਇਕ ਨੰਬਰ ਬੈਡਮਿੰਟਨ ਖਿਡਾਰੀ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਜਿੱਤਾਂ ਹੀ ਦਰਜ ਕੀਤੀਆਂ ਹਨ, ਇਸ ਲਈ ਤਾਂ ਉਹ ਮਾਣ ਨਾਲ ਆਖਦਾ ਹੈ ਕਿ 'ਮੈਨੇ ਨਾ ਰੁਕਨੇ ਕੀ ਠਾਨੀ ਥੀ ਇਸੀ ਲੀਏ ਬੜਤਾ ਚਲਾ ਗਿਆ, ਬਸ ਮਿਹਨਤ ਕੋ ਅਪਨਾਇਆ ਇਸੀ ਲੀਏ ਸਭ ਮਿਲਤਾ ਚਲਾ ਗਿਆ।'
ਜੇਕਰ ਮਨੋਜ ਦੇ ਖੇਡ ਕਰੀਅਰ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਅੰਤਰਰਾਸ਼ਟਰੀ ਪੱਧਰ 'ਤੇ 10 ਸੋਨ ਤਗਮੇ, 9 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਭਾਰਤ ਦੀ ਝੋਲੀ ਪਾ ਚੁੱਕਾ ਹੈ ਅਤੇ ਜੇਕਰ ਰਾਸ਼ਟਰੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਉਹ ਦੇਸ਼ ਵਿਚ ਖੇਡਦਿਆਂ ਰਾਸ਼ਟਰੀ ਪੱਧਰ 'ਤੇ 18 ਸੋਨ ਤਗਮੇ, 4 ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਆਪਣੇ ਨਾਂਅ ਕਰਕੇ ਆਪਣੇ ਪ੍ਰਾਂਤ ਦਾ ਨਾਂਅ ਚਮਕਾ ਚੁੱਕਾ ਹੈ। ਉਸ ਨੇ ਆਪਣਾ ਖੇਡ ਜੀਵਨ ਸਾਲ 2012 ਵਿਚ ਸ਼ੁਰੂ ਕੀਤਾ ਅਤੇ ਉਸੇ ਹੀ ਸਾਲ ਫ਼ਰੈਂਚ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਟੂਰਨਾਮੈਂਟ ਵਿਚ ਸਿੰਗਲ ਅਤੇ ਡਬਲ ਵਿਚ ਖੇਡਦਿਆਂ 2 ਸੋਨ ਤਗਮੇ ਅਤੇ ਸਾਲ 2013 ਵਿਚ ਬੀ. ਡਬਲਿਯੂ. ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਰਮਨੀ ਵਿਚ ਖੇਡਦਿਆਂ ਡਬਲ ਅਤੇ ਸਿੰਗਲ ਖੇਡਦਿਆਂ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜੇਤੂ ਰਿਹਾ। ਸਾਲ 2014 ਵਿਚ ਇੰਡੋਨੇਸ਼ੀਆ ਓਪਨ ਵਿਚ ਇਕ ਚਾਂਦੀ ਦਾ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਹਾਸਲ ਕੀਤਾ। ਸਾਲ 2014 ਵਿਚ ਕੋਰੀਆ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਸਿੰਗਲ ਖੇਡਦਿਆਂ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਕੇ ਉਪ-ਜੇਤੂ ਰਿਹਾ। ਸਾਲ 2015 ਵਿਚ 5ਵੇਂ ਸਪੇਨਿਸ਼ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਸਿੰਗਲ ਖੇਡਦਿਆਂ ਸੋਨ ਤਗਮਾ ਡਬਲ ਅਤੇ ਮੈਕਸ ਵਿਚ ਦੋ ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਸਾਲ 2015 ਵਿਚ ਹੀ ਇੰਗਲੈਂਡ ਦੀ ਧਰਤੀ 'ਤੇ ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿਚ ਡਬਲ ਖੇਡਦਿਆਂ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਜੇਤੂ ਰਿਹਾ। ਸਾਲ 2016 ਵਿਚ ਆਇਰਲੈਂਡ ਵਿਚ ਇਕ ਚਾਂਦੀ ਦਾ ਅਤੇ ਇਕ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ।
ਸਾਲ 2016 ਵਿਚ ਹੀ ਚੀਨ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਸਿੰਗਲ ਖੇਡਦਿਆਂ ਸੋਨ ਤਗਮਾ ਅਤੇ ਡਬਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਦੇਸ਼ ਯੁਗਾਂਡਾ ਵਿਚ ਸਾਲ 2017 ਵਿਚ ਹੋਇਆ ਪੈਰਾ ਬੈਡਮਿੰਟਨ ਟੂਰਨਾਮੈਂਟ ਵਿਚ ਸਿੰਗਲ ਅਤੇ ਡਬਲ ਵਿਚ ਦੋ ਸੋਨ ਤਗਮੇ ਜਿੱਤ ਕੇ ਆਪਣੀਆਂ ਲਗਾਤਾਰ ਜਿੱਤਾਂ ਨੂੰ ਬਰਕਰਾਰ ਰੱਖਿਆ। ਸਾਲ 2017 ਵਿਚ ਥਾਈਲੈਂਡ ਵਿਖੇ ਸਿੰਗਲ ਅਤੇ ਡਬਲ ਵਿਚ ਦੋ ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਜਾਪਾਨ ਪੈਰਾ ਬੈਡਮਿੰਟਨ ਟੂਰਨਾਮੈਂਟ 2017 ਵਿਚ ਸਿੰਗਲ ਅਤੇ ਡਬਲ ਵਿਚ ਦੋ ਕਾਂਸੀ ਦੇ ਤਗਮੇ ਅਤੇ ਸਾਲ 2017 ਵਿਚ ਹੀ ਕੋਰੀਆ ਵਿਚ ਵਰਲਡ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਿੰਗਲ ਵਿਚ ਚਾਂਦੀ ਦਾ ਤਗਮਾ ਅਤੇ ਫਾਜਾ ਪੈਰਾ ਬੈਡਮਿੰਟਨ ਟੂਰਨਾਮੈਂਟ ਡੁਬਈ ਸਾਲ 2017 ਸਿੰਗਲ ਵਿਚ ਸੋਨ ਤਗਮਾ ਅਤੇ ਡਬਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ। ਸਾਲ 2018 ਵਿਚ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਸਿੰਗਲ ਵਿਚ ਸੋਨ ਤਗਮਾ ਅਤੇ ਡਬਲ ਖੇਡਦਿਆਂ ਕਾਂਸੀ ਦਾ ਤਗਮਾ ਅਤੇ 2018 ਵਿਚ ਹੀ ਥਾਈਲੈਂਡ ਵਿਚ ਚਾਂਦੀ ਅਤੇ ਸਾਲ 2018 ਵਿਚ ਹੀ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਦੋ ਕਾਂਸੀ ਦੇ ਤਗਮੇ ਭਾਰਤ ਦੇ ਨਾਂਅ ਕੀਤੇ। ਮਨੋਜ ਦਾ ਇਹ ਖੇਡ ਸਫ਼ਰ ਅਜੇ ਰੁਕਿਆ ਨਹੀਂ। ਉਸ ਦੀਆਂ ਜਿੱਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਉਸ ਦੀਆਂ ਪ੍ਰਾਪਤੀਆਂ 'ਤੇ ਪੂਰੇ ਭਾਰਤ ਨੂੰ ਮਾਣ ਹੈ ਅਤੇ ਮਨੋਜ ਸਰਕਾਰ ਭਾਰਤ ਦੇ ਤਿਰੰਗੇ ਨੂੰ ਹਮੇਸ਼ਾ ਸਿਜਦਾ ਕਰਦਾ ਹੈ ਅਤੇ ਉਸ ਦੇ ਪ੍ਰਸੰਸਕ ਮਨੋਜ ਨੂੰ ਸਿਜਦਾ ਕਰਦੇ ਹਨ। ਸ਼ਾਲਾ! ਮਨੋਜ ਹਮੇਸ਼ਾ ਅੱਗੇ ਵਧਦਾ ਹੋਇਆ ਭਾਰਤ ਦਾ ਮਾਣ ਬਣਦਾ ਰਹੇ, ਇਹ ਮੇਰੀ ਦੁਆ ਹੈ।


-ਮੋਬਾ: 98551-14484

ਬਾਲ ਖਿਡਾਰੀਆਂ ਨੂੰ ਤਰਾਸ਼ਣ ਦੀ ਲੋੜ

(ਲੜੀ ਜੋੜਨ ਲਈ 30 ਅਕਤੂਬਰ ਦਾ ਅੰਕ ਦੇਖੋ)
ਅੱਜ ਦੇ ਬੱਚਿਆਂ ਨੂੰ ਕੋਟਲਾ ਛਪਾਕੀ , ਪੀਚੋ ਬਾਰ੍ਹਾਂ ਗੀਟੀ ਦੇ ਨਾਂਅ ਵੀ ਨਹੀਂ ਪਤਾ। ਇਨ੍ਹਾਂ ਖੇਡਾਂ ਨੂੰ ਖੇਡ ਕੇ ਮਾਨਸਿਕ ਸੰਤੁਸ਼ਟੀ ਮਿਲਦੀ ਸੀ ਅਤੇ ਸਰੀਰਕ ਪੱਖੋਂ ਵੀ ਬੱਚਾ ਤੰਦਰੁਸਤ ਰਹਿੰਦਾ ਸੀ ਪਰ ਅੱਜ ਦੀਆਂ ਮੋਬਾਈਲ ਉੱਪਰ ਖੇਡਾਂ ਖੇਡਣ ਵਾਲੇ ਬੱਚਿਆਂ ਦੇ ਸਿਰ ਦੁਖਦੇ ਹੀ ਰਹਿੰਦੇ ਹਨ।
ਅਕਸਰ ਹੀ ਭਾਰਤ ਦੇ ਖੇਡ ਜਗਤ ਤੋਂ ਲੈ ਕੇ ਆਮ ਪਿੰਡਾਂ ਦੀਆਂ ਸੱਥਾਂ ਤੱਕ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਭਾਰਤ ਵਿਚ ਖਿਡਾਰੀਆਂ ਦੀ ਕਦਰ ਨਹੀਂ ਪੈਂਦੀ। ਇਸ ਗੱਲ ਨੂੰ ਉਦੋਂ ਬਲ ਮਿਲਦਾ ਹੈ ਜਦੋਂ ਕਿਸੇ ਸਾਬਕਾ ਖਿਡਾਰੀ ਨੂੰ ਰਿਕਸ਼ਾ ਚਲਾਉਂਦੇ ਜਾਂ ਹੋਰ ਛੋਟਾ-ਮੋਟਾ ਕੰਮ ਕਰਦੇ ਵੇਖੀਦਾ ਹੈ। ਇਕ ਪ੍ਰਸਿੱਧ ਖਿਡਾਰੀ ਵਲੋਂ ਤਾਂ ਨਾਰੀਅਲ ਪਾਣੀ ਵੇਚਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਸਨ। ਇਸੇ ਤਰ੍ਹਾਂ ਇਕ ਸਾਬਕਾ ਹਾਕੀ ਖਿਡਾਰੀ ਪ੍ਰਾਈਵੇਟ ਨੌਕਰੀ ਕਰਦਾ ਸਕੂਟਰ ਉੱਪਰ ਗੇੜੇ ਮਾਰਦਾ ਵੇਖਿਆ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਵੱਡੀ ਗਿਣਤੀ ਖਿਡਾਰੀ ਨੌਕਰੀ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦਾ ਬੁਢਾਪਾ ਬੜਾ ਦੁਖਦਾਇਕ ਹੁੰਦਾ ਹੈ। ਜਦੋਂ ਕੋਈ ਖਿਡਾਰੀ ਤਗਮਾ ਜਿੱਤ ਕੇ ਵਾਪਸ ਆਉਂਦਾ ਹੈ ਤਾਂ ਉਸ ਦੇ ਪਿੰਡ ਵਾਲੇ ਉਸ ਨੂੰ ਸਰਪੰਚ ਦੀ ਹਾਜ਼ਰੀ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹਨ। ਪਰ ਜਦੋਂ ਇਸ ਖਿਡਾਰੀ ਦਾ ਖੇਡ ਜੀਵਨ ਖ਼ਤਮ ਹੋ ਜਾਂਦਾ ਹੈ, ਖੇਡਾਂ ਵਿਚ ਰੁੱਝੇ ਰਹਿਣ ਕਰਕੇ ਨੌਕਰੀ ਉਸ ਨੂੰ ਨਹੀਂ ਮਿਲਦੀ। ਫਿਰ ਉਹ ਖਿਡਾਰੀ ਉਸ ਸਮੇਂ ਨੂੰ ਕੋਸਦਾ ਹੈ, ਜਦੋਂ ਉਸ ਨੇ ਪੜ੍ਹਾਈ ਦੀ ਥਾਂ ਖੇਡਾਂ ਨੂੰ ਤਰਜੀਹ ਦਿੱਤੀ ਸੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਖਿਡਾਰੀਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਖਿਡਾਰੀ ਪੁਲਿਸ, ਰੇਲਵੇ ਅਤੇ ਹੋਰ ਖੇਤਰਾਂ ਵਿਚ ਚੰਗੀਆਂ ਨੌਕਰੀਆਂ ਕਰ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਅਤੇ ਖਿਡਾਰਨਾਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਕੋਚ ਅਤੇ ਅਧਿਆਪਕ ਹਨ। ਇਸੇ ਤਰ੍ਹਾਂ ਹੋਰ ਖਿਡਾਰੀ ਵੀ ਚੰਗੀਆਂ ਨੌਕਰੀਆਂ ਕਰਦੇ ਹਨ।
ਸਾਡੇ ਕਹਿਣ ਦਾ ਭਾਵ ਇਹ ਹੈ ਕਿ ਭਾਰਤ ਦੇ ਖੇਡ ਜਗਤ ਵਿਚ ਅਜੇ ਕਾਫੀ ਸੁਧਾਰ ਦੀ ਲੋੜ ਹੈ। ਅਜੇ ਵੀ ਵੱਡੀ ਗਿਣਤੀ ਖਿਡਾਰੀ ਅਜਿਹੇ ਹਨ, ਜੋ ਕਿ ਬੇਰੁਜ਼ਗਾਰ ਹਨ, ਉਨ੍ਹਾਂ ਦੀ ਹਾਲਤ ਦੇਖ ਕੇ ਲੋਕ ਆਪਣੇ ਬੱਚਿਆਂ ਨੂੰ ਖੇਡਾਂ ਤੋਂ ਦੂਰ ਹੀ ਰੱਖਦੇ ਹਨ। ਚਾਹੀਦਾ ਤਾਂ ਇਹ ਹੈ ਕਿ ਸਰਕਾਰ ਕੋਈ ਅਜਿਹੀ ਨੀਤੀ ਬਣਾਏ, ਜਿਸ ਨਾਲ ਸਾਰੇ ਹੀ ਬੱਚਿਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਜ਼ਰੂਰੀ ਹੋਵੇ। ਬੱਚਿਆਂ ਦੇ ਖੇਡਾਂ ਵਿਚ ਹਿੱਸਾ ਲੈਣ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਸਹੀ ਢੰਗ ਨਾਲ ਹੋਵੇਗਾ ਤੇ ਵੱਡੇ ਹੋ ਕੇ ਹੀਰੇ ਬਣਨ ਵਾਲੇ ਖਿਡਾਰੀਆਂ ਨੂੰ ਬਚਪਨ ਵਿਚ ਹੀ ਤਰਾਸ਼ਿਆ ਜਾ ਸਕੇਗਾ। ਲੋੜ ਤਾਂ ਇਸ ਗੱਲ ਦੀ ਹੈ ਕਿ ਸਾਰੇ ਹੀ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ।
ਬੱਚੇ ਹੀ ਹਰ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਚੰਗੀ ਪੜ੍ਹਾਈ ਤੇ ਹੋਰ ਸਹੂਲਤਾਂ ਦੇ ਨਾਲ ਹੀ ਉਨ੍ਹਾਂ ਦੀ ਤੰਦਰੁਸਤੀ ਲਈ ਉਨ੍ਹਾਂ ਦੇ ਖੇਡਾਂ ਵਿਚ ਹਿੱਸਾ ਲੈਣ ਨੂੰ ਯਕੀਨੀ ਬਣਾਉਣ ਲਈ ਚੰਗੀ ਰਾਸ਼ਟਰੀ ਪੱਧਰ ਦੀ ਜਾਂ ਰਾਜ ਸਰਕਾਰ ਦੇ ਪੱਧਰ ਦੀ ਨੀਤੀ ਬਣਾਈ ਜਾਣੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਦਾ ਸਰਬ ਪੱਖੀ ਵਿਕਾਸ ਹੋ ਸਕੇ। (ਸਮਾਪਤ)


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ। ਮੋਬਾ: 94638-19174





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX